ਰਾਮਈਆ ! ਹਉ ਬਾਰਿਕੁ ਤੇਰਾ॥ ਕਾਹੇ ਨ ਖੰਡਸਿ ? ਅਵਗਨੁ ਮੇਰਾ॥

0
946

ਰਾਮਈਆ ! ਹਉ ਬਾਰਿਕੁ ਤੇਰਾ॥ ਕਾਹੇ ਨ ਖੰਡਸਿ ? ਅਵਗਨੁ ਮੇਰਾ॥

ਪ੍ਰਿੰ. ਹਰਭਜਨ ਸਿੰਘ (ਰੋਪੜ)- 94170-20961

ਸੁਤੁ ਅਪਰਾਧ ਕਰਤ ਹੈ ਜੇਤੇ॥ ਜਨਨੀ, ਚੀਤਿ ਨ ਰਾਖਸਿ, ਤੇਤੇ ॥੧॥ ਰਾਮਈਆ ! ਹਉ ਬਾਰਿਕੁ ਤੇਰਾ॥ ਕਾਹੇ ਨ ਖੰਡਸਿ ? ਅਵਗਨੁ ਮੇਰਾ॥੧॥ ਰਹਾਉ ॥ ਜੇ ਅਤਿ ਕ੍ਰੋਪ ਕਰੇ, ਕਰਿ ਧਾਇਆ॥ ਤਾ ਭੀ ਚੀਤਿ ਨ ਰਾਖਸਿ ਮਾਇਆ॥੨॥ ਚਿੰਤ ਭਵਨਿ ਮਨੁ ਪਰਿਓ ਹਮਾਰਾ॥ ਨਾਮ ਬਿਨਾ, ਕੈਸੇ ਉਤਰਸਿ ਪਾਰਾ॥੩॥ ਦੇਹਿ ਬਿਮਲ ਮਤਿ, ਸਦਾ ਸਰੀਰਾ॥ ਸਹਜਿ ਸਹਜਿ, ਗੁਨ ਰਵੈ ਕਬੀਰਾ॥੪॥ (ਭਗਤ ਕਬੀਰ/੪੭੮)

  ਵੀਚਾਰ ਅਧੀਨ ਸ਼ਬਦ ਭਗਤ ਕਬੀਰ ਜੀ ਦੁਆਰਾ ਉਚਾਰਨ ਕੀਤਾ ਹੋਇਆ ਆਸਾ ਰਾਗ ਅੰਦਰ ਦਰਜ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 478 ’ਤੇ ਸੁਭਾਇਮਾਨ ਹੈ।  ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਰਾਹੀਂ ਭਗਤ ਜੀ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਅੱਗੇ ਬਹੁਤ ਹੀ ਪਿਆਰ ਅਤੇ ਨਿਮਰਤਾ ਸਹਿਤ ਜੋਦੜੀ ਕਰਦੇ ਹੋਏ ਫ਼ਰਮਾ ਰਹੇ ਹਨ ਕਿ ਹੇ ਮੇਰੇ ਸੋਹਣੇ ਰਾਮ ! ਮੈਂ ਤੇਰਾ ਅੰਞਾਣ ਬੱਚਾ ਹਾਂ, ਤੂੰ ਮੇਰੇ ਅੰਦਰੋਂ ਮੇਰੀਆਂ ਭੁੱਲਾਂ ਕਿਉਂ ਨਹੀਂ ਦੂਰ ਕਰਦਾ ? ਪਾਵਨ ਬਚਨ ਹਨ ‘‘ਰਾਮਈਆ ! ਹਉ ਬਾਰਿਕੁ ਤੇਰਾ॥  ਕਾਹੇ ਨ ਖੰਡਸਿ ? ਅਵਗਨੁ ਮੇਰਾ॥੧॥ ਰਹਾਉ॥’’

  ਗੁਰਬਾਣੀ ਅੰਦਰ ਅਕਾਲ ਪੁਰਖ ਅਤੇ ਜੀਵ ਦੇ ਰਿਸ਼ਤੇ ਨੂੰ ਕਈ ਰੂਪਾਂ ’ਚ ਬਿਆਨ ਕੀਤਾ ਗਿਆ ਹੈ; ਜਿਵੇਂ ਕਿ ਮਾਤਾ, ਪਿਤਾ, ਬੰਧਪ, ਭਰਾਤਾ, ਬਾਬਲ ਆਦਿ,  ਪਰ ਵੀਚਾਰ ਅਧੀਨ ਸ਼ਬਦ ਵਿੱਚ ਕੇਵਲ ਮਾਂ ਅਤੇ ਪੁੱਤਰ ਦੇ ਰਿਸ਼ਤੇ ਦੀ ਗੱਲ ਹੀ ਕੀਤੀ ਗਈ ਹੈ ਕਿਉਂਕਿ ਬੱਚੇ ਦੀ ਨੇੜਤਾ ਜ਼ਿਆਦਾਤਰ ਮਾਂ ਨਾਲ ਹੀ ਹੁੰਦਾ ਹੈ। ਮਾਂ ਦੀ ਕੁੱਖ ’ਚ ਜਨਮ ਲੈਣ ਤੋਂ ਬਾਅਦ ਵੀ ਮਾਂ ਦੀ ਗੋਦ ਦਾ ਅਨੰਦ ਮਾਨਣ ਦਾ ਸੁਭਾਗ, ਬੱਚੇ ਨੂੰ ਕਾਫ਼ੀ ਸਮੇਂ ਤੱਕ ਪ੍ਰਾਪਤ ਰਹਿੰਦਾ ਹੈ।  ਛੋਟੇ ਬੱਚੇ ਤੋਂ ਹੀ ਵੱਧ ਗ਼ਲਤੀਆਂ ਕਰਨ ਦੀ ਆਸ ਬੰਧੀ ਰਹਿੰਦੀ ਹੈ। ਕਈ ਵਾਰ ਸਮਝਾਉਣ ਤੋਂ ਬਾਅਦ ਵੀ ਬੱਚਾ ਇੱਕ ਗ਼ਲਤੀ ਨੂੰ ਹੀ ਵਾਰ-ਵਾਰ ਦੁਹਰਾਉਂਦਾ ਰਹਿੰਦਾ ਹੈ। ਉਹ ਮਾਂ ਹੀ ਹੈ ਜੋ ਬੱਚੇ ਦੀਆਂ ਗ਼ਲਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਗਲ਼ ਨਾਲ ਲਾ ਕੇ ਰੱਖਦੀ ਹੈ। ਤਾਂ ਹੀ ਭਗਤ ਕਬੀਰ ਜੀ ਆਪਣੇ ਆਪ ਨੂੰ ਬਾਲਕ ਦੇ ਰੂਪ ’ਚ ਪੇਸ਼ ਕਰਦੇ ਹੋਏ ਆਪਣੀ ਮਾਂ ਰੂਪ ਪ੍ਰਮਾਤਮਾ ਅੱਗੇ ਬੜੇ ਮਾਣ ਨਾਲ ਇਹ ਗੱਲ ਕਹਿ ਰਹੇ ਹਨ ਕਿ ਤੁਸੀਂ ਮੇਰੇ ਔਗੁਣਾਂ ਨੂੰ ਕਿਉਂ ਨਹੀਂ ਨਾਸ਼ ਕਰਦੇ ? ਭਗਤ ਸਾਹਿਬਾਨ ਦੀ ਬਾਣੀ ਪੜ੍ਹ ਕੇ ਕਈ ਵਾਰ ਬਹੁਤ ਹੀ ਹੈਰਾਨੀ ਹੁੰਦੀ ਹੈ, ਜਿਨ੍ਹਾਂ ਸ਼ਬਦਾਂ ਨੂੰ ਕਈ ਤਾਂ ਅਗਿਆਨਤਾ ਵੱਸ ਇਹ ਵੀ ਕਹਿ ਦੇਂਦੇ ਹਨ ਕਿ ਭਗਤ ਸਾਹਿਬਾਨ ਇਹੋ ਜਿਹੀਆਂ ਗੱਲਾਂ ਅਹੰਕਾਰ ਵਿੱਚ ਆ ਕੇ ਕਹਿੰਦੇ ਹਨ; ਜਿਵੇਂ ਕਿ ਭਗਤ ਰਵੀਦਾਸ ਜੀ ਦੇ ਪਾਵਨ ਬਚਨ ਹਨ, ‘‘ਜਉ ਪੈ ਹਮ ਨ ਪਾਪ ਕਰੰਤਾ, ਅਹੇ ਅਨੰਤਾ  !॥ ਪਤਿਤ ਪਾਵਨ, ਨਾਮੁ ਕੈਸੇ ਹੁੰਤਾ ?॥’’ (ਭਗਤ ਰਵਿਦਾਸ/੯੩) ਭਾਵ ਹੇ ਪਾਪਾਂ ਨੂੰ ਨਾਸ਼ ਕਰਨ ਵਾਲੇ ਬੇਅੰਤ ਪ੍ਰਭੂ ! ਜੇ ਅਸੀਂ ਪਾਪ ਹੀ ਨਾ ਕਰਦੇ ਤਾਂ ਪਾਪਾਂ ਨੂੰ ਨਾਸ਼ ਕਰਨ ਵਾਲਾ ਤੇਰਾ ਨਾਮ ਕਿਵੇਂ ਬਣ ਜਾਣਾ ਸੀ ? ਪਰ ਇੱਥੇ ਭਗਤ ਰਵੀਦਾਸ ਜੀ ਹੰਕਾਰੀ ਭਾਵਨਾ ਨਾਲ ਗੱਲ ਨਹੀਂ ਕਰ ਰਹੇ, ਇਹ ਤਾਂ ਅਪਣੱਤ ਦੀਆਂ ਅਗੰਮੀ ਬਾਤਾਂ ਹਨ; ਜਿਵੇਂ ਕੋਈ ਬੱਚਾ ਆਪਣੀ ਮਾਂ ਨੂੰ ਇਹ ਆਖੇ ਕਿ ਜੇ ਤੂੰ ਮੈਨੂੰ ਜਨਮ ਨਾ ਦਿੰਦੀ ਤਾਂ ਤੂੰ ਮਾਂ ਅਖਵਾਉਣ ਦਾ ਹੱਕ ਨਹੀਂ ਰੱਖਦੀ ਸੀ ਜਦਕਿ ਇਹ ਗੱਲ ਹੈ ਭੀ 100% ਠੀਕ ਅਤੇ ਇਸ ਵਿੱਚ ਕੋਈ ਹੰਕਾਰ ਵਾਲੀ ਗੱਲ ਵੀ ਨਹੀਂ। ਪ੍ਰਭੂ ਪਿਆਰਿਆਂ ਨੂੰ ਆਪਣੇ ਪਿਆਰੇ ਪ੍ਰਭੂ ਉੱਤੇ ਇੰਨਾ ਮਾਣ ਹੁੰਦਾ ਹੈ ਕਿ ਉਹ ਪਿਆਰ ਵਿੱਚ ਆ ਕੇ ਇਸ ਤਰ੍ਹਾਂ ਪੁਕਾਰ ਉੱਠਦੇ ਹਨ; ਜਿਵੇਂ ਕਿ ਪੰਜਵੇਂ ਪਾਤਿਸ਼ਾਹ ਗੁਰੂ ਅਰਜੁਨ ਸਾਹਿਬ ਜੀ ਫ਼ਰਮਾ ਰਹੇ ਹਨ, ‘‘ਸੁਨਹੁ ਬਿਨੰਤੀ ਠਾਕੁਰ ਮੇਰੇ !  ਜੀਅ ਜੰਤ ਤੇਰੇ ਧਾਰੇ॥ ਰਾਖੁ ਪੈਜ ਨਾਮ ਅਪੁਨੇ ਕੀ, ਕਰਨ ਕਰਾਵਨਹਾਰੇ॥ ਪ੍ਰਭ ਜੀਉ ! ਖਸਮਾਨਾ ਕਰਿ ਪਿਆਰੇ॥ ਬੁਰੇ ਭਲੇ ਹਮ ਥਾਰੇ॥’’ (ਮ:੫/੬੩੧)

  ਵੀਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਰਾਹੀਂ ਭਗਤ ਕਬੀਰ ਜੀ ਕਹਿ ਰਹੇ ਹਨ ਕਿ ‘‘ਸੁਤੁ ਅਪਰਾਧ ਕਰਤ ਹੈ ਜੇਤੇ॥ ਜਨਨੀ, ਚੀਤਿ ਨ ਰਾਖਸਿ, ਤੇਤੇ ॥੧॥’’ ਭਾਵ ਪੁੱਤਰ ਭਾਵੇਂ ਕਿੰਨੀਆਂ ਹੀ ਗ਼ਲਤੀਆਂ ਕਿਉਂ ਨਾ ਕਰੇ ਉਸ ਦੀ ਮਾਂ ਉਨ੍ਹਾਂ ਸਭ ਗ਼ਲਤੀਆਂ ਨੂੰ ਭੁਲਾ ਦਿੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਦੀ ਆਪਣੀ ਅਲਪਗਤਾ, ਅਗਿਆਨਤਾ ਅਤੇ ਹੋਰ ਔਗੁਣਾਂ ਦਾ ਵਰਣਨ ਕਰਦੇ ਹੋਏ ਅਕਾਲ ਪੁਰਖ ਅੱਗੇ ਇਸ ਤਰ੍ਹਾਂ ਬੇਨਤੀ ਕਰਦੇ ਹਨ ‘‘ਤੋ ਸੋ ਨ ਨਾਥੁ, ਅਨਾਥ ਨ ਮੋ ਸਰਿ; ਤੋ ਸੋ ਨ ਦਾਨੀ, ਨ ਮੋ ਸੋ ਭਿਖਾਰੀ। ਮੋ ਸੋ ਨ ਦੀਨ, ਦਇਆਲੁ ਨ ਤੋ ਸਰਿ; ਮੋ ਸੋ ਅਗਿਆਨੁ, ਨ ਤੋ ਸੋ ਬਿਚਾਰੀ। ਮੋ ਸੋ ਨ ਪਤਤਿ, ਨ ਪਾਵਨ ਤੋ ਸਰਿ; ਮੋ ਸੋ ਬਿਕਾਰੀ, ਨ ਤੋ ਸੋ ਉਪਕਾਰੀ। ਮੇਰੇ ਹੈ ਅਵਗੁਨ, ਤੂ ਗੁਨ ਸਾਗਰ; ਜਾਤ ਰਸਾਤਲ, ਓਟ ਤਿਹਾਰੀ॥੫੨੮॥’’ (ਭਾਈ ਗੁਰਦਾਸ ਜੀ : ਕਬਿੱਤ ੫੨੮)

 ਭਗਤ ਕਬੀਰ ਜੀ ਦੇ ਹੀ ਆਪਣੇ ਬਚਨ ਇਸ ਪ੍ਰਕਾਰ ਹਨ, ‘‘ਕਹੁ ਕਬੀਰ ਮੇਰੇ ਮਾਧਵਾ ! ਤੂ ਸਰਬ ਬਿਆਪੀ॥ ਤੁਮ ਸਮਸਰਿ ਨਾਹੀ ਦਇਆਲੁ, ਮੋਹਿ ਸਮਸਰਿ ਪਾਪੀ॥’’ (ਭਗਤ ਕਬੀਰ/੮੫੬)

ਵੀਚਾਰ ਅਧੀਨ ਸ਼ਬਦ ਦੇ ਦੂਸਰੇ ਪਦੇ ਵਿੱਚ ਭਗਤ ਕਬੀਰ ਜੀ ਬਿਆਨ ਕਰ ਰਹੇ ਹਨ, ‘‘ਜੇ ਅਤਿ ਕ੍ਰੋਪ ਕਰੇ, ਕਰਿ ਧਾਇਆ॥ ਤਾ ਭੀ ਚੀਤਿ ਨ ਰਾਖਸਿ ਮਾਇਆ॥੨॥’’ ਭਾਵ ਅਗਰ ਮੂਰਖ ਬੱਚਾ ਬਹੁਤ ਕ੍ਰੋਧ ਵਿੱਚ ਆ ਕੇ ਮਾਤਾ ਨੂੰ ਹੀ ਮਾਰਨ ਵੱਲ ਭੱਜੇ ਤਾਂ ਵੀ ਮਾਤਾ, ਬੱਚੇ ਦੀ ਮੂਰਖਤਾ ਆਪਣੇ ਮਨ ਵਿੱਚ ਨਹੀਂ ਰੱਖਦੀ ਕਿਉਂਕਿ ਸਿਆਣੀ ਮਾਤਾ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਬੱਚੇ ਨੂੰ ਚੰਗੇ-ਮੰਦੇ ਦੀ ਪਹਿਚਾਣ ਹੀ ਨਹੀਂ, ਜਦ ਸਰੀਰਕ ਤੌਰ ’ਤੇ ਵੱਡਾ ਹੋਵੇਗਾ ਤਾਂ ਖ਼ੁਦ ਹੀ ਸਮਝ ਲਵੇਗਾ ਕਿ ਕਿਹੜਾ ਕੰਮ ਕਰਨਾ ਉਚਿਤ ਅਤੇ ਕਿਹੜਾ ਕੰਮ ਛੱਡਣਾ ਹੈ।

ਇਹ ਗੱਲ ਤਾਂ ਆਮ ਦੁਨਿਆਵੀ ਮਾਂ ਦੀ ਹੈ ਜਿਸ ਦਾ ਦਾਇਰਾ ਕਿਸੇ ਨਾ ਕਿਸੇ ਹੱਦ ਤੱਕ ਹੀ ਸੀਮਤ ਹੈ। ਆਮ ਮਾਂ ਜਿੰਨਾ ਪਿਆਰ ਆਪਣੇ ਬੱਚੇ ਨੂੰ ਕਰਦੀ ਹੈ ਓਨਾ ਪੜੋਸੀ ਦੇ ਬੱਚੇ ਨੂੰ ਨਹੀਂ ਕਰਦੀ, ਪਰ ਇੱਥੇ ਤਾਂ ਉਸ ਮਾਂ ਦਾ ਜ਼ਿਕਰ ਹੋ ਰਿਹਾ ਹੈ ਜਿਸ ਨੂੰ ਹੱਦ-ਬੰਨਿਆਂ ’ਚ ਕੈਦ ਹੀ ਨਹੀਂ ਕੀਤਾ ਜਾ ਸਕਦਾ ਭਾਵੇਂ ਕੋਈ ਕਿਸੇ ਵੀ ਧਰਮ ਜਾਂ ਦੇਸ ਨਾਲ ਸੰਬੰਧ ਰੱਖਦਾ ਹੋਵੇ। ਅਕਾਲ ਪੁਰਖ ਸਮੂਹ ਜੀਵਾਂ ਦੀ ਮਾਂ ਹੀ ਨਹੀਂ ਬਲਕਿ ਸਭ ਕੁਝ ਹੀ ਹੈ। ਇੱਥੇ ਕੇਵਲ ਮਾਂ ਵਾਲੇ ਸੁਭਾਵ ਨੂੰ ਲੈ ਕੇ ਹੀ ਪ੍ਰਮਾਤਮਾ ਨਾਲ ਤੁਲਨਾ ਕੀਤੀ ਜਾ ਰਹੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਿੰਨੀ ਪਿਆਰੀ ਕਵਿਤਾ ਇਸ ਵਿਸ਼ੇ ਦੇ ਸੰਬੰਧ ’ਚ ਆਖ ਰਹੇ ਹਨ ‘ਜਿਉਂ ਮਾਵਾਂ ਤਿਉਂ ਠੰਢੀਆਂ ਛਾਂਵਾਂ, ਅਸੀਂ ਤੁਧੇ ਦੀਆਂ ਡਿਠੀਆਂ। ਠੰਢੀ ਪਿਆਰੀ ਗੋਦ ਤੁਧੇ ਦੀ, ਛਾਂਵਾਂ ਮਿੱਠੀਆਂ-ਮਿੱਠੀਆਂ। ਮਾਂ ਨੂੰ ਆਪਣਾ ਬਾਲ ਪਿਆਰਾ, ਤੈਨੂੰ ਸਭ ਕੋਈ ਪਿਆਰਾ। ਜੋ ਆਵੇ ਉਸ ਲਾਡ-ਲਡਾਵੇਂ, ਠਾਰੇ ਜਿੰਦੀਆਂ ਲੁੱਠੀਆਂ।’

 ਵੀਚਾਰ ਅਧੀਨ ਸ਼ਬਦ ’ਚ ਹੁਣ ਤੱਕ ਤਾਂ ਭਗਤ ਜੀ ਨੇ ਮਾਂ ਦੇ ਸੁਭਾਵ ਅਤੇ ਬੱਚੇ ਦੀਆਂ ਬੇਨਤੀਆਂ ਦਾ ਹੀ ਜ਼ਿਕਰ ਕੀਤਾ ਹੈ ਪਰ ਅਗਾਂਹ ਪਦਿਆਂ ਵਿੱਚ ਭਗਤ ਕਬੀਰ ਜੀ ਜੀਵਾਂ ਵੱਲੋਂ ਆਪਣੇ ਔਗੁਣਾਂ ਦਾ ਪ੍ਰਤੱਖ ਰੂਪ ’ਚ ਜ਼ਿਕਰ ਕਰਦੇ ਹੋਏ ਅਕਾਲ ਪੁਰਖ ਕੋਲ਼ੋਂ ਚੰਗੀ ਮਤਿ ਦੀ ਜਾਚਨਾ ਕਰਦੇ ਹੋਏ ਇਉਂ ਫ਼ਰਮਾਉਂਦੇ ਹਨ, ‘‘ਚਿੰਤ ਭਵਨਿ ਮਨੁ ਪਰਿਓ ਹਮਾਰਾ॥ ਨਾਮ ਬਿਨਾ, ਕੈਸੇ ਉਤਰਸਿ ਪਾਰਾ  ?॥੩॥ ਦੇਹਿ ਬਿਮਲ ਮਤਿ, ਸਦਾ ਸਰੀਰਾ॥ ਸਹਜਿ ਸਹਜਿ, ਗੁਨ ਰਵੈ ਕਬੀਰਾ॥੪॥’’ ਭਾਵ ਹੇ ਮੇਰੇ ਪ੍ਰਭੂ ! ਮੇਰਾ ਮਨ ਚਿੰਤਾ ਦੇ ਖੂਹ ਵਿੱਚ ਡਿੱਗਾ ਪਿਆ ਹੈ ਜਿਸ ਕਾਰਨ ਮੈਂ ਸਦਾ ਭੁਲਾਂ ਹੀ ਕਰਦਾ ਰਹਿੰਦਾ ਹਾਂ। ਤੇਰੇ ਨਾਮ ਸਿਮਰਨ ਤੋਂ ਬਿਨਾ ਕਿਵੇਂ ਇਸ ਚਿੰਤਾ ਵਿੱਚੋਂ ਪਾਰ ਲੰਘੇ ? ਹੇ ਮੇਰੇ ਮਾਲਕ ! ਮੇਰੇ ਇਸ ਸਰੀਰ ਨੂੰ ਸਦਾ ਸੋਹਣੀ ਮਤਿ ਦੇਹ ਜਿਸ ਕਰਕੇ ਤੇਰਾ ਬੱਚਾ ਕਬੀਰ ਸਦਾ ਅਡੋਲ ਅਵਸਥਾ ਵਿੱਚ ਰਹਿ ਕੇ ਤੇਰੇ ਗੁਣ ਗਾਉਂਦਾ ਰਹੇ।

ਗੁਰੂ ਦੀ ਬਾਣੀ ਮਾਂ ਦੇ ਰੂਪ ’ਚ ਸਮੁੱਚੀ ਲੁਕਾਈ ਦੇ ਬੱਚਿਆਂ ਨੂੰ ਇਹ ਅਸੀਸ ਬਖ਼ਸ਼ਸ਼ ਕਰਦੀ ਹੈ, ‘‘ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ, ਹਰਿ ਸਿਮਰਤ ਅਨਦ ਅਨੰਤਾ॥ ਰੰਗ ਤਮਾਸਾ ਪੂਰਨ ਆਸਾ, ਕਬਹਿ ਨ ਬਿਆਪੈ ਚਿੰਤਾ॥’’ (ਮ:੫/੪੯੬)

ਸਾਰੀਆਂ ਚਿੰਤਾਵਾਂ ਰੂਪੀ ਬਿਮਾਰੀਆਂ ਦਾ ਇਲਾਜ ਪ੍ਰਭੂ ਦਾ ਸਿਮਰਨ ਹੀ ਹੈ, ਪ੍ਰਭੂ ਸਿਮਰਨ ਲਈ ਚੰਗੀ ਮਤਿ ਦੀ ਲੋੜ ਹੈ। ਇਸ ਲਈ ਸਾਨੂੰ ਸਦੀਵੀ ਉਸ ਮਾਲਕ ਅੱਗੇ ਇਹੋ ਜੋਦੜੀ ਕਰਨੀ ਚਾਹੀਦੀ ਹੈ ਕਿ ‘‘ਤੁਮ੍ ਕਰਹੁ ਦਇਆ, ਮੇਰੇ ਸਾਈ !॥ ਐਸੀ ਮਤਿ ਦੀਜੈ ਮੇਰੇ ਠਾਕੁਰ ! ਸਦਾ ਸਦਾ ਤੁਧੁ ਧਿਆਈ॥’’ (ਮ:੫/੬੭੩)