ਬਾਬਾ ਬੁੱਢਾ ਜੀ

0
2143

ਬਾਬਾ ਬੁੱਢਾ ਜੀ

ਕਿਰਪਾਲ ਸਿੰਘ ਬਠਿੰਡਾ ਮੋਬ: 98554-80797

ਬਾਬਾ ਬੁੱਢਾ ਜੀ ਸਿੱਖ ਇਤਿਹਾਸ ਵਿੱਚ ਇਕ ਅਜਿਹੀ ਮਹਾਨ ਸਖ਼ਸ਼ੀਅਤ ਹੋਏ ਹਨ ਜਿਨ੍ਹਾਂ ਨੂੰ ਪਹਿਲੇ ਛੇ ਗੁਰੂ ਸਾਹਿਬਾਨ ਦੀ ਸਾਖਸ਼ਾਤ (ਪ੍ਰਤੱਖ) ਰੂਪ ਵਿੱਚਚਰਨਛੋਹ ਪ੍ਰਾਪਤ ਕਰਨ ਅਤੇ ਸੇਵਾ ਕਰਨ ਦਾ ਮੌਕਾ ਮਿਲਣ ਤੋਂ ਇਲਾਵਾ ਦੂਸਰੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੱਕ ਨੂੰ ਗੁਰਿਆਈ ਸੌਂਪਣ ਦੀ ਰਸਮ ਖ਼ੁਦ ਆਪਣੇ ਹੱਥੀਂ ਨਿਭਾਉਣਾ, ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਆਪਣੇ ਹੱਥੀਂ ਕਰਨ ਦਾ ਮਾਣ ਹਾਸਲ ਹੋਣ ਦੇ ਨਾਲ ਨਾਲ ਪਹਿਲੀਆਂ ਸਤ ਪਾਤਸ਼ਾਹੀਆਂ ਅਤੇ ਬਾਲਕ ਗੁਰੂ ਤੇਗ ਬਹਾਦਰ ਸਾਹਿਬ (ਨੌਵੀਂ ਪਾਤਸ਼ਾਹੀ) ਭਾਵ ਅੱਠ ਪਾਤਸ਼ਾਹੀਆਂ ਦੇ ਸਰੀਰਕ ਰੂਪ ਵਿੱਚ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਐਸੀ ਮਹਾਨ ਸਖ਼ਸ਼ੀਅਤ ਦਾ ਜਨਮ 1563 ਬਿਕਰਮੀ/1506 ਈ: ਨੂੰ ਪਿੰਡ ਗੱਗੋਨੰਗਲ, ਜਿਲ੍ਹਾ ਅੰਮ੍ਰਿਤਸਰ ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ। ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਕਰਨ ਵਾਲੀ ਇਸਤ੍ਰੀ ਸੀ, ਜਿਸ ਕਰਕੇ ਉਨ੍ਹਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ। ਕੁਝ ਚਿਰ ਮਗਰੋਂ ਉਨ੍ਹਾਂ ਦੇ ਮਾਪੇ ਪਿੰਡ ਰਮਦਾਸ ਆ ਵੱਸੇ। ਉਹ ਬਾਅਦ ਵਿੱਚ ਮੱਝਾਂ ਦੇ ਵਾਗੀ ਬਣੇ। ਜਦ ਉਹ ਬਾਰ੍ਹਾਂ-ਤੇਰ੍ਹਾਂ ਕੁ ਵਰ੍ਹਿਆਂ ਦੇ ਹੀ ਸਨ, ਤਦ ਗੁਰੂ ਨਾਨਕ ਸਾਹਿਬ ਜੀ ਰਮਦਾਸ ਪਿੰਡ ਦੇ ਪਾਸ ਆ ਟਿਕੇ। ਬੂੜਾ ਜੀ ਮੱਝਾਂ ਚਾਰਦੇ ਉੱਥੇ ਆ ਗਏ ਅਤੇ ਉਨ੍ਹਾਂ ਗੁਰੂ ਜੀ ਦਾ ਉਪਦੇਸ਼ ਸੁਣਿਆ। ਬਾਅਦ ਵਿੱਚ ਉਹ ਰੋਜ਼ਾਨਾ ਗੁਰੂ ਜੀ ਕੋਲ ਆਉਂਦੇ ਅਤੇ ਉਹਨਾਂ ਦਾ ਉਪਦੇਸ਼ ਸੁਣਦੇ ਅਤੇ ਉਹਨਾਂ ਵਾਸਤੇ ਦੁੱਧ ਲਿਆ ਕੇ ਭੇਟ ਕਰਦੇ। ਇੱਕ ਦਿਨ ਗੁਰੂ ਜੀ ਨੇ ਬੂੜਾ ਜੀ ਨੂੰ ਉਨ੍ਹਾਂ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਬੂੜਾ ਜੀ ਦਾ ਜਵਾਬ (ਵਿਵੇਕ ਵੈਰਾਗ) ਸੁਣ ਕੇ ਕਿਹਾ ਕਿ ‘ਤੂੰ ਹੈਂ ਤਾਂ ਬੱਚਾ, ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਂ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ।’ ਉਸ ਦਿਨ ਤੋਂ ਬੂੜਾ ਜੀ ਦਾ ਨਾਂ ‘ਬੁੱਢਾ ਜੀ’ ਪੈ ਗਿਆ। ਸਿੱਖ ਉਹਨਾਂ ਨੂੰ ਪਿਆਰ ਨਾਲ ‘ਬਾਬਾ ਬੁੱਢਾ ਜੀ’ ਆਖਦੇ ਹਨ।

ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਸ਼ਿਸ ਬਣ ਗਏ। ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀ-ਬਾੜੀ ਦਾ ਕੰਮ ਵੀ ਨਿਭਾਉਂਦੇ ਅਤੇ ਨਾਮ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣਾ ਜੀਵਨ ਸੰਗਤਾਂ ਦੀ ਸੇਵਾ ਵਿਚ ਲਗਾਇਆ ਅਤੇ ਗੁਰੂ ਜੀ ਦੇ ‘ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ’ ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ। ਗੁਰੂ ਨਾਨਕ ਦੇਵ ਜੀ ਉਨ੍ਹਾਂ ਉੱਪਰ ਬਹੁਤ ਪ੍ਰਸੰਨ ਸਨ।

ਬਾਬਾ ਬੁੱਢਾ ਦਾ ਵਿਆਹ ਸੰਮਤ 1590 ਨੂੰ ਅਚੱਲ ਪਿੰਡ ਦੇ ਜ਼ਿਮੀਦਾਰ ਦੀ ਲੜਕੀ ਮਿਰੋਆ ਨਾਲ ਹੋ ਗਿਆ। ਆਪ ਦੇ ਘਰ ਦੋ ਪੁੱਤਰਾਂ ਦਾ ਜਨਮ ਹੋਇਆ। ਕੁਝ ਸਮੇਂ ਬਾਅਦ ਉਨ੍ਹਾਂ ਦੇ ਪਿਤਾ ਅਚਾਨਕ ਚਲਾਣਾ ਕਰ ਗਏ। ਅਜੇ ਉਨ੍ਹਾਂ ਦੀ ਸਤਾਰ੍ਹਵੀਂ ਵੀ ਨਹੀਂ ਹੋਈ ਸੀ ਕਿ ਮਾਤਾ ਗੌਰਾਂ ਵੀ ਆਪਣੇ ਪਤੀ ਦੇ ਮਗਰ ਹੀ ਤੁਰ ਗਈ। ਮਾਂ-ਬਾਪ ਦੇ ਚਲਾਣਾ ਕਰ ਜਾਣ ਉਪਰੰਤ ਕਬੀਲਦਾਰੀ ਦੀ ਸਾਰੀ ਜ਼ਿੰਮੇਵਾਰੀ ਗੁਰੂ ਨਾਨਕ ਜੀ ਵੱਲੋਂ ਦਸਤਾਰ ਭੇਂਟ ਕਰਕੇ ਬਾਬਾ ਬੁੱਢਾ ਜੀ ਦੇ ਸਿਰ ਰੱਖ ਦਿੱਤੀ ਗਈ। ਉਨ੍ਹਾਂ ਨੇ ਆਪਣੇ ਗ੍ਰਹਿਸਥ ਜੀਵਨ ਅਤੇ ਗੁਰੂ ਘਰ ਦੀ ਸੇਵਾ ਦਾ ਕੰਮ ਪੂਰੀ ਸ਼ਰਧਾ ਨਾਲ ਨਿਭਾਇਆ। ਉਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਕਰਤਾਰਪੁਰ ਵਿਖੇ ਹੀ ਗੁਰੂ ਦੀ ਸੇਵਾ ਲਈ ਪੁੱਜ ਗਏ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਗੱਦੀ ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪੀ, ਤਾਂ ਉਨ੍ਹਾਂ ਨੇ ਗੁਰਿਆਈਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ। ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਕਰਦੇ ਰਹੇ।

ਗੁਰੂ ਨਾਨਕ ਦੇਵ ਦੇ ਜੋਤੀ ਜੋਤ ਸਮਾਉਣ ’ਤੇ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਆ ਕੇ ਰਹਿਣ ਲੱਗੇ। ਉੱਥੋਂ ਦੇ ਰਹਿਣ ਵਾਲੇ ਇੱਕ ਪਾਖੰਡੀ ਤਪੇ ਵੱਲੋਂ ਗੁਰੂ ਜੀ ਨਾਲ ਖਾਰ ਖਾਏ ਜਾਣ ਕਰਕੇ ਉਨ੍ਹਾਂ ਆਪਣੇ ਆਪ ਨੂੰ ਲੋਕਾਂ ਤੋਂ ਛੁਪਾ ਕੇ ਇਸ ਨੂੰ ਰਾਜ਼ ਹੀ ਰੱਖੇ ਜਾਣ ਦਾ ਬਚਨ ਲਿਆ। ਸੰਗਤਾਂ ਗੁਰੂ ਜੀ ਦੀ ਤਲਾਸ਼ ਕਰ ਰਹੀਆਂ ਸਨ। ਉਸ ਸਮੇਂ ਲੋਕਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਤੇ ਉਨ੍ਹਾਂ ਖਡੂਰ ਸਾਹਿਬ ਜਾ ਕੇ ਮਾਈ ਭਿਰਾਈ ਦੇ ਘਰ ਦੀ ਕੰਧ, ਜਿਸ ਪਿੱਛੇ ਗੁਰੂ ਅੰਗਦ ਦੇਵ ਜੀ ਰਹਿ ਰਹੇ ਸਨ, ਤੁੜਵਾ ਕੇ ਗੁਰੂ ਅੰਗਦ ਦੇਵ ਜੀ ਨੂੰ ਸੰਗਤ ਅੱਗੇ ਪ੍ਰਗਟ ਕਰਨ ਦਾ ਕਾਰਜ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਗੋਇੰਦਵਾਲ ਸਾਹਿਬ ਵਿਖੇਬਾਉਲੀ ਦੇ ਆਰੰਭ ਕਰਵਾਉਣ ਤੇ ਸਿਰੇ ਚੜ੍ਹਾਉਣ ਦੇ ਕੰਮ ਵਿਚ ਹਿੱਸਾ ਪਾਇਆ।

ਜਦੋਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਰਾਹੀਂ ਬਾਦਸਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫ਼ਤਹਿ ਕਰਨ ਉਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਟ ਕੀਤੇ ਤਾਂ ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਜਾਗੀਰ ਦਾ ਕਾਰ ਮੁਖਤਾਰ ਬਣਾ ਕੇ ਇੱਥੇ ਬੀੜ ਵਿਖੇ ਡੇਰਾ ਲਾਉਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਵਿਚਕਾਰ ਇੱਕ ਵਿਰਾਨ ਜਿਹੇ ਅਸਥਾਨ ’ਤੇ ਡੇਰਾ ਲਾ ਲਿਆ। ਇਸ ਜੰਗਲ ਜਿਹੇ ਅਸਥਾਨ ’ਤੇ ਅੱਜ ਮੰਗਲ ਬਣਿਆ ਹੋਇਆ ਹੈ। ਇਹ ਉਹ ਅਸਥਾਨ ਹੈ, ਜਿੱਥੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜੁਨ ਸਾਹਿਬ ਜੀ ਦੀ ਸਪੁੱਤਨੀ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਵੱਲੋਂ ਪੁੱਤਰ ਹੋਣ ਦੀ ਦਾਤ ਬਖਸ਼ੇ ਜਾਣ ਸਬੰਧੀ ਕਿਹਾ ਜਾਂਦਾ ਹੈ।

ਗੁਰੂ ਅਮਰਦਾਸ ਜੀ ਦੇ ਸਮੇਂ ਉਨ੍ਹਾਂ ਦੀ ਨਿਗਰਾਨੀ ਹੇਠ ਹੀ 1552 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਬਾਉਲੀ ਟੱਕ ਲਗਾ ਕੇ ਤਾਮੀਰ ਕੀਤੀ ਗਈ। ਗੁਰੂ ਅਮਰਦਾਸ ਜੀ ਦੇ ਸਮੇਂ ਜਦੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਨਿਯਮਬੱਧ ਤਰੀਕੇ ਨਾਲ 22 ਮੰਜੀਆਂ ਦੀ ਸਥਾਪਨਾ ਹੋਈ ਤਾਂ ਇਨ੍ਹਾਂ ਦੇ ਪ੍ਰਮੁੱਖ ਪ੍ਰਬੰਧਕ ਦੀ ਸੇਵਾ ਵੀ ਬਾਬਾ ਬੁੱਢਾ ਜੀ ਨੇ ਹੀ ਬਾਖ਼ੂਬੀ ਨਿਭਾਈ। ਅਕਬਰ ਬਾਦਸ਼ਾਹ ਦੇ ਗੁਰੂ ਦਰਬਾਰ ਵਿੱਚ ਆਉਣ ’ਤੇ ਉਸ ਨੂੰ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਬਾਬਾ ਬੁੱਢਾ ਜੀ ਨੇ ਹੀ ਮੁਹੱਈਆ ਕਰਵਾਈ ਸੀ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਆਖ਼ਰੀ ਰਸਮਾਂ ਬਾਬਾ ਜੀ ਨੇ ਹੀ ਆਪਣੇ ਹੱਥੀਂ ਨਿਭਾਈਆਂ ਸਨ। ਗੁਰੂ ਰਾਮਦਾਸ ਜੀ ਵੱਲੋਂ ਰਾਮਦਾਸਪੁਰ (ਅੰਮ੍ਰਿਤਸਰ) ਦੀ ਸਥਾਪਨਾ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੀ ਨਿਸ਼ਾਨਦੇਹੀ ’ਤੇ ਸਰੋਵਰ ਖੁਦਵਾਉਣ ਤੇ ਸ਼ਹਿਰ ਵਸਾਉਣ ਲਈ ਸਭ ਤੋਂ ਪਹਿਲਾਂ ਬਾਬਾ ਜੀ ਨੇ ਹੀ ਮੋਹੜੀ ਗੱਡੀ ਸੀ। ਫਿਰ ਜਦੋਂ ਅੰਮ੍ਰਿਤਸਰ ਸਰੋਵਰ ਤੇ ਦਰਬਾਰ ਸਾਹਿਬ ਦੀ ਸੇਵਾ ਆਰੰਭ ਹੋਈ ਤਾਂ ਬਾਬਾ ਜੀ ਨੇ ਆਪਣੇ ਪੁੱਤ-ਪੋਤਰਿਆਂ ਸਮੇਤ ਸੇਵਾ ਵਿਚ ਹਿੱਸਾ ਲਿਆ। ਬਾਬਾ ਬੁੱਢਾ ਜੀ ਨੇ ਇੱਕ ਬੇਰੀ ਜੋ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਚੜ੍ਹਦੇ ਪਾਸੇ ਘੰਟਾ ਘਰ ਵਾਲੇ ਦਰਵਾਜ਼ੇ ਵਾਲੀ ਸਾਈਡ ਸਥਿਤ ਹੈ; ਹੇਠ ਪੱਕੇ ਡੇਰੇ ਲਾ ਦਿੱਤੇ ਤੇ ਸਰੋਵਰ ਦਾ ਕੰਮ ਮੁਕੰਮਲ ਕਰਵਾਇਆ। ਇਸ ਬੇਰੀ ਨੂੰ ਅੱਜ ਕੱਲ੍ਹ ਬੇਰ ਬਾਬਾ ਬੁੱਢਾ ਜੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਸੰਮਤ 1661 ਬਿਕ੍ਰਮੀ (ਸੰਨ 1604) ਨੂੰ ਗੁਰੂ ਅਰਜਨ ਦੇਵ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਜਦੋਂ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਵਿਚ ਪ੍ਰਕਾਸ਼ ਕੀਤਾ ਤਾਂ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਬਣਾ ਕੇ ਸਤਿਕਾਰ ਬਖ਼ਸ਼ਿਆ।

ਗੁਰੂ ਅਰਜੁਨ ਸਾਹਿਬ ਜੀ ਨੇ ਬਚਪਨ ਵਿਚ ਬਾਲ ਹਰਿਗੋਬਿੰਦ ਨੂੰ ਹਰ ਪੱਖੋਂ ਨਿਪੁੰਨ ਅਤੇ ਸੂਰਬੀਰ ਯੋਧਾ ਬਣਾਉਣ ਦੀ ਸੇਵਾ ਵੀ ਬਾਬਾ ਬੁੱਢਾ ਜੀ ਤੋਂ ਲਈ।ਬਾਅਦ ਵਿੱਚ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੇ ਜਾਣ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਬਾਬਾ ਬੁੱਢਾ ਜੀ ਨੇ ਹੀ ਪਹਿਨਾਈਆਂ। 1608 ਈਸਵੀ ਵਿੱਚ ਬਾਬਾਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਅਕਾਲ ਬੁੰਗਾ (ਅਕਾਲ ਤਖ਼ਤ ਸਾਹਿਬ) ਦੀ ਉਸਾਰੀ ਕੀਤੀ। ਇਸ ਦਾ ਨੀਂਹ ਪੱਥਰ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਰੱਖਿਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦੀ ਦੌਰਾਨ ਸਿੱਖਾਂ ਦੀ ਅਗਵਾਈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਕੀਤੀ ਸੀ। ਜਨਵਰੀ 1620 ਈਸਵੀ ਦੇ ਆਖ਼ਰੀ ਦਿਨਾਂ ਵਿਚ ਬਾਦਸ਼ਾਹ ਜਹਾਂਗੀਰ ਨਾਲ ਹੋਈ ਮੁਲਾਕਾਤ ਵਿਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਅਤੇ ਬਾਲੂ ਰਾਇ ਨੇ ਅਹਿਮ ਭੂਮਿਕਾ ਨਿਭਾਈ ਸੀ। ਬਾਬਾ ਬੁੱਢਾ ਜੀ ਦੇ ਚਾਰ ਸਪੁੱਤਰ ਸਨ। ਉਨ੍ਹਾਂ ਦੇ ਵੰਸ਼ ਵਿੱਚੋਂ ਹੀ ਭਾਈ ਰਾਮ ਕੰਵਰ, ‘ਖੰਡੇ ਦੀ ਪਾਹੁਲ’ ਲੈ ਕੇ ਗੁਰਬਖਸ਼ ਸਿੰਘ ਨਾਮ ਨਾਲ ਪ੍ਰਸਿੱਧ ਹੋਇਆ। ਬਾਬਾ ਜੀ ਦਾ ਵੰਸ਼ ਅੱਜ-ਕੱਲ੍ਹ ਵੀ ਕੱਥੂ ਨੰਗਲ ਦੇ ਆਸ-ਪਾਸ ਰਹਿੰਦਾ ਹੈ। ਬਾਬਾ ਬੁੱਢਾ ਜੀ ਸੰਮਤ 1688 ਬਿਕ੍ਰਮੀ (ਸੰਨ 1631ਈ:) ਨੂੰ ਪਿੰਡ ਰਮਦਾਸ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ 125 ਸਾਲ ਦੀ ਲੰਬੀ ਉਮਰ ਭੋਗ ਕੇ ਜੋਤੀ ਜੋਤ ਸਮਾ ਗਏ। ਉਨ੍ਹਾਂ ਦਾ ਸਸਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ। ਇਸ ਜਗ੍ਹਾ (ਰਮਦਾਸ) ਇਕ ਕਾਫ਼ੀ ਵੱਡਾ ਸਰੋਵਰ ਹੈ।

ਬਾਬਾ ਬੁੱਢਾ ਜੀ ਨੇ ਕਈ ਬਿਖੜੇ ਸਮਿਆਂ ਵਿਚ ਆਪਣੀ ਦੂਰਦ੍ਰਿਸ਼ਟੀ ਅਤੇ ਤੀਖਣ ਬੁੱਧੀ ਰਾਹੀਂ ਸੇਧ ਦੇ ਕੇ ਸਿੱਖਾਂ ਨੂੰ ਇੱਕ ਝੰਡੇ ਹੇਠ ਰੱਖਿਆ ਸੀ। ਬਾਬਾ ਬੁੱਢਾ ਜੀ ਜਿੱਥੇ ਸੁਯੋਗ ਪ੍ਰਬੰਧਕ ਸਨ, ਉੱਥੇ ਉੱਚੇ-ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗੁਰੂ ਘਰ ਤੋਂ ਵਰੋਸਾਏ ਹੋਏ ਇਸ ਜੀਉੜੇ ਦਾ ਨਾਂ ਹਮੇਸ਼ਾਂ ਸਿੱਖ ਇਤਿਹਾਸ ਵਿਚ ਚਾਨਣ-ਮੁਨਾਰੇ ਦਾ ਕੰਮ ਕਰਦਾ ਰਹੇਗਾ। ਇਹ ਗੱਲ ਵਿਸ਼ੇਸ਼ ਤੌਰ ’ਤੇ ਨੋਟ ਕਰਨ ਵਾਲੀ ਹੈ ਕਿ ਇਸ ਮਹਾਨ ਸਖ਼ਸ਼ੀਅਤ ਨੂੰ ਸਿੱਖ ਇਤਿਹਾਸ ਵਿੱਚ ਕੇਵਲ ਬਾਬਾ ਬੁੱਢਾ ਜੀ ਦੇ ਨਾਮ ਹੇਠ ਹੀ ਲਿਖਿਆ ਅਤੇ ਯਾਦ ਕੀਤਾ ਜਾ ਰਿਹਾ ਹੈ ਅਤੇ ਕਿਧਰੇ ਵੀ ਉਨ੍ਹਾਂ ਦੇ ਨਾਮ ਨਾਲ ਮਹਾਂਪੁਰਖ, ਸੰਤ, ਬ੍ਰਹਮਗਿਆਨੀ ਆਦਿਕ ਵਿਸ਼ੇਸ਼ਣ ਨਹੀਂ ਲੱਗਾ ਹੋਇਆ; ਜਦ ਕਿ ਪਿਛਲੇ ਸਮਿਆਂ ਤੋਂ ਅਨੇਕਾਂ ਵਿਅਕਤੀ ਐਸੇ ਉੱਭਰ ਰਹੇ ਹਨ ਜਿਨ੍ਹਾਂ ਦੀਸਿੱਖ ਧਰਮ ਨੂੰ ਰੱਤਾ ਭਰ ਵੀ ਦੇਣ ਨਹੀਂ ਹੈ ਸਗੋਂ ਮਖੱਟੂ ਹੋ ਕੇ ਆਪਣੀ ਰੋਜ਼ੀ ਰੋਟੀ ਅਤੇ ਐਸ਼ ਪ੍ਰਸ਼ਤੀ ਦੇ ਸਾਧਨ ਜਟਾਉਣ ਦੇ ਵਸੀਲੇ ਵਜੋਂ ਆਪਣੇ ਡੇਰੇ ਸਥਾਪਤ ਕਰਕੇ ਆਪਣੇ ਆਪ ਨੂੰ ਕੇਵਲ ਮਹਾਂਪੁਰਖ, ਸੰਤ ਮਹਾਰਾਜ, ਪੂਰਨ ਬ੍ਰਹਮ ਗਿਆਨੀ, ਸ਼੍ਰੀ ਸ਼੍ਰੀ 108 ਜਾਂ 1008 ਆਦਿਕ ਵਿਸ਼ੇਸ਼ਣਾਂ ਨਾਲ ਸੰਬੋਧਨ ਹੀ ਨਹੀਂ ਕਰ ਅਤੇ ਕਰਵਾ ਰਹੇ ਸਗੋਂ ਗੁਰੂ ਘਰ ਦੇ ਸ਼ਰੀਕ ਬਣਨ ਦੇ ਰਾਹ ਵੀ ਤੁਰੇ ਹੋਏ ਹਨ। ਅਜਿਹੀ ਬ੍ਰਿਤੀ ਦੇ ਮਾਲਕ ਹੀ ਗੁਰੂ ਘਰ ਦੇ ਕਿਸੇ ਵਿਰੋਧੀ ਲੇਖਕ ਵੱਲੋਂ ਲਿਖੀ ਪੁਸਤਕ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਦੇ ਪ੍ਰਚਾਰ ਪਾਸਾਰ ਵਿੱਚ ਆਪਣਾ ਸਿਰਤੋੜ ਯਤਨ ਨਿਭਾ ਰਹੇ ਹਨ। ਬਾਬਾ ਬੁੱਢਾ ਜੀ ਆਪਣੀ ਜ਼ਿੰਦਗੀ ਦੇ ਗਿਆਰਾਂ ਦਹਾਕਿਆਂ ਤੋਂ ਵੱਧ ਸਮੇਂ ਤੱਕ ਛੇ ਗੁਰੂ ਸਾਹਿਬਾਨ ਦੀ ਸੰਗਤ ਵਿੱਚ ਰਹਿ ਕੇ ਇਸ ਸਿਧਾਂਤ: ‘‘ਗੁਰ ਨਾਲਿ ਤੁਲਿ ਨ ਲਗਈ; ਖੋਜਿ ਡਿਠਾ ਬ੍ਰਹਮੰਡੁ ॥’’(ਸਿਰੀਰਾਗੁ, ਮ ੫, ਅੰਕ ੫੦) ਭਾਵ ‘ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ, ਕੋਈ ਵੀ ਗੁਰੂ ਦੇ ਬਰਾਬਰ ਦਾ ਨਹੀਂ ਹੈ।’ ਪਰ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਦਾ ਕੁਟਲ ਲਿਖਾਰੀ ਹਰ ਪੱਖੋਂ ਉਸੇ ਬਾਬਾ ਬੁੱਢਾ ਜੀ ਦੀ ਮਹਿਮਾ ਗੁਰੂ ਸਾਹਿਬ ਨਾਲੋਂ ਵੱਧ ਦਰਸਾ ਕੇ ਗੁਰਮਤਿ ਦੇ ਇਸ ਸਿਧਾਂਤ ਦੀ ਖੰਡਣਾ ਕਰ ਰਿਹਾ ਹੈ। ਲਿਖਾਰੀ ਲਿਖਦਾ ਹੈ:- ‘ਸਤਿਗੁਰੂ ਜੀ ਦੇ ਬਚਨ ਮੰਨ ਕੇ ਪੁੱਤਰ ਦੀ ਪਿਆਰੀ ਇੱਛਾ ਸਹਿਤ ਮਾਤਾ ਗੰਗਾ ਜੀ ਬਹੁਤ ਸਾਰੇ ਦਾਸ, ਕਈ ਦਾਸੀਆਂ, ਸ਼ਿੰਗਾਰੇ ਹੋਏ ਘੋੜੇ ਤੇ ਰਥ, ਖੀਰ ਖੰਡ ਅਤੇ ਕਈ ਤਰ੍ਹਾਂ ਦੇ ਪਕਵਾਨ ਨਾਲ ਲੱਦੀਆਂ ਸੁੰਦਰ ਬਹਿੰਗੀਆਂ ਵਾਲੇ ਸੇਵਕ (ਵਡੇ ਪ੍ਰਭਾਵਸ਼ਾਲੀ ਜਲੂਸ਼ ਦੀ ਸ਼ਕਲ ਵਿਚ) ਨਾਲ ਤੁਰ ਪਏ। ਸ਼ਹੀਦ ਭਾਈ ਮਨੀ ਸਿੰਘ ਜੀ ਦੀ ਜ਼ੁਬਾਨੀ ਉਚਾਰੀ ਦਰਸਾਈ ਚੌਪਈ ਵਿੱਚੋਂ ਬਾਬਾ ਬੁਢਾ ਜੀ ਦੀ ਬੀੜ ਵੱਲ ਜਾਂਦੇ ਮਾਤਾ ਗੰਗਾ ਜੀ ਦੇ ਜਲੂਸ ਦਾ ਉਪਰੋਕਤ ਵੇਰਵਾ ਪੜ੍ਹ ਕੇ ਬੜੀ ਸਖ਼ਤ ਹੈਰਾਨੀ ਹੋਈ ਕਿ, ਰਜਵਾੜਿਆਂ ਵਾਂਗ ਤਿਆਰ ਕੀਤੇ ਸੁਆਦਿਸ਼ਟ ਪਕਵਾਨ ਨਾਲ ਲੱਦੀਆਂ ਹੋਈਆਂ ਵਧੀਆ ਬਹਿੰਗੀਆਂ, ਬਹੁਤ ਸਾਰੇ ਦਾਸ ਦਾਸੀਆਂ ਦੇ ਝੁਰਮਟ ਵਿੱਚ ਬੜੇ ਕੀਮਤੀ ਸੁੰਦਰ ਹਾਰ ਸ਼ਿੰਗਾਰ ਨਾਲ ਸ਼ਿੰਗਾਰੇ ਘੋੜਿਆਂ ਨਾਲ ਖਿੱਚੇ ਜਾ ਰਹੇ ਰਥ ਵਿੱਚ ਬੈਠੇ ਮਾਤਾ ਗੰਗਾ ਜੀ ? ਗ਼ਰੀਬ ਕਿਰਤੀਆਂ ਦੀ ਮਾਮੂਲੀ ਆਮਦਨ ਦੇ ਦਸਵੰਧ ਦੇ ਆਸਰੇ ‘ਸੰਤ ਸਿਪਾਹੀ’ ਦੀ ਸਿਰਜਣਾ ਕਰਨ ਦੇ ਯਤਨਾ ਵਿੱਚ ਰੁੱਝੇ ਹੋਏ, ਸਾਦਗੀ ਗ਼ਰੀਬੀ ਸਹਿਨਸ਼ੀਲਤਾ ਦੇ ਪੂਰਨੇ ਪਾ ਰਹੇ, ਜਿਸ ਗੁਰਦੇਵ ਪਿਤਾ ਜੀ ਦੇ ਉਪਦੇਸ਼ ਦਾ ਧੁਰਾ ਹੀ ਸੰਤੋਖ ਵਾਲਾ ਜੀਵਨ ਅਤੇ ਸਾਦਾ ਜੀਵਨ ਬਿਤਾਉਣਾ ਹੋਵੇ:- ‘‘ਨਾਮੁ ਬੀਜੁ ਸੰਤੋਖੁ ਸੁਹਾਗਾ, ਰਖੁ ਗਰੀਬੀ ਵੇਸੁ॥’’ ਅਤੇ ਉੱਚੇ ਆਚਰਨ ਨੂੰ ਘੋੜੇ ਬਣਾ ਕੇ ਚੱਲਣ ਦਾ ਹੋਵੇ: ‘‘ਸੁਣਿ ਸਾਸਤ ਸਉਦਾਗਰੀ; ਸਤੁ ਘੋੜੇ ਲੈ ਚਲੁ॥’’ (ਮਹਲਾ ੧,ਅੰਕ 595)

ਕੀ ਉਨ੍ਹਾਂ ਦੇ ਮਹਿਲ ਮਾਤਾ ਗੰਗਾ ਜੀ ਉਪ੍ਰੋਕਤ ਦੱਸੀ ਸ਼ਾਨੋ ਸ਼ੌਕਤ ਨਾਲ ਜਾ ਸਕਦੇ ਹਨ ? ਜਾਂ ਲਿਖਾਰੀ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਇਹ ਦੋਸ਼ ਲਾਉਣਾ ਚਾਹੁੰਦਾ ਹੈ ਕਿ ਅੱਜ ਦੇ ਪ੍ਰਚਾਰਕਾਂ ਵਾਂਗ ਗੁਰੂ ਸਾਹਿਬਾਨਾਂ ਦਾ ਪ੍ਰਚਾਰ ਵੀ ਸਿਰਫ ਦੂਸਰਿਆਂ ਨੂੰ ਉਪਦੇਸ਼ ਦੇਣ ਲਈ ਹੀ ਸੀ ਅਤੇ ਉਹ ਖ਼ੁਦ ਉਸ ’ਤੇ ਅਮਲ ਨਹੀਂ ਕਰਦੇ ਸਨ?

ਦੂਸਰੀ ਗੱਲ ਹੈ ਕਿ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ:

(1). ਉਹ ਸੱਚਾ ਸੁਆਮੀ ਖ਼ੁਦ ਹੀ ਸਿਰਜਣਹਾਰ ਹੈ। ਉਹ ਕਰਤਾਰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਹ ਆਪ ਹੀ ਮਾਰ ਕੇ ਜਿਵਾਲਦਾ ਹੈ (ਭਾਵ, ਮਾਰਦਾ ਭੀ ਆਪ ਹੀ ਹੈ, ਪੈਦਾ ਵੀ ਆਪ ਹੀ ਕਰਦਾ ਹੈ)। ਉਸ ਤੋਂ ਬਿਨਾ ਕੋਈ ਹੋਰ ਇਸ ਸਮਰੱਥਾ ਵਾਲਾ ਨਹੀਂ ਹੈ: ‘‘ਆਪੇ ਕਰਤਾ, ਸਚਾ ਸੋਈ ॥ ਆਪੇ ਮਾਰਿਜੀਵਾਲੇ, ਅਵਰੁ ਨ ਕੋਈ ॥’’ (ਮ: ੩/ ਅੰਕ ੧੦੬੯)

(2). ਭਾਂਤ ਭਾਂਤ ਦੇ ਸਰੀਰ ਬਣਾ ਬਣਾ ਕੇ ਪ੍ਰਭੂ ਆਪ ਹੀ ਜੀਵਾਂ ਨੂੰ (ਜਗਤ ਵਿਚ) ਘੱਲਦਾ ਹੈ ਤੇ (ਫਿਰ ਇੱਥੋਂ) ਲੈ ਜਾਂਦਾ ਹੈ: ‘‘ਜਿਨਸਿ ਥਾਪਿ, ਜੀਆ ਕਉ ਭੇਜੈ; ਜਿਨਸਿ ਥਾਪਿ, ਲੈ ਜਾਵੈ ॥’’ (ਮ: ੪/ ਅੰਕ ੩੨੬)

(3). ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ, ਮਨੁੱਖ ਦੇ ਵੱਸ ਕੁਝ ਨਹੀਂ ਹੈ: ‘‘ਮਾਰੈ, ਰਾਖੈ, ਏਕੋ ਆਪਿ॥ ਮਾਨੁਖ ਕੈ, ਕਿਛੁ ਨਾਹੀ ਹਾਥਿ॥’’ (ਸੁਖਮਨੀ, ਮ: ੫/ ਅੰਕ ੨੮੧)

ਫਿਰ ਉਪ੍ਰੋਕਤ ਗੁਰ ਉਪਦੇਸ਼ਾਂ ਦੀ ਅਣਦੇਖੀ ਕਰਕੇ ਗੁਰੂ ਘਰ ਦੇ ਅਨਿੰਨ ਸ਼ਰਧਾਲੂ ਬਾਬਾ ਬੁੱਢਾ ਜੀ ਕਿਸ ਤਰ੍ਹਾਂ ਮਾਤਾ ਜੀ ਨੂੰ ਇਹ ਵਰ ਦੇ ਸਕਦੇ ਹਨ ਕਿ ਤੇਰੀ ਕੁੱਖ ਤੋਂ ਅਜੇਹਾ ਸੂਰਬੀਰ ਯੋਧਾ ਪੈਦਾ ਹੋਵੇਗਾ ਜੋ ਵੈਰੀਆਂ ਦੇ ਸਿਰ ਇਉਂ ਭੰਨੇਗਾ ਜਿਵੇਂ ਉਨ੍ਹਾਂ (ਬਾਬਾ ਬੁੱਢਾ ਜੀ) ਨੇ ਆਪਣੀਆਂ ਦੋਵੇਂ ਤਲੀਆਂ ਵਿੱਚ ਰਗੜ ਕੇ ਗੰਢਾ ਭੰਨ ਦਿੱਤਾ ਹੈ। ਬਾਬਾ ਬੁੱਢਾ ਜੀ ਦੇ ਵਰ ਨਾਲ ਬਾਲ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਹੋਣ ਦੀ ਐਸੀ ਮਨੌਤ ਦਾ ਤਾਂ ਗੁਰੂ ਅਰਜੁਨ ਸਾਹਿਬ ਜੀ ਖ਼ੁਦ ਹੀ ਖੰਡਨ ਕਰਦੇ ਹੋਏ ਲਿਖ ਰਹੇ ਹਨ; ਜਿਵੇਂ: ‘‘ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ, ਸੰਜੋਗਿ ॥ ਉਦਰੈ ਮਾਹਿ ਆਇ ਕੀਆ ਨਿਵਾਸੁ ॥ ਮਾਤਾ ਕੈਮਨਿ, ਬਹੁਤੁ ਬਿਗਾਸੁ ॥੧॥ ਜੰਮਿਆ ਪੂਤੁ ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ, ਲਿਖਿਆ ਧੁਰ ਕਾ॥ ਰਹਾਉ ॥ — ਵਧੀ ਵੇਲਿ, ਬਹੁ ਪੀੜੀ ਚਾਲੀ ॥ਧਰਮ ਕਲਾ, ਹਰਿ ਬੰਧਿ ਬਹਾਲੀ ॥ —– ਗੁਝੀ ਛੰਨੀ ਨਾਹੀ ਬਾਤ ॥ ਗੁਰੁ ਨਾਨਕੁ ਤੁਠਾ, ਕੀਨੀ ਦਾਤਿ॥’’ (ਮ: , ਅੰਕ ੩੯੬)

ਜੇ ਕਰ ਗੁਰ ਬਿਲਾਸ ਦੀ ਪ੍ਰਚਾਰੀ ਜਾ ਰਹੀ ਮਨ ਘੜਤ ਕਹਾਣੀ ਸੱਚੀ ਹੁੰਦੀ ਤਾਂ ਗੁਰੂ ਅਰਜੁਨ ਸਾਹਿਬ ਜੀ ‘‘ਸਤਿਗੁਰ ਸਾਚੈ (ਨੇ) ਦੀਆ ਭੇਜਿ ॥’ ਦੀ ਥਾਂ ਜਰੂਰ ਲਿਖਦੇ ‘ਬਾਬੇ ‘ਬੁੱਢੈ’ ਦੀਆ ਭੇਜਿ॥’ ਅਤੇ ‘‘ਗੁਰੁ ਨਾਨਕੁ ਤੁਠਾ, ਕੀਨੀ ਦਾਤਿ॥’’ ਦੀ ਥਾਂ ਲਿਖ ਦਿੰਦੇ: ‘ਬਾਬਾ ਬੁੱਢਾ ਤੁਠਾ, ਕੀਨੀ ਦਾਤਿ॥’ ਪਰ ਐਸਾ ਨਹੀਂ ਲਿਖਿਆ ਕਿਉਂਕਿ ਐਸਾ ਹੋ ਹੀ ਨਹੀਂ ਸਕਦਾ।

ਸੋ ਅਜੇਹੀ ਗੁਰਮਤਿ ਵਿਰੋਧੀ ਝੂਠੀ-ਕਹਾਣੀ ਭਾਈ ਮਨੀ ਸਿੰਘ ਜੀ ਦੇ ਮੂੰਹੋਂ ਸੁਣਾਈ ਦਰਸਾਉਣ ਦਾ ਅਪਰਾਧ ਕਰਨ ਵਾਲਾ ਲਿਖਾਰੀ ਨਿਰਸੰਦੇਹ, ਗੁਰਮਤਿ-ਸਿਧਾਂਤ ਦਾ ਵੈਰੀ ਕੋਈ ਬਿੱਪ੍ਰ ਹੋਵੇਗਾ ਅਤੇ ਐਸੀ ਸਾਖੀ ਦਾ ਪ੍ਰਚਾਰ ਕਰਨ ਵਾਲੇ ਡੇਰੇਦਾਰਾਂ ਦਾ ਮਕਸਦ ਹੈ ਭੋਲੀਆਂ ਸੰਗਤਾਂ ਦੇ ਮਨ ਵਿੱਚ ਇਹ ਬਿਠਾਉਣਾ ਕਿ ਕੋਈ (ਉਨ੍ਹਾਂ ਵਰਗਾ) ਪਹੁੰਚਿਆ ਹੋਇਆ ਸੰਤ ਆਪਣੀ ਮੌਜ਼ ਵਿੱਚ ਆਇਆ ਬਾਬਾ ਬੁੱਢਾ ਜੀ ਵਾਂਗ ਕੋਈ ਵੀ ਵਰ ਦੇ ਸਕਦਾ ਹੈ ਅਤੇ ਕਿਸੇ ਵਜ੍ਹਾ ਸ਼ਰਧਾਲੂ ਨਾਲਨਰਾਜ਼ ਹੋਇਆ ਸਰਾਪ ਵੀ ਦੇ ਸਕਦਾ ਹੈ ਜਿਵੇਂ ਕਿ ਮਨਘੜਤ ਕਹਾਣੀ ਰਾਹੀਂ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਸਰਾਪ ਦਿੰਦਿਆਂ ਕਹਿ ਦਿੱਤਾ ਸੀ ਕਿ ‘ਗੁਰੂ ਕਿਆਂ ਨੂੰ ਕੀ ਭਾਝੜਾਂ ਪੈ ਗਈਆਂ?’

ਸਾਨੂੰ ਗੁਰਬਾਣੀ ਅਤੇ ਬਾਬਾ ਬੁੱਢਾ ਜੀ ਦੇ ਉੱਚੇ ਸੁੱਚੇ ਜੀਵਨ ਤੋਂ ਗੁਰਮਤਿ ਅਨੁਸਾਰੀ ਸੇਧ ਲੈਣੀ ਚਾਹੀਦੀ ਹੈ ਨਾ ਕਿ ਗੁਰਬਿਲਾਸ ਵਰਗੀ ਪੁਸਤਕ ਦੀਆਂ ਮਨਘੜਤ ਕਹਾਣੀਆਂ ਵਿੱਚ ਬਿਨਾ ਗੁਰਬਾਣੀ ਦੀ ਕਸਵੱਟੀ ’ਤੇ ਪਰਖਿਆਂ ਵਿਸ਼ਵਾਸ਼ ਕਰਨਾ ਚਾਹੀਦਾ ਹੈ।

23381cookie-checkਬਾਬਾ ਬੁੱਢਾ ਜੀ