ਪਾਕਿਸਤਾਨੀ ਰਾਸਟਰਪਤੀ ਅਯੂਬ ਖਾਂ ਦਾ ਵਿਸ਼ਵਾਸ ਗੁਰਬਾਣੀ ਮੂਲ-ਮੰਤਰ ਉਤੇ

0
694

ਪਾਕਿਸਤਾਨੀ ਰਾਸਟਰਪਤੀ ਅਯੂਬ ਖਾਂ ਦਾ ਵਿਸ਼ਵਾਸ ਗੁਰਬਾਣੀ ਮੂਲ-ਮੰਤਰ ਉਤੇ

ਡਾ. ਅਨੋਖ ਸਿੰਘ ਬਠਿੰਡਾ

ਸ. ਮੇਹਰਬਾਨ ਸਿੰਘ, ਸਿੰਘਪੁਰ ਦੀ ਇੱਕ ਨਾਮੀ ਸ਼ਖ਼ਸੀਅਤ ਹੋਈ ਹੈ। ਸੱਤਰਵਿਆਂ ਦੇ ਦਹਾਕੇ ਵਿੱਚ ਉਹਨਾਂ ਮੈਨੂੰ ਇੱਕ ਘਟਨਾ ਸੁਣਾਈ। ਕਹਿੰਦੇ ਅਸੀਂ ਪਾਕਿਸਤਾਨ ਗੁਰਦੁਆਰਿਆਂ ਦੇ ਦਰਸ਼ਨ ਨੂੰ ਗਏ। ਜਨਰਲ ਅਯੂਬ ਖਾਂ ਉਹਨੀਂ ਦਿਨੀਂ ਪਾਕਿਸਤਾਨ ਦੇ ਰਾਸਟਰਪਤੀ ਸਨ। ਉਹਨਾਂ ਸਾਨੂੰ ਆਪਣੇ ਘਰ ਚਾਹ ਪਾਣੀ ਵਾਸਤੇ ਸੱਦਿਆ। ਜਦੋਂ ਅਸੀਂ ਉਹਨਾਂ ਦੇ ਡਰਾਇੰਗ ਰੂਪ ਵਿੱਚ ਵੜੇ ਤਾਂ ਮੈਂ ਸਾਹਮਣੇ ਦੀਵਾਰ ਦੇਖ ਕੇ ਹੱਕਾ-ਬੱਕਾ ਰਹਿ ਗਿਆ। ਉਸ ਉੱਪਰ ਪੈਟਿੰਗ ਨਾਲ ਲਿਖਿਆ ਹੋਇਆ ਸੀ ‘‘ੴ ਸਤਿ ਗੁਰ ਪ੍ਰਸਾਦਿ॥’’ ਤੇ ਇਸ ਦੇ ਹੇਠਾਂ ਦੋ ਫਰੇਮ ਲਟਕ ਰਹੇ ਸਨ। ਇੱਕ ਫਰੇਮ ਵਿੱਚ ਪੰਜਾਬੀ ਵਿੱਚ ਅਤੇ ਦੂਸਰੇ ਫਰੇਮ ਵਿੱਚ ਉਰਦੂ ਵਿੱਚ ਸੰਪੂਰਨ ‘ਮੂਲ-ਮੰਤਰ’ ਲਿਖਿਆ ਹੋਇਆ ਸੀ। ਸਾਡੀ ਰਸਮੀ ਗੱਲਬਾਤ ਸ਼ੁਰੂ ਹੋਈ। ਮੈਨੂੰ ‘ਮੂਲ ਮੰਤਰ’ ਬਾਰੇ ਜਾਨਣ ਦੀ ਬੜੀ ਕਾਹਲੀ ਸੀ। ਮੈਂ ਗੱਲਾਂ ਨੂੰ ਵਿਚਾਲੇ ਟੋਕ ਕੇ ਪੁੱਛ ਹੀ ਲਿਆ। ਜਨਰਲ ਸਾਹਿਬ ਜੇਕਰ ਆਪ ਇਜਾਜ਼ਤ ਦੇਵੋ ਤਾਂ ਮੈਂ (ਇਸ਼ਾਰਾ ਕਰਕੇ) ਇਸ ‘ਮੂਲ ਮੰਤਰ’ ਬਾਰੇ ਜਾਨਣਾ ਚਾਹੁੰਦਾ ਹਾਂ। ਉਹਨਾਂ ਇੱਕ ਮਿੰਟ ਲਈ ਚੁੱਪੀ ਸਾਧੀ ਤੇ ਫਿਰ ਬੋਲੇ, ‘ਇਹ ਗੁਰੂ ਨਾਨਕ ਸਾਹਿਬ ਦਾ ਕਮਾਲ ਹੀ ਹੈ, ਜਿਸ ਦੇ ਸਹਾਰੇ ਅੱਜ ਮੈਂ ਰਾਸ਼ਟਰਪਤੀ ਦੀ ਪਦਵੀ ਤੱਕ ਪਹੁੰਚਿਆ ਹਾਂ।’

ਮੁਹੰਮਦ ਅਲੀ ਜਿਨਹਾ ਤੇ ਅਜੂਬ ਖਾਂ

ਉਹਨਾਂ ਦੱਸਿਆ ਕਿ ਮੈਂ ਐਬਟਾਬਾਦ ’ਚ ਪੜ੍ਹਿਆ ਕਰਦਾ ਸੀ। ਸਭ ਤੋਂ ਨਾਲਾਇਕ ਵਿਦਿਆਰਥੀ ਹੋਣ ਕਰਕੇ ਮੈਨੂੰ ਹਰ ਰੋਜ਼ ਕਲਾਸ ਵਿੱਚ ਕੁੱਟ ਪੈਂਦੀ ਸੀ। ਇੱਕ ਦਿਨ ਮੈਂ ਲੁਕਣ ਵਾਸਤੇ ਗੁਰਦੁਆਰਾ ਸਾਹਿਬ ’ਚ ਚਲਿਆ ਗਿਆ। ਗੁਰਦੁਆਰੇ ’ਚ ਬਾਬਾ ਜੀ ਮੈਨੂੰ ਜਾਣਦੇ ਸਨ। ਉਹ ਕਹਿੰਦੇ ‘ਜੂਬਿਆ ! ਕਿਧਰ ਤੁਰਿਆ ਫਿਰਦਾ ਹੈਂ, ਤੇਰਾ ਤਾਂ ਸਕੂਲ ਦਾ ਸਮਾਂ ਹੈ।’ ਮੈਂ ਕਿਹਾ ਬਾਬਾ ਜੀ ! ਮੈਂ ਸਕੂਲ ਨਹੀਂ ਜਾਣਾ, ਮੈਨੂੰ ਤਾਂ ਰੋਜ਼ ਕੁੱਟ ਪੈਂਦੀ ਹੈ, ਮੈਥੋਂ ਕੁੱਟ ਨਹੀਂ ਖਾਧੀ ਜਾਂਦੀ। ਉਹਨਾਂ ਮੈਨੂੰ ਪਿਆਰ ਨਾਲ ਬੁੱਕਲ ਵਿੱਚ ਲੈ ਕੇ ਸਮਝਾਇਆ ਤੇ ਕਹਿੰਦੇ ਤੈਨੂੰ ਅੱਜ ਤੋਂ ਬਾਅਦ ਕੁੱਟ ਨਹੀਂ ਪਵੇਗੀ, ਤੂੰ ਏਦਾਂ ਕਰੀਂ ਜਦੋਂ ਸਕੂਲ ਜਾਇਆ ਕਰੇਂ ‘ਮੂਲ-ਮੰਤਰ’ ਦਾ ਪਾਠ ਕਰਦਾ ਜਾਇਆ ਕਰ। ਮੈਂ ‘ਮੂਲ-ਮੰਤਰ’ ਦਾ ਪਾਠ ਕਰਦਾ ਸਕੂਲ ਚੱਲਿਆ ਗਿਆ। ਅੱਜ ਪਹਿਲਾ ਦਿਨ ਸੀ ਕਿ ਕੁੱਟ ਨਹੀਂ ਪਈ। ਮੈਂ ਹਰ ਰੋਜ਼ ‘ਮੂਲ-ਮੰਤਰ’ ਦਾ ਪਾਠ ਸਕੂਲ ਜਾਂਦਿਆਂ ਕਰਨਾ ਸ਼ੁਰੂ ਕਰ ਦਿੱਤਾ। ਉਸ ਦਿਨ ਤੋਂ ਬਾਅਦ ਮੈਨੂੰ ਕਦੀ ਵੀ ਸਕੂਲ ’ਚ ਮਾਰ ਨਹੀਂ ਪਈ।

ਇਮਤਿਹਾਨ ਦੇ ਦਿਨ ਆ ਗਏ, ਮੈਂ ਬਾਬਾ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ! ਕ੍ਰਿਪਾ ਕਰੋ ਮੈਂ ਪਾਸ ਹੋ ਜਾਵਾਂ। ਬਾਬਾ ਜੀ ਕਹਿੰਦੇ ‘ਜੂਬਿਆ! ਬਾਬੇ ਨਾਨਕ ਦਾ ਕਲਾਮ ‘‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥’’ ਤੈਨੂੰ ਦਿੱਤਾ ਹੈ, ਇਸ ਦਾ ਸਹਾਰਾ ਨਾ ਛੱਡੀਂ। ਜਾਹ, ਜਿਸ ਵੀ ਪਦਵੀ ’ਤੇ ਪਹੁੰਚਣਾ ਚਾਹੋਂ ਪਹੁੰਚ ਜਾਵੇਂਗਾ।’ ਮੈਂ ਤਾਂ ਇਸੇ ਬਾਬੇ ਨਾਨਕ ਦੇ ਕਲਾਮ ਦੇ ਸਹਾਰੇ ’ਤੇ ਅੱਜ ਇੱਥੇ ਪਹੁੰਚਿਆ ਹਾਂ।

ਸੰਨ 2000 ਵਿੱਚ ਮੈਨੂੰ ਪਾਕਿਸਤਾਨ ਵਿੱਚ ਜਾਣ ਦਾ ਸਬੱਬ ਮਿਲਿਆ। ਲਾਹੌਰ ਦੇ ਬਜ਼ਾਰ ਵਿੱਚ ਮੈਂ ਘੁੰਮ ਰਿਹਾ ਸੀ, ਅਚਨਚੇਤ ਅਯੂਬ ਖਾਂ ਦੀ ਇਹ ਘਟਨਾ ਯਾਦ ਆਈ। ਮੈਂ ਇੱਕ ਕਿਤਾਬ ਦੀ ਦੁਕਾਨ ਵਿੱਚ ਚਲਿਆ ਗਿਆ ਤੇ ਅਯੂਬ ਖਾਂ ਦੀ ਆਟੋ ਬਾਇਓਗਰਾਫੀ ਮੰਗੀ। ਬੁੱਕ ਸੈਲਰ ਨੇ ਇੱਕ ਕਿਤਾਬ, ਜਿਸ ਦਾ ਨਾਂ ‘ਫਰੈਂਡਸ, ਨਾਟ ਮਾਸਟਰਸ’ ਮੇਰੇ ਸਾਹਮਣੇ ਰੱਖੀ। ਮੈਂ ਇਸ ਪੁਸਤਕ ਦੇ ਵਰਕੇ ਫਰੋਲੇ ਤੇ ਸ੍ਰ: ਮੇਹਰਬਾਨ ਸਿੰਘ ਦੀ ਦੱਸੀ ਹੋਈ ਘਟਨਾ ਦੀ ਤਸੱਲੀ ਕੀਤੀ। ਪ੍ਰਿੰਸੀਪਲ ਸਤਬੀਰ ਸਿੰਘ ਹੁਰਾਂ ਨੇ ਵੀ ਇੱਕ ਥਾਂ ’ਤੇ ਅਯੂਬ ਖਾਂ ਦੀ ਇਸ ਘਟਨਾ ਦਾ ਵਰਣਨ ਆਪਣੀ ਕਿਤਾਬ ਵਿੱਚ ਕੀਤਾ ਹੈ।