ਸਰਹਿੰਦ ਫ਼ਤਹਿ ਦਿਵਸ ਦੀ ਅਸਲ ਤਾਰੀਖ਼

0
78

ਸਰਹਿੰਦ ਫ਼ਤਹਿ ਦਿਵਸ ਦੀ ਅਸਲ ਤਾਰੀਖ਼

ਕਿਰਪਾਲ ਸਿੰਘ ਬਠਿੰਡਾ

ਪ੍ਰਸ਼ਨ : (ਉ) ਸ੍ਰੋਮਣੀ ਕਮੇਟੀ ਦੇ ਕੈਲੰਡਰ ’ਚ ਸਰਹਿੰਦ ਫ਼ਤਿਹ ਦਿਵਸ ਦੀ ਤਾਰੀਖ਼ ਕਿਸੇ ਸਾਲ ੨੯ ਵੈਸਾਖ ਤੇ ਕਿਸੇ ਸਾਲ ੩੦ ਵੈਸਾਖ ਦਰਜ ਕੀਤੀ ਹੁੰਦੀ ਹੈ। ਕੀ ਐਨੀ ਵੱਡੀ ਇਤਿਹਾਸਕ ਘਟਨਾ ਦੀ ਤਾਰੀਖ਼; ਹਰ ਸਾਲ ਬਦਲ ਜਾਣੀ ਸਹੀ ਕਹੀ ਜਾ ਸਕਦੀ ਹੈ ?

(ਅ). ਨਾਨਕਸ਼ਾਹੀ ਕੈਲੰਡਰ ’ਚ ਸਰਹਿੰਦ ਫ਼ਤਿਹ ਦਿਵਸ ਦੀ ਤਾਰੀਖ਼ ਹਰ ਸਾਲ ੧੫ ਜੇਠ ਦਰਜ ਕੀਤੀ ਹੁੰਦੀ ਹੈ, ਜੋ ਸ੍ਰੋਮਣੀ ਕਮੇਟੀ ਨਾਲੋਂ ਤਕਰੀਬਨ 15-16 ਦਿਨਾਂ ਦਾ ਫ਼ਰਕ ਹੈ। ਐਸਾ ਕਿਉੁਂ ?

ਉੁੱਤਰ : (ੳ). ਇਤਿਹਾਸਕਾਰ ਡਾ: ਗੰਡਾ ਸਿੰਘ ਦੀ ਸਿੱਖ ਇਤਿਹਾਸ ਨੂੰ ਬਹੁਤ ਵੱਡੀ ਦੇਣ ਹੈ। ਉੁਨ੍ਹਾਂ ਨੇ ਲਾਇਬ੍ਰੇਰੀਆਂ ’ਚੋਂ ਮੁਗ਼ਲ ਸਰਕਾਰੀ ਤੰਤਰ ਦੇ ਖ਼ਬਰਾਂ ਲਿਖਣ ਵਾਲੇ ਲਿਖਾਰੀਆਂ, ਜਿਨ੍ਹਾਂ ਨੂੰ ਵਾਕਯ ਨਵੀਸ, ਵਾਕਯ ਨਗਾਰ, ਅਖ਼ਬਾਰ ਨਵੀਸ ਆਦਿਕ ਕਿਹਾ ਜਾਂਦਾ ਸੀ; ਜੋ ਖ਼ਬਰ ਲਿਖ ਕੇ (ਲਿਖਤੀ ਰੂਪ ’ਚ) ਸ਼ਾਹੀ ਰਾਜਧਾਨੀ ਦਿੱਲੀ ਮੁਗ਼ਲ ਬਾਦਿਸ਼ਾਹ ਨੂੰ ਭੇਜਦੇ ਸਨ; ਦੀਆਂ ਖ਼ਬਰਾਂ ਲੱਭੀਆਂ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਤਾਰੀਖ਼ਾਂ ਨੋਟ ਕੀਤੀਆਂ। ਉੁਹ ਤਾਰੀਖ਼ਾਂ ਹਿਜ਼ਰੀ ਕੈਲੰਡਰ ਦੀਆਂ ਸਨ, ਜਿਨ੍ਹਾਂ ਨੂੰ ਪ੍ਰਚਲਿਤ ਕੈਲੰਡਰਾਂ ਦੀਆਂ ਤਾਰੀਖ਼ਾਂ ’ਚ ਤਬਦੀਲ ਕਰਕੇ ਲਿਖਿਆ। ਸਰਕਾਰੀ ਰਿਕਾਰਡ ਮੁਤਾਬਕ 24 ਰੱਬੀ-ਉਲ-ਅੱਵਲ ਹਿਜ਼ਰੀ ਸੰਮਤ 1122 ਨੂੰ ਚੱਪੜਚਿੜੀ ਦੇ ਮੈਦਾਨ ’ਚ ਸੂਬਾ ਸਰਹਿੰਦ ਵਜੀਰ ਖ਼ਾਨ ਮਾਰਿਆ ਗਿਆ। ਡਾ: ਗੰਡਾ ਸਿੰਘ ਦੀ ਇਤਿਹਾਸਕਾਰੀ ਦਾ ਤਾਂ ਕੋਈ ਸਾਨੀ ਨਹੀਂ, ਪਰ ਇੱਕ ਕੈਲੰਡਰ ਤੋਂ ਦੂਜੇ ਕੈਲੰਡਰ ’ਚ ਤਾਰੀਖ਼ਾਂ ਤਬਦੀਲ ਕਰਨ ’ਚ ਮੁਹਾਰਤ ਨਾ ਹੋਣ ਕਾਰਨ ਉਨ੍ਹਾਂ ਨੇ ਸਵਾਮੀਕੰਨੂ ਪਿੱਲੇ ਦੀ ਜੰਤਰੀ ਦੀ ਸਹਾਇਤਾ ਲਈ। ਇਸ ਜੰਤਰੀ ਮੁਤਾਬਕ 24 ਰੱਬੀ-ਉਲ-ਅੱਵਲ ਨੂੰ ੧੪ ਜੇਠ, ਵੈਸਾਖ ਵਦੀ ੧੦ ਬਿਕ੍ਰਮੀ ਸੰਮਤ ੧੭੬੭/ਦਿਨ ਸ਼ੁੱਕਰਵਾਰ 12 ਮਈ 1710 ਈ: (ਜੂਲੀਅਨ) ਹੈ। ਡਾ: ਗੰਡਾ ਸਿੰਘ ਨੇ ਇਨ੍ਹਾਂ ਤਾਰੀਖ਼ਾਂ ’ਚੋਂ 12 ਮਈ 1710 ਈ: ਲਿਖ ਦਿੱਤੀ। ਚੰਗਾ ਹੁੰਦਾ ਜੇ 12 ਮਈ ਦੇ ਨਾਲ ੧੪ ਜੇਠ ਵੀ ਲਿਖਿਆ ਹੁੰਦਾ ਕਿਉਂਕਿ ਜੂਲੀਅਨ ਕੈਲੰਡਰ ਤਾਂ ਉਸ ਵੇਲੇ ਭਾਰਤ ’ਚ ਲਾਗੂ ਨਹੀਂ ਸੀ।

ਸ੍ਰੋਮਣੀ ਕਮੇਟੀ ਦਾ ਕੈਲੰਡਰ ਤਿਆਰ ਕਰਨ ਵਾਲਿਆਂ ਨੂੰ ਕੈਲੰਡਰ ਦੀ ਕੋਈ ਸੂਝ ਨਾ ਹੋਣ ਕਾਰਨ ਉਹ ਆਪਣੇ ਕੈਲੰਡਰਾਂ ’ਚ ਸਰਹਿੰਦ ਫ਼ਤਿਹ ਦਿਵਸ ਲਈ ੧੪ ਜੇਠ ਦੀ ਬਜਾਏ 12 ਮਈ ਨੂੰ ਸਹੀ ਮੰਨ ਕੇ ਚਾਲੂ ਸਾਲ ਦੇ ਕੈਲੰਡਰ ਮੁਤਾਬਕ ਕਿਤੇ ੨੯ ਵੈਸਾਖ ਅਤੇ ਕਿਤੇ ੩੦ ਵੈਸਾਖ ਲਿਖ ਰਹੇ ਹਨ ਭਾਵ ੧੪ ਜੇਠ ਤੋਂ ਹੁਣ ੨੯/੩੦ ਵੈਸਾਖ ’ਤੇ ਪਹੁੰਚ ਗਏ, ਜਿਸ ਕਾਰਨ ਹੁਣ ਤੱਕ 15-16 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ। ਜੇ ਇਹੀ ਕੈਲੰਡਰ ਅਪਣਾਈ ਰੱਖਿਆ ਤਾਂ ਇਹ ਫ਼ਰਕ ਸਮੇਂ ਦੇ ਨਾਲ ਹੋਰ ਭੀ ਵਧਦਾ ਜਾਵੇਗਾ ਭਾਵ ਹੁਣ ਦੇ ੨੯/੩੦ ਵੈਸਾਖ ਦੀ ਤਰ੍ਹਾਂ ਸਾਲ ਬ-ਸਾਲ ਤਾਰੀਖ਼ ਬਦਲਦੀ ਰਹੇਗੀ, ਜਿਸ ਨਾਲ਼ ਇਤਿਹਾਸਕ ਤਾਰੀਖ਼ਾਂ ’ਚ ਵਿਗਾੜ ਵਧਦਾ ਜਾਵੇਗਾ।

ਗੁਰਦੁਆਰਾ ਸ਼ਹੀਦ ਗੰਜ (ਫ਼ਤਿਹਗੜ੍ਹ ਸਾਹਿਬ) ਵਿਖੇ ਲੱਗੇ ਬੋਰਡ ’ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਇੰਝ ਲਿਖਿਆ ਹੈ : ‘ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਦੀ ਅਗਵਾਈ ’ਚ ਸਿਤਮਾਂ ਦੀ ਨਗਰੀ ਸਰਹਿੰਦ ਨੂੰ ਫ਼ਤਿਹ ਕਰਕੇ ਜਾਲਮ ਵਜ਼ੀਰ ਖ਼ਾਨ ਨੂੰ ਚੱਪੜਚਿੜੀ ਦੇ ਮੈਦਾਨ ’ਚ ਸੋਧਣ ਉਪਰੰਤ ਖ਼ਾਲਸਾ ਪੰਥ ਪਾਤਿਸ਼ਾਹੀ ਸ਼ਾਨ ਨਾਲ ੧ ਜੇਠ ਸੰਮਤ ੧੭੬੭ (14 ਮਈ 1710 ਈ:) ਨੂੰ ਸਰਹਿੰਦ ’ਤੇ ਕਾਬਜ਼ ਹੋਇਆ ਅਤੇ ਖ਼ਾਲਸਾ ਰਾਜ ਸਥਾਪਿਤ ਕੀਤਾ। ਸਰਹਿੰਦ ਫ਼ਤਿਹ ਸਮੇਂ ਹੋਈ ਜੰਗ ਦੌਰਾਨ ਸ਼ਹੀਦ ਹੋਏ 6000 ਸਿੰਘਾਂ ਦਾ ਸਸਕਾਰ ਸਮੂਹਿਕ ਰੂਪ ’ਚ ਇਸ ਸਥਾਨ ’ਤੇ ਕੀਤਾ।’ ਇਸ ਬੋਰਡ ਦੀ ਲਿਖਤ ਵੀ ਕੈਲੰਡਰਾਂ ਸਬੰਧੀ ਸ੍ਰੋਮਣੀ ਕਮੇਟੀ ਦੀ ਅਗਿਆਨਤਾ ਪ੍ਰਗਟ ਕਰਦੀ ਹੈ ਕਿਉਂਕਿ ਭਾਵੇਂ ਅੱਜ ਕੱਲ੍ਹ 14 ਮਈ ਨੂੰ ੩੧ ਵੈਸਾਖ ਜਾਂ ੧ ਜੇਠ ਹੁੰਦਾ ਹੈ, ਪਰ ਸੰਨ 1710 ’ਚ 14 ਮਈ ਨੂੰ ੧੬ ਜੇਠ ਸੀ, ਨਾ ਕਿ ੧ ਜੇਠ। ਇੱਥੇ ਵੀ 15 ਦਿਨਾਂ ਦੀ ਗ਼ਲਤੀ ਸਾਫ਼ ਵਿਖਾਈ ਦੇ ਰਹੀ ਹੈ।

ਕੈਲੰਡਰ ਵਿਗਿਆਨ ਦੀ ਪੂਰੀ ਮੁਹਾਰਤ ਰੱਖਣ ਵਾਲੇ ਸ: ਪਾਲ ਸਿੰਘ ਪੁਰੇਵਾਲ ਦੀ 500 ਸਾਲਾ ਜੰਤਰੀ ਅਨੁਸਾਰ 24 ਰੱਬੀ-ਉਲ-ਅੱਵਲ ਹਿਜ਼ਰੀ ਸੰਮਤ 1122 ਨੂੰ ੧੫ ਜੇਠ, ਵੈਸਾਖ ਵਦੀ ੧੧ ਬਿਕ੍ਰਮੀ ਸੰਮਤ ੧੭੬੭/ਦਿਨ ਸ਼ਨੀਵਾਰ 13 ਮਈ 1710 ਈ: (ਜੂਲੀਅਨ) ਹੈ। ਸਵਾਮੀਕੰਨੂ ਪਿੱਲੇ ਨਾਲੋਂ ਇੱਕ ਦਿਨ ਦੇ ਫ਼ਰਕ ਦਾ ਅਸਲ ਕਾਰਨ ਇਹ ਹੈ ਕਿ ਹਿਜ਼ਰੀ ਕੈਲੰਡਰ ਦੀਆਂ ਤਾਰੀਖ਼ਾਂ ਨੂੰ ਦੂਸਰੀਆਂ ਪੱਧਤੀਆਂ ’ਚ ਤਬਦੀਲ ਕਰਨ ’ਚ ਬਹੁਤ ਵੱਡੀ ਸਮੱਸਿਆ ਹੈ। ਚੰਦਰ ਮਹੀਨਾ 29.531 ਦਿਨਾਂ ਦਾ ਹੁੰਦਾ ਹੈ। ਮਹੀਨੇ ’ਚ ਅੱਧਾ ਦਿਨ ਤਾਂ ਸ਼ਾਮਲ ਨਹੀਂ ਕੀਤਾ ਜਾ ਸਕਦਾ, ਇਸ ਲਈ ਆਮ ਤੌਰ ’ਤੇ ਪਹਿਲਾ ਮਹੀਨਾ 29 ਦਿਨ ਦੂਸਰਾ 30 ਦਿਨ, ਤੀਸਰਾ 29 ਦਿਨ, ਚੌਥਾ 30 ਦਿਨ ਅਤੇ ਇਸੇ ਤਰ੍ਹਾਂ ਵਾਰੋ-ਵਾਰੀ 6 ਮਹੀਨੇ 29 ਦਿਨ ਅਤੇ 6 ਮਹੀਨੇ 30 ਦਿਨ ਹੋਣ ਕਾਰਨ ਸਾਲ ਦੇ ਕੁਲ 354 ਦਿਨ ਹੁੰਦੇ ਹਨ, ਜੋ ਸੂਰਜੀ ਸਾਲ ਨਾਲੋਂ ਤਕਰੀਬਨ 11 ਦਿਨ ਛੋਟਾ ਹੁੰਦਾ ਹੈ। ਆਮ ਇਤਿਹਾਸਕਾਰ ਇਸ ਆਸਾਨ ਜਿਹੇ ਤਰੀਕੇ ਨਾਲ ਹੀ ਤਾਰੀਖ਼ਾਂ ਲਿਖਦੇ ਹਨ, ਪਰ ਇਸ ਗਣਿਤ ਨਾਲ ਕਈ ਵਾਰ ਇੱਕ ਦਿਨ ਦੀ ਗ਼ਲਤੀ ਹੋ ਸਕਦੀ ਹੈ ਕਿਉਂਕਿ ਇਸਲਾਮੀ ਕੈਲੰਡਰ ਵਿੱਚ ਮਹੀਨਿਆਂ ਦਾ ਸਮਾਂ ਚੰਦਰਮਾ ਦੇ ਸਿੱਧੇ ਨਿਰੀਖਣ ਜਿਵੇਂ ਵਿਖਾਈ ਦਿੰਦਾ ਹੈ (Observational); ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ। ਸੂਰਜ ਡੁੱਬਣ ਤੋਂ ਥੋੜ੍ਹੀ ਦੇਰ ਬਾਅਦ ਚੰਦਰਮਾ ਦੇਖੇ ਜਾਣ ਤੋਂ ਬਾਅਦ ਹੀ ਇੱਕ ਨਵਾਂ ਮਹੀਨਾ ਸ਼ੁਰੂ ਹੋ ਸਕਦਾ ਹੈ। ਚੰਦਰਮਾ ਮਹੀਨਾ (ਇੱਕ ਨਵੇਂ ਚੰਦ ਤੋਂ ਅਗਲੇ ਨਵੇਂ ਚੰਦ ਤੱਕ) 29.5 ਦਿਨਾਂ ਤੋਂ ਥੋੜ੍ਹਾ ਵੱਧ ਰਹਿੰਦਾ ਹੈ। ਸਹੂਲਤ ਲਈ, ਇਸਲਾਮੀ ਕੈਲੰਡਰ ਦਾ ਮਹੀਨਾ, ਇੱਕ ਤੋਂ ਬਾਅਦ ਇੱਕ 29 ਜਾਂ 30 ਦਿਨਾਂ ਦਾ ਹੁੰਦਾ ਹੈ। ਇਸ ਲਈ ਜ਼ਿਆਦਾਤਰ ਸਾਲਾਂ ਵਿੱਚ, ਵਾਰੋ ਵਾਰੀ ਇੱਕ ਮਹੀਨਾ 29 ਦਿਨ ਦਾ; ਦੂਸਰਾ 30 ਦਿਨਾਂ ਦਾ ਆਉਂਦਾ ਹੈ (29+30=29.5+29.5 ਦੇ ਬਰਾਬਰ ਹੈ)। ਇਸ ਦਾ ਮਤਲਬ ਇਹ ਹੈ ਕਿ 12 ਮਹੀਨਿਆਂ ਦਾ ਇੱਕ ਸਾਲ 354 ਦਿਨ ਚੱਲਦਾ ਹੈ, ਪਰ ਇਹ ਹਰ ਮਹੀਨਾ ਤਕਰੀਬਨ 44 ਮਿੰਟ ਵੱਧ ਦਾ ਹੁੰਦਾ ਹੈ, ਜੋ 3 ਸਾਲਾਂ ’ਚ ਵਧ ਕੇ 44 × 12 × 3=1584 ਮਿੰਟ ÷ 60 = 26.4 ਘੰਟੇ ਵਧ ਜਾਂਦਾ ਹੈ, ਇਸ ਲਈ, ਕੈਲੰਡਰ ਨੂੰ ਹਕੀਕਤ ਨਾਲ ਜੋੜਨ ਲਈ, ਲਗਭਗ ਹਰ ਤੀਜੇ ਸਾਲ ਇੱਕ ਵਾਧੂ ਦਿਨ ਜੋੜ ਦਿੱਤਾ ਜਾਂਦਾ ਹੈ, ਜਿਸ ਸਾਲ ’ਚ 355 ਦਿਨ ਹੋ ਜਾਂਦੇ ਹਨ।

ਸ: ਪੁਰੇਵਾਲ ਵੱਲੋਂ ਮਹੀਨੇ ਦੀ ਆਰੰਭਕ ਤਾਰੀਖ਼ ਨਿਸ਼ਚਿਤ ਕਰਨ ਲਈ ਗਣਿਤ ਰਾਹੀਂ ਨਹੀਂ ਬਲਕਿ ਜਿਵੇਂ ਸਿੱਧੇ ਰੂਪ ’ਚ ਵਿਖਾਈ ਦਿੰਦਾ ਹੈ (Observational) ਸਿਧਾਂਤ ਮੁਤਾਬਕ ਕੀਤੀ ਹੈ, ਜੋ Arithmetic ਭਾਵ ਗਣਿਤ ਦੁਆਰਾ ਤਰੀਕੇ ਨਾਲੋਂ ਬਿਹਤਰ ਰਿਜ਼ਲਟ ਦਿੰਦਾ ਹੈ। ਸ: ਪੁਰੇਵਾਲ ਦੀ ਤਾਰੀਖ਼ ਸਹੀ ਹੋਣ ਦੀ ਪੁਸ਼ਟੀ ਐਡਵਰਡ ਐੱਮ ਰਿਨਗੋਲਡ ਅਤੇ ਨੈਚੁਮ ਦਰਸ਼ੋਵਿਉਜ਼ (Edward M. Reingold and Nachum Dershowitz) ਵੱਲੋਂ ਲਿਖਤ ਅਤੇ ਕੈਂਬ੍ਰਿਜ਼ ਯੂਨੀਵਰਸਿਟੀ ਪ੍ਰੈੱਸ (Cambridge University Press) ਵੱਲੋਂ ਪਬਲਿਸ਼ ਕੀਤੀ ਸੀਡੀ ਨਾਲ ਕੀਤੀਆਂ ਕੈਲਕੂਲੇਸ਼ਨਾਂ ਰਾਹੀਂ ਕੀਤੀ ਜਾ ਸਕਦੀ ਹੈ।  13 ਮਈ ਲਈ ਕੀਤੀ ਕੈਲਕੂਲੇਸ਼ਨ (ਜਿਸ ਦੀ ਫੋਟੋ ਕਾਪੀ ਹੇਠਾਂ ਦਿੱਤੀ ਗਈ ਹੈ; ਜਿਸ ਵਿੱਚ ਸਭ ਤੋਂ ਉੁਪਰਲੀ ਲਾਈਨ ’ਚ ਲਿਖਿਆ ਹੈ ‘ਸ਼ਨੀਵਾਰ, 24 ਮਈ 1710 (ਗ੍ਰੈਗੋਰੀਅਨ)’। ਦੂਸਰੀ ਲਾਈਨ ’ਚ ਲਿਖਿਆ ਹੈ ‘13 ਮਈ 1710 ਜੂਲੀਅਨ’। ਉੁਪਰੋਂ 5ਵੀਂ ਲਾਈਨ ’ਚ ਲਿਖਿਆ ਹੈ 25 ਰੱਬੀ 1 (ਭਾਵ ਪਹਿਲਾ = ਅਵਲ) 1122 ਏ. ਐੱਚ. (Arithmetic ਗਣਿਤ ਦੁਆਰਾ) ਉੁੱਪਰੋਂ 6ਵੀਂ ਲਾਈਨ ’ਚ ਲਿਖਿਆ ਹੈ 24 ਰੱਬੀ 1 (ਭਾਵ ਪਹਿਲਾ = ਅਵਲ) 1122 ਏ.ਐੱਚ. (Observational ਜਿਵੇਂ ਵਿਖਾਈ ਦਿੰਦਾ ਹੈ)

 

ਸਭ ਤੋਂ ਹੇਠਲੀ ਲਾਈਨ ਦੇ ਪਹਿਲੇ ਕਾਲਮ ’ਚ ਲਿਖਿਆ ਹੈ ‘ਹਿੰਦੂ ਸੋਲਰ: ਸ਼ਨੀਵਾਰ, ੧੫ ਜੇਠ’; ਹੇਠਾਂ ਤੋਂ ਇੱਕ ਛੱਡ ਕੇ ਦੂਸਰੀ ਲਾਈਨ ਦੇ ਪਹਿਲੇ ਕਾਲਮ ’ਚ ਲਿਖਿਆ ਹੈ ‘ਹਿੰਦੂ ਲੂਯਨਰ: ਸ਼ਨੀਵਾਰ, 26 ਵੈਸਾਖ ੧੭੬੭ ਵਿਕਰਮੀ’।

12 ਮਈ ਲਈ ਕੀਤੀ ਕੈਲਕੂਲੇਸ਼ਨ ਹੇਠ ਲਿਖੇ ਅਨੁਸਾਰ ਹੈ :

ਚੇਤੇ ਰੱਖਣ ਯੋਗ ਹੈ ਕਿ ਚੰਦਰ ਹਿੰਦੂ ਕੈਲੰਡਰ ਦੇ ਪੰਜਾਬ ’ਚ ਪੂਰਨਮੰਤਾ (ਪੂਰਨਮਾਸ਼ੀ ਨੂੰ ਪੂਰੇ ਹੋਣ ਵਾਲੇ) ਮਹੀਨੇ ਅਤੇ ਦੱਖਣੀ ਭਾਰਤ ’ਚ ਅਮੰਤਾ (ਅਮਾਵਸਿਆ ਨੂੰ ਪੂਰੇ ਹੋਣ ਵਾਲੇ) ਮਹੀਨੇ ਪ੍ਰਚਲਿਤ ਹਨ। ਪੂਰਨਮੰਤਾ ਅਤੇ ਅਮੰਤਾ ਦੇ ਸੁਦੀ ਪੱਖ ਤਾਂ ਬਰਾਬਰ ਚੱਲਦੇ ਹਨ, ਪਰ ਵਦੀ ਪੱਖ ’ਚ ਪੂਰੇ ਇੱਕ ਮਹੀਨੇ ਦਾ ਅੰਤਰ ਹੁੰਦਾ ਹੈ ਭਾਵ ਪੰਜਾਬ ’ਚ ਚੇਤ ਵਦੀ ਪੱਖ ਦੇ ਬਰਾਬਰ ਦੱਖਣ ’ਚ ਵੈਸਾਖ ਵਦੀ ਹੁੰਦਾ ਹੈ ਅਤੇ ਪੰਜਾਬ ਦੇ ਵੈਸਾਖ ਵਦੀ ਪੱਖ ਦੇ ਬਰਾਬਰ ਦੱਖਣ ’ਚ ਜੇਠ ਵਦੀ ਚੱਲਦਾ ਹੈ। ਇਹੋ ਕਾਰਨ ਹੈ ਕਿ ਸਵਾਮੀਕੰਨੂ ਪਿੱਲੇ ਦੱਖਣੀ ਭਾਰਤ ਦੇ ਤਾਮਿਲਨਾਡੂ ਪ੍ਰਾਂਤ ਦਾ ਵਸਨੀਕ ਸੀ, ਜਿਸ ਕਾਰਨ ਉਨ੍ਹਾਂ ਨੇ ਦੱਖਣ ’ਚ ਪ੍ਰਚਲਿਤ ਸਿਧਾਂਤ ਮੁਤਾਬਕ 24 ਰੱਬੀ-ਉਲ-ਅੱਵਲ (Arithmetic) ਨੂੰ ੧੪ ਜੇਠ, ਜੇਠ ਵਦੀ ੧੦, ਬਿਕ੍ਰਮੀ ਸੰਮਤ ੧੭੬੭/ਦਿਨ ਸ਼ੁੱਕਰਵਾਰ 12 ਮਈ 1710 ਈ: (ਜੂਲੀਅਨ) ਲਿਖਿਆ ਹੈ ਤੇ ਪਾਲ ਸਿੰਘ ਪੁਰੇਵਾਲ ਨੇ ਪੰਜਾਬ ਅਨੁਸਾਰ 24 ਰੱਬੀ-ਉਲ-ਅੱਵਲ (Observational) ਸਿਧਾਂਤ ਮੁਤਾਬਕ ੧੫ ਜੇਠ, ਵੈਸਾਖ ਵਦੀ ੧੧, ਬਿਕ੍ਰਮੀ ਸੰਮਤ ੧੭੬੭/ਦਿਨ ਸ਼ਨੀਵਾਰ 13 ਮਈ 1710 ਈ: (ਜੂਲੀਅਨ) ਲਿਖਿਆ ਹੈ। ਇਸ ਸੀਡੀ ’ਚ ਚੰਦਰ ਤਿਥਾਂ ਕਰਮਵਾਰ 25 ਵੈਸਾਖ ਅਤੇ 26 ਵੈਸਾਖ ਲਿਖੇ ਜਾਣ ਦਾ ਕਾਰਨ ਇਹ ਹੈ ਕਿ ਕਈ ਜੰਤਰੀਆਂ ’ਚ ਤਿੱਥਾਂ ਨੂੰ 15-15 ਦਿਨਾਂ ਦੇ ਦੋ ਪੱਖਾਂ ’ਚ ਲਿਖਣ ਦੀ ਬਜਾਇ ਸਿੱਧਾ ਹੀ 1 ਤੋਂ 29 ਜਾਂ 1 ਤੋਂ 30 ਤਿੱਥਾਂ ’ਚ ਲਿਖਿਆ ਜਾਂਦਾ ਹੈ। ਇਸ ਲਈ 25 ਵੈਸਾਖ ਦਾ ਮਤਲਬ ਹੈ ‘ਵੈਸਾਖ ਵਦੀ 10 = (15+10)’ ਅਤੇ 26 ਵੈਸਾਖ ਦਾ ਮਤਲਬ ਹੈ ‘ਵੈਸਾਖ ਵਦੀ 11 = (15+11)

੧੪/੧੫ ਜੇਠ ਜਾਂ 12/13 ਮਈ ਦੇ ਇੱਕ ਦਿਨ ਦੇ ਅੰਤਰ ਦਾ ਨਿਰਣਾ ਵੀ ਉਕਤ ਸੀਡੀ ਨਾਲ ਕੀਤੀ ਗਣਿਤ ਦੀ 5ਵੀਂ ਲਾਈਨ ’ਚ ਲਿਖੀ 25 ਰੱਬੀ 1 (Arithmetic) ਅਤੇ 6ਵੀਂ ਲਾਈਨ ’ਚ ਲਿਖੀ 24 ਰੱਬੀ 1 (Observational) ਦੀਆਂ ਹਿਜ਼ਰੀ ਤਾਰੀਖ਼ਾਂ ਦੇ ਇੱਕ ਦਿਨ ਦੇ ਫ਼ਰਕ ਨਾਲ ਸਪਸ਼ਟ ਹੋ ਜਾਂਦਾ ਹੈ। ਇਸ ਹਿਸਾਬ ਇਸਲਾਮੀ ਸਿਧਾਂਤ ਅਨੁਸਾਰ ਸ: ਪਾਲ ਸਿੰਘ ਪੁਰੇਵਾਲ ਵੱਲੋਂ ਸਰਹਿੰਦ ਫ਼ਤਿਹ ਦਿਵਸ ਦੀ ਕੱਢੀ ਗਈ ਤਾਰੀਖ਼ ੧੫ ਜੇਠ/13 ਮਈ ਸਵਾਮੀਕੰਨੂ ਪਿੱਲੇ ਦੀ ਤਾਰੀਖ਼ ੧੪ ਜੇਠ/12 ਮਈ ਨਾਲੋਂ ਵੱਧ ਪ੍ਰਮਾਣਿਕ ਹੈ ਕਿਉਂਕਿ ਇਸਲਾਮਿਕ ਤਿਉਹਾਰ Arithmetic; ਕਮਰਿਆਂ ’ਚ ਬੈਠ ਕੇ ਕੀਤੀ ਗਣਿਤ (Arithmetic) ਨਾਲ ਨਹੀਂ ਬਲਕਿ ਸਿੱਧੇ ਰੂਪ ’ਚ ਜਿਵੇਂ ਵਿਖਾਈ ਦਿੰਦਾ ਹੈ (Observational) ਦੁਆਰਾ ਕੀਤਾ ਜਾਂਦਾ ਹੈ, ਜਿਸ ਦਾ ਸਬੂਤ ਹੈ ਕਿ ਨਵਾਂ ਚੰਦ ਵੇਖ ਕੇ ਨਿਸ਼ਚਿਤ ਕੀਤੇ ਜਾਣ ਵਾਲੇ ਇਸਲਾਮਿਕ ਤਿਉਹਾਰ; ਤਰੀਕੇ ਨਾਲ ਤਿਆਰ ਕੀਤੀਆਂ ਜੰਤਰੀਆਂ ਤੋਂ ਕਈ ਵਾਰ ਐਨ ਮੌਕੇ ’ਤੇ ਇੱਕ ਦਿਨ ਲੇਟ ਕਰਨੇ ਪੈਂਦੇ ਸਨ, ਪਰ ਸ: ਪਾਲ ਸਿੰਘ ਪੁਰੇਵਾਲ ਵੱਲੋਂ ਇਸਲਾਮਿਕ ਕੈਲੰਡਰ ’ਚ Observational ਢੰਗ ਨਾਲ ਕੀਤੀ ਸੋਧ ਪਿੱਛੋਂ ਮੁਸਮਾਨਾਂ ਨੂੰ ਕਦੀ ਵੀ ਐਸੀ ਦਿੱਕਤ ਨਹੀਂ ਪੇਸ਼ ਆਈ। ਇਸੇ ਕਾਰਨ ਮੁਸਲਮਾਨਾਂ ਨੇ ਪੁਰੇਵਾਲ ਵੱਲੋਂ ਕੀਤੀਆਂ ਸੋਧਾਂ ਨੂੰ ਪ੍ਰਵਾਨ ਕੀਤਾ ਅਤੇ ਉਨ੍ਹਾਂ ਨੂੰ ਇਸ ਸੇਵਾ ਬਦਲੇ ਸਨਮਾਨਿਤ ਕੀਤਾ ਗਿਆ। 

ਹੈਰਾਨੀ ਇਹ ਹੈ ਕਿ ਨਾਨਕਸ਼ਾਹੀ ਕੈਲੰਡਰ ਨੂੰ ਈਸਾਈਆਂ ਦੇ ਕੈਲੰਡਰ ਦੀ ਨਕਲ ਦੱਸ ਕੇ ਭੰਡਣ ਵਾਲੀ ਸ੍ਰੋਮਣੀ ਕਮੇਟੀ ਅਤੇ ਸੰਤ ਸਮਾਜ ਦੇ ਕੈਲੰਡਰਾਂ ’ਚ ਸਰਹਿੰਦ ਫ਼ਤਿਹ ਦਿਵਸ ਲਈ ਈਸਾਈਆਂ ਦੇ ਕੈਲੰਡਰ ਦੀ 12 ਮਈ ਦੇ ਹਿਸਾਬ ਕਦੀ ੨੯ ਵੈਸਾਖ ਅਤੇ ਕਦੀ ੩੦ ਵੈਸਾਖ ਦਰਜ ਕਰ ਰਹੇ ਹਨ। ਵਾਰ ਵਾਰ ਚਿੱਠੀਆਂ ਲਿਖਣ ਦੇ ਬਾਵਜੂਦ ਭੀ ਸ੍ਰੋਮਣੀ ਕਮੇਟੀ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਸਰਹਿੰਦ ਫ਼ਤਿਹ ਕਰਨ ਦੇ 42 ਸਾਲ ਪਿੱਛੋਂ ਅਕਤੂਬਰ 1752 ਈ: ’ਚ ਜੂਲੀਅਨ ਕੈਲੰਡਰ ’ਚ 11 ਦਿਨਾਂ ਦੀ ਸੋਧ ਕਰਨ ਉਪਰੰਤ ਗ੍ਰੈਗੋਰੀਅਨ ਕੈਲੰਡਰ ’ਚ ਤਬਦੀਲ ਹੋ ਚੁੱਕਾ ਹੈ। ਉਕਤ ਸੀਡੀ ਤੋਂ ਹੀ ਸਪਸ਼ਟ ਹੈ ਕਿ 12 ਮਈ; ਜੂਲੀਅਨ 1710 ਦੇ ਮੁਕਾਬਲੇ 23 ਮਈ ਗ੍ਰੈਗੋਰੀਅਨ ਸੀ ਤੇ ਹੁਣ 25 ਮਈ ਗ੍ਰੈਗੋਰੀਅਨ ਨੂੰ ਆ ਰਹੀ ਹੈ; ਪਰ ਇਹ ਗੁਰੂ ਸਾਹਿਬਾਨ ਵੱਲੋਂ (ਕਥਿਤ) ਸਥਾਪਿਤ ਕੀਤੇ ਮੂਲ ਸਿੱਖ ਕੈਲੰਡਰ ’ਤੇ ਪਹਿਰਾ ਦੇਣ ਦਾ ਦਾਅਵਾ ਕਰਨ ਵਾਲੇ ਹਾਲੀ ਤੱਕ 12 ਮਈ ’ਤੇ ਹੀ ਖੜ੍ਹੇ ਹਨ ਜਦੋਂ ਕਿ ਗੁਰੂ ਸਾਹਿਬ ਸਮੇਂ ਪ੍ਰਚਲਿਤ ਕੈਲੰਡਰ ਦੀ ਗੱਲ ਕਰਨ ਵਾਲਿਆਂ ਨੂੰ ਚਾਹੀਦਾ ਇਹ ਹੈ ਕਿ ਉਸ ਸਮੇਂ ਦੀ ਸਹੀ ਤਾਰੀਖ਼ ੧੫ ਜੇਠ ਨਿਸ਼ਚਿਤ ਕਰਨ, ਜੋ ਬਿਕ੍ਰਮੀ ਕੈਲੰਡਰ ’ਚ ਕਦੀ 28 ਮਈ ਅਤੇ ਕਦੀ 29 ਮਈ ਆਵੇਗੀ।

ਇਹ ਵੀ ਚੇਤੇ ਰੱਖਣਯੋਗ ਹੈ ਕਿ ਜਿਹੜੀ ੧੫ ਜੇਠ; 1710 ’ਚ 13 ਮਈ ਨੂੰ ਆਈ ਸੀ, ਉੁਹ ਹੁਣ 28/29 ਮਈ ਨੂੰ ਆ ਰਹੀ ਹੈ ਤੇ ਅੱਜ ਤੋਂ 1000 ਸਾਲ ਬਾਅਦ 11/12 ਜੂਨ ਨੂੰ ਆਏਗੀ। ਤਾਰੀਖ਼ਾਂ ਦਾ ਅੰਤਰ ਇਸੇ ਤਰ੍ਹਾਂ ਅੱਗੇ ਦੀ ਅੱਗੇ ਵਧਦਾ ਜਾਵੇਗਾ। ਜਦੋਂ ਕਿ ਨਾਨਕਸ਼ਾਹੀ ਕੈਲੰਡਰ ’ਚ ਹਮੇਸ਼ਾਂ ਹਮੇਸ਼ਾਂ ਲਈ ੧੫ ਜੇਠ; 29 ਮਈ ਨੂੰ ਹੀ ਆਏਗੀ। ਸਾਡੇ ਇਤਿਹਾਸਕਾਰਾਂ ਨੂੰ ਕੈਲੰਡਰ ਵਿਗਿਆਨ ਅਤੇ ਸੋਧਾਂ ਉਪਰੰਤ ਤਾਰੀਖ਼ਾਂ ਤਬਦੀਲ ਕਰਨ ਦਾ ਗਿਆਨ ਨਾ ਹੋਣ ਕਾਰਨ ਉਨ੍ਹਾਂ ਦੀਆਂ ਪੁਰਾਤਨ ਲਿਖਤਾਂ ’ਚ ਬੜਾ ਇਤਿਹਾਸਿਕ ਰੋਲ਼ ਘਚੋਲ਼ਾ ਪੈ ਚੁੱਕਾ ਹੈ, ਜੋ ਭਵਿੱਖ ’ਚ ਸਿਰਜੇ ਜਾਣ ਵਾਲੇ ਇਤਿਹਾਸ ’ਚ ਭੀ ਜਾਰੀ ਰਹੇਗਾ। ਜਿਵੇਂ ਕਿ ਭਾਰਤੀ ਫੌਜਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ (ਤੀਜਾ ਘੱਲੂਘਾਰਾ) 4 ਜੂਨ/੨੨ ਜੇਠ ਨੂੰ ਕੀਤਾ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹੀਦੀ 6 ਜੂਨ/੨੪ ਜੇਠ ਨੂੰ ਹੋਈ ਸੀ। ਸ੍ਰੋਮਣੀ ਕਮੇਟੀ ਤੀਜਾ ਘੱਲੂਘਾਰਾ 4 ਜੂਨ ਮੁਤਾਬਕ ਕਿਸੇ ਸਾਲ ੨੨ ਜੇਠ ਅਤੇ ਕਿਸੇ ਸਾਲ ੨੧ ਜੇਠ; ਨਿਸ਼ਚਿਤ ਕਰਦੀ ਹੈ  ਅਤੇ ਇਸੇ ਤਰ੍ਹਾਂ ਜਰਨੈਲ ਸਿੰਘ ਸਮੇਤ ਹੋਰ ਸਿੰਘਾਂ ਦਾ ਸ਼ਹੀਦੀ ਦਿਹਾੜਾ 6 ਜੂਨ ਮੁਤਾਬਕ ਕਿਸੇ ਸਾਲ ੨੪ ਜੇਠ ਅਤੇ ਕਿਸੇ ਸਾਲ ੨੩ ਜੇਠ ਨੂੰ ਨਿਸ਼ਚਿਤ ਕਰਦੀ ਹੈ। ਸਮਾਂ ਪਾ ਕੇ ਇਹ ਜੇਠ ਤੋਂ ਹਾੜ, ਫਿਰ ਵੈਸਾਖ ਤੇ ਅਗਾਂਹ ਚੇਤ ’ਚ ਚਲਾ ਜਾਵੇਗਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ’ਚ ਹਮੇਸ਼ਾਂ 4 ਜੂਨ ਨੂੰ ੨੧ ਜੇਠ ਅਤੇ 6 ਜੂਨ ਨੂੰ ੨੩ ਜੇਠ ਹੀ ਆਵੇਗਾ।

ਇਸ ਸਾਰੀ ਵਿਚਾਰ ਤੋਂ ਇੱਕ ਗੱਲ ਸਪਸ਼ਟ ਹੈ ਕਿ ਚੰਦਰ ਕੈਲੰਡਰ; ਭਾਵੇਂ ਬਿਕ੍ਰਮੀ ਹੋਵੇ ਜਾਂ ਹਿਜ਼ਰੀ ਹੋਵੇ; ਉਨ੍ਹਾਂ ਦੀਆਂ ਤਾਰੀਖ਼ਾਂ ਨਿਸ਼ਚਿਤ ਕਰਨ ’ਚ ਵੱਡੀ ਸਮੱਸਿਆ ਆਉਂਦੀ ਹੈ; ਇਸ ਲਈ ਇਤਿਹਾਸ ਲਿਖਣ ਲਈ ਚੰਦਰ ਕੈਲੰਡਰ ਲਾਹੇਵੰਦ ਨਹੀਂ ਹੈ। ਸਿੱਖ ਕੌਮ ਨੂੰ ਮਿਲ ਬੈਠ ਕੇ ਇਹ ਫ਼ੈਸਲਾ ਜ਼ਰੂਰ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਗੁਰੂ ਸਾਹਿਬਾਨ ਸਮੇਂ ਪ੍ਰਚਲਿਤ ਉਸ ਕੈਲੰਡਰ ਦੇ ਪ੍ਰਵਿਸ਼ਟੇ ਵਰਤਣੇ ਹਨ ਜਿਨ੍ਹਾਂ ਵਿੱਚ ਸਾਡਾ ਇਤਿਹਾਸ ਲਿਖਿਆ ਗਿਆ ਸੀ ਜਾਂ ਈਸਾਈ ਸਾਮਰਾਜ ਵੱਲੋਂ ਸਾਡੇ ’ਤੇ ਥੋਪੇ ਗਏ ਜੂਲੀਅਨ ਜਾਂ ਗ੍ਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ਨੂੰ ਮੁੱਖ ਰੱਖਿਆ ਜਾਵੇ। ਜੇ ਆਪੋ ਆਪਣੇ ਧੜਿਆਂ ਤੋਂ ਉੱਪਰ ਉੱਠ ਕੇ ਸੋਚਿਆ ਜਾਵੇ ਤਾਂ ਸਾਡੇ ਲਈ ਸਭ ਤੋਂ ਯੋਗ ਨਾਨਕਸ਼ਾਹੀ ਕੈਲੰਡਰ ਹੀ ਹੈ, ਜਿਸ ਵਿੱਚ ਬਿਕ੍ਰਮੀ ਕੈਲੰਡਰ ਦੇ ਪ੍ਰਵਿਸ਼ਟਿਆਂ ਨੂੰ ਸਮੁੱਚੀ ਦੁਨੀਆਂ ’ਚ ਪ੍ਰਚਲਿਤ ਗ੍ਰੈਗੋਰੀਅਨ ਕੈਲੰਡਰ ਨਾਲ ਇਸ ਤਰ੍ਹਾਂ ਸਿੰਕਰੋਨਾਈਜ਼ (Synchronize) ਕੀਤਾ ਗਿਆ ਹੈ ਤਾਂ ਜੋ ਸਾਡੇ ਮੁੱਢਲੇ ਸੋਮਿਆਂ ’ਚ ਲਿਖੇ ਪ੍ਰਵਿਸ਼ਟੇ ਵੀ ਕਾਇਮ ਰਹਿ ਸਕਣ ਅਤੇ ਹੁਣ ਤੱਕ ਜੋ ਫ਼ਰਕ ਪੈ ਚੁੱਕਾ ਹੈ, ਸੋ ਪੈ ਗਿਆ; ਅੱਗੇ ਤੋਂ ਸਾਂਝੇ ਕੈਲੰਡਰ ਦੀਆਂ ਤਾਰੀਖ਼ਾਂ ਨਾਲ ਵੀ ਤਾਲਮੇਲ ਬਣਿਆ ਰਹੇਗਾ।