JAP (Pori No. 5)

0
2789

ਥਾਪਿਆ ਨ ਜਾਇ; ਕੀਤਾ ਨ ਹੋਇ॥ ਆਪੇ ਆਪਿ; ਨਿਰੰਜਨੁ ਸੋਇ॥

ਜਿਨਿ ਸੇਵਿਆ; ਤਿਨਿ ਪਾਇਆ ਮਾਨੁ॥ ਨਾਨਕ ! ਗਾਵੀਐ, ਗੁਣੀ ਨਿਧਾਨੁ॥

ਗਾਵੀਐ, ਸੁਣੀਐ; ਮਨਿ ਰਖੀਐ ਭਾਉ॥ ਦੁਖੁ ਪਰਹਰਿ; ਸੁਖੁ, ਘਰਿ ਲੈ ਜਾਇ॥

ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ॥

ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ॥

ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ॥

ਗੁਰਾ ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ॥੫॥

ਗਿਆਨੀ ਅਵਤਾਰ ਸਿੰਘ

ਉਚਾਰਨ ਸੇਧ: ਜਿਨ੍, ਤਿਨ੍, ਰੱਖੀਐ, ਬਰ੍ਹਮਾ, ਹਉਂ, ਆਖਾਂ, ਨਾਹੀਂ, ਦੇਹ, ਸਭਨਾਂ ਜੀਆਂ।

ਪਦ ਅਰਥ: ਥਾਪਿਆ – ਨਿੰਮਣਾ, ਜੰਮਣ, ਸਥਾਪਨਾ, ਨੀਂਹ ਰੱਖਣ ਦਾ ਭਾਵ (ਇੱਕ ਵਚਨ ਪੁਲਿੰਗ ਨਾਂਵ)।, ਨ – ਨਾ (ਕਿਰਿਆ ਵਿਸ਼ੇਸ਼ਣ)।, ਆਪੇ ਆਪਿ – ਨਿਰੋਲ ਆਪ ਹੀ ਆਪ (ਪੜਨਾਂਵ)।, ਨਿਰੰਜਨੁ – ਨਿਰ+ਅੰਜਨ, ਸੁਰਮਾ (ਕਾਲ਼ਖ਼) ਰਹਿਤ (ਵਿਸ਼ੇਸ਼ਣ)।, ਸੋਇ – ਉਹ (ਅਕਾਲ ਪੁਰਖ, ਇੱਕ ਵਚਨ ਪੜਨਾਂਵ)।, ਜਿਨਿ -ਜਿਸ ਨੇ (ਇੱਕ ਵਚਨ ਪੜਨਾਂਵ, ਕਰਤਾ ਕਾਰਕ)।, ਤਿਨਿ – ਉਸ ਨੇ (ਇੱਕ ਵਚਨ ਪੜਨਾਂਵ, ਕਰਤਾ ਕਾਰਕ)।, ਮਾਨੁ – ਸਤਿਕਾਰ (ਨਾਂਵ)।, ਨਾਨਕ – ਹੇ ਨਾਨਕ  ! (ਸੰਬੋਧਨ, ਨਾਂਵ)।, ਗਾਵੀਐ -ਗਾਉਣਾ ਚਾਹੀਦਾ ਹੈ ਜਾਂ ਅਗਰ ਗਾ ਲਿਆ ਜਾਏ (ਕਿਰਿਆ)।, ਗੁਣੀ ਨਿਧਾਨੁ – ਗੁਣਾਂ ਦਾ ਖ਼ਜ਼ਾਨਾ (ਇੱਕ ਵਚਨ ਨਾਂਵ)।, ਸੁਣੀਐ – ਸੁਣਨਾ ਚਾਹੀਦਾ ਹੈ (ਵਰਤਮਾਨ ਕਿਰਿਆ)।, ਮਨਿ – ਮਨ ਵਿੱਚ (ਇੱਕ ਵਚਨ ਨਾਂਵ, ਅਧਿਕਰਣ ਕਾਰਕ)।, ਰਖੀਐ – ਰੱਖਣਾ ਚਾਹੀਦਾ ਹੈ ਜਾਂ ਜੇ ਰੱਖ ਲਿਆ ਜਾਏ (ਕਿਰਿਆ)।, ਭਾਉ – ਪਿਆਰ (ਇੱਕ ਵਚਨ ਨਾਂਵ)।, ਪਰਹਰਿ – ਦੂਰ ਕਰ ਕੇ (ਕਿਰਿਆ ਵਿਸ਼ੇਸ਼ਣ)।, ਘਰਿ – ਹਿਰਦੇ – ਘਰ ਵਿੱਚ (ਇੱਕ ਵਚਨ ਨਾਂਵ, ਅਧਿਕਰਣ ਕਾਰਕ)।, ਲੈ ਜਾਇ – ਲੈ ਜਾਂਦਾ ਹੈ (ਇੱਕ ਵਚਨ ਕਿਰਿਆ)।, ਗੁਰਮੁਖਿ -ਗੁਰੂ ਦੇ ਮੁਖ ਵਿੱਚ (ਅਧਿਕਰਣ ਕਾਰਕ, ਨਾਂਵ)।, ਨਾਦੰ – ਸੰਗੀਤ, ਰੂਹਾਨੀਅਤ ਰਸ (ਨਾਂਵ)।, ਵੇਦੰ – ਸੱਚਾ ਗਿਆਨ, ਪ੍ਰਕਾਸ਼ (ਨਾਂਵ)।, ਰਹਿਆ ਸਮਾਈ – ਸਰਬ ਵਿਆਪਕ ਮਾਲਕ (ਇੱਕ ਵਚਨ ਨਾਂਵ)।, ਈਸਰੁ – ਸ਼ਿਵਜੀ (ਨਾਂਵ)।, ਗੋਰਖੁ -ਵਿਸ਼ਨੂੰ, ਪ੍ਰਿਥਵੀ ਪਾਲਕ (ਨਾਂਵ)।, ਪਾਰਬਤੀ – ਦੁਰਗਾ, ਸ਼ਿਵਜੀ ਦੀ ਪਤਨੀ (ਨਾਂਵ)।, ਮਾਈ – ਲੱਛਮੀ, ਵਿਸ਼ਨੂੰ ਦੀ ਪਤਨੀ (ਇਸਤ੍ਰੀ ਲਿੰਗ ਨਾਂਵ)।, ਕਹਿਣਾ ਕਥਨੁ -ਬਿਆਨਿਆ, ਵਖਿਆਨਿਆ (ਇੱਕ ਵਚਨ ਨਾਂਵ)।, ਗੁਰਾ – ਹੇ ਗੁਰੂ ਜੀ  ! (ਸੰਬੋਧਨ, ਨਾਂਵ)।, ਇਕ ਬੁਝਾਈ -ਇੱਕ ਸਮਝ (ਇਕ -ਸੰਖਿਅਕ ਵਿਸ਼ੇਸ਼ਣ, ਬੁਝਾਈ -ਇਸਤ੍ਰੀ ਲਿੰਗ ਨਾਂਵ)।, ਦੇਹਿ – ਦੇਹ, ਬਖ਼ਸ਼ (ਹੁਕਮੀ ਭਵਿੱਖ ਕਾਲ ਕਿਰਿਆ)।, ਇਕੁ ਦਾਤਾ – (ਸਭ ਨੂੰ) ਦਾਤਾਂ ਦੇਣ ਵਾਲ਼ਾ ਕੇਵਲ ਤੇ ਕੇਵਲ ਇੱਕ (ਇਕੁ – ਸੰਖਿਅਕ ਵਿਸ਼ੇਸ਼ਣ, ਦਾਤਾ – ਇੱਕ ਵਚਨ ਪੁਲਿੰਗ ਨਾਂਵ)।, ਸੋ – ਉਹ (ਦਾਤਾ, ਪੜਨਾਂਵ)।, ਮੈ -ਮੈਨੂੰ – (ਉਤਮ ਪੁਰਖ ਪੜਨਾਂਵ, ਕਰਮ ਕਾਰਕ)।, ਨ ਵਿਸਰਿ ਜਾਈ – ਨਾ ਭੁੱਲ ਜਾਏ (ਕਿਰਿਆ)।

(ਨੋਟ: ‘ਜਪੁ’ ਬਾਣੀ ਦੀ ਇਸ 5ਵੀਂ ਤੇ ਅਗਲੀ 6ਵੀਂ ਪਉੜੀ ਦੀ ਸਮਾਪਤੀ ‘ਨਾਨਕ’ ਮੋਹਰ ਛਾਪ ਨਾਲ਼ ਨਹੀਂ ਹੁੰਦੀ ਕਿਉਂਕਿ ਪ੍ਰਸੰਗ; ‘ਗੁਰੂ’ ਨੂੰ ਸੰਬੋਧਨ ਕਰਦਿਆਂ ਆਪਣੀ ਦਿਲੀ ਭਾਵਨਾ, ਉਨ੍ਹਾਂ ਦੇ ਰੂ – ਬਰੂ ਰੱਖਣਾ ਚੱਲਦਾ ਹੈ, ਜਿਸ ਕਾਰਨ ਇਸ ਪਉੜੀ ਦੇ ਅਰੰਭ ’ਚ ਹੀ ‘‘ਨਾਨਕ ! ਗਾਵੀਐ, ਗੁਣੀ ਨਿਧਾਨੁ॥’’ ਤੁਕ ’ਚ ‘ਨਾਨਕ’ ਮੋਹਰ ਲਗਾ ਦਿੱਤੀ ਗਈ ਜਦੋਂ ਕਿ ਅਗਲੀ (6ਵੀਂ) ਪਉੜੀ ਦੇ ਅਰੰਭ ’ਚ ਵੀ ਇਉਂ ‘ਨਾਨਕ’ ਮੋਹਰ ਦਰਜ ਨਹੀਂ ਹੈ।

‘ਜਪੁ’ ਬਾਣੀ ਦੇ ਅਰੰਭਕ ਸਲੋਕ (ਆਦਿ ਸਚੁ, ਜੁਗਾਦਿ ਸਚੁ॥) ਅਤੇ ਸਮਾਪਤੀ ਸਲੋਕ (ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ ॥) ਨੂੰ ਮੰਗਲਾਚਰਨ (ਵਿਸ਼ੇ ਦੇ ਆਦਿ ਤੇ ਅੰਤਿ ’ਚ ਕੀਤੀ ਗਈ ਇਸ਼ਟ ਦੀ ਸਿਫ਼ਤ) ਵਜੋਂ ਅਲੱਗ ਕਰ ਕੇ ਬਾਕੀ ਰਹੀਆਂ ‘ਜਪੁ’ ਬਾਣੀ ਦੀਆਂ 38 ਪਉੜੀਆਂ ਦੇ ਵਿਸ਼ੇ ਨੂੰ ਤਿੰਨ ਭਾਗਾਂ ’ਚ ਵੰਡਣਾ ‘ਜਪੁ’ ਦੇ ਮਹੱਤਵ ਨੂੰ ਵਧੇਰੇ ਸਪਸ਼ਟ ਕਰਦਾ ਹੈ।

(1). ‘ਜਪੁ’ ਵਿਸ਼ੇ ਦੀ ਭੂਮਿਕਾ ਵਜੋਂ ਪਹਿਲੀ ਪਉੜੀ (ਸੋਚੈ ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ ॥) ਰਾਹੀਂ ਉੱਚੇ ਪੜਾਅ (ਸਚਖੰਡਿ) ਦੀ ਪ੍ਰਾਪਤੀ ਲਈ ਥੋਥੇ (ਅਰਥਹੀਣ) ਕਰਮਕਾਂਡ ਨੂੰ ਅਪੂਰਨ ਬਿਆਨ ਕਰ ਕੇ ਕਰਤਾਰ ਦੀ ਵਿਸ਼ਾਲਤਾ ਨੂੰ ਦੂਜੀ ਪਉੜੀ (ਹੁਕਮੀ ਹੋਵਨਿ ਆਕਾਰ; ਹੁਕਮੁ ਨ ਕਹਿਆ ਜਾਈ ॥) ਅਤੇ ਤੀਜੀ ਪਉੜੀ (ਗਾਵੈ ਕੋ ਤਾਣੁ; ਹੋਵੈ ਕਿਸੈ ਤਾਣੁ ॥) ’ਚ ਸੰਖੇਪਿਆ ਗਿਆ ਹੈ, ਜਿਸ ਉਪਰੰਤ ਚੌਥੀ ਪਉੜੀ (ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ ਭਾਉ ਅਪਾਰੁ ॥) ਰਾਹੀਂ ਕਰਤਾਰ ਦੇ ਸੁਭਾਅ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ, ਜਿਸ ਦੀ ਪ੍ਰਾਪਤੀ ‘ਗੁਰੂ’ ਰਾਹੀਂ ਹੋਣ ਕਾਰਨ 5ਵੀਂ ਤੇ 6ਵੀਂ ਪਉੜੀ ’ਚ ‘ਗੁਰੂ’ ਨੂੰ ਸੰਬੋਧਨ ਕਰਨਾ ਵਿਸ਼ੇ ਦਾ ਪ੍ਰਸੰਗ ਹੈ, ਬਦਲੇ ’ਚ ਗੁਰੂ ਸਿੱਖਿਆ ਸੁਣਨ ਤੇ ਮੰਨਣ ਦੀ ਹਦਾਇਤ 15ਵੀਂ ਪਉੜੀ ਤੱਕ ਨਿਰੰਤਰ ਦਰਜ ਹੈ।

(2). ‘ਗੁਰੂ’ ਉਪਦੇਸ਼ ਮੰਨਣ ਉਪਰੰਤ ਬਣਿਆ ‘ਪੰਚ’ ਪੜਾਅ (ਰੁਤਬਾ ਜਾਂ ‘ਕਰਮਖੰਡ’ ਅਵਸਥਾ) 16ਵੀਂ ਤੋਂ 33ਵੀਂ ਪਉੜੀ ਤੱਕ ਕਰਤਾਰ ਦੇ ਰੂ -ਬਰੂ ਹੋ ਕੇ ਉਸ ਦੀ ਵਿਸ਼ਾਲਤਾ ਨੂੰ ਪ੍ਰਗਟ ਕਰਦਿਆਂ ਆਪਣੀ ਹਸਤੀ ਦਾ ਮੁਲਾਂਕਣ ਕਰਦਾ ਹੈ।

(3). ‘ਜਪੁ’ ਜੀ ਦੀ 34ਵੀਂ ਤੋਂ 37ਵੀਂ ਪਉੜੀ ਰੂਹਾਨੀਅਤ -ਅਨੁਭਵ ਦੀ ਵਿਆਖਿਆ ਕਰਦੀ ਹੈ ਤੇ 38ਵੀਂ ਪਉੜੀ, ਸੋਨੇ ਦੀ ਘਾੜਤ ਵਾਲ਼ੀ ਮਿਸਾਲ ਰਾਹੀਂ ਜੀਵਨ ਦੀ ਹੁੰਦੀ ਘਾੜਤ ਨਾਲ਼ ਜੋੜਦੀ ਹੋਈ ‘ਜਪੁ’ ਵਿਸ਼ੇ ਨੂੰ ਸੰਪੂਰਨਤਾ ਬਖ਼ਸ਼ਦੀ ਹੈ।

‘ਜਪੁ’ ਬਾਣੀ ਦੀ ਉਕਤ ਕੀਤੀ ਗਈ ਤਿੰਨ ਪ੍ਰਕਾਰ ਦੀ ਵਿਸ਼ਾ ਵੰਡ ’ਚੋਂ ਕਰਤਾਰ ਦੀ ਵਿਸ਼ਾਲਤਾ ਦੇ ਵਰਣਨ ਵਾਙ ਹਥਲੀ 5ਵੀਂ ਪਉੜੀ ’ਚ ‘ਗੁਰੂ’ ਸ਼ਖ਼ਸੀਅਤ ਨੂੰ ਹਿੰਦੂ ਦੇਵੀ – ਦੇਵਤਿਆਂ ਨਾਲ਼ ਤੁਲਨਾਤਮਿਕ ਪੱਖੋਂ ਵਿਚਾਰਿਆ ਗਿਆ ਹੈ ਤੇ ਪਉੜੀ -ਵਿਸ਼ੇ ਦੀ ਸਮਾਪਤੀ ’ਚ ‘ਨਾਨਕ’ ਮੋਹਰ ਦੀ ਜਗ੍ਹਾ ‘ਗੁਰੂ’ ਨੂੰ ਪ੍ਰਮੁੱਖਤਾ ਦਿੰਦਿਆਂ ਸੰਬੋਧਨ ਕਰ ਕੇ ਦਿਲੀ ਭਾਵਨਾ ਵਿਅਕਤ ਕੀਤੀ ਗਈ ਹੈ।)

ਥਾਪਿਆ ਨ ਜਾਇ; ਕੀਤਾ ਨ ਹੋਇ॥ ਆਪੇ ਆਪਿ; ਨਿਰੰਜਨੁ ਸੋਇ॥

ਉਕਤ ਤੁਕ ’ਚ ‘ਥਾਪਿਆ’ ਤੋਂ ਭਾਵ ਨੀਂਹ ਰੱਖਣ (ਬੱਚਾ ਜਣਨ) ਵਾਙ ਸਥਾਪਤ ਕਰਨਾ ਅਤੇ ‘ਕੀਤਾ’ ਤੋਂ ਭਾਵ ਬਣਾਉਟੀ (ਹੁਨਰ ਰਾਹੀਂ) ਮੂਰਤੀ ਬਣਾ ਸਥਾਪਤ ਕਰਨਾ ਹੈ। ਜਦ ਇਨ੍ਹਾਂ ਦੋਵੇਂ ਤਰੀਕਿਆਂ ਨਾਲ਼ ਉਸ ਦੀ ਹੋਂਦ ਪ੍ਰਗਟ ਨਾ ਹੋ ਸਕੇ ਤਾਂ ‘‘ਆਪੇ ਆਪਿ, ਨਿਰੰਜਨੁ ਸੋਇ॥’’ ਪੱਖ ਨੂੰ ਉਜਾਗਰ ਕਰਨਾ ਲਾਜ਼ਮੀ ਹੋ ਜਾਂਦਾ ਹੈ।

ਉਕਤ ਪਹਿਲੀ ਤੁਕ ’ਚ ਦਰਜ ‘ਜਾਇ, ਹੋਇ’ (ਕਿਰਿਆਵਾਂ) ਇੱਕ ਵਚਨ ਹਨ, ਇਸੇ ਤਰ੍ਹਾਂ ਹੀ ‘ਸੋਇ’ (ਪੜਨਾਂਵ) ਵੀ ਇੱਕ ਵਚਨ ਹੈ। ‘ਜਾਇ’ ਤੇ ‘ਹੋਇ’ ਦਾ ਬਹੁ ਵਚਨ ਰੂਪ ‘ਜਾਵਹਿ’ ਅਤੇ ‘ਹੋਵਹਿ’ ਹੁੰਦਾ ਹੈ; ਜਿਵੇਂ

ਜਨਮ ਜਨਮ ਕੇ ਕਿਲਬਿਖ ‘ਜਾਵਹਿ’ ॥ (ਮ: ੫/੧੦੪)

ਜਹ ਸਾਧ ਸੰਤ ਇਕਤ੍ਰ ‘ਹੋਵਹਿ’; ਤਹਾ ਤੁਝਹਿ ਧਿਆਵਹੇ ॥ (ਮ: ੫/੨੪੮)

ਗੁਰਬਾਣੀ ’ਚ ਇੱਕ ਵਚਨ ‘ਸੋਇ’ (417 ਵਾਰ) ਦਾ ਬਹੁ ਵਚਨ ‘ਸੇਇ’ (11 ਵਾਰ) ਦਰਜ ਹੈ; ਜਿਵੇਂ

ਜਿਸ ਨੋ ਹੋਇ ਦਇਆਲੁ; ਹਰਿ ਨਾਮੁ, ‘ਸੇਇ’ ਲੇਹਿ॥ (ਮ:੫/੫੨੧)

ਜਿਨ ਕਉ ਲਗੀ ਪਿਆਸ; ਅੰਮ੍ਰਿਤੁ, ‘ਸੇਇ’ ਖਾਹਿ॥ (ਮ:੫/੯੬੨), ਆਦਿ।

‘ਆਪੇ ਆਪਿ’ – ਇਹ ਸੰਯੁਕਤ ਸ਼ਬਦ ਗੁਰਬਾਣੀ ’ਚ 266 ਵਾਰ ਦਰਜ ਹਨ। ‘ਆਪੇ’ ਸ਼ਬਦ ਦਾ ਅਸਲ ਰੂਪ ਵੀ ‘ਆਪਿ’ ਹੀ ਹੁੰਦਾ ਹੈ, ਜਿਸ ਦਾ ਅਰਥ ਹੈ, ‘ਖ਼ੁਦ, ਸ੍ਵੈ, ਤੂੰ’, ਪਰ ਜਦ ਅਰਥ ਯਕੀਨਨ ਬਣਾਉਣੇ ਹੋਣ; ਜਿਵੇਂ ‘ਆਪਿ ਹੀ ਆਪਿ’ ਜਾਂ ‘ਨਿਰੋਲ ਆਪਿ ਹੀ’ ਤਾਂ ‘ਆਪਿ ਆਪਿ’ ਲਿਖਣ ਦੀ ਬਜਾਇ ‘ਆਪੇ ਆਪਿ’ ਲਿਖਿਆ ਜਾਂਦਾ ਹੈ।

ਗੁਰਬਾਣੀ ’ਚ ‘ਆਪੁਆਪਆਪਿਆਪੇਆਪੈ’ ਸ਼ਬਦ ਮੌਜੂਦ ਹਨ, ਜਿਨ੍ਹਾਂ ਦੇ ਅਰਥਾਂ ’ਚ ਕਾਫ਼ੀ ਭਿੰਨਤਾ ਹੋਣ ਕਾਰਨ ਥੋੜ੍ਹਾ ਵਿਚਾਰਨਾ ਜ਼ਰੂਰੀ ਹੈ:

(ੳ). ਆਪੁ (410 ਵਾਰ) ਦੇ ਅਰਥ ਹਨ, ‘ਆਪਣੇ ਆਪ ਨੂੰ’ (ਕਰਮ ਕਾਰਕ, ਨਾਂਵਅਤੇ ‘ਹਉਮੈ, ਅਹੰਕਾਰ’ (ਨਾਂਵ); ਜਿਵੇਂ ਕਿ

ਨਾਨਕ  ! ਵਡਾ ਆਖੀਐ; ਆਪੇ ਜਾਣੈ ‘ਆਪੁ’ (ਆਪਣੇ ਆਪ ਨੂੰ) ॥ (ਜਪੁ)

ਤਿਨਿ+ਕਰਤੈ (ਨੇ) ‘ਆਪੁ’ (ਆਪਣੇ ਆਪ ਨੂੰ, ਜਗਤ ਰੂਪ ’ਚ ਗੁਪਤ) ਲੁਕਾਇਆ ॥ (ਮ: ੧/੭੨)

ਸੋ ਕਹੀਐ ਦੇਵਾਨਾ; (ਜੋ) ‘ਆਪੁ’ (ਹਉਮੈ) ਨ ਪਛਾਣਈ ॥ (ਮ: ੧/੧੪੨)

ਸੋਈ ਕਾਜੀ, ਜਿਨਿ ‘ਆਪੁ’ (ਅਹੰਕਾਰ) ਤਜਿਆ; ਇਕੁ ਨਾਮੁ ਕੀਆ ਆਧਾਰੋ ॥ (ਮ: ੧/੨੪), ਆਦਿ।

(ਅ). ਆਪ (125 ਵਾਰ) – ਇਸ ਦਾ ਅਰਥ ਵੀ ‘ਆਪਣੇ ਆਪ ਨੂੰ’ ਹੈ, ਪਰ ਇਸ ਨਾਲ਼ ਸੰਬੰਧਕੀ ਚਿੰਨ੍ਹ ਜ਼ਰੂਰ ਹੋਵੇਗਾ ਕਿਉਂਕਿ ਅਸਲ ਵਿੱਚ ਇਹ ਵੀ ‘ਆਪੁ’ ਦਾ ਹੀ ਇੱਕ ਭਾਗ ਹੈ, ਜੋ ਕੇਵਲ ‘ਹਉਮੈ/ਅਹੰਕਾਰ’ ਵਾਲ਼ੇ ਅਰਥ ਨਹੀਂ ਦਿੰਦਾ; ਜਿਵੇਂ ਕਿ

ਨਾਨਕ  ! ਪਰਖੇ ‘ਆਪ ਕਉ’ (ਆਪਣੇ ਆਪ ਨੂੰ) ਤਾ ਪਾਰਖੁ ਜਾਣੁ ॥ (ਮ: ੨/੧੪੮)

ਅਪਨੀ ਪਰਤੀਤਿ ‘ਆਪ (ਆਪਣੇ ਆਪ) ਹੀ’ ਖੋਵੈ ॥ (ਮ: ੫/੨੬੮)

ਆਪਨ ਨਗਰੁ; ‘ਆਪ ਤੇ’ ਬਾਧਿਆ ॥ (ਭਗਤ ਕਬੀਰ/੩੨੯) ਭਾਵ (ਸਿਮ੍ਰਿਤੀ ਨੇ) ਆਪਣੇ ਸ਼ਰਧਾਲੂ ਆਪਣੇ ਆਪ ਤੋਂ (ਆਪਣੇ ਆਪ ਰਾਹੀਂ) ਬੰਨ੍ਹ ਲਏ।

(ੲ). ਆਪਿ – (1286 ਵਾਰ) ਦਾ ਅਰਥ ਹੈ, ‘ਖ਼ੁਦ, ਸ੍ਵੈ’; ਜਿਵੇਂ ਕਿ

‘ਆਪਿ’ ਨਾਥੁ, ਨਾਥੀ ਸਭ ਜਾ ਕੀ; ਰਿਧਿ ਸਿਧਿ ਅਵਰਾ ਸਾਦ ॥ (ਜਪੁ)

ਸਚਾ ‘ਆਪਿ’; ਸਚਾ ਦਰਬਾਰੁ ॥ (ਜਪੁ), ਆਦਿ।

(ਸ). ਆਪੇ – (1655 ਵਾਰ) ਦਾ ਅਰਥ ਹੈ, ‘ਆਪ ਹੀ, ਖ਼ੁਦ ਹੀ’; ਜਿਵੇਂ ਕਿ

ਨਾਨਕ  ! ਏਵੈ ਜਾਣੀਐ; ਸਭੁ ‘ਆਪੇ’ (ਖ਼ੁਦ ਹੀ ਖ਼ੁਦ) ਸਚਿਆਰੁ ॥ (ਜਪੁ)

‘ਆਪੇ’ (ਖ਼ੁਦ ਹੀ) ਬੀਜਿ (ਕੇ); ‘ਆਪੇ’ (ਖ਼ੁਦ ਹੀ) ਹੀ ਖਾਹੁ ॥ (ਜਪੁ), ਆਦਿ।

(ਹ). ਆਪੈ – (46 ਵਾਰ) ਦੇ ਬਹੁ ਭਾਂਤੀ ਕਾਰਕੀ ਅਰਥ ਹਨ; ਜਿਵੇਂ ‘ਆਪਣੇ ਆਪ ਨਾਲ਼/ਆਪਣੇ ਆਪ ਰਾਹੀਂ (ਕਰਣ ਕਾਰਕ), ਆਪਣੇ ਆਪ ਵਿੱਚ (ਅਧਿਕਰਣ ਕਾਰਕ), ਆਪਣੇ ਆਪ ਨੂੰ/ਆਪਣੇ ਅਹੰਕਾਰ ਨੂੰ’ (ਕਰਮ ਕਾਰਕ), ਆਦਿ; ਜਿਵੇਂ ਕਿ

‘ਆਪੈ’ (ਆਪਣੇ ਆਪ ਵਿੱਚ) ‘ਆਪੁ’ (ਆਪਣੇ ਆਪ ਨੂੰ) ਮਿਲਾਏ (ਕੇ) ਬੂਝੈ; ਤਾ ਨਿਰਮਲੁ ਹੋਵੈ ਸੋਈ ॥ (ਮ: ੩/੩੨)

ਹਉਮੈ ਰੋਗੁ ਗਇਆ ਦੁਖੁ ਲਾਥਾ; ‘ਆਪੁ’ (ਆਪਣੇ ਆਪ ਨੂੰ) ‘ਆਪੈ’ (ਆਪਣੇ ਆਪ ਰਾਹੀਂ) ਗੁਰਮਤਿ (ਲੇ ਕੇ) ਖਾਧਾ ॥ (ਮ: ੪/੭੮)

‘ਆਪੈ ਨੋ ਆਪੁ’ (ਆਪਣੇ ਆਪ ਰਾਹੀਂ, ਆਪਣੇ ਆਪ ਨੂੰ) ਖਾਇ (ਕੇ), ਮਨੁ ਨਿਰਮਲੁ ਹੋਵੈ; ਗੁਰ ਸਬਦੀ ਵੀਚਾਰੁ ॥ (ਮ: ੩/੮੬)

‘ਆਪੈ ਥੈ’ (ਆਪਣੇ ਹੱਥ ਵਿੱਚ) ਸਭੁ ਰਖਿਓਨੁ (ਉਸ (ਰੱਬ) ਨੇ ਰੱਖਿਆ); ਕਿਛੁ ਕਹਣੁ ਨ ਜਾਈ ॥ (ਮ: ੩/੪੨੫)

‘ਆਪੈ+ਆਪੁ’ (ਆਪਣੇ ਆਪ ਨੂੰ) ਪਛਾਣਿਆ; ਸਾਦੁ ਮੀਠਾ ਭਾਈ  ! ॥ (ਮ: ੩/੪੨੬)

ਆਪੇ ਸਤਿਗੁਰੁ ਆਪਿ ਹੈ ਚੇਲਾ; ਉਪਦੇਸੁ ਕਰੈ ਪ੍ਰਭੁ ‘ਆਪੈ’ (ਆਪਣੇ ਆਪ ਨੂੰ) ॥ (ਮ: ੪/੬੦੫)

ਕਉਡੀ ਬਦਲੈ ਜਨਮੁ ਗਵਾਇਆ; ਚੀਨਸਿ ਨਾਹੀ ‘ਆਪੈ’ (ਆਪਣੇ ਅਹੰਕਾਰ ਨੂੰ) ॥ (ਮ: ੩/੭੫੩)

ਨਾਨਕ  ! ‘ਆਪੈ+ਆਪੁ’ (ਆਪਣੇ ਆਪ ਨੂੰ) ਪਛਾਣੈ; ਗੁਰਮੁਖਿ ਤਤੁ ਬੀਚਾਰੀ ॥ (ਮ: ੧/੧੧੧੨), ਆਦਿ।

ਸੋ, ਆਪੇ ਆਪਿ ਨਿਰੰਜਨਾ; ਜਿਨਿ ਆਪੁ (ਆਪਣੇ ਆਪ ਨੂੰ, ਜਗਤ ਰੂਪ ’ਚ) ਉਪਾਇਆ ॥ (ਮ: ੪/੧੨੩੭) ਗੁਰਮਤਿ ਦੇ ਵਿਸ਼ਾਲ ਵਿਸ਼ੇ ਦਾ ਇੱਕ ਭਾਗ ਹਥਲੀ ਤੁਕ ਹੈ; ਜਿਵੇਂ ‘‘ਥਾਪਿਆ ਨ ਜਾਇ, ਕੀਤਾ ਨ ਹੋਇ॥ ਆਪੇ ਆਪਿ, ਨਿਰੰਜਨੁ ਸੋਇ॥’’ ਭਾਵ ਆਪ ਹੀ ਆਪ ਵਜੂਦ ’ਚ ਆਏ ਉਸ ਕਾਲ਼ਖ਼ ਰਹਿਤ (ਅਦ੍ਰਿਸ਼ ਕਰਤਾਰ) ਨੂੰ ਜਣਨ ਕਿਰਿਆ ਰਾਹੀਂ ਜਾਂ ਕਿਸੇ ਹੁਨਰ ਨਾਲ਼ ਮੂਰਤੀ ਵਾਙ ਆਕਾਰ ਨਹੀਂ ਦਿੱਤਾ ਜਾ ਸਕਦਾ।

ਜਿਨਿ ਸੇਵਿਆ; ਤਿਨਿ ਪਾਇਆ ਮਾਨੁ॥ ਨਾਨਕ ! ਗਾਵੀਐ, ਗੁਣੀ ਨਿਧਾਨੁ॥

ਉਕਤ ਤੁਕ ’ਚ ‘ਜਿਨਿ, ਤਿਨਿ’ ਇੱਕ ਵਚਨ ਪੜਨਾਂਵ ਹਨ, ਜਿਨ੍ਹਾਂ ਦੇ ਬਹੁ ਵਚਨ ਰੂਪ ਹਨ ‘ਜਿਨ, ਤਿਨ’, ਪਰ ਇਨ੍ਹਾਂ ਦੋਵਾਂ (ਇੱਕ ਵਚਨ/ਬਹੁ ਵਚਨ) ਦਾ ਉਚਾਰਨ ‘ਜਿਨ੍ਹ, ਤਿਨ੍ਹ’ ਹੀ ਹੈ। ‘ਜਿਨਿ, ਤਿਨਿ’ ਦੇ ਅਰਥ ਹਨ: ‘ਜਿਸ ਨੇ, ਉਸ ਨੇ (ਕਰਤਾ ਕਾਰਕ) ਅਤੇ ਬਹੁ ਵਚਨ ‘ਜਿਨ, ਤਿਨ’ ਦੇ ਅਰਥ ਹਨ ‘ਜਿਨ੍ਹਾਂ ਨੇ, ਉਨ੍ਹਾਂ ਨੇ (ਕਰਤਾ ਕਾਰਕ), ਜਿਨ੍ਹਾਂ ਨੂੰ, ਉਨ੍ਹਾਂ ਨੂੰ (ਕਰਮ ਕਾਰਕ), ਜਿਨ੍ਹਾਂ ਤੋਂ, ਉਨ੍ਹਾਂ ਤੋਂ’ (ਅਪਾਦਨ ਕਾਰਕ), ਜਿਨ੍ਹਾਂ ਦੇ, ਉਨ੍ਹਾਂ ਦੇ’ (ਸੰਬੰਧ ਕਾਰਕ), ਆਦਿ; ਜਿਵੇਂ ਕਿ

ਸੇ ਧੰਨੁ ਸੇ ਧੰਨੁ, ‘ਜਿਨ’ (ਜਿਨ੍ਹਾਂ ਨੇ) ਹਰਿ ਧਿਆਇਆ ਜੀ  ! ਜਨੁ ਨਾਨਕੁ ‘ਤਿਨ’ (ਉਨ੍ਹਾਂ ਤੋਂ) ਬਲਿ ਜਾਸੀ ॥ (ਸੋ ਪੁਰਖੁ ਆਸਾ/ਮ: ੪/੧੧)

‘ਜਿਨ ਕਉ’ ਪੂਰਬਿ ਲਿਖਿਆ; ‘ਤਿਨ’ (ਉਨ੍ਹਾਂ ਨੂੰ) ਸਤਗੁਰੁ ਮਿਲਿਆ ਆਇ (ਕੇ)॥ (ਮ: ੩/੨੭)

‘ਜਿਨ ਕੈ’ (ਜਿਨ੍ਹਾਂ ਦੇ), ਰਾਮੁ ਵਸੈ ਮਨ ਮਾਹਿ ॥ (ਜਪੁ)

‘ਤਿਨ ਕੇ’ (ਉਨ੍ਹਾਂ ਦੇ) ਨਾਮ, ਅਨੇਕ ਅਨੰਤ ॥ (ਜਪੁ), ਆਦਿ।

ਗੁਰਬਾਣੀ ’ਚ ‘ਜਿਨਿ’ (713 ਵਾਰ), ‘ਤਿਨਿ’ (179 ਵਾਰ), ‘ਜਿਨ’ (523 ਵਾਰ) ‘ਤਿਨ’ (733 ਵਾਰ) ਦਰਜ ਹੈ।

ਸੋ, ਜਿਨਿ ਸੇਵਿਆ, ਤਿਨਿ ਪਾਇਆ ਮਾਨੁ॥ ਨਾਨਕ ! ਗਾਵੀਐ, ਗੁਣੀ ਨਿਧਾਨੁ॥ ਭਾਵ ਜਿਸ ਨੇ (ਆਪੇ ਆਪਿ, ਨਿਰੰਜਨੁ ਸੋਇ ॥ ਨੂੰ) ਯਾਦ ਕੀਤਾ ਉਸ ਨੇ (ਸਦਾ) ਸਤਿਕਾਰ ਪ੍ਰਾਪਤ ਕੀਤਾ ਹੈ (ਤਾਂ ਤੇ) ਹੇ ਨਾਨਕ  ! ਅਜਿਹੇ ਗੁਣਾਂ ਦੇ ਖ਼ਜ਼ਾਨੇ ਨੂੰ ਗਾਉਣਾ (ਯਾਦ ਕਰਨਾ) ਚਾਹੀਦਾ ਹੈ।

ਗਾਵੀਐ, ਸੁਣੀਐ; ਮਨਿ ਰਖੀਐ ਭਾਉ॥ ਦੁਖੁ ਪਰਹਰਿ; ਸੁਖੁ, ਘਰਿ ਲੈ ਜਾਇ॥

ਉਕਤ ਤੁਕ ’ਚ ‘ਗਾਵੀਐ, ਸੁਣੀਐ, ਰਖੀਐ’ ਸ਼ਬਦਾਂ ਦੇ ਅਰਥਾਂ ਬਾਰੇ ਵਿਚਾਰ ਕਰਨੀ ਵੀ ਲਾਭਕਾਰੀ ਹੈ ਕਿਉਂਕਿ ਗੁਰਬਾਣੀ ’ਚ ਅਜਿਹੇ ਸ਼ਬਦ ਵੀ ਮੌਜੂਦ ਹਨ ਜਿਨ੍ਹਾਂ ਦੇ ਅੰਤ ‘ਐ’ ਤੋਂ ਪਹਿਲੇ ਅੱਖਰ ਨੂੰ ਸਿਹਾਰੀ (ਿ) ਲੱਗੀ ਹੋਈ ਮਿਲਦੀ ਹੈ; ਜਿਵੇਂ ਕਿ ‘ਸੁਣਿਐ, ਰਖਿਐ’, ਆਦਿ । ਰੋਜ਼ਾਨਾ ਅਰਦਾਸ ’ਚ ਪੜ੍ਹੀ ਜਾਣ ਵਾਲ਼ੀ ਤੁਕ ‘ਸ੍ਰੀ ਹਰਿਕ੍ਰਿਸ਼ਨ ‘ਧਿਆਈਐ’ ਅਤੇ ‘ਤੇਗ ਬਹਾਦਰ ‘ਸਿਮਰਿਐ’ ’ਚ ਵੀ ਇਹੀ ਭਿੰਨਤਾ ਹੈ।

ਗੁਰਬਾਣੀ ਲਿਖਤ ਮੁਤਾਬਕ ਜਦ ਕਿਸੇ ਸ਼ਬਦ ਦੇ ਅੰਤ ’ਚ ‘ਐ’ ਹੋਵੇ ਤੇ ਉਸ ਤੋਂ ਅਗੇਤਰ ਅੱਖਰ ਨੂੰ ਸਿਹਾਰੀ (ਿ) ਹੋਵੇ ਤਾਂ ਇਹ ਕਿਰਦੰਤ ਹੁੰਦਾ ਹੈ, ਜਿਸ ਦੀ ਅੰਤ ‘ਐ’ ਵਿਚੋਂ ਕਾਰਕੀ ਚਿੰਨ੍ਹ ‘ਨਾਲ਼’ ਮਿਲਦਾ ਹੈ ਤੇ ਅਰਥ ਬਣ ਜਾਂਦੇ ਹਨ, ‘ਸੁਣਿਐ’ – ਸੁਣਨ ਨਾਲ਼, ‘ਪੜਿਐ’ -ਪੜ੍ਹਨ ਨਾਲ਼, ‘ਧਿਆਇਐ’ -ਯਾਦ ਕਰਨ ਨਾਲ਼, ‘ਸੁਣਿਐ’ – ਸੁਣਨ ਨਾਲ਼, ਆਦਿ; ਜਿਵੇਂ ਕਿ

‘ਪੜਿਐ’ (ਪੜ੍ਹਨ ਨਾਲ਼), ਮੈਲੁ ਨ ਉਤਰੈ; ਪੂਛਹੁ ਗਿਆਨੀਆ ਜਾਇ ॥ (ਮ: ੩/੩੯)

ਵੰਞੈ (ਦੂਰ ਹੁੰਦਾ) ਰੋਗਾ ਘਾਣਿ; ਹਰਿ ਗੁਣ ‘ਗਾਇਐ’ (ਗਾਉਣ ਨਾਲ਼)॥ (ਮ: ੫/੫੨੦)

‘ਸੁਣਿਐ’ (ਸੁਣਨ ਨਾਲ਼); ਸਿਧ ਪੀਰ ਸੁਰਿ ਨਾਥ ॥ (ਜਪੁ)

ਨਾਨਕ  ! ‘ਨਾਮਿ+ਧਿਆਇਐ’ (ਨਾਮ ਯਾਦ ਕਰਨ ਨਾਲ਼); ਬਿਘਨੁ ਨ ਲਾਗੈ ਕੋਇ ॥ (ਮ: ੫/੫੨੪), ਆਦਿ।

ਵਿਚਾਰ ਅਧੀਨ ਤੁਕ ’ਚ ‘ਗਾਵੀਐ, ਸੁਣੀਐ, ਰਖੀਐ’ (ਭਾਵ ਅੰਤ ‘ਐ’ ਤੋਂ ਪਹਿਲੇ ਸਿਹਾਰੀ (ਿ) ਦੀ ਬਜਇ ਬਿਹਾਰੀ (ੀ) ਹੋਣ ਵਾਲ਼ੇ ਸ਼ਬਦਾਂ ਵਾਙ ‘ਧਿਆਈਐ’ ਦਾ ਅਰਥ ਹੈ, ‘ਧਿਆਉਣਾ ਚਾਹੀਦਾ ਹੈ’ ਜਾਂ ‘ਜੇ ਯਾਦ ਕਰ ਲਿਆ ਜਾਏ’; ਜਿਵੇਂ

ਨਾਨਕ  ! ਨਾਮੁ ‘ਧਿਆਈਐ’ (ਨਾਮ ਨੂੰ ਯਾਦ ਕਰਨਾ ਚਾਹੀਦਾ ਹੈ, ਜੋ); ਸਭਨਾ ਜੀਆ ਕਾ ਆਧਾਰੁ ॥ (ਮ: ੩/੨੯)

ਇਸੇ ਤਰ੍ਹਾਂ ਅਰਦਾਸ ਵਾਲ਼ੇ ਸ਼ਬਦਾਂ ਦੇ ਅਰਥ ਲੈਣੇ ਚਾਹੀਦੇ ਹਨ :

(1). ਸ੍ਰੀ ਹਰਿਕ੍ਰਿਸ਼ਨ ‘ਧਿਆਈਐ’ (ਯਾਦ ਕਰਨਾ ਚਾਹੀਦਾ ਹੈ) ਜਿਸ ਡਿਠੈ ਸਭਿ ਦੁਖ ਜਾਇ॥

(2). ਤੇਗ ਬਹਾਦਰ ‘ਸਿਮਰਿਐ’ (ਯਾਦ ਕਰਨ ਨਾਲ਼), ਘਰ ਨਉ ਨਿਧਿ ਆਵੈ ਧਾਇ॥

ਮਨਿ – ਗੁਰਬਾਣੀ ’ਚ ‘ਮਨੁ’ (1513 ਵਾਰ) ਇੱਕ ਵਚਨ ਪੁਲਿੰਗ ਨਾਂਵ ਅਤੇ ‘ਮਨ’ (1509 ਵਾਰ, ਅੰਤ ਮੁਕਤਾ) ਹੈ, ਇਸ ਅੰਤ ਮੁਕਤ ਦਾ ਕਾਰਨ ‘ਮਨ’ ਬਹੁ ਵਚਨ ਨਹੀਂ ਬਲਕਿ ‘ਮਨੁ’ ਨਾਲ਼ ਕੋਈ ਸੰਬੰਧਕੀ ਸ਼ਬਦ ਜਾਂ ‘ਮਨੁ’ ਨੂੰ ਸੰਬੋਧਨ ਕੀਤਾ ਗਿਆ ਹੈ; ਜਿਵੇਂ

(1). ‘ਮਨ’ ਸੰਬੋਧਨ ਭਾਵ ‘ਹੇ ਮਨ !’:

ਮਨ  ! ਏਕੁ ਨ ਚੇਤਸਿ; ਮੂੜ ਮਨਾ  ! ॥ (ਸੋ ਪੁਰਖੁ ਆਸਾ /ਮ: ੧/੧੨)

(2). ‘ਮਨ’ ਨਾਲ਼ ਸੰਬੰਧਕੀ ‘ਨਾਲਿ, ਮਾਹਿ, ਮਹਿ, ਵਿਚਿ, ਹੀ’, ਆਦਿ ਸ਼ਬਦ:

ਜਿਨ ਕੈ ਰਾਮੁ ਵਸੈ; ‘ਮਨ ਮਾਹਿ’ ॥ (ਜਪੁ)

‘ਮਨ ਹੀ ਨਾਲਿ’ ਝਗੜਾ, ‘ਮਨ ਹੀ ਨਾਲਿ’ ਸਥ (ਸਮਝੌਤਾ); ‘ਮਨ ਹੀ ਮੰਝਿ’ (ਵਿੱਚ) ਸਮਾਇ ॥ (ਮ: ੩/੮੭)

ਜਿਨਿ (ਜਿਸ ਨੇ) ‘ਮਨ ਵਿਚਿ’ ਵਥੁ ਪਾਈ; ਸੋਈ ਜਾਣੈ ॥ (ਮ: ੩/੧੦੬੫), ਆਦਿ।

ਉਕਤ ਨੰਬਰ 2 ’ਚ ਆਏ ਸੰਬੰਧਕੀ ਚਿੰਨ੍ਹਾਂ ਨੂੰ ਕਈ ਵਾਰ ਗੁਰਬਾਣੀ ਕਾਵਿ ਤੋਲ ਭਿੰਨ ਲਿਖਣ ਦੀ ਇਜਾਜ਼ਤ ਨਹੀਂ ਦਿੰਦਾ, ਫਿਰ ਇਹੀ ਸਾਰੇ ਚਿੰਨ੍ਹ ‘ਮਨੁ’ (ਇੱਕ ਵਚਨ ਪੁਲਿੰਗ) ਦੇ ਅੰਤ ਸਿਹਾਰੀ (ਮਨਿ) ਲਗਾ ਕੇ ਲੈ ਲਏ ਜਾਂਦੇ ਹਨ; ਜਿਵੇਂ ਕਿ 1407 ਵਾਰ ਦਰਜ ਹੈ:

ਜੇ, ਕੋ ਮੰਨਿ ਜਾਣੈ ‘ਮਨਿ’ (’ਚ), ਕੋਇ ॥ (ਜਪੁ)

ਅਸੰਖ ਜੋਗ, ‘ਮਨਿ’ (’ਚ) ਰਹਹਿ ਉਦਾਸ॥ (ਜਪੁ)

ਅੰਤੁ ਨ ਜਾਪੈ, ਕਿਆ ‘ਮਨਿ’ (’ਚ) ਮੰਤੁ (ਸਲਾਹ)  ?॥ (ਜਪੁ)

ਤਿਨ ਮੁਖਿ ਟਿਕੇ ਨਿਕਲਹਿ, ਜਿਨ ‘ਮਨਿ’ (’ਚ) ਸਚਾ ਨਾਉ॥ (ਮ:੧/੧੬)

ਪ੍ਰਭੁ ਮੇਰਾ ਸਦਾ ਨਿਰਮਲਾ; ‘ਮਨਿ+ਨਿਰਮਲਿ’ (ਨਾਲ਼) ਪਾਇਆ ਜਾਇ ॥ (ਮ: ੩/੬੫)

‘ਮਨਿ+ਬਚਨਿ+ਕਰਮਿ’ (ਦੁਆਰਾ) ਜਿ ਤੁਧੁ ਅਰਾਧਹਿ; ਸੇ ਸਭੇ ਫਲ ਪਾਵਹੇ ॥ (ਮ: ੫/੨੪੮)

‘ਮਨਿ+ਮੈਲੈ’ (ਰਾਹੀਂ); ਸੂਚਾ ਕਿਉ (ਕਿਵੇਂ) ਹੋਇ  ? ॥ (ਮ: ੧/੬੮੬)ਆਦਿ।

ਪਰਹਰਿ – ਗੁਰਬਾਣੀ ’ਚ ‘ਹਰਿ’ (ਨਾਂਵ, 7123 ਵਾਰ) ਹੈ, ਪਰ ‘ਪਰਹਰਿ’ (32 ਵਾਰ) ਕਿਰਿਆ ਵਿਸ਼ੇਸ਼ਣ ਹੈ। ‘ਪਰਹਰਿ’ ਦਾ ਦੂਸਰਾ ਰੂਪ ‘ਤਜਿ’ (141 ਵਾਰ) ਵੀ ਕਿਰਿਆ ਵਿਸ਼ੇਸ਼ਣ ਹੈ, ਇਨ੍ਹਾਂ ਦੋਵਾਂ ਦਾ ਅਰਥ ਸਮਾਨ ਹੈ ‘ਤਿਆਗ ਕੇ, ਛੱਡ ਕੇ, ਉਤਾਰ ਕੇ, ਦੂਰ ਕਰ ਕੇ’; ਜਿਵੇਂ ਕਿ

‘ਪਰਹਰਿ’ (ਤਿਆਗ ਕੇ) ਕਾਮ ਕ੍ਰੋਧੁ ਝੂਠੁ ਨਿੰਦਾ; ‘ਤਜਿ’ (ਤਿਆਗ ਕੇ) ਮਾਇਆ, ਅਹੰਕਾਰੁ ਚੁਕਾਵੈ ॥ (ਮ: ੧/੧੪੧)

‘ਪਰਹਰਿ’ (ਉਤਾਰ ਕੇ) ਕਪੜੁ ਜੇ ਪਿਰ ਮਿਲੈ; ਖੁਸੀ ਰਾਵੈ ਪਿਰੁ, ਸੰਗਿ ॥ (ਮ: ੧/੬੪੨) ਭਾਵ (ਅਗਰ ਜੀਵ ਇਸਤ੍ਰੀ) ਪਾਖੰਡ -ਵਿਖਾਵਾ ਉਤਾਰ ਕੇ ਪਤੀ ਨੂੰ ਮਿਲੇ ਤਾਂ ਪਤੀ ਵੀ ਉਸ ਨਾਲ਼ ਅਨੰਦ ਭੋਗਦਾ ਹੈ ਭਾਵ ਉਸ ਨੂੰ ਮਾਣਦਾ ਹੈ।

ਉਕਤ ਦੋਵੇਂ ਤੁਕਾਂ ’ਚ ‘ਚੁਕਾਵੈ, ਮਿਲੈ, ਰਾਵੈ’ ਮੂਲ ਕਿਰਿਆਵਾਂ ਹਨ ਜਿਸ ਕਾਰਨ ਵਾਕ ’ਚ ਕਿਰਿਆ ਵਿਸ਼ੇਸ਼ਣ (ਪਰਹਰਿ, ਤਜਿ) ਦੀ ਜ਼ਰੂਰਤ ਮਹਿਸੂਸ ਹੋਈ ਪਰ ਜਦ ਕਿਸੇ ਵਾਕ ’ਚ ਮੂਲ ਕਿਰਿਆ ਨਾ ਹੋਵੇ ਤਾਂ ‘ਪਰਹਰਿ, ਤਜਿ’ ਦਾ ਰੂਪ ‘ਪਰਹਰੁ, ਤਜੁ’ ਬਣ ਕੇ ਹੁਕਮੀ ਭਵਿੱਖ ਕਾਲ ਭਾਵ ‘ਤੂੰ ਤਿਆਗ, ਤੂੰ ਛੱਡ, ਤੂੰ ਉਤਾਰ, ਤੂੰ ਦੂਰ ਕਰ’ ਦੇ ਅਰਥ ਦੇ ਜਾਂਦਾ ਹੈ, ਪਰ ਇਹ ਸ਼ਬਦ (ਪਰਹਰੁ/ਤਜੁ) ਮਾਤਰ 3 -3 ਵਾਰ ਹੀ ਹੇਠਲੀਆਂ ਤੁੱਕਾਂ ’ਚ ਦਰਜ ਹਨ। ਧਿਆਨ ਰਹੇ ਕਿ ਇਨ੍ਹਾਂ ਤੁਕਾਂ ’ਚ ਅਗਰ ਕੋਈ ਇੱਕ ਵਚਨ ਸੰਬੋਧਨ ਸ਼ਬਦ ਸ਼ਾਮਲ ਨਾ ਹੋਵੇ ਤਾਂ ‘ਹੇ ਭਾਈ  !’ ਵਾਧੂ ਲਗਾਉਣਾ ਜ਼ਰੂਰੀ ਹੁੰਦਾ ਹੈ; ਜਿਵੇਂ ਕਿ

(ਹੇ ਭਾਈ !) ‘ਪਰਹਰੁ’ (ਤੂੰ ਤਿਆਗ) ਲੋਭੁ ਅਰੁ ਲੋਕਾਚਾਰੁ ॥ ‘ਪਰਹਰੁ’ (ਤੂੰ ਤਿਆਗ) ਕਾਮੁ ਕ੍ਰੋਧੁ ਅਹੰਕਾਰੁ ॥ (ਭਗਤ ਕਬੀਰ/੩੨੪)

(ਹੇ ਭਾਈ  !) ਕਾਮੁ ਕ੍ਰੋਧੁ ‘ਪਰਹਰੁ’ (ਤੂੰ ਤਿਆਗ) ਪਰ ਨਿੰਦਾ ॥ (ਮ: ੧/੧੦੪੧)

ਰਵਿਦਾਸ ਦਾਸ  ! ਉਦਾਸ ‘ਤਜੁ’ (ਤੂੰ ਛੱਡ) ਭ੍ਰਮੁ; ਤਪਨ ਤਪੁ, ਗੁਰ ਗਿਆਨ ॥ (ਭਗਤ ਰਵਿਦਾਸ/੪੮੬) (ਇੱਥੇ ‘ਹੇ ਭਾਈ !’ ਵਾਧੂ ਇਸ ਲਈ ਨਹੀਂ ਲਗਾਇਆ ਗਿਆ ਕਿਉਂਕਿ ‘ਹੇ ਦਾਸ ਰਵਿਦਾਸ  !’ (ਇੱਕ ਵਚਨ) ਮੌਜੂਦ ਹੈ।)

ਨਾਮੁ ਸਾਰੁ ਹੀਏ ‘ਧਾਰੁ’ (ਤੂੰ ਧਾਰ), ‘ਤਜੁ’ (ਤੂੰ ਛੱਡ) ਬਿਕਾਰੁ ਮਨ ਗਯੰਦ (ਹੇ ਗਯੰਦ ਦੇ ਮਨ)  ! ਸਤਿਗੁਰੂ ਸਤਿਗੁਰੂ ਸਤਿਗੁਰ ਗੁਬਿੰਦ ਜੀਉ ॥ (ਸਵਈਏ ਮਹਲੇ ਚਉਥੇ ਕੇ / ਭਟ ਗਯੰਦ/੧੪੦੩)

ਨਾਮੁ ਸਾਰੁ ਹੀਏ ‘ਧਾਰੁ’ (ਤੂੰ ਧਾਰ); ‘ਤਜੁ’ (ਤੂੰ ਛੱਡ) ਬਿਕਾਰੁ ‘ਮਨ ਗਯੰਦ’  ! ਸਿਰੀ ਗੁਰੂ ਸਿਰੀ ਗੁਰੂ, ਸਿਰੀ ਗੁਰੂ ਸਤਿ ਜੀਉ ॥ (ਸਵਈਏ ਮਹਲੇ ਚਉਥੇ ਕੇ / ਭਟ ਗਯੰਦ/੧੪੦੩)

ਸੋ, ਗਾਵੀਐ, ਸੁਣੀਐ, ਮਨਿ ਰਖੀਐ ਭਾਉ॥ ਦੁਖੁ ਪਰਹਰਿ; ਸੁਖੁ, ਘਰਿ ਲੈ ਜਾਇ॥ ਭਾਵ (ਆਪੇ ਆਪਿ, ਨਿਰੰਜਨੁ ਸੋਇ ॥ ਨੂੰ) ਗਾਉਣਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ, ਆਪਣੇ ਮਨ ਵਿੱਚ (ਉਸ ਪ੍ਰਤੀ) ਪਿਆਰ (ਡਰ -ਅਦਬ) ਬਣਾਏ ਰੱਖਣਾ ਚਾਹੀਦਾ ਹੈ, (ਜਿਸ ਉਪਰੰਤ ਭਗਤ ਉਸ ਵੱਲੋਂ ਪਏ ਵਿਛੋੜੇ ਦੇ) ਦੁੱਖ ਨੂੰ ਦੂਰ ਕਰ ਕੇ (ਉਸ ਦੇ ਮਿਲਾਪ ਦਾ) ਆਨੰਦ ਆਪਣੇ ਹਿਰਦੇ -ਘਰ ਵਿੱਚ ਲੈ ਜਾਂਦਾ ਹੈ।

(ਨੋਟ: ਗੁਰਬਾਣੀ ’ਚ ‘ਦੁਖੁ’ (ਇੱਕ ਵਚਨ, 547 ਵਾਰ) ਅਤੇ ‘ਦੁਖ’ (ਅੰਤ ਮੁਕਤਾ 383 ਵਾਰ) ਦਰਜ ਹੈ, ਇਸ ਅੰਤ ਮੁਕਤ ਰੂਪ ’ਚ ਬਹੁ ਵਚਨ ‘ਦੁਖ’ ਤੇ ਸੰਬੰਧਕੀ ‘ਦੁਖ’ ਵੀ ਸ਼ਾਮਲ ਹੈ ਭਾਵ ਕਿਸੇ ਸੰਬੰਧਕੀ ਚਿੰਨ੍ਹ ਨਾਲ਼ ‘ਦੁਖੁ’ (ਇੱਕ ਵਚਨ) ਤੋਂ ‘ਦੁਖ’ (ਅੰਤ ਮੁਕਤਾ) ਬਣਤਰ ਬਣੀ ਹੈ; ਜਿਵੇਂ ਕਿ

ਹੁਕਮੀ ਉਤਮੁ ਨੀਚੁ; ਹੁਕਮਿ ਲਿਖਿ, ‘ਦੁਖ ਸੁਖ’ (ਬਹੁ ਵਚਨ) ਪਾਈਅਹਿ ॥ (ਜਪੁ)

ਸੁਪਨੈ (’ਚ), ਸੁਖੁ ਨ ਪਾਵਈ; ‘ਦੁਖ ਮਹਿ’ (ਸੰਬੰਧਕੀ ਚਿੰਨ੍ਹ ਕਾਰਨ ਅੰਤ ਮੁਕਤਾ) ਸਵੈ ਸਮਾਇ ॥ (ਮ: ੩/੬੫)

ਅੰਗੀਕਾਰੁ ਕੀਆ ਤਿਨਿ+ਕਰਤੈ (ਨੇ); ‘ਦੁਖ ਕਾ’ (ਸੰਬੰਧਕੀ ਚਿੰਨ੍ਹ ਕਾਰਨ ਅੰਤ ਮੁਕਤਾ) ਡੇਰਾ ਢਾਹਿਆ ਜੀਉ ॥ (ਮ: ੫/੧੦੭), ਆਦਿ।

ਕਿਸੇ ਮਨੁੱਖ ਜਾਂ ਜੀਵ ਨੂੰ ਜ਼ਿੰਦਗੀਭਰ (ਸਾਰੀ ਉਮਰ) ‘ਇੱਕ ਦੁੱਖ ਜਾਂ ਇੱਕ ਸੁੱਖ’ ਨਹੀਂ ਵਾਪਰਦਾ ਬਲਕਿ ਇੱਕ ਦਿਨ ’ਚ ਹੀ ਕਈ ਸੁੱਖ ਤੇ ਕਈ ਦੁੱਖ ਵਾਪਰਦੇ ਹਨ, ਇਸ ਲਈ ਇੱਕ ਦੁੱਖ (ਦੁਖੁ) ਨੂੰ ਜ਼ਿਆਦਾਤਰ ਰੱਬੀ ਵਿਛੋੜਾ ਤੇ ਇੱਕ ਸੁੱਖ (ਸੁਖੁ) ਨੂੰ ਰੱਬੀ ਮਿਲਾਪ ਵੱਲ ਉਲਥਾ ਲੈਣਾ ਲਾਹੇਵੰਦ ਹੋ ਸਕਦਾ ਹੈ; ਜਿਵੇ ਕਿ

ਅੰਤਰਹੁ ‘ਦੁਖੁ’ ਭ੍ਰਮੁ ਕਟੀਐ; ‘ਸੁਖੁ’ ਪਰਾਪਤਿ ਹੋਇ ॥ (ਮ: ੩/੩੧)

ਮਿਲਿ ਸਤਿਗੁਰ, ਸਭੁ ‘ਦੁਖੁ’ ਗਇਆ; ‘ਹਰਿ ਸੁਖੁ’ ਵਸਿਆ ਮਨਿ ਆਇ ॥ (ਮ: ੫/੪੬)

ਧ੍ਰਿਗੁ ਤਿਨ੍ਾ ਦਾ ਜੀਵਿਆ; ਜੋ ‘ਹਰਿ ਸੁਖੁ’ ਪਰਹਰਿ ਤਿਆਗਦੇ; ‘ਦੁਖੁ’ ਹਉਮੈ ਪਾਪ ਕਮਾਇ ॥ (ਮ: ੩/੫੧੧), ਆਦਿ।)

ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ॥

ਗੁਰਬਾਣੀ ਲਿਖਤ ’ਚ ‘ਗੁਰਮੁਖੁ’ ਸ਼ਬਦ ਦਰਜ ਨਹੀਂ ਹੈ ਜਦ ਕਿ ‘ਮਨਮੁਖੁ’ (73 ਵਾਰ) ਦਰਜ ਹੈ।, ‘ਗੁਰਮੁਖ’ (ਕੁੱਲ 6 ਵਾਰ) ਹੈ ਜਦ ਕਿ ‘ਮਨਮੁਖ’ (263 ਵਾਰ) ਅਤੇ ‘ਗੁਰਮੁਖਿ’ (1615 ਵਾਰ) ਹੈ ਪਰ ‘ਮਨਮੁਖਿ’ (ਕੇਵਲ 172 ਵਾਰ ਹੀ) ਦਰਜ ਹੈ।

‘ਗੁਰਮੁਖ/ਗੁਰਮੁਖਿ’ (ਦੋ ਸਰੂਪ) ਅਤੇ ‘ਮਨਮੁਖੁ/ਮਨਮੁਖ/ਮਨਮੁਖਿ’ (ਤਿੰਨ ਸਰੂਪਾਂ) ਦੀ ਗਿਣਤੀ ’ਚ ਇਤਨਾ ਅੰਤਰ; ਲਿਖਤ ਬਣਤਰ ਦੇ ਮਹੱਤਵ ਨੂੰ ਜ਼ਾਹਰ ਕਰਦਾ ਹੈ। ‘ਗੁਰਮੁਖ/ਗੁਰਮੁਖਿ’ ਨੂੰ ਸਮਝਣ ਤੋਂ ਪਹਿਲਾਂ ‘ਮਨਮੁਖੁ/ਮਨਮੁਖ/ਮਨਮੁਖਿ’ ਵਿਚਾਰਨਾ ਜ਼ਰੂਰੀ ਹੈ।

(ੳ). ਮਨਮੁਖੁ (73 ਵਾਰ)  -ਇਸ ਦਾ ਅਰਥ ਹੈ, ‘ਮਨ ਦੇ ਅਧੀਨ ਰਹਿਣ ਵਾਲ਼ਾ’ (ਇੱਕ ਵਚਨ ਪੁਲਿੰਗ); ਜਿਵੇਂ

‘ਮਨਮੁਖੁ’ ਮੋਹਿ (’ਚ) ਵਿਆਪਿਆ; ਬੈਰਾਗੁ ਉਦਾਸੀ ਨ ਹੋਇ ॥ (ਮ: ੩/੨੯) ਭਾਵ ਮਨ ਦੇ ਅਧੀਨ ਰਹਿਣ ਵਾਲ਼ਾ ਮਾਇਆ (ਅਸਤਿ) ਦੇ ਮੋਹ ਵਿੱਚ ਮਸਤ ਰਹਿਣ ਕਾਰਨ ਇਸ ਅੰਧਕਾਰ ਵੱਲੋਂ ਉਪਰਾਮਤਾ (ਤਿਆਗ, ਉਦਾਸੀਨਤਾ) ਪੈਦਾ ਨਹੀਂ ਹੋ ਸਕਦੀ।

(ਅ). ਮਨਮੁਖ (263 ਵਾਰ) -ਇਹ ਸ਼ਬਦ ਬਹੁ ਵਚਨ ਵੀ ਹੈ ਤੇ ਇਸ ਨਾਲ਼ ਸੰਬੰਧਕੀ ਚਿੰਨ੍ਹ ਆਉਣ ਨਾਲ਼ ਅੰਤ ਮੁਕਤਾ ਵੀ ਹੋਇਆ ਹੈ; ਜਿਵੇਂ ਕਿ

‘ਮਨਮੁਖ’ (ਬਹੁ ਵਚਨ) ਸਬਦੁ ਨ ਜਾਣਨੀ; ਜਾਸਨਿ (ਜਾਣਗੇ) ਪਤਿ ਗਵਾਇ (ਕੇ)॥ (ਮ: ੩/੩੩)

‘ਮਨਮੁਖ’ (ਦੀ, ਲੁਪਤ ਸੰਬੰਧਕੀ) ਮੈਲੁ ਨ ਉਤਰੈ; ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥ (ਮ: ੩/੩੭)

‘ਮਨਮੁਖ ਕਉ’ (ਪ੍ਰਗਟ ਸੰਬੰਧਕੀ) ਆਲਸੁ ਘਣੋ; ਫਾਥੇ ਓਜਾੜੀ ॥ (ਮ: ੧/੧੦੧੧)

ਨਾਮੁ ਨ ਚੇਤਹਿ, ਸਬਦੁ ਨ ਵੀਚਾਰਹਿ; ਇਹੁ ‘ਮਨਮੁਖ ਕਾ’ ਆਚਾਰੁ ॥ (ਮ: ੩/੫੦੮), ਆਦਿ।

(ੲ). ਮਨਮੁਖਿ (ਕੇਵਲ 172 ਵਾਰ) :

ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ ॥ ਗੁਰਮੁਖਿ ਲਾਧਾ; ‘ਮਨਮੁਖਿ’ (ਨੇ, ਕਰਤਾ ਕਾਰਕ) ਗਵਾਇਆ ॥ (ਸੋ ਪੁਰਖੁ ਆਸਾ/ਮ: ੪/੧੧)

ਅੰਧੁਲੈ (ਨੇ) ਨਾਮੁ ਵਿਸਾਰਿਆ; ‘ਮਨਮੁਖਿ’ (ਮਨਮੁਖਤਾ ਕਾਰਨ, ਕਰਣ ਕਾਰਕ) ਅੰਧ ਗੁਬਾਰੁ ॥ (ਮ: ੧/੧੯)

ਗੁਰਮੁਖਿ (ਵਿੱਚ, ਅੰਦਰ) ਚਾਨਣੁ ਜਾਣੀਐ; ‘ਮਨਮੁਖਿ’ (ਅੰਦਰ, ਅਧਿਕਰਣ ਕਾਰਕ) ਮੁਗਧੁ ਗੁਬਾਰੁ ॥ (ਮ: ੧/੨੦), ਆਦਿ।

ਉਕਤ ਕੀਤੀ ਗਈ ‘ਮਨਮੁਖਿ’ ਸ਼ਬਦ ਦੀ ਵਿਚਾਰ ਉਪਰੰਤ ‘ਗੁਰਮੁਖ/ਗੁਰਮੁਖਿ’ ਸ਼ਬਦਾਂ ਦੇ ਨਿਯਮ ਹਨ:

(ੳ). ਗੁਰਮੁਖ -ਇਹ ਸ਼ਬਦ ਕੇਵਲ 6 ਵਾਰ ਹੀ (ਅੰਤ ਮੁਕਤ) ਹੈ, ਜਿਨ੍ਹਾਂ ’ਚੋਂ ਕੇਵਲ 2 ਵਾਰ ਬਹੁ ਵਚਨ ਹੈ; ਜਿਵੇਂ ਕਿ

ਇਸੁ ਜੁਗ ਮਹਿ ‘ਗੁਰਮੁਖ’ ਨਿਰਮਲੇ; ਸਚਿ+ਨਾਮਿ ਰਹਹਿ ਲਿਵ ਲਾਇ ॥ (ਮ: ੩/੪੩੦)

ਵਾਹੁ ਵਾਹੁ ‘ਗੁਰਮੁਖ’ ਸਦਾ ਕਰਹਿ; ਮਨਮੁਖ, ਮਰਹਿ ਬਿਖੁ ਖਾਇ (ਕੇ) ॥ (ਮ: ੩/੫੧੫)

ਹੇਠਲੀਆਂ 4 ਤੁਕਾਂ ’ਚ ਇਸ ਨਾਲ਼ ਸੰਬੰਧਕੀ ਚਿੰਨ੍ਹ (ਪ੍ਰਗਟ ਜਾਂ ਲੁਪਤ) ਹੋਣ ਕਾਰਨ ਅੰਤ ਮੁਕਤ ਹੈ:

‘ਗੁਰਮੁਖ ਸਿਉ’ ਮਨਮੁਖੁ ਅੜੈ; ਡੁਬੈ ਹਕਿ ਨਿਆਇ ॥ (ਮ: ੨/੧੪੮)

(ਮਾਯਾ ਬੋਲਦੀ ਹੈ ਕਿ ਹੇ ਗੁਰਮੁਖ ! ) ਜੋ ਤੂੰ ਕਹਹਿ, ਸੁ ਕਾਰ ਕਮਾਵਾ ॥ ਜਨ ਨਾਨਕ  ! ‘ਗੁਰਮੁਖ’ (ਦੇ, ਲੁਪਤ ਸੰਬੰਧਕੀ) ਨੇੜਿ ਨ ਆਵਾ ॥ (ਮ: ੫/੩੭੦)

ਨਾਨਕ ਕਉ ਉਪਜੀ ਪਰਤੀਤਿ ॥ ਮਨਮੁਖ (ਦੀ) ਹਾਰ, ‘ਗੁਰਮੁਖ’ (ਦੀ, ਲੁਪਤ ਸੰਬੰਧਕੀ) ਸਦ ਜੀਤਿ ॥ (ਮ: ੫/੮੬੭) ਅਤੇ

‘ਗੁਰਮੁਖ ਸਉ’ ਕਰਿ ਦੋਸਤੀ; ਸਤਿਗੁਰ ਸਉ ਲਾਇ ਚਿਤੁ ॥ (ਮ: ੩/੧੪੨੧)

(ਅ). ਗੁਰਮੁਖਿ (1615 ਵਾਰ)  -ਇਸ ਸ਼ਬਦ ਦੇ ਮਹਾਨ ਕੋਸ਼ ਅਨੁਸਾਰ 5 ਅਰਥ ਹਨ:

(1). ਗੁਰੂ ਦੇ ਮੁਖ ਵਿੱਚ ‘‘ਗੁਰਮੁਖਿ ਨਾਦੰ ਗੁਰਮੁਖਿ ਵੇਦੰ.. ॥’’ (ਜਪੁ)

(2). ਗੁਰਮੁਖਤਾ ਕਰਕੇ ‘‘ਗੁਰਮੁਖਿ ਮਿਲੀਐ, ਮਨਮੁਖਿ ਵਿਛੁਰੈ.. ॥’’ (ਮ: ੫/੧੩੧)

(3). ਗੁਰਮੁਖ ‘‘ਗੁਰਮੁਖਿ ਮੁਕਤਾ, ਗੁਰਮੁਖਿ ਜੁਗਤਾ ॥’’ (ਮ: ੫/੧੩੧)

(4). ਪ੍ਰਧਾਨ ਗੁਰੂ ਨੇ ‘‘ਓਅੰ ਗੁਰਮੁਖਿ ਕੀਓ ਅਕਾਰਾ ॥’’ (ਮ: ੫/੨੫੦)

(5). ਗੁਰਮੁਖ ਨੂੰ ‘‘ਮਨਮੁਖਿ ਸੋਝੀ ਨਾ ਪਵੈ; ਗੁਰਮੁਖਿ ਸਦਾ ਹਜੂਰਿ ॥’’ (ਮ: ੧/੬੦)

ਉਕਤ ਕੀਤੇ ਗਏ ਪੰਜ ਪ੍ਰਕਾਰ ਦੇ ਅਰਥਾਂ ਰਾਹੀਂ ਸਪਸ਼ਟ ਹੈ ਕਿ ਭਾਈ ਕਾਹਨ ਸਿੰਘ ਜੀ ਨਾਭਾ ਨੇ ‘ਗੁਰਮੁਖਿ’ ਸ਼ਬਦ ਦੇ ਅਰਥਾਂ ਨੂੰ ‘ਕਾਰਕਾਂ’ ਤੱਕ ਸੀਮਤ ਰੱਖਿਆ ਹੈ; ਜਿਵੇਂ ਕਿ ਨੰਬਰ 1 ‘ਅਧਿਕਰਣ ਕਾਰਕ’, ਨੰਬਰ 2 ‘ਕਰਣ ਕਾਰਕ’, ਨੰਬਰ 3, 4 ‘ਕਰਤਾ ਕਾਰਕ’ ਅਤੇ ਨੰਬਰ 5 ‘ਸੰਪ੍ਰਦਾਨ ਕਾਰਕ’, ਪਰ ਗੁਰਬਾਣੀ ’ਚ ‘ਗੁਰਮੁਖੁ’ ਸ਼ਬਦ ਨਾ ਹੋਣ ਕਾਰਨ ਅਤੇ ‘ਗੁਰਮੁਖ’ (ਅੰਤ ਮੁਕਤ) ਕੇਵਲ 6 ਵਾਰ ਦਰਜ ਹੋਣ ਕਾਰਨ ‘ਗੁਰਮੁਖਿ’ ਸ਼ਬਦ ਸਰੂਪ 1615 ਵਾਰ ਦਰਜ ਕਰਨਾ ਪਿਆ, ਇਸ ਲਈ ਇਸ ਦੇ ਅਰਥਾਂ ਨੂੰ ਵੀ ਬਹੁ ਪ੍ਰਕਾਰੀ ਵਿਚਾਰਨਾ ਚਾਹੀਏ; ਜਿਵੇਂ ਕਿ ‘ਮੁਖੀ ਗੁਰੂ’ ਜਾਂ ‘ਅਕਾਲ ਪੁਰਖ’ (ਇੱਕ ਵਚਨ ਨਾਂਵ) ਅਰਥ ਵੀ ਮਿਲਦੇ ਪਏ ਹਨ :

(ੳ). ‘ਗੁਰਮੁਖਿ’ ਭਾਵ ‘ਮੁਖੀ ਗੁਰੂ, ਅਭੁੱਲ ਗੁਰੂ, ਪ੍ਰਧਾਨ ਗੁਰੂ’ (ਇੱਕ ਵਚਨ ਨਾਂਵ):

‘ਗੁਰਮੁਖਿ’ (ਮੁਖੀ ਗੁਰੂ) ਕ੍ਰਿਪਾ ਕਰੇ ਭਗਤਿ ਕੀਜੈ; ਬਿਨੁ ਗੁਰ, ਭਗਤਿ ਨ ਹੋਈ ॥ (ਮ: ੩/੩੨)

‘ਗੁਰਮੁਖਿ’ (ਪ੍ਰਧਾਨ ਗੁਰੂ ਦੀ) ਬਾਣੀ ਬ੍ਰਹਮੁ (ਸਰੂਪ) ਹੈ; ਸਬਦਿ ਮਿਲਾਵਾ ਹੋਇ ॥ (ਮ: ੩/੩੯)

ਗੁਰੁ ਕਰਤਾ, ਗੁਰੁ ਕਰਣਹਾਰੁ; ‘ਗੁਰਮੁਖਿ’ (ਮੁਖੀ ਗੁਰੂ ਦੀ ਹੀ) ਸਚੀ ਸੋਇ (ਸੱਚੀ ਸ਼ੋਭਾ ਹੁੰਦੀ ਹੈ) ॥ (ਮ: ੫/੫੨)

ਕਹੁ ਨਾਨਕ  ! ਪ੍ਰਾਣੀ ਚਉਥੈ+ਪਹਰੈ (’ਚ); ‘ਗੁਰਮੁਖਿ’ (ਅਭੁੱਲ ਗੁਰੂ ਦਾ) ਸਬਦੁ ਪਛਾਣੁ ॥ (ਪਹਰੇ/ਮ: ੧/੭੬), ਆਦਿ।

(ਅ). ‘ਗੁਰਮੁਖਿ’ ਭਾਵ ਅਕਾਲ ਪੁਰਖ, ਮੁਖੀ ਗੁਰੂ, ਵੱਡਾ ਗੁਰੂ (ਇੱਕ ਵਚਨ ਨਾਂਵ):

ਸੰਤ ਸਭਾ ਸੁਖੁ ਊਪਜੈ; ‘ਗੁਰਮੁਖਿ’ (ਵੱਡੇ ਗੁਰੂ ਪ੍ਰਭੂ ਦਾ) ਨਾਮ ਅਧਾਰੁ ॥ (ਮ: ੧/੫੮)

ਏਕੋ ਸੇਵਨਿ, ਏਕੁ ਅਰਾਧਹਿ; ‘ਗੁਰਮੁਖਿ’ (ਪ੍ਰਭੂ ਦੀ) ਅਕਥ ਕਹਾਣੀ ॥ (ਮ: ੩/੬੯)

ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ; ਜਿਨੀ (ਜਿਨ੍ਹਾਂ ਨੇ) ‘ਗੁਰਮੁਖਿ’ (ਪ੍ਰਭੂ ਦਾ) ਨਾਮੁ ਧਿਆਇਆ ॥ (ਮ: ੪/੭੯), ਆਦਿ।

(ੲ). ‘ਗੁਰਮੁਖਿ’ ਭਾਵ ‘ਗੁਰੂ ਵੱਲ ਮੂੰਹ ਰੱਖਣ ਵਾਲ਼ਾ, ਗੁਰਮੁਖੀ’ (ਇੱਕ ਵਚਨ ਪੁਲਿੰਗ ਨਾਂਵ); ਧਿਆਨ ਰਹੇ ਕਿ ਇਹ ਅਰਥ ਇਸ ਲਈ ਬਣ ਰਹੇ ਹਨ ਕਿਉਂਕਿ ਗੁਰਬਾਣੀ ’ਚ ‘ਗੁਰਮੁਖੁ’ ਸ਼ਬਦ ਉਪਲਬਧ ਨਾਹੀਂ :

ਕਥਨ ਕਹਨ ਤੇ ਮੁਕਤਾ; ‘ਗੁਰਮੁਖਿ’ (ਗੁਰੂ ਵੱਲ ਮੁਖ ਰੱਖਣ ਵਾਲ਼ਾ) ਕੋਈ ਵਿਰਲਾ ॥ (ਮ: ੫/੫੧)

‘ਗੁਰਮੁਖਿ ਕੋਈ’ (ਕੋਈ ਗੁਰੂ ਵੱਲ ਮੁਖ ਰੱਖਣ ਵਾਲ਼ਾ) ਉਤਰੈ ਪਾਰਿ ॥ (ਮ: ੧/੩੫੬), ਆਦਿ।

(ਨੋਟ: ਉਕਤ ‘ੳ, ਅ, ੲ’ ਭਾਗ ’ਚ ਦਰਜ ‘ਗੁਰਮੁਖਿ’ ਨੂੰ ‘ਮੁਖੀ ਗੁਰੂ’ ਮੰਨਣ ਕਾਰਨ, ਇਸ ਦੀ ਅੰਤ ਸਿਹਾਰੀ ਮੂਲਕ ਹੋ ਜਾਏਗੀ, ਜਿਸ ਲਈ ‘ਗੁਰੂ ਦਾ, ਗੁਰੂ ਦੀ, ਗੁਰੂ ਦੀ ਹੀ, ਪ੍ਰਭੂ ਦਾ, ਪ੍ਰਭੂ ਦੀ’ ਸੰਬੰਧਕੀ ਅਰਥ ਲਏ ਜਾ ਸਕਦੇ ਹਨ।)

(ਸ). ਮਹਾਂਨ ਕੋਸ਼ ਵਾਙ ‘ਗੁਰਮੁਖਿ’ ਸ਼ਬਦ ਕੁਝ ਹੋਰ ਤੁਕਾਂ ’ਚ ਵੀ (ਕਾਰਕੀ) ਅਰਥ ਦਿੰਦਾ ਹੈ; ਜਿਵੇਂ ਕਿ

ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ ॥ ‘ਗੁਰਮੁਖਿ’ (ਨੇ) ਲਾਧਾ; ਮਨਮੁਖਿ (ਨੇ) ਗਵਾਇਆ ॥ (ਸੋ ਪੁਰਖੁ ਆਸਾ /ਮ: ੪/੧੧)

ਪ੍ਰਭੁ, ਨਿਕਟਿ ਵਸੈ ਸਭਨਾ ਘਟ ਅੰਤਰਿ; ‘ਗੁਰਮੁਖਿ+ਵਿਰਲੈ’ (ਨੇ) ਜਾਤਾ (ਜਾਣਿਆ)॥ (ਮ: ੩/੬੮)

ਜਿਨਿ ‘ਗੁਰਮੁਖਿ’ (ਗੁਰੂ ਰਾਹੀਂ) ਨਾਮੁ ਨ ਬੂਝਿਆ; ਮਰਿ ਜਨਮੈ ਆਵੈ ਜਾਇ ॥ (ਮ: ੧/੧੯)

(ਨੋਟ: ਅਗਰ ਇਸ ਤੁਕ ਦੇ ਅਰਥ ‘ਜਿਨਿ+ਗੁਰਮੁਖਿ’ (ਨੇ) ਨਾਮੁ ਨ ਬੂਝਿਆ..॥ ਕਰੀਏ ਤਾਂ ਸਵਾਲ ਪੈਦਾ ਹੋਏਗਾ ਕਿ ਜਿਸ ਨੇ ‘ਨਾਮੁ ਨ ਬੂਝਿਆ’ ਉਸ ਨੂੰ ‘ਗੁਰਮੁਖਿ’ ਕਿਉਂ ਕਿਹਾ ਜਾਏ ?)

ਮਨ ਰੇ  ! ‘ਗੁਰਮੁਖਿ’ (ਗੁਰੂ ਰਾਹੀਂ) ਅਗਨਿ ਨਿਵਾਰਿ (ਤੂੰ ਦੂਰ ਕਰ)॥ (ਮ: ੧/੨੨), ਆਦਿ।

‘ਗੁਰਮੁਖਿ’ (ਵਿੱਚ, ਅੰਦਰ) ਚਾਨਣੁ ਜਾਣੀਐ; ‘ਮਨਮੁਖਿ’ (ਅੰਦਰ) ਮੁਗਧੁ ਗੁਬਾਰੁ ॥ (ਮ: ੧/੨੦)

ਨਾਨਕ  ! ਸੋਭਾ ਸੁਰਤਿ ਦੇਇ ਪ੍ਰਭੁ ਆਪੇ; ‘ਗੁਰਮੁਖਿ’ (ਨੂੰ) ਦੇ (ਦੇਂਦਾ ਹੈ) ਵਡਿਆਈ ॥ (ਮ: ੩/੩੨)

‘ਗੁਰਮੁਖਿ’ (ਬਣਨ ਲਈ); ਧਰਤੀ ਸਾਚੈ (ਨੇ) ਸਾਜੀ ॥ (ਮ: ੧/੯੪੧), ਆਦਿ।

ਸੋ, ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ॥ ਭਾਵ ਗੁਰੂ ਹੀ ਨਾਦੰ (ਯੋਗੀਆਂ ਦੇ ਸਿੰਙੀ ਆਦਿ ਦੁਆਰਾ ਉਪਜੀ ਸ਼ਬਦ ਧੁਨਿ) ਹੈ, ਗੁਰੂ ਹੀ ਵੇਦੰ (ਵੇਦ-ਸ਼ਾਸਤਰ ਦਾ ਗਿਆਨ) ਹੈ (ਕਿਉਂਕਿ) ਗੁਰੂ ਹੀ (ਅਦ੍ਰਿਸ਼ ‘ਨਿਰੰਜਨੁ’ ਦੇ) ਕਣ-ਕਣ ਵਿੱਚ ਵਿਆਪਕ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਗੁਰੂ ਹੀ ਸ਼ਿਵ, ਗੋਰਖ, ਬ੍ਰਹਮਾ (ਵਿਸ਼ਨੂੰ, ਰਾਮ, ਕ੍ਰਿਸ਼ਨ, ਗਣੇਸ਼, ਹਨੁਮਾਨ, ਸ਼ਨੀ, ਆਦਿ ਦੇਵਤਾ ਹੈ) ਤੇ ਗੁਰੂ ਹੀ ਪਾਰਬਤੀ, ਲਕਸ਼ਮੀ (ਦੁਰਗਾ, ਕਾਲਕਾ, ਸਰਸਵਤੀ, ਚੰਡੀ, ਆਦਿ ਦੇਵੀ) ਹੈ ਭਾਵ ‘ਗੁਰੂ’ ਦੀ ਸ਼ਰਨ (ਪਨਾਹ, ਓਟ) ਲੈਣ ਉਪਰੰਤ ਇਨ੍ਹਾਂ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ।

ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ॥ ਗੁਰਾ ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ॥੫॥

(ਨੋਟ: ਪ੍ਰਸੰਗ ਮੁਤਾਬਕ ਵਿਸ਼ਾ ਗੁਰੂ ਉਪਮਾ (ਤੁਲਨਾਤਮਿਕ ਪੱਖ) ਨਾਲ਼ ਸੰਬੰਧਿਤ ਚੱਲਦਾ ਆ ਰਿਹਾ ਹੈ, ਜਿਸ ਨੂੰ ਸੰਖੇਪਤਾ ‘‘ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ॥’’ ਵਚਨਾਂ ਰਾਹੀਂ ਦਿੱਤੀ ਗਈ, ਇਸ ਲਈ ਅਗਾਂਹ ‘ਗੁਰੂ’ ਨੂੰ ਸੰਬੋਧਿਤ ਕੀਤਾ ਗਿਆ ਕਿਉਂਕਿ ਵਿਸ਼ੇ ਮੁਤਾਬਕ ਸੰਸਾਰਕ ਸ਼ਖ਼ਸੀਅਤਾਂ ਦੇ ਮੁਕਾਬਲੇ ਗੁਰੂ ਸ਼ਖ਼ਸੀਅਤ ਸਰਬੋਤਮ ਪਾਈ ਗਈ।

‘‘ਗੁਰਾ ! ਇਕ ਦੇਹਿ ਬੁਝਾਈ॥’’ ਤੁਕ ਰਾਹੀਂ ਇਹ ਸਵਾਲ ਵੀ ਪੈਦਾ ਹੋ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਨੂੰ ‘‘ਜੇ ਹਉ ਜਾਣਾ’’ ਸੰਦਰਭ ’ਚ ਰੱਖ ਕੇ ਕਿਸ ਨੂੰ ‘ਹੇ ਗੁਰਾ’ ਰਾਹੀਂ ਸੰਬੋਧਿਤ ਕਰ ਰਹੇ ਹਨ ? ਕੀ ਗੁਰੂ ਨਾਨਕ ਜੀ ਦਾ ‘ਗੁਰੂ’, ਅਕਾਲ ਪੁਰਖ ਹੈ ? ਜੈਸਾ ਕਿ ਕਈ ਅਜੋਕੇ ਵਿਆਖਿਆਕਾਰ ਬਿਆਨ ਕਰ ਰਹੇ ਹਨ।

ਦਰਅਸਲ, ਹਥਲੀ ਤੁਕ ’ਚ ‘ਗੁਰਾ’ ਦਾ ਅਰਥ ਅਗਰ ਅਕਾਲ ਪੁਰਖ ਮੰਨ ਲਈਏ ਤਾਂ ਕੀਤੀ ਗਈ ਬੇਨਤੀ (ਇਕ ਦੇਹਿ ਬੁਝਾਈ ॥) ਦਾ ਭਾਵ ਹੈ ਕਿ ‘‘ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ ॥’’ ਭਾਵ ਇਸ ਤੁਕ ’ਚ ‘ਇਕੁ ਦਾਤਾ’(‘ਗੁਰਾ’ ਤੋਂ ਇਲਾਵਾ) ਕਿਸੇ ਹੋਰ ਹਸਤੀ ਨੂੰ ਮੰਨਣਾ ਪਵੇਗਾ ਭਾਵ ਅਕਾਲ ਪੁਰਖ (ਗੁਰਾ) ਇੱਕ ਸ਼ਖ਼ਸੀਅਤ ਹੈ ਅਤੇ ‘ਇਕੁ ਦਾਤਾ’ ਦੂਸਰੀ ਸ਼ਖ਼ਸੀਅਤ, ਪਰ ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ॥’’ (ਮ: ੫/੨੫੭) ਜਾਂ ‘‘ਕਰਤੇ ਕੀ ਮਿਤਿ (ਮਿਣਤੀ, ਵਿਸ਼ਾਲਤਾ) ਕਰਤਾ ਜਾਣੈ ਕੈ (ਜਾਂ) ਜਾਣੈ ਗੁਰੁ ਸੂਰਾ (ਸੂਰਮਾ)॥’’ (ਮ: ੧/੯੩੦), ਆਦਿ ਵਚਨਾਂ ਰਾਹੀਂ ਸਪਸ਼ਟ ਹੈ ਕਿ ‘ਕਰਤਾਰ’ ਅਤੇ ‘ਗੁਰੂ’ ਤੋਂ ਇਲਾਵਾ ਤੀਸਰੀ ਸ਼ਖ਼ਸੀਅਤ ਨੂੰ ਮੰਨਣਾ, ‘‘ਮੂਲੁ (ਅਦ੍ਰਿਸ਼) ਛੋਡਿ (ਕੇ), ਡਾਲੀ (ਦ੍ਰਿਸ਼ ਨਾਲ਼) ਲਗੇ; ਕਿਆ ਪਾਵਹਿ ਛਾਈ (ਸੁਆਹ) ?॥ (ਮ: ੧/੪੨੦) ਭਾਵ ਅਰਥਹੀਣ ਹੈ।

ਸੋ, ਗੁਰਬਾਣੀ; ਗੁਰੂ ਸਾਹਿਬਾਨਾਂ ਨੇ ਮਾਨਵ ਬਿਰਤੀ (ਸੁਭਾਅ) ਨੂੰ ਮੁੱਖ ਰੱਖ ਕੇ ਹੀ ਰਚੀ ਹੈ, ਨਾ ਕਿ ਆਪਣੀਆਂ ਤਰੁਟੀਆਂ ਲਈ। ਜਿੱਥੋਂ ਝਰਨਾ ਫੁੱਟ ਰਿਹਾ ਹੋਵੇ ਉੱਥੇ ਖ਼ੁਸ਼ਕੀ (ਪਾਣੀ ਦੀ ਪਿਆਸ) ਨਹੀਂ ਹੁੰਦੀ। ਗੁਰਬਾਣੀ ਰਾਹੀਂ ਉਠਾਏ ਗਏ ਸਾਰੇ ਸਵਾਲ ਇੱਕ ਆਮ ਮਨੁੱਖ ਦੇ ਮਨ ਦੀ ਉਪਜ ਹਨ। ਅਗਰ ਇਹ ਸਵਾਲ ਗੁਰੂ ਹਿਰਦੇ ’ਚ ਪੈਦਾ ਹੁੰਦੇ ਤਾਂ ਉਨ੍ਹਾਂ ਪਾਸੋਂ ਇਨ੍ਹਾਂ ਦਾ ਜਵਾਬ ਵੀ ਨਾ ਮਿਲਦਾ। ਇਸ ਲਈ ਗੁਰਬਾਣੀ ਦੀ ਵਿਚਾਰ ਕਰਦਿਆਂ ਇਹ ਸਵਾਲ ਪੈਦਾ ਕਰਨਾ ਕਿ ਲਿਖਾਰੀ (ਗੁਰੂ) ਦੇ ਅਜਿਹੇ ਖ਼ਿਆਲ ਉਨ੍ਹਾਂ ਆਪਣੇ ਪ੍ਰਥਾਇ ਸਨ, ਗੁਰਮਤਿ ਬਾਰੇ ਗ਼ਲਤ ਧਾਰਨਾ ਬਣਾਉਣਾ ਹੈ, ਜੋ ਕਿਸੇ ਵੀ ਵਿਸ਼ੇ ਨੂੰ ਸਮਝਣ ਦੀ ਬਜਾਇ ਆਪਣੇ ਆਪ ਨੂੰ ਉਲ਼ਝਾਏਗੀ।)

ਵਿਚਾਰ ਅਧੀਨ ਤੁਕ ‘‘ਜੇ ਹਉ ਜਾਣਾ, ਆਖਾ ਨਾਹੀ.. ॥’’ ’ਚ ਸ਼ਾਮਲ ‘ਜਾਣਾ’ ਤੇ ‘ਆਖਾ’ (ਉੱਤਮ ਪੁਰਖ) ਇੱਕ ਵਚਨ ਕਿਰਿਆਵਾਂ ਹਨ, ਜਿਸ ਕਾਰਨ ਇਨ੍ਹਾਂ ਦਾ ਉਚਾਰਨ ‘ਜਾਣਾਂ’ ਤੇ ‘ਆਖਾਂ’ ਸਹੀ ਹੋਵੇਗਾ ਪਰ ‘ਜਾਣਾ’ ’ਤੇ ਵਾਧੂ ਬਿੰਦੀ ਲਗਾਉਣ ਦੀ ਜ਼ਰੂਰਤ ਨਹੀਂ ਕਿਉਂਕਿ ‘ਙ, ਞ, ਣ, ਨ ਤੇ ਮ’ (5) ਅੱਖਰ, ਵੈਸੇ ਹੀ ਨਾਸਕੀ ਹੁੰਦੇ ਹਨ।

‘ਕਹਣਾ ਕਥਨੁ’ – ਇਨ੍ਹਾਂ ਦੋਵੇਂ ਸ਼ਬਦਾਂ ਦਾ ਅਰਥ ‘ਗੱਲ -ਬਾਤ’ ਸ਼ਬਦਾਂ ਵਾਙ ਸਾਂਝਾ ਹੈ ਤੇ ਗੁਰਬਾਣੀ ’ਚ ਦੋ ਵਾਰ ਹੋਰ ਸੰਯੁਕਤ ਦਰਜ ਹਨ; ਜਿਵੇਂ ਕਿ

ਨਦਰਿ ਕਰੇ ਤਾ ਅਖੀ ਵੇਖਾ; ‘ਕਹਣਾ ਕਥਨੁ’ ਨ ਜਾਈ ॥ (ਮ: ੧/੫੯੬)

ਜਿਸ ਨੋ ਨਦਰਿ ਕਰੇ, ਸੋਈ ਜਨੁ ਬੂਝੈ; ਹੋਰੁ ‘ਕਹਣਾ ਕਥਨੁ’ ਨ ਜਾਈ ॥ (ਮ: ੩/੧੨੩੪)

‘‘ਗੁਰਾ ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ..॥’’ ਤੁਕ ’ਚ ‘ਇਕ’ ਤੇ ‘ਇਕੁ’ ਦੀ ਬਣਤਰ ਭਿੰਨ -ਭਿੰਨ ਹੈ। ਪਹਿਲਾ (ਇਕ), ਇਸਤ੍ਰੀ ਲਿੰਗ ‘ਬੁਝਾਈ’ (ਭਾਵ ਸਮਝ) ਦਾ ਸੰਖਿਅਕ ਵਿਸ਼ੇਸ਼ਣ ਹੈ ਅਤੇ ਦੂਸਰਾ (ਇਕੁ), ‘ਦਾਤਾ’ ਪੁਲਿੰਗ’ (ਨਾਂਵ) ਦਾ ਸੰਖਿਅਕ ਵਿਸ਼ੇਸ਼ਣ ਹੈ।

‘ਦੇਹਿ’ – ਗੁਰਬਾਣੀ ਵਿੱਚ ‘ਦੇਹਿ’ ਸ਼ਬਦ (140 ਵਾਰ) ਅਤੇ ‘ਦੇਹੁ’ (111 ਵਾਰ) ਦਰਜ ਹੈ, ਜਿਨ੍ਹਾਂ ਦੇ ਉਚਾਰਨ ਪੱਖ ਬਾਰੇ ਪਾਠੀਆਂ ’ਚ ਸਦਾ ਦੁਬਿਧਾ ਬਣੀ ਵੇਖੀ ਗਈ ਹੈ, ਇਸ ਲਈ ਇਨ੍ਹਾਂ ਨੂੰ ਸਮਝਣ ਲਈ ਹੇਠਲੇ ਪੰਜਾਬੀ ਵਾਕ ਦੀ ਮਦਦ ਲਈ ਗਈ ਹੈ।

(ੳ). ਹੇ ਪ੍ਰਭੂ  ! ਤੂੰ ਨਾਮ ਦਿੰਦਾ ਹੈਂ ਤਾਂ ਮੈਂ ਜਪਦਾ ਹਾਂ।

(ਨੋਟ: ਉਕਤ ਵਾਕ ’ਚ ‘ਦਿੰਦਾ’ ਕਿਰਿਆ ਨਾਲ਼ ‘ਹੈਂ’ ਸਹਾਇਕ ਕਿਰਿਆ ਨੂੰ ਬਿੰਦੀ ਵਾਕ ਵਰਤਮਾਨ ਕਾਲ ’ਚ ਹੋਣ ਕਾਰਨ ਲੱਗ ਗਈ।)

(ਅ) ਹੇ ਪ੍ਰਭੂ  ! ਤੂੰ ਆਪਣਾ ਨਾਮ ਦੇਹ।

(ਨੋਟ: ਇਸ ਤੁਕ ’ਚ ਕੋਈ ਬਿੰਦੀ ਨਹੀਂ ਕਿਉਂਕਿ ਵਾਕ ਭਵਿੱਖ ਕਾਲ ’ਚ ਹੈ ਭਾਵ ਜੋ ਚੀਜ਼ ਮੰਗੀ ਗਈ ਉਹ ਅਜੇ ਪ੍ਰਾਪਤ ਨਹੀਂ ਹੋਈ।)

(ੲ). ਹੇ ਭਗਤ ਜਨੋ  ! ਮੈਨੂੰ ਪ੍ਰਭੂ ਦਾ ਨਾਮ ਦੇਓ ਜਾਂ ਦੇਵੋ।

(ਨੋਟ: ਇਸ ਵਾਕ ’ਚ ਸੰਬੋਧਨ (ਹੇ ਭਗਤ ਜਨੋ  !) ਬਹੁ ਵਚਨ ਹੋਣ ਕਾਰਨ ‘ਦੇਓ’ ਜਾਂ ‘ਦੇਵੋ’ (ਬਹੁ ਵਚਨ) ਕਿਰਿਆ ਵਾਲ਼ਾ ਰੂਪ ਲਿਖਿਆ ਗਿਆ ਹੈ।

ਧਿਆਨ ਰਹੇ ਕਿ ਉਕਤ ‘ੳ, ਅ’ ਭਾਵ ’ਚ ਸੰਬੋਧਨ ‘ਹੇ ਪ੍ਰਭੂ’ (ਇੱਕ ਵਚਨ ਪੁਲਿੰਗ) ਹੈ ਅਤੇ ਦੋਵੇਂ ਵਾਕਾਂ ’ਚ ਵਾਧੂ ‘ਤੂੰ’ ਵੀ ਲੱਗਾ ਹੈ, ਜੋ ‘ੲ’ ਭਾਗ ਵਿੱਚ ਸ਼ਾਮਲ ਨਹੀਂ।)

ਉਕਤ ਤਿੰਨੇ ਵਾਕਾਂ ’ਚ ਦਰਜ ਕਿਰਿਆ ‘ਦਿੰਦਾ ਹੈਂ, ਦੇਹ, ਦੇਓ’ ਨੂੰ ਗੁਰਬਾਣੀ ’ਚ ‘ਦੇਹਿ, ਦੇਹੁ’ ਲਿਖਿਆ ਗਿਆ ਹੈ, ਜਿਨ੍ਹਾਂ ਦੇ ਅਰਥ ਤੇ ਉਚਾਰਨ ਇਸ ਪ੍ਰਕਾਰ ਹਨ :

(ੳ) ‘ਦਿੰਦਾ ਹੈਂ’ (ਵਰਤਮਾਨ ਕਿਰਿਆ) ਨੂੰ ਗੁਰਬਾਣੀ ’ਚ ‘ਦੇਹਿ’ ਕਰ ਕੇ ਲਿਖਿਆ ਗਿਆ ਹੈ, ਜਿਸ ਨੂੰ ‘ਦੇਹਿਂ’ ਪੜ੍ਹਨਾ ਹੈ; ਜਿਵੇਂ ਕਿ

ਜੇਤਾ ‘ਦੇਹਿ’ (ਤੂੰ ਦੇਹਿਂ); ਤੇਤਾ ਹਉ ਖਾਉ ॥ (ਮ: ੧/੨੫) ਭਾਵ ਜਿੰਨਾ ਤੂੰ ਦਿੰਦਾ ਹੈਂ ਓਨਾ ਮੈਂ ਖਾਂਦਾ ਹਾਂ (ਵਰਤਮਾਨ ਕਾਲ)।

ਜਿਸੁ ਤੂੰ ‘ਦੇਹਿ’ (ਤੂੰ ਦੇਹਿਂ), ਸੁ ਤ੍ਰਿਪਤਿ ਅਘਾਵੈ; ਸੋਈ ਭਗਤੁ ਤੁਮਾਰਾ ਜੀਉ ॥ (ਮ: ੫/੯੭)

ਸਾਹੁ ਹਮਾਰਾ ਤੂੰ ਧਣੀ; ਜੈਸੀ ਤੂੰ ਰਾਸਿ ‘ਦੇਹਿ’ (ਤੂੰ ਦੇਹਿਂ); ਤੈਸੀ ਹਮ ਲੇਹਿ ॥ (ਮ: ੪/੧੬੫)

ਪਾਰਬ੍ਰਹਮ  ! ਤੂੰ ‘ਦੇਹਿ’ (ਤੂੰ ਦੇਹਿਂ) ਤ ਪਾਈਐ ॥ (ਮ: ੫/੧੯੬), ਆਦਿ।

(ਨੋਟ: ਉਕਤ ਸਭ ਤੁਕਾਂ ’ਚ ‘ਦੇਹਿ’ ਕਿਰਿਆ (ਇੱਕ ਵਚਨ, ਵਰਤਮਾਨ ਕਾਲ, ਦੂਜਾ ਪੁਰਖ) ਹੈ ਅਤੇ ਅਰਥ ਹਨ ‘ਤੂੰ ਦਿੰਦਾ ਹੈਂ’, ਇਸ ਲਈ ਇੱਕ ਵਚਨ (ਹੇ ਪ੍ਰਭੂ) ਨੂੰ ਸੰਬੋਧਨ ਕਰਨਾ ਵੀ ਜ਼ਰੂਰੀ ਹੈ। ਇਹ ਸੇਧ ਗੁਰਬਾਣੀ ਦੇ ਇਸ ਵਾਕ ਰਾਹੀਂ ਮਿਲੀ ਹੈ :

‘ਦੇਂਹਿ’ (ਤੂੰ ਦਿੰਦਾ ਹੈਂ) ਅਧਾਰੁ ਸਰਬ ਕਉ ਠਾਕੁਰ  ! ਜੀਅ ਪ੍ਰਾਨ ਸੁਖਦਾਤੇ  ! ॥ (ਮ: ੫/੧੨੦੯)

ਗੁਰਬਾਣੀ ’ਚ ‘ਦੇਹਿ’ ਸ਼ਬਦ 140 ਵਾਰ ਹੈ, ਜਿਨ੍ਹਾਂ ’ਚੋਂ ਲਗਭਗ 37 ਵਾਰ ਹੀ ‘ਦੇਹਿਂ’ (ਬਿੰਦੀ ਸਹਿਤ) ਪੜ੍ਹਨਾ ਹੈ ਅਤੇ ਬਾਕੀ 103 ਜਗ੍ਹਾ ‘ਦੇਹ’ ਹੀ ਪੜ੍ਹਨਾ ਸਹੀ ਹੈ; ਜਿਵੇਂ ਕਿ ਹੇਠਲੇ ‘ਅ’ ਭਾਗ ’ਚ ਵਿਖਾਇਆ ਗਿਆ ਹੈ, ਪਰ ਜਿੱਥੇ 37 ਵਾਰ ‘ਦੇਹਿਂ’ (ਬਿੰਦੀ ਸਹਿਤ) ਪੜ੍ਹਨਾ ਹੈ, ਉਨ੍ਹਾਂ ’ਚੋਂ 3 ਵਾਰ ‘ਦੇਹਿਂ’ ਦਾ ਅਰਥ ‘ਤੂੰ ਦਿੰਦਾ ਹੈਂ’ (ਦੂਜਾ ਪੁਰਖ, ਇੱਕ ਵਚਨ) ਨਹੀਂ ਬਲਕਿ ‘ਦਿੰਦੇ ਹਨ’ (ਬਹੁ ਵਚਨ, ਤੀਜਾ ਪੁਰਖ) ਕਿਰਿਆ ਹੈ, ਇਨ੍ਹਾਂ ਦਾ ਉਚਾਰਨ ਵੀ ‘ਦੇਹਿਂ’ ਹੀ ਹੋਵੇਗਾ; ਜਿਵੇਂ ਕਿ

ਆਪਿ ਨ ‘ਦੇਹਿ’ (ਦਿੰਦੇ); ਚੁਰੂ ਭਰਿ ਪਾਨੀ ॥ (ਪਰ) ਤਿਹ ਨਿੰਦਹਿ; ਜਿਹ (ਜਿਨ੍ਹਾਂ ਨੇ) ਗੰਗਾ ਆਨੀ (ਲਿਆਂਦੀ ਭਾਵ ਪਰਉਪਕਾਰਤਾ ਲਈ ਗੰਗਾ ਵਹਾਅ ਦਿੱਤੀ)॥ (ਭਗਤ ਕਬੀਰ/੩੩੨)

ਪਸੂ ਮਿਲਹਿ ਚੰਗਿਆਈਆ; ਖੜੁ (ਕੌੜੀ ਖਲ਼) ਖਾਵਹਿ, ਅੰਮ੍ਰਿਤੁ ‘ਦੇਹਿ’ (ਮਿੱਠਾ ਦੁੱਧ ਦਿੰਦੇ ਹਨ)॥ (ਮ: ੧/੪੮੯)

ਦੇਵੀ ਦੇਵਾ ਪੂਜੀਐ ਭਾਈ  ! ਕਿਆ ਮਾਗਉ  ? ਕਿਆ ‘ਦੇਹਿ’ (ਦੇ ਸਕਦੇ)  ?॥ ਮ: ੧/੬੩੭)

(ਅ). ਹੇ ਪ੍ਰਭੂ  ! ਤੂੰ ਆਪਣਾ ਨਾਮ ‘ਦੇਹ’। ਇਸ ਵਾਕ ਦੀ ਕਿਰਿਆ ‘ਦੇਹ’ ਹੁਕਮੀ ਭਵਿੱਖ ਕਾਲ ਹੈ, ਜਿਸ ਦੇ ਗੁਰਬਾਣੀ ’ਚ ‘ਦੇਹਿ’ (103 ਵਾਰ) ਅਤੇ ‘ਦੇਹੁ’ (111 ’ਚੋਂ ਲਗਭਗ 94 ਵਾਰ) ਸਰੂਪ ਹਨ, ਜਿਨ੍ਹਾਂ ਦਾ ਉਚਾਰਨ (ਪੰਜਾਬੀ ਵਾਕ ਵਾਙ) ਹੋਵੇਗਾ ‘ਦੇਹ’ (ਬਿੰਦੀ ਰਹਿਤ); ਜਿਵੇਂ ਕਿ

(1). ਦੇਹਿ (103 ਵਾਰ):

ਆਖਹਿ, ਮੰਗਹਿ, ‘ਦੇਹਿ ਦੇਹਿ’ (ਦੇਹ ਦੇਹ); ਦਾਤਿ ਕਰੇ ਦਾਤਾਰੁ ॥ (ਜਪੁ)

‘ਦੇਹਿ’ (ਦੇਹ) ਦਾਨੁ ਨਾਨਕੁ ਜਨੁ ਮਾਗੈ; ਸਦਾ ਸਦਾ ਹਰਿ ਧਿਆਈ (ਧਿਆਈਂ) ਜੀਉ ॥ (ਮ: ੫/੧੦੭)

ਜਾਚਕੁ ਮੰਗੈ ਦਾਨੁ; ‘ਦੇਹਿ’ (ਦੇਹ) ਪਿਆਰਿਆ  ! ॥ (ਮ: ੫/੩੨੦), ਆਦਿ।

(2). ਦੇਹੁ (ਲਗਭਗ 94 ਵਾਰ):

‘ਦੇਹੁ’ (ਤੂੰ ਦੇਹ) ਦਰਸੁ ਸੁਖਦਾਤਿਆ  ! ਮੈ ਗਲ ਵਿਚਿ ਲੈਹੁ (ਲੈਹ) ਮਿਲਾਇ ਜੀਉ ॥ (ਮ: ੫/੭੪)

ਖਾਕੁ ਸੰਤਨ ਕੀ ‘ਦੇਹੁ’ (ਤੂੰ ਦੇਹ) ਪਿਆਰੇ  ! ॥ (ਮ: ੫/੯੮)

ਹਰਿ ਦਰਸਨੁ ‘ਦੇਹੁ’ (ਤੂੰ ਦੇਹ) ਹਰਿ  ! ਆਸ ਤੁਮਾਰੀ ॥ (ਮ: ੪/੧੬੪)

ਨਿਰਗੁਨੀਆਰੇ ਕੀ ਬੇਨਤੀ; ‘ਦੇਹੁ’ (ਤੂੰ ਦੇਹ) ਦਰਸੁ ਹਰਿ ਰਾਇਓ  ! ॥ (ਮ: ੫/੨੪੧)

ਮਾਧਵੇ  ! ਐਸੀ ‘ਦੇਹੁ’ (ਤੂੰ ਦੇਹ) ਬੁਝਾਈ ॥ (ਮ: ੫/੬੦੯)

ਕਰਉ ਬੇਨਤੀ ਸਤਿਗੁਰ ਅਪੁਨੇ; ਮੈ ਮੂਰਖ ‘ਦੇਹੁ’ (ਤੂੰ ਦੇਹ) ਉਪਦੇਸੋ ਰੇ ॥ (ਮ: ੫/੬੧੨)

ਵਿਸਰੁ ਨਾਹੀ ਦਾਤਾਰ  ! ਆਪਣਾ ਨਾਮੁ ‘ਦੇਹੁ’ (ਤੂੰ ਦੇਹ) ॥ (ਮ: ੫/੭੬੨), ਆਦਿ।

(ਨੋਟ: ਉਕਤ ਸਭ ਤੁਕਾਂ ’ਚ ਮੰਗਣ ਵਾਲ਼ੀ ਚੀਜ਼ ਇੱਕ ਵਚਨ ਹੈ; ਜਿਵੇਂ ‘ਦਾਨੁ, ਦਰਸੁ (ਦਰਸਨੁ), ਬੁਝਾਈ (ਸਮਝ), ਨਾਮੁ’, ਆਦਿ। ਆਮ ਵਾਕ ਮੁਤਾਬਕ ਇੱਕ ਵਸਤੂ ਨੂੰ ਹਰ ਕੋਈ ‘ਦੇਹ’ ਕਹੇਗਾ (ਜੈਸੇ ‘ਬੇਟਾ ! ਕਿਤਾਬ ਦੇਹ’) ਪਰ ਬਹੁਤੀਆਂ ਨੂੰ ‘ਦੇਓ’ ਜਾਂ ‘ਦੇਵੋ’ (ਬੇਟਾ ! ਕਿਤਾਬਾਂ ਦੇਓ)। ਸਤਿਕਾਰ ਵਜੋਂ ‘ਦੇਹੁ’ ਨੂੰ ‘ਦੇਹਉ’ ਪੜ੍ਹਨਾ ਅਲੱਗ ਵਿਸ਼ਾ ਹੈ ਪਰ ਲਿਖਤ ਨਿਯਮ ਮੁਤਾਬਕ ਇਹ ਸਹੀ ਉਚਾਰਨ ਨਹੀਂ।)

(ੲ). ਹੇ ਭਗਤ ਜਨੋ  ! ਮੈਨੂੰ ਪ੍ਰਭੂ ਦਾ ਨਾਮ ਦੇਓ ਜਾਂ ਦੇਵੋ। ਇਸ ਤੁਕ ’ਚ ‘ਦੇਓ’ ਕਿਰਿਆ; ਸੰਬੋਧਨ (ਹੇ ਭਗਤ ਜਨੋ  ! ) ਬਹੁ ਵਚਨ ਕਾਰਨ ਹੈ। ਗੁਰਬਾਣੀ ’ਚ ‘ਦੇਹੁ’ ਸ਼ਬਦ ਕੇਵਲ 4 ਵਾਰ ਇਸ ਨਿਯਮ (ਸੰਬੋਧਨ ਬਹੁ ਵਚਨ) ਨਾਲ਼ ਦਰਜ ਹੈ, ਜਿਸ ਦਾ ਅੰਤ ਔਂਕੜ, ਉਚਾਰਨਾ ਪਏਗਾ ਭਾਵ ਥੋੜ੍ਹਾ ‘ਦੇਹੁਅ’ ਜਾਂ ‘ਦੇਹ੍ਓ’ ਵਾਙ, ਨਾ ਕਿ ‘ਦੇਹੋ’ ਜਾਂ ‘ਦੇਹਉ (ਦੇਹੌ)’ ਵਾਙ; ਜਿਵੇਂ ਕਿ

‘ਦੇਹੁ’ (ਥੋੜ੍ਹਾ ਦੇਹੁਅ) ਸਜਣ  ! ਅਸੀਸੜੀਆ; ਜਿਉ ਹੋਵੈ, ਸਾਹਿਬ ਸਿਉ ਮੇਲੁ ॥ (ਮ: ੧/੧੨)

ਆਵਹੁ ਮਿਲਹੁ ਸਹੇਲੀਹੋ  ! ਮੈ ਪਿਰੁ ‘ਦੇਹੁ (ਥੋੜ੍ਹਾ ਦੇਹੁਅ) ਮਿਲਾਇ ॥ (ਮ: ੩/੩੮)

‘ਦੇਹੁ’ (ਥੋੜ੍ਹਾ ਦੇਹੁਅ) ਸਜਣ ਆਸੀਸੜੀਆ  ! ਜਿਉ ਹੋਵੈ ਸਾਹਿਬ ਸਿਉ ਮੇਲੁ ॥ (ਮ: ੧/੧੫੭)

ਐਸੋ ਦਾਨੁ ‘ਦੇਹੁ’ (ਥੋੜ੍ਹਾ ਦੇਹੁਅ) ਜੀ ਸੰਤਹੁ  ! ਜਾਤ ਜੀਉ ਬਲਿਹਾਰਿ ॥ (ਮ: ੫/੧੩੦੭)

(ਨੋਟ: ਉਕਤ ਤੁਕਾਂ ’ਚ ਸੰਬੋਧਨ ਸ਼ਬਦ (ਸਜਣ, ਸਹੇਲੀਹੋ, ਸੰਤਹੁ ਜੀ) ਬਹੁ ਵਚਨ ਹਨ।)

ਸੋ, ‘ਦੇਹਿ, ਦੇਹੁ’ ਸ਼ਬਦਾਂ ਦੇ ਅਰਥ ਤੇ ਉਚਾਰਨ ਬਾਬਤ ਕੀਤੀ ਗਈ ਉਕਤ ਸਾਰੀ ਵਿਚਾਰ ਦੀ ਪੁਸ਼ਟੀ ਗੁਰਬਾਣੀ ’ਚੋਂ ਹੇਠਲੀਆਂ ਤੁਕਾਂ ਰਾਹੀਂ ਹੁੰਦੀ ਹੈ, ਜਿੱਥੇ ‘ਦੇਹਿ/ਦੇਹੁ’ (ਕਿਰਿਆਵਾਚੀ) ਸ਼ਬਦਾਂ ਨਾਲ਼ ਇੱਕ ਵਚਨ ਪੁਲਿੰਗ ਨਾਂਵ ਜਾਂ ਇਸਤ੍ਰੀ ਲਿੰਗ ਨਾਂਵ ਸ਼ਬਦ ਦਾ ਉਚਾਰਨ ਤੁਕਾਂਤ ਵੀ ਮੇਲ਼ ਕਰਦਾ ਹੈ, ਪਰ ਜਿੱਥੇ ‘ਦੇਹੁ’ ਨੂੰ ‘ਦੇਹੋ’ ਪੜ੍ਹਨਾ ਹੈ, ਉੱਥੇ ਤੁਕਾਂਤ ਵੀ ‘ਸਨੇਹੋ’ ਸ਼ਬਦ ਰਾਹੀਂ ਪੂਰਾ ਕੀਤਾ ਗਿਆ ਹੈ; ਜਿਵੇਂ ਕਿ

ਜਾ ਕਾਰਣਿ; ਇਹ ਦੁਲਭ ‘ਦੇਹ’ ॥ ਸੋ ਬੋਲੁ; ਮੇਰੇ ਪ੍ਰਭੂ  ! ‘ਦੇਹਿ’ (ਦੇਹ) ॥ (ਮ: ੫/੧੧੮੧)

ਮਿਲੁ ਮੇਰੇ ਗੋਬਿੰਦ  ! ਅਪਨਾ ਨਾਮ ‘ਦੇਹੁ’ (ਦੇਹ)॥ ਨਾਮ ਬਿਨਾ; ਧ੍ਰਿਗੁ ਧ੍ਰਿਗੁ ‘ਅਸਨੇਹੁ’ (ਅਸਨੇਹ ਭਾਵ ਪਿਆਰ, ਇੱਕ ਵਚਨ ਪੁਲਿੰਗ) ॥ (ਮ: ੫/੨੪੦)

ਆਵਣ ਜਾਣਾ ਹੁਕਮੁ ਸਭੁ; ਨਿਹਚਲੁ ਤੁਧੁ ‘ਥੇਹੁ’ (ਥੇਹ ਭਾਵ ਟਿਕਾਣਾ, ਇੱਕ ਵਚਨ ਪੁਲਿੰਗ) ॥ ਨਾਨਕੁ ਮੰਗੈ ਦਾਨੁ; ਕਰਿ ਕਿਰਪਾ ਨਾਮੁ ‘ਦੇਹੁ’ (ਦੇਹ)॥ (ਮ: ੫/੭੧੦)

ਦਰਸਨੁ ਦੇਹੁ (ਦੇਹ) ਦਇਆਪਤਿ ਦਾਤੇ  ! ਗਤਿ ਪਾਵਉ ਮਤਿ ‘ਦੇਹੋ’ ॥ ਨਾਨਕ  ! ਰੰਗਿ ਰਵੈ ਰਸਿ ਰਸੀਆ; ਹਰਿ ਸਿਉ ਪ੍ਰੀਤਿ ‘ਸਨੇਹੋ’ ॥ (ਮ: ੧/੧੧੦੯), ਆਦਿ।

ਗੁਰਬਾਣੀ ਦੀਆਂ ਦੋ ਤੁਕਾਂ, ‘ਸੁਣਿ’ ਮੀਤਾ ! ਹਉ ਤੇਰੀ ਸਰਣਾਈ ਆਇਆ; ਪ੍ਰਭ ਮਿਲਉ ‘ਦੇਹੁ’ ਉਪਦੇਸਾ ॥ (ਮ: ੫/੬੧੨), ‘ਵਿਸਰੁ’ ਨਾਹੀ ਦਾਤਾਰ  ! ਆਪਣਾ ਨਾਮੁ ‘ਦੇਹੁ’ ॥ (ਮ: ੫/੭੬੨), ’ਚ ਦਰਜ ‘ਸੁਣਿ’ ਤੇ ‘ਵਿਸਰੁ’ ਸ਼ਬਦਾਂ ਨੂੰ ਅੰਤ ਸਿਹਾਰੀ ਤੇ ਅੰਤ ਔਂਕੜ ਹੁਕਮੀ ਭਵਿੱਖ ਕਾਲ ਕਿਰਿਆ ਦੇ ਸੂਚਕ ਹੋਣ ਕਾਰਨ ਉਚਾਰਨ ਰਹਿਤ ਹਨ ਅਤੇ ਇੱਥੇ ਸਤਿਕਾਰ ਵਜੋਂ ਸ਼ਬਦ ਬਣਤਰ ‘ਸੁਣਹੁ’ ਤੇ ‘ਵਿਸਰਹੁ’ ਵੀ ਦਰਜ ਹੋ ਸਕਦੀ ਸੀ। ਇਸੇ ਤਰ੍ਹਾਂ ਗੁਰਬਾਣੀ ਲਿਖਤ ਇਨ੍ਹਾਂ ਦੋਵੇਂ ਹੀ ਤੁਕਾਂ ’ਚ ‘ਦੇਹੁ’ ਨੂੰ ਵੀ ‘ਦੇਹ’ ਪੜ੍ਹਨ ਲਈ ਸੇਧ ਦੇਂਦੀ ਪ੍ਰਤੀਤ ਹੁੰਦੀ ਹੈ।

ਕੁਝ ਗੁਰੂ ਪਿਆਰਿਆਂ ਦਾ ਮਤ ਹੁੰਦਾ ਹੈ ਕਿ ਰੱਬ ਪ੍ਰਥਾਇ ਵਰਤੇ ਗਏ ਸ਼ਬਦ ‘ਦੇਹੁ’ ਨੂੰ ਸਤਿਕਾਰ ਵਜੋਂ ‘ਦੇਹ’ ਪੜ੍ਹਨ ਦੀ ਬਜਾਇ ਥੋੜ੍ਹਾ ਅੰਤ ਔਂਕੜ ਪੜ੍ਹਨਾ ਚਾਹੀਏ, ਪਰ ਇਹ ਸੁਝਾਅ (ਕੁੱਲ 111 ਤੁਕਾਂ ’ਚੋਂ ਕੇਵਲ) ਹੇਠਲੀਆਂ 13 ਤੁਕਾਂ ’ਚ ਉਚਾਰਨਾ ਸਹੀ ਹੋ ਸਕਦਾ ਹੈ, ਜਿੱਥੇ ਉਸੇ ਤੁਕ ’ਚ ਦੂਸਰਾ ਕਿਰਿਆਵਾਚੀ ਸ਼ਬਦ ਬਹੁ ਵਚਨ ਦਾ ਪ੍ਰਤੀਕ ਹੈ ਜਾਂ ਸਤਿਕਾਰ ਵਜੋਂ ‘ਜੀ/ਜੀਉ’ ਸ਼ਬਦ ਦਰਜ ਹਨ ਜਾਂ ਬੱਚਾ ਆਪਣੇ ਅਧਿਆਪਕ ਪ੍ਰਤੀ ਵਚਨ ਰੱਖਦਾ ਹੈ। ਵਧੇਰੇ ਪਹਿਚਾਣ ਲਈ ਸੰਬੰਧਿਤ ਸ਼ਬਦ ਵੀ ਪੁੱਠੇ ਕੌਮਿਆਂ ’ਚ ਬੰਦ ਕੀਤੇ ਗਏ ਹਨ; ਜਿਵੇਂ ਕਿ

ਕਰਿ ਕਿਰਪਾ ‘ਰਾਖਹੁ’ ਸਰਣਾਈ; ਮੋ ਕਉ ‘ਦੇਹੁ’ ਹਰੇ ਹਰਿ ਜਪਨੀ ॥ (ਮ: ੫/੩੮੮)

ਅਰਦਾਸਿ ਕਰਂੀ ਗੁਰ ਪੂਰੇ ਆਗੈ; ਰਖਿ ‘ਲੇਵਹੁ ਦੇਹੁ’ ਵਡਾਈ ਰਾਮ ॥ (ਮ: ੩/੫੭੧)

ਆਪਿ ਨ ‘ਦੇਹੁ’; ਤ ਲੇਵਉ ਮੰਗੇ ॥ (ਭਗਤ ਕਬੀਰ/੬੫੬)

ਕਰਉ ਸੇਵਾ ਗੁਰ ਲਾਗਉ ਚਰਨ; ਗੋਵਿੰਦ ਜੀ ਕਾ ਮਾਰਗੁ ‘ਦੇਹੁ ਜੀ’ ਬਤਾਈ ॥ (ਮ: ੫/੬੮੬)

‘ਦੇਹੁ’ ਸੰਦੇਸਰੋ; ਕਹੀਅਉ ਪ੍ਰਿਅ ਕਹੀਅਉ ॥ (ਮ: ੫/੭੦੦)

ਇਹੁ ਮਨੁ ਤੈ ਕੂੰ ਡੇਵਸਾ; ਮੈ ਮਾਰਗੁ ‘ਦੇਹੁ’ ਬਤਾਇ ‘ਜੀਉ’ ॥ (ਮ: ੧/੭੬੩)

ਲਾਖ ਜਿਹਵਾ ‘ਦੇਹੁ’ ਮੇਰੇ ਪਿਆਰੇ  ! ਮੁਖੁ ਹਰਿ ਆਰਾਧੇ ਮੇਰਾ, ਰਾਮ  ! ॥ (ਮ: ੫/੭੮੦)

ਪੈਜ ‘ਰਾਖਹੁ’ ਹਰਿ ਜਨਹ ਕੇਰੀ; ਹਰਿ ‘ਦੇਹੁ’ ਨਾਮੁ ਨਿਰੰਜਨੋ ॥ (ਬਾਬਾ ਸੁੰਦਰ/੯੨੩)

ਦੂਜਾ ਤਿਸੁ ਨ ‘ਬੁਝਾਇਹੁ’; ਪਾਰਬ੍ਰਹਮ  ! ਨਾਮੁ ‘ਦੇਹੁ’ ਆਧਾਰੁ ॥ (ਮ: ੫/੯੬੨)

ਕਹੁ ਨਾਨਕ ਭਗਤ ਪਏ ਸਰਣਾਈ; ‘ਦੇਹੁ’ ਦਰਸੁ ਮਨਿ ਰੰਗੁ ਲਗਾ ॥ (ਮ: ੫/੧੦੮੩)

ਮੇਰੀ ਪਟੀਆ ਲਿਖਿ ‘ਦੇਹੁ’; ਗੋਬਿੰਦ ਮੁਰਾਰਿ ॥ (ਮ: ੩/੧੧੫੪)

ਮੇਰੀ ਪਟੀਆ ਲਿਖਿ ‘ਦੇਹੁ’; ਸ੍ਰੀ ਗੁੋਪਾਲ ॥ (ਭਗਤ ਕਬੀਰ/੧੧੯੪)

ਜੋ ਹਰਿ ਸੁਆਮੀ  ! ਤੁਮ ‘ਦੇਹੁ’; ਸੋਈ ਹਮ ਪਾਵਹਗੇ ॥ (ਮ: ੪/੧੩੨੧)

ਸੋ, ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ॥ ਗੁਰਾ ! ਇਕ ਦੇਹਿ (ਦੇਹ) ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ ॥੫॥ ਭਾਵ (ਗੁਰੂ ਉਪਮਾ ਬਾਰੇ, ਹੋਰ ਵਧੀਕ ਅਗਰ) ਮੈਂ ਕੁਝ ਜਾਣ ਵੀ ਲਵਾਂ ਤਾਂ ਪੂਰਨ ਤੌਰ ’ਤੇ ਬਿਆਨ ਨਹੀਂ ਕਰ ਸਕਦਾ (ਕਿ ਗੁਰੂ, ਮਨੁੱਖਤਾ ਲਈ ਕੀ ਕੀ ਕਰ ਸਕਦਾ ਹੈ, ਤਾਂ ਤੇ ਬੇਨਤੀ ਕਰਨੀ ਹੀ ਫਬਦੀ ਹੈ ਕਿ) ਹੇ ਗੁਰੂ ਜੀ  ! ਇਕ ਅਜਿਹੀ ਸਮਝ ਬਖ਼ਸ਼ ਕਿ ਜੋ ਸਭ ਜੀਵਾਂ ਨੂੰ ਦਾਤਾਂ ਦੇਣ ਵਾਲ਼ਾ ਕੇਵਲ ਇੱਕ ਦਾਤਾਰ ਮਾਲਕ ਹੈ ਉਸ ਦੀ ਯਾਦ ਮੇਰੇ ਹਿਰਦੇ ’ਚੋਂ ਭੁੱਲ ਨਾ ਜਾਵੇ।

(ਨੋਟ: ਗੁਰਬਾਣੀ ’ਚ ‘ਗੁਰਾ’ (ਸੰਬੋਧਨ) ਸ਼ਬਦ ‘ਜਪੁ’ ਦੀ 5ਵੀਂ, 6ਵੀਂ ਪਉੜੀ ਤੋਂ ਇਲਾਵਾ ਇੱਕ ਵਾਰ ਹੋਰ ਵੀ ਦਰਜ ਹੈ; ਜਿਵੇਂ ਕਿ

ਤਵ ਗੁਨ ਕਹਾ ‘ਜਗਤ ਗੁਰਾ’ ! ਜਉ ਕਰਮੁ ਨ ਨਾਸੈ॥ ਸਿੰਘ ਸਰਨ, ਕਤ ਜਾਈਐ ? ਜਉ, ਜੰਬੁਕੁ ਗ੍ਰਾਸੈ ॥੧॥ ਰਹਾਉ ॥’’ (ਭਗਤ ਸਧਨਾ/੮੫੮) ਭਾਵ ਹੇ ਜਗਤ ਗੁਰੂ  ! ਅਗਰ ਮੇਰਾ ਭਾਗ ਰੂਪ ਗਿੱਦੜ (ਜੰਬੁਕੁ) ਹੀ ਮੈਨੂੰ ਸਤਾਈ ਜਾਵੇ ਤਾਂ ਤੇਰੇ ਸ਼ੇਰ ਦੀ ਸ਼ਰਨ ’ਚ ਆਉਣ ਦਾ ਕੀ ਫ਼ਾਇਦਾ ?

‘ਗੁਰਾ’ ਨੂੰ ਲੱਗਾ ਕੰਨਾ ਵਿਸਰਾਮ ਦੇਣ ਲਈ ਕਾਵਿ ਤੋਲ ਦੇ ਪ੍ਰਭਾਵ ਨੂੰ ਪੂਰਾ ਕਰਦਾ ਹੈ, ਇਸ ਨੂੰ ‘ਗੁਰਾਂ’ ਉਚਾਰਨਾ ਗ਼ਲਤ ਹੋਵੇਗਾ।)

ਉਕਤ ਸਾਰੇ ਵਿਆਕਰਨਿਕ ਨਿਯਮ ਤੇ ਉਚਾਰਨ ਸੇਧ ਲਈ ਇੱਕ ਗੱਲ ਧਿਆਨ ਮੰਗਦੀ ਹੈ ਕਿ ਹਰ ਨਿਯਮ ’ਚ ਕੁਝ ਪ੍ਰਤਿਸ਼ਤ ਦੀ ਵਾਧ -ਘਾਟ ਰਹਿ ਜਾਂਦੀ ਹੈ ਜਦ ਕਿ ਗੁਰਬਾਣੀ ਦੇ ਲਿਖਤ ਅਤੇ ਉਚਾਰਨ ਪੱਖ ਨਾਲ਼ੋਂ ਤਾਂ ਕਾਵਿ ਤੁਕਾਂਤ ਵਧੇਰੇ ਮਹੱਤਤਾ ਰੱਖਦਾ ਹੈ, ਜਿਸ ਅੱਗੇ ਅਸਲ ਸ਼ਬਦ ਵੀ ਆਪਣਾ ਮੂਲ ਰੂਪ ਨਹੀਂ ਬਚਾ ਸਕਦਾ; ਜਿਵੇਂ ਕਿ, ਜੀਅ ਜਾਤਿ ਰੰਗਾ ਕੇ ‘ਨਾਵ’ ॥ ਸਭਨਾ ਲਿਖਿਆ; ਵੁੜੀ ‘ਕਲਾਮ’ ॥ (ਜਪੁ) ਤੁਕ ’ਚ ‘ਨਾਵ’ ਨਾਲ਼ ਤੁਕਾਂਤ ਮੇਲ਼ ਰੱਖਣ ਲਈ ‘ਕਲਮ’ ਤੋਂ ‘ਕਲਾਮ’ ਲਿਖ ਦਿੱਤਾ ਗਿਆ, ਜਿਸ ਦਾ ਅਰਥ ਵੀ ‘ਬੋਲੀ’ ਹੈ, ਨਾ ਕਿ ‘ਕਲਮ’, ਫਿਰ ਵੀ ਇੱਥੇ ‘ਕਲਮ’ ਅਰਥ ਕਰਨੇ ਦਰੁਸਤ ਹਨ।