JAP (Pori No.14)

0
512

ਮੰਨੈ, ਮਾਰਗਿ ਠਾਕ ਨ ਪਾਇ॥ ਮੰਨੈ, ਪਤਿ ਸਿਉ ਪਰਗਟੁ ਜਾਇ॥ ਮੰਨੈ, ਮਗੁ ਨ ਚਲੈ ਪੰਥੁ॥ ਮੰਨੈ, ਧਰਮ ਸੇਤੀ ਸਨਬੰਧੁ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ, ਮੰਨਿ ਜਾਣੈ ਮਨਿ, ਕੋਇ॥੧੪॥ (ਜਪੁ/ਮ:੧)

ਉਚਾਰਨ ਸੇਧ: ਸਿਉਂ।

ਪਦ ਅਰਥ: ਮਾਰਗਿ – ਰਾਹ (ਸਫ਼ਰ) ਵਿੱਚ (ਅਧਿਕਰਣ ਕਾਰਕ)। ਠਾਕ – ਰੁਕਾਵਟ, ਬਾਧਾ, ਪੀੜਾ (ਇਸਤਰੀ ਲਿੰਗ), ਪਤਿ – ਇੱਜ਼ਤ (ਇਸਤਰੀ ਲਿੰਗ, ਅਨ੍ਯ ਭਾਸ਼ਾ), ਮਗੁ – ਮਾਰਗ, ਅਨ੍ਯ ਮਤ ਧਰਮ (ਇੱਕ ਵਚਨ ਪੁਲਿੰਗ), ਪੰਥੁ – ਰਸਤਾ, ਅਨ੍ਯ ਮਤ ਧਰਮ (ਇੱਕ ਵਚਨ ਪੁਲਿੰਗ) (ਪਰ ‘ਮਗੁ’ ਤੇ ‘ਪੰਥੁ’ ਦੋਵੇਂ ਸ਼ਬਦ ਮਿਲ ਕੇ ਬਹੁ ਵਚਨ ਪੁਲਿੰਗ ਨਾਂਵ ਬਣ ਜਾਂਦੇ ਹਨ, ਜਿਨ੍ਹਾਂ ਦਾ ਅਰਥ ਬਣ ਜਾਂਦਾ ਹੈ ‘ਅਨ੍ਯ ਮਤ ਜਾਂ ਗੁਰਮਤਿ ਵਿਰੋਧੀ ਵਿਚਾਰਧਾਰਾ, ਧਰਮ’ ਭਾਵ ਕਈ ਰਸਤੇ, ਕਈ ਮਾਰਗ), ਧਰਮ – ਰੱਬੀ ਨਿਯਮ, ਸੱਚ – ਮਾਰਗ (ਇੱਕ ਵਚਨ ਪੁਲਿੰਗ), ਸੇਤੀ – ਨਾਲ (ਸਬੰਧਕੀ ਸ਼ਬਦ), ਸਨਬੰਧੁ – ਮਿਲਾਪ, ਰਿਸ਼ਤਾ (ਇਕ ਵਚਨ ਪੁਲਿੰਗ), ਜੇ – ਅਗਰ (ਯੋਜਕ), ਮੰਨਿ – ਮੰਨ ਕੇ (ਕਿਰਿਆ ਵਿਸ਼ੇਸ਼ਣ), ਮਨਿ – ਮਨ ਵਿੱਚ (ਅਧਿਕਰਣ ਕਾਰਕ)।

‘‘ਮੰਨੈ, ਮਾਰਗਿ ਠਾਕ ਨ ਪਾਇ॥’’- ਇਸ ਪੰਕਤੀ ਵਿੱਚ ਆਏ ਸ਼ਬਦ ‘ਮਾਰਗਿ’ ਦਾ ਮੂਲ ਸਰੋਤ ਸ਼ਬਦ ‘ਮਾਰਗੁ’ ਹੈ, ਜੋ ਗੁਰਬਾਣੀ ਵਿੱਚ 70 ਵਾਰ ਇਉਂ ਦਰਜ ਹੈ ‘‘ਗੁਰ ਤੇ ਮਾਰਗੁ ਪਾਈਐ, ਚੂਕੈ ਮੋਹੁ ਗੁਬਾਰੁ॥ (ਮ:੩/੩੩), ਮਨ! ਖੋਜਿ ਮਾਰਗੁ॥ (ਮ:੫/੭੧), ਤਉ ਕਿਰਪਾ ਤੇ, ਮਾਰਗੁ ਪਾਈਐ॥ (ਮ:੫/੧੮੦), ਪੂਰਾ ਮਾਰਗੁ, ਪੂਰਾ ਇਸਨਾਨੁ॥’’ (ਮ:੫/੧੮੮) ਆਦਿ; ਪਰ ਕਾਵਿ ਤੋਲ ਨੂੰ ਮੁਖ ਰੱਖਦਿਆਂ, ਇਸ (ਮਾਰਗੁ) ਸ਼ਬਦ ਵਿੱਚੋਂ ਜਦ ਸਬੰਧਕੀ ਸ਼ਬਦ ‘ਵਿੱਚ’ ਜਾਂ ‘ਉੱਤੇ’ ਅਰਥ ਲੈਣੇ ਹੋਣ, ਤਾਂ ‘ਮਾਰਗ ਵਿਚਿ’ ਜਾਂ ‘ਮਾਰਗ ਉੱਤੇ’ ਲਿਖਣ ਦੀ ਬਜਾਏ, ਇਸ ਤੋਂ ਪਹਿਲੇ (ਇੱਕ ਵਚਨ ਪੁਲਿੰਗ ਨਾਉ) ਸ਼ਬਦ ਦੇ ਅਖ਼ੀਰ ’ਚ ਲੱਗੀ ਔਂਕੜ ਦੀ ਥਾਂ ’ਤੇ ਸਿਹਾਰੀ ਲਗਾ ਦਿੱਤੀ ਜਾਂਦੀ ਹੈ; ਜਿਵੇਂ: ‘ਮਾਰਗੁ’ ਤੋਂ ਬਣ ਗਿਆ ‘ਮਾਰਗਿ’, ਇਸ ਦਾ ਅਰਥ ਵੀ ‘ਮਾਰਗ ਵਿੱਚ’ ਜਾਂ ‘ਮਾਰਗ ਉੱਤੇ’ ਹੀ ਹੋਵੇਗਾ; ਜੋ ਕਿ 83 ਵਾਰ ਇਉਂ ਦਰਜ ਹੈ ‘‘ਜਿਨਿ, ਭ੍ਰਮਿ ਭੁਲਾ; ਮਾਰਗਿ ਪਾਇਆ॥ (ਮ:੧/੭੨), ਸੰਤਨ! ਮੋ ਕਉ, ਹਰਿ ਮਾਰਗਿ ਪਾਇਆ॥ (ਮ:੫/੧੦੦), ਚਰਨ ਚਲਉ, ਮਾਰਗਿ ਗੋਬਿੰਦ॥’’ (ਮ:੫/੨੮੧) ਆਦਿ।

‘ਠਾਕ ਨ’- ਗੁਰਬਾਣੀ ਲਿਖਤ ਅਨੁਸਾਰ ‘ਨ’ (ਮੁਕਤਾ) ਅੱਖਰ 14, 338 ਵਾਰ ਦਰਜ ਹੈ, ਇਸ ਦੀ ਖ਼ਾਸੀਅਤ ਇਹ ਹੈ ਕਿ ‘ਨ’ (ਮੁਕਤਾ) ਤਦ ਆਉਂਦਾ ਹੈ ਜਦ ਇਸ ਤੋਂ ਪਹਿਲੇ ਇੱਕ ਵਚਨ ਪੁਲਿੰਗ ਨਾਂਵ, ਪੜਨਾਂਵ ਸ਼ਬਦ ਦੇ ਅੰਤ ਵਿੱਚ ਸਿਹਾਰੀ, ਔਂਕੜ ਆਦਿ ‘ਲਗ’ ਲੱਗੀ ਹੋਵੇ; ਜਿਵੇਂ: ‘‘ਸੁਣਿਐ, ‘ਪੋਹਿ ਨ’ ਸਕੈ ਕਾਲੁ॥, ‘ਅੰਤੁ ਨ’ ਵੇਖਣਿ, ‘ਸੁਣਣਿ ਨ’ ਅੰਤੁ॥, ‘ਅੰਤੁ ਨ’ ਜਾਪੈ, ਕੀਤਾ ਆਕਾਰੁ॥, ‘ਜੋਰੁ ਨ’ ਜੁਗਤੀ, ਛੁਟੈ ਸੰਸਾਰੁ॥, ਤੁਧੁ ਬਿਨੁ, ਦੂਜਾ ‘ਅਵਰੁ ਨ’ ਕੋਇ॥ (ਮ:੪/੧੨), ਮਨ! ‘ਏਕੁ ਨ’ ਚੇਤਸਿ, ਮੂੜ ਮਨਾ॥ (ਮ:੧/੧੨), ਜਪੁ ਤਪੁ ਸੰਜਮੁ ‘ਧਰਮੁ ਨ’ ਕਮਾਇਆ॥ (ਮ:੫/੧੨), ਜਮ‘ਜੰਦਾਰੁ ਨ’ ਲਗਈ, ਇਉ ਭਉਜਲੁ ਤਰੈ ਤਰਾਸਿ॥ (ਮ:੧/੨੨), ਸਾਕਤ ‘ਸਚੁ ਨ’ ਭਾਵਈ, ਕੂੜੈ ਕੂੜੀ ਪਾਂਇ॥’’ (ਮ:੧/੨੨) ਆਦਿ, ਪਰ ਇਹ ਨਿਯਮ ਕਿਸੇ ਵਿਸ਼ੇਸ਼ ਵਿਅਕਤੀ ਨਾਮ ’ਤੇ ਲਾਗੂ ਨਹੀਂ ਹੁੰਦਾ; ਜਿਵੇਂ ‘ਅਰਜੁਨ’ ‘‘ਗੁਰੁ ‘ਅਰਜੁਨੁ’ ਘਰਿ ਗੁਰ ਰਾਮਦਾਸ, ਭਗਤ ਉਤਰਿ ਆਯਉ॥ (ਭਟ ਕਲੵ /੧੪੦੭), ਗੁਰ ‘ਅਰਜੁਨ’ ਸਿਰਿ ਛਤ੍ਰੁ, ਆਪਿ ਪਰਮੇਸਰਿ ਦੀਅਉ॥’’ (ਭਟ ਹਰਿਬੰਸ/੧੪੦੯) ਆਦਿ

ਪਿੱਛੇ ਕੀਤੀ ਗਈ ਵਿਚਾਰ ਅਨੁਸਾਰ ਗੁਰਬਾਣੀ ਲਿਖਤ ਵਿੱਚ ਬਹੁ ਵਚਨ ਨਾਂਵ ਅਤੇ ਇਸਤ੍ਰੀ ਲਿੰਗ ਸ਼ਬਦ ਅੰਤ ਮੁਕਤੇ ਹੁੰਦੇ ਹਨ, ਇਸ ਲਈ ਉਨ੍ਹਾਂ ਤੋਂ ਉਪਰੰਤ ਆਇਆ ‘ਨ’ ਮੁਕਤਾ, ਆਪਣੇ ਤੋਂ ਪਹਿਲੇ ਆਏ (ਬਹੁ ਵਚਨ ਨਾਂਵ ਅਤੇ ਇਸਤ੍ਰੀ ਲਿੰਗ) ਸ਼ਬਦਾਂ ਨੂੰ (ਉਪਰੋਕਤ ਨਿਯਮਾਂ ਵਾਙ) ਅੰਤ ਔਂਕੜ ਜਾਂ ਅੰਤ ਸਿਹਾਰੀ ਲਈ ਮਜਬੂਰ ਨਹੀਂ ਕਰਦਾ; ਜਿਵੇਂ: ‘‘ਚੁਪੈ ‘ਚੁਪ ਨ’ ਹੋਵਈ, ਜੇ ਲਾਇ ਰਹਾ ਲਿਵ ਤਾਰ॥, ਭੁਖਿਆ, ‘ਭੁਖ ਨ’ ਉਤਰੀ; ਜੇ ਬੰਨਾ ਪੁਰੀਆ ਭਾਰ॥, ਤਾ ਕੇ ‘ਰੂਪ ਨ’, ਕਥਨੇ ਜਾਹਿ॥, ਜੇ ਕੋ ਕਥੈ, ਤ ‘ਅੰਤ ਨ ਅੰਤ’॥, ਲੇਵੈ ਦੇਵੈ, ‘ਢਿਲ ਨ’ ਪਾਈ॥ (ਮ:੧/੨੫), ਥਾਵਾ ‘ਨਾਵ ਨ’ ਜਾਣੀਅਹਿ; ਨਾਵਾ ਕੇਵਡੁ ਨਾਉ॥ (ਮ:੧/੫੩), ਵਰਨਾ ‘ਵਰਨ ਨ’ ਭਾਵਨੀ; ਜੇ ਕਿਸੈ ਵਡਾ ਕਰੇਇ॥’’ (ਮ:੧/੫੩) ਆਦਿ। ਇਨ੍ਹਾਂ ਤਮਾਮ ਪੰਕਤੀਆਂ ਵਿੱਚ ‘ਨ’ (ਮੁਕਤਾ) ਅੱਖਰ ਆਇਆ ਹੈ ਅਤੇ ਉਸ ਤੋਂ ਪਹਿਲੇ ਸ਼ਬਦ ਵੀ ਅੰਤ ਮੁਕਤੇ ਹੀ ਹਨ ਕਿਉਂਕਿ ਉਹ ਤਮਾਮ ਸ਼ਬਦ, ਬਹੁ ਵਚਨ ਨਾਂਵ (ਰੂਪ, ਅੰਤ, ਨਾਵ, ਵਰਨ) ਜਾਂ ਇਸਤ੍ਰੀ ਲਿੰਗ (ਚੁਪ, ਭੁਖ ਤੇ ਢਿਲ) ਹਨ, ਪਰ ਉਪਰੋਕਤ ਨਿਯਮ ਕੇਵਲ ਇੱਕ ਵਚਨ ਪੁਲਿੰਗ ਨਾਂਵ, ਪੜਨਾਂਵ ਸ਼ਬਦਾਂ ਵਾਸਤੇ ਹੈ, ਨਾ ਕਿ ਬਹੁ ਵਚਨ ਪੁਲਿੰਗ ਜਾਂ ਇਸਤ੍ਰੀ ਲਿੰਗ ਸ਼ਬਦਾਂ ਲਈ।

(ਯਾਦ ਰਹੇ ਕਿ ਅਗਰ ‘ਨ’ (ਮੁਕਤਾ) ਅੱਖਰ, ਕਿਸੇ ਸ਼ਬਦ ਦੇ ਪਿਛੇਤਰ ਵਿੱਚ ਜੁੜਵਾਂ ਇਸਤੇਮਾਲ ਕਰਨ ਦੀ ਜ਼ਰੂਰਤ ਪਵੇ ਤਾਂ ਉਸ ਨੂੰ ਅਲੱਗ ਕਰਕੇ ਪੜ੍ਹਨ ਤੋਂ ਬਚਾਉਣ ਲਈ ਉਸ ਦੀ ਬਣਤਰ ‘ਨੁ’ ਜਾਂ ‘ਨਿ’ ਹੋ ਜਾਂਦੀ ਹੈ; ਜਿਵੇਂ: ‘‘ਗਾਵਨਿ’ ਤੁਧਨੋ ਚਿਤੁ ਗੁਪਤੁ ਲਿਖਿ ‘ਜਾਣਨਿ’, ਲਿਖਿ ਲਿਖਿ ਧਰਮੁ ਬੀਚਾਰੇ॥, ਤਿਸਹਿ ‘ਜਾਨੁ’ ਮਨ! ਸਦਾ ਹਜੂਰੇ॥ (ਮ:੫/੨੭੦), ਆਵਨ ‘ਜਾਨੁ’, ਇਕੁ ਖੇਲੁ ਬਨਾਇਆ॥’’ (ਮ:੫/੨੯੪) ਆਦਿ।)

ਸੋ, ‘‘ਮੰਨੈ, ਮਾਰਗਿ ਠਾਕ ਨ ਪਾਇ॥’’- ਭਾਵ (ਗੁਰ ਉਪਦੇਸ਼) ਮੰਨਣ ਨਾਲ਼ (ਜੀਵਨ) ਯਾਤਰਾ ’ਚ (ਦੁਬਿਧਾ) ਵਿਘਨ ਨਹੀਂ ਪਾਉਂਦੀ।

(ਨੋਟ : ਗੁਰੂ ਨਾਨਕ ਸਾਹਿਬ ਜੀ ਆਸਾ ਰਾਗ ’ਚ ਇਸੇ ਪਦਵੀ ਦਾ ਜ਼ਿਕਰ ਕਰਦੇ ਹਨ ਕਿ ਰੱਬੀ ਮਿਹਰ ਨਾਲ਼ ਜਿਸ ਦੀ ਅਜਿਹੀ ਅਵਸਥਾ ਬਣ ਗਈ, ਉਸ ਦੇ ਜੀਵਨ ’ਚ ਕੋਈ ਵੀ ਵਿਕਾਰ ਰੁਕਾਵਟ ਨਹੀਂ ਪਾ ਸਕਦਾ, ‘‘ਕਰਮਿ ਮਿਲੈ; ਨਾਹੀ ਠਾਕਿ ਰਹਾਈਆ ॥’’ ਸੋ ਦਰੁ /ਮ: ੧)

‘‘ਮੰਨੈ, ਪਤਿ ਸਿਉ ਪਰਗਟੁ ਜਾਇ॥’’-ਇਸ ਪੰਕਤੀ ਵਿੱਚ ਆਇਆ ਸ਼ਬਦ ‘ਪਤਿ’, ਵਿਸ਼ੇਸ਼ ਧਿਆਨ ਮੰਗਦਾ ਹੈ ਕਿਉਂਕਿ ਗਿਆਨੀ ਹਰਬੰਸ ਸਿੰਘ ਜੀ (ਨਿਰਣੈ ਸਟੀਕ, ਪੋਥੀ ਪਹਿਲੀ, ਪੰਨਾ 163 ’ਤੇ) ਗੁਰਬਾਣੀ ਦੀ ਪੰਕਤੀ ‘‘ਏਤੁ ਰਾਹਿ ‘ਪਤਿ’ ਪਵੜੀਆ, ਚੜੀਐ ਹੋਇ ਇਕੀਸ॥’’ ਦੇ ਅਰਥ ਕਰਦਿਆਂ ਲਿਖ ਰਹੇ ਹਨ ਕਿ ਗੁਰਬਾਣੀ ਲਿਖਤ ਅਨੁਸਾਰ ‘ਪਤਿ’ ਸ਼ਬਦ ਦਾ ਅਰਥ ‘ਪਤੀ, ਖਸਮ, ਮਾਲਕ’ ਆਦਿ ਨਹੀਂ ਹੋ ਸਕਦਾ; ਜਿਵੇਂ ਕਿ ਪਿ੍ਰੰ. ਸਾਹਿਬ ਸਿੰਘ ਜੀ ਨੇ ਅਰਥ ਕਰਦਿਆਂ ਉਪਰੋਕਤ ਪੰਕਤੀ ’ਚ ਆਏ ਸ਼ਬਦ ‘ਪਤਿ’ ਦੇ ਅਰਥ ‘ਮਾਲਕ’ ਕੀਤੇ ਹਨ। ਗਿਆਨੀ ਜੀ ਅਨੁਸਾਰ ‘ਪਤਿ’ ਸ਼ਬਦ ਦੇ ਅਰਥ ‘ਮਾਲਕ’ ਤਦ ਹੀ ਹੋ ਸਕਦੇ ਹਨ ਜਦ ਇਹ ਸ਼ਬਦ ‘ਪ੍ਰਾਨਪਤਿ, ਸੁਰਪਤਿ, ਨਰਪਤਿ’ ਆਦਿ, ਜੁੜਵੇਂ ਰੂਪ ਵਿੱਚ ਆਵੇ। ਇਹੀ ਵੀਚਾਰ ਜ਼ਿਆਦਾਤਰ ਟੀਕਾਕਾਰਾਂ ਦੀ ਹੈ, ਜਿਨ੍ਹਾਂ ਅਨੁਸਾਰ ‘ਪਤਿ’ ਸ਼ਬਦ ਦਾ ਅਰਥ ਗੁਰਬਾਣੀ ਵਿੱਚ ਕੇਵਲ ‘ਇੱਜ਼ਤ’ ਹੀ ਹੈ ਜਦਕਿ ਗਿਆਨੀ ਜੀ ਆਪ ਖ਼ੁਦ ਹੀ ‘‘ਸੋ ਪਾਤਿਸਾਹੁ, ਸਾਹਾ ‘ਪਤਿ’ ਸਾਹਿਬੁ; ਨਾਨਕ! ਰਹਣੁ ਰਜਾਈ॥ (ਮ:੧/੯) ਪੰਕਤੀ ਵਿੱਚ ਦਰਜ ‘ਪਤਿ’ ਸ਼ਬਦ ਦਾ ਅਰਥ ‘ਮਾਲਕ, ਖਸਮ’ ਵੀ ਕਰ ਰਹੇ ਹਨ।

ਗੁਰਬਾਣੀ ਵਿੱਚ ‘ਪਤਿ’ ਸ਼ਬਦ (ਇਕੱਲਾ, ਭਾਵ ਬਿਨਾ ਕਿਸੇ ਜੁੜਵੇਂ ਰੂਪ ’ਚ) ਦੀ ਵਰਤੋਂ 294 ਵਾਰ ਕੀਤੀ ਗਈ ਹੈ। ਜਿਸ ਦਾ ਅਰਥ ਜ਼ਿਆਦਾਤਰ ‘ਇੱਜ਼ਤ’ ਹੀ ਬਣਦਾ ਹੈ ਪਰ ਹੇਠਾਂ ਦਿੱਤੀਆਂ ਜਾ ਰਹੀਆਂ 6 ਪੰਕਤੀਆਂ ਵਿੱਚ ‘ਪਤਿ’ ਦਾ ਅਰਥ ‘ਇੱਜ਼ਤ’ ਨਹੀਂ ਬਲਕਿ ‘ਪਤੀ, ਖਸਮ, ਮਾਲਕ’ ਬਣਦਾ ਹੈ; ‘‘ਏਤੁ ਰਾਹਿ ‘ਪਤਿ’ ਪਵੜੀਆ, ਚੜੀਐ ਹੋਇ ਇਕੀਸ॥, ਮੈ ‘ਪਤਿ’ ਕੀ ਪੰਦਿ ਨ ਕਰਣੀ ਕੀ ਕਾਰ॥ (ਮ:੧/੨੪), ‘ਪਤਿ’ ਕੇ ਸਾਦ ਖਾਦਾ ਲਹੈ, ਦਾਨਾ ਕੈ ਸਿਰਿ ਦਾਨੁ॥ (ਮ:੧/੧੪੭), ਸੋ ਪਾਤਿਸਾਹੁ, ਸਾਹਾ ‘ਪਤਿ’ ਸਾਹਿਬੁ, ਨਾਨਕ! ਰਹਣੁ ਰਜਾਈ॥ (ਮ:੧/ਸੋ ਦਰੁ), ‘ਪਤਿ’ ਵਿਣੁ ਪੂਜਾ, ਸਤ ਵਿਣੁ ਸੰਜਮੁ; ਜਤ ਵਿਣੁ, ਕਾਹੇ ਜਨੇਊ॥ (ਮ:੧/੯੦੩) ਅਤੇ ‘‘ਬੵਾਪਤੁ ਦੇਖੀਐ ਜਗਤਿ, ਜਾਨੈ ਕਉਨੁ ਤੇਰੀ ਗਤਿ; ਸਰਬ ਕੀ ਰਖੵਾ ਕਰੈ, ਆਪੇ ਹਰਿ ‘ਪਤਿ’॥’’ (ਮ:੫/੧੩੮੫)

‘ਪਰਗਟੁ’- ਇਹ ਸ਼ਬਦ, ਇਕ ਵਚਨ ਵਿਸ਼ੇਸ਼ਣ ਹੈ, ਜਿਸ ਦਾ ਬਹੁ ਵਚਨ ਰੂਪ 8 ਵਾਰ ਇਉਂ ਦਰਜ ਹੈ ‘‘ਪਰਗਟ ਪਾਹਾਰੈ ਜਾਪਦੇ, ਸਭਿ ਲੋਕ ਸੁਣੰਦੇ॥ (ਮ:੪/੩੧੬), ਜਾ ਤਿਸੁ ਭਾਣਾ, ਗੁਣ ਪਰਗਟ ਹੋਏ; ਸਤਿਗੁਰ ਆਪਿ ਸਵਾਰੇ॥ (ਮ:੩/੪੪੧), ਗੁਣ ਗਾਇ ਗੋਵਿਦ, ਸਦਾ ਨੀਕੇ; ਕਲਿਆਣ ਮੈ (ਅਨੰਦ ਸਰੂਪ ਪ੍ਰਭੂ, ਹਿਰਦੇ ’ਚ) ਪਰਗਟ ਭਏ॥ (ਮ:੫/੫੪੭), ਪਰਗਟ ਭਏ ਨਿਦਾਨ ਸਭ, ਜਬ ਪੂਛੇ ਧਰਮ ਰਾਇ॥’’ (ਭਗਤ ਕਬੀਰ/੧੩੭੦) ਆਦਿ ਅਤੇ ਇੱਕ ਵਚਨ ਵਿਸ਼ੇਸ਼ਣ ਰੂਪ 71 ਵਾਰ ਇਉਂ ਦਰਜ ਹੈ ‘‘ਗੁਰ ਸਾਖੀ, ਜੋਤਿ ‘ਪਰਗਟੁ’ ਹੋਇ॥ (ਮ:੧/੧੩), ਤਿਨ ਕੀ ਸੋਭਾ ਨਿਰਮਲੀ, ‘ਪਰਗਟੁ’ ਭਈ ਜਹਾਨ॥’’ (ਮ:੫/੪੫) ਆਦਿ।

ਸੋ, ‘‘ਮੰਨੈ, ਪਤਿ ਸਿਉ ਪਰਗਟੁ ਜਾਇ॥’’-ਭਾਵ ਇਸ ਲਈ ਭਗਤ ਫ਼ਖਰ (ਗੌਰਵ) ਨਾਲ਼ ਨਾਮੀ (ਉੱਘਾ) ਹੋ ਜਾਂਦਾ ਹੈ।

‘‘ਮੰਨੈ, ਮਗੁ ਨ ਚਲੈ ਪੰਥੁ॥’’ ਇਸ ਪੰਕਤੀ ’ਚ ਆਏ ‘ਮਗੁ’ ਸ਼ਬਦ ਨੂੰ ਲੱਗਾ ਅੰਔਂਕੜ, ਜਿੱਥੇ ‘ਨ’ ਅੱਖਰ ਨੂੰ ਆਪਣੇ ਤੋਂ ਅਲੱਗ ਕਰਦਾ ਹੈ ਉੱਥੇ ਇੱਕ ਵਚਨ ਪੁਲਿੰਗ ਸ਼ਬਦ ਦਾ ਸੂਚਕ ਵੀ ਹੈ।

ਗੁਰਬਾਣੀ ਲਿਖਤ ਅਨੁਸਾਰ (ਕਾਵਿ ਤੋਲ ਨੂੰ ਬਣਾਏ ਰੱਖਣ ਲਈ) ਕੁਝ ਸ਼ਬਦ ਆਪਣਾ ਰੂਪ ਛੋਟਾ ਕਰ ਲੈਂਦੇ ਹਨ; ਜਿਵੇਂ: ‘ਬਹੁਤ ਤੋਂ ਬਹੁ, ਮਾਰਗੁ ਤੋਂ ਮਗੁ, ਕਲਿਯੁਗ ਤੋਂ ਕਲਿ, ਜਿਹੜਾ ਜਾਂ ਜਿਹੜੇ ਤੋਂ ਜਿ’ ਆਦਿ। ‘‘ਬਹੁ’’ ਜੋਨੀ ਭਉਦਾ ਫਿਰੈ, ਜਿਉ ਸੁੰਞੈਂ ਘਰਿ ਕਾਉ॥ (ਮ:੩/੩੦), ਜੇ ਕੋ ਨਾਉ ਲਏ ਬਦਨਾਵੀ, ‘ਕਲਿ’ ਕੇ ਲਖਣ ਏਈ॥’’ (ਮ:੧/੯੦੨) ਆਦਿ, ਵਾਙ ‘ਮਾਰਗੁ’ ਸ਼ਬਦ ਤੋਂ ਬਣਿਆ ਛੋਟਾ ਸ਼ਬਦ ‘ਮਗੁ’, ਗੁਰਬਾਣੀ ਵਿੱਚ 15 ਵਾਰ ਇਉਂ ਦਰਜ ਹੈ ‘‘ਬਿਨੁ ਸਤਿਗੁਰ, ਕੋ ‘ਮਗੁ’ ਨ ਜਾਣੈ; ਅੰਧੇ, ਠਉਰ ਨ ਕਾਈ॥ (ਮ:੩/੬੫), ਅਗਿਆਨੀ ਅੰਧਾ, ‘ਮਗੁ’ ਨ ਜਾਣੈ; ਫਿਰਿ ਫਿਰਿ, ਆਵਣ ਜਾਵਣਿਆ॥ (ਮ:੩/੧੧੦), ਇਹੁ ਜਗੁ ਅੰਧਾ, ਸਭੁ ਅੰਧੁ ਕਮਾਵੈ; ਬਿਨੁ ਗੁਰ, ‘ਮਗੁ’ ਨ ਪਾਏ॥’’ (ਮ:੩/੬੦੩) ਆਦਿ। ‘ਮਗੁ’ ਸ਼ਬਦ ਦਾ ਅਰਥ ਹੈ ‘ਰਸਤਾ, ਵਿਚਾਰਧਾਰਾ’ ਭਾਵ ‘ਅਨ੍ਯ ਮਤ ਦੀ ਫ਼ਿਲਾਸਫ਼ੀ’।

‘ਪੰਥੁ’- ਇਸ ਸ਼ਬਦ ਦਾ ਅਰਥ ਭੀ ‘ਰਸਤਾ, ਅਨ੍ਯ ਮਤ ਧਰਮ’ ਹੀ ਹੈ ਕਿਉਂਕਿ ‘ਜਪੁ’ ਬਾਣੀ ਦੀਆਂ ‘ਸੁਣਿਐ’ ਅਤੇ ‘ਮੰਨੈ’ ਵਾਲੀਆਂ ਕੁਲ 8 ਪਉੜੀਆਂ ਵਿੱਚ ‘ਅਨ੍ਯ ਮਤ ਧਰਮ’ ਨਾਲ ‘ਗੁਰਮਤਿ’ ਨੂੰ ਵੀਚਾਰਿਆ ਗਿਆ ਹੈ, ਤੁਲਨਾ ਕੀਤੀ ਗਈ ਹੈ। ਸਮੂਹ ‘ਅਨ੍ਯ ਮਤ’ ਬਹੁ ਵਚਨ ਹੋਣ ਕਾਰਨ ਅਤੇ ਗੁਰਬਾਣੀ ਕਾਵਿ ਤੋਲ ਕਾਰਨ ਹੀ ‘ਮਗੁ’ ਅਤੇ ‘ਪੰਥੁ’ (ਦੋਵੇਂ) ਸ਼ਬਦ ਇੱਕ ਵਚਨ ਪੁਲਿੰਗ ਨਾਂਵ ਦੇ ਰੂਪ ਵਿੱਚ ਦਰਜ ਕੀਤੇ ਗਏ ਹਨ ਜਿਨ੍ਹਾਂ ਦੇ ਸਮੂਹਿਕ ਅਰਥ ਬਹੁ ਵਚਨ ਹੀ ਬਣ ਜਾਂਦੇ ਹਨ। ਅਗਰ ਕਾਵਿ ਤੋਲ ਕਾਰਨ ‘ਮਗੁ’ ਜਾਂ ‘ਪੰਥੁ’ ਸ਼ਬਦ ਵਿੱਚੋਂ ਕੋਈ ਇੱਕ ਸ਼ਬਦ ਹੀ ਦਰਜ ਕਰਨਾ ਪੈਂਦਾ ਤਾਂ ਬਣਤਰ ‘ਮਗ’ (ਬਹੁ ਵਚਨ) ਵਾਲੀ ਇਉਂ ਬਣ ਜਾਣੀ ਸੀ ‘‘ਬੇਦ ਪੁਰਾਨ ਸਾਧ ‘ਮਗ’ ਸੁਨਿ ਕਰਿ, ਨਿਮਖ ਨ ਹਰਿ ਗੁਨ ਗਾਵੈ॥’’ (ਮ:੯/੨੨੦)

‘ਪੰਥੁ’ ਇਕ ਵਚਨ ਪੁਲਿੰਗ ਨਾਂਵ ਸ਼ਬਦ, ਗੁਰਬਾਣੀ ਵਿੱਚ 50 ਵਾਰ ਇਉਂ ਦਰਜ ਹੈ ‘‘ਹਉ ‘ਪੰਥੁ’ ਦਸਾਈ, ਨਿਤ ਖੜੀ; ਕੋਈ ਪ੍ਰਭੁ ਦਸੇ, ਤਿਨਿ ਜਾਉ॥ (ਮ:੪/੪੧), ਬੁਰਾ ਭਲਾ ਨ ਪਛਾਣੈ ਪ੍ਰਾਣੀ! ਆਗੈ ‘ਪੰਥੁ’ ਕਰਾਰਾ॥ (ਮ:੫/੭੭), ‘ਪੰਥੁ’ ਨਿਹਾਰੈ ਕਾਮਨੀ, ਲੋਚਨ ਭਰੀ ਲੇ ਉਸਾਸਾ॥’’ (ਭਗਤ ਕਬੀਰ/੩੩੭) ਆਦਿ।

(ਨੋਟ: ਗੁਰਬਾਣੀ ਲਿਖਤ ਅਨੁਸਾਰ ‘ਮਗੁ’ ਅਤੇ ‘ਪੰਥੁ’ ਸ਼ਬਦ ਆਮ ਤੌਰ ’ਤੇ ਇੱਕ ਵਚਨ ਪੁਲਿੰਗ (ਅੰਤ ਔਂਕੜ) ਬਣਤਰ ਵਿੱਚ ਹੀ ਦਰਜ ਹਨ ਇਸ ਲਈ ਇਨ੍ਹਾਂ (ਅੰਤ ਔਂਕੜ) ਸ਼ਬਦਾਂ ਵਿੱਚੋਂ ਕੋਈ ਵੀ ਕਾਰਕੀ ਭਾਵ ‘ਨੇ’ (ਕਰਤਾ ਕਾਰਕ), ਨੂੰ (ਕਰਮ ਕਾਰਕ) ਨਾਲ ਜਾਂ ਰਾਹੀਂ (ਕਰਣ ਕਾਰਕ), ਵਿੱਚ (ਅਧਿਕਰਣ ਕਾਰਕ), ਉੱਤੇ (ਅਪਾਦਾਨ ਕਾਰਕ) ਆਦਿ ਅਰਥ ਨਹੀਂ ਕੱਢੇ ਜਾ ਸਕਦੇ।)

ਸੋ, ‘‘ਮੰਨੈ, ਮਗੁ ਨ ਚਲੈ ਪੰਥੁ॥’’ ਭਾਵ (ਗੁਰ ਸ਼ਬਦ ਭਾਵ ਇੱਕ ਨਿਯਮ ਦੀ) ਕਮਾਈ ਕਰਨ ਨਾਲ਼ ਮਨੁੱਖ, ਭਿੰਨ ਭਿੰਨ ਰਸਤਾ ਜਾਂ ਮਾਰਗ (ਗੁਰਮਤਿ ਵਿਰੋਧੀ ਵਿਚਾਰਧਾਰਾ, ਮਗੁ, ਪੰਥੁ) ਨਹੀਂ ਅਪਣਾਉਂਦਾ ।

‘‘ਮੰਨੈ, ਧਰਮ ਸੇਤੀ ਸਨਬੰਧੁ॥’’ ਇਸ ਪੰਕਤੀ ਵਿਚ ਦਰਜ ਸ਼ਬਦ ‘ਧਰਮ’ ਵੀ ‘ਮਾਰਗਿ, ਮਗੁ, ਪੰਥੁ’ ਆਦਿ ਸ਼ਬਦਾਂ ਦੇ ਪ੍ਰਥਾਏ ਹੀ ਦਰਜ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਤਮਾਮ ਸ਼ਬਦਾਂ ਦੇ ਸਬਦਿਕ ਅਰਥ ਸਮਾਨੰਤਰ ਹਨ ਜਦਕਿ ਭਾਵਰਥ ਅਲੱਗ ਅਲੱਗ ਹਨ। ਗੁਰਬਾਣੀ ਫ਼ਿਲਾਸਫ਼ੀ ਅਨੁਸਾਰ ਹਰੀ ਦਾ ‘ਮਾਰਗੁ’ ਹੀ ਸੱਚਾ ‘ਧਰਮ’ ਹੈ; ਜਿਵੇਂ: ‘‘ਮਾਇਆ ਕਾ ਭ੍ਰਮੁ ਅੰਧੁ, ਪਿਰਾ ਜੀਉ! ਹਰਿ ਮਾਰਗੁ ਕਿਉ ਪਾਏ?॥ (ਮ:੩/੨੪੭), ਹਰਿ ਕਾ ਮਾਰਗੁ, ਸਦਾ ਪੰਥੁ ਵਿਖੜਾ; ਕੋ ਪਾਏ, ਗੁਰ ਵੀਚਾਰਾ॥ (ਮ:੩/੬੦੦), ਸੰਤ ਕਾ ਮਾਰਗੁ, ਧਰਮ ਕੀ ਪਉੜੀ; ਕੋ ਵਡਭਾਗੀ ਪਾਏ॥ (ਮ:੫/੬੨੨), ਹਰਿ ਕਾ ਮਾਰਗੁ, ਰਿਦੈ ਨਿਹਾਰੀ॥ (ਮ:੫/੬੮੪), ਕਰਉ ਸੇਵਾ, ਗੁਰ ਲਾਗਉ ਚਰਨ; ਗੋਵਿੰਦ ਜੀ ਕਾ ਮਾਰਗੁ, ਦੇਹੁ ਜੀ ਬਤਾਈ॥ (ਮ:੫/੬੮੬), ਹਰਿ ਕਾ ਮਾਰਗੁ ਆਖੀਐ; ਕਹੁ, ਕਿਤੁ ਬਿਧਿ ਜਾਈਐ?॥ (ਮ:੪/੭੨੬), ਮਾਰਗੁ ਪ੍ਰਭ ਕਾ, ਹਰਿ ਕੀਆ; ਸੰਤਨ ਸੰਗਿ ਜਾਤਾ॥ (ਮ:੫/੧੧੨੨), ਕੋਈ, ਮਾਰਗੁ ਪੰਥੁ ਬਤਾਵੈ ਪ੍ਰਭ ਕਾ; ਕਹੁ, ਤਿਨ ਕਉ ਕਿਆ ਦਿਨਥੇ?॥ (ਮ:੪/੧੩੨੦), ਪ੍ਰਭ ਮਿਲਨ ਕਾ ਮਾਰਗੁ, ਜਾਨਾਂ॥’’ (ਮ:੫/੧੩੩੯) ਆਦਿ।

‘ਧਰਮ’ ਸ਼ਬਦ ਦਾ ਮੂਲ ਸਰੋਤ ਸ਼ਬਦ ‘ਧਰਮੁ’ ਹੈ, ਜੋ ਗੁਰਬਾਣੀ ਵਿੱਚ 103 ਵਾਰ ਇਉਂ ਦਰਜ ਹੈ ‘‘ਧੌਲੁ ਧਰਮੁ, ਦਇਆ ਕਾ ਪੂਤੁ॥ (ਜਪੁ/ਮ:੧), ਅਮੁਲੁ ਧਰਮੁ, ਅਮੁਲੁ ਦੀਬਾਣੁ॥ (ਜਪੁ/ਮ:੧), ਧਰਮ ਖੰਡ ਕਾ, ਏਹੋ ਧਰਮੁ॥ (ਜਪੁ/ਮ:੧), ਧਰਮ ਰਾਇ ਨੋ ਹੁਕਮੁ ਹੈ, ਬਹਿ ਸਚਾ ਧਰਮੁ ਬੀਚਾਰਿ॥’’ (ਮ:੩/੩੮) ਆਦਿ, ਪਰ ਇਸ (ਧਰਮੁ) ਸ਼ਬਦ ਨਾਲ ਸਬੰਧਕੀ ਸ਼ਬਦ ਆਇਆਂ ਜਾਂ ਬਹੁ ਵਚਨ ਰੂਪ ਵਿੱਚ ਇਸ ਦੀ ਬਣਤਰ ‘ਧਰਮ’ (ਅੰਤ ਮੁਕਤਾ) ਬਣ ਜਾਂਦੀ ਹੈ; ਜਿਵੇਂ ਸਬੰਧਕੀ ਰੂਪ ’ਚ: ‘‘ਧਰਮ ਸੇਤੀ’’ ਵਾਪਾਰੁ ਨ ਕੀਤੋ, ਕਰਮੁ ਨ ਕੀਤੋ ਮਿਤੁ॥ (ਮ:੧/੭੫) , ਸੰਤ ਕਾ ਦੋਖੀ, ‘ਧਰਮ ਤੇ’ ਰਹਤ॥’’ (ਮ:੫/੨੮੦) ਆਦਿ, ਪਰ ਬਹੁ ਵਚਨ ਰੂਪ ਵਿੱਚ ‘‘ਸਾਧ ਰੇਣ ਮਜਨ, ‘ਸਭਿ ਧਰਮ’॥ (ਮ:੫/੧੮੩), ਕਰਮ ‘ਧਰਮ’ ਨੇਮ, ਬ੍ਰਤ ਪੂਜਾ॥ (ਮ:੫/੧੯੯), ਸੰਤ ਜਨਾ ਕੈ ਹਿਰਦੈ, ‘ਸਭਿ ਧਰਮ’॥’’ (ਮ:੫/੨੯੪) ਆਦਿ।

ਸੋ, ‘‘ਮੰਨੈ, ਧਰਮ ਸੇਤੀ ਸਨਬੰਧੁ॥’’ ਭਾਵ (ਕਿਉਂਕਿ) ‘ਧਰਮ’ (ਅਸਲ ਸੱਚੇ ਸਿਧਾਂਤ) ਨਾਲ਼ ਸਬੰਧ ਬਣ ਜਾਂਦਾ ਹੈ, ਅਸਲੀਅਤ ਨਾਲ਼ ਵਾਕਫ਼ੀਅਤ (ਜਾਣ-ਪਛਾਣ) ਹੋ ਜਾਂਦੀ ਹੈ।

ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ, ਮੰਨਿ ਜਾਣੈ ਮਨਿ, ਕੋਇ॥੧੪॥ (ਜਪੁ/ ਮ:੧)

ਅਰਥ : (ਸ਼ਬਦ ਕਮਾਈ ਵਾਲ਼ੇ ਦਾ) ਨਾਮਣਾ ਅਜਿਹਾ ਉੱਜਲ ਹੋ ਜਾਂਦਾ ਹੈ (ਪਰ ਇਸ ਵਿਚਾਰ ਦੀ ਡੂੰਗਾਈ ਉਹੀ ਲੱਭੇਗਾ) ਜਿਹੜਾ ਵੀ ਕੋਈ (ਆਪ, ਆਪਣੇ) ਮਨ ਵਿੱਚ (ਗੁਰ ਸ਼ਬਦ ਪ੍ਰਤਿ) ਵਿਸ਼ਵਾਸ ਧਾਰਨਾ ਜਾਣਦਾ ਹੈ, ਪਰ ਅਜਿਹਾ ਕੋਈ ਵਿਰਲਾ ਹੀ ਹੈ।