ਕੈਸੀ ਆਰਤੀ ਹੋਇ  !॥ ਭਵ ਖੰਡਨਾ  ! ਤੇਰੀ ਆਰਤੀ ॥

0
28

ਕੈਸੀ ਆਰਤੀ ਹੋਇ  ! ਭਵ ਖੰਡਨਾ  ! ਤੇਰੀ ਆਰਤੀ

ਪ੍ਰੈਫ਼ੈਸਰ ਮਨਮੋਹਨ ਸਿੰਘ (ਕੈਨੇਡਾ)

ਰਾਗੁ ਧਨਾਸਰੀ ਮਹਲਾ ੧ ॥

ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ॥

ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ॥੧॥

ਕੈਸੀ ਆਰਤੀ ਹੋਇ  !॥ ਭਵ ਖੰਡਨਾ  ! ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥

ਸਹਸ ਤਵ ਨੈਨ, ਨਨ ਨੈਨ ਹਹਿ, ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੁੋਹੀ ॥

ਸਹਸ ਪਦ ਬਿਮਲ, ਨਨ ਏਕ ਪਦ; ਗੰਧ ਬਿਨੁ, ਸਹਸ ਤਵ ਗੰਧ; ਇਵ ਚਲਤ ਮੋਹੀ ॥੨॥

ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥

ਗੁਰ ਸਾਖੀ; ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ; ਸੁ ਆਰਤੀ ਹੋਇ ॥੩॥

ਹਰਿ ਚਰਣ ਕਵਲ ਮਕਰੰਦ, ਲੋਭਿਤ ਮਨੋ; ਅਨਦਿਨੁੋ ਮੋਹਿ ਆਹੀ ਪਿਆਸਾ ॥

ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ; ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥

(ਸੋਹਿਲਾ ਧਨਾਸਰੀ/ਮਹਲਾ ੧/੧੩

ਉਚਾਰਨ ਸੇਧ : ਹਹਿਂ, ਤੋਹੀ, ਇਂਵ, ਚਲੱਤ, ਅਨਦਿਨੋ, ਦੇਹ, ਨਾਇਂ।

ਪਦ ਅਰਥ : ਗਗਨ ਮੈ- ਗਗਨ ਰੂਪ ਭਾਵ ਅਕਾਸ਼ਮਈ। ਰਵਿ-ਸੂਰਜ। ਦੀਪਕ-ਦੀਵੇ (ਜਿਵੇਂ ਕਿ ਥਾਲ ’ਚ ਦੀਵੇ ਰੱਖ ਕੇ ਪੰਡਿਤ ਆਰਤੀ ਕਰਦਾ ਹੈ)। ਤਾਰਿਕਾ ਮੰਡਲ- ਤਾਰਿਆਂ ਦਾ ਸਮੂਹ। ਜਨਕ- ਜਾਣੋ, ਸਮਝੋ, ਮੰਨ ਲਓ। ਧੂਪੁ- ਧੂਫ਼, ਸੁਗੰਧੀ, ਖ਼ੂਸ਼ਬੂ। ਮਲਆਨਲੋ- ਇੱਕ ਪਰਬਤ ਦਾ ਨਾਂ, ਜੋ ਕਿ ਭਾਰਤ ਦੇ ਦੱਖਣ ਵਿੱਚ ਹੈ। ਇਸ ਉੱਤੇ ਚੰਦਨ ਦੇ ਪੌਦੇ ਹੋਣ ਕਾਰਨ ਵਾਤਾਵਰਣ ਖ਼ੂਸ਼ਬੂ ਭਰਪੂਰ ਰਹਿੰਦਾ ਹੈ। ਪਵਣੁ- ਹਵਾ। ਸਗਲ ਬਨਰਾਇ- ਸਾਰੀ ਬਨਸਪਤੀ। ਫੂਲੰਤ- ਵਧਦੀ-ਫੁੱਲਦੀ ਬਨਸਪਤੀ। ਜੋਤੀ- ਜੋਤਾਂ (ਰੂਹਾਂ) ਦੇ ਸਰੋਤ ਪ੍ਰਭੂ ਲਈ।੧।

ਭਵ ਖੰਡਨਾ- ਹੇ ਸੰਸਾਰਿਕ ਗੇੜ ਖ਼ਤਮ ਕਰਨ ਵਾਲ਼ੇ ਭਾਵ ਜਨਮ ਮਰਨ/ਆਵਾਗਮਣ ਮਿਟਾਉਣ ਵਾਲ਼ੇ ਪ੍ਰਭੂ ! ਅਨਹਤਾ – ਇੱਕ ਰਸ (ਰੌ), ਜੋ ਬਿਨਾਂ ਟਕਰਾਅ ਦੇ ਆਪਣੇ ਆਪ ਸੁਤੇ ਹੀ ਨਿਰੰਤਰ ਵੱਜ ਰਹੀ ਹੈ। ਸਬਦ- ਜੀਵਨ ਰੌ, ਧੁਨੀ, ਆਵਾਜ਼। ਵਾਜੰਤ- ਵੱਜਦੇ ਹਨ। ਭੇਰੀ- ਫੂਕ ਨਾਲ਼ ਵੱਜਣ ਵਾਲ਼ਾ ਵਾਜਾ, ਨਗਾਰਾ, ਸ਼ਹਨਾਈ, ਨਫੀਰੀ। ਰਹਾਉ।

ਸਹਸ ਨੈਨ-ਹਜ਼ਾਰਾਂ ਨੇਤ੍ਰ, ਅੱਖਾਂ। ਤਵ-ਤੇਰੇ। ਨਨ- ਨਹੀਂ। ਤੋਹੀ-ਤੇਰੀ। ਪਦ ਬਿਮਲ- ਸੁੰਦਰ ਪੈਰ। ਗੰਧ ਬਿਨੁ- ਨੱਕ ਤੋਂ ਰਹਿਤ। ਇਵ ਚਲਤ- ਇਸ ਤਰ੍ਹਾਂ ਦੇ ਹੈਰਾਨਕੁੰਨ ਖੇਲ, ਐਸੇ ਕੌਤਕ। ਮੋਹੀ- ਮੈਨੂੰ ਮੋਹਿਤ ਕੀਤਾ ਹੈ।੨।

ਸਭ ਮਹਿ- ਸਾਰਿਆਂ ਵਿੱਚ ਭਾਵ ਸਰਬ ਵਿਆਪਕ। ਸੋਇ- ਉਸ (ਪ੍ਰਭੂ) ਦੀ। ਚਾਨਣਿ- ਚਾਨਣ ਨਾਲ਼, ਪ੍ਰਕਾਸ਼ ਰਾਹੀਂ। ਗੁਰ ਸਾਖੀ- ਗੁਰੂ ਦੀ ਸਿੱਖਿਆ ਨਾਲ਼। ਜੋਤਿ ਪਰਗਟ ਹੋਇ- (ਸਰਬ ਵਿਆਪਕ ਰੱਬੀ) ਪ੍ਰਕਾਸ਼ ਦਾ ਅਹਿਸਾਸ ਹੁੰਦਾ ਹੈ। ਤਿਸੁ ਭਾਵੈ- ਉਸ ਨੂੰ ਪਸੰਦ। ਸੁ ਆਰਤੀ- (ਅਸਲ ’ਚ) ਓਹੀ ਆਰਤੀ ਹੈ (ਨਾ ਕਿ ਥਾਲ ’ਚ ਦੀਵੇ ਰੱਖ ਕੇ ਕੀਤੀ ਗਈ ਆਰਤੀ)।੩।

ਹਰਿ ਚਰਣ ਕਵਲ ਮਕਰੰਦ- ਹਰੀ ਦੇ ਸੁੰਦਰ ਕੌਲ-ਫੁੱਲ ਦੇ ਰਸ ਲਈ ਭਾਵ ਪ੍ਰਭੂ ਦੇ ਉੱਚੇ-ਸੁੱਚੇ ਗੁਣਾਂ ਨੂੰ ਗ੍ਰਹਿਣ ਕਰਨ ਲਈ। ਲੋਭਿਤ ਮਨੋ- ਮੇਰਾ ਮਨ ਲਲਚਾ ਰਿਹਾ ਹੈ। ਮੋਹਿ- ਮੈਨੂੰ। ਆਹੀ ਪਿਆਸਾ-ਤਾਂਘ ਹੈ। ਸਾਰਿੰਗ ਕਉ- ਪਪੀਹੇ ਨੂੰ। ਜਾ ਤੇ- ਜਿਸ ਨਾਲ਼। ਤੇਰੈ ਨਾਇ- ਤੇਰੇ ਨਾਮ ਵਿੱਚ। ਵਾਸਾ- ਟਿਕਾਣਾ, ਨਿਵਾਸ।੪।

ਵਿਚਾਰ : ਇਸ ਸ਼ਬਦ ਦੇ ਦੂਜੇ ਅਤੇ ਚੌਥੇ ਪਦੇ ਵਿੱਚ ਇੱਕ-ਇੱਕ ਅੱਖਰ ਨੂੰ ਦੋ-ਦੋ ਲਗਾਂ ਲੱਗੀਆਂ ਹੋਈਆਂ ਹਨ; ਜਿਵੇਂ ਕਿ ‘ਤੁੋਹੀ, ਅਨਦਿਨੁੋ’। ਐਸਾ ਕਾਵਿ ਤੋਲ (ਲੈਅ) ਨੂੰ ਬਰਕਰਾਰ ਰੱਖਣ ਲਈ ਅਕਸਰ ਕਵਿਤਾ ਵਿੱਚ ਵਰਤਿਆ ਜਾਂਦਾ ਹੈ। ‘ਤੁਹੀ’ ਸ਼ਬਦ ਦਾ ਅਰਥ ਹੈ ‘ਤੂੰ ਹੀਂ, ਜੋ ਗੁਰਬਾਣੀ ਵਿੱਚ 34 ਵਾਰ ਹੈ, ਪਰ ਇੱਥੇ ਕਾਵਿ ਪਿੰਗਲ ਨੂੰ ਧਿਆਨ ’ਚ ਰੱਖਦਿਆਂ ‘ਤੁਹੀ’ ਨੂੰ ‘ਤੁੋਹੀ’ ਲਿਖਿਆ ਹੈ ਤਾਂ ਜੋ ‘ਤੋਹੀ’ ਪੜ੍ਹਿਆ ਜਾਵੇ। ਅਰਥ ਓਹੀ ਹਨ ‘‘ਨਨਾ ਏਕ ਤੁੋਹੀ’’ ਭਾਵ ਤੇਰੀ ਇੱਕ ਭੀ (ਮੂਰਤੀ) ਨਹੀਂ।

ਗੁਰਬਾਣੀ ਵਿੱਚ ‘ਅਨਦਿਨੁ’ ਸ਼ਬਦ 371 ਵਾਰ ਹੈ। ਇਸ ਦਾ ਔਂਕੜ ਅੰਤ ਇੱਕ ਵਚਨ ਪੁਲਿੰਗ ਦੀ ਨਿਸ਼ਾਨੀ ਹੈ, ਜਿਸ ਦਾ ਅਰਥ ਹੈ ‘ਹਰ ਦਿਨ’ ਭਾਵ ਰੋਜ਼ਾਨਾ’, ਪਰ ਕਾਵਿ ਪਿੰਗਲ ਨੂੰ ਧਿਆਨ ’ਚ ਰੱਖਦਿਆਂ 2 ਵਾਰ ‘ਅਨਦਿਨੁੋ’ ਭੀ ਦਰਜ ਹੈ। ਜਿਨ੍ਹਾਂ ਵਿੱਚੋਂ ਇੱਕ ਵਾਰ ਇਸ ਹਥਲੇ ਸ਼ਬਦ ਦੇ ਚੌਥੇ ਪਦੇ ‘‘ਅਨਦਿਨੁੋ ਮੋਹਿ ਆਹੀ ਪਿਆਸਾ ॥’’ ਵਿੱਚ ਦਰਜ ਹੈ। ਇਸ ਨੂੰ ‘ਅਨਦਿਨੋ’ ਪੜ੍ਹਨਾ ਹੈ।

ਇਤਿਹਾਸ ਦੱਸਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜਗਨਨਾਥ ਪੁਰੀ (ਉੜੀਸਾ) ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਉੱਥੇ ਮੰਦਿਰ ਵਿੱਚ ਥਾਲ ’ਚ ਦੀਵੇ ਰੱਖ ਆਰਤੀ ਕੀਤੀ ਜਾ ਰਹੀ ਸੀ। ਆਰਤੀ ਸਮੇਂ ਇੱਕ ਥਾਲ ਵਿੱਚ ਕੁਝ ਦੀਵੇ ਜਗਾਏ ਜਾਂਦੇ ਹਨ, ਕੁਝ ਫੁੱਲ ਰੱਖੇ ਹੁੰਦੇ ਹਨ ਅਤੇ ਧੂਫ਼ ਧੁਖਾਈ ਜਾਂਦੀ ਹੈ। ਥਾਲ ਨੂੰ ਪੱਥਰ ਦੀ ਮੂਰਤੀ ਦੇ ਅੱਗੇ ਘੁੰਮਾਇਆ ਜਾਂਦਾ ਹੈ। ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਵੀ ਆਰਤੀ ਕਰਨ ਸਮੇਂ ਓਥੇ ਪਹੁੰਚੇ। ਪੰਡਿਤਾਂ ਨੇ ਗੁਰੂ ਸਾਹਿਬ ਨੂੰ ਆਰਤੀ ਵਿੱਚ ਸ਼ਾਮਲ ਹੋਣ ਲਈ ਕਿਹਾ, ਪਰ ਗੁਰੂ ਸਾਹਿਬ ਆਰਤੀ ਦੇ ਸਮਾਪਤ ਹੋਣ ਤੱਕ ਗਹੁ ਨਾਲ਼ ਆਰਤੀ ਦੀ ਕਿਰਿਆ ਨੂੰ ਵਾਚਦੇ ਰਹੇ। ਆਰਤੀ ਦੀ ਸਮਾਪਤੀ ’ਤੇ ਜਦ ਇਸ ਦਾ ਕਾਰਨ ਪੁੱਛਿਆ ਤਾਂ ਆਪ ਜੀ ਨੇ ਬਚਨ ਕੀਤਾ ਕਿ ਪਰਮਾਤਮਾ ਦੀ ਆਰਤੀ ਅਲੌਕਿਕ ਆਰਤੀ ਹੈ, ਜੋ ਨਿਰੰਤਰ ਹੋ ਰਹੀ ਹੈ, ਪਰ ਇੱਕ ਥਾਲ ਦੇ ਵਿੱਚ ਦੀਵੇ ਬਾਲ ਕੇ, ਧੂਫ਼ ਧੁਖਾ ਕੇ ਤੇ ਕੁਝ ਫੁੱਲ ਰੱਖ ਕੇ ਮੂਰਤੀ ਅੱਗੇ ਘੁੰਮਾਉਣ ਨਾਲ ਅਕਾਲ ਪੁਰਖ ਦੀ ਆਰਤੀ ਨਹੀਂ ਹੋ ਸਕਦੀ। ਕਾਦਰ ਦੀ ਸਾਜੀ ਹੋਈ ਕੁਦਰਤ; ਆਪਣੇ ਸਿਰਜਣਹਾਰ ਦੀ ਨਿਰੰਤਰ ਆਰਤੀ ਕਰ ਰਹੀ ਹੈ। ਧਨਾਸਰੀ ਰਾਗ ਵਿੱਚ ਦਰਜ ਇਸ ਸ਼ਬਦ ਵਿੱਚ ਗੂਰੁ ਨਾਨਕ ਸਾਹਿਬ ਨੇ ਕੁਦਰਤ ਰਾਹੀਂ ਹੋ ਰਹੀ ਇਸ ਆਰਤੀ ਬਾਰੇ ਬਹੁਤ ਹੀ ਵਿਸਮਾਦ ਰੂਪ/ਢੰਗ ਨਾਲ਼ ਬਿਆਨ ਕੀਤਾ ਹੈ।

ਗੁਰੂ ਜੀ ਆਪਣੇ ਸ਼ਬਦ ਦੇ ਪਹਿਲੇ ਬੰਦ ਰਾਹੀਂ ਸਮਝਾਉਂਦੇ ਹਨ ਕਿ ਅਕਾਸ਼ਮਈ ਥਾਲ ਹੈ, ਜਿਸ ਵਿੱਚ ਸੂਰਜ ਅਤੇ ਚੰਦ ਦੋ ਦੀਵੇ ਹਨ, ਜੋ ਨਿਰੰਤਰ ਚਾਨਣ ਦਿੰਦੇ ਰਹਿੰਦੇ ਹਨ। ਸਮੂਹ ਤਾਰਿਆਂ ਦਾ ਸੰਗ੍ਰਹਿ ਮਾਨੋ ਮੋਤੀ ਹਨ। ਮਲਯ ਪਰਬਤ ਵੱਲੋਂ ਆਉਣ ਵਾਲੀ ਚੰਦਨ ਦੀ ਖੁਸ਼ਬੂ ਭਰਪੂਰ ਹਵਾ ਧੂਫ਼ ਦੇ ਰਹੀ ਹੈ। ਪਰਸਪਰ ਚੱਲ ਰਹੀ ਹਵਾ; ਮਾਨੋ ਹਰ ਵੇਲੇ ਚੌਰ ਕਰਦੀ ਹੈ। ਫਲ-ਫੁੱਲ ਰਹੀ ਸਾਰੀ ਬਨਸਪਤੀ; ਜੋਤ ਸਰੂਪ ਪ੍ਰਭੂ ਉੱਤੇ ਮਾਨੋ ਵਰਖਾ ਕਰ ਰਹੀ ਹੈ, ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ’’ ਅਰਥ : ਅਕਾਸ਼ਮਈ ਥਾਲ ਹੈ, ਜਿਸ ਵਿੱਚ ਚੰਦ ਤੇ ਸੂਰਜ ਦੋਵੇਂ ਮਾਨੋ ਦੀਵੇ ਹਨ। ਤਾਰਿਆਂ ਦਾ ਸਮੂਹ ਮਾਨੋ ਥਾਲ ਵਿੱਚ ਰੱਖੇ ਮੋਤੀ ਹਨ। ਦੱਖਣ ਵੱਲੋਂ ਆਉਂਦੀ ਚੰਦਨ ਦੀ ਖ਼ੂਸ਼ਬੂ ਭਰਪੂਰ ਹਵਾ ਚੌਰ ਕਰ ਰਹੀ ਹੈ ਤੇ ਫਲ-ਫੁੱਲ ਰਹੀ ਸਾਰੀ ਬਨਸਪਤੀ; ਜੋਤਾਂ ਦੇ ਸਮੂਹ ਪ੍ਰਭੂ ਉੱਤੇ ਵਰਖਾ ਕਰ ਰਹੀ ਹੈ।

‘ਰਹਾਉ’ ਪਦੇ ਵਿੱਚ ਗੁਰੂ ਜੀ ਸਮਝਾ ਰਹੇ ਹਨ ਕਿ ਐਸੀ ਕੁਦਰਤ ਵਿੱਚ ਹੁੰਦੀ ਨਿਰੰਤਰ ਆਰਤੀ ਮਨ ਵਿੱਚ ਸਦਾ ਵਿਸਮਾਦ ਪੈਦਾ ਕਰਦੀ ਹੈ। ਜਿਸ ਤੋਂ ਇੱਕ ਵਾਰ ਵੀ ਬਲਿਹਾਰ ਜਾਣ ਦੀ ਸਾਡੀ ਸਮਰੱਥਾ ਨਹੀਂ। ਕੁਦਰਤ ਦੁਆਰਾ ਸਿਰਜਣਹਾਰ ਦੀ ਕੀਤੀ ਜਾ ਰਹੀ ਇਸ ਆਰਤੀ ਨੂੰ ਲਫ਼ਜਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਅਕਾਲ ਪੁਰਖ ਰੂਪ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਇਸ ਸ਼ਬਦ ਵਿੱਚ ਅਲੌਕਿਕ ਆਰਤੀ ਦਾ ਸ਼ਬਦਾਂ ਰਾਹੀਂ ਚਿੰਤਰਨ ਕੀਤਾ ਹੈ। ਜੇਕਰ ਇਸ ਸ਼ਬਦ ਵਿੱਚ ਪੂਰਨ ਇਕਾਗਰਤਾ ਨਾਲ਼ ਧਿਆਨ ਜੋੜਿਆ ਜਾਵੇ ਤਾਂ ਅਸੀਂ ਉਸ ਅਲੌਕਿਕ ਆਰਤੀ ਨੂੰ ਮਹਿਸੂਸ ਕਰ ਸਕਦੇ ਹਾਂ। ਗੁਰੂ ਸਾਹਿਬ ਆਪਣੇ ਸ਼ਬਦ ਦੇ ਇਸ ਕੇਂਦਰੀ ਭਾਵ ਵਿੱਚ ਫ਼ੁਰਮਾ ਰਹੇ ਹਨ ਕਿ ‘‘ਕੈਸੀ ਆਰਤੀ ਹੋਇ  ! ਭਵ ਖੰਡਨਾ  ! ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ’’ ਅਰਥ : ਹੇ ਜਨਮ-ਮਰਨ ਖ਼ਤਮ ਕਰਨ ਵਾਲ਼ੇ ਪਾਤਿਸ਼ਾਹ ! ਤੇਰੀ ਕੈਸੀ ਲਾਜਵਾਬ ਆਰਤੀ ਹੋ ਰਹੀ ਹੈ। ਕੁਦਰਤ ਵਿੱਚ ਅਨੇਕਾਂ ਵੱਜ ਰਹੀਆਂ ਧੁਨੀਆਂ, ਤੇਰੀ ਹੋ ਰਹੀ ਆਰਤੀ ਨੂੰ ਸੰਗੀਤ ਦੇ ਰਹੀਆਂ ਹਨ। ਸੰਗੀਤ ਦੇ ਅਲੌਕਿਕ ਨਗਾਰੇ ਵੱਜ ਰਹੇ ਹਨ।

ਅਗਲੇ ਪਦੇ ਵਿੱਚ ਗੁਰੂ ਨਾਨਕ ਸਾਹਿਬ; ਅਕਾਲ ਪੁਰਖ ਦੇ ਸਰਗੁਣ ਅਤੇ ਨਿਰਗੁਣ ਸਰੂਪ ਬਾਰੇ ਦੱਸਦੇ ਹਨ। ਉਹ ਆਪ ਹੀ ਮਾਇਆ ਦੇ ਤਿੰਨਾਂ ਗੁਣਾਂ (ਰਜੋ, ਤਮੋ, ਸਤੋ) ਵਾਲ਼ੇ ਸਰਗੁਣ ਰੂਪ ਵਿੱਚ ਹੈ ਭਾਵ ਅਕਾਲ ਪੁਰਖ ਆਪਣੀ ਸਾਜੀ ਹੋਈ ਕੁਦਰਤ ਵਿੱਚ ਵਿਆਪਕ ਹੈ। ਨਿਰਗੁਣ ਸਰੂਪ ਵਿੱਚ ਉਹ, ਮਾਇਆ ਦੇ ਇਨ੍ਹਾਂ ਤਿੰਨੇ ਗੁਣਾਂ ਤੋਂ ਰਹਿਤ ਹੈ ਭਾਵ ਸਰਬ ਵਿਆਪਕ ਹੋ ਕੇ ਭੀ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ; ਜਿਵੇਂ ਕਿ ਬਚਨ ਹਨ, ‘‘ਨਿਰਗੁਣੁ ਸਰਗੁਣੁ ਆਪੇ ਸੋਈ ਤਤੁ ਪਛਾਣੈ; ਸੋ ਪੰਡਿਤੁ ਹੋਈ ’’ (ਮਹਲਾ /੧੨੮) ਅਰਥ : ਪ੍ਰਮਾਤਮਾ ਨਿਰਗੁਣ ਅਤੇ ਸਰਗੁਣ ਦੋਵੇਂ ਰੂਪਾਂ ਵਿੱਚ ਹੈ, ਪਰ ਜਿਹੜਾ ਇਸ ਰਾਜ਼ ਨੂੰ ਜਾਣ ਲੈਂਦਾ ਹੈ ਓਹੀ ਅਸਲ ਪੰਡਿਤ ਹੈ, ਵਿਦਵਾਨ ਹੈ।

ਅਕਾਲ ਪੁਰਖ ਦੇ ਨਿਰਗੁਣ ਰੂਪ ਬਾਰੇ ਜਾਪੁ ਸਾਹਿਬ ਦੇ ਅਰੰਭ ਵਿੱਚ ਵੀ ਦਰਜ ਹੈ ਕਿ ਉਸ ਦਾ ਕੋਈ ਵੀ ਰੂਪ ਰੰਗ ਨਹੀਂ, ਉਸ ਦਾ ਕੋਈ ਆਕਾਰ ਜਾਂ ਤਸਵੀਰ ਨਹੀਂ, ‘‘ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ਰੂਪ ਰੰਗ ਅਰੁ ਰੇਖ ਭੇਖ; ਕੋਊ ਕਹਿ ਸਕਤਿ ਕਿਹ ’’, ਤਾਹੀਓਂ ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੀ ਪੰਜਵੀਂ ਪਉੜੀ ’ਚ ਬਿਆਨ ਕੀਤਾ ਹੈ ਕਿ ਉਸ ਦੀ ਕੋਈ ਮੂਰਤੀ ਨਹੀਂ ਬਣ ਸਕਦੀ, ਉਸ ਨੂੰ ਕਿਸੇ ਮੰਦਿਰ ਆਦਿ ਵਿੱਚ ਸਥਾਪਿਤ ਨਹੀਂ ਕੀਤਾ ਜਾ ਸਕਦਾ, ‘‘ਥਾਪਿਆ ਜਾਇ; ਕੀਤਾ ਹੋਇ ਆਪੇ ਆਪਿ ਨਿਰੰਜਨੁ ਸੋਇ ..’’ (ਜਪੁ) ਸਿੱਖਾਂ ਅੰਦਰ ਇਹ ਵੀ ਇੱਕ ਵੱਡਾ ਦੁਖਾਂਤ ਹੈ ਕਿ ਅਸੀਂ ਇੱਕ ਚਿਤਰਕਾਰ ਦੁਆਰਾ ਬਣਾਈਆਂ ਕਾਲਪਨਿਕ ਤਸਵੀਰਾਂ ਨੂੰ ਹੀ ਗੁਰੂ ਸਾਹਿਬ ਸਮਝ ਕੇ ਪੂਜਦੇ ਆ ਰਹੇ ਹਾਂ। ਸਾਡੇ ਬਹੁਤੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ, ਇਸ ਲਈ ਅਸੀਂ ਅਕਸਰ ਛੋਟੇ ਬੱਚਿਆਂ ਨੂੰ ਗੁਰੂ ਜੀ ਦੀ ਫੋਟੋ ਅੱਗੇ ਮੱਥਾ ਟੇਕਣ ਲਈ ਪ੍ਰੇਰਦੇ ਹਾਂ, ਜੋ ਕਿ ਸਿਧਾਂਤਿਕ ਪੱਖੋਂ ਸਹੀ ਨਹੀਂ ਹੁੰਦਾ।

ਆਪਣੇ ਸ਼ਬਦ ਦੇ ਦੂਜੇ ਬੰਦ ’ਚ ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ ਕਿ ‘‘ਸਹਸ ਤਵ ਨੈਨ, ਨਨ ਨੈਨ ਹਹਿ, ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੁੋਹੀ ਸਹਸ ਪਦ ਬਿਮਲ, ਨਨ ਏਕ ਪਦ; ਗੰਧ ਬਿਨੁ, ਸਹਸ ਤਵ ਗੰਧ; ਇਵ ਚਲਤ ਮੋਹੀ ’’ ਅਰਥ : ਹੇ ਪਰਮਾਤਮਾ ! ਤੇਰੇ ਸਰਗੁਣ ਰੂਪ ਵਜੋਂ ਹਜ਼ਾਰਾਂ ਹੀ ਨੈਣ ਹਨ ਭਾਵ ਸਾਰਿਆਂ ਜੀਵ-ਜੰਤਾਂ ਦੇ ਨੈਣ ਤੇਰੇ ਹੀ ਹਨ, ਪਰ ਨਿਰਗੁਣ ਰੂਪ ’ਚ ਤੇਰਾ ਇੱਕ ਵੀ ਨੈਣ ਨਹੀਂ ਹੈ ਕਿਉਂਕਿ ਤੂੰ ਨਿਰਾਕਾਰ ਹੈਂ। ਸਰਗੁਣ ਰੂਪ ’ਚ ਤੇਰੀਆਂ ਹਜ਼ਾਰਾਂ ਹੀ ਸ਼ਕਲਾਂ-ਸੂਰਤਾਂ ਹਨ, ਪਰ ਨਿਰਗੁਣ ਰੂਪ ਵਿੱਚ ਤੇਰੀ ਕੋਈ ਭੀ ਰੂਪ-ਰੇਖਾ ਨਹੀਂ। ਸਰਗੁਣ ਰੂਪ ’ਚ ਤੇਰੇ ਹਜ਼ਾਰਾਂ ਹੀ ਚਰਨ ਹਨ ਭਾਵ ਸਾਰਿਆਂ ਜੀਵ-ਜੰਤਾਂ ਦੇ ਪੈਰ ਤੇਰੇ ਹੀ ਪੈਰ ਹਨ, ਪਰ ਨਿਰਗੁਣ ਰੂਪ ’ਚ ਤੇਰਾ ਇੱਕ ਵੀ ਪੈਰ ਨਹੀਂ ਹੈ। ਤੇਰੀ ਇੱਕ ਵੀ ਨਾਸਿਕਾ ਨਹੀਂ, ਪਰ ਸਰਗੁਣ ਰੂਪ ’ਚ ਸਮੂਹ ਸੁਗੰਧੀਆਂ ਦਾ ਅਨੰਦ ਮਾਣ ਰਹੀਆਂ ਤੇਰੀਆਂ ਅਨੇਕਾਂ ਹੀ ਨਾਸਿਕਾਂ ਹਨ। ਮੈਨੂੰ ਤੇਰੇ ਐਸੇ ਅਸਚਰਜ ਰੂਪ ਨੇ ਮੋਹ ਲਿਆ ਹੈ ਭਾਵ ਬਨਸਪਤੀ, ਜੀਵ-ਜੰਤ ਆਦਿ ਦੀ ਹਰ ਗਤੀਵਿਧੀ ਪਿੱਛੇ ਤੇਰੀ ਹੀ ਸਤਿਆ ਕੰਮ ਕਰ ਰਹੀ ਹੈ।

ਸੋ ਹੇ ਅਕਾਲ ਪੁਰਖ ! ਤੇਰੇ ਚੌਜਾਂ ਦਾ ਕੋਈ ਅੰਤ ਨਹੀਂ। ਹੇ ਸੱਚੇ ਪਿਤਾ ਵਾਹਿਗੁਰੂ ! ਭਾਵੇਂ ਕਿ ਤੂੰ ਸਭ ਜੀਵਾਂ ਵਿੱਚ ਸਮਾਇਆ ਹੋਇਆ ਹੋਣ ਕਰਕੇ ਜੀਵਾਂ ਦੇ ਪੰਜ ਕਰਮ ਅਤੇ ਪੰਜ ਗਿਆਨ ਇੰਦ੍ਰੇ ਤੇਰੇ ਦੁਆਰਾ ਦਿੱਤੀ ਸ਼ਕਤੀ ਨਾਲ਼ ਹੀ ਕਿਰਿਆਵਾਂ ਕਰਦੇ ਹਨ। ਸਾਰੇ ਹੀ ਜੀਵ ਤੇਰੇ ਹੁਕਮ ਵਿੱਚ ਮਿਲੀ ਤਾਕਤ ਸਦਕਾ ਕੰਮ ਕਰ ਰਹੇ ਹਨ, ਇਹੀ ਭੀ ਨਿਰੰਤਰ ਹੁੰਦੀ ਤੇਰੀ ਆਰਤੀ ਦਾ ਹੀ ਪ੍ਰਤੀਕ ਹੈ ਭਾਵ ਹਰ ਕੋਈ ਤੇਰੇ ਹੁਕਮ ਵਿੱਚ ਹੈ, ਤੇਰੇ ਬਣਾਏ ਅਸੂਲਾਂ ਅੰਦਰ ਹੈ। ਗੁਰਬਾਣੀ ਦਾ ਫ਼ੁਰਮਾਨ ਹੈ ਕਿ ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਅਦ੍ਰਿਸ਼ ਹੈ। ਦੁੱਧ ਵਿੱਚ ਘਿਉ ਹੋਣ ਦੇ ਬਾਵਜੂਦ ਨਜ਼ਰ ਨਹੀਂ ਆਉਂਦਾ; ਇਉਂ ਹੀ ਉਸ ਮਾਇਆ ਦੇ ਪਤੀ ਦੀ ਜੋਤਿ; ਸਾਰੇ ਜੀਵਾਂ ਅੰਦਰ ਹੈ ਭਾਵੇਂ ਅਸੀਂ ਕਿਸੇ ਨੂੰ ਉੱਚੀ ਜਾਤੀ ਦਾ ਸਮਝੀ ਜਾਈਏ ਜਾਂ ਨੀਵੀਂ ਦਾ, ਪਰ ਅਕਾਲ ਪੁਰਖ ਸਾਰਿਆ ਵਿੱਚ ਇੱਕ ਸਮਾਨ ਹੈ, ‘‘ਸਗਲ ਬਨਸਪਤਿ ਮਹਿ ਬੈਸੰਤਰੁ; ਸਗਲ ਦੂਧ ਮਹਿ ਘੀਆ ਊਚ ਨੀਚ ਮਹਿ ਜੋਤਿ ਸਮਾਣੀ; ਘਟਿ ਘਟਿ ਮਾਧਉ ਜੀਆ ’’ (ਮਹਲਾ /੬੧੭), ਪਰ ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਦੇ ਇਸ ਕੌਤਕ ਨੂੰ ਕੋਈ ਵਿਰਲਾ ਸਮਝਦਾ ਹੈ, ‘‘ਗੁਣ ਨਿਧਾਨ ਨਾਨਕੁ ਜਸੁ ਗਾਵੈ; ਸਤਿਗੁਰਿ (ਨੇ) ਭਰਮੁ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ; ਸਭ ਮਹਿ ਰਹਿਆ ਸਮਾਇਓ ’’ (ਮਹਲਾ /੬੧੭)

ਗੁਰੂ ਸਾਹਿਬ ਜੀ ਸ਼ਬਦ ਦੇ ਤੀਜੇ ਬੰਦ ਰਾਹੀਂ ਸਮਝਾ ਰਹੇ ਹਨ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ਗੁਰ ਸਾਖੀ; ਜੋਤਿ ਪਰਗਟੁ ਹੋਇ ਜੋ ਤਿਸੁ ਭਾਵੈ; ਸੁ ਆਰਤੀ ਹੋਇ ਅਰਥ : ਉਸ (ਜੋਤਾਂ ਦੇ ਸ੍ਰੋਤ ਪ੍ਰਭੂ) ਦੀ ਜੋਤ ਹਰ ਮਨੁੱਖ ਅੰਦਰ ਹੈ। ਸਤਿਗੁਰੂ ਦੀ ਸਿੱਖਿਆ ਨਾਲ਼ ਹੋਏ ਉਸ ਦੇ ਪ੍ਰਕਾਸ਼-ਗਿਆਨ ਰਾਹੀਂ ਹਰ ਮਨੁੱਖ ਅੰਦਰ ਪ੍ਰਕਾਸ਼ ਹੁੰਦਾ ਹੈ, ਸੂਝ ਆਉਂਦੀ ਹੈ। ਜੋ ਅਕਾਲ ਪੁਰਖ ਨੂੰ ਪਸੰਦ ਹੈ ਭਾਵ ਜੋ ਉਸ ਦੀ ਰਜ਼ਾ ਹੈ, ਉਨ੍ਹਾਂ ਅਸੂਲਾਂ ਨੂੰ ਸਵੀਕਾਰ ਕਰਨਾ ਹੀ ਅਸਲ ਆਰਤੀ ਹੈ; ਜਿਵੇਂ ਕਿ ਭਾਈ ਗੁਰਦਾਸ ਜੀ ਸਮਝਾ ਰਹੇ ਹਨ ‘‘ਵਰਤਮਾਨ ਵਿਚਿ ਵਰਤਦਾ; ਹੋਵਣਹਾਰ ਸੋਈ ਪਰਵਾਣਾ ਕਾਰਣੁ ਕਰਤਾ ਜੋ ਕਰੈ; ਸਿਰਿ ਧਰਿ ਮੰਨਿ, ਕਰੈ ਸੁਕਰਾਣਾ ਰਾਜੀ ਹੋਇ ਰਜਾਇ ਵਿਚਿ; ਦੁਨੀਆਂ ਅੰਦਰਿ ਜਿਉ ਮਿਹਮਾਣਾ ਵਿਸਮਾਦੀ ਵਿਸਮਾਦ ਵਿਚਿ; ਕੁਦਰਤਿ ਕਾਦਰ ਨੋ ਕੁਰਬਾਣਾ’’ (ਭਾਈ ਗੁਰਦਾਸ ਜੀ/ਵਾਰ ੧੮ ਪਉੜੀ ੨੧) ਦਰਅਸਲ ਇਹੀ ਸੱਚੀ ਆਰਤੀ ਹੈ। ਇਸੇ ਪ੍ਰਸੰਗ ਨੂੰ ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੀ 27ਵੀਂ ਪਉੜੀ ਦੀ ਸਮਾਪਤੀ ’ਚ ਇਉਂ ਬਿਆਨ ਕੀਤਾ ਹੈ, ‘‘ਜੋ ਤਿਸੁ ਭਾਵੈ, ਸੋਈ ਕਰਸੀ; ਹੁਕਮੁ ਕਰਣਾ ਜਾਈ ਸੋ ਪਾਤਿਸਾਹੁ, ਸਾਹਾ ਪਾਤਿਸਾਹਿਬੁ; ਨਾਨਕ ਰਹਣੁ ਰਜਾਈ ੨੭’’ (ਜਪੁ)

ਜਦੋਂ ਪ੍ਰਭੂ ਪਰਮਾਤਮਾ ਦੀ ਜੋਤਿ ਦਾ ਅੰਦਰੋਂ ਚਾਨਣ ਹੁੰਦਾ ਹੈ ਤਾਂ ‘ਮੈਂ ਅਤੇ ਮੇਰੀ’ ਭਾਵਨਾ ਖ਼ਤਮ ਹੋ ਜਾਂਦੀ ਹੈ ਅਤੇ ‘ਤੂੰ ਤੇ ਤੇਰੀ’ ਭਾਵਨਾ ਵਿਕਸਿਤ ਹੋ ਜਾਂਦੀ ਹੈ। ਉਸ ਸਰਬ ਵਿਆਪਕ ਦੀ ਇਸ ਆਰਤੀ ਦਾ ਅਹਿਸਾਸ ਕੇਵਲ ਉਸੇ ਨੂੰ ਹੁੰਦਾ ਹੈ, ਜਿਸ ਦੀ ਸੁਰਤ ਚੇਤੰਨ ਹੋ ਜਾਂਦੀ ਹੈ। ਜਿਸ ਦਾ ਸਰਬ ਵਿਆਪਕ ਪ੍ਰਭੂ ਨਾਲ਼ ਗੂੜ੍ਹਾ ਪਿਆਰ ਪੈ ਜਾਂਦਾ ਹੈ। ਆਪਣੇ ਸ਼ਬਦ ਦੇ ਅੰਤਮ ਚੌਥੇ ਪਦੇ ਵਿੱਚ ਸਮਝਾ ਰਹੇ ਹਨ, ‘‘ਹਰਿ ਚਰਣ ਕਵਲ ਮਕਰੰਦ, ਲੋਭਿਤ ਮਨੋ; ਅਨਦਿਨੁੋ ਮੋਹਿ ਆਹੀ ਪਿਆਸਾ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ; ਹੋਇ ਜਾ ਤੇ ਤੇਰੈ ਨਾਇ ਵਾਸਾ ’’ ਅਰਥ : ਹੇ ਅਕਾਲ ਪੁਰਖ ! ਤੇਰੇ ਚਰਨ ਕਮਲ ਦੇ ਰਸ ਲਈ ਮੇਰਾ ਮਨ ਹਰ ਵੇਲੇ ਲਲਚਾਉਂਦਾ ਰਹਿੰਦਾ ਹੈ। ਮੈਨੂੰ ਹਰ ਦਿਨ ਇਹੀ ਪਿਆਸ ਲੱਗੀ ਰਹਿੰਦੀ ਹੈ। ਮੈਨੂੰ ਪਪੀਹੇ ਨੂੰ ਆਪਣੇ ਨਾਮ ਰੂਪੀ ਮਿਹਰ ਦਾ ਜਲ ਦੇਹ ਤਾਂ ਜੋ ਤੇਰੀ ਕਿਰਪਾ ਨਾਲ ਸਦਾ ਜੀਵਨ ਅਨੰਦਿਤ ਬਣਿਆ ਰਹੇ। ਕੂੜ ਦੀ ਕੰਧ ਢਹਿ ਜਾਵੇ। ਤੇਰੇ ਨਾਮ ਵਿੱਚ ਮੇਰਾ ਵਾਸਾ ਹੋ ਜਾਏ।

ਗੁਰਬਾਣੀ ਅੰਦਰ ਹੋਰ ਵੀ ਬਹੁਤ ਸਾਰੇ ਪ੍ਰਮਾਣ ਇਸ ਤਰ੍ਹਾਂ ਦੇ ਮਿਲ ਜਾਂਦੇ ਹਨ; ਜਿਵੇਂ ਕਿ ਪੰਜਵੇਂ ਪਾਤਿਸ਼ਾਹ ਜੀ ਫ਼ੁਰਮਾ ਰਹੇ ਹਨ, ‘‘ਜਲ ਤਰੰਗੁ ਜਿਉ ਜਲਹਿ ਸਮਾਇਆ ਤਿਉ, ਜੋਤੀ ਸੰਗਿ ਜੋਤਿ ਮਿਲਾਇਆ ਕਹੁ ਨਾਨਕ ਭ੍ਰਮ ਕਟੇ ਕਿਵਾੜਾ; ਬਹੁੜਿ ਹੋਈਐ ਜਉਲਾ ਜੀਉ ’’ (ਮਹਲਾ /੧੦੨) ਅਰਥ : ਜਿਵੇਂ ਜਲ ਦੀ ਲਹਿਰ ਸਮੁੰਦਰ ਵਿੱਚੋਂ ਉੱਠ ਕੇ ਮੁੜ ਸਮੁੰਦਰ ਵਿੱਚ ਆ ਸਮਾਉਂਦੀ ਹੈ; ਇਉਂ ਹੀ ਪਰਮਾਤਮਾ ਦੇ ਨਾਮ-ਰਸ ਦਾ ਅਨੰਦ ਮਾਨਣ ਵਾਲ਼ਾ ਗੁਰਸਿੱਖ; ਮੁੜ ਉਸੇ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ, ਜਿਸ ਵਿੱਚੋਂ ਪੈਦਾ ਹੋਇਆ ਸੀ, ਪਰ ਇਸ ਮੁਕਾਮ ਤੱਕ ਓਹੀ ਪਹੁੰਚਦਾ ਹੈ, ਜਿਸ ਅੰਦਰੋਂ ਭਰਮ-ਭੁਲੇਖੇ ਰੂਪ ਬੰਦ ਪਏ ਦਰਵਾਜ਼ੇ ਸਤਿਗੁਰੂ ਜੀ ਆਪਣੇ ਗਿਆਨ-ਚਾਨਣ ਨਾਲ਼ ਖੋਲ੍ਹ ਦਿੰਦੇ ਹਨ ਅਤੇ ਸਰਬ ਵਿਆਪਕ ਪ੍ਰਭੂ ਦਾ ਅਹਿਸਾਸ ਕਰਾ ਦਿੰਦੇ ਹਨ। ਫਿਰ ਮੁੜ ਉਸ ਦਾ ਸਰਗੁਣ ਵਜੋਂ ਸੰਸਾਰ ਵਿੱਚ ਜਨਮ-ਮਰਨ ਨਹੀਂ ਹੁੰਦਾ। ਭਗਤ ਕਬੀਰ ਜੀ ਦੇ ਭੀ ਬਚਨ ਹਨ ਕਿ ਜਿਨ੍ਹਾਂ ਨੂੰ ਪ੍ਰਭੂ ਦਾ ਨਾਮ-ਰਸ ਆ ਗਿਆ, ਉਸ ਅੰਦਰੋਂ ਬਾਕੀ ਸਾਰੇ ਰਸ ਭਾਵ ਮਾਇਆਵੀ ਚਸਕੇ ਮੁੱਕ ਜਾਂਦੇ ਹਨ, ‘‘ਰਾਮ ਰਸੁ ਪੀਆ ਰੇ ਜਿਹ ਰਸ; ਬਿਸਰਿ ਗਏ ਰਸ ਅਉਰ ਰਹਾਉ ’’ (ਭਗਤ ਕਬੀਰ/੩੩੭), ਗੁਰੂ ਰਾਮਦਾਸ ਜੀ ਦੇ ਬਚਨ ਹਨ, ‘‘ਜਿਤਨੇ ਰਸ ਅਨ ਰਸ ਹਮ ਦੇਖੇ; ਸਭ ਤਿਤਨੇ ਫੀਕ ਫੀਕਾਨੇ ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ; ਮਿਲਿ ਸਤਿਗੁਰ ਮੀਠ ਰਸ ਗਾਨੇ ’’ (ਮਹਲਾ /੧੭੦)

ਸੋ ਇਸ ਪੂਰੇ ਸ਼ਬਦ ਰਾਹੀਂ ਸਾਨੂੰ ਇਹੀ ਸੇਧਾ ਮਿਲਦੀ ਹੈ ਕਿ ਸਿਰਜਣਹਾਰ ਮਾਲਕ; ਭਾਵੇਂ ਸਰਗੁਣ ਰੂਪ ਵਿੱਚ ਸਰਬ ਵਿਆਪਕ ਹੈ, ਪਰ ਜੀਵ-ਜੰਤਾਂ ਦੀ ਹਰ ਗਤੀਵਿਧੀ ਨਿਰਗੁਣ-ਪ੍ਰਭੂ ਦੇ ਹੁਕਮ ਵਿੱਚ ਹੈ। ਹੁਕਮੀ ਦੇ ਹੁਕਮ ਵਿੱਚ ਰਾਜ਼ੀ ਰਹਿਣਾ ਹੀ ਨਿਰੰਤਰ ਹੁੰਦੀ ਆਰਤੀ ਵਿੱਚ ਸ਼ਾਮਲ ਹੋਣਾ ਹੈ।

ਅਫ਼ਸੋਸ ਕਿ ਐਨਾ ਅਸਚਰਜ ਰੂਪ ਸ਼ਬਦ ਸਮਝਣ ਦੇ ਬਾਵਜੂਦ ਵੀ ਕਈ ਗੁਰਦੁਆਰਿਆਂ ਵਿੱਚ ਅਸੀਂ ਅਨਮੱਤੀਆਂ ਵਾਙ ਦੀਵਿਆਂ ਨੂੰ ਥਾਲ ਵਿੱਚ ਰੱਖ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਆਰਤੀ ਕਰ ਰਹੇ ਹਾਂ। ਹੈਰਾਨੀ ਦੀ ਗੱਲ ਇਹ ਹੈ ਕਿ ਦੀਵਿਆਂ ਵਾਲ਼ੀ ਆਰਤੀ ਦੇ ਨਾਲ਼-ਨਾਲ਼ ਇਹੀ ਸ਼ਬਦ ਉਚਾਰਨ ਹੋ ਰਿਹਾ ਹੁੰਦਾ ਹੈ, ਜਿਸ ਵਿੱਚ ਦੀਵਿਆਂ ਵਾਲ਼ੀ ਆਰਤੀ ਦਾ ਖੰਡਨ ਕੀਤਾ ਗਿਆ ਹੈ।