JAP (Pori No. 20)

0
637

ਭਰੀਐ; ਹਥੁ, ਪੈਰੁ, ਤਨੁ, ਦੇਹ ॥ ਪਾਣੀ ਧੋਤੈ; ਉਤਰਸੁ ਖੇਹ ॥ ਮੂਤ ਪਲੀਤੀ; ਕਪੜੁ ਹੋਇ ॥ ਦੇ ਸਾਬੂਣੁ; ਲਈਐ ਓਹੁ ਧੋਇ ॥ ਭਰੀਐ ਮਤਿ; ਪਾਪਾ ਕੈ ਸੰਗਿ ॥ ਓਹੁ ਧੋਪੈ; ਨਾਵੈ ਕੈ ਰੰਗਿ ॥ ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ; ਲਿਖਿ ਲੈ ਜਾਹੁ ॥ ਆਪੇ ਬੀਜਿ; ਆਪੇ ਹੀ ਖਾਹੁ ॥ ਨਾਨਕ ! ਹੁਕਮੀ, ਆਵਹੁ ਜਾਹੁ ॥੨੦॥ (ਜਪੁ / ਮ: ੧)

ਉਚਾਰਨ ਸੇਧ: ਓਹ, ਪਾਪਾਂ, ਨਾਂਵੈ।

(ਨੋਟ: ‘ਜਾਹੁ’ ਤੇ ‘ਖਾਹੁ’ ਸ਼ਬਦ ਦੇ ‘ਹੁ’ ਨੂੰ ਲੱਗਾ ਔਂਕੜ ਥੋੜਾ ਉਚਾਰਨ ਦਾ ਭਾਗ ਬਣਾਉਣਾ ਹੈ ਕਿਉਂਕਿ ਇਸ ਪਉੜੀ ਦੀ ਅਖ਼ੀਰਲੀ ਪੰਕਤੀ ਵਿੱਚ ਸ਼ਬਦ ‘ਆਵਹੁ’ (ਬਹੁ ਵਚਨ ਕਿਰਿਆ) ਦਰਜ ਹੈ, ਜਿਸ ਵਿੱਚ ‘ਹੁ’ ਨੂੰ ਲੱਗਾ ਔਂਕੜ ਨਿਯਮਾਂ ਅਨੁਸਾਰ ਉਚਾਰਨ ਦਾ ਭਾਗ ਬਣਾਉਣਾ ਜ਼ਰੂਰੀ ਹੈ, ਇਸ ਲਈ ‘ਜਾਹੁ, ਖਾਹੁ’ (ਕਿਰਿਆਵਾਚੀ) ਸ਼ਬਦਾਂ ਨੂੰ ਵੀ ਹੁਕਮੀ ਭਵਿੱਖ ਕਾਲ ਕਿਰਿਆ ਵਾਙ ਅੰਤ ਔਂਕੜ ਦਾ ਉਚਾਰਨ ਛੱਡਣ ਦੀ ਬਜਾਏ ਦੂਜਾ ਪੁਰਖ ਬਹੁ ਵਚਨ ਕਿਰਿਆ ਮੰਨ ਕੇ ਉਚਾਰਨ ਕਰਨਾ ਜ਼ਰੂਰੀ ਹੈ।)

ਪਦ ਅਰਥ: ਭਰੀਐ– ਜੇ ਭਰ ਜਾਵੇ (ਕਿਰਿਆ)।, ਉਤਰਸੁ-ਉਤਰ ਜਾਂਦੀ ਹੈ (ਕਿਰਿਆ)।, ਦੇਹ (ਸਰੀਰ) ਤੇ ਖੇਹ (ਮਿੱਟੀ) ਦੋਵੇਂ ਇਸਤ੍ਰੀ ਲਿੰਗ ਨਾਂਵ।, ਮੂਤ– ਮੂਤਰ (ਨਾਂਵ)।, ਪਲੀਤੀ– ਮੈਲਾ (ਗੰਦਾ, ਵਿਸ਼ੇਸ਼ਣ)।, ਦੇ– ਦੇ ਕੇ (ਜਾਂ) ਲਾ ਕੇ (ਕਿਰਿਆ ਵਿਸ਼ੇਸ਼ਣ)।, ਧੋਇ ਲਈਐ- ਧੋ ਲਿਆ ਜਾਂਦਾ ਹੈ (ਕਿਰਿਆ)।, ਓਹੁ– ਉਹ (‘ਕਪੜੁ’, ਪੁਲਿੰਗ ਪੜਨਾਂਵ, ਇੱਕ ਵਚਨ)।, ਸੰਗਿ- ਨਾਲ, ਰਾਹੀਂ (ਸਬੰਧਕ)।, ਓਹੁ– ਉਹ (ਪਾਪਾਂ ਦਾ ਸਮੂਹ, ਪੁਲਿੰਗ ਇੱਕ ਵਚਨ ਪੜਨਾਂਵ)।, ਰੰਗਿ- ਰੰਗ ਵਿੱਚ (ਭਿੱਜ ਕੇ) ਜਾਂ ਪ੍ਰੇਮ ਰਾਹੀਂ (ਕਰਣ ਕਾਰਕ)।, ਪੁੰਨੀ ਪਾਪੀ– ਚੰਗਾ-ਮੰਦਾ ਕਰਮ (ਨਾਂਵ)।, ਆਖਣੁ-ਨਾਮ (ਬੋਲ, ਬਚਨ, ਪੁਲਿੰਗ ਨਾਂਵ)।, ਕਰਣਾ-ਕਾਰਜ (ਕੰਮ, ਪੁਲਿੰਗ ਨਾਂਵ)।, ਲਿਖਿ- ਲਿਖ ਕੇ (ਇਕੱਠਾ ਕਰਕੇ, ਕਿਰਿਆ ਵਿਸ਼ੇਸ਼ਣ)।, ਜਾਹੁ– ਜਾਹੋਗੇ (ਭਵਿੱਖ ਕਾਲ ਬਹੁ ਵਚਨ ਕਿਰਿਆ)।, ਆਪੇ– ਆਪ ਹੀ (ਪੜਨਾਂਵ)।, ਬੀਜਿ– ਬੀਜ ਕੇ, ਬੋਹ ਕੇ (ਕਿਰਿਆ ਵਿਸ਼ੇਸ਼ਣ)।, ਖਾਹੁ– ਖਾਹੋਗੇ (ਭਵਿੱਖ ਕਾਲ ਬਹੁ ਵਚਨ ਕਿਰਿਆ)।, ਨਾਨਕ– ਹੇ ਨਾਨਕ ! (ਸੰਬੋਧਨ)।, ਹੁਕਮੀ- (ਰੱਬੀ) ਹੁਕਮ ਵਿੱਚ (ਅਧਿਕਰਣ ਕਾਰਕ)।, ਆਵਹੁ ਜਾਹੁ- ਆਹੋਗੇ ਤੇ ਜਾਹੋਗੇ (ਭਵਿੱਖ ਕਾਲ ਬਹੁ ਵਚਨ ਕਿਰਿਆ)।

(ਨੋਟ : ਅਗਲੀ 20ਵੀਂ ਪਉੜੀ ’ਚ ਕਿਰਤ-ਵਿਹਾਰ ਰਾਹੀਂ ਬਣਾਏ ਜਾਣ ਵਾਲ਼ੇ ਚੰਗੇ-ਮੰਦੇ ਨਸੀਬ (ਜਾਂ ਭਾਗ) ਨੂੰ ਸਾਹਮਣੇ ਰੱਖਦਿਆਂ ਬੰਦੇ ਨੂੰ ਪਹਿਲਾਂ ਹੀ ਸੁਚੇਤ ਕੀਤਾ ਗਿਆ ਹੈ।  ਇਹੀ ਭਾਗ ਬੰਦੇ ਦੇ ਆਤਮਾ (ਇੱਕ ਵਚਨ ਪੁਲਿੰਗ) ਨੂੰ ਅਗਲੇ ਜਨਮ ਜਾਂ ਰੱਬੀ ਮਿਲਾਪ ਵੱਲ ਮੋੜਦੇ ਹਨ।  ਰੱਬੀ ਹੁਕਮ ’ਚ ਕੀਤੇ ਜਾਣ ਵਾਲ਼ੇ ਕੰਮ ਰਾਹੀਂ ਨਸੀਬ ਦਾ ਬਣਨਾ ਅਤੇ ਬਣੇ ਨਸੀਬਾਂ ਮੁਤਾਬਕ ਮੁੜ ਰੱਬੀ ਕਲਮ ਚੱਲਣੀ ਹੀ ਜਗਤ ਖੇਡ ਹੈ, ‘‘ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ ॥’’ (ਮ: ੧/੧੨੪੧)

ਕਈ ਗੁਰਸਿੱਖ ਜੂਨਾਂ ਦੇ ਆਵਾਗਮਣ ਨੂੰ ਨਹੀਂ ਮੰਨਦੇ, ਪਰ ਉਹ ਇਸ ਸਵਾਲ ਦਾ ਜਵਾਬ ਵੀ ਤਸੱਲੀ ਬਖ਼ਸ਼ ਨਹੀਂ  ਦੇ ਸਕਦੇ ਕਿ ਅਗਰ ਕਿਸੇ ਦੀ ਮੌਤ ਉਪਰੰਤ ਕੋਈ ਅਦ੍ਰਿਸ਼ ਵਸਤੂ (ਰੂਹ, ਆਤਮਾ, ਪ੍ਰਾਣ, ਜਿੰਦ) ਨਹੀਂ ਬਚਦੀ ਤਾਂ ਕੁਦਰਤ ਦੇ ਵਿਨਾਸ਼ (ਕਿਆਮਤ ਉਪਰੰਤ) ਵੀ ਕੋਈ ਅਦ੍ਰਿਸ਼ (ਨਿਰਾਕਾਰ ਰੱਬ) ਸ਼ਕਤੀ ਨਹੀਂ ਰਹੇਗੀ ਕਿਉਂਕਿ ਕੁਦਰਤ ਵਾਙ ਇੱਕ ਜੀਵਨ ਵੀ ਕੁਦਰਤ (ਆਕਾਰ) ਹੀ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੇ ਪਹਿਲੇ ਸਲੋਕ ‘ਆਦਿ ਸਚੁ.. ॥’’  ਅਤੇ  ‘‘ਹੋਸੀ ਭੀ ਸਚੁ॥’’ ਰਾਹੀਂ ਜੋ ਸੰਕੇਤ ਦਿੱਤਾ ਹੈ, ਉਹ ਕੁਦਰਤ ਅਰੰਭ ਹੋਣ ਤੋਂ ਪਹਿਲਾਂ ਅਤੇ ਕੁਦਰਤ ਤੇ ਨਾਸ਼ ਉਪਰੰਤ ਵੱਲ ਹੈ, ਜਿਸ ਦਾ ਫਿਰ ਕੋਈ ਮਤਲਬ ਵੀ ਨਹੀਂ ਰਹਿ ਜਾਏਗਾ।)

‘‘ਭਰੀਐ; ਹਥੁ, ਪੈਰੁ, ਤਨੁ, ਦੇਹ ॥’’- ਇਸ ਪਉੜੀ ’ਚ ਦਰਜ ਸ਼ਬਦ ‘ਹਥੁ, ਪੈਰੁ ਤੇ ਤਨੁ’ ਇੱਕ ਵਚਨ ਪੁਲਿੰਗ ਹੋਣ ਕਾਰਨ ਹੀ ‘ਅੰਤ ਔਂਕੜ’ ਹਨ, ਇਨ੍ਹਾਂ ਦਾ ਬਹੁ ਵਚਨ ਰੂਪ ‘ਹਥ , ਪੈਰ ਤੇ ਤਨ’ (ਅੰਤ ਮੁਕਤਾ) ਹੁੰਦਾ ਹੈ; ਜਿਵੇਂ:

(1). ‘ਹਥ’ (ਬਹੁ ਵਚਨ) :

‘‘ਹਥ ਮਰੋੜੈ, ਤਨੁ ਕਪੇ; ਸਿਆਹਹੁ ਹੋਆ ਸੇਤੁ ॥’’ (ਮ: ੫/੧੩੪)

‘‘ਵਢੀਅਹਿ ‘ਹਥ’ ਦਲਾਲ ਕੇ; ਮੁਸਫੀ ਏਹ ਕਰੇਇ ॥’’ (ਮ: ੧/੪੭੨)

‘‘ਚਲੇ ਜੁਆਰੀ; ਦੁਇ ‘ਹਥ’ ਝਾਰਿ ॥’’ (ਭਗਤ ਕਬੀਰ/੧੧੫੮) ਆਦਿ।

(2). ‘ਪੈਰ’ (ਬਹੁ ਵਚਨ, 21 ਵਾਰ) :

‘‘ਆਠ ਪਹਰ; ਪੂਜਹੁ ਗੁਰ ‘ਪੈਰ’ ॥’’ (ਮ: ੫/੧੮੩)

‘‘ਪਖਾ ਪਾਣੀ ਪੀਸਿ, ਬਿਗਸਾ ‘ਪੈਰ’ ਧੋਇ ॥’’ (ਮ: ੫/੫੧੮)

‘‘ਮੁਖੁ ਤਲੈ, ‘ਪੈਰ’ ਉਪਰੇ; ਵਸੰਦੋ ਕੁਹਥੜੈ ਥਾਇ ॥’’ (ਮ: ੫/੭੦੬) ਆਦਿ।

(3). ‘ਤਨ’ (ਬਹੁ ਵਚਨ) :

‘‘ਮਿਥਿਆ ‘ਤਨ’; ਨਹੀ ਪਰਉਪਕਾਰਾ ॥’’ (ਮ: ੫/੨੬੯)

‘‘ਤਨ ਛੂਟੇ, ਮਨੁ ਕਹਾ ਸਮਾਈ ॥’’ (ਭਗਤ ਕਬੀਰ/੩੩੦)

‘‘ਤਨ ਤ੍ਰਿਭਵਣ ਮਹਿ, ਰਹਿਓ ਸਮਾਈ ॥’’ (ਭਗਤ ਕਬੀਰ/੩੪੧)

‘‘ਜੋ ‘ਤਨ’ ਰਤੇ ਰਬ ਸਿਉ, ਤਿਨ ਤਨਿ ਰਤੁ ਨ ਹੋਇ ॥’’ (ਬਾਬਾ ਫਰੀਦ/੧੩੮੦) ਆਦਿ।

‘ਦੇਹ’- ਇਹ ਸ਼ਬਦ ਗੁਰਬਾਣੀ ਵਿੱਚ 143 ਵਾਰ ਦਰਜ ਹੈ ਅਤੇ ਦੋ ਪ੍ਰਕਾਰ ਦੇ ਅਰਥ ਦੇਂਦਾ ਹੈ: ‘ਮਨੁੱਖੀ ਕਾਇਆ’ (ਭਾਵ ਇਸਤ੍ਰੀ ਲਿੰਗ ਨਾਂਵ) ਤੇ ‘ਦੇਂਦਾ ਹੈ (ਜਾਂ) ਦੇਈਏ’ (ਭਾਵ ਕਿਰਿਆ); ਜਿਵੇਂ:

(1). ‘ਦੇਹ’-ਭਾਵ ‘ਮਨੁੱਖੀ ਕਾਇਆ’ (ਇਸਤ੍ਰੀ ਲਿੰਗ ਨਾਂਵ) 140 ਵਾਰ; ਜਿਵੇਂ:

‘‘ਜਿਤੁ ਦਿਨਿ ‘ਦੇਹ’ ਬਿਨਸਸੀ ; ਤਿਤੁ ਵੇਲੈ ਕਹਸਨਿ ਪ੍ਰੇਤੁ ॥’’ (ਮ: ੫/੧੩੪)

‘‘ਫਿਰਤ ਫਿਰਤ ਬਹੁਤੇ ਜੁਗ ਹਾਰਿਓ ; ਮਾਨਸ ‘ਦੇਹ’ ਲਹੀ ॥’’ (ਮ: ੯/੬੩੧)

‘‘ਮਾਨਸ ‘ਦੇਹ’ ਪਾਇ ਪਦ, ਹਰਿ ਭਜੁ ; ਨਾਨਕ ! ਬਾਤ ਬਤਾਈ ॥’’ (ਮ: ੯/੬੩੨)

‘‘ਬੁਢਾ ਹੋਆ ਸੇਖ ਫਰੀਦੁ ; ਕੰਬਣਿ ਲਗੀ ‘ਦੇਹ’ ॥’’ (ਬਾਬਾ ਫਰੀਦ/੧੩੮੦) ਆਦਿ।

(2). ‘ਦੇਹ’-ਭਾਵ ‘ਦੇਂਦਾ ਹੈ (ਜਾਂ) ਦੇਈਏ’ (ਕਿਰਿਆ) ਕੇਵਲ 3 ਵਾਰ; ਜਿਵੇਂ:

‘‘ਗਾਵੈ ਕੋ ਜੀਅ ਲੈ ਫਿਰਿ ‘ਦੇਹ’ ॥’’ (ਜਪੁ /ਮ: ੧)

‘‘ਬਾਬਾ ! ਆਵਹੁ ਭਾਈਹੋ ਗਲਿ ਮਿਲਹ; ਮਿਲਿ ਮਿਲਿ ‘ਦੇਹ’ ਆਸੀਸਾ ਹੇ ॥’’ (ਮ: ੧/੫੮੨)

‘‘ਬਾਬਾ ! ਸਚੜਾ ਮੇਲੁ ਨ ਚੁਕਈ; ਪ੍ਰੀਤਮ ਕੀਆ ‘ਦੇਹ’ ਅਸੀਸਾ ਹੇ ॥’’ (ਮ: ੧/੫੮੨)

‘‘ਪਾਣੀ ਧੋਤੈ; ਉਤਰਸੁ ਖੇਹ ॥’’– ਇਸ ਪੰਕਤੀ ’ਚ ਦਰਜ ‘ਉਤਰਸੁ’ (ਅੰਤ ਔਂਕੜ) ਸ਼ਬਦ ਕੇਵਲ ਇੱਥੇ ਹੀ ਦਰਜ ਹੈ, ਜਦਕਿ ਇਸ ਦਾ ਦੂਸਰਾ ਸਰੂਪ ‘ਉਤਰਸਿ’ (ਅੰਤ ਸਿਹਾਰੀ) ਗੁਰਬਾਣੀ ਵਿੱਚ 16 ਵਾਰ ਦਰਜ ਹੈ; ਜਿਵੇਂ:

‘‘ਰਾਮ ਨਾਮ ਬਿਨੁ; ਕੈਸੇ ‘ਉਤਰਸਿ’ ਪਾਰਿ ? ॥’’ (ਮ: ੫/੧੯੯)

‘‘ਓਛੀ ਭਗਤਿ; ਕੈਸੇ ‘ਉਤਰਸਿ’ ਪਾਰੀ ? ॥’’ (ਭਗਤ ਕਬੀਰ/੩੨੬)

‘‘ਤੀਰਥ ਨਾਇ; ਨ ‘ਉਤਰਸਿ’ ਮੈਲੁ ॥’’ (ਮ: ੫/੮੯੦)

‘‘ਗੁਰ ਬਿਨੁ; ਕੋਇ ਨ ‘ਉਤਰਸਿ’ ਪਾਰਿ ? ॥’’ (ਮ: ੫/੮੬੪)

‘‘ਵਿਣੁ ਕਰਮਾ; ਕੈਸੇ ‘ਉਤਰਸਿ’ ਪਾਰੇ ? ॥’’ (ਮ: ੧/੯੦੩)

‘‘ਕਲਿ ਮਹਿ; ਗੁਰਮੁਖਿ ‘ਉਤਰਸਿ’ ਪਾਰਿ ॥’’ (ਮ: ੩/੨੨੯) ਆਦਿ।

(ਨੋਟ: ਪੁਰਾਤਨ ਹੱਥ ਲਿਖਤ ਸਰੂਪਾਂ ਵਿੱਚ ਸਬੰਧਤ ਪੰਕਤੀ ਵਿੱਚ ਵੀ ‘ਉਤਰਸਿ’ (ਅੰਤ ਸਿਹਾਰੀ) ਸਰੂਪ ਮਿਲਦਾ ਹੈ, ਜੋ ਕਿ ਸਹੀ ਜਾਪਦਾ ਹੈ।)

ਭਰੀਐ; ਹਥੁ, ਪੈਰੁ, ਤਨੁ, ਦੇਹ ॥ ਪਾਣੀ ਧੋਤੈ; ਉਤਰਸੁ ਖੇਹ ॥

ਅਰਥ : (ਜਿਵੇਂ) ਹੱਥ, ਪੈਰ, ਸਰੀਰ, ਕਾਇਆਂ, ਆਦਿ ਮਿੱਟੀ ਨਾਲ਼ ਗੰਦੇ ਹੋ ਜਾਣ ਤਾਂ ਪਾਣੀ ਦੁਆਰਾ ਸਾਫ਼ ਕਰਨ ਨਾਲ਼ ਮਿੱਟੀ ਲਹਿ ਜਾਂਦੀ ਹੈ।

‘‘ਮੂਤ ਪਲੀਤੀ; ਕਪੜੁ ਹੋਇ ॥’’-ਇਸ ਪੰਕਤੀ ’ਚ ਦਰਜ ਸ਼ਬਦ ‘ਮੂਤ’ ਦਾ ਮੂਲ ਸਰੋਤ ਸ਼ਬਦ ‘ਮੂਤ੍ਰ’ ਹੈ, ਜੋ ਗੁਰਬਾਣੀ ਵਿੱਚ ਇੱਕ ਵਾਰ ਦਰਜ ਵੀ ਹੈ; ਜਿਵੇਂ:

‘‘ਬਿਸਟਾ ‘ਮੂਤ੍ਰ’ , ਖੋਦਿ (ਪੁੱਟ ਕੇ) ਤਿਲੁ ਤਿਲੁ; ਮਨਿ ਨ ਮਨੀ ਬਿਪਰੀਤਿ ॥ (ਮ: ੫/੧੦੧੮) ਭਾਵ ਮਨੁੱਖ ਧਰਤੀ ’ਤੇ ਮਲ-ਮੂਤਰ ਸੁੱਟਦਾ ਹੈ ਤੇ (ਧਰਤੀ ਨੂੰ) ਪੁੱਟ-ਪੁੱਟ ਕੇ ਬਾਰੀਕ ਵੀ ਕਰ ਦਿੰਦਾ ਹੈ ਫਿਰ ਵੀ ਧਰਤੀ ਆਪਣੇ ਮਨ ਵਿੱਚ ਉਸ ਪ੍ਰਤੀ ਵਿਰੋਧਤਾ ਨਹੀਂ ‘ਮਨੀ’ (ਮੰਨਦੀ) ਜਤਾਉਂਦੀ, ਪਰ ਕਾਵਿ ਤੋਲ ਕਾਰਨ ‘ਮੂਤ੍ਰ’ ਤੋਂ ਛੋਟਾ ਬਣਿਆ ਰੂਪ ‘ਮੂਤ’ 3 ਵਾਰ (ਸਬੰਧਤ ਪੰਕਤੀ ਤੋਂ ਇਲਾਵਾ 2 ਵਾਰ ਹੋਰ) ਦਰਜ ਹੈ; ਜਿਵੇਂ:

‘‘ਮਲ ‘ਮੂਤ’ ਮੂੜ ਜਿ ਮੁਗਧ ਹੋਤੇ; ਸਿ ਦੇਖਿ ਦਰਸੁ ਸੁਗਿਆਨਾ ॥’’ (ਮ: ੫/੨੪੮)

‘‘ਮਲ ‘ਮੂਤ’ ਮੂੜ ਜਿ ਮੁਘਦ ਹੋਤੇ; ਸਭਿ ਲਗੇ ਤੇਰੀ ਸੇਵ ॥’’ (ਮ: ੫/੪੦੬)

(ਨੋਟ: ਸੋ, ‘ਮੂਤ੍ਰ’ ਜਾਂ ‘ਮੂਤ’ ਸ਼ਬਦ ਹਮੇਸ਼ਾਂ ‘ਬਿਸਟਾ’ ਜਾਂ ‘ਮਲ’ ਭਾਵ ਬਹੁਤ ਗੰਦਗੀ ਨਾਲ ਸਬੰਧਤ ਹਨ, ਜਿਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ‘ਪਾਪਾ ਵਾਲੀ ਮਤਿ’ ਵੀ ‘‘ਜਨਮ ਜਨਮ ਕੀ, ਇਸੁ ਮਨ (ਮਤਿ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮ: ੩/੬੫੧) ਭਾਵ ਬਹੁਤ ਗੰਦਗੀ ਨਾਲ ਸਬੰਧਤ ਹੈ।

ਸਬੰਧਤ ਪੰਕਤੀ ’ਚ ‘ਮੂਤ’ ਸ਼ਬਦ ਨਾਲ ‘ਬਿਸਟਾ’ ਜਾਂ ‘ਮਲ’ ਸ਼ਬਦ ਦਰਜ ਨਹੀਂ ਹਨ, ਜਿਨ੍ਹਾਂ ਦੀ ਬਜਾਏ ‘ਪਲੀਤੀ’ ਸ਼ਬਦ ਦਰਜ ਹੈ।)

‘ਪਲੀਤੀ’– ਭਾਵ ‘ਬਹੁਤ ਗੰਦਾ’, ਇਹ ਸ਼ਬਦ ਗੁਰਬਾਣੀ ਵਿੱਚ ਕੇਵਲ ਇੱਕ ਵਾਰ, ਇਸ ਪੰਕਤੀ ’ਚ ਹੀ ਦਰਜ ਹੈ, ‘ਮੂਤ’ ਤੇ ‘ਪਲੀਤੀ’ ਦੋਵੇਂ ਸਮਾਸੀ ਸ਼ਬਦ ਹਨ, ਇਸ ਲਈ ‘ਮੂਤ-ਪਲੀਤੀ’ (ਰਲਵਾਂ) ਉਚਾਰਨ ਦਰੁਸਤ ਰਹੇਗਾ।

‘‘ਦੇ ਸਾਬੂਣੁ; ਲਈਐ ਓਹੁ ਧੋਇ ॥’’– ਇਸ ਪੰਕਤੀ ’ਚ ਦਰਜ ‘ਦੇ’ ਕਿਰਿਆ ਵਿਸ਼ੇਸ਼ਣ ਸ਼ਬਦ ਹੈ ਕਿਉਂਕਿ ਇਸ ਵਾਕ ’ਚ ਕਿਰਿਆਵਾਚੀ ਸ਼ਬਦ ‘ਧੋਇ’ ਹੈ। ਇਸ ਲਈ ‘ਦੇ’ (ਕਿਰਿਆ ਵਿਸ਼ੇਸ਼ਣ) ’ਚੋਂ ਅਰਥ ‘ਦੇ ਕੇ’ ਮਿਲਦਾ ਹੈ।

(ਨੋਟ: ਗੁਰਬਾਣੀ ਲਿਖਤ ਅਨੁਸਾਰ ਜੋ ਸ਼ਬਦ ‘ਕਿਰਿਆ’ ਜਾਂ ‘ਕਿਰਿਆ ਵਿਸ਼ੇਸ਼ਣ’ ਰੂਪ ਵਿੱਚ ਦਰਜ ਹੁੰਦੇ ਹਨ, ਉਨ੍ਹਾਂ ਦਾ ‘ਕਿਰਿਆ ਵਿਸ਼ੇਸ਼ਣ’ ਰੂਪ ’ਚ ਦਰਜ ਹੋਣ ਉਪਰੰਤ ਆਪਣੇ ਅਰਥਾਂ ਤੋਂ ਵਧੀਕ ‘ਕੇ’ ਦਾ (ਲੁਪਤ) ਅਰਥ ਜ਼ਰੂਰ ਮਿਲਦਾ ਹੈ, ਇਸ ਦੀ ਪੁਸ਼ਟੀ ਗੁਰਬਾਣੀ ਦੀ ਉਸ ਲਿਖਤ ਤੋਂ ਵੀ ਹੋ ਜਾਂਦੀ ਹੈ, ਜਦ ਕਾਵਿ ਤੋਲ ਨੂੰ ਪੂਰਾ ਕਰਨ ਲਈ ਕਈ ਵਾਰ ‘ਕਿਰਿਆ ਵਿਸ਼ੇਸ਼ਣ’ ਸ਼ਬਦ ਦੇ ਸਮਾਨੰਤਰ ਹੀ (ਲੁਪਤ) ‘ਕੇ’ ਦੀ ਬਜਾਏ ‘ਕੈ’ ਦਰਜ ਕੀਤਾ ਹੁੰਦਾ ਹੈ। ਗੁਰਬਾਣੀ ਵਿੱਚ ‘ਲੇ’ ਤੇ ‘ਦੇ’ ਸ਼ਬਦ ‘ਕਿਰਿਆ’ ਜਾਂ ‘ਕਿਰਿਆ ਵਿਸ਼ੇਸ਼ਣ’ ਰੂਪ ਵਿੱਚ ਦਰਜ ਕੀਤੇ ਮਿਲਦੇ ਹਨ ਪਰ ਜਦ ਕਾਵਿ ਤੋਲ ਕਾਰਨ ਲੁਪਤ ‘ਕੇ’ ਸਮਾਨੰਤਰ ਦਰਜ ਕਰਨਾ ਪਵੇ ਤਾਂ (ਲੁਪਤ) ‘ਕੇ’ ਦੀ ਬਜਾਏ (ਪਰਗਟ) ‘ਕੈ’ ਰੂਪ ਦਰਜ ਹੋ ਜਾਂਦਾ ਹੈ; ਜਿਵੇਂ:

‘‘ਕੇਵਡੁ ਦਾਤਾ ਆਖੀਐ ‘ਦੇ ਕੈ’ ਰਹਿਆ ਸੁਮਾਰਿ ॥’’ (ਮ: ੧/੫੩)

‘‘ਦੇ ਕੈ’’ ਚਉਕਾ ਕਢੀ ਕਾਰ ॥’’ (ਮ: ੧/੪੭੨)

‘‘ਪਾਲੇ ਬਾਲਕ ਵਾਗਿ; ‘ਦੇ ਕੈ’ ਆਪਿ ਕਰ ॥’’ (ਮ: ੫/੯੫੭)

‘‘ਕਬੀਰ ! ਹਰਿ ਹੀਰਾ ਜਨ ਜਉਹਰੀ; ‘ਲੇ ਕੈ’ ਮਾਂਡੈ ਹਾਟ ॥’’ (ਭਗਤ ਕਬੀਰ/੧੩੭੩)

(ਵਧੇਰੇ ਜਾਣਕਾਰੀ ਲਈ ਪੜ੍ਹੋ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ, ਲੇਖ ।)

‘ਓਹੁ’– ਇਹ ਸ਼ਬਦ ਪੁਲਿੰਗ ਪੜਨਾਂਵ ਹੈ, ਇਸ ਲਈ ‘ਓਹੁ ਪਲੀਤੀ’ (ਗੰਦਗੀ, ਇਸਤ੍ਰੀ ਲਿੰਗ) ਅਰਥ ਨਹੀਂ ਬਣ ਸਕਦਾ ਬਲਕਿ ‘ਓਹੁ ਕੱਪੜਾ’ (ਪੁਲਿੰਗ) ਅਰਥ ਦਰੁਸਤ ਹੋਵੇਗਾ ਅਗਰ ‘ਓਹੁ’ ਪੜਨਾਂਵ ਸ਼ਬਦ ਦਾ ਸਬੰਧ ‘ਪਲੀਤੀ’ ਨਾਲ ਹੁੰਦਾ ਤਾਂ ਇਸ ਦਾ ਸਰੂਪ ‘ਓਹ’ (ਅੰਤ ਮੁਕਤਾ, ਇਸਤ੍ਰੀ ਲਿੰਗ) ਹੋਣਾ ਸੀ; ਜਿਵੇਂ ਗੁਰਬਾਣੀ ਵਿੱਚ 37 ਵਾਰ ਦਰਜ ਹੈ:

‘‘ਸਫਲ ਮੂਰਤੁ; ਸਫਲ ‘ਓਹ’ ਘਰੀ ॥’’ (ਮ: ੫/੧੯੧)

‘‘ਏਕ ਬਸਤੁ ਬਿਨੁ, ਪੰਚ ਦੁਹੇਲੇ ; ‘ਓਹ’ ਬਸਤੁ ਅਗੋਚਰ ਠਾਈ ॥’’ (ਮ: ੫/੨੦੫)

‘‘ਕਹੁ ਨਾਨਕ ! ਸਫਲ ‘ਓਹ’ ਕਾਇਆ ॥’’ (ਮ: ੫/੩੭੪)

‘‘ਓਹ’’ ਕੁਚਜੀ ਕੁਲਖਣੀ, ਪਰਹਰਿ ਛੋਡੀ ਭਤਾਰਿ ॥’’ (ਮ: ੩/੫੧੬) ਆਦਿ, ਜਦਕਿ ‘ਓਹੁ’ (ਅੰਤ ਔਂਕੜ, ਪੁਲਿਗ ਪੜਨਾਂਵ) ਗੁਰਬਾਣੀ ਵਿੱਚ 195 ਵਾਰ ਦਰਜ ਹੈ; ਜਿਵੇਂ:

‘‘ਨਾ ‘ਓਹੁ’ ਮਰੈ, ਨ ਹੋਵੈ ਸੋਗੁ ॥’’ (ਮ: ੧/੯)

‘‘ਓਹੁ’’ ਵੇਪਰਵਾਹੁ ਅਤੋਲਵਾ, ਗੁਰਮਤਿ ਕੀਮਤਿ ਸਾਰੁ ॥’’ (ਮ: ੧/੨੦)

‘‘ਓਹੁ’’ ਅਗਮੁ ਅਗੋਚਰੁ, ਸਬਦਿ ਸੁਧਿ ਹੋਵੈ ॥’’ (ਮ: ੩/੧੨੦) ਆਦਿ।

ਮੂਤ ਪਲੀਤੀ; ਕਪੜੁ ਹੋਇ ॥ ਦੇ ਸਾਬੂਣੁ; ਲਈਐ ਓਹੁ ਧੋਇ ॥

ਅਰਥ : (ਜਿਵੇਂ) ਪਿਸ਼ਾਬ (ਵਰਗੇ ਪੱਕੇ ਦਾਗ਼) ਨਾਲ਼ ਕੱਪੜਾ ਗੰਦਾ ਹੋ ਜਾਏ ਤਾਂ ਸਾਬਣ ਲਾ ਕੇ ਉਹ (ਦਾਗ਼ੀ ਬਸਤਰ) ਧੋਤਾ ਜਾ ਸਕਦਾ ਹੈ।

‘‘ਭਰੀਐ ਮਤਿ; ਪਾਪਾ ਕੈ ਸੰਗਿ ॥’’– ਇਸ ਪੰਕਤੀ ’ਚ ਦਰਜ ਸ਼ਬਦ ‘ਕੈ’ (ਦੁਲਾਵਾਂ ਸਮੇਤ) ਨੇ ‘ਸੰਗਿ’ (ਅੰਤ ਸਿਹਾਰੀ ਸਮੇਤ, ਸਬੰਧਕ ਸ਼ਬਦ) ਦਰਜ ਕਰਵਾਇਆ ਹੈ। ਅਗਰ ‘ਕੈ’ ਸ਼ਬਦ ਦੀ ਬਜਾਏ ‘ਕੇ’ ਸ਼ਬਦ ਹੁੰਦਾ ਤਾਂ ਉਸ ਤੋਂ ਉਪਰੰਤ ਦਰਜ ਹੋਣ ਵਾਲਾ ਸ਼ਬਦ ‘ਸਬੰਧਕ’ ਜਾਂ ‘ਅੰਤ ਸਿਹਾਰੀ’ ਦੀ ਬਜਾਏ ਅੰਤ ਮੁਕਤਾ ਹੋਣਾ ਸੀ; ਜਿਵੇਂ:

‘‘ਸੁਣਿਐ; ਸਰਾ ਗੁਣਾ ‘ਕੇ ਗਾਹ’ ॥ (ਜਪੁ /ਮ: ੧)

‘‘ਹੋਰੁ ਕਿਤੈ ਭਗਤਿ ਨ ਹੋਵਈ; ਬਿਨੁ ਸਤਿਗੁਰ ‘ਕੇ ਉਪਦੇਸ’ ॥’’ (ਮ: ੧/੨੨)

‘‘ਨਾਨਕ ! ਪ੍ਰਭ ਸਰਣਾਗਤੀ; ਸਰਬ ਘਟਾ ‘ਕੇ ਨਾਥ’ ॥’’ (ਮ: ੫/੪੮) ਆਦਿ।

(ਵਧੇਰੇ ਜਾਣਕਾਰੀ ਲਈ ਪੜ੍ਹੋ  ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ, ਲੇਖ)

‘‘ਓਹੁ ਧੋਪੈ; ਨਾਵੈ ਕੈ ਰੰਗਿ ॥’’– ਇਸ ਪੰਕਤੀ ਵਿੱਚ ਦਰਜ ‘ਓਹੁ’ (ਅੰਤ ਔਂਕੜ) ਸ਼ਬਦ ਪੁਲਿੰਗ ਪੜਨਾਂਵ ਹੈ, ਇਸ ਲਈ ਇਸ ਦਾ ਅਰਥ ‘ਓਹੁ ਮਤਿ’ (ਇਸਤ੍ਰੀ ਲਿੰਗ ਨਾਂਵ) ਦੁਆਰਾ ਨਹੀਂ ਬਣ ਸਕਦਾ ਬਲਕਿ ‘ਓਹੁ ਪਾਪ’ ( ਭਾਵ ਪਾਪਾਂ ਦਾ ਸਮੂਹ, ਇੱਕ ਵਚਨ ਪੁਲਿੰਗ ਨਾਂਵ) ਰਾਹੀਂ ਕੀਤਾ ਗਿਆ ਅਰਥ ਹੀ ਦਰੁਸਤ ਹੋਵੇਗਾ।

ਇਸ ਪੰਕਤੀ ਵਿੱਚ ਵੀ ‘ਕੈ’ ਸ਼ਬਦ ਨੇ ‘ਰੰਗਿ’ (ਅੰਤ ਸਿਹਾਰੀ) ਦਰਜ ਕਰਵਾਇਆ ਹੈ, ਇਸ ਲਈ ਅਗਰ ਇਸ ਪੰਕਤੀ ਵਿੱਚ ‘ਕੈ’ ਦੀ ਬਜਾਏ ‘ਕੇ’ ਸ਼ਬਦ ਦਰਜ ਹੁੰਦਾ ਤਾਂ ‘ਰੰਗਿ’ (ਅੰਤ ਸਿਹਾਰੀ) ਦੀ ਬਜਾਏ ‘ਰੰਗ’ (ਅੰਤ ਮੁਕਤਾ ਭਾਵ ਬਹੁ ਵਚਨ) ਹੋਣਾ ਸੀ; ਜਿਵੇਂ:

‘‘ਲਖੇ ਨ ਜਾਹਿ; ਪਾਰਬ੍ਰਹਮ ‘ਕੇ ਰੰਗ’ ॥’’ (ਮ: ੫/੨੭੫)

‘‘ਨਾਨਾ ਰੂਪ; ਨਾਨਾ ਜਾ ‘ਕੇ ਰੰਗ’ ॥’’ (ਮ: ੫/੨੮੪)

‘‘ਏਕ ਰੂਪ; ਜਾ ‘ਕੇ ਰੰਗ’ ਅਨੇਕ ॥’’ (ਮ: ੫/੨੯੫)

‘‘ਸਿਮਰਿ ਸਿਮਰਿ ਨਾਨਕ ! ਤਰੇ ; ਹਰਿ ‘ਕੇ ਰੰਗ’ ਲਾਲ ॥’’ (ਮ: ੫/੮੦੭) ਆਦਿ।

ਭਰੀਐ ਮਤਿ; ਪਾਪਾ ਕੈ ਸੰਗਿ ॥ ਓਹੁ ਧੋਪੈ; ਨਾਵੈ ਕੈ ਰੰਗਿ ॥

ਅਰਥ : (ਇਸੇ ਤਰ੍ਹਾਂ ਹੀ) ਅਗਰ ਮਨੁੱਖੀ ਸੋਚ ਪਾਪਾਂ ਦੇ ਨਾਲ਼ ਗੰਦੀ ਹੋ ਜਾਏ ਤਾਂ ਉਹ (ਪਾਪਾਂ ਦਾ ਦਾਗ਼) ਰੱਬੀ ਨਾਮ (ਭਾਵ ਰੱਬੀ ਵਡੱਪਣ) ਦੇ ਪ੍ਰਭਾਵ (ਅਧੀਨ ਜੀਵਨ ਬਸਰ ਕਰਨ) ਨਾਲ਼ ਧੋਤਾ ਜਾ ਸਕਦਾ ਹੈ (ਭਾਵ ਰੱਬੀ ਸ਼ਕਤੀ ਨੂੰ ਅੰਗ-ਸੰਗ ਮਹਿਸੂਸ ਕੀਤਿਆਂ ਬੰਦੇ ਅੰਦਰ ਪਾਪ-ਬਿਰਤੀ ਪ੍ਰਬਲ ਨਹੀਂ ਹੁੰਦੀ)।

ਗੁਰੂ ਜੀ ‘ਪਾਪੀ’ (ਵਿਕਾਰ-ਬ੍ਰਿਤੀ) ਵਿਸ਼ੇ ਦੇ ਤੁਲਨਾਤਮਿਕ ਸਬੰਧ ’ਚ ਹੀ ‘ਪੁੰਨੀ’ ਸ਼ਬਦ ਨੂੰ ਅਗਾਂਹ ਦਰਜ ਕਰ ਰਹੇ ਹਨ।)

‘‘ਪੁੰਨੀ ਪਾਪੀ; ਆਖਣੁ ਨਾਹਿ ॥’’– ਇਸ ਪੰਕਤੀ ’ਚ ਦਰਜ ‘ਆਖਣੁ’ (ਅੰਤ ਔਂਕੜ) ਸ਼ਬਦ ਧਿਆਨ ਮੰਗਦਾ ਹੈ ਕਿਉਂਕਿ ਗੁਰਬਾਣੀ ਵਿੱਚ ‘ਆਖਣਿ’ (ਅੰਤ ਸਿਹਾਰੀ) ਸ਼ਬਦ ਕਿਰਿਆ ਰੂਪ ’ਚ 15 ਵਾਰ ਵੀ ਦਰਜ ਮੌਜੂਦ ਹੈ, ਜਿਸ ਦਾ ਅਰਥ ਹੈ ‘ਬੋਲਣਾ, ਕਹਿਣਾ’; ਜਿਵੇਂ:

‘‘ਨਾਨਕ ! ‘ਆਖਣਿ’ ਸਭੁ ਕੋ ਆਖੈ; ਇਕ ਦੂ ਇਕੁ, ਸਿਆਣਾ ॥’’ (ਜਪੁ /ਮ: ੧)

‘‘ਜੇ ਕੋ ਖਾਇਕੁ; ‘ਆਖਣਿ’ ਪਾਇ ॥’’ (ਜਪੁ /ਮ: ੧)

‘‘ਕੇਤਾ ‘ਆਖਣੁ’ (ਬੋਲ) ਆਖੀਐ; ‘ਆਖਣਿ’ ਤੋਟਿ ਨ ਹੋਇ ॥’’ (ਮ: ੧/੧੮)

‘‘ਆਖਣਿ’’ ਅਉਖਾ; ਸਾਚਾ ਨਾਉ ॥’’ (ਰਹਰਾਸਿ) ਆਦਿ।

‘ਆਖਣੁ’-(ਅੰਤ ਔਂਕੜ ਭਾਵ ਇੱਕ ਵਚਨ ਨਾਂਵ) ਸ਼ਬਦ ਗੁਰਬਾਣੀ ਵਿੱਚ 22 ਵਾਰ ਦਰਜ ਹੈ, ਜਿਸ ਦਾ ਅਰਥ ਹੈ ‘ਬੋਲ, ਬਚਨ, ਉਪਦੇਸ਼, ਬਿਆਨ’ (ਇੱਕ ਵਚਨ, ਪੁਲਿੰਗ) ਆਦਿ; ਜਿਵੇਂ:

‘‘ਸੁਣਿ ਸੁਣਿ ‘ਆਖਣੁ’, ਆਖਣਾ; ਜੇ ਭਾਵੈ, ਕਰੇ ਤਮਾਇ ॥’’ (ਮ: ੧/੧੪)

‘‘ਕੇਤਾ ‘ਆਖਣੁ’, ਆਖੀਐ ? ਆਖਣਿ ਤੋਟਿ ਨ ਹੋਇ ॥’’ (ਮ: ੧/੧੮)

‘‘ਨਾਨਕ ! ‘ਆਖਣੁ’, ਬਿਖਮੁ ਬੀਚਾਰੁ ॥’’ (ਮ: ੧/੧੫੧)

‘‘ਕੇਤਾ ‘ਆਖਣੁ’, ਆਖੀਐ ? ਤਾ ਕੇ ਅੰਤ ਨ ਜਾਣਾ ॥’’ (ਮ: ੧/੪੨੧) ਆਦਿ।

(ਨੋਟ: ਗੁਰਬਾਣੀ ਲਿਖਤ ਤੋਂ ਪਹਿਲਾਂ ‘ਪਾਪ-ਪੁੰਨ’ ਦੀ ਵਿਆਖਿਆ ‘ਵੇਦ, ਸਿਮ੍ਰਿਤੀ, ਸ਼ਾਸਤ੍ਰਾਂ’ ਆਦਿ ਰਾਹੀਂ ‘ਸਨਾਤਨੀ ਸੋਚ (ਅਨਮਤ)’ ਨੇ ਕੀਤੀ ਸੀ, ਜਿਸ ਅਨੁਸਾਰ ‘ਪਾਪ’ ਤੋਂ ਭਾਵ ‘ਹਿੰਸਾ’ ਹੈ ਅਤੇ ‘ਪੁੰਨ’ ਤੋਂ ਭਾਵ ‘ਅਹਿੰਸਾ’ ਹੈ। ਇਸ (ਕਰਮਕਾਂਡੀ ਬ੍ਰਾਹਮਣੀ ਵਿਆਖਿਆ) ਦਾ ਗੁਰਬਾਣੀ ‘‘ਸੂਰਾ ਸੋ ਪਹਿਚਾਨੀਐ; ਜੁ, ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥ (ਭਗਤ ਕਬੀਰ/੧੧੦੫), ਜਉ ਤਉ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮ: ੧/੧੪੧੨) ‘ਕਾਣਿ’ ਭਾਵ ਇੱਕ ਅੱਖ ਤੋਂ ਕਾਣਾ ਭਾਵ ਵਿੰਗ-ਟੇਡ, ਹੁੱਜਤ ਬਗੈਰਾ, ਲੜ੍ਹਾਈ ਤੋਂ ਬਚਨ ਲਈ ਦਿੱਤੀਆਂ ਗਈਆਂ ਦਲੀਲਾਂ) ਆਦਿ ਬਿਆਨ ਕਰਕੇ ਭਰਪੂਰ ਖੰਡਨ ਕਰਦੀ ਹੈ, ਇਸ ਲਈ ਅਨਮਤ ਦੁਆਰਾ ‘ਪਾਪ-ਪੁੰਨ’ ਦੀ ਕੀਤੀ ਗਈ ਵਿਆਖਿਆ ਨਾਲ ‘ਗੁਰਮਤਿ ਫ਼ਿਲਾਸਫ਼ੀ’ ਅਸਹਿਮਤ ਹੈ; ਜਿਵੇਂ:

‘‘ਸਿਮ੍ਰਿਤਿ ਸਾਸਤ੍ਰ , ‘ਪੁੰਨ ਪਾਪ’ ਬੀਚਾਰਦੇ; ਤਤੈ ਸਾਰ ਨ ਜਾਣੀ ॥’’ (ਮ: ੩/੯੨੦)

‘‘ਪੁੰਨੁ ਪਾਪੁ ਸਭੁ, ਬੇਦਿ ਦ੍ਰਿੜਾਇਆ; ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥’’ (ਮ: ੩/੧੦੫੦)

‘‘ਹਰਿ ਆਗਿਆ ਹੋਏ, ਬੇਦ; ‘ਪਾਪੁ ਪੁੰਨੁ’ ਵੀਚਾਰਿਆ ॥’’ (ਮ: ੫/੧੦੯੪)

‘‘ਕਥਾ ਕਹਾਣੀ ਬੇਦਂੀ ਆਣੀ (ਵੇਦਾਂ ਨੇ ਲਿਆਂਦੀ ਕਿ); ‘ਪਾਪੁ ਪੁੰਨੁ’ ਬੀਚਾਰੁ ॥’’ (ਮ: ੨/੧੨੪੩)

‘‘ਬੇਦੁ ਪੁਕਾਰੇ ‘ਪੁੰਨੁ ਪਾਪੁ’; ਸੁਰਗ ਨਰਕ ਕਾ ਬੀਉ ॥’’ (ਮ: ੧/੧੨੪੩) ਭਾਵ ‘ਪਾਪ’ (ਹਿੰਸਾ) ਤੇ ‘ਪੁੰਨ’ (ਅਹਿੰਸਾ) ਹੀ ਸਵਰਗ ਤੇ ਨਰਕ ਵਿੱਚ ਜਾਣ ਦਾ ਬੀਜ (ਜੜ੍ਹ ਭਾਵ ਮੂਲ ਕਾਰਨ) ਹੈ।

‘‘ਪਾਪੁ ਪੁੰਨੁ; ਤਹ ਭਈ ਕਹਾਵਤ ॥ ਕੋਊ ਨਰਕ, ਕੋਊ ਸੁਰਗ ਬੰਛਾਵਤ (ਮੰਗਦਾ ਹੈ)॥’’ (ਮ: ੫/੨੯੧) ਕਿਉਂਕਿ ਉਨ੍ਹਾਂ ਅੰਦਰ ਹਰ ਸਮੇਂ ਇਉਂ ਚਲਦਾ ਰਹਿੰਦਾ ਹੈ ‘‘ਇਹੁ ਮਨੁ; ‘ਪੁੰਨੁ ਪਾਪੁ’ ਉਚਰੈ ॥’’ (ਮ: ੧/੮੩੨) ਜੋ ਕਿ ਭਗਤਾਂ ਦੇ ਲੱਛਣ ਨਹੀਂ ਕਹੇ ਜਾ ਸਕਦੇ ਕਿਉਂਕਿ ਭਗਤ ਹਮੇਸ਼ਾਂ ‘‘ਪਾਪੁ ਪੁੰਨੁ ਦੋਊ; ਨਿਰਵਰਈ (ਦੂਰ ਕਰ ਦਿੰਦਾ ਹੈ) ॥’’ (ਭਗਤ ਕਬੀਰ/੩੪੧) ਅਵਸਥਾ ਵਿੱਚ ਹੀ ਵਿਚਰਦਾ ਹੈ, ਆਦਿ।)

ਦਰਅਸਲ, ਹਉਮੈ ਅਧੀਨ ਵਿਚਰਨ ਵਾਲੇ ਮਨੁੱਖ ਦੇ ਮਨ ਵਿੱਚ ਹਮੇਸ਼ਾਂ ‘ਪਾਪ-ਪੁੰਨ’ ਦਾ ਡਰ ਬਣਿਆ ਰਹਿੰਦਾ ਹੈ: ‘‘ਕਾਇਆ ਅੰਦਰਿ, ਪਾਪੁ ਪੁੰਨੁ ਦੁਇ; ਭਾਈ ! ॥ ਦੁਹੀ ਮਿਲਿ ਕੈ; ਸ੍ਰਿਸਟਿ ਉਪਾਈ ॥’’ (ਮ: ੩/੧੨੬) ਭਾਵ ‘ਪਾਪ-ਪੁੰਨ’ (ਹਿੰਸਾ- ਅਹਿੰਸਾ ਜਾਂ ਜੰਮਣਾ-ਮਰਨਾ) ਕਰਤਾਰ ਦੀ ਕੁਦਰਤ ਦਾ ਹੀ ਇੱਕ ਭਾਗ ਹੈ, ਜੋ ਹਰ ਇੱਕ ਜੀਵ ਦੇ ਜਨਮ ਸਮੇਂ ਤੋਂ ਹੀ ਉਸ ਦੇ ਭਾਗਾਂ ਅਨੁਸਾਰ ਲਿਖ ਦਿੱਤਾ ਜਾਂਦਾ ਹੈ, ਇਸ ਲਈ ਪੂਰਨ ਰੱਬੀ ਭਗਤ ਮੌਤ ਦੇ ਡਰ ਤੋਂ ਨਿਡਰ ਹੋ ਕੇ ਅਮਾਨਵੀ ਕੰਮਾਂ ਦਾ ਵਿਰੋਧ ਕਰਦੇ ਹੋਏ ਜ਼ਿੰਦਗੀ ਭੋਗਦੇ ਹਨ ਕਿਉਂਕਿ ਉਨ੍ਹਾਂ ਅਨੁਸਾਰ ‘‘ਆਪਨ ਖੇਲੁ, ਆਪਿ ਕਰਿ ਦੇਖੈ ॥ ਖੇਲੁ ਸੰਕੋਚੈ, ਤਉ ਨਾਨਕ ਏਕੈ ॥’’ (ਮ: ੫/੨੯੧) ਭਾਵ ਜੋ ਕੁਝ ਜੀਵਨ ਵਿੱਚ ਘਟਤ ਹੋਣਾ ਹੈ, ਉਸ ਨੂੰ ਕੋਈ ਨਹੀਂ ਰੋਕ ਸਕਦਾ। ਗੁਰਸਿੱਖ ਲਈ ਗੁਰੂ ਉਪਦੇਸ਼ ਹੈ: ‘‘ਬੁਰਾ ਭਲਾ ਦੁਇ ਮਸਤਕਿ ਲੀਖੇ; ਪਾਪੁ ਪੁੰਨੁ ਬੀਜਾਇਦਾ ॥’’ (ਮ: ੧/੧੦੩੮) ਇਸ ਲਈ ‘‘ਚਉਥੇ ਸੁੰਨੈ, ਜੋ ਨਰੁ ਜਾਣੈ; ਤਾ ਕਉ ਪਾਪੁ ਨ ਪੁੰਨੰ ॥’’ (ਮ: ੧/੯੪੩) ਭਾਵ ਮਾਇਆ ਲਈ ਦੌੜ-ਭੱਜ (‘ਰਜੋ’), ਅੰਧ ਵਿਸ਼ਵਾਸ (‘ਤਮੋ’) ਤੇ ਸ਼ੁੱਭ (ਪੁੰਨ) ਕਰਮ (‘ਸਤੋ’) ਦੇ ਵਹਿਮ-ਭਰਮ ਦੇ ਬੰਧਨਾਂ ਤੋਂ ਮੁਕਤ ਹੋ ਕੇ ‘ਗੁਰਮੁਖ’ ਅਫੁਰ (ਸੰਕਲਪ-ਵਿਕਲਪ ਰਹਿਤ) ਅਵਸਥਾ ਵਿੱਚ ਨਿਵਾਸ ਰੱਖਦਾ ਹੈ, ਜਿੱਥੇ ‘ਪਾਪ-ਪੁੰਨ’ ਦੀ ਵੀਚਾਰ ਵਾਲੀ ਅਣਹੋਂਦ ਹੁੰਦੀ ਹੈ ਭਾਵ ‘ਇਹ ਕੰਮ ਕਰਾਂ ਜਾਂ ਨਹੀਂ ’ ਵਾਲਾ ਵੀਚਾਰ (ਦੁਬਿਧਾ) ਆਪਣਾ ਪ੍ਰਭਾਵ ਨਹੀਂ ਪਾ ਸਕਦਾ।

‘ਜਪੁ’ ਬਾਣੀ ਦੀ ਸਬੰਧਤ (ਉਕਤ) ਪਉੜੀ ਵਿੱਚ ਗੁਰੂ ਨਾਨਕ ਸਾਹਿਬ ਜੀ ‘ਪਾਪੀ’ ਦੇ ਮੁਕਾਬਲੇ, ਜਿਸ ‘ਪੁੰਨੀ’ ਸ਼ਬਦ ਨੂੰ ਰੂਪਮਾਨ ਕਰ ਰਹੇ ਹਨ, ਉਸ ਦਾ ਅਰਥ ਸਨਾਤਨੀ ਸੋਚ ਵਾਲੀ ‘ਅਹਿੰਸਾ’ ਨਹੀਂ ਬਲਕਿ ਗੁਰੂ ਦੀ ਸ਼ਰਨ ਵਿੱਚ ਆ ਕੇ ਰੱਬੀ ਬੰਦਗੀ ਕਰਨ ਨਾਲ ਮਨ ’ਤੇ ਪਏ ਪ੍ਰਭਾਵ ਵਾਲੇ ‘ਪੁੰਨੀ’ ਨੂੰ ਬਿਆਨ ਕੀਤਾ ਗਿਆ ਹੈ, ਜਿਸ ਦੀ ਵਿਆਖਿਆ ਹੇਠ ਲਿਖੇ ਗੁਰੂ ਫ਼ੁਰਮਾਨ ਕਰ ਰਹੇ ਹਨ :

‘‘ਕਰਿ ਸਾਧੂ ਅੰਜੁਲੀ; ‘ਪੁੰਨੁ’ ਵਡਾ ਹੇ ॥’’ (ਮ: ੪/੧੭੧)

‘‘ਕਲਿ ਮਹਿ ਏਹੋ ‘ਪੁੰਨੁ’; ਗੁਣ ਗੋਵਿੰਦ ਗਾਹਿ ॥’’ (ਮ: ੫/੯੬੨)

‘‘ਜਿਨ ਕੈ ਪੋਤੈ (ਖ਼ਜ਼ਾਨੇ, ਭਾਗਾਂ ’ਚ), ਪੁੰਨੁ ਹੈ; ਗੁਰੁ ਪੁਰਖੁ ਮਿਲਾਇਆ ॥’’ (ਮ: ੪/੧੨੩੮)

‘‘ਜਿਨ੍ ਕੈ ਪੋਤੈ ਪੁੰਨੁ ਹੈ; ਤਿਨ੍ੀ ਦਰਸਨੁ ਪਾਇਆ ॥’’ (ਮ: ੪/੧੨੪੫) ਆਦਿ।

ਸੋ, ‘ਜਪੁ’ ਬਾਣੀ ਦੀ ਪਉੜੀ ਨੰਬਰ 20 ਵੀਂ ਦੀ ਉਪਰੋਕਤ ਕੀਤੀ ਗਈ ਤਮਾਮ ਵੀਚਾਰ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਪਉੜੀ-ਦਰ-ਪਉੜੀ ਵਿਸ਼ਾ ਤਰਤੀਬ ਅਨੁਸਾਰ ਚੱਲ ਰਹੇ ਪ੍ਰਸੰਗ ਦੇ ਸੰਦਰਭ ਵਿੱਚ ਇਹ ਕਹਿਣਾ ਹੀ ਉਚਿਤ ਹੋਵੇਗਾ ਕਿ ਗੁਰੂ ਦੀ ਸਿੱਖਿਆ ਨੂੰ ਸੁਣਨ ਨਾਲ ਅਤੇ ਮੰਨਣ ਨਾਲ ਬਣੇ ‘ਪੰਚ’ ਦੇ ਪ੍ਰਥਾਏ ਹੀ ਸ਼ਬਦ ‘ਪੁੰਨੀ’ ਦਰਜ ਕੀਤਾ ਗਿਆ ਹੈ ਜਦਕਿ ਗੁਰੂ ਸਿੱਖਿਆ ਤੋਂ ਮੁਨਕਰ ਹੋਣਾ ਹੀ ਅਸਲ ‘ਪਾਪੀ’ ਹੈ।)

‘‘ਕਰਿ ਕਰਿ ਕਰਣਾ; ਲਿਖਿ ਲੈ ਜਾਹੁ ॥’’-ਇਸ ਪੰਕਤੀ ’ਚ ‘ਕਰਣਾ’ ਸ਼ਬਦ ਦਾ ਅਰਥ ‘ਬੰਦੇ ਦੁਆਰਾ ਕੀਤਾ ਗਿਆ ਚੰਗਾ-ਮੰਦਾ ਕਰਮ’ ਹੈ। ਗੁਰਬਾਣੀ ਲਿਖਤ ਅਨੁਸਾਰ ‘ਕਰਣਾ’ ਸ਼ਬਦ 72 ਵਾਰ ਦਰਜ ਹੈ ਅਤੇ ਇਸ ਦੇ ਅਰਥ ਹਨ ‘ਕਿਸੇ ਕੰਮ ਕਰਨ ਦੀ ਕ੍ਰਿਆ, ਕਾਰਜ (ਕਰਤੱਬ ਭਾਵ ਕਰਨਯੋਗ), ਕੁਦਰਤ (ਆਕਾਰ, ਸ੍ਰਿਸ਼ਟੀ), ਕਰਦਾ ਹੈ (ਜਾਂ) ਕਰੀਦਾ ਹੈ’ ਆਦਿ; ਜਿਵੇਂ:

(1). ‘ਕਰਣਾ’ ਭਾਵ ‘ਸ੍ਰਿਸ਼ਟੀ, ਆਕਾਰ, ਕੁਦਰਤ’; ਜਿਵੇਂ:

‘‘ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ; ਸਭੁ ਤਿਸੈ ਕਰਣਾ ॥ (ਮ: ੫/੩੨੩) (‘ਤਿਸੈ ਕਰਣਾ’ ਭਾਵ ਉਸ ਦਾ ਆਕਾਰ)

‘‘ਆਪੇ ਹੀ ‘ਕਰਣਾ’ ਕੀਓ, ਕਲ (ਜਿੰਦ ਰੂਪ ਅਦ੍ਰਿਸ਼ ਸ਼ਕਤੀ) ਆਪੇ ਹੀ ਤੈ ਧਾਰੀਐ ॥’’ (ਮ: ੧/੪੭੪)

‘‘ਜਿਨਿ ਕਰਤੈ ‘ਕਰਣਾ’ ਕੀਆ, ਲਿਖਿਆ ਆਵਣ ਜਾਣੁ ॥’’ (ਮ: ੧/੪੬੭) ਆਦਿ।

(2). ‘ਕਰਣਾ’ ਭਾਵ ‘ਕਰਦਾ ਹੈ, ਕਰੀਦਾ ਹੈ’ (ਕਿਰਿਆ); ਜਿਵੇਂ:

‘‘ਪੈਰਾ ਬਾਝਹੁ ਚਲਣਾ, ਵਿਣੁ ਹਥਾ ‘ਕਰਣਾ’ ॥’’ (ਮ: ੨/੧੩੯)

‘‘ਕਹੁ ਨਾਨਕ ! ਕਰਤੇ ਕੀਆ ਬਾਤਾ; ਜੋ ਕਿਛੁ ‘ਕਰਣਾ’, ਸੁ ਕਰਿ ਰਹਿਆ ॥’’ (ਮ: ੧/੪੬੯)

‘‘ਧਨੁ ਸੁ ਵੇਲਾ; ਜਿਤੁ ਦਰਸਨੁ ‘ਕਰਣਾ’ ॥’’ (ਮ: ੫/੫੬੨) ਆਦਿ।

(3). ‘ਕਰਣਾ’ ਭਾਵ ‘ਕੰਮ ਕਰਨ ਦੀ ਕ੍ਰਿਆ, ਕਾਰਜ’; ਜਿਵੇਂ:

‘‘ਕਰਣਾ ਕਥਨਾ ਕਾਰ ਸਭ, ਨਾਨਕ ! ਆਪਿ ਅਕਥੁ ॥’’ (ਮ: ੧/੧੨੮੯) (ਭਾਵ ਹੇ ਨਾਨਕ ! ਜੀਵਾਂ ਦੁਆਰਾ ਬੋਲਣਾ ਤੇ ਕੰਮ ਕਰਨਾ ਆਦਿ ਸਭ ਕੁਝ ਰੱਬੀ ਕਾਰ (ਨਿਯਮ) ਅਨੁਸਾਰ ਹੈ ਅਤੇ ਉਹ (ਨਿਯਮ ਦਾ ਮਾਲਕ) ਆਪ ਬਿਆਨ ਤੋਂ ਰਹਿਤ ਹੈ।

‘‘ਮੂਰਖ ਕੇ ਕਿਆ ਲਖਣ ਹੈ; ਕਿਆ ਮੂਰਖ ਕਾ ‘ਕਰਣਾ’ ? ॥’’ (ਮ: ੩/੯੫੩) (‘ਕਰਣਾ’ ਭਾਵ ਕਾਰਜ, ਕਰਤੱਬ) ਆਦਿ।

ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ; ਲਿਖਿ ਲੈ ਜਾਹੁ ॥

ਅਰਥ : ਪੁੰਨ ਪਾਪ ਦਾ ਆਖਣੁ (ਕਥਨ, ਧਰਮ-ਚਰਚਾ ਜਾਂ ਵਿਚਾਰ ‘‘ਭਰੀਐ ਮਤਿ, ਪਾਪਾ ਕੈ ਸੰਗਿ॥’’ ਦਾ ਇਲਾਜ) ਨਾਹੀਂ (ਇਸ ਵਹਿਮ ਅਧੀਨ ਤਾਂ ਪਾਪੀ ਪੁੰਨੀ ਵਾਲ਼ੇ) ਕਰਮ ਹੀ ਕਰ-ਕਰ ਕੇ (ਉਨ੍ਹਾਂ ਦਾ ਫਲ਼, ਆਪਣੇ ਨਸੀਬ ’ਚ) ਲਿਖ ਕੇ ਲੈ ਜਾਏਗਾ ਭਾਵ ਨਸੀਬ ਲੇਖ ਮੁਕਤ ਨਹੀਂ ਹੋਏਗਾ, ਧਰਮਰਾਜ ਦੀ ਪੁੱਛ-ਪੜਤਾਲ ਬਾਕੀ ਰਹੇਗੀ ਹੀ।

‘‘ਆਪੇ ਬੀਜਿ; ਆਪੇ ਹੀ ਖਾਹੁ ॥’’– ਇਸ ਪੰਕਤੀ ’ਚ ਦਰਜ ‘ਬੀਜਿ’ (ਕਿਰਿਆ ਵਿਸ਼ੇਸ਼ਣ) ਦਾ ਅਰਥ ਹੈ ‘ਬੀਜ ਕੇ, ਬੋਹ ਕੇ’।

‘ਆਪੇ’ (ਜਾਂ) ‘ਆਪੇ ਹੀ’– ਇਸ ਸ਼ਬਦ ਨੂੰ ਸਮਝਣਾ ਜ਼ਰੂਰੀ ਹੈ। ਗੁਰਬਾਣੀ ਵਿੱਚ ‘ਆਪਿ, ਆਪੁ’ ਤੇ ‘ਆਪੇ’ (ਤਿੰਨੇ) ਰੂਪ ਦਰਜ ਕੀਤੇ ਹੋਏ ਮਿਲਦੇ ਹਨ।

(1). ‘ਆਪਿ’ ਭਾਵ ‘ਤੂੰ’ ; ਜਿਵੇਂ 1282 ਵਾਰ:

‘‘ਸਚਾ ‘ਆਪਿ’, ਸਚਾ ਦਰਬਾਰੁ ॥’’ (ਜਪੁ /ਮ: ੧)

‘‘ਜੇਵਡੁ ‘ਆਪਿ’, ਤੇਵਡ ਤੇਰੀ ਦਾਤਿ ॥’’ (ਸੋ ਦਰੁ ਆਸਾ , ਮ: ੧/੯)

‘‘ਆਪਿ’’ ਸੁਜਾਣੁ, ਨ ਭੁਲਈ; ਸਚਾ ਵਡ ਕਿਰਸਾਣੁ ॥’’ (ਮ: ੧/੧੯) ਆਦਿ।

(2). ‘ਆਪੁ’ ਭਾਵ ‘ਆਪਣੇ ਆਪ ਨੂੰ (ਜਾਂ) ਹਉਮੈ’ ; ਜਿਵੇਂ 410 ਵਾਰ:

‘‘ਨਾਨਕ ! ਵਡਾ ਆਖੀਐ, ਆਪੇ ਜਾਣੈ ‘ਆਪੁ’ ॥’’ (ਜਪੁ /ਮ: ੧)

‘‘ਆਪੁ’’ ਪਛਾਣੈ, ਬੂਝੈ ਸੋਇ ॥’’ (ਮ: ੧/੨੫)

‘‘ਆਪੁ’’ ਛੋਡਿ, ਚਰਣੀ ਲਗਾ; ਚਲਾ ਤਿਨ ਕੈ ਭਾਇ ॥’’ (ਮ: ੩/੩੦) ਆਦਿ।

(3). ‘ਆਪੇ’ ਭਾਵ ‘ਆਪ ਹੀ’ ; ਜਿਵੇਂ 1655 ਵਾਰ:

‘‘ਨਾਨਕ ! ਏਵੈ ਜਾਣੀਐ, ਸਭੁ ਆਪੇ ਸਚਿਆਰੁ ॥’’ (ਜਪੁ /ਮ: ੧)

‘‘ਆਪੇ ਜਾਣੈ, ਆਪੇ ਦੇਇ ॥’’ (ਜਪੁ /ਮ: ੧)

‘‘ਤੂ ਆਪੇ ਕਰਤਾ, ਤੇਰਾ ਕੀਆ ਸਭੁ ਹੋਇ ॥’’ (ਮ: ੪/੧੨) ਆਦਿ।

(ਨੋਟ: ਗੁਰਬਾਣੀ ਫ਼ੁਰਮਾਨ ਹੈ ਕਿ ਮਨੁੱਖ ਜਿਸ ਹੱਥ ਨਾਲ ਚੰਗਾ-ਮੰਦਾ ਕੰਮ ਕਰਦਾ ਹੈ ਉਸ ਹੱਥ ਨਾਲ ਹੀ ਫਲ ਭੋਗਦਾ ਹੈ ਭਾਵ ਕਿਸੇ ਦੂਸਰੇ ਦੇ ਕਾਰਜ ਕਰਨ ਨਾਲ ਕਿਸੇ ਹੋਰ ਨੂੰ ਸਜਾ ਨਹੀਂ ਮਿਲਦੀ; ਜਿਵੇਂ:

‘‘ਅਹਿ ਕਰੁ (ਹੱਥ) ਕਰੇ, ਸੁ ਅਹਿ ਕਰੁ ਪਾਏ; ਕੋਈ ਨ ਪਕੜੀਐ ਕਿਸੈ ਥਾਇ ॥’’ (ਮ: ੫/੪੦੬)

‘‘ਅਹਿ ਕਰੁ ਕਰੇ, ਸੁ ਅਹਿ ਕਰੁ ਪਾਏ; ਇਕ ਘੜੀ ਮੁਹਤੁ ਨ ਲਗੈ ॥’’ (ਮ: ੫/੧੦੯੮)

‘‘ਕਰਮੀ ਆਪੋ ਆਪਣੀ….. ॥’’ (ਜਪੁ /ਮ: ੧) ਆਦਿ।

‘‘ਨਾਨਕ ! ਹੁਕਮੀ, ਆਵਹੁ ਜਾਹੁ ॥੨੦॥’’ ਇਸ ਪੰਕਤੀ ’ਚ ਦਰਜ ਸ਼ਬਦ ‘ਹੁਕਮੀ’ ਦਾ ਮੂਲ ਸਰੋਤ ਸ਼ਬਦ ਹੈ ‘ਹੁਕਮੁ’, ਜਿਸ ਵਿਚੋਂ ਜਦ ‘ਵਿੱਚ’ (ਅਧਿਕਰਣ ਕਾਰਕ) ਅਰਥ ਲੈਣੇ ਹੋਣ ਤਾਂ ਇਸ ਦਾ ਰੂਪ ‘ਹੁਕਮਿ’ ਬਣ ਜਾਂਦਾ ਹੈ, ਜੋ ਕਾਵਿ ਤੋਲ ਦੇ ਪ੍ਰਭਾਵ ਕਾਰਨ ‘ਹੁਕਮਿ’ ਤੋਂ ‘ਹੁਕਮੀ’ ਬਣ ਗਿਆ, ਜਿਸ ਦਾ ਅਰਥ ‘ਹੁਕਮਿ’ ਵਾਲਾ ਹੀ ਰਹੇਗਾ ਭਾਵ ‘ਰੱਬੀ ਹੁਕਮ ਵਿੱਚ (ਅਨੁਸਾਰ)’।

‘ਆਵਹੁ’- ਇਹ ਸ਼ਬਦ ਗੁਰਬਾਣੀ ਵਿੱਚ 36 ਵਾਰ ਦਰਜ ਹੈ ਤੇ ਦੂਜਾ ਪੁਰਖ ਬਹੁ ਵਚਨ ਕਿਰਿਆ ਦਾ ਪ੍ਰਤੀਕ ਹੈ; ਜਿਵੇਂ:

‘‘ਆਵਹੁ ਮਿਲਹੁ ਸਹੇਲੀਹੋ ! ਸਚੜਾ ਨਾਮੁ ਲਏਹਾਂ ॥ (ਮ: ੧/੫੭੯)

‘‘ਤੁਮ ਘਰਿ ਆਵਹੁ, ਮੇਰੇ ਮੀਤ ! ॥ (ਮ: ੫/੬੭੮)

‘‘ਆਵਹੁ ਸਜਣਾ ! ਹਉ ਦੇਖਾ ਦਰਸਨੁ ਤੇਰਾ, ਰਾਮ ॥’’ (ਮ: ੧/੭੬੪)

‘‘ਆਵਹੁ ਸੰਤ ਮਿਲਹੁ ਮੇਰੇ ਭਾਈ ! ਮਿਲਿ, ਹਰਿ ਹਰਿ ਕਥਾ ਕਰਹੁ ॥’’ (ਮ: ੪/੭੯੯)  ਆਦਿ ।

ਆਪੇ ਬੀਜਿ; ਆਪੇ ਹੀ ਖਾਹੁ ॥  ਨਾਨਕ ! ਹੁਕਮੀ, ਆਵਹੁ ਜਾਹੁ ॥੨੦॥

ਅਰਥ : ਹੇ ਨਾਨਕ  ! (ਮਨੁੱਖ ਨੇ ਆਪਣੇ ਕਰਮਾਂ ਦਾ ਬੀ ਭਾਵ ਨਸੀਬ) ਆਪ ਹੀ ਬੀਜ ਕੇ ਆਪ ਹੀ ਖਾਣਾ ਹੁੰਦਾ ਹੈ (ਅਕਾਲ ਪੁਰਖ ਦੇ) ਹੁਕਮ ਰਾਹੀਂ (ਆਵਾਗਮਣ ’ਚ) ਆਉਣਾ ਹੈ ਅਤੇ (ਹੁਕਮ ’ਚ ਹੀ ਇੱਥੋਂ) ਜਾਣਾ ਹੁੰਦਾ ਹੈ। ੨੦।

(ਨੋਟ: ਉਕਤ ਤੁਕ ’ਚ ਦੋ ਗਹਿਰੇ ਰਾਜ਼ ਛੁਪੇ ਹਨ :

(1).  ਨਸੀਬ ਆਪ ਬੀਜਣੇ ਹਨ ਅਤੇ ਉਨ੍ਹਾਂ ਦਾ ਫਲ਼ ਵੀ ਆਪ ਹੀ ਖਾਣਾ ਹੈ।

(2). ਕਰਤਾਰ ਦੇ ਹੁਕਮ ’ਚ (ਇੱਥੇ) ਆਉਣਾ ਹੈ ਅਤੇ (ਹੁਕਮ ’ਚ ਇੱਥੋਂ) ਜਾਣਾ ਹੈ।

 ਅਸ਼ਰਧਕ ਬੰਦਾ ਇਹੀ ਕਹੇਗਾ ਕਿ ਜਦ ਹੁਕਮ ’ਚ ਆਉਣਾ ਹੈ ਤਾਂ ਨਸੀਬ ਮੈਂ ਕਿਵੇਂ ਬੀਜੇ ਅਤੇ ਜਦ ਇੱਥੋਂ ਹੁਕਮ ’ਚ ਜਾਣਾ ਹੈ ਤਾਂ ਮੈਂ ਨਸੀਬ ਦਾ ਫਲ਼ ਕਿਵੇਂ ਖਾਧਾ ?  ਜਦ ਕਿ ਗੁਰੂ ਜੀ ਨੇ ਕਰਤਾਰ ਦੀ ਇਹੀ ਖੇਡ ਬਿਆਨ ਕੀਤੀ ਹੈ।)