84 ਲੱਖ ਜੂਨਾਂ ਬਾਰੇ ਗੁਰਮਤਿ ਨਜ਼ਰੀਆ

0
679

84 ਲੱਖ ਜੂਨਾਂ ਬਾਰੇ ਗੁਰਮਤਿ ਨਜ਼ਰੀਆ

ਕਿਰਪਾਲ ਸਿੰਘ ਬਠਿੰਡਾ 88378-13661

ਗੁਰਮਤਿ; ਇੱਕ ਨਿਵੇਕਲੀ ਤੇ ਆਧੁਨਿਕ ਸੋਚ ਹੈ, ਜਿਸ ਨੇ ਤਰਕ-ਸੰਗਤ ਦਲੀਲ ਨਾਲ਼ ਕੀਤੀ ਰੱਬੀ ਧਰਮ ਦੀ ਵਿਆਖਿਆ ਤੋਂ ਲਗਭਗ 2-3 ਸਦੀਆਂ ਬਾਅਦ ਹੀ ਅਜੋਕੇ ਸਾਇੰਸ ਯੁਗ ਦੀ ਸ਼ੁਰੂਆਤ ਹੁੰਦੀ ਹੈ ਭਾਵ ਸਾਇੰਸ ਯੁਗ ਦੇ ਕਈ ਰਾਜ਼ ਵੀ ਗੁਰੂ ਨਾਨਕ ਜੀ ਬਹੁਤ ਪਹਿਲਾਂ ਹੀ ਖੋਲ੍ਹ ਚੁੱਕੇ ਸਨ।  ਸਦੀਆ ਤੋਂ ਮਿਥਿਹਾਸ, ਕਰਮਕਾਂਡ, ਅੰਧਵਿਸ਼ਵਾਸ ਤੇ ਸਮਾਜਕ ਭੇਦ-ਭਾਵ ਨੂੰ ਹੀ ਧਰਮ ਦਾ ਨਾਂ ਦਿੱਤਾ ਗਿਆ ਸੀ, ਜਿਸ ਦਾ ਖੰਡਨ ਕਰਦਿਆਂ ਅੱਜ ਸਾਡੇ ਲਈ ਸਾਇੰਸ ਵੀ ਮਦਦਗਾਰ ਹੋ ਰਹੀ ਹੈ।  ਧਰਮ ਦੇ ਨਾਂ ’ਤੇ ਕਰਮਕਾਂਡ ਕੇਵਲ ਭਾਰਤ ਵਿੱਚ ਹੀ ਨਹੀਂ ਹੁੰਦਾ ਬਲਕਿ ਪੂਰੀ ਦੁਨੀਆ ਹੀ ਇਸ ਦੀ ਚਪੇਟ ਵਿੱਚ ਹੈ। ਕਈ ਸਾਇੰਸਦਾਨਾਂ ਨੇ ਵੀ ਅੰਧਵਿਸ਼ਵਾਸ ਦਾ ਵਿਰੋਧ ਕਰਦਿਆਂ ਸਰੀਰਕ ਤਸੀਹੇ ਸਹਾਰੇ ਹਨ ਤੇ ਕਈ ਨੂੰ ਮੌਤ ਦੀ ਸਜ਼ਾ ਦਿੱਤੀ ਗਈ।  ਗੁਰੂ ਨਾਨਕ ਫ਼ਲਸਫ਼ੇ ਨੂੰ ਸਮਾਜ ’ਚ ਲਾਗੂ ਕਰਦਿਆਂ ਵੀ ਅਨੇਕਾਂ ਕਸ਼ਟਾਂ ਅਤੇ ਸ਼ਹੀਦੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਪੱਖੋ ਵੇਖੀਏ ਤਾਂ ਸਾਇੰਸਦਾਨ ਅਤੇ ਗੁਰੂ ਸਾਹਿਬਾਨ ਦਾ ਟੀਚਾ ਇੱਕੋ ਸੀ ਕਿ ਧਰਮ ਦੇ ਨਾਂ ’ਤੇ ਫੈਲਾਇਆ ਜਾ ਰਿਹਾ ਅੰਧ ਵਿਸ਼ਵਾਸ, ਦੁਬਿਧਾ ਖ਼ਤਮ ਹੋਵੇ।

ਅਜੋਕੇ ਜੀਵ ਵਿਗਿਆਨ ਨੇ ਇਸ ਧਰਤੀ ਉੱਤੇ 30 ਲੱਖ ਤੋਂ ਲੈ ਕੇ ਇੱਕ ਅਰਬ (100 ਕ੍ਰੋੜ) ਤੱਕ ਜੀਵਾਂ ਦੀਆਂ ਨਸਲਾਂ ਹੋਣ ਦਾ ਅਨੁਮਾਨ ਲਗਾਇਆ ਹੈ, ਜਿਸ ਲਈ ਹੁਣ ਤੱਕ ਹੋਈ ਖੋਜ ਨੇ ਸੁੱਕੀ ਧਰਤੀ ਉੱਤੇ 65 ਲੱਖ ਜੀਵ-ਨਸਲਾਂ ਅਤੇ ਪਾਣੀ ਵਿੱਚ 22 ਲੱਖ ਜੀਵ-ਜੂਨਾਂ ਦੀ ਖੋਜ ਕਰ ਲਈ ਹੈ, ਪਰ ਧਾਰਮਕ ਗ੍ਰੰਥਾਂ ਵਿੱਚ ਜੂਨਾਂ ਦੀ ਸੰਖਿਆ 84 ਲੱਖ ਮੰਨੀ ਹੋਈ ਹੈ, ਜਿਸ ਵਿੱਚੋਂ 42 ਲੱਖ ਪਾਣੀ ਵਿੱਚ ਅਤੇ 42 ਲੱਖ ਸੁੱਕੀ ਧਰਤੀ ’ਤੇ ਹੋਣ ਦਾ ਅਨੁਮਾਨ ਧਾਰਮਕ ਗ੍ਰੰਥਾਂ ਵਿੱਚੋਂ ਮਿਲਦਾ ਹੈ, ‘‘ਆਨੀਲੇ ਕੁੰਭ, ਭਰਾਈਲੇ ਊਦਕ; ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ; ਬੀਠਲੁ ਭੈਲਾ ਕਾਇ ਕਰਉ ? ॥’’ (ਆਸਾ/ਭਗਤ ਨਾਮਦੇਵ ਜੀ/੪੮੫) ਭਾਵ ਠਾਕਰ ਨੂੰ ਇਸ਼ਨਾਨ ਕਰਵਾਉਣ ਲਈ ਸੁੱਚਾ-ਸਾਫ਼ (ਪਵਿੱਤਰ) ਪਾਣੀ ਕਿੱਥੋਂ ਲਿਆਵਾਂ, 42 ਲੱਖ ਜੀਵ ਪਾਣੀ ’ਚ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਮਲ-ਮੂਤਰ ਨਾਲ਼ ਪਾਣੀ ਪਹਿਲਾਂ ਹੀ ਅਸ਼ੁੱਧ ਕਰ ਰੱਖਿਆ ਹੈ, ਮੈਂ ਹੁਣ ਸ਼ੁੱਧਤਾ ਕਿਵੇਂ ਰੱਖਾਂ ? ਸੋ, ਗੁਰਮਤਿ ਵਿਸ਼ੇ ਨੂੰ ਸਮਝਾਉਣ ਲਈ ਪ੍ਰਚਲਿਤ ਜੂਨ ਸੰਖਿਆ (84 ਲੱਖ) ਨੂੰ ਮਿਸਾਲ ਵਜੋਂ ਗੁਰਬਾਣੀ ਵਿੱਚ ਕਈ ਸ਼ਬਦਾਂ ਵਿੱਚ ਵਰਤਿਆ ਗਿਆ ਹੈ, ਜਿਨ੍ਹਾਂ ਨੂੰ ਕਰਤਾਰ ਦੀ ਵਿਸ਼ਾਲਤਾ ਦੇ ਮੁਕਾਬਲੇ ਤੁਲਨਾਤਮਕ ਵਿਚਾਰਨਾ ਹੀ ਹਥਲੇ ਲੇਖ ਦਾ ਸਾਰ ਹੈ। 

ਉਕਤ ਕੀਤੀ ਗਈ ਵਿਚਾਰ ਕਿ ਪਰੰਪਰਾਵਾਦੀ ਧਰਮਾਂ ਦੀ ਮਨੌਤ ਅਨੁਸਾਰ ਮੰਨੇ ਗਏ ਕਈ ਅੰਕੜੇ ਗੁਰਬਾਣੀ ਵਿੱਚ ਉਦਾਹਰਣ ਦੇ ਤੌਰ ’ਤੇ ਦਿੱਤੇ ਮਿਲਦੇ ਹਨ। ਇਨ੍ਹਾਂ ਅੰਕੜਿਆਂ ਦਾ ਕਦਾਚਿਤ ਇਹ ਭਾਵ ਨਹੀਂ ਹੁੰਦਾ ਕਿ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਨੇ ਇਨ੍ਹਾਂ ਅੰਕੜਿਆਂ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ ਬਲਕਿ ਇਹ ਅੰਕੜੇ ਦੇਣ ਦਾ ਭਾਵ ਪ੍ਰਚਲਿਤ ਅਰਥਹੀਣ ਰਵਾਇਤਾਂ ਦੀ ਮਿਸਾਲ ਨਾਲ ਅਸਲ ਗੁਰਮਤਿ ਨੂੰ ਅੰਧਵਿਸ਼ਵਾਸੀ ਸਮਾਜ ਦੇ ਹਿਰਦੇ ਵਿੱਚ ਦ੍ਰਿੜ੍ਹ ਕਰਵਾਉਣਾ ਰਿਹਾ ਹੈ।  ਪ੍ਰਚਲਿਤ ਅਖੌਤੀ ਮਨੌਤਾਂ ਦੀ ਇੱਕ ਇੱਕ ਅਸਲੀਅਤ ਨੂੰ ਨਿਰਮੂਲ ਸਿੱਧ ਕਰਨ ਲਈ ਇਸ ਦੇ ਮੁਕਾਬਲੇ ਰੱਬੀ ਵਿਸ਼ਾਲਤਾ ਨੂੰ ਰੂਪਮਾਨ ਕਰਨਾ ਗੁਰਮਤਿ ਦੀ ਪੇਸ਼ਕਾਰੀ ਰਿਹਾ ਹੈ; ਜਿਵੇਂ ਕਿ

(1). ਰਿਸ਼ੀ ਜਨਾਂ ਨੇ ਸਿੰਮ੍ਰਿਤੀਆਂ ਪੁਰਾਣ ਵੀ ਗਹੁ ਨਾਲ ਵਾਚੇ, ਵੇਦਾਂ ਦੀ ਵੀ ਘੋਖ ਪੜਤਾਲ ਕਰ ਕੇ ਉੱਚੀ ਉੱਚੀ ਪੁਕਾਰਿਆ (ਪਰ ਰੱਬੀ ਭੇਦ ਨਾ ਜਾਣ ਸਕੇ ਕਿਉਂਕਿ ਹੋਰ ਦੀ ਸ਼ਰਨ ਪੈਣ ਦੀ ਬਜਾਇ) ਕਿਰਪਾ ਦੇ ਸਮੁੰਦਰ ਪਰਮਾਤਮਾ ਦੀ ਸ਼ਰਨ ਪੈ ਕੇ ਹੀ ਉਸ ਦੇ ਵਜੂਦ ਨੂੰ ਸਮਝਿਆ ਜਾ ਸਕਦਾ ਹੈ (ਜਿਸ ਦੀ ਬਰਕਤਿ ਨਾਲ) ਲੋਕ ਪਰਲੋਕ ਦੋਵੇਂ ਸੁਹੇਲੇ ਹੁੰਦੇ ਹਨ: ‘‘ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ; ਬੇਦ ਪੁਕਾਰਹਿ ਘੋਖ ॥ ਕ੍ਰਿਪਾ ਸਿੰਧੁ ਸੇਵਿ, ਸਚੁ ਪਾਈਐ ; ਦੋਵੈ ਸੁਹੇਲੇ ਲੋਕ ॥’’ (ਮ: ੫/੬੮੨)

ਇਸ ਨੂੰ ਸਾਇੰਸ ਯੁਗ ਦੀ ਸ਼ੁਰੂਆਤ ਹੀ ਕਹਿਣਾ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ 550 ਸਾਲ ਪਹਿਲਾਂ ਹੀ ਬਿਆਨ ਕਰ ਦਿੱਤਾ ਕਿ ਪਰਮਾਤਮਾ ਤੋਂ ਹਵਾ ਬਣੀ, ਹਵਾ ਤੋਂ ਜਲ ਹੋਂਦ ਵਿੱਚ ਆਇਆ, ਜਲ ਤੋਂ ਸਾਰਾ ਜਗਤ ਬਣਿਆ (ਇਸ ਰਚੇ ਸੰਸਾਰ ਦੇ) ਹਰੇਕ ਸਰੀਰ ਵਿੱਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ: ‘‘ਸਾਚੇ ਤੇ ਪਵਨਾ ਭਇਆ ; ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥’’ (ਮ: ੧/੧੯) ਇਸ ਪਾਵਨ ਵਚਨ ਨੂੰ ਸਾਇੰਸ ਨਾਲ ਤੁਲਨਾਤਮਕ ਪੱਖੋਂ ਵੇਖਣਾ ਵੀ ਜ਼ਰੂਰੀ ਹੈ ਕਿ ਸਾਇੰਸ ਹਵਾ ਤੋਂ ਪਾਣੀ ਦਾ ਵਜੂਦ ਤਾਂ ਮੰਨਦੀ ਹੈ ਪਰ ਸਾਚੇ ਤੋਂ ਹਵਾ ਦਾ ਵਜੂਦ ਅਜੇ ਸਾਇੰਸ ਨੇ ਵੀ ਸਮਝਣਾ ਹੈ ਕਿਉਂਕਿ ਹਵਾ ਨੂੰ ਬਣਾਉਣ ਵਾਲਾ ਉਹੀ ਸਾਚਾ-ਰੱਬ ‘‘ਘਟਿ ਘਟਿ ਜੋਤਿ ਸਮੋਇ’’ ਵੀ ਹੈ, ਇਸ ਲਈ ਜਦ ਇਹ ਸਮਝ ਆਈ ਕਿ ਹਵਾ ਰੱਬ ਤੋਂ ਬਣੀ ਹੈ ਤਾਂ ਰੱਬ ਦਾ ਕਣ ਕਣ ਵਿੱਚ ਵਜੂਦ ਸਮਝਣਾ ਵੀ ਸਾਇੰਸ ਲਈ ਮੁਸ਼ਕਲ ਨਹੀਂ ਹੋਵੇਗਾ।

 ਰੱਬ (ਮਾਨੋ) ਇੱਕ ਐਸਾ ਵਿਸ਼ਾਲ ਰਾਜਾ ਹੈ (ਜਿਸ ਦੇ ਸ਼ਾਮੀਆਨੇ ਦੀਆਂ) ਕਨਾਤਾਂ; ਚਾਰੇ ਦਿਸ਼ਾਵਾਂ ਹਨ। ਸਾਰਾ ਬੈਕੁੰਠ; ਉਸ ਦਾ ਤਸਵੀਰ-ਘਰ ਹੈ। ਸਾਰੇ ਜਗਤ ਵਿੱਚ ਉਸ ਦਾ ਹੁਕਮ ਇਕ-ਸਾਰ ਚੱਲਦਾ ਹੈ। ਜਿਸ ਦੇ ਮਹਲ ਵਿੱਚ ਲੱਛਮੀ; ਸਦਾ ਜੁਆਨ ਰਹਿੰਦੀ ਹੈ (ਭਾਵ ਜਿਸ ਦਾ ਜੋਬਨ ਕਦੇ ਨਾਸ਼ ਨਹੀਂ ਹੁੰਦਾ), ਚੰਦ ਸੂਰਜ; (ਉਸ ਦੇ ਮਹਲ ’ਚ) ਨਿੱਕੇ ਜਿਹੇ ਦੀਵੇ ਹਨ। ਮੌਤ-ਕਾਲ (ਜੋ ਜਗਤ-ਰੂਪ ਸ਼ਹਿਰ ਦੇ ਸਿਰ ਉੱਤੇ) ਕੋਤਵਾਲ ਹੈ, ਉਸ ਦੇ ਦਰ ਦਾ ਕੇਵਲ ਖਿਡੌਣਾ ਮਾਤਰ ਹੈ: ‘‘ਜਾਂ ਚੈ ਘਰਿ ਦਿਗ ਦਿਸੈ ਸਰਾਇਚਾ; ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥ ਜਾਂ ਚੈ ਘਰਿ ਲਛਿਮੀ ਕੁਆਰੀ ; ਚੰਦੁ ਸੂਰਜੁ ਦੀਵੜੇ, ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥ ਸੁ ਐਸਾ ਰਾਜਾ ਸ੍ਰੀ ਨਰਹਰੀ ॥’’ (ਭਗਤ ਨਾਮਦੇਵ ਜੀ/੧੨੯੨) 

ਚਾਰ ਪਾਸੇ ਤੇ ਚੌਦਾਂ ਲੋਕ-ਸਭਨਾਂ ਵਿੱਚ ਹੀ ਪਰਮਾਤਮਾ ਵਸ ਰਿਹਾ ਹੈ। ਹੇ ਨਾਨਕ ! (ਰੱਬੀ ਭੰਡਾਰਿਆਂ ’ਚ) ਕੋਈ ਕਮੀ ਨਹੀਂ ਵੇਖੀਦੀ, ਉਸ ਦੇ ਕੀਤੇ ਸਾਰੇ ਹੀ ਕੰਮ ਸਫਲ ਹੁੰਦੇ ਹਨ: ‘‘ਚਾਰਿ ਕੁੰਟ, ਚਉਦਹ ਭਵਨ; ਸਗਲ ਬਿਆਪਤ ਰਾਮ ॥ ਨਾਨਕ  ! ਊਨ ਨ ਦੇਖੀਐ ; ਪੂਰਨ ਤਾ ਕੇ ਕਾਮ ॥’’ (ਮ: ੫/੨੯੯) 

ਮਨੁੱਖ, ਰੁੱਖ, ਤੀਰਥ, ਤਟ (ਨਦੀਆਂ) ਬੱਦਲ, ਖੇਤ, ਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰੋਵਰ, ਮੇਰ ਆਦਿਕ ਪਰਬਤ, ਅੰਡਜ, ਜੇਰਜ, ਉਤਭੁਜ, ਸੇਤਜ (ਚਾਰੇ ਖਾਣੀਆਂ) ਦੇ ਜੀਵ ਜੰਤ-ਇਹਨਾਂ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਉਹੀ ਪ੍ਰਭੂ ਜਾਣਦਾ ਹੈ (ਜਿਸ ਨੇ ਇਹ ਸਭ ਪੈਦਾ ਕੀਤੇ ਹਨ, ਨਾ ਕਿ ਕੋਈ 84 ਲੱਖ ਦਾ ਆਂਕਲਣ ਕਰਨ ਵਾਲਾ ਮਨੁੱਖ) ਹੇ ਨਾਨਕ ! ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਹਨਾਂ ਸਭਨਾਂ ਦੀ ਪਾਲਨਾ ਭੀ ਕਰਦਾ ਹੈ। ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਭੀ ਉਸੇ ਨੂੰ ਹੀ ਹੈ। ਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹੀ ਇਹਨਾਂ ਦਾ ਖ਼ਿਆਲ ਵੀ ਰੱਖਦਾ ਹੈ, ਮੈਂ ਉਸੇ ਤੋਂ ਸਦਕੇ ਹਾਂ, ਉਸੇ ਦੀ ਜੈ ਜੈਕਾਰ ਆਖਦਾ ਹਾਂ (ਭਾਵ ਉਸੇ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਨਾ ਕਿ ਕਿਸੇ ਮਿਥਿਹਾਸਕ ਰੱਬ ਦੀ) ਉਸ ਪ੍ਰਭੂ ਦਾ ਆਸਰਾ (ਜੀਵ ਵਾਸਤੇ) ਸਦਾ ਅਟੱਲ ਹੈ। ਹੇ ਨਾਨਕ ! ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾਂ ਧਾਰਮਕ ਚਿੰਨ੍ਹ ਟਿੱਕਾ, ਜਨੇਊ ਆਦਿਕ ਕਿਸੇ ਅਰਥ ਨਹੀਂ ਹਨ: ‘‘ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥ ਅੰਡਜ ਜੇਰਜ ਉਤਭੁਜਾਂ, ਖਾਣੀ ਸੇਤਜਾਂਹ ॥ ਸੋ ਮਿਤਿ ਜਾਣੈ ਨਾਨਕਾ  ! ਸਰਾਂ ਮੇਰਾਂ ਜੰਤਾਹ ॥ ਨਾਨਕ  ! ਜੰਤ ਉਪਾਇ ਕੈ, ਸੰਮਾਲੇ ਸਭਨਾਹ ॥ ਜਿਨਿ ਕਰਤੈ ਕਰਣਾ ਕੀਆ; ਚਿੰਤਾ ਭਿ ਕਰਣੀ ਤਾਹ ॥ ਸੋ ਕਰਤਾ ਚਿੰਤਾ ਕਰੇ ; ਜਿਨਿ, ਉਪਾਇਆ ਜਗੁ ॥ ਤਿਸੁ ਜੋਹਾਰੀ, ਸੁਅਸਤਿ ਤਿਸੁ ; ਤਿਸੁ ਦੀਬਾਣੁ ਅਭਗੁ ॥ ਨਾਨਕ  ! ਸਚੇ ਨਾਮ ਬਿਨੁ, ਕਿਆ ਟਿਕਾ  ? ਕਿਆ ਤਗੁ  ? ॥’’ (ਮ: ੧/੪੬੭)

ਉਕਤ ਸ਼ਬਦਾਂ ’ਚ ਪ੍ਰਚਲਿਤ ਅਖੌਤੀ ਲੋਕ/ਭਵਨਾਂ ਦੀ ਗਿਣਤੀ ਅਨਮਤੀ ਧਰਮਾਂ ਦੀ ਮਨੌਤ ਅਨੁਸਾਰ ਕਰਮਵਾਰ ਦੋ, ਤਿੰਨ, ਸੱਤ, ਚੌਦ੍ਹਾਂ ਅਤੇ ਇਨ੍ਹਾਂ ਲੋਕਾਂ ਵਿੱਚ ਵਸ ਰਹੇ ਜੀਵਾਂ ਦੀ ਉਤਪਤੀ ਦੇ ਸਾਧਨ ਚਾਰ ਖਾਣੀਆਂ ਦੱਸੀਆਂ ਗਈਆਂ ਹਨ ਪਰ ਇਨ੍ਹਾਂ ਦਿੱਤੇ ਗਏ ਅੰਕੜਿਆਂ ਦਾ ਕਦਾਚਿਤ ਇਹ ਭਾਵ ਨਹੀਂ ਹੈ ਕਿ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਨੇ ਇਨ੍ਹਾਂ ਅੰਕੜਿਆਂ ਦੇ ਸਹੀ ਹੋਣ ’ਤੇ ਆਪਣੀ ਮੋਹਰ ਲਾ ਦਿੱਤੀ ਹੈ। ਅਸਲ ਵਿੱਚ ਜਿਨ੍ਹਾਂ ਲੋਕਾਂ ਨੂੰ ਗੁਰੂ ਸਾਹਿਬਾਨ ਨੇ ਆਪਣੀ ਗੱਲ ਸਮਝਾਉਣੀ ਹੁੰਦੀ ਸੀ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਅਨੁਸਾਰ ਪ੍ਰਭੂ ਦੀ ਪੈਦਾ ਕੀਤੀ ਸਾਰੀ ਸ੍ਰਿਸ਼ਟੀ ਨੂੰ ਕੇਵਲ ਦੋ, ਤਿੰਨ, ਸੱਤ ਜਾਂ ਚੌਦ੍ਹਾਂ ਲੋਕਾਂ, ਸਾਰੇ ਜੀਵਾਂ ਦੀ ਉਤਪਤੀ ਦੇ ਸਾਧਨ ਚਾਰ ਖਾਣੀਆਂ (ਅੰਡਜ਼, ਜੇਰਜ਼, ਉਤਭੁਜ ਅਤੇ ਸੇਤਜ) ਦੀ ਸੋਝੀ ਰੱਖਣ ਵਾਲਿਆਂ ਨੂੰ ਇਨ੍ਹਾਂ ਦੀ ਮਿਸਾਲ ਨਾਲ ਸਾਰੀ ਕਾਇਨਾਤ (ਜਿਸ ਦਾ ਕੋਈ ਵੀ ਮਨੁੱਖ ਅੰਦਾਜ਼ਾ ਨਹੀਂ ਲਗਾ ਸਕਦਾ) ਨੂੰ ਅਣਗਿਣਤ ਸਿੱਧ ਕਰਨਾ ਸੀ। ਜੇਕਰ ਅਸੀਂ ਆਪਣੀ ਸੀਮਤ ਬੁੱਧੀ ਅਨੁਸਾਰ ਇਨ੍ਹਾਂ ਅੰਕੜਿਆਂ ਨੂੰ ਹੀ ਸਹੀ ਮੰਨ ਬੈਠੇ ਤਾਂ ਕਿੰਨੀ ਦੁਬਿਧਾ ਪੈਦਾ ਹੋ ਜਾਵੇਗੀ ਕਿ ਗੁਰੂ ਸਾਹਿਬ ਜੀ ਕਦੀ ਤਿੰਨ ਲੋਕ, ਕਦੀ ਸੱਤ ਲੋਕ ਅਤੇ ਕਦੀ ਚੌਦ੍ਹਾਂ ਲੋਕਾਂ ਦੀ ਗੱਲ ਕਰਦੇ ਹਨ ਤਾਂ ਇਨ੍ਹਾਂ ਵਿੱਚੋਂ ਕਿਹੜੀ ਗਿਣਤੀ ਠੀਕ ਹੈ ? ਜਦੋਂ ਗੁਰੂ ਸਾਹਿਬ ਜੀ ਪ੍ਰਭੂ ਦੇ ਪੈਦਾ ਕੀਤੇ ਪਾਸਾਰੇ ਦੀ ਗੱਲ ਕਰਦੇ ਹਨ ਉਸ ਸਮੇਂ ਤਾਂ ਕੇਤੇ, ਕੇਤੀਆਂ, ਕਈ ਕੋਟਿ ਅਤੇ ਅਸੰਖ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਫ਼ਰਮਾਉਂਦੇ ਹਨ ਕਿ ਪ੍ਰਭੂ ਦੇ ਪਾਸਾਰੇ ਦਾ ਕੋਈ ਅੰਤ ਨਹੀਂ ਪੈ ਸਕਦਾ; ‘‘ਅਸੰਖ ਕਹਹਿ; ਸਿਰਿ ਭਾਰੁ ਹੋਇ ॥ (ਜਪੁ), ਬੇਸੁਮਾਰ ਬੇਅੰਤ ਸੁਆਮੀ  ! ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥’’ (ਮ: ੫/੬੭੪), ਇਸ ਲਈ ਰੱਬੀ ਵਡੱਪਣ ਬਾਰੇ ਕੋਈ ਗਿਣਤੀ ਦੱਸਣ ਦਾ ਯਤਨ ਕਰਨਾ, ਆਪਣੀ ਮੂਰਖਤਾ ਦਾ ਪ੍ਰਦਰਸ਼ਨ ਕਰਨਾ ਹੀ ਹੈ ਕਿਉਂਕਿ ਕੋਈ ਵੀ ਮਨੁੱਖ ਪ੍ਰਭੂ ਦੇ ਪਾਸਾਰੇ ਦਾ ਅੰਦਾਜ਼ਾ ਨਹੀਂ ਲਗਾ ਸਕਦਾ, ਆਪਣੀ ਰਚਨਾ ਦੀ ਸਹੀ ਗਿਣਤੀ ਮਿਣਤੀ, ਕੇਵਲ ਉਹ ਰਚਨਹਾਰ ਕਰਤਾਰ ਆਪ ਹੀ ਜਾਣਦਾ ਹੈ।

 ਜਥਾ:

(ਅਕਾਲ ਪੁਰਖ ਦੀ ਰਚਨਾ ਵਿੱਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।  (ਅਕਾਲ ਪੁਰਖ ਦੀ ਕੁਦਰਤ ਵਿੱਚ) ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧਰੂ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਬੇਅੰਤ ਚੰਦ੍ਰਮਾ, ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ। ਬੇਅੰਤ ਸਿੱਧ, ਬੁੱਧ, ਨਾਥ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ।  ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ। (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ, ਬੇਅੰਤ ਬਾਣੀਆਂ (ਬੋਲੀਆਂ) ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ), ਬੇਅੰਤ ਸੇਵਕ ਹਨ। ਹੇ ਨਾਨਕ  ! ਕੋਈ ਅੰਤ ਨਹੀਂ ਪੈ ਸਕਦਾ: ‘‘ਕੇਤੇ ਪਵਣ ਪਾਣੀ ਵੈਸੰਤਰ ; ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ; ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ, ਮੇਰ ਕੇਤੇ ; ਕੇਤੇ ਧੂ ਉਪਦੇਸ ॥ ਕੇਤੇ ਇੰਦ, ਚੰਦ ਸੂਰ ਕੇਤੇ ; ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ, ਨਾਥ ਕੇਤੇ ; ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ, ਮੁਨਿ ਕੇਤੇ ; ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ, ਕੇਤੀਆ ਬਾਣੀ ; ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ, ਸੇਵਕ ਕੇਤੇ ; ਨਾਨਕ  ! ਅੰਤੁ ਨ ਅੰਤੁ ॥’’ (ਮ: ੧/੭)

 (ਧਰਤੀ ਦੇ ਨੌ) ਖੰਡਾਂ (ਜੀਵਾਂ ਦੀ ਉਤਪਤੀ ਦੇ ਸਾਧਨ ਵੀ ਕੇਵਲ ਚਾਰ ਖਾਣੀਆਂ ਨਹੀਂ ਬਲਕਿ ਕਰੋੜਾਂ ਹੀ ਖਾਣੀਆਂ ਹਨ ਜਿਨ੍ਹਾਂ ਦੀ ਰਾਹੀਂ ਕਰੋੜਾਂ ਹੀ ਜੀਵ ਉਤਪੰਨ ਹੋਏ ਹਨ, ਸਾਰੇ ਆਕਾਸ਼ਾਂ ਬ੍ਰਹਮੰਡਾਂ ਵਿੱਚ ਕਰੋੜਾਂ ਹੀ ਜੀਵ ਹਨ; ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ; (ਪ੍ਰਭੂ ਨੇ) ਕਈ ਤਰੀਕਿਆਂ ਨਾਲ ਜਗਤ ਦੀ ਰਚਨਾ ਕੀਤੀ ਹੈ; (ਮੁੜ ਇਸ ਨੂੰ ਸਮੇਟ ਕੇ) ਸਦਾ-ਇੱਕ ਆਪ ਹੀ ਹੋ ਜਾਂਦਾ ਹੈ; ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ, ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿੱਚ ਹੀ ਲੀਨ ਹੋ ਜਾਂਦੇ ਹਨ। ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ; (ਕਿਉਂਕਿ) ਹੇ ਨਾਨਕ ! ਉਹ ਪ੍ਰਭੂ (ਆਪਣੇ ਵਰਗਾ) ਆਪ ਹੀ ਆਪ ਹੈ: ‘‘ਕਈ ਕੋਟਿ ਖਾਣੀ ਅਰੁ ਖੰਡ ॥ ਕਈ ਕੋਟਿ ਅਕਾਸ ਬ੍ਰਹਮੰਡ ॥ ਕਈ ਕੋਟਿ ਹੋਏ ਅਵਤਾਰ ॥ ਕਈ ਜੁਗਤਿ ਕੀਨੋ ਬਿਸਥਾਰ ॥ ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥ ਕਈ ਕੋਟਿ ਕੀਨੇ ਬਹੁ ਭਾਤਿ ॥  ਪ੍ਰਭ ਤੇ ਹੋਏ, ਪ੍ਰਭ ਮਾਹਿ ਸਮਾਤਿ ॥ ਤਾ ਕਾ ਅੰਤੁ ਨ ਜਾਨੈ ਕੋਇ ॥ ਆਪੇ ਆਪਿ, ਨਾਨਕ  ! ਪ੍ਰਭੁ ਸੋਇ॥’’ (ਮ: ੫/੨੭੬)

(ਉਹ ਗੋਬਿੰਦ ਐਸਾ ਹੈ ਜਿਸ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ, ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ, ਜਿਹੜਾ ਕ੍ਰੋੜਾਂ ਸ਼ਿਵ ਪੈਦਾ ਕਰ ਕੇ (ਆਪਣੇ ਵਿੱਚ ਹੀ) ਲੀਨ ਕਰ ਦੇਂਦਾ ਹੈ, ਜਿਸ ਨੇ ਕ੍ਰੋੜਾਂ ਹੀ ਬ੍ਰਹਮੇ, ਜਗਤ ਪੈਦਾ ਕਰਨ ਦੇ ਕੰਮ ’ਤੇ ਲਾਏ ਹੋਏ ਹਨ: ‘‘ਕੋਟਿ ਬਿਸਨ ਕੀਨੇ ਅਵਤਾਰ ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ॥ ਕੋਟਿ ਮਹੇਸ ਉਪਾਇ ਸਮਾਏ ॥ ਕੋਟਿ ਬ੍ਰਹਮੇ, ਜਗੁ ਸਾਜਣ ਲਾਏ ॥’’ (ਮ: ੫/੧੧੫੬)

ਅਕਾਲ ਪੁਰਖ ਦੀ ਰਚਨਾ ਦੀ ਵਿਸ਼ਾਲਤਾ ਦੀ ਗੱਲ ਕਰਦਿਆਂ ਜਦੋਂ ਗੁਰਬਾਣੀ ਵਿੱਚ ਜੀਵਾਂ ਦੀ ਉਤਪਤੀ ਦੀਆਂ ਸਾਧਨ ਖਾਣੀਆਂ ਦੀ ਗਿਣਤੀ ਅਤੇ ਇਨ੍ਹਾਂ ਖਾਣੀਆਂ ਦੀ ਰਾਹੀਂ ਜੀਵਾਂ ਦੀ ਪੈਦਾਇਸ਼ ਕਰਨ ਦੇ ਜ਼ਿੰਮੇਵਾਰ ਮੰਨੇ ਗਏ ਬ੍ਰਹਮੇ ਵਰਗੇ ਦੇਵਤਿਆਂ ਦੀ ਗਿਣਤੀ ਹੀ ਕਈ ਕਰੋੜਾਂ ਜਾਂ ਅਣਗਿਣਤ ਦੱਸੀ ਗਈ ਹੋਵੇ ਤਾਂ ਗੁਰਬਾਣੀ ਵਿੱਚ ਉਦਾਹਰਨ ਦੇ ਤੌਰ ’ਤੇ ਦਿੱਤੀ ਗਈ ਜੀਵਾਂ ਦੀ ਚੌਰਾਸੀ ਲੱਖ ਗਿਣਤੀ ਨੂੰ ਗੁਰਬਾਣੀ ਦਾ ਸੱਚ ਮੰਨ ਲੈਣਾ ਗੁਰਮਤਿ ਦੀ ਫ਼ਿਲਾਸਫ਼ੀ ਨੂੰ ਸਮਝਣ ਤੋਂ ਅਸਮਰਥ ਹੋਣਾ ਹੈ, ਪਰ ਹੈਰਾਨੀ ਉਸ ਸਮੇਂ ਹੋਈ ਜਿਸ ਸਮੇਂ ਇੱਕ ਮੰਨੇ ਪ੍ਰਮੰਨੇ ਕਥਾਵਾਚਕ (ਜਿਸ ਨੂੰ ਕਈ ਟੀ.ਵੀ. ਚੈੱਨਲਾਂ ’ਤੇ ਵੀ ਸੁਣਿਆ ਜਾ ਸਕਦਾ ਹੈ) ਨੇ ਇੱਕ ਗੁਰਦੁਆਰੇ ਵਿੱਚ ਇਹ ਸ਼ਬਦ ਕਹੇ ਕਿ ਮੇਰੀ ਤਾਂ ਕੋਈ ਸਮਰੱਥਾ ਨਹੀਂ ਹੈ ਕਿ ਪ੍ਰਭੂ ਦੀ ਜੱਗ ਰਚਨਾ ਵਿੱਚ ਪੈਦਾ ਕੀਤੇ ਜੀਵਾਂ ਦੀ ਗਿਣਤੀ ਕਰ ਸਕਾਂ ਪਰ ਜਿਸ ਗਿਣਤੀ ’ਤੇ ਗੁਰਬਾਣੀ ਨੇ ਮੋਹਰ ਲਾਈ ਹੋਵੇ ਉਸ ਤੋਂ ਤਾਂ ਮੁਨਕਰ ਨਹੀਂ ਹੋਇਆ ਜਾ ਸਕਦਾ : ‘‘ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ; ਪ੍ਰਭਿ, ਦੀਈ ਵਡਿਆਈ ॥ ਇਸੁ ਪਉੜੀ ਤੇ, ਜੋ ਨਰੁ ਚੂਕੈ ; ਸੋ ਆਇ ਜਾਇ, ਦੁਖੁ ਪਾਇਦਾ ॥’’ (ਮਾਰੂ ਸੋਲਹੇ/ਮ: ੫/੧੦੭੫) ਭਾਵ ਹੇ ਭਾਈ ! ਸਾਰੀਆਂ ਚੌਰਾਸੀ ਲੱਖ ਜੂਨਾਂ ਵਿੱਚੋਂ ਪਰਮਾਤਮਾ ਨੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ, ਪਰ ਜਿਹੜਾ ਮਨੁੱਖ ਇਸ ਪੌੜੀ ਤੋਂ ਖੁੰਝ ਜਾਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਦੁੱਖ ਭੋਗਦਾ ਹੈ।

ਗੁਰਬਾਣੀ ਦੀ ਅਜਿਹੀ ਵਿਆਖਿਆ ਸੁਣ ਕੇ ਆਮ ਬੰਦੇ ਦੇ ਮਨ ਵਿੱਚ ਸ਼ੰਕਾ ਉਪਜ ਸਕਦੀ ਹੈ ਕਿ ਇੱਕ ਪਾਸੇ ਗੁਰੂ ਸਾਹਿਬ ਜੀ ਜੀਵਾਂ ਦੀ ਪੈਦਾਇਸ਼ ਕਰਨ ਦੇ ਕਾਰੇ ਲਾਏ, ਮੰਨੇ ਜਾਂਦੇ ਬ੍ਰਹਮਿਆਂ ਦੀ ਗਿਣਤੀ ਹੀ ਕਈ ਕਰੋੜਾਂ ’ਚ ਦੱਸਦੇ ਪਏ ਹਨ ਅਤੇ ਦੂਸਰੇ ਪਾਸੇ ਇਨ੍ਹਾਂ ਕਰੋੜਾਂ ਬ੍ਰਹਮਿਆਂ ਰਾਹੀਂ ਪੈਦਾ ਹੁੰਦੇ ਮੰਨੇ ਗਏ, ਜੀਵਾਂ (ਜੂਨਾਂ) ਦੀ ਗਿਣਤੀ ਸਿਰਫ ਚੌਰਾਸੀ ਲੱਖ, ਹੀ ਦੱਸ ਰਹੇ ਹਨ ਤਾਂ ਇਨ੍ਹਾਂ ਵਿੱਚੋਂ ਕਿਹੜੀ ਗੱਲ ਠੀਕ ਹੈ ? ਇਨ੍ਹਾਂ ਸ਼ੰਕਿਆਂ ਵਿੱਚ ਉਸ ਸਮੇਂ ਹੋਰ ਵਾਧਾ ਹੋ ਜਾਂਦਾ ਹੈ ਜਦੋਂ ਕੁਝ ਵਿਦਵਾਨ ‘‘ਏਕਾ ਮਾਈ, ਜੁਗਤਿ ਵਿਆਈ ; ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ, ਇਕੁ ਭੰਡਾਰੀ ; ਇਕੁ ਲਾਏ ਦੀਬਾਣੁ ॥’’ ਦਾ ਹਵਾਲਾ ਦੇ ਕੇ ਇੱਥੋਂ ਤੱਕ ਲਿਖ ਜਾਂ ਬੋਲ ਦਿੰਦੇ ਹਨ ਕਿ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਦੀ ਹੋਂਦ ਨੂੰ ਗੁਰੂ ਸਾਹਿਬ ਜੀ ਨੇ ਵੀ ਪ੍ਰਵਾਨ ਕੀਤਾ ਹੋਇਆ ਹੈ, ਪਰ ਜਦੋਂ ਅਸੀਂ ਇਸੇ ਪਉੜੀ ਦਾ ਬਾਕੀ ਅਗਾਂਹ ਹਿੱਸਾ : ‘‘ਜਿਵ ਤਿਸੁ ਭਾਵੈ, ਤਿਵੈ ਚਲਾਵੈ ; ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ, ਓਨਾ ਨਦਰਿ ਨ ਆਵੈ ; ਬਹੁਤਾ ਏਹੁ ਵਿਡਾਣੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੦॥’’ (ਜਪੁ/ਮ: ੧/੭) ਪੜ੍ਹ ਕੇ ਇਸ ਸੰਪੂਰਨ ਪਉੜੀ ਦੇ ਅਰਥ ਗੁਰਮਤਿ ਲਿਖਤ ਦੇ ਦਾਇਰੇ ਵਿੱਚ ਰਹਿੰਦਿਆਂ ਕਰਾਂਗੇ ਤਾਂ ਸਾਨੂੰ ਇਹ ਸੋਝੀ ਹੋ ਜਾਵੇਗੀ ਕਿ ਇਸ ਪਉੜੀ ਦੇ ਉਹ ਅਰਥ ਨਹੀਂ ਹਨ ਜੋ ਅਜਿਹੇ ਕੁਝ ਵਿਆਖਿਆਕਾਰਾਂ ਪਾਸੋਂ ਸੁਣ ਰਹੇ ਹਾਂ ਬਲਕਿ ਇਹ ਸਮਝ ਆ ਜਾਵੇਗੀ ਕਿ ਪਹਿਲੀਆਂ ਦੋ ਤੁਕਾਂ ਵਿੱਚ ਗੁਰੂ ਸਾਹਿਬ ਜੀ ਦਾ ਆਪਣਾ ਮੱਤ ਨਹੀਂ ਬਲਕਿ ਜਗਿਆਸੂਆਂ ਨੂੰ ਸਮਝਾਉਣ ਹਿੱਤ (ਵੇਦਾਂ ਪੁਰਾਣਾਂ ਦੀ ਸਿੱਖਿਆ ਅਨੁਸਾਰ ਲੋਕਾਂ ਵਿੱਚ ਆਮ ਪ੍ਰਚਲਿਤ ਇਹ ਖ਼ਿਆਲ ਦਰਜ ਕੀਤਾ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪ੍ਰਤੱਖ ਤੌਰ ’ਤੇ ਉਸ ਦੇ ਤਿੰਨ ਪੁੱਤਰ ਜੰਮੇ, ਮੰਨ ਲਏ ਗਏ; ਜਿਵੇਂ ਕਿ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ ਜੀਵਾਂ ਨੂੰ ਰਿਜ਼ਕ ਅਪੜਾਉਣ ਦਾ ਕੰਮ ਕਰਨ ਲੱਗਾ) ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ ਜੀਵਾਂ ਨੂੰ ਸੰਘਾਰਦਾ ਹੈ, ਮਾਰਦਾ ਹੈ)।

ਅਗਲੀਆਂ ਤੁਕਾਂ ਵਿੱਚ ਗੁਰੂ ਸਾਹਿਬ ਜੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਲਿਖਦੇ ਹਨ ਕਿ (ਪਰ ਅਸਲ ਗੱਲ ਇਹ ਹੈ ਕਿ ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ।) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ। (ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸ੍ਰਿਸ਼ਟੀ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਆਪਣਾ ਕੋਈ ਮੁੱਢ ਨਹੀਂ ਭਾਵ ਚਾਰੋਂ ਤਰਫ਼ ਫੈਲਿਆ ਹੈ, ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ ਭਾਵ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਸਮੇਤ ਹਰ ਜੀਵ ਵਾਙ ਜੰਮਦਾ ਮਰਦਾ ਨਹੀਂ।

ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਜਿਹੜੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਆਦਿਕ ਨੂੰ ਗੁਰੂ ਸਾਹਿਬ ਜੀ ਸੰਸਾਰ ਦੇ ਬਾਕੀ ਦੇ ਜੀਵਾਂ ਵਾਙ ਹੀ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਹੇਠ ਭਾਵ ਰੋਗੀ ਦੱਸ ਰਹੇ ਹੋਣ : ‘‘ਬ੍ਰਹਮਾ ਬਿਸਨੁ ਮਹਾਦੇਉ, ਤ੍ਰੈ ਗੁਣ ਰੋਗੀ ; ਵਿਚਿ ਹਉਮੈ ਕਾਰ ਕਮਾਈ ॥ ਜਿਨਿ ਕੀਏ, ਤਿਸਹਿ ਨ ਚੇਤਹਿ ਬਪੁੜੇ ; ਹਰਿ, ਗੁਰਮੁਖਿ ਸੋਝੀ ਪਾਈ ॥’’ (ਮ: ੪/੭੩੫) ਅਰਥ : (ਹੇ ਭਾਈ ! ਪੌਰਾਣਿਕ ਕਥਾਵਾਂ ਅਨੁਸਾਰ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਇਹਨਾਂ ਨੇ ਭੀ) ਹਉਮੈ ਵਿੱਚ ਹੀ ਕਾਰ ਕੀਤੀ। ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹ ਵਿਚਾਰੇ ਚੇਤਦੇ ਨਾ ਰਹੇ। ਹੇ ਭਾਈ ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸ਼ਰਨ ਪਿਆਂ ਹੀ ਪੈਂਦੀ ਹੈ।

‘‘ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ; ਰੋਗੀ ਸਗਲ ਸੰਸਾਰਾ ॥ ਹਰਿ ਪਦੁ ਚੀਨਿ, ਭਏ ਸੇ ਮੁਕਤੇ ; ਗੁਰ ਕਾ ਸਬਦੁ ਵੀਚਾਰਾ ॥’’ (ਮ: ੧/੧੧੫੩) ਅਰਥ :  (ਸਾਧਾਰਨ ਜੀਵਾਂ ਦੀ ਗੱਲ ਹੀ ਕੀਹ ਹੈ ? ਵੱਡੇ ਵੱਡੇ ਅਖਵਾਣ ਵਾਲੇ ਦੇਵਤੇ) ਬ੍ਰਹਮਾ, ਵਿਸ਼ਨੂ ਤੇ ਸ਼ਿਵ ਭੀ ਹਉਮੈ ਦੇ ਰੋਗ ਵਿੱਚ ਹਨ, ਸਾਰਾ ਸੰਸਾਰ ਹੀ ਇਸ ਰੋਗ ਵਿੱਚ ਗ੍ਰਸਿਆ ਹੋਇਆ ਹੈ। ਇਸ ਰੋਗ ਤੋਂ ਤਾਂ ਉਹੀ ਸੁਤੰਤਰ ਹੁੰਦੇ ਹਨ ਜਿਨ੍ਹਾਂ ਨੇ ਪਰਮਾਤਮਾ ਨਾਲ ਮਿਲਾਪ-ਅਵਸਥਾ ਦੀ ਕਦਰ ਪਛਾਣ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿੱਚ ਟਿਕਾਇਆ ਹੈ।

ਆਮ ਜੀਵਾਂ ਵਾਙ ਰੋਗੀ ਉਨ੍ਹਾਂ ਅਵਤਾਰਾਂ ਨੂੰ ਗੁਰੂ ਜੀ ਪ੍ਰਵਾਨ ਕਿਵੇਂ ਕਰ ਸਕਦੇ ਹਨ ਅਤੇ ਕਿਵੇਂ ਮੰਨ ਸਕਦੇ ਹਨ ਕਿ ਬ੍ਰਹਮਾ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਪੈਦਾ ਕਰਦਾ, ਵਿਸ਼ਨੂੰ ਸਭ ਨੂੰ ਰਿਜ਼ਕ ਦੇਣ ਵਾਲਾ ਅਤੇ ਸ਼ਿਵ ਜੀ ਅੰਤ ਨੂੰ ਸੰਘਾਰ ਕਰਨ ਵਾਲਾ ਹੈ। ਗੁਰੂ ਸਾਹਿਬ ਜੀ ਤਾਂ ਦ੍ਰਿੜ੍ਹ ਕਰਵਾਉਂਦੇ ਹਨ ਕਿ ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਹਨਾਂ ਸਭਨਾਂ ਦੀ ਪਾਲਨਾ ਭੀ ਆਪ ਹੀ ਕਰਦਾ ਹੈ; ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਭੀ ਉਸੇ ਨੂੰ ਹੀ ਹੈ। ਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹੀ ਇਹਨਾਂ ਦਾ ਖ਼ਿਆਲ ਰੱਖਦਾ ਹੈ : ‘‘ਨਾਨਕ  ! ਜੰਤ ਉਪਾਇ ਕੈ, ਸੰਮਾਲੇ ਸਭਨਾਹ ॥ ਜਿਨਿ ਕਰਤੈ, ਕਰਣਾ ਕੀਆ ; ਚਿੰਤਾ ਭਿ ਕਰਣੀ ਤਾਹ ॥ ਸੋ ਕਰਤਾ ਚਿੰਤਾ ਕਰੇ ; ਜਿਨਿ, ਉਪਾਇਆ ਜਗੁ ॥’’ (ਗਉੜੀ ਸੁਖਮਨੀ/ਮ: ੫/੭੫), ਸੋ (ਜਗਤ ਵਿੱਚ ਜੀਵਾਂ ਦਾ) ਜੰਮਣਾ ਮਰਨਾ ਉਸੇ ਪਰਮਾਤਮਾ ਨੇ ਬਣਾਇਆ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ : ‘‘ਆਵਣੁ ਤ ਜਾਣਾ ਤਿਨਹਿ ਕੀਆ ; ਜਿਨਿ, ਮੇਦਨਿ ਸਿਰਜੀਆ ॥’’  (ਮ: ੫/੫੪੨)

ਉਕਤ ਵਿਚਾਰ ਦਾ ਸਾਰੰਸ ਇਹੀ ਹੈ ਕਿ ਗੁਰਬਾਣੀ ’ਚ ਵਰਤੇ ਗਏ ਸੰਖਿਆ ਵਾਚਕ ਰਵਾਇਤੀ ਚਿੰਨ੍ਹ ਕੇਵਲ ਮਿਸਾਲ ਵਜੋਂ ਹਨ, ਨਾ ਕਿ ਕਿਸੇ ਵਿਸ਼ੇ ਦਾ ਸਾਰ ਜਾਂ ਗੁਰਮਤਿ ਫ਼ਿਲਾਸਫ਼ੀ।