ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 8)
ਪੰਥ ਦੇ ਵਿਚਾਰਨਯੋਗ ਮਸਲੇ ਤੇ ਸਮਾਧਾਨ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ-1)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 2)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 6)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 7)
ਗਿਆਨੀ ਜਗਤਾਰ ਸਿੰਘ ਜਾਚਕ
ਨਾਵਾਂ ਮਸਲਾ ਹੈ ਬੇਲੋੜੀਆਂ ਸਿਰਲੇਖਕ, ਸੰਪਾਦਕੀ ਤੇ ਅੰਤਕੀ ਸੇਧਾਂ ਦਾ : ਛਾਪੇ ਦੀ ਪਾਵਨ ਬੀੜ ਵਿਖੇ ‘ਆਸਾ ਕਬੀਰ ਜੀਉ ਕੇ ਪਦੇ ੯ ਦੁਤੁਕੇ ੫’, ਪੰ. 479; ਵਾਰਾਂ ਦੀਆਂ ਸੰਪਾਦਕੀ ਸੂਚਨਾਵਾਂ ‘ਸੁਧੁ’ ਤੇ ‘ਸੁਧੁ ਕੀਚੈ’ ਪੰ. 91, 317, 323, 475, 556, 855, 956, 966, 1094, 1251 ਤੇ 1318 ਅਤੇ ‘ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ’ ਪੰ. 228 ਆਦਿ, ਐਸੀਆਂ ਸਿਰਲੇਖਕ, ਸੰਪਾਦਕੀ ਤੇ ਅੰਤਕੀ ਸੇਧਾਂ ਹਨ, ਜਿਨ੍ਹਾਂ ਨੂੰ ਪਾਠ-ਭੇਦ ਸੂਚੀ ਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਦੇ ਖੋਜੀ ਵਿਦਵਾਨ ਬੇਲੋੜੀਆਂ ਸਮਝਦੇ ਹਨ। ‘ਸੁਧ’ ਤੇ ‘ਸੁਧੁ ਕੀਚੈ’ ਸੂਚਨਾਵਾਂ ਬਾਰੇ ‘ਪਾਠ-ਭੇਦ ਸੂਚੀ’ ਦੇ ਵਿਸ਼ੇਸ਼ ਨੋਟ ਵੀਚਾਰਨਯੋਗ ਹਨ; ਜਿਵੇਂ ਕਿ
‘ਸੁਧੁ’ ॥ ਇਹ ਪਾਠ ਕਿਸੇ ਲਿਖਤੀ ਗ੍ਰੰਥ ਸਾਹਿਬ ਵਿੱਚ, ਕਿਸੇ ਵੀ ਵਾਰ ਨਾਲ ਨਹੀਂ ਲੱਭਦਾ ॥ ਕਰਤਾਰਪੁਰੀ ਬੀੜ ’ਚ ਲਿਖਾਰੀ ਦੇ ਹੀ ਹੱਥ-ਕਲਮ ਨਾਲ ਲਿਖਿਆ ਵੇਖਦੇ ਹਾਂ । ਜਿਥੋਂ ਛਾਪੇਖਾਨੇ ਵਾਲਿਆਂ ਮੱਖੀ ’ਤੇ ਮੱਖੀ ਮਾਰਨੀ ਅਰੰਭੀ ਹੈ ॥ ਸੋ, ਇਹ ਗ਼ਲਤ ਤੇ ਗੈਰ ਜ਼ਰੂਰੀ ਰੀਸ ਛੱਡ ਦੇਣੀ ਚਾਹੀਦੀ ਹੈ। ਸੂਚੀ ਪੰ. 35
‘ਸੁਧੁ ਕੀਚੈ’ ॥ ਦੀ ਹਦਾਇਤ ਸੰਬੰਧੀ ਹੇਠ ਲਿਖਿਆ ਨੋਟ ਲਿਖਣ ਮੌਕੇ ਸੂਚੀ ਦੇ ਖੋਜੀ ਲੇਖਕਾਂ ਨੇ 12 ਉਨ੍ਹਾਂ ਪੁਰਾਤਨ ਬੀੜਾਂ ਦਾ ਹਵਾਲਾ ਦਿੱਤਾ ਹੈ, ਜਿਨ੍ਹਾਂ ਵਿੱਚ ਅਜਿਹੀ ਕੋਈ ਹਦਾਇਤ ਨਹੀਂ ਮਿਲਦੀ; ਜਿਵੇਂ ਬੀੜ ਨੰ. 1, 4/3, 5, 8/8, 21/34, 29/79, 32/6281, 35/116, 39/182, 44, 47 ਤੇ 54 । ਵਿਸ਼ੇਸ਼ ਨੋਟ ਇਸ ਪ੍ਰਕਾਰ ਹੈ : ‘ਸੁਧੁ ਕੀਚੈ’ ਕੀ ਹਦਾਇਤ, ਪੰਚਮ ਪਾਤਸ਼ਾਹ ਨੇ ਆਪਣੇ ਲਿਖਾਰੀ ਨੂੰ ਅਸ਼ੁਧੀਆਂ ਦਰੁਸਤ ਕਰਨ ਵਾਸਤੇ, ਕਰ ਕਮਲਾਂ ਨਾਲ ਲਿਖੀ ਸੀ। ਹੁਕਮ ’ਤੇ ਅਮਲ ਕਰਕੇ, ਲਿਖਾਰੀ ਨੇ ਲਿਖ ਦਿੱਤਾ ਸੀ : ‘ਸੁਧੁ ਕੀਤਾ’ । ਇਹ ਦੋਵੇਂ ਪਾਠ ‘ਆਦਿ ਬੀੜ’ ਦੀ ਪੱਕੀ ਇਤਿਹਾਸਕ ਪਛਾਣ ਹਨ। ਐਪਰ ਇਨ੍ਹਾਂ ਨੂੰ ਅਗਾਂਹ ਚਲਾਈ ਰੱਖਣਾ, ਦਾਨਾਈ ਨਹੀਂ । ਮੱਖੀ ’ਤੇ ਮੱਖੀ ਮਾਰਨ ਵਾਲੇ ਲਿਖਾਰੀਆਂ ਤੋਂ ਬਿਨ੍ਹਾਂ ਹੋਰ ਕਿਸੇ ਨੇ ਇਹ ਨਕਲ ਮਾਰੀ ਵੀ ਨਹੀਂ। ਗੁ. ਦੂਖ ਨਿਵਾਰਨ-ਪਟਿਆਲਾ ਦੇ ਤੋਸ਼ੇਖ਼ਾਨੇ ਵਿਰਾਜਮਾਨ ਇੱਕ ਲਿਖਤੀ ਗ੍ਰੰਥ ਸਾਹਿਬ ਵਿੱਚ ‘ਸ਼ੁਧ ਕੀਤਾ’ ਪਾਠ ਵੀ ਅਸਾਂ ਪੜ੍ਹਿਆ ਹੈ। ਪਰ ਇਹ ਵੀ ਗੈਰ ਜ਼ਰੂਰੀ ਨਕਲ ਹੀ ਹੈ। ਸੂਚੀ ਪੰ. 82, 83 ਸਪਸ਼ਟ ਹੈ ਕਿ ਸੂਚੀ ਦੇ ਵਿਦਵਾਨਾਂ ਮੁਤਾਬਕ ਕਰਤਾਰਪੁਰੀ ਬੀੜ ਮੁੱਢਲੀ ਤੇ ਇਤਿਹਾਸਕ ਬੀੜ ਹੋਣ ਦੀ ਕਸਵੱਟੀ ’ਤੇ ਪੂਰੀ ਨਹੀਂ ਉਤਰਦੀ।
ਦਸਵਾਂ ਮਸਲਾ ਹੈ ਸਿਰਲੇਖਾਂ ਅੰਦਰਲੇ ਲਟਕਵੇਂ ਅੰਕਾਂ ਦਾ : ਰਾਗੁ ਗਉੜੀ ਪੰ. 204 ਤੋਂ 248 ਤੇ ਪੰ. 326 ਤੋਂ 338 ਅਤੇ ਰਾਗੁ ਆਸਾ ਪੰ.354 ਤੋਂ 393 ਦੇ ਸਿਰਲੇਖਾਂ ਵਿਖੇ ਲਟਕਦੇ ਅੰਕਾਂ ਦੀ ਸਾਰਥਿਕਤਾ ਦਾ, ਜੋ ਰਾਗਾਂ ਦੇ ਘਰਾਂ; ਦੁਪਦੇ ਤਿਪਦੇ ਸ਼ਬਦਾਂ ਤੇ ਤੁਕਾਂ ਦੀ ਗਿਣਤੀ ਨੂੰ ਪ੍ਰਗਟਾਉਂਦੇ ਮੰਨੇ ਜਾਂਦੇ ਹਨ। ਇਨ੍ਹਾਂ ਦੀ ਗਿਣਤੀ 37 ਦੇ ਲਗਭਗ ਹੈ। ਹੱਥ ਲਿਖਤੀ ਬੀੜਾਂ ਮੁਤਾਬਕ ਕੇਵਲ ਇੱਕ 38ਵਾਂ ‘ਪ੍ਰਭਾਤੀ 5 ਮਹਲਾ 3 ॥ ਜੋ ਤੇਰੀ ਸਰਣਾਈ ਹਰਿ ਜੀਉ॥ ਪੰਨਾ 1333 ਸਿਰਲੇਖ ਹੇਠ ਹੈ, ਜਿਸ ਦਾ ਲਟਕਵਾਂ ਅੰਕ 5. ਹੁਣ ਛਾਪੇ ਦੀ ਪ੍ਰਚਲਿਤ ਬੀੜ ਵਿੱਚ ਨਹੀਂ ਮਿਲਦਾ। ਐਸਾ ਵੀ ਮੰਨਿਆ ਜਾਂਦਾ ਹੈ ਕਿ ਜਿੱਥੇ ਲਿਖਾਰੀ ਸਿਰਲੇਖ ਵਿਖੇ ਰਾਗ ਦੇ ਘਰੁ ਜਾਂ ਦੁਪਦੇ, ਤਿਪਦੇ ਆਦਿਕ ਸ਼ਬਦਾਂ ਦੀ ਗਿਣਤੀ ਖੜਵੇਂ ਅੱਖਰਾਂ ਵਿੱਚ ਲਿਖਣੀ ਭੁੱਲ ਗਿਆ, ਉੱਥੇ ਫਿਰ ਬਰੀਕ ਕਲਮ ਨਾਲ ਉਪਰੋਕਤ ਕਿਸਮ ਦੇ ਲਟਕਵੇਂ ਅੰਕ ਪਾ ਕੇ ਸਾਰਿਆ ਹੈ, ਪਰ ਇਨ੍ਹਾਂ ’ਚੋਂ ਵੀ ਕੁਝ ਅੰਕ ਐਸੇ ਹਨ, ਜਿਹੜੇ ਸਾਰਥਿਕ ਨਹੀਂ ਹੁੰਦੇ। ਰਾਗ ਗਉੜੀ ਵਿੱਚ ਘਰਾਂ ਦਾ ਵੇਰਵਾ ਨਹੀਂ ਮਿਲਦਾ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਉੱਥੇ ਲਟਕਵੇਂ ਅੰਕ ‘ਘਰੁ’ ਦਾ ਪ੍ਰਤੀਕ ਹਨ। ਪਰ ਜੇ ਐਸਾ ਮੰਨ ਲਿਆ ਜਾਏ ਤਾਂ ਫਿਰ ਅਜਿਹੇ ਸੰਗ੍ਰਹਿ ਤੋਂ ਪਹਿਲਾਂ ਸੰਖੇਪ ਮੰਗਲਾਚਰਨ ਵੀ ਲੋੜੀਂਦਾ ਹੈ। ਇਸ ਲਈ ਵਿਚਾਰਨ ਦੀ ਲੋੜ ਹੈ ਕਿ ਐਸੇ ਅੰਕਾਂ ਦੀ ਲੋੜ ਵੀ ਹੈ ਜਾਂ ਨਹੀਂ।
ਗਿਆਰਵਾਂ ਮਸਲਾ ਹੈ ਦੋਮਾਤ੍ਰੇ ਲਫ਼ਜ਼ਾਂ ਨੂੰ ਪਿੰਗਲਕ ਦ੍ਰਿਸ਼ਟੀ ਤੋਂ ਲੋੜੀਂਦੀ ਵਰਤੋਂ ਪੱਖੋਂ ਵਿਚਾਰਨ ਦਾ : ਗੁਰਬਾਣੀ ਵਿਚਾਰ ਲਈ gurparsad.com ਵੈਬਸਾਈਟ ਦੇ ਸੰਚਾਲਕ ਗਿ. ਅਵਤਾਰ ਸਿੰਘ (ਜਲੰਧਰ ਵਾਲਿਆਂ) ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਅਜਿਹੇ ਲਫ਼ਜ਼ਾਂ ਦੀ ਗਿਣਤੀ 147 ਦੇ ਲਗਭਗ ਹੈ। ਕੁਝ ਵਿਦਵਾਨ 176 ਦੇ ਲਗਭਗ ਵੀ ਗਿਣਦੇ ਹਨ, ਕਿਉਂਕਿ ਕਈ ਦੋਮਾਤ੍ਰੇ ਇੱਕ ਤੋਂ ਵਧ ਵਾਰ ਵੀ ਵਰਤੇ ਮਿਲਦੇ ਹਨ; ਜਿਵੇਂ ‘ਓੁਮਾਹਾ’ 13 ਵਾਰ ਲਿਖਿਆ ਮਿਲਦਾ ਹੈ। ਇਹ ਚਾਰ ਪ੍ਰਕਾਰ ਦੇ ਹਨ । ਇੱਕ ਉਹ ਹਨ, ਜਿਨ੍ਹਾਂ ਦੇ ਅਰੰਭਕ ਅੱਖਰ ਨੂੰ ਦੋ ਮਾਤ੍ਰਾ ਹਨ; ਜਿਵੇਂ ‘ਗੁੋਪਾਲੁ’। ਦੂਜੇ ਉਹ ਹਨ, ਜਿਨ੍ਹਾਂ ਦਾ ਅਖੀਰਲਾ ਅੱਖਰ ਦੋਮਾਤ੍ਰਾ ਹੈ; ਜਿਵੇਂ ‘ਅਨਦਿਨੁੋ’। ਤੀਜੇ ਉਹ ਹਨ, ਜੋ ਇੱਕ ਅੱਖਰੀ ਦੋਮਾਤ੍ਰੇ, ਜਿਵੇਂ ‘ਸੋੁ’ ਅਤੇ ਚੌਥੇ ਉਹ ਹਨ, ਜਿਨ੍ਹਾਂ ਪਦਾਂ ਦਾ ਕੋਈ ਵਿਚਕਾਰਲਾ ਅੱਖਰ ਦੋਮਾਤ੍ਰਾ ਹੁੰਦਾ ਹੈ; ਜਿਵੇਂ ‘ਜਗਦੀਸੁੋਰਾ’ ਆਦਿ। ਪਰ ਜਥੇਦਾਰ ਵੇਦਾਂਤੀ ਜੀ ਮੁਤਾਬਕ ਇਨ੍ਹਾਂ ਵਿੱਚੋਂ ਕੁਝ ਅਜਿਹੇ ਵੀ ਹਨ, ਜਿਹੜੇ ਆਪਣੀਆਂ ਮੂਲਕ ਲਗਾਂ ਸਦਕਾ ਹੀ ਛੰਦ ਦੇ ਕਾਵਿਕ-ਤੋਲ ਵਿੱਚ ਪੂਰੇ ਉਤਰਦੇ ਹਨ ਭਾਵ ਤੁਕ ਦੇ ਮਾਤ੍ਰਿਕ ਤੋਲ ਦੀ ਪੂਰਤੀ ਲਈ ਉਨ੍ਹਾਂ ਵਿੱਚੋਂ ਕਿਸੇ ਅਖਰ ਦੇ ‘ਔਂਕੜ’ ਨੂੰ ‘ਹੋੜੇ’ ਵਿੱਚ ਬਦਲ ਕੇ ਮਾਤ੍ਰਾ ਵਧਾਉਣ ਅਤੇ ‘ਹੋੜੇ’ ਨੂੰ ‘ਔਂਕੜ’ ਵਿੱਚ ਬਦਲ ਕੇ ਮਾਤ੍ਰਾ ਘਟਾਉਣ ਦੀ ਲੋੜ ਨਹੀਂ ਜਾਪਦੀ। ਇਸ ਪੱਖੋਂ ਵੇਦਾਂਤੀ ਜੀ ਵਾਲੇ ਖਰੜੇ ਵਿੱਚ ਭਾਵੇਂ ਕੋਈ ਸੋਧ-ਸੁਧਾਈ ਨਹੀਂ ਦਿਸਦੀ, ਪਰ ਫਿਰ ਵੀ ਉਨ੍ਹਾਂ ਦੇ ਕਥਨ ਮੁਤਾਬਕ ਵਿਚਾਰਨਾ ਲਾਭਦਾਇਕ ਹੈ।
12ਵਾਂ ਮਸਲਾ ਹੈ ਗੁਰਬਾਣੀ ਦੀ ਛਪਾਈ ਲਈ ਗੁਰਮੁਖੀ ਦਾ ਕੋਈ ਅਜਿਹਾ ਵਿਸ਼ੇਸ਼ ਫੌਂਟ ਤਿਆਰ ਕਰਨ ਦਾ, ਜਿਸ ਦੀਆਂ ਲਗਾਂ ਮਾਤ੍ਰਾਂ ਅੱਖਰਾਂ ਨਾਲ ਜੁੜਦੀਆਂ ਹੋਣ। ਕੰਪਿਊਟਰੀ ਯੁਗ ਦੀ ਛਪਾਈ ਵਿੱਚ ਸਿਹਾਰੀ ( ੀ ), ਬਿਹਾਰੀ ( ੀ ), ਹੋੜਾ ( ੋ ) ਕਨੌੜਾ ( ੌ ) ਅਤੇ ਟਿੱਪੀ ( ੰ ) ਸੰਬੰਧਿਤ ਅੱਖਰਾਂ ਨਾਲੋਂ ਵੱਖਰੇ ਦਿਸਦੇ ਹਨ। ਅੱਧਕ ( ੱ ) ਵੀ ਥਾਂ ਸਿਰ ਨਹੀਂ ਟਿਕਦਾ। ਅਜਿਹਾ ਹੋਣਾ ਗੁਰਮੁਖੀ ਦੀ ਮੁੱਢਲੀ ਲਿਖਣਸ਼ੈਲੀ ਦੇ ਅਨੁਕੂਲ ਨਹੀਂ ਜਾਪਦਾ। ਲਿਖਾਰੀਆਂ ਅੰਦਰਲੇ ਭਾਸ਼ਾਈ ਪ੍ਰਭਾਵ ਅਤੇ ਪੈ੍ਰਸ ਦੀਆਂ ਮਜ਼ਬੂਰੀਆਂ ਕਾਰਨ ਖੜਵਾਂ ਅੱਧਾ ‘੍ਯ’ ਤੇ ਪੈਰਾਂ ਵਿਚਲਾ ਅੱਧਾ (ਯ) ਉਲਟੇ ਜਿਹੇ ਪੈਰ ਵਾਲੇ ਅੱਧੇ ‘ਹ’ ਵਿੱਚ ਬਦਲ ਗਿਆ ਹੈ। ਇਸੇ ਤਰ੍ਹਾਂ ਅੱਧਾ ‘ਹ’ ( ੍ਹ) ਉਲਟੇ ਜਿਹੇ ਕੌਮੇ ਵਰਗੀ ਲਕੀਰ ਵਿੱਚ ਬਦਲ ਗਿਆ ਹੈ, ਜਿਸ ਨੂੰ ਗੁਰਬਾਣੀ ਦੇ ਪਾਠਕਾਂ ਵੱਲੋਂ ਹਲੰਤ ਆਖਿਆ ਜਾ ਰਿਹਾ ਹੈ; ਜਿਵੇਂ : ਧੵਾਨੰ, ਗਿੵਾਨੰ ਅਤੇ ਤਿਨ੍ ਤੇ ਜਿਨ੍ ਆਦਿਕ। ਪ੍ਰਾਚੀਨ ਬੀੜਾਂ ਵਿੱਚ ਉਪਰੋਕਤ ਲਫ਼ਜ਼ ਇਉਂ ਮਿਲਦੇ ਹਨ; ਜਿਵੇਂ ‘ਧ੍ਯਾਨ’ ‘ਕਲ੍ਯਾਨ’ ਅਤੇ ‘ਤਿਨ੍ਹ’ ਤੇ ‘ਜਿਨ੍ਹ’ ਆਦਿ।
ਬ੍ਰਾਹਮੀ ਲਿਪੀ ਤੋਂ ਉਤਪੰਨ ਹੋਇਆ ਵਿਰਾਮ ਚਿੰਨ ( ੍) ਦੇਵਨਾਗਰੀ ਤੇ ਹਿੰਦੀ ਲਿਪੀ ਵਿੱਚ ਸੰਗਿਆ ਵਜੋਂ ‘ਹਲ’ ਚਿੰਨ, ਸੰਸਕ੍ਰਿਤ ਵਿੱਚ ‘ਹਲੰਤ’ (ਹਲ+ਅੰਤ) ਅਤੇ ਮਲਿਆਲਮ ਲਿਪੀ ਵਿੱਚ ‘ਚੰਦ੍ਰਕਲਾ’ ਅਖਵਾਉਂਦਾ ਹੈ। ਸੰਸਕ੍ਰਿਤ ਵਿੱਚ ਇਹ ਕਿਸੇ ਪਦ ਦੇ ਅੰਤਕ ਅੱਖਰ (ਵਰਨ) ਦੇ ਪੈਰ ਪੈਂਦਾ ਹੈ ਅਤੇ ਉਸ ਨੂੰ ਸ੍ਵਰ ਰਹਿਤ ਵਿਅੰਜਨ ਬਣਾ ਦਿੰਦਾ ਹੈ; ਜਿਵੇਂ ‘ਕ’ (ਕਾ = ਕ+ਅ) ਦੇ ਉਚਾਰਨ ਵਿੱਚ ‘ਕ’ ਵਿਅੰਜਨ ਹੈ ਅਤੇ ‘ਅ’ ਸ੍ਵਰ, ਪਰੰਤੂ ਜਦੋਂ ‘ਕ’ ਦੇ ਹੇਠਾਂ ਹਾਲੰਤ ( ੍) ਲਗਾ ਕੇ ਇਉਂ ‘ਕ੍’ ਲਿਖਿਆ ਜਾਂਦਾ ਹੈ ਤਾਂ ਉਹਦੇ ਉਚਾਰਨ ’ਚੋਂ ‘ਅ’ ਸ੍ਵਰ ਉੱਡ ਜਾਂਦਾ ਹੈ ਅਤੇ ਉਹਦੀ ਧੁਨੀ ਦਾ ਸਮਾਂ ਅੱਧਾ ਰਹਿ ਜਾਂਦਾ ਹੈ; ਜਿਵੇਂ ‘ਭਗਵਤ੍’, ‘ਰਾਜਨ੍’, ‘ਵਾਚ੍’, ‘ਦਿਸ਼੍’, ‘ਤਪਸ੍’ ਅਤੇ ‘ਉਪਾਨਹ੍’ ਆਦਿਕ। ਇਹੀ ਕਾਰਨ ਹੈ ਕਿ ਸੰਸਕ੍ਰਿਤ ਵਿੱਚ ਇਸ ਨੂੰ ਹਲੰਤ (ਹਲ+ਅੰਤ) ਆਖਦਿਆਂ ਇਉਂ ਪਰਿਭਾਸ਼ਿਤ ਕੀਤਾ ਜਾਂਦਾ ਹੈ : ਸ਼ੁਧ ਵਿਅੰਜਨ, ਜਿਸ ਦੇ ਉਚਾਰਨ ਵਿੱਚ ਸ੍ਵਰ ਨਾ ਮਿਲਿਆ ਹੋਵੇ।
ਹਿੰਦੀ ਵਿੱਚ ‘ਹਲ’ ਚਿੰਨ ( ੍) ਕਿਸੇ ਅੱਖਰ ਦੇ ਅੱਧੇ ਹੋਣ ਦਾ ਸੂਚਕ ਹੈ। ਇਸ ਲਈ ਇਹ ਕਿਸੇ ਵੀ ਵਿਅੰਜਨ ਅੱਖਰ ਦੇ ਹੇਠ ਲੱਗ ਕੇ ਉਹਨੂੰ ‘ਦੁੱਤ’ ਅੱਖਰ ਵਿੱਚ ਬਦਲ ਦਿੰਦਾ ਹੈ, ਪਰ ‘ਹਲ’ ਚਿੰਨ ਆਮ ਕਰਕੇ ਹਿੰਦੀ ਦੇ ਉਨ੍ਹਾਂ ਅੱਖਰਾਂ ਹੇਠ ਲਾਇਆ ਜਾਂਦਾ ਹੈ, ਜਿਨ੍ਹਾਂ ਦੀਆਂ ਧੁਨੀਆਂ ਦੇ ਅੱਧੇ ਰੂਪ ਮੌਜੂਦ ਨਹੀਂ ਹਨ; ਜਿਵੇਂ ‘ਦਾ’ ‘ਟਾ’, ‘ਠਾ’, ‘ਢਾ’ ‘ਹਾ’ ਤੇ ‘ਰਾ’ ਆਦਿਕ ਧੁਨੀਆਂ ਦੇ ਅੱਧੇ ਰੂਪ ਬਣਨੇ ਔਖੇ ਹਨ। ਜੇ ਬਣਾਇਆ ਜਾਏ ਤਾਂ ਦੁੱਤ ਬਣਨ ’ਤੇ ਉਨ੍ਹਾਂ ਦੀ ਲੰਬਾਈ ਵਧ ਜਾਂਦੀ ਹੈ। ਇਸ ਲਈ ਅਜਿਹੇ ਅੱਖਰਾਂ ਹੇਠ ‘ਹਲ’ ਚਿੰਨ ਲਗਾ ਕੇ ਹੀ ਸਾਰ ਲਿਆ ਜਾਂਦਾ ਹੈ। ‘ਕਾ’, ‘ਖਾ’, ‘ਗਾ’, ‘ਚਾ’ ਤੇ ‘ਜਾ’ ਅਜਿਹੀਆਂ ਧੁਨੀਆਂ ਹਨ, ਜਿਨ੍ਹਾਂ ਦੇ ਅੱਧੇ ਰੂਪ ਸੁਖਾਲੇ ਹੀ ਬਣ ਜਾਂਦੇ ਹਨ, ਜਿਨ੍ਹਾਂ ਨੂੰ ਸੰਯੁਕਤ ਰੂਪ ’ਚ ਵਰਤਿਆ ਜਾ ਸਕਦਾ ਹੈ। ਇਸ ਲਈ ਅਜਿਹੇ ਅੱਖਰਾਂ ਹੇਠ ‘ਹਲ’ ਲਗਾਉਣ ਦੀ ਲੋੜ ਨਹੀਂ ਪੈਂਦੀ।
ਗੁਰਬਾਣੀ ਵਿੱਚ ਇਹ ਚਿੰਨ, ਲਫ਼ਜ਼ਾਂ ਦੇ ਦਰਮਿਆਨ ਵੀ ਮਿਲਦੇ ਹਨ ਅਤੇ ਅੰਤਕ ਵਿਅੰਜਨਾਂ ਨੂੰ ਵੀ ਅਤੇ ਲਾਂਵ ਤੇ ਕੰਨੇ ਦੀ ਧੁਨੀ ਵਾਲੇ ਸ੍ਵਰ ਅੱਖਰਾਂ ਨੂੰ ਵੀ; ਜਿਵੇਂ ਸੰਮ੍ਾਰਾ, ਸੰਮ੍ਲਾ, ਦੀਨ੍, ਚੀਨ੍,ਦੀਨੇ੍ ਤੇ ਤਿਨ੍ਾ ਆਦਿ। ਪ੍ਰੰਤੂ ਵਧੇਰੇ ਕਰਕੇ ਹਲੰਤ ਚਿੰਨ ਅੱਧੇ ਹ ( ੍ਹ) ਵਜੋਂ ਭਾਰ ਚਿੰਨ ਲਈ ਵਰਤਿਆ ਜਾਪਦਾ ਹੈ ਕਿਉਂਕਿ ਪ੍ਰਾਚੀਨ ਹੱਥ ਲਿਖਤੀ ਬੀੜਾਂ ਵਿੱਚ ਹਾਲੰਤ ਦੀ ਥਾਂ ਅੱਧਾ ਹ ( ੍ਹ) ਲਿਖਿਆ ਮਿਲਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਗਿਆਨੀ ਡਾ. ਹਰਕੀਰਤ ਸਿੰਘ ਤੇ ਡਾ. ਗੁਰਮੇਲ ਸਿੰਘ ਮੁਤਾਬਕ ਇਹ ਸੰਸਕ੍ਰਿਤ ਭਾਸ਼ਾ ਦਾ ‘ਉਦਾਤ’ ਚਿੰਨ ਹੈ, ਜਿਹੜਾ ਉੱਚੇ ਸ੍ਵਰ ਦਾ ਪ੍ਰਤੀਕ ਹੈ। ਰਿਸ਼ੀ ਪਾਣਿਨੀ ਦੇ ਅਸ਼ਟਾਧਿਆਇ ਅੰਦਰ ਪਹਿਲੇ ਅਧਿਆਇ ਦੇ ਸ੍ਵਰ ਸੰਗਿਆ ਵਾਲੇ ਦੂਜੇ ਪਾਦ ਦਾ 29ਵਾਂ ਸੂਤਰ ਹੈ :- ਉੱਚੈ ਉਦਾਤਾ ॥ (1.2.29) ਭਾਵ ਤਾਲੂ ਆਦਿਕ ਸਮਾਨ ਭਾਗ ਵਾਲੇ ਸਥਾਨਾਂ ਤੋਂ ਨਿਕਲਣ ਵਾਲੇ ਉੱਚੇ ਸ੍ਵਰਾਂ ਨੂੰ ‘ਉਦਾਤ’ ਸੰਗਿਆ ਦਾ ਨਾਂ ਦਿੱਤਾ ਜਾਂਦਾ ਹੈ। ਸਪਸ਼ਟ ਹੈ ਕਿ ‘ਉਦਾਤ’ ਸੰਗਿਆ ‘ਹਲੰਤ’ ਵਰਗਾ ਕੋਈ ਪ੍ਰਤੀਕਾਤਮਿਕ ਚਿੰਨ ਨਹੀਂ।
ਇਸ ਪ੍ਰਕਾਰ ਗੁਰਬਾਣੀ ਵਿਚਲੇ ਹਲੰਤ ਚਿੰਨ ( ੍) ਦੀ ਵਰਤੋਂ, ਨਾ ਤਾਂ ਸੰਸਕ੍ਰਿਤ ਅਤੇ ਹਿੰਦੀ ਲਿਪੀ ਨਾਲ ਮਿਲਦੀ ਹੈ ਤੇ ਨਾ ਹੀ ਉਸ ਨੂੰ ਸੰਸਕ੍ਰਿਤ ਦੀ ਸ੍ਵਰ ਸੰਗਿਆ ‘ਉਦਾਤ’ ਨਾਲ ਜੋੜ ਕੇ ਵਿਚਾਰਿਆ ਜਾ ਸਕਦਾ। ਸ਼ਾਇਦ ਇਹੀ ਕਾਰਨ ਸੀ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਵਾਲੇ ਪੁਰਾਤਨ ਬੀੜਾਂ ਦੇ ਖੋਜੀ ਵਿਦਵਾਨ ਗੁਰਬਾਣੀ ਦੀ ਛਪਾਈ ਵਿੱਚ ਹਾਲੰਤ ਚਿੰਨ ( ੍) ਦੀ ਥਾਂ ਅੱਧੇ ( ੍ਹ) ਨੂੰ ਵਰਤਣਾ ਵਧੇਰੇ ਸਹੀ ਮੰਨਦੇ ਸਨ। ਇਸੇ ਲਈ ਉਸ ਟੀਮ ਦੇ ਚੇਅਰਮੈਨ ਜਥੇਦਾਰ ਵੇਦਾਂਤੀ ਜੀ ਨੇ ਪਾਵਨ ਬੀੜ ਦੇ ਸੋਧੇ ਹੋਏ ਖਰੜੇ ਵਿੱਚ ਇਹੀ ਚਿੰਨਾਤਮਿਕ ਨੀਤੀ ਅਪਣਾਈ ਹੈ ਭਾਵ ਗੁਰਮੁਖੀ ਦੇ ਅੱਧੇ ‘ਯ’ ਲਈ ਪੈਰ ਚਿੰਨ (੍ਯ) ਅਤੇ ਹਾਲੰਤ ਦੀ ਲੋੜੀਂਦੀ ਥਾਂ ਭਾਰ ਚਿੰਨ ( ੍ਹ) ਦੀ ਵਰਤੋਂ ਕੀਤੀ ਗਈ ਹੈ।
ਪਰ ਅਜਿਹੀਆਂ ਪੰਥ ਹਿਤਕਾਰੀ ਬੇਨਤੀਆਂ ਦੇ ਨਾਲ ਅੰਤ ਵਿੱਚ ਪਾਠਕਾਂ ਨਾਲ ਐਸੀ ਜਾਣਕਾਰੀ ਸਾਂਝੀ ਕਰਨੀ ਵੀ ਕੁਥਾਇਂ ਨਹੀਂ ਹੋਵੇਗੀ ਕਿ ‘ਟਕਸਾਲ ਭਿੰਡਰਾਂ’ ਵੱਲੋਂ ਪ੍ਰਕਾਸ਼ਤ ਪਾਵਨ ਬੀੜਾਂ, ਗੁਰਬਾਣੀ ਦੇ ਟੀਕਿਆਂ, ਪੋਥੀਆਂ ਤੇ ਗੁਟਕਿਆਂ ਆਦਿਕ ਵਿੱਚ ਉਪਰੋਕਤ ਕਿਸਮ ਦੇ ਉਹ ਪਾਠ-ਭੇਦ ਮਿਟਾਉਣ ਦਾ ਚੁਪ-ਚਪੀਤਾ ਯਤਨ ਲਗਭਗ 1950 ਤੋਂ ਨਿਰੰਤਰ ਹੋ ਰਿਹਾ ਹੈ, ਜਿਹੜੇ ‘ਗੁਰਬਾਣੀ ਪਾਠ-ਦਰਸ਼ਨ’ ਪੁਸਤਕ ਅਤੇ ਉਨ੍ਹਾਂ ਦੀ ਸੰਪਰਦਾ ਦੇ ਮੁਖੀ ਵਿਦਵਾਨਾਂ ਨੇ ਸ਼ੁਧ ਮੰਨੇ ਹਨ; ਜਿਵੇਂ ਸ਼੍ਰੋਮਣੀ ਕਮੇਟੀ ਦੀਆਂ ਸੰਨ 1952 ਤੋਂ ਲੈ ਕੇ ਸਾਰੀਆਂ ਗੁਰਬਾਣੀ ਪ੍ਰਕਾਸ਼ਨਾਵਾਂ ਵਿਖੇ ਜਪੁ-ਜੀ ਸਾਹਿਬ ਦੇ ‘ੴ ਤੋਂ ਗੁਰ ਪ੍ਰਸਾਦਿ ॥’ ਤਕ ਦੇ ਆਦਿ ਮੰਗਲਾਚਰਣ (ਮੂਲ-ਮੰਤ੍ਰ) ਅਤੇ ਬਾਣੀ ਦੇ ਨਾਮ ਰੂਪ ਸਿਰਲੇਖ ‘ਜਪੁ’ ਨੂੰ ਵੱਖਰਾ ਦਰਸਾਉਣ ਲਈ ਦੋ ਵਾਰ ਦੂਹਰੀਆਂ ਡੰਡੀਆਂ ਛਪ ਰਹੀਆਂ ਹਨ । ਕਾਰਨ ਹੈ ਕਿ ਸ੍ਰੀ ਕਰਤਾਰਪੁਰੀ ਬੀੜ ਵਿੱਚ ਵੀ ਇਸ ਵਖਰੇਵੇਂ ਲਈ ਦੂਹਰੀਆਂ ਡੰਡੀਆਂ (॥-ਫੁੱਲ-ਸਟਾਪ) ਵਿੱਥ ਸਹਿਤ ਦੋ ਵਾਰ ਹਨ। ‘ਜਪੁ’ ਸਿਰਲੇਖ ਤੋਂ ਪਿਛੋਂ ਦੂਹਰੀਆਂ ਡੰਡੀਆਂ ਵਿੱਥ ਸਹਿਤ ਤਿੰਨ ਵਾਰ ਹਨ, ਤਾਂ ਕਿ ਸਿਰਲੇਖ ਨੂੰ ਪਹਿਲੇ ਸਲੋਕ ਨਾਲੋਂ ਵੀ ਵੱਖਰਾ ਪ੍ਰਗਟਾਇਆ ਜਾ ਸਕੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਹੇਠ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਵਾਲੀ ਸੁਨਿਹਰੀ ਬੀੜ, ਜਿਹੜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਲਿਖਤ ਮੰਨੀ ਜਾਂਦੀ ਹੈ, ਉਸ ਵਿੱਚ ‘ਜਪੁ’ ਸਿਰਲੇਖ ਤੋਂ ਪਹਿਲਾਂ ਦੂਹਰੀਆਂ ਡੰਡੀਆਂ ਦੇ ਤਿੰਨ ਜੋੜੇ ਅਤੇ ਪਿੱਛੋਂ ਵਿੱਥ ਸਹਿਤ ਦੋ ਜੋੜੇ ਅੰਕਿਤ ਹਨ। ਇਸ ਪਾਵਨ ਬੀੜ ਵਿੱਚ ਅਤੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸੀਨਾ ਮੰਨੇ ਜਾਂਦੇ ਭਾਈ ਬਿਧੀਚੰਦ ਜੀ ਵਾਲੀ ਸੁਰਸਿੰਘੀ ਬੀੜ ਵਿੱਚ ‘ਚੁਪੈ ਚੁਪ ਨ ਹੋਵਈ..’ ਤੁਕ ਵਿਚਲਾ ‘ਚੁਪ’ ਲਫ਼ਜ਼ ਅੰਤਕ ਮੁਕਤਾ ਹੈ। ਸ਼ਹੀਦ ਭਾਈ ਮਨੀ ਸਿੰਘ ਜੀ ਦੀ ਦਿੱਲੀ ਵਾਲੀ ਸੰਨ 1713 ਦੀ ਬੀੜ (ਜੋ ਸ੍ਰ. ਗੁਲਾਬ ਸਿੰਘ ਸੇਠੀ ਦੀ ਕੋਠੀ 251, ਨੇੜੇ ਗੁਰਦੁਆਰਾ ਬੰਗਲਾ ਸਾਹਿਬ ਤੇ ਹਨੂੰਮਾਨ ਮੰਦਰ) ਵਿੱਚ ਆਦਿ ਮੰਗਲਾਚਰਨ ਤੇ ‘ਆਦਿ ਸਚੁ॥’ ਵਾਲੇ ਸਲੋਕ ਨੂੰ ਨਿਖੇੜਣ ਅਤੇ ‘ਜਪੁ’ ਸਿਰਲੇਖ ਨੂੰ ਉਭਾਰਨ ਲਈ ਉਸ ਦੇ ਅੱਗੇ ਪਿੱਛੇ ਨੀਲੇ ਰੰਗ ਦੀਆਂ ਵਿਸ਼ੇਸ਼ ਡੱਬੀਆਂ ਬਣਾ ਕੇ ਵਿੱਥ ਸਥਾਪਤ ਕੀਤੀ ਗਈ ਹੈ। ਇਹ ਡੱਬੀਆਂ ਉਸੇ ਰੰਗ ਦੀਆਂ ਹਨ, ਜਿਸ ਰੰਗ ਨਾਲ ਬੀੜ ਦੇ ਪਹਿਲੇ ਪੰਨੇ ਨੂੰ ਸਜਾਉਂਦਿਆਂ ਪੰਕਤੀਆਂ ਨੂੰ ਵੱਖ ਵੱਖ ਦਰਸਾਉਣ ਦਾ ਸਜਾਵਟੀ ਯਤਨ ਕੀਤਾ ਗਿਆ ਹੈ, ਪਰੰਤੂ ਟਕਸਾਲ ਭਿੰਡਰਾਂ ਦੀਆਂ ਉਪਰੋਕਤ ਗੁਰਬਾਣੀ ਪ੍ਰਕਾਸ਼ਨਾਵਾਂ ਵਿੱਚ ਉਪਰੋਕਤ ਡੰਡੀਆਂ ਦੇ ਦੁਹਰਾਅ ਦਾ ਮੂਲੋਂ ਅਭਾਵ ਹੈ ਭਾਵ ‘ਗੁਰਪ੍ਰਸਾਦਿ’ ਪਦ ਉਪਰੰਤ ਡੰਡੀਆਂ ਦੇ ਦੋ ਜੋੜਿਆਂ ਦੀ ਥਾਂ ਡੰਡੀਆਂ ਦਾ ਕੇਵਲ ਇੱਕੋ ਜੋੜਾ ਹੈ; ਕਿਉਂਕਿ ਸਾਰੇ ਸੰਪਰਦਾਈ ਡੇਰੇਦਾਰ ਮੂਲ-ਮੰਤ੍ਰ ਦਾ ਸੰਪੂਰਨ ਰੂਪ ‘ਨਾਨਕ ਹੋਸੀ ਭੀ ਸਚੁ ॥’ ਤਕ ਮੰਨਦੇ ਹਨ ਤੇ ਹੋਰਨਾਂ ਨੂੰ ਮਨਵਾਉਣ ਲਈ ਯਤਨਸ਼ੀਲ ਹਨ। ਟਕਸਾਲ ਵੱਲੋਂ ਪਹਿਲੀ ਪਉੜੀ ਦੀ ਦੂਜੀ ਤੁਕ ‘‘ਚੁਪੈ ਚੁਪ ਨ ਹੋਵਈ॥’’ ਵਿਚਲੇ ‘ਚੁਪ’ ਲਫ਼ਜ਼ ਨੂੰ ਅੰਤਕ ਸਿਹਾਰੀ ਸਹਿਤ ‘ਚੁਪਿ’ ਛਾਪਿਆ ਜਾ ਰਿਹਾ ਹੈ, ਕਿਉਂਕਿ ਡੇਰਾ ਭਿੰਡਰਾਂ ਦੀ ਪੁਸਤਕ ‘ਗੁਰਬਾਣੀ ਪਾਠ ਦਰਸ਼ਨ’ ਅਤੇ ਡੇਰਾ ਚੌਕ ਮਹਿਤਾ ਦੀ ‘ਗੁਰਬਾਣੀ ਪਾਠ ਦਰਪਣ’ ਮੁਤਾਬਕ ਸ੍ਰੀ ਦਮਦਮੀ ਬੀੜ ਵਿੱਚ ਪਾਠ ‘ਚੁਪਿ’ ਹੈ ਅਤੇ ਸ੍ਰੀ ਕਰਤਾਰਪੁਰੀ ਬੀੜ ਵਿੱਚ ‘ਚੁਪ’, ਪਰ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਮ ਨਾਲ ਜੋੜੀ ਜਾਂਦੀ ਦਿੱਲੀ ਵਾਲੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਵਾਲੀ ਸੁਨਹਿਰੀ ਬੀੜ ਮੁਤਾਬਕ ਟਕਸਾਲ ਦੇ ਉਪਰੋਕਤ ਦਾਅਵੇ ਮਨਘੜਤ ਸਾਬਤ ਹੁੰਦੇ ਹਨ। ਕਾਰਨ ਇਹ ਹੈ ਕਿ ਦਮਦਮੀ ਸ਼ਾਖ ਦੀ ਸੁਨਿਹਰੀ ਬੀੜ ਵਿੱਚ ਜਪੁ-ਜੀ ਦੀ ਪਹਿਲੀ ਪਉੜੀ ਦੀ ਪਹਿਲੀ ਤੁਕ ਅੰਦਰਲਾ ‘ਚੁਪ’ ਅੰਤਕ ਮੁਕਤਾ ਹੈ ਅਤੇ ਭਾਈ ਮਨੀ ਸਿੰਘ ਵਾਲੀ ਬੀੜ ਵਿੱਚ ਪਹਿਲੀ ਤੁਕ ਅੰਦਰਲਾ ‘ਸੋਚ’ ਤੇ ਦੂਜੀ ਤੁਕ ਵਿਚਲਾ ‘ਚੁਪ’ ਦੋਵੇਂ ਪਦ ਤੀਜੀ ਤੁਕ ਵਿਚਲੇ ‘ਭੁਖ’ ਪਦ ਵਾਂਗ ਅੰਤਕ ਮੁਕਤੇ ਹਨ।
ਸ਼੍ਰੋਮਣੀ ਕਮੇਟੀ ਵੱਲੋਂ 1996 ਵਿੱਚ ਸਥਾਪਿਤ ਜਥੇਦਾਰ ਵੇਦਾਂਤੀ ਜੀ ਵਾਲੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਗੁਰਬਾਣੀ ਦੀ ਲਿਖਣਸ਼ੈਲੀ ਅਥਵਾ ਵਿਆਕਰਣਿਕ ਚਾਨਣ ਵਿੱਚ ਇਸ ਸਿੱਟੇ ’ਤੇ ਪਹੁੰਚੀ ਸੀ ਕਿ ਜਪੁ-ਜੀ ਦੀ ਪਹਿਲੀ ਪਉੜੀ ਅੰਦਰਲੇ ‘ਸੋਚ’, ‘ਚੁਪ’ ਤੇ ‘ਭੁਖ’ ਤਿੰਨੇ ਪਾਠ ਅੰਤਕ ਮੁਕਤੇ ਹੀ ਸ਼ੁਧ ਹਨ। ਇਸਤ੍ਰੀ ਲਿੰਗ ਸਧਾਰਨ ਨਾਂਵ ਹੋਣ ਕਰਕੇ ਅੰਤਕ ਸਿਹਾਰੀ ਲੋੜੀਂਦੀ ਨਹੀਂ। ਸਤਿਕਾਰਯੋਗ ਗਿ. ਭਰਪੂਰ ਸਿੰਘ ਜੀ ਵੀ ਇਸ ਤੱਥ ਦੀ ਜ਼ੋਰਦਾਰ ਪੁਸ਼ਟੀ ਕਰਦੇ ਹਨ। ਇਹੀ ਕਾਰਨ ਹੈ ਕਿ ‘ਸਿੱਖ ਬੁੱਕ ਕਲੱਬ’ ਵਾਲੀ ਬੀੜ ਦੇ ਖੋਜ ਖਰੜੇ ਮੁਤਾਬਕ ਜਥੇਦਾਰ ਵੇਦਾਂਤੀ ਜੀ ਨੇ ਵੀ ਜਪੁ-ਜੀ ਦੀ ਪਹਿਲੀ ਪਉੜੀ ਵਿਚਲੇ ਇਹ ਤਿੰਨੇ ਪਾਠ ਅੰਤਕ ਮੁਕਤੇ ਹੀ ਸ਼ੁਧ ਮੰਨੇ ਹਨ।
ਸੋਸ਼ਲ ਮੀਡੀਏ ਦੀ ਬਦੌਲਤ ਟਕਸਾਲ ਭਿੰਡਰਾਂ ਦਾ ਪੰਥ ਦੀ ਪਾਰਦਰਸ਼ਕ ਜੁਗਤਿ ਤੋਂ ਹੀਣਾ ਉਪਰੋਕਤ ਉਪਰਾਲਾ ਹੁਣ ਇੱਕ ਵਾਇਰਲ ਵੀਡੀਓ ਰਾਹੀਂ ਸਭ ਦੇ ਸਾਹਮਣੇ ਆ ਚੁੱਕਾ ਹੈ। ਹੈਰਾਨੀ ਹੁੰਦੀ ਹੈ ਕਿ ਡੇਰਾ ਭਿੰਡਰ ਕਲਾਂ ਅਤੇ ਚੌਕ ਮਹਿਤਾ ਵਾਲੇ ਸ਼ਹੀਦ ਭਾਈ ਮਨੀ ਸਿੰਘ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਦਮਦਮੀ ਟਕਸਾਲ ਦੇ ਮੋਢੀ ਬਾਬੇ ਮੰਨਦੇ ਹਨ, ਪਰ ਉਨ੍ਹਾਂ ਦੀਆਂ ਗੁਰਬਾਣੀ ਪ੍ਰਕਾਸ਼ਨਾਵਾਂ ਆਪਣੇ ਮੋਢੀਆਂ ਦੀਆਂ ਲਿਖਤਾਂ ਨਾਲ ਮੁੱਢੋਂ ਹੀ ਮੇਲ ਨਹੀਂ ਖਾਂਦੀਆਂ। ਇੱਥੇ ਪਹੁੰਚ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅਮਰੀਕਾ ਨਿਵਾਸੀ ਸ੍ਰ. ਥਮਿੰਦਰ ਸਿੰਘ ‘ਅਨੰਦ’ ਬਾਰੇ ਲਿਆ ਫ਼ੈਸਲਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੱਚ-ਨਿਆ ਪ੍ਰਣਾਲੀ ਦੀ ਖਿਲਾਫ਼ਤ ਜਾਪਣ ਲੱਗਦਾ ਹੈ। ਕਾਰਨ ਇਹ ਹੈ ਕਿ ਸ੍ਰ. ‘ਅਨੰਦ’ ਨੇ ਤਾਂ ਜਥੇਦਾਰ ਵੇਦਾਂਤੀ ਜੀ ਦੁਆਰਾ ਸੋਧੀ ਹੋਈ ਪਾਵਨ ਬੀੜ ਦਾ ਖਰੜਾ ਅਪ੍ਰੈਲ 2022 ਨੂੰ ‘ਸਿੱਖ ਬੁੱਕ ਕਲੱਬ’ ਦੀ ਐਪ ਦੁਆਰਾ ਕੇਵਲ ਪੰਥਕ ਵਿਚਾਰ ਹਿਤ ਔਨਲਾਈਨ ਹੀ ਸਾਂਝਾ ਕੀਤਾ ਸੀ, ਕੋਈ ਪੋਥੀ ਜਾਂ ਬੀੜ ਛਾਪ ਕੇ ਨਹੀਂ ਵੰਡੀ। ਪਰੰਤੂ ਪੰਥ ਦੀ ਸਾਂਝੀ ਪੰਥਕ ਮਰਯਾਦਾ ਤੋਂ ਬਾਗੀ ਟਕਸਾਲ ਭਿਡਰਾਂ (ਦਮਦਮੀ ਟਕਸਾਲ) ਵਾਲੇ ਤਾਂ ਮਨਮਰਜ਼ੀ ਦੀਆਂ ਸੋਧਾਂ ਕਰਕੇ ਸਿੱਖ ਜਗਤ ਦੇ ਸਮੂਹ ਸ਼ਰਧਾਲੂ ਸਿੱਖਾਂ ਤੋਂ ਚੋਰੀ ਅਤੇ ਖ਼ਾਲਸਾ ਪੰਥ ਨੂੰ ਦੱਸੇ ਬਗ਼ੈਰ ਚੁੱਪ-ਚਪੀਤੇ ਹੀ ਲਗਭਗ ਪਿਛਲੇ 70 ਸਾਲਾਂ ਤੋਂ ਨਿਰੰਤਰ ਪਾਵਨ ਬੀੜਾਂ, ਪੋਥੀਆਂ ਤੇ ਗੁਟਕੇ ਆਦਿਕ ਛਾਪ ਕੇ ਦੇਸ ਵਿਦੇਸ ਵਿੱਚ ਵੇਚੀ ਜਾ ਰਹੇ ਹਨ। ਦਾਸ ਦੀ ਲਾਇਬ੍ਰੇਰੀ ਵਿਖੇ ਜਥੇਦਾਰ ਵੇਦਾਂਤੀ ਜੀ ਪਾਸੋਂ ਪ੍ਰਾਪਤ ਹੋਈਆਂ ਉਨ੍ਹਾਂ ਦੋ ਪੋਥੀਆਂ ਦੀ ਫੋਟੋ ਕਾਪੀ ਵੀ ਮੌਜੂਦ ਹੈ, ਜਿਨ੍ਹਾਂ ਤੋਂ ਸਤਿਕਾਰਯੋਗ ਗਿ. ਗੁਰਬਚਨ ਸਿੰਘ ਖ਼ਾਲਸਾ ਜੀ ਆਪਣੇ ਵਿਦਿਆਰਥੀਆਂ ਨੂੰ ਸੰਥਿਆ ਦਿੰਦੇ ਰਹੇ, ਪਰ ਹੈਰਾਨੀ ਹੁੰਦੀ ਹੈ ਕਿ ਉਸ ਪੋਥੀ ਵਿੱਚ ਵੀ ‘ਜਪੁ’ ਸਿਰਲੇਖ ਤੋਂ ਪਹਿਲਾਂ ਦੀਆਂ ਦੂਹਰੀਆਂ ਡੰਡੀਆਂ ਦਾ ਜੋੜਾ ਗਾਇਬ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸ੍ਰੀ ਅੰਮ੍ਰਿਤਸਰ ਵਾਲੇ ਪਾਵਨ ਬੀੜਾਂ ਦੇ ਪ੍ਰਕਾਸ਼ਕ ਦੁਕਾਨਦਾਰ ਵੀ ਗੁਰਬਾਣੀ ਦੀ ਸ਼ੁਧ ਛਪਾਈ ਪੱਖੋਂ ਉਪਰੋਕਤ ਸੰਪਰਦਾ ਵੱਲੋਂ ਮਿਲੀਆਂ ਸੇਧਾਂ ਨੂੰ ਹੀ ਵਿਸ਼ੇਸ਼ ਮਹੱਤਵ ਦਿੰਦੇ ਰਹੇ ਹਨ।
ਜਥੇਦਾਰ ਵੇਦਾਂਤੀ ਜੀ ਨੇ ਜਿਸ ਖੋਜ ਖਰੜੇ ਪ੍ਰਤੀ ਦਾਸ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਆਪਣੇ ਘਰ 6 ਮਹੀਨੇ ਦੇ ਲਗਭਗ ਵਿਚਾਰ-ਵਿਟਾਂਦਰਾ ਕੀਤਾ, ਉਹ ਉਪਰੋਕਤ ਕਿਸਮ ਦੀਆਂ ਸਾਰੀਆਂ ਸੰਦਿਗਧ ਰਚਨਾਵਾਂ ਤੋਂ ਰਹਿਤ ਸੀ। ਹਾਂ, ਇਸ ਸਮੇਂ ਦਰਮਿਆਨ ਕਦੇ ਕਦਾੲੀਂ ਇਤਨਾ ਬਚਨ ਜ਼ਰੂਰ ਕਰਦੇ ਸਨ ਕਿ ‘ਮੇਰੇ ਕੁਝ ਸੁਹਿਰਦ ਸੱਜਣ ਚਾਹੁੰਦੇ ਹਨ ਕਿ ਪਾਵਨ ਬੀੜ ਵਿੱਚ ਅਜਿਹੇ ਵਾਧੇ ਘਾਟੇ ਲਈ ਪੰਥਕ ਪੱਧਰ ਦੀ ਰਾਇ ਲੈਣੀ ਲਾਜ਼ਮੀ ਹੈ। ਇਸ ਲਈ ਯਤਨਸ਼ੀਲ ਹਾਂ ਕਿ ਇਸ ਖਰੜੇ ਦੀ ਇੱਕ ਕਾਪੀ ਉਪਰੋਕਤ ਤਰ੍ਹਾਂ ਦੀਆਂ ਸੰਦਿਗਧ ਰਚਨਾਵਾਂ ਦੇ ਸਹਿਤ ਵੀ ਤਿਆਰ ਹੋ ਜਾਵੇ। ਭਾਵੇਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਦਰਲੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ’ ਸਥਿਤ ਪਾਵਨ ਬੀੜਾਂ ਵਾਚ ਕੇ ਮੈਨੂੰ ਪੂਰਨ ਨਿਸ਼ਚਾ ਹੋ ਗਿਆ ਹੈ ਕਿ ਪਹਿਲਾਂ ਵਰਣਨ ਕੀਤੀਆਂ ਸੰਦਿਗਧ ਰਚਨਾਵਾਂ ਪੰਜਵੇਂ ਗੁਰੂ ਪਾਤਿਸ਼ਾਹ ਦੀ ਸੰਪਾਦਤ ‘ਪੋਥੀ ਸਾਹਿਬ’ ਦਾ ਭਾਗ ਨਹੀਂ ਹੋਣਗੀਆਂ ।
ਛਾਪੇ ਦੀ ਬੀੜ ਅੰਦਰਲਾ ‘ਕਹੁ ਕਬੀਰ ਜਨ ਭਏ ਖਾਲਸੇ॥ ਪੰ. 655 ਤੁਕ ਵਾਲਾ ‘ਖਾਲਸੇ’ ਪਦ ਵੀ ਸ੍ਰੀ ਕਰਤਾਰਪੁਰੀ ਮੌਜੂਦਾ ਬੀੜ ਨੂੰ ਛੱਡ ਕੇ ਬਾਕੀ ਹੋਰ ਕਿਸੇ ਬੀੜ ਵਿੱਚ ਨਹੀਂ । ਸਭ ਬੀੜਾਂ ਵਿੱਚ ਸ਼ੁਧ ਪਾਠ ‘ਖਲਾਸੇ’ ਹੈ। ਜੇ ਕਿਸੇ ਦਮਦਮੀ ਸ਼ਾਖ ਦੀ ਬੀੜ ਵਿੱਚ ‘ਖਾਲਸੇ’ ਪਾਠ ਹੈ ਤਾਂ ਉਹ ਸ੍ਰੀ ਕਰਤਾਰਪੁਰੀ ਬੀੜ ਦੀ ਹੀ ਨਕਲ ਹੈ। ‘ਸੁਰਸਿੰਘੀ’ ਬੀੜ ਦੀ ਮੁੱਢਲੀ ਲਿਖਤ ਅਨੁਸਾਰ ਸ਼ੁਧ ਲਫ਼ਜ਼ ‘ਖਲਾਸੇ’ ਹੈ। ਇਸ ਬੀੜ ਦੀ ਡਿਜ਼ਟਲ ਕਾਪੀ ਕਰਨ ਮੌਕੇ ਅਸਾਂ ਦਰਸ਼ਨ ਕੀਤੇ ਸਨ ਕਿ ਕਿਸੇ ਸੱਜਣ ਨੇ ਛਾਪੇ ਦੀ ਬੀੜ ਨੂੰ ਵੇਖ ਕੇ ਸੁਰਸਿੰਘੀ ਬੀੜ ਦੇ ਮੂਲ-ਪਾਠ ਵਿੱਚ ‘ਖ’ ਨੂੰ ਫਿਕਾ ਜਿਹਾ ਕੰਨਾ ਲਗਾਉਣ ਦਾ ਅਸਫਲ ਯਤਨ ਕੀਤਾ ਹੈ; ਕਿਉਂਕਿ ਇਸ ਪ੍ਰਕਾਰ ਪਾਠ ‘ਖਾਲਸੇ’ ਦੀ ਥਾਂ ‘ਖਾਲਾਸੇ’ ਬਣ ਗਿਆ ਹੈ, ਜੋ ਕਿਸੇ ਪੱਖੋਂ ਵੀ ਸਹੀ ਨਹੀਂ ਮੰਨਿਆ ਜਾ ਸਕਦਾ।’
ਜਥੇਦਾਰ ਵੇਦਾਂਤੀ ਜੀ ਬੜੇ ਜ਼ੋਰਦਾਰ ਲਫ਼ਜ਼ਾਂ ਵਿੱਚ ਆਖਦੇ ਸਨ ਕਿ ‘ਜੇ ਸ਼੍ਰੋਮਣੀ ਕਮੇਟੀ ਨੇ ਸਾਡੇ ਇਸ ਖੋਜ ਖਰੜੇ ਬਾਰੇ ਪੰਥਕ ਰਾਇ ਲੈਣ ਦਾ ਯਤਨ ਨਾ ਕੀਤਾ ਤਾਂ ਗੁਰੂ ਆਸਰੇ ਮੇਰੀ ਕੋਈ ਅੰਤਮ ਕੋਸ਼ਿਸ਼ ਅਵੱਸ਼ ਹੋਵੇਗੀ ਕਿ ਭਵਿੱਖ ਵਿੱਚ ਪਾਵਨ ਬੀੜ ਦਾ ਸੱਚ ਪੰਥਕ ਵਿਚਾਰ ਦਾ ਭਾਗ ਬਣਿਆ ਰਹੇ। ਐਸਾ ਨਾ ਹੋਵੇ ਕਿ ਸਾਡੇ ਬਜ਼ੁਰਗ ਵਿਦਵਾਨਾਂ ਤੇ ਅਣਥੱਕ ਖੋਜੀਆਂ ਦੀ ਘਾਲਣਾ, ਰਾਜਨੀਤਕਾਂ ਦੇ ਕਲੂਖਤ ਪਰਛਾਵੇਂ ਹੇਠ ਦੱਬਿਆ ਹੀ ਰਹਿ ਜਾਵੇ। (ਗਲ਼ਾ ਭਰ ਕੇ ਆਖਦੇ) ਮੈਂ ਹਰ ਰੋਜ਼ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਅਰਦਾਸ ਕਰਦਾ ਹਾਂ ਕਿ ਹੇ ਸਤਿਗੁਰੂ ਜੀ ! ਆਪਣੇ ਸਾਜੇ ਨਿਵਾਜੇ ਖ਼ਾਲਸਾ ਪੰਥ ਨੂੰ ਬਿਬੇਕ-ਬੁਧੀ ਤੇ ਗੁਰਬਾਣੀ ਵਿਚਾਰਨ ਦਾ ਬਲ ਬਖ਼ਸ਼ੋ। ਗੁਰਬਾਣੀ ਦੀ ਲਿਖਤੀ ਸ਼ੁਧਤਾ ਪੱਖੋਂ ਉਨ੍ਹਾਂ ਤੋਂ ਆਪਣਾ ਇਹ ਕਾਰਜ ਆਪ ਹੀ ਸੰਪੂਰਨ ਕਰਵਾਓ। ਮੈਨੂੰ ਪੂਰਾ ਭਰੋਸਾ ਹੈ, ਗੁਰੂ ਕੋਈ ਗ਼ੈਬੀ ਕਲਾ ਅਵੱਸ਼ ਵਰਤਾਏਗਾ। ਹਰੇਕ ਬਿਬੇਕੀ ਸਿੱਖ ਦੇ ਮੂੰਹੋਂ ਸੁਣਿਆ ਜਾਏਗਾ ‘‘ਜਿਸ ਕਾ ਕਾਰਜੁ, ਤਿਨ ਹੀ ਕੀਆ; ਮਾਣਸੁ ਕਿਆ ਵੇਚਾਰਾ, ਰਾਮ ॥’’ (ਪੰ.784)
ਜਥੇਦਾਰ ਜੀ ਦੇ ਇਨ੍ਹਾਂ ਕਥਨਾਂ ਦਾ ਪਹਿਲਾ ਸੱਚ ਉਦੋਂ ਪ੍ਰਗਟ ਹੋਇਆ, ਜਦੋਂ ਉਨ੍ਹਾਂ ਦੀ ਮੌਜੂਦਗੀ ਵਿੱਚ ਹੀ ਡਾ. ਅਮਰ ਸਿੰਘ ਹੁਰਾਂ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਦੇ ਦਰਸ਼ਨ’ ਨਾਂ ਦੀ ਪੁਸਤਕ ਦਾ ਪਹਿਲਾ ਭਾਗ ਪ੍ਰਕਾਸ਼ਤ ਕਰ ਦਿੱਤਾ। ਕਾਰਨ ਇਹ ਹੈ ਕਿ ਇਸ ਪੁਸਤਕ ਦੀ ਅੰਤਿਕਾ ਨੰ. 27 (ਪੰ. 276) ਵਿਖੇ 5 ਬੀੜਾਂ ਦੀ ਸੂਚੀ ਦਿੱਤੀ ਹੈ, ਜਿਨ੍ਹਾਂ ਵਿੱਚ ‘ਰਾਮਕਲੀ ਛੰਤ ਮਹਲਾ ੫’ ਦੇ ਪੰਜਵੇਂ ਛੰਤ ਦੀਆਂ ਦੋ ਤੁਕਾਂ ‘‘ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ॥’’ ਸ਼ਾਮਲ ਨਹੀਂ ਹਨ; ਜਿਵੇਂ ਬੀੜ ਨੰ. 8, 18, 57, 73, 115 ॥, ਇਸੇ ਤਰ੍ਹਾਂ ਅੰਤਿਕਾ ਨੰ. 36 (ਪੰਨਾ 278) ਵਿੱਚ 14 ਬੀੜਾਂ ਦੀ ਸੂਚੀ ਦਾ ਵਰਣਨ ਹੈ, ਜਿਨ੍ਹਾਂ ਵਿੱਚ ਭਗਤ ਸੂਰਦਾਸ ਵਾਲੀ ਇੱਕ ਤੁਕ ‘‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥’’ ਅੰਕਿਤ ਨਹੀਂ; ਜਿਵੇਂ ਬੀੜ ਨੰ. 7, 8, 9, 26, 27, 34, 57, 59, 68, 73, 106, 115, 135 ਤੇ 148 ਵਿੱਚ। ਇਸ ਪੁਸਤਕ ਵਿੱਚ ‘ਸਲੋਕ ਵਾਰਾਂ ਤੇ ਵਧੀਕ’ ਸੰਗ੍ਰਹਿ ਵਿਚਲੇ ਮਹਲੇ ੪ ਦੇ 30 ਸਲੋਕਾਂ ਦੀ ਥਾਂ 27 ਸਲੋਕਾਂ ਵਾਲੀਆਂ ਬੀੜਾਂ ਦੇ ਦਰਸ਼ਨ ਵੀ ਹੁੰਦੇ ਹਨ, ਕਿਉਂਕਿ ਇਸ ਸੰਗ੍ਰਹਿ ਦੇ ਪਿਛਲੇ ਤਿੰਨ ਸਲੋਕ ਰਾਗਾਂ ਦੀਆਂ ਵਾਰਾਂ ਵਿੱਚ ਪਹਿਲਾਂ ਹੀ ਅੰਕਿਤ ਹੋ ਚੁੱਕੇ ਹਨ।
ਦੂਜਾ ਪੱਖ ਉਦੋਂ ਉਦੈ ਹੋਇਆ, ਜਦੋਂ ਉਨ੍ਹਾਂ ਦੇ ਅਕਾਲ ਚਲਾਣੇ ਉਪਰੰਤ ‘ਸਿੱਖ ਬੱੁਕ ਕਲੱਬ ਅਮਰੀਕਾ’ ਨੇ ਜਥੇਦਾਰ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਗੁਰੂ ਸੇਵਾ ਜਾਣ ਕੇ ਪਾਵਨ ਬੀੜ ਦਾ ਉਹ ਖੋਜ-ਖਰੜਾ ਔਨਲਾਈਨ ਪ੍ਰਕਾਸ਼ਤ ਕਰ ਦਿੱਤਾ, ਜਿਹੜਾ ਪੰਥਕ ਪੱਧਰ ਦੇ ਕਿਸੇ ਖੋਜੀ ਅਤੇ ਨਿਰਣਾਇਕ ਫ਼ੈਸਲੇ ਨਿਰਣੈ ਦੀ ਉਡੀਕ ਵਿੱਚ ਉਪਰੋਕਤ ਕਿਸਮ ਦੇ ਲੋੜੀਂਦੇ ਵਾਧੇ-ਘਾਟੇ ਤੋਂ ਰਹਿਤ ਹੈ। ‘ਅਮਰੀਕਨ ਸਿੱਖ ਕੌਂਸਲ’ ਦੇ ਪ੍ਰਧਾਨ ਨੇ ਐਲਾਨੀਆ ਆਖਿਆ ਕਿ ਉਹ ਧੰਨਵਾਦੀ ਹੈ ‘ਸਿੱਖ ਬੁੱਕ ਕਲੱਬ’ ਦੇ ਮੁਖੀ ਸ੍ਰ. ਥਮਿੰਦਰ ਸਿੰਘ ਅਨੰਦ ਦਾ, ਜਿਸ ਨੇ ਪੁਜਾਰੀਵਾਦ ਦੇ ਸਮਾਜਕ ਬਾਈਕਾਟ ਅਤੇ ਜਾਨ-ਮਾਲ ਦਾ ਖ਼ਤਰਾ ਸਹੇੜ ਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਦੇ ਮਸਲੇ ਨੂੰ ਪੰਥਕ ਪੱਧਰ ’ਤੇ ਉਭਾਰਿਆ ਹੈ। ਜੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ੍ਰੀ ਅੰਮ੍ਰਿਤਸਰ) ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰਬਾਣੀ ਦੇ ਇਸ ਗਹਿਰ-ਗੰਭੀਰ ਤੇ ਅਤਿਅੰਤ ਸੰਵੇਦਨਸ਼ੀਲ ਮਸਲੇ ਨੂੰ ਦਬਾਉਣ ਜਾਂ ਇਸ ਪੱਖੋਂ ਪਾਸਾ ਵੱਟਣ ਦਾ ਯਤਨ ਕੀਤਾ ਤਾਂ ਉਹ ਕੌਂਸਲ ਵੱਲੋਂ ਗੁਰਬਾਣੀ ਦੀ ਸ਼ੁਧ ਛਪਾਈ ਸੰਬੰਧੀ ਅੱਗੇ ਵਧਣ ਤੋਂ ਗੁਰੇਜ਼ ਨਹੀਂ ਕਰਨਗੇ।
ਤੀਜਾ ਪੱਖ ਉਦੋਂ ਪ੍ਰਤੱਖ ਹੋਇਆ, ਜਦੋਂ ਉਨ੍ਹਾਂ ਦੇ ਪਰਿਵਾਰ ਦੁਆਰਾ ਅਕਾਲ ਚਲਾਣੇ ਦੇ ਇੱਕ ਸਾਲ ਪਿੱਛੋਂ ‘ਗੁਰਬਾਣੀ ਲਗ–ਮਾਤ੍ਰੀ ਨਿਯਮਾਵਲੀ ਖੋਜ ਤੇ ਸੰਭਾਵਨਾ’ ਨਾਂ ਦੀ ਪੁਸਤਕ ਪ੍ਰਕਾਸ਼ਤ ਕਰਵਾਈ, ਜੋ ਪੰਥ ਨੂੰ ‘ਸਿੱਖ ਬੁੱਕ ਕਲੱਬ ਅਮਰੀਕਾ’ ਵਾਲੀ ਪਾਵਨ ਬੀੜ ਦੇ ਖਰੜੇ ਨੂੰ ਪੰਥਕ ਪੱਧਰ ਦੀ ਵੀਚਾਰ-ਗੋਸ਼ਟੀ ਦਾ ਭਾਗ ਬਣਾਉਣ ਦੀ ਪ੍ਰੇਰਨਾ ਦਾ ਸ੍ਰੋਤ ਬਣਦੀ ਹੈ। ਜੋ ਇਹ ਵੀ ਸਿੱਧ ਕਰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁਧ ਛਪਾਈ ਪੱਖੋਂ ਜ਼ਰੂਰੀ ਨਹੀਂ ਕਿ ‘ਟਕਸਾਲ ਭਿੰਡਰਾਂ’ ਤੇ ‘ਸਿੱਖ ਮਿਸ਼ਨਰੀ ਕਾਲਜ’ ਵਰਗੀ ਕਿਸੇ ਇੱਕ ਸੰਸਥਾ ਜਾਂ ਕਿਸੇ ਇੱਕ ਵਿਅਕਤੀ ਦਾ ਨਿਰਣਾ ਅੰਤਮ ਮੰਨ ਲਿਆ ਜਾਵੇ। ਜਿਹੜਾ ਵੀ ਕੋਈ ਪਾਠ ਸੁਝਾਵੇ, ਉਸ ਨੂੰ ਗੁਰਬਾਣੀ ਲਗ-ਮਾਤ੍ਰੀ ਨਿਯਮਾਵਲੀ ਦੀ ਖੋਜ ਤੇ ਸੰਭਾਵਨਾਵਾਂ ਦੇ ਦਾਇਰੇ ਵਿੱਚ ਜ਼ਰੂਰ ਪਰਖਿਆ ਜਾਵੇ। ਕਾਰਨ ਇਹ ਹੈ ਕਿ ਜਥੇਦਾਰ ਜੀ ਮੁਤਾਬਕ ਪੰਥ ਵਿਰੋਧੀ ਸ਼ਕਤੀਆਂ ਦੀ ਬਦੌਲਤ ਖ਼ਾਲਸਾ ਪੰਥ ਗੁਰਬਾਣੀ ਦੇ ਮੂਲ-ਸਰੋਤਾਂ ਤੋਂ ਵਾਂਝਾ ਹੋ ਚੁੱਕਾ ਹੈ। ਇਸ ਲਈ ਹੁਣ ਤਾਂ ਉਤਾਰਿਆਂ ਦੇ ਰੂਪ ਵਿੱਚ ਪ੍ਰਾਪਤ ਉਨ੍ਹਾਂ ਸਾਰੀਆਂ ਪੁਰਾਤਨ-ਹੱਥ ਲਿਖਤਾਂ ਦੇ ਸਾਰੰਸ਼ ਨੂੰ ਆਧਾਰ ਬਣਾ ਕੇ ਪਾਵਨ ਬੀੜ ਦੀ ਸੁਧਾਈ ਤੇ ਸ਼ੁਧ ਛਪਾਈ ਪੱਖੋਂ ਗੁਰਬਾਣੀ ਦੀ ਲਗ-ਮਾਤ੍ਰੀ ਨਿਯਮਾਵਲੀ (ਗੁਰਬਾਣੀ ਵਿਆਕਰਨ) ਦੀ ਕਸਵੱਟੀ ਹੀ ਸਭ ਤੋਂ ਸਰਬੋਤਮ ਪ੍ਰਮਾਣ ਮੰਨਿਆ ਜਾ ਸਕਦਾ ਹੈ।
ਜਥੇਦਾਰ ਵੇਦਾਂਤੀ ਜੀ ਨੇ ਦਾਸ (ਜਾਚਕ) ਨਾਲ ਵਾਅਦਾ ਕੀਤਾ ਸੀ ਕਿ ਦਸੰਬਰ 2021 ਅਤੇ ਜਨਵਰੀ 2022 ਦੇ ਦੋ ਮਹੀਨੇ ਆਪਾਂ ਮਿਲ ਬੈਠਾਂਗੇ। ਕਿਹੜਾ ਪਾਠ, ਕਿਹੜੀ ਬੀੜ ਵਿਚੋਂ ਲਿਆ ਗਿਆ ਹੈ ? ਕਿਉਂ ਸੋਧਿਆ ਗਿਆ ਹੈ। ਉਹ ਸਭ ਕੁਝ ਮੈਂ ਤਹਾਨੂੰ ਵੇਰਵੇ ਸਹਿਤ ਲਿਖਾਵਾਂਗਾ, ਪਰ ਅਫ਼ਸੋਸ ਕਿ ਰੱਬੀ-ਸੱਦੇ ਮੁਤਾਬਕ ਉਹ ਇਸ ਮੌਕੇ ਤੋਂ ਪਹਿਲਾਂ ਹੀ ਮਈ 2021 ਵਿੱਚ ਅਕਾਲ ਚਲਾਣਾ ਕਰ ਗਏ, ‘‘ਨਰ ਚਾਹਤ ਕਛੁ ਅਉਰ, ਅਉਰੈ ਕੀ ਅਉਰੈ ਭਈ ॥’’ (ਗੁਰੂ ਗ੍ਰੰਥ-ਪੰ. 1428) ਗੁਰਵਾਕ ਦਾ ਸਦੀਵੀ ਸੱਚ ਪ੍ਰਤੱਖ ਵਾਪਰ ਗਿਆ। ਇਸ ਵਿਸ਼ੇ ’ਤੇ ਲਿਖਣ ਤੇ ਪ੍ਰਗਟਾਉਣ ਲਈ ਹੋਰ ਵੀ ਬਹੁਤ ਕੁਝ ਹੈ, ਪਰੰਤੂ ਹੋਰ ਵਿਸਥਾਰ ਦੇ ਡਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਫ਼ੈਸਰ ਤੇ ਪੰਥ-ਦਰਦੀ ਵਿਰਾਸਤ ਦੇ ਮਾਲਕ ਡਾ. ਗੁਰਸ਼ਰਨਜੀਤ ਸਿੰਘ ਜੀ ਦੀ ‘ਗੁਰੂ ਗ੍ਰੰਥ ਸਾਹਿਬ ਪਰੰਪਰਾ ਅਤੇ ਇਤਿਹਾਸ’ ਨਾਂ ਦੀ ਪੁਸਤਕ ਵਿੱਚ ਸਮੁੱਚੇ ਸਿੱਖ ਜਗਤ ਨੂੰ ਕਈ ਸਾਲ ਪਹਿਲਾਂ, ਜੋ ਹੇਠ ਲਿਖੀ ਸਨਿਮਰ ਅਪੀਲ ਕੀਤੀ ਸੀ, ਉਸ ਨਾਲ ਹਥਲੇ ਲੇਖ ਨੂੰ ਇੱਥੇ ਹੀ ਸੰਕੋਚਦਾ ਹਾਂ :
‘ਇਸ ਤੋਂ ਪਹਿਲਾਂ ਕਿ ਬਿਗਾਨੇ ਸਾਡੇ ਧਰਮ-ਗ੍ਰੰਥ ਉੱਪਰ ਉਂਗਲ ਉਠਾਉਣ, ਸਾਨੂੰ ਪੰਥਕ ਤੌਰ ’ਤੇ ਯਤਨ ਕਰਕੇ ਐਸੇ ਪਾਠ-ਭੇਦਾਂ ਨੂੰ ਠੀਕ ਕਰ ਲੈਣਾ ਚਹੀਦਾ ਹੈ। ਇਸ ਵਿੱਚ ਨਾ ਤਾਂ ਮਿਹਣੇ ਵਾਲੀ ਅਤੇ ਨਾ ਹੀ ਸ਼ਰਮ ਵਾਲੀ ਗੱਲ ਹੈ। ਸਭ ਧਰਮ ਗ੍ਰੰਥ ਸਮੇਂ ਦੇ ਨਾਲ ਦੂਸ਼ਿਤ ਹੁੰਦੇ ਆਏ ਹਨ। ਸੂਝਵਾਨ ਕੌਮਾਂ ਚਾਰ ਸਦੀਆਂ ਤੀਕ ਅਜਿਹੇ ਗੰਭੀਰ ਕੰਮ ਕਰਨ ਲਈ ਇੰਤਜ਼ਾਰ ਨਹੀਂ ਕਰਦੀਆਂ। ਹੱਠ ਛੱਡ ਕੇ ਆਪਣੀ ਸੋਚ ਨੂੰ ਖੁਲ੍ਹਾ ਕਰਨ ਨਾਲ ਮਸਲੇ ਹੱਲ ਹੋ ਸਕਦੇ ਹਨ। ਵਿਦਵਾਨਾਂ ਨੂੰ ਨਿੰਦਣ ਨਾਲ ਕੋਈ ਫਾਇਦਾ ਨਹੀਂ।’ ਭਾਵ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਨਾਲ ਜੁੜੀਆਂ ਸਾਰੀਆਂ ਧਿਰਾਂ ਦੇ ਵਿਦਵਾਨਾਂ ਨੂੰ ਗੁਰੂ ਦੀ ਭੈ-ਭਾਵਨੀ ਵਿੱਚ ਮੇਰ-ਤੇਰ ਮਿਟਾ ਕੇ ਤੇ ਗੁਰ-ਭਾਈਆਂ ਵਾਂਗ ਸਿਰ-ਜੋੜ ਕੇ ਬੈਠਣ ਦੀ ਲੋੜ ਹੈ। ਸਿਰ ਵੱਢਣ ਦੀਆਂ ਧਮਕੀਆਂ ਸਤਿਗੁਰੂ ਨੂੰ ਪਰਵਾਣ ਨਹੀਂ ਹਨ। ਗੁਰਬਾਣੀ ਦੇ ਰੂਪ ਵਿੱਚ ਸਾਡੇ ਲਈ ਹੁਕਮਨ ਸਿਰ ਹੁਕਮ ਹੈ :
ਹੋਇ ਇਕਤ੍ਰ ਮਿਲਹੁ, ਮੇਰੇ ਭਾਈ ! ਦੁਬਿਧਾ ਦੂਰਿ ਕਰਹੁ, ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ॥ (ਗੁਰੂ ਗ੍ਰੰਥ ਸਾਹਿਬ, ਪੰ. 1185)
ਬੇਨਤੀ ਕਰਤਾ : ਜਗਤਾਰ ਸਿੰਘ ਜਾਚਕ
ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ ਐਸ. ਜੀ. ਪੀ. ਸੀ, ਅੰਮ੍ਰਿਤਸਰ ।
ਅੰਬੈਸਡਰ ਫਾਰ ਪੀਸ (ਸ਼ਾਂਤੀ ਦੂਤ) : ਯੂਨੀਵਰਸਲ ਪੀਸ ਫੈਡਰੇਸ਼ਨ, ਨਿਊਯਾਰਕ (ਸੰਬੰਧਿਤ- ਯੂ.ਐਨ.ਓ)
ਡਾਇਰੈਕਟਰ : ਗੁਰੂ ਗ੍ਰੰਥ ਇੰਸਟੀਚਿਊਟ ਆਫ਼ ਮੈਲਬਰਨ (ਅਸਟ੍ਰੇਲੀਆ)
ਪ੍ਰਕਾਸ਼ਕ : ਸ੍ਰੀ ਗੁਰੂ ਗ੍ਰੰਥ ਪ੍ਰਚਾਰ ਟ੍ਰਸਟ ਲੁਧਿਆਣਾ (ਰਜਿ)
ਇਸ ਕਲਮ ਤੋਂ ਪੜ੍ਹਣਯੋਗ ਕੁਝ ਹੋਰ ਪੁਸਤਕਾਂ : ੴ ਦਰਪਣ, ਸਰਬੋਤਮਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਈ ਬੁੱਕ : ਨੀਚੁ ਨ ਦੀਸੈ ਕੋਇ।
——-ਸਮਾਪਤ——