JAP (Pori No.15)

0
374

ਮੰਨੈ; ਪਾਵਹਿ ਮੋਖੁ ਦੁਆਰੁ॥ ਮੰਨੈ; ਪਰਵਾਰੈ ਸਾਧਾਰੁ॥ ਮੰਨੈ; ਤਰੈ, ਤਾਰੇ, ਗੁਰੁ ਸਿਖ॥ ਮੰਨੈ; ਨਾਨਕ! ਭਵਹਿ ਨ ਭਿਖ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ, ਮੰਨਿ ਜਾਣੈ ਮਨਿ; ਕੋਇ॥੧੫॥ (ਜਪੁ/ਮ:੧, ੩)

ਉਚਾਰਨ ਸੇਧ: ਪਾਵਹਿਂ (ਪਾਵੈਂ), ਭਵਹਿਂ (ਭਵੈਂ), ਮੰਨ, ਮਨ।

ਪਦ ਅਰਥ: ਮੰਨੈ-ਮੰਨਣ ਨਾਲ (ਕਰਨ ਕਾਰਕ)।, ਪਾਵਹਿ-ਪਾਉਂਦੇ ਹਨ (ਬਹੁ ਵਚਨ, ਵਰਤਮਾਨ ਕਿਰਿਆ)।, ਮੋਖੁ-ਮੁਕਤੀ, ਮੰਜ਼ਲ।, ਦੁਆਰੁ-(ਰੱਬੀ) ਦਰ (ਦਰਵਾਜਾ ਜਾਂ ਮਿਲਾਪ)।, ਪਰਵਾਰੈ- ਪਰਵਾਰ ਨੂੰ (ਕਰਮ ਕਾਰਕ), ਸਾਧਾਰੁ-ਆਧਾਰ (ਆਸਰੇ) ਸਹਿਤ (ਇਕ ਵਚਨ ਪੁਲਿੰਗ)।, ਤਰੈ- ਤਰਦਾ ਹੈ (ਇੱਕ ਵਚਨ ਵਰਤਮਾਨ ਕਿਰਿਆ)।, ਤਾਰੇ- (ਹੋਰਨਾਂ ਨੂੰ) ਤਾਰਦਾ ਹੈ।, ਸਿਖ- ਸਿੱਖਿਆ (ਉਪਦੇਸ਼, ਸਿਧਾਂਤ)।, ਨਾਨਕ- ਹੇ ਨਾਨਕ! (ਸੰਬੋਧਨ)।, ਭਵਹਿ-ਭਟਕਦੇ ਹਨ (ਬਹੁ ਵਚਨ, ਵਰਤਮਾਨ ਕਿਰਿਆ)।, ਭਿਖ-ਭਿਖਿਆ ਲਈ, ਮੰਗਣ ਲਈ (ਇਸਤ੍ਰੀ ਲਿੰਗ)।

ਮੰਨੈ; ਪਾਵਹਿ ਮੋਖੁ ਦੁਆਰੁ॥-ਇਸ ਪੰਕਤੀ ਵਿੱਚ ਆਇਆ ਸ਼ਬਦ ‘ਪਾਵਹਿ’ ਬਹੁ ਵਚਨ ਕਿਰਿਆ ਹੈ ਜਿਸ ਦਾ ਇੱਕ ਵਚਨ ‘ਪਾਵੈ’ ਹੁੰਦਾ ਹੈ; ਜਿਵੇਂ ਕਿ ਇਸ ਪਉੜੀ ਵਿੱਚ ਹੀ ਦਰਜ ਸ਼ਬਦ ਹੈ: ‘ਤਰੈ’। ਗੁਰਬਾਣੀ ਵਿੱਚ ‘ਪਾਵਹਿ’ ਸ਼ਬਦ 178 ਵਾਰ ਇਉਂ ਦਰਜ ਹੈ ‘‘ਸੁਣਿਐ; ਪੜਿ ਪੜਿ, ਪਾਵਹਿ ਮਾਨੁ॥ (ਜਪੁ/ਮ:੧), ਸੁਣਿਐ; ਅੰਧੇ, ਪਾਵਹਿ ਰਾਹੁ॥’’ (ਜਪੁ/ਮ:੧) ਆਦਿ, ਪਰ ‘ਪਾਵੈ’ ਸ਼ਬਦ 387 ਵਾਰ ਇਉਂ ਦਰਜ ਹੈ ‘‘ਜੇ ਕੋ ਪਾਵੈ; ਤਿਲ ਕਾ ਮਾਨੁ॥ (ਜਪੁ/ਮ:੧), ਗੁਰ ਕੈ ਭਾਣੈ, ਜੋ ਚਲੈ; ਦੁਖੁ, ਨ ਪਾਵੈ ਕੋਇ॥’’ (ਮ:੩/੩੧) ਆਦਿ।

‘‘ਮੋਖੁ ਦੁਆਰੁ॥’’-ਇਸ ਜੁੜਤ ਸ਼ਬਦ ਨੂੰ ਵੀਚਾਰਨਾ ਜ਼ਰੂਰੀ ਹੈ ਕਿਉਂਕਿ ਗੁਰਬਾਣੀ ਲਿਖਤ ਅਨੁਸਾਰ ਇਸ ਦੀ ਬਣਤਰ 31 ਵਾਰ ‘ਮੋਖ ਦੁਆਰੁ’ ਅਤੇ 2 ਵਾਰ (ਕੇਵਲ ‘ਜਪੁ’ ਬਾਣੀ ਵਿੱਚ) ‘ਮੋਖੁ ਦੁਆਰੁ’ ਹੈ। ਸਿੱਖ ਸਮਾਜ ਨਾਲ ਸਬੰਧਤ ਬੁਧੀਜੀਵੀ ਵਰਗ ਨੇ ਇਨ੍ਹਾਂ (ਜੁੜਤ ਸ਼ਬਦਾਂ) ਦੇ ਅਰਥ ‘ਮੁਕਤੀ ਦਾ ਦੁਆਰ’ ਕੀਤੇ ਹਨ, ਜਿਸ (ਮੋਖੁ) ਸ਼ਬਦ ਵਿੱਚੋਂ ‘ਦੀ’ ਸਬੰਧਕੀ ਸ਼ਬਦ ਦੀ ਟੇਕ ਲਈ ਜਾ ਰਹੀ ਹੈ ਤਾਂ ਫਿਰ ਇਸ ਦੀ ਲਿਖਤ ਬਣਤਰ ‘ਮੋਖੁ’ ਨਹੀਂ, ਬਲਕਿ ‘ਮੋਖ’ ਹੋਣੀ ਚਾਹੀਦੀ ਸੀ। ‘ਜਪੁ’ ਬਾਣੀ ਤੋਂ ਇਲਾਵਾ, ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ (ਆਸਾ ਕੀ ਵਾਰ ਵਿੱਚ 2 ਵਾਰ, ਸਮੇਤ) 7 ਵਾਰ, ਇਸ ਸ਼ਬਦ ਨੂੰ ‘ਮੋਖੁ ਦੁਆਰੁ’ ਨਹੀਂ, ਬਲਕਿ ‘ਮੋਖ ਦੁਆਰੁ’ ਇਉਂ ਦਰਜ ਕਰ ਰਹੇ ਹਨ ‘‘ਤਾ ਕੋ ਪਾਵੈ; ‘ਮੋਖ ਦੁਆਰੁ’॥ (ਮ:੧/੬੬੧), ਨਾਮਿ ਰਤੇ; ਪਾਵਹਿ, ‘ਮੋਖ ਦੁਆਰੁ’॥ (ਮ:੧/੯੪੧), ਗੁਰ ਕੈ ਸਬਦਿ, ਜੋ ਮਰਿ ਜੀਵੈ; ਸੋ, ਪਾਏ ‘ਮੋਖ ਦੁਆਰੁ’॥ (ਮ:੧/੯੪੧), ਗੁਰਿ ਮਿਲਿਐ, ਖਸਮੁ ਪਛਾਣੀਐ; ਕਹੁ ਨਾਨਕ! ‘ਮੋਖ ਦੁਆਰੁ’॥ (ਮ:੧/੧੦੧੦), ਸਬਦੇ; ਗਤਿ, ਮਤਿ, ‘ਮੋਖ ਦੁਆਰੁ’॥ (ਮ:੧/੧੩੪੨), ਨਾਉ ਸੁਣਿ ਮਨੁ ਰਹਸੀਐ; ਤਾ, ਪਾਏ ‘ਮੋਖ ਦੁਆਰੁ’॥ (ਮ:੧/੪੬੮) (ਅਤੇ) ਧਰਮੀ ਧਰਮੁ ਕਰਹਿ, ਗਾਵਾਵਹਿ; ਮੰਗਹਿ, ‘ਮੋਖ ਦੁਆਰੁ’॥’’ (ਮ:੧/੪੬੯)

ਗੁਰੂ ਰਾਮਦਾਸ ਜੀ ਵੀ ਆਪਣੀ ਬਾਣੀ ਵਿੱਚ 2 ਵਾਰ, ‘ਮੋਖੁ ਦੁਆਰੁ’ ਦੀ ਬਜਾਏ ‘ਮੋਖ ਦੁਆਰੁ’ ਇਉਂ ਦਰਜ ਕਰ ਰਹੇ ਹਨ ‘‘ਕਿਰਪਾ ਕਰਿ ਕੈ ਮੇਲਿਅਨੁ, ਪਾਇਆ ‘ਮੋਖ ਦੁਆਰੁ’॥ (ਮ:੪/੭੫੮) (ਅਤੇ) ਸੰਤ ਜਨਾ ਕੈ ਸੰਗਿ ਮਿਲੁ, ਬਉਰੇ! ਤਉ ਪਾਵਹਿ ‘ਮੋਖ ਦੁਆਰੁ’॥’’ (ਮ:੪/੧੨੦੦)

ਗੁਰੂ ਅਮਰਦਾਸ ਜੀ ਵੀ ਆਪਣੀ ਬਾਣੀ ਵਿੱਚ 22 ਵਾਰ ‘ਮੋਖੁ ਦੁਆਰੁ’ ਸ਼ਬਦ ਦੀ ਬਜਾਏ ‘ਮੋਖ ਦੁਆਰ’, ਇਉਂ ਦਰਜ ਕਰ ਰਹੇ ਹਨ ‘‘ਨਾਨਕ! ਗੁਰਮੁਖਿ ਬੁਝੀਐ, ਪਾਈਐ ‘ਮੋਖ ਦੁਆਰੁ’॥ (ਮ:੩/੨੭), ਸਬਦਿ ਮਰੈ, ਤਾ ਉਧਰੈ; ਪਾਏ, ‘ਮੋਖ ਦੁਆਰੁ’॥ (ਮ:੩/੩੩), ਮਨਿ ਨਿਰਮਲ, ਨਾਮੁ ਧਿਆਈਐ; ਤਾ, ਪਾਏ ‘ਮੋਖ ਦੁਆਰੁ’॥ (ਮ:੩/੩੩), ਗੁਰ ਪਰਸਾਦੀ ਬੁਝੀਐ; ਤਾ, ਪਾਏ ‘ਮੋਖ ਦੁਆਰੁ’॥ (ਮ:੩/੩੬), ਗੁਰ ਪਰਸਾਦੀ, ਜਿਨਿ ਬੁਝਿਆ; ਤਿਨਿ, ਪਾਇਆ ‘ਮੋਖ ਦੁਆਰੁ’॥ (ਮ:੩/੯੦), ਪੂਰੈ ਗੁਰਿ, ਪਾਈਐ; ‘ਮੋਖ ਦੁਆਰੁ’॥ (ਮ:੩/੧੧੪), ਗੁਰਮੁਖਿ, ਪਾਏ; ‘ਮੋਖ ਦੁਆਰੁ’॥’’ (ਮ:੩/੧੧੫) ਆਦਿ, ਪਰ ‘ਜਪੁ’ ਬਾਣੀ ਵਿੱਚ ਹੀ ਸਬੰਧਤ ਪੰਕਤੀ ਤੋਂ ਇਲਾਵਾ ਇਕ ਵਾਰ ਹੋਰ ‘‘ਮੋਖ ਦੁਆਰੁ’ ਦੀ ਬਜਾਏ ‘ਮੋਖੁ ਦੁਆਰੁ’ ਇਉਂ ਦਰਜ ਹੈ ‘‘ਕਰਮੀ ਆਵੈ ਕਪੜਾ; ਨਦਰੀ, ਮੋਖੁ ਦੁਆਰੁ॥’’ (ਜਪੁ/ਮ:੧)

ਸੋ, ਗੁਰਬਾਣੀ ਲਿਖਤ ਅਨੁਸਾਰ ਇਹੀ ਮੰਨਿਆ ਜਾ ਸਕਦਾ ਹੈ ਕਿ ਕੇਵਲ ‘ਜਪੁ’ ਬਾਣੀ ਵਿੱਚ 2 ਵਾਰ ਦਰਜ ‘ਮੋਖੁ ਦੁਆਰੁ’ (ਜੁੜਤ) ਸ਼ਬਦਾਂ ਦਾ ਅਰਥ ‘ਮੁਕਤੀ ਦਾ ਦੁਆਰ’ ਨਹੀਂ ਬਣ ਸਕਦਾ। ਲਗਾਤਾਰ 2 ਵਾਰ ਇੱਕ ਬਾਣੀ ਵਿੱਚ ਦਰਜ, ਛਾਪੇ ਦੀ ਗ਼ਲਤੀ ਦਾ ਪ੍ਰਤੀਕ ਭੀ ਨਹੀਂ ਬਣ ਸਕਦਾ, ਇਸ ਲਈ ਇਨ੍ਹਾਂ ਦੇ ਅਰਥ ‘ਮੁਕਤੀ ਰੂਪ ਦੁਆਰ’ ਜਾਂ ‘ਮੰਜ਼ਲ ਰੂਪ ਦਰ (ਰੱਬੀ ਮਿਲਾਪ)’ ਕਰਨੇ ਉਚਿਤ ਰਹਿਣਗੇ ਕਿਉਂਕਿ ਇਹ ਪਉੜੀ ‘ਮੰਨੇ’ ਵਾਲੀਆਂ ਪਉੜੀਆਂ ਦੀ ਅਖ਼ੀਰਲੀ ਹੈ, ਜਿਸ ਤੋਂ ਉਪਰੰਤ ਮਨੁੱਖੀ ਅਵਸਥਾ ‘ਪੰਚ’ ਬਣਨ ਜਾ ਰਹੀ ਹੈ, ਜਿਸ ਬਾਰੇ ਪੰਚਮ ਪਿਤਾ ਫ਼ੁਰਮਾ ਰਹੇ ਹਨ ‘‘ਪੰਚਮਿ, ਪੰਚ ਪ੍ਰਧਾਨ ਤੇ; ਜਿਹ ਜਾਨਿਓ, ਪਰਪੰਚੁ॥’’ (ਮ:੫/੨੯੭) ਭਾਵ ‘ਪੰਚ ਜਨ’ ਉਹ ਹਨ ਜਿਨ੍ਹਾਂ ਜਗਤ ਰੂਪ ਝੰਬੇਲਾ (ਛਲ) ਨੂੰ ਸਮਝ ਲਿਆ।

ਸੋ, ਮੰਨੈ; ਪਾਵਹਿ ਮੋਖੁ ਦੁਆਰੁ॥-ਭਾਵ (ਗੁਰ ਉਪਦੇਸ਼) ਮੰਨਣ ਨਾਲ਼ (ਭਗਤ-ਜਨ ਮਾਇਆ ਤੋਂ) ਸੁਤੰਤਰ ਕਰਨ ਵਾਲ਼ਾ ਦਰਵਾਜ਼ਾ (ਬੂਹਾ, ਨਿਕਾਸੀ) ਲੱਭ ਲੈਂਦੇ ਹਨ ।

‘‘ਮੰਨੈ; ਪਰਵਾਰੈ ਸਾਧਾਰੁ॥’’ ਇਸ ਪੰਕਤੀ ’ਚ ਦਰਜ ਸ਼ਬਦ ‘ਪਰਵਾਰੈ’ (ਇੱਕ ਵਚਨ ਪੁਲਿੰਗ) ਨੂੰ ਲੱਗੀਆਂ ਦੁਲਾਵਾਂ ਵਿੱਚੋਂ ਕੋਈ ਵੀ ਕਾਰਕ ਅਰਥ ਜ਼ਰੂਰ ਨਿਕਲਣਗੇ, ਜਿਵੇਂ ‘ਕਰਤੈ’ (ਕਰਤਾਰ, ਇੱਕ ਵਚਨ ਪੁਲਿੰਗ ਸ਼ਬਦ) ਵਿੱਚੋਂ ਕਰਤਾ ਕਾਰਕ ‘ਨੇ’ ਅਰਥ ਇਉਂ ਬਣ ਰਹੇ ਹਨ ‘‘ਅੰਗੀਕਾਰੁ ਕੀਆ ਤਿਨਿ ‘ਕਰਤੈ’, ਦੁਖ ਕਾ ਡੇਰਾ ਢਾਹਿਆ ਜੀਉ॥ (ਮ:੫/੧੦੭), ਤਿਨਿ ‘ਕਰਤੈ’, ਇਕੁ ਖੇਲੁ ਰਚਾਇਆ॥ (ਮ:੩/੧੧੭), ਜੰਮਣ ਮਰਣਾ ਆਖੀਐ, ਤਿਨਿ‘ਕਰਤੈ’ ਕੀਆ॥ (ਮ:੧/੪੨੦), ਏਹੁ ਪਰਪੰਚੁ ਖੇਲੁ ਕੀਆ ਸਭੁ ‘ਕਰਤੈ’; ਹਰਿ ‘ਕਰਤੈ’, ਸਭ ਕਲ ਧਾਰੀ॥’’ (ਮ:੪/੫੦੭) ਆਦਿ।

‘ਪਰਵਾਰੈ’ ਸ਼ਬਦ ਦਾ ਮੂਲ ਸਰੋਤ ਸ਼ਬਦ ‘ਪਰਵਾਰੁ’ ਹੈ, ਜੋ ਗੁਰਬਾਣੀ ਵਿੱਚ 16 ਵਾਰ ਇਉਂ ਦਰਜ ਹੈ ‘‘ਸਸੁਰੈ ਪੇਈਐ ਤਿਸੁ ਕੰਤ ਕੀ; ਵਡਾ ਜਿਸੁ ਪਰਵਾਰੁ॥ (ਮ:੫/੧੩੭), ਵਡ ਪਰਵਾਰੁ; ਪੂਤ ਅਰੁ ਧੀਆ॥ (ਮ:੫/੩੯੨), ਤੁਸੀ ਪੁਤ ਭਾਈ ਪਰਵਾਰੁ ਮੇਰਾ; ਮਨਿ ਵੇਖਹੁ, ਕਰਿ ਨਿਰਜਾਸਿ ਜੀਉ॥’’ (ਬਾਬਾ ਸੁੰਦਰ ਜੀ/੯੨੩) ਆਦਿ, ਪਰ ਜਦ ਇਸ ‘ਪਰਵਾਰੁ’ ਸ਼ਬਦ ਵਿੱਚੋਂ ਕੋਈ ਸਬੰਧਕ ਅਰਥ ਲੈਣੇ ਹੋਣ ਤਾਂ ਇਸ ਦੀ ਬਣਤਰ ‘ਪਰਵਾਰੈ’ ਬਣ ਜਾਂਦੀ ਹੈ, ਜੋ 6 ਵਾਰ ਇਉਂ ਦਰਜ ਹੈ ‘‘ਸਭ ਪਰਵਾਰੈ ਮਾਹਿ; ਸਰੇਸਟ॥ (ਮ:੫/੩੭੧), ਗੁਰਮੁਖਿ ਨਾਨਕ! ‘ਪਰਵਾਰੈ’ ਸਾਧਾਰੁ॥ (ਮ:੩/੫੬੦), ਨਾਨਕ! ਗੁਰਮਤਿ ਮਾਨਿਆ, ‘ਪਰਵਾਰੈ’ ਸਾਧਾਰੁ॥’’ (ਮ:੩/੮੩੩) ਆਦਿ। ਇਸ ਲਈ ਸਬੰਧਤ ਪੰਕਤੀ ’ਚ ਆਇਆ ਸ਼ਬਦ ‘ਪਰਵਾਰੈ’ ਦਾ ਅਰਥ ਬਣ ਜਾਂਦਾ ਹੈ ‘ਪਰਵਾਰ ਨੂੰ’ (ਭਾਵ ਕਰਮ ਕਾਰਕ)।

‘ਸਾਧਾਰੁ’- ਇਹ ਸ਼ਬਦ ‘ਸ + ਆਧਾਰੁ’ ਦਾ ਸੁਮੇਲ ਹੈ, ਜਿਸ ਦਾ ਅਰਥ ਹੈ ‘ਸਮੇਤ ਆਸਰੇ’, ਗੁਰਬਾਣੀ ਵਿੱਚ ਇਹ ਸ਼ਬਦ ਕੇਵਲ ‘ਪਰਵਾਰ’ ਸ਼ਬਦ ਦੇ ਪ੍ਰਥਾਏ ਅਤੇ ਅੰਤ ਔਕੜ ਸਮੇਤ ਹੀ 4 ਵਾਰ ਇਉਂ ਦਰਜ ਹੈ ‘‘ਸਤਿਗੁਰੁ ਸੇਵੈ, ਪਰਵਾਰ ‘ਸਾਧਾਰੁ’॥ (ਮ:੩/੩੬੧), ਗੁਰਮੁਖਿ ਨਾਨਕ! ਪਰਵਾਰੈ‘ਸਾਧਾਰੁ’॥ (ਮ:੩/੫੬੦), ਨਾਨਕ! ਗੁਰਮਤਿ ਮਾਨਿਆ, ਪਰਵਾਰੈ ‘ਸਾਧਾਰੁ’॥’’ (ਮ:੩/੮੩੩) ‘ਪਰਵਾਰੈ ਸਾਧਾਰੁ’ ਸ਼ਬਦਾਂ ਦਾ ਅਰਥ ਬਣ ਜਾਂਦਾ ਹੈ ਆਪਣੇ ਪਰਵਾਰ (ਸਮੂਹ ਸਤਿਸੰਗੀਆਂ) ਨੂੰ (ਰੱਬੀ) ਆਸਰੇ ਵਾਲਾ ਬਣਾ ਲੈਂਦਾ ਹੈ।

ਸੋ, ‘‘ਮੰਨੈ; ਪਰਵਾਰੈ ਸਾਧਾਰੁ॥’’ ਭਾਵ ਆਪਣੇ ਪਰਵਾਰ ਨੂੰ (ਵੀ ਉਸ ਨਿਕਾਸੀ (ਮੋਖੁ) ਬਾਰੇ ਸਮਝਾਉਂਦੇ ਹਨ ਭਾਵ ਗੁਰੂ) ਆਸਰੇ ਸਹਿਤ ਬਣਾ ਲੈਂਦੇ ਹਨ (ਕਬੀਰ  !  ਏਕ ਘੜੀ, ਆਧੀ ਘਰੀ; ਆਧੀ ਹੂੰ ਤੇ ਆਧ ॥  ਭਗਤਨ ਸੇਤੀ ਗੋਸਟੇ (ਭਗਤਾਂ ਨਾਲ਼ ਵਿਚਾਰ-ਚਰਚਾ); ਜੋ ਕੀਨੇ (ਜਿੰਨੀ ਕੁ ਕੀਤੀ ਗਈ), ਸੋ ਲਾਭ ॥੨੩੨॥  ਭਗਤ ਕਬੀਰ/੧੩੭੭)

ਮੰਨੈ; ਤਰੈ, ਤਾਰੇ, ਗੁਰੁ ਸਿਖ॥-ਇਸ ਪੰਕਤੀ ਵਿੱਚ ‘ਮੰਨੈ, ਤਰੈ ਅਤੇ ਤਾਰੇ’ (3) ਕਿਰਿਆਵਾਚੀ ਸ਼ਬਦ ਹਨ ਅਤੇ 2 (ਗੁਰੁ ਅਤੇ ਸਿਖ) ਨਾਂਵ ਸ਼ਬਦ ਹਨ, ਜਿਨ੍ਹਾਂ ਦੇ ਅਰਥ ਕਰਦਿਆਂ ਟੀਕਾਕਾਰਾਂ ਵਿੱਚ ਭਿੰਨਤਾ ਵਿਖਾਈ ਦੇਂਦੀ ਹੈ। ਪਿ੍ਰੰ. ਸਾਹਿਬ ਸਿੰਘ ਜੀ ‘ਗੁਰੁ’ (ਇੱਕ ਵਚਨ ਪੁਲਿੰਗ) ਸ਼ਬਦ ਨੂੰ ‘ਤਰੈ’ (ਇੱਕ ਵਚਨ ਕਿਰਿਆ) ਨਾਲ ਜੋੜ ਕੇ ਅਰਥ ਕਰਦੇ ਹਨ ਕਿ ਗੁਰੂ ਆਪ ਤਰਦਾ ਹੈ ਅਤੇ ‘ਸਿਖ’ (ਬਹੁ ਵਚਨ ਨਾਂਵ) ਨਾਲ ‘ਤਾਰੇ’ ਕਿਰਿਆ ਜੋੜ ਕੇ ਅਰਥ ‘ਸਿੱਖਾਂ ਨੂੰ (ਵੀ) ਤਾਰੇ’ ਕਰਦੇ ਹਨ ਪਰ ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਵੀ ਵਿਆਕਰਣ ਅਨੁਸਾਰ ਹੀ ‘ਸਿਖ’ ਸ਼ਬਦ ਨੂੰ ਇਸਤ੍ਰੀ ਲਿੰਗ ਨਾਂਵ ’ਚ ਲੈ ਕੇ ਅਰਥ (ਸਿੱਖਿਆ) ਕਰਦੇ ਹਨ ਭਾਵ ਗੁਰੂ ਰੂਪ ਸਿਖਿਆ ਨੂੰ ਮੰਨਣ ਨਾਲ (ਜਗਿਆਸੂ, ਆਪ) ਤਰੈ (ਅਤੇ ਹੋਰਨਾਂ ਨੂੰ) ਤਾਰੇ।

ਉਪਰੋਕਤ ਪਉੜੀਆਂ ਦੀ ਤਰਤੀਬ ਅਨੁਸਾਰ ‘ਗੁਰੂ ਦੀ ਸਿੱਖਿਆ ਮੰਨਣ ਨਾਲ’, ਕਿਸੇ ਜਗਿਆਸੂ ਦੇ ਜੀਵਨ (ਮੰਨੇ ਕੀ ਗਤਿ) ਦਾ ਵਰਨਣ ਚੱਲਦਾ ਆ ਰਿਹਾ ਹੈ, ਜਿਸ ਅਨੁਸਾਰ ‘ਗੁਰੂ (ਆਪ) ਤਰੈ’ ਵਾਲੇ ਅਰਥ ਵਿਆਕਣਿਕ ਨਿਯਮਾਂ ਅਨੁਸਾਰ ਉਚਿਤ ਹੋਣ ਦੇ ਬਾਵਜੂਦ ਵੀ ਪ੍ਰਸੰਗ ਅਨੁਸਾਰ ਅਢੁੱਕਵੇਂ ਜਾਪਦੇ ਹਨ ਜਦਕਿ ਸਿੱਖ ਸਮਾਜ ਲਈ ਵਰਤਮਾਨ ਅਤੇ ਭਵਿਖਕਾਲ ਵਿੱਚ ਕਿਸੇ ਦੇਹਧਾਰੀ ਗੁਰੂ ਦੀ ਹੋਂਦ ਵੀ ਅਸੰਭਵ ਹੈ।

ਮੰਨੈ; ਤਰੈ, ਤਾਰੇ, ਗੁਰੁ ਸਿਖ॥-ਵਾਲੀ ਪੰਕਤੀ ਨੂੰ ‘‘ਮੰਨੈ; ਪਰਵਾਰੈ ਸਾਧਾਰੁ॥’’ ਵਾਲੀ ਪੰਕਤੀ ਨਾਲ ਮਿਲਾ ਕੇ ਅਰਥ ਕਰਨ ਨਾਲ ਬਹੁਤ ਕੁਝ ਸਪੱਸ਼ਟ ਹੋ ਜਾਂਦਾ ਹੈ; ਜਿਵੇਂ: ਪ੍ਰਸ਼ਨ: ਕੌਣ ‘ਪਰਵਾਰੈ’ (ਨੂੰ) ‘ਸਾਧਾਰੈ’ ਭਾਵ ‘ਤਾਰੇ’ ?, ਉੱਤਰ: ਮੰਨਣ ਵਾਲਾ, ਜੋ ਆਪ ‘ਤਰੈ’। ਪ੍ਰਸ਼ਨ: ਕੀ ਮੰਨਣ ਵਾਲਾ?, ਉੱਤਰ: ‘ਗੁਰੁ ਸਿਖ’ (ਭਾਵ ਗੁਰੂ ਰੂਪ ਸਿੱਖਿਆ)।

‘ਸਿਖ’ ਸ਼ਬਦ ਗੁਰਬਾਣੀ ਵਿੱਚ 77 ਵਾਰ ਦਰਜ ਹੈ, ਜਿਸ ਦੇ ਅਰਥ ਤਿੰਨ ਪ੍ਰਕਾਰ ਹਨ:

(1) ‘ਸਿਖ’- ਭਾਵ ‘ਗੁਰੂ ਦੇ ਸਿੱਖ’ (ਬਹੁ ਵਚਨ ਨਾਂਵ); ਜਿਵੇਂ: ‘‘ਸਤਿਗੁਰੁ, ‘ਸਿਖ’ ਕੀ ਕਰੈ ਪ੍ਰਤਿਪਾਲ॥ (ਮ:੫/੨੮੬), ਸਤਿਗੁਰੁ, ‘ਸਿਖ’ ਕੇ ਬੰਧਨ ਕਾਟੈ॥ (ਮ:੫/੨੮੬), ਸਤਿਗੁਰੁ ਸਾਹੁ, ‘ਸਿਖ’ ਵਣਜਾਰੇ॥ (ਮ:੫/੪੩੦), ਆਵਹੁ ‘ਸਿਖ’! ਸਤਿਗੁਰੂ ਕੇ ਪਿਆਰਿਹੋ! ਗਾਵਹੁ ਸਚੀ ਬਾਣੀ॥’’ (ਮ:੩/੯੨੦) ਆਦਿ।

(2). ‘ਸਿਖ’ ਭਾਵ ‘ਸਿਰ ਦੀ ਚੋਟੀ (ਬੋਦੀ)’; ਜਿਵੇਂ: ‘‘ਜਬ ਨਖ ‘ਸਿਖ’, ਇਹੁ ਮਨੁ ਚੀਨ੍ਾ॥ ਤਬ ਅੰਤਰਿ ਮਜਨੁ ਕੀਨ੍ਾ ॥’’ (ਭਗਤ ਕਬੀਰ/੯੭੨) ਭਾਵ ਜਦ ਮੈਂ (ਪੈਰਾਂ ਦੇ) ਨੌਹਾਂ (ਨਖ) ਤੋਂ ਲੈ ਕੇ (ਸਿਰ ਦੀ) ਚੋਟੀ (ਸਿਖ) ਤੱਕ ਇਸ ਮਨ (ਹਰਕਤ) ਨੂੰ ਪਛਾਣ ਲਿਆ ਤਾਂ ਮਾਨੋਂ ਆਪਣੇ ਅੰਦਰ ਹੀ ਇਸ਼ਨਾਨ ਕਰ ਲਿਆ।

(3). ‘ਸਿਖ’ ਭਾਵ (ਗੁਰੂ) ‘ਸਿੱਖਿਆ’; ਜਿਵੇਂ: ‘‘ਮਤਿ ਵਿਚਿ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ‘ਸਿਖ’ ਸੁਣੀ॥ (ਜਪੁ/ਮ:੧), ਸਤਿਗੁਰ ਸਾਚੀ‘ਸਿਖ’ ਸੁਣਾਈ॥ (ਮ:੩/੧੧੭), ਸੁਣਿ ਸੁਣਿ ‘ਸਿਖ’ ਹਮਾਰੀ॥ (ਮ:੧/੧੫੪), ਸਚੁ ਤਾ ਪਰੁ ਜਾਣੀਐ; ਜਾ, ‘ਸਿਖ’ ਸਚੀ ਲੇਇ॥ (ਮ:੧/੪੬੮), ਗੁਰ ਕੀ ‘ਸਿਖ’, ਕੋ ਵਿਰਲਾ ਲੇਵੈ॥’’ (ਮ:੩/੫੦੯) ਆਦਿ।

ਸੋ, ‘‘ਮੰਨੈ; ਤਰੈ, ਤਾਰੇ, ਗੁਰੁ ਸਿਖ॥’’-ਭਾਵ ‘ਗੁਰੁ’ ਰੂਪ ‘ਸਿਖ’ (ਸਿੱਖਿਆ) ਮੰਨਣ ਨਾਲ਼ (ਮਨੁੱਖ, ਵਿਕਾਰਾਂ ਤੋਂ ਆਪ) ਅਜ਼ਾਦ ਰਹਿੰਦਾ ਹੈ (ਤੇ ਸਤਸੰਗੀਆਂ ਨੂੰ ਵੀ) ਤਾਰਦਾ ਹੈ।

ਮੰਨੈ; ਨਾਨਕ! ਭਵਹਿ ਨ ਭਿਖ॥- ਇਸ ਪੰਕਤੀ ਵਿੱਚ ਦਰਜ ‘ਭਵਹਿ’ ਸ਼ਬਦ ਵੀ ਬਹੁ ਵਚਨ ਕਿਰਿਆ ਹੈ, ਜੋ ਗੁਰਬਾਣੀ ਵਿੱਚ 16 ਵਾਰ ਇਉਂ ਦਰਜ ਹੈ ‘‘ਦੂਜੈ ਭਾਇ, ਭਵਹਿ ਬਿਖੁ ਮਾਇਆ॥ (ਮ:੪/੩੬੬), ਚਾਲਹਿ ਸਤਿਗੁਰ ਭਾਇ, ਭਵਹਿ ਨ ਭੀਖਿਆ॥ (ਮ:੧/੭੨੯), ਚਾਰੇ ਕੁੰਡਾ ਜੇ ਭਵਹਿ; ਬਿਨੁ ਭਾਗਾ, ਧਨੁ ਨਾਹਿ ਜੀਉ॥ (ਮ:੧/੭੫੧), ਦਿਸੰਤਰੁ ਭਵਹਿ; ਸਿਰਿ, ਪਾਵਹਿ ਧੂਰਿ॥’’ (ਮ:੩/੧੧੭੨) ਆਦਿ। ‘ਭਵਹਿ’ ਸ਼ਬਦ ਦਾ ਇਕ ਵਚਨ ‘ਭਵੈ’ ਗੁਰਬਾਣੀ ਵਿੱਚ 23 ਵਾਰ ਇਉਂ ਦਰਜ ਹੈ ‘‘ਭਰਮੇ ਭਾਹਿ ਨ ਵਿਝਵੈ, ਜੇ ‘ਭਵੈ’ ਦਿਸੰਤਰ ਦੇਸੁ॥ (ਮ:੧/੨੨), ਮਨਮੁਖਿ ਅਹੰਕਾਰੀ, ਫਿਰਿ ਜੂਨੀ ‘ਭਵੈ’ ॥ (ਮ:੧/੨੨੮), ਜੁਗ ਚਾਰੇ ਧਨ ਜੇ ‘ਭਵੈ’; ਬਿਨੁ ਸਤਿਗੁਰ, ਸੋਹਾਗੁ ਨ ਹੋਈ ਰਾਮ॥ (ਮ:੩/੭੬੯), ਦਿਸੰਤਰੁ ‘ਭਵੈ’, ਅੰਤਰੁ ਨਹੀ ਭਾਲੇ ॥ (ਮ:੩/੧੦੬੦), ਤੀਰਥ ‘ਭਵੈ’ ਦਿਸੰਤਰ ਲੋਇ॥’’ (ਮ:੩/੧੧੬੯) ਆਦਿ।

‘ਭਿਖ’-ਇਹ ਸ਼ਬਦ ਇਸਤ੍ਰੀ ਲਿੰਗ ਨਾਂਵ ਹੈ, ਜਿਸ ਦਾ ਅਰਥ ਹੈ ‘ਭੀਖ ਮੰਗਣੀ’। ਇਸ ਸ਼ਬਦ ਦਾ ਮੂਲ ਸਰੋਤ ਸ਼ਬਦ ‘ਭੀਖ’ ਹੈ, ਜੋ ਗੁਰਬਾਣੀ ਵਿੱਚ 7 ਵਾਰ ਇਉਂ ਦਰਜ ਹੈ ‘‘ਜੌ ਭੀਖ ਮੰਗਾਵਹਿ; ਤ, ਕਿਆ ਘਟਿ ਜਾਈ॥ (ਭਗਤ ਨਾਮਦੇਵ/੫੨੫), ਭਾਣੈ, ਤਖਤਿ ਵਡਾਈਆ; ਭਾਣੈ, ਭੀਖ ਉਦਾਸਿ ਜੀਉ॥ (ਮ:੧/੭੬੨), ਫੂਟੈ ਖਾਪਰੁ; ਭੀਖ ਨ ਭਾਇ॥’’ (ਮ:੧/੯੦੩) ਆਦਿ, ਪਰ ਕਾਵਿ ਤੋਲ ਕਾਰਨ ‘ਭੀਖ’ ਤੋਂ ‘ਭਿਖ’ ਬਣ ਗਿਆ, ਜੋ ਸਬੰਧਤ ਪੰਕਤੀ ਤੋਂ ਇਲਾਵਾ 3 ਵਾਰ ਹੋਰ ਇਉਂ ਦਰਜ ਹੈ ‘‘ਇਕਿ ਰਾਜੇ ਤਖਤਿ ਬਹਹਿ, ਨਿਤ ਸੁਖੀਏ; ਇਕਨਾ, ਭਿਖ ਮੰਗਾਇਆ ਜੀਉ॥ (ਮ:੪/੧੭੩), ਦਰਿ ਮੰਗਨਿ;ਭਿਖ ਨ ਪਾਇਦਾ॥ (ਮ:੧/੪੭੨), ਇਕਿ ਤੁਝ ਹੀ ਕੀਏ ਰਾਜੇ; ਇਕਨਾ, ਭਿਖ ਭਵਾਈਆ॥’’ (ਮ:੧/੫੬੬)

ਸੋ, ਮੰਨੈ; ਨਾਨਕ! ਭਵਹਿ ਨ ਭਿਖ॥- ਭਾਵ ਹੇ ਨਾਨਕ  ! (ਅਜਿਹੇ ਕਿਰਦਾਰ ਦਰ ਦਰ) ਖ਼ੁਸ਼ਾਮਦ ਲਈ ਨਹੀਂ ਭਟਕਦੇ (ਕਿਉਂਕਿ ਨਸੀਬ ’ਤੇ ਭਰੋਸਾ ਤੇ ਹੱਕ-ਹਲਾਲ ਦੀ ਖਾਂਦੇ ਹਨ)।

(ਨੋਟ: ‘ਮੰਨੇ ਕੀ ਗਤਿ’ ਵਾਲੀਆਂ 4 ਪਉੜੀਆਂ ਵਾਲੇ ਵਿਸ਼ੇ ਦੀ ਸਮਾਪਤੀ ਹੋਣ ਕਾਰਨ ਹੀ ‘ਨਾਨਕ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ।)

ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ, ਮੰਨਿ ਜਾਣੈ ਮਨਿ, ਕੋਇ॥੧੫॥ (ਜਪੁ/ ਮ:੧)

ਅਰਥ : (ਸ਼ਬਦ ਕਮਾਈ ਵਾਲ਼ੇ ਦਾ) ਨਾਮਣਾ, ਨਾਮੁ (ਪ੍ਰਸਿੱਧੀ) ਅਜਿਹਾ (ਜਿਵੇਂ ਕਿ ਉਕਤ ਬਿਆਨ ਕੀਤਾ ਗਿਆ) ਉੱਜਲ (ਨਿਰਮਲ) ਹੋ ਜਾਂਦਾ ਹੈ (ਪਰ ਉਸ ਬਾਰੇ ਕਿਆਸ ਵੀ ਉਹੀ ਲਗਾ ਸਕਦਾ ਹੈ) ਜਿਹੜਾ ਕੋਈ (ਸਵੈ, ਖ਼ੁਦ ਆਪਣੇ) ਮਨ ਵਿੱਚ (ਗੁਰ ਸ਼ਬਦ ਦੀ) ਕਮਾਈ ਕਰਨ ਜਾਣਦਾ ਹੈ ਅਤੇ ਐਸਾ ਕੋਈ ਵਿਰਲਾ ਹੀ ਹੈ, ‘‘ਹੈਨਿ ਵਿਰਲੇ, ਨਾਹੀ ਘਣੇ॥’’ (ਮਹਲਾ ੧/੧੪੧੧) ਭਾਵ ਗੁਰੂ ਸ਼ਬਦ ਦੀ ਅਸਲ ਕਮਾਈ ਕਿਸ ਨੇ ਕੀਤੀ ਹੈ, ਇਹ ਰਾਜ ਵੀ ਉਹੀ ਜਾਣਦਾ ਹੈ, ਜਿਸ ਨੇ ਖ਼ੁਦ ਗੁਰ ਸ਼ਬਦ ਦੀ ਕਮਾਈ ਕੀਤੀ ਹੋਵੇ। ਅਜਿਹੀਆਂ ਰੂਹਾਂ ਦਾ ਰੂਹਾਨੀਅਤ ਸਬੰਧ ਬਣਿਆ ਹੁੰਦਾ ਹੈ, ਨਾ ਕਿ ਸਰੀਰਕ ਭਾਵ ਦੁਨਿਆਵੀ।