ਸਵਾਲ ਜਵਾਬ (5-2024)

0
19

ਸਵਾਲ ਜਵਾਬ (5-2024)

ਸਵਾਲ : ਕਿਹਾ ਜਾਂਦਾ ਹੈ ਕਿ ਭਗਤ ਰਵਿਦਾਸ ਜੀ ਦੀ ਭੇਟਾ ਕੀਤੀ ਦਮੜੀ ਮਾਤਾ ਗੰਗਾ (ਨਦੀ) ਨੇ ਹੱਥ ਕੱਢ ਕੇ ਲੈ ਲਈ ਸੀ । ਇਸ ਦੀ ਪੁਸ਼ਟੀ ਵਿਚ ਕਈ ਪ੍ਰਚਾਰਕ ਭਾਈ ਗੁਰਦਾਸ ਜੀ ਦੀ ਤੁਕ ‘‘ਕਢਿ ਕਸੀਰਾ ਸਉਪਿਆ ਰਵਿਦਾਸੈ ਗੰਗਾ ਦੀ ਭੇਟਾ’’ ਬੋਲ ਕੇ ਸੁਣਾਂਦੇ ਹਨ । ਕੀ ਇੰਝ ਸੱਚ ਮੁੱਚ ਹੋਇਆ ਸੀ ?

ਜਵਾਬ : ਭਗਤਾਂ ਦੇ ਜੀਵਨ ਬਾਰੇ ਕਈ ਮਨਘੜਤ ਸਾਖੀਆਂ ਪ੍ਰਚਲਿਤ ਹਨ, ਜਿਹੜੀਆਂ ਪੁਰਾਣੇ ਸਮਿਆਂ ਵਿਚ ਭਗਤਾਂ ਦੀ ਮਹਾਨਤਾ ਨੂੰ ਪ੍ਰਗਟਾਉਣ ਬਾਰੇ ਸੁਣਾਈਆਂ ਜਾਂਦੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਭਗਤਾਂ ਦੀ ਬਾਣੀ ਦਰਜ ਹੈ, ਉਹ ਸਭ ਅਕਾਲ ਪੁਰਖ ਨਾਲ ਜੁੜੇ ਹੋਏ ਸਨ ਅਤੇ ਬ੍ਰਹਮ-ਗਿਆਨ ਦੇ ਮਾਲਕ ਸਨ। ਉਨ੍ਹਾਂ ਦਾ ਜੀਵਨ ਵੀ ਦੈਵੀ ਅਤੇ ਨੈਤਿਕ ਗੁਣਾਂ ਨਾਲ ਭਰਪੂਰ ਅਤੇ ਲੋਕ-ਸੇਵਾ ਵਾਲਾ ਸੀ। ਇਹ ਹੀ ਅਸਲ ਵਿਚ ਉਨ੍ਹਾਂ ਦੀ ਮਹਾਨਤਾ ਸੀ। ਗੰਗਾ ਇਕ ਨਦੀ ਹੈ, ਜਿਵੇਂ ਸਤਲੁਜ, ਬਿਆਸ ਆਦਿਕ ਹੋਰ ਨਦੀਆਂ ਹਨ; ਉਹ ਕੋਈ ਮਾਤਾ ਜਾਂ ਦੇਵੀ ਨਹੀਂ ਹੈ। ਉਸ ਦਾ ਕੋਈ ਮਨੁੱਖੀ ਆਕਾਰ ਵੀ ਨਹੀਂ। ਇਸ ਲਈ ਉਹ ਹੱਥ ਨਾਲ ਕੋਈ ਚੀਜ਼ ਫੜ ਨਹੀਂ ਸਕਦੀ।

ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ ਵਿਚ ਭਗਤਾਂ ਦੇ ਜੀਵਨ ਨਾਲ਼ ਸੰਬੰਧਿਤ ਲੋਕਾਂ ਵਿਚ ਪ੍ਰਚਲਿਤ ਘਟਨਾਵਾਂ ਦਾ ਜ਼ਿਕਰ ਕਰਕੇ (ਪਉੜੀ ਦੀ ਅੰਤਲੀ ਤੁਕ ਵਿਚ) ਕੋਈ ਨਾ ਕੋਈ ਗੁਰਮਤਿ ਸਿਧਾਂਤ ਸਮਝਾਇਆ ਹੈ। ਇਸ ਵਾਰ ਦੀ 17ਵੀਂ ਪਉੜੀ, ਭਗਤ ਰਵਿਦਾਸ ਜੀ ਨਾਲ਼ ਸੰਬੰਧਿਤ ਹੈ। ਜਿਸ ਦੀ ਆਖਰੀ ਤੁਕ ਹੈ, ‘‘ਭਗਤ ਜਨਾਂ ਹਰਿ ਮਾਂ ਪਿਉ ਬੇਟਾ ’’ ਇਸ ਦਾ ਅਰਥ ਹੈ ਕਿ ਭਗਤਾਂ (ਗੁਰਮੁਖਾਂ) ਦਾ ਮਾਤਾ, ਪਿਤਾ, ਪੁੱਤਰ ਭਾਵ ਕਿ ਸਾਰਾ ਪਰਵਾਰ ਹੀ ਅਕਾਲ ਪੁਰਖ (ਹਰਿ) ਹੈ। ਭਗਤ ਉਸੇ ਉੱਪਰ ਭਰੋਸਾ ਰੱਖਦੇ ਹਨ। ਅਸੀਂ ਇਹੀ ਸਮਝ ਕੇ ਪ੍ਰਭੂ ਨਾਲ ਸਾਂਝ ਪਾਉਣੀ ਹੈ। ਬਾਕੀ ਮਿਥਿਹਾਸਕ ਕਹਾਣੀਆਂ ਵੱਲ ਧਿਆਨ ਨਹੀਂ ਦੇਣਾ।

ਸਵਾਲ : ਸਾਡੇ ਪਿੰਡ ਵਿਚ ਇਕ ਮੋਨੀ ਬਾਬਾ ਹੈ, ਜਿਸ ਦੀ ਲੋਕ ਬੜੀ ਮਹਾਨਤਾ ਦੱਸ ਰਹੇ ਹਨ। ਕੀ ਇਹ ਠੀਕ ਹੈ  ?

ਜਵਾਬ : ਹਠ ਨਾਲ ਮੌਨ ਵਰਤ ਧਾਰਨਾ ਭਾਵ ਕਰਤਾਰ ਦੀ ਦਿੱਤੀ ਰਸਨਾ ਨੂੰ ਯੋਗ ਤਰੀਕੇ ਨਾਲ ਨਾ ਵਰਤਣਾ ਗੁਰਮਤਿ ਵਿਚ ਨਿੰਦਿਤ ਹੈ। ਗੁਰਮਤਿ ਵਿਚ ਥੋੜ੍ਹਾ ਬੋਲਣਾ ਅਤੇ ਮੂਰਖਾਂ ਨਾਲ ਬੋਲਣੋਂ ਸੰਕੋਚ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ। ਮੋਨੀ ਬਾਬਿਆਂ ਲਈ ਬਚਨ ਹਨ, ‘‘ਬੋਲੈ ਨਾਹੀ, ਹੋਇ ਬੈਠਾ ਮੋਨੀ ਅੰਤਰਿ ਕਲਪ ਭਵਾਈਐ ਜੋਨੀ ’’ ( ਮਹਲਾ /੧੩੪੮)

ਸਵਾਲ : ਗੁਰਬਾਣੀ ਪੜ੍ਹਨ ਵਾਲੇ ਕਈ ਸਿੱਖ ਵੀ ਤਿਥਿ-ਵਾਰ-ਮਹੀਨਾ-ਮਹੂਰਤ ਆਦਿ ਨੂੰ ਚੰਗਾ ਮੰਦਾ ਸਮਝਦੇ ਹਨ, ਉਨ੍ਹਾਂ ਨੂੰ ਕਿਵੇਂ ਸਮਝਾਇਆ ਜਾਵੇ ?

ਜਵਾਬ : ਸਿੱਖ ਧਰਮ ਵਿਚ ਤਿਥਿ, ਵਾਰ, ਮਹੀਨਾ, ਮੁਹੂਰਤ ਆਦਿ ਦਾ ਸ਼ੁੱਭ ਅਸ਼ੁੱਭ ਫਲ ਮੰਨ ਕੇ ਭ੍ਰਮ ਜਾਲ ’ਚ ਪੈਣਾ ਗੁਰਮਤਿ ਵਿਰੁੱਧ ਹੈ। ਜੇ ਸਿੱਖ ਕਿਸੇ ਵਾਰ ਨੂੰ ਚੰਗਾ, ਕਿਸੇ ਨੂੰ ਮੰਦਾ, ਕਿਸੇ ਤਿਥਿ ਨੂੰ ਲਾਭ ਦੇਣ ਵਾਲੀ, ਕਿਸੇ ਨੂੰ ਹਾਨੀਕਾਰਕ, ਕਿਸੇ ਮਹੀਨੇ ਨੂੰ ਸੁਖਦਾਈ, ਕਿਸੇ ਨੂੰ ਦੁਖਦਾਈ ਮੰਨਦਾ ਹੈ ਤਾਂ ਇਹ, ਗੁਰਬਾਣੀ ਦੇ ਉਪਦੇਸ਼ਾਂ ਦੇ ਉਲ਼ਟ ਚਲਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ, ‘‘ਥਿਤੀ ਵਾਰ ਸਭਿ; ਸਬਦਿ ਸੁਹਾਏ   ਸਤਿਗੁਰੁ ਸੇਵੇ; ਤਾ ਫਲੁ ਪਾਏ   ਥਿਤੀ ਵਾਰ ਸਭਿ; ਆਵਹਿ ਜਾਹਿ   ਗੁਰ ਸਬਦੁ ਨਿਹਚਲੁ; ਸਦਾ ਸਚਿ ਸਮਾਹਿ   ਥਿਤੀ ਵਾਰ ਤਾ; ਜਾ ਸਚਿ ਰਾਤੇ   ਬਿਨੁ ਨਾਵੈ; ਸਭਿ ਭਰਮਹਿ ਕਾਚੇ (ਮਹਲਾ /੮੪੨), ਆਪੇ ਪੂਰਾ ਕਰੇ; ਸੁ ਹੋਇ   ਏਹਿ ਥਿਤੀ ਵਾਰ; ਦੂਜਾ ਦੋਇ   ਸਤਿਗੁਰ ਬਾਝਹੁ; ਅੰਧੁ ਗੁਬਾਰੁ   ਥਿਤੀ ਵਾਰ ਸੇਵਹਿ; ਮੁਗਧ ਗਵਾਰ   ਨਾਨਕ  ! ਗੁਰਮੁਖਿ ਬੂਝੈ ਸੋਝੀ ਪਾਇ   ਇਕਤੁ ਨਾਮਿ; ਸਦਾ ਰਹਿਆ ਸਮਾਇ ੧੦’’ (ਮਹਲਾ /੮੪੩)

ਸਵਾਲ : ਗੁਰਬਾਣੀ ਦੇ ਸ਼ਬਦਾਂ ਵਿਚ ਆਏ ਸ਼ਬਦ ‘ਰਹਾਉ’ ਦਾ ਅਰਥ ਕੀ ਹੈ  ?

ਜਵਾਬ : ਗੁਰਬਾਣੀ ਦੇ ਕਿਸੇ ਸ਼ਬਦ ’ਚ ਜੇਕਰ 4 ਬੰਦ ਹਨ ਤਾਂ ਇੱਕ ‘ਰਹਾਉ’ ਬੰਦ ਵੱਖਰਾ ਹੁੰਦਾ ਹੈ, ਜੋ ਪੂਰੇ ਸ਼ਬਦ ਦੇ ਵਿਸ਼ੇ ਦਾ ਕੇਂਦਰੀ ਭਾਵ ਹੁੰਦਾ ਹੈ ਯਾਨੀ ਰਹਾਉ ਵਿੱਚ ਪੂਰੇ ਸ਼ਬਦ ਦਾ ਤਤਸਾਰ/ਨਿਚੋੜ ਹੁੰਦਾ ਹੈ। ਰਹਾਉ ਦੇ ਅੱਖਰੀ ਅਰਥ ਹਨ-ਠਹਿਰੋ ਭਾਵ ਜੇ ਸ਼ਬਦ ਨੂੰ ਸਮਝਣਾ ਹੈ ਤਾਂ ਰਹਾਉ ਵਾਲੇ ਬੰਦ ਨੂੰ ਪਹਿਲਾਂ ਵਿਚਾਰੋ। ਸ਼ਬਦ ਦੇ ਬੰਦਾਂ ਦੇ ਅੰਦਰ ਆਮ ਤੌਰ ’ਤੇ ਰਹਾਉ ਦੀਆਂ ਤੁਕਾ ਵਾਲੇ ਬੰਦ ਦਾ ਸੁਤੰਤਰ ਅੰਕ ੧ ਦਿੱਤਾ ਗਿਆ ਹੁੰਦਾ ਹੈ। ਕੀਰਤਨ ਜਾਂ ਕਥਾ ਕਰਨ ਸਮੇਂ ਇਸ ‘ਰਹਾਉ’ ਦੇ ਬੰਦ ਨੂੰ ਟੇਕ ਬਣਾਉਣਾ ਗੁਰਮਤਿ ਅਨੁਸਾਰ ਵਿਧਾਨ ਹੈ। ਜੋ ਵੀ ਪ੍ਰਮਾਣ ਦਿੱਤੇ ਜਾਣ ਜਾਂ ਵਿਆਖਿਆ ਕੀਤੀ ਜਾਏ, ਉਹ ‘ਰਹਾਉ’ ਦੀਆਂ ਤੁਕਾਂ ਨੂੰ ਆਧਾਰ ਮੰਨ ਕੇ ਹੀ ਹੋਣੀ ਚਾਹੀਦੀ ਹੈ। ਸਾਡੇ ਪ੍ਰਚਾਰਕ ਤੇ ਕੀਰਤਨੀ ਸਿੰਘ ਇਸ ਪੱਖੋਂ ਬਹੁਤ ਕੁਤਾਹੀ ਕਰ ਰਹੇ ਹਨ। ਰਾਗੀ ਸਿੰਘ ਸ਼ਬਦ ਦੀਆਂ ਪਹਿਲੀਆਂ ਜਾਂ ਅਖੀਰਲੀਆਂ ਜਾਂ ਵਿਚਕਾਰਲੀਆਂ ਭਾਵ ਮਨ ਮਰਜ਼ੀ ਦੀਆਂ ਤੁਕਾ ਚੁਣ ਕੇ ਉਨ੍ਹਾਂ ਨੂੰ ਟੇਕ ਬਣਾ ਕੇ ਕੀਰਤਨ ਕਰਦੇ ਤੇ ਪ੍ਰਮਾਣ ਦਿੰਦੇ ਵੇਖੇ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਸ਼ਬਦ ਦਾ ਕੇਂਦਰੀ ਭਾਵ ਇਨ੍ਹਾਂ ਬਹੁਤੇ ਪ੍ਰਮਾਣਾਂ ਵਿੱਚ ਹੀ ਅਲੋਪ ਹੋ ਜਾਂਦਾ ਹੈ ਤੇ ਵਿਸ਼ਾ ਹੋਰ ਪਾਸੇ ਤੁਰ ਜਾਂਦਾ ਹੈ। ਐਸਾ ਕਰਨਾ ਗੁਰਮਤਿ ਮਰਯਾਦਾ ਅਨੁਸਾਰ ਠੀਕ ਨਹੀਂ। ਜਿਨ੍ਹਾਂ ਸ਼ਬਦਾਂ ਵਿਚ ‘ਰਹਾਉ’ ਦੀਆਂ ਤੁਕਾਂ ਬਾਰੇ ਸੰਕੇਤ ਨਹੀਂ ਦਿੱਤਾ ਹੁੰਦਾ, ਜਿਵੇਂ ਕਿ ਛੰਤ ਅਤੇ ਪਉੜੀਆਂ ਆਦਿ ਤਾਂ ਉਨ੍ਹਾਂ ਸ਼ਬਦਾਂ ਦੀਆਂ ਅਖੀਰਲੀਆਂ ਤੁਕਾਂ ਵਿਚ ਆਮ ਤੌਰ ’ਤੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਲੰਮੇਰੀਆਂ ਬਾਣੀਆਂ ਵਿਚ, ਜਿਵੇਂ ਕਿ ਸੁਖਮਨੀ ਸਾਹਿਬ ਆਦਿ ਵਿਚ ਜੇ ‘ਰਹਾਉ’ ਦੀਆਂ ਤੁਕਾਂ ਹੁੰਦੀਆਂ ਹਨ, ਉਨ੍ਹਾਂ ਵਿਚ ਸਮੁੱਚੀ ਬਾਣੀ ਦਾ ਕੇਂਦਰੀ ਭਾਵ ਹੁੰਦਾ ਹੈ। ਕਈ ਸ਼ਬਦਾਂ ਵਿਚ ਇਕ ਤੋਂ ਵਧੀਕ  ਭਾਵ ਦੋ ‘ਰਹਾਉ’ ਬੰਦ ਹੁੰਦੇ ਹਨ। ਐਸੇ ਸ਼ਬਦਾਂ ਵਿਚ ਪਹਿਲੇ ‘ਰਹਾਉ’ ਵਾਲੇ ਬੰਦ ਵਿਚ ਕੋਈ ਪ੍ਰਸ਼ਨ ਖੜ੍ਹਾ ਕੀਤਾ ਹੁੰਦਾ ਹੈ, ਜਿਸ ਦਾ ਉੱਤਰ ਦੂਸਰੇ ‘ਰਹਾਉ’ ਵਾਲੇ ਬੰਦ ਵਿੱਚ ਦਿੱਤਾ ਹੁੰਦਾ ਹੈ।

ਸਵਾਲ : ਪੰਜ ਕਕਾਰਾਂ ਵਿਚ ਲੋਹੇ ਦਾ ‘ਕੜਾ’ ਕਿਵੇਂ ਹੋਂਦ ਵਿਚ ਆਇਆ ? ਕੀ ਕੜਾ ਕਿਸੇ ਹੋਰ ਧਾਤ ਦਾ ਵੀ ਪਾਇਆ ਜਾ ਸਕਦਾ ਹੈ ?

ਜਵਾਬ : ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵਾਰੀ ਸਿੱਖਾਂ ਦਾ ਇਮਤਿਹਾਨ ਲੈਣ ਲਈ ਕਿ ਸਿੱਖ ਸਿੱਖੀ ਅਸੂਲਾਂ ਵਿਚ ਕਿਨੇ ਕੁ ਪ੍ਰਪੱਕ ਹਨ, ਵੇਦਵੇ ਬ੍ਰਾਹਮਣ ਨੂੰ ਸੱਦ ਕੇ ਆਖਿਆ ਕਿ ਉਹ ਸ਼ਨੀ ਦੇਵਤੇ ਦਾ ਦਾਨ ਆ ਕੇ ਲੈ ਜਾਵੇ, ਗੁਰੂ ਘਰ ਦੇ ਦੀਵਾਨ ਨੇ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਮਾਂਹ, ਸਰ੍ਹੋਂ ਦਾ ਤੇਲ ਤੇ ਲੋਹਾ ਆਦਿ ਵੇਦਵੇ ਨੂੰ ਦੇ ਦਿੱਤੇ। ਸਿੱਖਾਂ ਨੇ ਸਭ ਕੁਝ ਵੇਖਿਆ, ਪਰ ਗੁਰੂ ਦਰਬਾਰ ਵਿਚ ਬੋਲੇ ਕੁਝ ਨਾ। ਜਦੋਂ ਵੇਦਵਾ ‘ਦਾਨ’ ਲੈ ਕੇ ਟੁਰ ਪਿਆ ਤਾਂ ਦਰਬਾਰ ਵਿਚੋਂ ਮਲਕੜੇ ਜਿਹੇ ਉੱਠ ਕੇ ਵੇਦਵੇ ਨੂੰ ਖੇਤਾਂ ਵਿਚ ਜਾ ਘੇਰਿਆ। ਲੋਹਾ ਤੇਲ ਤੇ ਮਾਹ ਆਦਿ ਸਭ ਸਮੱਗਰੀ ਖੋਹ ਲਈ। ਵਾਪਸ ਆ ਕੇ ਸਰ੍ਹੋਂ ਦੇ ਤੇਲ ਵਿਚ ਮਾਂਹ ਦੇ ਵੜੇ ਤਲ ਕੇ ਸਭ ਸਿੱਖਾਂ ਨੂੰ ਛਕਾ ਦਿੱਤੇ ਅਤੇ ਲੋਹੇ ਦੇ ਕੜੇ ਬਣਾ ਕੇ ਹੱਥਾਂ ਵਿਚ ਪਾ ਲਏ, ਜਦੋਂ ਗੁਰੂ ਜੀ ਨੇ ਸਿੱਖਾਂ ਦੇ ਹੱਥਾਂ ਵਿਚ ਲੋਹੇ ਦੇ ਕੜੇ ਦੇਖੇ ਤਾਂ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਕਿ ‘ਤੁਸੀਂ ਵਹਿਮਾਂ ਭਰਮਾਂ ਦੀ ਲੰਮੀ ਦੌੜ ਜਿੱਤ ਲਈ ਹੈ, ਤੁਸੀਂ ਇਮਤਿਹਾਨ ਵਿਚ ਪਾਸ ਹੋਏ ਹੋ।’ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਖ਼ਾਲਸਾ ਸਾਜਿਆ ਗਿਆ ਤਾਂ ਲੋਹੇ ਦੇ ਕੜੇ ਨੂੰ ਪੰਜ ਕਕਾਰਾਂ ਵਿਚ ਸ਼ਾਮਲ ਕਰ ਦਿੱਤਾ ਗਿਆ। ਸਿੱਖ ਦੇ ਹੱਥ ਵਿਚ ਪਾਇਆ ਹੋਇਆ ਕੜਾ ਅੱਜ ਵੀ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਕਿਸੇ ਵਹਿਮ-ਭਰਮ ਦਾ ਸ਼ਿਕਾਰ ਨਹੀਂ। ਲੋਹੇ ਦਾ ਕੜਾ ਹੀ ਪੰਜ ਕਕਾਰੀ ਰਹਿਤ ਨੂੰ ਪੂਰਾ ਕਰਦਾ ਹੈ। ਹੋਰ ਸੋਨੇ ਚਾਂਦੀ ਦਾ ਕੜਾ, ਕਕਾਰ ਨਹੀਂ ਅਖਵਾ ਸਕਦਾ।

ਨੋਟ : ਪਰ ਅੱਜ ਦੇਖਣ ਵਿਚ ਆ ਰਿਹਾ ਹੈ ਕਿ ਬਹੁਤ ਸਾਰੇ ਸਿੱਖ ਅਖਵਾਉਣ ਵਾਲੇ ਕੜੇ ਦੇ ਨਾਲ ਲਾਲ ਰੰਗ ਦੇ ਧਾਗੇ (ਮਉਲੀ) ਭੀ ਬੰਨ੍ਹੀ ਫਿਰਦੇ ਹਨ, ਇਹ ਸਿੱਖੀ ਦੇ ਨਿਆਰੇਪਣ ’ਤੇ ਧੱਬਾ ਹੈ। ਜਦੋਂ ਕੋਈ ਕੌਮ ਆਪਣਾ ਨਿਆਰਾਪਣ ਤਿਆਗ ਦੇਵੇ ਤਾਂ ਉਹ ਹੌਲ਼ੀ ਹੌਲ਼ੀ ਬਹੁਗਿਣਤੀ ਦੀ ਰੰਗਤ/ਕਰਮਕਾਂਡਾਂ ’ਚ ਰੰਗੀ ਜਾਂਦੀ ਹੈ ।

ਸਵਾਲ : ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ‘ਸਾਈਂ ਮੀਆਂ ਮੀਰ’ ਪਾਸੋਂ ਕਿਉਂ ਰਖਵਾਇਆ ਗਿਆ ? ਗੁਰੂ ਜੀ ਨੇ ਆਪ ਕਿਉਂ ਨਾ ਰੱਖਿਆ ?

ਜਵਾਬ : ‘ਸਾਈਂ ਮੀਆਂ ਮੀਰ’ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਗੁਰੂ ਅਰਜਨ ਪਾਤਿਸ਼ਾਹ ਦਾ ਸੱਚਾ ਸੇਵਕ ਸੀ। ਇਸ ਕਰਕੇ ਉੱਚੇ ਜੀਵਨ ਵਾਲੇ ਆਪਣੇ ਸੇਵਕ ’ਤੇ ਤਰੁੱਠ ਕੇ ਗੁਰੂ ਜੀ ਨੇ ਇਹ ਮਾਣ ਦਿੱਤਾ ਸੀ। ਸਾਈਂ ਮੀਆਂ ਮੀਰ, ਮੁਸਲਮਾਨੀ ਮੱਤ ਦੀ ਸ਼ਰਹ ਤੇ ਤੰਗਦਿਲੀ ਵਾਲੀ ਮੁਤਅਸਬ ਨੀਤੀ ਦਾ ਕੱਟੜ ਵਿਰੋਧੀ ਸੀ। ਉਸ ਦਾ ਜੀਵਨ ਬੰਦਗੀ ਵਾਲਾ ਤੇ ਗੁਰੂ ਘਰ ਦੀ ਸਿੱਖਿਆ ਦੇ ਅਨੁਕੂਲ ਸੀ। ਉਨ੍ਹਾਂ ਦੇ ਨਾਮ ਤੋਂ ਵੱਖਰੇ ਮਜ਼੍ਹਬ ਦਾ ਭੁਲੇਖਾ ਖਾਣਾ ਅਸਲੀਅਤ ਤੋਂ ਦੂਰ ਜਾਣਾ ਹੈ।

ਸਵਾਲ : ਕੀ ਸਿੱਖ ਇਕ ਵੱਖਰੀ ਕੌਮ ਹੈ ? ਹਿੰਦੂ, ਸਿੱਖਾਂ ਨੂੰ ਵੱਖਰੀ ਕੌਮ ਮੰਨਣ ਤੋਂ ਕਿਉਂ ਇਨਕਾਰ ਕਰਦੇ ਹਨ ?

ਜਵਾਬ : ਜਿਵੇਂ ਈਸਾਈ, ਯਹੂਦੀ, ਮੁਸਲਮਾਨ ਆਦਿ ਅੱਡਰੀਆਂ ਕੌਮਾਂ ਹਨ, ਇਸੇ ਤਰ੍ਹਾਂ ਸਿੱਖ ਵੀ ਇਕ ਵੱਖਰੀ ਕੌਮ ਹੈ। ਇਸ ਸੰਬੰਧੀ ਵਿਸਥਾਰ ਸਹਿਤ ਪ੍ਰਮਾਣ ਆਦਿ ਜਾਣਨ ਲਈ ਸਿੱਖ ਮਿਸ਼ਨਰੀ ਕਾਲਜ ਵੱਲੋਂ ਪ੍ਰਕਾਸ਼ਤ ਪੁਸਤਕ ‘ਨਿਆਰਾ ਖਾਲਸਾ’ ਮੰਗਵਾ ਕੇ ਪੜ੍ਹੀ ਜਾ ਸਕਦੀ ਹੈ।

ਬਾਕੀ ਰਹੀ ਗੱਲ ਹਿੰਦੂਆਂ ਵੱਲੋਂ ਸਿੱਖਾਂ ਨੂੰ ਵੱਖਰੀ ਕੌਮ ਨਾ ਮੰਨਣ ਬਾਰੇ। ਇਸ ਬਾਰੇ ਅਰਜ਼ ਹੈ ਕਿ ਅਸੀਂ ਮੰਨਵਾ ਕੇ ਲੈਣਾ ਭੀ ਕੀ ਹੈ। ਕੀ ਜੰਗਲ ਦੇ ਬਾਦਿਸ਼ਾਹ ‘ਸ਼ੇਰ’ ਨੂੰ ਭੇਡਾਂ ਤੇ ਗਿੱਦੜਾਂ ਕੋਲੋਂ ਪ੍ਰਮਾਣ ਪੱਤਰ ਲੈਣਾ ਪੈਂਦਾ ਹੈ ਕਿ ਉਹ ਸ਼ੇਰ ਹੈ। ਸ਼ੇਰ ਦੀ ਗਰਜ, ਉਸ ਦਾ ਸਰੂਪ ਤੇ ਖਸਲਤਾਂ ਹੀ ਦੱਸਦੀਆਂ ਹਨ ਕਿ ਉਹ ਸ਼ੇਰ ਹੈ। ਜੇ ਅਸੀਂ ਵੀ ਆਪਣੀਆਂ ਖਸਲਤਾਂ ਸ਼ੇਰਾਂ ਵਾਲੀਆਂ ਪ੍ਰਗਟ ਕਰ ਦੇਈਏ ਤਾਂ ਸਭ ਮੰਨਣਗੇ, ਪਰ ਜੇ ਸ਼ੇਰ ਅਖਵਾ ਕੇ ਗਧੇ ਵਾਙ ਦੁਲੱਤੀਆਂ ਹੀ ਮਾਰਨੀਆਂ ਹਨ, ਜਿਵੇਂ ਸਾਡੇ ਕਈ ਲੀਡਰ ਅੱਜ ਕੱਲ੍ਹ ਮਾਰ ਰਹੇ ਹਨ ਤਾਂ ਯਕੀਨਨ ਕਿਸੇ ਨੇ ਸ਼ੇਰ ਨਹੀਂ ਮੰਨਣਾ। ਇਸ ਸੰਬੰਧੀ ਸਹੀ ਅਗਵਾਈ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਵਿੱਚੋਂ ਇਕ ਸਾਖੀ ‘ਖੋਤੇ ਉੱਤੇ ਸ਼ੇਰ ਦੀ ਖੱਲ’ ਵਿਚੋਂ ਮਿਲਦੀ ਹੈ।

ਸਵਾਲ : ਗੁਰਬਾਣੀ ਵਿਚ ਬਚਨ ਹੈ ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁਭਾਵ ਗੁਰੂ ਭੁਲਣਹਾਰ ਨਹੀਂ, ਤਾਂ ਫਿਰ ਦਸਮੇਸ਼ ਜੀ ਬਾਰੇ ਦਾਦੂ ਦੀ ਕਬਰ ਨੂੰ ਨਮਸਕਾਰ ਕਰਨ ਬਦਲੇ ਤਨਖ਼ਾਹ ਲੁਆਉਣ ਵਾਲੀ ਸਾਖੀ ਕਿਵੇਂ ਠੀਕ ਹੋਈ ?

ਜਵਾਬ : ਇਸ ਸਾਖੀ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਜੀ ਨੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕਿ ਸਿੱਖ ਗੁਰੂ ਹੁਕਮਾਂ ਨੂੰ ਮੰਨਣ ਵਿਚ ਦ੍ਰਿੜ੍ਹ ਹੋਏ ਹਨ ਕਿ ਨਹੀਂ, ਕਬਰ ਨੂੰ ਨਮਸਕਾਰ ਕਰਨ ਦਾ ਨਾਟਕ ਰਚਿਆ ਸੀ। ਇਹ ਉਨ੍ਹਾਂ ਦੀ ਭੁੱਲ ਨਹੀਂ ਸੀ ਸਗੋਂ ਸਿੰਘਾਂ ਦੀ ਅਜ਼ਮਾਇਸ਼ ਲਈ ਗਈ ਸੀ, ਜਿਸ ਵਿਚ ਸਿੰਘ ਪੂਰੇ ਨੰਬਰ ਲੈ ਕੇ ਪਾਸ ਹੋਏ।

ਸਵਾਲ : ਕੀ ‘ਕੌਰ’ ਸ਼ਬਦ ਦੀ ਵਰਤੋਂ ਦਸਮ ਪਾਤਿਸ਼ਾਹ ਤੋਂ ਪਹਿਲਾਂ ਪ੍ਰਚਲਿਤ ਸੀ ?

ਜਵਾਬ : ਹਾਂ ਜੀ ! ਕੌਰ ਸ਼ਬਦ ਪਹਿਲੋਂ ਤੋਂ ਕੇਵਲ ਰਾਜ ਘਰਾਣੇ ਜਾਂ ਉੱਚ ਦਰਜੇ ਦੇ ਘਰਾਣਿਆਂ ਦੀ ਉਪਾਧੀ ਹੁੰਦੀ ਸੀ। ਗ਼ਰੀਬ ਅਤੇ ਨੀਵੀਆਂ ਜਾਤਾਂ ਵਾਲੇ ਲੋਕਾਂ ਨੂੰ ਆਪਣੀਆਂ ਇਸਤਰੀਆਂ ਦੇ ਨਾਂ ਨਾਲ ‘ਕੌਰ’ ਲਗਾਉਣ ਦੀ ਜੁਰਅੱਤ ਅਤੇ ਆਗਿਆ ਨਹੀਂ ਸੀ ਹੁੰਦੀ। ਕੌਰ ਦਾ ਅਰਥ ਹੈ ‘ਕੰਵਰ’ ਭਾਵ ਹੋਣਹਾਰ ਬਾਲਕਾ। ਸਤਿਗੁਰੂ ਜੀ ਨੇ ਸਭ ਲੋਕਾਂ ਨੂੰ ਇੱਕੋ ਬਾਟੇ ’ਚ ਅੰਮ੍ਰਿਤ ਛਕਾ ਕੇ ਉੱਚੇ ਨੀਵੇਂ ਵਾਲ਼ੇ ਵਿਤਕਰੇ ਨੂੰ ਖ਼ਤਮ ਕਰ ਦਿੱਤਾ ਤੇ ਸਿੱਖਾਂ ਵਿਚ ਵੀਰਤਾ ਅਤੇ ਹੌਸਲਾ ਭਰਨ ਲਈ ਸਿੰਘਾਂ ਲਈ ‘ਸਿੰਘ’ ਤੇ ਸਿੰਘਣੀਆਂ ਲਈ ‘ਕੌਰ’ ਸ਼ਬਦ ਦੀ ਉਪਾਧੀ ਬਖ਼ਸ਼ੀ।

ਸਵਾਲ : ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਅਖੰਡ ਪਾਠੀ ਸੱਜਣਾਂ ਲਈ ਕੀ ਸਜ਼ਾ ਹੋਣੀ ਚਾਹੀਦੀ ਹੈ ?

ਜਵਾਬ : ਗੁਰਦੁਆਰੇ ਵਿਖੇ ਸੰਗਤ ਵਿਚੋਂ ਤਿਆਰ-ਬਰ-ਤਿਆਰ ਪੰਜ ਪਿਆਰੇ ਚੁਣ ਲਏ ਜਾਣ ਤੇ ਸ਼ਰਾਬੀ ਪਾਠੀ ਨੂੰ ਉਨ੍ਹਾਂ ਅੱਗੇ ਪੇਸ਼ ਕੀਤਾ ਜਾਏ। ਜੋ ਸਜ਼ਾ ਉਹ ਦੇਣ, ਉਹੀ ਦੋਸ਼ੀ ਨੂੰ ਪ੍ਰਵਾਨ ਕਰਨੀ ਚਾਹੀਦੀ ਹੈ। ਜੇ ਉਹ ਪੰਜਾਂ ਪਿਆਰਿਆਂ ਦੇ ਪੇਸ਼ ਨਾ ਹੋਵੇ ਤਾਂ ਸੰਗਤ ਨੂੰ ਅਜਿਹੇ ਪਾਠੀ ਦਾ ਮੁਕੰਮਲ ਬਾਈਕਾਟ ਕਰ ਦੇਣਾ ਚਾਹੀਦਾ ਹੈ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਸਮਝਾ ਕੇ ਅਜਿਹੇ ਪਾਠੀ ਨੂੰ ਪਾਠ ਕਰਨ ਦੀ ਡਿਊਟੀ ਬਿਲਕੁਲ ਨਹੀਂ ਦੇਣੀ ਚਾਹੀਦੀ, ਪਰ ਅੱਜ ਸਾਡਾ ਦੁਖਾਂਤ ਹੈ ਕਿ ਬਹੁਤ ਸਾਰੇ ਗੁਰੂ ਘਰਾਂ ਦੇ ਪ੍ਰਬੰਧਕ ਵੀ ਸ਼ਰਾਬ ਦੀ ਵਰਤੋਂ ਕਰਦੇ ਹਨ, ਜੋ ਸਿੱਖੀ ਪਰੰਪਰਾਵਾਂ ਦੀ ਘੋਰ ਉਲੰਘਣਾ ਹੈ।

ਸਵਾਲ : ਗੁਰਦੁਆਰੇ ਦੇ ਪ੍ਰਧਾਨ ਦੀ ਕੀ ਯੋਗਤਾ ਹੋਣੀ ਚਾਹੀਦੀ ਹੈ ?

ਜਵਾਬ : ਗੁਰਦੁਆਰੇ ਦੇ ਪ੍ਰਬੰਧ ਲਈ ‘ਪੰਚ ਪ੍ਰਧਾਨੀ’ ਸਿਸਟਮ ਲਾਗੂ ਹੋਣਾ ਚਾਹੀਦਾ ਹੈ। ਸੰਗਤ ਵਿਚੋਂ ਪੰਜ ਸਿੰਘ, ਜੋ ਤਿਆਰ-ਬਰ-ਤਿਆਰ ਅੰਮ੍ਰਿਤਧਾਰੀ, ਨਿਤਨੇਮੀ, ਨਾਮ ਅਭਿਆਸੀ ਤੇ ਹਰ ਪੱਖ ਤੋਂ ਯੋਗ ਹੋਣ, ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧ ਲਈ ਪੰਚ ਥਾਪ ਦੇਣਾ ਚਾਹੀਦਾ ਹੈ। ਗ਼ੈਰ-ਅੰਮ੍ਰਿਤਧਾਰੀ ਨੂੰ ਗੁਰਦੁਆਰੇ ਦੇ ਪ੍ਰਬੰਧ ਲਈ ਪ੍ਰਧਾਨ ਚੁਣਨਾ ਸਿੱਖੀ ਰਹੁ ਰੀਤਾਂ ਦੇ ਉਲ਼ਟ ਹੈ।

ਸਵਾਲ : ਮਾਰੂ ਰਾਗ ’ਚ ਭਗਤ ਰਵਿਦਾਸ ਜੀ ਦੇ ਸ਼ਬਦ ‘‘ਐਸੀ, ਲਾਲ  ! ਤੁਝ ਬਿਨੁ, ਕਉਨੁ ਕਰੈ’’ (੧੧੦੬) ਵਾਲੇ ਸ਼ਬਦ ਵਿਚੋਂ ‘ਛੋਤਿ’ ਦਾ ਅਰਥ ਦੱਸਣ ਦੀ ਕਿਰਪਾਲਤਾ ਕਰਨੀ, ਜੀ।

ਜਵਾਬ :  ਛੋਤਿ ਦਾ ਅਰਥ ਹੈ ਅਪਵਿੱਤਰਤਾ । ਬ੍ਰਾਹਮਣੀ ਮੱਤ ਅਨੁਸਾਰ ਜੇ ਨੀਵੀਂ ਜਾਤ ਦਾ ਮਨੁੱਖ ਅਥਵਾ ਸ਼ੂਦਰ, ਉੱਚੀ ਜਾਤ ਨਾਲ ਛੂਹ ਜਾਵੇ ਤਾਂ ਉੱਚ ਜਾਤੀਏ ਆਪਣੇ ਆਪ ਨੂੰ ਭਿੱਟਿਆ ਹੋਇਆ ਮੰਨਦੇ ਹਨ। ਉਨ੍ਹਾਂ ਦੇ ਮੱਤ ਅਨੁਸਾਰ ਇਹ ਭਿੱਟ ਪਾਣੀ ਦਾ ਛਿੱਟਾ ਦੇਣ ਜਾਂ ਇਸ਼ਨਾਨ ਕਰਨ ਅਤੇ ਕੱਪੜੇ ਬਦਲਣ ਨਾਲ ਦੂਰ ਹੁੰਦੀ ਹੈ, ਪਰ ਸਿੱਖ ਧਰਮ ਵਿਚ ਛੂਤ-ਛਾਤ ਜਾਂ ਸੁੱਚ ਭਿੱਟ ਨੂੰ ਕੋਈ ਥਾਂ ਨਹੀਂ।

ਸਵਾਲ : ਅਰਦਾਸ ਵਿਚ ‘ਦੇਖ ਕੇ ਅਣਡਿਠ ਕੀਤਾ’ ਦਾ ਕੀ ਭਾਵ ਹੈ ਅਤੇ ਇਹ ਕਿਵੇਂ ਸੰਭਵ ਹੈ ਕਿ ਸਾਮ੍ਹਣੇ ਕੋਈ ਕਿਸੇ ’ਤੇ ਜ਼ੁਲਮ ਕਰ ਰਿਹਾ ਹੋਵੇ ਤਾਂ ਉਸ ਨੂੰ ਅਣਡਿਠ ਕੀਤਾ ਜਾਵੇ ? ਇਨ੍ਹਾਂ ਲਫਜ਼ਾਂ ਦੇ ਅਰਥ ਸਪਸ਼ਟ ਕਰੋ।

ਜਵਾਬ : ਦੇਖ ਕੇ ਅਣਡਿੱਠ ਕਰਨ ਦਾ ਅਰਥ ਹੈ ਦੂਜਿਆਂ ਦੇ ਔਗੁਣਾਂ ਨੂੰ ਨਜ਼ਰ ਅੰਦਾਜ਼ ਕਰਨਾ, ਔਗਣਾਂ ਨੂੰ ਨਾ ਚਿਤਾਰਨਾ। ਸ਼੍ਰੋਮਣੀ ਗੁ. ਪ੍ਰ. ਕਮੇਟੀ ਵੱਲੋਂ ਅੰਗਰੇਜ਼ੀ ਵਿਚ ਛਾਪੀ ਗਈ ਸਿੱਖ ਰਹਿਤ ਮਰਯਾਦਾ ਵਿਚ ‘ਦੇਖ ਕੇ ਅਣਡਿੱਠ ਕੀਤਾ’ ਲਫਜ਼ਾਂ ਨੂੰ Overlooked faults and shortcomings ਲਿਖਿਆ ਗਿਆ ਹੈ।

ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਮਤਿ ਮਾਰਤੰਡ ਦੇ ਪੰਨਾ 668 ’ਤੇ ਇਸ ਦਾ ਅਰਥ ਲਿਖਿਆ ਹੈ, ਸਿੱਖਾਂ ਨੂੰ ਛਿਦ ਦਰਸ਼ੀ (ਐਬ ਜ਼ੋਹ) ਨਹੀਂ ਹੋਣਾ ਚਾਹੀਦਾ। ਵਿਭਚਾਰ, ਚੋਰੀ, ਕੌਮ ਘਾਤ ਆਦਿ ਕੁਕਰਮਾਂ ਨੂੰ ਲੁਕਾਉਣ ਦਾ ਉਪਦੇਸ਼ ਨਹੀਂ ਹੈ।

ਸ. ਜਸਵੰਤ ਸਿੰਘ ਨੇਕੀ ਨੇ ਆਪਣੀ ਪੁਸਤਕ ‘ਅਰਦਾਸ ਦਰਸ਼ਨ, ਰੂਪ, ਅਭਿਆਸ’ ਵਿਚ ਅਰਦਾਸ ਦੀ ਬਹੁਤ ਸੁੰਦਰ, ਢੁਕਵੀਂ ਤੇ ਵਿਸਥਾਰ ਸਹਿਤ ਵਿਆਖਿਆ ਕੀਤੀ ਹੈ। ‘ਵੇਖ ਕੇ ਅਣਡਿੱਠ ਕੀਤਾ’ ਉੱਤੇ ਤਿੰਨ ਪੰਨੇ ਲਿਖੇ ਹਨ। ਸਾਰ ਰੂਪ ਵਿਚ ਉਨ੍ਹਾਂ ਨੇ ਅਰਥ ਪਰਦੇ ਕੱਜਣਾ, ਹੋਰਨਾਂ ਦੇ ਔਗਣਾਂ ਨੂੰ ਨਜ਼ਰ ਅੰਦਾਜ਼ ਕਰਨਾ ਲਿਖੇ ਹਨ। ਆਪਣੇ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਉਨ੍ਹਾਂ ਨੇ ਇਤਿਹਾਸ ਵਿਚੋਂ ਕੁਝ ਸਾਖੀਆਂ ਦਿੱਤੀਆਂ ਹਨ :

(1) ਸ੍ਰੀ ਦਾਤੂ ਜੀ ਦੁਆਰਾ ਲੱਤ ਮਾਰਨ ’ਤੇ ਵੀ ਗੁਰੂ ਅਮਰਦਾਸ ਜੀ ਦਾ ਨਿਮ੍ਰਤਾ-ਭਾਵ ਵਿਚ ਰਹਿਣਾ ਤੇ ਕਹਿਣਾ, ‘ਮੇਰੀਆਂ ਬੁੱਢੀਆਂ, ਕਰੜੀਆਂ ਹੱਡੀਆਂ ਕਾਰਨ ਆਪ ਦੇ ਚਰਨਾਂ ਨੂੰ ਸੱਟ ਲੱਗੀ ਹੋਵੇਗੀ, ਮੈਨੂੰ ਖ਼ਿਮਾ ਕਰਨਾ’ ।

(2) ਗੁਰੂ ਅਰਜਨ ਦੇਵ ਜੀ ਦਾ ਪ੍ਰਿਥੀ ਚੰਦ ਦੀਆਂ ਕਰਤੂਤਾਂ ਦਾ ਬੁਰਾ ਨਾ ਮਨਾਉਣਾ, ਸਗੋਂ ਉਸ ਦੇ ਬਿਮਾਰ ਹੋਣ ’ਤੇ ਉਸ ਦੀ ਤੰਦਰੁਸਤੀ ਲਈ ਅਰਦਾਸ ਕਰਨੀ।