JAP (Pori No. 37)

0
683

ਕਰਮਖੰਡ ਕੀ; ਬਾਣੀ ਜੋਰੁ ॥ ਤਿਥੈ; ਹੋਰੁ ਨ ਕੋਈ ਹੋਰੁ ॥

ਤਿਥੈ; ਜੋਧ ਮਹਾ ਬਲ ਸੂਰ ॥ਤਿਨ ਮਹਿ; ਰਾਮੁ ਰਹਿਆ ਭਰਪੂਰ ॥

ਤਿਥੈ; ਸੀਤੋ-ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ; ਨ ਕਥਨੇ ਜਾਹਿ ॥

ਨਾ ਓਹਿ ਮਰਹਿ; ਨ ਠਾਗੇ ਜਾਹਿ ॥ ਜਿਨ ਕੈ; ਰਾਮੁ ਵਸੈ, ਮਨ ਮਾਹਿ ॥

ਤਿਥੈ; ਭਗਤ ਵਸਹਿ, ਕੇ ਲੋਅ ॥ ਕਰਹਿ ਅਨੰਦੁ; ਸਚਾ ਮਨਿ ਸੋਇ ॥

ਸਚਖੰਡਿ; ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ; ਨਦਰਿ ਨਿਹਾਲ ॥

ਤਿਥੈ; ਖੰਡ, ਮੰਡਲ, ਵਰਭੰਡ ॥ ਜੇ ਕੋ ਕਥੈ; ਤ, ਅੰਤ ਨ ਅੰਤ ॥

ਤਿਥੈ; ਲੋਅ, ਲੋਅ, ਆਕਾਰ ॥ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥

ਵੇਖੈ ਵਿਗਸੈ; ਕਰਿ ਵੀਚਾਰੁ ॥ ਨਾਨਕ ! ਕਥਨਾ ਕਰੜਾ ਸਾਰੁ ॥੩੭॥

ਉਚਾਰਨ ਸੇਧ: ਮਹਾਂ ਬਲ, ਮਾਹਿਂ, ਜਾਹਿਂ, ਓਹ, ਮਰਹਿਂ, ਜਾਹਿਂ, ਮਾਹਿਂ, ਵਸਹਿਂ, ਕਰਹਿਂ।

ਪਦ ਅਰਥ: ਕਰਮਖੰਡ ਕੀ-(‘ਰੱਬ’ ਦਾ) ਪ੍ਰਸਾਦ (ਮਿਹਰ) ਪਡ਼ਾਅ ਦੀ (ਸੰਬੰਧ ਕਾਰਕ ਨਾਂਵ)।, ਬਾਣੀ– ਬਨਾਵਟ ਜਾਂ ਬਣਤਰ (ਇਸਤ੍ਰੀ ਲਿੰਗ)।, ਜੋਰੁ-ਤਾਕਤਵਰ, ਦ੍ਰਿੜ੍ਹ ਇਰਾਦਾ, ਜਿੱਥੇ ਭਿੰਨ-ਭਿੰਨ ਫੁਰਨਾ, ਦੁਬਿਧਾ ਜਾਂ (ਮਨ ਦੇ ‘ਸੰਕਲਪ’ ਦਾ) ‘ਵਿਕਲਪ’ ਪ੍ਰਗਟ ਨਾ ਹੋਵੇ (ਨਾਂਵ)।, ਤਿਥੈ– ਉਸ (ਹਾਲਤ) ਵਿੱਚ (ਅਧਿਕਰਣ ਕਾਰਕ ਪੜਨਾਂਵ)।, ਜੋਧ ਮਹਾ ਬਲ ਸੂਰ- ਮਹਾਂ ਯੋਧੇ, ਮਹਾਂ ਬਲੀ, ਮਹਾਂ ਸੂਰਮੇ (ਮਹਾਂ–ਵਿਸ਼ੇਸ਼ਣ ਤੇ ‘ਜੋਧ, ਬਲ, ਸੂਰ’ ਬਹੁ ਵਚਨ ਨਾਂਵ)।, ਤਿਨ ਮਹਿ– ਉਨ੍ਹਾਂ ਅੰਦਰ (ਅਧਿਕਰਣ ਕਾਰਕ, ਬਹੁ ਵਚਨ ਪੜਨਾਂਵ)।, ਰਾਮੁ– ਕਣ ਕਣ ’ਚ ਵਿਆਪਕ ‘ਰੱਬ’ (ਨਾਂਵ)।, ਰਹਿਆ ਭਰਪੂਰ ਜਾਂ ਭਰਪੂਰ ਰਹਿਆ– (‘ਰਾਮੁ’ ਸ਼ਕਤੀ ਦਾ ਮਹੱਤਵ) ਮੁਕੰਮਲ (ਪ੍ਰਭਾਵ ਪਾਉਂਦਾ) ਹੁੰਦਾ ਹੈ (‘ਭਰਪੂਰ’-ਕਿਰਿਆ ਵਿਸ਼ੇਸ਼ਣ ਤੇ ‘ਰਹਿਆ’ ਪੁਲਿੰਗ ਕਿਰਿਆ)।, ਸੀਤੋ-ਸੀਤਾ–ਚੰਗੀ ਤਰ੍ਹਾਂ ਸਿਲਾਈ ਕੀਤਾ ਹੋਇਆ, ਇੱਕ-ਮਿੱਕ ਹੋਇਆ, ਰਲ਼ਗੱਡ ਹੋਇਆ (ਕਿਰਿਆ ਵਿਸ਼ੇਸ਼ਣ)।, ਮਹਿਮਾ ਮਾਹਿ-(‘ਰੱਬ’ ਦੀ) ਸਿਫ਼ਤ ਸਲਾਹ ਵਿੱਚ (ਅਧਿਕਰਣ ਕਾਰਕ, ਇਸਤ੍ਰੀ ਲਿੰਗ ਨਾਂਵ)।, ਤਾ ਕੇ ਰੂਪ– ਉਨ੍ਹਾਂ ਦੇ ਚਿੰਨ੍ਹ, ਲੱਛਣ ਜਾਂ ਗੁਣ (ਨੋਟ: ‘ਤਾ’ ਬਹੁ ਵਚਨ ਸੰਬੰਧ ਕਾਰਕ ਪੜਨਾਂਵ ਹੈ ਪਰ ਉਚਾਰਨ ‘ਤਾਂ’ (ਬਿੰਦੀ ਸਹਿਤ) ਦਰੁਸਤ ਨਹੀਂ ਹੋਵੇਗਾ ਕਿਉਂਕਿ ਗੁਰਬਾਣੀ ’ਚ ਜਦ ‘ਤਾ’ ਸ਼ਬਦ ਨਾਲ ਕੋਈ ਵੀ ਸੰਬੰਧਕੀ ਚਿੰਨ੍ਹ ਦਰਜ ਹੋਵੇ ਤਾਂ ਉਸ ਦਾ ਉਚਾਰਨ ‘ਤਾਂ’ ਨਹੀਂ ਬਲਕਿ‘ਤਾ’ (ਬਿੰਦੀ ਰਹਿਤ) ਹੁੰਦਾ ਹੈ ਬੇਸ਼ੱਕ ਉਹ ਸ਼ਬਦ ਬਹੁ ਵਚਨ ਹੀ ਕਿਉਂ ਨਾ ਹੋਵੇ; ਜਿਵੇਂ: ‘ਤਾ ਕੀਆ’ ਗਲਾ; ਕਥੀਆ ਨਾ ਜਾਹਿ ॥ (ਜਪੁ), ‘ਤਾ ਕੇ’ ਅੰਤ; ਨ ਪਾਏ ਜਾਹਿ ॥ (ਜਪੁ), ਨਾਨਕ ! ‘ਤਾ ਕੇ’ ਕਾਰਜ ਪੂਰਾ ॥ (ਮ: ੫/੨੯੩), ‘ਜਾ ਕਾ’ ਠਾਕੁਰੁ ਤੁਹੀ ਪ੍ਰਭ! ‘ਤਾ ਕੇ’ ਵਡਭਾਗਾ ॥ (ਮ: ੫/੩੯੯), ਸੈਲ ਪਥਰ ਮਹਿ ਜੰਤ ਉਪਾਏ; ‘ਤਾ ਕਾ’ ਰਿਜਕੁ, ਆਗੈ ਕਰਿ ਧਰਿਆ ॥ (ਮ: ੫/੧੦) ਆਦਿ)।, ਨ ਕਥਨੇ ਜਾਹਿ– ਬਿਆਨ ਨਹੀਂ ਕੀਤੇ ਜਾ ਸਕਦੇ (‘ਨ’ ਕਿਰਿਆ ਵਿਸ਼ੇਸ਼ਣ ਤੇ‘ਕਥਨੇ ਜਾਹਿ’ ਬਹੁ ਵਚਨ ਕਿਰਿਆ)।, ਓਹਿ–ਉਹ (ਬਹੁ ਵਚਨ ਪੜਨਾਂਵ, ਨੋਟ: ਇਸ ‘ਓਹਿ’ (ਬਹੁ ਵਚਨ) ਦਾ ਸੰਕੇਤ ਉਕਤ ਪੰਕਤੀ ’ਚ ਦਰਜ ‘ਤਾ ਕੇ ਰੂਪ’ (ਬਹੁ ਵਚਨ) ਵੱਲ ਹੈ, ਨਾ ਕਿ ‘ਤਿਥੈ’ ਇੱਕ ਵਚਨ ਵੱਲ)।, ਜਿਨ ਕੈ ਮਨ ਮਾਹਿ (‘ਰਾਮੁ ਵਸੈ’)-ਜਿਨ੍ਹਾਂ ਦੇ ਮਨ ਵਿੱਚ (‘ਜਿਨ’ ਬਹੁ ਵਚਨ ਪੜਨਾਂਵ)।, ਤਿਥੈ– ਉਸ (ਅਵਸਥਾ) ਵਿੱਚ (ਅਧਿਕਰਣ ਕਾਰਕ, ਪੜਨਾਂਵ)।, ਕੇ ਲੋਅ–ਕਈ ਲੋਕਾਂ ਦੇ (‘ਕੇ’ ਅਨਿਸ਼ਚਿਤ ਪੜਨਾਂਵੀ ਵਿਸ਼ੇਸ਼ਣ ਤੇ ‘ਲੋਅ’ ਬਹੁ ਵਚਨ ਪੁਲਿੰਗਨਾਂਵ)।, ਕਰਹਿ– ਕਰਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਮਨਿ–ਮਨ ਵਿੱਚ (ਅਧਿਕਰਣ ਕਾਰਕ)।, ਸੋਇ ਸਚਾ–ਉਹ ਸਦਾ ਸਥਿਰ ਮਾਲਕ (‘ਸੋਇ’ ਇੱਕ ਵਚਨ ਪੜਨਾਂਵੀ ਵਿਸ਼ੇਸ਼ਣ ਹੈ ਤੇ ‘ਸਚਾ’ ਇੱਕ ਵਚਨ ਪੁਲਿੰਗ ਨਾਂਵ)। (ਨੋਟ: ਧਿਆਨ ਰਹੇ ਕਿ ‘ਸੋਇ’ ਸ਼ਬਦ ਇੱਕ ਵਚਨ ਹੈ ਤੇ ‘ਸੇਇ’ ਬਹੁ ਵਚਨ; ਜਿਵੇਂ ਕਿ: ‘‘ਜਿਸ ਨੋ ਹੋਇ ਦਇਆਲੁ; ਹਰਿ ਨਾਮੁ ‘ਸੇਇ’ ਲੇਹਿ (ਉਹੀ ਲੈਂਦੇ ਹਨ)॥ (ਮ: ੫/੫੨੧), ਨਾਨਕ ! ਰਾਹੁ ਪਛਾਣਹਿ ‘ਸੇਇ’ ॥’’ (ਮ: ੧/੧੨੪੫) ਆਦਿ, ਇਸ ਲਈ ਸੰਬੰਧਿਤ ਪੰਕਤੀ ’ਚ ਸ਼ਬਦ ‘ਸੋਇ’ (ਇੱਕ ਵਚਨ) ਦਾ ਸੰਕੇਤ ‘ਕਰਹਿ ਅਨੰਦੁ’ ਭਾਵ ਅਨੰਦ ਕਰਨ ਵਾਲ਼ੇ ਕਈ ਭਗਤਾਂ ਵੱਲ ਨਹੀਂ; ਜਿਵੇਂ ਕਿ ਕੁਝਟੀਕਾਕਾਰਾਂ ਦੁਆਰਾ ਅਰਥ ਕੀਤੇ ਗਏ ਹਨ ਕਿਉਂਕਿ ‘ਕਰਹਿ’ ਬਹੁ ਵਚਨ ਸ਼ਬਦ ਹੈ)।, ਸਚਖੰਡਿ–ਪ੍ਰਕਾਸ਼ਮਈ ਤੇ ਸਦਾ ਸਥਿਰ ਰੁਤਬੇ (ਪਦਵੀ) ਉੱਤੇ (ਅਪਾਦਾਨ ਕਾਰਕ)। (ਨੋਟ: ਗੁਰਬਾਣੀ ਲਿਖਤ ਨਿਯਮਾਵਲੀ ਅਨੁਸਾਰ ‘ਧਰਮਖੰਡ ਕਾ, ਗਿਆਨਖੰਡ ਕਾ, ਸਰਮਖੰਡ ਕੀ, ਕਰਮਖੰਡ ਕੀ ਤੇ ਸਚਖੰਡਿ’ ਸੰਯੁਕਤ ਸ਼ਬਦ ਵਧੇਰੇ ਦਰੁਸਤ ਜਾਪਦੇ ਹਨ, ਜਿਵੇਂ ਕਿ ਮਹਾਨ ਕੋਸ਼ ’ਚ ਵੀ ਦਰਜ ਹਨ।), ਨਿਰੰਕਾਰੁ-ਆਕਾਰ ਰਹਿਤ, ਸੀਮਾਵਾਂ ਰਹਿਤ, ਅਨਾਦਿ ਭਾਵ ਅਣ+ਆਦਿ ਜਾਂ ਮੁੱਢ ਰਹਿਤ (ਨਾਂਵ)।, ਕਰਿ ਕਰਿ–ਬਣਾ ਬਣਾ ਕੇ (ਕਿਰਿਆ ਵਿਸ਼ੇਸ਼ਣ)।, ਨਦਰਿ-(ਮਿਹਰ) ਦ੍ਰਿਸ਼ਟੀ (ਇਸਤ੍ਰੀ ਲਿੰਗ)।, ਨਿਹਾਲ–ਪ੍ਰਸੰਨ-ਚਿਤ (ਦ੍ਰਿਸ਼ਟੀ, ਇਸਤ੍ਰੀ ਲਿੰਗ ਵਿਸ਼ੇਸ਼ਣ)।, ਤਿਥੈ– ਉਸ (‘ਸਚਖੰਡਿ’) ਵਿੱਚ (ਅਧਿਕਰਣ ਕਾਰਨ ਪੜਨਾਂਵ)।, ਖੰਡ-(ਸੂਰਜ ਪਰਵਾਰ ਦੇ) ਟੁਕੜੇ ਭਾਵ ਅਣਗਿਣਤ ਧਰਤੀਆਂ (ਬਹੁ ਵਚਨ ਨਾਂਵ)।, ਮੰਡਲ–ਸੂਰਜ ਦੇ ਅਣਗਿਣਤ ਪਰਵਾਰ (ਬਹੁ ਵਚਨ ਨਾਂਵ)।, ਵਰਭੰਡ–ਅਨੇਕਾਂ ਸੂਰਜਾਂ ਦੇ ਅਣਗਿਣਤ ਪਰਵਾਰ (ਬਹੁ ਵਚਨ ਨਾਂਵ)।, ਲੋਅ ਲੋਅ-(ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ ਭਾਵ ਤ੍ਰਿਲੋਕੀ ਦੀ ਬਜਾਏ) ਅਨੇਕਾਂ ਲੋਕ (ਬਹੁ ਵਚਨ ਨਾਂਵ)।, ਆਕਾਰ–ਅਣਗਿਣਤ ਵਜੂਦ ਜਾਂ ਅਸਤਿਤਵ (ਬਹੁ ਵਚਨ ਨਾਂਵ)।, ਜਿਵ ਜਿਵ– ਜਿਸ ਜਿਸ ਤਰ੍ਹਾਂ ਦਾ, ਜਿੱਦਾਂ ਦਾ (ਕਿਰਿਆ ਵਿਸ਼ੇਸ਼ਣ)।, ਤਿਵੈ ਤਿਵ– ਉਸ ਤਰ੍ਹਾਂ ਦਾ ਹੀ, ਓਦਾਂ ਦਾ (ਕਿਰਿਆ ਵਿਸ਼ੇਸ਼ਣ)।, ਕਾਰ–ਜਗਤ ਕਾਰ ਵਿਵਹਾਰ, ਸਮਾਜਿਕ ਕੰਮ-ਕਾਜ, ਆਪਸੀ ਸਾਂਝ ਜਾਂ ਸੰਬੰਧ (ਇਸਤ੍ਰੀ ਲਿੰਗ)।, ਵਿਗਸੈ-ਪ੍ਰਸੰਨ ਹੁੰਦਾ ਹੈ (ਇੱਕ ਵਚਨ ਵਰਤਮਾਨ ਕਿਰਿਆ)।, ਕਰਿ–ਕਰਕੇ (ਕਿਰਿਆ ਵਿਸ਼ੇਸ਼ਣ)।, ਵੀਚਾਰੁ–ਸੋਚ-ਵਿਚਾਰ ਜਾਂ ਸਮਝ (ਨਾਂਵ)।, ਨਾਨਕ– ਹੇ ਨਾਨਕ! (ਸੰਬੋਧਨ ਨਾਂਵ)।, ਕਥਨਾ–ਬਿਆਨ ਕਰਨਾ (ਕਿਰਿਆ)।, ਕਰੜਾ ਸਾਰੁ–ਲੋਹੇ ਵਾਙ ਸਖ਼ਤ (‘ਕਰੜਾ’ ਵਿਸ਼ੇਸ਼ਣ ਤੇ ‘ਸਾਰੁ’ ਲੋਹਾ ਭਾਵ ਨਾਂਵ)।

(ਨੋਟ: ਧਰਮਖੰਡ ਤੇ ਗਿਆਨਖੰਡ ’ਚ ਅੰਤਰ ਸੀ ਕਿ ਧਰਮਖੰਡ ਲਈ ਜਿੰਨੀਆਂ ‘ਰਾਤਾਂ, ਰੁੱਤਾਂ, ਪਵਣ, ਪਾਣੀ, ਪਾਤਾਲ, ਸੁਰਗ, ਕ੍ਰਿਸਨ, ਸਿਵ, ਇੰਦਰ, ਦੇਵੀਆਂ’ ਆਦਿ ਹਨ, ਗਿਆਨਖੰਡ ਦੀਆਂ ‘ਕੇਤੀਆ ਕਰਮ ਭੂਮੀ’ ਲਈ ਇਸ ਤੋਂ ਕਈ ਗੁਣਾਂ ਵੱਧ ਹਨ। ਤੀਜੇ ਪੜਾਅ ‘ਸਰਮਖੰਡ’ ’ਚ ਇਸ ਸਮਝ ਨੂੰ ਯਕੀਨ ’ਚ ਬਦਲਣਾ ਹੈ ਭਾਵ ਜੀਵਨ ’ਚ ਕਮਾਉਣਾ ਹੈ, ਮਸ਼ੱਕਤ ਕਰਨੀ ਹੈ, ਮਾਨਸਿਕ ਗਿਆਨ ਨੂੰ ਜੀਵਨ ਦਾ ਭਾਗ ਬਣਾਉਣਾ ਹੈ, ਮਾਨਸਿਕ ਗਿਆਨ ਨੂੰ ਰੂਹ ਜਾਂ ਸੁਆਸਾਂ ’ਚ ਇੱਕ-ਮਿੱਕ ਕਰਨਾ ਹੈ, ਇਸ ਉਪਰੰਤ ਹੁੰਦੀ ਅੰਤਮ ਬਖ਼ਸ਼ਸ਼ ਨੂੰ ‘ਕਰਮਖੰਡ’ ਅਤੇ ਅਕਾਲ ਪੁਰਖ ’ਚ ਅਭੇਦਤਾ ਨੂੰ ‘ਸਚਖੰਡਿ’ ਨਾਂ ਦਿੱਤਾ ਗਿਆ ਹੈ। ਇਨ੍ਹਾਂ ਚਾਰੇ ਪਉੜੀਆਂ ਦਾ ਵਿਸ਼ਾ-ਵਿਸਥਾਰ, ਪੰਜੇ ਅਵਸਥਾਵਾਂ ਦਾ ਅਨੁਭਵ, ਭਾਵ ਕਰਤਾਰ, ਕਿਵੇਂ ਕੁਦਰਤ ਨੂੰ ਸੰਭਾਲ਼ਦਾ ਹੈ, ਪ੍ਰਤੱਖ ਸਮਝ ਆਉਂਦਾ ਹੈ।)

‘ਕਰਮ’ ਸ਼ਬਦ ਦੇ ਪ੍ਰਚਲਿਤ ਅਰਥ ‘ਪ੍ਰਸਾਦ ਜਾਂ ਬਖਸ਼ਸ਼’ ਕੀਤੇ ਹੋਣ ਕਾਰਨ ਕੁਝ ਸੱਜਣਾਂ ਦੇ ਮਨ ’ਚ ਸੰਦੇਹ ਹੈ ਕਿ ਕੀ ‘ਕਰਮਖੰਡ’ ਤੋਂ ਪੂਰਵ ਤਮਾਮ ਕਾਰਜ ‘ਰੱਬ’ ਦੀ ਮਿਹਰ ਤੋਂ ਬਿਨਾਂ ਹੀ ਨੇਪਰੇ ਚੜ੍ਹ ਜਾਂਦੇ ਹਨ ? ਇਸ ਲਈ ਮਹਾਨ ਕੋਸ਼ ਤੇ ਸ਼ਬਦਾਰਥ ਟੀਕਾਕਾਰਾਂ ਨੇ ‘ਕਰਮ’ ਦਾ ਅਰਥ ‘ਮਿਹਰ’ ਦੀ ਬਜਾਏ ‘ਅਮਲ’ ਦਰੁਸਤ ਮੰਨਿਆ ਹੈ ਭਾਵ ਅਮਲ ਕਰਨ ਵਾਲ਼ੀ ਅਵਸਥਾ ‘ਕਰਮਖੰਡ’, ਪਰ ‘ਅਮਲੀ ਜੀਵਨ’ ਦੀ ਵਿਆਖਿਆ ‘ਸਰਮਖੰਡ’ ਵੀ ਕਰਦੀ ਹੈ। ਕੁਝ ਟੀਕਾਕਾਰਾਂ ਨੇ ‘ਕਰਮਖੰਡ’ ਦੇ ਭਾਵਾਰਥ ਨਹੀਂ ਕੀਤੇ। ‘ਕਰਮਖੰਡ’ ਦੇ ਅਰਥਾਂ ’ਚ ਸਪੱਸ਼ਟਤਾ, ਸ਼ਾਇਦ ‘ਕਰਮ’ ਸ਼ਬਦ ਦੇ ਭਿੰਨ-ਭਿੰਨ ਅਰਥਾਂ ਨੂੰ ਵਿਚਾਰਨ ਉਪਰੰਤ ਆ ਸਕੇਗੀ।

ਗੁਰਬਾਣੀ ’ਚ ‘ਕਰਮ’ (385 ਵਾਰ), ‘ਕਰਮੁ’ (99 ਵਾਰ), ‘ਕਰਮਿ’ (100 ਵਾਰ) ਆਦਿ ਦਰਜ ਹੈ; ਜਿਵੇਂ:

(1). ‘ਕਰਮੁ’- (ੳ). ਇਹ ਸ਼ਬਦ ਇੱਕ ਵਚਨ ਪੁਲਿੰਗ ਹੈ, ਜਿਸ ਦਾ ਅਰਥ ਹੈ: ‘ਪ੍ਰਸਾਦ, ਫ਼ਜ਼ਲ’ (ਪੁਲਿੰਗ) ਤੇ ‘ਮਿਹਰ, ਕਿਰਪਾ, ਬਖ਼ਸ਼ਸ਼, ਮਿਹਰਬਾਨੀ, ਦਇਆ’ ਆਦਿ (ਇਸਤ੍ਰੀ ਲਿੰਗ); ਗੁਰਬਾਣੀ ਫ਼ੁਰਮਾਨ ਹਨ:

ਬਹੁਤਾ ‘ਕਰਮੁ’ (ਪ੍ਰਸਾਦ); ਲਿਖਿਆ ਨਾ ਜਾਇ ॥ (ਜਪੁ)

ਅਮੁਲੁ ‘ਕਰਮੁ’ (ਪ੍ਰਸਾਦ); ਅਮੁਲੁ ਫੁਰਮਾਣੁ (ਹੁਕਮ)॥ (ਜਪੁ), ਆਦਿ।

(ਅ). ‘ਕਰਮੁ’ ਦਾ ਅਰਥ ਹੈ: ‘ਕੰਮ, ਕਰਤੱਬ ਕਿਰਦਾਰ’; ਗੁਰਬਾਣੀ ਫ਼ੁਰਮਾਨ ਹਨ:

ਗਿਆਨ ਖੰਡ ਕਾ; ਆਖਹੁ ‘ਕਰਮੁ’ (ਕਰਤੱਬ)॥ (ਜਪੁ)

ਸੋਹਾਗਣੀ, ਕਿਆ ‘ਕਰਮੁ’ (ਕੰਮ) ਕਮਾਇਆ ? ॥ (ਮ: ੧/੭੨)

ਜੈਸਾ ‘ਕਰਮੁ’ (ਕਿਰਦਾਰ); ਤੈਸੀ ਲਿਵ ਲਾਵੈ ॥(ਮ: ੧/੧੩੪੨), ਆਦਿ।

(2). ‘ਕਰਮਿ’- ‘ਕਰਮੁ’ ਸ਼ਬਦ ਜਦ ਕਰਣ ਕਾਰਕ ਜਾਂ ਅਧਿਕਰਣ ਕਾਰਕ ਹੋਵੇ ਤਾਂ ‘ਕਰਮੁ’ (ਅੰਤ ਔਂਕੜ) ਦੀ ਬਣਤਰ ‘ਕਰਮਿ’ (ਅੰਤ ਸਿਹਾਰੀ) ਹੋ ਜਾਂਦੀ ਹੈ; ਗੁਰਬਾਣੀ ਫ਼ੁਰਮਾਨ ਹਨ:

(ੳ). ‘ਕਰਮਿ’ ਦਾ ਅਰਥ ਹੈ: ‘ਮਿਹਰ ਨਾਲ ਜਾਂ ਕਿਰਪਾ ਦੁਆਰਾ’ (ਭਾਵ ਕਰਣ ਕਾਰਕ); ਜਿਵੇਂ:

‘ਕਰਮਿ’ (ਮਿਹਰ ਨਾਲ) ਮਿਲੈ; ਨਾਹੀ ਠਾਕਿ ਰਹਾਈਆ (ਨਾ ਰੁਕਾਵਟ ਪੈਂਦੀ)॥ (ਸੋ ਦਰੁ, ਆਸਾ, ਮ: ੧/੯)

ਗੁਰਬਾਣੀ, ਇਸੁ ਜਗ ਮਹਿ ਚਾਨਣੁ; ‘ਕਰਮਿ’ (ਕਿਰਪਾ ਦੁਆਰਾ) ਵਸੈ, ਮਨਿ (’ਚ) ਆਏ (ਆ ਕੇ)॥ (ਮ: ੩/੬੭)

(ਅ). ‘ਕਰਮਿ’ ਦਾ ਅਰਥ ਹੈ: ‘ਭਾਗ ਵਿੱਚ’ ਜਾਂ ‘ਨਸੀਬ ’ਚ’ (ਭਾਵ ਅਧਿਕਰਣ ਕਾਰਕ); ਜਿਵੇਂ:

ਦਹ ਦਿਸਿ ਧਾਵਹਿ (ਹਰ ਪਾਸੇ ਦੌੜਦੇ ਹਨ); ਕਰਮਿ (ਨਸੀਬ ਵਿੱਚ) ਲਿਖਿਆਸੁ (ਲਿਖੇ ਅਨੁਸਾਰ)॥ (ਮ: ੧/੧੫੨) ਆਦਿ।

(3). ‘ਕਰਮ’- (ੳ). ਇਹ ਸ਼ਬਦ ਅੰਤ ਮੁਕਤਾ ਹੋਣ ਕਾਰਨ ਇਸਤ੍ਰੀ ਲਿੰਗ ਅਰਥ ਵੀ ਦੇਂਦਾ ਹੈ, ਜਿਸ ਦਾ ਅਰਥ ਹੈ: ‘5 ਫੁੱਟ ਦਾ ਫ਼ਾਸਲਾ ਜਾਂ 2 ਕਦਮ’; ਜਿਵੇਂ:

ਮੂਸਨ ! ਪ੍ਰੇਮ ਪਿਰੰਮ ਕੈ (ਪਤੀ ਦੇ ਪ੍ਰੇਮ ਲਈ); ਗਨਉ ਏਕ ਕਰਿ (ਕੇ) ‘ਕਰਮ’ (ਕੇਵਲ 2 ਕਦਮ ਭਾਵ ਬਹੁਤ ਨੇੜੇ)॥ (ਮ: ੫/੧੩੬੪)

(ਅ). ਕੰਮ ਕਾਜ (ਬਹੁ ਵਚਨ) ਲਈ ਵੀ ‘ਕਰਮ’ (ਅੰਤ ਮੁਕਤਾ) ਹੈ; ਜਿਵੇਂ:

ਸਾਧ ਨਾਮ; ਨਿਰਮਲ ਤਾ ਕੇ ‘ਕਰਮ’ ॥ (ਮ: ੫/੨੯੬)

ਬਹੁ ‘ਕਰਮ’ ਕਰੇ; (ਪਰ) ਸਤਿਗੁਰੁ ਨਹੀ ਪਾਇਆ ॥ (ਮ: ੩/੧੨੬੧)

ਪਾਪੀ ‘ਕਰਮ’ ਕਮਾਵਦੇ; ਕਰਦੇ ਹਾਏ ਹਾਇ ॥ (ਮ: ੫/੧੪੨੫) ਆਦਿ।

(ੲ). ਸੰਬੰਧਕੀ ਸ਼ਬਦ (ਕਾ, ਕੇ, ਕੀ) ਕਾਰਨ ਵੀ ‘ਕਰਮ’ ਅੰਤ ਮੁਕਤਾ ਹੈ; ਜਿਵੇਂ:

ਬੇਦ ਪੁਰਾਨ ਸਭੈ, ਮਤ ਸੁਨਿ ਕੈ; ਕਰੀ ‘ਕਰਮ ਕੀ’ (ਭਾਵ ਕਰਮਕਾਂਡ ਦੀ) ਆਸਾ ॥ (ਭਗਤ ਕਬੀਰ/੬੫੪)

ਇਹੁ ਸਰੀਰੁ ‘ਕਰਮ ਕੀ’ (ਭਾਵ ਕਰਮ-ਬੀ ਖਿਲਾਰਨ ਵਾਲ਼ੀ) ਧਰਤੀ; ਗੁਰਮੁਖਿ ਮਥਿ ਮਥਿ (ਕੇ) ਤਤੁ ਕਢਈਆ ॥ (ਮ: ੪/੮੩੪)

ਅਪਨੇ ‘ਕਰਮ ਕੀ’ ਗਤਿ (ਭਾਵ ਆਪਣੇ ਕਿਰਦਾਰ ਦੀ ਕੀਮਤ); ਮੈ ਕਿਆ ਜਾਨਉ ? ॥ (ਭਗਤ ਕਬੀਰ/੮੭੦), ਆਦਿ।

ਉਕਤ ਕੀਤੀ ਗਈ ਤਮਾਮ ਵਿਚਾਰ ਉਪਰੰਤ ‘ਕਰਮ’ ਦਾ ਅਰਥ ‘ਅਮਲ ਕਰਨਾ’ ਨਹੀਂ ਮਿਲਦਾ, ਇਸ ਲਈ ਮਹਾਨ ਕੋਸ਼ ਤੇ ਸ਼ਬਦਾਰਥ ਲੇਖਕਾਂ ਦੁਆਰਾ‘ਕਰਮਖੰਡ’ ਦਾ ਅਰਥ ‘ਅਮਲ ਕਰਨਾ’, ਖਿੱਚ ਕੇ ਕੀਤੇ ਗਏ ਅਰਥ, ਜਾਪਦੇ ਹਨ, ਜਿਸ ਬਾਬਤ ‘ਸਰਮਖੰਡ’ ਵੀ ਵਿਆਖਿਆ ਕਰਦੀ ਹੈ, ਇਸ ਲਈ‘ਕਰਮਖੰਡ’ ਦਾ ਅਰਥ ‘ਪ੍ਰਸਾਦ ਜਾਂ ਮਿਹਰ ਭਰਪੂਰ ਪਦ’ ਵਧੇਰੇ ਦਰੁਸਤ ਜਾਪਦਾ ਹੈ।

‘ਕਰਮਖੰਡ’ ਦਾ ਅੰਤ ਮੁਕਤਾ ਸੰਬੰਧਕੀ ਚਿੰਨ੍ਹ ‘ਕੀ’ ਕਾਰਨ ਹੈ: ‘‘ਕਰਮਖੰਡ ਕੀ; ਬਾਣੀ ਜੋਰੁ ॥’’ ਪਰ ਇਹ ਵਿਚਾਰ ਵੀ ਜ਼ਰੂਰੀ ਹੈ, ਕਿ ‘ਕਰਮ’ (ਮਿਹਰ) ਨੂੰ ਜੀਵਨ ’ਚ ਪਹਿਲੀ ਬਖ਼ਸ਼ਸ਼ ਮੰਨਿਆ ਜਾਵੇ ਜਾਂ ਅੰਤਮ; ਜਿਵੇਂ ਕਿ:

ਕੁਦਰਤ ਦੇ ਵਿਕਾਸ ਲਈ ਰੱਬੀ ਦਾਤ ਮਿਲਣੀ ਵੀ ਇੱਕ ਬਖ਼ਸ਼ਸ਼ ਹੀ ਹੈ: ‘‘ਦਾਤੈ (ਨੇ) ਦਾਤਿ ਰਖੀ ਹਥਿ (’ਚ) ਅਪਣੈ; ਜਿਸੁ ਭਾਵੈ, ਤਿਸੁ ਦੇਈ ॥’’ (ਮ: ੩/੬੦੪), ਮਨੁੱਖਾ ਜਨਮ ਨਸੀਬ ਹੋਣਾ ਵੀ ਇੱਕ ਬਖ਼ਸ਼ਸ਼ ਹੈ: ‘‘ਕਰਮੀ ਆਵੈ ਕਪੜਾ..॥’’, ਗੁਰਸਿੱਖ ਪਰਵਾਰ ’ਚ ਜਨਮ, ਵੀ ਰੱਬੀ ਮਿਹਰ ਹੈ, ਦੁੱਖ-ਭੁਖ ਵੀ ਇੱਕ ਬਖ਼ਸ਼ਸ਼ ਹੀ ਹੈ: ‘‘ਏਹਿ ਭਿ ਦਾਤਿ (ਬਖ਼ਸ਼ਸ਼) ਤੇਰੀ; ਦਾਤਾਰ ! ॥’’ ਆਦਿ, ਇਸ ਲਈ ‘ਕਰਮਖੰਡ’ ’ਚ ਬਿਆਨ ਕੀਤੀ ਗਈ ਬਖ਼ਸ਼ਸ਼ ਨੂੰ ਨਿਰਾਕਾਰ ਤੋਂ ਬਣੀ ਦੂਰੀ ਨੂੰ ਮਿਟਾਉਣ ’ਚ ਅੰਤਮ ਬਖ਼ਸ਼ਸ਼ ਮੰਨਣਾ, ਦਰੁਸਤ ਹੋਵੇਗਾ ਕਿਉਂਕਿ ਇਸ ਮਿਹਰ ਉਪਰੰਤ ਮਨੁੱਖਾ ਹੋਂਦ ‘ਸਚਖੰਡਿ’ ਭਾਵ ‘ਰੱਬ’ ’ਚ ਅਭੇਦ ਹੋ ਜਾਂਦੀ ਹੈ, ਜਿਸ ਕਾਰਨ ਨਿਤਾਪ੍ਰਤਿ ਬਖ਼ਸ਼ਸ਼ ਦੀ ਉਡੀਕ ਨਹੀਂ ਰਹਿੰਦੀ। ‘ਜਪੁ’ ਬਾਣੀ ‘‘ਨਦਰੀ ਮੋਖੁ ਦੁਆਰੁ ॥’’ ਦਾ ਭਾਵ ਵੀ ‘ਰੱਬ’ ਦੀ ਮਿਹਰ ਦ੍ਰਿਸ਼ਟੀ ਨਾਲ ਆਕਾਰ ਵਜੂਦ ਤੋਂ ਸਦੀਵੀ ਮੁਕਤੀ ਤੇ ‘ਨਿਰਾਕਾਰ’ (ਸਚਖੰਡਿ) ’ਚ ਅਭੇਦ ਹੋਣਾ ਹੈ।)

‘‘ਕਰਮਖੰਡ ਕੀ; ਬਾਣੀ ਜੋਰੁ ॥ ਤਿਥੈ; ਹੋਰੁ ਨ ਕੋਈ ਹੋਰੁ ॥’’–ਇਸ ਪੰਕਤੀ ’ਚ ਦਰਜ ‘ਜੋਰੁ, ਹੋਰੁ, ਕੋਈ ਹੋਰੁ’ ਸ਼ਬਦ, ਤੁਲਨਾਤਮਿਕ ਅਰਥ ਦੇਂਦੇ ਹਨ ਭਾਵ ਜਿੱਥੇ ਇੱਕ ‘ਜੋਰੁ’ ਹੈ, ਉੱਥੇ ‘ਹੋਰੁ’ ਜਾਂ ‘ਕੋਈ ਹੋਰੁ’ (ਜੋਰੁ) ਨਹੀਂ। ਇਸ ਪੰਕਤੀ ’ਚ ‘ਜੋਰੁ’ ਇੱਕ ਵਚਨ ਪੁਲਿੰਗ ਸ਼ਬਦ ਹੈ ਤੇ ‘ਹੋਰੁ, ਕੋਈ ਹੋਰੁ’ ਵੀ ਇੱਕ ਵਚਨਪੁਲਿੰਗ ਪੜਨਾਂਵ ਹਨ।

ਗੁਰਬਾਣੀ ’ਚ ‘ਹੋਰੁ’ (ਪੁਲਿੰਗ ਪੜਨਾਂਵ) 116 ਵਾਰ ਦਰਜ ਹੈ; ਜਿਵੇਂ

ਧਰਤੀ ‘ਹੋਰੁ’; ਪਰੈ ‘ਹੋਰੁ, ਹੋਰੁ’ ॥ (ਜਪੁ)

ਆਵਨਿ ਅਠਤਰੈ, ਜਾਨਿ ਸਤਾਨਵੈ; ‘ਹੋਰੁ’ ਭੀ ਉਠਸੀ, ਮਰਦ ਕਾ ਚੇਲਾ ॥ (ਮ: ੧/੭੨੩)

ਏਵਡੁ ਧਨੁ, ‘ਹੋਰੁ’ ਕੋ ਨਹੀ; ਭਾਈ ! ਜੇਵਡੁ ਸਚਾ ਨਾਉ ॥ (ਮ: ੩/੧੪੧੯) ਆਦਿ, ਅਤੇ ‘ਹੋਰ’ (ਇਸਤ੍ਰੀ ਲਿੰਗ) 74 ਵਾਰ ਦਰਜ ਹੈ; ਜਿਵੇਂ

ਬਾਬਾ ! ‘ਹੋਰ’ ਮਤਿ, ‘ਹੋਰ’, ‘ਹੋਰ’ ॥ (ਮ: ੧/੧੭)

ਨਾਨਕ ! ਏਕੀ ਬਾਹਰੀ; ‘ਹੋਰ’ ਦੂਜੀ ਨਾਹੀ ਜਾਇ (ਜਗ੍ਹਾ, ਆਸਰਾ)॥ (ਮ: ੧/੪੭੫)

ਇਸੁ ਜਗ ਮਹਿ ਪੁਰਖੁ ਏਕੁ ਹੈ; ‘ਹੋਰ’ ਸਗਲੀ ਨਾਰਿ ਸਬਾਈ (ਤਮਾਮ)॥ (ਮ: ੩/੫੯੧) ਆਦਿ।

ਕਰਮਖੰਡ ਕੀ ਬਾਣੀ, ਜੋਰੁ॥ ਤਿਥੈ; ਹੋਰੁ ਨ ਕੋਈ ਹੋਰੁ॥

ਭਾਵ- (ਮਨੁੱਖ ’ਤੇ ਹੋਣ ਵਾਲ਼ੀ ਅੰਤਮ ਰੱਬੀ) ਮਿਹਰ ਉਪਰੰਤ ਬਣੀ ਅਵਸਥਾ ਦੀ ਬਣਾਵਟ (ਰੱਬ ਵਾਙ ਅਥਾਹ) ਸ਼ਕਤੀਸ਼ਾਲੀ (ਗੰਭੀਰ) ਹੁੰਦੀ ਹੈ, ਕਿਉਂਕਿ ਉੱਥੇ (ਰੱਬੀ ਯਾਦ ਤੋਂ ਬਿਨਾਂ) ਕੋਈ ਹੋਰ ਫੁਰਨਾ, ਹੋਰ ਖ਼ਿਆਲ ਨਹੀਂ ਉਪਜਦਾ।

(ਨੋਟ : ਉਕਤ ਤੁਕ ਦੇ ਅਰਥ ਕਰਨ ਲੱਗਿਆਂ ‘ਅੰਤਮ ਰੱਬੀ ਮਿਹਰ’ ਲਿਖਣ ਦਾ ਕਾਰਨ ਇਹ ਹੈ ਕਿ ਗੁਰਬਾਣੀ ਮੁਤਾਬਕ ਇਸ ਤੋਂ ਪਹਿਲੀਆਂ ਅਵਸਥਾਵਾਂ (ਧਰਮਖੰਡ/ਗਿਆਨਖੰਡ) ਵੀ ਰੱਬੀ ਮਿਹਰ ਬਿਨਾਂ ਚੜ੍ਹ ਨਹੀਂ ਹੁੰਦੀਆਂ, ਸ਼ਾਇਦ ਇਸੇ ਕਾਰਨ ਸ਼ਬਦਾਰਥ ਵਿਦਵਾਨਾਂ ਨੇ ‘ਕਰਮ’ ਦਾ ਅਰਥ ‘ਮਿਹਰ’ ਕਰਨ ਦੀ ਬਜਾਇ ‘ਅਮਲ’ ਕੀਤਾ ਹੈ ਭਾਵ ‘ਅਮਲ (ਕਰਣੀ) ਦੇ ਦਰਜੇ ਉੱਤੇ ਪਹੁੰਚ ਕੇ ਪ੍ਰਗਟ ਹੋਣ ਦਾ ਵਸੀਲਾ ਬਲ ਹੈ, ਅਰਥਾਤ ਮਨੁੱਖ ਦੇ ਕੰਮ ਬਲ ਵਾਲੇ ਹੋਣਗੇ।’ (ਸ਼ਬਦਾਰਥ)

ਇੱਥੇ ਇਹ ਵਿਚਾਰ ਲਾਭਕਾਰੀ ਰਹੇਗੀ ਕਿ ਰੱਬੀ ਦਾਤ ਵੀ ਇੱਕ ਮਿਹਰ ਹੈ; ਜਿਵੇਂ ਇੱਕ ਭਿਖਾਰੀ, ਕਿਸੇ ਦੇ ਦਰ ’ਤੇ ਰੋਜ਼ਾਨਾ ਭੀਖ ਮੰਗਣ ਆਉਂਦਾ ਹੈ ਤੇ ਘਰ ਦਾ ਮਾਲਕ ਉਸ ਨੂੰ ਕੁਝ ਦੇ ਵੀ ਦਿੰਦਾ ਹੈ, ਪਰ ਇੱਕ ਦਿਨ ਮਾਲਕ ਨੇ ਉਸ ਮੰਗਤੇ ਦੀ ਬਾਂਹ ਪਕੜ ਆਪਣੇ ਘਰ ਅੰਦਰ ਹੀ ਬੈਠਾ ਲਿਆ ਤਾਂ ਜੋ ਰੋਜ਼-ਰੋਜ਼ ਮੰਗਦਾ ਨਾ ਫਿਰੇ ਤੇ ਇੱਛਾ ਅਨੁਸਾਰ ਆਪਣੀਆਂ ਲੋੜਾਂ ਪੂਰੀਆਂ ਕਰਦਾ ਰਹੇ। ਉਕਤ ‘ਕਰਮਖੰਡ’ ਪੰਕਤੀ ’ਚ ਇਸ ਨੂੰ ‘ਅੰਤਮ ਰੱਬੀ ਮਿਹਰ’ ਲਿਖਿਆ ਗਿਆ ਹੈ।)

‘‘ਤਿਥੈ; ਜੋਧ ਮਹਾ ਬਲ ਸੂਰ ॥ ਤਿਨ ਮਹਿ; ਰਾਮੁ ਰਹਿਆ ਭਰਪੂਰ ॥’’–ਇਸ ਪੰਕਤੀ ’ਚ ਦਰਜ ‘ਤਿਨ ਮਹਿ’ (ਬਹੁ ਵਚਨ ਪੜਨਾਂਵ) ਦਾ ਸੰਕੇਤ ‘ਜੋਧ ਮਹਾ ਬਲ ਸੂਰ’ (ਬਹੁ ਵਚਨ ਨਾਂਵਾਂ) ਵੱਲ ਨਹੀਂ, ਬਲਕਿ ‘ਤਿਥੈ’ (ਇੱਕ ਵਚਨ ਪੜਨਾਂਵ) ਵੱਲ ਹੈ ਭਾਵ ‘ਤਿਥੈ’ ਦਾ ਅਰਥ ਹੈ: ‘ਉਸ ‘ਕਰਮਖੰਡ’ ਅਵਸਥਾ ਵਿੱਚ’ (ਇੱਕ ਵਚਨ) ਤੇ ‘ਤਿਨ ਮਹਿ’ ਦਾ ਅਰਥ ਹੈ: (ਜਿਨ੍ਹਾਂ ਨੇ ‘ਕਰਮਖੰਡ’ ਅਵਸਥਾ ਪ੍ਰਾਪਤ ਕਰ ਲਈ) ਉਨ੍ਹਾਂ ਵਿੱਚ ਜਾਂ ਉਨ੍ਹਾਂ ਅੰਦਰ (ਬਹੁ ਵਚਨ), ਇਸ ਲਈ‘ਜੋਧ ਮਹਾ ਬਲ ਸੂਰ’ ਕੋਈ ਬਾਹਰੀ ਸਰੀਰਕ ਸ਼ਕਤੀ ਨਹੀਂ ਰਹਿ ਜਾਂਦੀ ਬਲਕਿ ਅੰਦਰੂਨੀ ਸ਼ਕਤੀ ਹੈ ਕਿਉਂਕਿ ਤਰਤੀਬ ਅਨੁਸਾਰ ਵਿਸ਼ਾ ‘ਕਰਮਖੰਡ’ (ਅੰਦਰੂਨੀ ਸ਼ਕਤੀ) ਨਾਲ ਸੰਬੰਧਿਤ ਹੈ।

ਗੁਰਬਾਣੀ ’ਚ ‘ਜੋਧ, ਮਹਾ ਬਲ ਤੇ ਸੂਰ ਜਾਂ ਸੂਰਾ’ ਸੰਯੁਕਤ ਸ਼ਬਦ 6 ਵਾਰ ਦਰਜ ਹਨ, ਜਿਨ੍ਹਾਂ ਵਿੱਚੋਂ 4 ਵਾਰ ਕੇਵਲ ਦੁਨਿਆਵੀ (ਭਾਵ ਸਰੀਰਕ) ਤਾਕਤਵਰ ਮਨੁੱਖਾਂ ਲਈ ਹਨ; ਜਿਵੇਂ:

(1). ਗਾਵਹਿ ‘ਜੋਧ ਮਹਾ ਬਲ ਸੂਰਾ’; ਗਾਵਹਿ ਖਾਣੀ ਚਾਰੇ ॥ (ਜਪੁ, ਸੋ ਦਰੁ, ੩੪੭) (ਇਹ ਪੰਕਤੀ 3 ਵਾਰ ਦਰਜ ਹੈ।)

(2). ਭੈ ਵਿਚਿ; ‘ਜੋਧ ਮਹਾ ਬਲ ਸੂਰ’ ॥ (ਮ: ੧/੪੬੪) ਅਤੇ ਸੰਬੰਧਿਤ ਪੰਕਤੀ ਸਮੇਤ 2 ਵਾਰ ‘ਜੋਧ ਮਹਾ ਬਲ ਸੂਰ’ ਸ਼ਬਦਾਂ ਦਾ ਅਰਥ ਸਰੀਰਕ ਸਮਰੱਥਾ ਨਹੀਂ ਬਲਕਿ 5 ਮਹਾਂ ਬਲੀ ਕਾਮਾਦਿਕਾਂ ਦੇ ਮੁਕਾਬਲੇ ਪ੍ਰਾਪਤ ਕੀਤੀ ਗਈ ਅੰਦਰੂਨੀ ਸ਼ਕਤੀ ਹੈ, ਜਿਸ ਨੂੰ ‘‘ਪੰਜੇ ਬਧੇ ਮਹਾਬਲੀ; ਕਰਿ ਸਚਾ ਢੋਆ (ਆਸਰਾ)॥’’ (ਮ: ੫/੧੧੯੩) ਕਿਹਾ ਗਿਆ ਹੈ।

ਗੁਰਬਾਣੀ ’ਚ ‘ਰੱਬ’ ਦੇ ਸਮਾਨੰਤਰ ਸ਼ਕਤੀ ‘ਗੁਰੂ’ ਪਾਸ ਹੈ, ਇਸ ਲਈ ‘‘ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ‘ਸੂਰਾ’ ॥’’ (ਮ: ੧/੯੩੦) ਬਚਨ ਕੀਤੇ ਗਏ ਭਾਵ ਕਰਤਾਰ ਦੀ ਪੂਰਨ ਬਲ ਸਮਰੱਥਾ ‘ਕਰਤਾਰ’ ਆਪ ਜਾਣਦਾ ਹੈ ਜਾਂ (ਵਿਕਾਰਾਂ ’ਤੇ ਜਿੱਤ ਪ੍ਰਾਪਤ ਕਰਨ ਵਾਲ਼ਾ) ਸੂਰਮਾ ‘ਗੁਰੂ’ ਜਾਣਦਾ ਹੈ।‘ਗੁਰੂ’ ਦੇ ਇਸ ਪਦ ਦੀ ਤੁਲਨਾ ‘ਕਰਮਖੰਡ’ ’ਚ ਬਿਆਨੇ ਗਏ ‘ਜੋਧ ਮਹਾ ਬਲ ਸੂਰ’ ਨਾਲ ਕੀਤੀ ਜਾ ਸਕਦੀ ਹੈ।

ਤਿਥੈ; ਜੋਧ, ਮਹਾ ਬਲ, ਸੂਰ॥ ਤਿਨ ਮਹਿ; ਰਾਮੁ ਰਹਿਆ ਭਰਪੂਰ॥

ਭਾਵ- ਉਸ ਪੜਾਅ ’ਚ (ਮਨੁੱਖੀ ਕਿਰਦਾਰ ਵਿਕਾਰਾਂ ਦੇ ਮੁਕਾਬਲੇ/ਸਾਮ੍ਹਣੇ) ਮਹਾਂਬਲੀ ਯੋਧੇ, ਅਡੋਲ ਸੂਰਮੇ ਬਣ ਜਾਂਦੇ ਹਨ ਕਿਉਂਕਿ ਉਨ੍ਹਾਂ ਅੰਦਰ ‘ਰਾਮੁ’ (ਕਣ-ਕਣ ’ਚ ਵਿਆਪਕ) ਸ਼ਕਤੀ ਕਾਰਜਸ਼ੀਲ ਹੁੰਦੀ ਹੈ।

‘‘ਤਿਥੈ; ਸੀਤੋ-ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ; ਨ ਕਥਨੇ ਜਾਹਿ ॥ ਨਾ ਓਹਿ ਮਰਹਿ; ਨ ਠਾਗੇ ਜਾਹਿ ॥ ਜਿਨ ਕੈ; ਰਾਮੁ ਵਸੈ, ਮਨ ਮਾਹਿ ॥’’–ਉਕਤ ਪੰਕਤੀਆਂ ’ਚ ‘ਸੀਤੋ-ਸੀਤਾ’ ਸ਼ਬਦਾਂ ਸਮੇਤ ‘ਰਾਮੁ’ ਸ਼ਬਦ ਵੀ 2 ਵਾਰ ਦਰਜ ਹੈ।

ਕਿਸੇ ਇੱਕ ਵਿਸ਼ੇਸ਼ ਜਗ੍ਹਾ ਸਥਾਪਤ ਕੀਤੀ ਗਈ ਮੂਰਤੀ ਜਾਂ ਮਨੁੱਖ ਆਦਿ ਨਾਲ ਨਿਰੰਤਰ ਸੰਬੰਧ ਸਥਾਪਤ ਕਰਨੇ ਭਾਵ ‘ਸੀਤੋ-ਸੀਤਾ’ (ਰਲ਼ਗੱਡ) ਹੋਣਾ ਅਸੰਭਵ ਹੈ, ਇਸ ਦੇ ਮੁਕਾਬਲੇ ‘ਰਾਮੁ’ (ਰਮਿਆ ਹੋਇਆ) ਨਾਲ ‘ਸੀਤੋ-ਸੀਤਾ’ (ਰਲ਼ਗੱਡ) ਹੋਣਾ ਆਸਾਨ ਹੈ, ਜਿਸ ਕਾਰਨ ‘ਰਾਮੁ’ ਤੇ ‘ਸੀਤੋ-ਸੀਤਾ’ ਸ਼ਬਦਾਂ ਦਾ ਸੁਮੇਲ ਕੀਤਾ ਗਿਆ, ਜਾਪਦਾ ਹੈ। ਸਰਬ ਵਿਆਪਕ ’ਚ ਨਿਰੰਤਰ ਲੀਨਤਾ ਉਪਰੰਤ ਵਿਕਾਰ ਵੀ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਜਿਨ੍ਹਾਂ ਲਈ ‘‘ਨਾ ਓਹਿ ਮਰਹਿ; ਨ ਠਾਗੇ ਜਾਹਿ ॥’’ ਬਚਨ ਦਰਜ ਹਨ।

ਗੁਰਬਾਣੀ ਅਨੁਸਾਰ ਵਿਕਾਰਾਂ ਅੱਗੇ ਹਾਰ ਜਾਣਾ ਮਰਨਾ ਤੇ ਠੱਗੇ ਜਾਣਾ ਹੈ; ਜਿਵੇਂ: ‘‘ਰਾਜੁ (ਲੋਭ-ਲਾਲਚ), ਮਾਲੁ (ਮੋਹ), ਰੂਪੁ (ਕਾਮ), ਜਾਤਿ (ਅਹੰਕਾਰ); ਜੋਬਨੁ (ਕ੍ਰੋਧ) ਪੰਜੇ ਠਗ ॥ ਏਨੀ ਠਗੀਂ (ਇਨ੍ਹਾਂ ਠੱਗਾਂ ਨੇ) ਜਗੁ ਠਗਿਆ; ਕਿਨੈ (ਕਿਸੇ ਨੇ) ਨ ਰਖੀ ਲਜ (ਇੱਜ਼ਤ)॥’’ (ਮ: ੧/੧੨੮੮)

ਤਿਥੈ; ਸੀਤੋ ਸੀਤਾ, ਮਹਿਮਾ ਮਾਹਿ॥ ਤਾ ਕੇ ਰੂਪ; ਨ ਕਥਨੇ ਜਾਹਿ॥     ਉਚਾਰਨ : ਮਾਹਿਂ, ਜਾਹਿਂ।

ਭਾਵ- ਓਥੇ (ਕਰਮਖੰਡ ’ਚ ਮਨੁੱਖ, ਰਾਮੁ/ਰੱਬੀ) ਉਸਤਤ ’ਚ (ਕੱਪੜਾ ਸੀਊਣ ਵਾਙ) ਪੂਰੇ ਸਿਲੇ (ਜੂੜੇ) ਹੁੰਦੇ ਹਨ, ਉਨ੍ਹਾਂ ਦੇ ਨੂਰ (ਛਬ ਜਲਾਲ) ਬਿਆਨ ਨਹੀਂ ਹੋ ਸਕਦੇ।

ਨਾ ਓਹਿ ਮਰਹਿ; ਨ ਠਾਗੇ ਜਾਹਿ॥ ਜਿਨ ਕੈ; ਰਾਮੁ ਵਸੈ, ਮਨ ਮਾਹਿ॥     ਉਚਾਰਨ : ਓਹ, ਮਰਹਿਂ, ਜਾਹਿਂ, ਮਾਹਿਂ।

ਭਾਵ- ਜਿਨ੍ਹਾਂ ਦੇ ਹਿਰਦੇ ਵਿੱਚ ਕਣ ਕਣ ’ਚ ਵਿਸਤਿ੍ਰਤ (ਰਾਮੁ) ਵਸਦਾ ਹੈ, ਉਹ ਨਾ (ਆਤਮਿਕ ਮੌਤ) ਮਰਦੇ ਹਨ (ਅਤੇ ਉਨ੍ਹਾਂ ਦੀ ਸੁਆਸ ਪੂੰਜੀ) ਵਿਕਾਰ, ਲੁੱਟ ਵੀ ਨਹੀਂ ਲੈ ਜਾਂਦੇ (ਭਾਵ ਉਨ੍ਹਾਂ ਦਾ ਹਰ ਸੁਆਸ, ਬੁਰਾ ਸੋਚ ਕੇ ਆਪਣਾ ਜੀਵਨ ਅਜਾਈਂ ਨਹੀਂ ਗਵਾਉਂਦਾ)।

‘‘ਤਿਥੈ; ਭਗਤ ਵਸਹਿ, ਕੇ ਲੋਅ ॥ ਕਰਹਿ ਅਨੰਦੁ; ਸਚਾ ਮਨਿ ਸੋਇ ॥’’–ਇਸ ਪਉੜੀ ਦੀਆਂ ਉਕਤ ਪੰਕਤੀਆਂ ’ਚ ਇੱਕ ਧਰਤੀ (‘ਕਰਮ ਭੂਮੀ ਜਾਂ ਧਰਮਸ਼ਾਲ਼ ਭਾਵ ਧਰਮਖੰਡ’) ਦੇ ਜੀਵਨ ਦੀ ਵਿਆਖਿਆ ਹੈ ਅਤੇ ਇਸ ਪੰਕਤੀ ’ਚ ‘‘ਕੇਤੀਆ ਕਰਮ ਭੂਮੀ’’ ਭਾਵ ‘ਗਿਆਨਖੰਡ’ ਦਾ ਅਸੀਮ ਵਿਸ਼ਾ ਦਰਜ ਹੈ।

‘ਲੋਅ’-ਗੁਰਬਾਣੀ ’ਚ ਇੱਕ ਧਰਤੀ ਨਾਲ ਸੰਬੰਧਿਤ ਤਿੰਨ ਲੋਕਾਂ (ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ) ਲਈ ‘ਲੋਇ’ ਸ਼ਬਦ 32 ਵਾਰ ਵਰਤਿਆ ਮਿਲਦਾ ਹੈ, ਜਿਸ ਦਾ ਅਰਥ ਹੈ: ‘ਤਿੰਨੇ ਲੋਕਾਂ ਵਿੱਚ’ (ਅਧਿਕਰਣ ਕਾਰਕ); ਜਿਵੇਂ:

ਭਗਤੁ, ਭਗਤੁ; ਸੁਨੀਐ ‘ਤਿਹੁ ਲੋਇ’ ॥ (ਮ: ੫/੨੮੩)

ਜਾਪੈ ਆਪਿ ਪ੍ਰਭੂ; ‘ਤਿਹੁ ਲੋਇ’ ॥ (ਮ: ੧/੯੩੩) ਆਦਿ, ਅਤੇ ‘ਲੋਅ’ ਸ਼ਬਦ ਆਮ ਤੌਰ ’ਤੇ ਅਣਗਿਣਤ ਲੋਕਾਂ: ‘‘ਕੇਤੀਆ ਕਰਮ ਭੂਮੀ’’ ਜਾਂ ‘ਗਿਆਨਖੰਡ’ ਲਈ ਦਰਜ ਹੈ; ਜਿਵੇਂ 22 ਵਾਰ:

ਨਾਮੇ (ਨਾਮ ਰਾਹੀਂ) ਉਧਰੇ; ‘ਸਭਿ ਜਿਤਨੇ ਲੋਅ’ ॥ (ਮ: ੩/੧੧੨੯)

ਪ੍ਰਗਟਿ ਭਇਓ ‘ਸਭ ਲੋਅ ਮਹਿ’; ਨਾਨਕ ! ਅਧਮ ਪਤੰਗ (ਨੀਚ ਜਿਹਾ ਪਤੰਗਾ)॥ (ਮ: ੫/੧੩੬੪), ਆਦਿ।

‘ਜਪੁ’ ਬਾਣੀ ਦੀ ਪਉੜੀ ਨੰਬਰ 31 ’ਚ ਵੀ ਪ੍ਰਸੰਗ ਅਨੁਸਾਰ ਅਣਗਿਣਤ ਲੋਕਾਂ (‘ਲੋਅ’) ਦੀ ਵਿਚਾਰ ਚੱਲ ਰਹੀ ਸੀ ਇਸ ਲਈ ਕਾਵਿ ਤੋਲ ਨੂੰ ਮੁੱਖ ਰੱਖਦਿਆਂ ਇਕਹਿਰੇ ‘ਲੋਅ’ ਦੀ ਬਜਾਏ ਦੂਹਰੇ ‘ਲੋਇ ਲੋਇ’ ਸ਼ਬਦ ਦਰਜ ਕੀਤੇ ਗਏ, ਜੋ ਗੁਰਬਾਣੀ ’ਚ ਕਿਤੇ ਹੋਰ ਜਗ੍ਹਾ ਨਹੀਂ: ‘‘ਆਸਣੁ ‘ਲੋਇ ਲੋਇ’ ਭੰਡਾਰ ॥੩੧॥’’ (ਜਪੁ)

ਤਿਥੈ ਭਗਤ ਵਸਹਿ; ਕੇ ਲੋਅ॥ ਕਰਹਿ ਅਨੰਦੁ; ਸਚਾ ਮਨਿ ਸੋਇ॥          ਉਚਾਰਨ : ਵਸਹਿਂ, ਕਰਹਿਂ, ਸੱਚਾ।

ਭਾਵ- ਉਸ ਪੜਾਅ ’ਚ ਕਈ ਲੋਕਾਂ (ਬ੍ਰਹਿਮੰਡਾਂ) ਵਿੱਚ ਰੱਬੀ ਭਗਤ ਵਸਦੇ (ਮਹਿਸੂਸ ਹੁੰਦੇ) ਹਨ, ਉਸ ਸੱਚੇ (ਰਾਮੁ) ਨੂੰ ਮਨ ’ਚ (ਯਾਦ ਰੱਖਣ ਕਾਰਨ) ਅਨੰਦ ਮਾਣਦੇ ਹਨ।

‘‘ਸਚਖੰਡਿ; ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ; ਨਦਰਿ ਨਿਹਾਲ ॥’’–ਉਕਤ ਪੰਕਤੀ ’ਚ ਵਰਣਨ ਕੀਤੇ ਗਏ ਦ੍ਰਿਸ਼ਮਾਨ ‘ਗਿਆਨਖੰਡ’ ’ਚ ਵਸਦੇ‘ਕਰਮਖੰਡ’ ਵਰਤਾਰੇ ਨੂੰ ਬਿਆਨ ਕਰਨ ਉਪਰੰਤ ਅਦ੍ਰਿਸ਼ਮਾਨ ‘ਰੱਬ’ ਦਾ ਸਰੂਪ ਜਾਂ ਨਿਵਾਸ ਸਥਾਨ ਹੀ ਵਰਣਨ ਕਰਨਾ ਬਾਕੀ ਰਹਿ ਜਾਂਦਾ ਹੈ।

‘ਸਚਖੰਡਿ’- ਗੁਰਬਾਣੀ ’ਚ ‘ਖੰਡਿ’ (ਅਧਿਕਰਣ ਕਾਰਕ) ਸ਼ਬਦ 9 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 4 ਵਾਰ ‘ਵਣ ਖੰਡਿ’ ਜਾਂ ‘ਬਨ ਖੰਡਿ’ ਸੰਯੁਕਤ ਸ਼ਬਦ ਹਨ, ਜਿਨ੍ਹਾਂ ਦਾ ਅਰਥ ਹੈ: ‘ਵਣ ਦੇ ਟੁੱਕੜੇ ਵਿੱਚ’; ਜਿਵੇਂ:

ਇਕਿ ਕੰਦ ਮੂਲੁ ਚੁਣਿ (ਕੇ) ਖਾਹਿ; ‘ਵਣ ਖੰਡਿ ਵਾਸਾ ॥ (ਮ: ੧/੧੪੦)

ਬਨ ਖੰਡਿ; ਮਾਇਆ-ਮੋਹਿ (ਨਾਲ) ਹੈਰਾਨਾ (ਦੁਚਿੱਤੀ) ॥ (ਮ: ੧/੪੧੫)

ਕਿਨਹੀ ਗ੍ਰਿਹੁ ਤਜਿ (ਕੇ); ਵਣ ਖੰਡਿ (ਭਾਵ ਵਣ ਦੇ ਟੁਕੜੇ ’ਚ ਨਿਵਾਸ) ਪਾਇਆ ॥ (ਮ: ੫/੯੧੨)

ਇਕਿ, ਵਣ ਖੰਡਿ ਬੈਸਹਿ ਜਾਇ (ਜਾ ਕੇ); ਸਦੁ (ਆਵਾਜ਼) ਨ ਦੇਵਹੀ ॥ (ਮ: ੧/੧੨੮੪)

ਉਕਤ ਵਿਚਾਰ ਅਨੁਸਾਰ ‘ਖੰਡਿ’ ਸ਼ਬਦ ਨਾਲ ਸੰਬੰਧਿਤ ਸ਼ਬਦ (‘ਵਣ’ ਤੇ ‘ਬਨ’) ਸੰਬੰਧਕੀ ਚਿੰਨ੍ਹ ‘ਦੇ’ ਕਾਰਨ ਅੰਤ ਮੁਕਤੇ ਹਨ। ਅਗਰ ਇਹ (ਦੇ) ਲੁਪਤ ਨਾ ਮਿਲਦਾ ਤਾਂ ‘ਵਣ’ ਦਾ ਸਰੂਪ ‘ਵਣੁ’ (ਅੰਤ ਔਂਕੜ) ਹੋਣਾ ਸੀ; ਜਿਵੇਂ 16 ਵਾਰ:

ਗੁਰਿ (ਨੇ) ‘ਵਣੁ’ ਤਿਣੁ ਹਰਿਆ ਕੀਤਿਆ; ਨਾਨਕ ! ਕਿਆ ਮਨੁਖ ? ॥ (ਮ: ੫/੯੫੮)

‘ਵਣੁ’ ਤ੍ਰਿਣੁ ਤ੍ਰਿਭਵਣੁ ਮਉਲਿਆ; ਅੰਮ੍ਰਿਤ ਫਲੁ ਪਾਈ ॥ (ਮ: ੫/੧੧੯੩) ਆਦਿ, ਇਸ ਨਿਯਮ ਅਨੁਸਾਰ ਅਗਰ ‘ਸਚ ਖੰਡਿ’ ਸ਼ਬਦ ਭਿੰਨ-ਭਿੰਨ ਹੁੰਦੇ ਹਨ ਤਾਂ ਅਰਥ ਬਣਦਾ: ‘ਸਚ ਦੇ ਟੁਕੜੇ ਵਿੱਚ’ ਪਰ ‘ਰੱਬ’ ਸਰਬ ਵਿਆਪਕ ਹੈ, ਨਾ ਕਿ ਕਿਸੇ ਟੁਕੜੇ ਜਾਂ ਕੋਨੇ ’ਚ, ਇਸ ਲਈ ‘ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ, ਸਚਖੰਡਿ’ ਸਰੂਪ ਦਰੁਸਤ ਜਾਪਦੇ ਹਨ; ਜਿਵੇਂ ਕਿ ਮਹਾਨ ਕੋਸ਼ ’ਚ :

ਸਚਖੰਡਿ, ਵਸੈ ਨਿਰੰਕਾਰੁ॥ ਕਰਿ ਕਰਿ ਵੇਖੈ, ਨਦਰਿ ਨਿਹਾਲ॥

ਭਾਵ- (ਕਰਮਖੰਡ ਭਾਵ ‘ਸੋ ਦਰੁ’ ਬੂਹੇ ਉਪਰੰਤ ‘ਸੋ ਘਰੁ’ ਭਾਵ) ‘ਸਚਖੰਡਿ’ (ਅਵਸਥਾ) ’ਚ ਆਕਾਰ ਰਹਿਤ (ਅਦ੍ਰਿਸ਼ ਮਾਲਕ) ਵੱਸਦਾ ਹੈ, ਜੋ ਖਿੜਾਓ (‘ਵਿਗਸੈ ਵੇਪਰਵਾਹੁ’) ਦ੍ਰਿਸ਼ਟੀ ਵਾਲ਼ਾ (ਆਪਣੀ ਕੁਦਰਤ ਨੂੰ ਭਾਂਤ-ਭਾਂਤ ਦੀ) ਰਚ-ਰਚ ਕੇ ਸੰਭਾਲ਼ਦਾ (ਮਹਿਸੂਸ ਹੁੰਦਾ) ਹੈ।

(ਨੋਟ : ‘ਗੁਰਮਤਿ’ ਅਨੁਸਾਰ ਜਗਤ ਰਚਨਾ ਨੂੰ ਪੈਦਾ ਕਰਨਾ ਤੇ ਉਸ ਦੀ ਸੰਭਾਲ਼ ਕਰਨਾ, ਦੋ ਭਿੰਨ ਭਿੰਨ ਪਰ ਸੰਯੁਕਤ ਨਿਯਮ ਹਨ, ਜਦਕਿ ਇਨ੍ਹਾਂ ਦੋਵੇਂ ਕਾਰਜਾਂ ਨੂੰ ਸਨਾਤਨ ਸੋਚ ‘ਬ੍ਰਹਮਾ’ ਤੇ ‘ਵਿਸ਼ਨੂੰ’ ’ਚ ਵੰਡ ਕੇ ਵੇਖਦੀ ਹੈ।

ਵਿਗਿਆਨ ਦਾ ਇਹ ਫ਼ਾਰਮੂਲਾ ਕਿ 13.8 ਅਰਬ ਸਾਲ ਪਹਿਲੇ ਧਮਾਕੇ ਨਾਲ਼ ਹੋਈ ਜਗਤ ਰਚਨਾ ’ਚ ਜੀਵਾਂ ਨੇ ਆਪਣੀ ਰੁਚੀ ਅਨੁਸਾਰ ਖ਼ੁਰਾਕ ਚੁਣੀ, ਗੁਰਮਤਿ ਅਨੁਸਾਰ ਵਿਪਰੀਤ ਵਿਆਖਿਆ ਜਾਪਦੀ ਹੈ ਕਿਉਂਕਿ ਗੁਰਬਾਣੀ ਵਾਕ ਹੈ, ‘‘ਪਹਿਲੋ ਦੇ; ਤੈਂ ਰਿਜਕੁ ਸਮਾਹਾ ॥ ਪਿਛੋ ਦੇ; ਤੈਂ ਜੰਤੁ ਉਪਾਹਾ ॥’’ (ਮ: ੫/੧੩੦) ਭਾਵ ਮਾਤਾ ਦੇ ਗਰਭ ’ਚੋਂ ਪੈਦਾ ਹੋਣ ਵਾਲ਼ੇ ਬੱਚੇ ਲਈ ਪਹਿਲਾਂ ਦੁੱਧ ਬਣਿਆ ਹੈ, ਨਾ ਕਿ ਬੱਚੇ ਦੀ ਰੁਚੀ ਤੋਂ ਬਾਅਦ ਦੁੱਧ। ਇਸ ਲਈ ਸਾਇੰਸ, ਪਦਾਰਥ ਉਪਰੰਤ ਖੋਜ ਹੈ, ਪਰ ਗੁਰਬਾਣੀ ਪਦਾਰਥ ਬਣਨ ਤੋਂ ਪਹਿਲਾਂ ਵੱਲ ਵੀ ਸੰਕੇਤ ਕਰਦੀ ਹੈ ਭਾਵ ਪਹਿਲਾ ਧਮਾਕਾ, ਕਿਸ ਪਦਾਰਥ ’ਚ ਹੋਇਆ ਤੇ ਉਸ ਦੀ ਬਣਤਰ ਕਿਵੇਂ ਬਣੀ, ਵਿਗਿਆਨਿਕ ਖੋਜ ਇਸ ਤੋਂ ਬਹੁਤ ਪਿੱਛੇ ਹੈ।

ਸਾਇੰਸ, ਜਗਤ ਰਚਨਾ ਨੂੰ ਮਕਸਦਹੀਣ (ਉਦੇਸ਼ ਰਹਿਤ) ਮੰਨਦੀ ਹੈ ਪਰ ਗੁਰਮਤ ਨੇ ਇਸ ਨੂੰ ਨਿਰਾਕਾਰ ਦੀ ਖੇਡ ਮੰਨਿਆ ਹੈ, ਜੋ ਕਈ ਵਾਰ ਖੇਡੀ ਗਈ ਭਾਵ ਅਸਥਾਈ ਖੇਲ ਦੇ ਪਿਛੋਕੜ ’ਚ ਸਥਾਈ ਮਾਲਕ ਹੈ; ਜਿਵੇਂ ‘‘ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥’’ (ਮਹਲਾ ੫/੨੭੬)

ਸੋ, ‘‘ਕਰਿ ਕਰਿ ਵੇਖੈ..॥’’ ਉਕਤ ਨਿਯਮ ਉੱਤੇ ਵਿਸ਼ਵਾਸ ਕੋਈ ‘ਸਚਖੰਡਿ’ ਨਿਵਾਸੀ ਹੀ ਕਰ ਸਕਦਾ ਹੈ, ਜੋ ਰੱਬੀ ਸ਼ਕਤੀ ਤੋਂ ਨਿਰੰਤਰ ਪ੍ਰਭਾਵਤ ਹੁੰਦਿਆਂ ਉਸ ਦੇ ਕੌਤਕ (ਖੇਲ) ਨੂੰ ਆਪਣੇ ਅਨੁਭਵ ’ਚ ਤਬਦੀਲ ਕਰ ਲੈਂਦਾ ਹੈ, ਇਸ ਰੁਤਬੇ ’ਚ ਤਰਕਵਿਤਰਕ ਦਾ ਪੂਰਨ ਅਭਾਵ ਹੁੰਦਾ ਹੈ, ਜੋ ਕਿ ਵਿਗਿਆਨ ਦਾ ਆਧਾਰ ਹੈ।)

‘‘ਤਿਥੈ; ਖੰਡ, ਮੰਡਲ, ਵਰਭੰਡ ॥ ਜੇ ਕੋ ਕਥੈ; ਤ, ਅੰਤ ਨ ਅੰਤ ॥ ਤਿਥੈ; ਲੋਅ, ਲੋਅ, ਆਕਾਰ ॥ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥’’–ਉਕਤ ਕੀਤੀ ਗਈ ਵਿਚਾਰ ਕਿ ‘ਲੋਅ’ ਸ਼ਬਦ ਤਿੰਨ ਲੋਕਾਂ ਦੀ ਬਜਾਏ 14 ਲੋਕ ਜਾਂ ਅਣਗਿਣਤ ਲੋਕਾਂ ਦਾ ਪ੍ਰਤੀਕ ਹੈ ਅਤੇ ਕੇਵਲ ‘ਸਚਖੰਡਿ’ ਵਿੱਚ ਤਾਂ ‘ਲੋਅ ਲੋਅ’ ਸ਼ਬਦ ਵੀ ਦੂਹਰਾ ਦਰਜ ਕੀਤਾ ਗਿਆ ਹੈ, ਜੋ ‘ਰੱਬ’ ਦੀ ਵਿਸ਼ਾਲਤਾ ਨੂੰ ਦਰਸਾਉਂਦਾ ਹੈ। ਧਿਆਨ ਰਹੇ ਕਿ ਗੁਰਬਾਣੀ ’ਚ ਇੱਕ ਵਾਰ ਹੋਰ ਪੰਕਤੀ ’ਚ ਵੀ ‘ਲੋਅ ਲੋਅ’ ਦੂਹਰਾ ਸ਼ਬਦ ਦਰਜ ਹੈ, ਜੋ ਕੇਵਲ ਕਾਵਿ ਤੋਲ ਨਿਯਮ ਦੀ ਮਜਬੂਰੀ ਦਾ ਕਾਰਨ, ਪ੍ਰਤੀਤ ਹੁੰਦਾ ਹੈ; ਜਿਵੇਂ:

‘‘ਸਭੇ ਪੁਰੀਆ, ਖੰਡ ਸਭਿ; ਸਭਿ ‘ਲੋਅ ਲੋਅ’ ਆਕਾਰ ॥’’ (ਮ: ੧/੧੨੪੧)

ਤਿਥੈ; ਖੰਡ, ਮੰਡਲ, ਵਰਭੰਡ॥ ਜੇ ਕੋ ਕਥੈ, ਤ ਅੰਤ ਨ ਅੰਤ॥

ਭਾਵ- ਓਥੇ (‘ਸਚਖੰਡਿ’ ’ਚ ਮਨੁੱਖੀ ਕਿਰਦਾਰ ਨੂੰ) ਕਈ ਸੂਰਜ ਪਰਵਾਰ (ਖੰਡ), ਕਈ ਗਲੈਕਸੀਆਂ (ਮੰਡਲ), ਕਈ ਬ੍ਰਹਿਮੰਡ (ਵਰਭੰਡ) ਰਚੇ (ਮਹਿਸੂਸ ਹੁੰਦੇ) ਹਨ, ਜੇ ਕੋਈ (ਇਨ੍ਹਾਂ ਬਾਰੇ) ਦੱਸੇ ਤਾਂ ਕੋਈ ਅੰਤ ਹੀ ਅੰਤ ਨਹੀਂ (ਭਾਵ ਇਹ ਖਿਲਾਰਾ, ਮਨੁੱਖੀ ਸੋਚ ’ਚ ਪੂਰਾ ਨਹੀਂ ਆ ਸਕਦਾ)।

ਤਿਥੈ; ਲੋਅ ਲੋਅ ਆਕਾਰ॥ ਜਿਵ ਜਿਵ ਹੁਕਮੁ, ਤਿਵੈ ਤਿਵ ਕਾਰ॥

ਭਾਵ- ਉਸ ਰੁਤਬੇ ’ਚ ਪ੍ਰਕਾਸ਼ ਹੀ ਪ੍ਰਕਾਸ਼ ਦਾ ਵਜੂਦ (ਮਹਿਸੂਸ ਹੁੰਦਾ) ਹੈ, ਜਿਵੇਂ-ਜਿਵੇਂ (ਮਾਲਕ ਦਾ) ਹੁਕਮ ਹੁੰਦਾ ਹੈ, ਉਸੇ ਤਰ੍ਹਾਂ ਜਗਤ ਦਾ ਕਾਰ-ਵਿਹਾਰ ਚਲਦਾ (ਮਹਿਸੂਸ ਹੁੰਦਾ ਹੈ, ‘ਕਰਿ ਕਰਿ ਵੇਖੈ’ ਹੁਕਮੁ ਚਲਾਏ; ਤਿਸੁ ਨਿਸਤਾਰੇ, ਜਾ ਕਉ ਨਦਰਿ ਕਰੇ ॥ (ਮਹਲਾ ੧/੪੩੩), ਦੁਹਾ ਸਿਰਿਆ (ਮਨਮੁਖ/ਗੁਰਮੁਖ ਜਾਂ ਆਕਾਰ/ਨਿਰਾਕਾਰ ਦਾ) ਆਪੇ ਖਸਮੁ; ਵੇਖੈ ਕਰਿ ਵਿਉਪਾਇ (ਨਿਰਣਾ)॥ ਮਹਲਾ ੨/੧੪੮) ਹੈ।

‘‘ਵੇਖੈ ਵਿਗਸੈ; ਕਰਿ ਵੀਚਾਰੁ ॥ ਨਾਨਕ ! ਕਥਨਾ ਕਰੜਾ ਸਾਰੁ ॥’’–ਇਸ ਪੰਕਤੀ ਦਾ ਭਾਵ ਇਹੀ ਜਾਪਦਾ ਹੈ ਕਿ ਉਕਤ ਬਿਆਨ ਕੀਤੇ ਗਏ ਤਮਾਮ ਆਕਾਰ ਨਿਯਮ ਨੂੰ ਬਣਾਉਣ ਵਾਲ਼ਾ ਤੇ ਲਾਗੂ ਕਰਨ ਵਾਲ਼ਾ ‘ਨਿਰਾਕਾਰ’; ਕਿਸੇ ਵੀ ਤਰ੍ਹਾਂ ਦੀ ‘ਦੁਬਿਧਾ, ਬੇਚੈਨੀ, ਪਛਤਾਵੇ’ ਆਦਿ ’ਚ ਨਹੀਂ ਹੁੰਦਾ; ਬੇਸ਼ੱਕ ਕੋਈ ਉਸ ਨੂੰ ਮਹੱਤਵ ਦੇਵੇ ਜਾਂ ਨਾ। ਉਸ ਨੂੰ ਆਕਾਰ ਵਜੂਦ ’ਚ ਆ ਕੇ ਕਿਸੇ ਜਨਮ ਮਰਨ ਦਾ ਵੀ ਡਰ ਨਹੀਂ। ਅਜਿਹੀ ਸ਼ਕਤੀ ਲਈ ਹੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ: ‘‘ਜੇ ਸਭਿ ਮਿਲਿ ਕੈ; ਆਖਣ ਪਾਹਿ ॥ ਵਡਾ ਨ ਹੋਵੈ; ਘਾਟਿ ਨ ਜਾਇ ॥’’ (ਮ: ੧/੧੦)

ਵੇਖੈ ਵਿਗਸੈ, ਕਰਿ ਵੀਚਾਰੁ॥ ਨਾਨਕ  ! ਕਥਨਾ ਕਰੜਾ ਸਾਰੁ॥ ੩੭॥

ਭਾਵ- (ਜਗਤ-ਰਚਨਾ, ਨਸੀਬਾਂ ਅਨੁਸਾਰ ਚਲਦੀ) ਗਹੁ ਨਾਲ਼ ਵਿਚਾਰ ਕਰ ਕੇ ਵੇਖਦਾ ਤੇ ਖਿੜਦਾ ਹੈ। ਹੇ ਨਾਨਕ  ! (ਉਕਤ ਵਿਸ਼ੇ ਬਾਰੇ ਹੋਰ ਵਧੀਕ) ਬਿਆਨ ਕਰਨਾ ਲੋਹਾ ਚੱਬਣ ਵਾਙ ਸਖ਼ਤ ਹੈ।