ਗੁਰੂ ਨਾਨਕ ਸਾਹਿਬ ਜੀ ਦੀ ਰੂਹਾਨੀਅਤ ਸ਼ਕਤੀ ਨੂੰ ਜ਼ਾਹਰ ਕਰਦਾ ਪੰਜਾ ਸਾਹਿਬ

0
1332

ਗੁਰੂ ਨਾਨਕ ਸਾਹਿਬ ਜੀ ਦੀ ਰੂਹਾਨੀਅਤ ਸ਼ਕਤੀ ਨੂੰ ਜ਼ਾਹਰ ਕਰਦਾ ਪੰਜਾ ਸਾਹਿਬ

ਸ. ਕਿਰਪਾਲ ਸਿੰਘ (ਬਠਿੰਡਾ)-9855480797

ਮੌਜੂਦਾ ਪਾਕਿਸਤਾਨ ਵਿੱਚ ਰਾਵਲਪਿੰਡੀ ਤੋਂ ਪੇਸ਼ਾਵਰ ਵੱਲ ਕੋਈ 45 ਕਿ: ਮੀ: ਦੀ ਦੂਰੀ ’ਤੇ ਆਬਾਦ ਕਸਬਾ ਹੈ ‘ਹਸਨ ਅਬਦਾਲ’, ਜਿੱਥੇ ਅੱਜ ਕੱਲ੍ਹ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਪੰਜਾ ਸਾਹਿਬ ਸੁਸ਼ੋਭਿਤ ਹੈ। ਸਿੱਖ ਇਤਿਹਾਸ ਅਨੁਸਾਰ ਖ਼ੁਰਾਸਾਨ ਦੇ ਇਲਾਕੇ ’ਚੋਂ ਮਿਰਜ਼ਾ ਸ਼ਾਹ ਰੁਖ ਨਾਲ ਹਸਨ ਅਬਦਾਲ ਸਯਦ ਨਾਮ ਦਾ ਇੱਕ ਪੀਰ ਭਾਰਤ ਆਇਆ। ਉਸ ਨੇ ਪਾਣੀ ਦੇ ਇੱਕ ਚਸ਼ਮੇ ਦੇ ਨਜ਼ਦੀਕ ਆਪਣਾ ਡੇਰਾ ਬਣਾਇਆ ਹੋਇਆ ਸੀ। ਉਸ ਕਸਬੇ ਦਾ ਨਾਮ ਹਸਨ ਅਬਦਾਲ ਵੀ ਉਸ ਪੀਰ ਦੇ ਨਾਮ ’ਤੇ ਹੀ ਪਿਆ ਹੈ (ਉਨ੍ਹੀਂ ਦਿਨੀਂ ਕਸਬਾ ਹਸਨ ਅਬਦਾਲ ਸਾਂਝੇ ਭਾਰਤ ਦਾ ਹਿੱਸਾ ਸੀ)। ਪੀਰ ਦੀ ਮੌਤ ਕੰਧਾਰ ਵਿਖੇ ਹੋਣ ਕਰ ਕੇ ਉਸ ਦਾ ਨਾਮ ਪੀਰ ਵਲੀ ਕੰਧਾਰੀ ਦੇ ਤੌਰ ’ਤੇ ਵੀ ਪ੍ਰਸਿੱਧ ਹੈ। ਇਸ ਇਲਾਕੇ ਵਿੱਚ ਪੀਰ ਵਲੀ ਕੰਧਾਰੀ ਦੀ ਬਹੁਤ ਮਾਨਤਾ ਸੀ। ਵੈਸਾਖ, ਸੰਮਤ 1578 ਬਿਕ੍ਰਮੀ (1521 ਈ:) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਹਸਨ ਅਬਦਾਲ ਪਹੁੰਚੇ। ਪੰਜਾ ਸਾਹਿਬ ਨਾਲ ਸਬੰਧਤ ਕੁਝ ਸਾਖੀਆਂ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ 24 ਹਾੜ੍ਹ ਸੰਮਤ 1571 ਬਿਕ੍ਰਮੀ ਨੂੰ ਹਸਨ ਅਬਦਾਲ ਵਿੱਚ ਆਪਣੇ ਚਰਨ ਪਾਏ। ਰੁੱਤ ਗ਼ਰਮੀ ਦੀ ਸੀ। ਪਹਾੜੀ ਦੇ ਥੱਲੇ ਇੱਕ ਰੁੱਖ ਦੀ ਠੰਢੀ ਛਾਂ ਹੇਠ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੇ ਇਲਾਹੀ ਬਾਣੀ ਦਾ ਗਾਇਨ ਸ਼ੁਰੂ ਕੀਤਾ। ਵਲੀ ਕੰਧਾਰੀ ਨੂੰ ਗੁਰੂ ਜੀ ਦੀ ਮਾਨਤਾ ਹੁੰਦੀ ਦੇਖ ਬਹੁਤ ਕ੍ਰੋਧ ਆਇਆ। ਇਤਿਹਾਸਕ ਸਾਖੀਆਂ ਅਨੁਸਾਰ ਮਰਦਾਨੇ ਨੂੰ ਪਿਆਸ ਲੱਗਣ ’ਤੇ ਗੁਰੂ ਜੀ ਨੇ ਉਸ ਨੂੰ ਪਾਣੀ ਲੈਣ ਲਈ ਤਿੰਨ ਵਾਰ ਵਲੀ ਕੰਧਾਰੀ ਪਾਸ ਭੇਜਿਆ। ਵਲੀ ਕੰਧਾਰੀ ਨੇ ਹਰ ਵਾਰ ਪਾਣੀ ਦੇਣੋ ਨਾ ਕੀਤੀ ਅਤੇ ਨਾਲ ਹੀ ਬੁਰਾ-ਭਲਾ ਵੀ ਕਿਹਾ। ਮਰਦਾਨੇ ਨੇ ਫਿਰ ਨਿਮਰਤਾ ਨਾਲ ਪਾਣੀ ਮੰਗਿਆ ਤਾਂ ਵਲੀ ਕੰਧਾਰੀ ਨੇ ਮਿਹਣਾ ਦਿੱਤਾ, ‘ਜਿਸ ਫ਼ਕੀਰ ਦਾ ਤੂੰ ਮੁਰੀਦ ਹੈਂ, ਉਹ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦਾ ?’ ਪਿਆਸ ਨਾਲ ਵਿਆਕੁਲ ਮਰਦਾਨਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵਾਪਸ ਪਹੁੰਚਿਆ ਤੇ ਕਹਿਣ ਲੱਗਾ, ‘‘ਸੱਚੇ ਪਾਤਸ਼ਾਹ  ! ਆਪ ਜੀ ਦੇ ਚਰਨਾਂ ’ਚ ਪਿਆਸਾ ਹੀ ਮਰ ਜਾਵਾਂਗਾ ਪਰ ਹੁਣ ਮੈਂ ਹਉਮੈ ਗ੍ਰਸਤ ਵਲੀ ਕੰਧਾਰੀ ਪਾਸ ਨਹੀਂ ਜਾਵਾਂਗਾ।’’ ਸੱਚੇ ਪਾਤਸ਼ਾਹ ਹੱਸ ਕੇ ਬੋਲੇ, ‘ਮਰਦਾਨਿਆ ! ਕਰਤਾਰ ਦਾ ਨਾਮ ਲੈ ਅਤੇ ਜਲ ਛਕ।’ ਗੁਰੂ ਜੀ ਨੇ ਲਾਗਿਓਂ ਹੀ ਇੱਕ ਪੱਥਰ ਹਟਾਇਆ, ਜਿੱਥੋਂ ਨਿਰਮਲ ਜਲ ਦਾ ਅਮੁੱਕ ਸੋਮਾ ਫੁੱਟ ਪਿਆ। ਮਰਦਾਨੇ ਨੇ ਜਲ ਛਕਿਆ ਤੇ ਕਰਤਾਰ ਦਾ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਇਹ ਦੇਖ ਕੇ ਵਲੀ ਕੰਧਾਰੀ ਨੇ ਕਹਿਰਵਾਨ ਹੋ ਕੇ ਗੁਰੂ ਜੀ ਵੱਲ ਇੱਕ ਵੱਡਾ ਪੱਥਰ ਪਹਾੜੀ ਤੋਂ ਰੇੜ੍ਹ ਦਿੱਤਾ। ਪਾਤਸ਼ਾਹ ਨੇ ਪੱਥਰ ਨੂੰ ਆਪਣੇ ਪਾਵਨ ਪੰਜੇ ਨਾਲ ਰੋਕ ਲਿਆ। ਉਸ ਪੱਥਰ ਉੱਪਰ ਗੁਰੂ ਜੀ ਦੇ ਪਾਵਨ ਪੰਜੇ ਦਾ ਅਮਿਟ ਨਿਸ਼ਾਨ ਉਕਰਿਆ ਹੋਇਆ ਹੈ।

ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਇੱਥੇ ਗੁਰੂ ਨਾਨਕ ਸਾਹਿਬ ਜੀ ਦੀ ਯਾਦ ’ਚ ਇੱਕ ਗੁਰਦੁਆਰਾ ਬਣਾਇਆ। ਇਹ ਅਸਥਾਨ ਪੰਜਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। ਪਹਿਲਾਂ ਇਸ ਦਾ ਪ੍ਰਬੰਧ ਉਦਾਸੀ ਮਹੰਤਾਂ ਕੋਲ ਸੀ। ਗੁਰਦੁਆਰਾ ਸੁਧਾਰ ਲਹਿਰ ਵੇਲੇ 18 ਨਵੰਬਰ 1920 ਨੂੰ ਇਸ ਦਾ ਕੰਟਰੋਲ ਕਰਤਾਰ ਸਿੰਘ ਝੱਬਰ ਨੇ ਸ਼੍ਰੋਮਣੀ ਕਮੇਟੀ ਦੇ ਅਧੀਨ ਲਿਆਂਦਾ। 30 ਅਕਤੂਬਰ 1922 ਈ: ਨੂੰ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਗੁਰੂ ਕੇ ਬਾਗ ਮੋਰਚੇ ਦੇ ਫੜੇ ਗਏ ਸਿੰਘਾਂ ਨੂੰ ਰੇਲ ਗੱਡੀ ਰਾਹੀਂ ਅਟਕ ਜੇਲ੍ਹ ਲਿਜਾਇਆ ਜਾ ਰਿਹਾ ਸੀ। ਗੁਰਦੁਆਰਾ ਪੰਜਾ ਸਾਹਿਬ ਦੀ ਸੰਗਤ ਵੱਲੋਂ ਬੇਨਤੀ ਕੀਤੀ ਗਈ ਕਿ ਗੱਡੀ ਵਿੱਚ ਲਿਜਾਏ ਜਾ ਰਹੇ ਸਿੰਘਾਂ ਨੂੰ ਉਹ ਇੱਥੇ ਲੰਗਰ ਛਕਾਉਣਾ ਚਾਹੁੰਦੇ ਹਨ, ਪਰ ਉਪਰੋਂ ਸਰਕਾਰ ਨੇ ਹੁਕਮ ਕੀਤਾ ਕਿ ਕੈਦੀ ਸਿੱਖਾਂ ਨੂੰ ਲਿਜਾ ਰਹੀ ਗੱਡੀ ਹਸਨ ਅਬਦਾਲ ਨਾ ਰੋਕੀ ਜਾਵੇ, ਪਰ ਸੰਗਤ ਜੋ ਗੁਰਦੁਆਰਾ ਸਾਹਿਬ ਤੋਂ ਲੰਗਰ ਤਿਆਰ ਕਰ ਕੇ ਕੈਦੀ ਸਿੰਘਾਂ ਦੀ ਸੇਵਾ ਲਈ ਅਰਦਾਸ ਕਰ ਕੇ ਚੱਲੀ ਸੀ, ਨੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਕਿ ਸਿੰਘਾਂ ਨੂੰ ਲੰਗਰ ਜ਼ਰੂਰ ਛਕਾਇਆ ਜਾਵੇਗਾ ਤਾਂ ਕਿ ਗੁਰੂ ਅੱਗੇ ਕੀਤੀ ਅਰਦਾਸ ਤੋੜ ਨਿਭਾਈ ਜਾ ਸਕੇ। ਇਸ ਲਈ ਅੰਗਰੇਜ਼ ਸਰਕਾਰ ਦੇ ਜ਼ਬਰ ਦਾ ਸਬਰ ਨਾਲ ਮੁਕਾਬਲਾ ਕਰਨ ਲਈ ਰੇਲਵੇ ਲਾਈਨ ’ਤੇ ਧਰਨਾ ਮਾਰ ਕੇ ਗੱਡੀ ਰੋਕੀ ਜਾਵੇ ਤੇ ਸਿੰਘਾਂ ਨੂੰ ਲੰਗਰ ਹਰ ਹਾਲਤ ਛਕਾਇਆ ਜਾਵੇ। ਆਪਣੀ ਕੀਤੀ ਅਰਦਾਸ ਤੋੜ ਨਿਭਾਉਣ ਲਈ ਸਾਰੀ ਸੰਗਤ ਗੱਡੀ ਅੱਗੇ ਲੇਟ ਗਈ। ਸਰਕਾਰ ਦੇ ਹੁਕਮ ਕਾਰਨ ਗੱਡੀ ਨਾ ਰੋਕੀ ਗਈ ਤੇ ਸਭ ਤੋਂ ਅੱਗੇ ਪਏ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਸ਼ਹੀਦ ਹੋ ਗਏ, ਛੇ ਹੋਰ ਸਿੰਘ ਸਖ਼ਤ ਜਖ਼ਮੀ ਹੋ ਗਏ। ਆਖਰ ਗੱਡੀ ਰੁਕੀ ਤੇ ਕੈਦੀ ਸਿੰਘਾਂ ਨੂੰ ਲੰਗਰ ਛਕਾਇਆ ਗਿਆ।

ਸਾਕਾ ਪੰਜਾ ਸਾਹਿਬ ਦੇ ਸ਼ਹੀਦ ਭਾਈ ਪ੍ਰਤਾਪ ਸਿੰਘ ਦੀ ਧਰਮ ਪਤਨੀ ਬੀਬੀ ਹਰਨਾਮ ਕੌਰ ਜੋ ਖ਼ੁਦ ਵੀ ਉਸ ਸਮੇਂ ਗੱਡੀ ਰੋਕਣ ਵਾਲੀ ਸੰਗਤ ਵਿੱਚ ਸ਼ਾਮਲ ਸੀ; ਨੇ ਗਿਆਨੀ ਭਜਨ ਸਿੰਘ ਨਾਲ ਕੀਤੀ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਸ ਵਕਤ ਉਨ੍ਹਾਂ ਦੇ ਪਤੀ ਸ਼੍ਰੀ ਪੰਜਾ ਸਾਹਿਬ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ ਅਤੇ ਖਜ਼ਾਨਚੀ ਵਜੋਂ ਸੇਵਾ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਉਹ ਜਨਰਲ ਸਕੱਤਰ ਰਹਿ ਚੁੱਕੇ ਸਨ। ਇੱਕ ਦਿਨ ਹਸਨ ਅਬਦਾਲ ਦੇ (ਹਿੰਦੂ) ਸਟੇਸ਼ਨ ਮਾਸਟਰ ਨੇ ਭਾਈ ਪ੍ਰਤਾਪ ਸਿੰਘ ਨੂੰ ਸੂਚਨਾ ਦਿੱਤੀ ਕਿ ਅਗਲੇ ਦਿਨ ਸਵੇਰੇ 8.00 ਵਜੇ ਸਿੱਖ ਕੈਦੀਆਂ ਦੀ ਰੇਲਗੱਡੀ ਪੰਜਾ ਸਾਹਿਬ ਰੇਲਵੇ ਸਟੇਸ਼ਨ ’ਤੇ ਪਹੁੰਚ ਰਹੀ ਹੈ। ਜਿਉਂ ਹੀ ਸੰਗਤ ਨੂੰ ਇਸ ਦਾ ਪਤਾ ਲੱਗਾ, ਉਨ੍ਹਾਂ ਨੇ ਸਿੰਘਾਂ ਲਈ ਲੰਗਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਸਵੇਰ ਦੇ ਦੀਵਾਨ ਮਗਰੋਂ ਅਰਦਾਸ ਕੀਤੀ ਗਈ, ‘ਹੇ ਸੱਚੇ ਪਾਤਸ਼ਾਹ  ! ਅਸੀਂ ਤੁਹਾਡੇ ਸਿੰਘਾਂ ਲਈ ਪਰਸ਼ਾਦਾ ਤਿਆਰ ਕੀਤਾ ਹੈ। ਸਾਡੀ ਆਪਣੇ ਗੁਰਸਿੱਖ ਭਰਾਵਾਂ ਨੂੰ ਇਹ ਲੰਗਰ ਛਕਾਉਣ ਦੀ ਇੱਛਾ ਪੂਰੀ ਕਰੋ ਅਤੇ ਸਾਨੂੰ ਸ਼ਕਤੀ ਬਖ਼ਸ਼ੋ ਕਿ ਅਸੀਂ ਇਹ ਲੰਗਰ ਛਕਾ ਕੇ ਹੀ ਗੁਰਦੁਆਰਾ ਸਾਹਿਬ ਪਰਤੀਏ।’ ਬੀਬੀ ਹਰਨਾਮ ਕੌਰ ਅਨੁਸਾਰ ਅਰਦਾਸ ਤੋਂ ਬਾਅਦ ਜਦ 300 ਦੇ ਲਗਭਗ ਸੰਗਤ ਰੇਲਵੇ ਸਟੇਸ਼ਨ ’ਤੇ ਪਹੁੰਚੀ ਤਾਂ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਉਪਰੋਂ ਹੁਕਮ ਆਏ ਹਨ ਕਿ ਪੰਜਾ ਸਾਹਿਬ ਰੇਲਵੇ ਸਟੇਸ਼ਨ ’ਤੇ ਗੱਡੀ ਨਹੀਂ ਰੋਕੀ ਜਾਵੇਗੀ। ਸੰਗਤ ਵਿੱਚ ਉਦਾਸੀ ਤੇ ਗੁੱਸੇ ਦੀ ਲਹਿਰ ਦੌੜ ਗਈ। ਸੰਗਤ ਨੇ ਉਸੇ ਵਕਤ ਮਤਾ ਪਾਸ ਕੀਤਾ ਕਿ ਲੰਗਰ ਹਰ ਹਾਲਤ ਵਿੱਚ ਛਕਾਇਆ ਜਾਵੇਗਾ ਅਤੇ ਲੰਗਰ ਛਕਾਏ ਬਗੈਰ ਗੱਡੀ ਅੱਗੇ ਨਹੀਂ ਜਾਣ ਦੇਣਗੇ। ਜਦ ਗੱਡੀ ਰੇਲਵੇ ਸਟੇਸ਼ਨ ਦੇ ਨੇੜੇ ਆਈ ਤਾਂ ਸੰਗਤਾਂ ਰੇਲ ਪਟੜੀ ’ਤੇ ਗਈਆਂ। ਰੇਲ ਗੱਡੀ ਆਈ। ਇਹ ਸੀਟੀਆਂ ਮਾਰਦੀ ਰਹੀ ਪਰ ਕੋਈ ਨਾ ਉੱਠਿਆ। ਸਭ ਤੋਂ ਅੱਗੇ ੳਨ੍ਹਾਂ ਦੇ ਪਤੀ (ਸ਼ਹੀਦ) ਪਰਤਾਪ ਸਿੰਘ ਜੀ ਬੈਠੇ ਸਨ। ਉਨ੍ਹਾਂ ਦੇ ਨਾਲ ਭਾਈ ਕਰਮ ਸਿੰਘ ਜੀ ਸਨ ਅਤੇ ਹੋਰ ਕਈ ਸਿੰਘ ਬੈਠੇ ਸਨ। ਰੇਲ ਗੱਡੀ ਭਾਈ ਪ੍ਰਤਾਪ ਸਿੰਘ ਵਿੱਚ ਟਕਰਾਈ ਅਤੇ ਉਨ੍ਹਾਂ ਨੂੰ ਸਖ਼ਤ ਜ਼ਖਮੀ ਕਰ ਕੇ ਅੱਗੇ ਲੰਘ ਗਈ। ਭਾਈ ਕਰਮ ਸਿੰਘ ਵੀ ਰੇਲ ਗੱਡੀ ਹੇਠ ਆ ਕੇ ਸ਼ਹੀਦ ਹੋ ਗਏ। ਹੋਰ ਕਈ ਸਿੰਘਾਂ ਨੂੰ ਰੇਲਗੱਡੀ ਦੇ ਬੰਪਰ ਨੇ ਪਰ੍ਹੇ ਵਗਾਹ ਮਾਰਿਆ।  6 ਕੁ ਹੋਰ ਸਿੰਘ ਵੀ ਗੱਡੀ ਦੇ ਪਹੀਆਂ ਹੇਠ ਆ ਕੇ ਜ਼ਖ਼ਮੀ ਹੋ ਗਏ। ਉਨ੍ਹਾਂ ਦੀਆਂ ਲੱਤਾਂ ਕੱਟੀਆਂ ਗਈਆਂ। ਭਾਈ ਪ੍ਰਤਾਪ ਸਿੰਘ ਦੇ ਪਿਛਲੇ ਪਾਸੇ ਬੈਠੀ ਉਨ੍ਹਾਂ ਦੀ ਪਤਨੀ ਬੀਬੀ ਹਰਨਾਮ ਕੌਰ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ ਅਤੇ ਕਈ ਮਹੀਨੇ ਹਸਪਤਾਲ ਵਿੱਚ ਦਾਖ਼ਲ ਰਹੀ। ਬੀਬੀ ਹਰਨਾਮ ਕੌਰ ਅਨੁਸਾਰ ਰੇਲ ਗੱਡੀ ਨੇੜੇ ਆਉਂਦੀ ਵੇਖ ਕੇ ਕੋਈ ਵੀ ਨਹੀਂ ਦੌੜਿਆ। ਭੱਜਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਕਿਉਂਕਿ ਸਾਰਿਆਂ ਨੇ ਸਰਬਸੰਮਤੀ ਨਾਲ ਹੀ ਫ਼ੈਸਲਾ ਕੀਤਾ ਹੋਇਆ ਸੀ। ਉਸ ਵਕਤ ਕਿਸੇ ਵੀ ਵਿਅਕਤੀ ਨੂੰ ਮੌਤ ਦਾ ਖੌਫ਼ ਨਹੀਂ ਸੀ। ਇਸ ਸ਼ੁਭ ਕਰਮ ਲਈ ਸਾਰੇ ਮਰ ਮਿਟਣ ਲਈ ਤਿਆਰ ਸਨ। ਬੀਬੀ ਹਰਨਾਮ ਕੌਰ ਨੇ ਗਿਆਨੀ ਭਜਨ ਸਿੰਘ ਨੂੰ ਦੱਸਿਆ ਕਿ ਭਾਈ ਪਰਤਾਪ ਸਿੰਘ ਦੀ ਸ਼ਹੀਦੀ ਉਸੇ ਵੇਲੇ ਨਹੀਂ ਸੀ ਹੋਈ। ਜਿਉਂ ਹੀ ਰੇਲਗੱਡੀ ਰੁਕੀ। ਸੰਗਤਾਂ ਰੇਲ ਗੱਡੀ ਹੇਠਾਂ ਆ ਕੇ ਕੁਚਲੇ ਗਏ ਸਿੰਘਾਂ ਨੂੰ ਵੇਖਣ ਲਈ ਅੱਗੇ ਵਧੀਆਂ, ਭਾਈ ਪਰਤਾਪ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਸਨ। ਉਨ੍ਹਾਂ ਨੇ ਸੰਗਤਾਂ ਨੂੰ ਕਿਹਾ ਕਿ ਪਹਿਲਾਂ ਗੁਰਸਿੱਖ ਕੈਦੀਆਂ ਨੂੰ ਲੰਗਰ ਛਕਾਓ ਫਿਰ ਸਾਡੀ ਸੰਭਾਲ ਕਰਨਾ। ਜੇ ਤੁਸੀਂ ਸਾਨੂੰ ਗੱਡੀ ਹੇਠੋਂ ਕੱਢ ਲਿਆ ਤਾਂ ਡਰਾਈਵਰ ਫਿਰ ਗੱਡੀ ਚਲਾ ਲਵੇਗਾ ਤੇ ਅਸੀਂ ਆਪਣੇ ਸਿੰਘਾਂ ਨੂੰ ਲੰਗਰ ਨਹੀਂ ਛਕਾ ਸਕਾਂਗੇ।

ਲੰਗਰ ਛਕਾਉਣ ਤੋਂ ਬਾਅਦ ਜ਼ਖ਼ਮੀ ਸਿੰਘਾਂ ਨੂੰ ਗੱਡੀ ਹੇਠੋਂ ਕੱਢਿਆ ਗਿਆ। ਭਾਈ ਕਰਮ ਸਿੰਘ ਕੁਝ ਘੰਟਿਆਂ ਬਾਅਦ ਸੁਆਸ ਛੱਡ ਗਏ ਭਾਈ ਪ੍ਰਤਾਪ ਸਿੰਘ ਨੇ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਸਰੀਰ ਛੱਡਿਆ। ਬੀਬੀ ਹਰਨਾਮ ਕੌਰ ਅਨੁਸਾਰ ਜਦ ਉਨ੍ਹਾਂ ਦੇ ਜ਼ਖ਼ਮੀ ਹੋਣ ਮਗਰੋਂ ਉਸ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਭਾਈ ਪ੍ਰਤਾਪ ਸਿੰਘ ਨੇ ਕਿਹਾ ਕਿ ਜੇ ਤੁਸੀਂ ਮੇਰੀ ਧਰਮ ਪਤਨੀ ਹੋ ਤਾਂ ਮੇਰੀ ਹਾਲਤ ਉੱਪਰ ਰੋਵੋ ਨਾ, ਸਗੋਂ ਖ਼ੁਸ਼ ਹੋਵੋ ਕਿ ਮੈਂ ਗੁਰਸਿੱਖੀ ਦੇ ਇਮਤਿਆਨ ਵਿੱਚੋਂ ਪਾਸ ਹੋ ਗਿਆ ਹਾਂ। ਬੀਬੀ ਹਰਨਾਮ ਕੌਰ ਦੇ ਦੱਸਣ ਅਨੁਸਾਰ ਸ਼ਹੀਦੀ ਵੇਲੇ ਉਹ 24-25 ਸਾਲਾਂ ਦੇ ਹੋਣਗੇ। ਉਨ੍ਹਾਂ ਦੀ ਸ਼ਾਦੀ 4 ਸਾਲ ਪਹਿਲਾਂ ਹੋਈ ਸੀ। ਉਹ ਕੁਝ ਸਮਾਂ ਫ਼ੌਜ ਵਿੱਚ ਵੀ ਰਹੇ ਸਨ। ਉਨ੍ਹਾਂ ਨੂੰ ਕਾਲੀ ਪੱਗ ਬੰਨ੍ਹਣ ਕਰ ਕੇ ਫ਼ੌਜ ਛੱਡਣੀ ਪਈ ਸੀ। ਫਿਰ ਉਨ੍ਹਾਂ ਰਾਵਲਪਿੰਡੀ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਉਦਾਸੀ ਮਹੰਤਾਂ ਤੋਂ ਪੰਜਾ ਸਾਹਿਬ ਗੁਰਦੁਆਰਾ ਮੁਕਤ ਕਰਾਉਣ ਵੇਲੇ ਉਹ ਜਥੇ ਵਿੱਚ ਸਭ ਤੋਂ ਅੱਗੇ ਸਨ। ਗੁਰਦੁਆਰਾ ਸਾਹਿਬ ਤੋਂ ਮਹੰਤ ਦਾ ਕਬਜ਼ਾ ਹਟਣ ਮਗਰੋਂ ਭਾਈ ਪ੍ਰਤਾਪ ਸਿੰਘ ਨੂੰ ਇਸ ਦਾ ਮੈਨੇਜਰ ਅਤੇ ਸਕੱਤਰ ਬਣਾਇਆ ਗਿਆ। ਉਨ੍ਹਾਂ ਨੇ ਬਿਨਾਂ ਕਿਸੇ ਤਨਖ਼ਾਹ ਜਾਂ ਸੇਵਾਫਲ਼ ਦੇ, ਨਿਸ਼ਕਾਮ ਸੇਵਾ ਕੀਤੀ। ਜਦੋਂ ਉਹ ਸ਼ਹੀਦ ਹੋਏ, ਉਸ ਵਕਤ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ/ਖਜ਼ਾਨਚੀ ਸਨ। ਸ਼ਹੀਦ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜੋ 2 ਸਾਲ ਦੀ ਉਮਰ ਵਿੱਚ ਸਵਰਗਵਾਸ ਹੋ ਗਿਆ। ਉਸ ਦੀ ਮੌਤ ’ਤੇ ਭਾਈ ਪ੍ਰਤਾਪ ਸਿੰਘ ਵਾਹਿਗੁਰੂ ਦੀ ਰਜ਼ਾ ਵਿੱਚ ਰਹੇ ਅਤੇ ਉਹ ਬਿਲਕੁਲ ਨਹੀਂ ਡੋਲੇ। ਭਾਈ ਪ੍ਰਤਾਪ ਸਿੰਘ ਦੀ ਸ਼ਹੀਦੀ ਤੋਂ ਕੁਝ ਮਹੀਨਿਆਂ ਬਾਅਦ ਉਨ੍ਹਾਂ ਦੇ ਘਰ ਦੂਜਾ ਬੱਚਾ ਪੈਦਾ ਹੋਇਆ, ਜੋ ਬੇਟੀ ਸੀ। ਉਸ ਦਾ ਨਾਂ ਜੋਗਿੰਦਰ ਕੌਰ ਰੱਖਿਆ ਗਿਆ।

ਬੀਬੀ ਹਰਨਾਮ ਕੌਰ ਅਨੁਸਾਰ ਰੇਲ ਗੱਡੀ ਦਾ ਡਰਾਈਵਰ ਪਾਕਿਸਤਾਨ ਦੇ ਗੁਜਰਾਤ ਸ਼ਹਿਰ ਦਾ ਅਰਾਈਂ ਮੁਸਲਮਾਨ ਸੀ। ਇੱਕ ਰਿਟਾਇਰ ਜੱਜ ਵੱਲੋਂ ਜਾਂਚ ਕੀਤੀ ਗਈ ਕਿ ਉਸ ਨੇ ਰੇਲ ਗੱਡੀ ਕਿਉਂ ਰੋਕੀ ਜਦ ਅਜਿਹਾ ਨਾ ਕਰਨ ਦੇ ਹੁਕਮ ਸਨ। ਉਸ (ਡਰਾਈਵਰ) ਨੇ ਜੱਜਾਂ ਦੇ ਟ੍ਰਿਬਿਊਨਲ ਅੱਗੇ ਜੋ ਬਿਆਨ ਦਿੱਤਾ, ਉਹ ਇਤਿਹਾਸਕ ਤੌਰ ’ਤੇ ਬਹੁਤ ਮਹੱਤਤਾ ਰੱਖਦਾ ਹੈ। ਡਰਾਈਵਰ ਦਾ ਬਿਆਨ ਇੰਝ ਸੀ : ‘‘ਮੈਨੂੰ ਰੇਲ ਗੱਡੀ ਨਾ ਰੋਕਣ ਦੇ ਹੁਕਮ ਸਨ ਤੇ ਰੇਲ ਗੱਡੀ ਪੂਰੀ ਰਫ਼ਤਾਰ ’ਤੇ ਆ ਰਹੀ ਸੀ ਪਰ ਜਦ ਰੇਲ ਗੱਡੀ ਪਰਤਾਪ ਸਿੰਘ ਨਾਲ ਟਕਰਾਈ ਤਾਂ ਮੈਨੂੰ ਜਾਪਿਆ ਜਿਵੇਂ ਇਹ ਇੱਕ ਵੱਡੇ ਪਰਬਤ ਨਾਲ ਟਕਰਾਅ ਗਈ ਹੋਵੇ ਤੇ ਮੇਰਾ ਹੱਥ ਆਪਣੇ ਆਪ ਸਪੀਡਰ ਤੋਂ ਹਟ ਗਿਆ ਤੇ ਰੇਲਗੱਡੀ ਰੁਕ ਗਈ। ਕੋਈ ਅਦਿੱਖ ਸ਼ਕਤੀ ਸੀ ਜਿਸ ਨੇ ਗੱਡੀ ਰੋਕ ਦਿੱਤੀ।’’ ਇੰਜਣ ਦੀ ਜਾਂਚ ਤੋਂ ਪਤਾ ਲੱਗਾ ਕਿ ਗੱਡੀ ਦੇ ਬਰੇਕ ਨਹੀਂ ਸਨ ਲਾਏ ਗਏ ਪਰ ਇਸ ਦੇ ਬਾਵਜੂਦ ਡਰਾਈਵਰ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।

ਸਾਕਾ ਪੰਜਾ ਸਾਹਿਬ ਦੀ ਘਟਨਾ ਨੇ ਤਕਰੀਬਨ 400 ਸਾਲ ਬਾਅਦ ਇਹ ਸਾਬਤ ਕਰ ਦਿੱਤਾ ਕਿ ਜੇ ਗੁਰੂ ਨਾਨਕ ਸਾਹਿਬ ਜੀ ਨੇ ਵਲੀ ਕੰਧਾਰੀ ਵੱਲੋਂ ਸਿੱਟੇ ਪੱਥਰ ਨੂੰ ਪੰਜੇ ਨਾਲ ਰੋਕ ਕੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ ਤਾਂ ਉਸ ਦੇ ਸਿੱਖ ਵੀ ਆਪਣੀ ਜਾਨ ਦੀ ਅਹੂਤੀ ਦੇ ਕੇ ਰੇਲ ਗੱਡੀ ਰੋਕ ਕਰ ਜ਼ਾਬਰ ਸਰਕਾਰ ਦੇ ਹੰਕਾਰ ਨੂੰ ਚਕਨਾਚੂਰ ਕਰਨ ਦੀ ਸਮਰੱਥਾ ਰੱਖਦੇ ਹਨ। ਇਹ ਦੋਵੇਂ ਘਟਨਾਵਾਂ ਕਿਸੇ ਕਰਾਮਾਤ ਤੋਂ ਘੱਟ ਨਹੀਂ ਹਨ। ਗੁਰੂ ਨਾਨਕ ਸਾਹਿਬ ਜੀ ਵੱਲੋਂ ਦੁਨੀਆਂ ਦੇ ਲੋਕਾਂ ਨੂੰ ਵਿਹਲੜ ਪੁਜਾਰੀਆਂ ਅਤੇ ਜ਼ਾਬਰ ਸਰਕਾਰਾਂ ਵੱਲੋਂ ਲੁੱਟੀ ਜਾ ਰਹੀ ਜਨਤਾ ਨੂੰ ਧਾਰਮਿਕ ਅਤੇ ਰਾਜਨੀਤਕ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਅਤੇ ਲੋਕਾਈ ਨੂੰ ਇੱਕ ਨਵਾਂ ਫ਼ਲਸਫ਼ਾ ਦੇਣ ਲਈ ਬੜੀ ਨਿਰਭੈਤਾ ਨਾਲ ਕੀਤੇ ਪ੍ਰਚਾਰ ਨੂੰ ਉਜਾਗਰ ਕਰ ਕੇ ਦੁਨੀਆ ਦੇ ਸਾਹਮਣੇ ਰੱਖਿਆ। ਉਨ੍ਹਾਂ ਸਮਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਵਰਗਾ ਜੋਧਾ ਹੀ ਬਾਬਰ ਨੂੰ ਜ਼ਬਰ ਕਹਿ ਕੇ ਵੰਗਾਰ ਅਤੇ ਜੰਤਾ ਨੂੰ ਜਾਗਰੂਕ ਕਰਨ ਲਈ ਹਿੰਮਤ ਜੁਟਾ ਸਕਦਾ ਸੀ, ਜਿਵੇ ਕਿ ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ ! ’’ ਅਤੇ ‘‘ਰਾਜੇ ਸੀਹ, ਮੁਕਦਮ ਕੁਤੇ ’’ ਆਦਿਕ ਦਲੇਰੀ ਭਰੇ ਸ਼ਬਦ ਉਚਾਰਨੇ, ਵਿਖਾਵੇ ਦੇ ਤੌਰ ’ਤੇ ਨਵਾਜ਼ ਪੜ੍ਹ ਰਹੇ ਨਵਾਬ ਦੌਲਤ ਖ਼ਾਨ ਲੋਧੀ ਅਤੇ ਕਾਜ਼ੀ ਦੇ ਪਾਖੰਡ ਦਾ ਉਨ੍ਹਾਂ ਦੀ ਹੀ ਭਰੀ ਸਭਾ ਵਿੱਚ ਪਰਦਾ ਫ਼ਾਸ਼ ਕਰਨਾ, ਜਗਨ ਨਾਥ ਪੁਰੀ ਦੇ ਪੰਡਿਆਂ ਵੱਲੋਂ ਥਾਲ ’ਚ ਰੱਖੇ ਦੀਵਿਆਂ ਨਾਲ ਕੀਤੀ ਜਾ ਰਹੀ ਆਰਤੀ ਵਿੱਚ ਸ਼ਾਮਲ ਨਾ ਹੋ ਕੇ ਉਨ੍ਹਾਂ ਨੂੰ ਕੁਦਰਤ ’ਚ ਨਿਰਵਿਘਨ ਹੋ ਰਹੀ ਆਰਤੀ ਬਾਰੇ ਸੁਮੱਤ ਬਖ਼ਸ਼ਣੀ; ਜਿਵੇਂ ਕਿ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ’’ ਸ਼ਬਦ ਉਚਾਰਨ ਕਰਨਾ, ਪੰਡਿਆਂ ਵੱਲੋਂ ਹਰਿਦੁਆਰ ਵਿਖੇ ਆਪਣੇ ਪਿਤਰਾਂ ਨੂੰ ਪਾਣੀ ਦੇਣ ਦੇ ਕੀਤੇ ਜਾ ਰਹੇ ਝੂਠੇ ਕਰਮ ਕਾਂਡਾਂ ਦਾ ਖੰਡਨ ਕਰਨ ਲਈ ਪੂਰਬ ਦੀ ਥਾਂ ਪੱਛਮ ਵੱਲ ਪਾਣੀ ਸੁੱਟਣਾ ਅਤੇ ਸ਼ਰਾਧਾਂ ਦਾ ਖੰਡਨ ਕਰਨ ਲਈ ‘‘ਵਢੀਅਹਿ ਹਥ ਦਲਾਲ ਕੇ; ਮੁਸਫੀ ਏਹ ਕਰੇਇ ’’ ਉਚਾਰਨਾ, ਮੱਕੇ ਜਿੱਥੇ ਗ਼ੈਰ ਮੁਸਲਮਾਨਾਂ ਦੇ ਜਾਣ ’ਤੇ ਹੀ ਪਾਬੰਦੀ ਹੈ ਉੱਥੇ ਜਾ ਕੇ ਉਨ੍ਹਾਂ ਵੱਲੋਂ ਮੰਨੀ ਜਾ ਰਹੀ ਅਤਿ ਪਵਿੱਤਰ ਮਹਿਰਾਬ ਵੱਲ ਪੈਰ ਕਰ ਕੇ ਸੌਂ ਜਾਣਾ ਅਤੇ ਪੁੱਛੇ ਜਾਣ ’ਤੇ ਕਹਿਣਾ ਕੇ ਜਿੱਧਰ ਖ਼ੁਦਾ ਨਹੀਂ ਉੱਧਰ ਮੇਰੇ ਪੈਰ ਕਰ ਦਿੱਤੇ ਜਾਣ, ਆਦਿ ਵਰਗੇ ਦਲੇਰਾਨਾ ਸ਼ਬਦ ਕਹਿ ਕੇ ਕਾਜ਼ੀਆਂ ਦਾ ਇਹ ਭ੍ਰਮ ਤੋੜਨਾ ਕਿ ਖ਼ੁਦਾ ਸਿਰਫ਼ ਇਸ ਮਹਿਰਾਬ ਵਿੱਚ ਹੀ ਰਹਿੰਦਾ ਹੈ, ਭਾਰਤ ਦੇ ਉਸ ਸਮੇਂ ਦੇ ਸ਼ਕਤੀਸ਼ਾਲੀ ਅਖੌਤੀ ਧਾਰਿਮਕ ਆਗੂ- ਕਾਜ਼ੀ, ਬ੍ਰਾਹਮਣ ਅਤੇ ਜੋਗੀ ਨੂੰ ਵੰਗਾਰ ਕੇ ਕਹਿਣਾ ‘‘ਕਾਦੀ, ਕੂੜੁ ਬੋਲਿ ਮਲੁ ਖਾਇ ਬ੍ਰਾਹਮਣੁ ਨਾਵੈ (ਨ੍ਹਾਵੈ), ਜੀਆ (ਜੀਆਂ) ਘਾਇ ਜੋਗੀ, ਜੁਗਤਿ ਜਾਣੈ ਅੰਧੁ ਤੀਨੇ, ਓਜਾੜੇ ਕਾ ਬੰਧੁ ’’ ਆਦਿਕ ਅਨੇਕਾਂ ਹੋਰ ਸ਼ਬਦ ਉਚਾਰਨ ਕਰਨਾ; ਕੀ ਇਹ ਸਭ ਕਿਸੇ ਕਰਾਮਾਤ ਤੋਂ ਘੱਟ ਹਨ ?

ਉਕਤ ਸਿਧਾਂਤਕ ਸਮਝ ਅਤੇ ਕਮਾਈ ਤੋਂ ਸੱਖਣੇ ਅਜੋਕੇ ਸਿੱਖ ਅਤੇ ਸਾਡੇ ਰਾਜਨੀਤਿਕ ਆਗੂ; ਹਵਨਾਂ ਅਤੇ ਜਗਰਾਤਿਆਂ ਵਿੱਚ ਸ਼ਾਮਲ ਹੋ ਕੇ ਪਾਂਡਿਆਂ ਵਾਙ ਕਈ ਕਰਮਕਾਂਡ ਕਰਦੇ ਅਤੇ ਆਪਣੇ ਮੱਥਿਆਂ ਉੱਤੇ ਵੱਡੇ ਤਿਲਕ ਲਗਾਉਂਦੇ ਵੇਖੇ ਜਾ ਸਕਦੇ ਹਨ, ਜਦ ਕਿ ਅਜਿਹੇ ਫੋਕਟ ਧਾਰਮਿਕ ਕਰਮ ਕਾਂਡਾਂ ਦਾ ਗੁਰੂ ਸਾਹਿਬਾਨ ਨੇ ਖੰਡਨ ਕੀਤਾ ਹੈ।  ਗੁਰਮਤਿ ਵਿਰੋਧੀ ਕਰਮਕਾਂਡਾਂ ਕਰਨ ਨਾਲ ਸਿੱਖਾਂ ਅੰਦਰ ਉਹ ਦ੍ਰਿੜ੍ਹਤਾ ਤੇ ਸਿਧਾਂਤਕ ਪ੍ਰਪੱਕਤਾ ਨਜ਼ਰ ਨਹੀਂ ਆਉਂਦੀ ਜਿਸ ਬਾਰੇ ਗੁਰੂ ਸਾਹਿਬਾਨ ਨੇ ਸੰਸਾਰਕ ਲੁਕਾਈ ਨੂੰ ਜਗਾਉਣ ਦਾ ਟੀਚਾ ਮਿਥਿਆ ਤੇ ਆਪ ਕਠਿਨਾਈਆਂ ਦਾ ਸਾਹਮਣਾ ਕੀਤਾ।

ਅਨਮਤੀ ਧਾਰਮਿਕ ਰਿਵਾਜ਼ਾਂ ਨੂੰ ਅਪਣਾਅ ਕੇ ਕੁਝ ਸਿੱਖ ਆਪਣੇ ਆਪ ਨੂੰ ਧਰਮ ਨਿਰਪੱਖ ਅਤੇ ਭਾਈਚਾਰਕ ਸਾਂਝ ਦੇ ਹਾਮੀ ਅਖਵਾ ਕੇ ਖ਼ੁਸ਼ ਹੁੰਦੇ ਹਨ। ਇਸ ਦਾ ਭਾਵ ਤਾਂ ਇਹੋ ਕੱਢਿਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਧਰਮ ਨਿਰਪੱਖ ਨਹੀਂ ਸਨ ਕਿਉਂਕਿ ਉਨ੍ਹਾਂ ਨੇ ਅਨਮਤ ਦੇ ਕਰਮਕਾਂਡਾਂ ਨੂੰ ਅਪਣਾਉਣ ਦੀ ਬਜਾਏ ਉਨ੍ਹਾਂ ਦਾ ਖੰਡਨ ਕਰਨ ਨੂੰ ਤਰਜੀਹ ਦਿੱਤੀ ?

ਗੁਰੂ ਸਾਹਿਬਾਨ ਦੇ ਅਨੁਯਾਈ ਸਿੱਖਾਂ ਨੇ ਪਾਂਡਿਆਂ ਵੱਲੋਂ ਕੀਤੀ ਜਾ ਰਹੀ ਆਰਤੀ ਦਾ ਗੁਰੂ ਵਾਙ ਖੰਡਨ ਤਾਂ ਕੀ ਕਰਨਾ ਸੀ ਸਗੋਂ ਆਪ ਹੀ ਤਖ਼ਤ ਪਟਨਾ ਸਾਹਿਬ ਅਤੇ ਤਖ਼ਤ ਹਜੂਰ ਸਾਹਿਬ ਨਾਂਦੇੜ ਵਿਖੇ ਪਾਂਡਿਆਂ ਵਾਙ ਥਾਲ ’ਚ ਦੀਵੇ ਬਾਲ਼ ਕੇ ਆਰਤੀ ਕੀਤੀ ਜਾਂਦੀ ਹੈ ਅਤੇ ਬੱਕਰਿਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਹਨ।  ਧਰਮ ਦੇ ਨਾਮ ’ਤੇ ਪਸ਼ੂਆਂ ਦੀ ਦਿੱਤੀ ਜਾ ਰਹੀ ਬਲੀ ਦਾ ਖੰਡਨ ਕਰਦੇ ਹੋਏ ਭਗਤ ਕਬੀਰ ਜੀ ਦੇ ਇਉਂ ਬਚਨ ਹਨ ਕਿ ਹੇ ਪਾਂਡੇ ! ਇੱਕ ਪਾਸੇ ਤੁਸੀਂ ਮਾਸ ਖਾਣ ਨੂੰ ਨਿੰਦਦੇ ਹੋ, ਪਰ ਜੱਗ ਕਰਨ ਵੇਲੇ ਤੁਸੀਂ ਭੀ ਕੁਰਬਾਨੀ ਦੇਣ ਲਈ ਜੀਵ ਮਾਰਦੇ ਹੋ ਤੇ ਇਸ ਨੂੰ ਧਰਮ ਦਾ ਕੰਮ ਸਮਝਦੇ ਹੋ। ਫਿਰ ਦੱਸੋ ਪਾਪ ਕਿਹੜਾ ਹੈ ? ਆਪਣੇ ਆਪ ਨੂੰ ਤੁਸੀਂ ਸ੍ਰੇਸ਼ਟ ਰਿਸ਼ੀ ਵੀ ਅਖਵਾਉਂਦੇ ਹੋ। (ਜੇ ਜੀਵ ਮਾਰਨ ਵਾਲੇ ਲੋਕ ਰਿਸ਼ੀ ਹੋ ਸਕਦੇ ਹਨ) ਤਾਂ ਫਿਰ ਕਸਾਈ ਕਿਸ ਨੂੰ ਆਖਦੇ ਹੋ ?, ‘‘ਜੀਅ ਬਧਹੁ, ਸੁ ਧਰਮੁ ਕਰਿ ਥਾਪਹੁ; ਅਧਰਮੁ ਕਹਹੁ ਕਤ ਭਾਈ ! ਆਪਸ ਕਉ, ਮੁਨਿਵਰ ਕਰਿ ਥਾਪਹੁ; ਕਾ ਕਉ ਕਹਹੁ ਕਸਾਈ ? ’’ (ਪੰਨਾ 1103) ਕੀ ਇਨ੍ਹਾਂ ਬਚਨਾਂ ਦਾ ਖੰਡਨ ਨਹੀਂ ਹੁੰਦਾ ਜਦ ਅਸੀਂ ਆਪਣੇ ਤਖ਼ਤ ’ਤੇ ਬੱਕਰਿਆਂ ਦੀ ਬਲੀ ਦੇ ਰਹੇ ਹੁੰਦੇ ਹਾਂ।

ਸੋ, ਗੁਰਮਤਿ ਦੁਆਰਾ ਪ੍ਰਾਪਤ ਹੁੰਦੀ ਅੰਦਰੂਨੀ ਸ਼ਕਤੀ, ਜੋ ਇੱਕ ਸਾਧਾਰਨ ਮਨੁੱਖ ਨੂੰ ਨਿੱਜੀ, ਪਰਿਵਾਰਕ ਅਤੇ ਸਮਾਜਿਕ ਕੁਰੀਤੀਆਂ ਨਾਲ਼ ਲੜਨ ਲਈ ਜੋਧਾ ਬਣਾਉਂਦੀ ਹੈ, ਦੀ ਇੱਕ ਮਿਸਾਲ ਹੀ ਪੰਜਾ ਸਾਹਿਬ ਦੀ ਇਤਿਹਾਸਕ ਘਟਨਾ ਹੈ, ਤਾਂ ਤੇ ਗੁਰੂ ਉਪਦੇਸ਼ ਨੂੰ ਸਮਝ ਕੇ, ਆਪ ਕਮਾ ਕੇ ਫਿਰ ਸਮਾਜਕ ਜੀਵਾਂ ਦੇ ਜੀਵਨ ਦੀ ਉਨਤੀ ਲਈ ਇਸ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੀ ਗੁਰੂ ਆਸ਼ੇ ਅਨੁਸਾਰ ਜੀਵਨ ਬਸਰ ਕਰਨਾ ਹੈ।  ਅਗਰ ਅਨਮਤ ਅਤੇ ਗੁਰਮਤਿ ਦੇ ਅੰਤਰ ਨੂੰ ਨਾ ਸਮਝੀਏ ਭਾਵੇਂ ਕਿ ਸਿੱਖੀ ਸਰੂਪ ’ਚ ਹੀ ਵਿਚਰਦੇ ਰਹੀਏ ਤਾਂ ਅਸੀਂ ਆਪਣਾ ਆਦਰਸ਼ ਜੀਵਨ ਪੇਸ਼ ਨਹੀਂ ਕਰ ਸਕਦੇ ਤੇ ਕੋਈ ਵੀ ਪੰਥ ਦੋਖੀ ਸਾਡੀਆਂ ਕਰਮਕਾਂਡੀ ਨਿਰਮੂਲ ਹਰਕਤਾਂ ਨੂੰ ਵੇਖ ਸਾਡੇ ਦੁਆਰਾ ਮਿਸਾਲ ਵਜੋਂ ਪੇਸ਼ ਕੀਤੀ ਜਾਣੀ ਉਕਤ ਘਟਨਾ ਦੀ ਟੇਕ ਨਾਲ਼ ਹੀ ਇਹ ਚੈਲੰਜ ਕਰ ਸਕਦਾ ਹੈ ਕਿ ਕੀ ਹੋਇਆ ਗੁਰੂ ਜੀ ਨੇ ਪੰਜਾ ਲਾ ਕੇ ਪਹਾੜ ਰੋਕ ਦਿੱਤਾ ਜਦ ਕਿ ਸਾਡੇ ਹਨੂਮਾਨ ਨੇ ਤਾਂ ਪਹਾੜ ਹੀ ਉੱਠਾ ਲਿਆ ਸੀ, ਜੋ ਕਿ ਕਾਲਪਨਿਕ ਸਾਖੀ ਰਹੀ ਹੈ ਭਾਵ ਗੁਰੂ ਇਤਿਹਾਸ ਦੀ ਸੱਚੀ ਘਟਨਾ ਨੂੰ ਵੀ ਕਾਲਪਨਿਕ ਘਟਨਾ ਨਾਲ਼ ਤੋਲ ਕੇ ਰੱਦ ਕਰਨ ਦਾ ਅਸਫਲ ਯਤਨ ਕੀਤਾ ਜਾ ਸਕਦਾ ਹੈ ਅਗਰ ਸਾਡੇ ਪਾਸ ਗੁਰੂ ਸਿਧਾਂਤ ਅਤੇ ਗੁਰੂ ਇਤਿਹਾਸ ਦੀ ਪੂਰਨ ਵਿਲੱਖਣਤਾ ਅਤੇ ਅਨਮਤ ਦੇ ਰਿਤੀ-ਰਿਵਾਜ਼ਾਂ ਦੇ ਅੰਤਰ ਨੂੰ ਸਮਝਣ ਦੀ ਸਮਰੱਥਾ ਨਹੀਂ ਹੋਵੇਗੀ।