ਭਾਈ ਤਾਰੂ ਸਿੰਘ ਦੇ ਵਾਰਸ ਕਿੱਧਰ ਨੂੰ ?

0
1331

ਭਾਈ ਤਾਰੂ ਸਿੰਘ ਦੇ ਵਾਰਸ ਕਿੱਧਰ ਨੂੰ ?

ਬੀਬੀ ਰਸ਼ਮਿੰਦਰ ਕੌਰ (ਬਠਿੰਡਾ)

ਸੰਨ 1745 ਜੁਲਾਈ ਮਹੀਨੇ ਦੀ ਪਹਿਲੀ ਤਰੀਕ, ਲਾਹੌਰ ਵਿੱਚ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦੀ ਸ਼ਹੀਦੀ ਵੀ ਆਪਣੇ ਹੀ ਢੰਗ ਦੀ ਸੀ। ਭਾਈ ਤਾਰੂ ਸਿੰਘ ਜੀ ਨੂੰ ਕੇਸਾਂ ਸਣੇ, ਰੰਬੀ ਨਾਲ ਸਿਰ ਦੀ ਖੋਪਰੀ ਲਾਹ ਕੇ ਜੱਲਾਦ ਨੇ ਸ਼ਹੀਦ ਕੀਤਾ ਕਿਉਂਕਿ ਭਾਈ ਸਾਹਿਬ ਨੇ ਧਰਮ-ਪ੍ਰਤੀਕ ਕੇਸ ਕਤਲ ਕਰਾਉਣ ਤੋਂ ਨਾਂਹ ਕਰ ਦਿੱਤੀ ਸੀ। ਉਹ ਕੇਸਾਂ-ਸੁਆਸਾਂ ਸੰਗ ਸਿੱਖੀ ਨਿਭਾ ਗਏ। ਉਨ੍ਹਾਂ ਦੀ ਸ਼ਹੀਦੀ ਨਾਲ ਸਿਆਸੀ ਅਤਿਆਚਾਰਾਂ ਦੀ ਹਾਰ ਹੋਈ…ਤੇ ਧਰਮ ਦੀ ਜੈ-ਜੈ ਕਾਰ।

ਕੇਸ, ਸਿੱਖ ਦੀ ਆਪਣੇ ਧਰਮ ਤੇ ਗੁਰਬਾਣੀ ਦੇ ਉਪਦੇਸ਼ਾਂ ਉੱਤੇ ਦ੍ਰਿੜ੍ਹਤਾ ਦੇ ਪ੍ਰਤੀਕ ਹਨ ਅਤੇ ਆਪਣੇ ਮਹਾਨ ਸਤਿਗੁਰਾਂ ਦੇ ਗੌਰਵਮਈ ਵਿਰਸੇ ਨਾਲ ਪਿਆਰ ਦੇ ਪ੍ਰਤੀਕ ਹਨ। ਕੇਸਾਂ ਤੇ ਹੋਰ ਕਕਾਰਾਂ ਤੋਂ ਪਤਾ ਲਗਦਾ ਹੈ ਕਿ ਸਿੱਖ ਦਾ ਆਪਣੇ ਗੁਰੂ ਨਾਲ ਰਿਸ਼ਤਾ ਕਿੰਨਾ ਕੁ ਪਰਪੱਕ ਹੈ। ਇਸੇ ਪਿਆਰ-ਭਾਵਨਾ ਦੇ ਅਧੀਨ ਹੀ ਪਿਛਲੀ ਸਦੀ ਦੇ ਪ੍ਰਮੁੱਖ ਸਿਆਸੀ ਅਤੇ ਧਾਰਮਿਕ ਨੇਤਾ ਤੇ ਉੱਚ ਕੋਟੀ ਦੇ ਲਿਖਾਰੀ ਮਾਸਟਰ ਤਾਰਾ ਸਿੰਘ ਜੀ ਨੇ ਨੌਜੁਆਨਾਂ ਦੇ ਪ੍ਰਸ਼ਨ ਦੇ ਉੱਤਰ ਵਿੱਚ ਆਖਿਆ ਸੀ, ‘‘ਮੈਨੂੰ ਮੇਰੇ ਕਕਾਰਾਂ ਵਿੱਚੋਂ ਮੇਰੇ ਗੁਰੂ ਦੇ ਦਰਸ਼ਨ ਹੁੰਦੇ ਹਨ।’’ ਡਾਕਟਰ ਇੰਦੂ ਭੂਸ਼ਨ ਬੈਨਰਜੀ ਦੇ ਅਨੁਸਾਰ, ਗੁਰੂ ਨਾਨਕ ਵਿਚਾਰਧਾਰਾ ਦੇ ਮਿਲਗੋਭਾ ਹੋਣ ਤੋਂ ਬਚਾਉਣ ਲਈ ਹੀ ਕਕਾਰ ਲਾਜ਼ਮੀ ਕਰਾਰ ਦਿੱਤੇ ਗਏ ਸਨ।

ਇਕ ਵਿਦੇਸ਼ੀ ਬੀਬੀ Jeanne Culler ਨੇ ਕਕਾਰਾਂ ਦੀ ਮਹੱਤਤਾ ਨੂੰ ਬੜੇ ਢੁੱਕਵੇਂ ਤਰੀਕੇ ਨਾਲ ਬਿਆਨਿਆ ਹੈ; ਉਹ ਲਿਖਦੀ ਹੈ : ‘‘ਸਿੱਖੋ  ! ਤੁਸੀਂ ਕਕਾਰ ਤਿਆਗਣ ਦੀ ਸੋਚੋ ਤਾਂ ਸਹੀ, ਖ਼ਾਲਸਾ ਪੰਥ ਦਾ ਅੰਤ ਸਾਹਮਣੇ ਨਜ਼ਰ ਆਵੇਗਾ। ਜੇ ਤੁਸੀਂ ਦਸਤਾਰ ਲਾਹ ਦਿਓ, ਕੇਸ-ਦਾਹੜੀ ਕਤਲ ਕਰਾ ਦਿਓ ਤੇ ਕੜਾ ਲਾਹ ਛੱਡੋ, ਤਾਂ ਮੈਂ ਤੁਹਾਨੂੰ ਦਿਆਨਤਦਾਰੀ ਨਾਲ ਕਹਿੰਦੀ ਹਾਂ ਕਿ ਇਸ ਸਭ ਦਾ ਨਤੀਜਾ ਬੜਾ ਮੁਸੀਬਤ ਭਰਿਆ ਅਤੇ ਮੰਦਭਾਗਾ ਹੋਵੇਗਾ।

ਇਨ੍ਹਾਂ ਪੰਜ-ਕਕਾਰਾਂ ਨੇ ਸਿੱਖਾਂ ਨੂੰ ਇੱਕ ਭਾਈਚਾਰੇ ਵਿੱਚ ਸੰਗਠਿਤ ਰੱਖਿਆ ਹੈ ਕਿਉਂਕਿ ਇਹ ਚਿੰਨ੍ਹ ਸਿੱਖਾਂ ਨੂੰ ‘ਸਿੱਖ’ ਮਹਿਸੂਸ ਕਰਨ ਅਤੇ ਸਿੱਖੀ ਮਾਰਗ ਉੱਤੇ ਚੱਲਣ ਦੇ ਸਮਰੱਥ ਬਣਾਉਂਦੇ ਹਨ। ਇਹ ਸਿੱਖਾਂ ਨੂੰ ਉਹ ਹਿੰਮਤ ਭਰੇ ਕਾਰਨਾਮੇ ਕਰਨ ਦੇ ਸਮਰੱਥ ਬਣਾਉਂਦੇ ਹਨ, ਜੋ ਕਿ ਦੂਜੇ ਲੋਕ (ਗ਼ੈਰ-ਸਿੱਖ) ਨਹੀਂ ਕਰ ਸਕਦੇ।’’

ਭਾਈ ਤਾਰੂ ਸਿੰਘ ਜੀ ਨੂੰ ਗੁਰਮਤਿ-ਵਿਚਾਰਧਾਰਾ ਅਤੇ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਨੇ ਇੰਨੇ ਦ੍ਰਿੜ੍ਹ ਇਰਾਦੇ ਵਾਲਾ ਬਣਾ ਦਿੱਤਾ ਸੀ ਕਿ ਉਨ੍ਹਾਂ ਨੇ ਕੇਸਾਂ ਸਮੇਤ ਖੋਪਰੀ ਲੁਹਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰਮਤਿ ’ਤੇ ਚੱਲਣ ਦੀ ਸੇਧ ਦਿੱਤੀ ਤੇ ਇਤਿਹਾਸ ਵਿੱਚ ਇੱਕ ਸਦੀਵੀ ਯਾਦਗਾਰ ਬਣ ਗਏ।…ਭਾਈ ਤਾਰੂ ਸਿੰਘ ਜੀ ਨੂੰ ਕੇਸਾਂ ਵਿੱਚੋਂ ਨਿਸ਼ਚੇ ਹੀ ਗੁਰੂ ਦੇ ਦਰਸ਼ਨ ਹੁੰਦੇ ਸਨ। ਉਨ੍ਹਾਂ ਲਈ ਕੇਸਾਂ ’ਤੇ ਵਾਰ ਗੁਰੂ ’ਤੇ ਵਾਰ ਸੀ…ਜੋ ਕਿ ਇੱਕ ਸਿੱਦਕੀ ਸਿੱਖ ਕਿਸੇ ਹਾਲਤ ਵਿੱਚ ਵੀ ਸਹਿ ਨਹੀਂ ਸੀ ਸਕਦਾ। ਭਾਈ ਸਾਹਿਬ ਨੇ ਤਾਂ ਸਿੱਖੀ-ਮਾਰਗ ’ਤੇ ਪਹਿਲਾ ਕਦਮ ਹੀ ਇਹ ਪਾਵਨ ਗੁਰ-ਉਪਦੇਸ਼ ਸੁਣ ਕੇ ਰੱਖਿਆ ਸੀ : ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ॥  ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥’’ (ਸਲੋਕ ਵਾਰਾਂ ਤੇ ਵਧੀਕ ਮਹਲਾ ੧, ੧੪੧੨) ਭਾਵ ਜੇ ਤੈਨੂੰ ਗੁਰੂ ਨਾਲ/ਪ੍ਰਭੂ ਨਾਲ ਪਿਆਰ ਦੀ ਖੇਡ; ਖੇਡਣ ਦਾ ਚਾਅ ਹੈ, ਤਾਂ ਫਿਰ ਆਪਣਾ ਸਿਰ ਤਲੀ ’ਤੇ ਰੱਖ ਕੇ (ਸੰਪੂਰਨ ਆਪਾ-ਸਮਰਪਣ ਦੀ ਭਾਵਨਾ ਨਾਲ) ਮੇਰੀ ਗਲੀ (ਮਾਰਗ) ਵਿੱਚ ਆ ਜਾਹ।  ਜੇਕਰ ਪ੍ਰੇਮ ਦੇ ਰਾਹ ’ਤੇ ਪੈਰ ਰੱਖ ਹੀ ਦਿੱਤਾ ਹੈ ਤਾਂ ਫਿਰ ਆਪਣਾ ਸਿਰ ਭੇਟ ਕਰ ਦੇ, ਝਿੱਜਕ ਨਾ ਕਰ।

ਇਕੱਲੇ ਭਾਈ ਤਾਰੂ ਸਿੰਘ ਜੀ ਦਾ ਹੀ ਅਜਿਹਾ ਵਿਸ਼ਵਾਸ ਨਹੀਂ ਸੀ, ਸਗੋਂ ਸਾਰੇ ਸਿੱਖ ਹੀ ਇਸ ਤਰ੍ਹਾਂ ਸੋਚਦੇ ਸਨ। ਉਨ੍ਹਾਂ ਲਈ ਧਰਮ-ਚਿੰਨ੍ਹਾਂ ਦਾ ਅਨਾਦਰ, ਗੁਰੂ ਦਾ ਅਨਾਦਰ ਸੀ। ਸਿੱਖੀ ਦੇ ਉਦੇਸ਼ਾਂ ਲਈ ਜਿਊਣਾ ਤੇ ਸਿੱਖੀ ਦੇ ਉਦੇਸ਼ਾਂ ਲਈ ਮਰਨਾ ਉਨ੍ਹਾਂ ਦੀ ਦਿਲੀ-ਸੱਧਰ ਸੀ; ਜੀਵਨ ਦਾ ਮਨੋਰਥ ਸੀ। ਉਨ੍ਹਾਂ ਦਾ ਅਜਿਹਾ ਉਤਸ਼ਾਹ, ਉਮਾਹ ਤੇ ਕੁਰਬਾਨੀ ਦੀ ਭਾਵਨਾ ਹੀ ਸੀ, ਜਿਸ ਕਰਕੇ ਸਿੱਖ ਕੌਮ ਨੂੰ ਖ਼ਤਮ ਕਰਨ ਦੇ, ਵੇਲੇ ਦੀ ਹਕੂਮਤ ਦੇ ਸਾਰੇ ਮਨਸੂਬੇ ਧਰੇ-ਧਰਾਏ ਹੀ ਰਹਿ ਗਏ। ਭਾਈ ਸਾਹਿਬ ਦੀ ਸ਼ਹੀਦੀ ਦੇ ਅਗਲੇ ਸਾਲ, ਸੰਨ 1746 ਵਿੱਚ, ਦੋ-ਤਿੰਨ ਮਹੀਨੇ ਸਿੱਖਾਂ ਨੂੰ ਲਗਾਤਾਰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ 10 ਮਾਰਚ 1746 ਨੂੰ ਲਾਹੌਰ ਵਿੱਚ ਰਹਿੰਦੇ ਸਾਰੇ ਸਿੱਖ ਫੜ ਕੇ ਕਤਲ ਕਰ ਦਿੱਤੇ ਗਏ। ਫਿਰ ਪਿੰਡਾਂ ਤੇ ਜੰਗਲਾਂ-ਬੇਲਿਆਂ ਵਿੱਚ ਰਹਿਣ ਵਾਲੇ ਸਿੱਖਾਂ ਦੀ ਵਾਰੀ ਆਈ। ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂਵਾਨ ਦੇ ਛੰਭ ਵਿੱਚ ਵਸ ਰਹੇ 15 ਕੁ ਹਜ਼ਾਰ ਸਿੱਖਾਂ ’ਤੇ ਧਾਵਾ ਬੋਲਿਆ ਗਿਆ।…ਇਹ ਟੱਕਰ ਜੂਨ ਦੇ ਆਰੰਭ ਤੱਕ ਚੱਲੀ, ਜਿਸ ਵਿੱਚ ਦਸ ਹਜ਼ਾਰ ਸਿੱਖਾਂ ਨੇ ਮੌਤ ਨੂੰ ਗਲਵੱਕੜੀ ਪਾਈ, ਪਰ ਕਿਸੇ ਨੇ ਵੀ ਜਾਨ ਬਚਾਉਣ ਲਈ ਕੇਸ ਕਤਲ ਨਾ ਕਰਾਏ…ਕੇਸਾਂ ਵਿੱਚੋਂ ਗੁਰੂ ਦੇ ਦਰਸ਼ਨ ਜੁ ਹੁੰਦੇ ਸਨ; ਗੁਰੂ ਦੀ ਯਾਦ ਜੁ ਆਉਂਦੀ ਸੀ।

ਫਿਰ ਸੰਨ 1762 ਵਿੱਚ ਵੱਡਾ ਘੱਲੂਘਾਰਾ ਹੋਇਆ। ਸੰਨ 1762 ਦੀ ਫ਼ਰਵਰੀ ਦੇ ਪਹਿਲੇ ਹਫਤੇ ਕੁਪ-ਰਹੀੜਾ (ਜ਼ਿਲ੍ਹਾ ਸੰਗਰੂਰ) ਦੇ ਅਸਥਾਨ ’ਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਹੋਈ ਟੱਕਰ ਵਿੱਚ ਤੀਹ ਹਜ਼ਾਰ ਸਿੱਖ, ਇੱਕੋ ਦਿਨ ਸ਼ਹੀਦ ਹੋ ਗਏ, ਪਰ ਸਿੱਖੀ ਆਨ-ਸ਼ਾਨ ਨੂੰ ਲੀਕ ਨਾ ਲੱਗਣ ਦਿੱਤੀ।

ਅਜਿਹੇ ਘੱਲੂਘਾਰਿਆਂ ਮਗਰੋਂ ਹਕੂਮਤਾਂ ਖ਼ੁਸ਼ੀ ਮਨਾਉਂਦੀਆਂ ਰਹੀਆਂ ਹਨ ਕਿ ਸਿੱਖਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ ਹੈ, ਪਰ ਸਿੱਖ ਪਤਾ ਨਹੀਂ ਕਿਹੋ ਜਿਹੀ ਮਿੱਟੀ ਦੇ ਬਣੇ ਹੋਏ ਸਨ। ਇਨ੍ਹਾਂ ’ਤੇ ਜਿੰਨੀਆਂ ਸਖ਼ਤੀਆਂ ਹੁੰਦੀਆਂ, ਜਿੰਨੇ ਅੱਤਿਆਚਾਰ ਹੁੰਦੇ, ਉਹ ਓਨੇ ਹੀ ਵਧੇਰੇ ਮਜ਼ਬੂਤ ਹੋ ਜਾਂਦੇ, ਓਨੇ ਹੀ ਦਲੇਰ ਹੋ ਜਾਂਦੇ।…ਫ਼ਰਵਰੀ 1762 ਦੇ ਪਹਿਲੇ ਹਫਤੇ ਵਿੱਚ ਜਿਸ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਨੂੰ ਅਚਾਨਕ ਘੇਰ ਕੇ ਵੱਡੀ ਤਬਾਹੀ ਮਚਾਈ ਸੀ, ਉਹੀ ਅਬਦਾਲੀ ਕੇਵਲ 8 ਮਹੀਨਿਆਂ ਮਗਰੋਂ ਅਕਤੂਬਰ 1762 ਵਿੱਚ, ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਸਿੱਖਾਂ ਦਾ ਟਾਕਰਾ ਨਹੀਂ ਸੀ ਕਰ ਸਕਿਆ ਤੇ ਮੈਦਾਨ ਵਿੱਚੋਂ ਨੱਸ ਗਿਆ ਸੀ।

ਪਰ ਅੱਜ ਕੀ ਹੋ ਗਿਆ ਹੈ ਭਾਈ ਤਾਰੂ ਸਿੰਘ ਦੇ ਵਾਰਸਾਂ ਨੂੰ ? ਕੋਈ ਜ਼ੁਲਮ ਨਹੀਂ, ਕੋਈ ਅੱਤਿਆਚਾਰ ਨਹੀਂ…ਆਪ ਨਾਈ ਦੀ ਦੁਕਾਨ ’ਤੇ ਜਾ ਕੇ ਕੇਸ ਕਤਲ ਕਰਾਉਂਦੇ ਹਨ….ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਸਿੱਖ ਨੌਜੁਆਨ !  ਸਿੱਖਾਂ ਦੇ ਹੋਮਲੈਂਡ ਪੰਜਾਬ ਵਿੱਚ ਪਗੜੀਧਾਰੀ ਲੋਕ (ਸਿੱਖ) ਤੇਜ਼ੀ ਨਾਲ ਅਲੋਪ ਹੋ ਰਹੇ ਹਨ। ਸਕੂਲਾਂ-ਕਾਲਜਾਂ ਵਿੱਚ, ਸਿੱਖ ਨਾਵਾਂ ਵਾਲੇ ਵਿਦਿਆਰਥੀਆਂ ਵਿੱਚ 10 ਪ੍ਰਤੀਸ਼ਤ ਵੀ ਸਾਬਤ-ਸੂਰਤ ਵਾਲੇ ਨਹੀਂ ਰਹੇ। ਅੰਮ੍ਰਿਤ ਦੇ ਵਪਾਰੀ ਅੱਜ ਨਸ਼ਿਆਂ ਦੇ ਵਪਾਰੀ ਬਣ ਗਏ ਹਨ…ਭ੍ਰਿਸ਼ਟਾਚਾਰ, ਵਿਭਚਾਰ, ਬਲਾਤਕਾਰ, ਭਰੂਣ-ਹੱਤਿਆ, ਲੁੱਟ-ਮਾਰ, ਹਿੰਸਕ ਰੁਚੀਆਂ, ਪਤਾ ਨਹੀਂ ਕੀ-ਕੀ ਸਾਡੇ ਜੀਵਨ ਵਿੱਚ ਦਾਖ਼ਲ ਹੋ ਚੁੱਕਾ ਹੈ। ਹਾਲਤ ਇਹ ਬਣੀ ਪਈ ਹੈ ਕਿ ਪੁਲਿਸ ਅਤੇ ਫ਼ੌਜ ਵਿੱਚ ਭਰਤੀ ਲਈ ਯੋਗ ਨੌਜੁਆਨ ਨਹੀਂ ਮਿਲ ਰਹੇ।

ਇਸ ਸਭ ਕਾਸੇ ਦਾ ਕਾਰਨ ਇਹ ਹੈ ਕਿ ਨੌਜੁਆਨਾਂ ਸਾਹਮਣੇ ਕੋਈ ਰੋਲ-ਮਾਡਲ ਨਹੀਂ ਹੈ। ਜਿਨ੍ਹਾਂ ਨੇ ਸੇਧ ਦੇਣੀ ਸੀ, ਉਹ ਆਪ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਘਿਰੇ ਪਏ ਹਨ। ਧਰਮ ਤਾਂ ਖੰਭ ਲਾ ਕੇ ਉੱਡ ਗਿਆ ਹੈ; ਨਿਰੀ ‘ਰਾਜਨੀਤੀ’ ਹੀ ਰਹਿ ਗਈ ਹੈ, ਉਹ ਵੀ ਪਰਿਵਾਰ-ਪ੍ਰਸਤੀ ਵਾਲੀ। ਵੋਟ ਬੈਂਕ ਨੂੰ ਵਧਾਉਣ ਲਈ ਹਰ ਤਰ੍ਹਾਂ ਦੇ ਕਾਇਦੇ-ਕਾਨੂੰਨ ਤੇ ਧਰਮ-ਸ਼ਰਮ ਨੂੰ ਕਿੱਲੀ ’ਤੇ ਟੰਗਿਆ ਜਾ ਰਿਹਾ ਹੈ।…ਅਨੈਤਿਕ ਅਤੇ ਅਧਾਰਮਿਕ ਕਾਰਵਾਈਆਂ ਕਰ ਰਹੇ ਲੋਕ ਭਲਾ ਰੋਲ-ਮਾਡਲ ਕਿਵੇਂ ਬਣ ਸਕਦੇ ਹਨ ? ਇਹ ਤਾਂ ਸਗੋਂ ਨੀਵੀਂ ਪੀੜ੍ਹੀ ਦੇ ਮਨ ਵਿੱਚ ਨਿਰਾਸ਼ਾ ਭਰ ਰਹੇ ਹਨ, ਧਰਮ ਲਈ ਗਿਲਾਨੀ ਭਰ ਰਹੇ ਹਨ।

ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਧਨ-ਪਦਾਰਥਾਂ ਦੀ ਚਮਕ-ਦਮਕ ਵਿਖਾ ਕੇ ਨੌਜੁਆਨਾਂ ਤੇ ਵਡੇਰੀ ਉਮਰ ਵਾਲਿਆਂ ਨੂੰ ਕੁਰਾਹੇ ਪਾ ਰਿਹਾ ਹੈ। ਜ਼ਰ (ਧਨ), ਜ਼ੋਰੂ, ਜਾਇਦਾਦ ਦੀ ਵਧੀ ਹੋਈ ਲਾਲਸਾ ਲੋਕਾਂ ਨੂੰ ਖੁਆਰ ਕਰ ਰਹੀ ਹੈ। ਅਮੀਰ ਘਰਾਣਿਆਂ ਦੇ ਨੌਜੁਆਨ ਅਜਿਹੀਆਂ ਅਨੈਤਿਕ ਰੁਚੀਆਂ ਦੇ ਸ਼ਿਕਾਰ ਹੋ ਕੇ ਭਟਕ ਗਏ ਹਨ; ਗਰੀਬ, ਬੇ-ਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਆਰਥਿਕ ਸਮੱਸਿਆਵਾਂ ’ਤੇ ਕਾਬੂ ਪਾਉਣ ਲਈ ਸੌਖੇ ਰਾਹ ਲੱਭ ਰਹੇ ਹਨ।…ਲੁੱਟਾਂ, ਖੋਹਾਂ, ਡਾਕਿਆਂ ਵਿੱਚ ਵਾਧਾ ਹੋ ਰਿਹਾ ਹੈ।…ਧਰਮ ਦੀ ਗੱਲ ਸੁਣਨ ਲਈ ਉਨ੍ਹਾਂ ਕੋਲ ਸਮਾਂ ਕਿੱਥੇ ? ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਸਮੱਸਿਆ ਹੋਰ ਭਿਆਨਕ ਰੂਪ ਲੈ ਰਹੀ ਹੈ ਕਿਉਂਕਿ ਜਿਨ੍ਹਾਂ ਨੇ ਸਮੱਸਿਆਵਾਂ ਨੂੰ ਹੱਲ ਕਰਨਾ ਸੀ ਉਹ ਹੀ ਕੁਰਾਹੇ ਪਏ ਹੋਏ ਹਨ।

ਹੁਣ ਸਮੱਸਿਆ ਦਾ ਹੱਲ ਖੁਦ ਬੱਚਿਆਂ ਤੇ ਨੌਜੁਆਨਾਂ ਨੂੰ ਕੱਢਣਾ ਪੈਣਾ ਹੈ : ਬੱਚਿਓ ਤੇ ਨੌਜੁਆਨੋ ! ਜ਼ਰਾ ਝਾਤ ਮਾਰੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੱਲ…ਜੋ ਜਲਦੀ-ਬਲਦੀ ਤਵੀ ’ਤੇ ਬੈਠੇ ਹੋਏ ਹਨ, ਸਰੀਰ ’ਤੇ ਗਰਮ-ਗਰਮ ਰੇਤ ਪੈ ਰਹੀ ਹੈ, ਗਰਮ ਪਾਣੀ ਵਿੱਚ ਉਬਾਲੇ ਜਾ ਰਹੇ ਹਨ। ਝਾਤ ਮਾਰੋ ਗੁਰੂ ਤੇਗ਼ ਬਹਾਦਰ ਜੀ ਵੱਲ ਜੋ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀ ਖ਼ਾਤਰ ਸ਼ਹੀਦ ਹੋ ਗਏ…ਤੇ ਉਨ੍ਹਾਂ ਦੇ ਨਾਲ ਗਏ ਤਿੰਨ ਸਿੱਖਾਂ ਨੂੰ ਆਰੇ ਨਾਲ ਚੀਰ ਕੇ, ਜਲਦੇ-ਬਲਦੇ ਪਾਣੀ ਵਿੱਚ ਉਬਾਲ ਕੇ ਅਤੇ ਸਰੀਰ ਦੁਆਲੇ ਰੂੰ ਲਪੇਟ ਕੇ, ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਜ਼ਰਾ ਦੇਖੋ ਤਾਂ ਸਹੀ ਦਸਮ ਪਿਤਾ ਦੇ ਜੀਵਨ ਨੂੰ…ਜ਼ਿੰਦਗੀ ਦਾ ਹਰ ਪਲ ਸੰਘਰਸ਼ ਵਿੱਚ ਗੁਜਰਿਆ, ਜਿਨ੍ਹਾਂ ਆਪਣਾ ਸਾਰਾ ਪਰਿਵਾਰ ਹੀ ਅੱਤਿਆਚਾਰਾਂ ਤੋਂ ਪੀੜਿਤ ਤੇ ਦੀਨ-ਦੁਖੀਆਂ ਲਈ ਵਾਰ ਦਿੱਤਾ। ਉਨ੍ਹਾਂ ਦੇ ਅੱਠ ਅਤੇ ਛੇ ਸਾਲਾਂ ਦੇ ਪੁੱਤਰਾਂ ਨੇ ਹੱਸਦਿਆਂ-2 ਸ਼ਹੀਦੀ ਦੇ ਦਿੱਤੀ। ਦੋ ਸਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਆਪ ਭੇਜਿਆ। ਕਦੇ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਦੇ ਸੀਨ ਨੂੰ ਅੱਖਾਂ ਸਾਹਮਣੇ ਲਿਆਓ…ਉਨ੍ਹਾਂ ਦੇ ਚਾਰ ਸਾਲਾਂ ਦੇ ਪੁੱਤਰ ਦਾ ਕਲੇਜਾ ਕੱਢ ਕੇ ਉਨ੍ਹਾਂ ਦੇ ਮੂੰਹ ਵਿੱਚ ਤੁੰਨਿਆ ਗਿਆ, ਉਹ ਤਾਂ ਵੀ ਅਡੋਲ ਰਹੇ ਅਤੇ ਭਿਆਨਕ ਤਸੀਹੇ ਸਹਾਰਦੇ ਸ਼ਹੀਦ ਹੋ ਗਏ।…ਉਨ੍ਹਾਂ ਦੇ ਮਗਰੋਂ ਬੰਦ-ਬੰਦ ਕਟਾਏ ਜਾਣ, ਖੋਪਰੀਆਂ ਲੁਹਾਉਣ, ਜਮੂਰਾਂ ਨਾਲ ਮਾਸ ਤੁੜਵਾਉਣ ਵਾਲਿਆਂ, ਚਰਖੀ ’ਤੇ ਚਾੜ੍ਹੇ ਜਾਣ, ਫਾਂਸੀ ਲਾਏ ਜਾਣ, ਤੋਪਾਂ ਨਾਲ ਉੱਡਾਏ ਜਾਣ, ਜੰਡਾਂ ਨਾਲ ਬੰਨ੍ਹ ਕੇ ਸਾੜੇ ਜਾਣ, ਹਾਥੀਆਂ ਦੇ ਪੈਰਾਂ ਥੱਲੇ ਕੁਚਲੇ ਜਾਣ, ਮੂੰਗਲੀਆਂ ਨਾਲ ਸਿਰ ਫੇਹੇ ਜਾਣ, ਜ਼ਮੀਨ ਵਿੱਚ ਗੱਡ ਕੇ ਕੁੱਤਿਆਂ ਦਾ ਅਹਾਰ ਬਣਾਏ ਜਾਣ, ਭੱਠੀਆਂ ਵਿੱਚ ਝੋਖੇ ਜਾਣ, ਗੱਡੀਆਂ ਥੱਲੇ ਸ਼ਹੀਦ ਕੀਤੇ ਜਾਣ, ਲਾਠੀਆਂ ਦੀਆਂ ਮਾਰਾਂ ਖਾਣ, ਸਰਕਾਰੀ ਤਸੀਹੇ-ਖ਼ਾਨਿਆਂ ਵਿੱਚ ਅਸਹਿ ਤੇ ਅਕਹਿ ਕਸ਼ਟ ਸਹਾਰਨ, ਕੋਹ-ਕੋਹ ਕੇ ਮਾਰੇ ਜਾਣ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾਣ, ਪੁੱਠੇ ਟੰਗ ਕੇ ਡਾਂਗਾਂ ਦੀ ਮਾਰ ਸਹਿਣ, ਲਾਲ ਮਿਰਚਾਂ ਦੀਆਂ ਧੂਣੀਆਂ ਸਹਿਣ, ਪੈਰਾਂ ਦੀਆਂ ਤਲੀਆਂ ਥੱਲੇ ਬੈਂਤਾਂ ਦੀ ਮਾਰ ਸਹਿਣ ਅਤੇ ਨੀਚ ਕਿਸਮ ਦੇ ਅੱਤਿਆਚਾਰ ਸਹਿਣ ਵਾਲੇ ਨੌਜੁਆਨਾਂ ਦਾ ਤਾਂਤਾ ਹੀ ਬੱਝ ਗਿਆ।

ਇੰਨੀ ਗੌਰਵਮਈ ਵਿਰਾਸਤ ਦੇ ਮਾਲਕ ਅੱਜ ਗੁਰੂ ਅਤੇ ਧਰਮ ਤੋਂ ਦੂਰ ਹੋਈ ਜਾਣ_ਇਹ ਕਿੰਨੇ ਦੁੱਖ ਦੀ ਗੱਲ ਹੈ।…ਜਦੋਂ ਕੌਮ ਦੇ ਭਵਿੱਖ ਦੇ ਨਿਰਮਾਤਾ ਕੌਮ ਤੋਂ ਦੂਰ ਹੋ ਜਾਣ ਵਾਲੇ ਕੰਮਾਂ ਵਿੱਚ ਰੁੱਝ ਜਾਣ ਤਾਂ ਕੌਮ ਦਾ ਭਵਿੱਖ ਕਿਹੋ ਜਿਹਾ ਹੋਵੇਗਾ_ਇਹ ਸੋਚ ਕੇ ਹਿਰਦਾ ਕੰਬ ਉੱਠਦਾ ਹੈ।

ਸੰਭਲੋ, ਭਾਈ  ! ਸੰਭਲੋ…ਵਿਰਸੇ ਦੀ ਪਛਾਣ ਕਰੋ, ਸਰਬੱਤ ਦੇ ਭਲੇ ਵਾਲੇ ਗੁਰੂ- ਆਦਰਸ਼ਾਂ ਨਾਲ ਜੁੜੋ। ਪਿਛਲੀ ਪੀੜ੍ਹੀ ਦੀ ਅਣਗਹਿਲੀ ਦੀ ਸਜ਼ਾ, ਅਜੋਕੇ ਆਗੂਆਂ ਦੀਆਂ ਗ਼ਲਤੀਆਂ ਦੀ ਸਜ਼ਾ ਕੌਮ ਨੂੰ ਨਾ ਦਿਓ…ਗੁਰੂ ਸਾਹਿਬਾਨ ਦੁਆਰਾ ਅਰੰਭੇ ਗਏ ਸਮਾਜਕ ਕ੍ਰਾਂਤੀ ਦੇ ਕਾਰਜਾਂ ਨੂੰ ਅੱਗੇ ਵਧਾਓ…ਉੱਠੋ ! ਜਾਗੋ ! !  ਗੁਰੂ ਦੀਆਂ ਰਹਿਮਤਾਂ ਦੇ ਪਾਤਰ ਬਣੋ।