ਵਿਖਾਵੇ ਮਾਤਰ ਸ਼ਤਾਬਦੀਆਂ ਮਨਾਉਣ ਦੀ ਥਾਂ ਕੁਝ ਸਿੱਟੇ ਕੱਢਣੇ ਜ਼ਰੂਰੀ।

0
276

ਵਿਖਾਵੇ ਮਾਤਰ ਸ਼ਤਾਬਦੀਆਂ ਮਨਾਉਣ ਦੀ ਥਾਂ ਕੁਝ ਸਿੱਟੇ ਕੱਢਣੇ ਜ਼ਰੂਰੀ।

ਕਿਰਪਾਲ ਸਿੰਘ (ਬਠਿੰਡਾ) 88378-13661, 98554-80797

ਜਿਸ ਸਮੇਂ ਮੈਂ ਜਵਾਨ ਸੀ ਤਦ 1969 ਈ: ’ਚ ਗੁਰੂ ਨਾਨਕ ਸਾਹਿਬ ਜੀ ਦੀ 500 ਸਾਲਾ ਸ਼ਤਾਬਦੀ ਮਨਾਈ ਜਾਂਦੀ ਆਪਣੇ ਅੱਖੀਂ ਵੇਖੀ ਸੀ ਅਤੇ ਹੁਣ ਜਦੋਂ ਮੈਂ ਬੁਢੇਪੇ ਵਿੱਚ ਪਹੁੰਚ ਚੁੱਕਿਆ ਹਾਂ ਤਾਂ ਇਸ ਸਾਲ ਸਾਢੇ ਪੰਜ ਸੌ ਸਾਲਾ ਦੇ ਉਲੀਕੇ ਪ੍ਰੋਗਰਾਮ ਵੀ ਵੇਖ ਰਿਹਾ ਹਾਂ। ਇਨ੍ਹਾਂ ਦੋ ਤੋਂ ਇਲਾਵਾ ਅਨੇਕਾਂ ਹੋਰ ਸ਼ਤਾਬਦੀਆਂ ਤੇ ਅਰਧ ਸ਼ਤਾਬਦੀਆਂ ਵੀ ਕੌਮ ਵੱਲੋਂ ਮਨਾਈਆਂ ਗਈਆਂ। ਹਰ ਸਮੇਂ ਲੰਬੇ ਲੰਬੇ ਨਗਰ ਕੀਰਤਨਾਂ ਅਤੇ ਕੀਰਤਨ ਦਰਬਾਰਾਂ ਰਾਹੀਂ ਸ਼ਤਾਬਦੀਆਂ ਬਹੁਤ ਹੀ ਧੂੰਮ-ਧਾਮ ਨਾਲ ਮਨਾਏ ਜਾਣ ਦਾ ਪ੍ਰਚਾਰ ਤੇ ਨਵੇਂ ਨਵੇਂ ਨਾਹਰਿਆਂ ਦਾ ਰੌਲ਼ਾ-ਰੱਪਾ ਵੀ ਬਹੁਤ ਸੁਣਿਆ ਹੈ; ਜਿਨ੍ਹਾਂ ਸਾਰਿਆਂ ਦਾ ਇਕੱਲੇ ਇਕੱਲੇ ਕਰ ਕੇ ਵੇਰਵਾ ਦੇਣ ਦੀ ਥਾਂ ਉਦਾਹਰਣ ਵਜੋਂ ਮੈਂ ਕੇਵਲ ਦੋ ਸ਼ਤਾਬਦੀਆਂ, 1999 ’ਚ ਖ਼ਾਲਸਾ ਸਾਜਨਾ ਦਿਵਸ ਦੀ ਤੀਜੀ ਸ਼ਤਾਬਦੀ ਅਤੇ 2008 ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਤੀਜੀ ਗੁਰਗੱਦੀ ਸ਼ਤਾਬਦੀ ਦੌਰਾਨ ਕਰਮਵਾਰ ਇਹ ਨਾਹਰੇ 1999 ਦੀ ਵੈਸਾਖੀ, ਸਮੁੱਚੀ ਕੌਮ ਅੰਮ੍ਰਿਤਧਾਰੀ ਅਤੇ 300 ਸਾਲ, ਗੁਰੂ ਦੇ ਨਾਲ ਖ਼ੂਬ ਪ੍ਰਚਾਰੇ ਗਏ।  ਦੋਵੇਂ ਸ਼ਤਾਬਦੀਆਂ ਆਮ ਚੋਣ ਸਮਾਗਮਾਂ ਵਾਙ ਹੀ ਲੰਘ ਗਈਆਂ ਪਰ ਇਨ੍ਹਾਂ ਦੌਰਾਨ ਲਾਏ ਗਏ ਨਾਹਰਿਆਂ ਦਾ ਅਸਰ ਬਿਲਕੁਲ ਉਲਟਾ ਵੇਖਿਆ ਜਾ ਸਕਦਾ ਹੈ; ਜਿਵੇਂ ਕਿ 1999 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਅਹੁਦੇਦਾਰ ਭਾਵੇਂ ਸਾਰੇ ਦੇ ਸਾਰੇ ਅੰਮ੍ਰਿਤਧਾਰੀ ਨਹੀਂ ਸਨ ਪਰ ਘੱਟ ਤੋਂ ਘੱਟ ਸਾਬਤ ਸੂਰਤ ਕੇਸਾਧਾਰੀ ਅਤੇ ਪਗੜੀਧਾਰੀ ਤਾਂ ਜ਼ਰੂਰ ਸਨ; ਜਦੋਂ ਕਿ ਅੱਜ ਦੇ ਅਕਾਲੀ ਦਲ ’ਚੋਂ ਪਗੜੀਧਾਰੀ ਸਿੱਖ ਵੀ ਬੜੀ ਮੁਸ਼ਕਲ ਨਾਲ ਲੱਭਦੇ ਹਨ। ਬਾਕੀ ਕੌਮ ਦੇ ਸਰੂਪ ਦਾ ਅੰਦਾਜ਼ਾ ਪੰਥਕ ਕਹੇ ਜਾਂਦੇ ਬਾਦਲ ਦਲ ਦੇ ਸਰੂਪ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਸੇ ਤਰ੍ਹਾਂ 2008 ਤੋਂ ਪਹਿਲਾਂ ਦੇਸ਼ ਵਿਦੇਸ਼ਾਂ ’ਚ ਸਥਿਤ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਬਹੁਤ ਹੀ ਘੱਟ ਵੇਖਣ/ਸੁਣਨ ਵਿੱਚ ਆਉਂਦਾ ਸੀ ਪਰ ਸ਼ਤਾਬਦੀ ਤਾਂ ਮਨਾਈ ਜਾ ਰਹੀ ਸੀ ‘ਗੁਰੂ ਗ੍ਰੰਥ ਸਾਹਿਬ ਜੀ’ ਦੀ, ਜਦੋਂ ਕਿ ਬਹੁਤਾ ਪ੍ਰਚਾਰ ਵਧਿਆ ਹੈ ਦਸਮ ਗ੍ਰੰਥ ਦਾ; ਜਿਸ ਦਾ ਅਸਰ ਇਹ ਹੋ ਰਿਹਾ ਹੈ ਕਿ ਵੱਡੀ ਗਿਣਤੀ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇਸ ਦਾ ਪ੍ਰਕਾਸ਼ ਬਕਾਇਦਾ ਤੌਰ ’ਤੇ ਕੀਤੇ ਜਾਣ ਨਾਲ ਆਮ ਸਿੱਖਾਂ ਵਿੱਚ ਇਹ ਦੁਬਿਧਾ ਘਰ ਕਰਦੀ ਜਾ ਰਹੀ ਹੈ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗ੍ਰੰਥ ਦੇ ਲੜ ਲਾਇਆ ਸੀ ਜਾਂ ਦੋ ਦੇ। ਇਸ ਦੁਬਿਧਾ ਕਾਰਨ ਹੀ ਗੁਰਦੁਆਰਿਆਂ ਵਿੱਚ ਦਸਮ ਗ੍ਰੰਥ ਮੁੱਦੇ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਪੱਗਾਂ ਉੱਤਰਨ ਨਾਲ ਬੇਅਦਬੀ ਹੋਣ ਦੀਆਂ ਘਟਨਾਵਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ।

ਇਸ ਤੋਂ ਪਹਿਲਾਂ 1995 ’ਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਮਨਾਈ ਗਈ ਤਾਂ ਗੁਰਬਿਲਾਸ ਪਾਤਸ਼ਾਹੀ 6ਵੀਂ ਅਤੇ ਸਿੱਖ ਇਤਿਹਾਸ (ਹਿੰਦੀ) ਦੀਆਂ ਪੁਸਤਕਾਂ ਸ਼੍ਰੋਮਣੀ ਕਮੇਟੀ ਵੱਲੋਂ ਹੀ ਛਾਪ ਕੇ ਗੁਰੂ ਸਾਹਿਬਾਨਾਂ ਦੇ ਜੀਵਨ ਇਤਿਹਾਸ ਅਤੇ ਗੁਰਮਤਿ ਸਿਧਾਂਤ ਨੂੰ ਕਲੰਕਿਤ ਕਰਨ ਦਾ ਪਾਪ ਕਮਾਇਆ ਗਿਆ।

ਪਿਛੋਕੜ ਰਿਜ਼ਲਟ ਨੂੰ ਵੇਖਦਿਆਂ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਸ਼ਤਾਬਦੀ ਮਨਾਉਣੀ ਤਾਂ ਹੀ ਸਫਲ ਹੋਵੇਗੀ ਜੇ ਸਾਡੀ ਕੌਮ ਲਈ ਹੁਕਮਨਾਮੇ ਜਾਰੀ ਕਰਨ ਵਾਲੇ ਤਖ਼ਤਾਂ ’ਤੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ’ਤੇ ਪਹਿਰਾ ਦੇਣਾ ਸ਼ੁਰੂ ਹੋ ਜਾਵੇ ਪਰ ਜੇ ਤਖ਼ਤਾਂ ਦੇ ਜਥੇਦਾਰ ਖ਼ੁਦ ਹੀ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ ; ਤਾਰਿਕਾ ਮੰਡਲ, ਜਨਕ ਮੋਤੀ’’ (ਪੰਨਾ ੧੩/੩੬੩) ਪੜ੍ਹਦੇ ਹੋਏ ਵੀ ਥਾਲ ਵਿੱਚ ਦੀਵੇ ਰੱਖ ਕੇ ਹੀ ਘੁਮਾਉਣੋ ਨਾ ਹਟਣ ਜਾਂ ਗੁਰਦੁਆਰਿਆਂ ਵਿੱਚ ਦੀਵੇ ਘੁਮਾ ਕੇ ਹੁੰਦੀ ਆਰਤੀ ਨੂੰ ਵੇਖ ਕੇ ਵੀ ਮੂੰਹ ਖੋਲ੍ਹਣ ਦੀ ਹਿੰਮਤ ਨਾ ਜੁਟਾ ਸਕਣ ਜਾਂ ‘‘ਜੀਅ ਬਧਹੁ, ਸੁ ਧਰਮੁ ਕਰਿ ਥਾਪਹੁ ; ਅਧਰਮੁ ਕਹਹੁ ਕਤ ਭਾਈ ’’ (ਪੰਨਾ ੧੧੦੩) ਸ਼ਬਦ ਪੜ੍ਹਨ ਵਾਲੇ ਵੀ ਗੁਰਦੁਆਰਿਆਂ ਵਿੱਚ ਹੀ ਬੱਕਰਿਆਂ ਦੀਆਂ ਬਲੀਆਂ ਦੇ ਕੇ ਉਨ੍ਹਾਂ ਦੇ ਖ਼ੂਨ ਦੇ ਟਿੱਕੇ ਗੁਰੂ ਸਾਹਿਬ ਜੀ ਦੇ ਪਾਵਨ ਅੰਗਾਂ ਅਤੇ ਸ਼ਸਤਰਾਂ ਨੂੰ ਲਾਉਣੋ ਨਾ ਹਟਣ ਤਾਂ ਸ਼ਤਾਬਦੀ ਦੇ ਬਹਾਨੇ ਲੰਬੇ ਲੰਬੇ ਨਗਰ ਕੀਰਤਨਾਂ ਦੁਆਰਾ ਕੌਮ ਨੂੰ ਧੂੜ ਫਕਾਉਣ ਦਾ ਕੀ ਫਾਇਦਾ ਹੋਏਗਾ। 

ਦੇਸ਼ ਵਿਦੇਸ਼ਾਂ ਵਿੱਚ ਨਾਨਕ ਫ਼ਲਸਫ਼ੇ ਦੇ ਪ੍ਰਚਾਰ ਪਾਸਾਰ ਦੇ ਥਾਂ ਗੁਰ ਬਿਲਾਸ ਪਾਤਸ਼ਾਹੀ 6ਵੀਂ ਅਤੇ ਸਿੱਖ ਇਤਿਹਾਸ (ਹਿੰਦੀ) ਦੀਆਂ ਗੁਰੂ ਨਿੰਦਕ ਪੁਸਤਕਾਂ ਵਾਂਗ ਕੁਝ ਹੋਰ ਅਜਿਹੀਆਂ ਪੁਸਤਕਾਂ ਛਾਪ ਕੇ ਨਵਾਂ ਹੀ ਚੰਦ ਨਾ ਚਾੜ੍ਹ ਦਿੱਤਾ ਜਾਵੇ, ਇਸ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਨੂੰ ਆਗਾਹ ਕਰਨਾ ਚਾਹੁੰਦਾ ਹਾਂ ਕਿ ਲੰਬੇ ਲੰਬੇ ਨਗਰ ਕੀਰਤਨਾਂ ਵਿੱਚ ਸਮਾਂ ਗੁਆਉਣ ਦੀ ਥਾਂ ਪੰਥ ਵਿੱਚ ਘੱਟ ਤੋਂ ਘੱਟ ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ ਦੇ ਵਿਵਾਦਤ ਮੁੱਦੇ ਹੀ ਸੁਲਝਾਅ ਲਏ ਜਾਣ ਤਾਂ ਪੰਥ ਵਿੱਚ ਕੁਝ ਏਕਤਾ ਆਉਂਦੀ ਵੇਖ ਉਲੀਕੇ ਜਾਂਦੇ ਪ੍ਰੋਗਰਾਮਾਂ ਦਾ ਮਨੋਰਥ ਕਾਫ਼ੀ ਹੱਦ ਤੱਕ ਸਫਲ ਹੋ ਸਕਦਾ ਹੈ।

ਇੱਥੇ ਇਹ ਜਾਣਕਾਰੀ ਦੇਣੀ ਵੀ ਜ਼ਰੂਰੀ ਹੈ ਕਿ ਸਮੁੱਚੇ ਭਾਰਤ ਵਿੱਚ ਇਕਸਾਰ ਕੈਲੰਡਰ ਲਾਗੂ ਕਰਨ ਲਈ ਭਾਰਤ ਸਰਕਾਰ ਵੱਲੋਂ ਸੰਨ 1952 ’ਚ ਨਿਯੁਕਤ ਕੀਤੀ ਗਈ ਕੈਲੰਡਰ ਸੁਧਾਰ ਕਮੇਟੀ ਦੀ ਰਿਪੋਰਟ ਅਨੁਸਾਰ ਦੇਸ਼ ਵਿੱਚ ਵੱਖ ਵੱਖ 30 ਕੈਲੰਡਰ ਪ੍ਰਚਲਿਤ ਹਨ। ਇਕੱਲੇ ਬਨਾਰਸ ਸ਼ਹਿਰ ਵਿੱਚ ਹੀ 4 ਕੈਲੰਡਰ ਲਾਗੂ ਹਨ। ਵੱਖ ਵੱਖ ਕੈਲੰਡਰਾਂ ਕਾਰਨ ਕਲਕੱਤੇ ਵਿੱਚ 1952 ਦੀ ਦੁਰਗਾਪੂਜਾ (ਦੁਸਹਿਰਾ) ਅਤੇ 1953 ਦੀ ਸਰਸਵਤੀ ਪੂਜਾ ਲਗਾਤਾਰ (ਉਤੋੜਿਤੀ) ਦੋ ਦਿਨ ਨਿਸ਼ਚਿਤ ਕੀਤੀ ਗਈ; 1953 ’ਚ ਬੰਗਾਲ ਵਿੱਚ ਰਾਮਨੌਮੀ 24 ਮਾਰਚ ਜਦ ਕਿ ਉੱਤਰੀ ਭਾਰਤ ’ਚ 23 ਮਾਰਚ; 1954 ਵਿੱਚ ਜਨਮ ਅਸ਼ਟਮੀ ਉੱਤਰੀ ਭਾਰਤ ਵਿੱਚ 21 ਅਗਸਤ ਜਦ ਕਿ ਬਾਕੀ ਦੇ ਭਾਰਤ ਵਿੱਚ  20, 21, 22 ਅਗਸਤ; ਪੁਰੀ ਦੇ ਰਥ ਉਤਸਵ ਦੀ ਸੂਰਤ ਵਿੱਚ ਕਈ ਵਾਰ ਬੰਗਾਲ ਅਤੇ ਉੜੀਸਾ ਦੇ ਕੈਲੰਡਰਾਂ ਵਿੱਚ ਇੱਕ ਮਹੀਨੇ ਤੱਕ ਦਾ ਫ਼ਰਕ ਵੀ ਹੁੰਦਾ ਹੈ। ਰਿਪੋਰਟ ਵਿੱਚ ਇਹ ਵੀ ਦਰਜ ਹੈ ਕਿ ਸਾਡੇ ਪੰਚਾਂਗਕਾਰਾਂ ਦੁਆਰਾ ਸਮਰਾਤਾਂ ਦੇ ਪੂਰਬਾਇਣੀ ਤੋਂ ਅਣਗਹਿਲੀ ਕਾਰਨ ਤਿਉਹਾਰਾਂ ਦੀਆਂ ਤਰੀਖਾਂ ਪਹਿਲਾਂ ਹੀ ਉਨ੍ਹਾਂ ਮੌਸਮਾਂ ਤੋਂ 23 ਦਿਨ ਨਿੱਖੜ ਚੁੱਕੀਆਂ ਹਨ, ਜਿਨ੍ਹਾਂ ਵਿੱਚ ਇਹ ਲਗਭਗ 1400 ਸਾਲ ਪਹਿਲਾਂ ਮਨਾਏ ਜਾਂਦੇ ਸਨ।

ਰੁੱਤਾਂ ਨਾਲੋਂ ਪੈ ਰਹੇ ਉਕਤ ਫਰਕ ਨੂੰ ਪੰਡਿਤ ਦੇਵੀ ਦਿਆਲ ਜੋਤਸ਼ੀ ਲਹੌਰ ਦੀ ਅੰਮ੍ਰਿਤਸਰ ਤੋਂ ਛਪਣ ਵਾਲੀ ਅਸਲੀ ਤਿੱਥ ਪੱਤ੍ਰਿਕਾ ਤੋਂ ਵੀ ਵੇਖਿਆ ਜਾ ਸਕਦਾ ਹੈ। ਇਸ ਜੰਤਰੀ ਅਨੁਸਾਰ 1 ਅਪ੍ਰੈਲ 2019 ਈ: ਨੂੰ ਅਯਨਾਂਸ਼ (ਅਯਨ+ਅੰਸ਼) 24-07-17 ਹੋਵੇਗਾ, ਜੋ ਹੁਣ ਤੱਕ ਦੇ ਤਕਰੀਬਨ 24 ਦਿਨਾਂ ਦੇ ਫਰਕ ਨੂੰ ਦਰਸਾਉਂਦੀ ਹੈ [ਭਾਵ ਧਰਤੀ ਸੂਰਜ ਦੇ ਦੁਆਲੇ ਇੱਕ ਪੂਰਾ ਚੱਕਰ (360 ਡਿਗਰੀ ਦਾ ਸਫਰ) ਇੱਕ ਰੁੱਤੀ ਸਾਲ = 365.2422 ਦਿਨਾਂ ਵਿੱਚ ਪੂਰਾ ਕਰਦੀ ਹੈ; ਪਰ ਹੁਣ 24-07-17 ਦਾ ਸਫਰ ਪੂਰਾ ਕਰਨ ਲਈ ਲਗਭਗ 24 ਦਿਨਾਂ ਦਾ ਸਮਾਂ ਹੋਰ ਲੱਗੇਗਾ।]

ਸੰਨ 2000 ’ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੋਹ ਸੁਦੀ 7; ਪੰਜਾਬ ਵਿੱਚ 14 ਜਨਵਰੀ; ਪਟਨੇ ਵਿੱਚ 13 ਜਨਵਰੀ ਨੂੰ ਸੀ ਅਤੇ ਇਸ ਸਾਲ 2019 ’ਚ ਬਸੰਤ ਪੰਚਮੀ, ਭਾਰਤ (ਜਿਸ ਵਿੱਚ ਪੰਜਾਬ ਵੀ ਹੈ) ’ਚ 9 ਫ਼ਰਵਰੀ ਜਦੋਂ ਕਿ ਪੂਰਬੀ ਭਾਰਤ (ਜਿਸ ਵਿੱਚ ਪਟਨਾ ਸਾਹਿਬ ਆਉਂਦਾ ਹੈ) ’ਚ 10 ਫ਼ਰਵਰੀ ਨੂੰ ਸੀ।

ਰੁੱਤਾਂ ਨਾਲੋਂ ਮੌਸਮੀ ਤਿਉਹਾਰਾਂ ਦੇ ਪੈ ਰਹੇ ਇਸ ਵਖਰੇਵੇ ਨੂੰ ਅੱਗੇ ਤੋਂ ਰੋਕਣ ਲਈ ਅਤੇ ਸਾਰੇ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਹਮੇਸ਼ਾਂ ਲਈ ਪੱਕੇ ਤੌਰ ’ਤੇ ਨਿਸ਼ਚਿਤ ਤਰੀਖਾਂ ’ਤੇ ਆਉਣਾ ਯਕੀਨੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ 2003 ਈ: ਵਿੱਚ ਬਹੁਤ ਲੰਬੀ ਸੋਚ ਵੀਚਾਰ ਪਿੱਛੋਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ ਪਰ ਵੋਟਾਂ ਦੇ ਲਾਲਚ ਅਧੀਨ ਸਾਡੇ ਆਗੂਆਂ ਨੇ ਮੱਸਿਆ, ਪੂਰਨਮਾਸ਼ੀਆਂ ਅਤੇ ਸੰਗਰਾਂਦਾਂ ਦੇ ਪੁਜਾਰੀਆਂ ਨੂੰ ਖ਼ੁਸ਼ ਕਰਨ ਲਈ; ਵਿਗਿਆਨ, ਇਤਿਹਾਸ ਅਤੇ ਗੁਰਬਾਣੀ ’ਤੇ ਪੂਰਾ ਉੱਤਰਨ ਵਾਲੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਕੌਮ ਨੂੰ ਫਿਰ ਤਰੀਖਾਂ ਦੇ ਅੱਗੇ ਪਿੱਛੇ ਹੋਣ ਦੇ ਚੱਕਰ ਵਿੱਚ ਫਸਾ ਦਿੱਤਾ। ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਵਿੱਚ ਸਭ ਤੋਂ ਵੱਡਾ ਰੋਲ ਸੰਤ ਸਮਾਜ ਦਾ ਹੈ।  ਸੰਤ ਸਮਾਜ ਦੇ ਮੈਂਬਰਾਂ ਨੂੰ ਤਾਂ ਮੰਨਿਆ ਕਿ ਖੁਗੋਲ ਵਿਗਿਆਨ ਅਤੇ ਗਣਿਤ ਵਿਦਿਆ ਦੀ ਬਹੁਤੀ ਸੂਝ ਨਾ ਹੋਵੇ ਪਰ ਹੈਰਾਨੀ ਇਹ ਹੈ ਕਿ ਗਣਿਤ ਵਿਦਿਆ ਅਤੇ ਖੁਗੋਲ ਵਿਗਿਆਨ (ਦੋਵਾਂ) ’ਚ ਮਾਹਰ ਲੈਫ. ਕਰਨਲ ਸੁਰਜੀਤ ਸਿੰਘ ਨਿਸ਼ਾਨ (M.Sc. Math, Astronomy) ਸੰਤ ਸਮਾਜ ਤੋਂ ਵਾਹ ਵਾਹ ਖੱਟਣ ਜਾਂ ਕਿਸੇ ਹੋਰ ਅਣਜਾਣੇ ਕਾਰਨਾ ਕਰ ਕੇ ਨਾਨਕਸ਼ਾਹੀ ਕੈਲੰਡਰ ਦੀਆਂ ਸਾਰੀਆਂ ਤਰੀਖਾਂ ਨੂੰ ਗਲਤ ਦੱਸ ਰਿਹਾ ਹੈ ਅਤੇ ਆਪਣੇ ਵੱਲੋਂ ਇੱਕ ਪੁਸਤਕ ‘ਗੁਰਪੁਰਬ ਦਰਪਣ’ ਜਿਸ ਵਿੱਚ 2015 ਤੋਂ 2085 ਤੱਕ 86 ਸਾਲਾਂ ਦੌਰਾਨ ਆਉਣ ਵਾਲੇ ਸਾਰੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜਿਆਂ ਦੀਆਂ ਤਰੀਖਾਂ ਦਿੱਤੀਆਂ ਹੋਈਆਂ ਹਨ; ਛਪਵਾ ਕੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਆਉਣ ਵਾਲੇ ਦਿਹਾੜਿਆਂ ਲਈ ਪ੍ਰੋਗਰਾਮ ਉਲੀਕਣ ’ਚ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਹੈ। ਨਿਸ਼ਾਨ ਸਾਹਿਬ ਦੀ ਇਸ ਕਿਤਾਬ ਨੇ ਤਾਂ ਉਸ ਦੀ ਵਿਦਵਤਾ ਦਾ ਪਾਜ ਹੀ ਉਘੇੜ ਦਿੱਤਾ ਹੈ ਕਿਉਂਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਆਮ ਧਾਰਨਾ ਦੇ ਉਲਟ ਦੀਵਾਲੀ (ਜਿਸ ਨਾਲ ਸਿੱਖਾਂ ਨੇ ਆਪਣਾ ਬੰਦੀਛੋੜ ਦਿਵਸ ਜੋੜ ਰੱਖਿਆ ਹੈ) ਹਰ ਸਾਲ ਕੱਤਕ ਦੀ ਮੱਸਿਆ ਨੂੰ ਨਹੀਂ ਆਉਂਦੀ ਬਲਕਿ ਕਦੀ ਕਦੀ ਕੱਤਕ ਵਦੀ ਚਉਦਸ ਨੂੰ ਵੀ ਆ ਜਾਂਦੀ ਹੈ। ਇਸ ਨਿਯਮ ਤੋਂ ਅਣਜਾਣ ਹੋਣ ਕਰ ਕੇ ਉਸ ਨੇ 86 ਦੇ 86 ਬੰਦੀਛੋੜ ਦਿਵਸਾਂ ਦੀਆਂ ਤਰੀਖਾਂ ਕੱਤਕ ਦੀ ਮੱਸਿਆ ਨੂੰ ਮਿਥ ਲਈਆਂ ਜਿਸ ਕਾਰਨ ਇਨ੍ਹਾਂ ਵਿੱਚੋਂ ਤਕਰੀਬਨ 50% ਤਰੀਖਾਂ ਗਲਤ ਸਾਬਤ ਹੋਣਗੀਆਂ। ਉਦਾਹਰਣ ਵਜੋਂ ਇਸੇ ਸਾਲ 2019 ’ਚ ਹੀ ਦੀਵਾਲੀ 27 ਅਕਤੂਬਰ ਨੂੰ ਹੈ ਜਦੋਂ ਕਿ ਨਿਸ਼ਾਨ ਸਾਹਿਬ ਨੇ ਆਪਣੀ ਪੁਸਤਕ ਵਿੱਚ ਇਸ ਦੀ ਤਰੀਖ 28 ਅਕਤੂਬਰ ਦਰਜ ਕੀਤੀ ਹੋਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸੁਝਾਅ ਹੈ ਕਿ ਜੇ ਅਜੇ ਵੀ ਮਸਲਾ ਹੱਲ ਕਰ ਲਿਆ ਜਾਵੇ ਤਾਂ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਨਹੀਂ ਤਾਂ ਸਮਝੋ ਪਹਿਲਾਂ ਵਾਙ ਇਹ ਸ਼ਤਾਬਦੀ ਵੀ ਨਗਰ ਕੀਰਤਨਾਂ ਤੱਕ ਸਿਮਟ ਕੇ ਰਹਿ ਜਾਏਗੀ।