JAP (Pori No. 4)

0
1013

ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ ਭਾਉ ਅਪਾਰੁ॥ ਆਖਹਿ, ਮੰਗਹਿ, ਦੇਹਿ ਦੇਹਿ; ਦਾਤਿ ਕਰੇ ਦਾਤਾਰੁ॥

ਫੇਰਿ, ਕਿ ਅਗੈ ਰਖੀਐ ? ਜਿਤੁ, ਦਿਸੈ ਦਰਬਾਰੁ॥ ਮੁਹੌ, ਕਿ ਬੋਲਣੁ ਬੋਲੀਐ ? ਜਿਤੁ ਸੁਣਿ, ਧਰੇ ਪਿਆਰੁ॥

ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥ ਕਰਮੀ ਆਵੈ ਕਪੜਾ, ਨਦਰੀ ਮੋਖੁ ਦੁਆਰੁ॥

ਨਾਨਕ ! ਏਵੈ ਜਾਣੀਐ, ਸਭੁ ਆਪੇ ਸਚਿਆਰੁ॥4॥

ਉਚਾਰਨ ਸੇਧ: ਆਖਹਿਂ, ਮੰਗਹਿਂ, ਦੇਹ-ਦੇਹ, ਅੱਗੈ, ਮੁਹੌਂ, ਵੇਲ਼ਾ, ਨਾਉਂ, ਏਵੈਂ।

ਪਦ ਅਰਥ : ਸਾਚਾ-ਸਦੀਵੀ ਸਥਿਰ (ਵਿਸ਼ੇਸ਼ਣ)।, ਨਾਇ-ਨ੍ਯਾਇ, ਨਿਆਇ, ਇਨਸਾਫ਼, ਨਿਯਮ (ਨਾਂਵ, ਇੱਕ ਵਚਨ)।, ਭਾਖਿਆ-ਬੋਲੀ (ਇਸਤ੍ਰੀ ਲਿੰਗ ਨਾਂਵ)।, ਭਾਉ– ਪ੍ਰੇਮ (ਇੱਕ ਵਚਨ ਭਾਵ ਵਾਚਕ ਨਾਂਵ)।, ਆਖਹਿ, ਮੰਗਹਿ– ਆਖਦੇ ਹਨ, ਮੰਗਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਦੇਹਿ-ਦੇਹਿ– ਤੂੰ ਦੇਹ-ਦੇਹ (ਹੁਕਮੀ ਭਵਿੱਖ ਕਾਲ, ਇੱਕ ਵਚਨ ਕਿਰਿਆ)।, ਦਾਤਾਰੁ– ਤਮਾਮ ਦਾਤਾਂ ਦਾ ਸ੍ਰੋਤ ਜਾਂ ਮਾਲਕ (ਇੱਕ ਵਚਨ ਪੁਲਿੰਗ)।, ਫੇਰਿ-ਤਾਂ ਫਿਰ (ਤਾਂ ਜੋ, ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ)।, ਕਿ– ਕਿਹੜੀ ਭੇਟਾ (ਪ੍ਰਸ਼ਨ ਵਾਚਕ ਇਸਤ੍ਰੀ ਲਿੰਗ ਪੜਨਾਂਵ)।, ਜਿਤੁ– ਜਿਸ ਨਾਲ (ਕਰਣ ਕਾਰਕ)।, ਮੁਹੋਂ– ਮੂੰਹ ਤੋਂ (ਅਪਾਦਾਨ ਕਾਰਕ)।, ਸੁਣਿ– ਸੁਣਨ ਨਾਲ਼ (ਕਿਰਦੰਤ)।, ਅੰਮ੍ਰਿਤ ਵੇਲਾ– ਇਕਾਂਤ ਵਾਲ਼ਾ (ਸ਼ਾਂਤੀ ਭਰਪੂਰ) ਸਮਾਂ (ਨਾਂਵ)।, ਕਰਮੀ– ਰੱਬ ਦੀ ਮਿਹਰ ਨਾਲ (ਕਰਣ ਕਾਰਕ)।, ਕਪੜਾ-ਸਰੀਰ (ਜੀਵਨ, ਆਮ ਨਾਂਵ/ਜਾਤੀ-ਵਾਚਕ ਨਾਂਵ)।, ਨਦਰੀ– ਮਿਹਰ ਨਾਲ (ਕਰਣ ਕਾਰਕ)।, ਨਾਨਕ– ਹੇ ਨਾਨਕ ! (ਸੰਬੋਧਨ ਨਾਂਵ)।, ਏਵੈ– ਇਉਂ, ਇਸ ਤਰ੍ਹਾਂ, ਇੱਦਾਂ (ਪ੍ਰਕਾਰ/ਵੰਨਗੀ ਵਾਚਕ ਕਿਰਿਆ ਵਿਸ਼ੇਸ਼ਣ)।, ਸਭੁ– ਸਾਰਾ ਕੁਝ (ਭਾਵ ਬੰਦਗੀ ਕਰਨੀ ਤੇ ਕਰਵਾਉਣੀ ਜਾਂ ਨਾ ਕਰਵਾਉਣੀ; ਅਨਿਸ਼ਚਿਤ, ਗਿਣਤੀ-ਵਾਚਕ ਵਿਸ਼ੇਸ਼ਣ)।, ਸਚਿਆਰੁ– ਪੂਰਨ ਸਤ੍ਯ ਪ੍ਰਭੂ (ਇੱਕ ਵਚਨ ਪੁਲਿੰਗ ਨਾਂਵ)।

(ਨੋਟ: ‘ਜਪੁ’ ਬਾਣੀ ਦਾ ਵਿਸ਼ਾ ਲੜੀ ਮੁਤਾਬਕ ਇਹ ਚੌਥੀ ਪਉੜੀ ਹੈ, ਜੋ ਤੀਸਰੀ ਪਉੜੀ ਦੇ ਪ੍ਰਸੰਗ (ਨਿਰਾਕਾਰੀ ਹਸਤੀ ਨੂੰ ਗਾਉਣਾ ਜਾਂ ਸਵੀਕਾਰਨਾ ‘‘ਗਾਵੈ ਕੋ ਤਾਣੁ..॥’’, ਆਦਿ ਭਗਤਾਂ ਦੀ ਅਣਗਿਣਤ ਸੰਖਿਆ ‘‘ਕਥਨਾ ਕਥੀ; ਨ ਆਵੈ ਤੋਟਿ ॥੩॥’’ ਵਾਲ਼ੀ ਉਦਾਹਰਨ ਦੇ ਕੇ ‘‘ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ॥’’ ਵਿਸ਼ੇ ਵਾਙ ਸਮੇਟਿਆ। ਇਸ ਦੇ ਬਾਵਜੂਦ ਵੀ ਸਿਰਜਣਹਾਰ ਨੂੰ ‘‘ਨਾਨਕ ! ਵਿਗਸੈ ਵੇਪਰਵਾਹੁ ॥੩॥’’ ਬਿਆਨ ਕੀਤਾ ਗਿਆ। ਇਸ ਚੌਥੀ ਪਉੜੀ ਦੀ ਅਰੰਭਤਾ; ਉਸੇ ‘ਵੇਪਰਵਾਹੁ’ ਨੂੰ ‘‘ਸਾਚਾ ਸਾਹਿਬੁ, ਸਾਚੁ ਨਾਇ’’ ਵਰਣਨ ਕਰਦਿਆਂ ਸਿਫ਼ਤ-ਸਾਲਾਹ ਵਿਸ਼ੇ ਨਾਲ ਹੋਈ, ਜਿਸ ਦੀ ਮਦਦ ਲਈ ਇਕਾਂਤ ਮਾਹੌਲ (ਸ਼ਾਂਤੀ, ਸਥਿਰਤਾ) ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਤੇ ਦੋ ਪ੍ਰਸ਼ਨਾਂ (ਫੇਰਿ, ਕਿ ਅਗੈ ਰਖੀਐ/ਮੁਹੌ, ਕਿ ਬੋਲਣੁ ਬੋਲੀਐ ?) ਰਾਹੀਂ ਉਸ ਦੇ ਦਰ ’ਤੇ ਰੱਖੀ ਜਾ ਰਹੀ ਪ੍ਰਚਲਿਤ (ਰਵਾਇਤੀ, ਸਮੱਗਰੀ) ਭੇਟਾ ਦਾ ਬਦਲ ਪੁੱਛਿਆ ਗਿਆ, ਜਿਸ ਦਾ ਲਾਜਵਾਬ ਉੱਤਰ ‘‘ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥’’ ਸਾਮ੍ਹਣੇ ਆਇਆ ਭਾਵ ‘‘ਆਖਹਿ, ਮੰਗਹਿ, ਦੇਹਿ ਦੇਹਿ’’ ਵਾਲ਼ੀ ਦਾਤ (ਭੇਟਾ) ਤਾਂ ਉਸੇ ‘ਦਾਤਾਰੁ’ ਦੀ ਬਖ਼ਸ਼ਸ਼ ਹੈ। ਚਾਹੀਦਾ ਤਾਂ ਨਿਰਸੁਆਰਥ ਹੋ ਕੇ ‘‘ਏਕ ਚਿਤ; ਜਿਹ ਇਕ ਛਿਨ ਧਿਆਇਓ ॥’’ (ਅਕਾਲ ਉਸਤਤਿ) ਭਾਵਨਾ ਨੂੰ ਪ੍ਰਬਲ ਕਰਨਾ ਸੀ, ਜਿਸ ਬਾਰੇ ਗੁਰੂ ਅਰਜਨ ਸਾਹਿਬ ਜੀ ਵਚਨ ਕਰਦੇ ਹਨ: ‘‘ਸੇਵਾ ਕਰਤ ਹੋਇ ਨਿਹਕਾਮੀ ॥’’ (ਮ: ੫/੨੮੬) ਕਿਉਂਕਿ ਮੰਗਣ ਦੇ ਮਕਸਦ ਨਾਲ਼ ਕੀਤੀ ਜਾਂਦੀ ਭਗਤੀ ‘ਵੇਪਰਵਾਹੁ’ ਵੱਲੋਂ ‘‘ਦਾਤਿ ਕਰੇ, ਦਾਤਾਰੁ॥’’ ਨਿਯਮ (ਹੁਕਮ) ਉੱਤੇ ਵਿਸ਼ਵਾਸ ਬਣਾ ਕੇ ਉਸ ਵਰਗਾ ‘ਵੇਪਰਵਾਹੁ’ ਨਹੀਂ ਹੋਣ ਦਿੰਦੀ ਤੇ ਜੀਵਨ ਵਿਕਾਸ ਰੁਕ ਜਾਂਦਾ ਹੈ। ਅਨੇਕਾਂ ਰੁਕੇ ਹੋਏ ਜੀਵਨਾਂ ਨੂੰ ਗੁਰਮਤਿ ਰੌਸ਼ਨੀ ਨੇ ਅਚੰਭੇ ਨਾਲ਼ ਝੰਜੋੜਿਆ, ਜਿਸ ਕਾਰਨ ਉਕਤ ਦੋਵੇਂ ਸਵਾਲ ਪੈਦਾ ਹੋਣੇ ਸੁਭਾਵਕ ਸਨ।

ਬੇਚੈਨ ਮਨੁੱਖ ਦੀ ਅਸ਼ਾਂਤੀ ਦਾ ਕਾਰਨ ਮਨ ਦੀ ਅਸਥਿਰਤਾ (ਚੰਚਲਤਾ) ਹੈ, ਜੋ ਭੂਤਕਾਲ ਦੀ ਯਾਦ ਜਾਂ ਭਵਿੱਖ ਦੀਆਂ ਚਿੰਤਾਵਾਂ ਕਾਰਨ ਬਣੀ। ਜੋ ਕੁਝ ਵਾਪਰ ਰਿਹਾ ਹੈ, ਨੂੰ ਕਰਤਾਰ ਦਾ ਹੁਕਮ ਮੰਨਣਾ ਹੀ ਵਰਤਮਾਨ ’ਚ ਵਿਚਰਨ ਦੀ ਕਲਾ ਹੈ, ਜੋ ਜੀਵਨ ਨੂੰ ਇਕਾਗਰਤਾ ਰਾਹੀਂ ਰੰਗਲਾ (ਵੇਪਰਵਾਹ) ਬਣਾਉਂਦੀ ਹੈ ਕਿਉਂਕਿ ‘‘ਵਰਤਮਾਨ ਵਿਚਿ ਵਰਤਦਾ; ਹੋਵਣਹਾਰ ਸੋਈ ਪਰਵਾਣਾ।’’ (ਭਾਈ ਗੁਰਦਾਸ ਜੀ /ਵਾਰ ੧੮ ਪਉੜੀ ੨੧) ਭਾਵ ਵੇਪਰਵਾਹ ਜ਼ਿੰਦਗੀ; ਸਭ ਕੁਝ ਦਾ ਕਰਤਾ ‘ਸਾਚਾ ਸਾਹਿਬੁ’ ਨੂੰ ਮੰਨਦੀ ਹੈ।)

ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ ਭਾਉ ਅਪਾਰੁ॥

ਉਕਤ ਤੁਕ ’ਚ ‘ਨਾਇ’ ਸ਼ਬਦ ਵਿਚਾਰਨ ਯੋਗ ਹੈ ਕਿਉਂਕਿ ਗੁਰਬਾਣੀ ’ਚ ‘ਨਾਇ’ ਦੀ ਵਰਤੋਂ 169 ਵਾਰ ਕੀਤੀ ਗਈ ਹੈ ਜਿਸ ਦੇ ਆਮ ਤੌਰ ’ਤੇ ਦੋ ਹੀ ਅਰਥ ਹੁੰਦੇ ਹਨ: ‘ਇਸ਼ਨਾਨ ਕਰਨਾ’ (ਕਿਰਿਆ) ਅਤੇ ‘ਨਾਮ ਵਿੱਚ’ (ਅਧਿਕਰਣ ਕਾਰਕ) ਜਾਂ ‘ਨਾਮ ਰਾਹੀਂ’ (ਕਰਣ ਕਾਰਕ); ਜਿਵੇਂ

(ੳ). ‘ਨਾਇ’ ਨਿਵਾਜਾ, ਨਾਤੈ ਪੂਜਾ; ਨਾਵਨਿ ਸਦਾ ਸੁਜਾਣੀ ॥ (ਮ: ੧/੧੫੦) ਭਾਵ ਇਸ਼ਨਾਨ (ਨ੍ਹਾਇ) ਕਰਕੇ ਨਮਾਜ਼ ਪੜ੍ਹੀ ਜਾਂਦੀ ਹੈ ਤੇ ਪੂਜਾ ਕੀਤੀ ਜਾਂਦੀ ਹੈ ਇਸ ਲਈ ਇਸ਼ਨਾਨ ਕਰਨ ਵਾਲ਼ੇ ਸਿਆਣੇ ਪੁਰਸ਼ ਮੰਨੇ ਜਾਂਦੇ ਹਨ।

(ਅ). ਤੇਰੈ ‘ਨਾਇ’ ਰਤੇ, ਸੇ ਜਿਣਿ (ਜਿੱਤ) ਗਏ; ਹਾਰਿ ਗਏ ਸਿ, ਠਗਣ ਵਾਲਿਆ ॥ (ਮ: ੧/੪੬੩) ਭਾਵ ਹੇ ਪ੍ਰਭੂ ! ਜੋ ਤੇਰੇ ਨਾਮ (ਰੰਗ, ਨਾਇਂ) ਵਿੱਚ ਰੰਗੇ ਰਹਿੰਦੇ ਹਨ ਉਹ (ਜੀਵਨ ਬਾਜ਼ੀ) ਜਿੱਤ ਜਾਂਦੇ ਹਨ ਅਤੇ (ਇਸ ਧਨ ਦੀ ਬਜਾਇ, ਕੇਵਲ ਮਾਇਆ) ਠਗਣ (ਜਾਂ ਇਕੱਠੀ ਕਰਨ) ਵਾਲ਼ੇ ਜੀਵਨ ਬਾਜ਼ੀ ਹਾਰ ਜਾਂਦੇ ਹਨ।

ਉਕਤ ‘ੳ’ ਤੁਕ ’ਚ ‘ਨਾਇ’ ਕਿਰਿਆ ਹੈ (ਉਚਾਰਨ ‘ਨ੍ਹਾਇ’) ਅਤੇ ‘ਅ’ ਵਿੱਚ ‘ਨਾਇ’ ਦਾ ਅਰਥ: ‘ਨਾਮ ਵਿੱਚ’ (ਅਧਿਕਰਣ ਕਾਰਕ, ਉਚਾਰਨ ‘ਨਾਇਂ’) ਹੈ, ਪਰ ਗੁਰਬਾਣੀ ’ਚ ਕੇਵਲ ਵਿਚਾਰ ਅਧੀਨ (ਜਪੁ) ਤੁਕ ’ਚ ‘ਨਾਇ’ ਸ਼ਬਦ ਦੇ ਉਕਤ ਦੋਵੇਂ ਹੀ ਅਰਥ ਨਹੀਂ ਬਣ ਸਕਦੇ। ਲੇਕਿਨ ਕਿਉਂ ?

ਜਦ ‘ਨਾਇ’ ਸ਼ਬਦ ‘ਕਿਰਿਆ’ ਨਾ ਹੋਵੇ ਤਾਂ ਇਹ ਕਾਰਕੀ (ਕਰਣ ਕਾਰਕ, ਅਧਿਕਰਣ ਕਾਰਕ, ਆਦਿ) ਜ਼ਰੂਰ ਹੁੰਦਾ ਹੈ ਭਾਵ ਤਾਂ ਇਹ ਕੇਵਲ ‘ਨਾਇ’ (ਨਾਉਂ) ਨਹੀਂ ਹੁੰਦਾ ਬਲਕਿ ਕਾਰਕ ਵੀ ਹੁੰਦਾ ਹੈ ਕਿਉਂਕਿ ਗੁਰਬਾਣੀ ’ਚ (ਕਾਰਕ ਰਹਿਤ) ‘ਨਾਂਵ’ (ਇੱਕ ਵਚਨ ‘ਨਾਉ’ ਤੇ ਬਹੁ ਵਚਨ ‘ਨਾਵ’ ਸਰੂਪ) ਉਪਲਬਧ ਹਨ।

‘ਨਾਉ’ (ਇੱਕ ਵਚਨ) ਹੀ ਆਪਣਾ ਸਰੂਪ ਬਦਲ ਕੇ ‘ਨਾਇ’ (ਕਾਰਕੀ) ਬਣਦਾ ਹੈ, ਜਿਸ ਦੀ ਪਹਿਚਾਣ ਕਰਵਾਉਂਦਾ ਹੈ ਇਸ ਨਾਲ਼ ਦਰਜ: ਪੜਨਾਂਵ ਤੇ ਪੜਨਾਂਵੀ ਵਿਸ਼ੇਸ਼ਣ ਸ਼ਬਦ, ਜਿਨ੍ਹਾਂ ਦੇ ਅੰਤ ’ਚ ਸਦਾ ਸਿਹਾਰੀ ਜਾਂ ਦੁਲਾਵਾਂ ਹੋਣੀਆਂ ਜ਼ਰੂਰੀ ਹੁੰਦੀਆਂ ਹਨ; ਜਿਵੇਂ

(ੳ). ਸਾਚਾ ਸਾਹਿਬੁ; ‘ਸਾਚੈ ਨਾਇ’ ॥ (ਸੋ ਦਰੁ ਆਸਾ/ਮ: ੧/੯) ‘ਸਾਚੈ ਨਾਇ’ ਭਾਵ ਸੱਚੇ ਨਾਮ ਰਾਹੀਂ (‘ਸਾਚਾ ਸਾਹਿਬੁ’ ਮਿਲਦਾ ਹੈ ਭਾਵ ਕਰਣ ਕਾਰਕ ‘ਨਾਇ’ ਸ਼ਬਦ ਦੇ ਅੰਤ ਸਿਹਾਰੀ ਨਾਲ਼ ਵਿਸ਼ੇਸ਼ਣ ‘ਸਾਚੈ’ ਨੂੰ ਵੀ ਅੰਤ ਦੁਲਾਵਾਂ ਹਨ)।

(ਅ).  ਕ੍ਰਿਪਾ ਜਲੁ ਦੇਹਿ, ਨਾਨਕ ਸਾਰਿੰਗ ਕਉ (ਪਪੀਹੇ ਨੂੰ); ਹੋਇ ਜਾ ਤੇ, ‘ਤੇਰੈ ਨਾਇ’ ਵਾਸਾ ॥ (ਮ: ੧/੧੩) ‘ਤੇਰੈ ਨਾਇ’ ਭਾਵ ਤੇਰੇ ਨਾਮ ਵਿੱਚ (ਅਧਿਕਰਣ ਕਾਰਕ; ਅੰਤ ਸਿਹਾਰੀ (ਨਾਇ) ਨਾਲ਼ (ਤੇਰੈ) ਅੰਤ ਦੁਲਾਵਾਂ ਪੜਨਾਂਵੀ ਵਿਸ਼ੇਸ਼ਣ)।

(ੲ). ਭਗਤਾ ਤੇਰੀ ਟੇਕ; ਰਤੇ ‘ਸਚਿ ਨਾਇ’ ॥ (ਮ: ੫/੫੨੧) ‘ਸਚਿ ਨਾਇ’ ਭਾਵ ਸੱਚੇ ਨਾਮ ਵਿੱਚ ਰੱਤੇ (ਅਧਿਕਰਣ ਕਾਰਕ, ਦੋਵੇਂ ਸ਼ਬਦ ਅੰਤ ਸਿਹਾਰੀ)।

(ਸ). ਅੰਦਰੁ ਵਿਧਾ (ਹਿਰਦਾ ਵਿੰਨਿਆ ਗਿਆ) ‘ਸਚਿ ਨਾਇ’; ਬਾਹਰਿ ਭੀ ਸਚੁ ਡਿਠੋਮਿ (ਵਿਖਦਾ)॥ (ਮ: ੫/੯੬੬) ‘ਸਚਿ ਨਾਇ’ ਭਾਵ ਸੱਚੇ ਨਾਮ ਵਿੱਚ (ਅਧਿਕਰਣ ਕਾਰਕ, ਦੋਵੇਂ ਸ਼ਬਦ ਅੰਤ ਸਿਹਾਰੀ)।

ਉਕਤ ਚਾਰੇ ਤੁਕਾਂ ’ਚ ਪੜਨਾਂਵੀ ਵਿਸ਼ੇਸ਼ਣ (ਤੇਰੈ, ਅੰਤ ਦੁਲਾਵਾਂ) ਤੇ ਵਿਸ਼ੇਸ਼ਣ (ਸਚਿ/ਸਚੈ) ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਹਨ ਜਦਕਿ ਵਿਚਾਰ ਅਧੀਨ ਪੰਕਤੀ ‘‘ਸਾਚਾ ਸਾਹਿਬੁ, ਸਾਚੁ ਨਾਇ’’ ਤੁਕ ’ਚ ‘ਸਾਚੁ’ (ਵਿਸ਼ੇਸ਼ਣ) ਅੰਤ ਔਂਕੜ ਹੋਣ ਕਾਰਨ ‘ਨਾਇ’ ਨੂੰ ਕਾਰਕੀ ਮੰਨ ਕੇ ‘ਨਾਮ ਵਿੱਚ’ ਅਰਥ ਕਰਨ ਤੋਂ ਰੋਕਦਾ ਹੈ, ਤਾਂ ਤੇ ‘ਨਾਇ’ ਦਾ ਪ੍ਰਚਲਿਤ ਅਰਥ ‘ਨ੍ਯਾਇ, ਨਿਯਮ, ਇਨਸਾਫ਼, ਨਿਆਂ’, ਆਦਿ ਹੀ ਦਰੁਸਤ ਹਨ।

(ਨੋਟ: ਜਿਸ ਉਕਤ ਨਿਯਮ ਮੁਤਾਬਕ ‘ਨਾਉ’ (ਇੱਕ ਵਚਨ) ਤੋਂ ‘ਨਾਇ’ (ਕਾਰਕ) ਬਣਦਾ ਹੈ, ਉਸੇ ਤਰ੍ਹਾਂ ਗੁਰਬਾਣੀ ’ਚ ‘ਭਉ, ਭਾਉ’, ਆਦਿ ਇੱਕ ਵਚਨ ਨਾਂਵ ਵੀ ‘ਭੈ ਜਾਂ ਭਾਇ’ (ਕਾਰਕੀ) ਬਣ ਜਾਂਦੇ ਹਨ, ਜਿਨ੍ਹਾਂ ਦੇ ਅਰਥ ਹਨ: ‘ਭੈ’– ਡਰ-ਅਦਬ ਵਿੱਚ, ‘ਭਾਇ’– ਪਿਆਰ ਵਿੱਚ (ਅਧਿਕਰਣ ਕਾਰਕ); ਜਿਵੇਂ

‘ਭੈ ਤੇਰੈ’ (ਤੇਰੇ ਤੋਂ ਡਰਨ ਨਾਲ਼) ਡਰੁ ਅਗਲਾ (ਬਹੁਤਾ); ਖਪਿ ਖਪਿ ਛਿਜੈ ਦੇਹ ॥ (ਮ: ੧/੧੬) ‘ਭੈ ਤੇਰੈ’- ਤੈਥੋਂ ਡਰ ਕੇ ਦੂਰ ਰਿਹਾਂ (ਕਰਣ ਕਾਰਕ) ਦੁਨਿਆਵੀ ਬਹੁਤ ਡਰ ਸਤਾਉਂਦੇ ਹਨ, ਜਿਨ੍ਹਾਂ ’ਚ ਖਪ-ਖਪ ਕੇ ਹੀ ਮੌਤ ਹੋ ਜਾਂਦੀ ਹੈ।

‘ਭੈ ਭਾਇ’ (ਰੱਬੀ ਅਦਬ-ਪਿਆਰ ਨਾਲ਼) ਭਗਤਿ ਕਰਹਿ ਦਿਨੁ ਰਾਤੀ; ਹਰਿ ਜੀਉ ਵੇਖੈ ਸਦਾ ਹਦੂਰਿ (ਅੰਗ-ਸੰਗ)॥ (ਮ: ੩/੩੪)

ਗੁਰ ਕੈ ‘ਭੈ’ (ਅਦਬ ਵਿੱਚ) ਕੇਤੇ ਨਿਸਤਰੇ; ‘ਭੈ ਵਿਚਿ’, ਨਿਰਭਉ (ਪ੍ਰਭੂ) ਪਾਇ ॥ (ਮ: ੩/੫੫੧), ਆਦਿ।)

‘ਭਾਖਿਆ ਭਾਉ ਅਪਾਰੁ॥’ ਸੰਯੁਕਤ ਸ਼ਬਦਾਂ ’ਚ ਦਰਜ ‘ਅਪਾਰੁ’ ਸ਼ਬਦ; ‘ਭਾਉ’ (ਇੱਕ ਵਚਨ ਪੁਲਿੰਗ ਨਾਂਵ) ਦਾ ਵਿਸ਼ੇਸ਼ਣ ਹੈ, ਨਾ ਕਿ ‘ਭਾਖਿਆ’ (ਇਸਤ੍ਰੀ ਲਿੰਗ) ਦਾ ਕਿਉਂਕਿ ਗੁਰਬਾਣੀ ’ਚ ਇਸਤ੍ਰੀ ਲਿੰਗ ‘ਜੋਤਿ’ ਦਾ ਵਿਸ਼ੇਸ਼ਣ ‘ਅਪਾਰ’ ਅੰਤ ਮੁਕਤਾ ਹੈ; ਜਿਵੇਂ

ਸਰਬ ਕਲਾ ਕਰਿ ਥਾਪਿਆ; ਅੰਤਰਿ ‘ਜੋਤਿ ਅਪਾਰ’ ॥ (ਮ: ੫/੪੭) ‘ਅਪਾਰ ਤੇ ਅਪਾਰੁ’ ਦਾ ਅਰਥ ਹੈ: ‘ਬੇਅੰਤ, ਅਥਾਹ, ਅਸੀਮ’ (ਪ੍ਰੇਮ)। ਧਿਆਨ ਰਹੇ ਕਿ ਸੀਮਾ ’ਚ (ਕੁੱਝ ਕੁ ਨੂੰ) ਕੀਤਾ ਗਿਆ ਪਿਆਰ ਜਾਂ ਪ੍ਰੇਮ; ਮੋਹ ਹੁੰਦਾ ਹੈ, ਜੋ ਰੋਗ ਹੈ।

ਸੋ, ‘‘ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ ਭਾਉ ਅਪਾਰੁ॥’’- ਭਾਵ (ਵੇਪਰਵਾਹੁ) ਮਾਲਕ ਸਦੀਵੀ ਸਥਿਰ ਹੈ, ਉਸ ਦਾ ਨਿਯਮ ਤੇ ਇਨਸਾਫ਼ ਵੀ ਅਟੱਲ (ਬੇਰੋਕ) ਹੈ। ਅਥਾਹ ਪਿਆਰ ਉਸ ਦੀ ਬੋਲੀ ਹੈ ਭਾਵ ਉਸ ਦਾ ਪਿਆਰ ਸਮੂਹ ਜੀਵਾਂ ਨੂੰ ਹੈ, ਨਾ ਕਿ ਕਿਸੇ ਵਿਸ਼ੇਸ਼ ਨੂੰ; ਜਿਵੇਂ ਕਿ ‘‘ਨ ਰਾਗ (ਪ੍ਰੇਮ) ਰੰਗ ਰੂਪ ਹੈ, ਨ ਰੋਗ ਰਾਗ ਰੇਖ (ਚਿੰਨ੍ਹ) ਹੈ ॥’’ (ਅਕਾਲ ਉਸਤਤਿ)

(ਨੋਟ: ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ‘ਸਾਚੁ ਨਾਇ’ ਦਾ ਅਰਥ ਕੀਤਾ ਹੈ: ‘ਉਸ ਦਾ ‘ਸਚ-ਸਰੂਪ’ ਨਾਮ ਵਿੱਚ ਹੀ ਸਮਾਇਆ ਹੋਇਆ ਹੈ।’, ਇਨ੍ਹਾਂ ਅਰਥਾਂ ’ਚ ‘ਸਾਚੁ’ ਸ਼ਬਦ ਨੂੰ (ਨਾਇ ਦਾ) ਵਿਸ਼ੇਸ਼ਣ ਨਹੀਂ ਮੰਨਿਆ ਗਿਆ, ਇਸ ਲਈ ‘ਸਚੁ’ ਦਾ ਅਰਥ ‘ਸਚ-ਸਰੂਪ’ (ਨਾਂਵ) ਬਣਾ ਕੇ ‘ਨਾਇ’ ਦਾ ਅਰਥ ‘ਨਾਮ ਵਿੱਚ’ (ਅਧਿਕਰਣ ਕਾਰਕ) ਕੀਤਾ ਗਿਆ। ਇਹ ਅਰਥ ਲਿਖਤ ਮੁਤਾਬਕ ਤਾਂ ਠੀਕ ਹਨ, ਪਰ ਖਿੱਚ ਕੇ ਬਣਾਉਣ ਕਾਰਨ ਉਕਤ ਪ੍ਰਚਲਿਤ ਅਰਥ ਵਧੇਰੇ ਸਰਲ ਜਾਪਦੇ ਹਨ, ਜਿੱਥੇ ‘ਨਾਇ’ ਨੂੰ ‘ਨ੍ਯਾਇ’ ਮੰਨਣ ਨਾਲ਼ ਹੀ ਮਸਲਾ ਹੱਲ ਹੋ ਜਾਂਦਾ ਹੈ।)

ਆਖਹਿ, ਮੰਗਹਿ, ਦੇਹਿ ਦੇਹਿ; ਦਾਤਿ ਕਰੇ ਦਾਤਾਰੁ॥

ਗੁਰਮਤਿ ਦੇ ਅਰਥ ਭਾਵ ਨੂੰ ਸਮਝਾਉਣ ਲਈ ਕਈ ਪ੍ਰਚਲਿਤ ਰਵਾਇਤਾਂ ਦੀ ਗੁਰਬਾਣੀ ’ਚ ਟੇਕ ਲਈ ਗਈ ਹੈ। ‘ਜਪੁ’ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਹੋਣ ਕਾਰਨ ‘‘ਆਖਹਿ, ਮੰਗਹਿ, ਦੇਹਿ ਦੇਹਿ..॥’’ ਨੂੰ ਅਨਮਤ ਦਾ ਪ੍ਰਚਲਿਤ ਖ਼ਿਆਲ ਮੰਨਣਾ ਪਏਗਾ, ਜਿਸ ਨੂੰ ਗੁਰੂ ਜੀ ਨੇ ਆਪਣੀਆਂ ਜਗਤ- ਫੇਰੀਆਂ ਦੌਰਾਨ ਅਨੁਭਵ ਕੀਤਾ ਤੇ ਜਵਾਬ ਦਿੱਤਾ ‘‘ਦਾਤਿ ਕਰੇ ਦਾਤਾਰੁ॥’’ ਭਾਵ ਉਸ ਤਾਂ ਬਿਨਾਂ ਮੰਗਿਆਂ ਦੇ ਰਿਹਾ ਹੈ, ਪਰ ਤੂੰ ਮੰਗ ਰਿਹਾ ਹੈਂ ?

ਉਕਤ ਪੰਕਤੀ ’ਚ ‘ਆਖਹਿ/ਮੰਗਹਿ’ ਸ਼ਬਦ ਬਹੁ ਵਚਨ ਵਰਤਮਾਨ ਦੀ ਕਿਰਿਆ ਦੇ ਪ੍ਰਤੀਕ ਵਜੋਂ ਹਨ, ਜਿਨਾਂ ਦੇ ਅਰਥ ਹਨ ਕਿ (ਜੀਵ, ਰੱਬੀ ਦਰ ਤੋਂ ਅਨੇਕਾਂ ਦਾਤਾਂ ਪ੍ਰਾਪਤ ਕਰਨ ਦੇ ਬਾਵਜੂਦ ਵੀ ਅਸੰਤੁਸਟੀ ਕਾਰਨ ਹੋਰ-ਹੋਰ ਦਾਤਾਂ ਲਈ ਬੇਨਤੀਆਂ) ਆਖਦੇ ਹਨ, (ਦਾਤਾਂ) ਮੰਗਦੇ ਹਨ (ਕਿ ਇਹ ਜਾਂ ਓਹ ਦਾਤ ਹੋਰ) ਦੇਹ-ਦੇਹ।

(ਨੋਟ: ‘ਦੇਹਿ ਦੇਹਿ’ ਨੂੰ ਲੱਗੀ ਅੰਤ ਸਿਹਾਰੀ ਹੁਕਮੀ (ਜਾਂ ਬੇਨਤੀ) ਭਵਿੱਖ ਕਾਲ ਕਿਰਿਆ ਦੀ ਸੂਚਕ ਹੈ, ਨਾ ਕਿ (ਆਖਹਿ / ਮੰਗਹਿ ਵਾਙ) ਵਰਤਮਾਨ ਦੀ ਬਹੁ ਵਚਨ ਕਿਰਿਆ, ਇਸ ਲਈ ‘ਦੇਹਿ-ਦੇਹਿ’ ਅੰਤ ਸਿਹਾਰੀ ਰਹਿਤ ਤੇ ‘ਆਖਹਿ / ਮੰਗਹਿ’ ਅੰਤ ਬਿੰਦੀ ਸਹਿਤ (ਨਾਸਕੀ) ਪੜ੍ਹਨੇ ਦਰੁਸਤ ਹਨ।)

ਸੋ, ‘‘ਆਖਹਿ, ਮੰਗਹਿ, ਦੇਹਿ ਦੇਹਿ; ਦਾਤਿ ਕਰੇ ਦਾਤਾਰੁ॥’’ ਭਾਵ (ਪ੍ਰਚਲਿਤ ਭਗਤ ਉਸ ਦੇ ਦਰ ਉੱਤੇ ਫ਼ਰਿਆਦਾਂ) ਆਖਦੇ ਹਨ (ਦਾਤਾਂ) ਮੰਗਦੇ ਹਨ ਕਿ (ਹੋਰ) ਦੇਹ-ਦੇਹ, ਪਰ ਦਾਤਾਰ ਮਾਲਕ ਤਾਂ ਸਭ ਨੂੰ ਪਹਿਲਾਂ ਤੋਂ ਹੀ ਦਾਤ ਦਿੰਦਾ ਆ ਰਿਹਾ ਹੈ।

ਫੇਰਿ, ਕਿ ਅਗੈ ਰਖੀਐ ? ਜਿਤੁ, ਦਿਸੈ ਦਰਬਾਰੁ॥ ਮੁਹੌ, ਕਿ ਬੋਲਣੁ ਬੋਲੀਐ ? ਜਿਤੁ ਸੁਣਿ, ਧਰੇ ਪਿਆਰੁ॥

ਜਦ ਕਿਸੇ ਵਿਅਕਤੀ ਦੀ ਪੀੜ੍ਹੀ-ਦਰ-ਪੀੜ੍ਹੀ (ਪੁਸ਼ਤ-ਦਰ-ਪੁਸ਼ਤ) ਬਣੀ ਪ੍ਰਬਲ ਧਾਰਨਾ (ਸ਼ਰਧਾ) ਨੂੰ ਇੱਕ ਦਮ ਨਿਰਾਰਥਕ ਬਿਆਨ ਕੀਤਾ ਜਾਏ ਤਾਂ ਮੰਜ਼ਲ ਵੱਲ ਵਧਣਾ ਚਾਹ ਰਹੇ ਵਿਅਕਤੀ ਦੇ ਮਨੋਂ ਉਕਤ ਸਵਾਲ ਜਨਮ ਲੈਂਦੇ ਹਨ, ਜਿੱਥੇ ਅਰਥਹੀਣ ਟੇਕ ਨੂੰ ਤੋੜਨਾ ਲਈ ‘‘ਜਿਤੁ, ਦਿਸੈ ਦਰਬਾਰੁ॥ / ਜਿਤੁ ਸੁਣਿ, ਧਰੇ ਪਿਆਰੁ॥’’ ਦਾ ਜਵਾਬ ਕਾਰਗਰ ਤੀਰ ਹੈ, ਇਸ ਲਈ ‘ਫੇਰਿ’ ਭਾਵਨਾ ਉਤਪੰਨ ਹੋਈ।

ਗੁਰਬਾਣੀ ’ਚ ‘ਫੇਰਿ’ ਸ਼ਬਦ 23 ਵਾਰ ਦਰਜ ਹੈ, ਜੋ ਲਗਭਗ ਤਿੰਨ ਅਰਥਾਂ ’ਚ ਮਿਲਦਾ ਹੈ:

(1). ‘ਫੇਰਿ’ ਭਾਵ ਆਵਾਗਮਣ ਦੇ ਚੱਕਰ ਵਿੱਚ (ਅਧਿਕਰਣ ਕਾਰਕ, ਨਾਂਵ); ਜਿਵੇਂ

ਲਖ ਚਉਰਾਸੀਹ; ਭ੍ਰਮਤਾ ‘ਫੇਰਿ’ (ਚੱਕਰ ਵਿੱਚ)॥ (ਮ: ੫/੧੮੦)

ਨਾਗੋ ਆਇਓ, ਨਾਗ ਸਿਧਾਸੀ; ‘ਫੇਰਿ’ (ਗੇੜ ’ਚ) ਫਿਰਿਓ ਅਰੁ ਕਾਲਿ (ਨੇ) ਗਰਸੂਆ ॥ (ਮ: ੫/੨੦੬)

(2). ‘ਫੇਰਿ’ ਭਾਵ ਘੁੰਮਾਉਣਾ, ਮੋੜਨਾ, ਰੋਕਣਾ, ਬਦਲਨਾ (ਕਿਰਿਆ); ਜਿਵੇਂ

ਹਉ ਵਾਰੀ; ਮੁਖੁ ‘ਫੇਰਿ’ ਪਿਆਰੇ ॥ (ਭਗਤ ਕਬੀਰ/੪੮੪)

ਪਰਵਾਣਾ ਆਇਆ, ਹੁਕਮਿ ਪਠਾਇਆ (ਰਜ਼ਾ ’ਚ ਭੇਜਿਆ); ‘ਫੇਰਿ’ ਨ ਸਕੈ ਕੋਈ ॥ (ਮ: ੧/੬੮੮)

ਆਗਾਹਾ ਕੂ ਤ੍ਰਾਘਿ; ਪਿਛਾ ‘ਫੇਰਿ’ (ਮੋੜ) ਨ ਮੁਹਡੜਾ ॥ (ਮ: ੫/੧੦੯੬), ਆਦਿ।

(3). ‘ਫੇਰਿ’ ਭਾਵ ਘੁੰਮ ਕੇ, ਮੁੜ ਕੇ, ਦੁਬਾਰਾ (ਕਿਰਿਆ ਵਿਸ਼ੇਸ਼ਣ); ਜਿਵੇਂ

‘ਫੇਰਿ’ ਓਹ ਵੇਲਾ, ਓਸੁ ਹਥਿ (’ਚ) ਨ ਆਵੈ; ਓਹੁ ਆਪਣਾ ਬੀਜਿਆ, ਆਪੇ ਖਾਵੈ ॥ (ਮ: ੪/੩੦੩)

‘ਫੇਰਿ’ ਵਸਾਇਆ ਫੇਰੁਆਣਿ; ਸਤਿਗੁਰਿ (ਨੇ) ਖਾਡੂਰੁ ॥ (ਬਲਵੰਡ ਸਤਾ/੯੬੭), ਆਦਿ।

ਉਕਤ ਨੰਬਰ 3 ਵਾਲ਼ੇ ਅਰਥ ਹੀ ‘ਜਪੁ’ ਦੀ ਸੰਬੰਧਿਤ ਤੁਕ ’ਚ ਢੁੱਕਦੇ ਹਨ।

‘ਜਿਤੁ’– ਇਹ ਪੜਨਾਂਵੀ ਸ਼ਬਦ (ਇਤੁ, ਉਤੁ, ਓਤੁ, ਕਿਤੁ, ਤਿਤੁ ਵਾਙ) ਅੰਤ ਔਂਕੜ ਹੁੰਦਾ ਹੈ, ਜੋ ਕਰਣ ਕਾਰਕ ਅਰਥਾਂ ਦਾ ਪ੍ਰਤੀਕ ਹੈ ਤੇ ਅਰਥ ਹੈ: ‘ਜਿਸ ਦੀ ਰਾਹੀਂ, ਜਿਸ ਨਾਲ, ਜਿਸ ਦੁਆਰਾ’

‘ਜਿਤੁ’ ਸ਼ਬਦ ਗੁਰਬਾਣੀ ’ਚ 369 ਵਾਰ ਦਰਜ ਹੈ; ਜਿਵੇਂ

ਕਵਣਿ ਸਿ ਰੁਤੀ ? ਮਾਹੁ ਕਵਣੁ ? ‘ਜਿਤੁ’ (ਜਿਸ ਰਾਹੀਂ) ਹੋਆ ਆਕਾਰੁ ॥ (ਜਪੁ /ਮ: ੧)

ਹਉ ਵਾਰੀ ‘ਜਿਤੁ’ ਸੋਹਿਲੈ, (ਜਿਸ ਸੋਹਿਲੇ ਦੀ ਰਾਹੀਂ) ਸਦਾ ਸੁਖੁ ਹੋਇ ॥ (ਮ: ੧/੧੨)

‘ਜਿਤੁ’ ਬੋਲਿਐ (ਜਿਸ ਬੋਲਣ ਨਾਲ਼) ਪਤਿ ਪਾਈਐ, ਸੋ ਬੋਲਿਆ ਪਰਵਾਣੁ ॥ (ਮ: ੧/੧੫), ਆਦਿ।

ਗੁਰਬਾਣੀ ਵਿੱਚ 2 ਵਾਰ ‘ਜਿਤ’ (ਅੰਤ ਮੁਕਤਾ) ਹੈ; ਜਿਵੇਂ

‘ਜਿਤ’ (ਜਿਸ ਪਾਸੇ) ਹਮ ਲਾਏ, ‘ਤਿਤ’ (ਉਸ ਪਾਸੇ) ਹੀ ਲਾਗੇ; ਤੈਸੇ ਕਰਮ ਕਮਾਵਹਿਗੇ ॥ (ਭਗਤ ਕਬੀਰ/1103) ਇਸ ਪੰਕਤੀ ’ਚ ‘ਜਿਤ’ (ਕਿਰਿਆ ਵਿਸ਼ੇਸ਼ਣ) ਸ਼ਬਦ ਹੈ, ਪਰ ਦੂਸਰਾ ਸੁਖਮਨੀ ਬਾਣੀ ’ਚ ਪਦ ਛੇਦ ਕੀਤਿਆਂ ਮਿਲਦਾ ਹੈ: ਇੰਦ੍ਰੀ ‘ਜਿਤ’ ਪੰਚ ਦੋਖ ਤੇ ਰਹਤ॥ (ਮ:5/274) ਭਾਵ ਅਗਰ ਸ਼ਬਦ ‘ਜਿਤ’ ਨੂੰ ‘ਇੰਦ੍ਰੀ’ ਸ਼ਬਦ ਤੋਂ ਅਲੱਗ ਕੀਤਾ ਜਾਏ ਤਾਂ ਇਸ ਦੇ ਅਰਥ ‘ਜਿਸ ਪਾਸੇ’ (ਕਿਰਿਆ ਵਿਸ਼ੇਸ਼ਣ) ਬਣਦੇ ਹਨ ਅਤੇ ਜੇ ‘ਜਿਤੁ’ (ਪੜਨਾਂਵ, ਕਰਣ ਕਾਰਨ) ਮੰਨ ਲਿਆ ਜਾਵੇ ਤਾਂ ਇਸ ਦੇ ਅਰਥ ‘ਜਿਸ ਦੀ ਰਾਹੀਂ, ਜਿਸ ਨਾਲ, ਜਿਸ ਦੁਆਰਾ’ ਬਣਦੇ ਹਨ। ਇਸ ਨਿਯਮ ਨਾਲ਼ ਅਰਥ ਬਣ ਜਾਂਦੇ ਹਨ:

(ੳ). ‘ਇੰਦ੍ਰੀ ਜਿਤ’ ਪੰਚ ਦੋਖ ਤੇ ਰਹਤ॥ ਭਾਵ ‘ਜਿਸ ਪਾਸੇ ਇੰਦ੍ਰੀਆਂ ਪੰਜ ਦੋਖ (ਕਾਮਾਦਿਕਾਂ) ਤੋਂ ਰਹਿਤ।’

(ਅ). ‘ਇੰਦ੍ਰੀ ਜਿਤ’ ਪੰਚ ਦੋਖ ਤੇ ਰਹਤ॥ ਭਾਵ ‘ਜਿਸ ਦੀ ਰਾਹੀਂ ਇੰਦ੍ਰੀਆਂ ਪੰਜ ਦੋਖ ਤੋਂ ਰਹਿਤ।’ (ਪਰ ‘ਅ’ ਅਰਥਾਂ ਲਈ ‘ਜਿਤ’ ਦਾ ਸਰੂਪ ‘ਜਿਤੁ’ ਹੋਣਾ ਚਾਹੀਦਾ ਹੈ।)

ਸੋ, ਉਕਤ ਤੁਕ ਲਈ ਦੋਵੇਂ ਅਢੁੱਕਵੇਂ ਅਰਥ ਹਨ, ਜੋ ਗੁਰਬਾਣੀ ਲਿਖਤ ਅਨੁਕੂਲ ਨਹੀਂ, ਇਸ ਲਈ ‘ਇੰਦ੍ਰੀ ਜਿਤ’ ਪਦ-ਛੇਦ ਨੂੰ ਸੰਯੁਕਤ ‘ਇੰਦ੍ਰੀਜਿਤ’ ਮੰਨਣ ਨਾਲ਼: ‘‘ਇੰਦ੍ਰੀਜਿਤ’’, ਪੰਚ ਦੋਖ ਤੇ ਰਹਤ॥’’ ਭਾਵ ਇੰਦ੍ਰੀਆਂ ਨੂੰ ਕਾਬੂ ’ਚ ਰੱਖਣ ਵਾਲੇ (ਵਿਅਕਤੀ) ਪੰਜ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਹਨ, ਦਰੁਸਤ ਅਰਥ ਜਾਪਦੇ ਹਨ।

(ਨੋਟ: ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਵੀ ‘ਇੰਦ੍ਰੀਜਿਤ’ ਸੰਯੁਕਤ ਮੰਨਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਿਹੇ ਪਦ-ਛੇਦਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।)

‘ਮੁਹੌ’– ਇਸ ਸ਼ਬਦ ਦਾ ਅਰਥ ‘ਮੂੰਹ ਤੋਂ’ (ਅਪਾਦਾਨ ਕਾਰਕ) ਬਣਦਾ ਹੈ, ਜਿਸ ਕਾਰਨ ਅੰਤ ਬਿੰਦੀ (ਨਾਸਿਕੀ) ਹੋਣਾ ਜ਼ਰੂਰੀ ਹੈ। ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਅਨੁਸਾਰ ਕੁਝ ਹੱਥ ਲਿਖਤ ਬੀੜਾਂ ’ਚ ‘ਮੁਹੌ’ ਸ਼ਬਦ ’ਚ ‘ਹ’ ਉੱਤੇ ਕਨੌੜਾ ਨਹੀਂ ਬਲਕਿ ਹੋੜਾ ਹੈ, ਜੋ ਸੱਜੇ ਬਿੰਦੀ ਲੱਗਣ ਨਾਲ ਕਨੌੜਾ ਜਾਪਦਾ ਹੈ, ਪਰ ਗੁਰਬਾਣੀ ’ਚ ਹੋੜੇ ਨਾਲ਼ ਸੱਜੇ ਬਿੰਦੀ ਵਾਲ਼ਾ ਅਤੇ ਅੰਤ ਹੋੜੇ ਜਾਂ ਕਨੌੜੇ ਵਾਲ਼ਾ (ਮੁਹੌ/ਮੁਹੋ) ਸ਼ਬਦ ਹੋਰ ਕਿਤੇ ਦਰਜ ਨਹੀਂ ਹੈ।

ਗੁਰਬਾਣੀ ਲਿਖਤ ’ਚ ‘ਮੂੰਹ ਤੋਂ’ (ਅਪਾਦਾਨ) ਅਰਥ ਦੇਣ ਵਾਲ਼ਾ ‘ਮੁਖਹੁ’ ਸ਼ਬਦ ਉਪਲਬਧ ਹੈ, ਜਿਸ ਦੇ ਅੰਤ ’ਚ ਵੀ ਬਿੰਦੀ ਉਚਾਰਨਾ ਦਰੁਸਤ ਹੈ; ਜਿਵੇਂ

‘ਮੁਖਹੁ’, ਹਰਿ ਹਰਿ ਸਭੁ ਕੋ ਕਰੈ; ਵਿਰਲੈ (ਨੇ), ਹਿਰਦੈ (’ਚ) ਵਸਾਇਆ॥ (ਮ:੩/੫੬੫) ਉਚਾਰਨ: ਮੁਖੋਂ

ਉਸਤਤਿ ਕਹਨੁ ਨ ਜਾਇ, ‘ਮੁਖਹੁ’ ਤੁਹਾਰੀਆ ॥ (ਮ: ੫/੧੩੬੧)

ਸੰਨਿਆਸੀ, ਤਪਸੀਅਹ; ‘ਮੁਖਹੁ’ ਏ ਪੰਡਿਤ ਮਿਠੇ॥ (ਭਟ ਭਿਖਾ/੧੩੯੫), ਆਦਿ।

‘ਜਿਤੁ ਸੁਣਿ’– ਇਨ੍ਹਾਂ ਸੰਯੁਕਤ ਸ਼ਬਦਾਂ ’ਚ ‘ਜਿਤੁ’ ਕਰਣ ਕਾਰਕ ਹੈ, ਜਿਸ ਨਾਲ਼ ‘ਸੁਣਿ’ ਸ਼ਬਦ ਨੂੰ ਕਿਰਿਆ ਵਿਸੇਸ਼ਣ (ਸੁਣ ਕੇ) ਮੰਨਣ ਦੀ ਬਜਾਇ ‘ਸੁਣਨ ਨਾਲ਼’ (ਕਿਰਦੰਤ) ਮੰਨਣ ਨਾਲ਼ ਅਰਥ ਵਧੇਰੇ, ਗੁਰਬਾਣੀ ਲਿਖਤ ਅਨੁਕੂਲ ਜਾਪਦੇ ਹਨ।

‘ਕਿਰਦੰਤ’ ਸ਼ਬਦ ਦੀ ਪਰਿਭਾਸ਼ਾ: ਜਿਸ ਸ਼ਬਦ ਦਾ ਧਾਤੁ (ਮੂਲ) ਕਿਰਿਆ ਵਾਲ਼ਾ ਹੋਵੇ ਪਰ ਉਸ ਉੱਤੇ ਤਮਾਮ ਨਿਯਮ ‘ਨਾਂਵ’ ਸ਼ਬਦ ਵਾਲ਼ੇ ਲਾਗੂ ਹੋਣ, ਨੂੰ ‘ਕਿਰਦੰਤ’ ਕਿਹਾ ਜਾਂਦਾ ਹੈ। ‘ਕਿਰਿਆ’ ਸਮੇਂ ਨੂੰ ਨਿਸ਼ਚਿਤ ਕਰਦੀ ਹੈ ਜਦਕਿ ‘ਕਿਰਦੰਤ’ ਇਸ ਤੋਂ ਮੁਕਤ ਹੁੰਦੇ ਹਨ; ਜਿਵੇਂ ‘ਮੋਹਨ ਜਾ ਰਿਹਾ ਹੈ’ ਵਾਕ ’ਚ ‘ਜਾ ਰਿਹਾ ਹੈ’ (ਕਿਰਿਆ) ਨੇ ਵਰਤਮਾਨ ਸੰਕੇਤ ਵੀ ਦਿੱਤਾ ਪਰ ‘ਮੋਹਨ ਦੇ ਜਾਣ ਨਾਲ਼’ ਵਾਕ ’ਚ ਕਾਲ (ਭੂਤ, ਵਰਤਮਾਨ ਤੇ ਭਵਿੱਖ) ਗ਼ਾਇਬ ਹੈ, ਇਸ ਲਈ ‘ਜਾਣ ਨਾਲ਼’ ਕਿਰਦੰਤ ਹੈ, ਨਾ ਕਿ ਕਿਰਿਆ।

‘ਸੁਣਿਐ’ ਸੁਣਨ ਨਾਲ਼ ਜਾਂ ‘ਮੰਨੈ’ ਮੰਨਣ ਨਾਲ਼ ਕਿਰਦੰਤਾਂ ਨੇ ਕਿਸੇ ਕਾਲ ਦਾ ਸੰਕੇਤ ਨਹੀਂ ਦਿੱਤਾ, ਇਸ ਲਈ ‘ਸੁਣਿਐ, ਮੰਨੈ, ਗਇਆਂ, ਭੁੱਖਿਆਂ, ਕਰਦਿਆਂ, ਸੁਣਨਿ, ਆਖਣਿ, ਮੰਗਣਿ, ਦੇਣਿ’ ਆਦਿ ਸ਼ਬਦ ‘ਕਿਰਦੰਤ’ ਹਨ, ਨਾ ਕਿ ‘ਕਿਰਿਆਵਾਂ’

ਸੋ, ‘‘ਫੇਰਿ, ਕਿ ਅਗੈ ਰਖੀਐ ? ਜਿਤੁ, ਦਿਸੈ ਦਰਬਾਰੁ॥ ਮੁਹੌ, ਕਿ ਬੋਲਣੁ ਬੋਲੀਐ ? ਜਿਤੁ ਸੁਣਿ, ਧਰੇ ਪਿਆਰੁ॥’’ ਭਾਵ (ਦਾਤਾਰ ਦੇ ਦਰੋਂ ਬਿਨਾਂ ਮੰਗੀਆਂ ਮਿਲ ਰਹੀਆਂ ਦਾਤਾਂ ਮੁੜ ਉਸੇ ਅੱਗੇ ਭੇਟਾ ਰੱਖਣ ਨਾਲ਼ ਅਗਰ ਉਹ ਪ੍ਰਸੰਨ ਨਹੀਂ ਹੁੰਦਾ ਤਾਂ) ਫਿਰ ਹੋਰ ਕਿਹੜੀ ਭੇਟਾ ਉਸ ਨੂੰ ਸਮਰਪਿਤ ਕਰੀਏ ਜਿਸ ਨਾਲ਼ ਉਸ ਦਾ ਦਰਬਾਰ ਵਿਖਾਈ ਦੇਵੇ (ਉਸ ਦੀ ਹੋਂਦ, ਮੌਜੂਦਗੀ ਦਾ ਅਹਿਸਾਸ ਹੋਵੇ) ਜਾਂ ਕਿਹੜਾ ਵਚਨ ਮੁੱਖ ਤੋਂ (ਰਸਨਾ ਨਾਲ਼) ਬੋਲੀਏ, ਜਿਸ ਨੂੰ ਸੁਣਨ ਨਾਲ਼ (ਉਹ ਅਸਾਂ ਨੂੰ) ਪਿਆਰ ਕਰੇ।

ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥ ਕਰਮੀ ਆਵੈ ਕਪੜਾ, ਨਦਰੀ ਮੋਖੁ ਦੁਆਰੁ॥

ਉਕਤ ਪੰਕਤੀ ’ਚ ‘ਅੰਮ੍ਰਿਤ ਵੇਲਾ’ ਜੁੜਵੇਂ ਸ਼ਬਦ ਕੇਵਲ ਇੱਥੇ ਹੀ ਦਰਜ ਹਨ ਜਦਕਿ ਇਕੱਲਾ ‘ਵੇਲਾ’ 44 ਵਾਰ ਹੋਰ ਵੀ ਦਰਜ ਹੈ। ਧਿਆਨ ਰਹੇ ਕਿ ‘ਵੇਲਾ’ ਸ਼ਬਦ ਸੰਸਿਤ ’ਚ ਇਸਤ੍ਰੀ ਲਿੰਗ ਹੈ, ਨਾ ਕਿ ਪੁਲਿੰਗ; ਜਿਵੇਂ

ਸੁਣਿ ਮਨ ਮਿਤ੍ਰ ਪਿਆਰਿਆ ! ਮਿਲੁ ‘ਵੇਲਾ ਹੈ ਏਹ’ ॥ (ਮ: ੧/੨੦)

‘ਓਹ ਵੇਲਾ’ ਹਥਿ ਨ ਆਵਈ; ਅੰਤਿ ਗਇਆ ਪਛੁਤਾਇ ॥ (ਮ: ੩/੨੮), ਆਦਿ ਤੁਕਾਂ ’ਚ ‘ਏਹ ਤੇ ਓਹ’ (ਅੰਤ ਮੁਕਤੇ) ਪੜਨਾਂਵੀ ਵਿਸ਼ੇਸ਼ਣਾਂ ਨੇ ‘ਵੇਲਾ’ ਨੂੰ ਵੀ ਇਸਤ੍ਰੀ ਲਿੰਗ ਦਰਸਾ ਦਿੱਤਾ।

‘ਸਚੁ ਨਾਉ’– ਇਨ੍ਹਾਂ ਜੁੜਵੇਂ ਸ਼ਬਦ ’ਚ ‘ਨਾਉਂ’ ਸ਼ਬਦ ਇਕ ਵਚਨ ਪੁਲਿੰਗ ਹੈ, ਜਿਸ ਦਾ ਵਿਸ਼ੇਸ਼ਣ ਹੈ: ‘ਸਚੁ’; ਦੋਵੇਂ ਸ਼ਬਦਾਂ ਦੀ ਲਿਖਤੀ ਬਣਤਰ ਸਮਾਨੰਤਰ ਹੋਣ ਕਾਰਨ ਅਰਥ ਬਣ ਗਏ: ‘ਸਥਿਰ ਨਾਮ, ਮੁਕੰਮਲ ਗੁਣ’।

(ਨੋਟ: ‘ਅੰਮ੍ਰਿਤ ਵੇਲੇ’ ਦੀ ਮਹੱਤਤਾ, ਮਾਨਸਿਕ ਫੁਰਨਿਆਂ ਨੂੰ ਅਸਾਨੀ ਨਾਲ਼ ਸਮੇਟਣ ਨਾਲ਼ ਜੁੜੀ ਹੈ ਕਿਉਂਕਿ ਦਿਨ ਦੇ ਦੂਜੇ ਤੀਜੇ, ਆਦਿ ਪਹਿਰਾਂ ’ਚ ਮਨ ਦੀਆਂ ਤਰੰਗਾਂ ਵਿਕਰਾਲ ਰੂਪ ਧਾਰਨ ਕਰ ਲੈਂਦੀਆਂ ਹਨ; ਜਿਵੇਂ ਕਿ 

ਸਬਾਹੀ ਸਾਲਾਹ; ਜਿਨੀ ਧਿਆਇਆ, ਇਕ ਮਨਿ॥ ਸੇਈ ਪੂਰੇ ਸਾਹ; ਵਖਤੈ ਉਪਰਿ, ਲੜਿ ਮੁਏ॥

ਦੂਜੈ ਬਹੁਤੇ ਰਾਹ; ਮਨ ਕੀਆ ਮਤੀ ਖਿੰਡੀਆ॥ ਬਹੁਤੁ ਪਏ ਅਸਗਾਹ; ਗੋਤੇ ਖਾਹਿ, ਨ ਨਿਕਲਹਿ॥ (ਮ:੧/੧੪੬)

ਇਹ ਵੀ ਸੱਚ ਹੈ ਕਿ ਅੰਮ੍ਰਿਤ ਵੇਲ਼ੇ ਇੱਕੋ ਸਥਾਨ ’ਤੇ ਇੱਕ ਤੋਂ ਵਧੀਕ ਹੋ ਰਹੇ ਪਾਠ, ਇਕਾਗਰਤਾ ਭੰਗ ਹੀ ਕਰਦੇ ਹਨ।)

‘ਕਰਮੀ ਆਵੈ ਕਪੜਾ..॥’– ਇਸ ਤੁਕ ’ਚ ਸ਼ਾਮਲ ‘ਕਰਮੀ’, ਅਸਲ ’ਚ ‘ਕਰਮੁ’ ਸ਼ਬਦ ਹੈ ਤੇ ਅੰਤ ਔਂਕੜ ਇੱਕ ਵਚਨ ਪੁਲਿੰਗ ਨਾਉਂ ਦਾ ਪ੍ਰਤੀਕ, ਜੋ ਕਰਣ ਕਾਰਕ ਦੌਰਾਨ ‘ਕਰਮਿ’ (ਅੰਤ ਸਿਹਾਰੀ) ਬਣ ਜਾਂਦਾ ਹੈ, ਜਿਸ ਦਾ ਅਰਥ ਹੁੰਦਾ ਹੈ: (ਰੱਬੀ) ‘ਮਿਹਰ ਜਾਂ ਮਦਦ ਨਾਲ’, ਜਿਸ ਨੂੰ ‘ਭਾਗ ਜਾਂ ਨਸੀਬ’ ਵੀ ਕਹਿ ਸਕਦੇ ਹਾਂ। ਨਸੀਬ; ਬੰਦੇ ਦੇ ਕਰਮਾਂ ਦਾ ਫਲ਼ ਹੋਣ ਕਾਰਨ ਗੁਰਬਾਣੀ ’ਚ ‘ਕਰਮੁ’ ਦਾ ਤੀਸਰਾ ਅਰਥ ‘ਕੰਮ-ਕਾਰ’ ਵੀ ਹੈ; ਜਿਵੇਂ ਕਿ

‘ਕਰਮੁ’ (ਚੰਗਾ ਕੰਮ ਕਰਨ) ਨ ਜਾਣਾ, ਧਰਮੁ ਨ ਜਾਣਾ; ਲੋਭੀ ਮਾਇਆਧਾਰੀ ॥ (ਮ: ੫/੬੨੪), ਆਦਿ।

‘ਕਰਮਿ’ (ਭਾਵ ਮਿਹਰ ਨਾਲ਼, ਕਰਣ ਕਾਰਕ) ਗੁਰਬਾਣੀ ’ਚ 100 ਵਾਰ ਦਰਜ ਹੈ; ਜਿਵੇਂ

‘ਕਰਮਿ’ ਮਿਲੈ, ਤਾ ਪਾਈਐ; ਆਪਿ, ਨ ਲਇਆ ਜਾਇ॥ (ਮ:੧/੬੧)

ਗੁਰਬਾਣੀ ਇਸੁ ਜਗ ਮਹਿ ਚਾਨਣੁ; ‘ਕਰਮਿ’ ਵਸੈ, ਮਨਿ (’ਚ) ਆਏ (ਆ ਕੇ)॥ (ਮ:੩/੬੭)

ਸਤਿਗੁਰ ਵਿਚਿ ਵਡੀਆ ਵਡਿਆਈਆ, ਭਾਈ ! ‘ਕਰਮਿ’ ਮਿਲੈ, ਤਾਂ (ਹੀ ਕੋਈ) ਪਾਇ॥ (ਮ:੩/੧੪੧੯), ਆਦਿ।

‘ਕਰਮਿ’ ਸ਼ਬਦ ਜਦ ਕਾਵਿ ਤੋਲ ਕਾਰਨ ‘ਕਰਮੀ’ ਸਰੂਪ ਅਖ਼ਤਿਆਰ ਕਰਦਾ ਹੈ ਤਾਂ ਵੀ ਇਸ ਦਾ ਅਰਥ ‘ਕਰਣ ਕਾਰਕ’ ਵਾਲ਼ਾ ‘ਮਿਹਰ ਨਾਲ਼’ ਹੀ ਰਹਿੰਦਾ ਹੈ; ਜਿਵੇਂ

ਨਾਨਕ ! ਨਦਰੀ ‘ਕਰਮੀ’ ਦਾਤਿ ॥੨੪॥ (ਜਪੁ)

‘ਕਰਮੀ’ ਸਤਿਗੁਰੁ ਪਾਇਆ; ਜਿਨਿ ਹਉ ਲੀਆ ਛਡਾਇ ॥ (ਮ: ੫/੧੩੭੫), ਆਦਿ।

(ਨੋਟ: ਇੱਕ ਤੋਂ ਵਧੀਕ ਜੁੜਵੇਂ ਬੱਚੇ; ਇੱਕੋ ‘ਮਾਤ ਪਿਤਾ ਕੀ ਰਕਤੁ ਨਿਪੰਨੇ..॥’’ (ਮ: ੧/੧੨੮੯) ਰਾਹੀਂ ਵਜੂਦ ’ਚ ਆਉਂਦੇ ਹਨ, ਜਿਨ੍ਹਾਂ ਦੇ ਬਚਪਨ (ਆਰੰਭ) ਤੋਂ ਹੀ ਸੁਭਾਅ ’ਚ ਅੰਤਰ ਹੁੰਦਾ ਹੈ, ਆਖ਼ਰ ਕਿਉਂ ?, ਜਦ ਬੀ (ਵੀਰਜ) ਇੱਕ ਸਮਾਨ ਸੀ। ਮੈਡੀਕਲ ਸਾਇੰਸ ਕਈ ਤਰਕ ਦੇ ਸਕਦੀ ਹੈ, ਪਰ ਸ਼ੁਕਰਾਣੂ ਦੀ ਦਸ਼ਾ ਤੇ ਦਿਸ਼ਾ ਨਿਸ਼ਚਿਤ ਹੋਣ ਉਪਰੰਤ ਹੀ ਵਿਗਿਆਨਿਕ ਖੋਜ ਸ਼ੁਰੂ ਹੁੰਦੀ ਹੈ। ਮਈ 2016 ’ਚ ਅੰਡਿਆਂ ਤੇ ਸ਼ੁਕਰਾਣੂਆਂ ਨੂੰ ਬਣਾਉਣ ਲਈ ਜਲੰਧਰ ’ਚ ਵਿਗਿਆਨੀਆਂ ਨੇ ਜਿਨ੍ਹਾਂ ਰੋਗਾਣੂ ਕੋਸ਼ੀਕਾਵਾਂ ਦੀ ਮਦਦ ਲਈ, ਉਹ ਵੀ ਬੰਦੇ ਦੀ ਚਮੜੀ ਤੋਂ ਬਣੀਆਂ ਕਿਉਂਕਿ ਪਿਤਾ ਦਾ ਵੀਰਜ ਹੀ ਬੱਚੇ ਦਾ ਲਿੰਗ ਨਿਰਧਾਰਿਤ ਕਰਦਾ ਹੈ; ਜਿਵੇਂ ਐਕਸ (X) ਗੁਣਸੂਤਰ (ਕ੍ਰੋਮੋਸੋਮ) ਹੁੰਦਾ ਹੈ, ਜੋ ਲੜਕੀ ਨੂੰ ਜਨਮ ਦਿੰਦਾ ਹੈ ਤੇ ਵਾਈ (Y) ਗੁਣਸੂਤਰ ਲੜਕਾ ਪੈਦਾ ਕਰਦਾ ਹੈ ਭਾਵ ਰੱਬੀ ਮਿਹਰ ਜਾਂ ਨਿਯਮ (ਬਣਾਵਟ) ਨਾਲ਼ ਹੀ ਜੀਵਾਂ ਦਾ ਵਿਕਾਸ ਸੰਭਵ ਹੈ।)

‘ਕਪੜਾ’– ਇਹ ਸ਼ਬਦ ਗੁਰਬਾਣੀ ’ਚ ਕੇਵਲ 3 ਵਾਰ, ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਦਰਜ ਕੀਤਾ ਹੋਇਆ ਮਿਲਦਾ ਹੈ; ਜਿਵੇਂ

ਸਚੀ ਸਿਫਤਿ ਸਾਲਾਹ; ‘ਕਪੜਾ’ ਪਾਇਆ॥ (ਮ:੧/੧੫੦)

ਸਿਫਤਿ ਸਰਮ ਕਾ ‘ਕਪੜਾ’ ਮਾਂਗਉ; ਹਰਿ ਗੁਣ, ਨਾਨਕ ਰਵਤੁ ਰਹੈ॥ (ਮ: ੧/੧੩੨੯)  ਭਾਵ ਰੱਬੀ ਸਿਫ਼ਤ ਰੂਪ ਕਪੜਾ (ਪਰਦਾ, ਆਸਰਾ) ਮੰਗਦਾ ਹਾਂ ਤਾਂ ਜੋ ਨਾਨਕ ਹਰਿ ਦੇ ਗੁਣ ਗਾਉਂਦਾ ਰਹੇ।

ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ਕਿ ਅੰਮ੍ਰਿਤ ਵੇਲ਼ੇ ਦੀ ਦਾਤ ਰੱਬੀ ਮਦਦ ਤੋਂ ਬਿਨਾਂ ਨਹੀਂ ਮਿਲਦੀ: ‘‘ਦਾਤੀ ਸਾਹਿਬ ਸੰਦੀਆ; ਕਿਆ ਚਲੈ ਤਿਸੁ ਨਾਲਿ ? ॥ ਇਕ ਜਾਗੰਦੇ ਨਾ ਲਹੰਨਿ; ਇਕਨਾ, ਸੁਤਿਆ ਦੇਇ ਉਠਾਲਿ॥’’ (ਮ:੧/੮੩)

‘ਨਦਰੀ, ਮੋਖੁ ਦੁਆਰੁ॥’– ਇਨ੍ਹਾਂ ਸੰਯੁਕਤ ਸ਼ਬਦਾਂ ’ਚ ‘ਨਦਰੀ’ ਸ਼ਬਦ; ਉਪਰੋਕਤ ਵਿਚਾਰਿਆ ਗਿਆ ਸ਼ਬਦ ‘ਕਰਮੀ’ ਹੀ ਹੈ, ਪਰ ਅੰਤਰ ਸਿਰਫ਼ ਇਹੀ ਹੈ ਕਿ ‘ਨਦਰਿ’ ਇਸਤ੍ਰੀ ਲਿੰਗ ਹੋਣ ਕਾਰਨ ‘ਮਿਹਰ ਭਰੀ ਦ੍ਰਿਸ਼ਟੀ ਨਾਲ਼’ ਅਰਥ ਦਿੰਦਾ ਹੈ ਜਦਕਿ ‘ਕਰਮੁ’ ਅਰਬੀ ਭਾਸ਼ਾ ਦਾ ਫ਼ਜ਼ਲ (ਪੁਲਿੰਗ) ਸ਼ਬਦ ਹੈ, ਜਿਸ ਦਾ ਅਰਥ ਵੀ ‘ਮਿਹਰ’ ਹੈ।

‘ਮੋਖੁ ਦੁਆਰੁ॥’– ਗੁਰਬਾਣੀ ’ਚ ‘ਮੋਖ ਦੁਆਰੁ’ ਭਾਵ ਮੁਕਤੀ ਦਾ ਦਰਵਾਜ਼ਾ ਜਾਂ ਰਸਤਾ’; ਸੰਯੁਕਤ ਸ਼ਬਦ 31 ਵਾਰ ਦਰਜ ਹਨ; ਜਿਵੇਂ

ਨਾਨਕ ! ਗੁਰਮੁਖਿ ਬੁਝੀਐ; ਪਾਈਐ ‘ਮੋਖ ਦੁਆਰੁ’ ॥ (ਮ: ੩/੨੭)

ਗੁਰ ਕੈ ਦਰਸਨਿ; ‘ਮੋਖ ਦੁਆਰੁ’ ॥ (ਮ: ੩/੩੬੧)

ਧਰਮੀ ਧਰਮੁ ਕਰਹਿ, ਗਾਵਾਵਹਿ; ਮੰਗਹਿ ‘ਮੋਖ ਦੁਆਰੁ’ ॥ (ਮ: ੧/੪੬੯), ਆਦਿ ਅਤੇ ‘ਮੋਖੁ ਦੁਆਰੁ’ ਸੰਯੁਕਤ ਸ਼ਬਦ ਮਾਤਰ ਦੋ ਵਾਰ ਤੇ ਕੇਵਲ ‘ਜਪੁ’ ਬਾਣੀ ’ਚ ਹੀ ਹਨ; ਜਿਵੇਂ ਸੰਬੰਧਿਤ ਪੰਕਤੀ ਤੋਂ ਇਲਾਵਾ:

ਮੰਨੈ; ਪਾਵਹਿ ‘ਮੋਖੁ ਦੁਆਰੁ’ ॥ (ਜਪੁ), ਇਸ ਲਈ ਇਨ੍ਹਾਂ ਦਾ ਅਰਥ ‘ਮੁਕਤੀ ਦਾ ਮਾਰਗ’ ਨਹੀਂ ਹੋ ਸਕਦਾ ਕਿਉਂਕਿ ‘ਮੋਖੁ’ ਦਾ ਔਂਕੜ ‘ਦਾ’ (ਸੰਬੰਧਕੀ) ਅਰਥ ਲੈਣ ਤੋਂ ਮਨ੍ਹਾ ਕਰਦਾ ਹੈ, ਤਾਂ ਤੇ ‘ਮੋਖੁ ਦੁਆਰੁ’ ਦਾ ਅਰਥ ‘ਮੁਕਤੀ ਵਾਲ਼ਾ ਦਰਵਾਜ਼ਾ’ ਵਧੇਰੇ ਦਰੁਸਤ ਬਣਦੇ ਹਨ। ਇਸ ‘ਮੋਖੁ’ ਬਣਤਰ ਨੂੰ ਲਿਖਤੀ ਦੀ ਗ਼ਲਤੀ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ‘ਜਪੁ’ ’ਚ ਇਹ ਬਣਤਰ ਦੋ ਵਾਰ ਦਰਜ ਹੈ। ਇਹ ਵੀ ਹੋ ਸਕਦਾ ਹੈ ਕਿ ਗੁਰੂ ਜੀ ਦੀ ਅਰੰਭਕ ਬਾਣੀ ‘ਜਪੁ’ ਹੋਣ ਕਾਰਨ ਬਾਅਦ ’ਚ ਤਮਾਮ ਬਾਕੀ ਰਚਨਾ ’ਚ ‘ਮੋਖ ਦੁਆਰੁ’ ਨੂੰ ਸਵੀਕਾਰ ਲਿਆ ਹੋਵੇ।

ਸੋ, ‘‘ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥ ਕਰਮੀ ਆਵੈ ਕਪੜਾ, ਨਦਰੀ ਮੋਖੁ ਦੁਆਰੁ॥’’ ਭਾਵ ਇਕਾਂਤ ਸਮੇਂ (ਅਕਾਲ ਪੁਰਖ ਦਾ ਨਿਰੋਲ) ਸੱਚਾ ਨਾਉ (ਸਥਿਰ ਮੁਕੰਮਲ ਗੁਣ) ਤੇ ਉਸ ਦੀ ਉਸਤਤ ਵਾਲ਼ੀ ਵਿਚਾਰ ਭਾਵ ਉਸ ਦੇ ਮਹੱਤਵ ਨਾਲ਼ ਜੁੜਨਾ ਚਾਹੀਦਾ ਹੈ ਕਿਉਂਕਿ ਉਸ ਦੀ ਮਿਹਰ ਨਾਲ਼ ਹੀ ਸਰੀਰ ਰੂਪ ਕੱਪੜਾ ਤੇ (ਆਵਾਗਮਣ ਘੁੰਮਣਘੇਰੀ ’ਚੋਂ ਬਾਹਰ ਨਿਕਲਣ ਵਾਲ਼ਾ ਗੁਰੂ ਰਾਹੀਂ) ਮੁਕਤੀ ਰੂਪ ਦਰਵਾਜ਼ਾ ਮਿਲਦਾ ਹੈ।

ਨਾਨਕ ! ਏਵੈ ਜਾਣੀਐ; ਸਭੁ ਆਪੇ ਸਚਿਆਰੁ॥

ਉਕਤ ਤੁਕ ’ਚ ‘ਜਾਣੀਐ’ ਸ਼ਬਦ ਗੁਰਬਾਣੀ ’ਚ 79 ਵਾਰ ਦਰਜ ਹੈ ਤੇ ਇਸ ਦਾ ਅਰਥ ਹੈ: ‘ਜਾਣਿਆ ਜਾ ਸਕਦਾ’ (ਕਿਰਿਆ); ਜਿਵੇਂ

ਜੋਤਿ ਨਿਰੰਤਰਿ ਜਾਣੀਐ; ਨਾਨਕ ! ਸਹਜਿ ਸੁਭਾਇ ॥ (ਮ: ੧/੫੫)

ਸਾਚਉ (ਨੂੰ) ਦੂਰਿ ਨ ਜਾਣੀਐ; ਅੰਤਰਿ ਹੈ ਸੋਈ ॥ (ਮ: ੧/੪੨੧)

ਸਚੁ ਤਾ ਪਰੁ ਜਾਣੀਐ; ਜਾ ਰਿਦੈ (’ਚ) ਸਚਾ ਹੋਇ ॥ (ਮ: ੧/੪੬੮), ਆਦਿ।

‘ਸਭੁ’– ਇਸ ਸ਼ਬਦ ਦਾ ਪ੍ਰਚਲਿਤ ਅਰਥ ਕੀਤਾ ਜਾਂਦਾ ਹੈ ‘ਸਭ ਥਾਂ’ ਆਪ ਹੀ ‘ਸਚਿਆਰੁ’ ਹੈ, ਜੋ ਕਿ ਲਿਖਤ ਨਿਯਮ ਮੁਤਾਬਕ ਦਰੁਸਤ ਨਹੀਂ ਕਿਉਂਕਿ ‘ਸਭੁ’ ਪੁਲਿੰਗ ਹੈ ਤੇ ‘ਥਾਂ’ ਇਸਤ੍ਰੀ ਲਿੰਗ; ਇਸ ਸੂਰਤ ’ਚ ਇਸ ਦੀ ਬਣਤਰ ‘ਸਭ’ ਹੋਣੀ ਚਾਹੀਦੀ ਸੀ; ਜਿਵੇਂ ਕਿ ਹੇਠਲੀ ਤੁਕ ’ਚ ‘ਸਭ ਮਾਟੀ’ ਤੇ ‘ਸਭ ਜੋਤਿ’ ਇਸਤ੍ਰੀ ਲਿੰਗ ਹਨ:

ਏਕੋ ਪਵਣੁ, ‘ਮਾਟੀ ਸਭ’ ਏਕਾ; ‘ਸਭ ਏਕਾ ਜੋਤਿ’ ਸਬਾਈਆ ॥ (ਮ: ੪/੯੬) ਜਾਂ ਸਭ ਪਾਸੇ ਆਪ ਹੀ ‘ਸਚਿਆਰੁ’ ਹੈ, ਅਰਥ ਕਰੀਏ ਤਾਂ ‘ਸਭ ਪਾਸੇ’ ਬਹੁ ਵਚਨ ਬਣ ਜਾਂਦਾ ਹੈ ਤੇ ਇਸ ਦਾ ਸਰੂਪ ‘ਸਭਿ’ ਹੋਣਾ ਚਾਹੀਦਾ ਸੀ; ਜਿਵੇਂ

‘ਸਭਿ ਸਤ’ ‘ਸਭਿ ਤਪ’; ‘ਸਭਿ ਚੰਗਿਆਈਆ’ ॥ (ਮ: ੧/੯), ਇਸ ਲਈ ‘ਸਭੁ ਆਪੇ ਸਚਿਆਰੁ’ ਦਾ ਅਰਥ ‘ਸਭ ਕੁਝ (ਕਰਨ ਤੇ ਕਰਵਾਉਣ ਦੇ ਸਮਰੱਥ) ਸਚਿਆਰ (ਸਤ੍ਯ ਦਾ ਸ੍ਰੋਤ) ਆਪ ਹੀ ਹੈ’, ਦਰੁਸਤ ਜਾਪਦਾ ਹੈ।

ਪ੍ਰਸੰਗ ਮੁਤਾਬਕ ਪਉੜੀ ਦਾ ਵਿਸ਼ਾ ‘ਸਾਚਾ ਸਾਹਿਬੁ’ ਦੀ ‘ਅੰਮ੍ਰਿਤ ਵੇਲੇ’ ਉਸਤਤ ਕਰਨਾ ਤੇ ਬਿਨਾਂ ਮੰਗਿਆਂ ਦਾਤਾਂ ਦੇਣ ਵਾਲ਼ੇ ਉਸ ਦਾਤਾਰ ਤੋਂ ਸਮਾਜਿਕ ਮੰਗ ਨਾ ਮੰਨਣਾ ਹੈ, ਜਿਸ ਦੀ ਕਿਰਪਾ ਨਾਲ਼ ਮਨੁੱਖਾ ਸਰੀਰ ਰੂਪ ਚੋਲ਼ਾ ਤੇ (ਆਵਾਗਮਣ ਚੱਕਰਵਿਊ ਤੋਂ) ਮੁਕਤੀ ਵਾਲ਼ਾ ਬੂਹਾ ਲੱਭੀਦਾ ਹੈ, ਪਰ ਜੋ ਇਸ ਸਚਾਈ ਨੂੰ ਅਪਣਾਉਣ ਤੋਂ ਅਸਮਰਥ ਹਨ ਉਨ੍ਹਾਂ ਪ੍ਰਤਿ ਨਕਾਰਤਮਕ ਸੋਚ ਲੈ ਕੇ ਬੈਠਣ ਨਾਲ਼ ਆਪਣਾ ਨੁਕਸਾਨ ਕਰਵਾਉਣ ਤੋਂ ਬਚਣ ਲਈ ਕਰਤਾਰ ਦੀ ਕੁਦਰਤ ਦਾ ਉਹ ਪਹਿਲੂ ਵੀ ਵਿਚਾਰਨ ਯੋਗ ਹੋ ਜਾਂਦਾ ਹੈ ਜਿਸ ਨਾਲ਼ ਆਵਾਗਮਣ ਵਾਲ਼ਾ ਮਾਰਗ ਸ਼ੁਰੂ ਹੁੰਦਾ ਹੈ ‘‘ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ, ਆਇ ਜਾਇ ਦੁਖੁ ਪਾਇਦਾ ॥’’ (ਮ: ੫/੧੦੭੫) ਤਾਂ ਤੇ ਪਉੜੀ ਦੀ ਸਮਾਪਤੀ ’ਚ ਦਰਜ ‘ਸਭੁ ਆਪੇ ਸਚਿਆਰੁ’ ਦਾ ਅਰਥ ‘ਸਭ ਚੰਗੇ-ਮੰਦੇ ਦਾ ਕਰਤਾ ‘ਸਚਿਆਰੁ’ ਆਪ ਹੀ ਹੈ’ ਵਧੇਰੇ ਅਨੁਕੂਲ ਹੈ।

ਸੋ, ‘‘ਨਾਨਕ ! ਏਵੈ ਜਾਣੀਐ; ਸਭੁ ਆਪੇ ਸਚਿਆਰੁ॥’’ ਭਾਵ ਹੇ ਨਾਨਕ ! ਇਉਂ ਸਮਝਣਾ ਚਾਹੀਦਾ ਹੈ ਕਿ ਸਭ ਕੁਝ (ਭਗਤੀ ਕਰਨ ਵਾਲ਼ਾ ਜਾਂ ਕਰਵਾਉਣ ਵਾਲ਼ਾ) ‘ਸਚਿਆਰੁ’ (ਸਦੀਵੀ ਸਥਿਰ) ਮਾਲਕ ਆਪ ਹੀ ਹੈ।