JAP (Pori No. 36)

0
726

ਗਿਆਨ ਖੰਡ ਮਹਿ; ਗਿਆਨੁ ਪਰਚੰਡੁ ॥ ਤਿਥੈ; ਨਾਦ, ਬਿਨੋਦ, ਕੋਡ, ਅਨੰਦੁ ॥

ਸਰਮ ਖੰਡ ਕੀ ਬਾਣੀ; ਰੂਪੁ ॥ ਤਿਥੈ, ਘਾੜਤਿ ਘੜੀਐ; ਬਹੁਤੁ ਅਨੂਪੁ ॥

ਤਾ ਕੀਆ ਗਲਾ; ਕਥੀਆ ਨਾ ਜਾਹਿ ॥ ਜੇ ਕੋ ਕਹੈ; ਪਿਛੈ ਪਛੁਤਾਇ ॥

ਤਿਥੈ ਘੜੀਐ; ਸੁਰਤਿ, ਮਤਿ, ਮਨਿ ਬੁਧਿ ॥ ਤਿਥੈ ਘੜੀਐ; ਸੁਰਾ ਸਿਧਾ ਕੀ ਸੁਧਿ ॥੩੬॥ (ਜਪੁ /ਮ: ੧)

ਉਚਾਰਨ ਸੇਧ: ਸ਼੍ਰਮ, ਕੀਆਂ, ਗੱਲਾਂ, ਕਥੀਆਂ, ਜਾਹਿਂ, ਸੁਰਾਂ, ਸਿੱਧਾਂ।

ਪਦ ਅਰਥ: ਗਿਆਨਖੰਡ– ਕੁਦਰਤ ਦੇ ਵਿਸਥਾਰ ਬਾਰੇ ਸਮਝ ਜਾਂ ਬ੍ਰਹਮੰਡੀ ਗਿਆਨ-ਬੋਧ ਅਵਸਥਾ।, ਪਰਚੰਡੁ- ਬਲਵਾਨ, ਤੀਬਰ, ਜ਼ੋਰਾਵਰ (ਵਿਸ਼ੇਸ਼ਣ)।, ਤਿਥੈ- ਉਸ (ਗਿਆਨ ਖੰਡ) ਵਿੱਚ (ਅਧਿਕਰਣ ਕਾਰਕ, ਪੜਨਾਂਵ)।, ਨਾਦ-ਸ਼ਬਦ ਦੀ ਆਵਾਜ਼, ਗੁਰੂ ਉਪਦੇਸ਼ ਦਾ ਪ੍ਰਭਾਵ ਜਾਂ ਅਲੌਕਿਕ ਗੂੰਜ (ਨਾਂਵ)।, ਬਿਨੋਦ-ਵਿਸਮਾਦ, ਹੈਰਾਨੀ (ਨਾਂਵ)।, ਕੋਡ-ਕੌਤਕ, ਅਨੋਖਾ ਜਾਂ ਅਸਚਰਜ (ਨਾਂਵ)।, ਅਨੰਦੁ- ਪ੍ਰਸੰਨਤਾ, ਸ਼ਾਂਤੀ (ਨਾਂਵ)।, ਸਰਮ ਖੰਡ- (ਗਿਆਨ ਖੰਡ ਪ੍ਰਤਿ) ਵਿਸ਼ਵਾਸ ਪੈਦਾ ਕਰਨਾ (ਜਾਂ) ਕਮਾਈ ਕਰਨ ਵਾਲੀ ਅਵਸਥਾ, ਆਤਮਕ ਵਿਕਾਸਸ਼ੀਲ ਹਾਲਤ (ਨਾਂਵ)।, ਬਾਣੀ-ਬਣਾਵਟ, ਤਬਦੀਲੀ (ਇਸਤ੍ਰੀ ਲਿੰਗ ਨਾਂਵ)।, ਰੂਪੁ- ਸੁੰਦਰ (ਵਿਸ਼ੇਸ਼ਣ)।, ਤਿਥੈ- ਉਸ (ਸਰਮ ਖੰਡ) ਵਿੱਚ (ਅਧਿਕਰਣ ਕਾਰਕ, ਪੜਨਾਂਵ)।, ਘਾੜਤਿ-ਬਣਾਵਟ ਜਾਂ ਤਬਦੀਲੀ ਵਿੱਚ (ਅਧਿਕਰਣ ਕਾਰਕ)।, ਘੜੀਐ-ਘੜੀ ਜਾ ਸਕਦੀ ਹੈ (ਇਕ ਵਚਨ ਕਿਰਿਆ)।, ਅਨੂਪੁ- ਅਨ+ਉਪਮਾ ਜਾਂ ਉਪਮਾ ਰਹਿਤ, ਬੇਮਿਸਾਲ (ਵਿਸ਼ੇਸ਼ਣ)।, ਤਾ ਕੀਆ- ਉਸ (ਘਾੜਤ ਜਾਂ ਤਬਦੀਲੀ) ਦੀਆਂ (ਸੰਬੰਧ ਕਾਰਕ, ਪੜਨਾਂਵ)।, ਕਥੀਆ ਜਾਹਿ- ਬਿਆਨ ਕੀਤੀਆਂ ਜਾਂਦੀਆਂ (ਬਹੁ ਵਚਨ ਕਿਰਿਆ)।, ਨਾ-ਨਹੀਂ (ਕਿਰਿਆ ਵਿਸ਼ੇਸ਼ਣ)।, ਜੇ- ਅਗਰ, ਜੇਕਰ (ਯੋਜਕ)।, ਕੋ- ਕੋਈ (ਅਨਿਸਚਿਤ ਪੜਨਾਂਵ)।, ਕਹੈ- ਬਿਆਨ ਕਰਦਾ ਹੈ (ਇੱਕ ਵਚਨ ਵਰਤਮਾਨ ਕਿਰਿਆ)।, ਪਿਛੈ-ਬੋਲਣ ਉਪਰੰਤ, ਬਾਅਦ ਵਿੱਚ (ਅਧਿਕਰਣ ਕਾਰਕ)।, ਪਛੁਤਾਇ- ਪਛੁਤਾਉਂਦਾ ਹੈ (ਇੱਕ ਵਚਨ ਕਿਰਿਆ)।, ਤਿਥੈ- ਉਸ (ਘਾੜਤ) ਵਿੱਚ (ਅਧਿਕਰਣ ਕਾਰਕ, ਪੜਨਾਂਵ)।, ਸੁਰਤਿ-ਯਾਦ ਸ਼ਕਤੀ, ਚਿੱਤ-ਚੇਤਾ (ਭੂਤਕਾਲ ਦੇ ਅਨੁਭਵ ਜਾਂ ਕੈਮਰਾ ਮੈਮੋਰੀ, ਇਸਤ੍ਰੀ ਲਿੰਗ)।, ਮਤਿ-ਮਮਤਾ, ਪਦਾਰਥਾਂ ਨਾਲ ਸੰਬੰਧ ਜੋੜਨ ਵਾਲੀ ਇੰਦ੍ਰੀ ਭਾਵ ਅਹੰਕਾਰ (ਇਸਤ੍ਰੀ ਲਿੰਗ)।, ਮਨ- ਸੰਕਲਪ ਤੇ ਵਿਕਲਪ ਦਾ ਸੰਗ੍ਰਹਿ (‘ਸੰਕਲਪ’ ਦਾ ਅਰਥ ਹੈ: ‘ਮਨ ਦਾ ਫੁਰਨਾ, ਵਿਚਾਰ ਜਾਂ ਇਰਾਦਾ’ ਅਤੇ ‘ਵਿਕਲਪ’ ਦਾ ਅਰਥ ਹੈ: (‘ਸੰਕਲਪ’ ਦਾ) ਬਦਲ ਭਾਵ ਕਈ ਖ਼ਿਆਲ ਜਾਂ ਇੱਕ ਤੋਂ ਵਧੀਕ ਇਰਾਦੇ, ਦੁਬਿਧਾ, ਸੰਦੇਹ, ਸ਼ੱਕ’। ‘ਮਨ’ ਦਾ ਅਰਥ: ਹਾਂ-ਪੱਖੀ ਤੇ ਨਾ-ਪੱਖੀ ਸੋਚ ਦਾ ਮੂਲ-ਆਧਾਰ, ਜਿਸ ਨੂੰ ਵਿਚਾਰਕ ਟਕਰਾਉ ਵੀ ਕਿਹਾ ਜਾ ਸਕਦਾ ਹਾਂ, ਅਗਰ ‘ਮਨ’ ਵਿੱਚੋਂ ਵਿਕਲਪ (ਭਾਵ ‘ਸੰਕਲਪ’ ਦਾ ਬਦਲ ਜਾਂ ਦੁਬਿਧਾ) ਦੂਰ ਕਰ ਲਿਆ ਜਾਵੇ ਤਾਂ ਬਾਕੀ ‘ਸੰਕਲਪ, ਪ੍ਰਣ ਜਾਂ ਦ੍ਰਿੜ੍ਹ ਵਿਸ਼ਵਾਸ’ ਰਹਿ ਜਾਂਦਾ ਹੈ, ਜਿਸ ਨੂੰ ਘੜਿਆ ਹੋਇਆ ‘ਮਨ’ ਜਾਂ ‘ਬੁਧੀ’ ਕਹੀਦਾ ਹੈ, ਇਸ ਲਈ ਹੀ ਉਕਤ ਪੰਕਤੀ ’ਚ ‘ਮਨਿ ਬੁਧਿ’ ਸੰਯੁਕਤ ਸ਼ਬਦਾਂ ਦਾ ਅਰਥ ਹੈ: ‘ਮਨ ਵਿੱਚ ਬੁਧਿ ਦਾ ਸ਼ਾਮਲ ਹੋਣਾ’ (‘ਮਨਿ’ ਅਧਿਕਰਣ ਕਾਰਕ ਨਾਂਵ)।, ਬੁਧਿ-ਨਵੇਂ ਵਿਚਾਰ ਪੈਦਾ ਕਰਕੇ ਉਨ੍ਹਾਂ ਪ੍ਰਤਿ ਵਿਸ਼ਵਾਸ ਜਾਂ ਯਕੀਨ ਪੈਦਾ ਕਰਵਾਉਣ ਵਾਲੀ ਸ਼ਕਤੀ, ਅਕਲ, ਸੂਝ, ਬਿਬੇਕ, ਜਾਗਰੂਕਤਾ ਆਦਿ ।

(ਨੋਟ: ਪਿਛਲੀ ਪਉੜੀ ਨੰਬਰ 35 ‘ਗਿਆਨਖੰਡ’ ’ਚ ਵਿਸ਼ਾ ਕੁਦਰਤ ’ਚ ਅਣਗਿਣਤ ‘ਧਰਮਸ਼ਾਲ਼ਾਂ’ (ਕੇਤੀਆ ਕਰਮ ਭੂਮੀਆ..॥) ਨਾਲ ਸੰਬੰਧਿਤ ਸੀ ਜਿਸ ਦੀ ਸਮਾਪਤੀ ‘‘ਨਾਨਕ ! ਅੰਤੁ ਨ ਅੰਤੁ॥’’ ਰਾਹੀਂ ਕੀਤੀ ਗਈ ਸੀ ਅਤੇ 55 ਸ਼ਬਦਾਂ ਦੇ ਸੁਮੇਲ ਨਾਲ ਰਚੀ ਗਈ ਇਸ ਪਉੜੀ ਨੰਬਰ 36 ਦਾ ਵਿਸ਼ਾ ਕਰਤਾਰ ਦੀ ਵਿਆਪਕ ਸ਼ਕਤੀ ਪ੍ਰਤਿ ਵਿਸ਼ਵਾਸ ਬਣਾਉਣਾ ਹੈ। ਇਸ ਸਵੀਕਾਰਤਾ ਕਾਰਨ ਜੀਵਨ ’ਚ ਕੁਝ ਬਦਲਾਅ ਹੋਣੇ, ਸੁਭਾਵਕ ਹੁੰਦੇ ਹਨ ਕਿਉਂਕਿ ਪੁਰਾਣੀ ਧਾਰਨਾ (ਹਉਮੈ) ਨੂੰ ਤਿਆਗ ਕੇ ਕਰਤਾਰ ਦੀ ਵਿਸ਼ਾਲਤਾ ਦਾ ਭਾਗ ਬਣ ਕੇ ਜੀਵਨ ਬਸਰ ਕਰਨ ਨਾਲ ਨਿਮਰਤਾ ਆਉਂਦੀ ਹੈ, ਇਸ ਬਦਲਾਵੀ (ਪਰਿਵਰਤਨੀ) ਸੰਘਰਸ਼ (ਜੱਦੋ-ਜਹਿਦ ਜਾਂ ਮਿਹਨਤ) ਨੂੰ ਹੀ ‘ਸਰਮ ਖੰਡ, ਮਸ਼ੱਕਤ, ਘਾਲਣਾ’ ਇਤਿਆਦਿਕ ਕਿਹਾ ਗਿਆ ਹੈ; ਜਿਵੇਂ ਕਿ: ‘‘ਜਿਨੀ ਨਾਮੁ ਧਿਆਇਆ; ਗਏ ‘ਮਸਕਤਿ ਘਾਲਿ’ ॥’’  ਜਪੁ)

‘‘ਗਿਆਨ ਖੰਡ ਮਹਿ; ਗਿਆਨੁ ਪਰਚੰਡੁ ॥ ਤਿਥੈ; ਨਾਦ, ਬਿਨੋਦ, ਕੋਡ, ਅਨੰਦੁ ॥’’-ਸੰਬੰਧਿਤ ਪਉੜੀ ’ਚ ‘ਤਿਥੈ’ ਸ਼ਬਦ 3 ਵਾਰ ਦਰਜ ਹੈ, ਜਿਸ ਦਾ ਅਰਥ ਹੈ: ‘ਉਸ ਵਿੱਚ’ (ਅਧਿਕਰਣ ਕਾਰਕ), ਪਰ ਇਨ੍ਹਾਂ ਤਿੰਨਾਂ ਵਿੱਚੋਂ ਇਸ ਪਹਿਲੀ ਪੰਕਤੀ ’ਚ ਦਰਜ ‘ਤਿਥੈ’ ਦਾ ਸੰਬੰਧ ਪਿਛਲੀ ਪਉੜੀ ‘ਗਿਆਨ ਖੰਡ’ ਦੇ ਵਿਸ਼ੇ ਵੱਲ ਹੈ ਅਤੇ ਅਗਾਂਹ 2 ਵਾਰ ‘ਸਰਮ ਖੰਡ’ ਦੇ ਵਿਸ਼ੇ ਵੱਲ।

‘ਗਿਆਨੁ ਪਰਚੰਡੁ’-ਇਨ੍ਹਾਂ ਦੋਵੇ ਸੰਯੁਕਤ ਸ਼ਬਦਾਂ ’ਚੋਂ ‘ਗਿਆਨੁ’ (ਇੱਕ ਵਚਨ ਪੁਲਿੰਗ ਨਾਂਵ) ਨੂੰ ਅੰਤ ਔਂਕੜ ਲੱਗਾ ਹੋਣ ਕਾਰਨ ‘ਗਿਆਨ ਦਾ ਪਰਚੰਡੁ’ ਅਰਥ ਨਹੀਂ ਬਣ ਸਕਦੇ। ‘ਪਰਚੰਡੁ’ ਸ਼ਬਦ; ‘ਗਿਆਨੁ’ ਸ਼ਬਦ ਦਾ ਅਜਿਹਾ ਵਿਸ਼ੇਸ਼ਣ ਹੈ ਜਿਸ ਵਿੱਚੋਂ ‘ਨਾਦ, ਬਿਨੋਦ, ਕੋਡ, ਅਨੰਦੁ’ ਇਤਿਆਦਿਕ ਭਾਵ ਵਾਚਕ ਵਿਸਮਾਦੀ ਨਾਂਵ (ਸ਼ਬਦ) ਪੈਦਾ ਹੁੰਦੇ ਹਨ।

ਗੁਰਬਾਣੀ ’ਚ ‘ਪਰਚੰਡੁ ਗਿਆਨੁ’ ਨੂੰ ‘ਭਿਅੰਕਰ ਗਿਆਨ ਦੀ ਹਨੇਰੀ ਭਾਵ ਅਸਹਿ ਤੇਜ਼’ ਵੀ ਕਿਹਾ ਗਿਆ ਹੈ; ਜਿਵੇਂ: ‘‘ਦੇਖੌ ਭਾਈ ! ਗੵਾਨ ਕੀ ਆਈ ਆਂਧੀ ॥ ਸਭੈ ਉਡਾਨੀ (ਉੱਡ ਗਈ) ਭ੍ਰਮ ਕੀ ਟਾਟੀ (ਛੱਪਰੀ); ਰਹੈ ਨ ਮਾਇਆ ਬਾਂਧੀ (ਭਾਵ ਜੋ ਮਾਯਾ ਦੇ ਸਹਾਰੇ ਖੜ੍ਹੀ ਸੀ)॥’’ (ਭਗਤ ਕਬੀਰ/੩੩੧)

(ਨੋਟ: ਧਿਆਨ ਰਹੇ ਕਿ ‘ਭ੍ਰਮ’ ਦਾ ਅਰਥ ‘ਦੁਬਿਧਾ’ ਜਾਂ ‘ਮਨ’ ਦੇ ‘ਸੰਕਲਪ’ ਦਾ ਬਦਲ ਭਾਵ ‘ਵਿਕਲਪ’ (ਜਾਂ ਸੰਦੇਹ) ਭਾਗ ਹੁੰਦਾ ਹੈ, ਜੋ ਗਿਆਨ ਦੀ ਆਂਧੀ ਨਾਲ ਅਲੋਪ ਹੋ ਜਾਂਦਾ ਹੈ।)

ਉਕਤ ਪੰਕਤੀ ’ਚ ‘ਅਨੰਦੁ’ ਸ਼ਬਦ ਨੂੰ ਅੰਤ ਔਂਕੜ ‘ਪਰਚੰਡੁ’ ਸ਼ਬਦ ਦੇ ਅੰਤ ਔਂਕੜ ਕਾਰਨ ਹੈ, ਨਹੀਂ ਤਾਂ ਜਦ ‘ਅਨੰਦੁ’ ਸ਼ਬਦ ‘ਨਾਦ, ਬਿਨੋਦ, ਕੋਡ’ ਆਦਿ ਸ਼ਬਦਾਂ ਨਾਲ ਸੰਯੁਕਤ ਹੋਵੇ ਤਾਂ ਅੰਤ ਮੁਕਤਾ ਹੁੰਦਾ ਹੈ। ਗੁਰਬਾਣੀ ’ਚ 2 ਵਾਰ ਹੋਰ ਜਗ੍ਹਾ ਵੀ ਇਹ ਸੰਯੁਕਤ ਸ਼ਬਦ ਦਰਜ ਹਨ, ਜਿੱਥੇ ‘ਅਨੰਦੁ’ ਨੂੰ ਅੰਤ ਔਂਕੜ ਨਹੀਂ; ਜਿਵੇਂ:

ਨਾਦ ਬਿਨੋਦ ‘ਅਨੰਦ’ ਕੋਡ; ਪ੍ਰਿਅ ਪ੍ਰੀਤਮ ਸੰਗਿ ਬਨੇ ॥ (ਮ: ੫/੯੨੯)

ਨਾਦ ਬਿਨੋਦ ਕੋਡ ‘ਆਨੰਦਾ’; ਸਹਜੇ ਸਹਜਿ ਸਮਾਇਓ ॥ (ਮ: ੫/੧੨੧੪)

ਗੁਰਬਾਣੀ ਲਿਖਤ ਅਨੁਸਾਰ ‘ਪਰਚੰਡੁ’ ਸ਼ਬਦ ਨੂੰ ਅੰਤ ਔਂਕੜ ਜ਼ਰੂਰੀ ਹੈ ਤੇ ‘ਪਰਚੰਡੁ’ ਸਰੂਪ ਵੀ ਕੇਵਲ ਸੰਬੰਧਿਤ ਪੰਕਤੀ ’ਚ ਹੀ ਦਰਜ ਹੈ ਜਦਕਿ ਇਸ ਦਾ ਅਸਲ ਰੂਪ ‘ਪ੍ਰਚੰਡੁ’ ਹੈ, ਜੋ ਕਿ ਗੁਰਬਾਣੀ ’ਚ 3 ਵਾਰ ਦਰਜ ਹੈ; ਜਿਵੇਂ:

ਗੁਰ ਗਿਆਨੁ ‘ਪ੍ਰਚੰਡੁ’ ਬਲਾਇਆ; ਅਗਿਆਨੁ ਅੰਧੇਰਾ ਜਾਇ ॥ (ਮ: ੩/੨੯)

ਅਗਿਆਨੁ ਅੰਧੇਰਾ ਕਟਿਆ; ਗੁਰ ਗਿਆਨੁ ‘ਪ੍ਰਚੰਡੁ’ ਬਲਾਇਆ ॥ (ਮ: ੪/੭੮)

ਗਿਆਨੁ ‘ਪ੍ਰਚੰਡੁ’ ਬਲਿਆ, ਘਟਿ ਚਾਨਣੁ; ਘਰ ਮੰਦਰ ਸੋਹਾਇਆ ॥ (ਮ: ੪/੭੭੫)

ਗਿਆਨਖੰਡ ਮਹਿ, ਗਿਆਨੁ ਪਰਚੰਡੁ॥ ਤਿਥੈ; ਨਾਦ ਬਿਨੋਦ ਕੋਡ ਅਨੰਦੁ॥

ਭਾਵ- ਗਿਆਨਖੰਡ ’ਚ ਮਾਨਸਿਕ ਗਿਆਨ ਬੜਾ ਤੀਬਰ (ਤੇਜ਼) ਹੋ ਜਾਂਦਾ ਹੈ (ਭਾਵ ਕਰਮਕਾਂਡ ਦੇ ਮੁਕਾਬਲੇ ਤਰਕ-ਸੰਗਤ ਦਲੀਲ ਭਾਰੀ ਪੈਣ ਲੱਗ ਜਾਂਦੀ ਹੈ) ਉਸ ਪੜਾਅ ’ਚ (ਮਨੁੱਖ ਨੂੰ ਇਉਂ ਜਾਪਦਾ ਹੈ; ਜਿਵੇਂ ਅੰਧੇ ਨੂੰ ਅੱਖਾਂ ਮਿਲ ਗਈਆਂ ਹੋਣ ਤੇ ਕੰਨਾਂ ਰਾਹੀਂ ਅਦਭੁਤ) ਨਾਦ ਧੁਨ ਸੁਣਦੀ ਹੈ, (ਅੱਖਾਂ ਰਾਹੀਂ ਅਜੀਬ) ਹੈਰਾਨੀਜਨਕ ਕੌਤਕ ਵੇਖਦਾ ਹੈ, (ਜੋ ਨਾਸਮਝੀ ਕਾਰਨ ਪਹਿਲਾਂ ਅਣਡਿੱਠ ਕਰ ਦਿੱਤਾ ਜਾਂਦਾ ਸੀ)।

‘‘ਸਰਮ ਖੰਡ ਕੀ; ਬਾਣੀ ਰੂਪੁ ॥ ਤਿਥੈ, ਘਾੜਤਿ ਘੜੀਐ; ਬਹੁਤੁ ਅਨੂਪੁ ॥’’– ਇਸ ਪੰਕਤੀ ’ਚ ਦਰਜ ‘ਸਰਮ’ (ਅੰਤ ਮੁਕਤਾ) ਸ਼ਬਦ-ਸਰੂਪ ਗੁਰਬਾਣੀ ’ਚ 7 ਵਾਰ ਦਰਜ ਹੈ, ਜੋ ਕਿ ਆਮ ਤੌਰ ’ਤੇ ਇਸਤ੍ਰੀ ਲਿੰਗ ਹੁੰਦਾ ਹੈ ਅਤੇ ਅਰਥ ਬਣਦਾ ਹੈ: ‘ਸ਼ਰਮ, ਇੱਜ਼ਤ, ਸੰਗਣਾ’ ਆਦਿ; ਜਿਵੇਂ:

(1). ਕਰਿ ਕਿਰਪਾ ਨਾਨਕੁ ਗੁਣ ਗਾਵੈ; ਰਾਖਹੁ ‘ਸਰਮ’ (ਇੱਜ਼ਤ) ਅਸਾੜੀ ਜੀਉ ॥ (ਮ: ੫/੧੦੫)

(2). ‘ਸਰਮ’ (ਵਿਕਾਰ ਕਰਨ ਵੱਲੋਂ ਸੰਗਣਾ) ਸੁੰਨਤਿ, ਸੀਲੁ (ਸ਼ਾਂਤ ਸੁਭਾਉ) ਰੋਜਾ; ਹੋਹੁ ਮੁਸਲਮਾਣੁ ॥ (ਮ: ੧/੧੪੦) ਆਦਿ।

ਗੁਰਬਾਣੀ ’ਚ ‘ਸਰਮੁ’ (ਅੰਤ ਔਂਕੜ, ਪੁਲਿੰਗ) ਸ਼ਬਦ ਦਾ ਅਰਥ ਹੈ: ‘ਮਿਹਨਤ, ਮਸ਼ੱਕਤ, ਘਾਲਣਾ’ ਆਦਿ; ਜਿਵੇਂ:

(1). ਮੁੰਦਾ ਸੰਤੋਖੁ, ‘ਸਰਮੁ’ (ਮਿਹਨਤ ਨੂੰ) ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ ॥ (ਜਪੁ)

(2). ਮਨੁ ਹਾਲੀ, ਕਿਰਸਾਣੀ ਕਰਣੀ; ‘ਸਰਮੁ’ (ਮਿਹਨਤ ਨੂੰ) ਪਾਣੀ, ਤਨੁ ਖੇਤੁ ॥ (ਮ: ੧/੫੯੫) ਆਦਿ, ਜਦ ‘ਸਰਮੁ’ ਸ਼ਬਦ ਨਾਲ ਕੋਈ ਸੰਬੰਧਕੀ ਸ਼ਬਦ ਦਰਜ ਹੋ ਜਾਵੇ ਤਾਂ ‘ਸਰਮੁ’ (ਪੁਲਿੰਗ) ਅੰਤ ਮੁਕਤਾ ‘ਸਰਮ’ ਹੋ ਜਾਂਦਾ ਹੈ, ਨਾ ਕਿ ਇਸਤ੍ਰੀ ਲਿੰਗ; ਜਿਵੇਂ:

‘‘ਸਿਫਤਿ ‘ਸਰਮ’ (ਰੱਬੀ ਸਿਮਰਨ ਕਰਨ ਵਾਲੀ ਮਿਹਨਤ) ‘ਕਾ’ ਕਪੜਾ ਮਾਂਗਉ; (ਤਾਂ ਜੋ) ਹਰਿ ਗੁਣ ਨਾਨਕ ਰਵਤੁ (ਜਪਦਾ) ਰਹੈ ॥’’ (ਮ: ੧/੧੩੨੯) ਇਸ ਪੰਕਤੀ ’ਚ ਅਗਰ ‘ਕਾ’ ਸੰਬੰਧਕੀ ਚਿੰਨ੍ਹ ਨਾ ਹੁੰਦਾ ਤਾਂ ਸ਼ਬਦ ਸਰੂਪ ‘ਸਰਮ’ ਨਹੀਂ, ਬਲਕਿ ‘ਸਰਮੁ’ ਹੋਣਾ ਸੀ।

‘ਸਰਮੁ’ ਸ਼ਬਦ ਨਾਲ ਸੰਬੰਧਕੀ ਚਿਨ੍ਹ ਦਰਜ ਹੋਣ ਉਪਰੰਤ ਅੰਤ ਮੁਕਤਾ ਹੋਣ ਵਾਲਾ ਨਿਯਮ ਹੀ ਸੰਬੰਧਿਤ ਪੰਕਤੀ ‘ਸਰਮ ਖੰਡ ਕਾ’ ਉੱਪਰ ਢੁੱਕਦਾ ਹੈ ਭਾਵ ‘ਕਾ’ ਸੰਬੰਧਕੀ ਚਿਨ੍ਹ ਕਾਰਨ ‘ਸਰਮ’ (ਅੰਤ ਮੁਕਤਾ) ਹੈ, ਨਹੀਂ ਤਾਂ ਇਸ ਦਾ ਸਰੂਪ ਵੀ ‘ਸਰਮੁ’ (ਅੰਤ ਔਂਕੜ) ਹੋਣਾ ਸੀ ਕਿਉਂਕਿ ਇਸ ਦਾ ਅਰਥ ‘ਮਿਹਨਤ, ਮਸ਼ੱਕਤ’ (ਪੁਲਿੰਗ) ਹੈ, ਨਾ ਕਿ ‘ਸ਼ਰਮ, ਇੱਜ਼ਤ’ (ਇਸਤ੍ਰੀ ਲਿੰਗ)।

ਦਰਅਸਲ, ਗੁਰਬਾਣੀ ’ਚ ਦਰਜ ‘ਸਰਮੁ’ (ਪੁਲਿੰਗ) ਸ਼ਬਦ ਦਾ ਮੂਲ ਸਰੂਪ ‘ਸ੍ਰਮੁ’ 19 ਵਾਰ ਦਰਜ ਹੈ; ਜਿਵੇਂ:

(1). (ਜੋ ਮਾਯਾ) ਛੋਡਿ ਜਾਇ (ਭਾਵ ਨਾਸਵਾਨ); ਤਿਸ ਕਾ ‘ਸ੍ਰਮੁ’ (ਮਿਹਨਤ) ਕਰੈ ॥ (ਮ: ੫/੨੬੭)

(2). ਫਿਰਤ ਫਿਰਤ ਬਹੁਤੁ ‘ਸ੍ਰਮੁ’ (ਖ਼ੱਜਲ਼ ਖ਼ੁਆਰੀ) ਪਾਇਓ; ਸੰਤ ਦੁਆਰੈ ਆਇਓ ॥ (ਮ: ੫/੫੩੧)

(3). ‘ਸ੍ਰਮੁ’ (ਮਿਹਨਤ) ਕਰਤੇ ਦਮ ਆਢ ਕਉ; ਤੇ ਗਨੀ ਧਨੀਤਾ (ਭਾਵ ਉਹ ਗਿਣੇ ਜਾਂ ਮੰਨੇ ਗਏ ਧਨ ਵਾਲੇ)॥ (ਮ: ੫/੮੧੦)

(4). ਨੀਰੁ ਬਿਲੋਵੈ (ਪਾਣੀ ਰਿੜਕਣ ਨਾਲ), ਅਤਿ ਸ੍ਰਮੁ (ਮਿਹਨਤ) ਪਾਵੈ; (ਪਰ) ਨੈਨੂ (ਪਾਣੀ ’ਚੋਂ, ਮੱਖਣ) ਕੈਸੇ ਰੀਸੈ (ਕਿਵੇਂ ਨਿਕਲੇ) ? ॥ (ਮ: ੫/੧੨੦੫) ਆਦਿ, ਇਸ ਲਈ ‘ਸਰਮੁ’ (ਪੁਲਿੰਗ) ਸ਼ਬਦ ਦਾ ਉਚਾਰਨ ਵੀ ‘ਸ਼੍ਰਮੁ’ ਹੀ ਦਰੁਸਤ ਜਾਪਦਾ ਹੈ, ਬੇਸ਼ੱਕ ਉਹ ਸੰਬੰਧਕੀ ਚਿੰਨ੍ਹ ਕਾਰਨ ਅੰਤ ਮੁਕਤਾ ‘ਸਰਮ’ ਹੀ ਹੋਵੇ; ਜਿਵੇਂ ਕਿ ਸੰਬੰਧਿਤ ਪੰਕਤੀ: ‘ਸਰਮ ਖੰਡ ਕੀ’।

ਧਿਆਨ ਰਹੇ ਕਿ ‘ਸਰਮ’ (ਇਸਤ੍ਰੀ ਲਿੰਗ) ਸ਼ਬਦ ਬਹੁ ਵਚਨ ਨਹੀਂ ਹੁੰਦਾ ਜਦਕਿ ‘ਸਰਮੁ’ ਜਾਂ ‘ਸ੍ਰਮੁ’ (ਇੱਕ ਵਚਨ ਪੁਲਿੰਗ) ਬਹੁ ਵਚਨ ਵੀ ਹੋ ਜਾਂਦਾ ਹੈ, ਜਿਸ ਦਾ ਬਹੁ ਵਚਨ ਸਰੂਪ ਹੈ: ‘ਸ੍ਰਮ’ (ਅੰਤ ਮੁਕਤਾ); ਜਿਵੇਂ ਕਿ 2 ਵਾਰ ਦਰਜ ਹੈ:

(1). ਸੀਤਲ ਸੁਖੁ ਪਾਇਓ ਮਨ ਤ੍ਰਿਪਤੇ; ਹਰਿ ਸਿਮਰਤ ‘ਸ੍ਰਮ’ ਸਗਲੇ ਲਾਥ (ਸਾਰੀਆਂ ਭਟਕਣਾਂ ਲਹਿ ਗਈਆਂ)॥ (ਮ: ੫/੮੨੮)

(2). ਆਵਤ ਜਾਤ ਰਹੇ, ਸ੍ਰਮ (ਸਾਰੇ ਥਕੇਵੇਂ) ਨਾਸੇ; ਸਿਮਰਤ ਸਾਧੂ ਸੰਗਿ ॥ (ਮ: ੫/੧੩੦੦)

ਸਰਮਖੰਡ ਕੀ ਬਾਣੀ, ਰੂਪੁ॥ ਤਿਥੈ; ਘਾੜਤਿ ਘੜੀਐ, ਬਹੁਤੁ ਅਨੂਪੁ॥ 

ਭਾਵ- (ਧਰਮਖੰਡ ਤੇ ਗਿਆਨਖੰਡ ਦੀ ਸਮਝ, ਕਿ ਕੁਦਰਤ ਦਾ ਸਾਰਾ ਵਿਸਥਾਰ ਇੱਕੋ ਨਿਯਮ ’ਚ ਬੱਧਾ ਹੈ, ਇਸ ਲਈ ਆਪਣੇ ਆਪ ਨੂੰ ਉਸ ਨਿਯਮ ’ਚ ਚਲਾਉਣ ਲਈ) ਸ਼੍ਰਮਖੰਡ ਦੀ (ਸੰਘਰਸ਼ਮਈ) ਬਣਾਵਟ ਬੜੀ ਲਾਜਵਾਬ ਹੁੰਦੀ ਹੈ ਕਿਉਂਕਿ ਉਸ ਪੜਾਅ ’ਚ ਬੜੀ ਉਪਮਾ ਰਹਿਤ ਘਾੜਤ ਘੜੀ ਜਾਂਦੀ ਹੈ।

‘‘ਤਾ ਕੀਆ ਗਲਾ; ਕਥੀਆ ਨਾ ਜਾਹਿ ॥ ਜੇ ਕੋ ਕਹੈ; ਪਿਛੈ ਪਛੁਤਾਇ ॥’’-ਇਸ ਪੰਕਤੀ ਨੂੰ ‘ਜਪੁ’ ਬਾਣੀ ਦੀ 12 ਵੀਂ ਪਉੜੀ ‘‘ਮੰਨੇ ਕੀ ਗਤਿ; ਕਹੀ ਨ ਜਾਇ ॥ ਜੇ ਕੋ ਕਹੈ; ਪਿਛੈ ਪਛੁਤਾਇ ॥’’ ॥੧੨॥ ਨਾਲ ਮਿਲਾ ਕੇ ਸ਼ਬਦਾਰਥ ਵਧੇਰੇ ਸਪੱਸ਼ਟ ਹੋ ਜਾਂਦੇ ਹਨ। ਦੋਵੇਂ ਵਾਕਾਂ ਦੇ ਭਾਵਾਰਥਾਂ ’ਚ ਸਮਾਨਤਾ ਹੈ ਪਰ ਇਸ ਪਉੜੀ (ਨੰਬਰ 36) ’ਚ ਗੁਰੂ ਸਿਖਿਆ ਨੂੰ ਮੰਨਣ ਵਾਲੇ ਦੀਆਂ ‘ਗੱਲਾਂ’ ਬਹੁ ਵਚਨ ਸ਼ਬਦ ਹੋਣ ਕਾਰਨ ਕਿਰਿਆ ਵੀ ‘‘ਕਥੀਆ ਨਾ ਜਾਹਿ॥’’ (ਬਹੁ ਵਚਨ) ਦਰਜ ਹੈ ਜਦਕਿ ‘‘ਮੰਨੇ ਕੀ ਗਤਿ..॥’’ ਵਾਕ ’ਚ ਲੜੀਵਾਰ ਵੀਚਾਰ ‘ਗੱਲਾਂ’ (ਬਹੁ ਵਚਨ) ਦੀ ਨਹੀਂ ਬਲਕਿ ‘ਗਤਿ’ (ਇੱਕ ਵਚਨ ਅਵਸਥਾ) ਦੀ ਚੱਲ ਰਹੀ ਹੈ, ਜਿਸ ਕਾਰਨ ਕਿਰਿਆ ਵੀ ‘‘ਕਹੀ ਨਾ ਜਾਇ॥’’ (ਇੱਕ ਵਚਨ) ਹੀ ਦਰਜ ਹੈ।

ਤਾ ਕੀਆ ਗਲਾ, ਕਥੀਆ ਨਾ ਜਾਹਿ॥ ਜੇ ਕੋ ਕਹੈ, ਪਿਛੈ ਪਛੁਤਾਇ॥  

ਭਾਵ- ਉਸ (ਤਬਦੀਲੀ) ਦੀਆਂ ਹੈਰਾਨਗੀਆਂ (ਹੈਰਾਨੀਆਂ) ਬਿਆਨ ਨਹੀਂ ਹੋ ਸਕਦੀਆਂ। ਜੇ ਕੋਈ ਬਿਆਨ ਕਰੇ (ਤਾਂ ਬਿਆਨ ਕਰਨ) ਉਪਰੰਤ ਪਛਤਾਉਂਦਾ ਹੈ (ਕਿ ਮੇਰਾ ਕਿਆਸ ਅਧੂਰਾ ਰਿਹਾ। ਗੁਰੂ ਵਾਕ ਹੈ, ‘‘ਮੰਨੇ ਕੀ ਗਤਿ; ਕਹੀ ਨ ਜਾਇ॥ ਜੇ ਕੋ ਕਹੈ; ਪਿਛੈ ਪਛੁਤਾਇ॥’’)

‘‘ਤਿਥੈ ਘੜੀਐ; ਸੁਰਤਿ, ਮਤਿ, ਮਨਿ ਬੁਧਿ ॥ ਤਿਥੈ ਘੜੀਐ; ਸੁਰਾ ਸਿਧਾ ਕੀ ਸੁਧਿ ॥’’-ਇਸ ਪੰਕਤੀ ’ਚ ‘ਤਿਥੈ’ (ਅਧਿਕਰਣ ਕਾਰਕ) ਸ਼ਬਦ ਦੋ ਵਾਰ ਦਰਜ ਹੈ; ਅਗਰ ਪਹਿਲੇ ‘ਤਿਥੈ’ ਦਾ ਅਰਥ: ‘ਉਸ (ਸਰਮ ਖੰਡ ਵਾਲੀ ਆਰੰਭਕ ਘਾੜਤ) ਵਿੱਚ’ ਕਰ ਲਿਆ ਜਾਵੇ ਤਾਂ ਦੂਸਰੇ ‘ਤਿਥੈ’ ਦਾ ਅਰਥ: ‘ਉਸ (‘ਸੁਰਤਿ, ਮਤਿ, ਮਨਿ ਬੁਧਿ’ ਦੇ ਸੰਗ੍ਰਹਿ ‘ਅੰਤਹਿਕਰਣ’) ਵਿੱਚ’ ਕਰਨਾ ਵਧੇਰੇ ਦਰੁਸਤ ਹੋਵੇਗਾ ਕਿਉਂਕਿ ਉਕਤ ਪੰਕਤੀ ’ਚ ‘ਘਾੜਤਿ’ ਦਾ ਅਰਥ ਵੀ: ‘ਘਾੜਤ ਵਿੱਚ’ (ਭਾਵ ਅਧਿਕਰਣ ਕਾਰਕ) ਹੀ ਹੈ, ਇਸ ਲਈ ਦੂਸਰੇ ‘ਤਿਥੈ’ ਦੇ ਸੰਕੇਤਕ ਅਰਥ: ‘ਅੰਤਹਿਕਰਣ’ ਵਾਲੀ ਘਾੜਤ ਦੀ ਤੁਲਨਾ ਕਿਸੇ ‘ਦੇਵਤੇ ਜਾਂ ਜੋਗ ਗੁਰੂ ‘ਸਿਧ’ ਇਤਿਆਦਿਕ ਨਾਲ ਕਰਨੀ ਅਢੁੱਕਵੀਂ ਹੋਵੇਗੀ ਜਦਕਿ ਗੁਰਬਾਣੀ; ਹਰ ਇੱਕ ਮਨੁੱਖਾ ਜੀਵਨ ਦੀ ਅਸਲ ਪਰਖ (ਪਹਿਲੀ ਅਵਸਥਾ ‘ਧਰਮ ਖੰਡ’ ’ਚ ਹੀ) ‘‘ਕਚ, ਪਕਾਈ; ਓਥੈ (ਰੱਬੀ ਇਨਸਾਫ਼-ਘਰ ਵਿੱਚ) ਪਾਇ ॥ ਨਾਨਕ ! ਗਇਆ, ਜਾਪੈ ਜਾਇ ॥੩੪॥’’ (ਜਪੁ) ਬਿਆਨ ਕਰ ਚੁੱਕੀ ਹੈ।

ਗੁਰਮਤਿ ਅਨੁਸਾਰ ‘ਸੁਰਤਿ, ਮਤਿ, ਬੁਧਿ’ ਦੀ ਘਾੜਤ ’ਚ ‘ਪਰਚੰਡੁ’ ਪ੍ਰਕਾਸ਼ ਹੋ ਜਾਂਦਾ ਹੈ ਕਿਉਂਕਿ ‘ਲਗਨ’; ਮਨੁੱਖਾ ਹੋਛੀ ਮਤਿ ਦੇ ਮੁਕਾਬਲੇ ਬਹੁਤ ਡੂੰਘੇ, ਧੀਰਜਵਾਨ, ਗੁਣਾਂ ਦੇ ਖ਼ਜ਼ਾਨੇ ‘ੴ’ ਨਾਲ ਜੁੜ ਜਾਂਦੀ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਫ਼ੁਰਮਾ ਰਹੇ ਹਨ: ‘‘ਸੁਰਤਿ, ਮਤਿ, ਬੁਧਿ ਪਰਗਾਸੁ ॥ ਗਹਿਰ ਗੰਭੀਰ ਅਪਾਰ ਗੁਣਤਾਸੁ ॥’’ (ਮ: ੫/੮੮੯) ਅਜਿਹੀ ਗੰਭੀਰ ਮਤਿ ’ਚ ਤਰਕ ਜਾਂ ਚਤੁਰਾਈ ਲਈ ਕੋਈ ਜਗ੍ਹਾ ਨਹੀਂ ਹੁੰਦੀ: ‘‘ਮਤਿ, ਬੁਧਿ, ਸੁਰਤਿ; ਨਾਹੀ ਚਤੁਰਾਈ ॥’’ (ਮ: ੫/੮੦੪) ਜਦਕਿ ‘ਬ੍ਰਹਮਾ, ਵਿਸ਼ਨੁ, ਸ਼ਿਵ, ਰਾਮ, ਕ੍ਰਿਸ਼ਨ’ ਇਤਿਆਦਿਕ ਸਿਰਮੌਰ ਮੰਨੇ ਜਾਂਦੇ ਦੇਵਤਿਆਂ ’ਚ ਛਲ-ਕਪਟ ਆਦਿ ਚਤੁਰਾਈ ਮੌਜੂਦ ਸੀ।

ਤਿਥੈ ਘੜੀਐ; ਸੁਰਤਿ, ਮਤਿ, ਮਨਿ ਬੁਧਿ॥

ਭਾਵ- ਓਥੇ (ਸ਼੍ਰਮਖੰਡ ’ਚ) ‘ਸੁਰਤਿ’ (ਭੂਤਕਾਲ ਦਾ ਖੱਟਾ-ਮਿੱਠਾ ਤਜਰਬਾ), ‘ਮਤਿ’ (ਮਮਤਾ, ਜਿੱਥੇ ਪਦਾਰਥਾਂ ਨਾਲ਼ ਸਬੰਧ ਬਣਨ/ਅਹੰਕਾਰ) ’ਚ ਤਬਦੀਲੀ ਹੁੰਦੀ ਹੈ ਤੇ ਮਨ ਵਿੱਚ ਬੁੱਧੀ (ਨਵੇਂ ਵਿਚਾਰਾਂ ’ਤੇ ਬਣੀ ਸ਼ਰਧਾ) ਆ ਜਾਂਦੀ ਹੈ।

(ਨੋਟ : ਉਕਤ ਪੰਕਤੀ ’ਚ ਦਰਜ ‘ਸੁਰਤਿ, ਮਤਿ, ਮਨਿ ਤੇ ਬੁਧਿ’; ਦਰਅਸਲ ‘ਅੰਤਹਿਕਰਣ’ ਇੰਦ੍ਰੀ (ਆਤਮਾ ’ਤੇ ਚੜ੍ਹੀ ਸੰਸਕਾਰ/ਨਸੀਬ ਰੂਪ ਮੈਲ, ‘‘ਜਨਮ ਜਨਮ ਕੀ, ਇਸੁ ‘ਮਨ’ (ਅੰਤਹਿਕਰਣ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮ: ੩/੬੫੧) ਦੇ ਬਾਹਰੀ ਰੂਪ ਹਨ, ਜਿਨ੍ਹਾਂ ਦੇ ਲੱਛਣ ਇਸ ਪ੍ਰਕਾਰ ਹਨ :

(1). ‘ਸੁਰਤਿ’- ਮਨੁੱਖ, ਆਪਣੇ ਪੰਜ ਗਿਆਨ ਇੰਦ੍ਰਿਆਂ (ਨੱਕ, ਕੰਨ, ਜੀਭ, ਅੱਖਾਂ ਤੇ ਚਮੜੀ ਭਾਵ ਤੁਚਾ) ਰਾਹੀਂ ਜੋ ਗਿਆਨ ਪ੍ਰਾਪਤ ਕਰਦਾ ਹੈ ਉਸ ਨੂੰ ਕੈਮਰੇ ਦੁਆਰਾ ਖਿੱਚੀ ਗਈ ਫ਼ੋਟੋ ਵਾਙ ਆਪਣੇ ਅਨੁਭਵ ਜਾਂ ਭੂਤਕਾਲ ਦੇ ਗਿਆਨ-ਬੋਧ ’ਚ ਜਮ੍ਹਾ ਕਰ ਲੈਂਦਾ ਹੈ, ਜਿਸ ਨੂੰ ‘ਸੁਰਤਿ’ ਕਿਹਾ ਜਾਂਦਾ ਹੈ। ‘ਸੁਰਤਿ’ ਨੂੰ ‘ਚਿੱਤ’ ਕਹਿਣਾ ਵੀ ਦਰੁਸਤ ਹੋਵੇਗਾ ਕਿਉਂਕਿ ਚਿੱਤ, ਚਿੱਤਰਕਾਰੀ (ਫ਼ੋਟੋਗ੍ਰਾਫ਼ੀ) ਕਰਦਾ ਹੈ, ਇਸ ਤੋਂ ਹੀ ‘ਚੇਤਾ, ਯਾਦ, ਧਿਆਨ’ ਆਦਿ ਸ਼ਬਦ ਹੋਂਦ ’ਚ ਆਏ । ਇਸ ਦੀ ਘਾੜਤ ਦਾ ਮਤਲਬ ਹੈ ਕਿ ਭੂਤਕਾਲ ਦੀਆਂ ਗ਼ਲਤੀਆਂ ਤੋਂ ਸਬਕ ਲੈਂਦੇ ਹੋਏ ਵਰਤਮਾਨ ਨੂੰ ਦਰੁਸਤ ਕਰਨਾ।

(2). ‘ਮਤਿ’- ਇਸ ਸ਼ਬਦ ਦਾ ਸ੍ਰੋਤ ‘ਮਮਤਾ’ ਹੈ, ਜਿਸ ਵਿੱਚ ਪਰਵਾਰਿਕ ਤੇ ਸਮਾਜਿਕ ਲੋੜਾਂ (ਇੱਛਾਵਾਂ) ਜਨਮ ਲੈਂਦੀਆਂ ਹਨ, ਜਿਨ੍ਹਾਂ ਰਾਹੀਂ ਪਦਾਰਥਾਂ ਨਾਲ਼ ਸਬੰਧ ਸਥਾਪਿਤ ਹੁੰਦਾ ਹੈ, ਇਹੀ ਪਦਾਰਥਿਕ ਸਬੰਧ ਅਹੰਕਾਰ ਨੂੰ ਜਨਮ ਦੇਂਦੇ ਹਨ। ਇਸ ਦੀ ਘਾੜਤ ਦਾ ਮਤਲਬ ਆਪਣੀਆਂ ਇੱਛਾਵਾਂ (ਮਮਤਾ) ਨੂੰ ਸੀਮਤ (ਕਾਬੂ) ਕਰਨਾ ਹੁੰਦਾ ਹੈ।

(3). ‘ਮਨਿ’-ਮਨੁੱਖਾ ਜੀਵਨ ਕਈ ਵਿਚਾਰਾਂ ਨੂੰ ਬਣਾਉਂਦਾ ਤੇ ਉਨ੍ਹਾਂ ਦਾ ਠੋਸ ਆਧਾਰ ਨਾ ਹੋਣ ਕਾਰਨ ਢਾਹੁੰਦਾ ਰਹਿੰਦਾ ਹੈ। ਵਿਚਾਰ ਪੈਦਾ ਕਰਨ ਨੂੰ ਇਰਾਦਾ (ਜਾਂ ਸੰਕਲਪ) ਕਿਹਾ ਜਾਂਦਾ ਹੈ ਅਤੇ ਇਸ ਇਰਾਦੇ ਵਿੱਚ ਦ੍ਰਿੜ੍ਹਤਾ ਤੇ ਪੂਰਨ ਸਮਝ ਦੀ ਘਾਟ ਹੋਣ ਕਾਰਨ ਦੁਬਿਧਾ ਜਨਮ ਲੈ ਲੈਂਦੀ ਹੈ। ਇਸ (ਦੁਬਿਧਾ) ਨੂੰ ਇਰਾਦੇ (ਸੰਕਲਪ) ਦਾ ਬਦਲ (ਵਿਕਲਪ) ਕਿਹਾ ਜਾਂਦਾ ਹੈ। ‘ਸੰਕਲਪ’ ਤੇ ‘ਵਿਕਲਪ’ ਦਾ ਸੰਗ੍ਰਹਿ ਹੀ ‘ਮਨ’ ਹੈ। ‘ਮਨ’ ਦੀ ਘਾੜਤ ਦਾ ਮਤਲਬ ਦੁਬਿਧਾ (ਵਿਕਲਪ) ਨੂੰ ਮਾਰਨਾ ਹੈ ਤਾਂ ਜੋ ਇਰਾਦੇ (ਸੰਕਲਪ) ਨੂੰ ਠੋਸ ਆਧਾਰ ਮਿਲ ਸਕੇ।

(4). ‘ਬੁਧਿ’-ਇਹ ਸ਼ਕਤੀ ਮਨ ਦੇ ਹੀ ਇੱਕ ਭਾਗ ਇਰਾਦੇ (ਸੰਕਲਪ) ਦਾ ਨਾਂ ਹੈ ਪਰ ਮਨ ਨਾਲ਼ੋਂ ਇਸ ਦੀ ਭਿੰਨਤਾ ਇਹ ਹੈ ਕਿ ਇਸ ਵਿੱਚ ਦੁਬਿਧਾ (ਵਿਕਲਪ) ਦੀ ਬਜਾਏ ਇਰਾਦੇ ਉੱਤੇ ਪੂਰਨ ਦ੍ਰਿੜ੍ਹਤਾ ਜਾਂ ਵਿਸ਼ਵਾਸ (ਪੂਰਨ ਨਿਸ਼ਚਾ) ਹੁੰਦਾ ਹੈ, ਜਿਸ ਨੂੰ ਪੱਕਾ ਇਰਾਦਾ ਕਹਿ ਸਕਦੇ ਹਾਂ। ਇਸ ਦੀ ਘਾੜਤ ਦਾ ਮਤਲਬ, ਮਨ ਦੀ ਦੁਬਿਧਾ (ਵਿਕਲਪ) ਨੂੰ ਮਾਰ ਕੇ ਮਨ ਦੇ ਇਰਾਦੇ (ਸੰਕਲਪ) ਉੱਤੇ ਪੱਕਾ ਭਰੋਸਾ ਕਾਇਮ ਕਰਵਾਉਣ ’ਚ ਮਦਦ ਕਰਨੀ, ਇਸ ਲਈ ਜਦ ‘ਮਨਿ ਬੁਧਿ’ (ਸੰਯੁਕਤ) ਸ਼ਬਦ ਹੋਣ ਤਾਂ ‘ਮਨਿ’ (ਅੰਤ ਸਿਹਾਰੀ) ਹੁੰਦਾ ਹੈ, ਜਿਸ ਦਾ ਮਤਲਬ ਹੈ : ‘ਮਨ ਵਿੱਚ ਬੁੱਧੀ (ਭਾਵ ਪੂਰਨ ਯਕੀਨ) ਦਾ ਪ੍ਰਵੇਸ਼ ਕਰਨਾ’। ‘ਬੁਧਿ’ ਸ਼ਬਦ ਦਾ ਅੱਖਰੀਂ ਅਰਥ ਵੀ ਨਵੇਂ ਵਿਚਾਰ ਪੈਦਾ ਕਰਨਾ ਅਤੇ ਉਨ੍ਹਾਂ ਉੱਤੇ ਦ੍ਰਿੜ੍ਹ ਵਿਸ਼ਵਾਸ ਧਾਰਨਾ ਹੈ।

ਉਕਤ ਕੀਤੀ ਗਈ ‘ਸੁਰਤਿ, ਮਤਿ, ਮਨਿ, ਬੁਧਿ’ ਸ਼ਬਦਾਂ ਦੀ ਵਿਚਾਰ ’ਚ ਇੱਕ ਇਹ ਪਹਿਲੂ ਵੀ ਵਿਚਾਰਨਯੋਗ ਹੈ ਕਿ ‘ਸੁਰਤਿ, ਮਤਿ, ਬੁਧਿ’ (ਤਿੰਨੇ) ਸ਼ਬਦ ਅਨ੍ਯ ਭਾਸ਼ਾ ਦੇ ਇਸਤ੍ਰੀ ਲਿੰਗ ਸ਼ਬਦ ਹੋਣ ਕਾਰਨ ਅੰਤ ਸਿਹਾਰੀ ਹਨ, ਜਿਨ੍ਹਾਂ ਦੀ ਅੰਤ ਸਿਹਾਰੀ ਸਬੰਧਿਤ ਭਾਸ਼ਾ ’ਚ ਉਚਾਰਨ ਹੁੰਦੀ ਹੈ ਪਰ ‘ਮਨਿ’ ਪੰਜਾਬੀ ਭਾਸ਼ਾ ਦਾ ਅਧਿਕਰਣ ਕਾਰਨ ਸ਼ਬਦ ਹੋਣ ਕਾਰਨ ਅੰਤ ਸਿਹਾਰੀ ਹੈ, ਇਸ ਅੰਤ ਸਿਹਾਰੀ ’ਚੋਂ ‘ਵਿੱਚ’ ਅਰਥ ਮਿਲਦੇ ਹਨ, ਜੋ ‘ਬੁਧਿ’ ਨੂੰ ਆਪਣੇ ਵਿੱਚ ਜਜ਼ਬ ਕਰਨ ਦਾ ਮਾਦਾ (ਸਮਰੱਥਾ) ਰੱਖਦੇ ਹਨ ਭਾਵ ‘ਮਨਿ ਬੁਧਿ’ ਦਾ ਅਰਥ ਹੈ: ‘ਮਨ ਵਿੱਚ ਬੁਧਿ’; ਜਿਵੇਂ ਕਿ ‘‘ਮੰਨੈ; ਸੁਰਤਿ ਹੋਵੈ, ‘ਮਨਿ+ਬੁਧਿ’ ॥ (ਜਪੁ)

ਧਿਆਨ ਰਹੇ ਕਿ ਗੁਰਬਾਣੀ ਵਿੱਚ ਪ੍ਰਕਰਣ (ਪ੍ਰਸੰਗ) ਅਨੁਸਾਰ ਉਕਤ ਸਭ ਸ਼ਬਦਾਂ ਦੇ ਭਾਵਾਰਥਾਂ ’ਚ ਬਦਲਾਅ (ਅੰਤਰ) ਆਉਂਦਾ ਰਹਿੰਦਾ ਹੈ। ਜੀਵਨ ਦਾ ਸੰਤੁਲਨ ਬਣਾਉਣ ਤੇ ਵਿਗਾੜਨ ਵਾਲ਼ੀਆਂ ਇਹ ਚਾਰੋਂ ਇੰਦ੍ਰੀਆਂ (‘ਸੁਰਤਿ, ਮਤਿ, ਮਨਿ, ਬੁਧਿ’) ਦਾ ਸ੍ਰੋਤ ‘ਅੰਤਹਿਕਰਣ’ ਇੰਦ੍ਰੀ ਹੈ, ਜਿਸ ਨੂੰ ਆਤਮਾ ਜਾਂ ਰੂਹ ਉੱਤੇ ਚੜ੍ਹੀ ਹੋਈ ਨਸੀਬ ਰੂਪ ਮੈਲ ਕਹਿ ਸਕਦੇ ਹਾਂ। ਇਸ ‘ਅੰਤਹਿਕਰਣ ਇੰਦ੍ਰੀ’ ਨੂੰ ਗੁਰਬਾਣੀ ’ਚ ਪ੍ਰਸੰਗ ਅਨੁਸਾਰ ‘ਮਨ’ ਵੀ ਕਿਹਾ ਗਿਆ ਹੈ; ਜਿਵੇਂ ਕਿ ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ ਮਹਲਾ ੩/੬੫੧)

ਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ॥ ੩੬॥      ਉਚਾਰਨ : ਸੁਰਾਂ, ਸਿੱਧਾਂ।

ਭਾਵ- ਓਥੇ (ਸ਼੍ਰਮਖੰਡ ’ਚ) ਸੱਤ ਸੁਰਾਂ (‘ਸਾ, ਰੇ, ਗਾ, ਮਾ, ਪਾ, ਧਾ, ਨੀ’ ਰਾਗਾਂ) ਦੀ ਮਸਤੀ (ਸੁਧਿ) ਤੇ ‘ਸਿਧਾ’ (ਅਧਿਆਤਮਕ ਬਲ/ਬਿਬੇਕ) ਸ਼ਕਤੀ (ਭਾਵ ਸੁਧਿ), ਘੜੀ ਜਾਂਦੀ ਹੈ।

(ਨੋਟ : ਉਕਤ ਪੰਕਤੀ, ‘ਸੁਰਾ ਸਿਧਾ ਕੀ ਸੁਧਿ’ ਦੇ ਪ੍ਰਚਲਿਤ ਅਰਥ ਹਨ : ‘ਸਿੱਧਾਂ ਤੇ ਦੇਵਤਿਆਂ ਵਾਲ਼ੀ ਅਕਲ’, ਪਰ ਗੁਰਮਤ ਨੇ ਕਿਸੇ ‘ਦੇਵਤਾ ਜਾਂ ਸਿਧ ਅਕਲ’ ਨੂੰ ਇਤਨਾ ਸਮਰੱਥ ਨਹੀਂ ਮੰਨਿਆ ਕਿ ਉਸ ਦੀ ਮਿਸਾਲ ‘ਸਰਮਖੰਡ’ ਵਰਗੀ ਉੱਚੀ ਤੇ ਸੰਘਰਸ਼ਮਈ ਅਵਸਥਾ ’ਚ ਦੇਣ ਦੀ ਜ਼ਰੂਰਤ ਮਹਿਸੂਸ ਹੋਵੇ ।

‘ਸੁਰਾ’ ਸ਼ਬਦ ਸਬੰਧਿਤ ਪੰਕਤੀ ਤੋਂ ਇਲਾਵਾ ਗੁਰਬਾਣੀ ’ਚ 3 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ ਇੱਕ ਵਾਰ ਰਾਗ ਵਿੱਦਿਆ ਦੇ ਉਸਤਾਦ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਅਨੰਦਮਈ ਜੀਵਨ ’ਚ ਰਾਗ-ਧੁਨਿ ਭਾਵ ‘ਸੱਤ ਸੁਰਾਂ’ ਨੂੰ ਵੀ ਜ਼ਰੂਰੀ ਮੰਨਿਆ ਹੈ ਜਦ ਕਿ 2 ਵਾਰ ਭਗਤ ਕਬੀਰ ਜੀ ਤੇ ਭਗਤ ਰਵਿਦਾਸ ਜੀ ਨੇ ‘ਸੁਰਾ’ ਸ਼ਬਦ ਨੂੰ ‘ਸ਼ਰਾਬ’ ਦੇ ਅਰਥਾਂ ’ਚ ਵਰਤਿਆ ਹੈ; ਜਿਵੇਂ ਕਿ

(1). ਗੁਰੂ ਅਰਜਨ ਸਾਹਿਬ ਜੀ : ‘‘ਪੰਚ ਬਜਿਤ੍ਰ ਕਰੇ ਸੰਤੋਖਾ; ‘ਸਾਤ ਸੁਰਾ’ ਲੈ ਚਾਲੈ ॥’’ (ਮਹਲਾ ੫/੮੮੫) ਭਾਵ ਅਸਲ ਰੱਬੀ ਭਗਤ 5 ਗੁਣ (ਸਤ, ਸੰਤੋਖ, ਦਇਆ, ਧਰਮ, ਧੀਰਜ) ਤੇ 7 (ਸਾ, ਰੇ, ਗਾ, ਮਾ, ਪਾ, ਧਾ, ਨੀ) ਸੁਰਾਂ ਨੂੰ ਬਜਿਤ੍ਰ (ਸਾਜ਼/ਵਾਜੇ) ਕਰ ਕੇ ਭਾਵ ਬਣਾ ਕੇ (ਪ੍ਰਭੂ ਚਰਨਾਂ ’ਚ) ਲੀਨ ਹੁੰਦਾ ਹੋਇਆ (ਸਮਾਜ ’ਚ) ਵਿਚਰਦਾ ਹੈ।

(2). ਭਗਤ ਰਵਿਦਾਸ ਜੀ : ‘ਸੁਰਾ’ ਅਪਵਿਤ੍ਰ ਨਤ ਅਵਰ ਜਲ ਰੇ  ! ਸੁਰਸਰੀ ਮਿਲਤ ਨਹਿ ਹੋਇ ਆਨੰ ॥ (ਭਗਤ ਰਵਿਦਾਸ/੧੨੯੩) ਭਾਵ (ਜਿਵੇਂ ਧਾਰਨਾ ਹੈ ਕਿ) ਮਲ਼ੀਨ ਸ਼ਰਾਬ ਸਮੇਤ ਕੋਈ ਹੋਰ ਗੰਦਾ ਪਾਣੀ ਵੀ ਗੰਗਾ ’ਚ ਮਿਲ ਕੇ ਵੱਖਰਾ (ਭਾਵ ਅਸ਼ੁੱਧ) ਨਹੀਂ ਰਹਿ ਸਕਦਾ।

(3). ‘‘ਕਬੀਰ  ! ਭਾਂਗ ਮਾਛੁਲੀ ‘ਸੁਰਾ’ (ਸ਼ਰਾਬ) ਪਾਨਿ; ਜੋ ਜੋ ਪ੍ਰਾਨੀ ਖਾਂਹਿ ॥’’ (ਭਗਤ ਕਬੀਰ/੧੩੭੭)

ਸੋ, ਵਿਚਾਰ ਅਧੀਨ ‘ਜਪੁ’ ਪੰਕਤੀ ‘‘ਤਿਥੈ ਘੜੀਐ; ‘ਸੁਰਾ ਸਿਧਾ’ ਕੀ ਸੁਧਿ ॥’’ ’ਚ ਦਰਜ ‘ਸੁਰਾ’ ਸ਼ਬਦ ਨੂੰ ਅਗਰ ਪ੍ਰਚਲਿਤ ਅਰਥਾਂ ਅਨੁਸਾਰ ਸਿੱਧ-ਦੇਵਤਿਆਂ ਦੇ ਜੀਵਨ ਨਾਲ਼ ਤੁਲਨਾ ਕਰਨ ਦੀ ਬਜਾਏ ਗੁਰੂ ਅਰਜੁਨ ਸਾਹਿਬ ਜੀ ਦੇ ਵਚਨ ‘ਸਾਤ ਸੁਰਾ’ ਲੈ ਚਾਲੈ ॥’ ਅਨੁਸਾਰ ਵਿਚਾਰ ਲਿਆ ਜਾਵੇ ਤਾਂ ‘ਸਰਮਖੰਡ’ ਵਰਗੀ ਉੱਚਤਮ ਅਵਸਥਾ ’ਚ ‘ਦੇਵਤੇ ਤੇ ਸਿਧਾਂ’ ਦੇ ਜੀਵਨ (ਕਿਰਦਾਰ) ਦੀ ਮਿਸਾਲ ਦੇਣ ਦੀ ਜ਼ਰੂਰਤ ਨਹੀਂ ਪਏਗੀ ਕਿਉਂਕਿ ‘ਦੇਵਤੇ ਤੇ ਸਿਧਾਂ’ ਦੇ ਜੀਵਨ ਦਾ ਜ਼ਿਕਰ ‘ਗਿਆਨਖੰਡ’ ’ਚ ਪਹਿਲਾਂ ਵੀ ਹੋ ਚੁੱਕਾ ਹੈ; ਜਿਵੇਂ ਕਿ ‘‘ਕੇਤੇ ‘ਸਿਧ’ ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ ॥ ਕੇਤੇ ‘ਦੇਵ’ ਦਾਨਵ, ਮੁਨਿ ਕੇਤੇ; ਕੇਤੇ ਰਤਨ ਸਮੁੰਦ ॥’’

ਕੁਝ ਟੀਕਾਕਾਰਾਂ ਨੇ ‘‘ਤਿਥੈ, ‘ਸੀਤੋ ਸੀਤਾ’ ਮਹਿਮਾ ਮਾਹਿ ॥… ਜਿਨ ਕੈ, ‘ਰਾਮੁ’ ਵਸੈ ਮਨ ਮਾਹਿ ॥’’ ਪੰਕਤੀਆਂ ਰਾਹੀਂ ਵੀ ‘ਰਾਮਚੰਦ੍ਰ’ ਤੇ ਮਾਤਾ ‘ਸੀਤਾ’ (ਦੇਵੀ-ਦੇਵਤਿਆਂ) ਦੀ ਮਿਸਾਲ (ਸਚਖੰਡਿ ’ਚ ਵੀ) ਦੇਣੀ ਉਚਿਤ ਸਮਝੀ ਹੈ ਭਾਵ ‘ਗਿਆਨਖੰਡ’ ਤੋਂ ਲੈ ਕੇ ‘ਸਚਖੰਡਿ’ ਤੱਕ ਨਿਰੰਤਰ ਦੇਵਤਿਆਂ ਦਾ ਵਜੂਦ, ਮਿਸਾਲ ਬਣਦਾ ਗਿਆ, ਜਿਨ੍ਹਾਂ ਬਾਰੇ ਗੁਰੂ ਵਚਨ ਹਨ, ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮ: ੩/੪੨੩)

(ਕਾਲਪਨਿਕ) ਦੇਵੀ, ਦੇਵਤਿਆਂ ਨੂੰ ਗੁਰਮਤ ਦਰਖ਼ਤ ਦੀਆਂ ਕੇਵਲ ਟਹਿਣੀਆਂ ਮੰਨਦੀ ਹੈ, ਜਿਨ੍ਹਾਂ ਦੇ ਪ੍ਰਭਾਵ ਹੇਠੋਂ ਮਨੁੱਖੀ ਮਾਨਸਿਕਤਾ ਨੂੰ ਆਜ਼ਾਦ ਕਰ ਕੇ (ਅਕਾਰ/ਦਰਖ਼ਤ ਦੇ) ਮੂਲ (ਜੜ੍ਹ, ਨਿਰਾਕਾਰ) ਨਾਲ਼ ਜੋੜਨ ਲਈ ਗੁਰੂ ਨਾਨਕ ਸਾਹਿਬ ਜੀ ਨੇ ‘‘ਮੂਲੁ ਛੋਡਿ (ਕੇ), ਡਾਲੀ ਲਗੇ; ਕਿਆ ਪਾਵਹਿ ਛਾਈ ? ॥’’ (ਮਹਲਾ ੧/੪੨੦) ਵਾਕ ਉਚਾਰਨ ਕੀਤਾ ਤੇ ‘ਸੋ ਦਰੁ’ ਸ਼ਬਦ ਗੁਰਬਾਣੀ ’ਚ 3 ਵਾਰ ਦਰਜ ਕਰਨ ਉਪਰੰਤ ਦੋ ਵਾਰ ਨਿਤਨੇਮ ਦਾ ਭਾਗ ਬਣਾਇਆ ਤਾਂ ਜੋ ਇਨ੍ਹਾਂ ਕਾਲਪਨਿਕ ਟਹਿਣੀਆਂ ਨੂੰ ‘ਨਿਰਾਕਾਰ’ ਸ਼ਕਤੀ ਦੇ ਅਧੀਨ ਦਰਸਾਇਆ ਜਾ ਸਕੇ; ਜਿਵੇਂ

ਗਾਵਹਿ, ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ॥

ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥, ਆਦਿ।

ਗੁਰੂ ਅਰਜੁਨ ਸਾਹਿਬ ਜੀ ਦੇ ਵਚਨ ‘‘ਸਾਤ ਸੁਰਾ ਲੈ ਚਾਲੈ॥’’ ਵਾਙ ‘ਜਪੁ’ ਬਾਣੀ ’ਚ ਗੁਰੂ ਨਾਨਕ ਸਾਹਿਬ ਜੀ ‘ਰਾਗ-ਧੁਨਿ’ ਦੀ ਵਿਸ਼ੇਸ਼ਤਾ ਨੂੰ ‘ਨਾਦ’ ਸ਼ਬਦ ਰਾਹੀਂ ਉਜਾਗਰ ਕਰ ਰਹੇ ਹਨ, ‘‘ਵਾਜੇ ‘ਨਾਦ’, ਅਨੇਕ ਅਸੰਖਾ; ਕੇਤੇ ਵਾਵਣਹਾਰੇ॥’’ ਅਤੇ ਗੁਰੂ ਅਮਰਦਾਸ ਜੀ ‘ਰਾਗ-ਧੁਨਿ’ ਨੂੰ ‘ਪੰਜ ਸਬਦ’ ਬਿਆਨ ਕਰ ਰਹੇ ਹਨ, ‘‘ਵਾਜੇ ‘ਪੰਚ ਸਬਦ’, ਤਿਤੁ ਘਰਿ ਸਭਾਗੈ॥’’ (ਮਹਲਾ ੩/ਅਨੰਦੁ) ਭਾਵ ਗੁਰਬਾਣੀ ’ਚ ‘ਗੁਰੂ ਸ਼ਬਦ’ ਅਤੇ ‘ਰਾਗ-ਧੁਨਿ’ ਦੇ ਸੁਮੇਲ ਨੂੰ ਅਤੀ ਮਹੱਤਵ ਪੂਰਨ ਮੰਨਿਆ ਗਿਆ ਹੈ, ਜੋ ਮਨੁੱਖੀ ਮਾਨਸਿਕਤਾ ਨੂੰ ‘ਸਚਖੰਡਿ’ ਤੱਕ ਪਹੁੰਚਾਉਂਦੇ ਹਨ, ਇਸ ਲਈ ‘ਸਰਮਖੰਡ’ ਵੱਲ ਸੰਕੇਤ ਕਰਦੀ ਤੁਕ, ‘‘ਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ॥’’ ’ਚ ਦਰਜ ‘ਸੁਰਾ’ ਦਾ ਅਰਥ : ‘ਦੇਵਤੇ’ ਮੰਨਣ ਦੀ ਬਜਾਏ ‘ਰਾਗ-ਧੁਨਿ’ ਅਤੇ ‘ਸਿਧਾ’ ਸ਼ਬਦ ਦਾ ਅਰਥ : ‘ਪੁੱਗੇ ਹੋਏ ਯੋਗੀ’ ਕਰਨ ਦੀ ਬਜਾਏ ‘ਅਧਿਆਤਮਕ ਸ਼ਕਤੀ/ਬਿਬੇਕ ਜਾਂ ਗੁਣਕਾਰੀ ਸਫਲਤਾ’ ਹੀ ਵਧੇਰੇ ਦਰੁਸਤ, ਜਾਪਦੇ ਹਨ।)