ਸਾਧ ਸੰਗਤ ਜੀ
ਅੱਜ ਦੇ ਵਿਡੀਓ ਵਿੱਚ ਪੰਚਮ ਪਾਤਸ਼ਾਹ ਦੇ ਉਪਦੇਸ਼ “ਦੁਰਜਨ ਸੇਤੀ ਨੇਹੁ / ਵਿਣ ਨਾਵੈ ਆਲੂਦਿਆ “ਦੀ ਵੀਚਾਰ ਗਉੜੀ ਮ:੫ (ਅੰਗ ੨੪੦) ਦੇ ਉਪਦੇਸ਼ ਜਿਉ ਮਿਰਤਕ ਮਿਥਿਆ ਸੀਗਾਰ ਦੇ ਪਰਮਾਣ ਨਾਲ ਸਮਝਣ ਵਾਸਤੇ ਮਾਰੂ ਵਾਰ ਮ:੫, ਅੰਗ ੧੦੯੭/੯੮ (ਪਵੜੀ ੧੦) ਦੀ ਵੀਡੀਓ ਜ਼ਰੂਰ ਦੇਖੋ ਜੀ ਅਤੇ ਸਮਝੀਏ ਕਿ ਸਾਡੀ ਹਾਲਤ ਉਹੋ ਜਿਹੀ ਤੇ ਨਹੀਂ । ਦਾਸ ਮਨਮੋਹਨ ਸਿੰਘ
Jaa Chhute Taa Khaaku (Maaroo Vaar M:5 Dakhane, Ang 1097, Pavree10)
Aagaahaa Koo Traagh (Maaroo Vaar M: 5 Dakhane, Ang 1096 Pauree 7)
ਸਾਧ ਸੰਗਤ ਜੀ ਪੰਚਮ ਪਾਤਸ਼ਾਹ ਦੇ ਉਪਦੇਸ਼ ਡਖਣੇ ਮ:੫ ਆਗਾਹ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ਦੀ ਵਿਆਖਿਆ ਵਿਚ ਜੀਵਤ- ਮੁਕਤੁ ਹੋ ਕੇ ਮਨੁੱਖਾ ਜਨਮ ਨੂੰ ਜਿਤਣ ਦੀ ਅਨਮੋਲ ਦਾਤ ਬਾਰੇ ਗੁਰਬਾਣੀ ਦੇ ਉਪਦੇਸ਼ ਨੂੰ ਸਮਝੋ ਤੇ ਅਪਨਾਉਣ ਦੀ ਕੋਸ਼ਿਸ਼ ਕਰੋ ਜੀ (ਮਾਰੂ ਵਾਰ ਮ:੫,ਅੰਗ ੧੦੯੬) ਦਾਸ ਮਨਮੋਹਨ ਸਿੰਘ
ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁੰਦੇ ਹੁਕਨਾਮੇ/ਸੰਦੇਸ਼ਾਂ ਦਾ ਪਹਿਲਾਂ ਵਾਲਾ ਮਾਣ ਸਤਿਕਾਰ ਬਹਾਲ ਕਰਵਾਏ ਜਾਣ ਦੀ ਮੰਗ ਉੱਠੀ
ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁੰਦੇ ਹੁਕਨਾਮੇ/ਸੰਦੇਸ਼ਾਂ ਦਾ ਪਹਿਲਾਂ ਵਾਲਾ ਮਾਣ ਸਤਿਕਾਰ ਬਹਾਲ ਕਰਵਾਏ ਜਾਣ ਦੀ ਮੰਗ ਉੱਠੀ
ਹੁਕਮਨਾਮਾ ਨੰ: 319/ਏਟੀ/00 ਮਿਤੀ 29.3.2000 ਤੁਰੰਤ ਲਾਗੂ ਕੀਤਾ ਜਾਵੇ
ਬਠਿੰਡਾ, (ਕਿਰਪਾਲ ਸਿੰਘ) : ਬਠਿੰਡਾ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ 110 ਨੁਮਾਇੰਦਿਆਂ ਦੇ ਦਸਤਖ਼ਤਾਂ ਵਾਲਾ ਮੈਮੋਰੰਡਮ ਈ-ਮੇਲ ਰਾਹੀਂ ਭੇਜ ਕੇ ਉਨ੍ਹਾਂ ਤੋਂ ਮੰਗ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਇੱਥੋਂ ਜਾਰੀ ਹੁੰਦੇ ਹੁਕਮਨਾਮੇ, ਸੰਦੇਸ਼ ਅਤੇ ਬਿਆਨਾਂ ਦਾ ਪਹਿਲਾਂ ਵਾਲਾ ਮਾਣ ਸਤਿਕਾਰ ਬਹਾਲ ਕੀਤਾ ਜਾਵੇ। ਮੈਮੋਰੰਡਮ ’ਚ ਕਿਹਾ ਗਿਆ ਕਿ ਜਿਸ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁੰਦੇ ਹੁਕਮਨਾਮਿਆਂ ਅਤੇ ਜਥੇਦਾਰ ਦੇ ਬਿਆਨਾਂ ਅੱਗੇ ਹਰ ਸਿੱਖ ਦਾ ਸਿਰ ਝੁਕਦਾ ਸੀ, ਅੱਜ ਹਾਲਾਤ ਐਸੇ ਬਣ ਗਏ ਹਨ ਕਿ ਇਸ ਦੇ ਸਤਿਕਾਰਯੋਗ ਜਥੇਦਾਰ ਵੱਲੋਂ ਦਿੱਤੇ ਜਾ ਰਹੇ ਹਰ ਬਿਆਨ ਅਤੇ ਅਕਾਲ ਤਖ਼ਤ ਸਾਹਿਬ ਦਾ ਨਾਮ ਵਰਤ ਕੇ ਜਾਰੀ ਹੁੰਦੇ ਹੁਕਮਨਾਮਿਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਉਤਪੰਨ ਹੋਈ ਇਸ ਗੰਭੀਰ ਸਥਿਤੀ ਦਾ ਮੁੱਖ ਕਾਰਨ ਬਾਦਲ ਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਦੁਰਵਰਤੋਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰੇਰਣਾਂ ਲੈ ਕੇ ਪੰਥਕ ਭਾਵਨਾਵਾਂ ਮੁਤਾਬਕ ਨਾ ਹੋ ਕੇ ਇੱਕ ਸਿਆਸੀ ਧੜੇ ਦੇ ਹਿੱਤ ਪੂਰਨ ਲਈ ਕਾਬਜ਼ ਧੜੇ ਦੇ ਦਬਾਅ ਹੇਠ ਜਾਰੀ ਕੀਤੇ ਜਾਣਾ ਹੈ। ਇਹੋ ਕਾਰਨ ਹੈ ਕਿ ਜਿਹੜੇ ਹੁਕਮਨਾਮੇ ਗੁਰਮਤਿ ਅਤੇ ਪੰਥ ਦੀ ਭਾਵਨਾ ਅਨੁਸਾਰ ਜਾਰੀ ਹੋਏ ਹਨ, ਉਨ੍ਹਾਂ ਨੂੰ ਹੁਕਮਨਾਮੇ ਲਾਗੂ ਕਰਵਾਉਣ ਲਈ ਜਿੰਮੇਵਾਰ ਸ੍ਰੋਮਣੀ ਕਮੇਟੀ ਖ਼ੁਦ ਹੀ ਲਾਗੂ ਨਹੀਂ ਕਰਦੀ ਅਤੇ ਜਿਹੜੇ ਗੁਰੂ ਦੀ ਗੋਲਕ ’ਚੋਂ 92 ਲੱਖ ਰੁਪਏ ਇਸ਼ਤਿਹਾਰਾਂ ’ਤੇ ਖਰਚ ਕੇ ਲਾਗੂ ਕਰਵਾਉਣਾ ਚਾਹੁੰਦੀ ਹੈ ਉਨ੍ਹਾਂ ਨੂੰ ਸਿੱਖ ਪੰਥ ਨਹੀਂ ਮੰਨਦਾ। ਮਿਸਾਲ ਵਜੋਂ ਦੋਵਾਂ ਤਰ੍ਹਾਂ ਦੇ ਕੁਝ ਚੋਣਵੇਂ 6 ਹੁਕਮਨਾਮਿਆਂ ਦੀਆਂ ਕਾਪੀਆਂ ਮੈਮੋਰੰਡਮ ਨਾਲ ਨੱਥੀ ਕਰਕੇ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਗਿਆ ਕਿ ਮਿਤੀ 29.3.2000 ਨੂੰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਦੀ ਜਥੇਦਾਰੀ ਹੇਠ ਹੁਕਮਨਾਮਾ ਨੰ: 319/ਏਟੀ/00 ਜਾਰੀ ਹੋਇਆ ਜਿਸ ਦੇ ਪਹਿਲੇ ਹਿੱਸੇ ’ਚ ਗਿਆਨੀ ਪੂਰਨ ਸਿੰਘ ਵੱਲੋਂ ਮਿਤੀ 25.1.2000 ਤੋਂ 29.3.2000 ਤੱਕ ਜਾਰੀ ਕੀਤੇ ਸਾਰੇ ਹੁਕਮਨਾਮੇ ਰੱਦ ਕੀਤੇ ਗਏ ਅਤੇ ਦੂਸਰੇ ਹਿੱਸੇ ’ਚ ਸ੍ਰੋਮਣੀ ਕਮੇਟੀ ਨੂੰ ਹਿਦਾਇਤ ਕੀਤੀ ਗਈ ਕਿ ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਦੇ ਸੇਵਾ ਨਿਯਮ, ਜਿਵੇਂ ਕਿ ਨਿਯੁਕਤੀ ਲਈ ਯੋਗਤਾ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ ਜਿੰਮੇਵਾਰੀਆਂ ਅਤੇ ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਿਤ ਕੀਤੇ ਜਾਣ। ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਨਿਸ਼ਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਅਕਾਲ ਤਖ਼ਤ ਸਾਹਿਬ ਦੀ ਨਿਜੀ ਹਿੱਤਾਂ ਲਈ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੀ ਨਾ ਰਹੇ ਤਾਂ ਕਿ ਖ਼ਾਲਸਾ ਪੰਥ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਤੋਂ ਜਾਰੀ ਹੁੰਦੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਹੇ। ਇਸ ਤੋਂ ਇਲਾਵਾ ਗੁਰਦੁਆਰਾ ਐਕਟ ਵਿੱਚ ਪੰਥਕ ਹਿੱਤਾਂ ਮੁਤਾਬਕ ਸੋਧ ਲਈ ਉਪਰਾਲਾ ਕਰਨ ਅਤੇ ਗੁਰਦੁਆਰਾ ਪ੍ਰਬੰਧ ਨੂੰ ਸਿਆਸਤ ਦੀ ਕੁਟਿਲਤਾ ਦੇ ਪ੍ਰਭਾਵ ਤੋਂ ਪਾਕ ਰੱਖਣ ਨੂੰ ਯਕੀਨੀ ਬਣਾਏ ਜਾਣ ਦੀ ਤਾਕੀਦ ਵੀ ਕੀਤੀ ਗਈ ਸੀ
ਸ੍ਰੋਮਣੀ ਕਮੇਟੀ ਨੇ ਇਸ ਹੁਕਮਨਾਮੇ ਦਾ ਪਹਿਲਾ ਭਾਗ ਜਿਸ ਵਿੱਚ ਜਥੇਦਾਰ ਗਿਆਨੀ ਪੂਰਨ ਸਿੰਘ ਵੱਲੋਂ ਸ੍ਰੋਮਣੀ ਕਮੇਟੀ ਦੀ ਤਤਕਾਲੀ ਪ੍ਰਧਾਨ ਅਤੇ ਹੋਰਨਾਂ ਨੂੰ ਪੰਥ ’ਚੋਂ ਛੇਕਣ ਵਾਲੇ ਜਾਰੀ ਕੀਤੇ ਗਏ ਹੁਕਮਨਾਮਿਆਂ ਨੂੰ ਰੱਦ ਕੀਤਾ ਗਿਆ ਸੀ ਉਹ ਤਾਂ ਝੱਟ ਮੰਨ ਲਿਆ ਪਰ ਦੂਸਰਾ ਹਿੱਸਾ 23 ਸਾਲ ਦਾ ਸਮਾਂ ਲੰਘ ਜਾਣ ਪਿੱਛੋਂ ਵੀ ਨਹੀਂ ਮੰਨਿਆ ਗਿਆ ਕਿਉਂਕਿ ਇਨ੍ਹਾਂ ਨੇ ਤਾਂ ਹਮੇਸ਼ਾਂ ਕਾਰਜਕਾਰੀ ਜਥੇਦਾਰਾਂ ਰਾਹੀਂ ਆਪਣੇ ਸਿਆਸੀ ਹਿੱਤ ਪੂਰਨ ਲਈ ਅਕਾਲ ਤਖ਼ਤ ਦੀ ਦੁਰਵਰਤੋਂ ਹੀ ਕਰਨੀ ਹੁੰਦੀ ਹੈ।
ਬਠਿੰਡਾ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਹੁਕਮਨਾਮਾ ਨੰ: 319/ਏਟੀ/00 29.3.2000 ਹੂ-ਬਹੂ ਸ੍ਰੋਮਣੀ ਕਮੇਟੀ ਤੋਂ ਤੁਰੰਤ ਲਾਗੂ ਕਰਵਾਇਆ ਜਾਵੇ। ਜੇ ਸ੍ਰੋਮਣੀ ਕਮੇਟੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਹੁਕਮਨਾਮਾ ਲਾਗੂ ਕਰਨ ਤੋਂ ਪਾਸਾ ਵੱਟੇ ਤਾਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦੇ ਕਾਲ ਪਿੱਛੋਂ ਜਾਰੀ ਹੋਏ ਸਾਰੇ ਹੁਕਮਨਾਮੇ ਤੁਰੰਤ ਰੱਦ ਕੀਤੇ ਜਾਣ ਕਿਉਂਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਜਥੇਦਾਰੀ ਹੇਠ ਪੰਜ ਸਿੰਘ ਸਾਹਿਬਾਨਾਂ ਨੇ ਉਕਤ ਹੁਕਮਨਾਮੇ ’ਚ ਖ਼ੁਦ ਮੰਨਿਆ ਹੈ ਕਿ ਇਥੋਂ ਜਾਰੀ ਹੋਏ ਹੁਕਮਨਾਮੇ ਕਿਸੇ ਵਿਧੀ ਵਿਧਾਨ ਮੁਤਾਬਕ ਨਹੀਂ ਬਲਕਿ ਕਿਸੇ ਖਾਸ ਮਨੁੱਖ ਦੇ ਹਿੱਤ ਪੂਰਨ ਲਈ ਜਾਰੀ ਕੀਤੇ ਜਾਂਦੇ ਹਨ। ਐਸੇ ਹੁਕਮਨਾਮੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਨ੍ਹਾਂ ਸੰਸਥਾਵਾਂ ਦਾ ਦੁਰਉਪਯੋਗ ਕਰਨ ਵਾਲੇ ਸ੍ਰੋਮਣੀ ਅਕਾਲੀ ਦਲ ਦੇ ਵਕਾਰ ਨੂੰ ਨੁਕਸਾਨ ਪਹੁੰਚਾਉਣ ਦਾ ਮੁੱਖ ਕਾਰਨ ਬਣਦੇ ਹਨ ਜਿਨ੍ਹਾਂ ਤੁਰੰਤ ਦੂਰ ਕਰਨ ਦੀ ਅਤਿਅੰਤ ਜ਼ਰੂਰਤ ਹੈ।
ਇੱਥੇ ਇਹ ਦੱਸਣਾ ਜਰੂਰੀ ਹੈ ਕਿ ਜਥੇਦਾਰ ਨੂੰ ਇਹ ਮੈਮੋਰੰਡਮ ਮਿਤੀ 23.09.2022 ਨੂੰ ਤਿਆਰ ਕੀਤਾ ਗਿਆ ਸੀ ਪਰ ਜਥੇਦਾਰ ਸਾਹਿਬ ਦੇ ਦਮਦਮਾ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਦੋਵੇਂ ਪੀਏ ਸਮੇਤ ਜਥੇਦਾਰ ਸਾਹਿਬ ਦੇ ਨਿੱਜੀ ਸਕੱਤਰ ਤੋਂ ਜਥੇਦਾਰ ਸਹਿਬ ਨੂੰ ਮਿਲਣ ਲਈ ਵਾਰ ਵਾਰ ਸਮਾਂ ਮੰਗੇ ਜਾਣ ਦੇ ਬਾਵਜੂਦ ਉਹ ਹਮੇਸ਼ਾਂ ਟਾਲਦੇ ਰਹੇ ਤਾਂ ਆਖਰ ਅੱਜ ਉਨ੍ਹਾਂ ਨੂੰ ਈ-ਮੇਲ ਰਾਹੀਂ ਭੇਜ ਦਿੱਤਾ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਹੇਠ ਮਿਤੀ 20.04.1998 ਤੋਂ 24.09.2015 ਤੱਕ ਦੇ ਹੁਕਮਨਾਮੇ।
ਨੱਥੀ: 110 ਨੁਮਾਇੰਦਿਆਂ ਦੇ ਦਸਖਤਾਂ ਵਾਲਾ ਮੈਮੋਰੰਡਮ
ਦਸਖਤਾਂ ਵਾਲਾ ਮੈਮੋਰੰਡਮ ਵੇਖਣ ਲਈ ਇਥੇ ਕਲਿਕ ਕਰੋ ਜੀ
ਮੈਮੋਰੰਡਮ ਈ-ਮੇਲ ਰਾਹੀਂ ਭੇਜਣ ਦਾ ਫੈਸਲਾ ਕਰਨ ਵਾਲੇ ਨੁਮਾਇੰਦਿਆਂ ਗਰੁੱਪ ਫੋਟੋ
ਜਾਰੀ ਕਰਤਾ : ਕਿਰਪਾਲ ਸਿੰਘ ਸੰਪਰਕ 88378-13661/98554-80797
ਕਾਜ਼ੀ ਨੂਰ ਮੁਹੰਮਦ ਤੇ ਉਸ ਦਾ ਜੰਗਨਾਮਾ
ੴ ਸਤਿਗੁਰ ਪ੍ਰਸਾਦਿ
ਕਾਜ਼ੀ ਨੂਰ ਮੁਹੰਮਦ ਤੇ ਉਸ ਦਾ ਜੰਗਨਾਮਾ
ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ,
ਹੈਡਮਾਸਟਰ (ਸੇਵਾ ਮੁਕਤ), 105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436
ਅਹਿਮਦਸ਼ਾਹ ਅਬਦਾਲੀ ਨੇ ਸੰਨ 1764 ਦੇ ਅਖੀਰ ਵਿੱਚ ਹਿੰਦੋਸਤਾਨ ਤੇ ਸੱਤਵੇਂ ਹਮਲੇ ਦੀ ਯੋਜਨਾ ਬਣਾਈ ਤਾਂ ਉਸ ਨੇ ਬਲੋਚਿਸਤਾਨ ਦੀ ਇੱਕ ਰਿਆਸਤ ਕਲਾਤ ਦੇ ਹਾਕਮ ਮੁਹੰਮਦ ਨਸੀਰ ਖਾਨ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਨਸੀਰ ਖਾਨ ਸਿੱਖਾਂ ਦਾ ਕੱਟੜ ਦੁਸ਼ਮਣ ਸੀ ਤੇ ਉਹ ਸਿੱਖਾਂ ਨਾਲ ਨਫ਼ਰਤ ਕਰਦਾ ਸੀ ਅਤੇ ਇਸ ਮੌਕੇ ਦੀ ਭਾਲ ਵਿੱਚ ਸੀ ਕਿ ਮੈਂ ਕਦੋਂ ਇਹਨਾਂ ਦਾ ਖੁਰਾ ਖੋਜ ਮਿਟਾ ਦੇਵਾਂ। ਇਸ ਲਈ ਉਹ ਸੁਣਦੇ ਸਾਰ ਹੀ ਸਿੱਖਾਂ ਨੂੰ ਕੁਚਲਣ ਲਈ ਅਬਦਾਲੀ ਦੇ ਨਾਲ ਆਪਣੀ ਫ਼ੌਜ ਸਮੇਤ ਜਾਣ ਲਈ ਤਿਆਰ ਹੋ ਗਿਆ। ਜਦੋਂ ਮੁਹੰਮਦ ਨਸੀਰ ਖਾਨ ਕਲਾਤ ਤੋਂ ਚੱਲਿਆ ਤਾਂ ਰਸਤੇ ਵਿੱਚ ਵੱਖ ਵੱਖ ਗੋਤਾਂ ਦੇ ਬਰੂਹੀ ਬਲੋਚ ਉਸ ਦੇ ਨਾਲ ਰਲ਼ਦੇ ਗਏ। ਅਹਿਮਦਸ਼ਾਹ ਅਬਦਾਲੀ ਪਠਾਨ ਸੀ ਤੇ ਨਸੀਰ ਖਾਨ ਬਰੂਹੀ ਗੋਤ ਦਾ ਸੀ। ਨਸੀਰ ਖਾਨ ਆਪਣੇ ਲਸ਼ਕਰ ਸਮੇਤ ਗੰਜਾਬੇ ਪਹੁੰਚਿਆ। ਕਾਜ਼ੀ ਨੂਰ ਮੁਹੰਮਦ ਗੰਜਾਬੇ ਦੇ ਰਹਿਣ ਵਾਲਾ ਸੀ। ਬਲੋਚੀ ਫ਼ੌਜ ਦਾ ਜੋਸ਼ ਵੇਖ ਕੇ ਕਾਜੀ ਨੂਰ ਮੁਹੰਮਦ ਜੋ ਸਿੱਖਾਂ ਦਾ ਅੱਤ ਦਰਜੇ ਦਾ ਵੈਰੀ ਸੀ, ਨੂੰ ਵੀ ਗਾਜ਼ੀ ਬਣਨ ਦਾ ਚਾਅ ਪੈਦਾ ਹੋ ਗਿਆ। ਨਸੀਰ ਖਾਨ ਨੇ ਕਾਜ਼ੀ ਨੂੰ ਕਿਹਾ ਕਿ ਤੂੰ ਸਾਡੇ ਲਸ਼ਕਰ ਦੇ ਨਾਲ ਹੀ ਚੱਲ ਤੇ ਸਾਡੀ ਬਹਾਦਰੀ ਦੀ ਦਾਸਤਾਨ ਨੂੰ ਇੱਕ ਲੰਬੀ ਕਵਿਤਾ ਵਿੱਚ ਨਸ਼ਰ ਕਰੀਂ। ਕਾਜ਼ੀ ਕਹਿਣ ਲੱਗਾ ਕਿ ਮੈਂ ਤੁਹਾਡੀ ਬਹਾਦਰੀ ਦੇ ਕਾਰਨਾਮੇ ਤਾਂ ਜ਼ਰੂਰ ਲਿਖ ਦਿਆਂਗਾ ਪਰ ਮੈਨੂੰ ਇਸ ਦੇ ਬਦਲੇ ਜਿੱਥੇ ਮੈਂ ਗੰਜਾਬੇ ਦਾ ਕਾਜ਼ੀ ਹਾਂ ਉੱਥੇ ਮੈਨੂੰ ਸ਼ਿਕਾਰਪੁਰ, ਡੇਰਾ ਇਜ਼ਰਾਈਲ ਅਤੇ ਡੇਰਾ ਗਾਜ਼ੀਖਾਨ ਦਾ ਕਾਜ਼ੀ ਵੀ ਥਾਪ ਦੇਣਾ। ਇਸ ਵਕਤ ਤੱਕ ਕਾਜ਼ੀ ਨੂਰ ਮੁਹੰਮਦ ਦੀ ਉਮਰ ਪੰਜਾਹ ਵਰ੍ਹਿਆਂ ਤੋਂ ਟੱਪ ਚੁੱਕੀ ਸੀ। ਉਸ ਦੀ ਦਾੜ੍ਹੀ ਚਿੱਟੀ ਹੋ ਚੁੱਕੀ ਸੀ। ਕਾਜੀ ਨੂਰ ਮੁਹੰਮਦ ਦਾ ਬਾਪ; ਕਾਜ਼ੀ ਅਬਦੁਲ ਕਿਲਵਾੜ ਵਾਸੀ ਗੰਜਾਬੇ (ਬਲੋਚਿਸਤਾਨ) ਦੇ ਰਹਿਣ ਵਾਲਾ ਸੀ। ਕਾਜ਼ੀ ਨੂਰ ਮੁਹੰਮਦ ਇਹ ਵਾਅਦਾ ਲੈ ਕੇ ਅਬਦਾਲੀ ਵੱਲੋਂ ਕੀਤੇ ਜਾ ਰਹੇ ਭਾਰਤ ਉਪਰ ਸੱਤਵੇਂ ਹਮਲੇ ਵਿੱਚ ਜਾਣ ਲਈ ਤਿਆਰ ਹੋ ਗਿਆ।
ਅਹਿਮਦਸ਼ਾਹ ਅਬਦਾਲੀ ਸਿੱਖਾਂ ਦੀ ਤਾਕਤ ਪਹਿਲਾਂ ਵੀ ਵੇਖ ਚੁੱਕਾ ਸੀ ਕਿ ਭਾਵੇਂ ਇਹ ਗਿਣਤੀ ਵਿੱਚ ਘੱਟ ਹਨ, ਪਰ ਹਾਰਨ ਵਾਲੇ ਨਹੀਂ ਹਨ। ਇਸ ਲਈ ਉਸ ਨੇ ਵੱਧ ਤੋਂ ਵੱਧ ਫ਼ੌਜੀ ਤਾਕਤ ਹਾਸਲ ਕਰਨ ਲਈ ਜਹਾਦ ਦਾ ਨਾਹਰਾ ਮਾਰਿਆ। ਸੰਨ 1764 ਦੇ ਅਖੀਰ ਵਿੱਚ ਅਬਦਾਲੀ ਆਪਣੀ 18000 ਫ਼ੌਜ ਲੈ ਕੇ ਕੰਧਾਰ ਤੋਂ ਰਵਾਨਾ ਹੋਇਆ। ਨਸੀਰ ਖਾਨ ਆਪਣੀ 12000 ਫ਼ੌਜ ਲੈ ਕੇ ਕਲਾਤ ਤੋਂ ਚੱਲ ਪਿਆ। ਕਾਜ਼ੀ ਨੂਰ ਮੁਹੰਮਦ (ਪ੍ਰਸਿੱਧ ਇਤਿਹਾਸਕਾਰ) ਵੀ ਯੁੱਧ ਦਾ ਅੱਖੀਂ ਡਿੱਠਾ ਹਾਲ ਲਿਖਣ ਦੇ ਮਨੋਰਥ ਨਾਲ ਨਸੀਰ ਖਾਨ ਦੇ ਨਾਲ ਚੱਲ ਪਿਆ। ਰਸਤੇ ਵਿੱਚ ਕਾਜ਼ੀ ਨੂਰ ਮੁਹੰਮਦ ਨੇ ਚਨਿਓਟ ਸ਼ਹਰ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਨੂੰ ਤਬਾਹ ਹੋਇਆ ਵੇਖਿਆ। ਇਸ ਸ਼ਹਰ ਨੂੰ ਭੰਗੀ ਮਿਸਲ ਦੇ ਸਰਦਾਰ ਝੰਡਾ ਸਿੰਘ ਭੰਗੀ ਨੇ ਜਿੱਤਿਆ ਸੀ ਤੇ ਫਿਰ ਲੁੱਟ ਕੇ ਤਬਾਹ ਕਰ ਦਿੱਤ ਸੀ। ਇਸ ਸ਼ਹਰ ਨੂੰ ਲੁੱਟਿਆ ਵੇਖ ਕੇ ਕਾਜ਼ੀ ਨੂਰ ਮੁਹੰਮਦ ਸੜ ਬਲ ਗਿਆ ਤੇ ਸਿੱਖਾਂ ਨੂੰ ਲਾਹਨਤਾਂ ਪਾਉਣ ਲੱਗਾ। ਉਸ ਨੇ ਸਿੱਖਾਂ ਨੂੰ ਸੱਗ (ਕੁੱਤੇ), ਪਲੀਤ, ਬੁੱਤ ਪੂਜਕ ਅਤੇ ਅਧਰਮੀ ਸ਼ਬਦਾਂ ਨਾਲ ਸੰਬੋਧਤ ਕੀਤਾ। ਆਪਣੇ ਜੰਗ ਨਾਮੇ ਵਿੱਚ ਵੀ ਉਸ ਨੇ ਸਿੱਖਾਂ ਲਈ ਫਾਰਸੀ ਦਾ ਸ਼ਬਦ ‘ਸਗ’ ਭਾਵ ਕੁੱਤਾ ਹੀ ਲਿਖਿਆ ਹੈ।
ਨਸੀਰ ਖਾਨ ਆਪਣੀ 12000 ਫ਼ੌਜ ਸਮੇਤ ਐਮਨਾਬਾਦ ਪਹੁੰਚਿਆ, ਜਿੱਥੇ ਅਬਦਾਲੀ ਆਪਣੀ 18000 ਫ਼ੌਜ ਨਾਲ ਪਹਿਲਾਂ ਹੀ ਡੇਰੇ ਲਾਈ ਬੈਠਾ ਸੀ। ਹੁਣ ਅਬਦਾਲੀ ਕੋਲ ਟਾਕਰੇ ਲਈ 30,000 ਫ਼ੌਜ ਸੀ। ਅਬਦਾਲੀ ਆਪਣੀ ਫ਼ੌਜ ਸਮੇਤ ਰਾਵੀ ਦਰਿਆ ਪਾਰ ਕਰਕੇ ਲਹੌਰ ਪਹੁੰਚਿਆ। ਨਸੀਰ ਖਾਨ ਅਗਲੇ ਦਿਨ ਲਹੌਰ ਪਹੁੰਚਿਆ, ਪਰ ਸਿੱਖਾਂ ਨੇ ਉਸ ਦੇ ਫ਼ੌਜੀ ਦਸਤੇ ’ਤੇ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਸ੍ਰ: ਚੜ੍ਹਤ ਸਿੰਘ ਦੀ ਅਗਵਾਈ ਵਿੱਚ ਹਮਲਾ ਕਰ ਦਿੱਤਾ। ਇਸ ਹਮਲੇ ਦਾ ਅੱਖੀ ਡਿੱਠਾ ਹਾਲ ਕਾਜ਼ੀ ਨੂਰ ਮੁਹੰਮਦ ਨੇ ਆਪਣੇ ਜੰਗ ਨਾਮੇ ਵਿੱਚ ਲਿਖਿਆ। ਈਰਖਾ ਵੱਸ ਉਹ ਸ੍ਰ: ਚੜ੍ਹਤ ਸਿੰਘ ਨੂੰ ਆਪਣੇ ਜੰਗ ਨਾਮੇ ਵਿੱਚ ਚੜ੍ਹਤੂ ਹੀ ਲਿਖਦਾ ਹੈ। ਇਸ ਤੋਂ ਬਾਅਦ ਅਬਦਾਲੀ ਤੇ ਨਸੀਰ ਖਾਨ 30,000 ਫ਼ੌਜ ਸਮੇਤ ਅੰਮ੍ਰਿਤਸਰ ਪਹੁੰਚੇ। ਸਿੱਖ ਉਸ ਵਕਤ ਅੰਮ੍ਰਿਤਸਰ ਵਿੱਚ ਨਹੀਂ ਸਨ। ਅਕਾਲ ਬੁੰਗੇ (ਅਕਾਲ ਤਖਤ) ਵਿਖੇ ਬਾਬਾ ਗੁਰਬਖਸ਼ ਸਿੰਘ ਦੀ ਅਗਵਾਈ ਵਿੱਚ ਕੇਵਲ ਤੀਹ ਸਿੰਘ ਸਨ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅਬਦਾਲੀ ਦੀ ਤੀਹ ਹਜ਼ਾਰ ਫ਼ੌਜ ਨਾਲ ਡੱਟ ਕੇ ਮੁਕਾਬਲਾ ਕੀਤਾ ਤੇ ਸਾਰੇ ਤੀਹ ਸਿੰਘ ਹਜ਼ਾਰਾਂ ਅਬਦਾਲੀ ਦੇ ਫ਼ੌਜੀਆਂ ਨੂੰ ਮਾਰਨ ਤੋਂ ਬਾਅਦ ਸ਼ਹੀਦ ਹੋ ਗਏ। ਇਸ ਜੰਗ ਨੂੰ ਵੇਖ ਕੇ ਕਾਜ਼ੀ ਨੂਰ ਮੁਹੰਮਦ, ਜੋ ਸਿੱਖਾਂ ਲਈ ‘ਸਗ, ਪਲੀਤ ਅਤੇ ਕਾਫ਼ਰ’ ਆਦਿ ਸ਼ਬਦ ਵਰਤਦਾ ਹੈ, ਸਿੱਖਾਂ ਦੀ ਬਹਾਦਰੀ ਵੇਖ ਕੇ ਇਹ ਲਿਖਣ ਲਈ ਮਜਬੂਰ ਹੋ ਗਿਆ ‘ਇਹਨਾਂ ਨੂੰ ਸਗ (ਕੁੱਤੇ) ਨਾ ਕਹੋ, ਇਹ ਸ਼ੇਰ ਹਨ। ਜੰਗ ਦੇ ਮੈਦਾਨ ਵਿੱਚ ਇਹ ਬੱਬਰ ਸ਼ੇਰ ਹਨ। ਜੋ ਮਨੁੱਖ ਜੰਗ ਦੇ ਮੈਦਾਨ ਵਿੱਚ ਸ਼ੇਰਾਂ ਵਾਂਗ ਗੱਜਦੇ ਹਨ, ਉਹਨਾਂ ਨੂੰ ਸਗ ਕਿਵੇਂ ਕਿਹਾ ਜਾ ਸਕਦਾ ਹੈ। ਜੇ ਕੋਈ ਜੰਗ ਦੀ ਕਲਾ ਸਿੱਖਣੀ ਚਾਹੇ ਤਾਂ ਇਹਨਾਂ ਸ਼ੇਰਾਂ ਕੋਲੋਂ ਸਿੱਖ ਲਵੇ। ਇਹ ਦੁਸ਼ਮਣ ਅੱਗੇ ਹਿੱਕ ਤਾਣ ਕੇ ਲੜਦੇ ਹਨ ਤੇ ਆਪਣੇ ਆਪ ਨੂੰ ਬਚਾਉਂਦੇ ਹਨ। ‘ਸਿੰਘ’ ਦਾ ਮਤਲਬ ਹੈ ‘ਸ਼ੇਰ’। ਇਹਨਾਂ ਨੂੰ ਸਗ ਕਹਿਣਾ ਬੇਇਨਸਾਫ਼ੀ ਹੈ।
ਅਕਾਲ ਬੁੰਗੇ ਵਿਖੇ ਹੋਈ ਇਸ ਝੜਪ ਤੋਂ ਬਾਅਦ ਅਬਦਾਲੀ ਲਹੌਰ ਤੋਂ ਬਟਾਲੇ, ਹੁਸ਼ਿਆਰਪੁਰ, ਰੋਪੜ ਅਤੇ ਪਿੰਜੋਰ ਤੋਂ ਹੁੰਦਾ ਹੋਇਆ ਕੁੰਜਪੁਰੇ (ਕਰਨਾਲ) ਪਹੁੰਚ ਗਿਆ, ਪਰ ਉਸ ਦੀ ਇਹ ਹਿੰਮਤ ਨਾ ਪਈ ਕਿ ਦਿੱਲੀ ਵੀ ਜਾਵੇ ਕਿਉਂਕਿ ਸਿੱਖਾਂ ਨੇ ਦਿੱਲੀ ਨੂੰ ਪਹਿਲਾਂ ਹੀ ਘੇਰਾ ਪਾਇਆ ਹੋਇਆ ਸੀ। ਇਸ ਲਈ ਉਸ ਨੇ ਰੋਹਤਾਸ ਦੇ ਰਸਤੇ ਵਾਪਸ ਅਫ਼ਗਾਨਿਸਤਾਨ ਜਾਣ ਦਾ ਫ਼ੈਸਲਾ ਕੀਤਾ।
ਕਾਜ਼ੀ ਨੂਰ ਮੁਹੰਮਦ ਨੇ ਵਾਪਸ ਕਲਾਤ ਪਹੁੰਚ ਕੇ, ਜੋ ਜੰਗਨਾਮਾ ਲਿਖਿਆ ਉਸ ਦੇ 55 ਅਧਿਆਇ ਹਨ। ‘ਜੰਗਨਾਮਾ’ ਫ਼ਾਰਸੀ ਦਾ ਸ਼ਬਦ ਹੈ। ‘ਜੰਗ’ ਦਾ ਅਰਥ ਹੈ ‘ਲੜਾਈ’ ਅਤੇ ‘ਨਾਮਾ’ ਦਾ ਭਾਵ ਹੈ ‘ਵਾਰ’ (ਕਵਿਤਾ ਦਾ ਰੂਪ)। ਇਸ ਜੰਗ ਨਾਮੇ ਰਾਹੀਂ ਇਤਿਹਾਸ ਦੀਆਂ ਬਹੁਤ ਸਾਰੀਆਂ ਕੜੀਆਂ ਖੁੱਲ੍ਹਦੀਆਂ ਹਨ। ਉਹ, ਆਪਣੇ ਜੰਗਨਾਮੇ ਵਿੱਚ ਲਿਖਦਾ ਹੈ ਕਿ ਸਰਹਿੰਦ ਦੇ ਇਲਾਕੇ ਵਿੱਚ ਇੱਕ ਸਰਦਾਰ ਆਲਾ ਜੱਟ ਸੀ, ਜੋ ਅਬਦਾਲੀ ਦਾ ਖੈਰ ਖੁਆਹ ਸੀ। ਜਦੋਂ ਅਬਦਾਲੀ ਸਰਹਿੰਦ ਵਿੱਚ ਸੀ ਤਾਂ ਉਸ ਨੇ ਆਲੇ ਜੱਟ ਨੂੰ ਸੱਦਾ ਭੇਜਿਆ ਉਹ ਕੁੱਝ ਤੋਹਫੇ ਲੈ ਕੇ ਅਬਦਾਲੀ ਕੋਲ ਹਾਜ਼ਰ ਹੋਇਆ। ਅਬਦਾਲੀ ਨੇ ਖੁਸ਼ ਹੋ ਕੇ ਉਸ ਨੂੰ ਸਰਹਿੰਦ ਦਾ ਇਲਾਕਾ ਸੌਂਪ ਦਿੱਤਾ, ਪਰ ਅਸਲੀਅਤ ਇਹ ਵੀ ਸੀ ਕਿ ਗੁਰੂ ਮਾਰੀ ਸਰਹਿੰਦ ਨੂੰ ਕੋਈ ਸਿੱਖ ਲੈਣ ਲਈ ਤਿਆਰ ਨਹੀਂ ਸੀ। ਮੁਸਲਮਾਨ ਵੀ ਇਸ ਇਲਾਕੇ ਵਿੱਚ ਆਉਣ ’ਤੇ ਸਿੱਖਾਂ ਕੋਲ਼ੋਂ ਡਰਦੇ ਸਨ। ਇਹ ਆਲਾ ਜੱਟ ਦਰਅਸਲ ਬਾਬਾ ਆਲਾ ਸਿੰਘ ਹੀ ਸੀ। ਇਸ ਨੇ ਆਪਣਾ ਵਕੀਲ ਨਾਨੂ ਸਿੰਘ ਗਰੇਵਾਲ; ਦਲ ਖਾਲਸਾ ਕੋਲ ਭੇਜਿਆ ਕਿ ਸਿੰਘ ਅਬਦਾਲੀ ਨਾਲ ਸਮਝੌਤਾ ਕਰ ਲੈਣ ਤੇ ਅਮਨ ਅਮਾਨ ਨਾਲ ਬੈਠਣ। ਖਾਲਸੇ ਨੇ ਅੱਗੋਂ ਜੁਆਬ ਭੇਜਿਆ ਕਿ ਅਬਦਾਲੀ; ਲੁਟੇਰਾ ਤੇ ਧਾੜਵੀ ਹੈ। ਇਸ ਨਾਲ ਸਾਡਾ ਕੋਈ ਮੇਲ ਮਿਲਾਪ ਨਹੀਂ ਹੋ ਸਕਦਾ। ਸਾਨੂੰ ਤਾਂ ਸਤਿਗੁਰੂ ਜੀ ਨੇ ਪਹਿਲਾਂ ਹੀ ਪਾਤਸ਼ਾਹੀ ਬਖ਼ਸ਼ੀ ਹੋਈ ਹੈ। ਅਬਦਾਲੀ ਸਾਨੂੰ ਦੇਣ ਵਾਲਾ ਕੌਣ ਹੁੰਦਾ ਹੈ। ਇਸ ਲੁਟੇਰੇ ਨਾਲ ਗੱਲ-ਬਾਤ ਤਾਂ ਜੰਗ ਦੇ ਮੈਦਾਨ ਵਿੱਚ ਹੀ ਹੋਵੇਗੀ। ਜੰਗ ਨਾਮੇ ਵਿੱਚ ਕਾਜੀ ਨੂਰ ਮੁਹੰਮਦ ਨੇ ਪੰਜਾਬ ਦੇ ਲੋਕਾਂ ਦਾ ਸੱਭਿਆਚਾਰ, ਰਹਿਣ ਸਹਿਣ ਤੇ ਖਾਣ ਪੀਣ ਦਾ ਢੰਗ, ਪੰਜਾਬ ਦੀ ਖੇਤੀ ਆਦਿ ਦਾ ਵਰਣਨ ਵੀ ਕੀਤਾ ਹੈ।
ਅਬਦਾਲੀ ਦੀ ਫ਼ੌਜ ਵੱਲੋਂ ਜੰਗ ਦੇ ਦੌਰਾਨ ਵਾਪਰੀਆਂ ਘਟਨਾਵਾਂ ਦਾ ਹਾਲ ਉਸ ਨੇ ਜੰਗ ਨਾਮੇ ਵਿੱਚ ਵਿਸਥਾਰ ਸਹਿਤ ਕੀਤਾ ਹੈ। ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ, ਜੋ ਸ਼ੁਕਰ ਚਕੀਆ ਮਿਸਲ ਦੇ ਸਰਦਾਰ ਸਨ, ਦੀ ਲਹੌਰ ਨੇੜੇ ਬਲੋਚਾਂ ਨਾਲ ਹੋਈ ਝੜਪ, ਅਕਾਲ ਬੁੰਗਾ (ਅੰਮ੍ਰਿਤਸਰ) ਵਿਖੇ ਭਾਈ ਗੁਰਬਖਸ਼ ਸਿੰਘ ਦੀ 30 ਸਾਥੀਆਂ ਸਮੇਤ ਹੋਈ ਸ਼ਹੀਦੀ ਦਾ ਵੀ ਜ਼ਿਕਰ ਹੈ। ਇਸ ਤੋਂ ਇਲਾਵਾ ਮਹਾਰਾਜਾ ਆਲਾ ਸਿੰਘ ਨੂੰ ਰਾਜਗੀ ਦਾ ਖਿਤਾਬ ਦੇਣਾ ਅਤੇ ਵਾਪਸੀ ਤੇ ਲਹੌਰ ਵੱਲੋਂ ਪਰਤਣ ਸਮੇਂ ਸਿੰਘਾਂ ਨੇ ਫਿਲੋਰ ਅਤੇ ਤਲਵਣ ਦੇ ਪੱਤਣ ਤੇ ਨਾਕਾ ਲਾ ਲੈਣਾ ਅਤੇ ਅਬਦਾਲੀ ਵੱਲੋਂ ਝਕਾਨੀ ਦੇ ਕੇ ਨਿੱਕਲ ਜਾਣ ਦਾ ਵਰਨਣ ਵੀ ਹੈ। ਖ਼ਲਸਾ ਫ਼ੌਜ ਨੇ ਫਿਰ ਅਬਦਾਲੀ ਨੂੰ ਜਾ ਕੇ ਘੇਰਿਆ ਅਤੇ ਬਿਸਤ ਦੁਆਬੇ ਵਿੱਚ ਕਈ ਦਿਨ ਉਸ ਨੂੰ ਚੰਗੀ ਟੱਕਰ ਦਿੱਤੀ। ਅੰਤ ਮਜਬੂਰ ਹੋ ਕੇ ਅਬਦਾਲੀ ਰੋਹਤਾਸ ਦੇ ਰਸਤੇ ਵਲਾਇਤ (ਆਪਣੇ ਦੇਸ਼) ਚਲਾ ਗਿਆ।
ਜੰਗ ਨਾਮੇ ਦੇ 41ਵੇਂ ਅਧਿਆਇ ਵਿੱਚ ਉਹ ਸਿੰਘਾਂ ਦੀ ਬਹਾਦਰੀ, ਲੜਾਈ ਦੇ ਦਾਓ ਪੇਚ ਅਤੇ ਸਿੰਘਾਂ ਦੇ ਉੱਚੇ ਤੇ ਸੁੱਚੇ ਚਾਲ ਚੱਲਣ ਦੀ ਰੱਜ ਕੇ ਤਰੀਫ ਕਰਦਾ ਹੈ। ਇੱਕ ਕੱਟੜ ਜਨੂੰਨੀ ਮੁਸਲਮਾਨ, ਜੋ ਸਿੱਖਾਂ ਨੂੰ ਸਗ (ਕੁੱਤੇ) ਲਿਖਦਾ ਹੈ, ਵੱਲੋਂ ਤਾਰੀਫ਼ ਕਰਨੀ ਸਿੱਖਾਂ ਲਈ ਫਖ਼ਰ ਦੀ ਗੱਲ ਹੈ। ਕਾਜ਼ੀ ਨੂਰ ਮੁਹੰਮਦ ਜੰਗਨਾਮੇ ਵਿੱਚ ਲਿਖਦਾ ਹੈ ਕਿ ਇਹਨਾਂ ਸਿੱਖਾਂ ਨੂੰ ਸਗ (ਕੁੱਤੇ) ਨਾ ਕਹੋ, ਇਹ ਸ਼ੇਰ ਹਨ। ਜਦੋਂ ਇਹ ਹੱਥ ਵਿੱਚ ਤਲਵਾਰ ਫੜਦੇ ਹਨ ਤਾਂ ਮਾਰੋ ਮਾਰ ਕਰਦੇ ਜਾਂਦੇ ਹਨ। ਜਦੋਂ ਇਹ ਨੇਜ਼ਾ ਫੜਦੇ ਹਨ ਤਾਂ ਦੁਸ਼ਮਣ ਦੀ ਫ਼ੌਜ ਵਿੱਚ ਭਾਜੜ ਪੈ ਜਾਂਦੀਆਂ ਹਨ। ਇਹ ਨੇਜ਼ੇ ਦੀ ਨੋਕ ਨੂੰ ਉੱਚਾ ਅਸਮਾਨ ਵੱਲ ਚੁੱਕਦੇ ਹਨ ਤਾਂ ਇਹ ਪਹਾੜ ਵੀ ਚੀਰ ਸੁੱਟਦੇ ਹਨ। ਜਦੋਂ ਇਹ ਕਮਾਨ ਦਾ ਚਿੱਲਾ ਚੜਾਉਂਦੇ ਹਨ ਤਾਂ ਦੁਸ਼ਮਣ ਥਰ ਥਰ ਕੰਬਣ ਲੱਗਦਾ ਹੈ। ਸਰੀਰ ਇਹਨਾਂ ਨੂੰ ਪਹਾੜ ਦਾ ਟੁਕੜਾ ਹੀ ਲੱਗਦਾ ਹੈ ਅਤੇ ਇੱਕ ਇੱਕ ਸੈਨਿਕ 50 ਸੈਨਿਕਾਂ ਜਿੰਨੀ ਤਾਕਤ ਰੱਖਦਾ ਹੈ। ਜਦੋਂ ਇਹ ਬੰਦੂਕ ਨੂੰ ਹੱਥ ਪਾਉਂਦੇ ਹਨ ਤਾਂ ਸ਼ੇਰਾਂ ਵਾਂਗੂੰ ਗਰਜਦੇ ਹੋਏ ਨਾਅਰੇ ਮਾਰਦੇ ਹਨ ਤੇ ਜੰਗ ਦੇ ਮੈਦਾਨ ਵਿੱਚ ਕਈਆਂ ਦੇ ਸਿਰ ਲਾਹ ਸੁੱਟਦੇ ਹਨ। ਇਹ ਅੱਗੇ ਚੱਲ ਕੇ ਲਿਖਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਪਿਛਲੇ ਜਮਾਨੇ ਵਿੱਚ ਬੰਦੂਕ, ਲੁਕਮਨ ਹਕੀਮ ਨੇ ਨਹੀਂ ਬਲਕਿ ਸਗਾਂ ਨੇ ਹੀ ਬਣਾਈ ਸੀ। ਇਸ ਗੱਲ ਦੀ ਗਵਾਹੀ ਇੱਥੋਂ ਹੀ ਮਿਲਦੀ ਹੈ ਕਿ 30 ਸਿੰਘਾਂ ਨੇ ਅਬਦਾਲੀ ਦੀ ਤੀਹ ਹਜਾਰ ਫ਼ੌਜ ਨਾਲ ਟੱਕਰ ਲਈ ਹੈ। ਲੜਾਈ ਵਿੱਚੋਂ ਭੱਜ ਜਾਣਾ ਵੀ ਇਹਨਾਂ ਦਾ ਇੱਕ ਦਾਅ ਪੇਚ ਹੈ। ਇਸ ਤਰ੍ਹਾਂ ਦੁਸ਼ਮਣ ਦੀ ਫ਼ੌਜ ਪਿੱਛੇ ਚਲੀ ਜਾਂਦੀ ਹੈ ਤੇ ਫਿਰ ਉਸ ਨੂੰ ਜਾ ਘੇਰਦੇ ਹਨ। ਨਸੀਰ ਖਾਨ ਇਸੇ ਚਾਲ ਵਿੱਚ ਹੀ ਫਸ ਗਿਆ ਸੀ। ਉਸ ਦੇ ਘੋੜੇ ਨੂੰ ਗੋਲੀ ਲੱਗੀ ਤੇ ਉਸ ਨੇ ਆਪ ਮਸਾਂ ਹੀ ਭੱਜ ਕੇ ਜਾਨ ਬਚਾਈ।
ਕਾਜ਼ੀ ਨੂਰ ਮੁਹੰਮਦ ਸਿੱਖਾਂ ਦੇ ਧਰਮ ਬਾਰੇ ਲਿਖਦਾ ਹੈ ਕਿ ਸਿੱਖ ਉਸ ਧਾਰਮਿਕ ਬਿਰਤੀ ਵਾਲੇ ਪੀਰ ਦੇ ਚੇਲੇ ਹਨ, ਜੋ ਚੱਕ (ਅੰਬਰਸਰ) ਵਿੱਚ ਰਹਿੰਦਾ ਸੀ। ਉਸ ਤੋਂ ਪਿੱਛੋਂ ਉਹਨਾਂ ਦਾ ਗੱਦੀ ਨਸ਼ੀਨ ਗੋਬਿੰਦ ਸਿੰਘ ਹੋਇਆ ਹੈ, ਜਿਸ ਨੇ ਸਿੱਖਾਂ ਨੂੰ ‘ਸਿੰਘ’ ਦਾ ਖਿਤਾਬ ਦਿੱਤਾ ਹੈ। ਇਹ ਸਗ; ਹਿੰਦੂਆਂ ਵਿੱਚੋਂ ਨਹੀਂ ਹਨ ਸਗੋਂ ਇਹਨਾਂ ਦਾ ਰਸਤਾ ਵੱਖਰਾ ਹੀ ਹੈ। ਸਿੱਖਾਂ ਦੇ ਉੱਚੇ ਤੇ ਸੁੱਚੇ ਚਾਲ ਚੱਲਣ ਦਾ ਵੀ ਕਾਜ਼ੀ ਨੂਰ ਮੁਹੰਮਦ ਨੇ ਜੰਗ ਨਾਮੇ ਵਿੱਚ ਵਰਣਨ ਕੀਤਾ ਹੈ। ਉਹ ਸਿੱਖਾਂ ਦੀ ਬਦਖੋਈ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ ਪਰ ਜਦੋਂ ਉਹ ਸਿੱਖਾਂ ਦੀ ਨਿਡਰਦਾ, ਦਲੇਰੀ, ਬਹਾਦਰੀ ਤੇ ਉੱਚੇ ਚਰਿੱਤਰ ਨੂੰ ਵੇਖਦਾ ਹੈ ਤਾਂ ਤਾਰੀਫ਼ ਕਰਨੋਂ ਵੀ ਉਸ ਦੀ ਕਲਮ ਨਹੀਂ ਰੁਕਦੀ। ਇੱਕ ਘਟਨਾ ਨੇ ਕਾਜ਼ੀ ਨੂੰ ਮਜਬੂਰ ਹੀ ਕਰ ਦਿੱਤਾ ਕਿ ਸਿੱਖਾਂ ਦੇ ਉੱਚੇ ਤੇ ਸੁੱਚੇ ਜੀਵਨ ਤੇ ਜ਼ਰੂਰ ਲਿਖੇ। ਨਰਿੰਜਨ ਸਾਥੀ ਲਿਖਦਾ ਹੈ ਕਿ ਇੱਕ ਦਿਨ ਕਾਜ਼ੀ ਆਪਣੀ ਫ਼ੌਜ ਦੇ ਤੰਬੂਆਂ ਤੋਂ ਬਾਹਰ ਸੈਰ ਕਰ ਰਿਹਾ ਸੀ। ਅਚਾਨਕ ਸਿੱਖਾਂ ਦਾ ਇੱਕ ਜੱਥਾ ਜੈਕਾਰੇ ਗਜਾਉਂਦਾ ਹੋਇਆ ਨੰਗੀਆਂ ਤਲਵਾਰਾਂ ਲੈ ਕੇ ਤੰਬੂਆਂ ਤੇ ਹਮਲਾ ਕਰਨ ਲਈ ਚੱਲ ਪਿਆ। ਕਾਜ਼ੀ ਡਰ ਕੇ ਝਾੜੀਆਂ ਦੇ ਉਹਲੇ ਲੁਕ ਗਿਆ ਅਤੇ ਸਿੰਘਾਂ ਦੇ ਗੁਰੀਲਾ ਹਮਲੇ ਨੂੰ ਵੇਖਣ ਲੱਗਾ ਜਦੋਂ ਸਿੰਘ ਤਲਵਾਰਾਂ ਲਹਿਰਾਉਂਦੇ ਹੋਏ ਤੰਬੂਆਂ ਦੇ ਅੰਦਰ ਵੜੇ ਤਾਂ ਹੀਰੇ ਜਵਾਹਰਾਤਾਂ ਨਾਲ ਸ਼ਿੰਗਾਰੀਆਂ ਹੋਈਆਂ ਮੁਸਲਿਮ ਔਰਤਾਂ ਬੈਠੀਆਂ ਸਨ। ਕਾਜ਼ੀ ਨੇ ਸੋਚਿਆ ਕਿ ਸਿੰਘ ਉਹਨਾਂ ਦੇ ਗਹਿਣੇ ਲੁੱਟ ਕੇ ਇਹਨਾਂ ਨੂੰ ਬੇ-ਪੱਤ ਕਰਨਗੇ, ਪਰ ਜਿਵੇਂ ਹੀ ਸਿੰਘਾਂ ਨੇ ਤੰਬੂ ਅੰਦਰ ਔਰਤਾਂ ਨੂੰ ਵੇਖਿਆ ਤਾਂ ਜੱਥੇਦਾਰ ਨੇ ਹੁਕਮ ਕੀਤਾ ਕਿ ਖਾਲਸਾ ਜੀ ! ਇਹ ਬੀਬੀਆਂ ਦਾ ਤੰਬੂ ਹੈ। ਇਹਨਾਂ ਨੂੰ ਕੁੱਝ ਨਹੀਂ ਕਹਿਣਾ ਤੇ ਸਾਰੇ ਬਾਹਰ ਨਿਕਲ ਜਾਓ। ਇਸ ਤਰ੍ਹਾਂ ਸਾਰੇ ਸਿੰਘ ਬਾਹਰ ਆ ਗਏ ਤਾਂ ਉਹਨਾਂ ਨੇ ਹੋਰ ਤੰਬੂਆਂ ਤੇ ਹਮਲਾ ਕਰਕੇ ਉੱਥੋਂ ਅਨਾਜ ਤੇ ਕਈ ਕਿਸਮ ਦੇ ਹਥਿਆਰ ਲੁੱਟ ਲਏ। ਕਾਜ਼ੀ ਨੂਰ ਮੁਹੰਮਦ ਇਸ ਘਟਨਾ ਤੋਂ ਏਨਾ ਪ੍ਰਭਾਵਤ ਹੋਇਆ ਕਿ ਉਸ ਨੇ ਆਪਣੇ ਜੰਗ ਨਾਮੇ ਵਿੱਚ ਸਿੰਘਾਂ ਦੇ ਉੱਚੇ ਤੇ ਸੁੱਚੇ ਚਰਿੱਤਰ ਦਾ ਵਰਣਨ ਇਸ ਤਰ੍ਹਾਂ ਕੀਤਾ ‘ਲੁੱਟਣ ਸਮੇਂ ਇਹ ਕਿਸੇ ਔਰਤ ਦੇ ਗਹਿਣੇ ਗੱਟੇ ਤੇ ਨਕਦੀ ਨੂੰ ਹੱਥ ਤੱਕ ਨਹੀਂ ਲਾਉਂਦੇ। ਔਰਤ ਭਾਵੇਂ ਵੱਡੀ ਹੋਵੇ, ਛੋਟੀ ਜਾਂ ਬਰਾਬਰ ਦੀ, ਉਸ ਦਾ ਸਤਿਕਾਰ ਕਰਦੇ ਹਨ ਤੇ ਉੁਸ ਨੂੰ ‘ਬੁਢੀਆ’ ਕਹਿ ਕੇ ਬੁਲਾਉਂਦੇ ਹਨ। ਇਹ ਚੋਰਾਂ ਤੇ ਵਿਭਚਾਰੀਆਂ ਦਾ ਸਾਥ ਨਹੀਂ ਦਿੰਦੇ। ਇਹਨਾਂ ਦੀ ਸਿਫ਼ਤ ਹੈ ਕਿ ਜੇਕਰ ਕੋਈ ਸੈਨਿਕ ਹਥਿਆਰ ਸੁੱਟ ਦਿੰਦਾ ਹੈ ਤਾਂ ਇਹ ਉਸੇ ਉੱਤੇ ਵਾਰ ਨਹੀਂ ਕਰਦੇ ਅਤੇ ਨਾ ਹੀ ਜੋ ਜੰਗ ਦੇ ਮੈਦਾਨ ਵਿੱਚੋਂ ਭੱਜ ਜਾਵੇ ਉਸ ਉੱਤੇ ਹਮਲਾ ਕਰਦੇ ਹਨ।’ ਅੱਗੇ ਕਾਜ਼ੀ ਲਿਖਦਾ ਹੈ ਕਿ ‘ਇਹਨਾਂ ਦੇ ਨਿਰਾਲੇ ਪੰਥ ਦੇ ਬਾਨੀ ਬਾਬਾ ਨਾਨਕ ਦੇਵ ਹੋਏ ਹਨ। ਉਹਨਾਂ ਦੇ ਜਾਨ ਨਸ਼ੀਨ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ‘ਸਿੰਘ’ ਦੇ ਖਿਤਾਬ ਨਾਲ ਨਿਵਾਜਿਆ ਹੈ’।
ਕਾਜ਼ੀ ਨੂਰ ਮੁਹੰਮਦ ਨੇ ਇਹ ਜੰਗ ਨਾਮਾ ਸੰਨ 1765 ਵਿੱਚ ਮੁਕੰਮਲ ਕਰਕੇ ਮੁਹੰਮਦ ਨਸੀਰ ਖਾਨ ਨੂੰ ਭੇਂਟ ਕੀਤਾ। ਕਾਜ਼ੀ ਨੂਰ ਮੁਹੰਮਦ; ਕਾਜੀ ਅਬਦੁਲਾ ਦਾ ਪੁੱਤਰ ਸੀ ਤੇ ਸ਼ਾਇਰ ਵਜੋਂ ਕਾਫ਼ੀ ਮਸ਼ਹੂਰ ਸੀ। ਨਸੀਰ ਖਾਨ ਬਲੋਚ ਦੇ ਪਿਤਾ ਮੀਰ ਅਬਦੁਲਾ ਖਾਨ ਨੇ ਵੀ ਪਹਿਲਾਂ ਕਾਜ਼ੀ ਨੂਰ ਮੁਹੰਮਦ ਨੂੰ ਇਤਿਹਾਸ ਲਿਖਣ ਵਾਸਤੇ ਕਿਹਾ ਸੀ ਪਰ ਅਬਦੁਲਾ ਖਾਨ ਦੇ ਮਰ ਜਾਣ ਕਰਕੇ ਇਹ ਇਤਿਹਾਸ ਲਿਖਿਆ ਨਾ ਜਾ ਸਕਿਆ। ਇਹ ਜੰਗ ਨਾਮਾ ਲਿਖਣ ਦੇ ਇਵਜ਼ ਵਜੋਂ ਮੁਹੰਮਦ ਨਸੀਰ ਖਾਨ ਬਲੋਚ ਨੇ ਆਪਣੇ ਵਾਅਦੇ ਮੁਤਾਬਕ ਕਾਜੀ ਨੂਰ ਮੁਹੰਮਦ ਨੂੰ ਸਿਕਾਰਪੁਰ ਤੇ ਡੇਰਾ ਗਾਜ਼ੀਖਾਨ ਦਾ ਕਾਜ਼ੀ ਥਾਪ ਦਿੱਤਾ।
ਆਖਾ ਜੀਵਾ; ਵਿਸਰੈ ਮਰਿ ਜਾਉ ॥
ਆਖਾ ਜੀਵਾ; ਵਿਸਰੈ ਮਰਿ ਜਾਉ ॥
ਆਸਾ ਮਹਲਾ ੧ ॥ ਆਖਾ ਜੀਵਾ; ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨਾਉ ॥ ਸਾਚੇ ਨਾਮ ਕੀ ਲਾਗੈ ਭੂਖ ॥ ਉਤੁ ਭੂਖੈ, ਖਾਇ ਚਲੀਅਹਿ ਦੂਖ ॥੧॥ ਸੋ, ਕਿਉ ਵਿਸਰੈ ਮੇਰੀ ਮਾਇ !॥ ਸਾਚਾ ਸਾਹਿਬੁ, ਸਾਚੈ ਨਾਇ ॥੧॥ ਰਹਾਉ ॥ ਸਾਚੇ ਨਾਮ ਕੀ ਤਿਲੁ ਵਡਿਆਈ ॥ ਆਖਿ ਥਕੇ , ਕੀਮਤਿ ਨਹੀ ਪਾਈ ॥ ਜੇ, ਸਭਿ ਮਿਲਿ ਕੈ ਆਖਣ ਪਾਹਿ ॥ ਵਡਾ ਨ ਹੋਵੈ; ਘਾਟਿ ਨ ਜਾਇ ॥੨॥ ਨਾ ਓਹੁ ਮਰੈ; ਨ ਹੋਵੈ ਸੋਗੁ ॥ ਦੇਦਾ ਰਹੈ; ਨ ਚੂਕੈ ਭੋਗੁ ॥ ਗੁਣੁ ਏਹੋ; ਹੋਰੁ ਨਾਹੀ ਕੋਇ ॥ ਨਾ ਕੋ ਹੋਆ; ਨਾ ਕੋ ਹੋਇ ॥੩॥ ਜੇਵਡੁ ਆਪਿ; ਤੇਵਡ ਤੇਰੀ ਦਾਤਿ ॥ ਜਿਨਿ, ਦਿਨੁ ਕਰਿ ਕੈ. ਕੀਤੀ ਰਾਤਿ ॥ ਖਸਮੁ ਵਿਸਾਰਹਿ; ਤੇ ਕਮਜਾਤਿ ॥ ਨਾਨਕ ! ਨਾਵੈ ਬਾਝੁ, ਸਨਾਤਿ ॥੪॥੩॥ (ਸੋ ਦਰੁ/ ਮਹਲਾ ੧/੧੦)
ਉਚਾਰਣ ਸੇਧਾਂ : ਆਖਾਂ, ਜੀਵਾਂ, ਜਾਉਂ, ਨਾਉਂ, ਚਲੀਅਹਿਂ, ਕਿਉਂ, ਨਾਇਂ, ਨਹੀਂ, ਪਾਹਿਂ, ਓਹ, ਦੇਂਦਾ, ਨਾਹੀਂ, ਵਿਸਾਰਹਿਂ।
ਇਹ ਸ਼ਬਦ ‘ਸੋ ਦਰੁ’ ਸਿਰਲੇਖ ਹੇਠ ਤੀਜਾ ਸ਼ਬਦ ਹੈ, ਜੋ ਗੁਰੂ ਨਾਨਕ ਸਾਹਿਬ ਜੀ ਦੁਆਰਾ ਆਸਾ ਰਾਗ ਵਿੱਚ ਉਚਾਰਿਆ ਹੋਇਆ ਹੈ। ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਆਤਮਕ ਜੀਵਨ ਅਤੇ ਆਤਮਕ ਮੌਤ ਦੀ ਗੱਲ ਕਰ ਰਹੇ ਹਨ। ਗੁਰੂ ਜੀ ਕਹਿੰਦੇ ਹਨ ਕਿ ਜਦੋਂ ਮੈਂ ਸਦਾ ਰਹਿਣ ਵਾਲੇ ਮਾਲਕ ਪ੍ਰਭੂ ਦੀ ਯਾਦ, ਆਪਣੇ ਦਿਲ ਵਿੱਚ ਵਸਾ ਲੈਂਦਾ ਹਾਂ ਤਾਂ ਮੇਰਾ ਜਿਊਣਾ ਸਫਲ ਹੋ ਜਾਂਦਾ ਹੈ ਪਰ ਜੇ ਉਸ ਦੀ ਯਾਦ ਮਨ ’ਚੋਂ ਵਿਸਾਰ ਜਾਵੇ ਤਾਂ ਮੈ ਆਤਮਕ ਤੌਰ ’ਤੇ ਮਰ ਜਾਂਦਾ ਹਾਂ।
‘‘ਆਖਾ ਜੀਵਾ; ਵਿਸਰੈ ਮਰ ਜਾਉ ॥’’ ਉਹ ਉੱਚੀ ਅਵਸਥਾ ਹੈ ਜਦੋਂ ਮਨੁੱਖ ਸਵਾਸ-ਸਵਾਸ ਪਰਮਾਤਮਾ ਨੂੰ ਯਾਦ ਕਰਦਾ ਹੈ। ਗੁਰੂ ਜੀ ਖ਼ੁਦ ਦਾ ਉਦਾਹਰਨ ਦੇ ਕੇ ਸਮਝਾ ਰਹੇ ਹਨ ਕਿ ਹੇ ਨਾਨਕ ! ਜੇ ਮੈਨੂੰ ਪਰਮਾਤਮਾ ਭੁੱਲ ਜਾਏ, ਜੇ ਪਰਮਾਤਮਾ ਦੀ ਯਾਦ ਮੇਰੇ ਹਿਰਦੇ-ਘਰ ਵਿੱਚ ਨਾ ਰਹੇ ਤਾਂ ਮੇਰੀ ਆਤਮਕ ਮੌਤ ਹੈ। (ਜਿਵੇਂ ਕਿ ਅਸੀਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੀ ਜ਼ਿਆਦਾਤਰ ਬਾਣੀ ਉਹਨਾਂ ਨੇ ਆਪਣੇ ਆਪ ਉੱਤੇ ਢੁਕਾਅ ਕੇ ਰਚੀ ਹੈ, ਇਸ ਲਈ ਅਰਥ ਬਣਦੇ ਹਨ ‘ਨਾਨਕ ਆਖਦਾ ਹੈ’ ਜਾਂ ‘ਹੇ ਨਾਨਕ !’ ਆਦਿ)।
ਬਾਣੀ ਵਿੱਚ ਬਿੰਦੀ (ਂ) ਦੀ ਵਰਤੋਂ ਅਤੇ ਉਚਾਰਨ : ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ 4-5% ਹੀ ਬਿੰਦੀ ਦੀ ਵਰਤੋਂ ਕੀਤੀ ਗਈ ਹੈ। ਉਹਨਾਂ ਤੋਂ ਸੇਧ ਲੈ ਕੇ ਹੀ ਬਾਕੀ ਬਾਣੀ ਵਿੱਚ ਢੁਕਵੀਂ ਜਗ੍ਹਾ ਉੱਤੇ ਬਿੰਦੀ ਦਾ ਉਚਾਰਨ ਹੁੰਦਾ ਹੈ। ਮਿਸਾਲ ਦੇ ਤੌਰ ’ਤੇ ਸਾਰੰਗ ਕੀ ਵਾਰ ਅੰਦਰ ਦਰਜ ਕੇਵਲ ਇੱਕੋ ਸ਼ਬਦ ਵਿੱਚ 1॥ ਤੋਂ ਵੱਧ ਵਾਰ ਬਿੰਦੀ ਦਾ ਪ੍ਰਯੋਗ ਕੀਤਾ ਗਿਆ ਹੈ; ਜਿਵੇਂ ਕਿ ਵਾਕ ਹੈ ‘‘ਹੈ ਹੈ ਆਖਾਂ ਕੋਟਿ ਕੋਟਿ; ਕੋਟੀ ਹੂ ਕੋਟਿ ਕੋਟਿ ॥ ਆਖੂੰ ਆਖਾਂ ਸਦਾ ਸਦਾ; ਕਹਣਿ ਨ ਆਵੈ ਤੋਟਿ ॥ (ਮਹਲਾ ੧/੧੨੪੧), ਹੋਰੁ ਸਰੀਕੁ ਹੋਵੈ ਕੋਈ ਤੇਰਾ; ਤਿਸੁ ਅਗੈ ਤੁਧੁ ਆਖਾਂ ॥’’ (ਮਹਲਾ ੧/੧੨੪੨) ਆਦਿ ਵਾਕ ਤਕਰੀਬਨ ਇੱਕੋ ਅੰਗ ’ਤੇ ਹਨ, ਜਿਨ੍ਹਾਂ ਵਿੱਚ ਦਰਜ ‘ਆਖਾਂ’ ਸ਼ਬਦ ਬਿੰਦੀ ਸਹਿਤ ਤਿੰਨ ਵਾਰੀ ਆਇਆ ਹੈ; ਇੱਥੋਂ ਸੇਧ ਲੈ ਕੇ ਅਸੀਂ ਵਿਚਾਰ ਅਧੀਨ ਤੁਕ ‘‘ਆਖਾ ਜੀਵਾ; ਵਿਸਰੈ ਮਰ ਜਾਉ ॥’’ ਵਿੱਚ ‘ਆਖਾ’ ਨੂੰ ਬਿੰਦੀ ਸਹਿਤ ‘ਆਖਾਂ’ ਪੜ੍ਹਨਾ ਹੈ। ਇਸ ਦੇ ਅਰਥ ਬਣਦੇ ਹਨ ਕਿ ਜੇ ਮੈਂ ਪਰਮਾਤਮਾ ਨੂੰ ਸਵਾਸ-ਸਵਾਸ ਯਾਦ ਕਰਦਾਂ ਹਾਂ ਤਾਂ ਹੀ ਮੈਂ ਆਤਮਕ ਜੀਵਨ ਜਿਉਂਦਾ ਹਾਂ; ਜੇ ਨਾਮ ਭੁੱਲ ਜਾਂਦਾ ਹਾਂ ਤਾਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਸਵਾਸ-ਸਵਾਸ ਨਾਮ ਜਪੀਏ ਤਾਂ ਬਾਕੀ ਦੇ ਕੰਮ ਕਿਵੇਂ ਕਰੀਏ ? ਕਿਉਂਕਿ ਗੁਰੂ ਨਾਨਕ ਜੀ ਦੀ ਬਾਣੀ ਕਹਿੰਦੀ ਹੈ ਕਿ ਮਿਹਨਤ ਕਰਕੇ ਖਾਣਾ ਹੈ, ਨਾ ਕਿ ਵਿਹਲੇ ਬੈਠ ਕੇ ਖਾਣਾ ਹੈ। ਗੁਰੂ ਨਾਨਕ ਜੀ ਨੇ ਆਪਣੇ ਅਖੀਰਲੇ ਸਮੇਂ ’ਚ ਕਰਤਾਰਪੁਰ ਵਿਖੇ ਆਪ ਖੇਤੀ ਕੀਤੀ ਹੈ। ਉਹਨਾਂ ਨੇ ਕਦੇ ਨਹੀਂ ਕਿਹਾ ਕਿ ਮੈਂ ਬਜ਼ੁਰਗ ਹੋ ਗਿਆ ਹਾਂ ਹੁਣ ਮੈਨੂੰ ਬੈਠੇ ਨੂੰ ਰੋਟੀ ਮਿਲਣੀ ਚਾਹੀਦੀ ਹੈ ਜਾਂ ਮੇਰੀ ਸੇਵਾ ਹੋਣੀ ਚਾਹੀਦੀ ਹੈ। ਉਹਨਾਂ ਨੇ ਹੱਥੀਂ ਕਿਰਤ ਕਰਨ ਨੂੰ ਸਦਾ ਤਰਜੀਹ ਦਿੱਤੀ ਹੈ।
ਅਗਲੀ ਤੁਕ ਵਿੱਚ ਗੁਰੂ ਪਾਤਿਸ਼ਾਹ ਕਹਿੰਦੇ ਹਨ ‘‘ਆਖਣਿ ਅਉਖਾ; ਸਾਚਾ ਨਾਉ ॥ ’’ ਭਾਵ ਸਦਾ ਥਿਰ ਰਹਿਣ ਵਾਲੇ ਅਟੱਲ ਨਾਮ ਨੂੰ ਯਾਦ ਕਰਨਾ ਬਹੁਤ ਹੀ ਔਖਾ ਹੈ। ਗੁਰੂ ਪਾਤਿਸ਼ਾਹ ਇੱਕ ਹੋਰ ਜਗ੍ਹਾ ਅਸ਼ਟਪਦੀਆਂ ’ਚ ਵੀ ਕਹਿੰਦੇ ਹਨ ‘‘ਆਖਣਿ ਅਉਖਾ ਆਖੀਐ ਪਿਆਰੇ ! ਕਿਉ ਸੁਣੀਐ ? ਸਚੁ ਨਾਉ ॥’’ (ਮਹਲਾ ੧/੬੩੬) ਭਾਵ ਹੇ ਮੇਰੇ ਪਿਆਰੇ ਮਿੱਤਰ ! ਗੁਰੂ ਨਾਨਕ ਪਾਤਿਸ਼ਾਹ ਆਪਣੇ ਸਿੱਖਾਂ ਨੂੰ ਪਿਆਰ ਨਾਲ਼ ਕਹਿ ਰਹੇ ਹਨ। ਇੱਥੇ ‘ਆਖਣਿ’ ਦੇ ‘ਣ’ ਨੂੰ ਸਿਹਾਰੀ ਹੈ, ਜਿਸ ਦਾ ਅਰਥ ਹੈ ‘ਆਖਣ ਵਿੱਚ’ ਯਾਨੀ ਸੱਚਾ ਨਾਮ ਆਖਣ ਵਿੱਚ ਬਹੁਤ ਕਠਿਨਾਈ ਮਹਿਸੂਸ ਹੁੰਦੀ ਹੈ। ਸੁਣਨਾ ਵੀ ਔਖਾ ਹੈ। ਕਿਵੇਂ ਸੁਣਿਆ ਜਾ ਸਕਦਾ ਹੈ ? ਮਾਇਆ ਦੇ ਪ੍ਰਭਾਵ ਹੇਠ ਹੀ ਮਨੁੱਖ; ਰੱਬ ਦਾ ਨਾਮ ਨਹੀਂ ਸਿਮਰਦੇ। ਗੁਰੂ ਜੀ ਸਾਨੂੰ ਬਹੁਤ ਹੀ ਉੱਚੀ ਅਵਸਥਾ ਵਿੱਚ ਲੈ ਜਾਣ ਲਈ ਪ੍ਰੇਰਦੇ ਹਨ, ਪਰ ਮਾਇਆ ਪਰਮਾਤਮਾ ਦਾ ਨਾਮ ਲੈਣ ਤੋਂ ਰੋਕਦੀ ਹੈ, ਹਿਰਦੇ-ਘਰ ਅੰਦਰੋਂ ਉਸ ਦੀ ਯਾਦ ਨੂੰ ਭੁਲਾ ਦਿੰਦੀ ਹੈ; ਜਿਵੇਂ ਕਿ ਗੁਰੂ ਵਾਕ ਹਨ ‘‘ਏਹ ਮਾਇਆ, ਜਿਤੁ ਹਰਿ ਵਿਸਰੈ; ਮੋਹੁ ਉਪਜੈ, ਭਾਉ ਦੂਜਾ ਲਾਇਆ ॥ (ਅਨੰਦ ਮਹਲਾ ੩/੯੨੧), ਮਾਇਆ ਹੋਈ ਨਾਗਨੀ; ਜਗਤਿ ਰਹੀ ਲਪਟਾਇ ॥ ਇਸ ਕੀ ਸੇਵਾ ਜੋ ਕਰੇ; ਤਿਸ ਹੀ ਕਉ ਫਿਰਿ ਖਾਇ ॥’’ (ਮਹਲਾ ੩/੫੧੦) ਭਾਵ ਇਹ ਜੋ ਨਾਗਣੀ ਮਾਇਆ ਹੈ, ਸਾਨੂੰ ਪਰਮਾਤਮਾ ਨਾਲ ਪਿਆਰ ਕਰਨ ਤੋਂ ਰੋਕਦੀ ਹੈ, ‘ਆਖਾ ਜੀਵਾ’ ਮਹਿਸੂਸ ਨਹੀਂ ਹੋਣ ਦਿੰਦੀ। ਜੋ ਇਸ ਨਾਲ ਪਿਆਰ ਪਾਉਂਦੇ ਹਨ, ਜੋ ਇਸ ਦੀ ਸੇਵਾ ਕਰਦੇ ਹਨ, ਅੰਤ ਇਹ, ਉਨ੍ਹਾਂ ਨੂੰ ਖਾ ਜਾਂਦੀ ਹੈ। ਅਨੰਦ ਸਾਹਿਬ ਦੀ ਪਹਿਲੀ ਪਉੜੀ ਦੇ ਅੰਤ ਵਿੱਚ ਗੁਰੂ ਪਾਤਿਸ਼ਾਹ ਇਸ ਤੋਂ ਬਚਣ ਦਾ ਇਹ ਉਪਾਅ ਦਿੰਦੇ ਹਨ ‘‘ਕਹੈ ਨਾਨਕੁ, ਗੁਰ ਪਰਸਾਦੀ ਜਿਨਾ ਲਿਵ ਲਾਗੀ; ਤਿਨੀ ਵਿਚੇ ਮਾਇਆ ਪਾਇਆ ॥’’ (ਮਹਲਾ ੩/੯੨੧) ਮਾਇਆ ਦੀ ਮਾਰ ਤੋਂ ਉਹੀ ਬਚ ਸਕਦੇ ਹਨ, ਜਿਨ੍ਹਾਂ ਦੀ ਗੁਰੂ ਦੀ ਕਿਰਪਾ ਨਾਲ, ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ। ਗੁਰੂ ਦੀ ਬਖਸ਼ਸ਼ ਨਾਲ ਉਨ੍ਹਾਂ ਨੇ ਮਾਇਆ ਦੇ ਵਿੱਚ ਰਹਿੰਦੇ ਹੋਏ ਹੀ ਪਰਮਾਤਮਾ ਨੂੰ ਪਾ ਲਿਆ ਹੈ। ਮਨੁੱਖਾ ਜੀਵਨ ਦਾ ਇਹੀ ਮਨੋਰਥ ਹੈ ਕਿ ਮਾਇਆ ਦੇ ਵਿੱਚ ਰਹਿੰਦੇ ਹੋਏ ਰੱਬੀ ਨਾਮ ਨਾਲ ਜੁੜਨਾ ਹੈ। ਘਰ ਗ੍ਰਿਹਸਤੀ ਛੱਡ ਕੇ ਜੰਗਲਾਂ, ਪਹਾੜਾਂ, ਪਰਬਤਾਂ ਨੂੰ ਨਹੀਂ ਜਾਣਾ। ਕਿਵੇਂ ਜੀਵਣਾ ਹੈ ? ਜਵਾਬ ਹੈ ‘‘ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ ॥ ਨਾਨਕ ! ਅਵਰੁ ਨ ਜੀਵੈ ਕੋਇ ॥’’ (ਮਹਲਾ ੧/੧੪੨) ਯਾਨੀ ‘‘ਆਖਾ ਜੀਵਾ; ਵਿਸਰੈ ਮਰ ਜਾਉ ॥’’ ਗੁਰੂ ਜੀ ਕਹਿੰਦੇ ਹਨ ਕਿ ਜੇ ਮੈਂ ਨਾਮ ਤੋਂ ਖੁੰਝ ਜਾਵਾਂ, ਜਦੋਂ ਮੇਰੇ ਕੋਲ ਨਾਮ ਨਹੀਂ, ਜਿਨ੍ਹਾਂ ਦੇ ਮਨ ਵਿੱਚ ਨਾਮ ਬਿਲਕੁਲ ਵੀ ਨਹੀਂ ਵੱਸਿਆ, ਉਹਨਾਂ ਦੀ ਆਤਮਕ ਮੌਤ ਹੈ ਕਿਉਂਕਿ ਉਹ ‘‘ਆਖਾ ਜੀਵਾ; ਵਿਸਰੈ ਮਰ ਜਾਉ’’ ਵਾਲੀ ਅਵਸਥਾ ਤੋਂ ਬਹੁਤ ਦੂਰ ਹਨ। ਕੇਵਲ ਉਹੀ ਘੜੀ ਸਫਲ ਹੈ, ਉਹ ਹੀ ਮਹੂਰਤ ਚੰਗਾ ਹੈ, ਜਦ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ, ਉਸ ਨੂੰ ਯਾਦ ਕੀਤਾ ਜਾਂਦਾ ਹੈ ‘‘ਸਫਲ ਮੂਰਤੁ; ਸਫਲ ਓਹ ਘਰੀ ॥ ਜਿਤੁ; ਰਸਨਾ ਉਚਰੈ ਹਰਿ ਹਰੀ ॥’’ (ਮਹਲਾ ੫/੧੯੧)
ਭਗਤ ਕਬੀਰ ਜੀ ਦਾ ਬਹੁਤ ਹੀ ਪਿਆਰਾ ਸਲੋਕ ਹੈ, ਜਿਸ ਵਿੱਚ ਉਹ ਸਮਝਾਉਂਦੇ ਹਨ ਕਿ ਕਿਵੇਂ ਨਾਮ ਅਤੇ ਕੰਮ ਨੂੰ ਇਕਸਾਰਤਾ ਵਿੱਚ ਰੱਖਣਾ ਹੈ ‘‘ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥੨੧੩॥’’ (ਭਗਤ ਕਬੀਰ ਜੀ/੧੩੭੬) ਪਰਮਾਤਮਾ ਦਾ ਨਾਮ ਲੈਣ ਲਈ ਕਿਰਤ ਕਰਨ ਤੋਂ ਰੋਕਿਆ ਨਹੀਂ ਹੈ ਬਲਕਿ ਕੰਮ ਕਰਦੇ ਹੋਏ ਆਪਣੇ ਚਿੱਤ ਨੂੰ ਪਰਮਾਤਮਾ ਨਾਲ ਜੋੜਨਾ ਹੈ। ਹਿਰਦੇ-ਘਰ ਤੋਂ ਹਮੇਸ਼ਾਂ ਪਰਮਾਤਮਾ ਦੇ ਨਾਲ ਜੁੜਿਆ ਰਹਿਣਾ ਹੈ। ਇੱਕ ਪਲ ਵੀ ਵਿਛੜਨਾ ਨਹੀਂ ਹੈ। ਪਰਮਾਤਮਾ ਤੋਂ ਦੂਰ ਹੋ ਕੇ ਆਤਮਕ ਮੌਤ ਮਿਲਣੀ ਹੈ।
ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ‘‘ਨਾਨਕ ! ਸਤਿਗੁਰਿ+ਭੇਟਿਐ (ਨਾਲ਼); ਪੂਰੀ ਹੋਵੈ ਜੁਗਤਿ ॥’’ ਇਹ ਜੁਗਤਿ ਹੈ ‘ਜੀਵਨ ਜਾਚ’, ਜਿਸ ਵਿੱਚ ‘‘ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ॥’’ (ਮਹਲਾ ੫/੫੨੨) ਭਾਵ ਇਹ ਨਹੀਂ ਕਿ ਹੱਸਣਾ ਨਹੀਂ, ਖੇਡਣਾ ਨਹੀਂ, ਪਹਿਨਣਾ ਨਹੀਂ ਬਲਕਿ ਇਸ ਲਈ ਸਾਰੇ ਕਾਰਜ ਕਰਦੇ ਹੋਏ ਪਰਮਾਤਮਾ ਨੂੰ ਯਾਦ ਰੱਖਣਾ ਹੈ; ਇਉਂ ਮਾਇਆ ਵਿੱਚ ਰਹਿੰਦੇ ਹੋਏ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਈਦਾ ਹੈ। ਇਹ ਅਵਸਥਾ ਕੇਵਲ ਓਦੋਂ ਬਣ ਸਕਦੀ ਹੈ ਜਦੋਂ ਸਤਿਗੁਰੂ ਦਾ ਮਿਲਾਪ ਹੋ ਜਾਂਦਾ ਹੈ।
ਹੁਣ ਸਵਾਲ ਇਹ ਵੀ ਹੈ ਕਿ ਇਹ ਜੀਵਨ ਜੁਗਤ ਕੀ ਹੈ, ਜੀਵਨ ਜਾਚ ਕੀ ਹੈ, ਜਿਸ ਨਾਲ ਅਸੀਂ ਉਸ ਅਵਸਥਾ ਦੇ ਵਿੱਚ ਪਹੁੰਚ ਸਕੀਏ ? ਜਿਵੇਂ ਜਿਵੇਂ ਗੁਰੂ ਦਾ ਨਾਮ ਸਾਡੇ ਹਿਰਦੇ-ਘਰ ਵਿੱਚ ਵੱਸਦਾ ਜਾਏਗਾ, ਉਸ ਦੀ ਹੋਂਦ ਸਾਨੂੰ ਮਹਿਸੂਸ ਹੋਣ ਲੱਗ ਜਾਏਗੀ। ਜਦ ‘ਕੂੜ ਦੀ ਪਾਲਿ’ ਟੁੱਟ ਜਾਏਗੀ ਤਾਂ ‘ਆਖਾ ਜੀਵਾ’ ਵਾਲ਼ੀ ਅਵਸਥਾ ਪ੍ਰਾਪਤ ਹੋ ਜਾਏਗੀ, ਹਿਰਦਾ ਪ੍ਰਫੁਲਿਤ ਹੋ ਜਾਏਗਾ। ਕਈ ਵਾਰ ਹੁੰਦਾ ਹੈ ਕਿ ਪਰਮਾਤਮਾ ਦਾ ਨਾਮ ਤਾਂ ਹਰ ਵੇਲੇ ਸਾਡੀ ਜ਼ਬਾਨ ’ਤੇ ਹੁੰਦਾ ਹੈ ਪਰ ਸਾਡੇ ਅੰਦਰ ਖਿੜਾਅ ਨਹੀਂ ਆਉਂਦਾ। ਜਦੋਂ ਤੱਕ ਕੂੜ ਦੀ ਕੰਧ ਵਿਚਕਾਰੋਂ ਨਹੀਂ ਹਟੇਗੀ, ਉਦੋਂ ਤੱਕ ਅਸੀਂ ‘‘ਆਖਾ ਜੀਵਾ; ਵਿਸਰੈ ਮਰ ਜਾਊ॥’’ ਵਾਲੀ ਅਵਸਥਾ ਪ੍ਰਾਪਤ ਨਹੀਂ ਕਰ ਸਕਦੇ।
ਪਰਮਾਤਮਾ ਨੂੰ ਯਾਦ ਕਰਦੇ-ਕਰਦੇ ਜੀਵਨ ਸੰਤੋਖ ਵਾਲਾ ਬਣ ਜਾਂਦਾ ਹੈ। ਹਰ ਵੇਲੇ ਪਰਮਾਤਮਾ ਨੂੰ ਯਾਦ ਕਰਨ ਵਾਲਾ ਇਨਸਾਨ ਕਦੇ ਵੀ ਪਰਾਇਆ ਹੱਕ ਨਹੀਂ ਮਾਰਦਾ। ਉਸ ਦੀ ਕਮਾਈ ਸੱਚ ਅਤੇ ਹੱਕ ਦੀ ਹੁੰਦੀ ਹੈ ਕਿਉਂਕਿ ਮੌਤ ਨੂੰ ਹਰ ਵੇਲੇ ਯਾਦ ਰੱਖਦਾ ਹੈ। ਮੌਤ ਨੂੰ ਯਾਦ ਰੱਖਣ ਨਾਲ ਪਤਾ ਚੱਲਦਾ ਹੈ ਕਿ ਪਰਮਾਤਮਾ ਸਾਡੇ ਅੰਦਰ ਬੈਠਾ ਹੈ ਅਤੇ ਹਰ ਇੱਕ ਕੰਮ ਦਾ ਲੇਖਾ-ਜੋਖਾ ਰੱਖਦਾ ਹੈ, ਪਰ ਜੋ ਜੀਵ ਪਰਮਾਤਮਾ ਤੋਂ ਵਿਛੜ ਜਾਂਦੇ ਹਨ ਉਹ ਠੱਗੀਆਂ ਵੀ ਮਾਰਦੇ ਹਨ ਅਤੇ ਬੇਈਮਾਨੀਆਂ ਵੀ ਕਰਦੇ ਹਨ। ਇਸ ਤਰ੍ਹਾਂ ਜੋ ਵੀ ਇਨਸਾਨ ਬੀਜਦਾ ਹੈ ਉਸ ਨੂੰ ਉਹੀ ਕੱਟਣਾ ਵੀ ਪਵੇਗਾ। ਮਨਮੁਖ ਇਨਸਾਨ ਨਾਲ ਜੇਕਰ ਕੁੱਝ ਬੁਰਾ ਹੁੰਦਾ ਹੈ ਤਾਂ ਅਕਸਰ ਉਹ ਇਹ ਕਹਿ ਦਿੰਦਾ ਹੈ ਕਿ ਪਰਮਾਤਮਾ ਨੇ ਬੁਰਾ ਕੀਤਾ ਹੈ। ਇਹ ਰੱਬ ਉੱਤੇ ਬੇਭਰੋਸਗੀ ਦਾ ਪ੍ਰਤੀਕ ਹੈ।
‘‘ਨਾਨਕ ! ਹੁਕਮੀ ਆਵਹੁ ਜਾਹੁ॥’’ ਉਸ ਦੇ ਹੁਕਮ ਵਿੱਚ ਹੀ ਅਸੀਂ ਜਨਮ ਮਰਨ ਦੇ ਗੇੜ ’ਚ ਪਏ ਹੋਏ ਹਾਂ ਤਾਂ ਤੇ ਉਸ ਹੁਕਮ ਨੂੰ ਸਮਝ ਕੇ ਆਪਣੇ ਮਾੜੇ ਕੰਮ ਕਰਨੇ ਬੰਦ ਕਰਨੇ ਪੈਣੇ ਹਨ ਤਾਹੀਓਂ ਜਨਮ-ਮਰਨ ਦਾ ਗੇੜ ਮੁੱਕਦਾ ਹੈ। ਪਰਮਾਤਮਾ ਨੂੰ ਹਾਜ਼ਰਾ-ਹਜ਼ੂਰ, ਜਾਹਰਾ-ਜਹੂਰ ਮੰਨਣ ਨਾਲ਼ ਵਿਕਾਰਾਂ ਵੱਲੋਂ ਬਚ ਜਾਈਦਾ ਹੈ। ਫਿਰ ਕਰਮ ਚੰਗੇ ਹੋ ਜਾਣੇ ਹਨ। ਸੁਕ੍ਰਿਤ ਯਾਨੀ ਚੰਗੀ ਕਿਰਤ ਦੀ ਮਾਲਾ ਜਪਣੀ ਹੈ। ਗੁਰੂ ਪਾਤਿਸ਼ਾਹ ਕਹਿੰਦੇ ਹਨ ਕਿ ਚੰਗੇ ਕੰਮ ਕਰਨੇ, ਸੱਚੀ-ਸੁੱਚੀ ਹੱਕ ਦੀ ਕਮਾਈ ਕਰਨੀ ਹੀ ਸਭ ਤੋਂ ਸ੍ਰੇਸ਼ਟ ਮਾਲਾ ਜਪਣਾ ਹੈ। ਇਸ ਮਾਲਾ ਦੇ ਸਾਮ੍ਹਣੇ ਮਹਿੰਗੀ ਤੋਂ ਮਹਿੰਗੀ, ਰੁਦਰਾਖ਼ਸ਼ ਦੀ ਮਾਲਾ ਵੀ ਕੋਈ ਮਾਅਨਾ ਨਹੀਂ ਰੱਖਦੀ। ਇਹ ਮਾਲਾ ਲੋਕ-ਪਰਲੋਕ ਵਿੱਚ ਰੱਖਿਆ ਕਰਦੀ ਹੈ ‘‘ਸੁਕ੍ਰਿਤੁ ਕਰਣੀ; ਸਾਰੁ ਜਪਮਾਲੀ ॥ ਹਿਰਦੈ ਫੇਰਿ; ਚਲੈ ਤੁਧੁ ਨਾਲੀ ॥’’ (ਮਹਲਾ ੪/੧੧੩੪) ‘ਸਾਰੁ’ ਤੋਂ ਭਾਵ ਹੈ ‘ਸਭ ਤੋਂ ਸ੍ਰੇਸ਼ਟ’। ‘‘ਹਿਰਦੈ ਫੇਰਿ’ ਦਾ ਮਤਲਬ ਹੈ ‘ਆਖਾ ਜੀਵਾ’। ਇਹੀ ਮਾਲਾ ਮਨੁੱਖ ਦੇ ਨਾਲ ਚੱਲੇਗੀ।
ਮਨੁੱਖ ਦਾ ਹਰ ਵੇਲੇ ਚੰਗੇ ਕੰਮ ਕਰਨ ਵੱਲ ਝੁਕਾਅ ਹੋਣਾ ਚਾਹੀਦਾ ਹੈ। ਉਦਾਹਰਨ ਵਜੋਂ ਜੇਕਰ ਕੋਈ ਦੁਕਾਨਦਾਰ ਇੱਕ ਕਿੱਲੋ ਦੇ ਬਦਲੇ 9॥0 ਗ੍ਰਾਮ ਤੋਲ ਕੇ ਦੇ ਰਿਹਾ ਹੈ ਤਾਂ ਇਹ ਸੁਕ੍ਰਿਤ ਕਰਣੀ ਨਹੀਂ। ਜੇਕਰ ਕੋਈ ਉੱਚੇ ਅਹੁਦੇ ’ਤੇ ਬੈਠਾ ਆਪਣੇ ਰੁਤਬੇ ਦਾ ਨਜਾਇਜ਼ ਫ਼ਾਇਦਾ ਉੱਠਾ ਰਿਹਾ ਹੈ ਤਾਂ ਇਹ ਸੁਕ੍ਰਿਤ ਕਰਣੀ ਨਹੀਂ। ਬਾਹਰ ਭਾਵੇਂ ਅਸੀਂ ਰੁਦਰਾਖ਼ਸ਼ ਦੀ ਮਾਲਾ ਫੇਰੀ ਜਾਈਏ ਪਰ ਜਦੋਂ ਤੱਕ ਹਿਰਦੇ-ਘਰ ਵਿੱਚ ਪਰਮਾਤਮਾ ਦੀ ਯਾਦ ਨਹੀਂ, ਇਮਾਨਦਾਰੀ ਵਾਲ਼ੀ ਕਿਰਤ ਨਹੀਂ, ਤਦ ਤੱਕ ਕੋਈ ਲਾਭ ਪ੍ਰਾਪਤ ਨਹੀਂ ਹੋਣ ਵਾਲਾ। ਇਸ ਕਰਕੇ ਹਮੇਸਾਂ ਚੰਗੇ ਕੰਮ ਕਰਨ ਵੱਲ ਪ੍ਰੇਰਿਆ ਹੈ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਇਨ੍ਹਾਂ ਅਸੂਲਾਂ ’ਤੇ ਅਮਲ ਕਰਨਾ ਹੈ। ਜਿਨ੍ਹਾਂ ਦੀ ਅਵਸਥਾ ਉੱਚੀ ਹੋ ਜਾਂਦੀ ਹੈ ਫਿਰ ਉਹ ਆਪਣੇ ਮਨ ਵਿੱਚ, ਆਪਣੇ ਬਚਨਾਂ ਵਿੱਚ, ਆਪਣੇ ਕੰਮਾਂ ਵਿੱਚ ਪਰਮਾਤਮਾ ਨੂੰ ਧਿਆਉਂਦੇ ਹਨ; ਜਿਵੇਂ ਕਿ ਵਾਕ ਹੈ ‘‘ਮਨ, ਬਚ, ਕ੍ਰਮ, ਪ੍ਰਭੁ ਅਪਨਾ ਧਿਆਈ ॥ ਨਾਨਕ ਦਾਸ ! ਤੇਰੀ ਸਰਣਾਈ ॥’’ (ਮਹਲਾ ੫/੨੦੦) ਉਨ੍ਹਾਂ ਦੇ ਕੰਮ ਕਦੇ ਮਾੜੇ ਨਹੀਂ ਹੁੰਦੇ। ਉਹ ਸੁਕ੍ਰਿਤ ਕਰਣੀ ਕਰਕੇ ‘‘ਆਖਾਂ ਜੀਵਾਂ; ਵਿਸਰੈ ਮਰ ਜਾਉ ॥’’ ਵਾਲੀ ਅਵਸਥਾ ਭੋਗਦੇ ਹਨ। ਪਰਮਾਤਮਾ ਦੇ ਨਾਮ ਵਿੱਚ ਰੰਗਿਆਂ ਲਈ ਪਰਮਾਤਮਾ ਦਾ ਨਾਮ ਲੈਣਾ ਔਖਾ ਨਹੀਂ, ਪਰ ਪਰਮਾਤਮਾ ਤੋਂ ਟੁੱਟਿਆਂ ਲਈ ਇਹ ਕੰਮ ਬਹੁਤ ਔਖਾ ਹੈ ‘‘ਆਖਣ ਅਉਖਾ ਸਾਚਾ ਨਾਉ ॥’’, ਪਰ ਜਿਨ੍ਹਾਂ ਗੁਰਸਿੱਖਾਂ ਦੀ ਅਵਸਥਾ ਉੱਚੀ ਹੋ ਜਾਂਦੀ ਹੈ; ਉਹਨਾਂ ਨੂੰ ਭੁੱਖ ਵੀ ਸੱਚੇ ਨਾਮ ਦੀ ਹੀ ਲੱਗਦੀ ਹੈ। ਸਰੀਰਕ ਖ਼ੁਰਾਕ ਤਾਂ ਹਰ ਕੋਈ ਲੈਂਦਾ ਹੈ ਪਰ ਆਤਮਕ ਖ਼ੁਰਾਕ, ਜੋ ਸੱਚਾ ਨਾਮ ਵਿਰਲਾ ਹੀ ਭੋਗਦਾ ਹੈ । ਉਹ ਆਪਣੀ ਰੂਹ ਨੂੰ ਭੁੱਖਾ ਨਹੀਂ ਰਹਿਣ ਦਿੰਦੇ। ਇਸ ਭੁੱਖ ਲਈ ਉਹ ਜੋ ਖਾਂਦੇ ਹਨ ਭਾਵ ਪਰਮਾਤਮਾ ਦਾ ਨਾਮ ਸਿਮਰਦੇ ਹਨ ਤਾਂ ਫਿਰ ਉਨ੍ਹਾਂ ਨੂੰ ਕਿਸੇ ਹੋਰ ਚੀਜ਼ ਦੀ ਭੁੱਖ ਨਹੀਂ ਰਹਿੰਦੀ ਕਿਉਂਕਿ ਸਾਰੇ ਦੁੱਖ ਮਿਟ ਜਾਂਦੇ ਹਨ ‘‘ਸਾਚੇ ਨਾਮ ਕੀ ਲਾਗੈ ਭੂਖ ॥ ਉਤੁ ਭੂਖੈ, ਖਾਇ ਚਲੀਅਹਿ ਦੂਖ ॥’’ (ਸੋ ਦਰੁ/ ਮਹਲਾ ੧/੯)
ਇਸੇ ਪ੍ਰਸੰਗ ਦਾ ਜ਼ਿਕਰ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਆਸਾ ਰਾਗ ਵਿੱਚ ਬਹੁਤ ਸੋਹਣਾ ਕੀਤਾ ਹੈ ‘‘ਦੀਵਾ ਮੇਰਾ ਏਕੁ ਨਾਮੁ; ਦੁਖੁ, ਵਿਚਿ ਪਾਇਆ, ਤੇਲੁ ॥’’ ਇੱਥੇ ‘ਦੁਖੁ’ ਦੇ ‘ਖੁ’ ਨੂੰ ਔਂਕੜ ਹੈ, ਜੇਕਰ ਇਸ ਦਾ ਸੰਬੰਧ ‘ਵਿਚਿ’ ਨਾਲ਼ ਹੁੰਦਾ ਤਾਂ ਇਸ ਦਾ ਅੰਤ ਔਂਕੜ ਹਟ ਜਾਣਾ ਸੀ। ਇਸ ਲਈ ਪਾਠ ਕਰਦਿਆਂ ‘ਦੁਖੁ’ ਤੋਂ ਬਾਅਦ ਥੋੜ੍ਹਾ ਠਹਿਰਨਾ ਹੈ। ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ਕਿ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਇੱਕ ਗਿਆਨ ਦਾ ਦੀਵਾ ਹੈ। ਗੁਰੂ ਦੇ ਅੱਖਰੀ ਅਰਥ ਇਹੀ ਹਨ ‘ਅੰਧੇਰੇ ਦੇ ਵਿੱਚ ਗਿਆਨ ਦਾ ਦੀਵਾ ਜਾਂ ਸਾਧਨ’। ਗੁਰੂ ਜੀ ਕਹਿੰਦੇ ਹਨ ਦੀਵੇ ਦੇ ਵਿੱਚ ਦੁੱਖ ਰੂਪੀ ਤੇਲ ਪਾਇਆ ਹੈ ਉਸ ਨਾਲ ਬਹੁਤ ਚਾਨਣ ਹੋ ਗਿਆ ਹੈ, ਮੇਰੇ ਅੰਦਰ ਗੁਰ ਮੰਤਰ ਪੱਕਾ ਹੋ ਗਿਆ ਹੈ। ਜਦੋਂ ਦੀਵਾ ਜਗਦਾ ਹੈ ਤਾਂ ਤੇਲ ਮੁੱਕਦਾ ਹੈ। ਉਸੇ ਪ੍ਰਕਾਰ ਜਦੋਂ ਗਿਆਨ ਦਾ ਚਾਨਣ; ਨਾਮ ਰੂਪੀ ਦੀਵੇ ਨਾਲ ਹੋ ਗਿਆ ਤਾਂ ਦੁੱਖਾਂ ਦਾ ਪਾਇਆ ਹੋਇਆ ਤੇਲ ਮੁੱਕ ਗਿਆ, ਫਿਰ ‘‘ਉਨਿ ਚਾਨਣਿ, ਓਹੁ ਸੋਖਿਆ; ਚੂਕਾ ਜਮ ਸਿਉ ਮੇਲੁ ॥੧॥’’ (ਮਹਲਾ ੧/੩੫੮) ਭਾਵ ਉਸ ਗੁਰਸਿੱਖ ਦਾ ਜਮਾਂ ਦੇ ਨਾਲ ਮੇਲ ਕਦੇ ਮੁੜ ਕੇ ਨਹੀਂ ਹੁੰਦਾ ਫਿਰ ਕਦੇ ਵੀ ਜਮਾਂ ਦਾ ਡਰ ਨਹੀਂ ਰਹਿੰਦਾ। ਉਸ ਬ੍ਰਹਮਗਿਆਨੀ ਦਾ ‘‘ਚੂਕਾ ਜਮ ਸਿਉ ਮੇਲੁ ॥’’, ਉਸ ਦੇ ਅੰਦਰੋਂ ਇਹੀ ਅਰਦਾਸ ਸਦਾ ਉੱਠਦੀ ਹੈ ਕਿ ‘‘ਅਬ ਕੀ ਬਾਰ ਬਖਸਿ ਬੰਦੇ ਕਉ; ਬਹੁਰਿ ਨ ਭਉਜਲਿ ਫੇਰਾ ॥’’ (ਭਗਤ ਕਬੀਰ/੧੧੦੪), ਇਹੀ ਹੈ ‘‘ਸਾਚੇ ਨਾਮ ਕੀ ਲਾਗੈ ਭੂਖ ॥’’
ਸਰੀਰਕ ਭੁੱਖ ਦਾ ਪਤਾ ਤਾਂ ਸਭ ਨੂੰ ਲੱਗ ਜਾਂਦਾ ਹੈ ਪਰ ਆਤਮਕ ਭੁੱਖ ਦਾ ਪਤਾ ਕਿਸੇ ਨੂੰ ਨਹੀਂ ਲੱਗਦਾ। ਸਰੀਰਕ ਭੁੱਖ ਦਾ ਪਤਾ ਲੱਗਣਾ ਅਸਾਨ ਹੈ। ਇਨਸਾਨ ਨੂੰ ਤੜਫਦਾ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਰੋਟੀ ਚਾਹੀਦੀ ਹੈ, ਪਰ ਸੱਚੇ ਨਾਮ ਦੀ ਭੁੱਖ ਲੱਗੀ ਹੋਈ ਸਿਰਫ਼ ਓਹੀ ਮਹਿਸੂਸ ਕਰ ਸਕਦਾ ਹੈ, ਜਿਸ ਨੂੰ ਇਹ ਭੁੱਖ ਲੱਗੀ ਹੋਈ ਹੋਵੇ। ਜਿਸ ਅੰਦਰ ਇਹ ਭੁੱਖ ਲੱਗ ਗਈ ਫਿਰ ਉਹ ਪਰਮਾਤਮਾ ਨੂੰ ਦਿਲ ਵਿੱਚ ਵਸਾ ਕੇ ਗੁਰਮੰਤ੍ਰ ਦ੍ਰਿੜ੍ਹ ਕਰੇਗਾ, ਜਿਸ ਨਾਲ਼ ਸਾਰੇ ਦੁੱਖ ਚਲੇ ਜਾਂਦੇ ਹਨ।
ਦੁੱਖ ਅਤੇ ਸੁੱਖ ਦਾ ਆਪਸ ਵਿੱਚ ਬਹੁਤ ਗਹਿਰਾ ਸੰਬੰਧ ਹੈ। ਪਹਿਲਾਂ ਇਹ ਸਮਝਣਾ ਪਏਗਾ ਕਿ ਗੁਰਬਾਣੀ ਅਨੁਸਾਰ ਦੁੱਖ ਕੀ ਹਨ ਕਿਉਂਕਿ ਗੁਰਬਾਣੀ ਦੁੱਖਾਂ-ਸੁੱਖਾਂ ਯਾਨੀ ਦੋਵਾਂ ਨੂੰ ਰੱਬ ਦੀ ਦਾਤਿ ਮੰਨਦੀ ਹੈ; ਜਿਵੇਂ ਕਿ ਵਾਕ ਹੈ ‘‘ਸੁਖੁ ਦੁਖੁ ਤੇਰੀ ਆਗਿਆ ਪਿਆਰੇ ! ਦੂਜੀ ਨਾਹੀ ਜਾਇ ॥’’ (ਮਹਲਾ ੫/੪੩੨) ਸੁੱਖ ਅਤੇ ਦੁੱਖ ਪਰਮਾਤਮਾ ਦੀ ਆਗਿਆ ਦੇ ਵਿੱਚ ਹੀ ਹਨ। ਇਹ ਨਹੀਂ ਹੈ ਕਿ ਜੇ ਸੁੱਖ ਮਿਲੇ ਹਨ ਤਾਂ ਮੇਰੀ ਮਿਹਨਤ ਕਾਰਨ, ਮੇਰੀ ਕੋਸ਼ਿਸ਼ ਕਰਕੇ, ਮੇਰੇ ਕਰਮਾਂ ਨਾਲ ਮਿਲੇ ਹਨ ਅਤੇ ਜੋ ਦੁੱਖ ਮਿਲੇ ਹਨ ਤਾਂ ਉਹ ਪਰਮਾਤਮਾ ਨੇ ਦਿੱਤੇ ਹਨ। ਦੁੱਖ ਅਤੇ ਸੁੱਖ ਇੱਕ ਬਰਾਬਰ ਹਨ। ਇਹ ਪਰਮਾਤਮਾ ਦੀ ਹੀ ਬਖਸ਼ਸ਼ ਹੈ ‘‘ਜੋ ਤੂੰ ਕਰਾਵਹਿ, ਸੋ ਕਰੀ ਪਿਆਰੇ ! ਅਵਰੁ ਕਿਛੁ ਕਰਣੁ ਨ ਜਾਇ ॥’’ (ਮਹਲਾ ੫/੪੩੨) ਜੇ ਮੈਂ ਕੁਝ ਕਰ ਸਕਿਆ ਹਾਂ ਤਾਂ ਪਰਮਾਤਮਾ ਦੀ ਕਿਰਪਾ ਸਦਕਾ ਹੈ ਕਿਉਂਕਿ ਮੇਰੇ ਹੱਥ ਕੁਝ ਵੀ ਨਹੀਂ। ਜੇਕਰ ਮੈਂ ਸੁੱਖਾਂ ਨੂੰ ਇਕੱਠਾ ਕੀਤਾ ਹੈ, ਉਸ ਵਿੱਚ ਜੋ ਮਿਹਨਤ ਹੋਈ, ਉਹ ਪਰਮਾਤਮਾ ਨੇ ਮੇਰੇ ਕੋਲ਼ੋਂ ਕਰਵਾਈ ਹੈ। ਜੇ ਮੈਨੂੰ ਦੁੱਖ ਆ ਗਏ ਹਨ ਤਾਂ ਉਹ ਵੀ ਮੇਰੇ ਨਸੀਬ ਅਨੁਸਾਰ ਤੁਸੀਂ ਹੀ ਦਿੱਤੇ ਹਨ। ਐਸੇ ਗੁਰੂ ਪਿਆਰੇ ਦੇ ਬੋਲ ਹੋਣਗੇ ‘‘ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ! ਜਿਤੁ, ਜਪੀਐ ਹਰਿ ਨਾਉ ॥’’ (ਮਹਲਾ ੫/੪੩੨) ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਧਿਆਇਆ ਹੈ ਉਨ੍ਹਾਂ ਲਈ ਦਿਨ ਅਤੇ ਰਾਤ ਦੁੱਖਾਂ ਵਿੱਚ ਵੀ ਬਹੁਤ ਸੋਹਣੇ ਬੀਤਦੇ ਹਨ। ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ‘‘ਸੁਖੁ ਦੁਖੁ ਦੁਇ, ਦਰਿ ਕਪੜੇ; ਪਹਿਰਹਿ ਜਾਇ ਮਨੁਖ ॥’’ (ਮਹਲਾ ੧/੧੪੯) ਭਾਵ ਜਿਸ ਤਰ੍ਹਾਂ ਇਨਸਾਨ ਬਦਲ-ਬਦਲ ਕੇ ਅਲੱਗ-ਅਲੱਗ ਰੰਗਾਂ ਦੇ ਕੱਪੜੇ ਪਾਉਂਦਾ ਹੈ, ਉਸੇ ਤਰ੍ਹਾਂ ਪਰਮਾਤਮਾ ਨੇ ਮਨੁੱਖ ਲਈ ਦੁੱਖ ਅਤੇ ਸੁੱਖ ਰੂਪੀ ਦੋ ਕੱਪੜੇ ਬਣਾਏ ਹਨ। ਪ੍ਰਭੂ ਦੀ ਦਰਗਾਹ ਤੋਂ ਇਹ ਕੱਪੜੇ ਮਨੁੱਖ ਨੂੰ ਅਵੱਸ਼ ਮਿਲੇ ਹਨ। ਅਗਲੀ ਪੰਕਤੀ ’ਚ ਇਹ ਵੀ ਕਿਹਾ ਹੈ ‘‘ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ॥’’ (ਮਹਲਾ ੧/੧੪੯) ਹੇ ਭਾਈ ! ਜੇਕਰ ਤੈਨੂੰ ਦੁੱਖ ਆਇਆ ਹੈ, ਦੁੱਖ ਦੇ ਵਿੱਚ ਤੂੰ ਕੁਰਲਾ ਰਿਹਾ ਹੈਂ, ਦੁੱਖ ਦੇ ਵਿੱਚ ਤੂੰ ਗਿਲੇ-ਸ਼ਿਕਵੇ ਕਰ ਰਿਹਾ ਹੈਂ, ਗੁਰੂ ਨੂੰ ਵੀ ਬੁਰਾ ਭਲਾ ਕਹਿ ਰਿਹਾ ਹੈਂ ਤਾਂ ਯਾਦ ਰੱਖੀਂ ਕਿ ਗਿਲੇ-ਸ਼ਿਕਵੇ ਕੀਤਿਆਂ ਆਪਣੀ ਹੀ ਹਾਰ ਹੁੰਦੀ ਹੈ। ਮਨੁੱਖ ਹੋਰ ਨੀਵਾਂ ਹੋ ਜਾਂਦਾ ਹੈ, ਮਨੋਬਲ ਗਿਰ ਜਾਂਦਾ ਹੈ, ਸਿਹਤ ਪੱਖੋਂ ਵੀ ਕਮਜ਼ੋਰੀ ਆ ਜਾਂਦੀ ਹੈ। ਇਸ ਲਈ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਮੈਨੂੰ ਮੇਰੇ ਕੀਤੇ ਹੋਏ ਪਾਪਾਂ ਕਰਕੇ ਦੁੱਖ ਆਇਆ ਹੈ। ਮੈਨੂੰ ਅੰਦਰੂਨੀ ਤਾਕਤ ਬਖ਼ਸ਼ੋ। ਮੇਰੀ ਆਤਮਕ ਅਵਸਥਾ ਉੱਚੀ ਕਰੋ ਤਾਂ ਕਿ ਮੈਂ ਇਨ੍ਹਾਂ ਦੁੱਖਾਂ-ਮੁਸੀਬਤਾਂ ਦਾ ਸਾਮ੍ਹਣਾ ਕਰ ਸਕਾਂ। ਇਨ੍ਹਾਂ ਦਾ ਮੁਕਾਬਲਾ ਕਰ ਸਕਾਂ। ਆਤਮ ਖ਼ੁਰਾਕ ਰੱਬੀ ਨਾਮ ਨੂੰ ਵਧਾਉਣਾ ਚਾਹੀਦਾ ਹੈ। ਜਿਸ ਨਾਲ ਆਤਮਕ ਅਵਸਥਾ ਉੱਚੀ ਹੁੰਦੀ ਹੈ। ਕੋਈ ਡਰ ਨਹੀਂ ਲੱਗਦਾ। ਜਿੱਥੇ ਬੋਲਣ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ ਉੱਥੇ ਚੁੱਪ ਕਰਕੇ ਅਰਦਾਸ ਕਰਨੀ ਬਣਦੀ ਹੈ, ਨਾਮ ਜਪਣਾ ਚਾਹੀਦਾ ਹੈ, ਮਾਲਕ ਦੇ ਗੁਣ ਗਾਉਣੇ ਚਾਹੀਦੇ ਹਨ। ਕਿਸੇ ਨਾਲ ਗਿਲਾ-ਸ਼ਿਕਵਾ ਨਹੀਂ ਕਰਨਾ, ਕਿਸੇ ਦੇ ਉੱਪਰ ਦੋਸ਼ ਨਹੀਂ ਲਗਾਉਣੇ। ਦੁੱਖ-ਸੁੱਖ ਇਨਸਾਨ ਦੇ ਆਪਣੇ ਕਰਮਾਂ ਦਾ ਫਲ਼ ਹੈ।
ਸਾਰਿਆਂ ਦੇ ਦਿਮਾਗ਼ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਮੈਨੂੰ ਦੁੱਖ ਕਿਉਂ ਆਇਆ ਜਾਂ ਪਰਮਾਤਮਾ ਨੇ ਮੈਨੂੰ ਦੁੱਖ ਕਿਉਂ ਦਿੱਤਾ, ਇਸ ਲਈ ਸਾਰੇ ਸੁੱਖ ਮੰਗਦੇ ਹਨ। ਗੁਰੂ ਵਾਕ ਹੈ ‘‘ਸੁਖ ਕਉ ਮਾਗੈ ਸਭੁ ਕੋ; ਦੁਖੁ ਨ ਮਾਗੈ ਕੋਇ ॥’’ ਇਹੀ ਸੁੱਖ ਹਨ, ਜੋ ਆਪਣੇ ਨਾਲ਼ ਦੁੱਖ ਲੈ ਕੇ ਆਉਂਦੇ ਹਨ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਆਪ ਹੀ ਸਪਸ਼ਟ ਕਰਦੇ ਹਨ ‘‘ਸੁਖੈ ਕਉ ਦੁਖੁ ਅਗਲਾ; ਮਨਮੁਖਿ ਬੂਝ ਨ ਹੋਇ ॥’’ ਜਦ ਤੱਕ ਮਨੁੱਖਾਂ; ਦੋਨਾਂ ਨੂੰ ਇਕ ਸਮਾਨ ਮਹਿਸੂਸ ਨਹੀਂ ਕਰਦਾ, ਤਦ ਤੱਕ ਅਨੰਦ ਨਹੀਂ ਮਿਲਦਾ ‘‘ਸੁਖ ਦੁਖ ਸਮ ਕਰਿ ਜਾਣੀਅਹਿ; ਸਬਦਿ ਭੇਦਿ, ਸੁਖੁ ਹੋਇ ॥’’ (ਮਹਲਾ ੧/੫੭) ਉਦਾਹਰਨ ਵਜੋਂ ਦੇਖੀਏ ਤਾਂ ਅਕਸਰ ਲੋਕ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸੁੱਖਾਂ ਵਾਸਤੇ ਅਰਦਾਸ ਕਰਦੇ ਨਜ਼ਰੀਂ ਆਉਂਦੇ ਹਨ। ਦੁੱਖਾਂ ਤੋਂ ਛੁਟਕਾਰਾ ਹਰ ਕੋਈ ਚਾਹੁੰਦਾ ਹੈ ਪਰ ਇਹ ਭੁੱਲ ਜਾਂਦਾ ਹੈ ਕਿ ਜਿੰਨੇ ਸੁੱਖ ਵਧਣਗੇ, ਜਿੰਨਾ ਜ਼ਿਆਦਾ ਰਸਾਂ-ਕਸਾਂ ਵਿੱਚ ਪਏਗਾ ਓਨੇ ਹੀ ਵਧੀਕ ਦੁੱਖ ਮਿਲਦੇ ਹਨ ਕਿਉਂਕਿ ਇਹ ਕੁਦਰਤਿ ਦਾ ਨਿਯਮ ਹੈ ਪਰ ਮਨੁੱਖ ਨੂੰ ਇਸ ਦੀ ਸੋਝੀ ਨਹੀਂ। ਦੁਨੀਆਂ ਦੇ ਦੁੱਖ ਅਤੇ ਸੁੱਖ ਇੱਕੋ ਜਿਹੇ ਸਮਝਣੇ ਚਾਹੀਦੇ ਹਨ। ਅਸਲੀ ਸੁੱਖ ਉਸ ਸਮੇਂ ਮਿਲਦਾ ਹੈ ਜਦੋਂ ਮਨ ਨੂੰ ਗੁਰੂ ਦੇ ਸ਼ਬਦ ਨਾਲ ਵਿੰਨ੍ਹ ਲਿਆ ਜਾਵੇ ‘‘ਜੇਤੇ ਰਸ ਸਰੀਰ ਕੇ, ਤੇਤੇ ਲਗਹਿ ਦੁਖ ॥’’ (ਮਹਲਾ ੧/੧੨੮੭) ਇਨ੍ਹਾਂ ਤੋਂ ਬਚਣਾ ਕਿਵੇਂ ਹੈ ‘‘ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ; ਹਰਖ ਸੋਗ ਤੇ ਬਿਰਕਤੁ ਭਇਆ ॥ ਆਪੁ ਮਾਰਿ, ਗੁਰਮੁਖਿ ਹਰਿ ਪਾਏ; ਨਾਨਕ ! ਸਹਜਿ ਸਮਾਇ ਲਇਆ ॥ (ਮਹਲਾ ੧/੯੦੭), ਜੋ ਨਰੁ, ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ॥੧॥ਰਹਾਉ ॥’’ (ਮਹਲਾ ੯/੬੩੩)
ਦੁੱਖ-ਸੁੱਖ ਦੁਨੀਆ ਵਿੱਚ ਨਿਰੰਤਰ ਹਨ ਪਰ ਜੋ ਇਨਸਾਨ ਇਨ੍ਹਾਂ ਨੂੰ ਬਰਾਬਰ ਮਹਿਸੂਸ ਕਰਨਯੋਗ ਹੋ ਜਾਂਦਾ ਹੈ। ਉਸ ਲਈ ਦੁੱਖ ਵੀ ਸੁੱਖ ਬਣ ਜਾਂਦੇ ਹਨ ‘‘ਸਬਦਿ ਭੇਦਿ, ਸੁਖੁ ਹੋਇ ॥’’ ਯਾਨੀ ਸੱਚੇ ਨਾਮ ਨਾਲ਼ ਉੱਚੀ ਹੋਈ ਸੁਰਤਿ ਲਈ ਸਾਰੇ ਦੁੱਖ ਮਿਟ ਜਾਂਦੇ ਹਨ। ਇਸ ਲਈ ਦੁੱਖ ਵੀ ਪਰਮਾਤਮਾ ਨੇ ਦਿੱਤੇ ਹਨ ਅਤੇ ਉਨ੍ਹਾਂ ਦੀ ਦੂਰ ਵੀ ਓਹੀ ਕਰੇਗਾ। ਗੁਰੂ ਨਾਨਕ ਪਾਤਿਸ਼ਾਹ ਜੀ ਕਹਿੰਦੇ ਹਨ ਕਿ ‘‘ਸਭ ਦੁਖ ਤੇਰੇ ਸੂਖ ਰਜਾਈ ॥ ਸਭਿ ਦੁਖ ਮੇਟੇ; ਸਾਚੈ ਨਾਈ ॥’’ (ਮਹਲਾ ੧/੪੧੨) ਹੇ ਪਾਤਿਸ਼ਾਹ ! ਸਾਰੇ ਦੁੱਖ ਤੇਰੀ ਰਜ਼ਾ ਵਿੱਚ ਮਿਲਦੇ ਹਨ। ਫਿਰ ਸਾਫ਼ ਕਰ ਦਿੱਤਾ ਕਿ ਸਾਰੇ ਦੁੱਖ ਤੇਰੇ ਸੱਚੇ ਨਾਮ ਵਿੱਚ ਜੁੜ ਕੇ ਮਿਟਦੇ ਹਨ ਯਾਨੀ ‘ਆਖਾਂ ਜੀਵਾਂ’ ਵਾਲ਼ੀ ਅਵਸਥਾ ਬਣ ਗਈ।
ਪੰਜਵੇਂ ਪਾਤਿਸ਼ਾਹ ਜੀ ਤੱਤੀ ਤਵੀ ’ਤੇ ਬੈਠੇ ਕਹਿੰਦੇ ਹਨ ‘‘ਦੁਖੁ ਨਾਹੀ, ਸਭੁ ਸੁਖੁ ਹੀ ਹੈ ਰੇ ! ਏਕੈ ਏਕੀ ਨੇਤੈ ॥ ਬੁਰਾ ਨਹੀ, ਸਭੁ ਭਲਾ ਹੀ ਹੈ ਰੇ ! ਹਾਰ ਨਹੀ, ਸਭ ਜੇਤੈ ॥’’ (ਮਹਲਾ ੫/੧੩੦੨) ਯਾਨੀ ਜੇਕਰ ਇੱਕ ਪ੍ਰਭੂ ਦੇ ਨੇੜੇ ਹੋ ਗਏ, ਉਸ ਦਾ ਸਿਮਰਨ ਕਰਕੇ ਉਸ ਵਿੱਚ ਲਿਵ ਜੁੜ ਗਈ, ਫਿਰ ਕੋਈ ਦੁੱਖ ਨਹੀਂ। ਉਸ ਲਈ ਕੁੱਝ ਵੀ ਬੁਰਾ ਨਹੀਂ, ਕੋਈ ਹਾਰ ਨਹੀਂ, ਸਾਰੀ ਹੀ ਸਾਰੀ ਜਿੱਤ ਹੈ। ਫਿਰ ਸਦਾ ਖ਼ੁਸ਼ੀ ਹੀ ਖ਼ੁਸ਼ੀ ਹੈ, ਗ਼ਮ ਕੋਈ ਨਹੀਂ। ਜਦੋਂ ਤੱਕ ਜਗਿਆਸੂ ਆਤਮਕ ਅਨੰਦ ਤੋਂ ਇਲਾਵਾ ਕਿਸੇ ਹੋਰ ਨਾਲ਼ ਪਿਆਰ ਨਹੀਂ ਪਾਉਂਦੇ, ਉਦੋਂ ਤੱਕ ਕੋਈ ਦੁੱਖ ਨਹੀਂ ਪੋਹ ਸਕਦਾ।
ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਉਹ 10 ਦਿਨ ਦਾ ਸਫ਼ਰ, ਜਿਸ ਨੂੰ ਅੱਜ ਕੱਲ੍ਹ ਸਫ਼ਰ-ਏ-ਸ਼ਹਾਦਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਦੋਂ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਹਨ, ਪਰਵਾਰ ਵਿੱਛੜ ਜਾਂਦਾ ਹੈ। ਵੱਡੇ ਸਾਹਿਬਜ਼ਾਦਿਆਂ (18 ਸਾਲ ਅਤੇ 21 ਸਾਲ) ਸਮੇਤ 40 ਸਿੰਘ ਗੁਰੂ ਜੀ ਦੀਆਂ ਨਜ਼ਰਾਂ ਦੇ ਸਾਮ੍ਹਣੇ ਸ਼ਹੀਦ ਹੋ ਜਾਂਦੇ ਹਨ। ਅਗਲੇ ਦਿਨ ਸਵੇਰੇ ਗੁਰੂ ਜੀ ਆਪ ਮੈਦਾਨੇ-ਜੰਗ ਵਿੱਚ ਜਾਣ ਲਈ ਤਿਆਰ ਹੁੰਦੇ ਸਨ, ਪਰ ਪੰਜ ਪਿਆਰਿਆਂ ਦੀ ਬੇਨਤੀ ਨੂੰ ਪਰਮਾਤਮਾ ਦੀ ਰਜ਼ਾ ਮੰਨ ਕੇ ਆਪ ਨੂੰ ਗੜ੍ਹੀ ਛੱਡਣੀ ਪਈ। ਬਿਨਾਂ ਘੋੜੇ ਤੋਂ, ਪਾਟੀ ਹੋਈ ਪੁਸ਼ਾਕ ਵਿੱਚ ਆਪ ਮਾਛੀਵਾੜੇ ਦੇ ਜੰਗਲ਼ ਵਿੱਚ ਪਹੁੰਚਦੇ ਹਨ। ਜੰਗਲ਼ ਵਿੱਚ ਬੇਖ਼ੌਫ, ਹੱਥ ਵਿੱਚ ਕਿਰਪਾਨ ਅਤੇ ਪਰਮਾਤਮਾ ਨਾਲ ਕੋਈ ਗਿਲਾ-ਸ਼ਿਕਵਾ ਨਹੀਂ ਸਗੋਂ ਮਾਲਕ ਨਾਲ਼ ਸੁਰਤਿ ਇਕਾਗਰ ਕਰ ਉਚਾਰ ਰਹੇ ਹਨ ‘‘ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਣਾ ॥ ਤੁਧੁ ਬਿਨੁ, ਰੋਗੁ ਰਜਾਈਯਾ ਦਾ ਓਢਣੁ; ਨਾਗ ਨਿਵਾਸਾ ਦਾ ਰਹਣਾ ॥’’
ਫਿਰ ਵੀ ਔਰੰਗਜ਼ੇਬ ਨੂੰ ਜ਼ਫ਼ਰਨਾਮਾ (ਜਿੱਤ ਦੀ ਚਿੱਠੀ) ਲਿਖਦੇ ਹਨ ਤਾਂ ਔਰੰਗਜ਼ੇਬ ਸੋਚਦਾ ਹੈ ਕਿ ਮੈਂ ਇਨ੍ਹਾਂ ਨਾਲ ਕੀ ਕੁਝ ਨਹੀਂ ਕੀਤਾ ਪਰ ਫਿਰ ਵੀ ਇਹ ਜਿੱਤ ਦੀ ਚਿੱਠੀ ਲਿਖ ਰਹੇ ਹਨ। ਗੁਰੂ ਜੀ ਨੇ ਲਿਖਿਆ ਕਿ ਔਰੰਗਜ਼ੇਬ ! ਤੂੰ ਆਪਣੇ ਦੀਨ-ਧਰਮ ਤੋਂ ਡਿੱਗ ਗਿਆ ਹੈਂ, ਤੂੰ ਕੁਰਾਨ ਦੀਆਂ ਕਸਮਾਂ ਖਾ ਕੇ ਮੁੱਕਰ ਗਿਆ ਹੈਂ, ਤੂੰ ਝੂਠ ਬੋਲਿਆ ਹੈਂ ਇਸ ਲਈ ਤੂੰ ਹਾਰ ਗਿਆ ਹੈਂ ਅਤੇ ਮੈਂ ਪਰਮਾਤਮਾ ਦੇ ਭਰੋਸੇ ’ਤੇ ਪਹਿਰਾ ਦਿੱਤਾ ਹੈ, ਇਸ ਲਈ ਮੈਂ ਜਿੱਤ ਗਿਆ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਬੋਲਾਂ ਦਾ ਭਾਵ ਵੀ ਇਹੀ ਹੈ ਕਿ ‘‘ਦੁਖੁ ਨਾਹੀ, ਸਭੁ ਸੁਖੁ ਹੀ ਹੈ ਰੇ ! ਏਕੈ ਏਕੀ ਨੇਤੈ ॥ ਬੁਰਾ ਨਹੀ, ਸਭੁ ਭਲਾ ਹੀ ਹੈ ਰੇ ! ਹਾਰ ਨਹੀ, ਸਭ ਜੇਤੈ ॥’’ (ਮਹਲਾ ੫/੧੩੦੨)
ਸਾਡਾ ਤਾਂ ਸੁਭਾਅ ਇਹ ਬਣ ਗਿਆ ਹੈ ਕਿ ਅਸੀਂ ਛੋਟੋ-ਛੋਟੇ ਦੁੱਖਾਂ ਦੇ ਉਲਾਂਭੇ ਪਰਮਾਤਮਾ ਨੂੰ ਦਿੰਦੇ ਰਹਿੰਦੇ ਹਾਂ। ਸਾਡੀ ਹਉਮੈ ਅਕਸਰ ਸਾਡੇ ਮੂਹੋਂ ਇਹ ਕਢਵਾ ਦਿੰਦੀ ਹੈ ਕਿ ਮੈਂ ਰੋਜ਼ ਪਾਠ ਕਰਦਾ ਹਾਂ, ਮੈਂ ਰੋਜ਼ ਤੈਨੂੰ ਯਾਦ ਕਰਦਾ ਹਾਂ ਫਿਰ ਵੀ ਤੂੰ ਮੈਨੂੰ ਦੁੱਖ ਕਿਉਂ ਦਿੱਤੇ ? ਪਰ ਸਾਨੂੰ ਇਹ ਵਿਚਾਰਨਾ ਚਾਹੀਦਾ ਹੈ ਕਿ ਸਾਡੀ ਭਗਤੀ; ਗੁਰੂ ਅਰਜਨ ਸਾਹਿਬ, ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਤੋਂ ਵੱਧ ਤਾਂ ਨਹੀਂ ਹੈ, ਸਾਡੇ ਉੱਤੇ ਉਹ ਸਮਾਂ ਨਹੀਂ ਆਇਆ ਜੋ ਉਨ੍ਹਾਂ ਮਹਾਂ ਪੁਰਸ਼ਾਂ ’ਤੇ ਆਇਆ ਸੀ।
ਵਿਚਾਰ ਅਧੀਨ ਸ਼ਬਦ ਦਾ ਪਹਿਲਾ ‘ਰਹਾਉ’ ਵਾਲ਼ਾ ਪਦਾ ਹੈ ‘‘ਸੋ ਕਿਉ ਵਿਸਰੈ; ਮੇਰੀ ਮਾਇ ! ॥ ਸਾਚਾ ਸਾਹਿਬੁ; ਸਾਚੈ ਨਾਇ ॥੧॥ ਰਹਾਉ ॥’’ ਹੇ ਮੇਰੀ ਮਾਂ ! ਤੂੰ ਮੇਰੇ ਵਾਸਤੇ ਅਰਦਾਸ ਕਰ, ਮੈਨੂੰ ਅਸੀਸ ਦੇਹ ਕਿ ਮੈਨੂੰ ਉਹ ਪਰਮਾਤਮਾ ਨਾ ਵਿਸਰ ਜਾਏ। ਸਦਾ ਥਿਰ ਰਹਿਣ ਵਾਲਾ ਸਾਚਾ ਸਾਹਿਬ, ਸੱਚੇ ਨਾਮ ਨਾਲ ਲਿਵ ਜੋੜ ਕੇ ਮਿਲਦਾ ਹੈ। ਜੀਵ ਲਈ ਸਭ ਤੋਂ ਵੱਡੀ ਅਸੀਸ ਹੈ, ਜੋ ਮਾਂ ਰੂਪ ਹੋ ਕੇ ਪੁੱਤ ਰੂਪੀ ਜੀਵ ਨੂੰ ਦਿੱਤੀ ਜਾਂਦੀ ਹੈ। ਗੁਰੂ ਅਰਜਨ ਸਾਹਿਬ ਜੀ ਆਪਣੀ ਮਾਤਾ ਦੇ ਹਵਾਲੇ ਨਾਲ਼ ਹੀ ਕਹਿ ਰਹੇ ਹਨ ਕਿ ‘‘ਪੂਤਾ ! ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ਹ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ॥੧॥ ਰਹਾਉ ॥’’ (ਮਹਲਾ ੫/੪੯੬) ਇਸ ਵਿੱਚ ਪੁੱਤਰ ਨੂੰ ਸੰਬੋਧਨ ਕੀਤਾ ਗਿਆ ਹੈ ਇਸ ਕਰਕੇ ਪੂਤਾ ! ਤੋਂ ਬਾਅਦ ਵਿਸਰਾਮ ਦੇਣਾ ਹੈ। ਇਸ ਦੇ ਅਰਥ ਬਣਦੇ ਹਨ ‘ਹੇ ਪੁੱਤਰ ! ਇੱਕ ਮਾਤਾ ਦੀ ਤੇਰੇ ਵਾਸਤੇ ਇਹ ਅਸੀਸ ਹੈ ਕਿ ਤੈਨੂੰ ਕਦੇ ਵੀ ਉਸ ਪਰੀਪੂਰਨ ਪਰਮਾਤਮਾ ਦਾ ਨਾਮ ਨਾ ਵਿਸਰੇ, ਹਮੇਸਾਂ ਤੂੰ ਉਸ ਨੂੰ ਯਾਦ ਰੱਖੇਂ। ਅੱਗੇ ਪੁੱਤਰ ਦਾ ਸਵਾਲ ਹੈ ਕਿ ਮੈਨੂੰ ਇਸ ਦਾ ਕੀ ਫ਼ਾਇਦਾ ਹੋਏਗਾ ? ਜਿਸ ਦਾ ਜਵਾਬ ਹੈ ‘‘ਜਿਸੁ ਸਿਮਰਤ, ਸਭਿ ਕਿਲਵਿਖ ਨਾਸਹਿ; ਪਿਤਰੀ ਹੋਇ ਉਧਾਰੋ ॥ ਸੋ ਹਰਿ ਹਰਿ, ਤੁਮ੍ਹ ਸਦ ਹੀ ਜਾਪਹੁ; ਜਾ ਕਾ ਅੰਤੁ ਨ ਪਾਰੋ ॥’’ (ਮਹਲਾ ੫/੪੯੬) ਭਾਵ ਉਸ ਪਰਮਾਤਮਾ ਨੂੰ ਯਾਦ ਕੀਤਿਆਂ ਤੇਰੇ ਸਾਰੇ ਦੁੱਖ, ਪਾਪ, ਕਲੇਸ਼ ਨਾਸ ਹੋ ਜਾਣਗੇ। ਜੋ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮਹਲਾ ੩/੬੫੧) ਮਨ ਨੂੰ ਮੈਲ਼ ਲੱਗੀ ਹੈ, ਉਹ ਉਤਰ ਜਾਏਗੀ।
ਸੱਚੇ ਨਾਮ ਨੂੰ ਸਦੀਆਂ ਤੋਂ ਰੱਬੀ ਪਿਆਰੇ ਜਪਦੇ ਰਹੇ ਹਨ, ਫਿਰ ਵੀ ਉਸ ਦਾ ਤਿਲ ਮਾਤਰ ਅੰਤ ਨਹੀਂ ਪਾ ਸਕੇ। ਉਸ ਸੱਚੇ ਦੀ ਵਡਿਆਈ ਆਖ ਆਖ ਕੇ ਥੱਕ ਗਏ, ਜੀਵਨ ਲੀਲ੍ਹਾ ਸਮਾਪਤ ਕਰ ਗਏ ‘‘ਸਾਚੇ ਨਾਮ ਕੀ ਤਿਲੁ ਵਡਿਆਈ ॥ ਆਖਿ ਥਕੇ, ਕੀਮਤਿ ਨਹੀ ਪਾਈ ॥’’ ਸਾਰੇ ਗਿਆਨੀ, ਧਿਆਨੀ ਅਤੇ ਵਿਦਵਾਨ, ਜਿਨ੍ਹਾਂ ਦੀ ਸੁਰਤ ਬਹੁਤ ਉੱਚੀ ਹੋ ਗਈ, ਉਹ ਸਭ ਮਿਲ ਕੇ ਉਸ ਦੀ ਵਡਿਆਈ ਆਖਦੇ ਹਨ । ਆਪਣੀ ਵਡਿਆਈ ਸੁਣ ਕੇ ਨਾ ਉਹ ਵੱਡਾ ਹੁੰਦਾ ਹੈ ਅਤੇ ਵਡਿਆਈ ਨਾ ਕਹਿਣ ਨਾਲ਼ ਨਾ ਉਹ ਛੋਟਾ ਹੁੰਦਾ ਹੈ ‘‘ਜੇ, ਸਭਿ ਮਿਲਿ ਕੈ, ਆਖਣ ਪਾਹਿ ॥ ਵਡਾ ਨ ਹੋਵੈ; ਘਾਟਿ ਨ ਜਾਇ ॥੨॥’’ ਜੇਕਰ ਅਸੀਂ ਇਹ ਸੋਚਦੇ ਹਾਂ ਕਿ ਪਰਮਾਤਮਾ ਦੀ ਵਡਿਆਈ ਕਰਕੇ ਉਸ ਨੂੰ ਵੱਡਾ ਕਰ ਰਹੇ ਹਾਂ ਤਾਂ ਇਹ ਸਾਡਾ ਵਹਿਮ ਹੈ। ਅਕਾਲ ਪੁਰਖ ਸਾਡੇ ਵੱਲੋਂ ਕੀਤੀ ਗਈ ਕਿਸੇ ਵਡਿਆਈ ਦਾ ਮੁਥਾਜ (ਮੁਹਤਾਜ) ਨਹੀਂ ਹੈ। ਇਹ ਦੁਨਿਆਵੀ ਲੋਕ ਹਨ, ਜੋ ਆਪਣੀ ਵਡਿਆਈ ਕਰਾਉਣ ਲਈ ਚੇਲੇ ਬਣਾ ਲੈਂਦੇ ਹਨ। ਜੋ ਹਰ ਰੋਜ਼ ਉਨ੍ਹਾਂ ਦੀਆਂ ਤਰੀਫਾਂ ਕਰਨ ਕਿ ਸਾਡੇ ਬਾਬਾ ਜੀ ਬਹੁਤ ਕਰਨੀ ਵਾਲੇ ਹਨ, ਸਵੇਰੇ ਉੱਠ ਕੇ ਆਸਣ ਲਗਾਉਂਦੇ ਹਨ, ਪਰ ਪਰਮਾਤਮਾ ਨੂੰ ਵੱਡਾ ਕਰਨ ਲਈ ਉਸ ਦੀ ਵਡਿਆਈ ਨਹੀਂ ਕਰਨੀ ਬਲਕਿ ਆਪਣੀ ਸੁਰਤਿ ਉੱਚੀ ਕਰਨ ਲਈ ਉਸ ਉੱਚੇ ਦੇ ਗੁਣ ਗਾਏ ਜਾਂਦੇ ਹਨ।
ਉਸ ਦਾ ਨਾਮ ਹੀ ਸੱਚ ਹੈ, ਉਹ ਆਪ ‘ਹੈ ਭੀ; ਹੋਸੀ’ ਹੈ ਭਾਵ ਉਹ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਹਮੇਸ਼ਾ ਹੀ ਰਹੇਗਾ। ਜਦ ਇਹ ਬ੍ਰਹਿਮੰਡ ਵੀ ਨਹੀਂ ਰਹੇਗਾ ਤਦ ਵੀ ਉਹ ਹਮੇਸ਼ਾ ਕਾਇਮ ਰਹੇਗਾ। ਉਹ ਕਦੇ ਵੀ ਮਰਦਾ ਨਹੀਂ ਕਿਉਂਕਿ ਉਹ ਜੰਮਦਾ ਵੀ ਨਹੀਂ। ਉਸ ਨੇ ਕੁਦਰਤਿ ਬਣਾਈ ਹੈ, ਆਪਣੇ ਆਪ ਨੂੰ ਆਕਾਰ ਰੁਪ ’ਚ ਪੈਦਾ ਕੀਤਾ ਹੈ ‘‘ਆਪੀਨ੍ਹੈ ਆਪੁ ਸਾਜਿਓ; ਆਪੀਨ੍ਹੈ ਰਚਿਓ ਨਾਉ ॥ ਦੁਯੀ, ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ॥’’ (ਮਹਲਾ ੧/੪੬੩) ਉਹ ਹਰੇਕ ਚੀਜ਼ ਵਿੱਚ ਆਪ ਬੈਠਾ ਹੋਇਆ ਹੈ, ਪਰ ਕਦੇ ਮਰਦਾ ਨਹੀਂ ‘‘ਨਾ ਓਹੁ ਮਰੈ; ਨ ਹੋਵੈ ਸੋਗੁ ॥ ਦੇਦਾ ਰਹੈ; ਨ ਚੂਕੈ ਭੋਗੁ ॥ ਗੁਣੁ ਏਹੋ; ਹੋਰੁ ਨਾਹੀ ਕੋਇ ॥ ਨਾ ਕੋ ਹੋਆ; ਨਾ ਕੋ ਹੋਇ ॥੩॥’’ ਉਹ ਅਜੂਨੀ ਹੈ, ਸਭ ਤੋਂ ਵੱਡੀ ਤਾਕਤ ਹੈ। ਉਹ ਹਮੇਸ਼ਾ ਦਾਤਾਂ ਦਿੰਦਾ ਰਹਿੰਦਾ ਹੈ। ਉਸ ਦਾ ਖ਼ਜਾਨਾ ਕਦੇ ਖ਼ਾਲੀ ਨਹੀਂ ਹੁੰਦਾ ਬਲਕਿ ਵਧਦਾ ਹੀ ਜਾਂਦਾ ਹੈ ‘‘ਖਾਵਹਿ ਖਰਚਹਿ ਰਲਿ ਮਿਲਿ ਭਾਈ ! ॥ ਤੋਟਿ ਨ ਆਵੈ ਵਧਦੋ ਜਾਈ ॥’’ (ਮਹਲਾ ੫/੧੮੬)
ਪੰਜਵੇਂ ਪਾਤਿਸ਼ਾਹ ਜੀ ਕਹਿ ਰਹੇ ਹਨ ਕਿ ‘‘ਦਦਾ, ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥ ਦੇਂਦੇ ਤੋਟਿ ਨ ਆਵਈ; ਅਗਨਤ ਭਰੇ ਭੰਡਾਰ ॥’’ (ਮਹਲਾ ੫/੨੫੭) ਆਪ ਨੇ ਇਹ ਨਹੀਂ ਕਿਹਾ ਕਿ ਉਹ ਕੇਵਲ ਉਨ੍ਹਾਂ ਨੂੰ ਦਾਤਾਂ ਦਿੰਦਾ ਹੈ, ਜੋ ਉਸ ਦੀ ਭਗਤੀ ਕਰਦੇ ਹਨ ਬਲਕਿ ਉਨ੍ਹਾਂ ਨੂੰ ਵੀ ਦਿੰਦਾ ਹੈ, ਜੋ ਉਸ ਦੀ ਹੋਂਦ ਮੰਨਣ ਤੋਂ ਵੀ ਇਨਕਾਰੀ ਹਨ ਕਿਉਂਕਿ ਉਹ ਨਿਰਵੈਰ ਹੈ ‘‘ਜਾਨ ਕੋ ਦੇਤ, ਅਜਾਨ ਕੋ ਦੇਤ; ਜਮੀਨ ਕੋ ਦੇਤ, ਜਮਾਨ ਕੋ ਦੈ ਹੈ ॥ ਕਾਹੇ ਕੋ ਡੋਲਤ ਹੈ; ਤੁਮਰੀ ਸੁਧਿ ਸੁੰਦਰ ਸ੍ਰੀ ਪਦਮਾਪਤਿ ਲੈ ਹੈ ॥’’ (ਅਕਾਲ ਉਸਤਤਿ/੨੪੭)
ਪ੍ਰਭੂ ਤਾਂ ਐਨਾ ਸਮਰੱਥ ਹੈ ਕਿ ‘‘ਦੈਨਹਾਰੁ ਸਦ ਜੀਵਨਹਾਰਾ ॥ ਮਨ ਮੂਰਖ ! ਕਿਉ ਤਾਹਿ ਬਿਸਾਰਾ ॥ ਦੋਸੁ ਨਹੀ ਕਾਹੂ ਕਉ ਮੀਤਾ ! ॥ ਮਾਇਆ ਮੋਹ ਬੰਧੁ; ਪ੍ਰਭਿ (ਨੇ) ਕੀਤਾ ॥ ਦਰਦ ਨਿਵਾਰਹਿ; ਜਾ ਕੇ ਆਪੇ ॥ ਨਾਨਕ ! ਤੇ ਤੇ ਗੁਰਮੁਖਿ ਧ੍ਰਾਪੇ ॥ (ਮਹਲਾ ੫/੨੫੭) ਪ੍ਰਭੂ ਮਾਇਆ ਮੋਹ ਵੱਲੋਂ ਮਨ ਨੂੰ ਰੋਕਦਾ ਹੈ। ਜਿਨ੍ਹਾਂ ਦੇ ਦੁੱਖ ਪਰਮਾਤਮਾ ਆਪ ਕੱਟ ਦਿੰਦਾ ਹੈ, ਦੁੱਖਾਂ ਨੂੰ ਸੁੱਖ ਵਿੱਚ ਬਦਲ ਦਿੰਦਾ ਹੈ, ਉਹ ਗੁਰਮੁਖ ਪਿਆਰੇ ਰੱਬੀ ਪ੍ਰੇਮ ਨਾਲ਼ ਰੱਜ ਜਾਂਦੇ ਹਨ, ਪਰ ਜੋ ਮਨਮੁਖ ਰੱਜਦੇ ਨਹੀਂ, ਉਨ੍ਹਾਂ ਅੰਦਰ ਹੋਰ ਹੋਰ ਤ੍ਰਿਸ਼ਨਾ ਰਹਿੰਦੀ ਹੈ।
ਮਨੁੱਖ ਦੀ ਸਰੀਰਕ ਮੌਤ ਹੋਣ ’ਤੇ ਕਿਹਾ ਜਾਂਦਾ ਹੈ ਕਿ ਉਹ ਪੂਰਾ ਹੋ ਗਿਆ। ਸੰਤ ਸਿੰਘ ਮਸਕੀਨ ਜੀ ਕਹਿੰਦੇ ਹੁੰਦੇ ਸਨ ਕਿ ਮਰ ਕੇ ਕੋਈ ਵੀ ਪੂਰਾ ਨਹੀਂ ਹੁੰਦਾ, ਜਿਊਂਦਿਆਂ ਹੀ ਪੂਰਾ ਹੋਣਾ ਹੈ ਯਾਨੀ ‘‘ਆਖਾ ਜੀਵਾ; ਵਿਸਰੈ ਮਰ ਜਾਊ॥’’ ਦੀ ਅਵਸਥਾ ਪ੍ਰਾਪਤ ਕਰਨੀ ਹੈ।
ਵਿਚਾਰ ਅਧੀਨ ਸ਼ਬਦ ਦਾ ਅਗਲਾ ਵਾਕ ਹੈ ‘‘ਗੁਣੁ ਏਹੋ, ਹੋਰੁ ਨਾਹੀ ਕੋਇ ॥ ਨਾ ਕੋ ਹੋਆ; ਨਾ ਕੋ ਹੋਇ ॥੩॥’’ ਯਾਨੀ ਇਹ ਗੁਣ ਕੇਵਲ ਪਰਮਾਤਮਾ ਵਿੱਚ ਹਨ ਕਿ ਉਹ ਕਿਸੇ ਨਾਲ ਵੈਰ ਨਹੀਂ ਕਰਦਾ। ਉਹ ਇੱਕੋ-ਇਕ ਦਾਤਾ ਹੈ, ਜੋ ਸਭ ਨੂੰ ਦਿੰਦਾ ਹੈ। ਉਹ ਸੁੱਖ ਦੁੱਖ ਦੋਨਾਂ ਦਾ ਦਾਤਾ ਹੈ। ਕਿਸੇ ਹੋਰ ਕੋਲ਼ ਇਹ ਸਮਰੱਥਾ ਨਹੀਂ ਹੋ ਸਕਦੀ, ਨਾ ਹੀ ਉਸ ਦੇ ਬਰਾਬਰ ਅੱਜ ਤੱਕ ਕੋਈ ਹੋਇਆ ਹੈ ਅਤੇ ਨਾ ਹੀ ਕਦੇ ਹੋਵੇਗਾ। ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਤੂੰ ਇੱਕੋ ਸਾਹਿਬ ਹੈਂ, ਜੀਵਾਂ ਦਾ ਹੋਰ ਕੋਈ ਮਾਲਕ ਨਹੀਂ ‘‘ਤੂ ਏਕੋ ਸਾਹਿਬੁ, ਅਵਰੁ ਨ ਹੋਰਿ ॥ ਬਿਨਉ ਕਰੈ ਨਾਨਕੁ; ਕਰ ਜੋਰਿ ॥’’ (ਮਹਲਾ ੫/੫੬੩) ਤੇਰੇ ਅੱਗੇ ਹੱਥ ਜੋੜ ਕੇ ਨਾਨਕ ਬੇਨਤੀ ਕਰਦਾ ਹੈ ‘‘ਦੂਸਰ ਹੋਆ ਨਾ ਕੋ ਹੋਈ ॥ ਜਪਿ, ਨਾਨਕ ! ਪ੍ਰਭ ਏਕੋ ਸੋਈ ॥’’ (ਮਹਲਾ ੫/੭੪੦)
ਸਦ ਸਾਰੀ ਸ੍ਰਿਸ਼ਟੀ ਦਾ ਦਾਤਾ ਕੇਵਲ ਇੱਕ ਹੈ ਤਾਂ ਉਸ ਕੋਲੋਂ ਹੀ ਮੰਗਣਾ ਹੈ, ਬਾਕੀ ਤਾਂ ਸਾਰੇ ਮੰਗਤੇ ਹਨ। ਮੰਗਤਿਆਂ ਕੋਲੋਂ ਮੰਗਣ ਨਾਲ ਆਪਣਾ ਹੀ ਘਾਟਾ ਹੈ। ਜੋ ਕਿਸੇ ਕੋਲ਼ ਅੱਜ ਹੈ, ਕੱਲ੍ਹ ਨਹੀਂ ਰਹੇਗਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਦਾਤਾ ਬਣਾਇਆ ਹੈ ਜਿਸ ਦੀਆਂ ਦਾਤਾਂ ਵਿੱਚ ਕੋਈ ਕਮੀ ਨਹੀਂ ਰਹਿੰਦੀ ‘‘ਵਡਾ ਦਾਤਾ ਤਿਲੁ ਨ ਤਮਾਇ ॥’’ (ਜਪੁ/ਮਹਲਾ ੧/੫) ਉਸ ਨੂੰ ਕੋਈ ਲਾਲਚ ਵੀ ਨਹੀਂ।
ਇਨਸਾਨ ਦਾ ਸੁਭਾਅ ਹੈ ਕਿ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾਉਂਦਾ ਹੈ ਕਿ ਮੇਰੇ ਕੰਮ ਸੰਵਰ ਜਾਣ ਤਾਂ ਅਖੰਡ ਪਾਠ ਕਰਵਾਵਾਂਗਾ ਪਰ ਪਰਮਾਤਮਾ ਨੂੰ ਐਸੇ ਲਾਲਚ ਦੀ ਜਾਂ ਐਸੀਆਂ ਸ਼ਰਤਾਂ ਦੀ ਕੋਈ ਲੋੜ ਨਹੀਂ ਹੁੰਦੀ। ਇਹ ਸਭ ਕੁਝ ਅਸੀਂ ਦੁਨਿਆਵੀ ਲੋੜਾਂ ਵਾਸਤੇ ਕਰ ਰਹੇ ਹੁੰਦੇ ਹਾਂ, ਨਾ ਕਿ ਰੂਹਾਨੀਅਤ ਜੀਵਨ ਲਈ। ਦਸਵੰਧ ਕੱਢਣਾ ਬਹੁਤ ਜ਼ਰੂਰੀ ਹੈ ਪਰ ਇਹ ਨਹੀਂ ਸੋਚਣਾ ਚਾਹੀਦਾ ਕਿ ਕੋਈ ਦਸਵੰਧ ਕੱਢ ਕੇ ਵਾਹਿਗੁਰੂ ਨੂੰ ਦੇ ਰਿਹਾ ਹੈ। ਰੱਬ, ਜੋ ਦੇਣ ਵਾਲ਼ਾ ਹੈ ਉਸੇ ਨੂੰ ਵਾਪਸ ਕਰਕੇ ਧਰਮੀ ਨਹੀਂ ਬਣਿਆ ਜਾ ਸਕਦਾ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ‘‘ਮੰਗਣ ਵਾਲੇ ਕੇਤੜੇ; ਦਾਤਾ ਏਕੋ ਸੋਇ ॥ ਜਿਸ ਕੇ ਜੀਅ ਪਰਾਣ ਹੈ; ਮਨਿ ਵਸਿਐ, ਸੁਖੁ ਹੋਇ ॥’’ (ਮਹਲਾ ੧/੧੮) ਯਾਨੀ ਮੰਗਣ ਵਾਲੇ ਬਹੁਤ ਹਨ, ਪਰ ਦੇਣ ਵਾਲਾ ਇੱਕੋ ਓਹੀ ਹੈ। ਸਭਨਾਂ ਦਾਤਾਂ ਦਾ ਮਾਲਕ ਇੱਕ ਹੈ। ਇਹ ਨਹੀਂ ਕਰਨਾ ਕਿ ਇੱਕ ਦਾਤ ਲਈ ਇਸ ਜਗ੍ਹਾ ਜਾਣਾ ਅਤੇ ਦੂਜੀ ਦਾਤ ਲਈ ਦੂਜੀ ਜਗ੍ਹਾ ਜਾਣਾ ਪੈਣਾ ਹੈ। ਜਿਸ ਦਾਤੇ ਦੀ ਜਿੰਦ ਤੇ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਦਾਤਾ; ਮਨ ’ਚ ਵਸ ਜਾਵੇ ਤਾਂ ਸਾਰੇ ਪਦਾਰਥ ਮਿਲ ਗਏ ਸਮਝੋ; ਜਿਵੇਂ ਕਿ ਤੀਜੇ ਨਾਨਕ ਜੀ ਕਹਿੰਦੇ ਹਨ ‘‘ਸਤਿਗੁਰੁ ਸੇਵੇ, ਤਾ ਸਭ ਕਿਛੁ ਪਾਏ ॥ ਜੇਹੀ ਮਨਸਾ ਕਰਿ ਲਾਗੈ; ਤੇਹਾ ਫਲੁ ਪਾਏ ॥ ਸਤਿਗੁਰੁ ਦਾਤਾ ਸਭਨਾ ਵਥੂ ਕਾ; ਪੂਰੈ ਭਾਗਿ ਮਿਲਾਵਣਿਆ ॥’’ (ਮਹਲਾ ੩/੧੧੬) ਗੁਰੂ ਨਾਨਕ ਪਾਤਿਸ਼ਾਹ ਵੀ ਕਹਿ ਰਹੇ ਹਨ ‘‘ਤੂੰ ਦਾਤਾ, ਸਭ ਜਾਚਿਕ ਤੇਰੇ; ਤੁਧੁ ਬਿਨੁ, ਕਿਸੁ ਸਾਲਾਹੀ ॥ ਅਣਮੰਗਿਆ ਦਾਨੁ ਦੀਜੈ ਦਾਤੇ; ਤੇਰੀ ਭਗਤਿ ਭਰੇ ਭੰਡਾਰਾ ॥ ਰਾਮ ਨਾਮ ਬਿਨੁ, ਮੁਕਤਿ ਨ ਹੋਈ; ਨਾਨਕੁ ਕਹੈ ਵੀਚਾਰਾ ॥’’ (ਮਹਲਾ ੧/੪੩੭) ਅਸਲ ਤੱਤ ਇਹੀ ਹੈ ਕਿ ਰਾਮ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ ‘‘ਤੂੰ ਸਭਨੀ ਥਾਈ, ਜਿਥੈ ਹਉ ਜਾਈ; ਸਾਚਾ ਸਿਰਜਣਹਾਰੁ ਜੀਉ ॥ ਸਭਨਾ ਕਾ ਦਾਤਾ, ਕਰਮ ਬਿਧਾਤਾ; ਦੂਖ ਬਿਸਾਰਣਹਾਰੁ ਜੀਉ ॥ ਦੂਖ ਬਿਸਾਰਣਹਾਰੁ ਸੁਆਮੀ; ਕੀਤਾ ਜਾ ਕਾ ਹੋਵੈ ॥’’ (ਮਹਲਾ ੧/੪੩੮) ਉਸ ਦਾ ਹੀ ਕੀਤਾ ਹੋਇਆ ਸਭ ਕੁਝ ਹੈ। ਉਸ ਦਾ ਸ਼ੁਕਰਾਨਾ ਕਰਨਾ ਬਣਦਾ ਹੈ।
ਵਿਚਾਰ ਅਧੀਨ ਸ਼ਬਦ ਦਾ ਅਗਲਾ ਅਤੇ ਅੰਤਮ ਵਾਕ ਹੈ ‘‘ਜੇਵਡੁ ਆਪਿ, ਤੇਵਡ ਤੇਰੀ ਦਾਤਿ ॥ ਜਿਨਿ, ਦਿਨੁ ਕਰਿ ਕੈ; ਕੀਤੀ ਰਾਤਿ ॥ ਖਸਮੁ ਵਿਸਾਰਹਿ, ਤੇ ਕਮਜਾਤਿ ॥ ਨਾਨਕ ! ਨਾਵੈ ਬਾਝੁ, ਸਨਾਤਿ ॥੪॥੩॥’’ ਜਿੰਨਾ ਵੱਡਾ ਪਰਮਾਤਮਾ ਆਪ ਹੈ; ਓਨੀਆਂ ਹੀ ਵੱਡੀਆਂ ਉਸ ਦੀਆਂ ਦਾਤਾਂ ਹਨ। ਉਸ ਦੀਆਂ ਦਾਤਾਂ ਦਾ ਮੁੱਲ ਨਹੀਂ ਪੈ ਸਕਦਾ। ਪਰਮਾਤਮਾ ਦੀ ਸਭ ਤੋਂ ਵੱਡੀ ਦਾਤ ਮਨੁੱਖਾ ਦੇਹੀ ਹੈ, ਇਸ ਲਈ ਪਰਮਾਤਮਾ ਦਾ ਹਮੇਸਾਂ ਸ਼ੁਕਰਾਨਾ ਕਰਨਾ ਚਾਹੀਦਾ ਹੈ। ਦਿਨ ਅਤੇ ਰਾਤ ਵੀ ਉਸ ਨੇ ਹੀ ਬਣਾਏ ਹੋਏ ਹਨ। ਪਰਮਾਤਮਾ ਦੀਆਂ ਬਖਸ਼ਸ਼ਾਂ ਬੇਅੰਤ ਹਨ। ਉਹ ਸਾਨੂੰ ਸਭ ਕੁਝ ਦੇ ਰਿਹਾ ਹੈ। ਜਨਮ ਮਰਨ ਦੀ ਸਾਰੀ ਖੇਡ ਉਸ ਦੀ ਬਣਾਈ ਹੋਈ ਹੈ, ਸਾਰਾ ਕੁਝ ਉਸ ਦੇ ਹੁਕਮ ਅੰਦਰ ਹੀ ਹੈ ‘‘ਹੁਕਮੇ ਜੰਮਣੁ; ਹੁਕਮੇ ਮਰਣਾ ॥ (ਮਹਲਾ ੫/੫੬੪), ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ॥’’ (ਮਹਲਾ ੧/੪੭੨) ਭਾਵ ਉਸ ਦੇ ਭਾਣੇ ਵਿੱਚ ਹੀ ਆਉਣਾ ਹੈ ਅਤੇ ਉਸ ਦੇ ਹੀ ਭਾਣੇ ਵਿੱਚ ਹੀ ਇੱਥੋਂ ਜਾਣਾ ਹੈ ਭਾਵ ਜੰਮਣ ਮਰਨਾ ਉਸ ਦੇ ਭਾਣੇ ਵਿੱਚ ਹੀ ਹੈ।
ਗੁਰੂ ਮਹਾਰਾਜ ਜੀ ਕਹਿ ਰਹੇ ਹਨ ਕਿ ‘‘ਭਗਤਾ ਕੀ ਜਤਿ ਪਤਿ ਏਕੁ ਨਾਮੁ ਹੈ; ਆਪੇ ਲਏ ਸਵਾਰਿ ॥ ਸਦਾ ਸਰਣਾਈ ਤਿਸ ਕੀ; ਜਿਉ ਭਾਵੈ, ਤਿਉ ਕਾਰਜੁ ਸਾਰਿ ॥’’ (ਮਹਲਾ ੩/੪੨੯) ਪ੍ਰਮਾਤਮਾ ਦਾ ਨਾਮ ਭਗਤਾਂ ਵਾਸਤੇ ਉੱਚੀ ਜਾਤ ਹੈ, ਨਾਮ ਹੀ ਉਨ੍ਹਾਂ ਵਾਸਤੇ ਉੱਚੀ ਕੁਲ ਹੈ; ਉਹੀ ਐਸਾ ਪਾਤਿਸ਼ਾਹ ਹੈ ਜਿਸ ਨੇ ਸਭ ਨੂੰ ਸੁੰਦਰ ਬਣਾਇਆ ਹੈ, ਸੰਵਾਰ ਦਿੱਤਾ ਹੈ। ਭਗਤ ਆਪਣੇ ਆਪ ਨੂੰ ਨਹੀਂ ਸੰਵਾਰ ਸਕਦੇ; ਜਿਵੇਂ ਪਰਮਾਤਮਾ ਨੂੰ ਭਾਉਂਦਾ ਹੈ ਓਵੇਂ ਭਗਤਾਂ ਦੇ ਕਾਰਜ ਸੰਵਾਰਦਾ ਹੈ।
ਜਾਪ ਸਾਹਿਬ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ ‘‘ਨਮੋ ਕਲਹ ਕਰਤਾ, ਨਮੋ ਸਾਂਤਿ ਰੂਪੇ ॥ ਨਮੋ ਇੰਦ੍ਰ ਇੰਦ੍ਰੇ, ਅਨਾਦੰ ਬਿਭੂਤੇ ॥’’ (ਜਾਪੁ/੧੮੭) ਭਾਵ ਕਲਹਿ ਕਲੇਸ਼ ਦੇ ਕਾਰਨ ਅਤੇ ਸ਼ਾਂਤੀ ਦੇ ਸੋਮੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ। ਹੇ ਇੰਦਰਾਂ ਦੇ ਇੰਦਰ, ਹੇ ਆਦਿ ਰਹਿਤ ਸੰਪਤੀ ਦੇ ਮਾਲਕ ! ਤੈਨੂੰ ਨਮਸ਼ਕਾਰ ਹੈ ‘‘ਨਮੋ ਸੂਰਜ ਸੂਰਜੇ, ਨਮੋ ਚੰਦ੍ਰ ਚੰਦ੍ਰੇ ॥ ਨਮੋ ਰਾਜ ਰਾਜੇ, ਨਮੋ ਇੰਦ੍ਰ ਇੰਦ੍ਰੇ ॥ ਨਮੋ ਅੰਧਕਾਰੇ, ਨਮੋ ਤੇਜ ਤੇਜੇ ॥ ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ ॥’’ (ਜਾਪੁ) ਜੋ ਸਭ ਕੁਝ ਕਰਨ ਵਾਲਾ ਹੈ; ਗਿਆਨ ਦੇਣ ਵਾਲਾ ਹੈ। ਅਜਿਹੇ ਮਾਲਕ ਨੂੰ ਕਦੇ ਭੀ ਨਹੀਂ ਭੁਲਾਉਣਾ ਚਾਹੀਦਾ ‘‘ਖਸਮੁ ਵਿਸਾਰਹਿ; ਤੇ ਕਮਜਾਤਿ ॥ ਨਾਨਕ ! ਨਾਵੈ ਬਾਝੁ, ਸਨਾਤਿ ॥’’ ਜੋ ਜੀਵ ਆਪਣੇ ਖਸਮ ਨੂੰ ਵਿਸਾਰ ਦਿੰਦੇ ਹਨ, ਉਹ ਕਮਜ਼ਾਤਿ ਹਨ ਯਾਨੀ ਅਸਲ ਨੀਵੀਂ ਜਾਤ ਦੇ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਬਾਣੀ ਉੱਚੀ ਨੀਵੀਂ ਜਾਤ ਨੂੰ ਮੰਨਦੀ ਹੈ ? ਪਰ ਜੇ ਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਵਿਚਾਰੀਏ ਤਾਂ ਪਤਾ ਚੱਲਦਾ ਹੈ ਕਿ ਇੱਥੇ ਉੱਚੀ ਨੀਵੀਂ ਜਾਤ ਦਾ ਸੰਬੰਧ ਮਨੁੱਖ ਦੀ ਆਤਮਕ ਅਵਸਥਾ ਨਾਲ ਹੈ, ਨਾ ਕਿ ਜਨਮ ਜਾਂ ਕੰਮ ਨਾਲ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਭਗਤਾਂ ਦੀ ਬਾਣੀ ਨੂੰ ਵੀ ਗੁਰੂਆਂ ਦੀ ਬਾਣੀ ਦੇ ਬਰਾਬਰ ਅਹੁਦਾ ਅਤੇ ਸਤਿਕਾਰ ਦੇ ਕੇ ਜਾਤ-ਪਾਤ ਦਾ ਭਰਮ ਤੋੜਿਆ ਗਿਆ ਹੈ। ਜੋ ਪ੍ਰਭੂ ਨੂੰ ਵਿਸਾਰ ਦਿੰਦੇ ਹਨ ਉਨ੍ਹਾਂ ਨੂੰ ਨੀਵੀਂ ਜਾਤ ਵਾਲੇ ਕਿਹਾ ਗਿਆ ਹੈ। ਤੀਸਰੇ ਪਾਤਿਸ਼ਾਹ ਜੀ ਕਹਿੰਦੇ ਹਨ ‘‘ਬਿਨੁ ਨਾਵੈ, ਸਭ ਨੀਚ ਜਾਤਿ ਹੈ; ਬਿਸਟਾ ਕਾ ਕੀੜਾ ਹੋਇ ॥’’ (ਮਹਲਾ ੩/੪੨੬) ਜਿਨ੍ਹਾਂ ਦੇ ਅੰਦਰ ਹਉਮੈ ਹੈ ਉਹ ਬਿਸ਼ਟਾ ਦੇ ਕੀੜੇ ਹਨ। ਸਾਧਸੰਗਤ ਤੋਂ ਬਿਨਾਂ ਉਨ੍ਹਾਂ ਦੀ ਹਾਲਤ ਪਸ਼ੂ ਸਮਾਨ ਹੈ ‘‘ਜਿਨ੍ਹਿ ਕੀਤੇ, ਤਿਸੈ ਨ ਜਾਣਨ੍ਹੀ; ਬਿਨੁ ਨਾਵੈ, ਸਭਿ ਚੋਰ’’ (ਮਹਲਾ ੩/੪੨੭) ਜਿਸ ਨੇ ਜੀਵ ਨੂੰ ਬਣਾਇਆ ਹੈ, ਸਮਝ ਦਿੱਤੀ ਹੈ। ਡਾਕਟਰ ਜਾਂ ਪ੍ਰਧਾਨ ਬਣਾਇਆ ਹੈ, ਉਸ ਨੂੰ ਨਹੀਂ ਵਿਸਾਰਨਾ ਚਾਹੀਦਾ। ਹੰਕਾਰ ਗ੍ਰਸਤ ਮਨੁੱਖ ਇਹੀ ਸਮਝਦਾ ਹੈ ਕਿ ਮੈਂ ਹੀ ਸਭ ਕੁੱਝ ਕਰ ਰਿਹਾ ਹਾਂ, ਮੇਰੇ ਲਗਾਏ ਲੰਗਰ ਦੇ ਕਰਕੇ ਸਭ ਰੱਜ ਰਹੇ ਹਨ ਪਰ ਉਹ ਭੁੱਲ ਜਾਂਦਾ ਹੈ ਕਿ ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ 20 ਰੁਪਏ ਨਾਲ਼ ਇਹ ਰੀਤ ਚਲਾਈ ਹੈ ਉਦੋਂ ਤੋਂ ਹੀ ਇਸ ਵਿੱਚ ਕਦੇ ਕਮੀ ਨਹੀਂ ਆਈ ‘‘ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ, ਵਧਦੋ ਜਾਈ ॥’’ (ਮਹਲਾ ੫/੧੮੬) ਪਰਮਾਤਮਾ ਸਮਰੱਥਾ ਬਖ਼ਸ਼ਦਾ ਹੈ ਤਾਂ ਹੀ ਅਸੀਂ ਕੋਈ ਕੰਮ ਕਰਨ ਦੇ ਲਾਇਕ ਹੋ ਪਾਉਂਦੇ ਹਾਂ। ਅਸੀਂ ਉਸ ਦੇ ਚਲਾਏ ਹੋਏ ਪ੍ਰਬੰਧ ਨੂੰ ਅੱਗੇ ਵਧਾ ਰਹੇ ਹਾਂ। ਵੈਸੇ ਕੋਈ ਇਨਸਾਨ ਕਿਸੇ ਨੂੰ ਕੁੱਛ ਨਹੀਂ ਖੁਆ ਸਕਦਾ। ਇਸ ਲਈ ‘‘ਬਿਨੁ ਸੰਗਤੀ, ਸਭਿ ਐਸੇ ਰਹਹਿ; ਜੈਸੇ ਪਸੁ ਢੋਰ ॥ ਜਿਨ੍ਹਿ ਕੀਤੇ, ਤਿਸੈ ਨ ਜਾਣਨ੍ਹੀ; ਬਿਨੁ ਨਾਵੈ ਸਭਿ ਚੋਰ ॥’’ (ਮਹਲਾ ੩/੪੨੭)
ਅਕਸਰ ਜਦ ਜਪੁ ਜੀ ਦੀ 18ਵੀਂ ਪਉੜੀ ਪੜ੍ਹਦੇ ਹਾਂ ‘‘ਅਸੰਖ ਚੋਰ ਹਰਾਮਖੋਰ’’ ਤਾਂ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਚੋਰ ਕੌਣ ਹੈਂ ? ਜਵਾਬ ਹੈ ਕਿ ਚੋਰ ਉਹ ਹਨ ਜੋ ਪਰਮਾਤਮਾ ਦੇ ਕੀਤੇ ਨੂੰ ਜਾਣਦੇ ਨਹੀਂ; ਉਸ ਦੇ ਨਾਮ ਨੂੰ ਹਿਰਦੇ ਘਰ ਵਿੱਚ ਨਹੀਂ ਵਸਾਉਂਦੇ; ਉਹ ਚੋਰ ਹਨ। ਜਪੁ ਜੀ ਦੀ ਬਾਣੀ ਵਿੱਚ ਚੋਰ, ਪਾਪੀ, ਅਕ੍ਰਿਤਘਣ, ਅੰਨ੍ਹਾ ਆਦਿ ਦੀ ਇਹੀ ਪਰਿਭਾਸ਼ਾ ਹੈ।
ਏਹਿ ਭਿ ਦਾਤਿ ਤੇਰੀ ਦਾਤਾਰ
ਏਹਿ ਭਿ ਦਾਤਿ ਤੇਰੀ ਦਾਤਾਰ
ਗੁਰੂ ਨਾਨਕ
ਜਿਸ ਮਨੁੱਖ ਨੂੰ ਆਪਣੀ ਜ਼ਿੰਦਗੀ ਵਿਚ ਦੁੱਖ ਜਾਂ ਵਿਕਾਰ ਨਾਲ ਕਦੇ ਟਾਕਰਾ ਨਹੀਂ ਪਿਆ, ਉਸ ਨੂੰ ਕਦੇ ਇਹ ਸੋਚਣ ਦੀ ਲੋੜ ਨਹੀਂ ਪੈਂਦੀ ਕਿ ਇਹ ‘ਦੁੱਖ-ਵਿਕਾਰ’ ਕੀ ਹਨ ਤੇ ਇਹਨਾਂ ਤੋਂ ਬਚਾ ਕਿਵੇਂ ਹੋ ਸਕਦਾ ਹੈ। ਅਜਿਹਾ ਮਨੁੱਖ; ਮਨੁੱਖਾ-ਜੀਵਨ ਦੇ ਅਮਲੀ ਪਹਿਲੂ ਬਾਰੇ ਕੁਝ ਨਹੀਂ ਜਾਣਦਾ।
ਪਰ ਉਞ, ਛੋਟੇ ਬਾਲ ਨੂੰ ਹੀ ਅਜਿਹੀਆਂ ਘਟਨਾਂ ਵਾਪਰਦੀਆਂ ਹਨ, ਜਿਨ੍ਹਾਂ ਕਰਕੇ ਉਸ ਦੇ ਮਨ ਵਿਚ ਕੁਝ ਇਹੋ ਜਿਹੇ ਪ੍ਰਸ਼ਨ ਉੱਠਣ ਲੱਗ ਪੈਂਦੇ ਹਨ, ‘ਮੈਂ ਡਿੱਗਦਾ ਕਿਉਂ ਹਾਂ ? ਮੈਨੂੰ ਸੱਟਾਂ ਕਿਉਂ ਲੱਗਦੀਆਂ ਹਨ ?, ਮੈਂ ਕਈ ਵਾਰੀ ਆਪਣਾ ਹੱਥ ਅੱਗ ਵਿਚ ਕਿਉਂ ਸਾੜ ਲੈਂਦਾ ਹਾਂ ?’ ਆਦਿ। ਬੱਚੇ ਦੀ ਹੱਡ-ਬੀਤੀ ਵਿਚ ‘ਦੁੱਖ-ਵਿਕਾਰ’ ਦੀ ਹੋਂਦ ਦਾ ਸੁਆਲ ਇਸ ਉੱਪਰ-ਲਿਖੇ ਤਰੀਕੇ ਨਾਲ ਪੈਦਾ ਹੁੰਦਾ ਹੈ।
ਜਿਉਂ ਜਿਉਂ ਬਾਲ ਵੱਡਾ ਹੁੰਦਾ ਹੈ, ਇਹ ‘ਦੁੱਖ-ਵਿਕਾਰ’ ਹੋਰ ਸ਼ਕਲ ਵਟਾਂਦੇ ਹਨ, ‘ਮੈਂ ਸਕੂਲ ਕਿਉਂ ਜਾਵਾਂ ?, ਖੇਡਾਂ ਕਿਉਂ ਨਾ ?, ਮੇਰੇ ਕਈ ਮਿੱਤਰ-ਸਾਥੀ ਮੇਰਾ ਗੁਆਂਢ ਛੱਡ ਕੇ ਕਿਤੇ ਹੋਰਥੇ ਕਿਉਂ ਚਲੇ ਗਏ ਹਨ ?, ਮੇਰੇ ਕਈ ਮਿੱਤਰ ਮਰ ਕਿਉਂ ਗਏ ਹਨ ?, ਮੈਂ ਕਈ ਵਾਰੀ ਬੀਮਾਰ ਕਿਉਂ ਹੋ ਜਾਂਦਾ ਹਾਂ ?’
ਜਿਉਂ ਜਿਉਂ ਉਮਰ ਵਡੇਰੀ ਹੁੰਦੀ ਹੈ, ਇਹ ਹੱਡ-ਬੀਤੀ ਹੋਰ ਸ਼ਕਲ ਵਟਾ ਲੈਂਦੀ ਹੈ, ‘ਦੁਨੀਆ ਵਿਚ ਗ਼ਰੀਬੀ ਕਿਉਂ ਹੈ ?, ਬਦੀ ਕਿਉਂ ਹੈ ?, ਉਪੱਦ੍ਰਵ ਕਿਉਂ ਹਨ ?, ਝੱਖੜ, ਹੜ੍ਹ, ਭੁਚਾਲ ਕਿਉਂ ਹਨ ?, ਕੱਕਰ ਤੇ ਗੜੇ-ਮਾਰ ਕਿਉਂ ?, ਗੱਡੀਆਂ ਤੇ ਮੋਟਰਾਂ ਦੇ ਭੇੜ ਕਿਉਂ ?, ਜਹਾਜ਼ ਕਿਉਂ ਡੁਬਦੇ ਹਨ ?, ਜੰਗ ਤੇ ਕਤਲਾਮ ਕਿਉਂ ?, ਜ਼ਿੰਦਗੀ ਵਿਚ ਚਿੰਤਾ ਫ਼ਿਕਰ ਕਿਉਂ ?, ਬੁਢੇਪਾ ਕਿਉਂ ?, ਜੁਆਨਾਂ ਤੇ ਬੱਚਿਆਂ ਨੂੰ ਮੌਤ ਕਿਉਂ ?, ਜੀਵਨ ਵਿਚ ਸਦਾ ਮੌਜਾਂ ਕਿਉਂ ਨਹੀਂ ?’
ਇਹਨਾਂ ਸਹਸਿਆਂ ਵੱਲੋਂ ਅੱਖਾਂ ਮੀਟ ਰੱਖਣ ਵਿਚ ਸੁਖ ਨਹੀਂ। ਇਹਨਾਂ ਦਾ ਟਾਕਰਾ ਹੀ ਕਰਨਾ ਪਏਗਾ। ਇਹਨਾਂ ਦੀ ਤਹਿ ਤਕ ਅੱਪੜਨ ਦਾ ਜਤਨ ਕਰਨਾ ਪਏਗਾ। ਜੀਵਨ ਦੇ ਰਾਜ਼ ਨੂੰ ਸਮਝਣਾ ਪਏਗਾ। ਜਿਸ ਵਿਚ ਇਹ ਸਾਰੇ ਹੀ ਸੁਆਲ ਆ ਜਾਣ। ਇਹ ਸਾਰਾ ਜਗਤ-ਜੀਵਨ ਇਕ ਵੱਡੀ ਇਮਾਰਤ ਹੈ। ਇਸ ਵਿਚ ਸੁੱਖ-ਦੁੱਖ, ਕਲੇਸ਼ ਤੇ ਵਿਕਾਰ ਆਦਿਕ ਸਭ ਇਸ ਇਮਾਰਤ ਦੀਆਂ ਇੱਟਾਂ, ਚੂਨਾ, ਗਾਰਾ ਆਦਿਕ ਹਨ। ਇਸ ਸਾਰੀ ਇਮਾਰਤ ਦੀ ਸਮੁੱਚੀ ਹਸਤੀ ਨੂੰ ਸਮਝਣਾ ਹੀ ਪਏਗਾ।
ਜਗਤ ਵਿਚ ‘ਦੁੱਖ-ਕਲੇਸ਼’ ਦੀ ਹੋਂਦ ਦਾ ਭੇਤ ਸਮਝਣ ਲਈ ਸਾਨੂੰ ਆਪਣਾ ਦ੍ਰਿਸ਼ਟੀ-ਮੰਡਲ ਖੁਲ੍ਹਾ ਕਰਨਾ ਪਏਗਾ। ਇੱਕ ਦੋ ਮਨੁੱਖਾਂ ਦੀ ਜ਼ਿੰਦਗੀ ਵੱਲ ਹੀ ਨਾ ਤੱਕੀਏ, ਸਗੋਂ ਸਾਰੀ ਮਨੁੱਖ-ਜਾਤੀ ਦੇ ਜੀਵਨ ਨੂੰ ਆਪਣੀ ਨਜ਼ਰ ਦੇ ਘੇਰੇ ਵਿਚ ਲਿਆਈਏ।
ਇਹ ਖ਼ਿਆਲ ਗ਼ਲਤ ਹੈ ਕਿ ਉਸ ਬੰਦੇ ਦੀ ਜ਼ਿੰਦਗੀ ‘ਆਦਰਸ਼ਕ ਜ਼ਿੰਦਗੀ’ ਹੈ. ਜਿਸ ਨੂੰ ਸਭ ਤਰ੍ਹਾਂ ਦਾ ਸੁੱਖ ਪ੍ਰਾਪਤ ਹੈ, ਕਿਉਂਕਿ ਇਹ ਗੱਲ ਅਮਲੀ ਜੀਵਨ ਵਿੱਚ ਨਹੀਂ ਮਿਲਦੀ। ਇਖ਼ਲਾਕੀ ਉੱਚਤਾ ਤੇ ਪਵਿਤਰਤਾ; ਜ਼ਿੰਦਗੀ ਦੇ ਗਹਿਣੇ ਹਨ ਤੇ ਇਹ ਗਹਿਣੇ ਘੜੀਂਦੇ ਹਨ ‘ਦੁੱਖ-ਕਲੇਸ਼’ ਦੀ ਕੁਠਾਲੀ ਵਿੱਚ। ਸਿਰਜਣਹਾਰ ਨੇ ਕਿਸੇ ਮੰਦ ਭਾਵ ਨਾਲ ਇਨਸਾਨੀ ਜੀਵਨ ਦੇ ਰਾਹ ਵਿਚ ਦੁੱਖ-ਕਲੇਸ਼ ਦੇ ਕੰਡੇ ਨਹੀਂ ਖਿਲਾਰੇ ਹਨ। ਜੇ ਆਪਣੇ ਪੈਦਾ ਕੀਤੇ ਬੰਦਿਆਂ ਨੂੰ ਦੁੱਖੀ ਰੱਖਣਾ, ਉਸ ਦੀ ਰਜ਼ਾ ਹੁੰਦੀ ਤਾਂ ਪ੍ਰਭੂ ਉਹ ਦਾਰੂ, ਉਹ ਢੰਗ ਤੇ ਉਹ ਵਸੀਲੇ ਮਨੁੱਖ ਦੀ ਪਹੁੰਚ ਵਿਚ ਨਾ ਆਉਣ ਦੇਂਦਾ, ਜੋ ਇਹਨਾਂ ਦੁੱਖ-ਕਲੇਸ਼ਾਂ ਨੂੰ ਦੂਰ ਕਰ ਦੇਂਦੇ ਹਨ ਜਾਂ ਪਰਮਾਤਮਾ; ਮਨੁੱਖ ਨੂੰ ਇਹ ਮਿੱਠੀ ਦਾਤਿ ਨਾ ਬਖ਼ਸ਼ਦਾ, ਜਿਸ ਨਾਲ ਮਨੁੱਖ ਵੱਡੇ ਤੋਂ ਵੱਡੇ ਭੀ ਹੋ ਬੀਤੇ ਕਸ਼ਟ ਭੁੱਲ ਜਾਂਦਾ ਹੈ। ‘ਚੇਤਾ-ਸ਼ਕਤੀ’ ਤੋਂ ਦੁੱਖ-ਕਲੇਸ਼ ਮਿਟ ਜਾਣੇ-ਇਹ ਇੱਕ ਉੱਚੀ ਬਖ਼ਸ਼ਸ਼ ਹੈ। ਜਦੋਂ ਕੋਈ ਸਰੀਰਕ ਪੀੜ ਇੰਨੀ ਤੇਜ਼ ਹੋ ਜਾਏ ਕਿ ਸਹਾਰੀ ਨਾ ਜਾ ਸਕੇ, ਤਾਂ ਉਸ ਪੀੜ ਦੇ ਕਾਰਨ ਮਨੁੱਖ ਬੇਹੋਸ਼ ਹੋ ਜਾਂਦਾ ਹੈ; ਤੇ ਇਸ ਤਰ੍ਹਾਂ ਉਹ ਪੀੜ ਉਸ ਨੂੰ ਪੋਹ ਨਹੀਂ ਸਕਦੀ। ਸਰੀਰ ਦੀ ਇਹ ਬਣਤਰ ਵੀ ਉਸੇ ਨੇ ਬਣਾਈ ਹੈ, ਜਿਸ ਨੇ ਇਸ ਦੇ ਰਾਹ ਵਿਚ ਦੁੱਖਾਂ ਦੀਆਂ ਔਖੀਆਂ ਘਾਟੀਆਂ ਖੜੀਆਂ ਕੀਤੀਆਂ ਹਨ ।
ਇਹ ਸਾਰੀ ਜਗਤ-ਰਚਨਾ ਖ਼ਾਸ ਨੇਮਾਂ ਅਨੁਸਾਰ ਹੈ। ਉਹਨਾਂ ਨੇਮਾਂ ਦੇ ਅੰਦਰ ਰਹਿ ਕੇ ਸਾਰੇ ਤੱਤ ਆਪੋ ਆਪਣਾ ਕੰਮ ਕਰ ਰਹੇ ਹਨ, ਤੇ ਜਗਤ ਦੀ ਕਾਰ ਠੀਕ ਹੁੰਦੀ ਜਾ ਰਹੀ ਹੈ। ਜਦੋਂ ਕਦੇ ਸਾਨੂੰ ਇਹ ਭੁਲੇਖਾ ਪੈਂਦਾ ਹੈ ਕਿ ਫਲਾਣੇ ਥਾਂ ਕਿਸੇ ਕੁਦਰਤੀ ਨੇਮ ਦਾ ਉਲੰਘਣ ਹੋ ਰਿਹਾ ਹੈ ਤਦੋਂ ਭੀ ਗਹੁ ਨਾਲ ਵੇਖਿਆਂ ਇਹ ਸਮਝ ਆ ਜਾਂਦੀ ਹੈ ਕਿ ਇੱਥੇ ਭੀ ਕੁਦਰਤਿ ਦਾ ਇਕ ਹੋਰ ਨੇਮ ਕੰਮ ਕਰ ਰਿਹਾ ਹੈ। ਮਨੁੱਖ ਨੇ ਬਹੁਤ ਦੁੱਖ-ਕਲੇਸ਼ ਇਹਨਾਂ ਕੁਦਰਤੀ ਨੇਮਾਂ ਦਾ ਉਲੰਘਣ ਕਰਕੇ ਹੀ ਸਹੇੜੇ ਹਨ। ਜਿਨ੍ਹਾਂ ਕੁਦਰਤੀ ਨੇਮਾਂ ਦੀ ਮਨੁੱਖ ਨੂੰ ਸਮਝ ਆ ਗਈ ਹੈ ਤੇ ਪਤਾ ਲੱਗ ਚੁੱਕਿਆ ਹੈ ਕਿ ਜੇ ਇਹਨਾਂ ਦੇ ਵਿਰੁੱਧ ਤੁਰਿਆ ਤਾਂ ਫਲਾਣਾ ਕਸ਼ਟ ਆ ਪਏਗਾ; ਮਨੁੱਖ ਆਪਣੇ ਤੇ ਮਨੁੱਖ-ਜਾਤੀ ਦੇ ਭਲੇ ਵਾਸਤੇ ਉਹਨਾਂ ਨੇਮਾਂ ਦੀ ਵਿਰੋਧਤਾ ਨਹੀਂ ਕਰਦਾ। ਪਰ ਮਨੁੱਖ ਨੂੰ ਅਜੇ ਸਾਰੇ ਨੇਮਾਂ ਦੀ ਸਾਰ ਨਹੀਂ ਆਈ ਤੇ ਇਹ ਆਸ ਰੱਖਣੀ ਅਯੋਗ ਤੇ ਵਿਅਰਥ ਹੈ ਕਿ ਜਿਨ੍ਹਾਂ ਨੇਮਾਂ ਦੀ ਮਨੁੱਖ ਨੂੰ ਅਜੇ ਸਮਝ ਨਹੀਂ ਆਈ, ਉਹ ਨੇਮ ਜਗਤ-ਖੇਡ ਵਿਚ ਆਪਣਾ ਕੰਮ ਹਾਲਾਂ ਬੰਦ ਕਰ ਦੇਣ। ਇਕ ਜਹਾਜ਼ ਸਮੁੰਦਰ ਵਿਚ ਡੁੱਬ ਜਾਂਦਾ ਹੈ, ਲੋਕ ਇਸ ਨੂੰ ਰੱਬ ਦਾ ਕਹਿਰ ਆਖਣ ਲੱਗ ਪੈਂਦੇ ਹਨ। ਦੋ ਗੱਡੀਆਂ ਕਿਤੇ ਭਿੜ ਕੇ ਕਈ ਜਾਨਾਂ ਦਾ ਨੁਕਸਾਨ ਹੋ ਜਾਂਦਾ ਹੈ, ਇਹ ਭੀ ਰੱਬੀ ਕ੍ਰੋਪ ਗਿਣਿਆ ਜਾਂਦਾ ਹੈ। ਪਰ ਇਹ ਸਭ ਕੁਝ ਮਨੁੱਖ ਦੀਆਂ ਆਪਣੀਆਂ ਕਮਜ਼ੋਰੀਆਂ ਦਾ ਨਤੀਜਾ ਹੈ। ਜਹਾਜ਼ ਸਮੁੰਦਰ ਦੇ ਸਾਰੇ ਖ਼ਤਰਿਆਂ ਦਾ ਟਾਕਰਾ ਕਰਨ ਜੋਗਾ ਪੱਕਾ ਨਹੀਂ ਬਣਾਇਆ ਗਿਆ, ਸਮੁੰਦਰ ਵਿਚ ਵਰਤਦੇ ਕੁਦਰਤੀ ਨੇਮ ਆਪਣਾ ਕੰਮ ਕਿਵੇਂ ਛੱਡ ਦੇਣ ? ਕਾਂਟਾ ਬਦਲਾਣ ਵਾਲਾ ਮਨੁੱਖ ਬੇ-ਪਰਵਾਹੀ ਵਿਚ ਦੋ ਗੱਡੀਆਂ ਨੂੰ ਇਕ ਹੀ ਲਾਈਨ ’ਤੇ ਲੈ ਆਵੇ, ਗੱਡੀਆਂ ਟੱਕਰਨ ਤੋਂ ਕਿਵੇਂ ਹਟ ਜਾਣ, ਤੇ ਟੱਕਰ ਲੱਗਿਆਂ ਜਾਨਾਂ ਦਾ ਨੁਕਸਾਨ ਕਿਵੇਂ ਨ ਹੋਵੇ ? ਇਸ ਤਰ੍ਹਾਂ ਤਾਂ ਪਰਮਾਤਮਾ ਨੂੰ ਬੱਸ ਇਹੀ ਕੰਮ ਟਿਕਿਆ ਰਹੇ ਕਿ ਉਹ ਮਨੁੱਖ ਦੇ ਮੂਰਖਪੁਣੇ ਤੋਂ ਪੈਦਾ ਹੋਣ ਵਾਲੇ ਦੁੱਖ-ਕਲੇਸ਼ ਨੂੰ ਰੋਕਣ ਲਈ ਸਦਾ ਕਰਾਮਾਤਾਂ ਕਰਦਾ ਰਹੇ ਤੇ ਨੇਮਾਂ ਦਾ ਉਲੰਘਣ ਕਰਦਾ ਰਹੇ। ਕੁਦਰਤੀ ਨੇਮਾਂ ਦਾ ਉਲੰਘਣ ਕੀਤਿਆਂ ਜੋ ਦੁੱਖ-ਕਲੇਸ਼ ਉਪਜਦੇ ਹਨ, ਇਹ ਸਗੋਂ ਇਨਸਾਨੀ ਭਲਾਈ ਦਾ ਹੀ ਕਾਰਨ ਬਣਦੇ ਹਨ। ਇਨਸਾਨ ਉਹਨਾਂ ਅਸੂਲਾਂ ਤੇ ਨੇਮਾਂ ਨੂੰ ਸਮਝਣ ਦੀ ਵਧੀਕ ਕੋਸ਼ਸ਼ ਕਰਦਾ ਹੈ। ਡਿੱਗ ਡਿੱਗ ਕੇ ਹੀ ਸਵਾਰ ਹੋਈਦਾ ਹੈ; ਜਦੋਂ ਮਨੁੱਖ ਕੋਈ ਨੇਮ ਤੋੜ ਕੇ ਦੁੱਖ ਸਹੇੜਦਾ ਹੈ ਤਾਂ ਅਗਾਂਹ ਵਾਸਤੇ ਵਧੀਕ ਸੁਚੇਤ ਹੋ ਜਾਂਦਾ ਹੈ, ਤੇ ਜੀਵਨ ਕਿਸੇ ਮਰਯਾਦਾ ਵਿਚ ਗੁਜ਼ਾਰਨ ਦਾ ਉੱਦਮ ਕਰਦਾ ਹੈ।
ਜਦੋਂ ਕੋਈ ਰੋਗ ਆਵੇ ਜਾਂ ਕੋਈ ਹਾਦਸਾ ਅਸਾਡੇ ਨਾਲ ਹੋ ਜਾਏ ਤਾਂ ਅਸੀਂ ਝੁਰਦੇ ਹਾਂ ਕਿ ਪਰਮਾਤਮਾ ਨੇ ਕੋਈ ਕਰਾਮਾਤ ਕਰ ਕੇ ਅਸਾਨੂੰ ਕਿਉਂ ਨਾ ਬਚਾ ਲਿਆ। ਪਰ ਸੋਚੋ ਕਿ ਜੇ ਰੱਬ ਹਰੇਕ ਜੀਵ ਨੂੰ ਹਰੇਕ ਰੋਗ ਅਤੇ ਮੁਸੀਬਤ ਤੋਂ ਕੋਈ ਉਚੇਚੀ ਕਰਾਮਾਤ ਕਰ ਕੇ ਹੀ ਬਚਾ ਲਿਆ ਕਰੇ ਤਾਂ ਜਗਤ ਦੇ ਇਸ ਸਾਰੇ ‘ਪਰਬੰਧ’ ਦਾ ਕੀ ਹਾਲ ਹੋਵੇ ? ਕੀ ਜਗਤ ਵਿਚ ਕੋਈ ਮਰਯਾਦਾ ਰਹਿ ਜਾਏ ? ਬਾਲ ਕਈ ਵਾਰੀ ਅੰਞਾਣਪੁਣੇ ਵਿਚ ਆਪਣਾ ਹੱਥ ਅੱਗ ਵਿਚ ਪਾ ਦੇਂਦੇ ਹਨ। ਜੇ ਹਰੇਕ ਬਾਲ ਦਾ ਹਰ ਥਾਂ ਹੱਥ ਸੜਨੋਂ ਪਰਮਾਤਮਾ ਬਚਾ ਲਏ, ਤਾਂ ਅੱਗ ਦੀ ਮਰਯਾਦਾ ਦਾ ਕੀ ਇਤਬਾਰ ਰਹਿ ਜਾਏ ? ਫੇਰ ਜੇ ਹਰੇਕ ਬੰਦੇ ਨੂੰ ਇਹੀ ਯਕੀਨ ਬਣ ਜਾਏ ਕਿ ਹਰੇਕ ਖ਼ਤਰੇ ਤੇ ਮੁਸੀਬਤ ਤੋਂ ਰੱਬ ਆਪੇ ਪਿਆ ਬਚਾਵੇਗਾ ਤਾਂ ਇਨਸਾਨੀ ਤਰੱਕੀ ਦਾ ਕੀ ਹਾਲ ਹੋਵੇਗਾ ? ਸਾਡੀ ਸਿਆਣਪ, ਸਾਡੀ ਚੁਸਤੀ, ਸਾਡੇ ਉੱਦਮ ਸਭ ਖ਼ਤਮ ਹੋ ਜਾਣਗੇ। ਅਸਾਂ ਫਿਰ ਆਪਣੇ ਪੈਰਾਂ ’ਤੇ ਖਲ੍ਹੋਣ ਦਾ ਕਦੇ ਜਤਨ ਹੀ ਨਹੀਂ ਕਰਨਾ, ਬੇ-ਪਰਵਾਹੀ ਨਾਲ ਗ਼ਲਤੀਆਂ ਕਰਦੇ ਫਿਰਾਂਗੇ ਤੇ ਹਰ ਥਾਂ ਕਰਾਮਾਤ ਹੋਣ ਦੀ ਆਸ ਰੱਖੀ ਬੈਠਾਂਗੇ। ਕੋਈ ਮਰੀ-ਬੀਮਾਰੀ ’ਚ ਪੈ ਜਾਏ, ਤਾਂ ਰੱਬ ਦੇ ਕ੍ਰੋਪ ਦਾ ਨਤੀਜਾ ਸਮਝਦੇ ਹਾਂ; ਪਰ ਇਹ ਸਭ ਇਨਸਾਨੀ ਜਹਾਲਤ (ਮੂਰਖਤਾ) ਦਾ ਸਿੱਟਾ ਹੁੰਦੀਆਂ ਹਨ। ਗ਼ਰੀਬੀ ਤੇ ਭੁੱਖ; ਰੱਬ ਦੇ ਮੱਥੇ ਲਾਂਦੇ ਹਾਂ, ਪਰ ਅਸਲ ਵਿਚ ਮਨੁੱਖ ਦੀ ਆਪਣੀ ਖ਼ਾਮੀ ਦਾ ਸਿੱਟਾ ਹਨ। ਉਝ ਹੈ ਇਹ ਭੀ ਰਜ਼ਾ ਵਿਚ ਤੇ ਰੱਬੀ ਪਿਆਰ ਹੀ। ਇਹ ਗ਼ਰੀਬੀ, ਮਿਹਨਤ ਤੇ ਮੁਸ਼ੱਕਤ ਹੀ ਹਨ, ਜਿਨ੍ਹਾਂ ਨੇ ਕਈ ਬੰਦਿਆਂ ਤੇ ਕੌਮਾਂ ਦੇ ਚਲਣ; ਸੋਹਣੇ ਸਾਂਚੇ ਵਿਚ ਢਾਲੇ ਹਨ। ਜਿਨ੍ਹਾਂ ਨੂੰ ਮਿਹਨਤ ਦੀ ਲੋੜ ਨਹੀਂ ਪਈ, ਉਹ ਸੁਖ-ਰਹਿਣੇ ਤੇ ਆਲਸੀ ਬਣਦੇ ਗਏ। ਸਰਦੀ ਤੇ ਰੋਗ; ਵਿਕਾਰ ਗਿਣੇ ਗਏ; ਪਰ ਸਰਦੀ ਨੇ ਘਰ ਬਣਾਣ ਦੀ ਜਾਚ ਸਿਖਾਈ, ਜਿੱਥੇ ਟੱਬਰ ਰਲ ਕੇ ਪਿਆਰ ਨਾਲ ਬੈਠਦੇ ਹਨ। ਦੁੱਖ-ਕਲੇਸ਼ ਨੇ, ਰੋਗ ਨੇ ਇਨਸਾਨੀ ਦਿਲ ਵਿਚ ਦਇਆ, ਪਿਆਰ, ਹਮ-ਦਰਦੀ ਦਾ ਜਜ਼ਬਾ ਪੈਦਾ ਕੀਤਾ, ਜਿਸ ਨੇ ਘਰ ਨੂੰ ਪਵਿਤਰ ਮੰਦਰ ਬਣਾ ਦਿੱਤਾ। ਇਨਸਾਨੀ ਬੱਚਾ ਕਿਤਨਾ ਹੀ ਚਿਰ ਅਨਾਥ ਜਿਹੀ ਹਾਲਤ ਵਿਚ ਰਹਿੰਦਾ ਹੈ, ਪਰ ਇਸ ਅਨਾਥ-ਪੁਣੇ ਨੇ ਹੀ ਕੁਦਰਤਿ ਵਿਚ ਸਭ ਤੋਂ ਉੱਚੀ ਹਸਤੀ ‘ਮਾਂ’ ਪੈਦਾ ਕਰ ਦਿੱਤੀ। ਇਨਸਾਨ ਦੇ ਬੱਚੇ ਦੀ ‘ਮਾਂ’-ਕੁਦਰਤਿ ਦਾ ਇਹ ਸਭ ਤੋਂ ਉੱਚਾ ਕਮਾਲ ਹੈ। ਬੱਚਿਆਂ ਦੀ ਇਸ ਪਰ-ਅਧੀਨਤਾ ਨੇ ਹੀ ਮਨੁੱਖ ਨੂੰ ‘ਪਿਉ’ ਬਣਾਇਆ ਹੈ, ਤੇ ਬੱਚਿਆਂ ਦੇ ਦਿਲ ਵਿਚ ‘ਘਰ’ ਦਾ ਪਿਆਰ ਪੈਦਾ ਕੀਤਾ ਹੈ। ਇਹ ਘਰ ਉਹਨਾਂ ਲਈ ਇਕ ਨਿੱਕੇ ਜਿਹੇ, ਪਰ ਸੁਚੱਜੇ ਸਕੂਲ ਦਾ ਕੰਮ ਦੇਂਦਾ ਹੈ।
ਦਰਦ-ਪੀੜ; ਮਨੁੱਖਾ-ਸਰੀਰ ਦੇ ਕਿਲ੍ਹੇ ਦਾ ਸੰਤਰੀ ਹੈ; ਜਿਸ ਤੋਂ ਬਿਨਾ ਇਹ ਕਿਲ੍ਹਾ ਸਹਿਜੇ ਹੀ ਰੋਗਾਂ ਦੇ ਹੱਥੀਂ ਜਿੱਤਿਆ ਜਾਂਦਾ। ਹਕੀਮ ਜਾਂ ਡਾਕਟਰ ਨੂੰ ਇਸ ਦਰਦ-ਪੀੜ ਕਾਰਨ ਰੋਗੀ ਦਾ ਇਲਾਜ ਕਰਨ ਵਿਚ ਬੜੀ ਸਹੁਲਤ ਹੋ ਜਾਂਦੀ ਹੈ। ਨਹੀਂ ਤਾਂ ਸਲੋਤਰੀ (ਡੰਗਰ ਡਾਕਟਰ) ਇਸ ਗੱਲੋਂ ਘਾਟੇ ਵਿਚ ਰਹਿੰਦਾ ਹੈ। ਜਿਨ੍ਹਾਂ ਰੋਗਾਂ ਵਿਚ ਮਨੁੱਖਾ ਸਰੀਰ ਦੇ ਕਿਸੇ ਖ਼ਾਸ ਅੰਗ ਵਿਚ ਸਖ਼ਤ ਦਰਦ ਹੁੰਦੀ ਹੈ, ਜੇ ਉਹ ਦਰਦ ਅਚਨਚੇਤ ਹਟ ਜਾਏ, ਤਾਂ ਸਗੋਂ ਮੌਤ ਦਾ ਖ਼ਤਰਾ ਵਧ ਜਾਂਦਾ ਹੈ, ਕਿਉਂਕਿ ਦਰਦ ਦਾ ਮੂਲ-ਕਾਰਨ ਹੈ ‘ਬੀਮਾਰੀ ਦਾ ਟਾਕਰਾ’; ਦਰਦ ਦੇ ਹਟਣ ਦਾ ਭਾਵ ਹੈ ਕਿ ਉਸ ਅੰਗ ਨੂੰ ਰੋਗ ਨੇ ਜਿੱਤ ਲਿਆ ਹੈ, ਜਿਸ ਦੇ ਟਾਕਰੇ ਦੀ ਸਰੀਰ ਅੰਦਰ ਹਿੰਮਤ ਨਹੀਂ ਰਹੀ। ਸਰੀਰਕ ਰੋਗਾਂ ਨੇ ਮਨੁੱਖ ਨੂੰ ਹਿਕਮਤ ਦੀ ਵਿੱਦਿਆ ਤੇ ਜੁਰਾਹੀ ਵਿਚ ਇੰਨਾ ਸਿਆਣਾ ਬਣਾ ਦਿੱਤਾ ਹੈ। ਕਈ ਦਵਾਈਆਂ ਐਸੀਆਂ ਲੱਭ ਪਈਆਂ ਹਨ ਜੋ ਦਰਦ ਦੇ ਟਾਕਰੇ ਤੇ ਨਸਾਂ ਨੂੰ ਬੇ-ਹਿਸ (ਅਛੋਹ) ਕਰ ਦੇਂਦੀਆਂ ਹਨ। ਇਸ ਸਰੀਰਕ ਦਰਦ ਨੇ ਹੀ ਇਨਸਾਨ ਨੂੰ ਇਹ ਸਿਖਾ ਦਿੱਤਾ ਹੈ ਕਿ ਇਸ ਦੀ ਜਾਨ ਦੇ ਲਾਗੂ ਕਿਹੜੇ ਕਿਹੜੇ ਕਾਰਨ ਮੌਜੂਦ ਹਨ, ਤੇ ਉਹਨਾਂ ਤੋਂ ਬਚਣ ਦੇ ਕਿਹੜੇ ਉਪਰਾਲੇ ਹਨ। ਸੋ, ਦੁੱਖ-ਦਰਦ ਦੀ ਹਸਤੀ ਜਗਤ ਵਿਚ ਜੀਵਾਂ ਨੂੰ ਕਿਸੇ ਨਾ ਕਿਸੇ ਪਾਸੇ ਵਲੋਂ ਉੱਚਾ ਕਰਨ ਵਾਸਤੇ ਹੈ। ਦੁੱਖ ਦਾਰੂ ਹੈ। ਦੁੱਖ-ਵਿਕਾਰ ਦੀ ਹੋਂਦ ਇਹ ਸਾਬਤ ਨਹੀਂ ਕਰਦੀ ਕਿ ਪ੍ਰਭੂ ਮਨੁੱਖ ਦੇ ਭਲੇ ਦੀ ਪਰਵਾਹ ਨਹੀਂ ਕਰਦਾ। ਦੁੱਖ-ਵਿਕਾਰ ਤਾਂ ਕਿਤੇ ਰਹੇ, ਇਹ ਭੁਚਾਲ, ਝੱਖੜ, ਹੜ੍ਹ ਤੇ ਅੱਗਾਂ ਲੱਗਣੀਆਂ-ਇਹ ਭੀ ਸਾਬਤ ਨਹੀਂ ਕਰਦੇ ਕਿ ਰੱਬ ਨਿਰਦਈ ਹੈ। ਇਹ ਸਭ ਕੁਝ ਇਹੀ ਜ਼ਾਹਰ ਕਰਦੇ ਹਨ ਕਿ ਜਗਤ ਕਿਸੇ ਨਿਯਮਾਂ ਦੇ ਅਧੀਨ ਹੈ; ਨਿਯਮ ਤੇ ਕਾਨੂੰਨ ਸਦਾ ਜੀਵਨ ਦੇ ਸਹਾਇਕ ਹਨ, ਬੇਨਿਯਮੇ ਜਗਤ ਵਿਚ ਜੀਵਨ ਅਸੰਭਵ ਹੈ।
ਕੇਤਿਆ ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ ਦਾਤਾਰ ॥੨੫॥ (ਜਪੁ)
ਛੋਟੇ ਬਾਲਾਂ ਨੂੰ ਕਿਸੇ ਰੋਗ ਵਿਚ ਦੁਖ ਪਾਂਦਿਆਂ ਵੇਖ ਕੇ ਹੈਰਾਨ ਹੋਈਦਾ ਹੈ ਕਿ ਬਾਲ ਤਾਂ ਪਰ-ਅਧੀਨ ਹਨ, ਉਹਨਾਂ ਦੀ ਖ਼ੁਰਾਕ ਪੁਸ਼ਾਕ ਆਦਿਕ ਦੀ ਜ਼ਿਮੇਵਾਰੀ ਉਹਨਾਂ ਦੇ ਆਪਣੇ ਵੱਸ ਨਹੀਂ ਹੈ, ਉਹਨਾਂ ਨੂੰ ਕਿਉਂ ਕਸ਼ਟ ਮਿਲਦੇ ਹਨ ? ਇਹ ਤਾਂ ਠੀਕ ਹੈ ਕਿ ਛੋਟੇ ਬਾਲਾਂ ਦੇ ਦੁੱਖ-ਕਸ਼ਟ ਵੇਖ ਕੇ ਵੱਡਿਆਂ ਦੇ ਦਿਲ ਵਿਚ ਦਇਆ-ਤਰਸ ਦਾ ਜਜ਼ਬਾ ਪੈਦਾ ਹੁੰਦਾ ਹੈ, ਪਰ ਛੋਟੇ ਬਾਲਾਂ ਨੂੰ ਇਸ ਵਿਚੋਂ ਕੀ ਤਸਕੀਨ (ਤਸੱਲੀ) ਹੈ ?
ਕਾਦਰ ਦੀ ਕੁਦਰਤਿ ਬੇਅੰਤ ਹੈ, ਅਸਾਡੀ ਸਮਝ ਉਸ ਦੇ ਟਾਕਰੇ ’ਤੇ ਨਿੱਕੀ ਜਿਹੀ ਹੈ, ਅਸੀਂ ਹਰੇਕ ਕੁਦਰਤੀ ਰਾਜ਼ ਨੂੰ ਸਮਝਣ ਤੋਂ ਅਸਮਰਥ ਹਾਂ; ਪਰ ਅਸਾਨੂੰ ਇਹ ਨਿਸ਼ਚਾ ਰਹਿਣਾ ਚਾਹੀਦਾ ਹੈ ਕਿ ਬੱਚਿਆਂ ਦੇ ਦੁੱਖ-ਕਲੇਸ਼ ਕਾਦਰ ਦੀ ਕਿਸੇ ਭੈੜੀ, ਬਦਲੇ ਦੀ ਨੀਯਤ ਨਾਲ ਨਹੀਂ ਹਨ। ਜੇ ਅਮੀਰਾਂ ਦੇ ਬੱਚਿਆਂ ਨੂੰ ਕੋਈ ਰੋਗ ਨਾ ਹੁੰਦੇ, ਤਾਂ ਅੱਜ ਵਲੈਤ ਵਿਚ ਬੱਚਿਆਂ ਦੇ ਰੋਗਾਂ ਵਾਸਤੇ ਇੰਨੇ ਖ਼ਰੈਤੀ ਹਸਪਤਾਲ ਨਾ ਹੁੰਦੇ। ਜਿਸ ਮਾਂ ਪਿਉ ਨੇ ਆਪਣੇ ਛੋਟੇ ਬੱਚੇ ਤੜਫਦਿਆਂ ਆਪਣੇ ਅੱਖੀਂ ਵੇਖਿਆ ਹੈ ਉਹੀ ਜਗਤ ਦੇ ਬੱਚਿਆਂ ਦੇ ਦੁੱਖ ਅਨੁਭਵ ਕਰ ਸਕਦੇ ਹਨ। ਫਿਰ, ਬੱਚੇ ਦੇ ਰੋਗ ਦੀ ਹਾਲਤ ਵਿੱਚ ਭੀ ਕੋਈ ਕੁਦਰਤੀ ਨੇਮ ਹੀ ਟੁੱਟਾ ਹੈ, ਜਿਸ ਵਿਚ ਮਾਪਿਆਂ ਦੀ ਜ਼ਿੰਮੇਵਾਰੀ ਹੈ, ਤੇ ਇਸ ਦੇ ਇਵਜ਼ ਵਿਚ ਮਾਪਿਆਂ ਨੂੰ ਕਈ ਰਾਤਾਂ ਜਾਗਣਾ ਪੈਂਦਾ ਹੈ ਤੇ ਬੱਚੇ ਦੇ ਦੁੱਖ ਨਾਲ ਦੁਖੀ ਹੋਣਾ ਪੈਂਦਾ ਹੈ। ਇਸ ਵਿਚੋਂ ਭੀ ਭਲਾਈ ਨਿਕਲਦੀ ਹੈ, ਇੱਕ ਬਾਲ ਦੀ ਪਰਵਰਿਸ਼ ਵਿਚ ਅਣਗਹਿਲੀ ਕਰਕੇ ਜੋ ਸਿੱਖਿਆ ਮਿਲਦੀ ਹੈ, ਉਹ ਦੂਜੇ ਬਾਲਾਂ ਦੀ ਪਰਵਰਿਸ਼ ਵਿਚ ਸਹਾਇਤਾ ਕਰਦੀ ਹੈ।
ਇਨਸਾਨ ਦੇ ਸਧਾਰਨ ਨਰੋਏ ਜੀਵਨ ਵਿਚ ਕਿਸੇ ਸਰੀਰਕ ਅੰਗ ਉੱਤੇ ਕਿਸੇ ਦੁੱਖ-ਪੀੜ ਦੇ ਆਉਣ ਦੀ ਸੰਭਾਵਨਾ ਨਹੀਂ ਹੁੰਦੀ। ਇਕ ਬਿਲਕੁਲ ਨਰੋਏ ਬੰਦੇ ਨੂੰ ਕਦੇ ਇਹ ਸੋਚਣ ਦੀ ਲੋੜ ਨਹੀਂ ਪੈਂਦੀ ਕਿ ਉਸ ਦਾ ਮਿਹਦਾ ਕਿਵੇਂ ਹਾਜ਼ਮੇ ਦਾ ਕੰਮ ਕਰ ਰਿਹਾ ਹੈ, ਜਿਗਰ ਕੀ ਸਹਾਇਤਾ ਕਰਦਾ ਹੈ, ਫੇਫੜੇ ਕਿਵੇਂ ਸਾਰੇ ਸਰੀਰ ਨੂੰ ਹਵਾ ਅਪੜਾ ਰਹੇ ਹਨ। ਇਹ ਸਾਰੇ ਕੰਮ ਆਪਣੇ ਆਪ ਹੋ ਰਹੇ ਹਨ, ਤੇ ਮਨੁੱਖ ਨੂੰ ਇਸ ‘ਕੁਦਰਤੀ ਚਾਲ’ ਵਿਚ ਕੋਈ ਤਕਲੀਫ਼ ਨਹੀਂ ਹੁੰਦੀ। ਜੇ ਕਿਸੇ ਅੰਗ ਵਿਚ ਕੋਈ ਪੀੜ ਉੱਠੇ, ਤਾਂ ਕਹੀਦਾ ਹੈ ਕਿ ਇਨਸਾਨੀ ਮਸ਼ੀਨ ਦੇ ਚੱਲਣ ਵਿਚ ਕਿਤੇ ਕੋਈ ਵਿਘਨ ਪੈ ਗਿਆ ਹੈ। ਪਰ ਬੱਚੇ ਜੰਮਣਾ ਭੀ ਇਕ ਕੁਦਰਤੀ ਨੇਮ ਹੈ, ਇਸ ਵਿਚ ਇਸਤ੍ਰੀ ਨੂੰ ਕਿਉਂ ਇੰਨਾ ਦੁੱਧ ਸਹਾਰਨਾ ਪੈਂਦਾ ਹੈ ? ਕੁਦਰਤਿ ਦੇ ਨੇਮ ਵਿਚ ਇਹ ਉਲੰਘਣ ਕਿਉਂ ਹੈ ?
ਪੁਰਾਣੇ ਸਮੇਂ ਵਿਚ ਲੋਕਾਂ ਨੇ ਆਦਮ ਤੇ ਹਵਾ ਦੀ ਕਹਾਣੀ ਦੇ ਕੇ ਇਸ ਨੂੰ ਰੱਬ ਦਾ ਸਰਾਪ ਪਰਗਟ ਕੀਤਾ। ਪਰ ਇਹ ਸਾਰੀ ਕਹਾਣੀ ਅਲੌਕਿਕ ਹੈ। ਹੁਣ ਕਦੇ ਕੋਈ ਸੱਪ ਗੱਲਾਂ ਨਹੀਂ ਕਰ ਸਕਿਆ, ਉਸ ਨੇ ਕਿਵੇਂ ਮਨੁੱਖ ਨੂੰ ਭਰਮਾਇਆ ਸੀ ? ਹੁਣ ਸਾਰੇ ਸੱਪ ਢਿੱਡ-ਭਾਰ ਚੱਲਦੇ ਹਨ, ਉਹ ਸੱਪ ਕਿਵੇਂ ਮਨੁੱਖ ਵਾਂਗ ਤੁਰ ਸਕਦਾ ਸੀ ? ਕੁਦਰਤਿ ਵਿਚ ਨੇਮ ਸਦਾ ਇਕਰਸ ਵਰਤੀਦੇ ਹਨ। ਇਕ ਗੱਲ ਅਸੀਂ ਰੋਜ਼ ਵੇਖਦੇ ਹਾਂ ਕਿ ਅਸੀਂ ਉਸੇ ਚੀਜ਼ ਨੂੰ ਬਹੁਤਾ ਪਿਆਰ ਕਰਦੇ ਹਾਂ, ਉਸੇ ਦੀ ਵਧੀਕ ਕਦਰ ਕਰਦੇ ਹਾਂ ਜਿਸ ਦੇ ਹਾਸਲ ਕਰਨ ਵਿਚ ਬਹੁਤੀ ਖੇਚਲ ਸਹਾਰਨੀ ਪਵੇ। ਮਾਂ ਦਾ ਆਪਣੇ ਬੱਚੇ ਨਾਲ ਪਿਆਰ ਜਗਤ ਵਿਚ ਸਭ ਤੋਂ ਉੱਚਾ ਪਿਆਰ ਮੰਨਿਆ ਗਿਆ ਹੈ; ਮਾਂ ਦਾ ਪਿਆਰ ਰੱਬੀ ਪਿਆਰ ਦਾ ਪਰਤੱਖ ਰੂਪ ਸਮਝਿਆ ਜਾਂਦਾ ਹੈ; ਮਾਂ ਰੱਬ ਦਾ ਰੂਪ ਮੰਨੀ ਜਾ ਰਹੀ ਹੈ। ਪਰ, ਮਾਂ ਸੰਬੰਧੀ ਇਹ ਉੱਚਾ ਵਲਵਲਾ ਜਗਤ ਵਿਚ ਕਿਤੇ ਵੇਖਣ ਵਿਚ ਨਾ ਆਉਂਦਾ, ਜੇ ਬੱਚੇ ਜੰਮਣੇ ਇਕ ਅਜਿਹਾ ਸਾਦਾ ਕੰਮ ਹੁੰਦਾ ਜਿਵੇਂ ਕਿਸੇ ਬਾਗ਼ ਵਿਚ ਫੁੱਲ ਪੈਦਾ ਕਰ ਲੈਣੇ। ਮਾਂ ਦਾ ਦਿਲ ਆਪਣੇ ਬੱਚੇ ਨਾਲ ਪਿਆਰ ਕਰਨ ਕਰਕੇ ਜਗਤ-ਦਿਲ ਬਣ ਜਾਂਦਾ ਹੈ। ‘ਜੀਵਣ ਸਭ ਬੱਚੇ ਮਾਵਾਂ ਦੇ’-ਇਹ ਹਰ ਮਾਂ ਆਖਦੀ ਹੈ। ਪਰ ਕੁਦਰਤੀ ਤੌਰ ’ਤੇ ਜਣੇਪੇ ਦੀ ਤਕਲੀਫ਼ ਇੰਨੀ ਨਹੀਂ ਹੁੰਦੀ, ਜਿੰਨੀ ਅੱਜ ਕੱਲ੍ਹ ਵੇਖਣ ਵਿਚ ਆ ਰਹੀ ਹੈ। ਹੁਣ ਅਸੀਂ ਜੀਵਨ ਬਣਾਉਟੀ ਬਣਾਈ ਜਾ ਰਹੇ ਹਾਂ, ਸਰੀਰਾਂ ਨੂੰ ਖੇਚਲ ਨਹੀਂ ਦੇਂਦੇ, ਸਾਦਗੀ ਦੇ ਥਾਂ ਸ਼ੌਕੀਨੀ ਵਧ ਰਹੀ ਹੈ। ਜਿਉਂ ਜਿਉਂ ਅੱਜ ਕੱਲ੍ਹ ਦੀ ਸੱਭਿਅਤਾ, ਨਜ਼ਾਕਤ ਤੇ ਸ਼ੌਕੀਨੀ ਦੇ ਅਨੁਸਾਰ ਜੀਵਨ ਬਣ ਰਹੇ ਹਨ; ਤਿਉਂ ਤਿਉਂ ਸਿੱਟਾ ‘ਸਰੀਰਕ ਕਸ਼ਟ’ ਨਿਕਲ ਰਿਹਾ ਹੈ।
ਜਗਤ ਇਕ ਮੈਦਾਨਿ-ਜੰਗ ਹੈ। ਛੋਟੇ ਛੋਟੇ ਜੀਆਂ-ਜੰਤਾਂ ਨੂੰ ਵੱਡੇ ਪਸ਼ੂ-ਪੰਛੀ ਖਾ ਰਹੇ ਹਨ। ਧਮੱਕੜਾਂ ਨੂੰ ਚਿੜੀਆਂ ਖਾ ਜਾਂਦੀਆਂ ਹਨ, ਚਿੜੀਆਂ ਨੂੰ ਬਿੱਲੀ ਮਾਰ ਲੈਂਦੀ ਹੈ, ਬਿੱਲੀ ਨੂੰ ਕੁੱਤਾ ਪਾੜ ਜਾਂਦਾ ਹੈ, ਤੇ ਕੁੱਤੇ ਦਾ ਬਘਿਆੜ ਜਾਨੀ-ਵੈਰੀ ਹੈ। ਡੰਡੀਆਂ ਨੂੰ ਸੱਪ ਹੜੱਪ ਕਰ ਲੈਂਦਾ ਹੈ, ਸੱਪ ਨੂੰ ਨਿਓਲਾ ਮਾਰ ਮੁਕਾਂਦਾ ਹੈ। ਦੁਨੀਆ ਵਿਚ ਜਿਧਰ ਧਿਆਨ ਮਾਰੋ, ਇਹੀ ਦਿੱਸੇਗਾ। ਛੋਟੇ ਜੀਆਂ ਜੰਤਾਂ ਨੂੰ ਵੱਡੇ ਮਾਰ ਮੁਕਾਂਦੇ ਹਨ। ਕਿੰਨਾ ਭਿਆਨਕ ਦ੍ਰਿਸ਼ ਹੈ ! ਕੀ ਕਾਦਰ ਦੀ ਇਹ ਸਾਰੀ ਕੁਦਰਤਿ ਬੇ-ਤਰਸ ਹੈ ?
ਅਸਲ ਗੱਲ ਇਹ ਹੈ ਕਿ ਕੁਦਰਤਿ ਦੇ ਇਸ ਜੰਗ ਨੇ ਹੀ ਧਰਤੀ ਦੇ ਸਰਦਾਰ ਮਨੁੱਖ ਨੂੰ ਧਰਤੀ ’ਤੇ ਜੀਉਣ ਦਾ ਮੌਕਾ ਦਿੱਤਾ ਹੈ, ਨਹੀਂ ਤਾਂ ਸਿਰਫ਼ ਮੁੱਖੀ ਦੀ ਪੈਦਾਇਸ਼ ਹੀ ਇਤਨੀ ਕਾਫ਼ੀ ਸੀ ਕਿ ਮਨੁੱਖ ਦਾ ਜੀਉਣਾ ਅਸੰਭਵ ਕਰ ਦੇਂਦੀ। ਇਸ ਤਰ੍ਹਾਂ ਦੀ ਮੌਤ ਕੋਈ ਭਿਆਨਕ ਮੌਤ ਭੀ ਨਹੀਂ ਹੈ, ਇਹ ਅਚਨਚੇਤ ਦੀ ਮੌਤ ਰੋਗ ਆਦਿਕ ਵਾਲੀ ਮੌਤ ਨਾਲੋਂ ਚੰਗੀ ਹੈ। ਦਰਿੰਦਿਆਂ ਤੋਂ ਬੇ-ਹੋਸ਼ੀ ਦੀ ਹਾਲਤ ਵਿਚ ਬਚ ਕੇ ਆਏ ਬੰਦੇ ਦੱਸਦੇ ਹਨ ਕਿ ਗ਼ਸ਼ੀ ਤੋਂ ਪਿਛੋਂ ਸਭ ਕੁਝ ਬਿਨਾ ਕਿਸੇ ਦੁੱਖ ਦਰਦ ਦੇ ਹੁੰਦਾ ਹੈ। ਸ਼ਿਕਾਰੀ ਜਾਨਵਰ ਆਪਣੇ ਸ਼ਿਕਾਰ ਨੂੰ ਘੱਟ ਤੋਂ ਘੱਟ ਅਜ਼ਾਬ ਦੇ ਕੇ ਮਾਰਦੇ ਹਨ, ਸ਼ੇਰ ਤੇ ਬਾਜ਼ ਸਿਰਫ਼ ਇਕੋ ਝਪਟ ਮਾਰਦੇ ਹਨ। ਹਾਂ, ਬਿੱਲੀ; ਚੂਹੇ ਨੂੰ ਦੁੱਖ ਦੇਂਦੀ ਪ੍ਰਤੀਤ ਹੁੰਦੀ ਹੈ, ਪਰ ਇਹ ਸੁਭਾਉ ਬਣਿਆ ਹੈ ਘਰਾਂ ਵਿਚ ਰਹਿਣ ਕਰਕੇ। ਘਰ ਵਿਚ ਚੰਗੀ ਖ਼ੁਰਾਕ ਮਿਲ ਜਾਣ ਕਰਕੇ ਬਿੱਲੀ ਸ਼ਿਕਾਰ ਦੀ ਖ਼ਾਤਰ ਨਹੀਂ, ਸ਼ੂਗਲ ਦੀ ਖ਼ਾਤਰ ਚੂਹੇ ’ਤੇ ਪੈਂਦੀ ਹੈ। ਇਹ ਭੀ ਜ਼ਰੂਰੀ ਨਹੀਂ ਕਿ ਚੂਹਾ ਉਸ ਵੇਲੇ ਬੜੇ ਤਸੀਹੇ ਮਹਿਸੂਸ ਕਰਦਾ ਹੈ। ਜੋ ਲੋਕ ਕਦੇ ਕਿਸੇ ਸ਼ਿਕਾਰੀ ਦੇ ਪੰਜੇ ਤੋਂ ਬਚ ਕੇ ਆਏ ਹਨ ਉਹ ਦੱਸਦੇ ਹਨ ਕਿ ਉਸ ਟਾਕਰੇ ਦੇ ਜੋਸ਼ ਵਿਚ ਕੋਈ ਤਕਲੀਫ਼ ਜਾਂ ਦੁੱਖ-ਕਲੇਸ਼ ਯਾਦ ਭੀ ਨਹੀਂ ਹੁੰਦਾ। ਪਸ਼ੂਆਂ ਵੱਲ ਵੇਖੋ; ਬੜੇ ਘੱਟ ਐਸੇ ਪਸ਼ੂ ਹਨ ਜੋ ਕਿਸੇ ਮੁਸੀਬਤ ਨੂੰ ਬਹੁਤ ਚਿਰ ਚੇਤੇ ਰੱਖ ਸਕਦੇ ਹਨ। ਇਹ ਮਨੁੱਖ ਹੀ ਹੈ ਜੋ ਆਪਣੀ ਚੇਤਾ-ਸ਼ਕਤੀ ਨਾਲ ਆਪਣੇ ਦੁੱਖ ਨੂੰ ਵਧਾ ਲੈਂਦਾ ਹੈ। ਹਰਨ ਜਾਂ ਸਹੇ ਦੇ ਪਿਛੇ ਸ਼ਿਕਾਰੀ ਲੱਗਦੇ ਹਨ, ਜੀ-ਭਿਆਣਾ ਉਹ ਦੌੜਦਾ ਹੈ ਤੇ ਉਹਨਾਂ ਦੀ ਨਜ਼ਰੋਂ ਉਹਲੇ ਹੋ ਜਾਂਦਾ ਹੈ; ਪਰ ਖ਼ਤਰਾ ਉਸ ਨੂੰ ਤੁਰਤ ਵਿਸਰ ਜਾਂਦਾ ਹੈ, ਤੇ ਉਹ ਹਰਾ ਘਾਹ ਚੁਗਣ ਵਿਚ ਰੁਝ ਜਾਂਦਾ ਹੈ। ਇਸ ਸ੍ਵੈ-ਰੱਖਿਆ ਦੇ ਜੰਗ ਨੇ ਮਨੁੱਖ ਦੇ ਅੰਦਰ ਇਕ ਹੋਰ ਉੱਚਾ ਜਜ਼ਬਾ ਪੈਦਾ ਕਰ ਦਿੱਤਾ ਹੈ, ਉਹ ਹੈ ‘ਦੂਜਿਆਂ ਦੀ ਰੱਖਿਆ ਲਈ ਜਤਨ’। ਇਸ ਜਜ਼ਬੇ ਨੇ ਪਿਆਰ, ਕੁਰਬਾਨੀ, ਹਮਦਰਦੀ ਆਦਿਕ ਗੁਣ ਪੈਦਾ ਕਰ ਦਿੱਤੇ ਹਨ।
ਹੁਣ ਤਕ ਅਸੀਂ ਸਰੀਰਕ ਦੁੱਖ-ਕਲੇਸ਼ਾਂ ਦਾ ਹੀ ਫ਼ਿਕਰ ਕਰਦੇ ਆਏ ਹਾਂ; ਹੁਣ ਲਵੋ ਮਾਨਸਿਕ ਪੀੜਾਂ ਨੂੰ। ਅੱਜ ਕੱਲ੍ਹ ਦੀ ਖੋਜ ਨੇ ਸਾਬਤ ਕਰ ਦਿੱਤਾ ਹੈ ਕਿ ਮਾਨਸਿਕ ਕਸ਼ਟ ਭੀ ਮਨੁੱਖ ਦੇ ਦਿਮਾਗ਼ ਵਿਚ ਉਸੇ ਤਰ੍ਹਾਂ ਅਸਰ ਕਰਦੇ ਹਨ ਜਿਵੇਂ ਸਰੀਰਕ ਦੁੱਖ; ਸਗੋਂ ਮਾਨਸਿਕ ਦੁੱਖ ਵਧੀਕ ਖ਼ਤਰਨਾਕ ਹੁੰਦੇ ਹਨ। ਸਰੀਰਕ ਰੋਗ ਕੋਈ ਵਿਰਲਾ ਹੀ ਹੁੰਦਾ ਹੈ ਜੋ ਮਨੁੱਖ ਨੂੰ ਉੱਕਾ ਹੀ ਨਕਾਰਾ ਕਰ ਦੇਵੇ, ਪਰ ਮਾਨਸਿਕ ਦੁੱਖ ਦਿਮਾਗ਼ੀ ਹਾਲਤ ਖ਼ਰਾਬ ਕਰ ਦੇਂਦੇ ਹਨ। ਪਰ ਇਹ ਮਾਨਸਿਕ ਕਲੇਸ਼ ਭੀ ਭਲਾਈ ਤੋਂ ਖ਼ਾਲੀ ਨਹੀਂ ਹਨ। ‘ਸਰੀਰਕ ਦੁੱਖ’; ਦੁੱਖ ਸਹਾਰਨ ਵਾਲੇ ਬੰਦੇ ਨਾਲੋਂ ਉਸ ਦੀ ਕੌਮ ਤੇ ਦੇਸ ਵਾਸਤੇ ਵਧੀਕ ਲਾਭਦਾਇਕ ਹੁੰਦੇ ਹਨ। ਰੋਗਾਂ ਕਾਰਨ ਦਵਾਈਆਂ ਅਤੇ ਹਸਪਤਾਲ ਬਣੇ; ਸ਼ਹੀਦੀਆਂ ਨੇ ਕੌਮਾਂ ਤੇ ਦੇਸਾਂ ਨੂੰ ਜਗਾ ਦਿੱਤਾ। ‘ਮਾਨਸਿਕ ਦੁੱਖ’; ਦੁੱਖ ਸਹਾਰਨ ਵਾਲੇ ਨੂੰ ਭੀ ਲਾਭ ਦੇਂਦਾ ਹੈ, ਇਸ ਕੁਠਾਲੀ ਵਿਚੋਂ ਸੁੱਚਾ ਤੇ ਉੱਚਾ ਹੋ ਕੇ ਨਿਕਲਦਾ ਹੈ। ਮਾਨਸਿਕ ਪੀੜ ਜਾਂ ਇਖ਼ਲਾਕੀ ਰੋਗ ਦਾ ਮੂਲ ਕਾਰਨ ਖ਼ੁਦਗਰਜ਼ੀ ਹੈ। ਕਦੇ ਸਮਾਂ ਸੀ, ਜਦੋਂ ਖ਼ੁਦਗ਼ਰਜ਼ੀ ਕੋਈ ਭੈੜ ਨਹੀਂ ਸੀ ਸਮਝਿਆ ਜਾਂਦਾ। ਪਸ਼ੂ-ਪੰਛੀ, ਇਹ ਠੀਕ ਹੈ, ਆਪੋ ਆਪਣੀ ਹਸਤੀ ਕਾਇਮ ਰੱਖਣ ਵਾਸਤੇ ਖ਼ੁਦਗ਼ਰਜ਼ ਹਨ। ਪਰ ਮਨੁੱਖ ਇਸ ਹਾਲਤ ਤੋਂ ਉੱਚਾ ਹੋ ਗਿਆ ਹੈ; ਮਨੁੱਖ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਵਹੁਟੀ, ਬੱਚਿਆਂ, ਮਿੱਤਰਾਂ, ਗੁਆਂਢੀਆਂ, ਕੌਮ, ਦੇਸ ਤੇ ਸਾਰੀ ਧਰਤੀ ਵਾਸਤੇ ਜੀਵੇ। ‘ਇਨਸਾਨੀਅਤ’ ਦੀ ਸਭ ਤੋਂ ਵੱਡੀ ਨਿਸ਼ਾਨੀ ਹੀ ਇਹ ਹੈ ਕਿ ਉਹ ਦੂਜਿਆਂ ਵਾਸਤੇ ਜੀਵੇ, ਨਿਰਾ ਆਪਣੇ ਵਾਸਤੇ ਜੀਵਿਆਂ ਤਾਂ ਮੁੜ ਪਸ਼ੂਪੁਣੇ ਵਿਚ ਚਲੇ ਜਾਈਦਾ ਹੈ। ਪਰ ‘ਇਨਸਾਨੀ ਜੀਵਨ ਵਾਸਤੇ ਜੋ ਭੀ ਕੋਈ ਕੀਮਤੀ ਖ਼ਜ਼ਾਨਾ ਹੈ, ਬਿਨਾ ਕਸ਼ਟ ਸਹਾਰਨ ਤੋਂ ਨਹੀਂ ਮਿਲਿਆ, ਕਦਰ ਭੀ ਤਦੋਂ ਹੀ ਪੈਂਦੀ ਹੈ। ਆਜ਼ਾਦੀ, ਖ਼ਿਆਲ ਦੀ ਆਜ਼ਾਦੀ, ਸਾਹਿੱਤ, ਹੁਨਰ, ਰਾਗ ਹਰੇਕ ਨੇ ਇਨਸਾਨੀ ਕੁਰਬਾਨੀ ਮੰਗੀ ਹੈ; ਇਨਸਾਨੀ ਉੱਨਤੀ ਦਾ ਰਸਤਾ ਹੀ ਕੰਡਿਆਂ ਵਿਚੋਂ ਦੀ ਲੰਘਦਾ ਹੈ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ..॥
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ..॥
ਗਿਆਨੀ ਬਲਜੀਤ ਸਿੰਘ ਜੀ (ਡਾਇਰੈਕਟਰ ਆੱਫ ਐਜੁਕੇਸ਼ਨ)
ਕਰਤੇ ਪੁਰਖ ਵਿੱਚ ਲੀਨ ਹੁੰਦਿਆਂ ਤਿੰਨ ਗੱਲਾਂ ਵਿਸ਼ੇਸ਼ ਤੌਰ ’ਤੇ ਖ਼ਿਆਲ ਵਿੱਚ ਆ ਜਾਂਦੀਆਂ ਹਨ। ਪਹਿਲੀ; ਉਹ ਰਚਨਹਾਰ ਹਰੀ ਪਰਮਾਤਮਾ ਬੇਅੰਤ ਹੈ। ਦੂਜੀ; ਇਹ ਰਚਨਾ ਉਸ ਰਚਨਹਾਰ ਦਾ ਇੱਕ ਖੇਲ ਤਮਾਸ਼ਾ ਹੈ। ਤੀਜੀ; ਉਹ ਰਚਨਹਾਰ ਇਸ ਰਚਨਾ ਵਿੱਚ ਬੈਠ ਕੇ ਆਪ ਹੀ ਸਭ ਕੁਝ ਕਰ ਰਿਹਾ ਹੈ। ਇਨ੍ਹਾਂ ਤਿੰਨੇ ਗੱਲਾਂ ਵਿੱਚੋਂ ਪਹਿਲੀ ਅਤੇ ਤੀਸਰੀ; ਨਿਰਾਕਾਰ ਪ੍ਰਭੂ ਨਾਲ਼ ਸੰਬੰਧਿਤ ਹੈ ਅਤੇ ਦੂਸਰੀ; ਉਸ ਦੇ ਸਾਕਾਰ ਰੂਪ ਯਾਨੀ ਕਿ ਮਾਇਆ ਨਾਲ਼ ਸੰਬੰਧਿਤ ਹੈ।
ਇਹ ਵੀਚਾਰ ਕਿਸੇ ਸਾਧਾਰਨ ਮਨੁੱਖ ਦੇ ਮਨੋਕਲਪਿਤ ਵੀਚਾਰ ਨਹੀਂ ਸਗੋਂ ਉਨ੍ਹਾਂ ਬ੍ਰਹਮ ਗਿਆਨੀ ਪੁਰਸ਼ਾਂ ਦੇ ਹਨ, ਜਿਨ੍ਹਾਂ ਸੰਸਾਰ ਅਤੇ ਕਰਤਾਰ ਦੀ ਅਸਲੀਅਤ ਨੂੰ ਪਛਾਣਿਆ ਹੈ ਅਤੇ ਇਸ ਦੀ ਪਛਾਣ ਸਦਕਾ ਪਰਮ ਅਨੰਦ ਨੂੰ ਮਾਣਿਆ ਹੈ। ਇਨ੍ਹਾਂ ਤਿੰਨੇ ਗੱਲਾਂ ਵਿੱਚ ਅਨੰਦ ਦਾ ਰਹੱਸ ਜਾਂ ਖੁਸ਼ੀ ਦਾ ਰਾਜ਼ ਵੀ ਛੁਪਿਆ ਹੋਇਆ ਹੈ। ਜਿਹੜਾ ਬੰਦਾ ਇਨ੍ਹਾਂ ਦੇ ਰਹੱਸ ਨੂੰ ਸਮਝ ਲੈਂਦਾ ਹੈ। ਪੂਰਨ ਅਨੰਦ ਦਾ ਫੁਹਾਰਾ ਆਪ ਮੁਹਾਰੇ ਉਸ ਦੇ ਅੰਦਰੋਂ ਫੁੱਟ ਪੈਂਦਾ ਹੈ। ਜੇ ਅਸੀਂ ਅਨੰਦ ਤੋਂ ਸੱਖਣੇ ਜਾਂ ਬਾਂਝੇ ਹਾਂ ਤਾਂ ਅਸੀਂ ਕਰਤਾਰ ਅਤੇ ਕਰਤਾਰ ਦੀ ਕਿਰਤ ਯਾਨੀ ਕਿ ਸੰਸਾਰ ਨੂੰ ਉਸ ਦ੍ਰਿਸ਼ਟੀਕੋਣ ਤੋਂ ਨਹੀਂ ਦੇਖਿਆ; ਜਿਵੇਂ ਕਿ ਬ੍ਰਹਮ ਗਿਆਨੀ ਨੇ ਤਕਿਆ ਹੈ। ਸ਼ਾਇਦ ਸਾਡੀ ਗ਼ਲਤ ਦ੍ਰਿਸ਼ਟੀਕੋਣ ਨੂੰ ਮੁੱਖ ਰੱਖ ਕੇ ਹੀ ਭਗਤ ਰਵਿਦਾਸ ਜੀ ਫ਼ੁਰਮਾਉਂਦੇ ਹਨ ‘‘ਮਾਧਵੇ ! ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ; ਹੋਇ ਨ ਤੈਸਾ ॥੧॥ ਰਹਾਉ ॥’’ (ਭਗਤ ਰਵਿਦਾਸ/੬੫੭)
ਆਮ ਤੌਰ ’ਤੇ ਮਨੁੱਖ; ਰੱਬ ਨੂੰ ਕੇਵਲ ਗੁਰਦੁਆਰਿਆਂ, ਮੰਦਰਾਂ, ਚਰਚ ਜਾਂ ਮਸਜਿਦਾਂ ਵਿੱਚ ਬੈਠਾ ਸਮਝਦਾ ਹਨ। ਉਹ ਇਨ੍ਹਾਂ ਧਾਰਮਿਕ ਅਸਥਾਨਾਂ ’ਤੇ ਪਾਪ ਕਰਨ ਤੋਂ ਡਰਦੇ ਹਨ, ਪਰ ਬਾਹਰ ਆਮ ਜੀਵਨ ਵਿੱਚ ਮਨਮਾਨੀਆਂ ਕਰਦੇ ਹਨ। ਕੋਈ ਮਨੁੱਖ ਭੁਲੇਖੇ ਕਾਰਨ ਉਸ ਪਰਮਾਤਮਾ ਨੂੰ ਮਾਤ ਲੋਕ ਦੀ ਥਾਂ ਸਵਰਗ ਜਾਂ ਸੱਚਖੰਡ ਵਿੱਚ ਬੈਠਾ ਸਮਝ ਕੇ ਉਸ ਤੋਂ ਬਿਲਕੁਲ ਨਿਡਰ ਹੋ ਗਿਆ ਹੈ।
ਜੇ ਕੋਈ ਮਨੁੱਖ; ਮੰਦਰ ਜਾਂ ਗੁਰਦੁਆਰੇ ਉਸ ਦੇ ਦਰਸ਼ਨ ਕਰਨ ਜਾਵੇ, ਉੱਥੇ ਪ੍ਰਭੂ ਜਸ ਕਥਾ ਕੀਰਤਨ ਸੁਣਨ ਦੀ ਥਾਂ ਉੱਥੇ ਲੱਗੇ ਮਾਰਬਲ, ਸੋਨੇ, ਚਾਂਦੀ ਤਥਾ ਹੀਰੇ ਜਵਾਰਾਤ ਦੇਖਣ ਵਿੱਚ ਮਸਤ ਹੋ ਜਾਵੇ ਤਾਂ ਕਥਾ ਕੀਰਤਨ ਰਾਹੀਂ ਪ੍ਰਾਪਤ ਹੋਣ ਵਾਲੇ ਅਨੰਦ ਤੋਂ ਬਾਂਝਿਆਂ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਕਈ ਜਗਿਆਸੂ ਪ੍ਰਭੂ ਦੀ ਮਹਿਮਾ ਜਿਵੇਂ ਕਿ ‘‘ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ; ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ; ਤੂੰ ਠਾਕੁਰ ਊਚ ਭਗਵਾਨਾ ॥ (ਮਹਲਾ ੪/੭੩੫), ਅਗਮ ਅਗੋਚਰਾ ! ਤੇਰਾ ਅੰਤੁ ਨ ਪਾਇਆ ॥ ਅੰਤੋ ਨ ਪਾਇਆ ਕਿਨੈ ਤੇਰਾ; ਆਪਣਾ ਆਪੁ ਤੂ ਜਾਣਹੇ ॥’’ (ਅਨੰਦ/ਮਹਲਾ ੩/੯੧੮) ਆਦਿਕ ਪਿਆਰੇ ਬਚਨਾਂ ਨੂੰ ਸੁਣ ਕੇ ਪ੍ਰਭੂ ਨਾਲ ਪਿਆਰ ਪਾਣ ਦੀ ਥਾਂ ਉਸ ਦੇ ਅਨੰਤ ਭੰਡਾਰਾਂ ਦਾ ਅੰਤ ਪਾਉਣ ਲੱਗ ਜਾਂਦੇ ਹਨ, ਪਰ ਉਸ ਦਾ ਅੰਤ ਪਾਂਦਿਆਂ ਪਾਂਦਿਆਂ ਆਪਣਾ ਅੰਤ ਕਰ ਲੈਂਦੇ ਹਨ। ਉਨ੍ਹਾਂ ਦਾ ਹਾਲ ਉਸ ਵਿਗਿਆਨੀ ਵਰਗਾ ਹੁੰਦਾ ਹੈ, ਜੋ ਕਿਸੇ ਸੁੰਦਰ ਫੁੱਲ ਦੇ ਸੋਹਣੇ ਰੰਗ ਤਥਾ ਮਨਮੋਹਣੀ ਸੁਗੰਧੀ ਦੇ ਕਾਰਨ ਨੂੰ ਸਮਝਣ ਲਈ ਉਸ ਦੀ ਪੰਖੜੀ ਪੰਖੜੀ ਕਰਕੇ ਫੁੱਲ ਦਾ ਨਾਸ਼ ਨਹੀਂ ਕਰ ਲੈਂਦਾ ਸਗੋਂ ਮਨ ਨੂੰ ਖੇੜਾ ਦੇਣ ਵਾਲੀ ਸੁੰਦਰਤਾ ਤਥਾ ਸੁਗੰਧੀ ਤੋਂ ਵੀ ਹੱਥ ਧੋ ਬੈਠਦਾ ਹੈ ਭਾਵ ਗਵਾ ਲੈਂਦਾ ਹੈ।
ਜੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨਾਲ ਆਤਮਿਕ ਸਾਂਝ ਬਣ ਜਾਏ ਤਾਂ ਉਸ ਅੰਦਰ ਖ਼ਿਆਲ ਆਉਂਦਾ ਹੈ ਕਿ ਆਓ ਰਤਾ ਹੋਰ ਜੀਵਾਂ ਵੱਲ ਝਾਤ ਮਾਰ ਕੇ ਵੇਖ ਲਈਏ। ਕੀ ਬ੍ਰਿਛਾਂ ਨੂੰ ਕੰਡੇ ਫੁੱਲ ਜਾਂ ਕੌੜੇ ਮਿੱਠੇ ਫਲ਼, ਉਨ੍ਹਾਂ ਦੀ ਆਪਣੀ ਇੱਛਾ ਨਾਲ ਲੱਗਦੇ ਹਨ ? ਕੀ ਗਊਆਂ, ਮੱਝਾਂ, ਭੇਡ, ਬੱਕਰੀਆਂ, ਊਠਾਂ ਅਤੇ ਘੋੜਿਆਂ ਦਾ ਘਾਹ ਖਾਣਾ ਜਾਂ ਸ਼ੇਰ, ਚੀਤੇ, ਬਗਿਆੜ ਆਦਿ ਨੇ ਮਾਸ ਖਾਣਾ ਆਪਣੀ ਮਰਜ਼ੀ ਨਾਲ ਸ਼ੁਰੂ ਕੀਤਾ ਹੈ ? ਕੀ ਇਨ੍ਹਾਂ ਮਾਸਾਹਾਰੀਆਂ ਦੇ ਦੰਦਾਂ ਵਿੱਚ ਫ਼ਰਕ ਇਨ੍ਹਾਂ ਆਪ ਪਾਇਆ ਸੀ ? ਨਹੀਂ ਨਹੀਂ ਇਹ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੀ ਬਖਸ਼ਸ਼ ਹੀ ਹੈ। ਗੁਰੂ ਫ਼ੁਰਮਾਨ ਹੈ ‘‘ਸੀਹਾ ਬਾਜਾ ਚਰਗਾ ਕੁਹੀਆ; ਏਨਾ ਖਵਾਲੇ ਘਾਹ ॥ ਘਾਹੁ ਖਾਨਿ ਤਿਨਾ ਮਾਸੁ ਖਵਾਲੇ; ਏਹਿ ਚਲਾਏ ਰਾਹ ॥ ਨਦੀਆ ਵਿਚਿ ਟਿਬੇ ਦੇਖਾਲੇ; ਥਲੀ ਕਰੇ ਅਸਗਾਹ ॥ ਕੀੜਾ ਥਾਪਿ ਦੇਇ ਪਾਤਿਸਾਹੀ; ਲਸਕਰ ਕਰੇ ਸੁਆਹ ॥ ਜੇਤੇ ਜੀਅ, ਜੀਵਹਿ ਲੈ ਸਾਹਾ; ਜੀਵਾਲੇ, ਤਾ ਕਿਅ ਸਾਹ ॥ ਨਾਨਕ ! ਜਿਉ ਜਿਉ ਸਚੇ ਭਾਵੈ; ਤਿਉ ਤਿਉ ਦੇਇ ਗਿਰਾਹ ॥ (ਮਹਲਾ ੧/੧੪੪), ਕਰਣ ਕਾਰਣ ਸਮਰਥ ਪ੍ਰਭੁ; ਜੋ ਕਰੇ, ਸੁ ਹੋਈ ॥ ਖਿਨ ਮਹਿ ਥਾਪਿ ਉਥਾਪਦਾ; ਤਿਸੁ ਬਿਨੁ ਨਹੀ ਕੋਈ ॥’’ (ਮਹਲਾ ੫/੭੦੬)
ਫਿਰ ਦੇਖੋ ਪਾਣੀ ਵਿੱਚ ਰਹਿਣ ਵਾਲਾ ਡੱਡੂ, ਧਰਤੀ ਉੱਪਰ ਵੀ ਟਪੂਸੀਆਂ ਮਾਰ ਸਕਦਾ ਹੈ ਤਾਂ ਫਿਰ ਮੱਛੀ ਅਜਿਹਾ ਕਿਉਂ ਨਹੀਂ ਕਰ ਸਕਦੀ ? ਕੁੱਕੜ ਹੋਰ ਪੰਛੀਆਂ ਦੀ ਤਰ੍ਹਾਂ ਅਕਾਸ਼ ਵਿੱਚ ਉੱਚੀਆਂ ਉਡਾਰੀਆਂ ਕਿਉਂ ਨਹੀਂ ਮਾਰ ਸਕਦਾ ? ਜੇ ਮੁਰਗਾਈ ਪਾਣੀ ਵਿੱਚ ਤੈਰ ਸਕਦੀ ਹੈ ਤਾਂ ਕਬੂਤਰ ਜਾਂ ਦੂਜੇ ਪੰਛੀ ਕਿਉਂ ਨਹੀਂ ?
‘‘ਨਦੀਆ ਵਿਚਿ ਟਿਬੇ ਦੇਖਾਲੇ; ਥਲੀ ਕਰੇ ਅਸਗਾਹ ॥’’ (ਮਹਲਾ ੧/੧੪੪) ਵਾਕ ਅਨੁਸਾਰ ਇਸ ਧਰਤੀ ਉੱਪਰ ਪਹਾੜ, ਮੈਦਾਨ, ਝੀਲਾਂ, ਸਮੁੰਦਰ, ਜੰਗਲ਼, ਮਾਰੂਥਲ ਆਦਿ ਕੇਵਲ ਉਹ ਸ਼ਕਤੀਮਾਨ ਪ੍ਰਭੂ ਹੀ ਬਣਾਉਣ ਦੇ ਸਮਰੱਥ ਹੈ। ਸੂਰਜ, ਚੰਨ, ਤਾਰੇ ਅਤੇ ਧਰਤੀ ਆਦਿ ਨੂੰ ‘‘ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ; ਨ ਅੰਤੁ ॥ (ਮਹਲਾ ੧/੪੬੪) ਦੇ ਨਿਯਮ ਅਨੁਸਾਰ ਗਰਦਸ਼ (ਧੂੜ) ਵਿੱਚ ਭ੍ਰਮਣ ਪਾਈ ਕੌਣ ਰੱਖਦਾ ਹੈ ? ਬਰਸਾਤੀ ਮੌਸਮ ਵਿਚ ਵੇਖਦਿਆਂ ਵੇਖਦਿਆਂ ਥਲਾਂ ਨੂੰ ਜਲਾਂ ਵਿਚ ਤਬਦੀਲ ਕੌਣ ਕਰਦਾ ਹੈ ਅਤੇ ਔੜ ਦੇ ਦਿਨਾਂ ਵਿਚ ਟਿੱਬੇ ਕੌਣ ਪਰਗਟ ਕਰਦਾ ਹੈ ?
ਅਕਾਸ਼ ਵਿਚ ਅੱਖ ਦੇ ਪਲਕਾਰੇ ਵਿੱਚ ਕਾਲੀਆਂ ਘਟਾਵਾਂ ਲਿਆਉਣ ਵਾਲਾ ਤਥਾ ਉਨ੍ਹਾਂ ਚੜ੍ਹੇ ਕਾਲੀਆਂ ਘਟਾਵਾਂ ਰੂਪ ਬੱਦਲਾਂ ਨੂੰ ਛਾਈ ਮਾਈ ਕਰਨ ਵਾਲਾ ਕੌਣ ਹੈ। ਹੇ ਵੀਰ ! ਇਹ ਸਭ ਕੁਝ ਉਹ ਨਿਰੰਕਾਰ ਹੀ ਕਰਨ ਦੇ ਸਮਰੱਥ ਹੈ। ਹੋਰ ਵੇਖੋ ‘‘ਬਟਕ ਬੀਜ ਮਹਿ ਰਵਿ ਰਹਿਓ; ਜਾ ਕੋ ਤੀਨਿ ਲੋਕ ਬਿਸਥਾਰ ॥’’ (ਭਗਤ ਕਬੀਰ/੩੪੦) ਭਾਵ ਨਿੱਕੇ ਜਿਹੇ ਸੂਖਮ ਬੀਜ ਤੋਂ ਬੋਹੜ ਵਰਗੇ ਵੱਡੇ ਆਕਾਰ ਪੈਦਾ ਕਰਨ ਦਾ ਕਾਰਨ ਮਨੁੱਖ ਦੀ ਗੰਮਤਾ ਤੋਂ, ਪਹੁੰਚ ਤੋਂ ਪਰੇ ਹੈ। ਗੁਰਮਤਿ ਦਾਰਸ਼ਨਿਕ ਭਾਈ ਗੁਰਦਾਸ ਜੀ ਪ੍ਰਭੂ ਦੀ ਬੇਅੰਤਤਾ ਬਿਆਨ ਕਰਦੇ ਹੋਏ ਦਰਸਾਂਦੇ ਹਨ ਕਿ ਲੱਖਾਂ ਬ੍ਰਹਮਾ, ਬਿਸ਼ਨ, ਮਹੇਸ਼, ਨਾਰਦ, ਸਾਰਦ, ਸ਼ੇਖਨਾਗ, ਗਣ ਗੰਧਰਵ, ਗਣੇਸ਼, ਛੇ ਸ਼ਾਸ਼ਤ੍ਰ ਅਨੇਕਾਂ ਸਵਾਂਗ ਰਚਨਵਾਲੇ ਗੁਰੂ ਚੇਲੇ ਉਸ ਦਾ ਅੰਤ ਪਾਣ ਲਈ ਕਰਮ ਕਰਦੇ ਹਨ, ਗੁਣ ਗਾਇਨ ਕਰਦੇ ਹਨ ਪਰ ਇਨ੍ਹਾਂ ਵਿੱਚੋਂ ਕੋਈ ਵੀ ਪ੍ਰਭੂ ਦਾ ਅੰਤ ਨਹੀਂ ਪਾ ਸਕਿਆ ਕਥਨ ਇਸ ਤਰ੍ਹਾਂ ਹੈ ‘‘ਬ੍ਰਹਮੇ ਬਿਸਨ ਮਹੇਸ; ਲਖ ਧਿਆਇਦੇ। ਨਾਰਦ ਸਾਰਦ ਸੇਸ; ਕੀਰਤਿ ਗਾਇਦੇ। ਗਣ ਗੰਧਰਬ ਗਣੇਸ; ਨਾਦ ਵਜਾਇਦੇ। ਛਿਅ ਦਰਸਨ ਕਰਿ ਵੇਸ; ਸਾਂਗ ਬਣਾਇਦੇ। ਗੁਰ ਚੇਲੇ ਉਪਦੇਸ; ਕਰਮ ਕਮਾਇਦੇ। ਆਦਿ ਪੁਰਖੁ ਆਦੇਸੁ; ਪਾਰ ਨ ਪਾਇਦੇ ॥੨॥’’ (ਭਾਈ ਗੁਰਦਾਸ ਜੀ/ਵਾਰ ੨੧ ਪਉੜੀ ੨)
ਇਸੇ ਲਈ ਪ੍ਰਭੂ ਦੇ ਭਗਤ ਉਸ ਪ੍ਰਭੂ ਦੀ ਸਿਫਤ ਸਲਾਹ ਵਿਚ ਹੀ ਜੁੜੇ ਰਹਿੰਦੇ ਹਨ । ਉਹ ਆਪਣੇ ਆਪ ਨੂੰ ਪ੍ਰਭੂ ਦੀ ਬਣਾਈ ਸ਼੍ਰਿਸ਼ਟੀ ਦੇ ਹਿਸਾਬ ਕਿਤਾਬ ਵਿੱਚ ਨਹੀਂ ਪੈਂਦੇ। ਉਨ੍ਹਾਂ ਦਾ ਨਿਸ਼ਾਨਾ ਕੇਵਲ ਪ੍ਰਭੂ ਵਿੱਚ ਅਭੇਦ ਹੋਣਾ ਹੀ ਹੁੰਦਾ ਹੈ। ਉਹ ਦਾਤੇ ਦੀ ਸਿਫਤਿ ਸਲਾਹ ਰਾਹੀਂ ਉਸ ਵਿੱਚ ਇੰਝ ਲੀਨ ਹੋਣਾ ਲੋਚਦੇ ਹਨ; ਜਿਵੇਂ ਨਦੀਆਂ, ਨਾਲੇ ਸਾਗਰ ਵਿੱਚ ਲੀਨ ਹੋ ਜਾਂਦੇ ਹਨ। ਪ੍ਰਭੂ ਪਿਆਰਿਆਂ ਦੀਆਂ ਨਜ਼ਰਾਂ ਵਿਚ ਵੱਡੇ-ਵੱਡੇ ਰਾਜੇ ਪ੍ਰਭੂ ਨੂੰ ਯਾਦ ਰੱਖਣ ਵਾਲੀ ਕੀੜੀ ਦੇ ਮੁਕਾਬਲੇ ਕੁੱਝ ਵੀ ਨਹੀਂ, ਸੈਂਕੜੇ ਮਣ ਅਨਾਜ ਖਾਣ ਵਾਲਾ ਹਾਥੀ ਜੇ ਮਾਲਕ ਦਾ ਧਿਆਨ ਨਹੀਂ ਧਰਦਾ ਤਾਂ ਕੇਵਲ ਘੱਟਾ ਮਿੱਟੀ ਉਡਾ ਕੇ ਹੀ ਆਪਣੀ ਉਮਰ ਨਸ਼ਟ ਕਰ ਲੈਂਦਾ ਹੈ। ਉਸ ਨਾਲੋਂ ਅੱਧੀ ਗ੍ਰਾਹੀ ਖਾਣ ਵਾਲੀ ਚਿੜੀ ਕਈ ਦਰਜੇ ਚੰਗੀ ਹੈ ਜੇ ਉਹ ਆਪਣੇ ਮਾਲਕ ਦਾ ਨਾਮ ਜਪੇ। ਅੱਕ ਉੱਪਰ ਬਹਿ ਕੇ ਅੱਕ ਦੀਆਂ ਡਾਲੀਆਂ ਖਾਣ ਵਾਲਾ ਟਿੱਡਾ ਜੇ ਹਰ ਦੰਮ ਰੱਬ ਰੱਬ ਕਰੇ ਤਾਂ ਉਹ ਹੰਕਾਰੀ ਸ਼ੇਰ ਨਾਲੋਂ ਬਹੁਤ ਚੰਗਾ ਹੈ। ਗੁਰੂ ਫ਼ੁਰਮਾਨ ਹਨ ‘‘ਸਾਲਾਹੀ ਸਾਲਾਹਿ; ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥ ਸਮੁੰਦ ਸਾਹ ਸੁਲਤਾਨ; ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ; ਜੇ ਤਿਸੁ ਮਨਹੁ ਨ ਵੀਸਰਹਿ ॥੨੩॥ (ਜਪੁ/ਮਹਲਾ ੧/੫), ਸਉ ਮਣੁ ਹਸਤੀ ਘਿਉ ਗੁੜੁ ਖਾਵੈ; ਪੰਜਿ ਸੈ ਦਾਣਾ ਖਾਇ ॥ ਡਕੈ ਫੂਕੈ ਖੇਹ ਉਡਾਵੈ; ਸਾਹਿ ਗਇਐ ਪਛੁਤਾਇ ॥ ਅੰਧੀ ਫੂਕਿ; ਮੁਈ ਦੇਵਾਨੀ ॥ ਖਸਮਿ ਮਿਟੀ ਫਿਰਿ ਭਾਨੀ ॥ ਅਧੁ ਗੁਲ੍ਹਾ ਚਿੜੀ ਕਾ ਚੁਗਣੁ; ਗੈਣਿ ਚੜੀ ਬਿਲਲਾਇ ॥ ਖਸਮੈ ਭਾਵੈ ਓਹਾ ਚੰਗੀ; ਜਿ ਕਰੇ ਖੁਦਾਇ ਖੁਦਾਇ ॥’’ (ਮਹਲਾ ੧/੧੨੮੬)
ਸਰੀਰ ਦੇ ਇੱਕ ਇੱਕ ਅੰਗ ਉੱਪਰ ਵੱਡ ਅਕਾਰੀ ਪੁਸਤਕਾਂ ਲਿਖੀਆਂ ਗਈਆਂ ਹਨ, ਪਰ ਇਨ੍ਹਾਂ ਲਿਖਾਰੀਆਂ ਨੂੰ ਪੁੱਛ ਕੇ ਵੇਖੋ, ਉਹ ਇਹੋ ਕਹਿਣਗੇ ਇਹ ਪੁਸਤਕਾਂ ਅਜੇ ਅਧੂਰੀਆਂ ਹਨ। ਵੇਦਾਂ ਸ਼ਾਸਤਰਾਂ ਦੇ ਰਚਨਹਾਰਾਂ ਨੂੰ ਮਤੇ ਲਿਖਣਾ ਪਿਆ ‘ਨ ਇਤੀ ਨ ਇਤੀ’ ਯਾਨੀ ਅੰਤ ਨਹੀਂ, ਅੰਤ ਨਹੀਂ ਕਿਉਂਕਿ ਇਹ ਦ੍ਰਿਸ਼ਟਮਾਨ ਸੰਸਾਰ ਐਡਾ ਵੱਡਾ ਹੈ ਫਿਰ ਇਸ ਵਿਚ ਕਰਤੇ ਦੇ ਕਰਣਿਆਂ ਭਾਵ ਕੰਮਾਂ ਦੀ ਐਡੀ ਵੱਡੀ ਪ੍ਰਦਰਸ਼ਨੀ ਲੱਗੀ ਹੋਈ ਹੈ ਕਿ ਕੋਈ ਵੀ ਬੰਦਾ ਉਸ ਨੂੰ ਵੇਖ ਵੇਖ ਕਿ ਵਿਸਮਾਦਮਈ ਤਾਂ ਹੋ ਸਕਦਾ ਪਰ ਅੰਤ ਨਹੀਂ ਪਾ ਸਕਦਾ। ਜਦ ਪ੍ਰਭੂ ਦੀ ਰਚਨਾ ਦਾ ਅੰਤ ਨਹੀਂ ਪੈ ਸਕਦਾ ਤਾਂ ਫਿਰ ਰਚਨਹਾਰ ਦੀਆਂ ਸਿਫਤਾਂ ਦਾ ਅੰਤ ਕੌਣ ਬਿਆਨ ਕਰ ਸਕਦਾ ਹੈ। ਬਸ ਇਹੀ ਕਹਿਣਾ ਪੈਂਦਾ ਹੈ ‘‘ਤੇਰੇ ਦਾਨੈ; ਕੀਮਤਿ ਨਾ ਪਵੈ; ਤਿਸੁ ਦਾਤੇ ਕਵਣੁ ਸੁਮਾਰੁ ॥’’ (ਸੋਹਿਲਾ/ਮਹਲਾ ੧/੧੨) ਜਾਂ ‘‘ਜਿਹਵਾ ਏਕ; ਕਵਨ ਗੁਨ ਕਹੀਐ ?॥ ਬੇਸੁਮਾਰ ਬੇਅੰਤ ਸੁਆਮੀ ! ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥’’ (ਮਹਲਾ ੫/੬੭੪) ਬੇਅੰਤ ਪ੍ਰਭੂ ਦਾ ਲੇਖਾ ਜੋਖਾ ਓਹੀ ਕਰ ਸਕਦਾ ਹੈ, ਜੋ ਉਸ ਜਿੱਡਾ ਵੱਡਾ ਹੋਵੇ ‘‘ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥’’ (ਜਪੁ/ਮਹਲਾ ੧/੫) ਪਰ ਸੰਸਾਰ ਵਿੱਚ ਉਸ ਜਿੱਡਾ ਨਾ ਕਿਸੇ ਹੋਣਾ ਹੈ ਤੇ ਨਾ ਹੀ ਉਸ ਦਾ ਅੰਤ ਪਾ ਸਕਣਾ ਹੈ। ਇਹ ਅਟੱਲ ਸੱਚ ਹੈ ‘‘ਗੁਣੁ ਏਹੋ; ਹੋਰੁ ਨਾਹੀ ਕੋਇ ॥ ਨਾ ਕੋ ਹੋਆ; ਨਾ ਕੋ ਹੋਇ ॥’’ (ਸੋ ਦਰੁ/ਮਹਲਾ ੧/੯) ਤਦੇ ਤਾਂ ਸਤਿਗੁਰ ਜੀ ਡੰਕੇ ਦੀ ਚੋਟ ਤੇ ਕਹਿੰਦੇ ਹਨ ‘‘ਵਡੇ ਮੇਰੇ ਸਾਹਿਬਾ ! ਗਹਿਰ ਗੰਭੀਰਾ ਗੁਣੀ ਗਹੀਰਾ !॥ ਕੋਇ ਨ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥’’ (ਸੋ ਦਰੁ/ਮਹਲਾ ੧/੯)
ਬਸ ਪ੍ਰਭੂ ਪਿਆਰ ਵਿੱਚ ਰੰਗ ਕੇ ਉਸ ਪਿਆਰੇ ‘‘ਨਾਨਕ ! ਸਾਚਿ ਰਤੇ ਬਿਸਮਾਦੀ; ਬਿਸਮ ਭਏ ਗੁਣ ਗਾਇਦਾ ॥’’ (ਮਹਲਾ ੧/੧੦੩੬) ਦੀ ਅਨੰਦਮਈ ਅਵਸਥਾ ਵਿਚ ‘‘ਨਹੀ ਛੋਡਉ ਰੇ ਬਾਬਾ ! ਰਾਮ ਨਾਮ ॥’’ (ਭਗਤ ਕਬੀਰ/੧੧੯੪) ਦੀ ਸਿਫਤ ਸਲਾਹ ਨਹੀਂ ਛੱਡਦੇ ਸਗੋਂ ਉਸ ਦੀ ਅਗੰਮੀ ਹੋਂਦ ਦਾ ਪ੍ਰੇਮ ਪਿਆਰ ਮਾਣਦੇ ਹੋਏ ਆਖਦੇ ਹਨ ‘‘ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ; ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ; ਤੂੰ ਠਾਕੁਰ ਊਚ ਭਗਵਾਨਾ ॥’’ (ਮਹਲਾ ੪/੭੩੫)
ਹੋਲਾ ਮਹੱਲਾ ਸ਼ਸਤਰ ਵਿਦਿਆ, ਅਣਖ, ਗ਼ੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ
ਹੋਲਾ ਮਹੱਲਾ ਸ਼ਸਤਰ ਵਿਦਿਆ, ਅਣਖ, ਗ਼ੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ
ਭਾਈ ਕਾਨ੍ਹ ਸਿੰਘ ਜੀ ਨ੍ਹਾਭਾ ਨੇ ਹੋਲੇ-ਮਹੱਲੇ ਬਾਰੇ ਇਸ ਤਰ੍ਹਾਂ ਲਿਖਿਐ ‘ਯੁਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ, ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ, ਚੇਤ ਵਦੀ ੧ ਨੂੰ ਸਿੱਖਾਂ ਵਿੱਚ ਹੋਲਾ ਮਹੱਲਾ ਹੁੰਦੈ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ’। ‘ਮਹੱਲਾ’ ਇਕ ਪ੍ਰਕਾਰ ਦੀ ਮਸਨੂਈ (ਨਕਲੀ) ਲੜਾਈ ਹੈ। ਪੈਦਲ, ਘੋੜ-ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖ਼ਾਸ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜੀਂਦੀ ਸ਼ਸਤਰ ਵਿਦਿਆ ਦਿੰਦੇ ਸਨ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਸਜੇ ਦੀਵਾਨ ਵਿੱਚ ਸਿਰੋਪਾ ਬਖ਼ਸ਼ਦੇ ਸਨ। ਅਸੀਂ ਸਾਲ ਪਿੱਛੋਂ ਇਹ ਰਸਮ ਨਾਮ ਮਾਤ੍ਰ ਪੂਰੀ ਕਰ ਛੱਡਦੇ ਹਾਂ ਪਰ ਲਾਭ ਕੁਝ ਨਹੀਂ ਉਠਾਉਂਦੇ। ਹਾਲਾਂ ਕਿ ਸ਼ਸਤਰ-ਵਿਦਿਆ ਤੋਂ ਅਨਜਾਣ ਸਿੱਖ, ਖ਼ਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ। ਹੋਰ ਲਿਖਦੇ ਹਨ-ਸ਼ੋਕ ਹੈ ਕਿ ਹੁਣ ਸਿੱਖਾਂ ਨੇ ਸ਼ਸਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ਼ ਫ਼ੌਜੀਆਂ ਦਾ ਕਰਤਬ ਮੰਨ ਲਿਐ ਜਦ ਕਿ ਦਸਮੇਸ਼ ਜੀ ਦਾ ਉਪਦੇਸ਼ ਹੈ ਕਿ ਹਰੇਕ ਸਿੱਖ ਪੂਰਾ ਸੰਤ-ਸਿਪਾਹੀ ਹੋਵੇ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ, ਇਸ ਤੋਂ ਬਿਨਾਂ ਸਿੱਖ ਅਧੂਰਾ ਹੈ।
ਇਸ ਤਰ੍ਹਾਂ ਹੋਲਾ-ਮਹੱਲਾ ਸ਼ਸਤਰ ਵਿਦਿਆ, ਅਣਖ ਗ਼ੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ, ਇੱਕ ਵਿਲੱਖਣ ਤਿਉਹਾਰ ਹੈ। ਹੋਲੀ ਦੇ ਮਹੱਤਵ ਨੂੰ ਭੁੱਲ ਕੇ ਸਦੀਆਂ ਤੋਂ ਰੰਗ ਰਲੀਆਂ ਮਨਾਂਦੇ ਆ ਰਹੇ ਲੋਕ, ਆਪਣੀ ਅਣਖ ਗ਼ੈਰਤ ਗਵਾ, ਨਿਹੱਥੇ ਹੋ ਜ਼ਾਲਮ ਮੁਗ਼ਲ ਹਕੂਮਤ ਦੀ ਗੁਲਾਮੀ ਕਬੂਲ ਕਰ ਚੁੱਕੇ ਸਨ। ਉਸ ਵੇਲੇ ਕੋਈ ਸ਼ਸਤਰ ਨਹੀਂ ਸੀ ਰੱਖ ਸਕਦਾ, ਸਿਰ ’ਤੇ ਪੱਗ ਨਹੀਂ ਸੀ ਬੰਨ੍ਹ ਸਕਦਾ, ਸ਼ਿਕਾਰ ਨਹੀਂ ਸੀ ਖੇਡ ਸਕਦਾ ਅਤੇ ਜਿਸ ਦੇ ਅੰਦਰ ਇਹ ਧਾਰਨਾ ਬਣ ਚੁੱਕੀ ਸੀ ਕਿ ‘ਕੰਮ ਹਮਾਰਾ ਤੋਲਣ ਤੱਕੜੀ। ਨੰਗੀ ਕਰਦ ਕਦੇ ਨਹੀਂ ਪਕੜੀ। ਚਿੱੜੀ ਉੱਡੇ ਤਉ ਹਮ ਡਰ ਜਾਏਂ। ਦੁਸ਼ਮਣ ਸੇ ਕੈਸੇ ਲੜ ਪਾਏਂ’। ਅਜਿਹੇ ਸਹਿਮੇ ਹੋਏ ਲੋਕਾਂ ਅੰਦਰ, ਸ਼ਸਤਰਧਾਰੀ ਹੋ, ਛਾਤੀਆਂ ਤਾਣ ਕੇ, ਵੈਰੀਆਂ ਦਾ ਮੁਕਾਬਲਾ ਕਰਨ ਦਾ ਅਥਾਹ ਬਲ ਭਰਨ ਲਈ, ਯੁੱਧ ਨੀਤੀਵੇਤਾ ਸ਼ਮਸ਼ੀਰ-ਧਨੀ ਗੁਰੂ ਗੋਬਿੰਦ ਸਿੰਘ ਨੇ ਸ਼ਸਤਰ ਵਿਦਿਆ, ਘੋੜ ਸਵਾਰੀ, ਸ਼ਿਕਾਰ ਖੇਡਣਾ ਅਤੇ ਦਸਤਾਰਾਂ ਉੱਪਰ ਫਰਲੇ ਸਜਾਉਣਾ ਆਦਿਕ ‘ਹੋਲੇ-ਮਹੱਲੇ’ ਦੇ ਜੰਗੀ ਕਰਤਵ, ਡੰਕੇ ਦੀ ਚੋਟ ਨਾਲ ਸ਼ੁਰੂ ਕੀਤੇ। ਚਿੱੜੀ ਉੱਡਣ ਅਤੇ ਮੱਖੀ-ਮੱਛਰ ਮਰਨ ਤੋਂ ਡਰਨ ਵਾਲੇ; ਸ਼ੇਰਾਂ ਦਾ ਸ਼ਿਕਾਰ ਕਰਨ ਲੱਗ ਪਏ। ਖ਼ਾਲਸੇ ਨੇ ਸ਼ਸਤਰਧਾਰੀ ਹੋ ਕੇ, ਜ਼ਾਲਮ ਮੁਗ਼ਲ ਹਕੂਮਤ ਦੀਆਂ ਜੜ੍ਹਾਂ, ਭਾਰਤ ਵਿੱਚੋਂ ਉਖੇੜ ਕੇ, ਖਾਲਸਾ ਰਾਜ ਕਾਇਮ ਕੀਤਾ ਅਤੇ ਫਿਰ ਕਾਫ਼ੀ ਸਮੇਂ ਬਾਅਦ ਭਾਰੀ ਕੁਰਬਾਨੀਆਂ ਦੇ ਕੇ, ਅੰਗਰੇਜ਼ਾਂ ਤੋਂ ਭਾਰਤ ਨੂੰ ਵੀ ਅਜ਼ਾਦ ਕਰਵਾਇਆ। ਹੋਲਾ-ਮਹੱਲਾ ਫ਼ਤਿਹ ਅਤੇ ਅਜ਼ਾਦੀ ਦਾ ਵੀ ਪ੍ਰਤੀਕ ਹੈ। ਕਵੀ ਨਿਹਾਲ ਸਿੰਘ ਨੇ ਵੀ ਖਾਲਸੇ ਦੀ ਚੜ੍ਹਦੀ ਕਲਾ ਦੇ ਬੋਲਿਆਂ ਦਾ ਜ਼ਿਕਰ ਕਰਦੇ ਹੋਏ, ਹੋਲੇ ਦੀ ਵਿਲੱਖਣਤਾ ਇਉਂ ਬਿਆਨ ਕੀਤੀ ‘ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ। ਛਕਾ ਪ੍ਰਸ਼ਾਦ ਸਜਾ ਦਸਤਾਰਾ, ਅਰ ਕਰਦੌਨਾ ਟੋਲਾ ਹੈ। ਸੁਭੱਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ। ਅਪਰ ਮੁਛਹਿਰਾ ਦਾੜਾ ਜੈਸੇ, ਤੈਸੇ ਬੋਲਾ ਹੋਲਾ ਹੈ।’
ਸਤਸੰਗੀਆਂ ਦੀ ਆਤਮਕ ਹੋਲੀ ਦਾ ਜ਼ਿਕਰ ਗੁਰਬਾਣੀ ਵਿਖੇ ਪਹਿਲੇ ਹੀ ਆ ਚੁੱਕਾ ਹੈ; ਜਿਵੇਂ ਕਿ ‘‘ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥ ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥’’ (ਬਸੰਤੁ ਰਾਗੁ/ਮਹਲਾ ੫/੧੧੮੦) ਭਾਵ ਜਦ ਸਤਸੰਗੀ ਸੇਵਾ-ਸਿਮਰਨ ਗਿਆਨ-ਵਿਚਾਰ ਰੂਪੀ ਹੋਲੀ ਖੇਡਦੇ ਹਨ ਤਾਂ ਉਨ੍ਹਾਂ ਦੇ ਹਿਰਦੇ ਰੂਪੀ ਕੱਪੜੇ ’ਤੇ ਪ੍ਰਭੂ ਪਿਆਰ ਦਾ ਗੂੜ੍ਹਾ ਰੰਗ ਚੜ੍ਹ ਜਾਂਦਾ ਹੈ। ਛੇਵੇਂ ਪਾਤਸ਼ਾਹ ਨੇ ਪੰਥ ਨੂੰ ਬਾਕਾਇਦਾ ਸ਼ਸਤਰਧਾਰੀ ਬਣਾਇਆ। ਹਕੂਮਤ ਨਾਲ ਚਾਰ ਜੰਗਾਂ ਲੜੀਆਂ ਅਤੇ ਫ਼ਤਿਹ ਹਾਸਲ ਕੀਤੀ। ਗੁਰਗੱਦੀ ਸੌਂਪਣ ਸਮੇਂ ਆਪ ਜੀ ਨੇ ਗੁਰੂ ਹਰਿ ਰਾਇ ਜੀ ਨੂੰ 2200 ਸ਼ਸਤਰਧਾਰੀ ਘੋੜ ਸਵਾਰ ਫ਼ੌਜ ਦੀ ਸਪੁਰਦਗੀ ਕਰਦੇ ਹੁਕਮ ਕੀਤਾ ਕਿ ਇਨ੍ਹਾਂ ਫ਼ੌਜਾਂ ਨੂੰ ਬਾਕਾਇਦਾ ਕਾਇਮ ਰੱਖਣਾ ਹੈ। ਸਪਸ਼ਟ ਹੈ ਕਿ ਜੇ ਫ਼ੌਜਾਂ ਨੂੰ ਕਾਇਮ ਰੱਖਣਾ ਹੈ ਤਾਂ ਉਨ੍ਹਾਂ ਦੇ ਅਭਿਆਸ ਵੀ ਚੱਲਦੇ ਰਹਿਣੇ ਚਾਹੀਦੇ ਹਨ। ਦਸਮੇਸ਼ ਜੀ ਨੇ ਕ੍ਰਿਪਾਨ ਨੂੰ, ਪੰਜ ਕਕਾਰੀ ਵਰਦੀ ਵਿੱਚ ਸ਼ਾਮਲ ਕੀਤਾ। ਨੋਟ-ਕ੍ਰਿਪਾਨ ਕੋਈ ਚਿੰਨ੍ਹ ਜਾਂ ਜਨੇਊ ਨਹੀਂ ਕਿ ਉਸ ਨੂੰ ਧਾਗੇ ਵਿੱਚ ਪਰੋ ਕੇ ਤਵੀਤ ਵਾਂਗ ਲਟਕਾਈ ਫਿਰੀਏ, ਇਹ ਇੱਕ ਹਥਿਆਰ ਹੈ, ਜੋ ਖ਼ੁਦ ਦੀ ਰੱਖਿਆ ਕਰਦਾ ਹੈ। ਸਿੱਖ ਦੀ ਪਹਿਚਾਣ ਸਰੂਪ, ਕਰਨੀ-ਕਥਨੀ, ਆਚਰਨ ਅਤੇ ਗੁਰੂ ਹੁਕਮਾ ਨੂੰ ਕਮਾਉਣ ਤੋਂ ਹੁੰਦੀ ਹੈ। ਹੋਲਾ-ਮਹੱਲਾ ਅਰੰਭ ਕਰਕੇ, ਗੁਰੂ ਜੀ ਨੇ ਸਿੱਖਾਂ ਨੂੰ ਇਹ ਹਿਦਾਇਤ ਵੀ ਕਰ ਦਿੱਤੀ ਕਿ ਉਹ ਸ਼ਸਤਰ ਵਿਦਿਆ ਦਾ ਅਭਿਆਸ ਸਦਾ ਜਾਰੀ ਰੱਖਣ।
ਹੋਲੀ ਮੂਲ ਰੂਪ ਵਿੱਚ ਬ੍ਰਾਹਮਣੀ ਤਿਉਹਾਰ ਹੈ; ਜਿਵੇਂ ਕਿ ਇਕ ਪੌਰਾਣਿਕ ਕਥਾ ਅਨੁਸਾਰ ਹੰਕਾਰੀ ਹਰਨਾਖਸ਼ ਨੇ ਸ਼ਿਵ ਤੋਂ ਵਰ ਪ੍ਰਾਪਤ ਕੀਤਾ ਕਿ ਮੈਂ ‘ਅੰਦਰ ਜਾਂ ਬਾਹਰ, ਦਿਨੇ ਜਾਂ ਰਾਤੀਂ, ਮਨੁੱਖ ਜਾਂ ਪਸ਼ੂ ਕਿਸੇ ਤੋਂ ਨਾ ਮਰਾਂ’। ਅਜਿਹਾ ਵਰ ਪ੍ਰਾਪਤ ਕਰਕੇ ਉਹ ਵੱਡਾ ਜ਼ਾਲਮ ਬਣ ਗਿਆ ਅਤੇ ਐਲਾਨ ਕਰ ਦਿੱਤਾ ਕਿ ਕੋਈ ਪ੍ਰਮਾਤਮਾ ਨੂੰ ਨਾ ਜਪੇ। ਸਾਰੇ ਮੇਰਾ ਹੀ ਜਾਪ ਕਰਨ। ਨੋਟ- ਕਰਤਾਰ ਆਪਣੇ ਹੁਕਮ ਅਤੇ ਕੁਦਰਤ ਵਿਰੋਧੀ ਅਣਹੋਣੇ ਵਰ ਸਰਾਪ ਨਹੀਂ ਦਿੰਦਾ ਅਤੇ ਜਨਮ ਮਰਨ ਵਿੱਚ ਨਹੀਂ ਆਉਂਦਾ; ਜਿਵੇਂ ਕਿ ਵਾਕ ਹੈ ‘‘ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥’’ (ਮਹਲਾ ੫/੧੧੩੬) ਕਰਤਾਰ ਦਾ ਭਾਣਾ ਐਸਾ ਵਾਪਰਿਆ ਕਿ ਹਰਨਾਖਸ਼ ਦੇ ਘਰ ਵਿੱਚੋਂ ਹੀ ਉਸ ਦਾ ਪੁੱਤਰ ਪ੍ਰਹਿਲਾਦ ਇਸ ਘੋਸ਼ਣਾ ਕਿ ਮੈਂ ਹੀ ਰੱਬ ਹਾਂ, ਦਾ ਵਿਰੋਧੀ ਹੋ ਗਿਆ ਅਤੇ ਖ਼ਲਕਤ ਵਿੱਚ ‘ਰਮੇ ਹੋਏ ਰਾਮ’ ਪਰਮੇਸ਼ਰ ਨੂੰ ਜਪਣ ਅਤੇ ਪ੍ਰਚਾਰਨ ਲੱਗਾ। ਇਸ ਕਰਕੇ ਹੰਕਾਰੀ ਪਿਤਾ ਹਰਨਾਖਸ਼ ਨੇ ਉਸ ਨੂੰ ਹਰ ਢੰਗ ਨਾਲ ਮਰਵਾਉਣ ਦਾ ਯਤਨ ਕੀਤਾ ਪਰ ਪ੍ਰਮਾਤਮਾ ਨੇ ਹਰ ਵਾਰੀ ਪ੍ਰਹਿਲਾਦ ਦੀ ਰੱਖਿਆ ਕੀਤੀ। ਲੋਕਾਂ ਦੇ ਮਨ ਬਦਲੇ ਤੇ ਉਹ ਹਰਨਾਖਸ਼ ਨੂੰ ਛੱਡ ਪ੍ਰਹਿਲਾਦ ਦੇ ਪੈਰੋਕਾਰ ਹੋ ਗਏ। ਪ੍ਰਚਲਿਤ ਕਹਾਣੀ ਅਨੁਸਾਰ, ਅੰਤ ਹਰਨਾਖਸ਼ ਦੀ ਭੈਣ ਹੋਲਕਾਂ ਨੇ ਭਤੀਜੇ ਪ੍ਰਹਿਲਾਦ ਨੂੰ ਅੱਗ ਵਿੱਚ ਸਾੜਨ ਦਾ ਕੋਝਾ ਯਤਨ ਕੀਤਾ ਪਰ ਕਰਤਾਰ ਦਾ ਭਾਣਾ ਕਿ ਪ੍ਰਹਿਲਾਦ ਬਚ ਗਿਆ ਅਤੇ ਹੋਲਕਾਂ ਸੜ ਕੇ ਸਵਾਹ ਹੋ ਗਈ। ਅੰਤ ਪ੍ਰਹਿਲਾਦ ਨੂੰ ਡਰਾਉਣ ਲਈ ਲੋਹੇ ਦਾ ਥੰਮ੍ਹ ਨੂੰ ਤਪਾ ਕੇ ਜੱਫਾ ਮਾਰਨ ਦਾ ਹੁਕਮ ਹੋਇਆ ਤਾਂ ਨਿਧੜਕ ਪ੍ਰਹਿਲਾਦ ਨੇ ਜੱਫਾ ਮਾਰ ਕੇ, ਉਨ੍ਹਾਂ ਦਾ ਭਰਮ ਤੋੜ ਦਿੱਤਾ। ਮਨੌਤ ਹੈ ਕਿ ਉਸ ਸਮੇਂ ਨਰਸਿੰਘ ਨੇ, ਹਰਨਾਖਸ਼ ਨੂੰ ਦਹਿਲੀਜ਼ ’ਤੇ ਤਿਖੇ ਨੌਹਾਂ ਨਾਲ ਫਾੜ ਕੇ ਦੋਫਾੜ ਕਰ ਦਿੱਤਾ। ਗੁਰਬਾਣੀ ਦੇ ਬਚਨ ਹਨ ‘‘ਹਰਨਾਖਸੁ ਛੇਦਿਓ ਨਖ ਬਿਦਾਰ ॥’’ (ਬਸੰਤੁ ਰਾਗੁ/ਭਗਤ ਕਬੀਰ/੧੧੯੪) ਸ਼ਬਦ ਗੁਰੂ ਗ੍ਰੰਥ ਸਾਹਿਬ ਵਿਖੇ ਇਹ ਘਟਨਾ; ਭਗਤ ਨਾਮਦੇਵ ਜੀ, ਭਗਤ ਕਬੀਰ ਜੀ ਅਤੇ ਤੀਜੇ ਪਾਤਸ਼ਾਹ ਜੀ ਦੀ ਬਾਣੀ ਵਿੱਚ 4 ਵਾਰੀ ਦਰਜ ਹੈ। ਲੋਕਾਈ ਨੂੰ ਇਹ ਸਮਝਾਉਣ ਵਾਸਤੇ ਇਸ ਪੌਰਾਣਿਕ ਕਥਾ ਦਾ ਹਵਾਲਾ ਦਿੱਤਾ ਕਿ ਪ੍ਰਭੂ ਆਪਣੇ ਪਿਆਰਿਆਂ ਦੀ ਸਦਾ ਲਾਜ ਰੱਖਦਾ ਆਇਆ ਹੈ ਅਤੇ ਦੋਖੀ ਆਪਣਾ ਕੀਤਾ ਪਾਉਂਦੇ ਹਨ। ਗੁਰਬਾਣੀ ਦਾ ਸੰਦੇਸ਼ ਹੈ ‘‘ਹਰਿ ਜੁਗੁ ਜੁਗੁ ਭਗਤ ਉਪਾਇਆ; ਪੈਜ ਰਖਦਾ ਆਇਆ ਰਾਮ ਰਾਜੇ ॥’’ (ਮਹਲਾ ੪/੪੫੧)
ਹੋਲੀ ਦੇ ਤਿਉਹਾਰ ਨੂੰ ਮਨਾਉਣ ਵਾਲੇ ਸੱਜਣ, ਇਸ ਘਟਨਾ ਨੂੰ ਆਧਾਰ ਬਣਾ ਕੇ ਰਾਤ ਨੂੰ ਹੋਲੀ ਸਾੜਦੇ ਹਨ। ਇਸ ਤਰ੍ਹਾਂ ਇਸ ਨੂੰ ਹੋਲਕਾਂ ਦੀ ਰਾਖ ਮੰਨ ਕੇ, ਸਵੇਰੇ ਉਸ ਰਾਖ ਨੂੰ ਉਡਾਇਆ ਜਾਂਦਾ ਹੈ। ਸ੍ਰੀ ਮਦੁ ਭਾਗਵਤ ਪੁਰਾਣ ਦੀ ਇੱਕ ਕਥਾ ਅਨੁਸਾਰ, ਜਿੱਥੇ ਗੋਪੀਆਂ ਨੇ ਕ੍ਰਿਸ਼ਨ ਜੀ ਨਾਲ ਰੰਗ ਆਦਿਕ ਉੱਡਾ ਕੇ ਖ਼ੂਬ ਹੋਲੀ ਖੇਡੀ, ਓਥੇ ਇਸ ਕਥਾ ਨੂੰ ਬੜਾ ਕਾਮੁਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਜਿਸ ਦਾ ਸਿੱਟਾ ਅੱਜ ਕੱਲ੍ਹ ਵੀ ਗੋਕਲ, ਮਥਰਾ ਅਤੇ ਬ੍ਰਿੰਦਾਬਨ ਦੀ ਹੋਲੀ ਵਿੱਚ, ਅਐਸੀਆਂ ਕਾਮ ਉਕਸਾਊ ਖੇਡਾਂ ਆਮ ਖੇਡੀਆਂ ਜਾਂਦੀਆਂ ਹਨ। ਇਸ ਤਿਉਹਾਰ ਨੂੰ ਮਨਾਉਣ ਸਮੇਂ ਲੋਕੀਂ ਇੱਕ ਦੂਜੇ ’ਤੇ ਕੇਵਲ ਰੰਗ-ਗੁਲਾਲ ਹੀ ਨਹੀਂ ਬਲਕਿ ਚਿੱਕੜ, ਗੋਹਾ, ਲੁੱਕ ਅਤੇ ਗੰਦਗੀ ਆਦਿਕ ਵੀ ਸੁੱਟਦੇ ਵੇਖੇ ਗਏ ਹਨ। ਇਸ ਦਿਨ ਸ਼ਰਾਬਾਂ ਉੱਡਦੀਆਂ, ਕਈ ਝਗੜੇ-ਫਸਾਦ, ਲੜਾਈਆਂ, ਐਕਸੀਡੈਂਟ ਅਤੇ ਕਤਲ ਤੱਕ ਹੁੰਦੇ ਹਨ। ਸ਼ਰਾਬ ਦੇ ਨਸ਼ੇ ਵਿੱਚ ਕਈ ਭੂਤਰੇ ਲੋਕ, ਇਸ ਵਿਗੜੇ ਹੋਏ ਵਾਤਾਵਰਣ ਦਾ ਆਪਣੇ ਢੰਗ ਨਾਲ ਲਾਭ ਉਠਾਉਂਦੇ ਹਨ। ਅਪਣੀਆਂ ਦੁਸ਼ਮਣੀਆਂ ਕੱਢਦੇ ਹਨ। ਜਵਾਨ ਬੱਚੀਆਂ ਅਤੇ ਇਸਤਰੀਆਂ ਨਾਲ ਸ਼ਰਮਨਾਕ ਮਜ਼ਾਕ ਕਰਨੇ ਇਸ ਤਿਉਹਾਰ ਦੀ ਹੀ ਦੇਣ ਹੈ। ਭਾਰਤ ਵਿੱਚ, ਉਪਰੋਕਤ ਕ੍ਰਿਸ਼ਨ ਜੀ ਵਾਲੀ ਘਟਨਾ ਨੂੰ ਆਧਾਰ ਬਣਾ ਕੇ, ਸਭ ਤੋਂ ਵੱਧ ਹੋਲੀ ਮਥੁਰਾ, ਗੋਕਲ ਅਤੇ ਬਿੰਦਰਾਬਨ ਵਿੱਚ ਖੇਡੀ ਜਾਂਦੀ ਹੈ। ਧਾਰਮਕ-ਤਿਉਹਾਰ ਦੇ ਬਹਾਨੇ ਅਨੇਕਾਂ ਕਾਮ-ਉਕਸਾਊ ਅਤੇ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਹਨ। ਸਿੱਖਾਂ ਵਿੱਚ ਹੋਲੀ ਦਾ ਤਿਉਹਾਰ; ਰੰਗਾਂ, ਨਸ਼ਿਆਂ ਅਤੇ ਗੰਦ-ਮੰਦ ਸੁੱਟਣ ਆਦਿ ਦੇ ਢੰਗ ਨਾਲ ਮਨਾਉਣਾ ਪੂਰੀ ਤਰ੍ਹਾਂ ਵਰਜਿਤ ਹੈ। ਅਕਾਲ-ਪੁਰਖ ਦੇ ਬਖ਼ਸ਼ੇ ਸੁੰਦਰ ਕੇਸਾਧਾਰੀ ਸਰੂਪ ਦੀ ਬੇਅਦਬੀ ਕਰਨ ਜਾਂ ਕਰਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ।
ਹੋਲੇ-ਮਹੱਲੇ ਦਾ ਮਹੱਤਵ ਓਦੋਂ ਹੋਰ ਵੀ ਵੱਧ ਜਾਂਦਾ ਹੈ ਜਦੋਂ ਅਸੀਂ ਸਿੱਖੀ ਦੇ ਮੂਲ ਸਿਧਾਂਤ ‘ਦੇਗ-ਤੇਗ਼ ਫ਼ਤਿਹ’ ਵਾਲੇ ਸ਼ਬਦਾਂ ਨੂੰ ਵਿਚਾਰੀਏ। ਗੁਰੂ ਕੀਆਂ ਸੰਗਤਾਂ ਨੂੰ ਗੁਰਦੇਵ ਨੇ, ਜਿੱਥੇ ਕੜਾਹ-ਪ੍ਰਸ਼ਾਦ ਅਤੇ ਗੁਰੂ ਕੇ ਲੰਗਰ ਆਦਿ ਨੂੰ ‘ਦੇਗ’ ਕਿਹਾ ਹੈ, ਉੱਥੇ ਨਾਲ ਹੀ ਨੇਮ ਹੈ ਕਿ ਬਿਨਾਂ ‘ਕ੍ਰਿਪਾਨ ਭੇਟ’ ਕੀਤਿਆਂ ਕੜਾਹ-ਪ੍ਰਸ਼ਾਦ ਦੀ ਦੇਗ ਵੀ ਨਹੀਂ ਵਰਤਾਉਣੀ। ਕੁਝ ਸੱਜਣ ਕੜਾਹ-ਪ੍ਰਸ਼ਾਦ ਦੀ ਦੇਗ ਦੇ ਕ੍ਰਿਪਾਨ ਭੇਟ ਕਰਨ ਨੂੰ ‘ਭੋਗ ਲਵਾਉਣਾ’ ਸਮਝਦੇ ਹਨ। ਗੁਰਮਤਿ ਵਿੱਚ ਭੋਗ ਲਾਉਣ ਜਾਂ ਲਵਾਉਣ ਦਾ ਕੋਈ ਵਿਧਾਨ ਨਹੀਂ ਹੈ, ਇਹ ਪ੍ਰਥਾ ਤਾਂ ਦੇਵੀ-ਦੇਵਤਿਆਂ ਅਥਵਾ ਮੂਰਤੀ ਪੂਜਕਾਂ ਲਈ ਬਣਾਈ ਗਈ ਹੈ, ਜਿਨ੍ਹਾਂ ਦਾ ਵਿਸ਼ਵਾਸ ਹੈ ਕਿ ਮੂਰਤੀ ਨੂੰ ਭੇਟ ਕੀਤੇ ਫਲ਼-ਫਰੂਟਾਂ ਨੂੰ ਉਹ ਗ੍ਰਹਿਣ ਕਰਦੀ ਹੈ, ਛੱਕਦੀ ਹੈ। ਗੁਰੂ ਘਰਾਂ ਵਿੱਚ ਕੀਤੀ ਜਾਂਦੀ ਅਰਦਾਸ ਵਿੱਚ ‘ਕੜਾਹ ਪ੍ਰਸ਼ਾਦ’ ਸ਼ਬਦ ਆਉਣ ਉੱਤੇ ਕੀਤੀ ਜਾਂਦੀ ਕਿਰਪਾਨ ਭੇਟ ਵੀ ਮਰਯਾਦਾ ਵਿਰੁਧ ਹੈ। ਸਤਿਗੁਰੂ ਜੀ ਕੜਾਹ ਪ੍ਰਸ਼ਾਦ ਨੂੰ ਗ੍ਰਹਿਣ ਨਹੀਂ ਕਰਦੇ, ਕਬੂਲ/ਸਵੀਕਾਰ ਕਰਦੇ ਹਨ।
ਗੁਰੂ ਘਰ ਦਾ ਮੂਲ ਸਿਧਾਂਤ ‘ਦੇਗ-ਤੇਗ਼ ਫ਼ਤਹਿ’ ਨੂੰ ਆਧਾਰ ਬਣਾ ਕੇ ਭੇਟ ਕੀਤੀ ਜਾਂਦੀ ਕ੍ਰਿਪਾਨ ਦਾ ਭਾਵ ਹੈ ਕਿ ਗੁਰਸਿੱਖਾਂ ਨੇ ਸ਼ਸਤਰਾਂ ਨੂੰ ਭੁਲਾ ਕੇ ਕੇਵਲ ਦੇਗ ਛੱਕਣ ਤੱਕ ਹੀ ਨਹੀਂ ਰਹਿ ਜਾਣਾ। ਰਹਿਤਨਾਮਾ (ਪ੍ਰਸ਼ਨ-ਉੱਤਰ ਭਾਈ ਨੰਦ ਲਾਲ ਸਿੰਘ ਜੀ) ਵਿੱਚ ਦਰਜ ਹੈ ‘ਸ਼ਸਤ੍ਰਹੀਨ ਇਹ ਕਬਹੁ ਨ ਹੋਈ॥ ਰਹਤਵੰਤ ਖਾਲਿਸ ਹੈ ਸੋਈ॥’’ ਰਹਿਤਨਾਮਾ ਭਾਈ ਦੇਸਾ ਸਿੰਘ ਜੀ ਵਿੱਚ ਦਰਜ ਹੈ ‘ਕਛੁ ਕ੍ਰਿਪਾਨ ਨ ਕਬਹੂੰ ਤਿਆਗੈ॥ ਸਨਮੁਖ ਲਰੈ ਨ ਰਣ ਤੇ ਭਾਗੈ॥’ ਦਸਮੇਸ਼ ਜੀ ਦਾ ਖ਼ਾਲਸੇ ਨੂੰ ਹੁਕਮ ਹੈ ਕਿ ਜਦ ਵੀ ਮੇਰੇ ਦਰਸ਼ਨ ਕਰਨ ਆਓਂ ਤਾਂ ਸਰੀਰ ਉੱਤੇ ਸ਼ਸਤਰ ਜ਼ਰੂਰ ਸਜੇ ਹੋਣੇ ਚਾਹੀਦੇ ਹਨ ‘ਜਬ ਹਮਰੇ ਦਰਸ਼ਨ ਕੋ ਆਵਹੁ॥ ਬਨ ਸੁਚੇਤ ਤਨ ਸ਼ਸਤ੍ਰ ਸਜਾਵਹੁ॥ ਕਮਰਕਸਾ ਕਰ ਦੇਹੁ ਦਿਖਾਈ॥ ਹਮਰੀ ਖੁਸ਼ੀ ਹੋਇ ਅਧਿਕਾਈ॥’
ਨੋਟ-ਇੱਥੇ ਗੁਰੂ ਜੀ ਨੇ ਸ਼ਸਤਰਾਂ ਨੂੰ ਪੂਜਣ ਲਈ ਨਹੀਂ ਕਿਹਾ ਸਗੋਂ ਸੁਚੇਤ ਰਹਿਣ ਅਤੇ ਲੋੜ ਅਨੁਸਾਰ ਸ਼ਸਤਰ-ਵਿਦਿਆ ਦਾ ਯੋਗ ਅਭਿਆਸ ਅਤੇ ਵਰਤੋਂ ਕਰਨ ਦੀ ਸਿੱਖਿਆ ਦਿੱਤੀ ਹੈ।
ਹੋਲੇ-ਮਹੱਲੇ ਦੇ ਤਿਉਹਾਰ ਦੀ ਇੱਕ ਆਪਣੀ ਹੀ ਵਿਸ਼ੇਸ਼ਤਾ ਹੈ; ਜਿਵੇਂ ਕਿ ਸਾਰੇ ਸਮਕਾਲੀ ਲਿਖਾਰੀ ਅਤੇ ਸਿੱਖ ਇਤਿਹਾਸਕਾਰ ਇਸ ਬਾਰੇ ਸਹਿਮਤ ਹਨ ਕਿ ਗੁਰੂ ਸਾਹਿਬਾਨ ਵੱਲੋਂ ਸਿੱਖਾਂ ਲਈ ਗੁਰੂ ਗਿਆਨ ਦੇ ਨਾਲ਼-ਨਾਲ਼ ਕੇਸਾਧਾਰੀ ਅਤੇ ਸ਼ਸਤਰਧਾਰੀ ਹੋਣ ਨੂੰ ਵੀ ਜ਼ਰੂਰੀ ਦੱਸਿਆ ਹੈ। ਇਸੇ ਤਰ੍ਹਾਂ ਸਿੱਖਾਂ ਵਿੱਚ, ਸ਼ਸਤਰ ਅਭਿਆਸ ਨੂੰ ਪੱਕਾ ਕਰਨ ਵਾਸਤੇ ਗੁਰੂ ਸਾਹਿਬਾਨ ਨੇ ‘ਹੋਲੇ ਮਹੱਲੇ’ ਦਾ ਤਿਉਹਾਰ ਨਿਸ਼ਚਿਤ ਕੀਤਾ। ਜਿਸ ਤਰ੍ਹਾਂ ਗੁਰਸਿੱਖ ਨੇ ਕੜਾਹ ਪ੍ਰਸ਼ਾਦ ਸਮੇਂ ਨਿਤਾ ਪ੍ਰਤੀ ਕ੍ਰਿਪਾਨ ਭੇਟ ਕਰਨੀ ਹੈ, ਉਸੇ ਤਰ੍ਹਾਂ ਸ਼ਸਤਰਾਂ ਨਾਲ ਵੀ ਸਾਂਝ ਨਿਤਾ ਪ੍ਰਤੀ ਪਾਉਣੀ ਹੈ। ‘ਹੋਲਾ ਮਹੱਲਾ’ ਨਿਰਾਪੁਰਾ ਇੱਕ ਤਿਉਹਾਰ ਨਹੀਂ ਹੈ ਬਲਕਿ ਸਿੱਖ ਨੂੰ ਸ਼ਸਤਰ ਅਭਿਆਸੀ ਬਣੇ ਰਹਿਣ ਦੀ ਪ੍ਰੇਰਨਾ ਵੀ ਦਿੰਦਾ ਹੈ। ਫ਼ੌਜੀ ਨੇਮ ਹੁੰਦਾ ਹੈ ਕਿ ਭਾਵੇਂ ਫ਼ੌਜਾਂ ਸਦਾ ਜੰਗਾਂ ਯੁੱਧਾਂ ’ਤੇ ਨਹੀਂ ਚੜ੍ਹੀਆਂ ਰਹਿੰਦੀਆਂ ਪਰ ਉਨ੍ਹਾਂ ਦੇ ਸ਼ਸਤਰ ਅਭਿਆਸ ਨਿੱਤ ਚੱਲਦੇ ਰਹਿੰਦੇ ਹਨ। ਨਿਰਾਪੁਰਾ ਸ਼ਸਤਰਧਾਰੀ ਹੋਣਾ ਵੀ ਕਿਸੇ ਵਕਤ ਮਨੁੱਖ ਨੂੰ ਜ਼ਾਲਮ ਬਣਾ ਸਕਦਾ ਹੈ, ਪਰ ਜਦੋਂ ਉਸ ਦੇ ਜੀਵਨ ਨੂੰ ਗੁੜ੍ਹਤੀ ਹੀ ਗੁਰਬਾਣੀ ਦੀ ਹੋਵੇ ਅਤੇ ਸ਼ਸਤਰ ਦੀ ਵਰਤੋਂ ਹੀ ਮਜ਼ਲੂਮ ਦੀ ਰਾਖੀ ਕਰਨਾ ਹੋਵੇ ਤਾਂ ਐਸੇ ਮਨੁੱਖ ਦੇ ਜ਼ਾਲਮ ਬਣਨ ਦੀ ਗੱਲ ਹੀ ਮੁੱਕ ਜਾਂਦੀ ਹੈ।
ਗੁਰੂ ਨਾਨਕ ਸਾਹਿਬ ਜੀ ਹੋਲੀ ਦੇ ਦਿਨਾਂ ਵਿੱਚ ਹੀ ਮਥੁਰਾ ਪੁੱਜੇ ਸਨ। ਭਾਰਤ ਵਿੱਚ ਮਥੁਰਾ ਹੋਲੀਆਂ ਦੇ ਤਿਉਹਾਰ ਦਾ ਕੇਂਦਰ ਮੰਨਿਆ ਜਾਂਦਾ ਹੈ। ਗੁਰੂ ਜੀ ਨੇ ਉੱਥੇ ਧਰਮ-ਤਿਉਹਾਰ ਵਿੱਚ ਪਹੁੰਚ ਕੇ ਲੋਕਾਈ ਵਿੱਚ ਖੇਡੀਆਂ ਜਾ ਰਹੀਆਂ ਅਸੱਭਿਅਕ ਖੇਡਾਂ ਤੋਂ ਰੋਕਿਆ, ਪਰ ਪਾਂਡਿਆਂ ਨੇ ਇਸ ਨੂੰ ਕਲਿਜੁਗ ਦਾ ਪ੍ਰਭਾਵ ਦੱਸਿਆ। ਗੁਰੂ ਜੀ ਨੇ ਉੱਥੇ ਇਹ ਸ਼ਬਦ ਉਚਾਰਨ ਕੀਤਾ ‘‘ਸੋਈ ਚੰਦੁ ਚੜਹਿ; ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ ॥ ਸਾ ਧਰਤੀ; ਸੋ ਪਉਣੁ ਝੁਲਾਰੇ; ਜੁਗ ਜੀਅ ਖੇਲੇ ਥਾਵ ਕੈਸੇ ॥’’ (ਮਹਲਾ ੧/੯੦੨) ਭਾਵ ਅੱਜ ਵੀ ਓਹੀ ਸੂਰਜ, ਚੰਦ ਆਦਿ ਚੜ੍ਹਦੇ ਹਨ, ਜੋ ਸਤਿਯੁਗ, ਦੁਆਪਰ, ਤ੍ਰੇਤਾ ਆਦਿ ਸਮੇਂ ਚੜ੍ਹਦੇ ਸਨ, ਫਿਰ ਲੋਕਾਂ ਉੱਤੇ ਮਾੜਾ ਪ੍ਰਭਾਵ ਪਿਆ, ਕਿਵੇਂ ਕਹਿ ਸਕਦੇ ਹਾਂ ? ਗੁਰੂ ਸਾਹਿਬ ਨੇ ਸਮਝਾਇਆ ਕਿ ਅਖੌਤੀ ਕਲਿਜੁਗ ਦਾ ਪੜ੍ਹਦਾ ਪਾ ਕੇ ਤੁਸੀਂ ਆਪਣੇ ਪਾਪਾਂ ਤੋਂ ਮੁਕਤ ਨਹੀਂ ਹੋ ਸਕਦੇ।
ਹਰੇਕ ਗੁਰਸਿੱਖ ਲਈ ਇਹ ਸ਼ਬਦ ਸਮਝਣਾ ਬੜਾ ਜ਼ਰੂਰੀ ਹੈ ਤਾਂ ਕਿ ਹੋਲੀ ਦੇ ਦਿਨ ਆਪਣੇ ਮੂੰਹ-ਸਿਰ, ਲਾਲ-ਨੀਲੇ, ਕਾਲੇ-ਪੀਲੇ ਨਾ ਕੀਤੇ ਜਾਣ ‘‘ਗੁਰੁ ਸੇਵਉ ਕਰਿ ਨਮਸਕਾਰ ॥ ਆਜੁ ਹਮਾਰੈ ਮੰਗਲਚਾਰ ॥ ਆਜੁ ਹਮਾਰੈ ਮਹਾ ਅਨੰਦ ॥ ਚਿੰਤ ਲਥੀ ਭੇਟੇ ਗੋਬਿੰਦ ॥੧॥ ਆਜੁ ਹਮਾਰੈ ਗ੍ਰਿਹਿ ਬਸੰਤ ॥ ਗੁਨ ਗਾਏ ਪ੍ਰਭ ਤੁਮ੍ ਬੇਅੰਤ ॥੧॥ ਰਹਾਉ ॥ ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥ ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥੨॥ (ਬਸੰਤੁ ਰਾਗੁ/ਮਹਲਾ ੫/੧੧੮੦) ਭਾਵ ਇਹ ਮਨੁੱਖਾ ਜੀਵਨ ਪ੍ਰਭੁ ਪਿਆਰਿਆਂ ਨਾਲ ਮਿਲ ਕੇ ਪ੍ਰਭੁ ਰੰਗ ਵਿੱਚ ਰੰਗੇ ਜਾਣ ਲਈ ਹੈ। ਹਿਰਦੇ-ਘਰ ਵਿੱਚ ਸਦਾ ਖੇੜਾ ਤੇ ਬਸੰਤ ਪੈਦਾ ਕਰਨ ਲਈ ਹੈ। ਇਸ ਲਈ ਜੇਕਰ ਫੱਗਣ ਅਤੇ ਬਸੰਤ ਦਾ ਸਹੀ ਅਨੰਦ ਮਾਣਨਾ ਹੈ ਤਾਂ ਪ੍ਰਭੂ ਪਿਆਰਿਆਂ ਦੀ ਸੰਗਤ ਕਰਨੀ ਬਣਦੀ ਹੈ; ਇਵੇਂ ਖ਼ਲਕਤ ਨਾਲ਼ ਅਤੇ ਪ੍ਰਭੂ ਨਾਲ਼ ਪਿਆਰ ਵਾਲ਼ੀ ਮਸਤੀ ਦਾ ਪੱਕਾ ਲਾਲ ਰੰਗ ਮਨ ’ਤੇ ਚੜ੍ਹਦਾ ਹੈ। ਮਨੁੱਖਾ ਜਨਮ ਵਾਸਤੇ ਇਹੀ ਉੱਤਮ ਹੋਲੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਹੋਲੀ ਦੇ ਨਾਂ ਦਾ ਵਿਰੋਧ ਨਹੀਂ ਕੀਤਾ ਸਗੋਂ ਉਸ ਦਾ ਰੰਗ-ਢੰਗ ਬਦਲ ਦਿੱਤਾ ਹੈ। ਗੁਰੂ ਆਸ਼ੇ ’ਤੇ ਚੱਲਣ ਵਾਲਿਆਂ ਨੂੰ ਰੰਗ-ਗੁਲਾਲ, ਚਿੱਕੜ ਆਦਿ ਸੁੱਟਣ ਵਾਲੀ ਹੋਲੀ ਤੋਂ ਵਰਜ ਕੇ ਬਾਣੀ ਵਿਚਾਰ ਵਾਲੇ ਪਾਸੇ ਜੀਵਨ ਨੂੰ ਮੋੜਣ ਦੀ ਪ੍ਰੇਰਨਾ ਦਿੱਤੀ ਹੈ। ਜੇਕਰ ਫਿਰ ਵੀ ਅਸੀਂ ਮੂੰਹ-ਸਿਰ ਰੰਗ ਨਾਲ਼ ਲਬੇੜੀਏ ਤਾਂ ਇਹ ਸਾਡੇ ਮਾੜੇ ਭਾਗ ਦੀ ਨਿਸ਼ਾਨੀ ਹੈ।
ਭਾਈ ਨੰਦ ਲਾਲ ਸਿੰਘ ਜੀ ਨੇ ਗੁਰੂ ਜੀ ਦੇ ਉਪਰੋਕਤ ਸ਼ਬਦ ਦੇ ਆਧਾਰ ’ਤੇ ਹੀ ਇੱਕ ਗਜ਼ਲ ਲਿਖੀ ਜਿਸ ਰਾਹੀਂ ਪ੍ਰਭੂ ਰੰਗ ਵਿੱਚ ਰੰਗੀਆਂ, ਉਸ ਸਮੇਂ ਦੀਆਂ ਸੰਗਤਾਂ ਦਾ ਦ੍ਰਿਸ਼ ਪੇਸ਼ ਕੀਤਾ ਹੈ ‘ਗੁਲਿ ਹੋਲੀ ਬਬਾਗ਼ਿ ਦਹਰ ਬੂ ਕਰਦ॥ ..ਜ਼ਹੇ ਪਚਕਾਰੀਏ ! ਪੁਰ ਜ਼ਾਫ਼ਰਾਨੀ॥ ਕਿ: ਹਰ ਬੇਰੰਗ ਰਾ, ਖ਼ੁਸ਼–ਰੰਗੋ ਬੂ ਕਰਦ॥’ ਭਾਵ ਦਸਮੇਸ਼ ਜੀ ਦੇ ਦਰਬਾਰ ਵਿੱਚ, ਬੇਰੰਗ ਹੋਏ ਲੋਕਾਂ ਯਾਨੀ ਪ੍ਰਭੂ ਤੋਂ ਵਿਛੁੜੀ ਹੋਈ ਲੋਕਾਈ ਨੂੰ ਪ੍ਰਭੂ ਪਿਆਰ ਦੇ ਕੇਸਰ ਦੀਆਂ ਭਰੀਆਂ ਪਿਚਕਾਰੀਆਂ ਨਾਲ, ਨਾਮ ਰੰਗ ਦੀ ਸੋਹਣੀ ਮਸਤੀ ਤੇ ਖੁਸ਼ੀਆਂ ਦੇ ਰੰਗ ਚੜ੍ਹਾਏ ਹਨ।
ਸੋ ਇਸ ਤਿਉਹਾਰ ਵਾਲ਼ੇ ਦਿਨ ਸਿੱਖਾਂ ਨੂੰ ਗੁਰਮਤਿ ਅਨੁਸਾਰੀ ਨਿਵੇਕਲਾ ਸੁਨੇਹਾ ਦੇ ਕੇ, ਸਰੀਰਕ ਪੱਖੋਂ ਤੰਦਰੁਸਤ ਰਹਿਣ ਲਈ ਕਸਰਤਾਂ ਕਰਵਾ ਕੇ ਸਮਾਜ ਵਿੱਚ ਕਾਲਪਨਿਕ ਖੇਡੀ ਜਾਂਦੀ ਹੋਲੀ ਨੂੰ ਨਿਰਮੂਲ ਸਿੱਧ ਕਰਨਾ ਹੈ ਤਾਂ ਜੋ ਸਾਡੇ ਬੱਚੇ ਆਪਣੇ ਵਿਲੱਖਣ ਧਾਰਮਿਕ ਅਸੂਲਾਂ ਨਾਲ਼ ਜੁੜਨ, ਨਾ ਕਿ ਆਪ ਹੀ ਇਸ ਦਿਨ ਮਨਮਤੀ ਕੰਮ ਕਰਦਿਆਂ, ਭੰਗ ਪੀਦਿਆਂ, ਇੱਕ ਦੂਜੇ ਉੱਤੇ ਰੰਗ ਸੁੱਟਦਿਆਂ ਆਪਣਾ ਜਲੂਸ ਕਢਾਉਂਦੇ ਰਹਿਣਾ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਇਤਿਹਾਸ ਵਿੱਚੋਂ ਇੱਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਸਤਿਗੁਰਾਂ ਨੇ ਆਪ ਜਾਂ ਉਨ੍ਹਾਂ ਦੇ ਸਿੱਖਾਂ ਨੇ ਕਦੇ ਰਵਾਇਤੀ ਹੋਲੀ ਖੇਡੀ ਹੋਵੇ।
ਸੋ ਦਰੁ (ਰਾਗੁ ਆਸਾ, ਮਹਲਾ ੧)
ਸੋ ਦਰੁ (ਰਾਗੁ ਆਸਾ, ਮਹਲਾ ੧)
ੴ ਸਤਿ ਗੁਰ ਪ੍ਰਸਾਦਿ ॥
ਇਹ ਇੱਕ ਅਜਿਹਾ ਸ਼ਬਦ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ 3 ਵਾਰ ਅੰਕਿਤ ਹੈ। ਇੱਕ ਵਾਰ ਜਪੁ ਸਾਹਿਬ ਦੀ 27ਵੀਂ ਪਉੜੀ ਵਿੱਚ, ਦੂਜੀ ਵਾਰੀ ‘ਸੋ ਦਰੁ’ ਦੇ ਸਿਰਲੇਖ ਹੇਠ ਅਤੇ ਤੀਜੀ ਵਾਰ ਰਾਗ ਆਸਾ ਵਿੱਚ ਪੰਨਾ ਨੰਬਰ 348 ’ਤੇ ਅੰਕਿਤ ਹੈ।
ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਰੱਬੀ ਦਰਬਾਰ ਦਾ ਅਲੌਕਿਕ ਚਿਤਰਣ ਕੀਤਾ ਹੈ। ਉਸ ਦਰਬਾਰ ’ਚ ਸਜੇ ਅਨੇਕ ਦਰਬਾਰੀਆਂ ਵਿੱਚ ਪ੍ਰਕਿਰਤੀ, ਮਾਨਵ ਸ਼ਕਤੀਆਂ, ਖੰਡ ਅਤੇ ਬ੍ਰਹਿਮੰਡ, ਅਨੇਕ ਰਤਨ, ਤੀਰਥ, ਪਵਨ, ਪਾਣੀ, ਬੈਸੰਤਰ ਸੁਭਾਇਮਾਨ ਹਨ। ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਸੋਹਿਲੇ ਗਾ ਰਹੀ ਹੈ। ਅਨੇਕਾਂ ਮਿੱਠੀਆਂ, ਸੁਰੀਲੀਆਂ ਧੁਨੀਆਂ ਦਾ ਅਨੰਦਮਈ ਸੰਗੀਤ ਰੱਬੀ ਦਰਬਾਰ ਦੀ ਸੁੰਦਰਤਾ ਵਧਾ ਰਿਹਾ ਹੈ। ਇਸ ਵਿੱਚ ਪਰਮਾਤਮਾ ਦੇ ਦਰਬਾਰ ਦਾ ਵੈਸੇ ਹੀ ਚਿਤਰਣ ਹੈ, ਜਿਵੇਂ ‘‘ਗਗਨ ਮੈ ਥਾਲੁ’’ ਵਾਲੇ ਸ਼ਬਦ ’ਚ ਬ੍ਰਹਿਮੰਡ ਦੀ ਆਰਤੀ ਦਾ ਜ਼ਿਕਰ ਹੈ। ਉਸ ਸੱਚੇ ਦਰਬਾਰ ਵਿੱਚ ਜੋ ਜੋ ਗਾ ਰਹੇ ਹਨ, ਉਹਨਾਂ ਨੂੰ ਤਿੰਨ ਭਾਗਾਂ ’ਚ ਵੰਡਿਆ ਹੈ। ਪਹਿਲਾ ਅਦ੍ਰਿਸ਼ ਮੰਡਲਾਂ ਦੇ ਦੇਵਤੇ, ਜਿਨ੍ਹਾਂ ’ਚ ਪੌਣ ਦੇਵਤਾ, ਪਾਣੀ ਦੇਵਤਾ, ਅਗਨੀ ਦੇਵਤਾ, ਧਰਮਰਾਜ, ਚਿਤਰ ਗੁਪਤ, ਸ਼ਿਵ, ਬ੍ਰਹਮਾ, ਇੰਦਰ ਵਰਗੇ ਹੋਰ ਵੀ ਸ਼ਾਮਲ ਹਨ। ਦੂਜੇ ਉਹ ਲੋਕ ਹਨ, ਜੋ ਇਸ ਧਰਤੀ ਦੇ ਪਰਮਾਰਥ ਰਾਹ ਉੱਤੇ ਚੱਲਣ ਵਾਲ਼ੇ ਲੋਕ; ਜਿਵੇਂ ਕਿ ਜੋਗੀ, ਸਿੱਧ, ਸਾਧੂ, ਰਿਸ਼ੀ-ਮੁਨੀ ਆਦਿ। ਤੀਜੇ ਤਾਰਾ-ਮੰਡਲ ਨਾਲ਼ ਸੰਬੰਧਿਤ ਬ੍ਰਹਿਮੰਡ, ਖੰਡ ਅਤੇ ਮੰਡਲਾਂ ਦੇ ਲੋਕ ਹਨ। ਇਹ ਸਾਰੇ ਪਰਮਾਤਮਾ ਦੀ ਵਡਿਆਈ ਕਰ ਰਹੇ ਹਨ, ਗਾ ਰਹੇ ਹਨ।
ਉਕਤ ਸ਼ਬਦ ’ਚ ਕੁੱਲ 22 ਸਤਰਾਂ ਹਨ। ਜਿਨ੍ਹਾਂ ਦੇ ਵਿਸਰਾਮ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਦੂਜੀ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜਪੁ ਬਾਣੀ ਵਾਲ਼ੇ ਸ਼ਬਦ ਅਤੇ ‘ਸੋ ਦਰੁ’ ਵਾਲ਼ੇ ਸ਼ਬਦ ਵਿੱਚ ਕੁੱਲ 47 ਸ਼ਬਦਾਂ ਦਾ ਅੰਤਰ ਹੈ। ਇੱਕ ਸ਼ਬਦ ਵਿੱਚ ਦੂਜੇ ਨਾਲ਼ੋਂ ਕੁੱਝ ਵਾਧੂ ਸ਼ਬਦ; ਜਿਵੇਂ ਕਿ ‘ਤੁਧਨੋ, ਤੇਰੇ’ ਆਦਿ ਵੀ ਇਨ੍ਹਾਂ ਵਿੱਚ ਹੀ ਸ਼ਾਮਲ ਹਨ। ਵੈਸੇ ਦੋਵੇਂ ਸ਼ਬਦਾਂ ਦੇ ਅਰਥਾਂ ’ਚ ਕੋਈ ਅੰਤਰ ਨਹੀਂ; ਜਿਵੇਂ ਕਿ ਜਪੁ ਸਾਹਿਬ ਦੀ ਬਾਣੀ ਵਿੱਚ ‘ਗਾਵਹਿ’ 11 ਵਾਰ ਆਇਆ ਹੈ ਅਤੇ ‘ਗਾਵਨਿ’ 5 ਵਾਰ, ਪਰ ‘ਸੋ ਦਰੁ’ ਦੀ ਬਾਣੀ ’ਚ ਗਾਵਨਿ 16 ਵਾਰ ਹੈ, ਪਰ ‘ਗਾਵਹਿ’ ਇੱਕ ਵਾਰ ਵੀ ਨਹੀਂ। ‘ਸੋ ਦਰੁ’ ਸ਼ਬਦ ਵਿੱਚ ‘ਤੁਧਨੋ’ 15 ਵਾਰ ਹੈ, ਪਰ ‘ਜਪੁ’ ਸਾਹਿਬ ਵਿੱਚ ‘ਤੁਧੁ’ 2 ਵਾਰ ਹੈ; ਜਿਵੇਂ ਕਿ ‘‘ਸੇਈ ਤੁਧੁਨੋ ਗਾਵਹਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥’’
‘ਜਪੁ’ ਬਾਣੀ ਅੰਦਰ ‘ਤੇਰੇ’ ਸ਼ਬਦ 2 ਵਾਰ ਹੀ ਹੈ; ਜਿਵੇਂ ਕਿ ‘‘ਗਾਵਨਿ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥… ਸੇਈ ਤੁਧੁਨੋ ਗਾਵਹਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥’’, ਪਰ ‘ਸੋ ਦਰੁ’ ਅੰਦਰ ‘ਤੇਰੇ’ 8 ਵਾਰ ਹੈ; ਜਿਵੇਂ ਕਿ ‘‘ਵਾਜੇ ਤੇਰੇ ਨਾਦ ਅਨੇਕ ਅਸੰਖਾ; ਕੇਤੇ ਤੇਰੇ ਵਾਵਣਹਾਰੇ ॥ ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ; ਕੇਤੇ ਤੇਰੇ ਗਾਵਣਹਾਰੇ ॥… ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ; ਸੋਹਨਿ ਤੇਰੇ ਸਦਾ ਸਵਾਰੇ ॥ … ਗਾਵਨਿ ਤੁਧਨੋ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥… ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ ॥ ਸੇਈ ਤੁਧਨੋ ਗਾਵਨਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥’’
‘ਜਪੁ’ ਬਾਣੀ ਅੰਦਰ ‘ਕਹੀਅਨਿ, ਪਉਣੁ, ਜਾਣਹਿ, ਵੀਚਾਰੇ, ਇੰਦ ਇਦਾਸਣਿ, ਰਖੀਸਰ, ਸੁਰਗਾ ਮਛ, ਵਰਭੰਡਾ, ਵੀਚਾਰੇ, ਵੇਖੈ, ਜਿਵ ਅਤੇ ਪਾਤਿਸਾਹਿਬੁ’ ਸ਼ਬਦ ਹਨ, ਪਰ ‘ਸੋ ਦਰੁ’ ਅੰਦਰ ਇਨ੍ਹਾਂ ਨੂੰ ਹੀ ਇਉਂ ਦਰਜ ਕੀਤਾ ਹੈ ‘ਕਹੀਅਹਿ, ਪਵਣੁ, ਜਾਣਨਿ, ਬੀਚਾਰੇ, ਇੰਦ੍ਰ ਇੰਦ੍ਰਾਸਣਿ, ਰਖੀਸੁਰ, ਸੁਰਗੁ ਮਛੁ, ਬ੍ਰਹਮੰਡਾ, ਬੀਚਾਰੇ, ਦੇਖੈ, ਜਿਉ, ਫਿਰਿ ਅਤੇ ਪਤਿਸਾਹਿਬੁ’।
‘ਸੋ ਦਰੁ’ ਵਾਲ਼ਾ ਪੂਰਾ ਸ਼ਬਦ ਇਉਂ ਕਰਮਵਾਰ ਹੈ ‘‘ਸੋ ਦਰੁ ਤੇਰਾ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ ਸਰਬ ਸਮਾਲੇ ॥’’ ਇੱਥੇ ਸਮਾਲੇ ਦਾ ਉਚਾਰਨ ‘ਸਮ੍ਹਾਲੇਂ’ ਹੈ ਯਾਨੀ ਕਿ ‘ਮ’ ਦੇ ਹੇਠਾਂ ਅੱਧਾ ‘ਹ’ ਅਤੇ ਅੰਤ ਲਾਂ ਨਾਲ਼ ਬਿੰਦੀ ਹੈ, ਜਿਸ ਦਾ ਅਰਥ ਹੈ ‘ਤੂੰ ਸੰਭਾਲ਼ ਕਰ ਰਿਹਾ ਹੈਂ’। ਅੱਗੇ ਹੈ ‘‘ਵਾਜੇ ਤੇਰੇ ਨਾਦ ਅਨੇਕ ਅਸੰਖਾ; ਕੇਤੇ ਤੇਰੇ ਵਾਵਣਹਾਰੇ ॥’’ ਅਸੰਖਾ ਦਾ ਉਚਾਰਨ ਬਿੰਦੀ ਸਹਿਤ ‘ਅਸੰਖਾਂ’ ਹੈ ਕਿਉਂਕਿ ਇਹ ਬਹੁ ਵਚਨ ਸ਼ਬਦ ਹੈ। ਅੱਗੇ ਹੈ ‘‘ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ; ਕੇਤੇ ਤੇਰੇ ਗਾਵਣਹਾਰੇ ॥’’ ਇੱਥੇ ‘ਕਹੀਅਹਿਂ’ ਬਿੰਦੀ ਸਮੇਤ ਹੈ ਕਿਉਂਕਿ ਇਹ ਬਹੁ ਵਚਨ ਕਿਰਿਆ ਹੈ ਭਾਵ ‘ਕਈ ਤੇਰੇ ਰਾਗ ਰਾਗਣੀਆਂ ਸਮੇਤ ਕਹੇ ਜਾਂਦੇ ਹਨ’। ਜਪੁ ਬਾਣੀ ਅੰਦਰ ਇੱਥੇ ‘ਕਹੀਅਨਿ’ ਹੈ। ਅਰਥ ਦੋਵਾਂ ਦਾ ਇੱਕੋ ਹੈ ਕਿਉਂਕਿ ਦੋਵੇਂ ਬਹੁ ਵਚਨ ਕਿਰਿਆਵਾਂ ਹਨ। ਅੱਗੇ ਹੈ ‘‘ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ ਦੁਆਰੇ ॥’’ ਇੱਥੇ ‘ਗਾਵੈ’ ਇੱਕ ਵਚਨ ਕਿਰਿਆ ਹੈ ਅਤੇ ਉਚਾਰਨ ਬਿੰਦੀ ਤੋਂ ਬਿਨਾਂ ਹੈ ਕਿਉਂਕਿ ਧਰਮਰਾਜ ਇੱਕੋ ਹੀ ਹੈ, (ਜੋ ਰੱਬ ਨੂੰ) ‘ਗਾਉਂਦਾ ਹੈ’ ਜਦਕਿ ‘ਗਾਵਹਿ’ ਬਹੁ ਵਚਨ ਕਿਰਿਆ ਹੈ ਕਿਉਂਕਿ ‘ਪਵਣੁ ਪਾਣੀ ਬੈਸੰਤਰੁ’ ਬਹੁਤੇ ਹਨ, ਜੋ ‘ਗਾਉਂਦੇ ਹਨ, ਇਸ ਲਈ ‘ਗਾਵਹਿ’ ਦਾ ਉਚਾਰਨ ਵੀ ਬਿੰਦੀ ਸਹਿਤ ‘ਗਾਵਹਿਂ’ ਹੈ।
ਸ਼ਬਦ ਦਾ ਪ੍ਰਸੰਗ ਅੱਗੇ ਇਉਂ ਚੱਲਦਾ ਹੈ ‘‘ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ; ਲਿਖਿ ਲਿਖਿ ਧਰਮੁ ਬੀਚਾਰੇ ॥ ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ; ਸੋਹਨਿ ਤੇਰੇ ਸਦਾ ਸਵਾਰੇ ॥ ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥ ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ; ਗਾਵਨਿ ਤੁਧਨੋ ਸਾਧ ਬੀਚਾਰੇ ॥ ਗਾਵਨਿ ਤੁਧਨੋ ਜਤੀ ਸਤੀ ਸੰਤੋਖੀ; ਗਾਵਨਿ ਤੁਧਨੋ ਵੀਰ ਕਰਾਰੇ ॥ ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ; ਜੁਗੁ ਜੁਗੁ ਵੇਦਾ ਨਾਲੇ ॥’’ ਇੱਥੇ ਸ਼ਬਦ ‘ਰਖੀਸੁਰ’ ਹੈ ਅਤੇ ਜਪੁ ਬਾਣੀ ਅੰਦਰ ‘ਰਖੀਸਰ’ ਹੈ। ਅਰਥ ਦੋਵੇਂ ਸ਼ਬਦਾਂ ਦਾ ਇੱਕ ਸਮਾਨ ਹੈ ‘ਵੱਡੇ ਵੱਡੇ ਰਿਸ਼ੀ ਮੁਨੀ’। ਇਸ ਸ਼ਬਦ ਵਿੱਚ ਦਰਜ ‘ਚਿਤੁ ਗੁਪਤੁ (ਚਿੱਤਰ ਗੁਪਤ), ਈਸਰੁ, ਬ੍ਰਹਮਾ, ਦੇਵੀ, ਇੰਦ੍ਰ, ਸਿਧ, ਸਾਧ, ਜਤੀ (ਉੱਚੇ ਆਚਰਨ ਵਾਲ਼ੇ), ਸਤੀ (ਦਾਨੀ), ਸੰਤੋਖੀ, ਵੀਰ ਕਰਾਰੇ (ਤਕੜੇ ਸੂਰਮੇ), ਪੰਡਿਤ, ਰਖੀਸੁਰ ਆਦਿ ਸਾਰੇ ‘ਸੋ ਦਰੁ’ ਦੇ ਮਾਲਕ ਨੂੰ ਗਾਉਂਦੇ ਹਨ। ਉਸ ਦੇ ਹੁਕਮ ਵਿੱਚ ਚੱਲਦੇ ਹਨ, ਉਸ ਅਧੀਨ ਹਨ ਤਾਂ ਤੇ ਮਨੁੱਖ ਜਾਤੀ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਰੱਬ ਸਮਝ ਕੇ ਪੂਜਣ ਦੀ ਥਾਂ ਸਿੱਧਾ ‘ਸੋ ਦਰੁ’ ਦੇ ਮਾਲਕ ਦਾ ਸਿਮਰਨ ਕੀਤਾ ਜਾਵੇ। ਉਸ ਨਾਲ਼ ਇੱਕ-ਮਿੱਕਤਾ ਕੀਤੀ ਜਾਵੇ, ਜਿਸ ਨੂੰ ਇਹ ਖ਼ੁਦ ਗਾਉਂਦੇ ਹਨ।
ਅੱਗੇ ਪਾਠ ਹੈ ‘‘ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ; ਸੁਰਗੁ ਮਛੁ ਪਇਆਲੇ ॥ ਗਾਵਨਿ ਤੁਧਨੋ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥ ਗਾਵਨਿ ਤੁਧਨੋ ਜੋਧ ਮਹਾਬਲ ਸੂਰਾ; ਗਾਵਨਿ ਤੁਧਨੋ ਖਾਣੀ ਚਾਰੇ ॥ ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ ॥’’ ਗੁਰੂ ਪਾਤਿਸ਼ਾਹ ਨੇ ਬਚਨ ਕੀਤੇ ਹਨ ਕਿ ਮਨ ਨੂੰ ਮੋਹ ਲੈਣ ਵਾਲ਼ੀਆਂ ਇਸਤ੍ਰੀਆਂ, ਜੋ ਸੁਰਗ/ਅਕਾਸ਼ ਲੋਕ ਰਹਿੰਦੀਆਂ ਮੰਨੀਆਂ ਗਈਆਂ, ਮਾਤ ਲੋਕ ਯਾਨੀ ਜੋ ਧਰਤੀ ਉੱਤੇ ਹਨ ਅਤੇ ਜੋ ਪਾਤਾਲ ਲੋਕ ਵਿੱਚ ਰਹਿੰਦੀਆਂ ਹਨ, ‘ਸੋ ਦਰੁ’ ਦੇ ਮਾਲਕ ਨੂੰ ਗਾ ਰਹੀਆਂ ਹਨ। ਉਸ ਨੂੰ ਸਵੀਕਾਰ ਕਰਦੀਆਂ ਹਨ। ਦੇਵਤੇ ਅਤੇ ਦੈਂਤਾਂ ਦੁਆਰਾ ਸਮੁੰਦਰ ਰਿੜਕ ਕੇ ਕੱਢੇ 14 ਕੀਮਤੀ ਰਤਨਾਂ ਤੋਂ ਵੀ ਬਹੁਤਾ ਪ੍ਰਭਾਵਤ ਹੋਣ ਦੀ ਲੋੜ ਨਹੀਂ, ਉਹ ਵੀ 68 ਤੀਰਥਾਂ ਸਮੇਤ ‘ਸੋ ਦਰੁ’ ਦੇ ਮਾਲਕ ਨੂੰ ਗਾ ਰਹੇ ਹਨ ਯਾਨੀ ਜਗਤ ਨੂੰ ਰਚਨ ਵਾਲ਼ੇ ਪ੍ਰਮਾਤਮਾ ਦੁਆਰਾ ਇਹ ਸਤਿਕਾਰਯੋਗ 14 ਰਤਨ ਅਤੇ 68 ਤੀਰਥ ਬਣਾਏ ਗਏ ਹਨ। ਜੋ ਐਸੇ ਕੀਮਤੀ ਰਤਨ ਬਣਾ ਸਕਦਾ ਹੈ ਉਹ ਮਨੁੱਖ ਦੀ ਮਤਿ ਵਿੱਚ ਵੀ ਇਹ 14 ਕੀਮਤੀ ਰਤਨ ਭਰ ਦਿੰਦਾ ਹੈ ਜਦ ਸਤਿਗੁਰੂ ਦੀ ਸਿੱਖਿਆ ਸੁਣੀ ਜਾਵੇ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਮਤਿ ਵਿਚਿ ਰਤਨ ਜਵਾਹਰ ਮਾਣਿਕ; ਜੇ ਇਕ ਗੁਰ ਕੀ ਸਿਖ ਸੁਣੀ ॥’’ (ਜਪੁ) ਯਾਨੀ ‘ਸੋ ਦਰੁ’ ਦਾ ਮਾਲਕ, ਜੋ ਸਾਰਿਆਂ ਨੂੰ ਦਾਤਾਂ ਦਿੰਦਾ ਹੈ। ਉਸ ਨੂੰ ਗਾਉਣ ਵਾਲ਼ਿਆਂ ਦਾ ਹੀ ਇਸ ਪੂਰੇ ਸ਼ਬਦ ਵਿੱਚ ਜ਼ਿਕਰ ਕੀਤਾ ਹੈ।
ਵਿਖਾਈ ਦਿੰਦੇ ਸਾਰੇ ਖੰਡ, ਮੰਡਲ, ਬ੍ਰਹਿਮੰਡ ਵੀ ਉਸ ਨੂੰ ਗਾਉਂਦੇ ਹਨ। ਉਸ ਦੇ ਹੁਕਮ ’ਚ ਬੱਝੇ ਚੱਲਦੇ ਹਨ। ਬਾਬਾ ਕਬੀਰ ਜੀ ਦਾ ਇੱਕ ਬਚਨ ਹੈ ਕਿ ਉੱਪਰ ਆਕਾਸ਼ ਵਿੱਚ ਚਿੱਤਰੇ ਸਾਰੇ ਤਾਰੇ ਕਿਸ ਨੇ ਬਣਾਏ ਹਨ ? ਕਿਵੇਂ ਸਦੀਆਂ ਤੋਂ ਘੁੰਮਦੇ ਫਿਰਦੇ ਹਨ, ਜੋ ਆਪਸ ਵਿੱਚ ਟਕਰਾਉਂਦੇ ਨਹੀਂ ਯਾਨੀ ਇਸ ਦੇ ਪਿੱਛੇ ਕੋਈ ਅਦ੍ਰਿਸ਼-ਸ਼ਕਤੀ ਹੈ, ਜਿਸ ਨੂੰ ਸਾਰਿਆਂ ਨੇ ਚੇਤੇ ਕਰਨਾ ਹੈ, ਜਿਸ ਦੇ ਹੁਕਮ ਵਿੱਚ ਇਹ ਸਾਰਾ ਬ੍ਰਹਿਮੰਡ ਹੈ ‘‘ਓਇ ਜੁ ਦੀਸਹਿ ਅੰਬਰਿ (ਅਕਾਸ਼ ’ਚ) ਤਾਰੇ ॥ ਕਿਨਿ ਓਇ ਚੀਤੇ, ਚੀਤਨਹਾਰੇ ?॥ ੧॥ ਕਹੁ ਰੇ ਪੰਡਿਤ ! ਅੰਬਰੁ ਕਾ ਸਿਉ ਲਾਗਾ ॥ ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥’’ (ਭਗਤ ਕਬੀਰ ਜੀ/੩੨੯) ਇਹ ਰਾਜ਼ ਕੋਈ ਵਿਰਲਾ ਹੀ ਗੁਰੂ ਦੀ ਕਿਰਪਾ ਨਾਲ਼ ਸਮਝਦਾ ਹੈ । ਇੱਥੇ ਪੰਡਿਤ ਦੀ ਵਿਚਾਰਧਾਰਾ ਨੂੰ ਅਰਥਹੀਣ ਦੱਸਿਆ ਹੈ ਕਿਉਂਕਿ ਉਹ, ਇਨ੍ਹਾਂ ਤਾਰਿਆਂ ਦੀ ਪੂਜਾ ਕਰਾਉਂਦਾ ਹੈ, ਇਸ ਦੇ ਪਿੱਛੇ ਕਾਰਜਸ਼ੀਲ ਅਦ੍ਰਿਸ਼ ਸ਼ਕਤੀ ਦੀ ਨਹੀਂ।
ਉਕਤ ਸਾਰੀ ਖੰਡ, ਮੰਡਲ ਆਦਿਕ ਕੁਦਰਤਿ ਨੂੰ ਬਿਆਨ ਕਰਨ ਉਪਰੰਤ ਅੰਤ ’ਚ ਬਚਨ ਕੀਤੇ ਹਨ ਕਿ ‘‘ਸੇਈ ਤੁਧਨੋ ਗਾਵਨਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥’’ ਭਾਵ ਉਨ੍ਹਾਂ ਦਾ ਗਾਉਣਾ ਹੀ ਤੇਰੇ ‘ਸੋ ਦਰੁ’ ਉੱਤੇ ਪ੍ਰਵਾਣ ਹੁੰਦਾ ਹੈ ਜਾਂ ਉਨ੍ਹਾਂ ਦਾ ਗਾਉਣਾ ਹੀ ਸਫਲ ਹੈ, ਜਿਹੜੇ ਤੈਨੂੰ ਪਸੰਦ ਆ ਜਾਂਦੇ ਹਨ, ਭਾਅ ਜਾਂਦੇ ਹਨ। ‘ਰਤੇ’ ਦਾ ਅਰਥ ਹੈ ‘ਬਾਣੀ ’ਚ ਰੰਗੇ ਹੋਏ’। ਜਿਹੜੇ ਬਾਣੀ ਵਿੱਚ ਤਨੋਂ ਮਨੋਂ ਰੰਗੇ ਹੋਏ ਹੁੰਦੇ ਹਨ। ਉਹੀ ‘ਸੋ ਦਰੁ’ ਦੇ ਮਾਲਕ ਨੂੰ ਪਸੰਦ ਹੁੰਦੇ ਹਨ ਬਾਕੀ ਭਾਵੇਂ ਸਾਰਾ ਬ੍ਰਹਿਮੰਡ ਗਾਈ ਜਾਵੇ ਉਸ ਨੂੰ ਪਸੰਦ ਨਹੀਂ।
ਅੱਗੇ ਬਚਨ ਹਨ ਕਿ ‘‘ਹੋਰਿ ਕੇਤੇ ਤੁਧਨੋ ਗਾਵਨਿ’’ ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ਕਿ ਉੱਪਰ ਜਿਹੜੇ ਬਿਆਨ ਕੀਤੇ ਗਏ ਹਨ ਉਨ੍ਹਾਂ ਤੋਂ ਇਲਾਵਾ ਹੋਰ ਕਿੰਨੇ ਤੈਨੂੰ ਗਾਉਂਦੇ ਹਨ ‘‘ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਬੀਚਾਰੇ ॥’’ ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਆਪਣੇ ਉੱਤੇ ਢੁਕਾ ਕੇ ਕਹਿ ਰਹੇ ਹਨ ਕਿ ਨਾਨਕ ਦੀ ਕੀ ਪਾਇਆਂ ਹੈ ਕਿ ਤੈਨੂੰ ਗਾਉਣ ਵਾਲ਼ਿਆਂ ਦਾ ਪੂਰਾ ਅੰਦਾਜ਼ਾ ਲਗਾ ਸਕੇ। ਇੱਥੇ ‘ਨਾਨਕੁ’ ਦੇ ‘ਕ’ ਨੂੰ ਔਂਕੜ ਹੈ। ‘ਨਾਨਕ’ ਜਾਂ ‘ਨਾਨਕੁ’; ਹਰ ਸ਼ਬਦ ਦੇ ਅਖੀਰ ਵਿੱਚ ਲੇਖਕ ਵਜੋਂ ਦਰਜ ਕੀਤਾ ਹੁੰਦਾ ਹੈ। ‘ਜਪੁ’ ਬਾਣੀ ਅੰਦਰ ‘ਨਾਨਕ’ ਅੰਤ ਮੁਕਤਾ 28 ਵਾਰ ਹੈ ਅਤੇ ‘ਨਾਨਕੁ’ ਅੰਤ ਔਂਕੜ 2 ਵਾਰ ਹੈ। ‘ਨਾਨਕ’ ਦੇ ਅਰਥ ਹੁੰਦੇ ਹਨ ‘ਹੇ ਨਾਨਕ !’, ਪਰ ਇੱਥੇ ਇਸ ਤਰ੍ਹਾਂ ਅਰਥ ਨਹੀਂ ਲੈ ਸਕਦੇ ਕਿਉਂਕਿ ‘ਨਾਨਕੁ’ ਆਪਣੇ ਦੁਆਰਾ ਬਿਆਨ ਕੀਤੇ ਪੂਰੇ ਬ੍ਰਹਿਮੰਡ ਤੋਂ ਬਾਅਦ ਯਾਨੀ ਸ਼ਬਦ ਦੇ ਅੰਤ ਵਿੱਚ ਖ਼ੁਦ ਨਿਮਰਤਾ ਸਹਿਤ ਕਹਿੰਦੇ ਹਨ ਤਾਂ ਜੋ ਮਤਾਂ ਕਿਤੇ ‘ਨਾਨਕੁ’ ਦੇ ਮਨ ’ਚ ਪੂਰੀ ਕੁਦਰਤਿ ਨੂੰ ਬਿਆਨ ਕਰਨ ਦਾ ਅਹੰਕਾਰ ਆਉਂਦਾ, ਪ੍ਰਤੀਤ ਹੋਵੇ। ‘ਨਾਨਕੁ’ ਸ਼ਬਦ ਨਾਂਵ, ਪੁਲਿੰਗ, ਇੱਕ ਵਚਨ ਹੋਣ ਕਰਕੇ ਔਂਕੜ ਲੱਗੀ ਹੋਈ ਹੈ।
ਜਪੁ ਸਾਹਿਬ ਦੀ 27ਵੀਂ ਪਉੜੀ ਵਿੱਚ ਇੱਥੇ ‘ਨਾਨਕੁ’ (ਔਂਕੜ ਸਮੇਤ) ਹੀ ਹੈ। ਐਸੇ ਹੀ ਇੱਕ ਵਾਰ ‘ਜਪੁ’ ਬਾਣੀ ਦੀ ਪਿਛਲੀ 18ਵੀਂ ਪਉੜੀ ’ਚ ਆ ਚੁੱਕਾ ਹੈ ‘‘ਨਾਨਕੁ ਨੀਚੁ ਕਹੈ ਵੀਚਾਰੁ ..॥੧੮॥’’ ਗੁਰਬਾਣੀ ਅੰਦਰ ਜਦੋਂ ਵੀ ‘ਨਾਨਕੁ’ (ਅੰਤ ਔਂਕੜ) ਸ਼ਬਦ ਆਏ ਤਾਂ ਉਸ ਤੋਂ ਬਾਅਦ ਵਿਸਰਾਮ ਨਹੀਂ ਦੇਣਾ ਯਾਨੀ ਅਗਲਾ ਸ਼ਬਦ ਨਾਲ ਪੜ੍ਹਨਾ ਹੈ; ਜਿਵੇਂ ਕਿ ‘ਨਾਨਕੁ ਦਾਸੁ, ਨਾਨਕੁ ਨੀਚੁ’ ਆਦਿ। ਜੇਕਰ ‘ਨਾਨਕੁ’ ਤੋਂ ਬਾਅਦ ਵਿਸਰਾਮ ਦੇ ਦੇਈਏ ਤਾਂ ਅਰਥਾਂ ਦਾ ਅਨਰਥ ਹੋ ਜਾਂਦਾ ਹੈ; ਜਿਵੇਂ ਕਿ ‘‘ਨਾਨਕੁ ਨੀਚੁ ਕਹੈ ਵੀਚਾਰੁ ..॥੧੮॥’’ ਤੁਕ ਵਿੱਚ ‘ਨਾਨਕੁ’ ਤੋਂ ਬਾਅਦ ਵਿਸਰਾਮ ਦੇਣ ਨਾਲ਼ ‘ਨਾਨਕੁ ਨੀਚੁ’ ਇਕੱਠੇ ਸ਼ਬਦ ਨਾ ਰਹਿ ਕੇ ‘ਨੀਚੁ’ ਅਗਲੇ ਸ਼ਬਦ ‘ਵੀਚਾਰੁ’ ਨਾਲ਼ ਜੁੜ ਕੇ ਅਰਥ ਦੇ ਦੇਵੇਗਾ ਕਿ ਸੰਬੰਧਿਤ ਪੂਰੀ ਪਉੜੀ ’ਚ ਬਿਆਨ ਕੀਤੇ ‘‘ਅਸੰਖ ਚੋਰ ਹਰਾਮਖੋਰ ॥’’ ਆਦਿਕ ‘ਵੀਚਾਰੁ’; ‘ਨੀਚੁ’ ਹਨ ਭਾਵ ਘਟੀਆ ਦਰਜੇ ਦੇ ਹਨ, ਜੋ ਕਿ ਇਹ ਅਰਥ ਗੁਰਮਤਿ ਵਿਰੁਧ ਹੁੰਦਾ।
ਸੋ 18ਵੀਂ ਪਉੜੀ ਵਾਙ ਇਸ 27ਵੀਂ ਪਉੜੀ ਵਿੱਚ ਵੀ ‘‘ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਬੀਚਾਰੇ ॥’’ ਪਾਠ ਕਰਦਿਆਂ ‘ਨਾਨਕੁ’ ਤੋਂ ਬਾਅਦ ਰੁਕਣਾ ਨਹੀਂ; ਜਿਵੇਂ ਕਿ ‘ਨਾਨਕ ਨਾਮ ਚੜ੍ਹਦੀ ਕਲਾ’ ਬੋਲਦਿਆਂ ‘ਨਾਨਕ’ ਤੋਂ ਬਾਅਦ ਰੁਕਣਾ ਹੈ ਕਿਉਂਕਿ ਨਾਨਕ ਆਪਣੇ ਨਾਮ ਦੀ ਚੜ੍ਹਦੀ ਕਲਾ ਨਹੀਂ ਕਹਿ ਰਹੇ । ‘ਨਾਨਕ, ਨਾਮ ਚੜ੍ਹਦੀ ਕਲਾ’ ਦਾ ਮਤਲਬ ਹੈ ਪਰਮਾਤਮਾ ਦਾ ਨਾਮ ਜਪਣ ਵਾਲ਼ਿਆਂ ਦੀ ਸਦਾ ਚੜ੍ਹਦੀ ਕਲਾ ਹੁੰਦੀ ਹੈ। ਗੁਰਬਾਣੀ ਵਿੱਚ ਕਿੱਧਰੇ ਵੀ ਗੁਰੂ ਸਾਹਿਬਾਨਾਂ ਨੇ ਆਪਣਾ ਨਾਮ ਜਪਣ ਬਾਰੇ ਨਹੀਂ ਲਿਖਿਆ। ਨਿਰੋਲ ਪਰਮਾਤਮਾ ਦਾ ਨਾਮ ਜਪਣ ਲਈ ਹੀ ਪ੍ਰੇਰਿਆ ਹੈ। ਖੰਡ, ਮੰਡਲ, ਬ੍ਰਹਿਮੰਡ ਆਦਿ ਦੁਆਰਾ ਨਾਮ ਜਪਣ ਦਾ ਮਤਲਬ ਹੈ ਕਿ ਉਸ ਦੇ ਭਉ ਵਿੱਚ ਸਾਰੇ ਚੱਲ ਰਹੇ ਹਨ।
ਆਸਾ ਕੀ ਵਾਰ ਦੀ ਚੌਥੀ ਪਉੜੀ ਨਾਲ਼ ਗੁਰੂ ਨਾਨਕ ਸਾਹਿਬ ਜੀ ਦੇ ਦੋ ਸਲੋਕ ਹਨ। ਉਨ੍ਹਾਂ ਵਿੱਚੋਂ ਪਹਿਲੇ ਵਿੱਚ ਕਿਹਾ ਗਿਆ ਹੈ ‘‘ਭੈ ਵਿਚਿ; ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ; ਲਖ ਦਰੀਆਉ ॥ ਭੈ ਵਿਚਿ; ਅਗਨਿ ਕਢੈ ਵੇਗਾਰਿ ॥ ਭੈ ਵਿਚਿ; ਧਰਤੀ ਦਬੀ ਭਾਰਿ ॥ ਭੈ ਵਿਚਿ; ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ; ਰਾਜਾ ਧਰਮ ਦੁਆਰੁ ॥ ਭੈ ਵਿਚਿ; ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ; ਚਲਤ ਨ ਅੰਤੁ ॥ ਭੈ ਵਿਚਿ; ਸਿਧ ਬੁਧ ਸੁਰ ਨਾਥ ॥ ਭੈ ਵਿਚਿ; ਆਡਾਣੇ ਆਕਾਸ ॥ ਭੈ ਵਿਚਿ; ਜੋਧ ਮਹਾਬਲ ਸੂਰ ॥ ਭੈ ਵਿਚਿ; ਆਵਹਿ ਜਾਵਹਿ ਪੂਰ ॥ ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ! ਨਿਰਭਉ ਨਿਰੰਕਾਰੁ ਸਚੁ ਏਕੁ ॥੧॥’’ (ਮਹਲਾ ੧/੪੬੪), ਇਸ ਤਰ੍ਹਾਂ ਹੀ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਹਥਲੇ ‘ਸੋ ਦਰੁ’ ਸ਼ਬਦ ’ਚ ਜ਼ਿਕਰ ਕੀਤਾ ਹੈ ਕਿ ਹੇ ਵਾਹਗਿੁਰੂ ! ਜੋ ਵੀ ਤੈਨੂੰ ਗਾ ਰਹੇ ਹਨ, ਹਵਾ, ਪਾਣੀ, ਅੱਗ, ਰਿਸ਼ੀ ਮੁਨੀ, ਬ੍ਰਹਿਮੰਡ ਆਦਿ ਵਿੱਚੋਂ ਜਿਹੜੇ ਤੈਨੂੰ ਭਾਉਂਦੇ ਹਨ, ਉਹਨਾਂ ਦਾ ਹੀ ਗਾਉਣਾ ਤੇਰੇ ਦਰਬਾਰ ਵਿੱਚ ਪਰਵਾਣ ਹੈ। ਜੋ ਤੇਰੇ ਭਗਤ ਬਾਣੀ ਦੇ ਰਸ ਵਿੱਚ ਰਸੇ ਹੋਏ ਤੈਨੂੰ ਗਾਉਂਦੇ ਹਨ, ਉਹਨਾਂ ਦਾ ਗਾਉਣਾ ਹੀ ਸ੍ਰੇਸ਼ਟ ਹੈ। ਇਸ ਤੋਂ ਬਿਨਾਂ ਹੋਰ ਵੀ ਬਹੁਤ ਹਨ, ਜਿਹੜੇ ਤੈਨੂੰ ਗਾ ਰਹੇ ਹਨ, ਉਹ ਮੈਨੂੰ ਯਾਦ ਨਹੀਂ ਆ ਰਹੇ। ਮੇਰੀ ਸਮਰੱਥਾ ਨਹੀਂ ਕਿ ਮੈਂ ਉਨ੍ਹਾਂ ਸਾਰਿਆਂ ਦਾ ਜ਼ਿਕਰ ਕਰ ਸਕਾਂ।
ਵਿਚਾਰ : ਜਿਨ੍ਹਾਂ ਗੁਰਸਿੱਖਾਂ ਨੂੰ ਦੈਵੀ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ ਨੇ ਗੁਰੂ ਨੂੰ ਪਿਆਰ ਨਾਲ ਗਾਇਆ ਹੈ। ਜਿਹੜੇ ਤੇਰੇ ਪਿਆਰ ਵਿੱਚ ਰਸੇ ਹੋਏ ਹਨ। ਉਹ ਕਿਵੇਂ ਸੰਸਾਰਕ ਰਸਾਂ ਕਸਾਂ ਤੋਂ ਉੱਪਰ ਉੱਠ ਕੇ ਗਾਉਂਦੇ ਹਨ ? ਕਿਵੇਂ ਇਹ ਗਾਉਣਾ ਪਰਵਾਨ ਹੈ ? ਜਵਾਬ ਹੈ ਕਿ ਪਰਮਾਤਮਾ ਦੇ ਹੁਕਮ ਵਿੱਚ ਚੱਲਣਾ ਹੀ ਉਸ ਨੂੰ ਗਾਉਣਾ ਹੈ। ਬਿਨਾਂ ਪ੍ਰੇਮ ਰਸ ਵਿੱਚ ਰਸੇ ਹੋਏ ਗਾਉਣ ਦਾ ਲਾਹਾ/ਲਾਭ ਨਹੀਂ ਮਿਲਦਾ। ਅਸੀਂ ਅਨੇਕਾਂ ਰਸਾਂ ਕਸਾਂ ਵਿੱਚ ਫਸੇ ਰਹਿੰਦੇ ਹਾਂ ਇਸ ਲਈ ਗੁਰਬਾਣੀ ਦਾ ਰਸ ਨਹੀਂ ਲੈ ਸਕਦੇ। ਗੁਰੂ ਪਾਤਿਸ਼ਾਹ ਜੀ ਦਾ ਬਚਨ ਹੈ ਕਿ ‘‘ਚੰਦਨ ਚੰਦੁ ਨ ਸਰਦ ਰੁਤਿ; ਮੂਲਿ ਨ ਮਿਟਈ ਘਾਂਮ ॥’’ ਘਾਂਮ ਕਹਿੰਦੇ ਹਨ ਅੰਦਰਲੀ ਗਰਮੀ ਨੂੰ, ਤਪਸ ਨੂੰ। ਚੰਦ੍ਰਮਾ ਦੀ ਠੰਡਕ ਹੋਵੇ ਜਾਂ ਸਰਦ ਰੁਤਿ ਹੋਵੇ ਜੇਕਰ ਅੰਦਰ ਰਸਾਂ ਕਸਾਂ ਦੀ ਤਪਸ ਹੈ ਤਾਂ ਮਨ; ਸ਼ਾਂਤ ਨਹੀਂ ਹੋ ਸਕਦਾ। ਹੁਣ ਫਿਰ ਕਿਵੇਂ ਸ਼ਾਂਤ ਹੋਵੇਗਾ ? ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ਕਿ ‘‘ਸੀਤਲੁ ਥੀਵੈ ਨਾਨਕਾ ! ਜਪੰਦੜੋ ਹਰਿ ਨਾਮੁ ॥’’ (ਮਹਲਾ ੫/੭੦੯) ਹਰੀ ਦੇ ਪ੍ਰੇਮ-ਰੰਗ ਨਾਲ਼ ਨਾਮ ਨੂੰ ਜਪਦਿਆਂ ਹੀ ਮਨ ਸ਼ੀਤਲ ਹੋ ਸਕਦਾ ਹੈ, ਠੰਡਾ ਰਹਿ ਸਕਦਾ ਹੈ।
ਹਥਲੇ ਸ਼ਬਦ ਦੀਆਂ ਅਗਲੀਆਂ ਤੁਕਾਂ ਹਨ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ ਹੋਸੀ; ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥’’ ਇਨ੍ਹਾਂ ਤੁਕਾਂ ਦਾ ਭਾਵਾਰਥ ਹੈ ਕਿ ਉਪਰ ਸਾਰੇ ‘ਸੋ ਦਰੁ’ ਦੇ ਮਾਲਕ ਨੂੰ ਗਾਉਣ ਵਾਲ਼ੇ ਸਦੀਵੀ ਸਥਿਰ ਰਹਿਣ ਵਾਲ਼ੇ ਨਹੀਂ ਹਨ, ਪਰ ਜਿਸ ਅਕਾਲ ਪੁਰਖ ਨੇ ਇਹ ਸਾਰੇ ਰਚੇ ਹਨ, ਉਹ ਆਪ ਸਦਾ ਸਥਿਰ ਰਹਿਣ ਵਾਲ਼ਾ ਹੈ। ਇਹ ਗੱਲ ‘ਜਪੁ’ ਬਾਣੀ ਦੇ ਪਹਿਲੇ ਸਲੋਕ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥੧॥’’ (ਜਪੁ) ਵਿੱਚ ਵੀ ਦਰਜ ਹੈ। ਇਹ ਸਮਝਣਾ ਹੋਰ ਲਾਹੇਮੰਦ ਹੋਵੇਗਾ ਕਿ ਇਹ ਸਲੋਕ; ਗੁਰਬਾਣੀ ਦਾ ਅਰੰਭਕ ਸਲੋਕ ਹੈ, ਜਿਸ ਵਿੱਚ ‘ੴ’ ਨੂੰ ਸਦੀਵੀ ਸਥਿਰ ਬਿਆਨ ਕੀਤਾ ਹੈ। ਪੂਰੀ ਗੁਰਬਾਣੀ ਹੀ ਇਸ ਦੇ ਆਧਾਰ ਉੱਤੇ ਰਚੀ ਗਈ ਭਾਵ ਓਹੀ ਕੇਵਲ ਸੱਚਾ ਮਾਲਕ ਸਦਾ ਸਥਿਰ ਹੈ। ਉਸ ਦੀ ਮਹਿਮਾ, ਵਡਿਆਈ ਵੀ ਸਥਿਰ ਹੈ ਯਾਨੀ ਉਸ ਨੂੰ ਜਪਣ ਵਾਲ਼ਾ ਵੀ ਸਥਿਰ ਹੋ ਜਾਂਦਾ ਹੈ। ਉਹ ਨਾ ਜੰਮਦਾ ਹੈ, ਨਾ ਮਰਦਾ ਹੈ। ਜਿਸ ਨੇ ਇਹ ਸਾਰੀ ਰਚਨਾ (ਜੋ ਉੱਪਰ ਸਾਰੇ ਸ਼ਬਦ ’ਚ ਬਿਆਨ ਕੀਤੀ ਗਈ ਜਾਂ ਕੁੱਝ ਰਹਿ ਵੀ ਗਈ) ਬਣਾਈ ਹੈ।
‘‘ਰੰਗੀ ਰੰਗੀ ਭਾਤੀ ਕਰਿ ਕਰਿ; ਜਿਨਸੀ ਮਾਇਆ, ਜਿਨਿ ਉਪਾਈ ॥’’ ਇੱਥੇ ‘ਰੰਗੀਂ ਰੰਗੀਂ ਭਾਤੀਂ’ ਬਿੰਦੀ ਸਹਿਤ ਪਾਠ ਕਰਨਾ ਹੈ ਅਤੇ ਇਸ ਤੋਂ ਬਾਅਦ ਰੁਕਣਾ ਹੈ, ਨਹੀਂ ਤਾਂ ਅਰਥ ਸਹੀ ਨਹੀਂ ਢੁੱਕਦੇ। ‘ਜਿਨਸੀਂ ਮਾਇਆ’ ਦਾ ਅਰਥ ਹੈ ‘ਭਿੰਨ ਭਿੰਨ ਪ੍ਰਕਾਰ ਦੀ ਮਾਇਆ। ‘ਜਿਨਿ’ – ਜਿਸ (ਸੋਈ ਸੋਈ ਸਦਾ ਸਚੁ) ਨੇ। ਅੱਗੇ ਉਸੇ ਲਈ ਬਚਨ ਹਨ ‘‘ਕਰਿ ਕਰਿ ਦੇਖੈ ਕੀਤਾ ਆਪਣਾ; ਜਿਉ ਤਿਸ ਦੀ ਵਡਿਆਈ ॥’’ ਇੱਥੇ ਪਾਠ ‘ਦੇਖੈ’ ਅਤੇ ‘ਜਿਉ’ ਹੈ, ਪਰ ਜਪੁ ਸਾਹਿਬ ਦੀ ਬਾਣੀ ਵਿੱਚ ਪਾਠ ‘ਵੇਖੈ’ ਅਤੇ ‘ਜਿਵ’ ਹੈ।
‘‘ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ ਹੁਕਮੁ ਨ ਕਰਣਾ ਜਾਈ ॥’’ ਇਸ ਤੁਕ ਨੂੰ ਵਾਰ ਵਾਰ ਆਪਣੇ ਦਿਮਾਗ਼ ’ਚ ਰੱਖਣਾ ਹੈ। ‘‘ਸੋ ਪਾਤਿਸਾਹੁ ਸਾਹਾ ਪਤਿਸਾਹਿਬੁ; ਨਾਨਕ ! ਰਹਣੁ ਰਜਾਈ ॥੧॥’’ (ਸੋ ਦਰੁ ਆਸਾ/ਮਹਲਾ ੧/੯) ਇਸ ਅੰਤਮ ਪੰਕਤੀ ਵਿੱਚ ਪਾਠ ‘ਪਤਿਸਾਹਿਬੁ’ ਹੈ, ਪਰ ਜਪੁ ਬਾਣੀ ਵਿੱਚ ‘ਪਾਤਿਸਾਹਿਬੁ’ ਹੈ। ‘ਨਾਨਕ’ ਵੀ ਔਂਕੜ ਤੋਂ ਰਹਿਤ ਹੈ, ਇਸ ਲਈ ‘ਨਾਨਕ’ ਤੋਂ ਬਾਅਦ ਰੁਕਣਾ ਹੈ। ਅਰਥ ਹਨ ‘ਹੇ ਨਾਨਕ ! (ਆਖ, ਕਿ)’
ਵਿਚਾਰ : ਇਸ ‘ਸੋ ਦਰੁ’ ਸ਼ਬਦ ਵਿੱਚ ਅੰਕਿਤ ਤੁਕ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ ਹੋਸੀ; ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ ਕਰਿ ਕਰਿ; ਜਿਨਸੀ ਮਾਇਆ, ਜਿਨਿ ਉਪਾਈ ॥’’ ਅਤੇ ਜਪੁ ਸਾਹਿਬ ਦੀ 27ਵੀਂ ਪਉੜੀ ’ਚ ਦਰਜ ਇਹੀ ਤੁਕਾਂ ਵਿੱਚ ਕੋਈ ਅੰਤਰ ਨਹੀਂ, ਪਰ ਬਾਕੀ ਪੂਰੇ ਸ਼ਬਦ ਵਿੱਚ ਜੋ ਅੰਤਰ ਹੈ, ਉਸ ਨੂੰ ਪਿੱਛੇ ਵਿਚਾਰ ਆਏ ਹਾਂ।
ਸੋਈ – ਇਕ ਵਚਨ
ਸੇਈ – ਬਹੁ ਵਚਨ
ਭਾਵ ‘ੴ’ ਸਦਾ ਸੱਚ ਹੈ। ਬਾਕੀ ਸਭ ਬਿਨਸਣ ਵਾਲਾ ਹੈ। ਇੱਕ ਅਕਾਲ ਪੁਰਖ ਹੀ ਸਦਾ ਥਿਰ ਰਹਿਣ ਵਾਲਾ ਹੈ, ਉਸ ਦੀ ਵਡਿਆਈ ਹੀ ਸੱਚੀ ਹੈ। ਇੱਥੇ ‘ਨਾਈ’ ਦਾ ਭਾਵ ਵਡਿਆਈ ਹੈ।
ਸਾਹਿਬੁ ਸਾਚਾ – ਪੁਲਿੰਗ ਇੱਕ ਵਚਨ ਹੈ। ਸਾਹਿਬੁ (ਇੱਕ ਵਚਨ) ਦਾ ਵਿਸ਼ੇਸ਼ਣ ਹੈ ‘ਸਾਚਾ’।
ਸਾਚੀ ਨਾਈ – ਇਸਤਰੀ ਲਿੰਗ, ਇੱਕ ਵਚਨ ਹੈ। ਨਾਈ (ਇਸਤਰੀ ਲਿੰਗ) ਦਾ ਵਿਸ਼ੇਸ਼ਣ ਹੈ ‘ਸਾਚੀ’।
ਉਹ ਸੱਚਾ ਹੈ ਕਿਉਂਕਿ ਨਾ ਉਹ ਜੰਮਦਾ ਹੈ ਅਤੇ ਨਾ ਹੀ ਮਰਦਾ ਹੈ। ਉਹ ਹੁਣ ਵੀ ਹੈ (ਹੈ ਭੀ) ਅਤੇ ਹਮੇਸ਼ਾ ਹੀ ਰਹੇਗਾ (ਹੋਸੀ) ਕਿਉਂਕਿ ਇਹ ਸਾਰੀ ਰਚਨਾ ਉਸ ਦੀ ਰਚੀ ਹੋਈ ਹੈ, ਮੁੱਢ ਤੋਂ ਇਹ ਰਚਨਾ ਰਚੀ ਹੋਈ ਚੱਲੀ ਆ ਰਹੀ ਹੈ ਅਤੇ ਅੱਗੇ ਵੀ ਰਹੇਗੀ ਕਿਉਂਕਿ ਪਰੀਪੂਰਨ ਪਰਮਾਤਮਾ ਇਸ ਵਿੱਚ ਰਮਿਆ ਹੋਇਆ ਹੈ।
ਜਪੁ ਸਾਹਿਬ ਦੀ ਬਾਣੀ ਵਿੱਚ ਦੋ ਸਲੋਕ ਹਨ। ਇੱਕ ਆਰੰਭ ਵਿੱਚ ਅਤੇ ਇੱਕ ਅੰਤ ਵਿੱਚ। ਅਰੰਭਕ ਸਲੋਕ ਤੋਂ ਪਹਿਲਾਂ ਮੂਲ ਮੰਤਰ ਹੈ। ਗੁਰੂ ਅਰਜਨ ਸਾਹਿਬ ਨੇ ਜਦੋਂ ਬਾਣੀ ਨੂੰ ਤਰਤੀਬਵਾਰ ਅੰਕਿਤ ਕੀਤਾ ਤਾਂ ਪਹਿਲੇ ਸਲੋਕ ਤੋਂ ਬਾਅਦ ੧ ਲਿਖ ਦਿੱਤਾ ਅਤੇ ਪਹਿਲੀ ਪਉੜੀ ਤੋਂ ਬਾਅਦ ਵੀ ੧ ਲਿਖਿਆ ਹੋਇਆ ਹੈ। ਸੁਖਮਨੀ ਸਾਹਿਬ ਵਿੱਚ ਵੀ ੧੭ਵੀਂ ਪਉੜੀ ਵਿੱਚ ਇੱਕ ਸਲੋਕ ਲਿਖਿਆ ਹੋਇਆ ਹੈ, ਜੋ ‘ਜਪੁ’ ਸਾਹਿਬ ਵਾਲ਼ੇ ਸਲੋਕ ਨਾਲ ਮੇਲ ਖਾਂਦਾ ਹੈ, ਇਹਨਾਂ ਵਿੱਚ ਕੇਵਲ ‘ਭੀ’ ਅਤੇ ‘ਭਿ’ ਦਾ ਅੰਤਰ ਹੈ। ਅਰਥਾਂ ’ਚ ਕੋਈ ਅੰਤਰ ਨਹੀਂ। ਹੁਣ ‘ਆਦਿ ਸਚੁ’ ਦਾ ਅਰਥ ਹੈ ਜਦ ਤੋਂ ਸ੍ਰਿਸ਼ਟੀ ਨਹੀਂ ਬਣੀ ਸੀ। ਸੰਸਾਰ ਨਹੀਂ ਬਣਿਆ ਸੀ, ਤਾਂ ਵੀ ਉਹ ਪਰਮਾਤਮਾ ਸੱਚ ਸੀ, ਜੁਗਾਂ ਜੁਗਾਂਤਰਾਂ ਤੋਂ ਸੱਚ ਹੈ। ਹਰ ਜੁਗ ਵਿੱਚ ਉਹੀ ਵਰਤ ਰਿਹਾ ਹੈ। ਸੰਸਾਰ ਬਣਨ ਤੋਂ ਪਹਿਲਾਂ ਜਦੋਂ ਕੁੱਛ ਭੀ ਨਹੀਂ ਸੀ ਤਾਂ ਮਾਰੂ ਰਾਗ ਵਿੱਚ ਗੁਰੂ ਪਾਤਿਸ਼ਾਹ ਜੀ ਫ਼ੁਰਮਾਉਂਦੇ ਹਨ ‘‘ਅਰਬਦ ਨਰਬਦ ਧੁੰਧੂਕਾਰਾ ॥’’ ਧੁੰਧੂਕਾਰਾ ਦਾ ਅਰਥ ਹੈ ਘੁੱਪ ਹਨ੍ਹੇਰਾ, ਜਦ ਕੁੱਛ ਭੀ ਨਹੀਂ ਸੀ। ਅਰਬਦ ਦਾ ਮਤਲਬ ਹੈ 100 ਕਰੋੜ ਸਾਲ ਅਤੇ ਨਰਬਦ ਦਾ ਮਤਲਬ ਹੈ ‘100 ਕਰੋੜ ਤੋਂ ਵੱਧ ਸਮਾਂ’। ‘‘ਧਰਣਿ ਨ ਗਗਨਾ ਹੁਕਮੁ ਅਪਾਰਾ ॥’’ ਕਈ ਅਰਬਾਂ ਦੀ ਗਿਣਤੀ ਤੋਂ ਵੀ ਪਰੇ ਕੇਵਲ ਧੁੰਦ ਹੀ ਧੁੰਦ ਸੀ। ਨਾ ਕੋਈ ਧਰਤੀ ਸੀ ਅਤੇ ਨਾ ਆਕਾਸ਼, ਪਰ ਫਿਰ ਵੀ ਉਹ ਪਰਮਾਤਮਾ ਸੀ। ਉਸ ਦਾ ਹੁਕਮ ਆਪਣੇ ਆਪ ਵਿੱਚ ਸੀ ਯਾਨੀ ਉਸ ਦੇ ਵਿਚਾਰ ਉਸ ਸਮੇਂ ਵੀ ਸਨ।
ਉਕਤ ਸ਼ਬਦ ਵਿੱਚ ਹੀ ਦਰਜ ਹੈ ‘‘ਨਾ ਦਿਨੁ ਰੈਨਿ, ਨ ਚੰਦੁ ਨ ਸੂਰਜੁ; ਸੁੰਨ ਸਮਾਧਿ ਲਗਾਇਦਾ ॥’’ (ਮਹਲਾ ੧/੧੦੩੫) ਜਦੋਂ ਦਿਨ, ਰਾਤ, ਸੂਰਜ, ਚੰਦ ਨਹੀਂ ਸਨ ਉਦੋਂ ਤੇਰੀ ਆਪਣੇ ਆਪ ਵਿੱਚ ਸਮਾਧੀ ਲੱਗੀ ਹੋਈ ਸੀ ਕਿਉਂਕਿ ਅਕਾਲ ਪੁਰਖ ‘ਅਜੂਨੀ’ ਹੈ, ‘ਸੈਭੰ’ ਹੈ। ਉਹ ਕਦੇ ਜੰਮਦਾ ਨਹੀਂ। ਜੋ ਜੰਮਦਾ ਨਹੀਂ, ਉਹ ਕਦੇ ਮਰਦਾ ਵੀ ਨਹੀ। ਇੱਕੋ ਇੱਕ ਸੱਚ ਹੈ, ਬਾਕੀ ਸਭ ਕੂੜ ਹੈ ‘‘ਕੂੜੁ ਰਾਜਾ; ਕੂੜੁ ਪਰਜਾ; ਕੂੜੁ ਸਭੁ ਸੰਸਾਰੁ ॥’’ (ਮਹਲਾ ੧/੪੬੮) ‘ਕੂੜੁ’ ਦਾ ਅਰਥ ਹੈ ਜੋ ਸਦਾ ਰਹਿਣ ਵਾਲ਼ਾ ਨਾ ਹੋਵੇ।
ਅੱਜ ਕੱਲ੍ਹ ਜੋ ਕੁੱਝ ਵੀ (ਸਰੀਰ, ਧਨ-ਪਦਾਰਥ, ਪਰਵਾਰਿਕ ਮੈਂਬਰ, ਸੰਸਾਰ ਆਦਿ) ਵਿਖਾਈ ਦੇ ਰਿਹਾ ਹੈ, ਉਹ ਕੱਲ੍ਹ ਨੂੰ ਨਹੀਂ ਰਹਿਣਾ, ਅੰਤ ਜਦ ਸ੍ਰਿਸ਼ਟੀ ਵੀ ਖ਼ਤਮ ਹੋ ਗਈ ਤਾਂ ਸਭ ਕੁੱਛ ਹੀ ਅਲੋਪ ਹੋ ਜਾਣਾ ਹੈ, ਇਸ ਲਈ ਜੋ ਵੀ ਸੰਸਾਰ ਵਿੱਚ ਚੱਲ ਰਿਹਾ ਹੈ, ਸਭ ਕੂੜ ਹੀ ਹੈ। ਜਿਨ੍ਹਾਂ ਨੇ ਸੱਚ ਨਾਲ ਜੁੜਨਾ ਹੈ ਉਹ ਸੱਚ ਕੋਲ ਜਾਣਗੇ। ਨਹੀਂ ਤਾਂ ਬਾਕੀ ਸਭ ਕੂੜ ਹੀ ਕੂੜ ਹੈ। ਇਸ ਲਈ ਬਾਣੀ ਸਾਨੂੰ ਕੂੜ ਨਾਲੋਂ ਤੋੜ ਕੇ ਸੱਚ ਨਾਲ ਜੋੜਦੀ ਹੈ। ਅਸੀਂ ਸੱਚ ਨਾਲ ਲੱਗਣਾ ਹੈ। ਕਿਹੜੇ ਸੱਚ ਨਾਲ਼ ਲੱਗਣਾ ਹੈ ? ਜੋ ਸਦਾ ਥਿਰ ਰਹਿਣ ਵਾਲਾ ਹੈ। ਜਿਸ ਦੀ ਵਡਿਆਈ ਸੱਚੀ ਹੈ, ਜੋ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ.. ॥’’ ਹੈ।
‘ਨਾਈ’ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ 5 ਵੱਖਰੇ-ਵੱਖਰੇ ਅਰਥਾਂ ਵਿੱਚ ਆਉਂਦਾ ਹੈ :
- ਨਾਈ – ਨਹਾਉਣਾ; ਜਿਵੇਂ ਕਿ ‘‘ਜੂਠਿ ਨ ਅੰਨੀ; ਜੂਠਿ ਨ ਨਾਈ ॥’’ (ਮਹਲਾ ੧/੧੨੪੦) ਇੱਥੇ ‘ਨਾਈ’ ਦੇ ‘ਨ’ ਨੂੰ ‘ਨ੍’ ਪੜ੍ਹਨਾ ਹੈ।
- ਨਾਈ – ਨਾਮ ਜਪਣਾ; ਜਿਵੇਂ ਕਿ ‘‘ਕੀਰਤਿ ਸੂਰਤਿ ਮੁਕਤਿ ਇਕ ਨਾਈ ॥’’ (ਮਹਲਾ ੧/੨੨੧) ਜਿਸ ਦੇ ਹਿਰਦੇ ਵਿੱਚ ਇੱਕ ਪ੍ਰਭੂ ਦਾ ਨਾਮ ਵੱਸ ਗਿਆ। ਉੱਥੇ ਉਹਦੇ ਵਾਸਤੇ ਸ਼ੋਭਾ ਹੈ, ਸੁੰਦਰਤਾ ਹੈ, ਮੁਕਤੀ ਹੈ।
- ਨਾਈ – ਵਡਿਆਈ; ਜਿਵੇਂ ਕਿ ‘ਜਪੁ’ ਬਾਣੀ ਦੀ 21ਵੀਂ ਪਉੜੀ ਵਿੱਚ ਹੈ ‘‘ਵਡਾ ਸਾਹਿਬੁ ਵਡੀ ਨਾਈ; ਕੀਤਾ ਜਾ ਕਾ ਹੋਵੈ ॥’’ (ਜਪੁ) ਉਹ ਵੱਡਾ ਮਾਲਕ ਹੈ। ਉਸ ਦੀ ਵਡਿਆਈ ਵੱਡੀ ਹੈ, ਜਿਸ ਨੇ ਇਹ ਜਗਤ ਰਚਨਾ ਬਣਾਈ ਹੈ।
- ਨਾਈ – ਨਾਈ, ਇੱਕ ਜਾਤ ਹੈ। ਜੋ ਅੱਜ ਕੱਲ੍ਹ ਹੋਰਾਂ ਦੇ ਬਾਲ ਕੱਟਦੇ ਹਨ, ਪਰ ਪੁਰਾਣੇ ਸਮਿਆਂ ’ਚ ਖ਼ੁਸ਼ੀ-ਗ਼ਮੀ ਸਮੇਂ ਰਿਸ਼ਤੇਦਾਰੀਆਂ ਵਿੱਚ ਚਿੱਠੀ-ਪੱਤਰ ਲੈ ਕੇ ਜਾਇਆ ਕਰਦੇ ਸਨ; ਜਿਵੇਂ ਕਿ ‘‘ਸੈਨੁ ਨਾਈ ਬੁਤਕਾਰੀਆ; ਓਹੁ ਘਰਿ+ਘਰਿ (’ਚ) ਸੁਨਿਆ ॥’’ (ਮਹਲਾ ੫/੪੮੭)
- ਨਾਈ – ਸਿਰ ਨਿਵਾ ਕੇ/ਕਿਰਿਆ ਵਿਸ਼ੇਸ਼ਣ; ਜਿਵੇਂ ਕਿ ‘‘ਬੁਤ ਪੂਜਿ+ਪੂਜਿ (ਕੇ) ਹਿੰਦੂ ਮੂਏ; ਤੁਰਕ ਮੂਏ ਸਿਰੁ ਨਾਈ (ਨਿਵਾ ਕੇ)॥’’ (ਭਗਤ ਕਬੀਰ/੬੫੪) ਭਾਵ ਤੁਰਕ ਕੇਵਲ ਪੱਛਮ (ਮੱਕੇ) ਵੱਲ ਸਿਰ ਨਿਵਾਉਂਦੇ-ਨਿਵਾਉਂਦੇ ਮਰ ਗਏ। ਸਰਬ ਵਿਆਪਕ ਰੱਬ ਦੇ ਦਰਸ਼ਨ ਨਾ ਕਰ ਸਕੇ।
ਹਥਲੇ ‘ਸੋ ਦਰੁ’ ਵਾਲ਼ੇ ਸ਼ਬਦ ’ਚ ਉਕਤ 3 ਨੰਬਰ ਵਾਲ਼ਾ ਸ਼ਬਦ ‘ਨਾਈ’ ਹੈ, ਜਿਸ ਦਾ ਅਰਥ ਹੈ ‘ਵਡਿਆਈ’ ਕਿਉਂਕਿ ਪਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ। ਉਹ ਪਹਿਲਾਂ ਵੀ ਸੀ, ਹੁਣ ਵੀ ਹੈ ਅੱਗੇ ਵੀ ਹਮੇਸ਼ਾ ਹੋਏਗਾ ‘‘ਹੈ ਭੀ ਹੋਸੀ; ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥’’ ਉਹ ਕਿਤੇ ਵੀ ਜਾਣ ਵਾਲਾ ਨਹੀਂ ਹੈ ਭਾਵ ਨਸ਼ਟ ਹੋਣ ਵਾਲਾ ਨਹੀਂ ਹੈ। ਇਹ ਸਾਰੀ ਰਚਨਾ ਉਸੇ ਦੀ ਰਚਾਈ ਹੋਈ ਹੈ ਭਾਵ ਉਸੇ ਦੀ ਹੀ ਰਚਨਾ ਹੈ ਅਤੇ ਉੁਸੇ ਦੀ ਹੀ ਬਣਾਈ ਹੋਈ ਹੈ। ਜੋ ਰਚਨਾ ਬਣਾਈ ਹੈ ਉਹ ਕਿਸ ਤਰ੍ਹਾਂ ਦੀ ਹੈ ? ਜਵਾਬ : ‘‘ਰੰਗੀ ਰੰਗੀ ਭਾਤੀ ਕਰਿ ਕਰਿ; ਜਿਨਸੀ ਮਾਇਆ, ਜਿਨਿ ਉਪਾਈ ॥’’ ਕਈ ਰੰਗਾਂ ਦੀ, ਕਈ ਤਰ੍ਹਾਂ ਦੀ, ਕਈ ਪਦਾਰਥਾਂ ਦੀ, ਕਈ ਤਰੀਕਿਆਂ ਦੀ ਹੈ।
ਹੁਣ ‘ਜਿਨਸੀ ਮਾਇਆ’ ਭਾਵ ਮਾਇਆ ਕੀ ਹੈ ? ਇਸ ਦਾ ਬਹੁਤ ਸੋਹਣਾ ਮੁਲਾਂਕਣ ਤੀਸਰੇ ਪਾਤਿਸ਼ਾਹ ਜੀ ਅਨੰਦ ਸਾਹਿਬ ਵਿੱਚ ਕਰਦੇ ਹਨ ‘‘ਏਹ ਮਾਇਆ ਜਿਤੁ ਹਰਿ ਵਿਸਰੈ; ਮੋਹੁ ਉਪਜੈ, ਭਾਉ ਦੂਜਾ ਲਾਇਆ ॥’’ (ਅਨੰਦ/ਮਹਲਾ ੩/੯੨੧), ਜਿਹੜੀ ਸ਼ਕਤੀ; ਜਿਵੇਂ ਕਿ ਪੂਜਨੀਕ ਦੇਵਤੇ, ਮੂਰਤੀ ਪੂਜਾ, ਪੂਜਨੀਕ ਗ੍ਰਹਿ, ਧਨ-ਪਦਾਰਥ, ਪਰਵਾਰਿਕ ਸੰਬੰਧ ਆਦਿਕ ਪਰਮਾਤਮਾ ਨਾਲੋਂ ਸੰਬੰਧ ਤੋੜ ਕੇ ਆਪਣੇ ਨਾਲ਼ ਜੋੜਦੇ ਹਨ, ਉਹ ਸਭ ਮਾਇਆ ਹੈ। ਜਿਸ ਵੀ ਚੀਜ਼ ਕਰਕੇ ਤੇਰਾ ਪਰਮਾਤਮਾ ਵੱਲੋਂ ਮਨ ਟੁੱਟ ਜਾਂਦਾ ਹੈ, ਤੈਨੂੰ ਪਰਮਾਤਮਾ ਵਿਸਰ ਜਾਂਦਾ ਹੈ ਅਤੇ ਪਰਮਾਤਮਾ ਤੋਂ ਬਿਨਾਂ ਹੋਰਨਾਂ ਵਸਤਾਂ, ਇਨਸਾਨਾਂ, ਵਿਕਾਰਾਂ ਆਦਿ ਨਾਲ ਤੇਰਾ ਪਿਆਰ ਪੈਂਦਾ ਹੈ, ਉਹ ਮਾਇਆ ਹੈ। ਗੁਰੂ ਪਾਤਿਸ਼ਾਹ ਫ਼ੁਰਮਾਉਂਦੇ ਹਨ ‘‘ਮਾਇਆ ਹੋਈ ਨਾਗਨੀ; ਜਗਤਿ ਰਹੀ ਲਪਟਾਇ ॥ ਇਸ ਕੀ ਸੇਵਾ ਜੋ ਕਰੇ; ਤਿਸ ਹੀ ਕਉ ਫਿਰਿ ਖਾਇ ॥’’ (ਮਹਲਾ ੩/੫੧੦) ਜਿਹੜਾ ਵੀ ਇਸ ਮਾਇਆ ਨਾਲ਼ ਪਿਆਰ ਪਾਉਂਦਾ ਹੈ। ਇਸ ਦੀ ਸੇਵਾ ਕਰਦਾ ਹੈ, ਇਹ ਉਸੇ ਨੂੰ ਖਾ ਜਾਂਦੀ ਹੈ, ਪਰ ‘‘ਗੁਰਮੁਖਿ ਕੋਈ ਗਾਰੜੂ; ਤਿਨਿ ਮਲਿ ਦਲਿ ਲਾਈ ਪਾਇ (ਪਾਇਂ)॥ ਨਾਨਕ ! ਸੇਈ ਉਬਰੇ, ਜਿ ਸਚਿ (’ਚ) ਰਹੇ ਲਿਵ ਲਾਇ ॥’’ (ਮਹਲਾ ੩/੫੧੦) ਜਿਨ੍ਹਾਂ ਦਾ ਮੂੰਹ; ਗੁਰੂ ਵੱਲ ਹੈ, ਉਨ੍ਹਾਂ ਨੇ ਗਾਰੜੂ ਮੰਤਰ (ਜੋ ਸੱਪ ਦੀ ਜ਼ਹਰ ਕੱਢਣ ਲਈ ਪੜ੍ਹਿਆ ਜਾਂਦਾ ਹੈ) ਨਾਲ਼ ਮਾਇਆ ਨੂੰ ਮਲ ਮਲ ਕੇ ਆਪਣੇ ਚਰਨੀਂ ਲਾ ਲਿਆ ਹੈ। ਇੱਥੇ ਸ਼ਬਦ ਹੈ ‘ਪਾਇ’, ਇਸ ਦਾ ਉਚਾਰਨ ਹੈ ‘ਪਾਇਂ’ ਅਤੇ ਅਰਥ ਹੈ ‘ਚਰਨੀਂ, ਪੈਰਾਂ ਹੇਠ, ਪੈਰਾਂ ਨਾਲ਼’।
ਮਾਇਆ ਸਾਰੇ ਸੰਸਾਰ ਨੂੰ ਲੱਗੀ ਹੋਈ ਹੈ। ਕਿਹੜੀ ਮਾਇਆ ? ਜਵਾਬ : ਜੋ ‘‘ਰੰਗੀ ਰੰਗੀ ਭਾਤੀ ਕਰਿ ਕਰਿ; ਜਿਨਸੀ ਮਾਇਆ.. ॥’’ ਹੈ ਯਾਨੀ ਭਾਂਤ ਭਾਂਤ ਦੀ, ਕਿਸਮਾਂ ਦੀ, ਜਿਨਸਾਂ ਦੀ, ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੀ ਮਾਇਆ ਹੈ।
ਮਾਇਆ ਦੇ ਜ਼ਹਰ ਨੂੰ ਕੇਵਲ ਉਹੀ ਕੱਟ ਸਕਦਾ ਹੈ, ਜਿਸ ਗੁਰਮੁਖ ਨੇ ਗੁਰੂ ਸ਼ਬਦ ਦਾ ਆਸਰਾ ਲੈ ਕੇ ਮਾਇਆ ਨੂੰ ਪੈਰਾਂ ਹੇਠ ਦੱਬ ਲਿਆ ਹੈ, ਕੁਚਲਿਆ ਹੈ। ਇਸ ਨੂੰ ਲੀਰੋ ਲੀਰ ਕਰ ਦਿੱਤਾ ਹੈ। ਉਹੀ ਇਸ ਸੰਸਾਰ ਵਿੱਚੋਂ ਉਭਰ ਸਕਦੇ ਹਨ, ਜਿਨ੍ਹਾਂ ਨੇ ਸਦੀਵੀ ਸਥਿਰ ਨਾਲ ਸੁਰਤ ਜੋੜ ਲਈ ਹੈ। ‘ਸਥਿਰ ਨਾਮ’ ਨਾਲ ਲਿਵ ਲਾ ਕੇ ਹੀ ਮਾਇਆ ਰੂਪ ਨਾਗਨ ਤੋਂ ਬਚਿਆ ਜਾ ਸਕਦਾ ਹੈ। ਇੱਥੇ ਸੱਚੇ ਦੇ ਬਾਰੇ ਗੱਲ ਕੀਤੀ ਹੈ ਕਿਉਂਕਿ ਸੱਚੇ ਦੀ ਵਡਿਆਈ ਬਹੁਤ ਵੱਡੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਅੰਦਰ ਤੀਸਰੇ ਪਾਤਿਸ਼ਾਹ ਜੀ ਦੇ ਇੱਕ ਸ਼ਬਦ ਵਿੱਚ 50 ਵਾਰੀ ‘ਸਚੁ’ ਦਾ ਵਰਣਨ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਸਚੁ ਨੂੰ ਪ੍ਰਗਟਾਉਣਾ ਹੈ, ਕਿਵੇਂ ਸਚੁ ਵਿੱਚ ਲੀਨ ਹੋਣਾ ਹੈ। ਪਹਿਲਾ ਬੰਦ ਹੈ ‘‘ਸਬਦਿ ਸਚੈ ਸਚੁ ਸੋਹਿਲਾ; ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ॥ ਹਉਮੈ ਸਭਿ ਕਿਲਵਿਖ ਕਾਟੇ; ਸਾਚੁ ਰਖਿਆ ਉਰਿ ਧਾਰੇ ਰਾਮ ॥ ਸਚੁ ਰਖਿਆ ਉਰ ਧਾਰੇ ਦੁਤਰੁ ਤਾਰੇ; ਫਿਰਿ ਭਵਜਲੁ ਤਰਣੁ ਨ ਹੋਈ ॥ ਸਚਾ ਸਤਿਗੁਰੁ ਸਚੀ ਬਾਣੀ; ਜਿਨਿ ਸਚੁ ਵਿਖਾਲਿਆ ਸੋਈ ॥ ਸਾਚੇ ਗੁਣ ਗਾਵੈ, ਸਚਿ ਸਮਾਵੈ; ਸਚੁ ਵੇਖੈ ਸਭੁ ਸੋਈ ॥ ਨਾਨਕ ! ਸਾਚਾ ਸਾਹਿਬੁ ਸਾਚੀ ਨਾਈ; ਸਚੁ ਨਿਸਤਾਰਾ ਹੋਈ ॥੧॥ ਪੂਰੇ ਸ਼ਬਦ ਦੇ ਇਸ ਪਹਿਲੇ ਬੰਦ ਵਿੱਚ ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਹਿਰਦੇ ਵਿੱਚ ਪਰਮਾਤਮਾ ਨੂੰ ਵਸਾ ਲਿਆ ਹੈ, ਉਨ੍ਹਾਂ ਦੀ ਹਉਮੈ ਸਮੇਤ ਸਾਰੇ ਪਾਪ ਕੱਟੇ ਜਾਂਦੇ ਹਨ। ਇਹ ਸੰਸਾਰ ਸਮੁੰਦਰ ਤੈਰਨਾ ਬਹੁਤ ਔਖਾ ਹੈ। ਗੁਰਸਿੱਖ; ਅੱਗ ਵਰਗਾ ਇਹ ਸੰਸਾਰ ਵੀ ਤਰ ਜਾਂਦੇ ਹਨ। ਫਿਰ ਉਨ੍ਹਾਂ ਨੂੰ ਇਹ ਸੰਸਾਰ ਮੁੜ-ਮੁੜ ਤੈਰਨ ਦੀ ਲੋੜ ਨਹੀਂ ਪੈਂਦੀ। ਸੱਚ ਵਿੱਚ ਸਮਾਉਣ ਦਾ ਤਰੀਕਾ ਹੈ ਸੱਚੇ ਦੇ ਗੁਣਾਂ ਦਾ ਗਾਇਨ ਕਰਨਾ, ਉਨ੍ਹਾਂ ਦੀ ਵਿਚਾਰ ਕਰਨੀ। ਉਹ ਬੰਦਾ ਸਿਰਫ ਤੇ ਸਿਰਫ ਸੱਚ ਹੀ ਦੇਖੇਗਾ। ਉਹ ‘‘ਘਟ ਘਟ ਮੈ ਹਰਿ ਜੂ ਬਸੈ; ਸੰਤਨ ਕਹਿਓ ਪੁਕਾਰਿ ॥’’ (ਮਹਲਾ ੯/੧੪੨੭) ਯਾਨੀ ਘਟ ਘਟ ਵਿੱਚ ਪਰਮਾਤਮਾ ਹੀ ਵੇਖੇਗਾ, ਜਿਸ ਦੇ ਦਰਸ਼ਨ ਹਰ ਜਗ੍ਹਾ ਕਰੇਗਾ। ਹੇ ਨਾਨਕ ! ਸਾਹਿਬ ਸੱਚਾ ਹੈ, ਉਸ ਦੀ ਵਡਿਆਈ ਸੱਚੀ ਹੈ। ਜਿਸ ਨੇ ਉਸ ਨੂੰ ਜਪਿਆ ਹਮੇਸ਼ਾ ਲਈ ਉਸ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ। ਉਹ ਮੂੰਹੋਂ ਇਹੀ ਉਚਾਰਦਾ ਹੈ ‘‘ਅਬ ਕੀ ਬਾਰ ਬਖਸਿ ਬੰਦੇ ਕਉ; ਬਹੁਰਿ ਨ ਭਉਜਲਿ ਫੇਰਾ ॥’’ (ਭਗਤ ਕਬੀਰ/੧੧੦੪)
ਗੁਰੂ ਗ੍ਰੰਥ ਸਾਹਿਬ ਜੀ; ਇੱਕੋ-ਇੱਕ ਐਸੇ ਧਾਰਮਿਕ ਗ੍ਰੰਥ ਹਨ, ਜਿਨ੍ਹਾਂ ਵਿੱਚ ਬਹੁਤਾਤ ਵਡਿਆਈ ਨਿਰਾਕਾਰ-ਮਾਲਕ (ੴ) ਦੀ ਕੀਤੀ ਗਈ ਹੈ ਭਾਵ ਇੱਕ ਪਰਮਾਤਮਾ ਦੀ ਮਹਿਮਾ/ਨਾਮ ਜਪਣ ਨੂੰ ਹੀ ਸਰਬੋਤਮ ਧਰਮ ਮੰਨਿਆ ਗਿਆ ਹੈ।
ਸੱਚ ਦਾ ਪਤਾ ਕਿਵੇਂ ਲੱਗਦਾ ਹੈ ? ਇਸ ਸ਼ਬਦ ਦੇ ਦੂਜੇ ਬੰਦ ਵਿੱਚ ਜਵਾਬ ਹੈ ‘‘ਸਾਚੈ+ਸਤਿਗੁਰਿ (ਨੇ) ਸਾਚੁ ਬੁਝਾਇਆ; ਪਤਿ ਰਾਖੈ ਸਚੁ ਸੋਈ ਰਾਮ ॥ ਸਚਾ ਭੋਜਨੁ, ਭਾਉ ਸਚਾ ਹੈ; ਸਚੈ ਨਾਮਿ ਸੁਖੁ ਹੋਈ ਰਾਮ ॥’’ ਸੱਚੇ ਪਾਤਿਸ਼ਾਹ ਜੀ ਫ਼ੁਰਮਾਉਂਦੇ ਹਨ ਕਿ ਸੱਚਾ ਸਤਿਗੁਰ ਹੀ ਸੱਚ ਦੀ ਸੋਝੀ ਦੇ ਸਕਦਾ ਹੈ ਅਤੇ ਭਗਤਾਂ ਦੀ ਪੱਤ ਰੱਖਦਾ ਹੈ। ਗੁਰਮੁਖਾਂ ਅੰਦਰ ਸੱਚਾ ਭੋਜਨ ਅਤੇ ਸੱਚਾ ਪਿਆਰ ਹੁੰਦਾ ਹੈ। ਸੱਚਾ ਪਿਆਰ ਕੀ ਹੈ ? ਜਵਾਬ ਹੈ ‘‘ਗਾਵੀਐ, ਸੁਣੀਐ, ਮਨਿ ਰਖੀਐ ਭਾਉ ॥ ਦੁਖੁ ਪਰਹਰਿ; ਸੁਖੁ, ਘਰਿ ਲੈ ਜਾਇ ॥’’ (ਜਪੁ) ਪਿਆਰ ਨਾਲ ਗਾਉਣਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ, ਆਪਣੇ ਹਿਰਦੇ ’ਚ ਪਿਆਰ ਪਾ ਦੁੱਖ ਦੂਰ ਕਰਕੇ ਸੁੱਖ ਨੂੰ ਘਰ ਲੈ ਆਈਦਾ ਹੈ। ਸੁੱਖ ਸਿਰਫ ਸੱਚੇ ਨਾਮ ਦੇ ਵਿੱਚ ਹੈ, ਹੋਰ ਕਿਤੇ ਵੀ ਨਹੀਂ। ਸੁੱਖ ਹੈ ‘ਅਨੰਦ’। ਅਨੰਦ ਸਾਹਿਬ ਦੀ ਪਹਿਲੀ ਪੰਕਤੀ ਰੋਜ਼ਾਨਾ ਪੜ੍ਹੀਦੀ ਹੈ ‘‘ਅਨੰਦੁ ਭਇਆ ਮੇਰੀ ਮਾਏ ! ਸਤਿਗੁਰੂ ਮੈ ਪਾਇਆ ॥’’ ਸੱਚ ਨੂੰ ਪਾਉਣ ਕਰਕੇ ਹੀ ਅਨੰਦ ਮਿਲਦਾ ਹੈ। ਹੋਰ ਦੁਨਿਆਵੀ ਪ੍ਰਾਪਤੀ ਨਾਲ ਅਨੰਦ ਨਹੀਂ ਮਿਲਦਾ।
ਦੂਜੇ ਬੰਦ ’ਚ ਹੀ ਅੱਗੇ ਬਿਆਨ ਕੀਤਾ ਹੈ ‘‘ਸਾਚੈ+ਨਾਮਿ (’ਚ) ਸੁਖੁ ਹੋਈ; ਮਰੈ ਨ ਕੋਈ; ਗਰਭਿ ਨ ਜੂਨੀ ਵਾਸਾ ॥ ਜੋਤੀ ਜੋਤਿ ਮਿਲਾਈ; ਸਚਿ (’ਚ) ਸਮਾਈ; ਸਚਿ+ਨਾਇ (ਰਾਹੀਂ) ਪਰਗਾਸਾ ॥ ਜਿਨੀ ਸਚੁ ਜਾਤਾ (ਜਾਣਿਆ); ਸੇ ਸਚੇ ਹੋਏ; ਅਨਦਿਨੁ ਸਚੁ ਧਿਆਇਨਿ ॥ ਨਾਨਕ ! ਸਚੁ ਨਾਮੁ ਜਿਨ ਹਿਰਦੈ ਵਸਿਆ; ਨਾ ਵੀਛੁੜਿ (ਕੇ) ਦੁਖੁ ਪਾਇਨਿ ॥੨॥’’ ਭਾਵ ਸੱਚੇ ਨਾਮ ਕਾਰਨ ਹੀ ਸੁੱਖ ਮਿਲਦਾ ਹੈ। ਜੋ ਜੀਵ ਸੱਚ ਵਿੱਚ ਸਮਾ ਗਿਆ, ਉਸ ਅੰਦਰ ਸੱਚੇ ਦਾ ਨਾਮ ਪਰਗਾਸ ਹੋ ਗਿਆ। ਅਗਿਆਨਤਾ ਦੂਰ ਹੋ ਗਈ, ਗਿਆਨ ਦਾ ਚਾਨਣ ਹੋ ਗਿਆ। ਸੱਚ; ਝੂਠ ਨੂੰ ਮਾਰਦਾ ਹੈ। ਸੱਚੇ ਓਹੀ ਹੋ ਸਕਦੇ ਹਨ ਜਿਨ੍ਹਾਂ ਨੇ ਸੱਚ ਨੂੰ ਜਾਣਿਆ ਹੈ, ਜੋ ਸੱਚ ਵਿੱਚ ਲੀਨ ਹੋ ਗਏ, ਜੋ ਹਰ ਵੇਲੇ ਸੱਚ ਧਿਆਉਂਦੇ ਹਨ। ਸੱਚ ਨੂੰ ਹਿਰਦੇ ਵਿੱਚ ਵਸਾਉਂਦੇ ਹਨ। ਫਿਰ ਉਹਨਾਂ ਵਾਸਤੇ ਵਿਕਾਰੀ ਭਾਵਨਾ ਖ਼ਤਮ ਹੋ ਗਈ ਕਿਉਂਕਿ ਉਹ ਸੱਚ ਨੂੰ ਹਰ ਵੇਲੇ ਧਿਆਉਂਦੇ ਹਨ। ਫਿਰ ਉਹ ਪਰਮਾਤਮਾ ਤੋਂ ਨਹੀਂ ਵਿਛੜਦੇ ਅਤੇ ਨਾ ਹੀ ਦੁੱਖ ਪਾਉਂਦੇ ਹਨ। ਉਸ ਅਵਸਥਾ ਵਿੱਚ ਦੁੱਖ-ਸੁੱਖ ਦਾ ਆਭਾਸ ਹੋਏਗਾ ‘‘ਜੋ ਨਰੁ; ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ (ਅੰਦਰ); ਕੰਚਨ ਮਾਟੀ ਮਾਨੈ (ਸੋਨਾ–ਮਿੱਟੀ ਇੱਕ ਸਮਾਨ ਸਮਝਦਾ ਹੈ)॥੧॥ ਰਹਾਉ ॥’’ (ਮਹਲਾ ੯/੬੩੩) ਸੋ ਪਰਮਾਤਮਾ ਦੇ ਨਾਲ ਸੱਚਾ ਪਿਆਰ ਕਰਨਾ ਹੈ, ਦਿਖਾਵੇ ਮਾਤਰ ਨਹੀਂ।
ਗੁਰੂ ਅਮਰਦਾਸ ਜੀ ਆਪਣੇ ਤੀਜੇ ਬੰਦ ਵਿੱਚ ਸਮਝਾਉਂਦੇ ਹਨ ‘‘ਸਚੀ ਬਾਣੀ, ਸਚੇ ਗੁਣ ਗਾਵਹਿ; ਤਿਤੁ+ਘਰਿ (’ਚ) ਸੋਹਿਲਾ ਹੋਈ ਰਾਮ ॥ ਨਿਰਮਲ ਗੁਣ ਸਾਚੇ; ਤਨੁ ਮਨੁ ਸਾਚਾ; ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ॥ ਸਭੁ ਸਚੁ ਵਰਤੈ; ਸਚੋ ਬੋਲੈ; ਜੋ ਸਚੁ ਕਰੈ; ਸੁ ਹੋਈ ॥ ਜਹ ਦੇਖਾ; ਤਹ ਸਚੁ ਪਸਰਿਆ; ਅਵਰੁ ਨ ਦੂਜਾ ਕੋਈ ॥ ਸਚੇ ਉਪਜੈ, ਸਚਿ (’ਚ) ਸਮਾਵੈ; ਮਰਿ ਜਨਮੈ ਦੂਜਾ ਹੋਈ ॥ ਨਾਨਕ ! ਸਭੁ ਕਿਛੁ ਆਪੇ ਕਰਤਾ; ਆਪਿ ਕਰਾਵੈ ਸੋਈ ॥੩॥ ਯਾਨੀ ਪਰਮਾਤਮਾ ’ਚ ਓਹੀ ਲੀਨ ਹੁੰਦਾ ਹੈ, ਜਿਸ ਨੂੰ ਪਰਮਾਤਮਾ ਆਪ ਕਿਰਪਾ ਕਰਕੇ ਆਪਣੇ ਨਾਲ ਜੋੜਦਾ ਹੈ। ਉਹ ‘‘ਪੰਚ ਪਰਵਾਣ ਪੰਚ ਪਰਧਾਨੁ ॥’’ ਬਣ ਜਾਂਦੇ ਹਨ ਯਾਨੀ ਜਿਹੜੇ ਪੰਚ ਹੋ ਗਏ ਓਹੀ ‘ਸੋ ਦਰੁ’ ਦਰਬਾਰ ’ਚ ਸ਼ੋਭਦੇ ਹਨ; ਜਿਵੇਂ ਕਿ ਚੌਥੇ ਅਤੇ ਅੰਤਮ ਬੰਦ ’ਚ ਫ਼ੁਰਮਾਇਆ ਗਿਆ ਹੈ ‘‘ਸਚੇ ਭਗਤ ਸੋਹਹਿ ਦਰਵਾਰੇ; ਸਚੋ ਸਚੁ ਵਖਾਣੇ ਰਾਮ ॥ ਘਟ ਅੰਤਰੇ ਸਾਚੀ ਬਾਣੀ; ਸਾਚੋ ਆਪਿ ਪਛਾਣੇ ਰਾਮ ॥ ਆਪੁ ਪਛਾਣਹਿ; ਤਾ ਸਚੁ ਜਾਣਹਿ; ਸਾਚੇ ਸੋਝੀ ਹੋਈ ॥ ਸਚਾ ਸਬਦੁ ਸਚੀ ਹੈ ਸੋਭਾ; ਸਾਚੇ ਹੀ ਸੁਖੁ ਹੋਈ ॥ ਸਾਚਿ (’ਚ) ਰਤੇ ਭਗਤ ਇਕ ਰੰਗੀ; ਦੂਜਾ ਰੰਗੁ ਨ ਕੋਈ ॥ ਨਾਨਕ ! ਜਿਸ ਕਉ ਮਸਤਕਿ (’ਤੇ) ਲਿਖਿਆ; ਤਿਸੁ ਸਚੁ ਪਰਾਪਤਿ ਹੋਈ ॥੪॥ (ਮਹਲਾ ੩/੭੬੯)
ਸੋ ਸਚ ਦੀ ਪ੍ਰਾਪਤੀ ਉਸ ਨੂੰ ਹੀ ਹੁੰਦੀ ਹੈ, ਜਿਸ ਨੂੰ ਧੁਰੋਂ ਲਿਖਿਆ ਹੋਵੇ। ਜਿਨ੍ਹਾਂ ’ਤੇ ਮਿਹਰ ਦੀ ਨਜ਼ਰ ਹੁੰਦੀ ਹੈ, ਨਹੀਂ ਤਾਂ ਅਦ੍ਰਿਸ਼ ‘‘ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ..॥’’ ਨੂੰ ਜਾਣਨਾ, ਅਨੁਭਵ ਕਰਨਾ ਮਾਇਆਧਾਰੀ ਬੰਦੇ ਦੇ ਵੱਸ ਦੀ ਗੱਲ ਨਹੀਂ। ਜਿਨ੍ਹਾਂ ਨੇ ਜਾਣ ਲਿਆ, ਉਹ ਨਿਹਾਲ ਹੋ ਜਾਂਦੇ ਹਨ। ਇਸੇ ਅਦ੍ਰਿਸ਼ ਸੱਚੇ ਲਈ ਕਿਹਾ ਹੈ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ ਹੋਸੀ; ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥ ਕਰਿ ਕਰਿ ਦੇਖੈ ਕੀਤਾ ਆਪਣਾ; ਜਿਉ ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ ਹੁਕਮੁ ਨ ਕਰਣਾ ਜਾਈ ॥’’ ਜੋ ਪਰਮਾਤਮਾ ਨੂੰ ਭਾਉਂਦਾ ਹੈ ਓਹੀ ਹੁੰਦਾ ਹੈ। ਓਹਦਾ ਕੀਤਾ ਹੀ ਵਰਤ ਰਿਹਾ ਹੈ। ਅਸੀਂ ਉਸ ਦੇ ਹੁਕਮ ਅੱਗੇ ਕੋਈ ਦਲੀਲ, ਨਾ ਨੁੱਕਰ ਆਦਿ ਭਾਵਨਾ ਨਹੀਂ ਰੱਖ ਸਕਦੇ।
ਆਸਾ ਕੀ ਵਾਰ ਦੀ 11ਵੀਂ ਪਉੜੀ ਨਾਲ਼ 3 ਸਲੋਕ ਹਨ। ਤੀਜੇ ਸਲੋਕ ਵਿੱਚ ਗੁਰੂ ਨਾਨਕ ਪਾਤਿਸ਼ਾਹ ਜੀ ਸਮਝਾਉਂਦੇ ਹਨ ਕਿ ‘‘ਵਦੀ ਸੁ ਵਜਗਿ ਨਾਨਕਾ ! ਸਚਾ ਵੇਖੈ ਸੋਇ ॥’’ ‘ਵਦੀ’ ਹੁੰਦੀ ਹੈ, ਜੋ ਬੰਨ੍ਹ ਕੇ ਭੇਜਿਆ ਹੈ। ਜੋ ਉਸ ਨੇ ਸਾਡੇ ਬਾਰੇ ਲਿਖ ਕੇ ਭੇਜਿਆ ਹੈ, ਉਹ ਨਿਸ਼ਤਿ ਹੋਣਾ ਹੈ ‘‘ਸਭਨੀ ਛਾਲਾ ਮਾਰੀਆ; ਕਰਤਾ ਕਰੇ, ਸੁ ਹੋਇ ॥’’ (ਮਹਲਾ ੧/੪੬੯) ਹਰ ਕੋਈ ਯਤਨ ਕਰ ਰਿਹਾ ਹੁੰਦਾ ਹੈ, ਪਰ ਹੋਏਗਾ ਉਹੀ, ਜੋ ਕਰਤੇ ਦੇ ਹੁਕਮ ਅੰਦਰ ਹੋਏਗਾ। ਜਨਮ ਤੋਂ ਲੈ ਕੇ ਮੌਤ ਤੱਕ ਦਾ ਸਫ਼ਰ ਪਰਮਾਤਮਾ ਨੇ ਆਪ ਲਿਖ ਕੇ ਭੇਜਿਆ ਹੈ। ਉਸ ਵਿੱਚ ਬਦਲਾਅ ਨਹੀਂ ਕੀਤਾ ਜਾ ਸਕਦਾ।
‘ਜਪੁ’ ਬਾਣੀ ਦੀ ਦੂਸਰੀ ਪਉੜੀ ’ਚ ਹੈ ‘‘ਹੁਕਮੀ ਹੋਵਨਿ ਆਕਾਰ; ਹੁਕਮੁ, ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ; ਹੁਕਮਿ ਮਿਲੈ ਵਡਿਆਈ ॥’’ ਜੋ ਵੀ ਹੋ ਰਿਹਾ ਹੈ ਪਰਮਾਤਮਾ ਦੇ ਹੁਕਮ ਅੰਦਰ ਹੋ ਰਿਹਾ ਹੈ। ਹੁਕਮ ਦੇ ਅੰਦਰ ਸਾਰੇ ਆਕਾਰ ਬਣਦੇ ਹਨ, ਸਾਰੇ ਜੀਵ-ਜੰਤੂ, ਪਸ਼ੂ-ਪੰਛੀ, ਜੀਵਾਣੂ-ਕੀਟਾਣੂ ਆਦਿ ਸਭ ਹੁਕਮ ’ਚ ਪੈਦਾ ਹੋਏ ਹਨ। ਉਸ ਦਾ ਹੁਕਮ ਕਿੰਨਾ ਵਿਆਪਕ ਹੈ, ਉਸ ਬਾਰੇ ਕੁੱਝ ਕਹਿ ਨਹੀਂ ਸਕਦੇ। ਸਾਰੀ ਖੇਡ ਉਸ ਨੇ ਆਪੇ ਰਚਾਈ ਹੋਈ ਹੈ। ਵਡਿਆਈ ਮਿਲਣਾ ਵੀ ਉਸ ਦੇ ਆਪਣੇ ਹੁਕਮ ਅੰਦਰ ਹੈ। ਕੋਈ ਵੀ ਮਾੜਾ ਜਾਂ ਚੰਗਾ ਨਹੀਂ। ਗੁਰਬਾਣੀ ਫ਼ੁਰਮਾਨ ਹੈ ‘‘ਹੁਕਮੀ ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ ॥’’ ਹੁਕਮ ਤੋਂ ਬਿਨਾਂ ਕੋਈ ਵੀ ਆਪਣੇ ਆਪ ਉੱਤਮ ਜਾਂ ਨੀਚ ਨਹੀਂ ਹੈ। ਅਕਸਰ ਕਿਹਾ ਜਾਂਦਾ ਹੈ ਕਿ ਫਲਾਣਾ ਬਹੁਤ ਮਾੜਾ ਹੈ, ਫਲਾਣਾ ਬਹੁਤ ਚੰਗਾ ਹੈ, ਪਰ ਗੁਰਬਾਣੀ ਕਹਿੰਦੀ ਹੈ ਕਿ ਸਭ ਦੁੱਖ-ਸੁੱਖ ਹੁਕਮ ਦੇ ਲਿਖੇ ਅਨੁਸਾਰ ਵਾਪਰਦੇ ਹਨ ‘‘ਸੁਖੁ ਦੁਖੁ ਦੁਇ ਦਰਿ (ਤੋਂ ਮਿਲੇ) ਕਪੜੇ; ਪਹਿਰਹਿ ਜਾਇ ਮਨੁਖ ॥’’ (ਮਹਲਾ ੧/੧੪੯)
ਗੁਰੂ ਜੀ ਅੱਗੇ ਫ਼ੁਰਮਾਉਂਦੇ ਹਨ ਕਿ ‘‘ਇਕਨਾ ਹੁਕਮੀ ਬਖਸੀਸ; ਇਕਿ ਹੁਕਮੀ ਸਦਾ ਭਵਾਈਅਹਿ ॥ ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥ ਨਾਨਕ ! ਹੁਕਮੈ ਜੇ ਬੁਝੈ; ਤ, ਹਉਮੈ ਕਹੈ ਨ ਕੋਇ ॥੨॥ (ਜਪੁ) ਭਾਵ ਕਈਆਂ ਨੂੰ ਉਹ ਆਪਣੇ ਹੁਕਮ ਵਿੱਚ ਭਵਾਉਂਦਾ ਰਹਿੰਦਾ ਹੈ। ਸੰਸਾਰ ਵਿੱਚ ਜਿਊਂਦੇ ਹੋਏ ਨੂੰ ਵੀ ਅਤੇ ਮੌਤ ਤੋਂ ਬਾਅਦ ਜਨਮ-ਮਰਨ ਦੇ ਗੇੜ ਵਿੱਚ ਵੀ ਭਵਾਉਂਦਾ ਹੈ। ਕੋਈ ਵੀ ਉਸ ਦੇ ਹੁਕਮ ਤੋਂ ਬਾਹਰ ਨਹੀਂ। ਹੇ ਨਾਨਕ ! ਜੋ ਵੀ ਇਸ ਹੁਕਮ ਨੂੰ ਬੁੱਝ ਜਾਏ ਕਿ ਹਰ ਕਰਮ, ਹਰ ਪ੍ਰਾਪਤੀ, ਹਰ ਨਫ਼ਾ-ਨੁਕਸਾਨ ਆਦਿ ਪਰਮਾਤਮਾ ਦੇ ਹੁਕਮ ਅਨੁਸਾਰ ਵਾਪਰ ਰਿਹਾ ਹੈ, ਤਾਂ ਫਿਰ ਕੋਈ ਵੀ ਇਹ ਨਹੀਂ ਕਹੇਗਾ ਕਿ ਇਹ ਚੰਗਾ ਕੰਮ ਮੈਂ ਕੀਤਾ ਜਾਂ ਇਹ ਮੇਰੇ ਕਰਕੇ ਹੋ ਰਿਹਾ ਹੈ ਬਲਕਿ ਫਿਰ ਇਨਸਾਨ ਕਹੇਗਾ ਕਿ ਮਹਾਰਾਜ ਨੇ ਇਹ ਮੇਰੇ ਕੋਲੋਂ ਕਰਵਾਇਆ ਹੈ।
ਆਮ ਦੁਨੀਆਦਾਰੀ ਦੀਆਂ ਗੱਲਾਂ ਸੁਣੀਏ ਤਾਂ ਇਹ ਸੁਣਨ ਨੂੰ ਮਿਲਦਾ ਹੈ ਕਿ ਜੇ ਮੈਂ ਨਾ ਹੁੰਦਾ ਤਾਂ ਇਹ ਕੰਮ ਨੇਪਰੇ ਨਹੀਂ ਚੜ੍ਹਨਾ ਸੀ। ਉਦਾਹਰਨ ਵਜੋਂ ਕਿਸੇ ਵੀ ਪ੍ਰਧਾਨ ਦੀ ਗੱਲ ਕਰੀਏ ਉਹ ਭਾਵੇਂ ਸਮਾਜਿਕ ਸੰਸਥਾ ਦਾ ਹੋਵੇ ਜਾਂ ਧਾਰਮਿਕ ਸੰਸਥਾ ਦਾ, ਉਸ ਨੇ ਆਪਣੇ ਦਿਮਾਗ਼ ਵਿੱਚ ਇੱਕ ਵਹਿਮ ਪਾਲ਼ਿਆ ਹੋਇਆ ਹੈ ਕਿ ਜੋ ਵੀ ਕੰਮ ਨੇਪਰੇ ਚੜ੍ਹ ਰਹੇ ਹਨ ਉਹ ਕੇਵਲ ਮੇਰੀ ਪ੍ਰਧਾਨਗੀ ਕਰਕੇ ਹੋ ਰਹੇ ਹਨ, ਪਰ ਉਹ ਇਸ ਗੱਲ ਨੂੰ ਵਿਸਾਰ ਦਿੰਦਾ ਹੈ ਕਿ ਪਰਮਾਤਮਾ ਦੀ ਬਖਸ਼ਸ਼ ਤੋਂ ਬਿਨਾਂ ਉਹ ਪ੍ਰਧਾਨ ਨਹੀਂ ਬਣਿਆ। ਗੁਰੂ ਸਾਹਿਬ ਦੱਸਦੇ ਹਨ ਕਿ ‘‘ਜੋ ਅਨਰੂਪਿਓ ਠਾਕੁਰਿ+ਮੇਰੈ (ਨੇ); ਹੋਇ ਰਹੀ ਉਹ ਬਾਤ ॥੧॥ ਰਹਾਉ ॥’’ (ਮਹਲਾ ੫/੪੯੬) ‘ਅਨਰੂਪਿਓ’ ਤੋਂ ਭਾਵ ਹੈ ਕਿ ਜੋ ਮੇਰੇ ਲਈ ਨਿਰਧਾਰਿਤ ਕੀਤਾ ਹੈ।
ਹਰ ਦਿਨ ‘ਜਪੁ’ ਬਾਣੀ ਵਿੱਚ ਪੜ੍ਹੀਦਾ ਹੈ ‘‘ਜਿਸੁ ਹਥਿ (’ਚ) ਜੋਰੁ; ਕਰਿ ਵੇਖੈ ਸੋਇ ॥’’ ਜਿਸ ਮਾਲਕ ਦੇ ਹੱਥ ਵਿੱਚ ਸਾਰੀ ਸਮਰੱਥਾ ਹੈ ਓਹੀ ਸਭ ਕੁੱਝ ਕਰਦਾ ਹੈ ‘‘ਜੋ ਕਿਛੁ ਹੋਆ; ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ; ਕਰਣੈ ਜੋਗੁ ॥’’ (ਮਹਲਾ ੫/੧੭੬) ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ, ਮਨੁੱਖ ਦੇ ਹੱਥ ਕੁੱਝ ਵੀ ਨਹੀਂ ਹੁੰਦਾ। ਜੋ ਵੀ ਉਸ ਨੂੰ ਭਾਉਂਦਾ ਹੈ ਓਹੀ ਹੁੰਦਾ ਹੈ।
ਭਗਤ ਕਬੀਰ ਜੀ ਨੇ ਵੀ ਬਹੁਤ ਵਧੀਆ ਲਿਖਿਆ ਹੈ ‘‘ਕਬੀਰ ਜੋ ਮੈ ਚਿਤਵਉ; ਨਾ ਕਰੈ; ਕਿਆ ਮੇਰੇ ਚਿਤਵੇ ਹੋਇ ॥ ਅਪਨਾ ਚਿਤਵਿਆ ਹਰਿ ਕਰੈ; ਜੋ ਮੇਰੇ ਚਿਤਿ (’ਚ) ਨ ਹੋਇ ॥’’ (ਭਗਤ ਕਬੀਰ/੧੩੭੬) ਆਪ ਜੀ ਦਾ ਹੀ ਬਚਨ ਹੈ ‘‘ਕਬੀਰ ਨਾ ਹਮ ਕੀਆ; ਨ ਕਰਹਿਗੇ; ਨਾ ਕਰਿ ਸਕੈ ਸਰੀਰੁ ॥ ਕਿਆ ਜਾਨਉ ਕਿਛੁ ਹਰਿ ਕੀਆ; ਭਇਓ ਕਬੀਰੁ ਕਬੀਰੁ ॥੬੨॥ (ਭਗਤ ਕਬੀਰ/੧੩੬੭), ਇਹੀ ਵਿਚਾਰ ਗੁਰੂ ਸਾਹਿਬਾਨ ਨੇ ਦਿੱਤੇ ਹਨ ‘‘ਤੁਧੁ ਆਪੇ ਭਾਵੈ; ਸੋਈ ਵਰਤੈ ਜੀ ! ਤੂੰ ਆਪੇ ਕਰਹਿ, ਸੁ ਹੋਈ ॥ ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ! ਤੁਧੁ ਆਪੇ ਸਿਰਜਿ (ਕੇ), ਸਭ ਗੋਈ (ਮਾਰੀ) ॥ (ਮਹਲਾ ੪/੧੧), ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥ ਜੋ ਤਉ ਭਾਵੈ ਸੋਈ ਥੀਸੀ; ਜੋ ਤੂੰ ਦੇਹਿ (ਦੇਹਿਂ), ਸੋਈ ਹਉ ਪਾਈ (ਹਉਂ ਪਾਈਂ)॥੧॥ ਰਹਾਉ ॥ (ਸੋ ਪੁਰਖੁ/ਮਹਲਾ ੪/੧੧), ਆਪਨ ਕੀਆ ਕਛੂ ਨ ਹੋਇ ॥ ਜੇ ਸਉ ਪ੍ਰਾਨੀ ਲੋਚੈ ਕੋਇ ॥ ਤਿਸੁ ਬਿਨੁ; ਨਾਹੀ ਤੇਰੈ ਕਿਛੁ ਕਾਮ ॥ ਗਤਿ ਨਾਨਕ ! ਜਪਿ ਏਕ ਹਰਿ ਨਾਮ ॥ (ਸੁਖਮਨੀ/ਮਹਲਾ ੫/੨੮੨), ਕਾਰਣੁ ਕਰਤੈ (ਨੇ) ਜੋ ਕੀਆ; ਸੋਈ ਹੈ ਕਰਣਾ ॥’’ (ਮਹਲਾ ੫/੧੧੦੨) ਭਾਵੇਂ ਸਾਰੀ ਧਰਤੀ ਲੱਭ ਲਈਏ ਪਰ ਬਿਨ ਕਰਮਾਂ ਤੋਂ ਕੁਝ ਨਹੀਂ ਮਿਲ ਸਕਦਾ ‘‘ਜੋ ਕਿਛੁ ਕਰੇ ਸੁ ਆਪੇ ਸੁਆਮੀ; ਹਰਿ ਆਪੇ ਕਾਰ ਕਮਾਵੈ ॥’’ (ਮਹਲਾ ੪/੭੧੯) ਹੇ ਭਾਈ ! ਇਸ ਗੱਲ ਨੂੰ ਆਪਣੇ ਹਿਰਦੇ ’ਚ ਵਸਾ ਲੈ ਕਿ ਹਰ ਖੇਡ ਉਸ ਪਰਮਾਤਮਾ ਦੁਆਰਾ ਖੇਡੀ ਜਾ ਰਹੀ ਹੈ। ਉਸ ਦੇ ਹੁਕਮ ’ਚ ਜੋ ਵੀ ਮਿਲਦਾ ਹੈ ਉਸ ਦਾ ਸ਼ੁਕਰ ਕਰੋ। ਜੋ ਉਸ ਨੇ ਤੈਨੂੰ ਨਹੀਂ ਦਿੱਤਾ ਉਹ ਤੇਰੇ ਲਈ ਚੰਗਾ ਨਹੀਂ ਸੀ। ਕਲਪਨਾ ਕਰਨ ਨਾਲ, ਝਗੜੇ ਕਰਨ ਨਾਲ, ਰੋਣ ਨਾਲ ਜੋ ਤੇਰਾ ਹੈ ਨਹੀਂ, ਉਹ ਤੈਨੂੰ ਨਹੀਂ ਮਿਲੇਗਾ। ਗੁਰੂ ਪਾਤਿਸ਼ਾਹ ਜੀ ਦੱਸਦੇ ਹਨ ਕਿ ‘‘ਨਕਿ (’ਚ) ਨਥ, ਖਸਮ ਹਥ; ਕਿਰਤੁ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ; ਨਾਨਕਾ ਸਚੁ ਹੇ ॥’’ (ਮਹਲਾ ੨/੬੫੩) ਜੀਵ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ। ਜਿੱਥੇ ਵੀ ਦਾਣੇ ਹਨ, ਉੱਥੇ ਹੀ ਖਾਣ ਜਾਣਾ ਹੈ। ਇੱਕ ਇਹੀ ਸੱਚ ਹੈ ਬਾਕੀ ਸਭ ਝੂਠ ‘‘ਜਿਉ ਜਿਉ ਤੇਰਾ ਹੁਕਮੁ; ਤਿਵੈ ਤਿਉ ਹੋਵਣਾ ॥’’ (ਮਹਲਾ ੫/੫੨੩) ਜਿੱਥੇ-ਜਿੱਥੇ ਤੇਰਾ ਹੁਕਮ ਹੈ ਉੱਥੇ-ਉੱਥੇ ਅਸੀਂ ਜਾ ਕੇ ਖਲ੍ਹੋਣਾ ਹੀ ਹੈ। ਸਾਡੀ ਕੋਈ ਤਾਕਤ ਨਹੀਂ, ਸਾਡੀ ਕੋਈ ਪਾਇਆਂ ਨਹੀਂ ‘‘ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ ਹੁਕਮੁ ਨ ਕਰਣਾ ਜਾਈ ॥’’ ਅਸੀਂ ਉਸ ਵਿਰੁਧ ਕੋਈ ਹੀਲ-ਹੁੱਜਤ (ਬਹਾਨੇਬਾਜ਼ੀ) ਨਹੀਂ ਕਰ ਸਕਦੇ।
ਗੁਰੂ ਪਾਤਿਸ਼ਾਹ ਨੇ ਦੁਨੀਆ ਦਾ ਇੱਕ ਸੱਚ ਸਮਝਾਇਆ ਹੈ ਕਿ ਇਹ ਉਸ ਦੀ ਵਡਿਆਈ ਹੈ। ਇਹ ਪਰਮਾਤਮਾ ਦਾ ਬਣਿਆ ਹੋਇਆ ਨਿਯਮ ਹੈ। ਜਿਸ ਨੇ ਜੋ-ਜੋ ਪਾਉਣਾ ਹੈ, ਜਿਸ ਨੂੰ ਜੋ ਦੇਣਾ ਹੈ, ਉਹ ਇੱਕ ਨਿਯਮ ਬਣਾ ਕੇ ਭੇਜਦਾ ਹੈ। ਜਦੋਂ ਅਸੀਂ ਸ਼ਰਤਾਂ ਲਾ ਕੇ ਬਾਣੀ ਪੜ੍ਹਦੇ ਹਾਂ ਕਿ ਹੇ ਪਰਮਾਤਮਾ ! ਮੇਰਾ ਇਹ ਕੰਮ ਕਰਦੇ, ਮੈਂ ਲੱਖ, ਸਵਾ ਲੱਖ ਦਾ ਰੁਮਾਲਾ ਚੜ੍ਹਾਵਾਂਗਾ। ਮੈਂ ਇਹ ਕਰਾਂਗਾ, ਔਹ ਕਰਾਂਗਾ। ਇਹ ਵੀ ਇਕ ਤਰ੍ਹਾਂ ਦਾ ਹੁਕਮ ਤੋਂ ਮੁਨਕਰ ਹੋਣਾ ਹੀ ਹੈ, ਜੋ ਅਸੀਂ ਗੁਰੂ ਅੱਗੇ ਕਰਦੇ ਹਾਂ। ਇਹ ਬਿਲਕੁਲ ਗ਼ਲਤ ਹੈ। ਇੱਕ ਸੱਚੇ ਸਿੱਖ ਦਾ ਜੋ ਪਿਆਰ ਹੈ ਉਹ ਸ਼ਰਤਾਂ ਰਹਿਤ ਹੋਣਾ ਚਾਹੀਦਾ ਹੈ।
‘ਸੋ ਦਰੁ’ ਸ਼ਬਦ ਦੇ ਅੰਤ ’ਚ ਫ਼ੁਰਮਾਇਆ ਹੈ ‘‘ਸੋ ਪਾਤਿਸਾਹੁ ਸਾਹਾ ਪਤਿਸਾਹਿਬੁ; ਨਾਨਕ ! ਰਹਣੁ ਰਜਾਈ ॥੧॥’’ ਹੇ ਨਾਨਕ ! ਸਾਡੇ ਹੱਥ ’ਚ ਕੁਝ ਨਹੀਂ। ਸਭ ਕੁਝ ਪਰਮਾਤਮਾ ਦੇ ਹੁਕਮ ’ਚ ਹੈ। ਪਰਮਾਤਮਾ ਦੇ ਹੁਕਮ ਤੋਂ ਬਗੈਰ ਅਸੀਂ ਕੁੱਝ ਵੀ ਨਹੀਂ ਕਰ ਸਕਦੇ। ਪਰਮਾਤਮਾ ਸ਼ਾਹਾਂ ਦਾ ਸ਼ਹਿਨਸ਼ਾਹ ਹੈ। ਸਾਨੂੰ ਉਸ ਦੀ ਰਜ਼ਾ ’ਚ ਖ਼ੁਸ਼ ਰਹਿਣਾ ਚਾਹੀਦਾ ਹੈ। ਇੱਥੇ ‘ਨਾਨਕ’ ਅੰਤ ਮੁਕਤ ਹੈ, ਇਸ ਲਈ ‘ਨਾਨਕ’ ਤੋਂ ਬਾਅਦ ਪਾਠ ਕਰਦਿਆਂ ਥੋੜ੍ਹਾ ਰੁਕਣਾ ਹੈ।
‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਸਵਾਲ ਹੈ ‘ਕਿਵੇਂ ਸਚਿਆਰ ਹੋ ਸਕੀਦਾ ਹੈ ? ਜਵਾਬ : ਪਰਮਾਤਮਾ ਦੀ ਰਜ਼ਾ ’ਚ ਖ਼ੁਸ਼ ਰਹਿਣ ਨਾਲ਼। ਇਹੀ ਸਭ ਤੋਂ ਵੱਡੀ ਭਗਤੀ ਹੈ। ਸੁੱਖ-ਦੁੱਖ ਵਿੱਚ ਉਸ ਨੂੰ ਯਾਦ ਰੱਖਣਾ ਸਭ ਤੋਂ ਵੱਡੀ ਪੂਜਾ ਹੈ। ਹੁਕਮੀ ਦੀ ਰਜ਼ਾ ਵਿੱਚ ਰਹਿ ਕੇ ਹੀ ਸਚਿਆਰੇ ਬਣਿਆ ਜਾ ਸਕਦਾ ਹੈ। ਕੂੜ ਦੀ ਕੰਧ ਟੁੱਟਦੀ ਹੈ। ਇਸ ਸਚਾਈ ਤੋਂ ਇਨਕਾਰੀ ਜੇਕਰ ਕੋਈ ਬੰਦਾ ‘ਕੂੜ ਦੀ ਪਾਲਿ’ ਨੂੰ ਤੋੜਨ ਦਾ ਕੋਈ ਹੋਰ ਰਾਹ ਦੱਸਦਾ ਹੈ ਤਾਂ ਉਹ ਵਿਕਾਰਾਂ ਦੀਆਂ ਅਣਗਿਣਤ ਜੁੱਤੀਆਂ ਆਪਣੇ ਮੂੰਹ ’ਤੇ ਸਹਾਰਦਾ ਹੈ ਯਾਨੀ ਲੋਕਾਂ ਪਾਸੋਂ ਫਿਟਕਾਰਾਂ ਲੈਂਦਾ ਹੈ ‘‘ਬੰਦਿ ਖਲਾਸੀ; ਭਾਣੈ (’ਚ) ਹੋਇ ॥ ਹੋਰੁ; ਆਖਿ ਨ ਸਕੈ ਕੋਇ ॥ ਜੇ ਕੋ ਖਾਇਕੁ (ਮੂਰਖ); ਆਖਣਿ ਪਾਇ ॥ ਓਹੁ ਜਾਣੈ; ਜੇਤੀਆ ਮੁਹਿ ਖਾਇ ॥੨੫॥’’ (ਜਪੁ)
ਸੋ ਜਦ ਦੁੱਖ-ਸੁੱਖ ਦੋਵੇਂ ਪਰਮਾਤਮਾ ਦੇ ਹੱਥ ਵਿੱਚ ਹਨ। ਇਨਸਾਨ ਕੇਵਲ ਇਕ ਅਰਦਾਸ ਕਰ ਸਕਦਾ ਹੈ; ਹੇ ਵਾਹਿਗੁਰੂ ! ਜੋ ਤੁਸੀਂ ਕੀਤਾ ਹੈ ਸੋ ਵਾਹ ਵਾਹ ! ਜੋ ਕਰ ਰਹੇ ਹੋ ਉਹ ਵੀ ਵਾਹ ਵਾਹ ! ਅਤੇ ਜੋ ਵੀ ਕਰੋਗੇ ਉਹ ਵੀ ਵਾਹ ਵਾਹ ! ਹੀ ਹੋਵੇਗਾ। ਇਸ ਤੋਂ ਵੱਡੀ ਹੋਰ ਕੋਈ ਭਗਤੀ ਨਹੀਂ। ਭੁੱਲ ਚੁਕ ਦੀ ਖਿਮਾ।
ਜੈਤੋ ਦਾ ਮੋਰਚਾ
ਜੈਤੋ ਦਾ ਮੋਰਚਾ
ਡਾ.ਚਰਨਜੀਤ ਸਿੰਘ ਗੁਮਟਾਲਾ
ਸਿੱਖ ਇਤਿਹਾਸ ਵਿੱਚ ਜੈਤੋ ਦੇ ਮੋਰਚੇ ਦਾ ਵਿਸ਼ੇਸ਼ ਸਥਾਨ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਪ੍ਰਕਾਸ਼ਿਤ ਸਿੱਖ ਧਰਮ ਵਿਸ਼ਵ ਕੋਸ਼ ਅਨੁਸਾਰ ਜੈਤੋ ਦਾ ਮੋਰਚਾ ਉਹ ਅਕਾਲੀ ਲਹਿਰ ਹੈ ਜਿਸ ਰਾਹੀਂ ਪੰਜਾਬ ਵਿੱਚ ਸਿੱਖ ਰਿਆਸਤ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਉੱਪਰ ਮੁੜ ਬਹਾਲ ਕਰਨ ਲਈ ਲਹਿਰ ਚਲਾਈ ਗਈ ਸੀ। ਮਹਾਰਾਜਾ ਦੀ ਅਕਾਲੀਆਂ ਪ੍ਰਤੀ ਹਮਦਰਦੀ ਸੀ ਅਤੇ ਉਸ ਨੇ ਖੁੱਲ੍ਹੇ ਤੌਰ ’ਤੇ ਗੁਰੂ ਕਾ ਬਾਗ਼ ਮੋਰਚੇ ਦੀ ਹਿਮਾਇਤ ਕੀਤੀ ਅਤੇ ਨਨਕਾਣਾ ਸਾਹਿਬ ਵਿਖੇ ਸੁਧਾਰਵਾਦੀਆਂ ਦੇ ਕਤਲ ਦੇ ਵਿਰੋਧ ਵਜੋਂ ਕਾਲੀ ਪੱਗ ਬੰਨ੍ਹ ਲਈ ਸੀ। ਉਸ ਦੇ, ਭਾਰਤੀ ਕੌਮੀ ਨੇਤਾਵਾਂ ਨਾਲ ਸੰਬੰਧਾਂ ਕਰਕੇ ਅਤੇ ਆਮ ਮਾਮਲਿਆਂ ’ਚ ਵੱਧ ਗ੍ਰਸਤ ਹੋਣ ਕਰਕੇ ਬ੍ਰਿਟਿਸ਼ ਸਰਕਾਰ ਉਸ ਤੋਂ ਤੰਗ ਆ ਗਈ ਸੀ। 9 ਜੁਲਾਈ 1923 ਨੂੰ ਉਸ ਨੂੰ ਆਪਣੇ ਨਾਬਾਲਗ਼ ਪੁੱਤਰ ਪ੍ਰਤਾਪ ਸਿੰਘ ਲਈ ਗੱਦੀ ਛੱਡਣ ਲਈ ਮਜਬੂਰ ਕੀਤਾ ਗਿਆ। ਭਾਵੇਂ ਬ੍ਰਿਟਿਸ਼ ਅਫ਼ਸਰਾਂ ਨੇ ਉਸ ਦੇ ਗੱਦੀ ਛੱਡਣ ਨੂੰ ਆਪਣੀ ਮਰਜ਼ੀ ਨਾਲ ਛੱਡਣ ਲਈ ਉਚਾਰਿਆ ਪਰ ਅਕਾਲੀਆਂ ਅਤੇ ਹੋਰ ਕੌਮੀ ਜਥੇਬੰਦੀਆਂ ਨੇ ਇਸ ਦੀ ਸਰਕਾਰ ਵੱਲੋਂ ਧਾਂਦਲੀ ਦੇ ਕੰਮ ਵਜੋਂ ਨਿੰਦਾ ਕੀਤੀ। ਮਾਸਟਰ ਤਾਰਾ ਸਿੰਘ ਨੇ ਵੀ ਇਹ ਹਰਕਤ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦੀ ਗੱਦੀਓਂ ਲਾਹੁਣ ਨਾਲ ਮੇਲ ਕੇ ਇਸ ਦੀ ਨਿੰਦਾ ਕੀਤੀ।
ਮਹਾਰਾਜਾ ਨਾਭਾ ਨੂੰ ਮੁੜ ਗੱਦੀ ਉੱਤੇ ਬਿਠਾਉਣ ਲਈ ਬਣੀ ਕਮੇਟੀ ਨੇ ਇਹ ਕਿਹਾ ਕਿ ਪੰਜਾਬ ਦੇ ਸਾਰੇ ਪ੍ਰਮੁੱਖ ਨਗਰਾਂ ਵਿੱਚ ਉਸ ਦੇ ਲਈ ਕੀਤੀ ਅਰਦਾਸ ਵਜੋਂ 29 ਜੁਲਾਈ 1923 ਦਾ ਦਿਨ ਮਨਾਇਆ ਜਾਵੇ। 2 ਅਗਸਤ 1923 ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਵਾਇਸਰਾਇ ਲਾਰਡ ਰੀਡਿੰਗ ਨੂੰ ਤਾਰ ਭੇਜੀ ਜਿਸ ਵਿੱਚ ਸਰਕਾਰੀ ਬਿਆਨ ’ਤੇ ਇਤਰਾਜ਼ ਕੀਤਾ ਕਿ ਮਹਾਰਾਜਾ ਨੇ ਆਪਣੀ ਗੱਦੀ ਆਪਣੀ ਮਰਜ਼ੀ ਨਾਲ ਤਿਆਗੀ ਹੈ ਅਤੇ ਇਹ ਮੰਗ ਕੀਤੀ ਕਿ ਇਸ ਦੀ ਨਿਰਦਲੀ ਜਾਂਚ ਕਰਵਾਈ ਜਾਵੇ। ਤਿੰਨ ਦਿਨਾਂ ਬਾਅਦ ਇਹ ਮਤਾ ਪਾਸ ਕਰ ਦਿੱਤਾ ਗਿਆ ਜਿਸ ਵਿੱਚ ਇਸ ਦੀ ਕਾਰਜਕਾਰਨੀ ਕਮੇਟੀ ਨੂੰ ਮਹਾਰਾਜਾ ਰਿਪੁਦਮਨ ਨੂੰ ਨਾਭਾ ਦੀ ਗੱਦੀ ’ਤੇ ਮੁੜ ਬਿਠਾਉਣ ਲਈ ਸ਼ਾਂਤਮਈ ਅੰਦੋਲਨ ਕਰਨ ਲਈ ਕਿਹਾ ਗਿਆ। ਨਾਭਾ ਸਰਦਾਰ ਦਾ ਇਹ ਆਰਡੀਨੈਂਸ/ਅਧਿਆਦੇਸ਼ ਜਿਸ ਵਿੱਚ ਜਨਤਕ ਸਭਾਵਾਂ ਦੀ ਮਨਾਹੀ ਸੀ, ਉਸ ਦਾ ਸਿੱਖਾਂ ਦੁਆਰਾ ਵਿਰੋਧ ਕੀਤਾ ਗਿਆ ਅਤੇ ਮਹਾਰਾਜਾ ਨੂੰ ਗੱਦੀ ਤੋਂ ਲਾਹੁਣ ਦੇ ਕੰਮ ਨੂੰ ਨਿੰਦਣ ਲਈ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ।
25 ਅਗਸਤ ਨੂੰ, ਨਾਭਾ ਦੇ ਖੇਤਰ ਵਿੱਚ ਜੈਤੋ ਵਿਖੇ ਇੱਕ ਦੀਵਾਨ ਲਗਾਇਆ, ਜਿਸ ਵਿੱਚ ਲੋਕਾਂ ਨੇ ਨਗਰ ਕੀਰਤਨ ਕੱਢਿਆ ਅਤੇ ਮਤੇ ਮਨਜ਼ੂਰ ਕੀਤੇ। ਜਿਨ੍ਹਾਂ ਵਿੱਚ ਮਹਾਰਾਜਾ ਨਾਲ ਹਮਦਰਦੀ ਕੀਤੀ ਗਈ ਅਤੇ ਸਰਕਾਰ ਦੇ ਕੰਮ ਦੀ ਨਿੰਦਾ ਕੀਤੀ ਗਈ। 27 ਅਗਸਤ ਨੂੰ, ਨਾਭਾ ਰਿਆਸਤ ਦੀ ਸਰਕਾਰ ਨੇ ਦੀਵਾਨ ਦੇ ਪ੍ਰਬੰਧਕਾਂ ਨੂੰ ਇਹ ਦੋਸ਼ ਲਾ ਕੇ ਗ੍ਰਿਫ਼ਤਾਰ ਕਰ ਲਿਆ ਕਿ ਉਨ੍ਹਾਂ ਨੇ ਰਾਜਨੀਤਿਕ ਭਾਸ਼ਣ ਦਿੱਤੇ ਹਨ। ਅਸਲ ਵਿੱਚ ਦੀਵਾਨ 27 ਅਗਸਤ ਨੂੰ ਖ਼ਤਮ ਹੋਣਾ ਸੀ ਪਰੰਤੂ ਪੁਲਿਸ ਦੁਆਰਾ ਕੀਤੀਆਂ ਗ੍ਰਿਫ਼ਤਾਰੀਆਂ ਨੇ ਅਕਾਲੀਆਂ ਨੂੰ ਅਨਿਸ਼ਚਿਤ ਸਮੇਂ ਤੱਕ ਚਲਾਉਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਲੜੀ ਸ਼ੁਰੂ ਕਰਨ ਲਈ ਭੜਕਾ ਦਿੱਤਾ। ਪੁਲਿਸ ਨੇ ਹੋਰ ਗ੍ਰਿਫ਼ਤਾਰੀਆਂ ਵੀ ਕੀਤੀਆਂ ਅਤੇ 14 ਸਤੰਬਰ 1923 ਨੂੰ ਚੱਲ ਰਹੇ ਅਖੰਡ ਪਾਠ ’ਚ ਸਰਕਾਰ ਨੇ ਆਪਣੇ ਪਾਠੀ, ਆਤਮਾ ਸਿੰਘ ਨੂੰ ਪਾਠ ਕਰ ਰਹੇ ਗ੍ਰੰਥੀ ਦੀ ਥਾਂ ’ਤੇ ਬਿਠਾ ਦਿੱਤਾ। ਇਸ ਤਰ੍ਹਾਂ ਬੇਅਦਬੀ ਹੋਣ ਨਾਲ ਸਿੱਖਾਂ ਵਿੱਚ ਹਲਚਲ ਮੱਚ ਗਈ। 29 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰੀ ਕਾਰਵਾਈ ਦੀ ਨਿੰਦਾ ਕੀਤੀ। ਨਾਲ ਦੀ ਨਾਲ ਉਸ ਸਮੇਂ ਸਿੱਖਾਂ ਨੂੰ ਪੂਰਨ ਅਜ਼ਾਦੀ ਦੇ ਤੌਰ ’ਤੇ ਪੂਜਾ-ਪਾਠ ਕਰਨ ਦੇ ਹੱਕ ਦੀ ਘੋਸ਼ਣਾ ਕਰ ਦਿੱਤੀ। ਸਰਕਾਰ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਅਖੰਡ ਪਾਠ ਦੀ ਲੜੀ ਤੋੜੀ ਗਈ ਸੀ। ਫਿਰ ਵੀ ਜਥੇ ਆਉਂਦੇ ਰਹੇ। ਸੈਕਟਰੀ ਆਫ਼ ਸਟੇਟ ਦੇ ਵਾਇਸਰਾਇ ਨੂੰ ਆਦੇਸ਼ ਦਿੱਤਾ ਕਿ ਅਕਾਲੀ ਅੰਦੋਲਨ ਨੂੰ ਗ੍ਰਿਫ਼ਤਾਰੀਆਂ ਰਾਹੀਂ ਅਤੇ ਸਾਰੇ ਪ੍ਰਬੰਧਕਾਂ ਤੇ ਅਪਰਾਧੀ-ਸਾਥੀਆਂ ਵਜੋਂ ਮੁਕੱਦਮਾ ਚਲਾ ਕੇ ਕਾਰਗਰ/ਪ੍ਰਭਾਵਸ਼ਾਲੀ ਰੋਕ ਲਾਈ ਜਾਵੇ। ਪੰਜਾਬ ਸਰਕਾਰ ਨੇ ਇਸ ਹਿਦਾਇਤ ’ਤੇ ਕੰਮ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਾਰੇ 60 ਮੈਂਬਰਾਂ ਨੂੰ ਬਾਦਸ਼ਾਹ ਦੇ ਵਿਰੁੱਧ ਵਿਦਰੋਹ ਦੇ ਦੋਸ਼ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਅਕਾਲੀਆਂ ਦੇ ਜਥਿਆਂ ਨੂੰ ਨਾਭਾ ਦੇ ਖੇਤਰ ਵਿੱਚ ਵੜਨ ਦੀ ਪਾਬੰਦੀ ਲਗਾ ਦਿੱਤੀ ਗਈ, ਜਥਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁਲਿਸ ਦੁਆਰਾ ਕੁੱਟਿਆ ਗਿਆ। ਫਿਰ ਇਨ੍ਹਾਂ ਨੂੰ ਦੂਰ ਰੇਗਿਸਤਾਨ ਵਿੱਚ ਬਿਨਾਂ ਖਾਣੇ ਅਤੇ ਬਿਨਾਂ ਪਾਣੀ ਦੇ ਛੱਡ ਦਿੱਤਾ ਜਾਂਦਾ ਸੀ। ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ, ਅਕਾਲੀਆਂ ਨੇ ਜਥਿਆਂ ’ਚ ਨਫ਼ਰੀ 500-500 ਕਰ ਦਿੱਤੀ।
9 ਫਰਵਰੀ 1924 ਨੂੰ 500 ਅਕਾਲੀਆਂ ਦਾ ਜਥਾ, ਅਕਾਲ ਤਖ਼ਤ ਤੋਂ ਰਵਾਨਾ ਹੋਇਆ ਅਤੇ ਜਿਸ ਸ਼ਹਿਰ ਅਤੇ ਪਿੰਡ ਵਿੱਚੋਂ ਦੀ ਵੀ ਇਹ ਲੰਘਦੇ ਇਨ੍ਹਾਂ ਨੂੰ ਬੇਮਿਸਾਲ ਸਤਿਕਾਰ ਮਿਲਿਆ। ਐਸ. ਜ਼ਿਮੰਦ, ਜੋ ‘ਨਿਊਯਾਰਕ ਰਾਈਮਜ਼’ ਦਾ ਸੰਵਾਦਦਾਤਾ ਸੀ, ਜਿਸ ਨੇ ਕੂਚ ਕਰਨ ਵੇਲੇ ਜਥੇ ਨੂੰ ਅੱਖੀਂ ਦੇਖਿਆ ਸੀ’ ਲਿਖਦਾ ਹੈ : ਜਥਾ ਪੂਰੀ ਤਰ੍ਹਾਂ ਠੀਕ ਅਨੁਸ਼ਾਸਨ ਅਤੇ ਅਹਿੰਸਾ ਪੂਰਵਕ ਚੱਲ ਰਿਹਾ ਸੀ, ਜਿਸ ਦੇ ਸੱਜੇ-ਖੱਬੇ ਦੋਵੇਂ ਪਾਸੀਂ ਲੋਕਾਂ ਦੀ ਭੀੜ ਸੀ, ਪੰਜ ਨਿਸ਼ਾਨ ਸਾਹਿਬ ਅੱਗੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਾਲੇ ਸੀ।
20 ਫਰਵਰੀ 1924 ਨੂੰ ਜਥਾ ਬਰਗਾੜੀ ਪਹੁੰਚ ਗਿਆ, ਜੋ ਜੈਤੋ ਤੋਂ ਤਕਰੀਬਨ 10 ਕਿਲੋਮੀਟਰ ਦੂਰ ਨਾਭਾ-ਫ਼ਰੀਦਕੋਟ ਸਰਹੱਦ ’ਤੇ ਇੱਕ ਪਿੰਡ ਹੈ। ਜੈਤੋ ਵਿਖੇ, ‘ਟਿੱਬੀ ਸਾਹਿਬ ਗੁਰਦੁਆਰੇ’ ਤੋਂ ਤਕਰੀਬਨ 150 ਮੀਟਰ ਦੀ ਦੂਰੀ ’ਤੇ, ਨਾਭੇ ਦਾ ਪ੍ਰਬੰਧਕ ਵਿਲਸਨ ਜਾਨਸਟਨ, ਰਿਆਸਤ ਦੀ ਕਾਫ਼ੀ ਪੁਲਿਸ ਲੈ ਕੇ ਖੜ੍ਹਾ ਸੀ। 21 ਫਰਵਰੀ ਨੂੰ, ਜਥੇ ਨੇ ਗੁਰਦੁਆਰੇ ਵੱਲ ਨੂੰ ਕੂਚ ਕੀਤਾ ਅਤੇ ਵਿਲਸਨ ਜਾਨਸਟਨ ਦੀ ਤਲਬ ’ਤੇ, ਜਥੇ ਨੇ ਰੁਕਣ ਤੋਂ ਮਨ੍ਹਾ ਕਰ ਦਿੱਤਾ। ਪ੍ਰਬੰਧਕ ਨੇ ਫ਼ੌਜ ਨੂੰ ਗੋਲ਼ੀ ਚਲਾਉਣ ਦਾ ਹੁਕਮ ਦੇ ਦਿੱਤਾ। ਦੋ ਵਾਰੀ ਗੋਲ਼ੀਆਂ ਦੀ ਬੁਛਾੜ ਜਿਹੜੀ 5 ਮਿੰਟ ਤੱਕ ਚੱਲਦੀ ਰਹੀ, ਵਿੱਚ ਕਈ ਸਿੰਘ ਮਾਰੇ ਗਏ।
ਫੱਟੜਾਂ-ਮਰਿਆਂ ਦੀ ਸੂਚੀ ਵਿੱਚ ਸਰਕਾਰੀ ਅਨੁਮਾਨ ਅਨੁਸਾਰ 19 ਮਰੇ ਸਨ ਅਤੇ 29 ਜ਼ਖ਼ਮੀ ਸਨ। ਅਕਾਲੀਆਂ ਦੇ ਮੁਤਾਬਕ ਗਿਣਤੀ ਕਿਤੇ ਜ਼ਿਆਦਾ ਸੀ। ਅਕਾਲੀਆਂ ਦੇ ਸ਼ਾਂਤਮਈ ਜਥੇ ਉੱਤੇ ਗੋਲੀਬਾਰੀ ਦੇਸ਼ ਭਰ ਵਿੱਚ ਨਾਰਾਜ਼ਗੀ ਦਾ ਕਾਰਨ ਬਣ ਗਈ। 26 ਫ਼ਰਵਰੀ 1924 ਨੂੰ, ਇੱਕ ਹੋਰ 500 ਸਿੰਘਾਂ ਦਾ ਬਹਾਦਰ ਜਥਾ; ਅੰਮ੍ਰਿਤਸਰ ਤੋਂ ਜੈਤੋ ਲਈ ਚੱਲਿਆ, ਜਿਹੜਾ 14 ਮਾਰਚ ਨੂੰ ਪੁਲਿਸ ਦੁਆਰਾ ਹਿਰਾਸਤ ਵਿੱਚ ਲੈ ਲਿਆ ਗਿਆ। 13 ਹੋਰ 500-500 ਸਿੰਘਾਂ ਦੇ ਬਹਾਦਰ ਜਥੇ; ਜੈਤੋ ਪਹੁੰਚੇ ਅਤੇ ਆਪਣੀਆਂ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ ਕੈਨੇਡਾ, ਹਾਂਗਕਾਂਗ ਅਤੇ ਸ਼ੰਘਾਈ ਤੋਂ ਵੀ ਸਿੱਖ ਜਥੇ ਆਏ। ਪੰਜਾਬ ਦੇ ਗਵਰਨਰ ਸਰ ਮੈਲਕਾਮ ਹੈਲੇ ਨੇ ਕੌਮ ਨੂੰ ਸਮਾਨਾਂਤਰ ਸਿੱਖ ਸੁਧਾਰ ਕਮੇਟੀਆਂ ਬਣਾ ਕੇ ਦੁਫਾੜ ਦੀ ਨੀਤੀ ਦੀ ਯੋਜਨਾ ਬਣਾਈ, ਜੋ ਨਰਮਪੰਥੀ ਅਤੇ ਸਰਕਾਰ ਪੱਖੀ ਗੁਟਾਂ ਨਾਲ ਸੰਬੰਧਿਤ ਸਨ।
ਕੁੱਝ ਸਿੱਖਾਂ ਨੂੰ ਜੈਤੋ ਵਿਖੇ ਅਖੰਡ-ਪਾਠ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਪ੍ਰੰਤੂ ਇਸ ਨਾਲ ਨਾ ਤਾਂ ਆਮ ਸਿੱਖ ਵਿਚਾਰ ਨੂੰ ਰਾਹਤ ਮਿਲੀ ਨਾ ਹੀ ਇਸ ਨੇ ਅੰਦੋਲਨ ਦੇ ਜੋਸ਼ ’ਤੇ ਕੋਈ ਖ਼ਾਸ ਪ੍ਰਭਾਵ ਪਾਇਆ। ਜੈਤੋ ਵਿਖੇ ਅਕਾਲੀਆਂ ਨੂੰ ਅਖੰਡ ਪਾਠ ਕਰਨ ਦੀ ਪ੍ਰਵਾਨਗੀ ਦੇ ਮੁੱਦੇ ’ਤੇ ਸਰਕਾਰ ਪੰਡਿਤ ਮਦਨ ਮੋਹਨ ਮਾਲਵੀਆ ਅਤੇ ਭਾਈ ਜੋਧ ਸਿੰਘ ਰਾਹੀਂ ਗੱਲਬਾਤ ਕਰਨ ਲਈ ਤਿਆਰ ਸੀ ਪਰੰਤੂ ਸਰਕਾਰ ਰਿਆਸਤ ਦੇ ਗੱਦੀਉਂ ਉਤਾਰੇ ਮਹਾਰਾਜੇ ਨੂੰ ਮੁੜ ਬਹਾਲ ਕਰਨ ਦੇ ਮਾਮਲੇ ’ਤੇ ਜ਼ਿੱਦੀ ਸੀ। ਇਸੇ ਸਮੇਂ ਦੌਰਾਨ, ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਪਰਿਸ਼ਦ ਵਿੱਚ ਸਿੱਖ ਗੁਰਦੁਆਰਿਆਂ ਦਾ ਬਿੱਲ ਪੇਸ਼ ਕਰ ਦਿੱਤਾ, ਜਿਹੜਾ 7 ਜੁਲਾਈ 1925 ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਬਿੱਲ ਪਾਸ ਕਰਨ ਮਗਰੋਂ, ਪੰਜਾਬ ਦੇ ਗਵਰਨਰ, ਸਰ ਮੈਲਕਾਮ ਹੈਲੇ ਨੇ ਪੰਜਾਬ ਵਿਧਾਨ ਪਰਿਸ਼ਦ ਵਿੱਚ ਆਪਣੇ ਭਾਸ਼ਣ ਦੇ ਦੌਰਾਨ ਇਹ ਐਲਾਨ ਕਰ ਦਿੱਤਾ ਸੀ ਕਿ ਨਾਭੇ ਦਾ ਪ੍ਰਬੰਧਕ ਜੈਤੋ ਵਿਖੇ ‘ਗੁਰਦੁਆਰਾ ਗੰਗਸਰ’ ਦੀ ਧਾਰਮਿਕ ਸੇਵਾ ਲਈ ਤੀਰਥ-ਯਾਤਰੀਆਂ ਦੇ ਜਥਿਆਂ ਨੂੰ ਪ੍ਰਵਾਨਗੀ ਦੇਵੇਗਾ। ਇਸ ਐਲਾਨ ਤੋਂ ਮਗਰੋਂ ਅਖੰਡ ਪਾਠ ਕਰਨ ਉੱਤੇ ਲੱਗੀ ਪਾਬੰਦੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਅਕਾਲੀਆਂ ਵਿੱਚੋਂ ਜ਼ਿਆਦਾਤਰ ਅਕਾਲੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਅਕਾਲੀਆਂ ਦੁਆਰਾ ਅਜਿਹੇ 101 ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਜਿਹੜੀ 6 ਅਗਸਤ 1925 ਨੂੰ ਸਮਾਪਤ ਹੋਈ।