ਹੋਲਾ ਮਹੱਲਾ-ਆਤਮਿਕ ਵਿਸ਼ਵਾਸ

0
428

ਹੋਲਾ ਮਹੱਲਾ-ਆਤਮਿਕ ਵਿਸ਼ਵਾਸ

 ਪ੍ਰਿੰਸੀਪਲ ਸਤਬੀਰ ਸਿੰਘ

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਿਰੇ ਆਤਮਿਕ ਸ਼ਕਤੀ ਦੇ ਪੁੰਜ ਹੀ ਨਹੀਂ ਸਗੋਂ ਐਟਾਮਿਕ ਸ਼ਕਤੀ ਦੇ ਵੀ ਭੰਡਾਰ ਸਨ, ਜਿਵੇਂ ਵਿਗਿਆਨੀਆਂ ਨੇ ਅਣਡਿੱਠ ਐਟਮ ਨੂੰ ਤੋੜ ਕੇ ਉਸ ਵਿੱਚੋਂ ਅਥਾਹ ਬਲ ਹਾਸਲ ਕਰ ਲਿਆ ਹੈ ਤੇ ਉਸ ਹਾਸਲ ਕੀਤੇ ਹੋਏ ਬਲ ਤੋਂ ਸਾਰਾ ਸੰਸਾਰ ਥਰ-ਥਰ ਕੰਬ ਰਿਹਾ ਹੈ। ਕੁਝ ਇਸੇ ਹੀ ਤਰ੍ਹਾਂ ਮਨੋਵਿਗਿਆਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਸਾਰ ਦੇ ਨਿਮਾਣੇ, ਨਿਤਾਣੇ ਤੇ ਲਿਤਾੜੇ ਜਾ ਰਹੇ ਜਨ-ਸਾਧਾਰਨ ਵਿੱਚ ਆਤਮ ਵਿਸ਼ਵਾਸ ਭਰ ਕੇ, ਉਸ ਨੂੰ ਪਰੰਪਰਾ ਨਾਲੋਂ ਤੋੜ ਕੇ, ਸੁਤੰਤਰ ਕਰ ਕੇ ਅਮਿਟ ਸ਼ਕਤੀ ਨੂੰ ਜਨਮ ਦੇ ਦਿੱਤਾ, ‘‘ਫੂਟੋ ਆਂਡਾ ਭਰਮ ਕਾ, ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ, ਗੁਰਿ ਕੀਨੀ ਬੰਦਿ ਖਲਾਸੁ ॥’’ (ਮਾਰੂ, ਮ: ੫, ਪੰਨਾ ੧੦੦੨) ਦੇ ਮਹਾਂਵਾਕ ਅਨੁਸਾਰ ਕੈਦ ਰੱਖੀ ਜਨਤਾ ਖੁੱਲ੍ਹੇ ਆਕਾਸ਼ ਵਿੱਚ ਤਾਰੀਆਂ ਲਾਉਣ ਲੱਗੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਸ ਤਰ੍ਹਾਂ ਇਹ ਮਾਨਵ ਬਲ ਹਾਸਲ ਕੀਤਾ ਤੇ ਜਿਵੇਂ ਮੁਰਦਾ ਹੋ ਚੁੱਕੇ ਦਿਲਾਂ ਵਿੱਚ ਜਾਨ ਪਾ ਕੇ ਸੁਰਜੀਤ ਕੀਤਾ, ਉਹ ਹਿੰਦੁਸਤਾਨ ਦੇ ਇਤਿਹਾਸ ਵਿੱਚ ਪੜ੍ਹੇ ਜਾਣ ਵਾਲੀ ਰੁਮਾਂਟਿਕ ਦਾਸਤਾਨ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਇਸ ਊਣਤਾਈ ਵੱਲ ਸੰਕੇਤ ਕਰਦਿਆਂ ਹੋਇਆਂ ਆਵਾਜ਼ ਬੁਲੰਦ ਕੀਤੀ ਸੀ ਕਿ ਆਮ ਲੁਕਾਈ ਮੁਰਦਿਆਂ ਵਾਂਗ ਹਕੂਮਤ ਦੀ ਵਫ਼ਾਦਾਰੀ ਰਹਿ ਕੇ, ਬੇਅਣਖ ਹੋ ਕੇ, ਗ਼ੁਲਾਮਾਂ ਵਾਲਾ ਜੀਵਨ ਬਤੀਤ ਕਰ ਰਹੀ ਹੈ, ‘‘ਅੰਧੀ ਰਯਤਿ ਗਿਆਨ ਵਿਹੂਣੀ, ਭਾਹਿ ਭਰੇ ਮੁਰਦਾਰੁ ॥’’ (ਆਸਾ ਕੀ ਵਾਰ, ਮ: ੧, ਪੰਨਾ ੪੬੯), ਇਸ ਤਰ੍ਹਾਂ ਦਾ ਜੀਵਨ ਜਿਊਣ ਸਦਕਾ ਲੋਕਾਂ ਦੀ ਨਾ ਰਹਿਣੀ ਕਾਇਮ ਰਹੀ ਤੇ ਨਾ ਹੀ ਬਹਿਣੀ। ਗੁਰੂ ਨਾਨਕ ਸਾਹਿਬ ਜੀ ਨੇ ਰਹਿਣੀ ਸੁਤੰਤਰ ਤੇ ਬਹਿਣੀ ਸਾਫ਼-ਸੁਥਰੀ ਕੀਤੀ। ਉਨ੍ਹਾਂ ਨਵੇਂ ਵਿਚਾਰਾਂ ਸਦਕਾ ਐਸਾ ਲੋਕ ਸਮੂਹ ਸੰਗਤ ਦੇ ਰੂਪ ਵਿੱਚ ਬਣਾ ਕੇ ਉਭਾਰਿਆ, ਜਿਸ ਵਿੱਚ ਮਰਦ ਘਾਲਾਂ ਘਾਲਦੇ, ਗੁਰੂ ਦਰ ਮਨਜ਼ੂਰ ਹੁੰਦੇ ਰਹੇ।  ਭਾਈ ਲਹਿਣਾ ਜੀ ਨੇ ਇੱਕ ਐਸੀ ਹੀ ਤਾਂ ਘਾਲਣਾ ਘਾਲੀ ਸੀ ਕਿ ਉਹ ਖ਼ਸਮ ਨੂੰ ਕਬੂਲ ਹੋਏ ਤੇ ਗੁਰੂ ਪਾਤਸ਼ਾਹ ਨੇ ਆਪਣਾ ਅੰਗ ਬਣਾ ਕੇ ਨਿਵਾਜਿਆ। ਬਾਣੀ ਵਿੱਚ ਆਉਂਦੀ ਇਹ ਪੰਕਤੀ ‘‘ਪਏ ਕਬੂਲੁ ਖਸੰਮ ਨਾਲਿ, ਜਾਂ ਘਾਲ ਮਰਦੀ ਘਾਲੀ ॥’’ (ਰਾਮਕਲੀ ਕੀ ਵਾਰ, ਬਲਵੰਡ ਸਤਾ, ੯੬੭) ਇਸੇ ਖ਼ਿਆਲ ਦੀ ਹੀ ਵਿਆਖਿਆ ਤੇ ਤਰਜਮਾਨੀ ਕਰਦੀ ਹੈ।

ਫਿਰ ਦੀਪ ਨਾਲ ਦੀਪ ਜਗੇ ਤੇ ਸਿੱਖੀ ਲਹਿਰ ਵਾਧੇ ਵਿੱਚ ਹੁੰਦੀ ਹੋਈ ਇੱਕ ਤਗੜੀ ਜਥੇਬੰਦੀ ਹੋ ਨਿਬੜੀ। ਨਿਸ਼ਚੇ ਤੇ ਯਕੀਨ ਦੀ ਆਜ਼ਾਦੀ ਲਈ ਗੁਰੂ ਅਰਜੁਨ ਸਾਹਿਬ ਜੀ ਨੇ ਸ਼ਹਾਦਤ ਦੇ ਕੇ ਕੌਮ ਵਿੱਚ ਇਹ ਵਿਚਾਰ ਦ੍ਰਿੜ੍ਹ ਕਰਾ ਦਿੱਤਾ ਕਿ ਸਰੀਰਕ ਤਲ ਤੋਂ ਉੱਪਰ ਉੱਠ ਕੇ ਜੀਵਨ ਜਿਊਣਾ ਹੀ ਸਿੱਖੀ ਹੈ। ਇਹਨਾਂ ਲੀਹਾਂ ’ਤੇ ਚੱਲਦੇ ਹੋਏ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਸੰਭਾਲ਼ਦਿਆਂ ਹੀ ਪਹਿਲਾ ਬਚਨ ਇਹ ਕੀਤਾ ਕਿ ‘‘ਅੱਜ ਤੋਂ ਮੇਰੀ ਪਿਆਰੀ ਭੇਟਾ ਚੰਗੇ ਸ਼ਸਤਰ ਅਤੇ ਚੰਗੀ ਜਵਾਨੀ ਹੈ। ਜੇ ਮੇਰੀ ਖੁਸ਼ੀ ਲੈਣੀ ਚਾਹੁੰਦੇ ਹੋ ਤਾਂ ਕਸਰਤਾਂ ਕਰੋ, ਜੰਗਲਾਂ ਵਿੱਚ ਜਾਓ, ਸ਼ਿਕਾਰ ਖੇਡੋ। ਕਮਜ਼ੋਰੀ ਇੱਕ ਕੌਮੀ ਗੁਨਾਹ ਹੈ, ਜੋ ਕਿਸੇ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ।  ਤੁਸੀਂ ਤਲਵਾਰ ਇਸੇ ਲਈ ਫੜਨੀ ਹੈ ਅਤੇ ਮੈਂ ਵੀ ਤਾਂ ਹੀ ਪਹਿਨੀ ਹੈ ਕਿ ਜ਼ਾਲਮ; ਜ਼ੁਲਮ ਦੀ ਤਲਵਾਰ ਅੱਗੇ ਤੋਂ ਚਲਾਉਣੀ ਬੰਦ ਕਰ ਦੇਣ।’’

ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੇ ਕੌਮ ਵਿੱਚ ਨਵਾਂ ਉਤਸ਼ਾਹ ਭਰ ਦਿੱਤਾ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨਿਰੋਲ ਪਰਉਪਕਾਰ ਲਈ ਸੀ।  ਸੋ ਸਿੱਖ ਭੀ ਪਰਉਪਕਾਰ ਦੀ ਮੂਰਤ ਕਰ ਕੇ ਸਤਿਕਾਰੇ ਜਾਣ ਲੱਗੇ। ਰਣਜੀਤ ਨਗਾਰੇ ਵੱਜਣ ਲੱਗੇ ਤੇ ਘੋੜਿਆਂ ਦੀ ਸਵਾਰੀ ਸਿੱਖਾਂ ਦਾ ਨਿਤ ਕਰਮ ਬਣ ਗਿਆ। ਜੁਆਨੀਆਂ ਉਸੇ ਤਰ੍ਹਾਂ ਭੇਟ ਹੋਈਆਂ; ਜਿਵੇਂ ਛੇਵੇਂ ਪਾਤਿਸ਼ਾਹ ਦੇ ਸਮੇਂ ਭੇਟ ਹੁੰਦੀਆਂ ਰਹੀਆਂ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਰਿਵਾਜ ਨੂੰ ਹੋਰ ਉਤਸ਼ਾਹ ਬਖ਼ਸ਼ਣ ਲਈ ਇੱਕ ਖ਼ਾਸ ਦਿਨ ਨਿਯਤ ਕਰ ਦਿੱਤਾ। ਉਸ ਦਿਨ ਹੋਲਗੜ੍ਹ ਦੇ ਕਿਲ੍ਹੇ ਵਿੱਚ ਮੇਲਾ ਲੱਗਣਾ ਸ਼ੁਰੂ ਹੋਇਆ। ਪਹਿਲਾ ਤਾਰੀਖੀ ਮੇਲਾ ਦਸਮ ਪਿਤਾ ਨੇ ਚੇਤ ਵਦੀ ਪਹਿਲੀ ਸੰਨ ੧੬੮੦ ਨੂੰ ਕੀਤਾ ਤੇ ਫਿਰ ਤਾਂ ਇਸ ਨੂੰ ਮਨਾਉਣ ਦੀ ਪਰਪਾਟੀ ਪੈ ਗਈ। ਹੋਲਾ ਮਹੱਲਾ; ਉਤਸ਼ਾਹ ਦਾ ਦਿਹਾੜਾ ਤੇ ਸ਼ਕਤੀਆਂ ਦਾ ਪ੍ਰਤੀਕ ਬਣ ਗਿਆ । ਹੋਲਾ ਮਹੱਲਾ ਦੇ ਅਰਥ ਹਨ : ‘ਹਮਲਾ, ਜਾਇ ਹਮਲਾ ਜਾਂ ਹੱਲਾ ਤੇ ਹੱਲਾ ਕਰਨ ਦੀ ਥਾਂ’। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਸਤਰ ਵਿਦਿਆ ਵਿੱਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ, ਜੋ ਦੋ ਦਲ ਬਣਾ ਕੇ ਪ੍ਰਧਾਨ ਸਿੱਖ ਜਰਨੈਲਾਂ ਦੀ ਕਮਾਂਡ ਹੇਠ ਇੱਕ ਖਾਸ ਥਾਂ ’ਤੇ ਕਬਜ਼ਾ ਕਰਨਾ, ਹੁੰਦਾ ਸੀ।

ਹੋਲਾ ਮਹੱਲਾ- ਆਤਮ ਵਿਸ਼ਵਾਸ ਪੈਦਾ ਕਰਨ ਲਈ ਨਕਲੀ ਹਮਲਾ ਕਰਨਾ :

ਕਲਗ਼ੀਧਰ ਪਾਤਸ਼ਾਹ ਆਪ ਇਸ ਮਸਨੂਈ (ਬਣਾਉਟੀ) ਜੰਗ ਦੇ ਕਰਤੱਬ ਦੇਖਦੇ ਅਤੇ ਦੋਵੇਂ ਦਲਾਂ ਨੂੰ ਸ਼ੁੱਭ ਸਿੱਖਿਆ ਦੇਂਦੇ ਅਤੇ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖ਼ਸ਼ਦੇ। ਗ਼ੁਲਾਮੀ ਵਿੱਚ ਮਸਤ, ਪਰ ਹੋਲੀ ਦੇ ਨਾਂ ’ਤੇ ਖਰੂਦ (ਖ਼ਰਮਸਤੀ) ਮਚਾਉਣ ਵਾਲਿਆਂ ’ਚ ਅਣਖੀ ਖ਼ੂਨ ਭਰ ਕੇ ਹੋਲਾ ਮਹੱਲਾ ਖੇਡਣ ਦਾ ਚਾਅ ਉਤੇਜਿਤ ਕੀਤਾ। ਜਿੱਥੇ ਸਭ ਕੁਝ ਦੇ ਦਿੱਤਾ ਜਾਏ ਉੱਥੇ ਹੀ ਅਨੰਦ ਹੈ ਤੇ ਜਿੱਥੇ ਸਭ ਕੁਝ ਨਿੱਜ ਲਈ ਰੱਖਿਆ ਜਾਏ ਉੱਥੇ ਤਾਂ ਅਸ਼ਾਂਤੀ ਹੈ, ਦੁੱਖ ਹੈ, ਬਖੇੜੇ ਹਨ, ਝੇੜੇ ਹਨ।

ਹੋਲੀ ਤਿਉਹਾਰ ਸੀ ਸ਼ੂਦਰ ਅਖਵਾਏ ਜਾਂਦੇ ਵਰਗ ਦਾ, ਪਰ ਗੁਰੂ ਮਾਲਕ ਨੇ ਜਾਣ ਬੁਝ ਕੇ ਇਸ ਨੂੰ ਚੁਣਿਆ ਤੇ ਜੀਵਨ ਭੇਟ ਦਾ ਦਿਨ ਬਣਾ ਦਿੱਤਾ। ਖਤਰੀ ਵਰਗ ਦੇ ਲੋਕ ਦੁਸਹਿਰੇ ਵਾਲੇ ਦਿਨ ਹਥਿਆਰਾਂ ਦੇ ਕਰਤੱਬ ਦਿਖਾਉਂਦੇ ਸਨ, ਪਰ ਗੁਰੂ ਜੀ ਨੇ ਹਥਿਆਰਾਂ ਦੀ ਵਰਤੋਂ ਕਿਸੇ ਸ਼ਰੇਣੀ ਲਈ ਰਾਖਵੀਂ ਨਾ ਬਣਾ ਕੇ ਹੋਲਾ ਮਹੱਲਾ ਨੂੰ ਕਰਤੱਬ ਦਾ ਦਿਨ ਨਿਯਤ ਕਰ ਦਿੱਤਾ। ਉਨ੍ਹਾਂ ਆਪਣਾ ਮਿਸ਼ਨ ਬਣਾਇਆ ਕਿ ਆਮ ਲੋਕਾਂ, ਮਰਦਾਂ ਤੀਵੀਆਂ ਦੀ ਸਮਾਜੀ, ਇਖ਼ਲਾਕੀ ਗਿਰਾਵਟ ਤੇ ਮਜ਼ਹਬੀ ਵੱਢੀ-ਖੋਰੀ ਦੇ ਬਾਵਜੂਦ ਕੁਝ ਐਸੇ ਬੰਦੇ ਚੁਣ ਕੇ ਢਾਲ ਲਈਏ, ਜਿਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਬਖ਼ਸ਼ਿਆ ਜੀਵਨ ਆਦਰਸ਼ ਵਿਖਾਈ ਦੇਵੇ, ਜਿਨ੍ਹਾਂ ਦੇ ਸਿੱਧੇ ਸਾਦੇ ਜੀਵਨ ਢੰਗ ਹੋਣ ਤੇ ਜਿਨ੍ਹਾਂ ਦੇ ਦਿਲ ਵਿੱਚ ਜੋਸ਼ ਲਹਿਰਾਉਂਦਾ ਹੋਵੇ। ਗੁਰੂ ਸਾਹਿਬ ਨੇ ਇਤਨਾ ਹੌਂਸਲਾ ਬਖ਼ਸ਼ ਦਿੱਤਾ ਕਿ ਕੌਮ ਹਰ ਮੁਸ਼ਕਲ ਵਿਰੁੱਧ ਤੱਤਪਰ ਦਿੱਸਣ ਲੱਗੀ। ਮਹਾਰਾਜ ਨੇ ਲੁਕੀਆਂ ਤੇ ਸੁੱਤੀਆਂ ਪਈਆਂ ਕਲਾਂ ਜਗਾਈਆਂ।  ਆਮ ਲੋਕਾਈ ਦਾ ਮੂੰਹ ਠੀਕ ਲੀਹ ਵੱਲ ਮੋੜ ਦਿੱਤਾ ਅਤੇ ਸਿੱਖਾਂ ਨੂੰ ਇੱਕ ਧਾਰਮਕ ਸਾਂਝੀਵਾਲਤਾ ਵਿੱਚ ਗੁੰਦ ਲਿਆ। ਗੁਰੂ ਜੀ ਨੇ ਹੋਲਾ ਮਹੱਲਾ ਚਾੜ੍ਹ ਕੇ ਦੱਸਿਆ ਕਿ ਜ਼ਾਲਮਾਂ ਦੀ ਬੇਰਹਿਮੀ ਦਾ ਟਾਕਰਾ ਹੋ ਸਕਦਾ ਹੈ। ਗੁਰੂ ਜੀ ਨੇ ਸਫਲਤਾ ਨਾਲ ਦਿਖਾ ਦਿੱਤਾ ਕਿ ਇਸ ਤਰ੍ਹਾਂ (ਬਣਾਉਟੀ ਹੋਲਾ ਮਹੱਲੇ ਵਾਂਗ ਨਿਜ ਜੀਵਨ ’ਚ ਵੀ) ਸੁਆਰਥੀ ਜੰਗ ਛੱਡ ਕੇ ਇੱਕ ਮੁੱਠ ਹੋ ਕੇ ਕੌਮ ਦੀ ਬੇਹਤਰੀ ਤੇ ਖੁਸ਼ਹਾਲੀ ਵਾਸਤੇ ਲੜਨਾ ਹੁੰਦਾ ਹੈ। ਇਹ ਕੰਮ ਕੋਈ ਪਰਮ ਮਨੁੱਖ ਹੀ ਕਰ ਸਕਦਾ ਸੀ ਤੇ ਉਹ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਰ ਵਿਖਾਇਆ। ਗਾਂਧੀ ਜੀ ਨੂੰ ਵੀ ਆਖ਼ਰ ਮੰਨਣਾ ਪਿਆ ਕਿ ਗੁਰੂ ਤੇਗ਼ ਬਹਾਦਰ ਸਾਹਿਬ ਵਰਗੇ ਗੁਰੂ ਕੋਲੋਂ ਪਿਆਰ ਲੈ ਕੇ ਜਨਮੇ ਸਿੱਖਾਂ ਨੂੰ ਹੱਕ ਹੈ ਕਿ ਉਹ ਤਲਵਾਰ ਫੜਨ। ਅਜਿਹੇ ਪਿਆਰ ਤੋਂ ਬਿਨਾਂ ਆਪਣੇ ਬੁਰੇ ਤੋਂ ਬੁਰੇ ਵੈਰੀ ਦੇ ਖ਼ਿਲਾਫ਼ ਵੀ ਤਲਵਾਰ ਚੁੱਕਣਾ ਇਖ਼ਲਾਕੀ ਜੁਰਮ (ਅਪਰਾਧ) ਹੈ।

ਨਕਲੀ ਗੁਰੂਆਂ ਦੀਆਂ ਅਖੌਤੀ ਕਰਾਮਾਤਾਂ ਤੋਂ ਪ੍ਰਭਾਵ ਹੁੰਦੀ ਲੁਕਾਈ, ਸੱਚੇ ਰਹਿਬਰਾਂ ਪਾਸੋਂ ਵੀ ਅਲੌਕਿਕ ਕਰਾਮਾਤ ਦੀ ਉਮੀਦ ਰੱਖਦੀ ਰਹੀ, ‘‘ਸਿਧਿ ਬੋਲਨਿ ਸੁਣਿ ਨਾਨਕਾ !  ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ  ?। ਕੁਝ ਵਿਖਾਲੇਂ ਅਸਾ ਨੋ, ਤੁਹਿ ਕਿਉ ਢਿਲ ਅਵੇਹੀ ਲਾਈ  ?।’’ (ਭਾਈ ਗੁਰਦਾਸ ਜੀ, ਵਾਰ ੧, ਪਉੜੀ ੪੨), ਪਰ ਜਿਸ ਰੂਹਾਨੀਅਤ ‘‘ਬਾਝੋ ਸਚੇ ਨਾਮ ਦੇ, ਹੋਰੁ ਕਰਾਮਾਤਿ ਅਸਾਂ ਤੇ ਨਾਹੀ।’’ (ਭਾਈ ਗੁਰਦਾਸ ਜੀ, ਵਾਰ ੧, ਪਉੜੀ ੪੩) ਗੁਰੂ ਸ਼ਕਤੀ ਨੇ ਬਗਦਾਦ ਵਿੱਚ ਮੌਲਵੀ, ਪੀਰਾਂ ਨੂੰ ਸਚਾਈ ਤੋਂ ਵਾਕਫ਼ ਕਰਵਾਇਆ, ‘‘ਪੁਛੇ ਪੀਰ ਤਕਰਾਰ ਕਰਿ, ਏਹ ਫਕੀਰ ਵਡਾ ਅਤਾਈ !।’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੩੬) ਉਸੇ ਨਾਨਕ ਜੀ ਦੀ ਦਸਵੀਂ ਜੋਤਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵੀ ਕੀ ਇਹ ਕਰਾਮਾਤ ਨਹੀਂ ਕਿ ਭੰਗਾਣੀ ਦੇ ਯੁੱਧ ਵਿੱਚ ਭਾਈ ਲਾਲ ਚੰਦ ਹਲਵਾਈ ਵਰਗੇ ਸਾਧਾਰਨ ਸਿੱਖ ਨੂੰ ਵੀ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਟਾਕਰੇ ਉੱਤੇ ਖੜ੍ਹਾ ਕਰ ਜਿੱਤ ਪ੍ਰਾਪਤ ਕਰ ਲੈਣੀ ਤੇ ਮੁਖੋਂ ਉਚਾਰਨਾ, ‘‘ਜੁੱਧ ਜਿਤੇ ਇਨਹੀ ਕੇ ਪ੍ਰਸਾਦਿ, ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ॥ .. ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ, ਨਹੀ ਮੋ ਸੇ ਗਰੀਬ ਕਰੋਰ ਪਰੇ ॥’’ (ਖਾਲਸਾ ਮਹਿਮਾ, ਗੁਰੂ ਗੋਬਿੰਦ ਸਿੰਘ ਜੀ)