ਛੋਟਾ ਘੱਲੂਘਾਰਾ (1746 ਈ:)

0
1410

ਛੋਟਾ ਘੱਲੂਘਾਰਾ

ਸ. ਕਿਰਪਾਲ ਸਿੰਘ (ਬਠਿੰਡ) 98554-80797

‘ਘੱਲੂਘਾਰਾ’ ਸ਼ਬਦ ਦਾ ਸਬੰਧ ਅਫ਼ਗਾਨੀ ਬੋਲੀ ਨਾਲ ਹੈ; ਜਿਸ ਦੇ ਅੱਖਰੀ ਅਰਥ ਹਨ ਸਭ ਕੁਝ ਤਬਾਹ ਹੋ ਜਾਣਾ, ਵੱਡੇ ਪੱਧਰ ’ਤੇ ਕਤਲੇਆਮ ਹੋਣਾ, ਨਸਲਘਾਤ ਜਾਂ ਸਰਬਨਾਸ਼। ਸਿੱਖਾਂ ਦਾ ਸੁਭਾਅ ਜ਼ੁਲਮ ਦੇ ਵਿਰੁੱਧ ਲੜਨ ਵਾਲਾ ਅਤੇ ਕਿਸੇ ਦੀ ਗੁਲਾਮੀ ਜਾਂ ਈਨ ਨਾ ਸਵੀਕਾਰ ਕਰਨ ਵਾਲਾ ਹੋਣ ਕਰਕੇ ਸਮੇਂ-ਸਮੇਂ ਸਿਰ ਸਿੱਖਾਂ ਨੂੰ ਭਿਆਨਕ ਘੱਲੂਘਾਰਿਆਂ ਦਾ ਸਾਹਮਣਾ ਕਰਨਾ ਪਿਆ।

ਸਿੱਖਾਂ ਅਤੇ ਮੁਗਲਾਂ ਦਰਮਿਆਨ 3 ਜੇਠ ਬਿਕ੍ਰਮੀ ਸੰਮਤ 1803/1 ਮਈ 1746 ਯੂਲੀਅਨ ਨੂੰ ਜ਼ਿਲ੍ਹਾ ਗੁਰਦਾਸ ਪੁਰ ਦੇ ਕਾਹਨੂੰਵਾਨ ਛੰਭ ’ਚ ਖੂਨੀ ਦੁਖਾਂਤ ਵਾਪਰਿਆ ਜਿਸ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। 3 ਜੇਠ ਨੂੰ ਨਾਨਕਸ਼ਾਹੀ ਕੈਲੰਡਰ ਦੀ ਤਾਰੀਖਾਂ ਵਿਚ ਬਦਲਣ ਨਾਲ ਹੁਣ ਇਹ 3 ਜੇਠ ਹਰ ਸਾਲ 17 ਮਈ ਨੂੰ ਆਉਂਦਾ ਹੈ। ਇਸ ਖੂਨੀ ਦੁਖਾਂਤ ਦਾ ਪਿਛੋਕੜ ਜਾਨਣ ਲਈ ਇਤਿਹਾਸ ਦੇ ਪੰਨੇ ਫਰੋਲਿਆਂ ਪਤਾ ਲਗਦਾ ਹੈ ਕਿ 1745 ਵਿੱਚ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਨੇ ਨਿਰਦੋਸ਼ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਕੇ ਅਸਹਿ ਕਸ਼ਟ ਦੇ ਕੇ ਸ਼ਹੀਦ ਕੀਤਾ, ਪਰ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ ਹੀ ਉਸ ਪਾਪੀ ਦਾ ਅੰਤ ਵੀ ਬਹੁਤ ਬੁਰੀ ਤਰ੍ਹਾਂ ਹੋਇਆ। ਪਿਸ਼ਾਬ ਬੰਦ ਹੋ ਜਾਣ ਕਾਰਨ ਗੁਰਸਿੱਖ ਸ਼ਹੀਦ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ 22 ਦਿਨ ਉਸ ਦੇ ਸਿਰ ਵਿਚ ਵੱਜਦੀਆਂ ਰਹੀਆਂ ਤੇ ਪਾਪੀ ਦਾ ਬੁਰੀ ਤਰ੍ਹਾਂ ਅੰਤ ਹੋਇਆ। ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਯਹੀਆ ਖ਼ਾਨ ਲਾਹੌਰ ਦਾ ਗਵਰਨਰ ਬਣਿਆ ਜੋ ਪਿਤਾ ਦੇ ਪੂਰਨਿਆਂ ’ਤੇ ਚਲਦਾ ਹੋਇਆ ਸਿੰਘਾਂ ’ਤੇ ਅੱਤਿਆਚਾਰ ਕਰਨ ਲੱਗਾ। ਯਹੀਆ ਖ਼ਾਨ ਦਾ ਸੂਬੇਦਾਰ ਸੀ ਲਖਪਤ ਰਾਏ। ਇਸ ਸੂਬੇਦਾਰ (ਦੀਵਾਨ) ਲਖਪਤ ਰਾਏ ਦਾ ਭਰਾ ਜਸਪਤ ਰਾਏ ਵੀ ਫ਼ੌਜ ਦਾ ਸੈਨਾਪਤੀ ਸੀ। ਇਹ ਤਿਕੜੀ ਅੰਦਰਖਾਤੇ ਸਿੱਖਾਂ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਸੀ। ਯਹੀਆ ਖਾਂ ਨੇ ਲੱਖਪਤ ਰਾਏ ਤੇ ਉਸ ਦੇ ਭਰਾ ਜਸਪਤ ਰਾਏ ਨੂੰ ਬਹੁਤ ਜ਼ਿਆਦਾ ਅਧਿਕਾਰ ਦੇ ਰੱਖੇ ਸਨ। ਜਸਪਤ ਰਾਏ ਨੇ ਆਮ ਜਨਤਾ ’ਤੇ ਹੱਦੋਂ ਵੱਧ ਸਖ਼ਤੀ ਕਰਕੇ ਜਜ਼ੀਆ ਵਸੂਲਣਾ ਸ਼ੁਰੂ ਕਰ ਦਿੱਤਾ ਤਾਂ ਬਹੁਤ ਲੋਕ ਤੰਗ ਆ ਕੇ ਖਾਲਸਾ ਫ਼ੌਜ ਵਿੱਚ ਭਰਤੀ ਹੋਣ ਲੱਗੇ। 1746 ਈ: (ਬਿਕ੍ਰਮੀ ਸੰਮਤ 1803) ਵਿਚ ਵਿਸਾਖੀ ਦੇ ਪਾਵਨ ਪੁਰਬ ਦੇ ਸਬੰਧ ਵਿੱਚ ਸਿੱਖ-ਸੰਗਤਾਂ ਦਾ ਇਕੱਠ ਏਮਨਾਬਾਦ ਦੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਹੋਇਆ। ਜਸਪਤ ਰਾਏ ਨੂੰ ਸਿੰਘਾਂ ਦਾ ਏਡਾ ਵੱਡਾ ਇਕੱਠ ਚੰਗਾ ਨਾ ਲੱਗਿਆ। ਉਸ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ‘ਉਹ ਗੁਰਦੁਆਰਾ ਛੱਡ ਜਾਣ ਤੇ ਇੱਥੋਂ ਚਲੇ ਜਾਣ’, ਪਰ ਸਿੰਘਾਂ ਨੇ ਕਿਹਾ ਕਿ ਉਹ ਦੂਰੋਂ-ਨੇੜਿਓਂ ਆਏ ਹਨ, ਕਈ ਦਿਨਾਂ ਤੋਂ ਲੰਗਰ ਤੋਂ ਵੀ ਫ਼ਾਕੇ ਹਨ। ਅੱਜ ਦੀ ਰਾਤ ਕੱਟ ਕੇ ਅਤੇ ਲੰਗਰ ਬਣਾ/ਛਕ ਕੇ ਕੱਲ੍ਹ ਨੂੰ ਇੱਥੋਂ ਚਲੇ ਜਾਣਗੇ, ਪਰ ਜਸਪਤ ਰਾਏ ਕਿੱਥੇ ਮੰਨਣ ਵਾਲਾ ਸੀ। ਉਹ ਤਾਂ ਮੌਕੇ ਦੀ ਭਾਲ ਵਿੱਚ ਸੀ। ਉਸ ਨੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ। ਸਿੱਖਾਂ ਨੂੰ ਨਾ ਚਾਹੁੰਦੇ ਹੋਏ ਵੀ ਇਹ ਲੜਾਈ ਲੜਨੀ ਪਈ। ਸਿੱਖਾਂ ਵੱਲੋਂ ਸੰਜਮ ਵਰਤਣ ਦੇ ਬਾਵਜੂਦ ਜਸਪਤ ਰਾਏ ਆਪਣੀ ਅੜੀ ਤੋਂ ਪਿੱਛੇ ਹਟਣ ਲਈ ਤਿਆਰ ਨਾ ਹੋਇਆ ਤੇ ਹਾਥੀ ’ਤੇ ਚੜ੍ਹ ਕੇ ਅੱਗੇ ਹੀ ਵਧਦਾ ਆ ਰਿਹਾ ਸੀ। ਪਾਣੀ ਸਿਰੋਂ ਲੰਘਦਿਆਂ ਦੇਖ ਘੋੜ ਸਵਾਰ ਭਾਈ ਨਿਬਾਹੂ ਸਿੰਘ ਰੰਘਰੇਟਾ ਜਸਪਤ ਰਾਏ ਦੇ ਹਾਥੀ ਦੀ ਪੂਛ ਦਾ ਸਹਾਰਾ ਲੈ ਕੇ ਅੱਖ ਦੇ ਫੋਰ ’ਚ ਹਾਥੀ ਉਪਰ ਜਾ ਚੜ੍ਹਿਆ ਅਤੇ ਤਲਵਾਰ ਦੇ ਇੱਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਲਾਹ ਦਿੱਤਾ। ਜਸਪਤ ਰਾਏ ਦੀ ਮੌਤ ਨਾਲ ਮੁਗਲ ਫ਼ੌਜ ਵਿੱਚ ਭਗਦੜ ਮੱਚ ਗਈ ਤੇ ਫ਼ੌਜ ਉੱਥੋਂ ਭੱਜ ਗਈ। ਜਸਪਤ ਰਾਏ ਦੀ ਮੌਤ ਦੀ ਖ਼ਬਰ ਜਦ ਉਸ ਦੇ ਭਰਾ ਲਖਪਤ ਰਾਏ ਨੂੰ ਪਤਾ ਲੱਗੀ ਤਾਂ ਉਸ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕਰ ਲਿਆ। ਉਹ ਲਾਹੌਰ ਪਹੁੰਚ ਗਿਆ ਤੇ ਲਾਹੌਰ ਦਰਬਾਰ ਮਿੰਨਤਾਂ ਤਰਲੇ ਕਰਨ ਲੱਗਾ। ਆਪਣੇ ਸਿਰ ਤੋਂ ਪੱਗੜੀ ਉਤਾਰ ਕੇ ਕਸਮ ਖਾਧੀ ਕਿ ਜਿੰਨਾ ਚਿਰ ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਲੈਂਦਾ, ਮੈਂ ਆਪਣੇ ਸਿਰ ’ਤੇ ਪੱਗ ਨਹੀ ਬੰਨ੍ਹਾਂਗਾ ਅਤੇ ਆਪਣੇ ਆਪ ਨੂੰ ਖੱਤਰੀ ਨਹੀਂ ਅਖਵਾਵਾਂਗਾ। ਲਾਹੌਰ ਦੇ ਗਵਰਨਰ ਯਹੀਆ ਖਾਨ ਤੋਂ ਵੱਡੀ ਸ਼ਾਹੀ ਫੌਜ ਇਕੱਠੀ ਕੀਤੀ। ਅਗਲੇ ਹੀ ਦਿਨ ਜ਼ਾਲਮਾਨਾ ਕਾਰਵਾਈ ਦੀ ਆਰੰਭਤਾ ਉਸ ਨੇ ਲਾਹੌਰ ਸ਼ਹਿਰ ਤੋਂ ਹੀ ਕਰ ਦਿੱਤੀ। ਦੀਵਾਨ ਕੌੜਾ ਮੱਲ ਦੀ ਅਗਵਾਈ ਵਿੱਚ ਹਿੰਦੂ ਪਤਵੰਤਿਆਂ ਦੇ ਇਕੱਠ ਵੱਲੋਂ ਕੀਤੀ ਸਿਫ਼ਾਰਸ਼ ਕਿ ਸਿੱਖਾਂ ਅਤੇ ਗੁਰੂ ਸਾਹਿਬਾਨਾਂ ਨੇ ਹਿੰਦੂਆਂ ਲਈ ਮਹਾਨ ਕੁਰਬਾਨੀਆਂ ਕੀਤੀਆਂ ਹਨ ਇਸ ਲਈ ਬੇਗੁਨਾਹ ਸਿੱਖਾਂ ਦਾ ਕਤਲ ਨਾ ਕੀਤਾ ਜਾਵੇ; ਨੂੰ ਵੀ ਲਖਪਤ ਰਾਏ ਨੇ ਨਾ ਮੰਨਿਆ। ਉਸ ਨੇ ਆਪਣੇ ਗੁਰੂ, ਸੰਤ ਜਗਤ ਭਗਤ ਗੁਸਾਂਈ ਦੀ ਇਹ ਸਲਾਹ ਕਿ ਅੱਜ ਚੰਦਰ ਮਹੀਨੇ ਦਾ ਆਖਰੀ ਦਿਨ ਭਾਵ ਵਦੀ ਪੱਖ ਦੀ ਮੱਸਿਆ ਅਤੇ ਸੋਮਵਾਰ ਹੈ ਜੋ ਹਿੰਦੂਆਂ ਲਈ ਬਹੁਤ ਹੀ ਪਵਿੱਤਰ ਦਿਨ ਹੈ ਇਸ ਲਈ ਇਸ ਪਵਿੱਤਰ ਦਿਹਾੜੇ ਨੂੰ ਸਿੱਖਾਂ ਦਾ ਕਤਲ ਕਰਕੇ ਪਾਪ ਨਾ ਕੀਤਾ ਜਾਵੇ; ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਅਤੇ ਹੁਕਮ ਕੀਤਾ ਕਿ ਜਿੱਥੇ ਵੀ ਸਿੱਖ ਦਿਖਾਈ ਦੇਵੇ, ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਲਖਪਤ ਰਾਏ ਨੇ ਐਲਾਨ ਕਰਵਾ ਦਿੱਤਾ ਕਿ ਕੋਈ ਵੀ ਸਿੱਖਾਂ ਨਾਲ ਵਾਹ-ਵਾਸਤਾ ਨਾ ਰੱਖੇ। ਇਹਨਾਂ ਦੀ ਬਾਣੀ ਨਾ ਪੜ੍ਹੇ। ਉਸ ਨੇ ‘ਗੁੜ’ ਸ਼ਬਦ ’ਤੇ ਵੀ ਪਾਬੰਦੀ ਲਗਾ ਕੇ ‘ਗੁੜ’ ਦੀ ਥਾਂ ‘ਰੋੜੀ’ ਸ਼ਬਦ ਬੋਲਣ ਲਈ ਕਿਹਾ। ਕਿਉਂ ਜੋ ‘ਗੁੜ’ ਸ਼ਬਦ ਦਾ ਉਚਾਰਨ ਕਰਨ ਲੱਗਿਆਂ ‘ਗੁਰੂ’ ਸ਼ਬਦ ਦਾ ਭੁਲੇਖਾ ਪੈਂਦਾ ਸੀ। ਗੁਰੂ ਗ੍ਰੰਥ ਦੀ ਥਾਂ ‘ਪੋਥੀ’ ਸ਼ਬਦ ਵਰਤਣ ਲਈ ਕਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਪਵਿੱਤਰ ਬੀੜਾਂ ਦੀ ਰੱਜ ਕੇ ਬੇਅਦਬੀ ਕੀਤੀ। ਲਖਪਤ ਰਾਏ ਦੀ ਇਸ ਦਰਿੰਦਗੀ ਦੀ ਖ਼ਬਰ ਜਦ ਨਵਾਬ ਕਪੂਰ ਸਿੰਘ ਨੂੰ ਲੱਗੀ ਤਾਂ ਉਸ ਨੇ ਸਿਰਕੱਢ ਸਿੱਖ ਆਗੂਆਂ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਸੁਨੇਹੇ ਭੇਜ ਕੇ ਗੁਰਦਾਸ ਪੁਰ ਜ਼ਿਲ੍ਹੇ ਦੀ ਕਾਹਨੂੰਵਾਨ ਛੰਭ ਜੋ ਮੁਕੇਰੀਆਂ ਨੂੰ ਜਾਂਦੀ ਸੜਕ ’ਤੇ 8 ਕਿਲੋਮੀਟਰ ਦੂਰ ਫੌਜੀ ਛਾਉਣੀ ਤੋਂ ਸੱਜੇ ਪਾਸੇ 4 ਕਿਲੋਮੀਟਰ ’ਤੇ ਸਥਿੱਤ ਹੈ, ਵਿਖੇ ਇਕੱਠੇ ਹੋਣ ਦੇ ਸੰਦੇਸ਼ੇ ਭੇਜੇ।  ਸ. ਜੱਸਾ ਸਿੰਘ ਆਹਲੂਵਾਲੀਆ ਵੀ ਇਸ ਇਕੱਠ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਆਉਣ ਵਾਲ਼ੇ ਸਮੇਂ ਵਿੱਚ ਮਹਾਨ ਜਰਨੈਲ ਦੇ ਰੂਪ ਵਿੱਚ ਸਿੱਖ ਕੌਮ ਦੀ ਸੇਵਾ ਕੀਤੀ। ਇਸ ਗੱਲ ਦੇ ਪ੍ਰਮਾਣ ਰਤਨ ਸਿੰਘ ਭੰਗੂ ਰਚਿਤ ‘ਪੰਥ ਪ੍ਰਕਾਸ਼’ ਵਿੱਚ ਮਿਲਦੇ ਹਨ। ਇਸ ਛੰਭ ਵਿੱਚ ਕੋਈ 15000 ਸਿੱਖ ਇਕੱਠੇ ਹੋ ਗਏ। ਕਈ ਇਤਿਹਾਸਕਾਰਾਂ ਨੇ ਇਹ ਗਿਣਤੀ 25000 ਹਜ਼ਾਰ ਵੀ ਲਿਖੀ ਹੈ।

ਸੂਹ ਮਿਲਣ ’ਤੇ ਜ਼ਕਰੀਆ ਖਾਂ ਦਾ ਪੁੱਤਰ ਯਹੀਆ ਖਾਂ ਤੇ ਲਖਪਤ ਰਾਏ ਗੋਲ਼ੇ ਬਾਰੂਦ ਨਾਲ ਲੈਸ ਆਪਣੀ ਭਾਰੀ ਫੌਜ ਲੈ ਕੇ ਹਮਲਾ ਕਰਨ ਲਈ ਆਣ ਪਹੁੰਚੇ। ਤੋਪਾਂ ਬੀੜ ਕੇ ਅੱਗ ਦੇ ਗੋਲ਼ੇ ਸਿੱਖਾਂ ਉੱਪਰ ਬਰਸਾਏ ਗਏ। ਸਿੰਘ ਰਾਤ ਸਮੇਂ ਹਨ੍ਹੇਰੇ ਦਾ ਫ਼ਾਇਦਾ ਉੱਠਾ ਕੇ ਲੱਖਪਤ ਰਾਏ ਦੀਆਂ ਫ਼ੌਜਾਂ ਦਾ ਰਾਸ਼ਨ ਪਾਣੀ ਚੁੱਕ ਕੇ ਫਿਰ ਛੰਭ ਵਿੱਚ ਵੜ ਜਾਂਦੇ ਤੇ ਅਗਲੇ ਦਿਨ ਦੇ ਹਮਲੇ ਲਈ ਤਿਆਰ ਹੋ ਜਾਂਦੇ। ਭੁੱਖਣ ਭਾਣੇ ਸਿੰਘ ਕਾਫ਼ੀ ਸਮੇਂ ਤੱਕ ਇਸੇ ਤਰ੍ਹਾਂ ਲੜਦੇ ਰਹੇ। ਜਦੋਂ ਇਸ ਗੱਲ ਦਾ ਪਤਾ ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਲੱਗਿਆ ਤਾਂ ਉਸ ਨੇ ਘੋੜਿਆਂ, ਖੱਚਰਾਂ ’ਤੇ ਰਾਸ਼ਨ ਲੱਦ ਕੇ ਜੰਮੂ ਕਸ਼ਮੀਰ ਭੇਜਣ ਦੇ ਬਹਾਨੇ ਨਾਲ ਉਸੇ ਰਸਤੇ ਭੇਜ ਦਿੱਤਾ ਤੇ ਉਧਰ ਆਪਣੇ ਗੁਪਤ ਚਰ ਰਾਹੀਂ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਇਸ ਰਸਤਿਓਂ ਲੰਘੇ ਤਾਂ ਲੁੱਟ ਲਿਆ ਜਾਵੇ। ਸਿੰਘਾਂ ਨੇ ਇਸੇ ਤਰ੍ਹਾਂ ਕੀਤਾ। ਕੌੜਾ ਮੱਲ ਦੀ ਇਸ ਹਮਦਰਦੀ ਕਰਕੇ ਇਤਿਹਾਸ ਕੌੜਾ ਮੱਲ ਨੂੰ ਮਿੱਠਾ ਮੱਲ ਕਹਿ ਕੇ ਯਾਦ ਕਰਦਾ ਹੈ। ਇਹ ਲੜਾਈ ਕਾਫ਼ੀ ਲੰਮੀ (ਲਗਭਗ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੱਕ) ਚੱਲੀ। ਏਨੀ ਲੰਬੀ ਲੜਾਈ ਚੱਲਣ ਕਰਕੇ ਸਿੰਘਾਂ ਦਾ ਕੌੜਾ ਮੱਲ ਵੱਲੋਂ ਭੇਜਿਆ ਹੋਇਆ ਰਾਸ਼ਨ ਪਾਣੀ ਵੀ ਖਤਮ ਹੋ ਗਿਆ। ਗੋਲ਼ੀ ਸਿੱਕਾ ਖ਼ਤਮ ਹੋ ਗਿਆ, ਲੜਦੇ-ਲੜਦੇ ਹਥਿਆਰ ਵੀ ਖੁੰਡੇ ਹੋ ਗਏ। ਲਖਪਤ ਰਾਏ ਦਾ ਮਾਮਾ ਤੇ ਪੁੱਤਰ ਸਿੰਘਾਂ ਹੱਥੋਂ ਮਾਰੇ ਗਏ। ਲਖਪਤ ਰਾਏ ਆਪਣੀ ਹਾਰ ਨੂੰ ਵੇਖ ਕੇ ਘਟੀਆ ਤੌਰ-ਤਰੀਕਿਆਂ ’ਤੇ ਉਤਰ ਆਇਆ। ਉਸ ਨੇ ਸੋਚਿਆ ਕਿ ਉਹ ਦਿੱਲੀ ਦਰਬਾਰ ਜਾ ਕੇ ਕੀ ਮੂੰਹ ਵਿਖਾਏਗਾ ? ਉਸ ਨੇ ਨੇੜਲੇ ਪਿੰਡਾਂ ਦੇ ਲੁਹਾਰ, ਤਰਖਾਣ ਇਕੱਠੇ ਕਰਕੇ ਇਸ ਛੰਭਨੁਮਾ ਜੰਗਲ ਦੇ ਰੁੱਖਾਂ ਨੂੰ ਕਟਵਾ ਕੇ ਚੁਫੇਰਿਉਂ ਅੱਗ ਲਗਵਾ ਦਿੱਤੀ, ਜਿਸ ਨਾਲ ਸਿੰਘਾਂ ਨੂੰ ਚਾਰ-ਚੁਫੇਰਿਉਂ ਮੁਸੀਬਤਾਂ ਪੈ ਗਈਆਂ। ਇਕ ਜੇਠ-ਹਾੜ੍ਹ ਦੀ ਅੱਤ ਦੀ ਗਰਮੀ, ਦੂਜਾ ਜੰਗਲ ਦੀ ਅੱਗ, ਤੀਜਾ ਉੱਚੇ ਪਹਾੜ ’ਤੇ ਵਿਰੋਧੀ ਪਹਾੜੀ ਰਾਜੇ ਅਤੇ ਚੌਥਾ ਚੜ੍ਹਦੇ ਪਾਸੇ ਸ਼ੂਕਦਾ ਬਿਆਸ ਦਰਿਆ। ਸਿੱਖ ਜਰਨੈਲਾਂ ਨੇ ਸਿੱਖੀ ਦੀ ਸ਼ਾਨ ਬਚਾਉਣ ਲਈ ਮਤਾ ਪਾਸ ਕਰਕੇ ਮੈਦਾਨੇ-ਜੰਗ ’ਚ ਦੁਸ਼ਮਣ ਨਾਲ ਜੂਝ ਕੇ ਲੜਨ ਤੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਅਟੱਲ ਫ਼ੈਸਲਾ ਕਰ ਲਿਆ ਤੇ ਸਿੰਘ ਚੜ੍ਹਦੀ ਕਲਾ ਦੇ ਜੈਕਾਰੇ ਲਗਾਉਂਦਿਆਂ ਦੁਸ਼ਮਣ ਖਿਲਾਫ ਜੂਝ ਪਏ। ਲੜਾਈ ਸ਼ੁਰੂ ਹੋ ਗਈ ਕਈ ਸਿੱਖ ਮੁਗਲਾਂ ਨਾਲ ਲੜਦੇ ਸ਼ਹੀਦ ਹੋ ਗਏ। ਇਹਨਾਂ ਵਿੱਚੋਂ ਇੱਕ ਜੱਥੇ ਦੇ ਮੋਢੀ ਸੁੱਖਾ ਸਿੰਘ ਨੇ ਮੁਗਲ ਫ਼ੌਜ ਦੇ ਚੰਗੇ ਆਹੂ ਲਾਹੇ ਤੇ ਆਪ ਵੀ ਜ਼ਖਮੀ ਹੋ ਗਿਆ। ਜੱਦੋ ਜਹਿਦ ਕਰਦਿਆਂ ਸਿੱਖ ਦਰਿਆ ਵਿੱਚ ਠਿੱਲ ਪਏ। ਕਈ ਰੁੜ੍ਹ ਗਏ, ਕਈ ਬਚ ਕੇ ਪਹਾੜਾਂ ਵੱਲ ਚਲੇ ਗਏ ਤੇ ਕਈ ਕੀਰਤਪੁਰ ਸਾਹਿਬ ਵੱਲ ਚਲੇ ਗਏ। ਕਈ ਮੁਗਲਾਂ ਨੇ ਕੈਦ ਕਰ ਲਏ। ਇਸ ਲੜਾਈ ਵਿੱਚ ਲਗਭਗ 7000 ਹਜ਼ਾਰ (ਕਈ ਇਤਿਹਾਸਕਾਰਾਂ ਮੁਤਾਬਕ ਗਿਣਤੀ 11000 ਹਜ਼ਾਰ) ਦੇ ਕਰੀਬ ਸ਼ਹੀਦੀਆਂ ਹੋਈਆਂ ਤੇ 3000 ਹਜ਼ਾਰ (ਕਈਆਂ ਨੇ ਇੱਥੇ ਗਿਣਤੀ 2000 ਲਿਖੀ ਹੈ) ਦੇ ਕਰੀਬ ਸਿੱਖਾਂ ਨੂੰ ਕੈਦ ਕਰਕੇ ਲਖਪਤ ਰਾਏ ਲਾਹੌਰ ਲੈ ਗਿਆ। ਲਾਹੌਰ ਦੇ ਨਾਖਾਸ ਚੌਂਕ ਵਿੱਚ ਬੜੇ ਹੀ ਜ਼ਾਲਮਾਨਾ ਤਰੀਕੇ ਨਾਲ ਤਸੀਹੇ ਦੇ ਕੇ ਸਿਰਾਂ ਦੇ ਢੇਰ ਲਗਾ ਦਿੱਤੇ। ਸਰੀਰਾਂ ਨੂੰ ਮਸੀਤਾਂ ਦੀਆਂ ਦੀਵਾਰਾਂ ਵਿੱਚ ਦੱਬ ਦਿੱਤਾ ਗਿਆ। ਖ਼ੂਨ ਨਾਲ ਮਸੀਤਾਂ ਦੇ ਫਰਸ਼ ਧੋਤੇ ਗਏ। ਇਸ ਮੰਦਭਾਗੀ ਘਟਨਾ ਨੂੰ ਇਤਿਹਾਸ ਵਿੱਚ ਪਹਿਲੇ ਘੱਲੂਘਾਰੇ ਜਾਂ ਛੋਟੇ ਘੱਲੂਘਾਰੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੰਨ 1762 ’ਚ ਪਿੰਡ ਕੁੱਪ-ਰੁਹੀੜੇ ਵਿਖੇ ਵੱਡਾ ਕਤਲਾਮ ਹੋਇਆ ਸੀ ਇਸ ਲੜਾਈ ਵਿੱਚ 30-35 ਹਜ਼ਾਰ ਸਿੰਘ ਸ਼ਹੀਦ ਹੋਏ। ਇਸ ਲਈ ਦੋਵੇਂ ਘੱਲੂਘਾਰਿਆਂ ਨੂੰ ਵਖਰਾਉਣ ਦੇ ਮੰਤਵ ਨਾਲ ਪਹਿਲੇ ਨੂੰ ਛੋਟਾ ਘਲੂਘਾਰਾ ਅਤੇ ਦੂਜੇ ਨੂੰ ਵੱਡਾ ਘੱਲੂਘਾਰਾ ਕਿਹਾ ਜਾਣ ਲੱਗਿਆ।

ਲਖਪਤ ਰਾਏ ਦੀ ਸਿੱਖਾਂ ਨੂੰ ਪੂਰਨ ਤੌਰ ’ਤੇ ਮਾਰ ਮੁਕਾਉਣ ਦੀ ਸ਼ੇਖ਼ੀ ਛੇਤੀ ਹੀ ਝੂਠੀ ਸਾਬਤ ਹੋ ਗਈ ਜਦੋਂ ਲਗਭਗ ਛੇ ਮਹੀਨੇ ਪਿੱਛੋਂ ਹੀ ਸਿੱਖ ਦੁਬਾਰਾ ਅੰਮ੍ਰਿਤਸਰ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ 30 ਮਾਰਚ 1747 ਨੂੰ ਅੰਮ੍ਰਿਤਸਰ ਵਿਖੇ ਸਰਬੱਤ ਖ਼ਾਲਸਾ ਦਾ ਇਕੱਠ ਕਰਕੇ ਗੁਰਮਤਾ ਪਾਸ ਕੀਤਾ ਕਿ ਸਿੱਖਾਂ ਦੀ ਪੱਕੀ ਰਿਹਾਇਸ਼ ਗਾਹ ਲਈ ਅੰਮ੍ਰਿਤਸਰ ਵਿਖੇ ਰਾਮ ਰੌਣੀ ਕਿਲੇ ਦੀ ਉਸਾਰੀ ਕੀਤੀ ਜਾਵੇ।