ਜਿਤੁ ਪੀਤੈ ਮਤਿ ਦੂਰਿ ਹੋਇ

0
1039

ਜਿਤੁ ਪੀਤੈ ਮਤਿ ਦੂਰਿ ਹੋਇ

ੴ ਸਤਿ ਗੁਰ ਪ੍ਰਸਾਦਿ

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ,

ਹੈਡਮਾਸਟਰ (ਸੇਵਾ ਮੁਕਤ), 105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-੯੯੧੫੫-੧੫੪੩੬

ਮਨੁੱਖਾ ਜੂਨ ਸਾਰੀਆਂ ਜੂਨਾਂ ਵਿੱਚੋਂ ਸਰਵੋਤਮ ਜੂਨ ਹੈ। ਪ੍ਰਮਾਤਮਾ ਵੱਲੋਂ ਬਖਸ਼ੇ ਹੋਏ ਪੂਰਨ ਵਿਕਸਤ ਦਿਮਾਗ਼ ਕਾਰਨ ਮਨੁੱਖ ਵਿੱਦਿਆ ਹਾਸਲ ਕਰ ਕੇ ਪੱਥਰ ਯੁੱਗ ਤੋਂ ਅੱਜ ਦੇ ਕੰਪਿਊਟਰ ਅਤੇ ਸਪੇਸ ਯੁੱਗ ਤੱਕ ਤਰੱਕੀ ਕਰ ਚੁੱਕਾ ਹੈ ਅਤੇ ਕੁਦਰਤ ਦੇ ਡੂੰਘੇ ਭੇਦਾਂ ਨੂੰ ਲੱਭਣ ਵਿੱਚ ਲੱਗਿਆ ਹੋਇਆ ਹੈ, ਪ੍ਰੰਤੂ ਜੇ ਪ੍ਰਮਾਤਮਾ ਵੱਲੋਂ ਬਖਸ਼ਸ਼ ਕੀਤੇ ਹੋਏ ਦਿਮਾਗ਼ ਦੀ ਠੀਕ ਵਰਤੋਂ ਨਾ ਕਰੇ ਅਤੇ ਗੁਰ ਉਪਦੇਸ਼ ਅਨੁਸਾਰ ਆਪਣਾ ਜੀਵਨ ਨਾ ਢਾਲੇ ਤਾਂ ਇਸ ਦਾ ਜੀਵਨ ਪਸ਼ੂਆਂ ਦੀ ਨਿਆਈਂ ਹੋ ਜਾਵੇਗਾ ਅਤੇ ਕਈ ਵਾਰ ਤਾਂ ਪਸ਼ੂਆਂ ਤੋਂ ਵੀ ਨੀਵੇਂ ਦਰਜੇ ਦਾ ਜੀਵਨ ਜਿਊਣ ਲਈ ਮਜਬੂਰ ਹੋ ਜਾਂਦਾ ਹੈ।

ਮਨੁੱਖੀ ਸਰੀਰ ਪ੍ਰਮਾਤਮਾ ਵੱਲੋਂ ਸਾਜਿਆ ਹੋਇਆ ਹਰਿ ਮੰਦਰ ਹੈ, ਜਿਸ ਵਿੱਚ ਪ੍ਰਮਾਤਮਾ ਦਾ ਵਾਸਾ ਹੈ, ਪਰ ਇਸ ਦੀ ਸੋਝੀ ਗੁਰੂ ਦੇ ਗਿਆਨ ਨਾਲ ਹੀ ਹੁੰਦੀ ਹੈ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ :

ਹਰਿ ਮੰਦਰੁ ਏਹੁ ਸਰੀਰੁ ਹੈ; ਗਿਆਨਿ ਰਤਨਿ ਪਰਗਟੁ ਹੋਇ (: /੧੩੪੬)

ਇਸ ਸਰੀਰ ਰੂਪੀ ਮੰਦਰ ਵਿੱਚ ਨਾਮ ਦਾ ਖਜ਼ਾਨਾ ਭਰਿਆ ਪਿਆ ਹੈ, ਜਿਸ ਨੂੰ ਮੂਰਖ ਮਨੁੱਖ ਨਹੀਂ ਸਮਝਦਾ। ਗੁਰਬਾਣੀ ਦਾ ਫ਼ੁਰਮਾਨ ਹੈ :

ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ; ਨਾ ਬੂਝਹਿ ਮੁਗਧ ਗਵਾਰ (: /੧੩੪੬)

ਜੇ ਇਹ ਸਰੀਰ ਏਨਾ ਉੱਤਮ ਹੈ ਤਾਂ ਇਸ ਨੂੰ ਅਰੋਗ ਰੱਖਣਾ ਮਨੁੱਖ ਦਾ ਮੁੱਢਲਾ ਫ਼ਰਜ਼ ਹੈ। ਸਰੀਰ ਨੂੰ ਅਰੋਗ ਰੱਖਣ ਲਈ ਇਸ ਨੂੰ ਪੌਸ਼ਟਿਕ ਖ਼ੁਰਾਕ ਮਿਲਣੀ ਚਾਹੀਦੀ ਹੈ। ਇਸ ਸਰੀਰ ਰੂਪੀ ਮੰਦਰ ਵਿੱਚ ਕੋਈ ਅਜਿਹੀ ਖ਼ੁਰਾਕ ਨਹੀਂ ਜਾਣੀ ਚਾਹੀਦੀ, ਜੋ ਇਸ ਦਾ ਰੂਪ ਵਿਗਾੜ ਦੇਵੇ। ਮਨੁੱਖ ਤੋਂ ਬਿਨਾ ਬਾਕੀ ਸਾਰੇ ਜੀਵ ਵੀ ਉਹੀ ਖ਼ੁਰਾਕ ਲੱਭਦੇ ਹਨ, ਜੋ ਉਹਨਾਂ ਦੇ ਸਰੀਰ ਦੇ ਅਨੁਕੂਲ ਹੋਵੇ, ਪ੍ਰੰਤੂ ਮਨੁੱਖ ਨੂੰ ਪੂਰਨ ਸੋਝੀ ਹੁੰਦਿਆਂ ਹੋਇਆਂ ਵੀ ਉਹ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਆਹਾਰ ਦਾ ਆਦੀ ਹੋ ਜਾਂਦਾ ਹੈ। ਸਿਹਤ ਸੰਭਾਲ਼ ਲਈ ਸੰਸਾਰ ਭਰ ਦੇ ਸਾਰੇ ਧਰਮ ਕਿਸੇ ਵੀ ਕਿਸਮ ਦਾ ਨਸ਼ਾ ਨਾ ਕਰਨ ਦਾ ਹੀ ਉਪਦੇਸ਼ ਦਿੰਦੇ ਹਨ। ਜਿੰਨੇ ਵੀ ਰਿਸ਼ੀ ਮੁਨੀ, ਪੀਰ ਪੈਗ਼ੰਬਰ ਹੋਏ ਹਨ, ਉਹ ਨਸ਼ਿਆਂ ਦਾ ਸੇਵਨ ਨਹੀਂ ਕਰਦੇ ਸਨ ਸਗੋਂ ਮਨੁੱਖਤਾ ਨੂੰ ਇਸ ਤੋਂ ਬਚਣ ਦਾ ਉਪਦੇਸ਼ ਦਿੰਦੇ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜੋ ਸਮੁੱਚੀ ਮਾਨਵਤਾ ਦੀ ਸਮਾਜਕ, ਆਰਥਕ, ਰਾਜਨੀਤਕ ਅਤੇ ਇੱਥੋਂ ਤੱਕ ਕਿ ਸਿਹਤ ਸੰਬੰਧੀ ਵੀ ਅਗਵਾਈ ਕਰਦੀ ਹੈ, ਹਰ ਪ੍ਰਕਾਰ ਦੇ ਨਸ਼ਿਆਂ ਤੋਂ ਬਚਣ ਲਈ ਉਪਦੇਸ਼ ਦਿੰਦੀ ਹੈ। ਇਹ ਉਪਦੇਸ਼ ਸਰਬ ਸਾਂਝਾ ਹੈ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ :

ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ (: /੭੪੭)

ਸ਼ਰਾਬ, ਤੰਮਾਕੂ ਜਾਂ ਕਿਸੇ ਹੋਰ ਨਸ਼ੇ ਦਾ ਵਪਾਰ ਕਰਨਾ ਜਾਂ ਸੇਵਨ ਕਰਨਾ ਗੁਰਮਤਿ ਦੇ ਵਿਰੁੱਧ ਹੈ ਕਿਉਂਕਿ ਅਜਿਹੇ ਨਸ਼ੇ ਪਸ਼ੂ ਬਿਰਤੀ ਵਾਲੇ ਅਤੇ ਵਿਭਚਾਰੀ ਲੋਕਾਂ ਦੀ ਖ਼ੁਰਾਕ ਹੈ। ਨਸ਼ੇ ਕਰਨ ਵਾਲੇ ਮਨੁੱਖ ਨੂੰ ਆਪਣੇ ਤੇ ਪਰਾਏ ਦੀ ਪਛਾਣ ਨਹੀਂ ਰਹਿੰਦੀ। ਇਹਨਾਂ ਦੇ ਪ੍ਰਭਾਵ ਅਧੀਨ ਮਨੁੱਖ ਹਰ ਕਿਸਮ ਦੇ ਵਿਕਾਰਾਂ ਵਿੱਚ ਗ੍ਰਸਤ ਹੋ ਜਾਂਦਾ ਹੈ ਅਤੇ ਪਸ਼ੂ ਬਿਰਤੀ ਵੱਲ ਧੱਕਿਆ ਜਾਂਦਾ ਹੈ। ਉਸ ਦੀ ਹਾਲਤ ਨੂੰ ਬਿਆਨ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫ਼ੁਰਮਾਉਂਦੇ ਹਨ :

ਕਰਤੂਤਿ ਪਸੂ ਕੀ; ਮਾਨਸ ਜਾਤਿ   ਲੋਕ ਪਚਾਰਾ; ਕਰੈ ਦਿਨੁ ਰਾਤਿ (: /੨੬੭)

ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਚਿਤਾਵਨੀ ਦਿੰਦੀ ਹੈ ਕਿ ਹੇ ਮਨੁੱਖ ! ਤੂੰ ਅਜਿਹੇ ਨਸ਼ਿਆਂ ਵਿੱਚ ਗਲਤਾਨ ਹੋ ਕੇ ਆਪਣਾ ਜੀਵਨ ਅਜਾਈਂ ਨਾ ਗੁਆ।  ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ :

ਮਾਣਸੁ ਭਰਿਆ ਆਣਿਆ; ਮਾਣਸੁ ਭਰਿਆ ਆਇ  

ਜਿਤੁ ਪੀਤੈ, ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ  

ਆਪਣਾ ਪਰਾਇਆ ਪਛਾਣਈ; ਖਸਮਹੁ ਧਕੇ ਖਾਇ  

ਜਿਤੁ ਪੀਤੈ, ਖਸਮੁ ਵਿਸਰੈ; ਦਰਗਹ ਮਿਲੈ ਸਜਾਇ  

ਝੂਠਾ ਮਦੁ, ਮੂਲਿ ਪੀਚਈ; ਜੇ ਕਾ ਪਾਰਿ ਵਸਾਇ

(: /੫੫੪)

ਨਸ਼ਾ ਭਾਵੇਂ ਕੋਈ ਵੀ ਕੀਤਾ ਜਾਵੇ ਉਸ ਦਾ ਪ੍ਰਭਾਵ ਜਿੱਥੇ ਸਾਡੇ ਤਨ ’ਤੇ ਪੈਂਦਾ ਹੈ ਉੱਥੇ ਮਨ ਦੇ ਉੱਤੇ ਵੀ ਭੈੜਾ ਅਸਰ ਕਰਦਾ ਹੈ, ਜਿਸ ਨਾਲ ਮਨੁੱਖ ਮਾਨਸਿਕ ਰੋਗੀ ਹੋ ਜਾਂਦਾ ਹੈ। ਨਸ਼ੇ ਸਾਡੇ ਸਰੀਰ ਦੀ ਪਾਚਨ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੇ ਹਨ ਜਿਸ ਕਾਰਨ ਖ਼ੁਰਾਕ ਵੀ ਠੀਕ ਤਰੀਕੇ ਨਾਲ ਹਜ਼ਮ ਨਹੀਂ ਹੁੰਦੀ ਅਤੇ ਸਾਡਾ ਲਿਵਰ ਤੇ ਗੁਰਦੇ ਵੀ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਸਰੀਰ ਦੀਆਂ ਨਾੜਾਂ ਨਸ਼ੇ ਕਾਰਨ ਸੁੰਗੜ ਜਾਂਦੀਆਂ ਹਨ, ਜਿਸ ਨਾਲ ਖ਼ੂਨ ਦੀ ਪ੍ਰਕਿਰਿਆ ਵੀ ਘਟਣ ਲੱਗ ਜਾਂਦੀ ਹੈ। ਕਈ ਵਾਰ ਤਾਂ ਨਸ਼ੇ ਦੀ ਆਦਤ ਏਨੀ ਵਧ ਜਾਂਦੀ ਹੈ ਕਿ ਮਨੁੱਖ ਨੂੰ ਰੋਟੀ ਭਾਵੇਂ ਨਾ ਮਿਲੇ ਪਰ ਨਸ਼ਾ ਜ਼ਰੂਰ ਮਿਲਣਾ ਚਾਹੀਦਾ ਹੈ। ਇਸ ਤਰ੍ਹਾਂ ਨਸ਼ਿਆਂ ਨਾਲ ਮਨੁੱਖ ਆਪਣਾ ਪਰਿਵਾਰਕ ਜੀਵਨ ਵੀ ਆਮ ਤੌਰ ’ਤੇ ਬਰਬਾਦ ਕਰ ਲੈਂਦਾ ਹੈ ਅਤੇ ਨਾਲ ਹੀ ਮਾਨਸਿਕ ਰੋਗੀ ਵੀ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਫ਼ੁਰਮਾਉਂਦੇ ਹਨ ਕਿ ਜੇ ਅਮਲ ਕਰਨਾ ਹੀ ਹੈ ਤਾਂ ਸੱਚੇ ਨਾਮ ਦਾ ਕਰੋ, ਜਿਸ ਨਾਲ ਤਨ ਤੇ ਮਨ ਵਿਕਾਰਾਂ ਤੋਂ ਬਚੇ ਰਹਿੰਦੇ ਹਨ। ਆਪ ਜੀ ਦਾ ਫ਼ੁਰਮਾਨ ਹੈ ਕਿ ਭੈੜੀ ਮੱਤ ਦਾ ਨਸ਼ਾ ਤਿਆਗ ਕੇ ਨਾਮ ਅੰਮ੍ਰਿਤ ਪੀ ਕੇ ਸੱਚੇ ਅਮਲੀ ਬਣੋ :

ਦੁਰਮਤਿ ਮਦੁ ਜੋ ਪੀਵਤੇ; ਬਿਖਲੀ ਪਤਿ ਕਮਲੀ  

ਰਾਮ ਰਸਾਇਣਿ ਜੋ ਰਤੇ; ਨਾਨਕ ਸਚ ਅਮਲੀ (: /੩੯੯)

ਸ਼ਰਾਬ ਇੱਕ ਐਸੀ ਅਪਵਿੱਤਰ ਚੀਜ਼ ਹੈ ਕਿ ਜੇਕਰ ਗੰਗਾ ਜਲ, ਜਿਸ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ, ਵੀ ਇਸ ਵਿੱਚ ਮਿਲਾ ਦਿੱਤਾ ਜਾਵੇ ਫਿਰ ਵੀ ਇਹ ਪੀਣ ਯੋਗ ਨਹੀਂ ਰਹਿੰਦੀ ਤੇ ਨਾ ਹੀ ਪਵਿੱਤਰ ਹੋ ਸਕਦੀ ਹੈ : ‘‘ਸੁਰਾ ਅਪਵਿਤ੍ਰ, ਨਤ ਅਵਰ ਜਲ ਰੇ ! ਸੁਰਸਰੀ ਮਿਲਤ, ਨਹਿ ਹੋਇ ਆਨੰ ’’ (ਮਲਾਰ, ਭਗਤ ਰਵਿਦਾਸ ਜੀ, ਪੰਨਾ ੧੨੯੩), ਸੋ ਸ਼ਰਾਬ ਤੇ ਹੋਰ ਕਈ ਪ੍ਰਕਾਰ ਦੇ ਰਸਾਂ ਕਸਾਂ ਦੀ ਵਰਤੋਂ ਕਰਨ ਨਾਲ ਮਨੁੱਖ ਨੂੰ ਕਈ ਪ੍ਰਕਾਰ ਦੇ ਰੋਗ ਲੱਗ ਜਾਂਦੇ ਹਨ ਤੇ ਮਨੁੱਖ ਵਿਕਾਰੀ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ :

ਖਸਮੁ ਵਿਸਾਰਿ; ਕੀਏ ਰਸ ਭੋਗ    ਤਾਂ, ਤਨਿ ਉਠਿ ਖਲੋਏ ਰੋਗ (: /੧੨੫੬)

ਭਾਈ ਦੇਸਾ ਸਿੰਘ ਜੀ ਰਹਿਤਨਾਮੇ ਵਿੱਚ ਲਿਖਦੇ ਹਨ :

ਕੁੱਠਾ ਹੁੱਕਾ ਚਰਸ ਤਮਾਕੂ। ਗਾਂਜਾ ਟੋਪੀ ਤਾੜੀ ਖਾਕੂ

ਇਨ ਕੀ ਓਰ ਨਾ ਕਬਹੂੰ ਦੇਖੇ  ਰਹਿਤਵੰਤ ਜੋ ਸਿੰਘ ਵਿਸੇਖੇ

                         ਅਤੇ

ਪਰ ਨਾਰੀ, ਜੂਆ, ਅਸਤਿ, ਚੋਰੀ, ਮਦਰਾ ਜਾਨ

ਪਾਂਚ ਐਬ ਯਿਹ ਜਗਤ ਮੈ, ਤਜੈ ਸੁ ਸਿੰਘ ਸੁਜਾਨ

ਨਸ਼ਿਆਂ ਤੋਂ ਬਚਣ ਦੇ ਉਪਾਅ ਤੇ ਵਿਚਾਰ ਕਰਨ ਤੋਂ ਪਹਿਲਾਂ ਵੇਖੀਏ ਕਿ ਨਸ਼ੇ ਕਿਉਂ ਕੀਤੇ ਜਾਂਦੇ ਹਨ, ਇਸ ਦੇ ਕੀ ਕਾਰਨ ਹਨ। ਕੁੱਝ ਲੋਕ ਭੁਲੇਖੇ ਵਿੱਚ ਜਾਂ ਸ਼ੌਂਕ ਵਿੱਚ ਵੀ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। ਨੌਜਵਾਨ ਲੜਕੇ ਤੇ ਲੜਕੀਆਂ ਆਪਣੇ ਦੋਸਤਾਂ ਮਿੱਤਰਾਂ ਦੇ ਉਕਸਾਉਣ ’ਤੇ ਨਸ਼ੇ ਦਾ ਸੁਆਦ ਚੱਖਣ ਲਈ ਇਹਨਾਂ ਦੀ ਗ੍ਰਿਫ਼ਤ ਵਿੱਚ ਆ ਜਾਂਦੇ ਹਨ ਤੇ ਹੌਲੀ ਹੌਲੀ ਇਸ ਦੇ ਆਦੀ ਹੋ ਜਾਂਦੇ ਹਨ। ਮਜਦੂਰੀ ਆਦਿ ਦਾ ਭਾਰੀ ਕੰਮ ਕਰਨ ਵਾਲੇ ਲੋਕਾਂ ਵਿੱਚ ਇਹ ਭਰਮ ਫੈਲਾਇਆ ਗਿਆ ਹੈ ਕਿ ਨਸ਼ਾ ਕਰਨ ਨਾਲ ਥਕਾਵਟ ਨਹੀਂ ਹੁੰਦੀ ਤੇ ਕੰਮ ਵੱਧ ਹੁੰਦਾ ਹੈ। ਕਈ ਵਾਰ ਮਾਲਕ ਵੱਧ ਕੰਮ ਲੈਣ ਦੇ ਲਾਲਚ ਵਿੱਚ ਆਪ ਹੀ ਮਜਦੂਰਾਂ ਨੂੰ ਨਸ਼ਿਆਂ ਵੱਲ ਲਾ ਦਿੰਦੇ ਹਨ। ਸਮਾਂ ਪਾ ਕੇ ਉਹ ਇਸ ਬਿਨਾਂ ਰਹਿ ਹੀ ਨਹੀਂ ਸਕਦੇ। ਨਸ਼ਿਆਂ ਦੇ ਵਪਾਰੀ ਆਪਣਾ ਮਾਲ ਵੇਚਣ ਲਈ ਨੌਜਵਾਨਾਂ ਨੂੰ ਪਹਿਲਾਂ ਮੁਫ਼ਤ ਨਸ਼ਾ ਦਿੰਦੇ ਹਨ। ਜਦੋਂ ਉਹ ਆਦੀ ਹੋ ਜਾਂਦੇ ਹਨ ਤਾਂ ਹੱਥ ਖਿੱਚ ਲੈਂਦੇ ਹਨ ਤੇ ਫਿਰ ਉਹ ਆਪਣੀ ਕਮਾਈ ਨਸ਼ਿਆਂ ਵਿੱਚ ਰੋੜਨੀ ਸ਼ੁਰੂ ਕਰ ਦਿੰਦੇ ਹਨ।

ਮਾਂ ਬਾਪ ਦੀ ਰੁਝੇਵਿਆਂ ਭਰੀ ਜ਼ਿੰਦਗੀ ਵੀ ਕਈ ਵਾਰ ਬੱਚਿਆਂ ਨੂੰ ਨਸ਼ਿਆਂ ਵੱਲ ਧਕੇਲ ਦਿੰਦੀ ਹੈ। ਜੇਕਰ ਘਰ ਵਿੱਚ ਬਜੁਰਗ ਜਾਂ ਮਾਂ ਬਾਪ ਨਸ਼ਾ ਕਰਦੇ ਹੋਣ ਤਾਂ ਵੇਖਾ ਵੇਖੀ ਬੱਚੇ ਵੀ ਇਸ ਪਾਸੇ ਲੱਗ ਜਾਂਦੇ ਹਨ। ਨਕਲੀ ਡਾਕਟਰ, ਨੀਮ ਹਕੀਮ ਤੇ ਦਵਾਈ ਵਿਕ੍ਰੇਤਾ ਵੀ ਆਪਣੇ ਨਿੱਜੀ ਲਾਭ ਲਈ ਨਸ਼ੇ ਦੇ ਟੀਕੇ ਤੇ ਕੈਪਸੂਲ ਵੇਚ ਕੇ ਆਪਣੀ ਕਮਾਈ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੰਦੇ ਹਨ। ਬਗੈਰ ਧਰਮ ਦੀ ਕਿਰਤ ਤੋਂ ਸੌਖੇ ਤਰੀਕੇ ਨਾਲ ਪ੍ਰਾਪਤ ਹੋਇਆ ਧਨ ਵੀ ਬਰਬਾਦੀ ਦਾ ਕਾਰਨ ਬਣਦਾ ਹੈ। ਨੌਜਵਾਨ ਅਜਿਹੀ ਕਮਾਈ ਨਸ਼ਿਆਂ ਵਿੱਚ ਰੋੜ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ। ਸਾਡਾ ਰਾਜਨੀਤਕ ਤੇ ਪ੍ਰਸ਼ਾਸਨੀ ਢਾਂਚਾ ਵੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਲੋਕਾਂ ਨੂੰ ਨਸ਼ਿਆਂ ਵਿੱਚ ਲਾਉਣ ਲਈ ਜ਼ਿੰਮੇਵਾਰ ਹੈ। ਵੋਟਾਂ ਦੇ ਦਿਨਾਂ ਵਿੱਚ ਇਸ ਦੀ ਖੁੱਲ੍ਹੇ ਆਮ ਵਰਤੋਂ ਹੁੰਦੀ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਦੰਪਤੀ (ਪਤੀ-ਪਤਨੀ ਦੀ ਜੋੜੀ) ਲਈ ਅਨੰਦ ਕਾਰਜ ਸਮੇਂ ਹੀ ਅੰਮ੍ਰਿਤ ਦੇ ਧਾਰਨੀ ਹੋਣਾ ਜ਼ਰੂਰੀ ਕਰਾਰ ਦਿੱਤਾ ਸੀ। ਇਸ ਪਿੱਛੇ ਉਹਨਾਂ ਦੀ ਦੂਰ ਦਰਸ਼ੀ ਤੇ ਵਿਗਿਆਨਕ ਸੋਚ ਕੰਮ ਕਰਦੀ ਸੀ। ਜੇਕਰ ਮਾਂ ਬਾਪ ਨਸ਼ਾ ਰਹਿਤ ਹੋਣਗੇ ਤਾਂ ਉਹਨਾਂ ਦੀ ਔਲਾਦ ਵੀ ਪੂਰੀ ਤਰ੍ਹਾਂ ਸਿਹਤਯਾਬ ਤੇ ਨਸ਼ਾ ਮੁਕਤ ਹੋਵੇਗੀ। ਨਸ਼ਾ ਰਹਿਤ ਕੌਮ ਦੀ ਸਿਰਜਣਾ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਤਿਆਰ ਕੀਤੀ ਸੀ। ਇਸੇ ਕਰ ਕੇ ਖ਼ਾਲਸਾ ਕੌਮ ’ਤੇ ਕਿੰਨੇ ਵੀ ਝੱਖੜ ਤੇ ਹਨੇਰੀਆਂ ਝੂਲਦੇ ਰਹੇ ਤੇ ਘੋਰ ਸੰਕਟ ਦੇ ਸਮੇਂ ਵਿੱਚ ਵੀ ਕਿਸੇ ਸਿੱਖ ਨੇ ਨਸ਼ੇ ਨੂੰ ਹੱਥ ਤੱਕ ਨਾ ਲਾਇਆ।  ਗੁਰੂ ਸਾਹਿਬ ਦੇ ਪਾਏ ਪੂਰਨਿਆਂ ’ਤੇ ਚੱਲਣ ਨਾਲ ਮਨੁੱਖ ਵਿੱਚ ਪੂਰਨ ਸੋਝੀ ਆਉਂਦੀ ਹੈ ਕਿਉਂਕਿ ਅਜਿਹੇ ਵਿਅਕਤੀ ਮਾਨਸਕ, ਆਰਥਕ, ਸਮਾਜਕ ਤੇ ਰਾਜਨੀਤਕ ਤੌਰ ’ਤੇ ਅਜ਼ਾਦ ਹੁੰਦੇ ਹਨ। ਅਮਲੀ ਤੌਰ ’ਤੇ ਅੱਜ ਅਸੀਂ ਇਹਨਾਂ ਅਸੂਲਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਜਿਸ ਕਰ ਕੇ ਕੌਮ ਗਿਰਾਵਟ ਵੱਲ ਜਾ ਰਹੀ ਹੈ। ਗੁਰੂ ਸਾਹਿਬ ਦੇ ਇਹ ਬਚਨ ਅੱਜ ਸਾਡੇ ’ਤੇ ਇੰਨ-ਬਿੰਨ ਲਾਗੂ ਹੋ ਰਹੇ ਹਨ।

ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ਼ ਦੀਉ ਮੈ ਸਾਰਾ

ਜਬ ਇਹ ਗਹੇਂ ਬਿਪਰਣ ਕੀ ਰੀਤ ਮੈ ਨਾ ਕਰੂੰ ਇਨ ਕੀ ਪਰਤੀਤ

ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ :

ਅੰਮ੍ਰਿਤ ਕਾ ਵਾਪਾਰੀ ਹੋਵੈ; ਕਿ ਮਦਿ ਛੂਛੈ ਭਾਉ ਧਰੇ  ? (: /੩੬੦)

ਕੌਮ ਨੂੰ ਚੜ੍ਹਦੀ ਕਲਾ ਵੱਲ ਲੈ ਜਾਣ ਲਈ ਨੌਜਵਾਨਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਜੇਕਰ ਨੌਜਵਾਨ ਪੀੜ੍ਹੀ ਹੀ ਕਿਸੇ ਵੀ ਕਾਰਨ ਗੁਮਰਾਹ ਹੋ ਕੇ ਨਸ਼ਿਆਂ ਵਿੱਚ ਗਲਤਾਨ ਹੋ ਗਈ ਤਾਂ ਕੌਮ ਦਾ ਭਵਿੱਖ ਖ਼ਤਰੇ ਵਿੱਚ ਪੈ ਜਾਵੇਗਾ। ਡਾ. ਇਕਬਾਲ ਨੇ ਠੀਕ ਹੀ ਕਿਹਾ ਹੈ :

ਖੁਦਾ ਨੇ ਆਜ ਤੱਕ ਉਸ ਕੌਮ ਕੀ ਤਕਦੀਰ ਨਹੀਂ ਬਦਲੀਨਾ ਹੋ ਅਹਿਸਾਸ ਜਿਸ ਕੋ ਆਪਣੇ ਹਾਲਾਤ ਬਦਲਣੇ ਕਾ

ਇਸ ਲਈ ਆਪਣੇ ਹਾਲਾਤਾਂ ਨੂੰ ਬਦਲਣ ਲਈ ਨੌਜਵਾਨ ਵਰਗ ਨੂੰ ਹੰਭਲਾ ਮਾਰਨਾ ਪਵੇਗਾ ਤੇ ਨਸ਼ਿਆਂ ਦਾ ਪੂਰਨ ਤਿਆਗ ਕਰ ਕੇ ਉਸ ਖ਼ੁਰਾਕ ਖਾਣ ਵੱਲ ਧਿਆਨ ਦੇਣਾ ਪਵੇਗਾ, ਜੋ ਸਰੀਰ ਨੂੰ ਅਰੋਗ ਰੱਖ ਸਕੇ ਤੇ ਤਨ ਵਿੱਚ ਵਿਕਾਰ ਪੈਦਾ ਨਾ ਕਰੇ। ਗੁਰੂ ਨਾਨਕ ਦੇਵ ਜੀ ਇਸ ਸਬੰਧੀ ਮਨੁੱਖ ਨੂੰ ਅਗਵਾਈ ਦਿੰਦੇ ਹੋਏ ਫ਼ੁਰਮਾਉਂਦੇ ਹਨ :

ਬਾਬਾਹੋਰੁ ਖਾਣਾ, ਖੁਸੀ ਖੁਆਰੁ   ਜਿਤੁ ਖਾਧੈ, ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ਰਹਾਉ (: /੧੬)

ਸਾਂਈ ਬੁੱਲੇ ਸ਼ਾਹ ਦਾ ਇਹ ਕਹਿਣਾ ਕਿ ਬੁੱਲ੍ਹਿਆ ਰਬ ਦਾ ਕੀ ਪਾਉਣਾ। ਏਧਰੋਂ ਪੁਟਣਾ ਉਧਰ ਲਾਉਣਾ॥ ਦੇ ਸਿਧਾਂਤ ’ਤੇ ਅਮਲ ਕਰ ਕੇ ਮਾਰੂ ਨਸ਼ਿਆਂ ਦਾ ਤਿਆਗ ਕਰ ਕੇ ਉਸਾਰੂ ਨਸ਼ਿਆਂ ਨੂੰ ਅਪਣਾਅ ਲਈਏ। ਚੰਗੇ ਕੰਮਾਂ ਦਾ ਨਸ਼ਾ, ਸੇਵਾ ਦਾ ਨਸ਼ਾ, ਸਿਮਰਨ ਦਾ ਨਸ਼ਾ ਅਤੇ ਜੀਵਨ ਵਿੱਚ ਤਰੱਕੀ ਕਰਨ ਦਾ ਨਸ਼ਾ ਅਪਣਾਅ ਕੇ ਆਪਣਾ ਜੀਵਨ ਗੁਰੂ ਦੇ ਦੱਸੇ ਰਾਹ ਅਨੁਸਾਰ ਸਫਲ ਕਰੀਏ।

ਚੀਨ ਦੀ ਉਦਾਹਰਨ ਸਾਡੇ ਸਾਹਮਣੇ ਹੈ। ਚੀਨੀ ਲੋਕ ਅਫੀਮ ਦਾ ਨਸ਼ਾ ਕਰਨ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸਨ ਤੇ ਉਹਨਾਂ ਦੀਆਂ ਔਰਤਾਂ ਖੇਤਾਂ ਵਿੱਚ ਕੰਮ ਕਰਦੀਆਂ ਸਨ। ਜਦੋਂ ਚੀਨ ਅਜ਼ਾਦ ਹੋਇਆ ਤਾਂ ਸਰਕਾਰ ਨੇ ਸਖ਼ਤੀ ਨਾਲ ਨਸ਼ਿਆਂ ਅਤੇ ਅਬਾਦੀ ’ਤੇ ਕੰਟਰੋਲ ਕੀਤਾ। ਬੱਚਿਆਂ ਨੂੰ ਸਕੂਲਾਂ ਕਾਲਜਾਂ ਰਾਹੀਂ ਵਿੱਦਿਆ ਦਾ ਨਸ਼ਾ ਦੇ ਕੇ ਕੌਮ ਦੇ ਅਨਮੋਲ ਹੀਰੇ ਬਣਾ ਦਿੱਤਾ। ਉਦਯੋਗਾਂ ਵਿੱਚ ਤਰੱਕੀ ਕਰ ਕੇ ਸੰਸਾਰ ਵਿੱਚ ਕ੍ਰਾਂਤੀ ਲੈ ਆਂਦੀ।  ਸੰਸਾਰਭਰ ਵਿੱਚ ਚੀਨੀ ਲੋਕ ਮਹਿੰਗੇ ਤੋਂ ਮਹਿੰਗਾ ਅਤੇ ਸਸਤੇ ਤੋਂ ਸਸਤਾ ਸਮਾਨ ਵੇਚਣ ਵਿੱਚ ਕਾਮਯਾਬ ਹੋ ਗਏ ਹਨ।  ਅਸੀਂ ਵੀ ਇਹਨਾਂ ਲੋਕਾਂ ਦੇ ਪਦ ਚਿੰਨ੍ਹਾਂ ’ਤੇ ਚੱਲ ਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰੀਏ।

ਮਨੁੱਖ ਦਾ ਬਚਾਓ ਕੇਵਲ ਬਿਬੇਕ ਬੁੱਧੀ ਵਿੱਚ ਹੀ ਹੈ। ਅਸੀਂ ਹਰ ਰੋਜ ਅਰਦਾਸ ਵਿੱਚ ਵੀ ਮਨ ਨੀਵਾਂ ਤੇ ਮੱਤ ਉੱਚੀ ਦੀ ਮੰਗ ਕਰਦੇ ਹਾਂ। ਉੱਚੀ ਮੱਤ ਦੇ ਨਾਲ ਹੀ ਨਸ਼ਿਆਂ ਵਰਗੀ ਜਿੱਲ੍ਹਣ ਤੋਂ ਮਨੁੱਖ ਅਜ਼ਾਦ ਹੋ ਸਕਦਾ ਹੈ। ਕਿਸੇ ਛੋਟੇ ਮੋਟੇ ਘਰਾਣੇ ਜਾਂ ਕੌਮ ਦੀ ਗੱਲ ਕੀ ਕਰੀਏ, ਸਮੇਂ ਨੇ ਵੱਡੇ ਵੱਡੇ ਰਾਜਿਆਂ ਦੇ ਰਾਜ ਭਾਗ ਨਸ਼ਿਆਂ ਦੀ ਭੱਠੀ ਵਿੱਚ ਸਾੜ ਕੇ ਸੁਆਹ ਕਰ ਦਿੱਤੇ।  ਮੁਗਲ ਹਕੂਮਤ ਦੇ ਆਖਰੀ ਬਾਦਸ਼ਾਹ ਸ਼ਰਾਬ ਦੇ ਪਿਆਲੇ ਵਿੱਚ ਆਪਣਾ ਰਾਜ ਭਾਗ ਡੋਬ ਗਏ। ਹੋਰ ਤਾਂ ਹੋਰ ਸਿੱਖ ਇਤਿਹਾਸ ਵੱਲ ਹੀ ਨਜ਼ਰ ਮਾਰੀਏ ਕਿ ਕਿਵੇਂ ਸਿੱਖਾਂ ਨੇ ਖ਼ੂਨੀ ਦਰਿਆ ਨੂੰ ਪਾਰ ਕਰ ਕੇ ਖਾਲਸਾ ਰਾਜ ਸਥਾਪਤ ਕੀਤਾ, ਪਰ ਜਦੋਂ ਸਿੱਖ ਐਸ਼ ਪ੍ਰਸਤੀ ਦੀ ਜ਼ਿੰਦਗੀ ਵਿੱਚ ਪੈ ਗਏ ਅਤੇ ਸ਼ਰਾਬ-ਕਬਾਬ ਦੇ ਅਯਾਸ਼ੀ ਹੋ ਗਏ ਤਾਂ ਸਿੱਖ ਘਰਾਣਿਆਂ ਨੂੰ ਖ਼ਤਮ ਕਰ ਕੇ ਕਿਵੇਂ ਅੰਗਰੇਜ਼ਾਂ ਨੇ ਆਪਣਾ ਕਬਜ਼ਾ ਜਮਾ ਲਿਆ।  ਮੁਗਲ, ਪਠਾਣਾ ਅਤੇ ਅੰਗਰੇਜ਼ਾਂ ਦੇ ਛੱਕੇ ਛੁਡਾ ਦੇਣ ਵਾਲੇ ਤੇ ਬਜੁਰਗੀ ਦੀ ਉਮਰ ਵਿੱਚ 18-18 ਸੇਰ ਪੱਕੇ ਦੇ ਖੰਡੇ ਵਾਹੁਣ ਵਾਲੇ ਸਿੱਖਾਂ ਦੀ ਔਲਾਦ ਅੱਜ ਸ਼ਰਾਬ ਤੇ ਹੋਰ ਨਸ਼ਿਆਂ ਵਿੱਚ ਗਲਤਾਨ ਹੋਈ ਪਈ ਹੈ, ਪ੍ਰੰਤੂ ਜਿਹੜੇ ਪਰਿਵਾਰ ਧਾਰਮਕ ਬਿਰਤੀ ਵਾਲੇ ਹਨ ਉਹਨਾਂ ਪਰਿਵਾਰਾਂ ਦੇ ਬੱਚੇ ਅਜਿਹੀ ਨਰਕ ਭਰੀ ਜ਼ਿੰਦਗੀ ਤੋਂ ਮੁਕਤ ਹਨ। ਧਰਮ ਦੀ ਸਿੱਖਿਆ ਹੀ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਸਹਾਇਕ ਹੋ ਸਕਦੀ ਹੈ।

ਧਰਮ ਦੀ ਸਿੱਖਿਆ ਤੋਂ ਇਲਾਵਾ ਅਧਿਆਪਕ ਵਰਗ ਨਸ਼ੇ ਛਡਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ। ਅਧਿਆਪਕ ਨੇ ਹੀ ਬੱਚੇ ਦੀ ਸ਼ਖ਼ਸੀਅਤ ਦੀ ਉਸਾਰੀ ਕਰਨੀ ਹੁੰਦੀ ਹੈ। ਉਸ ਨੇ ਕੇਵਲ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਹੀ ਨਹੀਂ ਦੇਣਾ ਹੁੰਦਾ ਸਗੋਂ ਜਿਹੋ ਜਿਹਾ ਬੱਚਾ ਉਹ ਘੜਨਾ ਚਾਹੁੰਦਾ ਹੈ, ਉਹ ਉਸ ਦੀ ਸਮਰੱਥਾ ਰੱਖਦਾ ਹੈ। ਪ੍ਰਸਿੱਧ ਫ਼ਿਲਾਸਫਰ ਰੂਸੋ ਨੇ ਕਿਹਾ ਸੀ ਕਿ ਮੈਨੂੰ ਬੱਚੇ ਦੇ ਪਹਿਲੇ ਸੱਤ ਸਾਲ ਦੇ ਦਿਓ, ਜਿਹੋ ਜਿਹਾ ਇਨਸਾਨ ਤੁਸੀਂ ਚਾਹੁੰਦੇ ਹੋ ਉਹ ਮੈਂ ਬਣਾ ਦੇਵਾਂਗਾ। ਅਧਿਆਪਕ ਹੀ ਖੁੱਲ੍ਹੇ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਅਹਿਸਾਸ ਕਰਵਾ ਸਕਦਾ ਹੈ ਕਿ ਉਹਨਾਂ ਦੀ ਮਾਨਸਕ ਪੀੜਾ ਨੂੰ ਮੇਰੇ (ਅਧਿਆਪਕ) ਤੋਂ ਵੱਧ ਹੋਰ ਕੋਈ ਨਹੀਂ ਸਮਝਦਾ ਤੇ ਨਾ ਹੀ ਕੋਈ ਹੋਰ ਇਸ ਦਾ ਹੱਲ ਕੱਢ ਸਕਦਾ ਹੈ।  ਸਮੇਂ ਸਮੇਂ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਇਸ ਤੋਂ ਮੁਕਤ ਕਰਨ ਦੀ ਸਮਰੱਥਾ ਰੱਖਦਾ ਹੈ। ਬੱਚਿਆਂ ਦਾ ਵਿਹਲਾ ਸਮਾਂ ਅਤੇ ਛੁੱਟੀਆਂ ਖੇਡਾਂ, ਵਿਗਿਆਨਕ ਖੋਜਾਂ, ਲਾਇਬ੍ਰੇਰੀਆਂ ਅਤੇ ਜਨਤਕ ਥਾਵਾਂ ’ਤੇ ਸੇਵਾ ਵਿੱਚ ਲਾ ਕੇ ਉਹਨਾਂ ਦੀ ਵਾਧੂ ਊਰਜਾ ਨੂੰ ਉਸਾਰੂ ਕੰਮਾਂ ਵਿੱਚ ਲਾ ਕੇ ਨਸ਼ਿਆਂ ਵੱਲੋਂ ਮੁਕਤ ਕਰ ਸਕਦਾ ਹੈ। ਨਸ਼ਿਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਕੇ ਨੇੜੇ ਦੇ ਨਸ਼ਾ ਛਡਾਊ ਕੇਂਦਰਾਂ ਵਿੱਚ ਬੱਚਿਆਂ ਨੂੰ ਸੇਵਾ ਲਈ ਉਤਸ਼ਾਹਿਤ ਅਧਿਆਪਕ ਹੀ ਕਰ ਸਕਦਾ ਹੈ।

ਨਸ਼ਿਆਂ ਦੀ ਜਿੱਲ੍ਹਣ ਵਿੱਚ ਪੈਣ ਤੋਂ ਰੋਕਣ ਲਈ ਮਾਂ ਬਾਪ ਦੀ ਜ਼ਿੰਮੇਵਾਰੀ ਕਿਸੇ  ਹੋਰ ਨਾਲੋਂ ਘੱਟ ਨਹੀਂ। ਬਚਪਨ ਤੋਂ ਦਿੱਤੀ ਹੋਈ ਮਾਂ ਦੀ ਸਿੱਖਿਆ ਬੱਚੇ ਨੂੰ ਨੇਕ ਇਨਸਾਨ ਬਣਾ ਸਕਦੀ ਹੈ। ਅਬਦੁਲ ਸਿਤਾਰੂ ਈਦੀ ਦੀ ਮਾਂ ਉਸ ਨੂੰ ਸਕੂਲ ਜਾਣ ਸਮੇਂ ਦੋ ਪੈਸੇ ਦੇ ਕੇ ਇਹ ਸਿੱਖਿਆ ਦਿੰਦੀ ਸੀ ਕਿ ਇੱਕ ਪੈਸਾ ਆਪਣੇ ਲਈ ਖ਼ਰਚ ਕਰੀਂ ਤੇ ਦੂਜਾ ਕਿਸੇ ਲੋੜਵੰਦ ’ਤੇ ਖ਼ਰਚ ਕਰ ਦੇਵੀਂ।  ਨਾਲ ਇਹ ਵੀ ਸਿੱਖਿਆ ਦਿੰਦੀ ਸੀ ਕਿ ਜੇ ਚੰਗੇ ਕੰਮ ਲਈ ਕੁੱਟ ਵੀ ਖਾਣੀ ਪਵੇ ਤਾਂ ਪਿੱਛੇ ਨਾ ਹਟੀਂ। ਇੱਕ ਆਦਰਸ਼ਕ ਮਾਂ ਹੀ ਬੱਚੇ ਨੂੰ ਨਸ਼ੇ ਅਤੇ ਹੋਰ ਬੁਰੀਆਂ ਆਦਤਾਂ ਤੋਂ ਬਚਾ ਸਕਦੀ ਹੈ।  ਮਾਵਾਂ ਨੂੰ ਚਾਹੀਦਾ ਹੈ ਕਿ ਉਹ ਸੁਨਹਿਰੀ ਇਤਿਹਾਸ ਦੇ ਪੰਨੇ ਆਪਣੇ ਬੱਚਿਆਂ ਨੂੰ ਪੜਾਉਣ। ਉਹਨਾਂ ਦਾ ਇਖਲਾਕੀ ਪੱਧਰ ਇੰਨਾ ਉੱਚਾ ਹੋ ਜਾਵੇ ਕਿ ਉਹਨਾਂ ਦੇ ਜੀਵਨ ਦੀ ਕਿਸ਼ਤੀ ਨਸ਼ੇ ਵਰਗੇ ਮਾਰੂ ਤੁਫਾਨਾਂ ਦੀ ਮਾਰ ਹੇਠ ਵੀ ਨਾ ਡੋਲੇ ਸਗੋਂ ਸਿੱਦਕ ਤੇ ਕਿਰਤ ਦੇ ਸਹਾਰੇ ਬਾਕੀ ਸਾਥੀਆਂ ਨੂੰ ਵੀ ਪਾਰ ਲਾਵੇ।  ਮਾਂ ਬਾਪ ਦਾ ਫ਼ਰਜ਼ ਹੈ ਕਿ ਬੱਚੇ ਦੀ ਸੰਗਤ ’ਤੇ ਵੀ ਬਾਜ਼ ਅੱਖ ਰੱਖੀ ਜਾਵੇ। ਉਸ ਦੇ ਨਾਲ ਨੇੜਤਾ ਰੱਖੋ। ਉਸ ਨਾਲ ਦੁੱਖ ਸੁੱਖ ਸਾਂਝਾ ਕਰੋ ਤਾਂ ਕਿ ਉਸ ਨੂੰ ਕਿਸੇ ਝੂਠੇ ਨਸ਼ੇ ਦਾ ਸਹਾਰਾ ਨਾ ਲੈਣਾ ਪਵੇ। ਉਸ ਦੇ ਵਿਹਲੇ ਸਮੇਂ ਦੀ ਸੁਯੋਗ ਵਰਤੋਂ ਕਰੋ। ਆਪਣੀ ਆਦਰਸ਼ਕ ਉਦਾਹਰਨ ਆਪਣੇ ਬੱਚੇ ਦੇ ਸਾਹਮਣੇ ਜ਼ਰੂਰ ਰੱਖੋ। ਨਸ਼ਿਆਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਕੇ ਆਪਣੇ ਬੱਚੇ ਨੂੰ ਇਹਨਾਂ ਤੋਂ ਬਚਣ ਲਈ ਪ੍ਰੇਰਦੇ ਰਹੋ।

ਸੋ ਨਸ਼ਿਆਂ ਦੇ ਹੜ੍ਹ ਨੂੰ ਰੋਕਣ ਲਈ ਸਕੂਲੀ ਪਾਠ-ਕ੍ਰਮ ਵਿੱਚ ਨਸ਼ਿਆਂ ਦੇ ਨੁਕਸਾਨ ਬਾਰੇ ਇੱਕ ਲੇਖ ਜ਼ਰੂਰ ਹੋਵੇ। ਸਕੂਲਾਂ, ਕਾਲਜਾਂ ਵਿੱਚ ਨਸ਼ਿਆਂ ਦੇ ਵਿਰੋਧ ਵਿੱਚ ਭਾਸ਼ਨ ਮੁਕਾਬਲੇ, ਗੋਸ਼ਟੀਆਂ, ਨਾਟਕ ਤੇ ਹੋਰ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ। ਨਸ਼ਿਆਂ ਦੇ ਹੜ੍ਹ ਵਿੱਚ ਰੁੜ੍ਹੇ ਜਾਂਦੇ ਪੰਜਾਬ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਕਾਰਜ ਲਈ ਅਧਿਆਪਕ, ਮਾਂ-ਬਾਪ, ਧਾਰਮਕ ਪ੍ਰਚਾਰਕ, ਸਮਾਜ ਸੇਵੀ ਸੰਸਥਾਵਾਂ ਆਪਣਾ ਯੋਗਦਾਨ ਪਾ ਕੇ ਸਮਾਜ ਪ੍ਰਤੀ ਬਹੁਤ ਵੱਡੀ ਸੇਵਾ ਨਿਭਾ ਸਕਦੀਆਂ ਹਨ।