JAP (Pori No. 35)

0
597

ਧਰਮਖੰਡ ਕਾ; ਏਹੋ ਧਰਮੁ ॥ ਗਿਆਨਖੰਡ ਕਾ; ਆਖਹੁ ਕਰਮੁ ॥

ਕੇਤੇ ਪਵਣ, ਪਾਣੀ, ਵੈਸੰਤਰ; ਕੇਤੇ ਕਾਨ, ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ; ਰੂਪ, ਰੰਗ, ਕੇ ਵੇਸ ॥

ਕੇਤੀਆ ਕਰਮ ਭੂਮੀ, ਮੇਰ ਕੇਤੇ; ਕੇਤੇ ਧੂ ਉਪਦੇਸ ॥ ਕੇਤੇ ਇੰਦ, ਚੰਦ ਸੂਰ ਕੇਤੇ; ਕੇਤੇ ਮੰਡਲ ਦੇਸ ॥

ਕੇਤੇ ਸਿਧ ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ, ਮੁਨਿ ਕੇਤੇ; ਕੇਤੇ ਰਤਨ ਸਮੁੰਦ ॥

ਕੇਤੀਆ ਖਾਣੀ, ਕੇਤੀਆ ਬਾਣੀ; ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ, ਸੇਵਕ ਕੇਤੇ; ਨਾਨਕ ! ਅੰਤੁ ਨ ਅੰਤੁ ॥੩੫॥ (ਜਪੁ /ਮ: ੧)

ਉਚਾਰਨ ਸੇਧ: ਕਾਨ੍ਹ, ਘੜੀਅਹਿਂ, ਕੇਤੀਆਂ, ਸੁਰਤੀਂ।

ਪਦ ਅਰਥ: ਧਰਮਖੰਡ ਦਾ-(‘ਧਰਮਸ਼ਾਲ਼’ ਨੂੰ ਸਮਝਣ ਵਾਲੇ) ਨਿਯਮ ਰੁਤਬੇ ਦਾ (‘ਧਰਮ’ ਤੇ ‘ਖੰਡ’ ਇੱਕ ਵਚਨ ਪੁਲਿੰਗ ਨਾਂਵ ਅਤੇ ‘ਦਾ’ ਸੰਬੰਧਕੀ ਚਿੰਨ੍ਹ)।, ਏਹੋ- ਕੇਵਲ ਇਹੀ (ਜੋ ਪਉੜੀ ਨੰਬਰ 34 ’ਚ ਬਿਆਨ ਕੀਤਾ ਗਿਆ ਹੈ, ਪੜਨਾਂਵੀ ਵਿਸ਼ੇਸ਼ਣ)।, ਧਰਮੁ- (‘ਧਰਮਸ਼ਾਲ਼’ ਜਾਂ ਧਰਤੀ ਨੂੰ ਬਣਾਉਣ ਦਾ) ਕਰਤੱਵ, ਫ਼ਰਜ਼, ਜ਼ਿੰਮੇਵਾਰੀ, ਉਦੇਸ਼, ਮਕਸਦ (ਇੱਕ ਵਚਨ ਪੁਲਿੰਗ ਨਾਂਵ)।, ਗਿਆਨਖੰਡ ਕਾ-(ਵਿਸ਼ਾਲ ਕੁਦਰਤ ਭਾਵ ਬ੍ਰਹਿਮੰਡ ਰਚਨਾ ਦੇ) ਗਿਆਨ ਪਡ਼ਾਅ ਦਾ (‘ਗਿਆਨ’ ਤੇ ‘ਖੰਡ’ ਇੱਕ ਵਚਨ ਪੁਲਿੰਗ ਨਾਂਵ ਅਤੇ ‘ਕਾ’ ਸੰਬੰਧਕੀ ਚਿੰਨ੍ਹ)।, ਆਖਹੁ-(‘ਆਖਉ’ ਦਾ ਰੂਪਾਂਤ੍ਰਿਤ ਰੂਪ; ਜਿਵੇਂ ‘‘ਸਭ ਊਤਮ; ਕਿਸੁ ‘ਆਖਉ’ ਹੀਨਾ (ਨੀਚ) ? ॥ (ਮ: ੧/੧੧੮੯) ਭਾਵ ਮੈਂ ਬਿਆਨ ਕਰਦਾ ਹਾਂ (ਉਤਮ ਪੁਰਖ ਇੱਕ ਵਚਨ ਕਿਰਿਆ, ਇਸ ਸ਼ਬਦ ਬਾਰੇ ਅਧਿਕ ਵੀਚਾਰ ਅਗਾਂਹ ਕੀਤੀ ਜਾਵੇਗੀ)।, ਕਰਮੁ- (ਬ੍ਰਹਿਮੰਡ ਰਚਨਾ ਨੂੰ ਬਣਾਉਣ ਦਾ) ਫ਼ਰਜ਼, ਨਿਯਮ ਜਾਂ ਇਰਾਦਾ (ਇੱਕ ਵਚਨ ਪੁਲਿੰਗ ਨਾਂਵ)।, ਕੇਤੇ- ਕਿਤਨੇ (ਸੰਖਿਅਕ, ਅਨਿਸਚਿਤ ਪੁਲਿੰਗ ਵਿਸ਼ੇਸ਼ਣ)।, ਵੈਸੰਤਰ- ਅਗਨੀਆਂ (ਇਸਤ੍ਰੀ ਲਿੰਗ, ਬਹੁ ਵਚਨ ਨਾਂਵ)।, ਕਾਨ- ਕਨ੍ਹਈਏ, ਕ੍ਰਿਸ਼ਨ (ਬਹੁ ਵਚਨ ਨਾਂਵ)।, ਮਹੇਸ- ਸ਼ਿਵ (ਬਹੁ ਵਚਨ ਨਾਂਵ)।, ਘਾੜਤਿ- ਬਣਤਰ ਵਿੱਚ, ਸ਼ਕਲ ਜਾਂ ਆਕਾਰ ਵਿੱਚ (ਅਧਿਕਰਣ ਕਾਰਕ)।, ਘੜੀਅਹਿ-ਘੜੇ ਜਾਂਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਕੇ-(‘ਕੇਇ’ ਦਾ ਸੰਖੇਪ ਕੀਤਾ ਰੂਪ) ਭਾਵ ਕਈ (ਰੂਪ, ਰੰਗ, ਵੇਸ ਆਦਿ, ਅਨਿਸਚਿਤ ਵਿਸ਼ੇਸ਼ਣ)।, ਕੇਤੀਆ- ਕਿਤਨੀਆਂ ਭਾਵ ਅਣਗਿਣਤ (ਸੰਖਿਅਕ, ਇਸਤ੍ਰੀ ਲਿੰਗ ਵਿਸ਼ੇਸ਼ਣ)।, ਕਰਮ ਭੂਮੀ- ਕਰਮ ਕਮਾਉਣ ਵਾਲੀਆਂ ਧਰਮਸ਼ਾਲ਼ਾਂ (ਬਹੁ ਵਚਨ ਨਾਂਵ)।, ਮੇਰ- ਮੇਰੂ ਪਰਬਤ ਜਾਂ 900 ਮੀਟਰ ਤੋਂ ਵੱਧ ਉਚਾਈ ਵਾਲ਼ਾ ਭਾਗ (ਬਹੁ ਵਚਨ ਨਾਂਵ)।, ਧੂ- ਧਰੁਵ ਭਗਤ (ਬਹੁ ਵਚਨ ਨਾਂਵ)।, ਉਪਦੇਸ-(ਉਪਦੇਸ਼ਕ ਦਾ ਸੰਖਿਪਤ ਰੂਪ) ਨਸੀਹਤ ਜਾਂ ਪ੍ਰਵਚਨ ਦੇਣ ਵਾਲੇ ਪ੍ਰਚਾਰਕ (‘ਧਰੁਵ ਭਗਤ’ ਜੀ ਨੂੰ ਪ੍ਰਵਚਨ ਦੇਣ ਵਾਲੇ ਰਿਸ਼ੀ ਜਾਂ ਪ੍ਰਚਾਰਕ ਕੇਵਲ 7 ਨਹੀਂ, ਬਲਕਿ ਕਿਤਨੇ ਹੀ ਉਪਦੇਸ਼ਕ ਹਨ, ਬਹੁ ਵਚਨ ਨਾਂਵ)।, ਸੂਰ- ਸੂਰਜ (ਬਹੁ ਵਚਨ)।, ਮੰਡਲ ਦੇਸ- ਸੂਰਜਾਂ ਦੇ ਸਮੁਦਾਇ, ਸਮੂਹ (ਬਹੁ ਵਚਨ)।, ਸਿਧ-ਸਫਲਤਾ ਨੂੰ ਪ੍ਰਾਪਤ ਕਰ ਚੁੱਕੇ ਯੋਗੀ (ਬਹੁ ਵਚਨ)।, ਬੁਧ- ਮਹਾਤਮਾ ਬੁਧ (ਬਹੁ ਵਚਨ)।, ਨਾਥ- ਯੋਗੀਆਂ ਦੇ ਗੁਰੂ (ਬਹੁ ਵਚਨ)।, ਦੇਵੀ ਵੇਸ-ਦੇਵੀਆਂ ਦੇ ਸਰੂਪ ਜਾਂ ਸ਼ਕਲਾਂ (ਬਹੁ ਵਚਨ)।, ਦੇਵ- ਦੇਵਤੇ।, ਦਾਨਵ-ਰਾਖਸ਼, ਦੈਂਤ।, ਮੁਨਿ- ਮੌਨਧਾਰੀ ਰਿਸ਼ੀ (ਬਹੁ ਵਚਨ)।, ਰਤਨ- (ਸਮੁੰਦਰ ਰਿੜਕ ਕੇ ਕੱਢੇ, ਮੰਨੇ ਜਾਂਦੇ) ਅਦਭੁਤ ਪਦਾਰਥ (ਬਹੁ ਵਚਨ ਨਾਂਵ)।, ਖਾਣੀ-ਜੀਵਾਂ ਦੀ ਉਤਪਤੀ ਦੀ ਪ੍ਰਧਾਨ ਵੰਡ (ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ ‘ਅੰਡਜ’।, ਜੇਰ ਜਾਂ ਆਉਲ (ਭਾਵ ਗਰਭ) ਤੋਂ ਪੈਦਾ ਹੋਣ ਵਾਲੇ ਜੀਵ ‘ਜੇਰਜ’, ਪਸੀਨੇ ਜਾਂ ਜ਼ਮੀਨ ਦੀ ਭਾਫ਼ ਆਦਿ ਰਾਹੀਂ ਪੈਦਾ ਹੋਣ ਵਾਲੇ ਜੀਵ ‘ਸੇਤਜ’ ਅਤੇ ਧਰਤੀ ਨੂੰ ਪਾੜ ਕੇ ਬਾਹਰ ਨਿਕਲਣ ਵਾਲੇ ਦਰਖ਼ਤ ਜਾਂ ਬਨਸਪਤੀ ਆਦਿ ‘ਉਤਭੁਜ’)।, ਬਾਣੀ-ਮੂਲਾਧਾਰ (ਜਾਂ ਭਾਵਨਾ) ਤੋਂ ਲੈ ਕੇ ਮੂੰਹ ਰਾਹੀਂ ਉਚਾਰਨ ਕੀਤੇ ਗਏ ਸ਼ਬਦਾਂ ਦੇ ਅੰਦਰੂਨੀ 4 ਪੜਾਅ ਜਾਂ ਬੋਲੀ (ਭਾਵਨਾ ਦੇ ਰੂਪ ’ਚ ਜਾਂ ਮੂਲਾਧਾਰ ’ਚ ਰਹਿਣ ਵਾਲ਼ਾ ਸ਼ਬਦ ‘ਪਰਾ’, ਮੂਲਾਧਾਰ ਵਿੱਚੋਂ ਹਿਰਦੇ ’ਚ ਆਇਆ ਸ਼ਬਦ ‘ਪਸੰਤੀ’, ਹਿਰਦੇ ਵਿੱਚੋਂ ਕੰਠ ’ਚ ਆਇਆ ਸ਼ਬਦ ‘ਮੱਧਮਾ’ ਅਤੇ ਮੂੰਹ ਰਾਹੀਂ ਉਚਾਰਨ ਕੀਤਾ ਸ਼ਬਦ ‘ਵੈਖਰੀ’)।, ਪਾਤ-ਪਾਤਸ਼ਾਹ (ਮਹਾਰਾਜੇ), ਨਰਿੰਦ- ਨਰ (ਮਨੁੱਖਾਂ) ਦੇ ਇੰਦਰ (ਰਖਵਾਲੇ, ਰਾਜੇ ਜਾਂ ਸਮਰਾਟ)।, ਸੁਰਤੀ-ਉੱਚੀਆਂ ਬਿਰਤੀਆਂ ਭਾਵ ਧਿਆਨ-ਸਾਧਨਾ ’ਚ ਅਡੋਲ ਰੂਹਾਂ (ਬਹੁ ਵਚਨ ਇਸਤ੍ਰੀ ਲਿੰਗ)।, ਸੇਵਕ-ਸੇਵਾ ਭਾਵਨਾ ਰੱਖਣ ਵਾਲੇ (ਬਹੁ ਵਚਨ)।

(ਨੋਟ: ਧਰਮਖੰਡ ਤੇ ਗਿਆਨਖੰਡ ’ਚ ਇਹੀ ਅੰਤਰ ਹੈ ਕਿ ਧਰਮਖੰਡ ਲਈ ਜਿੰਨੀਆਂ ‘ਰਾਤਾਂ, ਰੁੱਤਾਂ, ਪਵਣ, ਪਾਣੀ, ਪਾਤਾਲ, ਸੁਰਗ, ਕ੍ਰਿਸਨ, ਸਿਵ, ਇੰਦਰ, ਦੇਵੀਆਂ’ ਆਦਿ ਹਨ, ਗਿਆਨਖੰਡ ਦੀਆਂ ‘ਕੇਤੀਆ ਕਰਮ ਭੂਮੀ’ ਲਈ ਇਸ ਤੋਂ ਕਈ ਗੁਣਾਂ ਵੱਧ ਹਨ। ਤੀਜੇ ਪੜਾਅ ‘ਸਰਮਖੰਡ’ ’ਚ ਇਸ ਸਮਝ ਨੂੰ ਯਕੀਨ ’ਚ ਬਦਲਣਾ ਹੈ ਭਾਵ ਜੀਵਨ ’ਚ ਕਮਾਉਣਾ ਹੈ, ਮਸ਼ੱਕਤ ਕਰਨੀ ਹੈ, ਮਾਨਸਿਕ ਗਿਆਨ ਨੂੰ ਜੀਵਨ ਦਾ ਭਾਗ ਬਣਾਉਣਾ ਹੈ, ਮਾਨਸਿਕ ਗਿਆਨ ਨੂੰ ਰੂਹ ਜਾਂ ਸੁਆਸਾਂ ’ਚ ਇੱਕ-ਮਿੱਕ ਕਰਨਾ ਹੈ, ਇਸ ਉਪਰੰਤ ਹੁੰਦੀ ਅੰਤਮ ਬਖ਼ਸ਼ਸ਼ ਨੂੰ ‘ਕਰਮਖੰਡ’ ਅਤੇ ਅਕਾਲ ਪੁਰਖ ’ਚ ਅਭੇਦਤਾ ਨੂੰ ‘ਸਚਖੰਡਿ’ ਨਾਂ ਦਿੱਤਾ ਗਿਆ ਹੈ। ਇਨ੍ਹਾਂ ਚਾਰੇ ਪਉੜੀਆਂ ਦਾ ਵਿਸ਼ਾ-ਵਿਸਥਾਰ, ਪੰਜੇ ਅਵਸਥਾਵਾਂ ਦਾ ਅਨੁਭਵ, ਭਾਵ ਕਰਤਾਰ, ਕਿਵੇਂ ਕੁਦਰਤ ਨੂੰ ਸੰਭਾਲ਼ਦਾ ਹੈ, ਪ੍ਰਤੱਖ ਸਮਝ ਆਉਂਦਾ ਹੈ।)

ਕੁਝ ਗੁਰਸਿੱਖ ਬੇ-ਧਿਆਨੇ ਜਾਂ ਨਾ-ਸਮਝੀ ਕਾਰਨ ਇਸ ਪਉੜੀ ’ਚ ਦਰਜ ‘ਕੇਤੇ ਕੇਤੇ’ ਸ਼ਬਦਾਂ ਨੂੰ ਸੰਯੁਕਤ ਮੰਨ ਕੇ ਇਕੱਠਾ ਪਾਠ ਕਰਦੇ, ਆਮ ਵੇਖੇ ਜਾ ਸਕਦੇ ਹਨ ਪਰ ਇਸ ਸਮੂਹਿਕ ਪਉੜੀ ’ਚ ਇੱਕ ਵਾਰ ਵੀ ‘ਕੇਤੇ-ਕੇਤੇ’ ਜੁੜਵਾਂ ਪਾਠ ਨਹੀਂ ਮਿਲਦਾ ਭਾਵ ‘ਕੇਤੇ, ਕੇਤੇ’ (ਦੋਵੇਂ) ਸ਼ਬਦਾਂ ’ਚ ਵਿਸਰਾਮ ਅਤਿ ਜ਼ਰੂਰੀ ਹੈ।)

‘‘ਧਰਮ ਖੰਡ ਕਾ; ਏਹੋ ਧਰਮੁ ॥ ਗਿਆਨ ਖੰਡ ਕਾ; ਆਖਹੁ ਕਰਮੁ ॥’’-ਇਸ ਪੰਕਤੀ ’ਚ ‘ਧਰਮ ਖੰਡ ਕਾ’ ਤੇ ‘ਗਿਆਨ ਖੰਡ ਕਾ’ ਸ਼ਬਦਾਂ ਤੋਂ ਇਲਾਵਾ ‘ਏਹੋ ਧਰਮੁ’ ਤੇ ‘ਆਖਹੁ ਕਰਮੁ’ ਸ਼ਬਦਾਂ ’ਚੋਂ ਪਹਿਲੇ ਦੋਵੇਂ ਸ਼ਬਦ ਪਉੜੀ ਨੰਬਰ 34 ਵੱਲ ਤੇ ਦੂਸਰੇ ਪਉੜੀ ਨੰਬਰ 35 ਵੱਲ ਸੰਕੇਤ ਕਰਦੇ ਹਨ ਭਾਵ ‘ਏਹੋ ਧਰਮੁ’ ਦਾ ਵਰਣਨ ਪਉੜੀ ਨੰਬਰ 34 ’ਚ ਹੈ ਤੇ ‘ਆਖਹੁ ਕਰਮੁ’ ਦਾ ਵਰਣਨ ਪਉੜੀ ਨੰਬਰ 35 ’ਚ ਹੋਵੇਗਾ।

ਧਿਆਨ ਰਹੇ ਕਿ ‘ਏਹੋ ਧਰਮੁ’ ਤੇ ‘ਆਖਹੁ ਕਰਮੁ’ ਸੰਯੁਕਤ ਸ਼ਬਦਾਂ ’ਚ ਸ਼ਾਮਲ ‘ਧਰਮੁ’ ਤੇ ‘ਕਰਮੁ’ ਸ਼ਬਦਾਂ ਦੇ ਅਰਥ (‘ਧਰਮਸ਼ਾਲ਼’ ਜਾਂ ਵਿਸ਼ਾਲ ਕੁਦਰਤ ਰਚਨਾ ਨੂੰ ਬਣਾਉਣ ਦਾ) ‘ਫ਼ਰਜ਼, ਮਕਸਦ, ਕਰਤੱਵ, ਇਰਾਦਾ, ਨਿਯਮ, ਮਨੋਰਥ’ ਆਦਿ ਇੱਕ ਸਮਾਨ ਹੀ ਹਨ, ਕੇਵਲ ਕਾਵਿ ਰੂਪ ਕਾਰਨ ਲਿਖਤੀ ਸਰੂਪ ’ਚ ਭਿੰਨਤਾ ਦਰਸਾਈ ਗਈ ਹੈ। ਗੁਰਬਾਣੀ ’ਚ ਦੁਬਾਰਾ ਕਿਤੇ ਵੀ ‘ਕਰਮੁ’ ਸ਼ਬਦ ਨੂੰ ‘ਧਰਮੁ’ ਦੇ ਅਰਥਾਂ ’ਚ ਦਰਜ ਕੀਤਾ ਹੋਇਆ ਨਹੀਂ ਮਿਲਦਾ; ਜਿਵੇਂ ਕਿ ‘ਕਰਮੁ’ ਸ਼ਬਦ 99 ਵਾਰ ਦਰਜ ਹੈ, ਜਿਸ ਨੂੰ ਉਕਤ ਕੀਤੇ ਗਏ ਅਰਥਾਂ ਤੋਂ ਇਲਾਵਾ ਭਿੰਨ-ਭਿੰਨ (ਚਾਰ ਹੋਰ ਅਰਥਾਂ ’ਚ) ਇਉਂ ਲਿਆ ਜਾ ਸਕਦਾ ਹੈ:

(1). ‘ਕਰਮੁ’ ਦਾ ਅਰਥ ਹੈ: ‘ਬਖ਼ਸ਼ਸ਼, ਮਿਹਰ, ਫ਼ਜ਼ਲ’; ਜਿਵੇਂ:

ਬਹੁਤਾ ‘ਕਰਮੁ’; ਲਿਖਿਆ ਨਾ ਜਾਇ ॥ (ਜਪੁ /ਮ: ੧)

‘ਕਰਮੁ’ ਹੋਵੈ; ਸਤਿਗੁਰੂ ਮਿਲਾਏ ॥ (ਮ: ੩/੧੦੯) ਆਦਿ।

(2). ‘ਕਰਮੁ’ ਦਾ ਅਰਥ ਹੈ: ‘ਭਾਗ, ਨਸੀਬ, ਲੇਖਾ’; ਜਿਵੇਂ:

ਜਿਸੁ ਮਸਤਕਿ ‘ਕਰਮੁ’; ਲਿਖਿਆ ਲਿਲਾਟ ॥ (ਮ: ੫/੧੧੩੯)

ਗੁਰ ਕੈ ਬਚਨਿ (ਰਾਹੀਂ); ਜਾਗਿਆ ਮੇਰਾ ‘ਕਰਮੁ’ ॥ (ਮ: ੫/੨੩੯) ਆਦਿ।

(3). ‘ਕਰਮੁ’ ਦਾ ਅਰਥ ਹੈ: ‘ਉੱਚਾ ਆਚਰਨ’; ਜਿਵੇਂ:

ਧਰਮ ਸੇਤੀ ਵਾਪਾਰੁ ਨ ਕੀਤੋ; ‘ਕਰਮੁ’ ਨ ਕੀਤੋ ਮਿਤੁ (ਸਤਸੰਗੀ)॥ (ਮ: ੧/੭੫)

ਹਰਿ ਕੋ ਨਾਮੁ ਜਪਿ (ਕੇ); ਨਿਰਮਲ ‘ਕਰਮੁ’ ॥ (ਮ: ੫/੨੬੬) ਆਦਿ।

(4). ‘ਕਰਮੁ’ ਦਾ ਅਰਥ ਹੈ: ‘ਕੰਮ, ਕਿਰਤ, ਮਿਹਨਤ’; ਜਿਵੇਂ:

ਸੋਹਾਗਣੀ, ਕਿਆ ‘ਕਰਮੁ’ ਕਮਾਇਆ ? ॥ (ਮ: ੧/੭੨)

ਮੇਰਾ ‘ਕਰਮੁ’ ਕੁਟਿਲਤਾ (ਖੋਟਾ); ਜਨਮੁ ਕੁਭਾਂਤੀ (ਨੀਵੀਂ ਜਾਤ ’ਚ)॥ (ਭਗਤ ਰਵਿਦਾਸ/੩੪੫) ਆਦਿ ਅਤੇ ਸੰਬੰਧਿਤ ਪੰਕਤੀ ’ਚ ‘ਕਰਮੁ’ ਦਾ ਅਰਥ: ‘ਰੱਬੀ ਨਿਯਮ, ਰੱਬੀ ਫ਼ਰਜ਼ ਜਾਂ ਸੁਭਾਉ, ‘ੴ’ ਦਾ ਇਰਾਦਾ ਜਾਂ ਮਾਲਕ ਦਾ ਕੁਦਰਤ ਰਚਨਾ ਪ੍ਰਤੀ ਮਕਸਦ, ਮਨੋਰਥ’ ਅਰਥ ਹੀ ਦਰੁਸਤ ਜਾਪਦਾ ਹੈ, ਇਸ ਲਈ ‘ਕਰਮੁ’ ਸ਼ਬਦ ਨੂੰ ‘ਧਰਮੁ’ ਦੇ ਅਰਥਾਂ ’ਚ ਉਲਥਾਇਆ ਗਿਆ ਹੈ, ਜੋ ਕਿ ਉਕਤ ਚਾਰੋਂ ਕੀਤੇ ਗਏ ਅਰਥਾਂ ਤੋਂ ਭਿੰਨ ਤੇ ਗੁਰਬਾਣੀ ’ਚ ਕੇਵਲ ਇੱਕ ਵਾਰ ਹੀ ਸੰਬੰਧਿਤ ਪੰਕਤੀ ’ਚ ਦਰਜ ਹੈ।

‘ਆਖਹੁ’-ਪਦ ਅਰਥਾਂ ’ਚ ਕੀਤੀ ਗਈ ਵੀਚਾਰ ਅਨੁਸਾਰ ਇਹ (‘ਆਖਹੁ’) ਸ਼ਬਦ ਸਰੂਪ ਵੀਚਾਰਨਯੋਗ ਹੈ ਕਿਉਂਕਿ ਗੁਰਬਾਣੀ ਲਿਖਤ ਅਨੁਸਾਰ ਇਹ ਬਣਤਰ ‘ਦੂਜਾ ਪੁਰਖ ਬਹੁ ਵਚਨ ਕਿਰਿਆ’ ਹੈ, ਜਿਸ ਦਾ ਅਰਥ ਹੈ ‘ਤੁਸੀਂ ਕਹੋ ਜਾਂ ਤੁਸੀਂ ਬਿਆਨ ਕਰੋ’; ਜਿਵੇਂ ਕਿ ਸੰਬੰਧਿਤ ਪੰਕਤੀ ਤੋਂ ਇਲਾਵਾ 2 ਵਾਰ ਹੋਰ ਇਉਂ ਦਰਜ ਹੈ:

(1). ਸਭਿ ‘ਆਖਹੁ’ ਸਤਿਗੁਰੁ ਵਾਹੁ ਵਾਹੁ; ਜਿਨਿ, ਦਾਨੁ ਹਰਿ ਨਾਮੁ, ਮੁਖਿ ਦੀਆ ॥ (ਮ: ੪/੫੮੫)

(2). ਗੁਰਮੁਖਿ ਨਾਨਕ ਆਰਾਧਿਆ; ਸਭਿ ‘ਆਖਹੁ’ ਧੰਨੁ, ਧੰਨੁ, ਧੰਨੁ ਗੁਰੁ ਸੋਈ ॥੨੯॥੧॥ ਸੁਧੁ (ਮ: ੪/੬੫੪)

ਵੀਚਾਰ ਅਧੀਨ ‘ਆਖਹੁ’ ਸ਼ਬਦ ਦੇ ਅਰਥ ਅਗਰ ਉਕਤ ਦੋਵੇਂ ਪੰਕਤੀਆਂ ’ਚ ਦਰਜ ‘ਆਖਹੁ’ ਸ਼ਬਦਾਂ ਵਾਙ ‘ਤੁਸੀਂ ਆਖੋ’ ਕਰੀਏ ਤਾਂ ‘‘ਗਿਆਨ ਖੰਡ ਕਾ; ‘ਆਖਹੁ’ ਕਰਮੁ ॥’’ ਦਾ ਅਰਥ ਬਣ ਜਾਂਦਾ ਹੈ ਕਿ ‘ਗਿਆਨ ਖੰਡ (ਗਿਆਨ ਅਧਿਆਇ ) ਦੇ ਉਦੇਸ਼ ਜਾਂ ਮਕਸਦ (ਬਾਰੇ ਤੁਸੀਂ) ਆਖੋ’, ਜੋ ਕਿ ਗੁਰਮਤਿ ਅਨੁਸਾਰ ਅਣਉਚਿਤ ਜਾਪਦੇ ਹਨ। ਕੁਝ ਟੀਕਾਕਾਰਾਂ ਨੇ ‘ਆਖਹੁ’ ਦਾ ਅਰਥ ਬਣਾ ਲਿਆ ‘ਸਮਝੋ’, ਜਦਕਿ ‘ਆਖੋ’ ਤੇ ‘ਸਮਝੋ’ ਦੇ ਭਾਵਾਰਥਾਂ ’ਚ ਬਹੁਤ ਅੰਤਰ ਹੁੰਦਾ ਹੈ ਭਾਵ ‘ਆਖਣ ਵਾਲਾ’ ਸੰਬੰਧਿਤ ਵਿਸ਼ੇ ਬਾਰੇ ਪੂਰੀ ਜਾਣਕਾਰੀ ਰੱਖਦਾ ਹੈ ਤੇ ‘ਸਮਝਣ ਵਾਲਾ’ ਉਸ ਵਿਸ਼ੇ ਤੋਂ ਅਣਜਾਣ ਹੁੰਦਾ ਹੈ।

ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ਇਸ ‘ਆਖਹੁ’ ਸ਼ਬਦ ਨੂੰ ‘ਦੂਜਾ ਪੁਰਖ ਬਹੁ ਵਚਨ ਕਿਰਿਆ’ ਨਾ ਮੰਨ ਕੇ ‘ਨਾਂਵ ਕ੍ਰਿਦੰਤ’ ਬਣਾ ਲਿਆ ਤੇ ਇਸ ਦਾ ਅਰਥ ਕਰ ਲਿਆ ‘ਆਖਣ, ਕਥਨ’ (ਨਾਂਵ ਕ੍ਰਿਦੰਤ) ਅਤੇ ਉਕਤ ਪੰਕਤੀ ਦੇ ਅਰਥ ਕੀਤੇ ‘ਗਿਆਨ-ਖੰਡ ਦਾ ‘ਆਖਹੁ’ (ਭਾਵ ਕਥਨ) ਅਤੇ ‘ਕਰਮੁ’ (ਭਾਵ ਵਰਤਾਰਾ, ਇਉਂ ਹੈ)’

ਵੀਚਾਰ: ਉਕਤ ਕੀਤੇ ਗਏ ਪ੍ਰਚਲਿਤ ਤੇ ਤਲਵਾੜਾ ਜੀ ਦੇ ਅਰਥ, ਪੰਕਤੀ ਦੇ ਸ਼ਬਦਾਰਥਾਂ ਨੂੰ ਗੁਰਮਤ ਅਨੁਸਾਰ ਬਣਾਉਣ ਲਈ ਖਿੱਚ ਕੇ ਕੀਤੇ ਗਏ ਜਾਪਦੇ ਹਨ ਕਿਉਂਕਿ ਗੁਰਬਾਣੀ ’ਚ ਕਿਤੇ ਵੀ ‘ਆਖਹੁ’ ਸ਼ਬਦ ਦੇ ਅਰਥ ‘ਸਮਝੋ’ ਜਾਂ ‘ਕਥਨ’ ਹੋਣ ਦੀ ਪੁਸ਼ਟੀ ਨਹੀਂ ਹੁੰਦੀ, ਇਸ ਲਈ ‘ਆਖਹੁ’ ਸ਼ਬਦ ਦੇ ਅਰਥਾਂ ਲਈ ਹੇਠਲੀ ਵੀਚਾਰ ਵੀ ਜ਼ਰੂਰੀ ਹੈ:

ਗੁਰਬਾਣੀ ਲਿਖਤ ’ਚ ਕਾਵਿ ਤੋਲ ਨੂੰ ਮੁੱਖ ਰੱਖਦਿਆਂ ਕਈ ਵਾਰ ਸ੍ਵਰ ਅੱਖਰ ‘ੳ ਅ ੲ’; ਅਰਧ ਸ੍ਵਰ ‘ਹ ਵ ਯ’ ’ਚ ਵੀ ਤਬਦੀਲ ਹੋ ਜਾਂਦੇ ਹਨ; ਜਿਵੇਂ ਕਿ ‘ਪਉੜੀ’ ਤੇ ‘ਪਵੜੀ’ ਸ਼ਬਦਾਂ ’ਚ ‘ੳ’ ਤੇ ‘ਵ’ ਆਦਿ, ਇਸ ਤਰ੍ਹਾਂ ਹੀ ‘ੳ’ ਦੀ ਬਜਾਏ ‘ਹ’ ਅਤੇ ‘ਹ’ ਦੀ ਬਜਾਏ ‘ੳ’ ਵੀ ਦਰਜ ਹੋ ਜਾਂਦਾ ਹੈ। ਧਿਆਨ ਰਹੇ ਕਿ ਇਸ ਬਦਲ ਕਾਰਨ ਕਿਰਿਆ ਸ਼ਬਦ ਸਰੂਪ ਉਤਮ ਪੁਰਖ ਇੱਕ ਵਚਨ ਕਿਰਿਆ ‘ਕਰਉ’ (ਜਿਸ ਦਾ ਅਰਥ ਹੈ: ‘ਮੈਂ ਕਰਦਾ ਹਾਂ’) ਵੀ ਮੱਧਮ ਪੁਰਖ ਬਹੁ ਵਚਨ ਕਿਰਿਆ ‘ਕਰਹੁ’ (ਜਿਸ ਦਾ ਅਰਥ ਹੈ: ‘ਤੁਸੀਂ ਕਰੋ’) ਬਣ ਜਾਂਦਾ ਹੈ; ਜਿਵੇਂ ਕਿ ‘‘ਸੋਰਠਿ ਮਹਲਾ ੫ ॥ (ਹੇ ਪ੍ਰਭੂ !) ਕਾਮ, ਕ੍ਰੋਧ, ਲੋਭ, ਝੂਠ, ਨਿੰਦਾ; ਇਨ ਤੇ ਆਪਿ ‘ਛਡਾਵਹੁ’ ॥ ਇਹ (ਭਾਵ ਮੇਰੇ) ਭੀਤਰ ਤੇ ਇਨ ਕਉ ਡਾਰਹੁ (ਕੱਢੋ); ਆਪਨ ਨਿਕਟਿ ‘ਬੁਲਾਵਹੁ’ ॥੧॥ ਅਪੁਨੀ ਬਿਧਿ; ਆਪਿ ‘ਜਨਾਵਹੁ’ ॥ ਹਰਿ ਜਨ (ਨੂੰ ਮਿਲ ਕੇ) ਮੰਗਲ ‘ਗਾਵਹੁ’ (ਗਾਵਉਂ) ॥੧॥ ਰਹਾਉ ॥ ਬਿਸਰੁ ਨਾਹੀ ਕਬਹੂ ਹੀਏ ਤੇ (ਹਿਰਦੇ ਤੋਂ); ਇਹ ਬਿਧਿ ਮਨ ਮਹਿ ‘ਪਾਵਹੁ’ (ਪਾ ਦਿਓ)॥ ਗੁਰੁ ਪੂਰਾ ਭੇਟਿਓ ਵਡਭਾਗੀ; ਜਨ ਨਾਨਕ ! (ਆਖ, ਕਿ ਹੁਣ ਮੈਂ) ਕਤਹਿ (ਕਿਸੇ ਹੋਰ ਪਾਸੇ) ਨ ‘ਧਾਵਹੁ’ (ਧਾਵਉਂ) ॥੨॥’’ (ਮ: ੫/੬੧੭)

ਉਕਤ ਸ਼ਬਦ ’ਚ ਦਰਜ ‘ਗਾਵਹੁ, ਧਾਵਹੁ’ ਦੂਜਾ ਪੁਰਖ ਬਹੁ ਵਚਨ ਕਿਰਿਆ ਸ਼ਬਦ ਨਹੀਂ ਬਲਕਿ ਇੱਕ ਵਚਨ ਉਤਮ ਪੁਰਖ ਕਿਰਿਆ ‘ਗਾਵਉਂ, ਧਾਵਉਂ’ ਦੇ ਭਾਵਾਰਥਾਂ ਨੂੰ ਦਰਸਾਉਂਦੇ ਹਨ ਕਿਉਂਕਿ ਅਗਰ ਇਨ੍ਹਾਂ ਦਾ ਅਰਥ ਵੀ ਲਿਖਤ ਅਨੁਸਾਰ ਦੂਜਾ ਪੁਰਖ ਬਹੁ ਵਚਨ ਕਿਰਿਆ ਕਰ ਲਿਆ ਜਾਵੇ ਤਾਂ ਇਹ ਸ਼ਬਦ ਪ੍ਰਮਾਤਮਾ ਨੂੰ ਸੰਬੋਧਨ ਰੂਪ ’ਚ ਹੋਣ ਕਾਰਨ ਅਰਥ ਬਣ ਜਾਣਗੇ ਕਿ ‘ਹੇ ਪ੍ਰਭੂ ! ਤੁਸੀਂ ਸੰਤ ਜਨਾਂ ਨੂੰ ਮਿਲ ਕੇ ਰੱਬੀ ਗੁਣ ਗਾਵੋ ਤੇ ਇਉਂ ਕਰਨ ਨਾਲ ਤੁਸੀਂ ਕਿਸੇ ਭਟਕਣਾ ’ਚ ਨਹੀਂ ਦੌੜੋਗੇ।’, ਅਜਿਹੇ ਕੀਤੇ ਅਰਥ ਗੁਰਮਤਿ ਵਿਰੋਧੀ ਬਣ ਜਾਣਗੇ।

ਭਗਤ ਕਬੀਰ ਜੀ ਦਾ ਇਹ ਸ਼ਬਦ ਵੀ ਵਿਸ਼ੇ ਨੂੰ ਸਮਝਣ ਲਈ ਮਦਦਗਾਰ ਹੋ ਸਕਦਾ ਹੈ: ‘‘ਮਿਥਿਆ ਕਰਿ (ਭਾਵ ਝੂਠੀ ਮੰਨ ਕੇ) ਮਾਇਆ ਤਜੀ (ਛੱਡੀ); ਸੁਖ ਸਹਜ ਬੀਚਾਰਿ ॥ ਕਹਿ ਕਬੀਰ ਸੇਵਾ ‘ਕਰਹੁ’ (ਕਰਉਂ); ਮਨ ਮੰਝਿ (ਵਿੱਚ) ਮੁਰਾਰਿ (ਪ੍ਰਭੂ ਦੀ) ॥ (ਭਗਤ ਕਬੀਰ/੮੫੭)

ਉਕਤ ਸਾਰੀ ਵੀਚਾਰ ਦਾ ਸਾਰ ਇਹੀ ਹੈ ਕਿ ਅਗਰ ‘‘ਗਿਆਨ ਖੰਡ ਕਾ; ‘ਆਖਹੁ’ ਕਰਮੁ ॥’’ ਪੰਕਤੀ ਨੂੰ ‘‘ਗਿਆਨ ਖੰਡ ਕਾ; ‘ਆਖਹੁ’ (ਆਖਉਂ) ਕਰਮੁ ॥’’ ਮੰਨ ਕੇ ਵੀਚਾਰ ਲਿਆ ਜਾਵੇ ਤਾਂ ਇਹ ਸ਼ਬਦਾਰਥ ਅਣਉਚਿਤ ਨਹੀਂ ਕਹੇ ਜਾ ਸਕਦੇ, ਜਿਨ੍ਹਾਂ ਦੀ ਪੁਸ਼ਟੀ ਵੀ ਗੁਰਬਾਣੀ ਰਾਹੀਂ ਹੁੰਦੀ ਹੈ।

ਧਰਮਖੰਡ ਕਾ, ਏਹੋ ਧਰਮੁ॥ ਗਿਆਨਖੰਡ ਕਾ, ਆਖਹੁ ਕਰਮੁ॥

ਭਾਵ- ‘ਧਰਮਖੰਡ’ ਦਾ ਇਹੋ (ਜੋ ਪਉਡ਼ੀ 34 ਵਿਚ ਬਿਆਨ ਕੀਤਾ ਗਿਆ) ਫ਼ਰਜ਼ (ਪੜਾਅ) ਹੈ, ਅਗਾਂਹ ‘ਗਿਆਨਖੰਡ’ ਦਾ ਨਿਯਮ ਆਖਹੁ (ਆਖਉਂ) ਆਖਦਾ ਹਾਂ।

‘‘ਕੇਤੇ ਪਵਣ, ਪਾਣੀ ਵੈਸੰਤਰ; ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ; ਰੂਪ ਰੰਗ, ਕੇ ਵੇਸ ॥’’- ਇਸ ਪੰਕਤੀ ’ਚ ਆਸਤਿਕ ਮਨੁੱਖਾਂ ਨੂੰ ਆਪਣੀ ਸ਼ਕਤੀ ਰਾਹੀਂ ਨਿਰੰਤਰ ਪ੍ਰਭਾਵਤ ਕਰਨ ਵਾਲੇ ‘ਪਵਣ, ਪਾਣੀ, ਵੈਸੰਤਰ’ ਆਦਿਕ ਤੱਤ ਅਤੇ ‘ਕਾਨ, ਮਹੇਸ, ਬਰਮੇ’ ਆਦਿਕ ਦੇਵਤਿਆਂ ਦੇ ਰੂਪ, ਰੰਗ, ਬਣਤਰ ਆਦਿ ਰੋਜ਼ਾਨਾ ਅਣਗਿਣਤ ਘੜੇ ਜਾਣ ਬਾਰੇ ਜ਼ਿਕਰ ਹੈ ਭਾਵ ਰੱਬੀ ਵਿਸ਼ਾਲ ਕੁਦਰਤ ਦੀ ਨਿਯਮਾਵਲੀ ’ਚ ਇਨ੍ਹਾਂ ਦੀ ਹਸਤੀ ਕੋਈ ਖ਼ਾਸ ਜਾਂ ਨਿਵੇਕਲੀ ਅਹਿਮੀਅਤ ਨਹੀਂ ਰੱਖਦੀ।

‘ਘਾੜਤਿ’- ਇਹ ਸ਼ਬਦ ਗੁਰਬਾਣੀ ’ਚ ਕੇਵਲ 5 ਵਾਰ ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਦਰਜ ਕੀਤਾ ਗਿਆ ਹੈ, ਜਿਸ ਦੇ ਦੋ ਸਰੂਪ ਹਨ: ‘ਘਾੜਤ’ ਤੇ ‘ਘਾੜਤਿ’; ਜਿਵੇਂ:

(1). ‘ਘਾੜਤ’ (ਅੰਤ ਮੁਕਤਾ) ਸ਼ਬਦ 3 ਵਾਰ ਦਰਜ ਹੈ, ਜਿਸ ਦਾ ਅਰਥ ਹੈ: ‘ਸ਼ਕਲ, ਤਰਤੀਬ, ਨੈਣ-ਨਕਸ਼’; ਜਿਵੇਂ:

ਜਾ ਭਜੈ (ਜਦੋਂ ਭਾਂਡਾ ਟੁੱਟੇ) ਤਾ ਠੀਕਰੁ ਹੋਵੈ; (ਦੁਬਾਰਾ ਉਸ ਦੀ) ‘ਘਾੜਤ’ ਘੜੀ ਨ ਜਾਇ ॥ (ਮ: ੧/੧੩੮)

(ਰੱਬ ਦੇ) ਭੈ ਬਿਨੁ; ‘ਘਾੜਤ’ ਕਚੁ ਨਿਕਚ ॥ (ਮ: ੧/੧੫੧)

‘ਘਾੜਤ’ ਤਿਸ ਕੀ; ਅਪਰ ਅਪਾਰ (ਬਹੁਤ ਸੁੰਦਰ)॥ (ਮ: ੧/੯੫੬)

(2). ‘ਘਾੜਤਿ’ (ਅੰਤ ਸਿਹਾਰੀ) ਸ਼ਬਦ 2 ਵਾਰ ਦਰਜ ਹੈ, ਜਿਸ ਦਾ ਅਰਥ ਹੈ: ‘ਸਰੂਪ ਵਿੱਚ, ਤਰਤੀਬ ਵਿੱਚ’ (ਭਾਵ ਅਧਿਕਰਣ ਕਾਰਕ); ਜਿਵੇਂ ਕਿ ਸੰਬੰਧਿਤ ਪੰਕਤੀ ਤੋਂ ਇਲਾਵਾ ਇੱਕ ਵਾਰ ਹੋਰ ‘ਜਪੁ’ ਬਾਣੀ ’ਚ ਦਰਜ ਹੈ:

ਤਿਥੈ ‘ਘਾੜਤਿ’ ਘੜੀਐ; ਬਹੁਤੁ ਅਨੂਪੁ ॥ (ਜਪੁ /ਮ: ੧)

‘‘ਰੂਪ ਰੰਗ, ਕੇ ਵੇਸ ॥’’-ਇਨ੍ਹਾਂ ਜੁੜਵੇਂ ਸ਼ਬਦਾਂ ’ਚ ‘ਕੇ’ ਸੰਬੰਧਕੀ ਸ਼ਬਦ ਨਹੀਂ, ਤਾਂ ਜੋ ‘ਰੂਪ-ਰੰਗਾਂ ਦੇ ਪਹਿਰਾਵੇ’ ਅਰਥ ਕਰ ਲਏ ਜਾਣ ਕਿਉਂਕਿ ‘ਰੂਪ’ ਤੇ ‘ਵੇਸ’ ਦਾ ਅਰਥ ਇੱਕੋ ਹੀ ਹੈ ਅਤੇ ‘ਰੰਗ’ ਦੇ ਪਹਿਰਾਵੇ ਨਹੀਂ ਹੁੰਦੇ। ਵਿਸ਼ਾ ਤਰਤੀਬ ਅਨੁਸਾਰ ‘ਕੇ’ ਦਾ ਅਰਥ ‘ਕਈ’ (ਅਨਿਸਚਿਤ ਵਿਸ਼ੇਸ਼ਣ) ਹੀ ਢੁੱਕਦਾ ਹੈ, ਜੋ ਗੁਰਬਾਣੀ ਵਿੱਚ 8 ਵਾਰ ‘ਕੇਇ’ ਰੂਪ ’ਚ ਮਿਲਦਾ ਹੈ; ਜਿਵੇਂ ‘‘ਜਿਨ ਕੀ ਲੇਖੈ ਪਤਿ ਪਵੈ; ਚੰਗੇ ਸੇਈ ‘ਕੇਇ’ ॥’’ (ਮ: ੧/੪੬੯), ਇਸ ਲਈ ‘ਕੇ’ ਤੋਂ ਪਹਿਲਾਂ ਥੋੜ੍ਹਾ ਵਿਸਰਾਮ ਦੇਣ ਨਾਲ ਅਰਥਾਂ ’ਚ ਕਾਫ਼ੀ ਸਪਸ਼ਟਤਾ ਆ ਜਾਂਦੀ ਹੈ, ਤਾਂ ਜੋ ਬੇ-ਸਮਝੀ ਨਾਲ ਪਾਠਕ ਸੰਬੰਧਕੀ ‘ਕੇ’ ਨਾ ਮੰਨ ਲਵੇ।

ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ ਮਹੇਸ॥ ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ ਰੰਗ, ਕੇ ਵੇਸ॥   

ਭਾਵ- (‘ਧਰਮਖੰਡ’ ਵਾਙ ‘ਗਿਆਨਖੰਡ’ ’ਚ ਇੱਕ-ਇੱਕ ਕ੍ਰਿਸ਼ਨ, ਸ਼ਿਵ, ਆਦਿਕ ਨਹੀਂ ਬਲਕਿ) ਕਿੰਨੇ ਹੀ (ਪ੍ਰਕਾਰ ਦੀ) ਹਵਾ, ਕਿੰਨੇ ਪਾਣੀ (ਸਮੁੰਦਰ), ਕਿੰਨੀਆਂ ਅਗਨੀਆਂ, ਕਿੰਨੇ ਕ੍ਰਿਸ਼ਨ, ਕਿੰਨੇ ਸ਼ਿਵ, ਇਤਿਆਦਿਕ ਹਨ। ਕਿੰਨੇ ਬ੍ਰਹਮਾ-ਕਿਰਦਾਰ ਘੜ੍ਹੇ ਜਾਂਦੇ ਹਨ, ਕਿੰਨੇ ਰੂਪ-ਰੰਗ, ਕਿੰਨੇ ਹੀ ਪਹਿਰਾਵੇ (ਬਣਤਰ, ਜੂਨਾਂ) ਹਨ।

‘‘ਕੇਤੀਆ ਕਰਮ ਭੂਮੀ, ਮੇਰ ਕੇਤੇ; ਕੇਤੇ ਧੂ ਉਪਦੇਸ ॥ ਕੇਤੇ ਇੰਦ, ਚੰਦ ਸੂਰ ਕੇਤੇ; ਕੇਤੇ ਮੰਡਲ ਦੇਸ ॥’’-ਇਸ ਪੰਕਤੀ ’ਚ ਦਰਜ ‘ਧੂ ਉਪਦੇਸ’ ਸ਼ਬਦਾਂ ਦਾ ਇਤਿਹਾਸਕ ਪੱਖ ਹੈ, ਜਿਸ ਦੀ ਵੀਚਾਰ ਨਾਲ ਪੰਕਤੀ ਅਰਥ ਸਰਲ ਹੋ ਜਾਂਦੇ ਹਨ।

ਭਾਗਵਤ ਤੇ ਵਿਸਨੁਪੁਰਾਣ ਅਨੁਸਾਰ ਰਾਜਾ ‘ਉੱਤਾਨਪਾਦ’ ਦੀਆਂ ਦੋ ਰਾਣੀਆਂ ਸੀ ‘ਸੁਨੀਤਿ’ ਤੇ ‘ਸੁਰੁਚਿ’। ਰਾਣੀ ‘ਸੁਨੀਤਿ’ ਦਾ ਪੁੱਤਰ ‘ਧਰੁਵ’ ਤੇ ਰਾਣੀ ‘ਸੁਰੁਚਿ’ ਦਾ ਪੁੱਤਰ ‘ਉੱਤਮ’ ਸੀ। ਰਾਜੇ ਦਾ ਪਿਆਰ ‘ਸੁਰੁਚਿ’ ਨਾਲ ਹੋਣ ਕਾਰਨ ਉਸ ਦੇ ਪੁੱਤਰ ‘ਉੱਤਮ’ ਨੂੰ ਇੱਕ ਦਿਨ ਰਾਜੇ ਦੀ ਗੋਦ ’ਚ ਬੈਠਾ ਵੇਖ ‘ਧਰੁਵ’ ਨੇ ਵੀ ਪਿਤਾ ਦੀ ਗੋਦੀ ’ਚ ਬੈਠਣ ਦੀ ਇੱਛਾ ਜਤਾਈ, ਜੋ ‘ਉੱਤਮ’ ਦੀ ਮਾਤਾ ਨੇ ਪੂਰੀ ਨਾ ਹੋਣ ਦਿੱਤੀ ਤੇ ‘ਧਰੁਵ’ ਰੋਂਦਾ-ਰੋਂਦਾ ਆਪਣੀ ਮਾਤਾ ਪਾਸ ਚਲਾ ਗਿਆ, ਜਿਸ ਨੇ ਉਸ ਨੂੰ ਭਗਵਾਨ ਦੀ ਆਰਾਧਨਾ ਤੇ ਤਪੱਸਿਆ ਕਰਨ ਦਾ ਬਚਨ ਦਿੱਤਾ ਤਾਂ ਜੋ ਸਦੀਵੀ ਮਾਲਕ ਦੀ ਗੋਦ ’ਚ ਬੈਠਿਆ ਜਾ ਸਕੇ।

ਮਾਤਾ ਪਾਸੋਂ ਨਸੀਹਤ ਲੈ ਕੇ ‘ਧਰੁਵ’ ਨੇ ਆਪਣਾ ਘਰ ਬਾਰ ਛੱਡ ਦਿੱਤਾ ਤੇ ਰਸਤੇ ’ਚ 7 ਰਿਸ਼ੀਆਂ ਨੇ ਉਸ ਬਾਲਕ ਨੂੰ ਉਪਦੇਸ਼ ਦਿੱਤੇ। ਉਕਤ ਕਥਾ ਅਨੁਸਾਰ ‘ਧਰੁਵ’ ਨੇ ਭਗਵਾਨ ਦੀ ਅਜਿਹੀ ਆਰਾਧਨਾ ਕੀਤੀ ਕਿ ਵਾਪਸ ਆ ਕੇ ਉਸ ਨੇ 36 ਹਜ਼ਾਰ ਵਰ੍ਹੇ ਰਾਜ ਕੀਤਾ। (ਮਹਾਨ ਕੋਸ਼)

ਉਕਤ ਸਾਖੀ ਨੂੰ ਸਾਮ੍ਹਣੇ ਰੱਖ ਕੇ ਅਗਰ ਅਰਥ ਕਰੀਏ ਤਾਂ ‘ਧੂ ਉਪਦੇਸ’ ਦੇ ਅਰਥ ਬਣਦੇ ਹਨ ਕਿ ਕਿੰਨੇ ਧਰੁਵ ਭਗਤ ਤੇ ਕਿੰਨੇ ਹੀ ਉਨ੍ਹਾਂ ਨੂੰ ਉਪਦੇਸ਼ ਦੇਣ ਵਾਲੇ ਰਿਸ਼ੀ ਮੁਨੀ ਹਨ।

ਕੇਤੀਆ ਕਰਮ ਭੂਮੀ, ਮੇਰ ਕੇਤੇ, ਕੇਤੇ ਧੂ ਉਪਦੇਸ॥  ਕੇਤੇ ਇੰਦ, ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ॥

ਭਾਵ- ਕਿੰਨੀਆਂ ਧਰਮ ਕਮਾਉਣ ਯੋਗ ਧਰਤੀਆਂ (ਧਰਮਸ਼ਾਲ਼ਾਂ ਹਨ, ਜਿਨ੍ਹਾਂ ’ਤੇ) ਕਿੰਨੇ ਸੁਮੇਰ (ਪਰਬਤ) ਹਨ, ਕਿੰਨੇ ਧਰੂ ਭਗਤ (ਤੇ ਉਨ੍ਹਾਂ ਲਈ ਉਪਦੇਸ਼ਕ ਕੇਵਲ 7 ਰਿਸ਼ੀ ਨਹੀਂ ਬਲਕਿ) ਕਿੰਨੇ ਹੀ ਉਪਦੇਸ਼ਕ-ਰਿਸ਼ੀ ਹਨ। ਕਿੰਨੇ ਇੰਦ੍ਰ, ਕਿੰਨੇ ਚੰਦ੍ਰਮਾ, ਕਿੰਨੇ ਸੂਰਜ ਤੇ ਕਿੰਨੇ ਤਾਰਿਆਂ ਦੇ ਝੁੰਡ (ਗਲੈਕਸੀਆਂ) ਹਨ।

(ਨੋਟ : ਭਾਗਵਤ ਤੇ ਵਿਸਨੁਪੁਰਾਣ ਅਨੁਸਾਰ ਜਦ ਰਾਜਾ ਉੱਤਾਨਪਾਦ ਦੀ ਪਹਿਲੀ ਰਾਣੀ ਸੁਨੀਤਿ ਦੇ ਪੁੱਤਰ ਧਰੂ ਭਗਤ ਨੇ ਆਪਣੀ ਮਾਤਾ ਦੇ ਬਚਨਾਂ ’ਤੇ ਪਹਿਰਾ ਦਿੰਦਿਆਂ ਆਪਣਾ ਘਰ ਬਾਰ ਛੱਡ ਕੇ ਭਗਤੀ ਲਈ ਜੰਗਲ ਵਾਲ਼ਾ ਰਸਤਾ ਅਖ਼ਤਿਆਰ ਕੀਤਾ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ 7 ਰਿਸ਼ੀ ਮਿਲੇ, ਜਿਨ੍ਹਾਂ ਨੇ ਬਾਲਕ ਧਰੂ ਨੂੰ 7 ਅਲੱਗ-ਅਲੱਗ ਅੰਮ੍ਰਿਤਮਈ ਵਚਨ ਸੁਣਾਏ, ਇਸ ‘ਗਿਆਨਖੰਡ’ ’ਚ ਕਈ ‘ਧਰੂ’ ਤੇ ਉਨ੍ਹਾਂ ਦੇ ਅਣਗਿਣਤ ਉਪਦੇਸ਼ਕਾਂ (ਪ੍ਰਚਾਰਕਾਂ) ਦਾ ਜ਼ਿਕਰ ਦਰਜ ਹੈ।)

‘‘ਕੇਤੇ ਸਿਧ ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ, ਮੁਨਿ ਕੇਤੇ; ਕੇਤੇ ਰਤਨ ਸਮੁੰਦ ॥’’- ਇਸ ਪੰਕਤੀ ’ਚ ਮਨੁੱਖਾਂ ਲਈ ਸਤਿਕਾਰਮਈ ਬਣੇ ‘ਅਣਗਿਣਤ ਸਿਧ, ਬੁਧ, ਨਾਥ, ਦੇਵੀਆਂ ਦੀਆਂ ਨਸਲਾਂ, ਦੇਵਤੇ, ਰਾਖਸ਼, ਰਿਸ਼ੀ ਮੁਨੀ’ ਆਦਿ ਦਾ ਜ਼ਿਕਰ ਹੈ, ਜੋ ਸਮੁੰਦਰ ਨੂੰ ਰਿੜਕ ਕੇ ਕੱਢੇ ਗਏ 14 ਰਤਨਾਂ ਦੀ ਵੰਡ ਕਾਰਨ ਆਪਸ ਵਿੱਚ ਲੜਾਈ ਕਰਦੇ ਵੀ ਬਿਆਨ ਕੀਤੇ ਜਾਂਦੇ ਹਨ।

ਪੁਰਾਣ ਕਥਾ ਅਨੁਸਾਰ ਖੀਰ ਸਮੁੰਦਰ ਨੂੰ ਦੇਵਤੇ ਤੇ ਦੈਂਤਾਂ ਨੇ ਮਿਲ ਕੇ ਰਿੜਕਿਆ, ਜਿਸ ਵਿੱਚੋਂ ਅਦਭੁਤ 14 ਰਤਨ ਇਹ ਨਿਕਲੇ: ‘ਘੋੜਾ, ਕਾਮਧੇਨ (ਗਾਂ), ਕਲਪ ਬ੍ਰਿਛ, ਰੰਭਾ ਅਪਸਾਰ, ਲਛਮੀ, ਅੰਮ੍ਰਿਤ, ਕਾਲਕੂਟ (ਜ਼ਹਿਰ), ਸ਼ਰਾਬ (ਸੁਰਾ), ਚੰਦ੍ਰਮਾ, ਧਨੁੰਤਰੀ (ਵੈਦ), ਪਾਂਚਜਨਿਅ ਸ਼ੰਖ, ਕੌਸਟੁਭਮਣਿ, ਸਾਰੰਗ ਧਨੁਖ ਤੇ ਐਰਾਵਤ ਹਾਥੀ’।

ਕੇਤੇ ਸਿਧ ਬੁਧ; ਨਾਥ ਕੇਤੇ, ਕੇਤੇ ਦੇਵੀ ਵੇਸ॥  ਕੇਤੇ ਦੇਵ ਦਾਨਵ; ਮੁਨਿ ਕੇਤੇ, ਕੇਤੇ ਰਤਨ ਸਮੁੰਦ॥

ਭਾਵ- ਕਿੰਨੇ ਕਰਾਮਾਤਾਂ ਰਾਹੀਂ ਸਫਲ ਹੋਏ ਯੋਗੀ (ਸਿੱਧ), ਕਿੰਨੇ ਬੋਧੀ, ਕਿੰਨੇ ਯੋਗ ਗੁਰੂ (ਨਾਥ), ਕਿੰਨੇ ਦੇਵੀਆਂ ਦੇ ਸਰੂਪ ਹਨ। ਕਿੰਨੇ ਦੇਵਤੇ, ਕਿੰਨੇ ਰਾਖਸ਼, ਕਿੰਨੇ ਰਿਸ਼ੀ-ਮੁਨੀ, ਅਨੇਕਾਂ ਸਮੁੰਦਰ (ਜਿਨ੍ਹਾਂ ’ਚੋਂ ਨਿਕਲੇ ਕੇਵਲ 14 ਰਤਨ ਨਹੀਂ ਬਲਕਿ) ਬੇਅੰਤ ਰਤਨ ਹਨ (ਜਿਨ੍ਹਾਂ ਕਾਰਨ ਇਹ ਸਭ ਆਪਸ ’ਚ ਲੜਦੇ-ਝਗੜਦੇ ਰਹਿੰਦੇ, ਮੰਨੇ ਜਾਂਦੇ ਹਨ)।

‘‘ਕੇਤੀਆ ਖਾਣੀ, ਕੇਤੀਆ ਬਾਣੀ; ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ, ਸੇਵਕ ਕੇਤੇ; ਨਾਨਕ ! ਅੰਤੁ ਨ ਅੰਤੁ ॥’’-ਪਉੜੀ ਦੇ ਵਿਸ਼ੇ ਦੀ ਸਮਾਪਤੀ ਵਿੱਚ ਦਰਜ ਇਸ ਪੰਕਤੀ ’ਚ ‘ਕੇਤੀਆ’ (ਇਸਤ੍ਰੀ ਲਿੰਗ) ਸ਼ਬਦ ਤਿੰਨ ਇਸਤ੍ਰੀ ਲਿੰਗ ਸ਼ਬਦਾਂ (‘ਖਾਣੀ, ਬਾਣੀ, ਸੁਰਤੀ’) ਨਾਲ ਸੰਬੰਧਿਤ ਹੈ ਤੇ ਤਿੰਨ ਪੁਲਿੰਗ ਸ਼ਬਦ (‘ਪਾਤ, ਨਰਿੰਦ, ਸੇਵਕ’) ਨਾਲ ‘ਕੇਤੇ’ (ਪੁਲਿੰਗ) ਸ਼ਬਦ ਦਰਜ ਹੈ।

ਉਕਤ ਕੀਤੀ ਗਈ ਵੀਚਾਰ ਕਿ ਇਸ ਪਉੜੀ ਦਾ ਮੂਲ ਵਿਸ਼ਾ ‘ਕੇਤੀਆ ਕਰਮ ਭੂਮੀ’ (ਭਾਵ ਅਣਗਿਣਤ ਧਰਮਸ਼ਾਲ਼ਾਂ) ਨਾਲ ਸੰਬੰਧਿਤ ਹੈ, ਇਸ ਲਈ ਪਉੜੀ ਦੀ ਸਮਾਪਤੀ ਤੁੱਕ ਵਿੱਚ ਕੇਵਲ ਉਨ੍ਹਾਂ ਸੰਕੇਤਾਂ ਨੂੰ ਰੂਪਮਾਨ ਕੀਤਾ ਗਿਆ ਹੈ ਜਿਸ ਦੀ ਹੋਂਦ ਕੇਵਲ ਧਰਮਸ਼ਾਲ਼ਾਂ (ਜਾਂ ਧਰਤੀਆਂ) ’ਤੇ ਹੀ ਮੌਜੂਦ ਰਹਿ ਸਕਦੀ ਹੈ; ਜਿਵੇਂ ਕਿ ਜੀਵ ਉਤਪਤੀ ‘ਖਾਣੀ’, ਜੀਵ ਬੋਲੀ ‘ਬਾਣੀ’, ਜੀਵਾਂ ’ਤੇ ਰਾਜ ਕਰਨ ਵਾਲੇ ਰਾਜੇ ‘ਪਾਤ ਨਰਿੰਦ’, ‘ਧਰਮਸ਼ਾਲ਼’ ਰਚਨ ਦਾ ਮੂਲ ਕਰਮ ‘ਧਿਆਨ-ਸਾਧਨਾ’ (ਸੁਰਤੀਆਂ) ਤੇ ਸੇਵਕ ਆਦਿ।

ਕੇਤੀਆ ਖਾਣੀ, ਕੇਤੀਆ ਬਾਣੀ; ਕੇਤੇ ਪਾਤ ਨਰਿੰਦ॥ 

ਭਾਵ- (ਜੀਵ ਉਤਪਤੀ ਦੀਆਂ ਕੇਵਲ 4 ਖਾਣੀਆਂ ‘ਅੰਡਜ, ਜੇਰਜ, ਸੇਤਜ, ਉਤਭੁਜ’ ਨਹੀਂ ਬਲਕਿ) ਬੇਅੰਤ ਖਾਣੀਆਂ ਹਨ (ਬੋਲੀ ਦੇ ਵੀ 4 ਪੜਾਅ ‘ਪਰਾ, ਪਸ਼ਿਅੰਤੀ, ਮਧਿਅਮਾ ਤੇ ਵੈਖਰੀ’ ਨਹੀਂ ਬਲਕਿ) ਬੇਅੰਤ ਬਾਣੀਆਂ ਹਨ, ਕਿੰਨੇ ਰਾਜੇ ਪਾਤਿਸ਼ਾਹ (ਖੱਤਰੀ) ਹਨ।

(ਨੋਟ : 4 ਬਾਣੀਆਂ ਦੇ 4 ਪੜਾਅ ਹਨ : ਜਦ ਸ਼ਬਦ ਮੂਲਾਧਾਰ ’ਚ ਹੋਵੇ ‘ਪਰਾ’, ਜਦ ਸ਼ਬਦ ਹਿਰਦੇ ’ਚ ਆ ਜਾਵੇ ‘ਪਸ਼ਿਅੰਤੀ’, ਜਦ ਸ਼ਬਦ ਕੰਠ ’ਚ ਹੋਵੇ ‘ਮਧਿਅਮਾ’ ਤੇ ਜਦ ਸ਼ਬਦ ਉਚਾਰਨ ਹੋ ਰਿਹਾ ਹੋਵੇ ‘ਵੈਖਰੀ’।)

ਕੇਤੀਆ ਸੁਰਤੀ, ਸੇਵਕ ਕੇਤੇ; ਨਾਨਕ ! ਅੰਤੁ ਨ ਅੰਤੁ॥ ੩੫॥     

ਭਾਵ- ਹੇ ਨਾਨਕ  ! ਆਖ ਕਿ ਕਿੰਨੀਆਂ (ਰੱਬ ਨਾਲ਼ ਜੁੜੀਆਂ) ਸੁਰਤਾਂ ਤੇ ਕਿੰਨੇ ਸੇਵਕ ਹਨ (ਕੁੱਲ ਮਿਲਾ ਕੇ ਕੁਦਰਤ ਦਾ) ਕੋਈ ਅੰਤ ਹੀ ਅੰਤ ਨਹੀਂ।

(ਨੋਟ : ਇਸ ‘ਧਰਤੀ’ (ਧਰਮਸ਼ਾਲ਼) ਤੋਂ ਬਾਹਰ ਅਨੇਕਾਂ ‘ਕਰਮ ਭੂਮੀਆਂ’ (ਧਰਤੀਆਂ) ਹਨ, ਜਿੱਥੇ ਕੁਦਰਤੀ ਮੌਸਮ ਬਣਾਏ ਰੱਖਣ ਲਈ ਕਈ ਪ੍ਰਕਾਰ ਦੀ ਹਵਾ, ਪਾਣੀ, ਅੱਗ, ਕਿੰਨੇ ਸਤਿਕਾਰਯੋਗ ਵਿਅਕਤੀ, ਖਾਣੀਆਂ, ਬਾਣੀਆਂ, ਭਗਤ, ਆਦਿ ਬਾਰੇ ਸਮਝ ਹੋਣਾ ਹੀ ‘ਗਿਆਨਖੰਡ’ ਹੈ।)