ਰੱਬ

0
498

ਰੱਬ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

(ਨੋਟ: ਇਸ ਲੇਖ ਦੇ ਵਿਸ਼ੇ ਬਾਰੇ ਮੇਰੀ ਡਾਕਟਰ ਹਰਸ਼ਿੰਦਰ ਕੌਰ ਜੀ ਨਾਲ਼ ਫੋਨ ਰਾਹੀਂ ਵਿਚਾਰ ਹੋਈ, ਉਨ੍ਹਾਂ ਕਿਹਾ ਕਿ ਮੇਰਾ ਮਤਲਬ ਰੱਬ ਦੀ ਕਣ-ਕਣ ਵਿਚ ਵਿਆਪਕ ਹੋਂਦ ਤੋਂ ਮੁਨਕਰ ਹੋਣਾ ਨਹੀਂ ਬਲਕਿ ਉਨ੍ਹਾਂ ਬੱਚਿਆਂ ਦੇ ਸਵਾਲਾਂ ਦਾ ਜਵਾਬ ਸਾਨੂੰ ਲੱਭਣਾ ਚਾਹੀਦਾ ਹੈ ਜੋ ਕਿ ਅਜਿਹੇ ਸਵਾਲ ਉੱਠਾ ਕੇ ਧਰਮ ਤੋਂ ਦੂਰ ਹੋ ਗਏ ਜਾਂ ਹੋ ਰਹੇ ਹਨ।

ਗਿਆਨੀ ਅਵਤਾਰ ਸਿੰਘ)

ਅਸੀਂ ਆਪਣੇ ਬੱਚਿਆਂ ਨੂੰ ਰੱਬ ਬਾਰੇ ਏਨੇ ਭਰਮ ਭੁਲੇਖੇ ਪਾਏ ਹੋਏ ਹਨ ਕਿ ਜਦੋਂ ਉਨ੍ਹਾਂ ਨਾਲ ਗੱਲ ਕਰੋ ਤਾਂ ਕੁੱਝ ਅਜਿਹਾ ਉਨ੍ਹਾਂ ਕੋਲੋਂ ਵਾਪਸ ਸੁਣਨ ਨੂੰ ਮਿਲਦਾ ਹੈ:-

ਰਬ ਇਕ ਅਜਿਹੀ ਚੀਜ਼ ਹੈ ਜੋ ਕਦੇ ਕਿਸੇ ਨੂੰ ਨਹੀਂ ਦਿਸਦੀ। ਉਸ ਕੋਲ ਦੁਨੀਆ ਦੇ ਹਰ ਕੀੜੇ ਮਕੌੜੇ ਤੋਂ ਲੈ ਕੇ ਹੁਣ ਤਕ ਦੇ ਜੰਮੇ ਹਰ ਮਨੁੱਖ ਅਤੇ ਜੰਮਣ ਵਾਲੇ ਸਾਰੇ ਕੀੜੇ ਮਕੌੜੇ, ਜਨੌਰਾਂ, ਪੰਛੀਆਂ, ਦਰਖ਼ਤ, ਬੂਟੇ, ਬੰਦਿਆਂ, ਔਰਤਾਂ, ਬੱਚਿਆਂ ਦੇ ਰਜਿਸਟਰ ਲੱਗੇ ਹੋਏ ਹਨ। ਅਜਿਹੇ ਰਜਿਸਟਰ ਚੰਨ, ਤਾਰੇ, ਸੂਰਜ, ਸਮੁੰਦਰ, ਰੇਗਿਸਤਾਨ ਬਾਰੇ ਵੀ ਉਸ ਨੇ ਲਾਏ ਹੋਏ ਹਨ।

ਸਕੂਲ ਦੇ ਹਾਜ਼ਰੀ ਰਜਿਸਟਰ ਵਾਂਗ ਉਸ ਨੇ ਹਰ ਜੰਮ ਚੁੱਕੇ ਦਾ ਤੇ ਜੰਮਣ ਵਾਲੇ ਦਾ ਰਜਿਸਟਰ ਲਾਇਆ ਹੋਇਆ ਹੈ। ਮੌਤ ਦੇ ਰਜਿਸਟਰ ਅਲੱਗ ਲੱਗੇ ਹੋਏ ਹਨ ਤੇ ਐਕਸੀਡੈਂਟ ਤੇ ਬੀਮਾਰੀਆਂ ਦੇ ਵੀ, ਕਿ ਕਦੋਂ ਕਿਸ ਨਾਲ ਕੀ ਹੋਣਾ ਹੈ ਤੇ ਹੋ ਚੁੱਕਿਆ ਹੈ।

ਏਨੇ ਸਾਰੇ ਰਜਿਸਟਰ ਕਿੱਥੇ ਰੱਖੇ ਹੋਏ ਹਨ, ਇਹ ਚੰਨ, ਤਾਰਿਆਂ ਉੱਤੇ ਖੋਜ ਕਰਨ ਵਾਲਿਆਂ ਨੂੰ ਹਾਲੇ ਤੱਕ ਨਹੀਂ ਦਿਸੇ ਕਿ ਇਸ ਰਿਕਾਰਡ ਨੂੰ ਰੱਖਣ ਵਾਲੀਆਂ ਢੇਰਾਂ ਦੀਆਂ ਢੇਰ ਅਲਮਾਰੀਆਂ, ਮੇਜ਼, ਕੁਰਸੀਆਂ ਕਿਹੜੇ ਕੋਨੇ ਵਿਚ ਲੱਗੀਆਂ ਹਨ।

ਸਭ ਨੂੰ ਕਿਹਾ ਜਾਂਦਾ ਹੈ ਕਿ ਉਸ ਦੀਆਂ ਖ਼ਰਬਾਂ ਅੱਖਾਂ ਤੇ ਕੰਨ ਹਨ ਤੇ ਉਹ ਹਰ ਕਿਸੇ ਦੇ ਨਾਲ ਖੜ੍ਹਾ ਹੈ ਉਸ ਵੱਲੋਂ ਕੀਤੀ ਜਾਂਦੀ ਤੇ ਬੋਲੀ ਜਾਂਦੀ ਮਾੜੀ ਗੱਲ ਆਪਣੇ ਰਜਿਸਟਰ ਵਿਚ ਦਰਜ ਕਰਦਾ ਰਹਿੰਦਾ ਹੈ। ਕਿਸੇ ਵੱਲੋਂ ਕੀਤੀ ਚੰਗਿਆਈ ਵੀ ਉਸ ਨੇ ਦਰਜ ਕਰਨੀ ਹੁੰਦੀ ਹੈ।

‘ਕਮਾਲ ਦੀ ਗੱਲ ਇਹ ਹੈ ਕਿ ਏਨੀ ਨੇੜੇ ਬੈਠਾ, ਤੁਰਦਾ ਫਿਰਦਾ ਜੋ ਦੁਨੀਆ ਦੇ ਹਰ ਕੋਨੇ ਵਿਚ ਬੈਠੇ ਬੰਦੇ ਵੱਲੋਂ ਮਾੜਾ ਸੋਚਦੇ ਸਾਰ ਸਜ਼ਾ ਵੀ ਦੇ ਦਿੰਦਾ ਹੋਵੇ, ਉਸੇ ਨੂੰ ਜਗਾਉਣ ਲਈ ਬਾਂਗ, ਲਾਊਡ ਸਪੀਕਰ ਰਾਹੀਂ ਹਿੰਦੂ, ਸਿੱਖ, ਮੁਸਲਮਾਨ, ਈਸਾਈ ਉਸ ਨੂੰ ਉੱਚੀ-ਉੱਚੀ ਚੀਕ ਕੇ ਆਪਣੀ ਹੋਂਦ ਦਰਸਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।

ਅਸਮਾਨ ਵਿਚ ਫਿਰਦੇ ਤੁਰਦੇ ਉੱਡਦੇ ਰੱਬ ਨੂੰ ਕਿਸੇ ਘਰ ਦੀ ਲੋੜ ਨਹੀਂ ਪਰ ਧਰਤੀ ਉੱਤੇ ਉਸੇ ਦੇ ਨਾਂ ਉੱਤੇ ਅਨੇਕ ਘਰ ਜਿਨ੍ਹਾਂ ਨੂੰ ਵੱਖੋ-ਵੱਖਰੇ ਧਰਮਾਂ ਦਾ ਨਾਂ ਦੇ ਦਿੱਤਾ ਗਿਆ ਹੈ, ਬਣਾ ਦਿੱਤੇ ਗਏ ਹਨ। ਅੱਜ ਤਕ ਕਿਸੇ ਅਜਿਹੇ ਘਰ ਵਿਚ ਵੀ ਰੱਬ ਆਪ ਦਿਸਿਆ ਨਹੀਂ।

ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਅਪਰੰਪਰ ਹੈ ਤੇ ਉਸ ਕੋਲ ਸਭ ਕੁੱਝ ਹੈ। ਉਹ ਸਭ ਨੂੰ ਦਿੰਦਾ ਰਹਿੰਦਾ ਹੈ। ਫੇਰ ਵੀ ਜ਼ਮੀਨ ਉੱਤੇ ਬਣਾਏ ਗਏ ਸਾਰੇ ਧਰਮਾਂ ਦੇ ਘਰਾਂ ਵਿਚ ਉਸ ਨੂੰ ਹਮੇਸ਼ਾ ਪੈਸੇ ਦੀ ਲੋੜ ਕਿਉਂ ਰਹਿੰਦੀ ਹੈ ? ਇਹ ਪੈਸੇ ਉਹ ਅਸਮਾਨ ਵਿਚ ਕਿੱਥੇ ਲਿਜਾਉਂਦਾ ਹੈ ? ਕਿਹੜੇ ਬੈਂਕ ਵਿਚ ਜਮਾਂ ਕਰਦਾ ਹੈ ਤੇ ਕਿੰਜ ਉਸ ਨੂੰ ਵੱਖੋ-ਵੱਖ ਮੁਲਕਾਂ ਦੀ ਕਰੰਸੀ ਵਿਚ ਤਬਦੀਲ ਕਰਦਾ ਹੈ ?

ਜਿਹੜਾ ਪੂਰੇ ਬ੍ਰਹਿਮੰਡ ਨੂੰ ਚਲਾ ਰਿਹਾ ਹੋਵੇ ਤੇ ਹਮੇਸ਼ਾ ਸਾਰੀ ਦੁਨੀਆ ਦਾ ਚੱਕਰ ਲਗਾਉਂਦਾ ਫਿਰ ਰਿਹਾ ਹੋਵੇ, ਉਸ ਦੀ ਤਸਵੀਰ ਨੂੰ ਬੰਦ ਕਮਰੇ ਵਿਚ ਰੱਖ ਕੇ ਉਸ ਨੂੰ ਪੱਖਿਆਂ ਤੇ ਏ. ਸੀ. ਦੀ ਲੋੜ ਕਿਉਂ ਪੈਂਦੀ ਰਹਿੰਦੀ ਹੈ ? ਢੇਰ ਸਾਰੀਆਂ ਲਾਈਟਾਂ ਜਗਾ ਕੇ, ਢੇਰ ਸਾਰੀ ਬਿਜਲੀ ਜ਼ਾਇਆ ਕਰ ਕੇ ਉਸ ਨੂੰ ਰਾਤ ਭਰ ਰੌਸ਼ਨੀ ਕਿਉਂ ਦੇਣੀ ਪੈਂਦੀ ਹੈ ਜਦਕਿ ਉਹ ਆਪ ਚੰਨ ਤਾਰਿਆਂ ਤੇ ਸੂਰਜ ਨੂੰ ਰੌਸ਼ਨੀ ਦੇ ਰਿਹਾ ਹੁੰਦਾ ਹੈ।

ਰੱਬ ਨੇ ਜੇ ਸਾਰਿਆਂ ਨੂੰ ਬਣਾਇਆ ਹੈ ਤਾਂ ਬੰਦਿਆਂ ਨੇ ਉਸ ਨੂੰ ਵੱਖ-ਵੱਖ ਨਾਂ ਕਿਉਂ ਦੇ ਦਿੱਤੇ ਹਨ ? ਜੇ ਵੱਖੋ-ਵੱਖ ਨਾਂ ਦਿੱਤੇ ਵੀ ਹਨ ਤਾਂ ਫੇਰ ਉਨ੍ਹਾਂ ਸਾਰਿਆਂ ਨੇ ਆਪੋ ਵਿਚ ਮਾਰ ਕੁਟਾਈ ਤੇ ਕਤਲ ਕਿਉਂ ਕਰਨੇ ਹੁੰਦੇ ਹਨ ? ਰੱਬ ਨੇ ਕਿਸੇ ਧਰਮ ਨੂੰ ਨਹੀਂ ਬਣਾ ਕੇ ਭੇਜਿਆ। ਜਿਨ੍ਹਾਂ ਨੇ ਅੱਗੋਂ ਧਰਮਾਂ ਦੇ ਨਾਂ ਬਣਾਏ, ਉਨ੍ਹਾਂ ਵਿੱਚੋਂ ਕੋਈ ਵੀ ਹਮੇਸ਼ਾ ਲਈ ਜ਼ਿੰਦਾ ਨਹੀਂ ਰਹਿ ਸਕਿਆ। ਉਸ ਨੂੰ ਵੀ ਰੱਬ ਮਾਰ ਕੇ ਆਪਣੇ ਰਜਿਸਟਰ ਵਿਚ ਦਰਜ ਕਰ ਕੇ ਲੈ ਗਿਆ। ਫੇਰ ਏਨੇ ਸਾਰੇ ਬਾਬੇ ਤੇ ਏਨੇ ਸਾਰੇ ਧਰਮਾਂ ਦੇ ਪੈਗੰਬਰ ਜੋ ਸਿਰਫ਼ ਰੱਬ ਦਾ ਨਾਂ ਲੈ ਕੇ ਸਭ ਨੂੰ ਡਰਾਉਣ ਦਾ ਕੰਮ ਕਰਦੇ ਰਹਿੰਦੇ ਹਨ ਤੇ ਪੈਸਿਆਂ ਦਾ ਢੇਰ ਇਕੱਠਾ ਕਰਦੇ ਰਹਿੰਦੇ ਹਨ, ਕਿਉਂ ਇਨ੍ਹਾਂ ਵੱਡੇ-ਵੱਡੇ ਘਰਾਂ ਤੇ ਪੈਸਿਆਂ ਨੂੰ ਆਪਣੇ ਨਾਲ, ਉੱਤੇ ਰੱਬ ਕੋਲ ਨਹੀਂ ਲੈ ਕੇ ਜਾ ਸਕੇ ? ਕਿਉਂ ਲੋਕਾਂ ਵੱਲੋਂ ਦਿੱਤੇ ਜਾਂਦੇ ਰੱਬ ਨੂੰ ਪੈਸੇ, ਵਧੀਆ ਮਕਾਨ, ਵਧੀਆ ਬਿਲਡਿੰਗ, ਵਧੀਆ ਫਰਸ਼, ਵਧੀਆ ਬਿਜਲੀਆਂ, ਵਧੀਆ ਪੱਖੇ, ਹੀਰੇ-ਜਵਾਹਰਤ ਅਤੇ ਸੋਨੇ ਦੇ ਅੰਬਾਰ ਏਥੇ ਧਰਤੀ ਉੱਤੇ ਹੀ ਰਹਿ ਜਾਂਦੇ ਹਨ ?

ਕੀ ਇਨ੍ਹਾਂ ਵਿੱਚੋਂ ਰੱਬ ਨੂੰ ਕੁੱਝ ਨਹੀਂ ਚਾਹੀਦਾ ? ਜੇ ਨਹੀਂ ਚਾਹੀਦਾ ਤਾਂ ਫੇਰ ਇਹ ਸਭ ਕੌਣ ਇਕੱਠੇ ਕਰ ਰਿਹਾ ਹੈ ? ਕੀ ਇਕੱਠੇ ਕਰਨ ਵਾਲਾ ਰੱਬ ਦਾ ਦੂਤ ਹੈ ? ਜੇ ਰੱਬ ਦਾ ਦੂਤ ਹੈ ਤਾਂ ਫੇਰ ਮਰਦਾ ਕਿਉਂ ਹੈ ? ਅਮਰ ਕਿਉਂ ਨਹੀਂ ਹੈ ? ਕਿਉਂ ਇਹ ਦੂਤ ਰੱਬ ਦੇ ਵੱਡੇ ਮਹਿਲਾਂ ਤੇ ਉਸ ਦੇ ਸਾਰੇ ਰਜਿਸਟਰਾਂ ਬਾਰੇ ਜਾਣਕਾਰੀ ਨਹੀਂ ਦਿੰਦੇ ਕਿ ਉਹ ਬ੍ਰਹਿਮੰਡ ਦੇ ਕਿਹੜੇ ਕੋਨੇ ਵਿਚ ਪਏ ਹਨ ?

ਕਿਸ ਤਰ੍ਹਾਂ ਦੇ ਕੰਪਿਊਟਰ ਵਿਚ ਸਾਰੇ ਬ੍ਰਹਿਮੰਡ ਦੀ ਜਾਣਕਾਰੀ ਦਰਜ ਹੈ ? ਸਾਨੂੰ ਦੱਸਿਆ ਜਾਂਦਾ ਹੈ ਕਿ ਸਮੁੰਦਰ ਦੇ ਡੂੰਘੇ ਤਲ ਵਿਚ ਪਈਆਂ ਨਿੱਕੀਆਂ ਤੋਂ ਨਿੱਕੀਆਂ ਮੱਛੀਆਂ ਤੇ ਨਾ ਹਿੱਲ ਸਕਣ ਵਾਲੇ ਬੂਟੇ ਤਕ ਨੂੰ ਖ਼ੁਰਾਕ ਰੱਬ ਪਹੁੰਚਾ ਰਿਹਾ ਹੈ। ਫੇਰ ਕਿਉਂ ਧਰਤੀ ਉੱਤੇ ਭੁੱਖਮਰੀ ਨਾਲ ਅਨੇਕ ਬੱਚੇ, ਬਜ਼ੁਰਗ ਤੇ ਜਵਾਨ ਮਰ ਰਹੇ ਹਨ ? ਕੀ ਸੱਚੀਂ ਮੁੱਚੀਂ ਉਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਾ ਤੇ ਭੁੱਖ ਨਾਲ ਵਿਲਕ ਕੇ ਮਾਰਨ ਵਾਲਾ ਰੱਬ ਹੈ ?

ਕੀ ਇਸ ਦਾ ਮਤਲਬ ਰੱਬ ਬਦਲਾ ਲਊ ਤੇ ਜ਼ਾਲਮ ਹੈ ? ਜੇ ਨਹੀਂ, ਤਾਂ ਕੀ ਇਹ ਸਭ ਉਸ ਦੇ ਦੂਤ ਕਰ ਰਹੇ ਹਨ ? ਕਾਰਾਂ, ਸਕੂਟਰਾਂ, ਬੱਸਾਂ ਵਿਚ ਬੈਠੇ ਰੱਜੇ ਪੁੱਜੇ ਲੋਕਾਂ ਨੂੰ ਹੋਰ ਰਜਾਉਣ ਲਈ ਲੰਗਰ ਲੱਗਦੇ ਹਨ ਪਰ ਗ਼ਰੀਬ, ਭੁੱਖੇ ਲੋਕਾਂ ਨੂੰ ਦੁਰਕਾਰਿਆ ਜਾਂਦਾ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਜੇ ਰੱਬ ਦੀਆਂ ਨਜ਼ਰਾਂ ਵਿਚ ਸਭ ਬਰਾਬਰ ਹਨ ਤਾਂ ਇੱਕੋ ਜਿੰਨੀ ਮਿਹਨਤ ਕਰ ਕੇ ਕੁੱਝ ਲੋਕ ਖਰਬਾਂਪਤੀ ਬਣ ਜਾਂਦੇ ਹਨ ਤੇ ਕੁੱਝ ਅਤਿ ਦੇ ਗ਼ਰੀਬ ? ਫੇਰ ਵੀ ਇਹ ਪੈਸਾ ਕਦੇ ਕਿਸੇ ਨੂੰ ਅਮਰ ਨਹੀਂ ਕਰ ਸਕਿਆ।

ਹਰ ਕਿਸੇ ਦੇ ਮੂੰਹੋਂ ਇਹੀ ਸੁਣਿਆ ਹੈ ਕਿ ਰੱਬ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਜੇ ਇਹੋ ਸੱਚ ਹੈ ਤਾਂ ਫੇਰ ਢੇਰ ਸਾਰੇ ਬੱਚੇ ਬੀਮਾਰੀਆਂ ਤੇ ਐਕਸੀਡੈਂਟ ਵਿਚ ਕਿਉਂ ਮਰਦੇ ਹਨ ? ਕਿਉਂ ਢੇਰ ਸਾਰੀਆਂ ਬੱਚੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ ? ਕਿਉਂ ਏਨੀਆਂ ਪਿਆਰੀਆਂ ਬੱਚੀਆਂ ਨੂੰ ਰੱਬ ਜੰਮਣ ਤੋਂ ਬਾਅਦ ਝਾੜੀਆਂ ਵਿਚ ਸੁੱਟ ਕੇ ਕੁੱਤਿਆਂ ਕੋਲੋਂ ਨੁਚਵਾਉਂਦਾ ਹੈ ? ਕੀ ਰੱਬ ਕੁੜੀਆਂ ਪ੍ਰਤੀ ਬਦਲਾ ਲਊ ਭਾਵਨਾ ਰੱਖਦਾ ਹੈ ? ਫੇਰ ਕੁੜੀਆਂ ਕਿਉਂ ਜੰਮਦੀਆਂ ਨੇ ?

ਜਿਹੜਾ ਦਿਸਦਾ ਈ ਨਹੀਂ, ਉਸ ਨੂੰ ਕਿੰਨੇ ਕੱਪੜਿਆਂ ਦੀ ਲੋੜ ਹੋ ਸਕਦੀ ਹੈ ? ਕਿਉਂ ਰੱਬ ਦੇ ਬਣਾਏ ਵੱਖੋ-ਵੱਖ ਘਰ ਢੇਰ ਸਾਰੇ ਅਲੱਗ-ਅਲੱਗ ਰੰਗਾਂ ਦੇ ਕੱਪੜੇ ਇਕੱਠੇ ਕਰਦੇ ਰਹਿੰਦੇ ਹਨ ? ਏਨੇ ਕੱਪੜਿਆਂ ਦੇ ਹੁੰਦਿਆਂ ਕਿਉਂ ਢੇਰਾਂ ਦੇ ਢੇਰ ਲੋਕ ਕੱਪੜਿਆਂ ਤੋਂ ਬਿਨਾਂ ਠੰਡ ਵਿਚ ਮਰ ਜਾਂਦੇ ਨੇ ਤੇ ਰੱਬ ਨੂੰ ਕਦੇ ਤਰਸ ਨਹੀਂ ਆਉਂਦਾ ਕਿ ਆਪਣੇ ਸਾਰੇ ਘਰਾਂ ’ਚੋਂ ਚਿੱਟੇ, ਨੀਲੇ, ਪੀਲੇ, ਕੇਸਰੀ, ਹਰੇ ਰੰਗਾਂ ਦੇ ਕੱਪੜੇ ਇਨ੍ਹਾਂ ਨੰਗੇ ਧੜ ਵਾਲਿਆਂ ਨੂੰ ਦੇ ਦੇਵੇ ?

ਜੇ ਰੱਬ ਹੈ ਹੀ ਪਿਆਰ ਕਰਨ ਵਾਲਾ ਤੇ ਸਭ ਤੋਂ ਵੱਧ ਤਾਕਤਵਰ ਹੈ ਤਾਂ ਫੇਰ ਉਸ ਦੇ ਬਣਾਏ ਸਾਰੇ ਘਰਾਂ ਵਿਚ ਲੜਾਈਆਂ ਕਿਉਂ ਹੁੰਦੀਆਂ ਰਹਿੰਦੀਆਂ ਹਨ ? ਕਿਉਂ ਗੋਲੀਆਂ ਚਲਦੀਆਂ ਹਨ ? ਕਿਰਪਾਨਾਂ ਕਿਉਂ ਚਲਦੀਆਂ ਹਨ ? ਕਿਉਂ ਲਹੂ ਡੁੱਲਦਾ ਹੈ ? ਕੀ ਰੱਬ ਉਨ੍ਹਾਂ ਘਰਾਂ ਦੇ ਅੰਦਰ ਹੈ ਈ ਨਹੀਂ ? ਕੀ ਇਹ ‘ਟੌਰਚਰ ਸੈੱਲ’ ਨੇ, ਕਿਉਂਕਿ ਸਾਰੇ ਏਥੇ ਮਾਫ਼ੀਆਂ ਈ ਮੰਗਦੇ ਰਹਿੰਦੇ ਨੇ ? ਡਰਦੇ-ਡਰਦੇ ਅੰਦਰ ਵੜ੍ਹਦੇ ਨੇ। ਲਗਾਤਾਰ ਅੱਖਾਂ ਬੰਦ ਕਰਕੇ ਕੁੱਝ ਮੰਗਦੇ ਰਹਿੰਦੇ ਨੇ। ਨੱਕ ਰਗੜਦੇ ਨੇ, ਹੱਥ ਜੋੜਦੇ ਨੇ, ਗੋਡਿਆਂ ਪਰਨੀਂ ਬਹਿ ਜਾਂਦੇ ਨੇ, ਮੱਥੇ ਰਗੜਦੇ ਨੇ, ਪਰ ਫੇਰ ਵੀ ਇਨ੍ਹਾਂ ਵਿੱਚੋਂ ਕੋਈ ਅਜਿਹਾ ਨਹੀਂ ਜਿਸ ਨੇ ਕਦੇ ਦੁਖ ਨਾ ਵੇਖਿਆ ਹੋਵੇ, ਕਦੇ ਰੋਇਆ ਨਾ ਹੋਵੇ, ਕਦੇ ਉਸ ਦਾ ਨੁਕਸਾਨ ਨਾ ਹੋਇਆ ਹੋਵੇ, ਤੇ ਕੋਈ ਵੀ ਉਸ ਦੇ ਘਰ ’ਚੋਂ ਕਦੇ ਮਰਿਆ ਨਾ ਹੋਵੇ ?

ਕਹਿੰਦੇ ਨੇ ਰੱਬ ਨੇ ਸਾਰੇ ਜੀਅ ਬਣਾਏ ਨੇ। ਫੇਰ ਹਰ ਜੀਵ ਜੰਤੂ ਇਕ ਦੂਜੇ ਨੂੰ ਖਾਂਦੇ ਕਿਉਂ ਰਹਿੰਦੇ ਹਨ ? ਕੋਈ ਜਾਨਵਰ ਘਾਹ ਪੱਤੇ ਖਾਂਦੈ, ਕੋਈ ਦੂਜੇ ਜਾਨਵਰ ਨੂੰ ਖਾਂਦੈ। ਇਨਸਾਨ ਵੀ ਜਾਨਵਰਾਂ ਨੂੰ ਮਾਰ ਕੇ ਖਾ ਜਾਂਦੈ। ਵੱਡੀਆਂ ਮੱਛੀਆਂ ਨਿੱਕੀਆਂ ਨੂੰ ਖਾ ਜਾਂਦੀਆਂ ਨੇ।

ਇਸ ਦਾ ਮਤਲਬ ਹੈ ਕਿ ਰੱਬ ਸਿਰਫ਼ ਤਮਾਸ਼ਾ ਵੇਖਦਾ ਹੈ ਜਦੋਂ ਉਸ ਦੀਆਂ ਬਣੀਆਂ ਸਾਰੀਆਂ ਚੀਜ਼ਾਂ ਇਕ ਦੂਜੇ ਨੂੰ ਖ਼ਤਮ ਕਰਦੀਆਂ ਰਹਿੰਦੀਆਂ ਨੇ। ਤਿੱਖੇ ਦੰਦ, ਹਥਿਆਰ, ਤਿੱਖੇ ਪੰਜੇ, ਗੋਲੀਆਂ, ਤੋਪਾਂ ਤੇ ਹੋਰ ਵੀ ਕਿੰਨਾ ਕੁੱਝ ਰੱਬ ਨੇ ਬਣਾਇਆ ਹੈ ? ਜੇ ਨਹੀਂ ਬਣਾਇਆ ਤਾਂ ਕਿਉਂ ਬਣਨ ਦਿੱਤਾ ?

ਹੁਣ ਤਾਂ ਪੱਕਾ ਲੱਗਦੈ ਕਿ ਰੱਬ ਥੋੜ੍ਹਾ ਜਿਹਾ ਬੋਲਾ ਹੋ ਚੁੱਕਿਐ। ਏਨੀਆਂ ਸਦੀਆਂ ਤੋਂ ਹਰ ਕੀੜੇ ਮਕੌੜੇ ਤੱਕ ਦੀ ਆਵਾਜ਼ ਸੁਣਦਾ-ਸੁਣਦਾ ਹੁਣ ਢੇਰ ਸਾਰੇ ਹੌਰਨ, ਜੈੱਟ ਜਹਾਜ਼, ਬੰਬਾਂ ਦੀ ਆਵਾਜ਼ ਸੁਣ ਕੇ ਕੁੱਝ ਉੱਚਾ ਸੁਣਨ ਲੱਗ ਪਿਐ। ਏਸੇ ਲਈ ਉਹ ਰੋਂਦੇ ਚੀਕਦੇ ਗਰੀਬਾਂ ਦੀ ਆਵਾਜ਼ ਹੁਣ ਸੁਣ ਨਹੀਂ ਸਕ ਰਿਹਾ। ਕਰੋੜਾਂ ਮੱਛੀਆਂ ਤੇ ਜਾਨਵਰ ਬੰਦਾ ਖਾ ਰਿਹਾ ਹੈ ਪਰ ਉਨ੍ਹਾਂ ਦੀ ਦਿਲ ਚੀਕਵੀਂ ਆਵਾਜ਼ ਰੱਬ ਤਕ ਨਹੀਂ ਪਹੁੰਚ ਰਹੀ। ਨਾ ਹੀ ਨਿੱਕੀਆਂ ਬੱਚੀਆਂ ਨੂੰ ਵੱਢ ਕੇ ਸੁੱਟਣ ਸਮੇਂ ਉਨ੍ਹਾਂ ਦੀਆਂ ਚੀਕਾਂ ਰੱਬ ਤਕ ਪਹੁੰਚ ਰਹੀਆਂ ਹਨ।

ਹੁਣ ਤਾਂ ਲੱਗਦੈ ਕਿ ਉਸ ਦੀ ਨਜ਼ਰ ਵੀ ਘੱਟ ਚੁੱਕੀ ਹੈ ? ਕੀ ਇਹ ਸਭ ਉਹ ਵੇਖ ਵੀ ਨਹੀਂ ਰਿਹਾ ?

ਉਸ ਦੀ ਆਵਾਜ਼ ਤਾਂ ਹੈ ਹੀ ਨਹੀਂ ਕਿਉਂਕਿ ਅੱਜ ਤਕ ਕਿਸੇ ਨੇ ਉਹ ਸੁਣੀ ਹੀ ਨਹੀਂ !

ਸਾਰ ਤਾਂ ਇਹ ਜਾਪਦਾ ਹੈ ਕਿ ਰੱਬ ਅੰਨ੍ਹਾ, ਬੋਲਾ, ਗੂੰਗਾ ਹੈ ਤੇ ਵੱਖੋ-ਵੱਖ ਮੁਲਕਾਂ ਵਿਚ ਵੱਖੋ-ਵੱਖ ਤਰ੍ਹਾਂ ਦੇ ਘਰਾਂ ਵਿਚ, ਵੱਖ-ਵੱਖ ਧਰਮਾਂ ਦੇ ਨਾਂ ਹੇਠ ਕੈਦ ਹੈ, ਜਿਸ ਨੂੰ ਹਮੇਸ਼ਾ ਢੇਰਾਂ ਪੈਸਿਆਂ ਦੀ ਲੋੜ ਰਹਿੰਦੀ ਹੈ ਤੇ ਕਿਸੇ ਨੂੰ ਮਰ ਜਾਣ ਤੋਂ ਕਦੇ ਬਚਾ ਵੀ ਨਹੀਂ ਸਕਦਾ। ਕੀ ਉਸ ਨੂੰ ਤਾਕਤਵਰ ਮੰਨਣਾ ਚਾਹੀਦਾ ਹੈ ?

ਹਾਲੇ ਤਕ ਰੱਬ ਇਨਸਾਨਾਂ ਨੂੰ ਘੜਦਾ ਆ ਰਿਹਾ ਸੀ, ਹੁਣ ਇਨਸਾਨ ਰੱਬ ਨੂੰ ਘੜਨ ਲੱਗ ਪਿਆ ਹੈ। ਹਰ ਰੱਬ ਲਈ ਬਣੇ ਘਰ ਵਿਚ ਇਨਸਾਨਾਂ ਦੇ ਬਣਾਏ ਰੱਬ ਹੀ ਸਜੇ ਹੋਏ ਹਨ ਜਾਂ ਫਿਰ ਬਜ਼ੁਰਗ ਹੋ ਚੁੱਕਿਆ ਹੈ  ? ਸ਼ਾਇਦ ਬੀਮਾਰ ਹੈ ? ਮੈਨੂੰ ਮੇਰੀ ਦਾਦੀ ਕਹਿੰਦੀ ਹੈ ਕਿ ਆਪਣੇ ਮਨ ਅੰਦਰ ਝਾਕ, ਉੱਥੇ ਰੱਬ ਦਿਸੇਗਾ। ਮੈਂ ਦਿਲ ਦਾ ਐਕਸਰੇ ਕਰਵਾਇਐ, ਪਰ ਉੱਥੇ ਰੱਬ ਨਹੀਂ ਲੱਭਿਆ।

ਕਦੇ ਕਦੇ ਤਾਂ ਇੰਜ ਲੱਗਣ ਲੱਗ ਪੈਂਦੈ ਕਿ ਇਨਸਾਨ ਨੇ ਰੱਬ ਬਣਾਇਐ, ਰੱਬ ਨੇ ਇਨਸਾਨਾਂ ਨੂੰ ਨਹੀਂ ਬਣਾਇਆ। ਇਨਸਾਨ ਤਾਂ ਸਿਰਫ਼ ਕਤਲ, ਖ਼ੂਨ, ਪੈਸਾ, ਲੜਾਈਆਂ, ਕਰਨ ਲਈ ਰੱਬ ਦਾ ਨਾਂ ਵਰਤ ਰਿਹੈ !

ਰੱਬ ਜੀ ! ਪਲੀਜ਼, ਜੇ ਹੈਗੇ ਹੋ ਤਾਂ ਇਹ ਸ਼ੰਕੇ ਦੂਰ ਜ਼ਰੂਰ ਕਰਿਓ।