ਬਾਬਾਣੀਆ ਕਹਾਣੀਆ; ਪੁਤ ਸਪੁਤ ਕਰੇਨਿ॥

0
1212

ਬਾਬਾਣੀਆ ਕਹਾਣੀਆ; ਪੁਤ ਸਪੁਤ ਕਰੇਨਿ॥

ਗਿਆਨੀ ਅਵਤਾਰ ਸਿੰਘ

ਬੰਦੇ ਅੰਦਰ ਦਿਮਾਗ਼ ਇੱਕ ਅਜਿਹੀ ਸ਼ਕਤੀ ਹੈ, ਜਿਸ ਦੀ ਮੈਮੋਰੀ (ਯਾਦਦਾਸ਼ਤ) ਕਦੇ ਨਹੀਂ ਭਰਦੀ ਬਸ਼ਰਤੇ ਕਿ ਉਹ ਆਪਣੀ ਮੈਮੋਰੀ ਨੂੰ ਭਰ ਚੁੱਕੀ, ਨਾ ਸਮਝ ਬੈਠੇ। ਜ਼ਿੰਦਗੀ ਦੇ ਅਨੁਭਵ; ਦਿਮਾਗ਼ ਦਾ ਇਸਤੇਮਾਲ ਕਰਨ ਵਾਲ਼ੇ ਬੰਦੇ ਨੂੰ ਸਦਾ ਤਰੋਤਾਜ਼ਾ ਰੱਖਦੇ ਹਨ। ਬੰਦਗੀ ਕਰਨ ਵਾਲ਼ੇ ਬੰਦੇ ਲਈ, ਰੱਬ ਦਾ ਗਿਆਨ ਵੀ ਹਰ ਦਿਨ ਨਵਾਂ, ਮਹਿਸੂਸ ਕਰਵਾਉਂਦਾ ਹੈ।  ਗੁਰੂ ਨਾਨਕ ਸਾਹਿਬ ਜੀ ਇਉਂ ਗਵਾਹੀ ਭਰਦੇ ਹਨ,  ‘‘ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ॥੧॥ ਰਹਾਉ ॥’’ (ਮ: ੧/੬੬੦)

ਹਰ ਬੰਦਾ ਆਪਣੇ ਜੀਵਨ ’ਚ ਕੁਝ ਨਾ ਕੁਝ ਚੰਗਾ ਬੀ ਬੀਜਣ ਦਾ ਯਤਨ ਕਰਦਾ ਹੈ।  ਕਿਸਾਨ; ਕਿਰਸਾਨੀ ਲਈ ਖੇਤ ’ਚ ਕੁਝ ਨਵਾਂ ਬੀ, ਬੀਜਦਾ ਹੈ। ਵਪਾਰੀ; ਵਾਪਾਰ ਦੇ ਸਰੋਤ ’ਚ ਵਿਕਾਸ ਚਾਹੁੰਦਾ ਹੈ। ਨੌਕਰੀ ਵਾਲ਼ਾ ਬੰਦਾ ਸਦਾ ਉੱਚੇ ਪਦ ਲਈ ਸੰਘਰਸ਼ ਕਰਦਾ ਹੈ। ਵਿਗਿਆਨੀ; ਵਿਗਿਆਨਕ ਖੋਜਾਂ ’ਚ ਜੁਟਿਆ ਰਹਿੰਦਾ ਹੈ, ਇਸੇ ਤਰ੍ਹਾਂ ਭਗਤ ਵੀ ਰੱਬ ਬਾਰੇ ਸਦਾ ਹੋਰ ਜਾਣਨ ਦਾ ਇੱਛਕ ਹੁੰਦਾ ਹੈ, ਇਹੀ ਸਭ ਕੁਝ ਬੰਦੇ ਦੀ ਦਿਮਾਗ਼ ਸ਼ਕਤੀ ਦਾ ਸਦਪ੍ਰਯੋਗ ਅਖਵਾਉਂਦਾ ਹੈ। ਇਨ੍ਹਾਂ ਧੰਦਿਆਂ ’ਚ ਵਧੇਰੇ ਸਫਲਤਾ ਤਦ ਮਿਲਦੀ ਹੈ ਜਦ ਬੰਦਾ ਅਸਫਲਤਾਵਾਂ ਤੋਂ ਵਾਕਫ਼ ਹੋਵੇ।  ਕੀ ਕੋਈ ਅਜਿਹਾ ਬੰਦਾ ਹੋਏਗਾ ਕਿ ਬੀਜ ਰਿਹਾ ਹੋਵੇ ਕਣਕ ਦਾ ਬੀ ਅਤੇ ਸਮਝਦਾ ਹੋਵੇ ਕਿ ਮੈਨੂੰ ਚਣੇ (ਛੋਲਿਆਂ) ਦੀ ਫ਼ਸਲ ਮਿਲੇਗਾ ? ਐਸਾ ਕਦਾਚਿਤ ਨਹੀਂ ਹੋ ਸਕਦਾ ਕਿਉਂਕਿ ਬੰਦੇ ਨੂੰ ਬੀਜ ਅਤੇ ਉਸ ਦੇ ਫਲ਼ ਬਾਰੇ ਪੂਰਨ ਜਾਣਕਾਰੀ ਹੁੰਦੀ ਹੈ, ਪਰ ਧਰਮ ਦੀ ਦੁਨੀਆ (ਰੂਹਾਨੀਅਤ ਸਫ਼ਰ) ਬਾਰੇ ਬੰਦੇ ਨੂੰ ਬਿਲਕੁਲ ਪਤਾ ਨਹੀਂ ਹੁੰਦਾ। ਜਿਸ ਨੂੰ ਇਸ ਬਾਰੇ ਸਭ ਕੁਝ ਪਤਾ ਹੋਵੇ, ਉਸ ਨੂੰ ਪੂਰਨ ਗੁਰੂ ਕਿਹਾ ਜਾਂਦਾ ਹੈ, ਜਿਸ ਦੀ ਮਨੁੱਖ ਨੂੰ ਹਰ ਸਮੇਂ ਜ਼ਰੂਰਤ ਹੈ।

ਬਾਬਾ ਫ਼ਰੀਦ ਜੀ; ਗੁਰੂ ਵਿਹੂਣੇ ਬੰਦੇ ਦੀ ਤੁਛ ਮਾਨਸਿਕਤਾ (ਧਰਮ ਪੱਖੋਂ) ਦਾ ਮੁਲੰਕਣ ਕਰਦੇ ਹਨ ਕਿ ਬੰਦਾ ਬੀਜਦਾ ਕੰਡੇਦਾਰ ਕਿੱਕਰ ਹੈ, ਪਰ ਉਮੀਦ ਬਜੌਰ ਦੀਆਂ ਖ਼ਾਸ ਦਾਖਾਂ ਦੀ ਰੱਖਦਾ ਹੈ, ਜੋ ਇਉਂ ਹੈ; ਜਿਵੇਂ ਕੋਈ ਕਤਾਉਂਦਾ ਫਿਰੇ ਉੱਨ ਪਰ ਭਾਲੇ ਰੇਸ਼ਮੀ ਬਸਤਰ, ‘‘ਫਰੀਦਾ !  ਲੋੜੈ ਦਾਖ ਬਿਜਉਰੀਆਂ; ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ; ਪੈਧਾ ਲੋੜੈ ਪਟੁ ॥’’ (ਬਾਬਾ ਫ਼ਰੀਦ ਜੀ/੧੩੭੯), ਅਜਿਹਾ ਹੀ ਮੁਲੰਕਣ ਗੁਰੂ ਅੰਗਦ ਸਾਹਿਬ ਜੀ ਕਰਦੇ ਹਨ ਕਿ ਬੰਦਾ ਆਤਮਘਾਤੀ ਜ਼ਹਿਰ ਬੀਜ ਕੇ ਜੀਵਨ ਨੂੰ ਪ੍ਰਫੁਲਿਤ ਕਰਨ ਵਾਲ਼ਾ ਅੰਮ੍ਰਿਤ ਲੱਭਦਾ ਫਿਰਦਾ ਹੈ, ਵੇਖੋ ਸਮਾਜ ਦਾ ਆਪਣੇ ਆਪ ਨਾਲ਼ ਇਨਸਾਫ਼, ‘‘ਬੀਜੇ ਬਿਖੁ, ਮੰਗੈ ਅੰਮ੍ਰਿਤੁ; ਵੇਖਹੁ ਏਹੁ ਨਿਆਉ ॥’’ (ਮ: ੨/੪੭੪), ਇਸ ਲਈ ਜਿਵੇਂ ਦੁਨਿਆਵੀ ਗਿਆਨ ਤੋਂ ਜਾਣੂ ਬੰਦਾ ਹੀ ਹਰ ਲਾਭ ਉਠਾਉਂਦਾ ਹੈ; ਉਸੇ ਤਰ੍ਹਾਂ ਪੂਰਨ ਗੁਰੂ ਦੁਆਰਾ ਰੂਹਾਨੀਅਤ ਗਿਆਨ ਦੀ ਪ੍ਰਾਪਤੀ ਹੀ ਜੀਵਨ ਨੂੰ ਗੁਣਕਾਰੀ ਤੇ ਅਨੰਦਿਤ ਕਰ ਸਕਦੀ ਹੈ।

ਰੂਹਾਨੀਅਤ ਗਿਆਨ ਪ੍ਰਾਪਤ ਕਰਨ ਲਈ ਸਰੀਰਕ ਪੱਖੋਂ ਵੱਡਾ ਜਾਂ ਛੋਟਾ ਹੋਣਾ ਕੋਈ ਮਾਅਨਾ ਨਹੀਂ ਰੱਖਦਾ, ਜਦੋਂ ਭਾਗਾਂ ਦਾ ਸੂਰਜ ਚੜ੍ਹਿਆ ਵੇਖੀਦਾ ਹੈ, ਉਸੇ ਸਮੇਂ ਮਨ ’ਚ ਅਨੰਦ ਪੈਦਾ ਹੋ ਜਾਂਦਾ ਹੈ, ‘‘ਕਹਿ ਕਬੀਰ; ਮਨਿ ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ ॥’’ (ਭਗਤ ਕਬੀਰ ਜੀ/੩੩੨), ਇਸ ਲਈ ਕੀਮਤੀ ਮਨੁੱਖਾ ਜ਼ਿੰਦਗੀ ਦਾ ਹਰ ਪਲ ਬਹੁ ਕੀਮਤੀ ਹੈ, ਇਹ ਅਹਿਸਾਸ ਸਦਾ ਚੇਤੇ ਹੋਣਾ ਜ਼ਰੂਰੀ ਹੈ।

ਰੱਬ (ਉੱਚੇ ਪਦ) ਬਾਰੇ ਸਾਖੀਆਂ ਸੁਣਨ ਤੋਂ ਪਹਿਲਾਂ ਰੱਬ ਨਾਲ਼ ਜੁੜੀਆਂ ਰੂਹਾਂ ਦੀਆਂ ਸਾਖੀਆਂ ਸੁਣ ਕੇ ਦਿਲ-ਦਿਮਾਗ਼ ’ਤੇ ਜਲਦੀ ਅਸਰ ਹੁੰਦਾ ਹੈ।  ਗੁਰੂ ਅਮਰਦਾਸ ਜੀ; ਜ਼ਿੰਦਗੀ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਫ਼ਰਮਾਉਂਦੇ ਹਨ ਕਿ ਰੂਹਾਨੀਅਤ ਬਜ਼ੁਰਗਾਂ ਦੀਆਂ ਸਾਖੀਆਂ (ਕਹਾਣੀਆਂ) ਆਮ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਹਨ ਕਿਉਂਕਿ ਜਿਹੜੀ ਗੱਲ ਬਜ਼ੁਰਗ (ਗੁਰੂ) ਨੂੰ ਪਸੰਦ ਹੁੰਦੀ ਹੈ, ਬੱਚੇ ਵੀ ਉਹੀ ਅਪਣਾਅ ਲੈਂਦੇ ਹਨ, ਓਹੋ ਜਿਹੇ ਹੀ ਫਿਰ ਕਰਮ ਕਰਦੇ ਹਨ, ‘‘ਬਾਬਾਣੀਆ ਕਹਾਣੀਆ; ਪੁਤ, ਸਪੁਤ ਕਰੇਨਿ ॥ ਜਿ ਸਤਿਗੁਰ ਭਾਵੈ, ਸੁ ਮੰਨਿ ਲੈਨਿ; ਸੇਈ ਕਰਮ ਕਰੇਨਿ ॥’’ (ਮ: ੩/੯੫੧)

ਬਜ਼ੁਰਗਾਂ ਦੀਆਂ ਸਾਖੀਆਂ ਸੁਣਨ ਤੋਂ ਬਾਅਦ ਅਗਲੇ ਪੜਾਅ (ਰੱਬ ਬਾਰੇ ਸਾਖੀਆਂ ਸੁਣਨ) ’ਤੇ ਪਹੁੰਚਣ ਲਈ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਮਾਤਾ ਦੇ ਹਵਾਲੇ ਨਾਲ਼ ਸਮਝਾਇਆ ਕਿ ਹੇ ਪੁੱਤਰ ! ਤੈਨੂੰ ਮਾਤਾ ਦਾ ਇਹੋ ਅਸ਼ੀਰਵਾਦ ਹੈ ਕਿ ਤੈਨੂੰ ਨਿਮਖ ਮਾਤਰ ਵੀ ਜਗਤ ਮਾਲਕ (ਰੱਬ) ਦੀ ਯਾਦ ਨਾ ਭੁੱਲੇ, ਸਦਾ ਉਸ ਨੂੰ ਚੇਤੇ ਰੱਖ, ‘‘ਪੂਤਾ  !  ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ॥੧॥ ਰਹਾਉ ॥’’ (ਮ: ੫/੪੯੬)

ਸਮਾਜ; ਨਕਾਰਾਤਮਕ ਸੋਚ ਨਾਲ਼ ਭਰਿਆ ਪਿਆ ਹੈ, ਅਜਿਹੇ ਕੁੰਡ ’ਚੋਂ ਆਸਾਵਾਦੀ ਕਿਰਨ ਵੇਖਣੀ ਹਰ ਇੱਕ ਦੇ ਨਸੀਬ ’ਚ ਨਹੀਂ ਹੁੰਦੀ।  ਇੱਕ ਅੰਨ੍ਹਾ; ਦੂਸਰੇ ਅੰਨ੍ਹੇ ਨੂੰ ਤੀਸਰੇ ਅੰਨ੍ਹੇ ਦੀ ਗੱਲ ਕਰਕੇ ਹੀ ਸੰਤੁਸ਼ਟ ਕਰ ਸਕਦਾ ਹੈ ਕਿਉਂਕਿ ਸਭ ਦੀ ਖ਼ੁਰਾਕ ਇੱਕ ਹੈ। ਭਾਈ ਗੁਰਦਾਸ ਜੀ ਆਪਣੇ ਬਜ਼ੁਰਗਾਂ ਦੀਆਂ ਸਾਖੀਆਂ (ਚੁਗ਼ਲੀਆਂ ਹੋਰਾਂ ਕੋਲ਼) ਕਰਨ ਵਾਲ਼ੇ ਆਪਹੁਦਰੇ (ਆਪਮੁਹਾਰੇ) ਬੱਚਿਆਂ ਨੂੰ ਕਪੁੱਤਰ ਆਖਦੇ ਹਨ ਕਿਉਂਕਿ ਉਹ ਆਪਣੇ ਘਰ ਦਾ ਰਾਜ਼ ਵੀ ਛੁਪਾ ਕੇ ਨਹੀਂ ਰੱਖ ਸਕਦੇ, ‘‘ਬਾਬਾਣੀਆ ਕਹਾਣੀਆ, ਘਰਿ ਘਰਿ; ਬਹਿ ਬਹਿ ਕਰਨਿ ਕੁਪੁਤਾ। (ਭਾਈ ਗੁਰਦਾਸ ਜੀ/ਵਾਰ ੩੩ ਪਉੜੀ ੧੦) 

ਗੁਰੂ ਕਾਲ 239 ਸਾਲ (1469-1708) ਨੂੰ ਦੋ ਸ਼ਖ਼ਸੀਅਤਾਂ ਨੇ ਨਿਰੰਤਰ ਅੰਗ ਸੰਗ ਰਹਿ ਕੇ ਸੁਣਿਆ ਹੀ ਨਹੀਂ ਬਲਕਿ ਸਰੀਰ ’ਤੇ ਹੰਢਾਉਂਦਿਆਂ ਵੀ ਵੇਖਿਆ ਹੈ।  ਉਹ ਦੋ ਸ਼ਖ਼ਸੀਅਤਾਂ ਹਨ: ‘ਬਾਬਾ ਬੁੱਢਾ ਜੀ (1506-1631) ਤੇ ਭਾਈ ਮਨੀ ਸਿੰਘ ਜੀ (1644-1734)’।

12 ਕੁ ਸਾਲ ਦੀ ਉਮਰ ’ਚ ਪਸ਼ੂ ਚਾਰਦੇ ਬਾਬਾ ਬੁੱਢਾ ਜੀ ਦੇ ਭਾਗਾਂ ਦਾ ਸੂਰਜ ਚੜ੍ਹਿਆ ਤੇ ਗੁਰੂ ਨਾਨਕ ਜੀ ਦਾ ਦਰਸ਼ਨ ਹੋਇਆ। ਇੱਕ ਸੰਦੇਹ ਕਿ ਮੌਤ ਤੋਂ ਡਰ ਲੱਗਦਾ ਹੈ, ਪਤਾ ਨਹੀਂ ਕਦੋਂ, ਕਿਵੇਂ ਅਤੇ ਕਿਸ ਤਰ੍ਹਾਂ ਦਿਮਾਗ਼ ’ਚ ਪਨਪਿਆ। ਇਸ ਸੰਦੇਹ ਨੂੰ ਸੰਪੂਰਨ ਗੁਰੂ ਦੀ ਕਿਰਪਾ ਨਾਲ਼ ਫਲ਼ ਵੀ ਅਜਿਹਾ ਲੱਗਾ ਕਿ ਸਮਾਜਕ ਉਮਰ 125 ਸਾਲ ਭੋਗਦਿਆਂ ਕਈ ਮਰਜੀਵੜੇ ਮੌਤ ਨੂੰ ਹੱਸਦੇ-ਹੱਸਦੇ ਪ੍ਰਵਾਨ ਕਰਦੇ ਸਾਹਮਣੇ ਵੇਖੇ।  ਛੇ ਗੁਰੂ ਸਾਹਿਬਾਨ ਤੱਕ ਗੁਰਿਆਈ ਦੀ ਰਸਮ ਅਦਾ ਕਰਦਿਆਂ ਅਹਿਮ ਭੂਮਿਕਾ ਨਿਭਾਈ ਤੇ ਅੰਤ ਸਮੇਂ ਮੌਤ ਆਉਂਦਿਆਂ ਛੇਵੇਂ ਪਾਤਿਸ਼ਾਹ ਨੂੰ ਯਾਦ ਕਰਦਿਆਂ ਹੀ ਸਾਹਮਣੇ ਖੜ੍ਹੋਤੇ ਪਾਇਆ। ਇਹ ਸੀ ਸੱਚੇ ਗੁਰੂ ਦੇ ਲੜ ਲੱਗਣ ਤੋਂ ਬਅਦ ਸਫਲ ਜੀਵਨ ਯਾਤਰਾ ਦਾ ਇੱਕ ਪ੍ਰਮਾਣ।

ਦੂਜਾ ਪ੍ਰਮਾਣ ਹੈ, 13 ਸਾਲ ਦੀ ਬਾਲਕ ਉਮਰ ’ਚ ਹੀ ਭਾਈ ਮਨੀ ਸਿੰਘ ਜੀ ਆਪਣੇ ਪਿਤਾ ਭਾਈ ਮਾਈ ਦਾਸ ਜੀ ਨਾਲ਼ ਗੁਰੂ ਹਰਿਰਾਇ ਸਾਹਿਬ ਜੀ ਦੇ ਦਰਸ਼ਨਾ ਲਈ ਕੀਰਤਪੁਰ ਸਾਹਿਬ ਜਾਂਦੇ ਹਨ, ਜੋ ਮੁੜ ਵਾਪਸ ਕਦੇ ਨਾ ਆਏ ਤੇ ਸਰਬੰਸ਼ ਦਾਨੀ ਦਸਮੇਸ਼ ਪਿਤਾ ਵਾਙ ਹੀ ਆਪਣੇ 7 ਪੁੱਤਰਾਂ ’ਚੋਂ ਸ਼ਹੀਦ ਹੋ ਚੁੱਕੇ 5 ਤੋਂ ਬਾਅਦ ਵੀ 2 ਬਚੇ ਪੁੱਤਰਾਂ ਨੂੰ ਆਪਣੇ ਨਾਲ਼ ਹੀ 24 ਜੂਨ 1734 ਨੂੰ ਧਰਮ ਲਈ ਸ਼ਹੀਦ ਕਰਵਾ ਕੇ ਦੁਨੀਆ ਇੱਕ ਫ਼ਨਾਹ-ਖ਼ਾਨਹ ਹੈ, ਪ੍ਰਗਟਾਅ ਗਏ।

ਸੋ ਜ਼ਿੰਦਗੀ ਬੜੀ ਕੀਮਤੀ ਹੈ, ਇਸ ਨੂੰ ਸਾਰਥਕ ਕਰਨ ਲਈ ਹੋਰ ਢਿੱਲ ਕਰਨਾ, ਇੱਕ ਅਜਿਹੀ ਗ਼ਲਤੀ ਹੈ ਜੋ ਕਰੋੜਾਂ ਜਨਮਾਂ ਦਾ ਸਫਰ ਕਰਾਏਗੀ ਤਾਂ ਤੇ ਰੂਹਾਨੀਅਤ ਸੰਗਤ ’ਚ ਬੈਠ ਕੇ ਪੁਕਾਰਨਾ ਬਣਦਾ ਹੈ ਕਿ ਹੇ ਸਤਿਸੰਗੀਓ ! ਆਵੋ ਮਿਲ ਕੇ ਰੱਬ ਨਾਲ਼, ਰੱਬ ਬਾਰੇ ਵਿਚਾਰਾਂ ਕਰੀਏ ਤਾਂ ਜੋ ਸਮਾਂ ਰਹਿੰਦਿਆਂ ਪੁੱਤਰ ਤੋਂ ਸਪੁੱਤਰ ਬਣ ਸਕੀਏ, ‘‘ਆਵਹੁ ਭੈਣੇ  ! ਗਲਿ ਮਿਲਹ; ਅੰਕਿ ਸਹੇਲੜੀਆਹ ॥ ਮਿਲਿ ਕੈ ਕਰਹ ਕਹਾਣੀਆ; ਸੰਮ੍ਰਥ ਕੰਤ ਕੀਆਹ ॥ ਸਾਚੇ ਸਾਹਿਬ ਸਭਿ ਗੁਣ; ਅਉਗਣ ਸਭਿ ਅਸਾਹ ॥’’ (ਮ: ੧/੧੭), ਅਜਿਹੀ ਬੋਲੀ ਬੋਲਣ ਲਈ ਹੀ ਸਾਨੂੰ ਗੁਰੂ ਰਾਮਦਾਸ ਜੀ ਨੇ, ਮਾਨਵਤਾ ਦੇ ਪਿਆਰੇ ਸਤਿਗੁਰੂ ਜੀ ਨੇ ਉਪਦੇਸ਼ਿਆ ਹੈ, ‘‘ਹਰਿ ਕੀਆ ਕਥਾ ਕਹਾਣੀਆ; ਮੇਰੇ ਪਿਆਰੇ ਸਤਿਗੁਰੂ ਸੁਣਾਈਆ ॥ (ਮ: ੪/੪੫੨), ਹਰਿ ਕੀਆ ਕਥਾ ਕਹਾਣੀਆ; ਗੁਰਿ ਮੀਤਿ (ਨੇ) ਸੁਣਾਈਆ ॥’’ (ਮ: ੪/੭੨੫)