JAP (Pori No. 21)

0
863

ਤੀਰਥੁ, ਤਪੁ, ਦਇਆ, ਦਤੁ ਦਾਨੁ ॥ ਜੇ ਕੋ ਪਾਵੈ; ਤਿਲ ਕਾ ਮਾਨੁ ॥ ਸੁਣਿਆ, ਮੰਨਿਆ, ਮਨਿ ਕੀਤਾ ਭਾਉ ॥

ਅੰਤਰਗਤਿ ਤੀਰਥਿ; ਮਲਿ ਨਾਉ ॥ ਸਭਿ ਗੁਣ ਤੇਰੇ; ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ; ਭਗਤਿ ਨ ਹੋਇ ॥

ਸੁਅਸਤਿ ਆਥਿ; ਬਾਣੀ, ਬਰਮਾਉ ॥ ਸਤਿ ਸੁਹਾਣੁ; ਸਦਾ ਮਨਿ ਚਾਉ ॥

ਕਵਣੁ ਸੁ ਵੇਲਾ ? ਵਖਤੁ ਕਵਣੁ ? ਕਵਣ ਥਿਤਿ ? ਕਵਣੁ ਵਾਰੁ ? ॥ ਕਵਣਿ ਸਿ ਰੁਤੀ ? ਮਾਹੁ ਕਵਣੁ ? ਜਿਤੁ ਹੋਆ ਆਕਾਰੁ ॥

ਵੇਲ ਨ ਪਾਈਆ ਪੰਡਤੀ; ਜਿ, ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ; ਜਿ, ਲਿਖਨਿ ਲੇਖੁ ਕੁਰਾਣੁ ॥

ਥਿਤਿ, ਵਾਰੁ ਨਾ ਜੋਗੀ ਜਾਣੈ; ਰੁਤਿ, ਮਾਹੁ ਨਾ ਕੋਈ ॥ ਜਾ ਕਰਤਾ, ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ ॥

ਕਿਵ ਕਰਿ ਆਖਾ ? ਕਿਵ ਸਾਲਾਹੀ ? ਕਿਉ ਵਰਨੀ ? ਕਿਵ ਜਾਣਾ ? ॥

ਨਾਨਕ ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ, ਸਿਆਣਾ ॥ ਵਡਾ ਸਾਹਿਬੁ, ਵਡੀ ਨਾਈ; ਕੀਤਾ ਜਾ ਕਾ ਹੋਵੈ ॥

ਨਾਨਕ ! ਜੇ ਕੋ ਆਪੌ ਜਾਣੈ; ਅਗੈ ਗਇਆ ਨ ਸੋਹੈ ॥੨੧॥ (ਜਪੁ /ਮ: ੧)

ਉਚਾਰਨ ਸੇਧ: ਨ੍ਹਾਉ, ਨਾਹੀਂ, ਬਰ੍ਹੰਮਾਉ, ਮਾਹ, ਪੰਡਤੀਂ, ਕਾਦੀਆਂ, ਮਾਹ, ਆਖਾਂ, ਸਾਲਾਹੀਂ, ਕਿਉਂ, ਵਰਨੀਂ, ਜਾਣਾਂ, ਆਪੌਂ।

ਪਦ ਅਰਥ: ਦਇਆ-ਅਹਿੰਸਾ (ਇਸਤ੍ਰੀ ਲਿੰਗ)।, ਦਤੁ-ਦਿੱਤਾ (ਗੁਣ ਵਾਚਕ ਵਿਸ਼ੇਸ਼ਣ)।, ਤਿਲ-ਤਿਲ ਮਾਤਰ (ਤੁੱਛ-ਮਾਤਰ, ਥੋੜ੍ਹਾ ਹੀ, ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ)।, ਭਾਉ- ਪ੍ਰੇਮ-ਪਿਆਰ (ਪੁਲਿੰਗ ਨਾਂਵ)।, ਅੰਤਰਗਤਿ-ਅੰਦਰੂਨੀ, ਅਧਿਆਤਮਿਕ (ਤਲ ’ਤੇ), ਅੰਦਰਮੁਖੀ (ਨਾਂਵ)।, ਤੀਰਥਿ- ਤੀਰਥ ਉੱਤੇ (ਅਧਿਕਰਣ ਕਾਰਕ)।, ਨਾਉ- ਇਸ਼ਨਾਨ (ਨਾਂਵ)।, ਸਭਿ ਗੁਣ-ਸਾਰੇ ਉਪਕਾਰ (ਅਹਿਸਾਨ)।, ਸੁਅਸਤਿ-ਕਲਿਆਣ ਸਰੂਪ (ਨਾਉ)।, ਬਾਣੀ- ਤੇਰੀ ਉਸਤਤ ਭਰਪੂਰ ਰਚਨਾ (ਇਸਤ੍ਰੀ ਲਿੰਗ ਨਾਂਵ)।, ਬਰਮਾਉ- ਬ੍ਰਹਮ ਰੂਪ (ਭਾਵ ਤੇਰਾ ਹੀ ਰੂਪ)।, ਸੁਹਾਣੁ- ਸੁੰਦਰ (ਵਿਸ਼ੇਸ਼ਣ)।, ਕਵਣੁ- ਕਿਹੜਾ? (ਪ੍ਰਸ਼ਨ ਵਾਚਕ ਪੜਨਾਂਵ)।, ਥਿਤਿ-ਚੰਦ੍ਰਮਾ ਨਾਲ ਸੰਬੰਧਿਤ ਦਿਨ; ਜਿਵੇਂ: ਦੂਜ, ਤੀਜ ਆਦਿ (ਇਸਤ੍ਰੀ ਲਿੰਗ ਨਾਂਵ)।, ਵਾਰੁ- ਸੂਰਜ ਨਾਲ ਸੰਬੰਧਿਤ ਦਿਨ; ਜਿਵੇਂ: ਸੋਮਵਾਰ, ਮੰਗਲਵਾਰ ਆਦਿ। (ਇੱਕ ਵਚਨ ਪੁਲਿੰਗ ਨਾਂਵ)।, ਮਾਹੁ- ਮਹੀਨਾ (ਇੱਕ ਵਚਨ ਪੁਲਿੰਗ ਨਾਂਵ)।, ਜਿਤੁ- ਜਿਸ ਦੀ ਰਾਹੀਂ (ਕਰਣ ਕਾਰਕ)।, ਪੰਡਤੀ- ਪੰਡਤਾਂ ਨੇ (ਕਰਤਾ ਕਾਰਕ ਬਹੁ ਵਚਨ)।, ਲੇਖੁ-ਨਿਬੰਧ, ਮਜ਼ਮੂਨ, ਲਿਖਤ (ਨਾਂਵ)।, ਕਾਦੀਆ- ਕਾਜ਼ੀਆਂ ਨੇ (ਕਰਤਾ ਕਾਰਕ ਬਹੁ ਵਚਨ)।, ਜਾ- ਜਿਹੜਾ (ਪੜਨਾਵੀਂ ਵਿਸ਼ੇਸ਼ਣ)।, ਕਰਤਾ-ਕਰਤਾਰ (ਨਾਂਵ)।, ਸਿਰਠੀ-ਕੁਦਰਤ (ਇਸਤ੍ਰੀ ਲਿੰਗ ਨਾਂਵ)।, ਆਖਾ-ਮੈਂ ਦੱਸਾਂ (ਉੱਤਮ ਪੁਰਖ ਇੱਕ ਵਚਨ ਕਿਰਿਆ)।, ਸਾਲਾਹੀ- ਮੈਂ ਸਿਫ਼ਤ ਕਰਾਂ, ਖ਼ੂਬੀ ਦੱਸਾਂ (ਉੱਤਮ ਪੁਰਖ ਇੱਕ ਵਚਨ ਕਿਰਿਆ)।, ਵਰਨੀ- ਮੈਂ ਵਰਨਣ (ਬਿਆਨ) ਕਰਾਂ, ਵੇਰਵਾ ਦੇਵਾਂ (ਉੱਤਮ ਪੁਰਖ ਇੱਕ ਵਚਨ ਕਿਰਿਆ)।, ਆਖਣਿ- ਮੂੰਹ ਨਾਲ (ਕਰਣ ਕਾਰਕ, ਨਾਂਵ)।, ਸਭੁ ਕੋ- ਹਰ ਕੋਈ (ਅਨਿਸਚਿਤ ਪੜਨਾਂਵ)।, ਇਕ ਦੂ ਇਕੁ- ਇੱਕ ਤੋਂ (ਵਧ ਕੇ) ਇੱਕ ।, ਨਾਈ- ਸਨਾਈ, ਅਸਨਾਈ, ਵਡਿਆਈ, ਮਹਿਮਾ, ਪ੍ਰਸਿੱਧੀ (ਇਸਤ੍ਰੀ ਲਿੰਗ ਨਾਂਵ)।, ਆਪੌ-ਆਪਣੇ ਆਪ (ਨਿਜੀ ਮਨਮਤੀ ਬੋਧ) ਤੋਂ (ਅਪਾਦਾਨ ਕਾਰਕ)। ਅਗੈ-(ਸੱਚ ਦੀ ਕਸੌਟੀ ਦੇ) ਸਨਮੁਖ, ਸਾਮ੍ਹਣੇ (ਕਿਰਿਆ ਵਿਸ਼ੇਸ਼ਣ)।

(ਨੋਟ: ‘ਜਪੁ’ ਬਾਣੀ ਦੀ ਪਉੜੀ ਨੰਬਰ 20 ਵੀਂ ਵਿੱਚ ਵਿਸ਼ਾ ‘ਪੰਚ’ (ਪੁੰਨੀ) ਤੇ ‘ਅਪੰਚ’ (ਪਾਪੀ) ਨਾਲ ਸੰਬੰਧਿਤ ਸੀ ਪਰ 144 ਸ਼ਬਦ ਦੇ ਸੁਮੇਲ ਨਾਲ ਭਰਪੂਰ ਇਸ (21 ਵੀਂ) ਪਉੜੀ ਵਿੱਚ ਵਿਸ਼ਾ ‘ਪੰਚ’ ਦੀ ਜਾਗਰੂਕ ਸੋਚ ਨਾਲ ਸੰਬੰਧਿਤ ਹੈ, ਜਿਸ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ:  )

‘‘ਤੀਰਥੁ, ਤਪੁ, ਦਇਆ, ਦਤੁ ਦਾਨੁ ॥’’– ਇਸ ਪੰਕਤੀ ’ਚ ਦਰਜ ਸਾਰੇ ਹੀ ਧਾਰਮਿਕ ਕਰਮਾਂ ਨੂੰ ਗੁਰਮਤਿ; ਤੁੱਛ ਧਾਰਮਿਕ ਯੁਕਤੀ (ਮਰਿਆਦਾ) ਮੰਨ ਕੇ ਰੱਦ ਕਰਦੀ ਹੈ ਇਸ ਲਈ ਇਸ ਪੰਕਤੀ ’ਚ ਦਰਜ ਸ਼ਬਦ ‘ਦਇਆ’ ਨੂੰ ਰੱਬੀ ਕਿਰਪਾ ਦੇ ਸੰਬੰਧ ਵਿੱਚ ਨਹੀਂ ਵੀਚਾਰਿਆ ਜਾ ਸਕਦਾ।

‘ਦਇਆ’- ਇਹ ਸ਼ਬਦ ਗੁਰਬਾਣੀ ਵਿੱਚ 224 ਵਾਰ ਦਰਜ ਹੈ, ਜਿਸ ਦਾ ਅਰਥ ਹੈ ਕਿ ‘ਕਿਸੇ ਦੇ ਦੁੱਖ ਨੂੰ ਵੇਖ ਕੇ ਉਸ ਪ੍ਰਤੀ ਕਰੁਣਾ, ਤਰਸ, ਮਿਹਰ, ਰਹਿਮ’ ਧਾਰਨ ਕਰਨੀ।’ ਪਰ ਗੁਰਬਾਣੀ ਵਿੱਚ ਇਸ ਨੂੰ ਤਿੰਨ ਸੰਦਰਭਾਂ (ਪਰਿਪੇਖਾਂ) ’ਚ ਇਸਤੇਮਾਲ ਕੀਤਾ ਗਿਆ ਹੈ:

(ੳ). ਜੀਵਾਂ ਦੇ ਦੁੱਖ-ਤਕਲੀਫ਼ (ਮੁਸ਼ਕਲਾਂ, ਔਕੜਾਂ) ਨੂੰ ਵੇਖ ਕੇ ਪ੍ਰਮਾਤਮਾ; ਆਦਿ ਕਾਲ ਤੋਂ ਜੀਵਾਂ ਉੱਤੇ ਮਿਹਰ (ਕਿਰਪਾ) ਕਰਦਾ ਆ ਰਿਹਾ ਹੈ। ਇਸ (ਮਿਹਰ) ਪ੍ਰਤੀ ਗੁਰਬਾਣੀ ਵਿੱਚ ‘ਦਇਆ’ ਸ਼ਬਦ ਵੀ ਦਰਜ ਹੈ; ਜਿਵੇਂ:

‘‘ਧੌਲੁ ਧਰਮੁ; ਦਇਆ ਕਾ ਪੂਤੁ ॥’’ (ਜਪੁ /ਮ: ੧)

‘‘ਹਮ ਕੀਰੇ ਕਿਰਮ, ਸਤਿਗੁਰ ਸਰਣਾਈ; ਕਰਿ ਦਇਆ, ਨਾਮੁ ਪਰਗਾਸਿ ॥’’ (ਮ: ੪/੧੦)

‘‘ਹਉ ਗੁਰ ਸਰਣਾਈ ਢਹਿ ਪਵਾ; ਕਰਿ ਦਇਆ, ਮੇਲੇ ਪ੍ਰਭੁ ਸੋਇ ॥’’ (ਮ: ੪/੩੯)

‘‘ਜਿਸ ਨੋ ਦੇਵੈ ਦਇਆ ਕਰਿ; ਸੋਈ ਪੁਰਖੁ ਸੁਜਾਨੁ ॥’’ (ਮ: ੫/੧੩੬)

‘‘ਦਇਆ ਕਰਹੁ, ਕਿਛੁ ਮਿਹਰ ਉਪਾਵਹੁ; ਡੁਬਦੇ ਪਥਰ ਤਾਰੇ ॥’’ (ਮ: ੧/੧੫੬) ਆਦਿ।

(ਅ). ‘ਦਇਆ’ ਸ਼ਬਦ ਦਾ ਦੂਸਰਾ ਅਰਥ ਹੈ; ਮਨੁੱਖਾਂ ਵੱਲੋਂ ਮਨੁੱਖਾਂ ਪ੍ਰਤੀ ਵਿਖਾਇਆ ਗਿਆ ‘ਪਿਆਰ, ਹਮਦਰਦੀ, ਪਰਉਪਕਾਰ’; ਇਸ ਲਈ ‘ਦਇਆ’ ਸ਼ਬਦ ਨਾਲ ਸੰਬੰਧਿਤ ਜ਼ਿਆਦਾਤਰ ਸ਼ਬਦਾਂ ਰਾਹੀਂ ਉਸ ਮਾਨਸਿਕਤਾ ਨੂੰ ਉਪਦੇਸ਼ ਕੀਤਾ ਗਿਆ ਹੈ, ਜੋ ਨਿਰਦਈਪੁਣਾ ਸੋਚ ਨਾਲ ਸੰਬੰਧਿਤ ਸੀ; ਜਿਵੇਂ:

‘‘ਦਇਆ ਜਾਣੈ ਜੀਅ ਕੀ; ਕਿਛੁ ਪੁੰਨੁ ਦਾਨੁ ਕਰੇਇ ॥’’ (ਮ: ੧/੪੬੮)

‘‘ਗੁਰਿ ਪੂਰੈ, ਅਪਨੀ ਕਲ ਧਾਰੀ; ਸਭ ਘਟ ਉਪਜੀ ਦਇਆ ॥’’ (ਮ: ੫/੬੧੮)

‘‘ਕਹਿ ਰਵਿਦਾਸ ! ਉਦਾਸ ਦਾਸ ਮਤਿ; ਪਰਹਰਿ ਕੋਪੁ (ਛੱਡ ਕ੍ਰੋਧ) , ਕਰਹੁ ਜੀਅ ਦਇਆ ॥’’ (ਭਗਤ ਰਵਿਦਾਸ/੬੫੮)

‘‘ਮੇਰੀ ਮੇਰੀ ਕਰਿ ਕਰਿ ਮੂਠਉ (ਲੁਟਿਆ ਗਿਆ); ਪਾਪ ਕਰਤ, ਨਹ ਪਰੀ ਦਇਆ ॥’’ (ਮ: ੫/੮੨੬)

‘‘ਅਹਿਨਿਸਿ ਨਿੰਦਾ ਤਾਤਿ ਪਰਾਈ; ਹਿਰਦੈ ਨਾਮੁ ਨ ਸਰਬ ਦਇਆ ॥’’ (ਮ: ੧/੯੦੬)

‘‘ਹਿੰਸਾ ਤਉ ਮਨ ਤੇ ਨਹੀ ਛੂਟੀ; ਜੀਅ ਦਇਆ ਨਹੀ ਪਾਲੀ ॥’’ (ਭਗਤ ਪਰਮਾਨੰਦ/੧੨੫੩) ਆਦਿ।

(ੲ). ‘ਦਇਆ’ ਸ਼ਬਦ ਦਾ ਤੀਸਰਾ ਅਰਥ ਬਣਦਾ ਹੈ ‘ਮਾਸ’ ਪ੍ਰਤੀ (ਸਾਕਾਹਾਰੀਆਂ ਵੱਲੋਂ) ਅਹਿੰਸਾ ਦੀ ਭਾਵਨਾ; ਜਿਵੇਂ:

‘‘ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ ॥ ਅਠਸਠਿ ਤੀਰਥ, ਸਗਲ ਪੁੰਨ; ਜੀਅ ਦਇਆ ਪਰਵਾਨੁ ॥’’ (ਮ: ੫/੧੩੬) ਭਾਵ ਸੱਚ ਦੇ ਮਾਰਗ ਉੱਤੇ ਚੱਲਣ ਵਾਲਿਆਂ ਦਾ ਸਮਾਜ ਸਦਾ (ਦੀਰਘ ਕਾਲ ਤੱਕ) ਸਤਿਕਾਰ ਕਰਦਾ ਹੈ। ਉਨ੍ਹਾਂ ਵੱਲੋਂ ਸੱਚ ’ਤੇ ਦਿੱਤੇ ਗਏ ਪਹਿਰੇ ਵਿੱਚ ਹੀ, ‘ਪਰਵਾਣੁ’ (ਭਾਵ ਪ੍ਰਵਾਨੇ ਜਾਂਦੇ, ਸਵਿਕਾਰੇ ਜਾਂਦੇ, ਮੰਨੇ ਜਾਂਦੇ ਧਾਰਮਿਕ ਕੰਮ; ਜਿਵੇਂ ਕਿ) 68 ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ ਤੇ ਜੀਵ-ਜੰਤ ਪ੍ਰਤੀ ਅਹਿੰਸਾ ਵਾਲੀ ਭਾਵਨਾ ਆ ਜਾਂਦੀ ਹੈ।

(ਨੋਟ: ਉਕਤ ਪੰਕਤੀ ’ਚ ਦਰਜ ‘‘ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ ॥’’ ਉਪਵਾਕ ਦੀ ‘‘ਅਠਸਠਿ ਤੀਰਥ, ਸਗਲ ਪੁੰਨ; ਜੀਅ ਦਇਆ ਪਰਵਾਨੁ ॥’’ ਉਪਵਾਕ ਨਾਲ ਤੁਲਨਾ ਕੀਤੀ ਗਈ ਹੈ। ‘ਦਇਆ’ ਸ਼ਬਦ ਬਾਰੇ ਉਪਰੋਕਤ ‘ੳ’ ਰਾਹੀਂ ਕੀਤੀ ਗਈ ਵੀਚਾਰ ਅਨੁਸਾਰ ਇਸ ਵਾਕ ਦੇ ਅਰਥ ਇਉਂ ਨਹੀਂ ਬਣ ਸਕਦੇ ਕਿ ‘ਸੱਚੇ ਮਾਰਗ ਉੱਤੇ ਚੱਲਣ ਵਿੱਚ ਹੀ ਰੱਬੀ ‘ਮਿਹਰ’ ਆ ਜਾਂਦੀ ਹੈ’ ਜਾਂ ‘ਅ’ ਰਾਹੀਂ ਕੀਤੀ ਗਈ ਵੀਚਾਰ ਕਿ ‘ਸੱਚੇ ਮਾਰਗ ਉੱਤੇ ਚੱਲਣ ਵਿੱਚ ਹੀ ‘ਪਰਉਪਕਾਰ, ਪਿਆਰ’ ਆ ਜਾਂਦਾ ਹੈ’ ਇਸ ਲਈ ਉਕਤ ਪੰਕਤੀ ਦੇ ਅਰਥ; ਜੀਵਾਂ ਵੱਲੋਂ ਬਣਾਈ ਗਈ ‘ਮਾਸ’ ਪ੍ਰਤੀ ਭਾਵਨਾ (ਅਹਿੰਸਾ) ਦਾ ਜ਼ਿਕਰ ਹੀ ਉਚਿਤ ਜਾਪਦਾ ਹੈ। ਅਜਿਹਾ ਹੀ ਅਰਥ ਭਾਵ ‘ਜਪੁ’ ਬਾਣੀ ਦੀ ਸੰਬੰਧਿਤ ਪੰਕਤੀ (ਪਉੜੀ) ਰਾਹੀਂ ਮਿਲਦਾ ਹੈ, ਜਿਸ ਨੂੰ ਗੁਰੂ ਜੀ ‘‘ਤਿਲ ਕਾ ਮਾਨੁ ॥’’ ਸੰਦਰਭ ’ਚ ਵੇਖ ਰਹੇ ਹਨ।)

‘‘ਜੇ ਕੋ ਪਾਵੈ; ਤਿਲ ਕਾ ਮਾਨੁ ॥’’– ਇਸ ਪੰਕਤੀ ’ਚ ਦਰਜ ‘ਤਿਲ’ ਸ਼ਬਦ ਦਾ ਮੂਲ ਸਰੋਤ ਸ਼ਬਦ ‘ਤਿਲੁ’ ਹੈ, ਜਿਸ ਦਾ ਅਰਥ ਹੈ ‘ਤਿਲ ਮਾਤ੍ਰ, ਥੋੜ੍ਹਾ ਕੁ’ । ਗੁਰਬਾਣੀ ਵਿੱਚ ‘ਤਿਲੁ’ ਸ਼ਬਦ 80 ਵਾਰ ਦਰਜ ਹੈ; ਜਿਵੇਂ:

‘‘ਵਡਾ ਦਾਤਾ; ‘ਤਿਲੁ’ ਨ ਤਮਾਇ ॥’’ (ਜਪੁ /ਮ: ੧)

‘‘ਇਕੁ ‘ਤਿਲੁ’ ਪਿਆਰਾ ਵੀਸਰੈ; ਰੋਗੁ ਵਡਾ ਮਨ ਮਾਹਿ ॥’’ (ਮ: ੧/੨੧)

‘‘ਆਗੈ; ਠਾਕੁਰਿ, ‘ਤਿਲੁ’ ਨਹੀ ਮਾਨੀ ॥’’ (ਮ: ੫/੨੫੫) ਆਦਿ।

ਪਰ ਸੰਬੰਧਿਤ ਪੰਕਤੀ ’ਚ ‘ਤਿਲੁ’ ਤੋਂ ‘ਤਿਲ’ (ਅੰਤ ਮੁਕਤਾ) ਸਰੂਪ ਬਣਨ ਦਾ ਮੁੱਖ ਕਾਰਨ ਸੰਬੰਧਕ ਸ਼ਬਦ ‘ਕਾ’ ਦਾ ਦਰਜ ਹੋਣਾ ਹੈ; ਜਿਵੇਂ ਗੁਰਬਾਣੀ ਵਿੱਚ ਹੋਰ ਜਗ੍ਹਾ ਵੀ ਦਰਜ ਹੈ:

‘‘ਬਿਘਨੁ ਨ ਲਾਗੈ ‘ਤਿਲ ਕਾ’ ਕੋਈ; ਕਾਰਜ ਸਗਲ ਸਵਾਰੇ ॥’’ (ਮ: ੫/੬੨੪)

ਲੇਪੁ ਨ ਲਾਗੋ, ‘ਤਿਲ ਕਾ’ ਮੂਲਿ ॥ (ਮ: ੫/੧੧੩੭) ਆਦਿ।

ਤੀਰਥੁ, ਤਪੁ, ਦਇਆ, ਦਤੁ ਦਾਨੁ॥ ਜੇ ਕੋ ਪਾਵੈ, ਤਿਲ ਕਾ ਮਾਨੁ॥

ਭਾਵ- (ਅਰਥਹੀਣ) ਤੀਰਥ ਇਸ਼ਨਾਨ, ਤਪ ਅਭਿਆਸ (ਤਪੱਸਿਆ), ਜੀਵ ਹੱਤਿਆ ਪ੍ਰਤਿ ਤਰਸ, ਕਿਸੇ ਵਿਸ਼ੇਸ਼ ਵਰਗ ਨੂੰ ਦਿੱਤਾ ਗਿਆ ਦਾਨ, ਆਦਿ ਬਦਲੇ ਅਗਰ ਕੋਈ (ਲੋਕਾਂ ਪਾਸੋਂ) ਸਤਿਕਾਰ ਲੈਣਾ ਚਾਹੇ, ਤਾਂ ਕੇਵਲ ਤਿਲ-ਮਾਤਰ (ਥੋੜ੍ਹਾ ਜਿਹਾ) ਮਿਲਦਾ ਹੈ (ਭਾਵ ਕਦੇ ਕਦਾਈਂ ਲੋਕ ਕਹਿ ਸਕਦੇ ਹਨ ਕਿ ਇਹ ਧਰਮੀ ਪੁਰਸ਼ ਹੈ)।

(ਨੋਟ: ਉਕਤ ਪੰਕਤੀ ‘‘ਤੀਰਥੁ, ਤਪੁ, ਦਇਆ, ਦਤੁ ਦਾਨੁ ॥’’ ’ਚ ਦਰਜ ‘ਦਇਆ’ ਸ਼ਬਦ ਦੇ ਅਰਥ (ਸਾਕਾਹਾਰੀ ਸੋਚ ਅਧੀਨ) ‘ਜੀਵਾਂ ’ਤੇ ਦਇਆ ਕਰਨੀ’ ਬਣਾਉਣ ਲਈ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ‘ਤੀਰਥ, ਤਪੁ’ ਆਦਿ ਸ਼ਬਦਾਂ ਦੇ ਅਰਥ ਵੀ ‘ਸਦ-ਗੁਣ’ (ਸ਼ੁੱਭ ਗੁਣ) ਪ੍ਰਤੀ ਉਲਥਾ ਦਿੱਤੇ ਹਨ; ਉਨ੍ਹਾਂ ਅਨੁਸਾਰ ਅਰਥ ਬਣਦੇ ਹਨ: ‘ਤੀਰਥ (ਇਸ਼ਨਾਨ), ਤਪ-ਸਾਧਨਾ, ਜੀਵਾਂ ਉੱਤੇ ਤਰਸ ਅਤੇ ਦਿੱਤਾ ਦਾਨ (ਇਹ ਸਦ-ਗੁਣ ਜੀਵਨ-ਪ੍ਰਗਤੀ ਲਈ ਕੇਵਲ ਸਾਧਨ ਮਾਤ੍ਰ ਹਨ। ਇਨ੍ਹਾਂ ਸਦ-ਗੁਣਾਂ ਨੂੰ ਜੀਵਨ ਦਾ ਅੰਤਮ ਨਿਸ਼ਾਨਾ ਮਿਥ ਕੇ) ਜੇ ਕੋਈ (ਇਨ੍ਹਾਂ ਦਾ ਕੁਝ ਫਲ) ਪ੍ਰਾਪਤ ਕਰ ਸਕਦਾ ਹੈ ਤਾਂ ਉਹ ਤਿਲ ਮਾਤ੍ਰ (ਤੁਛ) ਆਦਰ ਹੀ (ਹੋ ਸਕਦਾ) ਹੈ।         (ਭਾਈ ਜੋਗਿੰਦਰ ਸਿੰਘ ਤਲਵਾੜਾ)

ਵੀਚਾਰ-ਭਾਈ ਸਾਹਿਬ ਅਨੁਸਾਰ ਇਹ ਕੇਵਲ ਅੰਤਮ ਨਿਸ਼ਾਨਾ ਨਹੀਂ ਹੋ ਸਕਦੇ ? ਤਾਂ ਫਿਰ ਮੰਨਣਾ ਪਵੇਗਾ ਕਿ ਅੰਤਮ ਨਿਸ਼ਾਨੇ ਤੋਂ ਪਹਿਲਾਂ ਇਨ੍ਹਾਂ (‘ਤੀਰਥੁ, ਤਪੁ’ ਆਦਿ) ਦੀ ਜ਼ਰੂਰਤ ਹੈ ?)

‘‘ਸੁਣਿਆ, ਮੰਨਿਆ, ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ; ਮਲਿ ਨਾਉ ॥’’– ਇਸ ਪੰਕਤੀ ’ਚ ਦਰਜ ‘ਅੰਤਰਗਤਿ’ ਸ਼ਬਦ ਗੁਰਬਾਣੀ ਵਿੱਚ 9 ਵਾਰ ਦਰਜ ਹੈ, ਜਿਸ ਦਾ ਅਰਥ ਹੈ ‘ਮਾਨਸਿਕ ਗਿਆਨ ਰਾਹੀਂ ਅੰਦਰੂਨੀ ਵਿਕਾਰ (ਤਰੁੱਟੀਆਂ) ਨੂੰ ਲੱਭ ਕੇ ਉਨ੍ਹਾਂ ਤੋਂ ਛੁਟਕਾਰਾ ਪਾਉਣਾ’; ਜਿਵੇਂ:

‘‘ਅੰਤਰਗਤਿ; ਜਿਸੁ ਆਪਿ ਜਨਾਏ ॥’’ (ਮ: ੫/੨੯੪)

‘‘ਰਾਮੁ ਜਪਹੁ; ਅੰਤਰਗਤਿ ਧਿਆਨੇ ॥’’ (ਮ: ੧/੧੦੩੦)

‘‘ਅੰਤਰਗਤਿ ਹਰਿ ਭੇਟਿਆ; ਅਬ ਮੇਰਾ ਮਨੁ, ਕਤਹੂ ਨ ਜਾਇ ॥’’ (ਭਗਤ ਕਬੀਰ/੧੧੦੩)

‘‘ਗਰਲ ਨਾਸੁ (ਨਾਸ਼ ਕਰਨ ਵਾਲਾ ਜ਼ਹਿਰ) ਤਨਿ ਨਠਯੋ; ਅਮਿਉ, ਅੰਤਰਗਤਿ ਪੀਓ ॥’’ (ਭਟ ਕਲੵ /੧੩੯੨) ਆਦਿ।

‘ਮਲਿ ਨਾਉ’– ਇਹ ਜੁੜਤ ਸ਼ਬਦ ਗੁਰਬਾਣੀ ਵਿੱਚ ਕੇਵਲ (ਇੱਕ ਵਾਰ) ਇੱਥੇ ਹੀ ਦਰਜ ਹੈ ਜਦਕਿ ‘ਨਾਉ’ ਸ਼ਬਦ 384 ਵਾਰ ਦਰਜ ਹੈ, ਜਿਸ ਦਾ ਅਰਥ ਹੈ (ਰੱਬੀ) ‘ਨਾਮ’ (ਭਾਵ ਇੱਕ ਵਚਨ ਪੁਲਿਗ ਨਾਂਵ), ਪਰ ਕੇਵਲ 2 ਵਾਰ (ਸੰਬੰਧਿਤ ਪੰਕਤੀ ਤੋਂ ਇਲਾਵਾ ਇੱਕ ਵਾਰ ਹੋਰ) ‘ਨਾਉ’ ਸ਼ਬਦ ਦਾ ਅਰਥ ਹੈ ‘ਇਸ਼ਨਾਨ’ (ਨਾਂਵ); ਜਿਵੇਂ:

‘‘ਕਰਿ ਸੰਗਤਿ ਤੂ ਸਾਧ ਕੀ; ਅਠਸਠਿ ਤੀਰਥ ਨਾਉ ॥’’ (ਮ: ੫/੪੭) ਭਾਵ ਹੇ ਭਾਈ ! ਤੂੰ ਗੁਰੂ ਦੀ ਸੰਗਤ ਕਰਿਆ ਕਰ, ਇਸ ਵਿੱਚ ਹੀ 68 ਤੀਰਥਾਂ ਦਾ ਇਸ਼ਨਾਨ (ਆ ਜਾਂਦਾ ਹੈ)।

(ਨੋਟ: ਉਕਤ ਦੋ ਵਾਰ ਜਿੱਥੇ ‘ਨਾਉ’ ਸ਼ਬਦ ਦਾ ਅਰਥ ‘ਇਸ਼ਨਾਨ’ (ਨਾਂਵ) ਬਣਦਾ ਹੈ, ਉੱਥੇ ਇਸ ਦਾ ਉਚਾਰਨ ‘ਨ੍ਹਾਉ’ ਕਰਨਾ ਦਰੁਸਤ ਹੈ। ਇਸ ਦਾ ਬੋਧ ਸਾਨੂੰ ਇਸ ਵਾਕ ਰਾਹੀਂ ਹੁੰਦਾ ਹੈ: ‘‘ਅਠਸਠਿ ਤੀਰਥ ਗੁਰੂ ਦਿਖਾਏ; ਘਟ ਹੀ ਭੀਤਰਿ ਨ੍ਾਉਗੋ ॥’’ (ਭਗਤ ਨਾਮਦੇਵ/੯੭੩)

ਸੁਣਿਆ, ਮੰਨਿਆ, ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ, ਮਲਿ ਨਾਉ॥       

ਭਾਵ- (ਦੂਸਰੇ ਪਾਸੇ ਜਿਸ-ਜਿਸ ਨੇ ਗੁਰੂ ਉਪਦੇਸ਼) ਸੁਣਿਆ, ਕਮਾਇਆ ਤੇ (ਗੁਰੂ ਪ੍ਰਤੀ) ਮਨ ’ਚ ਪਿਆਰ (ਉਡੀਕ, ਤਾਂਘ) ਪੈਦਾ ਕੀਤਾ ਉਹ ਅੰਤਰਮੁਖੀ ਤੀਰਥ ਉੱਤੇ (ਭਾਵ ਉਜਲ ਆਤਮਾ ’ਤੇ ਵਿਕਾਰ ਰੂਪ ਚੜ੍ਹੀ ਬਾਹਰੀ ਮਲ਼ੀਨ ਸਤ੍ਹਾ-ਪਰਤ/ਅੰਤਹਿਕਰਣ ਨੂੰ) ਰਗੜ-ਰਗੜ ਕੇ ਸਾਫ਼ ਕਰਦਾ ਹੈ (ਭਾਵ ਗੁਰੂ ਉਪਦੇਸ਼ ਨਾਲ਼ ਨਜ਼ਰੀ ਆਈਆਂ ਆਪਣੇ ਮਨ ਦੀਆਂ ਕਮਜ਼ੋਰੀਆਂ ਨੂੰ ਘੋਖਦਾ-ਘੋਖਦਾ ਦੂਰ ਕਰਦਾ ਹੈ, ਅਜਿਹੇ ਅੰਤਰਮੁਖੀ ਇਸ਼ਨਾਨ ਨਾਲ਼ ਤਿਲ ਮਾਤਰ ਨਹੀਂ ਸਗੋਂ ਸਦਾ ਲਈ ਇੱਜ਼ਤ ਮਿਲਦੀ ਹੈ : ‘‘ਮੰਨੈ; ਪਤਿ ਸਿਉ ਪਰਗਟੁ ਜਾਇ ॥’’)

‘‘ਸਭਿ ਗੁਣ ਤੇਰੇ; ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ; ਭਗਤਿ ਨ ਹੋਇ ॥’’– ਇਸ ਪੰਕਤੀ ’ਚ ਦਰਜ ਸ਼ਬਦ ‘ਗੁਣ’ ਧਿਆਨ ਮੰਗਦਾ ਹੈ। ਗੁਰਬਾਣੀ ਵਿੱਚ ‘ਗੁਣੁ’ (ਇੱਕ ਵਚਨ) 46 ਵਾਰ ਦਰਜ ਹੈ; ਜਿਵੇਂ:

‘‘ਗੁਣੁ ਏਹੋ ਹੋਰੁ ਨਾਹੀ ਕੋਇ ॥’’ (ਮ: ੧/੯)

‘‘ਮੈ ਨਿਰਗੁਨ, ਗੁਣੁ ਨਾਹੀ ਕੋਇ ॥’’ (ਮ: /੩੮੮) ਆਦਿ ਅਤੇ ‘ਗੁਣ’ (ਬਹੁ ਵਚਨ) 1267 ਵਾਰ ਦਰਜ ਹੈ, ਜਿਸ ਦੇ ਅਰਥ ਇਸ ਪ੍ਰਾਕਾਰ ਹਨ :

‘‘ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ! ਤੇਰੇ ਕਿਆ ਗੁਣ ? ਆਖਿ ਵਖਾਣਾ ॥’’ (ਮ: ੪/੧੧) (‘ਗੁਣ’ ਭਾਵ ਵਿਸ਼ੇਸ਼ਤਾਵਾਂ, ਵਡਿਆਈਆਂ)

‘‘ਹਰਿ ਬਿਸਰਤ; ਤੇਰੇ ਗੁਣ ਗਲਿਆ ॥’’ (ਮ: ੧/੧੨) (‘ਗੁਣ’ ਭਾਵ ਕੀਮਤੀ ਸੁਆਸ; ਜਿਵੇਂ: ‘‘ਅਉਧ ਘਟੈ, ਦਿਨਸੁ ਰੈਣਾਰੇ ॥’’ (ਮ: ੫/੧੩)

‘‘ਸਰੀਰਿ ਸਰੋਵਰਿ; ਗੁਣ ਪਰਗਟਿ ਕੀਏ ॥’’ (ਮ: ੪/੩੬੭) (‘ਗੁਣ’ ਭਾਵ ‘ਸਤ, ਸਤੋਖ’ ਆਦਿ ਰਤਨ)

‘‘ਫਰੀਦਾ ! ਜਿਨ੍ੀ ਕੰਮੀ ਨਾਹਿ ਗੁਣ; ਤੇ ਕੰਮੜੇ ਵਿਸਾਰਿ ॥’’ (ਬਾਬਾ ਫਰੀਦ/੧੩੮੧) (‘ਗੁਣ’ ਭਾਵ ‘ਲਾਭ’)

‘‘ਰਜ ਗੁਣ, ਤਮ ਗੁਣ, ਸਤ ਗੁਣ ਕਹੀਐ; ਇਹ ਤੇਰੀ ਸਭ ਮਾਇਆ ॥’’ (ਭਗਤ ਕਬੀਰ/੧੧੨੩) (‘ਗੁਣ’ ਭਾਵ ਤ੍ਰੈ ਗੁਣੀ ਮਾਇਆ )

‘‘ਐਸੋ ਗੁਨੁ; ਮੇਰੋ ਪ੍ਰਭ ਜੀ ! ਕੀਨ ॥ ਪੰਚ ਦੋਖ ਅਰੁ ਅਹੰ ਰੋਗ; ਇਹ ਤਨ ਤੇ, ਸਗਲ ਦੂਰਿ ਕੀਨ ॥’’ (ਮ: ੫/੭੧੬) (‘ਗੁਣ’ ਭਾਵ ‘ਨੇਕ ਸੁਭਾਉ’) ਆਦਿ।)

ਸਭਿ ਗੁਣ ਤੇਰੇ, ਮੈ ਨਾਹੀ ਕੋਇ॥ ਵਿਣੁ ਗੁਣ ਕੀਤੇ, ਭਗਤਿ ਨ ਹੋਇ॥    

ਭਾਵ- (ਆਪਣੇ ਅੰਤਹਿਕਰਣ ਦੀ ਸੋਧ ਲਈ ਜਾਂ ਸੋਧ ਉਪਰੰਤ ਆਪਣੇ ਰਹਿਬਰ ਅੱਗੇ ਬੇਨਤੀ ਕਰਦਾ ਹੈ ਕਿ ਹੇ ਦਾਤਾਰ ਮਾਲਕ ! ਮੇਰਾ ਜੀਵਨ ਬਦਲਣ ’ਚ) ਸਾਰੇ ਤੇਰੇ ਗੁਣ (ਅਹਿਸਾਨ/ਉਪਕਾਰ) ਹਨ, ਮੇਰੇ ਅੰਦਰ ਕੋਈ ਸ਼ਕਤੀ ਨਹੀਂ ਸੀ (ਤਾਂ ਜੋ ਅਜਿਹੀ ਤਬਦੀਲੀ ਕਰ ਸਕਦਾ : ‘‘ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ..॥’’ (ਮਹਲਾ ੪/੧੬੭) ਇਸ ਲਈ) ਤੇਰੇ ਉਪਕਾਰ ਕੀਤੇ ਬਿਨਾਂ (ਤੇਰੀ) ਭਗਤੀ ਨਹੀਂ ਹੋ ਸਕਦੀ, ‘‘ਜੇਤੀ ਸਿਰਠਿ ਉਪਾਈ ਵੇਖਾ; ਵਿਣੁ ਕਰਮਾ, ਕਿ ਮਿਲੈ, ਲਈ ? ॥’’ (ਜਪੁ/ਮਹਲਾ ੧)

‘‘ਸੁਅਸਤਿ ਆਥਿ; ਬਾਣੀ, ਬਰਮਾਉ ॥ ਸਤਿ ਸੁਹਾਣੁ; ਸਦਾ ਮਨਿ ਚਾਉ ॥’’– ਇਸ ਪੰਕਤੀ ’ਚ ਦਰਜ ‘ਸੁਅਸਤਿ’ ਸ਼ਬਦ ਦਾ ਅਰਥ ਹੈ ‘ਤੰਦਰੁਸਤ, ਤਾਕਤਵਰ, ਕੁਸ਼ਲ, ਪ੍ਰਵੀਨ, ਸਦੀਵੀ ਹੋਂਦ ਵਾਲਾ, ਕਲਿਆਣ ਸਰੂਪ, ਸਦਾ ਜੈ ਹੋਵੇ’ ਆਦਿ। ਇਹ ਸ਼ਬਦ ਕੇਵਲ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵਾਰ ਹੋਰ ਵੀ ਦਰਜ ਕੀਤਾ ਹੋਇਆ ਹੈ; ਜਿਵੇਂ: ‘‘ਤਿਸੁ ਜੋਹਾਰੀ, ਸੁਅਸਤਿ ਤਿਸੁ; ਤਿਸੁ ਦੀਬਾਣੁ ਅਭਗੁ ॥’’ (ਮ: ੧/੪੬੭) ਭਾਵ ਮੈਂ ਉਸ ਨੂੰ ‘ਜੋਹਾਰੀ’ (ਪ੍ਰਣਾਮ ਕਰਦਾ) ਹਾਂ, ਉਹੀ ‘ਸੁਅਸਤਿ’ (ਸਦੀਵੀ ਹੋਂਦ ਵਾਲਾ) ਹੈ, ਉਸ ਦਾ ‘ਦੀਬਾਣੁ’ (ਆਸਰਾ) ਹੀ ‘ਅਭਗੁ’ (ਨਾਸ਼ ਰਹਿਤ) ਹੈ।

‘ਆਥਿ’– ਸੰਬੰਧਿਤ ਪੰਕਤੀ ਵਿੱਚ ‘ਸੁਅਸਤਿ, ਬਾਣੀ ਤੇ ਬਰਮਾਉ’ ਸ਼ਬਦ ਨਾਂਵ ਹੋਣ ਕਾਰਨ ‘ਆਥਿ’ ਦਾ ਅਰਥ ‘ਹੈ’ (ਕਿਰਿਆ) ਲੈਣਾ ਵਧੇਰੇ ਉਚਿਤ ਰਹੇਗਾ। ‘ਆਥਿ’ ਸ਼ਬਦ ਗੁਰਬਾਣੀ ਵਿੱਚ 10 ਵਾਰ ਦਰਜ ਹੈ, ਜਿਸ ਦਾ 3 ਵਾਰ ਅਰਥ ਬਣਦਾ ਹੈ: ‘ਹੈ’ ਜਦਕਿ 7 ਵਾਰ ਅਰਥ ‘ਮਾਇਆ’ ਬਣਦਾ ਹੈ; ਜਿਵੇਂ:

‘‘ਬਿਨੁ ਨਾਵੈ, ਧਨੁ ਬਾਦਿ ਹੈ; ਭੂਲੋ ਮਾਰਗਿ ਆਥਿ ॥’’ (ਮ: ੧/੫੯) (‘ਮਾਰਗਿ ਆਥਿ’ ਭਾਵ ‘ਮਾਇਆ ਦੇ ਰਸਤੇ ਵਿੱਚ’)

‘‘ਭੂਖ ਪਿਆਸੋ ਆਥਿ; ਕਿਉ ਦਰਿ ਜਾਇਸਾ ਜੀਉ ? ॥’’ (ਮ: ੧/੬੮੮) (‘ਆਥਿ’ ਭਾਵ ‘ਮਾਇਆ ਕਾਰਨ’)

‘‘ਆਥਿ ਦੇਖਿ; ਨਿਵੈ ਜਿਸੁ ਦੋਇ ॥’’ (ਮ: ੧/੯੩੧) (ਭਾਵ ਜਿਸ ਮਾਇਆ ਨੂੰ ਵੇਖ ਕੇ (ਗ਼ਰੀਬ-ਅਮੀਰ) ਦੋਵੇਂ ਨਿਵਦੇ (ਝੁਕਦੇ) ਹਨ।)

‘‘ਸਰਬੇ ਜੋਇ ਅਗਛਮੀ; ਦੂਖੁ ਘਨੇਰੋ ਆਥਿ ॥’’ (ਮ: ੧/੧੦੯੦) (ਭਾਵ ਹੇ ਭਾਈ! ਹਰ ਥਾਂ ‘ਜੋਇ’ (ਵੇਖ) ‘ਅਗੱਛਮੀ’ (ਨਾਸ਼ ਰਹਿਤ ਮਾਲਕ) ਨੂੰ ਕਿਉਂਕਿ ‘ਆਥਿ’ (ਮਾਇਆ ਕਾਰਨ) ਬਹੁਤ ਵੱਡਾ ਦੁੱਖ (ਰੱਬੀ ਵਿਛੋੜਾ) ਵਿਆਪਦਾ ਹੈ ਆਦਿ।

‘‘ਹੰਸੁ ਚਲੈ ਉਠਿ ਡੁਮਣੋ; ਮਾਇਆ ਭੂਲੀ ਆਥਿ ॥’’ (ਮ: ੧/੯੩੫) (ਭਾਵ ਜਦ ‘ਹੰਸ’ (ਜੀਵਾਤਮਾ) ‘ਡੁਮਣੋ’ (ਦੁਚਿੱਤੀ ਕਾਰਨ, ਸਰੀਰਕ ਜਾਮੇ ਵਿੱਚੋਂ) ਉੱਡ ਜਾਂਦਾ ਹੈ ਤਾਂ (ਸਾਰੀ ਉਮਰ ’ਚ ਕਮਾਈ) ਮਾਇਆ ਭੁੱਲ ਜਾਂਦੀ ‘ਆਥਿ’ (ਹੈ)

‘‘ਹਰਿ ਨਾਮੁ ਰਸਾਇਣੁ; ਸਹਜਿ ਆਥਿ ॥’’ (ਮ: ੧/੧੧੭੦) (‘ਸਹਜਿ ਆਥਿ’ ਭਾਵ ‘ਸਹਿਜ ਵਿੱਚ (ਮਿਲਦਾ) ਹੈ’) ਆਦਿ।

ਸੁਅਸਤਿ ਆਥਿ, ਬਾਣੀ ਬਰਮਾਉ॥ ਸਤਿ, ਸੁਹਾਣੁ, ਸਦਾ ਮਨਿ ਚਾਉ॥

ਭਾਵ- (ਹੇ ਮਾਲਕ ! ) ਤੂੰ ਕਲਿਆਣ ਸਰੂਪ ਹੈਂ, ਤੇਰੀ ਬਾਣੀ ਬ੍ਰਹਮ ਰੂਪ ਹੈ, ਤੂੰ ਸਦਾ ਸਥਿਰ, ਸੁੰਦਰ (ਪ੍ਰਭਾਵਸ਼ਾਲੀ) ਹੈਂ ਤੇ ਆਪਣੇ ਮਨ ’ਚ ਸਦਾ ਖੇੜਾ ਬਣਾਈ ਰੱਖਦਾ ਹੈਂ (ਨਾਨਕ ! ਵਿਗਸੈ ਵੇਪਰਵਾਹੁ ॥ ਭਾਵ ਸਾਨੂੰ ਬੇਚੈਨ ਵੇਖ ਆਪ ਚਿੰਤਾਤੁਰ ਨਹੀਂ ਹੁੰਦਾ, ਆਪਣੇ ਗੁਣਾਂ ’ਚ ਕਮੀ ਨਹੀਂ ਆਉਣ ਦਿੰਦਾ।)

‘‘ਕਵਣੁ ਸੁ ਵੇਲਾ ? ਵਖਤੁ ਕਵਣੁ ? ਕਵਣ ਥਿਤਿ ? ਕਵਣੁ ਵਾਰੁ ? ॥ ਕਵਣਿ ਸਿ ਰੁਤੀ ? ਮਾਹੁ ਕਵਣੁ ? ਜਿਤੁ ਹੋਆ ਆਕਾਰੁ ॥’’– ਇਸ ਪੰਕਤੀ ’ਚ ਦਰਜ ਸ਼ਬਦ ‘ਵੇਲਾ, ਵਖਤੁ, ਵਾਰੁ ਤੇ ਮਾਹੁ’ (ਅੰਤ ਔਂਕੜ ਸਹਿਤ, ਇੱਕ ਵਚਨ ਪੁਲਿੰਗ ਨਾਂਵਾਂ) ਨਾਲ ‘ਕਵਣੁ’ (ਪ੍ਰਸ਼ਨ ਵਾਚਕ ਪੜਨਾਂਵ ਵਿਸ਼ੇਸ਼ਣ ਵੀ ‘ਅੰਤ ਔਂਕੜ ਸਹਿਤ’ ਭਾਵ ਇੱਕ ਵਚਨ ਦਾ ਸੰਕੇਤ ਦੇਂਦਾ ਹੈ ਜਦਕਿ ‘ਥਿਤਿ’ ਤੇ ‘ਰੁਤੀ’ (ਇਸਤ੍ਰੀ ਲਿੰਗ ਨਾਂਵਾਂ) ਨਾਲ ‘ਕਵਣ’ (ਅੰਤ ਮੁਕਤਾ) ਅਤੇ ‘ਕਵਣਿ’ (ਅੰਤ ਸਿਹਾਰੀ) ਦਰਜ ਹੈ; ਜਿਵੇਂ ਮੂਲ ਮੰਤ੍ਰ ’ਚ ਦਰਜ ‘ਮੂਰਤਿ’ (ਇਸਤ੍ਰੀ ਲਿੰਗ ਨਾਂਵ) ਦਾ ਵਿਸ਼ੇਸ਼ਣ ‘ਅਕਾਲ’ (ਅੰਤ ਮੁਕਤਾ) ਹੈ ਅਤੇ ‘ਨਾਰੀ’ (ਇਸਤ੍ਰੀ ਲਿੰਗ ਨਾਂਵ) ਦਾ ਵਿਸ਼ੇਸ਼ਣ ‘ਸੁੰਦਰਿ’ (ਅੰਤ ਸਿਹਾਰੀ) ਹੈ: ‘‘ਓਹੁ ਜੋਗੀ ਪੁਰਖੁ; ਓਹ ‘ਸੁੰਦਰਿ ਨਾਰੀ’ ॥’’ (ਮ: ੧/੧੦੨੮)

‘ਥਿਤਿ’-ਇਹ ਸ਼ਬਦ ਚੰਦ੍ਰਮਾ ਨਾਲ ਸੰਬੰਧਿਤ ਮੰਨੀ ਜਾਂਦੀ ‘ਤਿਥ’ ਭਾਵ ਤਾਰੀਖ (ਦੂਜ, ਤੀਜ, ਪੂਰਨਮਾਸ਼ੀ (ਪੁੰਨਿਆ) ਭਾਵ ਪੂਰੇ ਚੰਨ੍ਹ ਵਾਲੀ ਰਾਤ (15 ਵੀਂ ਤਿਥ); ਜਿਵੇਂ: ‘‘ਪੂਨਿਉ; ਪੂਰਾ ਚੰਦ ਅਕਾਸ ॥’’ (ਭਗਤ ਕਬੀਰ/੩੪੪), ਮੱਸਿਆ (ਅਮਾਵਸ, ਹਨ੍ਹੇਰੇ ਪੱਖ ਦੀ 15 ਵੀਂ ਤਿਥ, ਜਦ ਰਾਤ ਨੂੰ ਚੰਦ੍ਰਮਾ ਬਿਲਕੁਲ ਵੀ ਵਿਖਾਈ ਨਾ ਦੇਵੇ (ਅਤੇ ਮਹੀਨੇ ਦੀ 30 ਵੀਂ ਤਿਥ); ਜਿਵੇਂ: ‘‘ਅਮਾਵਸਿਆ; ਚੰਦੁ ਗੁਪਤੁ ਗੈਣਾਰਿ (ਆਕਾਸ਼ ਵਿੱਚ)॥’’ (ਮ: ੧/੮੪੦), ਆਦਿ) ਦੇ ਪ੍ਰਥਾਏ ਭਾਵਰਥ ਦਿੰਦਾ ਹੈ।

(ਨੋਟ: ਯਾਦ ਰਹੇ ਕਿ ‘ਦੂਜ, ਤੀਜ’ ਤੋਂ ਲੈ ਕੇ 14 ਵੀਂ ਤਿਥ ਤੱਕ ਇੱਕ ਮਹੀਨੇ ਵਿੱਚ ਦੋ-ਦੋ ਵਾਰ ਆਉਂਦੀਆਂ ਹਨ ਕਿਉਂਕਿ ਮਹੀਨੇ ਦੇ 30 ਦਿਨਾਂ ਵਿੱਚ 15 ਤਿਥਾਂ ਚਾਨਣ ਨਾਲ ਸੰਬੰਧਿਤ ਹਨ ਜਦਕਿ 15 ਹਨ੍ਹੇਰੇ ਨਾਲ ਸੰਬੰਧਿਤ ਹਨ।)

‘ਜਿਤੁ’ ਇਹ ਸ਼ਬਦ ਹਮੇਸ਼ਾਂ ਹੀ ‘ਕਰਣ ਕਾਰਕ’ (‘ਜਿਸ ਦੀ ਰਾਹੀਂ, ਜਿਸ ਦੁਆਰਾ, ਜਿਸ ਨਾਲ’) ਰੂਪ ’ਚ ਅਰਥਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ; ਜਿਵੇਂ 269 ਵਾਰ ਦਰਜ ਹੈ:

‘‘ਫੇਰਿ, ਕਿ ਅਗੈ ਰਖੀਐ ? ਜਿਤੁ ਦਿਸੈ ਦਰਬਾਰੁ ॥’’ (ਜਪੁ /ਮ: ੧)

‘‘ਗੁਰ ਕਾ ਸਬਦੁ ਅੰਮ੍ਰਿਤੁ ਹੈ; ਜਿਤੁ ਪੀਤੈ, ਤਿਖ ਜਾਇ ॥’’ (ਮ: ੩/੩੫)

‘‘ਸਫਲ ਮੂਰਤੁ, ਸਫਲਾ ਘੜੀ; ਜਿਤੁ, ਸਚੇ ਨਾਲਿ ਪਿਆਰੁ ॥’’ (ਮ: ੫/੪੪) ਆਦਿ।

ਕਵਣੁ ਸੁ ਵੇਲਾ ? ਵਖਤੁ ਕਵਣੁ ? ਕਵਣ ਥਿਤਿ ? ਕਵਣੁ ਵਾਰੁ ?॥ ਕਵਣਿ ਸਿ ਰੁਤੀ ? ਮਾਹੁ ਕਵਣੁ ? ਜਿਤੁ ਹੋਆ ਆਕਾਰੁ॥

ਭਾਵ- (ਹੇ ਸ੍ਰਿਸ਼ਟੀ ਦੇ ਰਚੇਤਾ !) ਉਹ ਕਿਹੜਾ ਸਮਾਂ, ਕਿਹੜਾ ਵੇਲ਼ਾ (ਵਕਤ), (ਚੰਦ੍ਰਮਾ ਨਾਲ਼ ਸਬੰਧਿਤ) ਕਿਹੜੀ ਤਿੱਥ (ਦੂਜ, ਤੀਜ, ਆਦਿ) ਤੇ (ਸੂਰਜ ਨਾਲ਼ ਸਬੰਧਿਤ) ਕਿਹੜਾ ਦਿਨ (ਸੋਮਵਾਰ, ਮੰਗਲਵਾਰ, ਆਦਿ) ਸੀ ? ਕਿਹੜੀ ਉਹ ਰੁੱਤ ਤੇ ਕਿਹੜਾ ਮਹੀਨਾ ਸੀ, ਜਿਸ (ਘਟਨਾਕ੍ਰਮ/ਚਮਤਕਾਰ ਸਮੇਂ) ਵਿੱਚ ਬ੍ਰਹਿਮੰਡ ਬਣਿਆ ?

‘‘ਵੇਲ ਨ ਪਾਈਆ ਪੰਡਤੀ; ਜਿ, ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ; ਜਿ, ਲਿਖਨਿ ਲੇਖੁ ਕੁਰਾਣੁ ॥ ਥਿਤਿ, ਵਾਰੁ ਨਾ ਜੋਗੀ ਜਾਣੈ; ਰੁਤਿ, ਮਾਹੁ ਨਾ ਕੋਈ ॥’’ ਇਸ ਪੰਕਤੀ ’ਚ ‘ਹਿੰਦੂ’ (ਸਨਾਤਨੀ ਬੋਲੀ ਸੰਸਕ੍ਰਿਤ ‘ਪੁਰਾਣੁ’ ਦੇ ਸੰਬੰਧ ਵਿੱਚ ‘ਵੇਲਾ’ ਸ਼ਬਦ ਵਰਤਿਆ ਗਿਆ ਹੈ ਜਦਕਿ ‘ਕੁਰਾਣੁ’ (ਇਸਲਾਮ, ਕਾਦੀਆ, ਕਾਜ਼ੀਆਂ) ਨਾਲ ਸੰਬੰਧਿਤ ‘ਵਖਤੁ’ (ਬਖ਼ਤ, ਫ਼ਾਰਸੀ ਸ਼ਬਦ) ਦਰਜ ਕੀਤਾ ਗਿਆ ਹੈ ਅਤੇ ‘ਜੋਗੀ’ ਲਈ ‘ਥਿਤਿ, ਵਾਰੁ, ਰੁਤਿ ਤੇ ਮਾਹੁ’ ਸ਼ਬਦਾਂ ਦਾ ਪ੍ਰਯੋਗ ਕੀਤਾ ਹੋਇਆ ਹੈ ਤਾਂ ਜੋ ਸੰਬੰਧਿਤ ਵਰਗ ਨੂੰ ‘ਗੁਰਮਤਿ ਸਿਧਾਂਤ’ ਸਮਝਣਾ ਆਸਾਨ ਰਹੇ।

ਵੇਲ ਨ ਪਾਈਆ ਪੰਡਤੀ; ਜਿ ਹੋਵੈ ਲੇਖੁ ਪੁਰਾਣੁ॥  ਵਖਤੁ ਨ ਪਾਇਓ ਕਾਦੀਆ, ਜਿ ਲਿਖਨਿ ਲੇਖੁ ਕੁਰਾਣੁ॥  ਥਿਤਿ, ਵਾਰੁ, ਨਾ ਜੋਗੀ ਜਾਣੈ; ਰੁਤਿ, ਮਾਹੁ ਨਾ ਕੋਈ॥

ਭਾਵ- ਉਹ ਸਮਾਂ (ਹਿੰਦੂ ਲੇਖਕ) ਪੰਡਿਤਾਂ ਨੇ ਵੀ ਨਹੀਂ ਲੱਭਾ, ਜਿ (ਭਾਵ ਨਹੀਂ ਤਾਂ, ਇਸ ਘਟਨਾ ਬਾਰੇ) ਪੁਰਾਣ ਵਾਙ ਲੇਖ ਲਿਖਿਆ ਹੁੰਦਾ। (ਮੁਸਲਮਾਨ) ਕਾਜ਼ੀਆਂ ਨੇ ਵੀ ਉਹ ਮਿਆਦ ਨਹੀਂ ਲੱਭੀ, ਨਹੀਂ ਤਾਂ ਇਸ ਲੇਖੇ-ਜੋਖੇ ਨੂੰ ਵੀ ਕੁਰਾਨ ਵਾਙ ਲਿਖ ਦੇਂਦੇ। (ਬ੍ਰਹਿਮੰਡ ਦੀ ਅਰੰਭਕ) ਕੋਈ ਤਿੱਥ, ਕੋਈ ਦਿਨ, ਕੋਈ ਰੁੱਤ ਜਾਂ ਕੋਈ ਮਹੀਨਾ, ਆਦਿ ਨੂੰ ਕੋਈ (ਕਰਾਮਾਤੀ) ਯੋਗੀ ਵੀ ਨਹੀਂ ਜਾਣਦਾ।

(ਨੋਟ: ਉਕਤ ਪੰਕਤੀ ’ਚ ਦਰਜ ‘ਕੁਰਾਣੁ’ ਦੇ ਅਖੀਰ ’ਚ ‘ਨ’ ਦੀ ਬਜਾਏ ‘ਣ’ (ਅੱਖਰ) ਦੀ ਵਰਤੋਂ ‘ਪੁਰਾਣੁ’ (ਸ਼ਬਦ) ਦੇ ਅੰਤ ਵਿੱਚ ਦਰਜ ‘ਣ’ (ਅੱਖਰ) ਕਾਰਨ ਹੈ।)

‘‘ਜਾ ਕਰਤਾ, ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ ॥’’ ਇਸ ਪੰਕਤੀ ’ਚ ਦਰਜ ‘ਕਰਤਾ’ (ਪੁਲਿੰਗ ਨਾਂਵ) ਹੋਣ ਕਾਰਨ ਹੀ ‘ਸੋਈ’ (ਪੁਲਿੰਗ ਪੜਨਾਂਵ) ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ‘ਸੋਈ’ ਸ਼ਬਦ ਗੁਰਬਾਣੀ ਵਿੱਚ 714 ਵਾਰ ਇਸ ਸੰਦਰਭ (ਭਾਵ ਪੁਲਿੰਗ ਪੜਨਾਂਵ ਜਾਂ ਪੁਲਿੰਗ ਪੜਨਾਵੀਂ ਵਿਸ਼ੇਸ਼ਣ) ਲਈ ਹੀ ਦਰਜ ਕੀਤਾ ਹੋਇਆ ਮਿਲਦਾ ਹੈ; ਜਿਵੇਂ:

‘‘ਜਿਸ ਨੋ ਤੂ ਜਾਣਾਇਹਿ; ਸੋਈ ਜਨੁ ਜਾਣੈ ॥’’ (ਮ: ੪/੧੧)

‘‘ਸੋਈ ਕਾਜੀ, ਜਿਨਿ ਆਪੁ ਤਜਿਆ; ਇਕੁ ਨਾਮੁ ਕੀਆ ਆਧਾਰੋ ॥’’ (ਮ: ੧/੨੪)

‘‘ਜੋ ਤਿਸੁ ਭਾਵੈ, ਨਾਨਕਾ ! ਹੁਕਮੁ ਸੋਈ ਪਰਵਾਨੁੋ ॥’’ (ਮ: ੧/੨੫) ਆਦਿ, ਪਰ ਇਸਤ੍ਰੀ ਲਿੰਗ ‘ਨਾਂਵ’ ਲਈ ‘ਸਾਈ’ (ਪੜਨਾਂਵ) ਸ਼ਬਦ ਵਰਤਿਆ ਜਾਂਦਾ ਹੈ; ਜਿਵੇਂ:

‘‘ਜੋ ਤੁਧੁ ਭਾਵੈ; ਸਾਈ ਭਲੀ ਕਾਰ ॥’’ (ਜਪੁ /ਮ: ੧)

‘‘ਸਾਈ ਵਸਤੁ ਪਰਾਪਤਿ ਹੋਈ; ਜਿਸੁ ਸਿਉ ਲਾਇਆ ਹੇਤੁ ॥’’ (ਮ: ੧/੭੫) ਆਦਿ।

‘ਸਿਰਠੀ’-ਇਸ ਸ਼ਬਦ ਦਾ ਭਾਵਰਥ ਸੰਬੰਧ ‘‘ਜਿਤੁ ਹੋਆ ਆਕਾਰੁ ॥’’ ਪੰਕਤੀ ’ਚ ਦਰਜ ‘ਆਕਾਰੁ’ ਸ਼ਬਦ ਨਾਲ ਹੈ। ਗੁਰਬਾਣੀ ਵਿੱਚ ‘ਸਿਰਠੀ’ ਸ਼ਬਦ ਕੇਵਲ ਇੱਕ ਵਾਰ ਇੱਥੇ ਹੀ ਦਰਜ ਹੈ ਜਦਕਿ ਇਸ ਦਾ ਮੂਲ ਸਰੋਤ ਸ਼ਬਦ ‘ਸਿਰਠਿ’ ਵੀ ਇੱਕ ਵਾਰ ‘ਜਪੁ’ ਬਾਣੀ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਰਜ ਕੀਤਾ ਹੋਇਆ ਹੈ; ਜਿਵੇਂ:

‘‘ਜੇਤੀ ਸਿਰਠਿ ਉਪਾਈ ਵੇਖਾ; ਵਿਣੁ ਕਰਮਾ, ਕਿ ਮਿਲੈ ਲਈ ? ॥’’ (ਜਪੁ /ਮ: ੧)

ਜਾ ਕਰਤਾ, ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ॥

ਭਾਵ- ਜੋ (ਸ੍ਰਿਸ਼ਟੀ ਦਾ) ਰਚੇਤਾ-ਕਰਤਾਰ; ਬ੍ਰਹਿਮੰਡ ਨੂੰ ਰਚਦਾ ਹੈ, ਕੇਵਲ ਉਹ ਆਪ ਹੀ (ਇਸ ਦੇ ਅਰੰਭਕ ਘਟਨਾਕ੍ਰਮ ਬਾਰੇ) ਜਾਣਦਾ ਹੈ।

‘‘ਕਿਵ ਕਰਿ ਆਖਾ ? ਕਿਵ ਸਾਲਾਹੀ ? ਕਿਉ ਵਰਨੀ ? ਕਿਵ ਜਾਣਾ ? ॥’’– ਇਸ ਪੰਕਤੀ ਵਿੱਚ ‘ਕਿਵ’ ਤੇ ‘ਕਿਉ’ ਸ਼ਬਦ ਪ੍ਰਸ਼ਨ ਵਾਚਕ ਪੜਨਾਂਵ ਹਨ, ਪਰ ਜੇ ਅਰਥਾਂ ਦੀ ਸਪਸ਼ਟਤਾ ਲਈ ‘ਕਰਿ’ (ਕਿਰਿਆ ਵਿਸ਼ੇਸ਼ਣ) ਨੂੰ ਵੀ ਅਨ੍ਯ ਤਿੰਨ ਕਿਰਿਆਵਾਚੀ ਸ਼ਬਦਾਂ (ਸਾਲਾਹੀ, ਵਰਨੀ ਤੇ ਜਾਣਾ) ਨਾਲ ਸੁਮੇਲ ਕਰਕੇ ਇਉਂ ਵਾਕ ਬਣਾਇਆ ਜਾਵੇ: ‘ਕਿਵ ਕਰਿ ਸਾਲਾਹੀ, ਕਿਵ ਕਰਿ ਵਰਨੀ ਤੇ ਕਿਵ ਕਰਿ ਜਾਣਾ ? ਤਾਂ ਅਰਥ ਆਪਣੇ ਆਪ ਹੀ ਸਪਸ਼ਟ ਹੋ ਜਾਂਦੇ ਹਨ ਕਿਉਂਕਿ ‘ਕਰਿ’ ਸ਼ਬਦ ਕੇਵਲ ਇੱਕ ਵਾਰ ਦਰਜ ਕਰਨਾ, ਕਾਵਿ ਤੋਲ ਦੀ ਬੰਦਸ਼ (ਰੋਕ) ਦਾ ਪ੍ਰਤੀਕ ਹੈ।

‘ਆਖਾ, ਸਾਲਾਹੀ, ਵਰਨੀ ਤੇ ਜਾਣਾ’ ਉੱਤਮ ਪੁਰਖ ਇੱਕ ਵਚਨ ਕਿਰਿਆਵਾਚੀ ਸ਼ਬਦ ਹਨ ਇਸ ਲਈ ਇਨ੍ਹਾਂ ਦੇ ਅਖ਼ੀਰ ਵਿੱਚ ਨਾਸਿਕੀ ਧੁਨੀ (ਬਿੰਦੀ) ਲਗਾ ਕੇ ਉਚਾਰਨ ‘ਆਖਾਂ, ਸਾਲਾਹੀਂ, ਵਰਨੀਂ ਤੇ ਜਾਣਾਂ’ ਦਰੁਸਤ ਹੋਵੇਗਾ। ਇਹ ਬੋਧ ਵੀ ਸਾਨੂੰ ਗੁਰਬਾਣੀ ਵਿੱਚੋਂ ਹੀ ਮਿਲਦਾ ਹੈ; ਜਿਵੇਂ ‘ਆਖਾ’ ਸ਼ਬਦ ਗੁਰਬਾਣੀ ਵਿੱਚ 24 ਵਾਰ ਅੰਤ ਬਿੰਦੀ ਰਹਿਤ (ਭਾਵ ਨਾਸਿਕੀ ਧੁਨੀ ਤੋਂ ਬਿਨਾ) ਦਰਜ ਹੈ ਪਰ 5 ਵਾਰ ਨਾਸਿਕੀ ਧੁਨੀ ਸਮੇਤ ਦਰਜ ਵੀ ਮਿਲਦਾ ਹੈ; ਜਿਵੇਂ:

‘‘ਰਾਹੁ ਦਸਾਈ, ਨ ਜੁਲਾਂ; ਆਖਾਂ ਅੰਮੜੀਆਸੁ ॥’’ (ਮ: ੧/੫੫੭) ਭਾਵ ਕੇਵਲ ਰਾਹ ਹੀ ਪੁੱਛਦੀ ਰਹਿੰਦੀ ਹਾਂ (ਉਸ ਦਿਸ਼ਾ ਵੱਲ) ਤੁਰਦੀ ਨਹੀਂ (ਕੇਵਲ ਗੱਲਾਂ ਨਾਲ ਹੀ) ਆਖਦੀ ਹਾਂ ਕਿ (ਮੰਜ਼ਲ, ਟੀਚੇ ’ਤੇ) ਪਹੁੰਚ ਗਈ ਹਾਂ।

‘‘ਕਿਸੁ ਨੇੜੈ ? ਕਿਸੁ ਆਖਾਂ ਦੂਰੇ ? ॥’’ (ਮ: ੧/੧੦੪੨)

‘‘ਹੈ, ਹੈ, ਆਖਾਂ ਕੋਟਿ ਕੋਟਿ; ਕੋਟੀ ਹੂ ਕੋਟਿ ਕੋਟਿ ॥’’ (ਮ: ੧/੧੨੪੧)

‘‘ਆਖੂੰ ਆਖਾਂ ਸਦਾ ਸਦਾ; ਕਹਣਿ ਨ ਆਵੈ ਤੋਟਿ ॥’’ (ਮ: ੧/੧੨੪੧)

‘‘ਹੋਰੁ ਸਰੀਕੁ ਹੋਵੈ ਕੋਈ ਤੇਰਾ; ਤਿਸੁ ਅਗੈ ਤੁਧੁ ਆਖਾਂ ॥’’ (ਮ: ੧/੧੨੪੨)

ਕਿਵ ਕਰਿ ਆਖਾ ? ਕਿਵ ਸਾਲਾਹੀ ? ਕਿਉ ਵਰਨੀ ? ਕਿਵ ਜਾਣਾ ?॥ 

ਭਾਵ- (ਇਸ ਵਿਸ਼ਾਲ ਕੁਦਰਤ ਬਾਰੇ ਮੈਂ) ਕਿਵੇਂ ਆਖ ਕੇ ਦੱਸਾਂ ?, ਕਿਵੇਂ (ਇਸ ਦੇ ਰਚੇਤਾ ਦੀ) ਸਿਫ਼ਤ-ਸਲਾਹ ਕਰਾਂ ?, (ਉਸ ਦੇ ਸਾਰੇ ਗੁਣਾਂ ਦਾ) ਕਿਸ ਤਰ੍ਹਾਂ ਵਰਣਨ ਕਰਾਂ ? (ਅਕਾਲ ਪੁਰਖ ਤੇ ਉਸ ਦੀ ਰਚਨਾ ਦੀ ਵਿਸ਼ਾਲਤਾ ਨੂੰ) ਕਿਵੇਂ ਜਾਣਾ ?

‘‘ਨਾਨਕ ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ, ਸਿਆਣਾ ॥’’– ਇਸ ਪੰਕਤੀ ’ਚ ਇੱਕ ਵਾਰ ਵਧੀਕ ‘ਨਾਨਕ’ ਸ਼ਬਦ ਦਾ (ਇਸ ਪਉੜੀ ’ਚ ਕੁਲ 2 ਵਾਰੀ) ਦਰਜ ਕਰਨਾ, ਕਿਸੇ ਵਿਸ਼ੇਸ਼ ਸੰਕੇਤ ਦਾ ਪ੍ਰਤੀਕ ਹੈ।

ਇਸ ਪਉੜੀ ਦੇ ਆਰੰਭ ਤੋਂ ਹੀ ‘‘ਜਿਤੁ ਹੋਆ ਆਕਾਰੁ ॥’’ ਵਿਸ਼ਾ ਪ੍ਰਧਾਨ ਰਿਹਾ ਹੈ, ਜਿਸ ਬਾਰੇ ‘ਪੰਡਤ, ਕਾਜ਼ੀ ਤੇ ਜੋਗੀ’ ਬੋਧ (ਗਿਆਨ) ਦੀ ਟੇਕ (ਉਦਾਹਰਨ) ਲਈ ਗਈ ਹੈ; ਇਸ ਦੇ ਬਾਵਜੂਦ ਵੀ ਕਰਤਾਰ ਦੀ ਅਥਾਹ ‘ਈਸ਼ਵਰੀ ਸ਼ਕਤੀ’ ਦੇ ਮੁਕਾਬਲੇ ਦੁਨਿਆਵੀ ਬੋਧ ਨਾ-ਮਾਤ੍ਰ ਭਾਵ ‘‘ਤਿਲ ਕਾ ਮਾਨੁ ॥’’ ਹੀ ਪ੍ਰਤੀਤ ਹੁੰਦਾ ਹੈ, ਪਰ ਇਸ ‘ਈਸ਼ਵਰੀ ਸ਼ਕਤੀ’ ਦੇ ਮੁਕਾਬਲੇ ਦਿੱਤੀਆਂ ਗਈਆਂ ਦੁਨਿਆਵੀ ਉਦਾਹਰਨਾਂ ਤੋਂ ਉਪਰੰਤ ਮਤਾਂ ਕਿਤੇ ‘ਨਾਨਕ’ ਦੇ ਮਨ ਵਿੱਚ ਵੀ ਰੱਤੀ ਭਰ ਅਹੰਕਾਰ ਆ ਜਾਵੇ; ਇਸ ਲਈ ‘ਨਾਨਕ’ ਮੋਹਰ ਛਾਪ ਸ਼ਬਦ ਇੱਕ ਵਾਰ ਵਧੀਕ (ਵਿਸ਼ੇਸ਼ ਤੌਰ ’ਤੇ) ਦਰਜ ਕਰਕੇ ਇਸ ਵਿਸ਼ੇ ਵੱਲੋਂ ਵੀ ਸੁਚੇਤ ਕੀਤਾ ਗਿਆ ਹੈ।

ਨਾਨਕ ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ॥

ਭਾਵ- ਹੇ ਨਾਨਕ ! ਹਰ ਕੋਈ ਮੂੰਹ ਨਾਲ਼ ਤਾਂ ਇੱਕ ਤੋਂ ਇੱਕ ਵੱਧ ਅਕਲਮੰਦ ਬਣ ਕੇ (ਰੱਬ ਅਤੇ ਕੁਦਰਤ ਬਾਰੇ) ਦੱਸਦਾ ਰਹਿੰਦਾ ਹੈ (ਪਰ ਉਹ ਪੂਰਨ ਸੱਚ ਨਹੀਂ ਹੁੰਦਾ ਕਿਉਂਕਿ)

‘‘ਵਡਾ ਸਾਹਿਬੁ, ਵਡੀ ਨਾਈ; ਕੀਤਾ ਜਾ ਕਾ ਹੋਵੈ ॥’’-ਇਸ ਪੰਕਤੀ ’ਚ ‘ਵਡਾ’ (ਇੱਕ ਵਚਨ ਪੁਲਿੰਗ ਵਿਸ਼ੇਸ਼ਣ) ਸ਼ਬਦ ‘ਸਾਹਿਬੁ’ (ਇੱਕ ਵਚਨ ਪੁਲਿੰਗ ਨਾਂਵ) ਦੇ ਪ੍ਰਥਾਏ ਦਰਜ ਹੈ ਅਤੇ ‘ਵਡੀ’ (ਇਸਤ੍ਰੀ ਲਿੰਗ ਵਿਸ਼ੇਸ਼ਣ) ਸ਼ਬਦ; ‘ਨਾਈ’ (ਇਸਤ੍ਰੀ ਲਿੰਗ ਨਾਂਵ) ਨੂੰ ਸਪਸ਼ਟ ਕਰਦਾ ਹੈ। ‘ਨਾਈ’ ਸ਼ਬਦ ਦਾ ਮੂਲ ਸਰੋਤ ਸ਼ਬਦ ‘ਸ੍ਨਾ’ (ਅਰਬੀ) ਹੈ, ਜਿਸ ਦਾ ਅਰਥ ਹੈ ‘ਵਡਿਆਈ’। ਗੁਰਬਾਣੀ ਵਿੱਚ ਅਨ੍ਯ ਭਾਸ਼ਾ ਦੇ ਉਹ ਸ਼ਬਦ, ਜਿਨ੍ਹਾਂ ਦਾ ਪਹਿਲਾ ਅੱਖਰ ‘ਅੱਧਾ’ ਹੋਵੇ, ਨੂੰ ਪੂਰਾ ਕਰਨ ਲਈ:

(1). ਅੱਧੇ ਅੱਖਰ ਤੋਂ ਪਹਿਲਾਂ ‘ੳ, ਅ ਤੇ ੲ’ (ਸ੍ਵਰਾਂ) ਵਿੱਚੋਂ ਕੋਈ ਇੱਕ ਵਾਧੂ (ਅੱਖਰ) ਜੋੜ ਦਿੱਤਾ ਜਾਂਦਾ ਹੈ; ਜਿਵੇਂ: ‘ਸ੍ਨਾਈ, ਸ੍ਤਤੀ, ਸ੍ਨਾਨ’ ਆਦਿ ਸ਼ਬਦਾਂ ਨੂੰ ‘ਅਸਨਾਈ, ਉਸਤਤੀ, ਇਸਨਾਨ’ (ਅੱਖਰਾਂ) ਰਾਹੀਂ ਮੁਕੰਬਲ ਕੀਤਾ ਹੈ; ਜਿਵੇਂ:

(ੳ). ਗੁਰਬਾਣੀ ਵਿੱਚ ‘ਸ੍ਨਾਈ’ ਤੋਂ ਬਣਿਆ ‘ਅਸਨਾਈ’ ਸ਼ਬਦ ਦਰਜ ਹੈ, ਜਿਸ ਦਾ ਅਰਥ ਹੈ ‘ਵਡਿਆਈ’; ਜਿਵੇਂ:

‘‘ਜੋ ਕਿਛੁ ਹੋਆ, ਸਭੁ ਕਿਛੁ ਤੁਝ ਤੇ; ਤੇਰੀ ਸਭ ਅਸਨਾਈ ॥’’ (ਮ: ੧/੭੯੫)

(ਅ). ਗੁਰਬਾਣੀ ਵਿੱਚ ‘ਸ੍ਤਤੀ’ ਅਤੇ ‘ਸ੍ਤਤਿ’ ਤੋਂ ਬਣਿਆ ‘ਉਸਤਤੀ 1 ਵਾਰ ਤੇ ਉਸਤਤਿ 55 ਵਾਰ’ ਦਰਜ ਹੈ, ਜਿਸ ਦਾ ਅਰਥ ਹੈ ‘ਵਡਿਆਈ’; ਜਿਵੇਂ:

ਸਤ ਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤੀ ਵਿਚਿ ਹੋਵੈ; ਏਤੁ ਦੋਖੈ, ਤਪਾ ਦਯਿ ਮਾਰਿਆ ॥ (ਮ: ੪/੩੧੫)

‘‘ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ ॥’’ (ਮ: ੫/੧੩੬)

‘‘ਪ੍ਰਭ ਕੀ ਉਸਤਤਿ; ਕਰਹੁ ਦਿਨੁ ਰਾਤਿ ॥’’ (ਮ: ੫/੨੮੦) ਆਦਿ।

(ੲ). ਗੁਰਬਾਣੀ ਵਿੱਚ ‘ਸ੍ਨਾਨ’ ਤੋਂ ਬਣਿਆ ‘ਇਸਨਾਨ 9 ਵਾਰ, ਇਸਨਾਨੁ 48 ਵਾਰ’ ਸ਼ਬਦ ਦਰਜ ਹੈ, ਜਿਸ ਦਾ ਅਰਥ ਹੈ ‘ਸਰੀਰਕ ਪਵਿੱਤ੍ਰਤਾ’; ਜਿਵੇਂ:

‘‘ਬਾਹਰਿ; ਗਿਆਨ, ਧਿਆਨ, ਇਸਨਾਨ ॥’’ (ਮ: ੫/੨੬੭)

‘‘ਸੁਣਿਐ; ਅਠਸਠਿ ਕਾ ਇਸਨਾਨੁ ॥’’ (ਜਪੁ /ਮ: ੧) ਆਦਿ।

(2). ਸ਼ਬਦ ਦੇ ਅਗੇਤਰ ਦਰਜ ਉਸ ਅੱਧੇ ਅੱਖਰ (ਸ੍) ਨੂੰ ਹੀ ਸ਼ਬਦ ਵਿੱਚੋਂ ਹਟਾ (ਖ਼ਤਮ ਕਰ) ਦਿੱਤਾ ਜਾਂਦਾ ਹੈ; ਜਿਵੇਂ ਗੁਰਬਾਣੀ ਵਿੱਚ ‘ਸ੍ਨਾਈ’ ਤੋਂ ਬਣਿਆ ਸ਼ਬਦ ‘ਨਾਈ’ (21 ਵਾਰ) ਦਰਜ ਹੈ, ਜਿਸ ਦਾ ਅਰਥ ਹੈ ‘ਵਡਿਆਈ’ :

‘‘ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ॥’’ (ਜਪੁ /ਮ: ੧)

‘‘ਸਚਾ ਸਾਹਿਬੁ; ਸਚੀ ਨਾਈ ॥’’ (ਮ: ੩/੧੧੦) ਆਦਿ।

ਵਡਾ ਸਾਹਿਬੁ, ਵਡੀ ਨਾਈ; ਕੀਤਾ ਜਾ ਕਾ ਹੋਵੈ॥

ਭਾਵ- ਜਿਸ (ਮਾਲਕ) ਦਾ ਬ੍ਰਹਿਮੰਡ ਰਚਿਆ ਹੋਇਆ ਹੈ, (ਉਹ) ਸਾਹਿਬ ਬੇਅੰਤ ਹੈ, (ਉਸ ਦੀ) ਮਹਿਮਾ (ਰਚਨਾ) ਵੀ ਵਿਸ਼ਾਲ ਹੈ।

‘‘ਨਾਨਕ ! ਜੇ ਕੋ ਆਪੌ ਜਾਣੈ; ਅਗੈ ਗਇਆ ਨ ਸੋਹੈ ॥’’– ‘ਜਪੁ’ ਬਾਣੀ ਦੀ 21 ਵੀਂ ਪਉੜੀ ਦੀ ਇਸ ਅਖ਼ੀਰਲੀ ਪੰਕਤੀ ’ਚ ਦਰਜ ‘ਨਾਨਕ’ ਸ਼ਬਦ (ਦੂਸਰੀ ਵਾਰ); ਪਉੜੀ ਦੇ ਵਿਸ਼ੇ ਦੀ ਸਮਾਪਤੀ ਤੇ ਕਾਵਿ ਰਚਨਾ ਦੇ ਕਰਤੇ ਬਾਰੇ ਜਾਣਕਾਰੀ ਮੁਹੱਈਆ (ਉਪਲਬਧ) ਕਰਵਾਉਂਦਾ ਹੈ।

‘ਆਪੌ’– ਇਹ ਸ਼ਬਦ ਅਪਾਦਾਨ ਕਾਰਕ ਨਾਲ ਸੰਬੰਧਿਤ ਹੋਣ ਕਾਰਨ ਅੰਤ ਨਾਸਿਕੀ ਧੁਨੀ ਦੀ ਮੰਗ ਕਰਦਾ ਹੈ, ਜਿਸ ਦਾ ਅਰਥ ਹੈ ‘ਆਪਣੇ ਆਪ ਤੋਂ’; ਗੁਰਬਾਣੀ ਵਿੱਚ ਇਸ ਸ਼ਬਦ ਦਾ ਮੂਲ ਸਰੋਤ ਸ਼ਬਦ ਹੈ ‘ਆਪਹੁ’; ਜਿਸ ਦੇ ਅੰਤ ’ਚ ਲੱਗਿਆ ‘ਹੁ’, ਤਦ ਉਸ ਤੋਂ ਪਹਿਲੇ ਅੱਖਰ ਉੱਪਰ ‘ਹੋੜਾ’ ਬਣ ਜਾਂਦਾ ਹੈ, ਜਦ ਉਸ ਨੂੰ ਕੋਈ ‘ਲਗ’ ਨਾ ਲੱਗੀ ਹੋਵੇ; ਜਿਵੇਂ ‘ਆਪਹੁ’ ਸ਼ਬਦ ਵਿੱਚ ਸ਼ਾਮਲ ‘ਪ’ ਮੁਕਤਾ ਅੱਖਰ ਹੈ, ਇਸ ਲਈ ਇਸ ਦਾ ਸ਼ੁੱਧ ਉਚਾਰਨ ‘ ਆਪੋਂ ’ (ਨਾਸਿਕੀ ਧੁਨੀ ਸਮੇਤ) ਬਣੇਗਾ।

ਗੁਰਬਾਣੀ ਵਿੱਚ ‘ਆਪਹੁ’ ਸ਼ਬਦ 14 ਵਾਰ ਦਰਜ ਹੈ, ਜਿਸ ਦਾ ਅਰਥ ਹੈ ‘ਆਪਣੇ ਆਪ ਤੋਂ’ (ਭਾਵ ਅਪਾਦਾਨ ਕਾਰਕ) ਹੋਣ ਕਾਰਨ ਉਚਾਰਨ ਵੀ ‘ਆਪੋਂ’ (ਅੰਤ ਨਾਸਿਕੀ) ਹੋਵੇਗਾ; ਜਿਵੇਂ:

‘‘ਮੋਹ ਠਗਉਲੀ ਪਾਇ ਕੈ; ਤੁਧੁ ਆਪਹੁ ਜਗਤੁ ਖੁਆਇਆ ॥’’ (ਮ: ੧/੧੩੮)

‘‘ਇਕਨਾ ਨੋ ਤੂੰ ਮੇਲਿ ਲੈਹਿ; ਇਕਿ ਆਪਹੁ ਤੁਧੁ ਖੁਆਇਆ ॥’’ (ਮ: ੧/੪੬੯)

‘‘ਜੇ ਕੋ ਮੂਰਖੁ, ਆਪਹੁ ਜਾਣੈ; ਅੰਧਾ ਅੰਧੁ ਕਮਾਇ ॥’’ (ਮ: ੪/੫੫੬) ਆਦਿ।

ਉਕਤ ਕੀਤੀ ਗਈ ਵੀਚਾਰ ਅਨੁਸਾਰ ਕਿ ‘ਆਪਹੁ’ ਸ਼ਬਦ ਦਾ ਅੰਤ ਔਂਕੜ ਉਸ ਤੋਂ ਪਹਿਲੇ ਅੱਖਰ ਉੱਤੇ ਹੋੜਾ ਬਣ ਜਾਂਦਾ ਹੈ, ਗੁਰਬਾਣੀ ਵਿੱਚ ਇਉਂ ਦਰਜ ਹੈ:

‘‘ਗੁਰ ਪਰਸਾਦੀ ਆਪੋ ਚੀਨ੍ੈ; ਜੀਵਤਿਆ ਇਵ ਮਰੀਐ ॥’’ (ਮ: ੧/੯੩੫) (ਨੋਟ: ਇਸ ਪੰਕਤ ’ਚ ਵੀ ਸ਼ੁੱਧ ਉਚਾਰਨ ‘ਆਪੋਂ’ ਹੈ।)

ਆਧੁਨਿਕ (ਅਜੋਕੀ) ਪੰਜਾਬੀ ਵਿੱਚ ‘ਹੋੜੇ’ ਤੇ ‘ਸਿਹਾਰੀ’ ਤੋਂ ਉਪਰੰਤ ਸੱਜੇ ਪਾਸੇ (ਜੇ ਨਾਸਿਕੀ ਧੁਨੀ ਦੀ ਜ਼ਰੂਰਤ ਹੋਵੇ, ਤਾਂ) ਬਿੰਦੀ ਲੱਗਦੀ ਹੈ ਜਦਕਿ ਗੁਰਬਾਣੀ ਲਿਖਤ ਅਨੁਸਾਰ ਕਈ ਵਾਰ ਹੋੜਾ ਤੇ ਸਿਹਾਰੀ ਤੋਂ ਪਹਿਲਾਂ (ਖੱਬੇ ਪਾਸੇ) ਹੀ ਬਿੰਦੀ ਲੱਗੀ ਹੋਈ ਮਿਲਦੀ ਹੈ; ਜਿਵੇਂ:

‘‘ਜਿੰਨ੍ਾ ਨੈਣ ਨਂੀਦ੍ਰਾਵਲੇ ਤਿੰਨ੍ਾ ਮਿਲਣੁ ਕੁਆਉ ॥’’ (ਬਾਬਾ ਫਰੀਦ/੧੩੮੨)

‘‘ਨ ਭੀਜੈ, ਦਾਤਂੀ ਕੀਤੈ ਪੁੰਨਿ ॥’’ (ਮ: ੧/੧੨੩੭)

‘‘ਕਰਉ ਬਰਾਬਰਿ, ਜੋ ਪ੍ਰਿਅ ਸੰਗਿ ਰਾਤਂੀ; ਇਹ ਹਉਮੈ ਕੀ ਢੀਠਾਈ ॥’’ (ਮ: ੫/੧੨੬੭) ਆਦਿ।

(ਨੋਟ: ਉਕਤ ਸ਼ਬਦਾਂ ਵਾਙ ਹੀ ਕੁਝ ਅਗਾਂਹ ਦਿੱਤੀਆਂ ਜਾ ਰਹੀਆਂ ਪੰਕਤੀਆਂ ’ਚ ‘ਸਾਈਂ’ (ਭਾਵ ਖਸਮ) ਸ਼ਬਦ ਦੀ ਬਿੰਦੀ; ਸਿਹਾਰੀ ਦੇ ਸੱਜੇ ਪਾਸੇ ਲੱਗਣੀ ਦੀ ਬਜਾਏ ਲਿਪੀ ਫ਼ਾਂਟ (ਛਾਪੇ ਦੇ ਅੱਖਰਾਂ) ਦੀ ਘਾਟ ਕਾਰਨ ਬਿੰਦੀ ਉਸ ਤੋਂ ਪਹਿਲੇ ਅੱਖਰ ਨਾਲ ਲੱਗੇ ‘ਕੰਨੇ’ ਉੱਪਰ ਚੱਲੀ ਗਈ; ਜਿਵੇਂ:

‘‘ਤੂੰ ਕਰਤਾ ਸਚਿਆਰੁ; ਮੈਡਾ ਸਾਂਈ ॥’’ (ਮ: ੪/੧੧)

‘‘ਜੋ ਸਿਰੁ, ਸਾਂਈ ਨਾ ਨਿਵੈ; ਸੋ ਸਿਰੁ ਦੀਜੈ ਡਾਰਿ ॥’’ (ਮ: ੨/੮੯)

‘‘ਭੇਦੁ ਨ ਜਾਣਹੁ ਮੂਲਿ; ਸਾਂਈ ਜੇਹਿਆ ॥’’ (ਮ: ੫/੩੯੭) ਆਦਿ।)

ਇਸ ਤਰ੍ਹਾਂ ਹੀ ‘ਆਪੌ’ ਸ਼ਬਦ ਦੇ ਹੋੜੇ ਤੋਂ ਪਹਿਲਾਂ (ਖੱਬੇ ਪਾਸੇ) ਲੱਗਣ ਵਾਲੀ ਬਿੰਦੀ ਗ਼ਲਤੀ ਕਾਰਨ ਕਨੌੜੇ ਦਾ ਰੂਪ ਧਾਰਨ ਕਰ ਗਈ ਜਦਕਿ ਇੱਥੇ ਗੁਰਬਾਣੀ ਲਿਖਤ ਆਨੁਸਾਰ ‘ਆਪੋ’ (ਅੰਤ ਹੋੜੇ) ਨਾਲ ਹੀ ਨਾਸਿਕੀ ਧੁਨੀ ਸਮੇਤ ‘ਆਪਣੇ ਆਪ ਤੋਂ’ ਭਾਵ ਅਪਾਦਾਨ ਕਾਰਕ ’ਚ ਅਰਥ ਦਰੁਸਤ ਬਣਦੇ ਹਨ। ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ‘ਨਿਤਨੇਮ ਸਰਲ ਸਟੀਕ’ ਵਿੱਚ ਇਸ ਦਾ ਉਚਾਰਨ ‘ਹੋੜੇ’ ਤੋਂ ਪਹਿਲਾਂ ਬਿੰਦੀ ਲਗਾ ਕੇ ‘ਆਪਂੋ’ (ਭਾਵ ਅੰਤ ‘ਹੋੜੇ’ ਚਿੰਨ੍ਹ ਤੇ ਬਿੰਦੀ ਨਾਲ) ਦਰੁਸਤ ਪਾਠ ਹੋਣ ਦਾ ਸੰਕੇਤ ਦਿੱਤਾ ਹੈ ਅਤੇ ‘‘ਮੁਹੌ, ਕਿ ਬੋਲਣੁ ਬੋਲੀਐ ? ਜਿਤੁ, ਸੁਣਿ ਧਰੇ ਪਿਆਰੁ ॥’’ (ਜਪੁ /ਮ: ੧) ਵਾਲੀ ਪੰਕਤੀ ਵਿੱਚ ਵੀ ‘ਮੁਹਂੋ’ (ਭਾਵ ਅੰਤ ‘ਹੋੜੇ’ ਚਿੰਨ੍ਹ ਨਾਲ ਬਿੰਦੀ) ਦਰੁਸਤ ਪਾਠ ਦਿੱਤਾ ਹੈ, ਜੋ ਕਿ ਪੁਰਾਤਨ ਹੱਥ ਲਿਖਤ ਬੀੜਾਂ ਵਿੱਚ ਵੀ ਇਸ ਦੀ ਪੁਸ਼ਟੀ ਹੁੰਦੀ ਹੈ, ਜੋ ਦਰੁਸਤ ਜਾਪਦਾ ਹੈ। ਇਸ ਤਰ੍ਹਾਂ ਦੇ ਕੁਝ ਹੋਰ ਸ਼ਬਦ ਵੀ ਗੁਰਬਾਣੀ ਵਿੱਚ ਦਰਜ ਹਨ; ਜਿਵੇਂ: ‘ਸਬਦੌ, ਜੀਭੌ’ ਆਦਿ।

(ਨੋਟ: ਯਾਦ ਰਹੇ ਕਿ ਉਕਤ (ਅਪਾਦਾਨ ਸ਼ਬਦਾਂ ਵਾਲੀ) ਗ਼ਲਤੀ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਦਰੁਸਤ ਕੀਤਾ ਜਾ ਚੁੱਕਾ ਹੈ; ਜਿਵੇਂ ‘ਦੁਧਹੁਂ, ਚੰਦਨਹੁਂ, ਭਵਿਖਹੁਂ, ਕਤੇਬਹੁਂ, ਬਿਰਖਹੁਂ, ਵਾਲਹੁਂ’ ਆਦਿ:

‘‘ਦੁਧਹੁਂ, ਦਹੀ ਵਿਲੋਇ; ਘੇਉ ਕਢਾਇਆ।’’ (ਭਾਈ ਗੁਰਦਾਸ ਜੀ /ਵਾਰ ੩ ਪਉੜੀ ੧੧)

‘‘ਚੰਦਨੁ ਬਾਵਨ ਚੰਦਨਹੁਂ; ਚੰਦਨ ਵਾਸੁ, ਨ ਚੰਦਨੁ ਕੋਈ।’’ (ਭਾਈ ਗੁਰਦਾਸ ਜੀ /ਵਾਰ ੧੧ ਪਉੜੀ ੧੦)

‘‘ਭੂਤ ਭਵਿਖਹੁਂ ਵਰਤਮਾਨ; ਤ੍ਰਿਭਵਣ ਸੋਝੀ, ਮਾਣੁ ਨਿਮਾਣੈ।’’ (ਭਾਈ ਗੁਰਦਾਸ ਜੀ /ਵਾਰ ੧੧ ਪਉੜੀ ੯)

‘‘ਵੇਦ ਕਤੇਬਹੁਂ ਬਾਹਰੀ; ਅਕਥ ਕਥਾ, ਕਉਣ ਆਖਿ ਵਖਾਣੈ ? ।’’ (ਭਾਈ ਗੁਰਦਾਸ ਜੀ /ਵਾਰ ੬ ਪਉੜੀ ੧੯)

‘‘ਬਿਰਖਹੁਂ ਫਲ, ਫਲ ਤੇ ਬਿਰਖੁ; ਗੁਰਸਿਖ ਸਿਖ, ਗੁਰ ਮੰਤ ਸੁਹੇਲਾ।’’ (ਭਾਈ ਗੁਰਦਾਸ ਜੀ /ਵਾਰ ੭ ਪਉੜੀ ੨੦)

‘‘ਤਿਖੀ ਖੰਡੇ ਧਾਰ ਹੈ; ਉਹ ਵਾਲਹੁਂ ਨਿਕੀ।’’ (ਭਾਈ ਗੁਰਦਾਸ ਜੀ /ਵਾਰ ੯ ਪਉੜੀ ੨) ਆਦਿ।)

ਨਾਨਕ ! ਜੇ ਕੋ ਆਪੌ ਜਾਣੈ; ਅਗੈ ਗਇਆ, ਨ ਸੋਹੈ॥ ੨੧॥ 

ਭਾਵ- ਹੇ ਨਾਨਕ ! ਜੇ ਕੋਈ (ਬ੍ਰਹਮਾ ਵਾਙ) ਆਪਣੇ ਆਪ ਤੋਂ (ਭਾਵ ਨਿੱਜ ਬਲ ਕਰ ਕੇ ਉਕਤ ਵਿਸ਼ਾਲਤਾ ਦਾ ਅੰਤ) ਜਾਣਨ ਦਾ ਯਤਨ ਕਰੇ (ਤਾਂ ਅੱਤ ਕਥਨੀ ਕਾਰਨ ਅਹੰਕਾਰੀ ਬਣਿਆ ਜੀਵਨ) ਅਗਾਂਹ (ਬਾਕੀ ਰਹਿੰਦੇ ਜੀਵਨ ਸਫ਼ਰ ’ਚ) ਪਹੁੰਚਣ ’ਤੇ ਸ਼ੋਭਦਾ ਨਹੀਂ (ਭਾਵ ਗੁਰੂ ਰਹਿਬਰ ਬਿਨਾਂ, ਕਰਤਾਰ ਅਤੇ ਉਸ ਦੀ ਕੁਦਰਤ ਬਾਰੇ ਲਗਾਇਆ ਗਿਆ ਅਨੁਮਾਨ, ਕਾਲਪਨਿਕ ਹੁੰਦਾ ਹੈ, ਜੋ ਹਰ ਜਗ੍ਹਾ ਸੱਚ ਅੱਗੇ ਟਿਕ ਨਹੀਂ ਸਕਦਾ, ਝੂਠ ਉੱਘੜਦਾ ਰਹਿੰਦਾ ਹੈ ਤੇ ਅਜਿਹੇ ਕੱਚੇ ਜੀਵਨ ਨੂੰ ਸਤਿਕਾਰ ਨਹੀਂ ਮਿਲਦਾ)।