ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ..॥

0
129

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ..॥

ਗਿਆਨੀ ਬਲਜੀਤ ਸਿੰਘ ਜੀ (ਡਾਇਰੈਕਟਰ ਆੱਫ ਐਜੁਕੇਸ਼ਨ)

ਕਰਤੇ ਪੁਰਖ ਵਿੱਚ ਲੀਨ ਹੁੰਦਿਆਂ ਤਿੰਨ ਗੱਲਾਂ ਵਿਸ਼ੇਸ਼ ਤੌਰ ’ਤੇ ਖ਼ਿਆਲ ਵਿੱਚ ਆ ਜਾਂਦੀਆਂ ਹਨ। ਪਹਿਲੀ; ਉਹ ਰਚਨਹਾਰ ਹਰੀ ਪਰਮਾਤਮਾ ਬੇਅੰਤ ਹੈ। ਦੂਜੀ; ਇਹ ਰਚਨਾ ਉਸ ਰਚਨਹਾਰ ਦਾ ਇੱਕ ਖੇਲ ਤਮਾਸ਼ਾ ਹੈ। ਤੀਜੀ; ਉਹ ਰਚਨਹਾਰ ਇਸ ਰਚਨਾ ਵਿੱਚ ਬੈਠ ਕੇ ਆਪ ਹੀ ਸਭ ਕੁਝ ਕਰ ਰਿਹਾ ਹੈ। ਇਨ੍ਹਾਂ ਤਿੰਨੇ ਗੱਲਾਂ ਵਿੱਚੋਂ ਪਹਿਲੀ ਅਤੇ ਤੀਸਰੀ; ਨਿਰਾਕਾਰ ਪ੍ਰਭੂ ਨਾਲ਼ ਸੰਬੰਧਿਤ ਹੈ ਅਤੇ ਦੂਸਰੀ; ਉਸ ਦੇ ਸਾਕਾਰ ਰੂਪ ਯਾਨੀ ਕਿ ਮਾਇਆ ਨਾਲ਼ ਸੰਬੰਧਿਤ ਹੈ।

ਇਹ ਵੀਚਾਰ ਕਿਸੇ ਸਾਧਾਰਨ ਮਨੁੱਖ ਦੇ ਮਨੋਕਲਪਿਤ ਵੀਚਾਰ ਨਹੀਂ ਸਗੋਂ ਉਨ੍ਹਾਂ ਬ੍ਰਹਮ ਗਿਆਨੀ ਪੁਰਸ਼ਾਂ ਦੇ ਹਨ, ਜਿਨ੍ਹਾਂ ਸੰਸਾਰ ਅਤੇ ਕਰਤਾਰ ਦੀ ਅਸਲੀਅਤ ਨੂੰ ਪਛਾਣਿਆ ਹੈ ਅਤੇ ਇਸ ਦੀ ਪਛਾਣ ਸਦਕਾ ਪਰਮ ਅਨੰਦ ਨੂੰ ਮਾਣਿਆ ਹੈ। ਇਨ੍ਹਾਂ ਤਿੰਨੇ ਗੱਲਾਂ ਵਿੱਚ ਅਨੰਦ ਦਾ ਰਹੱਸ ਜਾਂ ਖੁਸ਼ੀ ਦਾ ਰਾਜ਼ ਵੀ ਛੁਪਿਆ ਹੋਇਆ ਹੈ। ਜਿਹੜਾ ਬੰਦਾ ਇਨ੍ਹਾਂ ਦੇ ਰਹੱਸ ਨੂੰ ਸਮਝ ਲੈਂਦਾ ਹੈ। ਪੂਰਨ ਅਨੰਦ ਦਾ ਫੁਹਾਰਾ ਆਪ ਮੁਹਾਰੇ ਉਸ ਦੇ ਅੰਦਰੋਂ ਫੁੱਟ ਪੈਂਦਾ ਹੈ। ਜੇ ਅਸੀਂ ਅਨੰਦ ਤੋਂ ਸੱਖਣੇ ਜਾਂ ਬਾਂਝੇ ਹਾਂ ਤਾਂ ਅਸੀਂ ਕਰਤਾਰ ਅਤੇ ਕਰਤਾਰ ਦੀ ਕਿਰਤ ਯਾਨੀ ਕਿ ਸੰਸਾਰ ਨੂੰ ਉਸ ਦ੍ਰਿਸ਼ਟੀਕੋਣ ਤੋਂ ਨਹੀਂ ਦੇਖਿਆ; ਜਿਵੇਂ ਕਿ ਬ੍ਰਹਮ ਗਿਆਨੀ ਨੇ ਤਕਿਆ ਹੈ। ਸ਼ਾਇਦ ਸਾਡੀ ਗ਼ਲਤ ਦ੍ਰਿਸ਼ਟੀਕੋਣ ਨੂੰ ਮੁੱਖ ਰੱਖ ਕੇ ਹੀ ਭਗਤ ਰਵਿਦਾਸ ਜੀ ਫ਼ੁਰਮਾਉਂਦੇ ਹਨ ‘‘ਮਾਧਵੇ ! ਕਿਆ ਕਹੀਐ ਭ੍ਰਮੁ ਐਸਾ   ਜੈਸਾ ਮਾਨੀਐ; ਹੋਇ ਤੈਸਾ ਰਹਾਉ ’’ (ਭਗਤ ਰਵਿਦਾਸ/੬੫੭)

ਆਮ ਤੌਰ ’ਤੇ ਮਨੁੱਖ; ਰੱਬ ਨੂੰ ਕੇਵਲ ਗੁਰਦੁਆਰਿਆਂ, ਮੰਦਰਾਂ, ਚਰਚ ਜਾਂ ਮਸਜਿਦਾਂ ਵਿੱਚ ਬੈਠਾ ਸਮਝਦਾ ਹਨ। ਉਹ ਇਨ੍ਹਾਂ ਧਾਰਮਿਕ ਅਸਥਾਨਾਂ ’ਤੇ ਪਾਪ ਕਰਨ ਤੋਂ ਡਰਦੇ ਹਨ, ਪਰ ਬਾਹਰ ਆਮ ਜੀਵਨ ਵਿੱਚ ਮਨਮਾਨੀਆਂ ਕਰਦੇ ਹਨ। ਕੋਈ ਮਨੁੱਖ ਭੁਲੇਖੇ ਕਾਰਨ ਉਸ ਪਰਮਾਤਮਾ ਨੂੰ ਮਾਤ ਲੋਕ ਦੀ ਥਾਂ ਸਵਰਗ ਜਾਂ ਸੱਚਖੰਡ ਵਿੱਚ ਬੈਠਾ ਸਮਝ ਕੇ ਉਸ ਤੋਂ ਬਿਲਕੁਲ ਨਿਡਰ ਹੋ ਗਿਆ ਹੈ।

ਜੇ ਕੋਈ ਮਨੁੱਖ; ਮੰਦਰ ਜਾਂ ਗੁਰਦੁਆਰੇ ਉਸ ਦੇ ਦਰਸ਼ਨ ਕਰਨ ਜਾਵੇ, ਉੱਥੇ ਪ੍ਰਭੂ ਜਸ ਕਥਾ ਕੀਰਤਨ ਸੁਣਨ ਦੀ ਥਾਂ ਉੱਥੇ ਲੱਗੇ ਮਾਰਬਲ,  ਸੋਨੇ, ਚਾਂਦੀ ਤਥਾ ਹੀਰੇ ਜਵਾਰਾਤ ਦੇਖਣ ਵਿੱਚ ਮਸਤ ਹੋ ਜਾਵੇ ਤਾਂ ਕਥਾ ਕੀਰਤਨ ਰਾਹੀਂ ਪ੍ਰਾਪਤ ਹੋਣ ਵਾਲੇ ਅਨੰਦ ਤੋਂ ਬਾਂਝਿਆਂ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਕਈ ਜਗਿਆਸੂ ਪ੍ਰਭੂ ਦੀ ਮਹਿਮਾ ਜਿਵੇਂ ਕਿ ‘‘ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ; ਤੂ ਸਾਹਿਬ ਗੁਣੀ ਨਿਧਾਨਾ   ਤੁਮਰੀ ਮਹਿਮਾ ਬਰਨਿ ਸਾਕਉ; ਤੂੰ ਠਾਕੁਰ ਊਚ ਭਗਵਾਨਾ (ਮਹਲਾ /੭੩੫), ਅਗਮ ਅਗੋਚਰਾ ! ਤੇਰਾ ਅੰਤੁ ਪਾਇਆ   ਅੰਤੋ ਪਾਇਆ ਕਿਨੈ ਤੇਰਾ; ਆਪਣਾ ਆਪੁ ਤੂ ਜਾਣਹੇ ’’ (ਅਨੰਦ/ਮਹਲਾ /੯੧੮) ਆਦਿਕ ਪਿਆਰੇ ਬਚਨਾਂ ਨੂੰ ਸੁਣ ਕੇ ਪ੍ਰਭੂ ਨਾਲ ਪਿਆਰ ਪਾਣ ਦੀ ਥਾਂ ਉਸ ਦੇ ਅਨੰਤ ਭੰਡਾਰਾਂ ਦਾ ਅੰਤ ਪਾਉਣ ਲੱਗ ਜਾਂਦੇ ਹਨ, ਪਰ ਉਸ ਦਾ ਅੰਤ ਪਾਂਦਿਆਂ ਪਾਂਦਿਆਂ ਆਪਣਾ ਅੰਤ ਕਰ ਲੈਂਦੇ ਹਨ। ਉਨ੍ਹਾਂ ਦਾ ਹਾਲ ਉਸ ਵਿਗਿਆਨੀ ਵਰਗਾ ਹੁੰਦਾ ਹੈ, ਜੋ ਕਿਸੇ ਸੁੰਦਰ ਫੁੱਲ ਦੇ ਸੋਹਣੇ ਰੰਗ ਤਥਾ ਮਨਮੋਹਣੀ ਸੁਗੰਧੀ ਦੇ ਕਾਰਨ ਨੂੰ ਸਮਝਣ ਲਈ ਉਸ ਦੀ ਪੰਖੜੀ ਪੰਖੜੀ ਕਰਕੇ ਫੁੱਲ ਦਾ ਨਾਸ਼ ਨਹੀਂ ਕਰ ਲੈਂਦਾ ਸਗੋਂ ਮਨ ਨੂੰ ਖੇੜਾ ਦੇਣ ਵਾਲੀ ਸੁੰਦਰਤਾ ਤਥਾ ਸੁਗੰਧੀ ਤੋਂ ਵੀ ਹੱਥ ਧੋ ਬੈਠਦਾ ਹੈ ਭਾਵ ਗਵਾ ਲੈਂਦਾ ਹੈ।

ਜੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨਾਲ ਆਤਮਿਕ ਸਾਂਝ ਬਣ ਜਾਏ ਤਾਂ ਉਸ ਅੰਦਰ ਖ਼ਿਆਲ ਆਉਂਦਾ ਹੈ ਕਿ ਆਓ ਰਤਾ ਹੋਰ ਜੀਵਾਂ ਵੱਲ ਝਾਤ ਮਾਰ ਕੇ ਵੇਖ ਲਈਏ। ਕੀ ਬ੍ਰਿਛਾਂ ਨੂੰ ਕੰਡੇ ਫੁੱਲ ਜਾਂ ਕੌੜੇ ਮਿੱਠੇ ਫਲ਼, ਉਨ੍ਹਾਂ ਦੀ ਆਪਣੀ ਇੱਛਾ ਨਾਲ ਲੱਗਦੇ ਹਨ ? ਕੀ ਗਊਆਂ, ਮੱਝਾਂ, ਭੇਡ, ਬੱਕਰੀਆਂ, ਊਠਾਂ ਅਤੇ ਘੋੜਿਆਂ ਦਾ ਘਾਹ ਖਾਣਾ ਜਾਂ ਸ਼ੇਰ, ਚੀਤੇ, ਬਗਿਆੜ ਆਦਿ ਨੇ ਮਾਸ ਖਾਣਾ ਆਪਣੀ ਮਰਜ਼ੀ ਨਾਲ ਸ਼ੁਰੂ ਕੀਤਾ ਹੈ ? ਕੀ ਇਨ੍ਹਾਂ ਮਾਸਾਹਾਰੀਆਂ ਦੇ ਦੰਦਾਂ ਵਿੱਚ ਫ਼ਰਕ ਇਨ੍ਹਾਂ ਆਪ ਪਾਇਆ ਸੀ ? ਨਹੀਂ ਨਹੀਂ ਇਹ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੀ ਬਖਸ਼ਸ਼ ਹੀ ਹੈ। ਗੁਰੂ ਫ਼ੁਰਮਾਨ ਹੈ ‘‘ਸੀਹਾ ਬਾਜਾ ਚਰਗਾ ਕੁਹੀਆ; ਏਨਾ ਖਵਾਲੇ ਘਾਹ   ਘਾਹੁ ਖਾਨਿ ਤਿਨਾ ਮਾਸੁ ਖਵਾਲੇ; ਏਹਿ ਚਲਾਏ ਰਾਹ   ਨਦੀਆ ਵਿਚਿ ਟਿਬੇ ਦੇਖਾਲੇ; ਥਲੀ ਕਰੇ ਅਸਗਾਹ   ਕੀੜਾ ਥਾਪਿ ਦੇਇ ਪਾਤਿਸਾਹੀ; ਲਸਕਰ ਕਰੇ ਸੁਆਹ   ਜੇਤੇ ਜੀਅ, ਜੀਵਹਿ ਲੈ ਸਾਹਾ; ਜੀਵਾਲੇ, ਤਾ ਕਿਅ ਸਾਹ   ਨਾਨਕ  ! ਜਿਉ ਜਿਉ ਸਚੇ ਭਾਵੈ; ਤਿਉ ਤਿਉ ਦੇਇ ਗਿਰਾਹ (ਮਹਲਾ /੧੪੪), ਕਰਣ ਕਾਰਣ ਸਮਰਥ ਪ੍ਰਭੁ; ਜੋ ਕਰੇ, ਸੁ ਹੋਈ   ਖਿਨ ਮਹਿ ਥਾਪਿ ਉਥਾਪਦਾ; ਤਿਸੁ ਬਿਨੁ ਨਹੀ ਕੋਈ ’’ (ਮਹਲਾ /੭੦੬)

ਫਿਰ ਦੇਖੋ ਪਾਣੀ ਵਿੱਚ ਰਹਿਣ ਵਾਲਾ ਡੱਡੂ, ਧਰਤੀ ਉੱਪਰ ਵੀ ਟਪੂਸੀਆਂ ਮਾਰ ਸਕਦਾ ਹੈ ਤਾਂ ਫਿਰ ਮੱਛੀ ਅਜਿਹਾ ਕਿਉਂ ਨਹੀਂ ਕਰ ਸਕਦੀ ?  ਕੁੱਕੜ ਹੋਰ ਪੰਛੀਆਂ ਦੀ ਤਰ੍ਹਾਂ ਅਕਾਸ਼ ਵਿੱਚ ਉੱਚੀਆਂ ਉਡਾਰੀਆਂ ਕਿਉਂ ਨਹੀਂ ਮਾਰ ਸਕਦਾ ? ਜੇ ਮੁਰਗਾਈ ਪਾਣੀ ਵਿੱਚ ਤੈਰ ਸਕਦੀ ਹੈ ਤਾਂ ਕਬੂਤਰ ਜਾਂ ਦੂਜੇ ਪੰਛੀ ਕਿਉਂ ਨਹੀਂ ?

‘‘ਨਦੀਆ ਵਿਚਿ ਟਿਬੇ ਦੇਖਾਲੇ; ਥਲੀ ਕਰੇ ਅਸਗਾਹ ’’ (ਮਹਲਾ /੧੪੪) ਵਾਕ ਅਨੁਸਾਰ ਇਸ ਧਰਤੀ ਉੱਪਰ ਪਹਾੜ, ਮੈਦਾਨ, ਝੀਲਾਂ, ਸਮੁੰਦਰ, ਜੰਗਲ਼, ਮਾਰੂਥਲ ਆਦਿ ਕੇਵਲ ਉਹ ਸ਼ਕਤੀਮਾਨ ਪ੍ਰਭੂ ਹੀ ਬਣਾਉਣ ਦੇ ਸਮਰੱਥ ਹੈ। ਸੂਰਜ, ਚੰਨ, ਤਾਰੇ ਅਤੇ ਧਰਤੀ ਆਦਿ ਨੂੰ ‘‘ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ   ਕੋਹ ਕਰੋੜੀ ਚਲਤ; ਅੰਤੁ (ਮਹਲਾ /੪੬੪) ਦੇ ਨਿਯਮ ਅਨੁਸਾਰ ਗਰਦਸ਼ (ਧੂੜ) ਵਿੱਚ ਭ੍ਰਮਣ ਪਾਈ ਕੌਣ ਰੱਖਦਾ ਹੈ ? ਬਰਸਾਤੀ ਮੌਸਮ ਵਿਚ ਵੇਖਦਿਆਂ ਵੇਖਦਿਆਂ ਥਲਾਂ ਨੂੰ ਜਲਾਂ ਵਿਚ ਤਬਦੀਲ ਕੌਣ ਕਰਦਾ ਹੈ ਅਤੇ ਔੜ ਦੇ ਦਿਨਾਂ ਵਿਚ  ਟਿੱਬੇ ਕੌਣ ਪਰਗਟ ਕਰਦਾ ਹੈ ?

ਅਕਾਸ਼ ਵਿਚ ਅੱਖ ਦੇ ਪਲਕਾਰੇ ਵਿੱਚ ਕਾਲੀਆਂ ਘਟਾਵਾਂ ਲਿਆਉਣ ਵਾਲਾ ਤਥਾ ਉਨ੍ਹਾਂ ਚੜ੍ਹੇ ਕਾਲੀਆਂ ਘਟਾਵਾਂ ਰੂਪ ਬੱਦਲਾਂ ਨੂੰ ਛਾਈ ਮਾਈ ਕਰਨ ਵਾਲਾ ਕੌਣ ਹੈ।  ਹੇ ਵੀਰ !  ਇਹ ਸਭ ਕੁਝ ਉਹ ਨਿਰੰਕਾਰ ਹੀ ਕਰਨ ਦੇ ਸਮਰੱਥ ਹੈ। ਹੋਰ ਵੇਖੋ ‘‘ਬਟਕ ਬੀਜ ਮਹਿ ਰਵਿ ਰਹਿਓ; ਜਾ ਕੋ ਤੀਨਿ ਲੋਕ ਬਿਸਥਾਰ ’’ (ਭਗਤ ਕਬੀਰ/੩੪੦) ਭਾਵ ਨਿੱਕੇ ਜਿਹੇ ਸੂਖਮ ਬੀਜ ਤੋਂ ਬੋਹੜ ਵਰਗੇ ਵੱਡੇ ਆਕਾਰ ਪੈਦਾ ਕਰਨ ਦਾ ਕਾਰਨ ਮਨੁੱਖ ਦੀ ਗੰਮਤਾ ਤੋਂ, ਪਹੁੰਚ ਤੋਂ ਪਰੇ ਹੈ। ਗੁਰਮਤਿ ਦਾਰਸ਼ਨਿਕ ਭਾਈ ਗੁਰਦਾਸ ਜੀ ਪ੍ਰਭੂ ਦੀ ਬੇਅੰਤਤਾ ਬਿਆਨ ਕਰਦੇ ਹੋਏ ਦਰਸਾਂਦੇ ਹਨ ਕਿ ਲੱਖਾਂ ਬ੍ਰਹਮਾ, ਬਿਸ਼ਨ, ਮਹੇਸ਼, ਨਾਰਦ, ਸਾਰਦ, ਸ਼ੇਖਨਾਗ, ਗਣ ਗੰਧਰਵ, ਗਣੇਸ਼, ਛੇ ਸ਼ਾਸ਼ਤ੍ਰ ਅਨੇਕਾਂ ਸਵਾਂਗ ਰਚਨਵਾਲੇ ਗੁਰੂ ਚੇਲੇ ਉਸ ਦਾ ਅੰਤ ਪਾਣ ਲਈ ਕਰਮ ਕਰਦੇ ਹਨ, ਗੁਣ ਗਾਇਨ ਕਰਦੇ ਹਨ ਪਰ ਇਨ੍ਹਾਂ ਵਿੱਚੋਂ ਕੋਈ ਵੀ ਪ੍ਰਭੂ ਦਾ ਅੰਤ ਨਹੀਂ ਪਾ ਸਕਿਆ ਕਥਨ ਇਸ ਤਰ੍ਹਾਂ ਹੈ ‘‘ਬ੍ਰਹਮੇ ਬਿਸਨ ਮਹੇਸ; ਲਖ ਧਿਆਇਦੇ ਨਾਰਦ ਸਾਰਦ ਸੇਸ; ਕੀਰਤਿ ਗਾਇਦੇ ਗਣ ਗੰਧਰਬ ਗਣੇਸ; ਨਾਦ ਵਜਾਇਦੇ ਛਿਅ ਦਰਸਨ ਕਰਿ ਵੇਸ; ਸਾਂਗ ਬਣਾਇਦੇ ਗੁਰ ਚੇਲੇ ਉਪਦੇਸ; ਕਰਮ ਕਮਾਇਦੇ ਆਦਿ ਪੁਰਖੁ ਆਦੇਸੁ; ਪਾਰ ਪਾਇਦੇ ’’ (ਭਾਈ ਗੁਰਦਾਸ ਜੀ/ਵਾਰ ੨੧ ਪਉੜੀ )

ਇਸੇ ਲਈ ਪ੍ਰਭੂ ਦੇ ਭਗਤ ਉਸ ਪ੍ਰਭੂ ਦੀ ਸਿਫਤ ਸਲਾਹ ਵਿਚ ਹੀ ਜੁੜੇ ਰਹਿੰਦੇ ਹਨ । ਉਹ ਆਪਣੇ ਆਪ ਨੂੰ ਪ੍ਰਭੂ ਦੀ ਬਣਾਈ ਸ਼੍ਰਿਸ਼ਟੀ ਦੇ ਹਿਸਾਬ ਕਿਤਾਬ ਵਿੱਚ ਨਹੀਂ ਪੈਂਦੇ। ਉਨ੍ਹਾਂ ਦਾ ਨਿਸ਼ਾਨਾ ਕੇਵਲ ਪ੍ਰਭੂ ਵਿੱਚ ਅਭੇਦ ਹੋਣਾ ਹੀ ਹੁੰਦਾ ਹੈ। ਉਹ ਦਾਤੇ ਦੀ ਸਿਫਤਿ ਸਲਾਹ ਰਾਹੀਂ ਉਸ ਵਿੱਚ ਇੰਝ ਲੀਨ ਹੋਣਾ ਲੋਚਦੇ ਹਨ; ਜਿਵੇਂ ਨਦੀਆਂ, ਨਾਲੇ ਸਾਗਰ ਵਿੱਚ ਲੀਨ ਹੋ ਜਾਂਦੇ ਹਨ। ਪ੍ਰਭੂ ਪਿਆਰਿਆਂ ਦੀਆਂ ਨਜ਼ਰਾਂ ਵਿਚ ਵੱਡੇ-ਵੱਡੇ ਰਾਜੇ ਪ੍ਰਭੂ ਨੂੰ ਯਾਦ ਰੱਖਣ ਵਾਲੀ ਕੀੜੀ ਦੇ ਮੁਕਾਬਲੇ ਕੁੱਝ ਵੀ ਨਹੀਂ, ਸੈਂਕੜੇ ਮਣ ਅਨਾਜ ਖਾਣ ਵਾਲਾ ਹਾਥੀ ਜੇ ਮਾਲਕ ਦਾ ਧਿਆਨ ਨਹੀਂ ਧਰਦਾ ਤਾਂ ਕੇਵਲ ਘੱਟਾ ਮਿੱਟੀ ਉਡਾ ਕੇ ਹੀ ਆਪਣੀ ਉਮਰ ਨਸ਼ਟ ਕਰ ਲੈਂਦਾ ਹੈ। ਉਸ ਨਾਲੋਂ ਅੱਧੀ ਗ੍ਰਾਹੀ ਖਾਣ ਵਾਲੀ ਚਿੜੀ ਕਈ ਦਰਜੇ ਚੰਗੀ ਹੈ ਜੇ ਉਹ ਆਪਣੇ ਮਾਲਕ ਦਾ ਨਾਮ ਜਪੇ। ਅੱਕ ਉੱਪਰ ਬਹਿ ਕੇ ਅੱਕ ਦੀਆਂ ਡਾਲੀਆਂ ਖਾਣ ਵਾਲਾ ਟਿੱਡਾ ਜੇ ਹਰ ਦੰਮ ਰੱਬ ਰੱਬ ਕਰੇ ਤਾਂ ਉਹ ਹੰਕਾਰੀ ਸ਼ੇਰ ਨਾਲੋਂ ਬਹੁਤ ਚੰਗਾ ਹੈ। ਗੁਰੂ ਫ਼ੁਰਮਾਨ ਹਨ ‘‘ਸਾਲਾਹੀ ਸਾਲਾਹਿ; ਏਤੀ ਸੁਰਤਿ ਪਾਈਆ   ਨਦੀਆ ਅਤੈ ਵਾਹ; ਪਵਹਿ ਸਮੁੰਦਿ, ਜਾਣੀਅਹਿ   ਸਮੁੰਦ ਸਾਹ ਸੁਲਤਾਨ; ਗਿਰਹਾ ਸੇਤੀ ਮਾਲੁ ਧਨੁ   ਕੀੜੀ ਤੁਲਿ ਹੋਵਨੀ; ਜੇ ਤਿਸੁ ਮਨਹੁ ਵੀਸਰਹਿ ੨੩ (ਜਪੁ/ਮਹਲਾ /), ਸਉ ਮਣੁ ਹਸਤੀ ਘਿਉ ਗੁੜੁ ਖਾਵੈ; ਪੰਜਿ ਸੈ ਦਾਣਾ ਖਾਇ   ਡਕੈ ਫੂਕੈ ਖੇਹ ਉਡਾਵੈ; ਸਾਹਿ ਗਇਐ ਪਛੁਤਾਇ   ਅੰਧੀ ਫੂਕਿ; ਮੁਈ ਦੇਵਾਨੀ   ਖਸਮਿ ਮਿਟੀ ਫਿਰਿ ਭਾਨੀ   ਅਧੁ ਗੁਲ੍ਹਾ ਚਿੜੀ ਕਾ ਚੁਗਣੁ; ਗੈਣਿ ਚੜੀ ਬਿਲਲਾਇ   ਖਸਮੈ ਭਾਵੈ ਓਹਾ ਚੰਗੀ; ਜਿ ਕਰੇ ਖੁਦਾਇ ਖੁਦਾਇ ’’ (ਮਹਲਾ /੧੨੮੬)

ਸਰੀਰ ਦੇ ਇੱਕ ਇੱਕ ਅੰਗ ਉੱਪਰ ਵੱਡ ਅਕਾਰੀ ਪੁਸਤਕਾਂ ਲਿਖੀਆਂ ਗਈਆਂ ਹਨ, ਪਰ ਇਨ੍ਹਾਂ ਲਿਖਾਰੀਆਂ ਨੂੰ ਪੁੱਛ ਕੇ ਵੇਖੋ, ਉਹ ਇਹੋ ਕਹਿਣਗੇ ਇਹ ਪੁਸਤਕਾਂ ਅਜੇ ਅਧੂਰੀਆਂ ਹਨ। ਵੇਦਾਂ ਸ਼ਾਸਤਰਾਂ ਦੇ ਰਚਨਹਾਰਾਂ ਨੂੰ ਮਤੇ ਲਿਖਣਾ ਪਿਆ ‘ਨ ਇਤੀ ਨ ਇਤੀ’ ਯਾਨੀ ਅੰਤ ਨਹੀਂ, ਅੰਤ ਨਹੀਂ ਕਿਉਂਕਿ ਇਹ ਦ੍ਰਿਸ਼ਟਮਾਨ ਸੰਸਾਰ ਐਡਾ ਵੱਡਾ ਹੈ ਫਿਰ ਇਸ ਵਿਚ ਕਰਤੇ ਦੇ ਕਰਣਿਆਂ ਭਾਵ ਕੰਮਾਂ ਦੀ ਐਡੀ ਵੱਡੀ ਪ੍ਰਦਰਸ਼ਨੀ ਲੱਗੀ ਹੋਈ ਹੈ ਕਿ ਕੋਈ ਵੀ ਬੰਦਾ ਉਸ ਨੂੰ ਵੇਖ ਵੇਖ ਕਿ ਵਿਸਮਾਦਮਈ ਤਾਂ ਹੋ ਸਕਦਾ ਪਰ ਅੰਤ ਨਹੀਂ ਪਾ ਸਕਦਾ। ਜਦ ਪ੍ਰਭੂ ਦੀ ਰਚਨਾ ਦਾ ਅੰਤ ਨਹੀਂ ਪੈ ਸਕਦਾ ਤਾਂ ਫਿਰ ਰਚਨਹਾਰ ਦੀਆਂ ਸਿਫਤਾਂ ਦਾ ਅੰਤ ਕੌਣ ਬਿਆਨ ਕਰ ਸਕਦਾ ਹੈ। ਬਸ ਇਹੀ ਕਹਿਣਾ ਪੈਂਦਾ ਹੈ ‘‘ਤੇਰੇ ਦਾਨੈ; ਕੀਮਤਿ ਨਾ ਪਵੈ; ਤਿਸੁ ਦਾਤੇ ਕਵਣੁ ਸੁਮਾਰੁ ’’ (ਸੋਹਿਲਾ/ਮਹਲਾ /੧੨) ਜਾਂ ‘‘ਜਿਹਵਾ ਏਕ; ਕਵਨ ਗੁਨ ਕਹੀਐ  ?  ਬੇਸੁਮਾਰ ਬੇਅੰਤ ਸੁਆਮੀ ! ਤੇਰੋ ਅੰਤੁ ਕਿਨ ਹੀ ਲਹੀਐ ਰਹਾਉ ’’ (ਮਹਲਾ /੬੭੪) ਬੇਅੰਤ ਪ੍ਰਭੂ ਦਾ ਲੇਖਾ ਜੋਖਾ ਓਹੀ ਕਰ ਸਕਦਾ ਹੈ, ਜੋ ਉਸ ਜਿੱਡਾ ਵੱਡਾ ਹੋਵੇ ‘‘ਏਵਡੁ ਊਚਾ ਹੋਵੈ ਕੋਇ   ਤਿਸੁ ਊਚੇ ਕਉ ਜਾਣੈ ਸੋਇ ’’ (ਜਪੁ/ਮਹਲਾ /) ਪਰ ਸੰਸਾਰ ਵਿੱਚ ਉਸ ਜਿੱਡਾ ਨਾ ਕਿਸੇ ਹੋਣਾ ਹੈ ਤੇ ਨਾ ਹੀ ਉਸ ਦਾ ਅੰਤ ਪਾ ਸਕਣਾ ਹੈ। ਇਹ ਅਟੱਲ ਸੱਚ ਹੈ ‘‘ਗੁਣੁ ਏਹੋ; ਹੋਰੁ ਨਾਹੀ ਕੋਇ   ਨਾ ਕੋ ਹੋਆ; ਨਾ ਕੋ ਹੋਇ ’’ (ਸੋ ਦਰੁ/ਮਹਲਾ /) ਤਦੇ ਤਾਂ ਸਤਿਗੁਰ ਜੀ ਡੰਕੇ ਦੀ ਚੋਟ ਤੇ ਕਹਿੰਦੇ ਹਨ ‘‘ਵਡੇ ਮੇਰੇ ਸਾਹਿਬਾ ! ਗਹਿਰ ਗੰਭੀਰਾ ਗੁਣੀ ਗਹੀਰਾ  !  ਕੋਇ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ਰਹਾਉ ’’ (ਸੋ ਦਰੁ/ਮਹਲਾ /)

ਬਸ ਪ੍ਰਭੂ ਪਿਆਰ ਵਿੱਚ ਰੰਗ ਕੇ ਉਸ ਪਿਆਰੇ ‘‘ਨਾਨਕ  ! ਸਾਚਿ ਰਤੇ ਬਿਸਮਾਦੀ; ਬਿਸਮ ਭਏ ਗੁਣ ਗਾਇਦਾ ’’ (ਮਹਲਾ /੧੦੩੬) ਦੀ ਅਨੰਦਮਈ ਅਵਸਥਾ ਵਿਚ ‘‘ਨਹੀ ਛੋਡਉ ਰੇ ਬਾਬਾਰਾਮ ਨਾਮ ’’ (ਭਗਤ ਕਬੀਰ/੧੧੯੪) ਦੀ ਸਿਫਤ ਸਲਾਹ ਨਹੀਂ ਛੱਡਦੇ ਸਗੋਂ ਉਸ ਦੀ ਅਗੰਮੀ ਹੋਂਦ ਦਾ ਪ੍ਰੇਮ ਪਿਆਰ ਮਾਣਦੇ ਹੋਏ ਆਖਦੇ ਹਨ ‘‘ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ; ਤੂ ਸਾਹਿਬ ਗੁਣੀ ਨਿਧਾਨਾ   ਤੁਮਰੀ ਮਹਿਮਾ ਬਰਨਿ ਸਾਕਉ; ਤੂੰ ਠਾਕੁਰ ਊਚ ਭਗਵਾਨਾ ’’ (ਮਹਲਾ /੭੩੫)