JAP (Pori No.13)

0
365

ਮੰਨੈ; ਸੁਰਤਿ ਹੋਵੈ, ਮਨਿ ਬੁਧਿ॥ ਮੰਨੈ; ਸਗਲ ਭਵਣ ਕੀ ਸੁਧਿ॥ ਮੰਨੈ; ਮੁਹਿ, ਚੋਟਾ ਨਾ ਖਾਇ॥ ਮੰਨੈ; ਜਮ ਕੈ ਸਾਥਿ, ਨ ਜਾਇ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ, ਮੰਨਿ ਜਾਣੈ ਮਨਿ; ਕੋਇ॥੧੩॥ (ਜਪੁ / ਮ: ੧)

ਉਚਾਰਨ ਸੇਧ:- ਮੁੰਹ, ਚੋਟਾਂ।

ਪਦ ਅਰਥ: ਮੰਨੈ-ਮੰਨਣ ਨਾਲ (ਕਰਣ ਕਾਰਕ)। ਮਨਿ- ਮਨ ਵਿੱਚ (ਅਧਿਕਰਣ ਕਾਰਨ)। ਭਵਣ- ਕਈ ਲੋਕ (ਪੁਲਿੰਗ ਬਹੁ ਵਚਨ ਨਾਂਵ)। ਸੁਧਿ-ਸਮਝ (ਇਸਤ੍ਰੀ ਲਿੰਗ ਨਾਂਵ)। ਮੁਹਿ-ਮੂੰਹ ਉੱਤੇ (ਅਪਾਦਾਨ ਕਾਰਕ)। ਕੈ-ਦੇ (ਪੂਰਨ ਸਬੰਧਕ)। ਸਾਥਿ-ਨਾਲ (ਅਪੂਰਨ ਸਬੰਧਕ)। ਮੰਨਿ- ਮੰਨ ਕੇ (ਕ੍ਰਿਆ ਵਿਸ਼ੇਸ਼ਣ)। ਮਨਿ- ਮਨ ਵਿੱਚ (ਅਧਿਕਰਣ ਕਾਰਕ)।

‘‘ਮੰਨੈ; ਸੁਰਤਿ ਹੋਵੈ ਮਨਿ ਬੁਧਿ॥’’- ਇਸ ਪੰਕਤੀ ’ਚ ਦਰਜ ਸ਼ਬਦ ‘ਮੰਨੈ’, ਗੁਰਬਾਣੀ ਵਿੱਚ 15 ਵਾਰ ਦਰਜ ਹੈ, ਜਿਸ ਵਿੱਚੋਂ 12 ਵਾਰ ਕੇਵਲ ਇਨ੍ਹਾਂ (‘ਜਪੁ’ ਬਾਣੀ ਦੀਆਂ) 3 ਪਉੜੀਆਂ (13 ਤੋਂ 15) ਵਿੱਚ ਹੀ ਦਰਜ ਹੈ ਜਿਸ ਦਾ ਅਰਥ ਬਣਦਾ ਹੈ ‘ਮੰਨਣ ਨਾਲ’, ਪਰ 3 ਵਾਰ ਹੋਰ ਸੰਪੂਰਨ ਕ੍ਰਿਆ ’ਚ ਭੀ ਦਰਜ ਹੈ ਜਿੱਥੇ ਅਰਥ ਬਣਦਾ ਹੈ ‘ਮੰਨਦਾ ਹੈ’, ਜਿਵੇਂ ਕਿ ‘‘ਜਨਮੁ ਕਾਲੁ ਕਰ ਜੋੜਿ; ਹੁਕਮੁ ਜੋ ਹੋਇ, ਸੁ ਮੰਨੈ॥’’ (ਭਟ ਸਲੵ /੧੪੦੬) ਆਦਿ।

‘ਮਨਿ’- ਇਸ ਸ਼ਬਦ ਦਾ ਮੂਲ ਸਰੋਤ ਸ਼ਬਦ ‘ਮਨੁ’ (ਇੱਕ ਵਚਨ ਪੁਲਿਗ ਨਾਉ) ਹੈ, ਪਰ ਜਦ ਇਸ ਸ਼ਬਦ ਰਾਹੀਂ ‘ਵਿੱਚ’ (ਅਪੂਰਨ) ਸਬੰਧਕੀ ਅਰਥ ਲੈਣੇ ਹੋਣ ਤਾਂ ਸ਼ਬਦ ਬਣਤਰ ‘ਮਨੁ’ ਤੋਂ ‘ਮਨਿ’ ਬਣ ਜਾਂਦੀ ਹੈ। ਜਿਸ ਦਾ ਅਰਥ ਹੁੰਦਾ ਹੈ ‘ਮਨ ਵਿੱਚ’।

‘ਸੁਰਤਿ, ਬੁਧਿ’-ਇਹ ਦੋਵੇਂ ਸ਼ਬਦ ਹੀ ਇਸਤ੍ਰੀ ਲਿੰਗ ਨਾਂਵ ਹਨ।

(ਨੋਟ: ਮਨੁੱਖਾ ਸਰੀਰ ਵਿੱਚ ‘ਅੰਤਹਕਰਣ’ ਨਾਮ ਦੀ ਇੱਕ ਇੰਦ੍ਰੀ ਹੁੰਦੀ ਹੈ, ਇਸ ਨੂੰ ਆਤਮਾ (ਰੂਹ) ’ਤੇ ਚੜ੍ਹੀ ਹੋਈ, ਕੀਤੇ ਹੋਏ ਕਰਮਾਂ ਦੀ ਮੈਲ (ਫਲ) ਭੀ ਕਹਿ ਸਕਦੇ ਹਾਂ ਜਿਸ ਤੋਂ 4 ਬਾਹਰੀ ਇੰਦ੍ਰੀਆਂ ਦਾ ਸੁਭਾਵ ਪ੍ਰਗਟ ਹੁੰਦਾ ਹੈ ਜਿਵੇਂ ਕਿ :

(1). ‘ਮਨ’- ਇਹ ਉਹ ਇੰਦ੍ਰੀ (ਸ਼ਕਤੀ) ਹੈ ਜਿਸ ਰਾਹੀਂ ਫੁਰਨੇ (ਸੰਕਲਪ-ਵਿਕਲਪ) ਫੁਰਦੇ ਹਨ। ‘ਸੰਕਲਪ’, ਉਹ ਫੁਰਨਾ ਹੈ, ਜੋ ਕਿਸੇ ਮਨੋਰਥ ਦੀ ਪ੍ਰਾਪਤੀ ਲਈ ਪੈਦਾ ਹੋਵੇ ਅਤੇ ‘ਵਿਕਲਪ’, ਉਹ ਫੁਰਨਾ ਹੈ, ਜੋ ਉਸ ਮਨੋਰਥ ਦੀ ਪ੍ਰਾਪਤੀ ਵਿੱਚ ਸੰਦੇਹ (ਸ਼ੱਕ, ਰੁਕਾਵਟ) ਪੈਦਾ ਕਰੇ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ‘ਸੰਕਲਪ’ ਹਾਂ ਪੱਖੀ ਫੁਰਨਾ ਹੁੰਦਾ ਹੈ ਜਦਕਿ ‘ਵਿਕਲਪ’ ਨਾ-ਪੱਖੀ ਫੁਰਨਾ ਹੁੰਦਾ ਹੈ।

(2). ‘ਬੁਧਿ’- ਉਹ ਇੰਦ੍ਰੀ (ਸ਼ਕਤੀ), ਜੋ ਨਵੇਂ ਵੀਚਾਰਾਂ ’ਤੇ ਯਕੀਨ ਬਣਾਉਂਦੀ ਹੈ।

(3). ‘ਚਿੱਤ’ ਜਾਂ ‘ਸੁਰਤਿ’-ਉਹ ਇੰਦ੍ਰੀ (ਸ਼ਕਤੀ), ਜਿਸ ਨਾਲ ਯਾਦਾਸਤ ਕੰਮ ਕਰਦੀ ਹੈ।

(4). ‘ਅਹੰਕਾਰ’ ਜਾਂ ‘ਮਮਤਾ’-ਉਹ ਇੰਦ੍ਰੀ (ਸ਼ਕਤੀ), ਜੋ ਪਦਾਰਥਾਂ ਨਾਲ ਸਬੰਧ ਪੈਦਾ ਕਰਵਾਉਂਦੀ ਹੈ।

‘ਜਪੁ’ ਬਾਣੀ ਵਿੱਚ ਹੀ ਇਨ੍ਹਾਂ ਚਾਰੇ ਇੰਦ੍ਰੀਆਂ ਨੂੰ ਇਉਂ ਪ੍ਰਗਟਾਇਆ ਗਿਆ ਹੈ ‘‘ਤਿਥੈ ਘੜੀਐ; ਸੁਰਤਿ, ਮਤਿ, ਮਨਿ, ਬੁਧਿ॥’’ ਜਪੁ/ਮ:੧/੮)

ਇਸ ਲਈ ਸਬੰਧਤ ਪੰਕਤੀ ‘‘ਸੁਰਤਿ ਹੋਵੈ ਮਨਿ ਬੁਧਿ॥’’ ਵਿੱਚ ਸ਼ਾਮਲ ਜੁੜਤ ਸ਼ਬਦ ‘ਸੁਰਤਿ’, ਮਨਿ ਅਤੇ ‘ਬੁਧਿ’ ਵਿੱਚੋਂ ‘ਸੁਰਤਿ’ ਦਾ ਅਰਥ ਬਣ ਜਾਂਦਾ ਹੈ ‘ਯਾਦਾਸਤ ਨੂੰ ਸੰਭਾਲਣ ਵਾਲੀ ਸ਼ਕਤੀ’ ਮਿਲ ਜਾਂਦੀ ਹੈ ਅਤੇ ‘ਮਨਿ ਬੁਧਿ’ ਦਾ ਅਰਥ ਬਣ ਜਾਂਦਾ ਹੈ ਕਿ ‘ਮਨਿ’ ਭਾਵ ਨਵੇਂ ਫੁਰਨਿਆਂ ਵਿੱਚ ‘ਬੁਧਿ’ ਭਾਵ ਯਕੀਨ (ਦ੍ਰਿੜ੍ਹਤਾ, ਵਿਸਵਾਸ਼) ਬਣ ਜਾਂਦਾ ਹੈ।

ਸੋ, ਮੰਨੈ; ਸੁਰਤਿ ਹੋਵੈ, ਮਨਿ ਬੁਧਿ॥’’ ਭਾਵ (ਗੁਰ ਉਪਦੇਸ਼) ਮੰਨਣ ਨਾਲ਼ ਵਿਚਾਰ ਉੱਚਾ ਤੇ ਮਨ ’ਚ ਜਾਗਰੂਕਤਾ (ਬੁੱਧੀ) ਆ ਜਾਂਦੀ ਹੈ

‘‘ਮੰਨੈ; ਸਗਲ ਭਵਣ ਕੀ ਸੁਧਿ॥’’-ਇਸ ਪੰਕਤੀ ਵਿੱਚ ਦਰਜ ‘ਭਵਣ’ ਬਹੁ ਵਚਨ ਪੁਲਿੰਗ ਨਾਂਵ ਸ਼ਬਦ ਹੈ, ਜੋ ਗੁਰਬਾਣੀ ਵਿੱਚ 13 ਵਾਰ ਦਰਜ ਹੈ ਅਤੇ ਇਸ ਦੇ ਅਰਥ ਭਿੰਨ ਭਿੰਨ ਇਸ ਪ੍ਰਕਾਰ ਹੈ:

(1). 14 ਭਵਨ (ਭਾਵ 7 ਪਾਤਾਲ ਅਤੇ 7 ਆਕਾਸ) ਜਿਵੇਂ ਕਿ ‘‘ਚਉਦਹ ਭਵਣ, ਤੇਰੇ ਹਟਨਾਲੇ॥’’ (ਮ:੩/੧੦੬੨)

(2). 3 ਲੋਕ (ਭਾਵ ਸਵਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ) ਜਿਵੇਂ ਕਿ ‘‘ਤੀਨਿ ਭਵਣ ਮਹਿ, ਏਕੋ ਜਾਣੈ॥’’ (ਮ:੧/੮੪੦)

(3). ਆਵਾਗਵਨ (ਭਾਵ ਭਟਕਣਾ) ਜਿਵੇਂ ਕਿ ‘‘ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ, ਮਿਟਤ ਜੋਨੀ ਭਵਣ॥’’ (ਮ:੫/੫੦੨)

ਉਪਰੋਕਤ ਸਾਰੇ ਹੀ ਅਰਥ ਬਹੁ ਵਚਨ ਦੇ ਪ੍ਰਤੀਕ ਵਜੋਂ ਹਨ, ਪਰ ਇਨ੍ਹਾਂ ਵਿੱਚੋਂ ਢੁੱਕਵੇਂ ਅਰਥ ਸਮਝਣ ਲਈ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਵੀਚਾਰਨਾ ਯੋਗ ਹੈ ‘‘ਊਰਮ ਧੂਰਮ ਜੋਤਿ ਉਜਾਲਾ॥ ਤੀਨਿ ਭਵਣ ਮਹਿ, ਗੁਰ ਗੋਪਾਲਾ॥’’ (ਮ:੧/੯੩੦) ਭਾਵ ਤਿੰਨੇ ਲੋਕਾਂ, ੳੂਰਮ (ਧਰਤੀ), ਧੂਰਮ (ਧੂਆਂ, ਆਕਾਸ਼ ਅਤੇ ਪਾਤਾਲ) ਵਿੱਚ ਗੁਰੂ (ਵੱਡੇ) ਗੋਪਾਲ ਦੀ ਜੋਤ ਦਾ ਹੀ ਪ੍ਰਕਾਸ਼ ਹੈ।

ਸੋ, ‘‘ਮੰਨੈ; ਸਗਲ ਭਵਣ ਕੀ ਸੁਧਿ॥’’- ਭਾਵ ਸਾਰੇ ਲੋਕਾਂ (ਸਵਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕਾਂ ਬਾਰੇ) ਸਮਝ ਹੋ ਜਾਂਦੀ ਹੈ (ਕਿ ਇਹ ਕਰਤਾਰ ਦੀ ਰਚਨਾ ਭਾਵ ਪਰਵਾਰ ਹੀ ਹੈ)।

‘‘ਮੰਨੈ; ਮੁਹਿ, ਚੋਟਾ ਨਾ ਖਾਇ॥’’- ਇਸ ਪੰਕਤੀ ’ਚ ਦਰਜ ‘ਮੁਹਿ’ ਸ਼ਬਦ ਦਾ ਮੂਲ ਸਰੋਤ ਸ਼ਬਦ ‘ਮੁਹੁ’ (ਇੱਕ ਵਚਨ ਪੁਲਿੰਗ ਨਾਉ) ਹੈ, ਜੋ ਗੁਰਬਾਣੀ ਵਿੱਚ 33 ਵਾਰ ਇਉਂ ਦਰਜ ਹੈ ‘‘ਹਉ ਕਿਆ ‘ਮੁਹੁ’ ਦੇਸਾ, ਦੁਸਟੁ ਚੋਰੁ॥ (ਮ:੧/੨੪), ਸਤਿਗੁਰ ਤੇ ਜੋ ‘ਮੁਹੁ’ ਫੇਰੇ; ਓਇ, ਭ੍ਰਮਦੇ ਨਾ ਟਿਕੰਨਿ॥ (ਮ:੩/੨੩੩), ਕਿਆ ‘ਮੁਹੁ’; ਲੈ, ਕੀਚੈ ਅਰਦਾਸਿ॥’’ (ਮ:੧/੩੫੧) ਆਦਿ। ਪਰ ਜਦ ਇਸ ਸ਼ਬਦ ਵਿੱਚੋਂ ਕਾਰਕੀ ਅਰਥ ‘ਨਾਲ, ਵਿੱਚ, ਉਪਰ, ਤੋਂ ’ ਆਦਿ ਲੈਣੇ ਹੋਣ ਤਾਂ ਇਸ ਦੀ ਬਣਤਰ ਸਬੰਧਤ ਪੰਕਤੀ ਵਾਂਙ (‘ਮੁਹੁ’ ਸ਼ਬਦ ਤੋਂ) ‘ਮੁਹਿ’ ਬਣ ਜਾਂਦੀ ਹੈ, ਜੋ ਕਿ ਗੁਰਬਾਣੀ ਵਿੱਚ 38 ਵਾਰ ਇਉਂ ਦਰਜ ਹੈ ‘‘ਫਿਕਾ ਦਰਗਹ ਸਟੀਐ; ‘ਮੁਹਿ’, ਥੁਕਾ ਫਿਕੇ ਪਾਇ॥ (ਮ:੧/੪੭੩), ਵਜਹੁ ਗਵਾਏ ਅਗਲਾ; ਮੁਹੇ ‘ਮੁਹਿ’, ਪਾਣਾ ਖਾਇ॥ (ਮ:੧/੪੭੪), ਆਪੇ ਮਾਲੀ, ਆਪਿ ਸਭੁ ਸਿੰਚੈ; ਆਪੇ ਹੀ, ‘ਮੁਹਿ’ ਪਾਏ॥ (ਮ:੪/੫੫੪), ਦਾਗ, ਦੋਸ; ‘ਮੁਹਿ’, ਚਲਿਆ ਲਾਇ॥ (ਮ:੧/੬੬੨), ਨਿੰਦਕ ਕੈ ‘ਮੁਹਿ’; ਲਾਗੈ ਛਾਰੁ॥ (ਮ:੫/੮੬੮), ‘ਮੁਹਿ’ ਮੰਗਾਂ, ਸੋਈ ਦੇਵਦਾ; ਹਰਿ ਪਿਤਾ, ਸੁਖਦਾਇਕ॥’’ (ਮ:੫/੧੧੦੧) ਆਦਿ। (ਉੱਕਤ ਤਮਾਮ ਪੰਕਤੀਆਂ ਵਿੱਚ ਦਰਜ ਸ਼ਬਦ ‘ਮੁਹਿ’ ਦੇ ਅਰਥ ‘ਮੂੰਹ ਨਾਲ, ਮੂੰਹ ਉੱਪਰ, ਮੂੰਹ ਵਿੱਚ ਜਾਂ ਮੂੰਹ ਤੋਂ’ ਬਣਦੇ ਹਨ ਇਸ ਲਈ ‘ਮੁਹਿ’ ਸ਼ਬਦ ਤੋਂ ਉਪਰੰਤ ਥੋੜਾ ਬਿਸ਼ਰਾਮ ਦੇਣ ਨਾਲ ਅਰਥ ਜ਼ਿਆਦਾ ਸਪੱਸ਼ਟ ਹੋ ਜਾਂਦੇ ਹਨ।)

ਪਰ ਗੁਰਬਾਣੀ ਵਿੱਚ ਕੇਵਲ ਤਿੰਨ ਵਾਰ ਇਸ ‘ਮੁਹਿ’ ਸ਼ਬਦ ਦਾ ਅਰਥ ‘ਮੂੰਹ’ ਨਹੀਂ ਹੈ, ਜਿਨ੍ਹਾਂ ਬਾਰੇ ਸਮਝਣਾ ਭੀ ਜ਼ਰੂਰੀ ਹੈ:

(1). ਗੁਰਬਾਣੀ ਕਈ ਭਾਸ਼ਾਵਾਂ ਦਾ ਮਿਸ਼ਰਣ ਹੋਣ ਕਾਰਨ ਕੁਝ ਸ਼ਬਦਾਂ ਦੇ ਅੱਖਰ (ਧੁਨੀ ਨੂੰ ਮੁੱਖ ਰੱਖ ਕੇ) ਆਪਸ ਵਿੱਚ ਬਦਲ ਜਾਂਦੇ ਹਨ ਜਿਵੇਂ ਕਿ ‘ਨਜਰਿ ਤੋਂ ਨਦਰਿ’, ‘ਹਜੂਰਿ ਤੋਂ ਹਦੂਰਿ’, ਹਾਜਰਾ ਤੋਂ ਹਾਦਰਾ’ ਵਾਂਙ ‘ਸ’ ਅਤੇ ‘ਹ’ ਅੱਖਰ ਵੀ ਆਪਸ ਵਿੱਚ ਬਦਲ ਜਾਂਦੇ ਹਨ ਜਿਵੇਂ ਕਿ ‘ਕਪਾਸ ਤੋਂ ਕਪਾਹ, ਘਾਸ ਤੋਂ ਘਾਹ, ਤ੍ਰਾਸ ਤੋਂ ਤ੍ਰਾਹ, ਪੀਸ ਤੋਂ ਪੀਹ, ਫਾਸੀ ਤੋਂ ਫਾਹੀ, ਸਿੰਧ ਤੋਂ ਹਿੰਦ’, ‘ਰੋਸ ਤੋਂ ਰੋਹ’, ‘ਮੁਸਿ ਤੋਂ ਮੁਹਿ’, ‘ਮੁਸੈ ਤੋਂ ਮੁਹੈ’ ਆਦਿ। ਪਾਵਨ ਵਾਕ ਹਨ ‘‘ਆਪਿ ‘ਮੁਸੈ’ ਮਤਿ ਹੋਛੀਐ; ਕਿਉ ਰਾਹੁ ਪਛਾਣੈ॥ (ਮ:੧/੭੬੭), ਬਾਟ ਪਾਰਿ ਘਰੁ ‘ਮੂਸਿ’ ਬਿਰਾਨੋ, ਪੇਟੁ ਭਰੈ ਅਪ੍ਰਾਧੀ॥’’ (ਭਗਤ ਪਰਮਾਨੰਦ/੧੨੫੩) ਆਦਿ। ਇਨ੍ਹਾਂ ਦੋਵੇਂ ਪੰਕਤੀਆਂ ਵਿੱਚ ‘ਮੁਸੈ’ ਅਤੇ ‘ਮੂਸਿ’ ਸ਼ਬਦ ਦਾ ਅਰਥ ‘ਲੁੱਟਣਾ ਹੈ।’ ਪਰ ਅਗਾਂਹ ਪੰਕਤੀਆਂ ਵਿੱਚ (ਭਾਸ਼ਾਵਾਂ ਦੇ ਮਿਸ਼ਰਣ ਕਾਰਨ) ‘ਮੁਸੈ’ ਸ਼ਬਦ ਦਾ ਬਦਲਵਾਂ ਰੂਪ ‘ਮੁਹੈ’ ਅਤੇ ‘ਮੁਸਿ’ ਸ਼ਬਦ ਦਾ ਬਦਲਵਾਂ ਰੂਪ ‘ਮੁਹਿ’ ਬਣ ਗਿਆ, ਜਿਨ੍ਹਾਂ ਦੇ ਅਰਥ ਭੀ ‘ਲੁੱਟਣਾ’ ਹੀ ਹਨ ‘‘ਜੇ ਮੋਹਾਕਾ ਘਰੁ ‘ਮੁਹੈ’; ਘਰੁ ‘ਮੁਹਿ’, ਪਿਤਰੀ ਦੇਇ॥’’ (ਮ:੧/੪੭੨) ਇਸ ਲਈ ਉੱਕਤ ਪੰਕਤੀ ਵਿੱਚ ‘ਮੁਹਿ’ ਸ਼ਬਦ ਦਾ ਅਰਥ ‘ਲੁੱਟ ਕੇ’ ਹੈ, ਨਾ ਕਿ ‘ਮੂੰਹ ਉੱਪਰ ਜਾਂ ਮੂੰਹ ਵਿੱਚ’। ਇਸ ‘ਮੁਹਿ’ ਸ਼ਬਦ ਦਾ ਅਰਥ ‘ਲੁੱਟਣਾ’, ਗੁਰਬਾਣੀ ਵਿੱਚ ਕੇਵਲ ਇੱਕ ਵਾਰ ਇੱਥੇ ਹੀ ਦਰਜ ਹੈ।

(2). ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ‘ਮੁਹਿ’ ਸ਼ਬਦ ਦਾ ਅਰਥ (ਤਮਾਮ ਗੁਰਬਾਣੀ ਦੀ ਲਿਖਤ ਵਾਂਙ) ‘ਮੂੰਹ ਉਪਰ’, ਇਉਂ ਦਰਜ ਕਰ ਰਹੇ ਹਨ ‘‘ਦਫਤਰਿ ਲੇਖਾ ਨੀਕਸੈ; ਮਾਰ, ਮੁਹੈ ਮੁਹਿ ਖਾਇ॥’’ (ਭਗਤ ਕਬੀਰ/੧੩੭੫) ਪਰ ਹਿੰਦੀ ਭਾਸ਼ਾ ਇਲਾਕੇ ਨਾਲ ਸਬੰਧਤ ਹੋਣ ਕਾਰਨ, 2 ਵਾਰ ‘ਮੁਹਿ’ ਸ਼ਬਦ ਦਾ ਅਰਥ ‘ਮੈਨੂੰ ਅਤੇ ਮੇਰੀ’, ਇਉਂ ਦਰਜ ਕਰ ਰਹੇ ਹਨ ‘‘ਕਬੀਰ ! ‘ਮੁਹਿ’ ਮਰਨੇ ਕਾ ਚਾਉ ਹੈ; ਮਰਉ, ਤ ਹਰਿ ਕੈ ਦੁਆਰ॥’’ (ਭਗਤ ਕਬੀਰ/੧੩੬੭) ਅਤੇ ‘‘ਤੂੰ ਬ੍ਰਹਮਨੁ, ਮੈ ਕਾਸੀਕ ਜੁਲਹਾ; ‘ਮੁਹਿ’ ਤੋਹਿ ਬਰਾਬਰੀ, ਕੈਸੇ ਕੈ ਬਨਹਿ॥’’ (ਭਗਤ ਕਬੀਰ/੯੭੦) ਭਾਵ ਤੂੰ ਉੱਚੀ ਕੁਲ ਦਾ ਬ੍ਰਾਹਮਣ ਹੈਂ ਪਰ ਮੈ ਕਾਂਸ਼ੀ (ਬਨਾਰਸ) ਦੀ ਛੋਟੀ ਜ਼ਾਤ ਵਾਲਾ ਜੁਲਾਹਾ (ਇਸ ਲਈ ਦੁਨਿਆਵੀ ਜ਼ਾਤ-ਪਾਤ ਦਿ੍ਰਸ਼ਟੀ ਅਧੀਨ) ਮੇਰੀ ਤੇਰੀ ਬਰਾਬਰੀ ਕਿਵੇਂ ਹੋ ਸਕਦੀ ਹੈ ?

ਉਪਰੋਕਤ ਤਿੰਨੇ ਪੰਕਤੀਆਂ ਤੋਂ ਇਲਾਵਾ ਹਰ ਜਗ੍ਹਾ ‘ਮੁਹਿ’ ਸ਼ਬਦ ਦਾ ਅਰਥ ਕਾਰਕੀ ਰੂਪ ਵਿੱਚ ‘ਮੂੰਹ ਉਪਰ, ਮੂੰਹ ਵਿੱਚ ਜਾਂ ਮੂੰਹ ਤੋਂ’ ਹੀ ਹੁੰਦਾ ਹੈ।

ਸੋ, ‘‘ਮੰਨੈ; ਮੁਹਿ, ਚੋਟਾ ਨਾ ਖਾਇ॥’’- ਭਾਵ (ਗੁਰ ਸ਼ਬਦ ਦੀ) ਕਮਾਈ ਨਾਲ਼ (ਭਗਤ) ਮੂੰਹ ’ਤੇ (ਭਾਵ ਜੀਵਦਿਆਂ) ਵਿਕਾਰਾਂ ਦੀਆਂ ਠੋਕਰਾਂ (ਰੁਕਾਵਟਾਂ) ਨਹੀਂ ਖਾਂਦਾ (ਕਿਉਂਕਿ)

‘‘ਮੰਨੈ; ਜਮ ਕੈ ਸਾਥਿ, ਨ ਜਾਇ॥’’- ਇਸ ਪੰਕਤੀ ਵਿੱਚ ਦਰਜ ‘ਜਮ’ ਸ਼ਬਦ ਦਾ ਮੂਲ ਸਰੋਤ ਸ਼ਬਦ ‘ਜਮੁ’ (ਇੱਕ ਵਚਨ ਪੁਲਿੰਗ ਨਾਉ) ਹੈ, ਜੋ ਕਿ 119 ਵਾਰ ਇਉਂ ਦਰਜ ਹੈ ‘‘ਪ੍ਰਭ ਸੇਵਾ, ਜਮੁ ਲਗੈ ਨ ਨੇਰੇ॥ (ਮ:੫/੧੯੭), ਬਿਨੁ ਗੁਰ ਭੇਟੇ, ਜਮੁ ਕਰੇ ਖੁਆਰਾ॥’’ (ਮ:੩/੨੩੦) ਆਦਿ। ਪਰ ਇਸ ‘ਜਮੁ’ ਸ਼ਬਦ ਨਾਲ ਸਬੰਧਕੀ ਸ਼ਬਦ ‘ਕੈ’ ਆਉਣ ਨਾਲ ‘ਜਮ’ (ਸ਼ਬਦ, ਅੰਤ ਮੁਕਤਾ) ਬਣ ਗਿਆ, ਜੋ ਕਿ ਸਬੰਧਤ ਪੰਕਤੀ ਸਮੇਤ ਗੁਰਬਾਣੀ ਵਿੱਚ 319 ਵਾਰ ਇਉਂ ਦਰਜ ਹੈ ‘‘ਸੇ ਮੁਕਤੁ ਸੇ ਮੁਕਤੁ ਭਏ, ਜਿਨ ਹਰਿ ਧਿਆਇਆ ਜੀ; ਤਿਨ ਤੂਟੀ ‘ਜਮ ਕੀ’ ਫਾਸੀ॥ (ਮ:੪/੧੧), ਸਾਧਸੰਗਤਿ ਹੋਇ ਨਿਰਮਲਾ; ਕਟੀਐ, ‘ਜਮ ਕੀ’ ਫਾਸ॥’’ (ਮ:੫/੪੪) ਆਦਿ।

‘‘ਜਮ ਕੈ ਸਾਥਿ..॥’’ ਇਸ ਪੰਕਤੀ ਵਿੱਚ ਦੋ ਸਬੰਧਕ ਸ਼ਬਦ (‘ਕੈ’ ਅਤੇ ‘ਸਾਥਿ’) ਆਏ ਹਨ ਜਿਨ੍ਹਾਂ ਵਿੱਚੋਂ ਇੱਕ (ਕੈ) ‘ਪੂਰਨ ਸਬੰਧਕ’ ਸ਼ਬਦ ਹੈ ਜਦਕਿ (ਸਾਥਿ) ‘ਅਪੂਰਨ ਸਬੰਧਕ’ ਸ਼ਬਦ ਹੈ। (‘ਪੂਰਨ ਸਬੰਧਕ’ ਸ਼ਬਦ ਉਹ ਹੁੰਦੇ ਹਨ ਜੋ ਇਕੱਲਿਆਂ ਹੀ ਸਬੰਧਕ ਬਣ ਜਾਂਦੇ ਹਨ ਜਿਵੇਂ ਕਿ ‘ਦਾ, ਦੇ, ਦੀ, ਕਾ, ਕੇ, ਕੀ, ਕੈ, ਤੇ’ ਆਦਿ। ਜਦਕਿ ‘ਅਪੂਰਨ ਸਬੰਧਕਾਂ’ ਨੂੰ ‘ਪੂਰਨ ਸਬੰਧਕਾਂ’ ਦੀ ਮਦਦ ਲੈਣੀ ਪੈਂਦੀ ਹੈ ਜਿਵੇਂ ਕਿ ਇਸ ਪੰਕਤੀ ਵਿੱਚ ‘ਸਾਥਿ’ (ਅਪੂਰਨ ਸਬੰਧਕ) ਸ਼ਬਦ ਨੇ ‘ਕੈ’ (ਪੂਰਨ ਸਬੰਧਕ) ਸ਼ਬਦ ਦੀ ਮਦਦ ਲਈ ਹੈ।

(ਨੋਟ: ਗੁਰਬਾਣੀ ਲਿਖਤ ਅਨੁਸਾਰ ‘ਪੂਰਨ ਸਬੰਧਕ’ ਸ਼ਬਦ (ਗੁਪਤ ਰੂਪ ਵਿੱਚ ਵੀ) ਆਪਣੇ ਤੋਂ ਪਹਿਲੇ (ਇੱਕ ਵਚਨ ਪੁਲਿੰਗ ਨਾਉ) ਸ਼ਬਦ ’ਤੇ ਆਪਣਾ ਪ੍ਰਭਾਵ ਪਾਉਂਦੇ ਹਨ ਭਾਵ ਉਨ੍ਹਾਂ ਦਾ ਅੰਤ ਔਕੜ ਹਟਾ ਦਿੰਦੇ ਹਨ ਜਿਵੇਂ ਕਿ ‘ਗੁਰ ਪ੍ਰਸਾਦਿ’ ਜੁੜਤ ਸ਼ਬਦਾਂ ਵਿੱਚੋਂ, ਪਹਿਲੇ ‘ਗੁਰੁ’ (ਇੱਕ ਵਚਨ ਪੁਲਿੰਗ ਨਾਉ) ਸ਼ਬਦ ਦੀ ਬਣਤਰ ‘ਗੁਰ’ (ਅੰਤ ਮੁਕਤਾ) ਇਸ ਲਈ ਬਣ ਗਈ ਹੈ ਕਿਉਂਕਿ ਇਸ ਸ਼ਬਦ ਜੋੜ ਦੇ ਵਿੱਚ ‘ਪੂਰਨ ਸਬੰਧਕ’ ਸ਼ਬਦ ‘ਦੀ’ ਗੁਪਤ ਰੂਪ ਵਿੱਚ ਮੌਜੂਦ ਹੈ, ਜਿਸ ਕਾਰਨ ਇਸ ਦੇ ਅਰਥ ‘ਗੁਰ (ਦੀ) ਕਿਰਪਾ ਨਾਲ’ ਬਣ ਰਹੇ ਹਨ ਜਦਕਿ ‘ਅਪੂਰਨ ਸਬੰਧਕ’ ਸ਼ਬਦ (‘ਵਿਚਿ, ਨਾਲਿ, ਉਪਰਿ, ਅੰਤਰਿ, ਅੰਦਰਿ, ਸਮਾਨਿ’ ਆਦਿ ਅਰਥ) ਕਦੇ ਭੀ ਗੁਪਤ ਰੂਪ ਵਿੱਚ (‘ਪੂਰਨ ਸਬੰਧਕ’ ਵਾਂਙ) ਨਹੀਂ ਦਿੰਦੇ ਹਨ। ਇਨ੍ਹਾਂ ਦੋਵੇਂ ਸਬੰਧਕਾਂ ਦੇ ਅੰਤਰ ਨੂੰ ਸਮਝਣ ਦਾ ਆਸਾਨ ਤਰੀਕਾ ਇਹ ਵੀ ਹੈ ਕਿ ਗੁਰਬਾਣੀ ਵਿੱਚ ਪੜਨਾਂਵ ਸ਼ਬਦਾਂ ਦਾ ਅੰਤ ਔਕੜ, ਕੇਵਲ ‘ਪੂਰਨ ਸਬੰਧਕ’ ਸ਼ਬਦ ਹੀ ਹਟਾਉਂਦੇ ਹਨ, ਨਾ ਕਿ ‘ਅਪੂਰਨ ਸਬੰਧਕ’। ਜਿਵੇਂ ਕਿ ‘‘ਤਿਸ ‘ਤੇ’ ਭਾਰੁ; ਤਲੈ, ਕਵਣੁ ਜੋਰੁ॥’’ (ਜਪੁ/ਮ:੧) ਪੰਕਤੀ ਵਿੱਚ ‘ਤੇ’ (ਪੂਰਨ ਸਬੰਧਕ) ਸ਼ਬਦ ਨੇ ‘ਤਿਸ’ (ਪੜਨਾਉ ਸ਼ਬਦ) ਦਾ ਅੰਤ (ਔਕੜ ਹਟਾ ਕੇ) ਮੁਕਤਾ ਕਰ ਦਿੱਤਾ ਪਰ ‘‘ਤਿਸੁ ਵਿਚਿ, ਧਰਤੀ ਥਾਪਿ ਰਖੀ; ਧਰਮ ਸਾਲ॥’’ (ਜਪੁ/ਮ:੧) ਵਾਕ ਵਿੱਚ ਦਰਜ ‘ਵਿਚਿ’ (ਅਪੂਰਨ ਸਬੰਧਕ) ਸ਼ਬਦ ਨੇ ‘ਤਿਸੁ’ (ਪੜਨਾਉ ਸ਼ਬਦ) ਦਾ ਅੰਤ ਔਕੜ ਨਹੀਂ ਹਟਾਇਆ ਕਿਉਂਕਿ ਇਹ ‘ਅਪੂਰਨ ਸਬੰਧਕ’ ਸ਼ਬਦ ਹੈ, ਨਾ ਕਿ ‘ਪੂਰਨ ਸਬੰਧਕ’ ਸ਼ਬਦ।)

ਸੋ, ‘‘ਮੰਨੈ; ਜਮ ਕੈ ਸਾਥਿ, ਨ ਜਾਇ॥’’ ਭਾਵ ਕਿਉਂਕਿ ਅੰਦਰੂਨੀ ਨੁਕਸ ਸਮੇਤ (ਭਾਵ ਆਤਮਿਕ ਮੌਤ ਮਰ ਕੇ) ਨਹੀਂ ਜਿਊਂਦਾ (ਵਿਚਰਦਾ)।

(ਨੋਟ; ਅਗਾਂਹ ਵਾਲੀਆਂ ਪੰਕਤੀਆਂ ਦੀ ਪਿਛਲੀ ਪਉੜੀ ਵਿੱਚ ਵੀਚਾਰ ਹੋ ਚੁੱਕੀ ਹੈ ਕੇਵਲ ਸੰਖੇਪ ਮਾਤ੍ਰ ਹੀ ਅਰਥ ਕੀਤੇ ਜਾ ਰਹੇ ਹਨ।)

ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ, ਮੰਨਿ ਜਾਣੈ ਮਨਿ, ਕੋਇ॥੧੩॥ (ਜਪੁ/ ਮ:੧)

ਅਰਥ : (ਸ਼ਬਦ ਕਮਾਈ ਵਾਲ਼ੇ ਦਾ) ਨਾਮਣਾ ਅਜਿਹਾ (ਜੋ ਮਿਸਾਲ ਉੱਪਰ ਦਿੱਤੀ ਗਈ ਹੈ) ਉੱਜਲ ਹੋ ਜਾਂਦਾ ਹੈ (ਪਰ ਇਸ ਵਿਚਾਰ ਦੀ ਗਹਿਰਾਈ ਤੱਕ ਉਹੀ ਜਾਏਗਾ) ਜਿਹੜਾ ਕੋਈ (ਆਪ, ਆਪਣੇ) ਮਨ ਵਿੱਚ (ਗੁਰ ਸ਼ਬਦ ਪ੍ਰਤਿ) ਵਿਸ਼ਵਾਸ ਧਾਰ ਕੇ ਰੱਖਦਾ ਹੈ, ਪਰ ਅਜਿਹਾ ਕੋਈ ਕੋਈ ਹੈ।