ਅਮਰੀਕਾ ਦੀ ਰਾਜਧਾਨੀ ਵਿਖੇ ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਕੱਢੀ ਗਈ ਨੈਸ਼ਨਲ ਸਿੱਖ ਡੇ ਪਰੇਡ

0
218

ਅਮਰੀਕਾ ਦੀ ਰਾਜਧਾਨੀ ਵਿਖੇ ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਕੱਢੀ ਗਈ ਨੈਸ਼ਨਲ ਸਿੱਖ ਡੇ ਪਰੇਡ 

ਦੁਨੀਆ ਭਾਰ ਵਿੱਚ ‘ਵਰਲਡ ਸਿੱਖ ਡੇ’ ਸਥਾਪਤ ਕਰਨ ਦਾ ਕੀਤਾ ਐਲਾਨ 
ਸੈਨੇਟਰ ਅਤੇ ਕਾਂਗਰਸਮੈਨਾਂ ਦੇ ਨੁਮਾਇੰਦਿਆਂ ਨੇ ਕੀਤੀ ਸ਼ਮੂਲੀਅਤ

ਵਾਸ਼ਿੰਗਟਨ ਡੀ.ਸੀ 12 ਅਪ੍ਰੈਲ (ਕਿਰਪਾਲ ਸਿੰਘ) ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਿੱਖਾਂ ਦੀ ਵੱਖਰੀ ਪਹਿਚਾਣ ਦੇ ਮੁੱਦੇ ਲਈ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਕਮਾਂਡ ਹੇਠ ਇਸ ਸਾਲ ਦੂਜੀ ਨੈਸ਼ਨਲ ਸਿੱਖ ਡੇ ਪਰੇਡ ਕੱਢੀ ਗਈ। ਹਜ਼ਾਰਾਂ ਦੇ ਇਕੱਠ ਵਾਲੀ ਇਸ ਪਰੇਡ ਵਿੱਚ ਅਮਰੀਕਾ ਦੀਆਂ ਕਰੀਬ 60 ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। 
    ਪਰੇਡ ਦੀ ਸ਼ੁਰੂਆਤ ਤੋਂ ਹੀ ਖ਼ਾਲਸਾਈ ਜਲੌਅ ਅਮਰੀਕਨਾਂ ਦੀ ਖਿੱਚ ਦਾ ਕੇਂਦਰ ਰਿਹਾ ਕਿਉਂਕਿ ਇਸੇ ਦਿਨ ਚੈਰੀ ਬਲੌਸਮ ਪਰੇਡ ਵੀ ਕੱਢੀ ਗਈ ਸੀ ਜਿਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਭਰ ਤੋਂ ਲੋਕ ਪਹੁੰਚੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੌਂਸਟੀਚਿਊਸ਼ਨ ਐਵਿਨਿਊ ਅਤੇ 20 ਸਟਰੀਟ ਤੋਂ ਸ਼ੁਰੂ ਹੋਈ, ਜਿੱਥੇ ਗੁਰੂ ਸਾਹਿਬ ਦੀ ਪਾਲਕੀ ਤੋਂ ਬਾਅਦ ਢੱਠੇ ਅਕਾਲ ਤਖਤ ਨੂੰ ਦਰਸਾਉਂਦਾ ਫਲੋਟ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਫ਼ੋਟੋਆਂ ਵਾਲਾ ਫਲੋਟ ਵੀ ਸ਼ਾਮਲ ਸੀ। ਕੈਪੀਟਲ ਦੇ ਮੂਹਰਿਓਂ ਹੁੰਦੀ ਹੋਈ ਪਰੇਡ ਕੌਂਸਟੀਚਿਊਸ਼ਨ ਐਵਿਨਿਊ ਅਤੇ 3 ਸਟਰੀਟ ਤੇ ਆ ਕੇ ਸਮਾਪਤ ਹੋਈ, ਜਿੱਥੇ ਪ੍ਰਬੰਧਕਾਂ ਵੱਲੋਂ ਸਟੇਜ ਸਜਾਈ ਗਈ ਸੀ। ਇਸ ਪਰੇਡ ਵਿੱਚ ਕੈਨੇਡਾ ਦੇ ਸਰ੍ਹੀ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ। ਸਟੇਜ ਤੇ ਪਹਿਲੇ ਦੌਰ ਦੀਆਂ ਤਕਰੀਰਾਂ ਅੰਗਰੇਜ਼ੀ ਵਿੱਚ ਹੋਈਆਂ ਜਿਸ ਦਾ ਸੰਚਾਲਨ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਬੁਲਾਰੇ ਸ. ਹਰਜਿੰਦਰ ਸਿੰਘ ਵੱਲੋਂ ਕੀਤਾ ਗਿਆ ਜਿੱਥੇ ਕਾਂਗਰਸਮੈਨ ਪੈਟਰਿਕ ਮੀਹਾਨ ਦੇ ਨੁਮਾਇੰਦੇ, ਸਟੇਟ ਸੈਨੇਟਰ ਰੀਵਜ਼ ਦੇ ਨੁਮਾਇੰਦੇ ਅਤੇ ਮੈਟਰੋਪਾਲਿਟਨ ਪੁਲਿਸ ਡਿਪਾਰਟਮੈਂਟ ਤੋਂ ਆਫ਼ੀਸਰ ਡੈਵਲੀਸ਼ਆਰ ਨੇ ਸੰਗਤ ਨੂੰ ਸੰਬੋਧਨ ਕੀਤਾ। ਪੰਜਾਬੀ ਵਿੱਚ ਸਟੇਜ ਦਾ ਸੰਚਾਲਨ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਵੱਲੋਂ ਕੀਤਾ ਗਿਆ। ਸਟੇਜ ਤੋਂ ਬੁਲਾਰਿਆਂ ਨੇ ਜਿੱਥੇ ਅਮਰੀਕਾ ਦੀ ਕਾਂਗਰਸ ਵੱਲੋਂ ਵਿਸਾਖੀ ਨੂੰ ਖ਼ਾਲਸਾ ਸਾਜਣਾ ਦਿਵਸ ਵਜੋਂ ਮਾਨਤਾ ਦੇਣ ਦੇ ਫ਼ੈਸਲੇ ਦਾ ਸੁਆਗਤ ਕੀਤਾ ਉੱਥੇ ਓਂਟਾਰੀਓ (ਕੈਨੇਡਾ) ਵਿਧਾਨ ਸਭਾ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਵਜੋਂ ਐਲਾਨਣ ਦੇ ਫ਼ੈਸਲੇ ਦਾ ਧੰਨਵਾਦ ਕੀਤਾ। ਨਿਊਯਾਰਕ ਤੋਂ ਡਾ.ਰਣਜੀਤ ਸਿੰਘ ਨੇ ਮਤਾ ਪੜ੍ਹਿਆ ਜਿਸ ਵਿੱਚ ਇਹ ਐਲਾਨ ਕੀਤਾ ਗਿਆ ਕਿ ਅਗਲੇ ਸਾਲ ਤੋਂ ਇਸ ਪਰੇਡ ਨੂੰ ‘ਵਰਲਡ ਸਿੱਖ ਡੇ ਪਰੇਡ’ ਵਜੋਂ ਸਥਾਪਤ ਕੀਤਾ ਜਾਵੇਗਾ ਅਤੇ ਇਸ ਲਈ ਹਰ ਉੱਦਮ ਕਰਨ ਦਾ ਪ੍ਰਬੰਧਕਾਂ ਨੇ ਅਹਿਦ ਲਿਆ। ਸਟੇਜ ਤੋਂ ਸੰਗਤ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਬਖ਼ਸ਼ੀਸ਼ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਇੰਗਲੈਂਡ ਤੋਂ ਮਨਪ੍ਰੀਤ ਸਿੰਘ, ਖ਼ਾਲਸਾ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ, ਸਿੱਖਸ ਫ਼ਾਰ ਜਸਟਿਸ ਤੋਂ ਡਾ.ਬਖ਼ਸ਼ੀਸ਼ ਸਿੰਘ ਅਤੇ ਅਵਤਾਰ ਸਿੰਘ ਪੰਨੂ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਨਵੀਨਰ ਬੂਟਾ ਸਿੰਘ ਖੜੌਦ,  ਮੈਰੀਲੈਂਡ ਤੋਂ ਭਾਈ ਸਵਿੰਦਰ ਸਿੰਘ, ਫਰੈਂਡਜ਼ ਆਫ਼ ਅਮੈਰਿਕਨ ਸਿੱਖ ਕਾਕਸ ਤੋਂ ਹਰਪ੍ਰੀਤ ਸਿੰਘ ਸੰਧੂ, ਭਾਈ ਗੁਰਦੇਵ ਸਿੰਘ ਕੰਗ, ਵਰਜੀਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਡੈਲੀਗੇਟ ਲਈ ਉਮੀਦਵਾਰ ਮਨਸਿਮਰਨ ਸਿੰਘ ਕਾਹਲੋਂ, ਕਨੈਕਟੀਕਟ ਤੋਂ ਸਵਰਨਜੀਤ ਸਿੰਘ ਖ਼ਾਲਸਾ, ਦੋਆਬਾ ਸਿੱਖ ਐਸੋਸੀਏਸ਼ਨ ਤੋਂ ਬਲਜਿੰਦਰ ਸਿੰਘ, ਅਕਾਲ ਚੈਨਲ ਤੋਂ ਭਾਈ ਅਮਰਜੀਤ ਸਿੰਘ, ਫਿਲਾਡਲਫੀਆ ਤੋਂ ਕੇਵਲ ਸਿੰਘ, ਬਖ਼ਸ਼ੀਸ਼ ਸੈਣੀ, ਵਰਜੀਨੀਆ ਤੋਂ ਮਹਿਤਾਬ ਸਿੰਘ, ਦਵਿੰਦਰ ਬਦੇਸ਼ਾ, ਦਵਿੰਦਰ ਦਿਓ, ਪੈਨਸਲਵੇਨੀਆ ਤੋਂ ਹਰਚਰਨ ਸਿੰਘ, ਗੁਰਰਾਜ ਸਿੰਘ, ਫਿਲਾਡਲਫੀਆ ਤੋਂ ਨਰਿੰਦਰ ਸਿੰਘ, ਸ਼ਿਕਾਗੋ ਤੋਂ ਕੁਲਵਿੰਦਰ ਸਿੰਘ ਤੇਜ਼ੀ ਆਦਿ ਦੇ ਨਾਮ ਸ਼ਾਮਲ ਹਨ। ਅੰਤ ਵਿਚ ਸ. ਹਿੰਮਤ ਸਿੰਘ ਨੇ ਸਮੂਹ ਸੰਗਤ ਅਤੇ ਪ੍ਰਬੰਧਾਂ ਵਿੱਚ ਸ਼ਾਮਲ ਆਗੂਆਂ ਅਤੇ ਗੁਰੂ ਘਰ ਕਮੇਟੀਆਂ ਦਾ ਧੰਨਵਾਦ ਕੀਤਾ। ਟੀ.ਵੀ 84 ਵੱਲੋਂ ਇਸ ਪਰੇਡ ਦਾ ਲਾਈਵ ਪ੍ਰਸਾਰਨ ਕੀਤਾ ਗਿਆ।

ਫ਼ੋਟੋ : ਸਿੱਖ ਡੇ : ਵਰਲਡ ਸਿੱਖ ਡੇ ਪਰੇਡ ਦੌਰਾਨ ਇਕੱਠ ਦਾ ਦ੍ਰਿਸ਼।             ਜਾਰੀ ਕਰਤਾ

ਹਿੰਮਤ ਸਿੰਘ ਕੋਆਰਡੀਨੇਟਰ
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ)