29.7 C
Jalandhar
Tuesday, April 21, 2026
spot_img
Home Blog Page 150

ਡਰ (ਘਬਰਾਹਟ)

0

ਡਰ (ਘਬਰਾਹਟ)

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਜਦੋਂ ਹਕੀਕਤ ਤੋਂ ਪਰ੍ਹਾਂ ਹੋ ਕੇ ਸਾਡਾ ਦਿਮਾਗ਼ ਆਪਣੀਆਂ ਕਿਆਸਰਾਈਆਂ ਲਾ ਕੇ ਆਪਣੇ ਆਪ ਨੂੰ ਬਹੁਤ ਮਾੜੇ ਹਾਲਾਤ ਵਿਚ ਰੱਖ ਲਵੇ ਤਾਂ ਮਨ ਵਿਚ ਡਰ ਉਪਜਦਾ ਹੈ। ਇਹ ਸਾਡੀ ਸੋਚ, ਸਾਡੇ ਵਿਹਾਰ ’ਤੇ ਹਾਵ-ਭਾਵ ਉੱਤੇ ਅਸਰ ਪਾਉਂਦਾ ਹੈ।

ਅੱਖਾਂ ਸਾਹਮਣੇ ਜਾਂ ਖ਼ਬਰਾਂ ਰਾਹੀਂ ਬੰਬ ਫੱਟਣਾ, ਰੇਲ ਗੱਡੀ ਦਾ ਉਲਟਣਾ, ਕਾਰ ਐਕਸੀਡੈਂਟ, ਕਤਲ ਆਦਿ ਵੇਖਣ, ਸੁਣਨ ਬਾਅਦ ਹਰ ਕਿਸੇ ਦਾ ਦਿਮਾਗ਼ ਵੱਖੋ-ਵੱਖ ਤਰ੍ਹਾਂ ਨਾਲ ਪ੍ਰਤੀਕ੍ਰਿਆ ਦਿੰਦਾ ਹੈ। ਕਿਸੇ ਦੇ ਦਿਮਾਗ਼ ਅੰਦਰ ਵੱਧ ਤੇ ਕਿਸੇ ਅੰਦਰ ਘੱਟ ਹਲਚਲ ਹੁੰਦੀ ਹੈ।

ਕਈਆਂ ਵਿਚ ਘਬਰਾਹਟ ਵੀ ਏਨੀ ਹੋ ਜਾਂਦੀ ਹੈ ਕਿ ਨਾਰਮਲ ਤਰੀਕੇ ਸੌਣ ਜਾਂ ਖਾਣ ਪੀਣ ਵਿਚ ਵੀ ਦਿੱਕਤ ਆਉਣ ਲੱਗ ਪੈਂਦੀ ਹੈ। ਕੁੱਝ ਜਣੇ ਦੋ-ਤਿੰਨ ਦਿਨਾਂ ਬਾਅਦ ਨਾਰਮਲ ਹੋ ਜਾਂਦੇ ਹਨ ਤੇ ਕਈ ਜਣੇ 2 ਤੋਂ 3 ਘੰਟਿਆਂ ਵਿਚ ਹੀ ਸਹਿਜ ਹੋ ਕੇ ਆਪੋ ਆਪਣੇ ਕੰਮਾਂ ਵਿਚ ਰੁੱਝ ਜਾਂਦੇ ਹਨ।

ਜਦੋਂ ਡਰ ਦੀ ਇੰਤਹਾ ਹੋ ਜਾਏ ਤਾਂ ਕਈ ਵਾਰ ‘ਨਿਊਰੋਸਿਸ’ ਹੋ ਜਾਣ ਸਦਕਾ ਦਿਮਾਗ਼ੀ ਰੋਗ ਹੀ ਬਣ ਜਾਂਦਾ ਹੈ।

ਇਸ ਤਰ੍ਹਾਂ ਦਾ ਮਾਨਸਿਕ ਤਣਾਓ ਰੋਗਾਂ ਨੂੰ ਸੱਦਾ ਦਿੰਦਾ ਹੈ। ਕਈ ਜਣੇ ਲੋੜੋਂ ਵੱਧ ਤਣਾਓ ਨਾ ਸਹਾਰਦੇ ਹਾਰਟ ਅਟੈਕ ਨਾਲ ਕੂਚ ਕਰ ਜਾਂਦੇ ਹਨ।

ਮੌਤ ਦਾ ਭੈਅ ਹਰ ਪਲ ਮਹਿਸੂਸ ਕਰਦੇ ਕਈ ਜਣੇ ਨਿੱਕੀ ਤੋਂ ਨਿੱਕੀ ਚੀਜ਼ ਤੋਂ ਵੀ ਤ੍ਰਹਿਣ ਲੱਗ ਪੈਂਦੇ ਹਨ। ਮਸਲਨ-ਕਿਤੇ ਪੌੜੀ ਤੋਂ ਤਿਲਕ ਕੇ, ਡਿੱਗ ਕੇ ਨਾ ਮਰ ਜਾਵਾਂ; ਇਹ ਪੱਖਾ ਮੇਰੇ ਸਿਰ ਉੱਤੇ ਨਾ ਡਿੱਗ ਪਵੇ; ਬਿਜਲੀ ਦੇ ਸਵਿੱਚ ਵਿੱਚੋਂ ਕਰੰਟ ਨਾ ਲੱਗ ਜਾਏ; ਹਿੱਲਦੇ ਪਰਦੇ ਪਿੱਛੇ ਲੁਕਿਆ ਕੋਈ ਚਾਕੂ ਨਾ ਮਾਰ ਦੇਵੇ, ਆਦਿ।

ਕੁੱਝ ਲੋਕ ਤਾਂ ਆਪਣੇ ਤੋਂ ਪਰ੍ਹਾਂ ਖੜ੍ਹੇ ਦੋ ਜਣਿਆਂ ਨੂੰ ਹੱਸਦੇ ਵੇਖ ਕੇ ਆਪੇ ਹੀ ਕਿਆਸ ਲਾ ਲੈਂਦੇ ਹਨ ਕਿ ਉਹ ਦੋ ਜਣੇ ਮੇਰਾ ਹੀ ਮਜ਼ਾਕ ਉਡਾ ਰਹੇ ਹਨ। ਇਸੇ ਗੱਲ ਉੱਤੇ ਉਹ ਝਗੜਾ ਵੀ ਕਰ ਲੈਂਦੇ ਹਨ।

ਕਈ ਜਣੇ ਭੀੜ ਭੜੱਕੇ ਤੋਂ ਡਰਦੇ ਘਰ ਅੰਦਰ ਹੀ ਦੁਬਕ ਜਾਂਦੇ ਹਨ। ਕਈ ਵਾਰ ਟੀ. ਵੀ. ਉੱਤੇ ਕਿਸੇ ਹਾਦਸੇ ਦੀਆਂ ਤਸਵੀਰਾਂ, ਲਹੂ ਸਣੀਆਂ ਲਾਸ਼ਾਂ, ਵੈਣ ਪਾਉਂਦੇ ਰਿਸ਼ਤੇਦਾਰ, ਆਦਿ ਵੇਖ ਕੇ ਕੁੱਝ ਲੋਕ ਅਜਿਹੀ ਥਾਂ ਉੱਤੋਂ ਲੰਘਣ ਤੋਂ ਵੀ ਗੁਰੇਜ਼ ਕਰਦੇ ਹਨ। ਇੰਜ ਮਨ ਵਿਚ ਡਰ ਦਾ ਸਦੀਵੀ ਵਾਸ ਹੋ ਜਾਂਦਾ ਹੈ। ਅਜਿਹੇ ਹਾਦਸੇ ਦੀ ਥਾਂ ਉੱਤੋਂ ਜੇ ਮਨ ਕਰੜਾ ਕਰ ਕੇ ਲੰਘਿਆ ਜਾਵੇ ਤੇ ਲੋੜ ਪੈਣ ਉੱਤੇ ਆਮ ਵਾਂਗ ਹੀ ਉਸੇ ਰਸਤੇ ਉੱਤੋਂ ਫੇਰ ਲੰਘਿਆ ਜਾਵੇ ਤਾਂ ਮਨ ਹੌਲੀ-ਹੌਲੀ ਡਰ ਨੂੰ ਛੱਡ ਦਿੰਦਾ ਹੈ ਤੇ ਦਿਮਾਗ਼ ਛੇਤੀ ਨਿਡਰ ਹੋ ਜਾਂਦਾ ਹੈ।

ਬਹੁਤੇ ਬੰਦਿਆਂ ਅੰਦਰ ਰੱਬ ਦੀ ਹੋਂਦ ਵੀ ਇਸੇ ਡਰ ਉੱਤੇ ਆਧਾਰਿਤ ਹੈ। ਮੌਤ ਦਾ ਡਰ, ਨੁਕਸਾਨ ਹੋਣ ਦਾ ਡਰ, ਬੱਚਿਆਂ ਦੀ ਸਿਹਤ ਵਿਚ ਵਿਗਾੜ, ਕਾਰੋਬਾਰ ਦਾ ਘਾਟਾ, ਨੌਕਰੀ ਵਿਚਲੀ ਚਿੰਤਾ, ਆਦਿ ਬਦੋਬਦੀ ਕਿਸੇ ਨੂੰ ਵੀ ਗ਼ੈਬੀ ਤਾਕਤ ਵੱਲ ਤੋਰ ਦਿੰਦੀ ਹੈ ਕਿ ਕੋਈ ਹੈ ਜੋ ਮੈਨੂੰ ਬਚਾਏਗਾ ਤੇ ਮੇਰਾ ਨੁਕਸਾਨ ਨਹੀਂ ਹੋਣ ਦੇਵੇਗਾ। ਇਹ ਗੱਲ ਵੱਖਰੀ ਹੈ ਕਿ ਸਧਾਰਨ ਬੰਦੇ ਦੇ ਇਸ ਡਰ ਤੋਂ ਫ਼ਾਇਦਾ ਉੱਠਾਉਂਦਿਆਂ ਕਈ ਢੋਂਗੀ ਬਾਬੇ ਅਜਿਹੀ ਨਾ ਦਿੱਸਣ ਵਾਲੀ ਤਾਕਤ ਦਾ ਹਵਾਲਾ ਦੇ ਕੇ ਆਪਣਾ ਧੰਧਾ ਹੀ ਸਫਲਤਾ ਨਾਲ ਚਲਾ ਲੈਂਦੇ ਹਨ।

ਘਬਰਾਹਟ ਜਾਂ ਡਰ ਨਾਲ ਕਈ ਵਾਰ ਅੰਤ ਨੇੜੇ ਦਿੱਸਣ ਲੱਗ ਪੈਂਦਾ ਹੈ। ਅਜਿਹੇ ਮੌਕੇ ਮਨ ਨੂੰ ਸ਼ਾਂਤ ਕਰਨਾ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਸਰੀਰ ਢਹਿ ਢੇਰੀ ਹੋ ਕੇ ਮੰਜੇ ਉੱਤੇ ਪੈਣ ਜੋਗਾ ਹੀ ਰਹਿ ਜਾਂਦਾ ਹੈ।

ਮਨੋਵਿਗਿਆਨੀ ਕਹਿੰਦੇ ਹਨ ਕਿ ਡਰ ਦੀ ਉਪਜ ਹੋਣੀ ਸੁਭਾਵਕ ਹੈ ਕਿਉਂਕਿ ਮੌਤ ਅਟੱਲ ਹੈ। ਮੌਤ ਨਾਲ ਸਭ ਕੁੱਝ ਖੁੱਸ ਜਾਣ ਦਾ ਸਹਿਮ ਬੰਦਾ ਮਨ ਵਿੱਚੋਂ ਕੱਢ ਨਹੀਂ ਸਕਦਾ। ਇਸੇ ਲਈ ਮਨ ਦੇ ਇਕ ਕੋਨੇ ਵਿਚ ਡਰ ਪੱਕੀ ਥਾਂ ਮੱਲ ਕੇ ਬਹਿ ਜਾਂਦਾ ਹੈ। ਇਸ ਡਰ ਤੋਂ ਨਿਜਾਤ ਪਾਉਣ ਲਈ ਆਪਣੇ ਆਪ ਨੂੰ ਰੁਝੇਵਿਆਂ ਵਿਚ ਬੰਨ੍ਹ ਕੇ ਰੱਖਣਾ ਜ਼ਰੂਰੀ ਹੈ।

ਇਹ ਸਾਬਤ ਹੋ ਚੁੱਕੀ ਗੱਲ ਹੈ ਕਿ ਜ਼ਿੰਦਗੀ ਵਿਚ ਅਨੇਕ ਅਜਿਹੇ ਮੌਕੇ ਆਉਂਦੇ ਹਨ ਜੋ ਕਿਸਮਤ ਬਦਲ ਸਕਦੇ ਹਨ ਪਰ ਡਰ ਦੇ ਕਾਰਨ ਬਹੁਤ ਜਣੇ ਅਜਿਹੇ ਮੌਕੇ ਛੱਡ ਦਿੰਦੇ ਹਨ ਤੇ ਹਾਰ ਦੇ ਡਰ ਤੋਂ ਪਹਿਲਾਂ ਹੀ ਅਸਫਲਤਾ ਜਾਂ ਜਾਮਾ ਪਹਿਨ ਲੈਂਦੇ ਹਨ।

ਡਰ ਦਰਅਸਲ ਬਹੁਤ ਸਾਰੀਆਂ ਮੰਗਾਂ ਹੋਣ ਉੱਤੇ ਹੀ ਪੈਦਾ ਹੁੰਦਾ ਹੈ। ਜਿਸ ਕੋਲ ਕੁੱਝ ਗੁਆਉਣ ਨੂੰ ਨਾ ਹੋਵੇ, ਉਸ ਦੇ ਮਨ ਅੰਦਰ ਡਰ ਦਾ ਭਾਵ ਨਹੀਂ ਹੁੰਦਾ।

ਹਮੇਸ਼ਾ ਡਰ ਨੂੰ ਮਨ ਅੰਦਰ ਪਾਲ ਕੇ ਰੱਖਣ ਵਾਲਾ ਕਦੇ ਕੋਈ ਕੰਮ ਬਿਨਾਂ ਭੰਨੇ ਤੋੜੇ ਜਾਂ ਰੁਕਾਵਟ ਦੇ, ਕਰ ਹੀ ਨਹੀਂ ਸਕਦਾ ਕਿਉਂਕਿ ਸਰੀਰ ਦੇ ਪੱਠੇ ਉਸੇ ਡਰ ਦੇ ਸੁਨੇਹੇ ਨੂੰ ਥਿੜਕਣਾ ਮੰਨ ਲੈਂਦੇ ਹਨ ਤੇ ਬਦੋਬਦੀ ਚੀਜ਼ਾਂ ਦੀ ਭੰਨ ਤੋੜ ਹੋ ਜਾਂਦੀ ਹੈ ਜਾਂ ਪੌੜੀਆਂ ਤੋਂ ਬੰਦਾ ਡਿੱਗ ਪੈਂਦਾ ਹੈ।

ਭਲਾ ਜਾਨਵਰਾਂ ਤੋਂ ਤ੍ਰਹਿੰਦਾ ਬੰਦਾ ਜੰਗਲ ਵਿਚ ਜਾ ਕੇ ਸ਼ਿਕਾਰ ਕਿਵੇਂ ਕਰ ਸਕਦਾ ਹੈ ? ਨੌਕਰੀ ਤੋਂ ਰਿਟਾਇਰ ਹੋ ਕੇ ਵਿਹਲੇ ਬਹਿਣ ਦਾ ਡਰ ਅਨੇਕ ਲੋਕਾਂ ਦੀ ਰਿਟਾਇਰਮੈਂਟ ਤੋਂ ਬਾਅਦ ਵੀ ਉਮਰ ਛੋਟੀ ਕਰ ਦਿੰਦਾ ਹੈ ਤੇ ਬਥੇਰੇ ਰਿਟਾਇਰ ਹੋਣ ਤੋਂ ਇਕ ਅੱਧ ਸਾਲ ਦੇ ਅੰਦਰ ਹੀ ਕੂਚ ਕਰ ਜਾਂਦੇ ਹਨ।

ਡਰ ਪੈਦਾ ਹੋਣ ਨਾਲ ਸੋਚਣ ਸਮਝਣ ਦੀ ਸ਼ਕਤੀ ਘੱਟ ਜਾਂਦੀ ਹੈ ਤੇ ਥਕਾਵਟ ਵੀ ਛੇਤੀ ਹੋਣ ਲੱਗ ਪੈਂਦੀ ਹੈ ਜਿਸ ਨਾਲ ਕੰਮ ਕਰਨ ਦੀ ਸਮਰੱਥਾ ਉੱਤੇ ਅਸਰ ਪੈ ਜਾਂਦਾ ਹੈ।

ਲੱਛਣ :-

(1). ਮੂੰਹ ਦਾ ਸੁੱਕਣਾ

(2). ਥਕਾਵਟ ਮਹਿਸੂਸ ਹੋਣੀ

(3). ਜ਼ਬਾਨ ਦਾ ਹਲਕਾ ਥਥਲਾਉਣਾ ਜਾਂ ਅੜਨਾ

(4). ਧੜਕਣ ਵਧ ਜਾਣੀ ਜਾਂ ਘਟ ਜਾਣੀ

(5). ਸਾਹ ਦਾ ਤੇਜ਼ ਹੋਣਾ ਜਾਂ ਹੌਲੀ ਹੋਣਾ

(6). ਨੀਂਦਰ ਨਾ ਆਉਣੀ

(7). ਸਿਰ ਭਾਰਾ ਹੋਣਾ

(8). ਪੱਠਿਆਂ ਦੀ ਕਮਜ਼ੋਰੀ

(9). ਬੀਮਾਰੀ ਨਾਲ ਲੜਨ ਦੀ ਤਾਕਤ ਦਾ ਘਟਣਾ

(10). ਛਾਤੀ ਵਿਚ ਜਕੜਨ ਮਹਿਸੂਸ ਹੋਣੀ

(11). ਛਾਤੀ ਵਿਚ ਹਲਕੀ ਪੀੜ ਜਾਂ ਤਿੱਖੀ ਪੀੜ

(12). ਦੂਜੇ ਦਾ ਨੁਕਸਾਨ ਕਰਨ ਬਾਰੇ ਸੋਚਣ ਲੱਗ ਪੈਣਾ

(13). ਸਭ ਨਾਲ ਲੜਨ ਲੱਗ ਪੈਣਾ

(14). ਆਰਾਮ ਨਾਲ ਢੋਅ ਲਾ ਕੇ ਬਹਿਣ ਦੀ ਥਾਂ ਪੱਠੇ ਖਿੱਚ ਕੇ ਅਗਾਂਹ ਨੂੰ ਹੋ ਕੇ ਗੱਲ ਕਰਨਾ. ਆਦਿ।

ਮਨੋਵਿਗਿਆਨੀਆਂ ਵੱਲੋਂ ਡਰ ਉੱਤੇ ਕਾਬੂ ਪਾਉਣ ਲਈ ਸੁਝਾਏ ਨੁਕਤੇ :-

  1. ਮੌਤ ਅਟੱਲ ਹੈ ਪਰ ਉਸ ਬਾਰੇ ਬਹਿ ਕੇ ਸੋਚਦੇ ਰਹਿਣ ਨਾਲ ਜਿੰਨੀ ਜ਼ਿੰਦਗੀ ਬਚੀ ਹੈ, ਉਹ ਵੀ ਰੱਜ ਕੇ ਜੀਅ ਨਹੀਂ ਸਕਦੇ। ਇਸੇ ਲਈ ਆਪਣੇ ਅੱਜ ਨੂੰ ਖੁਸ਼ਹਾਲ ਬਣਾਉਣ ਲਈ ਹਰ ਪਲ ਰੱਜ ਕੇ ਹੱਸਣ ਤੇ ਖੁਸ਼ੀ ਮਨਾਉਣ ਦੀ ਲੋੜ ਹੈ।
  2. ਆਪਣੇ ਆਪ ਉੱਤੇ ਯਕੀਨ ਰੱਖੋ।
  3. ਕਿਸੇ ਦੂਜੇ ਵਾਂਗ ਆਪਣੇ ਆਪ ਨੂੰ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਹਰ ਕਿਸੇ ਵਿਚ ਖ਼ੂਬੀਆਂ ਵੀ ਹਨ ਤੇ ਖ਼ਾਮੀਆਂ ਵੀ। ਆਪਣੇ ਆਪ ਨੂੰ ਵੱਖ ਮੰਨ ਕੇ ਖੁਸ਼ੀ ਮਹਿਸੂਸ ਕਰੋ। ਸ਼ੀਸ਼ੇ ਵਿਚ ਆਪਣੇ ਆਪ ਨੂੰ ਵੇਖ ਕੇ ਮੁਸਕਰਾਓ ਜ਼ਰੂਰ ਤੇ ਆਪਣੀ ਯੋਗਤਾ ਉੱਤੇ ਕਿੰਤੂ ਪਰੰਤੂ ਨਾ ਕਰੋ।
  4. ਸ਼ਾਮ ਵੇਲੇ ਕੁੱਝ ਲੋਕ ਸੂਰਜ ਢਲਣ ਬਾਅਦ ਢਹਿੰਦੀ ਕਲਾ ਮਹਿਸੂਸ ਕਰਨ ਲੱਗ ਪੈਂਦੇ ਹਨ। ਇਸੇ ਲਈ ਸ਼ਾਮ ਨੂੰ ਆਹਰੇ ਲੱਗਣਾ ਜ਼ਰੂਰੀ ਹੈ। ਭਾਵੇਂ ਪਾਲਤੂ ਜਾਨਵਰ ਨਾਲ ਸਮਾਂ ਬਿਤਾਓ, ਬਗ਼ੀਚੇ ਵਿਚ, ਪੇਂਟਿੰਗ ਕਰ ਕੇ, ਫੁੱਲ-ਪਤੀਆਂ, ਪੰਛੀਆਂ, ਬਜ਼ਾਰ ਵਿਚ ਘੁੰਮ ਕੇ, ਦੋਸਤਾਂ ਨਾਲ ਬਹਿ ਕੇ, ਆਦਿ, ਕਿਸੇ ਤਰ੍ਹਾਂ ਵੀ ਇਹ ਸਮਾਂ ਲੰਘਾਇਆ ਜਾ ਸਕਦਾ ਹੈ।
  5. ਹਮੇਸ਼ਾ ਸਕਾਰਾਤਮਕ ਸੋਚ ਰੱਖਣ ਦੀ ਲੋੜ ਹੈ।
  6. ਸ਼ਵ ਆਸਨ ਕਰਨਾ ਲਾਹੇਵੰਦ ਹੈ।
  7. ਲੰਮਾ ਸਾਹ ਅੰਦਰ ਖਿੱਚ ਕੇ, ਕੁੱਝ ਪਲ ਰੋਕ ਕੇ, ਸਾਹ ਉੱਤੇ ਕੇਂਦ੍ਰਿਤ ਕਰਨ ਨਾਲ ਡਰ ਅਤੇ ਚਿੰਤਾ ਤੋਂ ਕੁੱਝ ਪਲ ਮੁਕਤੀ ਪਾਈ ਜਾ ਸਕਦੀ ਹੈ।
  8. ਆਪਣੇ ਆਪ ਨੂੰ ਸਵਾਲ ਕਰੋ ਕਿ ਕੀ ਪਹਿਲਾਂ ਕਦੇ ਔਖਾ ਸਮਾਂ ਨਹੀਂ ਆਇਆ ? ਉਹ ਵੀ ਲੰਘ ਗਿਆ ਸੀ ਤਾਂ ਹੁਣ ਵੀ ਲੰਘ ਜਾਏਗਾ।
  9. ਕਦੇ ਕਦੇ ‘ਮੇਰੀ ਮਰਜ਼ੀ’ ਕਹਿ ਕੇ ਮਸਤ ਮਲੰਗ ਹੋ ਕੇ ਉੱਚੀ-ਉੱਚੀ ਹੱਸਣਾ ਜਾਂ ਸ਼ੀਸ਼ੇ ਵਿਚ ਵੇਖ ਕੇ ਟੇਢੇ-ਮੇਢੇ ਮੂੰਹ ਬਣਾ ਕੇ ਚੀਕ ਮਾਰਨੀ, ਇਕ ਵੱਖਰਾ ਹੀ ਆਨੰਦ ਦਿੰਦਾ ਹੈ।
  10. ਜੋ ਕਰਨ ਵਿਚ ਡਰ ਮਹਿਸੂਸ ਹੋਵੇ, ਉਸ ਨੂੰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ, ਜਿਵੇਂ ਦਰਖ਼ਤ ਉੱਤੇ ਚੜ੍ਹਨਾ, ਤੈਰਨਾ ਸਿੱਖਣਾ, ਸਾਈਕਲ ਚਲਾਉਣਾ, ਆਦਿ।
  11. ਰਿਸ਼ਤਾ ਟੁੱਟਣ ਦੇ ਡਰ ਖੁਣੋਂ ਮਾਰ ਕੁਟਾਈ ਸਹਿੰਦੇ ਰਹਿਣਾ ਜਾਂ ਮਾਨਸਿਕ ਤਣਾਓ ਸਹੇੜ ਕੇ ਬੀਮਾਰ ਹੋ ਜਾਣਾ ਸਹੀ ਨਹੀਂ ਹੈ। ਅਜਿਹੇ ਰਿਸ਼ਤਿਆਂ ਤੋਂ ਬਾਹਰ ਵੀ ਜ਼ਿੰਦਗੀ ਦੇ ਕਈ ਦਰਵਾਜ਼ੇ ਖੁੱਲੇ ਹੁੰਦੇ ਹਨ।
  12. ਬੱਚਾ ਜੰਮਣ ਸਮੇਂ ਦੀ ਪੀੜ ਆਮ ਮਨੁੱਖ ਸਹਿ ਨਹੀਂ ਸਕਦਾ ਤੇ ਬੇਹੋਸ਼ ਹੋ ਜਾਂਦਾ ਹੈ। ਅਜਿਹੀ ਪੀੜ ਸਹਿਣੀ ਤੇ ਬੱਚਾ ਜੰਮਣ ਉੱਤੇ ਖੁਸ਼ੀ ਵੀ ਮਨਾਉਣੀ ਸਪਸ਼ਟ ਕਰਦਾ ਹੈ ਕਿ ਹਰ ਔਖੇ ਸਮੇਂ ਬਾਅਦ ਖ਼ੁਸ਼ੀ ਖੜੀ ਉਡੀਕਦੀ ਹੁੰਦੀ ਹੈ। ਲੋੜ ਹੈ ਸਿਰਫ਼ ਔਖੇ ਸਮੇਂ ਨੂੰ ਜਰ ਜਾਣ ਦੀ ਤੇ ਡਰ ਉੱਤੇ ਕਾਬੂ ਪਾਉਣ ਦੀ।
  13. ਮਨ ਉੱਤੇ ਡਰ ਉਦੋਂ ਹੀ ਹੱਲਾ ਬੋਲਦਾ ਹੈ ਜਦੋਂ ਜੱਕੋ ਤੱਕੀ ਵਿਚ ਹੋਵੇ।
  14. ਸ਼ਿਕਾਗੋ ਦੇ ਮਨੋਵਿਗਿਆਨੀ ਬੈਰਾਥਨ ਨੇ ਸਮਝਾਇਆ ਹੈ ਕਿ ਜਦੋਂ ਡਰ, ਮਨ ਉੱਤੇ ਹਾਵੀ ਹੋ ਜਾਏ ਤਾਂ ਉਹੀ ਚੀਜ਼ਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਮਨ ਸੋਚ ਰਿਹਾ ਹੁੰਦਾ ਹੈ; ਜਿਵੇਂ ਭੀੜ ਵਿੱਚੋਂ ਇਕ ਸ਼ੱਕੀ ਬੰਦੇ ਦਾ ਤੁਹਾਡੇ ਵੱਲ ਆਉਣਾ, ਡਿੱਗਣ ਦੇ ਡਰ ਸਦਕਾ ਲੱਤ ਦੇ ਪੱਠੇ ਦਾ ਇਕ ਦੰਮ ਸੁੰਗੜ ਜਾਣਾ ਤੇ ਅਸਲ ਵਿਚ ਡਿੱਗ ਜਾਣਾ, ਕਿਸੇ ਦਾ ਹੋਰ ਪਾਸੇ ਵੱਲ ਝਾਕਣਾ, ਪਰ ਇੰਜ ਲੱਗਣਾ ਸਾਡੇ ਵੱਲ ਹੀ ਘੂਰ ਰਿਹਾ ਹੈ, ਕਿਸੇ ਵੀ ਘਰ ਵਿਚਲੇ ਬੰਦ ਪੈਕਟ ਵਿਚ ਬੰਬ ਬਾਰੇ ਸ਼ੰਕਾ ਉਭਾਰਨੀ, ਆਦਿ।
  15. ਘਰ ਅੰਦਰ ਵੜੇ ਰਹਿਣ ਦੀ ਬਜਾਇ ਬਾਹਰ ਨਿਕਲ ਕੇ ਦੋਸਤੀਆਂ ਗੰਢਣ ਦੀ ਲੋੜ ਹੁੰਦੀ ਹੈ।
  16. ਦੂਜਿਆਂ ਦੀ ਮਦਦ ਕਰਨ ਨਾਲ ਬਹੁਤ ਜ਼ਿਆਦਾ ਖ਼ੁਸ਼ੀ ਮਿਲਦੀ ਹੈ ਜੋ ਡਰ ਨੂੰ ਘਟਾਉਣ ਵਿਚ ਸਹਾਈ ਹੁੰਦੀ ਹੈ।
  17. ਮੌਤ ਬਾਰੇ ਸੋਚਣਾ ਛੱਡ ਦਿਓ। ਹਰ ਕਿਸੇ ਦੀ ਵਾਰੀ ਅੱਗੜ ਪਿੱਛੜ ਆਉਣੀ ਹੈ।
  18. ‘ਉਹ’ ਹੈ ਜਾਂ ਨਹੀਂ ਬਾਰੇ ਬਹਿਸ ਕਰਨੀ, ਛੱਡ ਕੇ ਆਪਣੀ ਚਿੰਤਾ ਰੱਬ ਉੱਤੇ ਛੱਡ ਕੇ ਸੁਰਖ਼ਰੂ ਹੋ ਜਾਓ।
  19. ਜਿਸ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ, ਉਸ ਪਿੱਛੇ ਤਣਾਓ ਨਾ ਸਹੇੜੋ ਕਿਉਂਕਿ ਉਸ ਦਾ ਖੁੱਸਣਾ ਡਰ ਪੈਦਾ ਕਰਦਾ ਹੈ।
  20. ਆਪਣੇ ਟੱਬਰ ਵਿਚਲੇ ਰਿਸ਼ਤਿਆਂ ਨੂੰ ਰੱਜ ਕੇ ਮਾਣੋ।
  21. ਬੇਲੋੜੇ ਸਵਾਲਾਂ ਨੂੰ ਮਨ ਵਿਚ ਥਾਂ ਨਾ ਦਿਓ; ਜਿਵੇਂ ਵਾਧੂ ਟਰੈਫਿਕ ਤਣਾਓ ਦਿੰਦਾ ਹੈ, ਉਂਜ ਹੀ ਮਨ ਅੰਦਰ ਭਰੇ ਫਾਲਤੂ ਵਿਚਾਰ ਡਰ ਪੈਦਾ ਕਰਦੇ ਹਨ।
  22. ਕੁੱਝ ਨਵਾਂ ਕਰਨ ਬਾਰੇ ਸੋਚੇ ਜੋ ਪਹਿਲਾਂ ਕਦੇ ਨਾ ਕੀਤਾ ਹੋਵੇ।
  23. ਪਿਆਰ ਜ਼ਰੂਰ ਕਰੋ। ਰੱਬ ਨਾਲ, ਜਾਨਵਰ ਨਾਲ, ਕੁਦਰਤ ਨਾਲ, ਦੋਸਤਾਂ ਨਾਲ, ਜੀਵਨ ਸਾਥੀ ਨਾਲ, ਬੱਚਿਆਂ ਨਾਲ ਜਾਂ ਕਿਸੇ ਹੋਰ ਪਿਆਰੇ ਨਾਲ। ਇਸ ਨਾਲ ਸਹਿਜ ਹੋ ਕੇ ਮਨ ਵਿੱਚੋਂ ਡਰ ਨਿਕਲ ਜਾਂਦਾ ਹੈ ਤੇ ਲੰਮੀ ਜ਼ਿੰਦਗੀ ਭੋਗੀ ਜਾ ਸਕਦੀ ਹੈ।

ਲਓ ਹੁਣ ਅਜ਼ਮਾਓ ਤੇ ਸਿਹਤਮੰਦ ਹੋ ਜਾਓ !

ਈਦੀ ਦੀ ਸਮਾਜਿਕ ਸੇਵਾ-ਪ੍ਰੀਤ ਦੁਨੀਆ ਲਈ ਬਣੀ ਅਨੋਖੀ ਮਿਸਾਲ

0

ਈਦੀ ਦੀ ਸਮਾਜਿਕ ਸੇਵਾ-ਪ੍ਰੀਤ ਦੁਨੀਆ ਲਈ ਬਣੀ ਅਨੋਖੀ ਮਿਸਾਲ

(28 ਫਰਵਰੀ 1928 – 8 ਜੁਲਾਈ 2016, ਕੁਝ ਇਤਿਹਾਸਕਾਰਾਂ ਨੇ ਈਦੀ ਦਾ ਜਨਮ ਸੰਨ 1926 ਮੰਨਿਆ ਹੈ)

ਈਦੀ ਸਿੰਧੀ ਹਿੰਦੂ ਅਤੇ ਛੋਟੀ ਕਿਸਾਨੀ ਦੇ ਘਰਾਣੇ ਨਾਲ ਸਬੰਧਤ ਸੀ। ਬਜ਼ੁਰਗ ਤਿੰਨ ਸਦੀਆਂ ਪਹਿਲਾਂ ਮੁਸਲਮਾਨ ਮੋਮਨ (ਮੈਮਨ) ਬਣ ਗਏ ਸਨ। ਈਦੀ ਪਰਿਵਾਰ ਨੇ ਕਾਠੀਆਵਾੜ (ਗੁਜਰਾਤ) ਇਲਾਕੇ ਵਿਚ ਵਸ ਕੇ ਵਪਾਰ ਸ਼ੁਰੂ ਕੀਤਾ। ਜੂਨਾਗੜ੍ਹ ਦੇ ਨੇੜੇ ਬੰਟਵਾ ਕਸਬੇ ਵਿਚ 25 ਹਜ਼ਾਰ ਅਬਾਦੀ ਵਿਚੋਂ 20 ਹਜ਼ਾਰ ਮੈਮਨ ਸਨ। ਗੁਜਰਾਤੀ ਭਾਸਾ ਵਿਚ ‘ਈਦੀ’ ਦਾ ਅਰਥ ‘ਆਲਸੀ’ ਹੁੰਦਾ ਹੈ। ਪਰ ਇਹ ਪਰਿਵਾਰ ਬੜਾ ਉਦਮੀ ਰਿਹਾ ਸੀ। ਮੈਮਨਾ ਦੀ ਮਦਦ ਨਾਲ ਹੀ ਮੁਹੰਮਦ ਅਲੀ ਜਿਨਾਹ ਨੇ ਮੁੰਬਈ ਵਿਚ ਹਬੀਬ ਬੈਂਕ ਖੋਲ੍ਹਿਆ ਸੀ। ਮੈਮਨਾ ਦਾ ਮੁਕਾਬਲਾ ਕੇਵਲ ਪਾਰਸੀ ਹੀ ਕਰ ਸਕਦੇ ਸਨ। ਪ੍ਰਸ਼ਾਸ਼ਨਿਕ ਸੇਵਾਵਾਂ ਮੈਮਨਾ ਕੋਲ, ਜਦ ਕਿ ਮੁਲਾਜ਼ਮਤ ਆਮ ਲੋਕਾਂ ਕੋਲ ਹੁੰਦੀ ਸੀ।

ਈਦੀ ਦੀ ਮਾਂ ਗੁਰਬਾ, ਦਿਆਲੂ ਸੁਭਾਅ ਦੀ ਔਰਤ ਸੀ। ਪਿਤਾ ਅਬਦੁਲ ਸ਼ਕੂਰ ਈਦੀ ਲੰਬੇ ਵਪਾਰਕ ਦੌਰਿਆਂ ਦੌਰਾਨ ਸੁੱਕੇ ਮੇਵਿਆਂ ਦੀਆਂ ਪੇਟੀਆਂ ਭੇਜਦਾ ਰਹਿੰਦਾ। ਈਦੀ ਆਪਣੀ ਮਾਂ ਦੀ ਸਿੱਖਿਆ ਅਧੀਨ ਮੇਵੇ ਵੰਡਣ ਦੀ ਸੇਵਾ ਗਰੀਬ ਬਸਤੀਆਂ ਵਿਚ ਚਾਈਂ ਚਾਈਂ ਨਿਭਾਉਂਦਾ। ਮਾਂ ਰੋਜ਼ਾਨਾ ਦੋ ਪੈਸੇ ਦੇ ਕੇ ਸਕੂਲ ਨੂੰ ਤੋਰਦੀ ਤੇ ਆਖਦੀ ਕਿ ਇਕ ਪੈਸਾ ਤੇਰਾ ਹੈ ਅਤੇ ਦੂਜਾ ਉਸ ਨੂੰ ਦੇਈਂ ਜੋ ਤੈਨੂੰ ਲੋੜਵੰਦ ਜਾਂ ਮੁਥਾਜ ਲੱਗੇ। ਜੇ ਕਿਤੇ ਈਦੀ ਦੋਵੇਂ ਪੈਸੇ ਆਪ ਹੀ ਖਾ ਆਉਂਦਾ ਤਾਂ ਮਾਂ ਉਸ ਦੇ ਚਿਹਰੇ ਨੂੰ ਹੀ ਪੜ੍ਹ ਕੇ ਆਖ ਦੇਂਦੀ ਕਿ ਕਿੰਨਾ ਖੁਦਗਰਜ਼ ਐਂ ਤੂੰ। ਛੋਟੀ ਉਮਰ ਵਿਚ ਹੀ ਗਰੀਬਾਂ ਨੂੰ ਲੁੱਟਣ ਦਾ ਕੰਮ ਸ਼ੁਰੂ ? ਕੀ ਤੂੰ ਪੱਥਰ ਦਿਲ ਹੈਂ ? ਵੱਡਾ ਹੋ ਕੇ ਕੀ ਕੀ ਕਰੇਂਗਾ ? ਈਦੀ ਸ਼ਰਮਸਾਰ ਨੀਵੀਂ ਪਾ ਕੇ ਖੜ੍ਹਾ ਰਹਿੰਦਾ। ਮਾਂ ਦੀਆਂ ਸਾਵਧਾਨੀਆਂ, ਸਾਵਧਾਨ ਕਰਦੀਆਂ ਰਹਿੰਦੀਆਂ।

ਮੁੰਡਿਆਂ ਦੀ ਟੋਲੀ ਇਕ ਪਾਗਲ ਨੂੰ ਘੇਰ-ਘੇਰ ਕੇ ਡੰਡਿਆਂ ਨਾਲ ਛੇੜ ਰਹੀ ਸੀ। ਸਕੂਲ ਜਾਂਦੇ ਜਾਂਦੇ ਈਦੀ ਗੱਜਿਆ – ਸ਼ਰਮ ਨੀ ਆਉਂਦੀ ਤੁਹਾਨੂੰ ? ਜੇ ਸਹਾਇਤਾ ਨਹੀਂ ਕਰ ਸਕਦੇ ਤਾਂ ਤਰਸ ਤਾਂ ਕਰੋ। ਟੋਲੀ ਪਾਗਲ ਤੋਂ ਹਟ ਕੇ ਇਸ ਵਲ ਹੋ ਗਈ, ਮਾਰ ਕੁਟ ਕਰ ਦਿੱਤੀ। ਘਰ ਆ ਕੇ ਮਾਂ ਨੂੰ ਦੱਸਿਆ। ਮਾਂ ਨੇ ਮਲ਼ਮ ਪੱਟੀ ਕੀਤੀ। ਅਸੀਸਾਂ ਦਿੱਤੀਆਂ ਕਿ ਤੂੰ ਉਸ ਦੀ ਅਵਾਜ਼ ਬਣਿਆ ਜਿਸ ਦੀ ਕੋਈ ਅਵਾਜ਼ ਨਹੀਂ ਸੀ। ਬੇਸਹਾਰੇ ਦਾ ਆਸਰਾ ਬਣਿਆ ਏਂ ਤੂੰ ਪੁੱਤਰ! ਰੱਬ ਤੇਰਾ ਭਲਾ ਕਰੇਗਾ। ਭਲੇ ਨੂੰ ਭੁੱਲੀਂ ਨਾ ਭਾਵੇਂ ਕੁੱਟ ਖਾਣੀ ਪਵੇ।

ਪੜ੍ਹਾਈ ਵਿਚ ਕਾਰਗੁਜਾਰੀ ਢਿੱਲੀ ਰਹੀ ਤੇ ਪੰਜ ਜਮਾਤਾਂ ਪੜ੍ਹ ਕੇ ਪੰਜ ਰੁਪਏ ਮਹੀਨਾ ਕੱਪੜਾ ਵਪਾਰੀ ਕੋਲ ਨੌਕਰੀ ਕਰਨ ਜਾ ਲੱਗਾ। ਈਦੀ ਨੇ ਮਾਲਕ ਕੋਲ ਪਹਿਲਾਂ ਹੀ ਕੰਮ ਕਰ ਰਹੇ ਦੋ ਕਾਮੇ-ਲੜਕਿਆਂ ਵਿਰੁੱਧ ਪੈਸੇ ਚੋਰੀ ਕਰਨ ਦੀ ਸ਼ਿਕਾਇਤ ਕਰ ਦਿੱਤੀ। ਇਕ ਲੜਕੇ ਨੇ ਕਹਿ ਦਿੱਤਾ ਕਿ ਈਦੀ ਵੀ ਸਾਡੇ ਨਾਲ ਰਲ਼ਿਆ ਹੋਇਆ ਸੀ। ਸੇਠ ਨੇ ਲੜਕਿਆਂ ਨੂੰ ਦਬਕਾ ਮਾਰਦਿਆਂ ਖਬਰਦਾਰ ਕੀਤਾ ਕਿ ਹਾਜੀ ਸ਼ਕੂਰ ਦਾ ਪੁੱਤਰ ਚੋਰੀ ਨਹੀਂ ਕਰ ਸਕਦਾ।

ਨੌਕਰੀ ਕਰਦਿਆਂ-ਕਰਦਿਆਂ ਈਦੀ ਸੋਚਿਆ ਕਰਦਾ ਸੀ ਕਿ ਮੈਂ ਤੀਲਾਂ ਦੀਆਂ ਡੱਬੀਆਂ ਤੇ ਪੈਨਸਲਾਂ ਗਲੀਆਂ ਵਿਚ ਵੇਚਿਆ ਕਰਾਂਗਾ, ਸ਼ੇਅਰ ਖਰੀਦਾਂਗਾ, ਬਚਤ ਹੋਵੇਗੀ ਤਾਂ ਹਸਪਤਾਲ ਉਸਾਰਾਂਗਾ। ਇਕ ਕਾਰਖਾਨਾ ਵੀ, ਜਿੱਥੇ ਕੇਵਲ ਗਰੀਬਾਂ ਨੂੰ ਰੋਜ਼ਗਾਰ ਮਿਲੇ, ਬਣਾਵਾਂਗਾ। ਅੰਗਹੀਣਾਂ ਵਾਸਤੇ ਵੱਖਰਾ ਪਿੰਡ ਵਸਾਵਾਂਗਾ। ਹਾਣੀ ਬੱਚੇ ਹੱਸਦੇ- ਤੂੰ ਸ਼ੇਖਚਿਲੀ ਹੈਂ। ਈਦੀ ਆਖਦਾ ਕਿ ਜੇਕਰ ਮੇਰਾ ਕੰਮ ਕਰਨ ਦਾ ਖੇਤਰ ਅਜੇ ਛੋਟਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਸੋਚ ਵੀ ਛੋਟੀ ਰੱਖਾਂ। ਵੱਡਾ ਸੋਚਿਆ ਜਾ ਸਕਦਾ ਹੈ, ਇਸ ਲਈ ਸੋਚਦਾ ਰਹਾਂਗਾ।

ਮੈਮਨ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ ਸਨ। ਜਿਨਾਹ ਨੇ ਜ਼ੋਰ ਪਾਇਆ ਕਿ ਪਾਕਿਸਤਾਨ ਦਾ ਵਪਾਰ ਠੱਪ ਹੋ ਕੇ ਰਹਿ ਜਾਏਗਾ। ਦੂਜਾ ਵੱਲਭ ਭਾਈ ਪਟੇਲ ਨੇ ਬੰਟਵਾ (ਮੈਮਨਾ) ’ਤੇ ਹਮਲਾ ਕਰਵਾ ਦਿੱਤਾ। ਪਟੇਲ, ਮੈਮਨਾ ਦਾ ਕਾਰੋਬਾਰ ਹਥਿਆਉਣਾ ਚਾਹੁੰਦਾ ਸੀ। ਦੰਗਿਆਂ ਤੋਂ ਤੰਗ ਹੋ ਕੇ ਮੈਮਨ ਹਿਜ਼ਰਤ ਕਰਨ ਲੱਗ ਪਏ। ਈਦੀ ਪਰਿਵਾਰ ਨੇ ਕਰਾਚੀ ਪੁੱਜ ਕੇ ਇਕ ਕਮਰਾ ਕਿਰਾਏ ’ਤੇ ਲੈ ਲਿਆ। ਭਾਵੇਂ ਬਹੁਤ ਲੋਕ ਹਿੰਦੂ ਜਾਇਦਾਦਾਂ ਉੱਪਰ ਕਬਜ਼ੇ ਕਰ ਰਹੇ ਸਨ, ਪਰ ਹਾਜੀ ਸ਼ਕੂਰ ਇਸ ਦੇ ਖਿਲਾਫ ਸੀ। ਇਕ ਦੁਕਾਨ ਵੀ ਕਿਰਾਏ ’ਤੇ ਲੈ ਲਈ ਤੇ ਕਮਿਸ਼ਨ ਏਜੰਟ ਦਾ ਕੰਮ ਸ਼ੁਰੂ ਕਰ ਦਿੱਤਾ। ਈਦੀ ਨੇ ਨਿੱਕ=ਸੁੱਕ ਰੇਹੜੀ ’ਤੇ ਵੇਚ ਕੇ ਮੁਨਾਫਾ ਕਮਾਇਆ ਅਤੇ ਪਾਨ ਦੀ ਨਿੱਕੀ ਜਿਹੀ ਦੁਕਾਨ ਖੋਲ੍ਹ ਲਈ। ਲੋਕ ਹਾਜੀ ਸ਼ਕੂਰ ਨੂੰ ਆਖਦੇ ਕਿ ਤੇਰੇ ਕੋਲ ਐਨਾ ਪੈਸਾ ਹੈ, ਪੁੱਤ ਨੂੰ ਚੱਜ ਦਾ ਕੋਈ ਕਾਰੋਬਾਰ ਕਰਵਾ। ਪਿਤਾ ਆਖਦਾ ਕਿ ਕਾਮਯਾਬੀ ਲਈ ਹੇਠਾਂ ਤੋਂ ਕੰਮ ਸ਼ੁਰੂ ਕਰਨਾ ਜ਼ਰੂਰੀ ਹੁੰਦਾ ਹੈ।

ਸੰਨ 1948 ਵਿਚ ਮੈਮਨਾ ਨੇ ਇਕ ਚੈਰੀਟੇਬਲ ਡਿਸਪੈਂਸਰੀ ਖੋਲ੍ਹੀ। ਵਲੰਟੀਅਰਾਂ ਦੀ ਮੰਗ ਕੀਤੀ ਗਈ। ਈਦੀ ਨੇ ਆਪਣਾ ਨਾਮ ਲਿਖਵਾ ਦਿੱਤਾ। ਕੁੱਲ ਅੱਠ ਵਲੰਟੀਅਰਾਂ ’ਚੋਂ ਈਦੀ ਸਭ ਤੋਂ ਛੋਟਾ ਸੀ। ਈਦੀ ਨੇ ਮਹਿਸੂਸ ਕੀਤਾ ਕਿ ਮਰੀਜ਼ਾਂ ਨਾਲ ਵਿਤਕਰਾ ਹੋ ਰਿਹਾ ਹੈ। ਮੈਮਨਾ ਨੂੰ ਦਵਾਈ ਲੈਣ ਦੀ ਪਹਿਲ ਅਤੇ ਬਾਕੀਆਂ ਨੂੰ ਬਾਅਦ ਵਿਚ। ਈਦੀ ਸਾਰਾ ਦਿਨ ਨੌਕਰੀ ਕਰ ਕੇ ਫਿਰ ਅੱਧੀ ਰਾਤ ਤੱਕ ਮੁਫਤ ਸੇਵਾ ਨਿਭਾਉਂਦਾ। ਪਰ ਦੇਖਦਾ ਰਹਿੰਦਾ ਕਿ ਐਕਸਰੇ ਕਰਨ ਵਾਲੇ ਸ਼ਰੇਆਮ ਰਿਸ਼ਵਤ ਲੈਂਦੇ ਹਨ। ਸੰਸਥਾ ਦੀ ਮੀਟਿੰਗ ਆ ਗਈ। ਮੀਟਿੰਗ ਵਿਚ ਅਮੀਰ ਇਕ ਦੂਜੇ ਦੀ ਤਾਰੀਫ ਕਰ ਰਹੇ ਸਨ। ਚਾਪਲੂਸੀ ਦਾ ਦੌਰ ਖਤਮ ਹੋਇਆ ਤਾਂ ਈਦੀ ਖੜ੍ਹਾ ਹੋ ਗਿਆ ਤੇ ਕਹਿਣ ਲੱਗਾ ਕਿ ਮੈਂ ਵੀ ਕੁਝ ਕਹਿਣਾ ਹੈ। ਪ੍ਰਬੰਧਕ ਈਦੀ ’ਤੇ ਮਜਾਕੀਆ ਹੱਸਣ ਲੱਗੇ। ਈਦੀ ਗੱਲ ਕਹਿਣ ਲਈ ਡਟਿਆ ਰਿਹਾ ਤੇ ਉਹ ਚੁੱਪ ਕਰ ਕੇ ਸੁਣਨ ਲੱਗ ਪਏ। ਈਦੀ ਨੇ ਸਾਰੀਆਂ ਕਮੀਆਂ ਕਮਜ਼ੋਰੀਆਂ ਜ਼ਾਹਰ ਕਰ ਦਿੱਤੀਆਂ। ਹਲਾਹਲਾ ਹੋ ਗਈ, ਹੱਥੋਪਾਈ ਕੀਤੀ ਗਈ ਤੇ ਈਦੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਕਿਸੇ ਨੇ ਈਦੀ ਦੀ ਹਮਾਇਤ ਨਾ ਕੀਤੀ। ਹਾਂ ਜੇ ਕਿਸੇ ਨੇ ਕਿਹਾ ਕਿ ਈਦੀ ਤੇਰੀ ਬੇਇੱਜ਼ਤੀ ਹੋਈ ਹੈ ਤਾਂ ਈਦੀ ਨੇ ਕਿਹਾ ਮੇਰੀ ਬੇਇੱਜ਼ਤੀ ਕੋਈ ਕਰ ਈ ਨੀ ਸਕਦਾ। ਪਿਤਾ ਨੇ ਹੱਲਾਸ਼ੇਰੀ ਦਿੱਤੀ ਕਿ ਤੇਰੀ ਇਮਾਨਦਾਰੀ ਉਹਨਾਂ ਨੂੰ ਪਛਾੜੇਗੀ।

ਸੰਨ 1951 ਵਿਚ ਆਪਣੀ ਕਮਾਈ 2300 ਰੁਪਏ ਨਾਲ ਇਕ ਡਿਸਪੈਂਸਰੀ ਮੀਠਾਦਾਰ ਵਿਚ ਖੋਲ੍ਹੀ। ਡਾਕਟਰ ਰੱਖ ਲਿਆ ਅਤੇ ਘੱਟ ਰੇਟ ’ਤੇ ਸਿੱਧਾ ਕੰਪਨੀਆਂ ਤੋਂ ਦਵਾਈਆਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਖੁਦ ਫਾਰਮੇਸੀ ਦੀ ਸਿਖਲਾਈ ਲੈਂਦਾ। ਡਿਸਪੈਂਸਰੀ ਦੇ ਬਾਹਰ ਇਕ ਪੱਥਰ ਨੂੰ ਹੀ ਬਿਸਤਰਾ ਬਣਾ ਲਿਆ। ਰਾਤ ਨੂੰ ਮਰੀਜ਼ ਆ ਜਾਂਦੇ ਤਾਂ ਫਸਟ-ਏਡ ਦੇ ਦਿੰਦਾ। ਥੋੜ੍ਹੀ ਫੀਸ ਵਿਚੋਂ ਵੀ ਹੁੰਦੀ ਬੱਚਤ ਨਾਲ ਦੁਨੀਆਂ ਦੇਖਣ ਦਾ ਮਨ ਬਣਾ ਲਿਆ। ਸੰਨ 1956 ਈ: ਵਿਚ ਬੱਸ ਰਾਹੀਂ ਈਰਾਨ, ਤੁਰਕੀ, ਯੂਨਾਨ, ਬਲਗਾਰੀਆ ਵਿਚੋਂ ਲੰਘਦਾ ਹੋਇਆ ਯੋਗੋਸਲਾਵੀਆ ਤੱਕ ਅੱਪੜਿਆ, ਫਰਾਂਸ ਅਤੇ ਤੁਰਕੀ ਵੀ ਦੇਖੇ। ਇਮੀਗਰੇਸ਼ਨ ਵਾਲੇ ਦੇਖਦੇ ਕਿ ਕੱਪੜਿਆਂ ਤੇ ਖਾਣ ਦੇ ਸਮਾਨ ਤੋਂ ਇਲਾਵਾ ਕੋਲ ਕੁਝ ਵੀ ਨਹੀਂ। ਉਹ ਗਰੀਬ ਯਾਤਰੀ ਸਮਝ ਕੇ ਲੰਘਾ ਦਿੰਦੇ। ਚੰਗੇ ਅਫਸਰ ਕੁਝ ਪੈਸੇ ਵੀ ਦੇ ਦਿੰਦੇ। ਵਿਚਾਰ ਕਰਦਾ ਕਿ ਪਾਕਿਸਤਾਨ ਪੱਛਮੀ ਦੇਸ਼ਾਂ ਦੀ ਤੇਜ਼ ਚਾਲ ਦੀ ਪੈੜ ਕਿਵੇਂ ਨੱਪੇਗਾ। ਰੇਲਵੇ ਸਟੇਸ਼ਨ ’ਤੇ ਸੌਂ ਜਾਂਦਾ। ਸੁੱਤਿਆਂ ਜੁੱਤੀ ਚੋਰੀ ਹੋ ਗਈ ਤਾਂ ਨੰਗੇ ਪੈਰੀਂ ਹੀ ਤੁਰ ਪਿਆ। ਇਕ ਔਰਤ ਵਲੋਂ ਪੁਰਾਣੇ ਬੂਟ ਵੱਡੇ ਆਕਾਰ ਵਿਚ ਮਿਲ ਗਏ ਤੇ ਉਸੇ ਨਾਲ ਹੀ ਯਾਤਰਾ ਕਰਦਾ ਰਿਹਾ। ਲੋਕਾਂ ਵਲੋਂ ਕੁਝ ਖਾਣ ਨੂੰ ਮਿਲ ਜਾਂਦਾ ਤੇ ਖਾ ਲੈਂਦਾ। ਇੰਗਲੈਂਡ ਵਿਚ ਆਪਣੇ ਪੁਰਾਣੇ ਗੁਜਰਾਤੀ ਮਿੱਤਰ ਸਿਦਕ ਈਦੀ ਦਾ ਘਰ ਲੱਭ ਲਿਆ। ਮਿੱਤਰ ਨੇ ਚੰਗੀ ਕਮਾਈ ਦੀ ਦਿਸ਼ਾ ਵਿਖਾਈ, ਪਰ ਈਦੀ ਨੇ ਕਿਹਾ ਕਿ ਮੇਰੇ ਬਿਨਾਂ ਪਾਕਿਸਤਾਨ ਕਿਵੇਂ ਚੱਲੇਗਾ ? ਪਾਕਿਸਤਾਨ ਨੂੰ ਇੰਗਲੈਂਡ ਜੈਸਾ ਬਣਾਉਣਾ ਹੈ। ਪਾਕਿਸਤਾਨ ਵਿਚ ਅਫਵਾਹਾਂ ਉਡਾਈਆਂ ਗਈਆਂ ਕਿ ਉਹ ਦਾਨ ਫੰਡ ਲੈ ਕੇ ਵਿਦੇਸ਼ ਭੱਜ ਗਿਆ ਹੋਇਆ ਹੈ।

ਈਦੀ ਨੇ ਵਾਪਸ ਆ ਕੇ ਦੁਕਾਨ ਦੇ ਉੱਪਰ ਇਕ ਕਿਰਾਏ ਦੇ ਕਮਰੇ ਵਿਚ ਜੱਚਾ – ਬੱਚਾ ਸਿਖਲਾਈ ਸੈਂਟਰ ਖੋਲ੍ਹਣ ਦਾ ਐਲਾਨ ਕਰ ਦਿੱਤਾ। ਕੋਰਸ ਕਰਨ ਲਈ ਕਤਾਰਾਂ ਲੱਗ ਗਈਆਂ। ਈਰਖਾਲੂ ਲੋਕਾਂ ਨੇ ਢੰਡੋਰਾ ਪਿੱਟ ਦਿੱਤਾ ਕਿ ਇਸ ਨੇ ਦੁਰਾਚਾਰ ਲਈ ਇਹ ਦੁਕਾਨ ਖੋਲ੍ਹੀ ਹੈ। ਇਹ ਮੁਸਲਮਾਨ ਨਹੀਂ ਹੈ। ਈਦੀ ਸਿਦਕ ਤੇ ਸਿਰੜ ਨਾਲ ਚੱਲਦਾ ਰਿਹਾ। ਆਲਸੀ ਮੁਲਾਜ਼ਮਾਂ ਨੂੰ ਕੱਢ ਕੇ ਹਿੰਮਤੀ ਮੁਲਾਜ਼ਮ ਰੱਖ ਲੈਂਦਾ। ਨਤੀਜਾ ਇਹ ਹੋਇਆ ਕਿ ਪਿਛਲੇ ਸਾਲ ਭੰਡੀ ਪ੍ਰਚਾਰ ਕਾਰਨ ਜੋ ਕੁੜੀਆਂ ਨਹੀਂ ਆਈਆਂ ਸਨ, ਉਹ ਵੀ ਆ ਗਈਆਂ। ਇਸੇ ਦੌਰਾਨ ਹਾਂਗਕਾਂਗ ਫਲੂ ਨਾਮੀ ਬਿਮਾਰੀ ਨਾਲ ਮੌਤਾਂ ਹੋਣ ਲੱਗੀਆਂ। ਸਲਾਹਕਾਰਾਂ ਦੇ ਸਹਿਯੋਗ ਤੋਂ ਬਿਨਾਂ ਵੀ ਸ਼ਹਿਰ ਦੇ ਚਾਰੇ ਪਾਸੇ ਬਾਹਰਵਾਰ ਤੇਰ੍ਹਾਂ ਟੈਂਟ ਲਗਾ ਕੇ ਇਲਾਜ਼ ਕੈਂਪ ਚਲਾ ਦਿੱਤੇ। ਦਾਨ-ਬਕਸਿਆਂ ਉੱਪਰ ਲਿਖਿਆ ਗਿਆ ਕਿ ਦੇਣ ਲਈ ਕੁਝ ਹੈ ਤਾਂ ਦਿਓ, ਜੇ ਨਹੀਂ ਹੈ ਤਾਂ ਨਾ ਸਹੀ। ਈਦੀ ਕੋਲ ਜੋ ਵੀ ਹੈ, ਤੁਹਾਡਾ ਹੈ।

ਇਕ ਮੈਮਨ ਵਪਾਰੀ ਈਦੀ ਦਾ ਸੇਵਾ ਢੰਗ ਵੇਖਦਾ ਰਿਹਾ ਤੇ ਪ੍ਰਭਾਵਤ ਹੋ ਕੇ ਵੀਹ ਹਜ਼ਾਰ ਦਾਨ ਦੇ ਦਿੱਤਾ। ਉਸੇ ਦਿਨ ਪੁਰਾਣੀ ਵੈਗਨ ਸੱਤ ਹਜ਼ਾਰ ਰੁਪਏ ਵਿਚ ਖਰੀਦ ਲਈ। ਉੱਪਰ ਲਿਖ ਦਿੱਤਾ- ਗਰੀਬ ਦੀ ਮੋਟਰ। ਪੈਸੇ ਦੀ ਰੁਕਾਵਟ ਮਾਨੋ ਮੁੱਕ ਹੀ ਗਈ। ਸਾਰੇ ਸਿੰਧ ਵਿਚ ਪੰਜ ਐਂਬੂਲੈਂਸ ਸਨ ਜੋ ਲੋੜ ਪੈਣ ’ਤੇ ਨਾ ਮਿਲਦੀਆਂ। ਈਦੀ ਹਾਜ਼ਰ ਹੋ ਜਾਂਦਾ। ਗਰੀਬਾਂ ਦੇ ਦਾਨ ਤੋਂ ਬਾਅਦ ਇਕ ਸੇਠ ਨੇ ਵੀ ਤਿੰਨ ਲੱਖ ਰੁਪਏ ਦੇ ਦਿੱਤੇ। ਜਿਸ ਨਾਲ ਮੈਟਿਰਨਿਟੀ ਯੂਨਿਟ ਦੇ ਪਿੱਛੇ ਕਿਰਾਏ ’ਤੇ ਇਮਾਰਤ ਲੈ ਲਈ। ਐਕਸਰੇ ਮਸ਼ੀਨ ਪੁਰਾਣੀ ਖਰੀਦ ਲਈ, ਪਲਾਟ ਖਰੀਦ ਲਿਆ ਅਤੇ ਦੋ ਡਾਕਟਰ ਹੋਰ ਰੱਖ ਲਏ। ਫੁੱਟਪਾਥਾਂ ’ਤੇ ਪਏ ਗਰੀਬਾਂ ਨੂੰ ਛੱਤ ਹੇਠ ਲਿਆਂਦਾ। ਕੁਝ ਲੋਕ ਦੋਸ਼ ਲਾਉਂਦੇ ਕਿ ਬਿਮਾਰਾਂ ਨੂੰ ਘਟੀਆ ਖੁਰਾਕ ਦੇ ਰਿਹਾ ਹੈ। ਈਦੀ ਆਖਦਾ- ਤੁਸੀਂ ਲੈ ਜਾਓ ਤੇ ਸੇਵਾ ਕਰੋ। ਅੱਲਾਹ ਖੁਸ਼ ਹੋਵੇਗਾ। ਜੇ ਮਦਦ ਨਹੀਂ ਕਰਨੀ ਤਾਂ ਮੇਰੇ ਰਸਤੇ ਵਿਚ ਰੋੜਾ ਵੀ ਨਾ ਬਣੋ।

ਈਦੀ ਨੇ ਵੇਖਿਆ ਕਿ ਝੁੱਗੀਆਂ ਝੌਂਪੜੀਆਂ ਵਿਚੋਂ ਆਉਂਦੇ ਲੋਕਾਂ ਵਿਚੋਂ ਬਦਬੂ ਮਾਰ ਰਹੀ ਹੈ। ਵਾਲੰਟੀਅਰਜ਼ ਮਰੀਜ਼ ਨੂੰ ਨੁਹਾ ਦਿੰਦੇ ਤੇ ਆਪਣੇ ਬਚਾਅ ਲਈ ਵਾਰ ਵਾਰ ਪਿੰਡੇ ’ਤੇ ਸਾਬਣ ਮਲਦੇ। ਕੋਈ ਕੀਟਨਾਸ਼ਕ ਘੋਲ ਵਿਚ ਕੱਪੜੇ ਧੋਂਦਾ ਤੇ ਕੋਈ ਕੱਪੜੇ ਦਾਨ ਹੀ ਕਰ ਦਿੰਦਾ। ਈਦੀ ਨੇ ਐਲਰਜੀ ਦੀ ਸਮੱਸਿਆ ਨੂੰ ਵੇਖਦਿਆਂ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਨ ਦਾ ਕੰਮ ਆਰੰਭ ਕਰ ਦਿੱਤਾ। ਖੂਹਾਂ ਵਿਚ ਅਤੇ ਸਮੁੰਦਰ ਵਿਚ ਬਦਬੂ ਮਾਰਦੀਆਂ ਲਾਸ਼ਾਂ ਦਾ ਹੱਥ ਲਾਉਣ ’ਤੇ ਹੀ ਮਾਸ ਖੁਰ ਜਾਂਦਾ। ਉਹ ਜ਼ਖਮੀਆਂ ਨੂੰ ਪਹਿਲਾਂ ਚੁੱਕਦਾ ਤੇ ਲਾਸ਼ਾਂ ਨੂੰ ਬਾਅਦ ਵਿਚ। ਸੇਵਾ ਖੇਤਰ ਵੱਡਾ ਹੋ ਗਿਆ। ਦਿਨ ਰਾਤ ਆਰਾਮ ਨਹੀਂ। ਟੈਲੀਫੋਨ ਵੀ ਲੱਗ ਗਿਆ। ਦੂਜੇ ਪਾਸੇ ਪੈਸੇ ਦੀ ਦੁਰ ਵਰਤੋਂ ਦੇ ਛੋਛੇ ਵੀ ਛੱਡੇ ਜਾਣ ਲੱਗੇ। ਈਦੀ ਨੇ ਬਿਆਨ ਦਿੱਤਾ ਕਿ ਪੈਸਾ ਦੇਣ ਵਾਲਾ ਹਿਸਾਬ ਮੰਗਣ ਦਾ ਹੱਕਦਾਰ ਹੈ। ਦਾਨ ਦੇ ਕੇ ਕੋਈ ਪਛਤਾਵੇ ਨਾ ਸਗੋਂ ਆ ਕੇ ਰਸੀਦ ਦਿਖਾਏ ਤੇ ਪੈਸੇ ਵਾਪਸ ਲੈ ਜਾਵੇ। ਗੈਰ-ਦਾਨੀ ਨੂੰ ਨਾ ਹਿਸਾਬ ਦਿਆਂਗਾ ਤੇ ਨਾ ਪ੍ਰਵਾਹ ਕਰਾਂਗਾ।

ਸੰਨ 1958 ਈ: ਵਿਚ ਪਿਤਾ ਨੇ ਦੋਵੇਂ ਭਰਾਵਾਂ ਵਿਚ ਜਾਇਦਾਦ ਵੰਡ ਦਿੱਤੀ। ਈਦੀ ਲੱਖਪਤੀ ਬਣ ਗਿਆ। ਈਦੀ ਨਿੱਜੀ ਖਰਚਾ ਬੈਂਕ ਦੇ ਵਿਆਜ ਵਿਚੋਂ ਕਰਦਾ ਤੇ ਬਾਕੀ ਵਿਆਜ ਨਾਲ ਸ਼ੇਅਰ ਖਰੀਦ ਲੈਂਦਾ। ਈਦੀ ਨੂੰ ਬੁਰਾ ਕਹਿਣ ਵਾਲੇ ਸੇਠ ਦਾ ਬੱਚਾ ਛੱਤ ਤੋਂ ਡਿੱਗ ਪਿਆ। ਐਂਬੂਲੈਂਸ ਨਾ ਮਿਲੀ। ਈਦੀ ਨੂੰ ਪਤਾ ਲੱਗਾ ਤੇ ਗੱਡੀ ਲੈ ਕੇ ਹਾਜ਼ਰ ਹੋ ਗਿਆ। ਬੱਚੇ ਨੂੰ ਛਾਤੀ ਨਾਲ ਲਾਇਆ ਅਤੇ ਹਸਪਤਾਲ ਨੂੰ ਲੈ ਤੁਰਿਆ। ਮਾਂ ਦੇ ਬੋਲ ਯਾਦ ਆਏ – ਮੈਂ ਤੁਹਾਨੂੰ ਰੱਜ ਕੇ ਪਿਆਰ ਦਿੱਤਾ ਹੈ। ਤੂੰ ਵੀ ਰੱਜ ਕੇ ਪਿਆਰ ਕਰੀਂ ਮਨੁੱਖਤਾ ਨੂੰ। ਖੈਰ, ਬੱਚਾ ਬਚ ਨਾ ਸਕਿਆ। ਪਰ ਸੇਠ ਦੀ ਔਰਤ ਹਰ ਮਹੀਨੇ ਜ਼ਕਾਤ ਦੇ ਪੈਸੇ ਈਦੀ ਕੋਲ ਭੇਜਣ ਲੱਗ ਗਈ।

ਇਕ ਦਿਨ ਈਦੀ ਬੱਸ ਵਿਚ ਸਫਰ ਕਰ ਰਿਹਾ ਸੀ। ਉਸ ਦਾ ਇਕ ਗੋਡਾ ਇਕ ਟੌਰੀ ਬਾਬੂ ਨੂੰ ਛੋਹ ਗਿਆ। ਬਾਬੂ ਬੋਲਿਆ- ਗੰਦੇ ਆਦਮੀ , ਮੁਝੇ ਮਤ ਛੂ। ਪੰਜ ਸੱਤ ਜਵਾਨ ਉੱਠੇ ਤੇ ਬਾਬੂ ਨੂੰ ਕਹਿਣ ਲੱਗੇ- ਕਿ ਜੇ ਤੂੰ ਮਰ ਕੇ ਲਾਵਾਰਿਸ ਪਿਆ ਹੋਵੇਂ ਤਾਂ ਇਹੀ ਤੈਨੂੰ ਦਫਨ ਕਰੇਗਾ। ਈਦੀ ਨੇ ਸਭ ਨੂੰ ਸ਼ਾਂਤ ਕੀਤਾ।

ਈਦੀ ਅੰਦਰ ਇਕ ਚਿੰਤਨ ਚੱਲ ਰਿਹਾ ਸੀ ਕਿ ਮੈਮਨ ਭ੍ਰਿਸ਼ਟ ਹੋ ਰਹੇ ਹਨ। ਚੋਣਾ ਵਿਚ ਸਿਆਸੀ ਲੋਕਾਂ ਦੀ ਮਦਦ ਕਰਦੇ ਹਨ ਤੇ ਵਪਾਰ ਵਿਚ ਕਾਲਾ ਧਨ ਬਣਾਉਂਦੇ ਹਨ। ਮੁਲਜ਼ਮ ਸ਼ਰੇਆਮ ਬਰੀ ਹੋ ਜਾਂਦੇ ਹਨ। ਭ੍ਰਿਸ਼ਟ ਵਰਤਾਰੇ ਵਿਰੁੱਧ ਲੜਨ ਲਈ ਸੰਨ 1962 ਵਿਚ ਪਾਰਲੀਮੈਂਟ ਚੋਣ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਆ ਗਿਆ। ਵਿਰੋਧੀਆਂ ਨੇ ਪਿਆਰ ਤੇ ਡਰ ਨਾਲ ਰੋਕਣ ਦਾ ਯਤਨ ਕੀਤਾ। ਕੂੜ ਪ੍ਰਚਾਰ ਖਬਰਾਂ ਛਪ ਗਈਆਂ ਕਿ ਈਦੀ ਦੇ ਹਸਪਤਾਲ ਵਿਚੋਂ ਜਿਹੜੀਆਂ ਚਾਰ ਕੁੜੀਆਂ ਗੁੰਮ ਹੋਈਆਂ ਸਨ, ਈਦੀ ਵਲੋਂ ਵੇਚੀਆਂ ਗਈਆਂ ਹਨ। ਈਦੀ ਸੁੰਨ ਹੋ ਗਿਆ ਤੇ ਸੋਚਣ ਲੱਗ ਪਿਆ ਕਿ ਕਿਉਂ ਖਾਹਮਖਾਹ ਚੋਣਾ ਲੜਾਂ ਤੇ ਪੈਸਾ ਰੋੜਾਂ ? ਅੰਦਰੋਂ ਅਵਾਜ਼ ਆਈ ਸਮਾਜ ਲਈ ਲੜ। 29 ਸਾਲ ਦਾ ਜਵਾਨ ਈਦੀ ਰਿਕਾਰਡ ਤੋੜ ਵੋਟ ਲੈ ਕੇ ਜਿੱਤਿਆ।

ਸੰਨ 1965 ਈ: ਵਿਚ ਭਾਰਤ-ਪਾਕਿ ਜੰਗ ਹੋ ਗਈ। ਲੜਾਈ ਤੇ ਚੀਕ-ਪੁਕਾਰ ਸਿਖਰ ’ਤੇ ਸੀ। ਈਦੀ ਕੋਲ ਸੈਂਕੜੇ ਵਲੰਟੀਅਰ ਭਰਤੀ ਹੋਣ ਲੱਗ ਪਏ। ਈਦੀ ਨੇ ਵਲੰਟੀਅਰਜ਼ ਨੂੰ ਕਿਹਾ ਕਿ ਜੇ ਕਿਸੇ ਨੇ ਸਿਆਸੀ ਲੋਕਾਂ ਅਧੀਨ ਦਿਖਾਵੇ ਦੀ ਸੇਵਾ ਕਰਨੀ ਹੈ ਤਾਂ ਪਹਿਲਾਂ ਉਹ ਆਪਣੀ ਰੀਝ ਪੂਰੀ ਕਰ ਲਵੇ। ਇਕ ਦਿਨ ਤੁਸੀਂ ਮੇਰੇ ਕੋਲ ਹੀ ਆਵੋਗੇ। ਜੀਵਨ ਸੰਵਾਰਨਾ ਹੈ ਤਾਂ ਮੇਰੀ ਸਿਆਸਤ ਕਰੋ ਜੋ ਹਮਦਰਦੀ ਦੀ ਹੈ। ਮੇਰੀ ਸੇਵਾ ਦੀ ਸਿਆਸਤ ਡਗਮਗਾ ਨਹੀਂ ਸਕਦੀ।

ਸਮੇਂ-ਸਮੇਂ ਵਿਧਵਾਵਾਂ ਅਤੇ ਤਲਾਕ-ਸ਼ੁਦਾ ਔਰਤਾਂ ਕੋਲ ਈਦੀ ਨੇ ਵਿਆਹ ਦੀ ਪੇਸ਼ਕਸ਼ ਭੇਜੀ। ਅੱਗੋਂ ਔਰਤਾਂ ਵੱਲੋਂ ਸੰਕੇਤ ਮਿਲੇ ਕਿ ਈਦੀ ਨਾਲ ਸ਼ਾਦੀ ਕਰਵਾਉਣ ਦਾ ਮਤਲਬ ਸੀਮੈਂਟ, ਬੈਂਚ ਇਸ ਦਾ ਹਨੀਮੂਨ ਬੈਡ ਹੋਏਗਾ। ਮੁਰਦੇ ਇਸ ਦੀ ਜੰਝ ਚੜ੍ਹਨਗੇ। ਹਿੰਦ-ਪਾਕਿ ਦੀ ਵੰਡ ਸਮੇਂ 19 ਸਾਲਾ ’ਚ ਵਿਧਵਾ ਹੋਈ ਬਿਲਕੀਸ ਦੀ ਮਾਸੀ ਈਦੀ ਦੇ ਨਰਸਿੰਗ ਹੋਮ ਵਿਚ ਬਿਲਕੀਸ ਨੂੰ ਕੰਮ ਦਿਵਾ ਗਈ। ਇਸ ਹੋਣਹਾਰ ਕੁੜੀ ਨੂੰ ਦੇਖ ਕੇ ਈਦੀ ਦਾ ਕੁਰੱਖਤ ਸੁਭਾਅ ਨਰਮ ਹੋ ਜਾਂਦਾ। ਕਦੇ ਇਸ ਦੇ ਬੁਲਾਂ੍ਹ ’ਤੇ ਮੁਸਕਾਨ ਵੀ ਆ ਜਾਂਦੀ। ਇਕ ਕੁੜੀ ਨੇ ਕਿਹਾ ਕਿ ਦੇਖੋ ਈਦੀ ਹੱਸ ਰਿਹਾ ਹੈ ਤੇ ਚੀਕਣ ਦੀ ਥਾਂ ਗੱਲਾਂ ਵੀ ਕਰ ਰਿਹਾ ਹੈ। ਬਿਲਕੀਸ ਬੋਲੀ- ਅਜੇ ਜਿਊਂਦਾ ਹੈ। ਈਦੀ ਨੇ ਟਿੱਪਣੀ ਕੀਤੀ- ਇਮਾਰਤ ਦੀ ਉੱਚੀ ਉਸਾਰੀ ਲਈ ਡੂੰਘੀਆਂ ਨੀਹਾਂ ਪੁੱਟੀ ਜਾ ਰਿਹਾ ਹਾਂ। ਚੌਦਾਂ ਸਾਲ ਤੋਂ ਮੌਤਾਂ ਵਿਚਕਾਰ ਘਿਰਿਆ ਬੰਦਾ ਜਿਊਂਦਾ ਹੋਣ ਦਾ ਅਹਿਸਾਸ ਕਿਵੇਂ ਕਰੇ  ? ਸ਼ੁਕਰ ! ਕਿਸੇ ਨੇ ਕਿਹਾ ਕਿ ਮੈਂ ਜਿਊਂਦਾ ਹਾਂ।

ਸਤਿਕਾਰ ਵਧ ਰਿਹਾ ਸੀ। ਚੁਰਸਤੇ ਵਿਚ ਬੈਠੇ ਨੂੰ ਠੂਠੇ ਵਿਚ ਦਾਨ ਪਾਉਣ ਵਾਲਿਆਂ ਦੀ ਭੀੜ ਲੱਗ ਜਾਂਦੀ। ਅਖਬਾਰਾਂ ਵਾਲੇ ਚੁਰਸਤੇ ਵਿਚ ਬੈਠਣ ਦਾ ਕਾਰਨ ਪੁੱਛਦੇ। ਜਵਾਬ ਦਿੰਦਾ ਕਿ ਬਹੁਤ ਲੋਕਾਂ ਦੀ ਸ਼ਰਧਾ ਹੈ ਕਿ ਮੇਰੇ ਮੁਲਾਜ਼ਮਾਂ ਦੀ ਥਾਂ ਮੈਨੂੰ ਸਿੱਧੇ ਦਿੱਤੇ ਦਾਨ ਦਾ ਵਧੇਰੇ ਪੁੰਨ ਲੱਗੇਗਾ। ਭਾਵੇਂ ਮੇਰੇ ਕੋਲ ਪੰਜ ਐਂਬੂਲੈਂਸਾਂ, ਵੱਡਾ ਨਰਸਿੰਗ ਹੋਮ, ਯਤੀਮਖਾਨਾ ਤੇ ਲੋੜ ਜੋਗੇ ਪੈਸੇ ਹਨ, ਪਰ ਇਹ ਠੂਠਾ ਯਾਦ ਕਰਵਾਉਂਦਾ ਰਹਿੰਦਾ ਹੈ ਕਿ ਈਦੀ, ਅਸਲ ਵਿਚ ਤੂੰ ਮੰਗਤਾ ਹੈਂ। ਨਾ ਮੌਲਵੀ ਹੈਂ ਤੇ ਨਾ ਸੰਤ ਹੈਂ। ਦੁਖੀ ਲਈ ਦਾਰੂ ਬਣਨਾ ਤੇ ਉਸ ਦੀ ਬਾਂਹ ਫੜਨੀ ਹੀ ਅਸਲ ਇਸਲਾਮ ਹੈ।

ਬਿਲਕੀਸ ਨਾਲ ਮੰਗਣਾ ਹੋ ਗਿਆ। ਮੈਮਨਾ ਨੇ ਪਹੁੰਚ ਕੀਤੀ ਕਿ ਜੇਕਰ ਤੂੰ ਕਹਿ ਦੇਵੇਂ ਕਿ ਈਦੀ ਨੇ ਤੈਨੂੰ ਵਰਗਲਾਇਆ ਹੈ ਤਾਂ ਪੰਝੀ ਹਜ਼ਾਰ ਰੁਪਏ ਦੇ ਦਿਆਂਗੇ। ਕੁੜੀਆਂ ਨੂੰ ਬਿਲਕੀਸ ਦੀ ਮੰਗਣੀ ਦਾ ਪਤਾ ਲੱਗਿਆ ਤਾਂ ਕਹਿਣ ਲੱਗੀਆਂ -ਜਦੋਂ ਸਾਡੇ ਖਾਵੰਦ ਸਾਨੂੰ ਪਹਾੜੀਆਂ ਦੀ ਸੈਰ ਕਰਵਾਉਂਦੇ ਹੋਇਆ ਕਰਨਗੇ, ਇਹ ਤੈਨੂੰ ਕਬਰਿਸਤਾਨ ਘੁੰਮਾਉਂਦਾ ਹੋਇਆ ਕਰੇਗਾ। ਮੋਟੀ ਅਵਾਜ਼ ਵਿਚ ਈਦੀ ਦੀਆਂ ਨਕਲਾਂ ਲਾਉਂਦੀਆਂ – ਬਿਲਕੀਸ ਲਾਸ਼ਾਂ ਨੂੰ ਨੁਹਾ ਦਿੱਤਾ ? ਪਾਗਲਾਂ ਦੀਆਂ ਜੂਆਂ ਕੱਢ ਦਿੱਤੀਆਂ ? ਮੁਰਦਿਆਂ ਦੇ ਸੈਂਟ ਲਾ ਦਿੱਤਾ ? ਅਸੀਂ ਮੇਕਅਪ ਕਰਦੀਆਂ ਹੋਇਆ ਕਰਾਂਗੀਆਂ। ਖੈਰ ਬਿਲਕੀਸ ਨਾਲ ਨਿਕਾਹ ਹੋ ਗਿਆ। ਨਾ ਕੋਈ ਰੀਤਾਂ-ਰਸਮਾਂ ਤੇ ਨਾ ਕੋਈ ਅਡੰਬਰ। ਈਦੀ ਕਦੇ ਹੱਸ ਕੇ ਕਹਿੰਦਾ ਕਿ ਮੈਂ ਭਾਰਤੀ ਐਕਟਰ ਦਲੀਪ ਕੁਮਾਰ ਜਾਂ ਰਾਜਕਪੂਰ ਵਰਗਾ ਨਹੀਂ, ਪਰ ਜਿਵੇਂ ਫਿਲਮਾਂ ਵਿਚ ਰੁਮਾਂਸ ਅਤੇ ਵਿਆਹ ਹੁੰਦਾ ਹੈ, ਮੇਰਾ ਉਵੇਂ ਹੀ ਹੋ ਗਿਆ।

ਇਕ ਦਿਨ ਸੜਕ ਕਿਨਾਰਿਓਂ ਨਵਜਾਤ ਬੱਚਾ ਚੁੱਕਿਆ ਤੇ ਈਦੀ ਨੇ ਬਿਲਕੀਸ ਨੂੰ ਕਿਹਾ ਕਿ ਫੜ ਇਹ ਆਪਣਾ ਹੈ। ਈਦੀ ’ਤੇ ਕਈ ਊਂਝਾਂ ਲੱਗੀਆਂ ਕਿ ਬਿਲਕੀਸ ਦੇ ਪੁੱਤਰ ਪੈਦਾ ਹੋਇਆ। ਬਿਲਕੀਸ ਨੇ ਪੁੱਛਿਆ ਕਿ ਇਹ ਕਿਸ ਦਾ ਨਜਾਇਜ਼ ਬੱਚਾ ਮੇਰੀ ਗੋਦ ਵਿਚ ਪਾ ਦਿੱਤਾ ਹੈ ?

ਅਮੀਨਾ ਹੱਸ ਪਈ ਤੇ ਕਹਿਣ ਲੱਗੀ ਭਾਵੇਂ ਕਿਸੇ ਦਾ ਹੋਵੇ, ਤੂੰ ਇਸ ਨੂੰ ਪਾਲੇਂਗੀ। ਈਦੀ ਦੇ ਅੱਬਾ ਨੇ ਪੋਤੇ ਦਾ ਨਾਮ ਕੁਤਬ (ਧਰੂ ਤਾਰਾ) ਰੱਖਿਆ। ਬਿਲਕੀਸ ਬੱਚੇ ਦੇ ਨਵੇਂ ਕੱਪੜੇ ਪਾਉਂਦਿਆਂ ਗੱਲਾਂ ਕਰਦੀ, ਚਲ ਅੱਜ ਫਲਾਣੀ ਸਹੇਲੀ ਨੂੰ ਮਿਲ ਕੇ ਆਈਏ। ਈਦੀ ਚੁੱਪ ਰਹਿੰਦਾ। ਬਿਲਕੀਸ ਆਖਦੀ- ਸਾਡੇ ਰਿਸ਼ਤੇਦਾਰ ਕਿੰਨੇ ਚੰਗੇ ਨੇ ਕਿ ਸਾਨੂੰ ਮਿਲਣਾ ਚਾਹੁੰਦੇ ਹਨ, ਪਰ ਅਸੀਂ ਉਦੋਂ ਹੀ ਮਿਲਣ ਜਾਣ ਵਾਲੇ ਹਾਂ ਜਦੋਂ ਉਹ ਮਰ ਜਾਣਗੇ।

ਇਕ ਦਿਨ ਇਕ ਬੰਦੇ ਨੇ ਧਮਕਾਇਆ ਤੇ ਕਿਹਾ ਕਿ ਲਾਸ਼ਾਂ ਦੇ ਵਪਾਰ ਵਾਲਾ ਕਾਰਖਾਨਾ ਮੀਠਾਦਾਰ ਤੋਂ ਬਾਹਰ ਲੈ ਜਾਓ। ਇਲਾਕੇ ਦੇ ਬੱਚੇ ਡਰੇ ਤੇ ਸਹਿਮੇ ਰਹਿੰਦੇ ਹਨ। ਰੌਲਾ ਪਾਉਂਦਾ ਚਲਾ ਗਿਆ। ਤਿੰਨ ਦਿਨ ਬਾਅਦ ਫਿਰ ਆ ਗਿਆ ਤੇ ਬੇਨਤੀ ਕਰਨ ਲੱਗਾ ਕਿ ਮੇਰੇ ਭਰ੍ਹਾ ਦਾ ਦਿਲ ਫੇਲ੍ਹ ਹੋ ਗਿਆ ਹੈ। ਛੇਵੀਂ ਮੰਜ਼ਲ ’ਤੇ ਮਰਿਆ ਪਿਆ ਹੈ। ਈਦੀ ਐਂਬੂਲੈਂਸ ਲੈ ਕੇ ਨਾਲ ਚੱਲ ਪਿਆ।

ਸੰਨ 1971 ਵਿਚ ਭਾਰਤ-ਪਾਕਿ ਜੰਗ ਦੇ ਨਾਲ ਪਾਕਿਸਤਾਨ ਦੇ ਦੋ ਟੋਟੇ ਹੋ ਗਏ। ਬੰਗਲਾ ਦੇਸ਼ ਵਿਚ ਵੱਸਦੇ ਪੰਜਾਬੀ ਵਪਾਰੀ ਨਫਰਤ ਦੇ ਭੈ ਵਿਚ ਪਾਕਿਸਤਾਨ ਭੱਜ ਆਏ। ਜਾਇਦਾਦਾਂ ਸਸਤੇ ਵਿਚ ਵੇਚ ਆਏ। ਨਵੇਂ ਥਾਂ ਕਾਰੋਬਾਰ ਇਕ ਦਮ ਨਹੀਂ ਚੱਲ ਸਕਦਾ ਸੀ। ਉਹ ਦਾਨੀ ਰਸੀਦਾਂ ਲੈ ਕੇ ਆ ਗਏ ਤੇ ਪੈਸੇ ਮੰਗਣ ਲੱਗ ਪਏ। ਈਦੀ ਨੇ ਹਰ ਇਕ ਨੂੰ ਪੈਸੇ ਵੀ ਵਾਪਸ ਕੀਤੇ ਤੇ ਰਿਹਾਇਸ਼ ਲਈ ਵੀ ਦਰਿਆ ਦਿਲੀ ਵਿਖਾਈ। ਗੈਰ-ਦਾਨੀਆਂ ਨੂੰ ਵੀ ਬਰਾਬਰ ਮੌਕਾ ਦਿੱਤਾ।

ਛੇ ਮੰਜ਼ਲੀ ਬਿਸਮਿੱਲਾ ਇਮਾਰਤ ਢਹਿ ਕੇ ਤੇਰ੍ਹਾਂ ਫੁੱਟ ਉੱਚੇ ਥੇਹ ਵਿਚ ਬਦਲ ਗਈ। ਵੀਹ ਪਰਿਵਾਰ ਦਬ ਕੇ ਮਾਰੇ ਗਏ। ਈਦੀ ਨੇ ਕਰੇਨਾਂ ਲਗਾਈਆਂ। ਜ਼ਖਮੀਆਂ ਵਾਸਤੇ ਅਤੇ ਲਾਸ਼ਾਂ ਵਾਸਤੇ ਟੈਂਟ ਲਗਾ ਦਿੱਤੇ। ਢਾਈ ਸਾਲ ਦਾ ਬੱਚਾ ਬਾਹਰ ਖੇਡਦਾ ਹੋਣ ਕਰਕੇ ਬਚ ਗਿਆ। ਉਸ ਦੇ ਮਾਪੇ ਅਤੇ ਸੱਤ ਸਾਲ ਦਾ ਭਰ੍ਹਾ ਦਬੇ ਪਏ ਸਨ। ਇਕ ਪਾਸਿਓਂ ਬੱਚੇ ਦੀ ਅਵਾਜ਼ ਆਈ । ਜ਼ਖਮੀ ਬੱਚਾ ਜਿਊਂਦਾ ਮਿਲ ਗਿਆ। ਬੱਚੇ ਨੇ ਦੱਸਿਆ – ਮਾਂ ਖਾਣਾ ਬਣਾ ਰਹੀ ਸੀ। ਮਾਂ ਸਾਨੂੰ ਦੋਨਾਂ ਭਰਾਵਾਂ ਨੂੰ ਅਵਾਜ਼ਾਂ ਮਾਰ ਰਹੀ ਸੀ । ਇਮਰਾਨ ! ਜਾਵੇਦ ! ਬਹੁਤ ਦੇਰ ਤੱਕ ਅਵਾਜ਼ਾਂ ਸੁਣਦਾ ਰਿਹਾ। ਮੈਂ ਸੋਚਿਆ ਮੈਂ ਮਰ ਗਿਆ ਹਾਂ। ਫੇਰ ਮੈਂ ਕਿਸੇ ਵਲੋਂ ਈਦੀ ਨੂੰ ਅਵਾਜ਼ ਪੈਂਦੀ ਸੁਣੀ। ਮੈਂ ਚੀਕਾਂ ਮਾਰਨ ਲੱਗਾ। ਹੁਣ ਲੱਗਾ ਜਿਊਂਦਾ ਹਾਂ ਤੇ ਈਦੀ ਬਚਾ ਹੀ ਲਵੇਗਾ। ਦੋਵੇਂ ਯਤੀਮ ਬੱਚੇ ਦਾਦੀ ਕੋਲ ਪੁਚਾ ਦਿੱਤੇ ਗਏ। ਇਸ ਘਟਨਾ ਕਾਰਨ ਤਦ ਈਦ ਵੀ ਨਹੀਂ ਮਨਾਈ ਗਈ ਸੀ। ਭੁੱਟੋ ਮੌਕੇ ’ਤੇ ਆਇਆ ਤੇ ਪੁੱਛਣ ਲੱਗਾ ਕਿ ਮੈਂ ਕੋਈ ਮਦਦ ਕਰਾਂ ? ਈਦੀ ਨੇ ਕਿਹਾ- ਹੋਰ ਕੌਣ ਕਰੇਗਾ ? ਉਸ ਨੇ ਤੁਰੰਤ ਲੋੜੀਂਦੀਆਂ ਵਸਤਾਂ ਤੇ ਦਵਾਈਆਂ ਭੇਜ ਦਿੱਤੀਆਂ।

ਈਦੀ ਦੋ ਪੁੱਤਰਾਂ ਤੇ ਦੋ ਧੀਆਂ ਨੂੰ ਕਦੇ ਸੈਰ-ਸਪਾਟੇ ’ਤੇ ਨਾ ਲਿਜਾ ਸਕਦਾ। ਬੱਚੇ ਜਾਣ ਦੀ ਜ਼ਿੱਦ ਵੀ ਕਰਦੇ। ਇਕ ਦਿਨ ਦੂਰ ਸਿੰਧ ਵਿਚ ਲਾਸ਼ ਪੁਚਾਣੀ ਸੀ। ਬੀਵੀ ਨੇ ਆਖਿਆ ਕਬਰਿਸਤਾਨ ਹੀ ਦਿਖਾ ਲਿਆ। ਈਦੀ ਮੰਨ ਗਿਆ। ਬੱਚੇ ਐਂਬੂਲੈਂਸ ਵਿਚ ਹੀ ਖੁਸ਼ੀ ਵਿਚ ਛਲਾਗਾਂ ਲਗਾਉਂਦੇ ਰਹੇ। ਧੀ ਦੀ ਲਾਸ਼ ਦੀ ਵਾਰਸ ਮਾਂ ਰਾਤ ਨੂੰ ਰਸਤਾ ਭੁੱਲ ਗਈ। ਉੱਚੇ ਟਿੱਲੇ ’ਤੇ ਖਲੋ ਕੇ ਅਵਾਜ਼ਾਂ ਮਾਰੇ ਤੇ ਅਵਾਜ਼ ਦੀ ਗੂੰਜ ਵਾਪਸ ਪਰਤੇ, ਪਰ ਅੱਗੋਂ ਕੋਈ ਹੁੰਗਾਰਾ ਨਹੀਂ ਮਿਲਦਾ ਸੀ। ਹਾਂ ਸੱਪਾਂ ਦੇ ਫੁੰਕਾਰੇ ਸੁਣਾਈ ਦੇਣ। ਈਦੀ ਨੇ ਗੱਡੀ ਦੀਆਂ ਲਾਈਟਾਂ ਚਲਾਅ ਦਿੱਤੀਆਂ। ਨਕਾਬਪੋਸ਼ ਘੋੜਸਵਾਰ ਬੰਦੂਕਾਂ ਨਾਲ ਲੈਸ ਖੜ੍ਹੇ ਦਿਸੇ। ਔਰਤ ਡਰਦੀ ਗੱਡੀ ਵਿਚ ਵੜ ਗਈ ਤੇ ਕਹਿਣ ਲੱਗੀ ਕਿ ਇਹ ਕੋਲਹਰੀ ਦੇ ਡਾਕੂ ਹਨ। ਡਾਕੂਆਂ ਨੇ ਗੱਡੀ ਘੇਰ ਲਈ। ਲਾਸ਼ ਦੇਖੀ ਤੇ ਸਹਿਮੇ ਬੱਚੇ ਦੇਖੇ। ਪੁੱਛਣ ’ਤੇ ਈਦੀ ਨੇ ਦੱਸਿਆ ਕਿ ਮੈਂ ਅਬਦੁਲ ਸਤਾਰ ਹਾਂ ਤੇ ਮੈਨੂੰ ਈਦੀ ਕਹਿੰਦੇ ਹਨ। ਡਾਕੂਆਂ ਨੇ ਕਿਹਾ ਕਿ ਖਤਰਨਾਕ ਖੇਤਰ ਵਲ ਵਧ ਰਹੇ ਹੋ, ਪਰ ਅਗਲਾ ਰਸਤਾ ਦੱਸ ਦਿੱਤਾ। ਈਦੀ ਨੇ ਸਲਾਮ ਕਰਦਿਆਂ ਸੱਜਾ ਹੱਥ ਮੱਥੇ ਨੂੰ ਛੁਹਾਇਆ। ਚਾਰੇ ਡਾਕੂਆਂ ਨੇ ਛਾਤੀ ’ਤੇ ਹੱਥ ਰੱਖ ਕੇ ਝੁਕ ਕੇ ਜਵਾਬ ਦਿੱਤਾ। ਈਦੀ ਬੀਵੀ ਬੱਚਿਆਂ ਨਾਲ ਗੁੱਸੇ ਵੀ ਹੋਇਆ।

ਇੱਕ ਬਾਈ ਸਾਲਾ ਕੈਦੀ ਮਰ ਗਿਆ ਤੇ ਕਬਰਿਸਤਾਨ ਵਿਚ ਦਫਨਾ ਦਿੱਤਾ। ਉਸ ਦੇ ਦੋਸਤ ਈਦੀ ਕੋਲ ਕਹਿਣ ਲੱਗੇ ਕਿ ਇਹ ਪੰਜਾਬ ਦਾ ਸੀ। ਮਾਪੇ ਆਪਣੇ ਵਤਨ ਵਿਚ ਹੀ ਦਫਨ ਕਰਨਾ ਚਾਹੁੰਦੇ ਸਨ, ਪਰ ਉਹਨਾਂ ਕੋਲ ਲਾਸ਼ ਲਿਜਾਣ ਵਾਸਤੇ ਪੈਸੇ ਨਹੀਂ ਸੀ। ਈਦੀ ਦੀ ਬੀਵੀ ਬਿਲਕੀਸ ਨੇ ਕਿਹਾ ਮੈਂ ਵੀ ਤੇ ਬੇਟਾ ਫੈਸਲ ਵੀ ਜਾਵੇਗਾ। ਰਸਤੇ ਵਿਚ ਇਕ ਢਲਾਣ ’ਤੇ ਮੋੜ ਕੱਟਦੀ ਵੈਨ ਉਲਟ ਗਈ। ਸਾਰੇ ਬਚ ਗਏ ਪਰ ਈਦੀ ਦਾ ਜਬਾੜਾ ਟੁੱਟ ਗਿਆ। ਕੋਈ ਹਸਪਤਾਲ ਨਾ ਹੋਣ ਕਾਰਨ ਫੋਨ ਕਰ ਕੇ ਮੀਠਾਦਾਰ ਤੋਂ ਗੱਡੀਆਂ ਮੰਗਾਈਆਂ ਗਈਆਂ। ਰੌਲਾ ਪੈ ਗਿਆ ਕਿ ਈਦੀ ਐਕਸੀਡੈਂਟ ਵਿਚ ਮਾਰਿਆ ਗਿਆ। ਬਜ਼ਾਰ ਬੰਦ ਹੋ ਗਏ। ਭੁੱਟੋ ਮਲਬੇ ਵਾਲੀ ਥਾਂ ਬਹੁ-ਮੰਜ਼ਲੀ ਇਮਾਰਤ ਦੇ ਪਲਾਟ ਅਲਾਟ ਕਰਨ ਲਈ ਮੀਠਾਦਾਰ ਆਇਆ ਹੋਇਆ ਸੀ। ਭੁੱਟੋ ਨੇ ਤੁਰੰਤ ਆਪਣਾ ਹੈਲੀਕਾਪਟਰ ਭੇਜ ਦਿੱਤਾ। ਈਦੀ ਦੇ ਜ਼ੋਰ ਪਾਉਣ ’ਤੇ ਵੀ ਭੁੱਟੋ ਨੇ ਕਿਰਾਇਆ ਨਾ ਲਿਆ। ਈਦੀ ਬਿਲਕੀਸ ਨੂੰ ਕਹਿਣ ਲੱਗਾ ਕਿ ਇਸ ਸਫਰ ਤੋਂ ਪਹਿਲਾਂ ਸਵੇਰ ਸਾਰ ਪਾਗਲਖਾਨੇ ਦਾ ਦੌਰਾ ਕਰਦਿਆਂ ਇਕ ਅਜੀਬ ਹਰਕਤਾਂ ਕਰਦੀ ਕੁੜੀ ਦੇ ਚਪੇੜ ਮਾਰੀ ਸੀ। ਅੱਲਾਹ ਨੇ ਸਜ਼ਾ ਦੇ ਦਿੱਤੀ ਹੈ।

ਇਕ ਮਿਹਨਤੀ ਵਿਦਿਆਰਥੀ ਦੇ ਕੈਂਸਰ ਦੇ ਇਲਾਜ ਲਈ ਈਦੀ ਠੂਠਾ ਫੜ ਕੇ ਕਰਾਚੀ ਦੇ ਚੌਂਕ ਵਿਚ ਬੈਠ ਗਿਆ। ਤਿੰਨ ਦਿਨਾਂ ਵਿਚ ਢਾਈ ਲੱਖ ਰੁਪਏ ਇਕੱਠੇ ਕਰ ਲਏ। ਰਵਾਇਤੀ ਮੰਗਤੇ ਚਿਲਾਏ ਕਿ ਇਸ ਨੇ ਸਾਡਾ ਖੂਹ ਸੁਕਾ ਦਿੱਤਾ ਹੈ। ਹੁਣ ਕਿੱਥੇ ਚਲੇ ਜਾਈਏ ? ਬਿਲਕੀਸ ਹੱਸੀ ਤੇ ਕਿਹਾ ਹੋਰ ਕਿਤੇ ਕਿਉਂ ਜਾਣਾ ? ਵੱਡੇ ਮੰਗਤੇ (ਈਦੀ) ਨਾਲ ਕੰਮ ’ਤੇ ਲੱਗ ਜਾਓ।

ਸੰਨ 1977 ਈ: ਵਿਚ ਜ਼ਿਆ-ਉਲ-ਹੱਕ ਨੇ ਸੱਤਾ ਹਥਿਆ ਕੇ ਭੁੱਟੋ ਨੂੰ ਫਾਹੇ ਲਾ ਦਿੱਤਾ। ਜਨਤਾ ਚੁੱਪ। ਹਾਲਾਤਾਂ ’ਤੇ ਬਿਲਕੀਸ ਨੇ ਦੁੱਖ ਪ੍ਰਗਟਾਇਆ। ਈਦੀ ਨੇ ਕਿਹਾ ਕਿ ਹਕੂਮਤਾਂ ਨੇ ਜਨਤਾ ਨੂੰ ਸੁੰਨ ਕਰ ਦਿੱਤਾ ਹੈ।

ਈਦੀ ਨੂੰ ਜ਼ਿਆ-ਉਲ-ਹੱਕ ਨੇ ਪ੍ਰਸੰਸਾ-ਪੱਤਰ ਅਤੇ ਪੰਜ ਲੱਖ ਰੁਪਿਆ ਭੇਜਿਆ। ਪ੍ਰਸੰਸਾ-ਪੱਤਰ ਰੱਖ ਲਿਆ ਤੇ ਚੈੱਕ ਵਾਪਸ ਕਰਦਿਆਂ ਲਿਖਿਆ ਪ੍ਰਸੰਸਾ-ਪੱਤਰ ਲਈ ਸ਼ੁਕਰਾਨਾ। ਜੋ ਸਰਕਾਰ ਨੇ ਕੰਮ ਕਰਨਾ ਹੁੰਦਾ ਹੈ, ਉਹ ਸਰਕਾਰ ਨਹੀਂ ਕਰ ਰਹੀ। ਜਾਂ ਨਹੀਂ ਕਰ ਸਕਦੀ। ਤਾਂ ਫਿਰ ਜਨਤਾ ਨੂੰ ਆਪ ਕੰਮ ਕਰਨਾ ਚਾਹੀਦਾ ਹੈ। ਮੈਂ ਝੋਲੀ ਅੱਡਦਾ ਰਹਾਂਗਾ।

ਈਦੀ ਪ੍ਰਾਰਥਨਾ ਕਰਦਾ ਰਹਿੰਦਾ ਕਿ ਅੱਲਾਹ ! ਮੈਥੋਂ ਐਨਾ ਵੱਡਾ ਕੰਮ ਲੈ ਜਿਸ ਨਾਲ ਦੁਨੀਆਂ ਦੀ ਤਕਦੀਰ ਬਦਲ ਜਾਏ। ਬਿਲਕੀਸ ਸ਼ੁਗਲ ਕਰਦੀ ਤੇ ਕਹਿੰਦੀ – ਰੱਬ ਵੀ ਸੋਚਦਾ ਹੋਣੈ ਕਿ ਸੁਸਤ ਸੰਸਾਰ ਵਿਚ ਵੀ ਕੋਈ ਕੰਮ ਮੰਗ ਰਿਹਾ ਹੈ। ਜ਼ਿਆ-ਉਲ-ਹੱਕ ਨੇ ਈਦੀ ਨੂੰ ਪਾਰਲੀਮੈਂਟ ਦਾ ਮੈਂਬਰ ਲੈ ਕੇ ਸਮਾਜ ਭਲਾਈ ਵਿਭਾਗ ਦੇ ਦਿੱਤਾ। ਰਾਸ਼ਟਰਪਤੀ ਨੇ ਪੇਸ਼ਕਸ਼ ਕੀਤੀ ਕਿ ਈਦੀ ਨੂੰ ਹੈਲੀਕੈਪਟਰ ਦੇ ਦਿੱਤਾ ਜਾਵੇ। ਇਕ ਕਰਨਲ ਉਸ ਦਾ ਸੈਕਟਰੀ ਲਾਇਆ ਜਾਵੇ। ਈਦੀ ਨੇ ਕਿਹਾ ਕਿ ਹੈਲੀਕਾਪਟਰ ਦੀ ਲੋੜ ਹੈ ਪਰ ਲਵਾਂਗਾ ਦਾਨੀਆਂ ਦੇ ਪੈਸੇ ਨਾਲ। ਕਿਸੇ ਕਰਨਲ ਨੂੰ ਮੁਖਬਰੀ ਕਰਵਾਉਣ ਲਈ ਮੈਂ ਨਹੀਂ ਰੱਖਣਾ।

ਈਦੀ ਕੋਲ ਖਬਰ ਰਹਿੰਦੀ ਕਿ ਨਾਜਾਇਜ਼ ਬੱਚੇ ਏਥੇ ਪਏ ਹਨ, ਉੱਥੇ ਪਏ ਹਨ। ਨਰਸਿੰਗ ਹੋਮ ਦੇ ਬਾਹਰ ਪੰਘੂੜੇ ਲਟਕਾ ਦਿੱਤੇ ਗਏ ਤਾਂ ਕਿ ਅਣਚਾਹੇ ਬੱਚੇ ਸੁਰੱਖਿਅਤ ਹੱਥਾਂ ਵਿਚ ਪੁੱਜ ਸਕਣ। ਮੌਲਵੀਆਂ ਦਾ ਫਤਵਾ ਆਇਆ ਕਿ ਨਜਾਇਜ਼ ਬੱਚਿਆਂ ਨੂੰ ਪੱਥਰ ਮਾਰ ਕੇ ਮਾਰ ਦਿਓ। ਈਦੀ ਨੇ ਜ਼ੁਰਅਤ ਨਾਲ ਜਵਾਬ ਦਿੱਤਾ ਕਿ ਕੋਈ ਮਾਰ ਕੇ ਦਿਖਾਏ। ਈਦੀ ਨੇ ਕਿਹਾ ਕਿ ਇਸਲਾਮ ਮਾਸੂਮਾਂ ਨੂੰ ਨਾ ਦੋਸ਼ੀ ਮੰਨਦਾ ਹੈ ਅਤੇ ਨਾ ਹੀ ਸਜ਼ਾ ਦਿੰਦਾ ਹੈ। ਮੌਲਵੀਆਂ ਨੇ ਕਿਹਾ ਕਿ ਇਸਲਾਮ ਨਜਾਇਜ਼ ਔਲਾਦ ਨੂੰ ਗੋਦ ਲੈਣ ਦੀ ਆਗਿਆ ਨਹੀਂ ਦਿੰਦਾ। ਈਦੀ ਨੇ ਕਿਹਾ ਕਿ ਜੇ ਆਗਿਆ ਨਹੀਂ ਤਾਂ ਘਰ ਵਿਚ ਪਿਆਰ ਨਾਲ ਰੱਖੇ ਕਤੂਰਿਆਂ ਤੇ ਬਲੂੰਗੜਿਆਂ ਵਾਂਗ ਪਾਲ ਲਓ। ਤੋਹਫਾ ਦੇ ਦਿਓ, ਵਜ਼ੀਫ਼ਾ ਦੇ ਦਿਓ, ਜਾਇਦਾਦ ਵਿਚੋਂ ਹਿੱਸਾ ਨਾ ਦਿਓ। ਮੌਲਵੀਆਂ ਨੇ ਕਿਹਾ ਈਦੀ ਕਾਫ਼ਰ ਹੈ।

ਈਦੀ ਨੂੰ ਪਾਰਲੀਮੈਂਟ ਸ਼ੈਸ਼ਨ ਵਾਸਤੇ ਸੱਦਾ ਮਿਲਿਆ। ਬੱਸ ਸਫਰ ਰਾਹੀਂ ਪਾਰਲੀਮੈਂਟ ਵਿਚ ਪੁੱਜ ਗਿਆ। ਫੌਜੀ ਅਫਸਰ ਦੌੜੇ ਆਏ – ਈਦੀ ਸਾਹਿਬ, ਉਹ ਲਾਲ ਬੱਤੀ ਵਾਲੀ ਕਾਰ ਤੁਹਾਡੀ ਹੈ। ਤੁਸੀਂ ਸਾਨੂੰ ਸੂਚਿਤ ਕਿਉਂ ਨਹੀਂ ਕੀਤਾ ? ਹੋਟਲ ਸਮੇਤ ਸਭ ਪ੍ਰਬੰਧ ਕਰ ਰੱਖੇ ਹੋਏ ਹਨ। ਈਦੀ ਨੇ ਕਿਹਾ – ਮੈਨੂੰ ਕਿਸੇ ਚੀਜ ਦੀ ਲੋੜ ਨਹੀਂ। ਪੁਰਾਣਾ ਕੁੜਤਾ ਪਜਾਮਾ, ਸਲੀਪਰ, ਮੋਢੇ ਬੋਰੀ ਵਾਲਾ ਝੋਲਾ ਤੇ ਬਿਲਕੀਸ ਨੇ ਕਿਹਾ ਕਿ ਕੁੜਤਾ ਪਜਾਮਾ ਤਾਂ ਬਦਲ ਲਵੋ। ਜੇ ਬਦਲਿਆ ਤਾਂ ਉਹ ਵੀ ਕੋਈ ਢੁਕਵਾਂ ਨਹੀਂ ਸੀ। ਸਹੁੰ ਚੁਕਾਈ ਦੀ ਰਸਮ ਤੋਂ ਅੱਕ ਕੇ ਆਪਣੇ ਆਪ ਨੂੰ ਪੁੱਛਣ ਲੱਗਾ ਕਿ ਮੈਂ ਏਥੈ ਕੀ ਕਰਦਾ ਹਾਂ। ਅਯੋਗ ਹਕੂਮਤ ’ਤੇ ਮੇਰੇ ਕੋਲੋਂ ਸਹੀ ਹੋਣ ਦੀ ਮੋਹਰ ਤਾਂ ਨਹੀਂ ਲਗਵਾਉਣੀ ? ਜ਼ਿਆ ਦੀ ਖੁਸ਼ਾਮਦ ਚੱਲ ਰਹੀ ਸੀ। ਈਦੀ ਸਮਾਂ ਮੰਗ ਕੇ ਬੋਲਿਆ ਕਿ ਪਾਕਿਸਤਾਨ ਕਿੱਥੇ, ਕਿਸ ਬਿਮਾਰੀ ਤੋਂ ਪੀੜ੍ਹਤ ਹੈ ? ਈਦੀ ਨੇ ਕਿਹਾ ਕਿ ਸਰਕਾਰ ਲੋਕਾਂ ਤੋਂ ਬਹੁਤ ਦੂਰ ਹੈ। ਦੱਸਿਆ ਕਿ ਕਿੱਥੇ-ਕਿੱਥੇ ਬਿਨਾਂ ਸਰਕਾਰੀ ਪੈਸੇ ਮਦਦ ਕਰ ਸਕਦਾ ਹੈ। ਜਦੋਂ ਪੁੱਛਿਆ ਕਿ ਕੀ ਸਰਕਾਰ ਨੂੰ ਪਤਾ ਨਹੀਂ ਇਸਲਾਮ ਕੀ ਹੈ ? ਜੇ ਪਤਾ ਨਹੀਂ ਤਾਂ ਇਸਲਾਮੀ ਕਾਨੂੰਨ ਕਿਵੇਂ ਲਾਗੂ ਕਰੇਗੀ  ? ਪਾਰਲੀਮੈਂਟ ਸੁੰਨ ਹੋ ਗਈ। ਅੰਤਰਰਾਸ਼ਟਰੀ ਪ੍ਰੈਸ ਬੋਲ ਉੱਠੀ ਕਿ ਮੰਗਤਿਆਂ ਦੇ ਇਜਲਾਸ ਵਿਚ ਇਕ ਦਾਤਾ ਦੇਖਿਆ ਹੈ-ਈਦੀ।

ਇਕ ਫੌਜੀ ਅਫਸਰ ਈਦੀ ਫਾਊਂਡੇਸ਼ਨ ਆਇਆ ਤੇ ਦੱਸਿਆ ਕਿ ਮੈਨੂੰ ਜ਼ਿਆ ਸਾਹਿਬ ਨੇ ਭੇਜਿਆ ਹੈ। ਜ਼ਿਆ ਮਹਿਸੂਸ ਕਰ ਰਹੇ ਹਨ ਕਿ ਤੁਸੀਂ ਨਰਾਜ਼ ਹੋ। ਈਦੀ ਨੇ ਕਿਹਾ – ਨਰਾਜ਼ ਨਹੀਂ ਹਾਂ। ਦੇਸ਼ ਦਾ ਭਲਾ ਚਾਹੁੰਦਾ ਹਾਂ। ਮੇਰੇ ਕੋਲ ਇਸ ਸਬੰਧੀ ਤਕਨੀਕ ਹੈ। ਜ਼ਿਆ ਸਾਹਿਬ ਇਹ ਤਕਨੀਕ ਵਰਤਣ ਦੀ ਸਮਰੱਥਾ ਰੱਖਦੇ ਹਨ। ਉਹ ਚਲਾ ਗਿਆ ਤੇ ਮੁੜ ਨਹੀਂ ਆਇਆ। ਬਿਲਕੀਸ ਨੇ ਨਸੀਹਤ ਦਿੱਤੀ- ਪੰਗੇ ਨਾ ਲਿਆ ਕਰੋ, ਉਹ ਵੀ ਉਹਨਾਂ ਨਾਲ ਜਿਨ੍ਹਾਂ ਭੁੱਟੋ ਨੂੰ ਟੰਗ ਦਿੱਤਾ।

ਸੰਨ 1982 ਈ: ਵਿਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਹਾਰਤੋ ਦੀ ਪਾਕਿਸਤਾਨ ਫੇਰੀ ਮੌਕੇ ਇਡੋਨੇਸ਼ੀਆ ਸਫਾਰਤਖਾਨੇ ਵਲੋਂ ਈਦੀ ਨੂੰ ਸੱਦਾ ਆਇਆ। ਈਦੀ ਨੂੰ ਇਕ ਵੀ. ਆਈ. ਪੀ. ਅਹਾਤੇ ਵੱਲ ਛੱਡ ਦਿੱਤਾ। ਸਾਰੇ ਵੀ. ਆਈ. ਪੀ. ਜਹਾਜ਼ ਤੱਕ ਵਿਛੀ ਲਾਲ ਦਰੀ ਦੇ ਦੋਹੀਂ ਪਾਸੀਂ ਕਤਾਰ ਵਿਚ ਖਲੋਤੇ ਸਨ। ਈਦੀ ਨੂੰ ਇੰਝ ਜਾਪਿਆ ਜਿਵੇਂ ਚਮਕਦੇ ਸੂਟ ਬੂਟ ਦਰੀਆਂ ਦੇ ਕਿਨਾਰਿਆਂ ਦੇ ਮੋਤੀ ਹੋਣ। ਈਦੀ ਵੀ ਖਲੋਤਾ ਸੀ। ਇਕ ਅਫਸਰ ਈਦੀ ਕੋਲ ਆਇਆ ਤੇ ਕਿਹਾ – ਮੈਨੂੰ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਅਜਿਹੇ ਮੌਕੇ ਖਾਸ ਲਿਬਾਸ ਪਾਉਣਾ ਹੁੰਦੈ। ਜਾਂ ਤਾਂ ਪਹਿਨ ਆਓ ਜਾਂ ਤੁਹਾਨੂੰ ਜਾਣਾ ਪਵੇਗਾ। ਈਦੀ ਨੇ ਕਿਹਾ ਕਿ ਕੀ ਸਰਕਾਰ ਨੂੰ ਮੇਰੇ ਲਿਬਾਸ ਬਾਰੇ ਪਤਾ ਨਹੀਂ ਸੀ ? ਕੀ ਸੱਦਾ ਮਿਲਣ ਕਰਕੇ ਮੈਂ ਨਵੇਂ ਕੱਪੜੇ ਸਿਲਵਾ ਲੈਂਦਾ ? ਅਫਸਰ ਚਲਾ ਗਿਆ। ਫਿਰ ਹੋਰ ਦੋ ਅਫਸਰ ਆ ਗਏ।

ਈਦੀ ਗਰਜਿਆ ਦਫਾ ਹੋ ਜਾਓ। ਮੈਂ ਫ਼ੈਸਲਾ ਨਹੀਂ ਬਦਲਾਂਗਾ। ਉਹ ਚਲੇ ਗਏ। ਈਦੀ ਨੇ ਇਸ ਘਟਨਾ ਦਾ ਵੇਰਵਾ ਦਿੰਦਿਆਂ ਸਰਕਾਰ ਨੂੰ ਲਿਖ ਦਿੱਤਾ ਕਿ ਮੈਨੂੰ ਬੁਲਾਇਆ ਨਾ ਕਰੋ। ਦੇਸ਼ ਨੂੰ ਖਾਣ ਤੇ ਲੁੱਟਣ ਵਾਲਿਆਂ ਨੂੰ ਹੀ ਬੁਲਾਇਆ ਕਰੋ। ਫਿਰ ਅਫਸਰ ਖਿਮਾਂ ਮੰਗਣ ਆਏ। ਬਿਲਕੀਸ ਨੂੰ ਕਿਹਾ ਕਿ ਜਦੋਂ ਇਹ ਅਫਸਰ ਮੈਨੂੰ ਬਾਹਰ ਜਾਣ ਲਈ ਕਹਿ ਰਹੇ ਸਨ ਤਾਂ ਮੇਰਾ ਮਨ ਸੀ ਕਿ ਬੈਗ ’ਚੋਂ ਰਸੀਦ ਬੁਕ ਕੱਢ ਕੇ ਦਾਨ ਮੰਗਣਾ ਸ਼ੁਰੂ ਕਰ ਦਿਆਂ। ਬਿਲਕੀਸ ਨੇ ਕਿਹਾ ਕਿ ਇਹਨਾਂ ਨੇ ਤੁਹਾਨੂੰ ਚੁੱਕ ਕੇ ਬਾਹਰ ਸੁੱਟ ਜਾਣਾ ਸੀ।

ਈਦੀ ਨੇ ਲ਼ੈਬਨਾਨ ਜਾਣ ਦੀ ਦਰਖਾਸਤ ਪਾਈ। ਅੰਬੈਂਸੀ ਨੇ ਬੈਂਕ ਸਟੇਟਮੈਂਟ ਮੰਗੀ। ਈਦੀ ਨੇ ਕਿਹਾ ਕਿ ਮੰਗਤੇ ਕੋਲ ਸਟੇਟਮੈਂਟ  ? ਵੀਜ਼ਾ ਲੱਗ ਗਿਆ। ਜਹਾਜ਼ ਦੁਬਈ ਉੱਤਰਿਆ। ਅੱਗੋਂ ਬੱਸ ਰਾਹੀਂ ਉੱਜੜੇ ਹੋਏ ਬੈਰੂਤ ਜਾਣਾ ਸੀ। ਬੱਸ ’ਚੋਂ ਉੱਤਰੇ ਤਾਂ ਮਸਜਿਦ ਦੇ ਮੀਨਾਰ ਦੇਖੇ। ਮਸਜਿਦ ਪੁੱਜ ਕੇ ਨਮਾਜ਼ ਪੜ੍ਹੀ। ਆਟੇ ਦੇ ਪਹਿਰੇਦਾਰ ਤੋਂ ਇਸ਼ਾਰੇ ਨਾਲ ਰੋਟੀ ਪੁੱਛੀ, ਉਸ ਨੇ ਕਿਹਾ ਮਾਫ਼ ਕਰਨਾ। ਈਦੀ ਬੈਠਾ ਰਿਹਾ। ਵੱਡੀ ਸਾਰੀ ਰੋਟੀ ਤੇ ਕੁਝ ਟਮਾਟਰ ਦੇ ਗਿਆ। ਚੌਥਾ ਹਿੱਸਾ ਟਮਾਟਰ ਨਾਲ ਖਾ ਕੇ ਬਾਕੀ ਝੋਲੇ ਵਿਚ ਪਾ ਲਈ। ਖਾਲੀ ਮਕਾਨ, ਢੱਠੇ ਹੋਟਲ ਤੇ ਸੁੰਨਸਾਨ ਗਲੀਆਂ। ਹੋਟਲ ਸਾਹਮਣੇ ਲੇਟੇ ਇਕ ਬੰਦੇ ਨੂੰ ਰਹਿਣ ਬਾਰੇ ਪੁੱਛਿਆ ਤਾਂ ਉਸ ਨੇ ਉੱਤਰ ਦਿੱਤਾ ਧਰਤੀ ਅਸਮਾਨ ਖ਼ਾਲੀ ਹੈ। ਇਕ ਡਿਊਟੀ ਦੇ ਰਹੇ ਬਜ਼ੁਰਗ ਸਿਪਾਹੀ ਨੂੰ ਦੱਸਿਆ ਕਿ ਮੈਂ ਪਾਰਲੀਮੈਂਟ ਮੈਂਬਰ ਹਾਂ, ਪਾਕਿਸਤਾਨੀ ਸਫਾਰਤਖਾਨੇ ਦਾ ਰਸਤਾ ਕਿੱਧਰ ਹੈ ? ਸਿਪਾਹੀ ਨੇ ਕਿਹਾ ਕਿ ਐਮ. ਪੀ. ਤਾਂ ਅਮਰੀਕਾ ਅਤੇ ਯੌਰਪ ਦੀ ਸੈਰ ਕਰਨ ਜਾਂਦੇ ਹਨ, ਤੁਸੀਂ ਇੱਧਰ ਕਿਵੇਂ ਆਏ ? ਸਿਪਾਹੀ ਅਤੇ ਈਦੀ ਨੇ ਝੋਲੇ ਵਿਚ ਸਾਂਭੀ ਰੋਟੀ ਟਮਾਟਰਾਂ ਨਾਲ ਖਾਧੀ। ਸਿਪਾਹੀ ਨੇ ਸ਼ਨਾਖਤ ਕਰ ਕੇ ਕਿਹਾ ਕਿ ਜੇਕਰ ਗੱਡੀ ਵਿਚ ਤੇਲ ਪੁਆ ਦੇਵੋਂ ਤਾਂ ਮੈਂ ਤੁਹਾਡਾ ਡਰਾਈਵਰ ਤੇ ਗਾਈਡ ਬਣ ਜਾਂਦਾ ਹਾਂ।

ਬੇਘਰੇ ਲੋਕ ਤੇ ਭੁੱਖੇ ਬੱਚੇ ਈਦੀ ਅੱਗੇ ਹੱਥ ਫੈਲਾ ਰਹੇ ਸਨ। ਈਦੀ ਨੇ ਇਕ ਇਕ ਪਰਿਵਾਰ ਨੂੰ ਦੋ ਦੋ ਸੌ ਡਾਲਰ ਦਿੱਤੇ। ਪਰਿਵਾਰ ਸ਼ੁਕਰਾਨਾ ਕਰਦੇ ਆਖਦੇ ਕਿ ਸਾਡੇ ਅਰਬ ਵਾਲੇ ਭਰ੍ਹਾ ਤਾਂ ਆਏ ਹੀ ਨਹੀਂ। ਈਦੀ ਨੇ ਕਿਹਾ- ਪਾਕਿਸਤਾਨ ਦੀ ਸਲਾਮਤੀ ਲਈ ਦੁਆ ਕਰੋ।

ਸੰਨ 1983 ਈ: ਨੂੰ ਸਿੰਧ ਵਿਚ ਲੋਕ ਰੋਹ ਉੱਠਣ ਲੱਗਾ। ਈਦੀ ਉੱਪਰ ਇਲਜ਼ਾਮ ਲੱਗੇ ਕਿ ਲਾਸ਼ਾਂ ਦੇ ਬਹਾਨੇ ਹਥਿਆਰ ਸਪਲਾਈ ਕਰਦਾ ਹੈ। ਈਦੀ ਦੀ ਚੁੱਪ ’ਤੇ ਸਵਾਲ ਉੱਠੇ। ਈਦੀ ਨੇ ਜਵਾਬ ਦਿੱਤਾ ਕਿ ਬੱਚੇ ਡਾਕੂ ਕਿਉਂ ਬਣੇ ਪੜਚੋਲ ਕਰਨ ਦੀ ਲੋੜ ਹੈ। ਕੈਸਾ ਡਰਾਵਣਾ ਸਮਾਂ ਹੈ ਕਿ ਕੋਈ ਮਸਜਿਦਾਂ ਤੱਕ ਵੀ ਨਹੀਂ ਜਾ ਰਿਹਾ। ਪੁਲਿਸ-ਫੌਜ ਬੇਵੱਸ ਹੈ ਤਾਂ ਸਵੈ- ਰੱਖਿਆ ਲਈ ਹਥਿਆਰ ਆਮ ਲੋਕਾਂ ਵਿਚ ਵੰਡ ਦਿੱਤੇ ਜਾਣੇ ਚਾਹੀਦੇ ਹਨ। ਬੰਗਲੇ, ਕਾਰਾਂ ਤੇ ਬੈਂਕ ਖਾਤੇ ਤੁਹਾਡੇ ਜੁਰਮਾਂ ਦਾ ਸਬੂਤ ਹਨ।

ਪੁਲਿਸ ਅਤੇ ਡਾਕੂਆਂ ਵਿਚਕਾਰ ਗੋਲੀਬਾਰੀ ਮੌਕੇ ਈਦੀ ਐਂਬੂਲੈਂਸ ਲੈ ਕੇ ਪੁੱਜ ਜਾਂਦਾ। ਲਾਊਡ ਸਪੀਕਰ ਵਿਚ ਬੋਲਦਾ ਕਿ ਈਦੀ ਲਾਸ਼ਾਂ ਅਤੇ ਜ਼ਖਮੀਆਂ ਨੂੰ ਲੈਣ ਆਇਆ ਹੈ। ਉਹ ਗੋਲੀਬਾਰੀ ਬੰਦ ਕਰ ਦਿੰਦੇ। ਵਾਪਸ ਤੁਰਦਾ ਤਾਂ ਮੁਕਾਬਲਾ ਫਿਰ ਸ਼ੁਰੂ ਹੋ ਜਾਂਦਾ। ਹਰ ਇਲਾਕੇ ਦੇ ਡਾਕੂ ਈਦੀ ਦੀ ਗੱਡੀ ਦੇਖ ਕੇ ਕਹਿ ਦਿੰਦੇ ਕਿ ਈਦੀ ਬਾਬੇ ਦੀ ਗੱਡੀ ਹੈ, ਜਾਣ ਦਿਓ।

ਰਮਜ਼ਾਨ ਦੇ ਮਹੀਨੇ ਸ਼ਾਮ ਨੂੰ ਘਰ ਵੱਲ ਪਰਤ ਰਿਹਾ ਸੀ। ਈਦੀ ਨੇ ਕਾਰ ਪਿੱਛੇ ਸ਼ਹਿ ਲਾ ਕੇ ਬੈਠੇ ਹਥਿਆਰਬੰਦ ਬੰਦੇ ਵੇਖੇ। ਸਾਹਮਣੇ ਸੁਨਿਆਰ ਦੀ ਛੱਤ ਉੱਪਰ ਏ. ਕੇ. ਸੰਤਾਲੀ ਨਾਲ ਲੈਸ ਜੁਆਨ ਦੇਖੇ। ਅਵਾਜ਼ ਆਈ ਈਦੀ ਸਾਹਿਬ ਚਲੇ ਜਾਓ, ਨਹੀਂ ਤਾਂ ਮਾਰੇ ਜਾਓਗੇ। ਈਦੀ ਨੇ ਕਿਹਾ- ਨਹੀਂ ਜਾਵਾਂਗਾ। ਮੈਨੂੰ ਮਾਰ ਹੀ ਦਿਓ ਤਾਂ ਚੰਗਾ ਹੈ। ਛੱਤ ਤੋਂ ਇਕ ਜੁਆਨ ਚਿਲਾਇਆ- ਬੈਠ ਜਾਓ ਈਦੀ ਤੇ ਨਾਲ ਹੀ ਛਾਲ ਮਾਰ ਦਿੱਤੀ। ਗੋਲੀ ਜੁਆਨ ਦੇ ਦਿਲ ਵਿਚੋਂ ਦੀ ਲੰਘ ਗਈ। ਈਦੀ ਨੂੰ ਬਚਾਉਂਦੇ ਦੋ ਜੁਆਨ ਮਰ ਗਏ। ਲਹੂ ਭਿੱਜੇ ਕੱਪੜੇ ਦੇਖ ਕੇ ਬਿਲਕੀਸ ਨੇ ਸਾਰੀ ਜਾਣਕਾਰੀ ਲਈ ਤੇ ਮੌਕਾ ਦੇਖਣ ਚਲੀ ਗਈ। ਮਾਸ ਦੇ ਟੁਕੜੇ ਅਜੇ ਖਿਲਰੇ ਪਏ ਸਨ। ਡਾਕੂਆਂ ਦੀਆਂ ਲਾਸ਼ਾਂ ਰਸਮ ਅਨੁਸਾਰ ਮੀਠਾਦਾਰ ਵਿਚ ਦਫਨਾਈਆਂ। ਖ਼ਤਰਨਾਕ ਡਾਕੂ ਕਸ਼ਮੀਰੇ ਦੇ ਰਿਸ਼ਤੇਦਾਰ ਉਸ ਦੀ ਕੱਟੀ ਹੋਈ ਲੱਤ ਲੈ ਆਏ। ਲੱਤ ਦਾ ਸਸਕਾਰ ਕਰ ਦਿੱਤਾ। ਪੁਲਿਸ ਘੱਟਾਨੀ ਡਾਕੂ ਦੀ ਲਾਸ਼ ਲੈ ਕੇ ਆਈ ਤਾਂ ਕਿਸੇ ਨੇ ਕਿਹਾ ਬਹੁਤ ਬੁਰਾ ਆਦਮੀ ਸੀ। ਬਿਲਕੀਸ ਚਿਲਾਈ – ਕੋਈ ਮਾਂ ਦੇ ਪੇਟ ਵਿਚ ਡਾਕੂ ਨਹੀਂ ਹੁੰਦਾ। ਕਾਨੂੰਨ ਇਸ ਤੋਂ ਵੱਡੇ ਲੁਟੇਰਿਆਂ ਦੀ ਹਿਫਾਜ਼ਤ ਕਰ ਰਿਹੈ।

ਸੰਨ 1986 ਈ: ਵਿਚ ਫਿਲਪੀਨ ਸਰਕਾਰ ਨੇ ਮੈਗਾਸਾਸੇ ਸਨਮਾਨ ਦੇਣ ਦਾ ਫ਼ੈਸਲਾ ਕੀਤਾ। ਈਦੀ ਤੇ ਬਿਲਕੀਸ ਦੋ ਦੋ ਸੂਟ ਲੈ ਕੇ ਚਲ ਪਏ। ਜਹਾਜ਼ ਤੋਂ ਉੱਤਰੇ ਤਾਂ ਸਵਾਗਤ ਵਾਸਤੇ ਬੈਂਡ ਵਜ ਰਿਹਾ ਸੀ। ਪੰਜ ਤਾਰਾ ਹੋਟਲ ਵਿਚ ਪੁੱਜ ਗਏ। ਬਿਲਕੀਸ ਨੇ ਬੱਚਿਆਂ ਵਾਂਗ ਕਮਰੇ ਦੀ ਹਰ ਚੀਜ਼ (ਗੱਦੇ, ਸਿਰਹਾਣੇ ਤੇ ਪਰ੍ਹਦੇ ਆਦਿਕ) ਛੁਹ ਛੁਹ ਦੇਖੇ। ਖ਼ੁਸ਼ਬੂ ਤੋਂ ਪ੍ਰਭਾਵਤ ਹੋ ਕੇ ਸੋਚੇ ਕਿ ਗੁਲਾਬ ਜਲ ਨਾਲ ਕੱਪੜੇ ਧੋਂਦੇ ਹੋਣਗੇ। ਗ਼ੁਸਲਖ਼ਾਨੇ ਦੇ ਫਰਸ਼ ਵਿਚੋਂ ਆਪਣਾ ਚਿਹਰਾ ਦੇਖੇ। ਬਿਲਕੀਸ ਗੱਦੇ ’ਤੇ ਘੂਕ ਸੌਂ ਗਈ ਤੇ ਈਦੀ ਫਰਸ਼ ’ਤੇ ਸੌਂ ਗਿਆ। ਸਵੇਰੇ ਇੱਛਾ ਪ੍ਰਗਟ ਕੀਤੀ ਕਿ ਮੈਂ ਵੀ ਐਸਾ ਹੀ ਗੱਦਾ ਖਰੀਦਾਂਗੀ। ਅੱਜ ਵਰਗੀ ਨੀਂਦ ਕਦੀ ਵੀ ਨਹੀਂ ਆਈ।

ਸਨਮਾਨ ਸਮਾਰੋਹ ਵਿਚ ਮੀਆਂ ਬੀਵੀ ਦਾ ਨਾਮ ਬੋਲਿਆ ਗਿਆ। ਜਿੱਥੇ ਫਿਲਪੀਨ ਅਤੇ ਪਾਕਿਸਤਾਨ ਦੇ ਝੰਡੇ ਝੁਲ ਰਹੇ ਸਨ, ਦੋਵੇਂ ਉਸ ਥਾਂ ਖਲੋ ਗਏ। ਪਾਕਿਸਤਾਨ ਦਾ ਕੌਮੀ ਤਰਾਨਾ ਗਾਇਆ ਗਿਆ। ਰਾਸ਼ਟਰਪਤੀ ਨੇ ਸਨਮਾਨ-ਚਿੰਨ੍ਹ, ਸੋਨੇ ਦਾ ਤਮਗ਼ਾ ਤੇ ਵੀਹ ਹਜ਼ਾਰ ਡਾਲਰ ਦਾ ਚੈੱਕ ਦਿੱਤੇ। ਦੋਵੇਂ ਬੈਰਾਗ ਵਿਚ ਆ ਗਏ। ਖਚਾਖਚ ਭਰਿਆ ਹਾਲ ਤਾੜੀਆਂ ਨਾਲ ਗੂੰਜ ਰਿਹਾ ਸੀ।

ਅਗਲੀ ਸ਼ਾਮ ਪ੍ਰਧਾਨ ਮੰਤਰੀ ਕੈਰੀ ਅਕਾਇਨੋ ਨੇ ਭੋਜਨ ਦਾ ਸੱਦਾ ਦਿੱਤਾ। ਬਿਲਕੀਸ ਬੜੀ ਖੁਸ਼ ਅਤੇ ਆਖੇ ਈਦੀ ਔਹ ਦੇਖੋ ਫਾਨੂਸ ਅਤੇ ਲਾਈਟਾਂ ਜਿਵੇਂ ਅਸਮਾਨ ਜਗਮਗਾਉਂਦਾ ਹੈ। ਥਾਈਲੈਂਡ ਦੇ ਬਾਦਸ਼ਾਹ ਨੇ ਵੀ ਦਾਅਵਤ ਦਿੱਤੀ। ਉਸ ਪਿੱਛੋਂ ਬੰਗਲਾ ਦੇਸ਼ ਵਿਚ ਈਦੀ ਫਾਊਂਡੇਸ਼ਨ ਬ੍ਰਾਂਚ ਦਾ ਮੁਆਇਨਾ ਕਰਨ ਚਲੇ ਗਏ। ਪਾਕਿਸਤਾਨ ਵਾਪਸ ਆਉਣ ਤੱਕ ਬਿਲਕੀਸ ਕੋਲ ਸਫਰ ਕਹਾਣੀਆਂ ਦਾ ਢੇਰ ਇਕੱਠਾ ਹੋ ਚੁੱਕਾ ਸੀ।

ਆਰਮੀਨੀਆ ਵਿਚ ਭੂਚਾਲ ਦੌਰਾਨ ਈਦੀ ਫਾਊਂਡੇਸ਼ਨ ਵਲੋਂ ਨਿਭਾਈ ਸੇਵਾ ਬਦਲੇ ਸੋਵੀਅਤ ਦੇਸ਼ ਨੇ ਸ਼ਾਂਤੀ ਪੁਰਸਕਾਰ ਦਿੱਤਾ।

ਇਕ ਸੇਠ ਨੇ ਕਿਹਾ ਕਿ ਈਦੀ ਕੋਈ ਲੋਕ ਭਲਾਈ ਨਹੀਂ ਕਰਦਾ। ਕਿਸੇ ਸੇਠ ਨੂੰ ਨਿਗਰਾਨੀ ’ਤੇ ਲਾਉਣਾ ਚਾਹੀਦਾ ਹੈ। ਲੋਕਾਂ ਨੇ ਸੇਠ ਨੂੰ ਜੁੱਤੀਆਂ ਮਾਰ ਕੇ ਬਾਹਰ ਕੱਢ ਦਿੱਤਾ। ਈਦੀ ਨੇ ਕਿਹਾ – ਡਾਕੂ, ਨੇਕੀ ਦਾ ਪ੍ਰਮਾਣ-ਪੱਤਰ ਲੈਣ ਆਇਆ ਸੀ।

ਈਦੀ ’ਤੇ ਇਲਜ਼ਾਮ ਲੱਗਦੇ – ਕਿ ਫੁੱਟਪਾਥਾਂ ਤੋਂ ਬਦਚਲਣ ਔਰਤਾਂ ਚੁੱਕ ਕੇ ਲੈ ਜਾਂਦਾ ਹੈ। ਹਿੰਦੂਆਂ ਅਤੇ ਈਸਾਈਆਂ ਨਾਲ ਵੱਧ ਨੇੜਤਾ ਰੱਖਦਾ ਹੈ। ਈਦੀ ਨੇ ਜਵਾਬ ਦਿੱਤਾ ਕਿ ਆਸ਼ਰਮ ਵਿਚ ਗਰਭਵਤੀ ਪਾਗਲ ਔਰਤਾਂ ਦਾਖ਼ਲ ਕੀਤੀਆਂ ਜਾਂਦੀਆਂ ਹਨ। ਜੋ ਮਰਦਾਂ ਦੇ ਜਬਰ ਦਾ ਸ਼ਿਕਾਰ ਹੁੰਦੀਆਂ ਹਨ ਤੇ ਮਰਦ ਉਹਨਾਂ ’ਤੇ ਦੋਸ਼ ਲਾ ਕੇ ਕੈਦ ਕਰਵਾ ਦਿੰਦੇ ਹਨ। ਦੂਸਰੇ ਧਰਮਾਂ ਨਾਲ ਨੇੜਤਾ ਇਸ ਕਰਕੇ ਹੈ ਕਿ ਇਸਲਾਮ ਅਨੁਸਾਰ ਅੱਲ੍ਹਾ ਇਕ ਹੈ। ਅਯਾਸ਼ਾਂ ਦੇ ਕਈ ਰੱਬ ਹੁੰਦੇ ਹਨ ਪਰ ਦੁਰਕਾਰਿਆਂ ਹੋਇਆਂ ਦਾ ਰੱਬ ਇਕ ਹੀ ਹੁੰਦਾ ਹੈ। ਮੈਨੂੰ ਮਾਣ ਹੈ ਕਿ ਮੈਂ ਜਿੰਨਾ ਮੁਸਲਮਾਨਾਂ ਨੂੰ ਪਿਆਰ ਕਰਦਾ ਹਾਂ, ਉਨਾਂ ਹੀ ਗੈਰ-ਮੁਸਲਮਾਨਾਂ ਨੂੰ ਪਿਆਰ ਕਰਦਾ ਹਾਂ। ਕਰੋੜਪਤੀ ਲੋਕ ਆਪਣੇ ਮਾਪਿਆਂ ਨੂੰ ਆਸ਼ਰਮ ਵਿਚ ਛੱਡ ਜਾਂਦੇ ਹਨ ਅਤੇ ਮਿਲਣ ਵੀ ਨਹੀਂ ਆਉਂਦੇ, ਉਹ ਈਦੀ ਨੂੰ ਕੀ ਦੇ ਸਕਦੇ ਹਨ।

ਰੋਗੀਆਂ ਅਤੇ ਯਤੀਮਾਂ ਦੀ ਗਿਣਤੀ ਵਧਣ ਕਾਰਨ ਕਰਾਚੀ ਨੈਸ਼ਨਲ ਹਾਈਵੇ ’ਤੇ 65 ਏਕੜ ਜ਼ਮੀਨ ਖਰੀਦ ਕੇ ਮਰਦਾਂ ਲਈ ਵੱਖਰਾ ਕੇਂਦਰ ਖੋਲ੍ਹ ਦਿੱਤਾ। ਪਾਗਲ ਗੁਸਲਖ਼ਾਨੇ ਨਾ ਜਾਂਦੇ ਤੇ ਥਾਂ ਥਾਂ ਗੰਦਗੀ ਪਾ ਦਿੰਦੇ। ਖੁਰਕ ਕਾਰਨ ਜਿਸਮ ਛਿਲ ਲੈਂਦੇ। ਜੂੰਆਂ ਨਾ ਕਢਵਾਉਂਦੇ। ਰੁਜ਼ਾਨਾ ਜਦੋਂ ਈਦੀ ਉਨ੍ਹਾਂ ਨੂੰ ਇਸ਼ਨਾਨ ਕਰਵਾਉਣ ਜਾਂਦਾ ਤੇ ਰੌਲਾ ਪੈ ਜਾਂਦਾ ਕਿ ਈਦੂ ਬਾਬਾ ਆ ਗਿਆ। ਵਗਦੇ ਨੱਕ ਮੂੰਹ ਵਾਲੇ ਬੱਚੇ ਉਸ ਨੂੰ ਚੁੰਮਣਾ ਚਾਹੁੰਦੇ ਤੇ ਜੱਫੀ ਪਾਉਣਾ ਚਾਹੁੰਦੇ। ਸਭ ਨੂੰ ਇਸ਼ਨਾਨ ਕਰਵਾ ਕੇ ਦਵਾਈਆਂ ਮਲ਼ ਕੇ ਪਰਤਦਾ ਤਾਂ ਆਖਦਾ, ਕਿ ਹੱਜ ਕਰ ਆਇਆਂ ਹਾਂ।

ਈਦੀ ਦੇ ਵਿਰੋਧੀ ਧਨੀ ਮੈਮਨ ਨੂੰ ਕੈਂਸਰ ਹੋ ਗਿਆ। ਈਦੀ ਨੂੰ ਬੁਲਾ ਕੇ ਕਿਹਾ ਕਿ ਟੀਕੇ ਦੀ ਸੂਈ ਏਨਾ ਦਰਦ ਕਰਦੀ ਹੈ ਕਿ ਮੈਂ ਘੰਟਿਆਂ ਬੱਧੀ ਤੜਪਦਾ ਰਹਿੰਦਾ ਹਾਂ। ਹੁਣ ਮੈਨੂੰ ਤੇਰੇ ਕੰਮ ਦੀ ਸਮਝ ਪੈਂਦੀ ਹੈ।

ਇਕ ਹੋਰ ਸੇਠ ਨੇ ਕਿਹਾ – ਈਦੀ ! ਤੂੰ ਆਪਣੇ ਲਈ ਕੁਝ ਜੋੜਿਆ ਨਹੀਂ ਹੈ। ਇਕ ਸਵਾ ਲੱਖ ਰੁਪਏ ਤੇਰੇ ਵਾਸਤੇ ਦੇਣੇ ਹਨ, ਸੰਸਥਾ ਲਈ ਨਹੀਂ। ਈਦੀ ਉੱਠ ਕੇ ਤੁਰ ਪਿਆ।

ਈਦੀ ਨੇ ਫ਼ੈਸਲਾ ਕੀਤਾ ਕਿ ਹਰ 25 ਕਿਲੋਮੀਟਰ ਦੇ ਦਾਇਰੇ ਵਿਚ ਭਲਾਈ ਕੇਂਦਰ ਖੋਲ੍ਹੇ ਜਾਣਗੇ। ਸਾਰੇ ਦੇਸ਼ ਦਾ ਦੌਰਾ ਕੀਤਾ। ਝੁੱਗੀਆਂ ਝੌਂਪੜੀਆਂ ਵਾਲੇ ਮਰਦ ਔਰਤਾਂ ਟੁੱਟ ਚੁੱਕੇ ਸਨ। ਨੰਗੇ ਬੱਚੇ ਈਦੀ ਵੱਲ ਦੌੜੇ ਆਉਂਦੇ। ਈਦੀ ਹੌਕੇ ਭਰਦਾ ਤੇ ਆਪਣੇ ਮਾੜੇ ਮੋਟੇ ਪਹਿਰਾਵੇ ਨੂੰ ਵੀ ਕੋਸਦਾ।

ਈਦੀ ਬਲੋਚਿਸਤਾਨ ਵਿਚ ਕੇਂਦਰ ਸਥਾਪਤ ਕਰ ਰਿਹਾ ਸੀ। ਕਿਸੇ ਨੇ ਦੱਸਿਆ ਕਿ ਕਦੇ ਵੀ ਬਲੋਚ ਸਰਦਾਰ ਦੀ ਕਾਰ ਨੂੰ ਐਂਬੂਲੈਂਸ ਨਾਲ ਪਾਸ ਨਾ ਕਰੀਂ। ਐਂਬੂਲੈਂਸ ਚੋਰੀ ਵੀ ਹੋ ਸਕਦੀ ਹੈ। ਤੁਹਾਡੇ ਬੰਦੇ ਨੂੰ ਅਗਵਾ ਕਰਕੇ ਫਿਰੌਤੀ ਵੀ ਮੰਗੀ ਜਾ ਸਕਦੀ ਹੈ। ਈਦੀ ਕਹਿਣ ਲੱਗਾ- ਇਹ ਮੇਰਾ ਪਾਕਿਸਤਾਨ ਨਹੀਂ ਹੈ ?

ਐਂਬੂਲੈਂਸ ਚੋਰੀ ਹੋਣ ਦੀ ਘਟਨਾ ਵਾਪਰ ਗਈ। ਈਦੀ ਦੀ ਸ਼ਿਕਾਇਤ ’ਤੇ ਬਲੋਚ ਸਰਦਾਰ ਨੇ ਕਿਹਾ ਕਿ ਈਦੀ ਦੀ ਗੱਡੀ ਵਾਪਸ ਕਰੋ। ਨਹੀਂ ਤਾਂ ਤੁਹਾਥੋਂ ਹੀ ਉਗਰਾਹੀ ਕਰ ਕੇ ਨਵੀਂ ਐਂਬੂਲੈਂਸ ਖਰੀਦ ਕੇ ਦਿਆਂਗਾ। ਅਗਲੇ ਦਿਨ ਗੱਡੀ ਲੱਭ ਗਈ।

ਢਾਈ ਸੌ ਕੇਂਦਰ ਸਥਾਪਤ ਹੋ ਗਏ। ਕੇਂਦਰਾਂ ਦਾ ਆਪਸ ਵਿਚ ਵਾਇਰਲੈਸ ਨੈਟਵਰਕ ਬਣਾ ਦਿੱਤਾ ਗਿਆ। ਕੋਰੀਅਰ ਸੇਵਾਵਾਂ ਮੁਫ਼ਤ ਮਿਲਣ ਲੱਗ ਪਈਆਂ। ਪਾਕਿਸਤਾਨ ਇੰਟਰਨੈਸ਼ਨਲ ਨੇ ਹਰ ਮਹੀਨੇ ਢਾਈ ਕੁਇੰਟਲ ਡਾਕ ਮੁਫ਼ਤ ਢੋਣ ਦੀ ਸੇਵਾ ਲੈ ਲਈ। ਨਿਯਮ ਸੀ ਕਿ ਜਿਸ ਖੇਤਰ ’ਚੋਂ ਦਾਨ ਮਿਲਦਾ ਉਸ ਇਲਾਕੇ ਨੂੰ ਪਹਿਲ ਦੇ ਆਧਾਰ ’ਤੇ ਸਹੂਲਤ ਦਿੱਤੀ ਜਾਵੇ, ਪਰ ਬਹੁਤ ਗਰੀਬ ਇਲਾਕਿਆਂ ਵਿਚ ਕੇਂਦਰ ਸਥਾਪਨਾ ਲਈ ਨਿਯਮ ਨੂੰ ਨਰਮ ਕਰ ਲਿਆ ਜਾਂਦਾ। ਇਕ ਹਜ਼ਾਰ ਮੁਲਾਜ਼ਮ ਪੈਰੋਲ ’ਤੇ ਸਨ। ਕੁਲ ਖਰਚ ਦਾ ਇਹ ਦਸ ਪ੍ਰਤੀਸ਼ਤ ਸੀ। ਐਂਬੂਲੈਂਸਾਂ ਦੀ ਗਿਣਤੀ ਪੰਜ ਸੌ ਹੋ ਗਈ। ਈਦੀ 12 ਕਰੋੜ ਪਾਕਿਸਤਾਨੀਆਂ ਦੀ ਸੇਵਾ ਵਿਚ ਹਰ ਵੇਲੇ ਹਾਜ਼ਰ ਰਹਿੰਦਾ। ਇਕ ਸਮੱਸਿਆ ਸੀ ਕਿ ਕੋਈ ਏਅਰਲਾਈਨ ਲਾਸ਼ ਲਿਜਾਣ ਨੂੰ ਰਾਜ਼ੀ ਨਹੀਂ ਸੀ ਹੁੰਦੀ। ਇਸ ਲਈ ਈਦੀ ਏਅਰ ਸਰਵਿਸ ਦੀ ਲੋੜ ਬਣ ਗਈ। ਸੰਨ 1988 ਈ: ਵਿਚ ਅਮਰੀਕਾ ਦੇ ਰਾਜਦੂਤ ਰਾਬਰਟ ਓਕਲੇ ਵਲੋਂ ਹੈਲੀਕਾਪਟਰ ਦੀ ਪੇਸ਼ਕਸ਼ ਨੂੰ ਸ਼ਰਤ-ਮੁਕਤ ਪ੍ਰਵਾਨ ਕਰ ਕੇ ਜਹਾਜ਼ ਲੈ ਲਿਆ।

ਸੰਨ 1989 ਈ: ਵਿਚ ਨਵਾਜ਼ ਸ਼ਰੀਫ ਮੁੱਖ ਮੰਤਰੀ ਪੰਜਾਬ ਨੇ ਮਿਸ਼ਨ ਦੀ ਜਾਣਕਾਰੀ ਲੈਣ ਲਈ ਈਦੀ ਨੂੰ ਬੁਲਾਇਆ। ਈਦੀ ਨੇ ਕਿਹਾ ਕਿ ਭਲਾਈ ਕਰਨ ਤੋਂ ਵੱਡੀ ਸਿਆਸਤ ਹੋਰ ਕੋਈ ਨਹੀਂ। ਬਾਹਰਲੇ ਮੁਲਕਾਂ ਤੋਂ ਗ੍ਰਾਂਟਾਂ ਮੰਗਣੀਆਂ ਬੰਦ ਕਰੋ। ਆਤਮ ਨਿਰਭਰ ਹੋਵੋ, ਮੁਥਾਜ ਨਾ ਹੋਵੋ ਭਾਵੇਂ ਤੰਗੀ ਕੱਟ ਲਓ।

ਹੈਦਰਾਬਾਦ ਵਿਚ ਦਿਮਾਗੀ ਬੁਖਾਰ ਦੀ ਬਿਮਾਰੀ ਫੈਲ ਗਈ। ਈਦੀ ਕੇਂਦਰਾਂ ਵਿਚ ਲੋਕਾਂ ਦਾ ਹੜ੍ਹ ਆ ਗਿਆ। ਫਰਾਂਸ ਤੋਂ ਐਮਰਜੈਂਸੀ ਫਲਾਈਟ ਰਾਹੀਂ 30 ਲੱਖ ਟੀਕੇ ਮੰਗਵਾਏ ਗਏ। ਪਾਕਿਸਤਾਨੀ ਫਲਾਈਟਾਂ ਰਾਹੀਂ ਕੇਂਦਰਾਂ ਵਿਚ ਸਪਲਾਈ ਕੀਤੇ ਜਾਂਦੇ। ਢਾਈ ਸੌ ਮੌਤਾਂ ਹੋਈਆਂ ਪਰ ਲੱਖਾਂ ਲੋਕ ਬਚ ਗਏ। ਈਦੀ ਦੇ ਵਲੰਟੀਅਰ ਖ਼ੁਸ਼ ਸਨ ਕਿ ਹੁਣ ਅਸੀਂ ਪਹਾੜਾਂ ਨਾਲ ਟਕਰਾ ਸਕਦੇ ਹਾਂ।

ਇਕ ਦਿਨ ਇਕ ਨੌਜਵਾਨ ਬੜੀ ਹਲੀਮੀ ਨਾਲ ਮੀਠਾਦਾਰ ਦਫਤਰ ਵਿਚ ਆਇਆ। ਸਲਾਮ ਕਰ ਕੇ ਅਰਜ਼ ਕੀਤੀ – ਜੀ ਮੈਂ ਜਾਵੇਦ ਹਾਂ, ਜਿਸ ਨੂੰ ਤੁਸੀਂ ਛੇ ਮੰਜ਼ਲੀ ਬਿਸਮਿਲਾ ਇਮਾਰਤ ਦੇ ਮਲਬੇ ਹੇਠੋਂ ਕੱਢਿਆ ਸੀ। ਪੜ੍ਹਨ ਬਾਅਦ ਬੈਂਕ ਵਿਚ ਕਲਰਕ ਹਾਂ। ਤੁਹਾਡੀ ਧੀ ਅਲਮਾਸ ਨਾਲ ਸ਼ਾਦੀ ਕਰਵਾਉਣੀ ਚਾਹੁੰਦਾ ਹਾਂ। ਬਿਲਕੀਸ ਆ ਗਈ ਤੇ ਕਹਿਣ ਲੱਗੀ – ਅਲਮਾਸ ਨੂੰ ਦੇਖ ਤਾਂ ਲੈ। ਕਹਿਣ ਲੱਗਾ ਕੋਈ ਲੋੜ ਨਹੀਂ। ਗੀਤ ਸੰਗੀਤ ਨਾਲ ਮੰਗਣੀ ਦੀ ਰਸਮ ਹੋ ਗਈ। ਸਾਰੇ ਈਦੀ ਨੂੰ ਪੁੱਛਣ ਕਿ ਕੀ ਤੁਹਾਨੂੰ ਪਹਿਲਾਂ ਹੀ ਪਤਾ ਸੀ, ਜੋ ਇਸ ਜਵਾਈ ਨੂੰ ਸੁਰੱਖਿਅਤ ਕੱਢ ਲਿਆਏ ਸੀ ?

ਟੈਲੀਵੀਜ਼ਨ ਵਾਲਿਆਂ ਦੇ ਸੱਦੇ ਤੇ ਖਚਾਖਚ ਭਰੇ ਹਾਲ ਵਿਚ ਸਟੇਜ ਸਕੱਤਰ ਨੇ ਬਿਲਕੀਸ ਨੂੰ ਕਿਹਾ – ਈਦੀ ਉੱਪਰ ਰੌਸ਼ਨੀ ਪਾਓ। ਬਿਲਕੀਸ ਨੇ ਕਿਹਾ – ਉਹ ਰੌਸ਼ਨ ਹੈ, ਉਸ ਉੱਪਰ ਰੌਸ਼ਨੀ ਕਿਵੇਂ ਪਵੇਗੀ ? ਸਕੱਤਰ ਨੇ ਕਿਹਾ ਆਪਣੇ ਵਿਆਹ ਬਾਰੇ ਹੀ ਦੱਸ ਦੇਵੋ। ਬਿਲਕੀਸ ਨੇ ਕਿਹਾ – ਵਿਆਹ ਜੂਏ ਵਾਂਗ ਹੁੰਦਾ ਹੈ। ਜਿਸ ਵਿਚ ਕੋਈ ਜਿੱਤਦਾ ਹੁੰਦਾ ਤੇ ਕੋਈ ਹਾਰਦਾ। ਅਸੀਂ ਦੋਵੇਂ ਜਿੱਤੇ ਹਾਂ।

ਖ਼ਬਰ ਫੈਲੀ ਕਿ ਸਰਕਾਰ ਈਦੀ ਫਾਊਂਡੇਸ਼ਨ ਨੂੰ ਆਪਣੇ ਹੱਥਾਂ ਵਿਚ ਲੈਣਾ ਚਾਹੁੰਦੀ ਹੈ। ਈਦੀ ਨੇ ਕਿਹਾ – ਠੀਕ ਹੋਵੇਗਾ। ਮੈਂ ਬਿਲਕੀਸ ਦੀ ਚਾਦਰ ਵਿਛਾ ਕੇ ਦਾਨ ਮੰਗਿਆ ਕਰਾਂਗਾ ਅਤੇ ਨਵੀਂ ਫਾਊਂਡੇਸ਼ਨ ਬਣਾ ਦਿਆਂਗਾ।

ਇਮਰਾਨ ਖਾਨ ਕਿ੍ਰਕਟਰ ਨੇ 12 ਕਰੋੜ ਨਾਲ ਕੈਂਸਰ ਦੇ ਇਲਾਜ਼ ਲਈ ਹਸਪਤਾਲ ਬਣਾਇਆ। ਈਦੀ ਵਿਰੁੱਧ ਕੁਝ ਅਪਮਾਨਤ ਸ਼ਬਦ ਬੋਲ ਦਿੱਤੇ। ਈਦੀ ਨੂੰ ਪ੍ਰੈਸ ਨੇ ਪੁੱਛਿਆ ਕਿ ਕੀ ਤੁਹਾਡੇ ਵਿਚ ਕੋਈ ਆਪਸੀ ਵਿਵਾਦ ਹੈ ? ਈਦੀ ਨੇ ਕਿਹਾ – ਬਿਲਕੁਲ ਨਹੀਂ। ਉਹ ਸਟਾਰ ਹੈ, ਮੈਂ ਖ਼ਾਕਸਾਰ ਹਾਂ। ਉਹ ਬਾਦਸ਼ਾਹ ਹੈ, ਮੈਂ ਮੰਗਤਾ ਹਾਂ। ਬਾਦਸ਼ਾਹ ਮੰਗਤੇ ਨਾਲ ਬਹਿਸ ਨਹੀਂ ਕਰਦੇ ਹੁੰਦੇ ਤੇ ਨਾ ਹੀ ਅਪਮਾਨਿਤ ਕਰਦੇ ਹੁੰਦੇ। ਮੈਂ ਉਸ ਦੀ ਇੱਜ਼ਤ ਕਰਾਂਗਾ। ਜਿਨ੍ਹਾਂ ਦਾ ਇਲਾਜ਼ ਮੈਂ ਨਾ ਕਰ ਸਕਿਆ ਉਹਨਾਂ ਨੂੰ ਇਮਰਾਨ ਕੋਲ ਭੇਜਾਂਗਾ।

ਇਕ ਸੰਪਾਦਕ ਨੇ ਕਿਹਾ – ਮੌਲਾਨਾ ! ਜੇ ਸੰਪਾਦਕ ਸੈਂਸਰ ਨਾ ਕਰਨ ਤਾਂ ਤੁਹਾਡੇ ਉੱਪਰ ਦੇਸ਼-ਧ੍ਰੋਹ ਦਾ ਮੁਕੱਦਮਾ ਬਣਿਆ ਹੋਵੇ। ਈਦੀ ਹੱਸ ਕੇ ਕਹਿੰਦਾ – ਲੀਡਰ ਅਕਸਰ ਮੈਨੂੰ ਬੇਵਕੂਫ ਕਹਿੰਦੇ ਹਨ। ਸਬੂਤ ਵਜੋਂ ਅਖ਼ਬਾਰ ਅਦਾਲਤ ਵਿਚ ਪੇਸ਼ ਕਰ ਦੇਵਾਂਗਾ ਤੇ ਕਹਾਂਗਾ ਕਿ ਬੇਵਕੂਫ ਬੰਦਾ ਕਿਵੇਂ ਬਗਾਵਤ ਕਰ ਸਕਦਾ ਹੈ।

ਬਿਲਕੀਸ ਪੁੱਛਦੀ – ਤੁਹਾਨੂੰ ਲਾਸ਼ਾਂ ਵਿਚੋਂ ਬਦਬੂ ਨਹੀਂ ਆਉਂਦੀ ? ਈਦੀ ਆਖਦਾ – ਮੈਂ ਸਮਝਦਾ ਹਾਂ ਕਿ ਇਹ ਲਾਸ਼ ਮੇਰੀ ਵੀ ਹੋ ਸਕਦੀ ਹੈ, ਤੇਰੀ ਵੀ ਹੋ ਸਕਦੀ ਹੈ। ਇਸ ਦਾ ਸਤਿਕਾਰ ਕਰਨਾ ਜ਼ਰੂਰੀ ਹੈ।

ਸੰਨ 1990 ਈ: ਤੱਕ 500 ਐਂਬੂਲੈਂਸਾਂ ਹੋ ਗਈਆਂ ਜਿਨ੍ਹਾਂ ਵਿਚੋਂ 50 ਸਰਕਾਰੀ ਤੇ ਅਰਧ ਸਰਕਾਰੀ ਹਸਪਤਾਲਾਂ ਨੂੰ ਦਾਨ ਦੇ ਦਿੱਤੀਆਂ ਗਈਆਂ। ਇਕ ਕਰੋੜ ਲੋਕ ਰਾਹਤ ਹਾਸਲ ਕਰ ਚੁੱਕੇ ਸਨ। ਹੁਣ 1800 ਦੇ ਕਰੀਬ ਐਂਬੂਲੈਂਸਾਂ, 2 ਹਵਾਈ ਜਹਾਜ਼, 1 ਹੈਲੀਕਾਪਟਰ ਤੇ 28 ਕਿਸ਼ਤੀਆਂ ਹਨ। ਈਦੀ ਦੇ ਪਾਇਲਟਾਂ ਨੂੰ ਫੌਜ ਨੇ ਸਿਖਲਾਈ ਦੇਣ ਦੀ ਪ੍ਰਵਾਨਗੀ ਦਿੱਤੀ। ਕਈ ਤੇਲ ਕੰਪਨੀਆਂ ਨੇ ਮੁਫ਼ਤ ਤੇਲ ਦੀ ਪੇਸ਼ਕਸ਼ ਕੀਤੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਾਰੇ ਟੈਕਸ ਮਾਫ਼ ਕਰ ਦਿੱਤੇ। ਤੀਹ ਲੱਖ ਬੱਚਿਆਂ ਨੂੰ ਮੁੜ ਵਸਾਇਆ ਗਿਆ। ਅੱਸੀ ਹਜ਼ਾਰ ਮਨੋਰੋਗੀਆਂ ਅਤੇ ਨਸ਼ੇੜੀਆਂ ਦਾ ਮੁੜ-ਵਸੇਬਾ ਕੀਤਾ ਗਿਆ। ਦਸ ਲੱਖ ਤੋਂ ਉੱਪਰ ਬੱਚੇ ਈਦੀ ਮੈਟਿਰਨਿਟੀ ਕੇਂਦਰਾਂ ਵਿਚ ਪੈਦਾ ਹੋਏ। ਚਾਲੀ ਹਜ਼ਾਰ ਤੋਂ ਉੱਪਰ ਕੁੜੀਆਂ ਨਰਸਿੰਗ ਦਾ ਕੰਮ ਸਿੱਖ ਕੇ ਰੋਜ਼ੀ ਕਮਾ ਰਹੀਆਂ ਹਨ। 2 ਲੱਖ ਤੋਂ ਉੱਪਰ ਲਾਵਾਰਸ ਲਾਸ਼ਾਂ ਦਫਨ ਕੀਤੀਆਂ ਗਈਆਂ। ਅਮਰੀਕਾ ਨੇ 911 ਐਮਰਜੈਂਸੀ ਲਾਈਨਾਂ ਸਮੇਤ ਟੈਲੀਫੋਨ ਵਾਲੀ ਐਕਸਚੇਂਜ ਦਿੱਤੀ।

ਈਦੀ ਨੇ ਆਪਣੀ ਬੀਵੀ (ਬਿਲਕੀਸ) ਨੂੰ ਦੱਸਿਆ – ਮੈਂ ਆਪਣੀ ਵਸੀਅਤ ਲਿਖ ਦਿੱਤੀ ਹੈ। ਕਰਾਚੀ ਹਾਈਵੇ ਦੇ ਵੱਡੇ ਪਲਾਟ ਦੇ ਕੋਨੇ ਵਿਚ ਆਪਣੀਆਂ ਇਕੱਠੀਆਂ ਕਬਰਾਂ ਹੋਣਗੀਆਂ। ਜਿਸ ਦੇ ਕੋਲ ਲੋਹੇ ਦਾ ਗੱਲਾ ਪਿਆ ਹੋਇਆ ਕਰੇਗਾ। ਮੈਂ ਮਸਜਿਦ ਘੱਟ ਗਿਆ ਹਾਂ, ਨਮਾਜ਼ ਘੱਟ ਪੜ੍ਹੀ ਹੈ, ਪਰ ਲੋਕ ਮੈਨੂੰ ਫਕੀਰ ਜ਼ਰੂਰ ਸਮਝਣਗੇ। ਮੇਰੇ ਨਾਲ ਕਰਾਮਾਤਾਂ ਵੀ ਜੋੜ ਦੇਣਗੇ। ਮਨੋਰੋਗੀਆਂ ਦੇ ਰਿਸ਼ਤੇਦਾਰ ਦਾਨ ਪਾਉਣਗੇ ਤੇ ਤੰਦਰੁਸਤੀ ਮੰਗਣਗੇ, ਅਮੀਰ ਲੋਕ ਐਕਸੀਡੈਂਟਾਂ ਤੋਂ ਬਚਣ ਲਈ ਚੜ੍ਹਾਵੇ ਚਾੜ੍ਹਨਗੇ। ਤੇਰਾ ਖਾਵੰਦ ਮਰਨ ਪਿੱਛੋਂ ਵੀ ਲੋਕਾਂ ਦੀਆਂ ਜੇਬਾਂ ਕੁਤਰੇਗਾ। ਠੱਗੀ ਨਹੀਂ ਛੱਡਾਂਗੇ ? ਮੇਰਾ ਕਾਰਖ਼ਾਨਾ ਚੱਲੇਗਾ, ਲੋਕ ਸੱਚਾ ਸੌਦਾ ਕਰਨਗੇ। ਲੱਖਾਂ ਨੂੰ ਰਾਹਤ ਮਿਲਦੀ ਰਹੇਗੀ।

(ਲੇਖਕ ਪ੍ਰੋ: ਹਰਪਾਲ ਸਿੰਘ ਪੰਨੂ ਦੀ ਪੁਸਤਕ ‘ਪੱਥਰ ਤੋਂ ਰੰਗ’ ’ਚੋਂ, ਖਾਸ ਸਮੱਗਰੀ ਤੇ ਮੀਡੀਆ ’ਚੋਂ ਧੰਨਵਾਦ ਸਹਿਤ)

ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਪੱਖੀ ਵਿਚਾਰਧਾਰਾ

0

ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਪੱਖੀ ਵਿਚਾਰਧਾਰਾ

-ਕਥਾਵਾਚਕ ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ।

ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣ ਲਈ ਤਿੰਨ ਗੱਲਾਂ ਨੂੰ ਧਿਆਨ ਵਿਚ ਰੱਖਣਾ ਪਵੇਗਾ ਕਿ ਇਹ ਵਿਚਾਰਧਾਰਾ ਸਰਬ ਸਾਂਝੀ, ਸਰਬ ਦੇਸ਼ੀ ਤੇ ਸਰਬ ਕਾਲੀ ਹੈ।

ਸਰਬ ਸਾਂਝੀ: ਸਰਬ ਸਾਂਝੀ ਦਾ ਭਾਵ ਕਿਸੇ ਵੀ ਧਰਮ, ਮਜ਼ਹਬ, ਵਰਨ, ਮੱਤ ਜਾਂ ਸੰਪਰਦਾ ਦਾ ਜਾਂ ਆਮ ਮਨੁੱਖ ਇਸ ਨੂੰ ਅਪਣਾ ਸਕਦਾ ਹੈ: ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥’’ (ਪੰਨਾ ੭੪੭)

ਸਰਬ ਦੇਸ਼ੀ: ਸਰਬ ਦੇਸ਼ੀ ਦਾ ਭਾਵ ਹੈ ਕਿ ਦੁਨੀਆਂ ਦੇ ਹਰ ਕੋਨੇ ’ਤੇ ਇਸ ਦੇ ਸਿਧਾਂਤ ਲਾਗੂ ਕੀਤੇ ਜਾ ਸਕਦੇ ਹਨ। ਜੇ ਕਿਸੇ ਹੋਰ ਗ੍ਰਹਿ ’ਤੇ ਵੀ ਦੁਨੀਆਂ ਮਿਲਦੀ ਹੈ ਜਾਂ ਮਨੁੱਖ ਕਿਸੇ ਹੋਰ ਗ੍ਰਹਿ ’ਤੇ ਵੀ ਜਾ ਕੇ ਵੱਸਦਾ ਹੈ ਤਾਂ ਉੱਥੇ ਵੀ ਇਸ ਦੇ ਸਿਧਾਂਤ ਲਾਗੂ ਹੋ ਸਕਦੇ ਹਨ: ‘‘ਗੁਰਬਾਣੀ ਚਹੁ ਕੁੰਡੀ ਸੁਣੀਐ; ਸਾਚੈ ਨਾਮਿ ਸਮਾਇਦਾ ॥’’ (ਪੰਨਾ ੧੦੬੫)

ਸਰਬ ਕਾਲੀ: ਸਰਬ ਕਾਲੀ ਦਾ ਭਾਵ ਹੈ ਕਿ ਇਸ ਦੇ ਸਿਧਾਂਤ ਦੁਨੀਆਂ ਦੀ ਸ਼ੁਰੂਆਤ ਵੇਲੇ ਵੀ ਸੱਚ ਸਨ, ਹੁਣ ਵੀ ਸੱਚ ਹਨ ਤੇ ਦੁਨੀਆਂ ਦੇ ਅੰਤ ਤੱਕ ਵੀ ਸੱਚ ਹੀ ਰਹਿਣਗੇ: ‘‘ਬਾਣੀ ਵਜੀ ਚਹੁ ਜੁਗੀ; ਸਚੋ ਸਚੁ ਸੁਣਾਇ ॥’’ (ਪੰਨਾ ੩੫)

ਇਸੇ ਕਰਕੇ ਹੀ ਦੁਨੀਆਂ ਵਿਚ ਕੇਵਲ ਇਸੇ ਗ੍ਰੰਥ ਨੂੰ ਹੀ ਗੁਰੂ ਹੋਣ ਦਾ ਰੁਤਬਾ ਪ੍ਰਾਪਤ ਹੈ।

ਕਿਸੇ ਵੀ ਵਿਚਾਰਧਾਰਾ ਨੂੰ ਸਮਝਣ ਲਈ ਉਸ ਦੇ ਅੱਠ ਪ੍ਰਮੁੱਖ ਪੱਖਾਂ ਨੂੰ ਸਮਝਣਾ ਜ਼ਰੂਰੀ ਹੈ।

1. ਧਾਰਮਿਕ 2. ਸਮਾਜਿਕ 3. ਰਾਜਨੀਤਿਕ 4. ਆਰਥਿਕ 5. ਸਰੀਰਕ 6. ਬੌਧਿਕ 7. ਮਾਨਸਿਕ 8. ਆਤਮਿਕ।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਅੱਠਾਂ ਹੀ ਪੱਖਾਂ ’ਤੇ ਬਾਖੂਬੀ ਮਨੁੱਖਤਾ ਦੀ ਅਗਵਾਈ ਕੀਤੀ ਹੈ। ਆਓ, ਇਸ ਦੇ ਇੱਕ-ਇੱਕ ਕਰਕੇ ਸਾਰੇ ਪੱਖਾਂ ਦੀ ਵਿਚਾਰ ਕਰੀਏ:

1. ਧਾਰਮਿਕ ਪੱਖ:ਅੱਜ ਸੰਸਾਰ ਅੰਦਰ ਕਈ ਧਰਮ ਇੱਕ-ਦੂਜੇ ਨਾਲ ਸਿਧਾਂਤਕ ਤੌਕ ’ਤੇ ਟਕਰਾ ਰਹੇ ਹਨ। ਇੱਕ-ਇੱਕ ਧਰਮ ਅੰਦਰ ਵੀ ਕਈ-ਕਈ ਸੰਪਰਦਾਵਾਂ ਦਾ ਟਕਰਾਅ ਹੋ ਰਿਹਾ ਹੈ। ਹਿੰਦੁਸਤਾਨ ਅੰਦਰ ਤਾਂ ਜੋਗੀ ਦਾ ਧਰਮ ਗਿਆਨ ਇੱਕਠਾ ਕਰਨਾ ਬਣ ਗਿਆ। ਬ੍ਰਾਹਮਣ ਦਾ ਧਰਮ ਵੇਦਾਂ ਦਾ ਪਾਠ ਕਰਨਾ ਬਣ ਗਿਆ। ਖੱਤਰੀ ਦਾ ਧਰਮ ਸੂਰਮਤਾਈ ਤੇ ਸ਼ੂਦਰ ਦਾ ਧਰਮ ਦੂਜਿਆਂ ਦੀ ਸੇਵਾ ਕਰਨਾ ਬਣ ਗਿਆ ਹੈ। ਜੇਕਰ ਰੱਬ ਇੱਕ ਹੈ ਤਾਂ ਉਸ ਦੇ 100 ਜਾਂ 200 ਧਰਮ ਕਿਵੇਂ ਹੋ ਸਕਦੇ ਹਨ। ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਹਰ ਕਿਸੇ ਦਾ ਵੱਖੋ-ਵੱਖਰਾ ਧਰਮ ਨਹੀਂ ਬਲਕਿ ਸਭ ਦਾ ਸਾਂਝਾ ਧਰਮ ਇੱਕ ਅਕਾਲ ਪੁਰਖ ਨਾਲ ਸਾਂਝ ਪਾਉਣੀ ਹੈ। ਜੇ ਕੋਈ ਇਸ ਭੇਦ ਨੂੰ ਸਮਝ ਲਵੇ ਤੇ ਉਹ ਹੀ ਰੱਬ ਵਰਗਾ ਹੈ ਤੇ ਮੈਂ ਉਸੇ ਦਾ ਹੀ ਦਾਸ ਬਣਨ ਨੂੰ ਤਿਆਰ ਹਾਂ: ‘‘ਜੋਗ ਸਬਦੰ, ਗਿਆਨ ਸਬਦੰ; ਬੇਦ ਸਬਦੰ ਤ ਬ੍ਰਾਹਮਣਹ ॥ ਖ੍ਹਤ੍ਰੀ ਸਬਦੰ, ਸੂਰ ਸਬਦੰ; ਸੂਦ੍ਰ ਸਬਦੰ ਪਰਾ ਕ੍ਰਿਤਹ ॥ ਸਰਬ ਸਬਦੰ ਤ ਏਕ ਸਬਦੰ; ਜੇ ਕੋ ਜਾਨਸਿ ਭੇਉ ॥ ਨਾਨਕ ! ਤਾ ਕੋ ਦਾਸੁ ਹੈ; ਸੋਈ ਨਿਰੰਜਨ ਦੇਉ ॥’’ (ਪੰਨਾ ੧੩੫੩)

ਗੁਰੂ ਸਾਹਿਬ ਨੇ ਇੱਕ ਸੱਚ ਨਾਲ ਜੁੜਨਾ ਹੀ ਇੱਕੋ ਇੱਕ ਧਰਮ ਦੱਸਿਆ ਹੈ: ‘‘ਏਕੋ ਧਰਮੁ ਦ੍ਰਿੜੈ ਸਚੁ ਕੋਈ ॥’’ (ਪੰਨਾ ੧੧੮੮) ਜਾਂ ‘‘ਬਲਿਓ ਚਰਾਗੁ ਅੰਧ੍ਹਾਰ ਮਹਿ; ਸਭ ਕਲਿ ਉਧਰੀ ਇਕ ਨਾਮ ਧਰਮ ॥’’ (ਪੰਨਾ ੧੩੮੬)

ਗੁਰਬਾਣੀ ਮੁਤਾਬਕ ਤਾਂ ਰੱਬ ਨੂੰ ਯਾਦ ਕਰਦਿਆਂ ਜੀਵਨ ਵਿਚ ਸ਼ੁਭ ਕੰਮ ਕਰਨੇ ਹੀ ਸਭ ਤੋਂ ਸ੍ਰੇਸ਼ਟ ਧਰਮ ਹੈ: ‘‘ਸਰਬ ਧਰਮ ਮਹਿ, ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥’’ (ਪੰਨਾ ੨੬੬)

ਧਰਮ ਨਾਲ ਜੁੜਨ ਦਾ ਤਾਂ ਸਾਧਨ ਵੀ ਇਹੀ ਹੈ ਕਿ ਜੇ ਸੰਸਾਰ ਦੇ ਲੋਕ ਇੱਕ ਰੱਬ ਨੂੰ ਯਾਦ ਕਰਦਿਆਂ ਜੀਵਨ ਵਿਚ ਸ਼ੁਭ ਕੰਮ ਕਰਨੇ ਸ਼ੁਰੂ ਕਰ ਦੇਣ ਤਾਂ ਸਾਰਾ ਸੰਸਾਰ ਹੀ ਧਾਰਮਿਕ ਹੋ ਜਾਵੇਗਾ।

2. ਸਮਾਜਿਕ ਪੱਖ:ਪਰਿਵਾਰਕ ਪੱਖ ਨੂੰ ਵੱਖਰੇ ਤੌਰ ’ਤੇ ਲੈਣ ਦੀ ਲੋੜ ਨਹੀਂ ਕਿਉਂਕਿ ਗੁਰਬਾਣੀ ਅਨੁਸਾਰ ਸਾਰਾ ਸਮਾਜ ਹੀ ਇੱਕ ਸਾਡਾ ਵੱਡਾ ਪਰਿਵਾਰ ਹੈ, ਜਿਸ ਦਾ ਮੁਖੀ ਅਕਾਲ ਪੁਰਖ ਹੈ: ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ; ਤੂ ਮੇਰਾ ਗੁਰ ਹਾਈ ॥ (ਪੰਨਾ ੬੧੧) ਜਾਂ ਮੋਹਨ ! ਤੂੰ ਸੁਫਲੁ ਫਲਿਆ; ਸਣੁ ਪਰਵਾਰੇ ॥ (ਪੰਨਾ ੨੪੮) ਜਾਂ ਗ੍ਰਸਤਨ ਮਹਿ; ਤੂੰ ਬਡੋ ਗ੍ਰਿਹਸਤੀ॥’’ (ਪੰਨਾ ੫੦੭)

ਅੱਜ ਸਾਡੇ ਸਮਾਜ ਵਿਚ ਊਚ-ਨੀਚ, ਮੇਰ-ਤੇਰ, ਆਪਣੇ-ਪਰਾਏ, ਵੈਰੀ-ਮਿੱਤਰ ਦੇ ਵਿਤਕਰੇ ਪੈਦਾ ਹੋ ਚੁੱਕੇ ਹਨ। ਗੁਰਬਾਣੀ ਦੇ ਗਿਆਨ ਨੇ ਸਮਾਜਿਕ ਜੀਵਨ ਨੂੰ ਸੁੰਦਰ ਬਣਾਉਣ ਲਈ ਅਨੇਕਤਾ ਵਿਚ ਏਕਤਾ ਦਾ ਸਿਧਾਂਤ ਦਿੱਤਾ ਕਿ ਇੱਕ ਅਕਾਲ ਪੁਰਖ ਹੀ ਸਾਰਿਆਂ ਵਿਚ ਸਮਾਇਆ ਹੋਇਆ ਹੈ। ਇੱਥੇ ਕੋਈ ਵੀ ਚੰਗਾ ਜਾਂ ਮਾੜਾ ਨਹੀਂ ਹੈ ਸਾਰੇ ਹੀ ਰੱਬ ਦਾ ਰੂਪ ਹਨ। ਜੇ ਸੰਸਾਰ ਇਸ ਸਿਧਾਂਤ ਨੂੰ ਮੰਨ ਲਵੇ ਤਾਂ ਜਾਤੀਵਾਦ, ਛੂਆ-ਛੂਤ, ਭੇਦਭਾਵ, ਰੰਗ, ਨਸਲ ਆਦਿ ਦੇ ਵਿਤਕਰੇ ਹੀ ਖਤਮ ਹੋ ਜਾਣਗੇ: ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ਕੋ ਮੰਦੇ ? ॥ (ਪੰਨਾ ੧੩੪੯) ਜਾਂ ਫਰੀਦਾ ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ; ਜਾਂ ਤਿਸੁ ਬਿਨੁ ਕੋਈ ਨਾਹਿ ॥’’ (ਪੰਨਾ ੧੩੮੧)

ਅਸੀਂ ਗੁਰਬਾਣੀ ਵਿਚ ‘‘ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ, ਤੂੰ ਮੇਰਾ ਭ੍ਰਾਤਾ ॥’’ (ਪੰਨਾ ੧੦੩) ਦਾ ਸਿਧਾਂਤ ਪੜ੍ਹਦੇ ਹਾਂ। ਜੇਕਰ ਇਹੀ ਸਿਧਾਂਤ ਸੰਸਾਰ ਵਿਚ ਲਾਗੂ ਕਰ ਲਈਏ ਭਾਵ ਮਾਤਾ, ਪਿਤਾ, ਭੈਣ, ਭਰਾ, ਰਿਸ਼ਤੇਦਾਰ, ਮਿੱਤਰਾਂ, ਗੁਆਂਢੀਆਂ ਤੇ ਸਾਰੀ ਦੁਨੀਆਂ ਵਿੱਚੋਂ ਰੱਬ ਦੇਖਣ ਲੱਗ ਜਾਈਏ ਤਾਂ ਪਿਤਾ-ਪੁੱਤਰ, ਮਾਂ-ਧੀ, ਭੈਣ-ਭਰਾ, ਪਤੀ-ਪਤਨੀ ਵਿਚ ਪਿਆਰ ਵਧੇਗਾ। ਕੋਈ ਸੱਸ ਨੂੰਹ ਨੂੰ ਸਾੜਨ ਦਾ ਯਤਨ ਨਹੀਂ ਕਰੇਗੀ। ਕੋਈ ਨੂੰਹ ਆਪਣੀ ਸੱਸ ਨੂੰ ਬੁਰਾ ਨਹੀਂ ਕਹੇਗੀ। ਪਤੀ-ਪਤਨੀ ਵਿਚ ਰੱਬ ਵਰਗਾ ਰਿਸ਼ਤਾ ਪੈਦਾ ਹੋ ਜਾਵੇ ਤਾਂ ਕਦੀ ਵੀ ਤਲਾਕ ਦੀ ਨੌਬਤ ਨਹੀਂ ਆਵੇਗੀ। ਸਾਰੇ ਝਗੜੇ ਮੁੱਕ ਜਾਣਗੇ। ਸੰਸਾਰ ਵਿਚ ਕੋਈ ਕਿਸੇ ਦਾ ਦੁਸ਼ਮਣ ਨਹੀਂ ਰਹੇਗਾ : ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥’’ (ਪੰਨਾ ੧੨੯੯) ਵਾਲਾ ਸਿਧਾਂਤ ਪਰਗਟ ਹੋ ਜਾਵੇਗਾ।

ਗੁਰਬਾਣੀ ਅਨੁਸਾਰ ਜੀਵਿਆਂ ਤਾਂ ਸਮਾਜ ’ਚ ਮਨੁੱਖ ਦੀ ਲੁੱਟ-ਖਸੁੱਟ ਤੇ ਉਸ ਉੱਪਰ ਹੋ ਰਹੇ ਜ਼ੁਲਮ ਵੀ ਖਤਮ ਹੋ ਜਾਣਗੇ। ਬਾਲ ਵਿਆਹ, ਵਿਆਹ ਸਮੇਂ ਦਾਜ-ਦਹੇਜ ਦੀ ਲਾਹਨਤ, ਜਿਸ ਦਾ ਨਤੀਜਾ ਮਾਦਾ ਭਰੂਣ-ਹੱਤਿਆ ਹੈ, ਸਤੀ ਪ੍ਰਥਾ ਵਰਗੀਆਂ ਕੁਰੀਤੀਆਂ ਵਿਰੁਧ ਵੀ ਗੁਰਬਾਣੀ ਨੇ ਅਵਾਜ਼ ਉਠਾਈ ਹੈ। ਹੁਣ ਤਾਂ ਪੰਜਾਬ ਵਿਚ ਵੀ 1000 ਮੁੰਡਿਆਂ ਪਿੱਛੇ ਪੌਣੇ ਕੁ ਅੱਠ ਸੌ ਕੁੜੀਆਂ ਰਹਿ ਗਈਆਂ ਹਨ। ਪੰਜਾਬ ਵਿਚ ਨਸ਼ੇ ਇੰਨੇ ਵਧ ਗਏ ਹਨ ਕਿ ਇਹ ਕਾਲਜ਼ਾਂ ਤੇ ਯੂਨੀਵਰਸਿਟੀਆਂ ਦੇ ਨਾਲ-ਨਾਲ ਛੋਟੇ ਤੋਂ ਛੋਟੇ ਸਕੂਲਾਂ ਵਿਚ ਵੀ ਪਹੁੰਚ ਰਹੇ ਹਨ। ਅੱਜ ਪੰਜਾਬ ਵਿਚ ਇੰਨੀ ਜ਼ਿਆਦਾ ਸ਼ਰਾਬ ਹੈ ਕਿ ਜੰਮਦੇ ਬੱਚੇ ਤੋਂ ਲੈ ਕੇ ਮਰਨ ਕਿਨਾਰੇ ਪਏ ਬਜ਼ੁਰਗ ਤੱਕ ਦੇ ਹਿੱਸੇ ਵੀ ਸੱਤ-ਸੱਤ ਬੋਤਲਾਂ ਸ਼ਰਾਬ ਦੀਆਂ ਆਉਂਦੀਆਂ ਹਨ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਛੇਵਾਂ ਦਰਿਆ ਸ਼ਰਾਬ ਦਾ ਹੀ ਵਗਦਾ ਹੋਵੇ। ਗੁਰਬਾਣੀ ਨੇ ਮਨੁੱਖਤਾ ਨੂੰ ਖੋਖਲਾ ਕਰਨ ਵਾਲੇ ਨਸ਼ਿਆਂ, ਵੱਸਦੇ ਘਰਾਂ ਨੂੰ ਉਜਾੜਨ ਵਾਲੇ ਜੂਏ ਤੇ ਵੱਸਦੇ ਘਰਾਂ ਨੂੰ ਤੋੜਨ ਵਾਲੇ ਵਿਭਚਾਰ ਤੋਂ ਵੀ ਦੂਰ ਰਹਿਣ ਦੀ ਤਾਕੀਦ ਕੀਤੀ ਜਿਸ ਦੇ ਗੁਰਬਾਣੀ ਵਿਚ ਅਨੇਕਾਂ ਪ੍ਰਮਾਣ ਲੇਖ ਦੇ ਵਿਸਥਾਰ ਦੇ ਡਰੋਂ ਨਹੀਂ ਦਿੱਤੇ ਜਾ ਰਹੇ। ਗੁਰਬਾਣੀ ਅਨੁਸਾਰ ਤਾਂ ਗੁਣਾਂ ਨਾਲ ਭਰਪੂਰ ਸਮਾਜਿਕ ਜੀਵਨ ਜਿਉਂਦਿਆਂ ਹੀ ਗ੍ਰਿਹਸਤ ਧਰਮ ਬਣ ਜਾਂਦਾ ਹੈ। ਸੰਸਾਰ ’ਚੋਂ ਨਿਰੰਕਾਰ ਦੇਖਦਿਆਂ ਇੱਕ ਦਿਨ ਭਾਈ ਘੱਨਈਆ ਜੀ ਵਾਲੀ ਅਵਸਥਾ ਬਣ ਜਾਂਦੀ ਹੈ ਜੋ ਬਗੈਰ ਕਿਸੇ ਵੈਰੀ-ਮਿੱਤਰ ਦੇ ਵਿਤਕਰੇ ਤੋਂ ਸਭ ਦਾ ਭਲਾ ਲੋਚਦੇ ਹਨ ਤੇ ਗੁਰਬਾਣੀ ਮੁਤਾਬਕ ਅਜਿਹਾ ਆਦਰਸ਼ ਹੀ ਇਨਸਾਨ ਹੁੰਦਾ ਹੈ।

3. ਰਾਜਨੀਤਿਕ ਪੱਖ:ਗੁਰਬਾਣੀ ਮਨੁੱਖਤਾ ਦੀ ਰਾਜਨੀਤਿਕ ਪੱਖੋਂ ਵੀ ਸੁਯੋਗ ਅਗਵਾਈ ਕਰਦੀ ਹੈ। ਗੁਰੂ ਸਾਹਿਬਾਨਾਂ ਦੇ ਸਮੇਂ ਭਾਰਤ ਵਿਚ ਜ਼ੁਲਮ ਦਾ ਰਾਜ ਸੀ। ਰਾਜੇ ਸ਼ੇਰਾਂ ਦਾ ਰੂਪ ਧਾਰ ਕੇ ਪਰਜਾ ਦਾ ਖੂਨ ਪੀ ਰਹੇ ਸਨ। ਗੁਰਬਾਣੀ ਨੇ ਉਹਨਾਂ ਜ਼ਾਲਮ ਰਾਜਿਆਂ ਨੂੰ ਉਪਦੇਸ਼ ਦਿੱਤਾ ਕਿ ਰਾਜੇ ਦਾ ਕੰਮ ਹੈ ਇਨਸਾਫ਼ ਕਰਨਾ: ‘‘ਰਾਜੇ ਚੁਲੀ ਨਿਆਵ ਕੀ; ਪੜਿਆ ਸਚੁ ਧਿਆਨੁ ॥’’ (ਪੰਨਾ ੧੨੪੦)

ਜਦੋਂ ਫਿਰ ਵੀ ਰਾਜਿਆਂ ਨੇ ਜ਼ੁਲਮ ਕਰਨਾ ਨਾ ਛੱਡਿਆ ਤਾਂ ਗੁਰੂ ਸਾਹਿਬਾਨਾਂ ਨੇ ਜ਼ੁਲਮ ਵਿਰੁੱਧ ਇੱਕ ਬੁਲੰਦ ਅਵਾਜ਼ ਕਾਇਮ ਕੀਤੀ, ਜੰਗਾਂ ਲੜੀਆਂ, ਸ਼ਹਾਦਤਾਂ ਵੀ ਦਿੱਤੀਆਂ ਤੇ ਜ਼ੁਲਮੀ ਰਾਜ ਨੂੰ ਪਛਾੜਿਆ। ਗੁਰੂ ਨਾਨਕ ਸਾਹਿਬ ਨੇ ਉਹ ਰਾਜ ਕਾਇਮ ਕੀਤਾ, ਜਿਸ ਦੀ ਨੀਂਹ ਸੱਚ ’ਤੇ ਰੱਖੀ ਗਈ: ‘‘ਨਾਨਕਿ ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ ॥’’ (ਪੰਨਾ ੯੬੬)

ਇਸ ਰਾਜ ਨੂੰ ਹਲੇਮੀ ਰਾਜ ਦਾ ਨਾਂ ਦਿੱਤਾ, ਜਿਸ ਵਿਚ ਸਾਰੇ ਹੀ ਸੁਖੀ ਵੱਸਦੇ ਹੋਣ: ‘‘ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ॥’’ (ਪੰਨਾ ੭੪)

ਇਸੇ ਨੂੰ ਗੁਰਬਾਣੀ ਨੇ ਭਗਤ ਰਵਿਦਾਸ ਜੀ ਦੇ ਸ਼ਬਦਾਂ ਵਿਚ ਬੇਗਮਪੁਰਾ ਕਿਹਾ ਜਿਸ ਰਾਜ ਵਿਚ ਕੋਈ ਵੀ ਗਮ, ਦੁਖ, ਤਕਲੀਫ ਤੇ ਜ਼ੁਲਮ ਆਦਿ ਨਾ ਹੋਵੇ: ‘‘ਬੇਗਮ ਪੁਰਾ, ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ; ਤਿਹਿ ਠਾਉ ॥’’ (ਪੰਨਾ ੩੪੫)

ਜੇਕਰ ਰਾਜਨੀਤਿਕ ਆਗੂ ਸੱਚੇ ਦਿਲੋਂ ਆਪਣਾ ਫਰਜ਼ ਸਮਝ ਕੇ ਸੱਚਾ ਇਨਸਾਫ਼ ਕਰਨ ਲੱਗ ਜਾਣ ਤਾਂ ਇਹ ਸੰਸਾਰ ਹੀ ਬੇਗਮਪੁਰਾ ਜਾਂ ਹਲੇਮੀ ਰਾਜ ਬਣ ਜਾਵੇਗਾ।

4. ਆਰਥਿਕ ਪੱਖ:ਅੱਜ ਸੰਸਾਰ ਵਿਚ ਦਿਨੋ-ਦਿਨ ਅਮੀਰ ਤੇ ਗਰੀਬ ਵਿਚਕਾਰ ਪਾੜਾ ਵੱਧ ਰਿਹਾ ਹੈ। ਗੁਰਬਾਣੀ ਮੁਤਾਬਕ ਇਹ ਸੱਚ ਹੈ ਕਿ ਜਿਸ ਕੋਲ ਜ਼ਿਆਦਾ ਧਨ ਹੈ ਉਹ ਚੈਨ ਨਾਲ ਨਹੀਂ ਜਿਉਂ ਸਕਦਾ ਕਿਉਂਕਿ ਉਸ ਨੂੰ ਚਿੰਤਾ ਜਾਪਦਾ ਕਿ ਕੋਈ ਉਸ ਦਾ ਧਨ ਖੋਹ ਨਾ ਲਵੇ। ਜਿਸ ਕੋਲ ਧਨ ਨਹੀਂ ਉਹ ਵੀ ਜੀਵਨ ਵਿਚ ਰੋਟੀ ਦੀ ਖਾਤਰ ਭਟਕਦਾ ਫਿਰਦਾ ਹੈ। ਜਿਸ ਕੋਲ ਲੋੜ ਮੁਤਾਬਕ ਧਨ ਹੈ ਤੇ ਉਹ ਰੱਬੀ ਸ਼ੁਕਰ ਵਿਚ ਜ਼ਿੰਦਗੀ ਗੁਜ਼ਾਰਦਾ ਹੈ ਤਾਂ ਉਹ ਸੁਖੀ ਹੈ: ‘‘ਜਿਸੁ ਗ੍ਰਿਹਿ ਬਹੁਤੁ; ਤਿਸੈ ਗ੍ਰਿਹਿ ਚਿੰਤਾ ॥ ਜਿਸੁ ਗ੍ਰਿਹਿ ਥੋਰੀ; ਸੁ ਫਿਰੈ ਭ੍ਰਮੰਤਾ ॥ ਦੁਹੂ ਬਿਵਸਥਾ ਤੇ ਜੋ ਮੁਕਤਾ; ਸੋਈ ਸੁਹੇਲਾ ਭਾਲੀਐ ॥’’ (ਪੰਨਾ ੧੦੧੯)

ਗੁਰਬਾਣੀ ਨੇ ਸਿਖ ਨੂੰ ਵਿਹਲੜ ਨਹੀਂ ਬਣਾਇਆ ਬਲਕਿ ਨੇਕ ਕਿਰਤ ਕਰਨ ਦਾ ਉਪਦੇਸ਼ ਦਿੱਤਾ: ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥’’ (ਪੰਨਾ ੫੨੨)

ਨੇਕ ਕਿਰਤ ਨਾਲ ਲੋੜਾਂ ਵੀ ਪੂਰੀਆਂ ਹੋ ਜਾਣਗੀਆਂ ਤੇ ਪਾਪਾਂ ਤੋਂ ਬਿਨਾਂ ਵੱਧ ਧਨ ਵੀ ਨਹੀਂ ਜੁੜੇਗਾ।

ਕੋਈ ਪਿਤਾ ਕਿਵੇਂ ਚਾਹੇਗਾ ਕਿ ਉਸ ਦੇ ਇੱਕ ਪੁੱਤਰ ਦੇ ਘਰ ਦੌਲਤ ਦੇ ਅੰਬਾਰ ਲੱਗੇ ਹੋਣ ਤੇ ਦੂਜਾ ਰੋਟੀ ਦੀ ਖਾਤਰ ਤੜਫਦਾ ਹੋਵੇ। ਰੱਬ ਵੀ ਆਪਣੇ ਪਰਿਵਾਰ ਲਈ ਇਸ ਤਰ੍ਹਾਂ ਨਹੀਂ ਚਾਹੁੰਦਾ। ਇਸੇ ਲਈ ਗੁਰਬਾਣੀ ਨੇ ਆਰਥਿਕ ਪੱਧਰ ਬਰਾਬਰ ਕਰਨ ਲਈ ਵੰਡ ਕੇ ਛਕਣ ਦਾ ਸਿਧਾਂਤ ਦਿੱਤਾ, ਦਾਨ ਦਾ ਨਹੀਂ। ਦਾਨ ਦੇਣ ਵਾਲਾ ਹੰਕਾਰੀ ਤੇ ਲੈਣ ਵਾਲਾ ਹੀਣ ਭਾਵਨਾ ਨਾਲ ਭਰ ਸਕਦਾ ਹੈ ਪਰ ਭੈਣ-ਭਰਾਵਾਂ ਵਿਚ ਵੰਡ ਕੇ ਛਕਿਆ ਜਾਂਦਾ ਹੈ ਜਿਸ ਨਾਲ ਪਿਆਰ ਵੀ ਵੱਧਦਾ ਹੈ: ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥’’ (ਪੰਨਾ ੧੨੪੫)

ਇਸੇ ਕਾਰਨ ਸਿੱਖ ਆਪਣੀ ਕਮਾਈ ਵਿਚੋਂ ਦਸਵੰਧ ਕੱਢਦਾ ਹੈ ਤਾਂ ਕਿ ਲੋੜਵੰਦ ਦੀ ਮਦਦ ਹੋ ਸਕੇ। ਧਾਰਮਿਕ ਉਪਦੇਸ਼ ਦੇ ਨਾਲ-ਨਾਲ ਗੁਰਦੁਆਰਿਆਂ ਵਿਚ ਇਸੇ ਦਸਵੰਧ ਨਾਲ ਭੁੱਖੇ ਲਈ ਲੰਗਰ, ਰੋਗੀ ਲਈ ਇਲਾਜ, ਮੁਸਾਫਰ ਲਈ ਰਿਹਾਇਸ਼ ਤੇ ਪੜ੍ਹਾਈ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਹਰ ਕਿਸੇ ਦੀ ਲੋੜ ਪੂਰੀ ਹੋ ਸਕੇ। ਸਾਰੀ ਦੁਨੀਆਂ ਵੰਡ ਛਕਣ ਦੇ ਸਿਧਾਂਤ ਨੂੰ ਅਪਣਾ ਕੇ ਆਰਥਿਕ ਸਮੱਸਿਆ ਨੂੰ ਹੱਲ ਕਰ ਸਕਦੀ ਹੈ।

5. ਸਰੀਰਕ ਪੱਖ:ਤੰਦਰੁਸਤ ਜੀਵਨ ਲਈ ਤੰਦਰੁਸਤ ਸਰੀਰ ਦਾ ਹੋਣਾ ਵੀ ਜ਼ਰੂਰੀ ਹੈ। ਗੁਰਬਾਣੀ ਨੇ ਸਰੀਰ ’ਤੇ ਸਵਾਹ-ਮਿੱਟੀ ਮਲ ਕੇ ਮੈਲਾ ਬਣਨਾ ਨਹੀਂ ਸਿਖਾਇਆ, ਜਿਸ ਵਿੱਚੋਂ ਮੈਲ ਕਾਰਨ ਕਈ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ ਬਲਕਿ ਰੁਜ਼ਾਨਾ ਇਸ਼ਨਾਨ ਕਰਕੇ ਸਫਾਈ ਰੱਖਣੀ ਸਿਖਾਈ: ‘‘ਕਰਿ ਇਸਨਾਨੁ, ਸਿਮਰਿ ਪ੍ਰਭੁ ਅਪਨਾ; ਮਨ ਤਨ ਭਏ ਅਰੋਗਾ ॥’’ (ਪੰਨਾ ੬੧੧)

ਤਪੀਆਂ ਵਾਂਗ ਤੱਪ ਕਰਕੇ ਸਰੀਰ ਨੂੰ ਕਸ਼ਟ ਦੇਣੇ; ਜਿਵੇਂ ਅੱਗ ਬਾਲ ਕੇ ਸਰੀਰ ਸਾੜਨਾ, ਠੰਡੇ ਪਾਣੀ ਵਿਚ ਬੈਠਣਾ, ਬਰਫ਼ਾਂ ਵਿਚ ਤਪ ਕਰਨੇ, ਪੁੱਠੇ ਲਟਕਣਾ ਜਾਂ ਵਰਤ ਆਦਿ ਰੱਖਣੇ ਆਦਿ ਕੰਮਾਂ ਤੋਂ ਵਰਜਿਆ, ਨਾਲ ਹੀ ਨਸ਼ਿਆਂ ਤੋਂ ਵੀ ਤਾੜਨਾ ਕੀਤੀ, ਬਲਕਿ ਇਹ ਕਿਹਾ ਕਿ ਇਸ ਸਰੀਰ ਨੇ ਤੇਰਾ ਕੀ ਵਿਗਾੜਿਆ ਹੈ ਇਹ ਤਾਂ ਅਕਾਲ ਪੁਰਖ ਦੇ ਰਹਿਣ ਦਾ ਸੁੰਦਰ ਘਰ ਹੈ: ‘‘ਤਨੁ ਨ ਤਪਾਇ ਤਨੂਰ ਜਿਉ; ਬਾਲਣੁ ਹਡ ਨ ਬਾਲਿ ॥ ਸਿਰਿ ਪੈਰੀ ਕਿਆ ਫੇੜਿਆ  ? ਅੰਦਰਿ ਪਿਰੀ ਨਿਹਾਲਿ ॥’’ (ਪੰਨਾ ੧੩੮੪)

ਸਰੀਰਕ ਕਮਜ਼ੋਰੀ ਨੇ ਭਾਰਤ ਨੂੰ ਸੈਂਕੜੇ ਸਾਲ ਗੁਲਾਮ ਬਣਾਈ ਰੱਖਿਆ। ਗੁਰੂ ਸਾਹਿਬਾਨਾਂ ਨੇ ਸਰੀਰ ਨੂੰ ਤਕੜਿਆਂ ਕਰਨ ਲਈ ਮੱਲ-ਅਖਾੜੇ ਤਿਆਰ ਕਰਵਾਏ। ਖੇਡਾਂ, ਘੋਲ, ਕੁਸ਼ਤੀਆਂ, ਘੋੜ ਸਵਾਰੀ, ਹਥਿਆਰ ਚਲਾਉਣੇ ਸਿਖਾਏ। ਗੁਰਬਾਣੀ ਨੇ ਇਸ ਸਰੀਰ ਨੂੰ ਬਲਵਾਨ ਬਣਾਉਣ ਲਈ ਕਿਹਾ ਤਾਂ ਕਿ ਜ਼ਾਲਮ ਸਾਹਮਣੇ ਬੇਇੱਜ਼ਤ ਹੋਣ ਦੀ ਬਜਾਇ ਤਕੜੇ ਹੋ ਕੇ ਜ਼ਾਲਮ ਦਾ ਮੁਕਾਬਲਾ ਕੀਤਾ ਜਾ ਸਕੇ: ‘‘ਜੇ ਜੀਵੈ; ਪਤਿ ਲਥੀ ਜਾਇ ॥ ਸਭੁ ਹਰਾਮੁ; ਜੇਤਾ ਕਿਛੁ ਖਾਇ ॥ (ਪੰਨਾ ੧੪੨) ਅਤੇ ਨਾਨਕ ! ਸੋ ਪ੍ਰਭੁ ਸਿਮਰੀਐ; ਤਿਸੁ ਦੇਹੀ ਕਉ ਪਾਲਿ ॥’’ (ਪੰਨਾ ੫੫੪)

6. ਬੌਧਿਕ ਪੱਖ:ਬੌਧਿਕ ਪੱਖੋਂ ਕਮਜ਼ੋਰ ਮਨੁੱਖ ਜੀਵਨ ਦੇ ਹਰ ਖੇਤਰ ਵਿਚ ਮਾਰ ਖਾ ਜਾਂਦਾ ਹੈ। ਗੁਰਬਾਣੀ ਹੈ ਹੀ ਗਿਆਨ, ਜਿਹੜਾ ਸਾਡੇ ਬੌਧਿਕ ਪੱਖ ਨੂੰ ਮਜ਼ਬੂਤ ਕਰਦਾ ਹੈ। ਹਰ ਵਹਿਮ, ਭਰਮ, ਪਾਖੰਡ ਪਿੱਛੇ ਅੱਖਾਂ ਮੀਟ ਕੇ ਅੰਧ ਵਿਸ਼ਵਾਸੀ ਬਣ ਕੇ ਲਾਈ-ਲੱਗ ਬਣਨ ਦੀ ਬਜਾਇ ਗੁਰਬਾਣੀ ਨੇ ਹਰ ਚੀਜ਼ ਨੂੰ ਪਰਖਣ ਦੀ ਹਦਾਇਤ ਕੀਤੀ। ਖੋਟਾ ਸਮਾਨ ਖਰੀਦ ਕੇ, ਘਰ ਲਿਆ ਕੇ, ਪਰਖ ਕੇ ਪਛੁਤਾਉਣ ਨਾਲੋਂ ਪਹਿਲਾਂ ਹੀ ਪਰਖ ਕੇ ਖਰਾ ਸਮਾਨ ਖਰੀਦਣ ਦੀ ਹਦਾਇਤ ਕੀਤੀ ਭਾਵ ਮਨੁੱਖਾ ਜ਼ਿੰਦਗੀ ਵਿਚ ਹਰ ਕਰਮ ਪਰਖ ਕੇ ਕਰੇ ਤਾਂ ਕਿ ਉਸ ਦਾ ਹਰ ਕਰਮ, ਸੁਕਰਮ ਹੋ ਜਾਏ, ਨਾ ਕਿ ਵਿਅਰਥ ਦਾ ਕਰਮਕਾਂਡ: ‘‘ਸੁਣਿ ਮੁੰਧੇ ਹਰਣਾਖੀਏ ! ਗੂੜਾ ਵੈਣੁ ਅਪਾਰੁ ॥ ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ॥’’ (ਪੰਨਾ ੧੪੧੦)

ਮਨੁੱਖ ਐਸਾ ਕੰਮ ਕਰੇ ਹੀ ਨਾ, ਜਿਸ ਨਾਲ਼ ਅਕਾਲ ਪੁਰਖ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ। ਉਹ ਆਪਣੀ ਦੂਰ ਦ੍ਰਿਸ਼ਟੀ ਵਰਤ ਕੇ ਹੀ ਬੌਧਿਕ ਪੱਧਰ ’ਤੇ ਉੱਚਾ ਹੋ ਸਕਦਾ ਹੈ: ‘‘ਫਰੀਦਾ ! ਜਿਨ੍ੀ ਕੰਮੀ ਨਾਹਿ ਗੁਣ; ਤੇ ਕੰਮੜੇ ਵਿਸਾਰਿ ॥ ਮਤੁ ਸਰਮਿੰਦਾ ਥੀਵਹੀ; ਸਾਂਈ ਦੈ ਦਰਬਾਰਿ ॥ (ਪੰਨਾ ੧੩੮੧) ਜਾਂ ਐਸਾ ਕੰਮੁ ਮੂਲੇ ਨ ਕੀਚੈ; ਜਿਤੁ ਅੰਤਿ ਪਛੋਤਾਈਐ ॥ (ਪੰਨਾ ੯੧੮) ਜਾਂ ਮੰਦਾ ਮੂਲਿ ਨ ਕੀਚਈ; ਦੇ ਲੰਮੀ ਨਦਰਿ ਨਿਹਾਲੀਐ ॥’’ (ਪੰਨਾ ੪੭੪)

7. ਮਾਨਸਿਕ ਪੱਖ:ਅੱਜ ਦੁਨੀਆਂ ਦੀ ਰਫਤਾਰ ਏਨੀ ਤੇਜ਼ ਹੈ ਕਿ ਤੇਜ਼ ਰਫਤਾਰ ਜ਼ਿੰਦਗੀ ਵਿਚ ਮਨੁੱਖ ਘਰ ਦੇ ਫੋਨ ’ਤੇ ਨਹੀਂ ਮਿਲਦਾ ਇਸ ਨਾਲ ਮੋਬਾਇਲ ਫੋਨ ’ਤੇ ਹੀ ਗੱਲ ਕਰਨੀ ਪੈ ਰਹੀ ਹੈ। ਫਾਸਟ ਲਾਈਫ ਦੇ ਨਾਲ ਇਸ ਨੇ ਫਾਸਟ ਫੂਡ ਵਰਤਣਾ ਸ਼ੁਰੂ ਕਰ ਦਿੱਤਾ। ਇਸ ਦੌੜ-ਭੱਜ ਵਿਚ ਸ਼ਾਂਤੀ ਤੋਂ ਖੁੰਝ ਗਿਆ। ਮਾਨਸਿਕ ਦੁੱਖ ਸਿਰਫ ਏਨੀ ਗੱਲ ਦਾ ਹੈ ਕਿ ਉਹ ਜੋ ਚਾਹੁੰਦਾ ਹੈ ਉਹ ਹੁੰਦਾ ਨਹੀਂ, ਜੋ ਹੁੰਦਾ ਹੈ ਉਹ ਭਾਉਂਦਾ ਨਹੀਂ ਤੇ ਜੋ ਭਾਉਂਦਾ ਹੈ ਉਹ ਰਹਿੰਦਾ ਨਹੀਂ। ਪਦਾਰਥ ਦੀ ਚਾਹ ਨੇ ਇਸ ਦਾ ਸਹਿਜ ਵੀ ਖਤਮ ਕਰ ਦਿੱਤਾ। ਸੌਣ ਲੱਗਿਆਂ ਨੀਂਦ ਦੀ ਗੋਲੀ ਖਾਣੀ ਪੈਂਦੀ ਹੈ ਤੇ ਜਾਗਣ ਲਈ ਅਲਾਰਮ ਰੱਖਣੇ ਪੈਂਦੇ ਹਨ। ਇਸ ਦੇ ਵੱਡੇ ਸਾਰੇ ਪਲੰਘ ’ਤੇ ਪਏ ਡੰਨਲਪ ਦੇ ਸਿਰ੍ਹਾਣੇ ਥੱਲੇ ਦਵਾਈਆਂ ਦਾ ਢੇਰ ਲੱਗਾ ਹੁੰਦਾ ਹੈ। ਕਾਰਨ ਇਹ ਹੈ ਕਿ ਇਹ ਭਵਿੱਖ ਵਿਚ ਮਿਲਣ ਵਾਲੇ ਪਦਾਰਥ ਦੀ ਚਿੰਤਾ ਕਾਰਨ ਵਰਤਮਾਨ ਜ਼ਿੰਦਗੀ ਦੇ ਪਲ ਅਜਾਈਂ ਗੁਆ ਰਿਹਾ ਹੈ। ਗੁਰਬਾਣੀ ਨੇ ਇਹ ਸਿਧਾਂਤ ਦਿੱਤਾ ਕਿ ਜਿਹੜਾ ਅਕਾਲ ਪੁਰਖ ਧਰਤੀ (ਕੁਦਰਤ) ਚਲਾ ਰਿਹਾ ਹੈ, ਸੂਰਜ, ਚੰਦਰਮਾ, ਤਾਰੇ ਤੇ ਵੱਡੇ-ਵੱਡੇ ਗੈਸਾਂ ਦੇ ਗੋਲੇ ਚਲਾ ਰਿਹਾ ਹੈ ਕੀ ਉਹ ਤੇਰੀ ਛੋਟੀ ਜਿਹੀ ਜ਼ਿੰਦਗੀ ਨਹੀਂ ਚਲਾਏਗਾ ? ‘‘ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਰਬ ਜੀਆ ਕਾ ਦਾਤਾ ਰੇ ॥ ਪ੍ਰਤਿਪਾਲੈ ਨਿਤ ਸਾਰਿ ਸਮਾਲੈ; ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥’’ (ਪੰਨਾ ੬੧੨)

ਜੀਵ ਆਪਣੇ ਕੰਮ ਦੇ ਪ੍ਰਤੀ ਲਾਪਰਵਾਹ ਨਾ ਹੋਵੇ ਪਰ ਬੇਪਰਵਾਹ (ਨਿਰਮੋਹ, ਤਿਆਗੀ) ਜ਼ਰੂਰ ਹੋ ਜਾਵੇ। ਜੀਵ ਦਾ ਕੰਮ ਸਿਰਫ ਕਰਮ ਕਰਨਾ ਹੈ, ਫਲ ਦੇਣਾ ਤਾਂ ਰੱਬ ਦੇ ਹੱਥ ਵਿੱਚ ਹੈ। ਜੇ ਜੀਵ ਆਪਣੇ ਕੰਮ ਦਾ ਫਲ ਉਸ ਅਕਾਲ ਪੁਰਖ ’ਤੇ ਛੱਡ ਦੇਵੇ ਤਾਂ ਇਸ ਦੀ ਜ਼ਿੰਦਗੀ ਵਿੱਚੋਂ ਚਿੰਤਾਵਾਂ ਮੁੱਕ ਜਾਣਗੀਆਂ ਤੇ ਇਸ ਨੂੰ ਮਾਨਸਿਕ ਸੁਖ ਪ੍ਰਾਪਤ ਹੋ ਜਾਵੇਗਾ: ‘‘ਨਾ ਕਰਿ ਚਿੰਤ; ਚਿੰਤਾ ਹੈ ਕਰਤੇ ॥ ਹਰਿ ਦੇਵੈ; ਜਲਿ ਥਲਿ ਜੰਤਾ ਸਭਤੈ ॥ ਅਚਿੰਤ ਦਾਨੁ ਦੇਇ ਪ੍ਰਭੁ ਮੇਰਾ; ਵਿਚਿ ਪਾਥਰ ਕੀਟ ਪਖਾਣੀ ਹੇ ॥’’ (ਪੰਨਾ ੧੦੭੦)

ਜਦ ਕੋਈ ਵੀ ਰੱਬ ਨੂੰ ਸਹਾਰਾ ਬਣਾ ਕੇ ਮਾਨਸਿਕ ਤੌਰ ’ਤੇ ਮਜ਼ਬੂਤ ਹੋਵੇਗਾ ਤਾਂ ਉਹ ਕਹਿ ਸਕੇਗਾ: ‘‘ਧੁਰ ਕੀ ਬਾਣੀ ਆਈ ॥ ਤਿਨਿ, ਸਗਲੀ ਚਿੰਤ ਮਿਟਾਈ ॥’’ (ਪੰਨਾ ੬੨੮)

8, ਆਤਮਿਕ ਪੱਖ:ਇਹ ਪੱਖ ਥੋੜਾ ਗੁੰਝਲਦਾਰ ਹੈ। ਗੁਰਬਾਣੀ ਨੇ ਸਭ ਸਰੀਰਾਂ ਵਿਚ ਇਕ ਅਕਾਲ ਪੁਰਖ ਦਾ ਵਾਸ ਮੰਨਿਆ ਹੈ, ਜਿਸ ਨੂੰ ਆਤਮ ਰਾਮ ਵੀ ਕਿਹਾ ਜਾਂਦਾ ਹੈ। ਸਰੀਰ ਦੇ ਤਲ ’ਤੇ ਜੀਵਨ ਬਤੀਤ ਕਰਕੇ ਕੇਵਲ ਆਪਣੇ ਸਰੀਰ ਬਾਰੇ ਹੀ ਸੋਚਿਆ ਜਾ ਸਕਦਾ ਹੈ। ਕਿਸੇ ਦਾ ਤਲ ਥੋੜਾ ਉੱਚਾ ਹੋ ਜਾਂਦਾ ਹੈ ਤੇ ਉਹ ਪਰਿਵਾਰ ਦੀ ਭਲਾਈ ਬਾਰੇ ਸੋਚਦਾ ਹੈ। ਕੋਈ ਆਪਣੀ ਜਾਤ-ਬਰਾਦਰੀ ਅਤੇ ਜ਼ਿਆਦਾ ਤੋਂ ਜਿਆਦਾ ਦੇਸ਼ ਦੀ ਭਲਾਈ ਬਾਰੇ ਸੋਚ ਸਕਦਾ ਹੈ। ਦੇਸ਼ ਦੀ ਸੀਮਾ ’ਤੇ ਜਾ ਕੇ ਭਲਾਈ ਵੀ ਰੁੱਕ ਜਾਂਦੀ ਹੈ ਕਿਉਂਕਿ ਦੂਜੇ ਦੇਸ਼ ਦਾ ਵਾਸੀ ਵਿਰੋਧੀ ਹੈ, ਉਸ ਦਾ ਭਲਾ ਕਿਵੇਂ ਸੋਚਿਆ ਜਾ ਸਕਦਾ ਹੈ ? ਇਸੇ ਲਈ ਗੁਰਬਾਣੀ ਨੇ ਆਤਮ ਰਾਮ ਦੀ ਗੱਲ ਕੀਤੀ ਹੈ ਕਿ ਹਰ ਜੀਵ ਉਸ ਪ੍ਰਭੂ ਦਾ ਹੀ ਹਿੱਸਾ ਹੈ: ‘‘ਹਰਿ, ਆਤਮ ਰਾਮੁ ਪਸਾਰਿਆ ਸੁਆਮੀ; ਸਰਬ ਰਹਿਆ ਭਰਪੂਰੇ ॥’’ (ਪੰਨਾ ੭੭੪)

ਜੇਕਰ ਦੂਸਰੇ ਦੀ ਆਤਮਾ ਵੀ ਰੱਬ ਦਾ ਰੂਪ ਹੈ ਤਾਂ ਮੈ ਉਸ ਨੂੰ ਦੁੱਖ ਕਿਵੇਂ ਦਿਆਂ ? ਇਹ ਆਤਮ ਰਾਮ ਤਾਂ ਮੇਰੇ ਵਿਚ ਵੀ ਹੈ, ਮੇਰੇ ਪਰਿਵਾਰ ਵਿਚ ਵੀ ਹੈ, ਮੇਰੇ ਦੇਸ਼ ਦੇ ਲੋਕਾਂ ਵਿਚ ਵੀ ਹੈ ਤੇ ਮੇਰੇ ਦੇਸ਼ ਤੋਂ ਬਾਹਰ ਦੇ ਲੋਕਾਂ ਵਿਚ ਵੀ ਹੈ। ਇਹੀ ਆਤਮ ਰਾਮ ਦਾ ਸਿਧਾਂਤ ਪੂਰੀ ਮਨੁੱਖਤਾ ਨੂੰ ਆਪਸ ਵਿਚ ਜੋੜ ਸਕਦਾ ਹੈ। ਫਿਰ ਮਨੁੱਖ ਸਾਰਿਆਂ ਨੂੰ ਹੀ ਆਪਣਾ ਹਿੱਸਾ ਜਾਣ ਕੇ ਆਤਮਿਕ ਤੌਰ ’ਤੇ ਬਲਵਾਨ ਹੋ ਜਾਂਦਾ ਹੈ। ਉਸ ਦੀ ਸੋਚ ਵੀ ਸਰਬੱਤ ਦੇ ਭਲੇ ਵਾਲੀ ਬਣ ਜਾਂਦੀ ਹੈ। ਉਸ ਦੀ ਭਲੇ ਵਾਲੀ ਸੋਚ ਵਿੱਚੋਂ ਹੀ ਉਸ ਦਾ ਪਰਉਪਕਾਰੀ ਵਿਹਾਰ ਪੈਦਾ ਹੋ ਜਾਂਦਾ ਹੈ: ‘‘ਜਗਤੁ ਜਲੰਦਾ ਰਖਿ ਲੈ; ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ, ਉਬਰੈ; ਤਿਤੈ ਲੈਹੁ ਉਬਾਰਿ ॥’’ (ਪੰਨਾ ੮੫੩)

ਇਸ ਤਰ੍ਹਾਂ ਅਨੇਕਤਾ ਵਿਚ ਵੀ ਏਕਤਾ ਨਜ਼ਰ ਆਵੇਗੀ। ਵੰਡੀਆਂ ਖਤਮ ਹੋ ਜਾਣਗੀਆਂ। ਜੇ ਕਦੀ ਦੁਨੀਆਂ ਵਿਚ ਇਹੋ ਜਿਹੇ ਨੇਕ ਮਨੁੱਖਾਂ ਦੀ ਸਾਂਝੀ ਸਰਕਾਰ ਬਣ ਜਾਏ ਤਾਂ ਦੇਸ਼, ਸੂਬਿਆਂ (ਸਟੇਟਸ) ਵਿਚ ਬਦਲ ਜਾਣਗੇ, ਕਰੰਸੀ ਇੱਕ ਹੋ ਜਾਵੇਗੀ, ਪਾਸਪੋਰਟ ਸਿਸਟਮ ਖਤਮ ਹੋ ਜਾਵੇਗਾ, 70% ਧਨ ਮਾਰੂ ਹਥਿਆਰਾਂ ’ਤੇ ਖਰਚਣ ਦੀ ਬਜਾਇ ਮਨੁੱਖੀ ਵਿਕਾਸ ਲਈ ਖਰਚਿਆ ਜਾਵੇਗਾ। ਫਿਰ ਗੁਰਬਾਣੀ ਦਾ ਇਹ ਸੱਚ ਪੂਰਨ ਤੌਰ ’ਤੇ ਪਰਗਟ ਹੋ ਜਾਵੇਗਾ: ‘‘ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ॥’’ (ਪੰਨਾ ੭੪)

ਅੱਜ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਮਹਾਨ ਗਿਆਨ ਨੂੰ ਘਰ-ਘਰ ਪਹੁੰਚਾਉਣ ਦੀ ਜੋ ਹਰ ਮਨੁੱਖ ਮਾਤਰ ਨੂੰ ਸੁਚੱਜੀ ਜੀਵਨ ਜਾਚ ਦੇ ਕੇ ਯੋਗ ਅਗਵਾਈ ਦੇ ਸਕੇ। ਅਜਿਹੇ ਵਿਸ਼ਿਆਂ ਰਾਹੀਂ ਸੰਸਾਰ ’ਚ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਣਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ, ਤਾਂ ਜੋ ਹਰ ਕੋਈ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥ ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ, ਨਿਸਤਾਰੇ ॥’’ (ਪੰਨਾ ੯੮੨) ਵਚਨਾਂ ਦਾ ਲਾਭ ਉੱਠਾ ਸਕੇ।

ਗੁਰੂ ਨਾਨਕ ਜੀ ਦਾ ਜਨਮ ਕੱਤਕ ਬਨਾਮ ਵੈਸਾਖ

0

ਗੁਰੂ ਨਾਨਕ ਜੀ ਦਾ ਜਨਮ ਕੱਤਕ ਬਨਾਮ ਵੈਸਾਖ

ਜਨਮ ਸਾਖੀ ਭਾਈ ਬਾਲਾ ਦੀ ਅਸਲੀਅਤ

ਸਰਵਜੀਤ ਸਿੰਘ ਸੈਕਰਾਮੈਂਟੋ

ਜਨਮ ਅਤੇ ਸਾਖੀ ਦੇ ਮੇਲ ਤੋਂ ਬਣੇ ਜਨਮ ਸਾਖੀ ਦਾ ਭਾਵ ਹੈ ਜਨਮ ਦੀ ਗਵਾਹੀ। ਸਿੱਖ ਇਤਿਹਾਸ ਨਾਲ ਸਬੰਧਿਤ ਜਨਮ ਸਾਖੀ, ਕੇਵਲ ਜਨਮ ਦੀ ਗਵਾਹੀ ਹੀ ਨਹੀਂ ਸਗੋਂ ਜੀਵਨ ਦੀ ਕਹਾਣੀ ਵੀ ਹੈ। ਵਿਦਵਾਨਾਂ ਦਾ ਮੱਤ ਹੈ ਕਿ ਜਨਮ ਸਾਖੀ ਗੁਰੂ ਜੀ ਦੇ ਜਨਮ ਨਾਲ ਸਬੰਧਿਤ ਸਾਖੀ ਦਾ ਸਿਰਲੇਖ ਸੀ ਜੋ ਹੌਲੀ-ਹੌਲੀ ਸਾਖੀਆਂ ਦੇ ਸਮੂਹ ਦਾ ਹੀ ਸਿਰਲੇਖ ਬਣ ਗਿਆ। ਸਿੱਖ ਇਤਿਹਾਸ ਦੇ ਪੁਰਾਤਨ ਵਸੀਲਿਆਂ ਵਿਚ ਜਨਮ ਸਾਖੀਆਂ ਦਾ ਮਹੱਤਵਪੂਰਨ ਅਸਥਾਨ ਰਿਹਾ ਹੈ। ਸਿੱਖ ਸਾਹਿਤ ਵਿਚ ਮਿਲਦੀਆਂ ਜਨਮ ਸਾਖੀਆਂ, “ਪੁਰਾਤਨ ਜਨਮ ਸਾਖੀ” ਜੋ ਹਾਫਜ਼ਾ ਵਾਦੀ, ਵਲਾਇਤ ਵਾਲੀ ਅਤੇ ਕੌਲਬਰੁਕ ਵਾਲੀ ਜਨਮ ਸਾਖੀ ਆਦਿ ਨਾਵਾਂ ਨਾਲ ਵੀ ਜਾਣੀ ਜਾਂਦੀ ਹੈ, “ਪੋਥੀ ਸਚ ਖੰਡ” ਮਿਹਰਬਾਨ ਵਾਲੀ ਜਨਮ ਸਾਖੀ, “ਆਦਿ ਸਾਖੀਆਂ” ਸ਼ੰਭੂ ਨਾਥ ਵਾਲੀ ਜਨਮ ਪਤ੍ਰੀ, ਭਾਈ ਬਾਲੇ ਵਾਲੀ ਜਨਮ ਸਾਖੀ, “ਗਿਆਨ ਰਤਨਾਵਲੀ”  ਭਾਈ ਮਨੀ ਸਿੰਘ ਵਾਲੀ ਜਨਮ ਸਾਖੀ, “ਜਨਮ ਸਾਖੀ ਨਾਨਕ ਸ਼ਾਹ ਕੀ” ਕ੍ਰਿਤ ਸੰਤ ਦਾਸ ਛਿੱਬਰ, ਜੋ ਭਾਈ ਬਾਲੇ ਵਾਲੀ ਦਾ ਹੀ ਕਾਵਿਕ ਰੂਪ ਹੈ, “ਆਦਿ ਸਾਖੀਆਂ” ਭਾਈ ਬੂਲਾ ਦੀ ਕ੍ਰਿਤ ਅਤੇ ਸ਼ੀਹਾ ਉੱਪਲ ਦੀ ਕ੍ਰਿਤ “ਸਾਖੀ ਮਹਿਲ ਪਹਿਲੇ ਕੀ” ਪ੍ਰਸਿੱਧ ਹਨ।  ਜਨਮ ਸਾਖੀਆਂ ਵਿੱਚ ਸਭ ਤੋਂ ਵੱਧ ਪ੍ਰਚੱਲਤ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਇਸ ਦੇ ਪ੍ਰਚੱਲਤ ਹੋਣ ਦਾ ਕਾਰਨ ਹੈ ਪਿਛਲੀ ਡੇਢ ਸਦੀ ਤੋਂ ਗੁਰਦਵਾਰਿਆਂ ਵਿੱਚ ਭਾਈ ਸੰਤੋਖ ਸਿੰਘ ਦੇ ਲਿਖੇ ਸੂਰਜ ਪ੍ਰਕਾਸ਼ ਦੀ ਹੋ ਰਹੀ ਕਥਾ। ਇਸ ਜਨਮ ਸਾਖੀ ਦੇ ਹੱਥ ਲਿਖਤ ਉਤਾਰੇ ਬਹੁਤ ਮਿਲਦੇ ਹਨ ਅਤੇ  ਛਾਪੇ ਖ਼ਾਨੇ ਵਾਲਿਆਂ ਨੇ ਵੀ ਵਾਰ-ਵਾਰ ਇਸੇ ਨੂੰ ਹੀ ਛਾਪਿਆ ਹੈ। ਇਸ `ਚ ਕੋਈ ਸ਼ੱਕ ਨਹੀਂ ਕਿ ਭਾਈ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਜਨਮ ਸਾਖੀ ਦਾ ਹੀ ਪ੍ਰਚਾਰ ਸਭ ਤੋਂ ਵੱਧ ਹੋਇਆ ਹੈ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਜਨਮ ਸਾਖੀਆਂ ਦੀ ਪ੍ਰਮਾਣਿਕਤਾ ਬਾਰੇ ਵੀ ਸਭ ਤੋਂ ਵੱਧ ਪਰਖ-ਪੜਚੋਲ, ਭਾਈ ਬਾਲੇ ਵਾਲੀ ਜਨਮ ਸਾਖੀ ਦੀ ਹੀ ਹੋਈ ਹੈ। 

ਭਾਈ ਬਾਲੇ ਵਾਲੀ ਜਨਮ ਸਾਖੀ ਦੀ ਪਰਖ ਦੇ ਆਰੰਭਕ ਉਪਰਾਲੇ ਵਜੋਂ, ਸਿੰਘ ਸਭਾ ਦੇ ਸਮੇਂ 1884 ਈ: ਵਿਚ ਪ੍ਰੋ: ਗੁਰਮੁਖ ਸਿੰਘ ਜੀ ਨੇ ‘ਜਨਮ ਕੁੰਡਲੀਆਂ’ ਲੇਖ ਆਪਣੇ ਮਾਸਿਕ ਪਤ੍ਰਿਕਾ ਸੁਧਾਰਕ ਵਿੱਚ ਛਾਪਿਆ ਸੀ। ਪਰ ਠੋਸ ਆਲੋਚਨਾਤਮਿਕ ਅਧਿਐਨ ਦਾ ਮੁੱਢ ਸ. ਕਰਮ ਸਿੰਘ ਹਿਸਟੋਰੀਅਨ ਨੇ 1912 ਈ: ਵਿਚ, ‘ਕੱਤਕ ਕਿ ਵੈਸਾਖ’ ਲਿਖ ਕੇ ਬੰਨ੍ਹਿਆਂ ਸੀ। ਇਸੇ ਤਰ੍ਹਾਂ ਹੀ ਪੁਰਾਤਨ ਜਨਮ ਸਾਖੀਆਂ ਦੀ ਸਾਂਭ-ਸੰਭਾਲ ਅਤੇ ਮੁੜ ਸੰਪਾਦਨਾ ਦਾ ਕਾਰਜ ਭਾਈ ਵੀਰ ਸਿੰਘ ਨੇ 1926 ਈ: ਵਿਚ, ਵਲੈਤ ਵਾਲੀ ਜਨਮਸਾਖੀ ਅਤੇ ਹਾਫਜਾਵਾਦੀ ਜਨਮਸਾਖੀ, ਜੋ ਲਗਭਗ ਸਮਰੂਪ ਹੀ ਹਨ, ਦੇ ਅਧਾਰ ਤੇ ਪੁਰਾਤਨ ਜਨਮਸਾਖੀ ਦੀ ਸੰਪਾਦਨਾ ਕਰਕੇ ਆਰੰਭ ਦਿੱਤਾ ਸੀ। ਪਰ ਵਿਦਿਅਕ ਅਦਾਰਿਆਂ ਵਿਚ ਵੱਡੀ ਪੱਧਰ ਤੇ ਇਸ ਵਿਸ਼ੇ ਤੇ ਖੋਜ ਕਾਰਜ ਦਾ ਆਰੰਭ, ਗੁਰੂ ਨਾਨਕ ਜੀ ਦੇ ਪ੍ਰਕਾਸ਼ ਦੀ ਪੰਜਵੀਂ ਸ਼ਤਾਬਦੀ ਭਾਵ 1969 ਈ: ਦੇ ਆਸ-ਪਾਸ ਹੀ ਹੋਇਆ ਸੀ।

ਸ. ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਹਨ, “ਭਾਈ ਬਾਲੇ ਵਾਲੀ ਜਨਮ ਸਾਖੀ ਦੀ ਪੁਰਾਣੀ ਤੋਂ ਪੁਰਾਣੀ ਕਾਪੀ ਜੋ ਮਿਲ ਸਕੀ ਹੈ ਉਹ ਜਗਰਾਵੀਂ ਇਕ ਡੇਰੇ ਵਿਚੋਂ ਮਿਲੀ ਹੈ, ਇਸ ਦੇ ਲਿਖੇ ਜਾਣ ਦਾ ਸੰਮਤ ੧੭੮੧ ਮਿਤੀ ਮੱਘਰ ਵਦੀ ਦਸਮੀ ਹੈ। ਇਸ ਤੋਂ ਪਹਿਲਾਂ ਦੀ ਲਿਖੀ ਹੋਈ ਕਾਪੀ ਨਹੀਂ ਮਿਲਦੀ”। (ਪੰਨਾ 115) ਹੁਣ ਖੋਜੀ ਵਿਦਵਾਨਾਂ ਨੂੰ ਬਿਕ੍ਰਮੀ 1715 ਸੰਮਤ ਦੀ ਲਿਖੀ ਹੋਈ ਹੱਥ ਲਿਖਤ ਵੀ ਮਿਲ ਗਈ ਹੈ ਜੋ ਸ੍ਰੀ ਪਿਆਰੇ ਲਾਲ ਕਪੂਰ ਦੀ ਸੰਤਾਨ ਪਾਸ ਸੁਰਖਿਅਤ ਹੈ। ਹੁਣ ਤਾਈਂ ਮਿਲੀਆਂ ਹੱਥ ਲਿਖਤਾਂ `ਚ ਇਹ ਸਭ ਤੋਂ ਪੁਰਾਣੀ ਹੱਥ ਲਿਖਤ ਮੰਨੀ ਗਈ ਹੈ। ਇਹ ਇਕੋ ਹੱਥ ਲਿਖਤ ਹੈ। ਇਸ ਦਾ ਲੇਖਕ ਲਾਹੌਰ ਨਿਵਾਸੀ ਗੋਰਖ ਨਾਥ ਹੈ। “ਸੰਮਤ ੧੭੧੫ ਮਾਘ ਸੁਦੀ ੬ ਪੋਥੀ ਲਿਖੀ ਗੁਰ ਪ੍ਰਸਾਦ ਗੋਰਖ ਦਾਸ ਸੰਗਤ ਗੁਰੂ ਜਾਚਕ”। ਇਹ ਤਾਰੀਖ 18 ਜਨਵਰੀ 1659 ਈ: (ਜੂਲੀਅਨ) ਬਣਦੀ ਹੈ। ਪਰ ਇਸ ਜਨਮ ਸਾਖੀ ਦੇ ਆਰੰਭ ਵਿੱਚ ਹੀ ਇਸ ਦਾ ਲੇਖਕ ਲਿਖਦਾ ਹੈ, “ਜਨਮ ਸਾਖੀ ਸ੍ਰੀ ਗੁਰੂ ਬਾਬੇ ਨਾਨਕ ਜੀ ਕੀ ਸੰਮਤ 1582, ਪੰਦ੍ਰਰਾ ਸੈ ਬੈਆਸੀਆਂ ਮਿਤੀ ਵੈਸਾਖ ਸੁਦੀ ਪੰਚਮੀ ਪੋਥੀ ਲਿਖੀ”। ਇਹ ਤਾਰੀਖ 27 ਅਪ੍ਰੈਲ 1525 ਈ: ਬਣਦੀ ਹੈ ਜਦ ਕਿ ਗੁਰੂ ਜੀ ਅੱਸੂ ਵਦੀ 10 ਸੰਮਤ 1596 ਬਿਕ੍ਰਮੀ (7 ਸਤੰਬਰ 1539 ਈ:) ਜੋਤੀ ਜੋਤ ਸਮਾਏ ਸਨ ਭਾਵ ਇਸ ਮਿਤੀ ਅਨੁਸਾਰ ਤਦ ਗੁਰੂ ਨਾਨਕ ਜੀ ਜੀਵਤ ਸਨ ।

ਇਸ ਬਾਲਾ ਸਾਖੀ ਵਿਚ ਗੁਰੂ ਨਾਨਕ ਜੀ ਦਾ ਜਨਮ ਸੰਮਤ 1582 ਦਿੱਤਾ ਗਿਆ ਹੈ ਭਾਵ ਤਦ ਗੁਰੂ ਨਾਨਕ ਜੀ ਜੀਵਤ ਸਨ ।

ਕੋਈ ਸਮਾਂ ਸੀ ਜਦੋਂ ਸਾਧਨਾਂ ਦੀ ਕਮੀ ਕਾਰਨ ਸਿੱਖਾਂ ਵਿੱਚ ਪੜ੍ਹਨ ਦੀ ਬਹੁਤੀ ਰੁਚੀ ਨਹੀਂ ਸੀ। ਆਪ ਪੜ੍ਹਨ ਅਤੇ ਪਰਖ ਪੜਚੋਲ ਦੀ ਬਜਾਏ, ਪ੍ਰਚਾਰਕਾਂ ਵੱਲੋਂ ਸੁਣਾਈਆਂ ਸਾਖੀਆਂ ਨੂੰ ਹੀ ਸੱਚ ਮੰਨ ਲਿਆ ਜਾਂਦਾ ਸੀ। ਅੱਜ ਸਾਡੇ ਪਾਸ ਬਹੁਤ ਸਾਰੇ ਸਾਧਨ ਹਨ ਅਤੇ ਪ੍ਰਚਾਰਕਾਂ ਦੀ ਨਵੀਂ ਪੀੜ੍ਹੀ, ਕੁਝ ਇਕ ਨੂੰ ਛੱਡ ਕੇ, ਪੜ੍ਹੀ ਲਿਖੀ ਹੈ, ਜੋ ਇਤਿਹਾਸ `ਚ ਦਰਜ ਸਾਖੀਆਂ ਨੂੰ ਗੁਰਬਾਣੀ ਦੀ ਕਸਵੱਟੀ ਅਤੇ ਵਿਗਿਆਨਕ ਨਿਯਮਾ ਨਾਲ ਪਰਖ ਪੜਚੋਲ ਕੇ ਪੇਸ਼ ਕਰਦੇ ਹਨ। ਪੜ੍ਹਨ-ਲਿਖਣ ਦੀ ਰੁਚੀ ਰੱਖਣ ਵਾਲੇ ਸੱਜਣ ਇਹ ਜਾਣਦੇ ਹਨ ਕਿ ਬਾਲੇ ਵਾਲੀ ਜਨਮ ਸਾਖੀ ਜੋ ਅੱਜ ਪ੍ਰਚਲਿਤ ਹੈ, ਇਹ ਗੁਰੂ ਅੰਗਦ ਦੇਵ ਜੀ ਵੱਲੋਂ ਲਿਖਾਈ, ਜਨਮ ਸਾਖੀ ਨਹੀਂ ਬਲਕਿ ਹੰਦਾਲੀਆਂ ਵੱਲੋਂ ਲਿਖਵਾਈ ਹੋਈ ਹੈ। ਇਸ ਵਿੱਚ ਹੰਦਾਲ ਨੂੰ ਗੁਰੂ ਜੀ ਤੋਂ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ। ਇਸ ਜਨਮ ਸਾਖੀ ਵਿੱਚ ਬੇਅੰਤ ਭੁੱਲਾਂ ਦੇ ਨਾਲ – ਨਾਲ ਗੁਰੂ ਜੀ ਦਾ ਨਿਰਾਦਰ ਕਰਨ ਵਾਲੀਆਂ ਕਈ ਸਾਖੀਆਂ ਵੀ ਦਰਜ ਹਨ। ਜਿਵੇ ਕਿ ਮਝੌਤ ਵਾਲੀ ਅਤੇ ਸਹਿਜ ਕੁਸਹਿਜ ਵਾਲੀ ਸਾਖੀ।

ਹੰਦਾਲ ਦਾ ਜਨਮ, ਸੰਮਤ 1630 ਬਿਕ੍ਰਮੀ ਵਿਚ ਹੋਇਆ ਸੀ। ਇਸ ਲਈ ਇਉਂ ਦਰਜ ਕੀਤਾ ਗਿਆ ਕਿ “ਸੰਮਤ 1630 ਵਿਸਾਖ ਸੁਦੀ ਪੂਰਨਮਾਸ਼ੀ ਸਵਾਂਤੀ ਨਿਛੱਤ੍ਰ ਡੇਢ ਪਹਿਰ ਰਾਤ ਰਹਿੰਦੀ ਐਤਵਾਰ ਗੁਰੂ ਜੀ ਦਾ ਜਨਮ ਹੋਇਆ” (ਸ੍ਰੀ ਗੁਰੂ ਹੰਦਾਲ ਪ੍ਰਕਾਸ਼, ਪੰਨਾ 31)

(ਯਾਦ ਰਹੇ ਵੈਸਾਖ ਸੁਦੀ ਪੂਰਨਮਾਸ਼ੀ ਨੂੰ 17 ਅਪ੍ਰੈਲ ਦਿਨ ਸ਼ੁੱਕਰਵਾਰ ਸੀ ਨਾ ਕਿ ਐਤਵਾਰ) ਹੰਦਾਲ ਦੀ ਮੌਤ ਸੰਮਤ 1705 ਬਿਕ੍ਰਮੀ ਨੂੰ ਹੋਈ ਸੀ। ਇਸ ਦੇ ਪੁੱਤਰ ਬਿਧੀ ਚੰਦ ਦਾ ਜਨਮ ਸੰਮਤ 1660 ਬਿਕ੍ਰਮੀ ਅਤੇ ਮੌਤ ਸੰਮਤ 1715 ਬਿਕ੍ਰਮੀ ਨੂੰ ਹੋਈ ਸੀ। ਬਾਲ ਚੰਦ, ਬਿਧੀ ਚੰਦ ਤੋਂ 3 ਸਾਲ ਵੱਡਾ ਸੀ। ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਬਾਲ ਚੰਦ ਹੀ ਬਾਲਾ ਹੈ।

ਡਾ. ਗੁਰਬਚਨ ਕੌਰ ਜੀ ਲਿਖਦੇ ਹਨ, “ਬਾਲਾ, ਇਸ ਜਨਮ ਸਾਖੀ ਦਾ ਵਿਸ਼ੇਸ਼ ਪਾਤਰ ਹੈ ਜੋ ਗੁਰੂ ਨਾਨਕ ਜੀ ਦਾ ਸਾਥੀ ਹੋਣ ਦਾ ਦਾਅਵਾ ਕਰਦਾ ਹੈ ਤੇ ਆਪਣੇ ਆਪ ਨੂੰ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿਚ ਗੁਰੂ ਨਾਨਕ ਦੀ ਜੀਵਨੀ ਲਿਖਾਉਣ ਵਾਲਾ ਸਿੱਧ ਕਰਦਾ ਹੈ ਪਰ ਜਨਮ ਸਾਖੀ ਦੀਆਂ ਅੰਦਰਲੀਆਂ ਗਵਾਈਆਂ ਦੇ ਅਧਾਰ ਉੱਤੇ ਸਿੱਧ ਕੀਤਾ ਗਿਆ ਹੈ ਕਿ ਇਹੋ ਜਿਹਾ ਕੋਈ ਇਤਿਹਾਸਿਕ ਵਿਅਕਤੀ ਪੈਦਾ ਨਹੀਂ ਹੋਇਆ, ਸਗੋਂ ਇਸ ਸਾਰੇ ਖੜ ਜੰਤਰ ਨੂੰ ਰਚਣ ਦਾ ਕੰਮ, ਬੜੀ ਚਤਰਾਈ ਨਾਲ, ਹੰਦਾਲ ਦੇ ਜੇਠੇ ਲੜਕੇ ‘ਬਾਲ ਚੰਦ ਨੇ ਕੀਤਾ ਹੈ। ਇਹ ਇਕ ਨਵੀਂ ਲੱਭਤ ਹੈ” (ਜਨਮ ਸਾਖੀ ਭਾਈ ਬਾਲਾ ਦਾ ਪਾਠ-ਪ੍ਰਮਾਣੀਕਰਣ ਤੇ ਆਲੋਚਨਾਤਮਿਕ ਸੰਪਾਦਨ, ਪੰਨਾ 146)

ਕਵੀ ਸੰਤੋਖ ਸਿੰਘ ਨੇ ਆਪਣੇ ਗ੍ਰੰਥ ‘ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਦ’ ਦੇ 37ਵੇਂ ਅਧਿਆਇ “ਨਾਨਕ ਪ੍ਰਕਾਸ਼ ਕਿਨ੍ਹਾਂ ਪੁਸਤਕਾਂ ਤੋਂ ਬਣਿਆ” ਵਿੱਚ ਆਪਣੇ ਸਰੋਤਾਂ ਦਾ ਜਿਕਰ ਕਰਦੇ ਹੋਏ ਲਿਖਦੇ ਹਨ:

ਪੂਰਬ ਪੋਥੀ ਜੋ ਲਿਖੀ ਸ੍ਰੀ ਨਾਨਕ ਇਤਿਹਾਸ। ਲਿਖਵਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼।।੧੩।।

ਉਪ੍ਰੋਕਤ ਪੰਕਤੀ ਤੋਂ ਸਪੱਸ਼ਟ ਹੈ ਕਿ ਕਵੀ ਭਾਈ ਸੰਤੋਖ ਸਿੰਘ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਜਿਕਰ ਕਰ ਰਹੇ ਹਨ ਜੋ ਇਨ੍ਹਾਂ ਦਾ ਇਤਿਹਾਸਕ ਸਰੋਤ ਹੈ। ਇਸ ਤੋਂ ਅੱਗੇ ਕਵੀ ਜੀ, ਹੰਦਾਲ ਦਾ ਜਿਕਰ ਕਰਦੇ ਹੋਏ ਲਿਖਦੇ ਹਨ ਕਿ ਹੰਦਾਲ ਦੇ ਘਰ ਇਕ ਨੀਚ ਪੈਦਾ ਹੋ ਗਿਆ। ਜਿਸ ਦੇ ਹੱਥ ਗੁਰੂ ਅੰਗਦ ਜੀ ਵੱਲੋਂ ਲਿਖਵਾਈ ਪੋਥੀ ਆ ਗਈ। ਉਸ ਨੇ ਇਕ ਕਬੀਰ ਪੰਥੀ ਨਾਲ ਮਿਲ ਕੇ ਮਿਲਾਵਟੀ ਪੋਥੀ ਤਿਆਰ ਕਰ ਦਿੱਤੀ ਜਿਸ ਵਿੱਚ ਉਸ ਨੇ ਹੰਦਾਲ ਦੀ ਵਡਿਆਈ ਕੀਤੀ ਅਤੇ ਗੁਰੂ ਨਾਨਕ ਜੀ ਸਬੰਧੀ ਅਯੋਗ ਸਾਖੀਆਂ ਇਸ ਆਸ ਨਾਲ ਲਿਖ ਦਿੱਤੀਆਂ ਕਿ ਗੁਰੂ ਦੇ ਸਿੱਖ ਸਾਨੂੰ ਮੰਨਣ ਲੱਗ ਪੈਣਗੇ। ਅਸਲ ਪੋਥੀ ਨੂੰ ਪਾੜ ਕੇ ਬਿਆਸ ਦਰਿਆ ਦੇ ਸਪੁਰਦ ਕਰ ਦਿੱਤਾ।

ਹਮਕੋ ਮਨਹਿਂਗੇ ਬਹੁ ਮਾਨਵ। ਲਿਖੀ ਅਧਿਕਤਾ ਉਰ ਆਨਵ।
ਪੂਰਬ ਪੋਥੀ ਹੁਤੀ ਜੋ ਸੋਈ ਦਈ ਬਿਆਸ ਬੀਚ ਡਬੋਇ।।੨੭।।
ਪੰਨੇ ਛੇਦੇ ਦਈ ਬਹਾਈ। ਜੋ ਸ੍ਰੀ ਗੁਰੂ ਅੰਗਦ ਲਿਖਵਾਈ।
ਤਿਹ ਕੋ ਤਾਤਪਰਜ ਸਭਿ ਚੀਨੇ। ਅਧਿਕ ਬਚਨ ਅਪਨੇ ਲਿਖਿ ਦੀਨੇ।।੨੮।।

ਕਵੀ ਸੰਤੋਖ ਸਿੰਘ ਦੀ ਉਪ੍ਰੋਕਤ ਲਿਖਤ ਤੋਂ ਇਹ ਸਪੱਸ਼ਟ ਹੈ ਕਿ ਕਵੀ ਦੀ ਜਾਣਕਾਰੀ ਦਾ ਵਸੀਲਾ ਭਾਈ ਬਾਲੇ ਵਾਲੀ ਮਿਲਾਵਟੀ ਜਨਮ ਸਾਖੀ ਰਹੀ ਹੈ। “ਕਰਿ ਕੁਕਰਮ ਅਨਸ਼ੋਧ ਬਨਾਈ, ਅਪਨ ਵਡਿਨ ਕੀ ਕੀਰਤਿ ਪਾਈ”। ਕਵੀ ਜੀ ਲਿਖਦੇ ਹਨ ਕਿ ਹੰਦਾਲੀਆਂ ਨੇ ਅਸਲ ਜਨਮ ਸਾਖੀ ਨੂੰ ਪਾੜ ਕੇ ਬਿਆਸ ਦਰਿਆ `ਚ ਰੋੜ ਦਿੱਤਾ ਸੀ। ਜੇ ਇਹ ਸੱਚ ਹੈ ਤਾਂ ਇਹ ਘਟਨਾ ਸੰਮਤ 1715 ਬਿਕ੍ਰਮੀ (1658 ਈ:) ਤੋਂ ਪਹਿਲਾ ਦੀ ਹੀ ਹੋ ਸਕਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਕਵੀ ਜੀ ਖ਼ੁਦ ਮੰਨਦੇ ਹਨ ਕਿ ਉਨ੍ਹਾਂ ਦਾ ਸਰੋਤ ਹੰਦਾਲੀਆਂ ਵਾਲੀ ਮਿਲਾਵਟੀ ਜਨਮ ਸਾਖੀ ਰਿਹਾ ਹੈ ਤਾ ਉਨ੍ਹਾਂ ਦੀ ਲਿਖਤ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਵਿਸ਼ਵਾਸ ਯੋਗ ਕਿਵੇਂ ਮੰਨੀ ਜਾ ਸਕਦੀ ਹੈ ? 

ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਭਾਈ ਮਰਦਾਨਾ ਜੀ ਦਾ ਤਾਂ ਜ਼ਿਕਰ ਕੀਤਾ ਹੈ, ਪਰ ਭਾਈ ਬਾਲੇ ਦਾ ਨਹੀਂ।

ਫਿਰਿ ਬਾਬਾ ਗਇਆ ਬਗਦਾਦ ਨੋ; ਬਾਹਰਿ ਜਾਇ ਕੀਆ ਅਸਥਾਨਾ।

ਇਕ ਬਾਬਾ ਅਕਾਲ ਰੂਪੁ; ਦੂਜਾ ਰਬਾਬੀ ‘ਮਰਦਾਨਾ’। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੫)

ਇਸ ਜਨਮ ਸਾਖੀ ਬਾਰੇ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਦਾ ਤੱਤ ਸਾਰ ਤੇ ਭਾਈ ਗੁਰਮੁਖ ਸਿੰਘ ਜੀ ਸਵਰਗਵਾਸੀ ਦੇ ਲਿਖੇ ਲੇਖ ਮੁਤਾਬਕ ਇਹ ਸਾਖੀ ਸ਼ੁਰੂ ਤੋਂ ਲੈ ਕੇ ਅਖੀਰ ਤਕ ਜਾਲੀ ਹੈ, ਝੂਠੀ ਹੈ, ਬਨਾਉਟੀ ਹੈ, ਗੁਰੂ ਨਿੰਦਿਆ ਨਾਲ ਭਰੀ ਪਈ ਹੈ, ਜੋ ਸੁਣਨ ਦੇ ਯੋਗ ਹੀ ਨਹੀਂ।

ਪੁਰਾਤਨ ਜਨਮ ਸਾਖੀਆਂ, ਪੋਥੀ ਸੱਚ ਖੰਡ (1619 ਈ:), ਜਨਮ ਪਤ੍ਰੀ ਬਾਬੇ ਜੀ ਕੀ (1597 ਈ:) ਅਤੇ ਸਾਖੀ ਮਹਿਲ ਪਹਿਲੇ ਕੀ (1574 ਈ:) ਵਿੱਚ ਕਿਤੇ ਵੀ ਭਾਈ ਬਾਲੇ ਦਾ, ਗੁਰੂ ਨਾਨਕ ਜੀ ਦੇ ਨਿਕਟਵਰਤੀ ਵਜੋਂ ਜਿਕਰ ਨਹੀਂ ਹੈ। ਸਪੱਸ਼ਟ ਹੈ ਕਿ ਭਾਈ ਬਾਲੇ ਦੇ ਨਾਮ ਵਾਲਾ ਕੋਈ ਵੀ ਵਿਅਕਤੀ ਗੁਰੂ ਨਾਨਕ ਦੇਵ ਜੀ ਦਾ ਨਿਕਟਵਰਤੀ ਨਹੀਂ ਸੀ। ਭਾਈ ਬਾਲੇ ਵਾਲੀ ਮੌਜੂਦਾ ਜਨਮ ਸਾਖੀ, ਗੁਰੂ ਅੰਗਦ ਦੇਵ ਜੀ ਵੱਲੋਂ ਲਿਖਵਾਈ ਹੋਈ ਨਹੀਂ ਹੈ। ਇਸ ਜਨਮਸਾਖੀ ਦੇ ਆਰੰਭ ਵਿੱਚ ਲਿਖੀ ਤਾਰੀਖ ਇਸ ਨੂੰ, ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਲਗਭਗ 14 ਸਾਲ ਪਹਿਲਾਂ ਦੀ ਲਿਖੀ ਸਿਧ ਕਰਦੀ ਹੈ ਕਿਉਂਕਿ ਇਸ ਦੇ ਆਰੰਭ ਵਿਚ ਲਿਖਿਆ ਸਾਲ (1582) ਅਤੇ ਅੰਤ ਵਿੱਚ ਦਰਜ ਇਸ ਦੇ ਲਿਖੇ ਜਾਣ ਦੇ ਸਾਲ (1715) ਵਿੱਚ 133 ਸਾਲ ਦਾ ਫਰਕ ਹੈ।

ਸਭ ਤੋਂ ਮਹੱਤਵ ਪੂਰਨ ਸਵਾਲ ਇਹ ਹੈ ਕਿ ਗੁਰੂ ਅੰਗਦ ਦੇਵ ਜੀ ਵੱਲੋਂ ਭਾਈ ਬਾਲੇ ਨੂੰ ਇਹ ਪੁੱਛਣਾ ਕਿ “ਸਿਖਾ ਕਿਥੋਂ ਆਇਓ ਸੁ ਕਿਵ ਕਰਿ ਆਵਣ ਹੋਇਆ ਹੈ, ਜੀ। ਕਉਣ ਹੁੰਦੇ ਹੋ” ?  ਉਪਰੰਤ ਕੀ ਇਸ ਜਨਮ ਸਾਖੀ ਦੇ ਅੰਦਰਲੀਆਂ ਗਵਾਈਆਂ ਹੀ ਇਸ ਨੂੰ ਰੱਦ ਕਰਨ ਲਈ ਕਾਫੀ ਨਹੀਂ ਹਨ ?  ਬਾਲਾ, ਇਕ ਕਾਲਪਨਿਕ ਪਾਤਰ ਹੈ ਅਤੇ ਇਸ ਦੇ ਨਾਮ ਨਾਲ ਜਾਣੀ ਜਾਂਦੀ ਮੌਜੂਦਾ ਜਨਮ ਸਾਖੀ ਇੱਕ ਸਾਜ਼ਸ਼ ਹੈ। ਸਾਡਾ ਇਹ ਦਾਅਵਾ ਉਨ੍ਹਾਂ ਚਿਰ ਕਾਇਮ ਰਹੇਗਾ, ਜਿੰਨਾ ਚਿਰ ਸਬੰਧਿਤ ਧਿਰਾਂ ਸੰਮਤ 1597 ਬਿਕ੍ਰਮੀ (1540 ਈ:) ਦੀ ਲਿਖੀ ਹੋਈ ਕਿਸੇ ਭਾਈ ਬਾਲੇ ਦੀ ਅਸਲ ਲਿਖਤ ਨੂੰ ਪੇਸ਼ ਨਹੀਂ ਕਰਦੀਆਂ ।

ਹੁਣ ਜਦੋਂ ਕਾਲਪਨਿਕ ਭਾਈ ਬਾਲਾ ਅਤੇ ਉਸ ਦੇ ਨਾਮ ਨਾਲ ਜਾਣੀ ਜਾਂਦੀ ਜਨਮਸਾਖੀ ਹੀ ਰੱਦ ਹੋ ਗਈ ਤਾਂ ਇਸ ਨੂੰ ਸਰੋਤ ਮੰਨਣ ਵਾਲੀ ਤਮਾਮ ਉਹ ਲਿਖਤ ਵੀ ਰੱਦ ਹੋ ਗਈ, ਜਿਸ ਵਿਚ ਗੁਰੂ ਨਾਨਕ ਜੀ ਦੀ ਜਨਮ ਤਾਰੀਖ ‘ਕੱਤਕ ਦੀ ਪੁੰਨਿਆ’ ਦਰਜ ਕੀਤੀ ਹੋਈ ਹੈ ।

ਪਾਕਿਸਤਾਨੀ ਰਾਸਟਰਪਤੀ ਅਯੂਬ ਖਾਂ ਦਾ ਵਿਸ਼ਵਾਸ ਗੁਰਬਾਣੀ ਮੂਲ-ਮੰਤਰ ਉਤੇ

0

ਪਾਕਿਸਤਾਨੀ ਰਾਸਟਰਪਤੀ ਅਯੂਬ ਖਾਂ ਦਾ ਵਿਸ਼ਵਾਸ ਗੁਰਬਾਣੀ ਮੂਲ-ਮੰਤਰ ਉਤੇ

ਡਾ. ਅਨੋਖ ਸਿੰਘ ਬਠਿੰਡਾ

ਸ. ਮੇਹਰਬਾਨ ਸਿੰਘ, ਸਿੰਘਪੁਰ ਦੀ ਇੱਕ ਨਾਮੀ ਸ਼ਖ਼ਸੀਅਤ ਹੋਈ ਹੈ। ਸੱਤਰਵਿਆਂ ਦੇ ਦਹਾਕੇ ਵਿੱਚ ਉਹਨਾਂ ਮੈਨੂੰ ਇੱਕ ਘਟਨਾ ਸੁਣਾਈ। ਕਹਿੰਦੇ ਅਸੀਂ ਪਾਕਿਸਤਾਨ ਗੁਰਦੁਆਰਿਆਂ ਦੇ ਦਰਸ਼ਨ ਨੂੰ ਗਏ। ਜਨਰਲ ਅਯੂਬ ਖਾਂ ਉਹਨੀਂ ਦਿਨੀਂ ਪਾਕਿਸਤਾਨ ਦੇ ਰਾਸਟਰਪਤੀ ਸਨ। ਉਹਨਾਂ ਸਾਨੂੰ ਆਪਣੇ ਘਰ ਚਾਹ ਪਾਣੀ ਵਾਸਤੇ ਸੱਦਿਆ। ਜਦੋਂ ਅਸੀਂ ਉਹਨਾਂ ਦੇ ਡਰਾਇੰਗ ਰੂਪ ਵਿੱਚ ਵੜੇ ਤਾਂ ਮੈਂ ਸਾਹਮਣੇ ਦੀਵਾਰ ਦੇਖ ਕੇ ਹੱਕਾ-ਬੱਕਾ ਰਹਿ ਗਿਆ। ਉਸ ਉੱਪਰ ਪੈਟਿੰਗ ਨਾਲ ਲਿਖਿਆ ਹੋਇਆ ਸੀ ‘‘ੴ ਸਤਿ ਗੁਰ ਪ੍ਰਸਾਦਿ॥’’ ਤੇ ਇਸ ਦੇ ਹੇਠਾਂ ਦੋ ਫਰੇਮ ਲਟਕ ਰਹੇ ਸਨ। ਇੱਕ ਫਰੇਮ ਵਿੱਚ ਪੰਜਾਬੀ ਵਿੱਚ ਅਤੇ ਦੂਸਰੇ ਫਰੇਮ ਵਿੱਚ ਉਰਦੂ ਵਿੱਚ ਸੰਪੂਰਨ ‘ਮੂਲ-ਮੰਤਰ’ ਲਿਖਿਆ ਹੋਇਆ ਸੀ। ਸਾਡੀ ਰਸਮੀ ਗੱਲਬਾਤ ਸ਼ੁਰੂ ਹੋਈ। ਮੈਨੂੰ ‘ਮੂਲ ਮੰਤਰ’ ਬਾਰੇ ਜਾਨਣ ਦੀ ਬੜੀ ਕਾਹਲੀ ਸੀ। ਮੈਂ ਗੱਲਾਂ ਨੂੰ ਵਿਚਾਲੇ ਟੋਕ ਕੇ ਪੁੱਛ ਹੀ ਲਿਆ। ਜਨਰਲ ਸਾਹਿਬ ਜੇਕਰ ਆਪ ਇਜਾਜ਼ਤ ਦੇਵੋ ਤਾਂ ਮੈਂ (ਇਸ਼ਾਰਾ ਕਰਕੇ) ਇਸ ‘ਮੂਲ ਮੰਤਰ’ ਬਾਰੇ ਜਾਨਣਾ ਚਾਹੁੰਦਾ ਹਾਂ। ਉਹਨਾਂ ਇੱਕ ਮਿੰਟ ਲਈ ਚੁੱਪੀ ਸਾਧੀ ਤੇ ਫਿਰ ਬੋਲੇ, ‘ਇਹ ਗੁਰੂ ਨਾਨਕ ਸਾਹਿਬ ਦਾ ਕਮਾਲ ਹੀ ਹੈ, ਜਿਸ ਦੇ ਸਹਾਰੇ ਅੱਜ ਮੈਂ ਰਾਸ਼ਟਰਪਤੀ ਦੀ ਪਦਵੀ ਤੱਕ ਪਹੁੰਚਿਆ ਹਾਂ।’

ਮੁਹੰਮਦ ਅਲੀ ਜਿਨਹਾ ਤੇ ਅਜੂਬ ਖਾਂ

ਉਹਨਾਂ ਦੱਸਿਆ ਕਿ ਮੈਂ ਐਬਟਾਬਾਦ ’ਚ ਪੜ੍ਹਿਆ ਕਰਦਾ ਸੀ। ਸਭ ਤੋਂ ਨਾਲਾਇਕ ਵਿਦਿਆਰਥੀ ਹੋਣ ਕਰਕੇ ਮੈਨੂੰ ਹਰ ਰੋਜ਼ ਕਲਾਸ ਵਿੱਚ ਕੁੱਟ ਪੈਂਦੀ ਸੀ। ਇੱਕ ਦਿਨ ਮੈਂ ਲੁਕਣ ਵਾਸਤੇ ਗੁਰਦੁਆਰਾ ਸਾਹਿਬ ’ਚ ਚਲਿਆ ਗਿਆ। ਗੁਰਦੁਆਰੇ ’ਚ ਬਾਬਾ ਜੀ ਮੈਨੂੰ ਜਾਣਦੇ ਸਨ। ਉਹ ਕਹਿੰਦੇ ‘ਜੂਬਿਆ ! ਕਿਧਰ ਤੁਰਿਆ ਫਿਰਦਾ ਹੈਂ, ਤੇਰਾ ਤਾਂ ਸਕੂਲ ਦਾ ਸਮਾਂ ਹੈ।’ ਮੈਂ ਕਿਹਾ ਬਾਬਾ ਜੀ ! ਮੈਂ ਸਕੂਲ ਨਹੀਂ ਜਾਣਾ, ਮੈਨੂੰ ਤਾਂ ਰੋਜ਼ ਕੁੱਟ ਪੈਂਦੀ ਹੈ, ਮੈਥੋਂ ਕੁੱਟ ਨਹੀਂ ਖਾਧੀ ਜਾਂਦੀ। ਉਹਨਾਂ ਮੈਨੂੰ ਪਿਆਰ ਨਾਲ ਬੁੱਕਲ ਵਿੱਚ ਲੈ ਕੇ ਸਮਝਾਇਆ ਤੇ ਕਹਿੰਦੇ ਤੈਨੂੰ ਅੱਜ ਤੋਂ ਬਾਅਦ ਕੁੱਟ ਨਹੀਂ ਪਵੇਗੀ, ਤੂੰ ਏਦਾਂ ਕਰੀਂ ਜਦੋਂ ਸਕੂਲ ਜਾਇਆ ਕਰੇਂ ‘ਮੂਲ-ਮੰਤਰ’ ਦਾ ਪਾਠ ਕਰਦਾ ਜਾਇਆ ਕਰ। ਮੈਂ ‘ਮੂਲ-ਮੰਤਰ’ ਦਾ ਪਾਠ ਕਰਦਾ ਸਕੂਲ ਚੱਲਿਆ ਗਿਆ। ਅੱਜ ਪਹਿਲਾ ਦਿਨ ਸੀ ਕਿ ਕੁੱਟ ਨਹੀਂ ਪਈ। ਮੈਂ ਹਰ ਰੋਜ਼ ‘ਮੂਲ-ਮੰਤਰ’ ਦਾ ਪਾਠ ਸਕੂਲ ਜਾਂਦਿਆਂ ਕਰਨਾ ਸ਼ੁਰੂ ਕਰ ਦਿੱਤਾ। ਉਸ ਦਿਨ ਤੋਂ ਬਾਅਦ ਮੈਨੂੰ ਕਦੀ ਵੀ ਸਕੂਲ ’ਚ ਮਾਰ ਨਹੀਂ ਪਈ।

ਇਮਤਿਹਾਨ ਦੇ ਦਿਨ ਆ ਗਏ, ਮੈਂ ਬਾਬਾ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ! ਕ੍ਰਿਪਾ ਕਰੋ ਮੈਂ ਪਾਸ ਹੋ ਜਾਵਾਂ। ਬਾਬਾ ਜੀ ਕਹਿੰਦੇ ‘ਜੂਬਿਆ! ਬਾਬੇ ਨਾਨਕ ਦਾ ਕਲਾਮ ‘‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥’’ ਤੈਨੂੰ ਦਿੱਤਾ ਹੈ, ਇਸ ਦਾ ਸਹਾਰਾ ਨਾ ਛੱਡੀਂ। ਜਾਹ, ਜਿਸ ਵੀ ਪਦਵੀ ’ਤੇ ਪਹੁੰਚਣਾ ਚਾਹੋਂ ਪਹੁੰਚ ਜਾਵੇਂਗਾ।’ ਮੈਂ ਤਾਂ ਇਸੇ ਬਾਬੇ ਨਾਨਕ ਦੇ ਕਲਾਮ ਦੇ ਸਹਾਰੇ ’ਤੇ ਅੱਜ ਇੱਥੇ ਪਹੁੰਚਿਆ ਹਾਂ।

ਸੰਨ 2000 ਵਿੱਚ ਮੈਨੂੰ ਪਾਕਿਸਤਾਨ ਵਿੱਚ ਜਾਣ ਦਾ ਸਬੱਬ ਮਿਲਿਆ। ਲਾਹੌਰ ਦੇ ਬਜ਼ਾਰ ਵਿੱਚ ਮੈਂ ਘੁੰਮ ਰਿਹਾ ਸੀ, ਅਚਨਚੇਤ ਅਯੂਬ ਖਾਂ ਦੀ ਇਹ ਘਟਨਾ ਯਾਦ ਆਈ। ਮੈਂ ਇੱਕ ਕਿਤਾਬ ਦੀ ਦੁਕਾਨ ਵਿੱਚ ਚਲਿਆ ਗਿਆ ਤੇ ਅਯੂਬ ਖਾਂ ਦੀ ਆਟੋ ਬਾਇਓਗਰਾਫੀ ਮੰਗੀ। ਬੁੱਕ ਸੈਲਰ ਨੇ ਇੱਕ ਕਿਤਾਬ, ਜਿਸ ਦਾ ਨਾਂ ‘ਫਰੈਂਡਸ, ਨਾਟ ਮਾਸਟਰਸ’ ਮੇਰੇ ਸਾਹਮਣੇ ਰੱਖੀ। ਮੈਂ ਇਸ ਪੁਸਤਕ ਦੇ ਵਰਕੇ ਫਰੋਲੇ ਤੇ ਸ੍ਰ: ਮੇਹਰਬਾਨ ਸਿੰਘ ਦੀ ਦੱਸੀ ਹੋਈ ਘਟਨਾ ਦੀ ਤਸੱਲੀ ਕੀਤੀ। ਪ੍ਰਿੰਸੀਪਲ ਸਤਬੀਰ ਸਿੰਘ ਹੁਰਾਂ ਨੇ ਵੀ ਇੱਕ ਥਾਂ ’ਤੇ ਅਯੂਬ ਖਾਂ ਦੀ ਇਸ ਘਟਨਾ ਦਾ ਵਰਣਨ ਆਪਣੀ ਕਿਤਾਬ ਵਿੱਚ ਕੀਤਾ ਹੈ।

ਗੁਰਮਤਿ ਦੇ ਵੇਦ ਵਿਆਸ- ਭਾਈ ਗੁਰਦਾਸ ਜੀ

0

ਗੁਰਮਤਿ ਦੇ ਵੇਦ ਵਿਆਸ- ਭਾਈ ਗੁਰਦਾਸ ਜੀ

-ਰਮੇਸ਼ ਬੱਗਾ ਚੋਹਲਾ (ਲੁਧਿਆਣਾ) 94631-32719

ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਸਿੱਖ ਧਰਮ ਵਿੱਚ ਜਦੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਗੁਰੂ ਘਰ ਦੇ ਪਿਆਰਿਆਂ ਅਤੇ ਸਚਿਆਰਿਆਂ ਦੀ ਕਮਾਈ ਦਾ ਵੀ ਧਿਆਨ ਧਰਨ ਲਈ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਨਾ ਸਿਰਫ ਸਿੱਖੀ ਸਿਧਾਂਤਾਂ ਮੁਤਾਬਕ ਢਾਲਿਆ ਹੀ ਸਗੋਂ ਉਨ੍ਹਾਂ ਸਿਧਾਂਤਾਂ ਦੀ ਰੌਸ਼ਨੀ ਨੂੰ ਦੂਰ-ਦੁਰਾਡੇ ਤੱਕ ਪਹੁੰਚਾਉਣ ਲਈ ਵੀ ਆਪਣਾ ਅਹਿਮ ਯੋਗਦਾਨ ਪਾਇਆ। ਇਨ੍ਹਾਂ ਗੁਰੂ ਘਰ ਦੇ ਪਿਆਰਿਆਂ-ਨਿਆਰਿਆਂ ਦੇ ਯੋਗਦਾਨ ਬਦਲੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇਨ੍ਹਾਂ ਨੂੰ ਵੀ ਉਨ੍ਹਾਂ ਹੀ ਮਾਣ-ਸਤਿਕਾਰ ਦਿੰਦੀਆਂ ਹਨ, ਜਿਨ੍ਹਾਂ ਸਿੱਖ ਧਰਮ ਦੇ ਰਹਿਬਰਾਂ ਨੂੰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦੇ ਹੀ ਮਾਣ ਸਤਿਕਾਰ ਦੇ ਪਾਤਰ ਬਣਦੇ ਹਨ ‘ਭਾਈ ਗੁਰਦਾਸ ਜੀ’, ਜੋ ਸਿੱਖ ਧਰਮ ਦੇ ਮਹਾਨ ਵਿਦਵਾਨ, ਚਿੰਤਕ ਅਤੇ ਗੁਰਬਾਣੀ ਦੇ ਵਿਆਖਿਆਕਾਰ ਸਨ।

ਸਿੱਖ ਹਲਕਿਆਂ ਵਿੱਚ ਵੇਦ-ਵਿਆਸ ਅਤੇ ਪਾਦਰੀ ਸੇਂਟ ਪਾਲ ਦੇ ਨਾਲ ਤੁਲਨਾਏ ਜਾਂਦੇ ਭਾਈ ਗੁਰਦਾਸ ਜੀ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿਖੇ ਭਾਈ ਈਸ਼ਰ ਦਾਸ (ਗੁਰੂ ਅਮਰਦਾਸ ਜੀ ਦਾ ਚਚੇਰਾ ਭਾਈ) ਦੇ ਪਰਿਵਾਰ ਵਿੱਚ 1559 ਈ. ਨੂੰ ਹੋਇਆ। ਕੁੱਝ ਲੇਖਕਾਂ ਦੀ ਰਾਇ ਮੁਤਾਬਕ ਭਾਈ ਸਾਹਿਬ ਜੀ ਦਾ ਜਨਮ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ’ਤੇ 1553 ਈ. ਨੂੰ ਹੋਇਆ ਵੀ ਸਵੀਕਾਰਿਆ ਜਾਂਦਾ ਹੈ। ਆਪਣੇ ਬਚਪਨ ਦਾ ਵਧੇਰੇ ਸਮਾਂ ਭਾਈ ਗੁਰਦਾਸ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੀ ਬਿਤਾਇਆ ਅਤੇ ਪ੍ਰਾਇਮਰੀ ਸਿੱਖਿਆ ਵੀ ਇੱਥੋਂ ਹੀ ਹਾਸਲ ਕੀਤੀ। ਇਸ ਤੋਂ ਅਗਲੇਰੀ ਅਤੇ ਉਚੇਰੀ ਸਿੱਖਿਆ ਉਨ੍ਹਾਂ ਨੇ ਉਸ ਵਕਤ ਦੇ ਪ੍ਰਸਿੱਧ ਇਸਲਾਮੀ ਅਤੇ ਭਾਰਤੀ ਵਿਦਿਆ ਕੇਂਦਰਾਂ ’ਤੇ ਜਾ ਕੇ ਗ੍ਰਹਿਣ ਕੀਤੀ। ਭਾਈ ਕਾਨ੍ਹ ਸਿੰਘ ਨਾਭਾ (ਮਹਾਨ ਕੋਸ਼) ਅਨੁਸਾਰ ਭਾਈ ਸਾਹਿਬ ਜੀ ਨੇ ਸੰਨ 1579 ’ਚ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਆ ਕੇ ਸਿੱਖ ਧਰਮ ਨੂੰ ਗ੍ਰਹਿਣ ਕੀਤਾ। ਗੁਰੂ ਅਰਜਨ ਸਾਹਿਬ ਦੀ ਸ਼ਰਨ ਵਿੱਚ ਰਹਿ ਕੇ ਉਨ੍ਹਾਂ ਨੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਅਤੇ ਗੁਰਮਤਿ ਪ੍ਰਤੀ ਆਪਣੀ ਪਕੜ ਹੋਰ ਮਜ਼ਬੂਤ ਬਣਾ ਲਈ।

ਗੁਰਮਤ ਵਿੱਚ ਤਿਆਗੀ ਜੀਵਨ ਦੀ ਬਜਾਇ ਗ੍ਰਹਿਸਤੀ ਜੀਵਨ ਨੂੰ ਮਹੱਤਵ ਤੇ ਵਿਸ਼ੇਸ਼ਤਾ ਦਿੱਤੀ ਗਈ ਹੈ। ਇਸ ਵਿਸ਼ੇ ਬਾਬਤ ਗੁਰੂ ਅਰਜਨ ਸਾਹਿਬ ਜੀ ਫੁਰਮਾਉਂਦੇ ਹਨ ‘‘ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ॥ (ਮ: ੫/੫੨੨), ਅਨਦਿਨੁ ਕੀਰਤਨੁ ਕੇਵਲ ਬਖਾਨੁ ॥ ਗ੍ਰਿਹਸਤ ਮਹਿ ਸੋਈ ਨਿਰਬਾਨੁ ॥’’ (ਗਉੜੀ ਸੁਖਮਨੀ /ਮ: ੫/੨੮੧), ਆਦਿ। ਇਸੇ ਗ੍ਰਹਿਸਤ ਵਿਸ਼ੇ ਬਾਬਤ ਭਾਈ ਗੁਰਦਾਸ ਜੀ ਇਉਂ ਵਚਨ ਕਰਦੇ ਹਨ: ‘‘ਗਿਆਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ; ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ ॥੩੭੬॥’’ (ਭਾਈ ਗੁਰਦਾਸ ਜੀ : ਕਬਿੱਤ ੩੭੬)

ਭਾਈ ਗੁਰਦਾਸ ਜੀ ਦੁਆਰਾ 40 ਵਾਰਾਂ ਅਤੇ 556 ਕਬਿੱਤ ਆਦਿ ਛੰਦ ਰਚੇ ਗਏ ਹਨ। ਬਾਬੇਕਿਆਂ ਦੀ ਸਰਬੱਤ ਦਾ ਭਲਾ ਮੰਗਣ ਵਾਲੀ ਸੋਚ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਭਾਈ ਗੁਰਦਾਸ ਜੀ ਲਾਹੌਰ, ਆਗਰਾ, ਕਾਂਸ਼ੀ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਗਏ। ਇਹ ਸਿਲਸਿਲਾ ਸ੍ਰੀ ਗੁਰੂ ਹਰਗੋਬਿੰਦ ਜੀ ਤੱਕ ਚੱਲਦਾ ਰਿਹਾ। ਪ੍ਰਚਾਰ ਦੇ ਨਾਲ-ਨਾਲ ਭਾਈ ਸਾਹਿਬ ਨੇ ਫਤਹਿਪੁਰ ਸੀਕਰੀ, ਗਵਾਲੀਅਰ, ਉਜੈਨ, ਬਰੁਹਾਨਪੁਰ, ਲਖਨਊ ਅਤੇ ਜੋਨਪੁਰ ਆਦਿਕ ਥਾਵਾਂ ’ਤੇ ਸਿੱਖ ਕੇਂਦਰ (ਸੰਗਤ ਰੂਪ) ਸਥਾਪਤ ਕੀਤੇ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖੀ ਦੇ ਰਾਹ ਵਿੱਚ ਰੋੜਾ ਅਟਕਾਉਣ ਵਾਲੇ ਕਈ ਅੰਦਰੂਨੀ ਅਤੇ ਬਾਹਰੀ ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਨੂੰ ਪਛਾੜਨ ਲਈ ਭਾਈ ਗੁਰਦਾਸ ਜੀ ਦਾ ਅਹਿਮ ਰੋਲ ਰਿਹਾ ਹੈ। ਇਸ ਰੋਲ ਸਦਕਾ ਗੁਰੂ ਘਰ ਦੀ ਆਰਥਿਕ ਵਿਵਸਥਾ ਮੁੜ ਲੀਹ ਉੱਪਰ ਆ ਗਈ ਅਤੇ ਉਸਾਰੀ ਦੇ ਕੰਮਾਂ ਦੀ ਰਫਤਾਰ ਤੇਜ਼ ਹੋ ਗਈ। ਜਦੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕੰਮ ਆਰੰਭਿਆ ਤਾਂ ਇਸ ਪਾਵਨ ਸਰੂਪ ਨੂੰ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਵੱਲੋਂ ਨਿਭਾਈ ਗਈ। ਇਸ ਤੋਂ ਇਲਾਵਾ ਗੁਰੂ ਆਸ਼ੇ (ਟੀਚੇ) ਦੀ ਵਿਆਖਿਆ ਕਰਨ ਹਿੱਤ ਭਾਈ ਸਾਹਿਬ ਜੀ ਨਾਲ-ਨਾਲ ਆਪਣੀ ਬਾਣੀ ਦੀ ਸਿਰਜਣਾ ਵੀ ਕਰਦੇ ਰਹੇ ਸਨ। ਇਸ ਬਾਣੀ ਨੂੰ ਜਦੋਂ ਪੰਚਮ ਪਾਤਸ਼ਾਹ ਨੇ (ਗੁਰੂ) ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਚਾਹਿਆ ਤਾਂ ਨਿਮਰਤਾ ਦਾ ਸਬੂਤ ਦਿੰਦਿਆਂ ਭਾਈ ਸਾਹਿਬ ਨੇ ਕਿਹਾ ਕਿ ਸੇਵਕ ਸਾਹਿਬ ਦੇ ਬਰਾਬਰ ਬੈਠਾ ਸ਼ੋਭਦਾ ਨਹੀਂ। ਇਹ ਨਿਮਰਤਾ ਵੇਖ ਕੇ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਅਤੇ ਭਾਈ ਸਾਹਿਬ ਦੀ ਰਚਨਾ ਨੂੰ ਗੁਰਬਾਣੀ ਦੀ ਪਹਿਲੀ ਵਿਆਖਿਆ ਵਜੋਂ ਮਾਨਤਾ ਕੇ ਰੱਜਵਾਂ ਸਤਿਕਾਰ ਦਿੱਤਾ। ਇਸ ਗੱਲ ਦੀ ਤਸਦੀਕ ਕਰਦਿਆਂ ਕਵੀ ਨੇ ਇਉਂ ਲਿਖਿਆ : 

‘ਭਾਈ ਜੀ ! ਸੁਨੀਏ ਨਿਰਾਧਾਰ। ਤੁਮਰੀ ਬਾਣੀ ਅਪਰ ਅਪਾਰ।

ਮਨਹੁ ਗ੍ਰੰਥ ਦਾ ਟੀਕਾ ਭਯੋ। ਯਾਹਿ ਪੜ੍ਹੇ ਸਗਲ ਦੁਖ ਗਯੋ।

ਭਾਈ ਗੁਰਦਾਸ ਜੀ ਨੇ ਛੇਵੇਂ ਨਾਨਕ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਆਰੰਭਲੇ ਸਮੇਂ ਉਸਾਰੀ ਦੇ ਕੰਮਕਾਜ ਦੀ ਨਿਗਰਾਨੀ ਵੀ ਕੀਤੀ। ਜਦੋਂ 1609 ਈ. ਨੂੰ ਛੇਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਤਾਂ ਉਸ ਨੂੰ ਸੰਪੂਰਨਤਾ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਭਾਈ ਸਾਹਿਬ ਨੇ ਬਾਖ਼ੂਬੀ ਨਿਭਾਈ। ਜਦੋਂ ਗੁਰੂ ਸਾਹਿਬ ਗੁਰਸਿੱਖੀ ਦੇ ਪ੍ਰਚਾਰ ਲਈ ਕਿਤੇ ਦੂਰ ਨੇੜੇ ਜਾਂਦੇ ਤਾਂ ਸ੍ਰੀ ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂਆਂ ਦਾ ਸਵਾਗਤ ਅਤੇ ਸੇਵਾ ਦਾ ਕੰਮ ਵੀ ਭਾਈ ਗੁਰਦਾਸ ਜੀ (ਬਾਬਾ ਬੁੱਢਾ ਜੀ ਸਮੇਤ) ਬੜੇ ਉਤਸ਼ਾਹ ਨਾਲ ਸੰਭਾਲ਼ਦੇ। ਜਦ ਰਾਜਾ ਜਹਾਂਗੀਰ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਗਿਆ ਤਾਂ ਬਾਬਾ ਬੁੱਢਾ ਜੀ ਸੰਗਤਾਂ ਸਮੇਤ ਕਿਲ੍ਹੇ ਦੀ ਪਰਕਰਮਾ ਕਰਦੇ ਹੋਏ ਗੁਰਬਾਣੀ ਦੇ ਸ਼ਬਦ ਗਾਇਨ ਕਰਦੇ ਰਹੇ ਸਨ, ਤਦ ਵੀ ਭਾਈ ਗੁਰਦਾਸ ਜੀ ਦੀ ਦਿੱਬ-ਦ੍ਰਿਸ਼ਟੀ ਤੇ ਗੁਰੂ ਸਿਧਾਂਤ ਪ੍ਰਤੀ ਦ੍ਰਿੜ੍ਹਤਾ (ਨਿਪੁੰਨਤਾ) ਨੇ ਭਰਪੂਰ ਸਾਥ ਦਿੱਤਾ।

ਗੁਰੂ ਘਰ ਦੇ ਈਰਖਾਲੂਆਂ ਵੱਲੋਂ ਜਦੋਂ ਕਦੇ ਬਾਬੇ ਨਾਨਕ ਦੇ ਨਿਰਮਲ ਪੰਥ ਬਾਬਤ ਸੰਗਤਾਂ ਵਿੱਚ ਕੋਈ ਵਹਿਮ-ਭਰਮ (ਭੁਲੇਖਾ) ਪਾਉਣ ਦਾ ਯਤਨ ਕੀਤਾ ਜਾਂਦਾ ਤਾਂ ਉਸ ਨੂੰ ਨਵਿਰਤ ਕਰਨ ਦੀ ਡਿਊਟੀ ਵੀ ਭਾਈ ਗੁਰਦਾਸ ਜੀ ਵੱਲੋਂ ਨਿਭਾਈ ਜਾਂਦੀ। ਗੁਰੂ ਘਰ ਦੇ ਲੋਹ-ਲੰਗਰ ਅਤੇ ਹੋਰ ਅਵੱਸ਼ਕ ਲੋੜਾਂ ਦੀ ਪੂਰਤੀ ਲਈ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਣ ਦੀ ਪਿਰਤ ਪਾਉਣ ਦਾ ਸਿਹਰਾ ਵੀ ਭਾਈ ਗੁਰਦਾਸ ਜੀ ਨੂੰ ਹੀ ਜਾਂਦਾ ਹੈ। ਸਿੱਖ ਸਮਾਜ ਅਤੇ ਗੁਰੂ ਘਰ ਦੇ ਹੋਰ ਪ੍ਰੀਤਵਾਨਾਂ ਵਿੱਚ ਇਹ ਪਿਰਤ ਅਜੇ ਤੱਕ ਵੀ ਕਾਇਮ ਹੈ।

1605 ਈ. (ਸੰਮਤ 1662) ਵਿੱਚ ਜਦੋਂ ਅਕਬਰ ਬਾਦਸ਼ਾਹ ਬਟਾਲੇ ਆਇਆ ਤਾਂ ਕਿਸੇ ਦੋਖੀ ਨੇ ਉਸ ਦੇ ਕੰਨ ਭਰ ਦਿੱਤੇ ਕਿ ਗੁਰੂ ਸਾਹਿਬ ਵੱਲੋਂ ਰਚਿਤ (ਗੁਰੂ) ਗ੍ਰੰਥ ਸਾਹਿਬ ਵਿੱਚ ਇਸਲਾਮ ਅਤੇ ਮੁਹੰਮਦ ਸਾਹਿਬ ਦੀ ਸ਼ਾਨ ਦੇ ਖਿਲਾਫ ਲਿਖਤ ਦਰਜ ਹੈ। ਗੁਰੂ ਅਰਜਨ ਦੇਵ ਜੀ ਵੱਲੋਂ ਅਕਬਰ ਬਾਦਸ਼ਾਹ ਦੇ ਸ਼ੰਕਿਆਂ ਦੇ ਨਿਵਾਰਨ ਲਈ ਭਾਈ ਗੁਰਦਾਸ ਜੀ ਦੀ ਸੇਵਾ ਲਗਾਈ ਗਈ। ਗੁਰੂ ਸਾਹਿਬ ਦੇ ਹੁਕਮ ਨੂੰ ਖਿੜੇ ਮੱਥੇ ਪਰਵਾਨ ਕਰਦਿਆਂ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਬਟਾਲੇ ਪਹੁੰਚ ਗਏ। ਜਦੋਂ ਅਕਬਰ ਨੂੰ ਬਾਣੀ ਸੁਣਾਈ ਗਈ ਤਾਂ ਅਰੰਭਕ ਸ਼ਬਦ ਆਇਆ : ‘‘ਖਾਕ ਨੂਰ ਕਰਦੰ ਆਲਮ ਦੁਨੀਆਇ ॥ ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥’’ (ਮ: ੫/੭੨੩) ਇਸ ਪਾਵਨ ਸ਼ਬਦ ਨਾਲ ਹੀ ਅਕਬਰ ਬਾਦਸ਼ਾਹ ਦੀ ਤਸੱਲੀ ਹੋ ਗਈ। ਇਸ ਤੋਂ ਇਲਾਵਾ ਵੀ ਭਾਈ ਸਾਹਿਬ ਜੀ ਨੇ ਕੁੱਝ ਹੋਰ ਸ਼ਬਦ ਪੜ੍ਹੇ ਜਿਨ੍ਹਾਂ ਨੂੰ ਸੁਣ ਕੇ ਅਕਬਰ ਨੇ 51 ਮੋਹਰਾਂ (ਗੁਰੂ) ਗ੍ਰੰਥ ਸਾਹਿਬ ਅੱਗੇ ਰੱਖ ਕੇ ਆਪਣਾ ਸੀਸ ਝੁਕਾਇਆ ਅਤੇ ਭਾਈ ਗੁਰਦਾਸ ਜੀ ਨੂੰ ਇੱਕ ਸੁੰਦਰ ਦੁਸ਼ਾਲਾ (ਕਢਾਈ ਕੀਤਾ ਮੋਟਾ ਸ਼ਾਲ) ਭੇਟ ਕਰਕੇ ਸਨਮਾਨਿਤ ਵੀ ਕੀਤਾ।

ਭਾਈ ਗੁਰਦਾਸ ਜੀ ਨੇ ਆਪਣੇ ਅੰਤਲੇ ਸਵਾਸ ਸ੍ਰੀ ਗੋਇੰਦਵਾਲ ਸਾਹਿਬ ਦੀ ਵਿਖੇ ਲਏ ਤੇ ਛੇਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਭਾਦੋਂ ਸੁਦੀ ਪੰਜਵੀਂ 1637 ਈ. ਨੂੰ ਸਰੀਰਕ ਚੋਲਾ ਤਿਆਗ ਦਿੱਤਾ। ਭਾਈ ਸਾਹਿਬ ਜੀ ਦੁਆਰਾ ਸਰੀਰਕ ਜਾਮੇ ’ਚ ਨਿਭਾਈ ਗਈ ਇਸ ਅਦੁੱਤੀ ਮਿਸਾਲ ਤੇ ਯੋਗਦਾਨ ਬਦਲੇ ਸਿੱਖ ਸੰਗਤਾਂ ਹਮੇਸ਼ਾ ਉਨ੍ਹਾਂ ਦੀਆਂ ਰਿਣੀ ਰਹਿਣਗੀਆਂ।

—–0—–

ਸੂਰਬੀਰਾਂ ਨੂੰ ਵੰਡੀ ਜਾਵਣ ਲੋਕ ਇੱਥੇ ਹਰ ਰੋਜ਼

0

ਸੂਰਬੀਰਾਂ ਨੂੰ ਵੰਡੀ ਜਾਵਣ  ਲੋਕ ਇੱਥੇ ਹਰ ਰੋਜ਼          

ਸੁਰਿੰਦਰ ਸਿੰਘ

“ਭਗਤ ਸਿੰਘ ਹੁਣ ‘ਸੰਧੂ’ ਹੋਇਆ  ਊਧਮ ਸਿੰਘ ‘ਕੰਬੋਜ’,

ਸੂਰਬੀਰਾਂ ਨੂੰ ਵੰਡੀ ਜਾਵਣ  ਲੋਕ ਇੱਥੇ ਹਰ ਰੋਜ਼ 

‘ਰਾਜਪੂਤ’ ਹੈ ਬੰਦਾ ਸਿੰਘ ਵੀ  ਕੌਮ ਲਈ ਜੋ ਮਰਿਆ,

ਦੀਪ ਸਿੰਘ ਵੀ ‘ਸੰਧੂ’ ਆਹਾਂਦੇ  ਸੀਸ ਤਲੀ ਜਿਸ ਧਰਿਆ,

ਜਾਤਾਂ- ਗੋਤਾਂ ਦੀ ਸਭ ਇੱਥੇ  ਕਰਦੇ ਗਹਿਰੀ ਖੋਜ,

ਭਗਤ ਸਿੰਘ ਹੁਣ ‘ਸੰਧੂ’ ਹੋਇਆ  ਊਧਮ ਸਿੰਘ ‘ਕੰਬੋਜ’,

ਸੂਰਬੀਰਾਂ ਨੂੰ ਵੰਡੀ ਜਾਵਣ  ਲੋਕ ਇੱਥੇ ਹਰ…

ਗੁਰੂ ਗੋਬਿੰਦ ਵੀ ‘ਸੋਢੀ” ਆਖਣ  ਅਮਰਦਾਸ ਜੀ ‘ਭੱਲੇ’,

ਸਤਿਗੁਰ ਜੀ ਤੁਸੀਂ ਕਿਰਪਾ ਕਰਿਓ  ਲੋਕ ਕਿੱਧਰ ਨੂੰ ਚੱਲੇ,

ਵੰਡੀਆਂ ਪਾ ਕੇ ਲੀਡਰ ਇੱਥੇ  ਕਰਦੇ ਮਿੱਤਰੋ ਮੌਜ,

ਭਗਤ ਸਿੰਘ ਹੁਣ ‘ਸੰਧੂ’ ਹੋਇਆ  ਊਧਮ ਸਿੰਘ ‘ਕੰਬੋਜ’,

ਸੂਰਬੀਰਾਂ ਨੂੰ ਵੰਡੀ ਜਾਵਣ  ਲੋਕ ਇੱਥੇ ਹਰ…

ਰੰਘਰੇਟੇ ਨੂੰ ‘ਮਜ਼ਹਬੀ’ ਆਖਣ  ਮਣੀ ਸਿੰਘ ਪੁਵਾਰ,

ਏਕ ਨੂਰ ਤੋਂ ਉਪਜੇ ਨੇ ਸਭ  ਕੋਈ ਨਾ ਸਮਝੇ ਯਾਰ,

ਬੰਦੇ ਨਾਲੋਂ ਬੰਦਾ ਵੰਡਿਆ  ਕਰ – ਕਰ ਝੂਠੇ ਚੋਜ,

ਭਗਤ ਸਿੰਘ ਹੁਣ ‘ਸੰਧੂ’ ਹੋਇਆ  ਊਧਮ ਸਿੰਘ ‘ਕੰਬੋਜ’,

ਸੂਰਬੀਰਾਂ ਨੂੰ ਵੰਡੀ ਜਾਵਣ  ਲੋਕ ਇੱਥੇ ਹਰ…

ਮਤੀਦਾਸ ਨੂੰ ‘ਪੰਡਤ’ ਕਹਿੰਦੇ  ਧੰਨੇ ਨੂੰ ਉਹ ‘ਜੱਟ’,

ਅਸੀਂ ਕਿਸੇ ਤੋਂ ਪਿੱਛੇ ਹੈ ਨ੍ਹੀਂ  ਕੱਢ ਦੇਵਾਂਗੇ ਵੱਟ,

ਬੰਦਾ ਆਖਰ ਬੰਦਾ ਬਣ ਜੇ  ਕਰਦਾ ਮਿੰਨਤਾਂ ਰੋਜ਼,

ਭਗਤ ਸਿੰਘ ਹੁਣ ‘ਸੰਧੂ’ ਹੋਇਆ  ਊਧਮ ਸਿੰਘ ‘ਕੰਬੋਜ’,

ਸੂਰਬੀਰਾਂ ਨੂੰ ਵੰਡੀ ਜਾਵਣ  ਲੋਕ ਇੱਥੇ ਹਰ…

ਸੈਣ ਭਗਤ ਨੂੰ ‘ਨਾਈ’ ਆਹਾਂਦੇ  ਰਵਿਦਾਸ ਚਮਿਆਰ,

ਸਿੱਖਿਆ ਜਿਹੜੇ ਭੁੱਲ ਜਾਂਦੇ ਨੇ  ਜੀਵਨ ਜਾਂਦੇ ਹਾਰ,

ਸਭ ਨੇ ਇੱਕ ਥਾਂ ਜਾਣਾ ‘ਸ਼ਾਨਾ’  ਮਨ ਤੋਂ ਲਾਹ ਦੇ ਬੋਝ,

ਭਗਤ ਸਿੰਘ ਹੁਣ ‘ਸੰਧੂ’ ਹੋਇਆ  ਊਧਮ ਸਿੰਘ ‘ਕੰਬੋਜ’,

ਸੂਰਬੀਰਾਂ ਨੂੰ ਵੰਡੀ ਜਾਵਣ  ਲੋਕ ਇੱਥੇ ਹਰ…”

ਕੈਪਟਨ ਅਮਰਿੰਦਰ ਵਿੱਚ ਪੁਰਖਿਆਂ ਦੇ ਗੱਦਾਰ ਖੂਨ ਦਾ ਉਬਾਲਾ

0

ਕੈਪਟਨ ਅਮਰਿੰਦਰ ਵਿੱਚ ਪੁਰਖਿਆਂ ਦੇ ਗੱਦਾਰ ਖੂਨ ਦਾ ਉਬਾਲਾ

Dr. Amarjit Singh washington D.C        

  ਇਤਿਹਾਸ ਦੇ ਵਿਦਿਆਰਥੀ ਭਲੀਭਾਂਤ ਜਾਣਦੇ ਹਨ ਕਿ ਵੱਡਾ ਘੱਲੂਘਾਰਾ ਵਰਤਾਉਣ ਵਾਲੇ ਅਤੇ ਦਰਬਾਰ ਸਾਹਿਬ ਨੂੰ ਢਹਿਢੇਰੀ ਕਰਨ ਵਾਲੇ ਅਹਿਮਦਸ਼ਾਹ ਅਬਦਾਲੀ ਤੋਂ 1764 ਈ. ਵਿੱਚ ‘ਰਾਜਾ’ ਦਾ ਖਿਤਾਬ ਹਾਸਲ ਕਰਨ ਵਾਲੇ ਅਮਰਿੰਦਰ ਦੇ ਵਡੇਰੇ ਆਲਾ ਸਿੰਘ ਤੋਂ ਸ਼ੁਰੂ ਹੋਇਆ, ਪਟਿਆਲਾ ਰਾਜ-ਘਰਾਣੇ ਦੀਆਂ ਗੱਦਾਰੀਆਂ ਦਾ ਸਫਰ, ਪਿਛਲੀਆਂ ਢਾਈ ਸਦੀਆਂ ਵਿੱਚ ਕਿਨ੍ਹਾਂ-ਕਿਨ੍ਹਾਂ ਹੋਰ ‘ਘੋਰ ਗੱਦਾਰੀਆਂ’ ਨੂੰ ਆਪਣੇ ਆਪ ਵਿੱਚ ਸਮੇਟੀ ਬੈਠਾ ਹੈ।  ਵੱਡੇ ਘੱਲੂਘਾਰੇ ਵੇਲੇ ਅਬਦਾਲੀ ਦੀ ਮੱਦਦ, 1808 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦਾ ਹਿੱਸਾ ਬਣਨ ਦੀ ਥਾਂ ਅੰਗਰੇਜ਼ਾਂ ਦੀ ਸ਼ਰਣ ‘ਚ ਜਾ ਪੈਣਾ, 1846 ਦੀ ਸਿੱਖ-ਅੰਗਰੇਜ਼ ਜੰਗ ਵਿੱਚ ਅੰਗਰੇਜ਼ਾਂ ਦਾ ਸਾਥ ਦੇਣਾ, 1857 ਦੇ ਗਦਰ ਵੇਲੇ ਆਪਣੀ ਫੌਜ ਅੰਗਰੇਜ਼ਾਂ ਦੇ ਹਵਾਲੇ ਕਰਨਾ, ਗੁਰਦੁਆਰਾ ਸੁਧਾਰ ਲਹਿਰ ਦਾ ਵਿਰੋਧ ਕਰਦਿਆਂ ਸ. ਸੇਵਾ ਸਿੰਘ ਠੀਕਰੀਵਾਲੇ ਨੂੰ ਤਸੀਹੇ ਦੇ ਕੇ ਸ਼ਹੀਦ ਕਰਨਾ, 1947 ਦੀ ਦੇਸ਼-ਵੰਡ ਵੇਲੇ ਨਹਿਰੂ-ਪਟੇਲ ਦੇ ਨਾਲ ਰਲ ਕੇ ਸਿੱਖ ਰਾਜ ਨਾ ਬਣਨ ਦੇਣਾ, 570 ਰਾਜਿਆਂ -ਮਹਾਂਰਾਜਿਆਂ ਦੇ ‘ਚੈਂਬਰ ਆਫ ਪ੍ਰਿੰਸਿਜ਼ ਦੇ ‘ਚਾਰਲਸ’ (ਪ੍ਰਮੁੱਖ) ਹੋਣ ਦੇ ਨਾਤੇ ਯਾਦਵਿੰਦਰ ਸਿੰਘ (ਅਮਰਿੰਦਰ ਦਾ ਪਿਓ) ਵਲੋਂ ਸਭ ਤੋਂ ਪਹਿਲਾਂ ਆਪਣੀ ਰਿਆਸਤ ਦੀ ਭਾਰਤ ਵਿੱਚ ਸ਼ਮੂਲੀਅਤ ਕੁਝ ਐਸੇ ਵਾਕਿਆ ਹਨ, ਜਿਨ੍ਹਾਂ ‘ਤੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ। ਇਖਲਾਕਹੀਣਤਾ ਦੀਆਂ ਹੱਦਾਂ ਜਿਵੇਂ ਇਨ੍ਹਾਂ ਪਟਿਆਲੇ ਦੇ ਰਜਵਾੜਿਆਂ ਨੇ ਉਲੰਘੀਆਂ, ਉਸ ਦੀ ਹੋਰ ਮਿਸਾਲ ਘੱਟ ਹੀ ਮਿਲਦੀ ਹੈ। ਇਨ੍ਹਾਂ ਦੀ ਇਖਲਾਕਹੀਣਤਾ ਨੇ ਪਟਿਆਲੇ ਦੀ ਪਛਾਣ ਹੀ ‘ਪੈੱਗ ਤੇ ਪਰਾਂਦਾ’ ਬਣਾ ਧਰੀ।

  ਤਾਜ਼ਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਬਣਿਆ ਰਾਜਾ ਭੁਪਿੰਦਰ ਸਿੰਘ ਦਾ ਪੋਤਾ ਅਮਰਿੰਦਰ, ਗੱਦਾਰੀ ਤੇ ਇਖਲਾਕਹੀਣਤਾ ਦੇ ਪੱਖੋਂ ਆਪਣੇ ਪੁਰਖਿਆਂ ਦੇ ਨਕਸ਼ੇ-ਕਦਮਾਂ ‘ਤੇ ‘ਪੂਰੀ ਇਮਾਨਦਾਰੀ’ ਨਾਲ ਚੱਲ ਰਿਹਾ ਹੈ। ਸ਼ਾਲੀਨਤਾ ਦਾ ਧਿਆਨ ਰੱਖਦਿਆਂ, ਅਸੀਂ ਇਸ ਦੇ ਬਦ-ਇਖਲਾਕ ਵਰਤਾਰੇ ਬਾਰੇ ਲਿਖਣ ਤੋਂ ਸੰਕੋਚ ਕਰਦੇ ਹਾਂ ਪਰ ਇਸ ਨੇ ਹਾਲ ਹੀ ਵਿੱਚ ਆਪਣੇ ਇੱਕ ‘ਅਬਦਾਲੀ-ਸ਼ਾਹੀ ਫਰਮਾਨ’ ਨਾਲ ਸਾਨੂੰ ਮਜ਼ਬੂਰ ਕਰ ਦਿੱਤਾ ਹੈ ਕਿ ਅਸੀਂ ਇਸ ਦੇ ਪੁਰਖਿਆਂ ਸਮੇਤ ਇਸ ਦਾ ਕੱਚਾ-ਚਿੱਠਾ ਫਰੋਲੀਏ !  ਵੈਸੇ ਹਾਲ ਹੀ ਵਿੱਚ ਇਸ ਨੇ ਜੰਮੂ ਦੇ ਗੱਦਾਰ ਡੋਗਰਾ ਖਾਨਦਾਨ ਨਾਲ ‘ਕੁੜਮਚਾਰੀ’ ਕੀਤੀ ਹੈ ਅਤੇ ਪੰਜਾਬੀ ਹਿੰਦੂਆਂ ਨੇ ਵੀ ਇਸ ਨੂੰ ਗੱਜਵੱਜ ਕੇ ਵੋਟਾਂ ਪਾਈਆਂ ਹਨ- ਇਸ ਲਈ ਇਹ ਹੁਣ ਇਨ੍ਹਾਂ ਦਾ ਲੂਣ ‘ਹਲਾਲ’ ਕਰਨ ‘ਤੇ ਲੱਗਾ ਹੋਇਆ ਹੈ।

  ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ, ਅਪ੍ਰੈਲ ਦੇ ਅਖੀਰਲੇ ਦਿਨਾਂ ਵਿੱਚ ਭਾਰਤ ਦੇ ਦੌਰੇ ‘ਤੇ ਜਾ ਰਹੇ ਹਨ।  ਇਸ ਦੌਰਾਨ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀ ਜਾਣਾ ਹੈ।

   ਪਿਛਲੇ ਦਿਨੀਂ ਅਮਰਿੰਦਰ ਨੇ ਐਨ. ਡੀ. ਟੀ. ਵੀ. ਦੇ ਪ੍ਰੋਗਰਾਮ ‘ਆਫ ਦੀ ਕੱਫ’ ਵਿੱਚ ਸ਼ੇਖਰ ਗੁਪਤਾ ਨਾਲ ਗੱਲਬਾਤ ਕਰਦਿਆਂ ਆਪਣੀ ਘਟੀਆ ਸੋਚ ਅਤੇ ਜ਼ਹਿਨੀਅਤ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ। ਅਮਰਿੰਦਰ ਸਿੰਘ ਨੇ ਕਿਹਾ, ‘ਕੈਨੇਡਾ ਦਾ ਡਿਫੈਂਸ ਮਨਿਸਟਰ ਸੱਜਣ ਇੱਕ ਖਾਲਿਸਤਾਨੀ ਹਮਦਰਦ ਹੈ।  ਇਸ ਦਾ ਪਿਓ ਵੀ ਖਾਲਿਸਤਾਨੀ ਹੈ !  ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿਚਲੇ ਪੰਜੇ ਵਜ਼ੀਰ ਖਾਲਿਸਤਾਨੀ ਹਨ ਅਤੇ ਮੈਂ ਇਨ੍ਹਾਂ ਵਿੱਚੋਂ ਕਿਸੇ ਨਾਲ ਵੀ ਕੋਈ ਵਾਸਤਾ ਨਹੀਂ ਰੱਖਾਂਗਾ।  ਮੈਂ ਹਰਜੀਤ ਸੱਜਣ ਨੂੰ ਬਿਲਕੁਲ ਨਹੀਂ ਮਿਲਾਂਗਾ।  ਇਨ੍ਹਾਂ ਖਾਲਿਸਤਾਨ ਦੇ ਹਮਦਰਦਾਂ ਨੇ ਮੇਰੇ ਕੈਨੇਡਾ ਜਾਣ ‘ਤੇ ਪਾਬੰਦੀ ਲਵਾਈ।’  ਕੈਨੇਡਾ ਦੇ ਹਾਈ ਕਮਿਸ਼ਨਰ ਨੇ ਇਸ ‘ਤੇ ਆਪਣੀ ਪ੍ਰਤੀਕ੍ਰਿਆ ਦੇਂਦਿਆਂ, ਅਮਰਿੰਦਰ ਦੀ ਟਿੱਪਣੀ ਨੂੰ ‘ਨਿਰਾਸ਼ਾਜਨਕ ਅਤੇ ਗਲਤ’ ਦੱਸਿਆ ਅਤੇ ਨਾਲ ਹੀ ਹਾਈ ਕਮਿਸ਼ਨ ਨੇ ਕਿਹਾ ਕਿ ‘ਸਾਨੂੰ ਅਫਸੋਸ ਹੈ ਕਿ ਮੁੱਖ ਮੰਤਰੀ, ਕੈਨੇਡਾ ਦੇ ਡਿਫੈਂਸ ਮਨਿਸਟਰ ਨੂੰ ਨਹੀਂ ਮਿਲ ਸਕਣਗੇ ! ਪਰ ਅਸੀਂ ਮੁੱਖ ਮੰਤਰੀ ਦੀ ਕੈਨੇਡਾ ਫੇਰੀ ਦਾ ਸਵਾਗਤ ਕਰਾਂਗੇ। ‘ਅਮਰਿੰਦਰ ਸਿੰਘ ਦੇ ਭੱਦੇਪਣ ਦੇ ਸਾਹਮਣੇ ਕੈਨੇਡਾ ਹਾਈ ਕਮਿਸ਼ਨ ਦੀ ਟਿੱਪਣੀ ਸੁੰਦਰ ਕੂਟਨੀਤੀ ਦੀ ਇੱਕ ਮਿਸਾਲ ਹੈ।

  ਅਮਰਿੰਦਰ ਦੀ ਘਟੀਆ ਬਿਆਨਬਾਜ਼ੀ ਦੀ ਪੰਥਕ ਧਿਰਾਂ, ਬਾਦਲ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਸਾਧਾਰਣ ਸਿੱਖਾਂ ਵਲੋਂ ਨਿਖੇਧੀ ਕੀਤੀ ਗਈ। ਬਜਾਏ ਇਸ ਦੇ ਕਿ ਅਮਰਿੰਦਰ ਆਪਣੇ ਸਟੈਂਡ ਦੀ ਦਰੁਸਤੀ ਕਰਦਾ, ਉਸ ਨੇ ਇਸ ਵਿਸ਼ੇ ‘ਤੇ ਹੋਰ ਵੀ ਜ਼ਹਿਰ ਉਗਲ਼ਿਆ।  ਮੀਡੀਏ ਵਿੱਚ ਛਪੇ ਉਸ ਦੇ ਤਾਜ਼ਾ ਬਿਆਨ ਅਨੁਸਾਰ ਉਸ ਨੇ ਕਿਹਾ, ”ਹਰਜੀਤ ਸੱਜਣ ਅਤੇ ਕੈਨੇਡਾ ਦੇ ਦੂਸਰੇ ਹੋਰ ਮੰਤਰੀ ਅਤੇ ਉੱਚ ਲੀਡਰ, ਭਾਰਤ ਵਿਰੋਧੀ ਕਾਰਵਾਈਆਂ ਕਰਨ ਵਾਲਿਆਂ ਨਾਲ ਹਮਦਰਦੀ ਰੱਖਦੇ ਹਨ।  ਮੈਂ ਕਿਸੇ ਖਾਲਿਸਤਾਨੀ ਸਮਰਥਕ ਨੂੰ ਨਹੀਂ ਮਿਲਾਂਗਾ।  ਮੇਰੇ ਕੋਲ ਹਰਜੀਤ ਸੱਜਣ ਦੇ ਖਾਲਿਸਤਾਨੀ ਹੋਣ ਦੇ ਬੜੇ ਪੁਖਤਾ ਸਬੂਤ ਹਨ ।  ਇਸ ਦਾ ਪਿਤਾ ਕੁੰਦਨ ਸਿੰਘ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦਾ ਬੋਰਡ ਮੈਂਬਰ ਸੀ। ਸਿਰਫ ਸੱਜਣ ਹੀ ਨਹੀਂ ਬਲਕਿ ਦੂਸਰੇ ਮਨਿਸਟਰ ਅਤੇ ਐਮ. ਪੀ. ਵੀ ਖਾਲਿਸਤਨ ਸਮਰਥਕ ਹਨ ਜਿਵੇਂ – ਨਵਦੀਪ ਬੈਂਸ, ਅਮਰਜੀਤ ਸੋਹੀ, ਸੁੱਖ ਧਾਲੀਵਾਲ, ਦਰਸ਼ਨ ਕੰਗ, ਰਾਜ ਗਰੇਵਾਲ, ਹਰਿੰਦਰ ਮੱਲ੍ਹੀ, ਰੂਬੀ ਸਹੋਤਾ, ਜਗਮੀਤ ਸਿੰਘ, ਰਣਦੀਪ ਸਰਾਏ।  ਮੈਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਸੱਜਣ ਸਮੇਤ ਬਾਕੀ ਕੈਨੇਡੀਅਨ ਮੇਰੇ ਸਟੈਂਡ ਬਾਰੇ ਕੀ ਸੋਚਦੇ ਹਨ ਪਰ ਮੈਂ ਤਾਂ ਪੰਜਾਬ ਦੇ ਭਵਿੱਖ ਬਾਰੇ ਚਿੰਤਤ ਹਾਂ ।  ਪੰਜਾਬ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਹੱਥਾਂ ਵਿੱਚ ਪਹਿਲਾਂ ਹੀ ਬੜਾ ਖਵਾਰ ਹੋਇਆ ਹੈ। ਪੰਜਾਬ ਵਿੱਚ 35 ਹਜ਼ਾਰ ਬੇਗੁਨਾਹ ਜਾਨਾਂ ਹਿੰਸਾ ਦੀ ਭੇਟ ਚੜ੍ਹੀਆਂ।  ਸੱਜਣ ਵਰਗੇ ਲੋਕ ਨਾ-ਸਿਰਫ ਪੰਜਾਬ ਤੋਂ ਦੌੜ ਕੇ ਬਾਹਰ ਸੈਟਲ ਹੋਏ ਬਲਕਿ ਇਹ ਅਤਿਵਾਦ ਦੀ ਫਿਲਾਸਫੀ ਦੀ ਹਮਾਇਤ ਕਰਕੇ ਉਨ੍ਹਾਂ ਦੀ ਹੌਂਸਲਾ-ਅਫਜ਼ਾਈ ਕਰ ਰਹੇ ਹਨ ……” (ਕੈਪਟਨ ਅਮਰਿੰਦਰ ਸਿੰਘ)

    ਪਾਠਕ ਜਨ ! ਇਹ ਅਮਰਿੰਦਰ ਐਨ. ਡੀ. ਟੀ. ਵੀ. ਦੇ ਆਪਣੇ ਇੰਟਰਵਿਊ ਵਿੱਚ ਮੰਨਦਾ ਹੈ, ‘ਮੇਰੀ ਜਿੱਤ ਪੰਜਾਬੀ ਹਿੰਦੂਆਂ ਵਲੋਂ ਖੁੱਲ੍ਹ ਕੇ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਕਰਕੇ ਹੋਈ।  ਸਿੱਖਾਂ ਦੀ ਵੋਟ ਕਈ ਥਾਈਂ ਵੰਡੀ ਗਈ, ਜਦੋਂ ਕਿ ਹਿੰਦੂਆਂ ਦੀ ਸਾਰੀ ਵੋਟ ਕਾਂਗਰਸ ਨੂੰ ਮਿਲੀ।’ ਹਿੰਦੂ ਵੋਟਰ ਦਾ ਕਰਜ਼ ਉਤਾਰਨ ਲਈ ਅਮਰਿੰਦਰ ਉਚੇਚੇ ਤੌਰ ‘ਤੇ ਫੁੱਲਾਂ ਦਾ ਗੁਲਦਸਤਾ ਲੈ ਕੇ ਦਿੱਲੀ ਜਾ ਕੇ  ਕੇ. ਪੀ. ਗਿੱਲ ਨੂੰ ਮਿਲਿਆ।  ਅਮਰਿੰਦਰ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲਨਾਥ ਦੀ ਤਰਫ਼ਦਾਰੀ ਕਰਦਿਆਂ ਉਨ੍ਹਾਂ ਨੂੰ ਹਮੇਸ਼ਾਂ ਬੇ-ਗੁਨਾਹ ਦੱਸਿਆ ਹੈ।  1982 ਵਿੱਚ ਪਟਿਆਲੇ ਤੋਂ ਐਮ. ਪੀ. ਹੁੰਦਿਆਂ ਅਮਰਿੰਦਰ ਨੇ, ਇੰਦਰਾ ਗਾਂਧੀ ਦੇ ਨਾਲ ਕਪੂਰੀ (ਜ਼ਿਲ੍ਹਾ ਪਟਿਆਲਾ) ਵਿੱਚ ਸਤਿਲੁਜ-ਯਮੁਨਾ ਲਿੰਕ ਨਹਿਰ ਬਣਾਉਣ ਦਾ ਟੱਕ ਲਾਇਆ ਸੀ। ਅਮਰਿੰਦਰ ਹੁਣ ਤੱਕ ਪੰਜਾਬੀ ਜ਼ੁਬਾਨ ਦੇ ਆਧਾਰ ‘ਤੇ ਸੂਬਾ ਬਣਾਉਣ ਦਾ ਵਿਰੋਧ ਕਰਦਾ ਆਇਆ ਹੈ।  ਹੁਣ ਅਮਰਿੰਦਰ ਖੁੱਲ੍ਹ ਕੇ ‘ਹਿੰਦੂਤਵੀ ਕਾਰਡ’ ਖੇਡ ਰਿਹਾ ਹੈ।

 ਭਾਰਤੀ ਏਜੰਸੀਆਂ ਨੂੰ ਅਮਰਿੰਦਰ ਦਾ ਸਟੈਂਡ ਬਹੁਤ ਫਿੱਟ ਬੈਠਦਾ ਹੈ। ਕੈਨੇਡਾ ਵਿੱਚ ਰਾਜਸੀ ਸੱਤਾ ਦੇ ਗਲਿਆਰਿਆਂ ਵਿੱਚ ਸਿੱਖਾਂ ਦੀ ਚੜ੍ਹਤ ਭਾਰਤੀ ਏਜੰਸੀਆਂ ਲਈ ਫਿਕਰ ਦਾ ਕਾਰਨ ਹੈ। ਉਂਟਾਰੀਓ ਸੂਬੇ ਦੀ ਵਿਧਾਨ ਸਭਾ ਵਲੋਂ 1984 ਨੂੰ ਸਿੱਖ ਨਸਲਕੁਸ਼ੀ ਐਲਾਨਣ ਦਾ ਮਤਾ ਪਾਸ ਕਰਨਾ, ਖਾਲਿਸਤਾਨ ਦੇ ਸੰਘਰਸ਼ ਦਾ ਇੱਕ ਮੀਲ-ਪੱਥਰ ਸਾਬਤ ਹੋ ਸਕਦਾ ਹੈ, ਇਸ ਨੂੰ ਭਾਰਤੀ ਖੁਫੀਆਤੰਤਰ ਚੰਗੀ ਤਰ੍ਹਾਂ ਸਮਝਦਾ ਹੈ। ਇਹ ਅਮਰਿੰਦਰ ਖੁਦ ਨਹੀਂ ਬੋਲ ਰਿਹਾ, ਇਹ ਉਸ ਦੇ ਆਕਾ ਦੀ ਬੋਲੀ ਹੈ। ਕੇਂਦਰ ਸਰਕਾਰ, ਅਮਰਿੰਦਰ (ਇੱਕ ਪਗੜੀਧਾਰੀ ਟਾਊਟ) ਰਾਹੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੁਨੇਹਾ ਦੇ ਰਹੀ ਹੈ ਕਿ ਸਿੱਖਾਂ ਤੋਂ ਵਿੱਥ ਰੱਖੋ, ਨਹੀਂ ਤਾਂ ਅਸੀਂ ਤੁਹਾਡੇ ਵਜ਼ੀਰਾਂ ਨੂੰ ਅਪਮਾਨਿਤ ਕਰਕੇ, ਤੁਹਾਥੋਂ ਬਦਲਾ ਲਵਾਂਗੇ।  ਅਮਰਿੰਦਰ ਬਰਾਂਡ ਭਾਰਤੀ ਦੁੱਮਛੱਲਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਆਪਣੇ ਇਸ ਅਸੰਗਤ ਅਤੇ ਜ਼ਾਹਰਾਨਾ ਵਤੀਰੇ ਨਾਲ ਉਹ ਆਪਣੀ ਔਕਾਤ ਵੀ ਵਿਖਾ ਰਹੇ ਹਨ ਅਤੇ ਆਪਣਾ ਨੁਕਸਾਨ ਵੀ ਕਰ ਰਹੇ ਹਨ।

 ਵੈਸੇ 30 ਮਿਲੀਅਨ ਸਿੱਖ ਕੌਮ ਲਈ ਇਹ ਬੜੇ ਫਖ਼ਰ ਅਤੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੀ ਆਜ਼ਾਦ ਫਿਜ਼ਾ ਵਿੱਚ ਪ੍ਰਵਾਨ ਚੜ੍ਹੇ ਸਿੱਖ ਸਿਆਸੀ, ਪਾਰਲੀਮਾਨੀ ਆਗੂਆਂ ਨੇ ਭਾਰਤੀ ਹਾਕਮਾਂ ਅਤੇ ਉਨ੍ਹਾਂ ਦੀਆਂ ਏਜੰਸੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਜਿਸ ਘਟੀਆ ਸ਼ੈਲੀ ਵਿੱਚ ਅਮਰਿੰਦਰ ਨੇ ਕੈਨੇਡਾ ਦੇ ਸਿੱਖ ਵਜ਼ੀਰਾਂ ਅਤੇ ਐਮ. ਪੀਆਂ ‘ਤੇ ਇਲਜ਼ਾਮ-ਤਰਾਸ਼ੀ ਕੀਤੀ, ਉਸ ਨੇ ਇਨ੍ਹਾਂ ਸਿੱਖ ਆਗੂਆਂ ਦੇ ਰੁਤਬੇ ਵਿੱਚ ਹੋਰ ਵੀ ਵਾਧਾ ਕੀਤਾ ਹੈ। ਇਉਂ ਜਾਪਦਾ ਹੈ ਕਿ ਭਾਰਤੀ ਏਜੰਸੀਆਂ ਦੀ ਸਿੱਖ ਕੌਮ ਪ੍ਰਤੀ ਨਫਰਤ ਨੀਤੀ ਪੂਰੀ ਤਰ੍ਹਾਂ ਖੁੱਲ੍ਹ ਕੇ ਬਾਹਰ ਆ ਗਈ ਹੈ। ਅਮਰਿੰਦਰ ਸਿੰਘ ਤਾਂ ਆਪਣੇ ਗੱਦਾਰ-ਪੁਰਖਿਆਂ ਦੇ ਪਾਏ ਪੂਰਨਿਆਂ ‘ਤੇ ਹੀ ਚੱਲ ਰਿਹਾ ਹੈ। ਪਹਿਲੀ ਸਿੰਘਾਂ-ਫਿਰੰਗੀਆਂ ਦੀ ਜੰਗ ਵੇਲੇ, ਇਨ੍ਹਾਂ ਦੇ ਹੀ ਇੱਕ ਵਡੇਰੇ ਫਰੀਦਕੋਟੀਏ ਰਾਜੇ ਪਹਾੜਾ ਸਿੰਘ ਨੇ, ਸਿੰਘਾਂ ਦੇ ਭੇਤ ਦੀ ਗੱਲ ਦੱਸ ਕੇ ਭੱਜੀ ਜਾਂਦੀ ਅੰਗਰੇਜ਼ਾਂ ਦੀ ਫੌਜ ਨੂੰ ਵਾਪਸ ਜੰਗ ਦੇ ਮੈਦਾਨ ਵਿੱਚ ਲਿਆ ਖੜ੍ਹਾ ਕੀਤਾ ਸੀ। ‘ਜੰਗ ਹਿੰਦ-ਪੰਜਾਬ’ ਦੇ ਜੰਗਨਾਮੇ ਦਾ ਕਰਤਾ ਸ਼ਾਹ ਮੁਹੰਮਦ ਇਸ ਨੂੰ ਇਉਂ ਬਿਆਨਦਾ ਹੈ –

‘ਪਹਾੜਾ ਸਿੰਘ ਸੀ ਯਾਰ ਫਿਰੰਗੀਆਂ ਦਾ, ਸਿੰਘਾਂ ਨਾਲ ਸੀ ਉਸ ਦੀ ਗੈਰਸਾਲੀ (ਦੁਸ਼ਮਣੀ)।

ਪਿੱਛੋਂ ਭੱਜ ਕੇ ਲਾਟ ਨੂੰ ਜਾਇ ਮਿਲਿਆ, ਗੱਲ ਜਾਇ ਦੱਸੀ ਸਾਰੀ ਭੇਤ ਵਾਲੀ।

ਉਥੋਂ ਹੋ ਗਿਆ ਹਰਨ ਹੈ ਖਾਲਸਾ ਜੀ, ਚੌਦਾਂ ਹੱਥਾਂ ਦੀ ਮਾਰ ਕੇ ਜਾਣ ਛਾਲੀ।

ਸ਼ਾਹ ਮੁਹੰਮਦਾ ਸਾਂਭ ਲੈ ਸਿਲੇਖਾਨੇ (ਅਸਲਾ-ਖਾਨਾ), ਛੱਡ ਗਏ ਨੀ ਸਿੰਘ ਮੈਦਾਨ ਖਾਲੀ।

          ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਨਾਂ ਸਿੱਖ ਇਤਿਹਾਸ ਵਿੱਚ ਪਹਾੜਾ ਸਿੰਘ ਦੇ ਨਾਂ ਨਾਲ ਨੱਥੀ ਕਰਵਾ ਲਿਆ ਹੈ।

Most Viewed Posts