ਸੋ ਦਰੁ (ਰਾਗੁ ਆਸਾ, ਮਹਲਾ ੧) 

0
210

ਸੋ ਦਰੁ (ਰਾਗੁ ਆਸਾ, ਮਹਲਾ ੧) 

ਪ੍ਰੋ. ਮਨਮੋਹਨ ਸਿੰਘ ਕੈਨੇਡਾ

ੴ ਸਤਿ ਗੁਰ ਪ੍ਰਸਾਦਿ ॥

ਇਹ ਇੱਕ ਅਜਿਹਾ ਸ਼ਬਦ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ 3 ਵਾਰ ਅੰਕਿਤ ਹੈ। ਇੱਕ ਵਾਰ ਜਪੁ ਸਾਹਿਬ ਦੀ 27ਵੀਂ ਪਉੜੀ ਵਿੱਚ, ਦੂਜੀ ਵਾਰੀ ‘ਸੋ ਦਰੁ’ ਦੇ ਸਿਰਲੇਖ ਹੇਠ ਅਤੇ ਤੀਜੀ ਵਾਰ ਰਾਗ ਆਸਾ ਵਿੱਚ ਪੰਨਾ ਨੰਬਰ 348 ’ਤੇ ਅੰਕਿਤ ਹੈ।

ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਰੱਬੀ ਦਰਬਾਰ ਦਾ ਅਲੌਕਿਕ ਚਿਤਰਣ ਕੀਤਾ ਹੈ। ਉਸ ਦਰਬਾਰ ’ਚ ਸਜੇ ਅਨੇਕ ਦਰਬਾਰੀਆਂ ਵਿੱਚ ਪ੍ਰਕਿਰਤੀ, ਮਾਨਵ ਸ਼ਕਤੀਆਂ, ਖੰਡ ਅਤੇ ਬ੍ਰਹਿਮੰਡ, ਅਨੇਕ ਰਤਨ, ਤੀਰਥ, ਪਵਨ, ਪਾਣੀ, ਬੈਸੰਤਰ ਸੁਭਾਇਮਾਨ ਹਨ। ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਸੋਹਿਲੇ ਗਾ ਰਹੀ ਹੈ। ਅਨੇਕਾਂ ਮਿੱਠੀਆਂ, ਸੁਰੀਲੀਆਂ ਧੁਨੀਆਂ ਦਾ ਅਨੰਦਮਈ ਸੰਗੀਤ ਰੱਬੀ ਦਰਬਾਰ ਦੀ ਸੁੰਦਰਤਾ ਵਧਾ ਰਿਹਾ ਹੈ। ਇਸ ਵਿੱਚ ਪਰਮਾਤਮਾ ਦੇ ਦਰਬਾਰ ਦਾ ਵੈਸੇ ਹੀ ਚਿਤਰਣ ਹੈ, ਜਿਵੇਂ ‘‘ਗਗਨ ਮੈ ਥਾਲੁ’’ ਵਾਲੇ ਸ਼ਬਦ ’ਚ ਬ੍ਰਹਿਮੰਡ ਦੀ ਆਰਤੀ ਦਾ ਜ਼ਿਕਰ ਹੈ। ਉਸ ਸੱਚੇ ਦਰਬਾਰ ਵਿੱਚ ਜੋ ਜੋ ਗਾ ਰਹੇ ਹਨ, ਉਹਨਾਂ ਨੂੰ ਤਿੰਨ ਭਾਗਾਂ ’ਚ ਵੰਡਿਆ ਹੈ। ਪਹਿਲਾ ਅਦ੍ਰਿਸ਼ ਮੰਡਲਾਂ ਦੇ ਦੇਵਤੇ, ਜਿਨ੍ਹਾਂ ’ਚ ਪੌਣ ਦੇਵਤਾ, ਪਾਣੀ ਦੇਵਤਾ, ਅਗਨੀ ਦੇਵਤਾ, ਧਰਮਰਾਜ, ਚਿਤਰ ਗੁਪਤ, ਸ਼ਿਵ, ਬ੍ਰਹਮਾ, ਇੰਦਰ ਵਰਗੇ ਹੋਰ ਵੀ ਸ਼ਾਮਲ ਹਨ। ਦੂਜੇ ਉਹ ਲੋਕ ਹਨ, ਜੋ ਇਸ ਧਰਤੀ ਦੇ ਪਰਮਾਰਥ ਰਾਹ ਉੱਤੇ ਚੱਲਣ ਵਾਲ਼ੇ ਲੋਕ; ਜਿਵੇਂ ਕਿ ਜੋਗੀ, ਸਿੱਧ, ਸਾਧੂ, ਰਿਸ਼ੀ-ਮੁਨੀ ਆਦਿ। ਤੀਜੇ ਤਾਰਾ-ਮੰਡਲ ਨਾਲ਼ ਸੰਬੰਧਿਤ ਬ੍ਰਹਿਮੰਡ, ਖੰਡ ਅਤੇ ਮੰਡਲਾਂ ਦੇ ਲੋਕ ਹਨ। ਇਹ ਸਾਰੇ ਪਰਮਾਤਮਾ ਦੀ ਵਡਿਆਈ ਕਰ ਰਹੇ ਹਨ, ਗਾ ਰਹੇ ਹਨ।

ਉਕਤ ਸ਼ਬਦ ’ਚ ਕੁੱਲ 22 ਸਤਰਾਂ ਹਨ। ਜਿਨ੍ਹਾਂ ਦੇ ਵਿਸਰਾਮ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਦੂਜੀ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜਪੁ ਬਾਣੀ ਵਾਲ਼ੇ ਸ਼ਬਦ ਅਤੇ ‘ਸੋ ਦਰੁ’ ਵਾਲ਼ੇ ਸ਼ਬਦ ਵਿੱਚ ਕੁੱਲ 47 ਸ਼ਬਦਾਂ ਦਾ ਅੰਤਰ ਹੈ। ਇੱਕ ਸ਼ਬਦ ਵਿੱਚ ਦੂਜੇ ਨਾਲ਼ੋਂ ਕੁੱਝ ਵਾਧੂ ਸ਼ਬਦ; ਜਿਵੇਂ ਕਿ ‘ਤੁਧਨੋ, ਤੇਰੇ’ ਆਦਿ ਵੀ ਇਨ੍ਹਾਂ ਵਿੱਚ ਹੀ ਸ਼ਾਮਲ ਹਨ। ਵੈਸੇ ਦੋਵੇਂ ਸ਼ਬਦਾਂ ਦੇ ਅਰਥਾਂ ’ਚ ਕੋਈ ਅੰਤਰ ਨਹੀਂ; ਜਿਵੇਂ ਕਿ ਜਪੁ ਸਾਹਿਬ ਦੀ ਬਾਣੀ ਵਿੱਚ ‘ਗਾਵਹਿ’ 11 ਵਾਰ ਆਇਆ ਹੈ ਅਤੇ ‘ਗਾਵਨਿ’ 5 ਵਾਰ, ਪਰ ‘ਸੋ ਦਰੁ’ ਦੀ ਬਾਣੀ ’ਚ ਗਾਵਨਿ 16 ਵਾਰ ਹੈ, ਪਰ ‘ਗਾਵਹਿ’ ਇੱਕ ਵਾਰ ਵੀ ਨਹੀਂ। ‘ਸੋ ਦਰੁ’ ਸ਼ਬਦ ਵਿੱਚ ‘ਤੁਧਨੋ’ 15 ਵਾਰ ਹੈ, ਪਰ ‘ਜਪੁ’ ਸਾਹਿਬ ਵਿੱਚ ‘ਤੁਧੁ’ 2 ਵਾਰ ਹੈ; ਜਿਵੇਂ ਕਿ ‘‘ਸੇਈ ਤੁਧੁਨੋ ਗਾਵਹਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ’’

‘ਜਪੁ’ ਬਾਣੀ ਅੰਦਰ ‘ਤੇਰੇ’ ਸ਼ਬਦ 2 ਵਾਰ ਹੀ ਹੈ; ਜਿਵੇਂ ਕਿ ‘‘ਗਾਵਨਿ ਰਤਨ ਉਪਾਏ ਤੇਰ; ਅਠਸਠਿ ਤੀਰਥ ਨਾਲੇ ਸੇਈ ਤੁਧੁਨੋ ਗਾਵਹਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ’’, ਪਰ ‘ਸੋ ਦਰੁ’ ਅੰਦਰ ‘ਤੇਰੇ’ 8 ਵਾਰ ਹੈ; ਜਿਵੇਂ ਕਿ ‘‘ਵਾਜੇ ਤੇਰੇ ਨਾਦ ਅਨੇਕ ਅਸੰਖਾ; ਕੇਤੇ ਤੇਰੇ ਵਾਵਣਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ; ਕੇਤੇ ਤੇਰੇ ਗਾਵਣਹਾਰੇ ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ; ਸੋਹਨਿ ਤੇਰੇ ਸਦਾ ਸਵਾਰੇ ਗਾਵਨਿ ਤੁਧਨੋ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ ਸੇਈ ਤੁਧਨੋ ਗਾਵਨਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ’’

‘ਜਪੁ’ ਬਾਣੀ ਅੰਦਰ ਕਹੀਅਨਿ, ਪਉਣੁ, ਜਾਣਹਿ, ਵੀਚਾਰੇ, ਇੰਦ ਇਦਾਸਣਿ, ਰਖੀਸਰ, ਸੁਰਗਾ ਮਛ, ਵਰਭੰਡਾ, ਵੀਚਾਰੇ, ਵੇਖੈ, ਜਿਵ ਅਤੇ ਪਾਤਿਸਾਹਿਬੁ ਸ਼ਬਦ ਹਨ, ਪਰ ‘ਸੋ ਦਰੁ’ ਅੰਦਰ ਇਨ੍ਹਾਂ ਨੂੰ ਹੀ ਇਉਂ ਦਰਜ ਕੀਤਾ ਹੈ ਕਹੀਅਹਿ, ਪਵਣੁ, ਜਾਣਨਿ, ਬੀਚਾਰੇ, ਇੰਦ੍ਰ ਇੰਦ੍ਰਾਸਣਿ, ਰਖੀਸੁਰ, ਸੁਰਗੁ ਮਛੁ, ਬ੍ਰਹਮੰਡਾ, ਬੀਚਾਰੇ, ਦੇਖੈ, ਜਿਉ, ਫਿਰਿ ਅਤੇ ਪਤਿਸਾਹਿਬੁ

‘ਸੋ ਦਰੁ’ ਵਾਲ਼ਾ ਪੂਰਾ ਸ਼ਬਦ ਇਉਂ ਕਰਮਵਾਰ ਹੈ ‘‘ਸੋ ਦਰੁ ਤੇਰਾ ਕੇਹਾ  ! ਸੋ ਘਰੁ ਕੇਹਾ ! ਜਿਤੁ ਬਹਿ ਸਰਬ ਸਮਾਲੇ ’’ ਇੱਥੇ ਸਮਾਲੇ ਦਾ ਉਚਾਰਨ ‘ਸਮ੍ਹਾਲੇਂ’ ਹੈ ਯਾਨੀ ਕਿ ‘ਮ’ ਦੇ ਹੇਠਾਂ ਅੱਧਾ ‘ਹ’ ਅਤੇ ਅੰਤ ਲਾਂ ਨਾਲ਼ ਬਿੰਦੀ ਹੈ, ਜਿਸ ਦਾ ਅਰਥ ਹੈ ‘ਤੂੰ ਸੰਭਾਲ਼ ਕਰ ਰਿਹਾ ਹੈਂ’। ਅੱਗੇ ਹੈ ‘‘ਵਾਜੇ ਤੇਰੇ ਨਾਦ ਅਨੇਕ ਅਸੰਖਾ; ਕੇਤੇ ਤੇਰੇ ਵਾਵਣਹਾਰੇ ’’ ਅਸੰਖਾ ਦਾ ਉਚਾਰਨ ਬਿੰਦੀ ਸਹਿਤ ‘ਅਸੰਖਾਂ’ ਹੈ ਕਿਉਂਕਿ ਇਹ ਬਹੁ ਵਚਨ ਸ਼ਬਦ ਹੈ। ਅੱਗੇ ਹੈ ‘‘ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ; ਕੇਤੇ ਤੇਰੇ ਗਾਵਣਹਾਰੇ ’’ ਇੱਥੇ ‘ਕਹੀਅਹਿਂ’ ਬਿੰਦੀ ਸਮੇਤ ਹੈ ਕਿਉਂਕਿ ਇਹ ਬਹੁ ਵਚਨ ਕਿਰਿਆ ਹੈ ਭਾਵ ‘ਕਈ ਤੇਰੇ ਰਾਗ ਰਾਗਣੀਆਂ ਸਮੇਤ ਕਹੇ ਜਾਂਦੇ ਹਨ’। ਜਪੁ ਬਾਣੀ ਅੰਦਰ ਇੱਥੇ ‘ਕਹੀਅਨਿ’ ਹੈ। ਅਰਥ ਦੋਵਾਂ ਦਾ ਇੱਕੋ ਹੈ ਕਿਉਂਕਿ ਦੋਵੇਂ ਬਹੁ ਵਚਨ ਕਿਰਿਆਵਾਂ ਹਨ। ਅੱਗੇ ਹੈ ‘‘ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ ਦੁਆਰੇ ’’ ਇੱਥੇ ‘ਗਾਵੈ’ ਇੱਕ ਵਚਨ ਕਿਰਿਆ ਹੈ ਅਤੇ ਉਚਾਰਨ ਬਿੰਦੀ ਤੋਂ ਬਿਨਾਂ ਹੈ ਕਿਉਂਕਿ ਧਰਮਰਾਜ ਇੱਕੋ ਹੀ ਹੈ, (ਜੋ ਰੱਬ ਨੂੰ) ‘ਗਾਉਂਦਾ ਹੈ’ ਜਦਕਿ ‘ਗਾਵਹਿ’ ਬਹੁ ਵਚਨ ਕਿਰਿਆ ਹੈ ਕਿਉਂਕਿ ‘ਪਵਣੁ ਪਾਣੀ ਬੈਸੰਤਰੁ’ ਬਹੁਤੇ ਹਨ, ਜੋ ‘ਗਾਉਂਦੇ ਹਨ, ਇਸ ਲਈ ‘ਗਾਵਹਿ’ ਦਾ ਉਚਾਰਨ ਵੀ ਬਿੰਦੀ ਸਹਿਤ ‘ਗਾਵਹਿਂ’ ਹੈ।

ਸ਼ਬਦ ਦਾ ਪ੍ਰਸੰਗ ਅੱਗੇ ਇਉਂ ਚੱਲਦਾ ਹੈ ‘‘ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ; ਲਿਖਿ ਲਿਖਿ ਧਰਮੁ ਬੀਚਾਰੇ ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ; ਸੋਹਨਿ ਤੇਰੇ ਸਦਾ ਸਵਾਰੇ ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ; ਦੇਵਤਿਆ ਦਰਿ ਨਾਲੇ ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ; ਗਾਵਨਿ ਤੁਧਨੋ ਸਾਧ ਬੀਚਾਰੇ ਗਾਵਨਿ ਤੁਧਨੋ ਜਤੀ ਸਤੀ ਸੰਤੋਖੀ; ਗਾਵਨਿ ਤੁਧਨੋ ਵੀਰ ਕਰਾਰੇ ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ; ਜੁਗੁ ਜੁਗੁ ਵੇਦਾ ਨਾਲੇ ’’ ਇੱਥੇ ਸ਼ਬਦ ‘ਰਖੀਸੁਰ’ ਹੈ ਅਤੇ ਜਪੁ ਬਾਣੀ ਅੰਦਰ ‘ਰਖੀਸਰ’ ਹੈ। ਅਰਥ ਦੋਵੇਂ ਸ਼ਬਦਾਂ ਦਾ ਇੱਕ ਸਮਾਨ ਹੈ ‘ਵੱਡੇ ਵੱਡੇ ਰਿਸ਼ੀ ਮੁਨੀ’। ਇਸ ਸ਼ਬਦ ਵਿੱਚ ਦਰਜ ‘ਚਿਤੁ ਗੁਪਤੁ (ਚਿੱਤਰ ਗੁਪਤ), ਈਸਰੁ, ਬ੍ਰਹਮਾ, ਦੇਵੀ, ਇੰਦ੍ਰ, ਸਿਧ, ਸਾਧ, ਜਤੀ (ਉੱਚੇ ਆਚਰਨ ਵਾਲ਼ੇ), ਸਤੀ (ਦਾਨੀ), ਸੰਤੋਖੀ, ਵੀਰ ਕਰਾਰੇ (ਤਕੜੇ ਸੂਰਮੇ), ਪੰਡਿਤ, ਰਖੀਸੁਰ ਆਦਿ ਸਾਰੇ ‘ਸੋ ਦਰੁ’ ਦੇ ਮਾਲਕ ਨੂੰ ਗਾਉਂਦੇ ਹਨ। ਉਸ ਦੇ ਹੁਕਮ ਵਿੱਚ ਚੱਲਦੇ ਹਨ, ਉਸ ਅਧੀਨ ਹਨ ਤਾਂ ਤੇ ਮਨੁੱਖ ਜਾਤੀ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਰੱਬ ਸਮਝ ਕੇ ਪੂਜਣ ਦੀ ਥਾਂ ਸਿੱਧਾ ‘ਸੋ ਦਰੁ’ ਦੇ ਮਾਲਕ ਦਾ ਸਿਮਰਨ ਕੀਤਾ ਜਾਵੇ। ਉਸ ਨਾਲ਼ ਇੱਕ-ਮਿੱਕਤਾ ਕੀਤੀ ਜਾਵੇ, ਜਿਸ ਨੂੰ ਇਹ ਖ਼ੁਦ ਗਾਉਂਦੇ ਹਨ।

ਅੱਗੇ ਪਾਠ ਹੈ ‘‘ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ; ਸੁਰਗੁ ਮਛੁ ਪਇਆਲੇ ਗਾਵਨਿ ਤੁਧਨੋ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ਗਾਵਨਿ ਤੁਧਨੋ ਜੋਧ ਮਹਾਬਲ ਸੂਰਾ; ਗਾਵਨਿ ਤੁਧਨੋ ਖਾਣੀ ਚਾਰੇ ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ ’’ ਗੁਰੂ ਪਾਤਿਸ਼ਾਹ ਨੇ ਬਚਨ ਕੀਤੇ ਹਨ ਕਿ ਮਨ ਨੂੰ ਮੋਹ ਲੈਣ ਵਾਲ਼ੀਆਂ ਇਸਤ੍ਰੀਆਂ, ਜੋ ਸੁਰਗ/ਅਕਾਸ਼ ਲੋਕ ਰਹਿੰਦੀਆਂ ਮੰਨੀਆਂ ਗਈਆਂ, ਮਾਤ ਲੋਕ ਯਾਨੀ ਜੋ ਧਰਤੀ ਉੱਤੇ ਹਨ ਅਤੇ ਜੋ ਪਾਤਾਲ ਲੋਕ ਵਿੱਚ ਰਹਿੰਦੀਆਂ ਹਨ, ‘ਸੋ ਦਰੁ’ ਦੇ ਮਾਲਕ ਨੂੰ ਗਾ ਰਹੀਆਂ ਹਨ। ਉਸ ਨੂੰ ਸਵੀਕਾਰ ਕਰਦੀਆਂ ਹਨ। ਦੇਵਤੇ ਅਤੇ ਦੈਂਤਾਂ ਦੁਆਰਾ ਸਮੁੰਦਰ ਰਿੜਕ ਕੇ ਕੱਢੇ 14 ਕੀਮਤੀ ਰਤਨਾਂ ਤੋਂ ਵੀ ਬਹੁਤਾ ਪ੍ਰਭਾਵਤ ਹੋਣ ਦੀ ਲੋੜ ਨਹੀਂ, ਉਹ ਵੀ 68 ਤੀਰਥਾਂ ਸਮੇਤ ‘ਸੋ ਦਰੁ’ ਦੇ ਮਾਲਕ ਨੂੰ ਗਾ ਰਹੇ ਹਨ ਯਾਨੀ ਜਗਤ ਨੂੰ ਰਚਨ ਵਾਲ਼ੇ ਪ੍ਰਮਾਤਮਾ ਦੁਆਰਾ ਇਹ ਸਤਿਕਾਰਯੋਗ 14 ਰਤਨ ਅਤੇ 68 ਤੀਰਥ ਬਣਾਏ ਗਏ ਹਨ। ਜੋ ਐਸੇ ਕੀਮਤੀ ਰਤਨ ਬਣਾ ਸਕਦਾ ਹੈ ਉਹ ਮਨੁੱਖ ਦੀ ਮਤਿ ਵਿੱਚ ਵੀ ਇਹ 14 ਕੀਮਤੀ ਰਤਨ ਭਰ ਦਿੰਦਾ ਹੈ ਜਦ ਸਤਿਗੁਰੂ ਦੀ ਸਿੱਖਿਆ ਸੁਣੀ ਜਾਵੇ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਮਤਿ ਵਿਚਿ ਰਤਨ ਜਵਾਹਰ ਮਾਣਿਕ; ਜੇ ਇਕ ਗੁਰ ਕੀ ਸਿਖ ਸੁਣੀ ’’ (ਜਪੁ) ਯਾਨੀ ‘ਸੋ ਦਰੁ’ ਦਾ ਮਾਲਕ, ਜੋ ਸਾਰਿਆਂ ਨੂੰ ਦਾਤਾਂ ਦਿੰਦਾ ਹੈ। ਉਸ ਨੂੰ ਗਾਉਣ ਵਾਲ਼ਿਆਂ ਦਾ ਹੀ ਇਸ ਪੂਰੇ ਸ਼ਬਦ ਵਿੱਚ ਜ਼ਿਕਰ ਕੀਤਾ ਹੈ।

ਵਿਖਾਈ ਦਿੰਦੇ ਸਾਰੇ ਖੰਡ, ਮੰਡਲ, ਬ੍ਰਹਿਮੰਡ ਵੀ ਉਸ ਨੂੰ ਗਾਉਂਦੇ ਹਨ। ਉਸ ਦੇ ਹੁਕਮ ’ਚ ਬੱਝੇ ਚੱਲਦੇ ਹਨ। ਬਾਬਾ ਕਬੀਰ ਜੀ ਦਾ ਇੱਕ ਬਚਨ ਹੈ ਕਿ ਉੱਪਰ ਆਕਾਸ਼ ਵਿੱਚ ਚਿੱਤਰੇ ਸਾਰੇ ਤਾਰੇ ਕਿਸ ਨੇ ਬਣਾਏ ਹਨ ? ਕਿਵੇਂ ਸਦੀਆਂ ਤੋਂ ਘੁੰਮਦੇ ਫਿਰਦੇ ਹਨ, ਜੋ ਆਪਸ ਵਿੱਚ ਟਕਰਾਉਂਦੇ ਨਹੀਂ ਯਾਨੀ ਇਸ ਦੇ ਪਿੱਛੇ ਕੋਈ ਅਦ੍ਰਿਸ਼-ਸ਼ਕਤੀ ਹੈ, ਜਿਸ ਨੂੰ ਸਾਰਿਆਂ ਨੇ ਚੇਤੇ ਕਰਨਾ ਹੈ, ਜਿਸ ਦੇ ਹੁਕਮ ਵਿੱਚ ਇਹ ਸਾਰਾ ਬ੍ਰਹਿਮੰਡ ਹੈ ‘‘ਓਇ ਜੁ ਦੀਸਹਿ ਅੰਬਰਿ (ਅਕਾਸ਼ ) ਤਾਰੇ ਕਿਨਿ ਓਇ ਚੀਤੇ, ਚੀਤਨਹਾਰੇ  ? ਕਹੁ ਰੇ ਪੰਡਿਤ ! ਅੰਬਰੁ ਕਾ ਸਿਉ ਲਾਗਾ ਬੂਝੈ ਬੂਝਨਹਾਰੁ ਸਭਾਗਾ ਰਹਾਉ ’’ (ਭਗਤ ਕਬੀਰ ਜੀ/੩੨੯) ਇਹ ਰਾਜ਼ ਕੋਈ ਵਿਰਲਾ ਹੀ ਗੁਰੂ ਦੀ ਕਿਰਪਾ ਨਾਲ਼ ਸਮਝਦਾ ਹੈ । ਇੱਥੇ ਪੰਡਿਤ ਦੀ ਵਿਚਾਰਧਾਰਾ ਨੂੰ ਅਰਥਹੀਣ ਦੱਸਿਆ ਹੈ ਕਿਉਂਕਿ ਉਹ, ਇਨ੍ਹਾਂ ਤਾਰਿਆਂ ਦੀ ਪੂਜਾ ਕਰਾਉਂਦਾ ਹੈ, ਇਸ ਦੇ ਪਿੱਛੇ ਕਾਰਜਸ਼ੀਲ ਅਦ੍ਰਿਸ਼ ਸ਼ਕਤੀ ਦੀ ਨਹੀਂ।

ਉਕਤ ਸਾਰੀ ਖੰਡ, ਮੰਡਲ ਆਦਿਕ ਕੁਦਰਤਿ ਨੂੰ ਬਿਆਨ ਕਰਨ ਉਪਰੰਤ ਅੰਤ ’ਚ ਬਚਨ ਕੀਤੇ ਹਨ ਕਿ ‘‘ਸੇਈ ਤੁਧਨੋ ਗਾਵਨਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ’’ ਭਾਵ ਉਨ੍ਹਾਂ ਦਾ ਗਾਉਣਾ ਹੀ ਤੇਰੇ ‘ਸੋ ਦਰੁ’ ਉੱਤੇ ਪ੍ਰਵਾਣ ਹੁੰਦਾ ਹੈ ਜਾਂ ਉਨ੍ਹਾਂ ਦਾ ਗਾਉਣਾ ਹੀ ਸਫਲ ਹੈ, ਜਿਹੜੇ ਤੈਨੂੰ ਪਸੰਦ ਆ ਜਾਂਦੇ ਹਨ, ਭਾਅ ਜਾਂਦੇ ਹਨ। ‘ਰਤੇ’ ਦਾ ਅਰਥ ਹੈ ‘ਬਾਣੀ ’ਚ ਰੰਗੇ ਹੋਏ’। ਜਿਹੜੇ ਬਾਣੀ ਵਿੱਚ ਤਨੋਂ ਮਨੋਂ ਰੰਗੇ ਹੋਏ ਹੁੰਦੇ ਹਨ। ਉਹੀ ‘ਸੋ ਦਰੁ’ ਦੇ ਮਾਲਕ ਨੂੰ ਪਸੰਦ ਹੁੰਦੇ ਹਨ ਬਾਕੀ ਭਾਵੇਂ ਸਾਰਾ ਬ੍ਰਹਿਮੰਡ ਗਾਈ ਜਾਵੇ ਉਸ ਨੂੰ ਪਸੰਦ ਨਹੀਂ।

ਅੱਗੇ ਬਚਨ ਹਨ ਕਿ ‘‘ਹੋਰਿ ਕੇਤੇ ਤੁਧਨੋ ਗਾਵਨਿ’’ ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ਕਿ ਉੱਪਰ ਜਿਹੜੇ ਬਿਆਨ ਕੀਤੇ ਗਏ ਹਨ ਉਨ੍ਹਾਂ ਤੋਂ ਇਲਾਵਾ ਹੋਰ ਕਿੰਨੇ ਤੈਨੂੰ ਗਾਉਂਦੇ ਹਨ ‘‘ਸੇ ਮੈ ਚਿਤਿ ਆਵਨਿ; ਨਾਨਕੁ ਕਿਆ ਬੀਚਾਰੇ ’’ ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਆਪਣੇ ਉੱਤੇ ਢੁਕਾ ਕੇ ਕਹਿ ਰਹੇ ਹਨ ਕਿ ਨਾਨਕ ਦੀ ਕੀ ਪਾਇਆਂ ਹੈ ਕਿ ਤੈਨੂੰ ਗਾਉਣ ਵਾਲ਼ਿਆਂ ਦਾ ਪੂਰਾ ਅੰਦਾਜ਼ਾ ਲਗਾ ਸਕੇ। ਇੱਥੇ ‘ਨਾਨਕੁ’ ਦੇ ‘ਕ’ ਨੂੰ ਔਂਕੜ ਹੈ। ‘ਨਾਨਕ’ ਜਾਂ ‘ਨਾਨਕੁ’; ਹਰ ਸ਼ਬਦ ਦੇ ਅਖੀਰ ਵਿੱਚ ਲੇਖਕ ਵਜੋਂ ਦਰਜ ਕੀਤਾ ਹੁੰਦਾ ਹੈ। ‘ਜਪੁ’ ਬਾਣੀ ਅੰਦਰ ‘ਨਾਨਕ’ ਅੰਤ ਮੁਕਤਾ 28 ਵਾਰ ਹੈ ਅਤੇ ‘ਨਾਨਕੁ’ ਅੰਤ ਔਂਕੜ 2 ਵਾਰ ਹੈ। ‘ਨਾਨਕ’ ਦੇ ਅਰਥ ਹੁੰਦੇ ਹਨ ‘ਹੇ ਨਾਨਕ !’, ਪਰ ਇੱਥੇ ਇਸ ਤਰ੍ਹਾਂ ਅਰਥ ਨਹੀਂ ਲੈ ਸਕਦੇ ਕਿਉਂਕਿ ‘ਨਾਨਕੁ’ ਆਪਣੇ ਦੁਆਰਾ ਬਿਆਨ ਕੀਤੇ ਪੂਰੇ ਬ੍ਰਹਿਮੰਡ ਤੋਂ ਬਾਅਦ ਯਾਨੀ ਸ਼ਬਦ ਦੇ ਅੰਤ ਵਿੱਚ ਖ਼ੁਦ ਨਿਮਰਤਾ ਸਹਿਤ ਕਹਿੰਦੇ ਹਨ ਤਾਂ ਜੋ ਮਤਾਂ ਕਿਤੇ ‘ਨਾਨਕੁ’ ਦੇ ਮਨ ’ਚ ਪੂਰੀ ਕੁਦਰਤਿ ਨੂੰ ਬਿਆਨ ਕਰਨ ਦਾ ਅਹੰਕਾਰ ਆਉਂਦਾ, ਪ੍ਰਤੀਤ ਹੋਵੇ। ‘ਨਾਨਕੁ’ ਸ਼ਬਦ ਨਾਂਵ, ਪੁਲਿੰਗ, ਇੱਕ ਵਚਨ ਹੋਣ ਕਰਕੇ ਔਂਕੜ ਲੱਗੀ ਹੋਈ ਹੈ।

ਜਪੁ ਸਾਹਿਬ ਦੀ 27ਵੀਂ ਪਉੜੀ ਵਿੱਚ ਇੱਥੇ ‘ਨਾਨਕੁ’ (ਔਂਕੜ ਸਮੇਤ) ਹੀ ਹੈ। ਐਸੇ ਹੀ ਇੱਕ ਵਾਰ ‘ਜਪੁ’ ਬਾਣੀ ਦੀ ਪਿਛਲੀ 18ਵੀਂ ਪਉੜੀ ’ਚ ਆ ਚੁੱਕਾ ਹੈ ‘‘ਨਾਨਕੁ ਨੀਚੁ ਕਹੈ ਵੀਚਾਰੁ ..੧੮’’ ਗੁਰਬਾਣੀ ਅੰਦਰ ਜਦੋਂ ਵੀ ‘ਨਾਨਕੁ’ (ਅੰਤ ਔਂਕੜ) ਸ਼ਬਦ ਆਏ ਤਾਂ ਉਸ ਤੋਂ ਬਾਅਦ ਵਿਸਰਾਮ ਨਹੀਂ ਦੇਣਾ ਯਾਨੀ ਅਗਲਾ ਸ਼ਬਦ ਨਾਲ ਪੜ੍ਹਨਾ ਹੈ; ਜਿਵੇਂ ਕਿ ‘ਨਾਨਕੁ ਦਾਸੁ, ਨਾਨਕੁ ਨੀਚੁ’ ਆਦਿ। ਜੇਕਰ ‘ਨਾਨਕੁ’ ਤੋਂ ਬਾਅਦ ਵਿਸਰਾਮ ਦੇ ਦੇਈਏ ਤਾਂ ਅਰਥਾਂ ਦਾ ਅਨਰਥ ਹੋ ਜਾਂਦਾ ਹੈ; ਜਿਵੇਂ ਕਿ ‘‘ਨਾਨਕੁ ਨੀਚੁ ਕਹੈ ਵੀਚਾਰੁ ..੧੮’’ ਤੁਕ ਵਿੱਚ ‘ਨਾਨਕੁ’ ਤੋਂ ਬਾਅਦ ਵਿਸਰਾਮ ਦੇਣ ਨਾਲ਼ ‘ਨਾਨਕੁ ਨੀਚੁ’ ਇਕੱਠੇ ਸ਼ਬਦ ਨਾ ਰਹਿ ਕੇ ‘ਨੀਚੁ’ ਅਗਲੇ ਸ਼ਬਦ ‘ਵੀਚਾਰੁ’ ਨਾਲ਼ ਜੁੜ ਕੇ ਅਰਥ ਦੇ ਦੇਵੇਗਾ ਕਿ ਸੰਬੰਧਿਤ ਪੂਰੀ ਪਉੜੀ ’ਚ ਬਿਆਨ ਕੀਤੇ ‘‘ਅਸੰਖ ਚੋਰ ਹਰਾਮਖੋਰ ’’ ਆਦਿਕ ‘ਵੀਚਾਰੁ’; ‘ਨੀਚੁ’ ਹਨ ਭਾਵ ਘਟੀਆ ਦਰਜੇ ਦੇ ਹਨ, ਜੋ ਕਿ ਇਹ ਅਰਥ ਗੁਰਮਤਿ ਵਿਰੁਧ ਹੁੰਦਾ।

ਸੋ 18ਵੀਂ ਪਉੜੀ ਵਾਙ ਇਸ 27ਵੀਂ ਪਉੜੀ ਵਿੱਚ ਵੀ ‘‘ਸੇ ਮੈ ਚਿਤਿ ਆਵਨਿ; ਨਾਨਕੁ ਕਿਆ ਬੀਚਾਰੇ ’’ ਪਾਠ ਕਰਦਿਆਂ ‘ਨਾਨਕੁ’ ਤੋਂ ਬਾਅਦ ਰੁਕਣਾ ਨਹੀਂ; ਜਿਵੇਂ ਕਿ ‘ਨਾਨਕ ਨਾਮ ਚੜ੍ਹਦੀ ਕਲਾ’ ਬੋਲਦਿਆਂ ‘ਨਾਨਕ’ ਤੋਂ ਬਾਅਦ ਰੁਕਣਾ ਹੈ ਕਿਉਂਕਿ ਨਾਨਕ ਆਪਣੇ ਨਾਮ ਦੀ ਚੜ੍ਹਦੀ ਕਲਾ ਨਹੀਂ ਕਹਿ ਰਹੇ । ‘ਨਾਨਕ, ਨਾਮ ਚੜ੍ਹਦੀ ਕਲਾ’ ਦਾ ਮਤਲਬ ਹੈ ਪਰਮਾਤਮਾ ਦਾ ਨਾਮ ਜਪਣ ਵਾਲ਼ਿਆਂ ਦੀ ਸਦਾ ਚੜ੍ਹਦੀ ਕਲਾ ਹੁੰਦੀ ਹੈ। ਗੁਰਬਾਣੀ ਵਿੱਚ ਕਿੱਧਰੇ ਵੀ ਗੁਰੂ ਸਾਹਿਬਾਨਾਂ ਨੇ ਆਪਣਾ ਨਾਮ ਜਪਣ ਬਾਰੇ ਨਹੀਂ ਲਿਖਿਆ। ਨਿਰੋਲ ਪਰਮਾਤਮਾ ਦਾ ਨਾਮ ਜਪਣ ਲਈ ਹੀ ਪ੍ਰੇਰਿਆ ਹੈ। ਖੰਡ, ਮੰਡਲ, ਬ੍ਰਹਿਮੰਡ ਆਦਿ ਦੁਆਰਾ ਨਾਮ ਜਪਣ ਦਾ ਮਤਲਬ ਹੈ ਕਿ ਉਸ ਦੇ ਭਉ ਵਿੱਚ ਸਾਰੇ ਚੱਲ ਰਹੇ ਹਨ।

ਆਸਾ ਕੀ ਵਾਰ ਦੀ ਚੌਥੀ ਪਉੜੀ ਨਾਲ਼ ਗੁਰੂ ਨਾਨਕ ਸਾਹਿਬ ਜੀ ਦੇ ਦੋ ਸਲੋਕ ਹਨ। ਉਨ੍ਹਾਂ ਵਿੱਚੋਂ ਪਹਿਲੇ ਵਿੱਚ ਕਿਹਾ ਗਿਆ ਹੈ ‘‘ਭੈ ਵਿਚਿ; ਪਵਣੁ ਵਹੈ ਸਦਵਾਉ ਭੈ ਵਿਚਿ ਚਲਹਿ; ਲਖ ਦਰੀਆਉ ਭੈ ਵਿਚਿ; ਅਗਨਿ ਕਢੈ ਵੇਗਾਰਿ ਭੈ ਵਿਚਿ; ਧਰਤੀ ਦਬੀ ਭਾਰਿ ਭੈ ਵਿਚਿ; ਇੰਦੁ ਫਿਰੈ ਸਿਰ ਭਾਰਿ ਭੈ ਵਿਚਿ; ਰਾਜਾ ਧਰਮ ਦੁਆਰੁ ਭੈ ਵਿਚਿ; ਸੂਰਜੁ ਭੈ ਵਿਚਿ ਚੰਦੁ ਕੋਹ ਕਰੋੜੀ; ਚਲਤ ਅੰਤੁ ਭੈ ਵਿਚਿ; ਸਿਧ ਬੁਧ ਸੁਰ ਨਾਥ ਭੈ ਵਿਚਿ; ਆਡਾਣੇ ਆਕਾਸ ਭੈ ਵਿਚਿ; ਜੋਧ ਮਹਾਬਲ ਸੂਰ ਭੈ ਵਿਚਿ; ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰਿ ਲੇਖੁ ਨਾਨਕ ! ਨਿਰਭਉ ਨਿਰੰਕਾਰੁ ਸਚੁ ਏਕੁ ’’ (ਮਹਲਾ /੪੬੪), ਇਸ ਤਰ੍ਹਾਂ ਹੀ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਹਥਲੇ ‘ਸੋ ਦਰੁ’ ਸ਼ਬਦ ’ਚ ਜ਼ਿਕਰ ਕੀਤਾ ਹੈ ਕਿ ਹੇ ਵਾਹਗਿੁਰੂ ! ਜੋ ਵੀ ਤੈਨੂੰ ਗਾ ਰਹੇ ਹਨ, ਹਵਾ, ਪਾਣੀ, ਅੱਗ, ਰਿਸ਼ੀ ਮੁਨੀ, ਬ੍ਰਹਿਮੰਡ ਆਦਿ ਵਿੱਚੋਂ ਜਿਹੜੇ ਤੈਨੂੰ ਭਾਉਂਦੇ ਹਨ, ਉਹਨਾਂ ਦਾ ਹੀ ਗਾਉਣਾ ਤੇਰੇ ਦਰਬਾਰ ਵਿੱਚ ਪਰਵਾਣ ਹੈ। ਜੋ ਤੇਰੇ ਭਗਤ ਬਾਣੀ ਦੇ ਰਸ ਵਿੱਚ ਰਸੇ ਹੋਏ ਤੈਨੂੰ ਗਾਉਂਦੇ ਹਨ, ਉਹਨਾਂ ਦਾ ਗਾਉਣਾ ਹੀ ਸ੍ਰੇਸ਼ਟ ਹੈ। ਇਸ ਤੋਂ ਬਿਨਾਂ ਹੋਰ ਵੀ ਬਹੁਤ ਹਨ, ਜਿਹੜੇ ਤੈਨੂੰ ਗਾ ਰਹੇ ਹਨ, ਉਹ ਮੈਨੂੰ ਯਾਦ ਨਹੀਂ ਆ ਰਹੇ। ਮੇਰੀ ਸਮਰੱਥਾ ਨਹੀਂ ਕਿ ਮੈਂ ਉਨ੍ਹਾਂ ਸਾਰਿਆਂ ਦਾ ਜ਼ਿਕਰ ਕਰ ਸਕਾਂ।

ਵਿਚਾਰ : ਜਿਨ੍ਹਾਂ ਗੁਰਸਿੱਖਾਂ ਨੂੰ ਦੈਵੀ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ ਨੇ ਗੁਰੂ ਨੂੰ ਪਿਆਰ ਨਾਲ ਗਾਇਆ ਹੈ। ਜਿਹੜੇ ਤੇਰੇ ਪਿਆਰ ਵਿੱਚ ਰਸੇ ਹੋਏ ਹਨ। ਉਹ ਕਿਵੇਂ ਸੰਸਾਰਕ ਰਸਾਂ ਕਸਾਂ ਤੋਂ ਉੱਪਰ ਉੱਠ ਕੇ ਗਾਉਂਦੇ ਹਨ ? ਕਿਵੇਂ ਇਹ ਗਾਉਣਾ ਪਰਵਾਨ ਹੈ ? ਜਵਾਬ ਹੈ ਕਿ ਪਰਮਾਤਮਾ ਦੇ ਹੁਕਮ ਵਿੱਚ ਚੱਲਣਾ ਹੀ ਉਸ ਨੂੰ ਗਾਉਣਾ ਹੈ। ਬਿਨਾਂ ਪ੍ਰੇਮ ਰਸ ਵਿੱਚ ਰਸੇ ਹੋਏ ਗਾਉਣ ਦਾ ਲਾਹਾ/ਲਾਭ ਨਹੀਂ ਮਿਲਦਾ। ਅਸੀਂ ਅਨੇਕਾਂ ਰਸਾਂ ਕਸਾਂ ਵਿੱਚ ਫਸੇ ਰਹਿੰਦੇ ਹਾਂ ਇਸ ਲਈ ਗੁਰਬਾਣੀ ਦਾ ਰਸ ਨਹੀਂ ਲੈ ਸਕਦੇ। ਗੁਰੂ ਪਾਤਿਸ਼ਾਹ ਜੀ ਦਾ ਬਚਨ ਹੈ ਕਿ ‘‘ਚੰਦਨ ਚੰਦੁ ਸਰਦ ਰੁਤਿ; ਮੂਲਿ ਮਿਟਈ ਘਾਂਮ ’’ ਘਾਂਮ ਕਹਿੰਦੇ ਹਨ ਅੰਦਰਲੀ ਗਰਮੀ ਨੂੰ, ਤਪਸ ਨੂੰ। ਚੰਦ੍ਰਮਾ ਦੀ ਠੰਡਕ ਹੋਵੇ ਜਾਂ ਸਰਦ ਰੁਤਿ ਹੋਵੇ ਜੇਕਰ ਅੰਦਰ ਰਸਾਂ ਕਸਾਂ ਦੀ ਤਪਸ ਹੈ ਤਾਂ ਮਨ; ਸ਼ਾਂਤ ਨਹੀਂ ਹੋ ਸਕਦਾ। ਹੁਣ ਫਿਰ ਕਿਵੇਂ ਸ਼ਾਂਤ ਹੋਵੇਗਾ ? ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ਕਿ ‘‘ਸੀਤਲੁ ਥੀਵੈ ਨਾਨਕਾ ! ਜਪੰਦੜੋ ਹਰਿ ਨਾਮੁ ’’ (ਮਹਲਾ /੭੦੯) ਹਰੀ ਦੇ ਪ੍ਰੇਮ-ਰੰਗ ਨਾਲ਼ ਨਾਮ ਨੂੰ ਜਪਦਿਆਂ ਹੀ ਮਨ ਸ਼ੀਤਲ ਹੋ ਸਕਦਾ ਹੈ, ਠੰਡਾ ਰਹਿ ਸਕਦਾ ਹੈ।

ਹਥਲੇ ਸ਼ਬਦ ਦੀਆਂ ਅਗਲੀਆਂ ਤੁਕਾਂ ਹਨ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ਹੈ ਭੀ ਹੋਸੀ; ਜਾਇ ਜਾਸੀ; ਰਚਨਾ ਜਿਨਿ ਰਚਾਈ ’’ ਇਨ੍ਹਾਂ ਤੁਕਾਂ ਦਾ ਭਾਵਾਰਥ ਹੈ ਕਿ ਉਪਰ ਸਾਰੇ ‘ਸੋ ਦਰੁ’ ਦੇ ਮਾਲਕ ਨੂੰ ਗਾਉਣ ਵਾਲ਼ੇ ਸਦੀਵੀ ਸਥਿਰ ਰਹਿਣ ਵਾਲ਼ੇ ਨਹੀਂ ਹਨ, ਪਰ ਜਿਸ ਅਕਾਲ ਪੁਰਖ ਨੇ ਇਹ ਸਾਰੇ ਰਚੇ ਹਨ, ਉਹ ਆਪ ਸਦਾ ਸਥਿਰ ਰਹਿਣ ਵਾਲ਼ਾ ਹੈ। ਇਹ ਗੱਲ ‘ਜਪੁ’ ਬਾਣੀ ਦੇ ਪਹਿਲੇ ਸਲੋਕ ‘‘ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ’’ (ਜਪੁ) ਵਿੱਚ ਵੀ ਦਰਜ ਹੈ। ਇਹ ਸਮਝਣਾ ਹੋਰ ਲਾਹੇਮੰਦ ਹੋਵੇਗਾ ਕਿ ਇਹ ਸਲੋਕ; ਗੁਰਬਾਣੀ ਦਾ ਅਰੰਭਕ ਸਲੋਕ ਹੈ, ਜਿਸ ਵਿੱਚ ‘ੴ’ ਨੂੰ ਸਦੀਵੀ ਸਥਿਰ ਬਿਆਨ ਕੀਤਾ ਹੈ। ਪੂਰੀ ਗੁਰਬਾਣੀ ਹੀ ਇਸ ਦੇ ਆਧਾਰ ਉੱਤੇ ਰਚੀ ਗਈ ਭਾਵ ਓਹੀ ਕੇਵਲ ਸੱਚਾ ਮਾਲਕ ਸਦਾ ਸਥਿਰ ਹੈ। ਉਸ ਦੀ ਮਹਿਮਾ, ਵਡਿਆਈ ਵੀ ਸਥਿਰ ਹੈ ਯਾਨੀ ਉਸ ਨੂੰ ਜਪਣ ਵਾਲ਼ਾ ਵੀ ਸਥਿਰ ਹੋ ਜਾਂਦਾ ਹੈ। ਉਹ ਨਾ ਜੰਮਦਾ ਹੈ, ਨਾ ਮਰਦਾ ਹੈ। ਜਿਸ ਨੇ ਇਹ ਸਾਰੀ ਰਚਨਾ (ਜੋ ਉੱਪਰ ਸਾਰੇ ਸ਼ਬਦ ’ਚ ਬਿਆਨ ਕੀਤੀ ਗਈ ਜਾਂ ਕੁੱਝ ਰਹਿ ਵੀ ਗਈ) ਬਣਾਈ ਹੈ।

‘‘ਰੰਗੀ ਰੰਗੀ ਭਾਤੀ ਕਰਿ ਕਰਿ; ਜਿਨਸੀ ਮਾਇਆ, ਜਿਨਿ ਉਪਾਈ ’’ ਇੱਥੇ ‘ਰੰਗੀਂ ਰੰਗੀਂ ਭਾਤੀਂ’ ਬਿੰਦੀ ਸਹਿਤ ਪਾਠ ਕਰਨਾ ਹੈ ਅਤੇ ਇਸ ਤੋਂ ਬਾਅਦ ਰੁਕਣਾ ਹੈ, ਨਹੀਂ ਤਾਂ ਅਰਥ ਸਹੀ ਨਹੀਂ ਢੁੱਕਦੇ। ‘ਜਿਨਸੀਂ ਮਾਇਆ’ ਦਾ ਅਰਥ ਹੈ ‘ਭਿੰਨ ਭਿੰਨ ਪ੍ਰਕਾਰ ਦੀ ਮਾਇਆ। ‘ਜਿਨਿ’ – ਜਿਸ (ਸੋਈ ਸੋਈ ਸਦਾ ਸਚੁ) ਨੇ। ਅੱਗੇ ਉਸੇ ਲਈ ਬਚਨ ਹਨ ‘‘ਕਰਿ ਕਰਿ ਦੇਖੈ ਕੀਤਾ ਆਪਣਾ; ਜਿਉ ਤਿਸ ਦੀ ਵਡਿਆਈ ’’ ਇੱਥੇ ਪਾਠ ‘ਦੇਖੈ’ ਅਤੇ ‘ਜਿਉ’ ਹੈ, ਪਰ ਜਪੁ ਸਾਹਿਬ ਦੀ ਬਾਣੀ ਵਿੱਚ ਪਾਠ ‘ਵੇਖੈ’ ਅਤੇ ‘ਜਿਵ’ ਹੈ।

‘‘ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ ਹੁਕਮੁ ਕਰਣਾ ਜਾਈ ’’ ਇਸ ਤੁਕ ਨੂੰ ਵਾਰ ਵਾਰ ਆਪਣੇ ਦਿਮਾਗ਼ ’ਚ ਰੱਖਣਾ ਹੈ। ‘‘ਸੋ ਪਾਤਿਸਾਹੁ ਸਾਹਾ ਪਤਿਸਾਹਿਬੁ; ਨਾਨਕ ! ਰਹਣੁ ਰਜਾਈ ’’ (ਸੋ ਦਰੁ ਆਸਾ/ਮਹਲਾ /) ਇਸ ਅੰਤਮ ਪੰਕਤੀ ਵਿੱਚ ਪਾਠ ‘ਪਤਿਸਾਹਿਬੁ’ ਹੈ, ਪਰ ਜਪੁ ਬਾਣੀ ਵਿੱਚ ‘ਪਾਤਿਸਾਹਿਬੁ’ ਹੈ। ‘ਨਾਨਕ’ ਵੀ ਔਂਕੜ ਤੋਂ ਰਹਿਤ ਹੈ, ਇਸ ਲਈ ‘ਨਾਨਕ’ ਤੋਂ ਬਾਅਦ ਰੁਕਣਾ ਹੈ। ਅਰਥ ਹਨ ‘ਹੇ ਨਾਨਕ ! (ਆਖ, ਕਿ)

ਵਿਚਾਰ : ਇਸ ‘ਸੋ ਦਰੁ’ ਸ਼ਬਦ ਵਿੱਚ ਅੰਕਿਤ ਤੁਕ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ਹੈ ਭੀ ਹੋਸੀ; ਜਾਇ ਜਾਸੀ; ਰਚਨਾ ਜਿਨਿ ਰਚਾਈ ਰੰਗੀ ਰੰਗੀ ਭਾਤੀ ਕਰਿ ਕਰਿ; ਜਿਨਸੀ ਮਾਇਆ, ਜਿਨਿ ਉਪਾਈ ’’ ਅਤੇ ਜਪੁ ਸਾਹਿਬ ਦੀ 27ਵੀਂ ਪਉੜੀ ’ਚ ਦਰਜ ਇਹੀ ਤੁਕਾਂ ਵਿੱਚ ਕੋਈ ਅੰਤਰ ਨਹੀਂ, ਪਰ ਬਾਕੀ ਪੂਰੇ ਸ਼ਬਦ ਵਿੱਚ ਜੋ ਅੰਤਰ ਹੈ, ਉਸ ਨੂੰ ਪਿੱਛੇ ਵਿਚਾਰ ਆਏ ਹਾਂ।

ਸੋਈ – ਇਕ ਵਚਨ

ਸੇਈ – ਬਹੁ ਵਚਨ

ਭਾਵ ‘ੴ’ ਸਦਾ ਸੱਚ ਹੈ। ਬਾਕੀ ਸਭ ਬਿਨਸਣ ਵਾਲਾ ਹੈ। ਇੱਕ ਅਕਾਲ ਪੁਰਖ ਹੀ ਸਦਾ ਥਿਰ ਰਹਿਣ ਵਾਲਾ ਹੈ, ਉਸ ਦੀ ਵਡਿਆਈ ਹੀ ਸੱਚੀ ਹੈ। ਇੱਥੇ ‘ਨਾਈ’ ਦਾ ਭਾਵ ਵਡਿਆਈ ਹੈ।

ਸਾਹਿਬੁ ਸਾਚਾ – ਪੁਲਿੰਗ ਇੱਕ ਵਚਨ ਹੈ। ਸਾਹਿਬੁ (ਇੱਕ ਵਚਨ) ਦਾ ਵਿਸ਼ੇਸ਼ਣ ਹੈ ‘ਸਾਚਾ’।

ਸਾਚੀ ਨਾਈ – ਇਸਤਰੀ ਲਿੰਗ, ਇੱਕ ਵਚਨ ਹੈ। ਨਾਈ (ਇਸਤਰੀ ਲਿੰਗ) ਦਾ ਵਿਸ਼ੇਸ਼ਣ ਹੈ ‘ਸਾਚੀ’।

ਉਹ ਸੱਚਾ ਹੈ ਕਿਉਂਕਿ ਨਾ ਉਹ ਜੰਮਦਾ ਹੈ ਅਤੇ ਨਾ ਹੀ ਮਰਦਾ ਹੈ। ਉਹ ਹੁਣ ਵੀ ਹੈ (ਹੈ ਭੀ) ਅਤੇ ਹਮੇਸ਼ਾ ਹੀ ਰਹੇਗਾ (ਹੋਸੀ) ਕਿਉਂਕਿ ਇਹ ਸਾਰੀ ਰਚਨਾ ਉਸ ਦੀ ਰਚੀ ਹੋਈ ਹੈ, ਮੁੱਢ ਤੋਂ ਇਹ ਰਚਨਾ ਰਚੀ ਹੋਈ ਚੱਲੀ ਆ ਰਹੀ ਹੈ ਅਤੇ ਅੱਗੇ ਵੀ ਰਹੇਗੀ ਕਿਉਂਕਿ ਪਰੀਪੂਰਨ ਪਰਮਾਤਮਾ ਇਸ ਵਿੱਚ ਰਮਿਆ ਹੋਇਆ ਹੈ।

ਜਪੁ ਸਾਹਿਬ ਦੀ ਬਾਣੀ ਵਿੱਚ ਦੋ ਸਲੋਕ ਹਨ। ਇੱਕ ਆਰੰਭ ਵਿੱਚ ਅਤੇ ਇੱਕ ਅੰਤ ਵਿੱਚ। ਅਰੰਭਕ ਸਲੋਕ ਤੋਂ ਪਹਿਲਾਂ ਮੂਲ ਮੰਤਰ ਹੈ। ਗੁਰੂ ਅਰਜਨ ਸਾਹਿਬ ਨੇ ਜਦੋਂ ਬਾਣੀ ਨੂੰ ਤਰਤੀਬਵਾਰ ਅੰਕਿਤ ਕੀਤਾ ਤਾਂ ਪਹਿਲੇ ਸਲੋਕ ਤੋਂ ਬਾਅਦ ੧ ਲਿਖ ਦਿੱਤਾ ਅਤੇ ਪਹਿਲੀ ਪਉੜੀ ਤੋਂ ਬਾਅਦ ਵੀ ੧ ਲਿਖਿਆ ਹੋਇਆ ਹੈ। ਸੁਖਮਨੀ ਸਾਹਿਬ ਵਿੱਚ ਵੀ ੧੭ਵੀਂ ਪਉੜੀ ਵਿੱਚ ਇੱਕ ਸਲੋਕ ਲਿਖਿਆ ਹੋਇਆ ਹੈ, ਜੋ ‘ਜਪੁ’ ਸਾਹਿਬ ਵਾਲ਼ੇ ਸਲੋਕ ਨਾਲ ਮੇਲ ਖਾਂਦਾ ਹੈ, ਇਹਨਾਂ ਵਿੱਚ ਕੇਵਲ ‘ਭੀ’ ਅਤੇ ‘ਭਿ’ ਦਾ ਅੰਤਰ ਹੈ। ਅਰਥਾਂ ’ਚ ਕੋਈ ਅੰਤਰ ਨਹੀਂ। ਹੁਣ ‘ਆਦਿ ਸਚੁ’ ਦਾ ਅਰਥ ਹੈ ਜਦ ਤੋਂ ਸ੍ਰਿਸ਼ਟੀ ਨਹੀਂ ਬਣੀ ਸੀ। ਸੰਸਾਰ ਨਹੀਂ ਬਣਿਆ ਸੀ, ਤਾਂ ਵੀ ਉਹ ਪਰਮਾਤਮਾ ਸੱਚ ਸੀ, ਜੁਗਾਂ ਜੁਗਾਂਤਰਾਂ ਤੋਂ ਸੱਚ ਹੈ। ਹਰ ਜੁਗ ਵਿੱਚ ਉਹੀ ਵਰਤ ਰਿਹਾ ਹੈ। ਸੰਸਾਰ ਬਣਨ ਤੋਂ ਪਹਿਲਾਂ ਜਦੋਂ ਕੁੱਛ ਭੀ ਨਹੀਂ ਸੀ ਤਾਂ ਮਾਰੂ ਰਾਗ ਵਿੱਚ ਗੁਰੂ ਪਾਤਿਸ਼ਾਹ ਜੀ ਫ਼ੁਰਮਾਉਂਦੇ ਹਨ ‘‘ਅਰਬਦ ਨਰਬਦ ਧੁੰਧੂਕਾਰਾ ’’ ਧੁੰਧੂਕਾਰਾ ਦਾ ਅਰਥ ਹੈ ਘੁੱਪ ਹਨ੍ਹੇਰਾ, ਜਦ ਕੁੱਛ ਭੀ ਨਹੀਂ ਸੀ। ਅਰਬਦ ਦਾ ਮਤਲਬ ਹੈ 100 ਕਰੋੜ ਸਾਲ ਅਤੇ ਨਰਬਦ ਦਾ ਮਤਲਬ ਹੈ ‘100 ਕਰੋੜ ਤੋਂ ਵੱਧ ਸਮਾਂ’। ‘‘ਧਰਣਿ ਗਗਨਾ ਹੁਕਮੁ ਅਪਾਰਾ ’’ ਕਈ ਅਰਬਾਂ ਦੀ ਗਿਣਤੀ ਤੋਂ ਵੀ ਪਰੇ ਕੇਵਲ ਧੁੰਦ ਹੀ ਧੁੰਦ ਸੀ। ਨਾ ਕੋਈ ਧਰਤੀ ਸੀ ਅਤੇ ਨਾ ਆਕਾਸ਼, ਪਰ ਫਿਰ ਵੀ ਉਹ ਪਰਮਾਤਮਾ ਸੀ। ਉਸ ਦਾ ਹੁਕਮ ਆਪਣੇ ਆਪ ਵਿੱਚ ਸੀ ਯਾਨੀ ਉਸ ਦੇ ਵਿਚਾਰ ਉਸ ਸਮੇਂ ਵੀ ਸਨ।

ਉਕਤ ਸ਼ਬਦ ਵਿੱਚ ਹੀ ਦਰਜ ਹੈ ‘‘ਨਾ ਦਿਨੁ ਰੈਨਿ, ਚੰਦੁ ਸੂਰਜੁ; ਸੁੰਨ ਸਮਾਧਿ ਲਗਾਇਦਾ ’’ (ਮਹਲਾ /੧੦੩੫) ਜਦੋਂ ਦਿਨ, ਰਾਤ, ਸੂਰਜ, ਚੰਦ ਨਹੀਂ ਸਨ ਉਦੋਂ ਤੇਰੀ ਆਪਣੇ ਆਪ ਵਿੱਚ ਸਮਾਧੀ ਲੱਗੀ ਹੋਈ ਸੀ ਕਿਉਂਕਿ ਅਕਾਲ ਪੁਰਖ ‘ਅਜੂਨੀ’ ਹੈ, ‘ਸੈਭੰ’ ਹੈ। ਉਹ ਕਦੇ ਜੰਮਦਾ ਨਹੀਂ। ਜੋ ਜੰਮਦਾ ਨਹੀਂ, ਉਹ ਕਦੇ ਮਰਦਾ ਵੀ ਨਹੀ। ਇੱਕੋ ਇੱਕ ਸੱਚ ਹੈ, ਬਾਕੀ ਸਭ ਕੂੜ ਹੈ ‘‘ਕੂੜੁ ਰਾਜਾ; ਕੂੜੁ ਪਰਜਾ; ਕੂੜੁ ਸਭੁ ਸੰਸਾਰੁ ’’ (ਮਹਲਾ /੪੬੮) ‘ਕੂੜੁ’ ਦਾ ਅਰਥ ਹੈ ਜੋ ਸਦਾ ਰਹਿਣ ਵਾਲ਼ਾ ਨਾ ਹੋਵੇ।

ਅੱਜ ਕੱਲ੍ਹ ਜੋ ਕੁੱਝ ਵੀ (ਸਰੀਰ, ਧਨ-ਪਦਾਰਥ, ਪਰਵਾਰਿਕ ਮੈਂਬਰ, ਸੰਸਾਰ ਆਦਿ) ਵਿਖਾਈ ਦੇ ਰਿਹਾ ਹੈ, ਉਹ ਕੱਲ੍ਹ ਨੂੰ ਨਹੀਂ ਰਹਿਣਾ, ਅੰਤ ਜਦ ਸ੍ਰਿਸ਼ਟੀ ਵੀ ਖ਼ਤਮ ਹੋ ਗਈ ਤਾਂ ਸਭ ਕੁੱਛ ਹੀ ਅਲੋਪ ਹੋ ਜਾਣਾ ਹੈ, ਇਸ ਲਈ ਜੋ ਵੀ ਸੰਸਾਰ ਵਿੱਚ ਚੱਲ ਰਿਹਾ ਹੈ, ਸਭ ਕੂੜ ਹੀ ਹੈ। ਜਿਨ੍ਹਾਂ ਨੇ ਸੱਚ ਨਾਲ ਜੁੜਨਾ ਹੈ ਉਹ ਸੱਚ ਕੋਲ ਜਾਣਗੇ। ਨਹੀਂ ਤਾਂ ਬਾਕੀ ਸਭ ਕੂੜ ਹੀ ਕੂੜ ਹੈ। ਇਸ ਲਈ ਬਾਣੀ ਸਾਨੂੰ ਕੂੜ ਨਾਲੋਂ ਤੋੜ ਕੇ ਸੱਚ ਨਾਲ ਜੋੜਦੀ ਹੈ। ਅਸੀਂ ਸੱਚ ਨਾਲ ਲੱਗਣਾ ਹੈ। ਕਿਹੜੇ ਸੱਚ ਨਾਲ਼ ਲੱਗਣਾ ਹੈ ? ਜੋ ਸਦਾ ਥਿਰ ਰਹਿਣ ਵਾਲਾ ਹੈ। ਜਿਸ ਦੀ ਵਡਿਆਈ ਸੱਚੀ ਹੈ, ਜੋ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ.. ’’ ਹੈ।

‘ਨਾਈ’ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ 5 ਵੱਖਰੇ-ਵੱਖਰੇ ਅਰਥਾਂ ਵਿੱਚ ਆਉਂਦਾ ਹੈ :

  1. ਨਾਈ – ਨਹਾਉਣਾ; ਜਿਵੇਂ ਕਿ ‘‘ਜੂਠਿ ਅੰਨੀ; ਜੂਠਿ ਨਾਈ ’’ (ਮਹਲਾ /੧੨੪੦) ਇੱਥੇ ‘ਨਾਈ’ ਦੇ ‘ਨ’ ਨੂੰ ‘ਨ੍’ ਪੜ੍ਹਨਾ ਹੈ।
  2. ਨਾਈ – ਨਾਮ ਜਪਣਾ; ਜਿਵੇਂ ਕਿ ‘‘ਕੀਰਤਿ ਸੂਰਤਿ ਮੁਕਤਿ ਇਕ ਨਾਈ ’’ (ਮਹਲਾ /੨੨੧) ਜਿਸ ਦੇ ਹਿਰਦੇ ਵਿੱਚ ਇੱਕ ਪ੍ਰਭੂ ਦਾ ਨਾਮ ਵੱਸ ਗਿਆ। ਉੱਥੇ ਉਹਦੇ ਵਾਸਤੇ ਸ਼ੋਭਾ ਹੈ, ਸੁੰਦਰਤਾ ਹੈ, ਮੁਕਤੀ ਹੈ।
  3. ਨਾਈ – ਵਡਿਆਈ; ਜਿਵੇਂ ਕਿ ‘ਜਪੁ’ ਬਾਣੀ ਦੀ 21ਵੀਂ ਪਉੜੀ ਵਿੱਚ ਹੈ ‘‘ਵਡਾ ਸਾਹਿਬੁ ਵਡੀ ਨਾਈ; ਕੀਤਾ ਜਾ ਕਾ ਹੋਵੈ ’’ (ਜਪੁ) ਉਹ ਵੱਡਾ ਮਾਲਕ ਹੈ। ਉਸ ਦੀ ਵਡਿਆਈ ਵੱਡੀ ਹੈ, ਜਿਸ ਨੇ ਇਹ ਜਗਤ ਰਚਨਾ ਬਣਾਈ ਹੈ।
  4. ਨਾਈ – ਨਾਈ, ਇੱਕ ਜਾਤ ਹੈ। ਜੋ ਅੱਜ ਕੱਲ੍ਹ ਹੋਰਾਂ ਦੇ ਬਾਲ ਕੱਟਦੇ ਹਨ, ਪਰ ਪੁਰਾਣੇ ਸਮਿਆਂ ’ਚ ਖ਼ੁਸ਼ੀ-ਗ਼ਮੀ ਸਮੇਂ ਰਿਸ਼ਤੇਦਾਰੀਆਂ ਵਿੱਚ ਚਿੱਠੀ-ਪੱਤਰ ਲੈ ਕੇ ਜਾਇਆ ਕਰਦੇ ਸਨ; ਜਿਵੇਂ ਕਿ ‘‘ਸੈਨੁ ਨਾਈ ਬੁਤਕਾਰੀਆ; ਓਹੁ ਘਰਿ+ਘਰਿ () ਸੁਨਿਆ ’’ (ਮਹਲਾ /੪੮੭)
  5. ਨਾਈ – ਸਿਰ ਨਿਵਾ ਕੇ/ਕਿਰਿਆ ਵਿਸ਼ੇਸ਼ਣ; ਜਿਵੇਂ ਕਿ ‘‘ਬੁਤ ਪੂਜਿ+ਪੂਜਿ (ਕੇ) ਹਿੰਦੂ ਮੂਏ; ਤੁਰਕ ਮੂਏ ਸਿਰੁ ਨਾਈ (ਨਿਵਾ ਕੇ)’’ (ਭਗਤ ਕਬੀਰ/੬੫੪) ਭਾਵ ਤੁਰਕ ਕੇਵਲ ਪੱਛਮ (ਮੱਕੇ) ਵੱਲ ਸਿਰ ਨਿਵਾਉਂਦੇ-ਨਿਵਾਉਂਦੇ ਮਰ ਗਏ। ਸਰਬ ਵਿਆਪਕ ਰੱਬ ਦੇ ਦਰਸ਼ਨ ਨਾ ਕਰ ਸਕੇ।

ਹਥਲੇ ‘ਸੋ ਦਰੁ’ ਵਾਲ਼ੇ ਸ਼ਬਦ ’ਚ ਉਕਤ 3 ਨੰਬਰ ਵਾਲ਼ਾ ਸ਼ਬਦ ‘ਨਾਈ’ ਹੈ, ਜਿਸ ਦਾ ਅਰਥ ਹੈ ‘ਵਡਿਆਈ’ ਕਿਉਂਕਿ ਪਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ। ਉਹ ਪਹਿਲਾਂ ਵੀ ਸੀ, ਹੁਣ ਵੀ ਹੈ ਅੱਗੇ ਵੀ ਹਮੇਸ਼ਾ ਹੋਏਗਾ ‘‘ਹੈ ਭੀ ਹੋਸੀ; ਜਾਇ ਜਾਸੀ; ਰਚਨਾ ਜਿਨਿ ਰਚਾਈ ’’ ਉਹ ਕਿਤੇ ਵੀ ਜਾਣ ਵਾਲਾ ਨਹੀਂ ਹੈ ਭਾਵ ਨਸ਼ਟ ਹੋਣ ਵਾਲਾ ਨਹੀਂ ਹੈ। ਇਹ ਸਾਰੀ ਰਚਨਾ ਉਸੇ ਦੀ ਰਚਾਈ ਹੋਈ ਹੈ ਭਾਵ ਉਸੇ ਦੀ ਹੀ ਰਚਨਾ ਹੈ ਅਤੇ ਉੁਸੇ ਦੀ ਹੀ ਬਣਾਈ ਹੋਈ ਹੈ। ਜੋ ਰਚਨਾ ਬਣਾਈ ਹੈ ਉਹ ਕਿਸ ਤਰ੍ਹਾਂ ਦੀ ਹੈ  ? ਜਵਾਬ : ‘‘ਰੰਗੀ ਰੰਗੀ ਭਾਤੀ ਕਰਿ ਕਰਿ; ਜਿਨਸੀ ਮਾਇਆ, ਜਿਨਿ ਉਪਾਈ ’’ ਕਈ ਰੰਗਾਂ ਦੀ, ਕਈ ਤਰ੍ਹਾਂ ਦੀ, ਕਈ ਪਦਾਰਥਾਂ ਦੀ, ਕਈ ਤਰੀਕਿਆਂ ਦੀ ਹੈ।

ਹੁਣ ‘ਜਿਨਸੀ ਮਾਇਆ’ ਭਾਵ ਮਾਇਆ ਕੀ ਹੈ ? ਇਸ ਦਾ ਬਹੁਤ ਸੋਹਣਾ ਮੁਲਾਂਕਣ ਤੀਸਰੇ ਪਾਤਿਸ਼ਾਹ ਜੀ ਅਨੰਦ ਸਾਹਿਬ ਵਿੱਚ ਕਰਦੇ ਹਨ ‘‘ਏਹ ਮਾਇਆ ਜਿਤੁ ਹਰਿ ਵਿਸਰੈ; ਮੋਹੁ ਉਪਜੈ, ਭਾਉ ਦੂਜਾ ਲਾਇਆ ’’ (ਅਨੰਦ/ਮਹਲਾ /੯੨੧), ਜਿਹੜੀ ਸ਼ਕਤੀ; ਜਿਵੇਂ ਕਿ ਪੂਜਨੀਕ ਦੇਵਤੇ, ਮੂਰਤੀ ਪੂਜਾ, ਪੂਜਨੀਕ ਗ੍ਰਹਿ, ਧਨ-ਪਦਾਰਥ, ਪਰਵਾਰਿਕ ਸੰਬੰਧ ਆਦਿਕ ਪਰਮਾਤਮਾ ਨਾਲੋਂ ਸੰਬੰਧ ਤੋੜ ਕੇ ਆਪਣੇ ਨਾਲ਼ ਜੋੜਦੇ ਹਨ, ਉਹ ਸਭ ਮਾਇਆ ਹੈ। ਜਿਸ ਵੀ ਚੀਜ਼ ਕਰਕੇ ਤੇਰਾ ਪਰਮਾਤਮਾ ਵੱਲੋਂ ਮਨ ਟੁੱਟ ਜਾਂਦਾ ਹੈ, ਤੈਨੂੰ ਪਰਮਾਤਮਾ ਵਿਸਰ ਜਾਂਦਾ ਹੈ ਅਤੇ ਪਰਮਾਤਮਾ ਤੋਂ ਬਿਨਾਂ ਹੋਰਨਾਂ ਵਸਤਾਂ, ਇਨਸਾਨਾਂ, ਵਿਕਾਰਾਂ ਆਦਿ ਨਾਲ ਤੇਰਾ ਪਿਆਰ ਪੈਂਦਾ ਹੈ, ਉਹ ਮਾਇਆ ਹੈ। ਗੁਰੂ ਪਾਤਿਸ਼ਾਹ ਫ਼ੁਰਮਾਉਂਦੇ ਹਨ ‘‘ਮਾਇਆ ਹੋਈ ਨਾਗਨੀ; ਜਗਤਿ ਰਹੀ ਲਪਟਾਇ ਇਸ ਕੀ ਸੇਵਾ ਜੋ ਕਰੇ; ਤਿਸ ਹੀ ਕਉ ਫਿਰਿ ਖਾਇ ’’ (ਮਹਲਾ /੫੧੦) ਜਿਹੜਾ ਵੀ ਇਸ ਮਾਇਆ ਨਾਲ਼ ਪਿਆਰ ਪਾਉਂਦਾ ਹੈ। ਇਸ ਦੀ ਸੇਵਾ ਕਰਦਾ ਹੈ, ਇਹ ਉਸੇ ਨੂੰ ਖਾ ਜਾਂਦੀ ਹੈ, ਪਰ ‘‘ਗੁਰਮੁਖਿ ਕੋਈ ਗਾਰੜੂ; ਤਿਨਿ ਮਲਿ ਦਲਿ ਲਾਈ ਪਾਇ (ਪਾਇਂ) ਨਾਨਕ  ! ਸੇਈ ਉਬਰੇ, ਜਿ ਸਚਿ () ਰਹੇ ਲਿਵ ਲਾਇ ’’ (ਮਹਲਾ /੫੧੦) ਜਿਨ੍ਹਾਂ ਦਾ ਮੂੰਹ; ਗੁਰੂ ਵੱਲ ਹੈ, ਉਨ੍ਹਾਂ ਨੇ ਗਾਰੜੂ ਮੰਤਰ (ਜੋ ਸੱਪ ਦੀ ਜ਼ਹਰ ਕੱਢਣ ਲਈ ਪੜ੍ਹਿਆ ਜਾਂਦਾ ਹੈ) ਨਾਲ਼ ਮਾਇਆ ਨੂੰ ਮਲ ਮਲ ਕੇ ਆਪਣੇ ਚਰਨੀਂ ਲਾ ਲਿਆ ਹੈ। ਇੱਥੇ ਸ਼ਬਦ ਹੈ ‘ਪਾਇ’, ਇਸ ਦਾ ਉਚਾਰਨ ਹੈ ‘ਪਾਇਂ’ ਅਤੇ ਅਰਥ ਹੈ ‘ਚਰਨੀਂ, ਪੈਰਾਂ ਹੇਠ, ਪੈਰਾਂ ਨਾਲ਼’।

ਮਾਇਆ ਸਾਰੇ ਸੰਸਾਰ ਨੂੰ ਲੱਗੀ ਹੋਈ ਹੈ। ਕਿਹੜੀ ਮਾਇਆ ? ਜਵਾਬ : ਜੋ ‘‘ਰੰਗੀ ਰੰਗੀ ਭਾਤੀ ਕਰਿ ਕਰਿ; ਜਿਨਸੀ ਮਾਇਆ.. ’’ ਹੈ ਯਾਨੀ ਭਾਂਤ ਭਾਂਤ ਦੀ, ਕਿਸਮਾਂ ਦੀ, ਜਿਨਸਾਂ ਦੀ, ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੀ ਮਾਇਆ ਹੈ।

ਮਾਇਆ ਦੇ ਜ਼ਹਰ ਨੂੰ ਕੇਵਲ ਉਹੀ ਕੱਟ ਸਕਦਾ ਹੈ, ਜਿਸ ਗੁਰਮੁਖ ਨੇ ਗੁਰੂ ਸ਼ਬਦ ਦਾ ਆਸਰਾ ਲੈ ਕੇ ਮਾਇਆ ਨੂੰ ਪੈਰਾਂ ਹੇਠ ਦੱਬ ਲਿਆ ਹੈ, ਕੁਚਲਿਆ ਹੈ। ਇਸ ਨੂੰ ਲੀਰੋ ਲੀਰ ਕਰ ਦਿੱਤਾ ਹੈ। ਉਹੀ ਇਸ ਸੰਸਾਰ ਵਿੱਚੋਂ ਉਭਰ ਸਕਦੇ ਹਨ, ਜਿਨ੍ਹਾਂ ਨੇ ਸਦੀਵੀ ਸਥਿਰ ਨਾਲ ਸੁਰਤ ਜੋੜ ਲਈ ਹੈ। ‘ਸਥਿਰ ਨਾਮ’ ਨਾਲ ਲਿਵ ਲਾ ਕੇ ਹੀ ਮਾਇਆ ਰੂਪ ਨਾਗਨ ਤੋਂ ਬਚਿਆ ਜਾ ਸਕਦਾ ਹੈ। ਇੱਥੇ ਸੱਚੇ ਦੇ ਬਾਰੇ ਗੱਲ ਕੀਤੀ ਹੈ ਕਿਉਂਕਿ ਸੱਚੇ ਦੀ ਵਡਿਆਈ ਬਹੁਤ ਵੱਡੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਅੰਦਰ ਤੀਸਰੇ ਪਾਤਿਸ਼ਾਹ ਜੀ ਦੇ ਇੱਕ ਸ਼ਬਦ ਵਿੱਚ 50 ਵਾਰੀ ‘ਸਚੁ’ ਦਾ ਵਰਣਨ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਸਚੁ ਨੂੰ ਪ੍ਰਗਟਾਉਣਾ ਹੈ, ਕਿਵੇਂ ਸਚੁ ਵਿੱਚ ਲੀਨ ਹੋਣਾ ਹੈ। ਪਹਿਲਾ ਬੰਦ ਹੈ ‘‘ਸਬਦਿ ਸਚੈ ਸਚੁ ਸੋਹਿਲਾ; ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ਹਉਮੈ ਸਭਿ ਕਿਲਵਿਖ ਕਾਟੇ; ਸਾਚੁ ਰਖਿਆ ਉਰਿ ਧਾਰੇ ਰਾਮ ਸਚੁ ਰਖਿਆ ਉਰ ਧਾਰੇ ਦੁਤਰੁ ਤਾਰੇ; ਫਿਰਿ ਭਵਜਲੁ ਤਰਣੁ ਹੋਈ ਸਚਾ ਸਤਿਗੁਰੁ ਸਚੀ ਬਾਣੀ; ਜਿਨਿ ਸਚੁ ਵਿਖਾਲਿਆ ਸੋਈ ਸਾਚੇ ਗੁਣ ਗਾਵੈ, ਸਚਿ ਸਮਾਵੈ; ਸਚੁ ਵੇਖੈ ਸਭੁ ਸੋਈ ਨਾਨਕ  ! ਸਾਚਾ ਸਾਹਿਬੁ ਸਾਚੀ ਨਾਈ; ਸਚੁ ਨਿਸਤਾਰਾ ਹੋਈ ਪੂਰੇ ਸ਼ਬਦ ਦੇ ਇਸ ਪਹਿਲੇ ਬੰਦ ਵਿੱਚ ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਹਿਰਦੇ ਵਿੱਚ ਪਰਮਾਤਮਾ ਨੂੰ ਵਸਾ ਲਿਆ ਹੈ, ਉਨ੍ਹਾਂ ਦੀ ਹਉਮੈ ਸਮੇਤ ਸਾਰੇ ਪਾਪ ਕੱਟੇ ਜਾਂਦੇ ਹਨ। ਇਹ ਸੰਸਾਰ ਸਮੁੰਦਰ ਤੈਰਨਾ ਬਹੁਤ ਔਖਾ ਹੈ। ਗੁਰਸਿੱਖ; ਅੱਗ ਵਰਗਾ ਇਹ ਸੰਸਾਰ ਵੀ ਤਰ ਜਾਂਦੇ ਹਨ। ਫਿਰ ਉਨ੍ਹਾਂ ਨੂੰ ਇਹ ਸੰਸਾਰ ਮੁੜ-ਮੁੜ ਤੈਰਨ ਦੀ ਲੋੜ ਨਹੀਂ ਪੈਂਦੀ। ਸੱਚ ਵਿੱਚ ਸਮਾਉਣ ਦਾ ਤਰੀਕਾ ਹੈ ਸੱਚੇ ਦੇ ਗੁਣਾਂ ਦਾ ਗਾਇਨ ਕਰਨਾ, ਉਨ੍ਹਾਂ ਦੀ ਵਿਚਾਰ ਕਰਨੀ। ਉਹ ਬੰਦਾ ਸਿਰਫ ਤੇ ਸਿਰਫ ਸੱਚ ਹੀ ਦੇਖੇਗਾ। ਉਹ ‘‘ਘਟ ਘਟ ਮੈ ਹਰਿ ਜੂ ਬਸੈ; ਸੰਤਨ ਕਹਿਓ ਪੁਕਾਰਿ ’’ (ਮਹਲਾ /੧੪੨੭) ਯਾਨੀ ਘਟ ਘਟ ਵਿੱਚ ਪਰਮਾਤਮਾ ਹੀ ਵੇਖੇਗਾ, ਜਿਸ ਦੇ ਦਰਸ਼ਨ ਹਰ ਜਗ੍ਹਾ ਕਰੇਗਾ। ਹੇ ਨਾਨਕ ! ਸਾਹਿਬ ਸੱਚਾ ਹੈ, ਉਸ ਦੀ ਵਡਿਆਈ ਸੱਚੀ ਹੈ। ਜਿਸ ਨੇ ਉਸ ਨੂੰ ਜਪਿਆ ਹਮੇਸ਼ਾ ਲਈ ਉਸ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ। ਉਹ ਮੂੰਹੋਂ ਇਹੀ ਉਚਾਰਦਾ ਹੈ ‘‘ਅਬ ਕੀ ਬਾਰ ਬਖਸਿ ਬੰਦੇ ਕਉ; ਬਹੁਰਿ ਭਉਜਲਿ ਫੇਰਾ ’’ (ਭਗਤ ਕਬੀਰ/੧੧੦੪)

ਗੁਰੂ ਗ੍ਰੰਥ ਸਾਹਿਬ ਜੀ; ਇੱਕੋ-ਇੱਕ ਐਸੇ ਧਾਰਮਿਕ ਗ੍ਰੰਥ ਹਨ, ਜਿਨ੍ਹਾਂ ਵਿੱਚ ਬਹੁਤਾਤ ਵਡਿਆਈ ਨਿਰਾਕਾਰ-ਮਾਲਕ (ੴ) ਦੀ ਕੀਤੀ ਗਈ ਹੈ ਭਾਵ ਇੱਕ ਪਰਮਾਤਮਾ ਦੀ ਮਹਿਮਾ/ਨਾਮ ਜਪਣ ਨੂੰ ਹੀ ਸਰਬੋਤਮ ਧਰਮ ਮੰਨਿਆ ਗਿਆ ਹੈ।

ਸੱਚ ਦਾ ਪਤਾ ਕਿਵੇਂ ਲੱਗਦਾ ਹੈ ? ਇਸ ਸ਼ਬਦ ਦੇ ਦੂਜੇ ਬੰਦ ਵਿੱਚ ਜਵਾਬ ਹੈ ‘‘ਸਾਚੈ+ਸਤਿਗੁਰਿ (ਨੇ) ਸਾਚੁ ਬੁਝਾਇਆ; ਪਤਿ ਰਾਖੈ ਸਚੁ ਸੋਈ ਰਾਮ ਸਚਾ ਭੋਜਨੁ, ਭਾਉ ਸਚਾ ਹੈ; ਸਚੈ ਨਾਮਿ ਸੁਖੁ ਹੋਈ ਰਾਮ ’’ ਸੱਚੇ ਪਾਤਿਸ਼ਾਹ ਜੀ ਫ਼ੁਰਮਾਉਂਦੇ ਹਨ ਕਿ ਸੱਚਾ ਸਤਿਗੁਰ ਹੀ ਸੱਚ ਦੀ ਸੋਝੀ ਦੇ ਸਕਦਾ ਹੈ ਅਤੇ ਭਗਤਾਂ ਦੀ ਪੱਤ ਰੱਖਦਾ ਹੈ। ਗੁਰਮੁਖਾਂ ਅੰਦਰ ਸੱਚਾ ਭੋਜਨ ਅਤੇ ਸੱਚਾ ਪਿਆਰ ਹੁੰਦਾ ਹੈ। ਸੱਚਾ ਪਿਆਰ ਕੀ ਹੈ ? ਜਵਾਬ ਹੈ ‘‘ਗਾਵੀਐ, ਸੁਣੀਐ, ਮਨਿ ਰਖੀਐ ਭਾਉ ਦੁਖੁ ਪਰਹਰਿ; ਸੁਖੁ, ਘਰਿ ਲੈ ਜਾਇ ’’ (ਜਪੁ) ਪਿਆਰ ਨਾਲ ਗਾਉਣਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ, ਆਪਣੇ ਹਿਰਦੇ ’ਚ ਪਿਆਰ ਪਾ ਦੁੱਖ ਦੂਰ ਕਰਕੇ ਸੁੱਖ ਨੂੰ ਘਰ ਲੈ ਆਈਦਾ ਹੈ। ਸੁੱਖ ਸਿਰਫ ਸੱਚੇ ਨਾਮ ਦੇ ਵਿੱਚ ਹੈ, ਹੋਰ ਕਿਤੇ ਵੀ ਨਹੀਂ। ਸੁੱਖ ਹੈ ‘ਅਨੰਦ’। ਅਨੰਦ ਸਾਹਿਬ ਦੀ ਪਹਿਲੀ ਪੰਕਤੀ ਰੋਜ਼ਾਨਾ ਪੜ੍ਹੀਦੀ ਹੈ ‘‘ਅਨੰਦੁ ਭਇਆ ਮੇਰੀ ਮਾਏ ! ਸਤਿਗੁਰੂ ਮੈ ਪਾਇਆ ’’ ਸੱਚ ਨੂੰ ਪਾਉਣ ਕਰਕੇ ਹੀ ਅਨੰਦ ਮਿਲਦਾ ਹੈ। ਹੋਰ ਦੁਨਿਆਵੀ ਪ੍ਰਾਪਤੀ ਨਾਲ ਅਨੰਦ ਨਹੀਂ ਮਿਲਦਾ।

ਦੂਜੇ ਬੰਦ ’ਚ ਹੀ ਅੱਗੇ ਬਿਆਨ ਕੀਤਾ ਹੈ ‘‘ਸਾਚੈ+ਨਾਮਿ () ਸੁਖੁ ਹੋਈ; ਮਰੈ ਕੋਈ; ਗਰਭਿ ਜੂਨੀ ਵਾਸਾ ਜੋਤੀ ਜੋਤਿ ਮਿਲਾਈ; ਸਚਿ () ਸਮਾਈ; ਸਚਿ+ਨਾਇ (ਰਾਹੀਂ) ਪਰਗਾਸਾ ਜਿਨੀ ਸਚੁ ਜਾਤਾ (ਜਾਣਿਆ); ਸੇ ਸਚੇ ਹੋਏ; ਅਨਦਿਨੁ ਸਚੁ ਧਿਆਇਨਿ ਨਾਨਕ  ! ਸਚੁ ਨਾਮੁ ਜਿਨ ਹਿਰਦੈ ਵਸਿਆ; ਨਾ ਵੀਛੁੜਿ (ਕੇ) ਦੁਖੁ ਪਾਇਨਿ ’’ ਭਾਵ ਸੱਚੇ ਨਾਮ ਕਾਰਨ ਹੀ ਸੁੱਖ ਮਿਲਦਾ ਹੈ। ਜੋ ਜੀਵ ਸੱਚ ਵਿੱਚ ਸਮਾ ਗਿਆ, ਉਸ ਅੰਦਰ ਸੱਚੇ ਦਾ ਨਾਮ ਪਰਗਾਸ ਹੋ ਗਿਆ। ਅਗਿਆਨਤਾ ਦੂਰ ਹੋ ਗਈ, ਗਿਆਨ ਦਾ ਚਾਨਣ ਹੋ ਗਿਆ। ਸੱਚ; ਝੂਠ ਨੂੰ ਮਾਰਦਾ ਹੈ। ਸੱਚੇ ਓਹੀ ਹੋ ਸਕਦੇ ਹਨ ਜਿਨ੍ਹਾਂ ਨੇ ਸੱਚ ਨੂੰ ਜਾਣਿਆ ਹੈ, ਜੋ ਸੱਚ ਵਿੱਚ ਲੀਨ ਹੋ ਗਏ, ਜੋ ਹਰ ਵੇਲੇ ਸੱਚ ਧਿਆਉਂਦੇ ਹਨ। ਸੱਚ ਨੂੰ ਹਿਰਦੇ ਵਿੱਚ ਵਸਾਉਂਦੇ ਹਨ। ਫਿਰ ਉਹਨਾਂ ਵਾਸਤੇ ਵਿਕਾਰੀ ਭਾਵਨਾ ਖ਼ਤਮ ਹੋ ਗਈ ਕਿਉਂਕਿ ਉਹ ਸੱਚ ਨੂੰ ਹਰ ਵੇਲੇ ਧਿਆਉਂਦੇ ਹਨ। ਫਿਰ ਉਹ ਪਰਮਾਤਮਾ ਤੋਂ ਨਹੀਂ ਵਿਛੜਦੇ ਅਤੇ ਨਾ ਹੀ ਦੁੱਖ ਪਾਉਂਦੇ ਹਨ। ਉਸ ਅਵਸਥਾ ਵਿੱਚ ਦੁੱਖ-ਸੁੱਖ ਦਾ ਆਭਾਸ ਹੋਏਗਾ ‘‘ਜੋ ਨਰੁ; ਦੁਖ ਮੈ ਦੁਖੁ ਨਹੀ ਮਾਨੈ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ (ਅੰਦਰ); ਕੰਚਨ ਮਾਟੀ ਮਾਨੈ (ਸੋਨਾਮਿੱਟੀ ਇੱਕ ਸਮਾਨ ਸਮਝਦਾ ਹੈ) ਰਹਾਉ ’’ (ਮਹਲਾ /੬੩੩) ਸੋ ਪਰਮਾਤਮਾ ਦੇ ਨਾਲ ਸੱਚਾ ਪਿਆਰ ਕਰਨਾ ਹੈ, ਦਿਖਾਵੇ ਮਾਤਰ ਨਹੀਂ।

ਗੁਰੂ ਅਮਰਦਾਸ ਜੀ ਆਪਣੇ ਤੀਜੇ ਬੰਦ ਵਿੱਚ ਸਮਝਾਉਂਦੇ ਹਨ ‘‘ਸਚੀ ਬਾਣੀ, ਸਚੇ ਗੁਣ ਗਾਵਹਿ; ਤਿਤੁ+ਘਰਿ (’) ਸੋਹਿਲਾ ਹੋਈ ਰਾਮ ਨਿਰਮਲ ਗੁਣ ਸਾਚੇ; ਤਨੁ ਮਨੁ ਸਾਚਾ; ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ਸਭੁ ਸਚੁ ਵਰਤੈ; ਸਚੋ ਬੋਲੈ; ਜੋ ਸਚੁ ਕਰੈ; ਸੁ ਹੋਈ ਜਹ ਦੇਖਾ; ਤਹ ਸਚੁ ਪਸਰਿਆ; ਅਵਰ ਦੂਜਾ ਕੋਈ ਸਚੇ ਉਪਜੈ, ਸਚਿ () ਸਮਾਵੈ; ਮਰਿ ਜਨਮੈ ਦੂਜਾ ਹੋਈ ਨਾਨਕ  ! ਸਭੁ ਕਿਛੁ ਆਪੇ ਕਰਤਾ; ਆਪਿ ਕਰਾਵੈ ਸੋਈ ਯਾਨੀ ਪਰਮਾਤਮਾ ’ਚ ਓਹੀ ਲੀਨ ਹੁੰਦਾ ਹੈ, ਜਿਸ ਨੂੰ ਪਰਮਾਤਮਾ ਆਪ ਕਿਰਪਾ ਕਰਕੇ ਆਪਣੇ ਨਾਲ ਜੋੜਦਾ ਹੈ। ਉਹ ‘‘ਪੰਚ ਪਰਵਾਣ ਪੰਚ ਪਰਧਾਨੁ ’’ ਬਣ ਜਾਂਦੇ ਹਨ ਯਾਨੀ ਜਿਹੜੇ ਪੰਚ ਹੋ ਗਏ ਓਹੀ ‘ਸੋ ਦਰੁ’ ਦਰਬਾਰ ’ਚ ਸ਼ੋਭਦੇ ਹਨ; ਜਿਵੇਂ ਕਿ ਚੌਥੇ ਅਤੇ ਅੰਤਮ ਬੰਦ ’ਚ ਫ਼ੁਰਮਾਇਆ ਗਿਆ ਹੈ ‘‘ਸਚੇ ਭਗਤ ਸੋਹਹਿ ਦਰਵਾਰੇ; ਸਚੋ ਸਚੁ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ; ਸਾਚੋ ਆਪਿ ਪਛਾਣੇ ਰਾਮ ਆਪੁ ਪਛਾਣਹਿ; ਤਾ ਸਚੁ ਜਾਣਹਿ; ਸਾਚੇ ਸੋਝੀ ਹੋਈ ਸਚਾ ਸਬਦੁ ਸਚੀ ਹੈ ਸੋਭਾ; ਸਾਚੇ ਹੀ ਸੁਖੁ ਹੋਈ ਸਾਚਿ () ਰਤੇ ਭਗਤ ਇਕ ਰੰਗੀ; ਦੂਜਾ ਰੰਗੁ ਕੋਈ ਨਾਨਕ ! ਜਿਸ ਕਉ ਮਸਤਕਿ (ਤੇ) ਲਿਖਿਆ; ਤਿਸੁ ਸਚੁ ਪਰਾਪਤਿ ਹੋਈ (ਮਹਲਾ /੭੬੯)

ਸੋ ਸਚ ਦੀ ਪ੍ਰਾਪਤੀ ਉਸ ਨੂੰ ਹੀ ਹੁੰਦੀ ਹੈ, ਜਿਸ ਨੂੰ ਧੁਰੋਂ ਲਿਖਿਆ ਹੋਵੇ। ਜਿਨ੍ਹਾਂ ’ਤੇ ਮਿਹਰ ਦੀ ਨਜ਼ਰ ਹੁੰਦੀ ਹੈ, ਨਹੀਂ ਤਾਂ ਅਦ੍ਰਿਸ਼ ‘‘ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ..’’ ਨੂੰ ਜਾਣਨਾ, ਅਨੁਭਵ ਕਰਨਾ ਮਾਇਆਧਾਰੀ ਬੰਦੇ ਦੇ ਵੱਸ ਦੀ ਗੱਲ ਨਹੀਂ। ਜਿਨ੍ਹਾਂ ਨੇ ਜਾਣ ਲਿਆ, ਉਹ ਨਿਹਾਲ ਹੋ ਜਾਂਦੇ ਹਨ। ਇਸੇ ਅਦ੍ਰਿਸ਼ ਸੱਚੇ ਲਈ ਕਿਹਾ ਹੈ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ਹੈ ਭੀ ਹੋਸੀ; ਜਾਇ ਜਾਸੀ; ਰਚਨਾ ਜਿਨਿ ਰਚਾਈ ਕਰਿ ਕਰਿ ਦੇਖੈ ਕੀਤਾ ਆਪਣਾ; ਜਿਉ ਤਿਸ ਦੀ ਵਡਿਆਈ ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ ਹੁਕਮੁ ਕਰਣਾ ਜਾਈ ’’ ਜੋ ਪਰਮਾਤਮਾ ਨੂੰ ਭਾਉਂਦਾ ਹੈ ਓਹੀ ਹੁੰਦਾ ਹੈ। ਓਹਦਾ ਕੀਤਾ ਹੀ ਵਰਤ ਰਿਹਾ ਹੈ। ਅਸੀਂ ਉਸ ਦੇ ਹੁਕਮ ਅੱਗੇ ਕੋਈ ਦਲੀਲ, ਨਾ ਨੁੱਕਰ ਆਦਿ ਭਾਵਨਾ ਨਹੀਂ ਰੱਖ ਸਕਦੇ।

ਆਸਾ ਕੀ ਵਾਰ ਦੀ 11ਵੀਂ ਪਉੜੀ ਨਾਲ਼ 3 ਸਲੋਕ ਹਨ। ਤੀਜੇ ਸਲੋਕ ਵਿੱਚ ਗੁਰੂ ਨਾਨਕ ਪਾਤਿਸ਼ਾਹ ਜੀ ਸਮਝਾਉਂਦੇ ਹਨ ਕਿ ‘‘ਵਦੀ ਸੁ ਵਜਗਿ ਨਾਨਕਾ ! ਸਚਾ ਵੇਖੈ ਸੋਇ ’’ ‘ਵਦੀ’ ਹੁੰਦੀ ਹੈ, ਜੋ ਬੰਨ੍ਹ ਕੇ ਭੇਜਿਆ ਹੈ। ਜੋ ਉਸ ਨੇ ਸਾਡੇ ਬਾਰੇ ਲਿਖ ਕੇ ਭੇਜਿਆ ਹੈ, ਉਹ ਨਿਸ਼ਤਿ ਹੋਣਾ ਹੈ ‘‘ਸਭਨੀ ਛਾਲਾ ਮਾਰੀਆ; ਕਰਤਾ ਕਰੇ, ਸੁ ਹੋਇ ’’ (ਮਹਲਾ /੪੬੯) ਹਰ ਕੋਈ ਯਤਨ ਕਰ ਰਿਹਾ ਹੁੰਦਾ ਹੈ, ਪਰ ਹੋਏਗਾ ਉਹੀ, ਜੋ ਕਰਤੇ ਦੇ ਹੁਕਮ ਅੰਦਰ ਹੋਏਗਾ। ਜਨਮ ਤੋਂ ਲੈ ਕੇ ਮੌਤ ਤੱਕ ਦਾ ਸਫ਼ਰ ਪਰਮਾਤਮਾ ਨੇ ਆਪ ਲਿਖ ਕੇ ਭੇਜਿਆ ਹੈ। ਉਸ ਵਿੱਚ ਬਦਲਾਅ ਨਹੀਂ ਕੀਤਾ ਜਾ ਸਕਦਾ।

‘ਜਪੁ’ ਬਾਣੀ ਦੀ ਦੂਸਰੀ ਪਉੜੀ ’ਚ ਹੈ ‘‘ਹੁਕਮੀ ਹੋਵਨਿ ਆਕਾਰ; ਹੁਕਮੁ, ਕਹਿਆ ਜਾਈ ਹੁਕਮੀ ਹੋਵਨਿ ਜੀਅ; ਹੁਕਮਿ ਮਿਲੈ ਵਡਿਆਈ ’’ ਜੋ ਵੀ ਹੋ ਰਿਹਾ ਹੈ ਪਰਮਾਤਮਾ ਦੇ ਹੁਕਮ ਅੰਦਰ ਹੋ ਰਿਹਾ ਹੈ। ਹੁਕਮ ਦੇ ਅੰਦਰ ਸਾਰੇ ਆਕਾਰ ਬਣਦੇ ਹਨ, ਸਾਰੇ ਜੀਵ-ਜੰਤੂ, ਪਸ਼ੂ-ਪੰਛੀ, ਜੀਵਾਣੂ-ਕੀਟਾਣੂ ਆਦਿ ਸਭ ਹੁਕਮ ’ਚ ਪੈਦਾ ਹੋਏ ਹਨ। ਉਸ ਦਾ ਹੁਕਮ ਕਿੰਨਾ ਵਿਆਪਕ ਹੈ, ਉਸ ਬਾਰੇ ਕੁੱਝ ਕਹਿ ਨਹੀਂ ਸਕਦੇ। ਸਾਰੀ ਖੇਡ ਉਸ ਨੇ ਆਪੇ ਰਚਾਈ ਹੋਈ ਹੈ। ਵਡਿਆਈ ਮਿਲਣਾ ਵੀ ਉਸ ਦੇ ਆਪਣੇ ਹੁਕਮ ਅੰਦਰ ਹੈ। ਕੋਈ ਵੀ ਮਾੜਾ ਜਾਂ ਚੰਗਾ ਨਹੀਂ। ਗੁਰਬਾਣੀ ਫ਼ੁਰਮਾਨ ਹੈ ‘‘ਹੁਕਮੀ ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ ’’ ਹੁਕਮ ਤੋਂ ਬਿਨਾਂ ਕੋਈ ਵੀ ਆਪਣੇ ਆਪ ਉੱਤਮ ਜਾਂ ਨੀਚ ਨਹੀਂ ਹੈ। ਅਕਸਰ ਕਿਹਾ ਜਾਂਦਾ ਹੈ ਕਿ ਫਲਾਣਾ ਬਹੁਤ ਮਾੜਾ ਹੈ, ਫਲਾਣਾ ਬਹੁਤ ਚੰਗਾ ਹੈ, ਪਰ ਗੁਰਬਾਣੀ ਕਹਿੰਦੀ ਹੈ ਕਿ ਸਭ ਦੁੱਖ-ਸੁੱਖ ਹੁਕਮ ਦੇ ਲਿਖੇ ਅਨੁਸਾਰ ਵਾਪਰਦੇ ਹਨ ‘‘ਸੁਖੁ ਦੁਖੁ ਦੁਇ ਦਰਿ (ਤੋਂ ਮਿਲੇ) ਕਪੜੇ; ਪਹਿਰਹਿ ਜਾਇ ਮਨੁਖ ’’ (ਮਹਲਾ /੧੪੯)

ਗੁਰੂ ਜੀ ਅੱਗੇ ਫ਼ੁਰਮਾਉਂਦੇ ਹਨ ਕਿ ‘‘ਇਕਨਾ ਹੁਕਮੀ ਬਖਸੀਸ; ਇਕਿ ਹੁਕਮੀ ਸਦਾ ਭਵਾਈਅਹਿ ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ਨਾਨਕ  ! ਹੁਕਮੈ ਜੇ ਬੁਝੈ; , ਹਉਮੈ ਕਹੈ ਕੋਇ (ਜਪੁ) ਭਾਵ ਕਈਆਂ ਨੂੰ ਉਹ ਆਪਣੇ ਹੁਕਮ ਵਿੱਚ ਭਵਾਉਂਦਾ ਰਹਿੰਦਾ ਹੈ। ਸੰਸਾਰ ਵਿੱਚ ਜਿਊਂਦੇ ਹੋਏ ਨੂੰ ਵੀ ਅਤੇ ਮੌਤ ਤੋਂ ਬਾਅਦ ਜਨਮ-ਮਰਨ ਦੇ ਗੇੜ ਵਿੱਚ ਵੀ ਭਵਾਉਂਦਾ ਹੈ। ਕੋਈ ਵੀ ਉਸ ਦੇ ਹੁਕਮ ਤੋਂ ਬਾਹਰ ਨਹੀਂ। ਹੇ ਨਾਨਕ ! ਜੋ ਵੀ ਇਸ ਹੁਕਮ ਨੂੰ ਬੁੱਝ ਜਾਏ ਕਿ ਹਰ ਕਰਮ, ਹਰ ਪ੍ਰਾਪਤੀ, ਹਰ ਨਫ਼ਾ-ਨੁਕਸਾਨ ਆਦਿ ਪਰਮਾਤਮਾ ਦੇ ਹੁਕਮ ਅਨੁਸਾਰ ਵਾਪਰ ਰਿਹਾ ਹੈ, ਤਾਂ ਫਿਰ ਕੋਈ ਵੀ ਇਹ ਨਹੀਂ ਕਹੇਗਾ ਕਿ ਇਹ ਚੰਗਾ ਕੰਮ ਮੈਂ ਕੀਤਾ ਜਾਂ ਇਹ ਮੇਰੇ ਕਰਕੇ ਹੋ ਰਿਹਾ ਹੈ ਬਲਕਿ ਫਿਰ ਇਨਸਾਨ ਕਹੇਗਾ ਕਿ ਮਹਾਰਾਜ ਨੇ ਇਹ ਮੇਰੇ ਕੋਲੋਂ ਕਰਵਾਇਆ ਹੈ।

ਆਮ ਦੁਨੀਆਦਾਰੀ ਦੀਆਂ ਗੱਲਾਂ ਸੁਣੀਏ ਤਾਂ ਇਹ ਸੁਣਨ ਨੂੰ ਮਿਲਦਾ ਹੈ ਕਿ ਜੇ ਮੈਂ ਨਾ ਹੁੰਦਾ ਤਾਂ ਇਹ ਕੰਮ ਨੇਪਰੇ ਨਹੀਂ ਚੜ੍ਹਨਾ ਸੀ। ਉਦਾਹਰਨ ਵਜੋਂ ਕਿਸੇ ਵੀ ਪ੍ਰਧਾਨ ਦੀ ਗੱਲ ਕਰੀਏ ਉਹ ਭਾਵੇਂ ਸਮਾਜਿਕ ਸੰਸਥਾ ਦਾ ਹੋਵੇ ਜਾਂ ਧਾਰਮਿਕ ਸੰਸਥਾ ਦਾ, ਉਸ ਨੇ ਆਪਣੇ ਦਿਮਾਗ਼ ਵਿੱਚ ਇੱਕ ਵਹਿਮ ਪਾਲ਼ਿਆ ਹੋਇਆ ਹੈ ਕਿ ਜੋ ਵੀ ਕੰਮ ਨੇਪਰੇ ਚੜ੍ਹ ਰਹੇ ਹਨ ਉਹ ਕੇਵਲ ਮੇਰੀ ਪ੍ਰਧਾਨਗੀ ਕਰਕੇ ਹੋ ਰਹੇ ਹਨ, ਪਰ ਉਹ ਇਸ ਗੱਲ ਨੂੰ ਵਿਸਾਰ ਦਿੰਦਾ ਹੈ ਕਿ ਪਰਮਾਤਮਾ ਦੀ ਬਖਸ਼ਸ਼ ਤੋਂ ਬਿਨਾਂ ਉਹ ਪ੍ਰਧਾਨ ਨਹੀਂ ਬਣਿਆ। ਗੁਰੂ ਸਾਹਿਬ ਦੱਸਦੇ ਹਨ ਕਿ ‘‘ਜੋ ਅਨਰੂਪਿਓ ਠਾਕੁਰਿ+ਮੇਰੈ (ਨੇ); ਹੋਇ ਰਹੀ ਉਹ ਬਾਤ ਰਹਾਉ ’’ (ਮਹਲਾ /੪੯੬) ਅਨਰੂਪਿਓ’ ਤੋਂ ਭਾਵ ਹੈ ਕਿ ਜੋ ਮੇਰੇ ਲਈ ਨਿਰਧਾਰਿਤ ਕੀਤਾ ਹੈ।

ਹਰ ਦਿਨ ‘ਜਪੁ’ ਬਾਣੀ ਵਿੱਚ ਪੜ੍ਹੀਦਾ ਹੈ ‘‘ਜਿਸੁ ਹਥਿ () ਜੋਰੁ; ਕਰਿ ਵੇਖੈ ਸੋਇ ’’ ਜਿਸ ਮਾਲਕ ਦੇ ਹੱਥ ਵਿੱਚ ਸਾਰੀ ਸਮਰੱਥਾ ਹੈ ਓਹੀ ਸਭ ਕੁੱਝ ਕਰਦਾ ਹੈ ‘‘ਜੋ ਕਿਛੁ ਹੋਆ; ਸੁ ਤੁਝ ਤੇ ਹੋਗੁ ਅਵਰੁ ਦੂਜਾ; ਕਰਣੈ ਜੋਗੁ ’’ (ਮਹਲਾ /੧੭੬) ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ, ਮਨੁੱਖ ਦੇ ਹੱਥ ਕੁੱਝ ਵੀ ਨਹੀਂ ਹੁੰਦਾ। ਜੋ ਵੀ ਉਸ ਨੂੰ ਭਾਉਂਦਾ ਹੈ ਓਹੀ ਹੁੰਦਾ ਹੈ।

ਭਗਤ ਕਬੀਰ ਜੀ ਨੇ ਵੀ ਬਹੁਤ ਵਧੀਆ ਲਿਖਿਆ ਹੈ ‘‘ਕਬੀਰ ਜੋ ਮੈ ਚਿਤਵਉ; ਨਾ ਕਰੈ; ਕਿਆ ਮੇਰੇ ਚਿਤਵੇ ਹੋਇ ਅਪਨਾ ਚਿਤਵਿਆ ਹਰਿ ਕਰੈ; ਜੋ ਮੇਰੇ ਚਿਤਿ () ਹੋਇ ’’ (ਭਗਤ ਕਬੀਰ/੧੩੭੬) ਆਪ ਜੀ ਦਾ ਹੀ ਬਚਨ ਹੈ ‘‘ਕਬੀਰ ਨਾ ਹਮ ਕੀਆ; ਕਰਹਿਗੇ; ਨਾ ਕਰਿ ਸਕੈ ਸਰੀਰੁ ਕਿਆ ਜਾਨਉ ਕਿਛੁ ਹਰਿ ਕੀਆ; ਭਇਓ ਕਬੀਰੁ ਕਬੀਰੁ ੬੨ (ਭਗਤ ਕਬੀਰ/੧੩੬੭), ਇਹੀ ਵਿਚਾਰ ਗੁਰੂ ਸਾਹਿਬਾਨ ਨੇ ਦਿੱਤੇ ਹਨ ‘‘ਤੁਧੁ ਆਪੇ ਭਾਵੈ; ਸੋਈ ਵਰਤੈ ਜੀ ! ਤੂੰ ਆਪੇ ਕਰਹਿ, ਸੁ ਹੋਈ ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ! ਤੁਧੁ ਆਪੇ ਸਿਰਜਿ (ਕੇ), ਸਭ ਗੋਈ (ਮਾਰੀ) (ਮਹਲਾ /੧੧), ਤੂੰ ਕਰਤਾ ਸਚਿਆਰੁ ਮੈਡਾ ਸਾਂਈ ਜੋ ਤਉ ਭਾਵੈ ਸੋਈ ਥੀਸੀ; ਜੋ ਤੂੰ ਦੇਹਿ (ਦੇਹਿਂ), ਸੋਈ ਹਉ ਪਾਈ (ਹਉਂ ਪਾਈਂ) ਰਹਾਉ (ਸੋ ਪੁਰਖੁ/ਮਹਲਾ /੧੧), ਆਪਨ ਕੀਆ ਕਛੂ ਹੋਇ ਜੇ ਸਉ ਪ੍ਰਾਨੀ ਲੋਚੈ ਕੋਇ ਤਿਸੁ ਬਿਨੁ; ਨਾਹੀ ਤੇਰੈ ਕਿਛੁ ਕਾਮ ਗਤਿ ਨਾਨਕ  ! ਜਪਿ ਏਕ ਹਰਿ ਨਾਮ (ਸੁਖਮਨੀ/ਮਹਲਾ /੨੮੨), ਕਾਰਣੁ ਕਰਤੈ (ਨੇ) ਜੋ ਕੀਆ; ਸੋਈ ਹੈ ਕਰਣਾ ’’ (ਮਹਲਾ /੧੧੦੨) ਭਾਵੇਂ ਸਾਰੀ ਧਰਤੀ ਲੱਭ ਲਈਏ ਪਰ ਬਿਨ ਕਰਮਾਂ ਤੋਂ ਕੁਝ ਨਹੀਂ ਮਿਲ ਸਕਦਾ ‘‘ਜੋ ਕਿਛੁ ਕਰੇ ਸੁ ਆਪੇ ਸੁਆਮੀ; ਹਰਿ ਆਪੇ ਕਾਰ ਕਮਾਵੈ ’’ (ਮਹਲਾ /੭੧੯) ਹੇ ਭਾਈ ! ਇਸ ਗੱਲ ਨੂੰ ਆਪਣੇ ਹਿਰਦੇ ’ਚ ਵਸਾ ਲੈ ਕਿ ਹਰ ਖੇਡ ਉਸ ਪਰਮਾਤਮਾ ਦੁਆਰਾ ਖੇਡੀ ਜਾ ਰਹੀ ਹੈ। ਉਸ ਦੇ ਹੁਕਮ ’ਚ ਜੋ ਵੀ ਮਿਲਦਾ ਹੈ ਉਸ ਦਾ ਸ਼ੁਕਰ ਕਰੋ। ਜੋ ਉਸ ਨੇ ਤੈਨੂੰ ਨਹੀਂ ਦਿੱਤਾ ਉਹ ਤੇਰੇ ਲਈ ਚੰਗਾ ਨਹੀਂ ਸੀ। ਕਲਪਨਾ ਕਰਨ ਨਾਲ, ਝਗੜੇ ਕਰਨ ਨਾਲ, ਰੋਣ ਨਾਲ ਜੋ ਤੇਰਾ ਹੈ ਨਹੀਂ, ਉਹ ਤੈਨੂੰ ਨਹੀਂ ਮਿਲੇਗਾ। ਗੁਰੂ ਪਾਤਿਸ਼ਾਹ ਜੀ ਦੱਸਦੇ ਹਨ ਕਿ ‘‘ਨਕਿ () ਨਥ, ਖਸਮ ਹਥ; ਕਿਰਤੁ ਧਕੇ ਦੇ ਜਹਾ ਦਾਣੇ ਤਹਾਂ ਖਾਣੇ; ਨਾਨਕਾ ਸਚੁ ਹੇ ’’ (ਮਹਲਾ /੬੫੩) ਜੀਵ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ। ਜਿੱਥੇ ਵੀ ਦਾਣੇ ਹਨ, ਉੱਥੇ ਹੀ ਖਾਣ ਜਾਣਾ ਹੈ। ਇੱਕ ਇਹੀ ਸੱਚ ਹੈ ਬਾਕੀ ਸਭ ਝੂਠ ‘‘ਜਿਉ ਜਿਉ ਤੇਰਾ ਹੁਕਮੁ; ਤਿਵੈ ਤਿਉ ਹੋਵਣਾ ’’ (ਮਹਲਾ /੫੨੩) ਜਿੱਥੇ-ਜਿੱਥੇ ਤੇਰਾ ਹੁਕਮ ਹੈ ਉੱਥੇ-ਉੱਥੇ ਅਸੀਂ ਜਾ ਕੇ ਖਲ੍ਹੋਣਾ ਹੀ ਹੈ। ਸਾਡੀ ਕੋਈ ਤਾਕਤ ਨਹੀਂ, ਸਾਡੀ ਕੋਈ ਪਾਇਆਂ ਨਹੀਂ ‘‘ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ ਹੁਕਮੁ ਕਰਣਾ ਜਾਈ ’’ ਅਸੀਂ ਉਸ ਵਿਰੁਧ ਕੋਈ ਹੀਲ-ਹੁੱਜਤ (ਬਹਾਨੇਬਾਜ਼ੀ) ਨਹੀਂ ਕਰ ਸਕਦੇ।

ਗੁਰੂ ਪਾਤਿਸ਼ਾਹ ਨੇ ਦੁਨੀਆ ਦਾ ਇੱਕ ਸੱਚ ਸਮਝਾਇਆ ਹੈ ਕਿ ਇਹ ਉਸ ਦੀ ਵਡਿਆਈ ਹੈ। ਇਹ ਪਰਮਾਤਮਾ ਦਾ ਬਣਿਆ ਹੋਇਆ ਨਿਯਮ ਹੈ। ਜਿਸ ਨੇ ਜੋ-ਜੋ ਪਾਉਣਾ ਹੈ, ਜਿਸ ਨੂੰ ਜੋ ਦੇਣਾ ਹੈ, ਉਹ ਇੱਕ ਨਿਯਮ ਬਣਾ ਕੇ ਭੇਜਦਾ ਹੈ। ਜਦੋਂ ਅਸੀਂ ਸ਼ਰਤਾਂ ਲਾ ਕੇ ਬਾਣੀ ਪੜ੍ਹਦੇ ਹਾਂ ਕਿ ਹੇ ਪਰਮਾਤਮਾ ! ਮੇਰਾ ਇਹ ਕੰਮ ਕਰਦੇ, ਮੈਂ ਲੱਖ, ਸਵਾ ਲੱਖ ਦਾ ਰੁਮਾਲਾ ਚੜ੍ਹਾਵਾਂਗਾ। ਮੈਂ ਇਹ ਕਰਾਂਗਾ, ਔਹ ਕਰਾਂਗਾ। ਇਹ ਵੀ ਇਕ ਤਰ੍ਹਾਂ ਦਾ ਹੁਕਮ ਤੋਂ ਮੁਨਕਰ ਹੋਣਾ ਹੀ ਹੈ, ਜੋ ਅਸੀਂ ਗੁਰੂ ਅੱਗੇ ਕਰਦੇ ਹਾਂ। ਇਹ ਬਿਲਕੁਲ ਗ਼ਲਤ ਹੈ। ਇੱਕ ਸੱਚੇ ਸਿੱਖ ਦਾ ਜੋ ਪਿਆਰ ਹੈ ਉਹ ਸ਼ਰਤਾਂ ਰਹਿਤ ਹੋਣਾ ਚਾਹੀਦਾ ਹੈ।

‘ਸੋ ਦਰੁ’ ਸ਼ਬਦ ਦੇ ਅੰਤ ’ਚ ਫ਼ੁਰਮਾਇਆ ਹੈ ‘‘ਸੋ ਪਾਤਿਸਾਹੁ ਸਾਹਾ ਪਤਿਸਾਹਿਬੁ; ਨਾਨਕ ! ਰਹਣੁ ਰਜਾਈ ’’ ਹੇ ਨਾਨਕ ! ਸਾਡੇ ਹੱਥ ’ਚ ਕੁਝ ਨਹੀਂ। ਸਭ ਕੁਝ ਪਰਮਾਤਮਾ ਦੇ ਹੁਕਮ ’ਚ ਹੈ। ਪਰਮਾਤਮਾ ਦੇ ਹੁਕਮ ਤੋਂ ਬਗੈਰ ਅਸੀਂ ਕੁੱਝ ਵੀ ਨਹੀਂ ਕਰ ਸਕਦੇ। ਪਰਮਾਤਮਾ ਸ਼ਾਹਾਂ ਦਾ ਸ਼ਹਿਨਸ਼ਾਹ ਹੈ। ਸਾਨੂੰ ਉਸ ਦੀ ਰਜ਼ਾ ’ਚ ਖ਼ੁਸ਼ ਰਹਿਣਾ ਚਾਹੀਦਾ ਹੈ। ਇੱਥੇ ‘ਨਾਨਕ’ ਅੰਤ ਮੁਕਤ ਹੈ, ਇਸ ਲਈ ‘ਨਾਨਕ’ ਤੋਂ ਬਾਅਦ ਪਾਠ ਕਰਦਿਆਂ ਥੋੜ੍ਹਾ ਰੁਕਣਾ ਹੈ।

‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਸਵਾਲ ਹੈ ‘ਕਿਵੇਂ ਸਚਿਆਰ ਹੋ ਸਕੀਦਾ ਹੈ ? ਜਵਾਬ : ਪਰਮਾਤਮਾ ਦੀ ਰਜ਼ਾ ’ਚ ਖ਼ੁਸ਼ ਰਹਿਣ ਨਾਲ਼। ਇਹੀ ਸਭ ਤੋਂ ਵੱਡੀ ਭਗਤੀ ਹੈ। ਸੁੱਖ-ਦੁੱਖ ਵਿੱਚ ਉਸ ਨੂੰ ਯਾਦ ਰੱਖਣਾ ਸਭ ਤੋਂ ਵੱਡੀ ਪੂਜਾ ਹੈ। ਹੁਕਮੀ ਦੀ ਰਜ਼ਾ ਵਿੱਚ ਰਹਿ ਕੇ ਹੀ ਸਚਿਆਰੇ ਬਣਿਆ ਜਾ ਸਕਦਾ ਹੈ। ਕੂੜ ਦੀ ਕੰਧ ਟੁੱਟਦੀ ਹੈ। ਇਸ ਸਚਾਈ ਤੋਂ ਇਨਕਾਰੀ ਜੇਕਰ ਕੋਈ ਬੰਦਾ ‘ਕੂੜ ਦੀ ਪਾਲਿ’ ਨੂੰ ਤੋੜਨ ਦਾ ਕੋਈ ਹੋਰ ਰਾਹ ਦੱਸਦਾ ਹੈ ਤਾਂ ਉਹ ਵਿਕਾਰਾਂ ਦੀਆਂ ਅਣਗਿਣਤ ਜੁੱਤੀਆਂ ਆਪਣੇ ਮੂੰਹ ’ਤੇ ਸਹਾਰਦਾ ਹੈ ਯਾਨੀ ਲੋਕਾਂ ਪਾਸੋਂ ਫਿਟਕਾਰਾਂ ਲੈਂਦਾ ਹੈ ‘‘ਬੰਦਿ ਖਲਾਸੀ; ਭਾਣੈ () ਹੋਇ ਹੋਰੁ; ਆਖਿ ਸਕੈ ਕੋਇ ਜੇ ਕੋ ਖਾਇਕੁ (ਮੂਰਖ); ਆਖਣਿ ਪਾਇ ਓਹੁ ਜਾਣੈ; ਜੇਤੀਆ ਮੁਹਿ ਖਾਇ ੨੫’’ (ਜਪੁ)

ਸੋ ਜਦ ਦੁੱਖ-ਸੁੱਖ ਦੋਵੇਂ ਪਰਮਾਤਮਾ ਦੇ ਹੱਥ ਵਿੱਚ ਹਨ। ਇਨਸਾਨ ਕੇਵਲ ਇਕ ਅਰਦਾਸ ਕਰ ਸਕਦਾ ਹੈ; ਹੇ ਵਾਹਿਗੁਰੂ ! ਜੋ ਤੁਸੀਂ ਕੀਤਾ ਹੈ ਸੋ ਵਾਹ ਵਾਹ ! ਜੋ ਕਰ ਰਹੇ ਹੋ ਉਹ ਵੀ ਵਾਹ ਵਾਹ ! ਅਤੇ ਜੋ ਵੀ ਕਰੋਗੇ ਉਹ ਵੀ ਵਾਹ ਵਾਹ ! ਹੀ ਹੋਵੇਗਾ। ਇਸ ਤੋਂ ਵੱਡੀ ਹੋਰ ਕੋਈ ਭਗਤੀ ਨਹੀਂ।   ਭੁੱਲ ਚੁਕ ਦੀ ਖਿਮਾ।