29.7 C
Jalandhar
Tuesday, April 21, 2026
spot_img
Home Blog Page 151

ਮਾਮਲਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਨ ਨੂੰ ਖਾਲਿਸਤਾਨ ਪੱਖੀ ਦੱਸਣ ਦਾ

0

ਮਾਮਲਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਨ ਨੂੰ ਖਾਲਿਸਤਾਨ ਪੱਖੀ ਦੱਸਣ ਦਾ

ਸੁਆਰਥੀ ਕਿਰਦਾਰ ਵਾਲੇ ਸਿੱਖ ਆਗੂਆਂ ਤੋਂ ਵੱਡਾ ਸਿੱਖੀ ਦਾ ਦੁਸ਼ਮਨ ਹੋਰ ਕੋਈ ਨਹੀਂ ਹੋ ਸਕਦਾ।

ਕਿਰਪਾਲ ਸਿੰਘ (ਬਠਿੰਡਾ) 98554-80797

ਸਿਆਸੀ, ਖਾਸ ਕਰਕੇ ਸੁਆਰਥੀ ਕਿਰਦਾਰ ਵਾਲੇ ਸਿੱਖ ਆਗੂਆਂ ਤੋਂ ਵੱਡਾ ਸਿੱਖੀ ਦਾ ਦੁਸ਼ਮਨ ਹੋਰ ਕੋਈ ਨਹੀਂ ਹੋ ਸਕਦਾ ਜਿਨ੍ਹਾਂ ਨੇ ਆਪਣੇ ਨਿਜ ਸੁਆਰਥਾਂ ਲਈ ਸਿੱਖ ਜਜ਼ਬਾਤਾਂ ਅਤੇ ਬਹੁ ਗਿਣਤੀ ਤਬਕੇ ਦੀ ਕੁਟਲਿਤਾ ਦੀ ਹਮੇਸਾਂ ਰੱਜ ਕੇ ਦੁਰਵਰਤੋਂ ਕੀਤੀ ਹੈ। ਪੰਜਾਬ ਅਤੇ ਖਾਸ ਕਰਕੇ ਸਿੱਖਾਂ ਦੇ ਦੁਖਾਂਤ ਦਾ ਪਿਛੋਕੜ ਸੱਤਾ ਦੇ ਭੁੱਖੇ ਸਿਆਸੀ ਲੋਕਾਂ ਦੀ ਇਸ ਨਖਿੱਧ ਸੋਚ ਤੋਂ ਹੀ ਸ਼ੁਰੂ ਹੁੰਦਾ ਹੈ। ਅਕਾਲੀ ਦਲ ਦੀ ਹੋਂਦ ਸਿੱਖੀ ਸਿਧਾਂਤਾਂ ਨੂੰ ਲਾਗੂ ਕਰਨ ਵਿੱਚ ਆਉਣ ਵਾਲੀਆਂ ਸੰਭਾਵੀ ਰਾਜਨੀਤਕ ਰੁਕਾਵਟਾਂ ਦਾ ਮੁਕਾਬਲਾ ਕਰਨ ਦੇ ਟੀਚੇ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ, ਪਰ ਅਕਾਲੀ ਆਗੂਆਂ ਨੇ ਹਮੇਸ਼ਾਂ ਸਿੱਖ ਧਰਮ ਨੂੰ ਆਪਣੀਆਂ ਸਿਆਸੀ ਲਾਲਸਾਵਾਂ ਪੂਰੀਆਂ ਕਰਨ ਹਿੱਤ ਵਰਤਿਆ। ਅਜਾਦ ਭਾਰਤ ਦੇ ਅਣਵੰਡੇ ਪੂਰੇ ਪੰਜਾਬ ਵਿੱਚ ਗੁਰਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਨੂੰ ਲਾਜਮੀ ਵਿਸ਼ੇ ਦੇ ਤੌਰ ’ਤੇ ਪੜ੍ਹਾਏ ਜਾਣ ਅਤੇ ਸਰਕਾਰੀ ਕੰਮਕਾਰ ਪੰਜਾਬੀ ਭਾਸ਼ਾ ਵਿੱਚ ਕੀਤੇ ਜਾਣ ਦੀ ਮੰਗ ਪੂਰੀ ਕਰਵਾਉਣ ਦੀ ਥਾਂ ਪੰਜਾਬੀ ਬੋਲੀ ਦੇ ਅਧਾਰ ’ਤੇ ਵੱਖਰਾ ਪੰਜਾਬੀ ਸੂਬਾ ਬਣਾਉਣ ਲਈ ਮੋਰਚੇ ਲਾਏ ਗਏ, ਜਿਸ ਪਿੱਛੇ ਭਾਵਨਾ ਇਹ ਸੀ ਕਿ ਪੂਰੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਦੇ ਅਸਾਰ ਬਣਨ ਦੇ ਸੰਭਾਵਨਾ ਨਹੀਂ ਸੀ ਜਦੋਂ ਕਿ ਪੰਜਾਬੀ ਸੂਬੇ ਵਿੱਚ ਉਨ੍ਹਾਂ ਦੀ ਸਰਦਾਰੀ ਕਾਇਮ ਹੋ ਸਕਦੀ ਹੈ । ਆਰੀਆ ਸਮਾਜੀ ਹਿੰਦੂ ਆਗੂਆਂ ਤੇ ਕਾਂਗਰਸੀ ਆਗੂਆਂ ਨੇ ਇਸ ਮੰਗ ਦਾ ਵਿਰੋਧ ਕਰਦਿਆਂ ਹਿੰਦੂ ਭਾਵਨਾਵਾਂ ਨੂੰ ਭੜਕਾਇਆ ਤੇ ਪੰਜਾਬੀ ਬੋਲਦੇ ਹਿੰਦੂਆਂ ਨੂੰ ਵੀ ਆਪਣੀ ਮਾਂ ਬੋਲੀ (ਪੰਜਾਬੀ) ਤੋਂ ਮੁਨਕਰ ਹੋਣ ਲਈ ਉਤੇਜਿਤ ਕੀਤਾ ਗਿਆ ਜਿਸ ਦਾ ਸਿੱਟਾ ਲੰਬੇ ਸੰਘਰਸ਼ ਤੇ ਭਾਰੀ ਕੁਰਬਾਨੀਆਂ ਤੋਂ ਬਾਅਦ ਲੰਗੜੇ ਪੰਜਾਬੀ ਸੂਬੇ ਦੀ ਬਣਤਰ ਵਿੱਚ ਨਿਕਲਿਆ ਜਿਸ ਦੀ ਰਾਜਧਾਨੀ ਅਤੇ ਇੱਕੋ ਇੱਕ ਕੁਦਰਤੀ ਸੋਮੇ ਦਰਿਆਈ ਪਾਣੀਆਂ ਦਾ ਕੰਟਰੋਲ ਵੀ ਇਸ ਤੋਂ ਖੋਹ ਲਿਆ ਗਿਆ। ਇਨਸਾਫ ਪ੍ਰਾਪਤ ਕਰਨ ਲਈ ਅਕਾਲੀ ਦਲ ਨੇ ਮੋਰਚੇ ਲਾਏ ਜਿਸ ਵਿੱਚ ਕੁਝ ਧਾਰਮਿਕ ਮੰਗਾਂ ਰੱਖ ਕੇ ਇਸ ਨੂੰ ਧਰਮ ਯੁੱਧ ਮੋਰਚੇ ਦਾ ਨਾਮ ਦਿੱਤਾ ਗਿਆ। ਕਾਂਗਰਸੀ ਆਗੂਆਂ ਤੇ ਸਿੱਖ ਵਿਰੋਧੀ ਮਾਨਸਿਕਤਾ ਰੱਖਣ ਵਾਲਿਆਂ ਨੇ ਇਸ ਨੂੰ ਵੱਖਵਾਦ ਤੇ ਖ਼ਾਲਸਤਾਨ ਦੀ ਮੰਗ ਦੇ ਤੌਰ ’ਤੇ ਪ੍ਰਚਾਰ ਕੇ ਸਿੱਖਾਂ ਵਿਰੁੱਧ ਸਾਰੇ ਭਾਰਤ ਵਿੱਚ ਨਫਰਤ ਭਰੀ ਤੇ ਆਖਿਰ ਜੂਨ 1984 ’ਚ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਨਵੰਬਰ 1984 ’ਚ ਦਿੱਲੀ ਸਮੇਤ ਪੂਰੇ ਭਾਰਤ ਵਿੱਚ ਸਿੱਖ ਨਸਲਕੁਸ਼ੀ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਇਸ ਦਾ ਕਾਂਗਰਸ ਨੂੰ ਰਾਜਨੀਤਕ ਤੌਰ ’ਤੇ ਇਤਨਾ ਲਾਭ ਹੋਇਆ ਕਿ ਸਿਆਸਤ ਵਿੱਚ ਬਿਲਕੁਲ ਨਵੇਂ ਅਤੇ ਅਨਾੜੀ ਆਗੂ ਰਾਜੀਵ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੂੰ 1985 ’ਚ ਇਤਨਾ ਭਾਰੀ ਬਹੁਮਤ ਮਿਲਿਆ ਜਿਤਨਾ ਕਦੀ ਅਜਾਦੀ ਤੋਂ ਬਾਅਦ ਨਹਿਰੂ ਦੀ ਅਗਵਾਈ ਹੇਠ ਵੀ ਨਹੀਂ ਮਿਲਿਆ ਸੀ। ਕਾਂਗਰਸ ਦੀ ਇਸ ਪ੍ਰਾਪਤੀ ਨੇ ਹੀ ਘੱਟ ਗਿਣਤੀਆਂ ’ਤੇ ਦਮਨ ਕਰਕੇ ਬਹੁਗਿਣਤੀ ਦੇ ਅਸਲੀ ਰਾਖੇ ਹੋਣ ਦੇ ਭਰਮ ਪੈਦਾ ਕਰਕੇ ਉਨ੍ਹਾਂ ਦੀਆਂ ਵੋਟਾਂ ਦੇ ਸਹਾਰੇ ਰਾਜਨੀਤੀ ਦੇ ਸਿਖਰਲੇ ਡੰਡੇ ’ਤੇ ਪਹੁੰਚਣ ਦੀ ਘਟੀਆ ਨੀਤੀ ’ਤੇ ਸਿਆਸੀ ਮੋਹਰ ਲਾਈ ਜਿਸ ਦਾ ਉਸ ਤੋਂ ਬਾਅਦ ਭਾਜਪਾ ਖੂਬ ਲਾਹਾ ਲੈ ਰਹੀ ਹੈ। ਪਹਿਲਾਂ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਸਮੂਹਕ ਕਤਲੇਆਮ ਦੀ ਪੌੜੀ ’ਤੇ ਚੜ੍ਹ ਕੇ ਗੁਜਰਾਤ ਦਾ ਮੁੱਖ ਮੰਤਰੀ ਬਣਨਾ ਤੇ ਹੁਣ ਪ੍ਰਧਾਨ ਮੰਤਰੀ ਪਦ ’ਤੇ ਪਹੁੰਚਣ ਵਾਲਾ ਨਰਿੰਦਰ ਮੋਦੀ, ਜਿਸ ਦੀ ਟੀਮ ਵਿਚ ਹੁਣ ਮੁਸਲਮਾਨਾਂ ਵਿਰੁੱਧ ਜ਼ਹਿਰ ਉਗਲਣ ਵਾਲੇ ਅਦਿਤਿਆ ਨਾਥ ਜੋਗੀ ਦਾ ਯੂ.ਪੀ. ਦਾ ਮੁੱਖ ਮੰਤਰੀ ਬਣਨਾ ਇਸ ਦੀਆਂ ਉੱਘੀਆਂ ਤੇ ਨਵੀਆਂ ਉਦਾਹਰਨਾਂ ਹਨ।

ਇਸੇ ਦਮਨ ਨੀਤੀ ਦਾ ਸ਼ਿਕਾਰ ਪੰਜਾਬ ਹੈ। ਭਾਰੀ ਕੁਰਬਾਨੀਆਂ ਤੋਂ ਬਾਅਦ ਮਿਲੇ ਲੰਗੜੇ ਪੰਜਾਬੀ ਸੂਬੇ ਵਿੱਚ ਅੱਜ 50 ਸਾਲ ਬੀਤ ਜਾਣ ਉਪਰੰਤ ਵੀ ਪੰਜਾਬੀ ਭਾਸ਼ਾ ਦਾ ਵਿਕਾਸ ਤਾਂ ਕੀ ਹੋਣਾ ਸੀ ਸਗੋਂ 1966 ਤੋਂ ਪਹਿਲਾਂ ਵਾਲੀ ਸਥਿਤੀ ਤੋਂ ਵੀ ਕਈ ਗੁਣਾਂ ਵੱਧ ਨਿਘਾਰ ਹੋ ਗਿਆ ਤਾਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬੀ ਸੂਬੇ ਦੀ ਮੰਗ ਪਿੱਛੇ ਪੰਜਾਬੀ ਭਾਸ਼ਾ ਦਾ ਵਿਕਾਸ ਨਹੀਂ ਬਲਕਿ ਸਿਆਸੀ ਕਾਰਨ ਰਹੇ ਸਨ। ਦਰਬਾਰ ਸਾਹਿਬ ’ਤੇ ਅਟੈਕ ਤੋਂ ਬਾਅਦ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੀਆਂ ਧਾਰਮਿਕ ਭਾਵਨਾਂਵਾਂ ਸੱਚਮੁਚ ਹੀ ਜਖ਼ਮੀ ਹੋਈਆਂ ਜਾਂ ਇਸ ਪਿੱਛੇ ਕੁਝ ਹੋਰ ਰਾਜਨੀਤਕ ਕਾਰਨ ਸਨ ਜਿਸ ਕਾਰਨ ਉਨ੍ਹਾਂ ਨੇ ਇਸ ਰੋਸ ਵਿੱਚ ਕਾਂਗਰਸ ਦੀ ਮੁਢਲੀ ਮੈਂਬਰਸ਼ਿੱਪ ਅਤੇ ਲੋਕ ਸਭ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਤੇ ਕੁਝ ਸਮਾਂ ਆਪਣੀ ਵੱਖਰੀ ਪਾਰਟੀ ਬਣਾਉਣ ਪਿੱਛੋਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ। ਇਸ ਦੌਰਾਨ ਉਹ ਬਰਨਾਲਾ ਸਰਕਾਰ ਵਿੱਚ ਖੇਤਬਾੜੀ ਮੰਤਰੀ ਵੀ ਬਣਿਆ ਪਰ ਬਰਨਾਲਾ ਸਰਕਾਰ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲਿਸ ਭੇਜਣ ਦੇ ਰੋਸ ਵਜੋਂ ਮੰਤਰੀ ਮੰਡਲ ਵਿੱਚੋਂ ਅਸਤੀਫਾ ਦੇ ਦਿੱਤਾ। ਇਸ ਉਪਰੰਤ ਅਕਾਲੀ ਦਲ ਵਿੱਚ ਦਾਲ ਗਲਦੀ ਨਾ ਵੇਖ ਕੇ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਤੇ ਸੰਨ 2002 ਤੋਂ 2007 ਤੱਕ ਪੰਜਾਬ ਦਾ ਕਾਂਗਰਸੀ ਮੁੱਖ ਮੰਤਰੀ ਪਦ ਸੰਭਾਲਨ ਵਿੱਚ ਕਾਮਯਾਬ ਹੋ ਗਿਆ। ਇਸ ਦੌਰਾਨ 2004 ਵਿੱਚ ਵਿਧਾਨ ਸਭਾ ’ਚੋਂ ਟਰਮੀਨੇਸ਼ਨ ਆਫ ਪੰਜਾਬ ਵਾਟਰ ਐਗਰੀਮੈਂਟ ਐਕਟ-2004 ਪਾਸ ਕਰਵਾ ਕੇ ਅਤੇ ਪ੍ਰਸਾਸ਼ਨਿਕ ਤੌਰ ’ਤੇ ਪੰਜਾਬ/ਕਿਸਾਨ ਹਿਤੂ ਕੁਝ ਹੋਰ ਫੈਸਲੇ ਲੈਣ ਸਦਕਾ ਅਕਾਲੀ ਦਲ ਨੂੰ ਰਾਜਨੀਤਕ ਤੌਰ ’ਤੇ ਪਛਾੜ ਕੇ ਪੰਜਾਬੀਆਂ ਤੇ ਖ਼ਾਸ ਤੌਰ ’ਤੇ ਸਿੱਖਾਂ ਵਿੱਚ ਆਪਣੀ ਚੰਗੀ ਭੱਲ ਬਣਾ ਲਈ ਕਿ ਜਿਹੜੇ ਕੰਮ ਅਕਾਲੀ ਦਲ ਮੋਰਚੇ ਲਾ ਕੇ ਵੀ ਨਹੀਂ ਸੀ ਕਰਵਾ ਸਕੇ ਉਹ ਕੰਮ ਕੈਪਟਨ ਨੇ ਸਹਿਜੇ ਹੀ ਵਿਧਾਨ ਸਭਾ ਰਾਹੀਂ ਕਰ ਵਿਖਾਏ; ਪਰ ਕੈਪਟਨ ਦੇ ਇਸ ਦਲੇਰੀ ਭਰੇ ਕਦਮ ਨੇ ਕਾਂਗਰਸ ਹਾਈ ਕਮਾਂਡ ਸਾਹਮਣੇ ਉਸ ਦੇ ਨੰਬਰ ਘਟਾਏ ਜਿਸ ਦਾ ਨਤੀਜਾ ਅੱਜ ਤੱਕ ਕੈਪਟਨ ਨੂੰ ਭੁਗਤਣਾ ਪੈ ਰਿਹਾ ਹੈ। ਇਸੇ ਦੌਰਾਨ ਨਰਾਜ਼ ਸਿੱਖਾਂ ਦਾ ਮਨ ਜਿੱਤਣ ਲਈ ਉਹ 2005 ’ਚ ਕੈਨੇਡਾ ਗਿਆ ਜਿਥੇ ਉਸ ਨੇ ਇਕ ਮੀਟਿੰਗ ਨੂੰ ਸੰਬੋਧਨ ਕੀਤਾ ਜਿਸ ਪਿੱਛੇ “ਖ਼ਾਲਿਸਤਾਨ ਜਿੰਦਾਬਾਦ” ਦਾ ਬੈੱਨਰ ਲੱਗਾ ਹੋਇਆ ਸੀ ਤੇ ਕੁਝ ਖ਼ਾਲਿਸਤਾਨੀ ਸੋਚ ਵਾਲੇ ਆਗੂ ਵੀ ਉਸ ਮੀਟਿੰਗ ਵਿੱਚ ਬੈਠੇ ਨਜ਼ਰ ਆ ਰਹੇ ਹਨ। ਰਾਜਨੀਤਕ ਤੌਰ ’ਤੇ ਕੈਪਟਨ ਤੋਂ ਮਾਰ ਖਾ ਰਹੇ ਅਕਾਲੀ ਦਲ ਨੇ ਸਾਰੀ ਸ਼ਰਮ ਲਾਹ ਕੇ ਉਸ ਫੋਟੋ ਦਾ ਹਵਾਲਾ ਦੇ ਕੇ 2007 ਦੀਆਂ ਚੋਣਾਂ ਦੌਰਾਨ ਕੈਪਟਨ ਨੂੰ ਖਾਲਿਸਤਾਨ ਪੱਖੀ ਹੋਣ ਦਾ ਖ਼ੂਬ ਢੋਲ ਪਿੱਟਿਆ। ਪੰਜਾਬ ਵਿੱਚ ਕਾਂਗਰਸ ਦਾ ਵਜੂਦ ਪਹਿਲਾਂ ਹੀ ਖਤਮ ਹੋ ਚੁੱਕਾ ਸੀ ਅਤੇ ਕਾਂਗਰਸ ਦੀ ਇੱਛਾ ਦੇ ਵਿਰੁੱਧ ਅਤੇ ਹਾਈ ਕਮਾਂਡ ਨੂੰ ਬਿਨਾਂ ਭਰੋਸੇ ਵਿੱਚ ਲਿਆਂ ਕੈਪਟਨ ਵੱਲੋਂ “ਟਰਮੀਨੇਸ਼ਨ ਆਫ ਪੰਜਾਬ ਵਾਟਰ ਐਗਰੀਮੈਂਟ ਐਕਟ-2004” ਪਾਸ ਕਰਵਾਉਣ ਦੀ ਸਜਾ ਵਜੋਂ ਹੀ 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਨੂੰ ਪੂਰਾ ਸਹਿਯੋਗ ਨਾ ਦਿੱਤਾ ਤੇ ਨਾ ਹੀ ਅਜਾਦਾਨਾਂ ਤੌਰ ’ਤੇ ਕੰਮ ਕਰਨ ਦੀ ਆਗਿਆ ਦਿੱਤੀ ਜਿਸ ਕਾਰਨ ਅਕਾਲੀ ਦਲ-ਭਾਜਪਾ ਗੱਠਜੋੜ ਦਾ ਦਾਅ ਲੱਗਾ ਤੇ ਗੱਠਜੋੜ ਨੇ 10 ਸਾਲ ਪੰਜਾਬ ਨੂੰ ਖ਼ੂਬ ਲੁੱਟਿਆ ਤੇ ਕੁੱਟਿਆ।

ਇਸ ਸਮੇਂ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਗੱਠਜੋੜ ਤੋਂ ਪੂਰੀ ਤਰ੍ਹਾਂ ਤੰਗ ਆ ਜਾਣ ਕਰਕੇ ਤੀਸਰੇ ਬਦਲ ਦੀ ਭਾਲ ਵਿੱਚ ਸਨ ਜੋ ਉਨ੍ਹਾਂ ਨੂੰ ਕੇਜਰੀਵਾਲ ਦੀ ‘ਆਮ ਆਦਮੀ ਪਾਰਟੀ’ ਵਿੱਚ ਨਜਰ ਆਇਆ। ਇਸ ਕਾਰਨ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਤੇ ਉਨ੍ਹਾਂ ਵਿੱਚੋਂ ਵੀ ਵਿਸ਼ੇਸ਼ ਤੌਰ ’ਤੇ ਐੱਨ.ਆਰ.ਆਈਜ਼. ਵੱਲੋਂ ‘ਆਪ’ ਨੂੰ ਭਰਪੂਰ ਹੁੰਗਾਰਾ ਮਿਲਿਆ। ‘ਆਪ’ ਦੇ ਖਤਰੇ ਤੋਂ ਪੂਰੀ ਤਰ੍ਹਾਂ ਬੁਖਲਾਏ ਅਕਾਲੀ-ਭਾਜਪਾ ਤੇ ਕਾਂਗਰਸੀ ਆਗੂਆਂ ਨੇ ਕੇਜਰੀਵਾਲ ’ਤੇ ਖ਼ਾਲਿਸਤਾਨੀਆਂ ਨਾਲ ਮਿਲੇ ਹੋਣ ਦੇ ਝੂਠ ਨੂੰ ਖ਼ੂਬ ਪ੍ਰਚਾਰਿਆ। ਉੱਧਰ ਜਿੱਤ ਲਈ ‘ਆਪ’ ਹਾਈ ਕਮਾਂਡ ਦੇ ਓਵਰ ਕੌਨਫੀਡੈਂਸ ਨੇ; ਉਨ੍ਹਾਂ ਦੇ ਆਪਹੁਦਰਪਾਨ ਵਿੱਚ ਭਾਰੀ ਵਾਧਾ ਕੀਤਾ ਤੇ ਪੰਜਾਬ ਦੀ ਲੀਡਰਸ਼ਿੱਪ ਉਭਾਰਨ ਦੀ ਥਾਂ ਸਾਰੀ ਕਮਾਂਡ ਦਿੱਲੀ ਤੋਂ ਆਏ ਦੋ ਕਮਾਂਡਰਾਂ ਤੇ 52 ਅਬਜ਼ਰਬਰਾਂ ਦੇ ਹੱਥ ਸੌਂਪ ਕੇ ਪੰਜਾਬੀ ਆਗੂਆਂ ਨੂੰ ਬਿਲਕੁਲ ਨਿੱਸਲ ਕਰ ਦਿੱਤਾ ਗਿਆ ਜਿਸ ਕਾਰਨ ਪੰਜਾਬੀਆਂ ਵਿੱਚ ਉਨ੍ਹਾਂ ਦੀ ਭਰੋਸੇਯੋਗਤਾ ਨਾ ਬਣਾ ਸਕੀ। ਉੱਧਰ ਸਾਰੇ ਦੇਸ਼ ਵਿੱਚੋਂ ਕਾਂਗਰਸ ਦੇ ਪੈਰ ਪੂਰੀ ਤਰ੍ਹਾਂ ਉੱਖੜ ਜਾਣ ਕਰਕੇ ਉਨ੍ਹਾਂ ਲਈ ਪੁਨਰ ਸੁਰਜੀਤੀ ਕੇਵਲ ਪੰਜਾਬ ਵਿੱਚ ਹੀ ਨਜਰ ਆਈ, ਇਸ ਲਈ ਮਜਬੂਰੀ ਵੱਸ ਉਨ੍ਹਾਂ ਨੇ ਪੂਰੀਆਂ ਤਾਕਤਾਂ ਨਾਲ ਲੈਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪੰਜਾਬ ਦੇ ਕੈਪਟਨ ਵਜੋਂ ਪੇਸ਼ ਕੀਤਾ। ਤਿੰਨ ਧਿਰੀ ਮੁਕਾਬਲੇ ਵਿੱਚ ਪੰਜਾਬੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਹੀ ਬਿਹਤਰ ਵਿਕਲਪ ਨਜਰ ਆਇਆ ਜਿਸ ਕਾਰਨ ਉਸ ਨੇ 117 ਵਿੱਚੋਂ 77 ਸੀਟਾਂ ਹਾਸਲ ਕਰਕੇ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਦੇ ਹੁਣ ਤੱਕ ਦੇ ਸਾਰੇ ਰੀਕਾਰਡ ਤੋੜ ਦਿੱਤੇ। ਇਸ ਜਿੱਤ ਲਈ ਪੰਜਾਬੀਆਂ ਦਾ ਧੰਨਵਾਦ ਕਰਨ ਦੀ ਬਜਾਏ ਕੈਪਟਨ ਨੂੰ ਡਰ ਵੱਢ ਵੱਢ ਖਾਣ ਲੱਗ ਪਿਆ ਕਿ ਮਤਾ 2004-2005 ਦੇ ਐਪੀਸੋਡ ਵਾਂਗ ਕਾਂਗਰਸ ਹਾਈ ਕਮਾਂਡ ਵਿੱਚ ਉਸ ਦੇ ਨੰਬਰ ਘਟ ਹੀ ਨਾ ਜਾਣ ਜਾਂ ਖਾਲਿਸਤਾਨ ਪੱਖੀ ਹੋਣ ਦਾ ਲੈਵਲ ਲਾ ਕੇ ਮੋਦੀ ਸਰਕਾਰ ਉਨ੍ਹਾਂ ਨੂੰ ਜਿੱਚ ਨਾ ਕਰ ਦੇਵੇ ਇਸ ਡਰੋਂ ਕੇਵਲ ਸਿੱਖਾਂ ਦਾ ਪ੍ਰਤੀਨਿਧ ਅਖਵਾਉਣ ਨਾਲੋਂ ਕੌਮੀ ਮੁੱਖਧਾਰਾ ਦਾ ਲੀਡਰ ਅਖਵਾਉਣ ਦੀ ਦੌੜ ਵਿੱਚ ਉਸ ਨੇ ਕੈਨੇਡਾ ਦੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਨ ਨੂੰ ਖ਼ਾਲਿਸਤਾਨੀ ਪੱਖੀ ਦੱਸ ਕੇ ਉਸ ਦੇ ਪੰਜਾਬ ਦੌਰੇ ਦੌਰਾਨ ਉਸ ਨੂੰ ਮਿਲਣ ਤੋਂ ਨਾਂ ਕਰਨ ਦੀ ਬੱਜਰ ਗਲਤੀ ਕਰ ਦਿੱਤੀ।

ਕੈਪਟਨ ਦਾ ਇਹ ਘਟੀਆ ਬਿਆਨ ਇਸ ਸੋਚ ਦੀ ਉਪਜ ਪ੍ਰਤੀਤ ਹੁੰਦੀ ਹੈ ਕਿ ਇਸ ਸਮੇਂ ਪੂਰੇ ਦੇਸ਼ ਵਿੱਚ ਅੱਤਵਾਦ-ਵੱਖਵਾਦ ਦਾ ਹਊਆ ਪੈਦਾ ਕਰਕੇ ਘੱਟ ਗਿਣਤੀਆਂ ਤੇ ਖਾਸ ਕਰਕੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਕੇ ਭਾਜਪਾ ਬਹੁਗਿਣਤੀ ਦਾ ਭਰਪੂਰ ਸਮਰਥਨ ਲੈਣ ਵਿੱਚ ਕਾਮਯਾਬ ਹੋ ਰਹੀ ਹੈ। ਇਸ ਕਾਰਨ ਕੈਪਟਨ ਆਪਣੇ ਆਪ ਨੂੰ ਵੱਖਵਾਦ ਤੋਂ ਦੂਰ ਰੱਖ ਕੇ ਕਾਂਗਰਸ ਤੇ ਭਾਜਪਾ ਦੋਵਾਂ ਨੂੰ ਖੁਸ਼ ਰੱਖਣ ਦਾ ਢੌਂਗ ਰਚ ਰਿਹਾ ਜਾਪਦਾ ਹੈ। ਉਹ ਇਹ ਨਹੀਂ ਜਾਣਦਾ ਕਿ ਕੋਈ ਵੀ ਨਾ ਜਨਮ ਤੋਂ ਵੱਖਵਾਦੀ ਹੁੰਦਾ ਹੈ ਤੇ ਨਾ ਹੀ ਅਤਵਾਦੀ। ਹਾਂ ਇਹ ਜਰੂਰ ਹੈ ਕਿ ਸਿਆਸੀ ਨੇਤਾਵਾਂ ਦੀ ਸੌੜੀ ਸੋਚ; ਕੁਝ ਵਿਅਕਤੀਆਂ ਖਾਸ ਕਰਕੇ ਘੱਟ ਗਿਣਤੀਆਂ ਨੂੰ ਇਸ ਰਾਹ ਪੈਣ ਲਈ ਮਜਬੂਰ ਜ਼ਰੂਰ ਕਰ ਦਿੰਦੀ ਹੈ। ਅੰਦਾਜ਼ਾ ਲਾਓ ਕਿ ਜਦੋਂ ਕੋਈ ਵੀ ਰਾਜਨੀਤਿਕ, ਵਿਧਾਨਿਕ, ਪ੍ਰਸ਼ਾਸਨਿਕ ਤੇ ਨਿਆਇਕ ਪ੍ਰਣਾਲੀ ਘੱਟ ਗਿਣਤੀਆਂ ਨੂੰ ਇਨਸਾਫ ਨਾ ਦੇਵੇ ਜਿਸ ਤਰ੍ਹਾਂ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ; ਸਾਰੇ ਰਾਸ਼ਟਰੀ ਤੇ ਅੰਤਰਾਸ਼ਟਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਲਗਾਤਾਰ ਜਾਰੀ ਹੈ ਤੇ ਕਿਧਰੇ ਵੀ ਸੁਣਵਾਈ ਨਹੀਂ ਹੈ; ਆਪਣਾ ਹੱਕ ਮੰਗ ਰਹੇ ਸਿੱਖਾਂ ਨੂੰ ਰਾਜਨੀਤਕ ਤੌਰ ’ਤੇ ਅਲੱਗ-ਥਲੱਗ ਕਰਨ ਲਈ ਜਿਸ ਵੀ ਪਾਰਟੀ ਦਾ ਉਹ ਸਾਥ ਦੇਣ ਲਈ ਅੱਗੇ ਆਉਣ ਤਾਂ ਦੂਸਰੀਆਂ ਵਿਰੋਧੀ ਪਾਰਟੀਆਂ ਉਸ ਪਾਰਟੀ ਨੂੰ ਹੀ ਖਾਲਿਸਤਾਨੀਆਂ ਦਾ ਸਾਥ ਪ੍ਰਾਪਤ ਕਰਨ ਦੇ ਦੋਸ਼ ਲਾ ਕੇ ਬਦਨਾਮ ਕਰਨ ’ਤੇ ਤੁਲ ਜਾਣ। ਇਸ ਘਟੀਆ ਸੋਚ ਤੋਂ ਖੁਦ ਸਿੱਖਾਂ ਦੀ ਨੁੰਮਾਇੰਦਾ ਜਮਾਤ ਅਖਵਾਉਣ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਦੇ ਆਗੂ ਵੀ ਪਿੱਛੇ ਨਹੀਂ ਰਹੇ ਕਿਉਂਕਿ ਉਹ ਵੀ ਪਹਿਲਾਂ 2007 ਵਿੱਚ ਕੈਪਟਨ ਅਤੇ ਹੁਣ 2017 ਦੀਆਂ ਚੋਣਾਂ ਦੌਰਾਨ ਕੇਜਰੀਵਾਲ ਉਪਰ ਖਾਲਿਸਤਾਨੀਆਂ ਨਾਲ ਮਿਲੇ ਹੋਣ ਦੇ ਦੋਸ਼ ਲਾ ਚੁੱਕੇ ਹਨ। ਹੁਣ ਕੈਪਟਨ ਜਿਸ ਨੂੰ ਬਾਦਲ ਨਾਲੋਂ ਚੰਗਾ ਸਿੱਖ ਹੋਣ ਦਾ ਮਾਨ ਪ੍ਰਾਪਤ ਹੋ ਰਿਹਾ ਸੀ, ਉਹ ਵੀ ਇਸੇ ਰੋਗ ਤੋਂ ਪੀੜਤ ਜਾਪਿਆ ਜਦੋਂ ਉਸ ਨੇ ਚੋਣਾਂ ਤੋਂ ਪਹਿਲਾਂ ਕੇਜਰੀਵਾਲ ’ਤੇ ਖਾਲਸਤਾਨੀਆਂ ਨਾਲ ਮਿਲੇ ਹੋਣ ਦੇ ਨਿਰਅਧਾਰ ਦੋਸ਼ ਲਾਏ ਤੇ ਹੁਣ ਕੈਨੇਡਾ ਦੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਨ ਨੂੰ ਖਾਲਿਸਤਾਨੀ ਪੱਖੀ ਦੱਸ ਕੇ ਮਿਲਣ ਤੋਂ ਨਾਂਹ ਕਰਕੇ ਆਪਣੇ ਸਿਆਸੀ ਦਿਵਾਲੀਆਪਨ ਦਾ ਪ੍ਰਗਟਾਵਾ ਕਰ ਬੈਠਾ। ਜਿਸ ਸਮੇਂ ਕੈਨੇਡਾ ਸਰਕਾਰ ਵੱਲੋਂ ਵੈਸਾਖੀ ਨੂੰ ਸਿੱਖਾਂ ਦੇ ਕੌਮੀ ਤਿਉਹਾਰ ਵਜੋਂ ਮਾਣਤਾ ਦੇਣ ਦੇ ਫੈਸਲੇ ਨਾਲ ਵਿਸ਼ਵਭਰ ਵਿੱਚ ਸਿੱਖਾਂ ਦੇ ਮਾਨ ਸਨਮਾਨ ਵਿੱਚ ਵਾਧਾ ਹੋ ਰਿਹਾ ਸੀ ਉਸੇ ਸਮੇਂ ਪੰਜਾਬ ਦੇ ਦੌਰੇ ਲਈ ਪਹੁੰਚੇ ਕੈਨੇਡਾ ਦੇ ਰੱਖਿਆ ਮੰਤਰੀ ਨੂੰ ਖ਼ਾਲਿਸਤਾਨ ਪੱਖੀ ਦੱਸ ਕੇ ਪੰਜਾਬ ਦੇ ਸਿੱਖ ਮੁੱਖ ਮੰਤਰੀ ਵੱਲੋਂ ਮਿਲਣ ਤੋ ਨਾਂਹ ਕਰਕੇ ਵਿਸ਼ਵਭਰ ਵਿੱਚ ਵਸਦੇ ਸਿੱਖਾਂ ਅਤੇ ਸਿੱਖਾਂ ਨਾਲ ਹਮਦਰਦੀ ਵਿਖਾਉਣ ਵਾਲੀਆਂ ਵਿਦੇਸ਼ੀ ਸਰਕਾਰਾਂ ਨੂੰ ਬਦਨਾਮ ਕਰਨਾ ਹੋਰ ਵੀ ਦੁਖਦਾਈ ਹੈ।

‘ਆਪ’ ਦੇ ਸਮਰਥਕ ਸਮਝ ਕੇ ਭਾਈ ਪੰਥਪ੍ਰੀਤ ਸਿੰਘ ਤੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਆਦਿ ਸਿੱਖਾਂ ਨੂੰ ਅੱਤਵਾਦੀ ਦੱਸ ਕੇ ਹਿੰਦੂਆਂ ਵਿੱਚ ਬਦਨਾਮ ਕਰਨ ਵਾਲਾ ਕੈਪਟਨ ਅਮਰਿੰਦਰ ਸਿੰਘ ਜਿਹੜਾ ਖੁਦ ਉਸ ਸਮੇਂ ਅੱਤਵਾਦੀ ਦੱਸੇ ਜਾ ਰਹੇ ਭਿੰਡਰਾਂਵਾਲੇ ਤੇ ਉਸ ਦੇ ਸਮਰਥਕਾਂ ਨੂੰ ਮਾਰਨ/ਕਾਬੂ ਕਰਨ ਲਈ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰਨ ਦੇ ਰੋਸ ਵਜੋਂ ਪਹਿਲਾਂ ਕਾਂਗਰਸ ਵਿੱਚੋਂ ਤੇ ਬਾਅਦ ਵਿੱਚ ਪੁਲਿਸ ਦਾਖ਼ਲੇ ਦੇ ਵਿਰੋਧ ਵਿੱਚ ਬਰਨਾਲਾ ਸਰਕਾਰ ਤੋਂ ਅਸਤੀਫਾ ਦੇਣ ਪਿੱਛੋਂ ਵੀ ਖਾਲਿਸਤਾਨੀ ਸਮਰਥਕ ਨਹੀਂ ਬਣਿਆ, ਖ਼ਾਲਿਸਤਾਨ ਦੇ ਸਭ ਤੋਂ ਵੱਡੇ ਸਮਰਥਕ ਸਿਮਰਨਜੀਤ ਸਿੰਘ ਮਾਨ ਨਾਲ ਮਿਲ ਕੇ ਅੰਮ੍ਰਿਤਸਰ ਐਲਾਨਨਾਮੇ ’ਤੇ ਦਸਤਖ਼ਤ ਕਰਕੇ ਵੀ ਉਹ ਖ਼ਾਲਿਸਤਾਨੀ ਨਹੀਂ ਬਣਿਆ, ਖ਼ਾਲਿਸਤਾਨ ਦੇ ਬੈੱਨਰ ਹੇਠ ਖ਼ਾਲਿਸਤਾਨੀਆਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਕੇ ਵੀ ਖ਼ਾਲਿਸਤਾਨੀ ਨਹੀਂ ਬਣਿਆ। ਦੂਸਰੇ ਪਾਸੇ ਭਿੰਡਰਾਂਵਾਲੇ ਦੇ ਉਤਰਾਧਿਕਾਰੀ ਹਰਨਾਮ ਸਿੰਘ ਧੁੰਮਾਂ ਨਾਲ ਗੱਠਜੋੜ ਦੇ ਬਾਵਜੂਦ ਅਤੇ ਭਿੰਡਰਾਂਵਾਲੇ ਦੇ ਕਈ ਸਾਬਕਾ ਸਾਥੀਆਂ ਨੂੰ ਵਿਧਾਇਕ ਤੇ ਕਈ  ਹੋਰਨਾਂ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਵਿੱਚ ਉੱਚ ਅਹੁੱਦੇ ਦੇਣ ਦੇ ਬਾਵਜੂਦ ਬਾਦਲ ਖਾਲਿਸਤਾਨ ਪੱਖੀ ਨਹੀਂ ਬਣਿਆ। ਤੀਸਰੇ ਪਾਸੇ ਨਿਰੋਲ ਗੁਰਬਾਣੀ ਦੇ ਅਧਾਰ ’ਤੇ ਪ੍ਰਚਾਰ ਕਰ ਰਹੇ ਸਿੱਖ ਪ੍ਰਚਾਰਕਾਂ/ਚਿੰਤਕਾਂ ਜਿਨ੍ਹਾਂ ਨੇ ਅੱਜ ਤੱਕ ਕਦੀ ਵੀ ਨਾ ਖ਼ਾਲਿਸਤਾਨ ਦੀ ਮੰਗ ਰੱਖੀ ਹੈ ਤੇ ਨਾ ਹੀ ਕਦੀ ਹਥਿਆਰ ਚੁੱਕ ਲੈਣ ਲਈ ਉਕਸਾਇਆ ਹੈ; ਸਗੋਂ ਅਜਿਹੀ ਬਿਆਨਬਾਜ਼ੀ ਕਰਨ ਵਾਲੇ ਸਿੱਖ ਆਗੂਆਂ ਤੋਂ ਹਮੇਸ਼ਾਂ ਕਿਨਾਰਾ ਕਰਕੇ ਰੱਖਿਆ ਹੈ ਅਤੇ ਬੁਰਿਆਈ ਦੇ ਟਾਕਰੇ ਲਈ ਗੁਰੂ ਦੇ ਸ਼ਬਦ ਨੂੰ ਸਭ ਤੋਂ ਵੱਡਾ ਹਥਿਆਰ ਦੱਸਦੇ ਆ ਰਹੇ ਹਨ; ਇਸ ਦੇ ਬਾਵਯੂਦ ਉਹ ਜੇ ਉਹੀ ਕੈਪਟਨ ਤੇ ਬਾਦਲ ਆਦਿ ਆਗੂ ਅਜੇਹੇ ਪ੍ਰਚਾਰਕਾਂ/ਚਿੰਤਕਾਂ ਤੇ ਐੱਨ.ਆਰ.ਆਈਜ਼. ਨੂੰ ਕੇਵਲ ‘ਆਪ’ ਦੇ ਸਮਰਥਕ ਸਮਝ ਕੇ ਕੇਜਰੀਵਾਲ ’ਤੇ ਖ਼ਾਲਿਸਤਾਨੀ ਪੱਖੀ ਜਾਂ ਗਰਮ ਧੜੇ ਦੇ ਸਿੱਖ ਆਗੂਆਂ ਨਾਲ ਮਿਲੇ ਹੋਣ ਦਾ ਦੋਸ਼ ਲਾਉਣ ਤਾਂ ਇਸ ਨਾਲ ਸੰਦੇਸ਼ ਇਹ ਜਾਂਦਾ ਹੈ ਕਿ ਇਨ੍ਹਾਂ ਸੌੜੀ ਸਿਆਸਤ ਵਾਲੇ ਸਿੱਖ ਆਗੂਆ ਦੀ ਨਜਰ ਵਿੱਚ ਧੁੰਮੇ ਵਰਗਾ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਾ ਮਨੁੱਖ ਅੱਤਵਾਦੀ ਜਾਂ ਗਰਮ ਖਿਆਲੀ ਸਿੱਖ ਨਹੀਂ ਸਗੋਂ ਕੇਵਲ ਸ਼ਬਦ ਗੁਰੂ ਦਾ ਪ੍ਰਚਾਰ ਕਰਨ ਵਾਲੇ ਸਿੱਖ ਪ੍ਰਚਾਰਕ ਗਰਮ ਖਿਆਲੀ ਹਨ। ਇਹੀ ਖਿਆਲ ਹਿੰਦੂ-ਸਿੱਖ ਭਾਈਚਾਰੇ ਦੇ ਸਬੰਧਾਂ ਵਿੱਚ ਤ੍ਰੇੜਾਂ ਪੈਦਾ ਕਰਨ ਵਾਲਾ ਸਿੱਧ ਹੁੰਦਾ ਹੈ।

ਦੁੱਖ ਇਸ ਗੱਲ ਦਾ ਹੈ ਕਿ ਬਾਦਲ ਨਾਲੋਂ ਚੰਗਾ ਸਿੱਖ ਸਮਝਿਆ ਜਾਂਦਾ ਕੈਪਟਨ ਵੀ ਇਸੇ ਸੋਚ ਅਧੀਨ ਕੈਨੇਡਾ ਵਰਗੇ ਦੇਸ਼ ਦੇ ਰੱਖਿਆ ਮੰਤਰੀ ਨੂੰ ਕੇਵਲ ਸਿੱਖ ਹੋਣ ਕਾਰਨ ਮਿਲਣ ਤੋਂ ਨਾਂਹ ਕਰਨ ਨੂੰ ਤਰਜੀਹ ਦੇਣ ਸਮੇਂ ਇਸ ਗੱਲ ਦਾ ਭੋਰਾ ਭਰ ਵੀ ਧਿਆਨ ਨਾ ਰੱਖੇ ਕਿ ਉਸ ਦੇ ਇਸ ਬਿਆਨ ਨਾਲ ਵਿਸ਼ਵ ਭਰ ਵਿੱਚ ਵਸੇ ਸਿੱਖਾਂ ਦੀ ਸ਼ਾਖ ਨੂੰ ਕਿੰਨਾਂ ਧੱਕਾ ਲਗੇਗਾ; ਤਾਂ ਸਿੱਖਾਂ ਕੋਲ ਵੱਖਵਾਦ ਦੇ ਰਾਹ ਪੈਣ ਤੋਂ ਇਲਾਵਾ ਹੋਰ ਕਿਹੜਾ ਰਾਹ ਰਹਿ ਜਾਵੇਗਾ। ਮੈਂ ਸਮਝਦਾ ਹਾਂ ਕਿ ਵੱਖਵਾਦ ਦੀ ਸੋਚ ਪੈਦਾ ਕਰਨ ਪਿੱਛੇ ਅਸਲ ਵਿੱਚ ਸਿਆਸੀ ਆਗੂਆਂ ਤੇ ਖਾਸ ਕਰਕੇ ਆਪਣੇ ਹੀ ਧਰਮ ਨੂੰ ਮੰਨਣ ਵਾਲੇ ਸੁਆਰਥੀ ਸੋਚ ਵਾਲੇ ਆਗੂਆਂ ਦਾ ਹੱਥ ਹੈ। ਸਾਰੇ ਧਰਮ ਨਿਰਪੱਖ, ਸਮਾਜ ਸੇਵੀ ਸੰਸਥਾਵਾਂ, ਜਮਹੂਰੀ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਚਾਹੀਦਾ ਹੈ ਕਿ ਅਸਲ ਦੇਸ਼ ਭਗਤੀ ਇਸੇ ਵਿੱਚ ਹੈ ਕਿ ਕਿਸੇ ਖਾਸ ਇੱਕ ਧਰਮ ਦੇ ਵਿਅਕਤੀਆਂ ਨੂੰ ਵੱਖਵਾਦੀ, ਅੱਤਵਾਦੀ ਤੇ ਦੇਸ਼ ਧ੍ਰੋਹੀ ਦਾ ਲੈਵਲ ਲਾ ਕੇ ਬਦਨਾਮ ਕਰਕੇ ਆਪਣੀ ਰਾਜਨੀਤੀ ਚਮਕਾਉਣ ਵਾਲੇ ਸੁਆਰਥੀ ਆਗੂਆਂ ਨੂੰ ਮੂੰਹ ਨ ਲਾਇਆ ਜਾਵੇ ਤਾਂ ਕਿ ਇਨ੍ਹਾਂ ਤੋਂ ਤੰਗ ਆ ਕੇ ਵੱਖਵਾਦ ਦੇ ਰਾਹ ਪਏ ਵਿਅਕਤੀਆਂ ਨੂੰ ਇਨ੍ਹਾਂ ਦੀ ਨੀਤੀ ਨੂੰ ਅਧਾਰ ਬਣਾ ਕੇ ਆਪਣੇ ਹੋਰ ਭਰਾਵਾਂ ਨੂੰ ਬਰਗਲਾਉਣ ਦਾ ਬਹਾਨਾ ਨਾ ਮਿਲ ਸਕੇ ਤੇ ਦੇਸ਼ ਦੇ ਸਾਰੇ ਸ਼ਹਿਰੀ ਬਿਨਾਂ ਕਿਸੇ ਜਾਤ, ਧਰਮ ਤੇ ਲਿੰਗ ਦੇ ਵਿਤਕਰੇ ਦੇ ਬਰਾਬਰ ਦੇ ਸ਼ਹਿਰੀ ਹੋਣ ਦੇ ਸਵੈਮਾਨ ਨਾਲ ਆਪਣੇ ਦੇਸ਼ ਨੂੰ ਗੌਰਵ ਨਾਲ ਆਪਣਾ ਦੇਸ਼ ਕਹਿ ਸਕਣ।

ਨਾਮ ਕੀ ਹੈ ਤੇ ਕਿਵੇਂ ਜਪੀਏ, ਕੀ ਵਾਹਿਗੁਰੂ-ਵਾਹਿਗੁਰੂ ਜਪਣਾ ਗੁਰਮਤਿ ਅਨੁਸਾਰੀ ਹੈ ?

2

ਨਾਮ ਕੀ ਹੈ ਤੇ ਕਿਵੇਂ ਜਪੀਏ, ਕੀ ਵਾਹਿਗੁਰੂ-ਵਾਹਿਗੁਰੂ ਜਪਣਾ ਗੁਰਮਤਿ ਅਨੁਸਾਰੀ ਹੈ ?

ਗਿਆਨੀ ਅਵਤਾਰ ਸਿੰਘ

ਸਿੱਖ ਦੀ ਆਮ ਧਾਰਨਾ ਹੈ ਕਿ ਨਾਮ ਦਾ ਅਰਥ ਰੱਬੀ ਗੁਣ ਹੈ, ਪਰ ਗੁਰੂ ਅਮਰਦਾਸ ਜੀ ਦੇ ਵਚਨ ਹਨ ਕਿ ‘‘ਸਦਾ ਸਿਫਤਿ ਸਲਾਹ ਤੇਰੀ; ਨਾਮੁ ਮਨਿ ਵਸਾਵਏ ॥’’ (ਮ: ੩/੯੧੭) ਭਾਵ ਰੱਬੀ ਸਿਫ਼ਤ ਕਰਨ ਉਪਰੰਤ ਹਿਰਦੇ ਵੱਸਣ ਵਾਲਾ ਨਾਮ, ਉਸ ਦਾ ਪ੍ਰਭਾਵ, ਮਹੱਤਵ, ਵੱਡਾਪਣ ਹੀ ਹੋ ਸਕਦਾ ਹੈ, ਇੱਥੇ ਨਾਮ ਦਾ ਅਰਥ ਪ੍ਰਭਾਵ’ ਸਹੀ ਰਹੇਗਾ।

ਸੁਖਮਨੀ ਸਾਹਿਬ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੁਆਰਾ ਸ਼ਬਦ ਨਾਮ’ ਦੇ ਅਰਥ ਜਾਗਰੂਕਤਾ ਵਧੇਰੇ ਦਰੁਸਤ ਜਾਪਦਾ ਹੈ ਕਿਉਂਕਿ ਜਿੱਥੇ ਮਾਤਾ, ਪਿਤਾ, ਆਦਿ ਪਰਵਾਰਿਕ ਸਹਾਇਕ ਨਾ ਹੋਵੇ ਉਥੇ ਬੰਦੇ ਦੀ ਆਪਣੀ ਸਿਆਣਪ ਹੀ ਕੰਮ ਆਉਂਦੀ ਹੈ; ਜਿਵੇਂ ‘‘ਜਹ; ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ! ਊਹਾ ਨਾਮੁ ਤੇਰੈ ਸੰਗਿ; ਸਹਾਈ ॥ (ਮ: ੫/੨੬੪)

ਜਪੁ ਬਾਣੀ ਵਿੱਚ ਦਰਜ ਨਾਮ ਸ਼ਬਦ ਦਾ ਸੰਕੇਤ ਕਈ ਥਾਵਾਂ ਵਿੱਚ ਵੱਸਣ ਵੱਲ ਹੈ, ਇਸ ਲਈ ਤੁਕ ’ਚ ਨਾਮ ਦੇ ਅਰਥ ਜੂਨਾਂ ਕਰਨਾ ਲਾਭਕਾਰੀ ਰਹੇਗਾ ‘‘ਅਸੰਖ ਨਾਵ; ਅਸੰਖ ਥਾਵ ॥’’(ਜਪੁ, ਮ: ੧/੪)

ਸੁਖਮਨੀ ਸਾਹਿਬ ਵਿੱਚ ਹੀ ਦਰਜ ਹੈ ‘‘ਨਾਮ ਕੇ ਧਾਰੇ; ਸਗਲੇ ਜੰਤ ॥’’ (ਮ: ੫/੨੮੪) ਪ੍ਰਸੰਗ ਮੁਤਾਬਕ ਇੱਥੇ ਨਾਮ ਦਾ ਅਰਥ ਰੱਬ ਜਾਂ ਉਸ ਦਾ ਹੁਕਮ ਸਹੀ ਰਹੇਗਾ, ਆਦਿ।

ਪਰ ਸਭ ਤੋਂ ਵੱਡਾ ਸਵਾਲ ਹੈ ਕਿ ਉਹ ਕਿਹੜਾ ਨਾਮ ਹੈ ਜਿਸ ਦੇ ਜਪਣ ਵੱਲ ਵਾਰ-ਵਾਰ ਸੰਕੇਤ ਕੀਤਾ ਜਾਂਦਾ ਹੈ ? ਇਸ ਦਾ ਜਵਾਬ ਹੈ ਕਿ ‘ਨ’ ਨੂੰ ਲੱਗਿਆ ਕੰਨਾ ਅਤੇ ‘ਮ’ ਨਾਲ਼ ਬਣਿਆ ਸ਼ਬਦ (ਨਾਮ) ਜਪਣ ਦਾ ਪ੍ਰਤੀਕ ਹੀ ਨਹੀਂ ਭਾਵ ਨਾਮ-ਨਾਮ-ਨਾਮ ਜਾਂ ਗੁਣ-ਗੁਣ-ਗੁਣ ਨਹੀਂ ਕੀਤਾ ਜਾ ਸਕਦਾ।

ਦਰਅਸਲ ਕਿਰਤਮ ਨਾਮ ਭਾਵ ਮਨੁੱਖਾਂ ਦੁਆਰਾ ਅਦਿ੍ਰਸ਼ ਸ਼ਕਤੀ ਦੇ ਬਣਾਏ ਗਏ ਨਾਮ; ਜਿਵੇਂ ਜਦ ਮਨੁੱਖ ਨੇ ਆਪਣੇ ਆਪ ਨੂੰ ਮਾਇਆ ਮੋਹ ਅਧੀਨ ਮੰਨ ਲਿਆ ਤਾਂ ਅਦ੍ਰਿਸ਼ ਸ਼ਕਤੀ ਦਾ ਇੱਕ ਨਾਮ ‘ਨਿਰਜੰਜਾਲ, ਨਿਰਮੋਹ, ਨਿਰਲੇਪ, ਨਿਰਮਲ, ਆਦਿ ਬਣਾ ਲਿਆ। ਚੇਤੇ ਰਹੇ ਕਿ ਭਾਸ਼ਾਈ ਨਿਯਮਾਂ ਮੁਤਾਬਕ ਇਹ ਤਮਾਮ ਸ਼ਬਦ ਨਾਂਵ ਹੁੰਦੇ ਹਨ ਪਰ ਵੈਸੇ ਇਹ ਵਿਸ਼ੇਸ਼ਣ (ਕਿਰਤਮ) ਹੁੰਦੇ ਹਨ, ਜਿਨ੍ਹਾਂ ਰਾਹੀਂ ਅਕਾਲ ਪੁਰਖ ਦੇ ਗੁਣ ਪ੍ਰਗਟ ਹੋਣ। ਇਨ੍ਹਾਂ ਨੂੰ ਜਪਣਾ, ਚੇਤੇ ਕਰਨਾ ਹੀ ਨਾਮ ਜਪਣਾ ਜਾਂ ਸਿਮਰਨ ਕਰਨਾ ਹੈ, ਇਨ੍ਹਾਂ ਦੀ ਗਿਣਤੀ ਅਗਰ ਸਾਰੇ ਸਮੁੰਦਰ ਨੂੰ ਸਿਆਹੀ ਬਣਾ ਲਈਏ ਤੇ ਸਾਰੀ ਬਨਸਪਤੀ ਨੂੰ ਕਲਮ ਤਾਂ ਵੀ ਪੂਰਨ ਨਹੀਂ ਹੋ ਸਕਦੀ ‘‘ਕਬੀਰ ! ਸਾਤ ਸਮੁੰਦਹਿ (ਨੂੰ) ਮਸੁ (ਸਿਆਹੀ) ਕਰਉ, ਕਲਮ ਕਰਉ ਬਨਰਾਇ (ਬਨਸਪਤੀ)॥ ਬਸੁਧਾ (ਧਰਤੀ) ਕਾਗਦੁ ਜਉ ਕਰਉ, ਹਰਿ ਜਸੁ ਲਿਖਨੁ ਨ ਜਾਇ ॥’’ (ਭਗਤ ਕਬੀਰ/੧੩੬੮)

ਅਰੰਭਕ ਸਮੇਂ ਦੌਰਾਨ ਇਨ੍ਹਾਂ ਦੀ ਪਕੜ ਮਨੁੱਖਾ ਬੁਧੀ ਤੋਂ ਅਛੋਹ ਹੁੰਦੀ ਹੈ, ਇਸ ਲਈ ਸੰਗਤ ਅਤੇ ਵਿਸ਼ੇਸ਼ ਸਮੇਂ ਨੂੰ ਮਹੱਤਵ ਦਿੱਤਾ ਜਾਂਦਾ ਹੈ ਪਰ ਬਾਅਦ ’ਚ ‘‘ਮਾਰਗਿ ਚਲਤ ਹਰੇ ਹਰਿ ਗਾਈਐ ॥ (ਮ: ੫/੩੮੬), ਜੇ ਵੇਲਾ ਵਖਤੁ ਵੀਚਾਰੀਐ; ਤਾ ਕਿਤੁ ਵੇਲਾ ਭਗਤਿ ਹੋਇ ? ’’ (ਮ: ੩/੩੫) ਵਾਲ਼ੀ ਸਥਿਤੀ ਬਣ ਜਾਂਦੀ ਹੈ।

ਜਦ ਬੰਦਾ ਵਾਰ-ਵਾਰ ਕਿਸੇ ਦੇ ਗੁਣਾਂ ਨੂੰ ਚੇਤੇ ਕਰੇਗਾ ਤਾਂ ਉਸ ਅੰਦਰ ਸੁਭਾਵਕ ਨੀਂਵਾਪਣ, ਨਿਮਰਤਾ ਆਏਗੀ, ਪਰ ਤੁਸਾਂ ਵੇਖਿਆ ਹੋਇਆ ਕਿ ਵਾਹਿਗੁਰੂ-ਵਾਹਿਗੁਰੂ ਜਪਣ ਨਾਲ਼ ਵੀ ਕਠੋਰਤਾ, ਈਰਖਾ, ਅਹੰਕਾਰ, ਆਦਿ ਵਿਕਾਰ ਕਾਇਮ ਰਹਿੰਦੇ ਹਨ ਇਸ ਦਾ ਅਸਲ ਕਾਰਨ ਇਹ ਹੈ ਕਿ ਵਾਹਿਗੁਰੂ ਕਿਰਤਮ ਨਾਮ ਨਹੀਂ ਭਾਵ ਜਿਵੇਂ ਰਾਮ’ ਦਾ ਅਰਥ ਰਮਿਆ ਹੋਇਆਅਕਾਲ’ ਦਾ ਅਰਥ ਮੌਤ ਰਹਿਤ, ਆਦਿ ਹੈ ਇਸੇ ਤਰ੍ਹਾਂ ਵਾਹਿਗੁਰੂ ਦਾ ਕੋਈ ਗੁਣਕਾਰੀ ਪੱਖ ਉਜਾਗਰ ਨਹੀਂ ਹੁੰਦਾ, ਤਾਂ ਜੋ ਮਨੁੱਖ ਉਸ ਦੇ ਮੁਕਾਬਲੇ ਆਪਣੇ ਆਪ ਨੂੰ ਛੋਟਾ ਮਹਿਸੂਸ ਕਰੇ।

ਮਹਾਨ ਕੋਸ਼ ਵਿਚ ਵਾਹਿਗੁਰੂ ਨੂੰ ਵਾਹਗੁਰੂ ਸ਼ਬਦ ਬਣਾ ਤੇ ਅਪਹੁੰਚ (ਕਿਰਤਮ) ਅਰਥ ਕਰ ਲਏ ਪਰ ਗੁਰਬਾਣੀ ਪ੍ਰਸੰਗ ਮੁਤਾਬਕ ਅਰਥ ਵਾਹ ਗੁਰੂ ਭਾਵ ਹੇ ਗੁਰੂ ! ਤੂੰ ਵਾਹ ਜਾਂ ਧੰਨ ਹੈਂ, ਬਣ ਰਹੇ ਹਨ।

‘‘ਕੀਆ ਖੇਲੁ ਬਡ ਮੇਲੁ ਤਮਾਸਾ, ਵਾਹ ਗੁਰੂ ! ਤੇਰੀ ਸਭ ਰਚਨਾ ॥’’ (ਭਟ ਗਯੰਦ/੧੪੦੪) ਧਿਆਨ ਰਹੇ ਕਿ ਭੱਟ ਸਾਹਿਬਾਨ ਗੁਰੂ ਨੂੰ ਅਕਾਲ ਪੁਰਖ ਦਾ ਦਰਜ ਦੇ ਰਹੇ ਹਨ ਅਤੇ ਗੁਰਬਾਣੀ ਵਿੱਚ ਗੁਰੂ ਦਾ ਅਰਥ ਅਕਾਲ ਪੁਰਖ ਵੀ ਹੈ।

ਸੋ ‘ਵਾਹਿਗੁਰੂ’ ਇਕ ਵਿਸਮਿਕ ਸ਼ਬਦ ਹੈ, ਨਾ ਕਿ ਨਾਮ ਜਾਂ ਵਿਸ਼ੇਸ਼ਣ, ਇਸ ਲਈ ਇਸ ਨੂੰ (ਗੂੰਗੇ ਦੀ ਮਿਠਾਈ ਸੁਆਦ ਵਾਙ) ਭੋਗਿਆ, ਮਾਣਿਆ ਜਾ ਸਕਦਾ ਹੈ, ਪਰ ਰੱਬੀ ਗੁਣ (ਵਿਸ਼ੇਸ਼ਣ) ਬਣਾ ਕੇ ਜਪਿਆ ਨਹੀਂ ਜਾ ਸਕਦਾ।

ਅਮਰੀਕਾ ਦੀ ਰਾਜਧਾਨੀ ਵਿਖੇ ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਕੱਢੀ ਗਈ ਨੈਸ਼ਨਲ ਸਿੱਖ ਡੇ ਪਰੇਡ

0

ਅਮਰੀਕਾ ਦੀ ਰਾਜਧਾਨੀ ਵਿਖੇ ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਕੱਢੀ ਗਈ ਨੈਸ਼ਨਲ ਸਿੱਖ ਡੇ ਪਰੇਡ 

ਦੁਨੀਆ ਭਾਰ ਵਿੱਚ ‘ਵਰਲਡ ਸਿੱਖ ਡੇ’ ਸਥਾਪਤ ਕਰਨ ਦਾ ਕੀਤਾ ਐਲਾਨ 
ਸੈਨੇਟਰ ਅਤੇ ਕਾਂਗਰਸਮੈਨਾਂ ਦੇ ਨੁਮਾਇੰਦਿਆਂ ਨੇ ਕੀਤੀ ਸ਼ਮੂਲੀਅਤ

ਵਾਸ਼ਿੰਗਟਨ ਡੀ.ਸੀ 12 ਅਪ੍ਰੈਲ (ਕਿਰਪਾਲ ਸਿੰਘ) ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਿੱਖਾਂ ਦੀ ਵੱਖਰੀ ਪਹਿਚਾਣ ਦੇ ਮੁੱਦੇ ਲਈ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਕਮਾਂਡ ਹੇਠ ਇਸ ਸਾਲ ਦੂਜੀ ਨੈਸ਼ਨਲ ਸਿੱਖ ਡੇ ਪਰੇਡ ਕੱਢੀ ਗਈ। ਹਜ਼ਾਰਾਂ ਦੇ ਇਕੱਠ ਵਾਲੀ ਇਸ ਪਰੇਡ ਵਿੱਚ ਅਮਰੀਕਾ ਦੀਆਂ ਕਰੀਬ 60 ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। 
    ਪਰੇਡ ਦੀ ਸ਼ੁਰੂਆਤ ਤੋਂ ਹੀ ਖ਼ਾਲਸਾਈ ਜਲੌਅ ਅਮਰੀਕਨਾਂ ਦੀ ਖਿੱਚ ਦਾ ਕੇਂਦਰ ਰਿਹਾ ਕਿਉਂਕਿ ਇਸੇ ਦਿਨ ਚੈਰੀ ਬਲੌਸਮ ਪਰੇਡ ਵੀ ਕੱਢੀ ਗਈ ਸੀ ਜਿਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਭਰ ਤੋਂ ਲੋਕ ਪਹੁੰਚੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੌਂਸਟੀਚਿਊਸ਼ਨ ਐਵਿਨਿਊ ਅਤੇ 20 ਸਟਰੀਟ ਤੋਂ ਸ਼ੁਰੂ ਹੋਈ, ਜਿੱਥੇ ਗੁਰੂ ਸਾਹਿਬ ਦੀ ਪਾਲਕੀ ਤੋਂ ਬਾਅਦ ਢੱਠੇ ਅਕਾਲ ਤਖਤ ਨੂੰ ਦਰਸਾਉਂਦਾ ਫਲੋਟ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਫ਼ੋਟੋਆਂ ਵਾਲਾ ਫਲੋਟ ਵੀ ਸ਼ਾਮਲ ਸੀ। ਕੈਪੀਟਲ ਦੇ ਮੂਹਰਿਓਂ ਹੁੰਦੀ ਹੋਈ ਪਰੇਡ ਕੌਂਸਟੀਚਿਊਸ਼ਨ ਐਵਿਨਿਊ ਅਤੇ 3 ਸਟਰੀਟ ਤੇ ਆ ਕੇ ਸਮਾਪਤ ਹੋਈ, ਜਿੱਥੇ ਪ੍ਰਬੰਧਕਾਂ ਵੱਲੋਂ ਸਟੇਜ ਸਜਾਈ ਗਈ ਸੀ। ਇਸ ਪਰੇਡ ਵਿੱਚ ਕੈਨੇਡਾ ਦੇ ਸਰ੍ਹੀ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ। ਸਟੇਜ ਤੇ ਪਹਿਲੇ ਦੌਰ ਦੀਆਂ ਤਕਰੀਰਾਂ ਅੰਗਰੇਜ਼ੀ ਵਿੱਚ ਹੋਈਆਂ ਜਿਸ ਦਾ ਸੰਚਾਲਨ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਬੁਲਾਰੇ ਸ. ਹਰਜਿੰਦਰ ਸਿੰਘ ਵੱਲੋਂ ਕੀਤਾ ਗਿਆ ਜਿੱਥੇ ਕਾਂਗਰਸਮੈਨ ਪੈਟਰਿਕ ਮੀਹਾਨ ਦੇ ਨੁਮਾਇੰਦੇ, ਸਟੇਟ ਸੈਨੇਟਰ ਰੀਵਜ਼ ਦੇ ਨੁਮਾਇੰਦੇ ਅਤੇ ਮੈਟਰੋਪਾਲਿਟਨ ਪੁਲਿਸ ਡਿਪਾਰਟਮੈਂਟ ਤੋਂ ਆਫ਼ੀਸਰ ਡੈਵਲੀਸ਼ਆਰ ਨੇ ਸੰਗਤ ਨੂੰ ਸੰਬੋਧਨ ਕੀਤਾ। ਪੰਜਾਬੀ ਵਿੱਚ ਸਟੇਜ ਦਾ ਸੰਚਾਲਨ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਵੱਲੋਂ ਕੀਤਾ ਗਿਆ। ਸਟੇਜ ਤੋਂ ਬੁਲਾਰਿਆਂ ਨੇ ਜਿੱਥੇ ਅਮਰੀਕਾ ਦੀ ਕਾਂਗਰਸ ਵੱਲੋਂ ਵਿਸਾਖੀ ਨੂੰ ਖ਼ਾਲਸਾ ਸਾਜਣਾ ਦਿਵਸ ਵਜੋਂ ਮਾਨਤਾ ਦੇਣ ਦੇ ਫ਼ੈਸਲੇ ਦਾ ਸੁਆਗਤ ਕੀਤਾ ਉੱਥੇ ਓਂਟਾਰੀਓ (ਕੈਨੇਡਾ) ਵਿਧਾਨ ਸਭਾ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਵਜੋਂ ਐਲਾਨਣ ਦੇ ਫ਼ੈਸਲੇ ਦਾ ਧੰਨਵਾਦ ਕੀਤਾ। ਨਿਊਯਾਰਕ ਤੋਂ ਡਾ.ਰਣਜੀਤ ਸਿੰਘ ਨੇ ਮਤਾ ਪੜ੍ਹਿਆ ਜਿਸ ਵਿੱਚ ਇਹ ਐਲਾਨ ਕੀਤਾ ਗਿਆ ਕਿ ਅਗਲੇ ਸਾਲ ਤੋਂ ਇਸ ਪਰੇਡ ਨੂੰ ‘ਵਰਲਡ ਸਿੱਖ ਡੇ ਪਰੇਡ’ ਵਜੋਂ ਸਥਾਪਤ ਕੀਤਾ ਜਾਵੇਗਾ ਅਤੇ ਇਸ ਲਈ ਹਰ ਉੱਦਮ ਕਰਨ ਦਾ ਪ੍ਰਬੰਧਕਾਂ ਨੇ ਅਹਿਦ ਲਿਆ। ਸਟੇਜ ਤੋਂ ਸੰਗਤ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਬਖ਼ਸ਼ੀਸ਼ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਇੰਗਲੈਂਡ ਤੋਂ ਮਨਪ੍ਰੀਤ ਸਿੰਘ, ਖ਼ਾਲਸਾ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ, ਸਿੱਖਸ ਫ਼ਾਰ ਜਸਟਿਸ ਤੋਂ ਡਾ.ਬਖ਼ਸ਼ੀਸ਼ ਸਿੰਘ ਅਤੇ ਅਵਤਾਰ ਸਿੰਘ ਪੰਨੂ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਨਵੀਨਰ ਬੂਟਾ ਸਿੰਘ ਖੜੌਦ,  ਮੈਰੀਲੈਂਡ ਤੋਂ ਭਾਈ ਸਵਿੰਦਰ ਸਿੰਘ, ਫਰੈਂਡਜ਼ ਆਫ਼ ਅਮੈਰਿਕਨ ਸਿੱਖ ਕਾਕਸ ਤੋਂ ਹਰਪ੍ਰੀਤ ਸਿੰਘ ਸੰਧੂ, ਭਾਈ ਗੁਰਦੇਵ ਸਿੰਘ ਕੰਗ, ਵਰਜੀਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਡੈਲੀਗੇਟ ਲਈ ਉਮੀਦਵਾਰ ਮਨਸਿਮਰਨ ਸਿੰਘ ਕਾਹਲੋਂ, ਕਨੈਕਟੀਕਟ ਤੋਂ ਸਵਰਨਜੀਤ ਸਿੰਘ ਖ਼ਾਲਸਾ, ਦੋਆਬਾ ਸਿੱਖ ਐਸੋਸੀਏਸ਼ਨ ਤੋਂ ਬਲਜਿੰਦਰ ਸਿੰਘ, ਅਕਾਲ ਚੈਨਲ ਤੋਂ ਭਾਈ ਅਮਰਜੀਤ ਸਿੰਘ, ਫਿਲਾਡਲਫੀਆ ਤੋਂ ਕੇਵਲ ਸਿੰਘ, ਬਖ਼ਸ਼ੀਸ਼ ਸੈਣੀ, ਵਰਜੀਨੀਆ ਤੋਂ ਮਹਿਤਾਬ ਸਿੰਘ, ਦਵਿੰਦਰ ਬਦੇਸ਼ਾ, ਦਵਿੰਦਰ ਦਿਓ, ਪੈਨਸਲਵੇਨੀਆ ਤੋਂ ਹਰਚਰਨ ਸਿੰਘ, ਗੁਰਰਾਜ ਸਿੰਘ, ਫਿਲਾਡਲਫੀਆ ਤੋਂ ਨਰਿੰਦਰ ਸਿੰਘ, ਸ਼ਿਕਾਗੋ ਤੋਂ ਕੁਲਵਿੰਦਰ ਸਿੰਘ ਤੇਜ਼ੀ ਆਦਿ ਦੇ ਨਾਮ ਸ਼ਾਮਲ ਹਨ। ਅੰਤ ਵਿਚ ਸ. ਹਿੰਮਤ ਸਿੰਘ ਨੇ ਸਮੂਹ ਸੰਗਤ ਅਤੇ ਪ੍ਰਬੰਧਾਂ ਵਿੱਚ ਸ਼ਾਮਲ ਆਗੂਆਂ ਅਤੇ ਗੁਰੂ ਘਰ ਕਮੇਟੀਆਂ ਦਾ ਧੰਨਵਾਦ ਕੀਤਾ। ਟੀ.ਵੀ 84 ਵੱਲੋਂ ਇਸ ਪਰੇਡ ਦਾ ਲਾਈਵ ਪ੍ਰਸਾਰਨ ਕੀਤਾ ਗਿਆ।

ਫ਼ੋਟੋ : ਸਿੱਖ ਡੇ : ਵਰਲਡ ਸਿੱਖ ਡੇ ਪਰੇਡ ਦੌਰਾਨ ਇਕੱਠ ਦਾ ਦ੍ਰਿਸ਼।             ਜਾਰੀ ਕਰਤਾ

ਹਿੰਮਤ ਸਿੰਘ ਕੋਆਰਡੀਨੇਟਰ
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ)

ਰੱਬ

0

ਰੱਬ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

(ਨੋਟ: ਇਸ ਲੇਖ ਦੇ ਵਿਸ਼ੇ ਬਾਰੇ ਮੇਰੀ ਡਾਕਟਰ ਹਰਸ਼ਿੰਦਰ ਕੌਰ ਜੀ ਨਾਲ਼ ਫੋਨ ਰਾਹੀਂ ਵਿਚਾਰ ਹੋਈ, ਉਨ੍ਹਾਂ ਕਿਹਾ ਕਿ ਮੇਰਾ ਮਤਲਬ ਰੱਬ ਦੀ ਕਣ-ਕਣ ਵਿਚ ਵਿਆਪਕ ਹੋਂਦ ਤੋਂ ਮੁਨਕਰ ਹੋਣਾ ਨਹੀਂ ਬਲਕਿ ਉਨ੍ਹਾਂ ਬੱਚਿਆਂ ਦੇ ਸਵਾਲਾਂ ਦਾ ਜਵਾਬ ਸਾਨੂੰ ਲੱਭਣਾ ਚਾਹੀਦਾ ਹੈ ਜੋ ਕਿ ਅਜਿਹੇ ਸਵਾਲ ਉੱਠਾ ਕੇ ਧਰਮ ਤੋਂ ਦੂਰ ਹੋ ਗਏ ਜਾਂ ਹੋ ਰਹੇ ਹਨ।

ਗਿਆਨੀ ਅਵਤਾਰ ਸਿੰਘ)

ਅਸੀਂ ਆਪਣੇ ਬੱਚਿਆਂ ਨੂੰ ਰੱਬ ਬਾਰੇ ਏਨੇ ਭਰਮ ਭੁਲੇਖੇ ਪਾਏ ਹੋਏ ਹਨ ਕਿ ਜਦੋਂ ਉਨ੍ਹਾਂ ਨਾਲ ਗੱਲ ਕਰੋ ਤਾਂ ਕੁੱਝ ਅਜਿਹਾ ਉਨ੍ਹਾਂ ਕੋਲੋਂ ਵਾਪਸ ਸੁਣਨ ਨੂੰ ਮਿਲਦਾ ਹੈ:-

ਰਬ ਇਕ ਅਜਿਹੀ ਚੀਜ਼ ਹੈ ਜੋ ਕਦੇ ਕਿਸੇ ਨੂੰ ਨਹੀਂ ਦਿਸਦੀ। ਉਸ ਕੋਲ ਦੁਨੀਆ ਦੇ ਹਰ ਕੀੜੇ ਮਕੌੜੇ ਤੋਂ ਲੈ ਕੇ ਹੁਣ ਤਕ ਦੇ ਜੰਮੇ ਹਰ ਮਨੁੱਖ ਅਤੇ ਜੰਮਣ ਵਾਲੇ ਸਾਰੇ ਕੀੜੇ ਮਕੌੜੇ, ਜਨੌਰਾਂ, ਪੰਛੀਆਂ, ਦਰਖ਼ਤ, ਬੂਟੇ, ਬੰਦਿਆਂ, ਔਰਤਾਂ, ਬੱਚਿਆਂ ਦੇ ਰਜਿਸਟਰ ਲੱਗੇ ਹੋਏ ਹਨ। ਅਜਿਹੇ ਰਜਿਸਟਰ ਚੰਨ, ਤਾਰੇ, ਸੂਰਜ, ਸਮੁੰਦਰ, ਰੇਗਿਸਤਾਨ ਬਾਰੇ ਵੀ ਉਸ ਨੇ ਲਾਏ ਹੋਏ ਹਨ।

ਸਕੂਲ ਦੇ ਹਾਜ਼ਰੀ ਰਜਿਸਟਰ ਵਾਂਗ ਉਸ ਨੇ ਹਰ ਜੰਮ ਚੁੱਕੇ ਦਾ ਤੇ ਜੰਮਣ ਵਾਲੇ ਦਾ ਰਜਿਸਟਰ ਲਾਇਆ ਹੋਇਆ ਹੈ। ਮੌਤ ਦੇ ਰਜਿਸਟਰ ਅਲੱਗ ਲੱਗੇ ਹੋਏ ਹਨ ਤੇ ਐਕਸੀਡੈਂਟ ਤੇ ਬੀਮਾਰੀਆਂ ਦੇ ਵੀ, ਕਿ ਕਦੋਂ ਕਿਸ ਨਾਲ ਕੀ ਹੋਣਾ ਹੈ ਤੇ ਹੋ ਚੁੱਕਿਆ ਹੈ।

ਏਨੇ ਸਾਰੇ ਰਜਿਸਟਰ ਕਿੱਥੇ ਰੱਖੇ ਹੋਏ ਹਨ, ਇਹ ਚੰਨ, ਤਾਰਿਆਂ ਉੱਤੇ ਖੋਜ ਕਰਨ ਵਾਲਿਆਂ ਨੂੰ ਹਾਲੇ ਤੱਕ ਨਹੀਂ ਦਿਸੇ ਕਿ ਇਸ ਰਿਕਾਰਡ ਨੂੰ ਰੱਖਣ ਵਾਲੀਆਂ ਢੇਰਾਂ ਦੀਆਂ ਢੇਰ ਅਲਮਾਰੀਆਂ, ਮੇਜ਼, ਕੁਰਸੀਆਂ ਕਿਹੜੇ ਕੋਨੇ ਵਿਚ ਲੱਗੀਆਂ ਹਨ।

ਸਭ ਨੂੰ ਕਿਹਾ ਜਾਂਦਾ ਹੈ ਕਿ ਉਸ ਦੀਆਂ ਖ਼ਰਬਾਂ ਅੱਖਾਂ ਤੇ ਕੰਨ ਹਨ ਤੇ ਉਹ ਹਰ ਕਿਸੇ ਦੇ ਨਾਲ ਖੜ੍ਹਾ ਹੈ ਉਸ ਵੱਲੋਂ ਕੀਤੀ ਜਾਂਦੀ ਤੇ ਬੋਲੀ ਜਾਂਦੀ ਮਾੜੀ ਗੱਲ ਆਪਣੇ ਰਜਿਸਟਰ ਵਿਚ ਦਰਜ ਕਰਦਾ ਰਹਿੰਦਾ ਹੈ। ਕਿਸੇ ਵੱਲੋਂ ਕੀਤੀ ਚੰਗਿਆਈ ਵੀ ਉਸ ਨੇ ਦਰਜ ਕਰਨੀ ਹੁੰਦੀ ਹੈ।

‘ਕਮਾਲ ਦੀ ਗੱਲ ਇਹ ਹੈ ਕਿ ਏਨੀ ਨੇੜੇ ਬੈਠਾ, ਤੁਰਦਾ ਫਿਰਦਾ ਜੋ ਦੁਨੀਆ ਦੇ ਹਰ ਕੋਨੇ ਵਿਚ ਬੈਠੇ ਬੰਦੇ ਵੱਲੋਂ ਮਾੜਾ ਸੋਚਦੇ ਸਾਰ ਸਜ਼ਾ ਵੀ ਦੇ ਦਿੰਦਾ ਹੋਵੇ, ਉਸੇ ਨੂੰ ਜਗਾਉਣ ਲਈ ਬਾਂਗ, ਲਾਊਡ ਸਪੀਕਰ ਰਾਹੀਂ ਹਿੰਦੂ, ਸਿੱਖ, ਮੁਸਲਮਾਨ, ਈਸਾਈ ਉਸ ਨੂੰ ਉੱਚੀ-ਉੱਚੀ ਚੀਕ ਕੇ ਆਪਣੀ ਹੋਂਦ ਦਰਸਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।

ਅਸਮਾਨ ਵਿਚ ਫਿਰਦੇ ਤੁਰਦੇ ਉੱਡਦੇ ਰੱਬ ਨੂੰ ਕਿਸੇ ਘਰ ਦੀ ਲੋੜ ਨਹੀਂ ਪਰ ਧਰਤੀ ਉੱਤੇ ਉਸੇ ਦੇ ਨਾਂ ਉੱਤੇ ਅਨੇਕ ਘਰ ਜਿਨ੍ਹਾਂ ਨੂੰ ਵੱਖੋ-ਵੱਖਰੇ ਧਰਮਾਂ ਦਾ ਨਾਂ ਦੇ ਦਿੱਤਾ ਗਿਆ ਹੈ, ਬਣਾ ਦਿੱਤੇ ਗਏ ਹਨ। ਅੱਜ ਤਕ ਕਿਸੇ ਅਜਿਹੇ ਘਰ ਵਿਚ ਵੀ ਰੱਬ ਆਪ ਦਿਸਿਆ ਨਹੀਂ।

ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਅਪਰੰਪਰ ਹੈ ਤੇ ਉਸ ਕੋਲ ਸਭ ਕੁੱਝ ਹੈ। ਉਹ ਸਭ ਨੂੰ ਦਿੰਦਾ ਰਹਿੰਦਾ ਹੈ। ਫੇਰ ਵੀ ਜ਼ਮੀਨ ਉੱਤੇ ਬਣਾਏ ਗਏ ਸਾਰੇ ਧਰਮਾਂ ਦੇ ਘਰਾਂ ਵਿਚ ਉਸ ਨੂੰ ਹਮੇਸ਼ਾ ਪੈਸੇ ਦੀ ਲੋੜ ਕਿਉਂ ਰਹਿੰਦੀ ਹੈ ? ਇਹ ਪੈਸੇ ਉਹ ਅਸਮਾਨ ਵਿਚ ਕਿੱਥੇ ਲਿਜਾਉਂਦਾ ਹੈ ? ਕਿਹੜੇ ਬੈਂਕ ਵਿਚ ਜਮਾਂ ਕਰਦਾ ਹੈ ਤੇ ਕਿੰਜ ਉਸ ਨੂੰ ਵੱਖੋ-ਵੱਖ ਮੁਲਕਾਂ ਦੀ ਕਰੰਸੀ ਵਿਚ ਤਬਦੀਲ ਕਰਦਾ ਹੈ ?

ਜਿਹੜਾ ਪੂਰੇ ਬ੍ਰਹਿਮੰਡ ਨੂੰ ਚਲਾ ਰਿਹਾ ਹੋਵੇ ਤੇ ਹਮੇਸ਼ਾ ਸਾਰੀ ਦੁਨੀਆ ਦਾ ਚੱਕਰ ਲਗਾਉਂਦਾ ਫਿਰ ਰਿਹਾ ਹੋਵੇ, ਉਸ ਦੀ ਤਸਵੀਰ ਨੂੰ ਬੰਦ ਕਮਰੇ ਵਿਚ ਰੱਖ ਕੇ ਉਸ ਨੂੰ ਪੱਖਿਆਂ ਤੇ ਏ. ਸੀ. ਦੀ ਲੋੜ ਕਿਉਂ ਪੈਂਦੀ ਰਹਿੰਦੀ ਹੈ ? ਢੇਰ ਸਾਰੀਆਂ ਲਾਈਟਾਂ ਜਗਾ ਕੇ, ਢੇਰ ਸਾਰੀ ਬਿਜਲੀ ਜ਼ਾਇਆ ਕਰ ਕੇ ਉਸ ਨੂੰ ਰਾਤ ਭਰ ਰੌਸ਼ਨੀ ਕਿਉਂ ਦੇਣੀ ਪੈਂਦੀ ਹੈ ਜਦਕਿ ਉਹ ਆਪ ਚੰਨ ਤਾਰਿਆਂ ਤੇ ਸੂਰਜ ਨੂੰ ਰੌਸ਼ਨੀ ਦੇ ਰਿਹਾ ਹੁੰਦਾ ਹੈ।

ਰੱਬ ਨੇ ਜੇ ਸਾਰਿਆਂ ਨੂੰ ਬਣਾਇਆ ਹੈ ਤਾਂ ਬੰਦਿਆਂ ਨੇ ਉਸ ਨੂੰ ਵੱਖ-ਵੱਖ ਨਾਂ ਕਿਉਂ ਦੇ ਦਿੱਤੇ ਹਨ ? ਜੇ ਵੱਖੋ-ਵੱਖ ਨਾਂ ਦਿੱਤੇ ਵੀ ਹਨ ਤਾਂ ਫੇਰ ਉਨ੍ਹਾਂ ਸਾਰਿਆਂ ਨੇ ਆਪੋ ਵਿਚ ਮਾਰ ਕੁਟਾਈ ਤੇ ਕਤਲ ਕਿਉਂ ਕਰਨੇ ਹੁੰਦੇ ਹਨ ? ਰੱਬ ਨੇ ਕਿਸੇ ਧਰਮ ਨੂੰ ਨਹੀਂ ਬਣਾ ਕੇ ਭੇਜਿਆ। ਜਿਨ੍ਹਾਂ ਨੇ ਅੱਗੋਂ ਧਰਮਾਂ ਦੇ ਨਾਂ ਬਣਾਏ, ਉਨ੍ਹਾਂ ਵਿੱਚੋਂ ਕੋਈ ਵੀ ਹਮੇਸ਼ਾ ਲਈ ਜ਼ਿੰਦਾ ਨਹੀਂ ਰਹਿ ਸਕਿਆ। ਉਸ ਨੂੰ ਵੀ ਰੱਬ ਮਾਰ ਕੇ ਆਪਣੇ ਰਜਿਸਟਰ ਵਿਚ ਦਰਜ ਕਰ ਕੇ ਲੈ ਗਿਆ। ਫੇਰ ਏਨੇ ਸਾਰੇ ਬਾਬੇ ਤੇ ਏਨੇ ਸਾਰੇ ਧਰਮਾਂ ਦੇ ਪੈਗੰਬਰ ਜੋ ਸਿਰਫ਼ ਰੱਬ ਦਾ ਨਾਂ ਲੈ ਕੇ ਸਭ ਨੂੰ ਡਰਾਉਣ ਦਾ ਕੰਮ ਕਰਦੇ ਰਹਿੰਦੇ ਹਨ ਤੇ ਪੈਸਿਆਂ ਦਾ ਢੇਰ ਇਕੱਠਾ ਕਰਦੇ ਰਹਿੰਦੇ ਹਨ, ਕਿਉਂ ਇਨ੍ਹਾਂ ਵੱਡੇ-ਵੱਡੇ ਘਰਾਂ ਤੇ ਪੈਸਿਆਂ ਨੂੰ ਆਪਣੇ ਨਾਲ, ਉੱਤੇ ਰੱਬ ਕੋਲ ਨਹੀਂ ਲੈ ਕੇ ਜਾ ਸਕੇ ? ਕਿਉਂ ਲੋਕਾਂ ਵੱਲੋਂ ਦਿੱਤੇ ਜਾਂਦੇ ਰੱਬ ਨੂੰ ਪੈਸੇ, ਵਧੀਆ ਮਕਾਨ, ਵਧੀਆ ਬਿਲਡਿੰਗ, ਵਧੀਆ ਫਰਸ਼, ਵਧੀਆ ਬਿਜਲੀਆਂ, ਵਧੀਆ ਪੱਖੇ, ਹੀਰੇ-ਜਵਾਹਰਤ ਅਤੇ ਸੋਨੇ ਦੇ ਅੰਬਾਰ ਏਥੇ ਧਰਤੀ ਉੱਤੇ ਹੀ ਰਹਿ ਜਾਂਦੇ ਹਨ ?

ਕੀ ਇਨ੍ਹਾਂ ਵਿੱਚੋਂ ਰੱਬ ਨੂੰ ਕੁੱਝ ਨਹੀਂ ਚਾਹੀਦਾ ? ਜੇ ਨਹੀਂ ਚਾਹੀਦਾ ਤਾਂ ਫੇਰ ਇਹ ਸਭ ਕੌਣ ਇਕੱਠੇ ਕਰ ਰਿਹਾ ਹੈ ? ਕੀ ਇਕੱਠੇ ਕਰਨ ਵਾਲਾ ਰੱਬ ਦਾ ਦੂਤ ਹੈ ? ਜੇ ਰੱਬ ਦਾ ਦੂਤ ਹੈ ਤਾਂ ਫੇਰ ਮਰਦਾ ਕਿਉਂ ਹੈ ? ਅਮਰ ਕਿਉਂ ਨਹੀਂ ਹੈ ? ਕਿਉਂ ਇਹ ਦੂਤ ਰੱਬ ਦੇ ਵੱਡੇ ਮਹਿਲਾਂ ਤੇ ਉਸ ਦੇ ਸਾਰੇ ਰਜਿਸਟਰਾਂ ਬਾਰੇ ਜਾਣਕਾਰੀ ਨਹੀਂ ਦਿੰਦੇ ਕਿ ਉਹ ਬ੍ਰਹਿਮੰਡ ਦੇ ਕਿਹੜੇ ਕੋਨੇ ਵਿਚ ਪਏ ਹਨ ?

ਕਿਸ ਤਰ੍ਹਾਂ ਦੇ ਕੰਪਿਊਟਰ ਵਿਚ ਸਾਰੇ ਬ੍ਰਹਿਮੰਡ ਦੀ ਜਾਣਕਾਰੀ ਦਰਜ ਹੈ ? ਸਾਨੂੰ ਦੱਸਿਆ ਜਾਂਦਾ ਹੈ ਕਿ ਸਮੁੰਦਰ ਦੇ ਡੂੰਘੇ ਤਲ ਵਿਚ ਪਈਆਂ ਨਿੱਕੀਆਂ ਤੋਂ ਨਿੱਕੀਆਂ ਮੱਛੀਆਂ ਤੇ ਨਾ ਹਿੱਲ ਸਕਣ ਵਾਲੇ ਬੂਟੇ ਤਕ ਨੂੰ ਖ਼ੁਰਾਕ ਰੱਬ ਪਹੁੰਚਾ ਰਿਹਾ ਹੈ। ਫੇਰ ਕਿਉਂ ਧਰਤੀ ਉੱਤੇ ਭੁੱਖਮਰੀ ਨਾਲ ਅਨੇਕ ਬੱਚੇ, ਬਜ਼ੁਰਗ ਤੇ ਜਵਾਨ ਮਰ ਰਹੇ ਹਨ ? ਕੀ ਸੱਚੀਂ ਮੁੱਚੀਂ ਉਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਾ ਤੇ ਭੁੱਖ ਨਾਲ ਵਿਲਕ ਕੇ ਮਾਰਨ ਵਾਲਾ ਰੱਬ ਹੈ ?

ਕੀ ਇਸ ਦਾ ਮਤਲਬ ਰੱਬ ਬਦਲਾ ਲਊ ਤੇ ਜ਼ਾਲਮ ਹੈ ? ਜੇ ਨਹੀਂ, ਤਾਂ ਕੀ ਇਹ ਸਭ ਉਸ ਦੇ ਦੂਤ ਕਰ ਰਹੇ ਹਨ ? ਕਾਰਾਂ, ਸਕੂਟਰਾਂ, ਬੱਸਾਂ ਵਿਚ ਬੈਠੇ ਰੱਜੇ ਪੁੱਜੇ ਲੋਕਾਂ ਨੂੰ ਹੋਰ ਰਜਾਉਣ ਲਈ ਲੰਗਰ ਲੱਗਦੇ ਹਨ ਪਰ ਗ਼ਰੀਬ, ਭੁੱਖੇ ਲੋਕਾਂ ਨੂੰ ਦੁਰਕਾਰਿਆ ਜਾਂਦਾ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਜੇ ਰੱਬ ਦੀਆਂ ਨਜ਼ਰਾਂ ਵਿਚ ਸਭ ਬਰਾਬਰ ਹਨ ਤਾਂ ਇੱਕੋ ਜਿੰਨੀ ਮਿਹਨਤ ਕਰ ਕੇ ਕੁੱਝ ਲੋਕ ਖਰਬਾਂਪਤੀ ਬਣ ਜਾਂਦੇ ਹਨ ਤੇ ਕੁੱਝ ਅਤਿ ਦੇ ਗ਼ਰੀਬ ? ਫੇਰ ਵੀ ਇਹ ਪੈਸਾ ਕਦੇ ਕਿਸੇ ਨੂੰ ਅਮਰ ਨਹੀਂ ਕਰ ਸਕਿਆ।

ਹਰ ਕਿਸੇ ਦੇ ਮੂੰਹੋਂ ਇਹੀ ਸੁਣਿਆ ਹੈ ਕਿ ਰੱਬ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਜੇ ਇਹੋ ਸੱਚ ਹੈ ਤਾਂ ਫੇਰ ਢੇਰ ਸਾਰੇ ਬੱਚੇ ਬੀਮਾਰੀਆਂ ਤੇ ਐਕਸੀਡੈਂਟ ਵਿਚ ਕਿਉਂ ਮਰਦੇ ਹਨ ? ਕਿਉਂ ਢੇਰ ਸਾਰੀਆਂ ਬੱਚੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ ? ਕਿਉਂ ਏਨੀਆਂ ਪਿਆਰੀਆਂ ਬੱਚੀਆਂ ਨੂੰ ਰੱਬ ਜੰਮਣ ਤੋਂ ਬਾਅਦ ਝਾੜੀਆਂ ਵਿਚ ਸੁੱਟ ਕੇ ਕੁੱਤਿਆਂ ਕੋਲੋਂ ਨੁਚਵਾਉਂਦਾ ਹੈ ? ਕੀ ਰੱਬ ਕੁੜੀਆਂ ਪ੍ਰਤੀ ਬਦਲਾ ਲਊ ਭਾਵਨਾ ਰੱਖਦਾ ਹੈ ? ਫੇਰ ਕੁੜੀਆਂ ਕਿਉਂ ਜੰਮਦੀਆਂ ਨੇ ?

ਜਿਹੜਾ ਦਿਸਦਾ ਈ ਨਹੀਂ, ਉਸ ਨੂੰ ਕਿੰਨੇ ਕੱਪੜਿਆਂ ਦੀ ਲੋੜ ਹੋ ਸਕਦੀ ਹੈ ? ਕਿਉਂ ਰੱਬ ਦੇ ਬਣਾਏ ਵੱਖੋ-ਵੱਖ ਘਰ ਢੇਰ ਸਾਰੇ ਅਲੱਗ-ਅਲੱਗ ਰੰਗਾਂ ਦੇ ਕੱਪੜੇ ਇਕੱਠੇ ਕਰਦੇ ਰਹਿੰਦੇ ਹਨ ? ਏਨੇ ਕੱਪੜਿਆਂ ਦੇ ਹੁੰਦਿਆਂ ਕਿਉਂ ਢੇਰਾਂ ਦੇ ਢੇਰ ਲੋਕ ਕੱਪੜਿਆਂ ਤੋਂ ਬਿਨਾਂ ਠੰਡ ਵਿਚ ਮਰ ਜਾਂਦੇ ਨੇ ਤੇ ਰੱਬ ਨੂੰ ਕਦੇ ਤਰਸ ਨਹੀਂ ਆਉਂਦਾ ਕਿ ਆਪਣੇ ਸਾਰੇ ਘਰਾਂ ’ਚੋਂ ਚਿੱਟੇ, ਨੀਲੇ, ਪੀਲੇ, ਕੇਸਰੀ, ਹਰੇ ਰੰਗਾਂ ਦੇ ਕੱਪੜੇ ਇਨ੍ਹਾਂ ਨੰਗੇ ਧੜ ਵਾਲਿਆਂ ਨੂੰ ਦੇ ਦੇਵੇ ?

ਜੇ ਰੱਬ ਹੈ ਹੀ ਪਿਆਰ ਕਰਨ ਵਾਲਾ ਤੇ ਸਭ ਤੋਂ ਵੱਧ ਤਾਕਤਵਰ ਹੈ ਤਾਂ ਫੇਰ ਉਸ ਦੇ ਬਣਾਏ ਸਾਰੇ ਘਰਾਂ ਵਿਚ ਲੜਾਈਆਂ ਕਿਉਂ ਹੁੰਦੀਆਂ ਰਹਿੰਦੀਆਂ ਹਨ ? ਕਿਉਂ ਗੋਲੀਆਂ ਚਲਦੀਆਂ ਹਨ ? ਕਿਰਪਾਨਾਂ ਕਿਉਂ ਚਲਦੀਆਂ ਹਨ ? ਕਿਉਂ ਲਹੂ ਡੁੱਲਦਾ ਹੈ ? ਕੀ ਰੱਬ ਉਨ੍ਹਾਂ ਘਰਾਂ ਦੇ ਅੰਦਰ ਹੈ ਈ ਨਹੀਂ ? ਕੀ ਇਹ ‘ਟੌਰਚਰ ਸੈੱਲ’ ਨੇ, ਕਿਉਂਕਿ ਸਾਰੇ ਏਥੇ ਮਾਫ਼ੀਆਂ ਈ ਮੰਗਦੇ ਰਹਿੰਦੇ ਨੇ ? ਡਰਦੇ-ਡਰਦੇ ਅੰਦਰ ਵੜ੍ਹਦੇ ਨੇ। ਲਗਾਤਾਰ ਅੱਖਾਂ ਬੰਦ ਕਰਕੇ ਕੁੱਝ ਮੰਗਦੇ ਰਹਿੰਦੇ ਨੇ। ਨੱਕ ਰਗੜਦੇ ਨੇ, ਹੱਥ ਜੋੜਦੇ ਨੇ, ਗੋਡਿਆਂ ਪਰਨੀਂ ਬਹਿ ਜਾਂਦੇ ਨੇ, ਮੱਥੇ ਰਗੜਦੇ ਨੇ, ਪਰ ਫੇਰ ਵੀ ਇਨ੍ਹਾਂ ਵਿੱਚੋਂ ਕੋਈ ਅਜਿਹਾ ਨਹੀਂ ਜਿਸ ਨੇ ਕਦੇ ਦੁਖ ਨਾ ਵੇਖਿਆ ਹੋਵੇ, ਕਦੇ ਰੋਇਆ ਨਾ ਹੋਵੇ, ਕਦੇ ਉਸ ਦਾ ਨੁਕਸਾਨ ਨਾ ਹੋਇਆ ਹੋਵੇ, ਤੇ ਕੋਈ ਵੀ ਉਸ ਦੇ ਘਰ ’ਚੋਂ ਕਦੇ ਮਰਿਆ ਨਾ ਹੋਵੇ ?

ਕਹਿੰਦੇ ਨੇ ਰੱਬ ਨੇ ਸਾਰੇ ਜੀਅ ਬਣਾਏ ਨੇ। ਫੇਰ ਹਰ ਜੀਵ ਜੰਤੂ ਇਕ ਦੂਜੇ ਨੂੰ ਖਾਂਦੇ ਕਿਉਂ ਰਹਿੰਦੇ ਹਨ ? ਕੋਈ ਜਾਨਵਰ ਘਾਹ ਪੱਤੇ ਖਾਂਦੈ, ਕੋਈ ਦੂਜੇ ਜਾਨਵਰ ਨੂੰ ਖਾਂਦੈ। ਇਨਸਾਨ ਵੀ ਜਾਨਵਰਾਂ ਨੂੰ ਮਾਰ ਕੇ ਖਾ ਜਾਂਦੈ। ਵੱਡੀਆਂ ਮੱਛੀਆਂ ਨਿੱਕੀਆਂ ਨੂੰ ਖਾ ਜਾਂਦੀਆਂ ਨੇ।

ਇਸ ਦਾ ਮਤਲਬ ਹੈ ਕਿ ਰੱਬ ਸਿਰਫ਼ ਤਮਾਸ਼ਾ ਵੇਖਦਾ ਹੈ ਜਦੋਂ ਉਸ ਦੀਆਂ ਬਣੀਆਂ ਸਾਰੀਆਂ ਚੀਜ਼ਾਂ ਇਕ ਦੂਜੇ ਨੂੰ ਖ਼ਤਮ ਕਰਦੀਆਂ ਰਹਿੰਦੀਆਂ ਨੇ। ਤਿੱਖੇ ਦੰਦ, ਹਥਿਆਰ, ਤਿੱਖੇ ਪੰਜੇ, ਗੋਲੀਆਂ, ਤੋਪਾਂ ਤੇ ਹੋਰ ਵੀ ਕਿੰਨਾ ਕੁੱਝ ਰੱਬ ਨੇ ਬਣਾਇਆ ਹੈ ? ਜੇ ਨਹੀਂ ਬਣਾਇਆ ਤਾਂ ਕਿਉਂ ਬਣਨ ਦਿੱਤਾ ?

ਹੁਣ ਤਾਂ ਪੱਕਾ ਲੱਗਦੈ ਕਿ ਰੱਬ ਥੋੜ੍ਹਾ ਜਿਹਾ ਬੋਲਾ ਹੋ ਚੁੱਕਿਐ। ਏਨੀਆਂ ਸਦੀਆਂ ਤੋਂ ਹਰ ਕੀੜੇ ਮਕੌੜੇ ਤੱਕ ਦੀ ਆਵਾਜ਼ ਸੁਣਦਾ-ਸੁਣਦਾ ਹੁਣ ਢੇਰ ਸਾਰੇ ਹੌਰਨ, ਜੈੱਟ ਜਹਾਜ਼, ਬੰਬਾਂ ਦੀ ਆਵਾਜ਼ ਸੁਣ ਕੇ ਕੁੱਝ ਉੱਚਾ ਸੁਣਨ ਲੱਗ ਪਿਐ। ਏਸੇ ਲਈ ਉਹ ਰੋਂਦੇ ਚੀਕਦੇ ਗਰੀਬਾਂ ਦੀ ਆਵਾਜ਼ ਹੁਣ ਸੁਣ ਨਹੀਂ ਸਕ ਰਿਹਾ। ਕਰੋੜਾਂ ਮੱਛੀਆਂ ਤੇ ਜਾਨਵਰ ਬੰਦਾ ਖਾ ਰਿਹਾ ਹੈ ਪਰ ਉਨ੍ਹਾਂ ਦੀ ਦਿਲ ਚੀਕਵੀਂ ਆਵਾਜ਼ ਰੱਬ ਤਕ ਨਹੀਂ ਪਹੁੰਚ ਰਹੀ। ਨਾ ਹੀ ਨਿੱਕੀਆਂ ਬੱਚੀਆਂ ਨੂੰ ਵੱਢ ਕੇ ਸੁੱਟਣ ਸਮੇਂ ਉਨ੍ਹਾਂ ਦੀਆਂ ਚੀਕਾਂ ਰੱਬ ਤਕ ਪਹੁੰਚ ਰਹੀਆਂ ਹਨ।

ਹੁਣ ਤਾਂ ਲੱਗਦੈ ਕਿ ਉਸ ਦੀ ਨਜ਼ਰ ਵੀ ਘੱਟ ਚੁੱਕੀ ਹੈ ? ਕੀ ਇਹ ਸਭ ਉਹ ਵੇਖ ਵੀ ਨਹੀਂ ਰਿਹਾ ?

ਉਸ ਦੀ ਆਵਾਜ਼ ਤਾਂ ਹੈ ਹੀ ਨਹੀਂ ਕਿਉਂਕਿ ਅੱਜ ਤਕ ਕਿਸੇ ਨੇ ਉਹ ਸੁਣੀ ਹੀ ਨਹੀਂ !

ਸਾਰ ਤਾਂ ਇਹ ਜਾਪਦਾ ਹੈ ਕਿ ਰੱਬ ਅੰਨ੍ਹਾ, ਬੋਲਾ, ਗੂੰਗਾ ਹੈ ਤੇ ਵੱਖੋ-ਵੱਖ ਮੁਲਕਾਂ ਵਿਚ ਵੱਖੋ-ਵੱਖ ਤਰ੍ਹਾਂ ਦੇ ਘਰਾਂ ਵਿਚ, ਵੱਖ-ਵੱਖ ਧਰਮਾਂ ਦੇ ਨਾਂ ਹੇਠ ਕੈਦ ਹੈ, ਜਿਸ ਨੂੰ ਹਮੇਸ਼ਾ ਢੇਰਾਂ ਪੈਸਿਆਂ ਦੀ ਲੋੜ ਰਹਿੰਦੀ ਹੈ ਤੇ ਕਿਸੇ ਨੂੰ ਮਰ ਜਾਣ ਤੋਂ ਕਦੇ ਬਚਾ ਵੀ ਨਹੀਂ ਸਕਦਾ। ਕੀ ਉਸ ਨੂੰ ਤਾਕਤਵਰ ਮੰਨਣਾ ਚਾਹੀਦਾ ਹੈ ?

ਹਾਲੇ ਤਕ ਰੱਬ ਇਨਸਾਨਾਂ ਨੂੰ ਘੜਦਾ ਆ ਰਿਹਾ ਸੀ, ਹੁਣ ਇਨਸਾਨ ਰੱਬ ਨੂੰ ਘੜਨ ਲੱਗ ਪਿਆ ਹੈ। ਹਰ ਰੱਬ ਲਈ ਬਣੇ ਘਰ ਵਿਚ ਇਨਸਾਨਾਂ ਦੇ ਬਣਾਏ ਰੱਬ ਹੀ ਸਜੇ ਹੋਏ ਹਨ ਜਾਂ ਫਿਰ ਬਜ਼ੁਰਗ ਹੋ ਚੁੱਕਿਆ ਹੈ  ? ਸ਼ਾਇਦ ਬੀਮਾਰ ਹੈ ? ਮੈਨੂੰ ਮੇਰੀ ਦਾਦੀ ਕਹਿੰਦੀ ਹੈ ਕਿ ਆਪਣੇ ਮਨ ਅੰਦਰ ਝਾਕ, ਉੱਥੇ ਰੱਬ ਦਿਸੇਗਾ। ਮੈਂ ਦਿਲ ਦਾ ਐਕਸਰੇ ਕਰਵਾਇਐ, ਪਰ ਉੱਥੇ ਰੱਬ ਨਹੀਂ ਲੱਭਿਆ।

ਕਦੇ ਕਦੇ ਤਾਂ ਇੰਜ ਲੱਗਣ ਲੱਗ ਪੈਂਦੈ ਕਿ ਇਨਸਾਨ ਨੇ ਰੱਬ ਬਣਾਇਐ, ਰੱਬ ਨੇ ਇਨਸਾਨਾਂ ਨੂੰ ਨਹੀਂ ਬਣਾਇਆ। ਇਨਸਾਨ ਤਾਂ ਸਿਰਫ਼ ਕਤਲ, ਖ਼ੂਨ, ਪੈਸਾ, ਲੜਾਈਆਂ, ਕਰਨ ਲਈ ਰੱਬ ਦਾ ਨਾਂ ਵਰਤ ਰਿਹੈ !

ਰੱਬ ਜੀ ! ਪਲੀਜ਼, ਜੇ ਹੈਗੇ ਹੋ ਤਾਂ ਇਹ ਸ਼ੰਕੇ ਦੂਰ ਜ਼ਰੂਰ ਕਰਿਓ।

canada. ontario Goverment pass the resolution to recognize 1984 was sikh genocide by the india goverment.

0

Harinder Malhi re Motion #46 Introductory Remarks 04 06 17

ਇਹ ਉਹ ਬੀਬੀ ਹੈ ਜਿਸ ਨੇ ਇਸ ਮਤੇ ਦੇ ਵਿਰੁਧ ਵੋਟ ਭੁਗਤਾਉਣ ਲਈ ਪਾਰਲੀਮੈਟ ਕੈਨੇਡਾ ਵਿਚੋਂ ਹੀ ਗੈਰਹਾਜ਼ਰ ਰਹਿਣਾ ਉਚਿਤ ਸਮਝਿਆ।

ਸੰਤ ਬਾਬਾ ਦਲੇਰ ਸਿੰਘ ਦੇ ਨਾਮ ਖੁੱਲ੍ਹਾ ਪੱਤਰ

3

(ਸੰਤ ਬਾਬਾ ਦਲੇਰ ਸਿੰਘ ਦੇ ਨਾਮ ਖੁੱਲ੍ਹਾ ਪੱਤਰ)

ਕਿਰਪਾਲ ਸਿੰਘ (ਬਠਿੰਡਾ)

ਸਤਿਕਾਰ ਯੋਗ ਸੰਤ ਬਾਬਾ ਦਲੇਰ ਸਿੰਘ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਵਿਸ਼ਾ:– ਇਤਿਹਾਸ ਸੰਭਾਲਣ ਦੀ ਲੋੜ ਅਤੇ ਅਜੋਕੇ ਵਿਦਵਾਨਾਂ ਵੱਲੋਂ ਇਤਿਹਾਸ ਸਬੰਧੀ ਪੈਦਾ ਕੀਤਾ ਜਾ ਰਿਹਾ ਵਿਵਾਦ।

27 ਮਾਰਚ ਨੂੰ ਆਪ ਜੀ ਦੇ ਫੇਸ-ਬੁੱਕ ਅਕਾਊਂਟ “Baba Daler singh kheri wale ਬਾਬਾ ਦਲੇਰ ਸਿੰਘ ਖੇੜੀ ਵਾਲੇ https://www.facebook.com/officialBabaDalerSinghKheriWale/videos/1365320083525991/” ’ਤੇ ਆਪ ਜੀ ਦੇ ਦੋ ਵੀਡੀਓ ਕਲਿਪ ਵੇਖਣ/ਸੁਣਨ ਦਾ ਮੌਕਾ ਮਿਲਿਆ ਜਿਨ੍ਹਾਂ ਵਿੱਚ ਆਪ ਜੀ ਵੱਲੋਂ ਬੋਲੇ ਗਏ ਸ਼ਬਦਾਂ ਦਾ ਤੱਤ ਸਾਰ ਇਸ ਤਰ੍ਹਾਂ ਸੀ: “(1) ਸਾਡਾ ਅੱਧਾ ਕੁ ਇਤਿਹਾਸ ਤਾਂ ਵਿਰੋਧੀਆਂ ਨੇ ਵਿਗਾੜ ਦਿੱਤਾ ਅਤੇ ਬਾਕੀ ਦਾ ਅੱਧਾ ਸਾਡੇ ਅੱਜ ਦੇ ਵਿਦਵਾਨਾਂ ਨੇ ਵਿਗਾੜ ਦਿੱਤਾ ਹੈ। (2) ਅੱਜ ਦੇ ਵਿਦਵਾਨ ਕਹਿੰਦੇ ਹਨ ਕਿ ਅਸੀਂ ਨਹੀਂ ਇਤਿਹਾਸ ਨੂੰ ਮੰਨਦੇ ਅਸੀਂ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਸਿਰਫ ਉਹ ਹੀ ਮੰਨਣਾ ਹੈ। ਇਸ ਨੂੰ ਸਪਸ਼ਟ ਕਰਦੇ ਹੋਏ ਆਪ ਜੀ ਨੇ ਕਿਹਾ ਕਿ ਫਿਰ ਭਾਈ ਇਹ ਤਾਂ ਕੱਲ੍ਹ ਨੂੰ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ, ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ, ਚਮਕੌਰ ਦਾ ਸਾਕਾ ਅਤੇ ਸਰਹਿੰਦ ਦਾ ਸਾਕਾ ਆਦਿਕ ਵੀ ਨਹੀਂ ਮੰਨਣਗੇ ਕਿਉਂਕਿ ਇਨ੍ਹਾਂ ਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹੈ। (3) ਜਿਵੇਂ ਕਹਿੰਦੇ ਹੁੰਦੇ ਹਨ ਕਿ ਕਾਵਾਂ ਦੇ ਆਖੇ ਢੱਗੇ ਨਹੀਂ ਮਰ ਜਾਣੇ ਇਸੇ ਤਰ੍ਹਾਂ ਅੱਜ ਦੇ ਇਨ੍ਹਾਂ ਵਿਦਵਾਨਾਂ ਦੇ ਆਖੇ ਨਾ ਤਾਂ ਕਿਸੇ ਨੇ ਸਰੋਵਰਾਂ ਵਿੱਚੋਂ  ਇਸ਼ਨਾਨ ਕਰਨੋ ਹੱਟਣਾ ਹੈ ਅਤੇ ਨਾ ਹੀ ਕਿਸੇ ਨੇ ਭੋਰਾ ਸਾਹਿਬ ਢਾਹ ਦੇਣਾ ਹੈ।”

ਤੁਹਾਡੇ ਇਹ ਸ਼ਬਦ ਸੁਣ ਕੇ ਮੈਨੂੰ ਇਹ ਸ਼ੱਕ ਪਿਆ ਕਿ ਅੱਜ ਦੇ ਵਿਦਵਾਨਾਂ ਤੋਂ ਤੁਹਾਡਾ ਭਾਵ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਹੈ। ਇਸ ਲਈ ਤੁਰੰਤ ਤੁਹਾਡੇ ਪੀ.ਏ. ਸਾਹਿਬ ਨਾਲ ਸੰਪਰਕ ਕਰਕੇ ਆਪ ਜੀ ਨਾਲ ਵੀਚਾਰ ਸਾਂਝੇ ਕਰਨੇ ਚਾਹੇ ਤਾਂ ਅੱਗੋਂ ਜਵਾਬ ਮਿਲਿਆ ਕਿ ਬਾਬਾ ਜੀ ਦੀਵਾਨ ਸਜਾਉਣ ਲਈ ਬਾਹਰ ਗਏ ਹਨ ਵਾਪਸ ਆਉਣ ’ਤੇ ਗੱਲ ਕਰਵਾ ਦਿੱਤੀ ਜਾਵੇਗੀ। ਆਪ ਜੀ ਨਾਲ ਕੀਤੇ ਜਾਣ ਵਾਲੀ ਵੀਚਾਰ ਦਾ ਵਿਸ਼ਾ ਸਪਸ਼ਟ ਕਰਨ ਲਈ ਮੈ ਆਪ ਜੀ ਦੇ ਦੋ ਵਟਸ-ਐਪ ਨੰ: 9877801111 ਅਤੇ 9876661011 ’ਤੇ ਲਿਖਤੀ ਸੰਦੇਸ਼ ਭੇਜੇ ਹਨ ਜਿਸ ਵਿੱਚ ਲਿਖਿਆ ਸੀ ਕਿ ਹੈਰਾਨੀ ਹੈ ਕਿ ਭੋਰਿਆਂ ਅਤੇ ਸਰੋਵਰਾਂ ਦੇ ਜਲ ਦੇ ਵਿਵਾਦ ਵਿੱਚ ਗੁਰਬਾਣੀ ਮੁਤਾਬਿਕ ਸੱਚ ਬਿਆਨ ਕਰ ਰਹੇ ਪ੍ਰਚਾਰਕ; ਆਪ ਜੀ ਵਰਗੇ ਸੂਝਵਾਨ ਵਿਅਕਤੀਆਂ ਦੀਆਂ ਨਜਰਾਂ ਵਿੱਚ ਵਿਵਾਦ ਪੈਦਾ ਕਰ ਰਹੇ ਹਨ !  ਮੈਂ ਅੱਗੇ ਹੋਰ ਲਿਖਿਆ ਸੀ ਕਿ ਇਹ ਜਰੂਰੀ ਨਹੀਂ ਕਿ ਜਿਹੜਾ ਇਤਿਹਾਸ ਤੁਸੀਂ ਪੜ੍ਹਿਆ/ਸੁਣਿਆ ਹੋਇਆ ਹੈ ਸਿਰਫ ਉਹ ਹੀ ਸੱਚ ਹੈ। ਤੁਹਾਨੂੰ ਇਸ ਦੇ ਉਲਟ ਕੁਝ ਹੋਰ ਵੀ ਬਹੁਤ ਕੁਝ ਪੜ੍ਹਨ/ਸੁਣਨ ਦੀ ਲੋੜ ਹੈ। ਇਨ੍ਹਾਂ ਵਿੱਚੋਂ ਸਹੀ ਕਿਹੜਾ ਹੈ; ਇਹ ਸਿਰਫ ਗੁਰਬਾਣੀ ਦੀ ਕਸਵੱਟੀ ’ਤੇ ਹੀ ਪਰਖਿਆ ਜਾ ਸਕਦਾ ਹੈ। ਇਹੋ ਗੱਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਹੀ ਸੀ ਜਿਸ ਵਿੱਚ ਕੁਝ ਵੀ ਗਲਤ ਨਹੀਂ ਜਾਪਦਾ ਪਰ ਤੁਹਾਨੂੰ ਪਤਾ ਨਹੀਂ ਕਿਉਂ ਇਸ ਵਿੱਚ ਵਿਵਾਦ ਨਜਰ ਆ ਰਿਹਾ ਹੈ ? ਉਨ੍ਹਾਂ ਨੇ ਕਿੱਥੇ ਇਹ ਗੱਲ ਕਹੀ ਹੈ ਕਿ ਜੋ ਇਤਿਹਾਸ ਵਿੱਚ ਨਹੀਂ ਲਿਖਿਆ, ਮੈਂ ਉਸ ਨੂੰ ਨਹੀਂ ਮੰਨਦਾ ? ਕਿੱਥੇ ਕਿਹਾ ਹੈ ਕਿ ਸਰੋਵਰਾਂ ਵਿੱਚ ਇਸ਼ਨਾਨ ਨਾ ਕਰੋ ? ਕਿੱਥੇ ਕਿਹਾ ਹੈ ਕਿ ਭੋਰੇ ਢਾਹ ਦਿਓ ? ਉਨ੍ਹਾਂ ਨੇ ਵੱਖਰੇ ਵੱਖਰੇ ਇਤਿਹਾਸਕ ਸ੍ਰੋਤਾਂ ’ਚੋਂ ਸਿਰਫ ਗੁਰਬਾਣੀ ਦੀ ਕਸਵੱਟੀ ’ਤੇ ਪੂਰਾ ਉਤਰਨ ਵਾਲੇ ਇਤਿਹਾਸ ਨੂੰ ਹੀ ਸੱਚ ਮੰਨਣ ਦੀ ਗੱਲ ਕਹੀ ਹੈ, ਪਰ ਤੁਸੀਂ ਹੋਰ ਹੀ ਬਾਤ ਦਾ ਬਤੰਗੜ ਬਣਾ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹੋ। ਮੈਨੂੰ ਤੁਹਾਡੇ ਮੂੰਹੋਂ ਇਹ ਸੁਣ ਕੇ ਸਿਰਫ ਹੈਰਾਨੀ ਹੀ ਨਹੀਂ ਸਗੋਂ ਦੁੱਖ ਵੀ ਹੋਇਆ ਹੈ। ਆਪ ਜੀ ਦੀ ਜਾਣਕਾਰੀ ਲਈ ਗੁਰੂ ਤੇਗ ਬਹਾਦੁਰ ਸਾਹਿਬ ਜੀ ਵੱਲੋਂ ਪ੍ਰਚਾਰਕ ਦੌਰੇ ਕਰਨ ਜਾਂ ਭੋਰੇ ਵਿੱਚ ਬੈਠ ਕੇ ਤਪੱਸਿਆ ਕਰਨ ਦਾ ਸੱਚ ਜਾਨਣ ਲਈ ਵਟਸ-ਐਪ ਰਾਹੀਂ ABP ਸਾਂਝਾ ਟੀਵੀ ਚੈੱਨਲ ’ਤੇ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਦੀ ਵਾਰਤਾਲਾਪ ਦੀ ਵੀਡੀਓ ਕਲਿੱਪ https://youtu.be/MOy2LKfwpIg   ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਜਵਾਬ ਲੈਣ ਲਈ ਧਰਨਾ ਲਾਉਣ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਦੀ ਭਾਈ ਸੰਦੀਪ ਸਿੰਘ ਕਥਾਵਾਚਕ ਨਾਲ ਹੋਈ ਟੈਲੀਫ਼ੋਨ ਗੱਲਬਾਤ ਦੀ ਵੀਡੀਓ ਕਲਿੱਪ https://youtu.be/mmjV4TonJMU ਵੀ ਆਪ ਜੀ ਨੂੰ ਭੇਜੀ ਗਈ ਸੀ ਤਾਂ ਕਿ ਤੁਹਾਨੂੰ ਭੋਰਾ ਵਿਵਾਦ ਅਤੇ ਤੁਹਾਡੀਆਂ ਨਜਰਾਂ ਵਿੱਚ ਸ਼ਰਧਾਵਾਨ ਸਿੱਖ ਭਾਈ ਅਮਰੀਕ ਸਿੰਘ ਦੀ ਗੁਰਸਿੱਖੀ ਸਬੰਧੀ ਸੰਖੇਪ ਜਾਣਕਾਰੀ ਹਾਸਲ ਹੋ ਸਕੇ। ਆਪ ਜੀ ਦੇ ਪੀ.ਏ. ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਕੋਈ ਜਵਾਬ ਨਾ ਮਿਲਣ ’ਤੇ ਮੁੜ ਚੇਤਾ ਕਰਵਾਉਣ ਲਈ ਕ੍ਰਮਵਾਰ 28 ਮਾਰਚ, 3 ਅਪ੍ਰੈਲ ਅਤੇ 5 ਅਪ੍ਰੈਲ ਨੂੰ ਤਿੰਨ ਵਾਰ ਪੀ.ਏ. ਸਾਹਿਬ ਨੂੰ ਫ਼ੋਨ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਮੇਰਾ ਸੁਨੇਹਾ ਤੁਹਾਡੇ ਕੋਲ ਪਹੁੰਚ ਗਿਆ ਹੈ ਤੇ ਵਿਹਲ ਕੱਢ ਕੇ ਜਰੂਰ ਗੱਲ ਕਰਨਗੇ ਇਸ ਦੇ ਬਾਵਯੂਦ ਆਪਣੀ ਹੁਣ ਤੱਕ ਸਿੱਧੀ ਗੱਲ ਨਹੀਂ ਹੋਈ।

6, 7, 8 ਅਪ੍ਰੈਲ ਦੇ ਆਪ ਜੀ ਦੇ ਤਿੰਨ ਦਿਨਾਂ ਦੀਵਾਨ ਚੱਲ ਰਹੇ ਹਨ। ਪਹਿਲੇ ਦਿਨ ਦੇ ਦੀਵਾਨ ਨੂੰ ਫੇਸ-ਬੁੱਕ ’ਤੇ ਲਾਈਵ ਸੁਣ ਰਿਹਾ ਸੀ ਤਾਂ ਮੇਰੇ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਤੁਹਾਨੂੰ ਇਹ ਕਹਿੰਦੇ ਸੁਣਿਆ ਗਿਆ: ਹਿੰਦੂਆਂ ਜਿਨ੍ਹਾਂ ਦੇ ਇਤਿਹਾਸ ਨੂੰ ਮਿਥਿਹਾਸ ਕਿਹਾ ਜਾਂਦਾ ਹੈ  ਉਨ੍ਹਾਂ ਤਾਂ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਦੀ ਮਿਤੀ ਲੱਭ ਲਈ ਹੈ ਪਰ ਇੱਧਰ ਸਾਡੇ ਵਿਦਵਾਨ, ਜਿਨ੍ਹਾਂ ਦਾ ਸ਼ਾਨਾ ਮੱਤੀ ਇਤਿਹਾਸ ਹੈ ਉਨ੍ਹਾਂ ਨੇ ਇਤਿਹਾਸ ਸੰਭਾਲਣਾਂ ਤਾਂ ਕੀ ਸੀ ਸਗੋਂ ਵਿਗਾੜੀ ਜਾਂਦੇ ਹਨ। ਇਹ ਸੁਣਦਿਆਂ ਮੈਂ ਫੇਸ-ਬੁੱਕ ’ਤੇ ਹੇਠ ਲਿਖੇ ਕੁਮੈਂਟਸ ਪੋਸਟ ਕੀਤੇ ਹਨ ਜਿਨਾਂ ਦੇ ਮੈਨੂੰ ਸੰਬੋਧਨ ਹੋ ਕੇ ਭਰਪੂਰ ਸਿੰਘ ਨੇ ਜਵਾਬੀ ਕੁਮੈਂਟਸ ਕੀਤੇ। ਆਪ ਜੀ ਦੀ ਜਾਣਕਾਰੀ ਲਈ ਸਾਡੇ ਸਵਾਲ ਜਵਾਬਾਂ ਦੇ ਆਪਸੀ ਕੁਮੈਂਟਸਾਂ ਦੀ ਕਾਪੀ ਪੇਸਟ ਹੇਠ ਲਿਖੇ ਅਨੁਸਾਰ ਹੈ:

 Kirpal Singh · 35:09  ਬਾਬਾ ਜੀ ਕੁਝ ਇਤਿਹਾਸਕ ਹਵਾਲਿਆਂ ਮੁਤਾਬਿਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਬਕਾਲਾ ਵਿਖੇ 26 ਸਾਲ 9 ਮਹੀਨੇ 13 ਦਿਨ ਭੋਰਾ ਸਾਹਿਬ ‘ਚ ਬੈਠ ਕੇ ਤਪੱਸਿਆ ਕੀਤੀ ਪਰ ਕੁਝ ਇਤਿਹਾਸਕ ਹਵਾਲਿਆਂ ਮੁਤਾਬਿਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸਮੇਂ ਦੌਰਾਨ ਯੂ ਪੀ,  ਬਿਹਾਰ, ਅਸਾਮ ਤੋਂ ਇਲਾਵਾ ਮਾਝੇ ਦੇ ਖੇਤਰ ਵਿਚ ਵੀ ਗੁਰਬਾਣੀ ਅਤੇ ਗੁਰਮਤਿ ਦਾ ਪਰਚਾਰ ਕੀਤਾ ਤੇ ਪ੍ਰਚਾਰਕ ਦੌਰਿਆਂ ਉਪਰੰਤ ਬਕਾਲਾ ਵਿਖੇ ਆ ਨਿਵਾਸ ਕਰਦੇ ਸਨ। ਇਨ੍ਹਾਂ ਵਿੱਚੋਂ ਕਿਹੜੇ ਇਤਿਹਾਸਕ ਹਵਾਲੇ ਨੂੰ ਸਹੀ ਮੰਨਿਆ ਜਾਵੇ ਅਤੇ ਕਿਉਂ ?


 Bharpur Singh
 · 1:11:25 Kirpal Singh g why is it important to know about whether in Bhora or not in Bhora What is important to me is that what he did for humanity and most importantly his Gurbani.

 Kirpal Singh · 51:58 ਭਾਈ ਭਰਪੂਰ ਸਿੰਘ ਜੀ ਇਤਿਹਾਸ ਹੀ ਸਾਨੂੰ ਸੇਧ ਦਿੰਦਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੇ ਕਿਹੜੇ ਪਦ ਚਿੰਨ੍ਹਾਂ ‘ਤੇ ਚਲਣਾ ਹੈ । ਜੇ ਸਾਨੂੰ ਸਹੀ ਇਤਿਹਾਸ ਦੀ ਪਰਖ ਹੀ ਨਾ ਹੋ ਸਕੀ ਤਾਂ ਅਸੀਂ ਸੇਧ ਕਿਥੋਂ ਲਵਾਂਗੇ ਤੇ ਕਿਹੜੇ ਇਤਿਹਾਸ ਦੀ ਸੰਭਾਲ ਕਰਾਂਗੇ ?

 Bharpur Singh · 1:37:41 Bhaa g Kirpal Sigh g sedh lain lai tan Gurbani he bahut hai Even more than that if some body doesn’t have time to learn from Gurbani then if we can learn just three pillars of Sikhism/Humanity namely Naam Japo Kirat karo te Vand chhako to me that is more than enough to live a life what Guru g have tlked about And I am more than 100% sure that many of those who are trying to learn from itihaas are not living the life according to these rules

 Kirpal Singh · 0:00 ਭਾਈ ਭਰਪੂਰ ਸਿੰਘ ਜੀ ਮੈਂ ਆਪ ਜੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਪਰ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਪਿਛਲੇ ਕੁਝ ਸਮੇਂ ਤੋਂ ਖੁਦ ਗੁਰਬਾਣੀ ਪੜ੍ਹਨ ਸਮਝਣ ਤੇ ਇਸ ‘ਤੇ ਅਮਲ ਕਰਨ ਦਾ ਪ੍ਰਚਾਰ ਕਰਦੇ ਆ ਰਹੇ ਹਨ ਪਰ ਕੁਝ ਲੋਕ ਉਨ੍ਹਾਂ ‘ਤੇ ਦੋਸ਼ ਲਾ ਰਹੇ ਹਨ ਕਿ ਉਹ ਇਤਿਹਾਸ ਬਦਲ ਰਹੇ ਹਨ। ਮੈਂ ਜਾਨਣਾ ਚਾਹੁੰਦਾ ਹਾਂ ਕਿ ਢੱਡਰੀਆਂ ਵਾਲੇ ਜਾਂ ਉਨ੍ਹਾਂ ‘ਤੇ ਦੋਸ਼ ਲਾਉਣ ਵਾਲਿਆਂ ਵਿਚੋਂ ਸਹੀ ਕੌਣ ਹੈ ? ਅਤੇ ਅਸੀਂ ਇਨ੍ਹਾਂ ਦੋਵਾਂ ਵਿੱਚੋਂ ਕਿਸ ਦੀ ਗੱਲ ਮੰਨੀਏ ?

ਮੈਨੂੰ ਨਹੀਂ ਪਤਾ ਕਿ ਇਸ ਭਾਈ ਭਰਪੂਰ ਸਿੰਘ ਨੇ ਤੁਹਾਡੀ ਤਰਫੋਂ ਕੁਮੈਂਟਸ ਕੀਤੇ ਹਨ ਜਾਂ ਆਪਣੇ ਤੌਰ ’ਤੇ। ਮੈਨੂੰ ਇਹ ਵੀ ਨਹੀਂ ਪਤਾ ਕਿ ਇਹ ਭਾਈ ਸਾਹਿਬ ਤੁਹਾਡੇ ਸ਼੍ਰਧਾਲੂ ਹਨ ਜਾਂ ਆਮ ਸ੍ਰੋਤਾ ਪਰ ਇੱਕ ਗੱਲ ਸਪਸ਼ਟ ਹੈ ਕਿ ਤੁਹਾਡੇ ਸ੍ਰੋਤਿਆਂ ਵਿੱਚ ਭਾਈ ਭਰਪੂਰ ਸਿੰਘ ਵਰਗੇ ਐਸੇ ਸ੍ਰੋਤੇ ਹਨ ਜੋ ਗੁਰਬਾਣੀ ਨੂੰ ਇਤਿਹਾਸ ਨਾਲੋਂ ਪ੍ਰਥਮ ਨੰਬਰ ’ਤੇ ਮੰਨਦੇ ਹਨ। ਕੀ ਤੁਸੀਂ ਕਦੀ ਸੋਚਿਆ ਹੈ ਕਿ ਤੁਹਾਡਾ ਪ੍ਰਚਾਰ ਜਾਣੇ ਅਣਜਾਣੇ ਮੇਰੇ ਸਮੇਤ ਭਾਈ ਭਰਪੂਰ ਸਿੰਘ ਅਤੇ ਕਈ ਹੋਰਨਾਂ ਦੇ ਮਨਾਂ ਵਿੱਚ ਗੁਰਬਾਣੀ ਦੀ ਸਿਖਿਆ ਦੀ ਤੁਲਨਾ ਵਿੱਚ ਸਾਡੇ ਵਿਰੋਧੀਆਂ ਵੱਲੋਂ ਲਿਖੇ ਇਤਿਹਾਸ ਨੂੰ ਜਿਆਦਾ ਤਰਜੀਹ ਦੇ ਕੇ ਹੋਰ ਵਿਵਾਦਤ ਉਲਝਨਾ ਤਾਂ ਪੈਦਾ ਨਹੀਂ ਕਰ ਰਿਹਾ ?

ਆਪ ਜੀ ਨੂੰ ਬੇਨਤੀ ਹੈ ਕਿ ਜਾਂ ਤਾਂ ਮੇਰੇ ਸ਼ੰਕੇ ਦੂਰ ਕਰਨ ਲਈ 8 ਅਪ੍ਰੈਲ ਦੇ ਦੀਵਾਨ ਤੋਂ ਪਹਿਲਾਂ ਬਠਿੰਡਾ ਵਿਖੇ ਨਿੱਜੀ ਤੌਰ ’ਤੇ ਮਿਲਣ ਦਾ ਸਮਾਂ ਦਿੱਤਾ ਜਾਵੇ ਜਾਂ ਇਸ ਪੱਤਰ ਵਿੱਚ ਪੁੱਛੇ ਗਏ ਸਾਰੇ ਸਵਾਲਾਂ ਦਾ ਆਪਣੇ ਦੀਵਾਨ ਦੌਰਾਨ ਗੁਰਬਾਣੀ ਦੇ ਅਧਾਰ ’ਤੇ ਸਪਸ਼ਟ ਉੱਤਰ ਦੇ ਕੇ ਉਪਜ ਰਹੇ ਨਵੇਂ ਵਿਵਾਦਾਂ ਨੂੰ ਠੱਲ੍ਹ ਪਾਉਣ ਲਈ ਗੁਰਬਾਣੀ ਦਾ ਪ੍ਰਚਾਰਕ ਹੋਣ ਦਾ ਆਪਣਾ ਫਰਜ ਨਿਭਾਇਆ ਜਾਵੇ, ਜੀ। ਇਹ ਵੀ ਦੱਸਿਆ ਜਾਵੇ ਕਿ ਤੁਹਾਡੀ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਦੀ ਸੋਚ ਅਨੁਸਾਰ ‘ਪਾਣੀ’ ਤੇ ‘ਜਲ’ ਵਿੱਚ ਕੀ ਅੰਤਰ ਹੈ ਕਿਉਂਕਿ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਅਨੁਸਾਰ ਤਾਂ ਮੈਨੂੰ ਕੋਈ ਅੰਤਰ ਨਜਰ ਨਹੀਂ ਆ ਰਿਹਾ ਸਗੋਂ ‘ਪਾਣੀ’ ਕੁਝ ਚੰਗੇ ਗੁਣਾਂ ਅਤੇ ‘ਜਲ’ ਨੂੰ ਘੱਟ ਗੁਣਾਂ ਵਾਲਾ ਪ੍ਰਤੀਤ ਹੋ ਰਿਹਾ ਹੈ:

  • ਭਰੀਐ ; ਹਥੁ ਪੈਰੁ, ਤਨੁ ਦੇਹ ਪਾਣੀ ਧੋਤੈ ; ਉਤਰਸੁ ਖੇਹ   … ੨੦  {ਜਪੁ/ ਅੰਕ ੪}
  • ਪਵਣੁ ਗੁਰੂ, ਪਾਣੀ ਪਿਤਾ ; ਮਾਤਾ ਧਰਤਿ ਮਹਤੁ {ਜਪੁ (ਸਲੋਕ)/ ਅੰਕ ੮}
  • ਜਲ ਕੈ ਮਜਨਿ, ਜੇ ਗਤਿ ਹੋਵੈ ; ਨਿਤ ਨਿਤ ਮੇਂਡੁਕ ਨਾਵਹਿ ਜੈਸੇ ਮੇਂਡੁਕ, ਤੈਸੇ ਓਇ ਨਰ ; ਫਿਰਿ ਫਿਰਿ ਜੋਨੀ ਆਵਹਿ {ਆਸਾ (ਭਗਤ ਕਬੀਰ ਜੀ)/ ਅੰਕ ੪੮੪}
  • ਜਲਿ ਮਲਿ, ਕਾਇਆ ਮਾਜੀਐ ਭਾਈ ! ਭੀ, ਮੈਲਾ ਤਨੁ ਹੋਇ ਗਿਆਨਿ ਮਹਾ ਰਸਿ ਨਾਈਐ ਭਾਈ ! ਮਨੁ ਤਨੁ ਨਿਰਮਲੁ ਹੋਇ {ਸੋਰਠਿ, ਮਃ ੧/ ਅੰਕ ੬੩੭}

    

ਆਪ ਜੀ ਦਾ ਸ਼ੁਭਚਿੰਤਕ

ਕਿਰਪਾਲ ਸਿੰਘ ਬਠਿੰਡਾ ਸੰਪਰਕ ਨੰ: 98554-80797

‘ਵਿਸਾਖੀ’ ਨੂੰ ਸਿੱਖਾਂ ਦੇ ਤਿਉਹਾਰ ਵਜੋਂ ਅਮਰੀਕਾ ਦੀ ਕਾਂਗਰਸ ਦੇ ਇਜਲਾਸ ਵਿਚ ਮਾਨਤਾ ਦੇਣ ਵਾਲਾ ਮਤਾ ਸਪੀਕਰ ਦੀ ਹਾਜ਼ਰੀ ਵਿਚ ਪੜ੍ਹਿਆ ਗਿਆ

0

‘ਵਿਸਾਖੀ’ ਨੂੰ ਦਿੱਤੀ ਗਈ ਅਮਰੀਕਾ ਦੀ ਕਾਂਗਰਸ ਦੇ ਇਜਲਾਸ ਵਿਚ ਸਿੱਖਾਂ ਦੇ ਤਿਉਹਾਰ ਵਜੋਂ ਮਾਨਤਾ ਕਾਂਗਰਸ ਦੇ ਇਜਲਾਸ ਵਿਚ ਸਪੀਕਰ ਦੀ ਹਾਜ਼ਰੀ ਵਿਚ ਪੜ੍ਹਿਆ ਵਿਸਾਖੀ ਨੂੰ ਮਾਨਤਾ ਦੇਣ ਵਾਲਾ ਮਤਾ

ਸਿੱਖ ਕੋਆਰਡੀਨੇਸ਼ਨ ਕਮੇਟੀ ਤੇ ਸਿੱਖ ਕਾਕਸ ਦੇ ਉੱਦਮਾਂ ਸਦਕਾ ਹੋਇਆ ਇਹ ਵੱਡਾ ਕੰਮ

8 ਅਪਰੈਲ ਨੂੰ ਵਿਸਾਖੀ ‘ਨੈਸ਼ਨਲ ਸਿੱਖ ਡੇਅ’ ਨਿਰਧਾਰਿਤ ਕਰਾਉਣ ਲਈ ਹੋਵੇਗੀ ਸਿੱਖ ਡੇ ਪਰੇਡ

ਵਾਸ਼ਿੰਗਟਨ ਡੀਸੀ 6 ਅਪਰੈਲ 2017 (ਕਿਰਪਾਲ ਸਿੰਘ ਬਠਿੰਡਾ):

ਵਿਸ਼ਵ ਵਿਚ ਰਹਿੰਦੀ ਸਾਰੀ ਸਿੱਖ ਕੌਮ ਲਈ ਇਹ ਵੱਡੀ ਅਤੇ ਖ਼ੁਸ਼ੀ ਦੀ ਖ਼ਬਰ ਹੈ ਕਿ ਅਮਰੀਕਾ ਦੇ ਸਮੁੱਚੇ ਕਾਂਗਰਸ ਮੈਨਾ ਦੇ ਇਜਲਾਸ ਵਿਚ ਅੱਜ ਸਿੱਖਾਂ ਦੇ ਤਿਉਹਾਰ ਵਿਸਾਖੀ ਨੂੰ ਮਾਨਤਾ ਦੇਣ ਵਾਲਾ ਮਤਾ ਪਾ ਦਿੱਤਾ ਗਿਆ ਹੈ। ਇਹ ਮਤਾ ਵਾਸ਼ਿੰਗਟਨ ਡੀਸੀ ਦੀ ਕੈਪੀਟਲ ਹਿੱਲ ਵਿਚ ਪਾਇਆ ਗਿਆ ਜਿੱਥੇ ਕਿ ਅਮਰੀਕਾ ਸਰਕਾਰ ਦੇ ਮਤੇ ਪੈਂਦੇ ਤੇ ਕਾਨੂੰਨ ਬਣਦੇ ਹਨ। ਇਹ ਮਤਾ ਪੈਣ ਨਾਲ ਅਮਰੀਕਾ ਵਿਚ ਵਿਸਾਖੀ ਨੂੰ ਨੈਸ਼ਨਲ ਸਿੱਖ ਡੇਅ ਵਜੋਂ ਨਿਰਧਾਰਿਤ ਕਰਨ ਦਾ ਵੀ ਰਾਹ ਖੁੱਲ੍ਹ ਗਿਆ ਹੈ।

ਅੱਜ ਵਾਸ਼ਿੰਗਟਨ ਡੀਸੀ ਦੀ ਕੈਪੀਟਲ ਹਿੱਲ ਵਿਚ ਅਮਰੀਕਾ ਦੇ ਸਾਰੇ ਕਾਂਗਰਸ ਮੈਨ ਸਪੀਕਰ ਪੌਲ ਰਾਇਨ ਪ੍ਰਧਾਨਗੀ ਵਿਚ ਹੋਈ 115ਵੀਂ ਕਾਂਗਰਸ ਦੇ ਪਹਿਲੇ ਇਜਲਾਸ ਵਿਚ, ਇਕੱਤਰ ਸਨ, ਜਿਸ ਵਿਚ ਵਿਸਾਖੀ ਨੂੰ ਸਿੱਖਾਂ ਦੇ ਤਿਉਹਾਰ ਵਜੋਂ ਮਾਨਤਾ ਦੇਣ ਲਈ ਮਤਾ ਨੰਬਰ 189 ਕਾਂਗਰਸ ਮੈਨ ਪੈਟਰਿਕ ਰੋਮੀ ਨੇ ਪੜ੍ਹਿਆ। ਇਸ ਮਤੇ ਵਿਚ ਵਿਸ਼ੇਸ਼ ਕਰਕੇ 100 ਤੋਂ ਵੱਧ ਗੁਰਦੁਆਰਾ ਸਾਹਿਬ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਗਈ ‘ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ’ ਤੇ ਕਾਂਗਰਸ ਮੈਨਾ ਵੱਲੋਂ ਬਣਾਈ ਗਈ ‘ਸਿੱਖ ਕਾਕਸ’ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਕਿ ਇਨ੍ਹਾਂ ਸੰਸਥਾਵਾਂ ਨੇ ਵਿਸਾਖੀ ਦੀ ਧਾਰਮਿਕ, ਸਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਬਾਰੇ ਅਮਰੀਕਾ ਦੀ ਕਾਂਗਰਸ ਨੂੰ ਸਬੂਤਾਂ ਸਮੇਤ ਦੱਸਿਆ ਗਿਆ ਕਿ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਸਾਜਿਆ ਸੀ। ਇਸ ਮਤੇ ਵਿਚ ਸਭ ਨੂੰ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਕਿਹਾ ਗਿਆ। ਇਸ ਤੋਂ ਬਾਅਦ ਕਾਂਗਰਸ ਮੈਨ ਨੇ ਇਹ ਵੀ ਕਿਹਾ ਕਿ ‘ਵਿਸਾਖੀ’ ਨੂੰ ਅਮਰੀਕਾ ਵਿਚ ਨੈਸ਼ਨਲ ਸਿੱਖ ਡੇਅ ਨਿਰਧਾਰਿਤ ਕਰਾਉਣ ਲਈ, ਜੋ 8 ਅਪਰੈਲ ਨੂੰ ਨੈਸ਼ਨਲ ਸਿੱਖ ਡੇਅ ਪਰੇਡ ਹੋ ਰਹੀ ਹੈ ਉਸ ਵਿਚ ਸਾਰੇ ਹੀ ਵੱਧ ਚੜ੍ਹ ਕੇ ਹਿੱਸਾ ਲੈਣ। ਇਸ ਦੀ ਖ਼ੁਸ਼ੀ ਸਾਂਝੀ ਕਰਦਿਆਂ ‘ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਕੋਆਰਡੀਨੇਟਰ ਸ. ਹਿੰਮਤ ਸਿੰਘ’ ਨੇ ਕਿਹਾ ਕਿ ਸਾਰੀ ਸਿੱਖ ਕੌਮ ਲਈ ਅੱਜ ਦਾ ਦਿਹਾੜਾ ਖ਼ੁਸ਼ੀਆਂ ਭਰਿਆ ਹੈ ਕਿਉਂਕਿ ਅੱਜ ਅਮਰੀਕਾ ਦੀ ਕਾਂਗਰਸ ਦੇ ਇਜਲਾਸ (ਇਕੱਠ) ਵਿਚ ਮਤਾ ਪੈਣ ਨਾਲ ਹੁਣ ਅਮਰੀਕਾ ਵਿਚ ਵਿਸਾਖੀ ਨੂੰ ਸਿੱਖਾਂ ਦੇ ਤਿਉਹਾਰ ਵਜੋਂ ਮਾਨਤਾ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਮਦਦ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਜਥੇਬੰਦੀਆਂ ਨੇ ਕੀਤੀ ਹੈ, ਸਾਰੇ ਹੀ ਇਸ ਖ਼ੁਸ਼ੀ ਦੇ ਸਾਂਝੀਦਾਰ ਹਨ। ਹੁਣ 8 ਅਪਰੈਲ ਨੂੰ ਵਾਸ਼ਿੰਗਟਨ ਡੀਸੀ ਵਿਚ ਹੀ ਨੈਸ਼ਨਲ ਸਿੱਖ ਡੇ ਪਰੇਡ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਬਹੁਤ ਵੱਡੀ ਗਿਣਤੀ ਵਿਚ ਸਿੱਖ ਇਕੱਠੇ ਹੋਣਗੇ।

ਮਤੇ ਦੀ ਕਾਪੀ

ਸਿੱਖ ਕੋਆਰਡੀਨੇਸ਼ਨ ਕਮੇਟੀ ਆਗੂ

ਜਾਰੀ ਕਰਤਾ

ਹਿੰਮਤ ਸਿੰਘ, ਕੋਆਰਡੀਨੇਟਰ

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ

Most Viewed Posts