20.4 C
Jalandhar
Tuesday, April 7, 2026
spot_img
Home Blog Page 83

ਕਰਤਾਰਪੁਰ ਵਿਖੇ ਗੁਰੂ ਨਾਨਕ ਜੀ ਦੀ ਸਮਾਧ ਤੇ ਕਬਰ ਬਣਾਉਣਾ ਸਿਖੀ ਅਸੂਲਾਂ ਦੇ ਵਿਪਰੀਤ

0

ਕਰਤਾਰਪੁਰ ਵਿਖੇ ਗੁਰੂ ਨਾਨਕ ਜੀ ਦੀ ਸਮਾਧ ਤੇ ਕਬਰ ਬਣਾਉਣਾ ਸਿਖੀ ਅਸੂਲਾਂ ਦੇ ਵਿਪਰੀਤ

ਗਿਆਨੀ ਜਗਤਾਰ ਸਿੰਘ ਜਾਚਕ

ਕਰਨੀ ਤੇ ਕਥਨੀ ਦੇ ਸੂਰੇ ਗੁਰੂ ਬਾਬਾ ਨਾਨਕ ਜੀ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦੀ ਸਮਾਧ ਅਤੇ ਕਬਰ ਬਣਾ ਕੇ ਪੂਜਿਆ ਜਾਵੇ ਕਿਉਂਕਿ ਉਨ੍ਹਾਂ ਦਾ ਐਲਾਨ ਹੈ “ਦੁਬਿਧਾ ਨ ਪੜਉ, ਹਰਿ ਬਿਨੁ ਹੋਰੁ ਨ ਪੂਜਉ, ਮੜੈ ਮਸਾਨਿ ਨਾ ਜਾਈ” ।। ਇਸ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਵਿਖੇ ਸਮਾਧ ਅਤੇ ਕਬਰ ਦੀ ਪੂਜਾ ਹੋਣੀ, ਗੁਰਮਤਿ ਦੇ ਉਲਟ ਭਾਰੀ ਮਨਮਤਿ ਹੈ । ਇਸ ਪ੍ਰਤੀ ਤਖ਼ਤਾਂ ਦੇ ਜਥੇਦਾਰਾਂ, ਪਾਕਿਸਤਾਨ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੂੰ ਗੰਭੀਰਤਾ ਸਹਿਤ ਵਿਚਾਰਨ ਦੀ ਲੋੜ ਹੈ ।

ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਪ੍ਰਚਾਰ ਉਦਾਸੀ ਉਪਰੰਤ ਸੰਨ 1515 ਵਿੱਚ ਰਾਵੀ ਕਿਨਾਰੇ ਕਰਤਾਰ ਦੇ ਨਾਂ ਉੱਤੇ ਸ੍ਰੀ ਕਰਤਾਰਪੁਰ ਨਗਰ ਵਸਾਇਆ, ਜਿਹੜਾ ਸੰਨ 1921 ਤਕ ਗੁਰੂ ਆਸ਼ੇ ਦਾ ਸਚਖੰਡੀ ਮਾਡਲ ਗ੍ਰਾਮ ਬਣ ਕੇ ਉਚ ਕੋਟੀ ਦੇ ਪ੍ਰਚਾਰ ਕੇਂਦਰ ਵਿੱਚ ਬਦਲ ਗਿਆ । ਇਉਂ ਜਾਪਦਾ ਸੀ, ਜਿਵੇਂ ਸਮੁੱਚਾ ਨਗਰ ਹੀ ਧਰਮਸ਼ਾਲਾ ਹੋਵੇ । ਇਹੀ ਕਾਰਨ ਹੈ ਕਿ ਭਾਈ ਗੁਰਦਾਸ ਜੀ ਨੇ ਲਿਖਿਆ ‘ਧਰਮਸਾਲ ਕਰਤਾਰਪੁਰ ਸਾਧਸੰਗ ਸਚਖੰਡ ਵਸਾਇਆ’ । ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਹਨ ਕਿ ਸੰਨ 1539 ਵਿੱਚ ਗੁਰੂ ਜੀ ਜੋਤੀ ਜੋਤ ਸਮਾਏ ਤੇ ਰਾਵੀ ਦੇ ਕੰਢੇ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਗਿਆ । ਇਹ ਵੀ ਜਿਕਰ ਆਉਂਦਾ ਹੈ ਕਿ ਬਾਬਾ ਸ੍ਰੀ ਚੰਦ ਜੀ ਦੇ ਚੇਲਿਆਂ ਨੇ ਉਥੇ ਚੜ੍ਹਾਵੇ ਦੇ ਲਾਲਚ ਅਧੀਨ ਗੁਰੂ ਬਾਬੇ ਦਾ ਦੇਹੁਰਾ (ਸਮਾਧ) ਬਣਵਾ ਕੇ ਪੂਜਾ ਸ਼ੁਰੂ ਕਰਵਾ ਦਿੱਤੀ ਸੀ। ਅਜਿਹੀ ਮਨਮਤਿ ਅਕਾਲ ਪੁਰਖੁ ਅਤੇ ਉਹਦੇ ਸਰੂਪ ਗੁਰੂ ਜੀ ਨੂੰ ਨਹੀਂ ਸੀ ਭਾਉਂਦੀ । ਇਸ ਲਈ ਰਾਵੀ ਨਦੀ ਪੂਰੀ ਨਗਰੀ ਸਮੇਤ ਸਮਾਧ ਆਦਿਕ ਨੂੰ ਰੋੜ੍ਹ ਕੇ ਲੈ ਗਈ।

ਐਸੀ ਰੱਬੀ ਰਜ਼ਾ ਵਰਤਣ ਉਪਰੰਤ ਮੁੜ ਕੇ ਉਥੇ ਸਮਾਧ ਤਾਂ ਨਾ ਬਣੀ, ਪਰ ਉਥੇ ਯਾਦਗਾਰ ਵਜੋਂ ਹਿੰਦੂ ਸਿੱਖਾਂ ਨੇ ਮਿਲ ਕੇ ਖੂਹ ਲਗਵਾਇਆ ਅਤੇ ਮੁਸਲਮਾਨ ਸ਼ਰਧਾਲੂਆਂ ਨੇ ਮਸੀਤ ਬਣਵਾਈ । ਬੰਸਾਵਲੀਨਾਮਾ (ਸੰਨ 1779) ਦੇ ਲੇਖਕ ਭਾਈ ਕੇਸਰ ਸਿੰਘ ਸ਼ਿਬਰ ਲਿਖਦਾ ਹੈ ਕਿ ਇਹ ਸਭ ਕੁਝ ਉਸ ਨੇ ਅੱਖੀਂ ਡਿੱਠਾ ਤੇ ਬਾਬੇ ਦੇ ਖੂਹ ‘ਤੇ ਇਸ਼ਨਾਨ ਵੀ ਕੀਤਾ ਸੀ ।

ਸ੍ਰੀ ਕਰਤਾਰਪੁਰ ਦੀ ਮੁਬਾਰਕ ਧਰਤੀ ‘ਤੇ ਸਮਾਧ ਅਤੇ ਕਬਰ ਸਹਿਤ ਜਿਹੜਾ ਗੁਰਦੁਆਰਾ ਸਾਹਿਬ ਉਥੇ ਸੁਸ਼ੋਭਿਤ ਹੈ, ਇਹ ਸਾਰੀ ਸੇਵਾ ਮਹਾਰਾਜਾ ਭੂਪਿੰਦਰ ਸਿੰਘ ਪਟਿਆਲਾ ਨੇ ਕਰਵਾਈ ਹੈ । ਸਿੱਖ ਚਿੰਤਕਾ ਦਾ ਮੰਨਣਾ ਹੈ ਕਿ ਮਹਾਰਾਜਾ ਵਲੋਂ ਗੁਰੂ ਸਾਹਿਬ ਜੀ ਦੀ ਇਤਿਹਾਸਕ ਯਾਦਗਾਰ ਵਜੋਂ ਗੁਰਦੁਆਰਾ ਸਥਾਪਿਤਾ ਕਰਨਾ ਤਾਂ ਸ਼ਲਾਘਾਯੋਗ ਉਦਮ ਹੈ, ਪ੍ਰੰਤੂ ਸਮਾਧ ਤੇ ਕਬਰ ਬਣਾਉਣੀ ਭਾਰੀ ਭੁੱਲ ਹੈ ਭਾਵੇਂ ਕਿ ਉਹ ਕਿਸੇ ਨੇ ਵੀ ਬਣਾਈ ਕਿਉਂਕਿ ਇਹ ਸਿੱਖੀ ਤੇ ਇਸਲਾਮ ਦੇ ਮੂਲ ਸਿਧਾਂਤਾਂ ਦੇ ਬਿਲਕੁਲ ਵਿਪਰੀਤ ਹੈ।

ਭਰੂਣ ਨੂੰ ਹਿਚਕੀ ਲੱਗਣੀ

0

ਭਰੂਣ ਨੂੰ ਹਿਚਕੀ ਲੱਗਣੀ

 ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ-0175-2216783

ਜਿਸ ਔਰਤ ਨੂੰ ਵੀ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੋਵੇ, ਉਹ ਸਮਝ ਸਕਦੀ ਹੈ ਕਿ ਢਿੱਡ ਅੰਦਰ ਕਦੇ ਕਦਾਈਂ ਅਜੀਬ ਜਿਹੇ ਪੌਪਕੌਰਨ ਭੁੰਨੇ ਜਾਣ ਵਰਗਾ ਹਲਕਾ ਭੁੜਕਣ ਦਾ ਇਹਸਾਸ ਕਿੰਨਾ ਮਜ਼ੇਦਾਰ ਹੁੰਦਾ ਹੈ। ਇਸ ਦੇ ਨਾਲ ਹੀ ਕਦੇ ਕਦਾਈਂ ਭਰੂਣ ਵੱਲੋਂ ਹਲਕਾ ਮੁੱਕਾ ਜਾਂ ਪਾਸਾ ਬਦਲਣਾ ਜਾਂ ਠੁੱਡਾ ਵੱਜਣਾ ਕਿੰਨਾ ਮਜ਼ੇਦਾਰ ਜਾਪਦਾ ਹੈ।

ਹਲਕਾ ਭੁੜਕਣਾ ਦਰਅਸਲ ਭਰੂਣ ਦੀ ਹਿਚਕੀ ਹੁੰਦੀ ਹੈ, ਜੋ ਚੌਥੇ ਮਹੀਨੇ ਤੋਂ ਬਾਅਦ ਸ਼ੁਰੂ ਹੁੰਦੀ ਹੈ। ਭਰੂਣ ਦੇ ਫੇਫੜਿਆਂ ਤੇ ਢਿੱਡ ਨੂੰ ਵੱਖ ਕਰਨ ਵਾਲੀ ਪਰਤ ‘ਡਾਇਆਫਰਾਮ’ ਦੀ ਹਿਲਜੁਲ ਸਦਕਾ ਹੀ ਇਹ ਹੁੰਦੀ ਹੈ। ਜਿਉਂ ਹੀ ਭਰੂਣ ਸਾਹ ਲੈਣ ਦੀ ਕੋਸ਼ਿਸ਼ ਕਰੇ, ਬੱਚੇਦਾਨੀ ਵਿਚਲਾ ਪਾਣੀ ਉਸ ਦੇ ਫੇਫੜਿਆਂ ਅੰਦਰ ਭਰ ਜਾਂਦਾ ਹੈ ਤੇ ਡਾਇਆਫਰਾਮ ਖਿੱਚਿਆ ਜਾਂਦਾ ਹੈ। ਨਤੀਜੇ ਵਜੋਂ ਹਿਚਕੀ ਆਉਣੀ ਸ਼ੁਰੂ ਹੋ ਜਾਂਦੀ ਹੈ।

ਕਈ ਮਾਵਾਂ ਨੂੰ ਨਿੱਕੇ-ਨਿੱਕੇ ਠੁੱਡਿਆਂ ਵਾਂਗ ਇਹਸਾਸ ਹੁੰਦਾ ਹੈ ਪਰ ਲਗਾਤਾਰ ਕੁਝ ਚਿਰ ਇੱਕੋ ਜਿਹੇ ਠੁੱਡੇ ਦਰਅਸਲ ਬੱਚੇ ਦੀ ਹਿਚਕੀ ਹੀ ਹੁੰਦੇ ਹਨ। ਜ਼ਿਆਦਾਤਰ ਅਜਿਹੀ ਹਿਚਕੀ ਜੱਚਾ ਨੂੰ ਸੱਤਵੇਂ ਮਹੀਨੇ ਤੋਂ ਬਾਅਦ ਮਹਿਸੂਸ ਹੁੰਦੀ ਹੈ।

ਅਲਟਰਾਸਾਊਂਡ ਵਿੱਚ ਤਾਂ ਬੱਚੇ ਨੂੰ ਤੀਜੇ ਮਹੀਨੇ ਵਿੱਚ ਹੀ ਹਿਚਕੀ ਲੈਂਦਿਆਂ ਵੇਖਿਆ ਜਾ ਸਕਦਾ ਹੈ। ਵੱਡਿਆਂ ਲਈ ਹਿਚਕੀ ਦੀ ਭਾਵੇਂ ਬਹੁਤੀ ਅਹਿਮੀਅਤ ਨਾ ਹੋਵੇ ਪਰ ਭਰੂਣ ਦੀ ਹਿਚਕੀ ਪਿੱਛੇ ਕੁਦਰਤ ਦੀ ਕਮਾਲ ਦੀ ਕਾਰੀਗਰੀ ਹੈ।

  1. ਸਾਹ ਦੇ ਸੈਂਟਰ ਤੇ ਸਿਸਟਮ ਨੂੰ ਰਵਾਂ ਕਰਨਾ :-

ਡਾਇਆਫਰਾਮ ਦੀ ਬਣਤਰ ਸਹੀ ਰੱਖਣ ਤੇ ਫੇਫੜਿਆਂ ਦੀ ਲਚਕ ਲਈ ਹਿਚਕੀ ਜ਼ਰੂਰੀ ਹੁੰਦੀ ਹੈ। ਤੀਜੇ ਮਹੀਨੇ ਦੇ ਗਰਭ ਵਿੱਚ ਹੀ ਕੁਦਰਤੀ ਹਿਚਕੀ ਸ਼ੁਰੂ ਹੋਣ ਦਾ ਇਹੀ ਕਾਰਨ ਹੈ।

  1. ਦਿਮਾਗ਼ ਨੂੰ ਜਾਂਦੀਆਂ ਨਸਾਂ ਨੂੰ ਰਵਾਂ ਰੱਖਣਾ :

ਡਾਇਆਫਰਾਮ ਤੋਂ ਜਾਂਦੀ ਨਸ ਨੂੰ ਰਵਾਂ ਕਰਨ ਲਈ ਇਸ ਦੀ ਹਲਕੀ ਹਿਲਜੁਲ ਜ਼ਰੂਰੀ ਹੁੰਦੀ ਹੈ। ਇਸ ਨਾਲ ਦਿਮਾਗ਼ ਅਤੇ ਰੀੜ ਦੀ ਹੱਡੀ ਵਿੱਚ ਬਣ ਰਹੇ ਸੈੱਲਾਂ ਨੂੰ ਹੁਲਾਰਾ ਮਿਲਦਾ ਰਹਿੰਦਾ ਹੈ ਤੇ ਜੰਮਣ ਤੋਂ ਬਾਅਦ ਵੀ ਲਗਾਤਾਰ ਸੈੱਲਾਂ ਦਾ ਵਧਣਾ ਜਾਰੀ ਰਹਿੰਦਾ ਹੈ।

  1. ਹਿਚਕੀ ਦੇ ਨਾਲ ਹੀ ਭਰੂਣ ਅੰਗੂਠਾ ਵੀ ਚੁੰਘਦਾ ਰਹਿੰਦਾ ਹੈ ਤੇ ਉਬਾਸੀ ਵੀ ਲੈਂਦਾ ਹੈ ਜੋ ਉਸ ਦੇ ਦਿਮਾਗ਼ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਨਿਊਯਾਰਕ ਦੇ ਬਰੂਕਲਿਨ ਵਿਖੇ ਮੈਡੀਕਲ ਸੈਂਟਰ ਤੇ ਡੈਨਵਰ ਦੇ ਗਾਈਨੀ ਵਿਭਾਗ ਵਿਖੇ ਹੋਈ ਖੋਜ ਰਾਹੀਂ ਇਹ ਤੱਥ ਉਜਾਗਰ ਹੋਏ ਹਨ।

ਹਰ ਮਾਂ ਆਪਣੇ ਢਿੱਡ ਅੰਦਰ ਪਲ ਰਹੇ ਬਾਲ ਦੀ ਹਿਚਕੀ ਬਾਰੇ ਸਮਝ ਨਹੀਂ ਸਕਦੀ ਤੇ ਇਸ ਬਾਰੇ ਜਾਣਕਾਰੀ ਨਾ ਹੋਣ ਸਦਕਾ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਭਰੂਣ ਹਿਚਕੀ ਲੈ ਰਿਹਾ ਹੈ। ਕੁੱਝ ਭਰੂਣ ਜ਼ਿਆਦਾ ਹਿੱਲਦੇ ਹਨ ਤੇ ਕੁੱਝ ਘੱਟ। ਭਰੂਣ ਦੀ ਬਣਤਰ, ਭਾਰ, ਮਾਂ ਦੇ ਭਾਰ ਆਦਿ ਦੇ ਹਿਸਾਬ ਨਾਲ ਵੱਧ ਜਾਂ ਘੱਟ ਹਿਚਕੀ ਹੋ ਸਕਦੀ ਹੈ।

ਜਿਉਂ ਹੀ ਬੱਚੇ ਦੇ ਜੰਮਣ ਦਾ ਸਮਾਂ ਨੇੜੇ ਆ ਜਾਵੇ, ਹਿਚਕੀ ਘੱਟਣ ਲੱਗ ਪੈਂਦੀ ਹੈ, ਪਰ ਜੇ ਵਧਣ ਲੱਗ ਪਵੇ ਤਾਂ ਡਾਕਟਰੀ ਸਲਾਹ ਲੈਣੀ ਜ਼ਰੂਰੀ ਹੈ ਕਿਉਂਕਿ ਕਈ ਵਾਰ ਨਾੜੂਆ ਬੱਚੇ ਦਾ ਗਲਾ ਘੁੱਟ ਰਿਹਾ ਹੁੰਦਾ ਹੈ।

ਇਸ ਵਾਸਤੇ ਹਰ ਮਾਂ ਨੂੰ ਰੋਜ਼ ਆਪਣੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਠੁੱਡਿਆਂ ਦੀ ਗਿਣਤੀ ਜ਼ਰੂਰ ਕਰਨੀ ਚਾਹੀਦੀ ਹੈ। ਹੌਲੀ-ਹੌਲੀ ਪੂਰੇ ਧਿਆਨ ਨਾਲ ਹੱਥ ਲਾ ਕੇ ਮਾਵਾਂ ਨੂੰ ਸੌਖਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਬੱਚਾ ਘਸੁੰਨ ਮਾਰ ਕੇ ਮਾਂ ਨਾਲ ਸਾਂਝ ਗੰਢ ਰਿਹਾ ਹੈ ਜਾਂ ਹਿਚਕੀ ਲੈ ਰਿਹਾ ਹੈ।

ਕੁੱਝ ਮਾਵਾਂ ਨੂੰ ਕੰਮ ਜਾਂ ਮੀਟਿੰਗ ਦੌਰਾਨ ਜਾਂ ਸੌਂਦੇ ਹੋਏ ਭਰੂਣ ਦੀ ਲੋੜੋਂ ਵੱਧ ਹਿਲਜੁਲ ਨਾਲ ਤੰਗੀ ਮਹਿਸੂਸ ਹੋਣ ਲੱਗ ਪੈਂਦੀ ਹੈ। ਅਜਿਹਾ ਹੋਣ ਉੱਤੇ ਮਾਂ ਹਲਕਾ ਤੁਰ ਫਿਰ ਕੇ ਜਾਂ ਪਾਸਾ ਲੈ ਕੇ ਭਰੂਣ ਦੀ ਹਿਲਜੁਲ ਘਟਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਤਾਂ ਜੋ ਸਹਿਜ ਹੋ ਕੇ ਆਪਣਾ ਕੰਮ ਮੁਕਾਉਣ ਬਾਅਦ ਆਪਣੇ ਢਿੱਡ ਅੰਦਰਲੇ ਬੱਚੇ ਨਾਲ ਖੇਡ ਸਕੇ।

ਜੰਮਣ ਬਾਅਦ ਵੀ ਨਵਜੰਮੇਂ ਬੱਚੇ ਦੀ ਹਿਚਕੀ ਨੂੰ ਦਾਦੀਆਂ ਨਾਨੀਆਂ ‘ਵਧਣੀ’ ਦਾ ਨਾਂ ਦੇ ਕੇ ਇਸ ਬਾਰੇ ਖ਼ੁਸ਼ੀ ਮਨਾਉਂਦੀਆਂ ਹਨ। ਇੱਕ ਮਿੰਟ ਤੋਂ ਇੱਕ ਘੰਟੇ ਤੱਕ ਰਹਿਣ ਵਾਲੀ ਇਹ ਹਿਚਕੀ ਕਦੇ ਕਦਾਈਂ ਬੱਚੇ ਦੇ ਨਾਲ-ਨਾਲ ਮਾਂ ਨੂੰ ਵੀ ਤੰਗ ਕਰ ਦਿੰਦੀ ਹੈ। ਦੁੱਧ ਪੀਣ ਤੋਂ ਇਕਦਮ ਬਾਅਦ ਢਿੱਡ ਅੰਦਰ ਹਵਾ ਭਰਨ ਤੇ ਡਾਇਆਫਰਾਮ ਦੇ ਖਿੱਚੇ ਜਾਣ ਨਾਲ ਹਿਚਕੀ ਆਉਣੀ ਸ਼ੁਰੂ ਹੋ ਸਕਦੀ ਹੈ। ਕਈ ਵਾਰ ਠੰਡ ਲੱਗਣ ਨਾਲ ਵੀ ਨਵਜੰਮੇਂ ਬੱਚੇ ਨੂੰ ਹਿਚਕੀ ਆ ਸਕਦੀ ਹੈ। ਖੰਘ ਨਾਲ, ਦੁੱਧ ਕੱਢਣ ਨਾਲ, ਰੋਣ ਬਾਅਦ, ਆਦਿ ਵੀ ਲਗਾਤਾਰ ਹੁੰਦੀ ਹਿਚਕੀ ਦੇ ਕਾਰਨ ਹਨ।

ਜੇ ਬੱਚੇ ਦੀ ਨੀਂਦਰ ਖ਼ਰਾਬ ਹੋ ਰਹੀ ਹੋਵੇ ਜਾਂ ਬੱਚਾ ਲਗਾਤਾਰ ਆ ਰਹੀ ਹਿਚਕੀ ਤੋਂ ਖਿੱਝ ਰਿਹਾ ਹੋਵੇ ਤਾਂ ਉਸ ਨੂੰ ਇੱਕ ਘੁੱਟ ਪਾਣੀ ਦਾ ਪਿਆਇਆ ਜਾ ਸਕਦਾ ਹੈ ਜਾਂ ਮੋਢੇ ਨਾਲ ਲਾ ਕੇ ਹਲਕਾ ਥਾਪੜਿਆ ਜਾ ਸਕਦਾ ਹੈ। ਜੇ 24 ਘੰਟਿਆਂ ਤੋਂ ਵੱਧ ਲਗਾਤਾਰ ਹਿਚਕੀ ਆਉਂਦੀ ਰਹੇ ਤਾਂ ਜ਼ਰੂਰ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ।

ਵੱਡੇ ਬੱਚਿਆਂ ਵਿਚ ਜ਼ਿਆਦਾ ਚਿੰਗਮ ਖਾਣ, ਕੋਲਡ ਡਰਿੰਕ ਪੀਣ, ਮਿਰਚਾਂ ਵਾਲਾ ਖਾਣਾ ਖਾਣ, ਬਹੁਤੀ ਘਬਰਾਹਟ ਜਾਂ ਤਣਾਓ, ਇਕਦਮ ਲੱਗੀ ਠੰਡ ਜਾਂ ਬਹੁਤ ਬਦਬੂਦਾਰ ਚੀਜ਼ ਸੁੰਘਣ ਨਾਲ ਵੀ ਹਿਚਕੀ ਲੱਗ ਸਕਦੀ ਹੈ।

ਵੱਡੇ ਬੱਚਿਆਂ ਵਿੱਚ ਲੰਮਾ ਸਾਹ ਖਿੱਚ ਕੇ ਕੁੱਝ ਚਿਰ ਰੋਕਣ, ਬੰਦ ਲਿਫ਼ਾਫ਼ੇ ਅੰਦਰ ਕੁੱਝ ਚਿਰ ਸਾਹ ਲੈਣ ਅਤੇ ਬਾਹਰ ਕੱਢਣ, ਇਕਦਮ ਅੱਧਾ ਗਲਾਸ ਪਾਣੀ ਪੀਣ, ਬੈਠ ਕੇ ਅੱਗੇ ਝੁਕ ਕੇ ਗੋਡਿਆਂ ਨਾਲ ਢਿੱਡ ਨੂੰ ਨੱਪਣ ਜਾਂ ਇਕਦਮ ਡਰ ਜਾਣ ਨਾਲ ਵੀ ਹਿਚਕੀ ਰੁਕ ਜਾਂਦੀ ਹੈ।

84 ਲੱਖ ਜੂਨਾਂ ਬਾਰੇ ਗੁਰਮਤਿ ਨਜ਼ਰੀਆ

0

84 ਲੱਖ ਜੂਨਾਂ ਬਾਰੇ ਗੁਰਮਤਿ ਨਜ਼ਰੀਆ

ਕਿਰਪਾਲ ਸਿੰਘ ਬਠਿੰਡਾ 88378-13661

ਗੁਰਮਤਿ; ਇੱਕ ਨਿਵੇਕਲੀ ਤੇ ਆਧੁਨਿਕ ਸੋਚ ਹੈ, ਜਿਸ ਨੇ ਤਰਕ-ਸੰਗਤ ਦਲੀਲ ਨਾਲ਼ ਕੀਤੀ ਰੱਬੀ ਧਰਮ ਦੀ ਵਿਆਖਿਆ ਤੋਂ ਲਗਭਗ 2-3 ਸਦੀਆਂ ਬਾਅਦ ਹੀ ਅਜੋਕੇ ਸਾਇੰਸ ਯੁਗ ਦੀ ਸ਼ੁਰੂਆਤ ਹੁੰਦੀ ਹੈ ਭਾਵ ਸਾਇੰਸ ਯੁਗ ਦੇ ਕਈ ਰਾਜ਼ ਵੀ ਗੁਰੂ ਨਾਨਕ ਜੀ ਬਹੁਤ ਪਹਿਲਾਂ ਹੀ ਖੋਲ੍ਹ ਚੁੱਕੇ ਸਨ।  ਸਦੀਆ ਤੋਂ ਮਿਥਿਹਾਸ, ਕਰਮਕਾਂਡ, ਅੰਧਵਿਸ਼ਵਾਸ ਤੇ ਸਮਾਜਕ ਭੇਦ-ਭਾਵ ਨੂੰ ਹੀ ਧਰਮ ਦਾ ਨਾਂ ਦਿੱਤਾ ਗਿਆ ਸੀ, ਜਿਸ ਦਾ ਖੰਡਨ ਕਰਦਿਆਂ ਅੱਜ ਸਾਡੇ ਲਈ ਸਾਇੰਸ ਵੀ ਮਦਦਗਾਰ ਹੋ ਰਹੀ ਹੈ।  ਧਰਮ ਦੇ ਨਾਂ ’ਤੇ ਕਰਮਕਾਂਡ ਕੇਵਲ ਭਾਰਤ ਵਿੱਚ ਹੀ ਨਹੀਂ ਹੁੰਦਾ ਬਲਕਿ ਪੂਰੀ ਦੁਨੀਆ ਹੀ ਇਸ ਦੀ ਚਪੇਟ ਵਿੱਚ ਹੈ। ਕਈ ਸਾਇੰਸਦਾਨਾਂ ਨੇ ਵੀ ਅੰਧਵਿਸ਼ਵਾਸ ਦਾ ਵਿਰੋਧ ਕਰਦਿਆਂ ਸਰੀਰਕ ਤਸੀਹੇ ਸਹਾਰੇ ਹਨ ਤੇ ਕਈ ਨੂੰ ਮੌਤ ਦੀ ਸਜ਼ਾ ਦਿੱਤੀ ਗਈ।  ਗੁਰੂ ਨਾਨਕ ਫ਼ਲਸਫ਼ੇ ਨੂੰ ਸਮਾਜ ’ਚ ਲਾਗੂ ਕਰਦਿਆਂ ਵੀ ਅਨੇਕਾਂ ਕਸ਼ਟਾਂ ਅਤੇ ਸ਼ਹੀਦੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਪੱਖੋ ਵੇਖੀਏ ਤਾਂ ਸਾਇੰਸਦਾਨ ਅਤੇ ਗੁਰੂ ਸਾਹਿਬਾਨ ਦਾ ਟੀਚਾ ਇੱਕੋ ਸੀ ਕਿ ਧਰਮ ਦੇ ਨਾਂ ’ਤੇ ਫੈਲਾਇਆ ਜਾ ਰਿਹਾ ਅੰਧ ਵਿਸ਼ਵਾਸ, ਦੁਬਿਧਾ ਖ਼ਤਮ ਹੋਵੇ।

ਅਜੋਕੇ ਜੀਵ ਵਿਗਿਆਨ ਨੇ ਇਸ ਧਰਤੀ ਉੱਤੇ 30 ਲੱਖ ਤੋਂ ਲੈ ਕੇ ਇੱਕ ਅਰਬ (100 ਕ੍ਰੋੜ) ਤੱਕ ਜੀਵਾਂ ਦੀਆਂ ਨਸਲਾਂ ਹੋਣ ਦਾ ਅਨੁਮਾਨ ਲਗਾਇਆ ਹੈ, ਜਿਸ ਲਈ ਹੁਣ ਤੱਕ ਹੋਈ ਖੋਜ ਨੇ ਸੁੱਕੀ ਧਰਤੀ ਉੱਤੇ 65 ਲੱਖ ਜੀਵ-ਨਸਲਾਂ ਅਤੇ ਪਾਣੀ ਵਿੱਚ 22 ਲੱਖ ਜੀਵ-ਜੂਨਾਂ ਦੀ ਖੋਜ ਕਰ ਲਈ ਹੈ, ਪਰ ਧਾਰਮਕ ਗ੍ਰੰਥਾਂ ਵਿੱਚ ਜੂਨਾਂ ਦੀ ਸੰਖਿਆ 84 ਲੱਖ ਮੰਨੀ ਹੋਈ ਹੈ, ਜਿਸ ਵਿੱਚੋਂ 42 ਲੱਖ ਪਾਣੀ ਵਿੱਚ ਅਤੇ 42 ਲੱਖ ਸੁੱਕੀ ਧਰਤੀ ’ਤੇ ਹੋਣ ਦਾ ਅਨੁਮਾਨ ਧਾਰਮਕ ਗ੍ਰੰਥਾਂ ਵਿੱਚੋਂ ਮਿਲਦਾ ਹੈ, ‘‘ਆਨੀਲੇ ਕੁੰਭ, ਭਰਾਈਲੇ ਊਦਕ; ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ; ਬੀਠਲੁ ਭੈਲਾ ਕਾਇ ਕਰਉ ? ॥’’ (ਆਸਾ/ਭਗਤ ਨਾਮਦੇਵ ਜੀ/੪੮੫) ਭਾਵ ਠਾਕਰ ਨੂੰ ਇਸ਼ਨਾਨ ਕਰਵਾਉਣ ਲਈ ਸੁੱਚਾ-ਸਾਫ਼ (ਪਵਿੱਤਰ) ਪਾਣੀ ਕਿੱਥੋਂ ਲਿਆਵਾਂ, 42 ਲੱਖ ਜੀਵ ਪਾਣੀ ’ਚ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਮਲ-ਮੂਤਰ ਨਾਲ਼ ਪਾਣੀ ਪਹਿਲਾਂ ਹੀ ਅਸ਼ੁੱਧ ਕਰ ਰੱਖਿਆ ਹੈ, ਮੈਂ ਹੁਣ ਸ਼ੁੱਧਤਾ ਕਿਵੇਂ ਰੱਖਾਂ ? ਸੋ, ਗੁਰਮਤਿ ਵਿਸ਼ੇ ਨੂੰ ਸਮਝਾਉਣ ਲਈ ਪ੍ਰਚਲਿਤ ਜੂਨ ਸੰਖਿਆ (84 ਲੱਖ) ਨੂੰ ਮਿਸਾਲ ਵਜੋਂ ਗੁਰਬਾਣੀ ਵਿੱਚ ਕਈ ਸ਼ਬਦਾਂ ਵਿੱਚ ਵਰਤਿਆ ਗਿਆ ਹੈ, ਜਿਨ੍ਹਾਂ ਨੂੰ ਕਰਤਾਰ ਦੀ ਵਿਸ਼ਾਲਤਾ ਦੇ ਮੁਕਾਬਲੇ ਤੁਲਨਾਤਮਕ ਵਿਚਾਰਨਾ ਹੀ ਹਥਲੇ ਲੇਖ ਦਾ ਸਾਰ ਹੈ। 

ਉਕਤ ਕੀਤੀ ਗਈ ਵਿਚਾਰ ਕਿ ਪਰੰਪਰਾਵਾਦੀ ਧਰਮਾਂ ਦੀ ਮਨੌਤ ਅਨੁਸਾਰ ਮੰਨੇ ਗਏ ਕਈ ਅੰਕੜੇ ਗੁਰਬਾਣੀ ਵਿੱਚ ਉਦਾਹਰਣ ਦੇ ਤੌਰ ’ਤੇ ਦਿੱਤੇ ਮਿਲਦੇ ਹਨ। ਇਨ੍ਹਾਂ ਅੰਕੜਿਆਂ ਦਾ ਕਦਾਚਿਤ ਇਹ ਭਾਵ ਨਹੀਂ ਹੁੰਦਾ ਕਿ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਨੇ ਇਨ੍ਹਾਂ ਅੰਕੜਿਆਂ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ ਬਲਕਿ ਇਹ ਅੰਕੜੇ ਦੇਣ ਦਾ ਭਾਵ ਪ੍ਰਚਲਿਤ ਅਰਥਹੀਣ ਰਵਾਇਤਾਂ ਦੀ ਮਿਸਾਲ ਨਾਲ ਅਸਲ ਗੁਰਮਤਿ ਨੂੰ ਅੰਧਵਿਸ਼ਵਾਸੀ ਸਮਾਜ ਦੇ ਹਿਰਦੇ ਵਿੱਚ ਦ੍ਰਿੜ੍ਹ ਕਰਵਾਉਣਾ ਰਿਹਾ ਹੈ।  ਪ੍ਰਚਲਿਤ ਅਖੌਤੀ ਮਨੌਤਾਂ ਦੀ ਇੱਕ ਇੱਕ ਅਸਲੀਅਤ ਨੂੰ ਨਿਰਮੂਲ ਸਿੱਧ ਕਰਨ ਲਈ ਇਸ ਦੇ ਮੁਕਾਬਲੇ ਰੱਬੀ ਵਿਸ਼ਾਲਤਾ ਨੂੰ ਰੂਪਮਾਨ ਕਰਨਾ ਗੁਰਮਤਿ ਦੀ ਪੇਸ਼ਕਾਰੀ ਰਿਹਾ ਹੈ; ਜਿਵੇਂ ਕਿ

(1). ਰਿਸ਼ੀ ਜਨਾਂ ਨੇ ਸਿੰਮ੍ਰਿਤੀਆਂ ਪੁਰਾਣ ਵੀ ਗਹੁ ਨਾਲ ਵਾਚੇ, ਵੇਦਾਂ ਦੀ ਵੀ ਘੋਖ ਪੜਤਾਲ ਕਰ ਕੇ ਉੱਚੀ ਉੱਚੀ ਪੁਕਾਰਿਆ (ਪਰ ਰੱਬੀ ਭੇਦ ਨਾ ਜਾਣ ਸਕੇ ਕਿਉਂਕਿ ਹੋਰ ਦੀ ਸ਼ਰਨ ਪੈਣ ਦੀ ਬਜਾਇ) ਕਿਰਪਾ ਦੇ ਸਮੁੰਦਰ ਪਰਮਾਤਮਾ ਦੀ ਸ਼ਰਨ ਪੈ ਕੇ ਹੀ ਉਸ ਦੇ ਵਜੂਦ ਨੂੰ ਸਮਝਿਆ ਜਾ ਸਕਦਾ ਹੈ (ਜਿਸ ਦੀ ਬਰਕਤਿ ਨਾਲ) ਲੋਕ ਪਰਲੋਕ ਦੋਵੇਂ ਸੁਹੇਲੇ ਹੁੰਦੇ ਹਨ: ‘‘ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ; ਬੇਦ ਪੁਕਾਰਹਿ ਘੋਖ ॥ ਕ੍ਰਿਪਾ ਸਿੰਧੁ ਸੇਵਿ, ਸਚੁ ਪਾਈਐ ; ਦੋਵੈ ਸੁਹੇਲੇ ਲੋਕ ॥’’ (ਮ: ੫/੬੮੨)

ਇਸ ਨੂੰ ਸਾਇੰਸ ਯੁਗ ਦੀ ਸ਼ੁਰੂਆਤ ਹੀ ਕਹਿਣਾ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ 550 ਸਾਲ ਪਹਿਲਾਂ ਹੀ ਬਿਆਨ ਕਰ ਦਿੱਤਾ ਕਿ ਪਰਮਾਤਮਾ ਤੋਂ ਹਵਾ ਬਣੀ, ਹਵਾ ਤੋਂ ਜਲ ਹੋਂਦ ਵਿੱਚ ਆਇਆ, ਜਲ ਤੋਂ ਸਾਰਾ ਜਗਤ ਬਣਿਆ (ਇਸ ਰਚੇ ਸੰਸਾਰ ਦੇ) ਹਰੇਕ ਸਰੀਰ ਵਿੱਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ: ‘‘ਸਾਚੇ ਤੇ ਪਵਨਾ ਭਇਆ ; ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥’’ (ਮ: ੧/੧੯) ਇਸ ਪਾਵਨ ਵਚਨ ਨੂੰ ਸਾਇੰਸ ਨਾਲ ਤੁਲਨਾਤਮਕ ਪੱਖੋਂ ਵੇਖਣਾ ਵੀ ਜ਼ਰੂਰੀ ਹੈ ਕਿ ਸਾਇੰਸ ਹਵਾ ਤੋਂ ਪਾਣੀ ਦਾ ਵਜੂਦ ਤਾਂ ਮੰਨਦੀ ਹੈ ਪਰ ਸਾਚੇ ਤੋਂ ਹਵਾ ਦਾ ਵਜੂਦ ਅਜੇ ਸਾਇੰਸ ਨੇ ਵੀ ਸਮਝਣਾ ਹੈ ਕਿਉਂਕਿ ਹਵਾ ਨੂੰ ਬਣਾਉਣ ਵਾਲਾ ਉਹੀ ਸਾਚਾ-ਰੱਬ ‘‘ਘਟਿ ਘਟਿ ਜੋਤਿ ਸਮੋਇ’’ ਵੀ ਹੈ, ਇਸ ਲਈ ਜਦ ਇਹ ਸਮਝ ਆਈ ਕਿ ਹਵਾ ਰੱਬ ਤੋਂ ਬਣੀ ਹੈ ਤਾਂ ਰੱਬ ਦਾ ਕਣ ਕਣ ਵਿੱਚ ਵਜੂਦ ਸਮਝਣਾ ਵੀ ਸਾਇੰਸ ਲਈ ਮੁਸ਼ਕਲ ਨਹੀਂ ਹੋਵੇਗਾ।

 ਰੱਬ (ਮਾਨੋ) ਇੱਕ ਐਸਾ ਵਿਸ਼ਾਲ ਰਾਜਾ ਹੈ (ਜਿਸ ਦੇ ਸ਼ਾਮੀਆਨੇ ਦੀਆਂ) ਕਨਾਤਾਂ; ਚਾਰੇ ਦਿਸ਼ਾਵਾਂ ਹਨ। ਸਾਰਾ ਬੈਕੁੰਠ; ਉਸ ਦਾ ਤਸਵੀਰ-ਘਰ ਹੈ। ਸਾਰੇ ਜਗਤ ਵਿੱਚ ਉਸ ਦਾ ਹੁਕਮ ਇਕ-ਸਾਰ ਚੱਲਦਾ ਹੈ। ਜਿਸ ਦੇ ਮਹਲ ਵਿੱਚ ਲੱਛਮੀ; ਸਦਾ ਜੁਆਨ ਰਹਿੰਦੀ ਹੈ (ਭਾਵ ਜਿਸ ਦਾ ਜੋਬਨ ਕਦੇ ਨਾਸ਼ ਨਹੀਂ ਹੁੰਦਾ), ਚੰਦ ਸੂਰਜ; (ਉਸ ਦੇ ਮਹਲ ’ਚ) ਨਿੱਕੇ ਜਿਹੇ ਦੀਵੇ ਹਨ। ਮੌਤ-ਕਾਲ (ਜੋ ਜਗਤ-ਰੂਪ ਸ਼ਹਿਰ ਦੇ ਸਿਰ ਉੱਤੇ) ਕੋਤਵਾਲ ਹੈ, ਉਸ ਦੇ ਦਰ ਦਾ ਕੇਵਲ ਖਿਡੌਣਾ ਮਾਤਰ ਹੈ: ‘‘ਜਾਂ ਚੈ ਘਰਿ ਦਿਗ ਦਿਸੈ ਸਰਾਇਚਾ; ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥ ਜਾਂ ਚੈ ਘਰਿ ਲਛਿਮੀ ਕੁਆਰੀ ; ਚੰਦੁ ਸੂਰਜੁ ਦੀਵੜੇ, ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥ ਸੁ ਐਸਾ ਰਾਜਾ ਸ੍ਰੀ ਨਰਹਰੀ ॥’’ (ਭਗਤ ਨਾਮਦੇਵ ਜੀ/੧੨੯੨) 

ਚਾਰ ਪਾਸੇ ਤੇ ਚੌਦਾਂ ਲੋਕ-ਸਭਨਾਂ ਵਿੱਚ ਹੀ ਪਰਮਾਤਮਾ ਵਸ ਰਿਹਾ ਹੈ। ਹੇ ਨਾਨਕ ! (ਰੱਬੀ ਭੰਡਾਰਿਆਂ ’ਚ) ਕੋਈ ਕਮੀ ਨਹੀਂ ਵੇਖੀਦੀ, ਉਸ ਦੇ ਕੀਤੇ ਸਾਰੇ ਹੀ ਕੰਮ ਸਫਲ ਹੁੰਦੇ ਹਨ: ‘‘ਚਾਰਿ ਕੁੰਟ, ਚਉਦਹ ਭਵਨ; ਸਗਲ ਬਿਆਪਤ ਰਾਮ ॥ ਨਾਨਕ  ! ਊਨ ਨ ਦੇਖੀਐ ; ਪੂਰਨ ਤਾ ਕੇ ਕਾਮ ॥’’ (ਮ: ੫/੨੯੯) 

ਮਨੁੱਖ, ਰੁੱਖ, ਤੀਰਥ, ਤਟ (ਨਦੀਆਂ) ਬੱਦਲ, ਖੇਤ, ਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰੋਵਰ, ਮੇਰ ਆਦਿਕ ਪਰਬਤ, ਅੰਡਜ, ਜੇਰਜ, ਉਤਭੁਜ, ਸੇਤਜ (ਚਾਰੇ ਖਾਣੀਆਂ) ਦੇ ਜੀਵ ਜੰਤ-ਇਹਨਾਂ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਉਹੀ ਪ੍ਰਭੂ ਜਾਣਦਾ ਹੈ (ਜਿਸ ਨੇ ਇਹ ਸਭ ਪੈਦਾ ਕੀਤੇ ਹਨ, ਨਾ ਕਿ ਕੋਈ 84 ਲੱਖ ਦਾ ਆਂਕਲਣ ਕਰਨ ਵਾਲਾ ਮਨੁੱਖ) ਹੇ ਨਾਨਕ ! ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਹਨਾਂ ਸਭਨਾਂ ਦੀ ਪਾਲਨਾ ਭੀ ਕਰਦਾ ਹੈ। ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਭੀ ਉਸੇ ਨੂੰ ਹੀ ਹੈ। ਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹੀ ਇਹਨਾਂ ਦਾ ਖ਼ਿਆਲ ਵੀ ਰੱਖਦਾ ਹੈ, ਮੈਂ ਉਸੇ ਤੋਂ ਸਦਕੇ ਹਾਂ, ਉਸੇ ਦੀ ਜੈ ਜੈਕਾਰ ਆਖਦਾ ਹਾਂ (ਭਾਵ ਉਸੇ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਨਾ ਕਿ ਕਿਸੇ ਮਿਥਿਹਾਸਕ ਰੱਬ ਦੀ) ਉਸ ਪ੍ਰਭੂ ਦਾ ਆਸਰਾ (ਜੀਵ ਵਾਸਤੇ) ਸਦਾ ਅਟੱਲ ਹੈ। ਹੇ ਨਾਨਕ ! ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾਂ ਧਾਰਮਕ ਚਿੰਨ੍ਹ ਟਿੱਕਾ, ਜਨੇਊ ਆਦਿਕ ਕਿਸੇ ਅਰਥ ਨਹੀਂ ਹਨ: ‘‘ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥ ਅੰਡਜ ਜੇਰਜ ਉਤਭੁਜਾਂ, ਖਾਣੀ ਸੇਤਜਾਂਹ ॥ ਸੋ ਮਿਤਿ ਜਾਣੈ ਨਾਨਕਾ  ! ਸਰਾਂ ਮੇਰਾਂ ਜੰਤਾਹ ॥ ਨਾਨਕ  ! ਜੰਤ ਉਪਾਇ ਕੈ, ਸੰਮਾਲੇ ਸਭਨਾਹ ॥ ਜਿਨਿ ਕਰਤੈ ਕਰਣਾ ਕੀਆ; ਚਿੰਤਾ ਭਿ ਕਰਣੀ ਤਾਹ ॥ ਸੋ ਕਰਤਾ ਚਿੰਤਾ ਕਰੇ ; ਜਿਨਿ, ਉਪਾਇਆ ਜਗੁ ॥ ਤਿਸੁ ਜੋਹਾਰੀ, ਸੁਅਸਤਿ ਤਿਸੁ ; ਤਿਸੁ ਦੀਬਾਣੁ ਅਭਗੁ ॥ ਨਾਨਕ  ! ਸਚੇ ਨਾਮ ਬਿਨੁ, ਕਿਆ ਟਿਕਾ  ? ਕਿਆ ਤਗੁ  ? ॥’’ (ਮ: ੧/੪੬੭)

ਉਕਤ ਸ਼ਬਦਾਂ ’ਚ ਪ੍ਰਚਲਿਤ ਅਖੌਤੀ ਲੋਕ/ਭਵਨਾਂ ਦੀ ਗਿਣਤੀ ਅਨਮਤੀ ਧਰਮਾਂ ਦੀ ਮਨੌਤ ਅਨੁਸਾਰ ਕਰਮਵਾਰ ਦੋ, ਤਿੰਨ, ਸੱਤ, ਚੌਦ੍ਹਾਂ ਅਤੇ ਇਨ੍ਹਾਂ ਲੋਕਾਂ ਵਿੱਚ ਵਸ ਰਹੇ ਜੀਵਾਂ ਦੀ ਉਤਪਤੀ ਦੇ ਸਾਧਨ ਚਾਰ ਖਾਣੀਆਂ ਦੱਸੀਆਂ ਗਈਆਂ ਹਨ ਪਰ ਇਨ੍ਹਾਂ ਦਿੱਤੇ ਗਏ ਅੰਕੜਿਆਂ ਦਾ ਕਦਾਚਿਤ ਇਹ ਭਾਵ ਨਹੀਂ ਹੈ ਕਿ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਨੇ ਇਨ੍ਹਾਂ ਅੰਕੜਿਆਂ ਦੇ ਸਹੀ ਹੋਣ ’ਤੇ ਆਪਣੀ ਮੋਹਰ ਲਾ ਦਿੱਤੀ ਹੈ। ਅਸਲ ਵਿੱਚ ਜਿਨ੍ਹਾਂ ਲੋਕਾਂ ਨੂੰ ਗੁਰੂ ਸਾਹਿਬਾਨ ਨੇ ਆਪਣੀ ਗੱਲ ਸਮਝਾਉਣੀ ਹੁੰਦੀ ਸੀ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਅਨੁਸਾਰ ਪ੍ਰਭੂ ਦੀ ਪੈਦਾ ਕੀਤੀ ਸਾਰੀ ਸ੍ਰਿਸ਼ਟੀ ਨੂੰ ਕੇਵਲ ਦੋ, ਤਿੰਨ, ਸੱਤ ਜਾਂ ਚੌਦ੍ਹਾਂ ਲੋਕਾਂ, ਸਾਰੇ ਜੀਵਾਂ ਦੀ ਉਤਪਤੀ ਦੇ ਸਾਧਨ ਚਾਰ ਖਾਣੀਆਂ (ਅੰਡਜ਼, ਜੇਰਜ਼, ਉਤਭੁਜ ਅਤੇ ਸੇਤਜ) ਦੀ ਸੋਝੀ ਰੱਖਣ ਵਾਲਿਆਂ ਨੂੰ ਇਨ੍ਹਾਂ ਦੀ ਮਿਸਾਲ ਨਾਲ ਸਾਰੀ ਕਾਇਨਾਤ (ਜਿਸ ਦਾ ਕੋਈ ਵੀ ਮਨੁੱਖ ਅੰਦਾਜ਼ਾ ਨਹੀਂ ਲਗਾ ਸਕਦਾ) ਨੂੰ ਅਣਗਿਣਤ ਸਿੱਧ ਕਰਨਾ ਸੀ। ਜੇਕਰ ਅਸੀਂ ਆਪਣੀ ਸੀਮਤ ਬੁੱਧੀ ਅਨੁਸਾਰ ਇਨ੍ਹਾਂ ਅੰਕੜਿਆਂ ਨੂੰ ਹੀ ਸਹੀ ਮੰਨ ਬੈਠੇ ਤਾਂ ਕਿੰਨੀ ਦੁਬਿਧਾ ਪੈਦਾ ਹੋ ਜਾਵੇਗੀ ਕਿ ਗੁਰੂ ਸਾਹਿਬ ਜੀ ਕਦੀ ਤਿੰਨ ਲੋਕ, ਕਦੀ ਸੱਤ ਲੋਕ ਅਤੇ ਕਦੀ ਚੌਦ੍ਹਾਂ ਲੋਕਾਂ ਦੀ ਗੱਲ ਕਰਦੇ ਹਨ ਤਾਂ ਇਨ੍ਹਾਂ ਵਿੱਚੋਂ ਕਿਹੜੀ ਗਿਣਤੀ ਠੀਕ ਹੈ ? ਜਦੋਂ ਗੁਰੂ ਸਾਹਿਬ ਜੀ ਪ੍ਰਭੂ ਦੇ ਪੈਦਾ ਕੀਤੇ ਪਾਸਾਰੇ ਦੀ ਗੱਲ ਕਰਦੇ ਹਨ ਉਸ ਸਮੇਂ ਤਾਂ ਕੇਤੇ, ਕੇਤੀਆਂ, ਕਈ ਕੋਟਿ ਅਤੇ ਅਸੰਖ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਫ਼ਰਮਾਉਂਦੇ ਹਨ ਕਿ ਪ੍ਰਭੂ ਦੇ ਪਾਸਾਰੇ ਦਾ ਕੋਈ ਅੰਤ ਨਹੀਂ ਪੈ ਸਕਦਾ; ‘‘ਅਸੰਖ ਕਹਹਿ; ਸਿਰਿ ਭਾਰੁ ਹੋਇ ॥ (ਜਪੁ), ਬੇਸੁਮਾਰ ਬੇਅੰਤ ਸੁਆਮੀ  ! ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥’’ (ਮ: ੫/੬੭੪), ਇਸ ਲਈ ਰੱਬੀ ਵਡੱਪਣ ਬਾਰੇ ਕੋਈ ਗਿਣਤੀ ਦੱਸਣ ਦਾ ਯਤਨ ਕਰਨਾ, ਆਪਣੀ ਮੂਰਖਤਾ ਦਾ ਪ੍ਰਦਰਸ਼ਨ ਕਰਨਾ ਹੀ ਹੈ ਕਿਉਂਕਿ ਕੋਈ ਵੀ ਮਨੁੱਖ ਪ੍ਰਭੂ ਦੇ ਪਾਸਾਰੇ ਦਾ ਅੰਦਾਜ਼ਾ ਨਹੀਂ ਲਗਾ ਸਕਦਾ, ਆਪਣੀ ਰਚਨਾ ਦੀ ਸਹੀ ਗਿਣਤੀ ਮਿਣਤੀ, ਕੇਵਲ ਉਹ ਰਚਨਹਾਰ ਕਰਤਾਰ ਆਪ ਹੀ ਜਾਣਦਾ ਹੈ।

 ਜਥਾ:

(ਅਕਾਲ ਪੁਰਖ ਦੀ ਰਚਨਾ ਵਿੱਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।  (ਅਕਾਲ ਪੁਰਖ ਦੀ ਕੁਦਰਤ ਵਿੱਚ) ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧਰੂ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਬੇਅੰਤ ਚੰਦ੍ਰਮਾ, ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ। ਬੇਅੰਤ ਸਿੱਧ, ਬੁੱਧ, ਨਾਥ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ।  ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ। (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ, ਬੇਅੰਤ ਬਾਣੀਆਂ (ਬੋਲੀਆਂ) ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ), ਬੇਅੰਤ ਸੇਵਕ ਹਨ। ਹੇ ਨਾਨਕ  ! ਕੋਈ ਅੰਤ ਨਹੀਂ ਪੈ ਸਕਦਾ: ‘‘ਕੇਤੇ ਪਵਣ ਪਾਣੀ ਵੈਸੰਤਰ ; ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ; ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ, ਮੇਰ ਕੇਤੇ ; ਕੇਤੇ ਧੂ ਉਪਦੇਸ ॥ ਕੇਤੇ ਇੰਦ, ਚੰਦ ਸੂਰ ਕੇਤੇ ; ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ, ਨਾਥ ਕੇਤੇ ; ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ, ਮੁਨਿ ਕੇਤੇ ; ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ, ਕੇਤੀਆ ਬਾਣੀ ; ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ, ਸੇਵਕ ਕੇਤੇ ; ਨਾਨਕ  ! ਅੰਤੁ ਨ ਅੰਤੁ ॥’’ (ਮ: ੧/੭)

 (ਧਰਤੀ ਦੇ ਨੌ) ਖੰਡਾਂ (ਜੀਵਾਂ ਦੀ ਉਤਪਤੀ ਦੇ ਸਾਧਨ ਵੀ ਕੇਵਲ ਚਾਰ ਖਾਣੀਆਂ ਨਹੀਂ ਬਲਕਿ ਕਰੋੜਾਂ ਹੀ ਖਾਣੀਆਂ ਹਨ ਜਿਨ੍ਹਾਂ ਦੀ ਰਾਹੀਂ ਕਰੋੜਾਂ ਹੀ ਜੀਵ ਉਤਪੰਨ ਹੋਏ ਹਨ, ਸਾਰੇ ਆਕਾਸ਼ਾਂ ਬ੍ਰਹਮੰਡਾਂ ਵਿੱਚ ਕਰੋੜਾਂ ਹੀ ਜੀਵ ਹਨ; ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ; (ਪ੍ਰਭੂ ਨੇ) ਕਈ ਤਰੀਕਿਆਂ ਨਾਲ ਜਗਤ ਦੀ ਰਚਨਾ ਕੀਤੀ ਹੈ; (ਮੁੜ ਇਸ ਨੂੰ ਸਮੇਟ ਕੇ) ਸਦਾ-ਇੱਕ ਆਪ ਹੀ ਹੋ ਜਾਂਦਾ ਹੈ; ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ, ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿੱਚ ਹੀ ਲੀਨ ਹੋ ਜਾਂਦੇ ਹਨ। ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ; (ਕਿਉਂਕਿ) ਹੇ ਨਾਨਕ ! ਉਹ ਪ੍ਰਭੂ (ਆਪਣੇ ਵਰਗਾ) ਆਪ ਹੀ ਆਪ ਹੈ: ‘‘ਕਈ ਕੋਟਿ ਖਾਣੀ ਅਰੁ ਖੰਡ ॥ ਕਈ ਕੋਟਿ ਅਕਾਸ ਬ੍ਰਹਮੰਡ ॥ ਕਈ ਕੋਟਿ ਹੋਏ ਅਵਤਾਰ ॥ ਕਈ ਜੁਗਤਿ ਕੀਨੋ ਬਿਸਥਾਰ ॥ ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥ ਕਈ ਕੋਟਿ ਕੀਨੇ ਬਹੁ ਭਾਤਿ ॥  ਪ੍ਰਭ ਤੇ ਹੋਏ, ਪ੍ਰਭ ਮਾਹਿ ਸਮਾਤਿ ॥ ਤਾ ਕਾ ਅੰਤੁ ਨ ਜਾਨੈ ਕੋਇ ॥ ਆਪੇ ਆਪਿ, ਨਾਨਕ  ! ਪ੍ਰਭੁ ਸੋਇ॥’’ (ਮ: ੫/੨੭੬)

(ਉਹ ਗੋਬਿੰਦ ਐਸਾ ਹੈ ਜਿਸ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ, ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ, ਜਿਹੜਾ ਕ੍ਰੋੜਾਂ ਸ਼ਿਵ ਪੈਦਾ ਕਰ ਕੇ (ਆਪਣੇ ਵਿੱਚ ਹੀ) ਲੀਨ ਕਰ ਦੇਂਦਾ ਹੈ, ਜਿਸ ਨੇ ਕ੍ਰੋੜਾਂ ਹੀ ਬ੍ਰਹਮੇ, ਜਗਤ ਪੈਦਾ ਕਰਨ ਦੇ ਕੰਮ ’ਤੇ ਲਾਏ ਹੋਏ ਹਨ: ‘‘ਕੋਟਿ ਬਿਸਨ ਕੀਨੇ ਅਵਤਾਰ ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ॥ ਕੋਟਿ ਮਹੇਸ ਉਪਾਇ ਸਮਾਏ ॥ ਕੋਟਿ ਬ੍ਰਹਮੇ, ਜਗੁ ਸਾਜਣ ਲਾਏ ॥’’ (ਮ: ੫/੧੧੫੬)

ਅਕਾਲ ਪੁਰਖ ਦੀ ਰਚਨਾ ਦੀ ਵਿਸ਼ਾਲਤਾ ਦੀ ਗੱਲ ਕਰਦਿਆਂ ਜਦੋਂ ਗੁਰਬਾਣੀ ਵਿੱਚ ਜੀਵਾਂ ਦੀ ਉਤਪਤੀ ਦੀਆਂ ਸਾਧਨ ਖਾਣੀਆਂ ਦੀ ਗਿਣਤੀ ਅਤੇ ਇਨ੍ਹਾਂ ਖਾਣੀਆਂ ਦੀ ਰਾਹੀਂ ਜੀਵਾਂ ਦੀ ਪੈਦਾਇਸ਼ ਕਰਨ ਦੇ ਜ਼ਿੰਮੇਵਾਰ ਮੰਨੇ ਗਏ ਬ੍ਰਹਮੇ ਵਰਗੇ ਦੇਵਤਿਆਂ ਦੀ ਗਿਣਤੀ ਹੀ ਕਈ ਕਰੋੜਾਂ ਜਾਂ ਅਣਗਿਣਤ ਦੱਸੀ ਗਈ ਹੋਵੇ ਤਾਂ ਗੁਰਬਾਣੀ ਵਿੱਚ ਉਦਾਹਰਨ ਦੇ ਤੌਰ ’ਤੇ ਦਿੱਤੀ ਗਈ ਜੀਵਾਂ ਦੀ ਚੌਰਾਸੀ ਲੱਖ ਗਿਣਤੀ ਨੂੰ ਗੁਰਬਾਣੀ ਦਾ ਸੱਚ ਮੰਨ ਲੈਣਾ ਗੁਰਮਤਿ ਦੀ ਫ਼ਿਲਾਸਫ਼ੀ ਨੂੰ ਸਮਝਣ ਤੋਂ ਅਸਮਰਥ ਹੋਣਾ ਹੈ, ਪਰ ਹੈਰਾਨੀ ਉਸ ਸਮੇਂ ਹੋਈ ਜਿਸ ਸਮੇਂ ਇੱਕ ਮੰਨੇ ਪ੍ਰਮੰਨੇ ਕਥਾਵਾਚਕ (ਜਿਸ ਨੂੰ ਕਈ ਟੀ.ਵੀ. ਚੈੱਨਲਾਂ ’ਤੇ ਵੀ ਸੁਣਿਆ ਜਾ ਸਕਦਾ ਹੈ) ਨੇ ਇੱਕ ਗੁਰਦੁਆਰੇ ਵਿੱਚ ਇਹ ਸ਼ਬਦ ਕਹੇ ਕਿ ਮੇਰੀ ਤਾਂ ਕੋਈ ਸਮਰੱਥਾ ਨਹੀਂ ਹੈ ਕਿ ਪ੍ਰਭੂ ਦੀ ਜੱਗ ਰਚਨਾ ਵਿੱਚ ਪੈਦਾ ਕੀਤੇ ਜੀਵਾਂ ਦੀ ਗਿਣਤੀ ਕਰ ਸਕਾਂ ਪਰ ਜਿਸ ਗਿਣਤੀ ’ਤੇ ਗੁਰਬਾਣੀ ਨੇ ਮੋਹਰ ਲਾਈ ਹੋਵੇ ਉਸ ਤੋਂ ਤਾਂ ਮੁਨਕਰ ਨਹੀਂ ਹੋਇਆ ਜਾ ਸਕਦਾ : ‘‘ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ; ਪ੍ਰਭਿ, ਦੀਈ ਵਡਿਆਈ ॥ ਇਸੁ ਪਉੜੀ ਤੇ, ਜੋ ਨਰੁ ਚੂਕੈ ; ਸੋ ਆਇ ਜਾਇ, ਦੁਖੁ ਪਾਇਦਾ ॥’’ (ਮਾਰੂ ਸੋਲਹੇ/ਮ: ੫/੧੦੭੫) ਭਾਵ ਹੇ ਭਾਈ ! ਸਾਰੀਆਂ ਚੌਰਾਸੀ ਲੱਖ ਜੂਨਾਂ ਵਿੱਚੋਂ ਪਰਮਾਤਮਾ ਨੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ, ਪਰ ਜਿਹੜਾ ਮਨੁੱਖ ਇਸ ਪੌੜੀ ਤੋਂ ਖੁੰਝ ਜਾਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਦੁੱਖ ਭੋਗਦਾ ਹੈ।

ਗੁਰਬਾਣੀ ਦੀ ਅਜਿਹੀ ਵਿਆਖਿਆ ਸੁਣ ਕੇ ਆਮ ਬੰਦੇ ਦੇ ਮਨ ਵਿੱਚ ਸ਼ੰਕਾ ਉਪਜ ਸਕਦੀ ਹੈ ਕਿ ਇੱਕ ਪਾਸੇ ਗੁਰੂ ਸਾਹਿਬ ਜੀ ਜੀਵਾਂ ਦੀ ਪੈਦਾਇਸ਼ ਕਰਨ ਦੇ ਕਾਰੇ ਲਾਏ, ਮੰਨੇ ਜਾਂਦੇ ਬ੍ਰਹਮਿਆਂ ਦੀ ਗਿਣਤੀ ਹੀ ਕਈ ਕਰੋੜਾਂ ’ਚ ਦੱਸਦੇ ਪਏ ਹਨ ਅਤੇ ਦੂਸਰੇ ਪਾਸੇ ਇਨ੍ਹਾਂ ਕਰੋੜਾਂ ਬ੍ਰਹਮਿਆਂ ਰਾਹੀਂ ਪੈਦਾ ਹੁੰਦੇ ਮੰਨੇ ਗਏ, ਜੀਵਾਂ (ਜੂਨਾਂ) ਦੀ ਗਿਣਤੀ ਸਿਰਫ ਚੌਰਾਸੀ ਲੱਖ, ਹੀ ਦੱਸ ਰਹੇ ਹਨ ਤਾਂ ਇਨ੍ਹਾਂ ਵਿੱਚੋਂ ਕਿਹੜੀ ਗੱਲ ਠੀਕ ਹੈ ? ਇਨ੍ਹਾਂ ਸ਼ੰਕਿਆਂ ਵਿੱਚ ਉਸ ਸਮੇਂ ਹੋਰ ਵਾਧਾ ਹੋ ਜਾਂਦਾ ਹੈ ਜਦੋਂ ਕੁਝ ਵਿਦਵਾਨ ‘‘ਏਕਾ ਮਾਈ, ਜੁਗਤਿ ਵਿਆਈ ; ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ, ਇਕੁ ਭੰਡਾਰੀ ; ਇਕੁ ਲਾਏ ਦੀਬਾਣੁ ॥’’ ਦਾ ਹਵਾਲਾ ਦੇ ਕੇ ਇੱਥੋਂ ਤੱਕ ਲਿਖ ਜਾਂ ਬੋਲ ਦਿੰਦੇ ਹਨ ਕਿ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਦੀ ਹੋਂਦ ਨੂੰ ਗੁਰੂ ਸਾਹਿਬ ਜੀ ਨੇ ਵੀ ਪ੍ਰਵਾਨ ਕੀਤਾ ਹੋਇਆ ਹੈ, ਪਰ ਜਦੋਂ ਅਸੀਂ ਇਸੇ ਪਉੜੀ ਦਾ ਬਾਕੀ ਅਗਾਂਹ ਹਿੱਸਾ : ‘‘ਜਿਵ ਤਿਸੁ ਭਾਵੈ, ਤਿਵੈ ਚਲਾਵੈ ; ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ, ਓਨਾ ਨਦਰਿ ਨ ਆਵੈ ; ਬਹੁਤਾ ਏਹੁ ਵਿਡਾਣੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੦॥’’ (ਜਪੁ/ਮ: ੧/੭) ਪੜ੍ਹ ਕੇ ਇਸ ਸੰਪੂਰਨ ਪਉੜੀ ਦੇ ਅਰਥ ਗੁਰਮਤਿ ਲਿਖਤ ਦੇ ਦਾਇਰੇ ਵਿੱਚ ਰਹਿੰਦਿਆਂ ਕਰਾਂਗੇ ਤਾਂ ਸਾਨੂੰ ਇਹ ਸੋਝੀ ਹੋ ਜਾਵੇਗੀ ਕਿ ਇਸ ਪਉੜੀ ਦੇ ਉਹ ਅਰਥ ਨਹੀਂ ਹਨ ਜੋ ਅਜਿਹੇ ਕੁਝ ਵਿਆਖਿਆਕਾਰਾਂ ਪਾਸੋਂ ਸੁਣ ਰਹੇ ਹਾਂ ਬਲਕਿ ਇਹ ਸਮਝ ਆ ਜਾਵੇਗੀ ਕਿ ਪਹਿਲੀਆਂ ਦੋ ਤੁਕਾਂ ਵਿੱਚ ਗੁਰੂ ਸਾਹਿਬ ਜੀ ਦਾ ਆਪਣਾ ਮੱਤ ਨਹੀਂ ਬਲਕਿ ਜਗਿਆਸੂਆਂ ਨੂੰ ਸਮਝਾਉਣ ਹਿੱਤ (ਵੇਦਾਂ ਪੁਰਾਣਾਂ ਦੀ ਸਿੱਖਿਆ ਅਨੁਸਾਰ ਲੋਕਾਂ ਵਿੱਚ ਆਮ ਪ੍ਰਚਲਿਤ ਇਹ ਖ਼ਿਆਲ ਦਰਜ ਕੀਤਾ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪ੍ਰਤੱਖ ਤੌਰ ’ਤੇ ਉਸ ਦੇ ਤਿੰਨ ਪੁੱਤਰ ਜੰਮੇ, ਮੰਨ ਲਏ ਗਏ; ਜਿਵੇਂ ਕਿ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ ਜੀਵਾਂ ਨੂੰ ਰਿਜ਼ਕ ਅਪੜਾਉਣ ਦਾ ਕੰਮ ਕਰਨ ਲੱਗਾ) ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ ਜੀਵਾਂ ਨੂੰ ਸੰਘਾਰਦਾ ਹੈ, ਮਾਰਦਾ ਹੈ)।

ਅਗਲੀਆਂ ਤੁਕਾਂ ਵਿੱਚ ਗੁਰੂ ਸਾਹਿਬ ਜੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਲਿਖਦੇ ਹਨ ਕਿ (ਪਰ ਅਸਲ ਗੱਲ ਇਹ ਹੈ ਕਿ ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ।) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ। (ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸ੍ਰਿਸ਼ਟੀ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਆਪਣਾ ਕੋਈ ਮੁੱਢ ਨਹੀਂ ਭਾਵ ਚਾਰੋਂ ਤਰਫ਼ ਫੈਲਿਆ ਹੈ, ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ ਭਾਵ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਸਮੇਤ ਹਰ ਜੀਵ ਵਾਙ ਜੰਮਦਾ ਮਰਦਾ ਨਹੀਂ।

ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਜਿਹੜੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਆਦਿਕ ਨੂੰ ਗੁਰੂ ਸਾਹਿਬ ਜੀ ਸੰਸਾਰ ਦੇ ਬਾਕੀ ਦੇ ਜੀਵਾਂ ਵਾਙ ਹੀ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਹੇਠ ਭਾਵ ਰੋਗੀ ਦੱਸ ਰਹੇ ਹੋਣ : ‘‘ਬ੍ਰਹਮਾ ਬਿਸਨੁ ਮਹਾਦੇਉ, ਤ੍ਰੈ ਗੁਣ ਰੋਗੀ ; ਵਿਚਿ ਹਉਮੈ ਕਾਰ ਕਮਾਈ ॥ ਜਿਨਿ ਕੀਏ, ਤਿਸਹਿ ਨ ਚੇਤਹਿ ਬਪੁੜੇ ; ਹਰਿ, ਗੁਰਮੁਖਿ ਸੋਝੀ ਪਾਈ ॥’’ (ਮ: ੪/੭੩੫) ਅਰਥ : (ਹੇ ਭਾਈ ! ਪੌਰਾਣਿਕ ਕਥਾਵਾਂ ਅਨੁਸਾਰ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਇਹਨਾਂ ਨੇ ਭੀ) ਹਉਮੈ ਵਿੱਚ ਹੀ ਕਾਰ ਕੀਤੀ। ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹ ਵਿਚਾਰੇ ਚੇਤਦੇ ਨਾ ਰਹੇ। ਹੇ ਭਾਈ ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸ਼ਰਨ ਪਿਆਂ ਹੀ ਪੈਂਦੀ ਹੈ।

‘‘ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ; ਰੋਗੀ ਸਗਲ ਸੰਸਾਰਾ ॥ ਹਰਿ ਪਦੁ ਚੀਨਿ, ਭਏ ਸੇ ਮੁਕਤੇ ; ਗੁਰ ਕਾ ਸਬਦੁ ਵੀਚਾਰਾ ॥’’ (ਮ: ੧/੧੧੫੩) ਅਰਥ :  (ਸਾਧਾਰਨ ਜੀਵਾਂ ਦੀ ਗੱਲ ਹੀ ਕੀਹ ਹੈ ? ਵੱਡੇ ਵੱਡੇ ਅਖਵਾਣ ਵਾਲੇ ਦੇਵਤੇ) ਬ੍ਰਹਮਾ, ਵਿਸ਼ਨੂ ਤੇ ਸ਼ਿਵ ਭੀ ਹਉਮੈ ਦੇ ਰੋਗ ਵਿੱਚ ਹਨ, ਸਾਰਾ ਸੰਸਾਰ ਹੀ ਇਸ ਰੋਗ ਵਿੱਚ ਗ੍ਰਸਿਆ ਹੋਇਆ ਹੈ। ਇਸ ਰੋਗ ਤੋਂ ਤਾਂ ਉਹੀ ਸੁਤੰਤਰ ਹੁੰਦੇ ਹਨ ਜਿਨ੍ਹਾਂ ਨੇ ਪਰਮਾਤਮਾ ਨਾਲ ਮਿਲਾਪ-ਅਵਸਥਾ ਦੀ ਕਦਰ ਪਛਾਣ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿੱਚ ਟਿਕਾਇਆ ਹੈ।

ਆਮ ਜੀਵਾਂ ਵਾਙ ਰੋਗੀ ਉਨ੍ਹਾਂ ਅਵਤਾਰਾਂ ਨੂੰ ਗੁਰੂ ਜੀ ਪ੍ਰਵਾਨ ਕਿਵੇਂ ਕਰ ਸਕਦੇ ਹਨ ਅਤੇ ਕਿਵੇਂ ਮੰਨ ਸਕਦੇ ਹਨ ਕਿ ਬ੍ਰਹਮਾ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਪੈਦਾ ਕਰਦਾ, ਵਿਸ਼ਨੂੰ ਸਭ ਨੂੰ ਰਿਜ਼ਕ ਦੇਣ ਵਾਲਾ ਅਤੇ ਸ਼ਿਵ ਜੀ ਅੰਤ ਨੂੰ ਸੰਘਾਰ ਕਰਨ ਵਾਲਾ ਹੈ। ਗੁਰੂ ਸਾਹਿਬ ਜੀ ਤਾਂ ਦ੍ਰਿੜ੍ਹ ਕਰਵਾਉਂਦੇ ਹਨ ਕਿ ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਹਨਾਂ ਸਭਨਾਂ ਦੀ ਪਾਲਨਾ ਭੀ ਆਪ ਹੀ ਕਰਦਾ ਹੈ; ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਭੀ ਉਸੇ ਨੂੰ ਹੀ ਹੈ। ਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹੀ ਇਹਨਾਂ ਦਾ ਖ਼ਿਆਲ ਰੱਖਦਾ ਹੈ : ‘‘ਨਾਨਕ  ! ਜੰਤ ਉਪਾਇ ਕੈ, ਸੰਮਾਲੇ ਸਭਨਾਹ ॥ ਜਿਨਿ ਕਰਤੈ, ਕਰਣਾ ਕੀਆ ; ਚਿੰਤਾ ਭਿ ਕਰਣੀ ਤਾਹ ॥ ਸੋ ਕਰਤਾ ਚਿੰਤਾ ਕਰੇ ; ਜਿਨਿ, ਉਪਾਇਆ ਜਗੁ ॥’’ (ਗਉੜੀ ਸੁਖਮਨੀ/ਮ: ੫/੭੫), ਸੋ (ਜਗਤ ਵਿੱਚ ਜੀਵਾਂ ਦਾ) ਜੰਮਣਾ ਮਰਨਾ ਉਸੇ ਪਰਮਾਤਮਾ ਨੇ ਬਣਾਇਆ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ : ‘‘ਆਵਣੁ ਤ ਜਾਣਾ ਤਿਨਹਿ ਕੀਆ ; ਜਿਨਿ, ਮੇਦਨਿ ਸਿਰਜੀਆ ॥’’  (ਮ: ੫/੫੪੨)

ਉਕਤ ਵਿਚਾਰ ਦਾ ਸਾਰੰਸ ਇਹੀ ਹੈ ਕਿ ਗੁਰਬਾਣੀ ’ਚ ਵਰਤੇ ਗਏ ਸੰਖਿਆ ਵਾਚਕ ਰਵਾਇਤੀ ਚਿੰਨ੍ਹ ਕੇਵਲ ਮਿਸਾਲ ਵਜੋਂ ਹਨ, ਨਾ ਕਿ ਕਿਸੇ ਵਿਸ਼ੇ ਦਾ ਸਾਰ ਜਾਂ ਗੁਰਮਤਿ ਫ਼ਿਲਾਸਫ਼ੀ।

ਸਚਖੰਡਿ ਵਸੈ ਨਿਰੰਕਾਰੁ॥

0

ਸਚਖੰਡਿ ਵਸੈ ਨਿਰੰਕਾਰੁ॥

ਰਣਜੀਤ ਸਿੰਘ, B.Sc., M.A., M.Ed.,ਹੈਡਮਾਸਟਰ (ਸੇਵਾ ਮੁਕਤ) (ਲੁਧਿਆਣਾ)-99155-15436

ਮਨੁੱਖਾ ਜੂਨ; ਪ੍ਰਮਾਤਮਾ ਵੱਲੋਂ ਸਾਜੀ ਹੋਈ ਸਰਵੋਤਮ ਜੂਨ ਹੈ। ਜੀਵਨ ਸਫਰ ਕਰਦਿਆਂ ਸਰੀਰਕ ਤੌਰ ’ਤੇ ਮਨੁੱਖ ਕਈ ਅਵਸਥਾਵਾਂ ਵਿੱਚੋਂ ਲੰਘਦਾ ਹੈ। ਮੋਟੇ ਤੌਰ ’ਤੇ ਅਸੀਂ ਤਿੰਨ ਅਵਸਥਾਵਾਂ ਬਾਰੇ ਹੀ ਜ਼ਿਕਰ ਕਰਦੇ ਹਾਂ ਤੇ ਉਹ ਹਨ: ‘ਬਚਪਨ, ਜਵਾਨੀ ਤੇ ਬੁਢੇਪਾ’। ਗੁਰੂ ਤੇਗ਼ ਬਹਾਦਰ ਜੀ ਫ਼ੁਰਮਾਉਂਦੇ ਹਨ : ‘‘ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥’’ (ਗੁਰੂ ਤੇਗ਼ ਬਹਾਦਰ ਜੀ/੧੪੨੮) ਪ੍ਰੰਤੂ ਇਹ ਜ਼ਰੂਰੀ ਨਹੀਂ ਕਿ ਹਰ ਮਨੁੱਖ ਉੱਤੇ ਇਹ ਤਿੰਨੇ ਅਵਸਥਾਵਾਂ ਆਉਣ। ਅਕਾਲ ਪੁਰਖ ਦੇ ਹੁਕਮ ਵਿੱਚ ਇਹ ਸਰੀਰ ਕਿਸੇ ਵੀ ਅਵਸਥਾ ਵਿੱਚ ਬਿਨਸ ਸਕਦਾ ਹੈ ਭਾਵੇਂ ਉਹ ਬਚਪਨ ਹੋਵੇ, ਜਵਾਨੀ ਜਾਂ ਬੁਢੇਪਾ। ਫਿਰ ਵੀ ਜੋ ਮਨੁੱਖ ਬੁਢੇਪੇ ਤੱਕ ਪਹੁੰਚੇ ਹਨ ਉਹਨਾਂ ਨੂੰ ਬਚਪਨ ਤੇ ਜਵਾਨੀ ਵਿੱਚੋਂ ਲੰਘਣਾ ਪੈਂਦਾ ਹੈ।

ਇਸੇ ਤਰ੍ਹਾਂ ਅਧਿਆਤਮਕ ਮਾਰਗ ਤੇ ਆਤਮਿਕ ਤੌਰ ’ਤੇ ਮਨੁੱਖ; ਗੁਰੂ ਦੇ ਰਾਹ ’ਤੇ ਚੱਲ ਕੇ ਵੱਖ ਵੱਖ ਅਵਸਥਾਵਾਂ ਪਾਰ ਕਰਦਾ ਹੋਇਆ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਸਚਖੰਡਿ ਵਾਲੀ ਅਵਸਥਾ ’ਤੇ ਪਹੁੰਚਣ ਵਿੱਚ ਕਾਮਯਾਬ ਹੋ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ‘ਜਪੁ’ ਬਾਣੀ ਵਿੱਚ ਇਸ ਸਿਖਰਲੀ ਅਵਸਥਾ ਭਾਵ ਸਹਿਜ ਅਵਸਥਾ ’ਤੇ ਪਹੁੰਚਣ ਲਈ ਪੰਜ ਪੜਾਵਾਂ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਪੰਜ ਖੰਡ ਕਿਹਾ ਗਿਆ ਹੈ। ਇਹ ਪੰਜ ਖੰਡ ਹਨ : ‘ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਤੇ ਸਚਖੰਡਿ’। ਆਤਮਿਕ ਮਾਰਗ ਦਾ ਆਖਰੀ ਪੜਾਅ ਸਚਖੰਡਿ ਹੈ। ਇੱਥੇ ਪਹੁੰਚਣ ਲਈ ਸਰੀਰਕ ਉਮਰ ਦਾ ਕੋਈ ਤਕਾਜ਼ਾ ਨਹੀਂ। ਛੋਟੀ ਤੋਂ ਛੋਟੀ ਉਮਰ ਵਿੱਚ ਤੇ ਵੱਡੀ ਤੋਂ ਵੱਡੀ ਉਮਰ ਵਿੱਚ ਪਹੁੰਚਿਆ ਜਾ ਸਕਦਾ ਹੈ। ਧਰੂ ਭਗਤ ਤੇ ਪ੍ਰਹਿਲਾਦ ਭਗਤ ਨੂੰ ਬਚਪਨ ਵਿੱਚ ਹੀ ਇਸ ਅਵਸਥਾ ਦੀ ਸੋਝੀ ਹੋਈ, ਮੰਨੀ ਗਈ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਪੰਜ ਸਾਲ ਦੀ ਉਮਰ ਵਿੱਚ ਗੁਰਗੱਦੀ ’ਤੇ ਬਿਰਾਜਮਾਨ ਹੋ ਕੇ ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਦੇਣ ਲੱਗ ਪਏ ਸਨ। ਦੂਜੇ ਪਾਸੇ ਗੁਰੂ ਅਮਰਦਾਸ ਜੀ ਵਡੇਰੀ ਉਮਰ ਵਿੱਚ ਸੱਚਖੰਡਿ ਅਵਸਥਾ ਵਿੱਚ ਪਹੁੰਚ ਕੇ ਸੰਗਤਾਂ ਨੂੰ ਅਕਾਲ ਪੁਰਖ ਨਾਲ ਜੋੜਨ ਲੱਗੇ।

ਸੱਚ ਖੰਡ ਕੀ ਹੈ ? ਇਹ ਆਤਮਾ ਤੇ ਪ੍ਰਮਾਤਮਾ ਦਾ ਮੇਲ ਹੈ। ਇਹ ਆਤਮਕ ਮਾਰਗ ਦਾ ਸਿਖਰ ਹੈ। ਇਸ ਅਵਸਥਾ ’ਤੇ ਪਹੁੰਚੇ ਮਨੁੱਖ ਲਈ ਸਮੁੱਚੀ ਕਾਇਨਾਤ ਹੀ ਇਕ ਅਕਾਲ ਪੁਰਖ ਦਾ ਰੂਪ ਜਾਪਦੀ ਹੈ। ਉਸ ਨੂੰ ਹਰ ਇੱਕ ਵਿੱਚ ਉਸ ਦੀ ਜੋਤਿ ਦਿਸਦੀ ਹੈ। ਆਪਣੇ ਪਰਾਏ ਵਿੱਚ ਕੋਈ ਫ਼ਰਕ ਨਹੀਂ ਦਿਸਦਾ। ਇਸ ਅਵਸਥਾ ’ਤੇ ਪਹੁੰਚੇ ਮਨੁੱਖ ਲਈ ਦੁੱਖ, ਸੁੱਖ, ਮਿੱਟੀ, ਸੋਨਾ, ਤਖ਼ਤ ਜਾਂ ਤਖ਼ਤਾ ਸਭ ਇੱਕ ਸਮਾਨ ਹਨ। ਇਸ ਸਭ ਨੂੰ ਉਹ ਅਕਾਲ ਪੁਰਖ ਦਾ ਹੁਕਮ ਹੀ ਸਮਝਦਾ ਹੈ। ਫੁੱਲਾਂ ਦੀ ਸੇਜ ਅਤੇ ਕੰਡਿਆਂ ਦੀ ਵਾੜ ਉਸ ਲਈ ਇੱਕ ਸਮਾਨ ਹੁੰਦੀ ਹੈ। ਅਜਿਹੀ ਅਵਸਥਾ ਦਾ ਬਿਆਨ ਕਰਦੇ ਹੋਏ ਗੁਰੂ ਤੇਗ਼ ਬਹਾਦਰ ਜੀ ਫ਼ੁਰਮਾਉਂਦੇ ਹਨ : ‘‘ਜੋ ਨਰੁ; ਦੁਖ ਮੈ, ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ॥੧॥ ਰਹਾਉ ॥’’ (ਗੁਰੂ ਤੇਗ਼ ਬਹਾਦਰ ਜੀ/੬੩੩)

ਮਹਾਂਰਾਸ਼ਟਰ ਦੇ ਰਹਿਣ ਵਾਲੇ ਸੰਤ ਤੁੱਕਾ ਰਾਮ ਜੀ ਜਦੋਂ ਅਜਿਹੀ ਅਵਸਥਾ ਵਿੱਚ ਪਹੁੰਚੇ ਤਾਂ ਇੱਕ ਦਿਨ ਪਤਨੀ ਨਾਲ ਸਵੇਰ ਵੇਲੇ ਸੈਰ ਕਰ ਰਹੇ ਸਨ ਕਿ ਅੱਗੇ ਇੱਕ ਸੋਨੇ ਦਾ ਕੈਂਠਾ ਪਿਆ ਦੇਖਿਆ। ਉਹਨਾਂ ਦੇ ਮਨ ਵਿੱਚ ਖ਼ਿਆਲ ਆਇਆ ਕਿਤੇ ਉਹਨਾਂ ਦੀ ਪਤਨੀ ਸੋਨੇ ਦਾ ਕੈਂਠਾ ਵੇਖ ਕੇ ਲਲਚਾ ਨਾ ਜਾਵੇ। ਉਹਨਾਂ ਨੇ ਅੱਗੇ ਹੋ ਕੇ ਉਸ ਸੋਨੇ ਦੇ ਕੈਂਠੇ ’ਤੇ ਮਿੱਟੀ ਪਾ ਦਿੱਤੀ। ਪਿੱਛੋਂ ਉਹਨਾਂ ਦੀ ਪਤਨੀ ਜਿਸ ਦੀ ਆਤਮਕ ਅਵਸਥਾ ਬਹੁਤ ਉੱਚੀ ਹੋ ਚੁੱਕੀ ਸੀ ਆਪਣੇ ਪਤੀ ਨੂੰ ਕਹਿਣ ਲੱਗੀ ਸਵਾਮੀ ਜੀ  ! ਇਹ ਕੀ ਕਰ ਰਹੇ ਹੋ ? ਮਿੱਟੀ ਦੇ ਉੱਤੇ ਮਿੱਟੀ ਪਾ ਰਹੇ ਹੋ। ਇਹ ਸ਼ਬਦ ਸੁਣ ਕੇ ਸਵਾਮੀ ਨੇ ਆਪਣੀ ਪਤਨੀ ਦੇ ਚਰਨ ਫੜ ਲਏ।

ਸਿੱਖ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ, ਜੋ ਮਨ ਦੀ ਅਵਸਥਾ ਅਨੰਦਪੁਰ ਸਾਹਿਬ ਵਿਖੇ ਸਜੇ ਹੋਏ ਦੀਵਾਨ ਵਿੱਚ ਸੀ, ਉਹੋ ਹੀ ਮਨ ਦੀ ਅਵਸਥਾ ਮਾਛੀਵਾੜੇ ਦੇ ਜੰਗਲ ਵਿੱਚ ਸੀ ਜਦੋਂ ਕਿ ਉਹਨਾਂ ਦੇ ਸਰੀਰ ’ਤੇ ਪਾਇਆ ਚੋਲ਼ਾ ਲੀਰੋ ਲੀਰ ਹੋ ਚੁੱਕਾ ਸੀ।  ਪੈਰਾਂ ਵਿੱਚ ਕੰਡੇ ਚੁੱਭੇ ਹੋਏ ਸਨ ਤੇ ਖ਼ੂਨ ਸਿਮ ਰਿਹਾ ਸੀ।

ਪ੍ਰਮਾਤਮਾ ਨਾਲ ਇੱਕ ਰੂਪ ਹੋਣ ਵਾਲੀ ਆਤਮਕ ਅਵਸਥਾ ਵਿੱਚ ਪਹੁੰਚੇ ਮਨੁੱਖ ਉੱਤੇ ਪ੍ਰਮਾਤਮਾ ਦੀ ਬਖ਼ਸ਼ਸ਼ ਦਾ ਦਰਵਾਜ਼ਾ ਖੁੱਲ੍ਹਦਾ ਹੈ। ਉਸ ਨੂੰ ਸਭ ਆਪਣੇ ਹੀ ਦਿੱਸਦੇ ਹਨ। ਹਰ ਪਾਸੇ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਹਮੇਸ਼ਾਂ ਪ੍ਰਭੂ ਦੀ ਸਿਫ਼ਤ ਸਲਾਹ ਵਿੱਚ ਜੁੜੀ ਰਹਿੰਦੀ ਹੈ। ਮਾਇਆ ਅਜਿਹੇ ਜੀਵਾਂ ਉੱਤੇ ਆਪਣਾ ਕੋਈ ਪ੍ਰਭਾਵ ਨਹੀਂ ਪਾ ਸਕਦੀ। ਉਸ ਦੀ ਆਤਮਾ ਏਨੀ ਬਲਵਾਨ ਹੋ ਜਾਂਦੀ ਹੈ ਕਿ ਜਨਮ ਅਤੇ ਮਰਨ ਵੀ ਉਸ ਨੂੰ ਬਰਾਬਰ ਹੀ ਜਾਪਦੇ ਹਨ ਤੇ ਉਹ ਦੋਹਾਂ ਹਾਲਾਤਾਂ ਨੂੰ ਪ੍ਰਮਾਤਮਾ ਦੀ ਰਜ਼ਾ, ਹੁਕਮ ਤੇ ਭਾਣਾ ਹੀ ਸਮਝਦਾ ਹੈ।

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਦਾ ਸਪੁੱਤਰ ਬਾਬਾ ਅਟੱਲ ਰਾਏ ਜੀ 9 ਸਾਲ ਦੀ ਉਮਰ ਵਿੱਚ ਚੜ੍ਹਾਈ ਕਰ ਗਏ ਸਨ। ਗੁਰੂ ਸਾਹਿਬ ਦੇ ਚਿਹਰੇ ’ਤੇ ਜਲਾਲ ਉਸੇ ਤਰ੍ਹਾਂ ਹੀ ਕਾਇਮ ਸੀ। ਦਰਬਾਰ ਸਜਿਆ ਹੋਇਆ ਸੀ ਤੇ ਸੰਗਤਾਂ ਨੂੰ ਚੜ੍ਹਦੀ ਕਲਾ ਦਾ ਉਪਦੇਸ਼ ਦੇ ਰਹੇ ਸਨ। ਉਹਨਾਂ ਦੇ ਸਾਂਢੂ ਸਾਈਂ ਦਾਸ ਜੀ ਇਹ ਸਭ ਕੁੱਝ ਵੇਖ ਕੇ ਹੈਰਾਨ ਹੋ ਗਏ। ਉਹਨਾਂ ਤੋਂ ਰਿਹਾ ਨਾ ਗਿਆ ਤੇ ਪੁੱਛਿਆ ਸੱਚੇ ਪਾਤਸ਼ਾਹ  ! ਤੁਹਾਨੂੰ ਆਪਣੇ ਪੁੱਤਰ ਦੇ ਵਿਛੋੜੇ ਦਾ ਕੋਈ ਅਫ਼ਸੋਸ ਨਹੀਂ ਹੋਇਆ। ਗੁਰੂ ਪਾਤਸ਼ਾਹ ਨੇ ਸਮਝਾਉਣ ਲਈ ਸਾਈਂ ਦਾਸ ਜੀ ਨੂੰ ਕਿਹਾ ਕਿ ਜ਼ਮੀਨ ਦੇ ਉੱਤੇ ਇੱਕ ਲਕੀਰ ਖਿੱਚੋ। ਉਹਨਾਂ ਨੇ ਲਕੀਰ ਖਿੱਚ ਦਿੱਤੀ ਤੇ ਫਿਰ ਉਸ ਲਕੀਰ ਨੂੰ ਮਿਟਾਉਣ ਲਈ ਕਿਹਾ ਜਿਸ ਨੂੰ ਉਹਨਾਂ ਨੇ ਹੱਥ ਫੇਰ ਕੇ ਮਿਟਾ ਦਿੱਤਾ। ਫਿਰ ਗੁਰੂ ਪਾਤਸ਼ਾਹ ਨੇ ਸੁਆਲ ਕੀਤਾ ਕਿ ਸਾਈਂ ਦਾਸ ਜੀ  ! ਇਹ ਦੱਸੋ ਕਿ ਲਕੀਰ ਖਿੱਚਣ ਵੇਲੇ ਤੁਹਾਨੂੰ ਕਿੰਨੀ ਖ਼ੁਸ਼ੀ ਹੋਈ ਤੇ ਲਕੀਰ ਮੇਟਣ ਵੇਲੇ ਕਿੰਨੀ ਉਦਾਸੀ ਹੋਈ। ਸਾਈਂ ਦਾਸ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ  ! ਇਸ ਵਿੱਚ ਖ਼ੁਸ਼ੀ ਤੇ ਉਦਾਸੀ ਵਾਲੀ ਕਿਹੜੀ ਗੱਲ ਸੀ ? ਤੁਹਾਡੇ ਹੁਕਮ ਨਾਲ ਹੀ ਮੈਂ ਲਕੀਰ ਖਿੱਚੀ ਸੀ ਤੇ ਤੁਹਾਡੇ ਹੁਕਮ ਨਾਲ ਹੀ ਮਿਟਾ ਦਿੱਤੀ ਹੈ। ਫਿਰ ਗੁਰੂ ਪਾਤਸ਼ਾਹ ਨੇ ਸਮਝਾਉਂਦੇ ਹੋਏ ਕਿਹਾ ਕਿ ਸਾਈਂ ਦਾਸ ਜੀ ! ਬਾਬਾ ਅਟੱਲ ਰਾਏ ਵੀ ਅਕਾਲ ਪੁਰਖ ਦੇ ਹੁਕਮ ਨਾਲ ਇੱਕ ਲਕੀਰ ਦੀ ਨਿਆਈਂ ਆਏ ਸਨ ਤੇ ਉਸ ਦੇ ਹੁਕਮ ਵਿੱਚ ਹੀ ਲਕੀਰ ਮਿਟਣ ਸਮਾਨ ਚੜ੍ਹਾਈ ਕਰ ਗਏ ਸਨ। ਫਿਰ ਮਨ ਵਿੱਚ ਗਮੀ ਕਾਹਦੀ ਹੋਣੀ ਸੀ ?

ਸੋ ਇਸ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਦੀ ਆਤਮਕ ਅਵਸਥਾ ਏਨੀ ਉੱਚੀ ਹੋ ਜਾਂਦੀ ਹੈ ਕਿ ਉਸ ਉੱਤੇ ਕਿਸੇ ਵੀ ਘਟਨਾ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਮਨ ਹਮੇਸ਼ਾਂ ਹੀ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਭਾਈ ਭਿਖਾਰੀ ਦੀ ਉੱਚ ਆਤਮਕ ਅਵਸਥਾ ਨੂੰ ਇਤਿਹਾਸ ਨੇ ਕਲਮ ਬੰਦ ਕੀਤਾ ਹੈ। ਇੱਕ ਪਾਸੇ ਪੁੱਤਰ ਦੇ ਵਿਆਹ ਦੀ ਤਿਆਰੀ ਹੋ ਰਹੀ ਹੈ ਤੇ ਦੂਜੇ ਪਾਸੇ ਵਿਆਹ ਉਪਰੰਤ ਉਸ ਦੀ ਮੌਤ ਦਾ ਪਤਾ ਹੋਣ ’ਤੇ ਅੰਤਮ ਰਸਮਾਂ ਦੀ ਤਿਆਰੀ ਵਿੱਚ ਜੁਟੇ ਹੋਏ ਹਨ। ਪੁੱਛਣ ਵਾਲਿਆਂ ਨੂੰ ਦੱਸਿਆ ਕਿ ਇਹ ਸਭ ਕੁੱਝ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਸਚਖੰਡਿ ਕਿਸੇ ਖ਼ਾਸ ਅਸਥਾਨ ਜਾਂ ਵਸਤੂ ਦਾ ਨਾਮ ਨਹੀਂ ਸਗੋਂ ਇਹ ਉਹ ਅਵਸਥਾ ਹੈ ਜਦੋਂ ਭਗਤ ਦੇ ਅੰਦਰ ਸੱਚੇ ਪ੍ਰਭੂ ਦਾ ਹੀ ਨਿਰੋਲ ਪ੍ਰਭਾਵ ਰਹਿ ਜਾਂਦਾ ਹੈ, ਫਿਰ ਉਹ ਸੱਚ ਹੀ ਬੋਲਦਾ ਹੈ ਤੇ ਸਦਾ ਸੱਚਾ ਜੀਵਨ ਹੀ ਬਤੀਤ ਕਰਦਾ ਹੈ।

ਉਸ ਦੀ ਸਾਰੀ ਕਾਰ ਵਿਹਾਰ ਸੱਚ ਦਾ ਰੂਪ ਹੀ ਹੋ ਜਾਂਦੀ ਹੈ। ਉਸ ਦੇ ਕਰਮ ਇੰਦਰਿਆਂ ਅਤੇ ਗਿਆਨ ਇੰਦਰਿਆਂ ਵਿੱਚ ਸੱਚ ਦਾ ਹੀ ਪ੍ਰਕਾਸ਼ ਹੁੰਦਾ ਹੈ। ਉਸ ਦੀ ਸਾਰੀ ਕਾਰ ਵਿਹਾਰ, ਖਾਣਾ-ਪੀਣਾ, ਹੱਸਣਾ ਖੇਡਣਾ, ਗ੍ਰਹਿਸਤ ਵਿੱਚ ਰਹਿਣਾ, ਆਦਿ ਸਭ ਸੱਚ ’ਤੇ ਹੀ ਅਧਾਰਿਤ ਹੋ ਜਾਂਦਾ ਹੈ। ਉਹ ਪ੍ਰਮਾਤਮਾ ਨਾਲ ਇਸ ਤਰ੍ਹਾਂ ਇੱਕ ਮਿੱਕ ਹੋ ਜਾਂਦਾ ਹੈ; ਜਿਵੇਂ ਕਿ ਪਾਣੀ ਦਾ ਪਾਣੀ ਨਾਲ ਮਿਲਣਾ। ਗੁਰੂ ਤੇਗ਼ ਬਹਾਦਰ ਜੀ ਇਸ ਅਵਸਥਾ ਨੂੰ ਬਿਆਨ ਕਰਦੇ ਹੋਏ ਫ਼ੁਰਮਾਉਂਦੇ ਹਨ : ‘‘ਨਾਨਕ  ! ਲੀਨ ਭਇਓ ਗੋਬਿੰਦ ਸਿਉ; ਜਿਉ ਪਾਨੀ ਸੰਗਿ ਪਾਨੀ ॥੩॥੧੧॥’’ (ਸੋਰਠਿ/ਗੁਰੂ ਤੇਗ਼ ਬਹਾਦਰ ਜੀ/੬੩੩)

ਇਸ ਉੱਚੀ ਅਵਸਥਾ ’ਤੇ ਪਹੁੰਚੇ ਹੋਏ ਮਨੁੱਖ ਨੂੰ ਸੋਝੀ ਹੋ ਜਾਂਦੀ ਹੈ ਕਿ ਪ੍ਰਮਾਤਮਾ, ਸਾਰੇ ਜੀਵਾਂ ਦੀ ਕਿਵੇਂ ਸੰਭਾਲ ਕਰ ਰਿਹਾ ਹੈ। ਪਾਣੀ ਵਿੱਚ ਰਹਿਣ ਵਾਲੇ ਜੀਵ, ਧਰਤੀ ’ਤੇ ਰਹਿਣ ਵਾਲੇ, ਅਕਾਸ਼ ਵਿੱਚ ਉੱਡਣ ਵਾਲੇ ਅਤੇ ਧਰਤੀ ਦੇ ਅੰਦਰ ਰਹਿ ਰਹੇ ਜੀਵਾਂ ਦਾ ਉਹ ਕਿਵੇਂ ਪਾਲਣ ਪੋਸ਼ਣ ਕਰ ਰਿਹਾ ਹੈ। ਪ੍ਰਮਾਤਮਾ ਵੱਲੋਂ ਇੱਕ ਮਿੱਕ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਪ੍ਰਮਾਤਮਾ ਦੇ ਸਾਜੇ ਹੋਏ ਬ੍ਰਹਿਮੰਡ ਵਿੱਚ ਅਨੇਕਾਂ ਹੀ ਧਰਤੀਆਂ, ਸੂਰਜ, ਚੰਦ, ਬੇਅੰਤ ਮੰਡਲ, ਬੇਅੰਤ ਖੰਡ, ਬੇਅੰਤ ਖਾਣੀਆਂ ਤੇ ਬੇਅੰਤ ਕਿਸਮਾਂ ਦੇ ਜੀਵ ਹਨ। ਜੇ ਕੋਈ ਮਨੁੱਖ ਕੁਦਰਤ ਦੀ ਬੇਅੰਤਤਾ ਨੂੰ ਬਿਆਨ ਕਰਨਾ ਚਾਹੇ ਤਾਂ ਉਹ ਕਰ ਨਹੀਂ ਸਕਦਾ ਸਗੋਂ ਉਹ ਬਾਅਦ ’ਚ ਪਛਤਾਏਗਾ ਹੀ। ਇਸ ਸਚਖੰਡਿ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਨੂੰ ਬੇਅੰਤ ਭਵਨਾਂ ਅਤੇ ਅਕਾਰਾਂ ਦਾ ਅਨੁਭਵ ਹੁੰਦਾ ਹੈ, ਜਿਹਨਾਂ ਸਭਨਾਂ ਵਿੱਚ ਉਸ ਦੀ ਕਾਰ ਉਸੇ ਤਰ੍ਹਾਂ ਚੱਲ ਰਹੀ ਹੈ; ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ ਭਾਵ ਇਸ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਹੀ ਵਰਤਦੀ ਦਿੱਸਦੀ ਹੈ। ਉਸ ਨੂੰ ਪ੍ਰਤੱਖ ਦਿੱਸਦਾ ਹੈ ਕਿ ਪ੍ਰਮਾਤਮਾ ਆਪ ਸਭ ਜੀਵਾਂ ਦੀ ਸੰਭਾਲ਼ ਕਰ ਰਿਹਾ ਹੈ ਅਤੇ ਖ਼ੁਸ਼ ਹੁੰਦਾ ਹੈ। ਇਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕੇਵਲ ਮਹਿਸੂਸ ਹੀ ਕੀਤਾ ਜਾ ਸਕਦਾ ਹੈ; ਜਿਵੇਂ ਗੂੰਗਾ, ਮਿਠਾਈ ਦਾ ਸੁਆਦ ਨਹੀਂ ਸਮਝਾ ਸਕਦਾ, ਕੇਵਲ ਮਿੱਠਾ ਮਹਿਸੂਸ ਹੀ ਕਰਦਾ ਹੈ।

ਇਸ ਅਵਸਥਾ ਨੂੰ ਗੁਰਬਾਣੀ ਵਿੱਚ ਸਚਖੰਡਿ, ਬੇਗਮਪੁਰਾ, ਪਰਮ ਪਦ, ਚੌਥਾ ਪਦ, ਤੁਰੀਆ ਅਵਸਥਾ, ਸਹਿਜ ਅਵਸਥਾ ਅਤੇ ਅਨੰਦ ਦੀ ਅਵਸਥਾ ਨਾਲ ਵੀ ਦਰਸਾਇਆ ਗਿਆ ਹੈ। ਇਸ ਅਵਸਥਾ ’ਤੇ ਪਹੁੰਚਣ ਲਈ ਮਨੁੱਖ ਨੂੰ ਆਪਣੀ ਚੁਤਰਾਈ ਤੇ ਸਿਆਣਪ ਦਾ ਤਿਆਗ ਕਰਨਾ ਪੈਂਦਾ ਹੈ ਕਿਉਂਕਿ ਮਨ ਦੀਆਂ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ। ਗੁਰੂ ਨਾਨਕ ਦੇਵ ਜੀ ‘ਜਪੁ’ ਜੀ ਸਾਹਿਬ ਵਿੱਚ ਫ਼ੁਰਮਾਉਂਦੇ ਹਨ : ‘‘ਸਹਸ ਸਿਆਣਪਾ ਲਖ ਹੋਹਿ; ਤ ਇਕ ਨ ਚਲੈ ਨਾਲਿ ॥’’ (ਜਪੁ/ਗੁਰੂ ਨਾਨਕ ਸਾਹਿਬ/੧) ਅਤੇ ‘‘ਚਾਕਰੀਆ ਚੰਗਿਆਈਆ; ਅਵਰ ਸਿਆਣਪ ਕਿਤੁ ॥ ਨਾਨਕ  ! ਨਾਮੁ ਸਮਾਲਿ ਤੂੰ; ਬਧਾ ਛੁਟਹਿ ਜਿਤੁ ॥੬॥੧॥੩॥’’ (ਸੂਹੀ/ਗੁਰੂ ਨਾਨਕ ਸਾਹਿਬ/੭੨੯)

ਕੇਵਲ ਲਗਨ, ਪ੍ਰੇਮ ਤੇ ਸ਼ਰਧਾ ਨਾਲ ਹੀ ਗੁਰੂ ਉਪਦੇਸ਼ ਕਮਾ ਕੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਬਾਬਾ ਲਹਿਣਾ ਜੀ ਜਦੋਂ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਏ ਤਾਂ ਉਹਨਾਂ ਨੇ ਗੁਰੂ ਮੱਤ ਗ੍ਰਹਿਣ ਕਰਕੇ ਉਹ ਸਾਰੇ ਕਰਮਕਾਂਡ ਜਿਨ੍ਹਾਂ ਨੂੰ ਉਹ ਕਈ ਸਾਲਾਂ ਤੋਂ ਕਰਦੇ ਆ ਰਹੇ ਸਨ, ਦਾ ਤਿਆਗ ਕਰ, ਇਸ ਉੱਚੀ ਅਵਸਥਾ ’ਤੇ ਪਹੁੰਚ ਕੇ ਗੁਰੂ ਨਾਲ ਇਕਮਿਕ ਹੋ ਕੇ ਗੁਰੂ ਰੂਪ ਬਣ ਗਏ। ਇਸੇ ਤਰ੍ਹਾਂ ਬਾਬਾ ਅਮਰਦਾਸ ਜੀ ਨੇ ਕਈ ਸਾਲਾਂ ਤੋਂ ਨਿਭਾ ਰਹੇ ਵੈਸ਼ਨੋ ਮੱਤ ਦੇ ਕਰਮਕਾਂਡ ਛੱਡ ਕੇ ਗੁਰੂ ਅੰਗਦ ਦੇਵ ਜੀ ਦੀ ਸਿੱਖਿਆ ਨੂੰ ਮਨ ਵਿੱਚ ਵਸਾ ਕੇ ਆਪ ਵੀ ਗੁਰੂ ਰੂਪ ਹੀ ਹੋ ਗਏ।

ਇਸ ਸਚਖੰਡਿ ਅਵਸਥਾ ’ਤੇ ਪਹੁੰਚਣ ਦਾ ਸਫਰ ਕੁੱਝ ਦਿਨਾਂ, ਮਹੀਨਿਆਂ ਜਾਂ ਸਾਲਾਂ ਦਾ ਨਹੀਂ ਸਗੋਂ ਮਨੁੱਖ ਨੇ ਸਾਰਾ ਜੀਵਨ ਹੀ ਇਸ ਪਾਸੇ ਲਾਉਣਾ ਹੁੰਦਾ ਹੈ। ਇਸ ਅਵਸਥਾ ’ਤੇ ਪਹੁੰਚਣ ਲਈ ਮਨੁੱਖ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਆਪਾ ਤਿਆਗ ਕੇ ਆਪਣੀ ਮੱਤ ਦਾ ਤਿਆਗ ਕਰਨਾ ਪੈਂਦਾ ਹੈ।  ਜਪੁ ਜੀ ਸਾਹਿਬ ਦੀ ਬਾਣੀ ਵਿੱਚ ਇਸ ਸਚਖੰਡਿ ਅਵਸਥਾ ਦਾ ਵਰਨਣ ਇਸ ਤਰ੍ਹਾਂ ਕੀਤਾ ਗਿਆ ਹੈ, ‘‘ਸਚਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ; ਨਦਰਿ ਨਿਹਾਲ ॥ ਤਿਥੈ; ਖੰਡ ਮੰਡਲ ਵਰਭੰਡ ॥ ਜੇ ਕੋ ਕਥੈ; ਤ ਅੰਤ ਨ ਅੰਤ ॥ ਤਿਥੈ; ਲੋਅ ਲੋਅ ਆਕਾਰ॥ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥ ਵੇਖੈ ਵਿਗਸੈ; ਕਰਿ ਵੀਚਾਰੁ ॥ ਨਾਨਕ  ! ਕਥਨਾ ਕਰੜਾ ਸਾਰੁ ॥੩੭॥’’ (ਜਪੁ/ਗੁਰੂ ਨਾਨਕ ਸਾਹਿਬ/੮)

ਇਸ ਅਵਸਥਾ ’ਤੇ ਪਹੁੰਚਣ ਲਈ ਚਾਰ ਪੜਾਵਾਂ ਭਾਵ ਚਾਰ ਖੰਡਾਂ ਦਾ ਜ਼ਿਕਰ ਕੀਤਾ ਗਿਆ ਹੈ। ਉਹਨਾਂ ਵਿੱਚ ਪਹਿਲਾ ਖੰਡ ਹੈ, ‘ਧਰਮ ਖੰਡ, ਦੂਜਾ ਗਿਆਨਖੰਡ, ਤੀਜਾ ਸਰਮਖੰਡ ਅਤੇ ਚੌਥਾ ਕਰਮਖੰਡ। ਇਹਨਾਂ ਪੜਾਵਾਂ ਵਿੱਚੋਂ ਲੰਘਣ ਉਪਰੰਤ ਮਨੁੱਖ ਸਚਖੰਡਿ ਦੀ ਅਵਸਥਾ ਵਿੱਚ ਪਹੁੰਚਦਾ ਹੈ।

ਧਰਮਖੰਡ ਕੀ ਹੈ ? ਧਰਮ ਦੇ ਸ਼ਬਦ ਕੋਸ਼ ਅਰਥ ਹਨ ਫ਼ਰਜ਼ ਭਾਵ ਮਨੁੱਖ ਆਪਣੇ ਫ਼ਰਜ਼ ਨੂੰ ਪਛਾਣੇ। ਪ੍ਰਮਾਤਮਾ ਨੇ ਉਸ ਨੂੰ ਸੰਸਾਰ ਵਿੱਚ ਕਿਉਂ ਭੇਜਿਆ ਹੈ ? ਮਨੁੱਖ ਇੱਕ ਖ਼ਾਸ ਮਕਸਦ ਲੈ ਕੇ ਸੰਸਾਰ ਵਿੱਚ ਆਇਆ ਹੈ ਤੇ ਉਹ ਮਕਸਦ ਕੀ ਹੈ ? ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ : ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥’’ (ਸੋ ਪੁਰਖੁ/ਆਸਾ/ਗੁਰੂ ਅਰਜਨ ਸਾਹਿਬ/੧੨)

ਜਿਸ ਮਨੁੱਖ ’ਤੇ ਪ੍ਰਭੂ ਦੀ ਬਖ਼ਸ਼ਸ਼ ਹੋ ਜਾਂਦੀ ਹੈ ਉਸ ਨੂੰ ਸਮਝ ਪੈ ਜਾਂਦੀ ਹੈ ਕਿ ਉਹ ਸੰਸਾਰ ਵਿੱਚ ਕੀ ਕਰਨ ਆਇਆ ਹੈ। ਉਸ ਨੂੰ ਸੋਝੀ ਹੋ ਜਾਂਦੀ ਹੈ ਕਿ ਉਹ ਇਸ ਧਰਤੀ ’ਤੇ ਧਰਮ ਕਮਾਉਣ ਲਈ ਆਇਆ ਹੈ। ਧਰਮ ਕੀ ਹੈ ? ਇਹ ਮਨੁੱਖਾ ਜੀਵਨ ਲਈ ਇੱਕ ਮਾਰਗ ਹੈ। ਇਸ ਮਾਰਗ ’ਤੇ ਚੱਲ ਕੇ ਮਨੁੱਖ ਨੇ ਆਪਣੇ ਨਿਸ਼ਾਨੇ ’ਤੇ ਪਹੁੰਚਣਾ ਹੁੰਦਾ ਹੈ। ਨਿਸ਼ਾਨਾ ਹੈ ਪ੍ਰਭੂ ਪ੍ਰਾਪਤੀ। ਪ੍ਰਮਾਤਮਾ ਵਾਲੇ ਗੁਣ ਆਪਣੇ ਅੰਦਰ ਪੈਦਾ ਕਰਨੇ ਹਨ। ਮਨੁੱਖ ਤੇ ਪ੍ਰਮਾਤਮਾ ਦੇ ਆਪਸੀ ਸੰਬੰਧਾਂ ਨੂੰ ਹੀ ਧਰਮਖੰਡ ਕਿਹਾ ਗਿਆ ਹੈ। ਧਰਮ ਦੀ ਪਰਿਭਾਸ਼ਾ ਦੱਸਦੇ ਹੋਏ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ : ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥’’ (ਗਉੜੀ ਸੁਖਮਨੀ/ਗੁਰੂ ਅਰਜਨ ਸਾਹਿਬ/੨੬੬)

ਪ੍ਰਮਾਤਮਾ ਨੇ ਇਹ ਧਰਤੀ ਪੈਦਾ ਕੀਤੀ ਹੀ ‘ਧਰਮ ਕਮਾਉਣ ਵਾਸਤੇ’ ਹੈ, ਜਿੱਥੇ ਬਾਕੀ ਜੀਵ ਇਸ ਧਰਤੀ ’ਤੇ ਰਹਿ ਕੇ ਮਨੁੱਖ ਦੀ ਸੇਵਾ ਕਰਦੇ ਹਨ, ਉੱਥੇ ਮਨੁੱਖ ਇੱਥੇ ਧਰਮ ਕਮਾਉਣ ਲਈ ਆਇਆ ਹੈ। ਬਾਕੀ ਜੀਵਾਂ ਲਈ ਧਰਤੀ ਰਹਿਣ ਦੀ ਥਾਂ ਹੈ ਪਰ ਮਨੁੱਖ ਲਈ ਇਹ ਧਰਤੀ ਧਰਮ ਕਮਾਉਣ ਦੀ ਥਾਂ ‘ਧਰਮਸ਼ਾਲ’ ਹੈ, ‘‘ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ; ਧਰਤੀ ਥਾਪਿ ਰਖੀ, ਧਰਮਸਾਲ ॥੩੪॥’’ (ਜਪੁ/ਗੁਰੂ ਨਾਨਕ ਸਾਹਿਬ/੭)

ਧਰਮਸ਼ਾਲ ਤੋਂ ਭਾਵ ਇਹੀ ਹੈ ਕਿ ਧਰਮ ਕਮਾਉਣ ਦੀ ਥਾਂ ਜਾਂ ਮਨ ਦੀ ਘਾੜਤ ਘੜਨ ਦੀ ਥਾਂ। ਧਰਮ ਦਾ ਉਦੇਸ਼ ਉਸ ਅਨੰਤ ਸ਼ਕਤੀ ਦੇ ਮਾਲਕ; ਪ੍ਰਭੂ ਨਾਲ ਇੱਕਮਿਕ ਹੋਣਾ ਹੈ। ਧਰਮ ਦੇ ਮਾਰਗ ’ਤੇ ਚੱਲਣ ਨਾਲ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਪ੍ਰਮਾਤਮਾ ਨੇ ਇਸ ਧਰਮਸ਼ਾਲ ਜਾਂ ਧਰਤੀ ਦੀ ਸੰਭਾਲ਼ ਲਈ ਦਿਨ, ਰਾਤ, ਰੁੱਤਾਂ, ਹਵਾ, ਪਾਣੀ, ਅੱਗ, ਸੂਰਜ, ਤਾਰੇ, ਪ੍ਰਕਾਸ਼ ਅਤੇ ਪਾਤਾਲ ਪੈਦਾ ਕੀਤੇ ਹਨ। ਧਰਮ ਕਮਾਉਣ ਨਾਲ ਮਨੁੱਖ ਨੂੰ ਇਹ ਵੀ ਸਮਝ ਪੈਂਦੀ ਹੈ ਕਿ ਜੀਵਾਂ ਦੇ ਆਪੋ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਅਕਾਲ ਪੁਰਖ ਦੇ ਦਰ ’ਤੇ ਨਿਬੇੜਾ ਹੁੰਦਾ ਹੈ ਅਤੇ ਇਸ ਵਿੱਚ ਕੋਈ ਉਕਾਈ ਨਹੀਂ ਹੁੰਦੀ ਕਿਉਂਕਿ ਪ੍ਰਮਾਤਮਾ ਆਪ ਸੱਚਾ ਹੈ ਤੇ ਇਸ ਦਾ ਦਰਬਾਰ ਵੀ ਸੱਚਾ ਹੈ। ਉਸ ਦੇ ਦਰਬਾਰ ਵਿੱਚ ਧਰਮੀ ਪੁਰਖ ਆਦਰ ਪਾਉਂਦੇ ਹਨ। ਸੰਸਾਰ ਵਿੱਚ ਕੋਈ ਮਨੁੱਖ ਆਪਣੇ ਆਪ ਨੂੰ ਜਿੰਨਾ ਵੱਡਾ ਮਰਜ਼ੀ ਆਖ ਲਵੇ, ਧਰਮੀ ਅਖਵਾ ਲਵੇ, ਲੋਕਾਂ ਕੋਲੋਂ ਉਸਤਤ ਕਰਵਾ ਲਵੇ ਪਰ ਅਸਲ ਨਿਬੇੜਾ ਪ੍ਰਮਾਤਮਾ ਦੇ ਦਰ ’ਤੇ ਹੋਣਾ ਹੈ ਕਿ ਕੌਣ ਵੱਡਾ ਹੈ ਤੇ ਕੌਣ ਛੋਟਾ ਹੈ, ਕੌਣ ਧਰਮੀ ਹੈ ਤੇ ਕੌਣ ਅਧਰਮੀ ਹੈ।  ਧਰਮ ਦੇ ਰਾਹ ’ਤੇ ਚੱਲਣ ਨਾਲ ਹੀ ਮਨੁੱਖ ਨੂੰ ਸਮਝ ਪੈਂਦੀ ਹੈ ਕਿ ਕੱਚਾ ਕੌਣ ਤੇ ਪੱਕਾ ਕੌਣ ਹੈ ?, ‘‘ਕਚ ਪਕਾਈ ਓਥੈ ਪਾਇ ॥  ਨਾਨਕ  ! ਗਇਆ, ਜਾਪੈ ਜਾਇ ॥੩੪॥’’ (ਜਪੁ/ਗੁਰੂ ਨਾਨਕ ਸਾਹਿਬ/੭)

ਸੋ ਸਚਖੰਡਿ ਅਵਸਥਾ ’ਤੇ ਪਹੁੰਚਣ ਲਈ ਪਹਿਲਾ ਪੜਾਅ ਧਰਮਖੰਡ ਹੈ, ਜਿੱਥੇ ਆਤਮਕ ਜੀਵਨ ਦੀ ਉਸਾਰੀ ਸ਼ੁਰੂ ਹੁੰਦੀ ਹੈ। ਮਨੁੱਖ ਨੂੰ ਇਹ ਸਮਝ ਪੈਂਦੀ ਹੈ ਕਿ ਉਹ, ਇਸ ਸੰਸਾਰ ਵਿੱਚ ਕੀ ਕਰਨ ਆਇਆ ਹੈ, ‘‘ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ, ਲਗਹਿ ਅਨ ਲਾਲਚਿ; ਬਿਰਥਾ ਜਨਮੁ ਪਰਾਣੀ  !॥੧॥ ਰਹਾਉ ॥’’ (ਸਾਰੰਗ/ਗੁਰੂ ਅਰਜਨ ਸਾਹਿਬ/੧੨੧੯) ਇਸ ਮਾਰਗ ’ਤੇ ਚੱਲ ਕੇ ਮਨੁੱਖ ਨੂੰ ਸੋਝੀ ਹੋ ਜਾਂਦੀ ਹੈ ਕਿ ਉਸ ਨੇ ਜੀਵਨ ਵਿੱਚ ਕੀ ਕਰਨਾ ਹੈ, ‘‘ਪ੍ਰਾਣੀ  ! ਤੂੰ ਆਇਆ ਲਾਹਾ ਲੈਣਿ ॥  ਲਗਾ ਕਿਤੁ ਕੁਫਕੜੇ; ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥’’ (ਸਿਰੀਰਾਗੁ/ਗੁਰੂ ਅਰਜਨ ਸਾਹਿਬ/੪੩)

ਆਤਮਕ ਮਾਰਗ ਦੀ ਇਸ ਪਹਿਲੀ ਅਵਸਥਾ ਵਿੱਚ ਪਹੁੰਚਿਆ ਮਨੁੱਖ ਗੁਰੂ ਦਾ ਗਿਆਨ ਹਾਸਲ ਕਰਨ ਲਈ ਤਤਪਰ ਹੋ ਜਾਂਦਾ ਹੈ, ਜੋ ਆਤਮਕ ਮਾਰਗ ਦਾ ਦੂਜਾ ਪੜਾਅ ਹੈ, ਜਿਸ ਨੂੰ ਗਿਆਨਖੰਡ ਕਿਹਾ ਜਾਂਦਾ ਹੈ। ਗਿਆਨ ਦੀ ਪ੍ਰਾਪਤੀ ਲਈ ਮਨੁੱਖ ਨੂੰ ਕਠਿਨ ਘਾਲਣਾ ਘਾਲਣੀ ਪੈਂਦੀ ਹੈ। ਦੁਨਿਆਵੀ ਗਿਆਨ ਵੀ ਪ੍ਰਾਪਤ ਕਰਨਾ ਹੋਵੇ ਤਾਂ ਵਿਦਿਆਰਥੀ ਸਖ਼ਤ ਮਿਹਨਤ ਕਰਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਦੇ ਹਨ।  ਕੇਵਲ ਗੱਲਾਂ ਦੇ ਨਾਲ ਹੀ ਗਿਆਨ ਨਹੀਂ ਪ੍ਰਾਪਤ ਹੋ ਜਾਂਦਾ। ਗੁਰਬਾਣੀ ਦਾ ਫ਼ੁਰਮਾਨ ਹੈ : ‘‘ਗਿਆਨੁ ਨ ਗਲੀਈ ਢੂਢੀਐ; ਕਥਨਾ ਕਰੜਾ ਸਾਰੁ ॥’’ (ਆਸਾ ਕੀ ਵਾਰ/ਗੁਰੂ ਨਾਨਕ ਸਾਹਿਬ/੪੬੫)

ਗਿਆਨ ਪ੍ਰਾਪਤੀ ਉਪਰੰਤ ਮਨੁੱਖ ਨੂੰ ਆਤਮਕ ਸੋਝੀ ਹੋ ਜਾਂਦੀ ਹੈ। ਗੁਰਬਾਣੀ ਦਾ ਫ਼ੁਰਮਾਨ ਹੈ : ‘‘ਗਿਆਨ ਰਤਨਿ, ਸਭ ਸੋਝੀ ਹੋਇ ॥’’ (ਆਸਾ/ਗੁਰੂ ਅਮਰਦਾਸ ਜੀ/੩੬੪) ਜਦੋਂ ਪ੍ਰਭੂ ਦਾ ਗਿਆਨ ਪ੍ਰਾਪਤ ਹੋ ਜਾਵੇ ਤਾਂ ਮਨੁੱਖ ਦੀ ਖੋਟੀ ਮੱਤ ਕੰਚਨ ਵਰਗੀ ਹੋ ਜਾਂਦੀ ਹੈ। ਭਗਤ ਬੈਣੀ ਜੀ ਦਾ ਫ਼ੁਰਮਾਉਦੇ ਹਨ : ‘‘ਉਪਜੈ ਗਿਆਨੁ, ਦੁਰਮਤਿ ਛੀਜੈ ॥’’ (ਰਾਮਕਲੀ/ਭਗਤ ਬੇਣੀ ਜੀ/੯੭੪)

ਜਦ ਤੱਕ ਪ੍ਰਭੂ ਦਾ ਗਿਆਨ ਨਹੀਂ ਹੁੰਦਾ, ਮਨੁੱਖ ਮਾਇਆ ਵਿੱਚ ਹੀ ਮਸਤ ਰਹਿਣ ਕਰਕੇ ਆਪਣਾ ਜੀਵਨ ਆਪਣੇ ਪਰਿਵਾਰ ਤੱਕ ਹੀ ਸੀਮਤ ਰੱਖਦਾ ਹੈ। ਪਰਿਵਾਰ ਤੋਂ ਅੱਗੇ ਹੋਰ ਵੀਚਾਰ ਉਸ ਦੇ ਮਨ ਵਿੱਚ ਹੀ ਨਹੀਂ ਆਉਂਦੇ। ਵਿਦਿਆ ਤੇ ਵਿਚਾਰ ਦੇ ਬਲ ਨਾਲ ਬੇਅੰਤ ਕੁਦਰਤ ਦਾ ਨਕਸ਼ਾ ਅੱਖਾਂ ਅੱਗੇ ਆਉਣ ਲੱਗਦਾ ਹੈ। ਗਿਆਨ ਦੀ ਹਨੇਰੀ ਆ ਜਾਂਦੀ ਹੈ।  ਦੁਬਿਧਾ ਅਤੇ ਸਾਰੇ ਵਹਿਮ-ਭਰਮ ਉੱਡ ਪੁੱਡ ਜਾਂਦੇ ਹਨ, ‘‘ਦੇਖੌ ਭਾਈ  ! ਗ੍ਹਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ; ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥’’ (ਗਉੜੀ/ਭਗਤ ਕਬੀਰ ਜੀ/੩੩੧)

ਜਿਵੇਂ ਜਿਵੇਂ ਮਨੁੱਖ ਦੇ ਅੰਦਰ ਗੁਰਮਤਿ ਦੁਆਰਾ ਸਮਝ ਵਧਦੀ ਜਾਂਦੀ ਹੈ, ਤਿਉਂ ਤਿਉਂ ਉਹ ਅਨੰਦ ਮਿਲਣਾ ਸ਼ੁਰੂ ਹੋ ਜਾਂਦਾ ਹੈ ਜੋ ਮਾਇਕ ਪਦਾਰਥਾਂ ਨਾਲ਼ ਨਹੀਂ ਮਿਲਦਾ ਸੀ। ਆਤਮਕ ਮਾਰਗ ਵਿੱਚ ਇਸ ਅਵਸਥਾ ਨੂੰ ਹੀ ਜਪੁ ਜੀ ਸਾਹਿਬ ਵਿੱਚ ਗਿਆਨਖੰਡ ਕਿਹਾ ਗਿਆ ਹੈ। ਪ੍ਰਾਪਤ ਕੀਤੇ ਗਿਆਨ ਅਥਵਾ ਵਿੱਦਿਆ ਨੂੰ ਵਿਚਾਰਨ ਉਪਰੰਤ ਹੀ ਮਨੁੱਖ ਰੱਬੀ ਦਰ ’ਤੇ ਇੱਜ਼ਤ-ਮਾਨ ਪ੍ਰਾਪਤ ਕਰਦਾ ਹੈ। ਪ੍ਰਭਾਤੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ : ‘‘ਗੁਰ ਪਰਸਾਦੀ ਵਿਦਿਆ ਵੀਚਾਰੈ; ਪੜਿ ਪੜਿ ਪਾਵੈ ਮਾਨੁ ॥’’ (ਗੁਰੂ ਨਾਨਕ ਸਾਹਿਬ/੧੩੨੯), ਜਪੁ ਜੀ ਸਾਹਿਬ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ ਵਚਨ ਹਨ, ‘‘ਸੁਣਿਐ; ਪੜਿ ਪੜਿ ਪਾਵਹਿ ਮਾਨੁ ॥’’ (ਜਪੁ) ਜਿਵੇਂ ਦੁਨਿਆਵੀ ਵਿੱਦਿਆ ਦਾ ਅਸਲ ਮੁੱਲ ਰੁਜ਼ਗਾਰ ਪ੍ਰਾਪਤ ਕਰਨ ਉੱਪਰ ਪੈਂਦਾ ਹੈ ਇਸੇ ਤਰ੍ਹਾਂ ਪ੍ਰਾਪਤ ਕੀਤੇ ਆਤਮਕ ਗਿਆਨ ਦਾ ਮੁੱਲ ਲੋਕ ਤੇ ਪਰਲੋਕ ਦੋਹਾਂ ਵਿੱਚ ਪੈਂਦਾ ਹੈ।

ਮਨੁੱਖ ਦਾ ਆਪਣਾ ਗਿਆਨ ਸੀਮਤ ਹੈ। ਇਹ ਖੂਹ ਦੇ ਡੱਡੂ ਦੀ ਨਿਆਈਂ ਹੈ। ਡੱਡੂ ਖੂਹ ਵਿੱਚ ਨੱਚ-ਟੱਪ ਕੇ ਖ਼ੁਸ਼ ਹੁੰਦਾ ਹੈ ਤੇ ਸਮਝਦਾ ਹੈ ਕਿ ਇਹ ਸਾਰਾ ਖੂਹ ਹੀ ਮੇਰਾ ਹੈ ਤੇ ਮੈਂ ਇਸ ਬਾਰੇ ਜਾਣ ਲਿਆ, ਪਰ ਜਦੋਂ ਕਦੇ ਮੀਂਹ ਵੱਧ ਪੈਣ ਨਾਲ ਖੂਹ ਪਾਣੀ ਨਾਲ ਭਰ ਕੇ ਉਛਲਦਾ ਹੈ ਤੇ ਉਹ ਡੱਡੂ ਬਾਹਰ ਨਿਕਲ ਕੇ ਕਿਸੇ ਦਰਿਆ ਜਾਂ ਸਮੁੰਦਰ ਵਿੱਚ ਚਲਾ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਮੇਰਾ ਗਿਆਨ ਤਾਂ ਸੀਮਤ ਹੀ ਹੈ। ਇਸੇ ਤਰ੍ਹਾਂ ਮਨੁੱਖ ਜਦੋਂ ਤੱਕ ਆਪਣੇ ਬਲਬੂਤੇ ’ਤੇ ਹੀ ਆਪਣੇ ਗਿਆਨ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਦੀ ਸਾਜੀ ਕੁਦਰਤ ਦੇ ਗਿਆਨ ਵੱਲ ਗੁਰੂ ਦੀ ਰਾਹੀਂ ਝਾਤੀ ਮਾਰਦਾ ਹੈ ਤਾਂ ਉਸ ਨੂੰ ਸੋਝੀ ਹੁੰਦੀ ਹੈ ਕਿ ਮੇਰਾ ਗਿਆਨ ਤਾਂ ਬਹੁਤ ਤੁੱਛ ਸੀ। ਉਸ ਨੂੰ ਕੁਦਰਤ ਦੇ ਅਸੀਮਤ ਗਿਆਨ ਦੀ ਸੋਝੀ ਹੋ ਜਾਂਦੀ ਹੈ।

ਗੁਰੂ ਦੀ ਬਖ਼ਸ਼ਸ਼ ਨਾਲ ਉਸ ਨੂੰ ਸੋਝੀ ਹੋ ਜਾਂਦੀ ਹੈ ਕਿ ਅਕਾਲ ਪੁਰਖ ਦੀ ਰਚਨਾ ਵਿੱਚ ਕਈ ਕਿਸਮ ਦੇ ਪਾਉਣ, ਪਾਣੀ ਅਤੇ ਅਗਨੀਆਂ ਹਨ। ਉਸ ਦੀ ਰਚਨਾ ਵਿੱਚ ਕਈ ਕ੍ਰਿਸ਼ਨ ਹਨ, ਕਈ ਸ਼ਿਵ ਹਨ ਤੇ ਕਈ ਬ੍ਰਹਮਾ ਪੈਦਾ ਕੀਤੇ ਹੋਏ ਹਨ ਜਿਨ੍ਹਾਂ ਦੇ ਕਈ ਰੂਪ, ਰੰਗ ਤੇ ਵੇਸ ਹਨ। ਅਕਾਲ ਪੁਰਖ ਦੀ ਰਚਨਾ ਵਿੱਚ ਬੇਅੰਤ ਧਰਤੀਆਂ ਹਨ, ਬੇਅੰਤ ਮਾਰੂ ਪਰਬਤ, ਧਰੂ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਉਸ ਦੀ ਕਾਇਨਾਤ ਵਿੱਚ ਬੇਅੰਤ ਇੰਦਰ ਦੇਵਤੇ ਹਨ, ਬੇਅੰਤ ਚੰਦਰਮਾ ਹਨ, ਬੇਅੰਤ ਸੂਰਜ ਹਨ ਤੇ ਬੇਅੰਤ ਭਵਨ ਚੱਕਰ ਹਨ, ‘‘ਕੇਤੇ ਪਵਣ ਪਾਣੀ ਵੈਸੰਤਰ; ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ; ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ; ਮੇਰ ਕੇਤੇ, ਕੇਤੇ ਧੂ ਉਪਦੇਸ ॥ ਕੇਤੇ ਇੰਦ, ਚੰਦ ਸੂਰ ਕੇਤੇ; ਕੇਤੇ ਮੰਡਲ ਦੇਸ ॥੩੫॥’’ (ਜਪੁ)

ਜਿਉਂ ਜਿਉਂ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਮਨੁੱਖ ਨੂੰ ਸੋਝੀ ਹੁੰਦੀ ਜਾਂਦੀ ਹੈ ਕਿ ਅਕਾਲ ਪੁਰਖ ਦੀ ਰਚਨਾ ਵਿੱਚ ਬੇਅੰਤ ਦੇਵਤੇ, ਦੈਂਤ ਤੇ ਮੁਨੀ ਹਨ। ਅਨੇਕਾਂ ਪ੍ਰਕਾਰ ਦੇ ਰਤਨ ਤੇ ਰਤਨਾਂ ਦੇ ਸਮੁੰਦਰ ਹਨ। ਪਹਿਲਾਂ ਮਨੁੱਖ ਇਹੀ ਸਮਝਦਾ ਸੀ ਕਿ ਜੀਵ ਪੈਦਾ ਹੋਣ ਦੇ ਚਾਰ ਹੀ ਤਰੀਕੇ ਸਨ ਪਰ ਗੁਰੂ ਦੇ ਗਿਆਨ ਨਾਲ ਸੋਝੀ ਹੋ ਜਾਂਦੀ ਹੈ ਕਿ ਬੇਅੰਤ ਪ੍ਰਕਾਰ ਦੀਆਂ ਖਾਣੀਆਂ ਹਨ, ਜਿਨ੍ਹਾਂ ਨਾਲ ਜੀਵਾਂ ਦੀ ਉਤਪਤੀ ਹੁੰਦੀ ਹੈ। ਅਨੇਕਾਂ ਹੀ ਕਿਸਮ ਦੀਆਂ ਬੋਲੀਆਂ ਹਨ ਤੇ ਬੇਅੰਤ ਤਰ੍ਹਾਂ ਦੇ ਪਾਤਸ਼ਾਹ ਤੇ ਰਾਜੇ ਹਨ। ਕਈ ਤਰ੍ਹਾਂ ਦੇ ਧਿਆਨ ਹਨ, ਜੋ ਜੀਵ, ਮਨ ਦੁਆਰਾ ਲਾਉਂਦੇ ਹਨ ਅਤੇ ਸੇਵਕਾਂ ਦਾ ਵੀ ਕੋਈ ਅੰਤ ਨਹੀਂ, ‘‘ਕੇਤੇ ਦੇਵ ਦਾਨਵ ਮੁਨਿ ਕੇਤੇ; ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ; ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ, ਸੇਵਕ ਕੇਤੇ; ਨਾਨਕ  ! ਅੰਤੁ ਨ ਅੰਤੁ ॥੩੫॥’’ (ਜਪੁ) ਇਸ ਤਰ੍ਹਾਂ ਜੀਵ ਸਮਝਦਾ ਹੈ ਕਿ ਪ੍ਰਮਾਤਮਾ ਦੀ ਕਾਇਨਾਤ ਦਾ ਕੋਈ ਅੰਤ ਨਹੀਂ। ਉਸ ਨੂੰ ਸਮਝ ਪੈ ਜਾਂਦੀ ਹੈ : ‘‘ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ, ਬਹੁਤਾ ਹੋਇ ॥੨੪॥’’ (ਜਪੁ)

ਵਿਗਿਆਨੀਆਂ ਨੇ ਆਪਣੇ ਦਿਮਾਗ਼ ਦੇ ਸਹਾਰੇ, ਜੋ ਹੁਣ ਤੱਕ ਗਿਆਨ ਪ੍ਰਾਪਤ ਕੀਤਾ ਹੈ ਉਸ ਵਿੱਚ ਉਨ੍ਹਾਂ ਨੇ ਸੂਰਜ ਦੇ ਦੁਆਲੇ ਘੁੰਮਣ ਵਾਲੇ 9 ਗ੍ਰਹਿਆਂ ਦੀ ਖੋਜ ਹੀ ਕੀਤੀ ਹੈ। ਕੁੱਝ ਕੁ ਹੋਰ ਨਵੇਂ ਗ੍ਰਹਿਆਂ ਬਾਰੇ ਉਹ ਜਾਣਕਾਰੀ ਹਾਸਲ ਕਰਨ ਵਿੱਚ ਸਮਰੱਥ ਹੋ ਗਏ ਹਨ ਪਰ ਇਹ ਗਿਆਨ ਹਮੇਸ਼ਾਂ ਹੀ ਅਧੂਰਾ ਰਹੇਗਾ। ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨਾਲ ਇਕਮਿਕ ਹੋ ਕੇ ਜੋ ਗਿਆਨ ਪ੍ਰਾਪਤ ਕੀਤਾ ਹੈ, ਉਸ ਦੇ ਸਾਹਮਣੇ ਅੱਜ ਸਾਰੇ ਮਹਾਨ ਵਿਗਿਆਨੀਆਂ ਦਾ ਸਿਰ ਝੁੱਕਦਾ ਹੈ, ‘‘ਕੇਤੇ ਮੰਡਲ ਦੇਸ’’ ਲਿਖ ਕੇ ਗੁਰੂ ਸਾਹਿਬ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਬ੍ਰਹਮੰਡ ਵਿੱਚ ਅਨੇਕਾਂ ਹੀ ਸੂਰਜ ਮੰਡਲ, ਤਾਰਾ ਮੰਡਲ ਤੇ ਗ੍ਰਹਿ ਹਨ, ਜੋ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਕਰੋੜਾਂ ਸਾਲਾਂ ਤੋਂ ਚੱਕਰ ਲਾ ਰਹੇ ਹਨ। ਆਪ ਜੀ ਦਾ ਫ਼ੁਰਮਾਨ ਹੈ : ‘‘ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ ॥ ਕੋਹ ਕਰੋੜੀ, ਚਲਤ ਨ ਅੰਤੁ ॥੧॥’’ (ਆਸਾ ਕੀ ਵਾਰ/ਗੁਰੂ ਨਾਨਕ ਸਾਹਿਬ/੪੬੪) ਕੁਦਰਤ ਦੇ ਇਸ ਵਰਤਾਰੇ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਆਤਮਕ ਮਾਰਗ ਰੂਪ ਇਸ ਗਿਆਨਖੰਡ ਦੀ ਅਵਸਥਾ ਵਿੱਚ ਗਿਆਨ ਹੀ ਪ੍ਰਬਲ ਹੁੰਦਾ ਹੈ। ਇਸ ਅਵਸਥਾ ਵਿੱਚ ਕੁਦਰਤ ਦੇ ਸਭ ਰੰਗਾ ਤਮਾਸ਼ਿਆਂ ਤੇ ਕੌਤਕਾਂ ਦਾ ਅਨੰਦ ਆ ਜਾਂਦਾ ਹੈ। ਉਸ ਨੂੰ ਕਰਮਕਾਂਡਾਂ ਦੇ ਮੁਕਾਬਲੇ ਤਰਕ ਸੰਗਤ ਦਲੀਲ ਭਾਰੀ ਪੈਣ ਲੱਗ ਜਾਂਦੀ ਹੈ। ਇਸ ਪੜਾਅ ’ਤੇ ਪਹੁੰਚ ਕੇ ਮਨੁੱਖ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਜਿਵੇਂ ਕਿਸੇ ਅੰਨ੍ਹੇਂ ਮਨੁੱਖ ਨੂੰ ਅੱਖਾਂ ਮਿਲ ਗਈਆਂ ਹੋਣ।  ਮਨੁੱਖ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਪਾਪਾਂ ਤੇ ਵਿਕਾਰਾਂ ਨਾਲ ਭਰੀ ਹੋਈ ਮੱਤ ਕੰਚਨ ਵਰਗੀ ਪਵਿੱਤਰ ਹੋ ਗਈ ਹੈ। ਗਿਆਨ ਦਾ ਸੂਰਜ ਅੰਦਰ ਲੱਟ-ਲੱਟ ਕਰਦਾ ਲੱਗਦਾ ਹੈ। ਜਿਉਂ ਜਿਉਂ ਮਨੁੱਖ ਦੀ ਸੁਰਤ ਅਧਿਆਤਮਕ ਗਿਆਨ ਨਾਲ ਜੁੜਦੀ ਹੈ, ਤਿਉਂ ਤਿਉਂ ਉਸ ਦੇ ਅੰਦਰੋਂ ਸੁਆਰਥ ਦੀ ਗੰਢ ਖੁੱਲ੍ਹਦੀ ਜਾਂਦੀ ਹੈ ਤੇ ਉਹ ਸਮੁੱਚੇ ਸੰਸਾਰ ਨੂੰ ਹੀ ਆਪਣਾ ਪਰਿਵਾਰ ਸਮਝਣ ਲੱਗ ਜਾਂਦਾ ਹੈ।

ਇਸ ਗਿਆਨ ਪ੍ਰਾਪਤੀ ਉਪਰੰਤ ਮਨੁੱਖ ਇਸੇ ਨੂੰ ਆਪਣਾ ਨਿਸ਼ਾਨਾ ਨਹੀਂ ਸਮਝ ਲੈਂਦਾ। ਬਾਣੀ ਦੀ ਵਿਚਾਰ ਉਸ ਨੂੰ ਉਦਮ ਵੱਲ ਪ੍ਰੇਰਦੀ ਹੈ।  ਕੇਵਲ ਆਪਣੀ ਅਕਲ ਨਾਲ ਸਮਝ ਲੈਣਾ ਹੀ ਕਾਫ਼ੀ ਨਹੀਂ। ਮਨ ਦਾ ਸੁਭਾਅ ਅਤੇ ਪਹਿਲੇ ਕੀਤੇ ਕਰਮ; ਕੇਵਲ ਗਿਆਨ ਮਾਤਰ ਨਾਲ ਹੀ ਨਹੀਂ ਦੂਰ ਹੁੰਦੇ। ਪੁਰਾਣੇ ਵਿਚਾਰਾਂ ਨੂੰ ਤੋੜ ਕੇ ਨਵੇਂ ਵਿਚਾਰਾਂ ਦਾ ਪ੍ਰਕਾਸ਼ ਕਰਨ ਲਈ ਮਨੁੱਖ ਨੂੰ ਉੱਦਮ ਤੇ ਮਿਹਨਤ ਕਰਨੀ ਪੈਂਦੀ ਹੈ। ਅੰਮ੍ਰਿਤ ਵੇਲਾ ਸੰਭਾਲਣਾ ਇੱਕ ਗਿਆਨ ਹੈ ਪਰ ਇਸ ਦੇ ਲਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਬਾਣੀ ਪੜ੍ਹਨੀ ਤੇ ਸੰਗਤ ਕਰਨੀ ਇਹ ਮਿਹਨਤ ਤੇ ਉੱਦਮ ਦਾ ਕਰਮ ਹੈ। ਇਸ ਕਰਮ ਨੂੰ ਜਪੁ ਜੀ ਸਾਹਿਬ ਵਿੱਚ ਸਰਮਖੰਡ ਕਿਹਾ ਗਿਆ ਹੈ। ਗੁਰੂ ਰਾਮ ਦਾਸ ਜੀ ਇਸ ਉੱਦਮ ਦੇ ਕਰਮ ਪ੍ਰਤੀ ਫ਼ੁਰਮਾਉਂਦੇ ਹਨ : ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ, ਹਰਿ ਹਰਿ ਜਪੁ ਜਾਪੈ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥੨॥’’ (ਗਉੜੀ ਕੀ ਵਾਰ/ਗੁਰੂ ਰਾਮਦਾਸ ਜੀ/੩੦੬) ਇਹ ਉਦਮ ਇੱਥੇ ਹੀ ਖ਼ਤਮ ਨਹੀਂ ਹੁੰਦਾ ਸਗੋਂ ਹੋਰਨਾਂ ਮਨੁੱਖਾਂ ਨੂੰ ਵੀ ਇਸ ਵੱਲ ਪ੍ਰੇਰਦਾ ਹੈ। ਗੁਰੂ ਸਾਹਿਬ ਅਜਿਹੇ ਉੱਦਮੀ ਸਿੱਖ ਤੋਂ ਬਲਿਹਾਰੇ ਜਾਂਦੇ ਹਨ ਤੇ ਫ਼ੁਰਮਾਉਂਦੇ ਹਨ : ‘‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ॥੨॥’’ (ਗਉੜੀ ਕੀ ਵਾਰ/ਗੁਰੂ ਰਾਮਦਾਸ ਜੀ/੩੦੬)

ਧਰਮਖੰਡ ਤੇ ਗਿਆਨਖੰਡ ਦੀ ਆਤਮਕ ਅਵਸਥਾ ਦੀ ਸੋਝੀ ਹੋਣ ’ਤੇ ਪਤਾ ਲਗਦਾ ਹੈ ਕਿ ਕੁਦਰਤ ਦਾ ਸਾਰਾ ਪਸਾਰਾ ਇੱਕ ਨਿਯਮ ਵਿੱਚ ਬੰਨਿਆ ਪਿਆ ਹੈ ਤੇ ਮਨੁੱਖ ਨੇ ਆਪਣੇ ਆਪ ਨੂੰ ਉਸ ਨਿਯਮ ਅਨੁਸਾਰ ਢਾਲਣ ਲਈ ਸੰਘਰਸ਼ਮਈ ਜੀਵਨ ਵਿੱਚ ਪੈ ਕੇ ਸਰਮਖੰਡ ਦੇ ਪੜਾਅ ਵਿੱਚ ਪਹੁੰਚਦਾ ਹੈ। ਇਸ ਖੰਡ ਵਿੱਚ ਮਨੁੱਖ ਦੀ ਘਾੜਤ, ਸੁੰਦਰ ਘੜੀ ਜਾਂਦੀ ਹੈ। ਕੇਵਲ ਬਾਹਰ ਦੀ ਘਾੜਤ ਹੀ ਨਹੀਂ ਸਗੋਂ ਸੁਰਤਿ ਮਤਿ ਮਨਿ ਅਤੇ ਬੁਧਿ ਦੀ ਘਾੜਤ ਘੜੀ ਜਾਂਦੀ ਹੈ। ਇਸ ਤਰ੍ਹਾਂ ਮਨੁੱਖ; ਅੰਦਰੋਂ ਬਾਹਰੋਂ ਕੰਚਨ ਵਰਗਾ ਹੋ ਜਾਂਦਾ ਹੈ। ਇਸ ਆਈ ਹੋਈ ਤਬਦੀਲੀ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਬਿਆਨ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਉਹ ਅੰਤ ਪਛਤਾਉਂਦਾ ਹੀ ਹੈ। ਗੁਰੂ ਨਾਨਕ ਦੇਵ ਜੀ ਜਪੁ ਜੀ ਸਾਹਿਬ ਵਿੱਚ ਸਰਮਖੰਡ ਦੀ ਅਵਸਥਾ ਬਾਰੇ ਫ਼ੁਰਮਾਉਂਦੇ ਹਨ : ‘‘ਸਰਮਖੰਡ ਕੀ ਬਾਣੀ, ਰੂਪੁ ॥ ਤਿਥੈ; ਘਾੜਤਿ ਘੜੀਐ, ਬਹੁਤੁ ਅਨੂਪੁ ॥ ਤਾ ਕੀਆ ਗਲਾ; ਕਥੀਆ ਨਾ ਜਾਹਿ ॥ ਜੇ ਕੋ ਕਹੈ; ਪਿਛੈ ਪਛੁਤਾਇ ॥੩੬॥’’ (ਜਪੁ/ਗੁਰੂ ਨਾਨਕ ਸਾਹਿਬ/੮)

ਇਸ ਮਿਹਨਤ (ਸਰਮਖੰਡ) ਵਾਲੀ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਦੇ ਅੰਦਰ ਹੈਰਾਨੀਜਨਕ ਤਬਦੀਲੀ ਆਉਂਦੀ ਹੈ। ਮਨੁੱਖ ਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ। ਇੱਥੇ ਪਹੁੰਚ ਕੇ ਮਨੁੱਖ ਦੀ ਨਵੀਂ ਘਾੜਤ ਘੜੀ ਜਾਂਦੀ ਹੈ। ਜਿਵੇਂ ਇੱਕ ਪੈਨਸਿਲ ਨੂੰ ਘੜ ਦੇਈਏ ਤਾਂ ਉਹ ਲਿਖਣ ਯੋਗ ਹੋ ਕੇ ਗਿਆਨ ਦੀ ਸੰਭਾਲ ਕਰਦੀ ਹੈ। ਇਸੇ ਤਰ੍ਹਾਂ ਮਨੁੱਖ ਦੀ ਸੁਰਤ, ਮਤ ਤੇ ਮਨ ਦੀ ਬੁੱਧੀ ਦੀ ਜਦੋਂ ਘਾੜਤ ਘੜੀ ਜਾਂਦੀ ਹੈ ਤਾਂ ਉਹ ਹੋਰਨਾਂ ਨੂੰ ਵੀ ਘੜਨ ਦੇ ਸਮਰੱਥ ਹੋ ਜਾਂਦਾ ਹੈ; ਜਿਵੇਂ ਕਿ ਜਗਦਾ ਹੋਇਆ ਦੀਵਾ ਹਜ਼ਾਰਾਂ ਦੀਵਿਆਂ ਨੂੰ ਰੁਸ਼ਨਾ ਸਕਦਾ ਹੈ ਪਰ ਹਜ਼ਾਰ ਬੁਝੇ ਹੋਏ ਦੀਵੇ ਇਕ ਦੀਵੇ ਨੂੰ ਨਹੀਂ ਰੁਸ਼ਨਾ ਸਕਦੇ। ਗੁਰੂ ਨਾਨਕ ਦੇਵ ਜੀ ਇਸ ਅਵਸਥਾ ਦਾ ਬਿਆਨ ਕਰਦੇ ਹੋਏ ਫ਼ੁਰਮਾਉਂਦੇ ਹਨ : ‘‘ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ ॥੩੬॥’’ (ਜਪੁ) ਜਿਵੇਂ ਜਿਵੇਂ ਮਨੁੱਖ ਗਿਆਨ ਭਰਪੂਰ ਹੋ ਕੇ ਇਸ ਅਵਸਥਾ ਵਿੱਚ ਪਹੁੰਚਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਉਸ ਦੇ ਵੱਸ ਵਿੱਚ ਹੋ ਜਾਂਦੇ ਹਨ ਤੇ ਉਸ ਦੀ ਨਵੀਨ ਘਾੜਤ ਘੜੀ ਜਾਂਦੀ ਹੈ। ਗੁਰੂ ਦੀ ਸਿੱਖਿਆ ’ਤੇ ਅਮਲ ਕਰਨ ਨਾਲ ਉਸ ਦੀ ਮੱਤ ਵਿੱਚ ਮਾਨੋ ਹੀਰੇ ਜਵਾਹਰਾਤ ਪੈਦਾ ਹੋ ਜਾਂਦੇ ਹਨ, ‘‘ਮਤਿ ਵਿਚਿ ਰਤਨ ਜਵਾਹਰ ਮਾਣਿਕ; ਜੇ ਇਕ ਗੁਰ ਕੀ ਸਿਖ ਸੁਣੀ ॥’’ (ਜਪੁ)

ਜਿਵੇਂ ਮਿੱਟੀ ਘੜੀ ਜਾਵੇ ਤਾਂ ਉਸ ਤੋਂ ਭਾਂਡੇ ਬਣ ਜਾਂਦੇ ਹਨ। ਲੱਕੜ ਨੂੰ ਘੜ ਕੇ ਉਸ ਤੋਂ ਘਰ ਦਾ ਫ਼ਰਨੀਚਰ ਤਿਆਰ ਕੀਤਾ ਜਾਂਦਾ ਹੈ। ਸੋਨੇ ਨੂੰ ਘੜ ਕੇ ਉਸ ਦੇ ਗਹਿਣੇ ਬਣਾਏ ਜਾਂਦੇ ਹਨ ਇਸੇ ਤਰ੍ਹਾਂ ਮਨੁੱਖ ਦੀ ਘਾੜਤ ਘੜੀ ਜਾਂਦੀ ਹੈ ਤਾਂ ਉਹ ਅਕਾਲ ਪੁਰਖ ਦੇ ਦਰ ’ਤੇ ਪਰਵਾਨ ਹੋ ਜਾਂਦਾ ਹੈ, ਪਰ ਘਾੜਤ; ਬੜੀ ਕੀਮਤ ਅਤੇ ਮਿਹਨਤ ਮੰਗਦੀ ਹੈ। ਮਨੁੱਖ ਦੇ ਮਨ, ਸੁਰਤ, ਮਤ ਤੇ ਬੁੱਧ ਦੀ ਘਾੜਤ ਲਈ ਵੀ ਗੁਰੂ ਦੇ ਸ਼ਬਦ ਰਾਹੀਂ ਮਰਨਾ ਪੈਂਦਾ ਹੈ। ਜੋ ਮਨੁੱਖ ਗੁਰੂ ਸਬਦ ਰਾਹੀਂ ਮਰ ਜਾਂਦੇ ਹਨ ਉਹਨਾਂ ਨੂੰ ਕਦੀ ਵੀ ਦੁਬਾਰਾ ਨਹੀਂ ਮਰਨਾ ਪੈਂਦਾ, ‘‘ਐਸੀ ਮਰਨੀ ਜੋ ਮਰੈ; ਬਹੁਰਿ ਨ ਮਰਨਾ ਹੋਇ ॥’’ (ਭਗਤ ਕਬੀਰ ਜੀ/੫੫੫) ਅਤੇ ‘‘ਸਬਦਿ ਮਰਹੁ, ਫਿਰਿ ਜੀਵਹੁ ਸਦ ਹੀ; ਤਾ ਫਿਰਿ ਮਰਣੁ ਨ ਹੋਈ ॥’’ (ਗੁਰੂ ਅਮਰਦਾਸ ਜੀ/੬੦੪)

ਐਸੀ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਉੱਤੇ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਭਾਵ ਉਹ ਕਰਮਖੰਡ ਦੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਸੰਸਾਰੀ ਤੌਰ ’ਤੇ ਮਨੁੱਖ ਰਾਜਸੀ ਪਦਵੀ ਪ੍ਰਾਪਤ ਕਰਨ ਲਈ ਜਾਂ ਮਾਇਕ ਪਦਾਰਥਾਂ ਦੀ ਦੌੜ ਵਿੱਚ ਅੱਗੇ ਨਿਕਲਣ ਲਈ ਲੜਦਾ ਹੈ ਪਰ ਗੁਰਮੁਖ ਜਨ, ਸੰਤ ਜਨ ਜਾਂ ਭਲੇ ਪੁਰਸ਼ ਮਨ ਨੂੰ ਜਿੱਤਣ ਲਈ ਵਿਕਾਰਾਂ ਨਾਲ ਜੂਝਦੇ ਹਨ ਤੇ ਮਾਨਸਿਕ ਜਾਂ ਆਤਮਕ ਸੁੱਖ ਪ੍ਰਾਪਤ ਕਰ ਲੈਂਦੇ ਹਨ। ਉਹ ਸੁੱਖ, ਜੋ ਸਾਰੀ ਸ੍ਰਿਸ਼ਟੀ ਦੇ ਰਾਜੇ ਨੂੰ ਵੀ ਪ੍ਰਾਪਤ ਨਹੀਂ ਹੁੰਦਾ ਤੇ ਉਹ ਸੁੱਖ ਕੇਵਲ ਪ੍ਰਭੂ ਦੀ ਬਖ਼ਸ਼ਸ਼ ਨਾਲ ਨਾਮ ਜਪਣ ਨਾਲ ਹੀ ਮਿਲਦਾ ਹੈ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫ਼ੁਰਮਾਉਂਦੇ ਹਨ : ‘‘ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ ਹਰਿ ਕਾ ਨਾਮੁ ਜਪਤ, ਹੋਇ ਸੁਖੀਆ ॥’’ (ਗੁਰੂ ਅਰਜਨ ਸਾਹਿਬ/੨੬੪) ਪ੍ਰੰਤੂ ਜਿਹੜੇ ਜਗਿਆਸੂ ਇਸ ਕਰਮਖੰਡ ਦੀ ਅਵਸਥਾ ਤੱਕ ਪਹੁੰਚ ਜਾਂਦੇ ਹਨ ਉਹ ਆਪਣੇ ਮਨ ਨੂੰ ਜਿੱਤ ਲੈਂਦੇ ਹਨ। ਜਿਸ ਨੇ ਮਨ ਨੂੰ ਜਿੱਤ ਲਿਆ ਉਸ ਨੇ ਮਾਨੋ ਸਾਰੇ ਸੰਸਾਰ ’ਤੇ ਜਿੱਤ ਪ੍ਰਾਪਤ ਕਰ ਲਈ ਭਾਵ ਸਾਰੀਆਂ ਖਾਹਿਸ਼ਾਂ ਨੂੰ ਆਪਣੇ ਵੱਸ ਵਿੱਚ ਕਰ ਲਿਆ, ‘‘ਮਨਿ ਜੀਤੈ ਜਗੁ ਜੀਤੁ ॥ (ਜਪੁ/ਗੁਰੂ ਨਾਨਕ ਸਾਹਿਬ/੬)

ਇਸ ਕਰਮਖੰਡ ਦੀ ਅਵਸਥਾ ਵਿੱਚ ਪਹੁੰਚਣ ਵਾਲੇ ਜੋਧੇ, ਮਹਾਂਬਲੀ ਤੇ ਸੂਰਮੇ ਬਣ ਜਾਂਦੇ ਹਨ। ਅਜਿਹੇ ਮਨੁੱਖ ਇੱਕ ਪਹਿਰ ਨਾਮ ਅਭਿਆਸ ਰਾਹੀਂ ਪ੍ਰਮਾਤਮਾ ਵਿੱਚ ਲਿਵ ਜੋੜਦੇ ਹਨ ਬਾਕੀ ਦੇ ਸੱਤ ਪਹਿਰ ਕਿਰਤ ਕਾਰ ਕਰਦਿਆਂ ਉਸ ਦੀ ਯਾਦ ਵਿੱਚ ਜੀਵਨ ਸਫਲ ਕਰਦੇ ਹਨ। ਉੱਚੇ ਜੀਵਨ ਵਾਲੇ ਪੁਰਖਾਂ ਦੀ ਸੰਗਤ ਕਰਦੇ ਹਨ, ‘‘ਸਤੀ ਪਹਰੀ ਸਤੁ ਭਲਾ; ਬਹੀਐ ਪੜਿਆ ਪਾਸਿ ॥ ਓਥੈ ਪਾਪੁ ਪੁੰਨੁ ਬੀਚਾਰੀਐ; ਕੂੜੈ ਘਟੈ ਰਾਸਿ ॥’’ (ਮਾਝ ਕੀ ਵਾਰ/ਗੁਰੂ ਅੰਗਦ ਸਾਹਿਬ/੧੪੬) ਇਸ ਕਰਮਖੰਡ ਦੀ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਦਾ ਜੀਵਨ ਬ੍ਰਿਤਾਂਤ ਵਰਣਨ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ : ‘‘ਕਰਮਖੰਡ ਕੀ ਬਾਣੀ ਜੋਰੁ ॥ ਤਿਥੈ, ਹੋਰੁ ਨ ਕੋਈ ਹੋਰੁ ॥ ਤਿਥੈ, ਜੋਧ ਮਹਾਬਲ ਸੂਰ ॥ ਤਿਨ ਮਹਿ, ਰਾਮੁ ਰਹਿਆ ਭਰਪੂਰ ॥੩੭॥’’ (ਜਪੁ/ਗੁਰੂ ਨਾਨਕ ਸਾਹਿਬ/੮)

ਸੋ ਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ ਭਾਵ ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜਰ ਪੈਂਦੀ ਹੈ ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਕੋਈ ਵੀ ਵਿਸ਼ੇ ਵਿਕਾਰ ਉਸ ਉੱਤੇ ਅਸਰ ਨਹੀਂ ਪਾ ਸਕਦਾ ਕਿਉਂਕਿ ਇਸ ਅਵਸਥਾ ਵਿੱਚ ਮਨੁੱਖ ਦੇ ਅੰਦਰ ਅਕਾਲ ਪੁਰਖ ਤੋਂ ਬਿਨਾਂ ਕੋਈ ਹੋਰ ਦੂਜਾ ਫੁਰਨਾ ਉੱਕਾ ਹੀ ਨਹੀਂ ਉੱਠ ਸਕਦਾ। ਇਸ ਅਵਸਥਾ ਵਿੱਚ ਉਹ ਮਨੁੱਖ ਜੋਧੇ ਮਹਾਂਬਲੀ ਤੇ ਸੂਰਮੇ ਹੁੰਦੇ ਹਨ। ਉਹਨਾਂ ਦੇ ਰੋਮ ਰੋਮ ਵਿੱਚ ਪ੍ਰਮਾਤਮਾ ਦਾ ਵਾਸਾ ਹੁੰਦਾ ਹੈ।

ਇਸ ਬਖ਼ਸ਼ਸ਼ ਵਾਲੀ ਕਰਮਖੰਡ ਅਵਸਥਾ ਵਿੱਚ ਪੁੱਜੇ ਹੋਏ ਮਨੁੱਖ ਦਾ ਮਨ ਪੂਰਨ ਤੌਰ ’ਤੇ ਅਕਾਲ ਪੁਰਖ ਨਾਲ ਇਕਮਿਕ ਹੋ ਜਾਂਦਾ ਹੈ। ਉਸ ਦੀ ਆਤਮਾ ਤੇ ਪਰਮ ਆਤਮਾ ਇੱਕ ਦੂਜੇ ਨਾਲ ਪ੍ਰੋਈ ਹੁੰਦੀ ਹੈ। ਉਸ ਦੇ ਮਨ, ਬੁੱਧ ਤੇ ਚਿਹਰੇ ’ਤੇ ਜੋ ਰੂਪ ਚੜ੍ਹਦਾ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਜਿਹੇ ਮਨੁੱਖ, ਕਦੀ ਵੀ ਆਤਮਕ ਮੌਤ ਨਹੀਂ ਮਰਦੇ ਤੇ ਨਾ ਹੀ ਮਾਇਆ ਦੇ ਪ੍ਰਭਾਵ ਹੇਠ ਠੱਗੇ ਜਾਂਦੇ ਹਨ। ਇਹ ਉਹਨਾਂ ਜਗਿਆਸੂਆਂ ਦੀ ਅਵਸਥਾ ਹੈ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪ੍ਰਮਾਤਮਾ ਦਾ ਨਾਮ ਸਦੀਵੀ ਤੌਰ ’ਤੇ ਟਿਕ ਜਾਂਦਾ ਹੈ। ਇਸ ਅਵਸਥਾ ਦਾ ਵਰਣਨ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ : ‘‘ਤਿਥੈ; ਸੀਤੋ ਸੀਤਾ, ਮਹਿਮਾ ਮਾਹਿ ॥ ਤਾ ਕੇ ਰੂਪ; ਨ ਕਥਨੇ ਜਾਹਿ ॥ ਨਾ ਓਹਿ ਮਰਹਿ; ਨ ਠਾਗੇ ਜਾਹਿ ॥ ਜਿਨ ਕੈ; ਰਾਮੁ ਵਸੈ, ਮਨ ਮਾਹਿ ॥੩੭॥’’ (ਜਪੁ/ਗੁਰੂ ਨਾਨਕ ਸਾਹਿਬ/੮) ਇਸ ਕਰਮਖੰਡ ਦੀ ਅਵਸਥਾ ਵਿੱਚ ਅਪੜੇ ਹੋਏ ਮਨੁੱਖ ਸਦੀਵੀ ਅਨੰਦ ਦੀ ਅਵਸਥਾ ਵਿੱਚ ਰਹਿੰਦੇ ਹਨ। ਉਸ ਅਵਸਥਾ ਵਿੱਚ ਕਈ ਭਵਨਾਂ ਦੇ ਭਗਤ ਜਨ ਵਸਦੇ ਮਹਿਸੂਸ ਹੁੰਦੇ ਹਨ, ਜੋ ਸਦਾ ਖੇੜੇ ਵਿੱਚ ਰਹਿੰਦੇ ਹਨ ਕਿਉਂਕਿ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿੱਚ ਸਦਾ ਪ੍ਰਭਾਵ ਪਾਈ ਰੱਖਦਾ ਹੈ।

ਆਤਮਕ ਮਾਰਗ ਦੇ ਚਾਰ ਪੜਾਅ ‘ਧਰਮਖੰਡ, ਗਿਆਨਖੰਡ, ਸਰਮਖੰਡ ਤੇ ਕਰਮਖੰਡ’ ਪਾਰ ਕਰਨ ਤੋਂ ਬਾਅਦ ਮਨੁੱਖ ਅਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਤੇ ਉਹ ਸਚਖੰਡਿ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਇਸ ਅਵਸਥਾ ਵਿੱਚ ਮਨੁੱਖ ਸਦੀਵੀ ਤੌਰ ’ਤੇ ਅਨੰਦ ਪ੍ਰਾਪਤ ਕਰਦਾ ਹੈ ਉਸ ਨੂੰ ਜੀਵਨ ਤੇ ਮੌਤ ਵਿੱਚ ਕੋਈ ਫਰਕ ਨਹੀਂ ਦਿਸਦਾ। ਹਰ ਪਾਸੇ ਪ੍ਰਭੂ ਦੀ ਖੇਡ ਵਰਤਦੀ ਪ੍ਰਤੀਤ ਹੁੰਦੀ ਹੈ।

ਸਚਖੰਡਿ; ਅਜਿਹੀ ਅਵਸਥਾ ਦਾ ਜ਼ਿਕਰ ਗੁਰੂ ਰਾਮ ਦਾਸ ਜੀ ਨੇ ਸੂਹੀ ਰਾਗ ਦੇ ਇੱਕ ਛੰਤ ਵਿੱਚ ਕੀਤਾ ਹੈ ਜਿਸ ਨੂੰ ਲਾਵਾਂ ਦੀ ਬਾਣੀ ਵੀ ਕਿਹਾ ਜਾਂਦਾ ਹੈ। ਇਸ ਅਵਸਥਾ ਨੂੰ ਉਹਨਾਂ ਨੇ ਸਹਿਜ ਅਵਸਥਾ ਦਾ ਨਾਂ ਦਿੱਤਾ ਹੈ, ਜੋ ਆਤਮਕ ਜੀਵਨ ਦਾ ਚੌਥਾ ਤੇ ਆਖਰੀ ਪੜਾਅ ਹੈ। ਆਪ ਜੀ ਫ਼ੁਰਮਾਉਂਦੇ ਹਨ : ‘‘ਹਰਿ ਚਉਥੜੀ ਲਾਵ; ਮਨਿ ਸਹਜੁ ਭਇਆ, ਹਰਿ ਪਾਇਆ, ਬਲਿ ਰਾਮ ਜੀਉ ॥’’ (ਗੁਰੂ ਰਾਮਦਾਸ ਜੀ/੭੭੪)

ਇਸ ਅਵਸਥਾ ’ਤੇ ਪਹੁੰਚਣ ਲਈ ਪਹਿਲਾਂ ਤਿੰਨ ਰੂਹਾਨੀਅਤ ਅਵਸਥਾਵਾਂ ਵਿੱਚੋਂ ਜਗਿਆਸੂ ਨਿਕਲ ਕੇ ਆਉਂਦਾ ਹੈ ਤੇ ਪਹਿਲੀ ਅਵਸਥਾ ਹੈ ਪਰਵਿਰਤੀ ਕਰਮ, ‘‘ਹਰਿ ਪਹਿਲੜੀ ਲਾਵ; ਪਰਵਿਰਤੀ ਕਰਮ ਦ੍ਰਿੜਾਇਆ, ਬਲਿ ਰਾਮ ਜੀਉ ॥’’ (ਗੁਰੂ ਰਾਮਦਾਸ ਜੀ/੭੭੩)

ਦੂਜੀ ਅਵਸਥਾ ਵਿੱਚ ਗੁਰੂ ਨੇ ਹਰੀ ਮਿਲਾਪ ਕਰਵਾਇਆ ਹੁੰਦਾ ਹੈ : ‘‘ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ, ਬਲਿ ਰਾਮ ਜੀਉ ॥’’ (ਗੁਰੂ ਰਾਮਦਾਸ ਜੀ/੭੭੪)

ਇਸ ਅਵਸਥਾ ਤੋਂ ਬਾਅਦ ਤੀਜੇ ਪੜਾਅ ਵਿੱਚ ਚਾਅ ਪੈਦਾ ਹੁੰਦਾ ਹੈ ਤੇ ਵੈਰਾਗਮਈ ਅਵਸਥਾ ਵਿੱਚ ਜੀਵ ਪਹੁੰਚ ਜਾਂਦਾ ਹੈ, ‘‘ਹਰਿ ਤੀਜੜੀ ਲਾਵ; ਮਨਿ ਚਾਉ ਭਇਆ ਬੈਰਾਗੀਆ, ਬਲਿ ਰਾਮ ਜੀਉ ॥’’ (ਗੁਰੂ ਰਾਮਦਾਸ ਜੀ/੭੭੪)

ਇਹਨਾਂ ਤਿੰਨੇ ਆਤਮਕ ਅਵਸਥਾਵਾਂ ਵਿੱਚੋਂ ਨਿੱਕਲ ਕੇ ਜੀਵ ਚਉਥੇ ਪਦ ਨੂੰ ਭਾਵ ਸਹਿਜ ਅਵਸਥਾ ਜਾਂ ਸਚਖੰਡਿ ਨੂੰ ਪ੍ਰਾਪਤ ਕਰ ਲੈਂਦਾ ਹੈ। ਉਹ ਕੁਦਰਤ ਤੇ ਇਸ ਦੀ ਕਾਦਰ ਵਿੱਚ ਅਭੇਦ ਹੋ ਜਾਂਦਾ ਹੈ। ਅਜਿਹੇ ਜੀਵਾਂ ਦੀ ਪ੍ਰਥਾਇ ਗੁਰੂ ਅੰਗਦ ਦੇਵ ਜੀ ਫ਼ੁਰਮਾਉਂਦੇ ਹਨ : ‘‘ਸੇਈ ਪੂਰੇ ਸਾਹ; ਜਿਨੀ ਪੂਰਾ ਪਾਇਆ ॥ ਅਠੀ ਵੇਪਰਵਾਹ ਰਹਨਿ; ਇਕਤੈ ਰੰਗਿ ॥’’ (ਮਾਝ ਕੀ ਵਾਰ/ਗੁਰੂ ਅੰਗਦ ਸਾਹਿਬ/੧੪੬)

ਰਾਮਈਆ ! ਹਉ ਬਾਰਿਕੁ ਤੇਰਾ॥ ਕਾਹੇ ਨ ਖੰਡਸਿ ? ਅਵਗਨੁ ਮੇਰਾ॥

0

ਰਾਮਈਆ ! ਹਉ ਬਾਰਿਕੁ ਤੇਰਾ॥ ਕਾਹੇ ਨ ਖੰਡਸਿ ? ਅਵਗਨੁ ਮੇਰਾ॥

ਪ੍ਰਿੰ. ਹਰਭਜਨ ਸਿੰਘ (ਰੋਪੜ)- 94170-20961

ਸੁਤੁ ਅਪਰਾਧ ਕਰਤ ਹੈ ਜੇਤੇ॥ ਜਨਨੀ, ਚੀਤਿ ਨ ਰਾਖਸਿ, ਤੇਤੇ ॥੧॥ ਰਾਮਈਆ ! ਹਉ ਬਾਰਿਕੁ ਤੇਰਾ॥ ਕਾਹੇ ਨ ਖੰਡਸਿ ? ਅਵਗਨੁ ਮੇਰਾ॥੧॥ ਰਹਾਉ ॥ ਜੇ ਅਤਿ ਕ੍ਰੋਪ ਕਰੇ, ਕਰਿ ਧਾਇਆ॥ ਤਾ ਭੀ ਚੀਤਿ ਨ ਰਾਖਸਿ ਮਾਇਆ॥੨॥ ਚਿੰਤ ਭਵਨਿ ਮਨੁ ਪਰਿਓ ਹਮਾਰਾ॥ ਨਾਮ ਬਿਨਾ, ਕੈਸੇ ਉਤਰਸਿ ਪਾਰਾ॥੩॥ ਦੇਹਿ ਬਿਮਲ ਮਤਿ, ਸਦਾ ਸਰੀਰਾ॥ ਸਹਜਿ ਸਹਜਿ, ਗੁਨ ਰਵੈ ਕਬੀਰਾ॥੪॥ (ਭਗਤ ਕਬੀਰ/੪੭੮)

  ਵੀਚਾਰ ਅਧੀਨ ਸ਼ਬਦ ਭਗਤ ਕਬੀਰ ਜੀ ਦੁਆਰਾ ਉਚਾਰਨ ਕੀਤਾ ਹੋਇਆ ਆਸਾ ਰਾਗ ਅੰਦਰ ਦਰਜ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 478 ’ਤੇ ਸੁਭਾਇਮਾਨ ਹੈ।  ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਰਾਹੀਂ ਭਗਤ ਜੀ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਅੱਗੇ ਬਹੁਤ ਹੀ ਪਿਆਰ ਅਤੇ ਨਿਮਰਤਾ ਸਹਿਤ ਜੋਦੜੀ ਕਰਦੇ ਹੋਏ ਫ਼ਰਮਾ ਰਹੇ ਹਨ ਕਿ ਹੇ ਮੇਰੇ ਸੋਹਣੇ ਰਾਮ ! ਮੈਂ ਤੇਰਾ ਅੰਞਾਣ ਬੱਚਾ ਹਾਂ, ਤੂੰ ਮੇਰੇ ਅੰਦਰੋਂ ਮੇਰੀਆਂ ਭੁੱਲਾਂ ਕਿਉਂ ਨਹੀਂ ਦੂਰ ਕਰਦਾ ? ਪਾਵਨ ਬਚਨ ਹਨ ‘‘ਰਾਮਈਆ ! ਹਉ ਬਾਰਿਕੁ ਤੇਰਾ॥  ਕਾਹੇ ਨ ਖੰਡਸਿ ? ਅਵਗਨੁ ਮੇਰਾ॥੧॥ ਰਹਾਉ॥’’

  ਗੁਰਬਾਣੀ ਅੰਦਰ ਅਕਾਲ ਪੁਰਖ ਅਤੇ ਜੀਵ ਦੇ ਰਿਸ਼ਤੇ ਨੂੰ ਕਈ ਰੂਪਾਂ ’ਚ ਬਿਆਨ ਕੀਤਾ ਗਿਆ ਹੈ; ਜਿਵੇਂ ਕਿ ਮਾਤਾ, ਪਿਤਾ, ਬੰਧਪ, ਭਰਾਤਾ, ਬਾਬਲ ਆਦਿ,  ਪਰ ਵੀਚਾਰ ਅਧੀਨ ਸ਼ਬਦ ਵਿੱਚ ਕੇਵਲ ਮਾਂ ਅਤੇ ਪੁੱਤਰ ਦੇ ਰਿਸ਼ਤੇ ਦੀ ਗੱਲ ਹੀ ਕੀਤੀ ਗਈ ਹੈ ਕਿਉਂਕਿ ਬੱਚੇ ਦੀ ਨੇੜਤਾ ਜ਼ਿਆਦਾਤਰ ਮਾਂ ਨਾਲ ਹੀ ਹੁੰਦਾ ਹੈ। ਮਾਂ ਦੀ ਕੁੱਖ ’ਚ ਜਨਮ ਲੈਣ ਤੋਂ ਬਾਅਦ ਵੀ ਮਾਂ ਦੀ ਗੋਦ ਦਾ ਅਨੰਦ ਮਾਨਣ ਦਾ ਸੁਭਾਗ, ਬੱਚੇ ਨੂੰ ਕਾਫ਼ੀ ਸਮੇਂ ਤੱਕ ਪ੍ਰਾਪਤ ਰਹਿੰਦਾ ਹੈ।  ਛੋਟੇ ਬੱਚੇ ਤੋਂ ਹੀ ਵੱਧ ਗ਼ਲਤੀਆਂ ਕਰਨ ਦੀ ਆਸ ਬੰਧੀ ਰਹਿੰਦੀ ਹੈ। ਕਈ ਵਾਰ ਸਮਝਾਉਣ ਤੋਂ ਬਾਅਦ ਵੀ ਬੱਚਾ ਇੱਕ ਗ਼ਲਤੀ ਨੂੰ ਹੀ ਵਾਰ-ਵਾਰ ਦੁਹਰਾਉਂਦਾ ਰਹਿੰਦਾ ਹੈ। ਉਹ ਮਾਂ ਹੀ ਹੈ ਜੋ ਬੱਚੇ ਦੀਆਂ ਗ਼ਲਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਗਲ਼ ਨਾਲ ਲਾ ਕੇ ਰੱਖਦੀ ਹੈ। ਤਾਂ ਹੀ ਭਗਤ ਕਬੀਰ ਜੀ ਆਪਣੇ ਆਪ ਨੂੰ ਬਾਲਕ ਦੇ ਰੂਪ ’ਚ ਪੇਸ਼ ਕਰਦੇ ਹੋਏ ਆਪਣੀ ਮਾਂ ਰੂਪ ਪ੍ਰਮਾਤਮਾ ਅੱਗੇ ਬੜੇ ਮਾਣ ਨਾਲ ਇਹ ਗੱਲ ਕਹਿ ਰਹੇ ਹਨ ਕਿ ਤੁਸੀਂ ਮੇਰੇ ਔਗੁਣਾਂ ਨੂੰ ਕਿਉਂ ਨਹੀਂ ਨਾਸ਼ ਕਰਦੇ ? ਭਗਤ ਸਾਹਿਬਾਨ ਦੀ ਬਾਣੀ ਪੜ੍ਹ ਕੇ ਕਈ ਵਾਰ ਬਹੁਤ ਹੀ ਹੈਰਾਨੀ ਹੁੰਦੀ ਹੈ, ਜਿਨ੍ਹਾਂ ਸ਼ਬਦਾਂ ਨੂੰ ਕਈ ਤਾਂ ਅਗਿਆਨਤਾ ਵੱਸ ਇਹ ਵੀ ਕਹਿ ਦੇਂਦੇ ਹਨ ਕਿ ਭਗਤ ਸਾਹਿਬਾਨ ਇਹੋ ਜਿਹੀਆਂ ਗੱਲਾਂ ਅਹੰਕਾਰ ਵਿੱਚ ਆ ਕੇ ਕਹਿੰਦੇ ਹਨ; ਜਿਵੇਂ ਕਿ ਭਗਤ ਰਵੀਦਾਸ ਜੀ ਦੇ ਪਾਵਨ ਬਚਨ ਹਨ, ‘‘ਜਉ ਪੈ ਹਮ ਨ ਪਾਪ ਕਰੰਤਾ, ਅਹੇ ਅਨੰਤਾ  !॥ ਪਤਿਤ ਪਾਵਨ, ਨਾਮੁ ਕੈਸੇ ਹੁੰਤਾ ?॥’’ (ਭਗਤ ਰਵਿਦਾਸ/੯੩) ਭਾਵ ਹੇ ਪਾਪਾਂ ਨੂੰ ਨਾਸ਼ ਕਰਨ ਵਾਲੇ ਬੇਅੰਤ ਪ੍ਰਭੂ ! ਜੇ ਅਸੀਂ ਪਾਪ ਹੀ ਨਾ ਕਰਦੇ ਤਾਂ ਪਾਪਾਂ ਨੂੰ ਨਾਸ਼ ਕਰਨ ਵਾਲਾ ਤੇਰਾ ਨਾਮ ਕਿਵੇਂ ਬਣ ਜਾਣਾ ਸੀ ? ਪਰ ਇੱਥੇ ਭਗਤ ਰਵੀਦਾਸ ਜੀ ਹੰਕਾਰੀ ਭਾਵਨਾ ਨਾਲ ਗੱਲ ਨਹੀਂ ਕਰ ਰਹੇ, ਇਹ ਤਾਂ ਅਪਣੱਤ ਦੀਆਂ ਅਗੰਮੀ ਬਾਤਾਂ ਹਨ; ਜਿਵੇਂ ਕੋਈ ਬੱਚਾ ਆਪਣੀ ਮਾਂ ਨੂੰ ਇਹ ਆਖੇ ਕਿ ਜੇ ਤੂੰ ਮੈਨੂੰ ਜਨਮ ਨਾ ਦਿੰਦੀ ਤਾਂ ਤੂੰ ਮਾਂ ਅਖਵਾਉਣ ਦਾ ਹੱਕ ਨਹੀਂ ਰੱਖਦੀ ਸੀ ਜਦਕਿ ਇਹ ਗੱਲ ਹੈ ਭੀ 100% ਠੀਕ ਅਤੇ ਇਸ ਵਿੱਚ ਕੋਈ ਹੰਕਾਰ ਵਾਲੀ ਗੱਲ ਵੀ ਨਹੀਂ। ਪ੍ਰਭੂ ਪਿਆਰਿਆਂ ਨੂੰ ਆਪਣੇ ਪਿਆਰੇ ਪ੍ਰਭੂ ਉੱਤੇ ਇੰਨਾ ਮਾਣ ਹੁੰਦਾ ਹੈ ਕਿ ਉਹ ਪਿਆਰ ਵਿੱਚ ਆ ਕੇ ਇਸ ਤਰ੍ਹਾਂ ਪੁਕਾਰ ਉੱਠਦੇ ਹਨ; ਜਿਵੇਂ ਕਿ ਪੰਜਵੇਂ ਪਾਤਿਸ਼ਾਹ ਗੁਰੂ ਅਰਜੁਨ ਸਾਹਿਬ ਜੀ ਫ਼ਰਮਾ ਰਹੇ ਹਨ, ‘‘ਸੁਨਹੁ ਬਿਨੰਤੀ ਠਾਕੁਰ ਮੇਰੇ !  ਜੀਅ ਜੰਤ ਤੇਰੇ ਧਾਰੇ॥ ਰਾਖੁ ਪੈਜ ਨਾਮ ਅਪੁਨੇ ਕੀ, ਕਰਨ ਕਰਾਵਨਹਾਰੇ॥ ਪ੍ਰਭ ਜੀਉ ! ਖਸਮਾਨਾ ਕਰਿ ਪਿਆਰੇ॥ ਬੁਰੇ ਭਲੇ ਹਮ ਥਾਰੇ॥’’ (ਮ:੫/੬੩੧)

  ਵੀਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਰਾਹੀਂ ਭਗਤ ਕਬੀਰ ਜੀ ਕਹਿ ਰਹੇ ਹਨ ਕਿ ‘‘ਸੁਤੁ ਅਪਰਾਧ ਕਰਤ ਹੈ ਜੇਤੇ॥ ਜਨਨੀ, ਚੀਤਿ ਨ ਰਾਖਸਿ, ਤੇਤੇ ॥੧॥’’ ਭਾਵ ਪੁੱਤਰ ਭਾਵੇਂ ਕਿੰਨੀਆਂ ਹੀ ਗ਼ਲਤੀਆਂ ਕਿਉਂ ਨਾ ਕਰੇ ਉਸ ਦੀ ਮਾਂ ਉਨ੍ਹਾਂ ਸਭ ਗ਼ਲਤੀਆਂ ਨੂੰ ਭੁਲਾ ਦਿੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਦੀ ਆਪਣੀ ਅਲਪਗਤਾ, ਅਗਿਆਨਤਾ ਅਤੇ ਹੋਰ ਔਗੁਣਾਂ ਦਾ ਵਰਣਨ ਕਰਦੇ ਹੋਏ ਅਕਾਲ ਪੁਰਖ ਅੱਗੇ ਇਸ ਤਰ੍ਹਾਂ ਬੇਨਤੀ ਕਰਦੇ ਹਨ ‘‘ਤੋ ਸੋ ਨ ਨਾਥੁ, ਅਨਾਥ ਨ ਮੋ ਸਰਿ; ਤੋ ਸੋ ਨ ਦਾਨੀ, ਨ ਮੋ ਸੋ ਭਿਖਾਰੀ। ਮੋ ਸੋ ਨ ਦੀਨ, ਦਇਆਲੁ ਨ ਤੋ ਸਰਿ; ਮੋ ਸੋ ਅਗਿਆਨੁ, ਨ ਤੋ ਸੋ ਬਿਚਾਰੀ। ਮੋ ਸੋ ਨ ਪਤਤਿ, ਨ ਪਾਵਨ ਤੋ ਸਰਿ; ਮੋ ਸੋ ਬਿਕਾਰੀ, ਨ ਤੋ ਸੋ ਉਪਕਾਰੀ। ਮੇਰੇ ਹੈ ਅਵਗੁਨ, ਤੂ ਗੁਨ ਸਾਗਰ; ਜਾਤ ਰਸਾਤਲ, ਓਟ ਤਿਹਾਰੀ॥੫੨੮॥’’ (ਭਾਈ ਗੁਰਦਾਸ ਜੀ : ਕਬਿੱਤ ੫੨੮)

 ਭਗਤ ਕਬੀਰ ਜੀ ਦੇ ਹੀ ਆਪਣੇ ਬਚਨ ਇਸ ਪ੍ਰਕਾਰ ਹਨ, ‘‘ਕਹੁ ਕਬੀਰ ਮੇਰੇ ਮਾਧਵਾ ! ਤੂ ਸਰਬ ਬਿਆਪੀ॥ ਤੁਮ ਸਮਸਰਿ ਨਾਹੀ ਦਇਆਲੁ, ਮੋਹਿ ਸਮਸਰਿ ਪਾਪੀ॥’’ (ਭਗਤ ਕਬੀਰ/੮੫੬)

ਵੀਚਾਰ ਅਧੀਨ ਸ਼ਬਦ ਦੇ ਦੂਸਰੇ ਪਦੇ ਵਿੱਚ ਭਗਤ ਕਬੀਰ ਜੀ ਬਿਆਨ ਕਰ ਰਹੇ ਹਨ, ‘‘ਜੇ ਅਤਿ ਕ੍ਰੋਪ ਕਰੇ, ਕਰਿ ਧਾਇਆ॥ ਤਾ ਭੀ ਚੀਤਿ ਨ ਰਾਖਸਿ ਮਾਇਆ॥੨॥’’ ਭਾਵ ਅਗਰ ਮੂਰਖ ਬੱਚਾ ਬਹੁਤ ਕ੍ਰੋਧ ਵਿੱਚ ਆ ਕੇ ਮਾਤਾ ਨੂੰ ਹੀ ਮਾਰਨ ਵੱਲ ਭੱਜੇ ਤਾਂ ਵੀ ਮਾਤਾ, ਬੱਚੇ ਦੀ ਮੂਰਖਤਾ ਆਪਣੇ ਮਨ ਵਿੱਚ ਨਹੀਂ ਰੱਖਦੀ ਕਿਉਂਕਿ ਸਿਆਣੀ ਮਾਤਾ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਬੱਚੇ ਨੂੰ ਚੰਗੇ-ਮੰਦੇ ਦੀ ਪਹਿਚਾਣ ਹੀ ਨਹੀਂ, ਜਦ ਸਰੀਰਕ ਤੌਰ ’ਤੇ ਵੱਡਾ ਹੋਵੇਗਾ ਤਾਂ ਖ਼ੁਦ ਹੀ ਸਮਝ ਲਵੇਗਾ ਕਿ ਕਿਹੜਾ ਕੰਮ ਕਰਨਾ ਉਚਿਤ ਅਤੇ ਕਿਹੜਾ ਕੰਮ ਛੱਡਣਾ ਹੈ।

ਇਹ ਗੱਲ ਤਾਂ ਆਮ ਦੁਨਿਆਵੀ ਮਾਂ ਦੀ ਹੈ ਜਿਸ ਦਾ ਦਾਇਰਾ ਕਿਸੇ ਨਾ ਕਿਸੇ ਹੱਦ ਤੱਕ ਹੀ ਸੀਮਤ ਹੈ। ਆਮ ਮਾਂ ਜਿੰਨਾ ਪਿਆਰ ਆਪਣੇ ਬੱਚੇ ਨੂੰ ਕਰਦੀ ਹੈ ਓਨਾ ਪੜੋਸੀ ਦੇ ਬੱਚੇ ਨੂੰ ਨਹੀਂ ਕਰਦੀ, ਪਰ ਇੱਥੇ ਤਾਂ ਉਸ ਮਾਂ ਦਾ ਜ਼ਿਕਰ ਹੋ ਰਿਹਾ ਹੈ ਜਿਸ ਨੂੰ ਹੱਦ-ਬੰਨਿਆਂ ’ਚ ਕੈਦ ਹੀ ਨਹੀਂ ਕੀਤਾ ਜਾ ਸਕਦਾ ਭਾਵੇਂ ਕੋਈ ਕਿਸੇ ਵੀ ਧਰਮ ਜਾਂ ਦੇਸ ਨਾਲ ਸੰਬੰਧ ਰੱਖਦਾ ਹੋਵੇ। ਅਕਾਲ ਪੁਰਖ ਸਮੂਹ ਜੀਵਾਂ ਦੀ ਮਾਂ ਹੀ ਨਹੀਂ ਬਲਕਿ ਸਭ ਕੁਝ ਹੀ ਹੈ। ਇੱਥੇ ਕੇਵਲ ਮਾਂ ਵਾਲੇ ਸੁਭਾਵ ਨੂੰ ਲੈ ਕੇ ਹੀ ਪ੍ਰਮਾਤਮਾ ਨਾਲ ਤੁਲਨਾ ਕੀਤੀ ਜਾ ਰਹੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਿੰਨੀ ਪਿਆਰੀ ਕਵਿਤਾ ਇਸ ਵਿਸ਼ੇ ਦੇ ਸੰਬੰਧ ’ਚ ਆਖ ਰਹੇ ਹਨ ‘ਜਿਉਂ ਮਾਵਾਂ ਤਿਉਂ ਠੰਢੀਆਂ ਛਾਂਵਾਂ, ਅਸੀਂ ਤੁਧੇ ਦੀਆਂ ਡਿਠੀਆਂ। ਠੰਢੀ ਪਿਆਰੀ ਗੋਦ ਤੁਧੇ ਦੀ, ਛਾਂਵਾਂ ਮਿੱਠੀਆਂ-ਮਿੱਠੀਆਂ। ਮਾਂ ਨੂੰ ਆਪਣਾ ਬਾਲ ਪਿਆਰਾ, ਤੈਨੂੰ ਸਭ ਕੋਈ ਪਿਆਰਾ। ਜੋ ਆਵੇ ਉਸ ਲਾਡ-ਲਡਾਵੇਂ, ਠਾਰੇ ਜਿੰਦੀਆਂ ਲੁੱਠੀਆਂ।’

 ਵੀਚਾਰ ਅਧੀਨ ਸ਼ਬਦ ’ਚ ਹੁਣ ਤੱਕ ਤਾਂ ਭਗਤ ਜੀ ਨੇ ਮਾਂ ਦੇ ਸੁਭਾਵ ਅਤੇ ਬੱਚੇ ਦੀਆਂ ਬੇਨਤੀਆਂ ਦਾ ਹੀ ਜ਼ਿਕਰ ਕੀਤਾ ਹੈ ਪਰ ਅਗਾਂਹ ਪਦਿਆਂ ਵਿੱਚ ਭਗਤ ਕਬੀਰ ਜੀ ਜੀਵਾਂ ਵੱਲੋਂ ਆਪਣੇ ਔਗੁਣਾਂ ਦਾ ਪ੍ਰਤੱਖ ਰੂਪ ’ਚ ਜ਼ਿਕਰ ਕਰਦੇ ਹੋਏ ਅਕਾਲ ਪੁਰਖ ਕੋਲ਼ੋਂ ਚੰਗੀ ਮਤਿ ਦੀ ਜਾਚਨਾ ਕਰਦੇ ਹੋਏ ਇਉਂ ਫ਼ਰਮਾਉਂਦੇ ਹਨ, ‘‘ਚਿੰਤ ਭਵਨਿ ਮਨੁ ਪਰਿਓ ਹਮਾਰਾ॥ ਨਾਮ ਬਿਨਾ, ਕੈਸੇ ਉਤਰਸਿ ਪਾਰਾ  ?॥੩॥ ਦੇਹਿ ਬਿਮਲ ਮਤਿ, ਸਦਾ ਸਰੀਰਾ॥ ਸਹਜਿ ਸਹਜਿ, ਗੁਨ ਰਵੈ ਕਬੀਰਾ॥੪॥’’ ਭਾਵ ਹੇ ਮੇਰੇ ਪ੍ਰਭੂ ! ਮੇਰਾ ਮਨ ਚਿੰਤਾ ਦੇ ਖੂਹ ਵਿੱਚ ਡਿੱਗਾ ਪਿਆ ਹੈ ਜਿਸ ਕਾਰਨ ਮੈਂ ਸਦਾ ਭੁਲਾਂ ਹੀ ਕਰਦਾ ਰਹਿੰਦਾ ਹਾਂ। ਤੇਰੇ ਨਾਮ ਸਿਮਰਨ ਤੋਂ ਬਿਨਾ ਕਿਵੇਂ ਇਸ ਚਿੰਤਾ ਵਿੱਚੋਂ ਪਾਰ ਲੰਘੇ ? ਹੇ ਮੇਰੇ ਮਾਲਕ ! ਮੇਰੇ ਇਸ ਸਰੀਰ ਨੂੰ ਸਦਾ ਸੋਹਣੀ ਮਤਿ ਦੇਹ ਜਿਸ ਕਰਕੇ ਤੇਰਾ ਬੱਚਾ ਕਬੀਰ ਸਦਾ ਅਡੋਲ ਅਵਸਥਾ ਵਿੱਚ ਰਹਿ ਕੇ ਤੇਰੇ ਗੁਣ ਗਾਉਂਦਾ ਰਹੇ।

ਗੁਰੂ ਦੀ ਬਾਣੀ ਮਾਂ ਦੇ ਰੂਪ ’ਚ ਸਮੁੱਚੀ ਲੁਕਾਈ ਦੇ ਬੱਚਿਆਂ ਨੂੰ ਇਹ ਅਸੀਸ ਬਖ਼ਸ਼ਸ਼ ਕਰਦੀ ਹੈ, ‘‘ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ, ਹਰਿ ਸਿਮਰਤ ਅਨਦ ਅਨੰਤਾ॥ ਰੰਗ ਤਮਾਸਾ ਪੂਰਨ ਆਸਾ, ਕਬਹਿ ਨ ਬਿਆਪੈ ਚਿੰਤਾ॥’’ (ਮ:੫/੪੯੬)

ਸਾਰੀਆਂ ਚਿੰਤਾਵਾਂ ਰੂਪੀ ਬਿਮਾਰੀਆਂ ਦਾ ਇਲਾਜ ਪ੍ਰਭੂ ਦਾ ਸਿਮਰਨ ਹੀ ਹੈ, ਪ੍ਰਭੂ ਸਿਮਰਨ ਲਈ ਚੰਗੀ ਮਤਿ ਦੀ ਲੋੜ ਹੈ। ਇਸ ਲਈ ਸਾਨੂੰ ਸਦੀਵੀ ਉਸ ਮਾਲਕ ਅੱਗੇ ਇਹੋ ਜੋਦੜੀ ਕਰਨੀ ਚਾਹੀਦੀ ਹੈ ਕਿ ‘‘ਤੁਮ੍ ਕਰਹੁ ਦਇਆ, ਮੇਰੇ ਸਾਈ !॥ ਐਸੀ ਮਤਿ ਦੀਜੈ ਮੇਰੇ ਠਾਕੁਰ ! ਸਦਾ ਸਦਾ ਤੁਧੁ ਧਿਆਈ॥’’ (ਮ:੫/੬੭੩)

ਭਾਈ ਮਨੀ ਸਿੰਘ ਜੀ ਸਮੇਤ ਉਨ੍ਹਾਂ ਦਾ ਸ਼ਹੀਦ ਵੰਸ਼ਜ ਵੇਰਵਾ

0

ਭਾਈ ਮਨੀ ਸਿੰਘ ਜੀ ਸਮੇਤ ਉਨ੍ਹਾਂ ਦਾ ਸ਼ਹੀਦ ਵੰਸ਼ਜ ਵੇਰਵਾ

ਗਿਆਨੀ ਅਵਤਾਰ ਸਿੰਘ

ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਈਸਵੀ ਨੂੰ ਅਲੀਪੁਰ ਉੱਤਰੀ ਜ਼ਿਲ੍ਹਾ ਮੁਜ਼ੱਫਰਗੜ੍ਹ (ਪਾਕਿਸਤਾਨ) ਵਿਖੇ ਪਿਤਾ  ਮਾਈ ਦਾਸ ਜੀ ਦੇ ਗ੍ਰਹਿ ਮਾਤਾ ਮਧਰੀ ਬਾਈ ਜੀ ਦੀ ਕੁੱਖੋਂ ਹੋਇਆ।  ਭਾਈ ਸਾਹਿਬ ਜੀ 1657 ਈ. (ਉਮਰ 13 ਸਾਲ) ਵਿੱਚ ਆਪਣੇ ਪਿਤਾ ਜੀ ਨਾਲ਼ ਪਹਿਲੀ ਵਾਰ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨਾ ਲਈ ਕੀਰਤਪੁਰ ਸਾਹਿਬ ਆਏ।  ਸੰਨ 1659 ਈ. (ਉਮਰ 15 ਸਾਲ) ਵਿੱਚ ਉਨ੍ਹਾਂ ਦਾ ਵਿਆਹ ਲੱਖੀ ਰਾਏ (ਲੱਖੀ ਸ਼ਾਹ ਵਣਜਾਰਾ) ਦੀ ਧੀ ਬੀਬੀ ਸੀਤੋ ਬਾਈ ਜੀ ਨਾਲ ਹੋਇਆ। ਉਹ ਬਾਅਦ ’ਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਦਿੱਲੀ ਚਲੇ ਗਏ, ਦੱਸਿਆ ਜਾਂਦਾ ਹੈ ਤੇ ਫਿਰ 1664 ਈ. ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਕੋਲ਼ ਦਿੱਲੀਓਂ ਬਾਬਾ ਬਕਾਲੇ ਪਹੁੰਚੇ।  ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਵਾਲੇ ਸਾਲ (ਸੰਨ 1675) ਤੋਂ ਬਾਅਦ ਭਾਈ ਸਾਹਿਬ; ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਕੋਲ਼ ਅਨੰਦਪੁਰ ਸਾਹਿਬ ਵਿਖੇ ਹੀ ਰਹੇ।  ਸੰਨ 1678 ਈ. ’ਚ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਵਿਖੇ ‘ਆਦਿ ਬੀੜ’ ਦਾ ਨਵਾਂ ਸਰੂਪ ਤਿਆਰ ਕਰਨ ਲਈ ਭਾਈ ਮਨੀ ਸਿੰਘ ਜੀ ਦੀਆਂ ਸੇਵਾਵਾਂ ਲਈਆਂ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਤੋਂ ਸੇਵਾਵਾਂ ਲਈਆਂ ਸਨ।  ਗੁਰੂ ਅਰਜਨ ਸਾਹਿਬ ਦੁਆਰਾ ਤਿਆਰ ਕੀਤਾ ਗਿਆ ‘ਆਦਿ ਗ੍ਰੰਥ’; ਸੰਨ 1678 ਸਮੇਂ ਬਕਾਲੇ ਧੀਰ ਮੱਲ ਵੰਸ਼ਜ ਕੋਲ਼ ਸੀ।

ਧੀਰ ਮੱਲ ਆਪ ਤਾਂ 16 ਨਵੰਬਰ 1677 ਦੇ ਦਿਨ ਔਰੰਗਜ਼ੇਬ ਦੀ ਕੈਦ ’ਚ ਮਰ ਚੁੱਕਾ ਸੀ ਤੇ ਉਸ ਦੇ ਵੱਡੇ ਪੁੱਤਰ ਰਾਮ ਚੰਦ ਨੂੰ 24 ਜੁਲਾਈ 1678 ਦੇ ਦਿਨ ਔਰੰਗਜ਼ੇਬ ਨੇ ਚਾਂਦਨੀ ਚੌਕ (ਦਿੱਲੀ) ਵਿੱਚ ਕਤਲ ਕਰਾ ਦਿੱਤਾ ਸੀ।  ਰਾਮ ਚੰਦ ਮਗਰੋਂ ਉਸ ਦਾ ਛੋਟਾ ਭਰਾ ਭਾਰ ਮੱਲ ਹੀ ਧੀਰ ਮੱਲ ਦਾ ਵਾਰਸ ਬਣਿਆ।  9 ਅਗਸਤ 1678 ਨੂੰ ਰਾਮ ਚੰਦ ਦੀ ਅੰਤਮ ਅਰਦਾਸ ’ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਮਨੀ ਸਿੰਘ ਜੀ ਨੂੰ ਬਕਾਲੇ ਭੇਜਿਆ। ਭਾਈ ਸਾਹਿਬ ਨੇ ਰਾਮ ਚੰਦ ਦੀ ਅੰਤਮ ਰਸਮ ਪੂਰੀ ਹੋਣ ਮਰਗੋਂ ਗੁਰੂ ਜੀ ਦਾ ਸੰਦੇਸ਼ ਕਿ ਗੁਰੂ ਸਾਹਿਬ ‘ਆਦਿ ਗ੍ਰੰਥ’ ਸਾਹਿਬ ਦਾ ਨਵਾਂ ਸਰੂਪ ਤਿਆਰ ਕਰਨਾ ਚਾਹੁੰਦੇ ਹਨ, ਬਾਰੇ ਭਾਰ ਮੱਲ ਨੂੰ ਦੱਸਿਆ ਤਾਂ ਜੋ ਕੁਝ ਦਿਨਾਂ ਵਾਸਤੇ ‘ਆਦਿ ਬੀੜ’ ਦੇ ਦੇਣ, ਪਰ ਉਸ ਨੇ ਸਰੂਪ ਦੇਣ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਉਹ ਹੁਣ ਬਕਾਲਾ ਛੱਡ ਕੇ ਕਰਤਾਰਪੁਰ (ਜਲੰਧਰ) ਵਿਖੇ ਰਹਿਣਾ ਚਾਹੁੰਦੇ ਹਨ।  ਗੁਰੂ ਸਾਹਿਬ;  ਕਿਸੇ ਸਿੱਖ ਨੂੰ ਭੇਜ ਕੇ ਓਥੋਂ ਉਤਾਰਾ ਕਰਵਾ ਸਕਦੇ ਹਨ।

ਭਾਈ ਮਨੀ ਸਿੰਘ ਜੀ ਨੇ ਭਾਰ ਮੱਲ ਨਾਲ਼ ਹੋਈ ਸਾਰੀ ਗੱਲਬਾਤ ਦਸਮੇਸ਼ ਪਿਤਾ ਜੀ ਨੂੰ ਅਨੰਦਪੁਰ ਸਾਹਿਬ ਵਿਖੇ ਆ ਸੁਣਾਈ, ਜਿਸ ਤੋਂ ਬਾਅਦ ਗੁਰੂ ਜੀ ਨੇ ਆਪ ਹੀ ‘ਆਦਿ ਗ੍ਰੰਥ’ ਦਾ ਨਵਾਂ ਸਰੂਪ ਦਮਦਮਾ (ਅਨੰਦਪੁਰ ਸਾਹਿਬ) ਵਿਖੇ ਤਿਆਰ ਕਰਨ ਦਾ ਫ਼ੈਸਲਾ ਕੀਤਾ, ਜਿਸ ਲਈ ਭਾਈ ਮਨੀ ਸਿੰਘ ਜੀ ਦਾ ਸਹਿਯੋਗ ਲਿਆ ਗਿਆ।  ‘ਆਦਿ ਬੀੜ’ ਸਰੂਪ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਦੇ 116 ਸ਼ਬਦ ਵੀ ਸ਼ਾਮਲ ਕੀਤੇ ਗਏ ਅਤੇ ਰਾਗਾਂ ਦੀ ਗਿਣਤੀ ਵੀ 30 ਤੋਂ ਵਧਾ ਕੇ 31 ਕਰ ਦਿੱਤੀ।  31ਵੇਂ ਰਾਗ ‘ਜੈਜਾਵੰਤੀ’ ’ਚ ਕੇਵਲ ਨਾਂਵੇਂ ਪਾਤਿਸ਼ਾਹ ਜੀ ਦੀ ਹੀ ਬਾਣੀ ਦਰਜ ਹੈ। ‘ਆਦਿ ਬੀੜ’ ਨੂੰ ਨਵਾਂ ਨਾਂ ‘ਦਮਦਮੀ ਬੀੜ’ ਦਿੱਤਾ ਗਿਆ ਕਿਉਂਕਿ ਇਸ ਨੂੰ ਸੰਪੂਰਨ ਕਰਨ ਵਾਲ਼ੇ ਸਥਾਨ ਦਾ ਨਾਂ ‘ਦਮਦਮਾ’ (ਅਨੰਦਪੁਰ ਸਾਹਿਬ) ਸੀ।  ਬਾਅਦ ’ਚ ਭਾਈ ਸਾਹਿਬ ਨੇ ਇਸ ਗ੍ਰੰਥ ਦੇ ਕੁਝ ਹੋਰ ਉਤਾਰੇ ਵੀ ਕੀਤੇ।  ਅੱਜ-ਕੱਲ੍ਹ ਹਰ ਗੁਰਦੁਆਰਾ ਸਾਹਿਬ ਵਿਖੇ ‘ਦਮਦਮੀ ਬੀੜ’ ਦਾ ਪ੍ਰਕਾਸ਼ ਹੀ ਸੁਭਾਇਮਾਨ ਹੈ।

ਸੰਨ 1698 ਈ. ਦੀ ਵਿਸਾਖੀ ਵਾਲ਼ੇ ਦਿਨ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ, ਇਸ ਸਮੇਂ ਭਾਈ ਮਨੀ ਸਿੰਘ ਜੀ ਨੇ ‘ਦਮਦਮੀ ਬੀੜ’ ’ਚੋਂ ਇੱਕ ਸ਼ਬਦ ਦੀ ਕਥਾ ਕੀਤੇ ਜਾਣ ਦਾ ਜ਼ਿਕਰ ਵੀ ਆਉਂਦਾ ਹੈ। ਇਸ ਇਕੱਠ ’ਚ ਕੁਝ ਸਿੱਖ ਸੰਗਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ ਆਈਆਂ ਹੋਈਆਂ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਪ੍ਰਿਥੀਚੰਦ ਦੇ ਵਾਰਸ ਦਰਬਾਰ ਸਾਹਿਬ (ਅੰਮ੍ਰਿਤਸਰ) ਖ਼ਾਲੀ ਕਰ ਕੇ ਚਲੇ ਗਏ ਹਨ, ਓਥੇ ਕਿਸੇ ਮੁੱਖੀ ਸਿੱਖ ਦੀ ਸੇਵਾ ਲਾਈ ਜਾਵੇ। ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਨੂੰ ਪੰਜ ਸਿੱਖਾਂ ਸਮੇਤ ਇਹ ਸੇਵਾ ਸੌਂਪਦਿਆਂ ਇੱਕ ਨੀਲਾ ਨਿਸ਼ਾਨ ਸਾਹਿਬ ਤੇ ਦਮਦਮੀ ਬੀੜ ਦਾ ਸਰੂਪ ਵੀ ਭੇਂਟ ਕੀਤਾ। ਭਾਈ ਸਾਹਿਬ ਜੀ ਦਰਬਾਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਬਾਅਦ ਸੇਵਾ ਸੰਭਾਲਣ ਵਾਲ਼ੇ ਤੀਜੇ ਗ੍ਰੰਥੀ ਸਿੰਘ ਸਨ, ਜਿਨ੍ਹਾਂ ਨੇ ਇਹ ਸੇਵਾ ਆਪਣੇ ਅੰਤਮ ਸਮੇਂ ਤੱਕ (ਲਗਭਗ 36 ਸਾਲ) ਬਾਖ਼ੂਬੀ ਨਿਭਾਈ।  ਭਾਈ ਸਾਹਿਬ ਜੀ ਦੇ ਪਰਿਵਾਰ ਨੇ ਸਦਾ ਗੁਰੂ ਹੁਕਮਾਂ ਨੂੰ ਖਿੜੇ ਮੱਥੇ ਸਵੀਕਾਰਿਆ। ਹਰ ਧਰਮ ਯੁਧ ’ਚ ਭਾਗ ਹੀ ਨਹੀਂ ਲਿਆ ਬਲਕਿ ਅਨੇਕਾਂ ਸ਼ਹਾਦਤਾਂ ਵੀ ਪਾਈਆਂ ।

ਡਾਕਟਰ ਜਸਬੀਰ ਸਿੰਘ ਸਾਬਰ ਅਨੁਸਾਰ ਭਾਈ ਮਨੀ ਸਿੰਘ ਜੀ ਦੇ ਪਿਤਾ ਭਾਈ ਮਾਈ ਦਾਸ ਜੀ ਦੀਆਂ ਦੋ ਸ਼ਾਦੀਆਂ ਸਨ, ਪਹਿਲੀ ਸ਼ਾਦੀ ਦੇ ਭਾਈ ਮਨੀ ਸਿੰਘ ਜੀ ਸਮੇਤ 7 ਪੁੱਤਰ ਸਨ ਅਤੇ ਦੂਜੀ ਸ਼ਾਦੀ ਦੇ 5 ਪੁੱਤਰ ਸਨ।  ਭਾਈ ਮਨੀ ਸਿੰਘ ਜੀ ਦੇ 7 ਪੁੱਤਰ (ਭਾਈ ਚਿੱਤਰ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਭਾਈ ਅਨਿਕ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ ਤੇ ਭਾਈ ਗੁਰਬਖ਼ਸ਼ ਸਿੰਘ) ਸਨ, ਜਿਨ੍ਹਾਂ ਵਿੱਚੋਂ 5 ਦੀ ਸ਼ਹੀਦੀ ਮੈਦਾਨ ਏ ਜੰਗ ਵਿੱਚ ਹੋਈ ਅਤੇ 2 ਪੁੱਤਰ ਭਾਈ ਚਿੱਤਰ ਸਿੰਘ ਤੇ ਭਾਈ ਗੁਰਬਖ਼ਸ਼ ਸਿੰਘ ਜੀ ਦੀ ਸ਼ਹੀਦੀ ਪਿਤਾ ਭਾਈ ਮਨੀ ਸਿੰਘ ਜੀ ਦੇ ਨਾਲ਼ 24 ਜੂਨ 1734 ਨੂੰ ਲਹੌਰ ਵਿੱਚ ਹੋਈ ਸੀ।

ਡਾ. ਦਲਵਿੰਦਰ ਸਿੰਘ ਗ੍ਰੇਵਾਲ ਮੁਤਾਬਕ ਭਾਈ ਮਨੀ ਸਿੰਘ ਵੰਸ਼ਜ ਦੇ ਸ਼ਹੀਦਾਂ ਦੇ ਕੁਝ ਨਾਂ ਇਸ ਪ੍ਰਕਾਰ ਹਨ :

(1). 11 ਸ਼ਹੀਦ ਭਰਾਵਾਂ ਦਾ ਵੇਰਵਾ : ਭਾਈ ਦਿਆਲ ਦਾਸ ਜੀ (ਸ਼ਹੀਦ ਦਿੱਲੀ-ਸੰਨ 1675), ਭਾਈ ਹਠੀ ਚੰਦ (ਸ਼ਹੀਦ ਭੰਗਾਣੀ ਜੰਗ-1688), ਭਾਈ ਸੋਹਣ ਚੰਦ (ਸ਼ਹੀਦ ਨਦੌਣ ਜੰਗ-1691), ਭਾਈ ਲਹਿਣਾ ਸਿੰਘ (ਸ਼ਹੀਦ ਗੁਲੇਰ ਜੰਗ-1696), ਭਾਈ ਰਾਇ ਸਿੰਘ (ਸ਼ਹੀਦ ਮੁਕਤਸਰ ਜੰਗ-1705), ਭਾਈ ਮਾਨ ਸਿੰਘ (ਸ਼ਹੀਦ ਚਿਤੌੜਗੜ੍ਹ-1708), ਭਾਈ ਜੇਠਾ ਸਿੰਘ (ਸ਼ਹੀਦ ਆਲੋਵਾਲ ਜੰਗ-1711), ਭਾਈ ਰੂਪ ਸਿੰਘ (ਸ਼ਹੀਦ ਆਲੋਵਾਲ ਜੰਗ-1711), ਭਾਈ ਮਨੀ ਸਿੰਘ (ਸ਼ਹੀਦ ਲਹੌਰ-1734), ਭਾਈ ਜਗਤ ਸਿੰਘ (ਸ਼ਹੀਦ ਲਹੌਰ-1734)।

(2). 7 ਸ਼ਹੀਦ ਪੁੱਤਰਾਂ ਦਾ ਵੇਰਵਾ : ਭਾਈ ਉਦੈ ਸਿੰਘ (ਸ਼ਹੀਦ ਸ਼ਾਹੀਟਿਬੀ-1705), ਭਾਈ ਅਨਿਕ ਸਿੰਘ (ਸ਼ਹੀਦ ਚਮਕੌਰ-1705), ਭਾਈ ਅਜਬ ਸਿੰਘ (ਸ਼ਹੀਦ ਚਮਕੌਰ-1705), ਭਾਈ ਅਜੈਬ ਸਿੰਘ (ਸ਼ਹੀਦ ਚਮਕੌਰ-1705), ਭਾਈ ਬਚਿੱਤਰ ਸਿੰਘ (ਸ਼ਹੀਦ ਕੋਟਨਿਹੰਗ -1705), ਭਾਈ ਚਿੱਤਰ ਸਿੰਘ (ਸ਼ਹੀਦ ਲਹੌਰ-1734), ਭਾਈ ਗੁਰਬਖ਼ਸ਼ ਸਿੰਘ (ਸ਼ਹੀਦ ਲਹੌਰ-1734)।

(3). ਕੁਝ ਕੁ ਪਰਿਵਾਰਕ ਸ਼ਹਾਦਤਾਂ ਦਾ ਵੇਰਵਾ : ਭਾਈ ਕੇਸੋ ਸਿੰਘ (ਪੁੱਤਰ ਭਾਈ ਚਿੱਤਰ ਸਿੰਘ, ਸ਼ਹੀਦ ਬਿਲਾਸਪੁਰ-1711), ਭਾਈ ਸੈਣਾ ਸਿੰਘ (ਪੁੱਤਰ ਭਾਈ ਚਿੱਤਰ ਸਿੰਘ, ਸ਼ਹੀਦ ਸੰਢੌਰਾ-1713), ਭਾਈ ਰਾਮ ਸਿੰਘ (ਪੁੱਤਰ ਭਾਈ ਚਿੱਤਰ ਸਿੰਘ, ਸ਼ਹੀਦ ਦਿੱਲੀ-1713), ਭਾਈ ਸੰਗਰਾਮ ਸਿੰਘ (ਪੁੱਤਰ ਭਾਈ ਬਚਿੱਤਰ ਸਿੰਘ, ਸ਼ਹੀਦ ਚੱਪੜ ਚਿੜੀ-1710), ਭਾਈ ਮਹਬੂਬ ਸਿੰਘ (ਪੁੱਤਰ ਭਾਈ ਉਦੈ ਸਿੰਘ, ਸ਼ਹੀਦ ਚੱਪੜ ਚਿੜੀ-1710), ਭਾਈ ਫਤੇ ਸਿੰਘ (ਪੁੱਤਰ ਭਾਈ ਉਦੈ ਸਿੰਘ, ਸ਼ਹੀਦ ਚੱਪੜ ਚਿੜੀ-1710), ਭਾਈ ਅਲਬੇਲਾ ਸਿੰਘ (ਪੁੱਤਰ ਭਾਈ ਉਦੈ ਸਿੰਘ, ਸ਼ਹੀਦ ਸੰਢੌਰਾ-1713), ਭਾਈ ਮੇਹਰ ਸਿੰਘ (ਪੁੱਤਰ ਭਾਈ ਉਦੈ ਸਿੰਘ, ਸ਼ਹੀਦ ਸੰਢੌਰਾ-1713), ਭਾਈ ਬਾਘ ਸਿੰਘ (ਪੁੱਤਰ ਭਾਈ ਉਦੈ ਸਿੰਘ, ਸ਼ਹੀਦ ਬਿਲਾਸਪੁਰ-1711), ਭਾਈ ਬਾਘ ਸਿੰਘ (ਪੁੱਤਰ ਭਾਈ ਰਾਇ ਸਿੰਘ, ਸ਼ਹੀਦ ਅਗੰਮਗੜ੍ਹ-1700), ਭਾਈ ਮਹਾਂ ਸਿੰਘ (ਪੁੱਤਰ ਭਾਈ ਰਾਇ ਸਿੰਘ, ਸ਼ਹੀਦ ਮੁਕਤਸਰ-1705), ਭਾਈ ਸੀਤਲ ਸਿੰਘ (ਪੁੱਤਰ ਭਾਈ ਰਾਇ ਸਿੰਘ, ਸ਼ਹੀਦ ਮੁਕਤਸਰ-1705), ਭਾਈ ਸੁੱਖਾ ਸਿੰਘ (ਪੁੱਤਰ ਭਾਈ ਰਾਇ ਸਿੰਘ, ਸ਼ਹੀਦ ਲੋਹਗੜ੍ਹ-1700), ਭਾਈ ਕਲਿਆਣ ਸਿੰਘ (ਪੁੱਤਰ ਭਾਈ ਦਿਆਲ ਦਾਸ ਜੀ, ਸ਼ਹੀਦ ਤਾਰਾਗੜ੍ਹ-1700), ਭਾਈ ਮਥਰਾ ਦਾਸ (ਪੁੱਤਰ ਭਾਈ ਦਿਆਲ ਦਾਸ ਜੀ, ਸ਼ਹੀਦ ਨਿਰਮੋਹਗੜ੍ਹ-1700)।

(4). ਭਾਈ ਮਨੀ ਸਿੰਘ ਜੀ ਦਾ ਕੁਝ ਵੰਸ਼ਜ (ਦਾਦਾ ਭਾਈ ਬੱਲੂ ਜੀ, ਭਾਈ ਨਾਨੂ ਜੀ/ਪੜਦਾਦਾ ਭਾਈ ਮੂਲਾ ਜੀ) ਦਾ ਵੇਰਵਾ : ਭਾਈ ਨਾਨੂ ਜੀ (ਸਪੁੱਤਰ ਭਾਈ ਮੂਲਾ ਜੀ, ਸ਼ਹੀਦ ਰੁਹੀਲਾ-1621), ਭਾਈ ਬੱਲੂ ਜੀ (ਪੁੱਤਰ ਭਾਈ ਮੂਲਾ ਜੀ ਸ਼ਹੀਦ ਅੰਮ੍ਰਿਤਸਰ-1634), ਭਾਈ ਨਠੀਆ ਜੀ (ਪੁੱਤਰ ਭਾਈ ਬੱਲੂ ਜੀ, ਸ਼ਹੀਦ ਕਰਤਾਰਪੁਰ-1692), ਭਾਈ ਦਾਸਾ ਜੀ (ਪੁੱਤਰ ਭਾਈ ਬੱਲੂ ਜੀ, ਸ਼ਹੀਦ ਫਗਵਾੜਾ-1692), ਭਾਈ ਸੁਹੇਲਾ ਜੀ (ਪੁੱਤਰ ਭਾਈ ਬੱਲੂ ਜੀ, ਸ਼ਹੀਦ ਫਗਵਾੜਾ-1692), ਭਾਈ ਨੰਦ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਫ਼ਤੇਗੜ੍ਹ-1700), ਭਾਈ ਸੰਤ ਸਿੰਘ ਬੰਗੇ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਚਮਕੌਰ-1705), ਭਾਈ ਸੰਗਤ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਲਹੌਰ-1734), ਭਾਈ ਰਣ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਲਹੌਰ-1734), ਭਾਈ ਭਗਵੰਤ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਦਿੱਲੀ-1716), ਭਾਈ ਕੌਰ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਦਿੱਲੀ-1716), ਭਾਈ ਬਾਜ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਦਿੱਲੀ-1716), ਭਾਈ ਸ਼ਾਮ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਦਿੱਲੀ-1716), ਭਾਈ ਸੁੱਖਾ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਦਿੱਲੀ-1716), ਭਾਈ ਲਾਲ ਸਿੰਘ (ਪੁੱਤਰ ਭਾਈ ਨਠੀਆ ਜੀ, ਸ਼ਹੀਦ ਦਿੱਲੀ-1716), ਭਾਈ ਘਰਬਾਰਾ ਸਿੰਘ (ਪੁੱਤਰ ਭਾਈ ਨਾਨੂ ਜੀ, ਸ਼ਹੀਦ ਅਗੰਮਗੜ੍ਹ-1700), ਆਦਿ।

ਬਾਬਾਣੀਆ ਕਹਾਣੀਆ; ਪੁਤ ਸਪੁਤ ਕਰੇਨਿ॥

0

ਬਾਬਾਣੀਆ ਕਹਾਣੀਆ; ਪੁਤ ਸਪੁਤ ਕਰੇਨਿ॥

ਗਿਆਨੀ ਅਵਤਾਰ ਸਿੰਘ

ਬੰਦੇ ਅੰਦਰ ਦਿਮਾਗ਼ ਇੱਕ ਅਜਿਹੀ ਸ਼ਕਤੀ ਹੈ, ਜਿਸ ਦੀ ਮੈਮੋਰੀ (ਯਾਦਦਾਸ਼ਤ) ਕਦੇ ਨਹੀਂ ਭਰਦੀ ਬਸ਼ਰਤੇ ਕਿ ਉਹ ਆਪਣੀ ਮੈਮੋਰੀ ਨੂੰ ਭਰ ਚੁੱਕੀ, ਨਾ ਸਮਝ ਬੈਠੇ। ਜ਼ਿੰਦਗੀ ਦੇ ਅਨੁਭਵ; ਦਿਮਾਗ਼ ਦਾ ਇਸਤੇਮਾਲ ਕਰਨ ਵਾਲ਼ੇ ਬੰਦੇ ਨੂੰ ਸਦਾ ਤਰੋਤਾਜ਼ਾ ਰੱਖਦੇ ਹਨ। ਬੰਦਗੀ ਕਰਨ ਵਾਲ਼ੇ ਬੰਦੇ ਲਈ, ਰੱਬ ਦਾ ਗਿਆਨ ਵੀ ਹਰ ਦਿਨ ਨਵਾਂ, ਮਹਿਸੂਸ ਕਰਵਾਉਂਦਾ ਹੈ।  ਗੁਰੂ ਨਾਨਕ ਸਾਹਿਬ ਜੀ ਇਉਂ ਗਵਾਹੀ ਭਰਦੇ ਹਨ,  ‘‘ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ॥੧॥ ਰਹਾਉ ॥’’ (ਮ: ੧/੬੬੦)

ਹਰ ਬੰਦਾ ਆਪਣੇ ਜੀਵਨ ’ਚ ਕੁਝ ਨਾ ਕੁਝ ਚੰਗਾ ਬੀ ਬੀਜਣ ਦਾ ਯਤਨ ਕਰਦਾ ਹੈ।  ਕਿਸਾਨ; ਕਿਰਸਾਨੀ ਲਈ ਖੇਤ ’ਚ ਕੁਝ ਨਵਾਂ ਬੀ, ਬੀਜਦਾ ਹੈ। ਵਪਾਰੀ; ਵਾਪਾਰ ਦੇ ਸਰੋਤ ’ਚ ਵਿਕਾਸ ਚਾਹੁੰਦਾ ਹੈ। ਨੌਕਰੀ ਵਾਲ਼ਾ ਬੰਦਾ ਸਦਾ ਉੱਚੇ ਪਦ ਲਈ ਸੰਘਰਸ਼ ਕਰਦਾ ਹੈ। ਵਿਗਿਆਨੀ; ਵਿਗਿਆਨਕ ਖੋਜਾਂ ’ਚ ਜੁਟਿਆ ਰਹਿੰਦਾ ਹੈ, ਇਸੇ ਤਰ੍ਹਾਂ ਭਗਤ ਵੀ ਰੱਬ ਬਾਰੇ ਸਦਾ ਹੋਰ ਜਾਣਨ ਦਾ ਇੱਛਕ ਹੁੰਦਾ ਹੈ, ਇਹੀ ਸਭ ਕੁਝ ਬੰਦੇ ਦੀ ਦਿਮਾਗ਼ ਸ਼ਕਤੀ ਦਾ ਸਦਪ੍ਰਯੋਗ ਅਖਵਾਉਂਦਾ ਹੈ। ਇਨ੍ਹਾਂ ਧੰਦਿਆਂ ’ਚ ਵਧੇਰੇ ਸਫਲਤਾ ਤਦ ਮਿਲਦੀ ਹੈ ਜਦ ਬੰਦਾ ਅਸਫਲਤਾਵਾਂ ਤੋਂ ਵਾਕਫ਼ ਹੋਵੇ।  ਕੀ ਕੋਈ ਅਜਿਹਾ ਬੰਦਾ ਹੋਏਗਾ ਕਿ ਬੀਜ ਰਿਹਾ ਹੋਵੇ ਕਣਕ ਦਾ ਬੀ ਅਤੇ ਸਮਝਦਾ ਹੋਵੇ ਕਿ ਮੈਨੂੰ ਚਣੇ (ਛੋਲਿਆਂ) ਦੀ ਫ਼ਸਲ ਮਿਲੇਗਾ ? ਐਸਾ ਕਦਾਚਿਤ ਨਹੀਂ ਹੋ ਸਕਦਾ ਕਿਉਂਕਿ ਬੰਦੇ ਨੂੰ ਬੀਜ ਅਤੇ ਉਸ ਦੇ ਫਲ਼ ਬਾਰੇ ਪੂਰਨ ਜਾਣਕਾਰੀ ਹੁੰਦੀ ਹੈ, ਪਰ ਧਰਮ ਦੀ ਦੁਨੀਆ (ਰੂਹਾਨੀਅਤ ਸਫ਼ਰ) ਬਾਰੇ ਬੰਦੇ ਨੂੰ ਬਿਲਕੁਲ ਪਤਾ ਨਹੀਂ ਹੁੰਦਾ। ਜਿਸ ਨੂੰ ਇਸ ਬਾਰੇ ਸਭ ਕੁਝ ਪਤਾ ਹੋਵੇ, ਉਸ ਨੂੰ ਪੂਰਨ ਗੁਰੂ ਕਿਹਾ ਜਾਂਦਾ ਹੈ, ਜਿਸ ਦੀ ਮਨੁੱਖ ਨੂੰ ਹਰ ਸਮੇਂ ਜ਼ਰੂਰਤ ਹੈ।

ਬਾਬਾ ਫ਼ਰੀਦ ਜੀ; ਗੁਰੂ ਵਿਹੂਣੇ ਬੰਦੇ ਦੀ ਤੁਛ ਮਾਨਸਿਕਤਾ (ਧਰਮ ਪੱਖੋਂ) ਦਾ ਮੁਲੰਕਣ ਕਰਦੇ ਹਨ ਕਿ ਬੰਦਾ ਬੀਜਦਾ ਕੰਡੇਦਾਰ ਕਿੱਕਰ ਹੈ, ਪਰ ਉਮੀਦ ਬਜੌਰ ਦੀਆਂ ਖ਼ਾਸ ਦਾਖਾਂ ਦੀ ਰੱਖਦਾ ਹੈ, ਜੋ ਇਉਂ ਹੈ; ਜਿਵੇਂ ਕੋਈ ਕਤਾਉਂਦਾ ਫਿਰੇ ਉੱਨ ਪਰ ਭਾਲੇ ਰੇਸ਼ਮੀ ਬਸਤਰ, ‘‘ਫਰੀਦਾ !  ਲੋੜੈ ਦਾਖ ਬਿਜਉਰੀਆਂ; ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ; ਪੈਧਾ ਲੋੜੈ ਪਟੁ ॥’’ (ਬਾਬਾ ਫ਼ਰੀਦ ਜੀ/੧੩੭੯), ਅਜਿਹਾ ਹੀ ਮੁਲੰਕਣ ਗੁਰੂ ਅੰਗਦ ਸਾਹਿਬ ਜੀ ਕਰਦੇ ਹਨ ਕਿ ਬੰਦਾ ਆਤਮਘਾਤੀ ਜ਼ਹਿਰ ਬੀਜ ਕੇ ਜੀਵਨ ਨੂੰ ਪ੍ਰਫੁਲਿਤ ਕਰਨ ਵਾਲ਼ਾ ਅੰਮ੍ਰਿਤ ਲੱਭਦਾ ਫਿਰਦਾ ਹੈ, ਵੇਖੋ ਸਮਾਜ ਦਾ ਆਪਣੇ ਆਪ ਨਾਲ਼ ਇਨਸਾਫ਼, ‘‘ਬੀਜੇ ਬਿਖੁ, ਮੰਗੈ ਅੰਮ੍ਰਿਤੁ; ਵੇਖਹੁ ਏਹੁ ਨਿਆਉ ॥’’ (ਮ: ੨/੪੭੪), ਇਸ ਲਈ ਜਿਵੇਂ ਦੁਨਿਆਵੀ ਗਿਆਨ ਤੋਂ ਜਾਣੂ ਬੰਦਾ ਹੀ ਹਰ ਲਾਭ ਉਠਾਉਂਦਾ ਹੈ; ਉਸੇ ਤਰ੍ਹਾਂ ਪੂਰਨ ਗੁਰੂ ਦੁਆਰਾ ਰੂਹਾਨੀਅਤ ਗਿਆਨ ਦੀ ਪ੍ਰਾਪਤੀ ਹੀ ਜੀਵਨ ਨੂੰ ਗੁਣਕਾਰੀ ਤੇ ਅਨੰਦਿਤ ਕਰ ਸਕਦੀ ਹੈ।

ਰੂਹਾਨੀਅਤ ਗਿਆਨ ਪ੍ਰਾਪਤ ਕਰਨ ਲਈ ਸਰੀਰਕ ਪੱਖੋਂ ਵੱਡਾ ਜਾਂ ਛੋਟਾ ਹੋਣਾ ਕੋਈ ਮਾਅਨਾ ਨਹੀਂ ਰੱਖਦਾ, ਜਦੋਂ ਭਾਗਾਂ ਦਾ ਸੂਰਜ ਚੜ੍ਹਿਆ ਵੇਖੀਦਾ ਹੈ, ਉਸੇ ਸਮੇਂ ਮਨ ’ਚ ਅਨੰਦ ਪੈਦਾ ਹੋ ਜਾਂਦਾ ਹੈ, ‘‘ਕਹਿ ਕਬੀਰ; ਮਨਿ ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ ॥’’ (ਭਗਤ ਕਬੀਰ ਜੀ/੩੩੨), ਇਸ ਲਈ ਕੀਮਤੀ ਮਨੁੱਖਾ ਜ਼ਿੰਦਗੀ ਦਾ ਹਰ ਪਲ ਬਹੁ ਕੀਮਤੀ ਹੈ, ਇਹ ਅਹਿਸਾਸ ਸਦਾ ਚੇਤੇ ਹੋਣਾ ਜ਼ਰੂਰੀ ਹੈ।

ਰੱਬ (ਉੱਚੇ ਪਦ) ਬਾਰੇ ਸਾਖੀਆਂ ਸੁਣਨ ਤੋਂ ਪਹਿਲਾਂ ਰੱਬ ਨਾਲ਼ ਜੁੜੀਆਂ ਰੂਹਾਂ ਦੀਆਂ ਸਾਖੀਆਂ ਸੁਣ ਕੇ ਦਿਲ-ਦਿਮਾਗ਼ ’ਤੇ ਜਲਦੀ ਅਸਰ ਹੁੰਦਾ ਹੈ।  ਗੁਰੂ ਅਮਰਦਾਸ ਜੀ; ਜ਼ਿੰਦਗੀ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਫ਼ਰਮਾਉਂਦੇ ਹਨ ਕਿ ਰੂਹਾਨੀਅਤ ਬਜ਼ੁਰਗਾਂ ਦੀਆਂ ਸਾਖੀਆਂ (ਕਹਾਣੀਆਂ) ਆਮ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਹਨ ਕਿਉਂਕਿ ਜਿਹੜੀ ਗੱਲ ਬਜ਼ੁਰਗ (ਗੁਰੂ) ਨੂੰ ਪਸੰਦ ਹੁੰਦੀ ਹੈ, ਬੱਚੇ ਵੀ ਉਹੀ ਅਪਣਾਅ ਲੈਂਦੇ ਹਨ, ਓਹੋ ਜਿਹੇ ਹੀ ਫਿਰ ਕਰਮ ਕਰਦੇ ਹਨ, ‘‘ਬਾਬਾਣੀਆ ਕਹਾਣੀਆ; ਪੁਤ, ਸਪੁਤ ਕਰੇਨਿ ॥ ਜਿ ਸਤਿਗੁਰ ਭਾਵੈ, ਸੁ ਮੰਨਿ ਲੈਨਿ; ਸੇਈ ਕਰਮ ਕਰੇਨਿ ॥’’ (ਮ: ੩/੯੫੧)

ਬਜ਼ੁਰਗਾਂ ਦੀਆਂ ਸਾਖੀਆਂ ਸੁਣਨ ਤੋਂ ਬਾਅਦ ਅਗਲੇ ਪੜਾਅ (ਰੱਬ ਬਾਰੇ ਸਾਖੀਆਂ ਸੁਣਨ) ’ਤੇ ਪਹੁੰਚਣ ਲਈ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਮਾਤਾ ਦੇ ਹਵਾਲੇ ਨਾਲ਼ ਸਮਝਾਇਆ ਕਿ ਹੇ ਪੁੱਤਰ ! ਤੈਨੂੰ ਮਾਤਾ ਦਾ ਇਹੋ ਅਸ਼ੀਰਵਾਦ ਹੈ ਕਿ ਤੈਨੂੰ ਨਿਮਖ ਮਾਤਰ ਵੀ ਜਗਤ ਮਾਲਕ (ਰੱਬ) ਦੀ ਯਾਦ ਨਾ ਭੁੱਲੇ, ਸਦਾ ਉਸ ਨੂੰ ਚੇਤੇ ਰੱਖ, ‘‘ਪੂਤਾ  !  ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ॥੧॥ ਰਹਾਉ ॥’’ (ਮ: ੫/੪੯੬)

ਸਮਾਜ; ਨਕਾਰਾਤਮਕ ਸੋਚ ਨਾਲ਼ ਭਰਿਆ ਪਿਆ ਹੈ, ਅਜਿਹੇ ਕੁੰਡ ’ਚੋਂ ਆਸਾਵਾਦੀ ਕਿਰਨ ਵੇਖਣੀ ਹਰ ਇੱਕ ਦੇ ਨਸੀਬ ’ਚ ਨਹੀਂ ਹੁੰਦੀ।  ਇੱਕ ਅੰਨ੍ਹਾ; ਦੂਸਰੇ ਅੰਨ੍ਹੇ ਨੂੰ ਤੀਸਰੇ ਅੰਨ੍ਹੇ ਦੀ ਗੱਲ ਕਰਕੇ ਹੀ ਸੰਤੁਸ਼ਟ ਕਰ ਸਕਦਾ ਹੈ ਕਿਉਂਕਿ ਸਭ ਦੀ ਖ਼ੁਰਾਕ ਇੱਕ ਹੈ। ਭਾਈ ਗੁਰਦਾਸ ਜੀ ਆਪਣੇ ਬਜ਼ੁਰਗਾਂ ਦੀਆਂ ਸਾਖੀਆਂ (ਚੁਗ਼ਲੀਆਂ ਹੋਰਾਂ ਕੋਲ਼) ਕਰਨ ਵਾਲ਼ੇ ਆਪਹੁਦਰੇ (ਆਪਮੁਹਾਰੇ) ਬੱਚਿਆਂ ਨੂੰ ਕਪੁੱਤਰ ਆਖਦੇ ਹਨ ਕਿਉਂਕਿ ਉਹ ਆਪਣੇ ਘਰ ਦਾ ਰਾਜ਼ ਵੀ ਛੁਪਾ ਕੇ ਨਹੀਂ ਰੱਖ ਸਕਦੇ, ‘‘ਬਾਬਾਣੀਆ ਕਹਾਣੀਆ, ਘਰਿ ਘਰਿ; ਬਹਿ ਬਹਿ ਕਰਨਿ ਕੁਪੁਤਾ। (ਭਾਈ ਗੁਰਦਾਸ ਜੀ/ਵਾਰ ੩੩ ਪਉੜੀ ੧੦) 

ਗੁਰੂ ਕਾਲ 239 ਸਾਲ (1469-1708) ਨੂੰ ਦੋ ਸ਼ਖ਼ਸੀਅਤਾਂ ਨੇ ਨਿਰੰਤਰ ਅੰਗ ਸੰਗ ਰਹਿ ਕੇ ਸੁਣਿਆ ਹੀ ਨਹੀਂ ਬਲਕਿ ਸਰੀਰ ’ਤੇ ਹੰਢਾਉਂਦਿਆਂ ਵੀ ਵੇਖਿਆ ਹੈ।  ਉਹ ਦੋ ਸ਼ਖ਼ਸੀਅਤਾਂ ਹਨ: ‘ਬਾਬਾ ਬੁੱਢਾ ਜੀ (1506-1631) ਤੇ ਭਾਈ ਮਨੀ ਸਿੰਘ ਜੀ (1644-1734)’।

12 ਕੁ ਸਾਲ ਦੀ ਉਮਰ ’ਚ ਪਸ਼ੂ ਚਾਰਦੇ ਬਾਬਾ ਬੁੱਢਾ ਜੀ ਦੇ ਭਾਗਾਂ ਦਾ ਸੂਰਜ ਚੜ੍ਹਿਆ ਤੇ ਗੁਰੂ ਨਾਨਕ ਜੀ ਦਾ ਦਰਸ਼ਨ ਹੋਇਆ। ਇੱਕ ਸੰਦੇਹ ਕਿ ਮੌਤ ਤੋਂ ਡਰ ਲੱਗਦਾ ਹੈ, ਪਤਾ ਨਹੀਂ ਕਦੋਂ, ਕਿਵੇਂ ਅਤੇ ਕਿਸ ਤਰ੍ਹਾਂ ਦਿਮਾਗ਼ ’ਚ ਪਨਪਿਆ। ਇਸ ਸੰਦੇਹ ਨੂੰ ਸੰਪੂਰਨ ਗੁਰੂ ਦੀ ਕਿਰਪਾ ਨਾਲ਼ ਫਲ਼ ਵੀ ਅਜਿਹਾ ਲੱਗਾ ਕਿ ਸਮਾਜਕ ਉਮਰ 125 ਸਾਲ ਭੋਗਦਿਆਂ ਕਈ ਮਰਜੀਵੜੇ ਮੌਤ ਨੂੰ ਹੱਸਦੇ-ਹੱਸਦੇ ਪ੍ਰਵਾਨ ਕਰਦੇ ਸਾਹਮਣੇ ਵੇਖੇ।  ਛੇ ਗੁਰੂ ਸਾਹਿਬਾਨ ਤੱਕ ਗੁਰਿਆਈ ਦੀ ਰਸਮ ਅਦਾ ਕਰਦਿਆਂ ਅਹਿਮ ਭੂਮਿਕਾ ਨਿਭਾਈ ਤੇ ਅੰਤ ਸਮੇਂ ਮੌਤ ਆਉਂਦਿਆਂ ਛੇਵੇਂ ਪਾਤਿਸ਼ਾਹ ਨੂੰ ਯਾਦ ਕਰਦਿਆਂ ਹੀ ਸਾਹਮਣੇ ਖੜ੍ਹੋਤੇ ਪਾਇਆ। ਇਹ ਸੀ ਸੱਚੇ ਗੁਰੂ ਦੇ ਲੜ ਲੱਗਣ ਤੋਂ ਬਅਦ ਸਫਲ ਜੀਵਨ ਯਾਤਰਾ ਦਾ ਇੱਕ ਪ੍ਰਮਾਣ।

ਦੂਜਾ ਪ੍ਰਮਾਣ ਹੈ, 13 ਸਾਲ ਦੀ ਬਾਲਕ ਉਮਰ ’ਚ ਹੀ ਭਾਈ ਮਨੀ ਸਿੰਘ ਜੀ ਆਪਣੇ ਪਿਤਾ ਭਾਈ ਮਾਈ ਦਾਸ ਜੀ ਨਾਲ਼ ਗੁਰੂ ਹਰਿਰਾਇ ਸਾਹਿਬ ਜੀ ਦੇ ਦਰਸ਼ਨਾ ਲਈ ਕੀਰਤਪੁਰ ਸਾਹਿਬ ਜਾਂਦੇ ਹਨ, ਜੋ ਮੁੜ ਵਾਪਸ ਕਦੇ ਨਾ ਆਏ ਤੇ ਸਰਬੰਸ਼ ਦਾਨੀ ਦਸਮੇਸ਼ ਪਿਤਾ ਵਾਙ ਹੀ ਆਪਣੇ 7 ਪੁੱਤਰਾਂ ’ਚੋਂ ਸ਼ਹੀਦ ਹੋ ਚੁੱਕੇ 5 ਤੋਂ ਬਾਅਦ ਵੀ 2 ਬਚੇ ਪੁੱਤਰਾਂ ਨੂੰ ਆਪਣੇ ਨਾਲ਼ ਹੀ 24 ਜੂਨ 1734 ਨੂੰ ਧਰਮ ਲਈ ਸ਼ਹੀਦ ਕਰਵਾ ਕੇ ਦੁਨੀਆ ਇੱਕ ਫ਼ਨਾਹ-ਖ਼ਾਨਹ ਹੈ, ਪ੍ਰਗਟਾਅ ਗਏ।

ਸੋ ਜ਼ਿੰਦਗੀ ਬੜੀ ਕੀਮਤੀ ਹੈ, ਇਸ ਨੂੰ ਸਾਰਥਕ ਕਰਨ ਲਈ ਹੋਰ ਢਿੱਲ ਕਰਨਾ, ਇੱਕ ਅਜਿਹੀ ਗ਼ਲਤੀ ਹੈ ਜੋ ਕਰੋੜਾਂ ਜਨਮਾਂ ਦਾ ਸਫਰ ਕਰਾਏਗੀ ਤਾਂ ਤੇ ਰੂਹਾਨੀਅਤ ਸੰਗਤ ’ਚ ਬੈਠ ਕੇ ਪੁਕਾਰਨਾ ਬਣਦਾ ਹੈ ਕਿ ਹੇ ਸਤਿਸੰਗੀਓ ! ਆਵੋ ਮਿਲ ਕੇ ਰੱਬ ਨਾਲ਼, ਰੱਬ ਬਾਰੇ ਵਿਚਾਰਾਂ ਕਰੀਏ ਤਾਂ ਜੋ ਸਮਾਂ ਰਹਿੰਦਿਆਂ ਪੁੱਤਰ ਤੋਂ ਸਪੁੱਤਰ ਬਣ ਸਕੀਏ, ‘‘ਆਵਹੁ ਭੈਣੇ  ! ਗਲਿ ਮਿਲਹ; ਅੰਕਿ ਸਹੇਲੜੀਆਹ ॥ ਮਿਲਿ ਕੈ ਕਰਹ ਕਹਾਣੀਆ; ਸੰਮ੍ਰਥ ਕੰਤ ਕੀਆਹ ॥ ਸਾਚੇ ਸਾਹਿਬ ਸਭਿ ਗੁਣ; ਅਉਗਣ ਸਭਿ ਅਸਾਹ ॥’’ (ਮ: ੧/੧੭), ਅਜਿਹੀ ਬੋਲੀ ਬੋਲਣ ਲਈ ਹੀ ਸਾਨੂੰ ਗੁਰੂ ਰਾਮਦਾਸ ਜੀ ਨੇ, ਮਾਨਵਤਾ ਦੇ ਪਿਆਰੇ ਸਤਿਗੁਰੂ ਜੀ ਨੇ ਉਪਦੇਸ਼ਿਆ ਹੈ, ‘‘ਹਰਿ ਕੀਆ ਕਥਾ ਕਹਾਣੀਆ; ਮੇਰੇ ਪਿਆਰੇ ਸਤਿਗੁਰੂ ਸੁਣਾਈਆ ॥ (ਮ: ੪/੪੫੨), ਹਰਿ ਕੀਆ ਕਥਾ ਕਹਾਣੀਆ; ਗੁਰਿ ਮੀਤਿ (ਨੇ) ਸੁਣਾਈਆ ॥’’ (ਮ: ੪/੭੨੫)

ਸਿਰਫਿਰੇ ਕਾਤਿਲ

0

ਸਿਰਫਿਰੇ ਕਾਤਿਲ

ਕੀਤੇ ਜ਼ੁਲਮ ਸਰਕਾਰਾਂ ਜੋ ਕੌਂਮ ਉੱਤੇ, ਹੱਕ ਅਤੇ ਇਨਸਾਫ਼ ਉਹਦਾ ਮੰਗਦੇ ਹੋ।

ਆਪ ਦੇ ਕੇ ਸੁਪਾਰੀਆਂ ਕਾਤਿਲਾਂ ਨੂੰ, ਸਕੇ ਭਾਈਆਂ ਨੂੰ ਸੂਲੀ ’ਤੇ ਟੰਗਦੇ ਹੋ।

ਹਿੱਕਾਂ ਠੋਕ ਕੇ ਧਮਕੀਆਂ ਦੇਣ ਵਾਲੇ, ਹੋਲੀ ਕੌਂਮ ਦੇ ਲਹੂ ਨਾਲ ਖੇਡਦੇ ਨੇ।

ਝੁੱਗੇ ਫੂਕ ਕੇ ਆਪਣੇ ਸਾਥੀਆਂ ਦੇ, ਲਾਂਬੂ ਲਾ ਕੇ ਧੂੰਣੀਆਂ ਸੇਕਦੇ ਨੇ।

ਬੱਚੇ ਕਰ ਯਤੀਮ ਗਵਾਂਢੀਆਂ ਦੇ, ਦਾਤ ਪੁੱਤਾਂ ਦੀ ਲੋਕਾਂ ਨੂੰ ਵੰਡਦੇ ਹੋ।

ਕਾਲੇ ਕੰਮਾਂ ’ਤੇ ਕਰੋ ਅਫ਼ਸੋਸ ਕੋਈ ਨਾ, ਅਜੇ ਹੋਰ ਵੀ ਕੌਂਮ ਨੂੰ ਭੰਡਦੇ ਹੋ।

ਜਿੱਦਾਂ ਕੀਤੀ ਹੈ ਇੱਦਾਂ ਹੀ ਕਰਾਂਗੇ ਵੀ, ਅਸਲਾ ਚੁੱਕ ਕੇ ਭੱਬਕੀਆਂ ਮਾਰਦੇ ਹੋ।

ਬੇਸ਼ਰਮੀ ਦਾ ਨੱਚਦੇ ਨਾਅਚ ਨੰਗਾ, ਸਿੱਖੀ ਪ੍ਰੰਪਰਾ ਤਾਈਂ ਲਲਕਾਰਦੇ ਹੋ।

ਮੀਰੀ ਪੀਰੀ ਦਾ ਸਿੱਖੀ ਸਿਧਾਂਤ ਸਾਡਾ, ਗੈਂਗਵਾਰ ਵਿੱਚ ਉਸ ਨੂੰ ਰੋਲ ਦਿੱਤਾ।

ਲਾ ਕੇ ਦਾਗ ਕਲੰਕ ਦਾ ਚਿਹਰਿਆਂ ’ਤੇ, ਖਾਨਾਂਜੰਗੀ ਦਾ ਬੂਹਾ ਕਿਉਂ ਖੋਲ੍ਹ ਦਿੱਤਾ।

ਮੇਰਾ ਪ੍ਰਸ਼ਨ ਉਹਨਾਂ ਬਹਾਦਰਾਂ ਨੂੰ, ਬਹਿਰੂਪੀਓ  ! ਸੁਣੋ ਧਿਆਨ ਲਾ ਕੇ।

ਕੀਹਨੇ ਮਾਰਿਆ ਤੁਹਾਡੇ ਪਿਓ ਤਾਂਈਂ, ਦੋ ਮਸੂਮਾਂ ਪੁੱਛਿਓ ਤੁਸੀਂ ਜਾ ਕੇ।

ਤੁਹਾਡੇ ਪਿਤਾ ਦਾ ਕੀ ਕਸੂਰ ਹੈ ਸੀ, ਇਹ ਵੀ ਉਹਨਾਂ ਤੋਂ ਪੁੱਛ ਕੇ ਦੱਸਿਓ ਜੇ।

ਪਹਿਲੋਂ ਇਹਨਾਂ ਸਵਾਲਾਂ ਦਾ ਦਿਓ ਉੱਤਰ, ਮਗਰੋਂ ਕੀਤੀ ਕਰਤੂਤ ’ਤੇ ਹੱਸਿਓ ਜੇ।

ਜਸਵਿੰਦਰ ਸਿੰਘ ਅਮਰਕੋਟ-99140-17266

ਦੇ ਲੰਮੀ ਨਦਰਿ ਨਿਹਾਲੀਐ

0

ਦੇ ਲੰਮੀ ਨਦਰਿ ਨਿਹਾਲੀਐ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ) 

ਪਰਮਾਤਮਾ ਵੱਲੋਂ ਮਿਲੀਆਂ ਦਾਤਾਂ ਵਿੱਚੋਂ ਸਭ ਤੋਂ ਵਧੀਆ ਅਮੋਲਕ ਦਾਤ ਬਿਬੇਕਤਾ, ਅਕਲ ਹੈ। ਇਸ ਅਕਲ ਨੇ ਹੀ ਮਾਨਵ ਜਾਤੀ ਨੂੰ ਪਸ਼ੂਆਂ ਤੋਂ ਸ੍ਰੇਸ਼ਟ ਬਣਾਇਆ ਹੈ। ਇਸ ਅਕਲ ਸਦਕਾ ਹੀ ਮਨੁੱਖ ਕੁਦਰਤ ਦੇ ਅਨਮੋਲ ਭੰਡਾਰਾਂ ਦੀ ਸੁਚੱਜੀ ਵਰਤੋਂ ਕਰਦਾ ਹੈ।  ਮਨੁੱਖ ਦਾ ਸੂਰਜ, ਪਾਣੀ, ਹਵਾ, ਧਰਤੀ, ਅੱਗ, ਆਦਿ ਸ਼ਕਤੀਆਂ ਕੋਲੋਂ ਕੰਮ ਲੈਣਾ ਅਕਲ ਨੇ ਹੀ ਸਿਖਾਇਆ ਹੈ।  ਅਕਲ ਕਰ ਕੇ ਹੀ ਮਨੁੱਖ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ। ਅੱਜ ਇਹ ਹਜ਼ਾਰਾਂ ਮੀਲ ਦੂਰ ਬੈਠੇ ਬੰਦਿਆਂ ਨਾਲ ਗੱਲਾਂ ਹੀ ਨਹੀਂ ਕਰਦਾ ਸਗੋਂ ਉਨ੍ਹਾਂ ਦੀ ਸ਼ਕਲ ਸੂਰਤ ਵੀ ਸਾਹਮਣੇ ਵੇਖਦਾ ਹੈ, ਘੰਟਿਆਂ ਵਿੱਚ ਉਨ੍ਹਾਂ ਕੋਲ ਪੁੱਜ ਸਕਦਾ ਹੈ।  ਅਕਲ ਦਾ ਸਦਕਾ ਹੀ ‘‘ਅਵਰ ਜੋਨਿ; ਤੇਰੀ ਪਨਿਹਾਰੀ॥ ਇਸ ਧਰਤੀ ਮਹਿ; ਤੇਰੀ ਸਿਕਦਾਰੀ॥’’ (ਪੰਨਾ ੩੭੪) ਦੀ ਪਦਵੀ ਮਨੁੱਖ ਕੋਲ ਹੈ।

ਪਰ ਅਕਲ (ਗਿਆਨ) ਨੇ ਜਿੱਥੇ ਕਈ ਉਸਾਰੂ ਪ੍ਰਾਪਤੀਆਂ ਕੀਤੀਆਂ ਹਨ, ਉੱਥੇ ਇਸ ਦਾ ਮਾਰੂ ਪੱਖ ਵੀ ਸਾਹਮਣੇ ਆਇਆ ਹੈ। ਅਕਲ ਨੇ ਜਿੱਥੇ ਮੂਰਖਾਂ ਨੂੰ ਪੰਡਿਤ, ਮਨੁੱਖਾਂ ਨੂੰ ਦੇਵਤਾ ਬਣਾਇਆ ਹੈ, ਉੱਥੇ ਇਸ ਨੇ ਬੰਦੇ ਨੂੰ ਚਲਾਕੀ, ਹੇਰਾ-ਫੇਰੀ, ਧੋਖੇਬਾਜ਼ੀ ਤੇ ਵਲ-ਛਲ ਸਿਖਲਾ ਕੇ ਇਨਸਾਨ ਤੋਂ ਸ਼ੈਤਾਨ ਵੀ ਬਣਾ ਦਿੱਤਾ ਹੈ। ਸੰਸਾਰ ਨੂੰ ਪ੍ਰਮਾਣੂ ਬੰਬਾਂ ਰਾਹੀਂ ਤਬਾਹੀ ਦੇ ਮੂੰਹ ਪਾ ਦੇਣਾ ਅਨਪੜ੍ਹਾਂ ਦਾ ਕੰਮ ਨਹੀਂ, ਭਰੂਣ ਹੱਤਿਆ ਆਮ ਬੰਦਾ ਨਹੀਂ ਕਰਦਾ ਸਗੋਂ ਇੱਕ ਸਿੱਖਿਅਤ, ਪੜ੍ਹੇ-ਲਿਖੇ ਡਾਕਟਰ, ਨਰਸ ਆਦਿ ਰਾਹੀਂ ਹੀ ਕੀਤੀ ਜਾਂਦੀ ਹੈ। ਸੱਚਾਈ (ਧਰਮ) ਦੀ ਏਕਤਾ ਨਾਲੋਂ ਤੋੜਨਾ ਵੀ ਅਨਪੜ੍ਹ ਦਾ ਕੰਮ ਨਹੀਂ, ਇਹ ਵੀ ਹੁਸ਼ਿਆਰ (ਚਲਾਕ) ਬੰਦਿਆਂ ਦੇ ਜ਼ਿੰਮੇ ਆਉਂਦਾ ਹੈ।

ਆਪਣੇ-ਆਪ ਨੂੰ ਅਕਲ ਲਤੀਫ਼ ਸਮਝਣ ਵਾਲੇ ਲੋਕ ਕਈ ਵਾਰੀ ਚਲਾਕ ਬਣ ਬਹਿੰਦੇ ਹਨ।  ਚਤੁਰ ਚਲਾਕ ਬੰਦੇ ਦੀ ਹਰ ਸੋਚ ਸਵਾਰਥ ਭਰੀ ਹੁੰਦੀ ਹੈ। ਐਸੇ ਬੰਦੇ ਨੂੰ ਕਿਸੇ ਧਰਮ ਈਮਾਨ ਦੀ ਪ੍ਰਵਾਹ ਨਹੀਂ ਹੁੰਦੀ ਅਤੇ ਨਾ ਹੀ ਉਸ ਕੋਲ ਕਿਸੇ ਰਿਸ਼ਤੇ ਦਾ ਲਿਹਾਜ਼ ਹੁੰਦਾ ਹੈ। ਉਹ ਆਪਣੇ ਮਨੋਰਥ ਦੀ ਪੂਰਤੀ ਲਈ ਕੋਝੀ ਤੋਂ ਕੋਝੀ ਭੈੜੀ ਚਾਲ ਚੱਲਣ ਤੋਂ ਵੀ ਨਹੀਂ ਝਿਜਕਦਾ।

ਹੇ ਲੋਭਾ  !  ਲੰਪਟ ਸੰਗ ਸਿਰਮੋਰਹ; ਅਨਿਕ ਲਹਰੀ ਕਲੋਲਤੇ॥

ਧਾਵੰਤ ਜੀਆ ਬਹੁ ਪ੍ਰਕਾਰੰ; ਅਨਿਕ ਭਾਂਤਿ ਬਹੁ ਡੋਲਤੇ॥

ਨਚ ਮਿਤ੍ਰੰ, ਨਚ ਇਸਟੰ, ਨਚ ਬਾਧਵ; ਨਚ ਮਾਤ ਪਿਤਾ ਤਵ ਲਜਯਾ॥

ਅਕਰਣੰ ਕਰੋਤਿ, ਅਖਾਦ੍ਹਿ ਖਾਦ੍ਹੰ; ਅਸਾਜ੍ਹੰ ਸਾਜਿ ਸਮਜਯਾ॥

ਤ੍ਰਾਹਿ ਤ੍ਰਾਹਿ ਸਰਣਿ ਸੁਆਮੀ  !  ਬਿਗ੍ਹਾਪਿ ਨਾਨਕ,  ਹਰਿ ਨਰਹਰਹ॥ ੪੮॥ (ਮ: ੫/੧੩੫੮)

ਧਰਮ ਦੇ ਮਾਰਗ ’ਤੇ ਚੱਲਣ ਦਾ ਭਾਵ ਇਆਣਪ ਤੋਂ ਸਿਆਣਪ ਵੱਲ ਤੁਰਨਾ ਹੁੰਦਾ ਹੈ ਕਿਉਂਕਿ ‘‘ਨਾਲਿ ਇਆਣੇ ਦੋਸਤੀ; ਵਡਾਰੂ ਸਿਉਂ ਨੇਹੁ॥’’ (ਮ: ੨/੪੭੪) ਮਹਾਵਾਕ ਅਨੁਸਾਰ ਅਣਜਾਣ (ਇਆਣੇ) ਮਨੁੱਖ ’ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ‘‘ਹੋਇ ਇਆਣਾ ਕਰੇ ਕੰਮੁ; ਆਣਿ ਨ ਸਕੈ ਰਾਸਿ॥ ਜੇ ਇਕ ਅਧ ਚੰਗੀ ਕਰੇ; ਦੂਜੀ ਭੀ ਵੇਰਾਸਿ॥ (ਮ: ੨/੪੭੪)  ਅਨੁਸਾਰ ਕਾਰਜ ਵਿਗਾੜਦਾ ਹੀ ਹੈ ਕਾਰਨ ਕੇਵਲ ਅਕਲ ਤੋਂ ਹੀਣ ਜਾਂ ਇਆਣਪ ਹੀ ਹੈ।  ਫੁੱਟ ਤੇ ਵਖਰੇਵਾਂ ਇਆਣਪ ਵਿੱਚ ਹੈ ਪਰ ਸਿਆਣਪ ਤਾਂ ਹਮੇਸ਼ਾ ਸੰਗਠਿਤ ਰਹਿੰਦੀ ਹੈ ਸਿਆਣਿਆਂ ਦਾ ਅਖਾਣ ਹੈ ‘‘ਸੌ ਸਿਆਣਾ ਇਕ ਮਤ’’ ਹੁੰਦੀ ਹੈ।  ਉਹ ਹਮੇਸ਼ਾ ‘‘ਅਗੋ ਦੇ ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ ॥  (ਮ: ੧/੪੧੭), ਮੰਦਾ ਮੂਲਿ ਨ ਕੀਚਈ; ਦੇ ਲੰਮੀ ਨਦਰਿ ਨਿਹਾਲੀਐ ॥ (ਮ: ੧/੪੭੪), ਨਾਨਕ  !  ਦ੍ਰਿਸਟਿ ਦੀਰਘ ਸੁਖੁ ਪਾਵੈ.. ॥’’ (ਮ: ੧/੧੧੦੭), ਆਦਿ ਬਚਨਾਂ ਦੇ ਸਬੰਧ ਵਿੱਚ ਸਦਾ ਸੁਚੇਤ ਹੁੰਦੇ ਹਨ, ਜਾਗ੍ਰਿਤ ਹੁੰਦੇ ਹਨ।  ਜਿਸ ਸਿੱਖ ਕੌਮ ਦੇ ਇਹ ਵੱਡਮੁੱਲੇ ਸਿਧਾਂਤ ਹਨ ਉਹ ਸਭ ਤੋਂ ਜ਼ਿਆਦਾ ਫੁੱਟ ਦਾ ਸ਼ਿਕਾਰ, ਨਸ਼ਿਆਂ ਤੇ ਪਤਿਤਪੁਣੇ ਦੇ ਖੂਹ ਵਿੱਚ ਡਿੱਗ ਚੁੱਕੀ ਹੈ।  ਸਾਡੀ ਤਰਾਸਦੀ ਹੈ ਕਿ ‘‘ਜੈਸੇ ਘਰਿ ਲਾਗੈ ਆਗਿ; ਜਾਗਿ ਕੂਆ ਖੋਦਿਓ ਚਾਹੈ; ਕਾਰਜ ਨ ਸਿਧਿ ਹੋਇ, ਰੋਇ ਪਛੁਤਾਈਐ।’’ (ਭਾਈ ਗੁਰਦਾਸ ਜੀ : ਕਬਿੱਤ ੪੯੫) ਜਾਂ ‘‘ਜਬ ਘਰ ਮੰਦਰਿ ਆਗਿ ਲਗਾਨੀ; ਕਢਿ ਕੂਪੁ ਕਢੈ ਪਨਿਹਾਰੇ ॥’’ (ਮ: ੪/੯੮੧) ਵਾਲੀ ਅਵਸਥਾ ’ਤੇ ਖੜ੍ਹੇ ਹਾਂ ਫਿਰ ਪਛਤਾਣਾ, ਰੋਣਾ ਕੁਰਲਾਣਾ ਤਾਂ ਪੱਲੇ ਪੈਣਾ ਹੀ ਹੈ।  ਸਿਆਣੇ, ਅਕਲਮੰਦ ਜਾਂ ਅਕਲ ਲਤੀਫ਼ ਦਾ ਭਾਵ ਹੈ ਆਪਣੀ ਪਰਖ ਸ੍ਵੈ-ਪੜਚੋਲ ਕਰਨਾ: ‘‘ਫਰੀਦਾ  ! ਜੇ ਤੂ ਅਕਲਿ ਲਤੀਫੁ; ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ; ਸਿਰੁ ਨੀਵਾਂ ਕਰਿ ਦੇਖੁ॥’’ (ਪੰਨਾ ੧੩੭੮)

ਕੌਮ ਦਾ ਭਵਿੱਖ ਸਾਡੇ ਬੱਚੇ ਹਨ ਜਿਸ ਪ੍ਰਤੀ ਸਿਆਣੇ ਪੰਥ ਦਰਦੀ ਬੜੇ ਚਿੰਤਤ ਹਨ।  ਅੱਜ ਬਹੁਤਾਤ ਵਿੱਚ ਸਾਡੀ ਜਵਾਨ ਪੀੜ੍ਹੀ ਗੁਰੂ ਗ੍ਰੰਥ ਤੇ ਗੁਰੂ ਪੰਥ ਰੂਪੀ ਕੌਮ ਤੋਂ ਨਿਖੜ ਚੁੱਕੀ ਹੈ। ਅਸੀਂ ਆਪਣੇ ਪੁੱਤਰਾਂ-ਧੀਆਂ ਨੂੰ ਮੁੜ ਗੁਰਮਤਿ ਦੇ ਮਹਾਨ ਵਿਰਸੇ ਨਾਲ ਜੋੜ ਸਕੀਏ, ਇਸ ਪ੍ਰਤੀ ਕੁਝ ਨੁਕਤੇ ਗੁਰੂ ਪੰਥ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।

(1). ਸਾਡੀ ਸਮਾਜਿਕ ਜ਼ਿੰਦਗੀ ਦਾ ਮੁੱਢ ਸਾਡੀ ਪਰਿਵਾਰਕ ਜ਼ਿੰਦਗੀ ਹੈ ਜਿਸ ਦਾ ਆਰੰਭ ਪਤੀ-ਪਤਨੀ ਦੇ ਰਿਸ਼ਤੇ ਤੋਂ ਹੁੰਦਾ ਹੈ। ਕੀ ਇਹ ਰਿਸ਼ਤਾ ‘‘ਧਨ ਪਿਰੁ ਏਹਿ ਨ ਆਖੀਅਨਿ; ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ॥’’ (ਪੰਨਾ ੭੮੮) ਦੀ ਘਾੜਤ ਵਿੱਚ ਹੈ ਜਾਂ ਭਾਈ ਗੁਰਦਾਸ ਜੀ ਦੇ ਬਚਨਾਂ ਮੁਤਾਬਕ ਇਸਤਰੀ ਤੇ ਪੁਰਖ ਦਾ ਸੰਬੰਧ ਕੇਵਲ ਧਨ-ਦੌਲਤ ਤੱਕ ਹੈ, ਜਿਸ ਦੀ ਪੂਰਤੀ ਉਪਰੰਤ ਮਰਦ ਬੇਸ਼ੱਕ ਕਿਤੇ ਜਾਵੇ ਜਾਂ ਆਵੇ  ‘‘ਇਸਤ੍ਰੀ ਪੁਰਖੈ ਦਾਮ ਹਿਤ; ਭਾਣੈ ਆਵੈ ਕਿਥਾਉ ਜਾਈ॥’’ (ਭਾਈ ਗੁਰਦਾਸ ਜੀ)  ਦੀ ਭਟਕਣਾ ਵਿੱਚ ਪੈ ਚੁੱਕਾ ਹੈ, ਸਵਾਰਥੀ ਬਣ ਚੁੱਕਾ ਹੈ ਕਿਉਂਕਿ ਸਾਡੇ ਬੱਚਿਆਂ ਲਈ ਪਹਿਲਾ ਸਿੱਖਿਆ ਕੇਂਦਰ ਕੇਵਲ ਸਾਡਾ ਘਰ, ਮਾਤਾ-ਪਿਤਾ ਹੁੰਦੇ ਹਨ, ਉਨ੍ਹਾਂ ਵੱਲੋਂ ਜੀਵਿਆ ਜਾ ਰਿਹਾ ਅਮਲੀ ਜੀਵਨ ਹੈ।  ਜੇ ਘਰੇਲੂ ਜ਼ਿੰਦਗੀ ਵਿੱਚ ਵੱਡਿਆਂ ਦਾ ਜੀਵਨ ਗੁਰਮਤਿ ਅਨੁਸਾਰੀ ਨਹੀਂ, ਧਰਮੀ ਨਹੀਂ, ਫਿਰ ਬੱਚਿਆਂ ਤੋਂ ਕੀ ਆਸ ਕਰ ਸਕਦੇ ਹਾਂ।  ਇਸ ਸਭ ਤੋਂ ਮੁੱਢਲੇ ਕੇਂਦਰ ਨੂੰ ਗੁਰਮਤਿ ਨਿਯਮਾਂ ਵਿੱਚ ਢਾਲਣ ਦੀ ਲੋੜ ਹੈ।

(2) ਸਾਡੇ ਵਿੱਦਿਅਕ ਅਦਾਰੇ_ਸਾਰੇ ਗੁਰੂ ਸਾਹਿਬਾਨ ਨੇ ਸਿੱਖ ਪ੍ਰਭਾਵੀ ਨਗਰ ਵਸਾਏ ਤਾਂ ਕਿ ਸਾਡਾ ਆਲਾ ਦੁਆਲਾ ਮਾਹੌਲ ਗੁਰਮਤਿ ਪ੍ਰਭਾਵੀ ਹੋ ਸਕੇ ਜੋ ਅੱਜ ਸਾਡੇ ਕੋਲ ਨਹੀਂ।  ਮਗਰੋਂ ਸਿੰਘ ਸਭਾ ਲਹਿਰ ਨੇ ਜਿੱਥੇ ਕਰਮਕਾਂਡਾਂ, ਅਨਮਤਿ ਪ੍ਰਭਾਵ ਤੇ ਕੌਮ ਨੂੰ ਹਰ ਪੱਖੋਂ ਮੁਕਤ ਕਰਨ ਦਾ ਯਤਨ ਕੀਤਾ, ਉੱਥੇ ਕੌਮ ਦੇ ਭਵਿੱਖ ਨੂੰ ਉੱਜਲਾ ਵੇਖਣ ਲਈ ਖਾਲਸਾ ਕਾਲਜ ਅੰਮ੍ਰਿਤਸਰ ਵਰਗੇ ਉੱਚ ਪੱਧਰ ਦੇ ਸਕੂਲ ਤੇ ਕਾਲਜ ਖੋਲ੍ਹੇ ਜਿਨ੍ਹਾਂ ਕੌਮ ਦੀ ਪਨੀਰੀ ਨੂੰ ਉਸ ਸਮੇਂ ਸੰਭਾਲਣ ਦਾ ਨਿੱਗਰ ਯਤਨ ਕੀਤਾ। ਇਸ ਦਾ ਮਕਸਦ ਸੀ ਕਿ ਸਾਡੀ ਨੌਜਵਾਨ ਪੀੜ੍ਹੀ ਜਿੱਥੇ ਵਿੱਦਿਅਕ ਖੇਤਰ ਵਿੱਚ ਅੱਗੇ ਵਧੇ ਉੱਥੇ ਸਿੱਖੀ ਸੋਚ ਉਨ੍ਹਾਂ ਅੰਦਰ ਪ੍ਰਫੁਲਿਤ ਹੋ ਸਕੇ, ਅੱਜ ਇਹ ਨਾਂ ਮਾਤ੍ਰ ਦੇ ਖਾਲਸਾ ਸਕੂਲ, ਕਾਲਜ ਹਨ ਕਿਉਂਕਿ ਉੱਥੇ ਸਿੱਖਿਆ ਦੇਣ ਵਾਲੇ ਅਧਿਆਪਕ ਹੀ ਜੇ ਸਿੱਖੀ ਤੋਂ ਸੱਖਣੇ ਹੋਣਗੇ, ਨਸ਼ਿਆਂ ਦੇ ਆਦੀ ਹੋਣਗੇ ਤਾਂ ਉਹ ਸਿੱਖੀ ਦਾ ਸੰਚਾਰ ਅੱਗੇ ਕਿਵੇਂ ਕਰਨਗੇ ?  ਅੱਜ ਜਦੋਂ ਸਿੱਖ ਜਨਸੰਖਿਆ ਪੂਰੇ ਵਿਸ਼ਵ ਵਿੱਚ ਫੈਲੀ ਹੈ ਤਾਂ ਇਹ ਮੁਸ਼ਕਲ ਹੋਰ ਵੀ ਪੀਢੀ ਜਾਂ ਦੁਖਦਾਈ ਹੋ ਗਈ ਹੈ। ਮਜਬੂਰੀ ਵੱਸ ਸਾਡੇ ਬੱਚੇ ਅਨਮਤੀ ਸਕੂਲਾਂ ਵਿੱਚ ਦੁਨਿਆਵੀ ਸਿੱਖਿਆ ਪ੍ਰਾਪਤ ਕਰਦੇ ਹਨ ਤਾਂ ਬੱਚਿਆਂ ਦਾ ਆਪਣੇ ਵਿਰਸੇ ਤੋਂ ਪਰੇ ਹੋਣਾ, ਪਤਿਤ ਹੋਣਾ ਕੁਦਰਤੀ ਹੈ, ਵਿੱਦਿਅਕ ਖੇਤਰ ਵਿੱਚ ਉੱਚੇ ਉੱਠਣ ਦਾ ਭਾਵ ਹੈ ਤਰੱਕੀ ਦੇ ਰਾਹ ’ਤੇ ਤੁਰਨਾ।  ਸੰਸਾਰ ਅੰਦਰ ਯਹੂਦੀ ਕੌਮ ਕੇਵਲ ਪੰਜਾਹ ਲੱਖ ਹੈ ਉਸ ਦਾ ਹਰ ਖੇਤਰ ਵਿੱਚ ਅੱਗੇ ਹੋਣ ਦਾ ਕਾਰਨ ਹੈ ‘ਪੜ੍ਹਿਆ-ਲਿਖਿਆ ਹੋਣਾ’। ਉਨ੍ਹਾਂ ਨੇ ਵਧੀਆ ਸਕੂਲ, ਕਾਲਜ ਆਪਣੇ ਬੱਚਿਆਂ ਲਈ ਸਿਰਜੇ ਹਨ। ਕੌਮ ਨੂੰ ਆਪਣੇ ਦਸਵੰਧ ਦੀ ਸੁਚੱਜੀ ਵਰਤੋਂ ਕਰ ਕੇ ਹੁਣ ਉੱਚ ਮਿਆਰੀ ਸਕੂਲ, ਕਾਲਜ, ਮੈਡੀਕਲ, ਇੰਜੀਨੀਅਰਿੰਗ ਕਾਲਜ ਖੋਲ੍ਹਣ ਦੀ ਜ਼ਰੂਰਤ ਕੀਤੀ ਹੈ ਤਾਂ ਕਿ ਸਾਡੇ ਬੱਚੇ ਉੱਚ ਸਿੱਖਿਆ ਆਪਣੇ ਧਰਮ, ਗੁਰਮਤਿ, ਸਿੱਖੀ ਮਾਹੌਲ ਵਿੱਚ ਰਹਿ ਕੇ ਪ੍ਰਾਪਤ ਕਰ ਸਕਣ।

(3). ਸਿੱਖੀ ਦਾ ਤੀਸਰਾ ਸੋਮਾ ਜੋ ਸਭ ਤੋਂ ਮਹੱਤਵਪੂਰਨ ਹੈ ਉਹ ਹੈ ‘‘ਸਤਸੰਗਤਿ ਸਤਿਗੁਰ ਚਟਸਾਲ ਹੈ; ਜਿਤੁ ਹਰਿ ਗੁਣ ਸਿਖਾ ॥ (ਮ: ੪/੧੩੧੬), ਗੁਰੂ ਦੁਆਰੈ ਹੋਇ; ਸੋਝੀ ਪਾਇਸੀ ॥ (ਮ: ੧/੭੩੦) (ਜਾਂ) ਵਿਚਿ ਦੁਨੀਆ ਸੇਵ ਕਮਾਈਐ ॥’’ (ਮ: ੧/੨੬) ਦੀ ਸੋਝੀ ਗੁਰੂ ਘਰ ਤੋਂ ਹੀ ਪ੍ਰਾਪਤ ਹੁੰਦੀ ਹੈ, ਪਰ ਅੱਜ ਇਹ ਧਰਮ ਪ੍ਰਚਾਰ ਸਿੱਖੀ ਕੇਂਦਰ ਦੀ ਥਾਂ ਜ਼ਿਆਦਾ ਧੜੇਬੰਦੀ, ਬਰਾਦਰੀਵਾਦ, ਲੜਾਈ-ਝਗੜੇ ਦੇ ਕੇਂਦਰ ਜ਼ਿਆਦਾ ਹਨ।  ਸਚਮੁਚ ‘‘ਥਾਨਸਟ ਜਗ ਭਰਿਸਟ ਹੋਏ; ਡੂਬਤਾ ਇਵ ਜਗੁ ॥’’ (ਮ: ੧/੬੬੨) ਦੀ ਸਚਾਈ ਸਾਹਮਣੇ ਹੈ। ਇਸਲਾਮ ਦੀ ਉਹ ਧਾਰਨਾ ਬੜੀ ਮਹੱਤਵਪੂਰਨ ਹੈ ਕਿ ‘‘ਚੂੰ ਕੁਫ਼ਰ ਅਜ਼ ਕਾਅਬਾ ਬਰ ਖੇਜ਼ਦ ਕੁਜਾ ਮਾਨਦ ਮੁਸਲਮਾਨੀ॥’’ ਭਾਵ ਜੇਕਰ ਇਸਲਾਮੀ ਸ਼ਰ੍ਹਾ ਦੇ ਬਰਖਿਲਾਫ਼ ਕੁਫ਼ਰ ਕਾਬੇ ’ਚੋਂ ਉੱਠੇ ਤਾਂ ਇਸਲਾਮ ਜ਼ਿੰਦਾ ਕਿਵੇਂ ਰਹਿ ਸਕਦਾ ਹੈ ?  ਭਾਈ ਗੁਰਦਾਸ ਜੀ ਨੇ ਕੌਮ ਨੂੰ ਸੁਚੇਤ ਕੀਤਾ ਹੈ।

ਬਾਹਰ ਕੀ ਅਗਨਿ ਬੁਝਤ ਜਲ ਸਰਿਤਾ ਕੈ, ਨਾਉ ਮੈ ਜੋਉ ਆਗਿ ਲਾਗੈ ਕੈਸੇ ਕੈ ਬੁਝਾਈਐ ?॥

ਬਾਹਰ ਸੈ ਭਾਗ ਓਟਿ ਲੀਜੀਅਤ ਕੋਟਗੜ, ਗੜ ਮੈ ਜਉਂ ਲੂਟ ਲੀਜੈ ਕਹੋ ਕਤ ਜਾਈਐ  ?॥

ਚੋਰਨ ਕੇ ਤ੍ਰਾਸ ਜਾਇ ਸਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ  ?॥

ਮਾਇਆ ਡਰ ਡਰਪਤ ਹਰਿ ਗੁਰਦੁਆਰੈ ਜਾਵੈ, ਤਹਾ ਜਉ ਮਾਇਆ ਬਿਆਪੈ ਕਹਾ ਠਹਿਰਾਈਐ  ?॥ ੫੪੪॥ (ਭਾਈ ਗੁਰਦਾਸ ਜੀ)

ਲੜਾਈ ਝਗੜੇ ਤੇ ਮਾਇਆ ਦੇ ਪ੍ਰਭਾਵ ਸਮੇਤ ਭਾਂਤ-ਭਾਂਤ ਦੀ ਮਰਯਾਦਾ ਕੌਮ ਅੰਦਰ ਨਿਰਾਸ਼ਤਾ ਪੈਦਾ ਕਰਦੀ ਹੈ, ਦੁਬਿਧਾ ਪੈਦਾ ਕਰਦੀ ਹੈ।  ਗੁਰਦੁਆਰਾ ਪ੍ਰਬੰਧ ਵਿੱਚੋਂ ਇਲੈਕਸ਼ਨ ਪ੍ਰਣਾਲੀ ਪਾਸੇ ਕਰਨ ਦੀ ਲੋੜ ਹੈ।  ਯੋਗਤਾ ਦੇ ਆਧਾਰ ’ਤੇ ਸੇਵਾ ਸੌਂਪੀ ਜਾਣੀ ਚਾਹੀਦੀ ਹੈ। ਪ੍ਰਚਾਰਕ ਸ਼੍ਰੇਣੀ ਲਈ ਸਿੱਖ ਧਰਮ ਤੇ ਦੂਜੇ ਧਰਮਾਂ ਦਾ ਗਿਆਨ ਦਾ ਪ੍ਰਬੰਧ ਕਰਨਾ, ਫਿਰ ਉਨ੍ਹਾਂ ਦਾ ਸਤਿਕਾਰ, ਸੰਭਾਲ ਰੱਖਣੀ ਤਾਂ ਕਿ ਉਹ ਨਿਸ਼ਚਿੰਤ ਹੋ ‘‘ਹੋਰਨਾ ਨੋ ਹਰਿ ਮਾਰਗਿ ਪਾਏ ॥’’ (ਮ: ੪/੧੪੦) ਦੀ ਜ਼ਿੰਮੇਵਾਰੀ ਨਿਭਾ ਸਕਣ।  ਅੱਜ ਮੁੜ ਕੌਮੀ ਪੱਧਰ ’ਤੇ ‘‘ਮੈ ਬਧੀ ਸਚੁ ਧਰਮਸਾਲ ਹੈ ॥ ਗੁਰਸਿਖਾ ਲਹਦਾ ਭਾਲਿ ਕੈ ॥ ਪੈਰ ਧੋਵਾ, ਪਖਾ ਫੇਰਦਾ; ਤਿਸੁ ਨਿਵਿ ਨਿਵਿ, ਲਗਾ ਪਾਇ ਜੀਉ ॥ (ਮ: ੫/੭੩)  ਦੀ ਸ਼ਰਧਾ, ਸੇਵਾ ਤੇ ਪਿਆਰ ਪੈਦਾ ਹੋ ਸਕੇ।

ਸਾਨੂੰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਰਾਹੀਂ ‘‘ਇਕਾ ਬਾਣੀ, ਇਕੁ ਗੁਰੁ; ਇਕੋ ਸਬਦੁ ਵੀਚਾਰਿ ॥’’ (ਮ: ੩/੬੪੬) ਦੀ ਇਕਸਾਰਤਾ ਬਖ਼ਸ਼ੀ ਸੀ। ‘‘ਮਿਲਬੇ ਕੀ ਮਹਿਮਾ ਬਰਨਿ ਨ ਸਾਕਉ .. ॥’’ (ਮ: ੫/੪੯੮)  ਦੀ ਏਕਤਾ ਪੈਦਾ ਕੀਤੀ ਸੀ ਪਰ ਅੱਜ ਸੰਪਰਦਾਈ ਸੋਚ ਨੇ ਕੌਮ ਨੂੰ ਹਰ ਪਾਸਿਓਂ ਵੰਡ ਕੇ ਰੱਖ ਦਿੱਤਾ ਹੈ।  ਨੌਜਵਾਨ ਵਰਗ ਦੁਬਿਧਾ ਵਿੱਚ ਹੈ ਕਿ ਕਿਹੜੀ ਤੇ ਕਿਸ ਦੀ ਸਿੱਖੀ ਧਾਰਨ ਕਰੇ, ਕਿਹੜਾ ਅੰਮ੍ਰਿਤ ਛਕੇ, ਸਿੱਖੀ ਨੂੰ ਕਿਸ ਕਸਵੱਟੀ ’ਤੇ ਪਰਖੇ।  ਅੱਜ ਲੋੜ ਹੈ ਕਿ ਗੁਰ ਸ਼ਬਦ ਦੀ ਰੌਸ਼ਨੀ ਵਿੱਚ ਬਣਾਈ ਗਈ ਪੰਥ ਪ੍ਰਮਾਣਿਤ ‘ਸਿੱਖ ਰਹਿਤ ਮਰਯਾਦਾ’ ਹੀ ਹਰ ਗੁਰੂ ਘਰ ਵਿੱਚ ਲਾਗੂ ਹੋਵੇ ਤਾਂ ਕਿ ਅਸੀਂ ਭਟਕਣਾ ਤੋਂ ਬਚ ਸਕੀਏ।

(4). ਜਿਹੜੇ ਧਰਮ ਫੈਲੇ ਹਨ, ਉਨ੍ਹਾਂ ਨੇ ਹਰ ਬੋਲੀ ਵਿੱਚ ਸਾਹਿਤ ਮੁਹੱਈਆ ਕਰਵਾਇਆ ਹੈ। ਸਾਡੀ ਹਾਲਤ ਇੱਥੇ ਵੀ ਤਰਸਯੋਗ ਹੈ। ਆਏ ਦਿਨ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਜ਼ਿੰਮੇਵਾਰ ਸੰਸਥਾਵਾਂ ਵੱਲੋਂ ਛਾਪੇ ਸਾਹਿਤ ਵਿੱਚ ਵੀ ਕਿੰਨੀ ਮਨਮਤ ਤੇ ਅਨਮਤ ਦਾ ਪ੍ਰਭਾਵ ਦਿਖਾਈ ਦਿੰਦਾ ਹੈ। ਗੁਰ ਇਤਿਹਾਸ, ਸਿੱਖ ਇਤਿਹਾਸ ਰੂਪੀ ਸਾਹਿਤ ਨੂੰ ਮੁੜ ਗੁਰਮਤਿ ਦੀ ਰੌਸ਼ਨੀ ਵਿੱਚ ਪੜਚੋਲਣ ਦੀ ਲੋੜ ਹੈ। ਇਸ ਲਈ ਕੌਮੀ ਪੱਧਰ ’ਤੇ ਵਿਦਵਾਨਾਂ ਦਾ ਬੋਰਡ ਹੋਂਦ ਵਿੱਚ ਲਿਆਉਣ ਦੀ ਜ਼ਰੂਰਤ ਹੈ। ਇਹ ‘‘ਬਾਬਾਣੀਆ ਕਹਾਣੀਆ; ਪੁਤ ਸਪੁਤ ਕਰੇਨਿ ॥ (ਮ: ੩/੯੫੧) ਦਾ ਮਹਾਨ ਕਾਰਜ ਹੈ।

ਅੱਜ ਦਾ ਯੁਗ ਵਿਗਿਆਨਕ ਯੁਗ ਹੈ। ਬੱਚਿਆਂ ਦੀ ਵਿਗਿਆਨਕ ਸੋਚ ਹੈ ਪਰ ਸਾਡੀ ਖੁਸ਼ ਕਿਸਮਤੀ ਹੈ ਕਿ ਗੁਰਬਾਣੀ ਵਿਗਿਆਨਿਕ ਯੁੱਗ ਨੂੰ ਅਗਵਾਈ ਦੇਣ ਦੇ ਸਮਰੱਥ ਹੈ। ਅਮਰੀਕਾ ਵਿਖੇ ਕੈਲੇਫੋਰਨੀਆ ਦੀ ਸੈਂਟਰਲ ਲਾਇਬ੍ਰੇਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਏਸੇ ਲਈ ਉੱਚ ਸਥਾਨ ਪ੍ਰਾਪਤ ਹੈ। ਇਹ ਗੱਲ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਧਰਮ ਹੀ ਵਿਗਿਆਨਿਕ ਯੁੱਗ ਦਾ ਧਰਮ ਹੈ।  ਸਾਨੂੰ ਵਿਗਿਆਨਿਕ ਸਾਧਨਾਂ ਰਾਹੀਂ, ਇਲੈਕਟ੍ਰੋਨਿਕ ਮੀਡੀਏ ਰਾਹੀਂ ਆਪਣੇ ਵਿਰਸੇ ਨੂੰ ਲੋਕਾਈ ਸਾਹਮਣੇ ਪੇਸ਼ ਕਰਨ ਦੀ ਲੋੜ ਹੈ। ਪੁਰਾਤਨ ਵਿਰਸੇ, ਪੇਂਡੂ ਸਭਿਆਚਾਰ ਜੋ ਅੱਜ ਅਮਲੀ ਤੌਰ ’ਤੇ ਸਾਡੇ ਕੋਲੋਂ ਅਲੋਪ ਹੁੰਦਾ ਜਾ ਰਿਹਾ ਹੈ, ਨੂੰ ਫਿਲਮਾ ਕੇ ਲਾਇਬ੍ਰੇਰੀ ਦੇ ਰੂਪ ਵਿੱਚ ਸੰਭਾਲਣ ਦੀ ਲੋੜ ਹੈ ਤਾਂ ਜੋ ਅੱਗੋਂ ਗੁਰਬਾਣੀ ਨੂੰ ਸਮਝਣ ਵਿੱਚ ਔਖ ਨਾ ਆਵੇ। ਸਿੱਖੀ ਜੀਵਨ ਜਾਚ ਦਰਸਾਉਣ ਵਾਲੇ ਸ਼ਬਦਾਂ ਦਾ ਫਿਲਮਾਕਣ ਹੋਣਾ ਚਾਹੀਦਾ ਹੈ, ਜਦੋਂ ‘‘ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ ॥’’ (ਮ: ੧/੪੭੪) ਨੂੰ ਪਰਦੇ ’ਤੇ ਵਿਖਾਵਾਂਗੇ ਤਾਂ ਬੱਚੇ ਸਹਿਜੇ ਹੀ ਅਮਲੀ ਤੌਰ ’ਤੇ ਗੁਰਮਤਿ ਦੇ ਨੇੜੇ ਆਉਣਗੇ।

ਗੁਰਮਤਿ ਜਿੱਥੇ ਸਾਨੂੰ ਆਤਮਿਕ ਜੀਵਨ ਬਖ਼ਸ਼ਦੀ ਹੈ ਉੱਥੇ ਮਨੁੱਖਾ ਸਰੀਰ ਨੂੰ ‘‘ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥’’ (ਮ: ੫/੩੭੪) ਰਾਹੀਂ ਸਾਰੀਆਂ ਜੂਨਾਂ ਤੋਂ ਉੱਤਮ ਗਿਣਦੀ ਹੈ, ‘‘ਹਰਿ ਮੰਦਰੁ ਏਹੁ ਸਰੀਰੁ ਹੈ.. ॥’’ (ਮ: ੩/੧੩੪੬) ਕਹਿ ਕੇ ਵੀ ਇਸ ਨੂੰ ਸ੍ਰੇਸ਼ਟ ਮੰਨਿਆ ਹੈ, ਗੁਰਬਾਣੀ ‘‘ਨਾਨਕ  ! ਸੋ ਪ੍ਰਭੁ ਸਿਮਰੀਐ; ਤਿਸੁ ਦੇਹੀ ਕਉ ਪਾਲਿ ॥’’ (ਮ: ੫/੫੫੪) ਰਾਹੀਂ ਉਸ ਦੀ ਅਰੋਗਤਾ ਵੱਲ ਵੀ ਧਿਆਨ ਦਿਵਾਉਂਦੀ ਹੈ।  ਗੁਰੂ ਅੰਗਦ ਦੇਵ ਜੀ ਨੇ ਇਸ ਸੰਬੰਧੀ ਮੱਲ ਅਖਾੜੇ ਕਾਇਮ ਕੀਤੇ, ਦਸਮ ਪਾਤਸ਼ਾਹ ਜੀ ਨੇ ਹੋਲੇ ਮਹੱਲੇ ਰਾਹੀਂ ਸਰੀਰਕ ਅਭਿਆਸ ਕਰਵਾਇਆ।  ਅੱਜ ਸਾਡੇ ਬੱਚਿਆਂ ਕੋਲ ਸਰੀਰਕ ਅਭਿਆਸ ਲਈ ਗੁਰਮਤਿ ਮਾਹੌਲ ਵਿੱਚ ਕੋਈ ਥਾਂ ਨਹੀਂ, ਉਹ ਖੇਡਣ ਲਈ ਕਲੱਬਾਂ ਵਿੱਚ ਜਾਂਦੇ ਹਨ, ਜਿੱਥੋਂ ਦੀ ਸੰਗਤ ਰਾਹੀਂ ਹੌਲੀ-ਹੌਲੀ ਸਿੱਖੀ ਤੋਂ ਡਿੱਗਦੇ ਜਾਂਦੇ ਹਨ।  ਇਹੋ ਹੀ ਕਾਰਨ ਹੈ ਜਿੰਨੇ ਸਿੱਖ ਖਿਡਾਰੀ ਖੇਡ ਦੇ ਖੇਤਰ ਵਿੱਚ ਹਨ, ਉਨ੍ਹਾਂ ਵਿੱਚੋਂ 99% ਸਾਬਤ ਸੂਰਤ ਨਹੀਂ ਰਹੇ।  ਮੈਦਾਨ ਵਿੱਚ ਉਨ੍ਹਾਂ ਦੀ ਕੋਈ ਸਿੱਖੀ ਪਹਿਚਾਣ ਪ੍ਰਤੀਤ ਨਹੀਂ ਹੁੰਦੀ।  ਜੇਕਰ ਹਰ ਗੁਰਦੁਆਰਾ ਕਮੇਟੀ ਇਸ ਪਾਸੇ ਧਿਆਨ ਦੇਵੇ ਤਾਂ ਸਾਡੇ ਬੱਚੇ ਜਿੱਥੇ ਸਰੀਰਕ ਅਭਿਆਸ ਰਾਹੀਂ ਤੰਦਰੁਸਤ ਰਹਿਣਗੇ, ਉੱਥੇ ਗੁਰੂ ਦੀ ਸੰਗਤ ਨਾਲ ਵੀ ਜੁੜੇ ਰਹਿਣਗੇ। ਅਰੋਗ ਮਨ ਵਿੱਚ ਹੀ ਨਰੋਈ ਸੋਚ ਪੈਦਾ ਹੁੰਦੀ ਹੈ।  ਸਿੱਖੀ ਮਾਹੌਲ ਵਾਲੇ ਜਿੰਮ ਜਾਂ ਖੇਡ ਮੈਦਾਨ ਹੀ ਅੱਗੋਂ ਸਤਿਸੰਗਤ ਦਾ ਰੂਪ ਬਣ ਸਕਦੇ ਹਨ।

ਅਜੋਕੇ ਸਮੇਂ ਵਿੱਚ ਲੰਮੇ-ਲੰਮੇ ਨਗਰ ਕੀਰਤਨ ਜੋ ਅਸਲ ਵਿੱਚ ਜਲੂਸ ਹੀ ਹੁੰਦੇ ਹਨ, ਲੱਖਾਂ-ਕਰੋੜਾਂ ਰੁਪਏ ਖਰਚ ਕਰ ਕੇ ਨਿਕਲਦੇ ਹਨ। ਥਾਂ-ਥਾਂ ਲੰਗਰ, ਛਬੀਲਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਕਰੋੜਾਂ ਰੁਪਏ ਖਰਚ ਕਰ ਕੇ ਵੱਡੀ ਪੱਧਰ ’ਤੇ ਕੀਰਤਨ ਦਰਬਾਰ ਹੁੰਦੇ ਹਨ ਪਰ ਦਿਨੋ-ਦਿਨ ਸਿੱਖੀ ਵਿੱਚ ਨਿਘਾਰ ਹੀ ਆ ਰਿਹਾ ਹੈ। ਇਹ ਸਾਰਾ ਉਪਰਾਲਾ ਸਿੱਖੀ ਦੀ ਮਾਇਕ ਅਮੀਰੀ ਨੂੰ ਦਰਸਾਉਂਦਾ ਹੈ ਲੇਕਿਨ ਪਤਿਤਪੁਣੇ ਨੂੰ ਰੋਕਣ ਦੇ ਸਮਰੱਥ ਨਹੀਂ ਹੋ ਸਕਿਆ।  ਹਰ ਗੁਰੂ-ਘਰ, ਗੁਰੂ ਸਾਹਿਬਾਨ ਦੇ ਗੁਰਪੁਰਬਾਂ, ਭਗਤ-ਸਾਹਿਬਾਨਾਂ ਦੇ ਜਨਮ ਦਿਹਾੜਿਆਂ ਅਤੇ ਸ਼ਹੀਦਾਂ ਸੰਬੰਧੀ ਨੌਜਵਾਨ ਵਰਗ ਨੂੰ ਵਿਸ਼ੇਸ਼ ਸੱਦਾ ਦੇ ਕੇ ਸੈਮੀਨਾਰ ਕਰਵਾਏ ਜਾਣ, ਗੁਰਮਤਿ ਤੇ ਇਤਿਹਾਸ ਸੰਬੰਧੀ ਸਵਾਲ ਜਵਾਬ ਕੀਤੇ ਜਾਣ ਤਾਂ ਕਿ ਅਜੋਕਾ ਨੌਜਵਾਨ ਸੰਤੁਸ਼ਟ ਹੋ ਸਕੇ।  ਇਸ ਵਿਚਾਰ-ਵਟਾਂਦਰੇ ਨਾਲ ਕੌਮ ਵਿੱਚੋਂ ਭਰਮ-ਭੁਲੇਖੇ ਦੂਰ ਹੋ ਸਕਦੇ ਹਨ।

ਛੁੱਟੀਆਂ ਵਿੱਚ ਬੱਚਿਆਂ ਲਈ ਗੁਰਮਤਿ ਕੈਂਪਾਂ ਦਾ ਪ੍ਰਬੰਧ ਕੀਤਾ ਹੋਵੇ, ਜਿੱਥੇ ਅਮਲੀ ਤੌਰ ’ਤੇ ਕੁਝ ਦਿਨ ਬੱਚਿਆਂ ਨਾਲ ਰਹਿ ਕੇ ਉਨ੍ਹਾਂ ਨੂੰ ਗੁਰਮਤਿ ਗਾਡੀ ਰਾਹ ਨਾਲ ਜੋੜਿਆ ਜਾਏ, ਪੜ੍ਹਾਉਣ ਵਾਲਿਆਂ ਦੀ ਇਕਸਾਰਤਾ ਹੋਵੇ ਤਾਂ ਬੱਚੇ ਦੁਬਿਧਾ ਤੋਂ ਮੁਕਤ ਹੋ ਸਕਦੇ ਹਨ।

ਸਿੱਖ ਧਰਮ ਪੰਜਾਬ ਵਿੱਚ ਪੈਦਾ ਹੋਇਆ। ਲੋਕਾਂ ਦੀ ਮਾਤ੍ਰੀ ਬੋਲੀ ਵਿੱਚ ਇਹ ਗੁਰਮਤਿ ਸੰਦੇਸ਼, ਪੜ੍ਹਾਇਆ ਤੇ ਸਿਖਾਇਆ ਗਿਆ।  ਰੱਬੀ ਪੈਗਾਮ ਜੋ ਬਾਣੀ ਦੇ ਰੂਪ ਵਿੱਚ ਮਿਲਿਆ, ਉਹ ਗੁਰਮੁਖੀ ਭਾਸ਼ਾ ਵਿੱਚ ਲਿਖਿਆ ਗਿਆ।  ਮੁੱਢਲੇ ਰੂਪ ਵਿੱਚ ਗੁਰਬਾਣੀ ਨਾਲ ਜੁੜੇ ਰਹਿਣ ਲਈ ਗੁਰਮੁਖੀ ਵਿੱਦਿਆ ਦਾ ਗਿਆਨ ਹਰ ਸਿੱਖ ਬੱਚੇ ਬੱਚੀਆਂ ਲਈ ਜ਼ਰੂਰੀ ਹੈ। ਰਹਿਤਨਾਮਾ ਭਾਈ ਦੇਸਾ ਸਿੰਘ ਜੀ ਵਿੱਚ ਪ੍ਰੇਰਨਾ ਹੈ :

‘‘ਗੁਰਬਾਣੀ ਅਖਰ ਜੋ ਹੈ, ਭਾਈ। ਸਿੰਘ ਸਿੰਘ ਤੇ ਸੀਖੇ ਜਾਈ।

ਔਰ ਜੋ ਵਿਦਿਆ ਜਹਿ ਤਹਿ ਹੋਈ। ਅਵਰਨ ਤੇ ਭੀ ਲੇਵੈ ਸੋਈ।’’

ਸਿੱਖ ਤੋਂ ਗੁਰਮੁਖੀ ਪੜ੍ਹਨ ਦਾ ਉਪਦੇਸ਼ ਇਸ ਲਈ ਹੈ ਕਿ ਧਾਰਮਕ ਵਿੱਦਿਆ ਧਰਮ ਗਿਆਤਾ ਤੋਂ ਪੜ੍ਹਨੀ ਉੱਤਮ ਹੈ ਕਿਉਂਕਿ ਉਹ ਧਰਮ ਤੱਤ ਨੂੰ ਜਾਣਦਾ ਹੈ, ਉਸ ਤੋਂ ਪੜ੍ਹਿਆ (ਵਿਦਿਆਰਥੀ) ਗੁਮਰਾਹ ਨਹੀਂ ਹੋ ਸਕਦਾ। (ਗੁ: ਮਾਰਤੰਡ, ਪੰਨਾ ੯੩੦) ਸਿੱਖ ਰਹਿਤ ਮਰਯਾਦਾ ਦੇ ਗੁਰਮਤਿ ਦੀ ਰਹਿਣੀ ਦੇ ਭਾਗ ‘ਖ’ ਤੇ ‘ਗ’ ਵਿੱਚ ਇੰਜ ਹੁਕਮ ਹੈ :

(ਖ) ਸਿੱਖ ਲਈ ਗੁਰਮੁਖੀ ਵਿੱਦਿਆ ਪੜ੍ਹਨੀ ਜ਼ਰੂਰੀ ਹੈ, ਹੋਰ ਵਿੱਦਿਆ ਵੀ ਪੜ੍ਹੇ।

(ਗ) ਸੰਤਾਨ ਨੂੰ ਗੁਰਮੁਖੀ ਦੀ ਵਿੱਦਿਆ ਦਿਵਾਉਣੀ ਸਿੱਖ ਦਾ ਫ਼ਰਜ਼ ਹੈ।

ਆਓ, ਸਿੱਖੀ ਸਰੂਪ ਤੇ ਸਿੱਖ ਮਤਿ ਨੂੰ ਸੰਭਾਲਣ ਲਈ ‘ਊੜੇ’ ਤੇ ‘ਜੂੜੇ’ ਦੀ ਸੰਭਾਲ ਲਈ ਸਾਰੇ ਤਤਪਰ ਹੋਈਏ।

ਅਜੋਕੇ ਸਮੇਂ ਵਿਚ ਪੰਥ ਜਾਂ ਸਿੱਖ ਕੌਮ ਸਾਹਮਣੇ ਦਰਪੇਸ਼ ਚਾਰ ਸਮੱਸਿਆਵਾਂ ਹਨ : (1) ਨਸ਼ੇ (2) ਜਾਤ ਪਾਤ (3) ਡੇਰਾਵਾਦ (4) ਬੇਰੁਜ਼ਗਾਰੀ।

ਦਾਸ ਕੇਵਲ ਇੱਥੇ ਬੇਰੁਜ਼ਗਾਰੀ ਦੀ ਗੱਲ ਕਰਨੀ ਚਾਹੇਗਾ ਤਾਂ ਕਿ ਅੱਜ ਪੜ੍ਹਿਆ-ਲਿਖਿਆ ਨੌਜਵਾਨ ਉੱਚ-ਵਿੱਦਿਆ ਹਾਸਲ ਕਰ ਕੇ ਜਦੋਂ ਰੁਜ਼ਗਾਰ ਲਈ ਥਾਂ-ਥਾਂ ਭਟਕਦਾ ਹੈ ਤਾਂ ਉਹ ਕਈ ਵਾਰ ਰੁਜ਼ਗਾਰ ਦੀ ਖਾਤਰ ਸਿੱਖੀ ਸਰੂਪ, ਨਾ ਚਾਹੁੰਦਾ ਹੋਇਆ ਵੀ ਗੁਆ ਬੈਠਦਾ ਹੈ।  ਇਸ ਤਰ੍ਹਾਂ ਉਹ ਮਜਬੂਰਨ ਪਤਿਤਪੁਣੇ ਵਿੱਚ ਧਸਦਾ ਹੈ, ਚਿੰਤਾਵਸ ਹੋਏ ਨੂੰ ਨਸ਼ੇ ਵੀ ਆ ਘੇਰਦੇ ਹਨ।

ਅਸੀਂ ਸੋਨੇ ਦੀਆਂ ਪਾਲਕੀਆਂ ਤੇ ਗੁੰਬਦ ਤਾਂ ਬਹੁਤ ਸਜਾ ਦਿੱਤੇ ਹਨ ਪਰ ‘‘ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ; ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਾਏ ਕਾ।’’ (ਭਾਈ ਗੁਰਦਾਸ ਜੀ : ਕਬਿੱਤ ੬੭੩) ਵੱਲ ਧਿਆਨ ਦੇਣ ਦੀ ਵੀ ਜ਼ਰੂਰਤ ਹੈ।  ਜਿੰਨਾ ਸੋਨਾ ਗੁਰੂ ਘਰਾਂ ’ਤੇ ਲੱਗਾ ਹੈ ਜੇ ਕਿਤੇ ਉਸ ਦਾ ਵਿਆਜ ਹੀ ਚੰਗੇ ਸਕੂਲ ਕਾਲਜ, ਹਸਪਤਾਲ ਬਣਾਉਣ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਵਰਤਿਆ ਜਾਏ ਤਾਂ ਕੌਮ ਦੀ ਕਾਇਆ-ਕਲਪ ਹੋ ਸਕਦੀ ਹੈ।  ਕੋਈ ਵੀ ਸਿੱਖ ਬੇਰੁਜ਼ਗਾਰ ਨਹੀਂ ਹੋਵੇਗਾ।  ਨੌਜਵਾਨ ਵਰਗ ਨੂੰ ਵੀ ਸਨਿਮਰ ਬੇਨਤੀ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਕੋਈ ਕੰਮ ਵੱਡਾ ਜਾਂ ਛੋਟਾ ਨਹੀਂ, ਇਸ ਲਈ ‘‘ਘਾਲਿ ਖਾਇ; ਕਿਛੁ ਹਥਹੁ ਦੇਇ ॥’’ (ਮ: ੧/੧੨੪੫) ਸਾਡਾ ਮਹਾਨ ਵਿਰਸਾ ਹੈ। ਸਾਨੂੰ ਆਪ ਵਿਹਲੜਪੁਣਾ ਛੱਡ ਕੇ ਕਿਰਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਅਨਮਤੀ ਜਾਂ ਪੰਥ ਦੋਖੀ ਕੋਲੋਂ ਰੁਜ਼ਗਾਰ ਲਈ ਹੱਥ ਨਾ ਅੱਡਣਾ ਪਏ।  ਇਸ ਨਾਲ ਵੱਡੇ ਪੱਧਰ ’ਤੇ ਪਤਿਤਪੁਣੇ ਨੂੰ ਰੋਕਿਆ ਜਾ ਸਕਦਾ ਹੈ।

ਅਖੀਰ ਵਿੱਚ ਬੇਨਤੀ ਹੈ ਕਿ ਜਿਨ੍ਹਾਂ ਨੂੰ ਅਸੀਂ ਪਤਿਤ ਕਹਿੰਦੇ ਹਾਂ, ਕਦੀ ਕੌਮ ਨੇ ਉਨ੍ਹਾਂ ਦੀ ਪੀੜਾ ਨੂੰ ਸਮਝਣ ਦਾ ਯਤਨ ਨਹੀਂ ਕੀਤਾ।  ਹਰ ਸ਼ਹਿਰ ਜਾਂ ਪਿੰਡ ਪੱਧਰ ’ਤੇ ਘੱਟੋ-ਘੱਟ ਪੰਜ ਜੀਵਨ ਵਾਲੇ ਸਰਬ ਪ੍ਰਮਾਣਿਤ ਗੁਰਮੁਖ ਸੱਜਣ (ਜੇ ਜ਼ਿਆਦਾ ਹੋ ਸਕਣ ਤਾਂ ਹੋਰ ਵੀ ਚੰਗਾ ਹੈ) ਸਮਾਂ ਕੱਢ ਕੇ ਘਰ-ਘਰ ਨੌਜਵਾਨ ਪੀੜ੍ਹੀ ਨਾਲ ਰਾਬਤਾ ਕਾਇਮ ਕਰਨ, ਉਨ੍ਹਾਂ ਦੇ ਦਰਦ ਨੂੰ ਵੰਡਾਣ, ਸੁਣਨ ਅਜਿਹੇ ਬੱਚਿਆਂ ਦੀ ਮਾਨਸਿਕ ਸੰਤੁਸ਼ਟੀ ਹੋਵੇ ਜਿਹੜੇ ਬੱਚੇ ਪ੍ਰੇਰਿਤ ਹੋ ਕੇ ਮੁੜ ਆਪਣੇ ਘਰ ਸਿੱਖੀ ਵਿੱਚ ਆ ਜਾਣ।  ਉਨ੍ਹਾਂ ਨੂੰ ਸੰਗਤੀ ਤੌਰ ’ਤੇ ਸਨਮਾਨਿਤ ਕੀਤਾ ਜਾਵੇ ਤਾਂ ਜੋ ਹੋਰ ਦੂਜੇ ਬੱਚੇ ਵੀ ਉਤਸ਼ਾਹਿਤ ਹੋ ਕੇ ਸਿੱਖੀ ਵਿੱਚ ਪ੍ਰਵੇਸ਼ ਕਰ ਸਕਣ।  ਜਿੱਥੇ ਸਿੱਖ ਨੇ ਨਿਜੀ ਜੀਵਨ ਗੁਰੂ ਨੂੰ ਭੇਟ ਕਰਨਾ ਹੈ, ਉੱਥੇ ਉਸ ਦਾ ਫ਼ਰਜ਼ ਹੈ ਕਿ ‘‘ਓਹੁ, ਹਰਿ ਮਾਰਗਿ ਆਪਿ ਚਲਦਾ, ਹੋਰਨਾ ਨੋ ਹਰਿ ਮਾਰਗਿ ਪਾਏ॥’’ (ਮ: ੪/੧੪੦)  ਤਾਂ ਕਿ ਨੌਜਵਾਨੀ ਨੂੰ ਕਲਗੀਧਰ ਜੀ ਦਾ ਇਹ ਪੈਗਾਮ ਚੇਤੇ ਰਹਿ ਸਕੇ।

ਇਨ ਪੁਤ੍ਰਨ ਕੇ ਸੀਸ ਪੈ; ਵਾਰ ਦੀਏ ਸੁਤ ਚਾਰ॥

ਚਾਰ ਮੂਏ ਤੋ ਕਿਆ ਹੂਆ  ?  ਜੀਵਤ ਕਈ ਹਜ਼ਾਰ॥

ਇਸ ਪਾਸੇ ਕੌਮੀ ਪੱਧਰ ’ਤੇ ਤਦ ਹੀ ਤੁਰਿਆ ਜਾ ਸਕਦਾ ਹੈ ਜਦੋਂ ਸਾਨੂੰ ਯਾਦ ਹੋਵੇ, ‘‘ਮੰਦਾ ਮੂਲਿ ਨ ਕੀਚਈ; ਦੇ ਲੰਮੀ ਨਦਰਿ ਨਿਹਾਲੀਐ ॥’’ (ਮ: ੧/੪੭੪) ਪੰਥ ਦੋਖੀ ਸੋਚ ਵਾਲਿਆਂ ਤੋਂ ਬਚਣਾ ਵੀ ਹਰੇਕ ਗੁਰਸਿੱਖ ਦਾ ਫ਼ਰਜ਼ ਬਣਦਾ ਹੈ।

ਭਾਈ ਤਾਰੂ ਸਿੰਘ ਦੇ ਵਾਰਸ ਕਿੱਧਰ ਨੂੰ ?

0

ਭਾਈ ਤਾਰੂ ਸਿੰਘ ਦੇ ਵਾਰਸ ਕਿੱਧਰ ਨੂੰ ?

ਬੀਬੀ ਰਸ਼ਮਿੰਦਰ ਕੌਰ (ਬਠਿੰਡਾ)

ਸੰਨ 1745 ਜੁਲਾਈ ਮਹੀਨੇ ਦੀ ਪਹਿਲੀ ਤਰੀਕ, ਲਾਹੌਰ ਵਿੱਚ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦੀ ਸ਼ਹੀਦੀ ਵੀ ਆਪਣੇ ਹੀ ਢੰਗ ਦੀ ਸੀ। ਭਾਈ ਤਾਰੂ ਸਿੰਘ ਜੀ ਨੂੰ ਕੇਸਾਂ ਸਣੇ, ਰੰਬੀ ਨਾਲ ਸਿਰ ਦੀ ਖੋਪਰੀ ਲਾਹ ਕੇ ਜੱਲਾਦ ਨੇ ਸ਼ਹੀਦ ਕੀਤਾ ਕਿਉਂਕਿ ਭਾਈ ਸਾਹਿਬ ਨੇ ਧਰਮ-ਪ੍ਰਤੀਕ ਕੇਸ ਕਤਲ ਕਰਾਉਣ ਤੋਂ ਨਾਂਹ ਕਰ ਦਿੱਤੀ ਸੀ। ਉਹ ਕੇਸਾਂ-ਸੁਆਸਾਂ ਸੰਗ ਸਿੱਖੀ ਨਿਭਾ ਗਏ। ਉਨ੍ਹਾਂ ਦੀ ਸ਼ਹੀਦੀ ਨਾਲ ਸਿਆਸੀ ਅਤਿਆਚਾਰਾਂ ਦੀ ਹਾਰ ਹੋਈ…ਤੇ ਧਰਮ ਦੀ ਜੈ-ਜੈ ਕਾਰ।

ਕੇਸ, ਸਿੱਖ ਦੀ ਆਪਣੇ ਧਰਮ ਤੇ ਗੁਰਬਾਣੀ ਦੇ ਉਪਦੇਸ਼ਾਂ ਉੱਤੇ ਦ੍ਰਿੜ੍ਹਤਾ ਦੇ ਪ੍ਰਤੀਕ ਹਨ ਅਤੇ ਆਪਣੇ ਮਹਾਨ ਸਤਿਗੁਰਾਂ ਦੇ ਗੌਰਵਮਈ ਵਿਰਸੇ ਨਾਲ ਪਿਆਰ ਦੇ ਪ੍ਰਤੀਕ ਹਨ। ਕੇਸਾਂ ਤੇ ਹੋਰ ਕਕਾਰਾਂ ਤੋਂ ਪਤਾ ਲਗਦਾ ਹੈ ਕਿ ਸਿੱਖ ਦਾ ਆਪਣੇ ਗੁਰੂ ਨਾਲ ਰਿਸ਼ਤਾ ਕਿੰਨਾ ਕੁ ਪਰਪੱਕ ਹੈ। ਇਸੇ ਪਿਆਰ-ਭਾਵਨਾ ਦੇ ਅਧੀਨ ਹੀ ਪਿਛਲੀ ਸਦੀ ਦੇ ਪ੍ਰਮੁੱਖ ਸਿਆਸੀ ਅਤੇ ਧਾਰਮਿਕ ਨੇਤਾ ਤੇ ਉੱਚ ਕੋਟੀ ਦੇ ਲਿਖਾਰੀ ਮਾਸਟਰ ਤਾਰਾ ਸਿੰਘ ਜੀ ਨੇ ਨੌਜੁਆਨਾਂ ਦੇ ਪ੍ਰਸ਼ਨ ਦੇ ਉੱਤਰ ਵਿੱਚ ਆਖਿਆ ਸੀ, ‘‘ਮੈਨੂੰ ਮੇਰੇ ਕਕਾਰਾਂ ਵਿੱਚੋਂ ਮੇਰੇ ਗੁਰੂ ਦੇ ਦਰਸ਼ਨ ਹੁੰਦੇ ਹਨ।’’ ਡਾਕਟਰ ਇੰਦੂ ਭੂਸ਼ਨ ਬੈਨਰਜੀ ਦੇ ਅਨੁਸਾਰ, ਗੁਰੂ ਨਾਨਕ ਵਿਚਾਰਧਾਰਾ ਦੇ ਮਿਲਗੋਭਾ ਹੋਣ ਤੋਂ ਬਚਾਉਣ ਲਈ ਹੀ ਕਕਾਰ ਲਾਜ਼ਮੀ ਕਰਾਰ ਦਿੱਤੇ ਗਏ ਸਨ।

ਇਕ ਵਿਦੇਸ਼ੀ ਬੀਬੀ Jeanne Culler ਨੇ ਕਕਾਰਾਂ ਦੀ ਮਹੱਤਤਾ ਨੂੰ ਬੜੇ ਢੁੱਕਵੇਂ ਤਰੀਕੇ ਨਾਲ ਬਿਆਨਿਆ ਹੈ; ਉਹ ਲਿਖਦੀ ਹੈ : ‘‘ਸਿੱਖੋ  ! ਤੁਸੀਂ ਕਕਾਰ ਤਿਆਗਣ ਦੀ ਸੋਚੋ ਤਾਂ ਸਹੀ, ਖ਼ਾਲਸਾ ਪੰਥ ਦਾ ਅੰਤ ਸਾਹਮਣੇ ਨਜ਼ਰ ਆਵੇਗਾ। ਜੇ ਤੁਸੀਂ ਦਸਤਾਰ ਲਾਹ ਦਿਓ, ਕੇਸ-ਦਾਹੜੀ ਕਤਲ ਕਰਾ ਦਿਓ ਤੇ ਕੜਾ ਲਾਹ ਛੱਡੋ, ਤਾਂ ਮੈਂ ਤੁਹਾਨੂੰ ਦਿਆਨਤਦਾਰੀ ਨਾਲ ਕਹਿੰਦੀ ਹਾਂ ਕਿ ਇਸ ਸਭ ਦਾ ਨਤੀਜਾ ਬੜਾ ਮੁਸੀਬਤ ਭਰਿਆ ਅਤੇ ਮੰਦਭਾਗਾ ਹੋਵੇਗਾ।

ਇਨ੍ਹਾਂ ਪੰਜ-ਕਕਾਰਾਂ ਨੇ ਸਿੱਖਾਂ ਨੂੰ ਇੱਕ ਭਾਈਚਾਰੇ ਵਿੱਚ ਸੰਗਠਿਤ ਰੱਖਿਆ ਹੈ ਕਿਉਂਕਿ ਇਹ ਚਿੰਨ੍ਹ ਸਿੱਖਾਂ ਨੂੰ ‘ਸਿੱਖ’ ਮਹਿਸੂਸ ਕਰਨ ਅਤੇ ਸਿੱਖੀ ਮਾਰਗ ਉੱਤੇ ਚੱਲਣ ਦੇ ਸਮਰੱਥ ਬਣਾਉਂਦੇ ਹਨ। ਇਹ ਸਿੱਖਾਂ ਨੂੰ ਉਹ ਹਿੰਮਤ ਭਰੇ ਕਾਰਨਾਮੇ ਕਰਨ ਦੇ ਸਮਰੱਥ ਬਣਾਉਂਦੇ ਹਨ, ਜੋ ਕਿ ਦੂਜੇ ਲੋਕ (ਗ਼ੈਰ-ਸਿੱਖ) ਨਹੀਂ ਕਰ ਸਕਦੇ।’’

ਭਾਈ ਤਾਰੂ ਸਿੰਘ ਜੀ ਨੂੰ ਗੁਰਮਤਿ-ਵਿਚਾਰਧਾਰਾ ਅਤੇ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਨੇ ਇੰਨੇ ਦ੍ਰਿੜ੍ਹ ਇਰਾਦੇ ਵਾਲਾ ਬਣਾ ਦਿੱਤਾ ਸੀ ਕਿ ਉਨ੍ਹਾਂ ਨੇ ਕੇਸਾਂ ਸਮੇਤ ਖੋਪਰੀ ਲੁਹਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰਮਤਿ ’ਤੇ ਚੱਲਣ ਦੀ ਸੇਧ ਦਿੱਤੀ ਤੇ ਇਤਿਹਾਸ ਵਿੱਚ ਇੱਕ ਸਦੀਵੀ ਯਾਦਗਾਰ ਬਣ ਗਏ।…ਭਾਈ ਤਾਰੂ ਸਿੰਘ ਜੀ ਨੂੰ ਕੇਸਾਂ ਵਿੱਚੋਂ ਨਿਸ਼ਚੇ ਹੀ ਗੁਰੂ ਦੇ ਦਰਸ਼ਨ ਹੁੰਦੇ ਸਨ। ਉਨ੍ਹਾਂ ਲਈ ਕੇਸਾਂ ’ਤੇ ਵਾਰ ਗੁਰੂ ’ਤੇ ਵਾਰ ਸੀ…ਜੋ ਕਿ ਇੱਕ ਸਿੱਦਕੀ ਸਿੱਖ ਕਿਸੇ ਹਾਲਤ ਵਿੱਚ ਵੀ ਸਹਿ ਨਹੀਂ ਸੀ ਸਕਦਾ। ਭਾਈ ਸਾਹਿਬ ਨੇ ਤਾਂ ਸਿੱਖੀ-ਮਾਰਗ ’ਤੇ ਪਹਿਲਾ ਕਦਮ ਹੀ ਇਹ ਪਾਵਨ ਗੁਰ-ਉਪਦੇਸ਼ ਸੁਣ ਕੇ ਰੱਖਿਆ ਸੀ : ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ॥  ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥’’ (ਸਲੋਕ ਵਾਰਾਂ ਤੇ ਵਧੀਕ ਮਹਲਾ ੧, ੧੪੧੨) ਭਾਵ ਜੇ ਤੈਨੂੰ ਗੁਰੂ ਨਾਲ/ਪ੍ਰਭੂ ਨਾਲ ਪਿਆਰ ਦੀ ਖੇਡ; ਖੇਡਣ ਦਾ ਚਾਅ ਹੈ, ਤਾਂ ਫਿਰ ਆਪਣਾ ਸਿਰ ਤਲੀ ’ਤੇ ਰੱਖ ਕੇ (ਸੰਪੂਰਨ ਆਪਾ-ਸਮਰਪਣ ਦੀ ਭਾਵਨਾ ਨਾਲ) ਮੇਰੀ ਗਲੀ (ਮਾਰਗ) ਵਿੱਚ ਆ ਜਾਹ।  ਜੇਕਰ ਪ੍ਰੇਮ ਦੇ ਰਾਹ ’ਤੇ ਪੈਰ ਰੱਖ ਹੀ ਦਿੱਤਾ ਹੈ ਤਾਂ ਫਿਰ ਆਪਣਾ ਸਿਰ ਭੇਟ ਕਰ ਦੇ, ਝਿੱਜਕ ਨਾ ਕਰ।

ਇਕੱਲੇ ਭਾਈ ਤਾਰੂ ਸਿੰਘ ਜੀ ਦਾ ਹੀ ਅਜਿਹਾ ਵਿਸ਼ਵਾਸ ਨਹੀਂ ਸੀ, ਸਗੋਂ ਸਾਰੇ ਸਿੱਖ ਹੀ ਇਸ ਤਰ੍ਹਾਂ ਸੋਚਦੇ ਸਨ। ਉਨ੍ਹਾਂ ਲਈ ਧਰਮ-ਚਿੰਨ੍ਹਾਂ ਦਾ ਅਨਾਦਰ, ਗੁਰੂ ਦਾ ਅਨਾਦਰ ਸੀ। ਸਿੱਖੀ ਦੇ ਉਦੇਸ਼ਾਂ ਲਈ ਜਿਊਣਾ ਤੇ ਸਿੱਖੀ ਦੇ ਉਦੇਸ਼ਾਂ ਲਈ ਮਰਨਾ ਉਨ੍ਹਾਂ ਦੀ ਦਿਲੀ-ਸੱਧਰ ਸੀ; ਜੀਵਨ ਦਾ ਮਨੋਰਥ ਸੀ। ਉਨ੍ਹਾਂ ਦਾ ਅਜਿਹਾ ਉਤਸ਼ਾਹ, ਉਮਾਹ ਤੇ ਕੁਰਬਾਨੀ ਦੀ ਭਾਵਨਾ ਹੀ ਸੀ, ਜਿਸ ਕਰਕੇ ਸਿੱਖ ਕੌਮ ਨੂੰ ਖ਼ਤਮ ਕਰਨ ਦੇ, ਵੇਲੇ ਦੀ ਹਕੂਮਤ ਦੇ ਸਾਰੇ ਮਨਸੂਬੇ ਧਰੇ-ਧਰਾਏ ਹੀ ਰਹਿ ਗਏ। ਭਾਈ ਸਾਹਿਬ ਦੀ ਸ਼ਹੀਦੀ ਦੇ ਅਗਲੇ ਸਾਲ, ਸੰਨ 1746 ਵਿੱਚ, ਦੋ-ਤਿੰਨ ਮਹੀਨੇ ਸਿੱਖਾਂ ਨੂੰ ਲਗਾਤਾਰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ 10 ਮਾਰਚ 1746 ਨੂੰ ਲਾਹੌਰ ਵਿੱਚ ਰਹਿੰਦੇ ਸਾਰੇ ਸਿੱਖ ਫੜ ਕੇ ਕਤਲ ਕਰ ਦਿੱਤੇ ਗਏ। ਫਿਰ ਪਿੰਡਾਂ ਤੇ ਜੰਗਲਾਂ-ਬੇਲਿਆਂ ਵਿੱਚ ਰਹਿਣ ਵਾਲੇ ਸਿੱਖਾਂ ਦੀ ਵਾਰੀ ਆਈ। ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂਵਾਨ ਦੇ ਛੰਭ ਵਿੱਚ ਵਸ ਰਹੇ 15 ਕੁ ਹਜ਼ਾਰ ਸਿੱਖਾਂ ’ਤੇ ਧਾਵਾ ਬੋਲਿਆ ਗਿਆ।…ਇਹ ਟੱਕਰ ਜੂਨ ਦੇ ਆਰੰਭ ਤੱਕ ਚੱਲੀ, ਜਿਸ ਵਿੱਚ ਦਸ ਹਜ਼ਾਰ ਸਿੱਖਾਂ ਨੇ ਮੌਤ ਨੂੰ ਗਲਵੱਕੜੀ ਪਾਈ, ਪਰ ਕਿਸੇ ਨੇ ਵੀ ਜਾਨ ਬਚਾਉਣ ਲਈ ਕੇਸ ਕਤਲ ਨਾ ਕਰਾਏ…ਕੇਸਾਂ ਵਿੱਚੋਂ ਗੁਰੂ ਦੇ ਦਰਸ਼ਨ ਜੁ ਹੁੰਦੇ ਸਨ; ਗੁਰੂ ਦੀ ਯਾਦ ਜੁ ਆਉਂਦੀ ਸੀ।

ਫਿਰ ਸੰਨ 1762 ਵਿੱਚ ਵੱਡਾ ਘੱਲੂਘਾਰਾ ਹੋਇਆ। ਸੰਨ 1762 ਦੀ ਫ਼ਰਵਰੀ ਦੇ ਪਹਿਲੇ ਹਫਤੇ ਕੁਪ-ਰਹੀੜਾ (ਜ਼ਿਲ੍ਹਾ ਸੰਗਰੂਰ) ਦੇ ਅਸਥਾਨ ’ਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਹੋਈ ਟੱਕਰ ਵਿੱਚ ਤੀਹ ਹਜ਼ਾਰ ਸਿੱਖ, ਇੱਕੋ ਦਿਨ ਸ਼ਹੀਦ ਹੋ ਗਏ, ਪਰ ਸਿੱਖੀ ਆਨ-ਸ਼ਾਨ ਨੂੰ ਲੀਕ ਨਾ ਲੱਗਣ ਦਿੱਤੀ।

ਅਜਿਹੇ ਘੱਲੂਘਾਰਿਆਂ ਮਗਰੋਂ ਹਕੂਮਤਾਂ ਖ਼ੁਸ਼ੀ ਮਨਾਉਂਦੀਆਂ ਰਹੀਆਂ ਹਨ ਕਿ ਸਿੱਖਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ ਹੈ, ਪਰ ਸਿੱਖ ਪਤਾ ਨਹੀਂ ਕਿਹੋ ਜਿਹੀ ਮਿੱਟੀ ਦੇ ਬਣੇ ਹੋਏ ਸਨ। ਇਨ੍ਹਾਂ ’ਤੇ ਜਿੰਨੀਆਂ ਸਖ਼ਤੀਆਂ ਹੁੰਦੀਆਂ, ਜਿੰਨੇ ਅੱਤਿਆਚਾਰ ਹੁੰਦੇ, ਉਹ ਓਨੇ ਹੀ ਵਧੇਰੇ ਮਜ਼ਬੂਤ ਹੋ ਜਾਂਦੇ, ਓਨੇ ਹੀ ਦਲੇਰ ਹੋ ਜਾਂਦੇ।…ਫ਼ਰਵਰੀ 1762 ਦੇ ਪਹਿਲੇ ਹਫਤੇ ਵਿੱਚ ਜਿਸ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਨੂੰ ਅਚਾਨਕ ਘੇਰ ਕੇ ਵੱਡੀ ਤਬਾਹੀ ਮਚਾਈ ਸੀ, ਉਹੀ ਅਬਦਾਲੀ ਕੇਵਲ 8 ਮਹੀਨਿਆਂ ਮਗਰੋਂ ਅਕਤੂਬਰ 1762 ਵਿੱਚ, ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਸਿੱਖਾਂ ਦਾ ਟਾਕਰਾ ਨਹੀਂ ਸੀ ਕਰ ਸਕਿਆ ਤੇ ਮੈਦਾਨ ਵਿੱਚੋਂ ਨੱਸ ਗਿਆ ਸੀ।

ਪਰ ਅੱਜ ਕੀ ਹੋ ਗਿਆ ਹੈ ਭਾਈ ਤਾਰੂ ਸਿੰਘ ਦੇ ਵਾਰਸਾਂ ਨੂੰ ? ਕੋਈ ਜ਼ੁਲਮ ਨਹੀਂ, ਕੋਈ ਅੱਤਿਆਚਾਰ ਨਹੀਂ…ਆਪ ਨਾਈ ਦੀ ਦੁਕਾਨ ’ਤੇ ਜਾ ਕੇ ਕੇਸ ਕਤਲ ਕਰਾਉਂਦੇ ਹਨ….ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਸਿੱਖ ਨੌਜੁਆਨ !  ਸਿੱਖਾਂ ਦੇ ਹੋਮਲੈਂਡ ਪੰਜਾਬ ਵਿੱਚ ਪਗੜੀਧਾਰੀ ਲੋਕ (ਸਿੱਖ) ਤੇਜ਼ੀ ਨਾਲ ਅਲੋਪ ਹੋ ਰਹੇ ਹਨ। ਸਕੂਲਾਂ-ਕਾਲਜਾਂ ਵਿੱਚ, ਸਿੱਖ ਨਾਵਾਂ ਵਾਲੇ ਵਿਦਿਆਰਥੀਆਂ ਵਿੱਚ 10 ਪ੍ਰਤੀਸ਼ਤ ਵੀ ਸਾਬਤ-ਸੂਰਤ ਵਾਲੇ ਨਹੀਂ ਰਹੇ। ਅੰਮ੍ਰਿਤ ਦੇ ਵਪਾਰੀ ਅੱਜ ਨਸ਼ਿਆਂ ਦੇ ਵਪਾਰੀ ਬਣ ਗਏ ਹਨ…ਭ੍ਰਿਸ਼ਟਾਚਾਰ, ਵਿਭਚਾਰ, ਬਲਾਤਕਾਰ, ਭਰੂਣ-ਹੱਤਿਆ, ਲੁੱਟ-ਮਾਰ, ਹਿੰਸਕ ਰੁਚੀਆਂ, ਪਤਾ ਨਹੀਂ ਕੀ-ਕੀ ਸਾਡੇ ਜੀਵਨ ਵਿੱਚ ਦਾਖ਼ਲ ਹੋ ਚੁੱਕਾ ਹੈ। ਹਾਲਤ ਇਹ ਬਣੀ ਪਈ ਹੈ ਕਿ ਪੁਲਿਸ ਅਤੇ ਫ਼ੌਜ ਵਿੱਚ ਭਰਤੀ ਲਈ ਯੋਗ ਨੌਜੁਆਨ ਨਹੀਂ ਮਿਲ ਰਹੇ।

ਇਸ ਸਭ ਕਾਸੇ ਦਾ ਕਾਰਨ ਇਹ ਹੈ ਕਿ ਨੌਜੁਆਨਾਂ ਸਾਹਮਣੇ ਕੋਈ ਰੋਲ-ਮਾਡਲ ਨਹੀਂ ਹੈ। ਜਿਨ੍ਹਾਂ ਨੇ ਸੇਧ ਦੇਣੀ ਸੀ, ਉਹ ਆਪ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਘਿਰੇ ਪਏ ਹਨ। ਧਰਮ ਤਾਂ ਖੰਭ ਲਾ ਕੇ ਉੱਡ ਗਿਆ ਹੈ; ਨਿਰੀ ‘ਰਾਜਨੀਤੀ’ ਹੀ ਰਹਿ ਗਈ ਹੈ, ਉਹ ਵੀ ਪਰਿਵਾਰ-ਪ੍ਰਸਤੀ ਵਾਲੀ। ਵੋਟ ਬੈਂਕ ਨੂੰ ਵਧਾਉਣ ਲਈ ਹਰ ਤਰ੍ਹਾਂ ਦੇ ਕਾਇਦੇ-ਕਾਨੂੰਨ ਤੇ ਧਰਮ-ਸ਼ਰਮ ਨੂੰ ਕਿੱਲੀ ’ਤੇ ਟੰਗਿਆ ਜਾ ਰਿਹਾ ਹੈ।…ਅਨੈਤਿਕ ਅਤੇ ਅਧਾਰਮਿਕ ਕਾਰਵਾਈਆਂ ਕਰ ਰਹੇ ਲੋਕ ਭਲਾ ਰੋਲ-ਮਾਡਲ ਕਿਵੇਂ ਬਣ ਸਕਦੇ ਹਨ ? ਇਹ ਤਾਂ ਸਗੋਂ ਨੀਵੀਂ ਪੀੜ੍ਹੀ ਦੇ ਮਨ ਵਿੱਚ ਨਿਰਾਸ਼ਾ ਭਰ ਰਹੇ ਹਨ, ਧਰਮ ਲਈ ਗਿਲਾਨੀ ਭਰ ਰਹੇ ਹਨ।

ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਧਨ-ਪਦਾਰਥਾਂ ਦੀ ਚਮਕ-ਦਮਕ ਵਿਖਾ ਕੇ ਨੌਜੁਆਨਾਂ ਤੇ ਵਡੇਰੀ ਉਮਰ ਵਾਲਿਆਂ ਨੂੰ ਕੁਰਾਹੇ ਪਾ ਰਿਹਾ ਹੈ। ਜ਼ਰ (ਧਨ), ਜ਼ੋਰੂ, ਜਾਇਦਾਦ ਦੀ ਵਧੀ ਹੋਈ ਲਾਲਸਾ ਲੋਕਾਂ ਨੂੰ ਖੁਆਰ ਕਰ ਰਹੀ ਹੈ। ਅਮੀਰ ਘਰਾਣਿਆਂ ਦੇ ਨੌਜੁਆਨ ਅਜਿਹੀਆਂ ਅਨੈਤਿਕ ਰੁਚੀਆਂ ਦੇ ਸ਼ਿਕਾਰ ਹੋ ਕੇ ਭਟਕ ਗਏ ਹਨ; ਗਰੀਬ, ਬੇ-ਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਆਰਥਿਕ ਸਮੱਸਿਆਵਾਂ ’ਤੇ ਕਾਬੂ ਪਾਉਣ ਲਈ ਸੌਖੇ ਰਾਹ ਲੱਭ ਰਹੇ ਹਨ।…ਲੁੱਟਾਂ, ਖੋਹਾਂ, ਡਾਕਿਆਂ ਵਿੱਚ ਵਾਧਾ ਹੋ ਰਿਹਾ ਹੈ।…ਧਰਮ ਦੀ ਗੱਲ ਸੁਣਨ ਲਈ ਉਨ੍ਹਾਂ ਕੋਲ ਸਮਾਂ ਕਿੱਥੇ ? ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਸਮੱਸਿਆ ਹੋਰ ਭਿਆਨਕ ਰੂਪ ਲੈ ਰਹੀ ਹੈ ਕਿਉਂਕਿ ਜਿਨ੍ਹਾਂ ਨੇ ਸਮੱਸਿਆਵਾਂ ਨੂੰ ਹੱਲ ਕਰਨਾ ਸੀ ਉਹ ਹੀ ਕੁਰਾਹੇ ਪਏ ਹੋਏ ਹਨ।

ਹੁਣ ਸਮੱਸਿਆ ਦਾ ਹੱਲ ਖੁਦ ਬੱਚਿਆਂ ਤੇ ਨੌਜੁਆਨਾਂ ਨੂੰ ਕੱਢਣਾ ਪੈਣਾ ਹੈ : ਬੱਚਿਓ ਤੇ ਨੌਜੁਆਨੋ ! ਜ਼ਰਾ ਝਾਤ ਮਾਰੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੱਲ…ਜੋ ਜਲਦੀ-ਬਲਦੀ ਤਵੀ ’ਤੇ ਬੈਠੇ ਹੋਏ ਹਨ, ਸਰੀਰ ’ਤੇ ਗਰਮ-ਗਰਮ ਰੇਤ ਪੈ ਰਹੀ ਹੈ, ਗਰਮ ਪਾਣੀ ਵਿੱਚ ਉਬਾਲੇ ਜਾ ਰਹੇ ਹਨ। ਝਾਤ ਮਾਰੋ ਗੁਰੂ ਤੇਗ਼ ਬਹਾਦਰ ਜੀ ਵੱਲ ਜੋ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀ ਖ਼ਾਤਰ ਸ਼ਹੀਦ ਹੋ ਗਏ…ਤੇ ਉਨ੍ਹਾਂ ਦੇ ਨਾਲ ਗਏ ਤਿੰਨ ਸਿੱਖਾਂ ਨੂੰ ਆਰੇ ਨਾਲ ਚੀਰ ਕੇ, ਜਲਦੇ-ਬਲਦੇ ਪਾਣੀ ਵਿੱਚ ਉਬਾਲ ਕੇ ਅਤੇ ਸਰੀਰ ਦੁਆਲੇ ਰੂੰ ਲਪੇਟ ਕੇ, ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਜ਼ਰਾ ਦੇਖੋ ਤਾਂ ਸਹੀ ਦਸਮ ਪਿਤਾ ਦੇ ਜੀਵਨ ਨੂੰ…ਜ਼ਿੰਦਗੀ ਦਾ ਹਰ ਪਲ ਸੰਘਰਸ਼ ਵਿੱਚ ਗੁਜਰਿਆ, ਜਿਨ੍ਹਾਂ ਆਪਣਾ ਸਾਰਾ ਪਰਿਵਾਰ ਹੀ ਅੱਤਿਆਚਾਰਾਂ ਤੋਂ ਪੀੜਿਤ ਤੇ ਦੀਨ-ਦੁਖੀਆਂ ਲਈ ਵਾਰ ਦਿੱਤਾ। ਉਨ੍ਹਾਂ ਦੇ ਅੱਠ ਅਤੇ ਛੇ ਸਾਲਾਂ ਦੇ ਪੁੱਤਰਾਂ ਨੇ ਹੱਸਦਿਆਂ-2 ਸ਼ਹੀਦੀ ਦੇ ਦਿੱਤੀ। ਦੋ ਸਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਆਪ ਭੇਜਿਆ। ਕਦੇ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਦੇ ਸੀਨ ਨੂੰ ਅੱਖਾਂ ਸਾਹਮਣੇ ਲਿਆਓ…ਉਨ੍ਹਾਂ ਦੇ ਚਾਰ ਸਾਲਾਂ ਦੇ ਪੁੱਤਰ ਦਾ ਕਲੇਜਾ ਕੱਢ ਕੇ ਉਨ੍ਹਾਂ ਦੇ ਮੂੰਹ ਵਿੱਚ ਤੁੰਨਿਆ ਗਿਆ, ਉਹ ਤਾਂ ਵੀ ਅਡੋਲ ਰਹੇ ਅਤੇ ਭਿਆਨਕ ਤਸੀਹੇ ਸਹਾਰਦੇ ਸ਼ਹੀਦ ਹੋ ਗਏ।…ਉਨ੍ਹਾਂ ਦੇ ਮਗਰੋਂ ਬੰਦ-ਬੰਦ ਕਟਾਏ ਜਾਣ, ਖੋਪਰੀਆਂ ਲੁਹਾਉਣ, ਜਮੂਰਾਂ ਨਾਲ ਮਾਸ ਤੁੜਵਾਉਣ ਵਾਲਿਆਂ, ਚਰਖੀ ’ਤੇ ਚਾੜ੍ਹੇ ਜਾਣ, ਫਾਂਸੀ ਲਾਏ ਜਾਣ, ਤੋਪਾਂ ਨਾਲ ਉੱਡਾਏ ਜਾਣ, ਜੰਡਾਂ ਨਾਲ ਬੰਨ੍ਹ ਕੇ ਸਾੜੇ ਜਾਣ, ਹਾਥੀਆਂ ਦੇ ਪੈਰਾਂ ਥੱਲੇ ਕੁਚਲੇ ਜਾਣ, ਮੂੰਗਲੀਆਂ ਨਾਲ ਸਿਰ ਫੇਹੇ ਜਾਣ, ਜ਼ਮੀਨ ਵਿੱਚ ਗੱਡ ਕੇ ਕੁੱਤਿਆਂ ਦਾ ਅਹਾਰ ਬਣਾਏ ਜਾਣ, ਭੱਠੀਆਂ ਵਿੱਚ ਝੋਖੇ ਜਾਣ, ਗੱਡੀਆਂ ਥੱਲੇ ਸ਼ਹੀਦ ਕੀਤੇ ਜਾਣ, ਲਾਠੀਆਂ ਦੀਆਂ ਮਾਰਾਂ ਖਾਣ, ਸਰਕਾਰੀ ਤਸੀਹੇ-ਖ਼ਾਨਿਆਂ ਵਿੱਚ ਅਸਹਿ ਤੇ ਅਕਹਿ ਕਸ਼ਟ ਸਹਾਰਨ, ਕੋਹ-ਕੋਹ ਕੇ ਮਾਰੇ ਜਾਣ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾਣ, ਪੁੱਠੇ ਟੰਗ ਕੇ ਡਾਂਗਾਂ ਦੀ ਮਾਰ ਸਹਿਣ, ਲਾਲ ਮਿਰਚਾਂ ਦੀਆਂ ਧੂਣੀਆਂ ਸਹਿਣ, ਪੈਰਾਂ ਦੀਆਂ ਤਲੀਆਂ ਥੱਲੇ ਬੈਂਤਾਂ ਦੀ ਮਾਰ ਸਹਿਣ ਅਤੇ ਨੀਚ ਕਿਸਮ ਦੇ ਅੱਤਿਆਚਾਰ ਸਹਿਣ ਵਾਲੇ ਨੌਜੁਆਨਾਂ ਦਾ ਤਾਂਤਾ ਹੀ ਬੱਝ ਗਿਆ।

ਇੰਨੀ ਗੌਰਵਮਈ ਵਿਰਾਸਤ ਦੇ ਮਾਲਕ ਅੱਜ ਗੁਰੂ ਅਤੇ ਧਰਮ ਤੋਂ ਦੂਰ ਹੋਈ ਜਾਣ_ਇਹ ਕਿੰਨੇ ਦੁੱਖ ਦੀ ਗੱਲ ਹੈ।…ਜਦੋਂ ਕੌਮ ਦੇ ਭਵਿੱਖ ਦੇ ਨਿਰਮਾਤਾ ਕੌਮ ਤੋਂ ਦੂਰ ਹੋ ਜਾਣ ਵਾਲੇ ਕੰਮਾਂ ਵਿੱਚ ਰੁੱਝ ਜਾਣ ਤਾਂ ਕੌਮ ਦਾ ਭਵਿੱਖ ਕਿਹੋ ਜਿਹਾ ਹੋਵੇਗਾ_ਇਹ ਸੋਚ ਕੇ ਹਿਰਦਾ ਕੰਬ ਉੱਠਦਾ ਹੈ।

ਸੰਭਲੋ, ਭਾਈ  ! ਸੰਭਲੋ…ਵਿਰਸੇ ਦੀ ਪਛਾਣ ਕਰੋ, ਸਰਬੱਤ ਦੇ ਭਲੇ ਵਾਲੇ ਗੁਰੂ- ਆਦਰਸ਼ਾਂ ਨਾਲ ਜੁੜੋ। ਪਿਛਲੀ ਪੀੜ੍ਹੀ ਦੀ ਅਣਗਹਿਲੀ ਦੀ ਸਜ਼ਾ, ਅਜੋਕੇ ਆਗੂਆਂ ਦੀਆਂ ਗ਼ਲਤੀਆਂ ਦੀ ਸਜ਼ਾ ਕੌਮ ਨੂੰ ਨਾ ਦਿਓ…ਗੁਰੂ ਸਾਹਿਬਾਨ ਦੁਆਰਾ ਅਰੰਭੇ ਗਏ ਸਮਾਜਕ ਕ੍ਰਾਂਤੀ ਦੇ ਕਾਰਜਾਂ ਨੂੰ ਅੱਗੇ ਵਧਾਓ…ਉੱਠੋ ! ਜਾਗੋ ! !  ਗੁਰੂ ਦੀਆਂ ਰਹਿਮਤਾਂ ਦੇ ਪਾਤਰ ਬਣੋ।

Most Viewed Posts