JAP (Last Slok)

0
1103

ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ ॥

ਚੰਗਿਆਈਆ-ਬੁਰਿਆਈਆ; ਵਾਚੈ ਧਰਮੁ, ਹਦੂਰਿ ॥ ਕਰਮੀ ਆਪੋ ਆਪਣੀ; ਕੇ ਨੇੜੈ, ਕੇ ਦੂਰਿ ॥

ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥ ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥੧॥

ਉਚਾਰਨ ਸੇਧ: ਮਹੱਤ, ਚੰਗਿਆਈਆਂ-ਬੁਰਿਆਈਆਂ, ਜਿਨ੍ਹੀਂ, ਮਸ਼ੱਕਤ।

ਪਦ ਅਰਥ: ਪਵਣੁ -ਹਵਾ, ਵਾਯੂ (ਇੱਕ ਵਚਨ ਪੁਲਿੰਗ ਨਾਂਵ)।, ਗੁਰੂ-ਗੁਰ, ਰਾਜ਼, ਭੇਤ, ਕੁੰਜੀ, ਰਹੱਸ (ਨਾਂਵ)।, ਮਹਤੁ-ਮਹਤ੍ਵ ਜਾਂ ਮਹੱਤਵ, ਵੱਡੀ, ਬਹੁ ਆਕਾਰੀ (ਇਸਤ੍ਰੀ ਲਿੰਗ ਵਿਸ਼ੇਸ਼ਣ)।, ਦਿਵਸੁ-ਦਿਨ, ਰੌਸ਼ਨੀ (ਇੱਕ ਵਚਨ ਪੁਲਿੰਗ ਨਾਂਵ)।, ਰਾਤਿ-ਹਨ੍ਹੇਰਾ (ਇਸਤ੍ਰੀ ਲਿੰਗ ਨਾਂਵ)।, ਦਾਈ-ਖਿਡਾਵੀ, ਚੁੰਘਾਵੀ (ਇਸਤ੍ਰੀ ਲਿੰਗ ਨਾਂਵ)।, ਦਾਇਆ-ਖਿਡਾਵਾ (ਪੁਲਿੰਗ ਨਾਂਵ)।, ਖੇਲੈ-ਖੇਡਦਾ ਹੈ, ਖ਼ੱਜਲ ਖ਼ੁਆਰ ਹੁੰਦਾ ਹੈ (ਇੱਕ ਵਚਨ ਕਿਰਿਆ)।, ਸਗਲ-ਸਾਰਾ (ਵਿਸ਼ੇਸ਼ਣ)।, ਵਾਚੈ-ਪਰਖਦਾ ਹੈ, ਮੁਲੰਕਣ ਕਰਦਾ ਹੈ (ਇੱਕ ਵਚਨ ਕਿਰਿਆ)।, ਧਰਮੁ-ਨਿਆਂ, ਇਨਸਾਫ਼, ਕਸੌਟੀ ਜਾਂ ਕਸਵੱਟੀ (ਇੱਕ ਵਚਨ ਪੁਲਿੰਗ ਨਾਂਵ)।, ਹਦੂਰਿ- ਹਜ਼ੂਰੀ ਵਿੱਚ, ਨਿਆਂ ਘਰ ਵਿੱਚ, ਅਦਾਲਤ ਵਿੱਚ (ਨਾਂਵ)।, ਕਰਮੀ-ਕੀਤੇ ਗਏ ਕਰਮਾਂ ਦੇ ਫਲ਼ ਅਨੁਸਾਰ, ਨਸੀਬ ਮੁਤਾਬਕ, ਕਰਮਾਂ ਨਾਲ (ਕਰਣ ਕਾਰਕ)।, ਆਪੋ ਆਪਣੀ-ਕੇਵਲ ਨਿੱਜੀ (ਪੜਨਾਂਵੀ ਵਿਸ਼ੇਸ਼ਣ)।, ਕੇ-ਕਈ (ਅਨਿਸ਼ਚਿਤ ਪੜਨਾਂਵ)।, ਨੇੜੈ-ਨਜ਼ਦੀਕ, ਆਸ ਪਾਸ (ਕਿਰਿਆ ਵਿਸ਼ੇਸ਼ਣ)।, ਦੂਰਿ-ਬਹੁਤ ਦੂਰ, ਅਲੱਗ ਸਲੱਗ (ਕਿਰਿਆ ਵਿਸ਼ੇਸ਼ਣ)।, ਜਿਨੀ- ਜਿਨ੍ਹਾਂ ਨੇ (ਕਰਤਾ ਕਾਰਕ, ਬਹੁ ਵਚਨ ਪੜਨਾਂਵ)।, ਮਸਕਤਿ-ਮਸ਼ੱਕਤ, ਸ਼੍ਰਮ, ਮਿਹਨਤ, ਘਾਲਣਾ (ਨਾਂਵ)।, ਘਾਲਿ- ਘਾਲ਼ ਕੇ (ਕਿਰਿਆ ਵਿਸ਼ੇਸ਼ਣ)।, ਨਾਨਕ-ਹੇ ਨਾਨਕ  ! (ਸੰਬੋਧਨ)।, ਤੇ (ਮੁਖ)-ਉਨ੍ਹਾਂ ਦੇ (ਮੂੰਹ, ਸੰਬੰਧ ਕਾਰਕ, ਬਹੁ ਵਚਨ ਪੜਨਾਂਵੀ ਵਿਸ਼ੇਸ਼ਣ)।, ਉਜਲੇ- ਰੋਸ਼ਨ, ਸੁਰਖ਼ਰੂ (ਵਿਸ਼ੇਸ਼ਣ)।, ਕੇਤੀ- ਕਿਤਨੀ ਭਾਵ ਅਣਗਿਣਤ (ਇਸਤ੍ਰੀ ਲਿੰਗ ਅਨਿਸ਼ਚਿਤ ਪੜਨਾਂਵ)।, ਨਾਲਿ-ਸਮੇਤ, ਸਣੇ, ਸਹਿਤ (ਕਿਰਿਆ ਵਿਸ਼ੇਸ਼ਣ)।

(ਨੋਟ – ‘ਜਪੁ’ ਬਾਣੀ ਦੇ ਅੰਤਮ ਇਸ ‘ਸਲੋਕ’ ਦੇ ਸ਼ਬਦਾਰਥ ਵਿਚਾਰਨ ਤੋਂ ਪਹਿਲਾਂ ਇਹ ਵਿਚਾਰ ਅਹਿਮ ਹੈ ਕਿ ਗੁਰਮਤ ਨੇ ‘ਰੱਬ/ਅਦ੍ਰਿਸ਼ ਸ਼ਕਤੀ’ ਨੂੰ ਦੋ ਭਿੰਨ-ਭਿੰਨ ਸਰੂਪਾਂ (ਨਿਰਾਕਾਰ/ਆਕਾਰ ਜਾਂ ਸਰਗੁਣ/ਨਿਰਗੁਣ) ’ਚ ਵੰਡਿਆ ਹੈ; ਜਿਵੇਂ ਕਿ

(ੳ) ‘ਸਰਗੁਣ’ ਭਾਵ ‘ਰਜੋ ਗੁਣ, ਤਮੋ ਗੁਣ, ਸਤੋ ਗੁਣ ਵਾਲ਼ਾ ਤ੍ਰੈ ਗੁਣੀ ਆਕਾਰ ਰੂਪ, ਕੁਦਰਤ, ਦ੍ਰਿਸ਼ਮਾਨ, ਚਲਾਇਮਾਨ, ਆਰਜ਼ੀ, ਨਾਸ਼ਵਾਨ, ਸਦਾ ਬਦਲਣ ਵਾਲ਼ਾ ਪਸਾਰਾ’, ਆਦਿ।

(ਅ) ‘ਨਿਰਗੁਣ’ ਭਾਵ ‘ਸਰਗੁਣ ਰਹਿਤ, ਤ੍ਰੈ ਗੁਣ ਰਹਿਤ, ਨਿਰਾਕਾਰ, ਅਦ੍ਰਿਸ਼, ਸਦੀਵੀ ਸਥਿਰ’ ਆਦਿ, ਇਨ੍ਹਾਂ ਦੋਵੇਂ ਵਜੂਦਾਂ ਨੂੰ ਗੁਰੂ ਅਰਜੁਨ ਸਾਹਿਬ ਜੀ ਇਉਂ ਵੰਡਦੇ ਹੋਏ ਸਪੱਸ਼ਟ ਕਰਦੇ ਹਨ, ‘ਸਰਗੁਨ’, ‘ਨਿਰਗੁਨ’, ਨਿਰੰਕਾਰ; ਸੁੰਨ ਸਮਾਧੀ ਆਪਿ ॥ (ਮਹਲਾ ੫/੨੯੦)

‘ਜਪੁ’ ਬਾਣੀ ਦੀਆਂ 38 ਪਉੜੀਆਂ ਦੇ ਅਗੇਤਰ ਅਤੇ ਪਿਛੇਤਰ ’ਚ 2 ਸਲੋਕ ਹਨ, ਜਿਨ੍ਹਾਂ ’ਚੋਂ ਅਗੇਤਰ ‘ਸਲੋਕ’, ‘‘ਆਦਿ ਸਚੁ; ਜੁਗਾਦਿ ਸਚੁ ॥’’ ਰਾਹੀਂ ਰੱਬ ਦੇ ‘ਨਿਰਗੁਣ/ਅਦ੍ਰਿਸ਼’ ਸਰੂਪ ਦੀ ਸਥਿਰਤਾ ਨੂੰ (ਆਰਜ਼ੀ ਕੁਦਰਤ ਦੇ ‘ਆਦਿ ਤੋਂ ਅੰਤ’ ਤੱਕ) ਇੱਕ ਸਮਾਨ ਜਿਉਂ ਦਾ ਤਿਉਂ ਕਾਇਮ ਰੱਖਿਆ ਹੈ ਜਦ ਕਿ ‘ਜਪੁ’ ਦੇ ਪਿਛੇਤਰ ’ਚ ਦਰਜ ‘ਸਲੋਕ’, ‘‘ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ॥’’ ਰਾਹੀਂ ਰੱਬ ਦੇ ‘ਸਰਗੁਣ/ਦ੍ਰਿਸ਼ਮਾਨ’ ਵਜੂਦ ਨੂੰ ਉਲੀਕਿਆ ਹੈ, ਜਿਸ ਦੇ ਅੰਤ ’ਚ ਕੁਦਰਤ (ਸੰਸਾਰ/ਧਰਤੀ/ਸਿਲੇਬਸ) ਦੇ ਨਿਚੋੜ (ਤੱਤ-ਸਾਰ, ਇਮਤਿਹਾਨ) ਭਾਵ ਅਸਲ ਮਕਸਦ ਨੂੰ, ‘‘ਜਿਨੀ, ਨਾਮੁ ਧਿਆਇਆ; ਗਏ ਮਸਕਤਿ ਘਾਲਿ॥’’ ਰਾਹੀਂ ਜ਼ਾਹਰ (ਪ੍ਰਗਟ) ਕੀਤਾ ਗਿਆ ਹੈ, ਇਸੇ ਕਾਰਨ ‘ਧਰਤੀ’ ਦਾ ਨਾਂ ਵੀ ‘ਧਰਮਸ਼ਾਲ਼’ ਪ੍ਰਸਿੱਧ ਹੋ ਗਿਆ।

ਵਿਗਿਆਨ ਅਨੁਸਾਰ ‘ਗੈਸ’ (ਹਾਈਡਰੋਜਨ+ਆਕਸੀਜਨ ਦੀ ਠੰਡੀ ਹੋਈ ਭਾਫ਼) ਤੋਂ ਪਾਣੀ ਬਣਿਆ ਅਤੇ ਪਾਣੀ ਤੋਂ ਜਾਂ ਜਲ-ਜੀਵਾਂ ਰਾਹੀਂ ਜਗਤ ਰਚਨਾ (ਧਰਤੀ ’ਤੇ ਚੱਲਣ ਵਾਲ਼ੇ ਅਤੇ ਅਕਾਸ਼ ’ਚ ਉੱਡਣ ਵਾਲ਼ੇ ਜੀਵਾਂ) ਦਾ ਵਿਕਾਸ ਹੋਇਆ।  ਗੁਰੂ ਨਾਨਕ ਸਾਹਿਬ, ਇਸ ਖੋਜ (ਸਚਾਈ) ਨੂੰ 15ਵੀ ਸਦੀ ’ਚ ਹੀ ਇਉਂ ਬਿਆਨ ਕਰ ਰਹੇ ਹਨ, ‘‘ਸਾਚੇ ਤੇ ਪਵਨਾ ਭਇਆ, ਪਵਣੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ, ਘਟਿ ਘਟਿ ਜੋਤਿ ਸਮੋਇ॥’’ (ਮਹਲਾ ੧/੧੯)  ਭਾਵ ਵਿਗਿਆਨ ਦੀ ਉਕਤ ਖੋਜ ਨੂੰ ਪ੍ਰਗਟ ਕਰਨ ਤੋਂ ਇਲਾਵਾ, ਇਸ ਕੁਦਰਤ ਦੇ ਆਦਿ ’ਚ ਮੌਜੂਦ ਇਸ ਦੇ ਰਚੇਤੇ ਦਾ ਨਿਵਾਸ ਸਥਾਨ ਵੀ ਇਸੇ ਜਗਤ ’ਚ ਮੌਜੂਦ ਦੱਸਿਆ, ਜਿਸ ਨੇ ‘‘ਪਉਣੁ ਉਪਾਇ, ਧਰੀ ਸਭ ਧਰਤੀ; ਜਲ ਅਗਨੀ ਕਾ ਬੰਧੁ ਕੀਆ॥’’ (ਮਹਲਾ ੧/੩੫੦), ਉਸ ਦੀ ਹੀ ‘‘ਘਟਿ ਘਟਿ ਜੋਤਿ ਸਮੋਇ॥’’ ਹੁਣ ਹੈ।

‘ਜਪੁ’ ਦਾ ਅਰੰਭਕ ਸਲੋਕ, ‘ਰੱਬੀ ਨਿਰਗੁਣ’ ਵਜੂਦ ਨੂੰ ‘ਸਚੁ’ ਸ਼ਬਦ ਰਾਹੀਂ ਸਥਿਰਤਾ ਦਿੰਦਿਆਂ (ਆਦਿ, ਜੁਗਾਦਿ, ਹੈ ਭੀ, ਹੋਸੀ ਸ਼ਬਦਾਂ ’ਚ) ਸਮੇਟਦਾ ਹੈ ਅਤੇ ‘ਜਪੁ’ ਦਾ ਪਿਛੇਤਰ (ਹਥਲਾ) ਸਲੋਕ; ‘ਰੱਬੀ ਸਰਗੁਣ’ (ਆਕਾਰ) ਦੇ ਵਜੂਦ ਨੂੰ ਅਰੰਭ ਤੋਂ ਸਮਾਪਤੀ (ਕਿਆਮਤ ਤੱਕ, ਧਿਆਨ ਰਹੇ ਕਿ ਭਗਤ ਲਈ ਕੁਦਰਤ ਦੀ ਕਿਆਮਤ ਤਦ ਹੀ ਆ ਜਾਂਦੀ ਹੈ ਜਦ ਉਹ ਰੱਬ ’ਚ ਲੀਨ ਹੋ ਜਾਏ/ਸੰਸਾਰੀ ਜੀਵਨ ਤੋਂ ਮੁਕਤ ਹੋ ਜਾਵੇ) ਸੰਕੇਤ ਕਰਦਾ ਹੋਣ ਕਾਰਨ, ‘‘ਪਵਣੁ ‘ਗੁਰੂ’, ਪਾਣੀ ਪਿਤਾ..॥’’ ’ਚ ਦਰਜ ‘ਗੁਰੂ’ ਸ਼ਬਦ ਦਾ ਪ੍ਰਚਲਿਤ ਅਰਥ ‘ਰੂਹਾਨੀਅਤ ਉਸਤਾਦ, ਪੈਗ਼ੰਬਰ ਜਾਂ ਹਨ੍ਹੇਰਾ ਦੂਰ ਕਰਨ ਵਾਲ਼ਾ ਪ੍ਰਕਾਸ਼’ ਕਰਨ ਦੀ ਬਜਾਏ ‘ਆਕਾਰ ਦੀ ਆਰੰਭਕ ਕੁੰਜੀ ਜਾਂ ਜਗਤ ਨਿਯਮ ਦਾ ਰਾਜ਼, ਭੇਤ, ਗੁਰ ਜਾਂ ਰਹੱਸ’ ਆਦਿ ਕਰਨਾ, ਵਧੇਰੇ ਦਰੁਸਤ ਜਾਪਦਾ ਹੈ ਕਿਉਂਕਿ ਬ੍ਰਹਿਮੰਡ ਦੀ ਉਤਪਤੀ ਦੇ ਅਰੰਭਕ ’ਚ ਹੀ ਮਨੁੱਖ, ਭਗਤ ਨਹੀਂ ਬਣੇ, ਤਾਂ ਜੋ ‘ਗੁਰੂ’ ਦੇ ਅਰਥ ‘ਰੂਹਾਨੀਅਤ ਆਗੂ’ ਕਰਨੇ ਪੈਣ।

ਰੂਹਾਨੀਅਤ ਵਿਸ਼ਾ ਕੇਵਲ ਮਨੁੱਖਾ ਜੂਨੀ ਦੀ ਬੁਨਿਆਦ ਨਾਲ਼ ਸਬੰਧਿਤ ਹੈ ਤੇ ਇਹ ਸਮਾਂ ਮਾਤਰ 15000 ਕੁ ਸਾਲ ਪੂਰਵ ਹੈ, ਨਾ ਕਿ ਸ੍ਰਿਸ਼ਟੀ ਦੀ ਬੁਨਿਆਦ ਨਾਲ਼, ਜੋ ਕਿ ਅਜੋਕੀ ਵਿਗਿਆਨਕ ਖੋਜ ਮੁਤਾਬਕ 13.8 ਅਰਬ ਸਾਲ ਪੂਰਵ ਰੱਖੀ ਗਈ ਹੈ।

ਸਾਡਾ ਸੂਰਜ ਪਰਵਾਰ 4.6 ਅਰਬ ਸਾਲ ਪੂਰਵ ਅਤੇ ਧਰਤੀ 4.55 ਅਰਬ ਸਾਲ ਪੂਰਵ ਹੋਂਦ ’ਚ ਆਈ, ਮੰਨੀ ਜਾਂਦੀ ਹੈ। ਇਸ ਧਰਤੀ ’ਤੇ ਬਣੇ ਮਹਾਂ ਸਾਗਰਾਂ ’ਚ ਸੈੱਲਾਂ ਦਾ ਜਨਮ 1.6 ਅਰਬ ਸਾਲ ਪੂਰਵ ਹੋਇਆ ਹੈ, ਜੋ 51 ਕਰੋੜ ਸਾਲ ਪੂਰਵ ਪਹਿਲੀ ਵਾਰ ਜ਼ਿੰਦਗੀ ਦੇ ਰੂਪ ’ਚ ਤਬਦੀਲ ਹੋਇਆ ਅਤੇ 42 ਕਰੋੜ ਸਾਲ ਪੂਰਵ ਜੀਵਨ (ਬਨਸਪਤੀ ਦੇ ਰੂਪ ’ਚ) ਸਮੁੰਦਰ ਤੋਂ ਬਾਹਰ ਧਰਤੀ ਉੱਤੇ ਪਨਪਿਆ।

ਅਰੰਭਕ ਸਮੇਂ ਭਾਵ 4.55 ਤੋਂ 4.44 ਅਰਬ ਸਾਲ ਪੂਰਵ ਜਦ ਧਰਤੀ ਦਾ ਨਿਰਮਾਣ ਹੋਇਆ ਤਦ ਪ੍ਰਿਥਵੀ ਤੇਜ਼ੀ ਨਾਲ਼ ਘੁੰਮਦੀ ਹੋਣ ਕਾਰਨ ਇੱਕ ਦਿਨ ਮਾਤਰ 7 ਘੰਟੇ ਦਾ ਸੀ।  4.28 ਅਰਬ ਤੋਂ 3.9 ਅਰਬ ਸਾਲ ਪੂਰਵ ਦੌਰਾਨ ਧਰਤੀ ’ਤੇ ਗੈਸਾਂ (ਹਾਈਡਰੋਜਨ+ਆਕਸੀਜਨ) ਦੁਆਰਾ ਬਣੀ ਭਾਫ਼ ਠੰਡੀ ਹੋ ਕੇ ਵਰਖਾ (ਬਾਰਸ਼) ਕਰਨ ਲੱਗੀ, ਜਿਸ ਨਾਲ਼ ਪਾਣੀ ਵਜੂਦ ’ਚ ਆਇਆ।

38 ਕਰੋੜ ਸਾਲ ਪੂਰਵ ਧਰਤੀ ਦਾ ਘੁੰਮਣਾ ਹੋਰ ਧੀਮਾ ਹੋਣ ਕਾਰਨ ਇੱਕ ਦਿਨ 22 ਘੰਟੇ ਦਾ ਹੋ ਗਿਆ ਅਤੇ 35 ਕਰੋੜ ਸਾਲ ਪੂਰਵ ਕੁਝ ਸਮੁੰਦਰੀ ਜੀਵਾਂ ਨੇ ਧਰਤੀ ’ਤੇ ਆਉਣਾ ਸ਼ੁਰੂ ਕੀਤਾ।  23 ਕਰੋੜ ਸਾਲ ਪੂਰਵ ਡਾਇਨਾਸੌਰ ਯੁੱਗ ਸ਼ੁਰੂ ਹੋਇਆ।  20 ਕਰੋੜ ਸਾਲ ਪੂਰਵ ਧਰਤੀ ’ਤੇ ਚੱਲਣ ਵਾਲ਼ੇ ਜੀਵ ਉੱਡਣ ’ਚ ਤਬਦੀਲ ਹੋਣ ਲੱਗੇ।  6.5 ਕਰੋੜ ਸਾਲ ਪੂਰਵ ਧਰਤੀ ’ਤੇ ਉਲਕਾ ਪਿੰਡਾਂ (ਟੁੱਟੇ ਹੋਏ ਤਾਰਿਆਂ) ਦਾ ਕਹਿਰ ਵਾਪਰਿਆ, ਜਿਸ ਨਾਲ਼ ਲੰਮਾ ਸਮਾਂ ਧਰਤੀ ’ਤੇ ਸੂਰਜ ਦੀ ਰੌਸ਼ਨੀ ਨਾ ਆਉਣ ਕਾਰਨ 25 ਕਿਲੋਗ੍ਰਾਮ ਤੋਂ ਵੱਧ ਭਾਰੀ ਜੀਵਾਂ ਦਾ ਆਕਸੀਜਨ ਦੀ ਕਮੀ ਨਾਲ਼ ਖ਼ਾਤਮਾ ਹੋ ਗਿਆ।

6 ਕਰੋੜ 30 ਲੱਖ ਸਾਲ ਪੂਰਵ ਛੋਟੇ ਥਣਧਾਰੀ ਜੀਵ ਵਜੂਦ ’ਚ ਆਏ।   4.5 ਕਰੋੜ ਤੋਂ 60 ਲੱਖ ਸਾਲ ਪੂਰਵ ਦੌਰਾਨ ਚਿੰਪਾਂਜੀ ਬਣਤਰ ਬਣੀ, ਜਿਨ੍ਹਾਂ ਨੇ ਅਗਲੇ 45 ਲੱਖ ਸਾਲਾਂ ’ਚ ਆਦਿ ਮਾਨਵ ’ਚ ਤਬਦੀਲ ਹੋਣਾ ਸੀ ਤੇ 15 ਤੋਂ 14 ਲੱਖ ਸਾਲ ਪੂਰਵ ਜੰਗਲੀ ਮਨੁੱਖ ਨੇ ਅੱਗ ’ਤੇ ਕਾਬੂ ਪਾਉਣਾ ਸਿੱਖ ਲਿਆ।   75 ਹਜ਼ਾਰ ਸਾਲ ਪੂਰਵ ਮਨੁੱਖ ਨੇ ਗੁਫ਼ਾ ਦਾ ਨਿਰਮਾਣ ਅਤੇ ਖਾਣਾ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ ।   15 ਹਜ਼ਾਰ ਸਾਲ ਪੂਰਵ ਖੇਤੀਬਾੜੀ ਕਰਨ ਦੀ ਆਰੰਭਤਾ ਹੋ ਚੁੱਕੀ ਸੀ।

ਭਾਈ ਕਾਨ੍ਹ ਸਿੰਘ ਜੀ ਨਾਭਾ ਵੀ (ਮਹਾਨ ਕੋਸ਼ ’ਚ) ‘ਗੁਰੁ’ ਸ਼ਬਦ ਦਾ 12ਵਾਂ ਅਰਥ : ‘ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)’, ਮੰਨਦੇ ਹਨ।   ਭਾਈ ਸਾਹਿਬ ਜੀ ਅਨੁਸਾਰ ‘ਸਿੱਧਾਂਤ ਦੀ ਕੂੰਜੀ’ ਤੋਂ ਭਾਵ ਕੁਦਰਤ ਰਚਣ ਦਾ ਰਾਜ਼, ਰਹੱਸ, ਭੇਤ, ਗੁਰ, ਰੱਬ ਦੇ ਦਿਲ ਦੀ ਭਾਵਨਾ, ਬ੍ਰਹਿਮੰਡ ਰਚਣ ਦੀ ਨਿਯਮਾਵਲੀ ਦਾ ਪਿਛੋਕੜ ਜਾਂ ਕੁਦਰਤ ਦੇ ਵਿਕਾਸ ਦਾ ਅਰੰਭਕ ਨਿਯਮ, ਆਦਿ ਹੈ, ਜਿਸ ਦਾ ਸੰਕੇਤ ਖਰਬਾਂ ਸਾਲ ਪੂਰਵ ਵੱਲ ਹੈ, ਨਾ ਕਿ ਕੇਵਲ ਮਨੁੱਖੀ ਬੁਨਿਆਦ ਮਾਤਰ 15000 ਸਾਲ ਪੂਰਵ ਤੱਕ, ਤਾਂ ਜੋ ‘ਗੁਰੂ’ ਦਾ ਅਰਥ ‘ਰੂਹਾਨੀਅਤ ਆਗੂ’ ਮੰਨਣ ਲਈ ਮਜਬੂਰ ਹੋਣਾ ਪਵੇ।)

‘‘ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ ॥’’-ਇਸ ਪੰਕਤੀ ’ਚ ਦਰਜ ‘ਮਹਤੁ’ ਸ਼ਬਦ ਨੂੰ ਲੱਗਾ ਅੰਤ ਔਂਕੜ ਇੱਕ ਵਚਨ ਪੁਲਿੰਗ ਦਾ ਸੰਕੇਤਕ ਨਹੀਂ ਕਿਉਂਕਿ ‘ਮਹਤੁ’ ਸ਼ਬਦ ‘ਧਰਤਿ’ (ਇਸਤ੍ਰੀ ਲਿੰਗ) ਦਾ ਵਿਸ਼ੇਸ਼ਣ ਹੈ। ‘ਮਾਤਾ ਧਰਤਿ ਮਹਤੁ’ ਦਾ ਸੰਯੁਕਤ ਅਰਥ ਹੈ: ‘ਵੱਡੀ ਜਣਨੀ ਜਾਂ ਮਾਤਾ ਧਰਤੀ’ (ਤਿੰਨੇ ਸ਼ਬਦ ਇਸਤ੍ਰੀ ਲਿੰਗ ਹਨ)।

ਕਿਸੇ ਵੀ ਭਾਸ਼ਾ ’ਚ ਸਵਰ ਅੱਖਰਾਂ ਦੀ ਧੁਨੀ ਨੂੰ ਪ੍ਰਗਟਾਉਣ ਲਈ ਕੁੱਝ ਵਿਅੰਜਨ ਅੱਖਰਾਂ ਦੀ ਵਰਤ ਲਏ ਜਾਂਦੇ ਹਨ, ਜਿਨ੍ਹਾਂ ਨੂੰ ਅਰਧ ਸਵਰ ਕਿਹਾ ਜਾਂਦਾ ਹੈ; ਜਿਵੇਂ: ‘ਜਨਵਰੀ’ ਨੂੰ ਅੰਗ੍ਰੇਜ਼ੀ ’ਚ January ਲਿਖਿਆ ਜਾਂਦਾ ਹੈ, ਇਸ ਸ਼ਬਦ ’ਚ ‘ਵ’ (ਵਿਅੰਜਨ) ਅੱਖਰ ਦੀ ਧੁਨਿ ਨੂੰ u+a ਸੰਯੁਕਤ ਸਵਰ ਅੱਖਰਾਂ ਨੇ ਪੂਰਾ ਕਰ ਦਿੱਤਾ, ਇਸੇ ਤਰ੍ਹਾਂ ਗੁਰਬਾਣੀ ’ਚ ‘ਵ’ (ਵਿਅੰਜਨ) ਅੱਖਰ ਦੀ ਧੁਨੀ ਨੂੰ ‘ਉ+ਅ’ ਸੰਯੁਕਤ ਸਵਰ ਪੂਰਾ ਕਰਦੇ ਹਨ; ਜਿਵੇਂ: ‘ਪਉੜੀ ਤੇ ਪਵੜੀ, ਗੁਰਦਵਾਰਾ ਤੇ ਗੁਰਦੁਆਰਾ, ਵਿਸ਼ਵ ਤੇ ਵਿਸੁ, ਤਤਵ ਤੇ ਤਤੁ, ਮਹਤਵ ਤੇ ਮਹਤੁ’, ਆਦਿ।

ਉਦਾਹਰਨ ਲਈ ‘ਵਿਸ਼ਵ’ ਸ਼ਬਦ ਦੀ ਅੱਖਰ ਵੰਡ ਹੈ: ‘ਇ+ ਵ+ ਸ਼+ ਅ+ ਵ+ ਅ’, ਜਿਨ੍ਹਾਂ ਦੀ ਸੰਧੀ ਉਪਰੰਤ ‘ੲ, ਅ, ਅ’ ਸਵਰੀ ਅੱਖਰ ਲੁਪਤ ਹੋ ਗਏ ਤੇ ਸ਼ਬਦ ‘ਵਿਸ਼ਵ’ ਰਹਿ ਗਿਆ ਅਤੇ ‘ਵਿਸ਼ਵ’ ਸ਼ਬਦ ਦਾ ਰੂਪਾਂਤ੍ਰਿਤ ਸ਼ਬਦ ‘ਵਿਸੁ’ ਦੀ ਅੱਖਰ ਵੰਡ ਹੈ: ‘ਇ+ ਵ+ ਸ+ ਉ+ ਅ’ (ਭਾਵ ਸ਼ਬਦ ‘ਵਿਸ਼ਵ’ ਦੇ ਦੂਸਰੇ ‘ਵ’ ਦੀ ਬਜਾਏ ‘ਉ+ ਅ’), ਜਿਨ੍ਹਾਂ ਦੀ ਸੰਧੀ ਉਪਰੰਤ ਸਵਰੀ ਅੱਖਰ ‘ੲ, ੳ’ ਲੁਪਤ ਹੋ ਗਏ ਤੇ ਸ਼ਬਦ ‘ਵਿਸੁਅ’ ਰਹਿ ਗਿਆ। ਗੁਰਮੁਖੀ ’ਚ ਕਿਸੇ ਸ਼ਬਦ ਦੇ ਅੰਤ ’ਚ ਦਰਜ ਮੁਕਤੇ ‘ਅ’ ਨੂੰ ਆਮ ਤੌਰ ’ਤੇ ਲੁਪਤ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ‘ਵਿਸੁਅ’ ਸ਼ਬਦ ਦਾ ਸਰੂਪ ‘ਵਿਸੁ’ ਰਹਿ ਗਿਆ; ਜਿਵੇਂ: ‘‘ਏਹੁ ‘ਵਿਸੁ’ ਸੰਸਾਰੁ ਤੁਮ ਦੇਖਦੇ; ਏਹੁ, ਹਰਿ ਕਾ ਰੂਪੁ ਹੈ; ਹਰਿ ਰੂਪੁ, ਨਦਰੀ ਆਇਆ ॥ (ਮ: ੩/੯੨੨) ਗੁਰਬਾਣੀ ’ਚ ‘ਵਿਸੁ’ ਸ਼ਬਦ 14 ਵਾਰ ਦਰਜ ਹੈ, ਜਿਸ ਦਾ ਆਮ ਤੌਰ ’ਤੇ ਅਰਥ ਹੈ: ‘ਜ਼ਹਿਰ’; ਜਿਵੇਂ:

ਤੁਮੀ ਤੁਮਾ ‘ਵਿਸੁ’; ਅਕੁ ਧਤੂਰਾ ਨਿਮੁ ਫਲੁ ॥ (ਮ: ੧/੧੪੭)

ਬਾਹਰਿ ਧੋਤੀ ਤੂਮੜੀ; ਅੰਦਰਿ ‘ਵਿਸੁ’ ਨਿਕੋਰ (ਨਿਰੋਲ ਜ਼ਹਿਰ)॥ (ਮ: ੧/੭੮੯) ਆਦਿ, ਪਰ ਵਿਚਾਰ ਅਧੀਨ ਪੰਕਤੀ ’ਚ ‘ਵਿਸੁ’ ਦਾ ਅਰਥ ਹੈ: ‘ਵਿਸ਼ਵ’, ਨਾ ਕਿ ‘ਜ਼ਹਿਰ’ ਕਿਉਂਕਿ ਜਿਸ ਮਨੁੱਖ ਨੂੰ ‘ਸੰਸਾਰੁ’, ‘‘ਹਰਿ ਰੂਪ, ਨਦਰੀ ਆਇਆ॥’’ ਉਸ ਲਈ ‘ਸੰਸਾਰੁ’ ਜ਼ਹਿਰ ਵਿਖਾਈ ਨਹੀਂ ਦੇਂਦਾ। ਇਸੇ ਤਰ੍ਹਾਂ ਉਕਤ ‘ਸਲੋਕ’ ’ਚ ਦਰਜ ‘ਮਹਤੁ’ ਸ਼ਬਦ ਦਾ ਮੂਲ ਸਰੋਤ ਸ਼ਬਦ ਹੈ: ‘ਮਹਤਵ, ਮਹਤ੍ਵ’ ਜਾਂ ਰੂਪਾਂਤ੍ਰਿਤ ‘ਮਹਤੁਅ’, ਜੋ ਆਪਣੇ ਅੰਤ ’ਚ ਲੱਗੇ ‘ਅ’ ਨੂੰ ਲੁਪਤ ਕਰਨ ਉਪਰੰਤ ‘ਮਹਤੁ’ ਰਹਿ ਗਿਆ। ‘ਮਹਤੁ’ ਦੇ ਅੰਤ ’ਚ ਲੱਗੀ ਔਂਕੜ ਧੁਨੀ ਨੂੰ ਪ੍ਰਗਟ ਕਰਨ ਲਈ ‘ਤ’ ਅੱਖਰ ਉੱਪਰ ‘ਅੱਧਕ’ ਲਗਾ ਕੇ ‘ਮਹੱਤ’ ਉਚਾਰਨਾ ਦਰੁਸਤ ਹੈ, ਜਦ ਕਿ ਇਹ ਨਿਯਮ ਕਿਸੇ ਇੱਕ ਵਚਨ ਪੁਲਿੰਗ ਨਾਂਵ ’ਤੇ ਨਹੀਂ ਢੁਕਦਾ। ‘ਮਹਤੁ, ਵਿਸੁ, ਤਤੁ’ ਆਦਿ ਸ਼ਬਦਾਂ ਨੂੰ ਲੱਗਾ ਅੰਤ ਔਂਕੜ ਕਿਸੇ ਸੰਬੰਧਕੀ ਸ਼ਬਦ ਜਾਂ ਬਹੁ ਵਚਨ ਕਾਰਨ ਵੀ ਹਟਦਾ ਨਹੀਂ; ਜਿਵੇਂ ਕਿ ਗੁਰਬਾਣੀ ’ਚ 16 ਵਾਰ ਦਰਜ ‘ਪੰਚ ਤਤੁ’: ‘‘ਇਹੁ ਮਨੁ, ‘ਪੰਚ ਤਤੁ’ ਤੇ (ਤੋਂ) ਜਨਮਾ ॥’’ (ਮ: ੧/੪੧੫) ਭਾਵ ਇਸ ਪੰਕਤੀ ’ਚ ‘ਪੰਚ’ (ਬਹੁ ਵਚਨ) ਅਤੇ ‘ਤੇ’ (ਸੰਬੰਧਕੀ) ਚਿੰਨ੍ਹ ਦਰਜ ਹੋਣ ਦੇ ਬਾਵਜੂਦ ਵੀ ‘ਤਤੁ’ ਅੰਤ ਔਂਕੜ ਹੈ।

ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ॥         ਉਚਾਰਨ : ਮਹੱਤ।

ਭਾਵ – (ਬ੍ਰਹਿਮੰਡ ਰਚਣ ਦਾ ਭੇਤ, ਰਹੱਸ ਜਾਂ) ‘ਗੁਰ’ ਹਵਾ (ਗੈਸ/ਹਾਈਡਰੋਜਨ ਹੈ, ਜਿਸ ਤੋਂ ਤਾਰੇ ਤੇ ਰੌਸ਼ਨੀ ਬਣੀ, ਇਸ ਗੈਸ ਉਪਰੰਤ ਹੋਂਦ ’ਚ ਆਈ ਆਕਸੀਜਨ ਨਾਲ਼ ਮਿਲ ਕੇ ਭਾਫ਼ ਰਾਹੀਂ ਤਬਦੀਲ ਹੋਏ ਪਾਣੀ ਨੇ ਜ਼ਿੰਦਗੀ, ਬਨਸਪਤੀ, ਆਦਿ ਪੈਦਾ ਕੀਤੀ, ਇਸ ਕਰ ਕੇ) ਪਾਣੀ ਜਗਤ ਪਿਤਾ ਅਤੇ ਵੱਡੀ ਮਾਤਾ (ਜਨਮਦਾਤੀ) ਧਰਤੀ ਬਣ ਗਈ।

(ਨੋਟ : ਇਕ ਖ਼ਾਲੀ ਬਰਤਨ ’ਚ ਸੁੱਕਾ (ਨਮੀ ਰਹਿਤ) ਘਾਹ-ਫੂਸ ਤੇ ਪਾਣੀ ਭਰਨ ਉਪਰੰਤ ਕੁਝ ਦਿਨਾਂ ’ਚ ਛੋਟੇ-ਛੋਟੇ ਜੀਵਾਣੂ ਨਜ਼ਰ ਆਉਣਗੇ, ਜੋ ਪਾਣੀ ਪਿਤਾ ਹੋਣ ਦੀ ਇੱਕ ਮਿਸਾਲ ਹੈ। ਗਰਮਾਇਸ਼ ਤੇ ਨਮੀ ਦੀ ਸੰਯੁਕਤ ਕਿਰਿਆ ਹੀ ਕੁਦਰਤ ਦਾ ਵਿਕਾਸ ਕਰਦੀ ਹੈ, ਇਸ ਸੰਯੁਕਤ ਕਿਰਿਆ ’ਚ ਸ੍ਪੇਸ (ਭੂਮੀ ਜਾਂ ਜਗ੍ਹਾ) ਮਾਤਾ ਹੈ, ਜਿਸ ਦੇ ਗਰਭ ’ਚੋਂ ਅਣਗਿਣਤ ਜ਼ਿੰਦਗੀਆਂ ਪਨਪ ਦੀਆਂ ਹਨ। ਹਰ ਜ਼ਿੰਦਗੀ ਦੇ ਕੁੱਲ ਭਾਰ ’ਚ 3 ਹਿੱਸੇ ਪਾਣੀ ਹੁੰਦਾ ਹੈ, ਇਹੀ (1/3) ਅਨੁਪਾਤ ਸੁੱਕੀ ਭੂਮੀ ਅਤੇ ਸਮੁੰਦਰੀ ਜਲ ਦਾ ਹੈ।

 ‘ਵਿਸੁ, ਮਹਤੁ, ਤਤੁ’ ਆਦਿ ਲਿਖਤ ਨਿਯਮ ਦੀ ਨਾ ਸਮਝੀ ਕਾਰਨ ਕੁੱਝ ਅਜੋਕੇ ਸੱਜਣ ਉਕਤ ਪੰਕਤੀ ਦੀ ਵਿਗਿਆਨਿਕ ਸਚਾਈ ਤੋਂ ਦੂਰ ਚਲੇ ਜਾਂਦੇ ਹਨ ਜਿਵੇਂ ਕਿ ‘ਵਿਰਲੇ ਮਨ’ ਨੂੰ ਅਧਾਰ ਬਣਾ ਕੇ ਗੁਰਮਤਿ ਦੀ ਵਿਆਖਿਆ ਕਰਨ ਵਾਲ਼ੇ ਵੀਰ ਭੁਪਿੰਦਰ ਸਿੰਘ ਜੀ ਨੇ ‘‘ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ ॥’’ ਦੇ ਅਰਥ ਕੀਤੇ ਹਨ ਕਿ ‘ਰੱਬ ਦੇ ਨਿਯਮ ਵਿਚ ਸਭ ਨੂੰ ਸਚਿਆਰ ਬਣਨ ਲਈ ਪਵਣ ਰੂਪੀ ਗੁਰੂ, ਸੰਤੋਖ ਰੂਪੀ ਪਿਤਾ ਅਤੇ ਸੁਰਤ, ਮਤ, ਮਨ, ਬੁਧ ਵਾਲੀ ਧਰਤੀ ਮਿਲੀ ਹੈ, ਜਿਸ ’ਤੇ ਵੱਡੇ ਰੱਬ ਦਾ (ਮਹਤੁ) ਹੁਕਮ ਚਲਦਾ ਹੈ।’ (ਵੀਰ ਭੁਪਿੰਦਰ ਸਿੰਘ, ਕਿਤਾਬ: ਸਚਿਆਰਾ ਕਿਵੇਂ ਬਣੀਏ, ਪੰਨਾ 107)

ਵਿਚਾਰ : (1). ਉਕਤ ‘‘ਪਾਣੀ ਪਿਤਾ’’ ਦਾ ਅਰਥ: ‘ਸੰਤੋਖ ਰੂਪੀ ਪਿਤਾ’ ਅਰਥ ਗੁਰਮਤਿ ਅਨੁਸਾਰੀ ਨਹੀਂ। ਇਹ ਅਢੁਕਵੇਂ ਤੇ ਬੇਦਲੀਲੇ ਅਰਥ ‘‘ਮਾਤਾ ਮਤਿ; ਪਿਤਾ ਸੰਤੋਖੁ ॥ ਸਤੁ ਭਾਈ ਕਰਿ; ਏਹੁ ਵਿਸੇਖੁ ॥’’ (ਮ: ੧/੧੫੨) ਵਾਕ ’ਚੋਂ ਲਏ ਗਏ, ਜਾਪਦੇ ਹਨ। ਗੁਰਮਤਿ ਅਨੁਸਾਰ ‘ਪਾਣੀ’ ’ਚ ‘ਸਬਰ, ਸੰਤੋਖ, ਸਥਿਰਤਾ’ ਆਦਿ ਗੁਣ ਨਹੀਂ ਕਿਉਂਕਿ ਪਾਣੀ ਗਰਮ, ਠੰਡਾ ਜਾਂ ਭਾਫ਼ ਆਦਿ ’ਚ ਤਬਦੀਲ ਹੋਣ ਕਾਰਨ ਅਸਥਿਰ ਤੇ ਚੰਚਲਤਾ ਦਾ ਪ੍ਰਤੀਕ ਹੈ; ਜਿਵੇਂ: ‘‘ਕਬੀਰ  ! ਪਾਨੀ ਹੂਆ ਤ ਕਿਆ ਭਇਆ (ਕੀ ਹੋਇਆ)  ? ‘ਸੀਰਾ’ (ਸ਼ੀਤਲ) ‘ਤਾਤਾ’ (ਗਰਮ) ਹੋਇ ॥ ਹਰਿ ਜਨੁ ਐਸਾ ਚਾਹੀਐ; ਜੈਸਾ ਹਰਿ ਹੀ ਹੋਇ ॥’’ (ਭਗਤ ਕਬੀਰ/੧੩੭੨), ਪਾਣੀ ਦੀ ਅਸਥਿਰਤਾ ਦੀ ਇਕ ਲਾਜਵਾਬ ਉਦਾਹਰਨ ਗੁਰੂ ਅੰਗਦ ਸਾਹਿਬ ਜੀ ਦੇਂਦੇ ਹਨ ਕਿ ਪਾਣੀ ’ਚ ਖਿੱਚੀ ਗਈ ਲਕੀਰ (ਰੇਖਾ) ਵੀ ਸਥਾਈ ਨਹੀਂ: ‘‘ਪਾਣੀ ਅੰਦਰਿ ਲੀਕ ਜਿਉ; ਤਿਸ ਦਾ ਥਾਉ ਨ ਥੇਹੁ ॥’’ (ਮ: ੨/੪੭੪)

ਆਧੁਨਿਕ ਵਿਗਿਆਨਿਕ ਕਾਢ ਤੋਂ ਸਦੀਆਂ ਪਹਿਲਾਂ ‘ਗੁਰਮਤਿ ਦੀ ਵਿਲੱਖਣਤਾ’ ਨੇ ਜਗਤ ਉਤਪਤੀ ਦਾ ਸਰੋਤ ‘ਹਵਾ (ਭਾਫ਼, ਗੈਸ), ਪਾਣੀ’ (ਨਮੀ) ਨੂੰ ਮੰਨ ਲਿਆ ਸੀ; ਜਿਵੇਂ 

ਪਹਿਲਾ ਪਾਣੀ ਜੀਉ ਹੈ; ਜਿਤੁ, ਹਰਿਆ ਸਭੁ ਕੋਇ ॥ (ਮ: ੧/੪੭੨)

ਪਉਣੁ ਗੁਰੂ; ‘ਪਾਣੀ ਪਿਤ ਜਾਤਾ’ (‘ਪਾਣੀ’ ਨੂੰ ਪਿਤਾ ਜਾਣੀਦਾ ਹੈ)॥ (ਮ: ੧/੧੦੨੧)

ਪਾਣੀ ਪਿਤਾ ਜਗਤ ਕਾ; ਫਿਰਿ, ਪਾਣੀ ਸਭੁ (ਨੂੰ) ਖਾਇ ॥ (ਮ: ੧/੧੨੪੦), ਆਦਿ।

(2). ਉਕਤ ਵਿਆਖਿਆ ਅਨੁਸਾਰ ‘ਮਾਤਾ ਧਰਤਿ’ ਦਾ ਅਰਥ: ‘ਸੁਰਤ, ਮਤ, ਮਨ, ਬੁਧ ਵਾਲੀ ਧਰਤੀ ਮਿਲੀ ਹੈ।’ ਭਾਵ ‘ਮਾਤਾ’ ਸ਼ਬਦ ਨੂੰ ਜਗਤ ਜਣਨੀ ਮੰਨਣ ਦੀ ਬਜਾਏ ‘‘ਮਾਤਾ ਮਤਿ; ਪਿਤਾ ਸੰਤੋਖੁ ॥’’ (ਮ: ੧/੧੫੨) ਅਨੁਸਾਰ ‘ਸੁਰਤ, ਮਤ, ਮਨ, ਬੁਧ’ (ਚੇਤਨ ਸ਼ਕਤੀ) ਅਤੇ ‘ਧਰਤਿ’, ਜੋ ਪੰਜ ਤੱਤਾਂ ਤੋਂ ਬਣੀ ‘ਨਿਰਜਿੰਦ ਵਸਤੂ’ ਮਿੱਟੀ ਹੈ, ਨੂੰ ਚੇਤਨ ਸ਼ਕਤੀ (‘ਸੁਰਤ, ਮਤ, ਮਨ, ਬੁਧ’) ਦਾ ਸਰੋਤ ਮੰਨਿਆ ਗਿਆ।

ਗੁਰਬਾਣੀ ’ਚ ‘ਮਾਤਾ-ਪਿਤਾ’ ਸੰਯੁਕਤ ਸ਼ਬਦ 25 ਵਾਰ ਦਰਜ ਹਨ ਤੇ ਇਨ੍ਹਾਂ ਦੇ ਅਰਥ ‘ਮਤਿ ਤੇ ਸੰਤੋਖ’ ਤੋਂ ਇਲਾਵਾ ‘ਹਰਿ ਨਾਮ, ਗੁਰੂ, ਗੁਰਦੇਵ, ਵੰਸ਼ਜ ਮਾਤਾ-ਪਿਤਾ, ਪਵਿੱਤਰਤਾ, ਹਰਿ, ਮਲ਼ੀਨਤਾ, ਅਸਥਿਰਤਾ’ ਆਦਿ ਵੀ ਹਨ; ਜਿਵੇਂ

ਮੇਰਾ ਪਿਤਾ-ਮਾਤਾ ਹਰਿ ਨਾਮੁ ਹੈ; ਹਰਿ ਬੰਧਪੁ ਬੀਰਾ ॥ (ਮ: ੩/੧੬੩)

ਤੂੰ ਗੁਰੁ ਪਿਤਾ, ਤੂੰਹੈ ਗੁਰੁ ਮਾਤਾ; ਤੂੰ ਗੁਰੁ ਬੰਧਪੁ, ਮੇਰਾ ਸਖਾ ਸਖਾਇ ॥ (ਮ: ੪/੧੬੭)

ਗੁਰਦੇਵ ਮਾਤਾ, ਗੁਰਦੇਵ ਪਿਤਾ; ਗੁਰਦੇਵ ਸੁਆਮੀ ਪਰਮੇਸੁਰਾ ॥ (ਮ: ੫/੨੫੦)

ਹਰਿ ਨਾਮੁ ਦੀਆ ਗੁਰਿ ਪਰਉਪਕਾਰੀ; ਧਨੁ ਧੰਨੁ ਗੁਰੂ ਕਾ ‘ਪਿਤਾ-ਮਾਤਾ’ ॥ (ਮ: ੪/੫੯੨)

‘ਪਵਿਤੁ ਮਾਤਾ ਪਿਤਾ’ ਕੁਟੰਬ ਸਹਿਤ ਸਿਉ; ਪਵਿਤੁ ਸੰਗਤਿ ਸਬਾਈਆ ॥ (ਮ: ੩/੯੧੯)

ਹਰਿ ਜੀ ਮਾਤਾ, ਹਰਿ ਜੀ ਪਿਤਾ; ਹਰਿ ਜੀਉ ਪ੍ਰਤਿਪਾਲਕ ॥ (ਮ: ੫/੧੧੦੧)

ਧੰਨੁ ਸੁ ਵੰਸੁ; ਧੰਨੁ ਸੁ ਪਿਤਾ; ਧੰਨੁ ਸੁ ਮਾਤਾ; ਜਿਨਿ ਜਨ ਜਣੇ (ਜਿਸ ਨੇ ਸੇਵਕ ਨੂੰ ਜਨਮ ਦਿੱਤਾ)॥ (ਮ: ੪/੧੧੩੫)

ਮਾਤਾ ਜੂਠੀ, ਪਿਤਾ ਭੀ ਜੂਠਾ; ਜੂਠੇ ਹੀ ਫਲ ਲਾਗੇ ॥ (ਭਗਤ ਕਬੀਰ/੧੧੯੫)

ਕਤੰਚ (ਕਿੱਥੇ ਹੈ) ਮਾਤਾ ? ਕਤੰਚ ਪਿਤਾ ? ਕਤੰਚ ਬਨਿਤਾ ? ਬਿਨੋਦ ਸੁਤਹ ? ॥ (ਮ: ੫/੧੩੫੩) ਆਦਿ, ਇਸ ਲਈ ‘ਮਾਤਾ ਪਿਤਾ’ ਦਾ ਅਰਥ ਲੜੀ ਅਨੁਸਾਰ ਭਿੰਨ ਭਿੰਨ ਪ੍ਰਵਾਨ ਕਰਨਾ ਗੁਰਬਾਣੀ ਦੇ ਬੋਧ (ਸਮਝ) ਦਾ ਪ੍ਰਤੀਕ ਹੈ।

(3). ‘ਮਹਤੁ’ ਸ਼ਬਦ ਦਾ ਅੰਤ ਔਂਕੜ ਅਗਰ ਇੱਕ ਵਚਨ ਪੁਲਿੰਗ ਦਾ ਸੰਕੇਤ ਹੁੰਦਾ, ਜਿਵੇਂ ਕਿ ਉਕਤ ‘ਰੱਬ ਦਾ (ਮਹਤੁ) ਹੁਕਮ ਚਲਦਾ ਹੈ’, ਅਰਥਾਂ ’ਚ ‘ਮਹਤੁ’ ਨੂੰ ‘ਹੁਕਮ’ (ਇੱਕ ਵਚਨ ਪੁਲਿੰਗ) ਮੰਨਿਆ ਗਿਆ ਹੈ ਤਾਂ ‘ਪੰਚ ਤਤੁ’ ਨੂੰ ਲੱਗਾ ਔਂਕੜ ਵੀ ਇੱਕ ਵਚਨ ਪੁਲਿੰਗ ਦਾ ਸੂਚਕ ਹੋਣਾ ਚਾਹੀਦਾ ਹੈ ਪਰ ਇਸ ਦਾ ਸੰਖਿਅਕ ਵਿਸ਼ੇਸ਼ਣ ‘ਪੰਚ’ ਬਹੁ ਵਚਨ ਹੈ। ਗੁਰਮਤਿ ਅਨੁਸਾਰ ‘ਪੰਚ ਤਤੁ’ ਦਾ ਅਰਥ ਹੈ: ‘ਅੱਗ, ਪਾਣੀ, ਹਵਾ, ਧਰਤੀ, ਆਕਾਸ ਭਾਵ ਸ੍ਪੇਸ’; ਜਿਵੇਂ:

‘ਪੰਚ ਤਤੁ’ ਕਰਿ, ਤੁਧੁ ਸ੍ਰਿਸਟਿ ਸਭ ਸਾਜੀ; ਕੋਈ ਛੇਵਾ ਕਰਿਉ, ਜੇ ਕਿਛੁ ਕੀਤਾ ਹੋਵੈ  ? ॥ (ਮ: ੪/੭੩੬)

‘ਪੰਚ ਤਤੁ’ ਮਿਲਿ, ਕਾਇਆ ਕੀਨ੍ੀ; ਤਤੁ ਕਹਾ ਤੇ ਕੀਨੁ ਰੇ  ? (ਪੰਜ ਤੱਤ ਕਿਸ ਤੋਂ ਬਣੇ  ?)॥ (ਭਗਤ ਕਬੀਰ/੮੭੦)

‘ਪੰਚ ਤਤੁ’ ਮਿਲਿ; ਇਹੁ ਤਨੁ ਕੀਆ ॥’’ (ਮ: ੧/੧੦੩੯), ਆਦਿ।

‘ਗੁਰਮਤਿ’ ਨੇ ‘ਨਿਰਾਕਾਰ’ ਤੇ ‘ਆਕਾਰ ਰਚਨਾ’ ਨਾਲ ਸੰਬੰਧਿਤ ਤਮਾਮ ਵਿਸ਼ਿਆਂ ਨੂੰ ਬਹੁਤ ਹੀ ਸਰਲ, ਨਿਵੇਕਲ਼ੇ ਤੇ ਵਿਗਿਆਨਿਕ ਢੰਗ ਨਾਲ ਸੰਖੇਪ ਮਾਤਰ ’ਚ ਬਿਆਨ ਕੀਤਾ ਹੈ, ਤਾਂ ਜੋ ਮਨੁੱਖ ਉਸ ਅਸੀਮ ਸ਼ਕਤੀ (‘ਰੱਬ’) ਦੇ ਬੋਧ ਤੋਂ ਪ੍ਰਭਾਵਿਤ ਹੋ ਕੇ ਆਪਣੇ ਆਪ ਨੂੰ ਕੁਦਰਤ ’ਚ ਮਾਮੂਲੀ ਜਿਹਾ ਕੀੜਾ ਪ੍ਰਵਾਨ ਕਰਦਿਆਂ ਨਿਮਰਤਾ ਤੇ ਸਾਦਗੀ ’ਚ ਜੀਵਨ ਨਿਰਬਾਹ ਕਰ ਸਕੇ। ਇਸ ਅਸੀਮ ਬ੍ਰਹਮ ਗਿਆਨ ਨੂੰ ਕੇਵਲ ਉਸ ਵਿਰਲੇ ਮਨ ਦੇ ਆਸ-ਪਾਸ ਕੈਦ ਨਹੀਂ ਕੀਤਾ ਜਾ ਸਕਦਾ, ਜਿਸ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਗੁਰਬਾਣੀ ’ਚੋਂ ਨਹੀਂ ਹੁੰਦੀ ਕਿਉਂਕਿ ‘ਗੁਰਮਤਿ’ ਨੇ ‘ਗੁਰੂ ਵੱਲ ਮੂੰਹ ਕਰਨ ਨੂੰ ਗੁਰਮੁਖ’ ਤੇ ‘ਮਨ ਜਾਂ ਵਿਰਲੇ ਮਨ ਵੱਲ ਮੂੰਹ ਕਰਨ ਨੂੰ ਮਨਮੁਖ’ ਸਵੀਕਾਰ ਕੀਤਾ ਹੈ।

ਉਕਤ ਤਮਾਮ ਵਿਚਾਰ ਦਾ ਕੇਂਦਰ ਕੇਵਲ ਵੀਰ ਭੁਪਿੰਦਰ ਸਿੰਘ ਜੀ ਦੀ ਸੋਚ ਨਹੀਂ ਬਲਕਿ ਇਹ ਤਾਂ ਇੱਕ ਮਿਸਾਲ ਹੈ। ਅਜਿਹੇ ਕਈ ‘ਵੀਰ’, ਗੁਰਮਤਿ ਦੇ ਵਿਆਖਿਆਕਾਰ ਬਣੇ ਹੋਏ ਹਨ, ਜਿਨ੍ਹਾਂ ਦੀਆਂ ਸੇਵਾਵਾਂ ਨਾਲ ਗੁਰਮਤਿ ਨੂੰ ਨੁਕਸਾਨ ਵਧੇਰੇ ਹੋ ਰਿਹਾ ਹੈ। ਇੱਕ ਤਰਫ਼ ਲਿਖਤ ਨੂੰ ਅੰਜਾਮ ਦੇਣ ਵਾਲ਼ੇ ਲੇਖਕਾਂ ਦੀ ਕਿਸੇ ਮਜਬੂਰੀ ਕਾਰਨ ਦੂਸਰੀ ਤਰਫ਼ ਖ਼ਾਮੋਸ਼ੀ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਲੇਖਕ ਤੇ ਬੁਧੀਜੀਵੀ ਹੀ ਕਿਸੇ ਕੌਮੀ ਸਿਧਾਂਤ ਦੇ ਦਾਰਸ਼ਨਿਕ ਹੁੰਦੇ ਹਨ।)

‘‘ਦਿਵਸੁ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ ॥’’-ਇਸ ਪੰਕਤੀ ’ਚ ਦਰਜ ‘ਦੁਇ’ ਸ਼ਬਦ ਨੂੰ ‘ਦਾਈ ਦਾਇਆ’ ਨਾਲ ਜੋੜਨਾ ਉਚਿਤ ਨਹੀਂ ਹੋਵੇਗਾ ਕਿਉਂਕਿ ‘ਦਾਈ ਦਾਇਆ’ ਸ਼ਬਦ ਵੀ 2 ਹੋਣ ਕਾਰਨ ਭੁਲੇਖਾ ਲੱਗ ਸਕਦਾ ਹੈ।

‘ਦਾਈ ਦਾਇਆ’-ਇਹ ਸੰਯੁਕਤ ਸ਼ਬਦ ਗੁਰਬਾਣੀ ’ਚ ਤਿੰਨ ਵਾਰ ਦਰਜ ਹਨ, ਜਿਨ੍ਹਾਂ ਪੰਕਤੀਆਂ ’ਚ ਇਨ੍ਹਾਂ ਦੀ ਵਰਤੋਂ ਕੀਤੀ ਗਈ ਹੈ ਉਨ੍ਹਾਂ ਵਿੱਚ ਹੀ ‘ਦਿਵਸੁ ਰਾਤਿ ਦੁਇ’ ਸ਼ਬਦਾਂ ਦੇ ਰੂਪਾਂਤ੍ਰਿਤ ਸ਼ਬਦ ‘ਦਿਨਸੁ ਰਾਤਿ ਦੁਇ’ ਜਾਂ ‘ਰੈਣਿ ਦਿਨਸੁ ਦੁਇ’ ਵੀ ਦਰਜ ਹਨ; ਜਿਵੇਂ

ਦਿਨਸੁ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ ॥ (ਮ: ੨/੧੪੬)

ਰੈਣਿ ਦਿਨਸੁ ਦੁਇ, ਦਾਈ ਦਾਇਆ; ਜਗੁ ਖੇਲੈ ਖੇਲਾਈ ਹੇ ॥ (ਮ: ੧/੧੦੨੧)

ਦਿਵਸੁ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ॥

ਭਾਵ – ਦਿਨ (ਸੂਰਜ/ਪ੍ਰਕਾਸ਼) ਰੂਪ ‘ਦਾਇਆ’ (ਖਿਡਾਵਾ) ਦਿਲ ਪਰਚਾਉਂਦਾ ਹੈ ਭਾਵ ਖਾਣ ਪੀਣ ਵੱਲ ਪ੍ਰੇਰਦਾ ਹੈ ਤੇ ਰਾਤ ਨਾਂ ਦੀ ਦਾਈ (ਖਿਡਾਵੀ) ਆਰਾਮ ਕਰਵਾਉਣ ਲਈ ਸੁਲਾ ਦੇਂਦੀ ਹੈ, (ਇਨ੍ਹਾਂ ਦੋਵੇਂ ‘ਦਿਵਸੁ/ਰਾਤਿ’ ਸਮੇਂ ’ਚ) ਸਾਰਾ ਸੰਸਾਰ ਖੇਡਦਾ, ਜੂਝਦਾ ਹੈ, ‘‘ਰੈਣਿ (ਰਾਤ) ਗਵਾਈ ਸੋਇ ਕੈ; ਦਿਵਸੁ ਗਵਾਇਆ ਖਾਇ (ਖਾ ਕੇ)॥ ਹੀਰੇ ਜੈਸਾ ਜਨਮੁ ਹੈ; ਕਉਡੀ ਬਦਲੇ ਜਾਇ ॥’’ (ਮਹਲਾ ੧/੧੫੬)

‘‘ਚੰਗਿਆਈਆ, ਬੁਰਿਆਈਆ; ਵਾਚੈ ਧਰਮੁ, ਹਦੂਰਿ ॥ ਕਰਮੀ ਆਪੋ ਆਪਣੀ; ਕੇ ਨੇੜੈ, ਕੇ ਦੂਰਿ ॥’’– ਇਨ੍ਹਾਂ ਤੁਕਾਂ ਦੇ ਸੰਖੇਪ ’ਚ ਅਰਥ ਇਉਂ ਸਮਝ ਸਕਦੇ ਹੈ ਕਿ ‘‘ਕਰਮੀ ਆਪੋ ਆਪਣੀ’’ ਅਨੁਸਾਰ ਕੀਤੀਆਂ ‘‘ਚੰਗਿਆਈਆ’’ ਕਰਕੇ ‘‘ਕੇ ਨੇੜੈ’’ ਆ ਗਏ ਪਰ ‘‘ਕਰਮੀ ਆਪੋ ਆਪਣੀ’’ ਅਨੁਸਾਰ ਕੀਤੀਆਂ ‘‘ਬੁਰਿਆਈਆ’’ ਕਰਕੇ ‘‘ਕੇ ਦੂਰਿ’’ ਚਲੇ ਗਏ।

(ਨੋਟ : ਉਕਤ ਪੰਕਤੀ ’ਚ ਦਰਜ ‘ਧਰਮੁ’ ਸ਼ਬਦ ਦੇ ਪ੍ਰਚਲਿਤ ਅਰਥ ਸਨਾਤਨ ਮੱਤ ਨੂੰ ਆਧਾਰ ਬਣਾ ਕੇ ‘ਧਰਮਰਾਜ’ ਕੀਤੇ ਜਾਂਦੇ ਹਨ, ਜੋ ਕਿ ‘ਗੁਰਮਤ’ ਅਤੇ ‘ਜਪੁ’ ਵਿਸ਼ਾ ਤਰਤੀਬ ਅਨੁਸਾਰ ਸਹੀ ਨਹੀਂ ਜਾਪਦੇ । ਗੁਰਬਾਣੀ ਵਿੱਚ ‘ਧਰਮੁ’ ਸ਼ਬਦ 102 ਵਾਰ ਆਇਆ ਹੈ, ਜਿਨ੍ਹਾਂ ’ਚੋਂ ਕੇਵਲ 6 ਵਾਰ ‘ਧਰਮੁ’ ਦੇ ਅਰਥ ‘ਧਰਮਰਾਜ’ ਜਾਂ ‘ਯਮਰਾਜ’ ਤਦ ਲਏ ਜਾ ਸਕਦੇ ਹਨ, ਜਦ ‘ਧਰਮੁ’ ਸ਼ਬਦ ਦੇ ਨਾਲ਼ ‘ਚਿਤਰ-ਗੁਪਤ, (ਧਰਮਰਾਜ ਦੇ) ਦੂਤ ਜਾਂ ਰਾਜਾ’ ਸ਼ਬਦ ਵੀ ਮੌਜੂਦ ਹੋਣ; ਜਿਵੇਂ ਕਿ

ਗਾਵਹਿ ਤੁਹ ਨੋ, ਪਉਣੁ ਪਾਣੀ ਬੈਸੰਤਰੁ; ਗਾਵੈ ‘ਰਾਜਾ ਧਰਮੁ’ ਦੁਆਰੇ ॥ (ਜਪੁ)

ਗਾਵਹਿ, ‘ਚਿਤੁ ਗੁਪਤੁ’ ਲਿਖਿ ਜਾਣਹਿ; ਲਿਖਿ ਲਿਖਿ ‘ਧਰਮੁ’ ਵੀਚਾਰੇ ॥ (ਜਪੁ)

ਗਾਵਨਿ ਤੁਧ ਨੋ, ਪਵਣੁ ਪਾਣੀ ਬੈਸੰਤਰੁ; ਗਾਵੈ ‘ਰਾਜਾ ਧਰਮੁ’ ਦੁਆਰੇ ॥ (ਸੋ ਦਰੁ/ਮ: ੧/੯)

ਗਾਵਨਿ ਤੁਧ ਨੋ, ‘ਚਿਤੁ ਗੁਪਤੁ’ ਲਿਖਿ ਜਾਣਨਿ; ਲਿਖਿ ਲਿਖਿ ‘ਧਰਮੁ’ ਬੀਚਾਰੇ ॥ (ਸੋ ਦਰੁ/ਮ: ੧/੯)

ਗਾਵਨਿ੍ ਤੁਧ ਨੋ, ‘ਚਿਤੁ ਗੁਪਤੁ’ ਲਿਖਿ ਜਾਣਨਿ; ਲਿਖਿ ਲਿਖਿ ‘ਧਰਮੁ’ ਵੀਚਾਰੇ ॥ (ਆਸਾ/ ਸੋ ਦਰੁ/੩੪੭)

ਜੈ ਜੈ ‘ਧਰਮੁ’ (ਧਰਮਰਾਜ) ਕਰੇ; ‘ਦੂਤ’ ਭਏ ਪਲਾਇਣ ॥ (ਮ: ੫/੪੬੦)

ਧਿਆਨ ਰਹੇ ਕਿ ਗੁਰਬਾਣੀ ’ਚ ‘ਧਰਮਰਾਜ’ ਤੇ ‘ਯਮਰਾਜ’ ਲਈ 44 ਵਾਰ ‘ਧਰਮਰਾਇ’ ਸ਼ਬਦ ਮੌਜੂਦ ਹੈ; ਜਿਵੇਂ ਕਿ

ਤਿਸ ਨੋ ਜੋਹਹਿ; ਦੂਤ ‘ਧਰਮਰਾਇ’ ॥ (ਮ: ੫/੧੯੫)

‘ਧਰਮਰਾਇ’ ਨੋ ਹੁਕਮੁ ਹੈ; ਬਹਿ ਸਚਾ ਧਰਮੁ ਬੀਚਾਰਿ ॥ (ਮ: ੩/੩੮)

ਲੇਖਾ ‘ਧਰਮਰਾਇ’ ਕੀ ਬਾਕੀ; ਜਪਿ ਹਰਿ ਹਰਿ ਨਾਮੁ ਕਿਰਖੈ ॥ (ਮ: ੪/੭੮)

‘ਧਰਮਰਾਇ’ ਹੈ ਹਰਿ ਕਾ ਕੀਆ; ਹਰਿ ਜਨ ਸੇਵਕ ਨੇੜਿ ਨ ਆਵੈ ॥ (ਮ: ੪/੫੫੫)

‘ਧਰਮਰਾਇ’ ਹੈ ਦੇਵਤਾ; ਲੈ ਗਲਾ ਕਰੇ ਦਲਾਲੀ ॥ (ਬਲਵੰਡ ਸਤਾ/੯੬੭), ਆਦਿ।

ਸੋ, ‘‘ਵਾਚੈ ਧਰਮੁ, ਹਦੂਰਿ॥’’ ਪੰਕਤੀ ’ਚ ‘ਧਰਮੁ’ ਦਾ ਅਰਥ ਕਾਲਪਨਿਕ ‘ਧਰਮਰਾਜ’ ਕਰਨ ਦੀ ਬਜਾਇ ਰੱਬੀ ‘ਨਿਯਮ ਜਾਂ ਇਨਸਾਫ਼ ਘਰ’ ਵਧੇਰੇ ਦਰੁਸਤ ਜਾਪਦਾ ਹੈ। 

ਕਿਸੇ ਮੁਲਕ ਦੀ ਸੰਸਦ, ਆਪਣੇ ਕਨੂੰਨ (ਸੰਵਿਧਾਨ) ਨੂੰ ਬਣਾਉਂਦੀ ਹੈ ਤੇ ਉਹੀ ਸੰਵਿਧਾਨ ਆਪਣੀ ਕਸੌਟੀ ’ਤੇ ਕਸੂਰਵਾਰ ਦੇ ਗੁਨਾਹ ਨੂੰ ਲਗਾ ਕੇ ਸਜ਼ਾ ਦਿੰਦਾ ਹੈ, ਨਾ ਕਿ ਕਨੂੰਨ ਬਣਾਉਣ ਵਾਲ਼ੀ ਕੋਈ ਸੰਸਦ, ਅਪਰਾਧੀ ਨੂੰ ਸਜ਼ਾ ਦਿੰਦੀ ਹੈ। ਇਸੇ ਤਰ੍ਹਾਂ ਰੱਬੀ ਇਨਸਾਫ਼ (ਨਿਯਮ) ਹਰ ਦਿਨ ਮਨੁੱਖਾ ਸੋਚ ਦੇ ਹਿਸਾਬ ਕਿਤਾਬ ਨੂੰ ਪਰਖਦਾ ਹੈ ਤੇ ਅਗਾਂਹ ਲਈ ਸੁਭਾਅ ਬਣਾਉਂਦਾ ਹੈ, ਇਹ ਸੁਭਾਅ ਹੀ ਦੁੱਖ-ਸੁੱਖ ਦਿਵਾਉਂਦਾ ਹੈ,  ਇਸੇ ਨੂੰ ‘‘ਵਾਚੈ ਧਰਮੁ, ਹਦੂਰਿ॥’’ ਬਿਆਨ ਕੀਤਾ ਗਿਆ ਭਾਵ ਜੋ ਕਰਮ ਕੀਤੇ ਜਾਂਦੇ ਹਨ ਉਸ ਦਾ ਫਲ਼ ਜ਼ਰੂਰ ਮਿਲਦਾ ਹੈ।)

ਚੰਗਿਆਈਆ ਬੁਰਿਆਈਆ; ਵਾਚੈ ਧਰਮੁ, ਹਦੂਰਿ॥         ਉਚਾਰਨ : ਚੰਗਿਆਈਆਂ, ਬੁਰਿਆਈਆਂ।

ਭਾਵ -ਜੀਵਾਂ ਦੁਆਰਾ ਕੀਤੇ ਜਾਂਦੇ ਚੰਗੇ ਮੰਦੇ ਕੰਮਾਂ ਨੂੰ (ਕਣ ਕਣ ’ਚ ਵਿਆਪਕ ‘ਰਾਮੁ’ ਦੇ) ਦਰਬਾਰ ਵਿੱਚ (ਉਸ ਦਾ) ਧਰਮੁ (ਇਨਸਾਫ਼-ਤਰਾਜ਼ੂ ਰੋਜ਼ਾਨਾ) ਪਰਖਦਾ, ਤੋਲਦਾ ਹੈ ਭਾਵ ਸੁਭਾਅ ਘੜਦਾ ਹੈ।

ਕਰਮੀ ਆਪੋ ਆਪਣੀ; ਕੇ ਨੇੜੈ, ਕੇ ਦੂਰਿ॥

ਭਾਵ – ਆਪੋ ਆਪਣੀ ਸੋਚ ਅਧੀਨ ਕੀਤੇ ਗਏ ਕਰਮਾਂ ਅਨੁਸਾਰ ਕਈ ਮਨੁੱਖ ਰੱਬ ਦੀ ਯਾਦ ਦੇ ਨੇੜੇ ਅਤੇ ਕਈ ਦੂਰ ਹੋ ਜਾਂਦੇ ਹਨ (ਭਾਵ ਰੱਬ ਦੇ ਨੇੜੇ ਵਾਲ਼ਾ ਅੰਤ ਨੂੰ ‘‘ਜਲ ਕਾ ਜਲੁ ਹੂਆ, ਰਾਮ ॥’’ (ਮਹਲਾ ੫/੮੪੬) ਅਤੇ ਰੱਬ ਤੋਂ ਦੂਰ ਵਾਲ਼ਾ ਅੰਤ ਨੂੰ ‘‘ਜਮਿ ਜਮਿ ਮਰੈ; ਮਰੈ, ਫਿਰਿ ਜੰਮੈ ॥ ਬਹੁਤੁ ਸਜਾਇ; ਪਇਆ ਦੇਸਿ ਲੰਮੈ ॥’’ (ਮਹਲਾ ੫/੧੦੨੦) ਵਾਲ਼ਾ ਰਸਤਾ ਵੀ ਅਖ਼ਤਿਆਰ ਕਰਦਾ ਹੈ।)

‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥ ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥’’– ਇਸ ਪੰਕਤੀ ’ਚ ਦਰਜ ‘ਜਿਨੀ’ (ਬਹੁ ਵਚਨ, ਕਰਤਾ ਕਾਰਕ, ਪੜਨਾਂਵ) ਸ਼ਬਦ ਦਾ ਸੰਕੇਤ ‘ਤੇ’ (ਬਹੁ ਵਚਨ, ਸੰਬੰਧ ਕਾਰਕ, ਪੜਨਾਂਵੀ ਵਿਸ਼ੇਸ਼ਣ) ਸ਼ਬਦ ਵੱਲ ਹੈ। ‘ਜਿਨੀ’ ਦਾ ਅਰਥ ਹੈ: ‘ਜਿਨ੍ਹਾਂ ਨੇ’ ਅਤੇ ‘ਤੇ’ (ਮੁਖ) ਦਾ ਅਰਥ ਹੈ: ‘ਉਨ੍ਹਾਂ ਦੇ’ (ਮੂੰਹ)। ਅਗਰ ‘ਨਾਨਕ’ (ਸੰਬੋਧਨ) ਸ਼ਬਦ ਉਪਰੰਤ ਵਿਸਰਾਮ ਨਾ ਦਿੱਤਾ ਗਿਆ ਤਾਂ ‘ਤੇ’ ਸ਼ੰਬੰਧਕੀ ਸ਼ਬਦ ਬਣਨ ਕਾਰਨ ‘ਨਾਨਕ ਤੇ ਮੁਖ’ ਦਾ ਅਰਥ ਬਣ ਜਾਵੇਗਾ ‘ਨਾਨਕ ਤੋਂ ਵੀ ਵਧੀਕ ਮੂੰਹ ਰੋਸ਼ਨ, ਜੋ ਕਿ ਗੁਰਮਤਿ ਵਿਰੋਧੀ ਹੈ ਇਸ ਲਈ ਇਸ ਪੰਕਤੀ ’ਚ ਵਿਸਰਾਮ ਦੇਣ ਲਈ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।

‘ਤੇ’- ਗੁਰਬਾਣੀ ’ਚ ‘ਤੇ’ ਸ਼ਬਦ 1565 ਵਾਰ ਦਰਜ ਹੈ, ਜਿਸ ਦੇ ਆਮ ਤੌਰ ’ਤੇ 2 ਅਰਥ ਬਣਦੇ ਹਨ:

(1). ‘ਤੇ’ ਦਾ ਅਰਥ ਹੈ: ‘ਉਹ’ (ਬਹੁ ਵਚਨ, ਪੜਨਾਂਵ ਜਾਂ ਪੜਨਾਂਵੀ ਵਿਸ਼ੇਸ਼ਣ); ਜਿਵੇਂ:

ਖਸਮੁ ਵਿਸਾਰਹਿ; ‘ਤੇ’ ਕਮਜਾਤਿ ॥ (ਮ: ੧/੧੦)

ਸਤਿ ‘ਤੇ’ ਜਨ; ਜਾ ਕੈ ਰਿਦੈ ਪ੍ਰਵੇਸ ॥ (ਮ: ੫/੨੮੪)

‘ਤੇ’ ਨਰ ਵਿਰਲੇ ਜਾਣੀਅਹਿ; ਜਿਨ ਅੰਤਰਿ ਗਿਆਨੁ ਮੁਰਾਰਿ ॥ (ਮ: ੧/੧੩੩੧)

‘ਤੇ’ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥ (ਭਗਤ ਕਬੀਰ/੧੩੭੭), ਆਦਿ।

(2). ‘ਤੇ’ ਦਾ ਅਰਥ ਹੈ: ‘ਤੋਂ, ਰਾਹੀਂ’ (ਅਪਾਦਾਨ ਕਾਰਕ ਜਾਂ ਕਰਣ ਕਾਰਕ); ਜਿਵੇਂ:

ਸਾਚੇ ‘ਤੇ’ ਪਵਨਾ ਭਇਆ; ਪਵਨੈ ‘ਤੇ’ ਜਲੁ ਹੋਇ ॥ (ਮ: ੧/੧੯)

ਗੁਰ ‘ਤੇ’ ਮਾਰਗੁ ਪਾਈਐ; ਚੂਕੈ ਮੋਹੁ ਗੁਬਾਰੁ ॥ (ਮ: ੩/੩੩)

ਲੂਕਿ ਕਮਾਵੈ ਕਿਸ ‘ਤੇ’; ਜਾ ਵੇਖੈ ਸਦਾ ਹਦੂਰਿ ॥ (ਮ: ੫/੪੮)

ਪ੍ਰਭ ਕੇ ਸੇਵਕ; ਊਚ ‘ਤੇ’ ਊਚੇ ॥ (ਮ: ੫/੨੮੫), ਆਦਿ।

‘ਜਪੁ’ ਦੀ ਸੰਬੰਧਿਤ ਪੰਕਤੀ ‘‘ਨਾਨਕ  ! ‘ਤੇ’ ਮੁਖ ਉਜਲੇ..॥’’ ਉਕਤ ਨਿਯਮ (1) ਅਧੀਨ ਹੈ, ਇਸ ਲਈ ‘ਨਾਨਕ’ ਸ਼ਬਦ ਉਪਰੰਤ ਵਿਸਰਾਮ ਨਾ ਦਿੱਤਾ ਗਿਆ ਤਾਂ ਨਿਯਮ (2) ਅਧੀਨ ਹੋ ਜਾਵੇਗੀ, ਜੋ ਦਰੁਸਤ ਨਹੀਂ।

ਜਿਨੀ, ਨਾਮੁ ਧਿਆਇਆ; ਗਏ ਮਸਕਤਿ ਘਾਲਿ॥         ਉਚਾਰਨ : ਜਿਨ੍ਹੀਂ, ਮਸ਼ੱਕਤ।

ਭਾਵ – (ਗੁਰੂ ਦੀ ਮਦਦ ਨਾਲ਼) ਜਿਨ੍ਹਾਂ ਨੇ ਰੱਬ ਦਾ ਨਾਮ (ਭਾਵ ਰੱਬੀ ਹੋਂਦ ਨੂੰ) ਯਾਦ ਕੀਤਾ, ਉਹ ਇਸ ਸ਼੍ਰਮ (ਮਿਹਨਤ/ਸੰਘਰਸ਼) ਨੂੰ ਸਫਲਤਾ ’ਚ ਤਬਦੀਲ ਕਰ ਗਏ, ਸੰਸਾਰਕ ਇਮਤਿਹਾਨ ’ਚੋਂ ਪਾਸ ਹੋ ਗਏ, ‘ਧਰਮਸ਼ਾਲ਼’ ਦਾ ਨਾਂ ਰੌਸ਼ਨ ਕਰ ਗਏ।

ਨਾਨਕ !  ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ॥ ੧॥

ਭਾਵ – ਹੇ ਨਾਨਕ ! (ਇਸ ‘ਸਰਮਖੰਡ’ ਦੀ ਸੰਘਰਸ਼ਮਈ ਕਮਾਈ ਉਪਰੰਤ) ਉਨ੍ਹਾਂ ਦੇ ਚਿਹਰੇ ਸਦਾ ਸੁਰਖ਼ਰੂ ਹੋ ਗਏ ਤੇ ਉਨ੍ਹਾਂ ਦੀ ਸੰਗਤ ਨਾਲ਼ ਹੋਰ ਵੀ ਲੁਕਾਈ (ਭ੍ਰਮਜਾਲ ’ਚੋਂ) ਮੁਕਤ ਹੋ ਗਈ (ਭਾਵ ਰੱਬ ਦਾ ਨਾਮ ਜਪਣ ਲੱਗ ਗਈ)।

ਭੁੱਲ ਚੁੱਕ ਲਈ ਖਿਮਾ (ਮਾਫ਼ੀ)।

ਗਿਆਨੀ ਅਵਤਾਰ ਸਿੰਘ