ਸਭ ਜੂਠੀਆਂ ਚੀਜ਼ਾਂ ਨੇ

0
340

 (ਬਾਬਾ ਰਵੀਦਾਸ ਜੀ ਦੀ ਬਾਣੀ ’ਤੇ ਆਧਾਰਿਤ ਕਵਿਤਾ)

ਸਭ ਜੂਠੀਆਂ ਚੀਜ਼ਾਂ ਨੇ

ਸਭ ਜੂਠੀਆਂ ਚੀਜ਼ਾਂ ਨੇ, ਕੀ ਮੈਂ ਭੇਟ ਚੜ੍ਹਾਵਾਂ ਤੇਰੀ ?

ਕੀਤਾ ਤਨ ਮਨ ਅਰਪਣ ਮੈਂ, ਇਹ ਭੇਟ ਕਬੂਲੋ ਮੇਰੀ।

ਦੁੱਧ ਤਾਂ ਵਛੜੇ ਨੇ ਜੂਠਾ ਕੀਤਾ,

ਕਿੰਝ ਤੈਨੂੰ ਭੋਗ ਲਗਾਵਾਂ ਮੀਤਾ!

ਦੁੱਧ ਸੁੱਚਮ ਸੁੱਚਾ ਦੇ, ਨਹੀਂ ਲੱਭਦੀ ਕੋਈ ਲਵੇਰੀ।

ਕੀਤਾ ਤਨ ਮਨ ਅਰਪਣ ਮੈਂ, ਇਹ ਭੇਟ ਕਬੂਲੋ ਮੇਰੀ।

ਭੰਵਰੇ ਮਾਣ ਲਈ ਛੋਹ ਫੁੱਲਾਂ ਦੀ,

ਬਾਸ ਗਈ ਹੈ ਖ਼ੁਸ਼ਬੋਅ ਫੁੱਲਾਂ ਦੀ।

ਰਹੀ ਕਾਇਮ ਤਾਜ਼ਗੀ ਨਾ, ਫੁੱਲ ਨੇ ਲਾਈ ਵਾਹ ਬਥੇਰੀ।

ਕੀਤਾ ਤਨ ਮਨ ਅਰਪਣ ਮੈਂ, ਇਹ ਭੇਟ ਕਬੂਲੋ ਮੇਰੀ।

ਜਲ ਨੂੰ ਮੱਛਲੀ ਨੇ ਗੰਧਲਾਇਆ,

ਚੰਦਨ ਨੂੰ ਵੱਲ ਨਾਗਾਂ ਪਾਇਆ।

ਬਿੱਖ ਅੰਮ੍ਰਿਤ ਸੰਗ ਵੱਸਦਾ, ਦੋਹਾਂ ਵਿੱਚ ਹੈ ਸਾਂਝ ਪਕੇਰੀ।

ਕੀਤਾ ਤਨ ਮਨ ਅਰਪਣ ਮੈਂ, ਇਹ ਭੇਟ ਕਬੂਲੋ ਮੇਰੀ।

ਪੂਜਣ ਯੋਗ ਸਮੱਗਰੀ ਸਾਰੀ,

ਪਹਿਲਾਂ ਤੋਂ ਹੋ ਗਈ ਵਿਕਾਰੀ।

‘ਚੋਹਲੇ’ ਵਾਲਾ ‘ਬੱਗਾ’ ਤਾਂ ਤਾਹੀਉਂ, ਢਾਹੀ ਬੈਠਾ ਢੇਰੀ।

ਸਭ ਜੂਠੀਆਂ ਚੀਜਾਂ ਨੇ, ਕੀ ਮੈਂ ਭੇਟ ਚੜ੍ਹਾਵਾਂ ਤੇਰੀ ?

 ——੦—–               

-ਰਮੇਸ਼ ਬੱਗਾ ਚੋਹਲਾ #੧੩੪੮/੧੭/੧ ਗਲੀ ਨੰ :੮  ਰਿਸ਼ੀ ਨਗਰ ਅੇਕਸਟੈਂਸ਼ਨ (ਲੁਧਿਆਣਾ) ਮੋਬ: ੯੪੬੩੧-੩੨੭੧੯