37.8 C
Jalandhar
Friday, June 20, 2025
spot_img
Home Blog Page 35

‘ੴ’ ਦੇ ਗੁਰਮੁਖੀ ਸੰਕੇਤ ਦਾ ਲਿਖਤੀ ਤੇ ਉਚਾਰਨਿਕ ਰੂਪ

0

‘ੴ’ ਦੇ ਗੁਰਮੁਖੀ ਸੰਕੇਤ ਦਾ ਲਿਖਤੀ ਤੇ ਉਚਾਰਨਿਕ ਰੂਪ

ਜਗਤਾਰ ਸਿੰਘ ਜਾਚਕ, ਨਿਊਯਾਰਕ

ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ 20ਵੀਂ ਸਦੀ ਦੀ ਮਸ਼ੀਨੀ ਛਪਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ‘ੴ’ ਦਾ ਵਖਰੇਵੇਂ-ਜਨਕ ਸਥਾਪਿਤ ਕੀਤਾ ਚਿੰਨ੍ਹਾਤਮਕ ਲਫ਼ਜ਼ 21ਵੀਂ ਸਦੀ ਦੇ ਮੁੱਢਲੇ ਦੌਰ ਸੰਨ 2004 ਤੋਂ ‘ੴ’ ਦਾ ਜੁੜਵਾਂ ਰੂਪ ਇਖ਼ਤਿਆਰ ਕਰ ਚੁੱਕਾ ਹੈ।  ਦੀ ਉਪਰਲੀ ਕਾਰ ਰੂਪ ਰੇਖਾ ਦਾ ਆਕਾਰ ਵੀ ਘਟ ਚੁੱਕਾ ਹੈ । ਗੁਰਬਾਣੀ ਦੇ ਖੋਜੀ ਵਿਦਵਾਨਾਂ ਦਾ ਮੱਤ ਹੈ ਕਿ ਗੁਰਮੁਖੀ ਦੇ ਇਸ ਪ੍ਰਤੀਕਾਤਮਿਕ ਲਫ਼ਜ਼ ਦੀ ਘਾੜਤ ਗੁਰੂ ਨਾਨਕ ਸਾਹਿਬ ਜੀ ਦੀ ਨਿਰੋਲ ਆਪਣੀ ਮੌਲਿਕ ਰਚਨਾ ਹੈ। ਇਸ ਦਾ ਪ੍ਰੰਪਰਾਗਤ, ਪ੍ਰਚਲਿਤ ਤੇ ਸਰਬ-ਪ੍ਰਵਾਣਿਤ ਪ੍ਰਮਾਣੀਕ ਉਚਾਰਨ ਹੈ : ਇੱਕ-ਓਅੰਕਾਰ (ਇਕੁ ਓਅੰਕਾਰੁ) ।  ਨਾ ਤਾਂ ਇਸ ਦੀ ਬਣਤਰ ਲਈ ਸੰਸਕ੍ਰਿਤ ਦੇ ਲਫ਼ਜ਼ਾਂ ਦੀ ਧੂਹ-ਘੜੀਸ ਕਰਦਿਆਂ ਕਾਰ () ਨੂੰ ਵੱਖਰੇ ਰੂਪ ਵਿੱਚ ਵੇਖਣ ਤੇ ਸਮਝਾਉਣ ਦੀ ਲੋੜ ਹੈ ਅਤੇ ਨਾ ਹੀ ਉਚਾਰਨ ਪੱਖੋਂ ਇਸ ਨੂੰ ‘ਇੱਕ-ਓ’ ‘ਇੱਕੋ, ‘ਇੱਕ-ਓਮ’, ‘ਏਕੰਕਾਰ’ ਤੇ ‘ਏਕਮ-ਕਾਰ’ ਵਰਗੇ ਮਨਮਤੀ ਤੇ ਅਸ਼ੁਧ ਰੂਪਾਂ ਵਿੱਚ ਦਰਸਾਉਣ ਤੇ ਪ੍ਰਚਾਰਣ ਦੀ ਲੋੜ ਹੈ।

ਇਸ ਸਚਾਈ ਦਾ ਵੱਡਾ ਕਾਰਨ ਹੈ ਗੁਰੂ ਕੇ ਸਮਕਾਲੀ ਵਿਦਵਾਨ, ਹਜ਼ੂਰੀ ਲਿਖਾਰੀ ਤੇ ਗੁਰਬਾਣੀ ਦੇ ਮੋਢੀ ਵਿਆਖਿਆਕਾਰ ਭਾਈ ਗੁਰਦਾਸ ਜੀ ਦੁਆਰਾ ‘ੴ’ ਦੇ ਚਿੰਨ੍ਹਾਤਮਕ ਲਫ਼ਜ਼ ਦੀ ਵਿਆਖਿਆ, ਜਿਸ ਰਾਹੀਂ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ‘ੴ’  ਦਾ ਸੰਕੇਤ ‘ਏਕੰਕਾਰ’ ਤੇ ‘ਓਅੰਕਾਰ’ ਦੇ ਲਫ਼ਜ਼ੀ ਵਖਰੇਵੇਂ ਦੇ ਬਾਵਜੂਦ ਵੀ ਇੱਕ ਅਨਿਖੜਵਾਂ ਸੁਮੇਲ ਹੈ । ਏਕਾ (੧), ਏਕੰਕਾਰੁ ਦਾ ਪ੍ਰਤੀਕ ਹੈ ਅਤੇ ਊੜਾ (ੳ), ਓਅੰਕਾਰੁ ਦਾ । ਭਾਈ ਸਾਹਿਬ ਜੀ ਦੇ ਲਿਖਤ ਰੂਪ ਵਿੱਚ ਅਨਮੋਲ ਬੋਲ ਹਨ :

ਏਕਾ; ਏਕੰਕਾਰੁ ਲਿਖਿ ਦੇਖਾਲਿਆ। ਊੜਾ; ਓਅੰਕਾਰੁ ਪਾਸਿ ਬਹਾਲਿਆ। (ਭਾਈ ਗੁਰਦਾਸ ਜੀ/ਵਾਰ ੩ ਪਉੜੀ ੧੫)

ਏਕੰਕਾਰੁ ਇਕਾਂਗ ਲਿਖਿ; ਊੜਾ ਓਅੰਕਾਰੁ ਲਿਖਾਇਆ। (ਭਾਈ ਗੁਰਦਾਸ ਜੀ/ਵਾਰ ੩੯ ਪਉੜੀ ੧)

ਸਪਸ਼ਟ ਹੈ ਕਿ ਭਾਈ ਸਾਹਿਬ ਜੀ ਨੇ ‘ੴ’ ਦੇ ਉਪਰੋਕਤ ਰੂਹਾਨੀ ਚਿੰਨ੍ਹ ਨੂੰ ਕੇਵਲ ਗੁਰਮੁਖੀ ਗਿਣਤੀ ਦੇ ਪਹਿਲੇ ਹਿੰਦਸੇ ਇੱਕ (੧) ਅਤੇ ਗੁਰਮੁਖੀ ਭਾਸ਼ਾ ਦੀ ਪੈਂਤੀ ਦੇ ਪਹਿਲੇ ਅੱਖਰ ਊੜਾ (ੳ) ਦੇ ਰੂਪ ਵਿੱਚ ਵੱਖ ਵੱਖ ਪ੍ਰਗਟਾਇਆ ਹੈ। ਊੜੇ ਹੋੜਾ ਮੰਨੇ ਜਾਂਦੇ ਖੁਲ੍ਹੇ ਮੂੰਹ ਵਾਲੇ ‘ਓ’ ਦੇ ਰੂਪ ਵਜੋਂ ਨਹੀਂ, ਜਿਸ ਨੂੰ ਆਧਾਰ ਬਣਾ ਕੇ ਸਭ ਤੋਂ ਪਹਿਲਾਂ ਵੈਨਕੂਵਰ (ਕਨੇਡਾ) ਨਿਵਾਸੀ ਨਿਰਮਲ ਸਿੰਘ ਕਲਸੀ ਨੇ ‘ੴ’ ਨੂੰ ‘ਇੱਕ-ਓ..’ (੧ਓ) ਦੇ ਧੁੰਨਿਆਤਮਕ ਉਚਾਰਨ ਵਜੋਂ ਪੇਸ਼ ਕੀਤਾ । ਉਸ ਤੋਂ ਬਾਅਦ ਗੁਰੂ ਨਾਨਕ ਵਿਚਾਰਧਾਰਾ ਨੂੰ ‘ਨਨਕਾਇਣ ਫ਼ਿਲਾਸਫ਼ੀ’ ਦਾ ਨਾਂ ਦੇਣ ਵਾਲੇ ਮੌਂਟਰੀਅਲ (ਕਨੇਡਾ) ਨਿਵਾਸੀ ਤੇ ਅਕਾਦਮਿਕ ਖੇਤਰ ਦੇ ਪ੍ਰਸਿੱਧ ਸਾਇੰਸਦਾਨ ਡਾ. ਦੇਵਿੰਦਰ ਸਿੰਘ ‘ਚਾਹਲ’ ਨੇ ‘ਇੱਕੋ’ ਦੇ ਸੰਖਿਆਤਮਕ ਹਿੰਦਸੇ ਵਜੋਂ ਪ੍ਰਚਾਰਿਆ ਹੈ । ਸ੍ਰ. ਨਿਰਮਲ ਸਿੰਘ ‘ਕਲਸੀ’ ਨੇ ਆਪਣੇ ਪੱਖ ਦੀ ਪਰਪੱਕਤਾ ਵਜੋਂ ‘ੴ’ ਦੇ ਵੱਖਰੇ ਵੱਖਰੇ ਨਵੀਨ ਤੇ ਪ੍ਰਾਚੀਨ ਹੱਥ-ਲਿਖਤੀ ਰੂਪਾਂ ਨੂੰ ਦਰਸਾਉਂਦੀ ਇੱਕ ਪੁਸਤਕ ਵੀ ਪ੍ਰਕਾਸ਼ਤ ਕੀਤੀ ਹੈ। ਡਾ. ‘ਚਾਹਲ’ ਜੀ ਦਾ ‘ੴ’ ਦੇ ਉਚਾਰਨ ਪੱਖੋਂ ਲਿਖਿਆ ਲੇਖ ਉਨ੍ਹਾਂ ਦੁਆਰਾ ਸੰਪਾਦਤ ਕੀਤੇ ਜਾਂਦੇ ਇੱਕ ਅੰਗਰੇਜ਼ੀ ਦੇ ਪੱਤਰ ‘ਅੰਡਰਸਟੈਡਿੰਗ ਸਿੱਖਇਜ਼ਮ – ਦਾ ਰੀਸਰਚ ਜਰਨਲ’ ਵਿੱਚ ਅਤੇ ਸ੍ਰ. ਗੁਰਬਖ਼ਸ਼ ਸਿੰਘ ਸ਼ੇਰਗਿੱਲ ਦੁਆਰਾ ਸੰਪਾਦਤ ਕੀਤੇ ਜਾਂਦੇ ਰਹੇ ‘ਸਿੱਖ ਮਾਰਗ’ ਮੈਗਜ਼ੀਨ ਵਿੱਚ ਵੀ ਛਪਿਆ, ਜਿਸ ਨੇ ਸੰਪਰਦਾਇਕਤਾ ਅਤੇ ਬਿਪਰਵਾਦ ਦੀ ਖ਼ਿਲਾਫ਼ਤ ਕਰਨ ਵਾਲੇ ਸਿੱਖ ਲੇਖਕਾਂ ਨੂੰ ਉਸ ਸਮੇਂ ਕਾਫ਼ੀ ਪ੍ਰਭਾਵਤ ਕੀਤਾ।

ਗੁਰਬਾਣੀ ਦੇ ਚਾਨਣ ਅਤੇ ਭਾਈ ਗੁਰਦਾਸ ਜੀ ਦੁਆਰਾ ‘ੴ’ ਦੀ ਉਪਰੋਕਤ ਵਿਆਖਿਆ ਦੇ ਦ੍ਰਿਸ਼ਟੀਕੋਨ ਤੋਂ ਇਸ ਰੂਹਾਨੀ ਚਿੰਨ੍ਹ ਦੇ ਭਾਵਾਰਥ ਨੂੰ ਕੁਝ ਇਉਂ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ :

ਸ੍ਰਿਸ਼ਟੀ ਦਾ ਮੂਲ ਸ੍ਰੋਤ (ਜਿੱਥੋਂ ਸਭ ਕੁਝ ਪੈਦਾ ਹੋ ਰਿਹਾ ਹੈ) ਅਕਾਲ ਪੁਰਖ ਇੱਕ ਹੈ ਅਤੇ ਉਸ ਨੂੰ ਨਿਰਗੁਣ ਤੇ ਸਰਗੁਣ ਦੋ ਵਖ ਵਖ ਰੂਪਾਂ ਵਿੱਚ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ; ਜਿਵੇਂ ਕਿ ਕਿਸੇ ਪੌਦੇ ਦੀ ਜੜ੍ਹ ਤੇ ਉਸ ਦੇ ਤਣੇ ਨੂੰ, ਸਮੁੰਦਰ ਤੇ ਸਮੁੰਦਰ ਦੇ ਪਾਣੀ ਵਿੱਚ ਉੱਠਦੀਆਂ ਲਹਿਰਾਂ ਨੂੰ ਅਤੇ ਸੋਨੇ ਤੇ ਸੋਨੇ ਤੋਂ ਬਣੇ ਗਹਿਣਿਆਂ ਨੂੰ ਵੱਖ ਵੱਖ ਨਹੀਂ ਵੇਖ  ਸਕਦੇ। ਭਾਰਤੀ ਫ਼ਲਸਫ਼ੇ ਵਿੱਚ ਨਿਰਗੁਣ ਬ੍ਰਹਮ ਦਾ ਅਰਥ ਹੈ : ਰੱਬ ਦਾ ਨਾ ਦਿੱਸਣ ਵਾਲਾ ਉਹ ਰੂਪ, ਜਦੋਂ ਉਹ ਆਪਣੇ ਆਪ ਵਿੱਚ ਇਕੱਲਾ ਹੁੰਦਾ ਹੈ। ਸੰਸਾਰ ਦੇ ਰੂਪ ਵਿੱਚ ਧਰਤੀ, ਅਕਾਸ਼, ਸੂਰਜ, ਚੰਦਰਮਾ, ਜੀਅ ਜੰਤ ਆਦਿਕ ਕੁਝ ਵੀ ਪੈਦਾ ਨਹੀਂ ਹੋਏ ਹੁੰਦੇ । ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੇ ਅਜਿਹੇ ਨਿਰਗੁਣ ਰੂਪ ਨੂੰ ਆਪਣੇ ਸ਼ਬਦਾਂ ਵਿੱਚ ਇਉਂ ਪ੍ਰਗਟ ਕੀਤਾ ਹੈ ‘‘ਅਰਬਦ ਨਰਬਦ ਧੁੰਧੂਕਾਰਾ   ਧਰਣਿ ਗਗਨਾ; ਹੁਕਮੁ ਅਪਾਰਾ   ਨਾ ਦਿਨੁ ਰੈਨਿ ਚੰਦੁ ਸੂਰਜੁ; ਸੁੰਨ ਸਮਾਧਿ ਲਗਾਇਦਾ   ਖਾਣੀ ਬਾਣੀ; ਪਉਣ ਪਾਣੀ   ਓਪਤਿ ਖਪਤਿ ਆਵਣ ਜਾਣੀ   ਖੰਡ ਪਤਾਲ ਸਪਤ ਨਹੀ ਸਾਗਰ; ਨਦੀ ਨੀਰੁ ਵਹਾਇਦਾ ’’ (ਮਹਲਾ /੧੦੩੬)

ਪੌਰਾਣਿਕ ਦ੍ਰਿਸ਼ਟੀ ਤੋਂ ਮੰਨਿਆ ਜਾਂਦਾ ਹੈ ਕਿ ਐਸਾ ਅਦ੍ਰਿਸ਼ਟ, ਨਿਰਗੁਣ ਬ੍ਰਹਮ, ਜਦੋਂ ਸੰਸਾਰ ਦੀ ਸਿਰਜਣਾ ਕਰਦਾ ਹੈ ਤਾਂ ਜਾਣੋ ਕਿ ਉਹ ਆਪਣੇ ਆਪ ਨੂੰ ਦਿੱਸਣ ਵਾਲੇ ਸਰਗੁਣ ਰੂਪ ਵਿੱਚ ਪ੍ਰਗਟ ਕਰ ਲੈਂਦਾ ਹੈ। ਇਸੇ ਲਈ ਆਖਿਆ ਜਾਂਦਾ ਹੈ ਕਿ ਸੰਸਾਰ; ਨਿਰੰਕਾਰ ਦਾ ਸਰਗੁਣ ਸਰੂਪ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਵਾਲੇ ਭਾਰਤੀ ਫ਼ਲਸਫ਼ੇ ਦੇ ਉਪਨਿਸ਼ਦ-ਕਾਲ ਵਿੱਚ ਬ੍ਰਹਮ ਦੇ ਨਿਰਗੁਣ ਰੂਪ ਨੂੰ ਪ੍ਰਗਟਾਉਣ ਲਈ ‘ਏਕੰਕਾਰ’ ਅਤੇ ਸਰਗੁਣ ਲਈ ‘ਓਅੰਕਾਰ’ ਲਫ਼ਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ । ਇਹ ਵੀ ਮੰਨਿਆ ਜਾਂਦਾ ਸੀ ਕਿ ਬ੍ਰਹਮ ਦੇ ਇਹ ਦੋਵੇਂ ਰੂਪ ਵੱਖ ਵੱਖ ਹਨ। ਇਸੇ ਲਈ ਨਿਰਗੁਣ ਬ੍ਰਹਮ ਨੂੰ ‘ਪਾਰਬ੍ਰਹਮ’ ਵੀ ਆਖਿਆ ਜਾਂਦਾ ਸੀ ਕਿਉਂਕਿ ਉਸ ਨੂੰ ਸੰਸਾਰ ਤੋਂ ਪਰੇ ਕਿਸੇ ਵੱਖਰੀ ਥਾਂ ਵੇਖਿਆ ਜਾ ਰਿਹਾ ਸੀ। ਅਜਿਹੀ ਵਿਚਾਰਧਾਰਾ ਨੂੰ ਹੀ ਦਵੈਤਵਾਦ ਜਾਂ ਦਵੰਦਮਈ ਦ੍ਰਿਸ਼ਟੀਕੋਣ ਕਿਹਾ ਜਾਂਦਾ ਹੈ ।

ਅਸਲ ਵਿੱਚ ਇਹੀ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ‘ਨਿਰਗੁਣ’ ਤੇ ‘ਸਰਗੁਣ’ ਬ੍ਰਹਮ ਦਾ ਸੁਮੇਲ ਕਰਦਿਆਂ ‘ਏਕੰਕਾਰ’ ਤੇ ‘ਓਅੰਕਾਰ’ ਦੇ ਸਾਂਝੇ ਤੇ ਗੁਰਮੁਖੀ ਪ੍ਰਤੀਕ ‘ੴ’ ਦੀ ਨਵੀਨ ਘਾੜਤ ਘੜੀ । ਸੰਸਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇੱਕੋ ਇੱਕ ਐਸਾ ਧਰਮ ਗ੍ਰੰਥ ਹੈ, ਜਿਸ ਦਾ ਅਰੰਭ ਰੱਬੀ ਏਕਤਾ ਦੇ ਪ੍ਰਤੀਕ ‘ਏਕੇ’ ਦੇ ਹਿੰਦਸੇ ਨਾਲ ਹੁੰਦਾ ਹੈ । ਕਾਰਨ ਹੈ ਕਿ ਸਤਿਗੁਰੂ ਜੀ ਦਾ ਮੱੁਖ ਮਨੋਰਥ ਮਨੁੱਖਤਾ ਨੂੰ ਇਹ ਸੋਝੀ ਕਰਵਾਉਣਾ ਸੀ ਕਿ ਜਿੱਥੋਂ ਅਸੀਂ ਸਾਰੇ ਪੈਦਾ ਹੋ ਰਹੇ ਹਾਂ ਅਤੇ ਜਿਸ ਵਿੱਚ ਮੁੜ ਸਾਰੇ ਲੀਨ ਹੋ ਰਹੇ ਹਾਂ, ਉਹ ਮੂਲ-ਸ੍ਰੋਤ ਅਕਾਲ ਪੁਰਖ ਇੱਕ ਹੈ । ਉਸ ਨੂੰ ਨਿਰਗੁਣ ਤੇ ਸਰਗੁਣ; ਦੋ ਵੱਖ ਵੱਖ ਜਾਂ ਸ਼ਿਵ ਸ਼ਕਤੀ ਆਦਿਕ ਕਈ ਹੋਰ ਹਿਸਿਆਂ ਵਿੱਚ ਵੰਡ ਕੇ ਨਹੀਂ ਵੇਖਿਆ ਜਾ ਸਕਦਾ; ਤਾਂ ਕਿ ਮਨੁੱਖੀ ਭਾਈਚਾਰੇ ਵਿਚਲੀ ਨਸਲੀ, ਸ਼ਕਲੀ ਤੇ ਦੇਸ਼-ਦੇਸਾਂਤਰਾਂ ਦੀ ਭਿੰਨਤਾ ਦੇ ਬਾਵਜੂਦ ਵੀ ਮਾਨਵ-ਏਕਤਾ ਸਥਾਪਿਤ ਹੋ ਸਕੇ। ਲੋਕ ਰੱਬ ਦੀ ਰੂਹਾਨੀ ਸੱਤਾ (ਜੋਤਿ) ਨੂੰ ਆਪਣੇ ਤੋਂ ਵੱਖਰੇ ਕਿਸੇ ਅਕਾਸ਼, ਸਮੁੰਦਰ ਜਾਂ ਮਨੋ-ਕਲਪਿਤ ਸਵਰਗੀ ਸਚਖੰਡ ਆਦਿਕ ਵਿੱਚ ਮੰਨਣ ਦੀ ਥਾਂ ਆਪਣੇ ਸਮੇਤ ਸਾਰੇ ਸੰਸਾਰ ਵਿੱਚ ਵਿਆਪਕ ਵੇਖਦੇ ਅਤੇ ਉਸ ਦੇ ਨਿਰਮਲ-ਭਉ ਵਿੱਚ ਜਿਊਂਦੇ ਹੋਏ ਇੱਕ ਪਰਵਾਰ ਵਜੋਂ ਵਿਚਰ ਸਕਣ । ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੰਜਵੇਂ ਰੂਪ ਵਿੱਚ ਵਿਆਖਿਆਤਮਕ ਐਲਾਨ ਕੀਤਾ ‘‘ਨਿਰਗੁਨੁ ਆਪਿ; ਸਰਗੁਨੁ ਭੀ ਓਹੀ   ਕਲਾ ਧਾਰਿ; ਜਿਨਿ ਸਗਲੀ ਮੋਹੀ ’’ (ਸੁਖਮਨੀ/ਮਹਲਾ /੨੮੮)

ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਵਿੱਚ ਇੱਕ ਅਕਾਲ ਪੁਰਖ ਤੋਂ ਬਗੈਰ ਦੂਜਾ ਕੋਈ ਹੋਰ ਹੈ ਹੀ ਨਹੀਂ ‘‘ਦੂਜਾ ਕਉਣੁ ਕਹਾ; ਨਹੀ ਕੋਈ   ਸਭ ਮਹਿ ਏਕੁ ਨਿਰੰਜਨੁ ਸੋਈ ਰਹਾਉ (ਮਹਲਾ /੨੨੩), ਸਿਵ ਸਕਤਿ ਆਪਿ ਉਪਾਇ ਕੈ; ਕਰਤਾ ਆਪੇ ਹੁਕਮੁ ਵਰਤਾਏ ’’ (ਅਨੰਦ/ਮਹਲਾ /੯੨੦) ਕਹਿ ਕੇ ਹਜ਼ੂਰ ਨੇ ਦਵੰਦਮਈ ਤੇ ਦੇਵ-ਵਾਦੀ ਪੌਰਾਣਿਕ ਵਿਚਾਰਧਾਰਾ ਦੀਆਂ ਜੜ੍ਹਾਂ ਹੀ ਕੱਟ ਦਿੱਤੀਆਂ । ਤਦੇ ਤਾਂ ਮਾਨਵ-ਹਿਤਕਾਰੀ ਵਿਦਵਾਨ ਮੰਨਦੇ ਹਨ ਕਿ ‘ੴ’ ਵਿੱਚ ਛੁਪਿਆ ਹੈ ਰਾਜ਼, ਅਜੋਕੇ ਦੌਰ ਦੀ ਸਰਬਨਾਸ਼ ਦੇ ਕਿਨਾਰੇ ਖੜ੍ਹੀ ਮਨੁਖਤਾ ਨੂੰ ਬਚਾਉਣ ਦਾ; ਕਿਉਂਕਿ ਜਦੋਂ ਉਹ ਇੱਕ ਪਰਮਾਤਮਾ ਹੀ ਸਾਰੇ ਰੂਪਾਂ ਵਿੱਚ ਵਿਆਪਕ ਵਰਤ ਰਿਹਾ ਹੈ ਤਾਂ ਕਿਸ ਨੂੰ ਮੰਦਾ ਕਿਹਾ ਜਾਏ  ? ਰੰਗ ਰੂਪ ਨਸਲ ਕਰਕੇ ਕਿਸ ਨਾਲ ਵਿਤਕਰਾ ਕੀਤਾ ਜਾਏ  ? ਕਿਸ ਨਾਲ ਧੱਕਾ ਜਾਂ ਨਫ਼ਰਤ ਕੀਤੀ ਜਾਏ  ? ਕਿਸ ਨਾਲ ਠੱਗੀ ਮਾਰੀ ਜਾਏ  ? ਹਕੀਕਤ ਤਾਂ ਇਹ ਹੈ ਕਿ ਕਿਸੇ ਵੀ ਵਿਅਕਤੀ ਵੱਲੋਂ ਅਜਿਹਾ ਦੁਰਵਿਹਾਰ ਤਦੋਂ ਹੀ ਹੁੰਦਾ ਹੈ, ਜਦੋਂ ਉਸ ਨੂੰ ਸੰਸਾਰ ਦਾ ਇੱਕੋ-ਇੱਕ ਮੂਲ ਅਕਾਲ ਪੁਰਖ ਸਾਰਿਆਂ ਵਿੱਚ ਵਿਆਪਕ ਨਹੀਂ ਦਿੱਸਦਾ । ਗੁਰਦੇਵ ਜੀ ਦੇ ਅੰਮ੍ਰਿਤ ਬਚਨ ਹਨ ‘‘ਆਪਿ ਉਪਾਏ ਨਾਨਕਾ ! ਆਪੇ ਰਖੈ ਵੇਕ   ਮੰਦਾ ਕਿਸ ਨੋ ਆਖੀਐ; ਜਾਂ ਸਭਨਾ ਸਾਹਿਬੁ ਏਕੁ ’’ (ਮਹਲਾ /੧੨੩੮) ਪਦ ਅਰਥ : ਵੇਕ-ਵੱਖ ਵੱਖ ਰੂਪ ਤੇ ਸੁਭਾਅ ਵਾਲੇ ਜੀਅ-ਜੰਤ।

ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਜਿਹੀ ਸਪਟਸ਼ਤਾ ਦੇ ਬਾਵਜੂਦ ਵੀ ਪੌਰਾਣਿਕ-ਮਤੀ ਤੇ ਸੱਤਾਧਾਰੀ ਬਿਪਰਵਾਦੀ ਪ੍ਰਚਾਰਕਾਂ ਦੇ ਜ਼ੋਰਦਾਰ ਅਤੇ ਨੀਤੀਗਤ ਵਿਆਪਕ ਪ੍ਰਚਾਰ ਤੋਂ ਭੈ-ਭੀਤ ਹੋ ਕੇ ਕੁਝ-ਕੁ ਸਿੱਖ ਵਿਦਵਾਨ, ਲੇਖਕ ਤੇ ਪ੍ਰਚਾਰਕ ਸੱਜਣ ‘ੴ’ ਦੇ ਉਚਾਰਣ ਪੱਖੋਂ ਡਾ. ਚਾਹਲ ਦੇ ਪਿਛਲੱਗੂ ਬਣ ਕੇ ‘ਇੱਕ-ਓਅੰਕਾਰ’ ਦੀ ਥਾਂ ‘ਇੱਕੋ’ ਉਚਾਰਨ ਦੀ ਵਕਾਲਤ ਕਰ ਰਹੇ ਹਨ। ਹੈਰਾਨਗੀ ਹੈ ਕਿ ਪ੍ਰੋ. ਇੰਦਰ ਸਿੰਘ ‘ਘੱਗੇ’ ਵਰਗੇ ਪੜਚੋਲੀਏ ਤੇ ਤਰਕਸ਼ੀਲ ਲੇਖਕ ਵੀ ਉਪਰੋਕਤ ਵਰਗ ਵਿੱਚ ਸ਼ੁਮਾਰ ਹੋ ਕੇ ਅਗਵਾਈ ਕਰਦੇ ਜਾਪਦੇ ਹਨ। ‘ਗੁਰਮਤਿ ਦੀ ਕਸਵੱਟੀ ਤੇ ਪੌਰਾਣਕ ਕਥਾਂਵਾਂ ਦਾ ਅੰਤ’ ਨਾਂ ਦੀ ਪੁਸਤਕ (ਪਹਿਲੀ ਕਿਸ਼ਤ) ਵਿੱਚ ਇਨ੍ਹਾਂ ਦੁਆਰਾ ਹੇਠ ਲਿਖੇ ਵਿਚਾਰਾਂ ਨਾਲ ਸਾਰੇ ਵਿਦਵਾਨ ਸਹਿਮਤ ਹਨ ਕਿ ‘ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਨਵੇਂ ਨਿਵੇਕਲੇ ਦਿੱਤੇ ਹਨ, ਪਰ ਮੁਹਾਵਰਾ (ਸਮਝਾਉਣ ਦਾ ਢੰਗ) ਪੰਜਾਬੀ ਹਿੰਦੂ ਪੌਰਾਣਕ ਰੰਗ ਵਾਲਾ ਹੈ। ਗੁਰਬਾਣੀ ਦਾ ਤੱਤਸਾਰ ਸਮਝਣ ਵਾਲੇ ਤੇ ਲੰਮਾ ਸਮਾਂ ਗੁਰਬਾਣੀ ਦੇ ਸੰਪਾਦਨ ਕਾਰਜ ਪੂਰੇ ਕਰਨ ਵਾਲੇ ਭਾਈ ਗੁਰਦਾਸ ਜੀ ਜਦੋਂ ਆਪਣੀ ਰਚਨਾ ਵਾਰਾਂ ਤੇ ਕਬਿਤ ਲਿਖ ਕੇ ਸਿੱਖ ਜਗਿਆਸੂਆਂ ਅੱਗੇ ਰੱਖਦੇ ਹਨ ਤਾਂ ਉਸ ਦਾ ਬਹੁਤ ਹਿੱਸਾ ਸੁਤੇ ਸਿੱਧ ਸਮਝ ਆ ਜਾਂਦਾ ਹੈ ।’ ਪਰ ਇੱਥੇ ਇੱਕ ਬੜਾ ਮਹੱਤਵ ਪੂਰਨ ਸੁਆਲ ਖੜ੍ਹਾ ਹੁੰਦਾ ਹੈ ਕਿ ਘੱਗਾ ਜੀ ਦੇ ਪ੍ਰਗਟਾਏ ਅਜਿਹੇ ਸਿਧਾਂਤਕ, ਇਤਿਹਾਸਕ ਅਤੇ ਸਰਬ-ਪ੍ਰਵਾਣਿਤ ਸੱਚ ਦੇ ਸਨਮੁਖ ਫਿਰ ਭਾਈ ਗੁਰਦਾਸ ਜੀ ਦੁਆਰਾ ‘ੴ’ ਦੀ ਉਪਰੋਕਤ ਚਿੰਨ੍ਹਾਤਮਕ ਵਿਆਖਿਆ ਨੂੰ ਮੰਨਣ ਵਿੱਚ ਹਿਚਕਾਹਟ ਕਿਉਂ  ? ਜਿਹੜੀ ਹੁਣ ਤੱਕ ਦੀਆਂ ਸਾਰੀਆਂ ਸਿੱਖ ਸੰਪਰਦਾਵਾਂ ਅਤੇ ਸਾਰੇ ਸਿੱਖ ਮਿਸ਼ਨਰੀ ਕਾਲਜਾਂ ਵਿੱਚ ‘ੴ’ ਦੇ ਪ੍ਰੰਪਰਾਗਤ ਉਚਾਰਨ ਦਾ ਆਧਾਰ ਬਣਦੀ ਆਈ ਹੈ। ਵੱਡੀ ਗੱਲ ਇਹ ਹੈ ਕਿ ਇਸ ਅੰਦਰਲਾ ‘ਏਕੇ’ ਦਾ ਹਿੰਦਸਾ,‘ਓਮ’ ਅਤੇ ‘ਓਅੰਕਾਰ’ ਪਦਾਂ ਦੀ ਪੌਰਾਣਿਕ-ਮਤੀ ਤੀਨ-ਦੇਵੀ ਤੇ ਅਵਤਾਰਵਾਦੀ ਵਿਆਖਿਆ ਦਾ ਵੀ ਅੰਤ ਕਰਦਾ ਹੈ, ਜਿਸ ਤੋਂ ਭੈ-ਭੀਤ ਹੋ ਕੇ ‘ਇੱਕ-ਓਅੰਕਾਰ’ ਦੀ ਥਾਂ ‘ਇੱਕੋ’ ਉੱਚਾਰਨ ਦੀ ਵਕਾਲਤ ਕੀਤੀ ਜਾ ਰਹੀ ਹੈ; ਜਿਵੇਂ ਕਿ ‘ਘੱਗਾ’ ਜੀ ਲਿਖਦੇ ਹਨ ‘ਭਾਵੇਂ ਅਗੇਤਰ ਵਿੱਚ ‘੧’ (ਇੱਕ) ਗੁਰੂ ਜੀ ਨੇ ਓਅੰਕਾਰ ਦੇ ਤਿੰਨ ਦੇਵਾਂ ਵਾਲੀ ਤ੍ਰਿਕੜੀ ਦਾ ਖਾਤਮਾ ਕੀਤਾ ਹੈ । ਪਰ ਇਉਂ ਪ੍ਰਤੀਤ ਹੁੰਦਾ ਹੈ ਕਿ ‘ਓਅੰਕਾਰ’ ਸ਼ਬਦ ਪੌਰਾਣਕ ਗ੍ਰੰਥਾਂ ਵਿਚੋਂ ਸਾਡੇ ਗਲ ਆ ਪਿਆ ਹੈ । ਅਸਲ ਵਿੱਚ ਇਹ ਊੜਾ ਖੁੱਲ੍ਹੇ ਮੂੰਹ ਵਾਲਾ (ਓ) ਸੀ । ਇਸ ਦੇ ਅੱਗੇ ਏਕਾ ਲਾ ਕੇ ਜਦੋਂ ਆਮ ਪੰਜਾਬੀ ਵਿੱਚ ਉਚਾਰਣ ਕਰਾਂਗੇ ਤਾਂ ਬਣੇਗਾ ‘ਇੱਕੋ’ (੧+ਓ) । ਇਹ ‘ਕਾਰ () ਵਾਲਾ ਬ੍ਰਾਹਮਣ’ ਸਿੱਖਾਂ ਦੇ ਪਿੱਛੇ ਚਿਪਕ ਗਿਆ ਹੈ । ਇਸ ‘ਓਅੰਕਾਰ’ ਨੂੰ ਉਤਾਰ ਕੇ ‘ਇੱਕੋ’ ਨੂੰ ਅਪਣਾ ਕੇ ਹੀ ਸਿੱਖ ਪੰਥ ਵੈਦਿਕ ਪ੍ਰੰਪਰਾਵਾਂ ਤੋਂ ਮੁਕਤ ਹੋ ਸਕੇਗਾ । ਪੜ੍ਹੋ ਗੁਰ ਫੁਰਮਾਣ ‘‘ਹਰਿ ਇਕੋ ਕਰਤਾ ਇਕੁ; ਇਕੋ ਦੀਬਾਣੁ ਹਰਿ   ਹਰਿ ਇਕਸੈ ਦਾ ਹੈ ਅਮਰੁ; ਇਕੋ ਹਰਿ ਚਿਤਿ ਧਰਿ ’’ (ਮਹਲਾ /੮੩)

ਪਰ ਇੱਥੇ ਗੰਭੀਰਤਾ ਸਹਿਤ ਵਿਚਾਰਨ ਦੀ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ੴ ਤੋਂ ਗੁਰ ਪ੍ਰਸਾਦਿ’ ਤੱਕ ਦੇ ਆਦਿ ਮੰਗਲਾਚਰਨ (ਮੂਲ-ਮੰਤ੍ਰ = ਮੁੱਢਲਾ ਗੁਰ ਉਪਦੇਸ਼) ਸਮੇਤ ਕਿਹੜਾ ਰੱਬੀ-ਨਾਂਵ ਹੈ, ਜਿਸ ਦਾ ਪਿਛੋਕੜ ਵੈਦਿਕ ਤੇ ਇਸਲਾਮਕ ਪ੍ਰੰਪਰਾ ਨਾਲ ਨਹੀਂ ਜੁੜਿਆ  ? ਇਸ ਲਈ ਲੋੜ ਤਾਂ ਕੇਵਲ ਇਹੀ ਸੀ ਕਿ ਸਿੱਖੀ ਨੂੰ ਬਿਪਰਵਾਦੀ ਪ੍ਰਭਾਵ ਤੋਂ ਮੁਕਤ ਕਰਨ ਲਈ ਗੁਰਬਾਣੀ ਅੰਦਰਲੇ ਪੌਰਾਣਿਕ-ਮਤੀ ਰੱਬੀ-ਨਾਵਾਂ ਦੀ ਗੁਰਮਤੀ ਵਿਆਖਿਆ ਪੇਸ਼ ਕੀਤੀ ਜਾਵੇ, ਨਾ ਕਿ ਬਿਪਰਵਾਦੀ; ਜਿਵੇਂ ਪੌਰਾਣਿਕ-ਮਤੀ ਹਿੰਦੂ ਪ੍ਰਚਾਰਕ ਗੁਰਬਾਣੀ ਵਿੱਚ ਸਭ ਤੋਂ ਵਧੇਰੇ ਵਰਤੇ ‘ਰਾਮ’ ਨਾਮ ਨੂੰ ਹਰੇਕ ਤੁਕ ਵਿਖੇ ਤ੍ਰੇਤੇ ਯੁਗ ਦੇ ਅਵਤਾਰ ਮੰਨੇ ਜਾਂਦੇ ਅਯੁਧਿਆ-ਪਤੀ; ਸ੍ਰੀ ਰਾਮ ਚੰਦਰ ਨਾਲ ਜੋੜਣ ਲਈ ਯਤਨਸ਼ੀਲ ਰਹਿੰਦੇ ਹਨ, ਪ੍ਰੰਤੂ ‘‘ਰਮਤ ਰਾਮੁ ਸਭ ਰਹਿਓ ਸਮਾਇ (ਮਹਲਾ /੮੬੫), ਰਮਤ ਰਾਮ ਪੂਰਨ ਸ੍ਰਬ ਠਾਂਇ ’’ (ਮਹਲਾ /੧੨੩੬) ਆਦਿ ਗੁਰਵਾਕਾਂ ਦੁਆਰਾ ‘ਰਾਮੁ’ ਨਾਂ ਦੀ ਗੁਰਮਤੀ ਪਰਿਭਾਸ਼ਾ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੰਦੀ। ਕਾਰਨ ਹੈ ਕਿ ਅਜਿਹੇ ਗੁਰ ਵਾਕ ਗੁਰਬਾਣੀ ਦੇ ‘ਰਾਮੁ’ ਨੂੰ ਵਿਅਕਤੀਗਤ ਹਸਤੀ ਦੀ ਥਾਂ; ਸਰਬ-ਵਿਆਪਕ ਸ਼ਕਤੀ ਦੇ ਰੂਪ ਵਿੱਚ ਬਿਆਨਦੇ ਹਨ।

ਇਸੇ ਤਰ੍ਹਾਂ ਦੇਵ-ਵਾਦੀ ਪੌਰਾਣਿਕ ਦ੍ਰਿਸ਼ਟੀ ਤੋਂ ‘ਓਅੰਕਾਰ’ ਤੇ ‘ਓਮ’ ਲਫ਼ਜ਼ਾਂ ਨੂੰ ਤੀਨ-ਦੇਵੀ ਤ੍ਰੈਮੂਰਤੀ ਪੱਖੋਂ ਸਮਾਨਾਰਥਕ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਸੰਸਕ੍ਰਿਤ ਦੇ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ 3 ਵਾਰ ਵਰਤੇ ‘ਓਅੰ’ ਲਫ਼ਜ਼ ਨੂੰ ‘ਓਮ’ ਹੀ ਮੰਨਦੇ ਹਨ ਕਿਉਂਕਿ ਉਹ ਪੰਜਾਬੀ ਦੇ ਪ੍ਰਚਲਿਤ ਉਚਾਰਨ ‘ਓ-ਅਙ’ ਦੀ ਥਾਂ ‘ਓ-ਅਮ’ ਉਚਾਰਦੇ  ਹਨ, ਪ੍ਰੰਤੂ ਗੁਰੂ ਨਾਨਕ ਸਾਹਿਬ ਜੀ ਦੇ ਗੁਰਵਾਕ ‘‘ਓਅੰਕਾਰਿ; ਬ੍ਰਹਮਾ ਉਤਪਤਿ   ਓਅੰਕਾਰੁ ਕੀਆ; ਜਿਨਿ ਚਿਤਿ (ਮਹਲਾ /੯੩੦), ਓਅੰਕਾਰਿ; ਸਭ ਸ੍ਰਿਸਟਿ ਉਪਾਈ ’’ (ਮਹਲਾ /੧੦੬੧) ਅਤੇ ਭਗਤ ਕਬੀਰ ਜੀ ਦੇ ਅੰਮ੍ਰਿਤਮਈ ਬਚਨ ‘‘ਓਅੰ ਗੁਰਮੁਖਿ ਕੀਓ ਅਕਾਰਾ   ਏਕਹਿ ਸੂਤਿ ਪਰੋਵਨਹਾਰਾ ’’ (ਮਹਲਾ /੨੫੦); ਉਨ੍ਹਾਂ ਦੇ ਪ੍ਰਚਾਰ ਨੂੰ ਸਫਲ ਬਣਾਉਣ ਲਈ ਵੱਡੀ ਰੁਕਾਵਟ ਬਣ ਜਾਂਦੇ ਹਨ ਕਿਉਂਕਿ ਉਹ ‘ਓਅੰਕਾਰ’ ਤੇ ‘ਓਮ’ (ਓਅੰ) ਲਫ਼ਜ਼ਾਂ ਨੂੰ ਸਮਾਨਾਰਥਕ ਮੰਨਦੇ ਹੋਏ ਪੌਰਾਣਿਕ-ਮਤੀ ਤ੍ਰੈ-ਦੇਵੀ ਤ੍ਰਿਕੜੀ ਦੀ ਕੈਦ ’ਚੋਂ ਮੁਕਤ ਕਰਦੇ ਹੋਏ ਸ੍ਰਿਸ਼ਟੀ ਦਾ ਮੂਲ-ਕਰਤਾ ਮੰਨਦੇ ਹਨ, ਜੋ ਬ੍ਰਹਮਾ, ਵਿਸ਼ਨੂ ਤੇ ਸ਼ਿਵ ਆਦਿਕ ਕਲਪਿਤ ਦੇਵਤਿਆਂ ਸਮੇਤ ਸਾਰੇ ਸੰਸਾਰ ਨੂੰ ਹੀ ਪੈਦਾ ਕਰਨ ਵਾਲਾ ਹੈ। ਸਰਬਸੰਮਤੀ ਨਾਲ ਮੰਨਿਆ ਜਾਂਦਾ ਹੈ ਕਿ ਸਦਾ ਹੀ ਕਿਸੇ ਤੋਂ ਵੱਡੀ ਹਸਤੀ ਓਹੀ ਮੰਨੀ ਜਾਂਦੀ ਹੈ, ਜੋ ਉਸ ਨੂੰ ਜਨਮ ਦੇਣ ਵਾਲੀ ਹੋਵੇ। ਸ਼ਾਇਦ ਇਹੀ ਕਾਰਨ ਹੈ ਕਿ ਭਗਤ ਕਬੀਰ ਜੀ ਨੇ ਪੌਰਾਣਿਕ-ਮਤੀ ਪ੍ਰਚਾਰਕਾਂ ਸਾਮ੍ਹਣੇ ਬੜੀ-ਬੇਬਾਕੀ ਨਾਲ ਇਹ ਸੁਆਲ ਵੀ ਖੜ੍ਹੇ ਕਰ ਦਿੱਤੇ ਸਨ ਕਿ ਜ਼ਰਾ ਸੋਚੋ ‘‘ਬ੍ਰਹਮਾ ਬਡਾ ਕਿ ਜਾਸੁ ਉਪਾਇਆ   ਬੇਦੁ ਬਡਾ ਕਿ ਜਹਾਂ ਤੇ ਆਇਆ ’’ (ਭਗਤ ਕਬੀਰ/੩੩੧)

ਸ਼ਾਇਦ ਇਹੀ ਕਾਰਨ ਹੈ ਕਿ ਭਾਰਤੀ ਰਾਜਸੱਤਾ ਦੇ ਬਲਬੂਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਭਾਸ਼ਾ ਵਿਭਾਗ ਪੰਜਾਬ ਵਰਗੇ ਵਿਦਿਅਕ ਅਦਾਰੇ ਹੁਣ ‘ੴ ’ ਦੇ ਗੁਰਮਤਿ ਮੂਲਕ ਚਿੰਨ੍ਹ ਅਤੇ ‘‘ੴ ਸਤਿ  ਗੁਰ ਪ੍ਰਸਾਦਿ’’ ਦੇ ਸੰਖੇਪ ਮੰਗਲਾਚਰਨ ਨੂੰ ਵੈਦਿਕ ਤੇ ਪੌਰਾਣਿਕ-ਮਤੀ ਗ੍ਰੰਥਾਂ ਦੇ ਆਰੰਭ ਵਿੱਚ ਲਿਖ ਕੇ ਅਜਿਹਾ ਸਿੱਧ ਕਰਨ ਦਾ ਅਸਫਲ ਯਤਨ ਕਰ ਰਹੇ ਹਨ ਕਿ ਗੁਰਬਾਣੀ ਦਾ ਉਪਰੋਕਤ ਅਦੁੱਤੀ ਚਿੰਨ੍ਹ ਅਤੇ ਗੁਰਸਿੱਖੀ ਦੀ ਅਧਾਰਸ਼ਿਲਾ ਮੰਨੇ ਜਾਂਦੇ ਮੰਗਲਾਚਰਨ ਤਾਂ ਗੁਰੂ ਨਾਨਕ ਕਾਲ ਤੋਂ ਪਹਿਲਾਂ ਦੇ ਗ੍ਰੰਥਾਂ ਵਿੱਚ ਹੀ ਦਰਸ ਸਨ, ਗੁਰੂ ਨਾਨਕ ਸਾਹਿਬ ਜੀ ਨੇ ਤਾਂ ਉਨ੍ਹਾਂ ਦੀ ਨਕਲ ਹੀ ਕੀਤੀ ਹੈ । ਇਸ ਪੱਖੋਂ ਸਭ ਤੋਂ ਮੂਹਰੇ ਹੈ ‘ਪੰਜਾਬੀ ਯੂਨੀਵਰਸਿਟੀ ਪਟਿਆਲਾ’, ਜਿਸ ਨੇ ਪਟਿਆਲੇ ਦੇ ਰਾਜ ਘਰਾਣੇ ਦੀ ਚਾਪਲੂਸੀ ਕਰਦਿਆਂ ਨਿਊਯਾਰਕ ਵਾਸੀ ਰਾਜਾ ਮ੍ਰਗਿੰਦਰ ਸਿੰਘ ਦੀ ਲਿਖਤ ‘ੴ ਜਪੁ ਨੀਸਾਣ’ ਨਾਂ ਦੀ ਪੁਸਤਕ ਸੰਪਾਦਤ ਕੀਤੀ । ਉਸ ਵਿੱਚ ਜਿੱਥੇ ‘ੴ’ ਦਾ ਲਿਖਤੀ ਸਰੂਪ ਵਿਗਾੜ ਕੇ ਉਸ ਨੂੰ ਸੰਸਕ੍ਰਿਤ ਤੇ ਹਿੰਦੀ-ਨੁਮੇ ਅੱਖਰਾਂ ਦਾ ਰੂਪ ਦਿੱਤਾ । ਉੱਥੇ ‘ੴ’ ਦੇ ਮੌਲਿਕ ਚਿੰਨ੍ਹ ਨੂੰ ਰਿਗ ਵੇਦ, ਮੰਡੂਕ ਉਪਨਿਸ਼ਦ ਤੇ ਗੀਤਾ ਆਦਿਕ ਦੇ ਮੰਤਰਾਂ ਦੇ ਆਰੰਭ ਵਿੱਚ ਲਿਖਿਆ ਦਰਸਾਇਆ, ਜੋ ਕਿ ਬਿਲਕੁਲ ਹੀ ਕੋਰਾ ਝੂਠ ਹੈ । ਕਾਰਨ ਹੈ ਕਿ ਵੇਦਾਂ ਤੇ ਉਪਨਿਸ਼ਦਾਂ ਦੇ ਮੰਤਰਾਂ ਦਾ ਆਰੰਭ ‘ਓਮ’ ਲਫ਼ਜ਼ ਨਾਲ ਹੀ ਹੁੰਦਾ ਹੈ । ‘ਗੀਤਾ’ ਦੀਆਂ ਹੱਥ ਲਿਖਤਾਂ ਵਿੱਚ ਵੀ ‘ੴ’ ਦੀ ਹੋਂਦ ਕਿਧਰੇ ਨਹੀਂ ਲੱਭਦੀ ।

ਭਾਸ਼ਾ ਵਿਭਾਗ ਪੰਜਾਬ ਦੀ ‘ਭਾਸ਼ਾ ਵਿਭਾਗ ਹਵਾਲਾ ਲਾਇਬ੍ਰੇਰੀ ਦੇ ਹੱਥ ਲਿਖਤ ਗ੍ਰੰਥਾਂ ਦੀ ਵਿਵਰਣਾਤਮਕ ਸੂਚੀ’ ਨਾਂ ਦੀ ਪੁਸਤਕ ਵਿੱਚ 700 ਦੇ ਲਗਭਗ ਪ੍ਰਾਚੀਨ ਗ੍ਰੰਥਾਂ ਦਾ ਆਰੰਭਕ ਤੇ ਅੰਤਕ ਵੇਰਵਾ ਦਰਜ ਹੈ। ਇਨ੍ਹਾਂ ਵਿੱਚ ਬਹੁਤ ਹੱਥ ਲਿਖਤਾਂ ਅਜਿਹੀਆਂ ਹਨ, ਜਿਨ੍ਹਾਂ ਦੇ ਅਰੰਭ ਵਿੱਚ ਪੌਰਾਣਿਕ ਮਤੀ ਹਿੰਦੂ ਲਿਖਾਰੀਆਂ ਨੇ ‘ੴ’ ਨਾਲ ਸਨਾਤਨੀ ਮੰਗਲਾਂ ਦੀ ਰਲ਼ਗਢ ਕਰਕੇ ਨਕਲੀ ਮੰਗਲਾਚਰਨ ਸਥਾਪਿਤ ਕੀਤੇ ਹੋਏ ਹਨ । ਖ਼ਤਰਾ ਹੈ ਕਿ ਭਵਿੱਖ ਵਿੱਚ ਐਸੀਆਂ ਲਿਖਤਾਂ ਨੂੰ ਆਧਾਰ ਬਣ ਕੇ ਪ੍ਰਚਾਰਿਆ ਜਾਵੇ ਕਿ ‘ੴ’ ਵਰਗਾ ਗੁਰਬਾਣੀ ਤੇ ਗੁਰਸਿੱਖੀ ਦਾ ਅਦੁੱਤੀ ਤੇ ਆਧਾਰ-ਰੂਪ ਮੂਲਕ ਚਿੰਨ੍ਹ ਗੁਰੂ ਨਾਨਕ ਸਾਹਿਬ ਜੀ ਦੀ ਮੌਲਿਕ ਰਚਨਾ ਨਹੀਂ । ਇਸ ਪੱਖੋਂ ਵਿਸਥਾਰ ਲਈ ਵੀਰ ਗੁਰਬੰਸ ਸਿੰਘ ਦੀ ਪੁਸਤਕ ‘ਅਦੁੱਤੀ ਸਵਤੰਤਰ ਸੰਕਲਪੀ ਚਿੰਨ੍ਹ ੴ’ ਪੜ੍ਹੀ ਜਾ ਸਕਦੀ ਹੈ ਭਾਵੇਂ ਕਿ ਉਹ ਵੀ ‘ੴ’ (ਇੱਕ ਓਅੰਕਾਰ) ਦਾ ਸ਼ੁੱਧ ਉਚਾਰਨ ‘ਏਕੰਕਾਰ’ ਹੀ ਮੰਨਦਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ਦੇ ਕਥਨ ਦੀ ਰੌਸ਼ਨੀ ਵਿੱਚ ਸਹੀ ਮੰਨ ਸਕਣਾ ਅਸੰਭਵ ਹੈ।

ਸੋ ਗੁਰੂ ਗ੍ਰੰਥ ਸਾਹਿਬ ਦੇ ਪੰਥ (ਸਿੱਖ ਕੌਮ) ਨੂੰ ਉਪਰੋਕਤ ਪੱਖੋਂ ਅਤਿਅੰਤ ਜਾਗਰੂਕ ਹੋਣ ਦੀ ਲੋੜ ਹੈ। ਯਾਦ ਰੱਖੋ, ਜੋ ਕੌਮਾਂ ਆਪਣੀ ਵਿਰਾਸਤ ਭੁੱਲ ਜਾਂਦੀਆਂ ਹਨ, ਸੰਸਾਰਕ ਮੰਚ ’ਤੇ ਉਨ੍ਹਾਂ ਦਾ ਜ਼ਿੰਦਾ ਰਹਿਣਾ ਅਸੰਭਵ ਹੋ ਜਾਂਦਾ ਹੈ । ਇਕ ਸੂਝਵਾਨ ਸ਼ਾਇਰ ਦਾ ਕਥਨ ਹੈ ਕਿ ਐ ਮਨੁੱਖ ! ਜੇ ਤੂੰ ਆਪਣੇ ਹਿਰਦੇ ਵਿੱਚ ਸਾਂਭੀਆਂ ਯਾਦਾਂ ਨੂੰ ਤਲਖ਼ ਤੇ ਤਾਜ਼ਾ ਰੱਖਣਾ ਚਾਹੁੰਦਾ ਹੈਂ ਤਾਂ ਕਦੀ ਕਦਾਈਂ ਆਪਣੇ ਪੁਰਾਣੇ  ਇਤਿਹਾਸਕ ਕਿਸਿਆਂ ਨੂੰ ਫਰੋਲਿਆ ਕਰ। ਮਰਹੂਮ ਪ੍ਰਿੰਸੀਪਲ ਹਰਿਭਜਨ ਸਿੰਘ (ਭਾਈ ਸਾਹਿਬ) ਜੀ ਮੁਤਾਬਕ ਅਸਲ ਬੋਲ ਹਨ ਤਾਜ਼ਾ ਖਾਹੀ ਦਾਸਤਨ, ਗਰ ਦਾਗ ਹਾਇ ਸੀਨਾ ਰਾ ਗਾਹਿ ਗਾਹਿ ਬਾਜ਼ ਖਾਂ ਈਂ, ਕਿੱਸਾ ਹਾਇ ਪਾਰੀਨਾ ਰਾ

ਹਰ ਹੰਝੂ ਦੀ ਵੀ ਵੱਖ ਕਹਾਣੀ ਹੁੰਦੀ ਹੈ !

0

ਹਰ ਹੰਝੂ ਦੀ ਵੀ ਵੱਖ ਕਹਾਣੀ ਹੁੰਦੀ ਹੈ !

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ 0175-2216783

ਮਾਂ ਦੀ ਅੱਖ ’ਚੋਂ ਕਿਰਿਆ ਹੰਝੂ ਤਕਦੀਰ ਬਦਲ ਦੇਣ ਦੀ ਤਾਕਤ ਰੱਖਦਾ ਹੈ। ਬੱਚੇ ਦੇ ਅੱਖ ’ਚੋਂ ਡਿੱਗਿਆ ਹੰਝੂ ਮਾਂ ਦਾ ਦਿਲ ਵਲੂੰਧਰ ਦਿੰਦਾ ਹੈ। ਬਹੁਤ ਖ਼ੁਸ਼ੀ ਮਿਲ ਜਾਣ ’ਤੇ ਵੀ ਅੱਖਾਂ ’ਚੋਂ ਨੀਰ ਵਹਿ ਤੁਰਦਾ ਹੈ ਅਤੇ ਬਹੁਤ ਜ਼ਿਆਦਾ ਦੁੱਖ ਕਦੇ ਕਦਾਈਂ ਅੱਖਾਂ ਵਿਚਲੇ ਸਾਰੇ ਹੰਝੂ ਸੁਕਾ ਦਿੰਦਾ ਹੈ।

ਬਹੁਤ ਘੱਟ ਜਣਿਆਂ ਨੂੰ ਜਾਣਕਾਰੀ ਹੈ ਕਿ ਡਾਕਟਰੀ ਪੱਖ ਤੋਂ ਹੰਝੂ ਤਿੰਨ ਤਰ੍ਹਾਂ ਦੇ ਲੱਭੇ ਜਾ ਚੁੱਕੇ ਹਨ ਅਤੇ ਤਿੰਨੋ ਕਿਸਮਾਂ ਹੀ ਅੱਖਾਂ ਦੀ ਸਿਹਤ ਲਈ ਵਧੀਆ ਸਾਬਤ ਹੋ ਚੁੱਕੀਆਂ ਹਨ। ਪਹਿਲੀ ਕਿਸਮ ਦੇ ਹੰਝੂ ਅੱਖਾਂ ਗਿੱਲੀਆਂ ਕਰਨ ਲਈ ਅਤੇ ਅੱਖਾਂ ਨੂੰ ਨਮ ਰੱਖ ਕੇ ਮਿੱਟੀ ਘੱਟੇ ਤੋਂ ਬਚਾਉਣ ਲਈ ਲਗਾਤਾਰ ਬਹੁਤ ਘੱਟ ਮਾਤਰਾ ਵਿਚ ਪੁਤਲੀਆਂ ਦੇ ਅੰਦਰ ਅੰਦਰ ਫੈਲ ਕੇ ਜਜ਼ਬ ਹੁੰਦੇ ਰਹਿੰਦੇ ਹਨ। ਇਹ ਹੰਝੂ ਸਭ ਤੋਂ ਅਹਿਮ ਹੁੰਦੇ ਹਨ ਕਿਉਂਕਿ ਇਨ੍ਹਾਂ ਰਾਹੀਂ ਅੱਖ ਨੂੰ ਖ਼ੁਰਾਕ ਵੀ ਪਹੁੰਚਦੀ ਰਹਿੰਦੀ ਹੈ।

ਦੂਜੀ ਕਿਸਮ ਦੇ ਹੰਝੂ ਖ਼ੁਸ਼ੀ ਜਾਂ ਗ਼ਮੀ ਦਾ ਇਹਸਾਸ ਕਰਵਾਉਂਦੇ ਹਨ। ਵਿਗਿਆਨੀਆਂ ਨੇ ਇਸ ਕਿਸਮ ਦੇ ਹੰਝੂਆਂ ਵਿਚ ਕੁੱਝ ਹਾਰਮੋਨਾਂ ਦੇ ਅੰਸ਼ ਵੀ ਲੱਭੇ ਹਨ ਜੋ ਤਣਾਓ ਨਾਲ ਸੰਬੰਧਿਤ ਹੁੰਦੇ ਹਨ। ਇਨ੍ਹਾਂ ਦੇ ਬਾਹਰ ਨਿਕਲ ਜਾਣ ਨਾਲ ਸਰੀਰ ਅੰਦਰੋਂ ਤਣਾਓ ਘਟ ਜਾਣ ਦੇ ਆਸਾਰ ਵਧ ਜਾਂਦੇ ਹਨ। ਇਨ੍ਹਾਂ ਹੰਝੂਆਂ ਦੇ ਵਗਣ ਨਾਲ ਸਰੀਰ ਅੰਦਰ ਐਂਡਰੋਫਿਨ ਨਿਕਲ ਪੈਂਦੇ ਹਨ, ਜੋ ਚੰਗਾ ਮਹਿਸੂਸ ਕਰਵਾਉਣ ਲੱਗ ਪੈਂਦੇ ਹਨ ਅਤੇ ਢਹਿੰਦੀ ਕਲਾ ਕਾਫ਼ੂਰ ਹੋ ਜਾਂਦੀ ਹੈ। ਕੁਦਰਤ ਦਾ ਕਮਾਲ ਵੇਖੋ ਕਿ ਇਹ ਦੂਜੀ ਕਿਸਮ ਦੇ ਹੰਝੂ ਸਿਰਫ਼ ਇਨਸਾਨ ਹੀ ਵਹਾ ਸਕਣ ਦੇ ਸਮਰੱਥ ਹੁੰਦੇ ਹਨ। ਇਸੇ ਲਈ ਇਨ੍ਹਾਂ ਨੂੰ ਜਜ਼ਬਾਤੀ ਹੰਝੂਆਂ ਦਾ ਨਾਂ ਦੇ ਦਿੱਤਾ ਗਿਆ ਹੈ।

ਹਾਲੇ ਤੱਕ ਦੀਆਂ ਸੰਭਵ ਹੋ ਚੁੱਕੀਆਂ ਖੋਜਾਂ ਅਨੁਸਾਰ ਜਜ਼ਬਾਤੀ ਹੰਝੂਆਂ ਦੇ ਨਾਲ ਰਲ਼ਦੇ ਮਿਲ਼ਦੇ ਹੰਝੂ ਸਿਰਫ਼ ਹਾਥੀਆਂ ਤੇ ਗੁਰਿੱਲਾ ਵਿਚ ਹੀ ਲੱਭੇ ਗਏ ਹਨ ਪਰ ਇਨ੍ਹਾਂ ਵਿਚ ਹਾਰਮੋਨਾਂ ਦੇ ਓਨੇ ਅੰਸ਼ ਨਹੀਂ ਲੱਭੇ ਜਾ ਸਕੇ ਜਿੰਨੇ ਕਿ ਇਨਸਾਨੀ ਹੰਝੂਆਂ ਵਿਚ ਮਿਲੇ ਹਨ।

ਅੱਖਾਂ ਵਿਚਲੇ ‘ਲੈਕਰਾਈਮਲ ਗਲੈਂਡ’ ਇੱਕ ਹੋਰ ਬਿਲਕੁਲ ਪਾਣੀ ਵਰਗੇ ਹੰਝੂ ਵੀ ਬਣਾਉਂਦੇ ਹਨ, ਜਿਨ੍ਹਾਂ ਨੂੰ ‘ਰਿਫਲੈਕਸ ਹੰਝੂ’ ਕਿਹਾ ਜਾਂਦਾ ਹੈ। ਜੇ ਮੱਖੀ ਜਾਂ ਕੁੱਝ ਹੋਰ ਅੱਖ ’ਚ ਵੱਜੇ ਤਾਂ ਝੱਟ ਇਹ ਪਾਣੀ ਵਰਗੇ ਹੰਝੂ ਛਲਕ ਪੈਂਦੇ ਹਨ ਤਾਂ ਜੋ ਅੱਖ ਝਟਪਟ ਸਾਫ਼ ਹੋ ਜਾਏ ਤੇ ਸੱਟ ਤੋਂ ਵੀ ਬਚ ਜਾਏ।

ਕਈ ਵਾਰ ਅੱਖ ਇੰਜ ਲੱਗਦੀ ਹੈ; ਜਿਵੇਂ ਉਸ ਵਿਚ ਹਲਕੀ ਲਾਲੀ, ਜਲਨ, ਰਗੜ ਮਹਿਸੂਸ ਹੋਣੀ ਜਾਂ ਪੂਰਾ ਸਾਫ਼ ਨਾ ਦਿਸਣਾ ਤੇ ਇੰਜ ਲੱਗਣਾ; ਜਿਵੇਂ ਅੱਖ ਵਿਚ ਕੁੱਝ ਰੜਕ ਰਿਹਾ ਹੋਵੇ, ਪਰ ਹੋਣਾ ਕੁੱਝ ਵੀ ਨਾ। ਇਸ ਤਰ੍ਹਾਂ ਦੀ ਅੱਖ ਵਿਚਲੀ ਹਾਲਤ ਨੂੰ ‘ਡਰਾਈ ਆਈ’ ਯਾਨੀ ਹੰਝੂਆਂ ਦੀ ਕਮੀ ਕਿਹਾ ਜਾਂਦਾ ਹੈ।

ਬਹੁਤੇ ਹੰਝੂ ਤਾਂ ਲੈਕਰਾਈਮਲ ਗਲੈਂਡ ਵਿੱਚੋਂ ਹੀ ਨਿਕਲਦੇ ਹਨ। ਅੱਖ ਵਿਚਲੇ ‘ਮੇਬੋਮੀਅਨ ਗਲੈਂਡ ਹਲਕਾ ਤੇਲ ਕੱਢਦੇ ਹਨ। ਇੱਕ ਹੋਰ ਸੈੱਲ, ਗੋਬਲੈੱਟ ਸੈੱਲ, ਹੰਝੂ ਤੇ ਤੇਲ ਦਾ ਮਿਸ਼ਰਨ ਸਹੀ ਰੱਖਣ ਵਿਚ ਮਦਦ ਕਰਦੇ ਹਨ। ਜੇ ਇਹ ਮਿਸ਼ਰਨ ਸਹੀ ਨਾ ਰਹੇ ਜਾਂ ਘੱਟ ਬਣਨ ਲੱਗ ਪਵੇ ਤਾਂ ਅੱਖ ਸੁੱਕੀ ਜਿਹੀ ਮਹਿਸੂਸ ਹੋਣ ਲੱਗ ਪੈਂਦੀ ਹੈ। ਲੈਕਰਾਈਮਲ ਗਲੈਂਡ ਵਿਚ ਸੋਜ਼ ਹੋ ਜਾਣੀ, ਮੇਬੋਮੀਅਨ ਗਲੈਂਡ ਦਾ ਘੱਟ ਕੰਮ ਕਰਨਾ, ਕੁੱਝ ਕਿਸਮਾਂ ਦੀਆਂ ਦਵਾਈਆਂ, ਹਾਰਮੋਨਾਂ ਵਿਚ ਤਬਦੀਲੀ ਆਦਿ, ਅਨੇਕ ਕਾਰਨ ਹਨ, ਜਿਨ੍ਹਾਂ ਕਰਕੇ ਹੰਝੂਆਂ ਵਿਚ ਕਮੀ ਆ ਸਕਦੀ ਹੈ।

ਹੁਣ ਬਜ਼ਾਰ ਵਿਚ ਕੰਪਨੀਆਂ ਵੱਲੋਂ ਬਣਾਏ ਨਕਲੀ ਹੰਝੂ ਮਿਲ ਜਾਂਦੇ ਹਨ, ਜਿਨ੍ਹਾਂ ਨੂੰ ਡਾਕਟਰੀ ਸਲਾਹ ਨਾਲ ਦਿਨ ਵਿਚ ਚਾਰ ਵਾਰ ਤੱਕ ਵਰਤਿਆ ਜਾ ਸਕਦਾ ਹੈ। ਕੁੱਝ ਲੋਕਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਦੇ ਅੰਦਰਲੇ ਕੋਨੇ ਵਿਚਲੇ ਸੁਰਾਖ਼, ਜਿਨ੍ਹਾਂ ਵਿੱਚੋਂ ਹੰਝੂ ਨੱਕ ਵੱਲ ਨਿਕਲਣ ਦਾ ਕੁਦਰਤੀ ਰਾਹ ਹੁੰਦਾ ਹੈ, ਉਸ ਰਾਹ ਨੂੰ ਬੰਦ ਕਰ ਕੇ ਵੀ ਸੁੱਕੀਆਂ ਅੱਖਾਂ ਠੀਕ ਕੀਤੀਆਂ ਜਾ ਸਕਦੀਆਂ ਹਨ ਤੇ ਕੁਦਰਤੀ ਹੰਝੂ ਦੇਰ ਤੱਕ ਅੱਖਾਂ ਨੂੰ ਨਮ ਰੱਖ ਸਕਦੇ ਹਨ। ਜਦੋਂ ਰੋਣਾ ਆਏ ਤਾਂ ਨੱਕ ਰਾਹੀਂ ਵੀ ਪਾਣੀ ਵਗਣ ਲੱਗ ਪੈਂਦਾ ਹੈ। ਇਹ ਪਾਣੀ ਅੱਖਾਂ ਵੱਲੋਂ ਹੀ ਨੱਕ ਵੱਲ ਗਏ ਹੰਝੂ ਹੁੰਦੇ ਹਨ। ਇਸ ਰਾਹ ਨੂੰ ‘ਟੀਅਰ ਡੱਕਟ’ ਯਾਨੀ ਹੰਝੂਆਂ ਦੀ ਨਾਲੀ ਕਿਹਾ ਜਾਂਦਾ ਹੈ। ਕੁੱਝ ਡਾਕਟਰ ਇਸ ਨੂੰ ‘ਨੇਜ਼ੋਲੈਕਰਾਈਮਲ ਡੱਕਟ’ ਵੀ ਕਹਿੰਦੇ ਹਨ।

ਹੰਝੂ ਘੱਟ ਆਉਣ ਦੇ ਕਾਰਨ :-

  1. ਵਧਦੀ ਉਮਰ।
  2. ਸ਼ੋਗਰਨ ਸਿੰਡਰੋਮ-ਸਰੀਰ ਅੰਦਰ ਤਰਲ ਦਾ ਘੱਟ ਬਣਨਾ।
  3. ਅੱਖਾਂ ਦੀ ਐਲਰਜੀ।
  4. ਰਿਊਮੈਟਾਇਰਡ ਆਰਥਰਾਈਟਸ।
  5. ਲੂਪਸ ਬੀਮਾਰੀ।
  6. ਸਕਲਿਰੋਡਰਮਾ ਬੀਮਾਰੀ।
  7. ਅੰਗ ਟਰਾਂਸਪਲਾਂਟ ਤੋਂ ਬਾਅਦ।
  8. ਸਾਰਕਾਇਡ ਬੀਮਾਰੀ।
  9. ਥਾਇਰਾਇਡ ਦੇ ਰੋਗ।
  10. ਵਿਟਾਮਿਨ ਏ ਦੀ ਕਮੀ ਆਦਿ।

ਲਗਾਤਾਰ ਅੱਖਾਂ ਦੀ ਵਰਤੋਂ, ਜਿਵੇਂ ਘੰਟਿਆਂ ਬੱਧੀ ਕੰਪਿਊਟਰ ਜਾਂ ਮੋਬਾਈਲ ਨਾਲ ਚਿਪਕਣਾ, ਹਵਾਈ ਜਹਾਜ਼ ਦਾ ਲੰਮਾ ਸਫ਼ਰ, ਏਅਰ ਕੰਡੀਸ਼ਨ ਕਮਰਾ, ਮੋਟਰਸਾਈਕਲ ਬਿਨਾਂ ਐਣਕ ਦੇ ਚਲਾਉਣਾ ਆਦਿ, ਅੱਖਾਂ ਵਿਚਲੀ ਨਮੀ ਘਟਾ ਕੇ ਅੱਖਾਂ ਵਿਚ ਰੜਕ, ਰਗੜ ਜਾਂ ਸੁੱਕਾਪਨ ਮਹਿਸੂਸ ਕਰਵਾ ਸਕਦੇ ਹਨ। ਇੰਜ ਕਈ ਵਾਰ ਅੱਖਾਂ ਨੂੰ ਰੌਸ਼ਨੀ ਵੀ ਚੁੱਭਦੀ ਮਹਿਸੂਸ ਹੋਣ ਲੱਗ ਪੈਂਦੀ ਹੈ, ਧੁੰਧਲਾ ਜਾਂ ਦੋ ਦੋ ਦਿਸਣ ਲੱਗ ਸਕਦੇ ਹਨ ਤੇ ਅੱਖਾਂ ਵੀ ਥੱਕੀਆਂ ਮਹਿਸੂਸ ਹੁੰਦੀਆਂ ਹਨ।

ਜੇ ਅੱਖਾਂ ਵਿਚਲੀ ਨਮੀ ਘੱਟ ਹੋਵੇ ਤਾਂ ਅੱਗੇ ਦੱਸੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ :-

  1. ਅੱਖਾਂ ਵਿਚ ਸਿੱਧੀ ਹਵਾ ਜਿਵੇਂ ਫਰਾਟਾ ਪੱਖਾ ਆਦਿ ਸਾਹਮਣੇ ਨਹੀਂ ਹੋਣੇ ਚਾਹੀਦੇ।
  2. ਧੁੱਪੇ ਨਿਕਲਣ ਲੱਗਿਆਂ ਕਾਲੀਆਂ ਐਣਕਾਂ ਵਰਤਣੀਆਂ ਚਾਹੀਦੀਆਂ ਹਨ।
  3. ਲਗਾਤਾਰ ਏ. ਸੀ. ਵਿਚ ਬੈਠਣ ਤੋਂ ਬਚਣਾ ਚਾਹੀਦਾ ਹੈ।
  4. ਕੰਪਿਊਟਰ ਜਾਂ ਮੋਬਾਈਲ ਵੇਖਦਿਆਂ ਹਰ 20 ਸਕਿੰਟ ਬਾਅਦ ਅੱਖਾਂ ਨੂੰ ਦੋ ਸਕਿੰਟ ਲਈ ਬੰਦ ਕਰ ਲੈਣਾ ਚਾਹੀਦਾ ਹੈ।
  5. ਕੰਪਿਊਟਰ ਦਾ ਪੱਧਰ ਅੱਖਾਂ ਦੀ ਪੱਧਰ ਤੋਂ ਰਤਾ ਕੁ ਹੇਠਾਂ ਹੋਣਾ ਚਾਹੀਦਾ ਹੈ ਤਾਂ ਜੋ ਸਿੱਧਾ ਅੱਖਾਂ ’ਚ ਰੌਸ਼ਨੀ ਨਾ ਪੈਂਦੀ ਰਹੇ।
  6. ਅੱਖਾਂ ਨੇੜੇ ਕਿਸੇ ਕਿਸਮ ਦਾ ਧੂੰਆਂ ਨਹੀਂ ਹੋਣਾ ਚਾਹੀਦਾ।
  7. ਡਾਕਟਰ ਦੀ ਸਲਾਹ ਨਾਲ ਵਿਟਾਮਿਨ ਏ ਲੈਂਦੇ ਰਹਿਣਾ ਚਾਹੀਦਾ ਹੈ।

ਅੱਖਾਂ ਦੀ ਨਮੀ ਠੀਕ ਰੱਖਣ ਲਈ ਕਿਹੜੀ ਖ਼ੁਰਾਕ ਲਈ ਜਾਏ :-

  1. ਮੱਛੀ :- ਸਾਲਮਨ ਮੱਛੀ ਵਿਚਲੇ ਓਮੇਗਾ ਤਿੰਨ ਫੈਟੀ ਏਸਿਡ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ।
  2. ਹਰੀਆਂ ਪੱਤੇਦਾਰ ਸਬਜ਼ੀਆਂ :- ਵਿਟਾਮਿਨ ਸੀ ਹੋਣ ਕਾਰਨ ਹਰੀਆਂ ਸਬਜ਼ੀਆਂ ਅੱਖਾਂ ਦੀ ਨਮੀ ਦੇ ਨਾਲ-ਨਾਲ ਸੈੱਲਾਂ ਦੀ ਟੁੱਟ ਫੁੱਟ ਵੀ ਘਟਾਉਂਦੀਆਂ ਹਨ। ਫੋਲੇਟ ਵੀ ਇਨ੍ਹਾਂ ਵਿਚ ਲੋੜ ਅਨੁਸਾਰ ਪੂਰਾ ਹੁੰਦਾ ਹੈ। ਕੇਲ ਪੱਤਾ, ਪਾਲਕ, ਹਰੀਆਂ ਫਲੀਆਂ ਆਦਿ ਖਾਂਦੇ ਰਹਿਣਾ ਚਾਹੀਦਾ ਹੈ।
  3. ਬੀਜ :- ਸ਼ਾਕਾਹਾਰੀਆਂ ਲਈ ਕੀਆ ਬੀਜ, ਫਲੈਕਸ ਬੀਜ ਵੀ ਓਮੇਗਾ ਤਿੰਨ ਫੈੱਟੀ ਏਸਿਡ ਮੁਹੱਈਆ ਕਰਵਾ ਦਿੰਦੇ ਹਨ, ਜੋ ਅੱਖਾਂ ਦੀ ਨਮੀ ਬਰਕਰਾਰ ਰੱਖਣ ਵਿਚ ਮਦਦ ਕਰਦੇ ਹਨ।
  4. ਸੁੱਕੇ ਮੇਵੇ :- ਓਮੇਗਾ ਤਿੰਨ ਫੈੱਟੀ ਏਸਿਡ ਤੇ ਵਿਟਾਮਿਨ ਈ ਭਰੇ ਹੋਣ ਸਦਕਾ ਸੁੱਕੇ ਮੇਵੇ ਵੀ ਅੱਖਾਂ ਲਈ ਵਧੀਆ ਹਨ, ਖ਼ਾਸ ਤੌਰ ’ਤੇ ਅਖਰੋਟ ਅਤੇ ਕਾਜੂ। ਗ਼ਰੀਬਾਂ ਲਈ ਮੂੰਗਫਲੀ ਵੀ ਕਾਜੂਆਂ ਵਾਂਗ ਹੀ ਫ਼ਾਇਦੇਮੰਦ ਹੈ !
  5. ਫਲੀਆਂ :- ਫਾਈਬਰ, ਪ੍ਰੋਟੀਨ, ਫੋਲੇਟ, ਜ਼ਿੰਕ ਭਰੇ ਹੋਣ ਸਦਕਾ ਫਲੀਆਂ ਨਾ ਸਿਰਫ਼ ਅੱਖਾਂ ਲਈ ਬਲਕਿ ਪੂਰੇ ਸਰੀਰ ਲਈ ਹੀ ਬਹੁਤ ਵਧੀਆ ਹਨ। ਇਹ ਮੈਲਾਨਿਨ ਬਣਾਉਣ ਵਿਚ ਵੀ ਮਦਦ ਕਰ ਦਿੰਦੀਆਂ ਹਨ।
  6. ਪਾਣੀ :- ਪਾਣੀ ਦੀ ਕਮੀ ਪੂਰੀ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਸਿਰਫ਼ ਹੰਝੂ ਹੀ ਨਹੀਂ ਬਲਕਿ ਸਰੀਰ ਦੇ ਹਰ ਅੰਗ ਦੇ ਸਹੀ ਕੰਮ ਕਾਰ ਲਈ ਪਾਣੀ ਦੀ ਬੜੀ ਜ਼ਰੂਰਤ ਹੁੰਦੀ ਹੈ।
  7. ਕੇਲਾ :-ਪੋਟਾਸ਼ੀਅਮ ਭਰਪੂਰ ਹੋਣ ਸਦਕਾ ਕੇਲਾ ਵੀ ਅੱਖਾਂ ਵਿਚਲੇ ਹੰਝੂਆਂ ਲਈ ਅਹਿਮ ਰੋਲ ਅਦਾ ਕਰਦਾ ਹੈ ਤੇ ਹੰਝੂ ਦੀ ਮੋਟੀ ਪਰਤ ਬਣਾਉਣ ਵਿਚ ਸਹਾਈ ਹੁੰਦਾ ਹੈ, ਜੋ ਅੱਖਾਂ ਦੀ ਨਮੀ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ। ਕੇਲੇ ਵਿਚ ਵਿਟਾਮਿਨ ਏ ਵੀ ਹੁੰਦਾ ਹੈ, ਜੋ ਅੱਖਾਂ ਲਈ ਜ਼ਰੂਰੀ ਹੈ।
  8. ਕੌਫ਼ੀ :- ਆਮ ਧਾਰਨਾ ਹੈ ਕਿ ਕੌਫ਼ੀ ਪੀਣ ਨਾਲ ਅੱਖਾਂ ਦੀ ਨਮੀ ਉੱਤੇ ਫ਼ਰਕ ਪੈਂਦਾ ਹੈ ਪਰ ਅਜਿਹੀ ਕੋਈ ਗੱਲ ਹਾਲੇ ਤੱਕ ਸਾਬਤ ਨਹੀਂ ਕੀਤੀ ਜਾ ਸਕੀ।

ਘਰੇਲੂ ਨੁਸਖ਼ੇ :-

* ਬੰਦ ਅੱਖਾਂ ਉੱਤੇ ਕੋਸੇ ਪਾਣੀ ਦੇ ਭਰੇ ਰੂੰ ਰੱਖਣ ਨਾਲ ਵੀ ਥੱਕੀਆਂ ਅੱਖਾਂ ਨੂੰ ਰਾਹਤ ਮਿਲ ਜਾਂਦੀ ਹੈ।

* ਕੱਦੂਕਸ ਕਰ ਕੇ ਖੀਰਾ ਵੀ ਬੰਦ ਅੱਖਾਂ ਉੱਤੇ ਰੱਖਣ ਨਾਲ ਥੱਕੀਆਂ ਤੇ ਨਮੀ ਰਹਿਤ ਅੱਖਾਂ ਨੂੰ ਆਰਾਮ ਮਿਲਦਾ ਹੈ।

ਏਨਾ ਸਾਰਾ ਕੁੱਝ ਜਾਣ ਲੈਣ ਬਾਅਦ ਇੱਕ ਆਖ਼ਰੀ ਗੱਲ ਜ਼ਰੂਰ ਕਰਨਾ ਚਾਹੁੰਦੀ ਹਾਂ। ਹੰਝੂ ਅੱਖਾਂ ਅੰਦਰ ਵੱਗਦੇ ਰਹਿਣ ਤਾਂ ਅੱਖਾਂ ਦੀ ਨਮੀ ਲਈ ਜ਼ਰੂਰੀ ਹਨ, ਪਰ ਕਿਸੇ ਮਾਂ ਜਾਂ ਪਿਓ ਦੀਆਂ ਅੱਖਾਂ ਵਿੱਚੋਂ ਪੁੱਤਰ ਵੱਲੋਂ ਕੀਤੀ ਬੇਕਦਰੀ ਸਦਕਾ ਵਗੇ ਹੰਝੂ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਅਜਿਹੇ ਹਰ ਹੰਝੂ ਦੀ ਵੱਖ ਕਹਾਣੀ ਹੁੰਦੀ ਹੈ, ਜੋ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ਦਾ ਗ੍ਰੰਥ ਤਿਆਰ ਕਰਵਾ ਸਕਦੀ ਹੈ।

ਅਖੰਡ ਤੋਂ ਪਾਖੰਡ ਦਾ ਸਫ਼ਰ

0

ਅਖੰਡ ਤੋਂ ਪਾਖੰਡ ਦਾ ਸਫ਼ਰ

ਹਰਪ੍ਰੀਤ ਸਿੰਘ (ਐਮ.ਏ ਇਤਿਹਾਸ) ਸ਼ਬਦ ਗੁਰੂ ਵੀਚਾਰ ਮੰਚ ਸੋਸਾਇਟੀ (ਰਜਿ) (ਸਰਹਿੰਦ) 88475 46903

ਹਰ ਸਿੱਖ ਦਾ ਇਹ ਫਰਜ ਬਣਦਾ ਹੈ ਕਿ ਉਹ ਆਪਣੇ ਜੀਵਨ ਕਾਲ ’ਚ ਆਪਣੀ ਕਿਰਤ ਕਾਰ ਕਰਦਿਆਂ-ਕਰਦਿਆਂ ਕੁੱਝ ਨ ਕੁੱਝ ਗੁਰਬਾਣੀ ਅਤੇ ਗੁਰੂ ਇਤਿਹਾਸ ਬਾਰੇ ਖੋਜ ਪੜਤਾਲ ਕਰਦਾ ਰਹੇ ਤਾਂ ਜੋ ਕੋਈ ਅਣਪੜ੍ਹ ਬਾਬਾ, ਸਾਧ ਜਾਂ ਸ਼ਰਾਰਤੀ ਲਿਖਾਰੀ ਸਾਨੂੰ ਮੂਰਖ ਨਾ ਬਣਾ ਜਾਵੇ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ 1604 ਈ: ਵਿੱਚ ਆਦਿ ਗ੍ਰੰਥ ਸਾਹਿਬ (ਜਿਸ ਨੂੰ ਉਸ ਸਮੇਂ ਪੋਥੀ ਸਾਹਿਬ ਕਿਹਾ ਜਾਦਾ ਸੀ) ਦੀ ਸੰਪਾਦਨਾ ਕੀਤੀ ਤੇ ਇਸ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ ਸੀ। ਤਦ ਇਸ ਵਿਚਲੀ ਬਾਣੀ ਦਾ ਕਦੇ ਵੀ ਅਖੰਡ ਪਾਠ ਨਹੀਂ ਕੀਤਾ ਜਾਂਦਾ ਸੀ। ਉਸ ਤੋਂ ਬਾਅਦ 1606 ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਗੁਰੂ ਹਰਗੋਬਿੰਦ ਪਤਾਸ਼ਾਹ ਜੀ ਨੇ ਕੋਈ ਵੀ ਅਖੰਡ ਪਾਠ, ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਨਾ ਕਰਵਾਇਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵੀ ਚਾਦਨੀ ਚੌਂਕ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ; ਆਦਿ ਗ੍ਰੰਥ ਵਿੱਚ ਦਰਜ ਕਰਕੇ ਵੀ ਕੋਈ ਅਖੰਡ ਪਾਠ ਨਹੀਂ ਕਰਵਾਉਦੇ। ਇਤਿਹਾਸ ਗਵਾਹ ਹੈ ਕਿ ਸੰਨ 1604 ਤੋਂ 1708 ਤੱਕ ਪੰਜ ਗੁਰੂ ਸਾਹਿਬਾਨ (ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਕਾਲ ਤੱਕ) ਕਦੇ ਵੀ ਕੋਈ ਅਖੰਡ ਪਾਠ ਨਹੀਂ ਹੋਇਆ। ਕੇਵਲ ਗੁਰ ਬਿਲਾਸ ਪਾਤਸ਼ਾਹੀ 6ਵੀਂ ਵਿੱਚ ਦਰਜ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਅਰਜਨ ਪਾਤਸ਼ਾਹ ਜੀ ਨਮਿਤ ਪਾਠ ਕਰਵਾਇਆ ਸੀ, ਪਰ ਇਸ ਪੁਸਤਕ ਦੇ ਲਿਖਾਰੀ ਦਾ ਕੋਈ ਅਤਾ ਪਤਾ ਨਹੀਂ ਕਿ ਇਹ ਕੌਣ ਸੀ।

ਇਸ ਪੁਸਤਕ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬਾਰੇ ਅਜਿਹੀਆਂ ਮਨਘੜਤ ਕਹਾਣੀਆਂ ਦਰਜ ਹਨ, ਜੋ ਪਾਠਕਾਂ ਨਾਲ ਸਾਂਝੀਆ ਵੀ ਨਹੀਂ ਕੀਤੀਆ ਜਾ ਸਕਦੀਆਂ। ਵਧੇਰੇ ਜਾਣਕਾਰੀ ਲਈ ਪਾਠਕ, ਸਰਦਾਰ ਗੁਰਬਖਸ ਸਿੰਘ ਕਾਲਾ ਅਫਗਾਨਾ ਜੀ ਦੀ ਪੁਸਤਕ ਗੁਰ ਬਿਲਾਸ ਪਾਤਸ਼ਾਹੀ 6ਵੀਂ ਪੜ੍ਹ ਸਕਦੇ ਹਨ, ਜਿਸ ਦਾ ਝੂਠ ਉਜਾਗਰ ਕਰਨ ਬਦਲੇ ਹੀ ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਇਹ ਪੁਸਤਕ ਉਸ ਸਮੇਂ ਦੇ ਜਥੇਦਾਰ ਰਹੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੁਆਰਾ ਛਪਾਈ ਗਈ ਸੀ।

ਜੇਕਰ ਸਿੱਖ; ਗੁਰਬਾਣੀ ਨੂੰ ਸਮਝ ਹੋਏ ਪਾਠ ਕਰਦੇ ਜਾਂ ਕਰਵਾਉਦੇ ਹੋਣ ਤਾਂ ਕੁਝ ਵੀ ਗਲਤ ਨਹੀਂ ਹੁੰਦਾ, ਪਰ ਜੇ ਗੁਰਬਾਣੀ ਨੂੰ ਕਰਮਕਾਂਡ ਜਾਂ ਨਿਜੀ ਸੁੱਖ ਪ੍ਰਾਪਤੀ ਲਈ ਵਰਤੀਏ ਤਾਂ ਗੁਰਬਾਣੀ ਦੀ ਬੇਅਦਬੀ ਕਰਨ ਵਾਲਾ ਆਰੋਪ ਸਾਡੇ ’ਤੇ ਲੱਗੇਗਾ ਹੀ। ਇਕ ਪਾਸੇ ਹਿੰਦੂ ਵੀਰ ਕਿਸੇ ਦੇ ਮਰਨ ਤੋਂ ਬਾਅਦ ਗਰੁੜ ਪੁਰਾਣ ਦਾ ਪਾਠ ਕਰਵਾਉਂਦੇ ਹਨ ਤੇ ਦੂਸਰੇ ਪਾਸੇ ਅਸੀਂ ਵੀ ਕਿਸੇ ਦੇ ਮਰਨ ਤੋਂ ਬਾਅਦ ਸਹਿਜ ਪਾਠ ਅੱਜ ਕੱਲ੍ਹ ਅਖੰਡ ਪਾਠ ਕਰਵਾ ਲੈਂਦੇ ਹਾਂ, ਸਮਝੋ ਦੋਵਾਂ ਵਿੱਚ ਕੀ ਫਰਕ ਹੈ ਜਦਕਿ ਗੁਰਬਾਣੀ ਦੇ ਵਚਨ ਹਨ ‘‘ਕਬੀਰ ! ਜਿਹ ਮਾਰਗਿ (’ਤੇ) ਪੰਡਿਤ ਗਏ; ਪਾਛੈ ਪਰੀ ਬਹੀਰ   ਇਕ ਅਵਘਟ ਘਾਟੀ ਰਾਮ ਕੀ; ਤਿਹ ਚੜਿ ਰਹਿਓ ਕਬੀਰ ’’ (ਭਗਤ ਕਬੀਰ/੧੩੭੩) ਅਸਲ ਵਿੱਚ ਗੁਰੂ ਸਾਹਿਬਾਨ ਜੀ ਦਾ ਉਦੇਸ਼ ਸੀ ਕਿ ਗੁਰਬਾਣੀ ਨੂੰ ਸਮਝ ਕੇ, ਵੀਚਾਰ ਕੇ ਪੜ੍ਹਿਆ ਜਾਵੇ ਅਤੇ ਆਪਣੇ ਜੀਵਨ ਵਿੱਚ ਲਾਗੁ ਕੀਤਾ ਜਾਵੇ, ਪਰ ਅਸੀਂ ਤਾਂ ਪਾਠਾਂ ਦੀਆਂ ਲੜੀਆਂ ਨੂੰ ਰੋਜ਼ਗਾਰ ਬਣਾ ਲਿਆ। ਇਕ ਸਰਵੇਖਣ ਅਨੁਸਾਰ 20ਵੀਂ ਸਦੀ ਵਿੱਚ ਸਿੱਖਾਂ ਨੇ ਚਾਲੀ ਕਰੋੜ ਅਖੰਡ ਪਾਠ ਕਰਵਾਏ ਹਨ ਭਾਵੇਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਹਨ ‘‘ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ   ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ’’ (ਮਹਲਾ /੪੬੭) ਅਸੀਂ ਗੁਰੂ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਹਰ ਖ਼ੁਸ਼ੀ ਤੇ ਗ਼ਮੀ ਸਮੇਂ ਅਖੰਡ ਪਾਠ ਕਰਵਾਉਣੇ ਸ਼ੁਰੂ ਕਰ ਰੱਖੇ ਹਨੇ।

ਅਖੰਡ ਪਾਠ ਕੀ ਹੈ ਅਤੇ ਕਿੰਨੇ ਸਮੇਂ ਅੰਦਰ ਮੁਕੰਮਲ ਹੋਣਾ ਜਾਣਾ ਚਾਹੀਦਾ ਹੈ ? : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਨਾਂ ਰੱੁਕੇ ਲਗਾਤਾਰ ਪਾਠ ਕਰਨ ਨੂੰ ਅਖੰਡ ਪਾਠ ਕਿਹਾ ਜਾਂਦਾ ਹੈ, ਜੋ ਅਕਸਰ 48 ਘੰਟਿਆਂ ਵਿੱਚ ਸੰਪੂਰਨ ਹੁੰਦਾ ਹੈ। ਇਤਿਹਾਸ ’ਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਅਖੰਡ ਪਾਠ 13 ਪਹਿਰ ਭਾਵ 39 ਘੰਟਿਆਂ ਵਿੱਚ ਸੰਪੂਰਨ ਕੀਤਾ ਜਾਂਦਾ ਸੀ, ਜਿਸ ਨੂੰ ਪੰਜ ਪਾਠੀ ਰਲ ਕੇ ਪੂਰਾ ਕਰਦੇ ਸਨ। ਇੱਕ ਅਖੰਡ ਪਾਠ 9 ਪਹਿਰ ਭਾਵ 27 ਘੰਟਿਆਂ ਵਿੱਚ ਵੀ ਪੁਰਨ ਕੀਤੇ ਜਾਣ ਦਾ ਜ਼ਿਕਰ ਹੈ, ਜਿਸ ਨੂੰ ਕੇਵਲ ਇੱਕ ਪਾਠੀ, ਬਿਨਾਂ ਕੱੁਝ ਖਾਧੇ ਪੀਤੇ ਸੰਪੂਰਨ ਕਰਦਾ ਸੀ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ ਕਿ ‘ਪਾਠ ਸਾਫ ਤੇ ਸ਼ੁੱਧ ਪੜ੍ਹਿਆ ਜਾਵੇ, ਬਹੁਤਾ ਤੇਜ ਨਾ ਪੜ੍ਹਿਆ ਜਾਵੇ। ਭਾਵੇਂ ਸਮਾਂ ਵਧੀਕ ਲੱਗ ਜਾਵੇ’। ਇਸ ਤੋਂ ਸਪਸ਼ਟ ਹੈ ਕਿ ਅਖੰਡ ਪਾਠ ਕਰਨ ਲਈ 48 ਘੰਟਿਆਂ ਦੀ ਬੰਦਸ਼ ਵੀ ਸਾਡੇ ਮਨ ਦਾ ਭਰਮ ਹੀ ਹੈ।

ਅਖੰਡ ਪਾਠ ਦੀ ਅਰੰਭਤਾ : ਉਕਤ ਕੀਤੀ ਗਈ ਵਿਚਾਰ ਕਿ ਗੁਰੂ ਕਾਲ ਦੌਰਾਨ ਕਦੇ ਭੀ ਅਖੰਡ ਪਾਠ ਨਹੀਂ ਹੋਇਆ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਅਖੰਡ ਪਾਠ; ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਤਿਹਾਸ ’ਚ ਜ਼ਿਕਰ ਹੈ ਕਿ 18ਵੀਂ ਸਦੀ ਵਿੱਚ ਸਿੰਘ ਸਰਕਾਰੀ ਜ਼ੁਲਮਾਂ ਦਾ ਮੁਕਾਬਲਾ ਕਰਦੇ ਹੋਏ ਜੰਗਲ਼ਾਂ ਪਹਾੜਾਂ ਨੂੰ ਚਲੇ ਗਏ ਸਨ ਤਾਂ ਜਿੱਥੇ ਕਿਤੇ ਸਮਾਂ ਮਿਲਦਾ ਸਿੱਖ ਇਕੱਠੇ ਹੋ ਕੇ ਹੱਥ ਲਿਖਤ ਬੀੜਾਂ ਵਿੱਚੋਂ ਲਗਾਤਾਰ ਪਾਠ ਕਰ ਲੈਂਦੇ ਸਨ। ਐਸੇ ਹਾਲਾਤਾਂ ’ਚ ਕੀਤਾ ਜਾਂਦਾ ਪਾਠ ਕਰਮਕਾਂਡ ਨਹੀਂ ਅਖਵਾ ਸਕਦਾ ਸਗੋਂ ਗੁਰੂ ਦੀ ਸਿੱਖਿਆ ਨੂੰ ਤਰੋਤਾਜ਼ਾ ਕਰਨਾ ਹੁੰਦਾ ਸੀ। ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਬੁੱਢਾ ਦਲ ਦੀ ਇਹ ਰੀਤ ਸੀ ਕਿ ਜਦ ਮੁਹਿਮ ’ਤੇ ਜਾਣਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਕੇ ਅਰਦਾਸਾ ਸੋਧ ਕੇ ਜਾਣਾ। ਬੁੱਢਾ ਦਲ ਤੋਂ ਇਹ ਰੀਤ ਤਰਨਾ ਦਲ ਨੇ ਆਪਣਾਅ ਲਈ, ਜਿਸ ਤੋਂ ਬਾਅਦ ਇਹ ਰੀਤ; ਪੰਥ ਪ੍ਰਵਾਣਿਤ ਮਰਿਆਦਾ ਰਾਹੀਂ ਪ੍ਰਚਲਿਤ ਹੋ ਗਈ। ਅਖੰਡ ਪਾਠ ਭਾਵੇਂ 39 ਘੰਟਿਆਂ ਵਿੱਚ ਸੰਪੂਰਨ ਹੁੰਦਾ ਜਾਂ 27 ਘੰਟਿਆਂ ਵਿੱਚ; 48 ਘੰਟਿਆਂ ਵਾਲਾ ਅਜੋਕਾ ਭਰਮ ਨਹੀਂ ਹੁੰਦਾ ਸੀ।

ਅੱਜ ਦੇ ਸਮੇਂ ਅਖੰਡ ਪਾਠਾਂ ਦੀ ਹੁੰਦੀ ਦੁਰਵਰਤੋਂ ਅਤੇ ਇਸ ਦੀਆਂ ਕਿਸਮਾਂ : ਇੱਕ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਅੱਜ ਦੇ ਅਕਸਰ ਸਿੱਖ (ਇੱਕ ਦੋ ਫ਼ੀਸਦੀ ਤੋਂ ਇਲਾਵਾ) ਅਖੰਡ ਪਾਠ ਕੇਵਲ ਰਸਮ ਮਾਤਰ ਜਾਂ ਖ਼ਾਨਾ ਪੂਰਤੀ (ਯਾਨੀ ਕਿ ਕਰਮਕਾਂਡ) ਵਜੋਂ ਕਰਵਾਉਂਦੇ ਹਨ। ਅੱਜ ਅਖੰਡ ਪਾਠ ਦੀਆਂ 15 ਤੋਂ ਵੱਧ ਕਿਸਮਾਂ ਪ੍ਰਚਲਿਤ ਹਨ, ਜੋ ਗੁਰੂ ਸਾਹਿਬਾਨ ਦੇ ਹੁਕਮਾਂ ਵਿਰੁਧ ਹਨ। ਅਣਪੜ੍ਹ ਡੇਰੇਦਾਰ, ਸਾਧ, ਆਪੂੰ ਬਣੇ ਸੰਤ ਆਦਿ; ਭੋਲੇ ਭਾਲੇ ਸਿੱਖਾਂ ਦੀ ਹੱਕ ਹਲਾਲ ਕਮਾਈ ਨੂੰ ਅਖੰਡ ਪਾਠਾਂ ਦੇ ਨਾਂ ’ਤੇ ਲੁੱਟ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਤਾਂ 5-5 ਸਾਲ ਦੀ ਐਡਵਾਂਸ ਬੁਕਿੰਗ ਚੱਲ ਰਹੀ ਹੈ। ਭਾਵੇਂ ਕੋਈ ਪਾਠ ਸੁਣਨ ਲਈ ਪਹੁੰਚੇ ਜਾਂ ਨਾ ਪਹੁੰਚੇ; ਹੁਕਮਨਾਮਾ ਵੀ ਡਾਕ ਰਾਹੀਂ ਘਰ ਵਿੱਚ ਭੇਜ ਦਿੱਤਾ ਜਾਂਦਾ ਹੈ।  ਡੇਰਿਆਂ ਵਿੱਚ ਵੀ ਐਸਾ ਹੀ ਹਾਲ ਹੈ। ਭੋਰਿਆਂ ਵਿੱਚ, ਕਮਰਿਆਂ ਵਿੱਚ ਮੂੰਹ ਬੰਨ੍ਹ ਕੇ ਲਗਾਤਾਰ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਹਨ। ਅਖੰਡ ਪਾਠ; ਕਮਾਈ ਦਾ ਬੜਾ ਵੱਡਾ ਸਰੋਤ ਬਣ ਚੁੱਕਾ ਹੈ।

ਕਸੂਰਵਾਰ ਕੌਣ : ਇਸ ਗ਼ਲਤ ਰੀਤ ਲਈ ਜਿੱਥੇ ਧਾਰਮਿਕ ਅਦਾਰੇ ਕਸੂਰਵਾਰ ਹਨ ਓਥੇ ਉਨ੍ਹਾਂ ਨੂੰ ਬਢਾਵਾ ਦੇਣ ਵਾਲੇ ਸਿੱਖ ਵੀ ਦੋਸ਼ੀ ਹਨ। ਸਿੱਖਾਂ ਨੇ ਇਹ ਸਮਝਣਾ ਸੀ ਕਿ ਗੁਰਬਾਣੀ; ਰੂਹਾਨੀਅਤ ਚਾਨਣ ਦਾ ਨਾਂ ਹੈ, ਜਿਸ ਨੂੰ ਵਿਚਾਰ ਕੇ ਜਿੱਥੇ ਸਵੈ ਪੜਚੋਲ ਕਰਨੀ ਸੀ ਓਥੇ ਵਿਕਾਰਾਂ ’ਤੇ ਜਿੱਤ ਪ੍ਰਾਪਤ ਕਰਨ ਲਈ ਗੁਰੂ ਅਤੇ ਰੱਬ ਅੱਗੇ ਫ਼ਰਿਆਦ ਭੀ ਆਪ ਕਰਨੀ ਹੁੰਦੀ ਹੈ ਤਾਂ ਜੋ ਮਾਲਕ ਵੱਲੋਂ ਪਈ ਸਾਡੀ ਦੂਰੀ ਮਿਟ ਸਕੇ, ਪਰ ਅੱਜ ਜ਼ਿਆਦਾਤਰ ਅਖੰਡ ਪਾਠ ਇਸ ਲਈ ਕਰਵਾਏ ਜਾਂਦੇ ਹਨ ਤਾਂ ਜੋ ਸਾਇਦ ਕੋਈ ਚਮਤਕਾਰ ਹੋ ਜਾਵੇ ਤੇ ਸਾਡੇ ਘਰ ਵੀ ਪੁੱਤਰ ਜਨਮ ਲੈ ਲਵੇ। ਬੱਚਾ ਚੰਗਾ ਪੜ੍ਹ ਲਿਖ ਜਾਵੇ। ਚੰਗੀ ਨੌਕਰੀ ’ਤੇ ਲੱਗ ਜਾਵੇ ਜਾਂ ਵਾਪਾਰ ਵਿੱਚ ਵਾਧਾ ਹੋਵੇ। ਚੰਗਾ ਰਿਸ਼ਤਾ ਮਿਲ ਜਾਵੇ। ਬੁਢੇਪੇ ’ਚ ਚੰਗਾ ਸਹਾਰਾ ਮਿਲ ਜਾਵੇ ਜਾਂ ਸਰੀਰਕ ਦੁੱਖਾਂ ਤੋਂ ਛੁਟਕਾਰਾ ਹੋ ਜਾਵੇ। ਸਾਡੇ ਬੱਚੇ ਵਿਦੇਸ਼ ਵਿੱਚ ਪਹੁੰਚ ਜਾਣ ਆਦਿ ਆਦਿ। ਸਿੱਖਾਂ ਦੀ ਅਜਿਹੀ ਨਿਘਾਰ ਸੋਚ ਦਾ ਲਾਭ ਉੱਠਾ ਕੇ ਕਈ ਸਾਧ ਆਪਣੇ ਮਰੇ ਹੋਏ ਬਾਬਿਆਂ ਦੀਆਂ ਬਰਸੀਆਂ ਦੇ ਨਾਂ ’ਤੇ 101 ਅਖੰਡ ਪਾਠ ਰਖਵਾ ਲੈਂਦੇ ਹਨ ਕਿਉਂਕਿ ਇੱਕ ਜਾਂ ਦੋ ਅਖੰਡ ਪਾਠਾਂ ਨਾਲ ਬਹੁਤੀ ਮਾਇਆ ਨਹੀਂ ਮਿਲਦੀ। ਇਸ ਤਰ੍ਹਾਂ ਸਿੱਖਾਂ ਅੰਦਰ ਗੁਰਬਾਣੀ ਦਾ ਕੇਵਲ ਬਾਹਰੀ ਸਤਿਕਾਰ ਬਣਿਆ ਵੇਖੀਦਾ ਹੈ। ਇਸ ਵਿੱਚ ਕੀ ਦਰਜ ਹੈ ? ਰੂਹਾਨੀਅਤ ਸ਼ਕਤੀ ਦਾ ਕੀ ਲਾਭ ਹੈ ? ਵਿਕਾਰਾਂ ਦੇ ਪ੍ਰਭਾਵ ਨਾਲ਼ ਅਜਾਈਂ ਜਾਂਦਾ ਕੀਮਤੀ ਮਨੁੱਖਾ ਜਨਮ; ਕਿੰਨਾ ਨੁਕਸਾਨ ਦਾਇਕ ਹੈ ? ਮਾਲਕ ਨਾਲ਼ ਸਾਡਾ ਕੀ ਸੰਬੰਧ ਹੈ ? ਗੁਰੂ ਜੀ ਦਾ ਕੀ ਮਨੋਰਥ ਰਿਹਾ ਹੈ ? ਬਾਰੇ ਬਹੁਤਾਤ ਸਿੱਖਾਂ ਨੂੰ ਕੋਈ ਸਮਝ ਨਹੀਂ ਕਿਉਂਕਿ ਅਖੰਡ ਪਾਠ ਸਮੇਂ ਕੋਈ ਵੀ ਪਰਿਵਾਰਕ ਮੈਂਬਰ ਗੁਰਬਾਣੀ ਨੂੰ ਸੁਣਨ ਜਾਂ ਸਮਝਣ ਲਈ ਕਮਰੇ ਵਿੱਚ ਆ ਕੇ ਨਹੀਂ ਬੈਠਦਾ।  ਬਿਨਾਂ ਸਮਝੇ ਪਾਠ ਕਰਨ ਜਾਂ ਕਰਾਉਣ ਦੇ ਸੰਬੰਧ ’ਚ ਗੁਰੂ ਸਾਹਿਬਾਨ ਦੇ ਵਚਨ ਹਨ ‘‘ਹਠੁ ਅਹੰਕਾਰੁ ਕਰੈ ਨਹੀ ਪਾਵੈ   ਪਾਠ ਪੜੈ ਲੇ ਲੋਕ ਸੁਣਾਵੈ   ਤੀਰਥਿ ਭਰਮਸਿ ਬਿਆਧਿ ਜਾਵੈ   ਨਾਮ ਬਿਨਾ ਕੈਸੇ ਸੁਖੁ ਪਾਵੈ (ਮਹਲਾ /੯੦੬) ਗੁਰਬਾਣੀ ਵਿੱਚ ਅਨੇਕਾਂ ਹੀ ਅਜਿਹੇ ਫ਼ੁਰਮਾਨ ਹਨ, ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਨੇ ਵਿਚਾਰਹੀਣ ਪਾਠਾਂ ਨੂੰ ਨਿਰਮੂਲ ਦੱਸਿਆ ਹੈ ‘‘ਵਾਚਹਿ ਪੁਸਤਕ ਵੇਦ ਪੁਰਾਨਾਂ   ਇਕ ਬਹਿ ਸੁਨਹਿ ਸੁਨਾਵਹਿ ਕਾਨਾਂ   ਅਜਗਰ ਕਪਟੁ ਕਹਹੁ ਕਿਉ ਖੁਲ੍ੈ; ਬਿਨੁ ਸਤਿਗੁਰ ਤਤੁ ਪਾਇਆ ’’ (ਮਹਲਾ /੧੦੪੩)

ਕੀ ਅਖੰਡ ਪਾਠ ਕਰਵਾਉਣੇ ਚਾਹੀਦੇ ਹਨ ਜਾਂ ਨਹੀਂ ? : ਉਪਰੋਕਤ ਸਾਰੀ ਵੀਚਾਰ ਬ੍ਰਾਹਮਣੀ ਤਰਜ ’ਤੇ ਕੀਤੇ ਕਰਵਾਏ ਅਖੰਡ ਪਾਠਾਂ ਲਈ ਮਨਾਹੀ ਕਰਦੀ ਹੈ ਤੇ ਅੱਜ ਹੋ ਵੀ ਇੰਝ ਹੀ ਰਿਹਾ ਹੈ। ਇਸ ਤਰ੍ਹਾਂ ਦੇ ਅਖੰਡ ਪਾਠ ਨਾ ਹੀ ਹੋਣ ਤਾਂ ਚੰਗੀ ਗੱਲ ਹੈ। ਅਜਿਹੇ ਪਾਠ ਕਰਵਾਉਣ ਦਾ ਕੋਈ ਲਾਭ ਨਹੀਂ ਹੈ, ਜਿਸ ਤੋਂ ਪਰਵਾਰ ਵਾਲਿਆਂ ਨੇ ਕੋਈ ਸੇਧ ਨਾ ਲਈ ਹੋਵੇ। ਇਹ ਕੇਵਲ ਤੇ ਕੇਵਲ ਰਸਮੀ ਪਾਠ ਅਖਵਾ ਸਕਦੇ ਹਨ, ਨਾ ਕਿ ਗੁਰਬਾਣੀ ਮੁਤਾਬਕ ਪਾਠ। ਸੋਚਣਾ ਬਣਦਾ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਉਦੇਸ਼ ਸੀ ਕਿ ਗੁਰਬਾਣੀ ਨੂੰ ਸਿੱਖ ਰਸਮਾਂ ਨਿਭਾਉਣ ਲਈ ਪੜ੍ਹਿਆ ਕਰਨ ਜਾਂ ਕਿਸੇ ਖ਼ੁਸ਼ੀ-ਗ਼ਮੀ ’ਤੇ ਭਾਈਚਾਰਕ ਸਾਂਝ ਤੱਕ। ਹਿੰਦੂ ਧਰਮ ਵਿੱਚ ਬ੍ਰਾਹਮਣ ਨੇ ਕਈ ਮੰਤਰਾਂ ਦੇ ਜਾਪ ਕਰਨ ਨੂੰ ਮਨ ਇੱਛਤ ਕਾਮਨਾਵਾਂ ਪੁਰੀਆਂ ਕਰਨ ਵਾਲੇ ਦੱਸਿਆ ਹੈ। ਕੀ ਸਿੱਖ ਵੀ ਅੱਜ ਇਹੀ ਕੁੱਝ ਤਾਂ ਨਹੀਂ ਕਰੀ ਜਾ ਰਹੇ ? ਅੰਮ੍ਰਿਤਸਰ ਸਾਹਿਬ ਵਿਖੇ ਦੁੱਖ ਭੰਜਨੀ ਬੇਰੀ ਹੇਠ ਅਨੇਕਾਂ ਹੀ ਸਿੱਖ ਆਪਣੇ ਦੁੱਖਾਂ ਨੂੰ ਦੂਰ ਕਰਨ ਲਈ ਅਰਦਾਸਾ ਕਰਵਾਉਂਦੇ ਹਨ ਜਦੋਂ ਕਿ ਗਰਬਾਣੀ ਵਚਨ ਹਨ ‘‘ਦਦੈ, ਦੋਸੁ ਦੇਊ ਕਿਸੈ; ਦੋਸੁ ਕਰੰਮਾ ਆਪਣਿਆ   ਜੋ ਮੈ ਕੀਆ, ਸੋ ਮੈ ਪਾਇਆ; ਦੋਸੁ ਦੀਜੈ ਅਵਰ ਜਨਾ ’’ (ਮਹਲਾ /੪੩੩)  ਸੋ ਅਜਿਹੇ ਅਖੰਡ ਪਾਠ, ਜੋ ਬਿਨਾਂ ਸਮਝੇ, ਵੀਚਾਰੇ ਕੀਤੇ ਜਾਂਦੇ ਹਨ, ਨਹੀਂ ਹੋਣੇ ਚਾਹੀਦੇ।

ਕੀ ਸਿੱਖ ਆਲਸੀ ਜਾਂ ਅਣਪੜ੍ਹ ਹਨ :  ਇਹ ਵੀਚਾਰ ਕਰਨੀ ਭੀ ਸਹੀ ਹੈ ਕਿ ਕੀ ਸਿੱਖ ਆਲਸੀ ਜਾਂ ਅਣਪੜ੍ਹ ਹਨ, ਜੋ ਇਸ ਤਰ੍ਹਾਂ ਕਿਸੇ ਡੇਰੇਦਾਰ ਕੋਲੋਂ ਆਪਣਾ ਮਾਨਸਿਕ, ਸਰੀਰਕ ਤੇ ਆਰਥਿਕ ਸ਼ੋਸ਼ਣ ਕਰਵਾ ਰਹੇ ਹਨ। ਅਸਲ ਵਿੱਚ ਜ਼ਿਆਦਾਤਰ ਸਿੱਖ ਕੇਵਲ ਆਪਣੇ ਧਰਮ ਪ੍ਰਤੀ ਹੀ ਆਲਸੀ ਹਨ। ਸਿੱਖ; ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਪ੍ਰਤੀ ਬਹੁਤ ਹੀ ਜ਼ਿਆਦਾ ਆਲਸੀ ਹਨ। ਗੁਰਬਾਣੀ ਨੂੰ ਸਮਝਣ ਲਈ ਸਮਾਂ ਚਾਹੀਦਾ ਹੈ। ਇਤਿਹਾਸ ਪੜ੍ਹਨ ਲਈ ਵੀ ਸਮਾਂ ਚਾਹੀਦਾ ਹੈ, ਪਰ ਇਸ ਕੰਮ ਲਈ ਸਿੱਖਾਂ ਕੋਲ ਸਮਾਂ ਨਹੀਂ ਹੈ। ਕੁੱਝ ਸਿੱਖਣਾ ਹੋਵੇ ਤਾਂ ਉਦਮ ਤਾਂ ਕਰਨਾ ਹੀ ਪੈਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਨੂੰ ਸਮਝਣ ਅਤੇ ਗੁਰ ਇਤਿਹਾਸ ਨੂੰ ਜਾਣਨ ਲਈ ਉਦਮ ਕਰਨ ਦੀ ਲੋੜ ਹੈ। ਗੁਰਬਾਣੀ ਦੇ ਵਚਨ ਹਨ ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ’’ (ਮਹਲਾ /੫੨੨) ਹੁਣ ਫ਼ੈਸਲਾ ਸਿੱਖਾਂ ਦੇ ਹੱਥ ਹੈ ਕਿ ਉਨ੍ਹਾਂ ਨੇ ਗੁਰੂ ਉਪਦੇਸ਼ ਸਮਝਣਾ ਹੈ ਜਾਂ ਬ੍ਰਾਹਮਣਾਂ ਮੁਤਾਬਕ ਭਾੜੇ ’ਤੇ ਪਾਠ ਕਰਾਉਣੇ ਹਨ।

ਅਸਲ ਹੋਣਾ ਕੀ ਚਾਹੀਦਾ ਹੈ : ਅਸਲ ਵਿੱਚ ਬ੍ਰਾਹਮਣ (ਚਤੁਰ ਚਲਾਕ ਭੇਖੀ ਹੈ; ਜਿਵੇਂ ਕਿ ਕਈ ਡੇਰੇਦਾਰ, ਨਕਲੀ ਸੰਤ ਆਦਿ) ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇ ਲੋਕਾਈ ਨੂੰ ਗਿਆਨਹੀਣ ਕਰ ਵਹਿਮ, ਭਰਮ, ਪਾਖੰਡ ਆਦਿ ਵੱਲ ਨਾ ਪ੍ਰੇਰਿਆ ਤਾਂ ਚੜਾਵਾ ਕਿਵੇਂ ਇਕੱਠਾ ਹੋਵੇਗਾ। ਇਉਂ ਹੀ ਬ੍ਰਾਹਮਣ ਨੇ ਧਾਰਮਿਕ ਗਿਆਨ ਲੈਣਾ ਅਤੇ ਦੇਣਾ; ਆਪਣੇ ਅਧਿਕਾਰ ’ਚ ਰੱਖਿਆ ਹੈ। ਭੋਲੇ ਭਾਲੇ ਸਿੱਖਾਂ ਨੂੰ ਆਖ ਦਿੱਤਾ ਗਿਆ ਕਿ ਗੁਰਬਾਣੀ ਗ਼ਲਤ ਪੜ੍ਹਨ ਨਾਲ ਪਾਪ ਲੱਗਦਾ ਹੈ ਯਾਨੀ ਗਿਆਨ ਲੈਣ ਤੋਂ ਦੂਰ ਹੀ ਰਹਿਣਾ । ਵਿਚਾਰੇ ਭੋਲੇ ਸਿੱਖ ਐਨੇ ਡਰ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਹੱਥ ਲਾਉਣ ਲੱਗਿਆਂ ਵੀ ਸੋ ਵਾਰ ਸੋਚਦੇ ਹਨ ਕਿ ਕਿਤੇ ਸਾਡੇ ਕੋਲੋਂ ਕੋਈ ਪਾਪ ਹੀ ਨਾ ਹੋ ਜਾਵੇ। ਜਦੋਂ ਕਿ ਗੁਰਬਾਣੀ ਦੇ ਵਚਨ ਹਨ ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ! ਗਾਵਹੁ ਸਚੀ ਬਾਣੀ ’’ (ਮਹਲਾ /੯੨੦)

ਸਿੱਖ ਪਰਵਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰ ਵਿੱਚ ਇੱਕ ਵੱਖਰੀ ਜਗ੍ਹਾ ’ਤੇ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ। ਜੇ ਜਗ੍ਹਾ ਘੱਟ ਹੈ ਤਾਂ ਘਰ ਵਿੱਚ ਗੁਰਬਾਣੀ ਦੀਆਂ ਸੈਂਚੀਆਂ ਜ਼ਰੂਰ ਰੱਖਣ। ਸਮਾਂ ਮਿਲਦਿਆਂ ਹੀ ਉਸ ਤੋਂ ਆਪ ਪਾਠ ਕਰਿਆ ਕਰਣ। ਹੋ ਸਕੇ ਤਾਂ ਪ੍ਰੋ. ਸਾਹਿਬ ਸਿੰਘ ਜੀ ਦੁਆਰਾ ਕੀਤਾ ਟੀਕਾ ‘ਗੁਰਬਾਣੀ ਦਰਪਣ’ ਅਰਥਾਂ ਸਮੇਤ ਘਰ ਵਿੱਚ ਜ਼ਰੂਰ ਰੱਖਿਆ ਜਾਵੇ। ਗੁਰਬਾਣੀ ਹਮੇਸ਼ਾਂ ਹੀ ਅਰਥ ਭਾਵ ਸਮਝ ਕੇ ਪੜ੍ਹੀ ਜਾਵੇ। ਭੇਟਾ ਦੇ ਕੇ ਪਾਠ ਉਸ ਸਮੇਂ ਕਰਾਏ ਜਾਣ ਜਦ ਘਰ ਵਿੱਚ ਕੋਈ ਮਾਤਰ ਭਾਸ਼ਾ ਪੰਜਾਬੀ ਪੜ੍ਹਨ ਵਾਲਾ ਹੀ ਨਾ ਹੋਵੇ। ਪੁੱਤਰ, ਧੀ ਦੇ ਵਿਆਹ ਜਾਂ ਖ਼ੁਸ਼ੀ ਗ਼ਮੀ ਮੌਕੇ ਅਖੰਡ ਪਾਠ ਇੱਕ ਮਹੀਨਾ ਜਾ ਇੱਕ ਹਫਤਾ ਪਹਿਲਾਂ ਹੀ ਅਰੰਭ ਕਰ ਲਿਆ ਜਾਵੇ, ਜਿਸ ਨੂੰ ਸਾਰੇ ਪਰਵਾਰਕ ਮੈਂਬਰ ਵਿਚਾਰ ਵਿਚਾਰ ਕੇ ਪੜ੍ਹਨ ਕਿਉਂਕਿ ਜਦ ਰਿਸ਼ਤੇਦਾਰ, ਸਾਕ ਸੰਬੰਧੀ ਆਦਿ ਇਸ ਮੌਕੇ ’ਤੇ ਆ ਜਾਂਦੇ ਹਨ ਤਾਂ ਧਿਆਨ ਉਨ੍ਹਾਂ ਦੇ ਚਾਹ ਪਾਣੀ ਤੇ ਸੇਵਾ ਸੰਭਾਲ ਵਿੱਚ ਲੱਗ ਜਾਂਦਾ ਹੈ। ਘਰ ਵਿੱਚ ਚੰਗੀਆਂ ਪੁਸਤਕਾਂ ਦੀ ਇੱਕ ਛੋਟੀ ਜਿਹੀ ਲਾਇਬ੍ਰੇਰੀ ਹੋਵੇ। ਬੱਚਿਆਂ ਨੂੰ ਬਚਪਨ ਤੋਂ ਹੀ ਇਸ ਪਾਸੇ ਵੱਲ ਪ੍ਰੇਰਿਆਂ ਜਾਵੇ। ਸਾਰਾ ਪਰਵਾਰ ਰਲ਼ ਕੇ ਖ਼ੁਦ ਇੱਕ ਸਹਿਜ ਪਾਠ ਹਰ ਵਖ਼ਤ ਚਾਲੂ ਰੱਖੇ। ਮੁੱਕਦੀ ਗੱਲ ਆਪਣਾ ਜੀਵਨ ਅੱਖਾਂ ਖੋਲ੍ਹ ਕੇ ਜੀਵਿਆ ਜਾਵੇ ਤੇ ਉਸ ਵਿੱਚ ਗੁਰਬਾਣੀ ਗਿਆਨ ਦਾ ਸੁਰਮਾ ਰੋਜ਼ ਪਾਇਆ ਜਾਵੇ।

ਗੋਂਗਲੂ ਦੇ ਫ਼ਾਇਦੇ

0

ਗੋਂਗਲੂ ਦੇ ਫ਼ਾਇਦੇ

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ) 0175-2216783

ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਮੁਹਾਵਰਾ ਤਾਂ ਬਥੇਰੀ ਵਾਰ ਸੁਣਿਆ ਸੀ, ਪਰ ਗੋਂਗਲੂਆਂ ਵਿਚ ਭਰੇ ਕਮਾਲ ਦੇ ਤੱਤਾਂ ਬਾਰੇ ਗੂੜ੍ਹ ਗਿਆਨ ਨਹੀਂ ਸੀ। ਜਦੋਂ ਖੋਜ ਰਾਹੀਂ ਪਤਾ ਲੱਗਿਆ ਕਿ 30 ਕਿਸਮਾਂ ਦੇ ਗੋਂਗਲੂ ਜਾਂ ਸ਼ਲਗਮ ਇਸ ਵੇਲੇ ਮੌਜੂਦ ਹਨ, ਜਿਨ੍ਹਾਂ ਵਿਚ ਇੱਕ ਛੋਟੇ ਜਿਹੇ ਸ਼ਲਗਮ ਵਿਚ ਏਨੀ ਤਾਕਤ ਹੈ ਕਿ ਉਸ ਵਿਚਲੇ 233 ਮਿਲੀਗ੍ਰਾਮ ਪੋਟਾਸ਼ੀਅਮ ਸਦਕਾ ਪੱਠੇ ਅਤੇ ਦਿਲ ਨੂੰ ਸਿਹਤਮੰਦ ਰੱਖਣ ਦੇ ਨਾਲੋ-ਨਾਲ ਬਲੱਡ ਪ੍ਰੈੱਸ਼ਰ ਅਤੇ ਸ਼ੱਕਰ ਰੋਗ ਵੀ ਕਾਬੂ ਵਿਚ ਰੱਖੇ ਜਾ ਸਕਦੇ ਹਨ। ਲੋਕਾਂ ਦੇ ਕੰਨ ਤਾਂ ਉਦੋਂ ਖੜ੍ਹੇ ਹੋਏ ਜਦੋਂ ਖੋਜ ਰਾਹੀਂ ਇਹ ਸਾਬਤ ਹੋਇਆ ਕਿ ਬਹੁਤੇ ਜਣਿਆਂ ਵੱਲੋਂ ਨਾਪਸੰਦ ਕੀਤਾ ਜਾਣ ਵਾਲਾ ਗੋਂਗਲੂ ਆਪਣੇ ਅੰਦਰ ਇੱਕ ਕੈਮੀਕਲ ਗਲੂਕੋਸਿਨੋਲੇਟ ਲੁਕਾਈ ਬੈਠਾ ਹੈ ਜਿਸ ਸਦਕਾ ਛਾਤੀ ਅਤੇ ਗਦੂਦ ਦੇ ਕੈਂਸਰ ਦੇ ਸੈੱਲ ਤੇਜ਼ੀ ਨਾਲ ਫੈਲ ਨਹੀਂ ਸਕਦੇ।

ਸਮੇਂ ਦੇ ਬਥੇਰੇ ਥਪੇੜੇ ਝੱਲਣ ਤੋਂ ਬਾਅਦ ਵੀ ਗੋਂਗਲੂ ਅੱਜ ਸਭ ਤੋਂ ਪੁਰਾਣੀਆਂ ਸਬਜ਼ੀਆਂ ਵਿੱਚੋਂ ਇੱਕ ਮੰਨਿਆ ਗਿਆ ਹੈ, ਜੋ ਡਾਇਨਾਸੋਰ ਵੇਲੇ ਤੋਂ ਅੱਜ ਤੱਕ ਇਸ ਧਰਤੀ ਉੱਤੇ ਆਪਣੀ ਹੋਂਦ ਬਚਾਈ ਬੈਠਾ ਹੈ। ਸਾਈਬੇਰੀਆ ਦੀ ਠੰਡ ਵੀ ਗੋਂਗਲੂਆਂ ਨੂੰ ਲੱਖਾਂ ਸਾਲਾਂ ਤੱਕ ਖ਼ਤਮ ਨਹੀਂ ਕਰ ਸਕੀ। ਗ਼ਰੀਬਾਂ ਦੀ ਖ਼ੁਰਾਕ ਮੰਨੇ ਜਾਂਦੇ ਗੋਂਗਲੂ ਵਿਚ ਇੱਕ ਗ੍ਰਾਮ ਪ੍ਰੋਟੀਨ, ਚਾਰ ਗ੍ਰਾਮ ਮਿੱਠਾ, ਸੱਤ ਗ੍ਰਾਮ ਕਾਰਬੋਹਾਈਡ੍ਰੇਟ ਤੋਂ ਇਲਾਵਾ ਕੈਲਸ਼ੀਅਮ, ਫੋਲੇਟ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਵਿਟਾਮਿਨ-ਸੀ ਭਰੇ ਪਏ ਹਨ।

ਇੱਕ ਕੱਪ ਤਾਜ਼ੇ ਕੱਟੇ ਹੋਏ ਗੋਂਗਲੂ ਵਿਚ 6380 ਇੰਟਰਨੈਸ਼ਨਲ ਯੂਨਿਟ ਵਿਟਾਮਿਨ ਏ ਹੁੰਦਾ ਹੈ। ਇਸ ਤੋਂ ਇਲਾਵਾ ਐਂਟੀਆਕਸੀਡੈਂਟ ਲਿਊਟੀਨ ਵੀ ਹੈ, ਜੋ ਅੱਖਾਂ ਦੀ ਰੌਸ਼ਨੀ ਠੀਕ ਰੱਖਣ, ਅੰਦਰਲੀ ਪਰਤ ਤੰਦਰੁਸਤ ਰੱਖਣ, ਚਿੱਟਾ ਮੋਤੀਆ ਰੋਕਣ ਦੇ ਨਾਲ-ਨਾਲ ਮੈਕੂਲਰ ਡੀਜੈਨਰੇਸ਼ਨ ਵੀ ਰੋਕਦਾ ਹੈ। ਭਾਵੇਂ ਹਮੇਸ਼ਾ ਦੁੱਧ ਹੀ ਹੱਡੀਆਂ ਦੀ ਤਾਕਤ ਬਣਾਈ ਰੱਖਣ ਲਈ ਵਧੀਆ ਮੰਨਿਆ ਗਿਆ ਹੈ, ਪਰ ਗੋਂਗਲੂ ਵਿਚਲਾ ਕੈਲਸ਼ੀਅਮ ਵੀ ਹੱਡੀਆਂ ਤਗੜੀਆਂ ਰੱਖਣ ਵਿਚ ਮਦਦ ਕਰਦਾ ਹੈ। ਦਿਲ ਅਤੇ ਪੱਠਿਆਂ ਲਈ ਵੀ ਗੋਂਗਲੂ ਵਧੀਆ ਸਾਬਤ ਹੋ ਚੁੱਕਿਆ ਹੈ।

ਚੀਨ ਵਿਚ ਦੁਨੀਆ ਦੀ ਸਭ ਤੋਂ ਵੱਡੀ ਛਾਤੀ ਦੇ ਕੈਂਸਰ ਉੱਤੇ ਖੋਜ ਹੋ ਚੁੱਕੀ ਹੈ, ਜਿਸ ਨੂੰ ‘ਸ਼ੰਘਾਈ ਬਰੈਸਟ ਕੈਂਸਰ ਸਰਵਾਈਵਲ ਸਟਡੀ’ ਅਧੀਨ ਛਾਪਿਆ ਗਿਆ ਸੀ। ਉਸ ਵਿਚ ਛਾਤੀ ਦੇ ਰੋਗ ਤੋਂ ਪੀੜਤ ਚੀਨੀ ਔਰਤਾਂ ਨੂੰ ਗੋਂਗਲੂ ਰੋਜ਼ ਖਾਣ ਲਈ ਦਿੱਤੇ ਗਏ ਸਨ। ਜਿਸ ਗਰੁੱਪ ਨੂੰ ਗੋਂਗਲੂ ਖਾਣ ਲਈ ਦਿੱਤੇ ਗਏ, ਉਨ੍ਹਾਂ ਦਾ ਕੈਂਸਰ ਘੱਟ ਤੇਜ਼ੀ ਨਾਲ ਫੈਲਿਆ ਅਤੇ ਉਨ੍ਹਾਂ ਨੇ ਲੰਮੀ ਉਮਰ ਭੋਗੀ। ਇਹ ਖੋਜ ਏਨੀ ਮਹੱਤਵ ਪੂਰਨ ਮੰਨੀ ਗਈ ਕਿ ਅਮਰੀਕਨ ਐਸੋਸੀਏਸ਼ਨ ਫੌਰ ਰੀਸਰਚ ਦੀ 103ਵੀਂ ਸਾਲਾਨਾ ਕਾਨਫਰੰਸ ਵਿਚ ਇਸ ਦਾ ਖ਼ਾਸ ਜ਼ਿਕਰ ਕਰ ਕੇ ਗੋਂਗਲੂਆਂ ਨੂੰ ਬੇਸ਼ਕੀਮਤੀ ਕੁਦਰਤੀ ਦਵਾਈ ਮੰਨ ਲਿਆ ਗਿਆ।

ਛਾਤੀ ਦੇ ਕੈਂਸਰ ਉੱਤੇ ਡਾ. ਸਰਾਹ ਨੇ ਵਾਂਡਰਬਿਲਟ ਯੂਨੀਵਰਸਿਟੀ (ਨੈਸ਼ਵਿਲੇ) ਵਿਖੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਉੱਤੇ ਖੋਜ ਕੀਤੀ ਅਤੇ ਸਭ ਨੂੰ 36 ਮਹੀਨੇ ਰੋਜ਼ ਗੋਂਗਲੂ ਖੁਆਏ ਗਏ। ਇਸ ਦੇ ਨਾਲ ਹੀ ਰੋਜ਼ ਕੇਲ ਪੱਤਾ, ਫੁੱਲ ਗੋਭੀ ਤੇ ਬਰੌਕਲੀ ਵੀ ਦਿਨ ਵਿਚ ਇੱਕ ਵਾਰ ਖੁਆਏ ਗਏ। ਇਹ ਵੇਖਣ ਵਿਚ ਆਇਆ ਕਿ ਛਾਤੀ ਦਾ ਕੈਂਸਰ ਘੱਟ ਤੇਜ਼ੀ ਨਾਲ ਫੈਲਿਆ ਅਤੇ ਮੌਤ ਦਰ ਵੀ ਕਾਫ਼ੀ ਘੱਟ ਹੋਈ ਲੱਭੀ। ਪੰਜ ਸਾਲਾਂ ਤੱਕ ਲਗਾਤਾਰ ਖੋਜ ਜਾਰੀ ਰੱਖਣ ਤੋਂ ਬਾਅਦ ਦਿੱਸਿਆ ਕਿ ਗੋਂਗਲੂ ਖਾਣ ਵਾਲੇ ਮਰੀਜ਼ਾਂ ਵਿਚ ਦੁਬਾਰਾ ਕੈਂਸਰ ਹੋਣ ਦਾ ਖ਼ਤਰਾ 35 ਫ਼ੀਸਦੀ ਘਟ ਗਿਆ ਅਤੇ ਮੌਤ ਦਰ ਵੀ 27 ਤੋਂ 62 ਫ਼ੀਸਦੀ ਘੱਟ ਹੋ ਗਈ।

ਇਹ ਵਧੀਆ ਅਸਰ ਗੋਂਗਲੂ ਵਿਚਲੇ ਆਈਸੋਥਾਇਓਸਾਇਆਨੇਟ ਅਤੇ ਇੰਡੋਲ ਸਦਕਾ ਦਿੱਸੇ। ਜਿਨ੍ਹਾਂ ਨੇ ਰੋਜ਼ ਇਕ ਗੋਂਗਲੂ ਖਾਧਾ, ਉਨ੍ਹਾਂ ਵਿਚ ਮੌਤ ਦਰ 27 ਫ਼ੀਸਦੀ ਘਟੀ, ਪਰ ਜਿਨ੍ਹਾਂ ਨੇ ਰੋਜ਼ ਤਿੰਨ ਗੋਂਗਲੂ ਖਾਧੇ, ਉਨ੍ਹਾਂ ਵਿਚ ਮੌਤ ਦਰ 62 ਫੀਸਦੀ ਘੱਟ ਹੋ ਗਈ। ਇਸ ਤੋਂ ਤਗੜੀ ਖੋਜ ਹਾਲੇ ਤੱਕ ਕਿਤੇ ਨਹੀਂ ਹੋਈ, ਜਿੱਥੇ ਸਪਸ਼ਟ ਰੂਪ ਵਿਚ ਕਿਸੇ ਸਬਜ਼ੀ ਸਦਕਾ ਕੈਂਸਰ ਦੇ ਸੈੱਲਾਂ ਨੂੰ ਫੈਲਣ ਵਿਚ ਰੋਕ ਲੱਗੀ ਵੇਖੀ ਹੋਵੇ।

ਬਲੈਡਰ ਕੈਂਸਰ ਵਿਚ ਵੀ ਗੋਂਗਲੂਆਂ ਦੇ ਨਾਲ ਫੁੱਲਗੋਭੀ, ਪੱਤਗੋਭੀ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਦੇਣ ਨਾਲ ਕੈਂਸਰ ਦੇ ਫੈਲਣ ਦੀ ਸਪੀਡ ਘਟੀ ਹੋਈ ਲੱਭੀ। ਇਹ ਖੋਜ ‘ਕੈਂਸਰ ਐਪੀਡੀਮੀਓਲਿਜੀ ਬਾਇਓਮਾਰਕਰਜ਼’ ਸੰਨ 2008 ਦੇ ਜਰਨਲ ਵਿਚ ਪੰਨਾ 938 ਤੋਂ 944 ਵਿਚ ਦਰਜ ਕੀਤੀ ਗਈ ਹੈ। ਕੁੱਝ ਖੋਜਾਂ ਫੇਫੜਿਆਂ ਦੇ ਕੈਂਸਰ ਵਾਲੇ ਮਰੀਜ਼ਾਂ ਉੱਤੇ ਵੀ ਕੀਤੀਆਂ ਗਈਆਂ, ਜਿਨ੍ਹਾਂ ਵਿਚ ਗੋਂਗਲੂਆਂ ਨੂੰ ਖਾਣ ਨਾਲ ਸਿਹਤ ਵਿਚ ਸੁਧਾਰ ਹੋਇਆ ਲੱਭਿਆ। ਜੇ ਬਹੁਤ ਤੇਜ਼ਾਬ ਬਣਦਾ ਹੋਵੇ ਤੇ ਪੇਟ ਦੇ ਕੈਂਸਰ ਦਾ ਖ਼ਤਰਾ ਹੋਵੇ ਤਾਂ ਗੋਂਗਲੂ ਰੋਜ਼ ਖਾਣ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ‘ਮੈਡਸਕੇਪ ਮੈਡੀਕਲ ਨਿਊਜ਼’ ਵਿਚ ਛਪੀ ਖੋਜ ਅਨੁਸਾਰ ਗੋਂਗਲੂ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਖਾਣ ਨਾਲ ਢਿੱਡ ਅੰਦਰ ਐਂਟੀਆਕਸੀਡੈਂਟ ਦੀ ਮਾਤਰਾ ਵਧ ਜਾਂਦੀ ਹੈ, ਜੋ ਮਾੜੇ ਸੈੱਲਾਂ ਨੂੰ ਖ਼ਤਮ ਕਰ ਦਿੰਦੀ ਹੈ।

ਜੌਨ ਹੌਪਕਿਨਜ਼ ਯੂਨੀਵਰਸਿਟੀ ਬਾਲਟੀਮੋਰ ਵਿਖੇ ਡਾ. ਜੈਡ ਫਾਹੇ ਨੇ ਚੂਹਿਆਂ ਉੱਤੇ ਖੋਜ ਕਰ ਕੇ ਵੀ ਸਪਸ਼ਟ ਕੀਤਾ ਕਿ ਗੋਂਗਲੂ ਖੁਆਉਣ ਨਾਲ ਚੂਹਿਆਂ ਵਿਚ ਵੀ ਪੇਟ ਦੇ ਕੈਂਸਰ ਹੋਣ ਦਾ ਖ਼ਤਰਾ ਨਾ ਬਰਾਬਰ ਰਹਿ ਗਿਆ। ਇਹ ਖੋਜ ‘ਕੈਂਸਰ ਰਿਸਰਚ’ ਜਰਨਲ ਸੰਨ 2009 ਦੇ ਪੰਨਾ ਨੰਬਰ 353 ਤੋਂ 360 ਤੱਕ ਦਰਜ ਕੀਤੀ ਗਈ ਹੈ। ਡਾ. ਫਾਹੇ ਨੇ ਸਪਸ਼ਟ ਕੀਤਾ ਕਿ ਨਾ ਸਿਰਫ਼ ਜਾਨਵਰਾਂ ਵਿਚ ਬਲਕਿ ਮਨੁੱਖੀ ਸਰੀਰ ਅੰਦਰਲੇ ਕੈਂਸਰ ਦੇ ਸੈੱਲਾਂ ਨੂੰ ਮਾਰਨ ਵਿਚ ਗੋਂਗਲੂ ਵਰਗੀ ਚਮਤਕਾਰੀ ਸਬਜ਼ੀ ਹਾਲੇ ਤੱਕ ਕੋਈ ਹੋਰ ਲੱਭੀ ਨਹੀਂ ਜਾ ਸਕੀ।

ਇੱਕ ਹੋਰ ਖੋਜ ਵਿਚ ਡਾ. ਨੇਚੂਤਾ ਨੇ ਆਪਣੇ ਸਾਥੀਆਂ ਨਾਲ ਸੰਨ 2002 ਤੋਂ 2006 ਤੱਕ 20 ਤੋਂ 75 ਸਾਲਾਂ ਦੀਆਂ 4886 ਔਰਤਾਂ ਸ਼ਾਮਲ ਕੀਤੀਆਂ, ਜਿਨ੍ਹਾਂ ਨੂੰ ਪਹਿਲੀ, ਦੂਜੀ, ਤੀਜੀ ਜਾਂ ਚੌਥੀ ਸਟੇਜ ਦਾ ਛਾਤੀ ਦਾ ਕੈਂਸਰ ਸੀ। ਸਭ ਨੂੰ ਰੋਜ਼ ਤਿੰਨ ਗੋਂਗਲੂ ਖੁਆਏ ਗਏ। ਪਹਿਲਾ ਚੈੱਕਅਪ 18 ਮਹੀਨੇ ਬਾਅਦ ਅਤੇ ਦੂਜਾ 36 ਮਹੀਨੇ ਬਾਅਦ ਕੀਤਾ ਗਿਆ। ਫਿਰ ਤੀਜਾ ਚੈੱਕਅੱਪ ਸਾਢੇ ਪੰਜ ਸਾਲਾਂ ਬਾਅਦ ਕੀਤਾ ਗਿਆ।

ਨਤੀਜੇ ਕੁੱਝ ਇਸ ਤਰ੍ਹਾਂ ਦੇ ਸਨ :-

  1. ਜਿਨ੍ਹਾਂ ਨੇ 18 ਮਹੀਨੇ ਬਾਅਦ ਗੋਂਗਲੂ ਖਾਣੇ ਛੱਡ ਦਿੱਤੇ, ਉਨ੍ਹਾਂ ਸਾਰੀਆਂ 707 ਔਰਤਾਂ ਦੀ ਮੌਤ ਹੋ ਗਈ।
  2. ਜਿਨ੍ਹਾਂ ਨੇ ਇੱਕ ਗੋਂਗਲੂ ਰੋਜ਼ ਖਾਧਾ, ਉਨ੍ਹਾਂ 666 ਔਰਤਾਂ ਨੂੰ ਕੈਂਸਰ ਦੁਬਾਰਾ ਹੋਣਾ ਸ਼ੁਰੂ ਹੋ ਗਿਆ।
  3. ਜਿਨ੍ਹਾਂ ਨੇ ਲਗਾਤਾਰ ਪੰਜ ਸਾਲ ਰੋਜ਼ ਤਿੰਨ ਗੋਂਗਲੂ, ਕੇਲ ਪੱਤਾ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਖਾਧੀਆਂ, ਉਨ੍ਹਾਂ ਵਿੱਚੋਂ ਇੱਕ ਦੀ ਵੀ ਮੌਤ ਸਾਢੇ ਪੰਜ ਸਾਲ ਤੱਕ ਨਹੀਂ ਹੋਈ।

ਅਮਰੀਕਨ ਐਸੋਸੀਏਸ਼ਨ ਫੌਰ ਕੈਂਸਰ ਰੀਸਰਚ ਵੱਲੋਂ ਸੰਨ 2012 ਵਿਚ ਇਸ ਖੋਜ ਦੇ ਆਧਾਰ ਉੱਤੇ ਸਪਸ਼ਟ ਕਰ ਦਿੱਤਾ ਕਿ ਗੋਂਗਲੂ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਸਕਦੇ ਹਨ। ਜੇ ਪਹਿਲੀ ਸਟੇਜ ਵਿਚ ਹੀ ਪੂਰਾ ਇਲਾਜ ਕਰਵਾਉਣ ਦੇ ਨਾਲ ਅੱਗੋਂ ਉਮਰਭਰ ਗੋਂਗਲੂ ਖਾਧੇ ਜਾਣ ਤਾਂ ਲੰਮੀ ਜ਼ਿੰਦਗੀ ਭੋਗੀ ਜਾ ਸਕਦੀ ਹੈ। ਆਮ ਜਨਤਾ ਲਈ ਵੀ ਸੁਨੇਹਾ ਇਹੋ ਦਿੱਤਾ ਗਿਆ ਕਿ ਜੇ ਕੈਂਸਰ ਵਰਗੀ ਮਨਹੂਸ ਬੀਮਾਰੀ ਤੋਂ ਬਚਣਾ ਹੈ ਤਾਂ ਗੋਂਗਲੂ ਹਰ ਹਾਲ ਰੋਜ਼ ਖਾਣੇ ਹੀ ਪੈਣੇ ਹਨ।

ਧਿਆਨ ਦੇਣ ਯੋਗ ਕੁੱਝ ਗੱਲਾਂ :-

  1. ਜੇ ਟੱਟੀ ਵਿਚ ‘ਆਕਲਟ ਲਹੂ’ ਦਾ ਟੈਸਟ ਕਰਨਾ ਹੋਵੇ ਤਾਂ ਗੋਂਗਲੂ ਦੇ ਨਾਲ ਬਰੌਕਲੀ ਵੀ ਕੁੱਝ ਦਿਨਾਂ ਲਈ ਖਾਣੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਟੈਸਟ ਰਿਪੋਰਟ ਗ਼ਲਤ ਆ ਸਕਦੀ ਹੈ। ਕਈ ਵਾਰ ਇੰਜ ਜਾਪਦਾ ਹੈ ਜਿਵੇਂ ਟੱਟੀ ਵਿਚ ਲਹੂ ਆ ਰਿਹਾ ਹੈ, ਪਰ ਹੁੰਦਾ ਨਹੀਂ।
  2. ਜੇ ਲਹੂ ਪਤਲਾ ਕਰਨ ਦੀਆਂ ਦਵਾਈਆਂ ਖਾਧੀਆਂ ਜਾ ਰਹੀਆਂ ਹੋਣ ਤਾਂ ਗੋਂਗਲੂ ਨਹੀਂ ਖਾਣੇ ਚਾਹੀਦੇ ਕਿਉਂਕਿ ਇਨ੍ਹਾਂ ਵਿਚਲਾ ਵਿਟਾਮਿਨ ਕੇ ਲਹੂ ਛੇਤੀ ਜਮਾ ਦਿੰਦਾ ਹੈ।
  3. ਜੇ ਗੁਰਦੇ ਦਾ ਰੋਗ ਹੋਵੇ ਤਾਂ ਗੋਂਗਲੂ ਨਹੀਂ ਖਾਣੇ ਚਾਹੀਦੇ ਕਿਉਂਕਿ ਇਨ੍ਹਾਂ ਵਿਚਲਾ ਵਾਧੂ ਪੋਟਾਸ਼ੀਅਮ ਸਰੀਰ ਅੰਦਰ ਜਮਾ ਹੋ ਕੇ ਨੁਕਸਾਨ ਪਹੁੰਚਾ ਸਕਦਾ ਹੈ। ਲੱਤਾਂ ਵਿਚ ਕੜਵੱਲ, ਖਿਚਾਓ ਆਦਿ ਵੀ ਹੋ ਸਕਦੇ ਹਨ ਅਤੇ ਧੜਕਣ ਵੀ ਵਧ ਸਕਦੀ ਹੈ।
  4. ਸ਼ਲਗਮ ਯੂਰਿਕ ਏਸਿਡ ਵਧਾ ਸਕਦੇ ਹਨ।

ਗੋਂਗਲੂ ਕਿਹੜਾ ਖਾਈਏ :-

  1. ਛੋਟਾ ਗੋਂਗਲੂ ਵਧੀਆ ਹੁੰਦਾ ਹੈ।
  2. ਵੱਡਾ ਪੱਕਿਆ ਗੋਂਗਲੂ ਕੌੜਾ ਹੋ ਜਾਂਦਾ ਹੈ ਤੇ ਉਸ ਵਿਚ ਵਧੀਆ ਤੱਥ ਵੀ ਘੱਟ ਹੋ ਜਾਂਦੇ ਹਨ।
  3. ਢਿੱਲਾ ਪਿਆ ਗੋਂਗਲੂ ਨਹੀਂ ਖਾਣਾ ਚਾਹੀਦਾ।
  4. ਜੇ ਗੋਂਗਲੂ ਦੇ ਬਾਹਰ ਕਾਲੇ ਜਾਂ ਪੀਲੇ ਨਿਸ਼ਾਨ ਹੋਣ ਤਾਂ ਨਹੀਂ ਖਾਣਾ ਚਾਹੀਦਾ।

ਗੋਂਗਲੂ ਕਿਵੇਂ ਵਰਤੀਏ ?

ਘਰ ਬੀਜੇ ਕੂਲੇ ਛੋਟੇ ਗੋਂਗਲੂ ਤਾਂ ਸਿਰਫ਼ ਚੰਗੀ ਤਰ੍ਹਾਂ ਧੋ ਕੇ ਹੀ ਜੜ੍ਹ ਕੱਟ ਕੇ, ਕੋਮਲ ਮਲੂਕ ਪੱਤਿਆਂ ਸਮੇਤ ਬਿਨਾਂ ਛਿੱਲੇ ਖਾਧੇ ਜਾ ਸਕਦੇ ਹਨ। ਜੇ ਉਸੇ ਵੇਲੇ ਨਹੀਂ ਖਾਣੇ ਤਾਂ ਬਿਨਾਂ ਧੋਤੇ ਹੀ ਸਿਰਫ਼ ਜੜ੍ਹ ਅਤੇ ਪੱਤੇ ਕੱਟ ਕੇ ਕੁੱਝ ਘੰਟੇ ਰੱਖੇ ਜਾ ਸਕਦੇ ਹਨ। ਖਾਣ ਲੱਗਿਆਂ ਹੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋਣ ਦੀ ਲੋੜ ਹੈ। ਜੇ ਫਰਿੱਜ ਅੰਦਰ ਰੱਖਣੇ ਹੋਣ ਤਾਂ ਬਿਨਾਂ ਛਿੱਲੇ ਇੱਕ ਹਫ਼ਤੇ ਤੱਕ ਰੱਖੇ ਜਾ ਸਕਦੇ ਹਨ। ਜੇ ਗੋਂਗਲੂ ਨਿੱਕਾ ਤੇ ਕੂਲਾ ਨਹੀਂ ਤਾਂ ਛਿੱਲੜ ਲਾਹ ਕੇ ਖਾਣਾ ਚਾਹੀਦਾ ਹੈ। ਗੋਂਗਲੂ ਕੱਚਾ ਜਾਂ ਪਕਾ ਕੇ ਖਾਧਾ ਜਾ ਸਕਦਾ ਹੈ।

  1. ਗੋਂਗਲੂ ਨੂੰ ਉਬਾਲ ਕੇ ਉਬਲੇ ਆਲੂਆਂ ਨਾਲ ਫੇਹ ਕੇ ਟਿੱਕੀਆਂ ਜਾਂ ਪਰੌਂਠੇ ਵਿਚ ਪਾਇਆ ਜਾ ਸਕਦਾ ਹੈ।
  2. ਕੱਦੂਕਸ ਕਰ ਕੇ ਕੱਚਾ ਖਾਧਾ ਜਾ ਸਕਦਾ ਹੈ।
  3. ਗਾਜਰਾਂ ਅਤੇ ਸ਼ਕਰਕੰਦੀ ਨਾਲ ਅੱਗ ਉੱਤੇ ਭੁੰਨ ਕੇ ਸਲਾਦ ਵਾਂਗ ਖਾਧਾ ਜਾ ਸਕਦਾ ਹੈ।
  4. ਬਹੁਤ ਹਲਕੀ ਅੱਗ ਉੱਤੇ ਇਕੱਲਾ ਵੀ ਭੁੰਨ ਕੇ ਖਾਧਾ ਜਾ ਸਕਦਾ ਹੈ।
  5. ਪਾਲਕ, ਪੱਤਗੋਭੀ ਨਾਲ ਗੋਂਗਲੂ ਦੇ ਪੱਤੇ ਵੀ ਸਲਾਦ ਵਾਂਗ ਕੱਟ ਕੇ, ਉਨ੍ਹਾਂ ਉੱਤੇ ਓਲਿਵ ਤੇਲ ਅਤੇ ਨਿੰਬੂ ਪਾ ਕੇ ਖਾਧੇ ਜਾ ਸਕਦੇ ਹਨ।
  6. ਅਚਾਰ ਬਣਾ ਕੇ ਵੀ ਖਾਧਾ ਜਾ ਸਕਦਾ ਹੈ। ਤਲ ਕੇ ਖਾਣ ਨਾਲ ਗੋਂਗਲੂ ਵਿਚਲੇ ਅਸਰ ਘਟ ਜਾਂਦੇ ਹਨ।

ਅੰਤ ਵਿਚ ਇਹੋ ਦੱਸਣਾ ਹੈ ਕਿ ਜਿੰਨੀਆਂ ਖੋਜਾਂ ਕੈਂਸਰ ਲਈ ਵਧੀਆ ਅਸਰ ਵਿਖਾ ਚੁੱਕੀਆਂ ਹਨ, ਉਨ੍ਹਾਂ ਸਾਰੀਆਂ ਵਿਚ ਕੱਚਾ ਸ਼ਲਗਮ ਹੀ ਖਾਣ ਲਈ ਦਿੱਤਾ ਗਿਆ ਸੀ। ਹੁਣ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਪਹਿਲਾਂ ਨੱਕ ਮੂੰਹ ਟੇਢਾ ਕਰ ਕੇ ਗੋਂਗਲੂ ਪਰ੍ਹਾਂ ਸੁੱਟ ਦਿੰਦੇ ਸਨ, ਇਸ ਲੇਖ ਨੂੰ ਪੜ੍ਹ ਕੇ ਰੋਜ਼ ਸੁਆਦ ਨਾਲ ਖਾਣਾ ਸ਼ੁਰੂ ਕਰ ਦੇਣਗੇ !

ਗੁਰੂ ਸਾਹਿਬਾਨ ਦੀ ਦੂਰ-ਅੰਦੇਸ਼ੀ ਨੇ ਸਿੱਖ ਕੌਮ ਨੂੰ ਤੰਬਾਕੂ ਵਰਗੀ ਭਿਆਨਕ ਬਿਮਾਰੀ ਤੋਂ ਬਚਾਇਆ

0

ਗੁਰੂ ਸਾਹਿਬਾਨ ਦੀ ਦੂਰ-ਅੰਦੇਸ਼ੀ ਨੇ ਸਿੱਖ ਕੌਮ ਨੂੰ ਤੰਬਾਕੂ ਵਰਗੀ ਭਿਆਨਕ ਬਿਮਾਰੀ ਤੋਂ ਬਚਾਇਆ

ਗਿਆਨੀ ਅਵਤਾਰ ਸਿੰਘ

ਤੰਬਾਕੂ ਇੱਕ ਕਿਰਸਾਨੀ ਉਤਪਾਦ ਹੈ ਜੋ ‘ਨਿਕੋਟੀਆਨਾ’ ਕੁਲ ਦੇ ਪੌਦਿਆਂ ਦੇ ਪੱਤਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਨੂੰ ਖਾਇਆ, ਕੀਟਨਾਸ਼ਕ ਵਜੋਂ ਵਰਤਿਆ ਅਤੇ ਨਿਕੋਟੀਨ ਟਾਰਟਾਰੇਟ ਵਜੋਂ ਦਵਾਈਆਂ ਵਿੱਚ ਵਰਤਿਆ ਜਾ ਸਕਦਾ ਹੈ। ਇਸ ਦੀ ਸਭ ਤੋਂ ਵੱਧ ਵਰਤੋਂ ਨਸ਼ੇ ਦੇ ਤੌਰ ’ਤੇ ਹੁੰਦੀ ਹੈ। ਕਿਊਬਾ, ਚੀਨ, ਭਾਰਤ ਅਤੇ ਸੰਯੁਕਤ ਰਾਜ ਵਰਗੇ ਦੇਸ਼ਾਂ ਦੀ ਤੰਬਾਕੂ ਇੱਕ ਨਫ਼ਾਦਾਇਕ ਫਸਲ ਹੈ। ਤੰਬਾਕੂ ਨਾਂ ਨਿਕੋਟੀਆਨਾ ਕੁਲ ਦੇ ਸੋਲਨਸੀਏ ਪਰਵਾਰ ਦੇ ਹਰ ਪੌਦੇ ਨੂੰ ਕਿਹਾ ਜਾ ਸਕਦਾ ਹੈ, ਜੋ ਉਸ ਦੇ ਪੱਤਿਆਂ ਤੋਂ ਬਣੇ ਉਤਪਾਦਾਂ; ਜਿਵੇਂ ਸਿਗਰਟਾਂ ਆਦਿ ਵਿੱਚ ਵਰਤੇ ਜਾਂਦੇ ਹਨ। ਤੰਬਾਕੂ ਦੇ ਬੂਟੇ; ਪੌਦਾ ਜੀਵ-ਇੰਜਨੀਅਰੀ ਵਿੱਚ ਵੀ ਵਰਤੇ ਜਾਂਦੇ ਹਨ ਅਤੇ 70 ਤੋਂ ਵੱਧ ਪ੍ਰਜਾਤੀਆਂ ਵਿੱਚੋਂ ਕੁਝ ਸਜਾਵਟੀ ਤੌਰ ’ਤੇ ਵੀ ਵਰਤੇ ਜਾਂਦੇ ਹਨ। ਮੁੱਖ ਵਪਾਰਕ ਪ੍ਰਜਾਤੀ (ਐੱਨ. ਤਾਬਾਕੁਮ) ਨੂੰ ਜ਼ਿਆਦਾਤਰ ਨਿਕੋਟੀਆਨਾ ਪੌਦਿਆਂ ਵਾਂਗ ਤਪਤ-ਖੰਡੀ ਅਮਰੀਕਾ ਦਾ ਮੂਲ-ਵਾਸੀ ਮੰਨਿਆ ਜਾਂਦਾ ਹੈ, ਪਰ ਇਹ ਇੰਨੇ ਚਿਰ ਤੋਂ ਵਾਹੇ ਜਾ ਰਹੇ ਹਨ ਕਿ ਹੁਣ ਇਸ ਦੀ ਕੋਈ ਜੰਗਲੀ ਪ੍ਰਜਾਤੀ ਬਚੀ ਹੈ, ਪਤਾ ਨਹੀਂ। ਐੱਨ. ਰਸਟਿਕਾ ਵੀ ਇੱਕ ਹਲਕੇ ਸੁਆਦ ਅਤੇ ਤੇਜ਼ੀ ਨਾਲ਼ ਸੜਨ ਵਾਲੀ ਪ੍ਰਜਾਤੀ ਤੰਬਾਕੂ ਸੀ, ਜੋ ਅਕਸਰ ਵਰਜਿਨੀਆ ਵਿੱਚ ਉਗਾਇਆ ਜਾਂਦਾ ਸੀ, ਪਰ ਹੁਣ ਇਹ ਖੇਤੀ ਜ਼ਿਆਦਾਤਰ ਤੁਰਕੀ, ਭਾਰਤ ਅਤੇ ਰੂਸ ਵਿੱਚ ਹੁੰਦੀ ਹੈ। ਖਾਰਾ ਨਿਕੋਟੀਨ; ਤੰਬਾਕੂ ਦਾ ਸਭ ਤੋਂ ਵੱਧ ਜਾਣਿਆ ਪਛਾਣਿਆ ਉਤਪਾਦ ਮੰਨਿਆ ਜਾਂਦਾ ਹੈ। ਨਿਕੋਟੀਨ ਆਪਣੇ ਆਪ ਵਿੱਚ ਹੀ ਬਹੁਤ ਝੱਸ (ਪੱਕੇ ਅਮਲ) ਵਾਲਾ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਬੀਟਾ-ਕਾਰਬੋਲੀਨ ਅਤੇ ਨਿਕੋਟੀਨ ਦਾ ਪਰਸਪਰ ਸੁਮੇਲ ਹੀ ਤੰਬਾਕੂ ਨੂੰ ਫੂਕਣ ਯਾਨੀ ਪੀਣ ਦੀ ਆਦਤ ਪੈਦਾ ਕਰਦਾ ਹੈ। ਤੰਬਾਕੂ ਦੇ ਹਾਨੀਕਾਰਕ ਪ੍ਰਭਾਵ; ਇਸ ਦੇ ਧੂੰਏ ਵਿਚਲੇ ਹਜ਼ਾਰਾਂ ਤਰ੍ਹਾਂ ਦੇ ਵੱਖ-ਵੱਖ ਸੰਯੋਗਾਂ (ਜਿਵੇਂ ਕਿ ਬੈਂਜ਼ਪਾਇਰੀਨ, ਫ਼ਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆ, ਫ਼ੀਨੋਲ ਆਦਿਕ) ਕਰ ਕੇ ਉਪਜਦੇ ਹਨ।

ਤੰਬਾਕੂਨੋਸ਼ੀ ਵਿੱਚੋਂ 21 ਪ੍ਰਕਾਰ ਦੀ ਜ਼ਹਰ ਪੈਦਾ ਹੁੰਦੀ ਹੈ, ਜਿਨ੍ਹਾਂ ਵਿੱਚੋਂ ਨਿਕੋਟੀਨ ਸਭ ਤੋਂ ਜ਼ਹਿਰੀਲੀ ਜ਼ਹਰ ਹੁੰਦੀ ਹੈ। ਨਿਕੋਟੀਨ ਦੀ ਜ਼ਹਿਰੀਲੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੀ ਇੱਕ ਬੂੰਦ ਨਾਲ 6 ਬਿੱਲੀਆਂ ਜਾਂ 2 ਕੁੱਤੇ ਮਰ ਸਕਦੇ ਹਨ।  8 ਬੂੰਦਾਂ ਘੋੜੇ ਨੂੰ ਮਾਰਨ ਲਈ ਕਾਫ਼ੀ ਹਨ। ਇਸ ਤੋਂ ਬਿਨਾਂ ਨਿਕੋਟੀਨ ਜ਼ਹਰ ਨਾੜੀ ਤੰਤਰ ਦੇ ਨਾਲ-ਨਾਲ ਫੇਫੜਿਆਂ ਵਰਗੇ ਕੋਮਲ ਅੰਗਾਂ ਨੂੰ ਨਸ਼ਟ ਕਰ ਦਿੰਦੀ ਹੈ ਅਤੇ ਜੀਅ ਕੱਚਾ ਹੋਣ ਲੱਗਦਾ ਹੈ, ਜਿਸ ਨਾਲ ਖ਼ੂਨ ਦਾ ਦਬਾਅ ਵੱਧ ਜਾਂਦਾ ਹੈ। ਨਿਕੋਟੀਨ ਦੀ ਲਗਾਤਾਰ ਵਰਤੋਂ ਅੱਖਾਂ ’ਤੇ ਵੀ ਬੁਰਾ ਅਸਰ ਪਾਉਂਦੀ ਹੈ। ਕਈ ਵਾਰ ਵਿਅਕਤੀ ਅੰਨ੍ਹਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਨਿਕੋਟੀਨ ਨਾਲ ਗਲੇ ਦੇ ਅਨੇਕਾਂ ਰੋਗ ਅਤੇ ਪੇਟ ਵਿੱਚ ਜ਼ਖਮ ਵੀ ਸੰਭਵ ਹਨ। ਤੰਬਾਕੂ ਵਿੱਚ ਮੌਜੂਦ ‘ਅਲਕਤਰੇ’ ਦੇ ਹਾਨੀਕਾਰਕ ਪਦਾਰਥ; ਨੱਕ, ਮੂੰਹ, ਬੁੱਲ੍ਹਾਂ, ਗਲੇ, ਜੀਭ, ਗੁਰਦੇ ਅਤੇ ਫੇਫੜਿਆਂ ਵਿੱਚ ਜਾਂਦੇ ਹਨ, ਜਿਸ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਸਕਦੀ ਹੈ। ਗੁਰਦੇ ਵਿੱਚ ‘ਅਲਕਤਰੇ’ ਨਾਲ ‘ਐਂਫੀਸੀਮਾ’ ਨਾਂ ਦਾ ਰੋਗ ਹੋ ਜਾਂਦਾ ਹੈ, ਜੋ ਕੈਂਸਰ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਇਸ ਨਾਲ ਰੋਗੀ ਦੀ ਤੜਫ-ਤੜਫ ਕੇ ਜਾਨ ਨਿਕਲਦੀ ਹੈ। ਪਾਨ ਮਸਾਲਾ, ਜ਼ਰਦਾ, ਬੀੜੀਆਂ ਅਤੇ ਸਿਗਰਟਾਂ ਦੀ ਵਰਤੋਂ ਕਰਨਾ ਹਾਨੀਕਾਰਕ ਹੈ; ਜਿਵੇਂ ਕਿ

  1. ਤੰਬਾਕੂਨੋਸ਼ੀ ਕਰਨ ਨਾਲ ਫੇਫੜਿਆਂ ਦੇ ਕੈਂਸਰ ਹੋਣ ਦਾ ਗੰਭੀਰ ਖਤਰਾ ਹੈ।
  2. ਦਿਲ ਦੀਆਂ ਬਿਮਾਰੀਆਂ ਵਾਲੇ ਕੁੱਲ ਮਰੀਜ਼ਾਂ ਵਿੱਚ; 30% ਮਰੀਜ਼ ਤੰਬਾਕੂ ਦੀ ਵਰਤੋਂ ਕਰਨ ਵਾਲੇ ਹੁੰਦੇ ਹਨ ਅਤੇ 65 ਸਾਲ ਤੋਂ ਘੱਟ ਉਮਰ ਵਿੱਚ ਦਿਲ ਦੇ ਦੌਰੇ ਨਾਲ ਮਰਨ ਵਾਲਿਆਂ ਵਿੱਚ; 40% ਤੰਬਾਕੂ ਦੀ ਵਰਤੋਂ ਕਰਨ ਵਾਲੇ ਹੁੰਦੇ ਹਨ। ਸਵਾਮੀ ਦਿਆਨੰਦ ਸਰਸਵਤੀ ਨੇ ਕਿਹਾ ਸੀ ਕਿ ਮੇਰੇ ਮ੍ਰਿਤਕ ਸਰੀਰ ਨੂੰ ਵੀ ਕੋਈ ਉਹ ਹੱਥ ਨਾ ਲਾਵੇ ਜਿਸ ਨੇ ਕਦੇ ਤੰਬਾਕੂ ਸੇਵਨ ਕੀਤਾ ਹੈ।
  3. ਦਮਾ ਅਤੇ ਸਾਹ ਦੀਆਂ ਬਿਮਾਰੀਆਂ ਵੀ ਜ਼ਿਆਦਾਤਰ ਤੰਬਾਕੂਨੋਸ਼ੀ ਕਾਰਨ ਹੁੰਦੀਆਂ ਹਨ।
  4. ਤੰਬਾਕੂ ਦੇ ਸੇਵਨ ਨਾਲ ਇਨਸਾਨ ਨੂੰ 30 ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ।
  5. ਤੰਬਾਕੂਨੋਸ਼ਾਂ ਵਿੱਚ ਕੰਨਾਂ ਨੂੰ ਸਿਗਨਲ ਭੇਜਣ ਵਾਲੇ ਖਿੱਤਿਆਂ ਵਿੱਚ ਤਬਦੀਲੀ ਆ ਜਾਂਦੀ ਹੈ ਅਤੇ ਅੱਲ੍ਹੜ ਉਮਰ ਵਿੱਚ ਦਿਮਾਗ ਲਈ ਖ਼ਤਰਾ ਕਈ ਗੁਣਾਂ ਵੱਧ ਜਾਂਦਾ ਹੈ।
  6. ਸਿਗਰਟ ਪੀਣ ਨਾਲ ਪੈਦਾ ਹੋਈ ਜ਼ਹਿਰੀਲੀ ਗੈਸ ਨਿਕੋਟੀਨ ਦਾ ਕੁੱਖ ਵਿੱਚ ਪਲ ਰਹੇ ਭਰੂਣ ਦੇ ਦਿਮਾਗੀ ਵਿਕਾਸ ’ਤੇ ਵੀ ਬੁਰਾ ਅਸਰ ਪੈਂਦਾ ਹੈ। ਆਪਣੇ ਗਰਭ ਦਰਮਿਆਨ ਤੰਬਾਕੂਨੋਸ਼ੀ ਕਰਨ ਵਾਲੀਆਂ ਮਾਵਾਂ ਦੇ ਬੱਚੇ 12 ਗੁਣਾਂ ਵੱਧ ਹਿੰਸਕ ਅਤੇ ਹਮਲਾਵਰ ਹੋ ਸਕਦੇ ਹਨ।
  7. ਸੰਸਾਰ ਵਿੱਚ ਤੰਬਾਕੂ ਦੀ ਵਰਤੋਂ ਨਾਲ ਹਰ ਸਾਲ ਅੰਦਾਜ਼ਨ 90 ਲੱਖ ਲੋਕ ਮਰ ਜਾਂਦੇ ਹਨ। ਕੇਵਲ ਭਾਰਤ ਵਿੱਚ 8 ਲੱਖ ਲੋਕ ਸਿਗਰਟ ਨੋਸ਼ੀ ਕਰ ਕੇ ਮਰਦੇ ਹਨ।
  8. ਤੰਬਾਕੂਨੋਸ਼ੀ ਦੇ ਮੂੰਹ ਵਿੱਚੋਂ ਨਿਕਲਿਆ ਧੂੰਆਂ ਨੇੜੇ ਬੈਠੇ ਵਿਅਕਤੀ ਨੂੰ ਵੀ ਬਿਮਾਰੀ ਦੀ ਲਪੇਟ ਵਿੱਚ ਲੈ ਸਕਦਾ ਹੈ। ਤੰਬਾਕੂਨੋਸ਼ੀ ਵਾਤਾਵਰਨ ਲਈ ਵੀ ਮਾਰੂ ਹੈ।

ਭਾਰਤੀ ਦੰਡ ਵਿਧਾਨ ਦੀ ਧਾਰਾ 278 ਅਨੁਸਾਰ ਸਜ਼ਾਯੋਗ ਅਪਰਾਧ ਹੈ। ਸੁਪਰੀਮ ਕੋਰਟ ਨੇ 1 ਮਈ 2004 ਤੋਂ ਜਨਤਕ ਥਾਂਵਾਂ ’ਤੇ ਸਿਗਰਟ ਪੀਣ ਉੱਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਨਤਕ ਥਾਂਵਾਂ ਵਿੱਚ ਸਿਨੇਮੇ, ਪਾਰਕ, ਪੈਦਲ ਰਸਤੇ, ਬੱਸ ਅੱਡੇ, ਰੇਲਵੇ ਸਟੇਸ਼ਨ, ਰੇਲ ਦੇ ਡੱਬੇ, ਜਨਤਕ ਆਵਾਜਾਈ ਦੇ ਸਾਧਨ ਸ਼ਾਮਲ ਹਨ।

ਅੱਜ ਦੁਨੀਆ ਵਿਚ ਤਕਰੀਬਨ 1 ਅਰਬ 34 ਕਰੋੜ ਲੋਕ ਤੰਬਾਕੂ ਪੀਂਦੇ ਹਨ ਅਤੇ ਭਾਰਤ ਵਿਚ ਤਕਰੀਬਨ 26.7 ਕਰੋੜ ਤੰਬਾਕੂ ਸੇਵਨ ਕਰਨ ਵਾਲੇ ਹਨ। ਤੰਬਾਕੂ ਉਪਭੋਗਤਾਵਾਂ ਦੀ ਆਦਤ ਛੱਡਣ ਵੱਲ ਧਿਆਨ ਖਿੱਚਣ ਦੇ ਉਦੇਸ਼ ਨਾਲ ‘ਵਰਲਡ ਨੋ ਤੰਬਾਕੂ ਦਿਵਸ’ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ, ਜੋ ਤੰਬਾਕੂ ਦੀ ਵਰਤੋਂ ਨਾਲ ਜੁੜੇ ਸਿਹਤ ਅਤੇ ਹੋਰ ਜੋਖਮਾਂ ਨੂੰ ਉਜਾਗਰ ਕਰਦਾ ਹੈ ਅਤੇ ਵਿਸ਼ਵ ਪੱਧਰ ’ਤੇ ਤੰਬਾਕੂ ਦੀ ਖਪਤ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਨੀਤੀਆਂ ਤਿਆਰ ਕਰਦਾ ਹੈ।

ਭਾਰਤ ਵਿੱਚ ਤੰਬਾਕੂ ਉਤਪਾਦਾਂ ’ਤੇ ਨਿਰਧਾਰਿਤ ਸਿਹਤ ਚੇਤਾਵਨੀਆਂ ਦੇ ਆਕਾਰ ਨੂੰ 1 ਅਪ੍ਰੈਲ, 2016 ਤੋਂ 85% ਪੈਕ ’ਤੇ ਛਾਪਣ ਦੇ ਆਦੇਸ਼ ਜਾਰੀ ਕੀਤੇ ਹੋਏ ਹਨ।

ਧੰਨ ਹਨ ਸਿੱਖ ਕੌਮ ਦੇ ਰਹਿਬਰ ਗੁਰੂ, ਜਿਨ੍ਹਾਂ ਨੇ ਇਸ ਭਿਆਨਕ ਬਿਮਾਰੀ ਤੋਂ ਸਿੱਖਾਂ ਨੂੰ ਬਹੁਤ ਪਹਿਲਾਂ ਹੀ ਸੁਚੇਤ ਕਰ ਰੱਖਿਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੰਬਾਕੂ ਦੇ ਸੇਵਨ ’ਤੇ ਸਦੀਵੀ ਪਾਬੰਦੀ ਲਗਾਉਣ ਲਈ ਚਾਰ ਕੁਰਹਿਤਾਂ (ਕੇਸ ਕੱਟਣੇ, ਪਰਾਈ ਇਸਤਰੀ ਨਾਲ਼ ਸਰੀਰਕ ਸੰਬੰਧ, ਹਲਾਲ ਕੀਤਾ ਮਾਸ ਖਾਣਾ ਅਤੇ ਤੰਬਾਕੂ ਦੇ ਸੇਵਨ ਕਰਨ ਨੂੰ) ਵਰਜਿਤ ਕਰ ਰੱਖਿਆ ਹੈ ਫਿਰ ਭੀ ਅੱਜ ਪੰਜਾਬ ਦੀ ਭਟਕੀ ਹੋਈ ਨੌਜਵਾਨੀ, ਜੋ ਗੁਰੂ ਦੀ ਸਿੱਖਿਆ ਦਾ ਲਾਭ ਉਠਾਉਣ ਦੀ ਬਜਾਇ ਇਸ ਬੱਜਰ ਪਾਪ ਨੂੰ ਸਹੇੜ ਕੇ ਆਪਣੇ ਸਰੀਰ, ਪਰਵਾਰ ਅਤੇ ਸਮਾਜ ਦਾ ਨੁਕਸਾਨ ਕਰਦੀ ਪਈ ਹੈ।

ਬਿਕ੍ਰਮੀ ਕੈਲੰਡਰ ਦੇ ਨੁਕਸਾਂ ਦੀ ਤੱਥਾਂ ਆਧਾਰਿਤ ਵਿਚਾਰ

0

ਬਿਕ੍ਰਮੀ ਕੈਲੰਡਰ ਦੇ ਨੁਕਸਾਂ ਦੀ ਤੱਥਾਂ ਆਧਾਰਿਤ ਵਿਚਾਰ

ਕਿਰਪਾਲ ਸਿੰਘ ਬਠਿੰਡਾ 88378-13661

(1). ਬਿਕ੍ਰਮੀ ਕੈਲੰਡਰ ’ਚ ਸਮੇਂ ਦੀ ਮਿਣਤੀ; ਚੰਦਰਮਾ ਅਤੇ ਸੂਰਜੀ; ਦੋ ਪ੍ਰਣਾਲੀਆਂ ਦੇ ਆਧਾਰ ’ਤੇ ਹੁੰਦੀ ਹੈ। ਸੂਰਜੀ ਸਾਲ 365/66 ਦਿਨ ਅਤੇ ਚੰਦਰਮਾ ਸਾਲ 354/55 ਦਿਨਾਂ ਦਾ ਹੁੰਦਾ ਹੈ, ਇਸ ਕਰਕੇ ਇਸ ਨੂੰ ਸੂਰਜੀ ਸਾਲ ਨਾਲ ਮਿਲਾ ਕੇ ਰੱਖਣ ਲਈ ਹਰ, ਦੋ ਜਾਂ ਤਿੰਨ ਸਾਲਾਂ ਬਾਅਦ, ਸਾਲ ’ਚ ਇੱਕ ਮਹੀਨਾ ਵਾਧੂ ਜੋੜ ਦਿੱਤਾ ਜਾਂਦਾ ਹੈ; ਉਸ ਨੂੰ ਲੌਂਦ ਦਾ ਮਹੀਨਾ ਕਹੀਦਾ ਹੈ। ਉਸ ਸਾਲ ਦੇ ਦਿਨਾਂ ਦੀ ਗਿਣਤੀ ਵੀ ਵਧ ਕੇ 383/84 ਦਿਨ ਹੋ ਜਾਂਦੀ ਹੈ। ਲੌਂਦ ਦਾ ਮਹੀਨਾ/ਮਲਮਾਸ ਅਸ਼ੁਭ ਮੰਨਿਆ ਜਾਂਦਾ ਹੈ, ਇਸ ਲਈ ਉਸ ਮਹੀਨੇ ਕੋਈ ਗੁਰ ਪੁਰਬ ਨਹੀਂ ਮਨਾਇਆ ਜਾਂਦਾ। ਇਹ ਧਾਰਨਾ ਗੁਰਮਤਿ ਸਿਧਾਂਤ ਦੇ ਉਲ਼ਟ ਹੈ ਕਿਉਂਕਿ ਗੁਰਬਾਣੀ ਕਿਸੇ ਵੀ ਮਹੀਨੇ, ਦਿਨ, ਤਿੱਥ ਜਾਂ ਵਾਰ ਨੂੰ ਸ਼ੁਭ ਜਾਂ ਅਸ਼ੁਭ ਨਹੀਂ ਮੰਨਦੀ। ਉਹੀ ਦਿਨ ਚੰਗਾ ਹੈ, ਸ਼ੁਭ ਹੈ ਜਦ ਮਾਲਕ ਦੀ ਯਾਦ ਆਵੇ ਭਾਵੇਂ ਉਹ ਲੌਂਦ ਦਾ ਮਹੀਨਾ ਹੀ ਕਿਉਂ ਨਾ ਹੋਵੇ ਅਤੇ ਹਰ ਉਹ ਦਿਨ ਅਸ਼ੁਭ ਹੈ, ਜਿਸ ਦਿਨ ਮਾਲਕ ਦੀ ਯਾਦ ਭੁੱਲ ਜਾਵੇ ਭਾਵੇਂ ਉਹ ਮੰਨਿਆ ਜਾਂਦਾ ਸ਼ੁਭ ਦਿਨ ਜਾਂ ਮਹੀਨਾ ਹੀ ਕਿਉਂ ਨਾ ਹੋਵੇ। ਗੁਰੂ ਵਾਕ ਹੈ ‘‘ਨਾਨਕ  ! ਸੋਈ ਦਿਨਸੁ ਸੁਹਾਵੜਾ; ਜਿਤੁ ਪ੍ਰਭੁ ਆਵੈ ਚਿਤਿ (’)  ਜਿਤੁ ਦਿਨਿ ਵਿਸਰੈ ਪਾਰਬ੍ਰਹਮੁ; ਫਿਟੁ ਭਲੇਰੀ ਰੁਤਿ (ਮਹਲਾ /੩੧੮)

(2). ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ਜੇਠ ਵਦੀ ੮ ਨੂੰ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ; ਜੇਠ ਸੁਦੀ ੪ ਨੂੰ ਮਨਾਉਂਦੀ ਹੈ। ਇਨ੍ਹਾਂ ਦੋਵੇਂ ਗੁਰ ਪੁਰਬਾਂ ਵਿਚਕਾਰ ਆਮ ਤੌਰ ’ਤੇ ਲਗਭਗ 11 ਦਿਨਾਂ ਦਾ ਫ਼ਰਕ ਹੁੰਦਾ ਹੈ। ਸੰਨ 2018 ’ਚ ਜੇਠ ਦੇ ਦੋ ਮਹੀਨੇ ਸਨ; ਇੱਕ ਸ਼ੁਭ ਅਤੇ ਦੂਸਰਾ ਅਸ਼ੁਭ ਯਾਨੀ ਕਿ ਲੌਂਦ ਦਾ। ਸ਼ੁਭ ਅਸ਼ੁਭ ਦਿਨਾਂ ਦੀ ਵੀਚਾਰ ਕਾਰਨ ਸੰਨ 2018 ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਪਹਿਲਾ ਜੇਠ (ਸ਼ੁਭ) ਵਦੀ ੮; ੨੫ ਵੈਸਾਖ ਨੂੰ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਪਹਿਲਾ ਜੇਠ ਸੁਦੀ (ਅਸ਼ੁਭ) ੪; ੫ ਜੇਠ ਨੂੰ ਆਉਣਾ ਸੀ, ਪਰ ਇਸ ਨੂੰ ਅਸ਼ੁਭ ਜਾਣ ਕੇ ਇੱਕ ਮਹੀਨਾ ਲੇਟ ਕਰ ਦੂਜਾ ਜੇਠ (ਸ਼ੁਭ) ਸੁਦੀ ੪; ੩ ਹਾੜ ਨੂੰ ਨਿਸ਼ਚਿਤ ਕੀਤਾ ਗਿਆ, ਜਿਸ ਕਾਰਨ ਦੋਵੇਂ ਪੁਰਬਾਂ ਵਿਚਕਾਰ 40 ਦਿਨਾਂ ਦਾ ਫ਼ਰਕ ਹੋ ਗਿਆ, ਜੋ ਕਿ ਲਗਭਗ 11 ਦਿਨ ਹੋਣਾ ਚਾਹੀਦਾ ਸੀ। ਜਦੋਂ ਪੁੱਛਿਆ ਗਿਆ ਕਿ 40 ਦਿਨਾਂ ਦਾ ਫ਼ਰਕ ਕਿਹੜੇ ਇਤਿਹਾਸਕ ਤੱਥਾਂ ਕਾਰਨ ਹੈ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਪਹਿਲਾ ਜੇਠ (ਸ਼ੁਭ) ਵਦੀ ੮;  ੨੫ ਵੈਸਾਖ ਤੋਂ ਵਧਾ ਕੇ ਦੂਜੇ ਜੇਠ (ਅਸ਼ੁਭ) ਵਦੀ ੮;  ੨੫ ਜੇਠ ਨੂੰ ਕਰ ਦਿੱਤਾ, ਜਿਸ ਨਾਲ ਅੰਤਰ ਤਾਂ 10 ਦਿਨਾਂ ਦਾ ਰਹਿ ਗਿਆ, ਪਰ ਇਸ ਤਰ੍ਹਾਂ ਕਰਨ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਅਸ਼ੁਭ ਮਹੀਨੇ ’ਚ ਚਲਾ ਗਿਆ ਭਾਵ ਸ਼ੁਭ ਅਸ਼ੁਭ ਨੇ ਫਿਰ ਵੀ ਸ਼੍ਰੋਮਣੀ ਕਮੇਟੀ ਦਾ ਖਹਿੜਾ ਨਾ ਛੱਡਿਆ।

(3). ਚੰਦਰਮਾ ਦੇ ਦਿਨਾਂ ਦੀ ਮਿਣਤੀ ਦਾ ਹਿਸਾਬ ਕਿਤਾਬ ਇਕ  ਗੋਰਖ ਧੰਦਾ ਹੈ, ਜੋ ਆਮ ਆਦਮੀ ਦੀ ਸਮਝ ਤੋਂ ਬਾਹਰ ਹੈ ਕਿਉਂਕਿ ਸਾਲ ’ਚ ਕਦੀਂ 12 ਮਹੀਨੇ ਅਤੇ ਕਦੀਂ 13 ਮਹੀਨੇ ਆ ਜਾਂਦੇ ਹਨ, ਕਦੀਂ ਇੱਕੋ ਦਿਨ ’ਚ ਦੋ ਤਿੱਥਾਂ ਹੁੰਦੀਆਂ ਹਨ ਅਤੇ ਕਦੀ ਲਗਾਤਾਰ ਦੋ ਦਿਨ; ਇੱਕ ਹੀ ਤਿੱਥ ਰਹਿੰਦੀ ਹੈ। ਵੈਸੇ ਤਾਂ ਹਰ ਮਹੀਨੇ ’ਚ ਇਸ ਤਰ੍ਹਾਂ ਦੀਆਂ ਇੱਕ ਦੋ ਮਿਸਾਲਾਂ ਮਿਲ ਜਾਂਦੀਆਂ ਹਨ ਪਰ ਗੋਰਖ ਧੰਦੇ ਨੂੰ ਅਸਾਨੀ ਨਾਲ਼ ਸਮਝਣ ਲਈ ਸੰਨ 2018 ’ਚ ਆਏ ਜੇਠ ਦੇ ਦੋ ਮਹੀਨਿਆਂ (ਇੱਕ ਸ਼ੁਭ, ਦੂਜਾ ਅਸ਼ੁਭ) ’ਚੋਂ ਪਿਛਲਾ ਜੇਠ ਮਹੀਨਾ ਯਾਨੀ ਕਿ ਜੂਨ 2018 ਦੇ ਮਹੀਨੇ ਨੂੰ ਮਿਸਾਲ ਵਜੋਂ ਲੈਂਦੇ ਹਾਂ ਤਾਂ ਪਤਾ ਲਗੇਗਾ ਕਿ

(1) 3 ਅਤੇ 4 ਜੂਨ ਨੂੰ ਲਗਾਤਾਰ ਦੋ ਦਿਨ ਇੱਕੋ ਤਿੱਥ – ਦੂਜਾ ਜੇਠ (ਅਸ਼ੁਭ) ਵਦੀ ੫ ਆਈ।

(2) 12 ਜੂਨ ਨੂੰ ਦੂਜਾ ਜੇਠ (ਅਸ਼ੁਭ) ਵਦੀ ੧੩ ਤੇ ੧੪ ਦੋ ਤਿੱਥਾਂ ਇਕੱਠੀਆਂ ਇੱਕੋ ਦਿਨ ਆਈਆਂ।

(3) 19 ਜੂਨ ਨੂੰ ਦੂਜਾ ਜੇਠ (ਸ਼ੁਭ) ਸੁਦੀ ੬ ਤੇ ੭ ਦੋ ਤਿੱਥਾਂ ਇਕੱਠੀਆਂ ਇੱਕੋ ਦਿਨ ਆਈਆਂ।

(4) 25 ਅਤੇ 26 ਜੂਨ ਨੂੰ ਲਗਾਤਾਰ ਦੋ ਦਿਨ ਇੱਕੋ ਤਿੱਥ – ਦੂਜਾ ਜੇਠ (ਸ਼ੁਭ) ਸੁਦੀ ੧੩ ਆਈ।

         ਫੋਟੋ ਜੰਤਰੀ ਜੂਨ 2018        

ਐਸੇ ਗੋਰਖ ਧੰਦੇ ਕਾਰਨ ਹੀ ਚੰਦਰਮਾ ਮਹੀਨਾ ਜਾਂ ਕੋਈ ਤਿੱਥ ਕੇਵਲ ਜੰਤਰੀ ਤੋਂ ਵੇਖ ਕੇ ਹੀ ਜਾਣੀ ਜਾ ਸਕਦੀ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਕੈਲੰਡਰ ਬਣਾਉਣ ਤੋਂ ਪਹਿਲਾਂ ਬਜ਼ਾਰ ’ਚ ਨਵੀਆਂ ਜੰਤਰੀਆਂ ਛਪ ਕੇ ਆਉਣ ਤੱਕ ਦੀ ਉਡੀਕ ਕਰਨੀ ਪੈਂਦੀ ਹੈ।

(4). ਚੰਦਰਮਾ ਮਹੀਨੇ ਦੀਆਂ ਤਿੱਥਾਂ ਦਾ ਤਾਂ ਗੋਰਖ ਧੰਦਾ ਹੈ ਹੀ; ਦੂਜੇ ਪਾਸੇ ਸੂਰਜੀ ਮਹੀਨਿਆਂ ਦੀਆਂ ਪਹਿਲੀਆਂ ਤਾਰੀਖ਼ਾਂ ਭਾਵ ਸੰਗਰਾਂਦਾਂ ਯਾਦ ਰੱਖਣੀਆਂ ਵੀ ਸੌਖਾ ਕੰਮ ਨਹੀਂ ਕਿਉਂਕਿ

(ੳ) ਚੇਤ, ਵੈਸਾਖ ਅਤੇ ਅੱਸੂ ਦੇ ਤਿੰਨ ਮਹੀਨੇ 30 ਜਾਂ 31 ਦਿਨਾਂ ਦੇ ਹੁੰਦੇ ਹਨ।

(ਅ) ਕੱਤਕ, ਮੱਘਰ, ਪੋਹ, ਮਾਘ ਅਤੇ ਫੱਗਣ ਦੇ 5 ਮਹੀਨਿਆਂ ’ਚ 29 ਜਾਂ 30 ਦਿਨ ਹੁੰਦੇ ਹਨ। ਇਨ੍ਹਾਂ ਪੰਜਾਂ ’ਚੋਂ ਕੋਈ 2 ਮਹੀਨੇ 29-29 ਦਿਨਾਂ ਦੇ ਅਤੇ ਬਾਕੀ ਤਿਨ ਮਹੀਨੇ 30-30 ਦਿਨਾਂ ਦੇ ਹੋਣੇ ਚਾਹੀਦੇ ਹਨ।

(ੲ) ਸਾਲ ਦੇ ਬਾਕੀ ਬਚੇ 4 ਮਹੀਨੇ; ਜੇਠ, ਹਾੜ, ਸਾਵਣ ਤੇ ਭਾਦੋਂ ਦੇ 31 ਜਾਂ 32 ਦਿਨ ਹੁੰਦੇ ਹਨ।

ਇਸ ਤਰ੍ਹਾਂ ਸੂਰਜੀ ਮਹੀਨੇ 29 ਤੋਂ 32 ਦਿਨਾਂ ਤੱਕ ਹੋਣ ਕਾਰਨ ਵਧਦੇ ਘਟਦੇ ਰਹਿੰਦੇ ਹਨ, ਇਸ ਲਈ ਅਕਸਰ ਪੰਜਾਬੀਆਂ ਨੂੰ ਨਹੀਂ ਪਤਾ ਕਿ ਚਾਲੂ ਮਹੀਨਾ ਕਿੰਨੇ ਦਿਨਾਂ ਦਾ ਹੈ ਤੇ ਅਗਲੇ ਮਹੀਨੇ ਦੀ ਪਹਿਲੀ ਤਾਰੀਖ਼ ਕਦੋਂ ਹੋਣੀ ਹੈ। ਮਿਸਾਲ ਦੇ ਤੌਰ ’ਤੇ ਵੈਸਾਖੀ ਕਦੀ 13 ਅਪ੍ਰੈਲ ਅਤੇ ਕਦੀ 14 ਅਪ੍ਰੈਲ ਨੂੰ ਹੁੰਦੀ ਹੈ। ਜੋ ਸਮਝਦੇ ਹਨ ਕਿ ਵੈਸਾਖੀ ਤਾਂ ਉੱਥੇ ਹੀ ਖੜ੍ਹੀ ਹੈ; ਮਾਰਚ ਤੇ ਅਪ੍ਰੈਲ ਦੀਆਂ ਤਾਰੀਖ਼ਾਂ ਅੱਗੇ ਪਿੱਛੇ ਹੁੰਦੀਆਂ ਹਨ ਤਾਂ ਵੈਸਾਖੀ ਤੋਂ ਪਹਿਲਾਂ ਉਨ੍ਹਾਂ ਨੂੰ ਵੀ ਪੁੱਛਣਾ ਪੈਂਦਾ ਹੈ ਕਿ ਇਸ ਵਾਰ ਵੈਸਾਖੀ ਕਦੋਂ ਹੈ ? ਵੈਸਾਖੀ ਦੀ ਤਾਂ ਇੱਕ ਉਦਾਹਰਣ ਹੈ ਤਕਰੀਬਨ 40% ਤਾਰੀਖ਼ਾਂ ਹਰ ਸਾਲ ਬਦਲਦੀਆਂ ਹਨ।

(5). ਸ਼੍ਰੋਮਣੀ ਕਮੇਟੀ ਲਈ ਦੂਸਰਾ ਗੋਰਖ਼ ਧੰਦਾ ਇਹ ਹੈ ਕਿ ਉਹ ਆਪਣੇ ਕੈਲੰਡਰ ਵਿੱਚ ਇੱਕ ਦੀ ਬਜਾਏ ਤਿੰਨ ਵੱਖ ਵੱਖ ਪ੍ਰਣਾਲੀਆਂ ਦੇ ਕੈਲੰਡਰਾਂ ਮੁਤਾਬਕ ਦਿਨ ਨਿਸ਼ਚਿਤ ਕਰਦੀ ਹੈ, ਜਿਨ੍ਹਾਂ ਦੇ ਸਾਲਾਂ ਦੀ ਲੰਬਾਈ ਹੇਠ ਦਿੱਤੇ ਟੇਬਲ ’ਚ ਦਰਜ ਹੈ।

ਮਿਸਾਲ ਵਜੋਂ ਸਾਰੇ ਗੁਰ ਪੁਰਬ ਚੰਦਰਮਾ ਮਹੀਨੇ ਦੀਆਂ ਤਿੱਥਾਂ ਮੁਤਾਬਕ; 1469 ਤੋਂ 1752 ਈ: ਤੱਕ ਦੇ ਸਾਰੇ ਇਤਿਹਾਸਕ ਦਿਹਾੜੇ (ਜਿਵੇਂ ਕਿ ਸਾਹਿਬਜ਼ਾਦਿਆਂ ਅਤੇ ਪੁਰਾਤਨ ਸਿੰਘਾਂ ਦੇ ਜਨਮ ਦਿਨ ਤੇ ਸ਼ਹੀਦੀ ਦਿਨ) ਬਿਕ੍ਰਮੀ ਕੈਲੰਡਰ ਦੀਆਂ ਸੂਰਜੀ ਤਾਰੀਖ਼ਾਂ ਮੁਤਾਬਕ ਅਤੇ 1752 ਈ: ਤੋਂ ਬਾਅਦ ਦੇ ਸਾਰੇ ਇਤਿਹਾਸਕ ਦਿਹਾੜੇ (ਜਿਵੇਂ ਕਿ ਸਾਕਾ ਨਨਕਾਣਾ ਸਾਹਿਬ, ਭਾਰਤੀ ਫੌਜਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਅਤੇ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਲੱਗੇ ਮੋਰਚਿਆਂ ਦਾ ਇਤਿਹਾਸ) ਗ੍ਰੈਗੋਰੀਅਨ ਕੈਲੰਡਰ ਭਾਵ ਈਸਵੀ ਕੈਲੰਡਰ ਅਨੁਸਾਰ ਨਿਸ਼ਚਿਤ ਕੀਤੇ ਜਾਂਦੇ ਹਨ; ਭਾਵੇਂ ਕਿ ਗੁਰਬਾਣੀ ਜਾਂ ਸਿੱਖ ਇਤਿਹਾਸ ’ਚ ਕਿਤੇ ਨਹੀਂ ਲਿਖਿਆ ਕਿ ਆਹ ਆਹ ਦਿਹਾੜੇ, ਆਹ ਆਹ ਕੈਲੰਡਰਾਂ ਮੁਤਾਬਕ ਹੋਣੇ ਚਾਹੀਦੇ ਹਨ। ਇੱਕ ਅਕਾਲ ਪੁਰਖ, ਇੱਕ ਗੁਰੂ ਗ੍ਰੰਥ ਸਾਹਿਬ ਤੇ ਇੱਕ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਇੱਕ ਕੈਲੰਡਰ ਨੂੰ ਭੀ ਕਿਉਂ ਨਹੀਂ ਅਪਣਾਅ ਲੈਂਦੀ ?

(6). ਸਾਲ ਦੀਆਂ ਵੱਧ ਘੱਟ ਲੰਬਾਈਆਂ ਵਾਲੇ ਕੈਲੰਡਰਾਂ ਕਾਰਨ, ਜੋ ਸ਼ੰਕੇ ਇਤਿਹਾਸਕ ਤਾਰੀਖ਼ਾਂ ਬਾਰੇ ਪਏ ਹਨ ਅਤੇ ਜੋ ਅੱਗੇ ਨੂੰ ਭੀ ਪੈਣੇ ਹਨ, ਇਸ ਦਾ ਜਵਾਬ ਸ਼੍ਰੋਮਣੀ ਕਮੇਟੀ ਕੋਲ ਨਹੀਂ।  ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਪਿਛਲੇ 20-25 ਸਾਲਾਂ ਦੇ ਕੈਲੰਡਰ ਵੇਖੇ ਜਾਣ ਤਾਂ ਹਰ ਸਾਲ ਹੀ ਨਵਾਂ ਸਾਲ ੧ ਚੇਤ/ 14 ਮਾਰਚ ਨੂੰ ਅਰੰਭ ਹੁੰਦਾ ਹੈ। ਕੁਝ ਦਿਹਾੜੇ ਜਿਵੇਂ ਕਿ ਸ: ਬਘੇਲ ਸਿੰਘ ਵੱਲੋਂ ਦਿੱਲੀ ਫ਼ਤਹਿ ਦਿਵਸ = ੨ ਚੇਤ, ਸ਼ਹੀਦੀ ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ = ੧੨ ਚੇਤ, ਜਨਮ ਦਿਨ ਸਾਹਿਬਜ਼ਾਦਾ ਜੁਝਾਰ ਸਿੰਘ = ੨੭ ਚੇਤ ਅਤੇ ਦਸਤਾਰ ਦਿਵਸ = ੩੧ ਚੇਤ ਨੂੰ ਦਰਜ ਹੁੰਦੇ ਹਨ, ਪਰ ਕੁਝ ਦਿਹਾੜਿਆਂ ਵਿੱਚ ਹਰ ਸਾਲ ਇੱਕ ਦਿਨ ਦਾ ਫ਼ਰਕ ਭੀ ਹੁੰਦਾ ਹੈ; ਜਿਵੇਂ ਕਿ ਸਰਹਿੰਦ ਫ਼ਤਹਿ ਦਿਵਸ (ਕਦੇ ੨੯ ਵੈਸਾਖ ਤੇ ਕਦੇ ੩੦ ਵੈਸਾਖ)। ਘੱਲੂਘਾਰਾ ਸ਼੍ਰੀ ਅਕਾਲ ਤਖ਼ਤ ਸਾਹਿਬ (4 ਜੂਨ 1984) ਭੀ ਕਦੇ ੨੧ ਜੇਠ ਅਤੇ ਕਦੇ ੨੨ ਜੇਠ ਆਉਂਦਾ ਹੈ।

(7). ਕੁਝ ਘਟਨਾਵਾਂ, ਜੋ ਕਿਸੇ ਖ਼ਾਸ ਇਤਿਹਾਸਕ ਦਿਨ ਵਾਪਰੀਆਂ, ਉਹ ਨਿਸ਼ਚਿਤ ਦਿਨ ਹੀ ਇਤਿਹਾਸ ਦਾ ਹਿੱਸਾ ਬਣ ਗਈਆਂ; ਜਿਵੇਂ ਕਿ 1919 ਈ: ਦੀ ਵੈਸਾਖੀ ਵਾਲੇ ਦਿਨ ਹੀ ਜਲ੍ਹਿਆਂ ਵਾਲੇ ਬਾਗ (ਅੰਮ੍ਰਿਤਸਰ) ਵਿਖੇ ਅਜ਼ਾਦੀ ਘੁਲਾਟੀਆਂ ਅਤੇ ਆਮ ਸ਼ਹਿਰੀਆਂ ਵੱਲੋਂ ਕੀਤੀ ਜਾ ਰਹੀ ਇਕੱਤਰਤਾ ’ਤੇ ਜਨਰਲ ਡਾਇਰ ਨੇ ਅੰਨ੍ਹੇਵਾਰ ਗੋਲ਼ੀ ਚਲਾਈ ਸੀ। ਸੇਵਾ ਸੰਮਤੀ ਨੇ ਘਰਾਂ ਵਿਚ ਜਾ ਕੇ ਸਰਵੇ ਕਰਨ ਦਾ ਦਾਅਵਾ ਕੀਤਾ; ਉਸ ਮੁਤਾਬਕ 530 ਬੰਦਿਆਂ ਦੇ ਮਾਰੇ ਜਾਣ ਦੇ ਵੇਰਵੇ ਮਿਲੇ ਸਨ। ਤਦੋਂ ਸੰਨ 1919 ’ਚ ਵੈਸਾਖੀ 13 ਅਪ੍ਰੈਲ ਨੂੰ ਸੀ, ਇਸ ਲਈ ਅੱਜ ਭੀ ਸਾਰੇ ਭਾਰਤ ’ਚ 13 ਅਪ੍ਰੈਲ ਨੂੰ ਸਾਕਾ ਜਲ੍ਹਿਆਂ ਵਾਲਾ ਬਾਗ ਦੇ ਇਨ੍ਹਾਂ ਸ਼ਹੀਦਾਂ ਦੀ ਯਾਦ ਮਨਾਈ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਵੈਸਾਖੀ ਵਾਲੇ ਦਿਨ ਜਨਰਲ ਡਾਇਰ ਨੇ ਸੈਂਕੜੇ ਬੇਕਸੂਰ ਅਤੇ ਨਿਹੱਥੇ ਸ਼ਹਿਰੀਆਂ ’ਤੇ ਅੰਨ੍ਹੇਵਾਹ ਗੋਲ਼ੀ ਚਲਾ ਕੇ ਸ਼ਹੀਦ ਕੀਤਾ ਸੀ।

ਇਸੇ ਤਰ੍ਹਾਂ 2001 ’ਚ ਨਿਊਯਾਰਕ ਸ਼ਹਿਰ ’ਤੇ ਅਲਕਾਇਦਾ ਨਾਮ ਦੀ ਇਸਲਾਮਕ ਜਥੇਬੰਦੀ ਦੇ ਕਾਰਕੁਨਾਂ ਵੱਲੋਂ ਕੀਤੇ ਆਤਮਘਾਤੀ ਹਮਲੇ ਤੋਂ ਬਾਅਦ ਹਰ ਪਗੜੀਧਾਰੀ ਨੂੰ ਇਸਲਾਮਿਕ ਜਥੇਬੰਦੀਆਂ ਦਾ ਮੈਂਬਰ ਸਮਝ ਕੇ ਸਿੱਖਾਂ ਉੱਤੇ ਹੋਏ ਹਮਲਿਆਂ ਕਾਰਨ ਅਤੇ ਫਰਾਂਸ ’ਚ ਸਿੱਖਾਂ ਦੀ ਦਸਤਾਰ ’ਤੇ ਲੱਗੀ ਪਾਬੰਦੀ ਦੇ ਵਿਰੋਧ ਵਜੋਂ ਸਿੱਖਾਂ ਨੇ ਆਪਣੀ ਵੱਖਰੀ ਪਛਾਣ ਵਿਖਾਉਣ ਲਈ ਸੰਨ 2002 ਤੋਂ ਵੈਸਾਖੀ ਵਾਲੇ ਦਿਨ ਯਾਨੀ 13 ਅਪ੍ਰੈਲ ਨੂੰ ਪੂਰੇ ਸੰਸਾਰ ’ਚ ਦਸਤਾਰ ਦਿਵਸ ਮਨਾਉਣਾ ਸ਼ੁਰੂ ਕਰ ਦਿੱਤਾ।

ਸ਼੍ਰੋਮਣੀ ਕਮੇਟੀ ਦੇ ਕੈਲੰਡਰ ’ਚ ਹਰ ਸਾਲ ਸਾਕਾ ਜਲ੍ਹਿਆਂ ਵਾਲਾ ਬਾਗ ਅਤੇ ਦਸਤਾਰ ਦਿਵਸ ਤਾਂ 13 ਅਪ੍ਰੈਲ ਨੂੰ ਨਿਸ਼ਚਿਤ ਹੁੰਦੇ ਹਨ ਪਰ ਜਿਸ ਵੈਸਾਖੀ ਨਾਲ ਇਤਿਹਾਸਕ ਸੰਬੰਧ ਹੈ ਉਹ ਕਦੀ 13 ਅਪ੍ਰੈਲ ਅਤੇ ਕਦੀ 14 ਅਪ੍ਰੈਲ ਨੂੰ ਲਿਖੀ ਹੁੰਦੀ ਹੈ। ਇਸ ਦਾ ਅਗਾਂਹ ਨਤੀਜਾ ਇਹ ਹੋਣ ਵਾਲ਼ਾ ਹੈ ਕਿ ਅੱਜ ਤੋਂ 480 ਸਾਲ ਪਿੱਛੋਂ ਯਾਨੀ 2502 ਈ: ’ਚ ਪੂਰੇ ਵਿਸ਼ਵ ’ਚ ਮਨਾਏ ਜਾਣ ਵਾਲ਼ੇ ਉਕਤ ਦੋਵੇਂ ਦਿਹਾੜੇ ਤਾਂ 13 ਅਪ੍ਰੈਲ ਨੂੰ ਹੋਣਗੇ ਪਰ ਵੈਸਾਖੀ 21 ਅਪ੍ਰੈਲ ਨੂੰ ਹੋਵੇਗੀ ਭਾਵ 8 ਦਿਨ ਬਾਅਦ।

(8). ਘੱਲੂਘਾਰਾ ਸ਼੍ਰੀ ਅਕਾਲ ਤਖ਼ਤ ਸਾਹਿਬ (ਸੰਨ 1984), ਜਿਸ ਨੂੰ ਤੀਜਾ ਘੱਲੂਘਾਰਾ ਕਿਹਾ ਜਾਂਦਾ ਹੈ, ਉਹ ਅੱਜ ਕੱਲ੍ਹ ੨੧ ਜਾਂ ੨੨ ਜੇਠ ਨੂੰ ਹੁੰਦਾ ਹੈ ਯਾਨੀ ਵੈਸਾਖੀ ਤੋਂ 51-52 ਦਿਨ ਬਾਅਦ, ਪਰ ਸੰਨ 5702 ’ਚ ਇਹ ਵੈਸਾਖੀ ਵਾਲੇ ਦਿਨ ਹੀ ਆ ਜਾਵੇਗਾ ਕਿਉਂਕਿ ਬਿਕ੍ਰਮੀ ਕੈਲੰਡਰ (Sidereal Year) ਅਤੇ ਗ੍ਰੈਗੋਰੀਅਨ ਕੈਲੰਡਰ (Tropical Year) ਦੇ ਸਾਲਾਂ ਦੀ ਲੰਬਾਈ ’ਚ ਕੁੱਝ ਫ਼ਰਕ ਹੋਣ ਕਰਕੇ 3680 ਸਾਲਾਂ ’ਚ 51-52 ਦਿਨਾਂ ਦਾ ਫ਼ਰਕ ਪੈ ਜਾਣਾ ਹੈ, ਜਿਸ ਨਾਲ ਇਤਿਹਾਸਕ ਸ਼ੰਕੇ ਹੋਰ ਭੀ ਪੈਦਾ ਹੋਣਗੇ। ਇਤਿਹਾਸ ’ਚ ਲਿਖਿਆ ਹੋਵੇਗਾ ਕਿ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ’ਤੇ ਦਰਬਾਰ ਸਾਹਿਬ ਪਹੁੰਚੀਆਂ ਸੰਗਤਾਂ ’ਤੇ ਭਾਰਤੀ ਫ਼ੌਜਾਂ ਨੇ ਹਮਲਾ ਕਰਕੇ ਸੈਂਕੜੇ ਬੇਕਸੂਰ ਸਿੱਖ ਸ਼ਰਧਾਲੂ ਸ਼ਹੀਦ ਕਰ ਦਿੱਤੇ, ਪਰ ਉਸ ਵੇਲੇ ਲੋਕ ਪੁੱਛਣਗੇ ਕਿ ਇਹ ਘੱਲੂਘਾਰਾ ਫਿਰ ਵੈਸਾਖੀ ਵਾਲੇ ਦਿਨ ਕਿਉਂ ਮਨਾਇਆ ਜਾ ਰਿਹਾ ਹੈ ?

ਇਸ ਤਰ੍ਹਾਂ ਹੋਰ ਭੀ ਕਈ ਦਿਨਾਂ ’ਚ ਅੰਤਰ ਦਿਨੋ ਦਿਨ ਘਟਦਾ ਜਾਂ ਵਧਦਾ ਜਾਵੇਗਾ। ਜ਼ਰਾ ਸੋਚੋ ਕਿ ਜੋ ਵੈਸਾਖੀ; ਸੰਨ 1469 ’ਚ 27 ਮਾਰਚ; ਸੰਨ 1699 ’ਚ 29 ਮਾਰਚ; ਸੰਨ 1752 ’ਚ ਕੀਤੀ 11 ਦਿਨਾਂ ਦੀ ਸੋਧ ਪਿੱਛੋਂ ਸੰਨ 1753 ’ਚ 9 ਅਪ੍ਰੈਲ ਨੂੰ ਆ ਚੁੱਕੀ ਹੈ। ਵੈਸਾਖੀ; ਹੁਣ 13-14 ਅਪ੍ਰੈਲ, ਸੰਨ 2502 ’ਚ 21 ਅਪ੍ਰੈਲ ਨੂੰ ਅਤੇ ਸੰਨ 5702 ’ਚ 4 ਜੂਨ ਨੂੰ ਹੋਵੇਗੀ ਯਾਨੀ ਸੰਨ 1984 ’ਚ ਅਕਾਲ ਤਖ਼ਤ ਸਾਹਿਬ ’ਤੇ ਜੋ ਹਮਲਾ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਾਲ਼ੇ ਦਿਨ (4 ਜੂਨ ਨੂੰ) ਹੋਇਆ ਸੀ, ਉਹੀ 4 ਜੂਨ ਵਾਲ਼ਾ ਦਿਨ; 5702 ਈਸਵੀ ’ਚ ਵੈਸਾਖੀ ਵਾਲੇ ਦਿਨ ਮਨਾਇਆ ਜਾਵੇਗਾ।  ਇਹ ਸਿੱਖਾਂ ਨੇ ਵੇਖਣਾ ਹੈ ਕਿ ਉਹ ਕਿੱਥੋਂ ਤੱਕ ਇਤਿਹਾਸਕ ਦਿਨਾਂ ਨੂੰ ਅਗਾਂਹ ਪਿਛਾਂਹ ਕਰਨ ਨਾਲ਼ ਖੜਨਗੇ ਅਤੇ ਇੱਕੋ ਦਿਨ ਵਾਪਰਨ ਵਾਲੇ ਦਿਹਾੜੇ ਵੱਖ ਵੱਖ ਦਿਨਾਂ ਨੂੰ ਮਨਾਏ ਜਾਣ ਨੂੰ ਸਹੀ ਠਹਿਰਾਉਂਦੇ ਰਹਿਣਗੇ ?

(9).  ਕਈ ਇਤਿਹਾਸਕ ਦਿਨ ਇੱਕੋ ਸਥਾਨ ਅਤੇ ਇੱਕੋ ਗੁਰੂ ਸਾਹਿਬ ਨਾਲ ਸੰਬੰਧਿਤ ਹਨ, ਪਰ ਸਦਕੇ ਜਾਈਏ ਮੱਕੜ-ਧੁੰਮਾ ਸੋਧ ਕਮੇਟੀ ਦੇ; ਜਿਸ ਨੇ ਉਨ੍ਹਾਂ ’ਚੋਂ ਇੱਕ ਦਿਹਾੜਾ ਤਾਂ ਪ੍ਰਵਿਸ਼ਟਿਆਂ (ਸੂਰਜੀ ਤਾਰੀਖ਼) ਮੁਤਾਬਕ ਅਤੇ ਦੂਜਾ ਚੰਦਰਮਾ ਦੀਆਂ ਤਿੱਥਾਂ ਮੁਤਾਬਕ ਨਿਸ਼ਚਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਭਾਵੇਂ ਕਿ ਇਸ ਗਲਤੀ ਨਾਲ ਕਈ ਵਾਰ ਅਜੀਬ ਸਥਿਤੀ ਵੀ ਬਣੀ। ਮਿਸਾਲ ਵਜੋਂ ਗੁਰਗੱਦੀ ਪ੍ਰਾਪਤ ਕਰਨ ਉਪਰੰਤ ਗੁਰੂ ਹਰਿਗੋਬੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਸਾਮ੍ਹਣੇ ਹਾੜ ਵਦੀ ੫, ੧੮ ਹਾੜ ਬਿਕ੍ਰਮੀ ਸੰਮਤ ੧੬੬੩ (ਸੰਨ 1606) ਨੂੰ ਇੱਕ ਥੜੇ ਦੀ ਉਸਾਰੀ ਮੁਕੰਮਲ ਕਰਵਾਈ, ਜਿਸ ਨੂੰ ਹੁਣ ਅਕਾਲ ਤਖ਼ਤ ਸਾਹਿਬ ਕਿਹਾ ਜਾਂਦਾ ਹੈ। ਇਹ ਦਿਨ; ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਵਜੋਂ ਮਨਾਇਆ ਜਾਂਦਾ ਹੈ।  ਇਸ ਥੜੇ ਦੀ ਮੁਕੰਮਲਤਾ ਤੋਂ 19 ਦਿਨ ਬਾਅਦ ਹੀ ਹਾੜ ਸੁਦੀ ੧੦, ੬ ਸਾਵਣ ਬਿਕ੍ਰਮੀ ਸੰਮਤ ੧੬੬੩ (ਸੰਨ 1606) ਨੂੰ ਉਸੇ ਥੜੇ ’ਤੇ ਬੈਠ ਕੇ ਗੁਰੂ ਸਾਹਿਬ ਨੇ ਦੋ ਕ੍ਰਿਪਾਨਾਂ (ਮੀਰੀ ਤੇ ਪੀਰੀ) ਧਾਰਨ ਕੀਤੀਆਂ। ਇਸ ਦਿਨ ਨੂੰ ਮੀਰੀ-ਪੀਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਪਰ ਧੁੰਮਾ-ਮੱਕੜ ਕਮੇਟੀ ਨੇ ਕੀਤੀ ਕੈਲੰਡਰੀ ਸੋਧ ’ਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਲਈ ਤਾਂ ਹਰ ਸਾਲ ਸੂਰਜੀ ਤਾਰੀਖ਼ ੧੮ ਹਾੜ ਸਹੀ ਮੰਨੀ, ਪਰ 19 ਦਿਨ ਬਾਅਦ ਵਾਲ਼ਾ ਮੀਰੀ-ਪੀਰੀ ਦਿਨ; ਹਾੜ ਸੁਦੀ ੧੦ ਮੁਤਾਬਕ ਨਾਨਕਸ਼ਾਹੀ ਸੰਮਤ ੫੫੧ (ਸੰਨ 2019-20) ’ਚ ੨੭ ਹਾੜ (ਯਾਨੀ ਥੜਾ ਬਣਨ ਤੋਂ 9 ਦਿਨ ਬਾਅਦ); ਸੰਮਤ ੫੫੨ (ਸੰਨ 2020-21) ’ਚ ੧੭ ਹਾੜ (ਯਾਨੀ ਥੜਾ ਬਣਨ ਤੋਂ 1 ਦਿਨ ਪਹਿਲਾਂ); ਸੰਮਤ ੫੫੩ (ਸੰਨ 2021-22) ’ਚ ੪ ਸਾਵਣ (ਯਾਨੀ ਥੜਾ ਬਣਨ ਤੋਂ 17 ਦਿਨ ਬਾਅਦ); ਇਸ ਲਈ ਸੰਮਤ ੫੫੪ (ਸੰਨ 2022-23) ’ਚ ੨੫ ਹਾੜ (ਯਾਨੀ ਥੜਾ ਬਣਨ ਤੋਂ 7 ਦਿਨ ਬਾਅਦ) ਅਤੇ ਅਗਲੇ ਸਾਲ ਸੰਮਤ ੫੫੫ (ਸੰਨ 2023-24) ’ਚ ੧੪ ਹਾੜ (ਯਾਨੀ ਥੜਾ ਬਣਨ ਤੋਂ 4 ਦਿਨ ਪਹਿਲਾਂ) ਹੋਵੇਗਾ। ਸੋ ਇਨ੍ਹਾਂ ਪੰਜਾਂ ਸਾਲਾਂ ’ਚ ਦੋ ਸਾਲ ਮੀਰੀ-ਪੀਰੀ ਦਿਵਸ; ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਤੋਂ ਪਹਿਲਾਂ ਭੀ ਆ ਗਿਆ, ਜੋ 19 ਦਿਨ ਬਾਅਦ ਸੀ। ਜੇ ਕੋਈ ਸ਼੍ਰੋਮਣੀ ਕਮੇਟੀ ਤੋਂ ਪੁੱਛੇ ਕਿ ਅਕਾਲ ਤਖ਼ਤ ਸਿਰਜਣਾ ਦਿਵਸ ਤੋਂ ਪਹਿਲਾਂ ਮੀਰੀ ਪੀਰੀ ਦਿਵਸ ਕਿਵੇਂ ਹੋ ਸਕਦਾ ਹੈ ? ਤਾਂ ਕੋਈ ਜਵਾਬ ਨਹੀਂ ਮਿਲਦਾ। ਕੀ ਇਉਂ ਕਰਕੇ ਮੱਕੜ-ਧੁੰਮਾ ਸੋਧ ਕਮੇਟੀ ਨੇ ਕੈਲੰਡਰ ਸੋਧਿਆ ਹੈ ਜਾਂ ਵਿਗਾੜਿਆ ?

(10). ਬਿਕ੍ਰਮੀ ਕੈਲੰਡਰ ਦੀਆਂ ਸੰਗਰਾਂਦਾਂ ਅਤੇ ਤਿਥਾਂ; ਸੂਰਜ ਚੜ੍ਹਨ ਦੇ ਸਮੇਂ ਮੁਤਾਬਕ ਬਦਲਦੀਆਂ ਹਨ। ਭਾਰਤ, ਇੱਕ ਵਿਸ਼ਾਲ ਦੇਸ਼ ਹੈ, ਇਸ ਦੇ ਪੂਰਬੀ ਅਤੇ ਪੱਛਮੀ ਖੇਤਰ ’ਚ ਸੂਰਜ ਚੜ੍ਹਨ ਦੇ ਸਮੇਂ ਵਿੱਚ ਤਕਰੀਬਨ ਦੋ ਘੰਟਿਆਂ ਦਾ ਅੰਤਰ ਹੈ, ਇਸ ਲਈ ਵੱਖ ਵੱਖ ਖੇਤਰਾਂ ਦੀਆਂ ਕੁਝ ਸੰਗਰਾਂਦਾਂ (ਮਹੀਨੇ ਦਾ ਅਰੰਭ) ਤੇ ਤਿਥਾਂ ’ਚ ਫ਼ਰਕ ਹੋਣਾ ਸੁਭਾਵਕ ਹੈ। ਇਸੇ ਕਾਰਨ ਇੱਕੋ ਦਿਹਾੜਾ ਵੱਖ ਵੱਖ ਤਾਰੀਖ਼ਾਂ ਨੂੰ ਨਿਸ਼ਚਿਤ ਕਰਨਾ ਪੈਂਦਾ ਹੈ; ਜਿਵੇਂ ਕਿ ਸੰਨ 2000 ’ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ; ਪੋਹ ਸੁਦੀ ੭ ਮੁਤਾਬਕ ਸ਼੍ਰੋਮਣੀ ਕਮੇਟੀ ਨੇ 14 ਜਨਵਰੀ, ਦਿਨ ਸ਼ੁੱਕਰਵਾਰ ਨੂੰ ਅਤੇ ਤਖ਼ਤ ਪਟਨਾ ਸਾਹਿਬ ਵਿਖੇ (ਉੱਥੋਂ ਦੀਆਂ ਜੰਤਰੀਆਂ ਮੁਤਾਬਕ) 13 ਜਨਵਰੀ, ਦਿਨ ਵੀਰਵਾਰ ਨੂੰ ਮਨਾਇਆ ਗਿਆ।

(11). ਸ਼੍ਰੀ ਮਾਰਤੰਡ ਪੰਚਾਂਗ (ਜੋ ਚੰਡੀਗੜ੍ਹ ਤੋਂ ਛਪਦੀ ਹੈ) ਦੇ ਪੰਨਾ ਨੰ: 15 ’ਚ ਦਿੱਤੇ ਇੱਕ ਨੋਟ ਅਨੁਸਾਰ ਸੰਮਤ ੨੦੭੭ ਬਿਕ੍ਰਮੀ ’ਚ 16 ਨਵੰਬਰ 2020 ਨੂੰ ਸੂਰਜ; ਸਵੇਰੇ 06:52 ਵਜੇ ਬ੍ਰਿਸਚਕ ਰਾਸ਼ੀ ’ਚ ਪ੍ਰਵੇਸ਼ ਹੋਇਆ। ਜਿਨ੍ਹਾਂ ਪ੍ਰਦੇਸ਼ਾਂ ’ਚ ਸੂਰਜ 06:52 ਵਜੇ ਜਾਂ ਇਸ ਤੋਂ ਪਹਿਲਾਂ ਚੜ੍ਹੇਗਾ, ਉੱਥੇ ਉੱਥੇ ਮੱਘਰ ਦੀ ਸੰਗਰਾਂਦ 16 ਨਵੰਬਰ, ਦਿਨ ਸੋਮਵਾਰ ਨੂੰ ਮੰਨੀ ਗਈ ਅਤੇ ਜਿਨ੍ਹਾਂ ਪ੍ਰਦੇਸ਼ਾਂ ’ਚ ਸੂਰਜ; 06:52 ਵਜੇ ਤੋਂ ਬਾਅਦ ਚੜ੍ਹਿਆ, ਉੱਥੇ ਉੱਥੇ ਮੱਘਰ ਦੀ ਸੰਗਰਾਂਦ 15 ਨਵੰਬਰ 2020, ਦਿਨ ਐਤਵਾਰ ਨੂੰ ਮੰਨੀ ਗਈ ਯਾਨੀ ਸੂਰਜ ਚੜ੍ਹਨ ਦੇ ਸਮੇਂ ’ਚ ਇੱਕ ਮਿੰਟ ਦਾ ਫ਼ਰਕ ਭੀ ਸੰਗਰਾਂਦਾਂ (ਮਹੀਨੇ ਦੇ ਅਰੰਭਕ ਦਿਨਾਂ) ’ਚ ਇੱਕ ਦਿਨ ਦਾ ਅੰਤਰ ਪਾ ਗਿਆ; ਇਉਂ ਹਰ ਪ੍ਰਦੇਸ਼ ’ਚ ਸੂਰਜ ਚੜ੍ਹਨ ਦੇ ਵੱਖ ਵੱਖ ਸਮੇਂ ਤੋਂ ਇਲਾਵਾ ਸੰਗਰਾਂਦ ਨਿਸ਼ਚਿਤ ਕਰਨ ਦੇ ਨਿਯਮ ਭੀ ਵੱਖ ਵੱਖ ਹਨ, ਜਿਸ ਕਰਕੇ ਕੁਝ ਮਹੀਨਿਆਂ ਦੀਆਂ ਤਾਰੀਖ਼ਾਂ ’ਚ ਇੱਕ ਤੋਂ ਦੋ ਦਿਨਾਂ ਦਾ ਫ਼ਰਕ ਹੋ ਸਕਦਾ ਹੈ; ਇਹ ਤੱਥ Lahri’s Indian Ephemeris ਦੇ ਕਿਸੇ ਵੀ ਸਾਲ ਦੇ ਪੰਨਾ ਨੰ: 11 ਉੱਪਰ ਦਿੱਤੇ ਟੇਬਲ ਤੋਂ ਵੇਖ ਸਕਦੇ ਹਾਂ। ਨੈਸ਼ਨਲ ਕੈਲੰਡਰ ਦੀਆਂ ਸੰਗਰਾਂਦਾਂ ’ਚ ਤਾਂ 7 ਤੋਂ 8 ਦਿਨਾਂ ਦਾ ਫ਼ਰਕ ਹੈ।

     Lahri’s Indian Ephemeris -Page 11

(12). ਬਾਰਹ ਮਾਹਾ ਅਤੇ ਰੁਤੀ ਸਲੋਕ ਮਹਲਾ ੫ ਬਾਣੀ ’ਚ ਰੁੱਤਾਂ ਦਾ ਵਰਣਨ ਇਉਂ ਹੈ :

ਆਸਾੜੁ ਭਲਾਸੂਰਜੁ ਗਗਨਿ ਤਪੈ (ਤੁਖਾਰੀ ਬਾਰਹਮਾਹਾ/ਮਹਲਾ ੧/੧੧੦੮)

ਆਸਾੜੁ ਤਪੰਦਾ ਤਿਸੁ ਲਗੈਹਰਿ ਨਾਹੁ ਜਿੰਨਾ ਪਾਸਿ (ਮਾਝ ਬਾਰਹਮਾਹਾ/ਮਹਲਾ ੫/੧੩੪)

ਪੋਖਿ  ਤੁਖਾਰੁ ਪੜੈ; ਵਣੁ ਤ੍ਰਿਣੁ ਰਸੁ ਸੋਖੈ (ਤੁਖਾਰੀ ਬਾਰਹਮਾਹਾ/ਮਹਲਾ ੧/੧੧੦੯)

ਪੋਖਿ  ਤੁਖਾਰੁ ਵਿਆਪਈ; ਕੰਠਿ ਮਿਲਿਆ ਹਰਿ ਨਾਹੁ (ਮਾਝ ਬਾਰਹਮਾਹਾ/ਮਹਲਾ ੫/੧੩੫)  

ਰੁਤਿ ਸਰਸ ਬਸੰਤ; ਮਾਹ ਚੇਤੁ ਵੈਸਾਖ  ਸੁਖ ਮਾਸੁ ਜੀਉ   (ਰਾਮਕਲੀ ਰੁਤੀ/ਮਹਲਾ ੫ ੯੨੭

ਗ੍ਰੀਖਮ ਰੁਤਿ ਅਤਿ ਗਾਖੜੀ; ਜੇਠ ਅਖਾੜੈ ਘਾਮ ਜੀਉ (ਰਾਮਕਲੀ ਰੁਤੀ/ਮਹਲਾ ੫/੯੨੮)  

ਰੁਤਿ ਸਿਸੀਅਰ ਸੀਤਲ; ਹਰਿ ਪ੍ਰਗਟੇ ਮੰਘਰ ਪੋਹਿ ਜੀਉ (ਰਾਮਕਲੀ ਰੁਤੀ/ਮਹਲਾ ੫/੯੨੯)  

ਰੁੱਤਾਂ;  Tropical Year  ਦੀ ਲੰਬਾਈ ਮੁਤਾਬਕ ਬਦਲਦੀਆਂ ਹਨ। ਬਿਕ੍ਰਮੀ ਕੈਲੰਡਰ; ਰੁੱਤੀ ਸਾਲ ਨਹੀਂ ਹੈ ਅਤੇ ਇਸ ਦੀ ਲੰਬਾਈ; ਰੁੱਤੀ ਸਾਲ ਤੋਂ 20:30 (ਸਾਢੇ ਵੀਹ ਕੁ ਮਿੰਟ) ਵੱਧ ਹੈ, ਇਸ ਕਾਰਨ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ; ਮੌਸਮੀ ਰੁੱਤਾਂ ਨਾਲੋਂ ਦੂਰ ਜਾ ਰਹੀਆਂ ਹਨ। ਇਸ ਨਾਲ ਜਿੱਥੇ ਗੁਰਬਾਣੀ ਦੇ ਅਰਥ; ਜ਼ਮੀਨੀ ਮੌਸਮ ਤੋਂ ਭਿੰਨ ਹੋਣ ਕਾਰਨ ਸਮਝਣੇ ਮੁਸ਼ਕਲ ਹੋ ਜਾਣਗੇ ਉੱਥੇ ਇਤਿਹਾਸਕ ਘਟਨਾਵਾਂ ਜਾਣਨ ’ਚ ਵੀ ਭੁਲੇਖਾ ਪਵੇਗਾ। ਇਹ ਅੰਤਰ 11000 ਸਾਲ ਬਾਅਦ 1800 ਯਾਨੀ ਪੂਰੇ 6 ਮਹੀਨੇ ਦਾ ਹੋ ਜਾਵੇਗਾ। ਹਾੜ ਦੇ ਮਹੀਨੇ ’ਚ ਪੈਣ ਵਾਲੀ ਅਤਿ ਗਰਮੀ; ਪੋਹ ਮਹੀਨੇ ’ਚ ਪਵੇਗੀ। ਇਉਂ ਹੀ ਪੋਹ ਦੀ ਠੰਡ; ਹਾੜ ਮਹੀਨੇ ’ਚ ਪਵੇਗੀ। ਤਦੋਂ ਸ਼ਬਦ ‘‘ਆਸਾੜੁ ਤਪੰਦਾ ਤਿਸੁ ਲਗੈਹਰਿ ਨਾਹੁ ਜਿੰਨਾ ਪਾਸਿ ’’  ਅਤੇ  ‘‘ਪੋਖਿ  ਤੁਖਾਰੁ ਵਿਆਪਈ; ਕੰਠਿ ਮਿਲਿਆ ਹਰਿ ਨਾਹੁ ’’ ਦੇ ਅਰਥ ਕਿਸ ਤਰ੍ਹਾਂ ਸਮਝਾਂਗੇ ਕਿ ਹਾੜ ਦਾ ਮਹੀਨਾ ਕਿਸ ਤਰ੍ਹਾਂ ਤਪਦਾ ਹੈ ਅਤੇ ਪੋਹ ਦੇ ਮਹੀਨੇ ਕਿਸ ਤਰ੍ਹਾਂ ਕੋਰਾ ਪੈਂਦਾ ਹੈ। ਇਤਿਹਾਸ ’ਚ ਲਿਖਿਆ ਹੋਵੇਗਾ ਕਿ ਹਾੜ ਮਹੀਨੇ ਦੀ ਅਤਿ ਗਰਮੀ ’ਚ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਉਨ੍ਹਾਂ ਦੇ ਸਿਰ ਉੱਪਰ ਗਰਮ ਰੇਤ ਪਾ ਪਾ ਤਸੀਹੇ ਦਿੱਤੇ ਸਨ, ਪਰ ਸੰਗਤਾਂ ਸਰਦੀ ਦੀ ਠੰਡ ਕਾਰਨ ਗਰਮ ਕੱਪੜੇ ਪਹਿਨ ਕੇ ਸੁਣ ਰਹੀਆਂ ਹੋਣਗੀਆਂ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਹੋਵੇਗਾ ਕਿ ਉਨ੍ਹਾਂ ਨੂੰ ਪੋਹ ਦੇ ਠੰਡੇ ਮਹੀਨੇ ਬਿਨਾਂ ਗਰਮ ਕੱਪੜੇ ਦਿੱਤੇ ਠੰਡੇ ਬੁਰਜ ’ਚ ਰੱਖ ਕੇ ਤਸੀਹੇ ਦਿੱਤੇ ਸਨ, ਪਰ ਇਹ ਸਾਖੀ ਸੁਣਨ ਵਾਲ਼ੀਆਂ ਸੰਗਤਾਂ ਦੇ ਗਰਮੀਆਂ ਵਾਲ਼ੇ ਕੱਪੜੇ ਪਹਿਨੇ ਹੋਣਗੇ; ਕਿਵੇਂ ਅਹਿਸਾਸ ਹੋਵੇਗਾ ? ਤਦ ਇਤਿਹਾਸ ਪੜ੍ਹਨ ਵਾਲੇ ਸੋਚਣਗੇ ਕਿ ਇਹ ਇਤਿਹਾਸ ਹੀ ਗਲਤ ਹੈ ਕਿਉਂਕਿ ਹਾੜ ਦੇ ਮਹੀਨੇ ’ਚ ਤਦੋਂ ਠੰਡ ਪੈ ਰਹੀ ਹੋਵੇਗੀ ਅਤੇ ਪੋਹ ਦੇ ਮਹੀਨੇ ’ਚ ਅਤਿ ਗਰਮੀ।

ਮੂਲ ਨਾਨਕਸ਼ਾਹੀ ਕੈਲੰਡਰ ਦੇ ਲਾਭ

ਬਿਕ੍ਰਮੀ ਕੈਲੰਡਰ ਦੇ ਉਕਤ ਨੁਕਸ ਵੇਖ ਕੇ ਹੀ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ ਸੀ, ਜੋ ਅਜਿਹੇ ਨੁਕਸਾਂ ਤੋਂ ਰਹਿਤ ਹੈ ਕਿਉਂਕਿ ਇਸ ਦੇ ਸਾਲ ਦੀ ਲੰਬਾਈ ਰਥੁ ਫਿਰੈ Solstice ’ਤੇ ਆਧਾਰਿਤ ਹੈ। ਜਿਸ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਬਾਰਹਮਾਹਾ ’ਚ ਇਸ ਤਰ੍ਹਾਂ ਕੀਤਾ ਹੈ ‘‘ਆਸਾੜੁ ਭਲਾ; ਸੂਰਜੁ ਗਗਨਿ ਤਪੈ   ਧਰਤੀ ਦੂਖ ਸਹੈ; ਸੋਖੈ ਅਗਨਿ ਭਖੈ ਅਗਨਿ ਰਸੁ ਸੋਖੈ; ਮਰੀਐ ਧੋਖੈ; ਭੀ ਸੋ ਕਿਰਤੁ ਹਾਰੇ ਰਥੁ ਫਿਰੈ, ਛਾਇਆ ਧਨ ਤਾਕੈ; ਟੀਡੁ ਲਵੈ ਮੰਝਿ ਬਾਰੇ ਅਵਗਣ ਬਾਧਿ ਚਲੀ ਦੁਖੁ ਆਗੈ; ਸੁਖੁ ਤਿਸੁ ਸਾਚੁ ਸਮਾਲੇ   ਨਾਨਕ  ! ਜਿਸ ਨੋ ਇਹੁ ਮਨੁ ਦੀਆ; ਮਰਣੁ ਜੀਵਣੁ ਪ੍ਰਭ ਨਾਲੇ ’’ (ਮਹਲਾ /੧੧੦੮)

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਰਥ ੧੫/੧੬ ਹਾੜ ਨੂੰ ਫਿਰਦਾ ਸੀ ਜੋ ਹੁਣ ੭/੮ ਹਾੜ ਨੂੰ ਫਿਰਦਾ ਹੈ ਯਾਨੀ ਉਕਤ ਬਾਰਹ ਮਾਹਾ (ਬਾਣੀ) ਉਚਾਰਨ ਸਮੇਂ ਨਾਲੋਂ ਅਜੋਕੇ ਬਿਕ੍ਰਮੀ ਕੈਲੰਡਰ ’ਚ 8/9 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ ਜਦਕਿ ਤਿਆਰ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ’ਚ ਸੂਰਜ ਦਾ ਰਥ ਸਦਾ ਹੀ ਤਕਰੀਬਨ ੭ ਹਾੜ ਨੂੰ ਫਿਰੇਗਾ ਯਾਨੀ ਰੁੱਤਾਂ ’ਚ ਜੋ ਫ਼ਰਕ ਹੁਣ ਤੱਕ ਪੈ ਚੁੱਕਾ ਹੈ, ਸੋ ਪੈ ਗਿਆ, ਅਗਾਂਹ ਕੋਈ ਫ਼ਰਕ ਨਹੀਂ ਪਵੇਗਾ। ਇਸ ਨਾਲ਼ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ; ਗੁਰਬਾਣੀ ਦੀਆਂ ਮੌਸਮੀ ਰੁੱਤਾਂ ਦੇ ਨੇੜੇ ਰਹਿਣਗੀਆਂ ਕਿਉਂਕਿ ਅਜੇ ਸਾਰੀਆਂ ਰੁੱਤਾਂ; ਮੌਸਮੀ ਮਹੀਨਿਆਂ ਦੇ ਆਸ ਪਾਸ ਹੀ ਚੱਲ ਰਹੀਆਂ ਹਨ। ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਨਿਸ਼ਚਿਤ ਕੀਤੇ ਗਏ ਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ; ਸਦਾ ਹੀ ਮੌਸਮੀ ਕੈਲੰਡਰ ਦੇ ਨੇੜੇ ਰਹਿਣਗੇ ਕਿਉਂਕਿ ਨਾਨਕਸ਼ਾਹੀ ਅਤੇ ਗ੍ਰੈਗੋਰੀਅਨ ਕੈਲੰਡਰ; ਸਭ ਤੋਂ ਵੱਧ ਰੁੱਤੀ ਕੈਲੰਡਰ ਦੇ ਨੇੜੇ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ੨੩ ਪੋਹ ਨੂੰ ਹੋਵੇਗਾ। ਉਸ ਦਿਨ ਗ੍ਰੈਗੋਰੀਅਨ ਕੈਲੰਡਰ ਦੀ 5 ਜਨਵਰੀ ਹੀ ਹੋਵੇਗੀ। ਵੈਸਾਖੀ; ਹਰ ਸਾਲ ੧ ਵੈਸਾਖ/14 ਅਪ੍ਰੈਲ ਨੂੰ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ; ਹਰ ਸਾਲ ੨ ਹਾੜ/16 ਜੂਨ ਨੂੰ ਹੋਵੇਗਾ (ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ; ੨੮ ਜੇਠ/11 ਜੂੂਨ ਤੋਂ ਹਮੇਸ਼ਾਂ 5 ਦਿਨ ਬਾਅਦ ਹੀ ਆਏਗਾ) ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹੜਾ ੧੩ ਪੋਹ 26 ਦਸੰਬਰ ਨੂੰ ਹੋਵੇਗੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ੨੩ ਪੋਹ/ 5 ਜਨਵਰੀ ਤੋਂ ਹਮੇਸ਼ਾਂ ਪਹਿਲਾਂ ਹੀ ਹੋਵੇਗਾ; ਇਸੇ ਤਰ੍ਹਾਂ ਬਾਕੀ ਦੇ ਸਾਰੇ ਇਤਿਹਾਸਕ ਦਿਨ ਸਦਾ ਲਈ ਨਿਸ਼ਚਿਤ ਤਾਰੀਖ਼ਾਂ ਨੂੰ ਹੀ ਹੋਣਗੇ।

ਜਿੱਥੇ ਬਿਕ੍ਰਮੀ ਕੈਲੰਡਰ ਦੀਆਂ ਤਿੱਥਾਂ, ਤਰੀਖ਼ਾਂ ਸਮਝਣੀਆਂ ਤੇ ਯਾਦ ਕਰਨੀਆਂ ਕਠਿਨ ਤੇ ਗੋਰਖ ਧੰਦਾ ਹਨ; ਉੱਥੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਿਸ਼ਚਿਤ ਕੀਤੇ ਦਿਵਸ; ਬਹੁਤ ਹੀ ਸਰਲ ਅਤੇ ਯਾਦ ਰੱਖਣੇ ਆਸਾਨ ਹਨ; ਜਿਵੇਂ ਕਿ ਇਸ ਦੇ ਪਹਿਲੇ ਪੰਜ ਮਹੀਨੇ (ਚੇਤ, ਵੈਸਾਖ, ਜੇਠ, ਹਾੜ ਅਤੇ ਸਾਵਣ) 31-31 ਦਿਨਾਂ ਦੇ ਹਨ ਅਤੇ ਅਗਲੇ 7 ਮਹੀਨੇ 30-30 ਦਿਨਾਂ ਦੇ ਹਨ। ਲੀਪ ਵਾਲੇ ਸਾਲ ’ਚ ਅਖੀਰਲਾ ਮਹੀਨਾ ਫ਼ੱਗਣ 30 ਦੀ ਥਾਂ 31 ਦਿਨਾਂ ਦਾ ਹੋ ਜਾਂਦਾ ਹੈ। ਇਹ ਕੈਲੰਡਰ ਖ਼ਾਲਸਾ ਸਾਜਣਾ ਦੇ 300ਵੇਂ ਦਿਵਸ ਸਮੇਂ ਯਾਨੀ ਸੰਨ 1999 ’ਚ ਲਾਗੂ ਕਰਾਉਣ ਦੀ ਮਨਸ਼ਾ ਨਾਲ ਤਿਆਰ ਕੀਤਾ ਸੀ, ਪਰ ਕੁਝ ਲੋਕਾਂ ਦੀ ਨਾਸਮਝੀ ਕਾਰਨ ਰੋਕਣਾ ਪਿਆ ਤੇ ਮੁੜ ਵੀਚਾਰ ਕਰਨ ਉਪਰੰਤ 2003 ਦੀ ਵੈਸਾਖੀ ਵਾਲੇ ਦਿਨ ਕੌਮ ’ਚ ਲਾਗੂ ਕੀਤਾ ਗਿਆ। ਸੰਨ 1999 ਅਤੇ 2003; ਯਾਨੀ ਦੋਵੇਂ ਸਾਲ ਹੀ ਵੈਸਾਖੀ 14 ਅਪ੍ਰੈਲ ਨੂੰ ਸੀ। ਇਸ ਵੈਸਾਖੀ ਨੂੰ ‘ਨਾਨਕਸ਼ਾਹੀ ੧ ਵੈਸਾਖ’ ਮੰਨ ਕੇ ਬਾਕੀ 11 ਮਹੀਨਿਆਂ ਦੇ ਦਿਨ ਉਕਤ ਯੁਕਤੀ ਨਾਲ਼ ਪੂਰੇ ਕਰਦਿਆਂ ਕਰਦਿਆਂ ਹਰ ਮਹੀਨੇ ਦੀ ਅਰੰਭਤਾ ਨਿਸ਼ਚਿਤ ਹੁੰਦੀ ਜਾਂਦੀ ਹੈ; ਜਿਵੇਂ ਕਿ ਚੇਤ ਤੇ ਵੈਸਾਖ ਦਾ ਅਰੰਭਕ ਦਿਨ; 14 ਮਾਰਚ ਤੇ 14 ਅਪ੍ਰੈਲ ਨੂੰ। ਜੇਠ ਤੇ ਹਾੜ ਦਾ ਅਰੰਭਕ ਦਿਨ; 15 ਮਈ ਤੇ 15 ਜੂਨ ਨੂੰ। ਸਾਵਣ ਤੇ ਭਾਦੋਂ ਦਾ ਅਰੰਭਕ ਦਿਨ; 16 ਜੁਲਾਈ ਤੇ 16 ਅਗਸਤ ਨੂੰ। ਅੱਸੂ ਤੇ ਕੱਤਕ ਦਾ ਅਰੰਭਕ ਦਿਨ; 15 ਸਤੰਬਰ ਤੇ 15 ਅਕਤੂਬਰ ਨੂੰ। ਮੱਘਰ ਤੇ ਪੋਹ ਦਾ ਅਰੰਭਕ ਦਿਨ; 14 ਨਵੰਬਰ ਤੇ 14 ਦਸੰਬਰ ਨੂੰ। ਮਾਘ ਦਾ ਅਰੰਭਕ ਦਿਨ 13 ਜਨਵਰੀ ਅਤੇ ਫ਼ੱਗਣ ਦਾ ਅਰੰਭਕ ਦਿਨ 12 ਫ਼ਰਵਰੀ ਨੂੰ ਹੋਵੇਗਾ। ਇਸ ਫ਼ੱਗਣ ਦੇ 30 ਦਿਨ ਪੂਰੇ ਕਰਕੇ ਚੇਤ ਦਾ ਅਰੰਭਕ ਦਿਨ; ਆਪਣੇ ਆਪ ਹੀ ਮੁੜ 14 ਮਾਰਚ ਨੂੰ ਹੋਵੇਗਾ। ਲੀਪ ਦੇ ਸਾਲ ’ਚ ਫ਼ੱਗਣ 31 ਦਿਨਾਂ ਦਾ ਹੋ ਜਾਣ ਨਾਲ ਵੀ ਚੇਤ ਮਹੀਨੇ ਦਾ ਅਰੰਭ 14 ਮਾਰਚ ਨੂੰ ਹੀ ਹੋਵੇਗਾ ਕਿਉਂਕਿ ਉਸ ਸਾਲ ਫ਼ਰਵਰੀ 28 ਦੀ ਬਜਾਏ 29 ਦਿਨਾਂ ਦੀ ਹੋਵੇਗੀ। ਇਸ ਤਰ੍ਹਾਂ ਸਾਰੇ ਮਹੀਨਿਆਂ ਦੇ ਅਰੰਭਕ ਦਿਨ; ਨਿਸ਼ਚਿਤ ਹੋਣ ਕਾਰਨ ਸਾਰੀਆਂ ਤਾਰੀਖ਼ਾਂ ਭੀ ਹਮੇਸ਼ਾਂ ਲਈ ਯਾਦ ਹੋ ਜਾਣਗੀਆਂ।

ਮੂਰਖ ਨੂੰ ਉਸ ਦੀ ਮੂਰਖਤਾ ਤੋਂ ਜਾਣੂ ਕਰਾਉਣਾ; ਸੰਸਾਰ ਦਾ ਸਭ ਤੋਂ ਕਠਿਨ ਕੰਮ

0

ਮੂਰਖ ਨੂੰ ਉਸ ਦੀ ਮੂਰਖਤਾ ਤੋਂ ਜਾਣੂ ਕਰਾਉਣਾ; ਸੰਸਾਰ ਦਾ ਸਭ ਤੋਂ ਕਠਿਨ ਕੰਮ

ਗਿਆਨੀ ਅਵਤਾਰ ਸਿੰਘ

‘ਮੂਰਖ’ ਸ਼ਬਦ ਦਾ ਸਮਾਜਿਕ ਪੱਖੋਂ ਅਰਥ ਹੈ ‘ਬੇਅਕਲ, ਬੇਵਕੂਫ਼, ਨਾਸਮਝ, ਮੰਦ ਬੁੱਧੀ’। ਮੂਰਖ ਬੰਦਾ; ਬੌਧਿਕ ਪੱਖੋਂ ਸਮਾਜ ਦਾ ਹਾਣੀ ਨਹੀਂ ਹੁੰਦਾ। ਆਪਣੀ ਰਹਿਣੀ-ਬਹਿਣੀ ਅਤੇ ਬੋਲ ਚਾਲ ਨਾਲ਼ ਉਹ, ਹੋਰਾਂ ਨੂੰ ਪੀੜਾ ਦਿੰਦਾ ਹੈ। ਸਮਾਜ ’ਚ ਮੂਰਖ ਨੂੰ ਮੂਰਖ ਕਹਿਣਾ; ਅਕਸਰ ਬੁਰਾ ਮੰਨਿਆ ਜਾਂਦਾ ਹੈ, ਪਰ ਧਾਰਮਿਕ ਸ਼ਬਦਾਵਲੀ ’ਚ ਇਸ ਸ਼ਬਦ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਹੈ। ਇਸ ਦਾ ਇਹ ਮਤਲਬ ਨਹੀਂ ਕਿ ਧਾਰਮਿਕ ਬੋਲੀ; ਅਸੱਭਿਅਕ ਹੈ। ਜੈਸਾ ਕਿ ਅਕਸਰ ਕਿਹਾ ਜਾਂਦਾ ਹੈ ਕਿ ਤੇਰੇ ਵਰਗੇ ਸਿਆਣੇ-ਬਿਆਣੇ ਬੰਦੇ ਮੂੰਹੋਂ ਐਸਾ ਸ਼ਬਦ ਬੋਲਿਆ; ਸ਼ੋਭਦਾ ਨਹੀਂ।

ਗੁਰਬਾਣੀ ’ਚ ‘ਮੂਰਖ’ ਸ਼ਬਦ 7 ਰੂਪਾਂ ’ਚ 148 ਵਾਰ ਹੈ। ਇਹੀ ਅਰਥ; ਕੁੱਝ ਹੋਰ ਸ਼ਬਦ ਭੀ ਦਿੰਦੇ ਹਨ; ਜਿਵੇਂ ਕਿ ‘ਗਵਾਰ/ਗਬਾਰ, (20 ਰੂਪਾਂ ’ਚ 157 ਵਾਰ), ਗਿਆਨਹੀਨ (2 ਵਾਰ), ਅੰਧਾ/ਅੰਧੀ/ਅੰਧੈ (307 ਵਾਰ), ਮੂੜ੍ਹ (128 ਵਾਰ), ਅੰਨ੍ਹਾ (13 ਵਾਰ) ਆਦਿ। ‘ਗਵਾਰ, ਅੰਧ, ਅੰਨ੍ਹਾ’ ਦੇ ਅਰਥ ਭੀ ‘ਹਨ੍ਹੇਰਾ, ਨਾਸਮਝੀ, ਮੂਰਖ’ ਹੀ ਹਨ।

‘ਮੂਰਖ’ ਸ਼ਬਦ ਦੇ ਧਾਰਮਿਕ ਪੱਖੋਂ ਅਰਥ ਹਨ ‘ਮੂੰਹ ਰੱਖ’ ਯਾਨੀ ਸਮਾਜ ’ਚ, ਆਪਣੇ ਕਬੀਲੇ ’ਚ, ਆਪਣੇ ਪਿੰਡ ਜਾਂ ਸ਼ਹਿਰ ’ਚ ‘ਮੇਰਾ ਮੂੰਹ ਰਹਿ ਜਾਵੇ’; ਸੋਚਣ ਵਾਲ਼ਾ ਵਿਅਕਤੀ। ਆਪਣੀ ਸੋਚ ਨੂੰ ਸਰਬੋਤਮ ਮੰਨਣ ਵਾਲ਼ਾ, ਆਤਮਕ ਸੂਝ ਤੋਂ ਸੱਖਣਾ ਤੇ ਅਸਲ ਸੱਚ ਨੂੰ ਜਾਣਨ ਤੋਂ ਅਸਮਰੱਥ; ਮੂਰਖ ਹੈ, ਗਵਾਰ ਹੈ, ਮੂੜ੍ਹ ਹੈ, ਅੰਧਾ (ਅੰਨ੍ਹਾ) ਹੈ। ਸਮਾਜਿਕ ਪੱਖੋਂ ਮੂਰਖ ਬੰਦਾ; ਚਲਾਕ ਹੋਵੇ, ਇਹ ਜ਼ਰੂਰੀ ਨਹੀਂ, ਪਰ ਧਾਰਮਿਕ ਪੱਖੋਂ ਮੂਰਖ; ਬੜਾ ਚਲਾਕ, ਹੁਸ਼ਿਆਰ, ਫ਼ਰੇਬੀ, ਪਾਖੰਡੀ ਹੁੰਦਾ ਹੈ। ਚਾਰੋਂ ਵੇਦਾਂ ਦੇ ਗਿਆਤਾ ਰਾਵਣ ਨੂੰ ਭੀ ਧਾਰਮਿਕ ਸ਼ਬਦਾਵਲੀ ’ਚ ਮੂਰਖ ਕਿਹਾ ਹੈ ‘‘ਲੰਕਾ ਗਢੁ ਸੋਨੇ ਕਾ ਭਇਆ ਮੂਰਖੁ ਰਾਵਨੁ ਕਿਆ ਲੇ ਗਇਆ  ?’’ (ਭਗਤ ਕਬੀਰ/੧੧੫੮) ਭਾਵੇਂ ਕਿ ਸਮਾਜਿਕ ਪੱਖੋਂ ਐਨੇ ਵਿਦਵਾਨ ਨੂੰ ਕੋਈ ਮੂਰਖ ਨਹੀਂ ਕਹੇਗਾ। ਸਮਾਜਿਕ ਬੋਲੀ ’ਚ ਅਕਸਰ ਮੂਰਖ ਉਸ ਨੂੰ ਕਿਹਾ ਜਾਂਦਾ ਹੈ, ਜੋ ਕਮਜ਼ੋਰ ਹੋਵੇ, ਪਰ ਧਾਰਮਿਕ ਸ਼ਬਦਾਵਲੀ ’ਚ ਮੂਰਖ ਉਸ ਨੂੰ ਭੀ ਕਿਹਾ ਜਾਂਦਾ ਹੈ ਜੋ ਭਾਵੇਂ ਤਕੜਾ ਹੋਵੇ ਭਾਵੇਂ ਵਿਦਵਾਨ, ਪਰ ਉਸ ਅੰਦਰ ਅਹੰਕਾਰ ਹੋਵੇ, ਇਸ ਲਈ ਮੂਰਖ ਕਹਿਣ ਨੂੰ ਬੁਰਾ ਨਹੀਂ ਮੰਨਿਆ ਗਿਆ ਕਿਉਂਕਿ ਐਸੇ ਕਠੋਰ ਸ਼ਬਦ ਹੀ ਮੂਰਖ ਨੂੰ ਉਸ ਦੀ ਮੂਰਖਤਾ ਤੋਂ ਜਾਣੂ ਕਰਵਾ ਸਕਦੇ ਹਨ।

ਕੋਈ ਮਨੁੱਖ ਗਰੀਬ ਹੋਵੇ ਜਾਂ ਅਮੀਰ, ਪੜ੍ਹਿਆ ਹੋਵੇ ਜਾਂ ਅਣਪੜ੍ਹ, ਸੁੰਦਰ ਹੋਵੇ ਜਾਂ ਬਦਸੂਰਤ, ਚੰਗਾ ਜੀਵਨ ਹੰਢਾ ਚੁੱਕਾ ਹੋਵੇ ਜਾਂ ਬੁਰਾ, ਮੂਰਖ ਹੋਵੇ ਜਾਂ ਸਿਆਣਾ, ਦੁਰਾਚਾਰੀ ਹੋਵੇ ਜਾਂ ਸਦਾਚਾਰੀ, ਛੋਟਾ ਹੋਵੇ ਜਾਂ ਵੱਡਾ, ਔਰਤ ਹੋਵੇ ਜਾਂ ਮਰਦ, ਪਿਤਾ ਹੋਵੇ ਜਾਂ ਪੁੱਤਰ, ਸੱਸ ਹੋਵੇ ਜਾਂ ਨੂੰਹ; ਸਭ ਨੂੰ ਆਪਣੀ ਸੋਚ ਪਿਆਰੀ ਹੈ। ਆਪਣੀ ਸੋਚ ’ਤੇ ਮਾਣ ਹੈ। ਸਾਰੇ ਆਪਣੀ ਅਕਲ ਤੋਂ ਸੰਤੁਸ਼ਟ ਪ੍ਰਤੀਤ ਹੁੰਦੇ ਹਨ ਤਾਂ ਹੀ ਆਪਣੀ ਅਕਲ ਨੂੰ ਸਹੀ ਠਹਿਰਾਉਂਦੇ ਰਹਿੰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ’ਚ ਵਚਨ ਕੀਤੇ ਹਨ ‘‘ਨਾਨਕ  ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ ’’ (ਜਪੁ) ਅਰਥ : ਹੇ ਨਾਨਕ ! (ਆਖ ਕਿ) ਮੂੰਹ ਨਾਲ਼ (ਯਾਨੀ ਜ਼ਬਾਨੀ ਜ਼ਬਾਨੀ) ਤਾਂ ਹਰ ਕੋਈ ਇੱਕ ਤੋਂ ਇੱਕ (ਵਧ ਕੇ) ਸਿਆਣਾ ਹੈ। (ਦਲੀਲ ਨਾਲ਼ ਆਪਣੀ ਸੋਚ ਦੇ ਗੁਣ) ਦੱਸਦਾ ਹੈ (ਭਾਵੇਂ ਕਿ ਅਸਲ ’ਚ ਗੁਣ ਕੀ ਹੁੰਦੇ ਹਨ, ਕਿਸੇ ਨੂੰ ਨਹੀਂ ਪਤਾ। ਜੀਵਨ ਦੀ ਸਚਾਈ ਤੋਂ ਅਣਜਾਣ ਬੰਦਾ; ਜਦ ਦਾਅਵੇ ਨਾਲ਼ ਆਪਣੀ ਸੋਚ ਨੂੰ ਸਹੀ ਸਾਬਤ ਕਰਦਾ ਜਾਵੇ ਤਾਂ ਮੂਰਖ ਬੰਦੇ ਦੇ ਇਹ ਬਾਹਰੀ ਚਿੰਨ੍ਹ ਹੀ ਹਨ।)

ਜਦ ਸਿੱਖ (ਜੋ ਸਦਾ ਸਿੱਖਿਆਰਥੀ ਹੁੰਦਾ ਹੈ) ਵੀ ਆਪਣੀ ਮਨਮਤ ’ਤੇ ਦ੍ਰਿੜ੍ਹ ਰਹੇ ਤਾਂ ਉਸ ਉੱਤੇ ਗੁਰੂ ਉਪਦੇਸ਼ ਦਾ ਕਿੰਨਾ ਕੁ ਅਸਰ ਹੋ ਸਕਦਾ ਹੈ; ਇਸ ਦੀਆਂ ਸੰਖਪ ’ਚ ਦੋ ਕੁ ਮਿਸਾਲਾਂ ਇਉਂ ਹਨ :

(1). ਗੁਰਬਾਣੀ; ਨਸ਼ੇ ਨੂੰ ਬੁੱਧੀ ਵਿਕਾਸ ’ਚ ਰੁਕਾਵਟ ਮੰਨਦੀ ਹੈ, ਫਿਰ ਭੀ ਗੁਰੂ ਘਰਾਂ ’ਤੇ ਕਾਬਜ਼ ਕਈ ਪ੍ਰਬੰਧਕ ਸ਼ਰਾਬ ਆਦਿ ਨਸ਼ਾ ਕਰਦੇ ਰਹਿੰਦੇ ਹਨ। ਨਾ ਉਹ ਪ੍ਰਬੰਧਕੀ ਛੱਡਦੇ ਹਨ, ਨਾ ਸ਼ਰਾਬ।

(2). ਗੁਰਮਤਿ; ਹਰ ਤਰ੍ਹਾਂ ਦੇ ਵਰਤ ਨੂੰ ਤੱਥਾਂ ਆਧਾਰਿਤ ਪਾਖੰਡ ਸਾਬਤ ਕਰਦੀ ਹੈ, ਫਿਰ ਭੀ ਗੁਰੂ ਘਰ ਨਿੱਤ ਹਾਜ਼ਰੀ ਭਰਨ ਵਾਲ਼ੀਆਂ ਕਈ ਬੀਬੀਆਂ ਕਰਵਾ ਚੌਥ ਵਰਗੇ ਵਰਤ ਰੱਖਦੀਆਂ ਹਨ। ਗੁਰਮਤਿ ਨਜ਼ਰੀਏ ਤੋਂ ਐਸੇ ਲੋਕ; ਮੂਰਖ ਹਨ, ਗਵਾਰ ਹਨ, ਮੂੜ੍ਹ ਹਨ।

ਗੁਰਮਤਿ ਨੂੰ ਗਹੁ ਨਾਲ਼ ਵਾਚਣ ਤੋਂ ਪਤਾ ਲੱਗਦਾ ਹੈ ਕਿ ਬਾਣੀ ਦੇ ਸਰੋਤ (ਗੁਰੂ ਨਾਨਕ ਸਾਹਿਬ) ਨੇ ਧਰਮ ਦੇ ਸੂਖਮ ਭੇਦ ਪ੍ਰਤੱਖ ਕਰਨ ਲਈ ਕੁੱਝ ਖ਼ਾਸ ਸ਼ਬਦਾਂ ਨੂੰ ਵਧੇਰੇ ਵਰਤਿਆ ਹੈ। ਮਿਸਾਲ ਵਜੋਂ ਗੁਰਬਾਣੀ ’ਚ ‘ਮੂਰਖ’ ਸ਼ਬਦ 148 ਵਾਰ ਹੈ। ਇਨ੍ਹਾਂ ’ਚੋਂ 50 ਵਾਰ (ਯਾਨੀ ਕਿ 33.8%) ਕੇਵਲ ਗੁਰੂ ਨਾਨਕ ਸਾਹਿਬ ਨੇ ਦਰਜ ਕਰ ਮੂਰਖ ਸੁਭਾਅ ਨੂੰ ਬਹੁਤ ਬੁਰਾ ਕਿਹਾ ਹੈ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਸੰਖਿਆ ’ਚ ਆਪ ਜੀ ਦੀ ਬਾਣੀ ਮਾਤਰ 16.6% ਹੈ। ਵਿਸਥਾਰ ਤੋਂ ਬਚਣ ਲਈ ਹੇਠਲੇ ਸਾਰੇ ਵਾਕ; ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਹੋਏ ਹੀ ਲਏ ਗਏ ਹਨ :

(1). ਗੁਰੂ ਸਾਹਿਬ ਮੁਤਾਬਕ, ਜੋ ਬੰਦੇ ਦਾਤਾਰ ਤੋਂ ਸਭ ਦਾਤਾਂ ਲੈ ਕੇ ਭੋਗਦੇ ਹੋਏ, ਸ਼ੁਕਰਾਨੇ ਵਜੋਂ ਉਸ ਦੀ ਤਾਰੀਫ਼ ’ਚ ਦੋ ਸ਼ਬਦ ਨਹੀਂ ਬੋਲਦੇ, ਮੂਰਖ ਹਨ ‘‘ਕੇਤੇ ਮੂਰਖ ਖਾਹੀ ਖਾਹਿ ’’ (ਜਪੁ/ਮਹਲਾ /)

(2). ਗੁਰੂ ਸਾਹਿਬ ਮੁਤਾਬਕ, ਜੋ ਬੰਦੇ ਅੰਨ ਪਾਣੀ ਦੇ ਤਿਆਗ ਨੂੰ ਧਰਮ ਮੰਨਦੇ ਹਨ, ਮੂਰਖ ਹਨ ‘‘ਇਕਿ ਅੰਨੁ ਖਾਹਿ ਮੂਰਖ; ਤਿਨਾ ਕਿਆ ਕੀਜਈ  ?’’ (ਮਹਲਾ /੧੨੮੫)

(3). ਗੁਰੂ ਸਾਹਿਬ ਮੁਤਾਬਕ, ਜੋ ਬੰਦਾ ਆਪਣੇ ਆਪ ਨੂੰ ਵੱਡਾ ਧਰਮੀ ਅਖਵਾਉਣ ਲਈ ਮਾਸਾਹਾਰੀ ਤੇ ਸ਼ਾਕਾਹਾਰੀ ਵਿਵਾਦ ’ਚ ਪੈਂਦਾ ਹੈ, ਮੂਰਖ ਹੈ ਕਿਉਂਕਿ ਉਹ, ਧਰਮ (ਅਸਲ ਸਚਾਈ) ਨਹੀਂ ਸਮਝ ਰਿਹਾ ਹੁੰਦਾ ‘‘ਮਾਸੁ ਮਾਸੁ ਕਰਿ ਮੂਰਖੁ ਝਗੜੇ; ਗਿਆਨੁ ਧਿਆਨੁ ਨਹੀ ਜਾਣੈ ’’ (ਮਹਲਾ /੧੨੮੯)

(4). ਗੁਰੂ ਸਾਹਿਬ ਮੁਤਾਬਕ ਜੇ ਧਰਮੀ ਭੀ ਦਾਤਾਰ ਮਾਲਕ ਦੀ ਥਾਂ ਮਾਇਆ/ਵਿਕਾਰਾਂ ਨਾਲ਼ ਪਿਆਰ ਕਰਨ ਤਾਂ ਮੂਰਖ ਹਨ :

(ੳ). ਮੂਰਖ ਪੰਡਿਤ ਹਿਕਮਤਿ ਹੁਜਤਿ; ਸੰਜੈ ਕਰਹਿ ਪਿਆਰੁ ॥ (ਮਹਲਾ ੧/੪੬੯)

ਅਰਥ : (ਸ਼ਰਧਾਵਾਨ ਦੁਆਰਾ ਮਿਹਨਤ ਕਰਕੇ) ਜੋੜੀ ਮਾਇਆ ਨੂੰ ਚਲਾਕੀ ਤੇ ਦਲੀਲ ਨਾਲ਼ ਹੜੱਪਣ ਵਾਲ਼ੇ ਲੋਕ, ਮੂਰਖ ਹਨ।

(ਅ). ਬਿਖਿਆ ਕਦੇ ਹੀ ਰਜੈ ਨਾਹੀ; ਮੂਰਖ ਭੁਖ ਨ ਜਾਈ ॥ (ਮਹਲਾ ੧/੧੨੮੭)

ਅਰਥ : ਵਿਸ਼ੇ ਵਿਕਾਰ ਨਾਲ਼ ਕਦੇ ਕੋਈ ਰੱਜਿਆ ਨਹੀਂ (ਫਿਰ ਵੀ ਧਰਮੀ) ਮੂਰਖਾਂ ਅੰਦਰੋਂ (ਇਸ ਦੀ) ਭੁੱਖ ਨਹੀਂ ਜਾਂਦੀ।

(ੲ). ਪੰਡਿਤ ! ਸੰਗਿ ਵਸਹਿ ਜਨ, ਮੂਰਖ ! ਆਗਮ ਸਾਸ ਸੁਨੇ ॥ ਅਪਨਾ ਆਪੁ ਤੂ ਕਬਹੁ ਨ ਛੋਡਸਿ; ਸੁਆਨ ਪੂਛਿ ਜਿਉ ਰੇ ॥ (ਮਹਲਾ ੧/੯੯੦)

ਅਰਥ : ਹੇ ਮੂਰਖ ਧਰਮੀ ਪੰਡਿਤ ! (ਜਿਵੇਂ ਡੱਡੂ; ਨਿਰਮਲ ਪਾਣੀ ’ਚ ਰਹਿ ਕੇ ਭੀ ਜਾਲਾ ਹੀ ਖਾਂਦਾ ਹੈ; ਉਵੇਂ) ਤੇਰੇ ਨੇੜੇ ਕਈ ਸ਼ਰਧਾਲੂ ਆਉਂਦੇ ਹਨ, ਵੱਸਦੇ ਹਨ, ਜੋ (ਤੈਥੋਂ) ਵੇਦ, ਸ਼ਾਸਤਰ ਭੀ ਸੁਣਦੇ ਹਨ, ਪਰ ਤੂੰ ਕੁੱਤੇ ਦੀ ਵਿੰਗੀ ਪੂਛ ਵਾਙ ਆਪਣੇ ਆਪ ਨੂੰ (ਯਾਨੀ ਆਪਣਾ ਉੱਚ ਜਾਤੀ ਅਭਿਮਾਨ) ਕਦੇ ਨਹੀਂ ਛੱਡਦਾ ਯਾਨੀ ਨਿਰਮਲ ਜਲ ਵਰਗੇ ਸ਼ਰਧਾਲੂ ਤੇਰੇ ’ਤੇ ਭਰੋਸਾ ਕਰਦੇ ਹਨ ਫਿਰ ਭੀ ਤੂੰ ਜਾਤੀ ਵਿਤਕਰਾ ਨਹੀਂ ਮਿਟਾਉਂਦਾ, ਡੱਡੂ ਵਾਙ ਜਾਲਾ ਹੀ ਖਾਂਦਾ ਹੈਂ। (ਚੇਤੇ ਰਹੇ ਕਿ ਇਸ ਸ਼ਬਦ ਦੀ ‘ਰਹਾਉ’ ਤੁਕ; ਡੱਡੂ ਦੇ ਸੁਭਾਅ ਨਾਲ਼ ਸੰਬੰਧਿਤ ਹੈ; ਜਿਵੇਂ ‘‘ਦਾਦਰ  ! ਤੂ ਕਬਹਿ ਜਾਨਸਿ ਰੇ ਭਖਸਿ ਸਿਬਾਲੁ ਬਸਸਿ ਨਿਰਮਲ ਜਲ; ਅੰਮ੍ਰਿਤੁ ਲਖਸਿ ਰੇ ਰਹਾਉ ’’ (ਮਹਲਾ /੯੯੦) ਅਰਥ : ਹੇ ਡੱਡੂ ! ਤੂੰ ਸਾਫ਼ ਪਾਣੀ ’ਚ ਰਹਿੰਦਾ ਹੈਂ, ਪਰ ਮੈਲ਼ ਰਹਿਤ ਗੁਣਾਂ ਦੀ ਥਾਂ, ਜਾਲਾ ਹੀ ਖਾਂਦਾ ਹੈਂ; ਇਉਂ ਤਾਂ ਤੂੰ ਕਦੇ ਭੀ ਅਸਲੀਅਤ ਨਹੀਂ ਜਾਣ ਸਕੇਂਗਾ।

(ਸ). ਮੂਰਖ ਅੰਧਿਆ ਅੰਧੀ ਧਾਤੁ ॥ ਕਹਿ ਕਹਿ ਕਹਣੁ; ਕਹਾਇਨਿ ਆਪੁ ॥ (ਮਹਲਾ ੧/੧੨੩੯)

ਅਰਥ : ਮੂਰਖ ਦੀ ਦੌੜ-ਭੱਜ ਅੰਨ੍ਹਿਆਂ ਵਾਲ਼ੀ (ਯਾਨੀ ਜਿੰਨੀ ਅਗਾਂਹ ਓਨੀ ਪਿਛਾਂਹ) ਹੁੰਦੀ ਹੈ (ਗੁਰੂ ਰਾਹੀਂ ਜੀਵਨ ਦਾ ਮਨੋਰਥ ਸਮਝ ਕੇ ਉਸ ਵੱਲ ਨਹੀਂ ਵਧਦਾ, ਉੱਤੋਂ) ਮੁੜ ਮੁੜ ਆਪਣੇ ਆਪ ਨੂੰ ਚੰਗਾ ਬੋਲ (ਭੀ ਬੋਲਦਾ ਹੈ। ਬਾਕੀ ਭੀ ਚੰਗਾ) ਆਖਦੇ ਰਹਿਣ (ਉਮੀਦ ਰੱਖਦਾ ਹੈ)। ਐਸੀ ਬਿਮਾਰੀ ਹੋਣ ਦਾ ਕਾਰਨ ਭੀ ਗੁਰੂ ਜੀ ਇਹ ਦੱਸਦੇ ਹਨ ਕਿ ਮੂਰਖ ਬੰਦਾ; ਜਗਤ ਨੂੰ ਚਲਾਉਣ ਵਾਲ਼ੀ ਸਿਰਜਣਹਾਰ-ਮਾਲਕ ਦੀ ਕਾਰ-ਯੁਕਤੀ ਨੂੰ ਨਹੀਂ ਜਾਣਦਾ (ਕਿ ਸਾਰੇ ਉਸ ਦੇ ਹੁਕਮ ’ਚ ਹਨ, ਪਰ ਉਲ਼ਟਾ) ਆਪਣੇ ਆਪ ਨੂੰ ਵੱਡਾ ਸਮਝਦਾ ਹੈ ‘‘ਮੂਰਖੁ ਆਪੁ ਗਣਾਇਦਾ; ਬੂਝਿ ਸਕੈ ਕਾਰ (ਮਹਲਾ /੧੩੪੩), ਹੁਕਮਿ ਰਹਾਏ ਆਪਣੈ; ਮੂਰਖੁ ਆਪੁ ਗਣੇਇ ’’ ਮਹਲਾ /੧੨੪੧) ਜਦਕਿ ਮਨੁੱਖੀ ਜੀਵਨ ਦਾ ਟੀਚਾ; ਮਾਲਕ ਨੂੰ ਵੱਡਾ ਆਖ ਕੇ ਆਪਣੇ ਆਪ ਨੂੰ ਤੁੱਛ ਜਾਣਨਾ ਸੀ, ਪਰ ਖ਼ੁਦ ਨੂੰ ਵੱਡਾ ਮੰਨਣ ਕਰਕੇ ਮੂਰਖ ਹੋਰਾਂ ਨਾਲ਼ ਝਗੜਦਾ ਹੈ ‘‘ਮੂਰਖ ਗਣਤ ਗਣਾਇ; ਝਗੜਾ ਪਾਇਆ ’’ (ਮਹਲਾ /੧੩੯)

(ਹ). ਪਕੇ ਬੰਕ ਦੁਆਰ; ਮੂਰਖੁ ਜਾਣੈ ਆਪਣੇ ॥ (ਮਹਲਾ ੧/੧੪੧) ਅਰਥ : (ਆਪਣੀ ਮੌਤ ਨੂੰ ਭੁਲਾ ਕੇ) ਸੋਹਣੇ ਪੱਕੇ ਮਹਿਲਾਂ ਨੂੰ ਮੂਰਖ ਆਪਣੇ (ਸਥਾਈ ਘਰ) ਸਮਝਦਾ ਹੈ।

(5). ਗੁਰੂ ਸਾਹਿਬ ਮੁਤਾਬਕ ਮੂਰਖ; ਪੱਥਰ ਵਾਙ ਹੈ ਤਾਹੀਓਂ ਕੋਈ ਸਿੱਖਿਆ ਅਸਰ ਨਹੀਂ ਕਰਦੀ :

(ੳ). ਲੋਹਾ ਮਾਰਣਿ ਪਾਈਐ; ਢਹੈ ਨ ਹੋਇ ਕਪਾਸ ॥ ਨਾਨਕ  ! ਮੂਰਖ ਏਹਿ ਗੁਣ; ਬੋਲੇ ਸਦਾ ਵਿਣਾਸੁ ॥ (ਮਹਲਾ ੧/੧੪੩)

ਅਰਥ : ਹੇ ਨਾਨਕ ! ਜੇ ਲੋਹਾ; ਭੱਠੀ ’ਚ ਪਾਈਏ (ਤਾਂ ਭੀ ਉਹ) ਪਿਘਲ਼ ਕੇ ਕਪਾਹ ਨਹੀਂ ਬਣਦਾ (ਇਉਂ ਮੂਰਖ; ਕਦੇ ਨਰਮਦਿਲ ਨਹੀਂ ਬਣ ਸਕਦੇ) ਮੂਰਖਾਂ ਅੰਦਰ ਇਹ ਗੁਣ (ਯਾਨੀ ਐਸੇ ਔਗੁਣ) ਹਨ ਕਿ ਜੋ ਭੀ ਬੋਲਦੇ ਹਨ, ਹੋਰਾਂ ਨੂੰ ਸਦਾ ਪੀੜਾ ਹੀ ਦਿੰਦੇ ਹਨ।

(ਅ). ਮੂਰਖ ਗੰਢੁ ਪਵੈ; ਮੁਹਿ ਮਾਰ ॥ (ਮਹਲਾ ੧/੧੪੩)

ਅਰਥ : ਮੂਰਖਾਂ ਨਾਲ਼ ਤਾਂ ਹੀ ਪਿਆਰ ਪੈਂਦਾ ਹੈ ਜੇ ਮੂੰਹ ਤੋਂ ਮਾਰ ਧਾੜ ਦੀ ਗੱਲ ਕਰੀਏ ਯਾਨੀ ਹਿੰਸਕ ਗੱਲਾਂ ਕਰੀਏ (ਕਿਉਂਕਿ ਮੂਰਖ ਕੋਲ਼ ਬਰੀਕ ਸਮਝ ਨਹੀਂ ਹੁੰਦੀ। ਨਾ ਕਿਸੇ ਦੀ ਗੱਲ ਸਮਝਦਾ ਹੈ ਤੇ ਨਾ ਜ਼ਬਾਨ ’ਚ ਰਸ ਹੁੰਦਾ ਹੈ। ਵਿਕਾਰ ਰੂਪ ਜ਼ਹਰ ਨਾਲ਼ ਭਰਿਆ ਸਭ ਨਾਲ਼ ਲੜਨ ਲਈ ਤਿਆਰ ਰਹਿੰਦਾ ਹੈ ‘‘ਮੂਰਖੁ ਹੋਇ; ਆਖੀ ਸੂਝੈ ਜਿਹਵਾ ਰਸੁ ਨਹੀ ਕਹਿਆ ਬੂਝੈ ਬਿਖੁ ਕਾ ਮਾਤਾ; ਜਗ ਸਿਉ ਲੂਝੈ ’’ ਮਹਲਾ /੪੧੪) ਤਦੋਂ ਹੀ ਵਚਨ ਕੀਤੇ ਹਨ ‘‘ਮੂਰਖ ਸਚੁ ਜਾਣਨ੍ੀ; ਮਨਮੁਖੀ ਜਨਮੁ ਗਵਾਇਆ (ਮਹਲਾ /੪੬੭), ਮੂਰਖਿ+ਅੰਧੈ (ਨੇ) ਪਤਿ ਗਵਾਈ ਵਿਣੁ ਨਾਵੈ; ਕਿਛੁ ਥਾਇ ਪਾਈ ’’ (ਮਹਲਾ /੪੬੭)

(ੲ). ਮੂਰਖੈ ਨਾਲਿ ਨ ਲੁਝੀਐ ॥੧੯॥ (ਮਹਲਾ ੧/੪੭੩)

ਅਰਥ : ਮੂਰਖ ਨਾਲ਼ ਬਹੁਤਾ ਉਲ਼ਝਣਾ ਨਹੀਂ ਚਾਹੀਦੀ।

ਵਿਚਾਰ : ਉਕਤ ਤੁਕ ਦੇ ਇਉਂ ਅਰਥ ਭੀ ਕੀਤੇ ਜਾਂਦੇ ਹਨ ‘ਮੂਰਖਾਂ ਨਾਲ਼ ਝਗੜਨਾ ਨਹੀਂ ਚਾਹੀਦਾ’, ਪਰ ਇਹ ਸਹੀ ਨਹੀਂ ਜਾਪਦੇ ਕਿਉਂਕਿ (1). ਤਾਂ ਤੇ ਗੁਰੂ ਜੀ; ਮੂਰਖਾਂ ਨੂੰ ਕਿਉਂ ਸੰਬੋਧਨ ਕਰ ਰਹੇ ਹਨ ? (2). ਧਾਰਮਿਕ ਨਜ਼ਰੀਏ ਤੋਂ ਵੇਖਿਆਂ ਮੂਰਖ; ਸਦਾ ਹਮਲਾਵਰ ਰਿਹਾ ਹੈ ਯਾਨੀ ਸੱਚ ਦਾ ਵਿਰੋਧ ਕਰਦਾ ਆਇਆ ਹੈ। ਆਪਣੀ ਸੁਰੱਖਿਆ ਲਈ ਲੜਨਾ; ਗਲਤ ਨਹੀਂ ਹੋ ਸਕਦਾ।

(ਸ). ਫਿਕਾ ਬੋਲਿ ਵਿਗੁਚਣਾ; ਸੁਣਿ ਮੂਰਖ ਮਨ ਅਜਾਣ ॥ (ਮਹਲਾ ੧/੧੫)

ਅਰਥ : ਹੇ ਨਾਸਮਝ ਮੂਰਖ ਮਨ ! ਜ਼ਰਾ ਸੁਣ; ਹਲਕਾ (ਨੀਵੇਂ ਪੱਧਰ ਦਾ ਬੋਲ) ਬੋਲ ਕੇ (ਸਦਾ) ਪਰੇਸ਼ਾਨ ਹੋਣਾ ਪੈਂਦਾ ਹੈ।

(ਹ). ਫਿਕਾ ਮੂਰਖੁ ਆਖੀਐ; ਪਾਣਾ ਲਹੈ ਸਜਾਇ ॥ (ਮਹਲਾ ੧/੪੭੩)

ਅਰਥ : ਹੌਲ਼ਾ (ਬੋਲ); ਮੂਰਖ ਹੋਣ ਦੀ ਨਿਸ਼ਾਨੀ ਹੈ ਤਾਹੀਓਂ ਸਜ਼ਾ ਦੇ ਰੂਪ ’ਚ (ਮੂੰਹ ’ਤੇ) ਜੁੱਤੀ ਖਾਂਦਾ ਹੈ, ਫਿਟਕਾਰ ਲੈਂਦਾ ਹੈ।

(6). ਗੁਰੂ ਸਾਹਿਬ ਮੁਤਾਬਕ, ਜੋ ਬੰਦਾ ਗੁਰੂ ਦਾ ਉਪਦੇਸ਼ ਨਾ ਸਮਝ ਸਕੇ; ਉਹ ਮੂਰਖ ਹੈ :

(ੳ). ਮੂਰਖੁ, ਸਬਦੁ ਨ ਚੀਨਈ; ਸੂਝ ਬੂਝ ਨਹ ਕਾਇ ॥ (ਓਅੰਕਾਰ/ਮਹਲਾ ੧/੯੩੮)

ਅਰਥ : ਮੂਰਖ; ਗੁਰੂ ਸ਼ਬਦ ਦੀ ਕਦਰ ਕਰਨਯੋਗ ਨਹੀਂ ਹੁੰਦਾ, ਇਸ ਲਈ ਕੋਈ ਅਕਲ, ਕੋਈ ਸਮਝ ਨਹੀਂ ਹੁੰਦੀ।

(ਅ). ਸੁਣਿ ਮਨ ਅੰਧੇ  ! ਮੂਰਖ ਗਵਾਰ  !॥ ਆਵਤ ਜਾਤ ਲਾਜ ਨਹੀ ਲਾਗੈ; ਬਿਨੁ ਗੁਰ, ਬੂਡੈ ਬਾਰੋ ਬਾਰ ॥੧॥ ਰਹਾਉ ॥ (ਮਹਲਾ ੧/੧੩੪੪)

ਅਰਥ : ਹੇ ਮੂਰਖ ਨਾਸਮਝ ਅਕਲਹੀਣ ਮਨ ! ਜ਼ਰਾ ਸੁਣ; ਗੁਰੂ ਤੋਂ ਬਿਨਾਂ ਵਾਰ ਵਾਰ ਜਨਮ ਲੈਂਦਿਆਂ ਅਤੇ ਵਾਰ ਵਾਰ ਮਰਦਿਆਂ ਯਾਨੀ ਆਵਾਗਮਣ ’ਚ ਜਨਮਦਿਆਂ ਮਰਦਿਆਂ ਤੈਨੂੰ ਸ਼ਰਮ ਨਹੀਂ ਲੱਗਦੀ। ਗੁਰੂ ਤੋਂ ਬਿਨਾਂ (ਇਸ ਘੁੰਮਣਘੇਰੀ ’ਚ) ਡੁੱਬਣਾ ਹੀ ਪੈਂਦਾ ਹੈ, ਫਸਣਾ ਹੀ ਹੈ।

(ੲ). ਕੁੱਲ ਮਿਲਾ ਕੇ ਬੰਦਾ; ਅਹੰਕਾਰ ਕਾਰਨ ਮੂਰਖ ਹੈ ਅਤੇ ਅਹੰਕਾਰ ’ਚ ਹੀ ਕਦੇ ਕਦਾਈਂ ਸਿਆਣੀ ਗੱਲ ਕਹਿੰਦਾ ਹੈ ‘‘ਹਉ ਵਿਚਿ ਮੂਰਖੁ; ਹਉ ਵਿਚਿ ਸਿਆਣਾ ’’ (ਮਹਲਾ /੪੬੬)

(6). ਗੁਰੂ ਸਾਹਿਬ ਮੁਤਾਬਕ ਸੰਸਾਰ ’ਚ ਮੂਰਖ; ਅਣਗਿਣਤ ਹਨ ‘‘ਅਸੰਖ ਮੂਰਖ ਅੰਧ ਘੋਰ ’’ (ਜਪੁ/ਮਹਲਾ /) ਇਸ ਸ਼ਬਦ ਦੇ ਉਚਾਰਨ ਸਮੇਂ ਤੋਂ ਲਗਭਗ 530-540 ਸਾਲ ਬਾਅਦ ਯਾਨੀ ਅੱਜ (ਅਪ੍ਰੈਲ 2022 ਨੂੰ) ਭੀ ਅਜੇ ਸੰਸਾਰ ’ਚ ਮਨੁੱਖ ਜਾਤੀ ਦੀ ਕੁੱਲ ਸੰਖਿਆ 7.94 ਅਰਬ ਹੈ, ਜੋ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਸਮੇਂ ਤਕਰੀਬਨ 43.5 ਕਰੋੜ ਸੀ ਤਾਂ ਤੇ ਇੱਥੇ ‘ਅਸੰਖ’ ਦਾ ਅਰਥ ‘ਇੱਕ ਕਰੋੜ ਅਰਬ’ ਯਾਨੀ ਇੱਕ ਨਾਲ਼ 17 ਸਿਫ਼ਰ 100000000000000000 ਨਹੀਂ ਹੈ। ‘ਅਸੰਖ’ ਤੋਂ ਭਾਵ ਅਣਗਿਣਤ ਹੈ, ਜੋ ਕਦੇ ਗਿਣੇ ਨਹੀਂ ਜਾ ਸਕਦੇ।

ਵਿਚਾਰ : ਇਹ ਜਾਣਨਾ ਭੀ ਜ਼ਰੂਰੀ ਹੈ ਕਿ ‘ਜਪੁ’ ਬਾਣੀ ’ਚ ‘‘ਅਸੰਖ ਭਗਤ; ਗੁਣ ਗਿਆਨ ਵੀਚਾਰ ’’ ਭੀ ਦਰਜ ਹੈ। ਕੀ ਰੱਬ ਦੇ ਭਗਤ ਵੀ ਅਣਗਿਣਤ ਹਨ ? ਜਵਾਬ ਹੈ : ਨਹੀਂ। ਇਹ ਇਸ਼ਾਰਾ ਸਾਰੇ ਧਰਮਾਂ ਦੇ ਸ਼ਰਧਾਵਾਨ ਮਨੁੱਖਾਂ ਵੱਲ ਹੈ ਭਾਵੇਂ ਉਹ ਕਰਮਕਾਂਡੀ ਹੀ ਕਿਉਂ ਨਾ ਹੋਣ। ਗੁਰਬਾਣੀ ’ਚ ਸੱਚੇ ਭਗਤਾਂ ਦੀ ਸੰਖਿਆ; ਆਪਣੇ ਜੀਵਨ ’ਚ ਲੰਬੀਆਂ ਯਾਤਰਾਵਾਂ ਕਰਨ ਵਾਲ਼ੇ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਇਉਂ ਬਿਆਨ ਕੀਤਾ ਹੈ ‘‘ਹੈਨਿ ਵਿਰਲੇ, ਨਾਹੀ ਘਣੇ; ਫੈਲ ਫਕੜੁ ਸੰਸਾਰੁ ੧੨ (ਮਹਲਾ /੧੪੧੧), ਕੋਟਨ ਮੈ ਨਾਨਕ ਕੋਊ; ਨਾਰਾਇਨੁ ਜਿਹ ਚੀਤਿ ’’ (ਮਹਲਾ /੧੪੨੭)

ਉਕਤ ਕੀਤੀ ਗਈ ਵਿਚਾਰ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਅੰਦਰ ਸਭ ਤੋਂ ਵਧੀਕ ਵਾਰ ‘ਮੂਰਖ’ ਸ਼ਬਦ; ਵਿੱਦਿਆ ਦਾ ਮਾਣ ਕਰਨ ਵਾਲ਼ਿਆਂ ਪ੍ਰਤੀ ਵਰਤਿਆ ਹੈ। ਮਤਾਂ ਕਿਤੇ ਗੁਰੂ ਸਾਹਿਬ ਜੀ ਨੂੰ ਕੋਈ ਘਮੰਡੀ ਸਮਝ ਬੈਠੇ, ਇਸ ਲਈ ਆਪ ਨੇ ਸਵੈ ਨੂੰ ਭੀ ਮੂਰਖ ਕਿਹਾ ਹੈ। ਵਿਸ਼ਾਲ ਮਾਲਕ ਦੇ ਗੁਣਾਂ ਨੂੰ ਪ੍ਰਗਟ ਕਰਨ ਵਾਲ਼ਾ; ਵੈਸੇ ਭੀ ਨਿਮਰਤਾ ’ਚ ਰਹਿਣ ਨੂੰ ਆਪਣਾ ਫ਼ਰਜ਼ ਸਮਝਦਾ ਹੈ; ਜਿਵੇਂ ਕਿ ‘‘ਨਾ ਹਉ ਜਤੀ ਸਤੀ ਨਹੀ ਪੜਿਆ; ਮੂਰਖ ਮੁਗਧਾ ਜਨਮੁ ਭਇਆ ਪ੍ਰਣਵਤਿ ਨਾਨਕ ਤਿਨ ਕੀ ਸਰਣਾ; ਜਿਨ ਤੂ ਨਾਹੀ ਵੀਸਰਿਆ (ਸੋ ਪੁਰਖੁ/ਮਹਲਾ /੧੨), ਹਉ ਮੂਰਖੁ ਨੀਚੁ ਅਜਾਣੁ; ਸਮਝਾ ਸਾਖੀਐ (ਮਹਲਾ /੬੮੮), ਨਾਨਕ  ! ਮੂਰਖੁ ਏਕੁ ਤੂ; ਅਵਰੁ ਭਲਾ ਸੈਸਾਰੁ ’’ (ਮਹਲਾ /੧੩੨੮) ਗੁਰਬਾਣੀ ਅੰਦਰ 6 ਵਾਰ ਨਾਨਕੁ ਨੀਚੁ ਸ਼ਬਦ ਭੀ ਕੇਵਲ ਆਪ ਜੀ ਨੇ ਹੀ ਦਰਜ ਕੀਤਾ ਹੈ; ਜਿਵੇਂ ‘‘ਨਾਨਕੁ ਨੀਚੁ ਕਹੈ ਵੀਚਾਰੁ ..੧੮ (ਜਪੁ/ਮਹਲਾ /), ਨਾਨਕੁ ਨੀਚੁ ਕਹੈ ਬੀਚਾਰੁ ਧਾਣਕ ਰੂਪਿ ਰਹਾ; ਕਰਤਾਰ (ਮਹਲਾ /੨੪), ਨਾਨਕੁ ਨੀਚੁ ਕਹੈ; ਲਿਵ ਲਾਇ (ਮਹਲਾ /੨੨੩), ਨਾਨਕੁ ਨੀਚੁ ਕਹੈ ਬੀਚਾਰੁ (ਮਹਲਾ /੪੧੩), ਨਾਨਕੁ ਨੀਚੁ ਭਿਖਿਆ ਦਰਿ (ਰੱਬੀ ਦਰ ਤੋਂ) ਜਾਚੈ; ਮੈ ਦੀਜੈ ਨਾਮੁ ਵਡਾਈ ਹੇ ੧੬ (ਮਹਲਾ /੧੦੨੧), ਨਾਨਕੁ ਨੀਚੁ ਕਹੈ ਬੇਨੰਤੀ; ਦਰਿ ਦੇਖਹੁ ਲਿਵ ਲਾਈ ਹੇ ੧੬’’ (ਮਹਲਾ /੧੦੨੨) ਇਸ ਤੋਂ ਇਲਾਵਾ ਭੀ ਆਪ ਜੀ ਨੇ ਨਿਰਾਕਾਰ-ਮਾਲਕ ਨਾਲ਼ ਸੰਵਾਦ ਕਰਦਿਆਂ ਆਪਣੇ ਆਪ ਨੂੰ ਵਾਰ ਵਾਰ ਮੂਰਖ ਕਿਹਾ ਹੈ; ਜਿਵੇਂ ਕਿ

(ੳ). ਤੇਰੇ ਗੁਣ ਬਹੁਤੇ, ਮੈ ਏਕੁ ਨ ਜਾਣਿਆ; ਮੈ ਮੂਰਖ ਕਿਛੁ ਦੀਜੈ ॥ ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ! ਡੁਬਦਾ ਪਥਰੁ ਲੀਜੈ ॥ (ਮਹਲਾ ੧/੫੯੬)

ਅਰਥ : ਹੇ ਮੇਰੇ ਮਾਲਕ ! ਨਾਨਕ ਬੇਨਤੀ ਕਰਦਾ ਹੈ ਕਿ ਤੇਰੇ ਵਿੱਚ ਬੇਅੰਤ ਗੁਣ ਹਨ, ਮੈ ਨਾ ਮਾਤਰ ਹੀ ਜਾਣ ਸਕਿਆ ਹਾਂ। ਮੈਨੂੰ ਨਾਸਮਝ ਨੂੰ ਹੋਰ ਸੋਝੀ ਬਖ਼ਸ਼ ਤਾਂ ਜੋ ਡੁੱਬਦਾ ਜਾ ਰਿਹਾ ਪੱਥਰ ਦਿਲ ਸਮਾਜ; ਪਾਰ ਹੋ ਸਕੇ।

(ਅ). ਤੂ ਸੁਲਤਾਨੁ, ਕਹਾ ਹਉ ਮੀਆ; ਤੇਰੀ ਕਵਨ ਵਡਾਈ ॥ ਜੋ ਤੂ ਦੇਹਿ, ਸੁ ਕਹਾ ਸੁਆਮੀ ! ਮੈ ਮੂਰਖ ਕਹਣੁ ਨ ਜਾਈ ॥ (ਮਹਲਾ ੧/੭੯੫)

ਅਰਥ : ਹੇ ਮਾਲਕ ਪ੍ਰਭੂ ! ਤੂੰ ਬਾਦਸ਼ਾਹ ਹੈਂ, ਪਰ ਮੈ ਛੋਟਾ ਜਿਹਾ ਸਰਦਾਰ ਦੱਸਦਾ ਪਿਆ ਹਾਂ, ਇਹ ਤਾਂ ਤੇਰੀ ਮਹਿਮਾ ਨਾ ਹੋਈ (ਪਰ ਮੇਰਾ ਵੀ ਕੀ ਕਸੂਰ ਹੈ) ਜਿੰਨੀ ਕੁ ਸੂਝ ਤੂੰ (ਮੈਨੂੰ) ਬਖ਼ਸ਼ਦਾ ਹੈਂ ਓਨਾ ਕੁ ਬਿਆਨ ਕਰ ਦਿੰਦਾ ਹਾਂ, (ਹੋਰ ਵਧੀਕ) ਮੈ ਮੂਰਖ ਦੱਸ ਨਹੀਂ ਸਕਦਾ।

(ੲ). ਹਮ ਮੂਰਖ ਅਗਿਆਨ ਸਰਨਿ ਪ੍ਰਭ ! ਤੇਰੀ; ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥੧॥ ਰਹਾਉ ॥ (ਮਹਲਾ ੧/੮੭੬)

ਅਰਥ : ਹੇ ਮਾਲਕ ਪ੍ਰਭੂ ! ਹੇ ਪਤੀ ਪਰਮੇਸ਼ਰ ! ਮੈ ਮੂਰਖ ਹਾਂ, ਗਿਆਨਹੀਣ ਹਾਂ; ਤੇਰੀ ਸ਼ਰਨ ਆਇਆ ਹਾਂ। ਕਿਰਪਾ ਕਰਕੇ (ਤੇਰਾ ਭਗਤ ਅਖਵਾਉਣ ਵਾਲ਼ੀ) ਮੇਰੀ ਇੱਜ਼ਤ ਰੱਖ ਲਿਓ।

(ਸ). ਬਾਬਾ ! ਮੂਰਖੁ ਹਾ; ਨਾਵੈ ਬਲਿ ਜਾਉ ॥ ਤੂ ਕਰਤਾ, ਤੂ ਦਾਨਾ ਬੀਨਾ; ਤੇਰੈ ਨਾਮਿ ਤਰਾਉ ॥੧॥ ਰਹਾਉ ॥ (ਮਹਲਾ ੧/੧੦੧੫)

ਅਰਥ : ਹੇ ਮਾਲਕ ਪ੍ਰਭੂ ! ਮੈ ਮੂਰਖ ਹਾਂ, ਤੇਰੇ ਨਾਮ ਤੋਂ ਕੁਰਬਾਨ ਹਾਂ (ਮਿਹਰ ਕਰ ਤਾਂ ਜੋ) ਤੇਰੇ ਨਾਮ ਵਿੱਚ ਜੁੜ ਕੇ ਤਰ ਜਾਵਾਂ (ਕਿਉਂਕਿ) ਤੂੰ ਸਿਰਜਣਹਾਰ (ਕਰਤਾ) ਹੈਂ, ਦਿਲ ਦੀ ਚੰਗੀ-ਮੰਦੀ ਹਾਲਤ ਜਾਣਨਹਾਰ (ਦਾਨਾ) ਹੈਂ ਅਤੇ (ਮੇਰਾ ਹਰ ਕੰਮ) ਵੇਖਣਵਾਲ਼ਾ (ਬੀਨਾ) ਹੈਂ।

(ਹ). ਮਸਟਿ ਕਰਉ; ਮੂਰਖੁ ਜਗਿ (’ਚ) ਕਹੀਆ ॥ ਅਧਿਕ ਬਕਉ; ਤੇਰੀ ਲਿਵ ਰਹੀਆ ॥ ਭੂਲ ਚੂਕ; ਤੇਰੈ+ਦਰਬਾਰਿ (’ਤੇ)॥ ਨਾਮ ਬਿਨਾ; ਕੈਸੇ ਆਚਾਰ ?॥ (ਮਹਲਾ ੧/੧੩੩੦)

ਅਰਥ : ਹੇ ਮਾਲਕ ਪ੍ਰਭੂ ! (ਲੋਕਾਚਾਰੀ ਰਸਮਾਂ ਤੋਂ ਹਟ ਕੇ ਤੇਰੇ ’ਚ ਧਿਆਨ) ਮਗਨ ਕਰਾਂ ਤਾਂ ਦੁਨੀਆਂ ’ਚ ਮੂਰਖ ਮੰਨਿਆ ਜਾਂਦਾ ਹਾਂ (ਮੂਰਖਾਂ ਨੂੰ ਨਸੀਹਤ ਦੇਣ ਲਈ) ਵੱਧ ਬੋਲਾਂ ਤਾਂ ਤੇਰੇ ਨਾਲ਼ ਜੁੜੀ ਸੁਰਤ ਟੁੱਟਦੀ ਹੈ (ਕੋਈ ਮੂਰਖ ਕਹੇ, ਮੈਨੂੰ ਪਰਵਾਹ ਨਹੀਂ ਕਿਉਂਕਿ) ਅਸਲ ਮੂਰਖਤਾ ਉਹ ਹੈ, ਜੋ ਤੇਰੇ ਦਰ ’ਤੇ ਭੀ ਮੂਰਖਤਾ ਮੰਨੀ ਜਾਵੇ। ਤੇਰੇ ਨਾਮ ਤੋਂ ਬਿਨਾਂ ਕਾਹਦੀਆਂ ਸਮਾਜਿਕ ਰਸਮਾਂ ? ਯਾਨੀ ਤੇਰੇ ਨਾਲ਼ ਜੁੜ ਕੇ ਹੀ ਸੱਚੀ (ਭਾਵ ਦਿਲੋਂ) ਸਮਾਜਿਕ ਰਸਮ ਨਿਭਾਈ ਜਾ ਸਕਦੀ ਹੈ।

ਮੂਰਖਾਂ ਨੂੰ ਉਸ ਦੀ ਮੂਰਖਤਾ ਤੋਂ ਜਾਣੂ ਕਰਵਾਉਂਦੀ ਉਕਤ ਸਾਰੀ ਵਿਚਾਰ; ਜਿਵੇਂ ਕਿ ‘ਰੱਬ ਤੋਂ ਮਿਲੀਆਂ ਦਾਤਾਂ ਬਦਲੇ ਸ਼ੁਕਰਾਨਾ ਨਾ ਕਰਨਾ, ਅੰਨ ਪਾਣੀ ਦੇ ਤਿਆਗ ਨੂੰ ਅਤੇ ਮਾਸਾਹਾਰੀ/ਸ਼ਾਕਾਹਾਰੀ (ਹਿੰਸਕ/ਅਹਿੰਸਕ) ਧਾਰਨਾ ਨੂੰ ਧਰਮ ਕਮਾਉਣ ਲਈ ਅਹਿਮ ਮੰਨਣਾ, ਮਾਲਕ ਦੀ ਥਾਂ ਮਾਇਆ/ਵਿਕਾਰਾਂ ਨਾਲ਼ ਪਿਆਰ ਕਰਨਾ, ਅਭਿਮਾਨ ’ਚ ਰਹਿਣਾ, ਅੰਨ੍ਹਿਆਂ ਵਾਲ਼ੀ ਟੀਚਾ ਰਹਿਤ ਦੌੜ-ਭੱਜ ਕਰਨੀ, ਨੀਵੇਂ ਬੋਲ ਬੋਲਣਾ, ਬਹੁਤਾ ਸਿਆਣਾ ਸਮਝ ਕੇ ਗੁਰੂ ਉਪਦੇਸ਼ ਦੀ ਕਦਰ ਨਾ ਕਰਨੀ, ਮੂਰਖ ਦਾ ਆਵਾਗਮਣ/ਘੁੰਮਣਘੇਰੀ ’ਚ ਪੈਣਾ ਆਦਿ ਸਚਾਈ ਪ੍ਰਗਟ ਕਰਨ ਬਦਲੇ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਖ਼ੁਦ ਲਈ ਭੀ ਮੁੜ ਮੁੜ ਮੂਰਖ ਲਿਖਣਾ ਪਿਆ ਹੈ।

ਅੰਤ ’ਚ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਗੁਰਬਾਣੀ ਦਾ ਇੱਕੋ ਸ਼ਬਦ ‘‘ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮਿ੍ਆਰ ’’ (ਮਹਲਾ /੪੬੬) ’ਚੋਂ ‘‘ਮਿਟੀ ਬੇਈਮਾਨ ਕੀ; ਪੇੜੈ ਪਈ ਕੁਮਿ੍ਆਰ ॥’’ ਕਹਿਣ ਬਦਲੇ ਆਪਣੇ ਪੁੱਤਰ ਬਾਬਾ ਰਾਮਰਾਏ ਜੀ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਸਦਾ ਲਈ ਆਪਣੇ ਤੋਂ ਦੂਰ ਕਰ ਦਿੱਤਾ ਸੀ, ਪਰ ਅੱਜ ਕੱਲ੍ਹ ਕਈ ਸਿੱਖ; ਗੁਰਬਾਣੀ ਦੇ ਮਨਮਤੀ ਅਰਥ ਕਰਕੇ ਬੜੇ ਨੀਵੇਂ ਪੱਧਰ ਦੀ ਰਚਨਾ ਸਾਬਤ ਕਰਦੇ ਪਏ ਹਨ, ਉਨ੍ਹਾਂ ਲਈ ਕਿਉਂ ਨਾ ਨਾ ਇਹ ਸ਼ਬਦ ‘ਮੂਰਖ, ਗਾਵਾਰ, ਮੂੜ੍ਹ, ਅੰਨ੍ਹੇ, ਗਿਆਨਹੀਣ’ ਵਰਤੇ ਜਾਣ। ਮਿਸਾਲ ਵਜੋਂ ਹੇਠਾਂ ਗੁਰੂ ਨਾਨਕ ਸਾਹਿਬ ਜੀ ਦੇ ਹੀ ਤਿੰਨ ਵਾਕ ਲਏ ਗਏ ਹਨ :

(1). ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥ (ਜਪੁ) ਦਾ ਅਰਥ ਹੈ ‘ਮਾਲਕ ਦੇ ਹੁਕਮ ’ਚ ਹਰ ਕੋਈ ਹੈ। ਉਸ ਦੇ ਹੁਕਮ ਤੋਂ ਆਕੀ ਕੋਈ ਨਹੀਂ’, ਪਰ ਅਰਥ ਕੀਤਾ ਜਾਂਦਾ ਹੈ ‘ਮਾਲਕ ਦੇ ਹੁਕਮ ’ਚ ਚੱਲਣ ਵਾਲ਼ਾ ਹਰ ਕੋਈ ਸੁੱਖੀ ਹੈ। ਹੁਕਮ ਤੋਂ ਆਕੀ; ਕੋਈ ਸੁਖੀ ਨਹੀਂ।’ ਇਹ ਅਰਥ; ਗੁਰਮਤਿ ਦਾ ਮੂਲ ਸਿਧਾਂਤ ਕਿ ਹੁਕਮ ਤੋਂ ਆਕੀ ਕੋਈ ਨਹੀਂ, ਨੂੰ ਬਦਲ ਕੇ ਸਾਬਤ ਕਰਦੇ ਪਏ ਹਨ ਕਿ ਆਕੀ ਹੋ ਸਕਦੇ ਹਨ।

(2). ਸਭਿ ਗੁਣ ਤੇਰੇ; ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ; ਭਗਤਿ ਨ ਹੋਇ ..॥੨੧॥ (ਜਪੁ) ਦਾ ਅਰਥ ਹੈ ‘ਹੇ ਮਾਲਕ ! (ਮੇਰੇ ਅੰਦਰ ਆਏ ਤਬਦੀਲੀ ਰੂਪ) ਸਾਰੇ ਗੁਣ ਤੇਰੇ (ਦੁਆਰਾ ਮਿਹਰ ਕਰਨ ਦਾ ਨਤੀਜਾ ਹਨ ਕਿਉਂਕਿ) ਮੇਰੇ ’ਚ ਤਾਂ ਕੋਈ ਸਮਰੱਥਾ ਨਹੀਂ ਸੀ। ਜੇ ਤੂੰ ਇਹ ਉਪਕਾਰ ਨਾ ਕਰਦਾ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ ਸੀ’, ਪਰ ਅਰਥ ਕੀਤਾ ਜਾਂਦਾ ਹੈ ‘ਹੇ ਬੰਦੇ ! ਜੇ ਤੂੰ ਆਪਣੇ ਅੰਦਰ ਗੁਣ ਪੈਦਾ ਨਹੀਂ ਕਰੇਂਗਾ ਤਾਂ ਤੈਥੋਂ ਭਗਤੀ ਨਹੀਂ ਹੋ ਸਕਦੀ’ ਯਾਨੀ ਰੱਬ ਦੀ ਭਗਤੀ ਕਰਨ ਤੋਂ ਪਹਿਲਾਂ ਹੀ ਬੰਦੇ ਅੰਦਰ ਗੁਣ ਆਉਣੇ ਗੁਰਮਤਿ ਹੈ ? ? ਜਦਕਿ ਅਰਥ ਹੋਣੇ ਚਾਹੀਦੇ ਹਨ (1). ਰੱਬ ਦੀ ਮਿਹਰ (2). ਹਿਰਦੇ ’ਚ ਗੁਣ (3). ਭਗਤੀ, ਪਰ ਕੀਤੇ ਗਏ (1). ਹਿਰਦੇ ’ਚ ਗੁਣ (2) ਭਗਤੀ। ਇਨ੍ਹਾਂ ’ਚ ਰੱਬ ਦੀ ਮਿਹਰ (ਸਭਿ ਗੁਣ ਤੇਰੇ/ ਵਿਣੁ ਗੁਣ ਕੀਤੇ) ਅਲੋਪ ਹੀ ਕਰ ਦਿੱਤੀ। ਜੇ ਭਗਤੀ ਕਰਨ ਤੋਂ ਪਹਿਲਾਂ ਹਿਰਦੇ ’ਚ ਗੁਣ ਆਉਣ ਤਾਂ ਬੰਦਾ ਨੇ ਭਗਤੀ ਕਾਹਦੇ ਲਈ ਕਰਨੀ ਹੈ ?

(3). ਆਵਨਿ ਅਠਤਰੈ ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥ (ਮਹਲਾ ੧/੭੨੩) ਇਹ ਵਾਕ ਸੰਨ 1521 (ਸੰਮਤ 1578) ’ਚ ਐਮਨਾਬਾਦ ਵਿਖੇ ਮੁਗ਼ਲ ਬਾਬਰ ਦੁਆਰਾ ਕੀਤੇ ਹਿੰਦੋਸਤਾਨ ’ਤੇ ਪਹਿਲੇ ਹਮਲੇ ਸਮੇਂ ਵਾਪਰੀ ਇਤਿਹਾਸਕ ਘਟਨਾ ਨਾਲ਼ ਸੰਬੰਧਿਤ ਹੈ। ਗੁਰੂ ਜੀ; ਤਦ ਭਾਈ ਲਾਲੋ ਜੀ ਦੇ ਘਰ ਐਮਨਾਬਾਦ ਵਿਖੇ ਠਹਿਰੇ ਸਨ। ਉਨ੍ਹਾਂ ਵਚਨ ਕੀਤੇ ਕਿ ਮੁਗ਼ਲ ਸਮਰਾਟ ਬਾਬਰ ਅੱਜ (ਯਾਨੀ ਸੰਮਤ 1578 ਵਿੱਚ) ਹਿੰਦੋਸਤਾਨ ’ਚ ਆਏ ਹਨ ਤੇ ਸੰਮਤ 1597 (ਸੰਨ 1539) ’ਚ ਇੱਕ ਹੋਰ ਬਾਦਸ਼ਾਹ ਤੋਂ ਹਾਰ ਕੇ ਆਪਣੇ ਦੇਸ਼ ਵਾਪਸ (ਅਫ਼ਗਾਨਿਸਤਾਨ) ਪਰਤਨਗੇ। ਐਸਾ ਹੀ ਹੋਇਆ ਜਦ ਸ਼ੇਰ ਸ਼ਾਹ ਸੂਰੀ ਤੋਂ ਬਾਬਰ ਦਾ ਪੁੱਤਰ ਹਮਾਯੂੰ ਸੰਨ 1540 ’ਚ ਹਾਰ ਕੇ ਭੱਜਾ ਜਾਂਦਾ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਜੀ ’ਤੇ ਤਲਵਾਰ ਕੱਢਦਾ ਹੈ ਕਿਉਂਕਿ ਗੁਰੂ ਦੀ ਨੇ ਉਸ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ, ਪਰ ਅੱਜ ਕੱਲ੍ਹ ਕਈ ਸਿੱਖ 19 ਸਾਲ ਪਹਿਲਾਂ ਕੀਤੀ ਇਸ ਭਵਿੱਖਬਾਣੀ ਨੂੰ ਹਜ਼ਮ ਨਹੀਂ ਕਰ ਸਕੇ ਤਾਂ ਹੀ ਇਸ ਦੇ ਅਰਥ ਮਨਮਤੀ ਕੀਤੇ ਜਾਂਦੇ ਹਨ।

ਗੁਰੂ ਜੀ ਨੂੰ ਸੀਮਤ ਮਨੁੱਖੀ ਸਮਝ ਨਾਲ਼ ਵੇਖਣਾ ਹੀ ਗਲਤ ਹੈ। ਗੁਰਬਾਣੀ ਦੇ ਵਚਨ ਹਨ ‘‘ਦੂਜਾ ਨਹੀ ਜਾਨੈ ਕੋਇ ਸਤਗੁਰੁ ਨਿਰੰਜਨੁ ਸੋਇ ਮਾਨੁਖ ਕਾ ਕਰਿ ਰੂਪੁ ਜਾਨੁ ਮਿਲੀ ਨਿਮਾਨੇ ਮਾਨੁ ’’ (ਮਹਲਾ /੮੯੫) ਅਰਥ : (ਸੱਚਾ ਸਿੱਖ) ਗੁਰੂ ਵਰਗਾ ਕਿਸੇ ਹੋਰ ਮਨੁੱਖ ਨੂੰ ਨਹੀਂ ਜਾਣਦਾ। ਸਤਿਗੁਰੂ ਅਤੇ ਕਾਲ਼ਖ਼ ਰਹਿਤ ਦਾਤਾਰ (ਮਾਲਕ); ਇੱਕ ਸਮਾਨ ਹੀ ਹਨ। ਗੁਰੂ ਨੂੰ ਮਨੁੱਖ ਰੂਪ (ਸਮਾਨ) ਸਮਝ ਕੇ ਨਹੀਂ ਜਾਣਨਾ। ਗੁਰੂ ਦਰ ਤੋਂ ਉਸ ਨੂੰ ਹੀ ਇੱਜ਼ਤ ਮਿਲਦੀ ਹੈ, ਜੋ ਆਪਣੇ ਆਪ ਨੂੰ ਤੁੱਛ ਬੁੱਧੀ ਵਾਲ਼ਾ (ਯਾਨੀ ਗੁਰੂ ਵਰਗਾ ਨਹੀਂ) ਸਮਝਦਾ ਹੈ।

ਸੋ ਉਕਤ ਬਾਬਾ ਰਾਮਰਾਏ ਜੀ ਦੁਆਰਾ ਬਦਲੀ ਗਈ ਇੱਕ ਤੁੱਕ ਦੇ ਮੁਕਾਬਲੇ ਅੱਜ ਮਨਮਤ ਨਾਲ਼ ਗੁਰਬਾਣੀ ਦੇ ਅਰਥ ਕਰਕੇ ਗੁਰਮਤਿ ਨੂੰ ਵੱਧ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਤਾਂ ਤੇ ਇਨ੍ਹਾਂ ਸਭ ਨੂੰ ‘ਮੂੜ੍ਹ, ਮੂਰਖ, ਗਵਾਰ, ਅੰਧੇ, ਅੰਨ੍ਹੇ ਅਤੇ ਗਿਆਨਹੀਣ’ ਕਹਿਣਾ; ਅਸੱਭਿਅਕ ਨਹੀਂ ਹੋ ਸਕਦਾ ਕਿਉਂਕਿ ਇਹ ਲੋਕ; ‘ਆਪਣਾ ਮੂੰਹ ਰੱਖਣ ਲਈ, ਆਪਣੇ ਦੁਆਰਾ ਕਹੀ ਗੱਲ (ਮਨਮਤ) ਨੂੰ ਸਹੀ ਠਹਿਰਾਉਣ ਲਈ ਹੀ ਐਸਾ ਕਰਦੇ ਪਏ ਹੁੰਦੇ ਹਨ।

ਅਕਾਲੀ ਦਲ ਦੀ ਗਿਰਾਵਟ ਦੇ ਮੁੱਖ ਕਾਰਨ ਅਤੇ ਮੁੜ ਸੁਰਜੀਤੀ ਲਈ ਸੁਝਾਉ

0

ਅਕਾਲੀ ਦਲ ਦੀ ਗਿਰਾਵਟ ਦੇ ਮੁੱਖ ਕਾਰਨ ਅਤੇ ਮੁੜ ਸੁਰਜੀਤੀ ਲਈ ਸੁਝਾਉ

ਕਿਰਪਾਲ ਸਿੰਘ ਬਠਿੰਡਾ 88378-13661

20ਵੀਂ ਸਦੀ ਦੇ ਅਰੰਭਕ ਦਹਾਕਿਆਂ ’ਚ ਉੱਠੀਆਂ ਸਿੱਖ ਲਹਿਰਾਂ ਵਿੱਚ ਸਿੰਘ ਸਿੰਘਣੀਆਂ ਦੇ ਬੇਮਿਸਾਲ ਜਜ਼ਬੇ ਅਤੇ ਕੁਰਬਾਨੀਆਂ ਪਿੱਛੋਂ ਹੋਂਦ ’ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਹੀ ਮਾਅਨਿਆਂ ’ਚ ਸਿੱਖਾਂ ਦੀਆਂ ਨੁੰਮਾਇੰਦਾ ਸੰਸਥਾਵਾਂ ਵਜੋਂ ਉੱਭਰੀਆਂ। ਮਹਾਨ ਗੁਰੂ ਸਾਹਿਬਾਨ ਦੀਆਂ ਯਾਦਾਂ ਸਾਂਭੀ ਬੈਠੇ ਗੁਰਧਾਮਾਂ ਦੀ ਪਵਿੱਤ੍ਰਤਾ ਅਤੇ ਮਰਿਆਦਾ ਦੀ ਬਹਾਲੀ ਲਈ ਸਿੰਘ ਆਪਣੀਆਂ ਜਾਨਾਂ ਵਾਰਨ ਤੋਂ ਕਦੀ ਪਿੱਛੇ ਨਹੀਂ ਹਟਦੇ ਜਿਸ ਦੀ ਉੱਘੜਵੀਂ ਮਿਸਾਲ ਸਾਕਾ ਨਨਕਾਣਾ ਸਾਹਿਬ ਹੈ, ਜਿੱਥੇ ਦੋ ਸਾਲ ਦੇ ਬੱਚੇ ਸਮੇਤ 86 ਸਿੰਘ ਸ਼ਹੀਦ ਹੋਏ । ਇਹ ਖ਼ੌਫਨਾਕ ਖ਼ੂਨੀ ਸਾਕਾ ਵੀ ਸਿੰਘਾਂ ਦੇ ਜੋਸ਼ ’ਚ ਕਮੀ ਨਾ ਲਿਆ ਸਕਿਆ, ਗੁਰੂ ਕੇ ਬਾਗ ਮੋਰਚੇ ਦੌਰਾਨ ਪੁਲਿਸ ਮੁਖੀ ਬੀ.ਟੀ. ਦੀਆਂ ਡਾਂਗਾਂ ਅਤੇ ਪੰਜਾ ਸਾਹਿਬ ਵਿਖੇ ਰੇਲ ਗੱਡੀ ਦਾ ਤੇਜ ਰਫ਼ਤਾਰ ਇੰਜਨ ਵੀ ਸਿੰਘਾਂ ਦੇ ਜਜ਼ਬੇ ਨੂੰ ਕੁਚਲ ਨਾ ਸਕਿਆ। ਅਜਿਹੇ ਕਈ ਹੋਰ ਮੋਰਚਿਆਂ ਦੌਰਾਨ ਸਿੰਘਾਂ ਦੀਆਂ ਬੇਅੰਤ ਕੁਰਬਾਨੀਆਂ ਉਪਰੰਤ 1925 ’ਚ ਅੰਗਰੇਜ਼ ਸਰਕਾਰ ਵੱਲੋਂ ਗੁਰਦੁਆਰਾ ਐਕਟ-1925 ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ’ਚ ਆਈ। ਹੋਂਦ ਵਿੱਚ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਆਪਣੇ ਪਹਿਲੇ ਫੈਸਲੇ ’ਚ ਗੁਰਬਾਣੀ ਦੇ ਪ੍ਰਚਾਰ ਪਾਸਾਰ ਲਈ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਸਿੰਘਾਂ ਦੀ ਯਾਦ ’ਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਸਥਾਪਿਤ ਕੀਤਾ। ਗੁਰਦੁਆਰਿਆਂ ’ਤੇ ਕਾਬਜ਼ ਉਦਾਸੀ ਤੇ ਨਿਰਮਲੇ ਮਹੰਤਾਂ ਵੱਲੋਂ ਆਪਣੇ ਆਪਣੇ ਡੇਰਿਆਂ ’ਚ ਲਾਗੂ ਕੀਤੀ ਬਿਪ੍ਰਵਾਦੀ ਮਰਿਆਦਾ ਕਾਰਨ ਕਈ ਸੰਪ੍ਰਦਾਵਾਂ ਵਿੱਚ ਵੰਡੇ ਸਿੱਖ ਪੰਥ ਨੂੰ ਏਕਤਾ ਦੀ ਲੜੀ ’ਚ ਪਰੋਣ ਲਈ 14 ਸਾਲਾਂ ਦੇ ਲੰਬੇ ਵੀਚਾਰ ਵਟਾਂਦਰੇ ਪਿੱਛੋਂ ਸਿੱਖ ਰਹਿਤ ਮਰਿਆਦਾ ਤਿਆਰ ਕੀਤੀ ਗਈ। ਗੁਰੂ ਸਾਹਿਬਾਨ ਦੇ ਕਿਰਦਾਰ ਨੂੰ ਧੁੰਧਲਾ ਅਤੇ ਗੁਰਮਤਿ ਮਰਿਆਦਾ ’ਤੇ ਬਿਪ੍ਰਵਾਦ ਦੀ ਪੁੱਠ ਚੜ੍ਹਾਉਣ ਵਾਲੀਆਂ ਪੁਸਤਕਾਂ ਜਿਵੇਂ ਕਿ ਗੁਰਬਿਲਾਸ ਪਾਤਸ਼ਾਹੀ ੬ ਆਦਿਕ ’ਤੇ ਪਾਬੰਦੀ ਲਾਈ।

ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਸਿੱਖ ਇਤਿਹਾਸ ਦੀਆਂ ਪੁਸਤਕਾਂ ਸਮੇਤ ਸਕੂਲ ਸਿੱਖਿਆ ਬੋਰਡ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਦੀਆਂ ਪੁਸਤਕਾਂ ਵਿੱਚ ਗੁਰੂ ਸਾਹਿਬਾਨ ਦੇ ਜਨਮ ਦਿਨ, ਗੁਰਗੱਦੀ ਅਤੇ ਜੋਤੀ-ਜੋਤ ਸਮਾਉਣ ਦੀਆਂ ਤਾਰੀਖ਼ਾਂ ਕੁਝ ਹੋਰ ਅਤੇ ਪੰਥ ਵੱਲੋਂ ਸਬੰਧਿਤ ਗੁਰ ਪੁਰਬ ਹਰ ਸਾਲ ਹੀ ਵੱਖਰੀਆਂ ਅਤੇ ਬਦਲਵੀਆਂ ਤਰੀਖ਼ਾਂ ਨੂੰ ਮਨਾਏ ਜਾਣ ਕਾਰਨ ਇਤਿਹਾਸਕ ਤਾਰੀਖ਼ਾਂ ਵਿੱਚ ਦਿਨੋ ਦਿਨ ਵਖਰੇਵੇਂ ਵਧਦੇ ਗਏ । ਇਨ੍ਹਾਂ ਵਖਰੇਵਿਆਂ ਨੂੰ ਠੱਲ ਪਾਉਣ ਲਈ ਇਤਿਹਾਸਕ ਤਾਰੀਖ਼ਾਂ ਨੂੰ ਇਕਸਾਰ ਕਰਨ ਅਤੇ ਗੁਰ ਪੁਰਬਾਂ ਦੀਆਂ ਤਾਰੀਖ਼ਾਂ ਸਦਾ ਲਈ ਨਿਸ਼ਚਿਤ ਕਰਨ ਲਈ ਲੰਬੇ ਵੀਚਾਰ ਵਟਾਂਦਰੇ ਪਿੱਛੋਂ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ, ਸੰਨ 2003 ’ਚ ਲਾਗੂ ਕੀਤਾ ਗਿਆ। ਇਹ ਸਨ ਕੁਝ ਪ੍ਰਾਪਤੀਆਂ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਸੇ ਆਈਆਂ ਹਨ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ ਦੀ ਰਾਜਨੀਤੀ ’ਚ ਅਹਿਮ ਰੋਲ ਅਦਾ ਕੀਤਾ ਹੈ। ਸੂਬਿਆਂ ਲਈ ਵੱਧ ਅਧਿਕਾਰ, ਪੰਜਾਬੀ ਸੂਬੇ, ਪੰਜਾਬ ਦੇ ਦਰਿਆਵਾਂ ਦਾ ਪਾਣੀ, ਚੰਡੀਗੜ੍ਹ ਅਤੇ ਪੰਜਾਬ ਤੋਂ ਬਾਹਰ ਰਹਿੰਦੇ ਪੰਜਾਬੀ ਬੋਲਦੇ ਖੇਤਰ ਪੰਜਾਬ ਨੂੰ ਦੇਣ ਲਈ, ਜਿੰਨੇ ਵੀ ਮੋਰਚੇ ਲਾਏ ਉਹ ਸਿਰਫ ਅਕਾਲੀ ਦਲ ਨੇ ਹੀ ਲਾਏ ਜਦੋਂ ਕਿ ਬਾਕੀ ਦੀਆਂ ਰਾਜਨੀਤਕ ਪਾਰਟੀਆਂ ਰਾਸ਼ਟਰੀ ਪੱਧਰ ਦੀਆਂ ਹੋਣ ਕਾਰਨ ਇਨ੍ਹਾਂ ਮੰਗਾਂ ਲਈ ਸਿੱਧੇ ਜਾਂ ਅਸਿੱਧੇ ਰੂਪ ’ਚ ਵਿਰੋਧ ਹੀ ਕਰਦੀਆਂ ਰਹੀਆਂ ਸਨ। ਇਸ ਤੋਂ ਸਾਬਤ ਹੁੰਦਾ ਸੀ ਕਿ ਪੰਜਾਬ ਸੂਬੇ ਦੇ ਹਿੱਤਾਂ ਲਈ ਜੇ ਕੋਈ ਪਾਰਟੀ ਲੜ ਸਕਦੀ ਹੈ ਤਾਂ ਉਹ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਹੈ।  ਬਹੁਤ ਸਮੇਂ ਤੱਕ ਬਣੀ ਇਸੇ ਧਾਰਨਾ ਕਾਰਨ ਪੰਜਾਬ ਦੇ ਲੋਕ, ਖਾਸਕਰ ਕਿਸਾਨ ਅਤੇ ਪੰਥਕ ਸੋਚ ਰੱਖਣ ਵਾਲੇ ਵੋਟਰ, ਬਿਨਾਂ ਕਿਸੇ ਉਮੀਦਵਾਰ ਦੀ ਯੋਗਤਾ ਵੇਖਿਆਂ ਅੱਖਾਂ ਮੀਚ ਕੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਮੋਹਰਾਂ ਲਾਉਂਦੇ ਰਹੇ। ਇਸ ਸਪੋਰਟ ਨਾਲ਼ ਪਾਰਟੀ ’ਤੇ ਕਾਬਜ਼ ਪ੍ਰਧਾਨ ਇਸ ਵਹਿਮ ਦਾ ਸ਼ਿਕਾਰ ਹੋ ਗਏ ਕਿ ਜੇ ਉਹ ਗਧੇ ਨੂੰ ਵੀ ਟਿਕਟ ਦੇ ਦੇਣ ਤਾਂ ਲੋਕਾਂ ਨੇ ਭਾਰੀ ਬਹੁਮਤ ਨਾਲ ਜਿੱਤਾ ਦੇਣਾ ਹੈ। ਸ਼ਾਇਦ ਉਨ੍ਹਾਂ ਦਾ ਇਹੋ ਵਿਸ਼ਵਾਸ ਹੀ ਅਕਾਲੀਦਲ ਦੇ ਪੱਤਨ ਦਾ ਕਾਰਨ ਬਣਿਆ। ਪੰਜਾਬ ਲਈ ਕੇਂਦਰ ਵਿਰੁੱਧ ਲੱਗੇ ਹਰ ਮੋਰਚੇ ’ਚ “ਪੰਥ ਵਸੇ ਮੈਂ ਉੱਜੜਾਂ, ਮਨ ਚਾਉ ਘਨੇਰਾ” ਦਾ ਨਾਹਰਾ ਲਾਉਣ ਵਾਲਿਆਂ ਨੂੰ ਅਣਗੌਲ਼ਿਆ ਕਰ ਮੁਖੀ ਆਗੂਆਂ ’ਚ ਪਰਵਾਰਵਾਦ ਭਾਰੂ ਹੋ ਗਿਆ। ਬਾਦਲ ਪਰਵਾਰ ’ਚ ਹੀ ਵੇਖਿਆ ਜਾਵੇ ਤਾਂ ਪ੍ਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ ਅਤੇ ਪਾਰਟੀ ਸਰਪ੍ਰਸਤ, ਉਸ ਦਾ ਪੁੱਤਰ) ਸੁਖਬੀਰ ਸਿੰਘ (ਉੱਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ), ਨੂੰਹ ਹਰਸਿਮਰਤ ਕੌਰ (ਕੇਂਦਰੀ ਮੰਤਰੀ), ਜੁਆਈ ਆਦੇਸ਼ ਪ੍ਰਤਾਪ ਸਿੰਘ ਕੈਰੋਂ (ਕੈਬਿਨਟ ਮੰਤਰੀ), ਪੁੱਤਰ ਦਾ ਸਾਲ਼ਾ ਬਿਕਰਮ ਸਿੰਘ ਮਜੀਠੀਆ (ਕੈਬਿਨਟ ਮੰਤਰੀ। ਜਿਨ੍ਹਾਂ ਮੰਗਾਂ ਲਈ ਕਿਸੇ ਸਮੇਂ ਮੋਰਚੇ ਲਾਏ ਜਾਂਦੇ ਸਨ; ਉਨ੍ਹਾਂ ਨੂੰ ਪੂਰੀ ਤਰ੍ਹਾਂ ਵਿਸਾਰ ਕੇ ਬਾਦਲ ਪਰਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਿਨਾਂ ਸ਼ਰਤ ਉਸ ਭਾਜਪਾ ਦੀ ਝੋਲ਼ੀ ’ਚ ਸੁੱਟ ਦਿੱਤਾ, ਜਿਹੜੀ ਪੰਜਾਬ ਦੀ ਹਰ ਮੰਗ ਦਾ ਜੋਰਦਾਰ ਵਿਰੋਧ ਕਰਦੀ ਆ ਰਹੀ ਹੈ।

ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦਾ ਕੰਮ ਹੁੰਦਾ ਹੈ ਕੌਮ ’ਚ ਧਾਰਮਿਕ, ਇਤਿਹਾਸਕ ਅਤੇ ਰਾਜਨੀਤਕ ਤੌਰ ’ਤੇ ਉਤਪੰਨ ਹੋਏ ਵਖਰੇਵਿਆਂ ਦੇ ਹੱਲ ਲਈ ਸਭਨਾਂ ਸੰਬੰਧਿਤ ਧਿਰਾਂ ਦੇ ਨੁੰਮਾਇੰਦਿਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਇਕੱਤਰ ਕਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਸਮੇਂ ਸਮੇਂ ਢੁਕਵੇਂ ਫੈਂਸਲੇ ਲੈਣ ਦਾ ਪ੍ਰਬੰਧ ਕਰਨਾ, ਪਰ ਹੋਇਆ ਇਸ ਦੇ ਉਲਟ । ਬਾਦਲ ਦਲ ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਆਪਣੇ ਸਿਆਸੀ ਹਿੱਤ ਪੂਰਨ ਲਈ ਹੁਕਮਨਾਮੇ ਜਾਰੀ ਕਰਨ ਅਤੇ ਵਿਰੋਧੀਆਂ ਦੀ ਅਵਾਜ਼ ਦਬਾਉਣ ਲਈ ਉਨ੍ਹਾਂ ਵਿਰੁੱਧ ਫਤਵੇ ਜਾਰੀ ਕਰਵਾਉਣ ਲਈ ਵਰਤਿਆ, ਜਿਵੇਂ ਕਿ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੇ ਕੇਵਲ ਇਹ ਅਵਾਜ਼ ਉਠਾਈ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਦਸਮ ਗ੍ਰੰਥ ਸਮੇਤ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਦਸਮ ਗ੍ਰੰਥ ’ਚ ਬਹੁਤ ਕੁਝ ਅਜਿਹਾ ਦਰਜ ਹੈ ਜੋ ਗੁਰਬਾਣੀ ਦੇ ਆਸ਼ੇ ਅਨੁਸਾਰ ਨਹੀਂ। ਸੰਤ ਸਮਾਜ ਰਾਹੀਂ ਵੋਟਾਂ ਲੈਣ ਲਈ ਅਕਾਲ ਤਖ਼ਤ ਸਾਹਿਬ ਤੋਂ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ’ਚੋਂ ਛੇਕਣ ਅਤੇ 7 ਸਾਲਾਂ ਤੋਂ ਬੜੀ ਸਹਿਜਤਾ ਨਾਲ ਚੱਲ ਰਹੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਲਈ ਹੁਕਮਨਾਮੇ ਜਾਰੀ ਕਰਵਾਏ ਗਏ।

ਸਿਰਸਾ ਡੇਰਾ ਸਮਰਥਕਾਂ ਦੀਆਂ ਵੋਟਾਂ ਲੈਣ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸ੍ਵਾਂਗ ਉਤਾਰਨ ਵਾਲੇ ਸੌਦਾ ਸਾਧ ਵਿਰੁੱਧ ਦਰਜ ਹੋਏ ਮੁਕਦੱਮੇ ਦਾ ਪਹਿਲਾਂ ਤਾਂ ਲੰਬਾ ਸਮਾਂ ਅਦਾਲਤ ’ਚ ਚਲਾਨ ਹੀ ਪੇਸ਼ ਨਹੀਂ ਕੀਤਾ ਅਤੇ ਅੰਤ 2014 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸੌਦਾ ਸਾਧ ਵਿਰੁੱਧ ਕੇਸ ਵਾਪਸ ਲੈ ਲਿਆ। ਸੰਨ 2015 ’ਚ ਪੰਜਾਬ ’ਚ ਸੌਦਾ ਸਾਧ ਦੀ ਫ਼ਿਲਮ ਰੀਲੀਜ਼ ਕਰਨ ਵਿਰੁੱਧ ਲੱਗੀ ਪਾਬੰਦੀ ਵਿਰੁੱਧ ਅਵਾਜ਼ ਉਠਾਉਣ ਲਈ ਸੌਦਾ ਸਾਧ ਦੇ ਸਮਰਥਕਾਂ ਨੇ ਪਿੰਡ ਜਵਾਹਰਕਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਚੋਰੀ ਕਰ ਲਈ ਅਤੇ ਗੁਰਦੁਆਰਿਆਂ ਦੀਆਂ ਕੰਧਾਂ ’ਤੇ ਪੋਸਟਰ ਲਾ ਕੇ ਵੰਗਾਰਿਆ ਗਿਆ ਕਿ ਸਿੱਖਾਂ ਦਾ ਗੁਰੂ ਸਾਡੇ ਪਾਸ ਹੈ ਜਿਸ ਦੀ ਹਿੰਮਤ ਹੈ ਲੱਭ ਲਵੇ। ਕੁਝ ਸਮੇਂ ਬਾਅਦ ਪੋਸਟਰ ਲਾ ਕੇ ਫਿਰ ਵੰਗਾਰਿਆ ਕਿ ਜੇ ਸਾਡੇ ਗੁਰੂ ਦੀ ਫ਼ਿਲਮ ਰੀਲੀਜ਼ ਨਾ ਕੀਤੀ ਗਈ ਤਾਂ ਗੁਰੂ ਗ੍ਰੰਥ ਦਾ ਪੰਨਾ ਪੰਨਾ ਗਲੀਆਂ ਅਤੇ ਰੂੜੀਆਂ ’ਚ ਖਿਲਾਰ ਦਿੱਤਾ ਜਾਵੇਗਾ। ਬਾਦਲ ਸਰਕਾਰ, ਜਿਸ ਦਾ ਗ੍ਰਹਿ ਵਿਭਾਗ ਸੁਖਬੀਰ ਸਿੰਘ ਬਾਦਲ ਪਾਸ ਸੀ, ਲੰਬਾ ਸਮਾਂ ਸਿੱਖਾਂ ਦੀ ਆਸਥਾ ਅਤੇ ਭਾਵਨਿਕਤਾ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ਪ੍ਰਤੀ ਅਵੇਸਲੀ ਰਹੀ। ਫ਼ਿਲਮ ਚਲਾਉਣ ਲਈ ਗਰਾਊਂਡ ਤਿਆਰ ਕਰਨ ਵਾਸਤੇ ਸੌਦਾ ਸਾਧ ਨੂੰ ਬਿਨਾਂ ਮੁਆਫ਼ੀ ਮੰਗਿਆਂ ਸ਼੍ਰੀ ਅਕਾਲ ਤਖ਼ਤ ਤੋਂ ਮੁਆਫ਼ੀ ਦਿੱਤੀ ਗਈ।  11-12 ਅਕਤੂਬਰ ਦੀ ਰਾਤ ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਖਿਲਾਰ ਦਿੱਤੇ ਗਏ। ਸਿੱਖ ਸੰਗਤਾਂ ਦੇ ਹਿਰਦੇ ਬਲੂੰਦਰੇ ਗਏ ਅਤੇ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕੋਟਕਪੂਰਾ ਦੇ ਚੌਂਕ ’ਚ ਜਾਮ ਲਾ ਦਿੱਤਾ ਕਿਉਂਕਿ ਬੇਅਦਬੀ ਦੇ ਸ਼ੱਕੀ ਦੋਸ਼ੀਆਂ ਦਾ ਸੰਬੰਧ ਸੌਦਾ ਪ੍ਰੇਮੀਆਂ ਨਾਲ ਸੀ ਅਤੇ ਸੌਦਾ ਸਾਧ ਨਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਲੈਣ ਦਾ ਸਮਝੌਤਾ ਭੀ ਹੋਇਆ ਸੀ ਇਸ ਲਈ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿੱਖ ਸੰਗਤਾਂ ਨੂੰ ਤਿੱਤਰ-ਬਿੱਤਰ ਕਰਨ ਲਈ 14 ਅਕਤੂਬਰ 2015 ਨੂੰ ਸਵੇਰੇ ਸਵੇਰੇ ਹੀ ਗੋਲੀ ਚਲਾਈ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਖਦੇੜ ਦਿੱਤਾ। ਸਿੰਘ ਉੱਥੋਂ ਉੱਠ ਕੇ ਬਹਿਬਲ ਪਿੰਡ ਕੋਲ ਜਾ ਬੈਠੇ ਤਾਂ ਭੂਸ਼ਰੀ ਹੋਈ ਪੁਲਿਸ ਨੇ ਅੰਨ੍ਹੇਵਾਹ ਗੋਲੀ ਚਲਾ ਕੇ ਦੋ ਸਿੰਘ ਸ਼ਹੀਦ ਕਰ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਉਤਾਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸੌਦਾ ਸਾਧ ਵਿਰੁੱਧ ਸਿੱਖ ਸੰਗਤਾਂ ਦੇ ਭਾਰੀ ਗੁੱਸੇ ਦੇ ਬਾਵਜੂਦ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਤੇ ਉਮੀਦਵਾਰ ਸੌਦਾ ਸਾਧ ਦੇ ਰਾਜਨੀਤਕ ਵਿੰਗ ਦੀ ਮੀਟਿੰਗ ’ਚ ਜਾ ਨਤਮਸਤਕ ਹੋਏ ਅਤੇ ਸਰਕਾਰ ਬਣਨ ’ਤੇ ਉਨ੍ਹਾਂ ਦੀਆਂ ਨਾਮ ਚਰਚਾ, ਸੰਗਤਾਂ ਆਪਣੀ ਜਿੰਮੇਵਾਰੀ ਅਤੇ ਪਹਿਰੇਦਾਰੀ ਹੇਠ ਕਰਵਾਉਣ ਦੇ ਵਾਅਦੇ ਕਰਨ ਲੱਗੇ। ਇਸ ਨੇ ਪੰਥਕ ਸੋਚ ਰੱਖਣ ਵਾਲੇ ਸਿੱਖਾਂ ਨੂੰ ਝੰਝੋੜ ਕੇ ਰੱਖ ਦਿੱਤਾ ਜਿਸ ਦੇ ਗੁੱਸੇ ਵਜੋਂ ਅਕਾਲੀ ਦਲ ਦੀ ਸਰਕਾਰ ਤਾਂ ਕੀ ਬਣਨੀ ਸੀ, ਮੁੱਖ ਵਿਰੋਧੀ ਧਿਰ ਦਾ ਦਰਜਾ ਵੀ ਨਾ ਰਿਹਾ ਅਤੇ ਕੇਵਲ 15 ਸੀਟਾਂ ਨਾਲ ਤੀਜੇ ਨੰਬਰ ’ਤੇ ਪਹੁੰਚ ਗਈ। ਇਸ ਵੱਡੀ ਹਾਰ ਤੋਂ ਬਾਅਦ ਵੀ ਬਾਦਲ ਦਲ ਨੇ ਸਬਕ ਨਹੀਂ ਸਿੱਖਿਆ ਬਲਕਿ ਬੇਅਦਬੀ ਅਤੇ ਗੋਲ਼ੀ ਕਾਂਡ ਦੀਆਂ ਘਟਨਾਵਾਂ ਦੀ ਪੜਤਾਲ ਲਈ ਬਣੀ ਸਿੱਟ ਦਾ ਹਮੇਸ਼ਾਂ ਵਿਰੋਧ ਕਰਦੇ ਰਹੇ ਅਤੇ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੇ ਰਹੇ। ਸੰਵਿਧਾਨ ਅਨੁਸਾਰ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਦੀ ਉਲੰਘਣਾ ਕਰ ਕੇ ਜੂਨ 2020 ’ਚ ਕੇਂਦਰ ਸਰਕਾਰ ਨੇ ਖੇਤੀ ਜਿਣਸਾਂ ਸੰਬੰਧੀ ਤਿੰਨ ਖੇਤੀ ਬਿੱਲ ਜਾਰੀ ਕੀਤੇ ਜਿਸ ਨੂੰ ਕਿਸਾਨ ਆਪਣੇ ਹੱਕਾਂ ਦੇ ਵਿਰੁੱਧ ਸਮਝਦੇ ਸਨ, ਪਰ ਕੇਂਦਰੀ ਮੰਤਰੀ ਦੇ ਤੌਰ ’ਤੇ ਬੀਬੀ ਬਾਦਲ ਨੇ ਉਨ੍ਹਾਂ ਬਿੱਲਾਂ ’ਤੇ ਦਸਤਖ਼ਤ ਕਰ ਕੇ ਸਹਿਮਤੀ ਦਿੱਤੀ। ਦੇਸ਼ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆ ਨੇ ਇਨ੍ਹਾਂ ਬਿੱਲਾਂ/ਬਾਅਦ ’ਚ ਬਣੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਣਮਿਥੇ ਸਮੇਂ ਲਈ ਮੋਰਚਾ ਲਾ ਦਿੱਤਾ। ਬਾਦਲ ਪਰਵਾਰ ਲੰਬਾ ਸਮਾਂ ਇਨ੍ਹਾਂ ਕਾਨੂੰਨਾਂ ਦੇ ਕਿਸਾਨਾਂ ਨੂੰ ਹੋਣ ਵਾਲੇ ਫਾਇਦੇ ਗਿਣਾ ਕੇ ਕਿਸਾਨ ਜਥੇਬੰਦੀਆਂ ਨੂੰ ਮਨਾਉਣ ਦਾ ਯਤਨ ਕਰਦਾ ਰਿਹਾ ਪਰ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਹਰਸਿਮਰਤ ਕੌਰ ਨੇ ਕੇਂਦਰੀ ਮੰਤਰੀ ਮੰਡਲ ’ਚੋਂ ਅਸਤੀਫ਼ਾ ਦੇ ਦਿੱਤਾ ਅਤੇ ਅਕਾਲੀ ਦਲ ਨੇ ਭਾਜਪਾ ਨਾਲ ਪਿੱਛਲੇ ਢਾਈ ਦਹਾਕਿਆਂ ਤੋਂ ਚੱਲਿਆ ਆ ਰਿਹਾ ਗੱਠਜੋੜ ਤੋੜ ਲਿਆ ਪਰ ਕਿਸਾਨਾਂ ਦਾ ਗੁੱਸਾ ਫਿਰ ਵੀ ਸ਼ਾਂਤ ਨਾ ਹੋਇਆ।

ਐੱਨ.ਆਰ.ਆਈ. ਸਿੱਖ ਨਾਨਕਸ਼ਾਹੀ ਕੈਲੰਡਰ ਦੇ ਹੱਕ ’ਚ ਹੋਣ ਕਾਰਨ ਉਹ ਸੰਨ 2011 ਤੋਂ ਹੀ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਵਾਉਣ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੇਨਤੀ ਪੱਤਰ ਲਿਖਦੇ ਆ ਰਹੇ ਹਨ ਜਿਨ੍ਹਾਂ ਦੇ ਤਸੱਲੀਬਖ਼ਸ਼ ਜਵਾਬ ਤਾਂ ਕੀ ਦੇਣੇ ਸਨ, ਪੱਤਰਾਂ ਦੀ ਪਹੁੰਚ ਰਸੀਦ ਦੇਣ ਦਾ ਵੀ ਕਦੀ ਯਤਨ ਨਹੀਂ ਕੀਤਾ। ਵਿਦੇਸ਼ੀ ਦੌਰਿਆਂ ਸਮੇਂ ਵੀ ਜਦ ਉਹ, ਜਥੇਦਾਰ ਨੂੰ ਮਿਲਣ ਲਈ ਸਮਾਂ ਮੰਗਦੇ ਤਾਂ ਉਨ੍ਹਾਂ ਨੂੰ ਮਿਲ ਕੇ ਸੁਝਾਅ ਲੈਣ ਦੀ ਬਜਾਏ ਅੱਖ ਬਚਾ ਕੇ ਪਿਛਲੇ ਦਰਵਾਜਿਆਂ ਰਾਹੀਂ ਖਿਸਕਦੇ ਰਹੇ। ਅਖੀਰ ਉਨ੍ਹਾਂ ਨੇ ਪੱਕੀ ਧਾਰ ਲਈ ਕਿ ਜਦ ਤੱਕ ਜਥੇਦਾਰਾਂ ਨੂੰ ਨਿਯੁਕਤੀ ਕਰਨ ਵਾਲੇ ਬਾਦਲ ਪਰਵਾਰ ਨੂੰ ਹੀ ਚੋਣਾਂ ਵਿੱਚ ਬੁਰੀ ਤਰ੍ਹਾਂ ਹਰਾਇਆ ਨਹੀਂ ਜਾਂਦਾ ਤਦ ਤੱਕ ਜਥੇਦਾਰ ਵੀ ਕੋਈ ਗੱਲ ਨਹੀਂ ਸੁਣਨਗੇ। ਚੋਣਾਂ ਦੌਰਾਨ ਬਹੁਤ ਸਾਰੇ ਐੱਨ.ਆਰ.ਆਈ. ਪੰਜਾਬ ਪਹੁੰਚੇ ਅਤੇ ਕਈਆਂ ਨੇ ਵਿਦੇਸ਼ਾਂ ’ਚ ਬੈਠਿਆਂ ਹੀ ਪੰਜਾਬ ’ਚ ਰਹਿੰਦੇ ਆਪਣੇ ਪਰਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਫੋਨ ਕਰ ਕਰ ਬੇਨਤੀਆਂ ਕੀਤੀਆਂ ਕਿ ਜੇ ਪੰਥ ਅਤੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਬਾਦਲ ਦਲ ਦੇ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਈ ਜਾਵੇ ਅਤੇ ਇਨ੍ਹਾਂ ਨੂੰ ਬੁਰੀ ਤਰ੍ਹਾਂ ਹਰਾਉਣ ਲਈ ‘ਆਪ’ ਨੂੰ ਵੋਟਾਂ ਪਾਈਆਂ ਅਤੇ ਪੁਆਈਆਂ ਜਾਣ।

ਅਕਾਲੀ ਦਲ ਦੇ ਕੇਵਲ ਦੋ ਹੀ ਵੱਡੇ ਵੋਟ ਬੈਂਕ ਸਨ – ਪੰਥਕ ਵੋਟ ਅਤੇ ਕਿਸਾਨੀ ਵੋਟ। ਬਾਦਲ ਦਲ ਨੇ ਸਤਾ ਦੇ ਲਾਲਚ ਅਧੀਨ ਦੋਵਾਂ ਨੂੰ ਬੇਹੱਦ ਨਰਾਜ਼ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਨਮੋਸ਼ੀ ਭਰੀ ਹਾਰ ਦਾ ਮੂੰਹ ਵੇਖਣਾ ਪਿਆ। ਡੇਰੇਦਾਰਾਂ ਦੀਆਂ ਵੋਟਾਂ ਅਤੇ ਧੁੰਮੇ ਦੀਆਂ ਅਰਦਾਸਾਂ ਵੀ ਕੰਮ ਨਾ ਆਈਆਂ। ਗਧੇ ਨੂੰ ਵੀ ਟਿਕਟ ਦੇ ਕੇ ਜਿਤਾਉਣ ਦਾ ਦਾਅਵਾ ਕਰਨ ਵਾਲੇ ਸੁਖਬੀਰ ਬਾਦਲ ਵਿਰੁੱਧ ਲੋਕਾਂ ਦੇ ਗੁੱਸੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਲਾਲਾਬਾਦ, ਜਿਸ ਨੂੰ ਉਹ ਆਪਣੇ ਲਈ ਸਭ ਤੋਂ ਵੱਧ ਸੁਰੱਖਿਅਤ ਸੀਟ ਸਮਝਦਾ ਹੈ, ਤੋਂ ਭੀ 30 ਹਜਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਆਪ ਦੇ ਬਿਲਕੁਲ ਨਵੇਂ ਚਿਹਰੇ ਕੋਲੋਂ ਹਾਰ ਗਿਆ। ਪੰਜ ਵਾਰ ਦਾ ਮੁੱਖ ਮੰਤਰੀ ਅਤੇ 10 ਵਾਰ ਦੇ ਵਿਧਾਇਕ ਉਸ ਦਾ ਪਿਤਾ ਪ੍ਰਕਾਸ਼ ਸਿੰਘ ਬਾਦਲ ਆਪਣੇ ਘਰੇਲੂ ਹਲਕੇ ਲੰਬੀ ਤੋਂ 10 ਹਜਾਰ ਤੋਂ ਵੱਧ ਵੋਟਾਂ ਨਾਲ ਹਾਰ ਗਿਆ।  ਸਾਲ਼ਾ ਬਿਕ੍ਰਮ ਸਿੰਘ ਮਜੀਠੀਆਂ ਅੰਮ੍ਰਿਤਸਰ ਤੋਂ ਤੀਜੇ ਨੰਬਰ ’ਤੇ ਆਇਆ ਅਤੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਹਾਰ ਗਿਆ। ਪਾਰਟੀ ਦੇ ਕੇਵਲ ਤਿੰਨ ਵਿਧਾਇਕ ਹੀ ਆਪਣੀ ਸੀਟ ਬਚਾ ਸਕੇ। ਇਹ ਨਤੀਜੇ ਬਾਦਲ ਪਰਵਾਰ ਦੀਆਂ ਅੱਖਾਂ ਖੋਲ੍ਹਣ ਲਈ ਕਾਫੀ ਹਨ, ਪਰ ਜਾਪਦਾ ਹੈ ਉਹ ਹਾਲੀ ਵੀ ਸਬਕ ਸਿੱਖਣ ਦੇ ਰੌਂਅ ਵਿੱਚ ਨਹੀਂ।

ਸ਼੍ਰੋਮਣੀ ਅਕਾਲੀ ਦਲ ਦੇ ਇਸ ਹੱਦ ਤੱਕ ਨਿਘਾਰ ਵਾਲੀ ਸਥਿਤੀ ’ਤੇ ਪਹੁੰਚਣ ਲਈ ਬਾਦਲ ਪਰਵਾਰ ਤਾਂ ਵੱਡਾ ਦੋਸ਼ੀ ਹੈ ਹੀ, ਜਿਸ ਨੇ ਪੰਥਕ ਹਿੱਤਾਂ ਦੀ ਪੂਰਤੀ ਲਈ ਕੰਮ ਕਰਨ ਦੀ ਥਾਂ ਆਪਣੇ ਪਰਵਾਰਕ ਹਿੱਤਾਂ ਨੂੰ ਮੁੱਖ ਰੱਖਿਆ। ਘੱਟ ਦੋਸ਼ੀ ਅਕਾਲ ਤਖ਼ਤ ਦੇ ਉਹ ਜਥੇਦਾਰ ਵੀ ਨਹੀਂ ਹਨ ਜਿਹੜੇ ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਕਰਨ ਦੀ ਬਜਾਏ ਬਾਦਲ ਪਰਵਾਰ ਦੇ ਮਾਊਥਪੀਸ ਬਣਕੇ ਬਿਆਨ ਦਿੰਦੇ ਰਹੇ ਅਤੇ ਬਾਦਲਾਂ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਕਾਲ ਤਖ਼ਤ ਤੋਂ ਗੁਰਮਤਿ ਵਿਰੁੱਧ ਫੈਸਲੇ ਲੈਂਦੇ ਰਹੇ।

ਜਦੋਂ ਗਿਆਨੀ ਹਰਪ੍ਰੀਤ ਸਿੰਘ ਦੀ ਅਕਾਲ ਦੇ ਜਥੇਦਾਰ ਵਜੋਂ ਨਿਯੁਕਤੀ ਹੋਈ ਸੀ ਉਸ ਸਮੇਂ ਉਨ੍ਹਾਂ ਨੂੰ ਈਮੇਲ ਰਾਹੀਂ ਸੁਝਾਅ ਦਿੱਤਾ ਸੀ ਕਿ ਜੇ ਉਹ ਹੇਠ ਲਿਖੇ ਤਿੰਨ ਫੈਸਲੇ ਕਰਦੇ ਹਨ ਤਾਂ ਕੌਮ ਉਨ੍ਹਾਂ ਨੂੰ ਦੂਸਰੇ ਅਕਾਲੀ ਫੂਲਾ ਸਿੰਘ ਦੇ ਤੌਰ ‘ਤੇ ਯਾਦ ਕਰੇਗੀ;  ਜੇ ਨਹੀਂ ਕਰਨਗੇ ਤਾਂ ਉਨ੍ਹਾਂ ਦਾ ਹਸ਼ਰ ਵੀ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਪੂਰਨ ਸਿੰਘ ਵਾਲਾ ਹੀ ਹੋ ਸਕਦਾ ਹੈ। ਉਹ ਤਿੰਨ ਸੁਝਾਅ ਇਹ ਸਨ :

੧. ਜਿੰਨ੍ਹਾਂ ਪੰਜੇ ਜਥੇਦਾਰਾਂ ਨੇ ਸੌਦਾ ਸਾਧ ਨੂੰ ਬਿਨਾਂ ਮੰਗਿਆਂ ਮੁਆਫ਼ੀ ਦਿੱਤੀ ਸੀ ਉਨ੍ਹਾਂ ਦੀ ਅਕਾਲ ਤਖ਼ਤ ’ਤੇ ਜਵਾਬ ਤਲਬੀ ਕੀਤੀ ਜਾਵੇ ਕਿ ਕਿਹੜੇ ਕਾਰਨਾਂ ਕਰਕੇ ਉਨ੍ਹਾਂ ਨੇ ਅਕਾਲ ਤਖ਼ਤ ਦੀ ਸ਼ਾਨਾਮੱਤੀ ਮਰਿਆਦਾ ਨੂੰ ਮਿੱਟੀ ਵਿੱਚ ਰੋਲ਼ਿਆ ? ਉਨ੍ਹਾਂ ’ਚੋਂ ਗਿਆਨੀ ਗੁਰਮੁੱਖ ਸਿੰਘ ਤਾਂ ਸੱਚ ਬਿਆਨ ਕਰ ਹੀ ਚੁੱਕਾ ਸੀ ਉਸ ਦੇ ਸਾਹਮਣੇ ਬਾਕੀਆਂ ਨੂੰ ਵੀ ਸੱਚ ਬਿਆਨ ਕਰਨਾ ਪਵੇਗਾ‌। ਇਨ੍ਹਾਂ ਪੰਜਾਂ ਨੂੰ ਪੰਥਕ ਮਰਿਆਦਾ ਅਨੁਸਾਰ ਯੋਗ ਤਨਖਾਹ ਲਾਈ ਜਾਵੇ।

੨. ਸੱਚ ਸਾਹਮਣੇ ਆਉਣ ’ਤੇ ਦੋਵੇਂ ਬਾਦਲਾਂ (ਪਿਉ ਪੁੱਤਰ) ਅਤੇ ਦਲਜੀਤ ਸਿੰਘ ਚੀਮਾ, ਜਿੰਨ੍ਹਾਂ ਨੇ ਪੰਜੇ ਜਥੇਦਾਰਾਂ ਨੂੰ ਮੁੱਖ ਮੰਤਰੀ ਦੀ ਕੋਠੀ ਸੱਦ ਕੇ ਸੌਦਾ ਸਾਧ ਨੂੰ ਮੁਆਫ਼ ਕਰਨ ਦੇ ਹੁਕਮ ਸੁਣਵਾਏ ਸਨ, ਨੂੰ ਭੀ ਤਲਬ ਕਰਕੇ ਅਕਾਲ ਤਖ਼ਤ ਦੀ ਮਾਨ ਮਰਿਆਦਾ ਨੂੰ ਢਾਹ ਲਾਉਣ ਦੇ ਦੋਸ਼ ਹੇਠ ਉਨ੍ਹਾਂ ਦੇ ਅਹੁਦਿਆਂ ਤੋਂ ਅਸਤੀਫ਼ੇ ਲਏ ਜਾਣ।

੩. ਟੁਕੜੇ ਟੁਕੜੇ ਹੋਏ ਸਮੁੱਚੇ ਪੰਥਕ ਗਰੁੱਪਾਂ ਨੂੰ ਅਪੀਲ ਕੀਤੀ ਜਾਵੇ ਕਿ ਪੰਥਕ ਹਿੱਤਾਂ ਨੂੰ ਮੁੱਖ ਰੱਖ ਕੇ ਆਪਣੀਆਂ ਆਪਣੀਆਂ ਜਥੇਬੰਦੀਆਂ ਭੰਗ ਕਰਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਉਪਰੰਤ ਆਪਣਾ ਨਵਾਂ ਪ੍ਰਧਾਨ ਤੇ ਅਹੁਦੇਦਾਰ ਚੁਣ‌ ਕੇ ਪੰਥਕ ਤੇ ਕੌਮੀ ਹਿੱਤਾਂ ਲਈ ਸਾਰੇ ਮਿਲ ਕੇ ਕੰਮ ਕਰਨ।

ਜੇ ਉਸ ਸਮੇਂ ਜਥੇਦਾਰ ਸਾਹਿਬ ਇਹ ਕੰਮ ਕਰ ਜਾਂਦੇ ਤਾਂ ਅੱਜ ਅਕਾਲੀ ਦਲ ਦਾ ਇਹ ਹਾਲ ਨਹੀਂ ਸੀ ਹੋਣਾ ਪਰ ਜੇ ਹੁਣ ਵੀ ਅਕਾਲੀ ਦਲ ਬਚਾਉਣ ਦੇ ਨਾਮ ਹੇਠ ਕੇਵਲ ਬਾਦਲ ਪਰਵਾਰ ਨੂੰ ਬਚਾਉਣ ਦੀਆਂ ਅਪੀਲਾਂ ਕਰਨਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਛੇਤੀ ਹੀ ਇਨ੍ਹਾਂ ਦਾ ਹਸ਼ਰ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਰਗਾ ਹੀ ਹੋਵੇਗਾ।

ਅਖੀਰ ’ਤੇ ਸੁਝਾਉ ਇਹੋ ਹੈ ਕਿ ਕੋਈ ਵੀ ਪੰਥਕ ਸੋਚ ਵਾਲਾ ਸਿੱਖ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ’ਚੋਂ ਇਸ ਤਰ੍ਹਾਂ ਹੋਂਦ ਹੀ ਖਤਮ ਹੋਵੇ ਪਰ ਇਹ ਗੱਲ ਵੀ ਯਕੀਨੀ ਹੈ ਕਿ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੀ ਮੁੜ ਸੁਰਜੀਤੀ ਦੇ ਆਸਾਰ ਬਹੁਤ ਹੀ ਮੱਧਮ ਬਲਕਿ ਨਾਹ ਦੇ ਬਰਾਬਰ ਹਨ। ਇਸ ਲਈ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦਾ ਦਰਦ ਹੈ ਤਾਂ

  1. ਸੁਖਬੀਰ ਬਾਦਲ ਤੁਰੰਤ ਅਹੁੱਦੇ ਤੋਂ ਅਸਤੀਫ਼ਾ ਦੇ ਕੇ ਲਾਂਭੇ ਹੋਣ ਅਤੇ ਪੰਥ ਤੋਂ ਮੁਆਫ਼ੀ ਮੰਗ ਕੇ ਉਨ੍ਹਾਂ ਦੀ ਕਾਰਜਸ਼ੈਲੀ ਤੋਂ ਨਾਰਾਜ਼ ਹੋ ਕੇ ਛੱਡ ਜਾਣ ਵਾਲੇ ਆਗ਼ੂਆਂ ਅਤੇ ਕੇਡਰ ਨੂੰ ਮੁੜ ਪੰਥ ’ਚ ਸ਼ਾਮਲ ਹੋਣ ਅਤੇ ਪੰਥਕ ਸੋਚ ਵਾਲਾ ਆਪਣਾ ਨਵਾਂ ਪ੍ਰਧਾਨ ਚੁਣਨ ਦੀ ਅਪੀਲ ਕਰਨੀ ਚਾਹੀਦੀ ਹੈ।
  2. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਦੀ ਅਧੀਨਗੀ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਟਿਕਟਾਂ ਦੇਣ ਦਾ ਕੰਮ ਅਕਾਲੀ ਦਲ ਦੇ ਪ੍ਰਧਾਨ ਦੇ ਹੱਥ ਹੋਣ ਦੀ ਬਜਾਏ ਸ਼ਰਧਾਵਾਨ ਅਤੇ ਰਹਿਤਵਾਨ ਪੰਥਕ ਵਿਦਵਾਨਾਂ ਦੇ ਹੱਥ ਹੋਵੇ ਜਿਹੜੇ ਖ਼ੁਦ ਰਾਜਨੀਤਿਕ ਆਹੁੱਦਿਆਂ ਤੋਂ ਦੂਰ ਰਹਿਣ ਦਾ ਪ੍ਰਣ ਕਰਨ।
  3. ਨਾਨਕਸ਼ਾਹੀ ਕੈਲੰਡਰ ਨੂੰ ਫੌਰੀ ਤੌਰ ’ਤੇ ਬਹਾਲ ਅਤੇ ਗੁਰਦੁਆਰਿਆਂ ਵਿੱਚ ਪੰਥ ਪ੍ਰਵਾਨਿਤ ਸਿੱਖ ਰਹਿਤ ਮਾਰਿਆਦਾ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਜਿਹੜੀਆ ਸੰਪਰਦਾਵਾਂ ਅਤੇ ਡੇਰੇਦਾਰ ਇਸ ਸਿੱਖ ਰਹਿਤ ਮਰਿਆਦਾ ਤੋਂ ਬਾਗੀ ਹਨ ਉਨ੍ਹਾਂ ਨੂੰ ਪੰਥਕ ਇਕੱਠਾਂ ਵਿੱਚ ਮਾਣ ਸਨਮਾਨ ਦੇਣ ਤੋਂ ਗੁਰੇਜ ਕੀਤਾ ਜਾਵੇ।

Jap Pauree 2, Hukamee Hovan Aakaar di Vaikhayaa

0

Jap Salok 1, Pauree 1 Vyakhiaa

0

Most Viewed Posts