28.8 C
Jalandhar
Wednesday, July 30, 2025
spot_img
Home Blog Page 8

ਨੰਗਾ ਦੋਜਕਿ ਚਾਲਿਆ

0

ਨੰਗਾ ਦੋਜਕਿ ਚਾਲਿਆ

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ 0175-2216783

ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਹੋਇਆ ਹੈ, ‘‘ਪੜਿਆ ਹੋਵੈ ਗੁਨਹਗਾਰੁ; ਤਾ ਓਮੀ ਸਾਧੁ ਮਾਰੀਐ ’’ (ਮਹਲਾ /੪੬੯) ਭਾਵ ਜੇ ਪੜ੍ਹਿਆ ਲਿਖਿਆ ਮਨੁੱਖ ਮੰਦੇ ਕਰਮ ਕਰੇ ਤਾਂ ਉਸ ਨੂੰ ਵੇਖ ਕੇ ਅਨਪੜ੍ਹ ਮਨੁੱਖ ਨੂੰ ਘਬਰਾਉਣਾ ਨਹੀਂ ਚਾਹੀਦਾ। ਜੇ ਅਨਪੜ੍ਹ ਮਨੁੱਖ ਨੇਕ ਹੈ ਤਾਂ ਉਸ ਨੂੰ ਮਾਰ ਨਹੀਂ ਪੈਂਦੀ। ਜਿਹੋ ਜਿਹੀ ਕਰਤੂਤ ਹੋਵੇ, ਉਹੋ ਜਿਹਾ ਹੀ ਨਾਮ ਬਣਦਾ ਹੈ। ਉਸ ਵਿਚ ਪੜ੍ਹਨ ਜਾਂ ਨਾ ਪੜ੍ਹਨ ਦਾ ਮੁੱਲ ਨਹੀਂ ਪੈਂਦਾ। ਗੁਰੂ ਨਾਨਕ ਸਾਹਿਬ ਨੇ ਇਹ ਵੀ ਫ਼ੁਰਮਾਇਆ, ‘‘ਨੰਗਾ ਦੋਜਕਿ ਚਾਲਿਆ; ਤਾ ਦਿਸੈ ਖਰਾ ਡਰਾਵਣਾ ’’ (ਮਹਲਾ /੪੭੧)

ਭੈੜੇ ਕੰਮਾਂ ਦਾ ਨਤੀਜਾ ਵੀ ਭੈੜਾ ਹੀ ਨਿਕਲਦਾ ਹੈ। ਜਿਹੜਾ ਵਧੀਕੀਆਂ ਕਰਦਾ ਹੈ, ਉਹ ਨੰਗਾ ਹੀ ਕੀਤਾ ਜਾਂਦਾ ਹੈ ਤੇ ਦੋਜਕ ਵਿਚ ਉਸ ਨੂੰ ਆਪਣਾ ਹੀ ਰੂਪ ਬੜਾ ਭਿਆਨਕ ਜਾਪਦਾ ਹੈ। ਭੈੜੇ ਕੰਮ ਕਰ ਕੇ ਅੰਤ ਵਿਚ ਪਛੁਤਾਉਣਾ ਹੀ ਪੈਂਦਾ ਹੈ।

ਇਹ ਜਿੰਦ ਰੂਪੀ ਸੋਹਣਾ ਸਰੀਰ ਤੇ ਪਹਿਨੇ ਕੱਪੜੇ ਇੱਥੇ ਹੀ ਛੱਡ ਕੇ ਜਾਣੇ ਹਨ। ਆਪਣੇ ਕੀਤੇ ਕਰਮਾਂ ਨੇ ਨਾਲ ਵੀ ਤੇ ਪਿੱਛੋਂ ਵੀ ਤੁਰਦੇ ਰਹਿਣਾ ਹੈ, ‘‘ਕਪੜੁ ਰੂਪੁ ਸੁਹਾਵਣਾ; ਛਡਿ ਦੁਨੀਆ ਅੰਦਰਿ ਜਾਵਣਾ ’’ (ਮਹਲਾ /੪੭੦)

ਗੁਰੂ ਨਾਨਕ ਸਾਹਿਬ ਦਾ ਮੰਨਣਾ ਹੈ ਕਿ ਪੰਡਤ ਵੇਦ ਪੜ੍ਹ ਕੇ, ਸੰਧਿਆ ਕਰ ਕੇ, ਮੂਰਤੀ ਪੂਜਾ ਕਰ ਕੇ, ਬਗਲੇ ਵਾਂਗ ਸਮਾਧੀ ਲਾ ਕੇ ਜੇ ਮੁੱਖੋਂ ਝੂਠ ਬੋਲ ਕੇ ਗਲ ਵਿਚ ਮਾਲਾ ਤੇ ਮੱਥੇ ਉੱਤੇ ਤਿਲਕ ਲਾਉਣ ਬਾਅਦ ਹਰ ਰੋਜ਼ ਭਾਵੇਂ ਤਿੰਨ ਵਾਰ ਗਾਯਤ੍ਰੀ ਮੰਤਰ ਵਿਚਾਰ ਲਵੇ, ਪਰ ਉਸ ਦੇ ਇਹ ਕੰਮ ਫੋਕੇ ਹੀ ਗਿਣੇ ਜਾਣਗੇ ਕਿਉਂਕਿ ਸਿਰਫ਼ ਸ਼ਰਧਾ ਧਾਰ ਕੇ ਰਬ ਨੂੰ ਸਿਮਰਨਾ ਹੀ ਗੁਣਕਾਰੀ ਸਾਬਤ ਹੁੰਦਾ ਹੈ, ‘‘ਪੜਿ ਪੁਸਤਕ ਸੰਧਿਆ ਬਾਦੰ   ਸਿਲ ਪੂਜਸਿ ਬਗੁਲ ਸਮਾਧੰ   ਮੁਖਿ ਝੂਠ ਬਿਭੂਖਣ ਸਾਰੰ   ਤ੍ਰੈਪਾਲ ਤਿਹਾਲ ਬਿਚਾਰੰ   ਗਲਿ ਮਾਲਾ ਤਿਲਕੁ ਲਿਲਾਟੰ   ਦੁਇ ਧੋਤੀ ਬਸਤ੍ਰ ਕਪਾਟੰ   ਜੇ ਜਾਣਸਿ ਬ੍ਰਹਮੰ ਕਰਮੰ   ਸਭਿ ਫੋਕਟ ਨਿਸਚਉ ਕਰਮੰ ’’ (ਮਹਲਾ /੪੭੦)

ਇਹੋ ਗੱਲ ਗੁਰੂ ਨਾਨਕ ਸਾਹਿਬ ਵੱਲੋਂ ਹੋਰ ਵਧੀਆ ਤਰੀਕੇ ਨਾਲ਼ ਅੰਗ 1286 ਉੱਤੇ ਵੀ ਸਮਝਾਈ ਮਿਲਦੀ ਹੈ, ‘‘ਨਾਨਕ  ! ਦੁਨੀਆ ਚਾਰਿ ਦਿਹਾੜੇ; ਸੁਖਿ ਕੀਤੈ, ਦੁਖੁ ਹੋਈ ’’ (ਮਹਲਾ /੧੨੮੬) ਭਾਵ ਚਾਰ ਦਿਨਾਂ ਦੀ ਇਸ ਜ਼ਿੰਦਗੀ ਵਿਚ ਜੇ ਸਿਰਫ਼ ਮੌਜ ਹੀ ਮਾਣਦੇ ਰਹੀਏ ਤਾਂ ਅਖ਼ੀਰ ਦੁਖ ਹੀ ਮਿਲਦਾ ਹੈ। ਅੰਨ੍ਹੀ ਤੇ ਕਮਲੀ ਹੋਈ ਦੁਨੀਆ ਹਾਥੀ ਵਾਂਗ ਸ਼ੂਕਦੀ, ਫ਼ੂਕਰਾਂ ਮਾਰਦੀ ਫਿਰਦੀ ਹੈ, ਪਰ ਇਹ ਸ਼ੂਕਣਾ ਜਦੋਂ ਮੁੱਕਦਾ ਹੈ, ਸਭ ਕੁੱਝ ਏਥੇ ਹੀ ਭਸਮ ਹੋ ਜਾਂਦਾ ਹੈ। ਜਿਸ ਦੇ ਹਿਰਦੇ ਵਿਚ ਪ੍ਰੇਮ ਅਤੇ ਨਿਮਰਤਾ ਨਹੀਂ, ਉਹ ਦੁੱਖਾਂ ਦੇ ਸਮੁੱਦਰ ਵਿਚ ਜ਼ਰੂਰ ਡੁੱਬਦਾ ਹੈ, ‘‘ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ’’ (ਮਹਲਾ /੪੭੦)

ਇਸ ਭੂਮਿਕਾ ਤੋਂ ਬਾਅਦ ਪੰਚ ਤੰਤਰ ਵਾਲੇ ਗਿੱਦੜ ਦੀ ਗੱਲ ਕਰਦੇ ਹਾਂ, ਜੋ ਗ਼ਲਤੀ ਨਾਲ ਭੱਜਦਾ ਹੋਇਆ ਜੰਗਲ ਵਿੱਚੋਂ ਸ਼ਹਰ ਵੱਲ ਨਿਕਲ ਆਇਆ ਸੀ। ਉਸ ਦੇ ਮਗਰ ਕੁੱਤੇ ਪੈ ਗਏ ਤਾਂ ਉਹ ਜਾਨ ਬਚਾਉਣ ਲਈ ਭੱਜ ਕੇ ਲਲਾਰੀ ਦੇ ਘਰ ਦੇ ਪਿਛਵਾੜੇ ਪਏ ਨੀਲ ਦੇ ਟੱਬ ਵਿਚ ਲੁੱਕ ਗਿਆ। ਜਦੋਂ ਕੁੱਤੇ ਚਲੇ ਗਏ ਤਾਂ ਉਹ ਬਚਦਾ ਬਚਾਉਂਦਾ ਬਾਹਰ ਨਿਕਲਿਆ। ਜਦੋਂ ਗਲੀ ਦੇ ਅਖ਼ੀਰ ਤੱਕ ਪਹੁੰਚਿਆ ਤਾਂ ਉੱਥੇ ਦੋ ਕੁੱਤੇ ਖੜ੍ਹੇ ਸਨ, ਜੋ ਇਸ ਅਜੀਬ ਜਿਹੇ ਨੀਲੇ ਰੰਗ ਦੇ ਜਾਨਵਰ ਨੂੰ ਵੇਖ ਕੇ ਘਬਰਾ ਕੇ ਪਰ੍ਹਾਂ ਦੌੜ ਗਏ। ਗਿੱਦੜ ਨੂੰ ਇਹ ਪਤਾ ਨਹੀਂ ਸੀ ਕਿ ਉਸ ਦਾ ਰੰਗ ਨੀਲਾ ਹੋ ਚੁੱਕਿਆ ਸੀ। ਉਹ ਆਪ ਹੈਰਾਨ ਹੋ ਗਿਆ ਕਿ ਕੁੱਤੇ ਡਰੇ ਕਿਉਂ  ?

ਰਤਾ ਕੁ ਹੋਰ ਅੱਗੇ ਗਿਆ ਤਾਂ ਕੁੱਝ ਹੋਰ ਕੁੱਤੇ ਖੜ੍ਹੇ ਵੇਖ ਕੇ ਬਿਦਕ ਗਿਆ, ਪਰ ਉਸ ਨੇ ਵੇਖਿਆ ਕਿ ਉਹ ਵੀ ਡਰ ਕੇ ਪਰ੍ਹਾਂ ਭੱਜ ਗਏ। ਉਹ ਉਸੇ ਹਾਲ ਵਿਚ ਜੰਗਲ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਸਾਰੇ ਹੀ ਉਸ ਨੂੰ ਵੇਖ ਕੇ ਡਰਨ ਲੱਗ ਪਏ ਸਨ। ਉਸ ਨੂੰ ਸਮਝ ਨਾ ਆਈ ਕਿ ਕੀ ਹੋ ਰਿਹਾ ਹੈ। ਜਦੋਂ ਉਹ ਪਾਣੀ ਪੀਣ ਛੱਪੜ ਵੱਲ ਗਿਆ ਤਾਂ ਉੱਥੇ ਆਪਣੀ ਸ਼ਕਲ ਵੇਖ ਕੇ ਉਹ ਸਮਝਿਆ ਕਿ ਉਸ ਦੇ ਉੱਪਰ ਚੜ੍ਹੇ ਰੰਗ ਕਰ ਕੇ ਲੋਕ ਉਸ ਨੂੰ ਪਹਿਚਾਣ ਨਹੀਂ ਰਹੇ।

ਬਸ ਫਿਰ ਕੀ ਸੀ ! ਉਸ ਨੇ ਚੁਫ਼ੇਰੇ ਐਲਾਨ ਕਰ ਦਿੱਤਾ ਕਿ ਉਸ ਨੂੰ ਰੱਬ ਨੇ ਭੇਜਿਆ ਹੈ ਕਿ ਜੰਗਲ ਉੱਤੇ ਰਾਜ ਕਰੇ। ਸਭ ਨੂੰ ਉਸ ਨੇ ਵੱਖੋ-ਵੱਖ ਹੁਕਮ ਲਾ ਦਿੱਤੇ ਕਿ ਉਸ ਦੀ ਸੇਵਾ ਵਿਚ ਖਾਣ-ਪੀਣ ਦਾ ਸਮਾਨ ਲਿਆਉਣ। ਸ਼ੇਰ ਤੇ ਹਾਥੀ ਵੀ ਉਸ ਦਾ ਹੁਕਮ ਵਜਾਉਣ ਲੱਗੇ। ਚਲਾਕੀ ਨਾਲ ਉਸ ਨੇ ਜੰਗਲ ਵਿੱਚੋਂ ਸਾਰੇ ਗਿੱਦੜਾਂ ਨੂੰ ਬਾਹਰ ਕਢਵਾ ਦਿੱਤਾ ਕਿ ਖੌਰੇ ਉਹ ਹੁਆਂਕਣ ਲੱਗ ਪਏ ਤਾਂ ਬਦੋਬਦੀ ਆਦਤਨ ਉਹ ਆਪ ਵੀ ਉਨ੍ਹਾਂ ਨਾਲ ਹੀ ਕਿਤੇ ਆਵਾਜ਼ ਕੱਢ ਗਿਆ ਤਾਂ ਜਾਨਵਰ ਪਹਿਚਾਣ ਲੈਣਗੇ।

ਕਈ ਚਿਰ ਏਦਾਂ ਹੀ ਚੱਲਦਾ ਰਿਹਾ। ਅਚਾਨਕ ਇੱਕ ਦਿਨ ਕਿਤੇ ਦੂਰ ਗਿੱਦੜਾਂ ਦੇ ਹੁਆਂਕਣ ਦੀ ਆਵਾਜ਼ ਆਈ ਤਾਂ ਉਹ ਵੀ ਆਦਤਨ ਆਪਣੀ ਧੌਣ ਉੱਤੇ ਕਰ ਕੇ ਉਸ ਤਰ੍ਹਾਂ ਦੀ ਆਵਾਜ਼ ਕੱਢ ਗਿਆ। ਆਵਾਜ਼ ਕੱਢਣ ਦੀ ਦੇਰ ਸੀ ਕਿ ਝੱਟਪਟ ਸਾਰੇ ਜਾਨਵਰ ਪਹਿਚਾਣ ਗਏ ਕਿ ਇਹ ਨੀਲੇ ਰੰਗ ਦਾ ਜਾਨਵਰ ਤਾਂ ਗਿੱਦੜ ਹੀ ਹੈ। ਗਿੱਦੜ ਨੇ ਜਾਨ ਬਚਾ ਕੇ ਭੱਜਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਜਾਨਵਰਾਂ ਦੇ ਰੋਹ ਅੱਗੇ ਟਿਕ ਨਾ ਸਕਿਆ ਤੇ ਮਾਰ ਮੁਕਾ ਦਿੱਤਾ ਗਿਆ।

ਮੌਜੂਦਾ ਹਾਲਾਤ ਵੱਲ ਝਾਤ ਮਾਰੀਏਸੰਨ 2019 ਵਿਚ ਟਾਈਮਜ਼ ਆਫ਼ ਇੰਡੀਆ ਵਿਚ ਛਪੇ ਲੇਖ, ‘‘ਪੌਲੀਟਿਕਸ ਇਜ਼ ਆਰਟ ਔਫ਼ ਫੂਲਿਗ ਸਮ ਪੀਪਲ ਆਲ ਦ ਟਾਈਮ’ ਵਿਚ ਸਪਸ਼ਟ ਕੀਤਾ ਗਿਆ ਕਿ ਲੋਕ ਬੇਵਕੂਫ਼ ਨਹੀਂ, ਪਰ ਸਿਆਸੀ ਘਾਘ ਕੁੱਝ ਲੋਕਾਂ ਨੂੰ ਹਮੇਸ਼ਾ ਅਤੇ ਕਈ ਵਾਰ ਸਾਰੇ ਲੋਕਾਂ ਨੂੰ ਕੁੱਝ ਸਮੇਂ ਲਈ ਆਪਣੇ ਚਲਿੱਤਰ ਵਰਤ ਕੇ ਬੇਵਕੂਫ਼ ਬਣਾ ਲੈਂਦੇ ਹਨ।

ਬਥੇਰੇ ਦੁਕਾਨਦਾਰ ਵੀ ਆਪਣਾ ਸਮਾਨ ਵੇਚਣ ਲਈ ਅਜਿਹਾ ਕਰਦੇ ਹਨ। ਇਸ ਲਈ ਪਹਿਲਾਂ ਕਮਜ਼ੋਰ ਤੇ ਛੇਤੀ ਭਰਮਾਏ ਜਾਣ ਵਾਲੇ ਲੋਕ ਚੁਣੇ ਜਾਂਦੇ ਹਨ। ਫਿਰ ਉਨ੍ਹਾਂ ਨੂੰ ਅਜਿਹਾ ਨਾਅਰਾ ਦੇ ਦਿੱਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਜਾਪਣ ਲੱਗ ਜਾਂਦਾ ਹੈ ਕਿ ਉਹ ਇਕਦਮ ਤਾਕਤਵਰ ਅਤੇ ਯੁੱਗ ਪਲਟਾਓ ਲੋਕ ਬਣ ਗਏ ਹਨ। ਇਸ ਭਰਮ ਨੂੰ ਪਾਲਦਿਆਂ ਆਮ ਲੋਕ ਆਪਣੇ ਆਪ ਨੂੰ ਯੁਗ ਪਲਟਾਊ ਤਾਕਤ ਮੰਨ ਕੇ ਸਿਆਸੀ ਲੋਕਾਂ ਦੇ ਅੰਨ੍ਹੇ ਭਗਤ ਹੋ ਨਿਬੜਦੇ ਹਨ।

ਇਹੀ ਕਾਰਨ ਹੈ ਕਿ 130 ਕਰੋੜ ਭਾਰਤੀਆਂ ਵਿੱਚੋਂ ਸਿਰਫ਼ 30 ਕਰੋੜ ਦੀਆਂ ਵੋਟਾਂ ਨਾਲ ਵੀ ਸਿਆਸੀ ਬੰਦਾ ਪੂਰੇ ਭਾਰਤ ਉੱਤੇ ਰਾਜ ਕਰਨ ਲਈ ਤਿਆਰ ਬਰ ਤਿਆਰ ਮਿਲਦਾ ਹੈ। ਅਜਿਹੀ ਜਿੱਤ ਉੱਤੇ ਭਰਮਾਏ ਗਏ ਲੋਕ ਹੋਰ ਭੂਤਰ ਜਾਂਦੇ ਹਨ ਤੇ ਹੁਕਮ ਵਜਾਉਣ ਲਈ ਤਤਪਰ ਰਹਿੰਦੇ ਹਨ ਜਿਵੇਂ ਰਾਜ ਉਹ ਆਪ ਹੀ ਕਰ ਰਹੇ ਹੋਣ ਤੇ ਸਿਆਸੀ ਬੰਦਾ ਸਿਰਫ਼ ਉਨ੍ਹਾਂ ਦੀ ਮਿਹਨਤ ਸਦਕਾ ਹੀ ਟਿਕਿਆ ਹੋਇਆ ਹੈ। ਅਜਿਹੇ ਅੰਨ੍ਹੇ ਭਗਤ ਕਦੇ ਵੀ ਗਿੱਦੜ ਉੱਤੇ ਹੋਏ ਨੀਲੇ ਰੰਗ ਨੂੰ ਪਛਾਣਦੇ ਨਹੀਂ ਭਾਵੇਂ ਉਨ੍ਹਾਂ ਦੇ ਆਪਣੇ ਹੱਕਾਂ ਦਾ ਵੀ ਘਾਣ ਹੋ ਰਿਹਾ ਹੋਵੇ।

ਇਹੀ ਨੁਕਤਾ ਹਰ ਸਿਆਸੀ ਆਗੂ ਅਪਣਾਉਣ ਲੱਗ ਗਿਆ ਹੈ ਕਿ ਉਸ ਨੇ ਸਿਰਫ਼ 35 ਤੋਂ 40 ਫੀਸਦੀ ਵੋਟਰਾਂ ਤੱਕ ਹੀ ਪਹੁੰਚ ਕਰਨੀ ਹੈ, ਜਿਹੜੇ ਆਪਣੇ ਆਪ ਨੂੰ ‘ਰੱਬ’ ਦੇ ਅੰਨ੍ਹੇ ਭਗਤ ਮੰਨ ਕੇ ਸਿਆਸੀ ਤਾਕਤ ਵਿਚ ਆਪਣਾ ਪੂਰਾ ਹੱਥ ਮੰਨਦਿਆਂ ‘ਝੂਠੇ’ ਦੇਸ ਭਗਤ ਵੀ ਆਪੇ ਹੀ ਬਣ ਜਾਂਦੇ ਹਨ। ਇਸ ਤੋਂ ਅੱਗੇ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ। ਸਿਰਫ਼ ਵਿਚ-ਵਿਚ ਇੱਕ ਹੋਰ ਦੇਸ ਭਗਤੀ ਦਾ ਨਾਹਰਾ, ਜਿਹੜਾ ਅੰਨ੍ਹੇ ਭਗਤਾਂ ਨੂੰ ਨਸ਼ੇ ਵਾਂਗ ਆਪਣੇ ਵਸ ਵਿਚ ਕਰ ਕੇ ਹੋਰ ਪੱਕੇ ਕਰਦਾ ਰਹਿੰਦਾ ਹੈ।

ਇਹ ਵਰਤਾਰਾ ਚੁੰਬਕ ਵਾਂਗ ਹੋਰ ਲੋੜਵੰਦਾਂ ਅਤੇ ਕਮਜ਼ੋਰਾਂ ਨੂੰ ਨਾਲ ਜੋੜਦਾ ਹੈ, ਜਿਸ ਨਾਲ ਮਜ਼ਬੂਤ ਸੰਗਠਨ ਤਿਆਰ ਕਰ ਲਿਆ ਜਾਂਦਾ ਹੈ। ਇੰਜ ਸਿਆਸੀ ਪਾਰਟੀ; ਆਪਣਾ ਕੇਡਰ ਵੀ ਤਿਆਰ ਕਰਦੀ ਰਹਿੰਦੀ ਹੈ ਤੇ ਆਪਣੀ ਸੀਟ ਪੱਕੀ ਕਰਨ ਦੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਵੀ ਪੱਕੇ ਸਿਆਸੀ ਘਾਘ ਬਣਾ ਕੇ ਪੂਰਾ ਝੁੰਡ ਤਿਆਰ ਕਰ ਲੈਂਦੀ ਹੈ। ਜਦੋਂ ਰਤਾ ਕੁ ਸੀਟ ਖੁੱਸਦੀ ਜਾਪੇ ਤਾਂ ਅੰਨ੍ਹੇ ਭਗਤਾਂ ਨੂੰ ਮੁਲਕ ਉੱਤੇ ਨਾਲ ਦੇ ਦੇਸ ਵੱਲੋਂ ਹੋ ਚੱਲੇ ਹੱਲੇ ਬਾਰੇ ਝੂਠ ਬੋਲ ਕੇ ਸੱਚੇ ਦੇਸ ਭਗਤ ਸਾਬਤ ਹੋ ਜਾਣ ਲਈ ਫਿਰ ਫੂਕ ਛਕਾ ਦਿੱਤੀ ਜਾਂਦੀ ਹੈ। ਇਹੀ ਕੁੱਝ ਸਾਹਮਣੀ ਵਾਲੀ ਸਿਆਸੀ ਪਾਰਟੀ ਦੇ ਬੰਦਿਆਂ ਨੂੰ ਭ੍ਰਿਸ਼ਟਾਚਾਰੀ ਜਾਂ ਦੇਸ-ਧ੍ਰੋਹੀ ਸਾਬਤ ਕਰਨ ਲਈ ਕੀਤਾ ਜਾਂਦਾ ਹੈ।

ਜੇ ਏਨੀ ਕੁ ਜਾਣਕਾਰੀ ਨਾਲ ਸਭ ਸਮਝ ਆ ਗਈ ਹੋਵੇ ਤਾਂ ਅੱਗੋਂ ਮੇਰੇ ਕਹਿਣ ਲਈ ਕੁੱਝ ਨਹੀਂ ਬਚਿਆ। ਗੁਰੂ ਸਾਹਿਬ ਨੇ ਤਾਂ ਪਹਿਲਾਂ ਹੀ ਸਭ ਕੁੱਝ ਸਮਝਾਇਆ ਹੋਇਆ ਹੈ। ਸਿਰਫ਼ ਸਿਆਣੇ ਬਣਨ ਦੀ ਲੋੜ ਰਹਿ ਗਈ ਹੈ !

ਯਾਤਰਾਵਾਂ, ਤਿਰੰਗਾ, ਜਾਤ-ਪਾਤ, ਹਿੰਸਾ, ਧਾਰਮਿਕ ਵੰਡਾਂ, ਵਤਨੋਂ-ਪਾਰ ਪਹੁੰਚਦੇ ਫੰਡ, ਐੱਨ.ਆਰ.ਆਈ. ਸੰਮੇਲਨ, ਅੱਤਵਾਦੀ ਹਮਲੇ, ਸਰਹੱਦੀ ਖ਼ਤਰੇ, ਧਾਰਮਿਕ ਸਮਾਗਮ ਅਤੇ ਹੋਰ ਵੀ ਅਣਗਿਣਤ ਅਜਿਹੇ ਕਾਰਜਾਂ ਪਿੱਛੇ ਕੀ ਮਨਸ਼ਾ ਹੈ, ਮੈਨੂੰ ਦੱਸਣ ਦੀ ਲੋੜ ਨਹੀਂ !

ਅਖ਼ੀਰ ਵਿਚ ਇਕ ਗੱਲ ਦੀ ਸਿਫ਼ਤ ਕਰਨੀ ਬਣਦੀ ਹੈ। ਮੌਜੂਦਾ ਸਿਆਸੀ ਘਾਘ ਪਹਿਲਿਆਂ ਨਾਲੋਂ ਵੱਧ ਸਿਆਣੇ ਹੋ ਚੁੱਕੇ ਹਨ। ਉਹ ਪਹਿਲਾਂ ਵਾਲੇ ਪੈਂਤੜੇ ਤਾਂ ਵਰਤਦੇ ਹੀ ਹਨ, ਪਰ ਮੀਡੀਆ ਦੀ ਸੰਘੀ ਘੁੱਟਣੀ, ਮੁਫ਼ਤਖੋਰੀ, ਈ.ਡੀ., ਵਿਜੀਲੈਂਸ ਅਤੇ ਝੂਠੇ ਕੇਸ ਵਰਗੇ ਅਚੂਕ ਹਥਿਆਰ ਵਰਤ ਕੇ ਨਵਾਂ ਇਤਿਹਾਸ ਸਿਰਜਣ ਵੱਲ ਤੁਰ ਪਏ ਹਨ ! ਰੱਬ ਖ਼ੈਰ ਕਰੇ ਕਿਉਂਕਿ ਅਜਿਹੇ ਲੋਕਾਂ ਦਾ ਅੰਤ ਤਾਂ ਉਹੀ ਹੈ, ‘‘ਨੰਗਾ ਦੋਜਕਿ ਚਾਲਿਆ ..’’

ਕਾਮਿ ਕਰੋਧਿ ਨਗਰੁ ਬਹੁ ਭਰਿਆ

0

ਕਾਮਿ ਕਰੋਧਿ ਨਗਰੁ ਬਹੁ ਭਰਿਆ

ਪ੍ਰੋਫ਼ੈਸਰ ਮਨਮੋਹਨ ਸਿੰਘ

ਰਾਗੁ ਗਉੜੀ ਪੂਰਬੀ ਮਹਲਾ ੪ ॥

ਕਾਮਿ ਕਰੋਧਿ ਨਗਰੁ ਬਹੁ ਭਰਿਆ; ਮਿਲਿ ਸਾਧੂ, ਖੰਡਲ ਖੰਡਾ ਹੇ ॥

ਪੂਰਬਿ ਲਿਖਤ ਲਿਖੇ, ਗੁਰੁ ਪਾਇਆ; ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥

ਕਰਿ ਸਾਧੂ ਅੰਜੁਲੀ; ਪੁਨੁ ਵਡਾ ਹੇ ॥  ਕਰਿ ਡੰਡਉਤ; ਪੁਨੁ ਵਡਾ ਹੇ ॥੧॥ ਰਹਾਉ ॥

ਸਾਕਤ, ਹਰਿ ਰਸ ਸਾਦੁ ਨ ਜਾਣਿਆ; ਤਿਨ ਅੰਤਰਿ ਹਉਮੈ ਕੰਡਾ ਹੇ ॥

ਜਿਉ ਜਿਉ ਚਲਹਿ, ਚੁਭੈ, ਦੁਖੁ ਪਾਵਹਿ; ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥

ਹਰਿ ਜਨ, ਹਰਿ ਹਰਿ ਨਾਮਿ ਸਮਾਣੇ; ਦੁਖੁ ਜਨਮ ਮਰਣ ਭਵ ਖੰਡਾ ਹੇ ॥

ਅਬਿਨਾਸੀ ਪੁਰਖੁ ਪਾਇਆ ਪਰਮੇਸਰੁ; ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥

ਹਮ ਗਰੀਬ ਮਸਕੀਨ ਪ੍ਰਭ  ! ਤੇਰੇ; ਹਰਿ ਰਾਖੁ ਰਾਖੁ ਵਡ ਵਡਾ ਹੇ ॥

ਜਨ ਨਾਨਕ ਨਾਮੁ ਅਧਾਰੁ ਟੇਕ ਹੈ; ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥ (ਸੋਹਿਲਾ ਗਉੜੀ/ਮਹਲਾ ੪/੧੩)

ਉਚਾਰਨ ਸੇਧ : ਪੁਨੁ- ਪੁੰਨ (ਭਾਵ ਲਾਭ)। ਤਿਨ-ਤਿਨ੍। ਚਲਹਿ- ਚਲਹਿਂ। ਪਾਵਹਿ-ਪਾਵਹਿਂ। ਸਹਹਿ-ਸਹਹਿਂ। ਸੋਭ-ਸ਼ੋਭ। ਗਰੀਬ-ਗ਼ਰੀਬ। ਵਡਾ-ਵੱਡਾ।

ਪਦ ਅਰਥ : ਕਾਮਿ ਕਰੋਧਿ- ਕਾਮ-ਵਾਸ਼ਨਾ ਵਿੱਚ ਤੇ ਕਰੋਧ ਵਿੱਚ। ਨਗਰੁ- ਸਰੀਰ। ਸਾਧੂ-ਗੁਰੂ (ਨੋਟ : ਗੁਰਬਾਣੀ ’ਚ ‘ਸਾਧੁ’ ਦਾ ਜ਼ਿਆਦਾਤਰ ਅਰਥ ‘ਗੁਰੂ’ ਹੁੰਦਾ ਹੈ)। ਖੰਡਲ ਖੰਡਾ- ਟੋਟੇ ਟੋਟੇ ਕਰ, ਮਿਟਾ ਦੇਹ। ਪੂਰਬਿ ਲਿਖੇ ਲਿਖਤ-ਪਿਛਲੇ ਕੀਤੇ ਕੰਮਾਂ ਦੇ ਸੰਜੋਗ (ਸੰਸਕਾਰ) ਅਨੁਸਾਰ। ਲਿਖਤ-ਲੇਖ। ਮਨਿ- ਮਨ ਵਿੱਚ। ਮੰਡਲ ਮੰਡਾ-ਮਿਲਿਆ ਹੈ, ਜੜਿਆ ਹੈ, ਭਰਿਆ ਹੈ ਭਾਵ (ਪ੍ਰਭੂ ਨਾਲ਼) ਪ੍ਰੀਤ ਉਪਜੀ ਹੈ। ਅੰਜੁਲੀ-ਦੋਵੇਂ ਹੱਥ ਜੋੜ ਕੀਤੀ ਬੇਨਤੀ। ਡੰਡਉਤ-ਡੰਡੇ ਵਾਙ ਲੰਬਾ ਲੇਟ ਕੇ ਕੀਤੀ ਅਰਦਾਸ ਭਾਵ ਕਾਮਨਾ ਰਹਿਤ ਭਾਵਨਾ ਨਾਲ਼ ਕੀਤੀ ਬੇਨਤੀ। ਸਾਕਤ-ਪ੍ਰਭੂ ਤੋਂ ਟੁੱਟੇ/ਵਿਛੁੜੇ ਮਨੁੱਖ। ਸਾਦੁ-ਅਨੰਦ। ਤਿਨ- ਉਨ੍ਹਾਂ ਦੇ। ਹਉਮੈ ਕੰਡਾ- ਅਹੰਕਾਰ ਭਰਪੂਰ ਆਕੜ (ਕਿ ਮੈ ਕਿਸੇ ਅੱਗੇ ਬੇਨਤੀ ਕਿਉਂ ਕਰਾਂ, ਕਿਉਂ ਝੁਕਾਂ)। ਚਲਹਿ- ਚੱਲਦੇ ਹਨ (ਬਹੁ ਵਚਨ ਕਿਰਿਆ)। ਚੁਭੈ-(ਅਹੰਕਾਰ ਰੂਪ ਕੰਡਾ) ਚੁਭਦਾ ਹੈ, ਦੁਖ ਦਿੰਦਾ ਹੈ (ਇੱਕ ਵਚਨ ਕਿਰਿਆ)। ਪਾਵਹਿ-(ਦੁੱਖ) ਪਾਉਂਦੇ ਹਨ (ਬਹੁ ਵਚਨ ਕਿਰਿਆ)। ਜਮਕਾਲੁ- ਮੌਤ, ਆਤਮਕ ਪੀੜਾ, ਵਿਕਾਰ-ਵਾਸ਼ਨਾ ਅੱਗੇ ਹੋਈ ਹਾਰ। ਸਿਰਿ- ਸਿਰ ਉੱਤੇ ਭਾਵ ਰੂਹਾਨੀਅਤ ਮਾਰਗ/ਜੀਵਨ ਵਿੱਚ। ਨਾਮਿ- ਨਾਮ ਵਿੱਚ। ਜਨਮ ਮਰਣ ਭਵ- ਜਨਮ ਤੋਂ ਮਰਨ ਤੱਕ ਵਾਲ਼ੇ ਭਵਸਾਗਰ ਦਾ, ਸੰਸਾਰ ਸਮੁੰਦਰ ਦਾ। ਖੰਡਾ- ਟੁੱਟ ਗਿਆ, ਮੁੱਕ ਗਿਆ। ਅਬਿਨਾਸੀ ਪੁਰਖੁ- ਨਾਸ ਰਹਿਤ ਅਕਾਲ ਪੁਰਖ। ਬਹੁ-ਬਹੁਤ ਜ਼ਿਆਦਾ, ਕਾਫ਼ੀ। ਸੋਭ- ਸ਼ੋਭਾ, ਸਤਿਕਾਰ। ਖੰਡ ਬ੍ਰਹਮੰਡਾ- ਧਰਤੀ ਅਤੇ ਅਕਾਸ਼ ਵਿੱਚ ਭਾਵ ਲੋਕ ਪ੍ਰਲੋਕ ਵਿੱਚ। ਹਮ ਗਰੀਬ ਮਸਕੀਨ- ਅਸੀਂ ਅਤਿ ਦਰਜੇ ਦੇ ਲਾਚਾਰ ਭਾਵ ਰੂਹਾਨੀਅਤ ਗੁਣਾਂ ਤੋਂ ਸੱਖਣੇ (ਨੋਟ : ਗੁਰਬਾਣੀ ’ਚ ‘ਗਰੀਬ’ ਦਾ ਅਰਥ ‘ਗੁਣਹੀਣ’ ਅਤੇ ‘ਅਮੀਰ’ ਦਾ ਅਰਥ ‘ਗੁਣਾਂ ਵਾਲ਼ਾ ਜੀਵਨ’ ਹੁੰਦਾ ਹੈ)। ਪ੍ਰਭ- ਹੇ ਪ੍ਰਭੂ ਜੀ। ਤੇਰੇ- (ਪਰ) ਤੇਰੇ (ਸੇਵਕ ਹਾਂ)। ਰਾਖੁ ਰਾਖੁ- ਸਾਨੂੰ ਬਚਾ ਲੈ, ਬਚਾ ਲੈ। ਵਡ ਵਡਾ- ਤੂੰ ਹੀ ਵੱਡਾ ਪਿਤਾ ਹੈਂ, ਰਖਵਾਲਾ ਹੈਂ, ਮਦਦਗਾਰ ਹੈਂ। ਨਾਨਕ- ਹੇ ਨਾਨਕ ! (ਆਖ ਕਿ)। ਨਾਮੁ ਅਧਾਰੁ ਟੇਕ- ਨਾਮ ਹੀ ਆਸਰਾ ਹੈ, (ਜੀਵਨ ਦਾ) ਆਧਾਰ ਹੈ, ਸਹਾਈ ਹੈ। ਹਰਿ ਨਾਮੇ ਹੀ- ਹਰੀ ਦੇ ਨਾਮ ਨਾਲ਼ ਹੀ। ਮੰਡਾ-ਮਿਲਦਾ ਹੈ, ਸੰਜੋਗ ਬਣਦਾ ਹੈ।

ਸੋਹਿਲਾ ਸਾਹਿਬ ਅੰਦਰ ਇਹ ਸ਼ਬਦ, ਗੁਰੂ ਰਾਮਦਾਸ ਸਾਹਿਬ ਜੀ ਦੁਆਰਾ ਉਚਾਰਿਆ ਗਿਆ ਹੈ। ਸੋਹਿਲਾ ਬਾਣੀ ਦੀ ਸ਼ਬਦ-ਤਰਤੀਬ ਲੜੀ ’ਚ ਇਹ ਸ਼ਬਦ ਚੌਥੇ ਨੰਬਰ ’ਤੇ ਦਰਜ ਹੈ। ਇਸ ਸ਼ਬਦ ਦੇ ਚਾਰ ਬੰਦ ਹਨ, ਜਿਨ੍ਹਾਂ ਵਿੱਚ ਇੱਕ ਰਹਾਉ ਦਾ ਪਦਾ ਹੈ, ਜੋ ਪੂਰੇ ਸ਼ਬਦ ਦਾ ਕੇਂਦਰੀ-ਭਾਵ ਹੁੰਦਾ ਹੈ। ਸ਼ਬਦ ਦੇ ਬਾਕੀ ਸਾਰੇ ਬੰਦ; ਰਹਾਉ ਪਦੇ ਦਾ ਹੀ ਵਿਸਥਾਰ ਹੁੰਦੇ ਹਨ। ਥੋੜ੍ਹੇ ਜਿਹੇ ਲਗ (ਮਾਤਰੀ) ਅੰਤਰ ਨਾਲ ਇਹੀ ਸ਼ਬਦ; ਪਾਵਨ ਅੰਕ 171 ’ਤੇ ਗਾਉੜੀ ਰਾਗ ਵਿੱਚ ਦੁਬਾਰਾ ਦਰਜ ਕੀਤਾ ਹੈ।

ਜਿਸ ਤਰ੍ਹਾਂ ਸ਼ਬਦ ਦੇ ਰਹਾਉ ਬੰਦ ਰਾਹੀਂ ਸਤਿਗੁਰੂ ਜੀ; ਸੱਚੇ ਗੁਰੂ ਅੱਗੇ ਬੇਨਤੀ, ਜੋਦੜੀ ਕਰਨ ਦਾ ਢੰਗ ਸਿਖਾ ਰਹੇ ਹਨ ਤਾਂ ਜੋ ਸਤਿਗੁਰੂ ਦੀ ਕਿਰਪਾ-ਦ੍ਰਿਸ਼ਟੀ ਨਾਲ਼ ਅਸਲ ਪਤੀ-ਪਰਮੇਸ਼ਰ ਮਾਲਕ ਨਾਲ਼; ਬੇਨਤੀ ਕਰਤਾ ਸਿੱਖ ਦਾ ਮਿਲਾਪ ਹੋ ਜਾਵੇ, ‘‘ਕਰਿ ਸਾਧੂ ਅੰਜੁਲੀ; ਪੁਨੁ ਵਡਾ ਹੇ   ਕਰਿ ਡੰਡਉਤ; ਪੁਨੁ ਵਡਾ ਹੇ ਰਹਾਉ ’’ ਅਰਥ : (ਹੇ ਭਾਈ !) ਤੂੰ ਸਤਿਗੁਰੂ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰ, ਡੰਡੇ ਵਾਙ ਸਿੱਧਾ ਹੋ ਕੇ ਅਰਦਾਸ ਕਰ ਭਾਵ ਨਿਮਾਣਾ ਬਣ ਕੇ ਇਕਾਗਰ ਚਿਤ ਨਾਲ਼ ਅਰਦਾਸ ਕਰ; ਐਸਾ ਕਰਨਾ ਬਹੁਤ ਹੀ ਵੱਡਾ, ਬਹੁਤ ਹੀ ਜ਼ਿਆਦਾ ਪੁੰਨ ਕਰਮ ਹੈ, ਗੁਣਕਾਰੀ ਕਾਰਜ ਹੈ ਭਾਵ ਆਪਣੀ ਮਾੜੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਨਾ; ਵੱਡਾ ਪੁੰਨ ਹੈ, ਬਹੁਤ ਹੀ ਭਲਾ ਕੰਮ ਹੈ। ਸਮੁੱਚੀ ਗੁਰਬਾਣੀ ਅੰਦਰ ਮੂਲ ਮੰਤਰ ਦੀ ਸਮਾਪਤੀ ਭੀ ‘ਗੁਰ ਪ੍ਰਸਾਦਿ’ ਸ਼ਬਦ ਨਾਲ਼ ਕੀਤੀ ਗਈ ਹੈ। ਜਿਨ੍ਹਾਂ ਦਾ ਅਰਥ ਹੈ ਕਿ ‘ਗੁਰੂ ਦੀ ਕਿਰਪਾ ਨਾਲ਼ ‘ੴ’ ਮਿਲਦਾ ਹੈ। ਗੁਰੂ ਤੋਂ ਬਿਨਾਂ ਮਨੁੱਖ ਕੋਲ਼ ਉਸ ਅਦ੍ਰਿਸ਼ ਅਤੇ ਨਿਰਾਕਾਰ; ਜਗਤ ਨੂੰ ਸਿਰਜਣਹਾਰ ਪ੍ਰਭੂ ਨੂੰ ਵੇਖਣ ਦੀ ਸਮਰੱਥਾ ਨਹੀਂ ਹੁੰਦੀ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੀ 30ਵੀਂ ਪਉੜੀ ’ਚ ਬਿਆਨ ਕੀਤਾ ਹੈ ਕਿ ‘‘ਓਹੁ ਵੇਖੈ, ਓਨਾ ਨਦਰਿ ਆਵੈ; ਬਹੁਤਾ ਏਹੁ ਵਿਡਾਣੁ ..੩੦ (ਜਪੁ) ਅਰਥ : ਉਹ (ਅਕਾਲ ਪੁਰਖ ਸਾਰਿਆਂ ਦੀ ਹਰ ਹਰਕਤ ਨੂੰ) ਵੇਖਦਾ ਹੈ, ਪਰ ਉਨ੍ਹਾਂ (ਜੀਵਾਂ ਨੂੰ ਉਹ) ਨਜ਼ਰ ਨਹੀਂ ਆਉਂਦਾ। ਇਹ, ਬੜਾ ਵੱਡਾ ਅਸਚਰਜ ਹੈ, ਹੈਰਾਨ ਕਰਨ ਵਾਲ਼ਾ ਵਤੀਰਾ ਹੈ। ਗੁਰੂ ਅੰਗਦ ਸਾਹਿਬ ਜੀ ਨੇ ਭੀ ਆਸਾ ਦੀ ਵਾਰ ਦੇ ਅਰੰਭ ’ਚ ਫ਼ੁਰਮਾਇਆ ਹੈ, ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ   ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ ’’ (ਆਸਾ ਕੀ ਵਾਰ/ਮਹਲਾ /੪੬੩) ਅਰਥ : ਜੇਕਰ ਅਕਾਸ਼ ਵਿੱਚ ਹਜ਼ਾਰਾਂ ਚੰਦ (ਰਾਤ ਦੇ ਹਨ੍ਹੇਰੇ ’ਚ) ਉਗ ਪੈਣ ਤੇ ਸੂਰਜ ਚੜ੍ਹ ਜਾਣ ਤਾਂ ਭੀ ਐਨੀ ਰੌਸ਼ਨੀ ਹੋਣ ਦੇ ਬਾਵਜੂਦ ਮਨੁੱਖ ਦੇ ਹਿਰਦੇ ਅੰਦਰ ਅਗਿਆਨਤਾ ਦਾ ਹਨ੍ਹੇਰਾ ਰਹਿੰਦਾ ਹੈ। ਭੱਟ ਨਲ੍ਹ ਜੀ ਭੀ ਮਨੁੱਖ ਜਾਤੀ ਲਈ ਸਤਿਗੁਰੂ ਦੀ ਅਹਿਮੀਅਤ ਨੂੰ ਇਉਂ ਬਿਆਨ ਕਰਦੇ ਹਨ, ‘‘ਗੁਰ ਬਿਨੁ ਘੋਰੁ ਅੰਧਾਰੁ; ਗੁਰੂ ਬਿਨੁ, ਸਮਝ ਆਵੈ   ਗੁਰ ਬਿਨੁ ਸੁਰਤਿ ਸਿਧਿ; ਗੁਰੂ ਬਿਨੁ ਮੁਕਤਿ ਪਾਵੈ (ਭਟ ਨਲੵ/੧੩੯੯)

ਸੋ ਗੁਰੂ ਅੱਗੇ ਡੰਡੌਤ ਕਰ, ਅਰਦਾਸ ਕਰ ਉਨ੍ਹਾਂ ਪਾਸੋਂ ਪਰਮਾਤਮਾ ਦੇ ਨਾਮ ਦੀ ਦਾਤ ਮੰਗਣੀ ਚਾਹੀਦਾ ਹੈ ਕਿਉਂਕਿ ਉਸੇ ਨਾਲ ਆਤਮਕ ਸੁੱਖ ਮਿਲਦਾ ਹੈ, ਜੋ ਪੰਜਾਂ ਦੂਤਾਂ ਨੂੰ ਅੰਮ੍ਰਿਤ ਨਾਮ ਰੂਪੀ ਜ਼ਹਰ ਦੇ ਕੇ ਖ਼ਤਮ ਕਰਦਾ ਹੈ। ਜੀਵ ਅੰਦਰ ਇਹੀ ਮਨਸ਼ਾ ਹੋਣੀ ਚਾਹੀਦੀ ਹੈ ਕਿ ਜੀਵਾਤਮਾ ਅਤੇ ਪਰਮਾਤਮਾ ਇੱਕ ਦੂਸਰੇ ਵਿੱਚ ਸਮਾ ਜਾਣ ਅਤੇ ਆਤਮਕ ਅਨੰਦ ਪ੍ਰਾਪਤ ਹੋ ਜਾਏ; ਜਿਵੇਂ ਕਿ ਬਚਨ ਹਨ, ‘‘ਸਤਿਗੁਰ ਅਗੈ ਅਰਦਾਸਿ ਕਰਿ; ਸਾਜਨੁ ਦੇਇ ਮਿਲਾਇ   ਸਾਜਨਿ ਮਿਲਿਐ ਸੁਖੁ ਪਾਇਆ; ਜਮਦੂਤ ਮੁਏ ਬਿਖੁ ਖਾਇ   ਨਾਵੈ ਅੰਦਰਿ ਹਉ ਵਸਾਂ; ਨਾਉ ਵਸੈ ਮਨਿ ਆਇ ’’ (ਮਹਲਾ /੫੫) ਅਰਥ : ਹੇ ਭਾਈ ! ਗੁਰੂ ਦੇ ਦਰ ਉੱਤੇ ਅਰਦਾਸ ਕਰ ਕਿਉਂਕਿ ਉਹੀ ਪਿਆਰੇ ਸੱਜਣ ਪ੍ਰਭੂ ਨੂੰ ਮਿਲਾਉਂਦਾ ਹੈ। ਉਸ ਸੱਜਣ ਦੇ ਮਿਲਣ ਨਾਲ਼ ਮਨ ’ਚ ਅਨੰਦ ਉਪਜਦਾ ਹੈ। ਫਿਰ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਮੈ ਨਾਮ-ਅੰਮ੍ਰਿਤ ਵਿੱਚ ਵੱਸਦਾ ਹਾਂ ਅਤੇ ਨਾਮ-ਅੰਮ੍ਰਿਤ ਮੇਰੇ ਅੰਦਰ ਵੱਸਦਾ ਹੈ ਭਾਵ ਨਾਮ-ਅੰਮ੍ਰਿਤ ਰੂਪ ਸ਼ਾਂਤੀ ਵਰਗੀ ਹਿਰਦੇ ਅੰਦਰ ਠੰਢ ਪੈ ਜਾਂਦੀ ਹੈ।

ਸ਼ਬਦ ਦੇ ਅਰੰਭਕ ਪਦੇ ’ਚ ਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਮਨੁੱਖ ਦਾ ਸਰੀਰ ਰੂਪ ਸ਼ਹਰ; ਕਾਮ, ਕ੍ਰੋਧ (ਆਦਿਕ ਹਨ੍ਹੇਰੇ) ਨਾਲ ਭਰਿਆ ਪਿਆ ਹੈ। ਗੁਰੂ ਦੀ ਸੰਗਤ ’ਚ ਮਿਲ ਕੇ ਇਨ੍ਹਾਂ ਵਿਕਾਰਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ, ਸਰੀਰ-ਨਗਰ ਨੂੰ ਪਵਿੱਤਰ ਬਣਾਇਆ ਜਾ ਸਕਦਾ ਹੈ, ਨਿਰਮਲ ਹੋਏ ਅੰਤਹਿਕਰਣ ਨਾਲ਼ ਅਦ੍ਰਿਸ਼ ਪ੍ਰਭੂ ਦਾ ਦੀਦਾਰ ਕੀਤਾ ਜਾ ਸਕਦਾ ਹੈ, ‘‘ਕਾਮਿ ਕਰੋਧਿ ਨਗਰੁ ਬਹੁ ਭਰਿਆ; ਮਿਲਿ ਸਾਧੂ, ਖੰਡਲ ਖੰਡਾ ਹੇ ’’ ਅਰਥ : ਕਾਮ-ਕਰੋਧ ਨਾਲ਼ ਸਰੀਰ-ਨਗਰ ਬਹੁਤ ਭਰਿਆ ਪਿਆ ਹੈ, ਇਸ  ਲਈ (ਹੇ ਭਾਈ !) ਗੁਰੂ ਨੂੰ ਮਿਲ ਕੇ ਇਸ ਨੂੰ ਨਾਸ ਕਰ ਭਾਵ ਮਨ ਨੂੰ ਨਿਰਮਲ ਕਰ ਲੈ।

ਵਿਕਾਰ; ਸਰੀਰ ਨੂੰ ਬਿਲਕੁਲ ਨਿਰਬਲ ਕਰ ਦਿੰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ‘ਓਅੰਕਾਰ’ ਬਾਣੀ ਰਾਹੀਂ ਭੀ ਉਪਦੇਸ਼ ਦਿੱਤਾ ਹੈ ਕਿ ‘‘ਕਾਮੁ ਕ੍ਰੋਧੁ; ਕਾਇਆ ਕਉ ਗਾਲੈ   ਜਿਉ, ਕੰਚਨ ਸੋਹਾਗਾ ਢਾਲੈ ’’ (ਓਅੰਕਾਰ/ਮਹਲਾ /੯੩੨) ਅਰਥ : ਕਾਮ, ਕਰੋਧ ਆਦਿ ਵਿਕਾਰ ਨੂੰ ਸਰੀਰ ਨੂੰ (ਇਉਂ) ਗਲ਼ਾ, ਪਿਘਲ਼ਾ ਦਿੰਦੇ ਹਨ; ਜਿਵੇਂ ਸੋਹਾਗਾ (ਖਾਰਾ ਪਦਾਰਥ; ਕੁਠਾਲੀ ’ਚ ਪਾਏ) ਸੋਨੇ ਨੂੰ ਪਿਘਲ਼ਾ ਦਿੰਦਾ ਹੈ, ਨਰਮ ਕਰ ਦਿੰਦਾ ਹੈ।

ਵਿਕਾਰ-ਵਾਸ਼ਨਾ; ਮਨੁੱਖ ਦੀ ਸੁਰਤਿ ਨੂੰ ਪਰਮਾਤਮਾ ਨਾਲੋਂ ਤੋੜਦੀ ਹੈ ਅਤੇ ਮਨੁੱਖ; ਆਤਮਕ ਰੌਸ਼ਨੀ/ਸ਼ਾਂਤੀ ਅਤੇ ਮਾਨਸਿਕ ਬਲ ਪੱਖੋਂ ਕਮਜ਼ੋਰ ਹੁੰਦਾ ਜਾਂਦਾ ਹੈ। ਇਹ ਭੀ ਸੱਚ ਹੈ ਕਿ ਸਤਿਗੁਰੂ ਦੀ ਉਜਲ ਦ੍ਰਿਸ਼ਟੀ ਅਤੇ ਨਿਰਮਲ ਗਿਆਨ ਦਾ ਹਰ ਕੋਈ ਲਾਭ ਨਹੀਂ ਉਠਾ ਸਕਦਾ। ਗੁਰੂ ਗਿਆਨ ਮਨੁੱਖ ਦੀ ਪਕੜ ਦੇ ਉੱਪਰ ਦੀ ਲੰਘ ਜਾਂਦਾ ਹੈ। ਜਿਨ੍ਹਾਂ ਦੇ ਨਸੀਬ ਵਿੱਚ ਪਿਛਲੇ ਭਾਗ ਲਿਖੇ ਹੋਣ; ਉਹੀ ਸਤਿਗੁਰੂ ਦੀ ਸ਼ਰਨ ’ਚ ਆ ਕੇ ਜ਼ਿੰਦਗੀ ਦਾ ਅਸਲ ਲਾਹਾ ਖੱਟਦੇ ਹਨ। ਇਸੇ ਉਪਦੇਸ਼ ਨਾਲ਼ ਗੁਰੂ ਜੀ ਪਹਿਲੇ ਬੰਦ ਨੂੰ ਸਮਾਪਤ ਕਰਦੇ ਹਨ, ‘‘ਪੂਰਬਿ ਲਿਖਤ ਲਿਖੇ, ਗੁਰੁ ਪਾਇਆ; ਮਨਿ ਹਰਿ ਲਿਵ ਮੰਡਲ ਮੰਡਾ ਹੇ ’’ ਅਰਥ : ਜਿਨ੍ਹਾਂ ਨੇ ਪੂਰਵਲੇ ਕਰਮਾਂ (ਲੇਖ/ਨਸੀਬ) ਨਾਲ਼ ਸਤਿਗੁਰੂ ਨੂੰ ਪ੍ਰਾਪਤ ਕੀਤਾ ਉਨ੍ਹਾਂ ਦੇ ਹੀ ਮਨ ਵਿੱਚ ਹਰੀ ਨਾਲ਼ ਲਿਵ ਜੁੜ ਕੇ (ਰੱਬੀ ਰੰਗ) ਭਰਿਆ ਜਾਂਦਾ ਹੈ।

ਇਸ ਸ਼ਬਦ ਵਿੱਚ ਗੁਰੂ ਜੀ ਨੇ ਜਿਸ ਤਰ੍ਹਾਂ ਸਰੀਰ ਨੂੰ ਇੱਕ ਨਗਰ ਮੰਨ ਕੇ ਇਸ ਨੂੰ ਪਵਿੱਤਰ ਕਰਨ ਦਾ ਢੰਗ ਬਿਆਨ ਕੀਤਾ; ਉਸੇ ਤਰ੍ਹਾਂ ਭਗਤ ਕਬੀਰ ਜੀ ਨੇ ਸਰੀਰ ਨੂੰ ਇੱਕ ਪਿੰਡ/ਗ੍ਰਾਮ ਮੰਨ ਕੇ ਇਲਾਹੀ ਗਿਆਨ ਬਖ਼ਸ਼ਸ਼ ਕੀਤਾ ਹੈ। ਭਗਤ ਜੀ ਆਪਣੇ ਸ਼ਬਦ ਵਿੱਚ ਕਹਿੰਦੇ ਹਨ ਕਿ ਮਨੁੱਖ ਦਾ ਸਰੀਰ ਇੱਕ ਨਗਰ ਹੈ, ਜਿਸ ਦਾ ਚੌਧਰੀ ਮਨੁੱਖ ਹੈ, ਜੀਵ ਹੈ। ਇਸ ਨਗਰ ਵਿੱਚ ਪੰਜ ਕਿਸਾਨ (ਅੱਖਾਂ, ਨੱਕ, ਕੰਨ, ਜੀਭ ਤੇ ਸਪਰਸ ਇੰਦ੍ਰੀ/ਚਮੜੀ) ਵੱਸਦੇ ਹਨ, ਜੋ ਜੀਵ-ਚੌਧਰੀ ਦੀ ਗੱਲ ਨਹੀਂ ਮੰਨਦੇ ਅਤੇ ਆਪਣੀ ਮਨਮਰਜ਼ੀ ਕਰਦੇ ਹਨ। ਭਗਤ ਜੀ ਪਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਮੈ ਐਸੇ ਪਿੰਡ ’ਚ ਨਹੀਂ ਵੱਸਣਾ ਚਾਹੁੰਦਾ। ਜਿੱਥੇ ਪੰਜੇ ਕਿਸਾਨ (ਗਿਆਨ ਇੰਦ੍ਰੇ) ਅਵਗੁਣਾਂ ਨਾਲ ਭਰੇ ਹੋਣ ਅਤੇ ਚਿਤਰ ਗੁਪਤ ਨਾਮੀ ਪਟਵਾਰੀ; ਇਨ੍ਹਾਂ ਦੇ ਬੁਰੇ ਕੰਮਾਂ ਦਾ ਹਿਸਾਬ-ਕਿਤਾਬ ਰੱਖਦਾ ਹੋਵੇ ਕਿਉਂਕਿ ਧਰਮਰਾਇ ਨੇ ਜਦੋਂ ਲੇਖਾ ਮੰਗਣਾ ਹੈ ਤਾਂ ਇਨ੍ਹਾਂ ਪੰਜ ਕਿਸਾਨਾਂ ਦੁਆਰਾ ਕੀਤੇ ਕਰਮਾਂ ਦਾ ਲੇਖਾ ਦੇਣਾ ਪੈਣਾ ਹੈ। ਇਹ ਮੇਰੇ ਅੰਦਰ ਕੋਈ ਗੁਣ ਪੈਦਾ ਨਹੀਂ ਹੋਣ ਦਿੰਦੇ। ਇਹ ਅਵਗੁਣ; ਮੇਰੇ ਗੁਣਾਂ ’ਤੇ ਭਾਰੀ ਪੈ ਜਾਂਦੇ ਹਨ। ਅੰਤਮ ਸਮੇਂ ਜਦੋਂ ਮੌਤ ਆਉਣੀ ਹੈ ਤਾਂ ਇਨ੍ਹਾਂ ਨੇ ਸਾਥ ਨਹੀਂ ਦੇਣਾ ਭਾਵ ਸਰੀਰਕ ਮੌਤ ਦੇ ਨਾਲ਼ ਇਨ੍ਹਾਂ ਨੇ ਭੀ ਖ਼ਤਮ ਹੋ ਜਾਣਾ ਹੈ ਅਤੇ ਮੇਰੇ ਜੀਵਾਤਮਾ ਨੂੰ ਦਰਬਾਰੀਆਂ ਨੇ ਜਕੜ ਕੇ ਬੰਨ੍ਹ ਲੈਣਾ ਹੈ। ਕਬੀਰ ਜੀ ਕਹਿੰਦੇ ਹਨ ਕਿ ਹੇ ਸੰਤ ਜਨੋ ! ਇਸ ਲਈ ਤੂੰ ਇਸੇ ਜਨਮ ਵਿੱਚ ਆਪਣੇ ਪਿਛਲੇ ਮਾੜੇ ਲੇਖੇ ਦਾ ਨਿਬੇੜਾ ਕਰ ਲੈ ਤਾਂ ਕਿ ਦੁਬਾਰਾ ਇਸ ਦੁਨੀਆ ’ਚ ਨਾ ਆਉਣਾ ਪਵੇ, ‘‘ਦੇਹੀ ਗਾਵਾ, ਜੀਉ ਧਰ ਮਹਤਉ; ਬਸਹਿ ਪੰਚ ਕਿਰਸਾਨਾ   ਨੈਨੂ ਨਕਟੂ, ਸ੍ਰਵਨੂ ਰਸਪਤਿ; ਇੰਦ੍ਰੀ ਕਹਿਆ ਮਾਨਾ   ਬਾਬਾ ! ਅਬ ਬਸਉ ਇਹ ਗਾਉ   ਘਰੀ ਘਰੀ ਕਾ ਲੇਖਾ ਮਾਗੈ; ਕਾਇਥੁ ਚੇਤੂ ਨਾਉ  ? ਰਹਾਉ   ਧਰਮਰਾਇ ਜਬ ਲੇਖਾ ਮਾਗੈ; ਬਾਕੀ ਨਿਕਸੀ ਭਾਰੀ   ਪੰਚ ਕ੍ਰਿਸਾਨਵਾ ਭਾਗਿ ਗਏ; ਲੈ ਬਾਧਿਓ ਜੀਉ ਦਰਬਾਰੀ   ਕਹੈ ਕਬੀਰੁ ਸੁਨਹੁ ਰੇ ਸੰਤਹੁ ! ਖੇਤ ਹੀ ਕਰਹੁ ਨਿਬੇਰਾ   ਅਬ ਕੀ ਬਾਰ ਬਖਸਿ ਬੰਦੇ ਕਉ; ਬਹੁਰਿ ਭਉਜਲਿ ਫੇਰਾ ’’ (ਭਗਤ ਕਬੀਰ/੧੧੦੪), ਇਸੇ ਲੇਖੇ ਨੂੰ ਖ਼ਤਮ ਕਰਨ ਲਈ ਇਸ ਸ਼ਬਦ ਦੇ ਪਹਿਲੇ ਬੰਦ ’ਚ ਗੁਰੂ ਰਾਮਦਾਸ ਜੀ ਨੇ ਬਚਨ ਕੀਤੇ ਹਨ ਕਿ ਜਦੋਂ ਗੁਰੂ ਨਾਲ ਮਿਲਾਪ ਹੋ ਜਾਏਗਾ ਤਾਂ ਗੁਰੂ ਸਿੱਖਿਆ ਨਾਲ਼ ਵਿਕਾਰ-ਵਾਸ਼ਨਾ ਦਾ ਪ੍ਰਭਾਵ ਖ਼ਤਮ ਹੋ ਜਾਂਦਾ ਹੈ, ‘‘ਮਿਲਿ ਸਾਧੂ, ਖੰਡਲ ਖੰਡਾ ਹੇ ’’

ਅੱਜ ਕੱਲ੍ਹ ਬਹੁਤਾਤ ਸਿੱਖ ਗੁਰੂ ਘਰ ਕੇਵਲ ਹਾਜ਼ਰੀ ਲਵਾਉਣ ਜਾਂਦੇ ਹਨ। ਕਈ ਸੁੱਖਣਾ ਸੁੱਖਣ ਲਈ ਜਾਂਦੇ ਹਨ ਜਾਂ ਉਸ ਦੇ ਪੂਰਾ ਹੋਣ ’ਤੇ ਮੱਥਾ ਟੇਕਣ ਜਾਂਦੇ ਹਨ। ਕਈ ਮੰਗ ਪੂਰੀ ਨਾ ਹੋਣ ’ਤੇ ਗੁਰੂ ਘਰ ਤੋਂ ਨਿਰਾਸ਼ ਹੋ ਬੈਠਦੇ ਹਨ। ਗੁਰੂ ਤੋਂ ਬੇਮੁਖ ਹੋ ਜਾਂਦੇ ਹਨ। ਕਈ ਗੁਰੂ ਦੇ ਦਰ ’ਤੇ ਗਏ, ਪਰ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦੇ ਜਦਕਿ ਗੁਰੂ ਸਾਹਿਬ ਫ਼ਰਮਾ ਰਹੇ ਹਨ, ‘‘ਗਾਵੀਐ, ਸੁਣੀਐ; ਮਨਿ ਰਖੀਐ ਭਾਉ ਦੁਖੁ ਪਰਹਰਿ; ਸੁਖੁ ਘਰਿ ਲੈ ਜਾਇ.. ’’ (ਜਪੁ) ਭਾਵ ਗੁਰਬਾਣੀ ਨੂੰ ਪਿਆਰ ਨਾਲ਼ ਪੜ੍ਹਨਾ ਹੈ, ਸੁਣਨਾ ਹੈ ਅਤੇ ਆਪਣੇ ਮਨ ਵਿੱਚ ਗੁਰੂ ਉਪਦੇਸ਼ ਪ੍ਰਤੀ ਪਿਆਰ ਪੈਦਾ ਕਰਨਾ ਹੈ ਤਾਂ ਹੀ ਸਰੀਰਕ ਅਤੇ ਮਾਨਸਿਕ ਪੀੜ ਦੂਰ ਕਰਕੇ ਆਤਮਕ ਅਨੰਦ ਮਿਲਦਾ ਹੈ। ਕੇਵਲ ਦਿਖਾਵੇ ਮਾਤਰ ਗੁਰੂ ਘਰ ਜਾਣ ਦਾ ਬਾਣੀ ਨੇ ਹਮੇਸ਼ਾਂ ਖੰਡਨ ਕੀਤਾ ਹੈ।

ਸ਼ਬਦ ਦੇ ਦੂਸਰੇ ਪਦੇ ਵਿੱਚ ਗੁਰੂ ਜੀ ਪਰਮਾਤਮਾ ਨੂੰ ਭੁੱਲ ਚੁੱਕੇ ਜੀਵ (ਸਾਕਤ) ਦੀ ਬੜੀ ਯੋਗ ਵਿਆਖਿਆ ਕਰਦੇ ਹਨ ਕਿਉਂਕਿ ਜੋ ਮਨੁੱਖ ਪਰਮਾਤਮਾ ਤੋਂ ਟੁੱਟੇ ਹੋਏ ਹਨ, ਉਹ ਹਰੀ ਰਸ ਵਾਲ਼ਾ ਇਹ ਸਵਾਦ/ਅਨੰਦ ਨਹੀਂ ਸਮਝ ਸਕਦੇ। ਉਨ੍ਹਾਂ ਦੇ ਹਿਰਦੇ ਵਿੱਚ ਨਾਮ-ਅੰਮ੍ਰਿਤ ਨਹੀਂ ਵੱਸ ਸਕਦਾ। ਉਨ੍ਹਾਂ ਨੇ ਆਪਣੀ ਹਉਮੈ ਕਾਰਨ ਆਪਣਾ ਆਤਮਕ ਜੀਵਨ ਬਰਬਾਦ ਕਰ ਲਿਆ ਹੁੰਦਾ ਹੈ। ਉਹ ਦੁਨਿਆਵੀ ਰਸਾਂ ਕਸਾਂ ’ਚ ਗ੍ਰਸਤ ਰਹਿੰਦੇ ਹਨ। ਅਸਲੀ ਨਾਮ-ਰਸ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ।  ਹਉਮੈ ਵਾਲ਼ਾ ਕੰਡਾ ਉਨ੍ਹਾਂ ਨੂੰ ਸਦਾ ਚੁਭਦਾ ਰਹਿੰਦਾ ਹੈ, ਦੁਖੀ ਕਰਦਾ ਰਹਿੰਦਾ ਹੈ, ‘‘ਸਾਕਤ ਹਰਿ ਰਸ ਸਾਦੁ ਜਾਣਿਆ; ਤਿਨ ਅੰਤਰਿ ਹਉਮੈ ਕੰਡਾ ਹੇ   ਜਿਉ ਜਿਉ ਚਲਹਿ; ਚੁਭੈ, ਦੁਖੁ ਪਾਵਹਿ; ਜਮਕਾਲੁ ਸਹਹਿ ਸਿਰਿ ਡੰਡਾ ਹੇ ’’ ਅਰਥ : ਰੱਬ ਤੋਂ ਟੁੱਟੇ ਬੰਦੇ; ਹਰੀ ਨਾਮ-ਰਸ ਦਾ ਅਨੰਦ ਨਹੀਂ ਮਾਣ ਸਕਦੇ ਕਿਉਂਕਿ ਉਨ੍ਹਾਂ ਅੰਦਰ ਅਹੰਕਾਰ ਰੂਪ ਜਿੱਦ (ਕੰਡਾ) ਹੁੰਦਾ ਹੈ। ਜਿਵੇਂ ਜਿਵੇਂ ਉਹ ਮਨਮੁਖ ਹੋ ਕੇ ਜੀਵਨ ਬਸਰ ਕਰਦੇ ਹਨ, ਅਹੰਕਾਰ ਰੂਪ ਕੰਡਾ ਉਨ੍ਹਾਂ ਦੇ ਮਨ ’ਚ ਚੁਭਦਾ ਹੈ, ਜਿਸ ਨਾਲ਼ ਪੀੜਾ ਸਹਾਰਦੇ ਹਨ। ਉਨ੍ਹਾਂ ਦੇ ਸਿਰ ’ਤੇ ਭਾਵ ਮਾਨਸਿਕ ਅਵਸਥਾ ਉੱਤੇ ਮੌਤ ਦੇ ਡਰ-ਭੈ ਵਾਲ਼ਾ ਡੰਡਾ ਵੱਜਦਾ ਰਹਿੰਦਾ ਹੈ ਭਾਵ ਉਹ ਕਦੇ ਸ਼ਾਂਤ ਚਿੱਤ ਨਹੀਂ ਰਹਿ ਸਕਦੇ। ਇੱਥੇ ਗੁਰੂ ਸਾਹਿਬ ਨੇ ਕੰਡੇ ਨੂੰ ਇੱਕ ਅਲੰਕਾਰ ਵਜੋਂ ਵਰਤਿਆ ਹੈ ਕਿ ਜਿਵੇਂ ਕੰਡਾ ਚੁਭਣ ’ਤੇ ਚੱਲਣ ਸਮੇਂ ਦਰਦ ਹੁੰਦਾ ਹੈ; ਵੈਸਾ ਹੀ ਜੀਵਨ ਬਸਰ ਕਰਦਿਆਂ ਮਨਮੁਖ ਦੇ ਸਦਾ ਅਹੰਕਾਰ ਰੂਪ ਕੰਡਾ ਚੁਭਦਾ ਰਹਿੰਦਾ ਹੈ।

ਗੁਰੂ ਨਾਨਕ ਸਾਹਿਬ ਨੇ ਸਿਰੀਰਾਗੁ ਅੰਦਰ ਉਚਾਰਨ ਕੀਤੇ ਇੱਕ ਸ਼ਬਦ ’ਚ ਨੂੰ ਰਸਾਂ ਦਾ ਜ਼ਿਕਰ ਕੀਤਾ ਹੈ। ਇਹ ਰਸ ਹਨ : ‘ਸੋਨਾ, ਚਾਂਦੀ, ਇਸਤਰੀ, ਸੁਗੰਧੀਆਂ, ਘੋੜਿਆਂ ਦੀ ਸਵਾਰੀ, ਨਰਮ ਸੇਜਾਂ ’ਤੇ ਸੌਣਾ, ਸੋਹਣੇ ਘਰ, ਮਿੱਠੇ ਪਦਾਰਥ ਚੱਖਣਾ ਤੇ ਮਾਸ ਖਾਣ ਦਾ ਚਸਕਾ’। ਜਿਸ ਮਨੁੱਖ ਅੰਦਰ ਐਨੇ ਰਸ ਹੋਣ, ਉਸ ਅੰਦਰ ਪਰਮਾਤਮਾ ਦਾ ਨਿਵਾਸ ਕਿਵੇਂ ਹੋ ਸਕਦਾ ਹੈ, ‘‘ਰਸੁ ਸੁਇਨਾ, ਰਸੁ ਰੁਪਾ ਕਾਮਣਿ; ਰਸੁ ਪਰਮਲ ਕੀ ਵਾਸੁ   ਰਸੁ ਘੋੜੇ, ਰਸੁ ਸੇਜਾ ਮੰਦਰ; ਰਸੁ ਮੀਠਾ, ਰਸੁ ਮਾਸੁ   ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ  ?’’ (ਮਹਲਾ /੧੫), ਪਰ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਹੋ ਗਿਆ, ਫਿਰ ਉਨ੍ਹਾਂ ਨੂੰ ਹੋਰ ਰਸ ਚੰਗੇ ਨਹੀਂ ਲੱਗਦੇ। ਉਨ੍ਹਾਂ ਦਾ ਮਨ, ਨਾਮ ਰਸ ਵਿੱਚ ਹੀ ਮਗਨ ਰਹਿੰਦਾ ਹੈ, ‘‘ਜਾ ਕਉ ਰਸੁ; ਹਰਿ ਰਸੁ ਹੈ ਆਇਓ   ਸੋ ਅਨ ਰਸ; ਨਾਹੀ ਲਪਟਾਇਓ ’’ (ਮਹਲਾ /੧੮੬), ਪਰ ਜਿਨ੍ਹਾਂ ਨੇ ਨਾਮ-ਰਸ ਨਾ ਚਖਿਆ। ਜੋ ਜੀਵ ਪਰਮਾਤਮਾ ਦੇ ਨਾਮ ਤੋਂ ਸੱਖਣੇ ਰਹੇ। ਉਹ ਹੋਰ ਰਸਾਂ ਭਰਪੂਰ ਜ਼ਹਰ ਨੂੰ ਖਾਂਦੇ ਰਹਿੰਦੇ ਹਨ। ਉਨ੍ਹਾਂ ਦੇ ਔਗੁਣਾਂ ਦਾ ਬਕਾਇਆ ਵਧਦਾ ਰਹਿੰਦਾ ਹੈ। ਉਨ੍ਹਾਂ ਨੂੰ ਇਹ ਪਤਾ ਨਹੀਂ ਚੱਲਦਾ ਕਿ ਇਹ ਸਰੀਰ ਅਤੇ ਆਤਮਾ; ਪਰਮਾਤਮਾ ਦੀ ਅਮਾਨਤ ਹਨ। ਜਿਨ੍ਹਾਂ ਸਵਾਸਾਂ ਨਾਲ਼ ਮਨੁੱਖ ਮਾਇਆ ਮਗਰ ਦੌੜ ਭੱਜ ਕਰਦਾ ਰਹਿੰਦਾ ਹੈ ਤੇ ਹਿਰਦੇ ਅੰਦਰ ਹਉਮੈ ਵਾਲ਼ਾ ਕੰਡਾ ਚੁਭਦਾ ਰਹਿੰਦਾ ਹੈ, ਜਦੋਂ ਸੁਆਸਾਂ ਵਾਲ਼ੀ ਪੂੰਜੀ ਖ਼ਤਮ ਹੋ ਗਈ ਤਾਂ ਸਹੁਰੇ ਘਰ ਜਾ ਕੇ ਕਰਮਾਂ ਵਾਲ਼ੇ ਲੇਖੇ ਦਾ ਹਿਸਾਬ ਦੇਣਾ ਪਏਗਾ। ਜਿਵੇਂ ਜਿਵੇਂ ਮਨੁੱਖ ਮਾਇਆਵੀ ਰਸਤੇ ’ਤੇ ਚੱਲ-ਚੱਲ ਵਿਕਾਰ ਕਮਾਉਂਦਾ ਹੈ, ਓਤਨਾ ਹੀ ਅਹੰਕਾਰ-ਕੰਡਾ ਵਧੇਰੇ ਚੁਭਦਾ ਹੈ, ਦੁਖੀ ਕਰਦਾ ਹੈ। ਮਰਨ ਉਪਰੰਤ ਜਦੋਂ ਜੀਵਾਤਮਾ ਧਰਮਰਾਜ ਕੋਲ਼ ਪਹੁੰਚਦਾ ਹੈ ਤਾਂ ਦਰਬਾਰੀ ਉਸ ਨੂੰ ਬੰਨ੍ਹ ਲੈਂਦੇ ਹਨ ਤੇ ਸਿਰ ਉੱਤੇ ਡੰਡੇ ਪੈਂਦੇ ਹਨ ਭਾਵ ਆਵਾਗਮਣ ਵਾਲ਼ੀ  ਮਾਰਗ ਪੈ ਕੇ ਵਾਰ-ਵਾਰ ਜਨਮ ਮਰਨ ਹੁੰਦਾ ਰਹਿੰਦਾ ਹੈ।

ਗੁਰੂ ਜੀ ਸ਼ਬਦ ਦੇ ਤੀਜੇ ਬੰਦ ’ਚ ਫ਼ੁਰਮਾ ਰਹੇ ਹਨ, ‘‘ਹਰਿ ਜਨ ਹਰਿ ਹਰਿ ਨਾਮਿ ਸਮਾਣੇ; ਦੁਖੁ ਜਨਮ ਮਰਣ ਭਵ ਖੰਡਾ ਹੇ   ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ’’ ਅਰਥ : (ਪਰ) ਜਿਹੜੇ ਹਰੀ ਦੇ ਸੇਵਕ; ਹਰੀ ਦੇ ਨਾਮ-ਰੰਗ ’ਚ ਰੰਗੇ ਜਾਂਦੇ ਹਨ, ਉਹ ਨਾਸ ਰਹਿਤ ਪਤੀ-ਪਰਮੇਸ਼ਰ ਨੂੰ ਪਾ ਲੈਂਦੇ ਹਨ। ਉਹ ਵਾਰ ਵਾਰ ਜਨਮ ਮਰਨ ਹੋਣ ਵਾਲ਼ੇ ਸੰਸਾਰ ਤੋਂ ਮੁਕਤ ਹੋ ਜਾਂਦੇ ਹਨ। ਉਨ੍ਹਾਂ ਦੀ ਲੋਕ-ਪ੍ਰਲੋਕ ਵਿੱਚ ਸ਼ੋਭਾ ਹੁੰਦੀ ਹੈ। ਉਨ੍ਹਾਂ ਨੂੰ ਇਹੀ ਰਸ ਮਿੱਠਾ ਲੱਗਣ ਲੱਗਦਾ ਹੈ। ਉਨ੍ਹਾਂ ਅੰਦਰ ਐਸੀ ਅਵਸਥਾ ਬਣੀ ਰਹਿੰਦੀ ਹੈ, ‘‘ਨਾਵੈ ਅੰਦਰਿ ਹਉ ਵਸਾਂ; ਨਾਉ ਵਸੈ ਮਨਿ ਆਇ ’’ (ਮਹਲਾ /੫੫) ਭਾਵ ਉਹ ਨਾਮ ਵਿੱਚ ਸਦਾ ਟਿਕੇ ਰਹਿੰਦੇ ਹਨ ਅਤੇ ਨਾਮ ਉਨ੍ਹਾਂ ਅੰਦਰ ਸਦਾ ਲਈ ਆ ਵੱਸਦਾ ਹੈ। ਉਹ ਸੁਖੀ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੇ ਨਾਸ ਰਹਿਤ ਸਰਬ ਵਿਆਪਕ ਪਰਮੇਸ਼ਰ ਨੂੰ ਪਾ ਲਿਆ ਹੁੰਦਾ ਹੈ। ਪਰਮਾਤਮਾ ਉਨ੍ਹਾਂ ਦੀ ਹਮੇਸ਼ਾਂ ਸਹਾਇਤਾ ਕਰਦਾ ਹੈ, ਉਨ੍ਹਾਂ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਦਾ ਹੈ। ਉਨ੍ਹਾਂ ਦੀ ਲੋਕ ਪਰਲੋਕ ਵਿੱਚ ਸ਼ੋਭਾ ਹੁੰਦੀ ਹੈ।

ਗੁਰੂ ਜੀ ਅੰਤਮ ਪਦੇ ਵਿੱਚ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਹੇ ਪ੍ਰਭੂ ! ਅਸੀਂ ਤੇਰੇ ਦਰ ਦੇ ਬਹੁਤ ਹੀ ਗ਼ਰੀਬ ਅਤੇ ਨਿਮਾਣੇ ਜਿਹੇ ਮੰਗਤੇ ਹਾਂ ਭਾਵ ਸਾਡਾ ਤੇਰੇ ਉੱਤੇ ਕੋਈ ਅਧਿਕਾਰ ਨਹੀਂ ਬਲਕਿ ਇੱਕ ਫ਼ਰਿਆਦ ਹੀ ਕਰ ਸਕਦੇ ਹਾਂ ਕਿ ਹੇ ਪ੍ਰਭੂ  ! ਤੂੰ ਸਾਨੂੰ ਰੱਖ ਲੈ, ਬਚਾ ਲੈ। ਤੂੰ ਸਰਬ ਸ਼ਕਤੀਮਾਨ ਹੈਂ। ਜਿਹੜਾ ਤੇਰੇ ਦਰ ’ਤੇ ਆਉਂਦਾ ਹੈ, ਤੂੰ ਉਸ ਦੇ ਸਾਰੇ ਗੁਨਾਹ ਮਾਫ਼ ਕਰ ਦਿੰਦਾ ਹੈਂ ਕਿਉਂਕਿ ਤੂੰ ਸਾਡੇ ਔਗੁਣ ਵੇਖ ਕਰੋਧਿਤ ਨਹੀਂ ਹੁੰਦਾ ਬਲਕਿ ਤੇਰਾ ਬਿਰਦ ਬੜਾ ਕਿਰਪਾਲੂ ਹੈ। ਤੂੰ ਸਭ ਉੱਤੇ ਰਹਿਮਤ ਕਰਨ ਵਾਲ਼ਾ ਹੈਂ। ਗੁਰੂ ਰਾਮਦਾਸ ਪਾਤਿਸ਼ਾਹ ਐਸੀ ਨਿਮਰ ਭਾਵਨਾ ਨਾਲ਼ ਫ਼ੁਰਮਾਉਂਦੇ ਹਨ ਕਿ ਹੇ ਪ੍ਰਭੂ ! ਤੇਰੇ ਨਾਨਕ ਦਾਸ ਨੂੰ ਤੇਰੇ ਨਾਮ ਦਾ ਹੀ ਸਹਾਰਾ ਹੈ। ਤੇਰੇ ਨਾਮ ਨੂੰ ਹਿਰਦੇ ਰੂਪੀ ਘਰ ਅੰਦਰ ਵਸਾ ਕੇ, ਤੇਰੀ ਯਾਦ ਨਾਲ ਜੁੜ ਕੇ ਹੀ ਅਨੰਦਿਤ ਰਿਹਾ ਜਾ ਸਕਦਾ ਹੈ, ‘‘ਹਮ ਗਰੀਬ ਮਸਕੀਨ ਪ੍ਰਭ  ! ਤੇਰੇ; ਹਰਿ ਰਾਖੁ ਰਾਖੁ, ਵਡ ਵਡਾ ਹੇ ਜਨ ਨਾਨਕ ਨਾਮੁ ਅਧਾਰੁ ਟੇਕ ਹੈ; ਹਰਿ ਨਾਮੇ ਹੀ ਸੁਖੁ ਮੰਡਾ ਹੇ ’’

ਤਿਲੰਗ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਭੀ ਬਹੁਤ ਪਿਆਰਾ ਸ਼ਬਦ ਹੈ, ਜੋ ਕਿ ਉਪਰੋਕਤ ਵਿਸ਼ੇ ਨਾਲ ਕਾਫ਼ੀ ਮੇਲ ਖਾਂਦਾ ਹੈ। ਭਗਤ ਜੀ ਆਪਣੇ ਸ਼ਬਦ ਰਾਹੀਂ ਆਪਣੇ ਆਪ ਨੂੰ ਨੇਤ੍ਰਹੀਣ ਅਤੇ ਪ੍ਰਭੂ ਦੇ ਨਾਮ ਨੂੰ ਸੋਟੀ (ਸਹਾਰਾ) ਮੰਨਦੇ ਹਨ। ਭਗਤ ਜੀ ਸਮਝਾਉਂਦੇ ਹਨ ਕਿ ਮੈ ਪ੍ਰਭੂ ਦੇ ਗਿਆਨ ਤੋਂ ਬਿਨਾਂ ਇੱਕ ਅੰਨ੍ਹੇ ਮਨੁੱਖ ਦੀ ਤਰ੍ਹਾਂ ਹਾਂ, ਜਿਸ ਨੂੰ ਹਰ ਪਾਸੇ ਹਨ੍ਹੇਰਾ ਨਜ਼ਰੀਂ ਪੈਂਦਾ ਹੈ। ਐਸੀ ਹਾਲਤ ’ਚ ਕੇਵਲ ਪਰਮਾਤਮਾ ਦਾ ਨਾਮ ਹੀ ਚਾਨਣ ਹੈ, ਜੋ ਸਹਾਰਾ ਬਣਦਾ ਹੈ ਤੇ ਸਹੀ ਰਾਹ ਦਿਖਾਂਦਾ ਹੈ। ਮੈਂ ਮੰਨਦਾ ਹਾਂ ਕਿ ਮੈਂ ਅੰਦਰੂਨੀ ਗੁਣਾਂ ਤੋਂ ਸੱਖਣਾ ਰਹਿਣ ਕਾਰਨ ਗ਼ਰੀਬ ਹਾਂ, ਨਿਮਾਣਾ ਹਾਂ, ਇਸ ਲਈ ਤੇਰੇ ਨਾਮ ਹੀ ਸਹਾਰਾ ਬਣ ਭਵਜਲ ਤਾਰ ਸਕਦਾ ਹੈ, ‘‘ਮੈ ਅੰਧੁਲੇ ਕੀ ਟੇਕ; ਤੇਰਾ ਨਾਮੁ ਖੁੰਦਕਾਰਾ   ਮੈ ਗਰੀਬ, ਮੈ ਮਸਕੀਨ; ਤੇਰਾ ਨਾਮੁ ਹੈ ਅਧਾਰਾ ਰਹਾਉ ’’ (ਭਗਤ ਨਾਮਦੇਵ/੭੨੭), ਪਰ ਜਦ ਅੰਦਰ ਹਉਮੈ ਰੂਪ ਕੰਡਾ ਚੁਭ ਰਿਹਾ ਹੋਵੇ ਤਾਂ ਮਨੁੱਖ ਨਿਮਾਣਾ ਬਣ ਕੇ ਗੁਰੂ ਅੱਗੇ ਝੁਕ ਨਹੀਂ ਸਕਦਾ। ਉਹੀ ਜਨ; ਸਰੀਰਕ ਤੇ ਮਾਨਸਿਕ ਸੁੱਖ ਮਾਣਦੇ ਹਨ, ਜਿਨ੍ਹਾਂ ਕੋਲ਼ ਪਰਮਾਤਮਾ ਦੇ ਨਾਮ ਦਾ ਸਹਾਰਾ (ਡੰਡਾ) ਹੈ। ਫਿਰ ਉਨ੍ਹਾਂ ਅੰਦਰ ਰੂਹਾਨੀਅਤ ਬਲ ਐਨੀ ਬਲਵਾਨ ਰਹਿੰਦਾ ਹੈ, ਜਿਸ ਨਾਲ਼ ਆਪਣੇ ਕਰਮਾਂ ਦਾ ਲੇਖਾ ਜੋਖਾ ਇੱਥੇ ਹੀ ਨਿਬੇੜ ਲੈਂਦੇ ਹਨ ਤੇ ਪਰਮਾਤਮਾ ਨਾਲ ਮਿਲ ਕੇ, ਇਕ-ਮਿਕ ਹੋ ਕੇ ਸੁੱਖ ਪਾਉਂਦੇ ਹਨ। ਪਰਮਾਤਮਾ ਉਨ੍ਹਾਂ ਨੂੰ ਬਖ਼ਸ਼ ਦਿੰਦਾ ਹੈ ਅਤੇ ਜਨਮ ਮਰਨ ਦੇ ਗੇੜ ਤੋਂ ਮੁਕਤ ਕਰ ਦਿੰਦਾ ਹੈ। ਐਸੀ ਹੀ ਫ਼ਰਿਆਦ ਭਗਤ ਕਬੀਰ ਜੀ ਅਤੇ ਭਗਤ ਰਵੀਦਾਸ ਜੀ ਕਰਦੇ ਹਨ, ‘‘ਅਬ ਕੀ ਬਾਰ ਬਖਸਿ ਬੰਦੇ ਕਉ; ਬਹੁਰਿ ਭਉਜਲਿ ਫੇਰਾ (ਭਗਤ ਕਬੀਰ/੧੧੦੪), ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਹਾਰੇ ਲੇਖੇ   ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ’’ (ਭਗਤ ਰਵਿਦਾਸ/੬੯੪), ਐਸਾ ਮਨੁੱਖ ਸਦਾ ਮਹਿਸੂਸ ਕਰਦਾ ਹੈ ਕਿ ‘‘ਅਨੰਦੁ ਭਇਆ ਮੇਰੀ ਮਾਏ ! ਸਤਿਗੁਰੂ ਮੈ ਪਾਇਆ   ਸਤਿਗੁਰੁ ਪਾਇਆ ਸਹਜ ਸੇਤੀ; ਮਨਿ ਵਜੀਆ ਵਾਧਾਈਆ ’’ (ਅਨੰਦ/ਮਹਲਾ /੯੧੭) ਅਰਥ : ਹੇ ਮੇਰੀ ਮਾਂ ! ਮੇਰੇ ਅੰਦਰ ਸੱਚਾ ਅਨੰਦ ਬਣ ਗਿਆ ਹੈ ਕਿਉਂਕਿ ਮੈ ਸਤਿਗੁਰੂ ਦੀ ਸ਼ਰਨ ਪ੍ਰਾਪਤ ਕੀਤੀ ਹੈ। ਜੋ ਸਤਿਗੁਰੂ ਦੀ ਸ਼ਰਨ ਲੈਂਦਾ ਉਸ ਅੰਦਰ ਸੁੱਤੇ ਹੀ ਅਡੋਲ ਅਵਸਥਾ ਅਤੇ ਮਨ ਵਿੱਚ ਅਨੰਦ ਭਰਪੂਰ ਤਰੰਗਾਂ ਪੈਦਾ ਹੋ ਜਾਂਦੀਆਂ ਹਨ।

ਸਾਰ : ਸੋਹਿਲਾ ਬਾਣੀ ਦੇ ਇਸ ਸ਼ਬਦ ਅੰਦਰ ਗੁਰੂ ਜੀ ਨੇ ਸਾਕਤ ਅਤੇ ਗੁਰਮੁਖ; ਦੋ ਵਿਅਕਤੀਆਂ ਦੇ ਜੀਵਨ ਨੂੰ ਤੁਲਨਾਤਮਿਕ ਵਿਚਾਰ ਕੇ ਅਨੰਦਮਈ ਅਤੇ ਦੁਖਦਾਈ ਜੀਵਨ ਦੀ ਵਿਆਖਿਆ ਕੀਤੀ ਹੈ ਕਿ ਕਿਵੇਂ ਇੱਕ ਪਰਮਾਤਮਾ ਤੋਂ ਟੁੱਟਿਆ ਮਨੁੱਖ; ਅੰਮ੍ਰਿਤ ਨਾਮ-ਰਸ ਤੋਂ ਸੱਖਣਾ ਰਹਿੰਦਾ ਹੈ ਅਤੇ ਗੁਰਮੁਖ; ਗ਼ਰੀਬ ਤੇ ਮਸਕੀਨ (ਨਿਮਾਣਾ) ਬਣ ਪਰਮਾਤਮਾ ਵੱਲੋਂ ਮਿਲੀਆਂ ਬੇਸ਼ੁਮਾਰ ਦਾਤਾਂ ਨਾਲ਼ ਤ੍ਰਿਪਤ ਰਹਿ ਆਤਮਕ ਅਨੰਦ ਮਾਣਦਾ ਹੈ।

ਸਵਾਲ ਜਵਾਬ (5-2024)

0

ਸਵਾਲ ਜਵਾਬ (5-2024)

ਸਵਾਲ : ਕਿਹਾ ਜਾਂਦਾ ਹੈ ਕਿ ਭਗਤ ਰਵਿਦਾਸ ਜੀ ਦੀ ਭੇਟਾ ਕੀਤੀ ਦਮੜੀ ਮਾਤਾ ਗੰਗਾ (ਨਦੀ) ਨੇ ਹੱਥ ਕੱਢ ਕੇ ਲੈ ਲਈ ਸੀ । ਇਸ ਦੀ ਪੁਸ਼ਟੀ ਵਿਚ ਕਈ ਪ੍ਰਚਾਰਕ ਭਾਈ ਗੁਰਦਾਸ ਜੀ ਦੀ ਤੁਕ ‘‘ਕਢਿ ਕਸੀਰਾ ਸਉਪਿਆ ਰਵਿਦਾਸੈ ਗੰਗਾ ਦੀ ਭੇਟਾ’’ ਬੋਲ ਕੇ ਸੁਣਾਂਦੇ ਹਨ । ਕੀ ਇੰਝ ਸੱਚ ਮੁੱਚ ਹੋਇਆ ਸੀ ?

ਜਵਾਬ : ਭਗਤਾਂ ਦੇ ਜੀਵਨ ਬਾਰੇ ਕਈ ਮਨਘੜਤ ਸਾਖੀਆਂ ਪ੍ਰਚਲਿਤ ਹਨ, ਜਿਹੜੀਆਂ ਪੁਰਾਣੇ ਸਮਿਆਂ ਵਿਚ ਭਗਤਾਂ ਦੀ ਮਹਾਨਤਾ ਨੂੰ ਪ੍ਰਗਟਾਉਣ ਬਾਰੇ ਸੁਣਾਈਆਂ ਜਾਂਦੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਭਗਤਾਂ ਦੀ ਬਾਣੀ ਦਰਜ ਹੈ, ਉਹ ਸਭ ਅਕਾਲ ਪੁਰਖ ਨਾਲ ਜੁੜੇ ਹੋਏ ਸਨ ਅਤੇ ਬ੍ਰਹਮ-ਗਿਆਨ ਦੇ ਮਾਲਕ ਸਨ। ਉਨ੍ਹਾਂ ਦਾ ਜੀਵਨ ਵੀ ਦੈਵੀ ਅਤੇ ਨੈਤਿਕ ਗੁਣਾਂ ਨਾਲ ਭਰਪੂਰ ਅਤੇ ਲੋਕ-ਸੇਵਾ ਵਾਲਾ ਸੀ। ਇਹ ਹੀ ਅਸਲ ਵਿਚ ਉਨ੍ਹਾਂ ਦੀ ਮਹਾਨਤਾ ਸੀ। ਗੰਗਾ ਇਕ ਨਦੀ ਹੈ, ਜਿਵੇਂ ਸਤਲੁਜ, ਬਿਆਸ ਆਦਿਕ ਹੋਰ ਨਦੀਆਂ ਹਨ; ਉਹ ਕੋਈ ਮਾਤਾ ਜਾਂ ਦੇਵੀ ਨਹੀਂ ਹੈ। ਉਸ ਦਾ ਕੋਈ ਮਨੁੱਖੀ ਆਕਾਰ ਵੀ ਨਹੀਂ। ਇਸ ਲਈ ਉਹ ਹੱਥ ਨਾਲ ਕੋਈ ਚੀਜ਼ ਫੜ ਨਹੀਂ ਸਕਦੀ।

ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ ਵਿਚ ਭਗਤਾਂ ਦੇ ਜੀਵਨ ਨਾਲ਼ ਸੰਬੰਧਿਤ ਲੋਕਾਂ ਵਿਚ ਪ੍ਰਚਲਿਤ ਘਟਨਾਵਾਂ ਦਾ ਜ਼ਿਕਰ ਕਰਕੇ (ਪਉੜੀ ਦੀ ਅੰਤਲੀ ਤੁਕ ਵਿਚ) ਕੋਈ ਨਾ ਕੋਈ ਗੁਰਮਤਿ ਸਿਧਾਂਤ ਸਮਝਾਇਆ ਹੈ। ਇਸ ਵਾਰ ਦੀ 17ਵੀਂ ਪਉੜੀ, ਭਗਤ ਰਵਿਦਾਸ ਜੀ ਨਾਲ਼ ਸੰਬੰਧਿਤ ਹੈ। ਜਿਸ ਦੀ ਆਖਰੀ ਤੁਕ ਹੈ, ‘‘ਭਗਤ ਜਨਾਂ ਹਰਿ ਮਾਂ ਪਿਉ ਬੇਟਾ ’’ ਇਸ ਦਾ ਅਰਥ ਹੈ ਕਿ ਭਗਤਾਂ (ਗੁਰਮੁਖਾਂ) ਦਾ ਮਾਤਾ, ਪਿਤਾ, ਪੁੱਤਰ ਭਾਵ ਕਿ ਸਾਰਾ ਪਰਵਾਰ ਹੀ ਅਕਾਲ ਪੁਰਖ (ਹਰਿ) ਹੈ। ਭਗਤ ਉਸੇ ਉੱਪਰ ਭਰੋਸਾ ਰੱਖਦੇ ਹਨ। ਅਸੀਂ ਇਹੀ ਸਮਝ ਕੇ ਪ੍ਰਭੂ ਨਾਲ ਸਾਂਝ ਪਾਉਣੀ ਹੈ। ਬਾਕੀ ਮਿਥਿਹਾਸਕ ਕਹਾਣੀਆਂ ਵੱਲ ਧਿਆਨ ਨਹੀਂ ਦੇਣਾ।

ਸਵਾਲ : ਸਾਡੇ ਪਿੰਡ ਵਿਚ ਇਕ ਮੋਨੀ ਬਾਬਾ ਹੈ, ਜਿਸ ਦੀ ਲੋਕ ਬੜੀ ਮਹਾਨਤਾ ਦੱਸ ਰਹੇ ਹਨ। ਕੀ ਇਹ ਠੀਕ ਹੈ  ?

ਜਵਾਬ : ਹਠ ਨਾਲ ਮੌਨ ਵਰਤ ਧਾਰਨਾ ਭਾਵ ਕਰਤਾਰ ਦੀ ਦਿੱਤੀ ਰਸਨਾ ਨੂੰ ਯੋਗ ਤਰੀਕੇ ਨਾਲ ਨਾ ਵਰਤਣਾ ਗੁਰਮਤਿ ਵਿਚ ਨਿੰਦਿਤ ਹੈ। ਗੁਰਮਤਿ ਵਿਚ ਥੋੜ੍ਹਾ ਬੋਲਣਾ ਅਤੇ ਮੂਰਖਾਂ ਨਾਲ ਬੋਲਣੋਂ ਸੰਕੋਚ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ। ਮੋਨੀ ਬਾਬਿਆਂ ਲਈ ਬਚਨ ਹਨ, ‘‘ਬੋਲੈ ਨਾਹੀ, ਹੋਇ ਬੈਠਾ ਮੋਨੀ ਅੰਤਰਿ ਕਲਪ ਭਵਾਈਐ ਜੋਨੀ ’’ ( ਮਹਲਾ /੧੩੪੮)

ਸਵਾਲ : ਗੁਰਬਾਣੀ ਪੜ੍ਹਨ ਵਾਲੇ ਕਈ ਸਿੱਖ ਵੀ ਤਿਥਿ-ਵਾਰ-ਮਹੀਨਾ-ਮਹੂਰਤ ਆਦਿ ਨੂੰ ਚੰਗਾ ਮੰਦਾ ਸਮਝਦੇ ਹਨ, ਉਨ੍ਹਾਂ ਨੂੰ ਕਿਵੇਂ ਸਮਝਾਇਆ ਜਾਵੇ ?

ਜਵਾਬ : ਸਿੱਖ ਧਰਮ ਵਿਚ ਤਿਥਿ, ਵਾਰ, ਮਹੀਨਾ, ਮੁਹੂਰਤ ਆਦਿ ਦਾ ਸ਼ੁੱਭ ਅਸ਼ੁੱਭ ਫਲ ਮੰਨ ਕੇ ਭ੍ਰਮ ਜਾਲ ’ਚ ਪੈਣਾ ਗੁਰਮਤਿ ਵਿਰੁੱਧ ਹੈ। ਜੇ ਸਿੱਖ ਕਿਸੇ ਵਾਰ ਨੂੰ ਚੰਗਾ, ਕਿਸੇ ਨੂੰ ਮੰਦਾ, ਕਿਸੇ ਤਿਥਿ ਨੂੰ ਲਾਭ ਦੇਣ ਵਾਲੀ, ਕਿਸੇ ਨੂੰ ਹਾਨੀਕਾਰਕ, ਕਿਸੇ ਮਹੀਨੇ ਨੂੰ ਸੁਖਦਾਈ, ਕਿਸੇ ਨੂੰ ਦੁਖਦਾਈ ਮੰਨਦਾ ਹੈ ਤਾਂ ਇਹ, ਗੁਰਬਾਣੀ ਦੇ ਉਪਦੇਸ਼ਾਂ ਦੇ ਉਲ਼ਟ ਚਲਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ, ‘‘ਥਿਤੀ ਵਾਰ ਸਭਿ; ਸਬਦਿ ਸੁਹਾਏ   ਸਤਿਗੁਰੁ ਸੇਵੇ; ਤਾ ਫਲੁ ਪਾਏ   ਥਿਤੀ ਵਾਰ ਸਭਿ; ਆਵਹਿ ਜਾਹਿ   ਗੁਰ ਸਬਦੁ ਨਿਹਚਲੁ; ਸਦਾ ਸਚਿ ਸਮਾਹਿ   ਥਿਤੀ ਵਾਰ ਤਾ; ਜਾ ਸਚਿ ਰਾਤੇ   ਬਿਨੁ ਨਾਵੈ; ਸਭਿ ਭਰਮਹਿ ਕਾਚੇ (ਮਹਲਾ /੮੪੨), ਆਪੇ ਪੂਰਾ ਕਰੇ; ਸੁ ਹੋਇ   ਏਹਿ ਥਿਤੀ ਵਾਰ; ਦੂਜਾ ਦੋਇ   ਸਤਿਗੁਰ ਬਾਝਹੁ; ਅੰਧੁ ਗੁਬਾਰੁ   ਥਿਤੀ ਵਾਰ ਸੇਵਹਿ; ਮੁਗਧ ਗਵਾਰ   ਨਾਨਕ  ! ਗੁਰਮੁਖਿ ਬੂਝੈ ਸੋਝੀ ਪਾਇ   ਇਕਤੁ ਨਾਮਿ; ਸਦਾ ਰਹਿਆ ਸਮਾਇ ੧੦’’ (ਮਹਲਾ /੮੪੩)

ਸਵਾਲ : ਗੁਰਬਾਣੀ ਦੇ ਸ਼ਬਦਾਂ ਵਿਚ ਆਏ ਸ਼ਬਦ ‘ਰਹਾਉ’ ਦਾ ਅਰਥ ਕੀ ਹੈ  ?

ਜਵਾਬ : ਗੁਰਬਾਣੀ ਦੇ ਕਿਸੇ ਸ਼ਬਦ ’ਚ ਜੇਕਰ 4 ਬੰਦ ਹਨ ਤਾਂ ਇੱਕ ‘ਰਹਾਉ’ ਬੰਦ ਵੱਖਰਾ ਹੁੰਦਾ ਹੈ, ਜੋ ਪੂਰੇ ਸ਼ਬਦ ਦੇ ਵਿਸ਼ੇ ਦਾ ਕੇਂਦਰੀ ਭਾਵ ਹੁੰਦਾ ਹੈ ਯਾਨੀ ਰਹਾਉ ਵਿੱਚ ਪੂਰੇ ਸ਼ਬਦ ਦਾ ਤਤਸਾਰ/ਨਿਚੋੜ ਹੁੰਦਾ ਹੈ। ਰਹਾਉ ਦੇ ਅੱਖਰੀ ਅਰਥ ਹਨ-ਠਹਿਰੋ ਭਾਵ ਜੇ ਸ਼ਬਦ ਨੂੰ ਸਮਝਣਾ ਹੈ ਤਾਂ ਰਹਾਉ ਵਾਲੇ ਬੰਦ ਨੂੰ ਪਹਿਲਾਂ ਵਿਚਾਰੋ। ਸ਼ਬਦ ਦੇ ਬੰਦਾਂ ਦੇ ਅੰਦਰ ਆਮ ਤੌਰ ’ਤੇ ਰਹਾਉ ਦੀਆਂ ਤੁਕਾ ਵਾਲੇ ਬੰਦ ਦਾ ਸੁਤੰਤਰ ਅੰਕ ੧ ਦਿੱਤਾ ਗਿਆ ਹੁੰਦਾ ਹੈ। ਕੀਰਤਨ ਜਾਂ ਕਥਾ ਕਰਨ ਸਮੇਂ ਇਸ ‘ਰਹਾਉ’ ਦੇ ਬੰਦ ਨੂੰ ਟੇਕ ਬਣਾਉਣਾ ਗੁਰਮਤਿ ਅਨੁਸਾਰ ਵਿਧਾਨ ਹੈ। ਜੋ ਵੀ ਪ੍ਰਮਾਣ ਦਿੱਤੇ ਜਾਣ ਜਾਂ ਵਿਆਖਿਆ ਕੀਤੀ ਜਾਏ, ਉਹ ‘ਰਹਾਉ’ ਦੀਆਂ ਤੁਕਾਂ ਨੂੰ ਆਧਾਰ ਮੰਨ ਕੇ ਹੀ ਹੋਣੀ ਚਾਹੀਦੀ ਹੈ। ਸਾਡੇ ਪ੍ਰਚਾਰਕ ਤੇ ਕੀਰਤਨੀ ਸਿੰਘ ਇਸ ਪੱਖੋਂ ਬਹੁਤ ਕੁਤਾਹੀ ਕਰ ਰਹੇ ਹਨ। ਰਾਗੀ ਸਿੰਘ ਸ਼ਬਦ ਦੀਆਂ ਪਹਿਲੀਆਂ ਜਾਂ ਅਖੀਰਲੀਆਂ ਜਾਂ ਵਿਚਕਾਰਲੀਆਂ ਭਾਵ ਮਨ ਮਰਜ਼ੀ ਦੀਆਂ ਤੁਕਾ ਚੁਣ ਕੇ ਉਨ੍ਹਾਂ ਨੂੰ ਟੇਕ ਬਣਾ ਕੇ ਕੀਰਤਨ ਕਰਦੇ ਤੇ ਪ੍ਰਮਾਣ ਦਿੰਦੇ ਵੇਖੇ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਸ਼ਬਦ ਦਾ ਕੇਂਦਰੀ ਭਾਵ ਇਨ੍ਹਾਂ ਬਹੁਤੇ ਪ੍ਰਮਾਣਾਂ ਵਿੱਚ ਹੀ ਅਲੋਪ ਹੋ ਜਾਂਦਾ ਹੈ ਤੇ ਵਿਸ਼ਾ ਹੋਰ ਪਾਸੇ ਤੁਰ ਜਾਂਦਾ ਹੈ। ਐਸਾ ਕਰਨਾ ਗੁਰਮਤਿ ਮਰਯਾਦਾ ਅਨੁਸਾਰ ਠੀਕ ਨਹੀਂ। ਜਿਨ੍ਹਾਂ ਸ਼ਬਦਾਂ ਵਿਚ ‘ਰਹਾਉ’ ਦੀਆਂ ਤੁਕਾਂ ਬਾਰੇ ਸੰਕੇਤ ਨਹੀਂ ਦਿੱਤਾ ਹੁੰਦਾ, ਜਿਵੇਂ ਕਿ ਛੰਤ ਅਤੇ ਪਉੜੀਆਂ ਆਦਿ ਤਾਂ ਉਨ੍ਹਾਂ ਸ਼ਬਦਾਂ ਦੀਆਂ ਅਖੀਰਲੀਆਂ ਤੁਕਾਂ ਵਿਚ ਆਮ ਤੌਰ ’ਤੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਲੰਮੇਰੀਆਂ ਬਾਣੀਆਂ ਵਿਚ, ਜਿਵੇਂ ਕਿ ਸੁਖਮਨੀ ਸਾਹਿਬ ਆਦਿ ਵਿਚ ਜੇ ‘ਰਹਾਉ’ ਦੀਆਂ ਤੁਕਾਂ ਹੁੰਦੀਆਂ ਹਨ, ਉਨ੍ਹਾਂ ਵਿਚ ਸਮੁੱਚੀ ਬਾਣੀ ਦਾ ਕੇਂਦਰੀ ਭਾਵ ਹੁੰਦਾ ਹੈ। ਕਈ ਸ਼ਬਦਾਂ ਵਿਚ ਇਕ ਤੋਂ ਵਧੀਕ  ਭਾਵ ਦੋ ‘ਰਹਾਉ’ ਬੰਦ ਹੁੰਦੇ ਹਨ। ਐਸੇ ਸ਼ਬਦਾਂ ਵਿਚ ਪਹਿਲੇ ‘ਰਹਾਉ’ ਵਾਲੇ ਬੰਦ ਵਿਚ ਕੋਈ ਪ੍ਰਸ਼ਨ ਖੜ੍ਹਾ ਕੀਤਾ ਹੁੰਦਾ ਹੈ, ਜਿਸ ਦਾ ਉੱਤਰ ਦੂਸਰੇ ‘ਰਹਾਉ’ ਵਾਲੇ ਬੰਦ ਵਿੱਚ ਦਿੱਤਾ ਹੁੰਦਾ ਹੈ।

ਸਵਾਲ : ਪੰਜ ਕਕਾਰਾਂ ਵਿਚ ਲੋਹੇ ਦਾ ‘ਕੜਾ’ ਕਿਵੇਂ ਹੋਂਦ ਵਿਚ ਆਇਆ ? ਕੀ ਕੜਾ ਕਿਸੇ ਹੋਰ ਧਾਤ ਦਾ ਵੀ ਪਾਇਆ ਜਾ ਸਕਦਾ ਹੈ ?

ਜਵਾਬ : ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵਾਰੀ ਸਿੱਖਾਂ ਦਾ ਇਮਤਿਹਾਨ ਲੈਣ ਲਈ ਕਿ ਸਿੱਖ ਸਿੱਖੀ ਅਸੂਲਾਂ ਵਿਚ ਕਿਨੇ ਕੁ ਪ੍ਰਪੱਕ ਹਨ, ਵੇਦਵੇ ਬ੍ਰਾਹਮਣ ਨੂੰ ਸੱਦ ਕੇ ਆਖਿਆ ਕਿ ਉਹ ਸ਼ਨੀ ਦੇਵਤੇ ਦਾ ਦਾਨ ਆ ਕੇ ਲੈ ਜਾਵੇ, ਗੁਰੂ ਘਰ ਦੇ ਦੀਵਾਨ ਨੇ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਮਾਂਹ, ਸਰ੍ਹੋਂ ਦਾ ਤੇਲ ਤੇ ਲੋਹਾ ਆਦਿ ਵੇਦਵੇ ਨੂੰ ਦੇ ਦਿੱਤੇ। ਸਿੱਖਾਂ ਨੇ ਸਭ ਕੁਝ ਵੇਖਿਆ, ਪਰ ਗੁਰੂ ਦਰਬਾਰ ਵਿਚ ਬੋਲੇ ਕੁਝ ਨਾ। ਜਦੋਂ ਵੇਦਵਾ ‘ਦਾਨ’ ਲੈ ਕੇ ਟੁਰ ਪਿਆ ਤਾਂ ਦਰਬਾਰ ਵਿਚੋਂ ਮਲਕੜੇ ਜਿਹੇ ਉੱਠ ਕੇ ਵੇਦਵੇ ਨੂੰ ਖੇਤਾਂ ਵਿਚ ਜਾ ਘੇਰਿਆ। ਲੋਹਾ ਤੇਲ ਤੇ ਮਾਹ ਆਦਿ ਸਭ ਸਮੱਗਰੀ ਖੋਹ ਲਈ। ਵਾਪਸ ਆ ਕੇ ਸਰ੍ਹੋਂ ਦੇ ਤੇਲ ਵਿਚ ਮਾਂਹ ਦੇ ਵੜੇ ਤਲ ਕੇ ਸਭ ਸਿੱਖਾਂ ਨੂੰ ਛਕਾ ਦਿੱਤੇ ਅਤੇ ਲੋਹੇ ਦੇ ਕੜੇ ਬਣਾ ਕੇ ਹੱਥਾਂ ਵਿਚ ਪਾ ਲਏ, ਜਦੋਂ ਗੁਰੂ ਜੀ ਨੇ ਸਿੱਖਾਂ ਦੇ ਹੱਥਾਂ ਵਿਚ ਲੋਹੇ ਦੇ ਕੜੇ ਦੇਖੇ ਤਾਂ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਕਿ ‘ਤੁਸੀਂ ਵਹਿਮਾਂ ਭਰਮਾਂ ਦੀ ਲੰਮੀ ਦੌੜ ਜਿੱਤ ਲਈ ਹੈ, ਤੁਸੀਂ ਇਮਤਿਹਾਨ ਵਿਚ ਪਾਸ ਹੋਏ ਹੋ।’ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਖ਼ਾਲਸਾ ਸਾਜਿਆ ਗਿਆ ਤਾਂ ਲੋਹੇ ਦੇ ਕੜੇ ਨੂੰ ਪੰਜ ਕਕਾਰਾਂ ਵਿਚ ਸ਼ਾਮਲ ਕਰ ਦਿੱਤਾ ਗਿਆ। ਸਿੱਖ ਦੇ ਹੱਥ ਵਿਚ ਪਾਇਆ ਹੋਇਆ ਕੜਾ ਅੱਜ ਵੀ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਕਿਸੇ ਵਹਿਮ-ਭਰਮ ਦਾ ਸ਼ਿਕਾਰ ਨਹੀਂ। ਲੋਹੇ ਦਾ ਕੜਾ ਹੀ ਪੰਜ ਕਕਾਰੀ ਰਹਿਤ ਨੂੰ ਪੂਰਾ ਕਰਦਾ ਹੈ। ਹੋਰ ਸੋਨੇ ਚਾਂਦੀ ਦਾ ਕੜਾ, ਕਕਾਰ ਨਹੀਂ ਅਖਵਾ ਸਕਦਾ।

ਨੋਟ : ਪਰ ਅੱਜ ਦੇਖਣ ਵਿਚ ਆ ਰਿਹਾ ਹੈ ਕਿ ਬਹੁਤ ਸਾਰੇ ਸਿੱਖ ਅਖਵਾਉਣ ਵਾਲੇ ਕੜੇ ਦੇ ਨਾਲ ਲਾਲ ਰੰਗ ਦੇ ਧਾਗੇ (ਮਉਲੀ) ਭੀ ਬੰਨ੍ਹੀ ਫਿਰਦੇ ਹਨ, ਇਹ ਸਿੱਖੀ ਦੇ ਨਿਆਰੇਪਣ ’ਤੇ ਧੱਬਾ ਹੈ। ਜਦੋਂ ਕੋਈ ਕੌਮ ਆਪਣਾ ਨਿਆਰਾਪਣ ਤਿਆਗ ਦੇਵੇ ਤਾਂ ਉਹ ਹੌਲ਼ੀ ਹੌਲ਼ੀ ਬਹੁਗਿਣਤੀ ਦੀ ਰੰਗਤ/ਕਰਮਕਾਂਡਾਂ ’ਚ ਰੰਗੀ ਜਾਂਦੀ ਹੈ ।

ਸਵਾਲ : ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ‘ਸਾਈਂ ਮੀਆਂ ਮੀਰ’ ਪਾਸੋਂ ਕਿਉਂ ਰਖਵਾਇਆ ਗਿਆ ? ਗੁਰੂ ਜੀ ਨੇ ਆਪ ਕਿਉਂ ਨਾ ਰੱਖਿਆ ?

ਜਵਾਬ : ‘ਸਾਈਂ ਮੀਆਂ ਮੀਰ’ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਗੁਰੂ ਅਰਜਨ ਪਾਤਿਸ਼ਾਹ ਦਾ ਸੱਚਾ ਸੇਵਕ ਸੀ। ਇਸ ਕਰਕੇ ਉੱਚੇ ਜੀਵਨ ਵਾਲੇ ਆਪਣੇ ਸੇਵਕ ’ਤੇ ਤਰੁੱਠ ਕੇ ਗੁਰੂ ਜੀ ਨੇ ਇਹ ਮਾਣ ਦਿੱਤਾ ਸੀ। ਸਾਈਂ ਮੀਆਂ ਮੀਰ, ਮੁਸਲਮਾਨੀ ਮੱਤ ਦੀ ਸ਼ਰਹ ਤੇ ਤੰਗਦਿਲੀ ਵਾਲੀ ਮੁਤਅਸਬ ਨੀਤੀ ਦਾ ਕੱਟੜ ਵਿਰੋਧੀ ਸੀ। ਉਸ ਦਾ ਜੀਵਨ ਬੰਦਗੀ ਵਾਲਾ ਤੇ ਗੁਰੂ ਘਰ ਦੀ ਸਿੱਖਿਆ ਦੇ ਅਨੁਕੂਲ ਸੀ। ਉਨ੍ਹਾਂ ਦੇ ਨਾਮ ਤੋਂ ਵੱਖਰੇ ਮਜ਼੍ਹਬ ਦਾ ਭੁਲੇਖਾ ਖਾਣਾ ਅਸਲੀਅਤ ਤੋਂ ਦੂਰ ਜਾਣਾ ਹੈ।

ਸਵਾਲ : ਕੀ ਸਿੱਖ ਇਕ ਵੱਖਰੀ ਕੌਮ ਹੈ ? ਹਿੰਦੂ, ਸਿੱਖਾਂ ਨੂੰ ਵੱਖਰੀ ਕੌਮ ਮੰਨਣ ਤੋਂ ਕਿਉਂ ਇਨਕਾਰ ਕਰਦੇ ਹਨ ?

ਜਵਾਬ : ਜਿਵੇਂ ਈਸਾਈ, ਯਹੂਦੀ, ਮੁਸਲਮਾਨ ਆਦਿ ਅੱਡਰੀਆਂ ਕੌਮਾਂ ਹਨ, ਇਸੇ ਤਰ੍ਹਾਂ ਸਿੱਖ ਵੀ ਇਕ ਵੱਖਰੀ ਕੌਮ ਹੈ। ਇਸ ਸੰਬੰਧੀ ਵਿਸਥਾਰ ਸਹਿਤ ਪ੍ਰਮਾਣ ਆਦਿ ਜਾਣਨ ਲਈ ਸਿੱਖ ਮਿਸ਼ਨਰੀ ਕਾਲਜ ਵੱਲੋਂ ਪ੍ਰਕਾਸ਼ਤ ਪੁਸਤਕ ‘ਨਿਆਰਾ ਖਾਲਸਾ’ ਮੰਗਵਾ ਕੇ ਪੜ੍ਹੀ ਜਾ ਸਕਦੀ ਹੈ।

ਬਾਕੀ ਰਹੀ ਗੱਲ ਹਿੰਦੂਆਂ ਵੱਲੋਂ ਸਿੱਖਾਂ ਨੂੰ ਵੱਖਰੀ ਕੌਮ ਨਾ ਮੰਨਣ ਬਾਰੇ। ਇਸ ਬਾਰੇ ਅਰਜ਼ ਹੈ ਕਿ ਅਸੀਂ ਮੰਨਵਾ ਕੇ ਲੈਣਾ ਭੀ ਕੀ ਹੈ। ਕੀ ਜੰਗਲ ਦੇ ਬਾਦਿਸ਼ਾਹ ‘ਸ਼ੇਰ’ ਨੂੰ ਭੇਡਾਂ ਤੇ ਗਿੱਦੜਾਂ ਕੋਲੋਂ ਪ੍ਰਮਾਣ ਪੱਤਰ ਲੈਣਾ ਪੈਂਦਾ ਹੈ ਕਿ ਉਹ ਸ਼ੇਰ ਹੈ। ਸ਼ੇਰ ਦੀ ਗਰਜ, ਉਸ ਦਾ ਸਰੂਪ ਤੇ ਖਸਲਤਾਂ ਹੀ ਦੱਸਦੀਆਂ ਹਨ ਕਿ ਉਹ ਸ਼ੇਰ ਹੈ। ਜੇ ਅਸੀਂ ਵੀ ਆਪਣੀਆਂ ਖਸਲਤਾਂ ਸ਼ੇਰਾਂ ਵਾਲੀਆਂ ਪ੍ਰਗਟ ਕਰ ਦੇਈਏ ਤਾਂ ਸਭ ਮੰਨਣਗੇ, ਪਰ ਜੇ ਸ਼ੇਰ ਅਖਵਾ ਕੇ ਗਧੇ ਵਾਙ ਦੁਲੱਤੀਆਂ ਹੀ ਮਾਰਨੀਆਂ ਹਨ, ਜਿਵੇਂ ਸਾਡੇ ਕਈ ਲੀਡਰ ਅੱਜ ਕੱਲ੍ਹ ਮਾਰ ਰਹੇ ਹਨ ਤਾਂ ਯਕੀਨਨ ਕਿਸੇ ਨੇ ਸ਼ੇਰ ਨਹੀਂ ਮੰਨਣਾ। ਇਸ ਸੰਬੰਧੀ ਸਹੀ ਅਗਵਾਈ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਵਿੱਚੋਂ ਇਕ ਸਾਖੀ ‘ਖੋਤੇ ਉੱਤੇ ਸ਼ੇਰ ਦੀ ਖੱਲ’ ਵਿਚੋਂ ਮਿਲਦੀ ਹੈ।

ਸਵਾਲ : ਗੁਰਬਾਣੀ ਵਿਚ ਬਚਨ ਹੈ ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁਭਾਵ ਗੁਰੂ ਭੁਲਣਹਾਰ ਨਹੀਂ, ਤਾਂ ਫਿਰ ਦਸਮੇਸ਼ ਜੀ ਬਾਰੇ ਦਾਦੂ ਦੀ ਕਬਰ ਨੂੰ ਨਮਸਕਾਰ ਕਰਨ ਬਦਲੇ ਤਨਖ਼ਾਹ ਲੁਆਉਣ ਵਾਲੀ ਸਾਖੀ ਕਿਵੇਂ ਠੀਕ ਹੋਈ ?

ਜਵਾਬ : ਇਸ ਸਾਖੀ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਜੀ ਨੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕਿ ਸਿੱਖ ਗੁਰੂ ਹੁਕਮਾਂ ਨੂੰ ਮੰਨਣ ਵਿਚ ਦ੍ਰਿੜ੍ਹ ਹੋਏ ਹਨ ਕਿ ਨਹੀਂ, ਕਬਰ ਨੂੰ ਨਮਸਕਾਰ ਕਰਨ ਦਾ ਨਾਟਕ ਰਚਿਆ ਸੀ। ਇਹ ਉਨ੍ਹਾਂ ਦੀ ਭੁੱਲ ਨਹੀਂ ਸੀ ਸਗੋਂ ਸਿੰਘਾਂ ਦੀ ਅਜ਼ਮਾਇਸ਼ ਲਈ ਗਈ ਸੀ, ਜਿਸ ਵਿਚ ਸਿੰਘ ਪੂਰੇ ਨੰਬਰ ਲੈ ਕੇ ਪਾਸ ਹੋਏ।

ਸਵਾਲ : ਕੀ ‘ਕੌਰ’ ਸ਼ਬਦ ਦੀ ਵਰਤੋਂ ਦਸਮ ਪਾਤਿਸ਼ਾਹ ਤੋਂ ਪਹਿਲਾਂ ਪ੍ਰਚਲਿਤ ਸੀ ?

ਜਵਾਬ : ਹਾਂ ਜੀ ! ਕੌਰ ਸ਼ਬਦ ਪਹਿਲੋਂ ਤੋਂ ਕੇਵਲ ਰਾਜ ਘਰਾਣੇ ਜਾਂ ਉੱਚ ਦਰਜੇ ਦੇ ਘਰਾਣਿਆਂ ਦੀ ਉਪਾਧੀ ਹੁੰਦੀ ਸੀ। ਗ਼ਰੀਬ ਅਤੇ ਨੀਵੀਆਂ ਜਾਤਾਂ ਵਾਲੇ ਲੋਕਾਂ ਨੂੰ ਆਪਣੀਆਂ ਇਸਤਰੀਆਂ ਦੇ ਨਾਂ ਨਾਲ ‘ਕੌਰ’ ਲਗਾਉਣ ਦੀ ਜੁਰਅੱਤ ਅਤੇ ਆਗਿਆ ਨਹੀਂ ਸੀ ਹੁੰਦੀ। ਕੌਰ ਦਾ ਅਰਥ ਹੈ ‘ਕੰਵਰ’ ਭਾਵ ਹੋਣਹਾਰ ਬਾਲਕਾ। ਸਤਿਗੁਰੂ ਜੀ ਨੇ ਸਭ ਲੋਕਾਂ ਨੂੰ ਇੱਕੋ ਬਾਟੇ ’ਚ ਅੰਮ੍ਰਿਤ ਛਕਾ ਕੇ ਉੱਚੇ ਨੀਵੇਂ ਵਾਲ਼ੇ ਵਿਤਕਰੇ ਨੂੰ ਖ਼ਤਮ ਕਰ ਦਿੱਤਾ ਤੇ ਸਿੱਖਾਂ ਵਿਚ ਵੀਰਤਾ ਅਤੇ ਹੌਸਲਾ ਭਰਨ ਲਈ ਸਿੰਘਾਂ ਲਈ ‘ਸਿੰਘ’ ਤੇ ਸਿੰਘਣੀਆਂ ਲਈ ‘ਕੌਰ’ ਸ਼ਬਦ ਦੀ ਉਪਾਧੀ ਬਖ਼ਸ਼ੀ।

ਸਵਾਲ : ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਅਖੰਡ ਪਾਠੀ ਸੱਜਣਾਂ ਲਈ ਕੀ ਸਜ਼ਾ ਹੋਣੀ ਚਾਹੀਦੀ ਹੈ ?

ਜਵਾਬ : ਗੁਰਦੁਆਰੇ ਵਿਖੇ ਸੰਗਤ ਵਿਚੋਂ ਤਿਆਰ-ਬਰ-ਤਿਆਰ ਪੰਜ ਪਿਆਰੇ ਚੁਣ ਲਏ ਜਾਣ ਤੇ ਸ਼ਰਾਬੀ ਪਾਠੀ ਨੂੰ ਉਨ੍ਹਾਂ ਅੱਗੇ ਪੇਸ਼ ਕੀਤਾ ਜਾਏ। ਜੋ ਸਜ਼ਾ ਉਹ ਦੇਣ, ਉਹੀ ਦੋਸ਼ੀ ਨੂੰ ਪ੍ਰਵਾਨ ਕਰਨੀ ਚਾਹੀਦੀ ਹੈ। ਜੇ ਉਹ ਪੰਜਾਂ ਪਿਆਰਿਆਂ ਦੇ ਪੇਸ਼ ਨਾ ਹੋਵੇ ਤਾਂ ਸੰਗਤ ਨੂੰ ਅਜਿਹੇ ਪਾਠੀ ਦਾ ਮੁਕੰਮਲ ਬਾਈਕਾਟ ਕਰ ਦੇਣਾ ਚਾਹੀਦਾ ਹੈ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਸਮਝਾ ਕੇ ਅਜਿਹੇ ਪਾਠੀ ਨੂੰ ਪਾਠ ਕਰਨ ਦੀ ਡਿਊਟੀ ਬਿਲਕੁਲ ਨਹੀਂ ਦੇਣੀ ਚਾਹੀਦੀ, ਪਰ ਅੱਜ ਸਾਡਾ ਦੁਖਾਂਤ ਹੈ ਕਿ ਬਹੁਤ ਸਾਰੇ ਗੁਰੂ ਘਰਾਂ ਦੇ ਪ੍ਰਬੰਧਕ ਵੀ ਸ਼ਰਾਬ ਦੀ ਵਰਤੋਂ ਕਰਦੇ ਹਨ, ਜੋ ਸਿੱਖੀ ਪਰੰਪਰਾਵਾਂ ਦੀ ਘੋਰ ਉਲੰਘਣਾ ਹੈ।

ਸਵਾਲ : ਗੁਰਦੁਆਰੇ ਦੇ ਪ੍ਰਧਾਨ ਦੀ ਕੀ ਯੋਗਤਾ ਹੋਣੀ ਚਾਹੀਦੀ ਹੈ ?

ਜਵਾਬ : ਗੁਰਦੁਆਰੇ ਦੇ ਪ੍ਰਬੰਧ ਲਈ ‘ਪੰਚ ਪ੍ਰਧਾਨੀ’ ਸਿਸਟਮ ਲਾਗੂ ਹੋਣਾ ਚਾਹੀਦਾ ਹੈ। ਸੰਗਤ ਵਿਚੋਂ ਪੰਜ ਸਿੰਘ, ਜੋ ਤਿਆਰ-ਬਰ-ਤਿਆਰ ਅੰਮ੍ਰਿਤਧਾਰੀ, ਨਿਤਨੇਮੀ, ਨਾਮ ਅਭਿਆਸੀ ਤੇ ਹਰ ਪੱਖ ਤੋਂ ਯੋਗ ਹੋਣ, ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧ ਲਈ ਪੰਚ ਥਾਪ ਦੇਣਾ ਚਾਹੀਦਾ ਹੈ। ਗ਼ੈਰ-ਅੰਮ੍ਰਿਤਧਾਰੀ ਨੂੰ ਗੁਰਦੁਆਰੇ ਦੇ ਪ੍ਰਬੰਧ ਲਈ ਪ੍ਰਧਾਨ ਚੁਣਨਾ ਸਿੱਖੀ ਰਹੁ ਰੀਤਾਂ ਦੇ ਉਲ਼ਟ ਹੈ।

ਸਵਾਲ : ਮਾਰੂ ਰਾਗ ’ਚ ਭਗਤ ਰਵਿਦਾਸ ਜੀ ਦੇ ਸ਼ਬਦ ‘‘ਐਸੀ, ਲਾਲ  ! ਤੁਝ ਬਿਨੁ, ਕਉਨੁ ਕਰੈ’’ (੧੧੦੬) ਵਾਲੇ ਸ਼ਬਦ ਵਿਚੋਂ ‘ਛੋਤਿ’ ਦਾ ਅਰਥ ਦੱਸਣ ਦੀ ਕਿਰਪਾਲਤਾ ਕਰਨੀ, ਜੀ।

ਜਵਾਬ :  ਛੋਤਿ ਦਾ ਅਰਥ ਹੈ ਅਪਵਿੱਤਰਤਾ । ਬ੍ਰਾਹਮਣੀ ਮੱਤ ਅਨੁਸਾਰ ਜੇ ਨੀਵੀਂ ਜਾਤ ਦਾ ਮਨੁੱਖ ਅਥਵਾ ਸ਼ੂਦਰ, ਉੱਚੀ ਜਾਤ ਨਾਲ ਛੂਹ ਜਾਵੇ ਤਾਂ ਉੱਚ ਜਾਤੀਏ ਆਪਣੇ ਆਪ ਨੂੰ ਭਿੱਟਿਆ ਹੋਇਆ ਮੰਨਦੇ ਹਨ। ਉਨ੍ਹਾਂ ਦੇ ਮੱਤ ਅਨੁਸਾਰ ਇਹ ਭਿੱਟ ਪਾਣੀ ਦਾ ਛਿੱਟਾ ਦੇਣ ਜਾਂ ਇਸ਼ਨਾਨ ਕਰਨ ਅਤੇ ਕੱਪੜੇ ਬਦਲਣ ਨਾਲ ਦੂਰ ਹੁੰਦੀ ਹੈ, ਪਰ ਸਿੱਖ ਧਰਮ ਵਿਚ ਛੂਤ-ਛਾਤ ਜਾਂ ਸੁੱਚ ਭਿੱਟ ਨੂੰ ਕੋਈ ਥਾਂ ਨਹੀਂ।

ਸਵਾਲ : ਅਰਦਾਸ ਵਿਚ ‘ਦੇਖ ਕੇ ਅਣਡਿਠ ਕੀਤਾ’ ਦਾ ਕੀ ਭਾਵ ਹੈ ਅਤੇ ਇਹ ਕਿਵੇਂ ਸੰਭਵ ਹੈ ਕਿ ਸਾਮ੍ਹਣੇ ਕੋਈ ਕਿਸੇ ’ਤੇ ਜ਼ੁਲਮ ਕਰ ਰਿਹਾ ਹੋਵੇ ਤਾਂ ਉਸ ਨੂੰ ਅਣਡਿਠ ਕੀਤਾ ਜਾਵੇ ? ਇਨ੍ਹਾਂ ਲਫਜ਼ਾਂ ਦੇ ਅਰਥ ਸਪਸ਼ਟ ਕਰੋ।

ਜਵਾਬ : ਦੇਖ ਕੇ ਅਣਡਿੱਠ ਕਰਨ ਦਾ ਅਰਥ ਹੈ ਦੂਜਿਆਂ ਦੇ ਔਗੁਣਾਂ ਨੂੰ ਨਜ਼ਰ ਅੰਦਾਜ਼ ਕਰਨਾ, ਔਗਣਾਂ ਨੂੰ ਨਾ ਚਿਤਾਰਨਾ। ਸ਼੍ਰੋਮਣੀ ਗੁ. ਪ੍ਰ. ਕਮੇਟੀ ਵੱਲੋਂ ਅੰਗਰੇਜ਼ੀ ਵਿਚ ਛਾਪੀ ਗਈ ਸਿੱਖ ਰਹਿਤ ਮਰਯਾਦਾ ਵਿਚ ‘ਦੇਖ ਕੇ ਅਣਡਿੱਠ ਕੀਤਾ’ ਲਫਜ਼ਾਂ ਨੂੰ Overlooked faults and shortcomings ਲਿਖਿਆ ਗਿਆ ਹੈ।

ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਮਤਿ ਮਾਰਤੰਡ ਦੇ ਪੰਨਾ 668 ’ਤੇ ਇਸ ਦਾ ਅਰਥ ਲਿਖਿਆ ਹੈ, ਸਿੱਖਾਂ ਨੂੰ ਛਿਦ ਦਰਸ਼ੀ (ਐਬ ਜ਼ੋਹ) ਨਹੀਂ ਹੋਣਾ ਚਾਹੀਦਾ। ਵਿਭਚਾਰ, ਚੋਰੀ, ਕੌਮ ਘਾਤ ਆਦਿ ਕੁਕਰਮਾਂ ਨੂੰ ਲੁਕਾਉਣ ਦਾ ਉਪਦੇਸ਼ ਨਹੀਂ ਹੈ।

ਸ. ਜਸਵੰਤ ਸਿੰਘ ਨੇਕੀ ਨੇ ਆਪਣੀ ਪੁਸਤਕ ‘ਅਰਦਾਸ ਦਰਸ਼ਨ, ਰੂਪ, ਅਭਿਆਸ’ ਵਿਚ ਅਰਦਾਸ ਦੀ ਬਹੁਤ ਸੁੰਦਰ, ਢੁਕਵੀਂ ਤੇ ਵਿਸਥਾਰ ਸਹਿਤ ਵਿਆਖਿਆ ਕੀਤੀ ਹੈ। ‘ਵੇਖ ਕੇ ਅਣਡਿੱਠ ਕੀਤਾ’ ਉੱਤੇ ਤਿੰਨ ਪੰਨੇ ਲਿਖੇ ਹਨ। ਸਾਰ ਰੂਪ ਵਿਚ ਉਨ੍ਹਾਂ ਨੇ ਅਰਥ ਪਰਦੇ ਕੱਜਣਾ, ਹੋਰਨਾਂ ਦੇ ਔਗਣਾਂ ਨੂੰ ਨਜ਼ਰ ਅੰਦਾਜ਼ ਕਰਨਾ ਲਿਖੇ ਹਨ। ਆਪਣੇ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਉਨ੍ਹਾਂ ਨੇ ਇਤਿਹਾਸ ਵਿਚੋਂ ਕੁਝ ਸਾਖੀਆਂ ਦਿੱਤੀਆਂ ਹਨ :

(1) ਸ੍ਰੀ ਦਾਤੂ ਜੀ ਦੁਆਰਾ ਲੱਤ ਮਾਰਨ ’ਤੇ ਵੀ ਗੁਰੂ ਅਮਰਦਾਸ ਜੀ ਦਾ ਨਿਮ੍ਰਤਾ-ਭਾਵ ਵਿਚ ਰਹਿਣਾ ਤੇ ਕਹਿਣਾ, ‘ਮੇਰੀਆਂ ਬੁੱਢੀਆਂ, ਕਰੜੀਆਂ ਹੱਡੀਆਂ ਕਾਰਨ ਆਪ ਦੇ ਚਰਨਾਂ ਨੂੰ ਸੱਟ ਲੱਗੀ ਹੋਵੇਗੀ, ਮੈਨੂੰ ਖ਼ਿਮਾ ਕਰਨਾ’ ।

(2) ਗੁਰੂ ਅਰਜਨ ਦੇਵ ਜੀ ਦਾ ਪ੍ਰਿਥੀ ਚੰਦ ਦੀਆਂ ਕਰਤੂਤਾਂ ਦਾ ਬੁਰਾ ਨਾ ਮਨਾਉਣਾ, ਸਗੋਂ ਉਸ ਦੇ ਬਿਮਾਰ ਹੋਣ ’ਤੇ ਉਸ ਦੀ ਤੰਦਰੁਸਤੀ ਲਈ ਅਰਦਾਸ ਕਰਨੀ।

ਗਿਰਿਓ ਜਾਇ ਰਸਾਤਲਿ

0

ਗਿਰਿਓ ਜਾਇ ਰਸਾਤਲਿ

ਕੁਲਦੀਪ ਸਿੰਘ, ਦੀਪ ਨਗਰ (ਪਟਿਆਲਾ)-90412-63401

ਪਿਛਲੇ ਦਿਨੀਂ ਸਾਡੇ ਇਕ ਨਜ਼ਦੀਕੀ ਸੱਜਣ ਦੀ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਅਚਨਚੇਤ ਮੌਤ ਹੋ ਜਾਣ ਦੀ ਸੂਚਨਾ ਮਿਲੀ। ਅਜੇ ਉਨ੍ਹਾਂ ਨੇ ਉਮਰ ਦੇ ਛੇ ਦਹਾਕੇ ਵੀ ਨਹੀਂ ਸਨ ਹੰਡਾਏ। ਬਹੁਤ ਨੇੜੇ ਦੀ ਰਿਸ਼ਤੇਦਾਰੀ ਹੋਣ ਕਾਰਨ ਸਾਡੇ ਪਰਵਾਰ ਲਈ ਇਹ ਕਾਫ਼ੀ ਵੱਡਾ ਝਟਕਾ ਸੀ। ਖ਼ੈਰ ! ਇਹ ਤਾਂ ਕਾਦਰ ਦਾ ਨਿਜ਼ਾਮ ਹੈ, ‘‘ਕਉਣੁ ਮੂਆ; ਕਉਣੁ ਮਰਸੀ ’’ (ਮਹਲਾ /੧੦੨੨) ਭਾਵ ਨਾ ਕੋਈ ਮਰਿਆ ਹੈ, ਨਾ ਮਰ ਸਕਦਾ ਹੈ। ਇਹ ਰੂਹਾਨੀਅਤ ਗਿਆਨ ਹੈ ਕਿਉਂਕਿ ਇੱਥੇ ਆਤਮਾ ਨੂੰ ਅਮਰ ਕਿਹਾ ਹੈ, ਜੋ ਕਦੇ ਨਹੀਂ ਮਰਦਾ, ਨਾ ਜੰਮਦਾ। ਸਰੀਰ; ਜੰਮਦਾ ਤੇ ਮਰਦਾ ਹੁੰਦਾ ਹੈ।

ਕਿਸੇ ਕਾਰਨ ਵਸ਼ ਮੈਂ ਸਸਕਾਰ ’ਤੇ ਤਾਂ ਨਹੀਂ ਸੀ ਗਿਆ। ਭੋਗ ਤੇ ਜਾਂਦਿਆਂ ਹੋਇਆਂ ਮੇਰਾ ਅਚੇਤ ਮਨ ਮੈਨੂੰ ਅਤੀਤ ਦੀਆਂ ਗਲ਼ੀਆਂ ਦੇ ਰਾਹੀਂ 90-91 ਦੇ ਦੌਰ ਵਿਚ ਲੈ ਵੜਿਆ। ਓਦੋਂ ਇਸ ਸੱਜਣ ਦੇ ਪਿਤਾ ਜੀ ਦਿੱਲੀ ਦੇ ਕਿਸੇ ਗੁਰਦੁਆਰੇ ਵਿਚ ਗ੍ਰੰਥੀ ਦੀ ਸੇਵਾ ਨਿਭਾਉਂਦੇ ਸਨ ਤੇ ਉਨ੍ਹਾਂ ਨੂੰ ਗਿਆਨੀ ਜੀ ਆਖਿਆ ਜਾਂਦਾ ਸੀ।

ਗਿਆਨੀ ਜੀ ਤਾਂ ਅੰਤਲੇ ਸੁਆਸਾਂ ਤੱਕ ਸਿੱਖੀ ਲਈ ਨਿਸ਼ਠਾਵਾਨ ਰਹੇ, ਪਰ ਉਨ੍ਹਾਂ ਦੇ ਪਰਵਾਰ ਨੂੰ ਉਨ੍ਹਾਂ ਦੇ ਜੀਂਦੇ ਜੀਅ ਹੀ ਪੱਛਮੀ ਸਭਿਅਤਾ ਦੀ ਰੰਗਣ ਚੜ੍ਹਨੀ ਸ਼ੁਰੂ ਹੋ ਚੁੱਕੀ ਸੀ। ਜਿਵੇਂ ਵੀ ਸੀ ਉਨ੍ਹਾਂ ਦੇ ਹੁੰਦਿਆਂ ਸ਼ਰਮੋਂ ਕੁਸ਼ਰਮੀ ਸਾਰਾ ਟੱਬਰ ਰਸਮੀ ਸਿੱਖੀ ਨਿਭਾਉਂਦਾ ਹੀ ਰਿਹਾ, ਪਰ ਉਨ੍ਹਾਂ ਦੇ ਚਲਾਣੇ ਤੋਂ ਬਾਅਦ ਤਾਂ ਇਨ੍ਹਾਂ ਨੂੰ ਆਧੁਨਿਕਤਾ ਦੀ ਅਜਿਹੀ ਹਵਾ ਲੱਗੀ ਕਿ ਰਸਮੀ ਸਿੱਖੀ ਦਾ ਪੈਂਡਾ ਵੀ ਬਿਖੜਾ ਲੱਗਣ ਲੱਗ ਪਿਆ। ਪਹਿਲਾਂ ਗਿਆਨੀ ਜੀ ਦੇ ਡਰੋਂ ਹਰੇਕ ਜੀ ਨੂੰ ਗੁਰਦੁਆਰੇ ਹਾਜ਼ਰੀ ਭਰਨੀ ਲਾਜ਼ਮੀ ਸੀ, ਪਰ ਹੁਣ ਉਹ ਬੰਦਿਸ਼ ਮੁੱਕ ਗਈ। ਬਾਣੀ ਪੜ੍ਹਨ ਸੁਣਨ ਦੇ ਨੇਮ ਤੋਂ ਵੀ ਛੁਟਕਾਰਾ ਮਿਲ ਗਿਆ। ਕ੍ਰਿਕੇਟ ਦੇ ਮੈਚ, ਫ਼ਿਲਮਾਂ ਤੇ ਸੀਰੀਅਲਾਂ ਨੇ ਅਜਿਹੀ ਘੁਸਪੈਠ ਕੀਤੀ ਕਿ ਕਥਾ ਕੀਰਤਨ ਦਾ ਸਮਾਂ ਚੋਰੀ ਕਰ ਕੇ ਲੈ ਗਏ। ਆਲੇ ਦੁਆਲੇ ਤਾਂ ਪਹਿਲਾਂ ਹੀ ਸਭ ਪਾਸੇ ਅਨਮਤੀਆਂ ਦੀਆਂ ਢਾਣੀਆਂ ਸਨ, ਹੁਣ ਗੁਰ ਪੁਰਬਾਂ ਨਾਲੋਂ ਉਨ੍ਹਾਂ ਦੇ ਤਿਉਹਾਰ ਜ਼ਿਆਦਾ ਉਤਸਾਹ ਨਾਲ ਮਨਾਏ ਜਾਣ ਲੱਗੇ। ਸਹਜੇ ਸਹਜੇ ਉਹ ਸਾਰੇ ਰਾਹ ਬੰਦ ਹੁੰਦੇ ਗਏ, ਜਿਨ੍ਹਾਂ ਰਾਹੀਂ ਕਦੇ ਘਰ ਵਿੱਚ ਸਿੱਖੀ ਸਰੂਪ, ਕਿਰਦਾਰ, ਸਦਾਚਾਰ ਅਤੇ ਸਿੱਖੀ ਦੀ ਵਿਲਖਣਤਾ ਦੀਆਂ ਬਾਤਾਂ ਸੁਣੀਦੀਆਂ ਸਨ।

ਕੁਦਰਤ ਦਾ ਅਟੱਲ ਅਸੂਲ ਹੈ ਕਿ ਜੇਕਰ ਕਿਸੇ ਬਾਗ਼ ਦਾ ਰਾਖਾ ਅਵੇਸਲਾ ਹੋ ਜਾਵੇ ਤਾਂ ਉਸ ਦੇ ਫੁੱਲਾਂ ਨੂੰ ਮੁਰਝਾਉਂਦਿਆਂ ਬਹੁਤਾ ਚਿਰ ਨਹੀਂ ਲੱਗਦਾ। ਇਸ ਪਰਵਾਰ ਦੀ ਵੱਡੀ ਲੜਕੀ ਬਚਪਨ ਤੋਂ ਅੰਮ੍ਰਿਤਧਾਰੀ ਸੀ, ਦਾਦੇ ਦੇ ਪ੍ਰਭਾਵ ਸਦਕਾ ਕੀਰਤਨ ਵਿਚ ਵੀ ਨਿਪੁੰਨ ਸੀ। ਗਿਆਨੀ ਜੀ ਦੇ ਚਲਾਣੇ ਪਿੱਛੋਂ ਪਰਵਾਰ ਆਰਥਕ ਤੌਰ ’ਤੇ ਡਾਵਾਂ-ਡੋਲ ਹੋ ਗਿਆ ਤਾਂ ਇਸ ਨੂੰ ਕਿਸੇ ਕੰਪਨੀ ਵਿਚ ਨੌਕਰੀ ਕਰਨੀ ਪੈ ਗਈ। ਕੁਦਰਤੀ ਗੱਲ ਸੀ ਕਿ ਵਰਕ ਪਲੇਸ ’ਤੇ ਵੀ ਹਰ ਕਿਸਮ ਦੀ ਵਿਚਾਰਧਾਰਾ ਵਾਲਿਆਂ ਨਾਲ ਵਾਹ ਵਾਸਤਾ ਪੈਣਾ ਹੀ ਸੀ। ਅੰਦਰੋਂ ਸਿੱਖੀ ਵਾਲੀਆਂ ਜੜ੍ਹਾਂ ਕਮਜ਼ੋਰ ਹੋ ਹੀ ਗਈਆਂ ਸਨ। ਜ਼ਮਾਨੇ ਦੀ ਚੰਦਰੀ ‘ਵਾ’ ਦਾ ਸ਼ਿਕਾਰ ਹੁੰਦਿਆਂ ਬਹੁਤਾ ਚਿਰ ਨਾ ਲੱਗਾ। ਛੇਤੀ ਹੀ ਸ਼ਰਮ ਧਰਮ ਨੂੰ ਛਿੱਕੇ ’ਤੇ ਟੰਗ ਕੇ ਗ਼ੈਰ ਸਿੱਖ ਲੜਕੇ ਨਾਲ ਵਿਆਹ ਕਰਵਾਉਣ ਲਈ ਅੜ ਗਈ। ਮਾਪਿਆਂ ਨੇ ਵੀ ਖ਼ੁਦ ਨੂੰ ਨਵੇਂ ਜ਼ਮਾਨੇ ਦੇ ਹਾਣੀ ਅਤੇ ਖੁੱਲ੍ਹ-ਦਿਲੇ ਸਿੱਖ ਅਖਵਾਉਣ ਦੇ ਚੱਕਰ ਵਿਚ ਬਗੈਰ ਹੀਲ ਹੁੱਜਤ ਕੀਤੇ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ।

ਕੁਝ ਕੁ ਨਿਕਟ ਵਰਤੀ ਸੱਜਣਾਂ ਨੇ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਕਿ ਸਿੱਖਾਂ ਦੀ ਬੱਚੀ ਸਿੱਖੀ ਤੋਂ ਬਾਗ਼ੀ ਹੋ ਕੇ ਕੱਲੀ ਨਹੀਂ ਡੁਬਦੀ ਬਲਕਿ ਨਾਨਕਿਆਂ, ਦਾਦਕਿਆਂ ਦੀਆਂ ਆਉਣ ਵਾਲੀਆਂ ਕਈ ਨਸਲਾਂ ’ਚੋਂ ਸਿੱਖੀ ਦੇ ਬੀਜ ਨੂੰ ਮਾਰ ਦਿੰਦੀ ਹੈ, ਪਰ ਪਰਵਾਰ ਨੇ ਕੰਨਾਂ ਵਿਚ ਰੂੰ ਦਿੱਤੀ ਹੋਈ ਸੀ ਤੇ ਦਿੱਤੀ ਹੀ ਰੱਖੀ। ਸਿੱਖੀ ਸਿਦਕ, ਸਰੂਪ, ਸਿਧਾਂਤ ਵਿਚ ਕਾਇਮ ਰਹਿਣ ਦੀਆਂ ਦਲੀਲਾਂ ਨੂੰ ਪਿਛਾਂਹ ਖਿੱਚੂ ਸੋਚ ਕਹਿ ਕੇ ਸਾਰਾ ਟੱਬਰ ਅਖੌਤੀ ਆਧੁਨਿਕਤਾ ਦੀ ਬਲੀ ਚੜ੍ਹ ਗਿਆ। ਕੁੜੀ ਵਿਆਹ ਕੇ ਚਲੀ ਗਈ ਤੇ ਬਾਕੀਆਂ ਨੇ ਇਸ ਨੂੰ ਆਮ ਵਰਤਾਰਾ ਕਹਿ ਕੇ ਬਹੁਤਾ ਨਾ ਗੌਲਿਆ। ਇਹ ਸੀ ‘ਉਹ ਪਹਿਲੀ ਖੱਟੀ, ਜੋ ਅਖੌਤੀ ਖੁੱਲ੍ਹ-ਦਿਲੀ ਦੇ ਮਖੌਟੇ ਨੇ ਇਸ ਪਰਵਾਰ ਨੂੰ ਖੱਟ ਕੇ ਦਿੱਤੀ ਸੀ’।

ਹੁਣ ਇਸੇ ਲੜਕੀ ਦੇ ਪਿਤਾ ਯਾਨੀ ਗਿਆਨੀ ਜੀ ਦੇ ਬੇਟੇ ਦੀ ਹੀ ਮੌਤ ਹੋਈ ਸੀ। ਭੋਗ ਲਈ ਮਿੱਥਿਆ ਗਿਆ ਸਥਾਨ ਸੀ ‘ਗੁਰੂ ਗ੍ਰੰਥ ਸਾਹਿਬ ਭਵਨ’ ਛਤਰਪੁਰ, ਜੋ ਕਿ ਕੁਤਬ ਮੀਨਾਰ ਦੇ ਨੇੜੇ ਹੈ। ਅਤੀਤ ਦੀ ਇਸ ਉਧੇੜ ਬੁਣ ਵਿਚ ਹੀ ਛਤਰਪੁਰ ਮੈਟਰੋ ਸਟੇਸ਼ਨ ਆ ਗਿਆ। ਵਰਤਮਾਨ ਵਿਚ ਪਰਤ ਕੇ ਮੈਂ ਸਟੇਸ਼ਨ ਦੀਆਂ ਪੌੜੀਆਂ ਉਤਰੀਆਂ ਤੇ ਆਪਣੇ ਦੋ ਸਾਥੀਆਂ ਸਮੇਤ ਗੁਰਦਵਾਰੇ ਦੇ ਦੀਵਾਨ ਹਾਲ ਵਿਚ ਦਾਖ਼ਲ ਹੋ ਗਿਆ। ਨੌਜਵਾਨ ਸਿੰਘਾਂ ਦਾ ਜਥਾ ਬੜਾ ਸੋਹਣਾ ਤੇ ਅਨੰਦਮਈ ਕੀਰਤਨ ਕਰ ਰਿਹਾ ਸੀ, ਪਰ ਇਕ ਗੱਲ ਜਿਹੜੀ ਸਭ ਤੋਂ ਵੱਧ ਚੁਭਣ ਵਾਲੀ ਸੀ ਕਿ ਸੰਗਤ ਵਿਚ ਚਾਰੇ ਪਾਸੇ ਰੁਮਾਲਾਂ ਨਾਲ ਸਿਰ ਕੱਜੇ ਹੋਏ ਗੈਰ ਸਿੱਖ ਹੀ ਦਿਸ ਰਹੇ ਸਨ। ਇਕ ਅਜੀਬ ਗੱਲ ਇਹ ਹੋਈ ਕਿ ਦੋ ਸ਼ਬਦ ਪੜ੍ਹਨ ਤੋਂ ਬਾਅਦ ਹੀ ਕਿਸੇ ਪਰਵਾਰਕ ਵਿਅਕਤੀ ਵੱਲੋਂ ਕੀਰਤਨੀ ਜੱਥੇ ਨੂੰ ਸਟੇਜ ਤੋਂ ਉਤਰਨ ਲਈ ਹਿਦਾਇਤ ਕਰ ਦਿੱਤੀ ਗਈ। ਸ਼ਾਇਦ ਇਹ ਪਹਿਲਾਂ ਹੀ ਗਿਣਿਆ ਮਿੱਥਿਆ ਪ੍ਰੋਗਰਾਮ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਿਰ ਤੇ ਰੁਮਾਲ ਬੰਨ੍ਹੀ ਇਕ ਸਫ਼ਾਚਟ ਵਿਅਕਤੀ ਨੂੰ ਕੀਰਤਨ ਵਾਲੀ ਸਟੇਜ ’ਤੇ ਬਿਠਾ ਦਿੱਤਾ। ਉਸ ਨੇ ਗਾਇਕੀ ਦੀ ਤਰਜ਼ ਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਇਕ ਤਾਂ ਉਸ ਦੇ ਉਚਾਰਨ ਦਾ ਲਹਿਜਾ ਹਿੰਦੀ ਦੀ ਪੁੱਠ ਵਾਲਾ ਸੀ ਤੇ ਨਾਲ ਹੀ ਉਹ ਕੀਰਤਨ ਵਿਚ ਸੱਜੇ ਖੱਬੇ ਦੀਆਂ ਤੁਕਾਂ ਵੀ ਰਲਾਈ ਜਾਂਦਾ ਸੀ। ਕੀਰਤਨੀ ਜੱਥਾ ਸ਼ਾਇਦ ਇਸ ਨੂੰ ਆਪਣੀ ਹੇਠੀ ਸਮਝ ਕੇ ਉੱਥੋਂ ਉੱਠ ਕੇ ਚਲਾ ਗਿਆ। ਸਾਬਤ ਸੂਰਤ ਸਿੱਖੀ ਸਰੂਪ ਵਾਲਿਆਂ ਦੀ ਸ਼ਮੂਲੀਅਤ ਪਹਿਲਾਂ ਹੀ ਉਂਗਲਾਂ ’ਤੇ ਗਿਣਨ ਜੋਗੀ ਸੀ। ਜਥੇ ਦੇ ਚਲੇ ਜਾਣ ਨਾਲ ਤਾਬਿਆ ਬੈਠੇ ਭਾਈ ਜੀ ਤੇ ਅਰਦਾਸੀਏ ਤੋਂ ਇਲਾਵਾ ਸਾਡੇ ਸਣੇ ਮਸਾਂ ਦਸ ਕੁ ਬੰਦੇ ਹੀ ਪਗੜੀਆਂ ਵਾਲੇ ਰਹਿ ਗਏ ਸਨ। ਅਸੀਂ ਸਾਰੇ ਸੁਆਲੀਆ ਨਜ਼ਰਾਂ ਨਾਲ ਸ਼ਾਇਦ ਇਕ ਦੂਜੇ ਕੋਲੋਂ ਇਹੀ ਪੁੱਛਣ ਦੀ ਕੋਸ਼ਿਸ਼ ਕਰ ਰਹੇ ਸਾਂ ਕਿ ਜਿਹੜੇ ਦਰਸ਼ਨੀ ਗੁਰਸਿੱਖ ਦੀ ਫੋਟੋ ਦੀਵਾਨ ਅਸਥਾਨ ਦੇ ਬਾਹਰ ਰੱਖੀ ਹੋਈ ਹੈ, ਇਹ ਉਸੇ ਦਾ ਭੋਗ ਸਮਾਗਮ ਹੈ ਜਾਂ ਕਿਸੇ ਗੈਰ ਸਿੱਖ ਦਾ ? ਮੇਰੀ ਜਾਚੇ ਇਹ ਸੀ ‘ਦੂਜੀ ਖੱਟੀ, ਜਿਹੜੀ ਆਧੁਨਿਕਤਾ ਨੇ ਇਨ੍ਹਾਂ ਨੂੰ ਖੱਟ ਕੇ ਦਿੱਤੀ ਸੀ’।

ਇਹ ਕਿਸੇ ਇਕ ਪਰਵਾਰ ਦੀ ਕਹਾਣੀ ਨਹੀਂ ਹੈ। ਇਹ ਮਰਜ਼ ਹਰ ਸਿੱਖ ਘਰਾਣੇ ਨੂੰ ਆਪਣੀ ਚਪੇਟ ਵਿਚ ਲੈ ਰਹੀ ਹੈ। ਬਾਕੀ ਕੌਮਾਂ ਦੇ ਮੁਕਾਬਲੇ ਸਿੱਖ ਆਰਥਕ ਤੌਰ ’ਤੇ ਵਧੇਰੇ ਖੁਸ਼ਹਾਲ ਮੰਨੇ ਜਾਂਦੇ ਹਨ। ਇਹ ਖ਼ੁਸ਼ਹਾਲੀ ਸਾਡੇ ਵਡੇਰਿਆਂ ਵੱਲੋਂ ਫੋਕਟ ਤੇ ਖਰਚੀਲੀਆਂ ਸਨਾਤਨੀ ਰੀਤਾਂ ਰਸਮਾਂ ਤੋਂ ਰਹਿਤ ਹੋ ਕੇ ਸਿੱਖ ਸਿਧਾਂਤ ਅਨੁਸਾਰ ਜਿਉਣ ਨਾਲ ਆਈ ਹੈ, ਪਰ ਹੁਣ ਇਸ ਖ਼ੁਸ਼ਹਾਲੀ ਨੇ ਸਾਡੇ ਵਿਚ ਅਫਰੇਵਾਂ ਲੈ ਆਂਦਾ ਹੈ। ਇਸ ਕਾਰਨ ਅਸੀਂ ਗੁਰਬਾਣੀ ਅਤੇ ਸਿੱਖ ਸਿਧਾਂਤਾਂ ਨੂੰ ਸਮਝਣ ਪ੍ਰਤੀ ਅਵੇਸਲੇ ਹੋ ਗਏ ਹਾਂ। ਸਿੱਟੇ ਵੱਜੋਂ ਜਿਨ੍ਹਾਂ ਫੋਕਟ ਰੀਤਾਂ ਰਸਮਾਂ ਵਿਚੋਂ ਸਾਨੂੰ ਗੁਰਬਾਣੀ ਦੇ ਗਿਆਨ ਨੇ ਕੱਢਿਆ ਸੀ, ਮੁੜ ਉਨ੍ਹਾਂ ਦੇ ਕੰਧਾੜੇ ਚੜ੍ਹ ਕੇ ਅਸੀਂ ਨਿੱਤ ਦਿਹਾੜੇ ਸਿੱਖੀ ਦੀ ਵਿਲਖਣਤਾ ਨੂੰ ਖੋਰਾ ਲਾ ਰਹੇ ਹਾਂ। ਸਾਡੀਆਂ ਮਾਵਾਂ, ਭੈਣਾਂ, ਬੀਬੀਆਂ ਟੀ.ਵੀ. ਸੀਰੀਅਲਾਂ ਦੇ ਪ੍ਰਭਾਵ ਹੇਠ ਆ ਕੇ ਫੈਸ਼ਨ ਦੇ ਰੋੜ੍ਹ ਵਿਚ ਰੁੜ੍ਹਦੀਆਂ ਜਾ ਰਹੀਆਂ ਹਨ। ਭੜਕੀਲੇ ਪਹਿਰਾਵੇ ਅਤੇ ਗਲੈਮਰ ਦੇ ਨਾਂ ਹੇਠ ਪਰੋਸੇ ਜਾ ਰਹੇ ਨੰਗੇਜ ਦੀ ਚਕਾਚੌਂਧ ਤੋਂ ਚੜ੍ਹਦੀ ਉਮਰ ਦੀਆਂ ਬੱਚੀਆਂ ਸਭ ਤੋਂ ਜ਼ਿਆਦਾ ਪ੍ਰਭਾਵਤ ਹੋ ਰਹੀਆਂ ਹਨ।  90ਫੀਸਦੀ ਸਿੱਖ ਘਰਾਣਿਆਂ ਦੀਆਂ ਬੱਚੀਆਂ ਬੇਝਿਜਕ ਹੋ ਕੇ ਰੋਮ ਨਾਸ਼ਕ ਕਰੀਮਾਂ ਦੀ ਵਰਤੋਂ ਕਰਨ ਲੱਗ ਪਈਆਂ ਹਨ। ਇੱਥੋਂ ਹੀ ਅਸਲ ਵਿਗਾੜ ਦੀ ਸ਼ੁਰੂਆਤ ਹੁੰਦੀ ਹੈ। ਜਿਨ੍ਹਾਂ ਬੱਚੀਆਂ ਨੂੰ ਕੁਦਰਤ ਵੱਲੋਂ ਉਨ੍ਹਾਂ ਦੇ ਕੋਮਲ ਅੰਗਾਂ ਦੀ ਰਾਖੀ ਲਈ ਦਿੱਤੇ ਗਏ ਨਿੱਕੇ ਨਿੱਕੇ ਰੋਮ ਸੁੰਦਰਤਾ ਵਿਚ ਅੜਿੱਕਾ ਲੱਗਣ ਲੱਗ ਪਏ, ਉਹ ਆਪਣੇ ਬੱਚਿਆਂ ਦੇ ਸਿਰ ਦੇ ਗਿੱਠ ਗਿੱਠ ਲੰਮੇ ਕੇਸਾਂ ਨੂੰ ਕਿਵੇਂ ਸਾਂਭਣਗੀਆਂ ? ਲੜਕੀਆਂ ਨੂੰ ਬਰਾਬਰੀ ਅਤੇ ਪੂਰੀ ਖੁੱਲ੍ਹ ਦੇਣ ਦੇ ਨਾਂ ’ਤੇ ਹੱਦੋਂ ਵੱਧ ਉਲਾਰ ਅਤੇ ਉਦਾਰ ਚਿੱਤ ਹੋ ਚੁੱਕੇ ਸਿੱਖ ਮਾਪੇ, ਅੱਜ ਉਨ੍ਹਾਂ ਨੂੰ ਸਿੱਖੀ ਦੇ ਮੁੱਢਲੇ ਫ਼ਰਜ਼ ਕੇਸਾਂ-ਰੋਮਾਂ ਦੇ ਸਤਿਕਾਰ ਪ੍ਰਤੀ ਸੁਚੇਤ ਰਹਿਣ ਲਈ ਵੀ ਪ੍ਰੇਰਨਾ ਦੇਣੋ ਹਟ ਗਏ ਹਨ। ਨਿੱਤ ਨਵੇਂ ਹੇਅਰ ਸਟਾਈਲ ਦੇ ਨਾਂ ਹੇਠ ਬਿਊਟੀ ਪਾਰਲਰ ਰੂਪ ਜਿੱਲ੍ਹਣ ਵਿਚ ਡਿੱਗਦੀਆਂ ਜਾ ਰਹੀਆਂ ਇਹ ਬੱਚੀਆਂ ਹੌਲੀ ਹੌਲੀ ਲਈ ਸਿੱਖ ਸਿਧਾਂਤਾਂ ਵੱਲ ਪਿੱਠ ਕਰ ਲੈਣ ਨੂੰ ਹੀ ਆਧੁਨਿਕ ਹੋਣ ਦੀ ਨਿਸ਼ਾਨੀ ਸਮਝਣ ਲੱਗ ਪੈਂਦੀਆਂ ਹਨ।

ਅਖੌਤੀ ਆਧੁਨਿਕਤਾ ਦੇ ਨਾਂ ਹੇਠ ਵਾਪਰ ਰਹੇ ਇਸ ਕੋਝੇ ਵਰਤਾਰੇ ਦਾ ਜ਼ਿਕਰ ਕਰਨ ਦਾ ਮੇਰਾ ਮਕਸਦ ਹਰਗਿਜ਼ ਵੀ ਕਿਸੇ ਦੇ ਨਿੱਜੀ ਜੀਵਨ ’ਤੇ ਟਿੱਪਣੀਆਂ ਕਰਨਾ ਨਹੀਂ ਹੈ। ਮੈਂ ਨਹੀਂ ਜਾਣਦਾ ਕਿ ਪਾਠਕ ਇਸ ਵਰਤਾਰੇ ਨੂੰ ਕਿਸ ਨਜ਼ਰੀਏ ਨਾਲ ਵੇਖਣਗੇ, ਪਰ ਜਦੋਂ ਮੈਂ ਆਪਣੇ ਆਪ ਨੂੰ ਇਸ ਵਰਤਾਰੇ ਦੇ ਕੇਂਦਰ ਬਿੰਦੂ ਵਿਚ ਰੱਖ ਕੇ ਵੇਖਦਾ ਹਾਂ ਤਾਂ ਮੇਰੀ ਰੂਹ ਕੰਬ ਜਾਂਦੀ ਹੈ। ਇਹ ਸੁਆਲ ਵਾਰ ਵਾਰ ਮੇਰੇ ਮਨ ਵਿਚ ਖਲਬਲੀ ਮਚਾਉਣ ਲੱਗ ਪੈਂਦਾ ਹੈ ਕਿ ਇਸ ਤਰ੍ਹਾਂ ਆਪਣੇ ਵਿਰਸੇ ਤੋਂ ਬੇਮੁੱਖ ਹੋ ਕੇ ਸਾਡੇ ਬੱਚੇ-ਬੱਚੀਆਂ ਸਿੱਖੀ ਦੀ ਧਰੋਹਰ ਨੂੰ ਸੰਭਾਲ ਵੀ ਸਕਣਗੇ ਕਿ ਨਹੀਂ ?

ਅਸੀਂ ਸਿੱਖ; ਗੁਰੂ ਸਾਹਿਬਾਨ ਦੀ ਉਸ ਘਾਲਣਾ ਦਾ ਮੁੱਲ ਨਹੀਂ ਪਾ ਸਕੇ ਜਿਹੜੀ ਉਨ੍ਹਾਂ ਨੇ 239 ਸਾਲ ਦਾ ਲੰਮਾ ਸਮਾਂ ਲਾ ਕੇ ਸਿੱਖੀ ਦੇ ਇਸ ਬਿਰਛ ਨੂੰ ਸਿੰਜਣ ਲਈ ਘਾਲ਼ੀ ਸੀ। ਕਿਹੋ ਜਿਹੇ ਸਨ ਉਹ ਸਿੰਘ, ਸਿੰਘਣੀਆਂ ਜਿਨ੍ਹਾਂ ਨੇ ਹਰ ਕਿਸਮ ਦਾ ਜ਼ੁਲਮ ਸਹਾਰ ਕੇ ਵੀ ਸਿਦਕ ਨਹੀਂ ਹਾਰਿਆ। ਸਿੱਖੀ ਸਰੂਪ ਤੇ ਸਿਧਾਂਤ ਦੀ ਰਾਖੀ ਲਈ ਅਸਹਿ ਤੇ ਅਕਹਿ ਕਸ਼ਟ ਝੱਲ ਕੇ ਵੀ ਸਿੱਖੀ ਦੇ ਸੋਹਣੇ ਬਿਰਛ ਨੂੰ ਮੁਰਝਾਉਣ ਨਹੀਂ ਦਿੱਤਾ।

ਅੱਜ ਆਧੁਨਿਕਤਾ ਦੀ ਖ਼ੁਮਾਰੀ ਵਿਚ ਮਸਤ ਹੋਇਆ ਸਿੱਖ ਸਮਾਜ ਜਿਵੇਂ ਨਿੱਕੀਆਂ ਨਿੱਕੀਆਂ ਗਰਜ਼ਾਂ ਦੀ ਖ਼ਾਤਰ ਸਿੱਖੀ ਦੇ ਬਿਰਛ ਦੀਆਂ ਡਾਲੀਆਂ ਨੂੰ ਵੱਢਣ ਲਈ ਤਤਪਰ ਹੋਇਆ ਪਿਆ ਹੈ, ਸੁਤੇ ਸਿੱਧ ਹੀ ਪੰਜਵੇਂ ਪਾਤਿਸ਼ਾਹ ਜੀ ਦੇ ਬਚਨ ਚੇਤੇ ਆ ਜਾਂਦੇ ਹਨ ‘‘ਕਾਟੈ ਪੇਡੁ, ਡਾਲ ਪਰਿ ਠਾਢੌ; ਖਾਇ ਖਾਇ ਮੁਸਕਾਰੈ ’’ (ਮਹਲਾ /੧੨੦੫) ਅਰਥ : ਬੰਦਾ ਟਹਿਣੀ ਉੱਤੇ ਖੜ੍ਹ ਕੇ ਉਸੇ ਪੇਡ ਨੂੰ ਵੱਢ ਰਿਹਾ ਹੈ। ਨਾਲ਼ੇ ਖਾਂਦਾ ਖਾਂਦਾ ਹੱਸ ਰਿਹਾ ਹੈ ਭਾਵ ਉਹ, ਇਹ ਭੀ ਨਹੀਂ ਸਮਝ ਰਿਹਾ ਕਿ ਪੇਡ ਡਿੱਗਣ ਨਾਲ਼ ਤੂੰ ਡਿੱਗ ਕੇ ਮਰਨਾ ਹੈ।

ਅਖੌਤੀ ਆਧੁਨਿਕਤਾ ਦੀ ਇਸ ਰਾਹ ’ਤੇ ਚਲਦੇ ਰਿਹਾਂ ਅਸੀਂ ਸਿੱਖ; ਜਿਹੜੀ ਖੱਟੀ ਹਾਸਲ ਕਰਾਂਗੇ ਉਸ ਬਾਰੇ ਪਾਤਿਸ਼ਾਹ ਜੀ ਜੋ ਚੇਤਾਵਨੀ ਦੇ ਰਹੇ ਹਨ, ਉਸ ਦੀ ਆਪਣੇ ਮਨ ਵਿਚ ਕਲਪਨਾ ਕਰਦਿਆਂ ਹੀ ਕਾਂਬਾ ਛਿੜਦਾ ਹੈ, ‘‘ਗਿਰਿਓ ਜਾਇ ਰਸਾਤਲਿ ਪਰਿਓ; ਛਿਟੀ ਛਿਟੀ ਸਿਰ ਭਾਰੈ ’’ (ਮਹਲਾ /੧੨੦੫) ਅਰਥ : ਦਰਖ਼ਤ ਡਿੱਗਣ ਨਾਲ਼ ਉਹ ਬੰਦਾ ਗਹਿਰੇ ਖੱਡੇ ’ਚ ਜਾ ਡਿੱਗਦਾ ਹੈ। ਸਿਰ ਭਾਰ ਡਿੱਗਿਆ ਹੱਡੀਆਂ ਤੁੜਵਾ ਬੈਠਦਾ ਹੈ।

ਅਉਧ ਘਟੈ; ਦਿਨਸੁ ਰੈਣਾਰੇ ॥

0

ਅਉਧ ਘਟੈ; ਦਿਨਸੁ ਰੈਣਾਰੇ ॥

ਪ੍ਰੋਫ਼ੈਸਰ ਮਨਮੋਹਨ ਸਿੰਘ (ਕੈਨੇਡਾ)

ਰਾਗੁ ਗਉੜੀ ਪੂਰਬੀ ਮਹਲਾ ੫ ॥

ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ! ਸੰਤ ਟਹਲ ਕੀ ਬੇਲਾ ॥ 

ਈਹਾ ਖਾਟਿ ਚਲਹੁ ਹਰਿ ਲਾਹਾ; ਆਗੈ ਬਸਨੁ ਸੁਹੇਲਾ ॥੧॥

ਅਉਧ ਘਟੈ; ਦਿਨਸੁ ਰੈਣਾਰੇ ॥  ਮਨ  ! ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥

ਇਹੁ ਸੰਸਾਰੁ ਬਿਕਾਰੁ ਸੰਸੇ ਮਹਿ; ਤਰਿਓ ਬ੍ਰਹਮ ਗਿਆਨੀ ॥ 

ਜਿਸਹਿ ਜਗਾਇ ਪੀਆਵੈ ਇਹੁ ਰਸੁ; ਅਕਥ ਕਥਾ ਤਿਨਿ ਜਾਨੀ ॥੨॥

ਜਾ ਕਉ ਆਏ ਸੋਈ ਬਿਹਾਝਹੁ; ਹਰਿ ਗੁਰ ਤੇ ਮਨਹਿ ਬਸੇਰਾ ॥ 

ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ; ਬਹੁਰਿ ਨ ਹੋਇਗੋ ਫੇਰਾ ॥੩॥

ਅੰਤਰਜਾਮੀ ਪੁਰਖ ਬਿਧਾਤੇ ! ਸਰਧਾ ਮਨ ਕੀ ਪੂਰੇ ॥ 

ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥

(ਸੋਹਿਲਾ ਗਉੜੀ/ਮਹਲਾ ੫/੧੩)

ਉਚਾਰਨ ਸੇਧ : ਕਰਉਂ, ਈਹਾਂ, ਇਹ, ਤਿਨ, ਸ਼ਰਧਾ, ਮਾਂਗੈ।

ਪਦ ਅਰਥ : ਕਰਉ- ਕਰਦਾ ਹਾਂ। ਬੇਲਾ- ਸਮਾਂ, ਵੇਲ਼ਾ। ਈਹਾ- ਇਸ (ਜਗਤ) ਵਿੱਚ) ਖਾਟਿ- ਖੱਟ ਕੇ, ਕਮਾ ਕੇ। ਆਗੈ- ਪ੍ਰਲੋਕ ਵਿੱਚ। ਸੁਹੇਲਾ- ਸੌਖਾ, ਸੁਖਾਲਾ। ਦਿਨਸੁ ਰੈਣਾਰੇ- ਦਿਨ ਤੇ ਰਾਤ। ਮਨ- ਹੇ ਮਨ ! ਬਿਕਾਰੁ ਸੰਸੇ ਮਹਿ- ਵਿਕਾਰ ਰੂਪ ਸ਼ੰਕਿਆਂ ਵਿੱਚ, ਵਹਿਮਾ-ਭਰਮਾਂ ਵਿੱਚ। ਜਿਸਹਿ- ਜਿਸ (ਮਨੁੱਖ) ਨੂੰ।

ਵਿਚਾਰ : ‘ਸੋਹਿਲਾ’ ਬਾਣੀ ਅੰਦਰ ਇਹ ਪੰਜਵਾਂ ਤੇ ਅੰਤਮ ਸ਼ਬਦ ਹੈ। ਜਿਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਗਉੜੀ ਰਾਗ ’ਚ ਉਚਾਰਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 13 ’ਤੇ ਸੁਭਾਇਮਾਨ ਹੈ। ਇਸ ਸ਼ਬਦ ਦਾ ਵਿਸ਼ਾ ‘ਸੋ ਪੁਰਖੁ’ ਦੇ ਸਿਰਲੇਖ ਹੇਠ ਅੰਕਿਤ ਪੰਜਵੇਂ ਸ਼ਬਦ ‘‘ਭਈ ਪਰਾਪਤਿ ਮਾਨੁਖ ਦੇਹੁਰੀਆ ..’’ (ਸੋ ਪੁਰਖੁ/ਮਹਲਾ /੧੨) ਨਾਲ ਮੇਲ ਖਾਂਦਾ ਹੈ ਕਿਉਂਕਿ ਦੋਵੇਂ ਹੀ ਸ਼ਬਦ ਵਿੱਚ ਮਨੁੱਖ ਨੂੰ ਸੰਬੋਧਨ ਕਰ ਜੀਵਨ ਲੀਲ੍ਹਾ ਜਲਦੀ ਖ਼ਤਮ ਹੋਣ ਦਾ ਚੇਤਾ ਕਰਾ ਨਾਮ-ਧਨ ਇਕੱਠਾ ਕਰਨ ਵੱਲ ਪ੍ਰੇਰਿਆ ਗਿਆ ਹੈ।

ਇਸ ਸ਼ਬਦ ਵਿੱਚ 4 ਪਦੇ ਅਤੇ ਇੱਕ ਰਹਾਉ ਬੰਦ ਹੈ। ‘ਰਹਾਉ’ ਬੰਦ ਵਿੱਚ ਪੂਰੇ ਸ਼ਬਦ ਦਾ ਕੇਂਦਰੀ ਭਾਵ ਦਰਜ ਹੁੰਦਾ ਹੈ। ਜਿਸ ਰਾਹੀਂ ਗੁਰੂ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਹੇ ਮਨ ! ਤੇਰੀ ਉਮਰ; ਦਿਨ ਤੇ ਰਾਤ ਘਟ ਰਹੀ ਹੈ। ਜਲਦੀ ਗੁਰੂ ਨੂੰ ਮਿਲ ਕੇ ਆਪਣੇ ਅਸਲ ਕਾਰਜ ਮੁਕੰਮਲ ਕਰ ਲੈ, ‘‘ਅਉਧ ਘਟੈ; ਦਿਨਸੁ ਰੈਣਾਰੇ   ਮਨ  ! ਗੁਰ ਮਿਲਿ ਕਾਜ ਸਵਾਰੇ ’’ ਰਹਾਉ , ਇਸੇ ਤਰ੍ਹਾਂ ਗੁਰੂ ਪਾਤਿਸ਼ਾਹ ਜੀ ਨੇ ਆਪਣੇ ‘ਸੋ ਪੁਰਖੁ’ ਸ਼ਬਦ ਸੰਗ੍ਰਹਿ ਦੇ ਅੰਤਮ ਸ਼ਬਦ ਵਾਲ਼ੇ ਰਹਾਉ ਬੰਦ ’ਚ ਮਨੁੱਖ ਨੂੰ ਮਾਇਆਵੀ ਕੰਮਾਂ ਤੋਂ ਉੱਪਰ ਉੱਠ ਸੰਸਾਰ-ਸਮੁੰਦਰ ਤੋਂ ਪਾਰ ਹੋਣ ਵਾਲ਼ੇ ਕਾਰਜ ਕਰਨ ਲਈ ਪ੍ਰੇਰਿਆ ਹੈ; ਜਿਵੇਂ ਕਿ ਬਚਨ ਹਨ, ‘‘ਸਰੰਜਾਮਿ ਲਾਗੁ; ਭਵਜਲ ਤਰਨ ਕੈ   ਜਨਮੁ ਬ੍ਰਿਥਾ ਜਾਤ; ਰੰਗਿ ਮਾਇਆ ਕੈ ਰਹਾਉ ’’ (ਸੋ ਪੁਰਖੁ/ਆਸਾ/ਮਹਲਾ /੧੨)

ਸ਼ਬਦ ਦੇ ਪਹਿਲੇ ਪਦੇ ਵਿੱਚ ਗੁਰੂ ਜੀ ਆਪਣੇ ਪਿਆਰੇ ਸਨੇਹੀਆਂ ਨੂੰ ਸੰਬੋਧਨ ਕਰਕੇ ਬੇਨਤੀ ਕਰ ਰਹੇ ਹਨ ਕਿ ਹੇ ਮੇਰੇ ਮਿੱਤਰੋ ! ਸੁਣੋ; ਇਹ ਵੇਲਾ ਸੰਤ ਜਨਾਂ ਦੀ ਸੇਵਾ-ਬੰਦਗੀ ਕਰਨ ਦਾ ਹੈ। ਮਾਲਕ ਨੇ ਸੋਹਣੀ ਮਨੁੱਖਾ ਦੇਹੀ ਬਖ਼ਸ਼ਸ਼ ਕੀਤੀ ਹੈ, ਹੁਣ ਇਸ ਨੂੰ ਸਫਲ ਬਣਾਉਣ ਦਾ ਸਮਾਂ ਹੈ। ਇਸੇ ਜਨਮ ਵਿੱਚ ਹੀ ਹਰੀ ਦੇ ਨਾਮ ਦਾ ਲਾਹਾ ਖੱਟ ਲਓ ਤਾਂ ਕਿ ਮੌਤ ਉਪਰੰਤ ਪਰਲੋਕ ਵਿੱਚ ਰਹਿਣਾ ਸੌਖਾ ਹੋ ਜਾਏ। ਦੁਨੀਆਵੀ ਕਾਰਜ ਅੰਤ ਨੂੰ ਤੇਰਾ ਸਾਥ ਨਹੀਂ ਦੇਣਗੇ, ਇਸ ਲਈ ਗੁਰੂ ਦੀ ਸੰਗਤ ਵਿੱਚ ਮਿਲਕੇ ਪ੍ਰਭੂ-ਪਤੀ ਦਾ ਨਾਮ ਜਪ ਲੈ, ‘‘ਭਈ ਪਰਾਪਤਿ ਮਾਨੁਖ ਦੇਹੁਰੀਆ   ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ   ਅਵਰਿ ਕਾਜ; ਤੇਰੈ ਕਿਤੈ ਕਾਮ   ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ’’

ਸੋ ਇਹੀ ਮਨੁੱਖਾ ਜੀਵਨ ਹੈ, ਜਿਸ ਰਾਹੀਂ ਪਰਮਾਤਮਾ ਦੀ ਬੰਦਗੀ ਕਰਕੇ ਉਸ ਨਾਲ ਮਿਲਾਪ ਹਾਸਲ ਕੀਤਾ ਜਾ ਸਕਦਾ ਹੈ। ਕਬੀਰ ਜੀ ਭੀ ਇਹੀ ਸਮਝਾਉਂਦੇ ਹਨ ਕਿ ਹੇ ਸੰਤ ਜਨੋ ! ਇਹੀ ਤੁਹਾਡਾ ਅਵਸਰ ਹੈ, ਇਸੇ ਹੀ ਜਨਮ ਵਿੱਚ ਕਰਮਾਂ ਦਾ ਸਾਰਾ ਲੇਖਾ-ਜੋਖਾ ਖ਼ਤਮ ਕਰ ਲਵੋ, ‘‘ਕਹੈ ਕਬੀਰੁ ਸੁਨਹੁ ਰੇ ਸੰਤਹੁ ! ਖੇਤ ਹੀ ਕਰਹੁ ਨਿਬੇਰਾ ’’ (ਭਗਤ ਕਬੀਰ/੧੧੦੪) ਅਰਥ : ਹੇ ਸੰਤ ਜਨੋ ਭਾਵ ਆਤਮ ਚਿੰਤਨ ਕਰਨ ਵਾਲ਼ਿਓ ! ਅਸਲ ਪਤੇ ਦੀ ਗੱਲ ਸੁਣੋ। ਉਹ ਇਹ ਹੈ ਕਿ ਇਸੇ ਜਨਮ ’ਚ ਹੀ ਜੀਵਨ ਮਨੋਰਥ ਨੂੰ ਪ੍ਰਾਪਤ ਕਰ ਲਓ (ਕਿਉਂਕਿ ਐਸਾ ਮੌਕਾ ਵਾਰ-ਵਾਰ ਨਹੀਂ ਮਿਲਣਾ ਭਾਵ ਰੱਬੀ ਸਿਫ਼ਤ ਸਲਾਹ ਕਰਨ ਲਈ ਮੁੜ ਮਨੁੱਖਾ ਸਰੀਰ ਅਤੇ ਯੋਗ ਗੁਰੂ ਦੀ ਅਗਵਾਈ ਨਹੀਂ ਮਿਲਣ ਵਾਲ਼ੀ)।

ਗੁਰੂ ਅਰਜਨ ਸਾਹਿਬ ਜੀ ਭੀ ਆਪਣੀ ਬਾਣੀ ਅੰਦਰ ਵਾਰ-ਵਾਰ ਇਹੀ ਗੱਲ ਸਮਝਾਉਂਦੇ ਹਨ ਕਿ ਹੇ ਪ੍ਰਾਣੀ ! ਤੂੰ ਇਸ ਜਗ ਵਿੱਚ ਨਾਮ ਰੂਪ ਲਾਹਾ ਲੈਣ ਆਇਆ ਹੈ, ਪਰ ਇੱਥੇ ਆ ਕੇ ਤੂੰ ਆਪਣਾ ਇਹ ਮਕਸਦ ਭੁੱਲਾ ਦਿੱਤਾ ਤੇ ਹੋਰ ਹੋਰ ਖ਼ੁਆਰੀ ਵਾਲੇ ਕੰਮਾਂ ’ਚ ਉਲਝ ਗਿਆ ਹੈਂ। ਤੂੰ ਭੁੱਲ ਗਿਆ ਹੈ ਕਿ ਉਮਰ ਦੀ ਜਿੰਨੀ ਮੋਹਲਤ ਤੂੰ ਲੈ ਕੇ ਆਇਆ ਹੈਂ। ਜਿੰਨੀ ਸਵਾਸਾਂ ਦੀ ਪੂੰਜੀ ਤੇਰੇ ਹਿੱਸੇ ਆਈ ਹੈ। ਉਹ ਹਰ ਰੋਜ਼ ਘਟਦੀ ਜਾ ਰਹੀ ਹੈ। ਜ਼ਿੰਦਗੀ ਰੂਪੀ ਰਾਤ ਮੁੱਕਦੀ ਜਾ ਰਹੀ ਹੈ। ਇਸ ਸੁਆਸ-ਪੂੰਜੀ ਨੂੰ ਐਵੇਂ ਵਿਅਰਥ ਨਾ ਗਵਾ, ‘‘ਪ੍ਰਾਣੀ  ! ਤੂੰ ਆਇਆ ਲਾਹਾ ਲੈਣਿ   ਲਗਾ ਕਿਤੁ ਕੁਫਕੜੇ; ਸਭ ਮੁਕਦੀ ਚਲੀ ਰੈਣਿ ਰਹਾਉ ’’ (ਮਹਲਾ /੪੩) ਜਦਕਿ ਮਨੁੱਖ ਬਿਲਕੁਲ ਭੁੱਲ ਚੁੱਕਾ ਹੈ ਕਿ ਪਰਮਾਤਮਾ ਨੇ ਉਸ ਨੂੰ ਦੁਨੀਆਂ ਵਿੱਚ ਨਾਮ-ਲਾਹਾ ਖੱਟਣ ਲਈ ਭੇਜਿਆ ਹੈ। ਜੀਵਨ ਦਾ ਅਸਲ ਮਨੋਰਥ ਪਰਮਾਤਮਾ ਦੀ ਸਿਫ਼ਤ-ਸਲਾਹ ਨੂੰ ਸੁਣਨਾ ਅਤੇ ਪੜ੍ਹਨਾ ਹੈ ਤਾਂ ਜੋ ਰੱਬ ਦੀ ਭੈ-ਭਾਵਨੀ ’ਚ ਰਹਿ ਕੇ ਜੀਵਨ ਬਸਰ ਕੀਤਾ ਜਾ ਸਕੇ। ਜਿਹੜੇ ਜੀਵ ਆਪਣੇ ਜੀਵਨ ਦੇ ਇਸ ਮਨੋਰਥ ਨੂੰ ਭੁੱਲਾ ਕੇ ਹੋਰ ਹੋਰ ਲਾਲਚਾਂ ਵੱਲ ਆਪਣੇ ਆਪ ਨੂੰ ਉਲਝਾਈ ਰੱਖਦੇ ਹਨ, ਉਨ੍ਹਾਂ ਦਾ ਇਹ ਕੀਮਤੀ ਜਨਮ; ਵਿਅਰਥ ਚਲਾ ਜਾਂਦਾ ਹੈ, ‘‘ਆਇਓ ਸੁਨਨ ਪੜਨ ਕਉ ਬਾਣੀ   ਨਾਮੁ ਵਿਸਾਰਿ ਲਗਹਿ ਅਨ ਲਾਲਚਿ; ਬਿਰਥਾ ਜਨਮੁ ਪਰਾਣੀ ਰਹਾਉ ’’ (ਮਹਲਾ /੧੨੧੯) ਅਰਥ : ਹੇ ਮਨੁੱਖ ! ਤੂੰ ਗੁਰੂ ਦੀ ਬਾਣੀ ਪੜ੍ਹਨ ਤੇ ਸੁਣਨ ਆਇਆ ਸੀ, ਪਰ ਤੂੰ ਇਹ ਨਾਮ-ਬਾਣੀ ਨੂੰ ਭੁਲਾ ਕੇ ਹੋਰ ਹੋਰ ਲਾਲਚ ’ਚ ਮਗਨ ਹੈਂ, ਇਸ ਲਈ ਜਨਮ ਅਜਾਈਂ ਜਾ ਰਿਹਾ ਹੈ।

ਮਨੁੱਖ ਅੰਦਰ ਇੱਕ ਬਹੁਤ ਵੱਡਾ ਭੁਲੇਖਾ ਹੈ ਕਿ ਉਹ ਦਿਨ ਬਦਿਨ ਵੱਡਾ ਹੋ ਰਿਹਾ ਹੈ, ਪਰ ਉਹ ਭੁੱਲ ਬੈਠਾ ਕਿ ਉਸ ਦੀ ਉਮਰ ਹਰ ਰੋਜ਼ ਘਟ ਰਹੀ ਹੈ। ਮਾਂ ਭੀ ਆਪਣੇ ਬੱਚੇ ਨੂੰ ਵੱਡਾ ਹੁੰਦਿਆਂ ਦੇਖ ਕੇ ਪ੍ਰਸੰਨ ਹੁੰਦੀ ਹੈ, ਪਰ ਯਮਰਾਜ ਉਸ ਦੇ ਇਸ ਭੋਲ਼ੇਪਨ ’ਤੇ ਹੱਸਦਾ ਹੈ ਕਿ ਇਸ ਨੂੰ ਇਹ ਭੀ ਨਹੀਂ ਪਤਾ ਕਿ ਬੱਚੇ ਦੀ ਉਮਰ ਵਧ ਨਹੀ ਬਲਕਿ ਘਟ ਰਹੀ ਹੈ, ‘‘ਜਨਨੀ ਜਾਨਤ ਸੁਤੁ ਬਡਾ ਹੋਤੁ ਹੈ; ਇਤਨਾ ਕੁ ਜਾਨੈ, ਜਿ ਦਿਨ ਦਿਨ ਅਵਧ ਘਟਤੁ ਹੈ ’’ (ਭਗਤ ਕਬੀਰ/੯੧)

ਪਰਮਾਤਮਾ ਨੇ ਖ਼ੁਦ ਹੀ ਇਸ ਜਗਤ ਨੂੰ ਇਸ ਭੁਲੇਖੇ ’ਚ ਰੱਖਿਆ ਹੋਇਆ ਹੈ।, ਇਸ ਲਈ ਮਾਇਆ ਗ੍ਰਸਤ ਪ੍ਰਾਣੀ ਨੂੰ ਉਮਰ ਦੇ ਦਿਨ-ਬਦਿਨ ਘਟਨ ਦਾ ਕੋਈ ਅੰਦਾਜ਼ਾ ਤੱਕ ਨਹੀਂ ਹੈ, ‘‘ਐਸਾ; ਤੈਂ ਜਗੁ ਭਰਮਿ ਲਾਇਆ   ਕੈਸੇ ਬੂਝੈ  ? ਜਬ ਮੋਹਿਆ ਹੈ ਮਾਇਆ ਰਹਾਉ ’’ (ਭਗਤ ਕਬੀਰ/੯੨)

ਨਾਵੇਂ ਪਾਤਿਸ਼ਾਹ ਦੱਸਦੇ ਹਨ ਕਿ ਦਿਨ-ਰਾਤ ਤਾਂ ਬਹੁਤ ਵੱਡੇ ਹੁੰਦੇ ਹਨ, ਹੇ ਪ੍ਰਾਣੀ ! ਤੇਰੀ ਉਮਰ ਤਾਂ ਹਰ ਪਲ, ਹਰ ਘੜੀ; ਛਿਨ-ਛਿਨ ਕਰ ਘਟਦੀ ਜਾ ਰਹੀ ਹੈ; ਜਿਸ ਤਰ੍ਹਾਂ ਤਿੜਕੇ ਹੋਏ ਘੜੇ ਵਿੱਚੋਂ ਪਾਣੀ ਚੋਂਦਾ ਰਹਿੰਦਾ ਹੈ, ‘‘ਛਿਨੁ ਛਿਨੁ ਅਉਧ ਬਿਹਾਤੁ ਹੈ; ਫੂਟੈ ਘਟ ਜਿਉ ਪਾਨੀ ਰਹਾਉ ’’ (ਮਹਲਾ /੭੨੬)

ਤਾਂ ਤੇ ਹੇ ਪ੍ਰਾਣੀ !  ਰਾਮ ਦੇ ਨਾਮ ਦਾ ਜਾਪ ਕਰ, ਇਹੀ ਅਟੱਲ ਜੀਵਨ ਦੇਣ ਵਾਲੀ ਯੁਕਤੀ ਹੈ। ਇਸ ਨੂੰ ਅਪਣਾਅ ਕੇ ਸੰਸਾਰ ਸਮੁੰਦਰ ਤਰ ਜਾਈਦਾ ਹੈ। ਵੈਸੇ ਇਹ ਭੀ ਤਦੋਂ ਸੰਭਵ ਹੁੰਦਾ ਹੈ, ਜਦੋਂ ਪ੍ਰਭੂ ਨੂੰ ਭਾਉਂਦਾ ਹੈ ਤੇ ਉਹ ਆਪਣੇ ਪਿਆਰੇ ’ਤੇ ਤਰਸ ਕਰਦਾ ਹੈ। ਉਸੇ ਦੀ ਕਿਰਪਾ ਨਾਲ਼ ਮਨ ਵਿੱਚੋਂ ਸਾਰੇ ਮਾਇਆਵੀ ਭੁਲੇਖੇ ਨਿਕਲਦੇ ਹਨ। ਨਾਮ ਸਿਮਰਨ ਨਾਲ ਸਰੀਰ ਅੰਦਰ ਅਡੋਲ ਅਵਸਥਾ ਬਣਦੀ ਹੈ ਤੇ ਗਿਆਨ-ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ ਭਾਵ ਅੰਦਰਲੇ ਆਤਮ-ਪ੍ਰਕਾਸ਼ (ਰੱਬੀ ਜੋਤਿ) ਦਾ ਦਿਮਾਗ਼ ਨੂੰ ਅਹਿਸਾਸ ਹੋ ਜਾਂਦਾ ਹੈ। ਗੁਰੂ ਦੀ ਮਿਹਰ ਸਦਕਾ ਹਿਰਦੇ ਅੰਦਰੋਂ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ। ਇਕਮਿਕਤਾ ਹੋ ਜਾਂਦੀ ਹੈ। ਪ੍ਰਭੂ ਨਾਲ ਮਨ ਜੁੜਨ ਉਪਰੰਤ ਮੁੜ ਆਤਮਕ ਮੌਤ ਨਹੀਂ ਹੁੰਦੀ। ਜਿਉਂ ਜਿਉਂ ਮਨੁੱਖ ਕਾਦਰ ਦੀ ਬਣਾਈ ਕੁਦਰਤ ਰਾਹੀਂ ਉਸ ਦੇ ਹੁਕਮ ਨੂੰ ਪਛਾਣਦਾ ਹੈ; ਤਿਉਂ ਤਿਉਂ ਪ੍ਰਭੂ ਨਾਲ ਨੇੜਤਾ ਵਧਦੀ ਜਾਂਦੀ ਹੈ, ‘‘ਰਮਈਆ ਜਪਹੁ ਪ੍ਰਾਣੀ ! ਅਨਤ ਜੀਵਣ ਬਾਣੀ; ਇਨ ਬਿਧਿ ਭਵ ਸਾਗਰੁ ਤਰਣਾ (ਭਗਤ ਕਬੀਰ/੯੨) ਅਰਥ : ਹੇ ਮਨੁੱਖੋ ! ਸੁੰਦਰ ਗੁਣਾਂ ਵਾਲ਼ੇ ਪ੍ਰਭੂ ਨੂੰ ਜਪਿਆ ਕਰੋ। ਗੁਰੂ ਦੀ ਬਾਣੀ ਹੀ ਅਟੱਲ/ਅਡੋਲ ਪਦਵੀ ਬਖ਼ਸ਼ਦੀ ਹੈ। ਇਸੇ ਤਰੀਕੇ ਨਾਲ਼ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ। ਇੱਥੇ ‘ਅਨਤ’ ਦਾ ਉਚਾਰਨ ‘ਅਨੰਤ’ ਹੈ। ਸੋ ਪ੍ਰਭੂ ਤੋਂ ਵਿਛੁੜਿਆਂ ਨੂੰ ਗੁਰੂ ਦੀ ਬਾਣੀ ਹੀ ਮਾਲਕ ਨਾਲ਼ ਮਿਲਾਣ ਕਰਾਉਂਦੀ ਹੈ। ਗੁਰੂ ਹੀ ਮਾਲਕ ਦੀ ਦਰਗਾਹ ’ਚ ਸਬੰਧ ਸਥਾਪਿਤ ਕਰਨ ਵਾਲ਼ਾ ਵਿਚੋਲਾ ਹੈ, ‘‘ਵਿਛੁੜਿਆ ਮੇਲੇ ਪ੍ਰਭੂ; ਹਰਿ ਦਰਗਹ ਕਾ ਬਸੀਠੁ (ਵਿਚੋਲਾ)’’ (ਮਹਲਾ /੯੫੭)

ਗੁਰੂ ਜੀ ਮਨੁੱਖ ਨੂੰ ਇਸ ਸ਼ਬਦ ਰਾਹੀਂ ਸਮਝਾ ਰਹੇ ਹਨ ਕਿ ਸੱਚੇ ਗੁਰੂ ਨਾਲ ਮਿਲਾਪ ਕਰਕੇ ਆਪਣੇ ਜੀਵਨ ਮਨੋਰਥ ਨੂੰ ਪੂਰਾ ਕਰਨਾ ਹੈ। ਆਪਣੀ ਜ਼ਿੰਦਗੀ ਨੂੰ ਸਫਲ ਕਰਨ ਵਾਲ਼ੇ ਅਸਲ ਕਾਰਜ ਸਵਾਰਨੇ ਹਨ। ਗੁਰੂ ਦੇ ਗਿਆਨ ਰਾਹੀਂ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ ਤੇ ਗੁਰੂ ਦੀ ਕਿਰਪਾ ਸਦਕਾ ਹਿਰਦੇ ਵਿੱਚ ਪਰਮਾਤਮਾ ਨਾਲ ਸਬੰਧ ਸਥਾਪਿਤ ਹੁੰਦਾ ਹੈ, ‘‘ਉਪਜੈ ਸਹਜੁ; ਗਿਆਨ ਮਤਿ ਜਾਗੈ   ਗੁਰ ਪ੍ਰਸਾਦਿ; ਅੰਤਰਿ ਲਿਵ ਲਾਗੈ ’’ (ਭਗਤ ਕਬੀਰ/੯੨) ਅਰਥ : ਜਦ ਸਹਿਜ ਅਵਸਥਾ ਉਪਜਦੀ ਹੈ ਤਾਂ ਆਤਮ-ਪ੍ਰਕਾਸ਼ ਪ੍ਰਬਲ ਹੋ ਜਾਂਦਾ ਹੈ। ਸਤਿਗੁਰੂ ਦੀ ਕਿਰਪਾ ਨਾਲ਼ ਦਿਲੋਂ ਪਰਮਾਤਮਾ ਨਾਲ਼ ਲਿਵ ਜੁੜੀ ਰਹਿੰਦੀ ਹੈ।

ਵਿਕਾਰਾਂ ’ਚ ਮਗਨ ਰਹਿ ਆਪਣਾ ਸਮਾਂ ਅਜਾਈਂ ਗਵਾਉਣ ਵਾਲੇ ਕੰਮ ਕਰਨ ਨਾਲ਼ ਮਨੁੱਖ ਨੂੰ ਕੋਈ ਰੂਹਾਨੀਅਤ ਲਾਭ ਨਹੀਂ ਮਿਲਣ ਵਾਲ਼ਾ। ਜ਼ਿੰਦਗੀ ਦਾ ਅਸਲ ਮਨੋਰਥ ਸਾਧਸੰਗਤ ’ਚ ਬੈਠ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਹੀ ਹੈ, ਇਸ ਲਈ ਭਵਜਲ ਨੂੰ ਪਾਰ ਕਰਨ ਦੇ ਆਹਰ ਵਿੱਚ ਲੱਗ ਜਾਣਾ ਚਾਹੀਦਾ ਹੈ। ਇਹੀ ਉਪਦੇਸ਼ ਗੁਰੂ ਸਾਹਿਬ ਨੇ ਆਪਣੇ ਪਹਿਲੇ ਬੰਦ ਰਾਹੀਂ ਦਿੱਤਾ ਹੈ, ‘‘ਅਵਰਿ ਕਾਜ; ਤੇਰੈ ਕਿਤੈ ਕਾਮ   ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ’’

ਦੂਸਰੇ ਪਦੇ ’ਚ ਗੁਰੂ ਜੀ ਸਮਝਾਉਂਦੇ ਹਨ ਕਿ ‘‘ਇਹੁ ਸੰਸਾਰੁ ਬਿਕਾਰੁ ਸੰਸੇ ਮਹਿ; ਤਰਿਓ ਬ੍ਰਹਮ ਗਿਆਨੀ   ਜਿਸਹਿ ਜਗਾਇ ਪੀਆਵੈ ਇਹੁ ਰਸੁ; ਅਕਥ ਕਥਾ ਤਿਨਿ ਜਾਨੀ ’’ ਅਰਥ : ਇਹ ਸਾਰਾ ਸੰਸਾਰ ਵਿਕਾਰ ਸੰਸਿਆਂ ਵਿੱਚ ਡੁੱਬਾ ਹੋਇਆ ਹੈ।  ਜਿਸ ਨੂੰ (ਗੁਰੂ) ਜਗਾ ਕੇ ਇਹ ਅੰਮ੍ਰਿਤ ਨਾਮ-ਰਸ ਪਿਲਾਉਂਦਾ ਹੈ; ਉਸ ਨੇ ਹੀ ਪ੍ਰਭੂ ਦੀ ਬਿਆਨ ਨਾ ਹੋਣ ਵਾਲ਼ੀ ਮਹਿਮਾ ਨੂੰ ਜਾਣਿਆ ਹੈ। ਉਹੀ ਬ੍ਰਹਮ ਗਿਆਨੀ ਬਣ ਸੰਸਾਰ-ਸਮੁੰਦਰ ਤੋਂ ਤਰਦਾ ਹੈ। ਗੁਰੂ ਅਮਰਦਾਸ ਜੀ ਭੀ ਸਮਝਾ ਰਹੇ ਹਨ ਕਿ ਇਹ ਸੰਸਾਰ; ਸੰਦੇਹ-ਭਰਮ ’ਚ ਜਕੜਿਆ ਹੋਇਆ ਹੈ। ਇਸੇ ਭਰਮ-ਭੁਲੇਖੇ ’ਚ ਹੀ ਸਾਰੀ ਜੀਵਨ-ਰਾਤ ਬਿਤਾ ਲੈਂਦਾ ਹੈ, ‘‘ਸੰਸਾ ਇਹੁ ਸੰਸਾਰੁ ਹੈ; ਸੁਤਿਆ ਰੈਣਿ ਵਿਹਾਇ ’’ (ਮਹਲਾ /੩੬)

ਜਦੋਂ ਮਨੁੱਖ ਇਸ ਸੰਸੇ-ਭਰਮਾਂ ਵਿੱਚੋਂ ਨਿਕਲ ਜਾਂਦਾ ਹੈ ਤਾਂ ਉਸ ਦਾ ਪਿਆਰ ਪਰਮਾਤਮਾ ਨਾਲ ਪੈ ਜਾਂਦਾ ਹੈ। ਉਸ ਨੂੰ ਆਪਣੇ ਗੁਰੂ ਦੀ ਅਸਲ ਪਹਿਚਾਣ ਹੋ ਜਾਂਦੀ ਹੈ। ਐਸੀ ਬ੍ਰਹਮ ਗਿਆਨੀ ਅਵਸਥਾ ਵਾਲੇ ਮਨੁੱਖ ਦਾ ਜ਼ਿਕਰ ਸੁਖਮਨੀ ਸਾਹਿਬ ਅੰਦਰ ਇਸ ਤਰ੍ਹਾਂ ਕੀਤਾ ਹੈ, ‘‘ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ   ਬ੍ਰਹਮ ਗਿਆਨੀ ਏਕ ਸੰਗਿ ਹੇਤਾ   ਬ੍ਰਹਮ ਗਿਆਨੀ ਕੈ, ਹੋਇ ਅਚਿੰਤ   ਬ੍ਰਹਮ ਗਿਆਨੀ ਕਾ ਨਿਰਮਲ ਮੰਤ   ਬ੍ਰਹਮ ਗਿਆਨੀ ਜਿਸੁ ਕਰੈ; ਪ੍ਰਭੁ ਆਪਿ   ਬ੍ਰਹਮ ਗਿਆਨੀ ਕਾ ਬਡ ਪਰਤਾਪ ’’ (ਮਹਲਾ /੨੭੩)

ਪਰਮਾਤਮਾ; ਜਿਸ ਨੂੰ ਆਪਣਾ ਨਾਮ ਰੂਪੀ ਰਸ ਪਿਆ ਦਿੰਦਾ ਹੈ, ਉਹੀ ਪ੍ਰਭੂ ਦੀ ਅਕਥ (ਨਾ ਕਹੀ ਜਾ ਸਕਣ ਵਾਲੀ) ਕਥਾ ਨੂੰ ਜਾਣ ਪਾਉਂਦੇ ਹਨ। ਗੁਰੂ ਰਾਮਦਾਸ ਜੀ ਦੇ ਰਹਰਾਸਿ ਅੰਤਰ ਦਰਜ ਬਚਨ ਭੀ ਇਹੀ ਸੁਨੇਹਾ ਦਿੰਦੇ ਹਨ, ‘‘ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ   ਗੁਰਮੁਖਿ ਲਾਧਾ; ਮਨਮੁਖਿ ਗਵਾਇਆ   ਤੁਧੁ ਆਪਿ ਵਿਛੋੜਿਆ; ਆਪਿ ਮਿਲਾਇਆ (ਸੋ ਪੁਰਖੁ/ਮਹਲਾ /੧੧)

ਸ਼ਬਦ ਦੇ ਤੀਜੇ ਪਦੇ ਵਿੱਚ ਗੁਰੂ ਜੀ ਸਮਝਾਉਂਦੇ ਹਨ ਕਿ ਜੀਵ ਨੂੰ ਸੰਸਾਰ ਵਿੱਚ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਦਾ ਵਪਾਰ ਕਰਨ ਲਈ ਭੇਜਿਆ ਗਿਆ ਹੈ, ਪਰ ਇਹ ਕਾਰਜ ਗੁਰੂ ਦੀ ਕ੍ਰਿਪਾ ਨਾਲ ਪਰਮਾਤਮਾ ਨੂੰ ਮਨ ’ਚ ਵਸਾਉਣ ਨਾਲ਼ ਸਫਲ ਹੁੰਦਾ ਹੈ।

ਜਦੋਂ ਜੀਵ ਇਹ ਅਵਸਥਾ ਮਾਣਦਾ ਹੈ ਤਾਂ ਆਤਮਕ ਅਨੰਦ ਅਤੇ ਅਡੋਲਤਾ ’ਚ ਟਿਕ ਕੇ ਆਪਣੇ ਅੰਦਰੋਂ ਹੀ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ, ਜਿਸ ਨਾਲ਼ ਜੀਵਨ ’ਚ ਖੁਸ਼ੀ-ਖੇੜਾ ਬਣਿਆ ਰਹਿੰਦਾ ਹੈ ਤੇ ਮਰਨ ਉਪਰੰਤ ਭੀ ਜਨਮ-ਮਰਨ ਦਾ ਗੇੜ ਨਹੀਂ ਰਹਿੰਦਾ; ਜਿਵੇਂ ਕਿ ਬਚਨ ਹਨ, ‘‘ਜਾ ਕਉ ਆਏ ਸੋਈ ਬਿਹਾਝਹੁ; ਹਰਿ ਗੁਰ ਤੇ ਮਨਹਿ ਬਸੇਰਾ   ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ; ਬਹੁਰਿ ਹੋਇਗੋ ਫੇਰਾ ’’ ਇਸੇ ਲਈ ਗੁਰੂ ਸਾਹਿਬ ਜੀ ਨੇ ਫ਼ੁਰਮਾਇਆ ਹੈ ਕਿ ਇਹ ਮਨੁੱਖਾ ਦੇਹੀ; ਤੈਨੂੰ ਪ੍ਰਭੂ ਦੀ ਪ੍ਰਾਪਤੀ ਕਰਨ ਲਈ ਮਿਲੀ ਹੈ, ‘‘ਭਈ ਪਰਾਪਤਿ ਮਾਨੁਖ ਦੇਹੁਰੀਆ   ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ’’ (ਮਹਲਾ /੧੨), ਭਗਤ ਕਬੀਰ ਜੀ ਭੀ ਫ਼ੁਰਮਾਉਂਦੇ ਹਨ ਕਿ ਜਦ ਗੁਰੂ ਦੀ ਕਿਰਪਾ ਨਾਲ਼ ਆਤਮ-ਪ੍ਰਕਾਸ਼ ਪ੍ਰਗਟ ਹੁੰਦਾ ਹੈ ਤਾਂ ਅਡੋਲਤਾ ਉਪਜਦੀ ਹੈ। ਮੱਤ ਵਿੱਚ ਗਿਆਨ-ਬਿਬੇਕ ਆ ਜਾਂਦਾ ਹੈ, ਜੋ ਹਰ ਤਰ੍ਹਾਂ ਦੇ ਭਰਮ-ਭੁਲੇਖੇ ਦਾ ਨਾਸ ਕਰਦਾ ਹੈ, ‘‘ਭਰਮੁ ਭੁਲਾਵਾ; ਵਿਚਹੁ ਜਾਇ   ਉਪਜੈ ਸਹਜੁ; ਗਿਆਨ ਮਤਿ ਜਾਗੈ   ਗੁਰ ਪ੍ਰਸਾਦਿ; ਅੰਤਰਿ ਲਿਵ ਲਾਗੈ ’’ (ਭਗਤ ਕਬੀਰ/੯੨)

ਇਸ਼ ਸ਼ਬਦ ਦੇ ਅਖੀਰਲੇ ਪਦੇ ਵਿੱਚ ਗੁਰੂ ਜੀ; ਅਕਾਲ ਪੁਰਖ ਅੱਗੇ ਅਰਦਾਸ ਕਰਨ ਦਾ ਢੰਗ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਹੇ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ ਸਰਬ-ਵਿਆਪਕ ਸਿਰਜਣਹਾਰ ! ਮੇਰੇ ਮਨ ਦੀ ਸ਼ਰਧਾ ਪੂਰੀ ਕਰ। ਨਾਨਕ ਤੇਰੇ ਦਰ-ਘਰ ਦਾ ਸੇਵਕ ਹੈ, ਮੇਰੀ ਦਿਲੀ ਇੱਛਾ ਹੈ ਕਿ ਮੈਨੂੰ ਆਪਣੇ ਚਰਣਾਂ ਦੀ ਧੂੜ ਬਖ਼ਸ਼। ਮੈਨੂੰ ਗੁਰਮੁਖ ਪਿਆਰਿਆਂ ਦੀ ਧੂੜ ਬਣਾ ਦੇਹ ਤਾਂ ਜੋ ਮੈਂ ਹਰ ਵੇਲ਼ੇ ਤੇਰੇ ਨਾਮ ਦਾ ਸਿਮਰਨ ਕਰਦਾ ਰਹਾਂ, ‘‘ਅੰਤਰਜਾਮੀ ਪੁਰਖ ਬਿਧਾਤੇ ! ਸਰਧਾ ਮਨ ਕੀ ਪੂਰੇ   ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ’’

ਗੁਰੂ ਅਰਜਨ ਸਾਹਿਬ ਨੇ ਇਸ ਪੂਰੇ ਸ਼ਬਦ ਵਿੱਚ ਮਨੁੱਖ ਨੂੰ ਇਹੀ ਸਮਝਾਇਆ ਹੈ ਕਿ ਇਹ ਵੇਲ਼ਾ ਪਰਮਾਤਮਾ ਨੂੰ ਯਾਦ ਕਰਨ ਦਾ ਹੈ। ਜੀਵ ਦੀ ਉਮਰ ਹਰ ਰੋਜ਼ ਘਟਦੀ ਜਾ ਰਹੀ ਹੈ, ਇਸ ਲਈ ਗੁਰੂ ਨਾਲ਼ ਮੇਲ ਕਰਨਾ ਬਹੁਤ ਜ਼ਰੂਰੀ ਹੈ। ਸੰਸਾਰ ਕਦੇ ਵੀ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ। ਜੀਵਾਂ ਦਾ ਆਉਣ ਜਾਣ ਲੱਗਾ ਰਹਿੰਦਾ ਹੈ, ਪਰ ਜੋ ਪਰਮਾਤਮਾ ਨੂੰ ਪਹਿਚਾਣ ਲੈਂਦਾ ਹੈ, ਉਸ ਦੀ ਯਾਦ ਨੂੰ ਦਿਲ ’ਚ ਵਸਾ ਲੈਂਦਾ ਹੈ, ਉਹ ਭਵਜਲ ਤਰ ਜਾਂਦਾ ਹੈ ਤੇ ਫਿਰ ਕਦੇ ਜੂਨਾਂ ਵਿੱਚ ਨਹੀਂ ਪੈਂਦਾ। ਜੇਕਰ ਅਸੀਂ ਗੁਰਸਿੱਖਾਂ ਦੀ ਧੂੜ ਮਾਤਰ ਬਣ ਜਾਈਏ ਤਾਂ ਇਸ ਵਰਗਾ ਕੋਈ ਹੋਰ ਸੁੱਖ ਨਹੀਂ। ਮਨੁੱਖ ਕੇਵਲ ਇੱਕ ਦਮ ਦਾ ਹੀ ਮਾਲਕ ਹੈ। ਇਸ ਨੂੰ ਇਹ ਵੀ ਗਿਆਤ ਨਹੀਂ ਕਿ ਇਹ ਇੱਕ ਦਮ ਵੀ ਕਦੋਂ ਆਉਣਾ ਬੰਦ ਹੋ ਜਾਣਾ ਹੈ, ‘‘ਹਮ ਆਦਮੀ ਹਾਂ ਇਕ ਦਮੀ; ਮੁਹਲਤਿ ਮੁਹਤੁ ਜਾਣਾ ’’ (ਮਹਲਾ /੬੬੦), ਇਸ ਲਈ ਮਨੁੱਖ ਕੇਵਲ ਦੁਨਿਆਵੀ ਕੰਮਾਂ ਵਿੱਚ ਰੁੱਝ ਕੇ ਖੱਜਲ-ਖੁਆਰ ਹੁੰਦਾ ਰਹਿੰਦਾ ਹੈ। ਚਾਰ ਪਹਿਰ ਭਟਕਣਾ ਵਿੱਚ ਲੰਘਾ ਦਿੰਦਾ ਹੈ ਤੇ ਬਾਕੀ ਦੇ ਚਾਰ ਪਹਿਰ ਸੌਂ ਕੇ ਲੰਘਾ ਦਿੰਦਾ ਹੈ, ‘‘ਫਰੀਦਾ ! ਚਾਰਿ ਗਵਾਇਆ ਹੰਢਿ ਕੈ; ਚਾਰਿ ਗਵਾਇਆ ਸੰਮਿ   ਲੇਖਾ ਰਬੁ ਮੰਗੇਸੀਆ; ਤੂ ਆਂਹੋ ਕੇਰ੍ਹੇ ਕੰਮਿ ’’ (ਬਾਬਾ ਫਰੀਦ/੧੩੭੯) ਕੁਝ ਲੋਕ ਐਸੇ ਵੀ ਹੁੰਦੇ ਹਨ, ਜੋ ਉੱਠ ਕੇ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਯਾਦ ਕਰਦੇ ਹਨ (ਪਾਠ ਕਰਦੇ ਹਨ, ਧਾਰਮਿਕ ਸਥਾਨਾਂ ’ਤੇ ਜਾਂਦੇ ਹਨ, ਆਦਿ)। ਫਿਰ ਸਾਰਾ ਦਿਨ ਠੱਗੀਆਂ ਭੀ ਮਾਰਦੇ ਹਨ ਭਾਵੇਂ ਕਿ ਉਹ ਇਸ ਗੱਲ ਤੋਂ ਅਣਜਾਣ ਨਹੀਂ ਹੁੰਦੇ ਕਿ ਇਹ ਗ਼ਲਤ ਕੰਮ ਹਨ। ਐਸੇ ਲੋਕਾਂ ਦੀ ਸੋਚ ਬਾਰੇ ਕਬੀਰ ਜੀ ਦੇ ਇਹ ਬਚਨ ਬੜੇ ਢੁਕਵੇਂ ਹਨ, ‘‘ਕਬੀਰ  ! ਮਨੁ ਜਾਨੈ ਸਭ ਬਾਤ; ਜਾਨਤ ਹੀ ਅਉਗਨੁ ਕਰੈ   ਕਾਹੇ ਕੀ ਕੁਸਲਾਤ; ਹਾਥਿ ਦੀਪੁ ਕੂਏ ਪਰੈ ’’ (ਭਗਤ ਕਬੀਰ/੧੩੭੬) ਅਰਥ : ਹੇ ਕਬੀਰ ! ਮਨ ਸਭ ਕੁੱਝ ਜਾਣਦਾ ਹੈ, ਫਿਰ ਭੀ ਬੰਦਾ ਪਾਪ ਕਰਦਾ ਹੈ। ਜੇਕਰ ਹੱਥ ’ਚ ਚਾਣਨ ਦੇਣ ਵਾਲ਼ਾ ਦੀਵਾ (ਗਿਆਨ) ਹੋਵੇ ਫਿਰ ਭੀ ਖੂਹ ਵਿੱਚ ਡਿੱਗਦਾ ਫਿਰੇ ਤਾਂ ਇਹ ਕਾਹਦੀ ਸਮਝਦਾਰੀ ਹੋਈ ?

ਸੋ ਜਿਸ ਤਰ੍ਹਾਂ ਕੋਈ ਦੁਕਾਨਦਾਰ; ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਨ ਸਮੇਂ ਪੂਰੇ ਦਿਨ ਦਾ ਲੇਖਾ-ਜੋਖਾ ਕਰਦਾ ਹੈ; ਉਸੇ ਤਰ੍ਹਾਂ ਸਿੱਖ ਨੇ ਰਾਤ ਨੂੰ ਸੋਹਿਲਾ ਸਾਹਿਬ ਦੇ ਇਹ ਪੰਜ ਸ਼ਬਦ ਪੜ੍ਹਦਿਆਂ ਹਰ ਦਿਨ ਆਪਣੀ ਕੁੱਲ ਉਮਰ ਵਿਚੋਂ ਘਟਦੀ ਸੁਆਸ-ਪੂੰਜੀ ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ; ਜਿਵੇਂ ਕਿ ਬਚਨ ਹਨ, ‘‘ਕਿਆ ਤੈ ਖਟਿਆ ? ਕਹਾ ਗਵਾਇਆ  ?’’ (ਭਗਤ ਕਬੀਰ/੭੯੨) ਤਾਂ ਜੋ ਬਾਕੀ ਬਚੀ ਜ਼ਿੰਦਗੀ ਨੂੰ ਗੁਰੂ ਦੇ ਉਪਦੇਸ਼ ਰਾਹੀਂ ਸਾਰਥਿਕ ਕਾਰਜਾਂ ’ਚ ਲਗਾ ਕੇ ਜੀਵਨ ਸਫਲਾ ਕੀਤਾ ਜਾ ਸਕੇ। ਅਕਸਰ ਕਿਹਾ ਜਾਂਦਾ ਹੈ ਕਿ ਨਾਮ ਜਪਣ ਦੀ ਅਜੇ ਸਾਡੀ ਉਮਰ ਨਹੀਂ ਭਾਵ ਨਾਮ ਜਪਣ ਲਈ ਬਜ਼ੁਰਗ ਹੋਣਾ ਜ਼ਰੂਰੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬੁਢੇਪੇ ’ਚ ਸਰੀਰਕ ਇੰਦ੍ਰੇ ਸਾਥ ਦੇਣਾ ਬੰਦ ਕਰ ਦਿੰਦੇ ਹਨ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ‘‘ਸਤਰਿ ਕਾ ਮਤਿਹੀਣੁ; ਅਸੀਹਾਂ ਕਾ ਵਿਉਹਾਰੁ ਪਾਵੈ ਨਵੈ ਕਾ ਸਿਹਜਾਸਣੀ; ਮੂਲਿ ਜਾਣੈ ਅਪ ਬਲੁ ’’ (ਮਹਲਾ /੧੩੮) ਅਰਥ : 70 ਸਾਲ ’ਚ ਅਕਲ ਜਵਾਬ ਦੇ ਜਾਂਦੀ ਹੈ। 80 ਸਾਲਾਂ ’ਚ ਲੈਣ-ਦੇਣ ਕਰਨਯੋਗ ਨਹੀਂ ਰਹਿੰਦਾ। 90 ਸਾਲ ’ਚ ਆਪਣੇ ਆਪ ਨੂੰ ਸੰਭਾਲਣਯੋਗ ਨਹੀਂ ਹੁੰਦਾ। ਮੰਜੇ ’ਤੇ ਹੀ ਆਸਣ ਲਗਾ ਸਕਦਾ ਹੈ। ਇਸ ਲਈ ਜਿੰਨਾ ਜਲਦੀ ਹੋ ਸਕੇ, ਮਨੁੱਖਾ ਜੀਵਨ ਦਾ ਲਾਹਾ ਲੈਣਾ ਚਾਹੀਦਾ ਹੈ ਵਰਨਾ ਵਿਕਾਰਾਂ ਨਾਲ਼ ਭਰਿਆ ਜੀਵਨ ਨਿਰਮਲ ਕਰਨ ’ਚ ਬੜੀ ਕਠਿਨਾਈ ਹੋ ਜਾਂਦੀ ਹੈ; ਜਿਵੇਂ ਕਿ ਬਾਬਾ ਫ਼ਰੀਦ ਜੀ ਦੇ ਬਚਨ ਹਨ, ‘‘ਬੇੜਾ ਬੰਧਿ ਸਕਿਓ; ਬੰਧਨ ਕੀ ਵੇਲਾ   ਭਰਿ ਸਰਵਰੁ ਜਬ ਊਛਲੈ; ਤਬ ਤਰਣੁ ਦੁਹੇਲਾ ’’ (ਬਾਬਾ ਫਰੀਦ/੭੯੪)

ਸਰਹਿੰਦ ਫ਼ਤਹਿ ਦਿਵਸ ਦੀ ਅਸਲ ਤਾਰੀਖ਼

0

ਸਰਹਿੰਦ ਫ਼ਤਹਿ ਦਿਵਸ ਦੀ ਅਸਲ ਤਾਰੀਖ਼

ਕਿਰਪਾਲ ਸਿੰਘ ਬਠਿੰਡਾ

ਪ੍ਰਸ਼ਨ : (ਉ) ਸ੍ਰੋਮਣੀ ਕਮੇਟੀ ਦੇ ਕੈਲੰਡਰ ’ਚ ਸਰਹਿੰਦ ਫ਼ਤਿਹ ਦਿਵਸ ਦੀ ਤਾਰੀਖ਼ ਕਿਸੇ ਸਾਲ ੨੯ ਵੈਸਾਖ ਤੇ ਕਿਸੇ ਸਾਲ ੩੦ ਵੈਸਾਖ ਦਰਜ ਕੀਤੀ ਹੁੰਦੀ ਹੈ। ਕੀ ਐਨੀ ਵੱਡੀ ਇਤਿਹਾਸਕ ਘਟਨਾ ਦੀ ਤਾਰੀਖ਼; ਹਰ ਸਾਲ ਬਦਲ ਜਾਣੀ ਸਹੀ ਕਹੀ ਜਾ ਸਕਦੀ ਹੈ ?

(ਅ). ਨਾਨਕਸ਼ਾਹੀ ਕੈਲੰਡਰ ’ਚ ਸਰਹਿੰਦ ਫ਼ਤਿਹ ਦਿਵਸ ਦੀ ਤਾਰੀਖ਼ ਹਰ ਸਾਲ ੧੫ ਜੇਠ ਦਰਜ ਕੀਤੀ ਹੁੰਦੀ ਹੈ, ਜੋ ਸ੍ਰੋਮਣੀ ਕਮੇਟੀ ਨਾਲੋਂ ਤਕਰੀਬਨ 15-16 ਦਿਨਾਂ ਦਾ ਫ਼ਰਕ ਹੈ। ਐਸਾ ਕਿਉੁਂ ?

ਉੁੱਤਰ : (ੳ). ਇਤਿਹਾਸਕਾਰ ਡਾ: ਗੰਡਾ ਸਿੰਘ ਦੀ ਸਿੱਖ ਇਤਿਹਾਸ ਨੂੰ ਬਹੁਤ ਵੱਡੀ ਦੇਣ ਹੈ। ਉੁਨ੍ਹਾਂ ਨੇ ਲਾਇਬ੍ਰੇਰੀਆਂ ’ਚੋਂ ਮੁਗ਼ਲ ਸਰਕਾਰੀ ਤੰਤਰ ਦੇ ਖ਼ਬਰਾਂ ਲਿਖਣ ਵਾਲੇ ਲਿਖਾਰੀਆਂ, ਜਿਨ੍ਹਾਂ ਨੂੰ ਵਾਕਯ ਨਵੀਸ, ਵਾਕਯ ਨਗਾਰ, ਅਖ਼ਬਾਰ ਨਵੀਸ ਆਦਿਕ ਕਿਹਾ ਜਾਂਦਾ ਸੀ; ਜੋ ਖ਼ਬਰ ਲਿਖ ਕੇ (ਲਿਖਤੀ ਰੂਪ ’ਚ) ਸ਼ਾਹੀ ਰਾਜਧਾਨੀ ਦਿੱਲੀ ਮੁਗ਼ਲ ਬਾਦਿਸ਼ਾਹ ਨੂੰ ਭੇਜਦੇ ਸਨ; ਦੀਆਂ ਖ਼ਬਰਾਂ ਲੱਭੀਆਂ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਤਾਰੀਖ਼ਾਂ ਨੋਟ ਕੀਤੀਆਂ। ਉੁਹ ਤਾਰੀਖ਼ਾਂ ਹਿਜ਼ਰੀ ਕੈਲੰਡਰ ਦੀਆਂ ਸਨ, ਜਿਨ੍ਹਾਂ ਨੂੰ ਪ੍ਰਚਲਿਤ ਕੈਲੰਡਰਾਂ ਦੀਆਂ ਤਾਰੀਖ਼ਾਂ ’ਚ ਤਬਦੀਲ ਕਰਕੇ ਲਿਖਿਆ। ਸਰਕਾਰੀ ਰਿਕਾਰਡ ਮੁਤਾਬਕ 24 ਰੱਬੀ-ਉਲ-ਅੱਵਲ ਹਿਜ਼ਰੀ ਸੰਮਤ 1122 ਨੂੰ ਚੱਪੜਚਿੜੀ ਦੇ ਮੈਦਾਨ ’ਚ ਸੂਬਾ ਸਰਹਿੰਦ ਵਜੀਰ ਖ਼ਾਨ ਮਾਰਿਆ ਗਿਆ। ਡਾ: ਗੰਡਾ ਸਿੰਘ ਦੀ ਇਤਿਹਾਸਕਾਰੀ ਦਾ ਤਾਂ ਕੋਈ ਸਾਨੀ ਨਹੀਂ, ਪਰ ਇੱਕ ਕੈਲੰਡਰ ਤੋਂ ਦੂਜੇ ਕੈਲੰਡਰ ’ਚ ਤਾਰੀਖ਼ਾਂ ਤਬਦੀਲ ਕਰਨ ’ਚ ਮੁਹਾਰਤ ਨਾ ਹੋਣ ਕਾਰਨ ਉਨ੍ਹਾਂ ਨੇ ਸਵਾਮੀਕੰਨੂ ਪਿੱਲੇ ਦੀ ਜੰਤਰੀ ਦੀ ਸਹਾਇਤਾ ਲਈ। ਇਸ ਜੰਤਰੀ ਮੁਤਾਬਕ 24 ਰੱਬੀ-ਉਲ-ਅੱਵਲ ਨੂੰ ੧੪ ਜੇਠ, ਵੈਸਾਖ ਵਦੀ ੧੦ ਬਿਕ੍ਰਮੀ ਸੰਮਤ ੧੭੬੭/ਦਿਨ ਸ਼ੁੱਕਰਵਾਰ 12 ਮਈ 1710 ਈ: (ਜੂਲੀਅਨ) ਹੈ। ਡਾ: ਗੰਡਾ ਸਿੰਘ ਨੇ ਇਨ੍ਹਾਂ ਤਾਰੀਖ਼ਾਂ ’ਚੋਂ 12 ਮਈ 1710 ਈ: ਲਿਖ ਦਿੱਤੀ। ਚੰਗਾ ਹੁੰਦਾ ਜੇ 12 ਮਈ ਦੇ ਨਾਲ ੧੪ ਜੇਠ ਵੀ ਲਿਖਿਆ ਹੁੰਦਾ ਕਿਉਂਕਿ ਜੂਲੀਅਨ ਕੈਲੰਡਰ ਤਾਂ ਉਸ ਵੇਲੇ ਭਾਰਤ ’ਚ ਲਾਗੂ ਨਹੀਂ ਸੀ।

ਸ੍ਰੋਮਣੀ ਕਮੇਟੀ ਦਾ ਕੈਲੰਡਰ ਤਿਆਰ ਕਰਨ ਵਾਲਿਆਂ ਨੂੰ ਕੈਲੰਡਰ ਦੀ ਕੋਈ ਸੂਝ ਨਾ ਹੋਣ ਕਾਰਨ ਉਹ ਆਪਣੇ ਕੈਲੰਡਰਾਂ ’ਚ ਸਰਹਿੰਦ ਫ਼ਤਿਹ ਦਿਵਸ ਲਈ ੧੪ ਜੇਠ ਦੀ ਬਜਾਏ 12 ਮਈ ਨੂੰ ਸਹੀ ਮੰਨ ਕੇ ਚਾਲੂ ਸਾਲ ਦੇ ਕੈਲੰਡਰ ਮੁਤਾਬਕ ਕਿਤੇ ੨੯ ਵੈਸਾਖ ਅਤੇ ਕਿਤੇ ੩੦ ਵੈਸਾਖ ਲਿਖ ਰਹੇ ਹਨ ਭਾਵ ੧੪ ਜੇਠ ਤੋਂ ਹੁਣ ੨੯/੩੦ ਵੈਸਾਖ ’ਤੇ ਪਹੁੰਚ ਗਏ, ਜਿਸ ਕਾਰਨ ਹੁਣ ਤੱਕ 15-16 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ। ਜੇ ਇਹੀ ਕੈਲੰਡਰ ਅਪਣਾਈ ਰੱਖਿਆ ਤਾਂ ਇਹ ਫ਼ਰਕ ਸਮੇਂ ਦੇ ਨਾਲ ਹੋਰ ਭੀ ਵਧਦਾ ਜਾਵੇਗਾ ਭਾਵ ਹੁਣ ਦੇ ੨੯/੩੦ ਵੈਸਾਖ ਦੀ ਤਰ੍ਹਾਂ ਸਾਲ ਬ-ਸਾਲ ਤਾਰੀਖ਼ ਬਦਲਦੀ ਰਹੇਗੀ, ਜਿਸ ਨਾਲ਼ ਇਤਿਹਾਸਕ ਤਾਰੀਖ਼ਾਂ ’ਚ ਵਿਗਾੜ ਵਧਦਾ ਜਾਵੇਗਾ।

ਗੁਰਦੁਆਰਾ ਸ਼ਹੀਦ ਗੰਜ (ਫ਼ਤਿਹਗੜ੍ਹ ਸਾਹਿਬ) ਵਿਖੇ ਲੱਗੇ ਬੋਰਡ ’ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਇੰਝ ਲਿਖਿਆ ਹੈ : ‘ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਦੀ ਅਗਵਾਈ ’ਚ ਸਿਤਮਾਂ ਦੀ ਨਗਰੀ ਸਰਹਿੰਦ ਨੂੰ ਫ਼ਤਿਹ ਕਰਕੇ ਜਾਲਮ ਵਜ਼ੀਰ ਖ਼ਾਨ ਨੂੰ ਚੱਪੜਚਿੜੀ ਦੇ ਮੈਦਾਨ ’ਚ ਸੋਧਣ ਉਪਰੰਤ ਖ਼ਾਲਸਾ ਪੰਥ ਪਾਤਿਸ਼ਾਹੀ ਸ਼ਾਨ ਨਾਲ ੧ ਜੇਠ ਸੰਮਤ ੧੭੬੭ (14 ਮਈ 1710 ਈ:) ਨੂੰ ਸਰਹਿੰਦ ’ਤੇ ਕਾਬਜ਼ ਹੋਇਆ ਅਤੇ ਖ਼ਾਲਸਾ ਰਾਜ ਸਥਾਪਿਤ ਕੀਤਾ। ਸਰਹਿੰਦ ਫ਼ਤਿਹ ਸਮੇਂ ਹੋਈ ਜੰਗ ਦੌਰਾਨ ਸ਼ਹੀਦ ਹੋਏ 6000 ਸਿੰਘਾਂ ਦਾ ਸਸਕਾਰ ਸਮੂਹਿਕ ਰੂਪ ’ਚ ਇਸ ਸਥਾਨ ’ਤੇ ਕੀਤਾ।’ ਇਸ ਬੋਰਡ ਦੀ ਲਿਖਤ ਵੀ ਕੈਲੰਡਰਾਂ ਸਬੰਧੀ ਸ੍ਰੋਮਣੀ ਕਮੇਟੀ ਦੀ ਅਗਿਆਨਤਾ ਪ੍ਰਗਟ ਕਰਦੀ ਹੈ ਕਿਉਂਕਿ ਭਾਵੇਂ ਅੱਜ ਕੱਲ੍ਹ 14 ਮਈ ਨੂੰ ੩੧ ਵੈਸਾਖ ਜਾਂ ੧ ਜੇਠ ਹੁੰਦਾ ਹੈ, ਪਰ ਸੰਨ 1710 ’ਚ 14 ਮਈ ਨੂੰ ੧੬ ਜੇਠ ਸੀ, ਨਾ ਕਿ ੧ ਜੇਠ। ਇੱਥੇ ਵੀ 15 ਦਿਨਾਂ ਦੀ ਗ਼ਲਤੀ ਸਾਫ਼ ਵਿਖਾਈ ਦੇ ਰਹੀ ਹੈ।

ਕੈਲੰਡਰ ਵਿਗਿਆਨ ਦੀ ਪੂਰੀ ਮੁਹਾਰਤ ਰੱਖਣ ਵਾਲੇ ਸ: ਪਾਲ ਸਿੰਘ ਪੁਰੇਵਾਲ ਦੀ 500 ਸਾਲਾ ਜੰਤਰੀ ਅਨੁਸਾਰ 24 ਰੱਬੀ-ਉਲ-ਅੱਵਲ ਹਿਜ਼ਰੀ ਸੰਮਤ 1122 ਨੂੰ ੧੫ ਜੇਠ, ਵੈਸਾਖ ਵਦੀ ੧੧ ਬਿਕ੍ਰਮੀ ਸੰਮਤ ੧੭੬੭/ਦਿਨ ਸ਼ਨੀਵਾਰ 13 ਮਈ 1710 ਈ: (ਜੂਲੀਅਨ) ਹੈ। ਸਵਾਮੀਕੰਨੂ ਪਿੱਲੇ ਨਾਲੋਂ ਇੱਕ ਦਿਨ ਦੇ ਫ਼ਰਕ ਦਾ ਅਸਲ ਕਾਰਨ ਇਹ ਹੈ ਕਿ ਹਿਜ਼ਰੀ ਕੈਲੰਡਰ ਦੀਆਂ ਤਾਰੀਖ਼ਾਂ ਨੂੰ ਦੂਸਰੀਆਂ ਪੱਧਤੀਆਂ ’ਚ ਤਬਦੀਲ ਕਰਨ ’ਚ ਬਹੁਤ ਵੱਡੀ ਸਮੱਸਿਆ ਹੈ। ਚੰਦਰ ਮਹੀਨਾ 29.531 ਦਿਨਾਂ ਦਾ ਹੁੰਦਾ ਹੈ। ਮਹੀਨੇ ’ਚ ਅੱਧਾ ਦਿਨ ਤਾਂ ਸ਼ਾਮਲ ਨਹੀਂ ਕੀਤਾ ਜਾ ਸਕਦਾ, ਇਸ ਲਈ ਆਮ ਤੌਰ ’ਤੇ ਪਹਿਲਾ ਮਹੀਨਾ 29 ਦਿਨ ਦੂਸਰਾ 30 ਦਿਨ, ਤੀਸਰਾ 29 ਦਿਨ, ਚੌਥਾ 30 ਦਿਨ ਅਤੇ ਇਸੇ ਤਰ੍ਹਾਂ ਵਾਰੋ-ਵਾਰੀ 6 ਮਹੀਨੇ 29 ਦਿਨ ਅਤੇ 6 ਮਹੀਨੇ 30 ਦਿਨ ਹੋਣ ਕਾਰਨ ਸਾਲ ਦੇ ਕੁਲ 354 ਦਿਨ ਹੁੰਦੇ ਹਨ, ਜੋ ਸੂਰਜੀ ਸਾਲ ਨਾਲੋਂ ਤਕਰੀਬਨ 11 ਦਿਨ ਛੋਟਾ ਹੁੰਦਾ ਹੈ। ਆਮ ਇਤਿਹਾਸਕਾਰ ਇਸ ਆਸਾਨ ਜਿਹੇ ਤਰੀਕੇ ਨਾਲ ਹੀ ਤਾਰੀਖ਼ਾਂ ਲਿਖਦੇ ਹਨ, ਪਰ ਇਸ ਗਣਿਤ ਨਾਲ ਕਈ ਵਾਰ ਇੱਕ ਦਿਨ ਦੀ ਗ਼ਲਤੀ ਹੋ ਸਕਦੀ ਹੈ ਕਿਉਂਕਿ ਇਸਲਾਮੀ ਕੈਲੰਡਰ ਵਿੱਚ ਮਹੀਨਿਆਂ ਦਾ ਸਮਾਂ ਚੰਦਰਮਾ ਦੇ ਸਿੱਧੇ ਨਿਰੀਖਣ ਜਿਵੇਂ ਵਿਖਾਈ ਦਿੰਦਾ ਹੈ (Observational); ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ। ਸੂਰਜ ਡੁੱਬਣ ਤੋਂ ਥੋੜ੍ਹੀ ਦੇਰ ਬਾਅਦ ਚੰਦਰਮਾ ਦੇਖੇ ਜਾਣ ਤੋਂ ਬਾਅਦ ਹੀ ਇੱਕ ਨਵਾਂ ਮਹੀਨਾ ਸ਼ੁਰੂ ਹੋ ਸਕਦਾ ਹੈ। ਚੰਦਰਮਾ ਮਹੀਨਾ (ਇੱਕ ਨਵੇਂ ਚੰਦ ਤੋਂ ਅਗਲੇ ਨਵੇਂ ਚੰਦ ਤੱਕ) 29.5 ਦਿਨਾਂ ਤੋਂ ਥੋੜ੍ਹਾ ਵੱਧ ਰਹਿੰਦਾ ਹੈ। ਸਹੂਲਤ ਲਈ, ਇਸਲਾਮੀ ਕੈਲੰਡਰ ਦਾ ਮਹੀਨਾ, ਇੱਕ ਤੋਂ ਬਾਅਦ ਇੱਕ 29 ਜਾਂ 30 ਦਿਨਾਂ ਦਾ ਹੁੰਦਾ ਹੈ। ਇਸ ਲਈ ਜ਼ਿਆਦਾਤਰ ਸਾਲਾਂ ਵਿੱਚ, ਵਾਰੋ ਵਾਰੀ ਇੱਕ ਮਹੀਨਾ 29 ਦਿਨ ਦਾ; ਦੂਸਰਾ 30 ਦਿਨਾਂ ਦਾ ਆਉਂਦਾ ਹੈ (29+30=29.5+29.5 ਦੇ ਬਰਾਬਰ ਹੈ)। ਇਸ ਦਾ ਮਤਲਬ ਇਹ ਹੈ ਕਿ 12 ਮਹੀਨਿਆਂ ਦਾ ਇੱਕ ਸਾਲ 354 ਦਿਨ ਚੱਲਦਾ ਹੈ, ਪਰ ਇਹ ਹਰ ਮਹੀਨਾ ਤਕਰੀਬਨ 44 ਮਿੰਟ ਵੱਧ ਦਾ ਹੁੰਦਾ ਹੈ, ਜੋ 3 ਸਾਲਾਂ ’ਚ ਵਧ ਕੇ 44 × 12 × 3=1584 ਮਿੰਟ ÷ 60 = 26.4 ਘੰਟੇ ਵਧ ਜਾਂਦਾ ਹੈ, ਇਸ ਲਈ, ਕੈਲੰਡਰ ਨੂੰ ਹਕੀਕਤ ਨਾਲ ਜੋੜਨ ਲਈ, ਲਗਭਗ ਹਰ ਤੀਜੇ ਸਾਲ ਇੱਕ ਵਾਧੂ ਦਿਨ ਜੋੜ ਦਿੱਤਾ ਜਾਂਦਾ ਹੈ, ਜਿਸ ਸਾਲ ’ਚ 355 ਦਿਨ ਹੋ ਜਾਂਦੇ ਹਨ।

ਸ: ਪੁਰੇਵਾਲ ਵੱਲੋਂ ਮਹੀਨੇ ਦੀ ਆਰੰਭਕ ਤਾਰੀਖ਼ ਨਿਸ਼ਚਿਤ ਕਰਨ ਲਈ ਗਣਿਤ ਰਾਹੀਂ ਨਹੀਂ ਬਲਕਿ ਜਿਵੇਂ ਸਿੱਧੇ ਰੂਪ ’ਚ ਵਿਖਾਈ ਦਿੰਦਾ ਹੈ (Observational) ਸਿਧਾਂਤ ਮੁਤਾਬਕ ਕੀਤੀ ਹੈ, ਜੋ Arithmetic ਭਾਵ ਗਣਿਤ ਦੁਆਰਾ ਤਰੀਕੇ ਨਾਲੋਂ ਬਿਹਤਰ ਰਿਜ਼ਲਟ ਦਿੰਦਾ ਹੈ। ਸ: ਪੁਰੇਵਾਲ ਦੀ ਤਾਰੀਖ਼ ਸਹੀ ਹੋਣ ਦੀ ਪੁਸ਼ਟੀ ਐਡਵਰਡ ਐੱਮ ਰਿਨਗੋਲਡ ਅਤੇ ਨੈਚੁਮ ਦਰਸ਼ੋਵਿਉਜ਼ (Edward M. Reingold and Nachum Dershowitz) ਵੱਲੋਂ ਲਿਖਤ ਅਤੇ ਕੈਂਬ੍ਰਿਜ਼ ਯੂਨੀਵਰਸਿਟੀ ਪ੍ਰੈੱਸ (Cambridge University Press) ਵੱਲੋਂ ਪਬਲਿਸ਼ ਕੀਤੀ ਸੀਡੀ ਨਾਲ ਕੀਤੀਆਂ ਕੈਲਕੂਲੇਸ਼ਨਾਂ ਰਾਹੀਂ ਕੀਤੀ ਜਾ ਸਕਦੀ ਹੈ।  13 ਮਈ ਲਈ ਕੀਤੀ ਕੈਲਕੂਲੇਸ਼ਨ (ਜਿਸ ਦੀ ਫੋਟੋ ਕਾਪੀ ਹੇਠਾਂ ਦਿੱਤੀ ਗਈ ਹੈ; ਜਿਸ ਵਿੱਚ ਸਭ ਤੋਂ ਉੁਪਰਲੀ ਲਾਈਨ ’ਚ ਲਿਖਿਆ ਹੈ ‘ਸ਼ਨੀਵਾਰ, 24 ਮਈ 1710 (ਗ੍ਰੈਗੋਰੀਅਨ)’। ਦੂਸਰੀ ਲਾਈਨ ’ਚ ਲਿਖਿਆ ਹੈ ‘13 ਮਈ 1710 ਜੂਲੀਅਨ’। ਉੁਪਰੋਂ 5ਵੀਂ ਲਾਈਨ ’ਚ ਲਿਖਿਆ ਹੈ 25 ਰੱਬੀ 1 (ਭਾਵ ਪਹਿਲਾ = ਅਵਲ) 1122 ਏ. ਐੱਚ. (Arithmetic ਗਣਿਤ ਦੁਆਰਾ) ਉੁੱਪਰੋਂ 6ਵੀਂ ਲਾਈਨ ’ਚ ਲਿਖਿਆ ਹੈ 24 ਰੱਬੀ 1 (ਭਾਵ ਪਹਿਲਾ = ਅਵਲ) 1122 ਏ.ਐੱਚ. (Observational ਜਿਵੇਂ ਵਿਖਾਈ ਦਿੰਦਾ ਹੈ)

 

ਸਭ ਤੋਂ ਹੇਠਲੀ ਲਾਈਨ ਦੇ ਪਹਿਲੇ ਕਾਲਮ ’ਚ ਲਿਖਿਆ ਹੈ ‘ਹਿੰਦੂ ਸੋਲਰ: ਸ਼ਨੀਵਾਰ, ੧੫ ਜੇਠ’; ਹੇਠਾਂ ਤੋਂ ਇੱਕ ਛੱਡ ਕੇ ਦੂਸਰੀ ਲਾਈਨ ਦੇ ਪਹਿਲੇ ਕਾਲਮ ’ਚ ਲਿਖਿਆ ਹੈ ‘ਹਿੰਦੂ ਲੂਯਨਰ: ਸ਼ਨੀਵਾਰ, 26 ਵੈਸਾਖ ੧੭੬੭ ਵਿਕਰਮੀ’।

12 ਮਈ ਲਈ ਕੀਤੀ ਕੈਲਕੂਲੇਸ਼ਨ ਹੇਠ ਲਿਖੇ ਅਨੁਸਾਰ ਹੈ :

ਚੇਤੇ ਰੱਖਣ ਯੋਗ ਹੈ ਕਿ ਚੰਦਰ ਹਿੰਦੂ ਕੈਲੰਡਰ ਦੇ ਪੰਜਾਬ ’ਚ ਪੂਰਨਮੰਤਾ (ਪੂਰਨਮਾਸ਼ੀ ਨੂੰ ਪੂਰੇ ਹੋਣ ਵਾਲੇ) ਮਹੀਨੇ ਅਤੇ ਦੱਖਣੀ ਭਾਰਤ ’ਚ ਅਮੰਤਾ (ਅਮਾਵਸਿਆ ਨੂੰ ਪੂਰੇ ਹੋਣ ਵਾਲੇ) ਮਹੀਨੇ ਪ੍ਰਚਲਿਤ ਹਨ। ਪੂਰਨਮੰਤਾ ਅਤੇ ਅਮੰਤਾ ਦੇ ਸੁਦੀ ਪੱਖ ਤਾਂ ਬਰਾਬਰ ਚੱਲਦੇ ਹਨ, ਪਰ ਵਦੀ ਪੱਖ ’ਚ ਪੂਰੇ ਇੱਕ ਮਹੀਨੇ ਦਾ ਅੰਤਰ ਹੁੰਦਾ ਹੈ ਭਾਵ ਪੰਜਾਬ ’ਚ ਚੇਤ ਵਦੀ ਪੱਖ ਦੇ ਬਰਾਬਰ ਦੱਖਣ ’ਚ ਵੈਸਾਖ ਵਦੀ ਹੁੰਦਾ ਹੈ ਅਤੇ ਪੰਜਾਬ ਦੇ ਵੈਸਾਖ ਵਦੀ ਪੱਖ ਦੇ ਬਰਾਬਰ ਦੱਖਣ ’ਚ ਜੇਠ ਵਦੀ ਚੱਲਦਾ ਹੈ। ਇਹੋ ਕਾਰਨ ਹੈ ਕਿ ਸਵਾਮੀਕੰਨੂ ਪਿੱਲੇ ਦੱਖਣੀ ਭਾਰਤ ਦੇ ਤਾਮਿਲਨਾਡੂ ਪ੍ਰਾਂਤ ਦਾ ਵਸਨੀਕ ਸੀ, ਜਿਸ ਕਾਰਨ ਉਨ੍ਹਾਂ ਨੇ ਦੱਖਣ ’ਚ ਪ੍ਰਚਲਿਤ ਸਿਧਾਂਤ ਮੁਤਾਬਕ 24 ਰੱਬੀ-ਉਲ-ਅੱਵਲ (Arithmetic) ਨੂੰ ੧੪ ਜੇਠ, ਜੇਠ ਵਦੀ ੧੦, ਬਿਕ੍ਰਮੀ ਸੰਮਤ ੧੭੬੭/ਦਿਨ ਸ਼ੁੱਕਰਵਾਰ 12 ਮਈ 1710 ਈ: (ਜੂਲੀਅਨ) ਲਿਖਿਆ ਹੈ ਤੇ ਪਾਲ ਸਿੰਘ ਪੁਰੇਵਾਲ ਨੇ ਪੰਜਾਬ ਅਨੁਸਾਰ 24 ਰੱਬੀ-ਉਲ-ਅੱਵਲ (Observational) ਸਿਧਾਂਤ ਮੁਤਾਬਕ ੧੫ ਜੇਠ, ਵੈਸਾਖ ਵਦੀ ੧੧, ਬਿਕ੍ਰਮੀ ਸੰਮਤ ੧੭੬੭/ਦਿਨ ਸ਼ਨੀਵਾਰ 13 ਮਈ 1710 ਈ: (ਜੂਲੀਅਨ) ਲਿਖਿਆ ਹੈ। ਇਸ ਸੀਡੀ ’ਚ ਚੰਦਰ ਤਿਥਾਂ ਕਰਮਵਾਰ 25 ਵੈਸਾਖ ਅਤੇ 26 ਵੈਸਾਖ ਲਿਖੇ ਜਾਣ ਦਾ ਕਾਰਨ ਇਹ ਹੈ ਕਿ ਕਈ ਜੰਤਰੀਆਂ ’ਚ ਤਿੱਥਾਂ ਨੂੰ 15-15 ਦਿਨਾਂ ਦੇ ਦੋ ਪੱਖਾਂ ’ਚ ਲਿਖਣ ਦੀ ਬਜਾਇ ਸਿੱਧਾ ਹੀ 1 ਤੋਂ 29 ਜਾਂ 1 ਤੋਂ 30 ਤਿੱਥਾਂ ’ਚ ਲਿਖਿਆ ਜਾਂਦਾ ਹੈ। ਇਸ ਲਈ 25 ਵੈਸਾਖ ਦਾ ਮਤਲਬ ਹੈ ‘ਵੈਸਾਖ ਵਦੀ 10 = (15+10)’ ਅਤੇ 26 ਵੈਸਾਖ ਦਾ ਮਤਲਬ ਹੈ ‘ਵੈਸਾਖ ਵਦੀ 11 = (15+11)

੧੪/੧੫ ਜੇਠ ਜਾਂ 12/13 ਮਈ ਦੇ ਇੱਕ ਦਿਨ ਦੇ ਅੰਤਰ ਦਾ ਨਿਰਣਾ ਵੀ ਉਕਤ ਸੀਡੀ ਨਾਲ ਕੀਤੀ ਗਣਿਤ ਦੀ 5ਵੀਂ ਲਾਈਨ ’ਚ ਲਿਖੀ 25 ਰੱਬੀ 1 (Arithmetic) ਅਤੇ 6ਵੀਂ ਲਾਈਨ ’ਚ ਲਿਖੀ 24 ਰੱਬੀ 1 (Observational) ਦੀਆਂ ਹਿਜ਼ਰੀ ਤਾਰੀਖ਼ਾਂ ਦੇ ਇੱਕ ਦਿਨ ਦੇ ਫ਼ਰਕ ਨਾਲ ਸਪਸ਼ਟ ਹੋ ਜਾਂਦਾ ਹੈ। ਇਸ ਹਿਸਾਬ ਇਸਲਾਮੀ ਸਿਧਾਂਤ ਅਨੁਸਾਰ ਸ: ਪਾਲ ਸਿੰਘ ਪੁਰੇਵਾਲ ਵੱਲੋਂ ਸਰਹਿੰਦ ਫ਼ਤਿਹ ਦਿਵਸ ਦੀ ਕੱਢੀ ਗਈ ਤਾਰੀਖ਼ ੧੫ ਜੇਠ/13 ਮਈ ਸਵਾਮੀਕੰਨੂ ਪਿੱਲੇ ਦੀ ਤਾਰੀਖ਼ ੧੪ ਜੇਠ/12 ਮਈ ਨਾਲੋਂ ਵੱਧ ਪ੍ਰਮਾਣਿਕ ਹੈ ਕਿਉਂਕਿ ਇਸਲਾਮਿਕ ਤਿਉਹਾਰ Arithmetic; ਕਮਰਿਆਂ ’ਚ ਬੈਠ ਕੇ ਕੀਤੀ ਗਣਿਤ (Arithmetic) ਨਾਲ ਨਹੀਂ ਬਲਕਿ ਸਿੱਧੇ ਰੂਪ ’ਚ ਜਿਵੇਂ ਵਿਖਾਈ ਦਿੰਦਾ ਹੈ (Observational) ਦੁਆਰਾ ਕੀਤਾ ਜਾਂਦਾ ਹੈ, ਜਿਸ ਦਾ ਸਬੂਤ ਹੈ ਕਿ ਨਵਾਂ ਚੰਦ ਵੇਖ ਕੇ ਨਿਸ਼ਚਿਤ ਕੀਤੇ ਜਾਣ ਵਾਲੇ ਇਸਲਾਮਿਕ ਤਿਉਹਾਰ; ਤਰੀਕੇ ਨਾਲ ਤਿਆਰ ਕੀਤੀਆਂ ਜੰਤਰੀਆਂ ਤੋਂ ਕਈ ਵਾਰ ਐਨ ਮੌਕੇ ’ਤੇ ਇੱਕ ਦਿਨ ਲੇਟ ਕਰਨੇ ਪੈਂਦੇ ਸਨ, ਪਰ ਸ: ਪਾਲ ਸਿੰਘ ਪੁਰੇਵਾਲ ਵੱਲੋਂ ਇਸਲਾਮਿਕ ਕੈਲੰਡਰ ’ਚ Observational ਢੰਗ ਨਾਲ ਕੀਤੀ ਸੋਧ ਪਿੱਛੋਂ ਮੁਸਮਾਨਾਂ ਨੂੰ ਕਦੀ ਵੀ ਐਸੀ ਦਿੱਕਤ ਨਹੀਂ ਪੇਸ਼ ਆਈ। ਇਸੇ ਕਾਰਨ ਮੁਸਲਮਾਨਾਂ ਨੇ ਪੁਰੇਵਾਲ ਵੱਲੋਂ ਕੀਤੀਆਂ ਸੋਧਾਂ ਨੂੰ ਪ੍ਰਵਾਨ ਕੀਤਾ ਅਤੇ ਉਨ੍ਹਾਂ ਨੂੰ ਇਸ ਸੇਵਾ ਬਦਲੇ ਸਨਮਾਨਿਤ ਕੀਤਾ ਗਿਆ। 

ਹੈਰਾਨੀ ਇਹ ਹੈ ਕਿ ਨਾਨਕਸ਼ਾਹੀ ਕੈਲੰਡਰ ਨੂੰ ਈਸਾਈਆਂ ਦੇ ਕੈਲੰਡਰ ਦੀ ਨਕਲ ਦੱਸ ਕੇ ਭੰਡਣ ਵਾਲੀ ਸ੍ਰੋਮਣੀ ਕਮੇਟੀ ਅਤੇ ਸੰਤ ਸਮਾਜ ਦੇ ਕੈਲੰਡਰਾਂ ’ਚ ਸਰਹਿੰਦ ਫ਼ਤਿਹ ਦਿਵਸ ਲਈ ਈਸਾਈਆਂ ਦੇ ਕੈਲੰਡਰ ਦੀ 12 ਮਈ ਦੇ ਹਿਸਾਬ ਕਦੀ ੨੯ ਵੈਸਾਖ ਅਤੇ ਕਦੀ ੩੦ ਵੈਸਾਖ ਦਰਜ ਕਰ ਰਹੇ ਹਨ। ਵਾਰ ਵਾਰ ਚਿੱਠੀਆਂ ਲਿਖਣ ਦੇ ਬਾਵਜੂਦ ਭੀ ਸ੍ਰੋਮਣੀ ਕਮੇਟੀ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਸਰਹਿੰਦ ਫ਼ਤਿਹ ਕਰਨ ਦੇ 42 ਸਾਲ ਪਿੱਛੋਂ ਅਕਤੂਬਰ 1752 ਈ: ’ਚ ਜੂਲੀਅਨ ਕੈਲੰਡਰ ’ਚ 11 ਦਿਨਾਂ ਦੀ ਸੋਧ ਕਰਨ ਉਪਰੰਤ ਗ੍ਰੈਗੋਰੀਅਨ ਕੈਲੰਡਰ ’ਚ ਤਬਦੀਲ ਹੋ ਚੁੱਕਾ ਹੈ। ਉਕਤ ਸੀਡੀ ਤੋਂ ਹੀ ਸਪਸ਼ਟ ਹੈ ਕਿ 12 ਮਈ; ਜੂਲੀਅਨ 1710 ਦੇ ਮੁਕਾਬਲੇ 23 ਮਈ ਗ੍ਰੈਗੋਰੀਅਨ ਸੀ ਤੇ ਹੁਣ 25 ਮਈ ਗ੍ਰੈਗੋਰੀਅਨ ਨੂੰ ਆ ਰਹੀ ਹੈ; ਪਰ ਇਹ ਗੁਰੂ ਸਾਹਿਬਾਨ ਵੱਲੋਂ (ਕਥਿਤ) ਸਥਾਪਿਤ ਕੀਤੇ ਮੂਲ ਸਿੱਖ ਕੈਲੰਡਰ ’ਤੇ ਪਹਿਰਾ ਦੇਣ ਦਾ ਦਾਅਵਾ ਕਰਨ ਵਾਲੇ ਹਾਲੀ ਤੱਕ 12 ਮਈ ’ਤੇ ਹੀ ਖੜ੍ਹੇ ਹਨ ਜਦੋਂ ਕਿ ਗੁਰੂ ਸਾਹਿਬ ਸਮੇਂ ਪ੍ਰਚਲਿਤ ਕੈਲੰਡਰ ਦੀ ਗੱਲ ਕਰਨ ਵਾਲਿਆਂ ਨੂੰ ਚਾਹੀਦਾ ਇਹ ਹੈ ਕਿ ਉਸ ਸਮੇਂ ਦੀ ਸਹੀ ਤਾਰੀਖ਼ ੧੫ ਜੇਠ ਨਿਸ਼ਚਿਤ ਕਰਨ, ਜੋ ਬਿਕ੍ਰਮੀ ਕੈਲੰਡਰ ’ਚ ਕਦੀ 28 ਮਈ ਅਤੇ ਕਦੀ 29 ਮਈ ਆਵੇਗੀ।

ਇਹ ਵੀ ਚੇਤੇ ਰੱਖਣਯੋਗ ਹੈ ਕਿ ਜਿਹੜੀ ੧੫ ਜੇਠ; 1710 ’ਚ 13 ਮਈ ਨੂੰ ਆਈ ਸੀ, ਉੁਹ ਹੁਣ 28/29 ਮਈ ਨੂੰ ਆ ਰਹੀ ਹੈ ਤੇ ਅੱਜ ਤੋਂ 1000 ਸਾਲ ਬਾਅਦ 11/12 ਜੂਨ ਨੂੰ ਆਏਗੀ। ਤਾਰੀਖ਼ਾਂ ਦਾ ਅੰਤਰ ਇਸੇ ਤਰ੍ਹਾਂ ਅੱਗੇ ਦੀ ਅੱਗੇ ਵਧਦਾ ਜਾਵੇਗਾ। ਜਦੋਂ ਕਿ ਨਾਨਕਸ਼ਾਹੀ ਕੈਲੰਡਰ ’ਚ ਹਮੇਸ਼ਾਂ ਹਮੇਸ਼ਾਂ ਲਈ ੧੫ ਜੇਠ; 29 ਮਈ ਨੂੰ ਹੀ ਆਏਗੀ। ਸਾਡੇ ਇਤਿਹਾਸਕਾਰਾਂ ਨੂੰ ਕੈਲੰਡਰ ਵਿਗਿਆਨ ਅਤੇ ਸੋਧਾਂ ਉਪਰੰਤ ਤਾਰੀਖ਼ਾਂ ਤਬਦੀਲ ਕਰਨ ਦਾ ਗਿਆਨ ਨਾ ਹੋਣ ਕਾਰਨ ਉਨ੍ਹਾਂ ਦੀਆਂ ਪੁਰਾਤਨ ਲਿਖਤਾਂ ’ਚ ਬੜਾ ਇਤਿਹਾਸਿਕ ਰੋਲ਼ ਘਚੋਲ਼ਾ ਪੈ ਚੁੱਕਾ ਹੈ, ਜੋ ਭਵਿੱਖ ’ਚ ਸਿਰਜੇ ਜਾਣ ਵਾਲੇ ਇਤਿਹਾਸ ’ਚ ਭੀ ਜਾਰੀ ਰਹੇਗਾ। ਜਿਵੇਂ ਕਿ ਭਾਰਤੀ ਫੌਜਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ (ਤੀਜਾ ਘੱਲੂਘਾਰਾ) 4 ਜੂਨ/੨੨ ਜੇਠ ਨੂੰ ਕੀਤਾ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹੀਦੀ 6 ਜੂਨ/੨੪ ਜੇਠ ਨੂੰ ਹੋਈ ਸੀ। ਸ੍ਰੋਮਣੀ ਕਮੇਟੀ ਤੀਜਾ ਘੱਲੂਘਾਰਾ 4 ਜੂਨ ਮੁਤਾਬਕ ਕਿਸੇ ਸਾਲ ੨੨ ਜੇਠ ਅਤੇ ਕਿਸੇ ਸਾਲ ੨੧ ਜੇਠ; ਨਿਸ਼ਚਿਤ ਕਰਦੀ ਹੈ  ਅਤੇ ਇਸੇ ਤਰ੍ਹਾਂ ਜਰਨੈਲ ਸਿੰਘ ਸਮੇਤ ਹੋਰ ਸਿੰਘਾਂ ਦਾ ਸ਼ਹੀਦੀ ਦਿਹਾੜਾ 6 ਜੂਨ ਮੁਤਾਬਕ ਕਿਸੇ ਸਾਲ ੨੪ ਜੇਠ ਅਤੇ ਕਿਸੇ ਸਾਲ ੨੩ ਜੇਠ ਨੂੰ ਨਿਸ਼ਚਿਤ ਕਰਦੀ ਹੈ। ਸਮਾਂ ਪਾ ਕੇ ਇਹ ਜੇਠ ਤੋਂ ਹਾੜ, ਫਿਰ ਵੈਸਾਖ ਤੇ ਅਗਾਂਹ ਚੇਤ ’ਚ ਚਲਾ ਜਾਵੇਗਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ’ਚ ਹਮੇਸ਼ਾਂ 4 ਜੂਨ ਨੂੰ ੨੧ ਜੇਠ ਅਤੇ 6 ਜੂਨ ਨੂੰ ੨੩ ਜੇਠ ਹੀ ਆਵੇਗਾ।

ਇਸ ਸਾਰੀ ਵਿਚਾਰ ਤੋਂ ਇੱਕ ਗੱਲ ਸਪਸ਼ਟ ਹੈ ਕਿ ਚੰਦਰ ਕੈਲੰਡਰ; ਭਾਵੇਂ ਬਿਕ੍ਰਮੀ ਹੋਵੇ ਜਾਂ ਹਿਜ਼ਰੀ ਹੋਵੇ; ਉਨ੍ਹਾਂ ਦੀਆਂ ਤਾਰੀਖ਼ਾਂ ਨਿਸ਼ਚਿਤ ਕਰਨ ’ਚ ਵੱਡੀ ਸਮੱਸਿਆ ਆਉਂਦੀ ਹੈ; ਇਸ ਲਈ ਇਤਿਹਾਸ ਲਿਖਣ ਲਈ ਚੰਦਰ ਕੈਲੰਡਰ ਲਾਹੇਵੰਦ ਨਹੀਂ ਹੈ। ਸਿੱਖ ਕੌਮ ਨੂੰ ਮਿਲ ਬੈਠ ਕੇ ਇਹ ਫ਼ੈਸਲਾ ਜ਼ਰੂਰ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਗੁਰੂ ਸਾਹਿਬਾਨ ਸਮੇਂ ਪ੍ਰਚਲਿਤ ਉਸ ਕੈਲੰਡਰ ਦੇ ਪ੍ਰਵਿਸ਼ਟੇ ਵਰਤਣੇ ਹਨ ਜਿਨ੍ਹਾਂ ਵਿੱਚ ਸਾਡਾ ਇਤਿਹਾਸ ਲਿਖਿਆ ਗਿਆ ਸੀ ਜਾਂ ਈਸਾਈ ਸਾਮਰਾਜ ਵੱਲੋਂ ਸਾਡੇ ’ਤੇ ਥੋਪੇ ਗਏ ਜੂਲੀਅਨ ਜਾਂ ਗ੍ਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ਨੂੰ ਮੁੱਖ ਰੱਖਿਆ ਜਾਵੇ। ਜੇ ਆਪੋ ਆਪਣੇ ਧੜਿਆਂ ਤੋਂ ਉੱਪਰ ਉੱਠ ਕੇ ਸੋਚਿਆ ਜਾਵੇ ਤਾਂ ਸਾਡੇ ਲਈ ਸਭ ਤੋਂ ਯੋਗ ਨਾਨਕਸ਼ਾਹੀ ਕੈਲੰਡਰ ਹੀ ਹੈ, ਜਿਸ ਵਿੱਚ ਬਿਕ੍ਰਮੀ ਕੈਲੰਡਰ ਦੇ ਪ੍ਰਵਿਸ਼ਟਿਆਂ ਨੂੰ ਸਮੁੱਚੀ ਦੁਨੀਆਂ ’ਚ ਪ੍ਰਚਲਿਤ ਗ੍ਰੈਗੋਰੀਅਨ ਕੈਲੰਡਰ ਨਾਲ ਇਸ ਤਰ੍ਹਾਂ ਸਿੰਕਰੋਨਾਈਜ਼ (Synchronize) ਕੀਤਾ ਗਿਆ ਹੈ ਤਾਂ ਜੋ ਸਾਡੇ ਮੁੱਢਲੇ ਸੋਮਿਆਂ ’ਚ ਲਿਖੇ ਪ੍ਰਵਿਸ਼ਟੇ ਵੀ ਕਾਇਮ ਰਹਿ ਸਕਣ ਅਤੇ ਹੁਣ ਤੱਕ ਜੋ ਫ਼ਰਕ ਪੈ ਚੁੱਕਾ ਹੈ, ਸੋ ਪੈ ਗਿਆ; ਅੱਗੇ ਤੋਂ ਸਾਂਝੇ ਕੈਲੰਡਰ ਦੀਆਂ ਤਾਰੀਖ਼ਾਂ ਨਾਲ ਵੀ ਤਾਲਮੇਲ ਬਣਿਆ ਰਹੇਗਾ।

ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਿਹ

0

ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਿਹ

ਕਿਰਪਾਲ ਸਿੰਘ ਬਠਿੰਡਾ 88378-13661

ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਦੀ ‘ਇੱਟ ਨਾਲ ਇੱਟ ਖੜਕਾਉਣ’ ਦੀ ਘਟਨਾ ਅਤੇ ਸਾਕਾ ਸਰਹਿੰਦ ਦਾ ਆਪਸ ’ਚ ਬੜਾ ਗਹਿਰਾ ਤੇ ਅਟੁੱਟ ਰਿਸ਼ਤਾ ਹੈ। ਸਰਹਿੰਦ ਜਿੱਥੋਂ ਦੇ ਸੂਬਾਦਾਰ ਵਜੀਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ ’ਚ ਚਿਣਵਾ ਦਿੱਤਾ ਸੀ; ਦਾ ਨਾਂ ਸੁਣਦਿਆਂ ਹੀ ਪੰਜਾਬ ਦੇ ਇਤਿਹਾਸ ਦਾ ਇੱਕ ਲਹੂ-ਭਿੱਜਿਆ ਕਾਂਡ ਸਾਡੇ ਜ਼ਿਹਨ ’ਚ ਉੱਭਰ ਆਉਂਦਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਿਲ-ਕੰਬਾਊ ਘਟਨਾ ਨੇ ਸਿੱਖ ਮਾਨਸਿਕਤਾ ’ਤੇ ਡੂੰਘਾ ਅਸਰ ਪਾਇਆ ਹੈ। ਕੁਦਰਤ ਦਾ ਇਕ ਅਸੂਲ ਹੈ ਕਿ ਜ਼ਿਆਦਤੀ ਜ਼ਿਆਦਾ ਚਿਰ ਤੱਕ ਸਹਿਣ ਨਹੀਂ ਕੀਤੀ ਜਾਂਦੀ; ਕਿਵੇਂ ਨਾ ਕਿਵੇਂ ਧਰਤੀ ’ਤੇ ਕਿਸੇ ਨਾ ਕਿਸੇ ਰੂਪ ’ਚ ਜ਼ੁਲਮ ਦਾ ਸਾਮ੍ਹਣਾ ਕਰਨ ਲਈ ਕੋਈ ਰੱਬੀ ਰੂਹ ਪੈਦਾ ਹੁੰਦੀ ਹੀ ਰਹੀ ਹੈ। ਮੌਕਾ ਮਿਲਦਿਆਂ ਹੀ ਗੁਰੂ ਸਾਹਿਬ ਨੇ ਸਿੱਖਾਂ ਦੀ ਰਹਿਨੁਮਾਈ ਕਰਨ ਲਈ ਸਤੰਬਰ 1708 ’ਚ ਨਾਂਦੇੜ ਵਿਖੇ ਬੰਦਾ ਸਿੰਘ ਬਹਾਦਰ ਦੀ ਚੋਣ ਕੀਤੀ। ਗੁਰੂ ਸਾਹਿਬ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਅਤੇ ‘ਬੰਦਾ ਸਿੰਘ ਬਹਾਦਰ’ ਦਾ ਖ਼ਿਤਾਬ ਦੇ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਜਾਬ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਅਕਤੂਬਰ 1708 ਦੇ ਆਸ-ਪਾਸ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅਸ਼ੀਰਵਾਦ ਲੈ ਕੇ ਪੰਜਾਬ ਵੱਲ ਰਵਾਨਗੀ ਪਾਈ। ਦਿੱਲੀ ਪੁੱਜਣ ਤੱਕ ਉਸ ਨਾਲ ਗਿਣਤੀ ਦੇ ਸਿੰਘ ਸਨ। ਦਿੱਲੀ ਲੰਘਦਿਆਂ ਹੀ, ਗੁਰੂ ਸਾਹਿਬ ਦੇ ਹੁਕਮਨਾਮਿਆਂ ਅਤੇ ਬੰਦਾ ਸਿੰਘ ਬਹਾਦਰ ਦੀ ਚੁੰਬਕੀ ਖਿੱਚ ਕਾਰਨ ਮਾਲਵਾ ਖੇਤਰ ਦੇ ਲਿਤਾੜੇ ਹੋਏ ਹਲ-ਵਾਹਕ ਵੱਡੀ ਗਿਣਤੀ ’ਚ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ। ਬੰਦਾ ਸਿੰਘ ਬਹਾਦਰ ਨੇ ਹਰਿਆਣਾ ਰਾਜ ਦੇ ਪਿੰਡ ਸਿਹਰੀ ਖਾਂਡਾ ’ਚ ਮੁਗਲਾਂ ਵਿਰੁੱਧ ਲੜਾਈ ਦਾ ਆਪਣਾ ਪਹਿਲਾ ਬਿਗਲ ਵਜਾਇਆ। ਇੱਕ ਖੋਜ ਅਨੁਸਾਰ ਬੰਦਾ ਸਿੰਘ ਬਹਾਦਰ ਇਸ ਪਿੰਡ ’ਚ 1709 ਨੂੰ ਆਏ ਅਤੇ ਪਿੰਡ ’ਚ ਸਥਿਤ ਵੈਰਾਗੀ ਮਹੰਤ ਕਿਸੋਰ ਦਾਸ ਦੇ ਡੇਰੇ ’ਤੇ ਠਹਿਰੇ ਅਤੇ ਸਿੱਖਾਂ ਨੂੰ ਇਕਜੁੱਟ ਕਰਨ ਲਈ ਕਰੀਬ 9 ਮਹੀਨੇ ਇੱਥੇ ਰਹੇ। ਇਸ ਦੌਰਾਨ ਬੰਦਾ ਸਿੰਘ ਬਹਾਦਰ ਨੇ ਆਪਣੇ 500 ਸਿੱਖਾਂ ਦਾ ਪਹਿਲਾ ਜਥਾ ਤਿਆਰ ਕੀਤਾ। ਇਹ ਉਨ੍ਹਾਂ ਦਾ ਪਹਿਲਾ ਮਿਲਟਰੀ ਕੈਂਪ ਸੀ। ਇਸ ਜਥੇ ਦੀ ਸਹਾਇਤਾ ਨਾਲ ਸੋਨੀਪਤ ਅਤੇ ਕੈਥਲ ’ਤੇ ਕਬਜ਼ਾ ਕਰ ਲਿਆ। ਸੋਨੀਪਤ ਦਾ ਮੁਗ਼ਲ ਖ਼ਜ਼ਾਨਾ ਲੁਟਿਆ ਤੇ ਗਰੀਬਾਂ ’ਚ ਵੰਡ ਦਿੱਤਾ। ਕੈਥਲ ਦੇ ਆਮਿਲ (ਮਾਲ ਮਹਿਕਮੇ ’ਚ ਇੱਕ ਅਹੁਦਾ) ਨੂੰ ਈਨ ਮੰਨਵਾ ਕੇ ਉਸ ਪਾਸੋਂ ਅਸਲਾ ਘੋੜੇ ਅਤੇ ਬਹੁਤ ਸਾਰਾ ਮਾਲ ਹਥਿਆ ਲਿਆ। ਕੈਥਲ ਵਿਖੇ ਸ਼ਾਹੀ ਖ਼ਜ਼ਾਨਾ, ਜੋ ਦਿੱਲੀ ਲਿਜਾਇਆ ਜਾ ਰਿਹਾ ਸੀ, ਲੁਟ ਕੇ ਗਰੀਬਾਂ ਤੇ ਲੋੜਵੰਦਾਂ ’ਚ ਵੰਡ ਦਿੱਤਾ। ਇੱਥੇ ਖ਼ਬਰ ਮਿਲੀ ਕਿ ਮੁਗਲਾਂ ਵੱਲੋਂ ਭੇਜੇ ਦੋ ਪਠਾਣਾਂ ਨੇ ਗੁਰੂ ਸਾਹਿਬ ’ਤੇ ਵਾਰ ਕਰ ਦਿੱਤਾ। ਇਹ ਖ਼ਬਰ ਸੁਣਦੇ ਸਾਰ ਬੰਦਾ ਸਿੰਘ ਬਹਾਦਰ ’ਚ ਗੁੱਸੇ ਦੀ ਅੱਗ ਹੋਰ ਤੇਜ਼ ਹੋ ਕੇ ਭੜਕੀ।

ਬੰਦਾ ਸਿੰਘ ਦਾ ਮੁੱਖ ਟੀਚਾ ਸਰਹੰਦ ਦੇ ਵਜੀਰ ਨੂੰ ਮਾਰਨਾ ਸੀ। ਸਰਹਿੰਦ ਇਕ ਤਾਕਤਵਰ ਸੂਬਾ ਸੀ। ਉਸ ਦੀ ਆਪਣੀ ਫ਼ੌਜ ਵੀ ਕਾਫ਼ੀ ਸੀ; ਲੋੜ ਪੈਣ ’ਤੇ ਉਹ ਆਲੇ-ਦੁਆਲੇ ਤੋਂ ਮਦਦ ਲੈ ਲੈਂਦਾ ਸੀ। ਬੰਦਾ ਸਿੰਘ ਬਹਾਦਰ ਨੇ ਸੋਚਿਆ ਕਿ ਸਭ ਤੋਂ ਪਹਿਲਾਂ ਆਲੇ-ਦੁਆਲੇ ਦੀਆਂ ਬਾਂਹਾਂ ਕੱਟ ਦਿੱਤੀਆਂ ਜਾਣ। ਇਸ ਲਈ ਸਭ ਤੋਂ ਪਹਿਲਾਂ ਉਹ ਸਮਾਣਾ ਪੁੱਜਾ। ਇਹ, ਮੁਗ਼ਲ ਰਾਜ ਦੀ ਧਾਰਮਿਕ ਅਤੇ ਰਾਜਨੀਤਿਕ ਸ਼ਕਤੀ ਦਾ ਕੇਂਦਰ ਸੀ। ਇੱਥੇ ਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਕਤਲ ਕਰਨ ਵਾਲਾ ਸਯਦ ਜਲਾਲ-ਉਲ-ਦੀਨ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਰਹਿੰਦੇ ਸਨ। ਸਯਦਾਂ ਦਾ ਤਕੜਾ ਗੜ੍ਹ ਅਤੇ ਮਹੱਤਵ ਪੂਰਨ ਅਸਥਾਨ ਸੀ। ਇੱਥੇ 22 ਸਯਦ ਪਰਵਾਰ ਰਹਿੰਦੇ ਸਨ। ਹਰ ਇਕ ਕੋਲ ਆਪੋ-ਆਪਣੀ ਫ਼ੌਜ ਸੀ, ਜਿਸ ਨੂੰ ਜਿੱਤਣਾ ਸੌਖਾ ਨਹੀਂ ਸੀ। ਇੱਥੇ ਘਮਸਾਨ ਦਾ ਯੁੱਧ ਹੋਇਆ। ਹਜ਼ਾਰਾਂ ਮੁਗ਼ਲ ਫ਼ੌਜੀ; ਸਿੰਘਾਂ ਦੀਆਂ ਤਲਵਾਰਾਂ ਦੀ ਭੇਟ ਚੜ੍ਹੇ।  24 ਘੰਟਿਆਂ ਦੇ ਅੰਦਰ-ਅੰਦਰ ਸਮਾਣੇ ’ਤੇ ਕਬਜ਼ਾ ਕਰ ਲਿਆ। ਤਿੰਨਾਂ ਜਲਾਦਾਂ ਨੂੰ ਆਪਣੀ ਕਰਨੀ ਦੀ ਸਜ਼ਾ ਦੇ ਕੇ ਕਤਲ ਕਰ ਦਿੱਤਾ। ਭਾਈ ਫ਼ਤਿਹ ਸਿੰਘ ਨੂੰ ਸਮਾਣੇ ਦਾ ਗਵਰਨਰ ਥਾਪ ਦਿੱਤਾ।

ਇਨ੍ਹਾਂ ਸਾਰੀਆਂ ਜਿੱਤਾਂ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ। ਬਹੁਤ ਲੋਕ, ਜੋ ਮੁਗ਼ਲ ਹਕੂਮਤ ਤੋਂ ਦੁਖੀ ਸਨ, ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਬੰਦਾ ਸਿੰਘ ਬਹਾਦਰ ਦੇ ਆਉਣ ਨਾਲ ਪਹਿਲੀ ਵਾਰੀ ਪੰਜਾਬ ਦੀ ਸਿਆਸਤ ’ਚ ਜ਼ਬਰਦਸਤ ਧਮਾਕਾ ਹੋਇਆ, ਜਿਸ ਬਾਰੇ ਮੁਸਲਮਾਨ ਲਿਖਾਰੀ ‘ਅਜਲ ਬਲਾ’ (ਮੌਤ ਦਾ ਸਮਾਂ) ਲਿਖਦੇ ਹਨ। ਪੰਜਾਬ ਦੀ ਸਿਆਸਤ ’ਚ ਉਹ ਹਲਚਲ ਮਚਾਈ ਕਿ ਇਕ ਵਾਰੀ ਤਾਂ ਧਰਤੀ ਨੂੰ ਕਾਂਬਾ ਛਿੜ ਗਿਆ। ਉੱਥੋਂ ਸਢੋਰੇ ਵੱਲ ਨੂੰ ਤੁਰ ਪਏ। ਇੱਥੋਂ ਦੇ ਹਾਕਮ ਓਸਮਾਨ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਮਿੱਤਰ ਪੀਰ ਬੁੱਧੂ ਸ਼ਾਹ ਨੂੰ ਬੜੇ ਤਸੀਹੇ ਦੇ ਕੇ ਕਤਲ ਕੀਤਾ ਸੀ। ਕਹਿੰਦੇ ਹਨ ਕਿ ਓਸਮਾਨ ਖ਼ਾਨ ਨੂੰ ਉਸ ਦੀ ਕਰਨੀ ਦੀ ਬੜੀ ਭਿਆਨਕ ਸਜ਼ਾ ਦਿੱਤੀ। ਮੁਖਲਿਸ ਗੜ੍ਹ ਦਾ ਕਿਲ੍ਹਾ ਫ਼ਤਿਹ ਕਰ ਲਿਆ, ਜਿਸ ਦਾ ਨਾਂ ਲੋਹਗੜ੍ਹ ਰੱਖਿਆ।

ਇਸ ਤੋਂ ਬਾਅਦ ਅੰਬਾਲਾ-ਛਤ-ਬਨੂੜ, ਜੋ ਜ਼ੁਲਮ ਤੇ ਜ਼ਬਰ ਦੇ ਗੜ੍ਹ ਸੀ, ’ਤੇ ਕਬਜ਼ਾ ਕਰ ਲਿਆ। ਫਿਰ ਉਹ ਖਰੜ ਵੱਲ ਨੂੰ ਤੁਰ ਪਏ। ਬੰਦਾ ਸਿੰਘ ਦਾ ਆਉਣਾ ਸੁਣ ਕੇ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ। ਮਾਝੇ ਅਤੇ ਦੁਆਬੇ ਦੇ ਸਿੱਖਾਂ ਨੇ ਮੁਗ਼ਲ ਹਕੂਮਤ ਵਿਰੁੱਧ ਬਗਾਵਤ ਕਰ ਦਿੱਤੀ। ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ ਸਰਹਿੰਦ ਵੱਲ ਕੂਚ ਕਰ ਦਿੱਤਾ। ਇਹ ਸਾਰੀਆਂ ਜਿੱਤਾਂ ਆਉਣ ਵਾਲੀ ਸਰਹਿੰਦ ਦੀ ਵੱਡੀ ਮੁਹਿੰਮ ਦਾ ਆਧਾਰ ਬਣੀਆਂ। ਜਿੱਤਾਂ ਦੇ ਇਸ ਲੰਬੇ ਸਿਲਸਿਲੇ ਨੂੰ ਸੁਣ ਕੇ ਸਰਹਿੰਦ ਦੇ ਸੂਬੇਦਾਰ ਵਜੀਰ ਖ਼ਾਨ ਨੂੰ ਇਕ ਵਾਰ ਕਾਂਬਾ ਛਿੜ ਗਿਆ ਹਾਲਾਂ ਕਿ ਉਹ ਖ਼ੁਦ ਇਕ ਜੰਗਜੂ, ਜੰਗੀ ਚਾਲਾਂ ਨੂੰ ਸਮਝਣ ਵਾਲਾ, ਕੁਸ਼ਲ ਪ੍ਰਬੰਧਕ ਸੀ। ਉਸ ਕੋਲ 48 ਤੋਪਾਂ 200 ਹਾਥੀ, 10,000 ਘੋੜ ਸਵਾਰ, 5000 ਪਿਆਦਾ ਫ਼ੌਜ, ਅਣਗਿਣਤ ਬੰਦੂਕਾਂ, ਦਾਰੂ ਸਿੱਕਾ ਅਤੇ ਰਸਦ ਦੇ ਭੰਡਾਰ ਇਕੱਠੇ ਕੀਤੇ ਹੋਏ ਸਨ। ਰਾਜੇ ਰਜਵਾੜਿਆਂ ਨੂੰ ਬੁਲਾ ਲਿਆ, ਜ਼ਿਹਾਦ ਦਾ ਨਾਅਰਾ ਲਗਾ ਕੇ ਨਵਾਬਾਂ ਅਤੇ ਜਗੀਰਦਾਰਾਂ ਦੀਆਂ ਫ਼ੌਜਾਂ ਇਕੱਠੀਆਂ ਕਰ ਲਈਆਂ। ਸਰਹਿੰਦ ਨੂੰ ਬਚਾਉਣ ਲਈ ਹਿਸਾਰ ਤੋਂ ਲੈ ਕੇ ਗੁਜਰਾਤ ਤੱਕ ਦੇ 5000 ਗਾਜ਼ੀ ਪਹੁੰਚ ਗਏ। ਰੋਪੜ ਦੇ ਸਥਾਨ ’ਤੇ ਸਿੰਘਾਂ ਨਾਲ ਸ਼ਾਹੀ ਫ਼ੌਜ ਦੀ ਪਹਿਲੀ ਲੜਾਈ ਹੋਈ। ਵਜ਼ੀਰ ਖ਼ਾਨ ਦੇ ਹੁਕਮ ’ਤੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਖ਼ਾਨ ਨੇ ਆਪਣੇ ਭਰਾ (ਖ਼ਿਜ਼ਰ ਖ਼ਾਨ) ਅਤੇ ਭਤੀਜਿਆਂ (ਨੁਸਰਤ ਖ਼ਾਨ ਤੇ ਵਲੀ ਮੁਹੰਮਦ ਖ਼ਾਨ) ਨੂੰ ਨਾਲ਼ ਲੈ ਕੇ ਸਿੱਖਾਂ ਉੱਤੇ ਜ਼ੋਰਦਾਰ ਹਮਲਾ ਕਰ ਦਿੱਤਾ। ਮੁਗ਼ਲ ਸਰਕਾਰੀ ਤੰਤਰ ਦੇ ਖ਼ਬਰਾਂ ਲਿਖਣ ਵਾਲੇ ਲਿਖਾਰੀਆਂ, ਜਿਨ੍ਹਾਂ ਨੂੰ ਵਾਕਯ ਨਵੀਸ, ਵਾਕਯ ਨਗਾਰ, ਅਖ਼ਬਾਰ ਨਵੀਸ ਆਦਿ ਆਖਿਆ ਜਾਂਦਾ ਸੀ; ਜੋ ਖ਼ਬਰ ਲਿਖ ਕੇ (ਲਿਖਤੀ ਰੂਪ ’ਚ) ਸ਼ਾਹੀ ਰਾਜਧਾਨੀ ਦਿੱਲੀ ਮੁਗ਼ਲ ਬਾਦਿਸ਼ਾਹ ਨੂੰ ਦਿਨ ਪ੍ਰਤੀ ਦਿਨ ਭੇਜਿਆ ਕਰਦੇ ਸਨ; ਉਨ੍ਹਾਂ ਅਨੁਸਾਰ 24 ਰੱਬੀ-ਉਲ-ਅੱਵਲ ਹਿਜ਼ਰੀ ਸੰਮਤ 1122 (ਤਬਦੀਲ ਕੀਤਿਆਂ ੧੫ ਜੇਠ ਬਿਕ੍ਰਮੀ ਸੰਮਤ ੧੭੬੭/13 ਮਈ 1710 ਜੂਲੀਅਨ) ਨੂੰ ਸਰਹਿੰਦ ਤੋਂ 12 ਕੋਹ ਦੀ ਵਿੱਥ ’ਤੇ ਚੱਪੜਚਿੜੀ ਦੇ ਮੈਦਾਨ ’ਚ ਇੱਕ ਫ਼ੈਸਲਾਕੁਨ ਯੁੱਧ ਹੋਇਆ। ਜੰਗ ਦੇ ਪਹਿਲੇ ਪੜਾਅ ’ਚ ਸ਼ਾਹੀ ਫੌਜਾਂ ਦਾ ਪਲੜਾ ਭਾਰੀ ਰਿਹਾ। ਬਾਜ਼ੀ ਜਾਂਦੀ ਵੇਖ ਬੰਦਾ ਸਿੰਘ ਬਹਾਦਰ ਝੱਟ ਆਪਣੀ ਸੈਨਾ ਦੀਆਂ ਮੂਹਰਲੀਆਂ ਕਤਾਰਾਂ ’ਚ ਆ ਗਏ। ਖ਼ੂਨ ਡੋਲ੍ਹਵੀਂ ਲੜਾਈ ’ਚ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ।

੧੬ ਜੇਠ ਬਿਕ੍ਰਮੀ ਸੰਮਤ ੧੭੬੭/14 ਮਈ 1710 ਨੂੰ ਸਿੱਖ ਜੇਤੂਆਂ ਦੀ ਸ਼ਕਲ ’ਚ ਸਰਹਿੰਦ ਵਿੱਚ ਦਾਖਲ ਹੋ ਗਏ। ਸ਼ਾਹੀ ਅਮੀਰਾਂ ਨੂੰ ਲੁੱਟਿਆ ਗਿਆ ਤੇ ਦੋਸ਼ੀਆਂ ਦਾ ਅਜਿਹਾ ਹਾਲ ਕੀਤਾ ਕਿ ਜ਼ੁਲਮ ਕਰਨ ਵਾਲੀਆਂ ਪੀੜ੍ਹੀਆਂ ਸਦਾ ਯਾਦ ਰੱਖਣਗੀਆਂ।

ਸਰਹਿੰਦ ’ਤੇ ਕਬਜ਼ਾ ਕਰਨ ਪਿੱਛੋਂ ਬੰਦਾ ਸਿੰਘ ਬਹਾਦਰ ਨੇ ਆਪਣੇ ਜਰਨੈਲ ਭਾਈ ਰਾਮ ਸਿੰਘ ਨੂੰ ਥਨੇਸਰ ਦਾ ਅਤੇ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਲਗਾ ਭਾਈ ਆਲੀ ਸਿੰਘ ਨੂੰ ਉਨ੍ਹਾਂ ਦਾ ਡਿਪਟੀ ਥਾਪ ਦਿੱਤਾ। ਬੰਦਾ ਸਿੰਘ ਬਹਾਦਰ ਨੇ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਇਸ ਨੂੰ ‘ਲੋਹਗੜ੍ਹ’ ਦਾ ਨਾਂ ਦਿੱਤਾ। ਇਸੇ ਚੜ੍ਹਤ ਦੌਰਾਨ ਉਸ ਨੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ ’ਤੇ ਸਿੱਕਾ ਜਾਰੀ ਕਰ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ। ਸੱਤ ਸੌ ਸਾਲਾਂ ਤੋਂ ਪਏ ਗ਼ੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਬੰਦਾ ਸਿੰਘ ਬਹਾਦਰ (ਸੰਨ 1670-1716) ਨੇ ਸ਼ੁਰੂਆਤ ਕੀਤੀ।

ਚੱਪੜਚਿੜੀ ਦੇ ਮੈਦਾਨ ’ਚ ਸੂਬੇਦਾਰ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਘਟਨਾ ਨੇ ਮੁਗ਼ਲਾਂ ਨੂੰ ਪਹਿਲੀ ਵਾਰ ਸਿੱਖ ਸ਼ਕਤੀ ਦਾ ਅਹਿਸਾਸ ਕਰਾ ਦਿੱਤਾ ਤੇ ਗਜ਼ਨਵੀ, ਤੈਮੂਰ ਤੇ ਬਾਬਰ ਦੇ ਖ਼ਾਨਦਾਨਾਂ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ’ਚ ਮਿਲਾ ਦਿੱਤਾ।

ਸਿੱਖਾਂ ਨੇ ਇਤਿਹਾਸ ਦੇ ਹਰ ਪੰਨੇ ਨੂੰ ਆਪਣੇ ਲਹੂ ਨਾਲ ਸ਼ਿੰਗਾਰਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਜਿੱਤ ਪ੍ਰਾਪਤ ਕਰ ਕੇ ‘ਰਾਜ ਕਰੇਗਾ ਖਾਲਸਾ’ ਦੀ ਜਿਹੜੀ ਜੋਤ ਸਿੱਖ ਮਨਾਂ ਅੰਦਰ ਜਗਾਈ ਸੀ, ਉਹ ਝੱਖੜਾਂ-ਤੂਫਾਨਾਂ ਦਾ ਸਾਮ੍ਹਣਾ ਖੜ੍ਹਦੀ ਹੋਈ ਅੱਜ ਵੀ ਹਰ ਸਿੱਖ ਦੇ ਸੀਨੇ ਵਿੱਚ ਇੱਕ ਸੂਹੀ ਲਾਟ ਬਣ ਕੇ ਮਚ ਰਹੀ ਹੈ ਤੇ ਸੰਕਟ ਕਾਲ ਦੌਰਾਨ ਸਿੱਖਾਂ ਦਾ ਮਾਰਗ-ਦਰਸ਼ਨ ਕਰਦੀ ਹੈ।

ਸਵਾਲ ਜਵਾਬ (4-5-24)

0

ਸਵਾਲ : ਉਥਾਨਿਕਾ ਦਾ ਕੀ ਅਰਥ ਹੈ ? ਕੀ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਨਾਲ ਇਸ ਦਾ ਕੋਈ ਸਬੰਧ ਹੈ ?

ਜਵਾਬ : ਉਥਾਨਕਾ (ਉਥਾਨਿਕਾ) ਦਾ ਸਿੱਧਾ-ਸਾਦਾ ਅਰਥ ਹੈ ‘ਭੂਮਿਕਾ’। ਪੁਰਾਣੇ ਕਥਾਕਾਰ; ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਸ਼ਬਦ ਦੇ ਉਚਾਰੇ ਜਾਣ ਬਾਰੇ ਕੁਝ ਵਿਚਾਰ ਦੱਸਦੇ ਸਨ। ਉਸ ਨੂੰ ਉਥਾਨਕਾ ਕਿਹਾ ਜਾਂਦਾ ਸੀ।

ਭਾਈ ਕਾਨ੍ਹ ਸਿੰਘ ਜੀ ਨਾਭਾ ਗੁਰਮਤਿ ਮਾਰਤੰਡ ਵਿਚ ਲਿਖਦੇ ਹਨ; ਸੰਪ੍ਰਦਾਈ ਗਿਆਨੀਆਂ ਨੇ ਮਨ-ਕਲਪਿਤ ਉਥਾਨਿਕਾ ਗ੍ਰੰਥ ਲਿਖ ਕੇ, ਉਸ ਦਾ ਕਰਤਾ ਗੁਰੂ ਅਰਜਨ ਦੇਵ ਜੀ ਅਤੇ ਦਸਮੇਸ਼ ਜੀ ਨੂੰ ਮੰਨਿਆ ਹੈ, ਅਰ ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਹੱਥੀਂ ਉਥਾਨਿਕਾ ਦਾ ਲਿਖੇ ਜਾਣਾ ਕਲਪਿਆ ਹੈ, ਪਰ ਬਹੁਤ ਸ਼ਬਦਾਂ ਦੀ ਉਥਾਨਿਕਾ ਮੂਲੋਂ ਅਸੰਗਤ (ਗਲਤ) ਹੈ, ਜਿਵੇਂ- ‘‘ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ’’ ਦੀ ਉਥਾਨਿਕਾ ਘੜੀ ਹੈ ਕਿ ਮਸਕੀਨੀਆਂ ਪਹਿਲਵਾਨ ਉਪਕਾਰ ਵਾਸਤੇ ਮੱਲ-ਅਖਾੜੇ ਵਿਚ ਢਹਿ ਪਿਆ। (ਇਸੇ ਤਰ੍ਹਾਂ) ‘‘ਕੀੜਾ ਥਾਪਿ ਦੇਇ ਪਾਤਿਸਾਹੀ’’ ਦੀ ਉਥਾਨਿਕਾ ਇਹ ਵੀ ਲਿਖੀ ਹੈ ਕਿ ਗੁਰੂ ਨਾਨਕ ਦੇਵ ਜੀ ਕੀਟਨਗਰ ਗਏ, ਉੱਥੇ ਕੀੜਿਆਂ ਦਾ ਰਾਜ ਸੀ, ਇਕ ਰਾਜੇ ਦੀ ਸਾਰੀ ਫੌਜ, ਕੀੜਿਆਂ ਨੇ ਪਤਾਲੋਂ ਜ਼ਹਰ ਲਿਆ ਕੇ ਮਾਰ ਮੁਕਾਈ, ਆਦਿ।

ਜੋ ਉਥਾਨਿਕਾ ਇਤਿਹਾਸ ਨਾਲ ਸਬੰਧ ਰੱਖਦੀ ਹੈ ਅਤੇ ਯੁਕਤਿ (ਦਲੀਲ) ਵਿਰੁੱਧ ਨਹੀਂ, ਉਹ ਮੰਨਣੀ ਚਾਹੀਦੀ ਹੈ, ਜਿਵੇਂ ਜਗੰਨਾਥ ਪੁਰੀ ਜਾ ਕੇ ਗੁਰੂ ਸਾਹਿਬ ਨੇ ‘‘ਗਗਨ ਮੈ ਥਾਲੁ’’ ਸ਼ਬਦ ਉਚਾਰਿਆ ਅਤੇ, ਯਥਾ ਗਯਾ ਤੀਰਥ ’ਤੇ ‘‘ਪਿੰਡੁ ਪਤਲਿ ਮੇਰੀ ਕੇਸਉ ਕਿਰਿਆ … ’’ ਕਥਨ ਕੀਤਾ ਇਤਿਆਦਿ ।

ਸਵਾਲ : ਭਾਈ ਬਾਲੇ ਵਾਲੀ ਜਨਮ ਸਾਖੀ ਦਾ ਪਹਿਲਾਂ ਕਰਤਾ ਕੌਣ ਸੀ  ?

ਜਵਾਬ : ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦੇ ਅਨੁਸਾਰ ਤਾਂ ਭਾਈ ਬਾਲਾ ਨਾਂ ਦਾ ਕੋਈ ਪਾਤਰ ਹੋਇਆ ਹੀ ਨਹੀਂ, ਜਿਸ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਾਥ ਨਿਭਾਇਆ ਹੋਵੇ। ਇਸ ਜਨਮ ਸਾਖੀ ਤੋਂ ਪਤਾ ਲੱਗਦਾ ਹੈ ਕਿ ਭਾਈ ਬਾਲਾ ਦਾਅਵਾ ਤਾਂ ਇਹ ਕਰਦਾ ਹੈ ਕਿ ਉਹ ਗੁਰੂ ਨਾਨਕ ਸਾਹਿਬ ਜੀ ਦੇ ਬਚਪਨ ਤੋਂ ਸਾਥੀ ਰਿਹਾ ਅਤੇ ਸਾਰੀਆਂ ਉਦਾਸੀਆਂ (ਪ੍ਰਚਾਰਕ ਦੌਰਿਆਂ) ਦੌਰਾਨ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨਾਲ ਸਾਥ ਨਿਭਾਇਆ ਹੈ, ਪਰ ਇਸ ਜਨਮ ਸਾਖੀ ਤੋਂ ਹੀ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਨਾਲ ਸੱਤ ਸਾਲ ਰਹਿਣ ਵਾਲੇ ਗੁਰੂ ਅੰਗਦ ਦੇਵ ਜੀ; ਲੰਬਾ ਸਮਾਂ ਗੁਰੂ ਨਾਨਕ ਸਾਹਿਬ ਜੀ ਨਾਲ ਰਹਿਣ ਵਾਲੇ ਭਾਈ ਬਾਲਾ ਬਾਰੇ ਕੁਝ ਨਹੀਂ ਜਾਣਦੇ ਸਨ।

ਡਾ: ਗੁਰਬਚਨ ਕੌਰ ਅਨੁਸਾਰ ਭਾਈ ਜੰਡਿਆਲੇ ਵਾਲੇ ਹਿੰਦਾਲ ਦੇ ਪੁੱਤਰ ਬਾਲ ਚੰਦ ਨੇ ਭਾਈ ਬਾਲੇ ਦੇ ਫਰਜੀ ਨਾਂ ਥੱਲੇ ਇਹ ਜਨਮ ਸਾਖੀ ਲਿਖੀ ਹੈ। ਇਸ ਜਨਮ ਸਾਖੀ ’ਚ ਗੁਰੂ ਨਾਨਕ ਸਾਹਿਬ ਨੂੰ ਬਾਬਾ ਹਿੰਦਾਲ ਤੋਂ ਨੀਵਾਂ ਦੱਸਿਆ ਹੈ। ਗੁਰੂ ਨਾਨਕ ਸਾਹਿਬ ਦੇ ਚਰਿੱਤਰ ’ਤੇ ਚਿੱਕੜ ਉਛਾਲਣ ਵਾਲੀਆਂ ਅਤੇ ‘ਸਹਿਜ ਕੁਸਹਿਜ’ ਨਾਮ ਦੀਆਂ ਸਾਖੀਆਂ ਪ੍ਰਕਾਸ਼ਕਾਂ ਨੇ ਸਿੱਖਾਂ ਦੇ ਡਰੋਂ ਇਸ ਜਨਮ ਸਾਖੀ ਵਿਚੋਂ ਕੱਢ ਦਿੱਤੀਆਂ ਹਨ। ਇਸ ਜਨਮ ਸਾਖੀ ਬਾਰੇ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਹ ਭਾਈ ਬਾਲੇ ਦੇ ਨਾਮ ਨਾਲ ਆਰੰਭ ਹੁੰਦੀ ਹੈ ਅਤੇ ਉਸ ਦੇ ਨਾਮ ਨਾਲ ਹੀ ਸਮਾਪਤ ਹੁੰਦੀ ਹੈ।

ਸਵਾਲ : ਸੂਰਜ ਪ੍ਰਕਾਸ਼ ਗ੍ਰੰਥ ਦੇ ਲੇਖਕ ਭਾਈ ਸੰਤੋਖ ਸਿੰਘ ਜੀ ਬਾਰੇ ਕੁਝ ਜਾਣਕਾਰੀ ਦਿਓ ਜੀ ।

ਜਵਾਬ : ਕਵੀ ਸੰਤੋਖ ਸਿੰਘ ਜੀ ਦਾ ਜਨਮ ਨੂਰਦੀਨ ਸਰਾਂ ਦੇ ਨਿਵਾਸੀ ਭਾਈ ਦੇਵ ਸਿੰਘ ਦੇ ਘਰ ਸੰਮਤ 1845 (ਸੰਨ 1788) ਨੂੰ ਹੋਇਆ।  ਉਨ੍ਹਾਂ ਨੇ ਗਿਆਨੀ ਸੰਤ ਸਿੰਘ ਪਾਸੋਂ ਵਿੱਦਿਆ ਪ੍ਰਾਪਤ ਕੀਤੀ।

ਭਾਈ ਜੀ ਕਵਿਤਾ ਰਚਨ ਵਿਚ ਪੂਰੀ ਮੁਹਾਰਤ ਰੱਖਦੇ ਸਨ। ਉਨ੍ਹਾਂ ਨੇ ਬੂੜੀਏ (ਹਰਿਆਣਾ) ਵਿਚ ਰਹਿ ਕੇ ‘ਅਮਰ ਕੋਸ਼’ ਦਾ ਅਨੁਵਾਦ ਕੀਤਾ ਫਿਰ ‘ਗੁਰੂ ਨਾਨਕ ਪ੍ਰਕਾਸ਼’ ਪੁਸਤਕ ਰਚੀ। ਇਸ ਦੇ ਮਗਰੋਂ ਮਹਾਰਾਜਾ ਕਰਮ ਸਿੰਘ ਕੋਲ ਪਟਿਆਲੇ ਜਾ ਨੌਕਰ ਹੋਏ। ਸੰਮਤ 1882 (ਸੰਨ 1825) ਵਿਚ ਕੈਥਲ ਦੇ ਰਾਜੇ ਉਦੈ ਸਿੰਘ ਨੇ ਇਨ੍ਹਾਂ ਨੂੰ ਪਟਿਆਲੇ ਤੋਂ ਮੰਗ ਲਿਆ ਅਤੇ ਸਨਮਾਨ ਸਹਿਤ ਆਪਣੇ ਕੋਲ ਰੱਖਿਆ।

ਕੈਥਲ ਵਿਚ ਰਹਿ ਕੇ ਭਾਈ ਜੀ ਨੇ ਰਾਜੇ ਉਦੈ ਸਿੰਘ ਦੇ ਨੌਕਰ ਪੰਡਿਤਾਂ ਦੀ ਸਹਾਇਤਾ ਨਾਲ ਕਈ ਪੁਸਤਕਾਂ ਰਚੀਆਂ। ਉੱਥੇ ਹੀ ਸਤਿਗੁਰਾਂ ਦਾ ਜੀਵਨ ਬ੍ਰਿਤਾਂਤ ‘ਗੁਰ ਪ੍ਰਤਾਪ ਸੂਰਯ ਗ੍ਰੰਥ’ (ਸੂਰਜ ਪ੍ਰਕਾਸ਼) ਗ੍ਰੰਥ ਰਚਿਆ, ਜੋ ਸਾਵਨ ਮਹੀਨੇ ’ਚ ਸੰਮਤ 1900 (ਸੰਨ 1843) ਵਿਚ ਸੰਪੂਰਨ ਹੋਇਆ। ਇਸੇ ਸਾਲ ਹੀ ਆਪ ਕੱਤਕ ਦੇ ਮਹੀਨੇ ਵਿਚ ਅਕਾਲ ਚਲਾਣਾ ਕਰ ਗਏ।

ਭਾਈ ਸਾਹਿਬ ਨੇ ਸਾਰੇ ਗ੍ਰੰਥ ਬ੍ਰਾਹਮਣਾਂ ਦੀ ਸਹਾਇਤਾ ਨਾਲ ਲਿਖੇ ਸਨ, ਜਿਨ੍ਹਾਂ ਦਾ ਇਹ ਕਹਿਣਾ ਸੀ ਕਿ ਜੇ ਤੁਸੀਂ ਗੁਰੂਆਂ ਦੀ ਕਥਾ ਨੂੰ ਪੁਰਾਣ-ਰੀਤੀ ਅਨੁਸਾਰ ਅਵਤਾਰਾਂ ਦੇ ਜੀਵਨ ਵਰਗੀ ਲਿਖੋਗੇ ਅਤੇ ਹਿੰਦੂ ਗ੍ਰੰਥ ਸ਼ਾਸਤਰਾਂ ਦੇ ਵਿਰੁੱਧ ਨਹੀਂ ਹੋਣਗੇ ਤਾਂ ਉਨ੍ਹਾਂ ਦਾ ਬਹੁਤ ਪ੍ਰਚਾਰ ਹੋਵੇਗਾ ਤੇ ਆਪ ਦੀ ਰਚਨਾ ਨੂੰ ਲੋਕ ਸਤਿਕਾਰ ਸਹਿਤ ਪੜ੍ਹਨਗੇ। ਇਸ ਲਈ ਭਾਈ ਸਾਹਿਬ ਨੇ ਕਈ ਸਾਖੀਆਂ ਨੂੰ ਪੌਰਾਣਕ ਰੰਗਣ ਦੇ ਕੇ ਲਿਖਿਆ ਹੈ, ਜੋ ਸਗੋਂ ਮਿਥਿਹਾਸਿਕ ਜਾਪਣ ਲੱਗ ਪਈਆਂ ਹਨ।

ਸਵਾਲ : ਅਕਾਸ਼-ਬਾਣੀ ਤੇ ਗੁਰਬਾਣੀ ਵਿਚ ਕੀ ਫ਼ਰਕ ਹੈ ?

ਜਵਾਬ : ਕਈ ਧਰਮਾਂ ਵਾਲੇ ਇਹ ਮੰਨਦੇ ਹਨ ਕਿ ਕੁੱਝ ਧਾਰਮਿਕ ਆਗੂਆਂ (ਗੁਰੂਆਂ) ਨੂੰ ਅਕਾਸ਼ ਤੋਂ ਪ੍ਰਮੇਸ਼ਰ ਦੀ ਬਾਣੀ ਸੁਣਾਈ ਦਿੰਦੀ ਹੈ, ਕਈ ਕਹਿੰਦੇ ਹਨ ਪਰਮਾਤਮਾ ਕਿਸੇ ਦੇਵਤੇ ਜਾਂ ਦੂਤ ਦੇ ਰਾਹੀਂ ਬਾਣੀ ਭੇਜਦਾ ਹੈ। ਗੁਰਬਾਣੀ ਇਨ੍ਹਾਂ ਗੱਲਾਂ ਨਾਲ ਸਹਿਮਤ ਨਹੀਂ ਹੈ।

ਗੁਰਬਾਣੀ ਅਨੁਸਾਰ ਗੁਰੂ ਸਾਹਿਬਾਨ ਦੁਆਰਾ ਲਿਖੀ ਅਤੇ ਪ੍ਰਚਾਰੀ ਗਈ ਬਾਣੀ ਹੀ ‘ਗੁਰਬਾਣੀ’ ਹੈ। ਜੋ ਗਿਆਨ; ਗੁਰੂ ਸਾਹਿਬ ਨੂੰ ਅਕਾਲ ਪੁਰਖ ਨਾਲ ਅਭੇਦ ਹੋਣ ਮਗਰੋਂ ਜਾਂ ਅਨੁਭਵ ਦੁਆਰਾ ਪ੍ਰਾਪਤ ਹੁੰਦਾ ਸੀ, ਗੁਰੂ ਸਾਹਿਬ ਉਸ ਨੂੰ ਅੱਖਰਾਂ/ਸ਼ਬਦਾਂ ਰਾਹੀਂ ਪ੍ਰਗਟ ਕਰਦੇ ਸਨ।  ਗੁਰੂ ਸਾਹਿਬ ਖ਼ੁਦ ਬਚਨ ਹਨ :

ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ

ਦਾਸਨਿ ਦਾਸੁ ਕਹੈ ਜਨੁ ਨਾਨਕੁ; ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ

ਹਉ ਆਪਹੁ ਬੋਲਿ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ

ਸਵਾਲ : ‘ਸਤਿਗੁਰੂ ਦੇ ਦਰਸ਼ਨ ਕਰਨਾ’ ਕਿਸ ਨੂੰ ਆਖਦੇ ਹਨ  ?

ਜਵਾਬ : ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ; ਗੁਰੂ ਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਚੁੱਕ ਕੇ ਦਰਸ਼ਨ ਕਰਨੇ ਗੁਰਮਤਿ ਅਨੁਸਾਰ ਦਰਸ਼ਨ ਕਰਨਾ ਨਹੀਂ ਹਨ। ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥਾਂ ਸਹਿਤ ਸਹਿਜ ਪਾਠ ਕਰਨਾ ਹੀ ਸਹੀ ਮਾਅਨਿਆਂ ’ਚ ਦਰਸ਼ਨ ਕਰਨਾ ਹੈ। ਘੱਟ ਤੋਂ ਘੱਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਅਦਬ ਨਾਲ ਵਾਕ (ਹੁਕਮ) ਲੈਣਾ ਜਾਂ ਸੁਣਨਾ, ਸਤਿਗੁਰੂ ਦੇ ਦਰਸ਼ਨ ਕਰਨੇ ਹਨ।

ਸਵਾਲ : ਅਨੰਦ ਕਾਰਜ ਤੋਂ ਪਹਿਲਾਂ ਕੁੜਮਾਈ ਰਸਮ ਸਬੰਧੀ ਰਹਿਤ ਮਰਯਾਦਾ ’ਚ ਕੀ ਦਰਜ ਹੈ  ?

ਜਵਾਬ : ਸਿੱਖ ਰਹਿਤ ਮਰਯਾਦਾ ਅਨੁਸਾਰ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ। ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਅਰਦਾਸਾ ਸੋਧ ਕੇ, ਇਕ ਕਿਰਪਾਨ, ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ।

ਸਵਾਲ : ਜਾਤਾਂ-ਬਰਾਦਰੀਆਂ ਦੇ ਨਾਮ ਉੱਤੇ ਬਣਨ ਵਾਲੇ ਗੁਰਦੁਆਰਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ  ?

ਜਵਾਬ : ਉਦੋਂ ਹੀ ਰੋਕਿਆ ਜਾ ਸਕੇਗਾ ਜਦੋਂ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਲੈਣਗੇ, ਗੁਰੂ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਜਾਣਗੇ। ਇਸ ਤੋਂ ਬਿਨਾਂ ਕੌਮ ਦੇ ਨਾਂ ਹੁਕਮਨਾਮੇ ਜਾਰੀ ਕਰਨ ਨਾਲ ਜਾਂ ਗੁਰਦੁਆਰਾ ਕਾਨੂੰਨ ਵਿਚ ਸੋਧ ਕਰਨ ਨਾਲ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ। ਵਿਦਵਾਨ ਜਾਂ ਧਾਰਮਿਕ/ਪ੍ਰਚਾਰਕ ਸੰਸਥਾਵਾਂ ਤਾਂ ਕੇਵਲ ਸਲਾਹ ਜਾਂ ਸੇਧ ਹੀ ਦੇ ਸਕਦੀਆਂ ਹਨ, ਅਸਲ ਕੰਮ ਤਾਂ ਪ੍ਰਬੰਧਕੀ ਸੰਸਥਾਵਾਂ ਦਾ ਹੁੰਦਾ ਹੈ।

ਦੂਜੀ ਗੱਲ ਪੰਜਾਬ ਦੇ ਹਰੇਕ ਪ੍ਰਾਣੀ ਮਾਤਰ ਨੂੰ ਜਦ ਤੱਕ ਗੁਰਮਤਿ-ਵਿਚਾਰਧਾਰਾ, ਸਿੱਖ ਸੱਭਿਆਚਾਰ ਤੇ ਗੁਰੂ ਸਾਹਿਬਾਨ ਦੇ ਨਿਸ਼ਾਨਿਆ ਦੀ ਜਾਣਕਾਰੀ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਕਿਸੇ ਵੀ ਕੌਮੀ ਮਸਲੇ ਦੇ ਹੱਲ ਦੀ ਆਸ ਨਹੀਂ ਰੱਖੀ ਜਾ ਸਕਦੀ। ਅੱਜ ਤੌਖਲੇ ਪ੍ਰਗਟ ਕਰਨ ਵਾਲੇ ਜਾਂ ਨਿਰੀ ਚਰਚਾ ਕਰਨ ਵਾਲੇ ਸਿੱਖਾਂ ਦੀ ਘਾਟ ਨਹੀਂ ਹੈ, ਪਰ ਰੋਜਾਨਾ ਤੇ ਲਗਾਤਾਰ ਅਣਥੱਕ ਯਤਨ ਕਰਨ ਵਾਲੇ ਮੁਸ਼ਕਿਲ ਨਾਲ ਲੱਭਦੇ ਹਨ।

ਸਵਾਲ : ਪੜ੍ਹੇ ਲਿਖੇ ਨੌਜੁਆਨ ਆਖਦੇ ਹਨ ਕਿ ਦਿਲ ਸਾਫ਼ ਹੋਣਾ ਚਾਹੀਦਾ ਹੈ, ਪਾਠ ਕਰਨ ਦੀ ਲੋੜ ਨਹੀਂ। ਕੀ ਇਹ ਕਥਨ ਠੀਕ ਹੈ  ?

ਜਵਾਬ : ਗੁਰਬਾਣੀ ਦੇ ਪਾਠ ਨਾਲ ਸੁਚੱਜੀ ਜੀਵਨ ਜਾਚ ਦੀ ਅਗਵਾਈ ਮਿਲਦੀ ਹੈ। ਸ਼ਬਦ ਦੀ ਵਿਚਾਰ ਤੋਂ ਬਿਨਾਂ ਪ੍ਰਭੂ ਬਾਰੇ ਗਿਆਨ, ਸੁਭ ਗੁਣਾਂ ਬਾਰੇ ਜਾਣਕਾਰੀ, ਚੰਗੇ ਕੰਮਾਂ ਤੇ ਸੇਵਾ ਦੀ ਭਾਵਨਾ ਪੈਦਾ ਨਹੀਂ ਹੁੰਦੀ। ਮਨ ਕੇਵਲ ਗੱਲਾਂ ਨਾਲ ਸਾਫ਼ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਕੇ ਸਾਧ ਸੰਗਤ ਵਿਚ ਬੈਠਿਆਂ ਮਨ ਪ੍ਰਭੂ ਦੀ ਕ੍ਰਿਪਾ ਦਾ ਪਾਤਰ ਬਣਨਾ ਜ਼ਰੂਰੀ ਹੈ। ਸੰਗਤ ’ਚ ਸਹਿਜ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨਾਲ ਮਨੁੱਖ ਦਾ ਜੀਵਨ ਬੁਰਾਈਆਂ ਤੇ ਵਿਕਾਰਾਂ ਤੋਂ ਮੁਕਤ ਹੁੰਦਾ ਹੈ। ਸੋ ਦਿਲ ਨੂੰ ਸਾਫ਼ ਕਰਨ ਲਈ ਪਾਠ ਕਰਨਾ ਜ਼ਰੂਰੀ ਹੈ। ਚੰਗੇ ਕੰਮ ਕਰਨ ਲਈ, ਬੁਰਿਆਈ ਦਾ ਟਾਕਰਾ ਕਰਨ ਲਈ ਅਤੇ ਦੁੱਖ-ਸੁਖ ਵਿਚ ਅਡੋਲ ਰਹਿਣ ਲਈ ਪ੍ਰਭੂ ਨਾਲ ਸਾਂਝ ਪਾਉਣੀ ਜ਼ਰੂਰੀ ਹੈ, ਜੋ ਗੁਰਬਾਣੀ ਦਾ ਪਾਠ ਕਰਨ ਤੇ ਅਮਲ ਕਰਨ ਨਾਲ ਹੀ ਹੋ ਸਕਦੀ ਹੈ। ਇਹ ਪ੍ਰਭੂ ਦਾ ਨਾਮ ਜਪਣਾ ਹੀ ਹੈ।

ਸਵਾਲ : ਨਾਮ ਸਿਮਰਨ ਦੇ ਵੱਖ-ਵੱਖ ਪੱਖ ਕਿਹੜੇ ਹਨ  ?

ਜਵਾਬ : ਨਾਮ ਸਿਮਰਨ ਦੇ ਤਰਤੀਬਵਾਰ ਕਈ ਪੱਖ ਹੇਠ ਲਿਖੇ ਅਨੁਸਾਰ ਹਨ :

(ੳ). ਉਚਰਨਾ ਜਾਂ ਸੁਣਨਾ : ਪਰਮਾਤਮਾ ਦੇ ਗੁਣਾਂ ਨੂੰ ਉਚਾਰਨਾ, ਗਾਉਣਾ ਜਾਂ ਸੁਣਨਾ।

(ਅ). ਧਿਆਨ : ਪ੍ਰਭੂ ਦੇ ਨਾਮ ਅਥਵਾ ਗੁਣਾਂ (ਜੋ ਗੁਰਬਾਣੀ ਵਿਚ ਥਾਂ-ਥਾਂ ਬਿਆਨ ਕੀਤੇ ਗਏ ਹਨ) ਵਿਚ ਸੁਰਤ ਜੋੜਨਾ।

(ੲ). ਵਿਚਾਰ : ਧਿਆਨ ਜੋੜ ਕੇ, ਪ੍ਰਭੂ ਦੇ ਗੁਣਾਂ ਦਾ ਚਿੰਤਨ ਜਾਂ ਵਿਚਾਰ ਕਰਨੀ ।

(ਸ). ਗਿਆਨ : ਵਿਚਾਰਾਂ ਦੀ ਗਹਿਰਾਈ ਨਾਲ ਤੱਤ-ਗਿਆਨ ਪੈਦਾ ਹੋਵੇਗਾ ਅਥਵਾ ਅਸਲੀਅਤ ਦੀ ਸੋਝੀ ਹੋਵੇਗੀ।

(ਹ). ਵਿਸਮਾਦ : ਐਸਾ ਨਿਰਮਲ ਅਤੇ ਪ੍ਰਦਰਸ਼ਿਤ ਗਿਆਨ ਸਿਮਰਨ ਵਿਚ ਲੱਗੇ ਮਨੁੱਖ ਦੇ ਮਨ ਵਿਚ ਅਸਚਰਜਤਾ ਦੀ ਦਸ਼ਾ ਪੈਦਾ ਕਰੇਗਾ।

(ਕ). ਪਿਆਰ : ਵਿਸਮਾਦੀ ਦਸ਼ਾ ਪ੍ਰਭੂ ਪਿਆਰ ਨੂੰ ਜਨਮ ਦੇਵੇਗੀ ਜਾਂ ਪਹਿਲੋਂ ਉਪਜੇ ਪਿਆਰ ਨੂੰ ਹੋਰ ਪ੍ਰਪੱਕ ਕਰੇਗੀ।

(ਖ). ਲਿਵ : ਉਪਰੋਕਤ ਸਾਧਨ ਕਦੇ ਨਾ ਟੁੱਟਣ ਵਾਲੀ ਲਿਵ ਪੈਦਾ ਕਰਦੇ ਹਨ। ਇਸ ਲਿਵ ਤੋਂ ਹੀ ਪ੍ਰਭੂ-ਪਿਆਰ ਦਾ ਰਸ (ਨਾਮ-ਰਸ) ਪੈਦਾ ਹੁੰਦਾ ਹੈ। ਇਸ ਲਿਵ ਵਾਲੀ ਅਵਸਥਾ ਵਿਚ ਸੁਰਤ ਅੰਦਰ ਪ੍ਰਭੂ ਦਾ ਮਿਲਾਪ (ਅਨੁਭਵਤਾ) ਮਨੁੱਖੀ ਘਾਲਣਾ ਦਾ ਸਿਖਰ ਹੈ। ਇਹ ਗੁਣ ਕਹਿ ਗੁਣੀ ਸਮਾਵਣਿਆ ਵਾਲੀ ਅਵਸਥਾ ਹੈ।

ਸਵਾਲ : ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਅਕਾਲੀ ਫੂਲਾ ਸਿੰਘ ਜੀ ਡੋਗਰਿਆਂ ਨਾਲ਼ ਨਫਰਤ ਕਰਦੇ ਸਨ । ਕੀ ਇਹ ਸੱਚ ਹੈ ?

ਜਵਾਬ : ਕਿਉਂਕਿ ਡੋਗਰਿਆਂ ਦਾ ਸਿੱਖ-ਰਾਜ ਅਤੇ ਸਿੱਖ-ਪੰਥ ਦੀ ਚੜ੍ਹਦੀ ਕਲਾ ਨਾਲ ਕੋਈ ਵਾਸਤਾ ਨਹੀਂ ਸੀ। ਉਨ੍ਹਾਂ ਦਾ ਆਸ਼ਾ ਕੇਵਲ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਲਈ ਅਹੁਦੇ (ਪਦਵੀਆਂ) ਤੇ ਧਨ ਪਦਾਰਥ ਹਾਸਲ ਕਰਨਾ ਸੀ। ਆਪਣੇ ਇਸ ਮਨੋਰਥ ਦੀ ਪ੍ਰਾਪਤੀ ਲਈ ਉਹ ਚਾਲਾਂ ਚੱਲਦੇ ਰਹਿੰਦੇ ਸਨ। ਮਹਾਰਾਜੇ ਅਤੇ ਉਸ ਦੇ ਪੁੱਤਰਾਂ ਵਿਚਕਾਰ ਫੁੱਟ ਦੇ ਬੀਜ ਬੀਜਦੇ ਸਨ। ਸਿੱਖ ਰਾਜ ਲਈ ਤਨ-ਮਨ ਵਾਰਨ ਵਾਲੇ ਸਰਦਾਰਾਂ ਅਤੇ ਸਰਦਾਰ ਹਰੀ ਸਿੰਘ ਨਲੂਆ ਵਰਗੇ ਜਰਨੈਲਾਂ ਨੂੰ ਮਹਾਰਾਜੇ ਤੋਂ ਦੂਰ ਰੱਖਣ ਦੇ ਯਤਨ ਕਰਦੇ ਰਹਿੰਦੇ ਸਨ। ਇਸ ਲਈ ਅਕਾਲੀ ਫੂਲਾ ਸਿੰਘ ਜੀ ਡੋਗਰਿਆਂ ਨੂੰ ਪਸੰਦ ਨਹੀਂ ਕਰਦੇ ਸਨ।

ਸਵਾਲ : ਪੀਰ ਬੁੱਧੂ ਸ਼ਾਹ ਜੀ ਦੇ ਬਾਰੇ ਜਾਣਕਾਰੀ ਦਿਓ, ਜੀ।

ਜਵਾਬ : ਪੀਰ ਬੁੱਧੂ ਸ਼ਾਹ ਜੀ ਉੱਚੀ ਆਤਮਿਕ ਅਵਸਥਾ ਵਾਲੇ ਰੱਬੀ ਭਗਤ ਸਨ ਅਤੇ ਅਜੋਕੇ ਹਰਿਆਣਾ ਪ੍ਰਾਂਤ ਦੇ ਨਗਰ ਸਢੌਰਾ ਵਿਖੇ ਰਹਿੰਦੇ ਸਨ। ਉਨ੍ਹਾਂ ਦਾ ਪੂਰਾ ਨਾਮ ‘ਸ਼ੇਖ਼ ਬਦਰੁੱਦੀਨ’ ਸੀ। ਆਪ ਗੁਰੂ ਗੋਬਿੰਦ ਸਿੰਘ ਜੀ ਦੇ ਬੜੇ ਸ਼ਰਧਾਲੂ ਸਨ। ਆਪ ਜੀ ਨੇ 500 ਪਠਾਣ; ਗੁਰੂ ਜੀ ਦੀ ਫ਼ੌਜ ਵਿਚ ਨੌਕਰ ਰਖਵਾਏ ਸਨ, ਪਰ ਉਨ੍ਹਾਂ ਵਿਚੋਂ 400; ਸਾਥੀਆਂ ਸਮੇਤ ਕਾਲ਼ੇ ਖ਼ਾਨ ਸਰਦਾਰ ਭੰਗਾਣੀ ਦੀ ਲੜਾਈ ਦੇ ਆਰੰਭ ਹੋਣ ਤੋਂ ਪਹਿਲਾਂ ਹੀ ਗੁਰੂ ਜੀ ਦਾ ਸਾਥ ਛੱਡ ਗਏ। ਪਤਾ ਲੱਗਣ ’ਤੇ ਪੀਰ ਬੁੱਧੂ ਸ਼ਾਹ ਜੀ ਨੇ ਭੰਗਾਣੀ ਦੀ ਲੜਾਈ ਵਿਚ ਆਪਣੇ ਦੋ ਭਰਾ, ਚਾਰ ਪੁੱਤਰ ਅਤੇ 700 ਮੁਰੀਦ ਭੇਜੇ ਸਨ। ਲੜਾਈ ਵਿਚ ਪੀਰ ਜੀ ਦੇ ਦੋ ਪੁੱਤਰ, ਇਕ ਭਰਾ ਤੇ ਕਈ ਮੁਰੀਦ ਸ਼ਹੀਦ ਹੋ ਗਏ। ਲੜਾਈ ਜਿੱਤਣ ਪਿੱਛੋਂ ਦਸਮ ਪਾਤਿਸ਼ਾਹ ਜੀ ਨੇ ਪੀਰ ਜੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਕੋਈ ਤੋਹਫ਼ਾ ਦੇਣਾ ਚਾਹਿਆ। ਪੀਰ ਜੀ ਨੇ ਕਿਹਾ ਸਾਹਿਬ ਜੀ ! ਜੇ ਤਰੁੱਠੇ ਹੀ ਹੋ ਤਾਂ ਇਹ ਕੰਘਾ, ਜਿਸ ਨਾਲ ਕੇਸ ਵਾਹ ਰਹੇ ਹੋ; ਟੁੱਟੇ ਕੇਸਾਂ ਸਮੇਤ ਨਿਸ਼ਾਨੀ ਵਜੋਂ ਬਖ਼ਸ਼ ਦਿਓ। ਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਦੀ ਮੰਗ ’ਤੇ ਆਪਣਾ ਉਹ ਕੰਘਾ, ਜਿਸ ਨਾਲ ਕੇਸ ਵਾਹ ਰਹੇ ਸਨ (ਵਾਹੇ ਕੇਸਾਂ ਸਮੇਤ) ਪੀਰ ਜੀ ਨੂੰ ਦੇ ਦਿੱਤਾ। ਆਪ ਜੀ ਨੇ ਇਕ ਹੁਕਮਨਾਮਾ ਅਤੇ ਇਕ ਛੋਟੀ ਕਿਰਪਾਨ ਵੀ ਪੀਰ ਜੀ ਨੂੰ ਬਖਸੀ। ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇਣ ਕਾਰਨ, ਸਢੌਰੇ ਦੇ ਹਾਕਮ ਉਸਮਾਨ ਖ਼ਾਨ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ’ਤੇ ਕਹਿਰੀ ਹਮਲਾ ਕੀਤਾ ਅਤੇ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕਰਨ ਵਾਲੇ ਉਸਮਾਨ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਨੂੰ ਬਣਦੀ ਸਜ਼ਾ ਦਿੱਤੀ।

ਸਵਾਲ : ਅਖੰਡ ਪਾਠ ਕਰਨ ਲਈ ਕਿੰਨਾ ਸਮਾਂ ਨਿਯਤ ਕੀਤਾ ਹੈ। ਇਸ ਸਬੰਧੀ ਸਪਸ਼ਟ ਕਰੋ  ?

ਜਵਾਬ : ‘ਅਖੰਡ ਪਾਠ’ ਦੀ ਮਰਯਾਦਾ ਸਿਰਲੇਖ ਹੇਠ ਸਪਸ਼ਟ ਲਿਖਿਆ ਹੈ ਕਿ ਬਾਣੀ ਮੂੰਹੋਂ ਬੋਲ ਕੇ ਪ੍ਰੇਮ ਸਤਿਕਾਰ ਨਾਲ ਪੜ੍ਹਨੀ ਹੈ, ਜੋ ਸੁਣਨ ਵਾਲੇ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ, ਸਮਾਂ ਭਾਵੇਂ ਕਿੰਨਾ ਵੀ ਵੱਧ ਲੱਗ ਜਾਵੇ, ਇਸ ਦਾ ਕੋਈ ਹਰਜ ਨਹੀਂ। ਸਮੇਂ ਦੀ ਮਹਾਨਤਾ ਨਹੀਂ, ਗੁਰਬਾਣੀ ਪੜ੍ਹਨ ਤੇ ਸਮਝਾ ਸਕਣ ਦੀ ਮਹਾਨਤਾ ਹੈ। ਚੁੱਪ ਗੜੁੱਪ ਪਾਠ, ਨਜ਼ਰਾਂ ਫੇਰਨ ਵਾਲਾ ਪਾਠ, ਕਾਹਲੀ ਕਾਹਲੀ ਦਾ ਪਾਠ, ਸਪੀਡਾਂ ਚੁੱਕਣ ਵਾਲਾ ਤੇ ਜਲਦੀ ਜਲਦੀ ਭੋਗ ਪਾਉਣਾ ਹੋਵੇ ਅਤੇ ਪਾਠ ਵਧੇਰੇ ਰਹਿੰਦਾ ਹੋਵੇ ਤਾਂ ਪਾਠੀ ਸੱਜਣ ਤੇਜ਼ ਤੇਜ਼ ਪਾਠ ਕਰਦਾ ਹੈ, ਜਿਸ ਦੀ ਸਮਝ ਨਹੀਂ ਆਉਂਦੀ। ਬੱਸ ਇਹੀ ਦਿਸਦਾ ਹੈ ਕਿ ਪਾਠੀ ਗੁਰੂ ਗ੍ਰੰਥ ਸਾਹਿਬ ਉੱਪਰ ਨਜ਼ਰਾਂ ਘੁਮਾ ਰਿਹਾ ਹੈ। ਐਸਾ ਕਰਨਾ ਗੁਰਬਾਣੀ ਦੀ ਨਿਰਾਦਰੀ ਹੈ। ਪਾਠ ਰੱਖਣ ਰਖਵਾਉਣ ਵਾਲਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ।

ਪੌਰਾਣਿਕ ਰਾਮ-ਰਾਜ ਬਨਾਮ ਗੁਰਮਤੀ ਰਾਮ-ਰਾਜ

0

ਪੌਰਾਣਿਕ ਰਾਮਰਾਜ ਬਨਾਮ ਗੁਰਮਤੀ ਰਾਮਰਾਜ

ਗਿਆਨੀ ਜਗਤਾਰ ਸਿੰਘ ਜਾਚਕ

ਸੰਯੁਕਤ ਰਾਸ਼ਟਰ ਸੰਘ ਦੇ ਮੈਨਹਟਨ (ਨਿਊਯਾਰਕ) ਸ਼ਹਿਰ ਵਿਖੇ ਸਥਿਤ ਦਫ਼ਤਰ ਮੁਤਾਬਕ ਸੰਸਾਰ ਭਰ ਵਿਖੇ ਇਸ ਮੌਕੇ ਕੁੱਲ 195 ਦੇਸ਼ ਮੰਨੇ ਜਾਂਦੇ ਹਨ, ਜਿਨ੍ਹਾਂ ’ਚੋਂ 193 ਸੰਸਾਰ ਦੀ ਇਸ ਸਾਂਝੀ ਪੰਚਾਇਤ ਵੱਲੋਂ ਮਾਨਤਾ ਪ੍ਰਾਪਤ ਹਨ। ਇਨ੍ਹਾਂ ’ਚੋਂ 80 ਅਜਿਹੇ ਹਨ, ਜਿਨ੍ਹਾਂ ਵਿੱਚ ਰਾਜਾਸ਼ਾਹੀ (Dictator Ship) ਸਥਾਪਿਤ ਹੈ।  113 ਦੇਸ਼ ਐਸੇ ਹਨ, ਜਿਨ੍ਹਾਂ ਨੂੰ ਹੁਣ (Democratic) ਕਿਹਾ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇਸ਼ਾਂ ਵਿੱਚ ਲੋਕਤੰਤ੍ਰੀ ਪ੍ਰਣਾਲੀ (Democracy) ਲਾਗੂ ਹੋ ਚੁੱਕੀ ਹੈ। ਗੁਰੂ-ਕਾਲ ਮੌਕੇ ਅਤੇ ਉਸ ਤੋਂ ਪਹਿਲਾਂ ਹਿੰਦੋਸਤਾਨ ਸਮੇਤ ਲਗਭਗ ਸਾਰੇ ਦੇਸ਼ਾਂ ਵਿੱਚ ਰਾਜਾਸ਼ਾਹੀ ਹਕੂਮਤ ਹੀ ਸੀ। ਰਾਜੇ ਤੇ ਪੁਜਾਰੀਆਂ ਦੇ ਗਠਜੋੜ ਸਦਕਾ ਹਿੰਦੋਸਤਾਨ ਵਿੱਚ ਤਾਂ ‘ਦਲੀਸ਼੍ਵਰੋ ਈਸ਼੍ਵਰੋ’ ਦਾ ਪ੍ਰਚਾਰ ਸਿਖਰ ’ਤੇ ਸੀ। ਬਾਲਮੀਕੀ ਰਮਾਇਣ ਦਾ ਤਾਂ ਆਰੰਭ ਹੀ ਇੱਥੋਂ ਹੁੰਦਾ ਹੈ ਕਿ ਅਯੁਧਿਆ-ਪਤੀ ਸ੍ਰੀ ਰਾਮ; ਵਿਸ਼ਨੂੰ ਦਾ ਅਵਤਾਰ ਹੈ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਵਰਣਨ ਹੈ ਕਿ ਭਾਰਤ ਵਿਖੇ ਵੱਖੋ ਵੱਖਰੇ ਸਮਿਆਂ ’ਚ ਜਿਹੜੇ ਕੁੱਝ ਇਲਾਕਾਈ ਰਾਜੇ ਹੋਏ, ਉਨ੍ਹਾਂ ਦੀ ਰੱਬੀ-ਅਵਤਾਰਾਂ ਦੇ ਰੂਪ ’ਚ ਮਹਿਮਾ ਗਾਈ ਗਈ। ਪਾਵਨ ਗੁਰ ਵਾਕ ਹੈ : ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ’’ (ਮਹਲਾ /੪੨੩)

ਪੌਰਾਣਿਕ ਪਰਿਪੇਖ ਵਿੱਚ ਜਿਸ ਰਾਜ ਨੂੰ ‘ਰਾਮ-ਰਾਜ’ ਮੰਨਿਆ ਜਾਂਦਾ ਹੈ, ਅਸਲ ਵਿੱਚ ਉਹ ਤ੍ਰੇਤਾਯੁਗੀ ਰਾਜਾਸ਼ਾਹੀ ਹਕੂਮਤ ਹੀ ਹੈ। 20ਵੀਂ ਸਦੀ ਦੇ ਮਹਾਨ ਫ਼ਿਲਾਸਫ਼ਰ ਤੇ ਵਕਤਾ ਅਚਾਰੀਆ ਰਜਨੀਸ਼ (ਓਸ਼ੋ) ਨੇ ਭਾਵੇਂ 80 ਦੇ ਦਹਾਕੇ ਵਿੱਚ ਹੀ ਭਾਰਤ ਵਾਸੀਆਂ ਨੂੰ ਚੇਤਾਵਨੀ ਵਜੋਂ ਆਖਿਆ ਸੀ ਕਿ ਭਾਰਤ ਵਿੱਚ ਭੁੱਲ ਕੇ ਵੀ ਉਸ ਰਾਮ-ਰਾਜ ਨੂੰ ਸਥਾਪਤ ਨਾ ਹੋਣ ਦਿੱਤਾ ਜਾਵੇ, ਜਿਸ ਦੀ ਵਕਾਲਤ ਮਹਾਤਮਾ ਗਾਂਧੀ ਕਰਦੇ ਰਹੇ ਹਨ। ਜੇ ਉਹ ਰਾਮ-ਰਾਜ ਮੁੜ ਸਥਾਪਿਤ ਹੋ ਗਿਆ ਤਾਂ ਸ਼ੂਦਰਾਂ ਨੂੰ ਆਪਣੇ ਕੰਨਾਂ ਵਿੱਚ ਗਰਮ ਤੇ ਪਿਘਲਿਆ ਹੋਇਆ ਸ਼ੀਸ਼ਾ ਪਵਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਯੂ-ਟਿਊਬ ਅਤੇ ਸ਼ੋਸ਼ਲ ਮੀਡੀਏ ’ਤੇ ਘੁੰਮਦੀ ਹੋਈ ਆਡੀਓ ਵਿੱਚ ਅਚਾਰੀਆ ਜੀ ਨੇ ਜਿਸ ਢੰਗ ਨਾਲ ਤ੍ਰੇਤਾਯੁਗੀ ਰਾਮ ਰਾਜ ਦਾ ਵਰਣਨ ਕੀਤਾ ਹੈ, ਉਹ ਸੁਣ ਕੇ ਤਾਂ ਦੇਸ਼ ਦਾ ਕੋਈ ਵੀ ਨਾਗਰਿਕ ਇਤਨਾ ਨਹੀਂ ਗਿਰੇਗਾ ਕਿ ਉਹ ਅਜਿਹੇ ਰਾਜ ਦੀ ਸਥਾਪਨਾ ਬਾਰੇ ਸੋਚੇ ਭੀ, ਪ੍ਰੰਤੂ ਹੁਣ ਜਦੋਂ ਦੇਸ਼ ਦੀਆਂ ਅਖ਼ਬਾਰਾਂ ਮੁਤਾਬਕ ਭਾਰਤ ਦੇ ਰੱਖਿਆ ਮੰਤ੍ਰੀ, ਭਾਜਪਾਈ ਆਗੂ ਅਤੇ ਆਰ. ਐੱਸ. ਐੱਸ. ਦੇ ਕੱਟੜ ਪ੍ਰਚਾਰਕ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਅੰਦਰਲੇ ਕਠੂਆ ਜ਼ਿਲ੍ਹੇ ਦੇ ਨਗਰ ਬਸੋਹਲੀ ਵਿਖੇ 15 ਅਪ੍ਰੈਲ 2024, ਸੋਮਵਾਰ ਦੇ ਦਿਨ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਪਸ਼ਟ ਐਲਾਨ ਕੀਤਾ ਕਿ ‘ਰਾਮ-ਰਾਜ ਨੇ ਜੜ੍ਹਾਂ ਫੜ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਹੁਣ ਇਸ ਨੂੰ ਹਕੀਕਤ ਬਣਨ ਤੋਂ ਕੋਈ ਨਹੀਂ ਰੋਕ ਸਕਦਾ’ ਭਾਵ ਭਾਰਤ ਵਿੱਚ ਰਾਮ-ਰਾਜ ਸ਼ੁਰੂ ਹੋ ਚੁੱਕਾ ਹੈ, ਇਸ ਨੂੰ ਕੋਈ ਨਹੀਂ ਰੋਕ ਸਕਦਾ। ਇਸ ਲਈ ਗੁਰਮਤ ਪ੍ਰਚਾਰਕ ਹੋਣ ਦੇ ਨਾਂ ਤੇ ਦਾਸ (ਜਾਚਕ) ਦਾ ਇਹ ਨੈਤਿਕ ਫ਼ਰਜ਼ ਬਣ ਜਾਂਦਾ ਹੈ ਕਿ ਦੇਸ਼ ਵਾਸੀਆਂ ਨਾਲ ਇਸ ਪੱਖੋਂ ਗੁਰਮਤਿ ਦਾ ਨਜ਼ਰੀਆ ਸਾਂਝਾ ਕੀਤਾ ਜਾਵੇ।

ਵੱਡਾ ਕਾਰਨ ਇਹ ਹੈ ਕਿ ਪੌਰਾਣਿਕ-ਮੱਤੀ ਰਾਮ-ਰਾਜ ਦੇ ਪ੍ਰਚਾਰਕ ਆਪਣੇ ਖ਼ਿਆਲਾਂ ਦੀ ਪ੍ਰੋੜ੍ਹਤਾ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਬਿਲਾਵਲੁ ਮਹਲਾ 5’ ਦੇ ਸਿਰਲੇਖ ਹੇਠਲੇ ਗੁਰ ਵਾਕ ‘‘ਰਾਮ ਰਾਜ ਰਾਮਦਾਸ ਪੁਰਿ; ਕੀਨ੍ਹੇ ਗੁਰਦੇਵ ਰਹਾਉ ’’ (ਮਹਲਾ /੮੧੭) ਦਾ ਹਵਾਲਾ ਵੀ ਪੇਸ਼ ਕਰਦੇ ਹਨ। ਗੁਰਬਾਣੀ ਦੇ ਚਾਨਣ ਵਿੱਚ ਅਜਿਹਾ ਹਵਾਲਾ ਮਾਨਵ-ਹਿਤਕਾਰੀ ਦੇਸ਼ ਵਾਸੀਆਂ ਅਤੇ ਖ਼ਾਸ ਕਰ ਸਿੱਖ-ਜਗਤ ਨਾਲ ਵੱਡਾ ਧੋਖਾ ਹੈ; ਕਿਉਂਕਿ ਗੁਰਬਾਣੀ ਵਿੱਚ ਜਿਸ ਰਾਮ-ਰਾਜ ਦੀ ਗੱਲ ਕੀਤੀ ਗਈ ਹੈ, ਉਹ ‘‘ਰਮਤ ਰਾਮੁ ਸਭ ਰਹਿਓ ਸਮਾਇ ’’ (ਮਹਲਾ /੮੬੫) ਗੁਰ ਵਾਕ ਦੇ ਚਾਨਣ ਵਿੱਚ ਸਰਬ-ਵਿਆਪੀ ਰਾਮ ਦੇ ਰੂਹਾਨੀ ਰਾਜ ਦੀ ਹੈ, ਨਾ ਕਿ ਤ੍ਰੇਤਾਯੁਗੀ ਅਤੇ ਅਯੁਧਿਆ-ਪਤੀ ਰਾਜਾ ਦਸ਼ਰਥ ਦੀ ਰਾਣੀ ਕੌਸ਼ਲਿਆ ਦੀ ਕੁੱਖੋਂ, ਰਿਸ਼ੀ ਸ਼੍ਰੂੰਗ ਦੁਆਰਾ ਖਵਾਏ ਚੌਲਾਂ ਦੇ ਪਿੰਡ ਦੁਆਰਾ ਪੈਦਾ ਹੋਏ ਸ਼੍ਰੀ ਰਾਮਚੰਦ੍ਰ ਦੇ ਰਾਜ ਦੀ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਸਟੀਕ ਵਿੱਚ ਸ਼ਬਦ ਦੇ ਸੰਪੂਰਨ ਪ੍ਰਸੰਗ ਨੂੰ ਧਿਆਨ ’ਚ ਰੱਖ ਕੇ ਉਪਰੋਕਤ ਤੁਕ ਵਾਲੇ ‘ਰਹਾਉ’ ਪਦੇ ਨੂੰ ਇਉਂ ਅਰਥਾਇਆ ਗਿਆ ਹੈ : ‘‘ਰਾਖਨਹਾਰ ਅਪਾਰ ਪ੍ਰਭ; ਤਾ ਕੀ ਨਿਰਮਲ ਸੇਵ   ਰਾਮ ਰਾਜ ਰਾਮਦਾਸ ਪੁਰਿ; ਕੀਨ੍ਹੇ ਗੁਰਦੇਵ ਰਹਾਉ ’’ (ਮਹਲਾ /੮੧੭) ਅਰਥ :-ਹੇ ਭਾਈ  ! ਗੁਰੂ ਨੇ (ਰਾਮ ਦੇ ਦਾਸਾਂ ਦੇ ਸ਼ਹਰ ਭਾਵ) ਸਾਧ ਸੰਗਤਿ ਵਿਚ ਰੂਹਾਨੀ ਰਾਜ ਕਾਇਮ ਕਰ ਦਿੱਤਾ ਹੈ। ਪ੍ਰਭੂ ਬੇਅੰਤ ਅਤੇ ਰੱਖਿਆ ਕਰਨ ਦੇ ਸਮਰੱਥ ਹੈ, (ਸਾਧ ਸੰਗਤਿ ਵਿਚ ਟਿਕ ਕੇ ਕੀਤੀ ਹੋਈ) ਉਸ ਦੀ ਸੇਵਾ-ਭਗਤੀ (ਜੀਵਨ ਨੂੰ) ਪਵਿੱਤਰ (ਬਣਾ ਦੇਂਦੀ ਹੈ)’ ਭਾਵ ਜਿਵੇਂ ਗੁਰਦੁਆਰੇ ਦੀ ਸੰਗਤ ਤੇ ਪੰਗਤ ਵਿੱਚ ਜਾਤ-ਪਾਤ, ਊਚ-ਨੀਚ ਅਤੇ ਅਮੀਰ ਗ਼ਰੀਬ ਦੇ ਵਿਤਕਰੇ ਤੋਂ ਰਹਿਤ ਇੱਕ-ਸਮਾਨ ਵਰਤਾਰਾ ਵਰਤਦਾ ਹੈ। ਤਿਵੇਂ ਦਾ ਹੀ ਵਰਤਾਰਾ ਵਰਤਦਾ ਹੈ ‘ਗੁਰਮਤੀ ਰਾਮ-ਰਾਜ ਵਿੱਚ’। ਗੁਰੂ-ਦ੍ਰਿਸ਼ਟੀ ਵਿੱਚ ਪ੍ਰਵਾਨ-ਚੜ੍ਹੇ ਕੀਰਤਨੀਏ ਭਾਈ ਬਲਵੰਡ ਰਾਇ ਦੇ ਕਥਨ ਮੁਤਾਬਕ ਇਸ ਗੁਰਮਤੀ ਰਾਮ-ਰਾਜ ਦੀ ਪੱਕੀ ਨੀਂਹ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਸੱਚ ਦਾ ਕਿਲ੍ਹਾ ਬਣਾ ਕੇ ਆਪ ਰੱਖੀ । ਰਾਮਕਲੀ ਕੀ ਵਾਰ ਦੇ ਅਮਰ-ਬੋਲ ਹਨ : ‘‘ਨਾਨਕਿ (ਨੇ) ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ ’’ (ਬਲਵੰਡ ਸਤਾ/੯੬੬)

ਗੁਰਬਾਣੀ ਦੇ ਉਪਰੋਕਤ ਪਦੇ ਅਤੇ ਅਰਥਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਹਵਾਲਾ-ਜਨਕ ਤੁਕ ਵਿੱਚ ਜਿਸ ਰਾਮ-ਰਾਜ ਦੀ ਗੱਲ ਕੀਤੀ ਗਈ ਹੈ, ਉਹ ਰਾਮ ‘ਰਾਖਨਹਾਰ ਅਪਾਰ ਪ੍ਰਭੁ’ ਹੈ; ਨਾ ਕਿ ਕੋਈ ਅਯੁਧਿਆ ਦਾ ਤ੍ਰੇਤਾਯੁਗੀ ਰਾਜਾ ਸ਼੍ਰੀ ਰਾਮ । ਕਾਰਨ ਹੈ ਕਿ ਇੱਕ ਤਾਂ ਸ਼੍ਰੀ ਰਾਮਚੰਦ੍ਰ ਨੂੰ ‘ਅਪਾਰ ਪ੍ਰਭ’ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਜਨਮ ਮਰਨ ਦੇ ਰੂਪ ਵਿੱਚ ਉਸ ਦਾ ਆਰ ਪਾਰ ਅਤੇ ਆਦਿ ਅੰਤ ਨਿਸ਼ਚਿਤ ਹੈ। ਦੂਜੇ, ਉਸ ਨਾਲ ‘ਰਾਖਨਹਾਰ ਪ੍ਰਭ’ ਦਾ ਵਿਸ਼ੇਸ਼ਣ ਵੀ ਨਹੀਂ ਸ਼ੋਭਦਾ; ਕਿਉਂਕਿ ਜਿੱਥੇ, ਉਹ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਕੇ ਪਤਨੀ ਸੀਤਾ ਦੇ ਵਿਛੋੜੇ ਅਤੇ ਭਰਾ ਲਛਮਣ ਦੇ ਮੂਰਛਿਤ ਹੋਣ ’ਤੇ ਸਧਾਰਨ ਵਿਅਕਤੀਆਂ ਵਾਂਗ ਝੂਰਦਾ ਹੈ। ਉੱਥੇ, ਉਹ ਮਹਾਂਬਲੀ ਰਾਵਣ ਨਾਲ ਜੂਝਣ ਮੌਕੇ ਆਪਣੀ ਸਹਾਇਤਾ ਲਈ ਹਨੂੰਮਾਨ ਦੀ ਅਰਾਧਨਾ ਤੋਂ ਇਲਾਵਾ ਧੋਖੇ ਨਾਲ ਰਾਜਾ ਬਾਲੀ ਨੂੰ ਮਾਰ ਕੇ ਉਸ ਦੇ ਭਰਾ ਸੁਗਰੀਵ ਨੂੰ ਰਾਜਾ ਬਣਾ ਕੇ ਆਪਣੇ ਨਾਲ ਜੋੜਦਾ ਹੈ। ਜਦੋਂ ਫਿਰ ਵੀ ਉਹ ਰਾਜਾ ਰਾਵਣ ਦੇ ਸਾਹਮਣੇ ਆਪਣੇ ਆਪ ਨੂੰ ਕਮਜ਼ੋਰ ਵੇਖਦਾ ਹੈ ਤਾਂ ਉਸ ਦੇ ਭਰਾ ਭਭੀਖਣ ਨੂੰ ਰਾਜ-ਭਾਗ ਦਾ ਲਾਲਚ ਦੇ ਕੇ ਆਪਣੇ ਨਾਲ ਗੰਢਦਾ ਹੈ ਤਾਂ ਕਿ ਰਾਵਣ ਦਾ ਸਾਰਾ ਭੇਦ ਲੈ ਕੇ ਉਸ ਨੂੰ ਮਾਰਿਆ ਜਾ ਸਕੇ । ਤਾਂ ਹੀ ਤਾਂ ਮੁਹਾਵਰਾ ਬਣਿਆ ‘ਘਰ ਦਾ ਭੇਤੀ, ਲੰਕਾ ਢਾਹੇ’। ਗੁਰੂ ਨਾਨਕ ਸਾਹਿਬ ਜੀ ਦਾ ਬੇਬਾਕ-ਕਥਨ ਹੈ : ‘‘ਮਨ ਮਹਿ ਝੂਰੈ ਰਾਮਚੰਦੁ; ਸੀਤਾ ਲਛਮਣ ਜੋਗੁ   ਹਣਵੰਤਰੁ ਆਰਾਧਿਆ; ਆਇਆ ਕਰਿ ਸੰਜੋਗੁ ’’ (ਮਹਲਾ /੧੪੧੨)

ਤ੍ਰੇਤਾਯੁਗੀ ਰਾਜੇ ਸ੍ਰੀ ਰਾਮਚੰਦ੍ਰ ਜੀ ਦੇ ਉਪਰੋਕਤ ਵਰਤਾਰੇ ਅਤੇ ਭਾਰਤ ਦੀ ਮੌਜੂਦਾ ਭਾਜਪਾਈ ਸਰਕਾਰ ਵਾਲੀ ਰਾਜਨੀਤਕ ਧੱਕੇਸ਼ਾਹੀ, ਘੱਟ ਗਿਣਤੀ ਕੌਮਾਂ ਸਬੰਧੀ ਉਸ ਦੀ ਵਿਤਕਰੇ ਭਰਪੂਰ ਨੀਤੀ, ਰਣਨੀਕਿ ਗੱਠ-ਜੋੜ ਤੇ ਲਾਲਚੀ ਧੋਖਾ-ਧੜੀ ਆਦਿਕ ਦੇ ਵਿਸ਼ਲੇਸ਼ਣ ਤੋਂ ਭਾਵੇਂ ਮੌਜੂਦਾ ਰੱਖਿਆ ਮੰਤ੍ਰੀ ਰਾਜਨਾਥ ਸਿੰਘ ਦੇ ਉਪਰੋਕਤ ਐਲਾਨ ਪ੍ਰਤੀ ਕੋਈ ਸ਼ੰਕਾ ਨਹੀਂ ਰਹਿ ਜਾਂਦੀ, ਪਰ ਫਿਰ ਵੀ ਵਰਣਨ ਕਰਨਾ ਬਣਦਾ ਹੈ ਕਿ ਸੰਸਾਰ ਪ੍ਰਸਿੱਧ ਵਿਦਵਾਨ ਅਚਾਰੀਆ ਰਜਨੀਸ਼ ਅਤੇ ਭਾਰਤੀ ਸੰਵਿਧਾਨ ਦਾ ਮੁੱਢਲਾ ਲੇਖਕ ਡਾ. ਭੀਮਰਾਓ ਅੰਬੇਦਕਰ, ਸ੍ਰੀ ਰਾਮਚੰਦਰ ਜੀ ਦੇ ਉਪਰੋਕਤ ਵਰਤਾਰੇ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੂੰ ਇੱਕ ਆਦਰਸ਼ਕ ਰਾਜੇ ਦੇ ਰੂਪ ਵਿੱਚ ਨਹੀਂ ਵੇਖਦੇ। ਅਚਾਰੀਆ ਰਜਨੀਸ਼ ਤਾਂ ਸਪਸ਼ਟ ਆਖਦਾ ਹੈ ਕਿ ਸ੍ਰੀ ਰਾਮ ਦੇ ਰਾਜ ਵਿੱਚ ਇਸਤ੍ਰੀਆਂ ਤੇ ਪੁਰਸ਼; ਪਸ਼ੂਆਂ ਵਾਂਗ ਮੰਡੀਆਂ ਵਿੱਚ ਵਿਕਦੇ ਸਨ ਅਤੇ ਵਿਭਚਾਰ ਸਿੱਖਰਾਂ ’ਤੇ ਸੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਰਾਜ ਦੇ ਆਮ ਲੋਕ ਗ਼ਰੀਬ ਸਨ। ‘ਹਿੰਦੂ ਇਜ਼ਮ ਧਰਮ ਜਾਂ ਕਲੰਕ’ ਪੁਸਤਕ ਦੇ ਲੇਖਕ ਐੱਲ. ਆਰ. ਬਾਲੀ ਨੇ ‘ਬਾਲਮੀਕੀ ਰਮਾਇਣ’ ਦੇ ਪ੍ਰਮਾਣਾਂ ਸਹਿਤ ਲਿਖਿਆ ਹੈ ਕਿ ਸ਼੍ਰੀ ਰਾਮਚੰਦ੍ਰ ਜੀ ਵੱਲੋਂ ਆਪਣੀ ਗਰਭਵਤੀ ਪਤਨੀ ਸੀਤਾ ਨੂੰ ਘਰੋਂ ਕੱਢ ਕੇ ਘਣੇ ਜੰਗਲ ਵਿੱਚ ਛੱਡਣ ਵਰਗਾ ਕਰੂਰ ਕਰਮ ਅਤੇ ਆਪਣੇ ਰਾਜ ਰਿਖੀ ਸ੍ਰੀ ਵਿਸਿਸ਼ਟ ਦੇ ਆਦੇਸ਼ ਮੁਤਾਬਕ ਮਨੂੰ-ਸਿਮ੍ਰਤੀ ਨੂੰ ਆਧਾਰ ਬਣਾ ਕੇ ਬੰਦਗੀ ਕਰ ਰਹੇ ਸ਼ੂਦਰ ਰਿਸ਼ੀ ਸ਼ੰਭੂਕ ਨੂੰ ਕਤਲ ਕਰਨਾ, ਅਜਿਹੇ ਘੋਰ ਅਨਿਆਈ ਜ਼ੁਲਮ ਹਨ; ਜਿਹੜੇ ਰਾਮ-ਰਾਜ ਲਈ ਸਦਾ ਵਾਸਤੇ ਕਲੰਕ ਮੰਨੇ ਜਾਣਗੇ, ਭਾਵੇਂ ਕਿ ਅਜਿਹੇ ਕਾਰਜਾਂ ਕਰਕੇ ਸਮਕਾਲੀ ਬ੍ਰਾਹਮਣਾਂ ਨੇ ਸ਼੍ਰੀ ਰਾਮ ਨੂੰ ਮਰਯਾਦਾ ਪ੍ਰਸ਼ੋਤਮ ਦਾ ਦਰਜਾ ਦਿੱਤਾ ਹੈ।

ਪ੍ਰੰਤੂ ਜਿਸ ਰਾਮ-ਰਾਜ ਦੀ ਪੱਕੀ ਨੀਂਹ ਗੁਰੂ ਨਾਨਕ ਪਾਤਿਸ਼ਾਹ ਹੀ ਨੇ ਆਪ ਰੱਖੀ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਉਸ ਨੂੰ ‘ਰਾਮ-ਰਾਜ’ (ਰੂਹਾਨੀ-ਰਾਜ) ਤੋਂ ਇਲਾਵਾ ‘ਹਲੇਮੀ-ਰਾਜ’ (ਨਿਮ੍ਰਤਾ ਦਾ ਰਾਜ) ਦਾ ਨਾਂ ਦਿੱਤਾ ਹੈ। ਕਾਰਨ ਹਨ ਕਿ ਇੱਕ ਤਾਂ ਇਸ ਰਾਜ ਵਿੱਚ ਸਾਰੇ ਜੀਆਂ ਪ੍ਰਤੀ ਸਮਦ੍ਰਿਸ਼ਟ, ਗ਼ਰੀਬ-ਨਿਵਾਜ਼ ਤੇ ਮਿਹਰਵਾਨ-ਪ੍ਰਭੂ ਜੀ ਦਾ ਹੁਕਮ ਚੱਲਦਾ ਹੈ, ਜਿਸ ਅਧੀਨ ਸ਼੍ਰੀ ਰਾਮ ਵਾਂਗ ਸੀਤਾ ਵਰਗੀ ਪਤੀਵ੍ਰਤ ਤੇ ਗਰਭਵਤੀ ਔਰਤ ਨੂੰ ਘਰੋਂ ਕੱਢਣ ਅਤੇ ਬਿਨਾਂ ਕਿਸੇ ਅਪਰਾਧ ਦੇ ਸ਼ੰਭੂਕ ਵਰਗੇ ਭਗਤ ਵਿਅਕਤੀ ਦਾ ਕਤਲ ਕਰਨ ਵਰਗੀ ਧੱਕੇਸ਼ਾਹੀ ਹੋਣੀ ਅਸੰਭਵ ਹੈ। ਦੂਜੇ, ‘‘ਤਖਤਿ ਬਹੈ; ਤਖਤੈ ਕੀ ਲਾਇਕ ’’ (ਮਹਲਾ /੧੦੩੯) ਅਤੇ ‘‘ਹਰਿ ਵਰਤੈ ਧਰਮ ਨਿਆਏ ’’ (ਮਹਲਾ /੫੪੨) ਵਰਗੀ ਵਿਤਕਰੇ ਰਹਿਤ ਨਿਆ-ਪ੍ਰਨਾਲੀ ਹੋਣ ਕਰਕੇ ਸਾਰੀ ਪਰਜਾ ਸੁਖੀ ਵੱਸਦੀ ਹੈ। ਕਿਸੇ ਨੂੰ ਕੋਈ ਰਞਾਣਦਾ ਨਹੀਂ ਭਾਵ ਧੱਕੇ ਨਾਲ ਦੁਖੀ ਨਹੀਂ ਕਰਦਾ। ਪਾਵਨ ਗੁਰ ਵਾਕ ਹੈ : ‘‘ਹੁਣਿ ਹੁਕਮੁ ਹੋਆ ਮਿਹਰਵਾਣ ਦਾ   ਪੈ ਕੋਇ ਕਿਸੈ ਰਞਾਣਦਾ   ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ’’ (ਮਹਲਾ /੭੪)

ਭਗਤ ਰਵਿਦਾਸ ਜੀ ਨੇ ਇਸ ਹਲੇਮੀ ਭਰਪੂਰ ਰੂਹਾਨੀ ਰਾਮ-ਰਾਜ ਨੂੰ ‘ਬੇਗ਼ਮ ਪੁਰਾ’ ਨਾਂ ਦਿੱਤਾ ਹੈ; ਕਿਉਂਕਿ ਉੱਥੋਂ ਦੇ ਕਿਸੇ ਸ਼ਹਰੀ ਨੂੰ ਕੋਈ ਦੁੱਖ ਤੇ ਚਿੰਤਾ ਆਦਿਕ ਨਹੀਂ ਵਾਪਰਦੀ। ਉੱਥੇ ਤ੍ਰੇਤਾਯੁਗੀ ਰਾਮ-ਰਾਜ ਵਾਲੇ ਸ਼ੰਭੂਕ ਰਿਖੀ ਵਰਗਾ ਕੋਈ ਦੂਜੇ ਤਾਂ ਤੀਜੇ ਦਰਜੇ ਦਾ ਨਾਗਰਿਕ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਉਸ ਪਾਤਿਸ਼ਾਹੀ ਦੇ ਖੁੱਸਣ ਦਾ ਵੀ ਕੋਈ ਡਰ ਨਹੀਂ ਰਹਿੰਦਾ। ਭਗਤ ਜੀ ਦਾ ਉਹ ਰੂਹਾਨੀ-ਕਥਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਇਉਂ ਅੰਕਿਤ ਹੈ, ‘‘ਬੇਗਮ ਪੁਰਾ; ਸਹਰ ਕੋ ਨਾਉ   ਦੂਖੁ ਅੰਦੋਹੁ ਨਹੀ; ਤਿਹਿ ਠਾਉ ਕਾਇਮੁ ਦਾਇਮੁ ਸਦਾ ਪਾਤਿਸਾਹੀ   ਦੋਮ ਸੇਮ; ਏਕ ਸੋ ਆਹੀ ’’ (ਭਗਤ ਰਵਿਦਾਸ/੩੪੫) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਨੇ ਉਪਰੋਕਤ ਕਿਸਮ ਦੇ ਸ਼ਬਦਾਂ ਵਿੱਚ ਭਾਵੇਂ ਪ੍ਰਭੂ-ਮਿਲਾਪ ਦੀ ਆਤਮਕ ਅਵਸਥਾ ਦਾ ਵਰਣਨ ਕੀਤਾ ਹੈ, ਪਰ ਅਸਲ ਵਿੱਚ ਉਹ ਪ੍ਰਗਟਾਵਾ ਹੈ ਤਾਂ ਰਮਤ-ਰਾਮ ਦੇ ਸਰਬ-ਦੇਸ਼ੀ, ਸਰਬ-ਕਾਲੀ ਤੇ ਸਰਬ ਸਾਂਝੇ ਰੂਹਾਨੀ-ਵਿਧਾਨ ਦਾ, ਜਿਸ ਦਾ ਸਭ ਤੋਂ ਉੱਤਮ ਤੇ ਸ੍ਰੇਸ਼ਟ ਪ੍ਰਮਾਣ ਹੈ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਬਣਤਰ ਅਤੇ ਗੁਰੂ-ਦਰਬਾਰ ਵਿਖੇ ਇੱਕੋ ਚੰਦੋਏ, ਇੱਕੋ ਤਖ਼ਤ ’ਤੇ ਇੱਕੋ ਚਵਰ ਹੇਠਾਂ ਸਮੂਹ ਬਾਣੀਕਾਰਾਂ ਦਾ ਇੱਕ ਸਮਾਨ ਸਤਿਕਾਰ, ਜਿਹੜਾ ਤ੍ਰੇਤਾਯੁਗੀ ਪੌਰਾਣਿਕ ਰਾਮ-ਰਾਜ ਵਿੱਚ ਭਾਲਿਆਂ ਭੀ ਨਹੀਂ ਲੱਭਦਾ। ਇਹ ਫ਼ੈਸਲਾ ਹੁਣ ਦੇਸ਼ ਵਾਸੀਆਂ ਨੇ ਕਰਨਾ ਹੈ ਕਿ ਉਹ ਗੁਰਮਤੀ ਰਾਮ-ਰਾਜ ਚਾਹੁੰਦੇ ਹਨ ਜਾਂ ਪੌਰਾਣਿਕ-ਮੱਤੀ ਰਾਮ-ਰਾਜ।

ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ

0

ਸ. ਹਰਜਿੰਦਰ ਸਿੰਘ ਧਾਮੀ ਜੀ,

ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,

ਸ਼੍ਰੀ ਅੰਮ੍ਰਿਤਸਰ ਸਾਹਿਬ। 

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ। 

ਵਿਸ਼ਾ :- ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 

ਸਤਿਕਾਰ ਯੋਗ ਪ੍ਰਧਾਨ ਜੀ ! ਬੇਨਤੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬ ਸਾਈਟ ਮੁਤਾਬਕ, ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ੧੯ ਵੈਸਾਖ, ਵੈਸਾਖ ਵਦੀ ੭ ਸੰਮਤ ੧੬੨੦ ਬਿਕ੍ਰਮੀ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ। ਅੰਗਰੇਜੀ ਰਾਜ ਵੇਲੇ, ਜਦੋਂ ਅੰਗਰੇਜੀ ਤਾਰੀਖਾਂ ਲਿਖਣ ਦਾ ਰਿਵਾਜ ਪਿਆ ਤਾਂ ਇਹ ਤਾਰੀਖ, 15 ਅਪ੍ਰੈਲ 1563 ਈ: (ਜੂਲੀਅਨ) ਲਿਖੀ ਗਈ।  

“Sri Guru Arjan Dev ji, the youngest son of Sri Guru Ramdas ji and Mata Bhani ji, was born at Goindwal Shaib on Vaisakh Vadi 7th 19 Vaisakh Samvat 1620 (April 15, 1563)”. (sgpc.net)

ਸਿੱਖ ਇਤਿਹਾਸ ਦੀਆਂ ਕਈ ਤਾਰੀਖਾਂ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ, ਪਰ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ ੧੯ ਵੈਸਾਖ, ਵੈਸਾਖ ਵਦੀ ੭ ਸੰਮਤ ੧੬੨੦ ਬਿਕ੍ਰਮੀ ਸਬੰਧੀ ਕੋਈ ਮਤਭੇਦ ਨਹੀਂ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ੧੯ ਵੈਸਾਖ ਦਾ ਹੀ ਦਰਜ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਛਾਪੇ ਜਾਂਦੇ ਸੂਰਜੀ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਵਿੱਚ, ਇਸ ਸਾਲ ਇਹ ਦਿਹਾੜਾ ੧੮ ਵੈਸਾਖ (30 ਅਪ੍ਰੈਲ) ਦਿਨ ਮੰਗਲਵਾਰ ਦਾ ਦਰਜ ਹੈ। ਪਿਛਲੇ ਸਾਲ ਦੇ ਕੈਲੰਡਰ ਵਿੱਚ ਇਹ ਦਿਹਾੜਾ ੩੦ ਚੇਤ (12 ਅਪ੍ਰੈਲ) ਦਾ ਦਰਜ ਸੀ ਜਦੋਂ ਕਿ ਕੈਲੰਡਰ ਹਰ ਸਾਲ ੧ ਚੇਤ ਤੋਂ ਹੀ ਆਰੰਭ ਹੁੰਦਾ ਹੈ। ਸੂਰਜੀ ਸਾਲ ਵਿੱਚ 365 ਦਿਨ ਹੁੰਦੇ ਹਨ। ਹਰ ਸਾਲ ਹਰ ਦਿਹਾੜਾ ਮੁੜ ਉਸੇ ਪ੍ਰਵਿਸ਼ਟੇ ਨੂੰ ਆਉਂਦਾ ਹੈ। ਇਸ ਸਾਲ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 383 ਦਿਨਾਂ ਪਿਛੋਂ ਆ ਰਿਹਾ ਹੈ। ਅਜਿਹਾ ਕਿਉਂ ? 

ਇਸ ਦਾ ਕਾਰਨ ਇਹ ਹੈ ਕਿ ਸ੍ਰੋਮਣੀ ਕਮੇਟੀ ਵੱਲੋਂ ਇਹ ਦਿਹਾੜਾ ਮਨਾਇਆ ਤਾਂ ਚੰਦ ਦੇ ਕੈਲੰਡਰ ਮੁਤਾਬਕ, ਵੈਸਾਖ ਵਦੀ ੭ ਨੂੰ ਜਾਂਦਾ ਹੈ, ਪਰ ਦਰਜ ਸੂਰਜੀ ਕੈਲੰਡਰ (ਪ੍ਰਵਿਸ਼ਟਿਆਂ) ਮੁਤਾਬਕ ਕੀਤਾ ਜਾਂਦਾ ਹੈ। ਚੰਦ ਦੇ ਸਾਲ ਵਿਚ 354 ਦਿਨ ਹੁੰਦੇ ਹਨ। ਸਧਾਰਨ ਸਾਲ ਵਿੱਚ ਤਾਂ ਵੈਸਾਖ ਵਦੀ ੭, 354 ਦਿਨਾਂ ਪਿਛੋਂ ਆਉਂਦੀ ਹੈ, ਪਰ ਜਦੋਂ ਚੰਦ ਦੇ ਸਾਲ ਵਿੱਚ ਮਲਮਾਸ ਆ ਜਾਵੇ ਤਾਂ ਸਾਲ ਦੇ ਦਿਨ 383-384 ਹੋ ਜਾਂਦੇ ਹਨ। 

ਪ੍ਰਧਾਨ ਜੀ ! ਕੀ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਕੈਲੰਡਰ ਤਾਂ ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਛਾਪਿਆ ਜਾਂਦਾ ਹੈ, ਪਰ ਦਿਹਾੜੇ ਵਦੀ-ਸੁਦੀ ਮੁਤਾਬਕ, ਹਰ ਸਾਲ ਬਦਲਵੇਂ ਪ੍ਰਵਿਸ਼ਟੇ ਨੂੰ ਦਰਜ ਕੀਤੇ ਜਾਂਦੇ ਹਨ ? ਸੂਰਜੀ ਕੈਲੰਡਰ ਮੁਤਾਬਕ ਹਰ ਸਾਲ ਜੇ ਵੈਸਾਖੀ; ੧ ਵੈਸਾਖ ਨੂੰ ਮਨਾਈ ਜਾ ਸਕਦੀ ਹੈ ਤਾਂ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ੧੯ ਵੈਸਾਖ ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ ? ਜੇ ਕੁਝ ਦਿਹਾੜੇ ਵਦੀ-ਸੁਦੀ ਮੁਤਾਬਕ ਅਤੇ ਕੁਝ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ ਮਨਾਉਣੇ, ਸ਼੍ਰੋਮਣੀ ਕਮੇਟੀ ਦੀ ਕੋਈ ਮਜ਼ਬੂਰੀ ਹੈ ਤਾਂ ਕੈਲੰਡਰ ਵੀ ਉਸੇ ਅਨੁਸਾਰ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਕਿਉਂ ਨਹੀਂ ਛਾਪਿਆ ਜਾਂਦਾ ? ਸ਼੍ਰੋਮਣੀ ਕਮੇਟੀ, ਇਤਿਹਾਸਿਕ ਦਿਹਾੜਿਆਂ ਦੀਆਂ ਤਾਰੀਖਾਂ ਸਬੰਧੀ ਦੁਬਿਧਾ, ਕਿਉਂ ਪਾਈ ਰੱਖਣਾ ਚਾਹੁੰਦੀ ਹੈ ? 

ਪ੍ਰਧਾਨ ਜੀ ! ਹੈਰਾਨੀ ਤਾਂ ਉਦੋਂ ਹੋਈ ਜਦੋਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦਾ ਪ੍ਰਵਿਸ਼ਟਾ ਭਾਵ ੧੮ ਵੈਸਾਖ (30 ਅਪ੍ਰੈਲ) ਮੁਤਾਬਕ ਜੰਤਰੀਆਂ ਵਿੱਚ ਚੰਦ ਦੀ ਤਿੱਥ ਵੇਖੀ  !

ਜੋ ‘ਅਸਲੀ ਤਿਥ ਪਤ੍ਰਿਕਾ’ (ਪੰਡਿਤ ਦੇਵੀ ਦਿਆਲ ਜੀ) ਮੁਤਾਬਕ ਤਾਂ ੧੮ ਵੈਸਾਖ (30 ਅਪ੍ਰੈਲ) ਦਿਨ ਮੰਗਲਵਾਰ ਨੂੰ ਵੈਸਾਖ ਵਦੀ ੬ ਹੈ। (ਪੰਨਾ ੪੨) ਸ਼੍ਰੋਮਣੀ ਕਮੇਟੀ ਇਸ ਸਾਲ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ, ਵੈਸਾਖ ਵਦੀ ੬, ੧੮ ਵੈਸਾਖ (30 ਅਪ੍ਰੈਲ) ਦਿਨ ਮੰਗਲਵਾਰ ਨੂੰ ਮਨਾ ਰਹੀ ਹੈ। ‘ਵਪਾਰ ਆਲਮ ਬਿਕ੍ਰਮੀ ਤਿਥ ਪੱਤ੍ਰਿਕਾ’ (ਜੋਤਸ਼ੀ ਪ੍ਰਤਾਪ ਸਿੰਘ ਜੀ ਗਿਆਨੀ) ਮੁਤਾਬਕ ਵੈਸਾਖ ਵਦੀ ੭ ਤਾਂ ੧੯ ਵੈਸਾਖ, 1 ਮਈ ਦਿਨ ਬੁੱਧਵਾਰ ਨੂੰ ਹੈ।

ਪ੍ਰਧਾਨ ਜੀ ! ਕੀ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਸਾਲ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅਸਲ ਤਿੱਥ, ਵੈਸਾਖ ਵਦੀ ੭ (੧੯ ਵੈਸਾਖ, 1 ਮਈ) ਦਿਨ ਬੁੱਧਵਾਰ ਦੀ ਬਜਾਇ ਵੈਸਾਖ ਵਦੀ ੬ (੧੮ ਵੈਸਾਖ, 30 ਅਪ੍ਰੈਲ) ਦਿਨ ਮੰਗਲਵਾਰ ਨੂੰ ਮਨਾ ਰਹੀ ਹੈ ? 

ਸ. ਹਰਜਿੰਦਰ ਸਿੰਘ ਧਾਮੀ ਜੀ ! ਨਿਮਰਤਾ ਸਹਿਤ ਬੇਨਤੀ ਹੈ ਕਿ ਹੇਠ ਲਿਖੀ ਜਾਣਕਾਰੀ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ। 

1 . ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਇਸ ਸਾਲ ਵੈਸਾਖ ਵਦੀ ੭ ਦੀ ਬਜਾਇ, ਵੈਸਾਖ ਵਦੀ ੬ ਨੂੰ ਕਿਉਂ ਮਨਾਇਆ ਜਾ ਰਿਹਾ ਹੈ ?

  1. ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਸੂਰਜੀ ਕੈਲੰਡਰ ਛਾਪਿਆ ਜਾਂਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਅਸਲ ਸੂਰਜੀ ਪ੍ਰਵਿਸ਼ਟੇ ਭਾਵ ੧੯ ਵੈਸਾਖ ਨੂੰ ਕਿਉਂ ਨਹੀਂ ਮਨਾਇਆ ਜਾਂਦਾ ?
  2. ਜੇ ਇਤਿਹਾਸਿਕ ਦਿਹਾੜੇ ਵਦੀ-ਸੁਦੀ ਮੁਤਾਬਕ ਮਨਾਉਣੇ ਹਨ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਕਿਉਂ ਨਹੀਂ ਛਾਪਿਆ ਜਾਂਦਾ ? ਧੰਨਵਾਦ।

ਸਤਿਕਾਰ ਸਹਿਤ ਸਰਵਜੀਤ ਸਿੰਘ ਸੈਕਰਾਮੈਂਟੋ ੧੨ ਵੈਸਾਖ, ਨਾ: ਸੰ: ੫੫੬ (25 ਅਪ੍ਰੈਲ 2024 ਈ:)

Most Viewed Posts