ਡਰ (ਘਬਰਾਹਟ)

0
672

ਡਰ (ਘਬਰਾਹਟ)

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਜਦੋਂ ਹਕੀਕਤ ਤੋਂ ਪਰ੍ਹਾਂ ਹੋ ਕੇ ਸਾਡਾ ਦਿਮਾਗ਼ ਆਪਣੀਆਂ ਕਿਆਸਰਾਈਆਂ ਲਾ ਕੇ ਆਪਣੇ ਆਪ ਨੂੰ ਬਹੁਤ ਮਾੜੇ ਹਾਲਾਤ ਵਿਚ ਰੱਖ ਲਵੇ ਤਾਂ ਮਨ ਵਿਚ ਡਰ ਉਪਜਦਾ ਹੈ। ਇਹ ਸਾਡੀ ਸੋਚ, ਸਾਡੇ ਵਿਹਾਰ ’ਤੇ ਹਾਵ-ਭਾਵ ਉੱਤੇ ਅਸਰ ਪਾਉਂਦਾ ਹੈ।

ਅੱਖਾਂ ਸਾਹਮਣੇ ਜਾਂ ਖ਼ਬਰਾਂ ਰਾਹੀਂ ਬੰਬ ਫੱਟਣਾ, ਰੇਲ ਗੱਡੀ ਦਾ ਉਲਟਣਾ, ਕਾਰ ਐਕਸੀਡੈਂਟ, ਕਤਲ ਆਦਿ ਵੇਖਣ, ਸੁਣਨ ਬਾਅਦ ਹਰ ਕਿਸੇ ਦਾ ਦਿਮਾਗ਼ ਵੱਖੋ-ਵੱਖ ਤਰ੍ਹਾਂ ਨਾਲ ਪ੍ਰਤੀਕ੍ਰਿਆ ਦਿੰਦਾ ਹੈ। ਕਿਸੇ ਦੇ ਦਿਮਾਗ਼ ਅੰਦਰ ਵੱਧ ਤੇ ਕਿਸੇ ਅੰਦਰ ਘੱਟ ਹਲਚਲ ਹੁੰਦੀ ਹੈ।

ਕਈਆਂ ਵਿਚ ਘਬਰਾਹਟ ਵੀ ਏਨੀ ਹੋ ਜਾਂਦੀ ਹੈ ਕਿ ਨਾਰਮਲ ਤਰੀਕੇ ਸੌਣ ਜਾਂ ਖਾਣ ਪੀਣ ਵਿਚ ਵੀ ਦਿੱਕਤ ਆਉਣ ਲੱਗ ਪੈਂਦੀ ਹੈ। ਕੁੱਝ ਜਣੇ ਦੋ-ਤਿੰਨ ਦਿਨਾਂ ਬਾਅਦ ਨਾਰਮਲ ਹੋ ਜਾਂਦੇ ਹਨ ਤੇ ਕਈ ਜਣੇ 2 ਤੋਂ 3 ਘੰਟਿਆਂ ਵਿਚ ਹੀ ਸਹਿਜ ਹੋ ਕੇ ਆਪੋ ਆਪਣੇ ਕੰਮਾਂ ਵਿਚ ਰੁੱਝ ਜਾਂਦੇ ਹਨ।

ਜਦੋਂ ਡਰ ਦੀ ਇੰਤਹਾ ਹੋ ਜਾਏ ਤਾਂ ਕਈ ਵਾਰ ‘ਨਿਊਰੋਸਿਸ’ ਹੋ ਜਾਣ ਸਦਕਾ ਦਿਮਾਗ਼ੀ ਰੋਗ ਹੀ ਬਣ ਜਾਂਦਾ ਹੈ।

ਇਸ ਤਰ੍ਹਾਂ ਦਾ ਮਾਨਸਿਕ ਤਣਾਓ ਰੋਗਾਂ ਨੂੰ ਸੱਦਾ ਦਿੰਦਾ ਹੈ। ਕਈ ਜਣੇ ਲੋੜੋਂ ਵੱਧ ਤਣਾਓ ਨਾ ਸਹਾਰਦੇ ਹਾਰਟ ਅਟੈਕ ਨਾਲ ਕੂਚ ਕਰ ਜਾਂਦੇ ਹਨ।

ਮੌਤ ਦਾ ਭੈਅ ਹਰ ਪਲ ਮਹਿਸੂਸ ਕਰਦੇ ਕਈ ਜਣੇ ਨਿੱਕੀ ਤੋਂ ਨਿੱਕੀ ਚੀਜ਼ ਤੋਂ ਵੀ ਤ੍ਰਹਿਣ ਲੱਗ ਪੈਂਦੇ ਹਨ। ਮਸਲਨ-ਕਿਤੇ ਪੌੜੀ ਤੋਂ ਤਿਲਕ ਕੇ, ਡਿੱਗ ਕੇ ਨਾ ਮਰ ਜਾਵਾਂ; ਇਹ ਪੱਖਾ ਮੇਰੇ ਸਿਰ ਉੱਤੇ ਨਾ ਡਿੱਗ ਪਵੇ; ਬਿਜਲੀ ਦੇ ਸਵਿੱਚ ਵਿੱਚੋਂ ਕਰੰਟ ਨਾ ਲੱਗ ਜਾਏ; ਹਿੱਲਦੇ ਪਰਦੇ ਪਿੱਛੇ ਲੁਕਿਆ ਕੋਈ ਚਾਕੂ ਨਾ ਮਾਰ ਦੇਵੇ, ਆਦਿ।

ਕੁੱਝ ਲੋਕ ਤਾਂ ਆਪਣੇ ਤੋਂ ਪਰ੍ਹਾਂ ਖੜ੍ਹੇ ਦੋ ਜਣਿਆਂ ਨੂੰ ਹੱਸਦੇ ਵੇਖ ਕੇ ਆਪੇ ਹੀ ਕਿਆਸ ਲਾ ਲੈਂਦੇ ਹਨ ਕਿ ਉਹ ਦੋ ਜਣੇ ਮੇਰਾ ਹੀ ਮਜ਼ਾਕ ਉਡਾ ਰਹੇ ਹਨ। ਇਸੇ ਗੱਲ ਉੱਤੇ ਉਹ ਝਗੜਾ ਵੀ ਕਰ ਲੈਂਦੇ ਹਨ।

ਕਈ ਜਣੇ ਭੀੜ ਭੜੱਕੇ ਤੋਂ ਡਰਦੇ ਘਰ ਅੰਦਰ ਹੀ ਦੁਬਕ ਜਾਂਦੇ ਹਨ। ਕਈ ਵਾਰ ਟੀ. ਵੀ. ਉੱਤੇ ਕਿਸੇ ਹਾਦਸੇ ਦੀਆਂ ਤਸਵੀਰਾਂ, ਲਹੂ ਸਣੀਆਂ ਲਾਸ਼ਾਂ, ਵੈਣ ਪਾਉਂਦੇ ਰਿਸ਼ਤੇਦਾਰ, ਆਦਿ ਵੇਖ ਕੇ ਕੁੱਝ ਲੋਕ ਅਜਿਹੀ ਥਾਂ ਉੱਤੋਂ ਲੰਘਣ ਤੋਂ ਵੀ ਗੁਰੇਜ਼ ਕਰਦੇ ਹਨ। ਇੰਜ ਮਨ ਵਿਚ ਡਰ ਦਾ ਸਦੀਵੀ ਵਾਸ ਹੋ ਜਾਂਦਾ ਹੈ। ਅਜਿਹੇ ਹਾਦਸੇ ਦੀ ਥਾਂ ਉੱਤੋਂ ਜੇ ਮਨ ਕਰੜਾ ਕਰ ਕੇ ਲੰਘਿਆ ਜਾਵੇ ਤੇ ਲੋੜ ਪੈਣ ਉੱਤੇ ਆਮ ਵਾਂਗ ਹੀ ਉਸੇ ਰਸਤੇ ਉੱਤੋਂ ਫੇਰ ਲੰਘਿਆ ਜਾਵੇ ਤਾਂ ਮਨ ਹੌਲੀ-ਹੌਲੀ ਡਰ ਨੂੰ ਛੱਡ ਦਿੰਦਾ ਹੈ ਤੇ ਦਿਮਾਗ਼ ਛੇਤੀ ਨਿਡਰ ਹੋ ਜਾਂਦਾ ਹੈ।

ਬਹੁਤੇ ਬੰਦਿਆਂ ਅੰਦਰ ਰੱਬ ਦੀ ਹੋਂਦ ਵੀ ਇਸੇ ਡਰ ਉੱਤੇ ਆਧਾਰਿਤ ਹੈ। ਮੌਤ ਦਾ ਡਰ, ਨੁਕਸਾਨ ਹੋਣ ਦਾ ਡਰ, ਬੱਚਿਆਂ ਦੀ ਸਿਹਤ ਵਿਚ ਵਿਗਾੜ, ਕਾਰੋਬਾਰ ਦਾ ਘਾਟਾ, ਨੌਕਰੀ ਵਿਚਲੀ ਚਿੰਤਾ, ਆਦਿ ਬਦੋਬਦੀ ਕਿਸੇ ਨੂੰ ਵੀ ਗ਼ੈਬੀ ਤਾਕਤ ਵੱਲ ਤੋਰ ਦਿੰਦੀ ਹੈ ਕਿ ਕੋਈ ਹੈ ਜੋ ਮੈਨੂੰ ਬਚਾਏਗਾ ਤੇ ਮੇਰਾ ਨੁਕਸਾਨ ਨਹੀਂ ਹੋਣ ਦੇਵੇਗਾ। ਇਹ ਗੱਲ ਵੱਖਰੀ ਹੈ ਕਿ ਸਧਾਰਨ ਬੰਦੇ ਦੇ ਇਸ ਡਰ ਤੋਂ ਫ਼ਾਇਦਾ ਉੱਠਾਉਂਦਿਆਂ ਕਈ ਢੋਂਗੀ ਬਾਬੇ ਅਜਿਹੀ ਨਾ ਦਿੱਸਣ ਵਾਲੀ ਤਾਕਤ ਦਾ ਹਵਾਲਾ ਦੇ ਕੇ ਆਪਣਾ ਧੰਧਾ ਹੀ ਸਫਲਤਾ ਨਾਲ ਚਲਾ ਲੈਂਦੇ ਹਨ।

ਘਬਰਾਹਟ ਜਾਂ ਡਰ ਨਾਲ ਕਈ ਵਾਰ ਅੰਤ ਨੇੜੇ ਦਿੱਸਣ ਲੱਗ ਪੈਂਦਾ ਹੈ। ਅਜਿਹੇ ਮੌਕੇ ਮਨ ਨੂੰ ਸ਼ਾਂਤ ਕਰਨਾ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਸਰੀਰ ਢਹਿ ਢੇਰੀ ਹੋ ਕੇ ਮੰਜੇ ਉੱਤੇ ਪੈਣ ਜੋਗਾ ਹੀ ਰਹਿ ਜਾਂਦਾ ਹੈ।

ਮਨੋਵਿਗਿਆਨੀ ਕਹਿੰਦੇ ਹਨ ਕਿ ਡਰ ਦੀ ਉਪਜ ਹੋਣੀ ਸੁਭਾਵਕ ਹੈ ਕਿਉਂਕਿ ਮੌਤ ਅਟੱਲ ਹੈ। ਮੌਤ ਨਾਲ ਸਭ ਕੁੱਝ ਖੁੱਸ ਜਾਣ ਦਾ ਸਹਿਮ ਬੰਦਾ ਮਨ ਵਿੱਚੋਂ ਕੱਢ ਨਹੀਂ ਸਕਦਾ। ਇਸੇ ਲਈ ਮਨ ਦੇ ਇਕ ਕੋਨੇ ਵਿਚ ਡਰ ਪੱਕੀ ਥਾਂ ਮੱਲ ਕੇ ਬਹਿ ਜਾਂਦਾ ਹੈ। ਇਸ ਡਰ ਤੋਂ ਨਿਜਾਤ ਪਾਉਣ ਲਈ ਆਪਣੇ ਆਪ ਨੂੰ ਰੁਝੇਵਿਆਂ ਵਿਚ ਬੰਨ੍ਹ ਕੇ ਰੱਖਣਾ ਜ਼ਰੂਰੀ ਹੈ।

ਇਹ ਸਾਬਤ ਹੋ ਚੁੱਕੀ ਗੱਲ ਹੈ ਕਿ ਜ਼ਿੰਦਗੀ ਵਿਚ ਅਨੇਕ ਅਜਿਹੇ ਮੌਕੇ ਆਉਂਦੇ ਹਨ ਜੋ ਕਿਸਮਤ ਬਦਲ ਸਕਦੇ ਹਨ ਪਰ ਡਰ ਦੇ ਕਾਰਨ ਬਹੁਤ ਜਣੇ ਅਜਿਹੇ ਮੌਕੇ ਛੱਡ ਦਿੰਦੇ ਹਨ ਤੇ ਹਾਰ ਦੇ ਡਰ ਤੋਂ ਪਹਿਲਾਂ ਹੀ ਅਸਫਲਤਾ ਜਾਂ ਜਾਮਾ ਪਹਿਨ ਲੈਂਦੇ ਹਨ।

ਡਰ ਦਰਅਸਲ ਬਹੁਤ ਸਾਰੀਆਂ ਮੰਗਾਂ ਹੋਣ ਉੱਤੇ ਹੀ ਪੈਦਾ ਹੁੰਦਾ ਹੈ। ਜਿਸ ਕੋਲ ਕੁੱਝ ਗੁਆਉਣ ਨੂੰ ਨਾ ਹੋਵੇ, ਉਸ ਦੇ ਮਨ ਅੰਦਰ ਡਰ ਦਾ ਭਾਵ ਨਹੀਂ ਹੁੰਦਾ।

ਹਮੇਸ਼ਾ ਡਰ ਨੂੰ ਮਨ ਅੰਦਰ ਪਾਲ ਕੇ ਰੱਖਣ ਵਾਲਾ ਕਦੇ ਕੋਈ ਕੰਮ ਬਿਨਾਂ ਭੰਨੇ ਤੋੜੇ ਜਾਂ ਰੁਕਾਵਟ ਦੇ, ਕਰ ਹੀ ਨਹੀਂ ਸਕਦਾ ਕਿਉਂਕਿ ਸਰੀਰ ਦੇ ਪੱਠੇ ਉਸੇ ਡਰ ਦੇ ਸੁਨੇਹੇ ਨੂੰ ਥਿੜਕਣਾ ਮੰਨ ਲੈਂਦੇ ਹਨ ਤੇ ਬਦੋਬਦੀ ਚੀਜ਼ਾਂ ਦੀ ਭੰਨ ਤੋੜ ਹੋ ਜਾਂਦੀ ਹੈ ਜਾਂ ਪੌੜੀਆਂ ਤੋਂ ਬੰਦਾ ਡਿੱਗ ਪੈਂਦਾ ਹੈ।

ਭਲਾ ਜਾਨਵਰਾਂ ਤੋਂ ਤ੍ਰਹਿੰਦਾ ਬੰਦਾ ਜੰਗਲ ਵਿਚ ਜਾ ਕੇ ਸ਼ਿਕਾਰ ਕਿਵੇਂ ਕਰ ਸਕਦਾ ਹੈ ? ਨੌਕਰੀ ਤੋਂ ਰਿਟਾਇਰ ਹੋ ਕੇ ਵਿਹਲੇ ਬਹਿਣ ਦਾ ਡਰ ਅਨੇਕ ਲੋਕਾਂ ਦੀ ਰਿਟਾਇਰਮੈਂਟ ਤੋਂ ਬਾਅਦ ਵੀ ਉਮਰ ਛੋਟੀ ਕਰ ਦਿੰਦਾ ਹੈ ਤੇ ਬਥੇਰੇ ਰਿਟਾਇਰ ਹੋਣ ਤੋਂ ਇਕ ਅੱਧ ਸਾਲ ਦੇ ਅੰਦਰ ਹੀ ਕੂਚ ਕਰ ਜਾਂਦੇ ਹਨ।

ਡਰ ਪੈਦਾ ਹੋਣ ਨਾਲ ਸੋਚਣ ਸਮਝਣ ਦੀ ਸ਼ਕਤੀ ਘੱਟ ਜਾਂਦੀ ਹੈ ਤੇ ਥਕਾਵਟ ਵੀ ਛੇਤੀ ਹੋਣ ਲੱਗ ਪੈਂਦੀ ਹੈ ਜਿਸ ਨਾਲ ਕੰਮ ਕਰਨ ਦੀ ਸਮਰੱਥਾ ਉੱਤੇ ਅਸਰ ਪੈ ਜਾਂਦਾ ਹੈ।

ਲੱਛਣ :-

(1). ਮੂੰਹ ਦਾ ਸੁੱਕਣਾ

(2). ਥਕਾਵਟ ਮਹਿਸੂਸ ਹੋਣੀ

(3). ਜ਼ਬਾਨ ਦਾ ਹਲਕਾ ਥਥਲਾਉਣਾ ਜਾਂ ਅੜਨਾ

(4). ਧੜਕਣ ਵਧ ਜਾਣੀ ਜਾਂ ਘਟ ਜਾਣੀ

(5). ਸਾਹ ਦਾ ਤੇਜ਼ ਹੋਣਾ ਜਾਂ ਹੌਲੀ ਹੋਣਾ

(6). ਨੀਂਦਰ ਨਾ ਆਉਣੀ

(7). ਸਿਰ ਭਾਰਾ ਹੋਣਾ

(8). ਪੱਠਿਆਂ ਦੀ ਕਮਜ਼ੋਰੀ

(9). ਬੀਮਾਰੀ ਨਾਲ ਲੜਨ ਦੀ ਤਾਕਤ ਦਾ ਘਟਣਾ

(10). ਛਾਤੀ ਵਿਚ ਜਕੜਨ ਮਹਿਸੂਸ ਹੋਣੀ

(11). ਛਾਤੀ ਵਿਚ ਹਲਕੀ ਪੀੜ ਜਾਂ ਤਿੱਖੀ ਪੀੜ

(12). ਦੂਜੇ ਦਾ ਨੁਕਸਾਨ ਕਰਨ ਬਾਰੇ ਸੋਚਣ ਲੱਗ ਪੈਣਾ

(13). ਸਭ ਨਾਲ ਲੜਨ ਲੱਗ ਪੈਣਾ

(14). ਆਰਾਮ ਨਾਲ ਢੋਅ ਲਾ ਕੇ ਬਹਿਣ ਦੀ ਥਾਂ ਪੱਠੇ ਖਿੱਚ ਕੇ ਅਗਾਂਹ ਨੂੰ ਹੋ ਕੇ ਗੱਲ ਕਰਨਾ. ਆਦਿ।

ਮਨੋਵਿਗਿਆਨੀਆਂ ਵੱਲੋਂ ਡਰ ਉੱਤੇ ਕਾਬੂ ਪਾਉਣ ਲਈ ਸੁਝਾਏ ਨੁਕਤੇ :-

  1. ਮੌਤ ਅਟੱਲ ਹੈ ਪਰ ਉਸ ਬਾਰੇ ਬਹਿ ਕੇ ਸੋਚਦੇ ਰਹਿਣ ਨਾਲ ਜਿੰਨੀ ਜ਼ਿੰਦਗੀ ਬਚੀ ਹੈ, ਉਹ ਵੀ ਰੱਜ ਕੇ ਜੀਅ ਨਹੀਂ ਸਕਦੇ। ਇਸੇ ਲਈ ਆਪਣੇ ਅੱਜ ਨੂੰ ਖੁਸ਼ਹਾਲ ਬਣਾਉਣ ਲਈ ਹਰ ਪਲ ਰੱਜ ਕੇ ਹੱਸਣ ਤੇ ਖੁਸ਼ੀ ਮਨਾਉਣ ਦੀ ਲੋੜ ਹੈ।
  2. ਆਪਣੇ ਆਪ ਉੱਤੇ ਯਕੀਨ ਰੱਖੋ।
  3. ਕਿਸੇ ਦੂਜੇ ਵਾਂਗ ਆਪਣੇ ਆਪ ਨੂੰ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਹਰ ਕਿਸੇ ਵਿਚ ਖ਼ੂਬੀਆਂ ਵੀ ਹਨ ਤੇ ਖ਼ਾਮੀਆਂ ਵੀ। ਆਪਣੇ ਆਪ ਨੂੰ ਵੱਖ ਮੰਨ ਕੇ ਖੁਸ਼ੀ ਮਹਿਸੂਸ ਕਰੋ। ਸ਼ੀਸ਼ੇ ਵਿਚ ਆਪਣੇ ਆਪ ਨੂੰ ਵੇਖ ਕੇ ਮੁਸਕਰਾਓ ਜ਼ਰੂਰ ਤੇ ਆਪਣੀ ਯੋਗਤਾ ਉੱਤੇ ਕਿੰਤੂ ਪਰੰਤੂ ਨਾ ਕਰੋ।
  4. ਸ਼ਾਮ ਵੇਲੇ ਕੁੱਝ ਲੋਕ ਸੂਰਜ ਢਲਣ ਬਾਅਦ ਢਹਿੰਦੀ ਕਲਾ ਮਹਿਸੂਸ ਕਰਨ ਲੱਗ ਪੈਂਦੇ ਹਨ। ਇਸੇ ਲਈ ਸ਼ਾਮ ਨੂੰ ਆਹਰੇ ਲੱਗਣਾ ਜ਼ਰੂਰੀ ਹੈ। ਭਾਵੇਂ ਪਾਲਤੂ ਜਾਨਵਰ ਨਾਲ ਸਮਾਂ ਬਿਤਾਓ, ਬਗ਼ੀਚੇ ਵਿਚ, ਪੇਂਟਿੰਗ ਕਰ ਕੇ, ਫੁੱਲ-ਪਤੀਆਂ, ਪੰਛੀਆਂ, ਬਜ਼ਾਰ ਵਿਚ ਘੁੰਮ ਕੇ, ਦੋਸਤਾਂ ਨਾਲ ਬਹਿ ਕੇ, ਆਦਿ, ਕਿਸੇ ਤਰ੍ਹਾਂ ਵੀ ਇਹ ਸਮਾਂ ਲੰਘਾਇਆ ਜਾ ਸਕਦਾ ਹੈ।
  5. ਹਮੇਸ਼ਾ ਸਕਾਰਾਤਮਕ ਸੋਚ ਰੱਖਣ ਦੀ ਲੋੜ ਹੈ।
  6. ਸ਼ਵ ਆਸਨ ਕਰਨਾ ਲਾਹੇਵੰਦ ਹੈ।
  7. ਲੰਮਾ ਸਾਹ ਅੰਦਰ ਖਿੱਚ ਕੇ, ਕੁੱਝ ਪਲ ਰੋਕ ਕੇ, ਸਾਹ ਉੱਤੇ ਕੇਂਦ੍ਰਿਤ ਕਰਨ ਨਾਲ ਡਰ ਅਤੇ ਚਿੰਤਾ ਤੋਂ ਕੁੱਝ ਪਲ ਮੁਕਤੀ ਪਾਈ ਜਾ ਸਕਦੀ ਹੈ।
  8. ਆਪਣੇ ਆਪ ਨੂੰ ਸਵਾਲ ਕਰੋ ਕਿ ਕੀ ਪਹਿਲਾਂ ਕਦੇ ਔਖਾ ਸਮਾਂ ਨਹੀਂ ਆਇਆ ? ਉਹ ਵੀ ਲੰਘ ਗਿਆ ਸੀ ਤਾਂ ਹੁਣ ਵੀ ਲੰਘ ਜਾਏਗਾ।
  9. ਕਦੇ ਕਦੇ ‘ਮੇਰੀ ਮਰਜ਼ੀ’ ਕਹਿ ਕੇ ਮਸਤ ਮਲੰਗ ਹੋ ਕੇ ਉੱਚੀ-ਉੱਚੀ ਹੱਸਣਾ ਜਾਂ ਸ਼ੀਸ਼ੇ ਵਿਚ ਵੇਖ ਕੇ ਟੇਢੇ-ਮੇਢੇ ਮੂੰਹ ਬਣਾ ਕੇ ਚੀਕ ਮਾਰਨੀ, ਇਕ ਵੱਖਰਾ ਹੀ ਆਨੰਦ ਦਿੰਦਾ ਹੈ।
  10. ਜੋ ਕਰਨ ਵਿਚ ਡਰ ਮਹਿਸੂਸ ਹੋਵੇ, ਉਸ ਨੂੰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ, ਜਿਵੇਂ ਦਰਖ਼ਤ ਉੱਤੇ ਚੜ੍ਹਨਾ, ਤੈਰਨਾ ਸਿੱਖਣਾ, ਸਾਈਕਲ ਚਲਾਉਣਾ, ਆਦਿ।
  11. ਰਿਸ਼ਤਾ ਟੁੱਟਣ ਦੇ ਡਰ ਖੁਣੋਂ ਮਾਰ ਕੁਟਾਈ ਸਹਿੰਦੇ ਰਹਿਣਾ ਜਾਂ ਮਾਨਸਿਕ ਤਣਾਓ ਸਹੇੜ ਕੇ ਬੀਮਾਰ ਹੋ ਜਾਣਾ ਸਹੀ ਨਹੀਂ ਹੈ। ਅਜਿਹੇ ਰਿਸ਼ਤਿਆਂ ਤੋਂ ਬਾਹਰ ਵੀ ਜ਼ਿੰਦਗੀ ਦੇ ਕਈ ਦਰਵਾਜ਼ੇ ਖੁੱਲੇ ਹੁੰਦੇ ਹਨ।
  12. ਬੱਚਾ ਜੰਮਣ ਸਮੇਂ ਦੀ ਪੀੜ ਆਮ ਮਨੁੱਖ ਸਹਿ ਨਹੀਂ ਸਕਦਾ ਤੇ ਬੇਹੋਸ਼ ਹੋ ਜਾਂਦਾ ਹੈ। ਅਜਿਹੀ ਪੀੜ ਸਹਿਣੀ ਤੇ ਬੱਚਾ ਜੰਮਣ ਉੱਤੇ ਖੁਸ਼ੀ ਵੀ ਮਨਾਉਣੀ ਸਪਸ਼ਟ ਕਰਦਾ ਹੈ ਕਿ ਹਰ ਔਖੇ ਸਮੇਂ ਬਾਅਦ ਖ਼ੁਸ਼ੀ ਖੜੀ ਉਡੀਕਦੀ ਹੁੰਦੀ ਹੈ। ਲੋੜ ਹੈ ਸਿਰਫ਼ ਔਖੇ ਸਮੇਂ ਨੂੰ ਜਰ ਜਾਣ ਦੀ ਤੇ ਡਰ ਉੱਤੇ ਕਾਬੂ ਪਾਉਣ ਦੀ।
  13. ਮਨ ਉੱਤੇ ਡਰ ਉਦੋਂ ਹੀ ਹੱਲਾ ਬੋਲਦਾ ਹੈ ਜਦੋਂ ਜੱਕੋ ਤੱਕੀ ਵਿਚ ਹੋਵੇ।
  14. ਸ਼ਿਕਾਗੋ ਦੇ ਮਨੋਵਿਗਿਆਨੀ ਬੈਰਾਥਨ ਨੇ ਸਮਝਾਇਆ ਹੈ ਕਿ ਜਦੋਂ ਡਰ, ਮਨ ਉੱਤੇ ਹਾਵੀ ਹੋ ਜਾਏ ਤਾਂ ਉਹੀ ਚੀਜ਼ਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਮਨ ਸੋਚ ਰਿਹਾ ਹੁੰਦਾ ਹੈ; ਜਿਵੇਂ ਭੀੜ ਵਿੱਚੋਂ ਇਕ ਸ਼ੱਕੀ ਬੰਦੇ ਦਾ ਤੁਹਾਡੇ ਵੱਲ ਆਉਣਾ, ਡਿੱਗਣ ਦੇ ਡਰ ਸਦਕਾ ਲੱਤ ਦੇ ਪੱਠੇ ਦਾ ਇਕ ਦੰਮ ਸੁੰਗੜ ਜਾਣਾ ਤੇ ਅਸਲ ਵਿਚ ਡਿੱਗ ਜਾਣਾ, ਕਿਸੇ ਦਾ ਹੋਰ ਪਾਸੇ ਵੱਲ ਝਾਕਣਾ, ਪਰ ਇੰਜ ਲੱਗਣਾ ਸਾਡੇ ਵੱਲ ਹੀ ਘੂਰ ਰਿਹਾ ਹੈ, ਕਿਸੇ ਵੀ ਘਰ ਵਿਚਲੇ ਬੰਦ ਪੈਕਟ ਵਿਚ ਬੰਬ ਬਾਰੇ ਸ਼ੰਕਾ ਉਭਾਰਨੀ, ਆਦਿ।
  15. ਘਰ ਅੰਦਰ ਵੜੇ ਰਹਿਣ ਦੀ ਬਜਾਇ ਬਾਹਰ ਨਿਕਲ ਕੇ ਦੋਸਤੀਆਂ ਗੰਢਣ ਦੀ ਲੋੜ ਹੁੰਦੀ ਹੈ।
  16. ਦੂਜਿਆਂ ਦੀ ਮਦਦ ਕਰਨ ਨਾਲ ਬਹੁਤ ਜ਼ਿਆਦਾ ਖ਼ੁਸ਼ੀ ਮਿਲਦੀ ਹੈ ਜੋ ਡਰ ਨੂੰ ਘਟਾਉਣ ਵਿਚ ਸਹਾਈ ਹੁੰਦੀ ਹੈ।
  17. ਮੌਤ ਬਾਰੇ ਸੋਚਣਾ ਛੱਡ ਦਿਓ। ਹਰ ਕਿਸੇ ਦੀ ਵਾਰੀ ਅੱਗੜ ਪਿੱਛੜ ਆਉਣੀ ਹੈ।
  18. ‘ਉਹ’ ਹੈ ਜਾਂ ਨਹੀਂ ਬਾਰੇ ਬਹਿਸ ਕਰਨੀ, ਛੱਡ ਕੇ ਆਪਣੀ ਚਿੰਤਾ ਰੱਬ ਉੱਤੇ ਛੱਡ ਕੇ ਸੁਰਖ਼ਰੂ ਹੋ ਜਾਓ।
  19. ਜਿਸ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ, ਉਸ ਪਿੱਛੇ ਤਣਾਓ ਨਾ ਸਹੇੜੋ ਕਿਉਂਕਿ ਉਸ ਦਾ ਖੁੱਸਣਾ ਡਰ ਪੈਦਾ ਕਰਦਾ ਹੈ।
  20. ਆਪਣੇ ਟੱਬਰ ਵਿਚਲੇ ਰਿਸ਼ਤਿਆਂ ਨੂੰ ਰੱਜ ਕੇ ਮਾਣੋ।
  21. ਬੇਲੋੜੇ ਸਵਾਲਾਂ ਨੂੰ ਮਨ ਵਿਚ ਥਾਂ ਨਾ ਦਿਓ; ਜਿਵੇਂ ਵਾਧੂ ਟਰੈਫਿਕ ਤਣਾਓ ਦਿੰਦਾ ਹੈ, ਉਂਜ ਹੀ ਮਨ ਅੰਦਰ ਭਰੇ ਫਾਲਤੂ ਵਿਚਾਰ ਡਰ ਪੈਦਾ ਕਰਦੇ ਹਨ।
  22. ਕੁੱਝ ਨਵਾਂ ਕਰਨ ਬਾਰੇ ਸੋਚੇ ਜੋ ਪਹਿਲਾਂ ਕਦੇ ਨਾ ਕੀਤਾ ਹੋਵੇ।
  23. ਪਿਆਰ ਜ਼ਰੂਰ ਕਰੋ। ਰੱਬ ਨਾਲ, ਜਾਨਵਰ ਨਾਲ, ਕੁਦਰਤ ਨਾਲ, ਦੋਸਤਾਂ ਨਾਲ, ਜੀਵਨ ਸਾਥੀ ਨਾਲ, ਬੱਚਿਆਂ ਨਾਲ ਜਾਂ ਕਿਸੇ ਹੋਰ ਪਿਆਰੇ ਨਾਲ। ਇਸ ਨਾਲ ਸਹਿਜ ਹੋ ਕੇ ਮਨ ਵਿੱਚੋਂ ਡਰ ਨਿਕਲ ਜਾਂਦਾ ਹੈ ਤੇ ਲੰਮੀ ਜ਼ਿੰਦਗੀ ਭੋਗੀ ਜਾ ਸਕਦੀ ਹੈ।

ਲਓ ਹੁਣ ਅਜ਼ਮਾਓ ਤੇ ਸਿਹਤਮੰਦ ਹੋ ਜਾਓ !