35.7 C
Jalandhar
Tuesday, April 21, 2026
spot_img
Home Blog Page 149

ਸਿੰਘ ਹਮਾਰਾ ਨਾਂਉ, ਅਨੰਦਪੁਰ ਹਮਾਰਾ ਗਾਂਉ

0

ਸਿੰਘ ਹਮਾਰਾ ਨਾਂਉ, ਅਨੰਦਪੁਰ ਹਮਾਰਾ ਗਾਂਉ

ਅਮਰਜੀਤ ਸਿੰਘ (ਵਾਇਸ ਚੇਅਰਮੈਨ)-098157-03806

ਗੂਰ ਨਾਨਕ ਜੀ ਨੇ ਸਿੱਖ ਧਰਮ ਦੀ ਨੀਂਹ ਰੱਖ ਕੇ ਇੱਕ ਨਿਵੇਕਲੀ ਜੀਵਨ ਜਾਚ ਦਾ ਆਰੰਭ ਕੀਤਾ। ਇਸ ਧਰਮ ਦੀ ਮਰਿਆਦਾ, ਸੰਸਕਾਰ; ਸੰਸਾਰ ਦੇ ਦੂਜੇ ਧਰਮਾਂ ਨਾਲੋਂ ਵੱਖਰੇ ਹਨ। ਜੇ ਇੱਕ ਧਰਮ 33 ਕਰੋੜ ਦੇਵੀ-ਦੇਵਤਿਆਂ ਤੇ ਵਿਸ਼ਵਾਸ ਨਾਲ ਬੱਝਿਆ ਵੀ ਵਕਤੀ ਮਹਾਂਪੁਰਖਾਂ ਨੂੰ ਪ੍ਰਭੂ ਦਾ ਸਰਗੁਨ ਰੂਪ ਮੰਨ ਕੇ ਪ੍ਰਮਾਤਮਾ ਦੀ ਉਪਾਸਨਾ ਕਰਦਾ ਹੈ ਤਾਂ ਦੂਸਰੇ ਧਰਮ ਵਾਲੇ ਪੱਛਮ ਵਿੱਚ ਹੀ ਪ੍ਰਭੂ ਦਾ ਮੁਕਾਮ ਮੰਨ ਕੇ ਅੱਲ੍ਹਾ ਪਾਕ ਦੀ ਇਬਾਦਤ ਕਰਦੇ ਹਨ, ਪਰ ਸਤਿਗੁਰ ਜੀ ਨੇ ਸਿੱਖ ਧਰਮ ਵਿੱਚ ਇਨਸਾਨੀਅਤ ਦੇ ਗੁਣਾਂ ਨੂੰ ਆਧਾਰ ਬਣਾਇਆ। ‘ੴ’ ਤੋਂ ਗੱਲ ਸ਼ੁਰੂ ਕਰ ਕੇ ਬੰਦੇ ਨੂੰ ਨਿਰਭਉ, ਨਿਰਵੈਰ ਗੁਣਾਂ ਦਾ ਧਾਰਨੀ ਹੋ ਕੇ ਅਕਾਲ ਮੂਰਤਿ ਦਾ ਉਪਾਸ਼ਕ ਬਣਨ ਦਾ ਮਾਰਗ ਦੱਸਿਆ। ਗੁਰੂ ਸਾਹਿਬਾਨ ਨੇ ‘ੴ’ ਦੀ ਪ੍ਰਾਪਤੀ ਲਈ ਵੈਰ ਵਿਰੋਧ ਦੀ ਭਾਵਨਾ ਖ਼ਤਮ ਕਰ ਕੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ।

ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ॥ (ਭਗਤ ਕਬੀਰ/1349)

ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥ (ਮ: 5/ 97)

ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥ (ਮ: 5/ 1299) ਇਤਿਆਦਿਕ ਬੇਅੰਤ ਪਾਵਨ ਹੁਕਮਾਂ ਰਾਹੀਂ ਸਾਨੂੰ ਸਭ ਦਾ ਸਤਿਕਾਰ ਕਰਨਾ ਸਿਖਾਇਆ। ਸਿੱਖ ਨੂੰ ਮਨੁੱਖਤਾ ਦੀ ਸੇਵਾ ਦੇ ਮਾਰਗ ਦਾ ਪਾਂਧੀ ਬਣਾਇਆ। ਗੁਰਬਾਣੀ; ਸਿੱਖ ਦੇ ਜੀਵਨ ਦਾ ਅਧਾਰ ਹੈ। ਗੁਰੂ ਰਾਮਦਾਸ ਜੀ ਵੱਲੋਂ ਦਰਸਾਈ ਸਿੱਖ ਰਹਿਤ ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥’’ (ਮ: 4/305) ਵਾਲੇ ਸ਼ਬਦ ਦੀਆਂ ਅਖੀਰ ਵਾਲੀਆਂ ਪੰਕਤੀਆਂ ਵਿੱਚ ਐਸੀ ਜੀਵਨ ਜਾਚ ਵਾਲੇ ਸਿੱਖ ਦੇ ਚਰਨਾਂ ਦੀ ਧੂੜ ਮੰਗ ਕੇ ਸਿੱਖ ਨੂੰ ਸ਼੍ਰੋਮਣੀ ਪਦਵੀ ਦਾ ਧਾਰਨੀ ਹੋਇਆ ਵੇਖਦੇ ਹਨ। ਪੰਚਮ ਪਾਤਸ਼ਾਹ ਜੀ ‘‘ਅੰਤਰਿ ਗੁਰੁ ਆਰਾਧਣਾ; ਜਿਹਵਾ ਜਪਿ ਗੁਰ ਨਾਉ ॥’’ (ਮ: 5/517) ਵਾਲੇ ਬੰਦ ਰਾਹੀਂ ਸਾਡੇ ਅੰਦਰ ਸ਼ੁਭ ਗੁਣਾਂ ਦੀ ਸਿਰਜਣਾ ਕਰਨਾ ਚਾਹੁੰਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ‘‘ਸਾਧੋ ! ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ; ਤਾ ਤੇ ਅਹਿਨਿਸਿ ਭਾਗਉ ॥’’ (ਮ: 9/ 219) ਉਪਦੇਸ਼ ਦੇ ਕੇ ਸਾਡੇ ਅੰਦਰਲੀਆਂ ਬੁਰਿਆਈਆਂ ਬਾਰੇ ਸਾਨੂੰ ਆਈਨਾ ਵਿਖਾਉਣਾ ਚਾਹੁੰਦੇ ਹਨ। ਦਸਮੇਸ਼ ਪਿਤਾ ਜੀ ਨੇ ਖੰਡੇ-ਬਾਟੇ ਦੀ ਪਾਹੁਲ ਛਕਾ ਕੇ ਸਾਡੇ ਵਿੱਚੋਂ ਊਚ-ਨੀਚ ਦੀ ਭਾਵਨਾ ਦਾ ਨਾਸ਼ ਕੀਤਾ। ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ’ਤੇ ਨਜ਼ਰ ਮਾਰੀਏ ਤਾਂ ਇੱਕ ਪੰਗਤ ਵਿੱਚ ਲੰਗਰ ਛਕਣਾ, ਇੱਕ ਸਰੋਵਰ ਵਿੱਚ ਇਸ਼ਨਾਨ ਕਰਨਾ, ਇੱਕੋ ਬਾਟੇ ਵਿੱਚੋਂ ਪਾਹੁਲ ਛਕਣ ਨਾਲ, ਨਾ ਸਿਰਫ ਬੰਦੇ ਦੇ ਅੰਦਰੋਂ ਝੂਠੇ ਅਹੰਕਾਰ ਦਾ ਨਾਸ਼ ਹੁੰਦਾ ਹੈ, ਸਗੋਂ ਇਨਸਾਨੀਅਤ ਦੀ ਸਾਂਝ ਦਾ ਕਿਲ੍ਹਾ ਵੀ ਮਜ਼ਬੂਤ ਹੁੰਦਾ ਹੈ।

ਸਾਡੇ ਘਰਾਂ ਵਿੱਚ ਸੁੱਖ-ਦੁੱਖ ਵੇਲ਼ੇ ਬਾਣੀ ਦੇ ਅਖੰਡ ਪਾਠ/ਸਹਿਜ ਪਾਠ, ਆਦਿ ਕੀਤੇ/ਕਰਵਾਏ ਜਾਂਦੇ ਹਨ। ਵੱਖ-ਵੱਖ ਸੰਸਥਾਵਾਂ ਵਲੋਂ ਭੇਟਾ ਰਹਿਤ ਪੋਥੀਆਂ ਦੀ ਸੇਵਾ ਕਰ ਕੇ ਸਹਿਜ ਪਾਠ ਕਰਨ ਦੀ ਪ੍ਰੇਰਨਾ ਕੀਤੀ ਜਾਂਦੀ ਹੈ। ਵੱਖ-ਵੱਖ ਟੀ. ਵੀ. ਚੈਨਲਾਂ ਰਾਹੀਂ ਸਹਿਜ ਪਾਠ, ਕਥਾ, ਕੀਰਤਨ ਦਰਬਾਰਾਂ ਦੇ ਪ੍ਰਸਾਰਨ ਕੀਤੇ ਜਾ ਰਹੇ ਹਨ ਇਹ ਸਾਰੇ ਯਤਨ ਕਰਨ ਦਾ ਮਨੋਰਥ ਇਹੋ ਹੀ ਹੈ ਕਿ ਅਸੀਂ ਗੁਰਬਾਣੀ ਦੇ ਮੂਲ ਭਾਵ ਨੂੰ ਸਮਝ ਸਕੀਏ ਅਤੇ ਬਾਣੀ ਦਾ ਭਾਵ ਸਾਡੇ ਅੰਦਰ ਵਸ ਜਾਵੇ।

ਪਰ ਅਫਸੋਸ !! ਅੱਜ ਕੁਝ ਕੁ ਸਿੱਖਾਂ ਦੇ ਕਾਰਨਾਮੇ ਦੇਖ-ਸੁਣ ਕੇ ਇੰਝ ਲਗਦਾ ਹੈ ਕਿ ਇੰਨੇ ਅਮੀਰ ਵਿਰਸੇ ਦੇ ਮਾਲਿਕ ਸਿੱਖ ਦੂਜੇ ਧਰਮਾਂ ਦਾ ਸਤਿਕਾਰ ਤਾਂ ਕੀ ਆਪਸੀ ਸਾਂਝ ਵਾਲ਼ੇ ਗੁਰੂ ਉਪਦੇਸ਼ ਨੂੰ ਇੱਕ ਕੰਨ ’ਚੋਂ ਸੁਣ ਕੇ ਦੂਜੇ ਕੰਨ ’ਚੋਂ ਬਾਹਰ ਕੱਢ ਕੇ ‘‘ਅੰਧੇ ਏਕ ਨ ਲਾਗਈ; ਜਿਉ ਬਾਂਸੁ ਬਜਾਈਐ ਫੂਕ ॥’’ (ਭਗਤ ਕਬੀਰ/੧੩੭੨) ਬਚਨ ਵਾਂਗ ਭਰਾ ਮਾਰੂ ਜੰਗ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ। ਜੋ ਕੰਮ 1984 ਵੇਲ਼ੇ ਟੈਂਕਾਂ ਅਤੇ ਤੋਪਾਂ ਦੀ ਮਦਦ ਨਾਲ ਨਹੀਂ ਹੋ ਸਕਿਆ ਉਹ ਕੰਮ ਸਿੱਖ ਆਪਣੇ ਹੀ ਹੱਥੀਂ ਕਰ ਰਹੇ ਹਨ। ਦੂਜਿਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੇ ਰਖਵਾਲੇ ਸਿੱਖ ਵਿਰਸੇ ਦੇ ਵਾਰਸ ਅਸੀਂ ਸਿੱਖ; ਇੰਟਰਨੈੱਟ ’ਤੇ ਇੱਕ ਦੂਸਰੇ ਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢ ਕੇ ਕੀ ਸਿੱਖ ਕੌਮ ਦੀ ਸ਼ਾਨ ਵਧਾ ਰਹੇ ਹਾਂ ? ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿੱਚ ਬਾਕਾਇਦਾ ਇੱਕ ਸੰਸਕਾਰ ‘ਨਾਮ ਸੰਸਕਾਰ’ ਸਿਰਲੇਖ ਹੇਠ ਦਰਜ ਹੈ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਰਿਵਾਰ ਦੀ ਸਲਾਹ ਨਾਲ ਬਾਕਾਇਦਾ ਜੈਕਾਰੇ ਲਗਾ ਕੇ ਇੱਕ ਸਿੱਖ ਬੱਚੇ/ਬੱਚੀ ਦਾ ਨਾਮ ਗੁਰ ਸ਼ਬਦ ਦੇ ਮੁਖਵਾਕ ਦੇ ਪਹਿਲੇ ਅੱਖਰ ਤੋਂ ਆਰੰਭ ਕਰ ਕੇ ਰੱਖਿਆ ਜਾਂਦਾ ਹੈ, ਪਰ ਗੁਰੂ ਦਾ ਭੈ ਸਾਡੇ ਅੰਦਰੋਂ ਇਸ ਕਦਰ ਉੱਡ ਗਿਆ ਹੈ ਕਿ ਇੱਕ ਅੰਮ੍ਰਿਤਧਾਰੀ ਸਿੰਘ, ਦੂਜੇ ਅੰਮ੍ਰਿਤਧਾਰੀਆਂ ਦੇ ਨਾਮ ਵਿਗਾੜ ਕੇ, ਗੰਦੇ ਤੋਂ ਗੰਦੇ ਨਾਵਾਂ ਨਾਲ ਬੁਲਾਉਣ ਨੂੰ ਕੌਮ ਦੀ ਮੁੱਖ ਸੇਵਾ ਸਮਝ ਰਿਹਾ ਹੈ। ਗੱਲ ਇੱਥੇ ਹੀ ਨਹੀਂ ਰੁੱਕ ਰਹੀ, ਗੁਰਸਿੱਖ ਮਾਤਾ ਪਿਤਾ ਨੂੰ ਹਰਾਮਜ਼ਾਦੇ ਕਹਿ ਕੇ ਅਸੀਂ ਆਪਣੇ ਆਪ ਨੂੰ ਉਸ ਗੁਰੂ ਦੇ ਸਿੱਖ ਦੱਸ ਰਹੇ ਹਾਂ, ਜਿਸ ਨੇ ਸਾਰੀ ਉਮਰ ਦੂਸਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਸੀ। ਗੁਰੂ ਦਰਬਾਰ ਦੀ ਮਰਿਆਦਾ ਮੁਤਾਬਕ ਜੇ ਕੋਈ ਅਨਮਤੀ ਅਨਜਾਣਪੁਣੇ ਵਿੱਚ ਨੰਗੇ ਸਿਰ ਗੁਰੂ ਜੀ ਦੀ ਹਜ਼ੂਰੀ ਵਿੱਚ ਆ ਜਾਵੇ ਤਾਂ ਅਸੀ ਫੋਰਨ ਉਸ ਨੂੰ ਸਿਰ ਢੱਕਣ ਲਈ ਬੇਨਤੀ ਕਰਦੇ ਹਾਂ ਪਰ ਅਸੀਂ ਤਾਂ ਇੱਕ ਜ਼ਿੰਮੇਵਾਰ ਸੰਸਥਾ ਨਾਲ ਸੰਬੰਧਤ ਸਿੱਖ ਹਾਂ, ਕੀ ਸਾਨੂੰ ਹੱਕ ਹੈ ਕਿ ਅਸੀਂ ਵਿਚਾਰਕ ਮਤਭੇਦਾਂ ਕਾਰਨ ਦੂਸਰੇ ਸਿੱਖ ਦੀ ਦਸਤਾਰ ਗੁਰੂ ਦਰਬਾਰ ਵਿੱਚ ਹੀ ਉਤਾਰ ਦੇਈਏ ? ਕੀ ਇਹ ਵੀ ਕੌਮ ਦੀ ਵਡਮੁੱਲੀ ਸੇਵਾ ਕਹੀ ਜਾਏਗੀ ? ਤਪਦੀ ਗਰਮੀ ’ਚ ਤਮਾਮ ਲੁਕਾਈ ਲਈ ਠੰਡੇ ਪਾਣੀ ਦੀ ਛਬੀਲ ਵਰਗੇ ਪਾਵਨ ਵਿਰਸੇ ਨੂੰ ਕਲੰਕਿਤ ਕਰ ਕੇ ਵੀ ਅਸੀਂ ਸ਼ਰਮਸਾਰ ਹੋਣ ਦੀ ਬਜਾਇ ਬਾਰ-ਬਾਰ ਇਸ ਕੁਕਰਮ ਨੂੰ ਦੁਹਰਾਉਣ ਦੀ ਧਮਕੀ ਦੇ ਰਹੇ ਹਾਂ। ਅਜਿਹੇ ਪੰਥ ਦੋਖੀ ਕਾਰਜਾਂ ਨਾਲ ਕੀ ਸਿੱਖ ਵਿਰਸੇ ਦੀ ਸ਼ਾਨ ਨੂੰ ਚਾਰ ਚੰਨ ਲੱਗ ਸਕਦੇ ਹਨ ? ਗੁਰਬਾਣੀ ਦਾ ਅਸਲ ਸੱਚ (ਸਚਹੁ ਓਰੈ ਸਭੁ ਕੋ.. ॥ ਮ: ੧/੬੨) ਸਮਝ ਲੈਣਾ ਚਾਹੀਦਾ ਹੈ ਕਿ ਪਰਮਾਤਮਾ ਕਿਸੇ ਦੇ ਪਿਓ ਦੀ ਜੱਦੀ ਮਲਕੀਅਤ ਨਹੀਂ ਹੈ। ਭਗਤ ਰਵਿਦਾਸ ਜੀ ਇਸ ਬਾਰੇ ਬੜੇ ਸਪਸ਼ਟ ਸ਼ਬਦਾਂ ਰਾਹੀਂ ਬਿਆਨ ਕਰ ਰਹੇ ਹਨ: ‘‘ਆਪਨ ਬਾਪੈ ਨਾਹੀ ਕਿਸੀ ਕੋ; ਭਾਵਨ ਕੋ ਹਰਿ ਰਾਜਾ॥’’ (ਭਗਤ ਰਵਿਦਾਸ/658)

ਲੱਗਦਾ ਹੈ ਕਿ ਅਸੀਂ ਸਾਰਾ ਜ਼ੋਰ ਲਗਾ ਕੇ ਸਰਬ ਕਲਾ ਸਮਰਥ ਸਤਿਗੁਰ ਜੀ ਨੂੰ ਮਾਮੂਲੀ ਜਾਦੂਗਰ ਦੇ ਤੁਲ ਦਰਸਾਉਣਾ ਹੀ ਸਿੱਖ ਇਤਿਹਾਸ ਦੀ ਸ਼ਾਨ ਸਮਝ ਰੱਖਿਆ ਹੈ। ਸਾਡੇ ’ਤੇ ਇਹ ਬਚਨ ਪੂਰੀ ਤਰ੍ਹਾਂ ਢੁੱਕਦੇ ਹਨ ‘‘ਤੂ ਸੁਲਤਾਨੁ, ਕਹਾ ਹਉ ਮੀਆ; ਤੇਰੀ ਕਵਨ ਵਡਾਈ ॥’’ (ਮ: 1/795) ਮਾੜੇ ਚੰਗੇ ਬੰਦੇ ਹਰ ਜਥੇਬੰਦੀ ਵਿੱਚ ਮਿਲ ਜਾਣਗੇ, ਪਰ ਸਮੁੱਚੀ ਜਥੇਬੰਦੀ ਕੋਈ ਵੀ ਮਾੜੀ ਨਹੀਂ ਹੁੰਦੀ। ਮਾੜੇ ਤਾਂ ਚੰਦ ਘੜੰਮ ਚੌਧਰੀ ਹੁੰਦੇ ਹਨ, ਜੋ ਇੰਨਾ ਉੱਚਾ ਤੇ ਗੰਦਾ ਬੋਲ ਕੇ ਚੰਗਿਆਂ ਦੀ ਕੋਈ ਪੇਸ਼ ਨਹੀਂ ਚੱਲਣ ਦਿੰਦੇ।

ਦੋ ਬੁਨਿਆਦੀ ਮਤਭੇਦ ਪੈਦਾ ਕਰਕੇ ਸਾਰੀ ਕੌਮ ਨੂੰ ਬਲ਼ਦੀ ਭੱਠੀ ਵਿੱਚ ਝੋਕਿਆ ਜਾ ਰਿਹਾ ਹੈ। ਗੁਰਸਿੱਖ ਲਈ ਗੁਰੂ ਜੀ ਦੇ ਬਚਨ ਹਨ ਕਿ ‘‘ਬੇਦ ਕਤੇਬ ਕਹਹੁ ਮਤ ਝੂਠੇ; ਝੂਠਾ, ਜੋ ਨ ਬਿਚਾਰੈ ॥’’ (ਭਗਤ ਕਬੀਰ/1350) ਭਾਵ ਜਿੱਥੇ ਸਾਰੇ ਧਰਮ ਗ੍ਰੰਥਾਂ ਦਾ ਸਤਿਕਾਰ ਕਰਨਾ ਗੁਰਸਿੱਖੀ ਹੈ, ਉੱਥੇ ਸਿੱਖ ਨੂੰ ਸੁਚੇਤ ਵੀ ਕੀਤਾ ਕਿ ‘‘ਬਹੁ ਸਾਸਤ੍ਰ ਬਹੁ ਸਿਮ੍ਰਿਤੀ; ਪੇਖੇ ਸਰਬ ਢਢੋਲਿ ॥ ਪੂਜਸਿ ਨਾਹੀ ਹਰਿ ਹਰੇ; ਨਾਨਕ ! ਨਾਮ ਅਮੋਲ ॥’’ (ਮ: 5/265) ਭਾਵ ਸਭ ਧਾਰਮਿਕ ਪੋਥੀਆਂ ਦਾ ਸਤਿਕਾਰ ਕਰੋ, ਪਰ ਹਰ ਵਕਤ ਇਹ ਵੀ ਯਾਦ ਰੱਖੋ ਕਿ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ॥ ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ॥’’ (ਮ: 4/982) ਚੇਤੇ ਰੱਖੀਏ ਕਿ ‘‘ਇਕਾ ਬਾਣੀ, ਇਕੁ ਗੁਰੁ; ਇਕੋ ਸਬਦੁ ਵੀਚਾਰਿ ॥’’ (ਮ: 3/646), ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ, ਭਾਈ ! ਏਕੋ ਹੈ॥’’ (ਮ:1/350) ਜੇ ਕੋਈ ਗੋਲ਼ੀਆਂ ਦੀ ਦਹਿਸ਼ਤ, ਗਾਲੀ ਗਲੋਚ, ਹੱਥੋ ਪਾਈ, ਆਦਿ ਦੇ ਸਹਾਰੇ ਸਾਡੇ ਵਾਸਤੇ ਗੁਰੂ ਦਾ ਸ਼ਰੀਕ ਖੜ੍ਹਾ ਕਰੇਗਾ ਅਤੇ ਉਸ ਦਾ ਸਤਿਕਾਰ ਸਾਡੇ ਪਾਸੋਂ ਕੁਕਰਮੀ ਛਬੀਲ ਦੇ ਦਬਾਅ ਥੱਲੇ ਕਰਵਾਉਣਾ ਚਾਹੇਗਾ ਤੇ ਆਸ ਕਰੇਗਾ ਕਿ ਸਿੱਖ ‘ਸਭ ਸਿੱਖਨ ਕੋ ਹੁਕਮ ਹੈ; ਗੁਰੂ ਮਾਨਿਉ ਗ੍ਰੰਥ।’ ਤੋਂ ਆਕੀ ਹੋ ਜਾਣਗੇ ਤਾਂ ਇਹ ਸਿਰਫ਼ ਸੁਪਨਿਆਂ ਦੀ ਦੁਨੀਆਂ ’ਚ ਰਹਿਣ ਵਾਲੀ ਗੱਲ ਹੈ। ਜ਼ਬਰੀ ਧਰਮ ਤਬਦੀਲੀ ਨੂੰ ਸਿੱਖਾਂ ਨੇ ਕਦੇ ਨਹੀਂ ਮੰਨਿਆ ਤੇ ਨਾ ਹੀ ਕਿਸੇ ਨੂੰ ਜ਼ਬਰੀ ਦਬਾਇਆ ਹੈ। ਸਾਨੂੰ ਗੁੜ੍ਹਤੀ ਹੀ ਇਹ ਮਿਲੀ ਹੈ ਕਿ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥’’ (ਮ: 9/1427) ਕਿਸੇ ਦੇ ਘੱਟ ਬੋਲਣ ਨੂੰ ਉਸ ਦੀ ਕਮਜੋਰੀ ਨਹੀਂ ਮੰਨਣਾ ਚਾਹੀਦਾ।

ਦੂਜਾ ਪੱਖ ਇਹ ਵੀ ਵਿਚਾਰਨਯੋਗ ਹੈ ਕਿ ਅੱਜ ਕੱਲ ਸਿਆਸੀ ਦਖ਼ਲ ਕਾਰਨ ਪੂਰਾ ਜ਼ੋਰ ਲਗਾ ਕੇ, ਇਤਿਹਾਸਕ ਗੁਰਦੁਆਰਿਆਂ ਤੋਂ ਟੀ. ਵੀ. ਚੈਨਲਾਂ ਉੱਤੇ ਸਿੱਖੀ ਸਰੂਪ ਅਤੇ ਬਾਣੇ ਦੀ ਓਟ ਲੈ ਕੇ ਖ਼ਾਸ-ਖ਼ਾਸ ਤਿਉਹਾਰਾਂ ’ਤੇ ਉਚੇਚੀ ਕਥਾ ਕਰਵਾ ਕੇ ਇਹ ਸਾਬਤ ਕੀਤਾ ਜਾ ਰਿਹਾ ਹੈ ਕਿ ਸਾਡੇ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦੇ ਮਿਥਿਹਾਸਕ ਅਵਤਾਰਾਂ ਦੇ ਵੰਸ਼ਜ ਹਨ। ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਅਤੇ ਸਿੱਖਾਂ ਨੂੰ ਹਿੰਦੂਆਂ ਦੀ ਸੰਤਾਨ ਦੱਸਿਆ ਜਾ ਰਿਹਾ ਹੈ। ਮੂਲ ਨਾਨਕਸਾਹੀ ਕੈਲੰਡਰ ਦਾ ਭੋਗ ਪਾ ਕੇ ਸਿੱਖ ਇਤਿਹਾਸ ਨੂੰ ਮਲੀਆਮੇਟ ਕਰਨ ਲਈ ਸੂਝਵਾਨ ਅਤੇ ਸ਼ਰਧਾਲੂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜੋ ਸਿੱਖ ਜਾਂ ਸਿੱਖ ਜਥੇਬੰਦੀ ਇਨ੍ਹਾਂ ਖਿਲਾਫ ਬੋਲਦੀ ਹੈ, ਉਹਨਾਂ ਨੂੰ ਸਿੱਖੀ ਤੋਂ ਆਕੀ ਹੋਣ ਦੇ ਫ਼ਤਵੇ ਜਾਰੀ ਕਰ ਦਿੱਤੇ ਜਾਂਦੇ ਹਨ। ਰਾਜਨੀਤਕ ਤਬਦੀਲੀ ਆਉਣ ਤੋਂ ਬਾਅਦ ਇਨ੍ਹਾਂ ਹਮਲਿਆਂ ਵਿੱਚ ਅਚਾਨਕ ਤੇਜ਼ੀ ਆਈ ਹੈ ਤੇ ਇਹਨਾਂ ਦੇ ਹੌਸਲੇ ਆਪਣੀ ਚਰਮ ਸੀਮਾ ’ਤੇ ਹਨ। ਹੈਰਾਨੀ ਦੀ ਗੱਲ ਹੈ ਕਿ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਵੱਡੇ-ਵੱਡੇ ਤੁਫ਼ਾਨ ਖੜ੍ਹੇ ਕਰਨ ਵਾਲੇ ਸਭ ਤੋਂ ਮਾੜੀ ਘਟਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰਤਾ ਕਰਨ ਵਾਲੇ ਸਰਸੇ ਵਾਲੇ ਸਾਧ ਨੂੰ ਮੁਆਫ਼ੀ ਦੇਣ ਵੇਲ਼ੇ ਕਿਉਂ ਚੁੱਪ ਹੋ ਜਾਂਦੇ ਹਨ ?

ਕਦੇ ਸਮਾਂ ਹੁੰਦਾ ਸੀ ਕਿ ਜਦੋਂ ਸਿੱਖਾਂ ਵਿੱਚ ਆਪਸੀ ਮਤਭੇਦ ਪੈਦਾ ਹੋ ਜਾਂਦੇ ਤਾਂ ਵਿਸਾਖੀ, ਦਿਵਾਲੀ ਨੂੰ ਅਕਾਲ ਤਖ਼ਤ ਸਾਹਿਬ ’ਤੇ ਸਭ ਜਥੇਬੰਦੀਆਂ ਦੇ ਮੁਖੀਜਨ ਬੈਠ ਕੇ ਵਿਚਾਰ ਵਟਾਂਦਰਾ ਕਰਨ ਉਪਰੰਤ ਮਸਲੇ ਨੂੰ ਹੱਲ ਕਰ ਲੈਂਦੇ ਸਨ, ਪਰ ਅੱਜ ਤਾਂ ਤਖ਼ਤਾਂ ਤੋਂ ਹੀ ਕੌਮੀ ਸਿਧਾਂਤ ਲਈ ਖ਼ਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ। ਕੋਈ ਐਸੀ ਸੰਸਥਾ ਨਜ਼ਰ ਨਹੀਂ ਆ ਰਹੀ ਜੋ ਸਾਰੀਆਂ ਸਿੱਖ ਸੰਸਥਾਵਾਂ ਨੂੰ ਇੱਕ ਮੰਚ ’ਤੇ ਇਕੱਠਿਆਂ ਕਰ ਕੇ ਬੈਠਾ ਸਕੇ ਤੇ ਪਾਵਨ ਗੁਰੂ ਉਪਦੇਸ਼: ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ, ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ॥’’ (ਮ: 5/1185) ਨੂੰ ਦ੍ਰਿੜ੍ਹ ਕਰਵਾ ਸਕੇ, ਜਿਸ ਨੂੰ ਅਸੀਂ ਸਿਰਫ਼ ਤਾਂ ਸਿਰਫ਼ ਪੜ੍ਹਨ ਤੱਕ ਹੀ ਸਮੇਟ ਰੱਖਿਆ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਕਿਸੇ ਵੀ ਸੰਸਥਾ ਵਿਚੋਂ ਕੁਝ ਸ਼ਰਾਰਤੀ ਲੋਕ ਕੌਮ ਵਿਚ ਫੁੱਟ ਪਾਉਣ ਲਈ ਯਤਨਸ਼ੀਲ ਹਨ ਤਾਂ ਜ਼ਿੰਮੇਵਾਰ ਸੰਸਥਾਵਾਂ ਦੇ ਮੁਖੀਆਂ ਨਾਲ ਮਿਲ ਬੈਠ ਕੇ ਇਸ ਸਾਰੇ ਕਾਰੇ ਨੂੰ ਨੱਥ ਪਾਉਂਦੇ, ਪਰ ਹਰ ਪਾਸੇ ਵੋਟਾਂ ਦੀ ਰਾਜਨੀਤੀ ਭਾਰੂ ਹੈ। ਆਪਣੇ ਰਾਜਨੀਤਿਕ ਮੁਫ਼ੀਦ (ਲਾਭ) ਨੂੰ ਮੁੱਖ ਰੱਖ ਕੇ ਇਸ ਫੁੱਟ ਤੋਂ ਲਾਹਾ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ। ‘ਮਿਲਾਨਾ ਚਾਹਾ ਹੈ ਇਨਸਾਂ ਕੋ ਇਨਸਾਂ ਸੇ ਜਬ ਭੀ, ਤੋ ਸਾਰੇ ਕਾਮ ਸਿਆਸਤ ਬਿਗਾੜ ਦੇਤੀ ਹੈ।, ਵਾਲੀ ਬਿਰਤੀ ਬੰਦੇ ਦੇ ਅੰਦਰਲੇ ਤੇ ਬਾਹਰਲੇ ਭੇਖ ਵਿੱਚ ਅੰਤਰ ਨੂੰ ਉਜਾਗਰ ਕਰਦੀ ਹੈ, ਜਿਸ ਬਾਰੇ ਬਾਬਾ ਫ਼ਰੀਦ ਜੀ ਬਚਨ ਕਰਦੇ ਹਨ: ‘‘ਜਿਨ੍ ਮਨਿ ਹੋਰੁ; ਮੁਖਿ ਹੋਰੁ; ਸਿ ਕਾਂਢੇ ਕਚਿਆ ॥’’ (ਬਾਬਾ ਫਰੀਦ/੪੮੮) ਵਾਕ ਅਨੁਸਾਰ ਕੱਚਿਆਂ ਦੇ ਮਨ ਵਿੱਚ ਗੁਰੂ ਜਾਂ ਰੱਬ ਦਾ ਡਰ ਨਹੀਂ ਹੁੰਦਾ: ‘‘ਨਾਨਕ ! ਜਿਨ੍ ਮਨਿ ਭਉ; ਤਿਨ੍ਾ ਮਨਿ ਭਾਉ ॥’’ (ਮ: ੧/੪੬੫) ਵਾਲੀ ਭਉ ਭਾਵਨੀ ਨੂੰ ਤਾਂ ਇਨ੍ਹਾਂ ਭੁਲਾ ਹੀ ਦਿੱਤਾ, ਜਾਪਦਾ ਹੈ।

ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਿੱਖ ਨੂੰ ਗੁਰੂ ਅਤੇ ਗੁਰ-ਮਰਯਾਦਾ ਤੋਂ ਦੂਰ ਕਰਨ ਲਈ ਜਿੰਨੇ ਮਰਜ਼ੀ ਯਤਨ ਕੀਤੇ ਜਾਣ, ਕਾਮਯਾਬੀ ਨਹੀਂ ਮਿਲੇਗੀ ਕਿਉਂਕਿ ਸਿੱਖ ਪੰਥ ਦਾ ਰਾਖਾ ਗੁਰੂ ਆਪ ਹੈ। ਅੱਜ ਸਰਕਾਰੀ ਸ਼ਹਿ ਨਾਲ ਸਿੱਖ ਸਿਧਾਂਤ ਨੂੰ ਨਾਸਤਿਕਤਾ ਦਾ ਨਾਮ ਦੇ ਕੇ ਦਬਾਇਆ ਜਾ ਸਕਦਾ ਹੈ। ਬ੍ਰਾਹਮਣਵਾਦ ਵਕਤੀ ਤੌਰ ’ਤੇ ਥੋਪਿਆ ਜਾ ਸਕਦਾ ਹੈ।

ਲਗੇਗੀ ਆਗ ਤੋ ਆਏਂਗੇ ਘਰ ਕਈ ਜ਼ਦ ਮੇ, ਯਹਾਂ ਕੋਈ ਸਿਰਫ਼ ਹਮਾਰਾ ਮਕਾਨ ਥੋੜੀ ਹੈ।

ਹਮਾਰੇ ਮੂੰਹ ਸੇ ਜੋ ਨਿਕਲੇ ਵਹੀ ਸਦਾਕਤ ਹੈ, ਹਮਾਰੇ ਮੂੰਹ ਮੇ ਤੁਮਹਾਰੀ ਜ਼ੁਬਾਨ ਥੋੜੀ ਹੈ।

ਜੋ ਆਜ ਸਾਹਿਬੇ-ਮਸਨਦ (ਸੱਤਾਧਾਰੀ) ਹੈ, ਕਲ ਨਹੀ ਹੋਂਗੇ, ਕਿਰਾਏਦਾਰ ਹੈਂ, ਜ਼ਾਤੀ ਮਕਾਨ ਥੋੜੀ ਹੈ।

ਭਰੋਸੇਵਾਨ ਸਿੱਖ ਅੱਜ ਬੇਸ਼ੱਕ ਵਕਤ ਦਾ ਤਕਾਜ਼ਾ ਸਮਝ ਕੇ ਚੁੱਪ ਹਨ, ਕਿਉਂਕਿ ਉਹ ਭਰਾ ਮਾਰੂ ਜੰਗ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਸੁਚੇਤ ਹਨ ਅਤੇ ਯੋਗ ਸਮੇਂ ਦਾ ਇੰਤਜਾਰ ਕਰ ਰਹੇ ਹਨ। ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਦੇ ਬਾਣੇ ਸਜਾ ਕੇ ਜਿੰਨੇ ਮਰਜ਼ੀ ਘੁਸਪੈਠ ਦੇ ਯਤਨ ਕਰ ਲਓ, ਸਿੱਖ ਦਾ ਗੁਰੂ ਗ੍ਰੰਥ ਸਾਹਿਬ ’ਤੇ ਭਰੋਸਾ ਅਤੇ ਅਕੀਦਾ ਅਤੁੱਟ ਹੈ, ਇਹ ਕਦਾਚਿਤ ਨਹੀਂ ਬਦਲਿਆ ਜਾ ਸਕਦਾ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ ਤੇ ਸਾਡੇ ਮਾਤਾ ਸਾਹਿਬ ਕੌਰ ਜੀ ਹਨ ਅਤੇ ਅਸੀਂ ਆਨੰਦਪੁਰ ਸਾਹਿਬ ਦੇ ਵਾਸੀ ਹਾਂ ‘ਸਿੰਘ ਹਮਾਰਾ ਨਾਂਉ, ਅਨੰਦਪੁਰ ਹਮਾਰਾ ਗਾਂਉ’।

ਜੇ ਕੋਈ ਆਪਣੇ ਆਪ ਨੂੰ ਰਾਮਚੰਦਰ, ਵਿਸ਼ਨੂੰ, ਆਦਿ ਦੇ ਵੰਸ਼ਜ ਸਮਝ ਕੇ ਵੀ ਸਿੱਖ ਅਖਵਾ ਰਿਹਾ ਹੈ ਤਾਂ ‘ਹਮ ਕੋ ਹਮਾਰਾ ਮੁਬਾਰਕ, ਤੁਮ ਕੋ ਤੁਮਾਰਾ ਮੁਬਾਰਕ।’

ਮਸਲਾ ਪੰਜਾਬ ਯੂਨੀਵਰਸਿਟੀ ਵਿੱਚ ਵਾਪਰੇ ਦੁਖਾਂਤ ਦਾ

0

ਮਸਲਾ ਪੰਜਾਬ ਯੂਨੀਵਰਸਿਟੀ ਵਿੱਚ ਵਾਪਰੇ ਦੁਖਾਂਤ ਦਾ

ਵਿੱਦਿਅਕ ਅਦਾਰਿਆਂ ਨਾਲ ਜੁੜੇ ਮੁੱਦਿਆਂ ਪ੍ਰਤੀ ਅਵੇਸਲਾਪਣ

ਇਕਵਾਕ ਸਿੰਘ ਪੱਟੀ

ਦੁਨੀਆ ਭਰ ਦੀ ਰੈਂਕਿੰਗ ਵਿੱਚੋਂ ਭਾਰਤ ਦੀ ਇਹ ਅੱਵਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਭਾਰਤ ਦੀਆਂ ਸੱਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਜੋ ਸੰਨ 1882 ਵਿੱਚ ਲਹੌਰ ਵਿਖੇ ਕਾਇਮ ਕੀਤੀ ਗਈ ਸੀ। ਇਸ ਨੇ ਟੈਕਨੋਲੋਜੀ, ਖੇਡਾਂ, ਕਲਾ, ਵਿਗਿਆਨ ਅਤੇ ਹਰ ਖੇਤਰ ਵਿੱਚ ਨਾਮਣਾ ਖੱਟਿਆ ਹੈ, ਪਰ ਪੰਜਾਬ ਯੂਨੀਵਰਸਿਟੀ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਦਾ ਕਾਰਨ ਸਾਡੀਆਂ ਸਰਕਾਰਾਂ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਵੱਲੋਂ ਵਿੱਦਿਅਕ ਅਦਾਰਿਆਂ ਨਾਲ ਜੁੜੇ ਮੁੱਦਿਆਂ ਪ੍ਰਤੀ ਅਵੇਸਲੇਪਣ ਦਾ ਪ੍ਰਤੀਕ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਫ਼ੀਸਾਂ ਵਿੱਚ ਇੱਕ ਦਮ ਕੀਤੇ ਗਏ ਭਾਰੀ ਵਾਧੇ ਦੇ ਵਿਰੋਧ, ਰੋਸ ਕਰ ਰਹੇ ਆਪਣੀ ਹੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਰੁੱਧ ਪੁਲਿਸ ਪ੍ਰਸ਼ਾਸ਼ਨ ਰਾਹੀਂ ਅੱਥਰੂ ਗੈਸ, ਲਾਠੀਚਾਰਜ, ਪਾਣੀ ਦੀ ਵਾਛੜ ਨਾਲ ਲਗਭਗ 20 ਵਿਦਿਆਰਥੀਆਂ ਨੂੰ ਜ਼ਖਮੀ ਕਰ ਕੇ (35 ਦੇ ਕਰੀਬ ਪੁਲਿਸ ਕਰਮੀ ਵੀ ਜ਼ਖਮੀ ਹੋਏ), 52 ਵਿਦਿਆਰਥੀਆਂ ਨੂੰ ਗਿ੍ਰਫਤਾਰ ਕਰ ਕੇ ਅਤੇ 62 ਦੇ ਕਰੀਬ ਵਿਦਿਆਰਥੀਆਂ ਵਿਰੁੱਧ ਕੇਸ ਦਰਜ ਕਰ ਕੇ, ਇਹਨਾਂ ਸੱਭ ਵਿਦਿਆਰਥੀਆਂ ਦੇ ਇਸ ਸੰਘਰਸ਼ ਨੂੰ ਦੇਸ਼ ਧ੍ਰੋਹ ਦਾ ਨਾਂ ਦੇਣਾ, ਪੂਰੇ ਦੇਸ਼ ਲਈ ਅਤੇ ਦੇਸ਼ ਦੇ ਵਿੱਦਿਅਕ ਢਾਂਚੇ ਲਈ ਇੱਕ ਸ਼ਰਮਨਾਕ ਗੱਲ ਹੈ ਭਾਵੇਂ ਕਿ ਦੇਸ਼ ਧਰੋਹ ਦੇ ਮਾਮਲੇ ਸੰਬੰਧੀ ਇਹ ਧਾਰਾ ਬਾਅਦ ਵਿੱਚ ਹਟਾ ਦਿੱਤੀ ਗਈ ਹੈ।

ਮੀਡੀਆ ਰਾਹੀਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਯੂਨੀਵਰਸਿਟੀ ਆਰਥਕ ਪੱਖੋਂ ਘਾਟੇ ਵਿੱਚ ਜਾ ਰਹੀ ਹੈ ਅਤੇ ਯੂ. ਜੀ. ਸੀ ਸਮੇਤ ਪੰਜਾਬ ਸਰਕਾਰ ਵੱਲੋਂ ਮਾਲੀ ਤੌਰ ’ਤੇ ਮਦਦ ਮਿਲਣ ਦੀ ਫਿਲਹਾਲ ਕੋਈ ਸੰਭਾਵੀ ਆਸ ਵੀ ਨਹੀਂ ਹੈ, ਪਰ ਇੱਕ ਦਮ ਇਹ ਸਾਰਾ ਬੋਝ ਉਕਤ ਵਿਦਿਆਲੇ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਨੌਜਵਾਨ ਵਿਦਿਆਰਥੀਆਂ ਉੱਤੇ 12.5 ਫੀਸਦੀ ਅਤੇ ਕੁੱਝ ਕੋਰਸਾਂ ਵਿੱਚ ਬੇਤਹਾਸ਼ਾ ਫੀਸਾਂ ਦੇ ਵਾਧੇ ਰਾਹੀਂ ਪਾ ਦੇਣਾ, ਕਿਸੇ ਵੀ ਪੱਖ ਤੋਂ ਠੀਕ ਨਹੀਂ ਲੱਗਦਾ ਅਤੇ ਫਿਰ ਨੌਜਵਾਨ ਵਿਦਿਆਰਥੀਆਂ ਦੇ ਫੀਸਾਂ ਵਾਧੇ ਵਿਰੁਧ ਰੋਸ ਜ਼ਾਹਰ ਕਰਦਿਆਂ ਉੱਤੇ ਹਮਲਾਵਰ ਰੁਖ ਅਖ਼ਤਿਆਰ ਕਰਨਾ ਅਤਿ ਨਿੰਦਣਯੋਗ ਵਿਵਹਾਰ ਕਿਹਾ ਜਾ ਸਕਦਾ ਹੈ।

ਵਿਦਿਆਰਥੀਆਂ ਨਾਲ ਹੋਈ ਗੱਲਬਾਤ ਰਾਹੀਂ ਪਤਾ ਲੱਗਾ ਕਿ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਵੱਲੋਂ 40 ਫੀਸਦੀ ਅਦਾਇਗੀ ਕਰਨੀ ਹੁੰਦੀ ਹੈ, ਜਦ ਕਿ ਉਹ 40 ਫੀਸਦੀ ਦੀ ਥਾਂ ਕੇਵਲ 20 ਕਰੋੜ ਤੱਕ ਸਿਮਟ ਕੇ ਰਹਿ ਗਈ ਹੈ, ਦੂਜੇ ਪਾਸੇ ਯੂ. ਜੀ. ਸੀ. ਜਿਹੀ ਸੰਸਥਾ ਵੱਲੋਂ ਦਸੰਬਰ 2016 ਵਿੱਚ ਕਿਸੇ ਵੀ ਤਰ੍ਹਾਂ ਦੀ ਮਾਲੀ ਮਦਦ ਨਾ ਦੇਣ ਸੰਬੰਧੀ ਕੋਰਾ ਜਵਾਬ ਮਿਲਣ ’ਤੇ ਉੱਪ ਕੁਲਪਤੀ ਵੱਲੋਂ ਕਿਹਾ ਜਾਣਾ ਕਿ ਯੂਨੀਵਰਸਿਟੀ ਬੰਦ ਕਰਨ ਦੀ ਨੌਬਤ ਆ ਸਕਦੀ ਹੈ ਇੱਕ ਚਿੰਤਾਜਨਕ ਵਿਸ਼ਾ ਸੀ ਪਰ ਬਾਵਜੂਦ ਇਸ ਦੇ ਕਿਸੇ ਪਾਸਿਉਂ ਕੋਈ ਮਦਦ ਨਾ ਮਿਲ ਸਕੀ। ਸ਼ਾਇਦ ਇਹੀ ਕਾਰਨ ਹੈ ਕਿ ਪ੍ਰਬੰਧਕਾਂ ਵੱਲੋਂ ਮਾਇਕ ਬੋਝ ਵਿਦਿਆਰਥੀਆਂ ਦੇ ਸਿਰ ’ਤੇ ਪਾਉਣ ਦੀ ਤਿਆਰੀ ਕਰ ਲਈ ਗਈ ਹੈ।

ਜਿਵੇਂ ਕਿ ਸਾਡੇ ਵਿੱਦਿਅਕ ਅਦਾਰੇ ਸਾਡੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਭਰਨ ਦੇ ਨਾਲ ਨਾਲ ਸਾਡੇ ਅੰਦਰ ਨੈਤਿਕਤਾ ਦੇ ਗੁਣ ਵੀ ਭਰਦੇ ਹਨ, ਜਿਸ ਦਾ ਮਕਸਦ ਵਿਦਿਆਰਥੀਆਂ ਦੇ ਮਨਾਂ ਵਿੱਚ ਆਪਸੀ ਪਿਆਰ, ਭਾਈਚਾਰਕ ਸਾਂਝ, ਹੱਕ ਅਤੇ ਸੱਚ ਲਈ ਡੱਟ ਜਾਣ ਦੀ ਭਾਵਨਾ ਭਰਨਾ ਹੁੰਦਾ ਹੈ। ਇਸ ਵਿੱਚ ਵੀ ਕੁੱਝ ਅਜਿਹੀ ਭਾਵਨਾ ਹੀ ਕੰਮ ਕਰ ਰਹੀ ਹੈ ਕਿਉਂਕਿ ਜੋ ਵਿਦਿਆਰਥੀ ਇਸ ਸਾਲ ਆਪਣੇ ਕੋਰਸ ਪੂਰੇ ਕਰਨ ਜਾ ਰਹੇ ਹਨ ਉਹਨਾਂ ਦਾ ਇਸ ਫੀਸਾਂ ਦੇ ਵਾਧੇ ਨਾਲ ਕੋਈ ਸੰਬੰਧ ਨਹੀਂ ਅਤੇ ਵਧੀਆਂ ਦਰਾਂ 2017 ਦੇ ਅਗਾਉਂ ਸੈਸ਼ਨ ਵਿੱਚ ਲਾਗੂ ਹੋਣਗੀਆਂ ਜਦ ਯੂਨੀਵਰਸਿਟੀ ਵਿੱਚ ਨਵੇਂ ਵਿਦਿਆਰਥੀ ਦਾਖ਼ਲਾ ਲੈਣ ਆਉਣਗੇ ਪਰ ਉਹਨਾਂ ਦੇ ਹੱਕ ਲਈ ਅਤੇ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਉਹਨਾਂ ਵਿਦਿਆਰਥੀਆਂ ਲਈ ਜਿਨ੍ਹਾਂ ਨੇ ਆਪਣੇ ਹਾਲ ਵਿੱਚ ਕੋਰਸ ਪੂਰੇ ਕਰਨ ਉਪਰੰਤ ਇਸੇ ਯੂਨੀਵਰਸਿਟੀ ਵਿੱਚ ਅਗਲੇ ਕੋਰਸਾਂ ਲਈ ਦਾਖ਼ਲਾ ਲੈਣਾ ਹੈ ਕਿਉਂਕਿ ਇਸ ਵਾਧੇ ਦੇ ਨਾਲ ਗਰੀਬੀ ਨਾਲ ਜੂਝਦਿਆਂ ਹੋਇਆਂ ਵੀ ਵਿਦਿਅਕ ਖੇਤਰ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀ ਯੂਨੀਵਰਸਿਟੀ ਤੱਕ ਪਹੁੰਚ ਹੀ ਨਹੀਂ ਸਕਣਗੇ।

ਇਸੇ ਸੰਦਰਭ ਵਿੱਚ ਫ਼ੀਸਾਂ ਵਿਰੁੱਧ ਵਾਧੇ ਸੰਬੰਧੀ ਵਿਦਿਆਰਥੀਆਂ ਦੀ ਜੁਆਇੰਟ ਸਟੂਡੈਂਟ ਕਮੇਟੀ ਵੱਲੋਂ ਕਲਾਸਾਂ ਦੇ ਬਾਈਕਾਟ ਨਾਲ ਯੂਨੀਵਰਸਿਟੀ ਬੰਦ ਦਾ ਐਲਾਨ ਕੀਤਾ ਹੋਇਆ ਸੀ ਅਤੇ ਉੱਪ ਕੁਲਪਤੀ ਦੇ ਦਫਤਰ ਸਾਹਮਣੇ ਬੈਠੇ ਆਪਣਾ ਪ੍ਰਦਰਸ਼ਨ ਕਰ ਰਹੇ ਸਨ, ਪਰ ਜਦ ਕਾਫੀ ਸਮੇਂ ਤੱਕ ਅੰਦਰੋਂ ਕੋਈ ਵੀ ਬਾਹਰ ਗੱਲਬਾਤ ਕਰਨ ਲਈ ਨਹੀਂ ਆਇਆ ਤਾਂ ਵਿਦਿਆਰਥੀਆਂ ਨੇ ਬੈਰੀਗੇਟ ਟੱਪ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਇੱਕ ਵਿਦਿਆਰਥਣ ਬੇਹੋਸ਼ ਹੋ ਗਈ ਅਤੇ ਗੁੱਸੇ ਦਾ ਲਾਵਾ ਫੁੱਟ ਪਿਆ। ਇਸੇ ਹਫੜਾ ਦਫੜੀ ਦੌਰਾਨ ਦੋਹਾਂ ਪਾਸਿਆਂ ਤੋਂ ਤਲਖੀ ਵੱਧਣ ਕਰਕੇ ਮਾਹੌਲ ਹਿੰਸਕ ਹੋ ਗਿਆ ਅਤੇ ਪੁਲਿਸ ਵੱਲੋਂ ਅੱਥਰੂ ਗੈਸ, ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ। ਜਿਸ ਦੌਰਾਨ ਦੋਹਾਂ ਪਾਸਿਉਂ ਕਾਫੀ ਨੁਕਸਾਨ ਹੋਇਆ। ਇਸ ਦੇ ਨਾਲ ਹੀ ਪੁਲਿਸ ਕਰਮੀਆਂ ਵੱਲੋਂ ਵਿਦਿਆਰਥੀਆਂ ਨੂੰ ਹੋਸਟਲ ਦੇ ਕਮਰਿਆਂ ਅਤੇ ਕਲਾਸਾਂ ਵਿੱਚੋਂ ਕੱਢ ਕੱਢ ਕੇ ਮਾਰਨਾ, ਕੁੱਟਣਾ ਅਤੇ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਲਈ ਗਈ ਸ਼ਰਨ ਦੌਰਾਨ ਗੁਰਦੁਆਰੇ ਸਾਹਿਬ ਦੇ ਅੰਦਰ ਜਾਣਾ ਜਿੱਥੇ ਧਾਰਮਿਕ ਮਰਯਾਦਾ ਦੀ ਬੇਅਦਬੀ ਹੈ ਉੱਥੇ ਅਣਮਨੁੱਖੀ ਵਿਵਹਾਰ ਵੀ ਹੈ।

ਅੰਤਕਾ

ਬਿਨ੍ਹਾਂ ਸ਼ੱਕ ਇਸ ਸਿਰ ਕੱਢ ਯੂਨੀਵਰਸਿਟੀ ਦੇ ਇਹਿਤਾਸ ਵਿੱਚ ਅਜਿਹਾ ਪਹਿਲਾ ਟਕਰਾਅ ਹੈ ਅਤੇ ਇਸ ਦਾ ਕਾਰਨ ਵੀ ਬੜਾ ਸਪੱਸ਼ਟ ਹੋ ਗਿਆ ਹੈ। ਸੋ ਬਿਨ੍ਹਾਂ ਦੇਰੀ ਕੀਤੇ ਪੰਜਾਬ ਸਰਕਾਰ ਹੀ ਨਹੀਂ ਬਲਕਿ ਕੇਂਦਰ ਸਰਕਾਰ ਸਮੇਤ ਯੂ. ਜੀ. ਸੀ ਵੱਲੋਂ ਭਾਰਤ ਦੇਸ਼ ਦੀ ਇਸ ਸੱਭ ਤੋਂ ਮਕਬੂਲ ਅਦਾਰੇ ਬਾਰੇ ਮੁੜ ਤੋਂ ਵਿਚਾਰ ਕਰਨ ਦੀ ਲੋੜ ਹੈ ਅਤੇ ਆਰਥਿਕ ਮਦਦ ਰਾਹੀਂ ਭਵਿੱਖ ਲਈ ਅਜਿਹੀ ਨੀਤੀ ਤਿਆਰ ਕਰਨ ਦੀ ਲੋੜ ਹੈ ਜਿਸ ਨਾਲ ਇਹ ਸੰਸਥਾ ਵਿੱਦਿਆ ਦੇ ਖੇਤਰ ਵਿੱਚ ਹੋਰ ਲੰਮੀਆਂ ਪੁਲਾਂਘਾਂ ਪੁੱਟਣ ਦੇ ਸਮਰੱਥ ਹੋ ਸਕੇ ਅਤੇ ਦੇਸ਼ ਦਾ ਭਵਿੱਖ ਸੁਧਾਰ ਸਕੇ। ਉੱਥੇ ਨਾਲ ਹੀ ਪੁਲਿਸ ਪ੍ਰਸ਼ਾਸ਼ਨ ਨੂੰ ਵਿੱਦਿਅਕ ਮਾਮਲਿਆ ਸੰਬੰਧੀ ਵਿਦਿਆਰਥੀਆਂ ਨਾਲ ਜੁੜੇ ਮਸਲੇ ਵਿੱਚ ਕਿਸੇ ਵੀ ਧਾਰਾ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਪੜਚੋਲ ਕਰ ਲੈਣੀ ਚਾਹੀਦੀ ਹੈ ਤਾਂ ਕਿ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ਦੀ ਥਾਂ ਅਸੀਂ ਕਿਤੇ ਉਹਨਾਂ ਨੂੰ ਰਸਾਤਲ ਵੱਲ ਤਾਂ ਨਹੀਂ ਧਕੇਲ ਰਹੇ। ਆਮੀਨ !!

ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।

‘ਦਮੜੀ’ ਯਾਤਰਾ ਬਨਾਮ ਗੁਰੂ ਰਵਿਦਾਸ ਦਾਸ

0

‘ਦਮੜੀ’ ਯਾਤਰਾ ਬਨਾਮ ਗੁਰੂ ਰਵਿਦਾਸ ਦਾਸ

ਮੇਜਰ ਸਿੰਘ ਬੁਢਲਾਡਾ-94176-42327

ਗੁਰੂ ਰਵਿਦਾਸ ਜੀ ਨਾਲ ਸੰਬੰਧਿਤ ਡੇਰਿਆਂ ਵਾਲੇ ਕਾਫ਼ੀ ਸਾਰੇ ਸਾਧੂਆਂ ਵੱਲੋਂ ਕਈ ਸਾਲਾਂ ਤੋਂ ‘ਦਮੜੀ’ ਯਾਤਰਾ ਕੱਢੀ ਜਾ ਰਹੀ ਹੈ। ਇਹ ਯਾਤਰਾਂ ਆਪਣੇ ਇਕ ਡੇਰੇ ਤੋਂ ਸ਼ੁਰੂ ਕਰਕੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿਚੋਂ ਹੁੰਦੀ ਹੋਈ ‘ਹਰਿ ਕੀ ਪੌੜੀ’ (ਹਰਿਦੁਵਾਰ) ਵਿਖੇ ਸਮਾਪਤ ਕੀਤੀ ਜਾਂਦੀ ਹੈ। ‘ਸੋਸ਼ਲ ਮੀਡੀਆ’ ’ਤੇ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਗੁਰਮਤਿ ਅਨੁਸਾਰ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਸਮਝਣ ਵਾਲਿਆਂ ਨੇ ਇਸ ‘ਦਮੜੀ’ ਯਾਤਰਾ ਦਾ ਵਿਰੋਧ ਕੀਤਾ ਹੈ। ਇਹ ਕੁਝ ਲੋਕਾਂ ਦੇ ਜਾਗਦੇ ਹੋਣਦਾ ਸਬੂਤ ਵੀ ਹੈ। ਇਹ ‘ਦਮੜੀ’ ਯਾਤਰਾ ਕੀ ਹੈ ? ਇਸ ਗੱਲ ਨੂੰ ਬਹੁਤ ਸਾਰੇ ਲੋਕ ਚੰਗੀ ਤਰਾਂ ਜਾਣਦੇ ਹਨ, ਕਿ ਇਸ ਦਾ ਸਿੱਧਾ ਸੰਬੰਧ ਗੁਰੂ ਰਵਿਦਾਸ ਜੀ ਨਾਲ ਜੁੜੀ ਇਕ ਕਾਲਪਨਿਕ ਕਹਾਣੀ ਨਾਲ ਹੈ, ਉਹ ਕਹਾਣੀ ਸਾਂਝੀ ਕਰਨ ਤੋਂ ਪਹਿਲਾਂ ਆਪਾਂ ‘ਗੰਗਾ’ ਬਾਰੇ ਕੁਝ ਕੁ ਜਾਣਕਾਰੀ ਹਾਸਲ ਕਰ ਲਈਏ, ਕਿ ‘ਗੰਗਾ’ ਕੌਣ ਸੀ ?

ਇਸ ਬਾਰੇ ਸੰਖੇਪ ਵਿਚ ਪ੍ਰਸਿੱਧ ਵਿਦਵਾਨ ਭਾਈ ਕਾਹਨ ਸਿੰਘ ‘ਨਾਭਾ’ ਜੀ ‘ਮਹਾਨ ਕੋਸ਼’ ਵਿਚ ਪੰਨਾ ਨੰ: 432 ’ਤੇ ਲਿਖਦੇ ਹਨ ਕਿ-‘ਗੰਗਾ’ ਭਾਰਤ ਦੀ ਪ੍ਰਸਿੱਧ ਨਦੀ, ਜੋ ਕਿ ਹਿੰਦੂਮਤ ਵਿਚ ਅਤਿ ਪਵਿਤ੍ਰ ਮੰਨੀ ਗਈ ਹੈ, (ਇਹ ਗੋਮੁੱਖ ਚਸ਼ਮੇ ਹਰਿਦਵਾਰ ਤੋਂ 180 ਮੀਲ ਉੱਪਰ ਹੈ ਅਤੇ ਇਸ ਦੀ ਲੰਬਾਈ 13,800 ਫੁੱਟ ਹੈ, ਜੋ ਕਿ 1550 ਮੀਲ ਦਾ ਸਫਰ ਤੈਅ ਕਰਕੇ ਸਮੁੰਦਰ ਵਿਚ ਸਮਾ ਜਾਂਦੀ ਹੈ ਅਤੇ ਬਾਲਮੀਕ ਰਮਾਇਣ ਵਿਚ ਲੇਖ ਹੈ, ਕਿ ‘ਹਿਮਾਲਯ ਪਰਬਤ’ ਦੇ ਘਰ ‘ਸੁਮੇਰ’ ਦੀ ਕੰਨਿਆਂ ‘ਮੇਨਕਾ’ ਦੇ ਉਦਰ ਤੋਂ ‘ਗੰਗਾ’ ਤੇ ‘ਉਮਾ’ ਦੋ ਭੈਣਾਂ ਪੈਦਾ ਹੋਈਆਂ ਹਨ। ਇਹਨਾਂ ਵਿਚੋਂ ‘ਹਿਮਾਲਯ ਪਰਬਤ’ (ਪਹਾੜ) ਦੀ ਧੀ ਹੈ ‘ਗੰਗਾ’।

ਸੋ ਆਓ, ਗੁਰੂ ਰਵਿਦਾਸ ਜੀ ਨਾਲ ਜੁੜੀ ਇਸ ਕਹਾਣੀ ਬਾਰੇ ਸੰਖੇਪ ਵਿਚ ਗੱਲ ਕਰੀਏ-ਕਹਾਣੀ ਇਸ ਤਰ੍ਹਾਂ ਹੈ ਕਿ-‘ਲੋਕ ‘ਗੰਗਾ’ ਨਦੀ ’ਤੇ ਇਸ਼ਨਾਨ ਕਰਨ ਜਾ ਰਹੇ ਸਨ। ਗੁਰੂ ਰਵਿਦਾਸ ਜੀ ਨੇ ਇਕ ਪੰਡਿਤ ਨੂੰ ਆਪਣੀ ਕਿਰਤ ਕਮਾਈ ਵਿਚੋਂ ਇਕ ਦਮੜੀ (ਇਕ ਪੈਸੇ ਦਾ ਚੌਥਾ ਹਿੱਸਾ) ਦਿੰਦਿਆ ਕਿਹਾ ਕਿ ਇਹ (ਦਮੜੀ) ਮੇਰੇ ਵਲੋਂ ‘ਗੰਗਾ’ ਜੀ ਨੂੰ ਭੇਟਾ, ਇਸ ਸ਼ਰਤ ’ਤੇ ਦੇਵੀਂ, ਜੇਕਰ ‘ਗੰਗਾ’ ਜੀ ਬਾਂਹ ਬਾਹਰ ਕੱਢ ਕੇ ਫੜੇ ਤਾਂ ਫੜਾਈਂ, ਨਹੀਂ ਵਾਪਸ ਲੈ ਆਵੀਂ। ਪੰਡਿਤ ਨੇ ਇਹ ਦਮੜੀ ਜਦ ‘ਗੰਗਾ’ ਮਈਆ ਨੂੰ ‘ਭੇਟ’ ਕੀਤੀ ਤੇ ‘ਰਵਿਦਾਸ’ ਜੀ ਦੀ ਆਖੀ ਹੋਈ ਗੱਲ ਸੁਣਾਈ ਤਾਂ ‘ਗੰਗਾ’ ਮਈਆ ਨੇ ਬਾਂਹ ਬਾਹਰ ਕੱਢ ਕੇ ਦਮੜੀ ਆਪਣੇ ਹੱਥ ਨਾਲ ਫੜ ਕੇ ਸਵਿਕਾਰ ਕੀਤੀ ਅਤੇ ਬਹੁਤ ਹੀ ਸੋਹਣਾ ਇਕ ਸੋਨੇ ਦਾ ਕੰਗਣ ਗੁਰੂ ਰਵਿਦਾਸ ਜੀ ਨੂੰ ਦੇਣ ਵਾਸਤੇ ਪੰਡਿਤ ਨੂੰ ਦੇ ਦਿਤਾ।’

ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਕੋਈ ਵਸਤੂ ਮਾਇਆ ਆਦਿ ‘ਭੇਟਾ’ ਕੀਤੀ ਕਿਸ ਨੂੰ ਜਾਂਦੀ ਹੈ ? ਇਸ ਸੰਬੰਧੀ ਪ੍ਰਸਿੱਧ ਵਿਦਵਾਨ ਭਾਈ ਕਾਨ ਸਿੰਘ ਨਾਭਾ ਜੀ, ਮਹਾਨ ਕੋਸ਼ ਪੰਨਾ 923 ’ਤੇ ਲਿਖਦੇ ਹਨ ਕਿ ‘ਭੇਟ’ ਕਰਨ ਦਾ ਅਰਥ ਹੈ, ‘ਦੇਵਤਾ ਅਥਵਾ ਪੂਜਯ ਪੁਰਖ ਅੱਗੇ ਕੋਈ ਵਸਤ ਅਰਪਣ ਕਰਨੀ।’ ਭਾਵ ਕਿਸੇ ਨੂੰ ਕੁਝ ‘ਭੇਟ’ ਕਰਨ ਦਾ ਮਤਲਬ ਹੈ, (ਭਾਵੇਂ ਉਹ ‘ਦਮੜੀ’ ਹੋਵੇ ਭਾਵੇਂ ਕੋਈ ਹੋਰ ਵਸਤੂ ਹੋਵੇ) ਜਿਸ ਨੂੰ ਵੀ (ਭੇਟ) ਕੀਤੀ ਜਾਂਦੀ ਹੈ, ਉਸ ਦੀ ਹੋਂਦ, ਸ਼ਕਤੀ ਨੂੰ ਸਵਿਕਾਰ ਕਰਨਾ ਹੁੰਦਾ ਹੈ, ਉਸ ਪੂਜਣ ਯੋਗ ਆਪਣੇ ਇਸ਼ਟ, ਦੇਵੀ-ਦੇਵਤੇ, ਗੁਰੂ ਆਦਿ ਵਿੱਚ ਸੇਵਕ ਵਲੋਂ ਸ਼ਰਧਾ ਰੱਖਣੀ, ਸੀਸ ਨਿਵਾਉਣਾ ਆਦਿ ਹੀ ਹੁੰਦਾ ਹੈ।

ਕੀ ਗੁਰੂ ਰਵਿਦਾਸ ਜੀ, ਜਿਸ ਨੂੰ ਅਸੀਂ ਪੂਰਨ ਗੁਰੂ ਮੰਨਦੇ ਹਾਂ, ਭਾਵ ਜੋ ਕਿਸੇ ਤੋਂ ਨਾ ਡਰਦਾ ਤੇ ਨਾ ਡਰਾਉਂਦਾ ਹੋਵੇ, ਗਿਆਨ ਵਾਨ ਗੁਣਾਂ ਦਾ ਖ਼ਜ਼ਾਨਾ, ਪਰਉਪਕਾਰੀ ਤੇ ਦੂਰ ਅੰਦੇਸ਼ੀ ਹੋਵੇ।, ਜਿਸ ਨੂੰ ਅਸੀਂ ਬ੍ਰ੍ਰਹਮ ਗਿਆਨੀ, ਦਿਲਾਂ ਦੀਆਂ ਜਾਨਣ ਵਾਲਾ ਮੰਨਦੇ ਹੋਏ ਸਤਿਕਾਰ ਤੇ ਕਈ ਤਰ੍ਹਾਂ ਦੀਆਂ ਉਪਾਧੀਆਂ ਦਿੰਦੇ ਹੋਏ ਯਾਦ ਕਰਦੇ ਤੇ ਮੰਨਦੇ ਹਾਂ, ਉਹ ਇਸ ‘ਗੰਗਾ’ ਨੂੰ, ਜਿਹੜੀ ਹਰ ਅਪਵਿੱਤਰ ਚੀਜ਼ ਨੂੰ ਤਾਂ ਪਵਿੱਤਰ ਕਰ ਸਕਦੀ ਹੋਵੇ, ਪਰ ਉਹ ‘ਗੰਗਾ’ ਸ਼ੂਦਰ ਬਣਾਏ ਗਏ ਲੋਕਾਂ ਦੇ ਸੈਂਕੜੇ ਵਾਰ ‘ਗੰਗਾ’ ਵਿਚ ਨਹਾਉਣ ਤੇ ਵੀ ਸ਼ੂਦਰਾਂ ਨੂੰ ਪਵਿੱਤਰ ਨਾ ਕਰ ਸਕੀ ਹੋਵੇ।, ਉਸ ਲਈ ਰਵਿਦਾਸ ਜੀ ਭੇਟਾ ਸਮਰਪਿਤ ਕਿਉਂ ਕਰਨਗੇ ?

ਜਿਹੜੀ ‘ਗੰਗਾ’, ਗੁਰੂ ਰਵਿਦਾਸ ਜੀ ਨੂੰ ‘ਦਮੜੀ’ ਬਦਲੇ ਸੋਨੇ ਦਾ ਕੰਗਣ ਦੇਣ ਵਾਲੀ ਗੱਲ ਅਸੀਂ ਮੰਨਦੇ ਹਾਂ, ਉਸੇ ‘ਗੰਗਾ’ ਵਿਚ ਹੱਦੋਂ ਵੱਧ ਉੱਚੀ ਕੁਲ ਦੇ ਲੋਕ ਵੀ ਸ਼ਰਧਾ ਰੱਖਦੇ ਹਨ ਤੇ ‘ਗੰਗਾ’ ਇਹਨਾਂ ਅਖੌਤੀ ਉੱਚੀ-ਨੀਵੀਂ ਕੁਲ ਦਾ ਫਰਕ ਨਾ ਮਿਟਾਅ ਸਕੀ ਹੋਵੇ।

ਜਿਸ ਬ੍ਰਾਹਮਣਵਾਦ ਨੇ ਬਹੁ ਗਿਣਤੀ ਸ਼ੂਦਰ ਅਤੀ ਸ਼ੂਦਰ ਬਣਾਏ ਗਏ ਲੋਕਾਂ ਨੂੰ ਕੁੱਤੇ-ਬਿੱਲਿਆਂ, ਪਸ਼ੂਆਂ ਤੋਂ ਵੀ ਭੈੜੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕੀਤਾ ਹੋਵੇ ਅਤੇ ਫਿਰ ਜਿਸ ‘ਬ੍ਰਾਹਮਣਵਾਦ’ ਦੇ ਖਿਲਾਫ ਲੋਕਾਂ ਨੂੰ ਵਹਿਮਾ-ਭਰਮਾਂ ਵਿਚੋਂ ਕੱਢਣ ਲਈ ਸਾਰੀ ਉਮਰ ਜ਼ੋਰਦਾਰ ਸੰਘਰਸ਼ ਲੜਿਆ ਹੋਵੇ, ਉਸ ‘ਬ੍ਰਾਹਮਣਵਾਦ’ ਦਾ ਹਿੱਸਾ, ‘ਗੰਗਾ’ ਨੂੰ ਗੁਰੂ ਰਵਿਦਾਸ ਜੀ; ਕੀ ਦਮੜੀ ‘ਭੇਟਾ’ ਕਰ ਸਕਦੇ ਹਨ ? ਕੀ ਇਹ ਹੋ ਸਕਦਾ ਹੈ ? ਸੂਝਵਾਨ ਲੋਕ ਇਹ ਕਦੇ ਵੀ ਨਹੀਂ ਮੰਨ ਸਕਦੇ ਕਿ ਗੁਰੂ ਰਵਿਦਾਸ ਜੀ ‘ਗੰਗਾ’ ਦੇ ਭਗਤ ਹੋਣਗੇ ।

ਸਭ ਤੋਂ ਵੱਡੀ ਹੈਰਾਨੀ ਇਸ ਗੱਲ ਦੀ ਹੈ ਕਿ ਇਹ ‘ਦਮੜੀ’ ਯਾਤਰਾ ਕੱਢੀ ਵੀ ਪੰਜਾਬ ਦੇ ਉਸ ਏਰੀਏ (ਦੁਆਬੇ) ਵਿਚੋਂ ਜਾ ਰਹੀ ਹੈ, ਜਿੱਥੇ ਰਵਿਦਾਸੀਏ ਭਾਈਚਾਰੇ ਦੇ ਲੋਕ ਹੋਰ ਏਰੀਏ ਵਿਚ ਰਹਿਣ ਵਾਲੇ ਆਪਣੇ ਭਾਈਚਾਰੇ ਦੇ ਲੋਕਾਂ ਦੇ ਮੁਕਾਬਲੇ ਵਿਚ ਵੱਧ ਜਾਗਰੂਕ ਤੇ ਵੱਧ ਆਰਥਿਕ ਪੱਖੋ ਖੁਸ਼ਹਾਲ, ਵੱਧ ਪੜੇ-ਲਿਖੇ ਤੇ ਵਿਦੇਸ਼ਾਂ ਵਿਚ ਵੀ ਵੱਡੀ ਗਿਣਤੀ ਵਿਚ ਰਹਿਣ ਵਾਲੇ ਹਨ ਅਤੇ ਇੱਥੋਂ ਦੇ ਇਹਨਾਂ ਲੋਕਾਂ ਵਿਚੋਂ ਆਪਣੇ ਲੋਕਾਂ ਨੂੰ ਸੇਧ ਦੇਣ ਲਈ ਕਈ ਸਾਰੇ ਲੇਖਕ, ਪੱਤਰਕਾਰ ਤੇ ਸੰਪਾਦਕ, ਆਦਿ ਪੈਦਾ ਹੋਏ ਹਨ, ਜਿਨ੍ਹਾਂ ਨੇ ਕਈ ਰਸਾਲੇ, ਕਿਤਾਬਾਂ, ਆਦਿ ਛਾਪੇ ਤੇ ਚਲਾਏ ਜਾਂ ਹੁਣ ਵੀ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਦਲਿਤਾਂ ਦੀ ਆਵਾਜ਼ ਰੋਜ਼ਾਨਾ ‘ਜਨਤਕ ਲਹਿਰ’ ਅਖ਼ਵਾਰ ਵੀ ਚਲਾਈ ਗਈ ਅਤੇ ਹੋਰ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਸੇਧ ਦੇਣ ਦੀ ਭਰਪੂਰ ਕੋਸ਼ਿਸ਼ ਕੀਤੀ ਤੇ ਹੁਣ ਵੀ ਕੀਤੀ ਜਾ ਰਹੀ ਹੈ। ਇਸ ਕਰਕੇ ਦਲਿਤਾਂ ਦੇ ਹੱਕ ਵਿਚ ਉਠੀਆਂ ਲਹਿਰਾਂ ਨੂੰ ਇੱਥੋਂ ਜ਼ਬਰਦਸਤ ਸਮਰਥਨ ਮਿਲਿਆ, ਗਦਰੀ ਬਾਬਾ ‘ਮੰਗੂਰਾਮ’ ਜੀ ਮੂੰਗੋਵਾਲੀਆ, ਜਿਸ ਨੇ ਡਾ. ਅੰਬੇਡਕਰ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੀ ਸੰਘਰਸ਼ ਕੀਤਾ ਤੇ ਆਪਣੇ ਰਹਿਬਰ ਗੁਰੂ ਰਵਿਦਾਸ ਜੀ, ਗੁਰੂ ਕਬੀਰ ਜੀ, ਗੁਰੂ ਨਾਮਦੇਵ ਜੀ ਆਦਿ ਅਛੂਤ ਸਮਝੇ ਜਾਂਦੇ ਮਹਾਂ ਪੁਰਸ਼ਾਂ ਦੀ ਵਿਚਾਰਧਾਰਾ ਨੂੰ ਵੀ ਲੋਕਾਂ ਵਿਚ ਪ੍ਰਚਾਰਨ ਲਈ ਸਿਰ ਤੋੜ ਯਤਨ ਕੀਤੇ ਅਤੇ ਅਛੂਤਾਂ ਦੇ ਹੱਕ ਪ੍ਰਾਪਤ ਕਰਨ ਲਈ ‘ਆਦਿ ਧਰਮ’ ਲਹਿਰ ਦੀ ਨੀਂਹ ਰੱਖੀ, ਜਿਸ ਦੀ ਬਦੌਲਤ ਵਿਧਾਨ ਸਭਾ (ਸੰਨ 1952) ਵਿਚ 7 ਐੱਮ. ਐੱਲ. ਏ. ਬਣ ਕੇ ਗਏ ਅਤੇ ਬਾਅਦ ਵਿਚ ਖੁਦ ਵੀ ਵਿਧਾਨ ਸਭਾ ਪਹੁੰਚਣ ਵਿਚ ਕਾਮਯਾਬ ਹੋਇਆ, ਜਿਸ ਕਰਕੇ ਡਾ. ਭੀਮ ਰਾਓ ਅੰਬੇਡਕਰ ਜੀ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਸੰਘਰਸ਼ ਨੂੰ ਵੀ ਇੱਥੋਂ ਬਹੁਤ ਭਾਰੀ ਸਮਰਥਨ ਮਿਲਿਆ। ਉਨ੍ਹਾਂ ਦੁਆਰਾ ਤਿਆਰ ਕੀਤੀ ਗਈ ਜ਼ਮੀਨ ਦੀ ਹੀ ਅੱਜ ਅਸੀਂ ਅਗਵਾਈ ਕਰ ਰਹੇ ਹਾਂ।

ਇਸ (ਉਪਰੋਕਤ) ਕ੍ਰਾਂਤੀਕਾਰੀ ਲਹਿਰ ਦੇ ਹੁੰਦੇ ਹੋਏ ਵੀ ਬ੍ਰਾਹਮਣਵਾਦੀ ਲੋਕ ਅੰਦਰੋਂ-ਅੰਦਰੀ ਆਪਣੀ ਵਿਚਾਰਧਾਰਾ ਨੂੰ ਸਾਡੇ ਵਿੱਚ ਪੱਕੀ ਕਰਦੇ ਰਹੇ। ਜਿਸ ਦਾ ਨਤੀਜਾ ਅੱਜ ਇਹ ਹੈ ਕਿ ਜਾਤ-ਪਾਤ, ਛੂਆ-ਛਾਤ ਦੇ ਸਤਾਏ ਕਮਜੋਰ ਵਰਗਾਂ ਲਈ ਉਠੀਆਂ ਇਹਨਾਂ ਲਹਿਰਾਂ ਦੇ ਕਮਜੋਰ ਹੁੰਦਿਆਂ ਹੀ, ਬਿੱਪਰਵਾਦ ਆਪਣੇ ਜੌਹਰ ਵਿਖਾਉਣ ਲੱਗ ਪਿਆ ਹੈ।

ਗੁਰੂ ਰਵਿਦਾਸ ਜੀ ਨੇ ਮੂਰਤੀ ਪੂਜਾ ਅਤੇ ਹੋਰ ਕਰਮਕਾਂਡ, ਅੰਡਬਰਾਂ ਦਾ ਜ਼ਬਰਦਸਤ ਵਿਰੋਧ ਕੀਤਾ ਸੀ, ਅੱਜ ਇਸੇ ਰਹਿਬਰ ਦੇ ਨਾਮ ’ਤੇ ਬਣੇ ਅਨੇਕਾਂ ਡੇਰਿਆਂ, ਮੰਦਰਾਂ ਵਿਚ ਇਸ ਮਹਾਂ ਪੁਰਸ਼ ਦੀਆਂ ਹੀ ਮੂਰਤੀਆਂ ਸਜਾ ਕੇ ਉਨ੍ਹਾਂ ਦੀ ਪੂਜਾ ਤੋਂ ਲੈ ਕੇ ਹੋ ਰਹੇ ਹੋਰ ਸਾਰੇ ਕਰਮਕਾਂਡ ਨਾਲ ਸਾਡੇ ਮਹਾਨ ਰਹਿਬਰ ਨੂੰ ਅੰਗੂਠਾ ਦਿਖਾਇਆ ਜਾ ਰਿਹਾ ਹੈ; ਜਿਵੇਂ ‘ਮੰਨੂ ਬ੍ਰਾਹਮਣ’ ਰਵਿਦਾਸ ਜੀ ਨੂੰ ਕਹਿ ਰਿਹਾ ਹੋਵੇ-

ਬੁੱਤ ਪੂਜਾ ਦਾ ਤੂੰ ਵਿਰੋਧ ਕੀਤਾ, ਬੁੱਤ ਤੇਰਾ ਦਿੱਤਾ ਬਣਵਾ ਇੱਥੇ।

ਤੇਰੇ ਨਾਮ ’ਤੇ ਬਣੇ ਮੰਦਰਾਂ ਵਿਚ, ਬੁੱਤ ਦਿੱਤੇ ਨੇ ਵੇਖ ਸਜਾਅ ਇੱਥੇ।

ਸੇਵਕ ਵੇਖ ਆਪਣੇ ਕਰਮਕਾਂਡ ਕਰਦੇ, ਜਿਹੜੇ ਕਰ ਗਿਆ ਸੀ ਤੂੰ ਮਨ੍ਹਾ ਇੱਥੇ।

‘ਮੇਜਰ’ ਮਾਰ ਤਾੜੀਆਂ ਹੱਸੇ ਮੰਨੂ, ਰਿਹਾ ਰਵਿਦਾਸ ਨੂੰ ਅੰਗੂਠਾ ਦਿਖਾ ਇੱਥੇ।

ਬਹੁ ਗਿਣਤੀ ਪੜ੍ਹੇ-ਲਿਖੇ ਲੋਕ ਅਤੇ ਗੁਰੂ ਰਵਿਦਾਸ ਜੀ ਤੇ ਨਾਮ ’ਤੇ ਬਣੀਆਂ ਬਹੁਤੀਆਂ ਜੱਥੇ ਬੰਦੀਆਂ/ਸਭਾਵਾਂ ਆਦਿ ਵਲੋਂ ਗੁਰੂ ਰਵਿਦਾਸ ਜੀ ਦੀ ਅਸਲ ਵਿਚਾਰਧਾਰਾ ਨੂੰ ਸਮਝਣ ਅਤੇ ਸਮਝਾਉਣ ਦੀ ਬਜਾਇ ਆਪਣੇ ਰਹਿਬਰ ਦੀ ਸੋਚ ਦੇ ਉਲਟ ‘ਮੰਨੂ’ ਦੀ ਸੋਚ ਨੂੰ ਨਾਲ ਲੈ ਕੇ ਚੱਲ ਰਹੇ ਇਹਨਾਂ ਬਹੁਤਿਆਂ ਡੇਰਿਆਂ ਦਾ ਸਮਰਥਨ ਕੀਤਾ ਜਾਣਾ, ਇਸ ਬਰਾਦਰੀ ਲਈ ਬੜਾ ਨੁਕਸਾਨਦੇਹ ਹੈ, ਜਿਸ ਦੀ ਬਦੌਲਤ ਇਸ ਇਲਾਕੇ ਦੇ ਲੋਕ ਹਜ਼ਾਰਾਂ ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਵਿਚੋਂ ਇੱਥੇ ਮੜੀਆਂ ’ਤੇ ਡੇਰਿਆਂ ’ਤੇ ਮੱਥਾਂ ਟੇਕਣ ਆਉਂਦੇ ਰਹਿੰਦੇ ਹਨ। ਇਹਨਾਂ ਦੀ ਖ਼ੁਸ਼ਹਾਲੀ ਅਤੇ ਮਾਨਸਿਕ ਕਮਜੋਰੀ ਦੇ ਕਾਰਨ ਹੀ ਇਸ ਏਰੀਏ ਵਿਚ ਤੇ ਇਸ ਦੇ ਆਲੇ ਦੁਆਲੇ ਕਰੀਬ 300 ਤੋਂ ਉੱਪਰ ਗੁਰੂ ਰਵਿਦਾਸ ਜੀ ਦੇ ਨਾਮ ’ਤੇ ਬਣੇ ਇਹ ਡੇਰੇ ਦਿਨੋਂ-ਦਿਨ ਵਧ ਫੁਲ ਰਹੇ ਹਨ ਅਤੇ ਸਿਤਮ ਦੀ ਗੱਲ ਇਹ ਹੈ ਕਿ ਇਹਨਾਂ ਕਈ ਡੇਰਿਆਂ ਨੇ ਆਪਣੇ-ਆਪਣੇ ਡੇਰਿਆਂ ਨਾਲ ‘ਸੱਚਖੰਡ’ ਦਾ ਰੁਤਬਾ ਵੀ ਲਾਇਆ ਹੋਇਆ ਹੈ। ਜਦੋਂ ਕਿ ਅਗਰ ‘ਸੱਚਖੰਡ’ ਸ਼ਬਦ ਦਾ ਪ੍ਰਯੋਗ ਜ਼ਮੀਨ ਵੱਲ ਕਰਨਾ ਹੀ ਹੈ ਤਾਂ ਸਿਰਫ਼ ਤੇ ਸਿਰਫ਼ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ‘ਕਾਂਸ਼ੀ’ ਨਾਲ ਜੁੜਨਾ ਚਾਹੀਦਾ ਹੈ।

ਇਹਨਾਂ ਡੇਰਿਆਂ ਵਿਚੋਂ ਮੈਨੂੰ ਫਗਵਾੜੇ ਨੇੜੇ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਜਾਣੇ ਜਾਂਦੇ ਇਕ ਡੇਰੇ ਵਿਚ ਜਾਣ ਦਾ ਮੌਕਾ ਮਿਲਿਆ, ਇਸ ਡੇਰੇ ਦੇ ਮੰਦਰ ਵਿਚ ਪ੍ਰਸਿੱਧ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨਾਲ ਚਾਰ-ਚੁਫੇਰੇ ਕੰਧਾਂ ਭਰੀਆਂ ਪਈਆਂ ਸਨ ਅਤੇ ਜੋ ਇੱਥੇ ਅਰਦਾਸ ਹੁੰਦੀ ਹੈ, ਉਸ ਵਿੱਚ ਜਿੱਥੇ ਵਿਸ਼ੇਸ਼ ਤੌਰ ’ਤੇ ਦੇਵੀ-ਦੇਵਤਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਅਤੇ ‘ਧਿਆਨ ਧਰ ਕੇ ਬੋਲੋ ਜੀ, ਧੰਨ ਰਵਿਦਾਸ, ਧੰਨ ਰਵਿਦਾਸ; ਕਹਿਣ ਦੀ ਥਾਂ ’ਤੇ ਧਿਆਨ ਧਰਕੇ ਬੋਲੋ ਜੀ, ਸ਼੍ਰੀ ਰਾਮ, ਸ਼੍ਰੀ ਰਾਮ’ ਵੀ ਕਿਹਾ ਜਾਂਦਾ ਹੈ।

ਦੁੱਖ ਦੀ ਗੱਲ ਹੈ ਕਿ ਜਾਗਰੂਕ ਲੋਕਾਂ ਵਿਚ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੋਵੇ। ‘ਬ੍ਰਾਹਮਣਵਾਦ’ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਕੁਝ ਬੁੱਧੀਜੀਵੀ ਤਾਂ ਸਗੋਂ ਇਨ੍ਹਾਂ ਮਸ਼ਹੂਰ ਡੇਰਿਆਂ ਵਿਚ ਚੌਂਕੀਆਂ ਵੀ ਭਰਦੇ ਹਨ। ਇਥੋਂ ਤੱਕ ਕਿ ਬ੍ਰਾਹਮਣਵਾਦ ਦਾ ਵਿਰੋਧ ਕਰਨ ਵਾਲੇ ਇੱਕ ਪ੍ਰਸਿੱਧ ਬੁੱਧੀਜੀਵੀ ਵਿਦਵਾਨ ਨੇ ਤਾਂ ਆਪਣੇ ਮਰਨ ਤੋਂ ਬਾਅਦ ਗੁਰੂ ਰਵਿਦਾਸ ਜੀ ਦੀ ਬਾਣੀ ਵਿਚ ਮਿਲਾਵਟ ਕਰਨ ਦੇ ਦੋਸ਼ੀ ਇੱਕ ਡੇਰੇ ਤੋਂ ਪ੍ਰਭਾਵਤ ਹੋ ਕੇ ਆਪਣੀ ‘ਅਕਲ’ (ਲਿਖੀਆਂ ਗਈਆਂ ਤੇ ਲਿਖੀਆਂ ਜਾਣ ਵਾਲੀਆਂ ਕਿਤਾਬਾਂ) ਦੀ ਵੀ ‘ਡੇਰੇ ਦੇ ਨਾਮ ’ਤੇ’ ਵਸੀਅਤ ਕਰਵਾਈ ਹੋਈ ਹੈ।

ਜਿਸ ਸਮਾਜ ਦੇ ਇਹੋ-ਜਿਹੇ ਲੋਕ ਤੇ ਬੁੱਧੀਜੀਵੀ ਹੋਣ, ਉੱਥੇ ਜੇ ਧੜੱਲੇ ਨਾਲ ‘ਦਮੜੀ’ ਯਾਤਰਾ ਨਿੱਕਲ ਰਹੀ ਹੈ ਤਾਂ ਆਉਣ ਵਾਲੇ ਸਮੇਂ ਵਿਚ ‘ਪੱਥਰੀ ਯਾਤਰਾ’ ਜਾਂ ਇਸ ਤਰ੍ਹਾਂ ਦੀ ਕੋਈ ਨਾ ਕੋਈ ਹੋਰ ਯਾਤਰਾ ਵੀ ਨਿੱਕਲ ਸਕਦੀ ਹੈ। ਮੇਰੀ ਭਾਵਨਾ ਕਿਸੇ ਦੀ ਸ਼ਰਧਾ ਨੂੰ ਠੇਸ ਪਹੁੰਚਾਣਾ ਨਹੀਂ, ਪਰ ਗਿਆਨ ਦੀ ਰੋਸ਼ਨੀ ਦੇ ਰਹੇ ਸੂਰਜ ਨੂੰ, ਅਗਿਆਨ ਦੇ ਬੱਦਲ ਸਦਾ ਵਾਸਤੇ ਨਹੀਂ ਲੁਕਾ ਸਕਦੇ।

ਸੋ ਆਓ, ਇਤਿਹਾਸ ਵਿਚ ਮਿਥਿਹਾਸ ਦਾ ਵੱਡੀ ਪੱਧਰ ’ਤੇ ਰਲਾ ਹੋਣ ਕਰਕੇ ਸਾਡੇ ਰਹਿਬਰਾਂ ਨਾਲ ਜੁੜੀਆਂ/ਜੋੜੀਆਂ ਕਰਾਮਾਤੀ ਕਹਾਣੀਆਂ ਨੂੰ ਪੜ੍ਹਨ-ਸੁਣਨ ਤੋਂ ਬਾਅਦ ਸੋਚ ਸਮਝ ਕੇ, ਤਰਕ ਦੇ ਅਧਾਰ ’ਤੇ ਮੰਨਣ ਦੀ ਖੇਚਲ ਕਰੀਏ, ਤਾਂ ਕਿ ਬ੍ਰਾਹਮਣਵਾਦੀ ਲੋਕਾਂ ਦੀ ਚਾਲ ਨੂੰ ਅਸਫਲ ਕੀਤਾ ਜਾ ਸਕੇ।

ਹਰਜੀਤ ਸਿੰਘ ਸੱਜਣ ਜੀ ਦੇ ਜੀਵਨ ਬਾਰੇ ਕੁਝ ਝਲਕ

0

ਭਗਤ ਪੂਰਨ ਸਿੰਘ ਪਿੰਗਲਵਾਡ਼ਾ (ਅੰਮ੍ਰਿਤਸਰ, ਪੰਜਾਬ)  ਮਿਤੀ 20-4-2017

ਭਾਈ ਗੁਰਮੁਖ ਸਿੰਘ ਨੇ ਦੱਸਿਆ ਡੇਰਾ ਸਿਰਸਾ ਦੀ ਚਿਠੀ ਦਾ ਸੱਚ, ਦੋਸ਼ੀ ਮੈ ਨਹੀਂ, ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਬਾਦਲ ਹਨ

0

ਭਾਈ ਗੁਰਮੁਖ ਸਿੰਘ ਨੇ ਦੱਸਿਆ ਡੇਰਾ ਸਿਰਸਾ ਦੀ ਚਿਠੀ ਦਾ ਸੱਚ, ਦੋਸ਼ੀ ਮੈ ਨਹੀਂ, ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਬਾਦਲ ਹਨ

    
ਚਰਨਜੀਤ ਸਿੰਘ ਅਰੋੜਾ 97805-71231

ਅੰਮ੍ਰਿਤਸਰ – ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇ ਮਾਮਲੇ ਵਿਚ ਸੁਰਖੀਆਂ ਵਿਚ ਆਏ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੁਰਮੁੱਖ ਸਿੰਘ ਨੇ ਤਕਰੀਬਨ ਡੇਢ ਸਾਲ ਬਾਅਦ ਆਪਣੀ ਭੇਦ ਭਰੀ ਚੁਪੀ ਤੋੜਦਿਆਂ ਉਸ ਸਮੇ ਵਾਪਰੇ ਹਲਾਤਾਂ ਦਾ ਖੁਲਾਸਾ ਕਰਕੇ ਦਸਿਆ ਕਿ ਕਿਵੇਂ ਰਾਜਨੀਤਕ ਆਗੂ ਆਪਣੀ ਸਿਆਸੀ ਦੁਕਾਨਦਾਰੀ ਨੂੰ ਚਲਾਉਣ ਲਈ ਧਰਮ ਦਾ ਸਹਾਰਾ ਲੈ ਲੈਂਦੇ ਹਨ। ਭਾਈ ਗੁਰਮੁੱਖ ਸਿੰਘ ਨੇ ਇਨਾਂ ਖੁਲਾਸਿਆਂ ਤੋਂ ਬਾਅਦ ਡੇਰਾ ਸਿਰਸਾ ਦੀ ਮੁਆਫੀ ਵਾਲੇ ਹਾਈ ਪ੍ਰੋਫਾਇਲ ਡਰਾਮੇ ਦਾ ਤਾਂ ਅੰਤ ਹੋ ਗਿਆ ਪਰ ਇਥੇ ਇਕ ਨਵੀ ਚਰਚਾ ਸ਼ੁਰੂ ਹੋ ਗਈ ਕਿ ਰਾਜਨੀਤਕ ਆਪਣੀ ਹੈਕੜ ਤੇ ਸਿਆਸੀ ਪੈਠ ਬਣਾਉਣ ਲਈ ਧਰਮ ਅਤੇ ਧਾਰਮਿਕ ਸ਼ਖਸ਼ੀਅਤਾਂ ਦੀ ਕਿਵੇ ਦੁਰਵਰਤੋ ਕਰਦੇ ਹਨ। ਅੱਜ ਆਪਣੇ ਗ੍ਰਹਿ ਵਿਖੇ ਚੋਣਵੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਗੁਰਮੁੱਖ ਸਿੰਘ ਨੇ ਬੜੇ ਹੀ ਭਰੇ ਮਨ ਤੇ ਵੈਰਾਗ ਭਰੇ ਸ਼ਬਦਾਂ ਵਿਚ ਦਸਿਆ ਕਿ ਉਨਾਂ ਦਾ ਡੇਰਾ ਸਿਰਸਾ ਦੇ ਮੁਖੀ ਦੇ ਪੱਤਰ ਲਿਆਉਣ ਵਿਚ ਬੋਲਦਾ ਨਾਮ ਸਿਰਫ ਜਲੰਧਰ ਤੋਂ ਛਪਦੇ ਇਕ ਵੱਡੇ ਪੰਜਾਬੀ ਅਖਬਾਰ ਦੇ ਸੰਪਾਦਕ ਦੇ ਕਾਰਨ ਹੀ ਵਾਰ ਵਾਰ ਉਛਾਲਿਆ ਜਾ ਰਿਹਾ ਹੈ ਜਦਕਿ ਇਹ ਸੱਚ ਨਹੀਂ ਹੈ।

ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਮੁਆਫ ਕਰਨ ਲਈ ਸਾਰਾ ਡਰਾਮਾ ਤਾਂ ਬਹੁਤ ਪਹਿਲਾਂ ਹੀ ਰਚਿਆ ਜਾ ਚੁੱਕਾ ਸੀ। ਜਦ ਸਾਰੀ ਬਿਸਾਤ ਵਿਛ ਗਈ ਤਾਂ ਜਥੇਦਾਰਾਂ ਨੂੰ ਚੰਡੀਗੜ ਬੁਲਾ ਕੇ ਫੋਰਨ ਮੁਆਫੀ ਦੀ ਪ੍ਰਕਿਰਿਆ ਪੂਰੀ ਕਰ ਲੈਣ ਦਾ ਸਰਕਾਰੀ ਹੁਕਮ ਚਾੜ ਦਿੱਤਾ ਗਿਆ।

ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ 15 ਸਤੰਬਰ 2015 ਨੂੰ ਜਦ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਨ ਤਾਂ ਉਨਾਂ ਨੂੰ ਗਿਆਨੀ ਗੁਰਬਚਨ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦਾ ਫੋਨ ਆਇਆ ਕਿ ਸਵੇਰੇ ਅਸੀਂ ਚੰਡੀਗੜ ਜਾਣਾ ਹੈ, ਬਾਦਲ ਸਾਹਿਬ ਨੇ ਯਾਦ ਕੀਤਾ ਹੈ, ਇਸ ਲਈ ਅੱਜ ਸ਼ਾਮ ਨੂੰ ਹਰ ਹਾਲ ਵਿਚ ਅੰਮ੍ਰਿਤਸਰ ਆ ਜਾਓ। ਭਾਈ ਗੁਰਮੁੱਖ ਸਿੰਘ ਨੇ ਯਾਦ ਕਰਦਿਆਂ ਦੱਸਿਆ ਕਿ ਉਹ ਸ਼ਾਮ ਨੂੰ ਅੰਮ੍ਰਿਤਸਰ ਆ ਗਏ ਜਿੱਥੋ ਅਸੀਂ ਸਾਰੇ ਗਿਆਨੀ ਗੁਰਬਚਨ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਕਾਰ ਰਾਹੀਂ ਚੰਡੀਗੜ ਰਵਾਨਾ ਹੋਏ।

ਚੰਡੀਗੜ ਵਿਖੇ 16 ਸਤੰਬਰ 2015 ਨੂੰ ਅਸੀਂ ਤਿੰਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਉਹ ਸਨ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵਿਖੇ ਪੁੱਜ ਗਏ। ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵਿਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸ੍ਰ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ।

ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਰਸਮੀ ਗੱਲਬਾਤ ਤੋਂ ਬਾਅਦ ਸ੍ਰ ਪਕਾਸ਼ ਸਿੰਘ ਬਾਦਲ ਨੇ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਜਿਸ ਕੰਮ ਲਈ ਸਿੰਘ ਸਾਹਿਬਾਨ ਨੂੰ ਬੁਲਾਇਆ ਗਿਆ ਹੈ ਉਹ ਗੱਲ ਕਰੋ। ਸ੍ਰ ਬਾਦਲ ਦੇ ਇਹ ਕਹਿਣ ਤੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਸਾਡੇ ਵੱਲ ਇਕ ਪੱਤਰ ਵਧਾਉਂਦਿਆਂ ਕਿਹਾ ਕਿ ਇਸ ਤੇ ਤੁਰੰਤ ਕਾਰਵਾਈ ਕਰਕੇ ਇਹ ਮਾਮਲਾ ਰਫਾ ਦਫਾ ਕਰੋ।

ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਹਿੰਦੀ ਵਿਚ ਲਿਖਿਆ ਇਹ ਪੱਤਰ ਡੇਰਾ ਸਿਰਸਾ ਮੁਖੀ ਦਾ ਸੀ। ਅਸੀਂ ਸਾਰੇ ਸਿੰਘ ਸਾਹਿਬਾਨ ਪੱਤਰ ਦੇਖ ਕੇ ਸੋਚੀ ਪੈ ਗਏ। ਅਸੀਂ ਮਹਿਸੂਸ ਕਰ ਰਹੇ ਸੀ ਕਿ ਸਾਡੇ ਕੋਲੋਂ ਇਹ ਮਾਮਲਾ ਬੜੀ ਤੇਜੀ ਨਾਲ ਹਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਤਰ ਪੜ ਤੇ ਸੁਣ ਲੈਣ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਸਾਰੇ ਆਗੂਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਪੱਤਰਕਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਾਓ ਇਸ ਤੇ ਪੰਜ ਸਿੰਘ ਸਾਹਿਬਾਨਾਂ ਵਿਚ ਵਿਚਾਰ ਤਾਂ ਹੀ ਕੀਤੀ ਜਾਵੇਗੀ। ਉਥੇ ਹੀ ਵਿਚਾਰ ਇਹ ਕੀਤੀ ਗਈ ਕਿ ਇਸ ਪੱਤਰਕਾ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਜਥੇਦਾਰਾਂ ਦੀ ਪਹਿਲੀ ਹੀ ਮੀਟਿੰਗ ਵਿਚ ਹੀ ਇਸ ਨੂੰ ਖ਼ਾਲਸਾ ਪੰਥ ਕੋਲ ਨਸ਼ਰ ਦਿੱਤਾ ਜਾਵੇਗਾ। ਅਸੀਂ ਕਿਹਾ ਕਿ ਇਸ ਮਾਮਲੇ ਨਾਲ ਸਾਰੀ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਇਸ ਲਈ ਇਸ ਮਾਮਲੇ ਤੇ ਕਾਹਲ ਕਰਨ ਦੀ ਬਜਾਏ ਸਾਨੂੰ ਥੋੜਾ ਸਮਾਂ ਦਿੱਤਾ ਜਾਵੇ ਤਾਂ ਕਿ ਅਸੀਂ ਇਸ ਮਾਮਲੇ ਤੇ ਲਏ ਜਾਣ ਵਾਲੇ ਫੈਸਲੇ ਤੇ ਘੱਟੋ ਘੱਟ ਕੌਮੀ ਰਾਏ ਤਾਂ ਬਣਾਈ ਜਾ ਸਕੇ।

ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਸ੍ਰ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਤੇ ਜ਼ਰਾ ਵੀ ਦੇਰੀ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਸਨ ਉਨਾਂ ਕਿਹਾ ਕਿ ਇਸ ਮਾਮਲੇ ਤੇ ਜਿੰਨਾ ਜਲਦੀ ਹੋ ਸਕੇ ਤੁਸੀਂ ਫੈਸਲਾ ਸੁਣਾਓ। ਇਸ ਤੇ ਅਸੀਂ ਸਾਰੇ ਜਥੇਦਾਰਾਂ ਨੇ ਇਕ ਅਵਾਜ਼ ਹੋ ਕੇ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਇਸ ਚਿਠੀ ਨੂੰ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਾਓ ਫਿਰ ਹੀ ਅਸੀਂ ਇਸ ਬਾਰੇ ਵਿਚਾਰ ਕਰ ਸਕਦੇ ਹਾਂ। 16 ਸੰਤਬਰ ਨੂੰ ਅਸੀਂ ਜਦ ਚੰਡੀਗੜ ਤੋਂ ਵਾਪਸ ਆਉਣ ਲਗੇ ਤਾਂ ਮੈ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਸਾਡੇ ਬਜੁਰਗਾਂ ਦੇ ਸਮਾਨ ਹੋ ਪਰ ਸਾਨੂੰ ਇਸ ਤਰਾਂ ਨਾਲ ਸਰਕਾਰੀ ਰਿਹਾਇਸ਼ ਤੇ ਨਾ ਬੁਲਾਇਆ ਕਰੋ ਸਾਨੂੰ ਹਰ ਰੋਜ਼ ਹਜ਼ਾਰਾਂ ਲੋਕ ਮਿਲਦੇ ਹਨ ਤੁਸੀਂ ਵੀ ਸਾਨੂੰ ਤਖ਼ਤ ਸਾਹਿਬਾਨ ਤੇ ਮਿਲਣ ਦੀ ਖੇਚਲ ਕਰ ਲਿਆ ਕਰੋ। ਭਾਈ ਗੁਰਮੁੱਖ ਸਿੰਘ ਨੇ ਕਿਹਾ ਕਿ ਮੈ ਸ੍ਰ ਬਾਦਲ ਨੂੰ ਇਹ ਵੀ ਕਿਹਾ ਕਿ ਅੱਜ ਤਾਂ ਇਉਂ ਲੱਗ ਰਿਹਾ ਹੈ ਕਿ ਜਿਵੇਂ ਤੁਸੀਂ ਸਾਨੂੰ ਤਲਬ ਕਰ ਲਿਆ ਹੋਵੇ। ਇਹ ਸੁਣ ਕੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਵਿਖ ਵਿਚ ਅਜਿਹਾ ਹੀ ਹੋਵੇਗਾ।

ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਸ ਤੋ ਬਾਅਦ 23 ਸਤੰਬਰ 2015 ਦੀ ਸ਼ਾਮ ਨੂੰ ਮੁੜ ਇਹ ਮਾਮਲਾ ਸ਼ੁਰੂ ਹੋ ਗਿਆ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾਂ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਉਨਾਂ ਦੀ ਅੰਮ੍ਰਿਤਸਰ ਵਿਚਲੀ ਰਿਹਾਇਸ਼ ਵਿਚ ਆ ਗਏ ਤੇ ਡੇਰਾ ਸਿਰਸਾ ਮੁਖੀ ਦੀ ਮੁਆਫੀ ਵਾਲੇ ਮਾਮਲੇ ਤੇ ਸਾਡੀ ਗੱਲਬਾਤ ਸ਼ੁਰੂ ਹੋ ਗਈ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਸਾਥੀ ਸਿੰਘ ਸਾਹਿਬਾਨ ਨੂੰ ਵਾਰ ਵਾਰ ਇਸ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰੰਪਰਾ ਤੇ ਮਰਯਾਦਾ ਬਚਾਉਣ ਲਈ ਦੁਹਾਈ ਦਿੱਤੀ। ਸਾਡੀ ਗੱਲਬਾਤ ਵਿਚਾਲੇ ਹੀ ਤਤਕਾਲੀ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦਾ ਫੋਨ ਗਿਆਨੀ ਗੁਰਬਚਨ ਸਿੰਘ ਦੇ ਮੌਬਾਇਲ ਤੇ ਆ ਗਿਆ ਜਿਸ ਤੋਂ ਗਿਆਨੀ ਗੁਰਬਚਨ ਸਿੰਘ ਨੇ ਮੇਰੀ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਵਾਈ। ਸ੍ਰ ਬਾਦਲ ਵਾਰ ਵਾਰ ਮੈਨੂੰ ਅੜੀ ਨਾ ਕਰਨ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਪ੍ਰਕਿਕਿਆ ਵਿਚ ਸਹਾਇਤਾ ਦੇਣ ਦੀ ਗੱਲ ਮੰਨ ਲੈਣ ਤੇ ਜ਼ੋਰ ਦਿੰਦੇ ਰਹੇ। ਮੈ ਕਿਹਾ ਕਿ ਡੇਰਾ ਮੁਖੀ ਨੇ ਸਾਡੇ ਗੁਰੂ ਦਾ ਸਵਾਂਗ ਬਣਾਇਆ ਹੈ ਇਸ ਲਈ ਇਸ ਮਾਮਲੇ ਤੇ ਸਾਨੂੰ ਘੱਟੋ ਘੱਟ ਫੈਸਲਾ ਲੈਣ ਸਮੇ ਪੰਥਕ ਭਾਵਨਾਵਾਂ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੇ ਨਿਜੀ ਸਹਾਇਕ ਤੇ ਕੁਝ ਹੋਰ ਨੇੜਲੇ ਸਾਥੀ ਵੀ ਉਨਾਂ ਦੀ ਰਿਹਾਇਸ਼ ਤੇ ਆ ਗਏ ਤੇ ਉਨਾਂ ਤੇ ਦਬਾਅ ਬਣਾਉਣ ਦਾ ਸਿਲਸਲਾ ਤੇਜ਼ ਹੁੰਦਾ ਗਿਆ। ਨਿਜੀ ਤੌਰ ਤੇ ਦਬਾਅ ਬਣਾਉਣ ਦੇ ਨਾਲ ਨਾਲ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਫੋਨ ਤੇ ਗੱਲ ਕਰਵਾਉਣਾ ਦੇਰ ਰਾਤ ਤੱਕ ਜਾਰੀ ਰਿਹਾ। ਮੈ ਮੰਨਦਾ ਨਹੀਂ ਸੀ।  ਸਾਰਾ ਦਬਾਅ ਸਿਰਫ ਮੇਰੇ ਤੇ ਹੀ ਪਾਇਆ ਜਾ ਰਿਹਾ ਸੀ, ਸ੍ਰ ਬਾਦਲ ਮੈਨੂੰ ਵਾਰ ਵਾਰ ਕਹਿ ਰਹੇ ਸਨ ਕਿ ਜਦ ਬਾਕੀ ਸਿੰਘ ਸਾਹਿਬ ਮੰਨ ਗਏ ਤੁਸੀਂ ਕਿਉਂ ਨਹੀਂ ਮੰਨ ਰਹੇ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ, ਸਿੱਖ ਵੀ ਹੋ, ਸਰਕਾਰ ਰਹੇ ਜਾਂ ਨਾ ਰਹੇ ਪ੍ਰੰਪਰਾਵਾਂ ਨੂੰ ਢਾਹ ਨਹੀਂ ਲੱਗਣੀ ਚਾਹੀਦੀ। ਮੈ ਤੁਹਾਨੂੰ 16 ਸਤੰਬਰ ਨੂੰ ਵੀ ਕਿਹਾ ਸੀ ਕਿ ਇਹ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਲੈਣ ਦਿਓ ਇਸ ਨੂੰ ਖਾਲਸਾ ਪੰਥ ਕੋਲ ਪੇਸ਼ ਕਰਾਂਗੇ ਫਿਰ ਇਸ ਸਾਰੀ ਪ੍ਰਕਿਰਿਆ ਨੂੰ ਮੁਕੰਮਲ ਹੋਣ ਤੇ 6 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਮਸਲਾ ਵੱਡਾ ਹੈ। ਪੰਥ ਨਾਲ ਮੀਟਿੰਗਾਂ ਕਰਕੇ ਹੀ ਫੈਸਲਾ ਹੋਵੇਗਾ। ਜਿਸ ਤੇਜੀ ਨਾਲ ਤੁਸੀਂ ਸਾਡੇ ਕੋਲੋਂ ਫੈਸਲਾ ਕਰਵਾਉਣਾ ਚਾਹੁੰਦੇ ਹੋ ਇਸ ਤਰਾਂ ਨਾਲ ਪੰਥ ਤਖ਼ਤਾਂ ਤੋਂ ਬਾਗੀ ਹੋ ਜਾਵੇਗਾ। ਸ੍ਰ ਸੁਖਬੀਰ ਸਿੰਘ ਬਾਦਲ ਦੇ ਵਾਰ ਵਾਰ ਫੋਨ ਆ ਰਹੇ ਸਨ, ਗਿਆਨੀ ਗੁਰਬਚਨ ਸਿੰਘ ਖੁਦ ਗੱਲ ਕਰਨ ਦੀ ਬਜਾਏ ਮੈਨੂੰ ਵਾਰ ਵਾਰ ਫੋਨ ਦੇ ਰਹੇ ਸਨ। ਮੈ ਮਾਨਿਸਕ ਦਬਾਅ ਵਿਚ ਸੀ ਤੇ ਹਰ ਵਾਰ ਸਮਾਂ ਮੰਗਦਾ ਰਿਹਾ ਕਿ ਸਾਨੂੰ 2 ਮਹੀਨੇ , 1 ਮਹੀਨਾ 15 ਦਿਨ ਦਾ ਹੀ ਸਮਾਂ ਦਿਓ ਤਾਂ ਕਿ ਅਸੀਂ ਪੰਥ ਸਾਹਮਣੇ ਸੱਚੇ ਰਹਿ ਸਕੀਏ ਪਰ ਸੁਖਬੀਰ ਸਿੰਘ ਬਾਦਲ ਟਸ ਤੋਂ ਮੱਸ ਨਹੀਂ ਹੋ ਰਹੇ ਸਨ।

ਮੀਟਿੰਗ ਅਗੇ ਪਾਉਣ ਲਈ ਕੋਈ ਵੀ ਤਿਆਰ ਨਹੀਂ ਸੀ। 24 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰਾਂ ਦੀ ਮੀਟਿੰਗ ਸ਼ੁਰੂ ਹੋਈ। ਉਥੇ ਪੰਜਾਬੀ ਵਿਚ ਲਿਖਿਆ ਇਕ ਪੱਤਰ ਸਾਨੂੰ ਦਿਖਾਇਆ ਗਿਆ ਜਿਸ ਬਾਰੇ ਅਸੀਂ ਵਿਚਾਰ ਕਰਨੀ ਸੀ। ਇਹ ਪੱਤਰ ਕੌਣ ਲਿਆਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੇ।

ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੱਤਰ ਲਿਆਉਣ ਦਾ ਇਕ ਵਿਧੀ ਵਿਧਾਨ ਹੈ ਪੱਤਰ ਕੌਣ ਲੈ ਕੇ ਆਇਆ ਕਿਸ ਨੇ ਪੱਤਰ ਪ੍ਰਾਪਤ ਕੀਤਾ, ਇਕ ਰਜਿਸਟਰ ਤੇ ਨੋਟ ਕੀਤਾ ਜਾਂਦਾ ਹੈ ਤੇ ਹੁਣ ਤਾਂ ਉਸ ਦੀ ਤਸਵੀਰ ਵੀ ਲਈ ਜਾਂਦੀ ਹੈ। ਇਹ ਗਿਆਨੀ ਗੁਰਬਚਨ ਸਿੰਘ ਦੱਸ ਸਕਦੇ ਹਨ ਕਿ ਸਿਰਸਾ ਡੇਰਾ ਮੁਖੀ ਦਾ ਇਹ ਪੱਤਰ ਉਨਾਂ ਨੂੰ ਕੌਣ ਦੇ ਕੇ ਗਿਆ।

ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੇਰੇ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ 22 ਸਤੰਬਰ 2015 ਨੂੰ ਮੈ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਦੀ ਕੋਠੀ ਵਿਚ ਗਿਆ ਜਿੱਥੇ ਸ੍ਰ. ਸੁਖਬੀਰ ਸਿੰਘ ਬਾਦਲ, ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ, ਅਕਸ਼ੈ ਕੁਮਾਰ ਅਤੇ ਮੈ ਮੀਟਿੰਗ ਕੀਤੀ ਤੇ ਪੱਤਰ ਹਾਸਲ ਕੀਤਾ। ਮੇਰੇ ਬਾਰੇ ਇਹ ਵੀ ਕਿਹਾ ਗਿਆ ਕਿ ਇਹ ਫੈਸਲਾ ਕਰਵਾਉਣ ਦੇ ਇਵਜ਼ ਵਿਚ ਮੈ 60 ਏਕੜ ਜਮੀਨ, 2 ਹਜਾਰ ਗਜ ਦੀ ਕੋਠੀ, 7 ਪਲਾਟ, 7 ਕਰੋੜ ਰੁਪਏ ਤੇ ਦੁਬਈ ਵਿਚ ਫਲੈਟ ਵੀ ਬਾਦਲਾਂ ਕੋਲੋਂ ਹਾਸਲ ਕੀਤਾ ਤੇ ਇਹ ਫੈਸਲਾ ਕਰਵਾਇਆ।  22 ਸਤੰਬਰ ਨੂੰ ਮੈ ਬਾਬਾ ਬਿਧੀ ਚੰਦ ਜੀ ਦੇ ਦਿਹਾੜੇ ਵਿਚ ਸ਼ਾਮਲ ਹੋਣ ਲਈ ਸੁਰ ਸਿੰਘ ਗਿਆ ਹੋਇਆ ਸੀ।ਵਾਪਸੀ ਸਮੇਂ ਮੇਰੇ ਨਾਲ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵੀ ਸਨ।

24 ਸਤੰਬਰ ਦੀ ਮੀਟਿੰਗ ਵਿਚ ਹਰ ਮਨ ਵਿਚ ਚਿੰਤਾ ਸੀ ਕਿ ਪਾਵਨ ਤਖ਼ਤਾਂ ਤੋਂ ਕੌਮ ਬਾਗੀ ਹੋ ਜਾਵੇਗੀ, ਪ੍ਰੈਸ਼ਰ ਇੰਨਾ ਜਿਆਦਾ ਸੀ ਕਿ ਮੈ ਦੱਸ ਵੀ ਨਹੀਂ ਸਕਦਾ। ਸਮਝ ਨਹੀਂ ਆ ਰਹੀ ਸੀ ਕਿ ਇੰਨੇ ਦਬਾਅ ਵਿਚ ਵੀ ਸਾਨੂੰ ਸੇਵਾ ਕਰਨੀ ਪੈ ਸਕਦੀ ਹੈ। ਮੀਟਿੰਗ ਸ਼ੁਰੂ ਹੋਈ। ਲੰਮਾਂ ਸਮਾਂ ਵਿਚਾਰ ਹੋਈ ਕਿ ਇਸ ਪੱਤਰ ਦਾ ਕਰਨਾ ਕੀ ਹੈ ?  2007 ਤੋਂ ਲੈ ਕੇ ਹੁਣ ਤਕ ਸਾਰਾ ਮਾਮਲਾ ਫਿਰ ਤੋਂ ਪੜਿਆ ਗਿਆ। ਕੇਸ ਕਿਵੇਂ ਚੱਲਿਆ, ਡੇਰਾ ਸਿਰਸਾ ਨਾਲ ਸੰਬੰਧਿਤ ਫਾਇਲ ਵਿਚ ਤਿੰਨ ਪੱਤਰਕਾਵਾਂ ਪਹਿਲਾਂ ਹੀ ਮੌਜੂਦ ਸਨ। ਆਖਿਰ ਫੈਸਲਾ ਹੋਇਆ ਕਿ ਪੱਤਰ ਪ੍ਰਵਾਨ ਕੀਤਾ ਜਾਵੇ ਮੁਆਫੀ ਨਹੀਂ ਦਿੱਤੀ, ਪੱਤਰ ਹੀ ਪ੍ਰਵਾਨ ਕੀਤਾ ਸੀ। ਅਖਬਾਰਾਂ ਲਈ ਜਾਰੀ ਪ੍ਰੈਸ ਨੋਟ ਵਿਚ ਕਿਹਾ ਗਿਆ ਸੀ ਕਿ ਪੱਤਰ ਪ੍ਰਵਾਨ ਕੀਤਾ ਜਾਂਦਾ ਹੈ ਪਰ ਅਖਬਾਰਾਂ ਨੇ ਇਸ ਪ੍ਰਵਾਨਗੀ ਨੂੰ ਮੁਆਫੀ ਦਾ ਨਾਮ ਦੇ ਦਿੱਤਾ ਤੇ ਇਸ ਨੂੰ ਬਿਨਾਂ ਮੰਗੀ ਮੁਆਫੀ ਛਾਪ ਦਿੱਤਾ। ਪੰਥ ਵਿਚ ਰੋਸ ਫੈਲ ਗਿਆ। ਸਾਡਾ ਸ਼ਪਸਟੀਕਰਨ ਸੁਨਣ ਲਈ ਕੋਈ ਤਿਆਰ ਨਹੀਂ ਸੀ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਕੌਮ ਵਿਚ ਤਨਾਅ ਤੇ ਜਥੇਦਾਰਾਂ ਨਾਲ ਦੂਰੀ ਵਧ ਗਈ ਸਾਨੂੰ ਜਨਤਕ ਤੌਰ ਤੇ ਸੰਗਤੀ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਧਾਰਮਿਕ ਸਮਾਗਮਾਂ ਵਿਚ ਸਾਡੀ ਸ਼ਮੂਲੀਅਤ ਖਤਮ ਹੋ ਗਈ ਜਥੇਦਾਰ ਪ੍ਰਭਾਵਹੀਣ ਹੋ ਗਏ।

ਇਸ ਦੌਰਾਨ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਹੋਈ।  ਮੈ ਸ੍ਰ ਬਾਦਲ ਨਾਲ ਗਿਲਾ ਕੀਤਾ ਕਿ ਪੰਥ ਨੂੰ ਦੱਸੋ ਕਿ ਚਿਠੀ ਲੈ ਕੇ ਕੌਣ ਆਇਆ। ਸ੍ਰ ਬਾਦਲ ਨੇ ਕਿਹਾ ਕਿ 2 ਦਿਨਾਂ ਵਿਚ ਸ਼ਪਸਟ ਕਰ ਦਿਆਂਗੇ ਕਿ ਤੁਸੀਂ ਚਿਠੀ ਨਹੀਂ ਲਿਆਏ। ਹਲਾਤ ਜਿਉਂ ਦੇ ਤਿਉਂ ਸਨ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਡਾਕਟਰ ਦਲਜੀਤ ਸਿੰਘ ਚੀਮਾਂ ਨਾਲ ਗੱਲਬਾਤ ਕੀਤੀ। ਮੀਟਿੰਗ ਵਿਚ ਤੁਸੀਂ ਵੀ ਸੀ ਪੱਤਰ ਤੁਸੀਂ ਪੜਾਇਆ ਪਰ ਅੱਜ ਮੇਰਾ ਨਾਮ ਬੋਲ ਰਿਹਾ ਹੈ ਕਿ ਅਕਸ਼ੈ ਕੁਮਾਰ ਦੀ ਕੋਠੀ ਵਿਚੋਂ ਪੱਤਰ ਮੈ ਲਿਆਇਆ। ਡਾਕਟਰ ਚੀਮਾਂ ਨੇ ਕਿਹਾ ਕਿ ਤੁਸੀਂ ਸੱਚੇ ਹੋ ਇਹ ਖਿਲਾਰਾ ਭਾਅ ਜੀ ਦੇ ਨਰਾਜ ਹੋਣ ਕਰਕੇ ਖਿਲਰ ਗਿਆ। ਭਾਅ ਜੀ ਸ਼ਬਦ ਸ਼ਾਇਦ ਬਰਜਿੰਦਰ ਸਿੰਘ ਜੀ ਅਜੀਤ ਵਾਲੇ ਲਈ ਵਰਤਿਆ ਜਾ ਰਿਹਾ ਸੀ।  ਡਾਕਟਰ ਚੀਮਾ ਨੇ ਕਿਹਾ ਭਾਅ ਜੀ ਨੇ ਇਹ ਸਾਰਾ ਮਾਮਲਾ ਹਲ ਕਰਨਾ ਸੀ ਉਹ ਨਰਾਜ ਹੋ ਗਏ ਉਨਾਂ ਪ੍ਰੈਸ ਵਿਚ ਇਹ ਮਾਮਲਾ ਉਠਾਇਆ ਹੈ। ਅਸੀਂ ਸੁਖਬੀਰ ਜੀ ਨੂੰ ਲੈ ਕੇ ਜਲੰਧਰ ਜਾ ਰਹੇ ਹਾਂ।  ਭਾਅ ਜੀ ਕੋਲ, ਸਾਰੇ ਗਿਲੇ ਸ਼ਿਕਵੇ ਦੂਰ ਕਰਾਂਗੇ ਸਾਡੇ ਨਾਲ ਰਾਮੂਵਾਲੀਆਂ ਜੀ ਵੀ ਜਾ ਰਹੇ ਹਨ। ਮੈ ਵੀ ਹਾਂ ਫਿਕਰ ਨਾ ਕਰੋ ਸਭ ਠੀਕ ਹੋ ਜਾਵੇਗਾ।

ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਮੈ ਗੁਰਮਤਿ ਦੇ ਪ੍ਰਚਾਰ ਲਈ ਦੇਸ਼ ਭਰ ਵਿਚ ਜਾਂਦਾ ਰਿਹਾ ਪਰ ਜਦ ਵੀ ਸਿਰਸਾ ਵਾਲੇ ਦੀ ਕਿਧਰੇ ਵੀ ਗੱਲ ਹੁੰਦੀ ਤਾਂ ਚਿਠੀ ਬਾਰੇ ਵੀ ਗੱਲ ਚਲਦੀ। ਮੈ ਵਾਰ ਵਾਰ ਹਰ ਜਥੇਦਾਰ ਅਕਾਲੀ ਆਗੂ ਨੂੰ ਚਿਠੀ ਮਾਮਲੇ ਤੇ ਸੱਚ ਸੰਗਤਾਂ ਦੇ ਅੱਗੇ ਰੱਖਣ ਲਈ ਕਹਿੰਦਾ ਰਿਹਾ ਪਰ ਮੇਰੀ ਕਿਸੇ ਨੇ ਨਹੀਂ ਸੁਣੀ। ਇਸ ਸਮੇਂ ਦੌਰਾਨ ਮੈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੰਦ ਕਮਰਾ ਮੀਟਿੰਗਾਂ ਨਾ ਕਰਨ ਲਈ ਸਾਥੀ ਜਥੇਦਾਰਾਂ ਨੂੰ ਮਨਾਉਂਦਾ ਰਿਹਾ।

ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾ ਦੌਰਾਨ 1 ਫਰਵਰੀ ਨੂੰ ਡੇਰਾ ਸਿਰਸਾ ਨੇ ਵਿਧਾਨ ਸਭਾ ਚੋਣਾ ਵਿਚ ਅਕਾਲੀ ਦਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਬਾਅਦ ਦਿਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰ ਮਨਜਿੰਦਰ ਸਿੰਘ ਸਿਰਸਾ ਦਾ ਮੈਨੂੰ ਫੋਨ ਆਇਆ ਕਿ ਚੋਣਾ ਦਾ ਸਮਾਂ ਹੈ ਤੇ ਸਾਨੂੰ ਡੇਰਾ ਸਿਰਸਾ ਕੋਲੋਂ ਸਮਰਥਨ ਲੈਣਾ ਪੈ ਰਿਹਾ ਹੈ। ਡੇਰੇ ਵਲੋਂ ਅਕਾਲੀ ਦਲ ਦੇ ਸਮਰਥਨ ਦਾ ਐਲਾਨ ਕਰਨ ਤੋਂ ਬਾਅਦ ਸਿੱਖ ਸੰਗਤਾਂ ਦੇ ਮਨਾਂ ਵਿਚ ਰੋਸ ਦੀ ਭਾਵਨਾ ਪੈਦਾ ਹੋਈ।  2 ਫਰਵਰੀ ਨੂੰ ਫਿਰ ਸ੍ਰ ਸਿਰਸਾ ਨੇ ਫੋਨ ਕੀਤਾ ਤੇ ਕਿਹਾ ਕਿ ਤੁਸੀਂ ਕਾਇਮ ਰਹਿਣਾ ਅਸੀਂ ਮਜਬੂਰੀ ਵਸ ਡੇਰੇ ਦਾ ਸਮਰਥਨ ਲਿਆ ਹੈ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਸ੍ਰ ਸਿਰਸਾ ਨੂੰ ਦੱਸਿਆ ਕਿ ਹੁਣ ਕਾਇਮ ਰਹਿਣ ਦੀ ਸ਼ਕਤੀ ਨਹੀਂ ਰਹੀ। ਸ੍ਰ ਸਿਰਸਾ ਨੇ ਕਿਹਾ ਕਿ ਮੈ ਸਮਝਦਾ ਹਾਂ ਪਰ ਬੋਸ ਨਹੀਂ ਮੰਨਦਾ। ਬੋਸ ਤੋਂ ਭਾਵ ਸੁਖਬੀਰ ਸਿੰਘ ਬਾਦਲ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਸ੍ਰ ਸਿਰਸਾ ਨੂੰ ਕਿਹਾ ਕਿ ਤੁਸੀਂ ਅਕਾਲੀ ਦਲ ਵਲੋਂ ਐਲਾਨ ਕਰ ਦਿਓ ਕਿ ਅਸੀਂ ਪੰਥ ਦਾ ਸਮਰਥਨ ਲੈ ਕੇ ਚੋਣ ਲੜ ਰਹੇ ਹਾਂ ਤਾਂ ਪੰਥ ਤੁਹਾਨੂੰ ਵੋਟਾਂ ਦੇ ਕੇ ਨਿਹਾਲ ਕਰ ਦੇਵੇਗਾ, ਪਰ ਸ੍ਰ ਸਿਰਸਾ ਨਹੀਂ ਮੰਨੇ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ 3 ਫਰਵਰੀ ਨੂੰ ਮੈ ਨਿਜੀ ਚੈਨਲਾਂ ਤੇ ਆਪਣੇ ਵਿਚਾਰ ਦਿੱਤੇ ਜਿਸ ਤੋਂ ਬਾਅਦ ਸਿਰਸਾ ਦਾ ਫਿਰ ਫੋਨ ਆਇਆ ਕਿ ਤੁਸੀਂ ਸਾਡੇ ਨਾਲ ਨਹੀਂ ਖੜੇ ਹੁਣ ਜਥੇਦਾਰੀ ਦੀ ਵੀ ਆਸ ਨਾ ਰੱਖੋ । ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਸ੍ਰ ਸਿਰਸਾ ਨੂੰ ਕਿਹਾ ਕਿ ਇਹ ਜਥੇਦਾਰੀਆਂ ਗੁਰੂ ਪੰਥ ਦੀ ਬਖਸ਼ਿਸ਼ ਹਨ ਮੈ ਤੁਹਾਡੇ ਨਿਜੀ ਕਾਰਖਾਨੇ ਵਿਚ ਕੰਮ ਨਹੀਂ ਕਰਦਾ ਜੋ ਕਿਹਾ ਨਾ ਮੰਨਣ ਕਰਕੇ ਤੁਸੀਂ ਮੈਨੂੰ ਹਟਾ ਦਿਓਗੇ।

ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਸਾਰਾ ਸਪਸ਼ਟ ਕਰ ਦਿੱਤਾ ਹੈ ਤੇ ਹੁਣ ਫੈਸਲਾ ਪੰਥ ਨੇ ਲੈਣਾ ਹੈ। ਭਾਈ ਗੁਰਮੁੱਖ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਸਰਪ੍ਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਪਿਛਲੀਆਂ ਭੁਲਾ ਮੰਨ ਕੇ ਪੰਥ ਦੀ ਸ਼ਰਨ ਵਿਚ ਆ ਜਾਣ।

ਪੈਨਸਲਵੇਨੀਆ ਅਸੈਂਬਲੀ ਵਿਚ ਅਪ੍ਰੈਲ ਦੇ ਮਹੀਨੇ ਨੂੰ ‘ਸਿੱਖ ਅਵੇਅਰਨੈੱਸ ਮੰਥ’ ਵਜੋਂ ਐਲਾਨਿਆ

0

ਪੈਨਸਲਵੇਨੀਆ ਅਸੈਂਬਲੀ ਵਿਚ ਅਪ੍ਰੈਲ ਦੇ ਮਹੀਨੇ ਨੂੰ ‘ਸਿੱਖ ਅਵੇਅਰਨੈੱਸ ਮੰਥ’ ਵਜੋਂ ਐਲਾਨਿਆ

ਪੈਨਸਲਵੇਨੀਆ ਅਸੈਂਬਲੀ ਵਿਚ ਮਨਾਇਆ ਗਿਆ ਵੈਸਾਖੀ ਦਾ ਦਿਹਾੜਾ

ਮੋਦੀ ਸਰਕਾਰ ਸਮੇਂ ਸਿੱਖਾਂ ਦੀ ਸ਼ਨਾਖ਼ਤ ਨੂੰ ਖ਼ਤਰਾ ਪਰ ਵਿਦੇਸ਼ਾਂ ਵਿਚ ਮਿਲ ਰਹੀ ਹੈ ਵੈਸਾਖੀ ਨੂੰ ਮਾਨਤਾ : ਹਿੰਮਤ ਸਿੰਘ

ਹੈਰੇਸ ਵਰਗ (ਪੈਨਸਲਵੇਨੀਆ) : 19 ਅਪ੍ਰੈਲ

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐਸ.ਏ.) ਵੱਲੋਂ ਵੈਸਾਖੀ ਨੂੰ ‘ਵਰਲਡ ਸਿੱਖ ਡੇਅ’ ਵਜੋਂ ਦੁਨੀਆਂ ਭਰ ਵਿਚ ਨਿਰਧਾਰਿਤ ਕਰਾਉਣ ਲਈ ਚਲਾਈ ਗਈ ਮੁਹਿੰਮ ਨੂੰ ਦੁਨੀਆਂ ਭਰ ਵਿਚ ਵੱਡਾ ਹੁੰਗਾਰਾ ਮਿਲਿਆ ਹੈ, ਜਿਸ ਤਹਿਤ ਅਮਰੀਕਾ ਦੀ ਪੈਨਸਲਵੇਨੀਆ ਸਟੇਟ ਦੀ ਅਸੈਂਬਲੀ ਵਿਚ ਸਿੱਖ ਸੰਗਤ ਨੇ ਗਵਰਨਰ ਟੌਮ ਵੌਲਫ ਦੀ ਹਾਜ਼ਰੀ ਵਿਚ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ, ਇਸ ਸਮੇਂ ਪੈਨਸਲਵੇਨੀਆ ਅਸੈਂਬਲੀ ਵਿਚ ਅਪ੍ਰੈਲ ਦੇ ਸਾਰੇ ਮਹੀਨੇ ਨੂੰ ਹੀ ‘ਸਿੱਖ ਅਵੇਅਰਨੈੱਸ ਮੰਥ’ ਡਿਕਲੇਅਰ ਕੀਤਾ ਗਿਆ। ਇਸ ਸਮੇਂ ਵਿਸਾਖੀ ਨੂੰ ਅਮਰੀਕਾ ਵਿਚ ‘ਨੈਸ਼ਨਲ ਸਿੱਖ ਡੇਅ’ ਦੇ ਤੌਰ ਤੇ ਨਿਰਧਾਰਿਤ ਕਰਾਉਣ ਲਈ ਵੀ ਮਤਾ ਪਾ ਦਿੱਤਾ ਗਿਆ।

    ਅਮਰੀਕਾ ਦੀਆਂ 140 ਦੇ ਕਰੀਬ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦਾ ਸਮਰਥਨ ਹਾਸਲ ਕਰ ਚੁੱਕੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐਸ.ਏ.) ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਕਿਹਾ ਕਿ ਜਿੱਥੇ ਇਕ ਪਾਸੇ ਭਾਰਤ ਵਿਚ ਸਿੱਖਾਂ ਦੀ ਸ਼ਨਾਖ਼ਤ ਨੂੰ ਖ਼ਤਰਾ ਬਣਿਆ ਹੋਇਆ ਹੈ, ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਸਾਖੀ ਨੂੰ ਵਰਲਡ ਸਿੱਖ ਡੇਅ ਨਿਰਧਾਰਿਤ ਕਰਾਉਣ ਲਈ ਅਜੇ ਤੱਕ ਵੀ ਕੋਈ ਬਿਆਨ ਨਹੀਂ ਦਿੱਤਾ ਪਰ ਦੂਜੇ ਪਾਸੇ ਅਮਰੀਕਾ, ਕੈਨੇਡਾ ਆਦਿ ਮੁਲਕਾਂ ਵਿਚ ਸਿੱਖਾਂ ਦੇ ਵਿਸਾਖੀ ਦੇ ਦਿਹਾੜੇ ਨੂੰ ਮਾਨਤਾ ਦੇ ਦਿੱਤੀ ਗਈ ਹੈ ਅਤੇ ਸਿੱਖ ਜਥੇਬੰਦੀਆਂ ਨੇ ਹੁਣ ਵਿਸਾਖੀ ਦੇ ਦਿਹਾੜੇ ਨੂੰ ‘ਵਰਲਡ ਸਿੱਖ ਡੇਅ’ ਨਿਰਧਾਰਿਤ ਕਰਾਉਣ ਲਈ ਵੀ ਮੁਹਿੰਮ ਵਿੱਢ ਦਿੱਤੀ ਹੈ। ਪੈਨਸਲਵੇਨੀਆ ਦੇ ਹੈਰਸ ਵਰਗ ਸ਼ਹਿਰ ਵਿਚ ਅਸੈਂਬਲੀ ਵਿਚ ਮਨਾਏ ਗਏ ਵੈਸਾਖੀ ਦੇ ਦਿਹਾੜੇ ਵਿਚ ਜਿੱਥੇ ਅਸੈਂਬਲੀ ਦੇ ਗਵਰਨਰ ਟੌਮ ਵੌਲਫ ਹਾਜ਼ਰ ਸਨ ਉੱਥੇ ਹੀ ਸਟੇਟ ਅਸੈਂਬਲੀ ਦੇ ਪ੍ਰਤੀਨਿਧ ਨਿੱਕ ਮਿਕਰੈਲੀ, ਜੈਮਏ ਸਨਟੋਰਾ ਅਤੇ ਮਾਰਕੋ ਡੈਵਿਡਸਨ ਹਾਜ਼ਰ ਸਨ। ਪੈਨਸਲਵੇਨੀਆ ਦੀ ਅਸੈਂਬਲੀ ਵਿਚ ਵੈਸਾਖੀ ਦਾ ਦਿਹਾੜਾ ਮਨਾਉਣ ਲਈ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਖ਼ਜ਼ਾਨਚੀ ਕੇਵਲ ਸਿੰਘ, ਮੈਂਬਰ ਡਾ. ਬਖ਼ਸ਼ੀਸ਼ ਸਿੰਘ, ਭਗਤ ਸਿੰਘ ਪੈਨਸਲਵੇਨੀਆ, ਕੁਲਵੰਤ ਸਿੰਘ, ਤੇਜੀ, ਨਰਿੰਦਰ ਸਿੰਘ ਅਤੇ ਹੋਰ ਸਿੱਖ ਆਗੂ ਅਤੇ ਅਸੈਂਬਲੀ ਦੇ ਪ੍ਰਤੀਨਿਧ ਵੀ ਹਾਜ਼ਰ ਸਨ। ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਦੱਸਿਆ ਕਿ ਸਾਡਾ ਅਗਲਾ ਟੀਚਾ ਹੈ ਕਿ ਅਸੀਂ ਵੈਸਾਖੀ ਦੇ ਦਿਹਾੜੇ ਨੂੰ ‘ਵਰਲਡ ਸਿੱਖ ਡੇਅ’ ਦੇ ਤੌਰ ਤੇ ਨਿਰਧਾਰਿਤ ਕਰਵਾ ਕੇ ਹੀ ਰਹਾਂਗੇ।

ਵੈਸਾਖੀ ਫ਼ੋਟੋ : ਪੈਨਸਲਵੇਨੀਆ ਦੀ ਅਸੈਂਬਲੀ ਵਿਚ ਵੈਸਾਖੀ ਦਾ ਦਿਹਾੜਾ ਮਨਾਉਣ ਸਮੇਂ ਅਸੈਂਬਲੀ ਦੇ ਗਵਰਨਰ ਟੌਮ ਵੋਲਫ ਨਾਲ ਖੜੇ ਸਿੱਖ ਆਗੂ।

ਜਾਰੀ ਕਰਤਾ

ਕੇਵਲ ਸਿੰਘ ਖ਼ਜ਼ਾਨਚੀ

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐਸ.ਏ.)

ਮੁੱਖ ਵਾਕ ਪੰਨਾ ਨੰਬਰ 606

0

ਮੁੱਖ ਵਾਕ ਪੰਨਾ ਨੰਬਰ 606

ਸੋਰਠਿ ਮਹਲਾ ੪ ॥

ਆਪੇ ਕੰਡਾ, ਆਪਿ ਤਰਾਜੀ; ਪ੍ਰਭਿ, ਆਪੇ ਤੋਲਿ ਤੋਲਾਇਆ ॥

(ਜਗਤ ਰਚੇਤਾ) ਆਪ ਹੀ (ਸੰਸਾਰ ਦਾ ਸੰਤੁਲਨ ਰੱਖਣ ਵਾਲ਼ਾ) ਕੰਡਾ (ਕੰਟਕ, ਤਰਾਜ਼ੂ ਦੇ ਵਿਚਕਾਰਲੀ ਸੂਈ ਜੋ ਹਮੇਸ਼ਾਂ ਭਾਰ ਵੱਲ ਝੁਕਦੀ ਹੈ) ਹੈ, ਆਪ ਹੀ ਤਰਾਜ਼ੂ ਹੈ। ਪ੍ਰਭੂ ਨੇ ਆਪ ਹੀ ਤੋਲ (ਭਾਰ, ਵੱਟੇ) ਨਾਲ਼ (ਕੁਦਰਤੀ ਸੰਤੁਲਨ ਨੂੰ) ਤੋਲਿਆ ਹੋਇਆ ਹੈ ਭਾਵ ਕਾਬੂ ਜਾਂ ਹੁਕਮ ਵਿੱਚ ਰੱਖਿਆ ਹੋਇਆ ਹੈ।

ਆਪੇ ਸਾਹੁ, ਆਪੇ ਵਣਜਾਰਾ; ਆਪੇ ਵਣਜੁ ਕਰਾਇਆ ॥       ਉਚਾਰਨ ਸੇਧ: ਸ਼ਾਹ।

ਆਪ ਹੀ (ਹੱਟੀ ਵਿੱਚ ਬੈਠਾ) ਸੇਠ ਹੈ ਤੇ ਆਪ ਹੀ (ਹੱਟੀ ’ਤੇ ਵਾਪਾਰ ਕਰਨ ਲਈ ਆਉਣ ਵਾਲ਼ਾ) ਵਪਾਰੀ ਹੈ ਤੇ ਆਪ ਹੀ (ਚੰਗਾ ਮੰਦਾ) ਸੌਦਾ ਖਰੀਦਣ ਲਈ ਪ੍ਰੇਰਦਾ ਹੈ।

ਆਪੇ ਧਰਤੀ ਸਾਜੀਅਨੁ, ਪਿਆਰੈ; ਪਿਛੈ ਟੰਕੁ ਚੜਾਇਆ ॥੧॥         ਉਚਾਰਨ ਸੇਧ: ਚੜ੍ਹਾਇਆ।

ਆਪ ਹੀ ਉਸ ਪਿਆਰੇ (ਪ੍ਰਭੂ) ਨੇ (ਵਸਤੂ ਖਰੀਦਣ ਲਈ) ਧਰਤੀ ਬਣਾਈ ਤੇ (ਕੁਦਰਤ ਦੇ ਸੰਤੁਲਨ ਨੂੰ ਬਣਾਏ ਰੱਖਣ ਲਈ ਤਰਾਜ਼ੂ ਦੇ) ਪਿਛਲੇ (ਦੂਸਰੇ) ਪਾਸੇ ਰਤਾ ਕੁ ਹੀ ਭਾਰ ਰੱਖਿਆ।

(ਨੋਟ: ਚੌਲ਼ਾਂ ਦੇ ਛਿਲਕਾ ਰਹਿਤ 8 ਦਾਣੇ= ਇੱਕ ਰੱਤੀ, 8 ਰੱਤੀ = ਇੱਕ ਮਾਸਾ, 4 ਮਾਸਾ = ਇੱਕ ਟੰਕ ਭਾਰ ਭਾਵ ਤਮਾਮ ਕੁਦਰਤ ਨੂੰ ਕਾਬੂ (ਸੰਤੁਲਨ) ’ਚ ਰੱਖਣ ਲਈ ਤੱਕੜੀ ਦੇ ਦੂਸਰੇ ਪਾਸੇ ਮਾਤਰ ਚਾਰ ਮਾਸੇ ਦਾ ਹੀ ਵੱਟਾ ਪਾਇਆ ਭਾਵ ਪ੍ਰਭੂ ਲਈ ਇਹ ਕਾਰਜ ਬਿਲਕੁਲ ਵੀ ਮੁਸ਼ਕਲ ਨਹੀਂ ਹੈ।)

ਮੇਰੇ ਮਨ ! ਹਰਿ ਹਰਿ ਧਿਆਇ, ਸੁਖੁ ਪਾਇਆ ॥ ਹਰਿ ਹਰਿ ਨਾਮੁ ਨਿਧਾਨੁ ਹੈ, ਪਿਆਰਾ; ਗੁਰਿ ਪੂਰੈ, ਮੀਠਾ ਲਾਇਆ ॥ ਰਹਾਉ ॥

ਹੇ ਮੇਰੇ ਮਨ ! ਕੁਦਰਤ ਦੇ ਮਾਲਕ ਹਰੀ ਦਾ ਨਾਮ ਸਦਾ ਯਾਦ ਕਰਕੇ ਅਨੰਦ (ਸਥਿਰਤਾ, ਸ਼ਾਂਤੀ) ਮਿਲਦਾ ਹੈ ਕਿਉਂਕਿ ਹਰੀ ਦਾ ਨਾਮ ਲਾਭਕਾਰੀ ਖ਼ਜ਼ਾਨਾ ਹੈ, ਪਰ ਮਨੁੱਖਾ ਹਿਰਦੇ ਵਿੱਚ ਪੂਰਨ ਗੁਰੂ ਨੇ ਹੀ (ਇਸ ਖ਼ਜ਼ਾਨੇ ਦਾ ਵਣਜ ਕਰਨ ਲਈ) ਤੀਬਰਤਾ ਪੈਦਾ ਕੀਤੀ ਹੈ ਜਾਂ ਕਰਨੀ ਹੈ।

ਆਪੇ ਧਰਤੀ, ਆਪਿ ਜਲੁ, ਪਿਆਰਾ; ਆਪੇ ਕਰੇ ਕਰਾਇਆ ॥

(ਸ੍ਰਿਸ਼ਟੀ ਦਾ ਮਾਲਕ) ਪਿਆਰ ਭਰੀ ਦ੍ਰਿਸ਼ਟੀ ਵਾਲ਼ਾ ਆਪ ਹੀ ਧਰਤੀ (ਮਾਤਾ) ਹੈ ਤੇ ਆਪ ਹੀ ਪਾਣੀ (ਪਿਤਾ ਬਿੰਦ) ਹੈ। ਆਪ ਹੀ (ਜਗਤ ਉਤਪਤੀ) ਕਰਦਾ ਹੈ ਤੇ (ਤਮਾਮ ਕੰਮ) ਕਰਵਾਉਂਦਾ ਹੈ।

ਆਪੇ ਹੁਕਮਿ ਵਰਤਦਾ, ਪਿਆਰਾ; ਜਲੁ ਮਾਟੀ ਬੰਧਿ ਰਖਾਇਆ ॥

ਪਿਆਰਾ ਮਾਲਕ ਆਪ ਹੀ (ਸੇਵਕ ਬਣ) ਹੁਕਮ ਵਿੱਚ ਜੀਵਨ ਬਤੀਤ ਕਰਦਾ ਹੈ ਤੇ ਜਲ (ਅੰਮ੍ਰਿਤ ਨਾਮ, ਆਪਣੀ ਹੋਂਦ) ਨੂੰ ਮਿੱਟੀ (ਸਰੀਰ, ਆਕਾਰ) ਨਾਲ਼ ਬੰਨ੍ਹ (ਢੱਕ) ਕੇ ਰੱਖਦਾ ਹੈ।

ਆਪੇ ਹੀ ਭਉ ਪਾਇਦਾ, ਪਿਆਰਾ; ਬੰਨਿ ਬਕਰੀ ਸੀਹੁ ਹਢਾਇਆ ॥੨॥ ਉਚਾਰਨ ਸੇਧ: ਪਾਇੰਦਾ, ਬੰਨ੍ਹ, ਸੀਂਹ, ਹੰਢਾਇਆ।

ਪਿਆਰਾ ਮਾਲਕ ਆਪ ਹੀ (ਆਪਣੇ ਵਜੂਦ ਦਾ ਰੱਬੀ ਡਰ-ਅਦਬ ਹਿਰਦੇ) ਪੈਦਾ ਕਰਦਾ ਹੈ। ਆਪ ਹੀ ਬੱਕਰੀ (ਨਿਮਰਤਾ) ਨੇ ਸ਼ੇਰ (ਅਹੰਕਾਰ) ਨੂੰ ਕਾਬੂ ਕਰਕੇ ਰੱਖਿਆ ਹੈ।

(ਨੋਟ: ਟੀਕਾਕਾਰਾਂ ਦੁਆਰਾ ਕੀਤੇ ਗਏ ‘‘ਬੰਨਿ ਬਕਰੀ ਸੀਹੁ ਹਢਾਇਆ’’ ਦੇ ਅਰਥਾਂ ਵਿੱਚੋਂ ਵਿਰੋਧੀ ਸ਼ਕਤੀਆਂ ਦਾ ਸੁਮੇਲ ਵਧੇਰੇ ਪ੍ਰਤੀਤ ਹੁੰਦਾ ਜਾਪਦਾ ਹੈ; ਜਿਵੇਂ ਕਿ ਸ਼ਬਦਾਰਥ ਵਿਦਵਾਨਾਂ ਨੇ ਅਰਥ ਕੀਤੇ ਹਨ ਬੱਕਰੀ ਤੇ ਸ਼ੇਰ ਨੂੰ ਇਕੱਠਾ ਬੰਨ੍ਹ ਕੇ ਤੋਰਦਾ ਹੈ।, ਪਰ ਇਨ੍ਹਾਂ ਅਰਥਾਂ ’ਚ ਬੱਕਰੀ, ਸ਼ੇਰ ਦੀ ਵਿਰੋਧੀ ਸ਼ਕਤੀ ਨਹੀਂ ਹੋ ਸਕਦੀ, ਤਾਂ ਤੇ ਕੇਵਲ ਸ਼ੇਰ ਦੀ ਬੱਕਰੀ ਨਾਲ਼ ਹਮਦਰਦੀ ਜਤਾਉਣਾ ਹੀ ‘‘ਬੰਨਿ ਬਕਰੀ ਸੀਹੁ ਹਢਾਇਆ’’ ਭਾਵਾਰਥ ਬਣੇਗਾ, ਜੋ ਕਿ ਪੂਰਨ ਸ਼ਬਦਾਰਥ ਨਹੀਂ ਕਿਉਂਕਿ ਬੱਕਰੀ ਨੂੰ ਬੰਨ੍ਹਣ ਦੀ ਕੀ ਜ਼ਰੂਰਤ ਹੈ ?)

ਆਪੇ ਕਾਸਟ, ਆਪਿ ਹਰਿ, ਪਿਆਰਾ; ਵਿਚਿ ਕਾਸਟ ਅਗਨਿ ਰਖਾਇਆ ॥ ਉਚਾਰਨ ਸੇਧ: ਕਾਸ਼ਟ।

ਪਿਆਰਾ ਮਾਲਕ ਆਪ ਹੀ ਲੱਕੜ (ਬਨਸਪਤੀ) ਹੈ ਤੇ ਆਪ ਹੀ ਇਸ ਵਿਚ ਅੱਗ ਰੂਪ ਹੋ ਕੇ ਮੌਜੂਦ ਹੈ।

(ਨੋਟ: ਇਸ ਤੁਕ ਦਾ ਭਾਵਾਰਥ ਦ੍ਰਿਸ਼ਮਾਨ ਦੇ ਚਲਾਇਮਾਨ ਵੱਲ ਸੰਕੇਤ ਕਰਦਾ ਹੈ ਭਾਵ ਜਿਵੇਂ ਲੋਹੇ ਨੂੰ ਜ਼ੰਗ (ਜ਼ੰਗਾਲ ਜਾਂ ਹਵਾ ਤੇ ਨਮੀ ਭਾਵ ਆਕਸੀਜਨ ਲੋਹੇ ਨੂੰ) ਨਸ਼ਟ ਕਰਦੀ ਹੈ, ਇਸੇ ਤਰ੍ਹਾਂ ਹਰਿਆਲੀ (ਬਨਸਪਤੀ) ਨੂੰ ਸੁੱਕਾਪਣ (ਨਮੀ ਰਹਿਤ), ਖ਼ਤਮ ਕਰਦਾ ਹੈ।)

ਆਪੇ ਹੀ ਆਪਿ ਵਰਤਦਾ, ਪਿਆਰਾ; ਭੈ ਅਗਨਿ ਨ ਸਕੈ ਜਲਾਇਆ ॥

(ਖ਼ਤਮ ਹੋਣ ਵਾਲ਼ੀ ਤੇ ਖ਼ਤਮ ਕਰਨ ਵਾਲ਼ੀ ਸ਼ਕਤੀ, ਦੋਵਾਂ ਵਿੱਚ) ਪਿਆਰਾ ਮਾਲਕ ਆਪ ਹੀ ਆਪ ਵਿਆਪਕ (ਮੌਜੂਦ) ਹੈ, (ਇਸ ਲਈ ਖ਼ਤਮ ਕਰਨ ਵਾਲ਼ੀ ਸ਼ਕਤੀ) ਅੱਗ (ਖ਼ੁਸ਼ਕੀ, ਰੁੱਖਾਪਣ; ਰੱਬੀ) ਡਰ ਜਾਂ ਹੁਕਮ ਕਾਰਨ (ਸਮੇਂ ਤੋਂ ਪਹਿਲਾਂ ਬਨਸਪਤੀ ਨੂੰ) ਜਲਾ (ਸਾੜ) ਨਹੀਂ ਸਕਦੀ।

ਆਪੇ ਮਾਰਿ, ਜੀਵਾਇਦਾ ਪਿਆਰਾ; ਸਾਹ ਲੈਦੇ ਸਭਿ, ਲਵਾਇਆ ॥੩॥ ਉਚਾਰਨ ਸੇਧ: ਜੀਵਾਇੰਦਾ, ਲੈਂਦੇ।

ਪਿਆਰਾ ਮਾਲਕ ਆਪ ਹੀ (ਹਰ ਵਸਤੂ ਨੂੰ) ਸੁੱਕਾ ਕੇ ਜੀਵਨ (ਹਰਿਆਲੀ) ਬਖ਼ਸ਼ਦਾ ਹੈ, (ਇਸ ਲਈ ਉਸ ਦੇ) ਪ੍ਰੇਰੇ ਹੋਏ ਹੀ ਤਮਾਮ ਵਜੂਦ ਸੁਆਸ ਲੈਂਦੇ ਹਨ।

ਆਪੇ ਤਾਣੁ ਦੀਬਾਣੁ ਹੈ, ਪਿਆਰਾ; ਆਪੇ, ਕਾਰੈ ਲਾਇਆ ॥

ਪਿਆਰਾ ਮਾਲਕ ਆਪ ਹੀ ਤਾਕਤ ਬਖ਼ਸ਼ਦਾ ਹੈ (ਤੇ ਉਸ ਦੇ ਦੁਰਪ੍ਰਯੋਗ ਉਪਰੰਤ) ਆਪ ਹੀ (ਸਜ਼ਾ ਦੇਣ ਲਈ) ਅਦਾਲਤ ਲਗਾਉਂਦਾ ਹੈ (ਜਿੱਥੋਂ ਮਿਲ਼ੇ ਫਲ਼ ਅਨੁਸਾਰ) ਆਪ ਹੀ (ਮੁੜ ਚੰਗੇ-ਮੰਦੇ) ਕਾਰਜ ਕਰਨ ਵਿੱਚ ਲਗਾ ਦਿੰਦਾ ਹੈ।

ਜਿਉ ਆਪਿ ਚਲਾਏ, ਤਿਉ ਚਲੀਐ ਪਿਆਰੇ ! ਜਿਉ ਹਰਿ ਪ੍ਰਭ ਮੇਰੇ ਭਾਇਆ ॥    ਉਚਾਰਨ ਸੇਧ: ਜਿਉਂ, ਤਿਉਂ।

ਜਿਸ-ਜਿਸ ਤਰ੍ਹਾਂ (ਦੀ ਬਣਾਵਟ) ਮੇਰੇ ਪਿਆਰੇ ਹਰੀ ਮਾਲਕ ਨੂੰ ਪਸੰਦ ਹੈ ਅਤੇ ਜਿਵੇਂ-ਜਿਵੇਂ ਉਹ ਆਪ (ਜੀਵਾਂ ਨੂੰ) ਚਲਾਉਣਾ ਚਾਹੁੰਦਾ ਹੈ, ਵੈਸੇ-ਵੈਸੇ ਹੀ (ਜੀਵਾਂ ਪਾਸੋਂ) ਚੱਲਿਆ ਜਾ ਸਕਦਾ ਹੈ।

ਆਪੇ ਜੰਤੀ ਜੰਤੁ ਹੈ, ਪਿਆਰਾ; ਜਨ ਨਾਨਕ ! ਵਜਹਿ ਵਜਾਇਆ ॥੪॥੪॥ ਸੋਰਠਿ (ਮ: ੪/੬੦੬)   ਉਚਾਰਨ ਸੇਧ: ਵਜਹਿਂ।

(ਕਿਉਂਕਿ) ਹੇ ਨਾਨਕ ਜਨ! (ਪਿਆਰਾ ਮਾਲਕ) ਆਪ ਹੀ ਵਾਜਾ ਹੈ ਤੇ ਆਪ ਹੀ ਵਾਜਾ ਵਜਾਉਣ ਵਾਲ਼ਾ ਹੈ (ਸਾਰੇ ਜੀਵ ਵਾਜੇ ਵੈਸੇ ਹੀ) ਵੱਜਦੇ ਹਨ ਜਿਵੇਂ ਉਸ ਨੇ ਵਜਾਏ ਹੋਏ ਹੁੰਦੇ ਹਨ।

Most Viewed Posts