ਕੌਮਾਂਤਰੀ ਔਰਤ ਦਿਵਸ ਦਾ ਸੁਨੇਹਾ : ਔਰਤਾਂ ਦੀ ਗੁਲਾਮੀ ਦਾ ਖ਼ਾਤਮਾ ਵਿਸ਼ਾਲ ਔਰਤ ਮੁਕਤੀ ਲਹਿਰ ਤੋਂ ਬਿਨਾਂ ਸੰਭਵ ਨਹੀਂ

0
450

ਕੌਮਾਂਤਰੀ ਔਰਤ ਦਿਵਸ ਦਾ ਸੁਨੇਹਾ : ਔਰਤਾਂ ਦੀ ਗੁਲਾਮੀ ਦਾ ਖ਼ਾਤਮਾ ਵਿਸ਼ਾਲ ਔਰਤ ਮੁਕਤੀ ਲਹਿਰ ਤੋਂ ਬਿਨਾਂ ਸੰਭਵ ਨਹੀਂ

ਲਖਵਿੰਦਰ ਸਿੰਘ

ਕੌਮਾਂਤਰੀ ਔਰਤ ਦਿਵਸ (8 ਮਾਰਚ) ਦਾ ਦਿਨ ਲੁੱਟ, ਦਾਬੇ, ਅਨਿਆਂ ਦਾ ਸਭ ਤੋਂ ਵੱਧ ਸ਼ਿਕਾਰ ਅਬਾਦੀ ਦੇ ਅੱਧੇ ਹਿੱਸੇ –  ਔਰਤਾਂ ਦੇ ਹੱਕਾਂ, ਅਜ਼ਾਦੀ ਤੇ ਬਰਾਬਰੀ ਲਈ ਅਰੁੱਕ ਜਾਰੀ ਮਹਾਨ ਸੰਘਰਸ਼ ਦਾ ਪ੍ਰਤੀਕ ਦਿਨ ਹੈ। ਕੌਮਾਂਤਰੀ ਔਰਤ ਦਿਵਸ ਇਹ ਐਲਾਨ ਕਰਦਾ ਹੈ ਕਿ ਔਰਤਾਂ ਨੂੰ ਹਮੇਸ਼ਾਂ ਲਈ ਗੁਲਾਮ ਬਣਾ ਕੇ ਨਹੀਂ ਰੱਖਿਆ ਜਾ ਸਕਦਾ। ਇਸ ਦਿਨ ਦਾ ਇਹ ਸਬਕ ਹੈ ਕਿ ਔਰਤਾਂ ਦੀ ਬੇਹਤਰੀ ਖੁਦ ਔਰਤਾਂ ਦੀ ਜੁਝਾਰੂ ਲਹਿਰ ਤੋਂ ਬਿਨਾਂ ਸੰਭਵ ਨਹੀਂ ਹੈ ਅਤੇ ਇਹ ਕਿ ਜਦ ਤੱਕ ਸਮੁੱਚੀ ਮਨੁੱਖਤਾ ਨੂੰ ਲੁੱਟ ਆਧਾਰਿਤ ਸਰਮਾਏਦਾਰਾ ਪ੍ਰਬੰਧ ਤੋਂ ਛੁਟਕਾਰਾ ਹਾਸਲ ਨਹੀਂ ਹੋ ਜਾਂਦਾ ਉਦੋਂ ਤੱਕ ਔਰਤਾਂ ਵੀ ਪੂਰੀ ਤਰ੍ਹਾਂ ਅਜ਼ਾਦ ਨਹੀਂ ਹੋ ਸਕਣਗੀਆਂ। ਨਾਲ਼ ਹੀ ਇਸ ਦਿਨ ਦਾ ਇਹ ਵੀ ਸਬਕ ਹੈ ਕਿ ਔਰਤਾਂ ਦੀ ਗੁਲਾਮੀ ਦੇ ਖਾਤਮੇ ਤੋਂ ਬਿਨਾਂ, ਮਰਦ ਕਿਰਤੀ ਵੀ ਸਰਮਾਏ ਦੀ ਗੁਲਾਮੀ ਤੋਂ ਛੁਟਕਾਰਾ ਹਾਸਲ ਨਹੀਂ ਕਰ ਸਕਣਗੇ। ਇਹ ਦਿਨ ਸਮੁੱਚੀ ਮਨੁੱਖਤਾ ਨੂੰ ਲੁੱਟ-ਖਸੁੱਟ ਦੇ ਬੋਝ ਤੋਂ ਮੁਕਤੀ ਲਈ ਜਾਰੀ ਸੰਘਰਸ਼ ਵਿੱਚ ਔਰਤਾਂ ਵੱਲੋਂ ਕੀਤੀ ਗਈ ਸ਼ਮੂਲੀਅਤ ਦਾ ਗਵਾਹ ਤੇ ਪ੍ਰਤੀਕ ਦਿਨ ਵੀ ਹੈ। ਇਸ ਦਿਨ ਦਾ ਇਹ ਸਬਕ ਹੈ ਕਿ ਕਿਰਤੀ ਜਮਾਤਾਂ ਦੀ ਸਰਮਾਏਦਾਰਾ ਪ੍ਰਬੰਧ ਖਿਲਾਫ਼ ਲਹਿਰ ਔਰਤਾਂ ਦੀ ਬਰਾਬਰ ਦੀ ਜੁਝਾਰੂ ਹਿਸੇਦਾਰੀ ਤੋਂ ਬਿਨਾਂ ਅੱਗੇ ਨਹੀਂ ਵਧ ਸਕਦੀ।

ਕੌਮਾਂਤਰੀ ਔਰਤ ਦਿਵਸ ਦੀ ਸ਼ੁਰੂਆਤ ਮਜ਼ਦੂਰ ਜਮਾਤੀ ਔਰਤਾਂ ਦੇ ਸੰਘਰਸ਼ ਨਾਲ਼ ਹੋਈ ਸੀ।  8 ਮਾਰਚ 1857 ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਔਰਤ ਕੱਪੜਾ ਮਜ਼ਦੂਰਾਂ ਨੇ 10 ਘੰਟੇ ਦੀ ਕੰਮ ਦਿਹਾੜੀ, ਬਿਹਤਰ ਮਜ਼ਦੂਰੀ, ਕੰਮ ਦੀਆਂ ਬਿਹਤਰ ਹਾਲਤਾਂ ਤੇ ਔਰਤਾਂ ਲਈ ਮਰਦਾਂ ਬਰਾਬਰ ਹੱਕਾਂ ਲਈ ਵਿਸ਼ਾਲ ਮੁਜ਼ਾਹਰੇ ਦਾ ਆਯੋਜਨ ਕੀਤਾ ਸੀ। ਸਰਕਾਰ ਨੇ ਪੁਲਿਸ ਰਾਹੀਂ ਔਰਤਾਂ ਦੇ ਇਸ ਸੰਘਰਸ਼ ’ਤੇ ਬਰਬਰ ਜ਼ਬਰ ਢਾਹਿਆ।  ਦੋ ਸਾਲ ਬਾਅਦ ਔਰਤ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਲੜਨ ਵਾਸਤੇ ਆਪਣੀ ਪਹਿਲੀ ਯੂਨੀਅਨ ਕਾਇਮ ਕੀਤੀ।  ਇਸ ਤੋਂ 51 ਸਾਲ ਬਾਅਦ 8 ਮਾਰਚ 1908 ਦੇ ਦਿਨ ਹੀ ਨਿਊਯਾਰਕ ਦੀਆਂ ਲਗਭਗ 20 ਹਜ਼ਾਰ ਮਜ਼ਦੂਰ ਔਰਤਾਂ ਨੇ ਕੰਮ ਦੀਆਂ ਬਿਹਤਰ ਹਾਲਤਾਂ, ਵੋਟ ਦੇਣ ਦੇ ਹੱਕ ਅਤੇ ਬਿਹਤਰ ਮਜ਼ਦੂਰੀ ਲਈ ਮੁਜ਼ਾਹਰਾ ਕੀਤਾ।  ਦੋ ਸਾਲਾਂ ਬਾਅਦ 1910 ਵਿੱਚ ਕੋਪਨਹੇਗੇਨ ਵਿੱਚ ਸੰਸਾਰ ਭਰ ਦੀਆਂ ਮਜ਼ਦੂਰ ਜਮਾਤੀ ਪਾਰਟੀਆਂ ਦੇ ਕੌਮਾਂਤਰੀ ਮੰਚ ਨੇ ਕੌਮਾਂਤਰੀ ਔਰਤ ਸੰਮੇਲਨ ਦਾ ਆਯੋਜਨ ਕੀਤਾ। ਇਸ ਸੰਮੇਲਨ ਵਿੱਚ ਜਰਮਨ ਪਾਰਟੀ ਦੀ ਇਨਕਲਾਬੀ ਆਗੂ ਕਲਾਰਾ ਜੈਟਕਿਨ ਨੇ ਇਹ ਮਤਾ ਪੇਸ਼ ਕੀਤਾ ਕਿ 8 ਮਾਰਚ ਦਾ ਦਿਨ ਹਰ ਵਰ੍ਹੇ ਕੌਮਾਂਤਰੀ ਔਰਤ ਦਿਵਸ ਦੇ ਰੂਪ ਵਿੱਚ ਸਾਰੇ ਸੰਸਾਰ ਵਿੱਚ ਮਨਾਇਆ ਜਾਵੇ। ਇਸ ਮਤੇ ਨੂੰ ਸਰਬਸੰਮਤੀ ਨਾਲ਼ ਪਾਸ ਕੀਤਾ ਗਿਆ। ਉਦੋਂ ਤੋਂ ਹੀ ਸਾਰੇ ਸੰਸਾਰ ਵਿੱਚ ਕੌਮਾਂਤਰੀ ਔਰਤ ਦਿਵਸ ਮਨਾਇਆ ਜਾਂਦਾ ਹੈ।

ਸਾਡੇ ਦੇਸ਼ ਵਿੱਚ ਕੌਮਾਂਤਰੀ ਔਰਤ ਦਿਵਸ ਦੇ ਇਤਿਹਾਸ, ਇਸ ਦੇ ਇਤਿਹਾਸਕ ਮਹੱਤਵ ਅਤੇ ਵਰਤਮਾਨ ਸਮੇਂ ਵਿੱਚ ਇਸ ਦੀ ਅਸਲ ਪ੍ਰਸੰਗਿਕਤਾ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇੱਕ ਗਿਣੀ-ਮਿਥੀ ਸਾਜ਼ਸ਼ ਤਹਿਤ ਲੁਟੇਰੀਆਂ ਜਮਾਤਾਂ ਨੇ ਆਪਣੇ ਵਿਸ਼ਾਲ ਪ੍ਰਚਾਰ-ਪ੍ਰਸਾਰ ਸਾਧਨਾਂ ਰਾਹੀਂ ਇਸ ਦਿਨ ਦੇ ਅਸਲ ਅਰਥਾਂ ਦੇ ਅਨਰਥ ਕਰ ਦਿੱਤੇ ਹਨ। ਇਸ ਨੂੰ ਮਹਿਜ ਧਨਾਢ-ਮੱਧ ਵਰਗੀ ਔਰਤਾਂ ਦੇ ਤਿਉਹਾਰ, ਪਾਰਟੀਆਂ, ਜਸ਼ਨਾਂ, ਖਰੀਦਦਾਰੀ ਕਰਨ, ਕਾਰਡ ਤੇ ਤੋਹਫੇ ਵੰਡਣ ਆਦਿ ਤਰ੍ਹਾਂ ਨਾਲ਼ ਬੋਰੀਅਤ-ਇਕੱਲਤਾ ਦੂਰ ਕਰਨ ਦੇ ਸਾਧਨ ਵਿੱਚ ਬਦਲ ਦਿੱਤਾ ਗਿਆ ਹੈ। ਕੌਸਮੈਟਿਕ ਕੰਪਨੀਆਂ ਇਸ ਦਿਨ ’ਤੇ ਔਰਤਾਂ ਲਈ ਵਿਸ਼ੇਸ਼ ਤੋਹਫਿਆਂ ਦਾ ਐਲਾਨ ਕਰਦੀਆਂ ਹਨ। ਅਜਿਹਾ ਹੀ ਹੋਰ ਬਹੁਤ ਕੁਝ ਕੌਮਾਂਤਰੀ ਔਰਤ ਦਿਵਸ ਦੇ ਮਹੱਤਵ ਨੂੰ ਧੁੰਦਲਾ ਕਰਨ ਲਈ ਕੀਤਾ ਜਾਂਦਾ ਰਿਹਾ ਹੈ। ਵੋਟ-ਵਟੋਰੂ ਪਾਰਟੀਆਂ (ਸਮੇਤ ਸੰਸਦ ਮਾਰਗੀ ਲਾਲ ਝੰਡੇ ਵਾਲ਼ੀਆਂ ਪਾਰਟੀਆਂ), ਇਹਨਾਂ ਨਾਲ਼ ਜੁੜੀਆਂ ਔਰਤਾਂ, ਨੌਜਵਾਨਾਂ, ਵਿਦਿਆਰਥੀਆਂ ਦੀਆਂ ਜੱਥੇਬੰਦੀਆਂ ਨੇ ਵੀ ਇਸ ਮਹਾਨ ਦਿਨ ਅਤੇ ਔਰਤਾਂ ਦੇ ਮੁਕਤੀ ਸੰਘਰਸ਼ ਨਾਲ਼ ਖਿਲ਼ਵਾੜ ਕਰਨ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਹੈ। ਆਪਣਾ ਵੋਟ ਬੈਂਕ ਅਤੇ ਆਧਾਰ ਮਜ਼ਬੂਤ ਕਰਨ ਲਈ ਇਹਨਾਂ ਪਾਰਟੀਆਂ-ਜੱਥੇਬੰਦੀਆਂ ਨੂੰ ਬਹੁਤ ਸਾਰੇ ਪਖੰਡ ਕਰਨੇ ਪੈਂਦੇ ਹਨ। ਕੌਮਾਂਤਰੀ ਔਰਤ ਦਿਵਸ ਦੇ ਦਿਨ ਇਹਨਾਂ ਵੱਲੋਂ ਕੀਤੀਆਂ ਜਾਂਦੀਆਂ ਰੈਲੀਆਂ, ਜਲਸੇ, ਮੋਟਰਸਾਈਕਲ-ਕਾਰ ਮਾਰਚ, ਮੀਟਿੰਗਾਂ, ਅਖਬਾਰਾਂ-ਟੀ. ਵੀ. ਚੈਨਲਾਂ ਰਾਹੀਂ ਦਿੱਤੇ ਜਾਂਦੇ ਔਰਤਾਂ ਦੇ ਨਾਂ ਵਧਾਈ ਸੰਦੇਸ਼ ਪਖੰਡ ਤੋਂ ਸਿਵਾ ਹੋਰ ਕੁਝ ਨਹੀਂ ਹੁੰਦੇ। ਅਜਿਹੀਆਂ ਪਾਰਟੀਆਂ-ਜੱਥੇਬੰਦੀਆਂ ਔਰਤਾਂ ਸਾਹਮਣੇ ਵੱਧ ਤੋਂ ਵੱਧ ਸੰਸਦ-ਵਿਧਾਨ ਸਭਾਵਾਂ ਵਿੱਚ ਰਿਜ਼ਰਵੇਸ਼ਨ ਹਾਸਲ ਕਰਨ ਦਾ ਟੀਚਾ ਪੇਸ਼ ਕਰਦੇ ਹੋਏ ਔਰਤਾਂ ਦੀ ਅਜ਼ਾਦੀ ਦੀ ਗੱਲ ਕਰਦੀਆਂ ਹਨ। ਇਹਨਾਂ ਦੀ ਕੋਸ਼ਿਸ਼ ਵੱਧ ਤੋਂ ਵੱਧ ਇਹੋ ਰਹਿੰਦੀ ਹੈ ਕਿ ਔਰਤਾਂ ਦੀ ਮੁਕਤੀ ਦੀ ਤਾਂਘ, ਉਹਨਾਂ ਦੇ ਸੰਘਰਸ਼ ਸਰਮਾਏਦਾਰਾ ਸੰਸਦੀ ਢਾਂਚੇ ਦੇ ਚੌਖਟੇ ਤੋਂ ਬਾਹਰ ਨਾ ਜਾਣ। ਦਿਨ-ਰਾਤ ਸਰਮਾਏਦਾਰਾ ਲੋਟੂ ਢਾਂਚੇ ਦੀ ਚਿੰਤਾ ਵਿੱਚ ਡੁੱਬੀਆਂ, ਭ੍ਰਿਸ਼ਟ, ਪਤਿਤ, ਗਰਕ ਚੁੱਕੀਆਂ, ਲੋਕ-ਵਿਰੋਧੀ ਇਹ ਸਾਰੀਆਂ ਪਾਰਟੀਆਂ-ਜੱਥੇਬੰਦੀਆਂ ਘੋਰ ਔਰਤ-ਵਿਰੋਧੀ ਵੀ ਹਨ। ਇਹਨਾਂ ਤੋਂ ਔਰਤ ਮੁਕਤੀ ਲਈ ਕਿਸੇ ਇਮਾਨਦਾਰ ਕਦਮ ਦੀ ਉਮੀਦ ਤੱਕ ਨਹੀਂ ਕੀਤੀ ਜਾ ਸਕਦੀ। ਸਮਾਜ ਵਿੱਚੋਂ ਲੁੱਟ-ਖਸੁੱਟ, ਦਾਬੇ, ਜ਼ਬਰ, ਅਨਿਆਂ, ਗ਼ੈਰਬਰਾਬਰੀ ਦੇ ਸਭ ਤਰ੍ਹਾਂ ਦੇ ਰੂਪਾਂ ਦੇ ਖਾਤਮੇ ਦੇ ਚਾਹਵਾਨ, ਇਸ ਮਕਸਦ ਨੂੰ ਪੂਰਾ ਕਰਨ ਲਈ ਅਮਲੀ ਪੱਧਰ ’ਤੇ ਸਰਗਰਮ ਅਗਾਂਹਵਧੂ, ਇਨਸਾਫ਼ਪੰਸਦ, ਇਨਕਲਾਬੀ ਜੱਥੇਬੰਦੀਆਂ ਤੇ ਕਾਰਕੁੰਨਾਂ ਸਾਹਮਣੇ ਕੌਮਾਂਤਰੀ ਔਰਤ ਦਿਵਸ ਦੇ ਅਸਲ ਇਤਿਹਾਸ, ਇਤਿਹਾਸਕ ਮਹੱਤਵ, ਇਸ ਦਿਨ ਦੇ ਅਸਲ ਅਰਥਾਂ ਨੂੰ ਲੋਕ ਮਨਾਂ, ਖਾਸ ਤੌਰ ’ਤੇ ਔਰਤਾਂ ਦੇ ਮਨਾਂ ਵਿੱਚ ਸਥਾਪਤ ਕਰਨਾ ਬੇਹੱਦ ਜ਼ਰੂਰੀ ਤੇ ਚੁਣੌਤੀ ਭਰਿਆ ਕਾਰਜ ਹੈ।

ਅੱਜ ਸਾਡੇ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਮਨੁੱਖ ਹੋਣ ਦਾ ਦਰਜਾ ਪ੍ਰਾਪਤ ਨਹੀਂ ਹੈ। ਅੱਜ ਸਾਡੇ ਸਮਾਜ ਵਿੱਚ ਕਿੰਨੀ ਵੀ ਆਧੁਨਿਕਤਾ ਆ ਗਈ ਹੋਵੇ, ਔਰਤ ਸਚ ਮੁੱਚ ਵਿੱਚ ਅੱਜ ਵੀ ਮਰਦ ਦੀ ਦਾਸੀ ਹੀ ਹੈ। ਉਹ ਮਹਿਜ ਬੱਚੇ (ਪੁੱਤਰ) ਪੈਦਾ ਕਰਨ ਤੇ ਪੀੜ੍ਹੀ ਅੱਗੇ ਵਧਾਉਣ ਦਾ ਸਾਧਨ ਹੈ। ਉਹ ਮਰਦ ਦੀ ਸਰੀਰਕ ਭੁੱਖ ਮਿਟਾਉਣ ਦਾ ਇੱਕ ਜ਼ਰੀਆ ਹੈ। ਬਾਪ ਹੋਵੇ ਜਾਂ ਭਰਾ, ਪਤੀ ਹੋਵੇ ਜਾਂ ਸਹੁਰਾ, ਹਰ ਮਰਦ ਦੀ ਉਹ ਗੁਲਾਮ ਹੈ। ਪਤੀ ਨੂੰ ਉਸ ਲਈ ਪ੍ਰਮੇਸ਼ਵਰ ਦੱਸਿਆ ਜਾਂਦਾ ਹੈ। ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਹੈ। ਪ੍ਰੇਮ ਕਰਨਾ ਤਾਂ ਉਸ ਲਈ ਮੌਤ ਨੂੰ ਗਲ਼ੇ ਲਗਾਉਣਾ ਹੈ। ਸਰਮਾਏਦਾਰਾ ਵਿਕਾਸ ਨੇ ਔਰਤਾਂ ਦੇ ਇੱਕ ਵੱਡੇ ਹਿੱਸੇ ਨੂੰ ਘਰਾਂ ਤੋਂ ਬਾਹਰ ਕੱਢ ਕੇ ਕਿਰਤ ਸ਼ਕਤੀ ਦੀ ਮੰਡੀ ਵਿੱਚ ਲੈ ਆਂਦਾ ਹੈ। ਔਰਤਾਂ ਦੀ ਮਰਦ ਦੀ ਜਗੀਰੂ-ਮੱਧਯੁੱਗੀ ਢੰਗ ਦੀ ਗੁਲਾਮੀ ਵਿੱਚ ਇਸ ਨਾਲ਼ ਕਮੀ ਜ਼ਰੂਰ ਆਈ ਹੈ ਪਰ ਕੁੱਝ ਹੱਦ ਤੱਕ ਹੀ। ਔਰਤ ਦੀ ਸਸਤੀ ਕਿਰਤ ਸ਼ਕਤੀ ਤੇ ਉਸ ਦਾ ਸੁਹੱਪਣ ਸਰਮਾਏਦਾਰਾ ਜਮਾਤ ਲਈ ਮੁਨਾਫ਼ੇ ਦਾ ਇੱਕ ਵੱਡਾ ਸ੍ਰੋਤ ਬਣ ਗਿਆ ਹੈ। ਉਹ ਹੁਣ ਮਰਦ ਦੀ ਗੁਲਾਮੀ ਦੇ ਨਾਲ਼-ਨਾਲ਼ ਉਜ਼ਰਤੀ ਗੁਲਾਮੀ ਭਾਵ ਸਰਮਾਏ ਦੀ ਗੁਲਾਮੀ ਦਾ ਵੀ ਸ਼ਿਕਾਰ ਹੈ। ਸਰਮਾਏਦਾਰਾ ਮੰਡੀ ਵਿੱਚ ਹਰ ਮਜ਼ਦੂਰ ਹੀ, ਹਰ ਕਿਰਤੀ ਹੀ ਭਿਅੰਕਰ ਰੂਪ ਵਿੱਚ ਲੁੱਟ ਦਾ ਸ਼ਿਕਾਰ ਹੈ ਪਰ ਮਜ਼ਦੂਰ-ਕਿਰਤੀ ਔਰਤਾਂ ਮਰਦ ਮਜ਼ਦੂਰਾਂ ਤੋਂ ਕਿਤੇ ਵੱਧ ਇਸ ਲੁੱਟ ਦਾ ਸ਼ਿਕਾਰ ਹਨ। ਔਰਤਾਂ ਜੋ ਕਮਾਊ ਹਨ, ਉਹਨਾਂ ਨੂੰ ਘਰ ਦਾ ਵੀ ਕੰਮ ਕਰਨਾ ਪੈਂਦਾ ਹੈ। ਔਰਤਾਂ ਨੂੰ ਮਰਦਾਂ ਤੋਂ ਕਿਤੇ ਵੱਧ ਕਿਰਤ ਕਰਨੀ ਪੈਂਦੀ ਹੈ ਪਰ ਉਹਨਾਂ ਨੂੰ ਜੋ ਹਾਸਲ ਹੁੰਦਾ ਹੈ ਉਹ ਕਿਤੇ ਘੱਟ ਹੈ। ਕੰਮ ਦੀ ਥਾਂ ’ਤੇ ਔਰਤਾਂ ਨੂੰ ਸਰੀਰਕ ਛੇੜਛਾੜ, ਅਸ਼ਲੀਲ ਟਿੱਪਣੀਆਂ ਅਤੇ ਇੱਥੋਂ ਤੱਕ ਕਿ ਬਲਾਤਕਾਰ ਜਿਹੇ ਅਪਰਾਧਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਔਰਤਾਂ ਖਿਲਾਫ਼ ਅਪਰਾਧਾਂ ਵਿੱਚ ਪਿਛਲੇ ਸਮੇਂ ਵਿੱਚ ਜੋ ਵੱਡੇ ਪੱਧਰ ’ਤੇ ਵਾਧਾ ਹੋਇਆ ਹੈ ਉਸ ਦਾ ਕਾਰਨ ਪ੍ਰਤੱਖ ਰੂਪ ਵਿੱਚ ਸਰਮਾਏਦਾਰਾ ਪ੍ਰਬੰਧ ਹੈ। ਔਰਤਾਂ ਨੂੰ ਉਤਪਾਦਾਂ ਦੀ ਵੱਧ ਤੋਂ ਵੱਧ ਵਿਕਰੀ ਲਈ ਇਸ਼ਤਿਹਾਰਾਂ ਵਿੱਚ ਅਸ਼ਲੀਲ ਢੰਗ ਨਾਲ਼ ਪੇਸ਼ ਕੀਤਾ ਜਾ ਰਿਹਾ ਹੈ। ਮੁਨਾਫ਼ੇ ਖਾਤਰ ਹੀ ਔਰਤਾਂ ਦੀ ਅਖਬਾਰਾਂ, ਰਸਾਲਿਆਂ, ਟੀ.ਵੀ. ਚੈਨਲਾਂ, ਇੰਟਰਨੈਟ ਆਦਿ ਥਾਵਾਂ ’ਤੇ ਅਸ਼ਲੀਲ ਪੇਸ਼ਕਾਰੀ ਹੋ ਰਹੀ ਹੈ। ਵੱਧ ਤੋਂ ਵੱਧ ਮੁਨਾਫ਼ੇ ਲਈ ਨੰਗੇਜ਼ਵਾਦ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਨੰਗੇਜ਼ਵਾਦੀ-ਖਪਤਵਾਦੀ ਸਰਮਾਏਦਾਰਾ-ਸਾਮਰਾਜਵਾਦੀ ਗਲੇ-ਸੜੇ ਸੱਭਿਆਚਾਰ ਅਤੇ ਸਮਾਜ ਵਿੱਚ ਵੱਡੇ ਪੱਧਰ ’ਤੇ ਮੌਜੂਦ ਜਗੀਰੂ ਪ੍ਰਬੰਧ ਦੀ ਰਹਿੰਦ ਖੂੰਹਦ ਰੂੜੀਵਾਦੀ, ਪਿਛਾਂਹ ਖੜੀ, ਘੋਰ ਔਰਤ-ਵਿਰੋਧੀ ਮੱਧਯੁੱਗੀ, ਪਿੱਤਰ ਸੱਤ੍ਹਾਵਾਦੀ ਸੱਭਿਆਚਾਰ ਦੇ ਆਪਸ ਵਿੱਚ ਘਿਉ-ਖਿਚੜੀ ਹੋਣ ਨਾਲ਼ ਜੋ ਜ਼ਹਿਰੀਲੀਆਂ ਕਦਰਾਂ-ਕੀਮਤਾਂ ਸਮਾਜ ਵਿੱਚ ਫੈਲੀਆਂ ਹਨ ਉਹਨਾਂ ਦਾ ਹੀ ਨਤੀਜਾ ਹੈ ਕਿ ਅੱਜ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ।  ਘਰ-ਪਰਿਵਾਰ ਤੋਂ ਲੈ ਕੇ ਪੂਰੇ ਸਮਾਜਕ ਤਾਣੇ ਬਾਣੇ ਵਿੱਚ ਹਰ ਥਾਂ ’ਤੇ ਔਰਤਾਂ ਭਿਅੰਕਰ ਰੂਪ ਵਿੱਚ ਅਸੁਰੱਖਿਅਤ ਹਨ। ਔਰਤਾਂ ਨਾਲ਼ ਛੇੜਖਾਨੀ, ਅਗਵਾ, ਬਲਾਤਕਾਰ, ਤੇਜ਼ਾਬ ਸੁੱਟਣ ਆਦਿ ਜਿਹੇ ਭਿਆਨਕ ਅਪਰਾਧ ਲਗਾਤਾਰ ਵੱਧਦੇ ਜਾ ਰਹੇ ਹਨ।

ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਔਰਤਾਂ ਦੀ ਹਾਲਤ ਦੀ ਇੱਕ ਬੇਹੱਦ ਭਿਅੰਕਰ ਤਸਵੀਰ ਸਾਹਮਣੇ ਆਉਂਦੀ ਹੈ। ਕੌਮੀ ਜ਼ੁਰਮ ਰਿਕਾਰਡ ਬਿਊਰੋ ਵੱਲੋਂ ਜਾਰੀ ਹੋਈ ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ ਹਰ 3.5 ਮਿੰਟ ਵਿੱਚ ਔਰਤਾਂ ਖਿਲਾਫ਼ ਇੱਕ ਜੁਰਮ ਹੁੰਦਾ ਹੈ। ਔਰਤਾਂ ਖਿਲਾਫ਼ ਹੁੰਦੇ ਜੁਰਮਾਂ ਵਿੱਚ ਘਰੇਲੂ ਹਿੰਸਾ ਦਾ ਹਿੱਸਾ 33.3 ਫੀਸਦੀ ਹੈ।  1997 ਤੋਂ 2002 ਵਿਚਕਾਰ ਘਰੇਲੂ ਹਿੰਸਾ ਵਿੱਚ 34.5 ਫੀਸਦੀ ਵਾਧਾ ਹੋਇਆ ਹੈ। ‘ਦ ਸਟੇਟ ਆਫ਼ ਵਰਲਡ ਪਾਪੂਲੇਸ਼ਨ ਰਿਪੋਰਟ’ ਮੁਤਾਬਕ ਭਾਰਤ ਵਿੱਚ ਹਰ 54 ਮਿੰਟ ਵਿੱਚ ਇੱਕ ਬਲਾਤਕਾਰ, ਹਰ 26 ਮਿੰਟ ਵਿੱਚ ਛੇੜਛਾੜ, 43 ਮਿੰਟ ਵਿੱਚ ਇੱਕ ਔਰਤ ਅਗਵਾ, ਇੱਕ ਘੰਟਾ 42 ਮਿੰਟ ਬਾਅਦ ਦਾਜ ਕਾਰਨ ਮੌਤ ਅਤੇ ਹਰ 7 ਮਿੰਟ ਬਾਅਦ ਔਰਤਾਂ ਨਾਲ਼ ਕਿਸੇ ਨਾ ਕਿਸੇ ਕਿਸਮ ਦੀ ਅਪਰਾਧਕ ਘਟਨਾ ਵਾਪਰਦੀ ਹੈ। ਇੱਕ ਹੋਰ ਰਿਪੋਰਟ ਮੁਤਾਬਕ ਦੇਸ਼ ਵਿੱਚ ਹਰ ਰੋਜ਼ ਬਲਾਤਕਾਰ ਦੀਆਂ 19 ਘਟਨਾਵਾਂ ਵਾਪਰ ਰਹੀਆਂ ਹਨ। ਇਹਨਾਂ ਅੰਕੜਿਆਂ ਵਿੱਚ ਜੋ ਵਿਖਾਈ ਦੇ ਰਿਹਾ ਹੈ ਉਹ ਤਾਂ ਅਸਲ ਤਸਵੀਰ ਦਾ ਇੱਕ ਅੰਸ਼ ਹੀ ਹੈ। ਔਰਤਾਂ ਨੂੰ ਹਰ ਪਲ ਜੋ ਲੁੱਟ, ਦਾਬਾ, ਗੁਲਾਮੀ ਝੱਲਣੀ ਪੈਂਦੀ ਹੈ ਉਹ ਸ਼ਬਦਾਂ ਵਿੱਚ ਜਾਂ ਅੰਕੜਿਆਂ ਵਿੱਚ ਜ਼ਾਹਰ ਨਹੀਂ ਹੋ ਸਕਦੀ। ਨਾਲ਼ੇ ਔਰਤਾਂ ਨਾਲ਼ ਹੁੰਦੇ ਜੁਰਮਾਂ ਦੇ ਇਹ ਅੰਕੜੇ ਬਹੁਤ ਹੀ ਅਧੂਰੇ ਹਨ। ਜ਼ਿਆਦਾਤਰ ਮਾਮਲੇ ਬੇਇੱਜ਼ਤੀ, ਡਰ, ਦਾਬੇ, ਖੱਜਲ-ਖੁਆਰੀ, ਇਨਸਾਫ਼ ਦੀ ਨਾ-ਉਮੀਦੀ ਆਦਿ ਅਨੇਕਾਂ ਕਾਰਨਾਂ ਕਰ ਕੇ ਦਬ ਕੇ ਰਹਿ ਜਾਂਦੇ ਹਨ। ਉਂਝ ਔਰਤਾਂ ਦੀ ਭਿਅੰਕਰ ਹਾਲਤ ਨੂੰ ਜਾਣਨ, ਸਮਝਣ, ਮਹਿਸੂਸ ਕਰਨ ਲਈ ਕਿਸੇ ਵੀ ਇਨਸਾਫ਼ ਪਸੰਦ, ਸੰਵੇਦਨਸ਼ੀਲ ਵਿਅਕਤੀ ਨੂੰ ਅੰਕੜਿਆਂ ਦੀ ਬਹੁਤੀ ਲੋੜ ਹੈ ਵੀ ਨਹੀਂ। ਸਮਾਜ ਵਿੱਚ ਵਿਚਰਦੇ ਹੋਏ ਔਰਤਾਂ ਦੀ ਹਾਲਤ ਨੂੰ ਕਾਫ਼ੀ ਹੱਦ ਤੱਕ ਜਾਣਿਆ ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਔਰਤਾਂ ਖਿਲਾਫ਼ ਜੁਰਮਾਂ ਬਾਰੇ ਅਸੀਂ ਜੋ ਅੰਕੜੇ ਇੱਥੇ ਦਿੱਤੇ ਹਨ, ਇਹ ਭਾਰਤ ਬਾਰੇ ਹਨ, ਪਰ ਔਰਤਾਂ ਨੂੰ ਪੂਰੇ ਸੰਸਾਰ ਵਿੱਚ ਹੀ ਇਹਨਾਂ ਜੁਰਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਧੁਨਿਕ ਤੋਂ ਆਧੁਨਿਕ ਦੇਸ਼ ਵਿੱਚ ਵੀ ਔਰਤਾਂ ਦੀ ਸਥਿਤੀ ਦੋਮ ਦਰਜੇ ਦੀ ਹੀ ਹੈ ਭਾਵ ਉਹ ਮਰਦ ਪ੍ਰਧਾਨਤਾ ਦਾ ਸ਼ਿਕਾਰ ਹਨ। ਵੱਖ ਵੱਖ ਦੇਸ਼ਾਂ ਦੇ ਸਮਾਜਾਂ ਦੇ ਪਿਛੋਕੜ, ਲੋਕਾਂ ਦੀ ਜਮਹੂਰੀ ਚੇਤਨਾ ਆਦਿ ਵਜੋਂ ਮਰਦ ਪ੍ਰਧਾਨਤਾ ਅਤੇ ਔਰਤਾਂ ਖਿਲਾਫ਼ ਹੁੰਦੇ ਜੁਰਮਾਂ ਦੇ ਰੂਪਾਂ ਅਤੇ ਪੱਧਰ ਵਿੱਚ ਫ਼ਰਕ ਜ਼ਰੂਰ ਆਏ ਹਨ ਪਰ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਔਰਤਾਂ ਅਜ਼ਾਦ ਨਹੀਂ ਹਨ। ਸਮੁੱਚੇ ਸੰਸਾਰ ਵਿੱਚ ਔਰਤਾਂ ਦੀ ਸਥਿਤੀ ਬਾਰੇ ਕੁਝ ਅੰਕੜੇ ਵੀ ਸਾਡੇ ਸਾਹਮਣੇ ਹਨ।  ਸਭ ਤੋਂ ਗਰੀਬ 120 ਕਰੋੜ ਲੋਕਾਂ ਵਿੱਚ 70 ਫ਼ੀਸਦੀ ਔਰਤਾਂ ਹਨ। ਸੰਸਾਰ ਵਿੱਚ ਕੁੱਲ ਕੀਤੀ ਜਾਂਦੀ ਕਿਰਤ (ਘੰਟਿਆਂ ਵਿੱਚ) ਦਾ 67 ਫੀਸਦੀ ਔਰਤਾਂ ਦੇ ਹਿੱਸੇ ਆਉਂਦਾ ਹੈ ਪਰ ਕੁਲ ਆਮਦਨ ਵਿੱਚ ਉਹਨਾਂ ਦਾ ਹਿੱਸਾ ਮਹਿਜ 10 ਫੀਸਦੀ ਹੀ ਹੈ। ਸੰਸਾਰ ਦੀ ਕੁੱਲ ਸੰਪੱਤੀ ਵਿੱਚ ਤਾਂ ਉਨ੍ਹਾਂ ਦਾ ਹਿੱਸਾ ਸਿਰਫ਼ 1 ਫੀਸਦੀ ਹੀ ਹੈ। ਸੰਸਾਰ ਵਿੱਚ ਬਿਨਾਂ ਭੁਗਤਾਨ ਤੋਂ ਕੀਤੇ ਜਾਣ ਵਾਲ਼ੇ ਕੰਮ ਦੀ ਕਦਰ ਲਗਭਗ 1600 ਕਰੋੜ ਡਾਲਰ ਹੈ ਜਿਸ ਵਿੱਚ ਔਰਤਾਂ ਵੱਲੋਂ ਪਾਇਆ ਜਾਂਦਾ ਹਿੱਸਾ 1100 ਕਰੋੜ ਡਾਲਰ ਹੈ। ਔਰਤਾਂ ਨੂੰ ਮਰਦਾਂ ਨਾਲ਼ੋਂ 30-40 ਫੀਸਦੀ ਘੱਟ ਤਨਖਾਹ ਦਿੱਤੀ ਜਾਂਦੀ ਹੈ। ਇੱਥੇ ਵੀ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਹ ਅੰਕੜੇ ਵੀ ਅਧੂਰੇ ਹਨ, ਹਕੀਕਤ ਇਸ ਤੋਂ ਕਿਤੇ ਵੱਧ ਦਿਲ ਕੰਬਾਊ ਹੋਵੇਗੀ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਔਰਤਾਂ ਦੀ ਇਹ ਮਾੜੀ ਹਾਲਤ ਕਿਵੇਂ ਬਦਲੀ ਜਾ ਸਕਦੀ ਹੈ ? ਉਹ ਕਿਹੜੇ ਢੰਗ-ਤਰੀਕੇ, ਉਹ ਕਿਹੜਾ ਰਾਹ ਹੋ ਸਕਦਾ ਹੈ ਜਿਸ ਰਾਹੀਂ ਮਰਦ ਪ੍ਰਧਾਨਤਾ ਖ਼ਤਮ ਹੋਵੇਗੀ ? ਭਾਰਤ ਵਿੱਚ ਇਹ ਆਮ ਧਾਰਨਾ ਹੈ ਕਿ ਔਰਤਾਂ ਦੇ ਪੜ੍ਹ-ਲਿਖ ਜਾਣ ਨਾਲ਼ ਅਤੇ ਕਮਾਊ ਬਣ ਜਾਣ ਨਾਲ਼ ਔਰਤਾਂ ਸਮਾਜ ਵਿੱਚ ਮਰਦਾਂ ਦੇ ਬਰਾਬਰ ਦਾ ਦਰਜਾ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਣਗੀਆਂ। ਇਹ ਸਹੀ ਹੈ ਕਿ ਇਸ ਨਾਲ਼ ਔਰਤਾਂ ਦੀ ਸਥਿਤੀ ਵਿੱਚ ਬਦਲਾਅ ਆਉਂਦਾ ਹੈ, ਪਰ ਇਹ ਵੀ ਸੋਚਣਾ ਬਣਦਾ ਹੈ ਕਿ ਯੂਰਪ-ਅਮਰੀਕਾ ਦੇ ਵਿਕਸਿਤ ਸਰਮਾਏਦਾਰਾ ਦੇਸ਼ਾਂ ਵਿੱਚ ਜਿੱਥੇ ਔਰਤਾਂ ਦੀ ਸਾਖਰਤਾ ਅਤੇ ਕਮਾਊ ਹੋਣ ਦੀ ਦਰ ਬਹੁਤ ਉੱਚੀ ਹੈ ਉੱਥੇ ਵੀ ਔਰਤਾਂ ਮਰਦ ਪ੍ਰਧਾਨਤਾ ਦਾ ਸ਼ਿਕਾਰ ਕਿਉਂ ਹਨ ? ਉੱਥੇ ਵੀ ਕਿਉਂ ਔਰਤਾਂ ਨੂੰ ਬਰਾਬਰ ਦੀ ਸਮਾਜਕ, ਆਰਥਕ ਤੇ ਸਿਆਸੀ ਹੈਸੀਅਤ ਹਾਸਲ ਨਹੀਂ ਹੋ ਸਕੀ ਹੈ ? ਸਾਡੇ ਦੇਸ਼ ਵਿੱਚ ਵੀ ਔਰਤਾਂ ਦਾ ਜੋ ਹਿੱਸਾ ਸਾਖ਼ਰ ਹੋ ਚੁੱਕਾ ਹੈ ਤੇ ਕਮਾਊ ਹੈ ਉਹ ਮਰਦਾਂ ਦੀ ਗੁਲਾਮੀ ਤੋਂ ਛੁਟਕਾਰਾ ਹਾਸਲ ਨਹੀਂ ਕਰ ਸਕਿਆ। ਔਰਤਾਂ ਦੀ ਹਾਲਤ ਸੁਧਾਰਨ ਲਈ ਔਰਤਾਂ ਨੂੰ ਪਾਰਲੀਮੈਂਟ-ਵਿਧਾਨ ਸਭਾਵਾਂ ਵਿੱਚ 33 ਫੀਸਦੀ ਰਿਜ਼ਰਵੇਸ਼ਨ ਦੇਣ ਦਾ ਨੀਮ ਹਕੀਮੀ ਨੁਸਖਾ ਵੀ ਬਹੁਤ ਪ੍ਰਚਾਰਿਆ ਜਾਂਦਾ ਹੈ। ਕਹਿਣ ਦੀ ਲੋੜ ਨਹੀਂ ਕਿ ਜੇਕਰ ਔਰਤਾਂ ਲਈ ਰਿਜ਼ਰਵੇਸ਼ਨ ਦਾ ਅਜਿਹਾ ਕਨੂੰਨ ਬਣ ਜਾਂਦਾ ਹੈ ਉਸ ਦਾ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ, ਪਰ ਸੋਚਣਾ ਇਹ ਬਣਦਾ ਹੈ ਕਿ ਜੇਕਰ ਕੁਝ ਔਰਤਾਂ ਪਾਰਲੀਮੈਂਟ ਵਿਧਾਨ ਸਭਾਵਾਂ ਵਿੱਚ ਬੈਠੇ ਲੁਟੇਰੇ ਟੋਲੇ ਵਿੱਚ ਸ਼ਾਮਲ ਹੋ ਵੀ ਜਾਂਦੀਆਂ ਹਨ ਤਾਂ ਉਸ ਨਾਲ਼ ਦੇਸ਼ ਦੀਆਂ ਔਰਤਾਂ ਦੀ ਗੁਲਾਮੀ ਦੀ ਹਾਲਤ ਵਿੱਚ ਕੀ ਸੁਧਾਰ ਹੋ ਜਾਵੇਗਾ ? ਇਸ ਨਾਲ਼ ਦੇਸ਼ ਦੇ ਕਾਰਖਾਨਿਆਂ, ਖੇਤਾਂ, ਦੁਕਾਨਾਂ, ਸ਼ੋ-ਰੂਮਾਂ, ਸਕੂਲਾਂ, ਘਰਾਂ, ਉਸਾਰੀ ਕੰਮਾਂ ’ਚ ਬੇਹੱਦ ਘੱਟ ਆਮਦਨ ਅਤੇ ਬੇਹੱਦ ਭੈੜੀਆਂ ਹਾਲਤਾਂ ਵਿੱਚ ਕੰਮ ਕਰ ਰਹੀ ਔਰਤਾਂ ਦੀ ਅਬਾਦੀ ਦੀ ਹਾਲਤ ਵਿੱਚ ਕੀ ਸੁਧਾਰ ਹੋ ਜਾਵੇਗਾ ? ਇਸ ਤਰ੍ਹਾਂ ਘਰੇਲੂ ਹਿੰਸਾ ਕਿਵੇਂ ਖਤਮ ਹੋ ਜਾਵੇਗੀ ? ਇਸ ਨਾਲ਼ ਜਗੀਰੂ ਸੱਭਿਆਚਾਰ ਅਤੇ ਨੰਗੇਜ਼ਵਾਦੀ, ਕਾਮੁਕਤਾਵਾਦੀ, ਖਪਤਵਾਦੀ ਗਲੇ-ਸੜੇ ਸਰਮਾਏਦਾਰਾ ਸੱਭਿਆਚਾਰ ਦਾ ਖਾਤਮਾ ਕਿਵੇਂ ਹੋ ਜਾਵੇਗਾ ਜਾਂ ਔਰਤਾਂ ਖਿਲਾਫ਼ ਵੱਡੇ ਪੱਧਰ ’ਤੇ ਹੋ ਰਹੇ ਅਪਰਾਧ ਕਿਵੇਂ ਬੰਦ ਹੋ ਜਾਣਗੇ ? ਔਰਤਾਂ ਖਿਲਾਫ਼ ਜੁਰਮਾਂ ਦੀਆਂ ਪਿਛਲੇ ਸਮੇਂ ਵਿੱਚ ਹੋਈਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਔਰਤਾਂ ਖਿਲਾਫ਼ ਜੁਰਮ ਕਰਨ ਵਾਲ਼ਿਆਂ ਖਿਲਾਫ਼ ਸਖ਼ਤ ਕਨੂੰਨੀ ਕਦਮ ਚੁੱਕੇ ਜਾਣ, ਪੁਖਤਾ ਕਾਰਵਾਈ ਲਈ ਪੁਲਸ-ਪ੍ਰਸ਼ਾਨਿਕ ਢਾਂਚਾ ਚੁਸਤ-ਦਰੁਸਤ ਕੀਤੇ ਜਾਣ ਅਤੇ ਬਲਾਤਕਾਰ ਦੇ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀਆਂ ਮੰਗਾਂ ਜ਼ੋਰਦਾਰ ਢੰਗ ਨਾਲ਼ ਉੱਠੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜਿਹੇ ਸਾਰੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਇਸ ਵਾਸਤੇ ਜ਼ੋਰਦਾਰ ਸੰਘਰਸ਼ ਛੇੜਿਆ ਜਾਣਾ ਚਾਹੀਦਾ ਹੈ, ਪਰ ਇਸ ਨਾਲ਼ ਔਰਤਾਂ ਦੀ ਸਥਿਤੀ ਵਿੱਚ ਬਹੁਤ ਜ਼ਿਆਦਾ ਫਰਕ ਨਹੀਂ ਆਉਣ ਵਾਲ਼ਾ। ਪਹਿਲਾਂ ਵੀ ਗਰੀਬਾਂ, ਔਰਤਾਂ, ਬੱਚਿਆਂ ਦੇ ਹੱਕ ਵਿੱਚ ਜੋ ਕਨੂੰਨ ਮੌਜੂਦ ਹਨ ਉਹ ਕਿੰਨੇ ਕੁ ਲਾਗੂ ਹੋ ਰਹੇ ਹਨ ?  ਸੰਸਦ-ਵਿਧਾਨ ਸਭਾਵਾਂ, ਪੰਚਾਇਤਾਂ, ਨਗਰ ਪਾਲਿਕਾਵਾਂ, ਅਦਾਲਤਾਂ, ਅਫ਼ਸਰਸ਼ਾਹੀ, ਪੁਲਸ, ਫੌਜ – ਇਹ ਪੂਰਾ ਤਾਣਾ-ਬਾਣਾ ਹੀ ਲੋਕ-ਵਿਰੋਧੀ ਅਤੇ ਇਸ ਤੋਂ ਵੀ ਕਿਤੇ ਵਧ ਕੇ ਔਰਤ-ਵਿਰੋਧੀ ਹੈ। ਦੇਸ਼ ਦਾ ਸਾਰਾ ਸਿਆਸੀ-ਪ੍ਰਸ਼ਾਸਨਿਕ ਪ੍ਰਬੰਧ ਏਨਾ ਗਲ ਸੜ ਚੁੱਕਾ ਹੈ ਕਿ ਇਸ ਨੂੰ ਲੋਕ ਹਿੱਤਾਂ ਮੁਤਾਬਕ ਢਾਲਣ ਦੀ ਗੱਲ ਸੋਚਣਾ, ਇਸ ਤੋਂ ਔਰਤਾਂ ਦੀ ਸੁਰੱਖਿਆ, ਹੱਕਾਂ, ਅਜ਼ਾਦੀ, ਬਰਾਬਰੀ, ਇਨਸਾਫ਼ ਦੀ ਉਮੀਦ ਕਰਨਾ ਸਿਰੇ ਦੀ ਮੂਰਖਤਾ ਹੋਵੇਗੀ।

ਮਨੁੱਖੀ ਸਮਾਜ ਵਿੱਚ ਹਜ਼ਾਰਾਂ ਸਾਲ ਪਹਿਲਾਂ ਜਦ ਕਿਰਤ ਵੰਡ ਦੇ ਨਤੀਜੇ ਵਜੋਂ ਨਿੱਜੀ ਜਾਇਦਾਦ ਦੀ ਉਤਪਤੀ ਹੋਈ ਉਦੋਂ ਸਮਾਜ ਲੋਟੂ ਅਤੇ ਲੁਟੀਂਦੀਆਂ ਜਮਾਤਾਂ ਵਿੱਚ ਵੰਡਿਆ ਗਿਆ ਸੀ। ਨਿੱਜੀ ਜਾਇਦਾਦ ਹੀ ਸਮਾਜ ਵਿੱਚ ਔਰਤਾਂ ਦੇ ਦੋਮ ਦਰਜੇ ਦਾ ਕਾਰਨ ਬਣੀ। ਹੁਣ ਨਿੱਜੀ ਜਾਇਦਾਦ ਦੇ ਖਾਤਮੇ ਨਾਲ਼ ਹੀ ਔਰਤਾਂ ਦੀ ਗੁਲਾਮੀ ਦਾ ਖਾਤਮਾ ਹੋਵੇਗਾ। ਜਦੋਂ ਤੱਕ ਕਿਰਤ ਵੰਡ, ਨਿੱਜੀ ਜਾਇਦਾਦ, ਜਿਣਸ ਪੈਦਾਵਾਰ ਅਤੇ ਮੁਨਾਫ਼ੇ ਖਾਤਰ ਕਿਰਤ ਦੀ ਲੁੱਟ ’ਤੇ ਆਧਾਰਤ ਇਹ ਲੋਟੂ ਸਰਮਾਏਦਾਰਾ ਪ੍ਰਬੰਧ ਕਾਇਮ ਰਹੇਗਾ ਉਦੋਂ ਤੱਕ ਮਰਦ ਪ੍ਰਧਾਨਤਾ ਵੀ ਕਾਇਮ ਰਹੇਗੀ। ਇਸ ਲਈ ਸਰਮਾਏਦਾਰਾ ਪ੍ਰਬੰਧ ਦੇ ਇਨਕਲਾਬੀ ਢੰਗ ਨਾਲ਼ ਖਾਤਮੇ ਅਤੇ ਇਸ ਦੀ ਥਾਂ ਸਮਾਜਵਾਦੀ ਪ੍ਰਬੰਧ ਦੀ ਕਾਇਮੀ ਅਤੇ ਸਮਾਜਵਾਦੀ ਪ੍ਰਬੰਧ ਵਿੱਚੋਂ ਹੁੰਦੇ ਹੋਏ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਸਮਾਜ, ਜਮਾਤ ਰਹਿਤ ਸਮਾਜ – ਕਮਿਊਨਿਜ਼ਮ – ਦੀ ਕਾਇਮੀ ਦਾ ਰਾਹ ਹੀ ਔਰਤ ਦੀ ਗੁਲਾਮੀ ਦੇ ਖਾਤਮੇ ਦਾ ਰਾਹ ਹੋਵੇਗਾ, ਪਰ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਹੈ ਕਿ ਕਮਿਊਨਿਜ਼ਮ ਸਥਾਪਿਤ ਹੋਣ ਤੱਕ ਔਰਤਾਂ ਹੱਥ ’ਤੇ ਹੱਥ ਧਰ ਕੇ ਬੈਠੀਆਂ ਰਹਿਣਗੀਆਂ। ਨਿੱਜੀ ਮਾਲਕੀ ਦੇ ਖਾਤਮੇ ਦੇ ਇਨਕਲਾਬੀ ਸੰਘਰਸ਼ ਵਿੱਚ ਬਰਾਬਰ ਦੀ ਹਿੱਸੇਦਾਰੀ ਤਾਂ ਹੋਵੇਗੀ ਹੀ ਪਰ ਇਸ ਸੰਘਰਸ਼ ਦੇ ਇੱਕ ਅੰਗ ਦੇ ਤੌਰ ’ਤੇ ਔਰਤਾਂ ਨੂੰ ਆਪਣੀ ਲੁੱਟ-ਦਾਬੇ ਦੇ ਹਰ ਰੂਪ ਖਿਲਾਫ਼, ਅਜ਼ਾਦੀ, ਬਰਾਬਰੀ, ਹੱਕਾਂ ਲਈ ਔਰਤਾਂ ਦੀ ਖੁਦਮੁਖਤਾਰ ਜੁਝਾਰੂ ਲਹਿਰ ਵੀ ਉਸਾਰਨੀ ਹੋਵੇਗੀ। ਔਰਤਾਂ ਨੂੰ ਵੱਡੇ ਪੱਧਰ ’ਤੇ ਆਪਣੇ ਹੱਕਾਂ, ਅਜ਼ਾਦੀ, ਬਰਾਬਰੀ ਲਈ ਜਾਗਰੂਕ ਹੋਣਾ ਹੋਵੇਗਾ ਅਤੇ ਜੁਝਾਰੂ ਸੰਘਰਸ਼ ਚਲਾਉਣੇ ਹੋਣਗੇ। ਅੱਜ ਸੰਸਾਰ ਵਿੱਚ ਔਰਤਾਂ ਨੂੰ ਜਿਸ ਹੱਦ ਤੱਕ ਵੀ ਹੱਕ ਹਾਸਿਲ ਹਨ ਉਹ ਕਿਸੇ ਨੇ ਤੋਹਫੇ ਵਿੱਚ ਨਹੀਂ ਦਿੱਤੇ।  ਸੰਸਾਰ ਭਰ ਵਿੱਚ ਔਰਤਾਂ ਨੇ ਇਹ ਹੱਕ ਲੋਕ ਲਹਿਰਾਂ ਵਿੱਚ ਜੁਝਾਰੂ ਹਿੱਸੇਦਾਰੀ ਕਰਦੇ ਹੋਏ ਅਤੇ ਆਪਣੀਆਂ ਖੁਦਮੁਖਤਾਰ ਲਹਿਰਾਂ ਉਸਾਰਨ ਰਾਹੀਂ ਹੀ ਹਾਸਲ ਕੀਤੇ ਹਨ। ਇਹ ਭਾਵੇਂ ਜਗੀਰੂ ਦਾਬਾ ਹੋਵੇ ਜਾਂ ਸਰਮਾਏ ਦਾ ਦਾਬਾ, ਔਰਤਾਂ ਨੇ ਇਸ ਤੋਂ ਜਿਸ ਹੱਦ ਤੱਕ ਵੀ ਰਾਹਤ ਹਾਸਲ ਕੀਤੀ ਹੈ ਉਹ ਵਿਆਪਕ, ਜਾਗਰੂਕ ਅਤੇ ਜਨਤਕ ਸੰਘਰਸ਼ਾਂ ਰਾਹੀਂ ਹੀ ਹਾਸਲ ਕੀਤੀ ਹੈ।

ਇਸ ਰਾਹ ਤੋਂ ਸਿਵਾ ਹੋਰ ਕੋਈ ਰਾਹ ਨਹੀਂ ਹੈ ਜੋ ਔਰਤਾਂ ਨੂੰ ਮੁਕੰਮਲ ਰੂਪ ਵਿੱਚ ਲੁੱਟ, ਦਾਬੇ, ਗੁਲਾਮੀ ਤੋਂ ਮੁਕਤ ਕਰ ਸਕੇ। ਔਰਤ ਮੁਕਤੀ ਦੇ ਇਸ ਰਾਹ ਨੂੰ ਸਮਝਣ ਅਤੇ ਅਪਣਾਉਣ ਦਾ ਹੀ ਸੰਸਾਰ ਭਰ ਦੀਆਂ ਅਜ਼ਾਦੀ-ਬਰਾਬਰੀ-ਨਿਆਂ ਦੀ ਤਾਂਘ ਰੱਖਣ ਵਾਲ਼ੀਆਂ ਔਰਤਾਂ ਨੂੰ ਕੌਮਾਂਤਰੀ ਔਰਤ ਦਿਵਸ ਇਨਕਲਾਬੀ ਸੱਦਾ ਦਿੰਦਾ ਹੈ। ਉੱਠੋ! ਜਾਗੋ!! ਹੱਕ, ਬਰਾਬਰੀ ਤੇ ਅਜ਼ਾਦੀ ਲਈ, ਲੁੱਟ, ਦਾਬੇ ਤੇ ਗੁਲਾਮੀ ਦੇ ਹਰ ਰੂਪ ਖਿਲਾਫ਼ ਲਹਿਰਾਂ ਬਣ ਅੱਗੇ ਵਧੋ! ਕੌਮਾਂਤਰੀ ਔਰਤ ਦਿਵਸ ਦਾ ਇਹੋ ਸੁਨੇਹਾ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ