ਆਖਾ ਜੀਵਾ; ਵਿਸਰੈ ਮਰਿ ਜਾਉ ॥

0
284

ਆਖਾ ਜੀਵਾ; ਵਿਸਰੈ ਮਰਿ ਜਾਉ ॥

ਪ੍ਰੋ. ਮਨਮੋਹਨ ਸਿੰਘ ਕੈਨੇਡਾ

ਆਸਾ ਮਹਲਾ ੧ ॥ ਆਖਾ ਜੀਵਾ; ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨਾਉ ॥  ਸਾਚੇ ਨਾਮ ਕੀ ਲਾਗੈ ਭੂਖ ॥ ਉਤੁ ਭੂਖੈ, ਖਾਇ ਚਲੀਅਹਿ ਦੂਖ ॥੧॥ ਸੋ, ਕਿਉ ਵਿਸਰੈ ਮੇਰੀ ਮਾਇ  !॥  ਸਾਚਾ ਸਾਹਿਬੁ, ਸਾਚੈ ਨਾਇ ॥੧॥ ਰਹਾਉ ॥  ਸਾਚੇ ਨਾਮ ਕੀ ਤਿਲੁ ਵਡਿਆਈ ॥ ਆਖਿ ਥਕੇ , ਕੀਮਤਿ ਨਹੀ ਪਾਈ ॥ ਜੇ, ਸਭਿ ਮਿਲਿ ਕੈ ਆਖਣ ਪਾਹਿ ॥ ਵਡਾ ਨ ਹੋਵੈ; ਘਾਟਿ ਨ ਜਾਇ ॥੨॥ ਨਾ ਓਹੁ ਮਰੈ; ਨ ਹੋਵੈ ਸੋਗੁ ॥  ਦੇਦਾ ਰਹੈ; ਨ ਚੂਕੈ ਭੋਗੁ ॥ ਗੁਣੁ ਏਹੋ; ਹੋਰੁ ਨਾਹੀ ਕੋਇ ॥ ਨਾ ਕੋ ਹੋਆ; ਨਾ ਕੋ ਹੋਇ ॥੩॥  ਜੇਵਡੁ ਆਪਿ; ਤੇਵਡ ਤੇਰੀ ਦਾਤਿ ॥ ਜਿਨਿ, ਦਿਨੁ ਕਰਿ ਕੈ. ਕੀਤੀ ਰਾਤਿ ॥ ਖਸਮੁ ਵਿਸਾਰਹਿ; ਤੇ ਕਮਜਾਤਿ ॥  ਨਾਨਕ  ! ਨਾਵੈ ਬਾਝੁ, ਸਨਾਤਿ ॥੪॥੩॥ (ਸੋ ਦਰੁ/ ਮਹਲਾ ੧/੧੦)

ਉਚਾਰਣ ਸੇਧਾਂ : ਆਖਾਂ, ਜੀਵਾਂ, ਜਾਉਂ, ਨਾਉਂ, ਚਲੀਅਹਿਂ, ਕਿਉਂ, ਨਾਇਂ, ਨਹੀਂ, ਪਾਹਿਂ, ਓਹ, ਦੇਂਦਾ, ਨਾਹੀਂ, ਵਿਸਾਰਹਿਂ।

ਇਹ ਸ਼ਬਦ ‘ਸੋ ਦਰੁ’ ਸਿਰਲੇਖ ਹੇਠ ਤੀਜਾ ਸ਼ਬਦ ਹੈ, ਜੋ ਗੁਰੂ ਨਾਨਕ ਸਾਹਿਬ ਜੀ ਦੁਆਰਾ ਆਸਾ ਰਾਗ ਵਿੱਚ ਉਚਾਰਿਆ ਹੋਇਆ ਹੈ। ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਆਤਮਕ ਜੀਵਨ ਅਤੇ ਆਤਮਕ ਮੌਤ ਦੀ ਗੱਲ ਕਰ ਰਹੇ ਹਨ। ਗੁਰੂ ਜੀ ਕਹਿੰਦੇ ਹਨ ਕਿ ਜਦੋਂ ਮੈਂ ਸਦਾ ਰਹਿਣ ਵਾਲੇ ਮਾਲਕ ਪ੍ਰਭੂ ਦੀ ਯਾਦ, ਆਪਣੇ ਦਿਲ ਵਿੱਚ ਵਸਾ ਲੈਂਦਾ ਹਾਂ ਤਾਂ ਮੇਰਾ ਜਿਊਣਾ ਸਫਲ ਹੋ ਜਾਂਦਾ ਹੈ ਪਰ ਜੇ ਉਸ ਦੀ ਯਾਦ ਮਨ ’ਚੋਂ ਵਿਸਾਰ ਜਾਵੇ ਤਾਂ ਮੈ ਆਤਮਕ ਤੌਰ ’ਤੇ ਮਰ ਜਾਂਦਾ ਹਾਂ।

‘‘ਆਖਾ ਜੀਵਾ; ਵਿਸਰੈ ਮਰ ਜਾਉ ॥’’ ਉਹ ਉੱਚੀ ਅਵਸਥਾ ਹੈ ਜਦੋਂ ਮਨੁੱਖ ਸਵਾਸ-ਸਵਾਸ ਪਰਮਾਤਮਾ ਨੂੰ ਯਾਦ ਕਰਦਾ ਹੈ। ਗੁਰੂ ਜੀ ਖ਼ੁਦ ਦਾ ਉਦਾਹਰਨ ਦੇ ਕੇ ਸਮਝਾ ਰਹੇ ਹਨ ਕਿ ਹੇ ਨਾਨਕ ! ਜੇ ਮੈਨੂੰ ਪਰਮਾਤਮਾ ਭੁੱਲ ਜਾਏ, ਜੇ ਪਰਮਾਤਮਾ ਦੀ ਯਾਦ ਮੇਰੇ ਹਿਰਦੇ-ਘਰ ਵਿੱਚ ਨਾ ਰਹੇ ਤਾਂ ਮੇਰੀ ਆਤਮਕ ਮੌਤ ਹੈ। (ਜਿਵੇਂ ਕਿ ਅਸੀਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੀ ਜ਼ਿਆਦਾਤਰ ਬਾਣੀ ਉਹਨਾਂ ਨੇ ਆਪਣੇ ਆਪ ਉੱਤੇ ਢੁਕਾਅ ਕੇ ਰਚੀ ਹੈ, ਇਸ ਲਈ ਅਰਥ ਬਣਦੇ ਹਨ ‘ਨਾਨਕ ਆਖਦਾ ਹੈ’ ਜਾਂ ‘ਹੇ ਨਾਨਕ !’ ਆਦਿ)।

ਬਾਣੀ ਵਿੱਚ ਬਿੰਦੀ () ਦੀ ਵਰਤੋਂ ਅਤੇ ਉਚਾਰਨ : ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ 4-5% ਹੀ ਬਿੰਦੀ ਦੀ ਵਰਤੋਂ ਕੀਤੀ ਗਈ ਹੈ। ਉਹਨਾਂ ਤੋਂ ਸੇਧ ਲੈ ਕੇ ਹੀ ਬਾਕੀ ਬਾਣੀ ਵਿੱਚ ਢੁਕਵੀਂ ਜਗ੍ਹਾ ਉੱਤੇ ਬਿੰਦੀ ਦਾ ਉਚਾਰਨ ਹੁੰਦਾ ਹੈ। ਮਿਸਾਲ ਦੇ ਤੌਰ ’ਤੇ ਸਾਰੰਗ ਕੀ ਵਾਰ ਅੰਦਰ ਦਰਜ ਕੇਵਲ ਇੱਕੋ ਸ਼ਬਦ ਵਿੱਚ 1॥ ਤੋਂ ਵੱਧ ਵਾਰ ਬਿੰਦੀ ਦਾ ਪ੍ਰਯੋਗ ਕੀਤਾ ਗਿਆ ਹੈ; ਜਿਵੇਂ ਕਿ ਵਾਕ ਹੈ ‘‘ਹੈ ਹੈ ਆਖਾਂ ਕੋਟਿ ਕੋਟਿ; ਕੋਟੀ ਹੂ ਕੋਟਿ ਕੋਟਿ ਆਖੂੰ ਆਖਾਂ ਸਦਾ ਸਦਾ; ਕਹਣਿ ਆਵੈ ਤੋਟਿ (ਮਹਲਾ /੧੨੪੧), ਹੋਰੁ ਸਰੀਕੁ ਹੋਵੈ ਕੋਈ ਤੇਰਾ; ਤਿਸੁ ਅਗੈ ਤੁਧੁ ਆਖਾਂ ’’ (ਮਹਲਾ /੧੨੪੨) ਆਦਿ ਵਾਕ ਤਕਰੀਬਨ ਇੱਕੋ ਅੰਗ ’ਤੇ ਹਨ, ਜਿਨ੍ਹਾਂ ਵਿੱਚ ਦਰਜ ‘ਆਖਾਂ’ ਸ਼ਬਦ ਬਿੰਦੀ ਸਹਿਤ ਤਿੰਨ ਵਾਰੀ ਆਇਆ ਹੈ; ਇੱਥੋਂ ਸੇਧ ਲੈ ਕੇ ਅਸੀਂ ਵਿਚਾਰ ਅਧੀਨ ਤੁ ‘‘ਆਖਾ ਜੀਵਾ; ਵਿਸਰੈ ਮਰ ਜਾਉ ’’ ਵਿੱਚ ‘ਆਖਾ’ ਨੂੰ ਬਿੰਦੀ ਸਹਿਤ ‘ਆਖਾਂ’ ਪੜ੍ਹਨਾ ਹੈ। ਇਸ ਦੇ ਅਰਥ ਬਣਦੇ ਹਨ ਕਿ ਜੇ ਮੈਂ ਪਰਮਾਤਮਾ ਨੂੰ ਸਵਾਸ-ਸਵਾਸ ਯਾਦ ਕਰਦਾਂ ਹਾਂ ਤਾਂ ਹੀ ਮੈਂ ਆਤਮਕ ਜੀਵਨ ਜਿਉਂਦਾ ਹਾਂ; ਜੇ ਨਾਮ ਭੁੱਲ ਜਾਂਦਾ ਹਾਂ ਤਾਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਸਵਾਸ-ਸਵਾਸ ਨਾਮ ਜਪੀਏ ਤਾਂ ਬਾਕੀ ਦੇ ਕੰਮ ਕਿਵੇਂ ਕਰੀਏ ? ਕਿਉਂਕਿ ਗੁਰੂ ਨਾਨਕ ਜੀ ਦੀ ਬਾਣੀ ਕਹਿੰਦੀ ਹੈ ਕਿ ਮਿਹਨਤ ਕਰਕੇ ਖਾਣਾ ਹੈ, ਨਾ ਕਿ ਵਿਹਲੇ ਬੈਠ ਕੇ ਖਾਣਾ ਹੈ। ਗੁਰੂ ਨਾਨਕ ਜੀ ਨੇ ਆਪਣੇ ਅਖੀਰਲੇ ਸਮੇਂ ’ਚ ਕਰਤਾਰਪੁਰ ਵਿਖੇ ਆਪ ਖੇਤੀ ਕੀਤੀ ਹੈ। ਉਹਨਾਂ ਨੇ ਕਦੇ ਨਹੀਂ ਕਿਹਾ ਕਿ ਮੈਂ ਬਜ਼ੁਰਗ ਹੋ ਗਿਆ ਹਾਂ ਹੁਣ ਮੈਨੂੰ ਬੈਠੇ ਨੂੰ ਰੋਟੀ ਮਿਲਣੀ ਚਾਹੀਦੀ ਹੈ ਜਾਂ ਮੇਰੀ ਸੇਵਾ ਹੋਣੀ ਚਾਹੀਦੀ ਹੈ। ਉਹਨਾਂ ਨੇ ਹੱਥੀਂ ਕਿਰਤ ਕਰਨ ਨੂੰ ਸਦਾ ਤਰਜੀਹ ਦਿੱਤੀ ਹੈ।

ਅਗਲੀ ਤੁਕ ਵਿੱਚ ਗੁਰੂ ਪਾਤਿਸ਼ਾਹ ਕਹਿੰਦੇ ਹਨ ‘‘ਆਖਣਿ ਅਉਖਾ; ਸਾਚਾ ਨਾਉ ’’ ਭਾਵ ਸਦਾ ਥਿਰ ਰਹਿਣ ਵਾਲੇ ਅਟੱਲ ਨਾਮ ਨੂੰ ਯਾਦ ਕਰਨਾ ਬਹੁਤ ਹੀ ਔਖਾ ਹੈ। ਗੁਰੂ ਪਾਤਿਸ਼ਾਹ ਇੱਕ ਹੋਰ ਜਗ੍ਹਾ ਅਸ਼ਟਪਦੀਆਂ ’ਚ ਵੀ ਕਹਿੰਦੇ ਹਨ ‘‘ਆਖਣਿ ਅਉਖਾ ਆਖੀਐ ਪਿਆਰੇ ! ਕਿਉ ਸੁਣੀਐ  ? ਸਚੁ ਨਾਉ ’’ (ਮਹਲਾ /੬੩੬) ਭਾਵ ਹੇ ਮੇਰੇ ਪਿਆਰੇ ਮਿੱਤਰ ! ਗੁਰੂ ਨਾਨਕ ਪਾਤਿਸ਼ਾਹ ਆਪਣੇ ਸਿੱਖਾਂ ਨੂੰ ਪਿਆਰ ਨਾਲ਼ ਕਹਿ ਰਹੇ ਹਨ। ਇੱਥੇ ‘ਆਖਣਿ’ ਦੇ ‘ਣ’ ਨੂੰ ਸਿਹਾਰੀ ਹੈ, ਜਿਸ ਦਾ ਅਰਥ ਹੈ ‘ਆਖਣ ਵਿੱਚ’ ਯਾਨੀ ਸੱਚਾ ਨਾਮ ਆਖਣ ਵਿੱਚ ਬਹੁਤ ਕਠਿਨਾਈ ਮਹਿਸੂਸ ਹੁੰਦੀ ਹੈ। ਸੁਣਨਾ ਵੀ ਔਖਾ ਹੈ। ਕਿਵੇਂ ਸੁਣਿਆ ਜਾ ਸਕਦਾ ਹੈ ? ਮਾਇਆ ਦੇ ਪ੍ਰਭਾਵ ਹੇਠ ਹੀ ਮਨੁੱਖ; ਰੱਬ ਦਾ ਨਾਮ ਨਹੀਂ ਸਿਮਰਦੇ। ਗੁਰੂ ਜੀ ਸਾਨੂੰ ਬਹੁਤ ਹੀ ਉੱਚੀ ਅਵਸਥਾ ਵਿੱਚ ਲੈ ਜਾਣ ਲਈ ਪ੍ਰੇਰਦੇ ਹਨ, ਪਰ ਮਾਇਆ ਪਰਮਾਤਮਾ ਦਾ ਨਾਮ ਲੈਣ ਤੋਂ ਰੋਕਦੀ ਹੈ, ਹਿਰਦੇ-ਘਰ ਅੰਦਰੋਂ ਉਸ ਦੀ ਯਾਦ ਨੂੰ ਭੁਲਾ ਦਿੰਦੀ ਹੈ; ਜਿਵੇਂ ਕਿ ਗੁਰੂ ਵਾਕ ਹਨ ‘‘ਏਹ ਮਾਇਆ, ਜਿਤੁ ਹਰਿ ਵਿਸਰੈ; ਮੋਹੁ ਉਪਜੈ, ਭਾਉ ਦੂਜਾ ਲਾਇਆ (ਅਨੰਦ ਮਹਲਾ /੯੨੧), ਮਾਇਆ ਹੋਈ ਨਾਗਨੀ; ਜਗਤਿ ਰਹੀ ਲਪਟਾਇ ਇਸ ਕੀ ਸੇਵਾ ਜੋ ਕਰੇ; ਤਿਸ ਹੀ ਕਉ ਫਿਰਿ ਖਾਇ ’’ (ਮਹਲਾ /੫੧੦) ਭਾਵ ਇਹ ਜੋ ਨਾਗਣੀ ਮਾਇਆ ਹੈ, ਸਾਨੂੰ ਪਰਮਾਤਮਾ ਨਾਲ ਪਿਆਰ ਕਰਨ ਤੋਂ ਰੋਕਦੀ ਹੈ, ‘ਆਖਾ ਜੀਵਾ’ ਮਹਿਸੂਸ ਨਹੀਂ ਹੋਣ ਦਿੰਦੀ। ਜੋ ਇਸ ਨਾਲ ਪਿਆਰ ਪਾਉਂਦੇ ਹਨ, ਜੋ ਇਸ ਦੀ ਸੇਵਾ ਕਰਦੇ ਹਨ, ਅੰਤ ਇਹ, ਉਨ੍ਹਾਂ ਨੂੰ ਖਾ ਜਾਂਦੀ ਹੈ। ਅਨੰਦ ਸਾਹਿਬ ਦੀ ਪਹਿਲੀ ਪਉੜੀ ਦੇ ਅੰਤ ਵਿੱਚ ਗੁਰੂ ਪਾਤਿਸ਼ਾਹ ਇਸ ਤੋਂ ਬਚਣ ਦਾ ਇਹ ਉਪਾਅ ਦਿੰਦੇ ਹਨ ‘‘ਕਹੈ ਨਾਨਕੁ, ਗੁਰ ਪਰਸਾਦੀ ਜਿਨਾ ਲਿਵ ਲਾਗੀ; ਤਿਨੀ ਵਿਚੇ ਮਾਇਆ ਪਾਇਆ ’’  (ਮਹਲਾ /੯੨੧) ਮਾਇਆ ਦੀ ਮਾਰ ਤੋਂ ਉਹੀ ਬਚ ਸਕਦੇ ਹਨ, ਜਿਨ੍ਹਾਂ ਦੀ ਗੁਰੂ ਦੀ ਕਿਰਪਾ ਨਾਲ, ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ। ਗੁਰੂ ਦੀ ਬਖਸ਼ਸ਼ ਨਾਲ ਉਨ੍ਹਾਂ ਨੇ ਮਾਇਆ ਦੇ ਵਿੱਚ ਰਹਿੰਦੇ ਹੋਏ ਹੀ ਪਰਮਾਤਮਾ ਨੂੰ ਪਾ ਲਿਆ ਹੈ। ਮਨੁੱਖਾ ਜੀਵਨ ਦਾ ਇਹੀ ਮਨੋਰਥ ਹੈ ਕਿ ਮਾਇਆ ਦੇ ਵਿੱਚ ਰਹਿੰਦੇ ਹੋਏ ਰੱਬੀ ਨਾਮ ਨਾਲ ਜੁੜਨਾ ਹੈ। ਘਰ ਗ੍ਰਿਹਸਤੀ ਛੱਡ ਕੇ ਜੰਗਲਾਂ, ਪਹਾੜਾਂ, ਪਰਬਤਾਂ ਨੂੰ ਨਹੀਂ ਜਾਣਾ। ਕਿਵੇਂ ਜੀਵਣਾ ਹੈ ? ਜਵਾਬ ਹੈ ‘‘ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ ਨਾਨਕ  ! ਅਵਰੁ ਜੀਵੈ ਕੋਇ ’’ (ਮਹਲਾ /੧੪੨) ਯਾਨੀ ‘‘ਆਖਾ ਜੀਵਾ; ਵਿਸਰੈ ਮਰ ਜਾਉ ’’ ਗੁਰੂ ਜੀ ਕਹਿੰਦੇ ਹਨ ਕਿ ਜੇ ਮੈਂ ਨਾਮ ਤੋਂ ਖੁੰਝ ਜਾਵਾਂ, ਜਦੋਂ ਮੇਰੇ ਕੋਲ ਨਾਮ ਨਹੀਂ, ਜਿਨ੍ਹਾਂ ਦੇ ਮਨ ਵਿੱਚ ਨਾਮ ਬਿਲਕੁਲ ਵੀ ਨਹੀਂ ਵੱਸਿਆ, ਉਹਨਾਂ ਦੀ ਆਤਮਕ ਮੌਤ ਹੈ ਕਿਉਂਕਿ ਉਹ ‘‘ਆਖਾ ਜੀਵਾ; ਵਿਸਰੈ ਮਰ ਜਾਉ’’ ਵਾਲੀ ਅਵਸਥਾ ਤੋਂ ਬਹੁਤ ਦੂਰ ਹਨ। ਕੇਵਲ ਉਹੀ ਘੜੀ ਸਫਲ ਹੈ, ਉਹ ਹੀ ਮਹੂਰਤ ਚੰਗਾ ਹੈ, ਜਦ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ, ਉਸ ਨੂੰ ਯਾਦ ਕੀਤਾ ਜਾਂਦਾ ਹੈ ‘‘ਸਫਲ ਮੂਰਤੁ; ਸਫਲ ਓਹ ਘਰੀ   ਜਿਤੁ; ਰਸਨਾ ਉਚਰੈ ਹਰਿ ਹਰੀ ’’ (ਮਹਲਾ /੧੯੧)

ਭਗਤ ਕਬੀਰ ਜੀ ਦਾ ਬਹੁਤ ਹੀ ਪਿਆਰਾ ਸਲੋਕ ਹੈ, ਜਿਸ ਵਿੱਚ ਉਹ ਸਮਝਾਉਂਦੇ ਹਨ ਕਿ ਕਿਵੇਂ ਨਾਮ ਅਤੇ ਕੰਮ ਨੂੰ ਇਕਸਾਰਤਾ ਵਿੱਚ ਰੱਖਣਾ ਹੈ ‘‘ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ੨੧੩’’ (ਭਗਤ ਕਬੀਰ ਜੀ/੧੩੭੬) ਪਰਮਾਤਮਾ ਦਾ ਨਾਮ ਲੈਣ ਲਈ ਕਿਰਤ ਕਰਨ ਤੋਂ ਰੋਕਿਆ ਨਹੀਂ ਹੈ ਬਲਕਿ ਕੰਮ ਕਰਦੇ ਹੋਏ ਆਪਣੇ ਚਿੱਤ ਨੂੰ ਪਰਮਾਤਮਾ ਨਾਲ ਜੋੜਨਾ ਹੈ। ਹਿਰਦੇ-ਘਰ ਤੋਂ ਹਮੇਸ਼ਾਂ ਪਰਮਾਤਮਾ ਦੇ ਨਾਲ ਜੁੜਿਆ ਰਹਿਣਾ ਹੈ। ਇੱਕ ਪਲ ਵੀ ਵਿਛੜਨਾ ਨਹੀਂ ਹੈ। ਪਰਮਾਤਮਾ ਤੋਂ ਦੂਰ ਹੋ ਕੇ ਆਤਮਕ ਮੌਤ ਮਿਲਣੀ ਹੈ।

ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ‘‘ਨਾਨਕ  ! ਸਤਿਗੁਰਿ+ਭੇਟਿਐ (ਨਾਲ਼); ਪੂਰੀ ਹੋਵੈ ਜੁਗਤਿ ’’ ਇਹ ਜੁਗਤਿ ਹੈ ‘ਜੀਵਨ ਜਾਚ’, ਜਿਸ ਵਿੱਚ ‘‘ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ’’ (ਮਹਲਾ /੫੨੨) ਭਾਵ ਇਹ ਨਹੀਂ ਕਿ ਹੱਸਣਾ ਨਹੀਂ, ਖੇਡਣਾ ਨਹੀਂ, ਪਹਿਨਣਾ ਨਹੀਂ ਬਲਕਿ ਇਸ ਲਈ ਸਾਰੇ ਕਾਰਜ ਕਰਦੇ ਹੋਏ ਪਰਮਾਤਮਾ ਨੂੰ ਯਾਦ ਰੱਖਣਾ ਹੈ; ਇਉਂ ਮਾਇਆ ਵਿੱਚ ਰਹਿੰਦੇ ਹੋਏ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਈਦਾ ਹੈ। ਇਹ ਅਵਸਥਾ ਕੇਵਲ ਓਦੋਂ ਬਣ ਸਕਦੀ ਹੈ ਜਦੋਂ ਸਤਿਗੁਰੂ ਦਾ ਮਿਲਾਪ ਹੋ ਜਾਂਦਾ ਹੈ।

ਹੁਣ ਸਵਾਲ ਇਹ ਵੀ ਹੈ ਕਿ ਇਹ ਜੀਵਨ ਜੁਗਤ ਕੀ ਹੈ, ਜੀਵਨ ਜਾਚ ਕੀ ਹੈ, ਜਿਸ ਨਾਲ ਅਸੀਂ ਉਸ ਅਵਸਥਾ ਦੇ ਵਿੱਚ ਪਹੁੰਚ ਸਕੀਏ ? ਜਿਵੇਂ ਜਿਵੇਂ ਗੁਰੂ ਦਾ ਨਾਮ ਸਾਡੇ ਹਿਰਦੇ-ਘਰ ਵਿੱਚ ਵੱਸਦਾ ਜਾਏਗਾ, ਉਸ ਦੀ ਹੋਂਦ ਸਾਨੂੰ ਮਹਿਸੂਸ ਹੋਣ ਲੱਗ ਜਾਏਗੀ। ਜਦ ‘ਕੂੜ ਦੀ ਪਾਲਿ’ ਟੁੱਟ ਜਾਏਗੀ ਤਾਂ ‘ਆਖਾ ਜੀਵਾ’ ਵਾਲ਼ੀ ਅਵਸਥਾ ਪ੍ਰਾਪਤ ਹੋ ਜਾਏਗੀ, ਹਿਰਦਾ ਪ੍ਰਫੁਲਿਤ ਹੋ ਜਾਏਗਾ। ਕਈ ਵਾਰ ਹੁੰਦਾ ਹੈ ਕਿ ਪਰਮਾਤਮਾ ਦਾ ਨਾਮ ਤਾਂ ਹਰ ਵੇਲੇ ਸਾਡੀ ਜ਼ਬਾਨ ’ਤੇ ਹੁੰਦਾ ਹੈ ਪਰ ਸਾਡੇ ਅੰਦਰ ਖਿੜਾਅ ਨਹੀਂ ਆਉਂਦਾ। ਜਦੋਂ ਤੱਕ ਕੂੜ ਦੀ ਕੰਧ ਵਿਚਕਾਰੋਂ ਨਹੀਂ ਹਟੇਗੀ, ਉਦੋਂ ਤੱਕ ਅਸੀਂ ‘‘ਆਖਾ ਜੀਵਾ; ਵਿਸਰੈ ਮਰ ਜਾਊ’’ ਵਾਲੀ ਅਵਸਥਾ ਪ੍ਰਾਪਤ ਨਹੀਂ ਕਰ ਸਕਦੇ।

ਪਰਮਾਤਮਾ ਨੂੰ ਯਾਦ ਕਰਦੇ-ਕਰਦੇ ਜੀਵਨ ਸੰਤੋਖ ਵਾਲਾ ਬਣ ਜਾਂਦਾ ਹੈ। ਹਰ ਵੇਲੇ ਪਰਮਾਤਮਾ ਨੂੰ ਯਾਦ ਕਰਨ ਵਾਲਾ ਇਨਸਾਨ ਕਦੇ ਵੀ ਪਰਾਇਆ ਹੱਕ ਨਹੀਂ ਮਾਰਦਾ। ਉਸ ਦੀ ਕਮਾਈ ਸੱਚ ਅਤੇ ਹੱਕ ਦੀ ਹੁੰਦੀ ਹੈ ਕਿਉਂਕਿ ਮੌਤ ਨੂੰ ਹਰ ਵੇਲੇ ਯਾਦ ਰੱਖਦਾ ਹੈ। ਮੌਤ ਨੂੰ ਯਾਦ ਰੱਖਣ ਨਾਲ ਪਤਾ ਚੱਲਦਾ ਹੈ ਕਿ ਪਰਮਾਤਮਾ ਸਾਡੇ ਅੰਦਰ ਬੈਠਾ ਹੈ ਅਤੇ ਹਰ ਇੱਕ ਕੰਮ ਦਾ ਲੇਖਾ-ਜੋਖਾ ਰੱਖਦਾ ਹੈ, ਪਰ ਜੋ ਜੀਵ ਪਰਮਾਤਮਾ ਤੋਂ ਵਿਛੜ ਜਾਂਦੇ ਹਨ ਉਹ ਠੱਗੀਆਂ ਵੀ ਮਾਰਦੇ ਹਨ ਅਤੇ ਬੇਈਮਾਨੀਆਂ ਵੀ ਕਰਦੇ ਹਨ। ਇਸ ਤਰ੍ਹਾਂ ਜੋ ਵੀ ਇਨਸਾਨ ਬੀਜਦਾ ਹੈ ਉਸ ਨੂੰ ਉਹੀ ਕੱਟਣਾ ਵੀ ਪਵੇਗਾ। ਮਨਮੁਖ ਇਨਸਾਨ ਨਾਲ ਜੇਕਰ ਕੁੱਝ ਬੁਰਾ ਹੁੰਦਾ ਹੈ ਤਾਂ ਅਕਸਰ ਉਹ ਇਹ ਕਹਿ ਦਿੰਦਾ ਹੈ ਕਿ ਪਰਮਾਤਮਾ ਨੇ ਬੁਰਾ ਕੀਤਾ ਹੈ। ਇਹ ਰੱਬ ਉੱਤੇ ਬੇਭਰੋਸਗੀ ਦਾ ਪ੍ਰਤੀਕ ਹੈ।

‘‘ਨਾਨਕ  ! ਹੁਕਮੀ ਆਵਹੁ ਜਾਹੁ’’ ਉਸ ਦੇ ਹੁਕਮ ਵਿੱਚ ਹੀ ਅਸੀਂ ਜਨਮ ਮਰਨ ਦੇ ਗੇੜ ’ਚ ਪਏ ਹੋਏ ਹਾਂ ਤਾਂ ਤੇ ਉਸ ਹੁਕਮ ਨੂੰ ਸਮਝ ਕੇ ਆਪਣੇ ਮਾੜੇ ਕੰਮ ਕਰਨੇ ਬੰਦ ਕਰਨੇ ਪੈਣੇ ਹਨ ਤਾਹੀਓਂ ਜਨਮ-ਮਰਨ ਦਾ ਗੇੜ ਮੁੱਕਦਾ ਹੈ। ਪਰਮਾਤਮਾ ਨੂੰ ਹਾਜ਼ਰਾ-ਹਜ਼ੂਰ, ਜਾਹਰਾ-ਜਹੂਰ ਮੰਨਣ ਨਾਲ਼ ਵਿਕਾਰਾਂ ਵੱਲੋਂ ਬਚ ਜਾਈਦਾ ਹੈ। ਫਿਰ ਕਰਮ ਚੰਗੇ ਹੋ ਜਾਣੇ ਹਨ।  ਸੁਕ੍ਰਿਤ ਯਾਨੀ ਚੰਗੀ ਕਿਰਤ ਦੀ ਮਾਲਾ ਜਪਣੀ ਹੈ। ਗੁਰੂ ਪਾਤਿਸ਼ਾਹ ਕਹਿੰਦੇ ਹਨ ਕਿ ਚੰਗੇ ਕੰਮ ਕਰਨੇ, ਸੱਚੀ-ਸੁੱਚੀ ਹੱਕ ਦੀ ਕਮਾਈ ਕਰਨੀ ਹੀ ਸਭ ਤੋਂ ਸ੍ਰੇਸ਼ਟ ਮਾਲਾ ਜਪਣਾ ਹੈ। ਇਸ ਮਾਲਾ ਦੇ ਸਾਮ੍ਹਣੇ ਮਹਿੰਗੀ ਤੋਂ ਮਹਿੰਗੀ, ਰੁਦਰਾਖ਼ਸ਼ ਦੀ ਮਾਲਾ ਵੀ ਕੋਈ ਮਾਅਨਾ ਨਹੀਂ ਰੱਖਦੀ। ਇਹ ਮਾਲਾ ਲੋਕ-ਪਰਲੋਕ ਵਿੱਚ ਰੱਖਿਆ ਕਰਦੀ ਹੈ ‘‘ਸੁਕ੍ਰਿਤੁ ਕਰਣੀ; ਸਾਰੁ ਜਪਮਾਲੀ   ਹਿਰਦੈ ਫੇਰਿ; ਚਲੈ ਤੁਧੁ ਨਾਲੀ ’’ (ਮਹਲਾ /੧੧੩੪) ‘ਸਾਰੁ’ ਤੋਂ ਭਾਵ ਹੈ ‘ਸਭ ਤੋਂ ਸ੍ਰੇਸ਼ਟ’। ‘‘ਹਿਰਦੈ ਫੇਰਿ’ ਦਾ ਮਤਲਬ ਹੈ ‘ਆਖਾ ਜੀਵਾ’। ਇਹੀ ਮਾਲਾ ਮਨੁੱਖ ਦੇ ਨਾਲ ਚੱਲੇਗੀ।

ਮਨੁੱਖ ਦਾ ਹਰ ਵੇਲੇ ਚੰਗੇ ਕੰਮ ਕਰਨ ਵੱਲ ਝੁਕਾਅ ਹੋਣਾ ਚਾਹੀਦਾ ਹੈ। ਉਦਾਹਰਨ ਵਜੋਂ ਜੇਕਰ ਕੋਈ ਦੁਕਾਨਦਾਰ ਇੱਕ ਕਿੱਲੋ ਦੇ ਬਦਲੇ 9॥0 ਗ੍ਰਾਮ ਤੋਲ ਕੇ ਦੇ ਰਿਹਾ ਹੈ ਤਾਂ ਇਹ ਸੁਕ੍ਰਿਤ ਕਰਣੀ ਨਹੀਂ। ਜੇਕਰ ਕੋਈ ਉੱਚੇ ਅਹੁਦੇ ’ਤੇ ਬੈਠਾ ਆਪਣੇ ਰੁਤਬੇ ਦਾ ਨਜਾਇਜ਼ ਫ਼ਾਇਦਾ ਉੱਠਾ ਰਿਹਾ ਹੈ ਤਾਂ ਇਹ ਸੁਕ੍ਰਿਤ ਕਰਣੀ ਨਹੀਂ। ਬਾਹਰ ਭਾਵੇਂ ਅਸੀਂ ਰੁਦਰਾਖ਼ਸ਼ ਦੀ ਮਾਲਾ ਫੇਰੀ ਜਾਈਏ ਪਰ ਜਦੋਂ ਤੱਕ ਹਿਰਦੇ-ਘਰ ਵਿੱਚ ਪਰਮਾਤਮਾ ਦੀ ਯਾਦ ਨਹੀਂ, ਇਮਾਨਦਾਰੀ ਵਾਲ਼ੀ ਕਿਰਤ ਨਹੀਂ, ਤਦ ਤੱਕ ਕੋਈ ਲਾਭ ਪ੍ਰਾਪਤ ਨਹੀਂ ਹੋਣ ਵਾਲਾ। ਇਸ ਕਰਕੇ ਹਮੇਸਾਂ ਚੰਗੇ ਕੰਮ ਕਰਨ ਵੱਲ ਪ੍ਰੇਰਿਆ ਹੈ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਇਨ੍ਹਾਂ ਅਸੂਲਾਂ ’ਤੇ ਅਮਲ ਕਰਨਾ ਹੈ। ਜਿਨ੍ਹਾਂ ਦੀ ਅਵਸਥਾ ਉੱਚੀ ਹੋ ਜਾਂਦੀ ਹੈ ਫਿਰ ਉਹ ਆਪਣੇ ਮਨ ਵਿੱਚ, ਆਪਣੇ ਬਚਨਾਂ ਵਿੱਚ, ਆਪਣੇ ਕੰਮਾਂ ਵਿੱਚ ਪਰਮਾਤਮਾ ਨੂੰ ਧਿਆਉਂਦੇ ਹਨ; ਜਿਵੇਂ ਕਿ ਵਾਕ ਹੈ ‘‘ਮਨ, ਬਚ, ਕ੍ਰਮ, ਪ੍ਰਭੁ ਅਪਨਾ ਧਿਆਈ ਨਾਨਕ ਦਾਸ ! ਤੇਰੀ ਸਰਣਾਈ ’’ (ਮਹਲਾ /੨੦੦) ਉਨ੍ਹਾਂ ਦੇ ਕੰਮ ਕਦੇ ਮਾੜੇ ਨਹੀਂ ਹੁੰਦੇ। ਉਹ ਸੁਕ੍ਰਿਤ ਕਰਣੀ ਕਰਕੇ ‘‘ਆਖਾਂ ਜੀਵਾਂ; ਵਿਸਰੈ ਮਰ ਜਾਉ ’’ ਵਾਲੀ ਅਵਸਥਾ ਭੋਗਦੇ ਹਨ। ਪਰਮਾਤਮਾ ਦੇ ਨਾਮ ਵਿੱਚ ਰੰਗਿਆਂ ਲਈ ਪਰਮਾਤਮਾ ਦਾ ਨਾਮ ਲੈਣਾ ਔਖਾ ਨਹੀਂ, ਪਰ ਪਰਮਾਤਮਾ ਤੋਂ ਟੁੱਟਿਆਂ ਲਈ ਇਹ ਕੰਮ ਬਹੁਤ ਔਖਾ ਹੈ ‘‘ਆਖਣ ਅਉਖਾ ਸਾਚਾ ਨਾਉ ’’, ਪਰ ਜਿਨ੍ਹਾਂ ਗੁਰਸਿੱਖਾਂ ਦੀ ਅਵਸਥਾ ਉੱਚੀ ਹੋ ਜਾਂਦੀ ਹੈ; ਉਹਨਾਂ ਨੂੰ ਭੁੱਖ ਵੀ ਸੱਚੇ ਨਾਮ ਦੀ ਹੀ ਲੱਗਦੀ ਹੈ। ਸਰੀਰਕ ਖ਼ੁਰਾਕ ਤਾਂ ਹਰ ਕੋਈ ਲੈਂਦਾ ਹੈ ਪਰ ਆਤਮਕ ਖ਼ੁਰਾਕ, ਜੋ ਸੱਚਾ ਨਾਮ ਵਿਰਲਾ ਹੀ ਭੋਗਦਾ ਹੈ । ਉਹ ਆਪਣੀ ਰੂਹ ਨੂੰ ਭੁੱਖਾ ਨਹੀਂ ਰਹਿਣ ਦਿੰਦੇ। ਇਸ ਭੁੱਖ ਲਈ ਉਹ ਜੋ ਖਾਂਦੇ ਹਨ ਭਾਵ ਪਰਮਾਤਮਾ ਦਾ ਨਾਮ ਸਿਮਰਦੇ ਹਨ ਤਾਂ ਫਿਰ ਉਨ੍ਹਾਂ ਨੂੰ ਕਿਸੇ ਹੋਰ ਚੀਜ਼ ਦੀ ਭੁੱਖ ਨਹੀਂ ਰਹਿੰਦੀ ਕਿਉਂਕਿ ਸਾਰੇ ਦੁੱਖ ਮਿਟ ਜਾਂਦੇ ਹਨ ‘‘ਸਾਚੇ ਨਾਮ ਕੀ ਲਾਗੈ ਭੂਖ ਉਤੁ ਭੂਖੈ, ਖਾਇ ਚਲੀਅਹਿ ਦੂਖ ’’ (ਸੋ ਦਰੁ/ ਮਹਲਾ /)

ਇਸੇ ਪ੍ਰਸੰਗ ਦਾ ਜ਼ਿਕਰ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਆਸਾ ਰਾਗ ਵਿੱਚ ਬਹੁਤ ਸੋਹਣਾ ਕੀਤਾ ਹੈ ‘‘ਦੀਵਾ ਮੇਰਾ ਏਕੁ ਨਾਮੁ; ਦੁਖੁ, ਵਿਚਿ ਪਾਇਆ, ਤੇਲੁ ’’ ਇੱਥੇ ‘ਦੁਖੁ’ ਦੇ ‘ਖੁ’ ਨੂੰ ਔਂਕੜ ਹੈ, ਜੇਕਰ ਇਸ ਦਾ ਸੰਬੰਧ ‘ਵਿਚਿ’ ਨਾਲ਼ ਹੁੰਦਾ ਤਾਂ ਇਸ ਦਾ ਅੰਤ ਔਂਕੜ  ਹਟ ਜਾਣਾ ਸੀ। ਇਸ ਲਈ ਪਾਠ ਕਰਦਿਆਂ ‘ਦੁਖੁ’ ਤੋਂ ਬਾਅਦ ਥੋੜ੍ਹਾ ਠਹਿਰਨਾ ਹੈ। ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ਕਿ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਇੱਕ ਗਿਆਨ ਦਾ ਦੀਵਾ ਹੈ। ਗੁਰੂ ਦੇ ਅੱਖਰੀ ਅਰਥ ਇਹੀ ਹਨ ‘ਅੰਧੇਰੇ ਦੇ ਵਿੱਚ ਗਿਆਨ ਦਾ ਦੀਵਾ ਜਾਂ ਸਾਧਨ’। ਗੁਰੂ ਜੀ ਕਹਿੰਦੇ ਹਨ ਦੀਵੇ ਦੇ ਵਿੱਚ ਦੁੱਖ ਰੂਪੀ ਤੇਲ ਪਾਇਆ ਹੈ ਉਸ ਨਾਲ ਬਹੁਤ ਚਾਨਣ ਹੋ ਗਿਆ ਹੈ, ਮੇਰੇ ਅੰਦਰ ਗੁਰ ਮੰਤਰ ਪੱਕਾ ਹੋ ਗਿਆ ਹੈ। ਜਦੋਂ ਦੀਵਾ ਜਗਦਾ ਹੈ ਤਾਂ ਤੇਲ ਮੁੱਕਦਾ ਹੈ। ਉਸੇ ਪ੍ਰਕਾਰ ਜਦੋਂ ਗਿਆਨ ਦਾ ਚਾਨਣ; ਨਾਮ ਰੂਪੀ ਦੀਵੇ ਨਾਲ ਹੋ ਗਿਆ ਤਾਂ ਦੁੱਖਾਂ ਦਾ ਪਾਇਆ ਹੋਇਆ ਤੇਲ ਮੁੱਕ ਗਿਆ, ਫਿਰ ‘‘ਉਨਿ ਚਾਨਣਿ, ਓਹੁ ਸੋਖਿਆ; ਚੂਕਾ ਜਮ ਸਿਉ ਮੇਲੁ ’’ (ਮਹਲਾ /੩੫੮) ਭਾਵ ਉਸ ਗੁਰਸਿੱਖ ਦਾ ਜਮਾਂ ਦੇ ਨਾਲ ਮੇਲ ਕਦੇ ਮੁੜ ਕੇ ਨਹੀਂ ਹੁੰਦਾ ਫਿਰ ਕਦੇ ਵੀ ਜਮਾਂ ਦਾ ਡਰ ਨਹੀਂ ਰਹਿੰਦਾ। ਉਸ ਬ੍ਰਹਮਗਿਆਨੀ ਦਾ ‘‘ਚੂਕਾ ਜਮ ਸਿਉ ਮੇਲੁ ’’, ਉਸ ਦੇ ਅੰਦਰੋਂ ਇਹੀ ਅਰਦਾਸ ਸਦਾ ਉੱਠਦੀ ਹੈ ਕਿ ‘‘ਅਬ ਕੀ ਬਾਰ ਬਖਸਿ ਬੰਦੇ ਕਉ; ਬਹੁਰਿ ਭਉਜਲਿ ਫੇਰਾ ’’ (ਭਗਤ ਕਬੀਰ/੧੧੦੪), ਇਹੀ ਹੈ ‘‘ਸਾਚੇ ਨਾਮ ਕੀ ਲਾਗੈ ਭੂਖ ’’

ਸਰੀਰਕ ਭੁੱਖ ਦਾ ਪਤਾ ਤਾਂ ਸਭ ਨੂੰ ਲੱਗ ਜਾਂਦਾ ਹੈ ਪਰ ਆਤਮਕ ਭੁੱਖ ਦਾ ਪਤਾ ਕਿਸੇ ਨੂੰ ਨਹੀਂ ਲੱਗਦਾ। ਸਰੀਰਕ ਭੁੱਖ ਦਾ ਪਤਾ ਲੱਗਣਾ ਅਸਾਨ ਹੈ। ਇਨਸਾਨ ਨੂੰ ਤੜਫਦਾ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਰੋਟੀ ਚਾਹੀਦੀ ਹੈ, ਪਰ ਸੱਚੇ ਨਾਮ ਦੀ ਭੁੱਖ ਲੱਗੀ ਹੋਈ ਸਿਰਫ਼ ਓਹੀ ਮਹਿਸੂਸ ਕਰ ਸਕਦਾ ਹੈ, ਜਿਸ ਨੂੰ ਇਹ ਭੁੱਖ ਲੱਗੀ ਹੋਈ ਹੋਵੇ। ਜਿਸ ਅੰਦਰ ਇਹ ਭੁੱਖ ਲੱਗ ਗਈ ਫਿਰ ਉਹ ਪਰਮਾਤਮਾ ਨੂੰ ਦਿਲ ਵਿੱਚ ਵਸਾ ਕੇ ਗੁਰਮੰਤ੍ਰ ਦ੍ਰਿੜ੍ਹ ਕਰੇਗਾ, ਜਿਸ ਨਾਲ਼ ਸਾਰੇ ਦੁੱਖ ਚਲੇ ਜਾਂਦੇ ਹਨ।

ਦੁੱਖ ਅਤੇ ਸੁੱਖ ਦਾ ਆਪਸ ਵਿੱਚ ਬਹੁਤ ਗਹਿਰਾ ਸੰਬੰਧ ਹੈ। ਪਹਿਲਾਂ ਇਹ ਸਮਝਣਾ ਪਏਗਾ ਕਿ ਗੁਰਬਾਣੀ ਅਨੁਸਾਰ ਦੁੱਖ ਕੀ ਹਨ ਕਿਉਂਕਿ ਗੁਰਬਾਣੀ ਦੁੱਖਾਂ-ਸੁੱਖਾਂ ਯਾਨੀ ਦੋਵਾਂ ਨੂੰ ਰੱਬ ਦੀ ਦਾਤਿ ਮੰਨਦੀ ਹੈ; ਜਿਵੇਂ ਕਿ ਵਾਕ ਹੈ ‘‘ਸੁਖੁ ਦੁਖੁ ਤੇਰੀ ਆਗਿਆ ਪਿਆਰੇ ! ਦੂਜੀ ਨਾਹੀ ਜਾਇ ’’ (ਮਹਲਾ /੪੩੨) ਸੁੱਖ ਅਤੇ ਦੁੱਖ ਪਰਮਾਤਮਾ ਦੀ ਆਗਿਆ ਦੇ ਵਿੱਚ ਹੀ ਹਨ। ਇਹ ਨਹੀਂ ਹੈ ਕਿ ਜੇ ਸੁੱਖ ਮਿਲੇ ਹਨ ਤਾਂ ਮੇਰੀ ਮਿਹਨਤ ਕਾਰਨ, ਮੇਰੀ ਕੋਸ਼ਿਸ਼ ਕਰਕੇ, ਮੇਰੇ ਕਰਮਾਂ ਨਾਲ ਮਿਲੇ ਹਨ ਅਤੇ ਜੋ ਦੁੱਖ ਮਿਲੇ ਹਨ ਤਾਂ ਉਹ ਪਰਮਾਤਮਾ ਨੇ ਦਿੱਤੇ ਹਨ। ਦੁੱਖ ਅਤੇ ਸੁੱਖ ਇੱਕ ਬਰਾਬਰ ਹਨ। ਇਹ ਪਰਮਾਤਮਾ ਦੀ ਹੀ ਬਖਸ਼ਸ਼ ਹੈ ‘‘ਜੋ ਤੂੰ ਕਰਾਵਹਿ, ਸੋ ਕਰੀ ਪਿਆਰੇ ! ਅਵਰੁ ਕਿਛੁ ਕਰਣੁ ਜਾਇ ’’ (ਮਹਲਾ /੪੩੨) ਜੇ ਮੈਂ ਕੁਝ ਕਰ ਸਕਿਆ ਹਾਂ ਤਾਂ ਪਰਮਾਤਮਾ ਦੀ ਕਿਰਪਾ ਸਦਕਾ ਹੈ ਕਿਉਂਕਿ ਮੇਰੇ ਹੱਥ ਕੁਝ ਵੀ ਨਹੀਂ। ਜੇਕਰ ਮੈਂ ਸੁੱਖਾਂ ਨੂੰ ਇਕੱਠਾ ਕੀਤਾ ਹੈ, ਉਸ ਵਿੱਚ ਜੋ ਮਿਹਨਤ ਹੋਈ, ਉਹ ਪਰਮਾਤਮਾ ਨੇ ਮੇਰੇ ਕੋਲ਼ੋਂ ਕਰਵਾਈ ਹੈ। ਜੇ ਮੈਨੂੰ ਦੁੱਖ ਆ ਗਏ ਹਨ ਤਾਂ ਉਹ ਵੀ ਮੇਰੇ ਨਸੀਬ ਅਨੁਸਾਰ ਤੁਸੀਂ ਹੀ ਦਿੱਤੇ ਹਨ। ਐਸੇ ਗੁਰੂ ਪਿਆਰੇ ਦੇ ਬੋਲ ਹੋਣਗੇ ‘‘ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ! ਜਿਤੁ, ਜਪੀਐ ਹਰਿ ਨਾਉ ’’ (ਮਹਲਾ /੪੩੨) ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਧਿਆਇਆ ਹੈ ਉਨ੍ਹਾਂ ਲਈ ਦਿਨ ਅਤੇ ਰਾਤ ਦੁੱਖਾਂ ਵਿੱਚ ਵੀ ਬਹੁਤ ਸੋਹਣੇ ਬੀਤਦੇ ਹਨ। ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ‘‘ਸੁਖੁ ਦੁਖੁ ਦੁਇ, ਦਰਿ ਕਪੜੇ; ਪਹਿਰਹਿ ਜਾਇ ਮਨੁਖ ’’ (ਮਹਲਾ /੧੪੯) ਭਾਵ ਜਿਸ ਤਰ੍ਹਾਂ ਇਨਸਾਨ ਬਦਲ-ਬਦਲ ਕੇ ਅਲੱਗ-ਅਲੱਗ ਰੰਗਾਂ ਦੇ ਕੱਪੜੇ ਪਾਉਂਦਾ ਹੈ, ਉਸੇ ਤਰ੍ਹਾਂ ਪਰਮਾਤਮਾ ਨੇ ਮਨੁੱਖ ਲਈ ਦੁੱਖ ਅਤੇ ਸੁੱਖ ਰੂਪੀ ਦੋ ਕੱਪੜੇ ਬਣਾਏ ਹਨ। ਪ੍ਰਭੂ ਦੀ ਦਰਗਾਹ ਤੋਂ ਇਹ ਕੱਪੜੇ ਮਨੁੱਖ ਨੂੰ ਅਵੱਸ਼ ਮਿਲੇ ਹਨ। ਅਗਲੀ ਪੰਕਤੀ ’ਚ ਇਹ ਵੀ ਕਿਹਾ ਹੈ ‘‘ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ’’ (ਮਹਲਾ /੧੪੯) ਹੇ ਭਾਈ ! ਜੇਕਰ ਤੈਨੂੰ ਦੁੱਖ ਆਇਆ ਹੈ, ਦੁੱਖ ਦੇ ਵਿੱਚ ਤੂੰ ਕੁਰਲਾ ਰਿਹਾ ਹੈਂ, ਦੁੱਖ ਦੇ ਵਿੱਚ ਤੂੰ ਗਿਲੇ-ਸ਼ਿਕਵੇ ਕਰ ਰਿਹਾ ਹੈਂ, ਗੁਰੂ ਨੂੰ ਵੀ ਬੁਰਾ ਭਲਾ ਕਹਿ ਰਿਹਾ ਹੈਂ ਤਾਂ ਯਾਦ ਰੱਖੀਂ ਕਿ ਗਿਲੇ-ਸ਼ਿਕਵੇ ਕੀਤਿਆਂ ਆਪਣੀ ਹੀ ਹਾਰ ਹੁੰਦੀ ਹੈ। ਮਨੁੱਖ ਹੋਰ ਨੀਵਾਂ ਹੋ ਜਾਂਦਾ ਹੈ, ਮਨੋਬਲ ਗਿਰ ਜਾਂਦਾ ਹੈ, ਸਿਹਤ ਪੱਖੋਂ ਵੀ ਕਮਜ਼ੋਰੀ ਆ ਜਾਂਦੀ ਹੈ। ਇਸ ਲਈ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਮੈਨੂੰ ਮੇਰੇ ਕੀਤੇ ਹੋਏ ਪਾਪਾਂ ਕਰਕੇ ਦੁੱਖ ਆਇਆ ਹੈ। ਮੈਨੂੰ ਅੰਦਰੂਨੀ ਤਾਕਤ ਬਖ਼ਸ਼ੋ। ਮੇਰੀ ਆਤਮਕ ਅਵਸਥਾ ਉੱਚੀ ਕਰੋ ਤਾਂ ਕਿ ਮੈਂ ਇਨ੍ਹਾਂ ਦੁੱਖਾਂ-ਮੁਸੀਬਤਾਂ ਦਾ ਸਾਮ੍ਹਣਾ ਕਰ ਸਕਾਂ। ਇਨ੍ਹਾਂ ਦਾ ਮੁਕਾਬਲਾ ਕਰ ਸਕਾਂ। ਆਤਮ ਖ਼ੁਰਾਕ ਰੱਬੀ ਨਾਮ ਨੂੰ ਵਧਾਉਣਾ ਚਾਹੀਦਾ ਹੈ। ਜਿਸ ਨਾਲ ਆਤਮਕ ਅਵਸਥਾ ਉੱਚੀ ਹੁੰਦੀ ਹੈ। ਕੋਈ ਡਰ ਨਹੀਂ ਲੱਗਦਾ। ਜਿੱਥੇ ਬੋਲਣ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ ਉੱਥੇ ਚੁੱਪ ਕਰਕੇ ਅਰਦਾਸ ਕਰਨੀ ਬਣਦੀ ਹੈ, ਨਾਮ ਜਪਣਾ ਚਾਹੀਦਾ ਹੈ, ਮਾਲਕ ਦੇ ਗੁਣ ਗਾਉਣੇ ਚਾਹੀਦੇ ਹਨ। ਕਿਸੇ ਨਾਲ ਗਿਲਾ-ਸ਼ਿਕਵਾ ਨਹੀਂ ਕਰਨਾ, ਕਿਸੇ ਦੇ ਉੱਪਰ ਦੋਸ਼ ਨਹੀਂ ਲਗਾਉਣੇ। ਦੁੱਖ-ਸੁੱਖ ਇਨਸਾਨ ਦੇ ਆਪਣੇ ਕਰਮਾਂ ਦਾ ਫਲ਼ ਹੈ।

ਸਾਰਿਆਂ ਦੇ ਦਿਮਾਗ਼ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਮੈਨੂੰ ਦੁੱਖ ਕਿਉਂ ਆਇਆ ਜਾਂ ਪਰਮਾਤਮਾ ਨੇ ਮੈਨੂੰ ਦੁੱਖ ਕਿਉਂ ਦਿੱਤਾ, ਇਸ ਲਈ ਸਾਰੇ ਸੁੱਖ ਮੰਗਦੇ ਹਨ। ਗੁਰੂ ਵਾਕ ਹੈ ‘‘ਸੁਖ ਕਉ ਮਾਗੈ ਸਭੁ ਕੋ; ਦੁਖੁ ਮਾਗੈ ਕੋਇ ’’ ਇਹੀ ਸੁੱਖ ਹਨ, ਜੋ ਆਪਣੇ ਨਾਲ਼ ਦੁੱਖ ਲੈ ਕੇ ਆਉਂਦੇ ਹਨ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਆਪ ਹੀ ਸਪਸ਼ਟ ਕਰਦੇ ਹਨ ‘‘ਸੁਖੈ ਕਉ ਦੁਖੁ ਅਗਲਾ; ਮਨਮੁਖਿ ਬੂਝ ਹੋਇ ’’ ਜਦ ਤੱਕ ਮਨੁੱਖਾਂ; ਦੋਨਾਂ ਨੂੰ ਇਕ ਸਮਾਨ ਮਹਿਸੂਸ ਨਹੀਂ ਕਰਦਾ, ਤਦ ਤੱਕ ਅਨੰਦ ਨਹੀਂ ਮਿਲਦਾ ‘‘ਸੁਖ ਦੁਖ ਸਮ ਕਰਿ ਜਾਣੀਅਹਿ; ਸਬਦਿ ਭੇਦਿ, ਸੁਖੁ ਹੋਇ ’’ (ਮਹਲਾ /੫੭) ਉਦਾਹਰਨ ਵਜੋਂ ਦੇਖੀਏ ਤਾਂ ਅਕਸਰ ਲੋਕ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸੁੱਖਾਂ ਵਾਸਤੇ ਅਰਦਾਸ ਕਰਦੇ ਨਜ਼ਰੀਂ ਆਉਂਦੇ ਹਨ। ਦੁੱਖਾਂ ਤੋਂ ਛੁਟਕਾਰਾ ਹਰ ਕੋਈ ਚਾਹੁੰਦਾ ਹੈ ਪਰ ਇਹ ਭੁੱਲ ਜਾਂਦਾ ਹੈ ਕਿ ਜਿੰਨੇ ਸੁੱਖ ਵਧਣਗੇ, ਜਿੰਨਾ ਜ਼ਿਆਦਾ ਰਸਾਂ-ਕਸਾਂ ਵਿੱਚ ਪਏਗਾ ਓਨੇ ਹੀ ਵਧੀਕ ਦੁੱਖ ਮਿਲਦੇ ਹਨ ਕਿਉਂਕਿ ਇਹ ਕੁਦਰਤਿ ਦਾ ਨਿਯਮ ਹੈ ਪਰ ਮਨੁੱਖ ਨੂੰ ਇਸ ਦੀ ਸੋਝੀ ਨਹੀਂ। ਦੁਨੀਆਂ ਦੇ ਦੁੱਖ ਅਤੇ ਸੁੱਖ ਇੱਕੋ ਜਿਹੇ ਸਮਝਣੇ ਚਾਹੀਦੇ ਹਨ। ਅਸਲੀ ਸੁੱਖ ਉਸ ਸਮੇਂ ਮਿਲਦਾ ਹੈ ਜਦੋਂ ਮਨ ਨੂੰ ਗੁਰੂ ਦੇ ਸ਼ਬਦ ਨਾਲ ਵਿੰਨ੍ਹ ਲਿਆ ਜਾਵੇ ‘‘ਜੇਤੇ ਰਸ ਸਰੀਰ ਕੇ, ਤੇਤੇ ਲਗਹਿ ਦੁਖ ’’ (ਮਹਲਾ /੧੨੮੭) ਇਨ੍ਹਾਂ ਤੋਂ ਬਚਣਾ ਕਿਵੇਂ ਹੈ ‘‘ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ; ਹਰਖ ਸੋਗ ਤੇ ਬਿਰਕਤੁ ਭਇਆ ਆਪੁ ਮਾਰਿ, ਗੁਰਮੁਖਿ ਹਰਿ ਪਾਏ; ਨਾਨਕ  ! ਸਹਜਿ ਸਮਾਇ ਲਇਆ (ਮਹਲਾ /੯੦੭), ਜੋ ਨਰੁ, ਦੁਖ ਮੈ ਦੁਖੁ ਨਹੀ ਮਾਨੈ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ਰਹਾਉ ’’ (ਮਹਲਾ /੬੩੩)

ਦੁੱਖ-ਸੁੱਖ ਦੁਨੀਆ ਵਿੱਚ ਨਿਰੰਤਰ ਹਨ ਪਰ ਜੋ ਇਨਸਾਨ ਇਨ੍ਹਾਂ ਨੂੰ ਬਰਾਬਰ ਮਹਿਸੂਸ ਕਰਨਯੋਗ ਹੋ ਜਾਂਦਾ ਹੈ। ਉਸ ਲਈ ਦੁੱਖ ਵੀ ਸੁੱਖ ਬਣ ਜਾਂਦੇ ਹਨ ‘‘ਸਬਦਿ ਭੇਦਿ, ਸੁਖੁ ਹੋਇ ’’ ਯਾਨੀ ਸੱਚੇ ਨਾਮ ਨਾਲ਼ ਉੱਚੀ ਹੋਈ ਸੁਰਤਿ ਲਈ ਸਾਰੇ ਦੁੱਖ ਮਿਟ ਜਾਂਦੇ ਹਨ। ਇਸ ਲਈ ਦੁੱਖ ਵੀ ਪਰਮਾਤਮਾ ਨੇ ਦਿੱਤੇ ਹਨ ਅਤੇ ਉਨ੍ਹਾਂ ਦੀ ਦੂਰ ਵੀ ਓਹੀ ਕਰੇਗਾ। ਗੁਰੂ ਨਾਨਕ ਪਾਤਿਸ਼ਾਹ ਜੀ ਕਹਿੰਦੇ ਹਨ ਕਿ ‘‘ਸਭ ਦੁਖ ਤੇਰੇ ਸੂਖ ਰਜਾਈ   ਸਭਿ ਦੁਖ ਮੇਟੇ; ਸਾਚੈ ਨਾਈ ’’ (ਮਹਲਾ /੪੧੨) ਹੇ ਪਾਤਿਸ਼ਾਹ ! ਸਾਰੇ ਦੁੱਖ ਤੇਰੀ ਰਜ਼ਾ ਵਿੱਚ ਮਿਲਦੇ ਹਨ। ਫਿਰ ਸਾਫ਼ ਕਰ ਦਿੱਤਾ ਕਿ ਸਾਰੇ ਦੁੱਖ ਤੇਰੇ ਸੱਚੇ ਨਾਮ ਵਿੱਚ ਜੁੜ ਕੇ ਮਿਟਦੇ ਹਨ ਯਾਨੀ ‘ਆਖਾਂ ਜੀਵਾਂ’ ਵਾਲ਼ੀ ਅਵਸਥਾ ਬਣ ਗਈ।

ਪੰਜਵੇਂ ਪਾਤਿਸ਼ਾਹ ਜੀ ਤੱਤੀ ਤਵੀ ’ਤੇ ਬੈਠੇ ਕਹਿੰਦੇ ਹਨ ‘‘ਦੁਖੁ ਨਾਹੀ, ਸਭੁ ਸੁਖੁ ਹੀ ਹੈ ਰੇ  ! ਏਕੈ ਏਕੀ ਨੇਤੈ ਬੁਰਾ ਨਹੀ, ਸਭੁ ਭਲਾ ਹੀ ਹੈ ਰੇ  ! ਹਾਰ ਨਹੀ, ਸਭ ਜੇਤੈ ’’ (ਮਹਲਾ /੧੩੦੨) ਯਾਨੀ ਜੇਕਰ ਇੱਕ ਪ੍ਰਭੂ ਦੇ ਨੇੜੇ ਹੋ ਗਏ, ਉਸ ਦਾ ਸਿਮਰਨ ਕਰਕੇ ਉਸ ਵਿੱਚ ਲਿਵ ਜੁੜ ਗਈ, ਫਿਰ ਕੋਈ ਦੁੱਖ ਨਹੀਂ। ਉਸ ਲਈ ਕੁੱਝ ਵੀ ਬੁਰਾ ਨਹੀਂ, ਕੋਈ ਹਾਰ ਨਹੀਂ, ਸਾਰੀ ਹੀ ਸਾਰੀ ਜਿੱਤ ਹੈ। ਫਿਰ ਸਦਾ ਖ਼ੁਸ਼ੀ ਹੀ ਖ਼ੁਸ਼ੀ ਹੈ, ਗ਼ਮ ਕੋਈ ਨਹੀਂ। ਜਦੋਂ ਤੱਕ ਜਗਿਆਸੂ ਆਤਮਕ ਅਨੰਦ ਤੋਂ ਇਲਾਵਾ ਕਿਸੇ ਹੋਰ ਨਾਲ਼ ਪਿਆਰ ਨਹੀਂ ਪਾਉਂਦੇ, ਉਦੋਂ ਤੱਕ ਕੋਈ ਦੁੱਖ ਨਹੀਂ ਪੋਹ ਸਕਦਾ।

ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਉਹ 10 ਦਿਨ ਦਾ ਸਫ਼ਰ, ਜਿਸ ਨੂੰ ਅੱਜ ਕੱਲ੍ਹ ਸਫ਼ਰ-ਏ-ਸ਼ਹਾਦਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਦੋਂ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਹਨ, ਪਰਵਾਰ ਵਿੱਛੜ ਜਾਂਦਾ ਹੈ। ਵੱਡੇ ਸਾਹਿਬਜ਼ਾਦਿਆਂ (18 ਸਾਲ ਅਤੇ 21 ਸਾਲ) ਸਮੇਤ 40 ਸਿੰਘ ਗੁਰੂ ਜੀ ਦੀਆਂ ਨਜ਼ਰਾਂ ਦੇ ਸਾਮ੍ਹਣੇ ਸ਼ਹੀਦ ਹੋ ਜਾਂਦੇ ਹਨ। ਅਗਲੇ ਦਿਨ ਸਵੇਰੇ ਗੁਰੂ ਜੀ ਆਪ ਮੈਦਾਨੇ-ਜੰਗ ਵਿੱਚ ਜਾਣ ਲਈ ਤਿਆਰ ਹੁੰਦੇ ਸਨ, ਪਰ ਪੰਜ ਪਿਆਰਿਆਂ ਦੀ ਬੇਨਤੀ ਨੂੰ ਪਰਮਾਤਮਾ ਦੀ ਰਜ਼ਾ ਮੰਨ ਕੇ ਆਪ ਨੂੰ ਗੜ੍ਹੀ ਛੱਡਣੀ ਪਈ। ਬਿਨਾਂ ਘੋੜੇ ਤੋਂ, ਪਾਟੀ ਹੋਈ ਪੁਸ਼ਾਕ ਵਿੱਚ ਆਪ ਮਾਛੀਵਾੜੇ ਦੇ ਜੰਗਲ਼ ਵਿੱਚ ਪਹੁੰਚਦੇ ਹਨ। ਜੰਗਲ਼ ਵਿੱਚ ਬੇਖ਼ੌਫ, ਹੱਥ ਵਿੱਚ ਕਿਰਪਾਨ ਅਤੇ ਪਰਮਾਤਮਾ ਨਾਲ ਕੋਈ ਗਿਲਾ-ਸ਼ਿਕਵਾ ਨਹੀਂ ਸਗੋਂ ਮਾਲਕ ਨਾਲ਼ ਸੁਰਤਿ ਇਕਾਗਰ ਕਰ ਉਚਾਰ ਰਹੇ ਹਨ ‘‘ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਣਾ ਤੁਧੁ ਬਿਨੁ, ਰੋਗੁ ਰਜਾਈਯਾ ਦਾ ਓਢਣੁ; ਨਾਗ ਨਿਵਾਸਾ ਦਾ ਰਹਣਾ ’’

ਫਿਰ ਵੀ ਔਰੰਗਜ਼ੇਬ ਨੂੰ ਜ਼ਫ਼ਰਨਾਮਾ (ਜਿੱਤ ਦੀ ਚਿੱਠੀ) ਲਿਖਦੇ ਹਨ ਤਾਂ ਔਰੰਗਜ਼ੇਬ ਸੋਚਦਾ ਹੈ ਕਿ ਮੈਂ ਇਨ੍ਹਾਂ ਨਾਲ ਕੀ ਕੁਝ ਨਹੀਂ ਕੀਤਾ ਪਰ ਫਿਰ ਵੀ ਇਹ ਜਿੱਤ ਦੀ ਚਿੱਠੀ ਲਿਖ ਰਹੇ ਹਨ। ਗੁਰੂ ਜੀ ਨੇ ਲਿਖਿਆ ਕਿ ਔਰੰਗਜ਼ੇਬ  ! ਤੂੰ ਆਪਣੇ ਦੀਨ-ਧਰਮ ਤੋਂ ਡਿੱਗ ਗਿਆ ਹੈਂ, ਤੂੰ ਕੁਰਾਨ ਦੀਆਂ ਕਸਮਾਂ ਖਾ ਕੇ ਮੁੱਕਰ ਗਿਆ ਹੈਂ, ਤੂੰ ਝੂਠ ਬੋਲਿਆ ਹੈਂ ਇਸ ਲਈ ਤੂੰ ਹਾਰ ਗਿਆ ਹੈਂ ਅਤੇ ਮੈਂ ਪਰਮਾਤਮਾ ਦੇ ਭਰੋਸੇ ’ਤੇ ਪਹਿਰਾ ਦਿੱਤਾ ਹੈ, ਇਸ ਲਈ ਮੈਂ ਜਿੱਤ ਗਿਆ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਬੋਲਾਂ ਦਾ ਭਾਵ ਵੀ ਇਹੀ ਹੈ ਕਿ ‘‘ਦੁਖੁ ਨਾਹੀ, ਸਭੁ ਸੁਖੁ ਹੀ ਹੈ ਰੇ  ! ਏਕੈ ਏਕੀ ਨੇਤੈ ਬੁਰਾ ਨਹੀ, ਸਭੁ ਭਲਾ ਹੀ ਹੈ ਰੇ  ! ਹਾਰ ਨਹੀ, ਸਭ ਜੇਤੈ ’’ (ਮਹਲਾ /੧੩੦੨)

ਸਾਡਾ ਤਾਂ ਸੁਭਾਅ ਇਹ ਬਣ ਗਿਆ ਹੈ ਕਿ ਅਸੀਂ ਛੋਟੋ-ਛੋਟੇ ਦੁੱਖਾਂ ਦੇ ਉਲਾਂਭੇ ਪਰਮਾਤਮਾ ਨੂੰ ਦਿੰਦੇ ਰਹਿੰਦੇ ਹਾਂ। ਸਾਡੀ ਹਉਮੈ ਅਕਸਰ ਸਾਡੇ ਮੂਹੋਂ ਇਹ ਕਢਵਾ ਦਿੰਦੀ ਹੈ ਕਿ ਮੈਂ ਰੋਜ਼ ਪਾਠ ਕਰਦਾ ਹਾਂ, ਮੈਂ ਰੋਜ਼ ਤੈਨੂੰ ਯਾਦ ਕਰਦਾ ਹਾਂ ਫਿਰ ਵੀ ਤੂੰ ਮੈਨੂੰ ਦੁੱਖ ਕਿਉਂ ਦਿੱਤੇ ? ਪਰ ਸਾਨੂੰ ਇਹ ਵਿਚਾਰਨਾ ਚਾਹੀਦਾ ਹੈ ਕਿ ਸਾਡੀ ਭਗਤੀ; ਗੁਰੂ ਅਰਜਨ ਸਾਹਿਬ, ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਤੋਂ ਵੱਧ ਤਾਂ ਨਹੀਂ ਹੈ, ਸਾਡੇ ਉੱਤੇ ਉਹ ਸਮਾਂ ਨਹੀਂ ਆਇਆ ਜੋ ਉਨ੍ਹਾਂ ਮਹਾਂ ਪੁਰਸ਼ਾਂ ’ਤੇ ਆਇਆ ਸੀ।

ਵਿਚਾਰ ਅਧੀਨ ਸ਼ਬਦ ਦਾ ਪਹਿਲਾ ‘ਰਹਾਉ’ ਵਾਲ਼ਾ ਪਦਾ ਹੈ ‘‘ਸੋ ਕਿਉ ਵਿਸਰੈ; ਮੇਰੀ ਮਾਇ ! ਸਾਚਾ ਸਾਹਿਬੁ; ਸਾਚੈ ਨਾਇ ਰਹਾਉ ’’ ਹੇ ਮੇਰੀ ਮਾਂ ! ਤੂੰ ਮੇਰੇ ਵਾਸਤੇ ਅਰਦਾਸ ਕਰ, ਮੈਨੂੰ ਅਸੀਸ ਦੇਹ ਕਿ ਮੈਨੂੰ ਉਹ ਪਰਮਾਤਮਾ ਨਾ ਵਿਸਰ ਜਾਏ। ਸਦਾ ਥਿਰ ਰਹਿਣ ਵਾਲਾ ਸਾਚਾ ਸਾਹਿਬ, ਸੱਚੇ ਨਾਮ ਨਾਲ ਲਿਵ ਜੋੜ ਕੇ ਮਿਲਦਾ ਹੈ। ਜੀਵ ਲਈ ਸਭ ਤੋਂ ਵੱਡੀ ਅਸੀਸ ਹੈ, ਜੋ ਮਾਂ ਰੂਪ ਹੋ ਕੇ ਪੁੱਤ ਰੂਪੀ ਜੀਵ ਨੂੰ ਦਿੱਤੀ ਜਾਂਦੀ ਹੈ। ਗੁਰੂ ਅਰਜਨ ਸਾਹਿਬ ਜੀ ਆਪਣੀ ਮਾਤਾ ਦੇ ਹਵਾਲੇ ਨਾਲ਼ ਹੀ ਕਹਿ ਰਹੇ ਹਨ ਕਿ ‘‘ਪੂਤਾ  ! ਮਾਤਾ ਕੀ ਆਸੀਸ ਨਿਮਖ ਬਿਸਰਉ ਤੁਮ੍ਹ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ਰਹਾਉ ’’ (ਮਹਲਾ /੪੯੬) ਇਸ ਵਿੱਚ ਪੁੱਤਰ ਨੂੰ ਸੰਬੋਧਨ ਕੀਤਾ ਗਿਆ ਹੈ ਇਸ ਕਰਕੇ ਪੂਤਾ ! ਤੋਂ ਬਾਅਦ ਵਿਸਰਾਮ ਦੇਣਾ ਹੈ। ਇਸ ਦੇ ਅਰਥ ਬਣਦੇ ਹਨ ‘ਹੇ ਪੁੱਤਰ ! ਇੱਕ ਮਾਤਾ ਦੀ ਤੇਰੇ ਵਾਸਤੇ ਇਹ ਅਸੀਸ ਹੈ ਕਿ ਤੈਨੂੰ ਕਦੇ ਵੀ ਉਸ ਪਰੀਪੂਰਨ ਪਰਮਾਤਮਾ ਦਾ ਨਾਮ ਨਾ ਵਿਸਰੇ, ਹਮੇਸਾਂ ਤੂੰ ਉਸ ਨੂੰ ਯਾਦ ਰੱਖੇਂ। ਅੱਗੇ ਪੁੱਤਰ ਦਾ ਸਵਾਲ ਹੈ ਕਿ ਮੈਨੂੰ ਇਸ ਦਾ ਕੀ ਫ਼ਾਇਦਾ ਹੋਏਗਾ ? ਜਿਸ ਦਾ ਜਵਾਬ ਹੈ ‘‘ਜਿਸੁ ਸਿਮਰਤ, ਸਭਿ ਕਿਲਵਿਖ ਨਾਸਹਿ; ਪਿਤਰੀ ਹੋਇ ਉਧਾਰੋ ਸੋ ਹਰਿ ਹਰਿ, ਤੁਮ੍ਹ ਸਦ ਹੀ ਜਾਪਹੁ; ਜਾ ਕਾ ਅੰਤੁ ਪਾਰੋ ’’ (ਮਹਲਾ /੪੯੬) ਭਾਵ ਉਸ ਪਰਮਾਤਮਾ ਨੂੰ ਯਾਦ ਕੀਤਿਆਂ ਤੇਰੇ ਸਾਰੇ ਦੁੱਖ, ਪਾਪ, ਕਲੇਸ਼ ਨਾਸ ਹੋ ਜਾਣਗੇ। ਜੋ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧) ਮਨ ਨੂੰ ਮੈਲ਼ ਲੱਗੀ ਹੈ, ਉਹ ਉਤਰ ਜਾਏਗੀ।

ਸੱਚੇ ਨਾਮ ਨੂੰ ਸਦੀਆਂ ਤੋਂ ਰੱਬੀ ਪਿਆਰੇ ਜਪਦੇ ਰਹੇ ਹਨ, ਫਿਰ ਵੀ ਉਸ ਦਾ ਤਿਲ ਮਾਤਰ ਅੰਤ ਨਹੀਂ ਪਾ ਸਕੇ। ਉਸ ਸੱਚੇ ਦੀ ਵਡਿਆਈ ਆਖ ਆਖ ਕੇ ਥੱਕ ਗਏ, ਜੀਵਨ ਲੀਲ੍ਹਾ ਸਮਾਪਤ ਕਰ ਗਏ ‘‘ਸਾਚੇ ਨਾਮ ਕੀ ਤਿਲੁ ਵਡਿਆਈ ਆਖਿ ਥਕੇ, ਕੀਮਤਿ ਨਹੀ ਪਾਈ ’’ ਸਾਰੇ ਗਿਆਨੀ, ਧਿਆਨੀ ਅਤੇ ਵਿਦਵਾਨ, ਜਿਨ੍ਹਾਂ ਦੀ ਸੁਰਤ ਬਹੁਤ ਉੱਚੀ ਹੋ ਗਈ, ਉਹ ਸਭ ਮਿਲ ਕੇ ਉਸ ਦੀ ਵਡਿਆਈ ਆਖਦੇ ਹਨ । ਆਪਣੀ ਵਡਿਆਈ ਸੁਣ ਕੇ ਨਾ ਉਹ ਵੱਡਾ ਹੁੰਦਾ ਹੈ ਅਤੇ ਵਡਿਆਈ ਨਾ ਕਹਿਣ ਨਾਲ਼ ਨਾ ਉਹ ਛੋਟਾ ਹੁੰਦਾ ਹੈ ‘‘ਜੇ, ਸਭਿ ਮਿਲਿ ਕੈ, ਆਖਣ ਪਾਹਿ ਵਡਾ ਹੋਵੈ; ਘਾਟਿ ਜਾਇ ’’ ਜੇਕਰ ਅਸੀਂ ਇਹ ਸੋਚਦੇ ਹਾਂ ਕਿ ਪਰਮਾਤਮਾ ਦੀ ਵਡਿਆਈ ਕਰਕੇ ਉਸ ਨੂੰ ਵੱਡਾ ਕਰ ਰਹੇ ਹਾਂ ਤਾਂ ਇਹ ਸਾਡਾ ਵਹਿਮ ਹੈ। ਅਕਾਲ ਪੁਰਖ ਸਾਡੇ ਵੱਲੋਂ ਕੀਤੀ ਗਈ ਕਿਸੇ ਵਡਿਆਈ ਦਾ ਮੁਥਾਜ (ਮੁਹਤਾਜ) ਨਹੀਂ ਹੈ। ਇਹ ਦੁਨਿਆਵੀ ਲੋਕ ਹਨ, ਜੋ ਆਪਣੀ ਵਡਿਆਈ ਕਰਾਉਣ ਲਈ ਚੇਲੇ ਬਣਾ ਲੈਂਦੇ ਹਨ। ਜੋ ਹਰ ਰੋਜ਼ ਉਨ੍ਹਾਂ ਦੀਆਂ ਤਰੀਫਾਂ ਕਰਨ ਕਿ ਸਾਡੇ ਬਾਬਾ ਜੀ ਬਹੁਤ ਕਰਨੀ ਵਾਲੇ ਹਨ, ਸਵੇਰੇ ਉੱਠ ਕੇ ਆਸਣ ਲਗਾਉਂਦੇ ਹਨ, ਪਰ ਪਰਮਾਤਮਾ ਨੂੰ ਵੱਡਾ ਕਰਨ ਲਈ ਉਸ ਦੀ ਵਡਿਆਈ ਨਹੀਂ ਕਰਨੀ ਬਲਕਿ ਆਪਣੀ ਸੁਰਤਿ ਉੱਚੀ ਕਰਨ ਲਈ ਉਸ ਉੱਚੇ ਦੇ ਗੁਣ ਗਾਏ ਜਾਂਦੇ ਹਨ।

ਉਸ ਦਾ ਨਾਮ ਹੀ ਸੱਚ ਹੈ, ਉਹ ਆਪ ‘ਹੈ ਭੀ; ਹੋਸੀ’ ਹੈ ਭਾਵ ਉਹ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਹਮੇਸ਼ਾ ਹੀ ਰਹੇਗਾ। ਜਦ ਇਹ ਬ੍ਰਹਿਮੰਡ ਵੀ ਨਹੀਂ ਰਹੇਗਾ ਤਦ ਵੀ ਉਹ ਹਮੇਸ਼ਾ ਕਾਇਮ ਰਹੇਗਾ। ਉਹ ਕਦੇ ਵੀ ਮਰਦਾ ਨਹੀਂ ਕਿਉਂਕਿ ਉਹ ਜੰਮਦਾ ਵੀ ਨਹੀਂ। ਉਸ ਨੇ ਕੁਦਰਤਿ ਬਣਾਈ ਹੈ, ਆਪਣੇ ਆਪ ਨੂੰ ਆਕਾਰ ਰੁਪ ’ਚ ਪੈਦਾ ਕੀਤਾ ਹੈ ‘‘ਆਪੀਨ੍ਹੈ ਆਪੁ ਸਾਜਿਓ; ਆਪੀਨ੍ਹੈ ਰਚਿਓ ਨਾਉ ਦੁਯੀ, ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ’’ (ਮਹਲਾ /੪੬੩) ਉਹ ਹਰੇਕ ਚੀਜ਼ ਵਿੱਚ ਆਪ ਬੈਠਾ ਹੋਇਆ ਹੈ, ਪਰ ਕਦੇ ਮਰਦਾ ਨਹੀਂ ‘‘ਨਾ ਓਹੁ ਮਰੈ; ਹੋਵੈ ਸੋਗੁ ਦੇਦਾ ਰਹੈ; ਚੂਕੈ ਭੋਗੁ ਗੁਣੁ ਏਹੋ; ਹੋਰੁ ਨਾਹੀ ਕੋਇ ਨਾ ਕੋ ਹੋਆ; ਨਾ ਕੋ ਹੋਇ ’’ ਉਹ ਅਜੂਨੀ ਹੈ, ਸਭ ਤੋਂ ਵੱਡੀ ਤਾਕਤ ਹੈ। ਉਹ ਹਮੇਸ਼ਾ ਦਾਤਾਂ ਦਿੰਦਾ ਰਹਿੰਦਾ ਹੈ। ਉਸ ਦਾ ਖ਼ਜਾਨਾ ਕਦੇ ਖ਼ਾਲੀ ਨਹੀਂ ਹੁੰਦਾ ਬਲਕਿ ਵਧਦਾ ਹੀ ਜਾਂਦਾ ਹੈ ‘‘ਖਾਵਹਿ ਖਰਚਹਿ ਰਲਿ ਮਿਲਿ ਭਾਈ !   ਤੋਟਿ ਆਵੈ ਵਧਦੋ ਜਾਈ ’’ (ਮਹਲਾ /੧੮੬)

ਪੰਜਵੇਂ ਪਾਤਿਸ਼ਾਹ ਜੀ ਕਹਿ ਰਹੇ ਹਨ ਕਿ ‘‘ਦਦਾ, ਦਾਤਾ ਏਕੁ ਹੈ ਸਭ ਕਉ ਦੇਵਨਹਾਰ ਦੇਂਦੇ ਤੋਟਿ ਆਵਈ; ਅਗਨਤ ਭਰੇ ਭੰਡਾਰ ’’ (ਮਹਲਾ /੨੫੭) ਆਪ ਨੇ ਇਹ ਨਹੀਂ ਕਿਹਾ ਕਿ ਉਹ ਕੇਵਲ ਉਨ੍ਹਾਂ ਨੂੰ ਦਾਤਾਂ ਦਿੰਦਾ ਹੈ, ਜੋ ਉਸ ਦੀ ਭਗਤੀ ਕਰਦੇ ਹਨ ਬਲਕਿ ਉਨ੍ਹਾਂ ਨੂੰ ਵੀ ਦਿੰਦਾ ਹੈ, ਜੋ ਉਸ ਦੀ ਹੋਂਦ ਮੰਨਣ ਤੋਂ ਵੀ ਇਨਕਾਰੀ ਹਨ ਕਿਉਂਕਿ ਉਹ ਨਿਰਵੈਰ ਹੈ ‘‘ਜਾਨ ਕੋ ਦੇਤ, ਅਜਾਨ ਕੋ ਦੇਤ; ਜਮੀਨ ਕੋ ਦੇਤ, ਜਮਾਨ ਕੋ ਦੈ ਹੈ ਕਾਹੇ ਕੋ ਡੋਲਤ ਹੈ; ਤੁਮਰੀ ਸੁਧਿ ਸੁੰਦਰ ਸ੍ਰੀ ਪਦਮਾਪਤਿ ਲੈ ਹੈ ’’ (ਅਕਾਲ ਉਸਤਤਿ/੨੪੭)

ਪ੍ਰਭੂ ਤਾਂ ਐਨਾ ਸਮਰੱਥ ਹੈ ਕਿ ‘‘ਦੈਨਹਾਰੁ ਸਦ ਜੀਵਨਹਾਰਾ   ਮਨ ਮੂਰਖ  ! ਕਿਉ ਤਾਹਿ ਬਿਸਾਰਾ   ਦੋਸੁ ਨਹੀ ਕਾਹੂ ਕਉ ਮੀਤਾ !   ਮਾਇਆ ਮੋਹ ਬੰਧੁ; ਪ੍ਰਭਿ (ਨੇ) ਕੀਤਾ   ਦਰਦ ਨਿਵਾਰਹਿ; ਜਾ ਕੇ ਆਪੇ   ਨਾਨਕ  ! ਤੇ ਤੇ ਗੁਰਮੁਖਿ ਧ੍ਰਾਪੇ (ਮਹਲਾ /੨੫੭) ਪ੍ਰਭੂ ਮਾਇਆ ਮੋਹ ਵੱਲੋਂ ਮਨ ਨੂੰ ਰੋਕਦਾ ਹੈ। ਜਿਨ੍ਹਾਂ ਦੇ ਦੁੱਖ ਪਰਮਾਤਮਾ ਆਪ ਕੱਟ ਦਿੰਦਾ ਹੈ, ਦੁੱਖਾਂ ਨੂੰ ਸੁੱਖ ਵਿੱਚ ਬਦਲ ਦਿੰਦਾ ਹੈ, ਉਹ ਗੁਰਮੁਖ ਪਿਆਰੇ ਰੱਬੀ ਪ੍ਰੇਮ ਨਾਲ਼ ਰੱਜ ਜਾਂਦੇ ਹਨ, ਪਰ ਜੋ ਮਨਮੁਖ ਰੱਜਦੇ ਨਹੀਂ, ਉਨ੍ਹਾਂ ਅੰਦਰ ਹੋਰ ਹੋਰ ਤ੍ਰਿਸ਼ਨਾ ਰਹਿੰਦੀ ਹੈ।

ਮਨੁੱਖ ਦੀ ਸਰੀਰਕ ਮੌਤ ਹੋਣ ’ਤੇ ਕਿਹਾ ਜਾਂਦਾ ਹੈ ਕਿ ਉਹ ਪੂਰਾ ਹੋ ਗਿਆ। ਸੰਤ ਸਿੰਘ ਮਸਕੀਨ ਜੀ ਕਹਿੰਦੇ ਹੁੰਦੇ ਸਨ ਕਿ ਮਰ ਕੇ ਕੋਈ ਵੀ ਪੂਰਾ ਨਹੀਂ ਹੁੰਦਾ, ਜਿਊਂਦਿਆਂ ਹੀ ਪੂਰਾ ਹੋਣਾ ਹੈ ਯਾਨੀ ‘‘ਆਖਾ ਜੀਵਾ; ਵਿਸਰੈ ਮਰ ਜਾਊ’’ ਦੀ ਅਵਸਥਾ ਪ੍ਰਾਪਤ ਕਰਨੀ ਹੈ।

ਵਿਚਾਰ ਅਧੀਨ ਸ਼ਬਦ ਦਾ ਅਗਲਾ ਵਾਕ ਹੈ ‘‘ਗੁਣੁ ਏਹੋ, ਹੋਰੁ ਨਾਹੀ ਕੋਇ ਨਾ ਕੋ ਹੋਆ; ਨਾ ਕੋ ਹੋਇ ’’ ਯਾਨੀ ਇਹ ਗੁਣ ਕੇਵਲ ਪਰਮਾਤਮਾ ਵਿੱਚ ਹਨ ਕਿ ਉਹ ਕਿਸੇ ਨਾਲ ਵੈਰ ਨਹੀਂ ਕਰਦਾ। ਉਹ ਇੱਕੋ-ਇਕ ਦਾਤਾ ਹੈ, ਜੋ ਸਭ ਨੂੰ ਦਿੰਦਾ ਹੈ। ਉਹ ਸੁੱਖ ਦੁੱਖ ਦੋਨਾਂ ਦਾ ਦਾਤਾ ਹੈ। ਕਿਸੇ ਹੋਰ ਕੋਲ਼ ਇਹ ਸਮਰੱਥਾ ਨਹੀਂ ਹੋ ਸਕਦੀ, ਨਾ ਹੀ ਉਸ ਦੇ ਬਰਾਬਰ ਅੱਜ ਤੱਕ ਕੋਈ ਹੋਇਆ ਹੈ ਅਤੇ ਨਾ ਹੀ ਕਦੇ ਹੋਵੇਗਾ। ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਤੂੰ ਇੱਕੋ ਸਾਹਿਬ ਹੈਂ, ਜੀਵਾਂ ਦਾ ਹੋਰ ਕੋਈ ਮਾਲਕ ਨਹੀਂ ‘‘ਤੂ ਏਕੋ ਸਾਹਿਬੁ, ਅਵਰੁ ਹੋਰਿ ਬਿਨਉ ਕਰੈ ਨਾਨਕੁ; ਕਰ ਜੋਰਿ ’’ (ਮਹਲਾ /੫੬੩) ਤੇਰੇ ਅੱਗੇ ਹੱਥ ਜੋੜ ਕੇ ਨਾਨਕ ਬੇਨਤੀ ਕਰਦਾ ਹੈ ‘‘ਦੂਸਰ ਹੋਆ ਨਾ ਕੋ ਹੋਈ ਜਪਿ, ਨਾਨਕ  ! ਪ੍ਰਭ ਏਕੋ ਸੋਈ ’’ (ਮਹਲਾ /੭੪੦)

ਸਦ ਸਾਰੀ ਸ੍ਰਿਸ਼ਟੀ ਦਾ ਦਾਤਾ ਕੇਵਲ ਇੱਕ ਹੈ ਤਾਂ ਉਸ ਕੋਲੋਂ ਹੀ ਮੰਗਣਾ ਹੈ, ਬਾਕੀ ਤਾਂ ਸਾਰੇ ਮੰਗਤੇ ਹਨ। ਮੰਗਤਿਆਂ ਕੋਲੋਂ ਮੰਗਣ ਨਾਲ ਆਪਣਾ ਹੀ ਘਾਟਾ ਹੈ। ਜੋ ਕਿਸੇ ਕੋਲ਼ ਅੱਜ ਹੈ, ਕੱਲ੍ਹ ਨਹੀਂ ਰਹੇਗਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਦਾਤਾ ਬਣਾਇਆ ਹੈ ਜਿਸ ਦੀਆਂ ਦਾਤਾਂ ਵਿੱਚ ਕੋਈ ਕਮੀ ਨਹੀਂ ਰਹਿੰਦੀ ‘‘ਵਡਾ ਦਾਤਾ ਤਿਲੁ ਤਮਾਇ ’’ (ਜਪੁ/ਮਹਲਾ /) ਉਸ ਨੂੰ ਕੋਈ ਲਾਲਚ ਵੀ ਨਹੀਂ।

ਇਨਸਾਨ ਦਾ ਸੁਭਾਅ ਹੈ ਕਿ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾਉਂਦਾ ਹੈ ਕਿ ਮੇਰੇ ਕੰਮ ਸੰਵਰ ਜਾਣ ਤਾਂ ਅਖੰਡ ਪਾਠ ਕਰਵਾਵਾਂਗਾ ਪਰ ਪਰਮਾਤਮਾ ਨੂੰ ਐਸੇ ਲਾਲਚ ਦੀ ਜਾਂ ਐਸੀਆਂ ਸ਼ਰਤਾਂ ਦੀ ਕੋਈ ਲੋੜ ਨਹੀਂ ਹੁੰਦੀ। ਇਹ ਸਭ ਕੁਝ ਅਸੀਂ ਦੁਨਿਆਵੀ ਲੋੜਾਂ ਵਾਸਤੇ ਕਰ ਰਹੇ ਹੁੰਦੇ ਹਾਂ, ਨਾ ਕਿ ਰੂਹਾਨੀਅਤ ਜੀਵਨ ਲਈ। ਦਸਵੰਧ ਕੱਢਣਾ ਬਹੁਤ ਜ਼ਰੂਰੀ ਹੈ ਪਰ ਇਹ ਨਹੀਂ ਸੋਚਣਾ ਚਾਹੀਦਾ ਕਿ ਕੋਈ ਦਸਵੰਧ ਕੱਢ ਕੇ ਵਾਹਿਗੁਰੂ ਨੂੰ ਦੇ ਰਿਹਾ ਹੈ। ਰੱਬ, ਜੋ ਦੇਣ ਵਾਲ਼ਾ ਹੈ ਉਸੇ ਨੂੰ ਵਾਪਸ ਕਰਕੇ ਧਰਮੀ ਨਹੀਂ ਬਣਿਆ ਜਾ ਸਕਦਾ।  ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ‘‘ਮੰਗਣ ਵਾਲੇ ਕੇਤੜੇ; ਦਾਤਾ ਏਕੋ ਸੋਇ ਜਿਸ ਕੇ ਜੀਅ ਪਰਾਣ ਹੈ; ਮਨਿ ਵਸਿਐ, ਸੁਖੁ ਹੋਇ ’’ (ਮਹਲਾ /੧੮) ਯਾਨੀ ਮੰਗਣ ਵਾਲੇ ਬਹੁਤ ਹਨ, ਪਰ ਦੇਣ ਵਾਲਾ ਇੱਕੋ ਓਹੀ ਹੈ। ਸਭਨਾਂ ਦਾਤਾਂ ਦਾ ਮਾਲਕ ਇੱਕ ਹੈ। ਇਹ ਨਹੀਂ ਕਰਨਾ ਕਿ ਇੱਕ ਦਾਤ ਲਈ ਇਸ ਜਗ੍ਹਾ ਜਾਣਾ ਅਤੇ ਦੂਜੀ ਦਾਤ ਲਈ ਦੂਜੀ ਜਗ੍ਹਾ ਜਾਣਾ ਪੈਣਾ ਹੈ। ਜਿਸ ਦਾਤੇ ਦੀ ਜਿੰਦ ਤੇ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਦਾਤਾ; ਮਨ ’ਚ ਵਸ ਜਾਵੇ ਤਾਂ ਸਾਰੇ ਪਦਾਰਥ ਮਿਲ ਗਏ ਸਮਝੋ; ਜਿਵੇਂ ਕਿ ਤੀਜੇ ਨਾਨਕ ਜੀ ਕਹਿੰਦੇ ਹਨ ‘‘ਸਤਿਗੁਰੁ ਸੇਵੇ, ਤਾ ਸਭ ਕਿਛੁ ਪਾਏ ਜੇਹੀ ਮਨਸਾ ਕਰਿ ਲਾਗੈ; ਤੇਹਾ ਫਲੁ ਪਾਏ ਸਤਿਗੁਰੁ ਦਾਤਾ ਸਭਨਾ ਵਥੂ ਕਾ; ਪੂਰੈ ਭਾਗਿ ਮਿਲਾਵਣਿਆ ’’ (ਮਹਲਾ /੧੧੬) ਗੁਰੂ ਨਾਨਕ ਪਾਤਿਸ਼ਾਹ ਵੀ ਕਹਿ ਰਹੇ ਹਨ ‘‘ਤੂੰ ਦਾਤਾ, ਸਭ ਜਾਚਿਕ ਤੇਰੇ; ਤੁਧੁ ਬਿਨੁ, ਕਿਸੁ ਸਾਲਾਹੀ ਅਣਮੰਗਿਆ ਦਾਨੁ ਦੀਜੈ ਦਾਤੇ; ਤੇਰੀ ਭਗਤਿ ਭਰੇ ਭੰਡਾਰਾ ਰਾਮ ਨਾਮ ਬਿਨੁ, ਮੁਕਤਿ ਹੋਈ; ਨਾਨਕੁ ਕਹੈ ਵੀਚਾਰਾ ’’ (ਮਹਲਾ /੪੩੭) ਅਸਲ ਤੱਤ ਇਹੀ ਹੈ ਕਿ ਰਾਮ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ ‘‘ਤੂੰ ਸਭਨੀ ਥਾਈ, ਜਿਥੈ ਹਉ ਜਾਈ; ਸਾਚਾ ਸਿਰਜਣਹਾਰੁ ਜੀਉ ਸਭਨਾ ਕਾ ਦਾਤਾ, ਕਰਮ ਬਿਧਾਤਾ; ਦੂਖ ਬਿਸਾਰਣਹਾਰੁ ਜੀਉ ਦੂਖ ਬਿਸਾਰਣਹਾਰੁ ਸੁਆਮੀ; ਕੀਤਾ ਜਾ ਕਾ ਹੋਵੈ ’’ (ਮਹਲਾ /੪੩੮) ਉਸ ਦਾ ਹੀ ਕੀਤਾ ਹੋਇਆ ਸਭ ਕੁਝ ਹੈ। ਉਸ ਦਾ ਸ਼ੁਕਰਾਨਾ ਕਰਨਾ ਬਣਦਾ ਹੈ।

ਵਿਚਾਰ ਅਧੀਨ ਸ਼ਬਦ ਦਾ ਅਗਲਾ ਅਤੇ ਅੰਤਮ ਵਾਕ ਹੈ ‘‘ਜੇਵਡੁ ਆਪਿ, ਤੇਵਡ ਤੇਰੀ ਦਾਤਿ ਜਿਨਿ, ਦਿਨੁ ਕਰਿ ਕੈ; ਕੀਤੀ ਰਾਤਿ   ਖਸਮੁ ਵਿਸਾਰਹਿ, ਤੇ ਕਮਜਾਤਿ ਨਾਨਕ  ! ਨਾਵੈ ਬਾਝੁ, ਸਨਾਤਿ ’’ ਜਿੰਨਾ ਵੱਡਾ ਪਰਮਾਤਮਾ ਆਪ ਹੈ; ਓਨੀਆਂ ਹੀ ਵੱਡੀਆਂ ਉਸ ਦੀਆਂ ਦਾਤਾਂ ਹਨ। ਉਸ ਦੀਆਂ ਦਾਤਾਂ ਦਾ ਮੁੱਲ ਨਹੀਂ ਪੈ ਸਕਦਾ। ਪਰਮਾਤਮਾ ਦੀ ਸਭ ਤੋਂ ਵੱਡੀ ਦਾਤ ਮਨੁੱਖਾ ਦੇਹੀ ਹੈ, ਇਸ ਲਈ ਪਰਮਾਤਮਾ ਦਾ ਹਮੇਸਾਂ ਸ਼ੁਕਰਾਨਾ ਕਰਨਾ ਚਾਹੀਦਾ ਹੈ। ਦਿਨ ਅਤੇ ਰਾਤ ਵੀ ਉਸ ਨੇ ਹੀ ਬਣਾਏ ਹੋਏ ਹਨ। ਪਰਮਾਤਮਾ ਦੀਆਂ ਬਖਸ਼ਸ਼ਾਂ ਬੇਅੰਤ ਹਨ। ਉਹ ਸਾਨੂੰ ਸਭ ਕੁਝ ਦੇ ਰਿਹਾ ਹੈ। ਜਨਮ ਮਰਨ ਦੀ ਸਾਰੀ ਖੇਡ ਉਸ ਦੀ ਬਣਾਈ ਹੋਈ ਹੈ, ਸਾਰਾ ਕੁਝ ਉਸ ਦੇ ਹੁਕਮ ਅੰਦਰ ਹੀ ਹੈ ‘‘ਹੁਕਮੇ ਜੰਮਣੁ; ਹੁਕਮੇ ਮਰਣਾ (ਮਹਲਾ /੫੬੪), ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ’’ (ਮਹਲਾ /੪੭੨) ਭਾਵ ਉਸ ਦੇ ਭਾਣੇ ਵਿੱਚ ਹੀ ਆਉਣਾ ਹੈ ਅਤੇ ਉਸ ਦੇ ਹੀ ਭਾਣੇ ਵਿੱਚ ਹੀ ਇੱਥੋਂ ਜਾਣਾ ਹੈ ਭਾਵ ਜੰਮਣ ਮਰਨਾ ਉਸ ਦੇ ਭਾਣੇ ਵਿੱਚ ਹੀ ਹੈ।

ਗੁਰੂ ਮਹਾਰਾਜ ਜੀ ਕਹਿ ਰਹੇ ਹਨ ਕਿ ‘‘ਭਗਤਾ ਕੀ ਜਤਿ ਪਤਿ ਏਕੁ ਨਾਮੁ ਹੈ; ਆਪੇ ਲਏ ਸਵਾਰਿ ਸਦਾ ਸਰਣਾਈ ਤਿਸ ਕੀ; ਜਿਉ ਭਾਵੈ, ਤਿਉ ਕਾਰਜੁ ਸਾਰਿ ’’ (ਮਹਲਾ /੪੨੯) ਪ੍ਰਮਾਤਮਾ ਦਾ ਨਾਮ ਭਗਤਾਂ ਵਾਸਤੇ ਉੱਚੀ ਜਾਤ ਹੈ, ਨਾਮ ਹੀ ਉਨ੍ਹਾਂ ਵਾਸਤੇ ਉੱਚੀ ਕੁਲ ਹੈ; ਉਹੀ ਐਸਾ ਪਾਤਿਸ਼ਾਹ ਹੈ ਜਿਸ ਨੇ ਸਭ ਨੂੰ ਸੁੰਦਰ ਬਣਾਇਆ ਹੈ, ਸੰਵਾਰ ਦਿੱਤਾ ਹੈ। ਭਗਤ ਆਪਣੇ ਆਪ ਨੂੰ ਨਹੀਂ ਸੰਵਾਰ ਸਕਦੇ; ਜਿਵੇਂ ਪਰਮਾਤਮਾ ਨੂੰ ਭਾਉਂਦਾ ਹੈ ਓਵੇਂ ਭਗਤਾਂ ਦੇ ਕਾਰਜ ਸੰਵਾਰਦਾ ਹੈ।

ਜਾਪ ਸਾਹਿਬ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ ‘‘ਨਮੋ ਕਲਹ ਕਰਤਾ, ਨਮੋ ਸਾਂਤਿ ਰੂਪੇ ਨਮੋ ਇੰਦ੍ਰ ਇੰਦ੍ਰੇ, ਅਨਾਦੰ ਬਿਭੂਤੇ ’’ (ਜਾਪੁ/੧੮੭) ਭਾਵ ਕਲਹਿ ਕਲੇਸ਼ ਦੇ ਕਾਰਨ ਅਤੇ ਸ਼ਾਂਤੀ ਦੇ ਸੋਮੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ। ਹੇ ਇੰਦਰਾਂ ਦੇ ਇੰਦਰ, ਹੇ ਆਦਿ ਰਹਿਤ ਸੰਪਤੀ ਦੇ ਮਾਲਕ  !  ਤੈਨੂੰ ਨਮਸ਼ਕਾਰ ਹੈ ‘‘ਨਮੋ ਸੂਰਜ ਸੂਰਜੇ, ਨਮੋ ਚੰਦ੍ਰ ਚੰਦ੍ਰੇ ਨਮੋ ਰਾਜ ਰਾਜੇ, ਨਮੋ ਇੰਦ੍ਰ ਇੰਦ੍ਰੇ ਨਮੋ ਅੰਧਕਾਰੇ, ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ ’’ (ਜਾਪੁ) ਜੋ ਸਭ ਕੁਝ ਕਰਨ ਵਾਲਾ ਹੈ; ਗਿਆਨ ਦੇਣ ਵਾਲਾ ਹੈ। ਅਜਿਹੇ ਮਾਲਕ ਨੂੰ ਕਦੇ ਭੀ ਨਹੀਂ ਭੁਲਾਉਣਾ ਚਾਹੀਦਾ ‘‘ਖਸਮੁ ਵਿਸਾਰਹਿ; ਤੇ ਕਮਜਾਤਿ ਨਾਨਕ  ! ਨਾਵੈ ਬਾਝੁ, ਸਨਾਤਿ ’’ ਜੋ ਜੀਵ ਆਪਣੇ ਖਸਮ ਨੂੰ ਵਿਸਾਰ ਦਿੰਦੇ ਹਨ, ਉਹ ਕਮਜ਼ਾਤਿ ਹਨ ਯਾਨੀ ਅਸਲ ਨੀਵੀਂ ਜਾਤ ਦੇ ਹਨ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਬਾਣੀ ਉੱਚੀ ਨੀਵੀਂ ਜਾਤ ਨੂੰ ਮੰਨਦੀ ਹੈ ? ਪਰ ਜੇ ਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਵਿਚਾਰੀਏ ਤਾਂ ਪਤਾ ਚੱਲਦਾ ਹੈ ਕਿ ਇੱਥੇ ਉੱਚੀ ਨੀਵੀਂ ਜਾਤ ਦਾ ਸੰਬੰਧ ਮਨੁੱਖ ਦੀ ਆਤਮਕ ਅਵਸਥਾ ਨਾਲ ਹੈ, ਨਾ ਕਿ ਜਨਮ ਜਾਂ ਕੰਮ ਨਾਲ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਭਗਤਾਂ ਦੀ ਬਾਣੀ ਨੂੰ ਵੀ ਗੁਰੂਆਂ ਦੀ ਬਾਣੀ ਦੇ ਬਰਾਬਰ ਅਹੁਦਾ ਅਤੇ ਸਤਿਕਾਰ ਦੇ ਕੇ ਜਾਤ-ਪਾਤ ਦਾ ਭਰਮ ਤੋੜਿਆ ਗਿਆ ਹੈ। ਜੋ ਪ੍ਰਭੂ ਨੂੰ ਵਿਸਾਰ ਦਿੰਦੇ ਹਨ ਉਨ੍ਹਾਂ ਨੂੰ ਨੀਵੀਂ ਜਾਤ ਵਾਲੇ ਕਿਹਾ ਗਿਆ ਹੈ। ਤੀਸਰੇ ਪਾਤਿਸ਼ਾਹ ਜੀ ਕਹਿੰਦੇ ਹਨ ‘‘ਬਿਨੁ ਨਾਵੈ, ਸਭ ਨੀਚ ਜਾਤਿ ਹੈ; ਬਿਸਟਾ ਕਾ ਕੀੜਾ ਹੋਇ ’’ (ਮਹਲਾ /੪੨੬) ਜਿਨ੍ਹਾਂ ਦੇ ਅੰਦਰ ਹਉਮੈ ਹੈ ਉਹ ਬਿਸ਼ਟਾ ਦੇ ਕੀੜੇ ਹਨ। ਸਾਧਸੰਗਤ ਤੋਂ ਬਿਨਾਂ ਉਨ੍ਹਾਂ ਦੀ ਹਾਲਤ ਪਸ਼ੂ ਸਮਾਨ ਹੈ ‘‘ਜਿਨ੍ਹਿ ਕੀਤੇ, ਤਿਸੈ ਜਾਣਨ੍ਹੀ; ਬਿਨੁ ਨਾਵੈ, ਸਭਿ ਚੋਰ’’ (ਮਹਲਾ /੪੨੭) ਜਿਸ ਨੇ ਜੀਵ ਨੂੰ ਬਣਾਇਆ ਹੈ, ਸਮਝ ਦਿੱਤੀ ਹੈ। ਡਾਕਟਰ ਜਾਂ ਪ੍ਰਧਾਨ ਬਣਾਇਆ ਹੈ, ਉਸ ਨੂੰ ਨਹੀਂ ਵਿਸਾਰਨਾ ਚਾਹੀਦਾ। ਹੰਕਾਰ ਗ੍ਰਸਤ ਮਨੁੱਖ ਇਹੀ ਸਮਝਦਾ ਹੈ ਕਿ ਮੈਂ ਹੀ ਸਭ ਕੁੱਝ ਕਰ ਰਿਹਾ ਹਾਂ, ਮੇਰੇ ਲਗਾਏ ਲੰਗਰ ਦੇ ਕਰਕੇ ਸਭ ਰੱਜ ਰਹੇ ਹਨ ਪਰ ਉਹ ਭੁੱਲ ਜਾਂਦਾ ਹੈ ਕਿ ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ 20 ਰੁਪਏ ਨਾਲ਼ ਇਹ ਰੀਤ ਚਲਾਈ ਹੈ ਉਦੋਂ ਤੋਂ ਹੀ ਇਸ ਵਿੱਚ ਕਦੇ ਕਮੀ ਨਹੀਂ ਆਈ ‘‘ਖਾਵਹਿ ਖਰਚਹਿ ਰਲਿ ਮਿਲਿ ਭਾਈ ਤੋਟਿ ਆਵੈ, ਵਧਦੋ ਜਾਈ ’’ (ਮਹਲਾ /੧੮੬) ਪਰਮਾਤਮਾ ਸਮਰੱਥਾ ਬਖ਼ਸ਼ਦਾ ਹੈ ਤਾਂ ਹੀ ਅਸੀਂ ਕੋਈ ਕੰਮ ਕਰਨ ਦੇ ਲਾਇਕ ਹੋ ਪਾਉਂਦੇ ਹਾਂ। ਅਸੀਂ ਉਸ ਦੇ ਚਲਾਏ ਹੋਏ ਪ੍ਰਬੰਧ ਨੂੰ ਅੱਗੇ ਵਧਾ ਰਹੇ ਹਾਂ। ਵੈਸੇ ਕੋਈ ਇਨਸਾਨ ਕਿਸੇ ਨੂੰ ਕੁੱਛ ਨਹੀਂ ਖੁਆ ਸਕਦਾ। ਇਸ ਲਈ ‘‘ਬਿਨੁ ਸੰਗਤੀ, ਸਭਿ ਐਸੇ ਰਹਹਿ; ਜੈਸੇ ਪਸੁ ਢੋਰ ਜਿਨ੍ਹਿ ਕੀਤੇ, ਤਿਸੈ ਜਾਣਨ੍ਹੀ; ਬਿਨੁ ਨਾਵੈ ਸਭਿ ਚੋਰ ’’ (ਮਹਲਾ /੪੨੭)

ਅਕਸਰ ਜਦ ਜਪੁ ਜੀ ਦੀ 18ਵੀਂ ਪਉੜੀ ਪੜ੍ਹਦੇ ਹਾਂ ‘‘ਅਸੰਖ ਚੋਰ ਹਰਾਮਖੋਰ’’ ਤਾਂ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਚੋਰ ਕੌਣ ਹੈਂ ? ਜਵਾਬ ਹੈ ਕਿ ਚੋਰ ਉਹ ਹਨ ਜੋ ਪਰਮਾਤਮਾ ਦੇ ਕੀਤੇ ਨੂੰ ਜਾਣਦੇ ਨਹੀਂ; ਉਸ ਦੇ ਨਾਮ ਨੂੰ ਹਿਰਦੇ ਘਰ ਵਿੱਚ ਨਹੀਂ ਵਸਾਉਂਦੇ; ਉਹ ਚੋਰ ਹਨ। ਜਪੁ ਜੀ ਦੀ ਬਾਣੀ ਵਿੱਚ ਚੋਰ, ਪਾਪੀ, ਅਕ੍ਰਿਤਘਣ, ਅੰਨ੍ਹਾ ਆਦਿ ਦੀ ਇਹੀ ਪਰਿਭਾਸ਼ਾ ਹੈ।