ਹੋਲਾ ਮਹੱਲਾ ਸ਼ਸਤਰ ਵਿਦਿਆ, ਅਣਖ, ਗ਼ੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ

0
132

ਹੋਲਾ ਮਹੱਲਾ ਸ਼ਸਤਰ ਵਿਦਿਆ, ਅਣਖ, ਗ਼ੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ

ਅਵਤਾਰ ਸਿੰਘ ਮਿਸ਼ਨਰੀ

ਭਾਈ ਕਾਨ੍ਹ ਸਿੰਘ ਜੀ ਨ੍ਹਾਭਾ ਨੇ ਹੋਲੇ-ਮਹੱਲੇ ਬਾਰੇ ਇਸ ਤਰ੍ਹਾਂ ਲਿਖਿਐ ‘ਯੁਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ, ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ, ਚੇਤ ਵਦੀ ੧ ਨੂੰ ਸਿੱਖਾਂ ਵਿੱਚ ਹੋਲਾ ਮਹੱਲਾ ਹੁੰਦੈ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ’। ‘ਮਹੱਲਾ’ ਇਕ ਪ੍ਰਕਾਰ ਦੀ ਮਸਨੂਈ (ਨਕਲੀ) ਲੜਾਈ ਹੈ। ਪੈਦਲ, ਘੋੜ-ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖ਼ਾਸ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜੀਂਦੀ ਸ਼ਸਤਰ ਵਿਦਿਆ ਦਿੰਦੇ ਸਨ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਸਜੇ ਦੀਵਾਨ ਵਿੱਚ ਸਿਰੋਪਾ ਬਖ਼ਸ਼ਦੇ ਸਨ। ਅਸੀਂ ਸਾਲ ਪਿੱਛੋਂ ਇਹ ਰਸਮ ਨਾਮ ਮਾਤ੍ਰ ਪੂਰੀ ਕਰ ਛੱਡਦੇ ਹਾਂ ਪਰ ਲਾਭ ਕੁਝ ਨਹੀਂ ਉਠਾਉਂਦੇ। ਹਾਲਾਂ ਕਿ ਸ਼ਸਤਰ-ਵਿਦਿਆ ਤੋਂ ਅਨਜਾਣ ਸਿੱਖ, ਖ਼ਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ। ਹੋਰ ਲਿਖਦੇ ਹਨ-ਸ਼ੋਕ ਹੈ ਕਿ ਹੁਣ ਸਿੱਖਾਂ ਨੇ ਸ਼ਸਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ਼ ਫ਼ੌਜੀਆਂ ਦਾ ਕਰਤਬ ਮੰਨ ਲਿਐ ਜਦ ਕਿ ਦਸਮੇਸ਼ ਜੀ ਦਾ ਉਪਦੇਸ਼ ਹੈ ਕਿ ਹਰੇਕ ਸਿੱਖ ਪੂਰਾ ਸੰਤ-ਸਿਪਾਹੀ ਹੋਵੇ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ, ਇਸ ਤੋਂ ਬਿਨਾਂ ਸਿੱਖ ਅਧੂਰਾ ਹੈ।

ਇਸ ਤਰ੍ਹਾਂ ਹੋਲਾ-ਮਹੱਲਾ ਸ਼ਸਤਰ ਵਿਦਿਆ, ਅਣਖ ਗ਼ੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ, ਇੱਕ ਵਿਲੱਖਣ ਤਿਉਹਾਰ ਹੈ। ਹੋਲੀ ਦੇ ਮਹੱਤਵ ਨੂੰ ਭੁੱਲ ਕੇ ਸਦੀਆਂ ਤੋਂ ਰੰਗ ਰਲੀਆਂ ਮਨਾਂਦੇ ਆ ਰਹੇ ਲੋਕ, ਆਪਣੀ ਅਣਖ ਗ਼ੈਰਤ ਗਵਾ, ਨਿਹੱਥੇ ਹੋ ਜ਼ਾਲਮ ਮੁਗ਼ਲ ਹਕੂਮਤ ਦੀ ਗੁਲਾਮੀ ਕਬੂਲ ਕਰ ਚੁੱਕੇ ਸਨ। ਉਸ ਵੇਲੇ ਕੋਈ ਸ਼ਸਤਰ ਨਹੀਂ ਸੀ ਰੱਖ ਸਕਦਾ, ਸਿਰ ’ਤੇ ਪੱਗ ਨਹੀਂ ਸੀ ਬੰਨ੍ਹ ਸਕਦਾ, ਸ਼ਿਕਾਰ ਨਹੀਂ ਸੀ ਖੇਡ ਸਕਦਾ ਅਤੇ ਜਿਸ ਦੇ ਅੰਦਰ ਇਹ ਧਾਰਨਾ ਬਣ ਚੁੱਕੀ ਸੀ ਕਿ ਕੰਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਚਿੱੜੀ ਉੱਡੇ ਤਉ ਹਮ ਡਰ ਜਾਏਂ ਦੁਸ਼ਮਣ ਸੇ ਕੈਸੇ ਲੜ ਪਾਏਂ ਅਜਿਹੇ ਸਹਿਮੇ ਹੋਏ ਲੋਕਾਂ ਅੰਦਰ, ਸ਼ਸਤਰਧਾਰੀ ਹੋ, ਛਾਤੀਆਂ ਤਾਣ ਕੇ, ਵੈਰੀਆਂ ਦਾ ਮੁਕਾਬਲਾ ਕਰਨ ਦਾ ਅਥਾਹ ਬਲ ਭਰਨ ਲਈ, ਯੁੱਧ ਨੀਤੀਵੇਤਾ ਸ਼ਮਸ਼ੀਰ-ਧਨੀ ਗੁਰੂ ਗੋਬਿੰਦ ਸਿੰਘ ਨੇ ਸ਼ਸਤਰ ਵਿਦਿਆ, ਘੋੜ ਸਵਾਰੀ, ਸ਼ਿਕਾਰ ਖੇਡਣਾ ਅਤੇ ਦਸਤਾਰਾਂ ਉੱਪਰ ਫਰਲੇ ਸਜਾਉਣਾ ਆਦਿਕ ‘ਹੋਲੇ-ਮਹੱਲੇ’ ਦੇ ਜੰਗੀ ਕਰਤਵ, ਡੰਕੇ ਦੀ ਚੋਟ ਨਾਲ ਸ਼ੁਰੂ ਕੀਤੇ। ਚਿੱੜੀ ਉੱਡਣ ਅਤੇ ਮੱਖੀ-ਮੱਛਰ ਮਰਨ ਤੋਂ ਡਰਨ ਵਾਲੇ; ਸ਼ੇਰਾਂ ਦਾ ਸ਼ਿਕਾਰ ਕਰਨ ਲੱਗ ਪਏ। ਖ਼ਾਲਸੇ ਨੇ ਸ਼ਸਤਰਧਾਰੀ ਹੋ ਕੇ, ਜ਼ਾਲਮ ਮੁਗ਼ਲ ਹਕੂਮਤ ਦੀਆਂ ਜੜ੍ਹਾਂ, ਭਾਰਤ ਵਿੱਚੋਂ ਉਖੇੜ ਕੇ, ਖਾਲਸਾ ਰਾਜ ਕਾਇਮ ਕੀਤਾ ਅਤੇ ਫਿਰ ਕਾਫ਼ੀ ਸਮੇਂ ਬਾਅਦ ਭਾਰੀ ਕੁਰਬਾਨੀਆਂ ਦੇ ਕੇ, ਅੰਗਰੇਜ਼ਾਂ ਤੋਂ ਭਾਰਤ ਨੂੰ ਵੀ ਅਜ਼ਾਦ ਕਰਵਾਇਆ। ਹੋਲਾ-ਮਹੱਲਾ ਫ਼ਤਿਹ ਅਤੇ ਅਜ਼ਾਦੀ ਦਾ ਵੀ ਪ੍ਰਤੀਕ ਹੈ। ਕਵੀ ਨਿਹਾਲ ਸਿੰਘ ਨੇ ਵੀ ਖਾਲਸੇ ਦੀ ਚੜ੍ਹਦੀ ਕਲਾ ਦੇ ਬੋਲਿਆਂ ਦਾ ਜ਼ਿਕਰ ਕਰਦੇ ਹੋਏ, ਹੋਲੇ ਦੀ ਵਿਲੱਖਣਤਾ ਇਉਂ ਬਿਆਨ ਕੀਤੀ ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ ਛਕਾ ਪ੍ਰਸ਼ਾਦ ਸਜਾ ਦਸਤਾਰਾ, ਅਰ ਕਰਦੌਨਾ ਟੋਲਾ ਹੈ ਸੁਭੱਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ ਅਪਰ ਮੁਛਹਿਰਾ ਦਾੜਾ ਜੈਸੇ, ਤੈਸੇ ਬੋਲਾ ਹੋਲਾ ਹੈ

ਸਤਸੰਗੀਆਂ ਦੀ ਆਤਮਕ ਹੋਲੀ ਦਾ ਜ਼ਿਕਰ ਗੁਰਬਾਣੀ ਵਿਖੇ ਪਹਿਲੇ ਹੀ ਆ ਚੁੱਕਾ ਹੈ; ਜਿਵੇਂ ਕਿ ‘‘ਆਜੁ ਹਮਾਰੈ ਬਨੇ ਫਾਗ   ਪ੍ਰਭ ਸੰਗੀ ਮਿਲਿ ਖੇਲਨ ਲਾਗ   ਹੋਲੀ ਕੀਨੀ ਸੰਤ ਸੇਵ   ਰੰਗੁ ਲਾਗਾ ਅਤਿ ਲਾਲ ਦੇਵ ’’ (ਬਸੰਤੁ ਰਾਗੁ/ਮਹਲਾ /੧੧੮੦) ਭਾਵ ਜਦ ਸਤਸੰਗੀ ਸੇਵਾ-ਸਿਮਰਨ ਗਿਆਨ-ਵਿਚਾਰ ਰੂਪੀ ਹੋਲੀ ਖੇਡਦੇ ਹਨ ਤਾਂ ਉਨ੍ਹਾਂ ਦੇ ਹਿਰਦੇ ਰੂਪੀ ਕੱਪੜੇ ’ਤੇ ਪ੍ਰਭੂ ਪਿਆਰ ਦਾ ਗੂੜ੍ਹਾ ਰੰਗ ਚੜ੍ਹ ਜਾਂਦਾ ਹੈ। ਛੇਵੇਂ ਪਾਤਸ਼ਾਹ ਨੇ ਪੰਥ ਨੂੰ ਬਾਕਾਇਦਾ ਸ਼ਸਤਰਧਾਰੀ ਬਣਾਇਆ। ਹਕੂਮਤ ਨਾਲ ਚਾਰ ਜੰਗਾਂ ਲੜੀਆਂ ਅਤੇ ਫ਼ਤਿਹ ਹਾਸਲ ਕੀਤੀ। ਗੁਰਗੱਦੀ ਸੌਂਪਣ ਸਮੇਂ ਆਪ ਜੀ ਨੇ ਗੁਰੂ ਹਰਿ ਰਾਇ ਜੀ ਨੂੰ 2200 ਸ਼ਸਤਰਧਾਰੀ ਘੋੜ ਸਵਾਰ ਫ਼ੌਜ ਦੀ ਸਪੁਰਦਗੀ ਕਰਦੇ ਹੁਕਮ ਕੀਤਾ ਕਿ ਇਨ੍ਹਾਂ ਫ਼ੌਜਾਂ ਨੂੰ ਬਾਕਾਇਦਾ ਕਾਇਮ ਰੱਖਣਾ ਹੈ। ਸਪਸ਼ਟ ਹੈ ਕਿ ਜੇ ਫ਼ੌਜਾਂ ਨੂੰ ਕਾਇਮ ਰੱਖਣਾ ਹੈ ਤਾਂ ਉਨ੍ਹਾਂ ਦੇ ਅਭਿਆਸ ਵੀ ਚੱਲਦੇ ਰਹਿਣੇ ਚਾਹੀਦੇ ਹਨ। ਦਸਮੇਸ਼ ਜੀ ਨੇ ਕ੍ਰਿਪਾਨ ਨੂੰ, ਪੰਜ ਕਕਾਰੀ ਵਰਦੀ ਵਿੱਚ ਸ਼ਾਮਲ ਕੀਤਾ। ਨੋਟ-ਕ੍ਰਿਪਾਨ ਕੋਈ ਚਿੰਨ੍ਹ ਜਾਂ ਜਨੇਊ ਨਹੀਂ ਕਿ ਉਸ ਨੂੰ ਧਾਗੇ ਵਿੱਚ ਪਰੋ ਕੇ ਤਵੀਤ ਵਾਂਗ ਲਟਕਾਈ ਫਿਰੀਏ, ਇਹ ਇੱਕ ਹਥਿਆਰ ਹੈ, ਜੋ ਖ਼ੁਦ ਦੀ ਰੱਖਿਆ ਕਰਦਾ ਹੈ। ਸਿੱਖ ਦੀ ਪਹਿਚਾਣ ਸਰੂਪ, ਕਰਨੀ-ਕਥਨੀ, ਆਚਰਨ ਅਤੇ ਗੁਰੂ ਹੁਕਮਾ ਨੂੰ ਕਮਾਉਣ ਤੋਂ ਹੁੰਦੀ ਹੈ। ਹੋਲਾ-ਮਹੱਲਾ ਅਰੰਭ ਕਰਕੇ, ਗੁਰੂ ਜੀ ਨੇ ਸਿੱਖਾਂ ਨੂੰ ਇਹ ਹਿਦਾਇਤ ਵੀ ਕਰ ਦਿੱਤੀ ਕਿ ਉਹ ਸ਼ਸਤਰ ਵਿਦਿਆ ਦਾ ਅਭਿਆਸ ਸਦਾ ਜਾਰੀ ਰੱਖਣ।

ਹੋਲੀ ਮੂਲ ਰੂਪ ਵਿੱਚ ਬ੍ਰਾਹਮਣੀ ਤਿਉਹਾਰ ਹੈ; ਜਿਵੇਂ ਕਿ ਇਕ ਪੌਰਾਣਿਕ ਕਥਾ ਅਨੁਸਾਰ ਹੰਕਾਰੀ ਹਰਨਾਖਸ਼ ਨੇ ਸ਼ਿਵ ਤੋਂ ਵਰ ਪ੍ਰਾਪਤ ਕੀਤਾ ਕਿ ਮੈਂ ‘ਅੰਦਰ ਜਾਂ ਬਾਹਰ, ਦਿਨੇ ਜਾਂ ਰਾਤੀਂ, ਮਨੁੱਖ ਜਾਂ ਪਸ਼ੂ ਕਿਸੇ ਤੋਂ ਨਾ ਮਰਾਂ’। ਅਜਿਹਾ ਵਰ ਪ੍ਰਾਪਤ ਕਰਕੇ ਉਹ ਵੱਡਾ ਜ਼ਾਲਮ ਬਣ ਗਿਆ ਅਤੇ ਐਲਾਨ ਕਰ ਦਿੱਤਾ ਕਿ ਕੋਈ ਪ੍ਰਮਾਤਮਾ ਨੂੰ ਨਾ ਜਪੇ। ਸਾਰੇ ਮੇਰਾ ਹੀ ਜਾਪ ਕਰਨ। ਨੋਟ- ਕਰਤਾਰ ਆਪਣੇ ਹੁਕਮ ਅਤੇ ਕੁਦਰਤ ਵਿਰੋਧੀ ਅਣਹੋਣੇ ਵਰ ਸਰਾਪ ਨਹੀਂ ਦਿੰਦਾ ਅਤੇ ਜਨਮ ਮਰਨ ਵਿੱਚ ਨਹੀਂ ਆਉਂਦਾ; ਜਿਵੇਂ ਕਿ ਵਾਕ ਹੈ ‘‘ਜਨਮ ਮਰਣ ਤੇ ਰਹਤ ਨਾਰਾਇਣ ਰਹਾਉ ’’ (ਮਹਲਾ /੧੧੩੬) ਕਰਤਾਰ ਦਾ ਭਾਣਾ ਐਸਾ ਵਾਪਰਿਆ ਕਿ ਹਰਨਾਖਸ਼ ਦੇ ਘਰ ਵਿੱਚੋਂ ਹੀ ਉਸ ਦਾ ਪੁੱਤਰ ਪ੍ਰਹਿਲਾਦ ਇਸ ਘੋਸ਼ਣਾ ਕਿ ਮੈਂ ਹੀ ਰੱਬ ਹਾਂ, ਦਾ ਵਿਰੋਧੀ ਹੋ ਗਿਆ ਅਤੇ ਖ਼ਲਕਤ ਵਿੱਚ ‘ਰਮੇ ਹੋਏ ਰਾਮ’ ਪਰਮੇਸ਼ਰ ਨੂੰ ਜਪਣ ਅਤੇ ਪ੍ਰਚਾਰਨ ਲੱਗਾ। ਇਸ ਕਰਕੇ ਹੰਕਾਰੀ ਪਿਤਾ ਹਰਨਾਖਸ਼ ਨੇ ਉਸ ਨੂੰ ਹਰ ਢੰਗ ਨਾਲ ਮਰਵਾਉਣ ਦਾ ਯਤਨ ਕੀਤਾ ਪਰ ਪ੍ਰਮਾਤਮਾ ਨੇ ਹਰ ਵਾਰੀ ਪ੍ਰਹਿਲਾਦ ਦੀ ਰੱਖਿਆ ਕੀਤੀ।  ਲੋਕਾਂ ਦੇ ਮਨ ਬਦਲੇ ਤੇ ਉਹ ਹਰਨਾਖਸ਼ ਨੂੰ ਛੱਡ ਪ੍ਰਹਿਲਾਦ ਦੇ ਪੈਰੋਕਾਰ ਹੋ ਗਏ। ਪ੍ਰਚਲਿਤ ਕਹਾਣੀ ਅਨੁਸਾਰ, ਅੰਤ ਹਰਨਾਖਸ਼ ਦੀ ਭੈਣ ਹੋਲਕਾਂ ਨੇ ਭਤੀਜੇ ਪ੍ਰਹਿਲਾਦ ਨੂੰ ਅੱਗ ਵਿੱਚ ਸਾੜਨ ਦਾ ਕੋਝਾ ਯਤਨ ਕੀਤਾ ਪਰ ਕਰਤਾਰ ਦਾ ਭਾਣਾ ਕਿ ਪ੍ਰਹਿਲਾਦ ਬਚ ਗਿਆ ਅਤੇ ਹੋਲਕਾਂ ਸੜ ਕੇ ਸਵਾਹ ਹੋ ਗਈ। ਅੰਤ ਪ੍ਰਹਿਲਾਦ ਨੂੰ ਡਰਾਉਣ ਲਈ ਲੋਹੇ ਦਾ ਥੰਮ੍ਹ ਨੂੰ ਤਪਾ ਕੇ ਜੱਫਾ ਮਾਰਨ ਦਾ ਹੁਕਮ ਹੋਇਆ ਤਾਂ ਨਿਧੜਕ ਪ੍ਰਹਿਲਾਦ ਨੇ ਜੱਫਾ ਮਾਰ ਕੇ, ਉਨ੍ਹਾਂ ਦਾ ਭਰਮ ਤੋੜ ਦਿੱਤਾ। ਮਨੌਤ ਹੈ ਕਿ ਉਸ ਸਮੇਂ ਨਰਸਿੰਘ ਨੇ, ਹਰਨਾਖਸ਼ ਨੂੰ ਦਹਿਲੀਜ਼ ’ਤੇ ਤਿਖੇ ਨੌਹਾਂ ਨਾਲ ਫਾੜ ਕੇ ਦੋਫਾੜ ਕਰ ਦਿੱਤਾ। ਗੁਰਬਾਣੀ ਦੇ ਬਚਨ ਹਨ ‘‘ਹਰਨਾਖਸੁ ਛੇਦਿਓ ਨਖ ਬਿਦਾਰ ’’ (ਬਸੰਤੁ ਰਾਗੁ/ਭਗਤ ਕਬੀਰ/੧੧੯੪) ਸ਼ਬਦ ਗੁਰੂ ਗ੍ਰੰਥ ਸਾਹਿਬ ਵਿਖੇ ਇਹ ਘਟਨਾ; ਭਗਤ ਨਾਮਦੇਵ ਜੀ, ਭਗਤ ਕਬੀਰ ਜੀ ਅਤੇ ਤੀਜੇ ਪਾਤਸ਼ਾਹ ਜੀ ਦੀ ਬਾਣੀ ਵਿੱਚ 4 ਵਾਰੀ ਦਰਜ ਹੈ। ਲੋਕਾਈ ਨੂੰ ਇਹ ਸਮਝਾਉਣ ਵਾਸਤੇ ਇਸ ਪੌਰਾਣਿਕ ਕਥਾ ਦਾ ਹਵਾਲਾ ਦਿੱਤਾ ਕਿ ਪ੍ਰਭੂ ਆਪਣੇ ਪਿਆਰਿਆਂ ਦੀ ਸਦਾ ਲਾਜ ਰੱਖਦਾ ਆਇਆ ਹੈ ਅਤੇ ਦੋਖੀ ਆਪਣਾ ਕੀਤਾ ਪਾਉਂਦੇ ਹਨ। ਗੁਰਬਾਣੀ ਦਾ ਸੰਦੇਸ਼ ਹੈ ‘‘ਹਰਿ ਜੁਗੁ ਜੁਗੁ ਭਗਤ ਉਪਾਇਆ; ਪੈਜ ਰਖਦਾ ਆਇਆ ਰਾਮ ਰਾਜੇ ’’ (ਮਹਲਾ /੪੫੧)

ਹੋਲੀ ਦੇ ਤਿਉਹਾਰ ਨੂੰ ਮਨਾਉਣ ਵਾਲੇ ਸੱਜਣ, ਇਸ ਘਟਨਾ ਨੂੰ ਆਧਾਰ ਬਣਾ ਕੇ ਰਾਤ ਨੂੰ ਹੋਲੀ ਸਾੜਦੇ ਹਨ। ਇਸ ਤਰ੍ਹਾਂ ਇਸ ਨੂੰ ਹੋਲਕਾਂ ਦੀ ਰਾਖ ਮੰਨ ਕੇ, ਸਵੇਰੇ ਉਸ ਰਾਖ ਨੂੰ ਉਡਾਇਆ ਜਾਂਦਾ ਹੈ। ਸ੍ਰੀ ਮਦੁ ਭਾਗਵਤ ਪੁਰਾਣ ਦੀ ਇੱਕ ਕਥਾ ਅਨੁਸਾਰ, ਜਿੱਥੇ ਗੋਪੀਆਂ ਨੇ ਕ੍ਰਿਸ਼ਨ ਜੀ ਨਾਲ ਰੰਗ ਆਦਿਕ ਉੱਡਾ ਕੇ ਖ਼ੂਬ ਹੋਲੀ ਖੇਡੀ, ਓਥੇ ਇਸ ਕਥਾ ਨੂੰ ਬੜਾ ਕਾਮੁਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਜਿਸ ਦਾ ਸਿੱਟਾ ਅੱਜ ਕੱਲ੍ਹ ਵੀ ਗੋਕਲ, ਮਥਰਾ ਅਤੇ ਬ੍ਰਿੰਦਾਬਨ ਦੀ ਹੋਲੀ ਵਿੱਚ, ਅਐਸੀਆਂ ਕਾਮ ਉਕਸਾਊ ਖੇਡਾਂ ਆਮ ਖੇਡੀਆਂ ਜਾਂਦੀਆਂ ਹਨ। ਇਸ ਤਿਉਹਾਰ ਨੂੰ ਮਨਾਉਣ ਸਮੇਂ ਲੋਕੀਂ ਇੱਕ ਦੂਜੇ ’ਤੇ ਕੇਵਲ ਰੰਗ-ਗੁਲਾਲ ਹੀ ਨਹੀਂ ਬਲਕਿ ਚਿੱਕੜ, ਗੋਹਾ, ਲੁੱਕ ਅਤੇ ਗੰਦਗੀ ਆਦਿਕ ਵੀ ਸੁੱਟਦੇ ਵੇਖੇ ਗਏ ਹਨ। ਇਸ ਦਿਨ ਸ਼ਰਾਬਾਂ ਉੱਡਦੀਆਂ, ਕਈ ਝਗੜੇ-ਫਸਾਦ, ਲੜਾਈਆਂ, ਐਕਸੀਡੈਂਟ ਅਤੇ ਕਤਲ ਤੱਕ ਹੁੰਦੇ ਹਨ। ਸ਼ਰਾਬ ਦੇ ਨਸ਼ੇ ਵਿੱਚ ਕਈ ਭੂਤਰੇ ਲੋਕ, ਇਸ ਵਿਗੜੇ ਹੋਏ ਵਾਤਾਵਰਣ ਦਾ ਆਪਣੇ ਢੰਗ ਨਾਲ ਲਾਭ ਉਠਾਉਂਦੇ ਹਨ। ਅਪਣੀਆਂ ਦੁਸ਼ਮਣੀਆਂ ਕੱਢਦੇ ਹਨ। ਜਵਾਨ ਬੱਚੀਆਂ ਅਤੇ ਇਸਤਰੀਆਂ ਨਾਲ ਸ਼ਰਮਨਾਕ ਮਜ਼ਾਕ ਕਰਨੇ ਇਸ ਤਿਉਹਾਰ ਦੀ ਹੀ ਦੇਣ ਹੈ। ਭਾਰਤ ਵਿੱਚ, ਉਪਰੋਕਤ ਕ੍ਰਿਸ਼ਨ ਜੀ ਵਾਲੀ ਘਟਨਾ ਨੂੰ ਆਧਾਰ ਬਣਾ ਕੇ, ਸਭ ਤੋਂ ਵੱਧ ਹੋਲੀ ਮਥੁਰਾ, ਗੋਕਲ ਅਤੇ ਬਿੰਦਰਾਬਨ ਵਿੱਚ ਖੇਡੀ ਜਾਂਦੀ ਹੈ। ਧਾਰਮਕ-ਤਿਉਹਾਰ ਦੇ ਬਹਾਨੇ ਅਨੇਕਾਂ ਕਾਮ-ਉਕਸਾਊ ਅਤੇ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਹਨ। ਸਿੱਖਾਂ ਵਿੱਚ ਹੋਲੀ ਦਾ ਤਿਉਹਾਰ; ਰੰਗਾਂ, ਨਸ਼ਿਆਂ ਅਤੇ ਗੰਦ-ਮੰਦ ਸੁੱਟਣ ਆਦਿ ਦੇ ਢੰਗ ਨਾਲ ਮਨਾਉਣਾ ਪੂਰੀ ਤਰ੍ਹਾਂ ਵਰਜਿਤ ਹੈ। ਅਕਾਲ-ਪੁਰਖ ਦੇ ਬਖ਼ਸ਼ੇ ਸੁੰਦਰ ਕੇਸਾਧਾਰੀ ਸਰੂਪ ਦੀ ਬੇਅਦਬੀ ਕਰਨ ਜਾਂ ਕਰਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ।

ਹੋਲੇ-ਮਹੱਲੇ ਦਾ ਮਹੱਤਵ ਓਦੋਂ ਹੋਰ ਵੀ ਵੱਧ ਜਾਂਦਾ ਹੈ ਜਦੋਂ ਅਸੀਂ ਸਿੱਖੀ ਦੇ ਮੂਲ ਸਿਧਾਂਤ ‘ਦੇਗ-ਤੇਗ਼ ਫ਼ਤਿਹ’ ਵਾਲੇ ਸ਼ਬਦਾਂ ਨੂੰ ਵਿਚਾਰੀਏ। ਗੁਰੂ ਕੀਆਂ ਸੰਗਤਾਂ ਨੂੰ ਗੁਰਦੇਵ ਨੇ, ਜਿੱਥੇ ਕੜਾਹ-ਪ੍ਰਸ਼ਾਦ ਅਤੇ ਗੁਰੂ ਕੇ ਲੰਗਰ ਆਦਿ ਨੂੰ ‘ਦੇਗ’ ਕਿਹਾ ਹੈ, ਉੱਥੇ ਨਾਲ ਹੀ ਨੇਮ ਹੈ ਕਿ ਬਿਨਾਂ ‘ਕ੍ਰਿਪਾਨ ਭੇਟ’ ਕੀਤਿਆਂ ਕੜਾਹ-ਪ੍ਰਸ਼ਾਦ ਦੀ ਦੇਗ ਵੀ ਨਹੀਂ ਵਰਤਾਉਣੀ। ਕੁਝ ਸੱਜਣ ਕੜਾਹ-ਪ੍ਰਸ਼ਾਦ ਦੀ ਦੇਗ ਦੇ ਕ੍ਰਿਪਾਨ ਭੇਟ ਕਰਨ ਨੂੰ ‘ਭੋਗ ਲਵਾਉਣਾ’ ਸਮਝਦੇ ਹਨ। ਗੁਰਮਤਿ ਵਿੱਚ ਭੋਗ ਲਾਉਣ ਜਾਂ ਲਵਾਉਣ ਦਾ ਕੋਈ ਵਿਧਾਨ ਨਹੀਂ ਹੈ, ਇਹ ਪ੍ਰਥਾ ਤਾਂ ਦੇਵੀ-ਦੇਵਤਿਆਂ ਅਥਵਾ ਮੂਰਤੀ ਪੂਜਕਾਂ ਲਈ ਬਣਾਈ ਗਈ ਹੈ, ਜਿਨ੍ਹਾਂ ਦਾ ਵਿਸ਼ਵਾਸ ਹੈ ਕਿ ਮੂਰਤੀ ਨੂੰ ਭੇਟ ਕੀਤੇ ਫਲ਼-ਫਰੂਟਾਂ ਨੂੰ ਉਹ ਗ੍ਰਹਿਣ ਕਰਦੀ ਹੈ, ਛੱਕਦੀ ਹੈ। ਗੁਰੂ ਘਰਾਂ ਵਿੱਚ ਕੀਤੀ ਜਾਂਦੀ ਅਰਦਾਸ ਵਿੱਚ ‘ਕੜਾਹ ਪ੍ਰਸ਼ਾਦ’ ਸ਼ਬਦ ਆਉਣ ਉੱਤੇ ਕੀਤੀ ਜਾਂਦੀ ਕਿਰਪਾਨ ਭੇਟ ਵੀ ਮਰਯਾਦਾ ਵਿਰੁਧ ਹੈ। ਸਤਿਗੁਰੂ ਜੀ ਕੜਾਹ ਪ੍ਰਸ਼ਾਦ ਨੂੰ ਗ੍ਰਹਿਣ ਨਹੀਂ ਕਰਦੇ, ਕਬੂਲ/ਸਵੀਕਾਰ ਕਰਦੇ ਹਨ।

ਗੁਰੂ ਘਰ ਦਾ ਮੂਲ ਸਿਧਾਂਤ ‘ਦੇਗ-ਤੇਗ਼ ਫ਼ਤਹਿ’ ਨੂੰ ਆਧਾਰ ਬਣਾ ਕੇ ਭੇਟ ਕੀਤੀ ਜਾਂਦੀ ਕ੍ਰਿਪਾਨ ਦਾ ਭਾਵ ਹੈ ਕਿ ਗੁਰਸਿੱਖਾਂ ਨੇ ਸ਼ਸਤਰਾਂ ਨੂੰ ਭੁਲਾ ਕੇ ਕੇਵਲ ਦੇਗ ਛੱਕਣ ਤੱਕ ਹੀ ਨਹੀਂ ਰਹਿ ਜਾਣਾ। ਰਹਿਤਨਾਮਾ (ਪ੍ਰਸ਼ਨ-ਉੱਤਰ ਭਾਈ ਨੰਦ ਲਾਲ ਸਿੰਘ ਜੀ) ਵਿੱਚ ਦਰਜ ਹੈ ਸ਼ਸਤ੍ਰਹੀਨ ਇਹ ਕਬਹੁ ਹੋਈ ਰਹਤਵੰਤ ਖਾਲਿਸ ਹੈ ਸੋਈ’’ ਰਹਿਤਨਾਮਾ ਭਾਈ ਦੇਸਾ ਸਿੰਘ ਜੀ ਵਿੱਚ ਦਰਜ ਹੈ ਕਛੁ ਕ੍ਰਿਪਾਨ ਕਬਹੂੰ ਤਿਆਗੈ  ਸਨਮੁਖ ਲਰੈ ਰਣ ਤੇ ਭਾਗੈ ਦਸਮੇਸ਼ ਜੀ ਦਾ ਖ਼ਾਲਸੇ ਨੂੰ ਹੁਕਮ ਹੈ ਕਿ ਜਦ ਵੀ ਮੇਰੇ ਦਰਸ਼ਨ ਕਰਨ ਆਓਂ ਤਾਂ ਸਰੀਰ ਉੱਤੇ ਸ਼ਸਤਰ ਜ਼ਰੂਰ ਸਜੇ ਹੋਣੇ ਚਾਹੀਦੇ ਹਨ ਜਬ ਹਮਰੇ ਦਰਸ਼ਨ ਕੋ ਆਵਹੁ ਬਨ ਸੁਚੇਤ ਤਨ ਸ਼ਸਤ੍ਰ ਸਜਾਵਹੁ ਕਮਰਕਸਾ ਕਰ ਦੇਹੁ ਦਿਖਾਈ ਹਮਰੀ ਖੁਸ਼ੀ ਹੋਇ ਅਧਿਕਾਈ

ਨੋਟ-ਇੱਥੇ ਗੁਰੂ ਜੀ ਨੇ ਸ਼ਸਤਰਾਂ ਨੂੰ ਪੂਜਣ ਲਈ ਨਹੀਂ ਕਿਹਾ ਸਗੋਂ ਸੁਚੇਤ ਰਹਿਣ ਅਤੇ ਲੋੜ ਅਨੁਸਾਰ ਸ਼ਸਤਰ-ਵਿਦਿਆ ਦਾ ਯੋਗ ਅਭਿਆਸ ਅਤੇ ਵਰਤੋਂ ਕਰਨ ਦੀ ਸਿੱਖਿਆ ਦਿੱਤੀ ਹੈ।

ਹੋਲੇ-ਮਹੱਲੇ ਦੇ ਤਿਉਹਾਰ ਦੀ ਇੱਕ ਆਪਣੀ ਹੀ ਵਿਸ਼ੇਸ਼ਤਾ ਹੈ; ਜਿਵੇਂ ਕਿ ਸਾਰੇ ਸਮਕਾਲੀ ਲਿਖਾਰੀ ਅਤੇ ਸਿੱਖ ਇਤਿਹਾਸਕਾਰ ਇਸ ਬਾਰੇ ਸਹਿਮਤ ਹਨ ਕਿ ਗੁਰੂ ਸਾਹਿਬਾਨ ਵੱਲੋਂ ਸਿੱਖਾਂ ਲਈ ਗੁਰੂ ਗਿਆਨ ਦੇ ਨਾਲ਼-ਨਾਲ਼ ਕੇਸਾਧਾਰੀ ਅਤੇ ਸ਼ਸਤਰਧਾਰੀ ਹੋਣ ਨੂੰ ਵੀ ਜ਼ਰੂਰੀ ਦੱਸਿਆ ਹੈ। ਇਸੇ ਤਰ੍ਹਾਂ ਸਿੱਖਾਂ ਵਿੱਚ, ਸ਼ਸਤਰ ਅਭਿਆਸ ਨੂੰ ਪੱਕਾ ਕਰਨ ਵਾਸਤੇ ਗੁਰੂ ਸਾਹਿਬਾਨ ਨੇ ‘ਹੋਲੇ ਮਹੱਲੇ’ ਦਾ ਤਿਉਹਾਰ ਨਿਸ਼ਚਿਤ ਕੀਤਾ। ਜਿਸ ਤਰ੍ਹਾਂ ਗੁਰਸਿੱਖ ਨੇ ਕੜਾਹ ਪ੍ਰਸ਼ਾਦ ਸਮੇਂ ਨਿਤਾ ਪ੍ਰਤੀ ਕ੍ਰਿਪਾਨ ਭੇਟ ਕਰਨੀ ਹੈ, ਉਸੇ ਤਰ੍ਹਾਂ ਸ਼ਸਤਰਾਂ ਨਾਲ ਵੀ ਸਾਂਝ ਨਿਤਾ ਪ੍ਰਤੀ ਪਾਉਣੀ ਹੈ। ‘ਹੋਲਾ ਮਹੱਲਾ’ ਨਿਰਾਪੁਰਾ ਇੱਕ ਤਿਉਹਾਰ ਨਹੀਂ ਹੈ ਬਲਕਿ ਸਿੱਖ ਨੂੰ ਸ਼ਸਤਰ ਅਭਿਆਸੀ ਬਣੇ ਰਹਿਣ ਦੀ ਪ੍ਰੇਰਨਾ ਵੀ ਦਿੰਦਾ ਹੈ। ਫ਼ੌਜੀ ਨੇਮ ਹੁੰਦਾ ਹੈ ਕਿ ਭਾਵੇਂ ਫ਼ੌਜਾਂ ਸਦਾ ਜੰਗਾਂ ਯੁੱਧਾਂ ’ਤੇ ਨਹੀਂ ਚੜ੍ਹੀਆਂ ਰਹਿੰਦੀਆਂ ਪਰ ਉਨ੍ਹਾਂ ਦੇ ਸ਼ਸਤਰ ਅਭਿਆਸ ਨਿੱਤ ਚੱਲਦੇ ਰਹਿੰਦੇ ਹਨ। ਨਿਰਾਪੁਰਾ ਸ਼ਸਤਰਧਾਰੀ ਹੋਣਾ ਵੀ ਕਿਸੇ ਵਕਤ ਮਨੁੱਖ ਨੂੰ ਜ਼ਾਲਮ ਬਣਾ ਸਕਦਾ ਹੈ, ਪਰ ਜਦੋਂ ਉਸ ਦੇ ਜੀਵਨ ਨੂੰ ਗੁੜ੍ਹਤੀ ਹੀ ਗੁਰਬਾਣੀ ਦੀ ਹੋਵੇ ਅਤੇ ਸ਼ਸਤਰ ਦੀ ਵਰਤੋਂ ਹੀ ਮਜ਼ਲੂਮ ਦੀ ਰਾਖੀ ਕਰਨਾ ਹੋਵੇ ਤਾਂ ਐਸੇ ਮਨੁੱਖ ਦੇ ਜ਼ਾਲਮ ਬਣਨ ਦੀ ਗੱਲ ਹੀ ਮੁੱਕ ਜਾਂਦੀ ਹੈ।

ਗੁਰੂ ਨਾਨਕ ਸਾਹਿਬ ਜੀ ਹੋਲੀ ਦੇ ਦਿਨਾਂ ਵਿੱਚ ਹੀ ਮਥੁਰਾ ਪੁੱਜੇ ਸਨ। ਭਾਰਤ ਵਿੱਚ ਮਥੁਰਾ ਹੋਲੀਆਂ ਦੇ ਤਿਉਹਾਰ ਦਾ ਕੇਂਦਰ ਮੰਨਿਆ ਜਾਂਦਾ ਹੈ। ਗੁਰੂ ਜੀ ਨੇ ਉੱਥੇ ਧਰਮ-ਤਿਉਹਾਰ ਵਿੱਚ ਪਹੁੰਚ ਕੇ ਲੋਕਾਈ ਵਿੱਚ ਖੇਡੀਆਂ ਜਾ ਰਹੀਆਂ ਅਸੱਭਿਅਕ ਖੇਡਾਂ ਤੋਂ ਰੋਕਿਆ, ਪਰ ਪਾਂਡਿਆਂ ਨੇ ਇਸ ਨੂੰ ਕਲਿਜੁਗ ਦਾ ਪ੍ਰਭਾਵ ਦੱਸਿਆ। ਗੁਰੂ ਜੀ ਨੇ ਉੱਥੇ ਇਹ ਸ਼ਬਦ ਉਚਾਰਨ ਕੀਤਾ ‘‘ਸੋਈ ਚੰਦੁ ਚੜਹਿ; ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ   ਸਾ ਧਰਤੀ; ਸੋ ਪਉਣੁ ਝੁਲਾਰੇ; ਜੁਗ ਜੀਅ ਖੇਲੇ ਥਾਵ ਕੈਸੇ ’’ (ਮਹਲਾ /੯੦੨)  ਭਾਵ ਅੱਜ ਵੀ ਓਹੀ ਸੂਰਜ, ਚੰਦ ਆਦਿ ਚੜ੍ਹਦੇ ਹਨ, ਜੋ ਸਤਿਯੁਗ, ਦੁਆਪਰ, ਤ੍ਰੇਤਾ ਆਦਿ ਸਮੇਂ ਚੜ੍ਹਦੇ ਸਨ, ਫਿਰ ਲੋਕਾਂ ਉੱਤੇ ਮਾੜਾ ਪ੍ਰਭਾਵ ਪਿਆ, ਕਿਵੇਂ ਕਹਿ ਸਕਦੇ ਹਾਂ ?  ਗੁਰੂ ਸਾਹਿਬ ਨੇ ਸਮਝਾਇਆ ਕਿ ਅਖੌਤੀ ਕਲਿਜੁਗ ਦਾ ਪੜ੍ਹਦਾ ਪਾ ਕੇ ਤੁਸੀਂ ਆਪਣੇ ਪਾਪਾਂ ਤੋਂ ਮੁਕਤ ਨਹੀਂ ਹੋ ਸਕਦੇ।

ਹਰੇਕ ਗੁਰਸਿੱਖ ਲਈ ਇਹ ਸ਼ਬਦ ਸਮਝਣਾ ਬੜਾ ਜ਼ਰੂਰੀ ਹੈ ਤਾਂ ਕਿ ਹੋਲੀ ਦੇ ਦਿਨ ਆਪਣੇ ਮੂੰਹ-ਸਿਰ, ਲਾਲ-ਨੀਲੇ, ਕਾਲੇ-ਪੀਲੇ ਨਾ ਕੀਤੇ ਜਾਣ ‘‘ਗੁਰੁ ਸੇਵਉ ਕਰਿ ਨਮਸਕਾਰ   ਆਜੁ ਹਮਾਰੈ ਮੰਗਲਚਾਰ   ਆਜੁ ਹਮਾਰੈ ਮਹਾ ਅਨੰਦ   ਚਿੰਤ ਲਥੀ ਭੇਟੇ ਗੋਬਿੰਦ   ਆਜੁ ਹਮਾਰੈ ਗ੍ਰਿਹਿ ਬਸੰਤ   ਗੁਨ ਗਾਏ ਪ੍ਰਭ ਤੁਮ੍ ਬੇਅੰਤ ਰਹਾਉ   ਆਜੁ ਹਮਾਰੈ ਬਨੇ ਫਾਗ   ਪ੍ਰਭ ਸੰਗੀ ਮਿਲਿ ਖੇਲਨ ਲਾਗ   ਹੋਲੀ ਕੀਨੀ ਸੰਤ ਸੇਵ   ਰੰਗੁ ਲਾਗਾ ਅਤਿ ਲਾਲ ਦੇਵ (ਬਸੰਤੁ ਰਾਗੁ/ਮਹਲਾ /੧੧੮੦) ਭਾਵ ਇਹ ਮਨੁੱਖਾ ਜੀਵਨ ਪ੍ਰਭੁ ਪਿਆਰਿਆਂ ਨਾਲ ਮਿਲ ਕੇ ਪ੍ਰਭੁ ਰੰਗ ਵਿੱਚ ਰੰਗੇ ਜਾਣ ਲਈ ਹੈ। ਹਿਰਦੇ-ਘਰ ਵਿੱਚ ਸਦਾ ਖੇੜਾ ਤੇ ਬਸੰਤ ਪੈਦਾ ਕਰਨ ਲਈ ਹੈ। ਇਸ ਲਈ ਜੇਕਰ ਫੱਗਣ ਅਤੇ ਬਸੰਤ ਦਾ ਸਹੀ ਅਨੰਦ ਮਾਣਨਾ ਹੈ ਤਾਂ ਪ੍ਰਭੂ ਪਿਆਰਿਆਂ ਦੀ ਸੰਗਤ ਕਰਨੀ ਬਣਦੀ ਹੈ; ਇਵੇਂ ਖ਼ਲਕਤ ਨਾਲ਼ ਅਤੇ ਪ੍ਰਭੂ ਨਾਲ਼ ਪਿਆਰ ਵਾਲ਼ੀ ਮਸਤੀ ਦਾ ਪੱਕਾ ਲਾਲ ਰੰਗ ਮਨ ’ਤੇ ਚੜ੍ਹਦਾ ਹੈ। ਮਨੁੱਖਾ ਜਨਮ ਵਾਸਤੇ ਇਹੀ ਉੱਤਮ ਹੋਲੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਹੋਲੀ ਦੇ ਨਾਂ ਦਾ ਵਿਰੋਧ ਨਹੀਂ ਕੀਤਾ ਸਗੋਂ ਉਸ ਦਾ ਰੰਗ-ਢੰਗ ਬਦਲ ਦਿੱਤਾ ਹੈ। ਗੁਰੂ ਆਸ਼ੇ ’ਤੇ ਚੱਲਣ ਵਾਲਿਆਂ ਨੂੰ ਰੰਗ-ਗੁਲਾਲ, ਚਿੱਕੜ ਆਦਿ ਸੁੱਟਣ ਵਾਲੀ ਹੋਲੀ ਤੋਂ ਵਰਜ ਕੇ ਬਾਣੀ ਵਿਚਾਰ ਵਾਲੇ ਪਾਸੇ ਜੀਵਨ ਨੂੰ ਮੋੜਣ ਦੀ ਪ੍ਰੇਰਨਾ ਦਿੱਤੀ ਹੈ। ਜੇਕਰ ਫਿਰ ਵੀ ਅਸੀਂ ਮੂੰਹ-ਸਿਰ ਰੰਗ ਨਾਲ਼ ਲਬੇੜੀਏ ਤਾਂ ਇਹ ਸਾਡੇ ਮਾੜੇ ਭਾਗ ਦੀ ਨਿਸ਼ਾਨੀ ਹੈ।

ਭਾਈ ਨੰਦ ਲਾਲ ਸਿੰਘ ਜੀ ਨੇ ਗੁਰੂ ਜੀ ਦੇ ਉਪਰੋਕਤ ਸ਼ਬਦ ਦੇ ਆਧਾਰ ’ਤੇ ਹੀ ਇੱਕ ਗਜ਼ਲ ਲਿਖੀ ਜਿਸ ਰਾਹੀਂ ਪ੍ਰਭੂ ਰੰਗ ਵਿੱਚ ਰੰਗੀਆਂ, ਉਸ ਸਮੇਂ ਦੀਆਂ ਸੰਗਤਾਂ ਦਾ ਦ੍ਰਿਸ਼ ਪੇਸ਼ ਕੀਤਾ ਹੈ ਗੁਲਿ ਹੋਲੀ ਬਬਾਗ਼ਿ ਦਹਰ ਬੂ ਕਰਦ ..ਜ਼ਹੇ ਪਚਕਾਰੀਏ ! ਪੁਰ ਜ਼ਾਫ਼ਰਾਨੀ ਕਿ: ਹਰ ਬੇਰੰਗ ਰਾ, ਖ਼ੁਸ਼ਰੰਗੋ ਬੂ ਕਰਦ  ਭਾਵ ਦਸਮੇਸ਼ ਜੀ ਦੇ ਦਰਬਾਰ ਵਿੱਚ, ਬੇਰੰਗ ਹੋਏ ਲੋਕਾਂ ਯਾਨੀ ਪ੍ਰਭੂ ਤੋਂ ਵਿਛੁੜੀ ਹੋਈ ਲੋਕਾਈ ਨੂੰ ਪ੍ਰਭੂ ਪਿਆਰ ਦੇ ਕੇਸਰ ਦੀਆਂ ਭਰੀਆਂ ਪਿਚਕਾਰੀਆਂ ਨਾਲ, ਨਾਮ ਰੰਗ ਦੀ ਸੋਹਣੀ ਮਸਤੀ ਤੇ ਖੁਸ਼ੀਆਂ ਦੇ ਰੰਗ ਚੜ੍ਹਾਏ ਹਨ।

ਸੋ ਇਸ ਤਿਉਹਾਰ ਵਾਲ਼ੇ ਦਿਨ ਸਿੱਖਾਂ ਨੂੰ ਗੁਰਮਤਿ ਅਨੁਸਾਰੀ ਨਿਵੇਕਲਾ ਸੁਨੇਹਾ ਦੇ ਕੇ, ਸਰੀਰਕ ਪੱਖੋਂ ਤੰਦਰੁਸਤ ਰਹਿਣ ਲਈ ਕਸਰਤਾਂ ਕਰਵਾ ਕੇ ਸਮਾਜ ਵਿੱਚ ਕਾਲਪਨਿਕ ਖੇਡੀ ਜਾਂਦੀ ਹੋਲੀ ਨੂੰ ਨਿਰਮੂਲ ਸਿੱਧ ਕਰਨਾ ਹੈ ਤਾਂ ਜੋ ਸਾਡੇ ਬੱਚੇ ਆਪਣੇ ਵਿਲੱਖਣ ਧਾਰਮਿਕ ਅਸੂਲਾਂ ਨਾਲ਼ ਜੁੜਨ, ਨਾ ਕਿ ਆਪ ਹੀ ਇਸ ਦਿਨ ਮਨਮਤੀ ਕੰਮ ਕਰਦਿਆਂ, ਭੰਗ ਪੀਦਿਆਂ, ਇੱਕ ਦੂਜੇ ਉੱਤੇ ਰੰਗ ਸੁੱਟਦਿਆਂ ਆਪਣਾ ਜਲੂਸ ਕਢਾਉਂਦੇ ਰਹਿਣਾ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਇਤਿਹਾਸ ਵਿੱਚੋਂ ਇੱਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਸਤਿਗੁਰਾਂ ਨੇ ਆਪ ਜਾਂ ਉਨ੍ਹਾਂ ਦੇ ਸਿੱਖਾਂ ਨੇ ਕਦੇ ਰਵਾਇਤੀ ਹੋਲੀ ਖੇਡੀ ਹੋਵੇ।