ਗੁਰਮਤਿ ਦੇ ਵੇਦ ਵਿਆਸ- ਭਾਈ ਗੁਰਦਾਸ ਜੀ

0
719

ਗੁਰਮਤਿ ਦੇ ਵੇਦ ਵਿਆਸ- ਭਾਈ ਗੁਰਦਾਸ ਜੀ

-ਰਮੇਸ਼ ਬੱਗਾ ਚੋਹਲਾ (ਲੁਧਿਆਣਾ) 94631-32719

ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਸਿੱਖ ਧਰਮ ਵਿੱਚ ਜਦੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਗੁਰੂ ਘਰ ਦੇ ਪਿਆਰਿਆਂ ਅਤੇ ਸਚਿਆਰਿਆਂ ਦੀ ਕਮਾਈ ਦਾ ਵੀ ਧਿਆਨ ਧਰਨ ਲਈ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਨਾ ਸਿਰਫ ਸਿੱਖੀ ਸਿਧਾਂਤਾਂ ਮੁਤਾਬਕ ਢਾਲਿਆ ਹੀ ਸਗੋਂ ਉਨ੍ਹਾਂ ਸਿਧਾਂਤਾਂ ਦੀ ਰੌਸ਼ਨੀ ਨੂੰ ਦੂਰ-ਦੁਰਾਡੇ ਤੱਕ ਪਹੁੰਚਾਉਣ ਲਈ ਵੀ ਆਪਣਾ ਅਹਿਮ ਯੋਗਦਾਨ ਪਾਇਆ। ਇਨ੍ਹਾਂ ਗੁਰੂ ਘਰ ਦੇ ਪਿਆਰਿਆਂ-ਨਿਆਰਿਆਂ ਦੇ ਯੋਗਦਾਨ ਬਦਲੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇਨ੍ਹਾਂ ਨੂੰ ਵੀ ਉਨ੍ਹਾਂ ਹੀ ਮਾਣ-ਸਤਿਕਾਰ ਦਿੰਦੀਆਂ ਹਨ, ਜਿਨ੍ਹਾਂ ਸਿੱਖ ਧਰਮ ਦੇ ਰਹਿਬਰਾਂ ਨੂੰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦੇ ਹੀ ਮਾਣ ਸਤਿਕਾਰ ਦੇ ਪਾਤਰ ਬਣਦੇ ਹਨ ‘ਭਾਈ ਗੁਰਦਾਸ ਜੀ’, ਜੋ ਸਿੱਖ ਧਰਮ ਦੇ ਮਹਾਨ ਵਿਦਵਾਨ, ਚਿੰਤਕ ਅਤੇ ਗੁਰਬਾਣੀ ਦੇ ਵਿਆਖਿਆਕਾਰ ਸਨ।

ਸਿੱਖ ਹਲਕਿਆਂ ਵਿੱਚ ਵੇਦ-ਵਿਆਸ ਅਤੇ ਪਾਦਰੀ ਸੇਂਟ ਪਾਲ ਦੇ ਨਾਲ ਤੁਲਨਾਏ ਜਾਂਦੇ ਭਾਈ ਗੁਰਦਾਸ ਜੀ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿਖੇ ਭਾਈ ਈਸ਼ਰ ਦਾਸ (ਗੁਰੂ ਅਮਰਦਾਸ ਜੀ ਦਾ ਚਚੇਰਾ ਭਾਈ) ਦੇ ਪਰਿਵਾਰ ਵਿੱਚ 1559 ਈ. ਨੂੰ ਹੋਇਆ। ਕੁੱਝ ਲੇਖਕਾਂ ਦੀ ਰਾਇ ਮੁਤਾਬਕ ਭਾਈ ਸਾਹਿਬ ਜੀ ਦਾ ਜਨਮ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ’ਤੇ 1553 ਈ. ਨੂੰ ਹੋਇਆ ਵੀ ਸਵੀਕਾਰਿਆ ਜਾਂਦਾ ਹੈ। ਆਪਣੇ ਬਚਪਨ ਦਾ ਵਧੇਰੇ ਸਮਾਂ ਭਾਈ ਗੁਰਦਾਸ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੀ ਬਿਤਾਇਆ ਅਤੇ ਪ੍ਰਾਇਮਰੀ ਸਿੱਖਿਆ ਵੀ ਇੱਥੋਂ ਹੀ ਹਾਸਲ ਕੀਤੀ। ਇਸ ਤੋਂ ਅਗਲੇਰੀ ਅਤੇ ਉਚੇਰੀ ਸਿੱਖਿਆ ਉਨ੍ਹਾਂ ਨੇ ਉਸ ਵਕਤ ਦੇ ਪ੍ਰਸਿੱਧ ਇਸਲਾਮੀ ਅਤੇ ਭਾਰਤੀ ਵਿਦਿਆ ਕੇਂਦਰਾਂ ’ਤੇ ਜਾ ਕੇ ਗ੍ਰਹਿਣ ਕੀਤੀ। ਭਾਈ ਕਾਨ੍ਹ ਸਿੰਘ ਨਾਭਾ (ਮਹਾਨ ਕੋਸ਼) ਅਨੁਸਾਰ ਭਾਈ ਸਾਹਿਬ ਜੀ ਨੇ ਸੰਨ 1579 ’ਚ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਆ ਕੇ ਸਿੱਖ ਧਰਮ ਨੂੰ ਗ੍ਰਹਿਣ ਕੀਤਾ। ਗੁਰੂ ਅਰਜਨ ਸਾਹਿਬ ਦੀ ਸ਼ਰਨ ਵਿੱਚ ਰਹਿ ਕੇ ਉਨ੍ਹਾਂ ਨੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਅਤੇ ਗੁਰਮਤਿ ਪ੍ਰਤੀ ਆਪਣੀ ਪਕੜ ਹੋਰ ਮਜ਼ਬੂਤ ਬਣਾ ਲਈ।

ਗੁਰਮਤ ਵਿੱਚ ਤਿਆਗੀ ਜੀਵਨ ਦੀ ਬਜਾਇ ਗ੍ਰਹਿਸਤੀ ਜੀਵਨ ਨੂੰ ਮਹੱਤਵ ਤੇ ਵਿਸ਼ੇਸ਼ਤਾ ਦਿੱਤੀ ਗਈ ਹੈ। ਇਸ ਵਿਸ਼ੇ ਬਾਬਤ ਗੁਰੂ ਅਰਜਨ ਸਾਹਿਬ ਜੀ ਫੁਰਮਾਉਂਦੇ ਹਨ ‘‘ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ॥ (ਮ: ੫/੫੨੨), ਅਨਦਿਨੁ ਕੀਰਤਨੁ ਕੇਵਲ ਬਖਾਨੁ ॥ ਗ੍ਰਿਹਸਤ ਮਹਿ ਸੋਈ ਨਿਰਬਾਨੁ ॥’’ (ਗਉੜੀ ਸੁਖਮਨੀ /ਮ: ੫/੨੮੧), ਆਦਿ। ਇਸੇ ਗ੍ਰਹਿਸਤ ਵਿਸ਼ੇ ਬਾਬਤ ਭਾਈ ਗੁਰਦਾਸ ਜੀ ਇਉਂ ਵਚਨ ਕਰਦੇ ਹਨ: ‘‘ਗਿਆਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ; ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ ॥੩੭੬॥’’ (ਭਾਈ ਗੁਰਦਾਸ ਜੀ : ਕਬਿੱਤ ੩੭੬)

ਭਾਈ ਗੁਰਦਾਸ ਜੀ ਦੁਆਰਾ 40 ਵਾਰਾਂ ਅਤੇ 556 ਕਬਿੱਤ ਆਦਿ ਛੰਦ ਰਚੇ ਗਏ ਹਨ। ਬਾਬੇਕਿਆਂ ਦੀ ਸਰਬੱਤ ਦਾ ਭਲਾ ਮੰਗਣ ਵਾਲੀ ਸੋਚ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਭਾਈ ਗੁਰਦਾਸ ਜੀ ਲਾਹੌਰ, ਆਗਰਾ, ਕਾਂਸ਼ੀ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਗਏ। ਇਹ ਸਿਲਸਿਲਾ ਸ੍ਰੀ ਗੁਰੂ ਹਰਗੋਬਿੰਦ ਜੀ ਤੱਕ ਚੱਲਦਾ ਰਿਹਾ। ਪ੍ਰਚਾਰ ਦੇ ਨਾਲ-ਨਾਲ ਭਾਈ ਸਾਹਿਬ ਨੇ ਫਤਹਿਪੁਰ ਸੀਕਰੀ, ਗਵਾਲੀਅਰ, ਉਜੈਨ, ਬਰੁਹਾਨਪੁਰ, ਲਖਨਊ ਅਤੇ ਜੋਨਪੁਰ ਆਦਿਕ ਥਾਵਾਂ ’ਤੇ ਸਿੱਖ ਕੇਂਦਰ (ਸੰਗਤ ਰੂਪ) ਸਥਾਪਤ ਕੀਤੇ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖੀ ਦੇ ਰਾਹ ਵਿੱਚ ਰੋੜਾ ਅਟਕਾਉਣ ਵਾਲੇ ਕਈ ਅੰਦਰੂਨੀ ਅਤੇ ਬਾਹਰੀ ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਨੂੰ ਪਛਾੜਨ ਲਈ ਭਾਈ ਗੁਰਦਾਸ ਜੀ ਦਾ ਅਹਿਮ ਰੋਲ ਰਿਹਾ ਹੈ। ਇਸ ਰੋਲ ਸਦਕਾ ਗੁਰੂ ਘਰ ਦੀ ਆਰਥਿਕ ਵਿਵਸਥਾ ਮੁੜ ਲੀਹ ਉੱਪਰ ਆ ਗਈ ਅਤੇ ਉਸਾਰੀ ਦੇ ਕੰਮਾਂ ਦੀ ਰਫਤਾਰ ਤੇਜ਼ ਹੋ ਗਈ। ਜਦੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕੰਮ ਆਰੰਭਿਆ ਤਾਂ ਇਸ ਪਾਵਨ ਸਰੂਪ ਨੂੰ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਵੱਲੋਂ ਨਿਭਾਈ ਗਈ। ਇਸ ਤੋਂ ਇਲਾਵਾ ਗੁਰੂ ਆਸ਼ੇ (ਟੀਚੇ) ਦੀ ਵਿਆਖਿਆ ਕਰਨ ਹਿੱਤ ਭਾਈ ਸਾਹਿਬ ਜੀ ਨਾਲ-ਨਾਲ ਆਪਣੀ ਬਾਣੀ ਦੀ ਸਿਰਜਣਾ ਵੀ ਕਰਦੇ ਰਹੇ ਸਨ। ਇਸ ਬਾਣੀ ਨੂੰ ਜਦੋਂ ਪੰਚਮ ਪਾਤਸ਼ਾਹ ਨੇ (ਗੁਰੂ) ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਚਾਹਿਆ ਤਾਂ ਨਿਮਰਤਾ ਦਾ ਸਬੂਤ ਦਿੰਦਿਆਂ ਭਾਈ ਸਾਹਿਬ ਨੇ ਕਿਹਾ ਕਿ ਸੇਵਕ ਸਾਹਿਬ ਦੇ ਬਰਾਬਰ ਬੈਠਾ ਸ਼ੋਭਦਾ ਨਹੀਂ। ਇਹ ਨਿਮਰਤਾ ਵੇਖ ਕੇ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਅਤੇ ਭਾਈ ਸਾਹਿਬ ਦੀ ਰਚਨਾ ਨੂੰ ਗੁਰਬਾਣੀ ਦੀ ਪਹਿਲੀ ਵਿਆਖਿਆ ਵਜੋਂ ਮਾਨਤਾ ਕੇ ਰੱਜਵਾਂ ਸਤਿਕਾਰ ਦਿੱਤਾ। ਇਸ ਗੱਲ ਦੀ ਤਸਦੀਕ ਕਰਦਿਆਂ ਕਵੀ ਨੇ ਇਉਂ ਲਿਖਿਆ : 

‘ਭਾਈ ਜੀ ! ਸੁਨੀਏ ਨਿਰਾਧਾਰ। ਤੁਮਰੀ ਬਾਣੀ ਅਪਰ ਅਪਾਰ।

ਮਨਹੁ ਗ੍ਰੰਥ ਦਾ ਟੀਕਾ ਭਯੋ। ਯਾਹਿ ਪੜ੍ਹੇ ਸਗਲ ਦੁਖ ਗਯੋ।

ਭਾਈ ਗੁਰਦਾਸ ਜੀ ਨੇ ਛੇਵੇਂ ਨਾਨਕ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਆਰੰਭਲੇ ਸਮੇਂ ਉਸਾਰੀ ਦੇ ਕੰਮਕਾਜ ਦੀ ਨਿਗਰਾਨੀ ਵੀ ਕੀਤੀ। ਜਦੋਂ 1609 ਈ. ਨੂੰ ਛੇਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਤਾਂ ਉਸ ਨੂੰ ਸੰਪੂਰਨਤਾ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਭਾਈ ਸਾਹਿਬ ਨੇ ਬਾਖ਼ੂਬੀ ਨਿਭਾਈ। ਜਦੋਂ ਗੁਰੂ ਸਾਹਿਬ ਗੁਰਸਿੱਖੀ ਦੇ ਪ੍ਰਚਾਰ ਲਈ ਕਿਤੇ ਦੂਰ ਨੇੜੇ ਜਾਂਦੇ ਤਾਂ ਸ੍ਰੀ ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂਆਂ ਦਾ ਸਵਾਗਤ ਅਤੇ ਸੇਵਾ ਦਾ ਕੰਮ ਵੀ ਭਾਈ ਗੁਰਦਾਸ ਜੀ (ਬਾਬਾ ਬੁੱਢਾ ਜੀ ਸਮੇਤ) ਬੜੇ ਉਤਸ਼ਾਹ ਨਾਲ ਸੰਭਾਲ਼ਦੇ। ਜਦ ਰਾਜਾ ਜਹਾਂਗੀਰ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਗਿਆ ਤਾਂ ਬਾਬਾ ਬੁੱਢਾ ਜੀ ਸੰਗਤਾਂ ਸਮੇਤ ਕਿਲ੍ਹੇ ਦੀ ਪਰਕਰਮਾ ਕਰਦੇ ਹੋਏ ਗੁਰਬਾਣੀ ਦੇ ਸ਼ਬਦ ਗਾਇਨ ਕਰਦੇ ਰਹੇ ਸਨ, ਤਦ ਵੀ ਭਾਈ ਗੁਰਦਾਸ ਜੀ ਦੀ ਦਿੱਬ-ਦ੍ਰਿਸ਼ਟੀ ਤੇ ਗੁਰੂ ਸਿਧਾਂਤ ਪ੍ਰਤੀ ਦ੍ਰਿੜ੍ਹਤਾ (ਨਿਪੁੰਨਤਾ) ਨੇ ਭਰਪੂਰ ਸਾਥ ਦਿੱਤਾ।

ਗੁਰੂ ਘਰ ਦੇ ਈਰਖਾਲੂਆਂ ਵੱਲੋਂ ਜਦੋਂ ਕਦੇ ਬਾਬੇ ਨਾਨਕ ਦੇ ਨਿਰਮਲ ਪੰਥ ਬਾਬਤ ਸੰਗਤਾਂ ਵਿੱਚ ਕੋਈ ਵਹਿਮ-ਭਰਮ (ਭੁਲੇਖਾ) ਪਾਉਣ ਦਾ ਯਤਨ ਕੀਤਾ ਜਾਂਦਾ ਤਾਂ ਉਸ ਨੂੰ ਨਵਿਰਤ ਕਰਨ ਦੀ ਡਿਊਟੀ ਵੀ ਭਾਈ ਗੁਰਦਾਸ ਜੀ ਵੱਲੋਂ ਨਿਭਾਈ ਜਾਂਦੀ। ਗੁਰੂ ਘਰ ਦੇ ਲੋਹ-ਲੰਗਰ ਅਤੇ ਹੋਰ ਅਵੱਸ਼ਕ ਲੋੜਾਂ ਦੀ ਪੂਰਤੀ ਲਈ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਣ ਦੀ ਪਿਰਤ ਪਾਉਣ ਦਾ ਸਿਹਰਾ ਵੀ ਭਾਈ ਗੁਰਦਾਸ ਜੀ ਨੂੰ ਹੀ ਜਾਂਦਾ ਹੈ। ਸਿੱਖ ਸਮਾਜ ਅਤੇ ਗੁਰੂ ਘਰ ਦੇ ਹੋਰ ਪ੍ਰੀਤਵਾਨਾਂ ਵਿੱਚ ਇਹ ਪਿਰਤ ਅਜੇ ਤੱਕ ਵੀ ਕਾਇਮ ਹੈ।

1605 ਈ. (ਸੰਮਤ 1662) ਵਿੱਚ ਜਦੋਂ ਅਕਬਰ ਬਾਦਸ਼ਾਹ ਬਟਾਲੇ ਆਇਆ ਤਾਂ ਕਿਸੇ ਦੋਖੀ ਨੇ ਉਸ ਦੇ ਕੰਨ ਭਰ ਦਿੱਤੇ ਕਿ ਗੁਰੂ ਸਾਹਿਬ ਵੱਲੋਂ ਰਚਿਤ (ਗੁਰੂ) ਗ੍ਰੰਥ ਸਾਹਿਬ ਵਿੱਚ ਇਸਲਾਮ ਅਤੇ ਮੁਹੰਮਦ ਸਾਹਿਬ ਦੀ ਸ਼ਾਨ ਦੇ ਖਿਲਾਫ ਲਿਖਤ ਦਰਜ ਹੈ। ਗੁਰੂ ਅਰਜਨ ਦੇਵ ਜੀ ਵੱਲੋਂ ਅਕਬਰ ਬਾਦਸ਼ਾਹ ਦੇ ਸ਼ੰਕਿਆਂ ਦੇ ਨਿਵਾਰਨ ਲਈ ਭਾਈ ਗੁਰਦਾਸ ਜੀ ਦੀ ਸੇਵਾ ਲਗਾਈ ਗਈ। ਗੁਰੂ ਸਾਹਿਬ ਦੇ ਹੁਕਮ ਨੂੰ ਖਿੜੇ ਮੱਥੇ ਪਰਵਾਨ ਕਰਦਿਆਂ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਬਟਾਲੇ ਪਹੁੰਚ ਗਏ। ਜਦੋਂ ਅਕਬਰ ਨੂੰ ਬਾਣੀ ਸੁਣਾਈ ਗਈ ਤਾਂ ਅਰੰਭਕ ਸ਼ਬਦ ਆਇਆ : ‘‘ਖਾਕ ਨੂਰ ਕਰਦੰ ਆਲਮ ਦੁਨੀਆਇ ॥ ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥’’ (ਮ: ੫/੭੨੩) ਇਸ ਪਾਵਨ ਸ਼ਬਦ ਨਾਲ ਹੀ ਅਕਬਰ ਬਾਦਸ਼ਾਹ ਦੀ ਤਸੱਲੀ ਹੋ ਗਈ। ਇਸ ਤੋਂ ਇਲਾਵਾ ਵੀ ਭਾਈ ਸਾਹਿਬ ਜੀ ਨੇ ਕੁੱਝ ਹੋਰ ਸ਼ਬਦ ਪੜ੍ਹੇ ਜਿਨ੍ਹਾਂ ਨੂੰ ਸੁਣ ਕੇ ਅਕਬਰ ਨੇ 51 ਮੋਹਰਾਂ (ਗੁਰੂ) ਗ੍ਰੰਥ ਸਾਹਿਬ ਅੱਗੇ ਰੱਖ ਕੇ ਆਪਣਾ ਸੀਸ ਝੁਕਾਇਆ ਅਤੇ ਭਾਈ ਗੁਰਦਾਸ ਜੀ ਨੂੰ ਇੱਕ ਸੁੰਦਰ ਦੁਸ਼ਾਲਾ (ਕਢਾਈ ਕੀਤਾ ਮੋਟਾ ਸ਼ਾਲ) ਭੇਟ ਕਰਕੇ ਸਨਮਾਨਿਤ ਵੀ ਕੀਤਾ।

ਭਾਈ ਗੁਰਦਾਸ ਜੀ ਨੇ ਆਪਣੇ ਅੰਤਲੇ ਸਵਾਸ ਸ੍ਰੀ ਗੋਇੰਦਵਾਲ ਸਾਹਿਬ ਦੀ ਵਿਖੇ ਲਏ ਤੇ ਛੇਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਭਾਦੋਂ ਸੁਦੀ ਪੰਜਵੀਂ 1637 ਈ. ਨੂੰ ਸਰੀਰਕ ਚੋਲਾ ਤਿਆਗ ਦਿੱਤਾ। ਭਾਈ ਸਾਹਿਬ ਜੀ ਦੁਆਰਾ ਸਰੀਰਕ ਜਾਮੇ ’ਚ ਨਿਭਾਈ ਗਈ ਇਸ ਅਦੁੱਤੀ ਮਿਸਾਲ ਤੇ ਯੋਗਦਾਨ ਬਦਲੇ ਸਿੱਖ ਸੰਗਤਾਂ ਹਮੇਸ਼ਾ ਉਨ੍ਹਾਂ ਦੀਆਂ ਰਿਣੀ ਰਹਿਣਗੀਆਂ।

—–0—–

41720cookie-checkਗੁਰਮਤਿ ਦੇ ਵੇਦ ਵਿਆਸ- ਭਾਈ ਗੁਰਦਾਸ ਜੀ