ਈਦੀ ਦੀ ਸਮਾਜਿਕ ਸੇਵਾ-ਪ੍ਰੀਤ ਦੁਨੀਆ ਲਈ ਬਣੀ ਅਨੋਖੀ ਮਿਸਾਲ

0
516

ਈਦੀ ਦੀ ਸਮਾਜਿਕ ਸੇਵਾ-ਪ੍ਰੀਤ ਦੁਨੀਆ ਲਈ ਬਣੀ ਅਨੋਖੀ ਮਿਸਾਲ

(28 ਫਰਵਰੀ 1928 – 8 ਜੁਲਾਈ 2016, ਕੁਝ ਇਤਿਹਾਸਕਾਰਾਂ ਨੇ ਈਦੀ ਦਾ ਜਨਮ ਸੰਨ 1926 ਮੰਨਿਆ ਹੈ)

ਈਦੀ ਸਿੰਧੀ ਹਿੰਦੂ ਅਤੇ ਛੋਟੀ ਕਿਸਾਨੀ ਦੇ ਘਰਾਣੇ ਨਾਲ ਸਬੰਧਤ ਸੀ। ਬਜ਼ੁਰਗ ਤਿੰਨ ਸਦੀਆਂ ਪਹਿਲਾਂ ਮੁਸਲਮਾਨ ਮੋਮਨ (ਮੈਮਨ) ਬਣ ਗਏ ਸਨ। ਈਦੀ ਪਰਿਵਾਰ ਨੇ ਕਾਠੀਆਵਾੜ (ਗੁਜਰਾਤ) ਇਲਾਕੇ ਵਿਚ ਵਸ ਕੇ ਵਪਾਰ ਸ਼ੁਰੂ ਕੀਤਾ। ਜੂਨਾਗੜ੍ਹ ਦੇ ਨੇੜੇ ਬੰਟਵਾ ਕਸਬੇ ਵਿਚ 25 ਹਜ਼ਾਰ ਅਬਾਦੀ ਵਿਚੋਂ 20 ਹਜ਼ਾਰ ਮੈਮਨ ਸਨ। ਗੁਜਰਾਤੀ ਭਾਸਾ ਵਿਚ ‘ਈਦੀ’ ਦਾ ਅਰਥ ‘ਆਲਸੀ’ ਹੁੰਦਾ ਹੈ। ਪਰ ਇਹ ਪਰਿਵਾਰ ਬੜਾ ਉਦਮੀ ਰਿਹਾ ਸੀ। ਮੈਮਨਾ ਦੀ ਮਦਦ ਨਾਲ ਹੀ ਮੁਹੰਮਦ ਅਲੀ ਜਿਨਾਹ ਨੇ ਮੁੰਬਈ ਵਿਚ ਹਬੀਬ ਬੈਂਕ ਖੋਲ੍ਹਿਆ ਸੀ। ਮੈਮਨਾ ਦਾ ਮੁਕਾਬਲਾ ਕੇਵਲ ਪਾਰਸੀ ਹੀ ਕਰ ਸਕਦੇ ਸਨ। ਪ੍ਰਸ਼ਾਸ਼ਨਿਕ ਸੇਵਾਵਾਂ ਮੈਮਨਾ ਕੋਲ, ਜਦ ਕਿ ਮੁਲਾਜ਼ਮਤ ਆਮ ਲੋਕਾਂ ਕੋਲ ਹੁੰਦੀ ਸੀ।

ਈਦੀ ਦੀ ਮਾਂ ਗੁਰਬਾ, ਦਿਆਲੂ ਸੁਭਾਅ ਦੀ ਔਰਤ ਸੀ। ਪਿਤਾ ਅਬਦੁਲ ਸ਼ਕੂਰ ਈਦੀ ਲੰਬੇ ਵਪਾਰਕ ਦੌਰਿਆਂ ਦੌਰਾਨ ਸੁੱਕੇ ਮੇਵਿਆਂ ਦੀਆਂ ਪੇਟੀਆਂ ਭੇਜਦਾ ਰਹਿੰਦਾ। ਈਦੀ ਆਪਣੀ ਮਾਂ ਦੀ ਸਿੱਖਿਆ ਅਧੀਨ ਮੇਵੇ ਵੰਡਣ ਦੀ ਸੇਵਾ ਗਰੀਬ ਬਸਤੀਆਂ ਵਿਚ ਚਾਈਂ ਚਾਈਂ ਨਿਭਾਉਂਦਾ। ਮਾਂ ਰੋਜ਼ਾਨਾ ਦੋ ਪੈਸੇ ਦੇ ਕੇ ਸਕੂਲ ਨੂੰ ਤੋਰਦੀ ਤੇ ਆਖਦੀ ਕਿ ਇਕ ਪੈਸਾ ਤੇਰਾ ਹੈ ਅਤੇ ਦੂਜਾ ਉਸ ਨੂੰ ਦੇਈਂ ਜੋ ਤੈਨੂੰ ਲੋੜਵੰਦ ਜਾਂ ਮੁਥਾਜ ਲੱਗੇ। ਜੇ ਕਿਤੇ ਈਦੀ ਦੋਵੇਂ ਪੈਸੇ ਆਪ ਹੀ ਖਾ ਆਉਂਦਾ ਤਾਂ ਮਾਂ ਉਸ ਦੇ ਚਿਹਰੇ ਨੂੰ ਹੀ ਪੜ੍ਹ ਕੇ ਆਖ ਦੇਂਦੀ ਕਿ ਕਿੰਨਾ ਖੁਦਗਰਜ਼ ਐਂ ਤੂੰ। ਛੋਟੀ ਉਮਰ ਵਿਚ ਹੀ ਗਰੀਬਾਂ ਨੂੰ ਲੁੱਟਣ ਦਾ ਕੰਮ ਸ਼ੁਰੂ ? ਕੀ ਤੂੰ ਪੱਥਰ ਦਿਲ ਹੈਂ ? ਵੱਡਾ ਹੋ ਕੇ ਕੀ ਕੀ ਕਰੇਂਗਾ ? ਈਦੀ ਸ਼ਰਮਸਾਰ ਨੀਵੀਂ ਪਾ ਕੇ ਖੜ੍ਹਾ ਰਹਿੰਦਾ। ਮਾਂ ਦੀਆਂ ਸਾਵਧਾਨੀਆਂ, ਸਾਵਧਾਨ ਕਰਦੀਆਂ ਰਹਿੰਦੀਆਂ।

ਮੁੰਡਿਆਂ ਦੀ ਟੋਲੀ ਇਕ ਪਾਗਲ ਨੂੰ ਘੇਰ-ਘੇਰ ਕੇ ਡੰਡਿਆਂ ਨਾਲ ਛੇੜ ਰਹੀ ਸੀ। ਸਕੂਲ ਜਾਂਦੇ ਜਾਂਦੇ ਈਦੀ ਗੱਜਿਆ – ਸ਼ਰਮ ਨੀ ਆਉਂਦੀ ਤੁਹਾਨੂੰ ? ਜੇ ਸਹਾਇਤਾ ਨਹੀਂ ਕਰ ਸਕਦੇ ਤਾਂ ਤਰਸ ਤਾਂ ਕਰੋ। ਟੋਲੀ ਪਾਗਲ ਤੋਂ ਹਟ ਕੇ ਇਸ ਵਲ ਹੋ ਗਈ, ਮਾਰ ਕੁਟ ਕਰ ਦਿੱਤੀ। ਘਰ ਆ ਕੇ ਮਾਂ ਨੂੰ ਦੱਸਿਆ। ਮਾਂ ਨੇ ਮਲ਼ਮ ਪੱਟੀ ਕੀਤੀ। ਅਸੀਸਾਂ ਦਿੱਤੀਆਂ ਕਿ ਤੂੰ ਉਸ ਦੀ ਅਵਾਜ਼ ਬਣਿਆ ਜਿਸ ਦੀ ਕੋਈ ਅਵਾਜ਼ ਨਹੀਂ ਸੀ। ਬੇਸਹਾਰੇ ਦਾ ਆਸਰਾ ਬਣਿਆ ਏਂ ਤੂੰ ਪੁੱਤਰ! ਰੱਬ ਤੇਰਾ ਭਲਾ ਕਰੇਗਾ। ਭਲੇ ਨੂੰ ਭੁੱਲੀਂ ਨਾ ਭਾਵੇਂ ਕੁੱਟ ਖਾਣੀ ਪਵੇ।

ਪੜ੍ਹਾਈ ਵਿਚ ਕਾਰਗੁਜਾਰੀ ਢਿੱਲੀ ਰਹੀ ਤੇ ਪੰਜ ਜਮਾਤਾਂ ਪੜ੍ਹ ਕੇ ਪੰਜ ਰੁਪਏ ਮਹੀਨਾ ਕੱਪੜਾ ਵਪਾਰੀ ਕੋਲ ਨੌਕਰੀ ਕਰਨ ਜਾ ਲੱਗਾ। ਈਦੀ ਨੇ ਮਾਲਕ ਕੋਲ ਪਹਿਲਾਂ ਹੀ ਕੰਮ ਕਰ ਰਹੇ ਦੋ ਕਾਮੇ-ਲੜਕਿਆਂ ਵਿਰੁੱਧ ਪੈਸੇ ਚੋਰੀ ਕਰਨ ਦੀ ਸ਼ਿਕਾਇਤ ਕਰ ਦਿੱਤੀ। ਇਕ ਲੜਕੇ ਨੇ ਕਹਿ ਦਿੱਤਾ ਕਿ ਈਦੀ ਵੀ ਸਾਡੇ ਨਾਲ ਰਲ਼ਿਆ ਹੋਇਆ ਸੀ। ਸੇਠ ਨੇ ਲੜਕਿਆਂ ਨੂੰ ਦਬਕਾ ਮਾਰਦਿਆਂ ਖਬਰਦਾਰ ਕੀਤਾ ਕਿ ਹਾਜੀ ਸ਼ਕੂਰ ਦਾ ਪੁੱਤਰ ਚੋਰੀ ਨਹੀਂ ਕਰ ਸਕਦਾ।

ਨੌਕਰੀ ਕਰਦਿਆਂ-ਕਰਦਿਆਂ ਈਦੀ ਸੋਚਿਆ ਕਰਦਾ ਸੀ ਕਿ ਮੈਂ ਤੀਲਾਂ ਦੀਆਂ ਡੱਬੀਆਂ ਤੇ ਪੈਨਸਲਾਂ ਗਲੀਆਂ ਵਿਚ ਵੇਚਿਆ ਕਰਾਂਗਾ, ਸ਼ੇਅਰ ਖਰੀਦਾਂਗਾ, ਬਚਤ ਹੋਵੇਗੀ ਤਾਂ ਹਸਪਤਾਲ ਉਸਾਰਾਂਗਾ। ਇਕ ਕਾਰਖਾਨਾ ਵੀ, ਜਿੱਥੇ ਕੇਵਲ ਗਰੀਬਾਂ ਨੂੰ ਰੋਜ਼ਗਾਰ ਮਿਲੇ, ਬਣਾਵਾਂਗਾ। ਅੰਗਹੀਣਾਂ ਵਾਸਤੇ ਵੱਖਰਾ ਪਿੰਡ ਵਸਾਵਾਂਗਾ। ਹਾਣੀ ਬੱਚੇ ਹੱਸਦੇ- ਤੂੰ ਸ਼ੇਖਚਿਲੀ ਹੈਂ। ਈਦੀ ਆਖਦਾ ਕਿ ਜੇਕਰ ਮੇਰਾ ਕੰਮ ਕਰਨ ਦਾ ਖੇਤਰ ਅਜੇ ਛੋਟਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਸੋਚ ਵੀ ਛੋਟੀ ਰੱਖਾਂ। ਵੱਡਾ ਸੋਚਿਆ ਜਾ ਸਕਦਾ ਹੈ, ਇਸ ਲਈ ਸੋਚਦਾ ਰਹਾਂਗਾ।

ਮੈਮਨ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ ਸਨ। ਜਿਨਾਹ ਨੇ ਜ਼ੋਰ ਪਾਇਆ ਕਿ ਪਾਕਿਸਤਾਨ ਦਾ ਵਪਾਰ ਠੱਪ ਹੋ ਕੇ ਰਹਿ ਜਾਏਗਾ। ਦੂਜਾ ਵੱਲਭ ਭਾਈ ਪਟੇਲ ਨੇ ਬੰਟਵਾ (ਮੈਮਨਾ) ’ਤੇ ਹਮਲਾ ਕਰਵਾ ਦਿੱਤਾ। ਪਟੇਲ, ਮੈਮਨਾ ਦਾ ਕਾਰੋਬਾਰ ਹਥਿਆਉਣਾ ਚਾਹੁੰਦਾ ਸੀ। ਦੰਗਿਆਂ ਤੋਂ ਤੰਗ ਹੋ ਕੇ ਮੈਮਨ ਹਿਜ਼ਰਤ ਕਰਨ ਲੱਗ ਪਏ। ਈਦੀ ਪਰਿਵਾਰ ਨੇ ਕਰਾਚੀ ਪੁੱਜ ਕੇ ਇਕ ਕਮਰਾ ਕਿਰਾਏ ’ਤੇ ਲੈ ਲਿਆ। ਭਾਵੇਂ ਬਹੁਤ ਲੋਕ ਹਿੰਦੂ ਜਾਇਦਾਦਾਂ ਉੱਪਰ ਕਬਜ਼ੇ ਕਰ ਰਹੇ ਸਨ, ਪਰ ਹਾਜੀ ਸ਼ਕੂਰ ਇਸ ਦੇ ਖਿਲਾਫ ਸੀ। ਇਕ ਦੁਕਾਨ ਵੀ ਕਿਰਾਏ ’ਤੇ ਲੈ ਲਈ ਤੇ ਕਮਿਸ਼ਨ ਏਜੰਟ ਦਾ ਕੰਮ ਸ਼ੁਰੂ ਕਰ ਦਿੱਤਾ। ਈਦੀ ਨੇ ਨਿੱਕ=ਸੁੱਕ ਰੇਹੜੀ ’ਤੇ ਵੇਚ ਕੇ ਮੁਨਾਫਾ ਕਮਾਇਆ ਅਤੇ ਪਾਨ ਦੀ ਨਿੱਕੀ ਜਿਹੀ ਦੁਕਾਨ ਖੋਲ੍ਹ ਲਈ। ਲੋਕ ਹਾਜੀ ਸ਼ਕੂਰ ਨੂੰ ਆਖਦੇ ਕਿ ਤੇਰੇ ਕੋਲ ਐਨਾ ਪੈਸਾ ਹੈ, ਪੁੱਤ ਨੂੰ ਚੱਜ ਦਾ ਕੋਈ ਕਾਰੋਬਾਰ ਕਰਵਾ। ਪਿਤਾ ਆਖਦਾ ਕਿ ਕਾਮਯਾਬੀ ਲਈ ਹੇਠਾਂ ਤੋਂ ਕੰਮ ਸ਼ੁਰੂ ਕਰਨਾ ਜ਼ਰੂਰੀ ਹੁੰਦਾ ਹੈ।

ਸੰਨ 1948 ਵਿਚ ਮੈਮਨਾ ਨੇ ਇਕ ਚੈਰੀਟੇਬਲ ਡਿਸਪੈਂਸਰੀ ਖੋਲ੍ਹੀ। ਵਲੰਟੀਅਰਾਂ ਦੀ ਮੰਗ ਕੀਤੀ ਗਈ। ਈਦੀ ਨੇ ਆਪਣਾ ਨਾਮ ਲਿਖਵਾ ਦਿੱਤਾ। ਕੁੱਲ ਅੱਠ ਵਲੰਟੀਅਰਾਂ ’ਚੋਂ ਈਦੀ ਸਭ ਤੋਂ ਛੋਟਾ ਸੀ। ਈਦੀ ਨੇ ਮਹਿਸੂਸ ਕੀਤਾ ਕਿ ਮਰੀਜ਼ਾਂ ਨਾਲ ਵਿਤਕਰਾ ਹੋ ਰਿਹਾ ਹੈ। ਮੈਮਨਾ ਨੂੰ ਦਵਾਈ ਲੈਣ ਦੀ ਪਹਿਲ ਅਤੇ ਬਾਕੀਆਂ ਨੂੰ ਬਾਅਦ ਵਿਚ। ਈਦੀ ਸਾਰਾ ਦਿਨ ਨੌਕਰੀ ਕਰ ਕੇ ਫਿਰ ਅੱਧੀ ਰਾਤ ਤੱਕ ਮੁਫਤ ਸੇਵਾ ਨਿਭਾਉਂਦਾ। ਪਰ ਦੇਖਦਾ ਰਹਿੰਦਾ ਕਿ ਐਕਸਰੇ ਕਰਨ ਵਾਲੇ ਸ਼ਰੇਆਮ ਰਿਸ਼ਵਤ ਲੈਂਦੇ ਹਨ। ਸੰਸਥਾ ਦੀ ਮੀਟਿੰਗ ਆ ਗਈ। ਮੀਟਿੰਗ ਵਿਚ ਅਮੀਰ ਇਕ ਦੂਜੇ ਦੀ ਤਾਰੀਫ ਕਰ ਰਹੇ ਸਨ। ਚਾਪਲੂਸੀ ਦਾ ਦੌਰ ਖਤਮ ਹੋਇਆ ਤਾਂ ਈਦੀ ਖੜ੍ਹਾ ਹੋ ਗਿਆ ਤੇ ਕਹਿਣ ਲੱਗਾ ਕਿ ਮੈਂ ਵੀ ਕੁਝ ਕਹਿਣਾ ਹੈ। ਪ੍ਰਬੰਧਕ ਈਦੀ ’ਤੇ ਮਜਾਕੀਆ ਹੱਸਣ ਲੱਗੇ। ਈਦੀ ਗੱਲ ਕਹਿਣ ਲਈ ਡਟਿਆ ਰਿਹਾ ਤੇ ਉਹ ਚੁੱਪ ਕਰ ਕੇ ਸੁਣਨ ਲੱਗ ਪਏ। ਈਦੀ ਨੇ ਸਾਰੀਆਂ ਕਮੀਆਂ ਕਮਜ਼ੋਰੀਆਂ ਜ਼ਾਹਰ ਕਰ ਦਿੱਤੀਆਂ। ਹਲਾਹਲਾ ਹੋ ਗਈ, ਹੱਥੋਪਾਈ ਕੀਤੀ ਗਈ ਤੇ ਈਦੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਕਿਸੇ ਨੇ ਈਦੀ ਦੀ ਹਮਾਇਤ ਨਾ ਕੀਤੀ। ਹਾਂ ਜੇ ਕਿਸੇ ਨੇ ਕਿਹਾ ਕਿ ਈਦੀ ਤੇਰੀ ਬੇਇੱਜ਼ਤੀ ਹੋਈ ਹੈ ਤਾਂ ਈਦੀ ਨੇ ਕਿਹਾ ਮੇਰੀ ਬੇਇੱਜ਼ਤੀ ਕੋਈ ਕਰ ਈ ਨੀ ਸਕਦਾ। ਪਿਤਾ ਨੇ ਹੱਲਾਸ਼ੇਰੀ ਦਿੱਤੀ ਕਿ ਤੇਰੀ ਇਮਾਨਦਾਰੀ ਉਹਨਾਂ ਨੂੰ ਪਛਾੜੇਗੀ।

ਸੰਨ 1951 ਵਿਚ ਆਪਣੀ ਕਮਾਈ 2300 ਰੁਪਏ ਨਾਲ ਇਕ ਡਿਸਪੈਂਸਰੀ ਮੀਠਾਦਾਰ ਵਿਚ ਖੋਲ੍ਹੀ। ਡਾਕਟਰ ਰੱਖ ਲਿਆ ਅਤੇ ਘੱਟ ਰੇਟ ’ਤੇ ਸਿੱਧਾ ਕੰਪਨੀਆਂ ਤੋਂ ਦਵਾਈਆਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਖੁਦ ਫਾਰਮੇਸੀ ਦੀ ਸਿਖਲਾਈ ਲੈਂਦਾ। ਡਿਸਪੈਂਸਰੀ ਦੇ ਬਾਹਰ ਇਕ ਪੱਥਰ ਨੂੰ ਹੀ ਬਿਸਤਰਾ ਬਣਾ ਲਿਆ। ਰਾਤ ਨੂੰ ਮਰੀਜ਼ ਆ ਜਾਂਦੇ ਤਾਂ ਫਸਟ-ਏਡ ਦੇ ਦਿੰਦਾ। ਥੋੜ੍ਹੀ ਫੀਸ ਵਿਚੋਂ ਵੀ ਹੁੰਦੀ ਬੱਚਤ ਨਾਲ ਦੁਨੀਆਂ ਦੇਖਣ ਦਾ ਮਨ ਬਣਾ ਲਿਆ। ਸੰਨ 1956 ਈ: ਵਿਚ ਬੱਸ ਰਾਹੀਂ ਈਰਾਨ, ਤੁਰਕੀ, ਯੂਨਾਨ, ਬਲਗਾਰੀਆ ਵਿਚੋਂ ਲੰਘਦਾ ਹੋਇਆ ਯੋਗੋਸਲਾਵੀਆ ਤੱਕ ਅੱਪੜਿਆ, ਫਰਾਂਸ ਅਤੇ ਤੁਰਕੀ ਵੀ ਦੇਖੇ। ਇਮੀਗਰੇਸ਼ਨ ਵਾਲੇ ਦੇਖਦੇ ਕਿ ਕੱਪੜਿਆਂ ਤੇ ਖਾਣ ਦੇ ਸਮਾਨ ਤੋਂ ਇਲਾਵਾ ਕੋਲ ਕੁਝ ਵੀ ਨਹੀਂ। ਉਹ ਗਰੀਬ ਯਾਤਰੀ ਸਮਝ ਕੇ ਲੰਘਾ ਦਿੰਦੇ। ਚੰਗੇ ਅਫਸਰ ਕੁਝ ਪੈਸੇ ਵੀ ਦੇ ਦਿੰਦੇ। ਵਿਚਾਰ ਕਰਦਾ ਕਿ ਪਾਕਿਸਤਾਨ ਪੱਛਮੀ ਦੇਸ਼ਾਂ ਦੀ ਤੇਜ਼ ਚਾਲ ਦੀ ਪੈੜ ਕਿਵੇਂ ਨੱਪੇਗਾ। ਰੇਲਵੇ ਸਟੇਸ਼ਨ ’ਤੇ ਸੌਂ ਜਾਂਦਾ। ਸੁੱਤਿਆਂ ਜੁੱਤੀ ਚੋਰੀ ਹੋ ਗਈ ਤਾਂ ਨੰਗੇ ਪੈਰੀਂ ਹੀ ਤੁਰ ਪਿਆ। ਇਕ ਔਰਤ ਵਲੋਂ ਪੁਰਾਣੇ ਬੂਟ ਵੱਡੇ ਆਕਾਰ ਵਿਚ ਮਿਲ ਗਏ ਤੇ ਉਸੇ ਨਾਲ ਹੀ ਯਾਤਰਾ ਕਰਦਾ ਰਿਹਾ। ਲੋਕਾਂ ਵਲੋਂ ਕੁਝ ਖਾਣ ਨੂੰ ਮਿਲ ਜਾਂਦਾ ਤੇ ਖਾ ਲੈਂਦਾ। ਇੰਗਲੈਂਡ ਵਿਚ ਆਪਣੇ ਪੁਰਾਣੇ ਗੁਜਰਾਤੀ ਮਿੱਤਰ ਸਿਦਕ ਈਦੀ ਦਾ ਘਰ ਲੱਭ ਲਿਆ। ਮਿੱਤਰ ਨੇ ਚੰਗੀ ਕਮਾਈ ਦੀ ਦਿਸ਼ਾ ਵਿਖਾਈ, ਪਰ ਈਦੀ ਨੇ ਕਿਹਾ ਕਿ ਮੇਰੇ ਬਿਨਾਂ ਪਾਕਿਸਤਾਨ ਕਿਵੇਂ ਚੱਲੇਗਾ ? ਪਾਕਿਸਤਾਨ ਨੂੰ ਇੰਗਲੈਂਡ ਜੈਸਾ ਬਣਾਉਣਾ ਹੈ। ਪਾਕਿਸਤਾਨ ਵਿਚ ਅਫਵਾਹਾਂ ਉਡਾਈਆਂ ਗਈਆਂ ਕਿ ਉਹ ਦਾਨ ਫੰਡ ਲੈ ਕੇ ਵਿਦੇਸ਼ ਭੱਜ ਗਿਆ ਹੋਇਆ ਹੈ।

ਈਦੀ ਨੇ ਵਾਪਸ ਆ ਕੇ ਦੁਕਾਨ ਦੇ ਉੱਪਰ ਇਕ ਕਿਰਾਏ ਦੇ ਕਮਰੇ ਵਿਚ ਜੱਚਾ – ਬੱਚਾ ਸਿਖਲਾਈ ਸੈਂਟਰ ਖੋਲ੍ਹਣ ਦਾ ਐਲਾਨ ਕਰ ਦਿੱਤਾ। ਕੋਰਸ ਕਰਨ ਲਈ ਕਤਾਰਾਂ ਲੱਗ ਗਈਆਂ। ਈਰਖਾਲੂ ਲੋਕਾਂ ਨੇ ਢੰਡੋਰਾ ਪਿੱਟ ਦਿੱਤਾ ਕਿ ਇਸ ਨੇ ਦੁਰਾਚਾਰ ਲਈ ਇਹ ਦੁਕਾਨ ਖੋਲ੍ਹੀ ਹੈ। ਇਹ ਮੁਸਲਮਾਨ ਨਹੀਂ ਹੈ। ਈਦੀ ਸਿਦਕ ਤੇ ਸਿਰੜ ਨਾਲ ਚੱਲਦਾ ਰਿਹਾ। ਆਲਸੀ ਮੁਲਾਜ਼ਮਾਂ ਨੂੰ ਕੱਢ ਕੇ ਹਿੰਮਤੀ ਮੁਲਾਜ਼ਮ ਰੱਖ ਲੈਂਦਾ। ਨਤੀਜਾ ਇਹ ਹੋਇਆ ਕਿ ਪਿਛਲੇ ਸਾਲ ਭੰਡੀ ਪ੍ਰਚਾਰ ਕਾਰਨ ਜੋ ਕੁੜੀਆਂ ਨਹੀਂ ਆਈਆਂ ਸਨ, ਉਹ ਵੀ ਆ ਗਈਆਂ। ਇਸੇ ਦੌਰਾਨ ਹਾਂਗਕਾਂਗ ਫਲੂ ਨਾਮੀ ਬਿਮਾਰੀ ਨਾਲ ਮੌਤਾਂ ਹੋਣ ਲੱਗੀਆਂ। ਸਲਾਹਕਾਰਾਂ ਦੇ ਸਹਿਯੋਗ ਤੋਂ ਬਿਨਾਂ ਵੀ ਸ਼ਹਿਰ ਦੇ ਚਾਰੇ ਪਾਸੇ ਬਾਹਰਵਾਰ ਤੇਰ੍ਹਾਂ ਟੈਂਟ ਲਗਾ ਕੇ ਇਲਾਜ਼ ਕੈਂਪ ਚਲਾ ਦਿੱਤੇ। ਦਾਨ-ਬਕਸਿਆਂ ਉੱਪਰ ਲਿਖਿਆ ਗਿਆ ਕਿ ਦੇਣ ਲਈ ਕੁਝ ਹੈ ਤਾਂ ਦਿਓ, ਜੇ ਨਹੀਂ ਹੈ ਤਾਂ ਨਾ ਸਹੀ। ਈਦੀ ਕੋਲ ਜੋ ਵੀ ਹੈ, ਤੁਹਾਡਾ ਹੈ।

ਇਕ ਮੈਮਨ ਵਪਾਰੀ ਈਦੀ ਦਾ ਸੇਵਾ ਢੰਗ ਵੇਖਦਾ ਰਿਹਾ ਤੇ ਪ੍ਰਭਾਵਤ ਹੋ ਕੇ ਵੀਹ ਹਜ਼ਾਰ ਦਾਨ ਦੇ ਦਿੱਤਾ। ਉਸੇ ਦਿਨ ਪੁਰਾਣੀ ਵੈਗਨ ਸੱਤ ਹਜ਼ਾਰ ਰੁਪਏ ਵਿਚ ਖਰੀਦ ਲਈ। ਉੱਪਰ ਲਿਖ ਦਿੱਤਾ- ਗਰੀਬ ਦੀ ਮੋਟਰ। ਪੈਸੇ ਦੀ ਰੁਕਾਵਟ ਮਾਨੋ ਮੁੱਕ ਹੀ ਗਈ। ਸਾਰੇ ਸਿੰਧ ਵਿਚ ਪੰਜ ਐਂਬੂਲੈਂਸ ਸਨ ਜੋ ਲੋੜ ਪੈਣ ’ਤੇ ਨਾ ਮਿਲਦੀਆਂ। ਈਦੀ ਹਾਜ਼ਰ ਹੋ ਜਾਂਦਾ। ਗਰੀਬਾਂ ਦੇ ਦਾਨ ਤੋਂ ਬਾਅਦ ਇਕ ਸੇਠ ਨੇ ਵੀ ਤਿੰਨ ਲੱਖ ਰੁਪਏ ਦੇ ਦਿੱਤੇ। ਜਿਸ ਨਾਲ ਮੈਟਿਰਨਿਟੀ ਯੂਨਿਟ ਦੇ ਪਿੱਛੇ ਕਿਰਾਏ ’ਤੇ ਇਮਾਰਤ ਲੈ ਲਈ। ਐਕਸਰੇ ਮਸ਼ੀਨ ਪੁਰਾਣੀ ਖਰੀਦ ਲਈ, ਪਲਾਟ ਖਰੀਦ ਲਿਆ ਅਤੇ ਦੋ ਡਾਕਟਰ ਹੋਰ ਰੱਖ ਲਏ। ਫੁੱਟਪਾਥਾਂ ’ਤੇ ਪਏ ਗਰੀਬਾਂ ਨੂੰ ਛੱਤ ਹੇਠ ਲਿਆਂਦਾ। ਕੁਝ ਲੋਕ ਦੋਸ਼ ਲਾਉਂਦੇ ਕਿ ਬਿਮਾਰਾਂ ਨੂੰ ਘਟੀਆ ਖੁਰਾਕ ਦੇ ਰਿਹਾ ਹੈ। ਈਦੀ ਆਖਦਾ- ਤੁਸੀਂ ਲੈ ਜਾਓ ਤੇ ਸੇਵਾ ਕਰੋ। ਅੱਲਾਹ ਖੁਸ਼ ਹੋਵੇਗਾ। ਜੇ ਮਦਦ ਨਹੀਂ ਕਰਨੀ ਤਾਂ ਮੇਰੇ ਰਸਤੇ ਵਿਚ ਰੋੜਾ ਵੀ ਨਾ ਬਣੋ।

ਈਦੀ ਨੇ ਵੇਖਿਆ ਕਿ ਝੁੱਗੀਆਂ ਝੌਂਪੜੀਆਂ ਵਿਚੋਂ ਆਉਂਦੇ ਲੋਕਾਂ ਵਿਚੋਂ ਬਦਬੂ ਮਾਰ ਰਹੀ ਹੈ। ਵਾਲੰਟੀਅਰਜ਼ ਮਰੀਜ਼ ਨੂੰ ਨੁਹਾ ਦਿੰਦੇ ਤੇ ਆਪਣੇ ਬਚਾਅ ਲਈ ਵਾਰ ਵਾਰ ਪਿੰਡੇ ’ਤੇ ਸਾਬਣ ਮਲਦੇ। ਕੋਈ ਕੀਟਨਾਸ਼ਕ ਘੋਲ ਵਿਚ ਕੱਪੜੇ ਧੋਂਦਾ ਤੇ ਕੋਈ ਕੱਪੜੇ ਦਾਨ ਹੀ ਕਰ ਦਿੰਦਾ। ਈਦੀ ਨੇ ਐਲਰਜੀ ਦੀ ਸਮੱਸਿਆ ਨੂੰ ਵੇਖਦਿਆਂ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਨ ਦਾ ਕੰਮ ਆਰੰਭ ਕਰ ਦਿੱਤਾ। ਖੂਹਾਂ ਵਿਚ ਅਤੇ ਸਮੁੰਦਰ ਵਿਚ ਬਦਬੂ ਮਾਰਦੀਆਂ ਲਾਸ਼ਾਂ ਦਾ ਹੱਥ ਲਾਉਣ ’ਤੇ ਹੀ ਮਾਸ ਖੁਰ ਜਾਂਦਾ। ਉਹ ਜ਼ਖਮੀਆਂ ਨੂੰ ਪਹਿਲਾਂ ਚੁੱਕਦਾ ਤੇ ਲਾਸ਼ਾਂ ਨੂੰ ਬਾਅਦ ਵਿਚ। ਸੇਵਾ ਖੇਤਰ ਵੱਡਾ ਹੋ ਗਿਆ। ਦਿਨ ਰਾਤ ਆਰਾਮ ਨਹੀਂ। ਟੈਲੀਫੋਨ ਵੀ ਲੱਗ ਗਿਆ। ਦੂਜੇ ਪਾਸੇ ਪੈਸੇ ਦੀ ਦੁਰ ਵਰਤੋਂ ਦੇ ਛੋਛੇ ਵੀ ਛੱਡੇ ਜਾਣ ਲੱਗੇ। ਈਦੀ ਨੇ ਬਿਆਨ ਦਿੱਤਾ ਕਿ ਪੈਸਾ ਦੇਣ ਵਾਲਾ ਹਿਸਾਬ ਮੰਗਣ ਦਾ ਹੱਕਦਾਰ ਹੈ। ਦਾਨ ਦੇ ਕੇ ਕੋਈ ਪਛਤਾਵੇ ਨਾ ਸਗੋਂ ਆ ਕੇ ਰਸੀਦ ਦਿਖਾਏ ਤੇ ਪੈਸੇ ਵਾਪਸ ਲੈ ਜਾਵੇ। ਗੈਰ-ਦਾਨੀ ਨੂੰ ਨਾ ਹਿਸਾਬ ਦਿਆਂਗਾ ਤੇ ਨਾ ਪ੍ਰਵਾਹ ਕਰਾਂਗਾ।

ਸੰਨ 1958 ਈ: ਵਿਚ ਪਿਤਾ ਨੇ ਦੋਵੇਂ ਭਰਾਵਾਂ ਵਿਚ ਜਾਇਦਾਦ ਵੰਡ ਦਿੱਤੀ। ਈਦੀ ਲੱਖਪਤੀ ਬਣ ਗਿਆ। ਈਦੀ ਨਿੱਜੀ ਖਰਚਾ ਬੈਂਕ ਦੇ ਵਿਆਜ ਵਿਚੋਂ ਕਰਦਾ ਤੇ ਬਾਕੀ ਵਿਆਜ ਨਾਲ ਸ਼ੇਅਰ ਖਰੀਦ ਲੈਂਦਾ। ਈਦੀ ਨੂੰ ਬੁਰਾ ਕਹਿਣ ਵਾਲੇ ਸੇਠ ਦਾ ਬੱਚਾ ਛੱਤ ਤੋਂ ਡਿੱਗ ਪਿਆ। ਐਂਬੂਲੈਂਸ ਨਾ ਮਿਲੀ। ਈਦੀ ਨੂੰ ਪਤਾ ਲੱਗਾ ਤੇ ਗੱਡੀ ਲੈ ਕੇ ਹਾਜ਼ਰ ਹੋ ਗਿਆ। ਬੱਚੇ ਨੂੰ ਛਾਤੀ ਨਾਲ ਲਾਇਆ ਅਤੇ ਹਸਪਤਾਲ ਨੂੰ ਲੈ ਤੁਰਿਆ। ਮਾਂ ਦੇ ਬੋਲ ਯਾਦ ਆਏ – ਮੈਂ ਤੁਹਾਨੂੰ ਰੱਜ ਕੇ ਪਿਆਰ ਦਿੱਤਾ ਹੈ। ਤੂੰ ਵੀ ਰੱਜ ਕੇ ਪਿਆਰ ਕਰੀਂ ਮਨੁੱਖਤਾ ਨੂੰ। ਖੈਰ, ਬੱਚਾ ਬਚ ਨਾ ਸਕਿਆ। ਪਰ ਸੇਠ ਦੀ ਔਰਤ ਹਰ ਮਹੀਨੇ ਜ਼ਕਾਤ ਦੇ ਪੈਸੇ ਈਦੀ ਕੋਲ ਭੇਜਣ ਲੱਗ ਗਈ।

ਇਕ ਦਿਨ ਈਦੀ ਬੱਸ ਵਿਚ ਸਫਰ ਕਰ ਰਿਹਾ ਸੀ। ਉਸ ਦਾ ਇਕ ਗੋਡਾ ਇਕ ਟੌਰੀ ਬਾਬੂ ਨੂੰ ਛੋਹ ਗਿਆ। ਬਾਬੂ ਬੋਲਿਆ- ਗੰਦੇ ਆਦਮੀ , ਮੁਝੇ ਮਤ ਛੂ। ਪੰਜ ਸੱਤ ਜਵਾਨ ਉੱਠੇ ਤੇ ਬਾਬੂ ਨੂੰ ਕਹਿਣ ਲੱਗੇ- ਕਿ ਜੇ ਤੂੰ ਮਰ ਕੇ ਲਾਵਾਰਿਸ ਪਿਆ ਹੋਵੇਂ ਤਾਂ ਇਹੀ ਤੈਨੂੰ ਦਫਨ ਕਰੇਗਾ। ਈਦੀ ਨੇ ਸਭ ਨੂੰ ਸ਼ਾਂਤ ਕੀਤਾ।

ਈਦੀ ਅੰਦਰ ਇਕ ਚਿੰਤਨ ਚੱਲ ਰਿਹਾ ਸੀ ਕਿ ਮੈਮਨ ਭ੍ਰਿਸ਼ਟ ਹੋ ਰਹੇ ਹਨ। ਚੋਣਾ ਵਿਚ ਸਿਆਸੀ ਲੋਕਾਂ ਦੀ ਮਦਦ ਕਰਦੇ ਹਨ ਤੇ ਵਪਾਰ ਵਿਚ ਕਾਲਾ ਧਨ ਬਣਾਉਂਦੇ ਹਨ। ਮੁਲਜ਼ਮ ਸ਼ਰੇਆਮ ਬਰੀ ਹੋ ਜਾਂਦੇ ਹਨ। ਭ੍ਰਿਸ਼ਟ ਵਰਤਾਰੇ ਵਿਰੁੱਧ ਲੜਨ ਲਈ ਸੰਨ 1962 ਵਿਚ ਪਾਰਲੀਮੈਂਟ ਚੋਣ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਆ ਗਿਆ। ਵਿਰੋਧੀਆਂ ਨੇ ਪਿਆਰ ਤੇ ਡਰ ਨਾਲ ਰੋਕਣ ਦਾ ਯਤਨ ਕੀਤਾ। ਕੂੜ ਪ੍ਰਚਾਰ ਖਬਰਾਂ ਛਪ ਗਈਆਂ ਕਿ ਈਦੀ ਦੇ ਹਸਪਤਾਲ ਵਿਚੋਂ ਜਿਹੜੀਆਂ ਚਾਰ ਕੁੜੀਆਂ ਗੁੰਮ ਹੋਈਆਂ ਸਨ, ਈਦੀ ਵਲੋਂ ਵੇਚੀਆਂ ਗਈਆਂ ਹਨ। ਈਦੀ ਸੁੰਨ ਹੋ ਗਿਆ ਤੇ ਸੋਚਣ ਲੱਗ ਪਿਆ ਕਿ ਕਿਉਂ ਖਾਹਮਖਾਹ ਚੋਣਾ ਲੜਾਂ ਤੇ ਪੈਸਾ ਰੋੜਾਂ ? ਅੰਦਰੋਂ ਅਵਾਜ਼ ਆਈ ਸਮਾਜ ਲਈ ਲੜ। 29 ਸਾਲ ਦਾ ਜਵਾਨ ਈਦੀ ਰਿਕਾਰਡ ਤੋੜ ਵੋਟ ਲੈ ਕੇ ਜਿੱਤਿਆ।

ਸੰਨ 1965 ਈ: ਵਿਚ ਭਾਰਤ-ਪਾਕਿ ਜੰਗ ਹੋ ਗਈ। ਲੜਾਈ ਤੇ ਚੀਕ-ਪੁਕਾਰ ਸਿਖਰ ’ਤੇ ਸੀ। ਈਦੀ ਕੋਲ ਸੈਂਕੜੇ ਵਲੰਟੀਅਰ ਭਰਤੀ ਹੋਣ ਲੱਗ ਪਏ। ਈਦੀ ਨੇ ਵਲੰਟੀਅਰਜ਼ ਨੂੰ ਕਿਹਾ ਕਿ ਜੇ ਕਿਸੇ ਨੇ ਸਿਆਸੀ ਲੋਕਾਂ ਅਧੀਨ ਦਿਖਾਵੇ ਦੀ ਸੇਵਾ ਕਰਨੀ ਹੈ ਤਾਂ ਪਹਿਲਾਂ ਉਹ ਆਪਣੀ ਰੀਝ ਪੂਰੀ ਕਰ ਲਵੇ। ਇਕ ਦਿਨ ਤੁਸੀਂ ਮੇਰੇ ਕੋਲ ਹੀ ਆਵੋਗੇ। ਜੀਵਨ ਸੰਵਾਰਨਾ ਹੈ ਤਾਂ ਮੇਰੀ ਸਿਆਸਤ ਕਰੋ ਜੋ ਹਮਦਰਦੀ ਦੀ ਹੈ। ਮੇਰੀ ਸੇਵਾ ਦੀ ਸਿਆਸਤ ਡਗਮਗਾ ਨਹੀਂ ਸਕਦੀ।

ਸਮੇਂ-ਸਮੇਂ ਵਿਧਵਾਵਾਂ ਅਤੇ ਤਲਾਕ-ਸ਼ੁਦਾ ਔਰਤਾਂ ਕੋਲ ਈਦੀ ਨੇ ਵਿਆਹ ਦੀ ਪੇਸ਼ਕਸ਼ ਭੇਜੀ। ਅੱਗੋਂ ਔਰਤਾਂ ਵੱਲੋਂ ਸੰਕੇਤ ਮਿਲੇ ਕਿ ਈਦੀ ਨਾਲ ਸ਼ਾਦੀ ਕਰਵਾਉਣ ਦਾ ਮਤਲਬ ਸੀਮੈਂਟ, ਬੈਂਚ ਇਸ ਦਾ ਹਨੀਮੂਨ ਬੈਡ ਹੋਏਗਾ। ਮੁਰਦੇ ਇਸ ਦੀ ਜੰਝ ਚੜ੍ਹਨਗੇ। ਹਿੰਦ-ਪਾਕਿ ਦੀ ਵੰਡ ਸਮੇਂ 19 ਸਾਲਾ ’ਚ ਵਿਧਵਾ ਹੋਈ ਬਿਲਕੀਸ ਦੀ ਮਾਸੀ ਈਦੀ ਦੇ ਨਰਸਿੰਗ ਹੋਮ ਵਿਚ ਬਿਲਕੀਸ ਨੂੰ ਕੰਮ ਦਿਵਾ ਗਈ। ਇਸ ਹੋਣਹਾਰ ਕੁੜੀ ਨੂੰ ਦੇਖ ਕੇ ਈਦੀ ਦਾ ਕੁਰੱਖਤ ਸੁਭਾਅ ਨਰਮ ਹੋ ਜਾਂਦਾ। ਕਦੇ ਇਸ ਦੇ ਬੁਲਾਂ੍ਹ ’ਤੇ ਮੁਸਕਾਨ ਵੀ ਆ ਜਾਂਦੀ। ਇਕ ਕੁੜੀ ਨੇ ਕਿਹਾ ਕਿ ਦੇਖੋ ਈਦੀ ਹੱਸ ਰਿਹਾ ਹੈ ਤੇ ਚੀਕਣ ਦੀ ਥਾਂ ਗੱਲਾਂ ਵੀ ਕਰ ਰਿਹਾ ਹੈ। ਬਿਲਕੀਸ ਬੋਲੀ- ਅਜੇ ਜਿਊਂਦਾ ਹੈ। ਈਦੀ ਨੇ ਟਿੱਪਣੀ ਕੀਤੀ- ਇਮਾਰਤ ਦੀ ਉੱਚੀ ਉਸਾਰੀ ਲਈ ਡੂੰਘੀਆਂ ਨੀਹਾਂ ਪੁੱਟੀ ਜਾ ਰਿਹਾ ਹਾਂ। ਚੌਦਾਂ ਸਾਲ ਤੋਂ ਮੌਤਾਂ ਵਿਚਕਾਰ ਘਿਰਿਆ ਬੰਦਾ ਜਿਊਂਦਾ ਹੋਣ ਦਾ ਅਹਿਸਾਸ ਕਿਵੇਂ ਕਰੇ  ? ਸ਼ੁਕਰ ! ਕਿਸੇ ਨੇ ਕਿਹਾ ਕਿ ਮੈਂ ਜਿਊਂਦਾ ਹਾਂ।

ਸਤਿਕਾਰ ਵਧ ਰਿਹਾ ਸੀ। ਚੁਰਸਤੇ ਵਿਚ ਬੈਠੇ ਨੂੰ ਠੂਠੇ ਵਿਚ ਦਾਨ ਪਾਉਣ ਵਾਲਿਆਂ ਦੀ ਭੀੜ ਲੱਗ ਜਾਂਦੀ। ਅਖਬਾਰਾਂ ਵਾਲੇ ਚੁਰਸਤੇ ਵਿਚ ਬੈਠਣ ਦਾ ਕਾਰਨ ਪੁੱਛਦੇ। ਜਵਾਬ ਦਿੰਦਾ ਕਿ ਬਹੁਤ ਲੋਕਾਂ ਦੀ ਸ਼ਰਧਾ ਹੈ ਕਿ ਮੇਰੇ ਮੁਲਾਜ਼ਮਾਂ ਦੀ ਥਾਂ ਮੈਨੂੰ ਸਿੱਧੇ ਦਿੱਤੇ ਦਾਨ ਦਾ ਵਧੇਰੇ ਪੁੰਨ ਲੱਗੇਗਾ। ਭਾਵੇਂ ਮੇਰੇ ਕੋਲ ਪੰਜ ਐਂਬੂਲੈਂਸਾਂ, ਵੱਡਾ ਨਰਸਿੰਗ ਹੋਮ, ਯਤੀਮਖਾਨਾ ਤੇ ਲੋੜ ਜੋਗੇ ਪੈਸੇ ਹਨ, ਪਰ ਇਹ ਠੂਠਾ ਯਾਦ ਕਰਵਾਉਂਦਾ ਰਹਿੰਦਾ ਹੈ ਕਿ ਈਦੀ, ਅਸਲ ਵਿਚ ਤੂੰ ਮੰਗਤਾ ਹੈਂ। ਨਾ ਮੌਲਵੀ ਹੈਂ ਤੇ ਨਾ ਸੰਤ ਹੈਂ। ਦੁਖੀ ਲਈ ਦਾਰੂ ਬਣਨਾ ਤੇ ਉਸ ਦੀ ਬਾਂਹ ਫੜਨੀ ਹੀ ਅਸਲ ਇਸਲਾਮ ਹੈ।

ਬਿਲਕੀਸ ਨਾਲ ਮੰਗਣਾ ਹੋ ਗਿਆ। ਮੈਮਨਾ ਨੇ ਪਹੁੰਚ ਕੀਤੀ ਕਿ ਜੇਕਰ ਤੂੰ ਕਹਿ ਦੇਵੇਂ ਕਿ ਈਦੀ ਨੇ ਤੈਨੂੰ ਵਰਗਲਾਇਆ ਹੈ ਤਾਂ ਪੰਝੀ ਹਜ਼ਾਰ ਰੁਪਏ ਦੇ ਦਿਆਂਗੇ। ਕੁੜੀਆਂ ਨੂੰ ਬਿਲਕੀਸ ਦੀ ਮੰਗਣੀ ਦਾ ਪਤਾ ਲੱਗਿਆ ਤਾਂ ਕਹਿਣ ਲੱਗੀਆਂ -ਜਦੋਂ ਸਾਡੇ ਖਾਵੰਦ ਸਾਨੂੰ ਪਹਾੜੀਆਂ ਦੀ ਸੈਰ ਕਰਵਾਉਂਦੇ ਹੋਇਆ ਕਰਨਗੇ, ਇਹ ਤੈਨੂੰ ਕਬਰਿਸਤਾਨ ਘੁੰਮਾਉਂਦਾ ਹੋਇਆ ਕਰੇਗਾ। ਮੋਟੀ ਅਵਾਜ਼ ਵਿਚ ਈਦੀ ਦੀਆਂ ਨਕਲਾਂ ਲਾਉਂਦੀਆਂ – ਬਿਲਕੀਸ ਲਾਸ਼ਾਂ ਨੂੰ ਨੁਹਾ ਦਿੱਤਾ ? ਪਾਗਲਾਂ ਦੀਆਂ ਜੂਆਂ ਕੱਢ ਦਿੱਤੀਆਂ ? ਮੁਰਦਿਆਂ ਦੇ ਸੈਂਟ ਲਾ ਦਿੱਤਾ ? ਅਸੀਂ ਮੇਕਅਪ ਕਰਦੀਆਂ ਹੋਇਆ ਕਰਾਂਗੀਆਂ। ਖੈਰ ਬਿਲਕੀਸ ਨਾਲ ਨਿਕਾਹ ਹੋ ਗਿਆ। ਨਾ ਕੋਈ ਰੀਤਾਂ-ਰਸਮਾਂ ਤੇ ਨਾ ਕੋਈ ਅਡੰਬਰ। ਈਦੀ ਕਦੇ ਹੱਸ ਕੇ ਕਹਿੰਦਾ ਕਿ ਮੈਂ ਭਾਰਤੀ ਐਕਟਰ ਦਲੀਪ ਕੁਮਾਰ ਜਾਂ ਰਾਜਕਪੂਰ ਵਰਗਾ ਨਹੀਂ, ਪਰ ਜਿਵੇਂ ਫਿਲਮਾਂ ਵਿਚ ਰੁਮਾਂਸ ਅਤੇ ਵਿਆਹ ਹੁੰਦਾ ਹੈ, ਮੇਰਾ ਉਵੇਂ ਹੀ ਹੋ ਗਿਆ।

ਇਕ ਦਿਨ ਸੜਕ ਕਿਨਾਰਿਓਂ ਨਵਜਾਤ ਬੱਚਾ ਚੁੱਕਿਆ ਤੇ ਈਦੀ ਨੇ ਬਿਲਕੀਸ ਨੂੰ ਕਿਹਾ ਕਿ ਫੜ ਇਹ ਆਪਣਾ ਹੈ। ਈਦੀ ’ਤੇ ਕਈ ਊਂਝਾਂ ਲੱਗੀਆਂ ਕਿ ਬਿਲਕੀਸ ਦੇ ਪੁੱਤਰ ਪੈਦਾ ਹੋਇਆ। ਬਿਲਕੀਸ ਨੇ ਪੁੱਛਿਆ ਕਿ ਇਹ ਕਿਸ ਦਾ ਨਜਾਇਜ਼ ਬੱਚਾ ਮੇਰੀ ਗੋਦ ਵਿਚ ਪਾ ਦਿੱਤਾ ਹੈ ?

ਅਮੀਨਾ ਹੱਸ ਪਈ ਤੇ ਕਹਿਣ ਲੱਗੀ ਭਾਵੇਂ ਕਿਸੇ ਦਾ ਹੋਵੇ, ਤੂੰ ਇਸ ਨੂੰ ਪਾਲੇਂਗੀ। ਈਦੀ ਦੇ ਅੱਬਾ ਨੇ ਪੋਤੇ ਦਾ ਨਾਮ ਕੁਤਬ (ਧਰੂ ਤਾਰਾ) ਰੱਖਿਆ। ਬਿਲਕੀਸ ਬੱਚੇ ਦੇ ਨਵੇਂ ਕੱਪੜੇ ਪਾਉਂਦਿਆਂ ਗੱਲਾਂ ਕਰਦੀ, ਚਲ ਅੱਜ ਫਲਾਣੀ ਸਹੇਲੀ ਨੂੰ ਮਿਲ ਕੇ ਆਈਏ। ਈਦੀ ਚੁੱਪ ਰਹਿੰਦਾ। ਬਿਲਕੀਸ ਆਖਦੀ- ਸਾਡੇ ਰਿਸ਼ਤੇਦਾਰ ਕਿੰਨੇ ਚੰਗੇ ਨੇ ਕਿ ਸਾਨੂੰ ਮਿਲਣਾ ਚਾਹੁੰਦੇ ਹਨ, ਪਰ ਅਸੀਂ ਉਦੋਂ ਹੀ ਮਿਲਣ ਜਾਣ ਵਾਲੇ ਹਾਂ ਜਦੋਂ ਉਹ ਮਰ ਜਾਣਗੇ।

ਇਕ ਦਿਨ ਇਕ ਬੰਦੇ ਨੇ ਧਮਕਾਇਆ ਤੇ ਕਿਹਾ ਕਿ ਲਾਸ਼ਾਂ ਦੇ ਵਪਾਰ ਵਾਲਾ ਕਾਰਖਾਨਾ ਮੀਠਾਦਾਰ ਤੋਂ ਬਾਹਰ ਲੈ ਜਾਓ। ਇਲਾਕੇ ਦੇ ਬੱਚੇ ਡਰੇ ਤੇ ਸਹਿਮੇ ਰਹਿੰਦੇ ਹਨ। ਰੌਲਾ ਪਾਉਂਦਾ ਚਲਾ ਗਿਆ। ਤਿੰਨ ਦਿਨ ਬਾਅਦ ਫਿਰ ਆ ਗਿਆ ਤੇ ਬੇਨਤੀ ਕਰਨ ਲੱਗਾ ਕਿ ਮੇਰੇ ਭਰ੍ਹਾ ਦਾ ਦਿਲ ਫੇਲ੍ਹ ਹੋ ਗਿਆ ਹੈ। ਛੇਵੀਂ ਮੰਜ਼ਲ ’ਤੇ ਮਰਿਆ ਪਿਆ ਹੈ। ਈਦੀ ਐਂਬੂਲੈਂਸ ਲੈ ਕੇ ਨਾਲ ਚੱਲ ਪਿਆ।

ਸੰਨ 1971 ਵਿਚ ਭਾਰਤ-ਪਾਕਿ ਜੰਗ ਦੇ ਨਾਲ ਪਾਕਿਸਤਾਨ ਦੇ ਦੋ ਟੋਟੇ ਹੋ ਗਏ। ਬੰਗਲਾ ਦੇਸ਼ ਵਿਚ ਵੱਸਦੇ ਪੰਜਾਬੀ ਵਪਾਰੀ ਨਫਰਤ ਦੇ ਭੈ ਵਿਚ ਪਾਕਿਸਤਾਨ ਭੱਜ ਆਏ। ਜਾਇਦਾਦਾਂ ਸਸਤੇ ਵਿਚ ਵੇਚ ਆਏ। ਨਵੇਂ ਥਾਂ ਕਾਰੋਬਾਰ ਇਕ ਦਮ ਨਹੀਂ ਚੱਲ ਸਕਦਾ ਸੀ। ਉਹ ਦਾਨੀ ਰਸੀਦਾਂ ਲੈ ਕੇ ਆ ਗਏ ਤੇ ਪੈਸੇ ਮੰਗਣ ਲੱਗ ਪਏ। ਈਦੀ ਨੇ ਹਰ ਇਕ ਨੂੰ ਪੈਸੇ ਵੀ ਵਾਪਸ ਕੀਤੇ ਤੇ ਰਿਹਾਇਸ਼ ਲਈ ਵੀ ਦਰਿਆ ਦਿਲੀ ਵਿਖਾਈ। ਗੈਰ-ਦਾਨੀਆਂ ਨੂੰ ਵੀ ਬਰਾਬਰ ਮੌਕਾ ਦਿੱਤਾ।

ਛੇ ਮੰਜ਼ਲੀ ਬਿਸਮਿੱਲਾ ਇਮਾਰਤ ਢਹਿ ਕੇ ਤੇਰ੍ਹਾਂ ਫੁੱਟ ਉੱਚੇ ਥੇਹ ਵਿਚ ਬਦਲ ਗਈ। ਵੀਹ ਪਰਿਵਾਰ ਦਬ ਕੇ ਮਾਰੇ ਗਏ। ਈਦੀ ਨੇ ਕਰੇਨਾਂ ਲਗਾਈਆਂ। ਜ਼ਖਮੀਆਂ ਵਾਸਤੇ ਅਤੇ ਲਾਸ਼ਾਂ ਵਾਸਤੇ ਟੈਂਟ ਲਗਾ ਦਿੱਤੇ। ਢਾਈ ਸਾਲ ਦਾ ਬੱਚਾ ਬਾਹਰ ਖੇਡਦਾ ਹੋਣ ਕਰਕੇ ਬਚ ਗਿਆ। ਉਸ ਦੇ ਮਾਪੇ ਅਤੇ ਸੱਤ ਸਾਲ ਦਾ ਭਰ੍ਹਾ ਦਬੇ ਪਏ ਸਨ। ਇਕ ਪਾਸਿਓਂ ਬੱਚੇ ਦੀ ਅਵਾਜ਼ ਆਈ । ਜ਼ਖਮੀ ਬੱਚਾ ਜਿਊਂਦਾ ਮਿਲ ਗਿਆ। ਬੱਚੇ ਨੇ ਦੱਸਿਆ – ਮਾਂ ਖਾਣਾ ਬਣਾ ਰਹੀ ਸੀ। ਮਾਂ ਸਾਨੂੰ ਦੋਨਾਂ ਭਰਾਵਾਂ ਨੂੰ ਅਵਾਜ਼ਾਂ ਮਾਰ ਰਹੀ ਸੀ । ਇਮਰਾਨ ! ਜਾਵੇਦ ! ਬਹੁਤ ਦੇਰ ਤੱਕ ਅਵਾਜ਼ਾਂ ਸੁਣਦਾ ਰਿਹਾ। ਮੈਂ ਸੋਚਿਆ ਮੈਂ ਮਰ ਗਿਆ ਹਾਂ। ਫੇਰ ਮੈਂ ਕਿਸੇ ਵਲੋਂ ਈਦੀ ਨੂੰ ਅਵਾਜ਼ ਪੈਂਦੀ ਸੁਣੀ। ਮੈਂ ਚੀਕਾਂ ਮਾਰਨ ਲੱਗਾ। ਹੁਣ ਲੱਗਾ ਜਿਊਂਦਾ ਹਾਂ ਤੇ ਈਦੀ ਬਚਾ ਹੀ ਲਵੇਗਾ। ਦੋਵੇਂ ਯਤੀਮ ਬੱਚੇ ਦਾਦੀ ਕੋਲ ਪੁਚਾ ਦਿੱਤੇ ਗਏ। ਇਸ ਘਟਨਾ ਕਾਰਨ ਤਦ ਈਦ ਵੀ ਨਹੀਂ ਮਨਾਈ ਗਈ ਸੀ। ਭੁੱਟੋ ਮੌਕੇ ’ਤੇ ਆਇਆ ਤੇ ਪੁੱਛਣ ਲੱਗਾ ਕਿ ਮੈਂ ਕੋਈ ਮਦਦ ਕਰਾਂ ? ਈਦੀ ਨੇ ਕਿਹਾ- ਹੋਰ ਕੌਣ ਕਰੇਗਾ ? ਉਸ ਨੇ ਤੁਰੰਤ ਲੋੜੀਂਦੀਆਂ ਵਸਤਾਂ ਤੇ ਦਵਾਈਆਂ ਭੇਜ ਦਿੱਤੀਆਂ।

ਈਦੀ ਦੋ ਪੁੱਤਰਾਂ ਤੇ ਦੋ ਧੀਆਂ ਨੂੰ ਕਦੇ ਸੈਰ-ਸਪਾਟੇ ’ਤੇ ਨਾ ਲਿਜਾ ਸਕਦਾ। ਬੱਚੇ ਜਾਣ ਦੀ ਜ਼ਿੱਦ ਵੀ ਕਰਦੇ। ਇਕ ਦਿਨ ਦੂਰ ਸਿੰਧ ਵਿਚ ਲਾਸ਼ ਪੁਚਾਣੀ ਸੀ। ਬੀਵੀ ਨੇ ਆਖਿਆ ਕਬਰਿਸਤਾਨ ਹੀ ਦਿਖਾ ਲਿਆ। ਈਦੀ ਮੰਨ ਗਿਆ। ਬੱਚੇ ਐਂਬੂਲੈਂਸ ਵਿਚ ਹੀ ਖੁਸ਼ੀ ਵਿਚ ਛਲਾਗਾਂ ਲਗਾਉਂਦੇ ਰਹੇ। ਧੀ ਦੀ ਲਾਸ਼ ਦੀ ਵਾਰਸ ਮਾਂ ਰਾਤ ਨੂੰ ਰਸਤਾ ਭੁੱਲ ਗਈ। ਉੱਚੇ ਟਿੱਲੇ ’ਤੇ ਖਲੋ ਕੇ ਅਵਾਜ਼ਾਂ ਮਾਰੇ ਤੇ ਅਵਾਜ਼ ਦੀ ਗੂੰਜ ਵਾਪਸ ਪਰਤੇ, ਪਰ ਅੱਗੋਂ ਕੋਈ ਹੁੰਗਾਰਾ ਨਹੀਂ ਮਿਲਦਾ ਸੀ। ਹਾਂ ਸੱਪਾਂ ਦੇ ਫੁੰਕਾਰੇ ਸੁਣਾਈ ਦੇਣ। ਈਦੀ ਨੇ ਗੱਡੀ ਦੀਆਂ ਲਾਈਟਾਂ ਚਲਾਅ ਦਿੱਤੀਆਂ। ਨਕਾਬਪੋਸ਼ ਘੋੜਸਵਾਰ ਬੰਦੂਕਾਂ ਨਾਲ ਲੈਸ ਖੜ੍ਹੇ ਦਿਸੇ। ਔਰਤ ਡਰਦੀ ਗੱਡੀ ਵਿਚ ਵੜ ਗਈ ਤੇ ਕਹਿਣ ਲੱਗੀ ਕਿ ਇਹ ਕੋਲਹਰੀ ਦੇ ਡਾਕੂ ਹਨ। ਡਾਕੂਆਂ ਨੇ ਗੱਡੀ ਘੇਰ ਲਈ। ਲਾਸ਼ ਦੇਖੀ ਤੇ ਸਹਿਮੇ ਬੱਚੇ ਦੇਖੇ। ਪੁੱਛਣ ’ਤੇ ਈਦੀ ਨੇ ਦੱਸਿਆ ਕਿ ਮੈਂ ਅਬਦੁਲ ਸਤਾਰ ਹਾਂ ਤੇ ਮੈਨੂੰ ਈਦੀ ਕਹਿੰਦੇ ਹਨ। ਡਾਕੂਆਂ ਨੇ ਕਿਹਾ ਕਿ ਖਤਰਨਾਕ ਖੇਤਰ ਵਲ ਵਧ ਰਹੇ ਹੋ, ਪਰ ਅਗਲਾ ਰਸਤਾ ਦੱਸ ਦਿੱਤਾ। ਈਦੀ ਨੇ ਸਲਾਮ ਕਰਦਿਆਂ ਸੱਜਾ ਹੱਥ ਮੱਥੇ ਨੂੰ ਛੁਹਾਇਆ। ਚਾਰੇ ਡਾਕੂਆਂ ਨੇ ਛਾਤੀ ’ਤੇ ਹੱਥ ਰੱਖ ਕੇ ਝੁਕ ਕੇ ਜਵਾਬ ਦਿੱਤਾ। ਈਦੀ ਬੀਵੀ ਬੱਚਿਆਂ ਨਾਲ ਗੁੱਸੇ ਵੀ ਹੋਇਆ।

ਇੱਕ ਬਾਈ ਸਾਲਾ ਕੈਦੀ ਮਰ ਗਿਆ ਤੇ ਕਬਰਿਸਤਾਨ ਵਿਚ ਦਫਨਾ ਦਿੱਤਾ। ਉਸ ਦੇ ਦੋਸਤ ਈਦੀ ਕੋਲ ਕਹਿਣ ਲੱਗੇ ਕਿ ਇਹ ਪੰਜਾਬ ਦਾ ਸੀ। ਮਾਪੇ ਆਪਣੇ ਵਤਨ ਵਿਚ ਹੀ ਦਫਨ ਕਰਨਾ ਚਾਹੁੰਦੇ ਸਨ, ਪਰ ਉਹਨਾਂ ਕੋਲ ਲਾਸ਼ ਲਿਜਾਣ ਵਾਸਤੇ ਪੈਸੇ ਨਹੀਂ ਸੀ। ਈਦੀ ਦੀ ਬੀਵੀ ਬਿਲਕੀਸ ਨੇ ਕਿਹਾ ਮੈਂ ਵੀ ਤੇ ਬੇਟਾ ਫੈਸਲ ਵੀ ਜਾਵੇਗਾ। ਰਸਤੇ ਵਿਚ ਇਕ ਢਲਾਣ ’ਤੇ ਮੋੜ ਕੱਟਦੀ ਵੈਨ ਉਲਟ ਗਈ। ਸਾਰੇ ਬਚ ਗਏ ਪਰ ਈਦੀ ਦਾ ਜਬਾੜਾ ਟੁੱਟ ਗਿਆ। ਕੋਈ ਹਸਪਤਾਲ ਨਾ ਹੋਣ ਕਾਰਨ ਫੋਨ ਕਰ ਕੇ ਮੀਠਾਦਾਰ ਤੋਂ ਗੱਡੀਆਂ ਮੰਗਾਈਆਂ ਗਈਆਂ। ਰੌਲਾ ਪੈ ਗਿਆ ਕਿ ਈਦੀ ਐਕਸੀਡੈਂਟ ਵਿਚ ਮਾਰਿਆ ਗਿਆ। ਬਜ਼ਾਰ ਬੰਦ ਹੋ ਗਏ। ਭੁੱਟੋ ਮਲਬੇ ਵਾਲੀ ਥਾਂ ਬਹੁ-ਮੰਜ਼ਲੀ ਇਮਾਰਤ ਦੇ ਪਲਾਟ ਅਲਾਟ ਕਰਨ ਲਈ ਮੀਠਾਦਾਰ ਆਇਆ ਹੋਇਆ ਸੀ। ਭੁੱਟੋ ਨੇ ਤੁਰੰਤ ਆਪਣਾ ਹੈਲੀਕਾਪਟਰ ਭੇਜ ਦਿੱਤਾ। ਈਦੀ ਦੇ ਜ਼ੋਰ ਪਾਉਣ ’ਤੇ ਵੀ ਭੁੱਟੋ ਨੇ ਕਿਰਾਇਆ ਨਾ ਲਿਆ। ਈਦੀ ਬਿਲਕੀਸ ਨੂੰ ਕਹਿਣ ਲੱਗਾ ਕਿ ਇਸ ਸਫਰ ਤੋਂ ਪਹਿਲਾਂ ਸਵੇਰ ਸਾਰ ਪਾਗਲਖਾਨੇ ਦਾ ਦੌਰਾ ਕਰਦਿਆਂ ਇਕ ਅਜੀਬ ਹਰਕਤਾਂ ਕਰਦੀ ਕੁੜੀ ਦੇ ਚਪੇੜ ਮਾਰੀ ਸੀ। ਅੱਲਾਹ ਨੇ ਸਜ਼ਾ ਦੇ ਦਿੱਤੀ ਹੈ।

ਇਕ ਮਿਹਨਤੀ ਵਿਦਿਆਰਥੀ ਦੇ ਕੈਂਸਰ ਦੇ ਇਲਾਜ ਲਈ ਈਦੀ ਠੂਠਾ ਫੜ ਕੇ ਕਰਾਚੀ ਦੇ ਚੌਂਕ ਵਿਚ ਬੈਠ ਗਿਆ। ਤਿੰਨ ਦਿਨਾਂ ਵਿਚ ਢਾਈ ਲੱਖ ਰੁਪਏ ਇਕੱਠੇ ਕਰ ਲਏ। ਰਵਾਇਤੀ ਮੰਗਤੇ ਚਿਲਾਏ ਕਿ ਇਸ ਨੇ ਸਾਡਾ ਖੂਹ ਸੁਕਾ ਦਿੱਤਾ ਹੈ। ਹੁਣ ਕਿੱਥੇ ਚਲੇ ਜਾਈਏ ? ਬਿਲਕੀਸ ਹੱਸੀ ਤੇ ਕਿਹਾ ਹੋਰ ਕਿਤੇ ਕਿਉਂ ਜਾਣਾ ? ਵੱਡੇ ਮੰਗਤੇ (ਈਦੀ) ਨਾਲ ਕੰਮ ’ਤੇ ਲੱਗ ਜਾਓ।

ਸੰਨ 1977 ਈ: ਵਿਚ ਜ਼ਿਆ-ਉਲ-ਹੱਕ ਨੇ ਸੱਤਾ ਹਥਿਆ ਕੇ ਭੁੱਟੋ ਨੂੰ ਫਾਹੇ ਲਾ ਦਿੱਤਾ। ਜਨਤਾ ਚੁੱਪ। ਹਾਲਾਤਾਂ ’ਤੇ ਬਿਲਕੀਸ ਨੇ ਦੁੱਖ ਪ੍ਰਗਟਾਇਆ। ਈਦੀ ਨੇ ਕਿਹਾ ਕਿ ਹਕੂਮਤਾਂ ਨੇ ਜਨਤਾ ਨੂੰ ਸੁੰਨ ਕਰ ਦਿੱਤਾ ਹੈ।

ਈਦੀ ਨੂੰ ਜ਼ਿਆ-ਉਲ-ਹੱਕ ਨੇ ਪ੍ਰਸੰਸਾ-ਪੱਤਰ ਅਤੇ ਪੰਜ ਲੱਖ ਰੁਪਿਆ ਭੇਜਿਆ। ਪ੍ਰਸੰਸਾ-ਪੱਤਰ ਰੱਖ ਲਿਆ ਤੇ ਚੈੱਕ ਵਾਪਸ ਕਰਦਿਆਂ ਲਿਖਿਆ ਪ੍ਰਸੰਸਾ-ਪੱਤਰ ਲਈ ਸ਼ੁਕਰਾਨਾ। ਜੋ ਸਰਕਾਰ ਨੇ ਕੰਮ ਕਰਨਾ ਹੁੰਦਾ ਹੈ, ਉਹ ਸਰਕਾਰ ਨਹੀਂ ਕਰ ਰਹੀ। ਜਾਂ ਨਹੀਂ ਕਰ ਸਕਦੀ। ਤਾਂ ਫਿਰ ਜਨਤਾ ਨੂੰ ਆਪ ਕੰਮ ਕਰਨਾ ਚਾਹੀਦਾ ਹੈ। ਮੈਂ ਝੋਲੀ ਅੱਡਦਾ ਰਹਾਂਗਾ।

ਈਦੀ ਪ੍ਰਾਰਥਨਾ ਕਰਦਾ ਰਹਿੰਦਾ ਕਿ ਅੱਲਾਹ ! ਮੈਥੋਂ ਐਨਾ ਵੱਡਾ ਕੰਮ ਲੈ ਜਿਸ ਨਾਲ ਦੁਨੀਆਂ ਦੀ ਤਕਦੀਰ ਬਦਲ ਜਾਏ। ਬਿਲਕੀਸ ਸ਼ੁਗਲ ਕਰਦੀ ਤੇ ਕਹਿੰਦੀ – ਰੱਬ ਵੀ ਸੋਚਦਾ ਹੋਣੈ ਕਿ ਸੁਸਤ ਸੰਸਾਰ ਵਿਚ ਵੀ ਕੋਈ ਕੰਮ ਮੰਗ ਰਿਹਾ ਹੈ। ਜ਼ਿਆ-ਉਲ-ਹੱਕ ਨੇ ਈਦੀ ਨੂੰ ਪਾਰਲੀਮੈਂਟ ਦਾ ਮੈਂਬਰ ਲੈ ਕੇ ਸਮਾਜ ਭਲਾਈ ਵਿਭਾਗ ਦੇ ਦਿੱਤਾ। ਰਾਸ਼ਟਰਪਤੀ ਨੇ ਪੇਸ਼ਕਸ਼ ਕੀਤੀ ਕਿ ਈਦੀ ਨੂੰ ਹੈਲੀਕੈਪਟਰ ਦੇ ਦਿੱਤਾ ਜਾਵੇ। ਇਕ ਕਰਨਲ ਉਸ ਦਾ ਸੈਕਟਰੀ ਲਾਇਆ ਜਾਵੇ। ਈਦੀ ਨੇ ਕਿਹਾ ਕਿ ਹੈਲੀਕਾਪਟਰ ਦੀ ਲੋੜ ਹੈ ਪਰ ਲਵਾਂਗਾ ਦਾਨੀਆਂ ਦੇ ਪੈਸੇ ਨਾਲ। ਕਿਸੇ ਕਰਨਲ ਨੂੰ ਮੁਖਬਰੀ ਕਰਵਾਉਣ ਲਈ ਮੈਂ ਨਹੀਂ ਰੱਖਣਾ।

ਈਦੀ ਕੋਲ ਖਬਰ ਰਹਿੰਦੀ ਕਿ ਨਾਜਾਇਜ਼ ਬੱਚੇ ਏਥੇ ਪਏ ਹਨ, ਉੱਥੇ ਪਏ ਹਨ। ਨਰਸਿੰਗ ਹੋਮ ਦੇ ਬਾਹਰ ਪੰਘੂੜੇ ਲਟਕਾ ਦਿੱਤੇ ਗਏ ਤਾਂ ਕਿ ਅਣਚਾਹੇ ਬੱਚੇ ਸੁਰੱਖਿਅਤ ਹੱਥਾਂ ਵਿਚ ਪੁੱਜ ਸਕਣ। ਮੌਲਵੀਆਂ ਦਾ ਫਤਵਾ ਆਇਆ ਕਿ ਨਜਾਇਜ਼ ਬੱਚਿਆਂ ਨੂੰ ਪੱਥਰ ਮਾਰ ਕੇ ਮਾਰ ਦਿਓ। ਈਦੀ ਨੇ ਜ਼ੁਰਅਤ ਨਾਲ ਜਵਾਬ ਦਿੱਤਾ ਕਿ ਕੋਈ ਮਾਰ ਕੇ ਦਿਖਾਏ। ਈਦੀ ਨੇ ਕਿਹਾ ਕਿ ਇਸਲਾਮ ਮਾਸੂਮਾਂ ਨੂੰ ਨਾ ਦੋਸ਼ੀ ਮੰਨਦਾ ਹੈ ਅਤੇ ਨਾ ਹੀ ਸਜ਼ਾ ਦਿੰਦਾ ਹੈ। ਮੌਲਵੀਆਂ ਨੇ ਕਿਹਾ ਕਿ ਇਸਲਾਮ ਨਜਾਇਜ਼ ਔਲਾਦ ਨੂੰ ਗੋਦ ਲੈਣ ਦੀ ਆਗਿਆ ਨਹੀਂ ਦਿੰਦਾ। ਈਦੀ ਨੇ ਕਿਹਾ ਕਿ ਜੇ ਆਗਿਆ ਨਹੀਂ ਤਾਂ ਘਰ ਵਿਚ ਪਿਆਰ ਨਾਲ ਰੱਖੇ ਕਤੂਰਿਆਂ ਤੇ ਬਲੂੰਗੜਿਆਂ ਵਾਂਗ ਪਾਲ ਲਓ। ਤੋਹਫਾ ਦੇ ਦਿਓ, ਵਜ਼ੀਫ਼ਾ ਦੇ ਦਿਓ, ਜਾਇਦਾਦ ਵਿਚੋਂ ਹਿੱਸਾ ਨਾ ਦਿਓ। ਮੌਲਵੀਆਂ ਨੇ ਕਿਹਾ ਈਦੀ ਕਾਫ਼ਰ ਹੈ।

ਈਦੀ ਨੂੰ ਪਾਰਲੀਮੈਂਟ ਸ਼ੈਸ਼ਨ ਵਾਸਤੇ ਸੱਦਾ ਮਿਲਿਆ। ਬੱਸ ਸਫਰ ਰਾਹੀਂ ਪਾਰਲੀਮੈਂਟ ਵਿਚ ਪੁੱਜ ਗਿਆ। ਫੌਜੀ ਅਫਸਰ ਦੌੜੇ ਆਏ – ਈਦੀ ਸਾਹਿਬ, ਉਹ ਲਾਲ ਬੱਤੀ ਵਾਲੀ ਕਾਰ ਤੁਹਾਡੀ ਹੈ। ਤੁਸੀਂ ਸਾਨੂੰ ਸੂਚਿਤ ਕਿਉਂ ਨਹੀਂ ਕੀਤਾ ? ਹੋਟਲ ਸਮੇਤ ਸਭ ਪ੍ਰਬੰਧ ਕਰ ਰੱਖੇ ਹੋਏ ਹਨ। ਈਦੀ ਨੇ ਕਿਹਾ – ਮੈਨੂੰ ਕਿਸੇ ਚੀਜ ਦੀ ਲੋੜ ਨਹੀਂ। ਪੁਰਾਣਾ ਕੁੜਤਾ ਪਜਾਮਾ, ਸਲੀਪਰ, ਮੋਢੇ ਬੋਰੀ ਵਾਲਾ ਝੋਲਾ ਤੇ ਬਿਲਕੀਸ ਨੇ ਕਿਹਾ ਕਿ ਕੁੜਤਾ ਪਜਾਮਾ ਤਾਂ ਬਦਲ ਲਵੋ। ਜੇ ਬਦਲਿਆ ਤਾਂ ਉਹ ਵੀ ਕੋਈ ਢੁਕਵਾਂ ਨਹੀਂ ਸੀ। ਸਹੁੰ ਚੁਕਾਈ ਦੀ ਰਸਮ ਤੋਂ ਅੱਕ ਕੇ ਆਪਣੇ ਆਪ ਨੂੰ ਪੁੱਛਣ ਲੱਗਾ ਕਿ ਮੈਂ ਏਥੈ ਕੀ ਕਰਦਾ ਹਾਂ। ਅਯੋਗ ਹਕੂਮਤ ’ਤੇ ਮੇਰੇ ਕੋਲੋਂ ਸਹੀ ਹੋਣ ਦੀ ਮੋਹਰ ਤਾਂ ਨਹੀਂ ਲਗਵਾਉਣੀ ? ਜ਼ਿਆ ਦੀ ਖੁਸ਼ਾਮਦ ਚੱਲ ਰਹੀ ਸੀ। ਈਦੀ ਸਮਾਂ ਮੰਗ ਕੇ ਬੋਲਿਆ ਕਿ ਪਾਕਿਸਤਾਨ ਕਿੱਥੇ, ਕਿਸ ਬਿਮਾਰੀ ਤੋਂ ਪੀੜ੍ਹਤ ਹੈ ? ਈਦੀ ਨੇ ਕਿਹਾ ਕਿ ਸਰਕਾਰ ਲੋਕਾਂ ਤੋਂ ਬਹੁਤ ਦੂਰ ਹੈ। ਦੱਸਿਆ ਕਿ ਕਿੱਥੇ-ਕਿੱਥੇ ਬਿਨਾਂ ਸਰਕਾਰੀ ਪੈਸੇ ਮਦਦ ਕਰ ਸਕਦਾ ਹੈ। ਜਦੋਂ ਪੁੱਛਿਆ ਕਿ ਕੀ ਸਰਕਾਰ ਨੂੰ ਪਤਾ ਨਹੀਂ ਇਸਲਾਮ ਕੀ ਹੈ ? ਜੇ ਪਤਾ ਨਹੀਂ ਤਾਂ ਇਸਲਾਮੀ ਕਾਨੂੰਨ ਕਿਵੇਂ ਲਾਗੂ ਕਰੇਗੀ  ? ਪਾਰਲੀਮੈਂਟ ਸੁੰਨ ਹੋ ਗਈ। ਅੰਤਰਰਾਸ਼ਟਰੀ ਪ੍ਰੈਸ ਬੋਲ ਉੱਠੀ ਕਿ ਮੰਗਤਿਆਂ ਦੇ ਇਜਲਾਸ ਵਿਚ ਇਕ ਦਾਤਾ ਦੇਖਿਆ ਹੈ-ਈਦੀ।

ਇਕ ਫੌਜੀ ਅਫਸਰ ਈਦੀ ਫਾਊਂਡੇਸ਼ਨ ਆਇਆ ਤੇ ਦੱਸਿਆ ਕਿ ਮੈਨੂੰ ਜ਼ਿਆ ਸਾਹਿਬ ਨੇ ਭੇਜਿਆ ਹੈ। ਜ਼ਿਆ ਮਹਿਸੂਸ ਕਰ ਰਹੇ ਹਨ ਕਿ ਤੁਸੀਂ ਨਰਾਜ਼ ਹੋ। ਈਦੀ ਨੇ ਕਿਹਾ – ਨਰਾਜ਼ ਨਹੀਂ ਹਾਂ। ਦੇਸ਼ ਦਾ ਭਲਾ ਚਾਹੁੰਦਾ ਹਾਂ। ਮੇਰੇ ਕੋਲ ਇਸ ਸਬੰਧੀ ਤਕਨੀਕ ਹੈ। ਜ਼ਿਆ ਸਾਹਿਬ ਇਹ ਤਕਨੀਕ ਵਰਤਣ ਦੀ ਸਮਰੱਥਾ ਰੱਖਦੇ ਹਨ। ਉਹ ਚਲਾ ਗਿਆ ਤੇ ਮੁੜ ਨਹੀਂ ਆਇਆ। ਬਿਲਕੀਸ ਨੇ ਨਸੀਹਤ ਦਿੱਤੀ- ਪੰਗੇ ਨਾ ਲਿਆ ਕਰੋ, ਉਹ ਵੀ ਉਹਨਾਂ ਨਾਲ ਜਿਨ੍ਹਾਂ ਭੁੱਟੋ ਨੂੰ ਟੰਗ ਦਿੱਤਾ।

ਸੰਨ 1982 ਈ: ਵਿਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਹਾਰਤੋ ਦੀ ਪਾਕਿਸਤਾਨ ਫੇਰੀ ਮੌਕੇ ਇਡੋਨੇਸ਼ੀਆ ਸਫਾਰਤਖਾਨੇ ਵਲੋਂ ਈਦੀ ਨੂੰ ਸੱਦਾ ਆਇਆ। ਈਦੀ ਨੂੰ ਇਕ ਵੀ. ਆਈ. ਪੀ. ਅਹਾਤੇ ਵੱਲ ਛੱਡ ਦਿੱਤਾ। ਸਾਰੇ ਵੀ. ਆਈ. ਪੀ. ਜਹਾਜ਼ ਤੱਕ ਵਿਛੀ ਲਾਲ ਦਰੀ ਦੇ ਦੋਹੀਂ ਪਾਸੀਂ ਕਤਾਰ ਵਿਚ ਖਲੋਤੇ ਸਨ। ਈਦੀ ਨੂੰ ਇੰਝ ਜਾਪਿਆ ਜਿਵੇਂ ਚਮਕਦੇ ਸੂਟ ਬੂਟ ਦਰੀਆਂ ਦੇ ਕਿਨਾਰਿਆਂ ਦੇ ਮੋਤੀ ਹੋਣ। ਈਦੀ ਵੀ ਖਲੋਤਾ ਸੀ। ਇਕ ਅਫਸਰ ਈਦੀ ਕੋਲ ਆਇਆ ਤੇ ਕਿਹਾ – ਮੈਨੂੰ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਅਜਿਹੇ ਮੌਕੇ ਖਾਸ ਲਿਬਾਸ ਪਾਉਣਾ ਹੁੰਦੈ। ਜਾਂ ਤਾਂ ਪਹਿਨ ਆਓ ਜਾਂ ਤੁਹਾਨੂੰ ਜਾਣਾ ਪਵੇਗਾ। ਈਦੀ ਨੇ ਕਿਹਾ ਕਿ ਕੀ ਸਰਕਾਰ ਨੂੰ ਮੇਰੇ ਲਿਬਾਸ ਬਾਰੇ ਪਤਾ ਨਹੀਂ ਸੀ ? ਕੀ ਸੱਦਾ ਮਿਲਣ ਕਰਕੇ ਮੈਂ ਨਵੇਂ ਕੱਪੜੇ ਸਿਲਵਾ ਲੈਂਦਾ ? ਅਫਸਰ ਚਲਾ ਗਿਆ। ਫਿਰ ਹੋਰ ਦੋ ਅਫਸਰ ਆ ਗਏ।

ਈਦੀ ਗਰਜਿਆ ਦਫਾ ਹੋ ਜਾਓ। ਮੈਂ ਫ਼ੈਸਲਾ ਨਹੀਂ ਬਦਲਾਂਗਾ। ਉਹ ਚਲੇ ਗਏ। ਈਦੀ ਨੇ ਇਸ ਘਟਨਾ ਦਾ ਵੇਰਵਾ ਦਿੰਦਿਆਂ ਸਰਕਾਰ ਨੂੰ ਲਿਖ ਦਿੱਤਾ ਕਿ ਮੈਨੂੰ ਬੁਲਾਇਆ ਨਾ ਕਰੋ। ਦੇਸ਼ ਨੂੰ ਖਾਣ ਤੇ ਲੁੱਟਣ ਵਾਲਿਆਂ ਨੂੰ ਹੀ ਬੁਲਾਇਆ ਕਰੋ। ਫਿਰ ਅਫਸਰ ਖਿਮਾਂ ਮੰਗਣ ਆਏ। ਬਿਲਕੀਸ ਨੂੰ ਕਿਹਾ ਕਿ ਜਦੋਂ ਇਹ ਅਫਸਰ ਮੈਨੂੰ ਬਾਹਰ ਜਾਣ ਲਈ ਕਹਿ ਰਹੇ ਸਨ ਤਾਂ ਮੇਰਾ ਮਨ ਸੀ ਕਿ ਬੈਗ ’ਚੋਂ ਰਸੀਦ ਬੁਕ ਕੱਢ ਕੇ ਦਾਨ ਮੰਗਣਾ ਸ਼ੁਰੂ ਕਰ ਦਿਆਂ। ਬਿਲਕੀਸ ਨੇ ਕਿਹਾ ਕਿ ਇਹਨਾਂ ਨੇ ਤੁਹਾਨੂੰ ਚੁੱਕ ਕੇ ਬਾਹਰ ਸੁੱਟ ਜਾਣਾ ਸੀ।

ਈਦੀ ਨੇ ਲ਼ੈਬਨਾਨ ਜਾਣ ਦੀ ਦਰਖਾਸਤ ਪਾਈ। ਅੰਬੈਂਸੀ ਨੇ ਬੈਂਕ ਸਟੇਟਮੈਂਟ ਮੰਗੀ। ਈਦੀ ਨੇ ਕਿਹਾ ਕਿ ਮੰਗਤੇ ਕੋਲ ਸਟੇਟਮੈਂਟ  ? ਵੀਜ਼ਾ ਲੱਗ ਗਿਆ। ਜਹਾਜ਼ ਦੁਬਈ ਉੱਤਰਿਆ। ਅੱਗੋਂ ਬੱਸ ਰਾਹੀਂ ਉੱਜੜੇ ਹੋਏ ਬੈਰੂਤ ਜਾਣਾ ਸੀ। ਬੱਸ ’ਚੋਂ ਉੱਤਰੇ ਤਾਂ ਮਸਜਿਦ ਦੇ ਮੀਨਾਰ ਦੇਖੇ। ਮਸਜਿਦ ਪੁੱਜ ਕੇ ਨਮਾਜ਼ ਪੜ੍ਹੀ। ਆਟੇ ਦੇ ਪਹਿਰੇਦਾਰ ਤੋਂ ਇਸ਼ਾਰੇ ਨਾਲ ਰੋਟੀ ਪੁੱਛੀ, ਉਸ ਨੇ ਕਿਹਾ ਮਾਫ਼ ਕਰਨਾ। ਈਦੀ ਬੈਠਾ ਰਿਹਾ। ਵੱਡੀ ਸਾਰੀ ਰੋਟੀ ਤੇ ਕੁਝ ਟਮਾਟਰ ਦੇ ਗਿਆ। ਚੌਥਾ ਹਿੱਸਾ ਟਮਾਟਰ ਨਾਲ ਖਾ ਕੇ ਬਾਕੀ ਝੋਲੇ ਵਿਚ ਪਾ ਲਈ। ਖਾਲੀ ਮਕਾਨ, ਢੱਠੇ ਹੋਟਲ ਤੇ ਸੁੰਨਸਾਨ ਗਲੀਆਂ। ਹੋਟਲ ਸਾਹਮਣੇ ਲੇਟੇ ਇਕ ਬੰਦੇ ਨੂੰ ਰਹਿਣ ਬਾਰੇ ਪੁੱਛਿਆ ਤਾਂ ਉਸ ਨੇ ਉੱਤਰ ਦਿੱਤਾ ਧਰਤੀ ਅਸਮਾਨ ਖ਼ਾਲੀ ਹੈ। ਇਕ ਡਿਊਟੀ ਦੇ ਰਹੇ ਬਜ਼ੁਰਗ ਸਿਪਾਹੀ ਨੂੰ ਦੱਸਿਆ ਕਿ ਮੈਂ ਪਾਰਲੀਮੈਂਟ ਮੈਂਬਰ ਹਾਂ, ਪਾਕਿਸਤਾਨੀ ਸਫਾਰਤਖਾਨੇ ਦਾ ਰਸਤਾ ਕਿੱਧਰ ਹੈ ? ਸਿਪਾਹੀ ਨੇ ਕਿਹਾ ਕਿ ਐਮ. ਪੀ. ਤਾਂ ਅਮਰੀਕਾ ਅਤੇ ਯੌਰਪ ਦੀ ਸੈਰ ਕਰਨ ਜਾਂਦੇ ਹਨ, ਤੁਸੀਂ ਇੱਧਰ ਕਿਵੇਂ ਆਏ ? ਸਿਪਾਹੀ ਅਤੇ ਈਦੀ ਨੇ ਝੋਲੇ ਵਿਚ ਸਾਂਭੀ ਰੋਟੀ ਟਮਾਟਰਾਂ ਨਾਲ ਖਾਧੀ। ਸਿਪਾਹੀ ਨੇ ਸ਼ਨਾਖਤ ਕਰ ਕੇ ਕਿਹਾ ਕਿ ਜੇਕਰ ਗੱਡੀ ਵਿਚ ਤੇਲ ਪੁਆ ਦੇਵੋਂ ਤਾਂ ਮੈਂ ਤੁਹਾਡਾ ਡਰਾਈਵਰ ਤੇ ਗਾਈਡ ਬਣ ਜਾਂਦਾ ਹਾਂ।

ਬੇਘਰੇ ਲੋਕ ਤੇ ਭੁੱਖੇ ਬੱਚੇ ਈਦੀ ਅੱਗੇ ਹੱਥ ਫੈਲਾ ਰਹੇ ਸਨ। ਈਦੀ ਨੇ ਇਕ ਇਕ ਪਰਿਵਾਰ ਨੂੰ ਦੋ ਦੋ ਸੌ ਡਾਲਰ ਦਿੱਤੇ। ਪਰਿਵਾਰ ਸ਼ੁਕਰਾਨਾ ਕਰਦੇ ਆਖਦੇ ਕਿ ਸਾਡੇ ਅਰਬ ਵਾਲੇ ਭਰ੍ਹਾ ਤਾਂ ਆਏ ਹੀ ਨਹੀਂ। ਈਦੀ ਨੇ ਕਿਹਾ- ਪਾਕਿਸਤਾਨ ਦੀ ਸਲਾਮਤੀ ਲਈ ਦੁਆ ਕਰੋ।

ਸੰਨ 1983 ਈ: ਨੂੰ ਸਿੰਧ ਵਿਚ ਲੋਕ ਰੋਹ ਉੱਠਣ ਲੱਗਾ। ਈਦੀ ਉੱਪਰ ਇਲਜ਼ਾਮ ਲੱਗੇ ਕਿ ਲਾਸ਼ਾਂ ਦੇ ਬਹਾਨੇ ਹਥਿਆਰ ਸਪਲਾਈ ਕਰਦਾ ਹੈ। ਈਦੀ ਦੀ ਚੁੱਪ ’ਤੇ ਸਵਾਲ ਉੱਠੇ। ਈਦੀ ਨੇ ਜਵਾਬ ਦਿੱਤਾ ਕਿ ਬੱਚੇ ਡਾਕੂ ਕਿਉਂ ਬਣੇ ਪੜਚੋਲ ਕਰਨ ਦੀ ਲੋੜ ਹੈ। ਕੈਸਾ ਡਰਾਵਣਾ ਸਮਾਂ ਹੈ ਕਿ ਕੋਈ ਮਸਜਿਦਾਂ ਤੱਕ ਵੀ ਨਹੀਂ ਜਾ ਰਿਹਾ। ਪੁਲਿਸ-ਫੌਜ ਬੇਵੱਸ ਹੈ ਤਾਂ ਸਵੈ- ਰੱਖਿਆ ਲਈ ਹਥਿਆਰ ਆਮ ਲੋਕਾਂ ਵਿਚ ਵੰਡ ਦਿੱਤੇ ਜਾਣੇ ਚਾਹੀਦੇ ਹਨ। ਬੰਗਲੇ, ਕਾਰਾਂ ਤੇ ਬੈਂਕ ਖਾਤੇ ਤੁਹਾਡੇ ਜੁਰਮਾਂ ਦਾ ਸਬੂਤ ਹਨ।

ਪੁਲਿਸ ਅਤੇ ਡਾਕੂਆਂ ਵਿਚਕਾਰ ਗੋਲੀਬਾਰੀ ਮੌਕੇ ਈਦੀ ਐਂਬੂਲੈਂਸ ਲੈ ਕੇ ਪੁੱਜ ਜਾਂਦਾ। ਲਾਊਡ ਸਪੀਕਰ ਵਿਚ ਬੋਲਦਾ ਕਿ ਈਦੀ ਲਾਸ਼ਾਂ ਅਤੇ ਜ਼ਖਮੀਆਂ ਨੂੰ ਲੈਣ ਆਇਆ ਹੈ। ਉਹ ਗੋਲੀਬਾਰੀ ਬੰਦ ਕਰ ਦਿੰਦੇ। ਵਾਪਸ ਤੁਰਦਾ ਤਾਂ ਮੁਕਾਬਲਾ ਫਿਰ ਸ਼ੁਰੂ ਹੋ ਜਾਂਦਾ। ਹਰ ਇਲਾਕੇ ਦੇ ਡਾਕੂ ਈਦੀ ਦੀ ਗੱਡੀ ਦੇਖ ਕੇ ਕਹਿ ਦਿੰਦੇ ਕਿ ਈਦੀ ਬਾਬੇ ਦੀ ਗੱਡੀ ਹੈ, ਜਾਣ ਦਿਓ।

ਰਮਜ਼ਾਨ ਦੇ ਮਹੀਨੇ ਸ਼ਾਮ ਨੂੰ ਘਰ ਵੱਲ ਪਰਤ ਰਿਹਾ ਸੀ। ਈਦੀ ਨੇ ਕਾਰ ਪਿੱਛੇ ਸ਼ਹਿ ਲਾ ਕੇ ਬੈਠੇ ਹਥਿਆਰਬੰਦ ਬੰਦੇ ਵੇਖੇ। ਸਾਹਮਣੇ ਸੁਨਿਆਰ ਦੀ ਛੱਤ ਉੱਪਰ ਏ. ਕੇ. ਸੰਤਾਲੀ ਨਾਲ ਲੈਸ ਜੁਆਨ ਦੇਖੇ। ਅਵਾਜ਼ ਆਈ ਈਦੀ ਸਾਹਿਬ ਚਲੇ ਜਾਓ, ਨਹੀਂ ਤਾਂ ਮਾਰੇ ਜਾਓਗੇ। ਈਦੀ ਨੇ ਕਿਹਾ- ਨਹੀਂ ਜਾਵਾਂਗਾ। ਮੈਨੂੰ ਮਾਰ ਹੀ ਦਿਓ ਤਾਂ ਚੰਗਾ ਹੈ। ਛੱਤ ਤੋਂ ਇਕ ਜੁਆਨ ਚਿਲਾਇਆ- ਬੈਠ ਜਾਓ ਈਦੀ ਤੇ ਨਾਲ ਹੀ ਛਾਲ ਮਾਰ ਦਿੱਤੀ। ਗੋਲੀ ਜੁਆਨ ਦੇ ਦਿਲ ਵਿਚੋਂ ਦੀ ਲੰਘ ਗਈ। ਈਦੀ ਨੂੰ ਬਚਾਉਂਦੇ ਦੋ ਜੁਆਨ ਮਰ ਗਏ। ਲਹੂ ਭਿੱਜੇ ਕੱਪੜੇ ਦੇਖ ਕੇ ਬਿਲਕੀਸ ਨੇ ਸਾਰੀ ਜਾਣਕਾਰੀ ਲਈ ਤੇ ਮੌਕਾ ਦੇਖਣ ਚਲੀ ਗਈ। ਮਾਸ ਦੇ ਟੁਕੜੇ ਅਜੇ ਖਿਲਰੇ ਪਏ ਸਨ। ਡਾਕੂਆਂ ਦੀਆਂ ਲਾਸ਼ਾਂ ਰਸਮ ਅਨੁਸਾਰ ਮੀਠਾਦਾਰ ਵਿਚ ਦਫਨਾਈਆਂ। ਖ਼ਤਰਨਾਕ ਡਾਕੂ ਕਸ਼ਮੀਰੇ ਦੇ ਰਿਸ਼ਤੇਦਾਰ ਉਸ ਦੀ ਕੱਟੀ ਹੋਈ ਲੱਤ ਲੈ ਆਏ। ਲੱਤ ਦਾ ਸਸਕਾਰ ਕਰ ਦਿੱਤਾ। ਪੁਲਿਸ ਘੱਟਾਨੀ ਡਾਕੂ ਦੀ ਲਾਸ਼ ਲੈ ਕੇ ਆਈ ਤਾਂ ਕਿਸੇ ਨੇ ਕਿਹਾ ਬਹੁਤ ਬੁਰਾ ਆਦਮੀ ਸੀ। ਬਿਲਕੀਸ ਚਿਲਾਈ – ਕੋਈ ਮਾਂ ਦੇ ਪੇਟ ਵਿਚ ਡਾਕੂ ਨਹੀਂ ਹੁੰਦਾ। ਕਾਨੂੰਨ ਇਸ ਤੋਂ ਵੱਡੇ ਲੁਟੇਰਿਆਂ ਦੀ ਹਿਫਾਜ਼ਤ ਕਰ ਰਿਹੈ।

ਸੰਨ 1986 ਈ: ਵਿਚ ਫਿਲਪੀਨ ਸਰਕਾਰ ਨੇ ਮੈਗਾਸਾਸੇ ਸਨਮਾਨ ਦੇਣ ਦਾ ਫ਼ੈਸਲਾ ਕੀਤਾ। ਈਦੀ ਤੇ ਬਿਲਕੀਸ ਦੋ ਦੋ ਸੂਟ ਲੈ ਕੇ ਚਲ ਪਏ। ਜਹਾਜ਼ ਤੋਂ ਉੱਤਰੇ ਤਾਂ ਸਵਾਗਤ ਵਾਸਤੇ ਬੈਂਡ ਵਜ ਰਿਹਾ ਸੀ। ਪੰਜ ਤਾਰਾ ਹੋਟਲ ਵਿਚ ਪੁੱਜ ਗਏ। ਬਿਲਕੀਸ ਨੇ ਬੱਚਿਆਂ ਵਾਂਗ ਕਮਰੇ ਦੀ ਹਰ ਚੀਜ਼ (ਗੱਦੇ, ਸਿਰਹਾਣੇ ਤੇ ਪਰ੍ਹਦੇ ਆਦਿਕ) ਛੁਹ ਛੁਹ ਦੇਖੇ। ਖ਼ੁਸ਼ਬੂ ਤੋਂ ਪ੍ਰਭਾਵਤ ਹੋ ਕੇ ਸੋਚੇ ਕਿ ਗੁਲਾਬ ਜਲ ਨਾਲ ਕੱਪੜੇ ਧੋਂਦੇ ਹੋਣਗੇ। ਗ਼ੁਸਲਖ਼ਾਨੇ ਦੇ ਫਰਸ਼ ਵਿਚੋਂ ਆਪਣਾ ਚਿਹਰਾ ਦੇਖੇ। ਬਿਲਕੀਸ ਗੱਦੇ ’ਤੇ ਘੂਕ ਸੌਂ ਗਈ ਤੇ ਈਦੀ ਫਰਸ਼ ’ਤੇ ਸੌਂ ਗਿਆ। ਸਵੇਰੇ ਇੱਛਾ ਪ੍ਰਗਟ ਕੀਤੀ ਕਿ ਮੈਂ ਵੀ ਐਸਾ ਹੀ ਗੱਦਾ ਖਰੀਦਾਂਗੀ। ਅੱਜ ਵਰਗੀ ਨੀਂਦ ਕਦੀ ਵੀ ਨਹੀਂ ਆਈ।

ਸਨਮਾਨ ਸਮਾਰੋਹ ਵਿਚ ਮੀਆਂ ਬੀਵੀ ਦਾ ਨਾਮ ਬੋਲਿਆ ਗਿਆ। ਜਿੱਥੇ ਫਿਲਪੀਨ ਅਤੇ ਪਾਕਿਸਤਾਨ ਦੇ ਝੰਡੇ ਝੁਲ ਰਹੇ ਸਨ, ਦੋਵੇਂ ਉਸ ਥਾਂ ਖਲੋ ਗਏ। ਪਾਕਿਸਤਾਨ ਦਾ ਕੌਮੀ ਤਰਾਨਾ ਗਾਇਆ ਗਿਆ। ਰਾਸ਼ਟਰਪਤੀ ਨੇ ਸਨਮਾਨ-ਚਿੰਨ੍ਹ, ਸੋਨੇ ਦਾ ਤਮਗ਼ਾ ਤੇ ਵੀਹ ਹਜ਼ਾਰ ਡਾਲਰ ਦਾ ਚੈੱਕ ਦਿੱਤੇ। ਦੋਵੇਂ ਬੈਰਾਗ ਵਿਚ ਆ ਗਏ। ਖਚਾਖਚ ਭਰਿਆ ਹਾਲ ਤਾੜੀਆਂ ਨਾਲ ਗੂੰਜ ਰਿਹਾ ਸੀ।

ਅਗਲੀ ਸ਼ਾਮ ਪ੍ਰਧਾਨ ਮੰਤਰੀ ਕੈਰੀ ਅਕਾਇਨੋ ਨੇ ਭੋਜਨ ਦਾ ਸੱਦਾ ਦਿੱਤਾ। ਬਿਲਕੀਸ ਬੜੀ ਖੁਸ਼ ਅਤੇ ਆਖੇ ਈਦੀ ਔਹ ਦੇਖੋ ਫਾਨੂਸ ਅਤੇ ਲਾਈਟਾਂ ਜਿਵੇਂ ਅਸਮਾਨ ਜਗਮਗਾਉਂਦਾ ਹੈ। ਥਾਈਲੈਂਡ ਦੇ ਬਾਦਸ਼ਾਹ ਨੇ ਵੀ ਦਾਅਵਤ ਦਿੱਤੀ। ਉਸ ਪਿੱਛੋਂ ਬੰਗਲਾ ਦੇਸ਼ ਵਿਚ ਈਦੀ ਫਾਊਂਡੇਸ਼ਨ ਬ੍ਰਾਂਚ ਦਾ ਮੁਆਇਨਾ ਕਰਨ ਚਲੇ ਗਏ। ਪਾਕਿਸਤਾਨ ਵਾਪਸ ਆਉਣ ਤੱਕ ਬਿਲਕੀਸ ਕੋਲ ਸਫਰ ਕਹਾਣੀਆਂ ਦਾ ਢੇਰ ਇਕੱਠਾ ਹੋ ਚੁੱਕਾ ਸੀ।

ਆਰਮੀਨੀਆ ਵਿਚ ਭੂਚਾਲ ਦੌਰਾਨ ਈਦੀ ਫਾਊਂਡੇਸ਼ਨ ਵਲੋਂ ਨਿਭਾਈ ਸੇਵਾ ਬਦਲੇ ਸੋਵੀਅਤ ਦੇਸ਼ ਨੇ ਸ਼ਾਂਤੀ ਪੁਰਸਕਾਰ ਦਿੱਤਾ।

ਇਕ ਸੇਠ ਨੇ ਕਿਹਾ ਕਿ ਈਦੀ ਕੋਈ ਲੋਕ ਭਲਾਈ ਨਹੀਂ ਕਰਦਾ। ਕਿਸੇ ਸੇਠ ਨੂੰ ਨਿਗਰਾਨੀ ’ਤੇ ਲਾਉਣਾ ਚਾਹੀਦਾ ਹੈ। ਲੋਕਾਂ ਨੇ ਸੇਠ ਨੂੰ ਜੁੱਤੀਆਂ ਮਾਰ ਕੇ ਬਾਹਰ ਕੱਢ ਦਿੱਤਾ। ਈਦੀ ਨੇ ਕਿਹਾ – ਡਾਕੂ, ਨੇਕੀ ਦਾ ਪ੍ਰਮਾਣ-ਪੱਤਰ ਲੈਣ ਆਇਆ ਸੀ।

ਈਦੀ ’ਤੇ ਇਲਜ਼ਾਮ ਲੱਗਦੇ – ਕਿ ਫੁੱਟਪਾਥਾਂ ਤੋਂ ਬਦਚਲਣ ਔਰਤਾਂ ਚੁੱਕ ਕੇ ਲੈ ਜਾਂਦਾ ਹੈ। ਹਿੰਦੂਆਂ ਅਤੇ ਈਸਾਈਆਂ ਨਾਲ ਵੱਧ ਨੇੜਤਾ ਰੱਖਦਾ ਹੈ। ਈਦੀ ਨੇ ਜਵਾਬ ਦਿੱਤਾ ਕਿ ਆਸ਼ਰਮ ਵਿਚ ਗਰਭਵਤੀ ਪਾਗਲ ਔਰਤਾਂ ਦਾਖ਼ਲ ਕੀਤੀਆਂ ਜਾਂਦੀਆਂ ਹਨ। ਜੋ ਮਰਦਾਂ ਦੇ ਜਬਰ ਦਾ ਸ਼ਿਕਾਰ ਹੁੰਦੀਆਂ ਹਨ ਤੇ ਮਰਦ ਉਹਨਾਂ ’ਤੇ ਦੋਸ਼ ਲਾ ਕੇ ਕੈਦ ਕਰਵਾ ਦਿੰਦੇ ਹਨ। ਦੂਸਰੇ ਧਰਮਾਂ ਨਾਲ ਨੇੜਤਾ ਇਸ ਕਰਕੇ ਹੈ ਕਿ ਇਸਲਾਮ ਅਨੁਸਾਰ ਅੱਲ੍ਹਾ ਇਕ ਹੈ। ਅਯਾਸ਼ਾਂ ਦੇ ਕਈ ਰੱਬ ਹੁੰਦੇ ਹਨ ਪਰ ਦੁਰਕਾਰਿਆਂ ਹੋਇਆਂ ਦਾ ਰੱਬ ਇਕ ਹੀ ਹੁੰਦਾ ਹੈ। ਮੈਨੂੰ ਮਾਣ ਹੈ ਕਿ ਮੈਂ ਜਿੰਨਾ ਮੁਸਲਮਾਨਾਂ ਨੂੰ ਪਿਆਰ ਕਰਦਾ ਹਾਂ, ਉਨਾਂ ਹੀ ਗੈਰ-ਮੁਸਲਮਾਨਾਂ ਨੂੰ ਪਿਆਰ ਕਰਦਾ ਹਾਂ। ਕਰੋੜਪਤੀ ਲੋਕ ਆਪਣੇ ਮਾਪਿਆਂ ਨੂੰ ਆਸ਼ਰਮ ਵਿਚ ਛੱਡ ਜਾਂਦੇ ਹਨ ਅਤੇ ਮਿਲਣ ਵੀ ਨਹੀਂ ਆਉਂਦੇ, ਉਹ ਈਦੀ ਨੂੰ ਕੀ ਦੇ ਸਕਦੇ ਹਨ।

ਰੋਗੀਆਂ ਅਤੇ ਯਤੀਮਾਂ ਦੀ ਗਿਣਤੀ ਵਧਣ ਕਾਰਨ ਕਰਾਚੀ ਨੈਸ਼ਨਲ ਹਾਈਵੇ ’ਤੇ 65 ਏਕੜ ਜ਼ਮੀਨ ਖਰੀਦ ਕੇ ਮਰਦਾਂ ਲਈ ਵੱਖਰਾ ਕੇਂਦਰ ਖੋਲ੍ਹ ਦਿੱਤਾ। ਪਾਗਲ ਗੁਸਲਖ਼ਾਨੇ ਨਾ ਜਾਂਦੇ ਤੇ ਥਾਂ ਥਾਂ ਗੰਦਗੀ ਪਾ ਦਿੰਦੇ। ਖੁਰਕ ਕਾਰਨ ਜਿਸਮ ਛਿਲ ਲੈਂਦੇ। ਜੂੰਆਂ ਨਾ ਕਢਵਾਉਂਦੇ। ਰੁਜ਼ਾਨਾ ਜਦੋਂ ਈਦੀ ਉਨ੍ਹਾਂ ਨੂੰ ਇਸ਼ਨਾਨ ਕਰਵਾਉਣ ਜਾਂਦਾ ਤੇ ਰੌਲਾ ਪੈ ਜਾਂਦਾ ਕਿ ਈਦੂ ਬਾਬਾ ਆ ਗਿਆ। ਵਗਦੇ ਨੱਕ ਮੂੰਹ ਵਾਲੇ ਬੱਚੇ ਉਸ ਨੂੰ ਚੁੰਮਣਾ ਚਾਹੁੰਦੇ ਤੇ ਜੱਫੀ ਪਾਉਣਾ ਚਾਹੁੰਦੇ। ਸਭ ਨੂੰ ਇਸ਼ਨਾਨ ਕਰਵਾ ਕੇ ਦਵਾਈਆਂ ਮਲ਼ ਕੇ ਪਰਤਦਾ ਤਾਂ ਆਖਦਾ, ਕਿ ਹੱਜ ਕਰ ਆਇਆਂ ਹਾਂ।

ਈਦੀ ਦੇ ਵਿਰੋਧੀ ਧਨੀ ਮੈਮਨ ਨੂੰ ਕੈਂਸਰ ਹੋ ਗਿਆ। ਈਦੀ ਨੂੰ ਬੁਲਾ ਕੇ ਕਿਹਾ ਕਿ ਟੀਕੇ ਦੀ ਸੂਈ ਏਨਾ ਦਰਦ ਕਰਦੀ ਹੈ ਕਿ ਮੈਂ ਘੰਟਿਆਂ ਬੱਧੀ ਤੜਪਦਾ ਰਹਿੰਦਾ ਹਾਂ। ਹੁਣ ਮੈਨੂੰ ਤੇਰੇ ਕੰਮ ਦੀ ਸਮਝ ਪੈਂਦੀ ਹੈ।

ਇਕ ਹੋਰ ਸੇਠ ਨੇ ਕਿਹਾ – ਈਦੀ ! ਤੂੰ ਆਪਣੇ ਲਈ ਕੁਝ ਜੋੜਿਆ ਨਹੀਂ ਹੈ। ਇਕ ਸਵਾ ਲੱਖ ਰੁਪਏ ਤੇਰੇ ਵਾਸਤੇ ਦੇਣੇ ਹਨ, ਸੰਸਥਾ ਲਈ ਨਹੀਂ। ਈਦੀ ਉੱਠ ਕੇ ਤੁਰ ਪਿਆ।

ਈਦੀ ਨੇ ਫ਼ੈਸਲਾ ਕੀਤਾ ਕਿ ਹਰ 25 ਕਿਲੋਮੀਟਰ ਦੇ ਦਾਇਰੇ ਵਿਚ ਭਲਾਈ ਕੇਂਦਰ ਖੋਲ੍ਹੇ ਜਾਣਗੇ। ਸਾਰੇ ਦੇਸ਼ ਦਾ ਦੌਰਾ ਕੀਤਾ। ਝੁੱਗੀਆਂ ਝੌਂਪੜੀਆਂ ਵਾਲੇ ਮਰਦ ਔਰਤਾਂ ਟੁੱਟ ਚੁੱਕੇ ਸਨ। ਨੰਗੇ ਬੱਚੇ ਈਦੀ ਵੱਲ ਦੌੜੇ ਆਉਂਦੇ। ਈਦੀ ਹੌਕੇ ਭਰਦਾ ਤੇ ਆਪਣੇ ਮਾੜੇ ਮੋਟੇ ਪਹਿਰਾਵੇ ਨੂੰ ਵੀ ਕੋਸਦਾ।

ਈਦੀ ਬਲੋਚਿਸਤਾਨ ਵਿਚ ਕੇਂਦਰ ਸਥਾਪਤ ਕਰ ਰਿਹਾ ਸੀ। ਕਿਸੇ ਨੇ ਦੱਸਿਆ ਕਿ ਕਦੇ ਵੀ ਬਲੋਚ ਸਰਦਾਰ ਦੀ ਕਾਰ ਨੂੰ ਐਂਬੂਲੈਂਸ ਨਾਲ ਪਾਸ ਨਾ ਕਰੀਂ। ਐਂਬੂਲੈਂਸ ਚੋਰੀ ਵੀ ਹੋ ਸਕਦੀ ਹੈ। ਤੁਹਾਡੇ ਬੰਦੇ ਨੂੰ ਅਗਵਾ ਕਰਕੇ ਫਿਰੌਤੀ ਵੀ ਮੰਗੀ ਜਾ ਸਕਦੀ ਹੈ। ਈਦੀ ਕਹਿਣ ਲੱਗਾ- ਇਹ ਮੇਰਾ ਪਾਕਿਸਤਾਨ ਨਹੀਂ ਹੈ ?

ਐਂਬੂਲੈਂਸ ਚੋਰੀ ਹੋਣ ਦੀ ਘਟਨਾ ਵਾਪਰ ਗਈ। ਈਦੀ ਦੀ ਸ਼ਿਕਾਇਤ ’ਤੇ ਬਲੋਚ ਸਰਦਾਰ ਨੇ ਕਿਹਾ ਕਿ ਈਦੀ ਦੀ ਗੱਡੀ ਵਾਪਸ ਕਰੋ। ਨਹੀਂ ਤਾਂ ਤੁਹਾਥੋਂ ਹੀ ਉਗਰਾਹੀ ਕਰ ਕੇ ਨਵੀਂ ਐਂਬੂਲੈਂਸ ਖਰੀਦ ਕੇ ਦਿਆਂਗਾ। ਅਗਲੇ ਦਿਨ ਗੱਡੀ ਲੱਭ ਗਈ।

ਢਾਈ ਸੌ ਕੇਂਦਰ ਸਥਾਪਤ ਹੋ ਗਏ। ਕੇਂਦਰਾਂ ਦਾ ਆਪਸ ਵਿਚ ਵਾਇਰਲੈਸ ਨੈਟਵਰਕ ਬਣਾ ਦਿੱਤਾ ਗਿਆ। ਕੋਰੀਅਰ ਸੇਵਾਵਾਂ ਮੁਫ਼ਤ ਮਿਲਣ ਲੱਗ ਪਈਆਂ। ਪਾਕਿਸਤਾਨ ਇੰਟਰਨੈਸ਼ਨਲ ਨੇ ਹਰ ਮਹੀਨੇ ਢਾਈ ਕੁਇੰਟਲ ਡਾਕ ਮੁਫ਼ਤ ਢੋਣ ਦੀ ਸੇਵਾ ਲੈ ਲਈ। ਨਿਯਮ ਸੀ ਕਿ ਜਿਸ ਖੇਤਰ ’ਚੋਂ ਦਾਨ ਮਿਲਦਾ ਉਸ ਇਲਾਕੇ ਨੂੰ ਪਹਿਲ ਦੇ ਆਧਾਰ ’ਤੇ ਸਹੂਲਤ ਦਿੱਤੀ ਜਾਵੇ, ਪਰ ਬਹੁਤ ਗਰੀਬ ਇਲਾਕਿਆਂ ਵਿਚ ਕੇਂਦਰ ਸਥਾਪਨਾ ਲਈ ਨਿਯਮ ਨੂੰ ਨਰਮ ਕਰ ਲਿਆ ਜਾਂਦਾ। ਇਕ ਹਜ਼ਾਰ ਮੁਲਾਜ਼ਮ ਪੈਰੋਲ ’ਤੇ ਸਨ। ਕੁਲ ਖਰਚ ਦਾ ਇਹ ਦਸ ਪ੍ਰਤੀਸ਼ਤ ਸੀ। ਐਂਬੂਲੈਂਸਾਂ ਦੀ ਗਿਣਤੀ ਪੰਜ ਸੌ ਹੋ ਗਈ। ਈਦੀ 12 ਕਰੋੜ ਪਾਕਿਸਤਾਨੀਆਂ ਦੀ ਸੇਵਾ ਵਿਚ ਹਰ ਵੇਲੇ ਹਾਜ਼ਰ ਰਹਿੰਦਾ। ਇਕ ਸਮੱਸਿਆ ਸੀ ਕਿ ਕੋਈ ਏਅਰਲਾਈਨ ਲਾਸ਼ ਲਿਜਾਣ ਨੂੰ ਰਾਜ਼ੀ ਨਹੀਂ ਸੀ ਹੁੰਦੀ। ਇਸ ਲਈ ਈਦੀ ਏਅਰ ਸਰਵਿਸ ਦੀ ਲੋੜ ਬਣ ਗਈ। ਸੰਨ 1988 ਈ: ਵਿਚ ਅਮਰੀਕਾ ਦੇ ਰਾਜਦੂਤ ਰਾਬਰਟ ਓਕਲੇ ਵਲੋਂ ਹੈਲੀਕਾਪਟਰ ਦੀ ਪੇਸ਼ਕਸ਼ ਨੂੰ ਸ਼ਰਤ-ਮੁਕਤ ਪ੍ਰਵਾਨ ਕਰ ਕੇ ਜਹਾਜ਼ ਲੈ ਲਿਆ।

ਸੰਨ 1989 ਈ: ਵਿਚ ਨਵਾਜ਼ ਸ਼ਰੀਫ ਮੁੱਖ ਮੰਤਰੀ ਪੰਜਾਬ ਨੇ ਮਿਸ਼ਨ ਦੀ ਜਾਣਕਾਰੀ ਲੈਣ ਲਈ ਈਦੀ ਨੂੰ ਬੁਲਾਇਆ। ਈਦੀ ਨੇ ਕਿਹਾ ਕਿ ਭਲਾਈ ਕਰਨ ਤੋਂ ਵੱਡੀ ਸਿਆਸਤ ਹੋਰ ਕੋਈ ਨਹੀਂ। ਬਾਹਰਲੇ ਮੁਲਕਾਂ ਤੋਂ ਗ੍ਰਾਂਟਾਂ ਮੰਗਣੀਆਂ ਬੰਦ ਕਰੋ। ਆਤਮ ਨਿਰਭਰ ਹੋਵੋ, ਮੁਥਾਜ ਨਾ ਹੋਵੋ ਭਾਵੇਂ ਤੰਗੀ ਕੱਟ ਲਓ।

ਹੈਦਰਾਬਾਦ ਵਿਚ ਦਿਮਾਗੀ ਬੁਖਾਰ ਦੀ ਬਿਮਾਰੀ ਫੈਲ ਗਈ। ਈਦੀ ਕੇਂਦਰਾਂ ਵਿਚ ਲੋਕਾਂ ਦਾ ਹੜ੍ਹ ਆ ਗਿਆ। ਫਰਾਂਸ ਤੋਂ ਐਮਰਜੈਂਸੀ ਫਲਾਈਟ ਰਾਹੀਂ 30 ਲੱਖ ਟੀਕੇ ਮੰਗਵਾਏ ਗਏ। ਪਾਕਿਸਤਾਨੀ ਫਲਾਈਟਾਂ ਰਾਹੀਂ ਕੇਂਦਰਾਂ ਵਿਚ ਸਪਲਾਈ ਕੀਤੇ ਜਾਂਦੇ। ਢਾਈ ਸੌ ਮੌਤਾਂ ਹੋਈਆਂ ਪਰ ਲੱਖਾਂ ਲੋਕ ਬਚ ਗਏ। ਈਦੀ ਦੇ ਵਲੰਟੀਅਰ ਖ਼ੁਸ਼ ਸਨ ਕਿ ਹੁਣ ਅਸੀਂ ਪਹਾੜਾਂ ਨਾਲ ਟਕਰਾ ਸਕਦੇ ਹਾਂ।

ਇਕ ਦਿਨ ਇਕ ਨੌਜਵਾਨ ਬੜੀ ਹਲੀਮੀ ਨਾਲ ਮੀਠਾਦਾਰ ਦਫਤਰ ਵਿਚ ਆਇਆ। ਸਲਾਮ ਕਰ ਕੇ ਅਰਜ਼ ਕੀਤੀ – ਜੀ ਮੈਂ ਜਾਵੇਦ ਹਾਂ, ਜਿਸ ਨੂੰ ਤੁਸੀਂ ਛੇ ਮੰਜ਼ਲੀ ਬਿਸਮਿਲਾ ਇਮਾਰਤ ਦੇ ਮਲਬੇ ਹੇਠੋਂ ਕੱਢਿਆ ਸੀ। ਪੜ੍ਹਨ ਬਾਅਦ ਬੈਂਕ ਵਿਚ ਕਲਰਕ ਹਾਂ। ਤੁਹਾਡੀ ਧੀ ਅਲਮਾਸ ਨਾਲ ਸ਼ਾਦੀ ਕਰਵਾਉਣੀ ਚਾਹੁੰਦਾ ਹਾਂ। ਬਿਲਕੀਸ ਆ ਗਈ ਤੇ ਕਹਿਣ ਲੱਗੀ – ਅਲਮਾਸ ਨੂੰ ਦੇਖ ਤਾਂ ਲੈ। ਕਹਿਣ ਲੱਗਾ ਕੋਈ ਲੋੜ ਨਹੀਂ। ਗੀਤ ਸੰਗੀਤ ਨਾਲ ਮੰਗਣੀ ਦੀ ਰਸਮ ਹੋ ਗਈ। ਸਾਰੇ ਈਦੀ ਨੂੰ ਪੁੱਛਣ ਕਿ ਕੀ ਤੁਹਾਨੂੰ ਪਹਿਲਾਂ ਹੀ ਪਤਾ ਸੀ, ਜੋ ਇਸ ਜਵਾਈ ਨੂੰ ਸੁਰੱਖਿਅਤ ਕੱਢ ਲਿਆਏ ਸੀ ?

ਟੈਲੀਵੀਜ਼ਨ ਵਾਲਿਆਂ ਦੇ ਸੱਦੇ ਤੇ ਖਚਾਖਚ ਭਰੇ ਹਾਲ ਵਿਚ ਸਟੇਜ ਸਕੱਤਰ ਨੇ ਬਿਲਕੀਸ ਨੂੰ ਕਿਹਾ – ਈਦੀ ਉੱਪਰ ਰੌਸ਼ਨੀ ਪਾਓ। ਬਿਲਕੀਸ ਨੇ ਕਿਹਾ – ਉਹ ਰੌਸ਼ਨ ਹੈ, ਉਸ ਉੱਪਰ ਰੌਸ਼ਨੀ ਕਿਵੇਂ ਪਵੇਗੀ ? ਸਕੱਤਰ ਨੇ ਕਿਹਾ ਆਪਣੇ ਵਿਆਹ ਬਾਰੇ ਹੀ ਦੱਸ ਦੇਵੋ। ਬਿਲਕੀਸ ਨੇ ਕਿਹਾ – ਵਿਆਹ ਜੂਏ ਵਾਂਗ ਹੁੰਦਾ ਹੈ। ਜਿਸ ਵਿਚ ਕੋਈ ਜਿੱਤਦਾ ਹੁੰਦਾ ਤੇ ਕੋਈ ਹਾਰਦਾ। ਅਸੀਂ ਦੋਵੇਂ ਜਿੱਤੇ ਹਾਂ।

ਖ਼ਬਰ ਫੈਲੀ ਕਿ ਸਰਕਾਰ ਈਦੀ ਫਾਊਂਡੇਸ਼ਨ ਨੂੰ ਆਪਣੇ ਹੱਥਾਂ ਵਿਚ ਲੈਣਾ ਚਾਹੁੰਦੀ ਹੈ। ਈਦੀ ਨੇ ਕਿਹਾ – ਠੀਕ ਹੋਵੇਗਾ। ਮੈਂ ਬਿਲਕੀਸ ਦੀ ਚਾਦਰ ਵਿਛਾ ਕੇ ਦਾਨ ਮੰਗਿਆ ਕਰਾਂਗਾ ਅਤੇ ਨਵੀਂ ਫਾਊਂਡੇਸ਼ਨ ਬਣਾ ਦਿਆਂਗਾ।

ਇਮਰਾਨ ਖਾਨ ਕਿ੍ਰਕਟਰ ਨੇ 12 ਕਰੋੜ ਨਾਲ ਕੈਂਸਰ ਦੇ ਇਲਾਜ਼ ਲਈ ਹਸਪਤਾਲ ਬਣਾਇਆ। ਈਦੀ ਵਿਰੁੱਧ ਕੁਝ ਅਪਮਾਨਤ ਸ਼ਬਦ ਬੋਲ ਦਿੱਤੇ। ਈਦੀ ਨੂੰ ਪ੍ਰੈਸ ਨੇ ਪੁੱਛਿਆ ਕਿ ਕੀ ਤੁਹਾਡੇ ਵਿਚ ਕੋਈ ਆਪਸੀ ਵਿਵਾਦ ਹੈ ? ਈਦੀ ਨੇ ਕਿਹਾ – ਬਿਲਕੁਲ ਨਹੀਂ। ਉਹ ਸਟਾਰ ਹੈ, ਮੈਂ ਖ਼ਾਕਸਾਰ ਹਾਂ। ਉਹ ਬਾਦਸ਼ਾਹ ਹੈ, ਮੈਂ ਮੰਗਤਾ ਹਾਂ। ਬਾਦਸ਼ਾਹ ਮੰਗਤੇ ਨਾਲ ਬਹਿਸ ਨਹੀਂ ਕਰਦੇ ਹੁੰਦੇ ਤੇ ਨਾ ਹੀ ਅਪਮਾਨਿਤ ਕਰਦੇ ਹੁੰਦੇ। ਮੈਂ ਉਸ ਦੀ ਇੱਜ਼ਤ ਕਰਾਂਗਾ। ਜਿਨ੍ਹਾਂ ਦਾ ਇਲਾਜ਼ ਮੈਂ ਨਾ ਕਰ ਸਕਿਆ ਉਹਨਾਂ ਨੂੰ ਇਮਰਾਨ ਕੋਲ ਭੇਜਾਂਗਾ।

ਇਕ ਸੰਪਾਦਕ ਨੇ ਕਿਹਾ – ਮੌਲਾਨਾ ! ਜੇ ਸੰਪਾਦਕ ਸੈਂਸਰ ਨਾ ਕਰਨ ਤਾਂ ਤੁਹਾਡੇ ਉੱਪਰ ਦੇਸ਼-ਧ੍ਰੋਹ ਦਾ ਮੁਕੱਦਮਾ ਬਣਿਆ ਹੋਵੇ। ਈਦੀ ਹੱਸ ਕੇ ਕਹਿੰਦਾ – ਲੀਡਰ ਅਕਸਰ ਮੈਨੂੰ ਬੇਵਕੂਫ ਕਹਿੰਦੇ ਹਨ। ਸਬੂਤ ਵਜੋਂ ਅਖ਼ਬਾਰ ਅਦਾਲਤ ਵਿਚ ਪੇਸ਼ ਕਰ ਦੇਵਾਂਗਾ ਤੇ ਕਹਾਂਗਾ ਕਿ ਬੇਵਕੂਫ ਬੰਦਾ ਕਿਵੇਂ ਬਗਾਵਤ ਕਰ ਸਕਦਾ ਹੈ।

ਬਿਲਕੀਸ ਪੁੱਛਦੀ – ਤੁਹਾਨੂੰ ਲਾਸ਼ਾਂ ਵਿਚੋਂ ਬਦਬੂ ਨਹੀਂ ਆਉਂਦੀ ? ਈਦੀ ਆਖਦਾ – ਮੈਂ ਸਮਝਦਾ ਹਾਂ ਕਿ ਇਹ ਲਾਸ਼ ਮੇਰੀ ਵੀ ਹੋ ਸਕਦੀ ਹੈ, ਤੇਰੀ ਵੀ ਹੋ ਸਕਦੀ ਹੈ। ਇਸ ਦਾ ਸਤਿਕਾਰ ਕਰਨਾ ਜ਼ਰੂਰੀ ਹੈ।

ਸੰਨ 1990 ਈ: ਤੱਕ 500 ਐਂਬੂਲੈਂਸਾਂ ਹੋ ਗਈਆਂ ਜਿਨ੍ਹਾਂ ਵਿਚੋਂ 50 ਸਰਕਾਰੀ ਤੇ ਅਰਧ ਸਰਕਾਰੀ ਹਸਪਤਾਲਾਂ ਨੂੰ ਦਾਨ ਦੇ ਦਿੱਤੀਆਂ ਗਈਆਂ। ਇਕ ਕਰੋੜ ਲੋਕ ਰਾਹਤ ਹਾਸਲ ਕਰ ਚੁੱਕੇ ਸਨ। ਹੁਣ 1800 ਦੇ ਕਰੀਬ ਐਂਬੂਲੈਂਸਾਂ, 2 ਹਵਾਈ ਜਹਾਜ਼, 1 ਹੈਲੀਕਾਪਟਰ ਤੇ 28 ਕਿਸ਼ਤੀਆਂ ਹਨ। ਈਦੀ ਦੇ ਪਾਇਲਟਾਂ ਨੂੰ ਫੌਜ ਨੇ ਸਿਖਲਾਈ ਦੇਣ ਦੀ ਪ੍ਰਵਾਨਗੀ ਦਿੱਤੀ। ਕਈ ਤੇਲ ਕੰਪਨੀਆਂ ਨੇ ਮੁਫ਼ਤ ਤੇਲ ਦੀ ਪੇਸ਼ਕਸ਼ ਕੀਤੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਾਰੇ ਟੈਕਸ ਮਾਫ਼ ਕਰ ਦਿੱਤੇ। ਤੀਹ ਲੱਖ ਬੱਚਿਆਂ ਨੂੰ ਮੁੜ ਵਸਾਇਆ ਗਿਆ। ਅੱਸੀ ਹਜ਼ਾਰ ਮਨੋਰੋਗੀਆਂ ਅਤੇ ਨਸ਼ੇੜੀਆਂ ਦਾ ਮੁੜ-ਵਸੇਬਾ ਕੀਤਾ ਗਿਆ। ਦਸ ਲੱਖ ਤੋਂ ਉੱਪਰ ਬੱਚੇ ਈਦੀ ਮੈਟਿਰਨਿਟੀ ਕੇਂਦਰਾਂ ਵਿਚ ਪੈਦਾ ਹੋਏ। ਚਾਲੀ ਹਜ਼ਾਰ ਤੋਂ ਉੱਪਰ ਕੁੜੀਆਂ ਨਰਸਿੰਗ ਦਾ ਕੰਮ ਸਿੱਖ ਕੇ ਰੋਜ਼ੀ ਕਮਾ ਰਹੀਆਂ ਹਨ। 2 ਲੱਖ ਤੋਂ ਉੱਪਰ ਲਾਵਾਰਸ ਲਾਸ਼ਾਂ ਦਫਨ ਕੀਤੀਆਂ ਗਈਆਂ। ਅਮਰੀਕਾ ਨੇ 911 ਐਮਰਜੈਂਸੀ ਲਾਈਨਾਂ ਸਮੇਤ ਟੈਲੀਫੋਨ ਵਾਲੀ ਐਕਸਚੇਂਜ ਦਿੱਤੀ।

ਈਦੀ ਨੇ ਆਪਣੀ ਬੀਵੀ (ਬਿਲਕੀਸ) ਨੂੰ ਦੱਸਿਆ – ਮੈਂ ਆਪਣੀ ਵਸੀਅਤ ਲਿਖ ਦਿੱਤੀ ਹੈ। ਕਰਾਚੀ ਹਾਈਵੇ ਦੇ ਵੱਡੇ ਪਲਾਟ ਦੇ ਕੋਨੇ ਵਿਚ ਆਪਣੀਆਂ ਇਕੱਠੀਆਂ ਕਬਰਾਂ ਹੋਣਗੀਆਂ। ਜਿਸ ਦੇ ਕੋਲ ਲੋਹੇ ਦਾ ਗੱਲਾ ਪਿਆ ਹੋਇਆ ਕਰੇਗਾ। ਮੈਂ ਮਸਜਿਦ ਘੱਟ ਗਿਆ ਹਾਂ, ਨਮਾਜ਼ ਘੱਟ ਪੜ੍ਹੀ ਹੈ, ਪਰ ਲੋਕ ਮੈਨੂੰ ਫਕੀਰ ਜ਼ਰੂਰ ਸਮਝਣਗੇ। ਮੇਰੇ ਨਾਲ ਕਰਾਮਾਤਾਂ ਵੀ ਜੋੜ ਦੇਣਗੇ। ਮਨੋਰੋਗੀਆਂ ਦੇ ਰਿਸ਼ਤੇਦਾਰ ਦਾਨ ਪਾਉਣਗੇ ਤੇ ਤੰਦਰੁਸਤੀ ਮੰਗਣਗੇ, ਅਮੀਰ ਲੋਕ ਐਕਸੀਡੈਂਟਾਂ ਤੋਂ ਬਚਣ ਲਈ ਚੜ੍ਹਾਵੇ ਚਾੜ੍ਹਨਗੇ। ਤੇਰਾ ਖਾਵੰਦ ਮਰਨ ਪਿੱਛੋਂ ਵੀ ਲੋਕਾਂ ਦੀਆਂ ਜੇਬਾਂ ਕੁਤਰੇਗਾ। ਠੱਗੀ ਨਹੀਂ ਛੱਡਾਂਗੇ ? ਮੇਰਾ ਕਾਰਖ਼ਾਨਾ ਚੱਲੇਗਾ, ਲੋਕ ਸੱਚਾ ਸੌਦਾ ਕਰਨਗੇ। ਲੱਖਾਂ ਨੂੰ ਰਾਹਤ ਮਿਲਦੀ ਰਹੇਗੀ।

(ਲੇਖਕ ਪ੍ਰੋ: ਹਰਪਾਲ ਸਿੰਘ ਪੰਨੂ ਦੀ ਪੁਸਤਕ ‘ਪੱਥਰ ਤੋਂ ਰੰਗ’ ’ਚੋਂ, ਖਾਸ ਸਮੱਗਰੀ ਤੇ ਮੀਡੀਆ ’ਚੋਂ ਧੰਨਵਾਦ ਸਹਿਤ)