35.7 C
Jalandhar
Tuesday, April 21, 2026
spot_img
Home Blog Page 148

ਸਿਆਸੀ ਆਗੂਆਂ ਤੇ ਜਥੇਦਾਰ ਨੇ ਮਿਲ ਕੇ ਅਕਾਲ ਤਖ਼ਤ ਦਾ ਸਨਮਾਨ ਮਿਲਾਇਆ ਮਿੱਟੀ ’ਚ

1

ਸਿਆਸੀ ਆਗੂਆਂ ਤੇ ਜਥੇਦਾਰ ਨੇ ਮਿਲ ਕੇ ਅਕਾਲ ਤਖ਼ਤ ਦਾ ਸਨਮਾਨ ਮਿਲਾਇਆ ਮਿੱਟੀ ’ਚ

ਨਿਘਾਰ ਇਸ ਪੱਧਰ ’ਤੇ ਪਹੁੰਚ ਗਿਆ ਹੈ ਕਿ ਮਸੰਦਾਂ ਨੂੰ ਤੇਲ ਦੇ ਕੜਾਹੇ ਵਿੱਚ ਸਾੜਨ ਵਾਂਗ ਜੇ ਇਹ ਸਾੜੇ ਨਹੀਂ ਵੀ ਜਾ ਸਕਦੇ ਤਾਂ ਘੱਟ ਤੋਂ ਘੱਟ ਸਿਆਸੀ ਆਗੂਆਂ ਤੋਂ ਸ਼੍ਰੋਮਣੀ ਕਮੇਟੀ ਅਜਾਦ ਕਰਵਾ ਕੇ ਅਤੇ ਜਥੇਦਾਰਾਂ ਦੇ ਅਹੁੱਦੇ ਰੱਦ ਕਰਕੇ ਗੁਰੂ ਦੀ ਸਿੱਖੀ ਨੂੰ ਬਚਾਉਣ ਦਾ ਉਪਾਅ ਜ਼ਰੂਰ ਲੱਭਣਾ ਚਾਹੀਦਾ ਹੈ ।

ਕਿਰਪਾਲ ਸਿੰਘ (ਬਠਿੰਡਾ) 98554-80797

ਜੇ ਬਹੁਤਾ ਪਿਛਾਂਹ ਨਾ ਵੀ ਜਾਈਏ ਅਤੇ ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸੀ ਆਗੂਆਂ ਵੱਲੋਂ ਆਪਣੇ ਸਿਆਸੀ ਮਨੋਰਥ ਪੂਰੇ ਕਰਨ ਲਈ  ਅਕਾਲ ਤਖ਼ਤ ਦਾ ਨਾਮ ਵਰਤ ਕੇ ਜਥੇਦਾਰਾਂ ਤੋਂ ਜਾਰੀ ਕਰਵਾਏ ਗਏ ਹੁਕਮਨਾਮਿਆਂ ’ਤੇ ਪੰਛੀ ਝਾਤ ਮਾਰੀ ਜਾਵੇ ਤਾਂ ਸਹਿਜੇ ਹੀ ਇਸ ਨਤੀਜੇ ’ਤੇ ਪਹੁੰਚਿਆ ਜਾ ਸਕਦਾ ਹੈ ਕਿ ਸਿਆਸੀ ਆਗੂਆਂ ਤੇ ਜਥੇਦਾਰਾਂ ਦੀ ਮਿਲੀਭੁਗਤ ਨੇ ਅਕਾਲ ਤਖ਼ਤ ਦਾ ਮਾਨ ਸਨਮਾਨ ਮਿੱਟੀ ਘੱਟੇ ਵਿੱਚ ਰੋਲਣ ਸਮੇਤ ਸਿੱਖੀ ਦਾ ਬੇਹੱਦ ਨੁਕਸਾਨ ਕੀਤਾ ਹੈ। ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਮਨਮਰਜੀ ਦੇ ਹੁਕਮਨਾਮੇ ਜਾਰੀ ਕਰਵਾਉਣ ਲਈ ਕਾਬਜ਼ ਧੜੇ ਨੇ ਬਿਨਾਂ ਕਿਸੇ ਯੋਗਤਾ ਤੇ ਮੈਰਿਟ ਨੂੰ ਵੀਚਾਰਿਆਂ; ਸਿੱਖੀ ਅਸੂਲਾਂ ਤੋ ਅਣਜਾਣ ਨਾ-ਅਹਿਲ ਕਿਸਮ ਦੇ ਆਪਣੇ ਜੀ-ਹਜੂਰੀ ਗ੍ਰੰਥੀਆਂ ਨੂੰ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੇ ਉੱਚ ਅਹੁੱਦਿਆਂ ’ਤੇ ਨਿਯੁਕਤ ਕਰਕੇ ਉਨ੍ਹਾਂ ਨੂੰ ਗੁਰੂ ਕੀ ਗੋਲਕ ਵਿੱਚੋਂ ਬੇਸ਼ੁਮਾਰ ਵੀ. ਆਈ. ਪੀ. ਸਹੂਲਤਾਂ ਨਾਲ ਨਿਵਾਜ਼ਿਆ ਤੇ ਸਰਬ-ਉੱਚ ਸਿੰਘ ਸਾਹਿਬਾਨਾਂ ਦੇ ਲਕਬਾਂ ਨਾਲ ਸੰਬੋਧਨ ਕਰਕੇ ਇਨ੍ਹਾਂ ਵੱਲੋਂ ਜਾਰੀ ਗੈਰ ਸਿਧਾਂਤਕ ਹੁਕਮਨਾਮਿਆਂ ਨੂੰ ਵੀ ਗੁਰੂ ਸ਼ਬਦ ਤੋਂ ਵੱਧ ਪ੍ਰਚਾਰਿਆ ਗਿਆ। ਇਨ੍ਹਾਂ ਸਰਬਉੱਚ ਦੱਸੇ ਜਾ ਰਹੇ ਜਥੇਦਾਰਾਂ ਦੀ ਆਪਣੀ ਪਾਇਆਂ ਇਹ ਹੈ ਕਿ ਜਿਸ ਦਿਨ ਕੋਈ ਜਥੇਦਾਰ, ਕਾਬਜ਼ ਧੜੇ ਦੇ ਇਸ਼ਾਰੇ ਨੂੰ ਸਮਝੇ ਬਿਨਾਂ ਕੋਈ ਵੱਖਰੀ ਰਾਇ ਦੇ ਬੈਠੇ ਤਾਂ ਤੁਰੰਤ ਉਨ੍ਹਾਂ ਨੂੰ ਕਾਰਖਾਨੇ ਦੇ ਦਿਹਾੜੀਦਾਰ ਮਜ਼ਦੂਰਾਂ ਵਾਂਗ ਅਗਲੇ ਦਿਨ ਹੀ ਕੰਮ ’ਤੇ ਨਾ ਆਉਣ ਦੇ ਹੁਕਮ ਜਾਰੀ ਹੋ ਜਾਂਦੇ ਹਨ। ਭਾਈ ਰਣਜੀਤ ਸਿੰਘ, ਪ੍ਰੋ: ਮਨਜੀਤ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਗਿਆਨੀ ਗੁਰਮੁਖ ਸਿੰਘ ਨੂੰ ਜਿਸ ਢੰਗ ਨਾਲ ਜਥੇਦਾਰੀ ਦੇ ਅਹੁੱਦੇ ਤੋਂ ਵੱਖ ਕੀਤਾ ਗਿਆ ਹੈ ਇਸ ਨੂੰ ਬਹੁਤਾ ਵਿਸਥਾਰ ਨਾਲ ਦੱਸਣ ਦੀ ਲੋੜ ਨਹੀਂ ਰਹੀ। ਜਥੇਦਾਰੀ ਦੇ ਰੁਤਬੇ ਅਤੇ ਵੀ. ਆਈ. ਪੀ. ਸਹੂਲਤਾਂ ਖੁੱਸਣ ਦੇ ਡਰੋਂ ਬਹੁਤੇ ਜਥੇਦਾਰ ਸਿਆਸੀ ਮਾਲਕਾਂ ਵੱਲੋਂ ਚੰਡੀਗੜ੍ਹ ਤੋਂ ਕੀਤੇ ਫੈਸਲਿਆਂ ’ਤੇ ਦਸਤਖ਼ਤ ਕਰਕੇ ਅਕਾਲ ਤਖ਼ਤ ਦੇ ਹੁਕਮਨਾਮਿਆਂ ਦਾ ਨਾਮ ਦੇ ਦਿੰਦੇ ਹਨ ਜਿਸ ਨੂੰ ਸਾਰੀ ਸਿੱਖ ਕੌਮ ਇਲਾਹੀ ਹੁਕਮ ਸਮਝ ਕੇ ਮੰਨਣ ਲਈ ਪਾਬੰਦ ਹੋ ਜਾਂਦੀ ਹੈ।  ਇਸ ਤੋਂ ਵੱਧ ਹੈਰਾਨੀਜਨਕ ਅਤੇ ਦੁਖਦਾਇਕ ਗੱਲ ਹੋਰ ਕੀ ਹੋ ਸਕਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੁਕਮਨਾਮੇ (ਸ਼ਬਦ ਉਪਦੇਸ਼) ਜਿਨ੍ਹਾਂ ਵਿੱਚ ਸਿੱਖ ਨੂੰ ਨਸੀਹਤ ਕੀਤੀ ਗਈ ਹੈ ਕਿ ਪੱਥਰ ਪੂਜਾ ਦਾ ਕੋਈ ਵੀ ਲਾਭ ਨਹੀਂ ਹੈ ਕਿਉਂਕਿ ਵੇਖੋ ਜਿਨ੍ਹਾਂ ਪੱਥਰ ਦੇ ਦੇਵਤਿਆਂ ਦਾ ਪਾਣੀ ਨਾਲ ਇਸ਼ਨਾਨ ਕਰਾਇਆ ਜਾਂਦਾ ਤੇ ਪੂਜਾ ਕੀਤੀ ਜਾਂਦੀ ਹੈ, ਜੇ ਉਹ ਹੱਥੋਂ ਨਿਕਲ ਜਾਣ ਤਾਂ ਖੁਦ ਪਾਣੀ ਵਿੱਚ ਡੁੱਬ ਜਾਂਦੇ ਹਨ : “ਪਾਹਣੁ ਨੀਰਿ ਪਖਾਲੀਐ ਭਾਈ !   ਜਲ ਮਹਿ ਬੁਡਹਿ ਤੇਹਿ

ਬੇ-ਸਮਝ ਮੂਰਖ ਪੱਥਰ (ਦੀਆਂ ਮੂਰਤੀਆਂ ਲੈ ਕੇ ਉਨ੍ਹਾਂ ਦੀ ਉਪਾਸ਼ਨਾ ਕਰਦੇ ਹਨ ਜਦੋਂ ਕਿ ਪੱਥਰ ਤਾਂ ਖੁਦ ਹੀ ਡੁੱਬ ਜਾਂਦੇ ਹਨ, ਤਾਂ ਹੇ ਬੰਦੇ ! ਤੈਨੂੰ ਕਿਸ ਤਰ੍ਹਾਂ ਪਾਰ ਲੈ ਜਾਣਗੇ’ : “ਪਾਥਰੁ ਲੇ ਪੂਜਹਿ, ਮੁਗਧ ਗਵਾਰ  ਓਹਿ, ਜਾ ਆਪਿ ਡੁਬੇ ; ਤੁਮ, ਕਹਾ ਤਰਣਹਾਰੁ ?

‘ਦੇਵੀ ਦੇਵਤਿਆਂ ਦੀ ਪੂਜਾ ਕਰ ਕੇ, ਹੇ ਭਾਈ ! ਬੰਦਾ ਇਨ੍ਹਾਂ ਪਾਸੋਂ ਕੀ ਮੰਗ ਸਕਦਾ ਹੈ ਅਤੇ ਉਹ ਉਨ੍ਹਾਂ ਨੂੰ ਕੀ ਦੇ ਸਕਦੇ ਹਨ ?’ : “ਦੇਵੀ ਦੇਵਾ ਪੂਜੀਐ ਭਾਈ !   ਕਿਆ ਮਾਗਉ ? ਕਿਆ ਦੇਹਿ ?

ਇਨ੍ਹਾਂ ਪਾਵਨ ਹੁਕਮਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਕੇ ਮੰਦਰਾਂ ਵਿੱਚ ਜਾ ਕੇ ਸ਼ਿਵ ਲਿੰਗ ਤੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ, ਹਵਨ ਤੇ ਜਗਰਾਤੇ ਕਰਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਜਥੇਦਾਰਾਂ ਵੱਲੋਂ ‘ਫ਼ਖ਼ਰ-ਏ-ਕੌਮ, ਪੰਥ ਰਤਨ’ ਅਵਾਰਡ ਨਾਲ ਨਿਵਾਜ਼ਿਆ ਗਿਆ ਪਰ ਗੁਰਬਾਣੀ ਦੇ ਮਹਾਨ ਉਪਦੇਸ਼ਾਂ ਦੀ ਵਿਆਖਿਆ ਕਰਕੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ, ਵਿਦਵਾਨਾਂ, ਲੇਖਕਾਂ ਅਤੇ ਬਾਦਲ ਦੀਆਂ ਨੀਤੀਆਂ ਦਾ ਪਰਦਾ ਫ਼ਾਸ਼ ਕਰਨ ਵਾਲੇ ਵਿਰੋਧੀ ਸਿਆਸੀ ਆਗੂਆਂ ਦੀ ਆਵਾਜ਼ ਬੰਦ ਕਰਵਾਉਣ ਲਈ ਕਿਸੇ ਨੇ ਕਿਸੇ ਬਹਾਨੇ ਅਕਾਲ ਤਖ਼ਤ ਤੋਂ ਤਨਖਾਹੀਏ ਘੋਸ਼ਿਤ ਕਰਕੇ ਜਾਂ ਤਾਂ ਉਨ੍ਹਾਂ ਨੂੰ ਬਾਦਲ ਦੀ ਈਨ ਮੰਨਣ ਦੀ ਸ਼ਰਤ ’ਤੇ ਥੋੜੀ ਤਨਖ਼ਾਹ ਲਾ ਕੇ ਮੁਆਫ਼ ਕਰਨ ਦਾ ਡਰਾਮਾ ਰਚ ਦਿੱਤਾ ਜਾਂਦਾ ਹੈ ਜਾਂ ਫਿਰ ਈਨ ਮੰਨਣ ਤੋਂ ਆਕੀ ਵਿਦਵਾਨਾਂ ਨੂੰ ਪੰਥ ਵਿੱਚੋਂ ਛੇਕ ਕੇ ਉਨ੍ਹਾਂ ਨੂੰ ਅਲੱਗ ਥਲੱਗ ਕਰਕੇ ਆਵਾਜ਼ ਬੰਦ ਕਰਵਾ ਦਿੱਤਾ ਜਾਂਦੀ ਹੈ।

ਹੋਰ ਤਾਂ ਹੋਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਧਰਮ ਦੇ ਨਾਮ ’ਤੇ ਜੀਵਾਂ ਦੀ ਬਲੀ ਦੇਣ ਵਾਲਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ‘ਹੇ ਮੇਰੇ ਵੀਰ ! ਤੂੰ ਜੀਵ ਨੂੰ ਮਾਰਦਾ ਹੈਂ ਅਤੇ ਉਸ ਨੂੰ ਧਰਮ ਕਰਕੇ ਜਾਣਦਾ ਹੈਂ । ਤੂੰ ਆਪਣੇ ਆਪ ਨੂੰ ਤਾਂ ਪਰਮ ਸ੍ਰੇਸ਼ਟ ਰਿਸ਼ੀ ਆਖਦਾ ਹੈਂ। ਫੇਰ ਤੂੰ ਕਸਾਈ ਕਿਸ ਨੂੰ ਆਖਦਾ ਹੈਂ ? ਤਦ ਤੂੰ ਮੈਨੂੰ ਦਸ; ਤੂੰ ਕਿਸ ਨੂੰ ਅਧਰਮ (ਮੰਦਾ ਕਰਮ) ਆਖਦਾ ਹੈਂ ?’ : “ਜੀਅ ਬਧਹੁ, ਸੁ ਧਰਮੁ ਕਰਿ ਥਾਪਹੁ ;   ਅਧਰਮੁ ਕਹਹੁ ਕਤ ਭਾਈ ? ਆਪਸ ਕਉ, ਮੁਨਿਵਰ ਕਰਿ ਥਾਪਹੁ ;   ਕਾ ਕਉ, ਕਹਹੁ ਕਸਾਈ ?

ਜਗਨ ਨਾਥ ਪੁਰੀ ਵਿੱਖੇ ਪਾਂਡਿਆਂ ਵੱਲੋਂ ਜਗਨ ਨਾਥ ਦੀ ਕੀਤੀ ਜਾ ਰਹੀ ਆਰਤੀ ਦਾ ‘ਗੁਰੂ ਨਾਨਕ ਸਾਹਿਬ ਜੀ ਵੱਲੋਂ ਖੰਡਨ ਕਰਨ ਲਈ ਆਰਤੀ ਵਿੱਚ ਸ਼ਾਮਲ ਨਾ ਹੋ ਕੇ ਕੇਵਲ ਉਨ੍ਹਾਂ ਦੀਆਂ ਗਤੀਵਿਧੀਆਂ ਨੋਟ ਕੀਤੀਆਂ। ਪਾਂਡਿਆਂ ਵੱਲੋਂ ਪੁੱਛਣ ’ਤੇ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਜਗਤ ਦੇ ਮਾਲਕ ਪ੍ਰਭੂ ਦੀ ਤਾਂ ਕੁਦਰਤੀ ਹੋ ਰਹੀ ਆਰਤੀ ਲਈ ਮਾਨੋ ਅਸਮਾਨ ਰੂਪੀ ਵੱਡੇ ਥਾਲ ਅੰਦਰ ਸੂਰਜ ਤੇ ਚੰਨ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜੜੇ ਹੋਏ ਮੋਤੀ ਹਨ। ਚੰਨਣ ਦੀ ਸੁਗੰਧਤ ਹੋਮ-ਸਾਮੱਗਰੀ ਹੈ, ਹਵਾ ਚੌਰ ਕਰ ਰਹੀ ਹੈ ਅਤੇ ਸਾਰੀ ਬਨਸਪਤੀ ਫੁੱਲ ਹਨ। (ਮੈਂ ਤਾਂ ਉਸ ਮਹਾਨ ਆਰਤੀ ਵਿੱਚ ਸ਼ਾਮਲ ਹਾਂ ਤੁਹਾਡੀ ਇਸ ਨਾਟਕ ਮਾਤ੍ਰ ਆਰਤੀ ਦੇ ਪਾਖੰਡ ਵਿੱਚ ਸ਼ਾਮਲ ਹੋਣ ਦਾ ਕੀ ਲਾਭ ?)’ : “ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ ;   ਤਾਰਿਕਾ ਮੰਡਲ, ਜਨਕ ਮੋਤੀ   ਧੂਪੁ ਮਲਆਨਲੋ, ਪਵਣੁ ਚਵਰੋ ਕਰੇ ;   ਸਗਲ ਬਨਰਾਇ, ਫੂਲੰਤ ਜੋਤੀ

ਇਨ੍ਹਾਂ ਮਹਾਨ ਉਪਦੇਸ਼ਾਂ ਨੂੰ ਪੂਰੀ ਤਰ੍ਹਾਂ ਪਿੱਠ ਦੇਣ ਵਾਲੇ ਭਾਵ ਬ੍ਰਾਹਮਣਾਂ ਵਾਙ ਥਾਲ ਵਿੱਚ ਦੀਵੇ ਰੱਖ ਕੇ ਆਰਤੀ ਕਰਨ ਵਾਲੇ ਅਤੇ ਗੁਰੂ ਘਰ ਵਿੱਚ ਬੱਕਰਿਆਂ ਦੀਆਂ ਕੁਰਬਾਨੀਆਂ ਦੇਣ ਵਾਲੇ ਤਖ਼ਤ ਹਜੂਰ ਸਾਹਿਬ ਦੇ (ਪਾਂਡੇ) ਜਥੇਦਾਰ ਜੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗਾਂ ਵਿੱਚ ਬੈਠ ਕੇ ਇਹ ਫੈਸਲਾ ਕਰਨ ਕਿ ਕਿਸ ਸਿੱਖ ਨੂੰ ‘ਫ਼ਖ਼ਰ-ਏ-ਕੌਮ, ਪੰਥ ਰਤਨ’ ਅਵਾਰਡ ਦੇਣਾ ਹੈ ਤੇ ਕਿਸ ਨੂੰ ਪੰਥ ਵਿੱਚੋਂ ਛੇਕ ਕੇ ਸਿੱਖਾਂ ਨੂੰ ਹਦਾਇਤ ਕਰਨੀ ਹੈ ਕਿ ਇਸ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਤਾਂ ਸਿਧਾਂਤਕ ਤੌਰ ’ਤੇ ਇਸ ਤੋਂ ਵੱਧ ਨਿਘਾਰ ਹੋਰ ਕੀ ਸਕਦਾ ਹੈ ?

ਬੇਸ਼ੱਕ ਪਹਿਲਾਂ ਵੀ ਬਹੁਤ ਸਾਰੇ ਸੂਝਵਾਨ ਸਿੱਖਾਂ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਪੰਜ ਸਿੰਘ ਸਾਹਿਬਾਨ ਦਾ ਤਾਂ ਸਿਰਫ ਨਾ ਹੀ ਵਰਤਿਆ ਜਾਂਦਾ ਹੈ ਅਸਲ ਫੈਸਲੇ ਨਾਗਪੁਰ ਤੋਂ ਵਾਇਆ ਚੰਡੀਗੜ੍ਹ ਹੋ ਕੇ ਅੰਮ੍ਰਿਤਸਰ ਪਹੁੰਚ ਜਾਂਦੇ ਹਨ ਤੇ ਜੀ ਹਜੂਰੀ ਪੰਜ ਗ੍ਰੰਥੀਆਂ ਤੋਂ ਦਸਤਖ਼ਤ ਕਰਵਾ ਕੇ ਇਨ੍ਹਾਂ ਨੂੰ ਹੁਕਮਨਾਮਿਆਂ ਦਾ ਨਾਮ ਦੇ ਕੇ ਸਿੱਖ ਕੌਮ ’ਤੇ ਥੋਪ ਦਿੱਤੇ ਜਾਂਦੇ ਹਨ; ਪਰ ਗਿਆਨੀ ਗੁਰਮੁਖ ਸਿੰਘ ਵੱਲੋਂ ਕੀਤੇ ਖ਼ੁਲਾਸੇ ਅਤੇ ਉਸ ਦੀ ਬਰਤਰਫੀ (ਡਿਸਮਿਸ) ਪਿੱਛੋਂ ਤਾਂ ਕੋਈ ਸ਼ੱਕ ਰਹਿਣ ਹੀ ਨਹੀਂ ਦਿੱਤਾ ਕਿ ਅਸਲ ਫੈਸਲੇ ਕਿੱਥੋਂ ਅਤੇ ਕਿਸ ਦੇ ਹੰਦੇ ਹਨ। ਹੁਣ ਤੱਕ ਦੀ ਰਵਾਇਤ ਇਹ ਹੈ ਕਿ ਪੰਥ ਵਿੱਚੋਂ ਛੇਕਿਆ ਜਾਂ ਸਜ਼ਾਯਾਫ਼ਤਾ ਕੋਈ ਮਨੁੱਖ ਜੇ ਦਿਲੋਂ ਆਪਣੀ ਗਲਤੀ ਦਾ ਅਹਿਸਾਸ ਕਰਕੇ ਖ਼ੁਦ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਲਿਖਤੀ ਤੌਰ ’ਤੇ ਬੇਨਤੀ ਪੱਤਰ ਦੇਵੇ ਤਾਂ ਪੰਜ ਸਿੰਘ ਸਾਹਿਬਾਨ ਉਸ ਪੱਤਰ ’ਤੇ ਵੀਚਾਰ ਕਰਕੇ ਫੈਸਲਾ ਕਰ ਸਕਦੇ ਹਨ। ਗਿਆਨੀ ਗੁਰਮੁਖ ਸਿੰਘ ਅਨੁਸਾਰ ਉਸ ਨੂੰ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਸਮੇਤ; ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ 16 ਸਤੰਬਰ 2015 ਨੂੰ ਆਪਣੀ ਕਾਰ ਵਿੱਚ ਬਿਠਾ ਕੇ ਚੰਡੀਗੜ੍ਹ ਵਿਖੇ ਸ: ਪ੍ਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ ਪੰਜਾਬ) ਦੀ ਸਰਕਾਰੀ ਕੋਠੀ ਵਿੱਚ ਲੈ ਕੇ ਗਿਆ ਜਿੱਥੇ ਪਹਿਲਾਂ ਤੋਂ ਹੀ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਡਾ: ਦਲਜੀਤ ਸਿੰਘ ਚੀਮਾ ਕੈਬੀਨਟ ਮੰਤਰੀ ਮੌਜੂਦ ਸਨ। ਸੁਖਬੀਰ ਸਿੰਘ ਨੇ ਡੇਰਾ ਸਿਰਸਾ ਮੁਖੀ ਦੇ ਦਸਤਖ਼ਤਾਂ ਵਾਲਾ ਹਿੰਦੀ ਵਿੱਚ ਲਿਖਿਆ ਪੱਤਰ ਜਥੇਦਾਰਾਂ ਨੂੰ ਫੜਾ ਕੇ ਕਿਹਾ ਕਿ ਜਲਦੀ ਤੋਂ ਜਲਦੀ ਕੇਸ ਰਫਾ ਦਫਾ ਕਰੋ। ਜਥੇਦਾਰਾਂ ਵੱਲੋਂ ਇਸ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਾਏ ਜਾਣ ਬਾਰੇ ਕਹਿਣ ’ਤੇ ਪੰਜਾਬੀ ਵਿੱਚ ਲਿਖਿਆ ਪੱਤਰ ਅਕਾਲ ਤਖ਼ਤ ’ਤੇ ਪਹੁੰਚਾਇਆ ਗਿਆ ਜਿਸ ’ਤੇ 24 ਸਤੰਬਰ ਨੂੰ ਪੰਜ ਸਿੰਘ ਸਾਹਿਬਾਨ ਨੇ ਵੀਚਾਰ ਕੀਤੀ। ਪੰਜ ਸਿੰਘ ਸਾਹਿਬਾਨ ਚਾਹੁੰਦੇ ਸਨ ਕਿ ਇਸ ਪੱਤਰ ਨੂੰ ਨਸ਼ਰ ਕੀਤਾ ਜਾਵੇ ਤੇ ਸਿੱਖ ਸੰਗਤਾਂ ਦਾ ਪ੍ਰਤੀਕਰਮ ਆਉਣ ਪਿੱਛੋਂ ਇਸ ’ਤੇ ਕੌਮ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕੀਤਾ ਜਾਵੇ, ਪਰ ਗਿਆਨੀ ਗੁਰਮੁਖ ਸਿੰਘ ਅਨੁਸਾਰ ਸੁਖਬੀਰ ਸਿੰਘ ਬਾਦਲ ਦਾ ਉਨ੍ਹਾਂ ਉਪਰ ਮਾਮਲਾ ਤੁਰੰਤ ਰਫਾ ਦਫਾ ਕਰਨ ਲਈ ਇਤਨਾ ਦਬਾਅ ਸੀ, ਜੋ ਸਹਿਣ ਤੋਂ ਬਾਹਰ ਸੀ ਇਸ ਲਈ ਅੰਤਾਂ ਦੇ ਦਬਾਅ ਹੇਠ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਉਹ ਪੱਤਰ ਪ੍ਰਵਾਨ ਕਰਨਾ ਪਿਆ, ਪਰ ਸਿੱਖ ਸੰਗਤਾਂ ਦਾ ਪਹਿਲਾਂ ਹੀ ਨਾਨਕਸ਼ਾਹੀ ਕੈਲੰਡਰ ਉਪਰ ਵੱਖਰੇ ਵੀਚਾਰ ਰੱਖਣ ਕਾਰਨ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਬੇਇਜ਼ਤੀ ਭਰੇ ਢੰਗ ਨਾਲ ਹਟਾਏ ਜਾਣ ਅਤੇ ਸਿਰਸਾ ਡੇਰਾ ਵਿਵਾਦ ਨੂੰ ਆਪਣੀ ਸਿਆਸਤ ਦੇ ਅਨੂਕੂਲ ਨਜਿੱਠਣ ਲਈ ਬਾਦਲ ਦਲ ਦੀਆਂ ਚਾਲਾਂ ਤੋਂ ਦੁਖੀ ਸਨ ਉਪਰੋਂ ਬਿਨਾਂ ਪੇਸ਼ ਹੋ ਕੇ ਗਲਤੀ ਮੰਨਣ ਤੇ ਮੁਆਫੀ ਮੰਗਣ ਦੇ ਸੌਦਾ ਸਾਧ ਨੂੰ ਮੁਆਫ ਕੀਤੇ ਜਾਣ ਅਤੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਵਿਰੁਧ ਇਤਨਾ ਰੋਹ ਉਤਪੰਨ ਹੋਇਆ ਕਿ ਉਨ੍ਹਾਂ ਅੱਗੇ ਝੁਕਦਿਆਂ ਕੁਝ ਹੀ ਸਮੇਂ ਬਾਅਦ 16 ਅਕਤੂਬਰ 2015 ਨੂੰ ਪੰਜ ਸਿੰਘ ਸਾਹਿਬਾਨ ਨੂੰ 24 ਸਤੰਬਰ ਵਾਲਾ ਹੁਕਮਨਾਮਾ ਵਾਪਸ ਲੈਣਾ ਪਿਆ।

ਗਿਆਨੀ ਗੁਰਮੁਖ ਸਿੰਘ ਦਾ ਰੋਸ ਇਹ ਸੀ ਕਿ ਸਿਰਸਾ ਡੇਰਾ ਮੁਖੀ ਦਾ ਉਹ ਪੱਤਰ ਅਕਾਲ ਤਖ਼ਤ ਵਿਖੇ ਲੈ ਕੇ ਆਉਣ ਵਾਲੇ ਦਾ ਨਾਮ ਉਨ੍ਹਾਂ ਸਿਰ ਹੀ ਮੜ੍ਹ ਦਿੱਤਾ ਗਿਆ ਜਦੋਂ ਕਿ ਉਨ੍ਹਾਂ ਨੂੰ ਇਸ ਦਾ ਕੋਈ ਇਲਮ ਨਹੀਂ ਸੀ। ਆਪਣੇ ਸਿਰੋਂ ਕਲੰਕ ਲਹਾਉਣ ਲਈ ਗਿਆਨੀ ਗੁਰਮੁਖ ਸਿੰਘ ਚਿਰਾਂ ਤੋਂ ਮੰਗ ਕਰਦਾ ਆ ਰਿਹਾ ਸੀ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਪਸ਼ਟ ਕਰਨ ਕਿ ਇਹ ਪੱਤਰ ਕੌਣ ਲੈ ਕੇ ਆਇਆ ਸੀ, ਪਰ ਜਥੇਦਾਰ ਆਪਣੀ ਚਮੜੀ ਬਚਾਉਣ ਲਈ ਇਸ ਭੇਦ ਨੂੰ ਜੱਗ ਜ਼ਾਹਰ ਕਰਨ ਤੋਂ ਟਾਲ਼ਾ ਵੱਟਦੇ ਆ ਰਹੇ ਸਨ ਇਸ ਲਈ ਅੰਤ ਥੱਕ ਹਾਰ ਕੇ ਗਿਆਨੀ ਗੁਰਮੁਖ ਸਿੰਘ ਨੇ 17 ਅਪ੍ਰੈਲ 2017 ਨੂੰ ਪੰਜ ਸਿੰਘ ਸਾਹਿਬਾਨ ਦੀ ਬੰਦ ਕਮਰਾ ਮੀਟਿੰਗ ਵਿੱਚ ਭਾਗ ਲੈਣ ਤੋਂ ਇਨਕਾਰ ਕਰਕੇ ਕੇਵਲ ਅਕਾਲ ਤਖ਼ਤ ਸਾਹਿਬ ’ਤੇ ਪਾਰਦਰਸ਼ੀ ਢੰਗ ਨਾਲ ਹੋਣ ਵਾਲੀ ਮੀਟਿੰਗ ਵਿੱਚ ਹੀ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ। ਸਿਰਫ਼ ਇਤਨੀ ਗੁਸਤਾਖ਼ੀ ਕਰਨ ਦੇ ਦੋਸ਼ ਅਧੀਨ ਕੇਵਲ 4 ਦਿਨਾਂ ਬਾਅਦ 21 ਅਪ੍ਰੈਲ ਨੂੰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਦੇ ਦੋਵੇਂ ਅਹੁਦਿਆਂ ਤੋਂ ਹਟਾਉਣ ਤੋਂ ਇਲਾਵਾ ਗਿਆਨੀ ਗੁਰਮੁਖ ਸਿੰਘ ਦਾ ਹਰਿਆਣਾ ਦੇ ਗੁਰਦੁਆਰਾ ਧਮਧਾਨ ਵਿਖੇ ਤਬਾਦਲਾ ਕਰ ਦਿੱਤਾ।

ਗਿਆਨੀ ਗੁਰਮੁਖ ਸਿੰਘ ਵੱਲੋਂ ਕੀਤੇ ਗਏ ਖੁਲਾਸੇ ਦੀ ਤਸਦੀਕ ਕਰਨ ਲਈ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮੇਰੇ ਵੱਲੋਂ ਪੁੱਛਿਆ ਗਿਆ ਕਿ ਗਿਆਨੀ ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਤੁਸੀਂ ਉਨ੍ਹਾਂ ਨੂੰ ਅਤੇ ਗਿਆਨੀ ਮੱਲ ਸਿੰਘ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਵਿਖੇ ਸਰਕਾਰੀ ਰਿਹਾਇਸ਼ ’ਤੇ ਲੈ ਕੇ ਗਏ ਸੀ; ਉਨ੍ਹਾਂ ਦੇ ਇਸ ਕਥਨ ਵਿੱਚ ਕਿੰਨੀ ਕੁ ਸਚਾਈ ਹੈ ?  ਗਿਆਨੀ ਗੁਰਬਚਨ ਸਿੰਘ ਨੇ ਬੜੀ ਗੈਰ ਜਿੰਮੇਵਾਰੀ ਦਾ ਸਬੂਤ ਦਿੰਦੇ ਹੋਏ ਕਿਹਾ ਕਿ ਮੈਂ ਹਾਲੀ ਕੁਝ ਨਹੀਂ ਬੋਲਣਾ; ਜਦੋਂ ਸਮਾਂ ਆਇਆ ਉਸ ਸਮੇਂ ਜ਼ਰੂਰ ਦੱਸਾਂਗਾ। ਦੱਸਿਆ ਗਿਆ ਸਮਾਂ ਤਾਂ ਇਹੋ ਮੰਗ ਕਰਦਾ ਹੈ ਕਿ ਤੁਸੀਂ ਸੱਚ ਦੱਸੋ, ਚੁੱਪ ਰਹਿਣ ਨਾਲ ਤੁਸੀਂ ਸ਼ੱਕੀ ਹੁੰਦੇ ਜਾ ਰਹੇ ਹੋ; ਇਸ ਲਈ ਜੇ ਕਰ ਤੁਸੀਂ ਲੈ ਕੇ ਗਏ ਸੀ ਤਾਂ ਕਹਿ ਦਿਓ, ਹਾਂ ਇਹ ਸੱਚ ਹੈ, ਮੈਂ ਹੀ ਲੈ ਕੇ ਗਿਆ ਸੀ। ਜੇ ਕਰ ਨਹੀਂ ਲੈ ਕੇ ਗਏ ਤਾਂ ਕਹਿ ਦਿਓ ਕਿ ਉਹ ਝੂਠ ਬੋਲਦਾ ਹੈ। ਉਨ੍ਹਾਂ ਫਿਰ ਕਿਹਾ ਕਿ ਹਾਲੀ ਸਮਾਂ ਨਹੀਂ ਆਇਆ, ਇਸ ਲਈ ਕੁਝ ਨਹੀਂ ਬੋਲਣਾ, ਉਨ੍ਹਾਂ ਨੂੰ ਭੜਾਸ ਕੱਢ ਲੈਣ ਦਿਓ ਜਦੋਂ ਸਮਾਂ ਆਇਆ ਉਸ ਸਮੇਂ ਜ਼ਰੂਰ ਦੱਸਾਂਗਾ। ਕੀ ਇਸ ਗੱਲਬਾਤ ਤੋਂ ਅੰਦਾਜ਼ਾ ਲਾਇਆ ਜਾਵੇ ਕਿ ਗਿਆਨੀ ਗੁਰਬਚਨ ਸਿੰਘ ਲਈ ਸੱਚ ਬੋਲਣ ਦਾ ਸਮਾਂ ਉਸ ਸਮੇਂ ਆਵੇਗਾ ਜਦੋਂ ਸ਼੍ਰੋਮਣੀ ਕਮੇਟੀ ਦੇ ਦੋ ਨੁਮਾਇੰਦਿਆਂ ਨੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਾਂਗ ਇਸ ਨੂੰ ਰਾਤ ਦੇ 11 ਵਜੇ ਆ ਜਗਾਇਆ ਤੇ ਅਸਤੀਫੇ ’ਤੇ ਦਸਤਖ਼ਤ ਕਰਨ ਸਮੇਂ ਤੱਕ ਸੌਣ ਦੀ ਇਜਾਜ਼ਤ ਨਾ ਦਿੱਤੀ ਅਤੇ ਉਨ੍ਹਾਂ ਦੇ ਉੱਠਣ ਵੇਲੇ ਤੱਕ ਨਵੇਂ ਜਥੇਦਾਰ ਦਾ ਐਲਾਨ ਸੁਣ ਲਿਆ। ਗਿਆਨੀ ਗੁਰਮੁਖ ਸਿੰਘ ’ਤੇ ਤਾਂ ਹੁਣ ਵੀ ਦੋਸ਼ ਲੱਗ ਰਹੇ ਹਨ ਕਿ ਡੇਢ ਸਾਲ ਤੱਕ ਉਹ ਚੁੱਪ ਕਿਉਂ ਰਿਹਾ ਪਹਿਲਾਂ ਕਿਉਂ ਸੱਚ ਸਾਹਮਣੇ ਨਹੀਂ ਲਿਆਂਦਾ ? ਗਿਆਨੀ ਗੁਰਮੁਖ ਸਿੰਘ ਦੇ ਇਸ ਕਥਨ ਵਿੱਚ ਤਾਂ ਫਿਰ ਵੀ ਸੱਚਾਈ ਨਜ਼ਰ ਆ ਰਹੀ ਹੈ ਕਿ ਉਹ ਸ਼ੁਰੂ ਤੋਂ ਹੀ ਸੱਚ ਸਾਹਮਣੇ ਲਿਆਉਣ ਦੀ ਮੰਗ ਕਰਦਾ ਰਿਹਾ ਤੇ ਹਰ ਵਾਰ ਕੁਝ ਹੀ ਦਿਨਾਂ ਵਿੱਚ ਸੱਚ ਸਭ ਦੇ ਸਾਹਮਣੇ ਲਿਆਉਣ ਦੇ ਉਸ ਨੂੰ ਫੋਕੇ ਭਰੋਸੇ ਮਿਲਦੇ ਰਹੇ ਜੋ ਕਦੀ ਵੀ ਵਫਾ ਨਾ ਹੋਏ ਤੇ ਅੰਤ ਉਸ ਨੂੰ ਆਪ ਹੀ ਸਾਰੀ ਸੱਚਾਈ ਸਭ ਦੇ ਸਾਹਮਣੇ ਲਿਆਉਣੀ ਪਈ। ਗਿਆਨੀ ਗੁਰਮੁਖ ਸਿੰਘ ਦੇ ਕਥਨ ਇਸ ਗੱਲੋਂ ਵੀ ਸੱਚੇ ਜਾਪਦੇ ਹਨ ਕਿ 17 ਅਪ੍ਰੈਲ ਨੂੰ ਪ੍ਰੈੱਸ ਨੂੰ ਸੰਬੋਧਨ ਹੁੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸੀ ਕਿ ਜਿਸ ਦਿਨ ਸਿਰਸਾ ਮੁਖੀ ਦੀ ਚਿੱਠੀ ਕੋਈ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਲੈ ਕੇ ਆਇਆ ਸੀ ਉਸ ਦਿਨ ਉਹ ਦਫਤਰ ਵਿੱਚ ਹਾਜਰ ਨਹੀਂ ਸੀ ਇਸ ਲਈ ਉਨ੍ਹਾਂ ਨੂੰ ਨਹੀਂ ਪਤਾ ਕਿ ਚਿੱਠੀ ਕੌਣ ਲੈ ਕੇ ਆਇਆ ਸੀ। ਅਕਾਲ ਤਖ਼ਤ ਦੇ ਸਕੱਤਰ ਸ: ਗੁਰਬਚਨ ਸਿੰਘ ਨੂੰ ਇਸ ਲੇਖਕ (ਮੇਰੇ) ਵੱਲੋਂ ਫ਼ੋਨ ’ਤੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਦਫਤਰ ਨੂੰ ਇਸ਼ ਸਬੰਧੀ ਕੁਝ ਵੀ ਪਤਾ ਨਹੀਂ ਇਸ ਸਬੰਧੀ ਖ਼ੁਦ ਜਥੇਦਾਰ ਹੀ ਦੱਸ ਸਕਦੇ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ: ਹਰਚਰਨ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ: ਹਰਭਜਨ ਸਿੰਘ ਮਨਾਵਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਵੀ ਇਹੋ ਜਵਾਬ ਸੀ ਕਿ ਇਸ ਤਰ੍ਹਾਂ ਦੇ ਧਾਰਮਿਕ ਮਾਮਲਿਆਂ ਨੂੰ ਸਿੱਧੇ ਤੌਰ ’ਤੇ ਜਥੇਦਾਰ ਸਾਹਿਬ ਆਪ ਹੀ ਵੇਖਦੇ ਹਨ ਇਸ ਲਈ ਉਹ ਹੀ ਕੁਝ ਦੱਸ ਸਕਦੇ ਹਨ। ਜਥੇਦਾਰ ਵੱਲੋਂ ਸੱਚ ਦੱਸਣ ਲਈ ਸਮੇਂ ਦੀ ਉਡੀਕ ਕਰਨਾ ਇਹੋ ਸੰਕੇਤ ਦਿੰਦਾ ਹੈ ਕਿ ਆਪਣਾ ਅਹੁਦਾ ਬਚਾਈ ਰੱਖਣ ਲਈ ਉਹ ਹਾਲ ਦੀ ਘੜੀ ਆਪਣਾ ਮੂੰਹ ਸੀਤੇ ਰੱਖਣ ਲਈ ਮਜਬੂਰ ਹਨ। ਸੱਚ ਸਾਹਮਣੇ ਲਿਆਉਣ ਲਈ ਗਿਆਨੀ ਗੁਰਮੁਖ ਸਿੰਘ ਵੱਲੋਂ ਲਾਏ ਗੰਭੀਰ ਦੋਸ਼ਾਂ ਦੀ ਬਿਨਾਂ ਕੋਈ ਪੜਤਾਲ ਕਰਵਾਇਆਂ ਉਲਟਾ ਉਸ ਨੂੰ ਹਟਾਉਣ ਦੀ ਸ਼੍ਰੋਮਣੀ ਕਮੇਟੀ ਦੇ ਇਸ ਝੱਟ-ਪੱਟ ਕਾਰਵਾਈ ਨੇ ਕੋਈ ਸ਼ੱਕ ਨਹੀਂ ਰਹਿਣ ਦਿੱਤਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਖੌਤੀ ਤੌਰ ’ਤੇ ਕਹੇ ਜਾਂਦੇ ਸਰਬਉੱਚ ਜਥੇਦਾਰਾਂ ਦੀ ਉਹ ਖ਼ੁਦ ਆਪ ਕਿੰਨੀ ਕੁ ਕਦਰ ਕਰਦੇ ਹਨ। ਇਸੇ ਕਾਰਨ ਜਾਗਰੂਕ ਸਿੱਖ ਤਾਂ ਪਿਛਲੇ ਤਕਰੀਬਨ ਡੇਢ ਦਹਾਕੇ ਤੋਂ ਅਵਾਜ਼ ਉੱਠਾ ਰਹੇ ਸਨ ਕਿ ਸਿਆਸੀ ਆਗੂਆਂ ਦਾ ਧਾਰਮਿਕ ਅਹੁਦਿਆਂ ’ਤੇ ਕਾਬਜ਼ ਹੋਣ ਅਤੇ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਗਏ ਇਹ ਜਥੇਦਾਰ (ਤਨਖਾਹਦਾਰ ਪੂਜਾਰੀ) ਸਿੱਖ ਧਰਮ ਦੇ ਪ੍ਰਚਾਰ ਪਾਸਾਰ ਦੇ ਰਾਹ ਵਿੱਚ ਰੋੜੇ ਹਨ ਇਸ ਲਈ ਜਿੰਨਾਂ  ਛੇਤੀ ਹੋ ਸਕੇ ਇਨ੍ਹਾਂ ਤੋਂ ਛੁਟਕਾਰਾ ਪਾ ਲੈਣਾ ਚਾਹੀਦਾ ਹੈ। ਗਿਆਨੀ ਗੁਰਮੁਖ ਸਿੰਘ ਦੇ ਖ਼ੁਲਾਸੇ ਤੋਂ ਤੁਰੰਤ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਹਟਾਏ ਜਾਣ ਦੇ ਢੰਗ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਮਸੰਦਾਂ ਨੂੰ ਤੇਲ ਦੇ ਕੜਾਹੇ ਵਿੱਚ ਸਾੜਨ ਵਾਂਗ ਸਾਡੇ ਵਿੱਚ ਅੱਜ ਦੇ ਮਸੰਦਾਂ ਨੂੰ ਸਾੜਨ ਦੀ ਸਮਰਥਾ ਤਾਂ ਬੇਸ਼ੱਕ ਨਹੀਂ ਹੈ, ਘੱਟ ਤੋਂ ਘੱਟ ਸਿਆਸੀ ਆਗੂਆਂ ਤੋਂ ਸ਼੍ਰੋਮਣੀ ਕਮੇਟੀ ਅਜਾਦ ਕਰਵਾ ਕੇ ਅਤੇ ਜਥੇਦਾਰਾਂ ਦੇ ਅਹੁਦੇ ਨੂੰ ਹੀ ਰੱਦ ਕਰਕੇ ਗੁਰੂ ਦੀ ਸਿੱਖੀ ਦੇ ਪ੍ਰਚਾਰ ਪਾਸਾਰ ਦੇ ਰਾਹ ਵਿੱਚੋਂ ਅਜਿਹੇ ਰੋੜੇ ਹਮੇਸਾਂ ਲਈ ਦੂਰ ਕਰਨ ਦਾ ਉਪਾਅ ਜ਼ਰੂਰ ਲੱਭਣਾ ਚਾਹੀਦਾ ਹੈ।

ਆਸਤਿਕ ਹੋ ਜਾਂ ਨਾਸਤਿਕ ਦੋਨੋਂ ਧਰਮ ਦੇ ਨਾਂ ਤੇ ਤਾਕਤ ਤੇ ਹੰਕਾਰ ਵਿਚ ਲੋਕਾਂ ਨਾਲ ਬੇਇਨਸਾਫੀ ਕਰਦੇ ਹਨ।

0

ਆਸਤਿਕ ਹੋ ਜਾਂ ਨਾਸਤਿਕ ਦੋਨੋਂ ਧਰਮ ਦੇ ਨਾਂ ਤੇ ਤਾਕਤ ਤੇ ਹੰਕਾਰ ਵਿਚ ਲੋਕਾਂ ਨਾਲ ਬੇਇਨਸਾਫੀ ਕਰਦੇ ਹਨ।

ਗੁਰਦੇਵ ਸਿੰਘ ਸੱਧੇਵਾਲੀਆ 

ਮੋਟੇ ਤੌਰ ਤੇ ਵਿਆਖਿਆ ਇਹ ਹੈ ਕਿ ਆਸਤਿਕ ਰੱਬ ਨੂੰ ਮੰਨਦਾ ਨਾਸਤਿਕ ਰੱਬ ਨੂੰ ਨਹੀਂ ਮੰਨਦਾ !  ਆਮ ਗੱਲ ਕਰੀਏ ਤਾਂ ਆਸਤਿਕ ਰੱਬ ਨੂੰ ਉਪਰ ਦੇਖਦਾ ਹੈ ਜਦ ਕਿ ਨਾਸਤਿਕ ਹੇਠਾਂ ਧਰਤੀ ਤੇ ਹੀ ਕੁਦਰਤ ਨੂੰ ਮਾਨਣ ਦਾ ਦਾਅਵਾ ਕਰਦਾ ਹੈ। ਵੈਸੇ ਰੱਬ ਨੂੰ ਦੋਵੇਂ ਮੰਨਦੇ ਵੀ ਨੇ ਤੇ ਦੋਵੇਂ ਨਹੀਂ ਵੀ ਮੰਨਦੇ ਪਰ ਦਾਅਵਾ ਦੋਵੇਂ ਕਰਦੇ ਹਨ।  ਆਸਤਿਕ ਜੇ ਕਰਮਕਾਂਡ ਤੋਂ ਅਗੇ ਨਹੀਂ ਗਿਆ ਤਾਂ ਨਾਸਤਿਕ ਗੱਲਾਂ ਜਾਂ ਗੱਪਾਂ ਤੋਂ ਅਗੇ ਨਹੀਂ ਜਾਂਦਾ। ਜਿਵੇਂ ਆਸਤਿਕ ਵੀ ਕਹਿੰਦਾ ਹੈ ਕਿ ਉਹ ਰੱਬ ਨੂੰ ਮੰਨਦਾ ਹੈ ਉਵੇਂ ਹੀ ਨਾਸਤਿਕ ਵੀ ਗੱਲਾਂ ਨਾਲ ਹੀ ਕੁਦਰਤ ਨੂੰ ਮੰਨਦਾ ਹੈ।  ਜੇ ਨਾਸਤਿਕ ਸੱਚਮੁਚ ਕੁਦਰਤ ਨਾਲ ਮੁਹੱਬਤ ਕਰਦਾ ਹੋਵੇ ਤਾਂ ਉਹ ਕੁਦਰਤ ਦੇ ਖਿਲਾਫ ਕਿਉਂ ਜਾਵੇ।  ਉਹ ਵੀ ਕੁਦਰਤੀ ਨਿਯਮਾ ਦੇ ਓਨਾ ਹੀ ਖਿਲਾਫ ਹੈ ਜਿੰਨਾ ਆਸਤਿਕ ਰੱਬੀ ਨਿਯਮਾ ਦੇ ਖਿਲਾਫ ਚੱਲਦਾ ਹੈ।  ਜਿਹੜਾ ਆਸਤਿਕ ਐਲਾਨੀਆ ਕਹਿੰਦਾ ਹੈ ਕਿ ਮੈ ਆਸਤਿਕ ਹਾਂ ਉਹ ਸੱਚਮੁਚ ਕਦੇ ਆਸਤਿਕ ਨਹੀ ਹੋਇਆ ਤੇ ਜਿਹੜਾ ਨਾਸਤਿਕ ਹਿੱਕ ਥਾਪੜਾ ਹੈ ਕਿ ‘ਹਮ ਨਾਸਤਿਕ ਹੋਤੇਂ ਹੈਂ’ ਤਾਂ ਉਹ ਵੀ ਝੂਠ ਬੋਲ ਰਿਹਾ ਹੈ ! ਕਦੇ ਕਿਸੇ ਬੰਦੇ ਨੇ ਲੋਕਾਂ ਸਾਹਮਣੇ ਰੌਲਾ ਪਾਇਆ ਕਿ ਦੇਖੋ ਲੋਕੋ ਮੈ ਬੰਦਾ ਹਾਂ ! ਪਰ ਜੇ ਉਹ ਪਾ ਰਿਹਾ ਤਾਂ ਜਰੂਰ ਉਸ ਨੂੰ ਆਪਣੇ ਆਪ ਬਾਰੇ ਭੁਲੇਖਾ ਹੈ।  ਸ੍ਰ ਭਗਤ ਸਿੰਘ ਨੇ ਕਿਤਾਬ ਲਿੱਖੀ ਕਿ ‘ਮੈ ਨਾਸਤਿਕ ਕਿਉਂ ਹਾਂ’ ? ਬੜੀ ਹੈਰਾਨੀ ਹੁੰਦੀ ਹੈ ਕਿ ਇਸ ਪੜੇ ਲਿਖੇ ਨੌਜਵਾਨ ਨੂੰ ਕੀ ਲੋੜ ਪਈ ਦੱਸਣ ਦੀ ਕਿ ਮੈ ਨਾਸਿਤਕ ਹਾਂ !  ਕਦੇ ਕਿਸੇ ਨਿਡਰ ਬੰਦੇ ਨੇ ਕਿਹਾ ਹੈ ਕਿ ‘ਮੈ ਨਹੀਂ ਡਰਦਾ ਕਿਸੇ ਕੋਲੋਂ’ ? ਜੇ ਕੋਈ ਕਹਿੰਦਾ ਹੈ ਤਾਂ ਜਰੂਰ ਕਿਤੇ ਗੜਬੜ ਹੈ।  ਉਸ ਨੂੰ ਵਿਸ਼ਵਾਸ ਨਹੀਂ ਆ ਰਿਹਾ ਆਪਣੇ ਉਤੇ ਕਿ ਲੋਕ ਮੈਨੂੰ ਨਿੱਡਰ ਸਮਝਦੇ ਵੀ ਹਨ ਕਿ ਨਹੀਂ ! 
ਚਾਹੇ ਆਸਤਿਕ, ਚਾਹੇ ਨਾਸਤਿਕ ਜੇ ਉਹ ਆਪਣੇ ਕੁੱਝ ਹੋਣ ਦੀ ਦੁਹਾਈ ਦੇ ਰਿਹਾ ਹੈ ਤਾਂ ਜਰੂਰ ਉਹ ਅੰਦਰੋਂ ਕਮਜੋਰ ਹੈ ।  ਨਾਸਤਿਕ ਕਹਿੰਦਾ ਕਿ ਮੈ ਰੱਬ ਨੂੰ ਨਹੀਂ ਮੰਨਦਾ ਪਰ ਕੁਦਰਤ ਨੂੰ ਮੰਨਦਾ ਹਾਂ। ਪਰ ਕਾਦਰ ਅਤੇ ਕੁਦਰਤ ਨੂੰ ਦੋ ਸਮਝਣ ਵਾਲੇ ਇਥੇ ਭੁਲੇਖਾ ਖਾ ਗਏ। ਨਾਸਤਿਕ ਵੀ ਅਤੇ ਆਸਤਿਕ ਵੀ। ਆਸਤਿਕ ਨੂੰ ਲੱਗਦਾ ਕਿ ਕਾਦਰ ਕੋਈ ਹੋਰ ਹੈ ਤੇ ਕੁਦਰਤ ਹੋਰ ! ਇਹੀ ਭੁਲੇਖਾ ਨਾਸਤਿਕ ਨੂੰ ਹੈ ! ਉਹ ਕਹਿੰਦਾ ਕੋਈ ਰੱਬ ਰੁੱਬ ਨਹੀਂ ਚੰਗੀ ਜਿੰਦਗੀ ਜੀਵੋ ਤੇ ਕੁਦਰਤ ਨੂੰ ਮਾਣੋ !  ਹੁਣ ਤੁਸੀਂ ਦੱਸੋ ਕਿ ਫਰਕ ਕੀ ਹੋਇਆ ? ਜਿੰਦਗੀ ਨੂੰ ਬੰਦਿਆਂ ਵਾਂਗ ਰਹਿੰਦਿਆਂ ਮਾਣੋ, ਧਰਤੀ ਨੂੰ ਧਰਮਸਾਲ ਸਮਝੋ, ਇਸ ਉਪਰ ਅਪਣੇ ਮਾੜੇ ਖਿਆਲਾਂ ਦੀ, ਈਰਖਾ ਨਫਰਤ ਦੀ ਗੰਦੀ ਬਦਬੂ ਨਾ ਖਲਾਰੋ, ਵਿਕਾਰਾਂ ਦੀ ਮੈਲ ਤੋਂ ਬਚ ਕੇ ਰਹੋ ਅਤੇ ਇਸ ਧਰਤੀ ਨੂੰ ਸਵਰਗ ਬਣਾ ਕੇ ਰੱਖੋ, ਹੋਰ ਤਾਂ ਪਤਾ ਨਹੀਂ ਪਰ ਘਟੋ ਘਟ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਇਹੀ ਕਹਿੰਦਾ ਹੈ। 
ਧਰਮ ਹੈ ਕੀ ? ਇੱਕ ਸਿਸਟਮ ਦਾ, ਇੱਕ ਡਿਸਪਲਨ ਦਾ, ਇੱਕ ਨਿਯਮ ਦਾ ਨਾਂ ਧਰਮ ਹੈ। ਅੱਗ ਸੇਕ ਮਾਰਦੀ ਹੈ ਇਹ ਉਸ ਦਾ ਧਰਮ ਹੈ ਜੇ ਅੱਗ ਵਿੱਚ ਸੇਕ ਨਹੀ ਤਾਂ ਉਹ ਧਰਮ ਨਹੀ, ਪਾਣੀ ਪਿਆਸ ਬੁਝਾਉਂਦਾ ਹੈ ਇਹ ਉਸ ਦਾ ਧਰਮ ਹੈ ਜੇ ਨਹੀ ਤਾਂ ਉਹ ਪਾਣੀ ਨਹੀ ਹੋਰ ਕੁੱਝ ਹੋਵੇਗਾ।  ਯਾਨੀ ਹਰੇਕ ਚੀਜ ਕਿਸੇ ਨਿਯਮ ਵਿੱਚ ਹੈ। ਮਨੁੱਖ ਦਾ ਧਰਮ ਇਹ ਹੈ ਉਹ ਵਾਕਿਆ ਹੀ ਮਨੁੱਖ ਹੋਵੇ ਨਾ ਕਿ ‘ਕਰਤੂਤ ਪਸ਼ੂ ਕੀ ਮਾਨਸ ਜਾਤ’ ਹੋਵੇ ਜੇ ਇਦਾਂ ਹੈ ਤਾਂ ਉਹ ਕੋਈ ਧਰਮ ਨਹੀ ਜਿੰਨਾ ਮਰਜੀ ਸੀਸ ਨੀਵਾਈ ਜਾਏ। ਧਰਮ ਕਿਸੇ ਖਾਸ ਪਹਿਰਾਵੇ ਦਾ, ਭੇਖ ਦਾ ਮੁਹਤਾਜ ਨਹੀ, ਜੋ ਉਪਰ ਕਰਮਕਾਂਡ ਦਿੱਸ ਰਹੇ ਹਨ ਇਸ ਦਾ ਨਾਮ ਧਰਮ ਨਹੀ।  ਨਾਸਤਿਕ ਦਾ ਇਹ ਗਿਲਾ ਹੈ ਕਿ ਧਰਮ ਦੇ ਨਾ ਤੇ ਪਖੰਡ ਹੁੰਦਾ ਹੈ ਪਰ ਇਹ ਤਾਂ ਨਾਸਤਿਕਤਾ ਦੇ ਨਾ ਤੇ ਵੀ ਹੁੰਦਾ ਹੈ।  ਬਹੁਤਾ ਦੂਰ ਤਾਂ ਕੀ ਜਾਣਾ ਪੰਜਾਬ ਵਿੱਚ ਸੁਰਜੀਤ ਕਾਮਰੇਡ ਕੀ ਕਰਦਾ ਰਿਹਾ ਬਾਕੀ ਕਾਮਰੇਡ ਲਾਣੇ ਨੂੰ ਕੌਣ ਨਹੀ ਜਾਣਦਾ।  ਪਖੰਡ ਤਾਂ ਪਖੰਡ ਹੀ ਹੈ ਚਾਹੇ ਰੱਬ ਦੇ ਨਾ ਤੇ ਕਰ ਲਓ ਚਾਹੇ ਰੱਬ ਨੂੰ ਨਾ ਮੰਨਣ ਦੇ ਨਾ ਤੇ ਕਰ ਲਓ। ਬੰਦੇ ਦੀ ਮਾਨਸਿਕਤਾ ਪੜੋ। ਧਰਮੀ ਨੂੰ ਜੇ ਮਾਣ ਹੈ ਕਿ ਉਹ ਧਰਮੀ ਹੈ ਤਾਂ ਨਾਸਤਿਕ ਨੂੰ ਵੀ ਉਹੀ ਹੰਕਾਰ ਹੈ ਕਿ ਉਸ ਨੇ ‘ਰੱਬ-ਰੁੱਬ’ ਦਾ ਫਾਹਾ ਵੱਢ ਦਿੱਤਾ ਹੈ।  ਵਧੀਆ ਇਨਸਾਨ ਬਣਨ ਦਾ ਸਭ ਤੋਂ ਵੱਡਾ ਰੋੜਾ ਹੈ ਹੀ ਹੰਕਾਰ ਤੇ ਉਹ ਤੁਸੀਂ ਚਾਹੇ ਰੱਬ ਦੇ ਨਾਂ ਤੇ ਕਰ ਲਓ ਚਾਹੇ ਨਾਸਤਿਕ ਹੋਣ ਦੇ – ਫਰਕ ਕੀ ਹੈ। 
ਮੋਟੇ ਤੌਰ ਤੇ ਰੱਬ ਨੂੰ ਆਸਤਿਕ ਵੀ ਨਹੀ ਮੰਨਦਾ ਇਸ ਦੀ ਮਿਸਾਲ ਧਾਰਮਿਕ ਅਸਥਾਨਾਂ ਉਪਰ ਬੈਠੇ ਪੰਡਤਾਂ, ਮੁਲਾਣਿਆਂ, ਭਾਈਆਂ ਤੋਂ ਲਈ ਜਾ ਸਕਦੀ ਹੈ ਤੇ ਆਮ ਮਨੁੱਖ ਵੀ ਜੇ ਗੁਰਦੁਆਰਾ ਸਾਹਿਬ ਕੇਵਲ ਬਹੁੜੀਆਂ ਪਾਉਂਣ ਅਤੇ ਸੁੱਖਾਂ ਪੂਰੀਆਂ ਹੀ ਕਰਨ ਜਾਂਦਾ ਹੈ ਤਾਂ ਇਵੇਂ ਹੀ ਜਿਵੇਂ ਉਹ ਹੋਰ ਥਾਵਾਂ ਤੇ ਅਪਣੇ ਕੰਮ ਮਤਲਬ ਲਈ ਜਾਂਦਾ ਹੈ ਉਵੇਂ ਹੀ ਉਹ ਧਾਰਮਿਕ ਅਸਥਾਨ ਤੇ ਜਾਂਦਾ ਹੈ। 
ਇਵੇਂ ਹੀ ਕੁਦਰਤ ਨੂੰ ਨਾਸਤਿਕ ਵੀ ਨਹੀ ਮੰਨਦਾ। ਪੰਜਾਬ ਵਿੱਚ ਕਾਮਰੇਡ ਬਣਨ ਲਈ ਇਹ ਪਹਿਲੀ ਸ਼ਰਤ ਵਾਂਗ ਸੀ ਕਿ ਨਵੇਂ ਭਰਤੀ ਹੋਏ ਦੇ ਮੂੰਹ ਵਿੱਚ ਬੀੜੀ ਸਿਗਰਟ ਠੋਕ ਦਿੱਤੀ ਜਾਂਦੀ ਸੀ ਤੇ ਇਸ ਨੂੰ ਫੈਸ਼ਨ ਅਤੇ ਅਗਾਂਹ ਵਧੂ ਸੋਚ ਸਮਝਿਆ ਜਾਂਦਾ ਸੀ, ਜਦ ਕਿ ਬੀੜੀ ਜਿੰਦਗੀ ਦੇ ਸੁਹੱਪਣ ਨੂੰ ਤਾਂ ਨਾਸ ਕਰਦੀ ਹੀ ਕਰਦੀ ਹੈ ਕੁਦਰਤ ਦੇ ਸੁਹੱਪਣ ਨੂੰ ਵੀ ਬਰਬਾਦ ਕਰਦੀ ਹੈ, ਕੁਦਰਤੀ ਹਵਾ ਵਿੱਚ ਜ਼ਹਿਰ ਘੋਲਦੀ ਹੈ। ਕੁਦਰਤ ਨੂੰ ਮੰਨਣ ਵਾਲਾ, ਮਾਨਣ ਵਾਲਾ ਤਾਂ ਕੁਦਰਤ ਦੇ ਹੀ ਨਸ਼ੇ ਵਿੱਚ ਮਸਤ ਰਹਿੰਦਾ ਹੈ ਪਰ ਕਿੰਨੇ ਨਾਸਤਿਕ ਹਨ ਜਿਹੜੇ ਕੁਦਰਤ ਦੇ ਰਸ ਨੂੰ ਤਰਕਾ ਕੇ ਬਣਾਏ ਅੰਗੂਰਾਂ ਤੇ ਹੋਰ ਕਈ ਤਰ੍ਹਾਂ ਦੀ ਸ਼ਰਾਬ ਤੋਂ ਬਿਨਾ ਰਹਿ ਸਕਦੇ ਹਨ ! ! ਬਹੁਤੇ ਨਾਸਤਿਕ ਸਗੋਂ ਅਜਿਹੇ ਨਖਿੱਧ ਨਸ਼ਿਆਂ ਨੂੰ ਵਰਤਣਾ ਅਗਾਂਹ ਵਧੂ ਹੋਣਾ ਤੇ ਮਾਣ ਵਾਲੀ ਗੱਲ ਸਮਝਦੇ ਹਨ। ਨਾਸਤਿਕ ਸਮਝਦਾ ਹੈ ਕਿ ਆਸਤਿਕ ਅਗਿਆਨੀ ਹੈ ਪਰ ਨਾਸਤਿਕ ‘ਗਿਆਨੀ’ ਹੁੰਦਾ ਹੋਇਆ ਵੀ ਸ਼ਰਾਬ ਦਾ ਗੁਲਾਮ ਹੈ, ਤੰਬਾਕੂ ਦਾ ਗੁਲਾਮ ਹੈ, ਬਾਕੀ ਸਭ ਕੁੱਝ ਦਾ ਗੁਲਾਮ ਹੈ ਜਿਵੇਂ ਆਮ ਮਨੁੱਖ ਹੈ।  ਆਸਤਿਕ ਹਾਲੇ ਫਿਰ ਵੀ ਡਰਦਾ ਜਾਂ ਕਿਸੇ ਸ਼ਰਮ ਹਯਾ ਕਰਕੇ ਕੁੱਝ ਬਖੇੜਿਆਂ ਤੋਂ ਬਚਾ ਰਹਿੰਦਾ ਹੈ ਪਰ ਨਾਸਤਿਕ ‘ਨਿਡਰ’ ਹੋਣ ਦੇ ਨਾਂ ਤੇ ਹੀ ਬਹੁਤਾ ਕੂੜਾ ਕੱਰਕਟ ਸਿਰ ਉਪਰ ਲੱਦੀ ਫਿਰਦਾ ਹੈ ਖਾਸ ਕਰ ਨਵੇਂ ਨਵੇਂ ਬਣੇ ਨਾਸਤਿਕ ਦੂਜਿਆਂ ਨੂੰ ਬਹੁਤੇ ਅਗਾਂਹ ਵਧੂ ਜਾਪਣ ਲਈ ਤਾਂ ਵਧੇਰੇ ਹੀ ‘ਅਗਾਂਹ ਵਧੂ’ ਹੋ ਨਿਬੜਦੇ ਹਨ। 
 ਨਾਸਤਿਕ ਦਾ ਕਹਿਣਾ ਹੈ ਕਿ ਮੈ ਕੇਵਲ ਮਨੁੱਖਤਾ ਨੂੰ ਪਿਆਰ ਕਰਦਾ ਹਾਂ ਪਰ ਸਟਾਲਿਨ ਨਾਸਤਿਕ ਸੀ ਉਸ ਨੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰ ਦਿੱਤੇ। ਜੇ ਆਸਤਿਕ ਲੋਕਾਂ ਨੇ ਦੂਜੇ ਧਰਮਾਂ ਦੇ ਧਾਰਮਿਕ ਅਸਥਾਨ ਤਬਾਹ ਕਰ ਦਿੱਤੇ ਤਾਂ ਰੂਸ ਨੇ ਉਹੀ ਕੁੱਝ ਨਾਸਤਿਕਤਾ ਦੇ ਨਾਂ ਉਤੇ ਕੀਤਾ।  ਪੰਜਾਬ ਵਿੱਚ 1984 ਸਮੇਂ ਸਾਰੀ ਨਾਸਤਿਕਤਾ ਜੁਲਮ ਕਰਨ ਵਾਲਿਆਂ ਨਾਲ ਖੜੀ ਰਹੀ।  ਮਨੁੱਖਤਾ ਦਾ ਘਾਣ ਹੋ ਗਿਆ, ਲਹੂ ਲੁਹਾਨ ਹੋ ਗਈ ਮਨੁੱਖਤਾ ਪਰ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਕੋਈ ਨਾਸਤਿਕ ਨਹੀਂ ਬੋਲਿਆ।  ਜਾਂ ਤਾਂ ਨਾਸਤਿਕ ਕਹਿ ਦੇਵੇ ਕਿ ਕੇਵਲ ਉਹ ਉਸ ਮਨੁੱਖਤਾ ਨੂੰ ਪਿਆਰ ਕਰਦਾ ਹੈ ਜਿਹੜੀ ਕੇਵਲ ਮੇਰੇ ਪੈਮਾਨੇ ਉਤੇ ਖਰੀ ਉਤਰਦੀ ਹੈ। ਤੇ ਉਸ ਦੇ ਪੈਮਾਨੇ ਤੇ ਕੇਵਲ ਬੱਸਾਂ ਚੋਂ ਕੱਢ ਕੇ ਕਤਲ ਕੀਤੀ ਜਾਣ ਵਾਲੀ ਮੱਨੁਖਤਾ ਹੀ ਉਤਰਦੀ ਸੀ ਜਿਸ ਦਾ ਹਾਲੇ ਤੱਕ ਨਹੀਂ ਪਤਾ ਲੱਗਾ ਕਿ ਉਹ ਕਿਸ ਨੇ ਕੀਤਾ, ਪਰ ਰੋਹੀਆਂ ਵਿਚ ਲਿਜਾ ਕੇ ਝੂਠੇ ਪੁਲਿਸ ਮੁਕਾਬਲਿਆਂ ਨਾਲ ਕੋਹੀ ਜਾਣ ਵਾਲੀ ਮਨੁੱਖਤਾ ਨਾਲ ਉਸ ਦਾ ਕੋਈ ਸਰੋਕਾਰ ਨਹੀਂ ਸੀ।  ਦਿਆਲ ਵਰਗੇ ਕਾਮਰੇਡ ਤਾਂ ਮੋਇਆਂ ਨੂੰ ਇਨਸਾਫ ਦਿਵਾਉਂਣ ਵਾਲੇ ‘ਪੀਪਲਜ ਕਮਿਸ਼ਨ’ ਦੇ ਵੀ ਖਿਲਾਫ ਬਹੁੜੀਆਂ ਪਾ ਉਠੇ !  ਪੰਜਾਬ ਦੀ ਬਹੁਤੀ ਨਾਸਤਿਕਤਾ ਦਿੱਲੀ ਨਾਲ ਖੜੋਤੀ ਸੀ ਜਿਸ ਨੇ ਪੰਜਾਬ ਦੇ ਆਹੂ ਲਾਹ ਛੱਡੇ। ਇਹ ਨਾਸਤਿਕਤਾ ਸਿਵਾਏ ਫੈਸ਼ਨ ਤੋਂ ਕੁੱਝ ਨਹੀਂ ਕਿ ਮਹਿਫਲ ਲਾ ਲਈ, ਇਨਕਲਾਬ ਉਪਰ ਜਾਂ ਇਨਸਾਨੀਅਤ ਉਪਰ ਚਾਰ ਗਜਲਾਂ ਸੁਣਾ ਲਈਆਂ, ਚਾਰ ਸੁਣ ਲਈਆਂ, ਪੈੱਗ-ਛੈੱਗ ਲਾ ਲਏ, ਚੁਟਕਲੇਬਾਜੀ ਕੀਤੀ, ਰੱਬ ਨੂੰ ਚਾਰ ਗ੍ਹਾਲਾਂ ਕੱਢ ਲਈਆਂ ਇਹ ਦੱਸਣ ਲਈ ਕਿ ਦੇਖੋ ਮੈ ਕਿੰਨਾ ਕੁ ਅਗਾਂਹ ਵਧੂ ਹੋ ਗਿਆ ਹਾਂ। ਇਹ ਨਾਸਤਿਕਤਾ ਬਿਲੱਕੁਲ ਉਦਾਂ ਦੀ ਹੀ ਹੈ ਜਿਦਾਂ ਦੀ ਕਿਸੇ ਕਰਮਕਾਂਡੀ ਦੀ ਆਸਤਿਕਤਾ ਹੈ ਕਿ ਪੈਸੇ ਦੇ ਕੇ ਪਾਠ ਕਰਾਇਆ, ਨਾ ਕੁੱਝ ਸੁਣਿਆ, ਨਾ ਪੱਲੇ ਪਿਆ, ਮੇਲਾ ਗੇਲਾ ਜਿਹਾ ਕੀਤਾ ਤੇ ਚਲੋ ਘਰ ਨੂੰ !  ਸੋਚ ਲਿਆ ਕਿ ਮੈ ਧਰਮੀ ਹੋ ਗਿਆ ਹਾਂ ! 
ਧਰਮ ਦੇ ਨਾਂ ਤੇ ਲੜਾਈਆਂ ਬਹੁਤ ਹੋਈਆਂ ਦੁਨੀਆਂ ਤੇ, ਕੋਈ ਸ਼ੱਕ ਨਹੀਂ, ਪਰ ਲੜਾਈਆਂ ਤਾਂ ਨਾਸਤਿਕ ਮੁੱਲਖਾਂ ਵਿੱਚ ਵੀ ਬਹੁਤ ਹੋਈਆਂ।  ਰੂਸ ਨਾਸਤਿਕਤਾ ਦਾ ਵੱਡਾ ਝੰਡਾ  ਬਰਦਾਰ ਸੀ ਉਸ ਦੀ ਅਫਗਾਨਿਸਤਾਨ ਨਾਲ ਕੋਈ ਧਰਮ ਦੀ ਲੜਾਈ ਤਾਂ ਸੀ ਨਹੀਂ।  ਚੀਨ ਨੇ ਨਿਹੱਥੇ ਖੜੇ ਵਿਦਿਆਰਥੀਆਂ ਉਪਰ ਹੀ ਟੈਂਕ ਚੜਾ ਦਿੱਤੇ। ਲੜਾਈਆਂ ਦਰਅਸਲ ਧਰਮ ਦੇ ਨਾਂ ਤੇ ਹੋਈਆਂ, ਪਰ ਧਰਮ ਨੇ ਨਹੀਂ ਕੀਤੀਆਂ।  ਮਸਲਾ ਕੇਵਲ ਤਾਕਤ ਦਾ ਰਿਹਾ ਹੈ ਤੇ ਰਹੇਗਾ।  ਪੰਜਾਬ ਦੀ ਲੈ ਲਓ। ਬਾਦਲ ਨੂੰ ਪਤਾ ਸੀ ‘ਪੰਥ ਨੂੰ ਖਤਰੇ’ ਦੇ ਨਾਂ ਤੇ ਲੋਕ ਛੇਤੀ ਸੜਕਾਂ ਤੇ ਆ ਜਾਂਦੇ ਹਨ ਉਸ ਨੇ ਵਰਤ ਲੱਭ ਲਿਆ। ਹੁਣ ਉਸ ਦਾ ਬਿਨਾਂ ਖਤਰੇ ਤੋਂ ਸਰੀ ਜਾਂਦਾ ਹੈ ਤੇ ਹੁਣ ਕਦੇ ਪੰਥ ਨੂੰ ਖਤਰਾ ਨਹੀਂ ਹੋਇਆ।  ਹੁਣ ਕਦੇ ਪੰਜਾਬ ਨੇ ਮੋਰਚਾ ਨਹੀਂ ਲਾਇਆ ਧਰਮ ਦੇ ਨਾਂ ਤੇ। ਇਸ ਦਾ ਮਤਲਬ ਕੀ ਨਿਕਲਿਆ ?  ਇੰਨੀ ਕੁ ਮਿਸਾਲ ਵਿਚੋਂ ਅਸੀਂ ਸਮੁੱਚੀ ਦੁਨੀਆਂ ਉਪਰ ਧਰਮ ਦੇ ਨਾਂ ਤੇ ਹੋਈਆਂ ਲੜਾਈਆਂ ਦਾ ਤੱਤਸਾਰ ਕੱਢ ਸਕਦੇ ਹਾਂ। ਬਹਾਨੇ ਜਾਂ ਮਹੌਲ ਵੱਖਰੇ ਹੋ ਸਕਦੇ ਹਨ ਪਰ ਬੇਸ ਇਹੀ ਸੀ ਤਾਕਤ !  ਬੇਸ਼ਕ ਕਈਆਂ ਥਾਵਾਂ ਤੇ ਹਲਾਤ ਵੱਖਰੇ ਵੀ ਹੋ ਸਕਦੇ ਹਨ ਔਰੰਗਜੇਬ ਲੁਕਾਈ ਦੇ ਗਲ ਵਿੱਚ ਗੂਠ ਦੇਈ ਹੀ ਤੁਰਿਆ ਆ ਰਿਹਾ ਸੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤਲਵਾਰ ਚੁੱਕਣੀ ਪਈ।  ਪੰਜਾਬ ਦੇ ਤਾਜਾ ਹਲਾਤ ਨੇ, ਗੱਲ-ਗੱਲ ਉਪਰ ਧੱਕਾ, ਜਦ ਤੁਹਾਨੂੰ ਕੋਈ ਬੰਦਾ ਹੀ ਨਹੀਂ ਸਮਝੇਗਾ ਤਾਂ ਕੋਈ ਭਿੰਡਰਾ ਵਾਲਾ ਤਾਂ ਉਠੇਗਾ ਹੀ।  ਯਾਦ ਰਹੇ ਕਿ ਧਰਮ ਕੇਵਲ ਟੱਲੀਆਂ ਖੜਕਾਉਂਣ ਦਾ ਵੀ ਨਾਂ ਨਹੀਂ।  ਧੱਕੇ ਨੂੰ ਸਿਰ ਨੀਵਾਂ ਕਰ ਸਹੀ ਜਾਣਾ, ਇਹ ਵੀ ਕੋਈ ਧਰਮ ਨਹੀਂ। 
ਸੋ, ਨਾਸਤਿਕ ਜਦ ਕਹਿੰਦਾ ਹੈ ਕਿ ਉਹ ਕੁਦਰਤ ਨੂੰ ਤਾਂ ਮੰਨਦਾ ਹੈ ਪਰ ਕਾਦਰ ਨੂੰ ਨਹੀਂ ਤਾਂ ਪੁੱਠੇ ਪਾਸਿਓਂ ਕੰਨ ਫੜ ਰਿਹਾ ਹੁੰਦਾ ਹੈ, ਇਹੀ ਹਾਲ ਆਸਤਿਕ ਦਾ ਹੈ ਉਹ ਕੇਵਲ ਰੱਬ ਨੂੰ ਕਿਸੇ ਛੱਤ ਤੇ ਬੈਠਾ ਆਪਣੇ ਵਰਗਾ ਹੀ ਫੁਰਮਾਨ ਜਾਰੀ ਕਰਨ ਵਾਲਾ ਸਮਝੀ ਬੈਠਾ ਹੈ ਤੇ ਇਸ ਧਰਤੀ ਉਪਰ ਚੰਗੀ ਜਿੰਦਗੀ ਜੀਵਣ ਦੀ ਬਜਾਇ, ਦੂਜਿਆਂ ਨੂੰ ਵੀ ਬਰਾਬਰ ਸਮਝ ਅਤੇ ਪਿਆਰ ਕਰਨ ਦੀ ਬਜਾਇ ਇਥੇ ਤਾਂ ਮਨ ਆਈਆਂ ਕਰ ਰਿਹਾ ਹੈ ਪਰ ਕੁੱਝ ਕਰਮਕਾਂਡ ਕਰਕੇ ‘ਅਗੇ’ ਲਈ ਰਸਤਾ ਪੱਧਰਾ ਕਰਨ ਦਾ ਭਰਮ ਪਾਲੀ ਜਾ ਰਿਹਾ ਹੈ। 
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬੜੇ ਪਾਵਨ ਬੋਲ ਹਨ ਜਿਹੜੇ ਥਾਂ-ਥਾਂ ਚੇਤਾ ਕਰਾਉਂਦੇ ਹਨ ਕਿ ਕਾਦਰ ਨੂੰ ਕੁਦਰਤ ਨਾਲੋਂ ਅੱਡ ਨਾ ਸਮਝ ਉਹ ਤਾਂ ਹਰੇਕ ਕਣ ਵਿਚ, ਹਰੇਕ ਕੁਦਰਤ ਦੇ ਜ਼ਰਰੇ-ਜ਼ਰਰੇ ਵਿੱਚ ਹੈ ਤੂੰ ਉਸ ਨੂੰ ਕਿਤੇ ਉਪਰ ਬੈਠਾ ਸਮਝ ਕੇ ਹੋਰ ਹੀ ਪਾਸੇ ਤੁਰਿਆ ਫਿਰ ਰਿਹਾ ਹੈਂ ਜਦ ਕਿ ਉਹ ਤੇਰੇ ਅੰਦਰ ਹੈ, ਤੇਰੇ ਆਸ ਪਾਸ ਫੈਲੀ ਕੁਦਰਤ ਵਿੱਚ ਹੈ, ਤੇਰੇ ਦੁਆਲੇ ਫਿਰ ਰਹੀ ਮਨੁੱਖਤਾ ਵਿੱਚ ਹੈ, ਤੂੰ ਨਿਗਾਹ ਤਾਂ ਉੱਚੀ ਕਰਕੇ ਦੇਖ ।  ਜੇ ਤੂੰ ਦੁਹਾਈਆਂ ਨਾ ਪਾ ਉੱਠੇਂ ਕਿ ਰੱਬ ਇਥੇ ਹੀ, ਇਸੇ ਧਰਤੀ ਤੇ, ਮੇਰੇ ਵਿਚ, ਮੇਰੇ ਦੁਆਲੇ ਅਤੇ ਹਰੇਕ ਕਣ ਕਣ ਵਿੱਚ ਵਿਆਪਕ ਹੈ।

ਗੁਰੂ ਦੁਆਰੈ ਹੋਇ; ਸੋਝੀ ਪਾਇਸੀ

0

ਗੁਰੂ ਦੁਆਰੈ ਹੋਇ; ਸੋਝੀ ਪਾਇਸੀ

-ਗੁਰਪ੍ਰੀਤ ਸਿੰਘ (USA)

ਸਿੱਖ ਧਰਮ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਹਮੇਸ਼ਾ ਹੀ ਔਕੜਾਂ ਦਾ ਸਾਹਮਣਾ ਕਰਦਾ ਆਇਆ ਹੈ। ਅੰਗ੍ਰੇਜ਼ਾਂ ਨੇ ਸਿੱਖਾਂ ਦੀ ਬਹੁ ਪੱਖੀ ਤਾਕਤ ਤੋਂ ਅੰਦਰੋਂ ਅੰਦਰੀ ਭੈ-ਭੀਤ ਹੋ, ਜਿੱਥੇ ਗੁਰ ਇਤਿਹਾਸ ਤੇ ਗੁਰਮਤਿ ਸਾਹਿਤ ’ਚ ਰਲ-ਗੱਡ ਕੀਤੀ, ਉੱਥੇ ਹੀ ਗੁਰ ਅਸਥਾਨਾਂ ਦੇ ਪ੍ਰਬੰਧ ’ਚ ਵੀ ਦਖ਼ਲ ਅੰਦਾਜ਼ੀ ਕੀਤੀ ਤੇ ਉਹਨਾਂ ਵਲੋਂ ਥਾਪੇ ਮਸੰਦਾਂ ਨੇ ਇਖ਼ਲਾਕ ਤੋਂ ਗਿਰ, ਭ੍ਰਿਸ਼ਟਾਚਾਰ ਫੈਲਾਉਂਦਿਆ ਗੁਰਦੁਆਰਿਆਂ ਨੂੰ ਬ੍ਰਾਹਮਣੀ ਰੰਗਤ ’ਚ ਰੰਗ ਦਿੱਤਾ। ਅਜਿਹੇ ਵੇਲੇ ਗੁਰਦੁਆਰਾ ਸੁਧਾਰ ਲਹਿਰ ਹੀ ਸੀ, ਜਿਸ ਸਦਕਾ ਗੁਰ ਅਸਥਾਨਾਂ ਦੀ ਅਜ਼ਾਦੀ ਦੁਬਾਰਾ ਬਹਾਲ ਹੋ ਸਕੀ।

ਅੱਜ ਇੱਕ ਤਾਂ ਪਹਿਲਾਂ ਹੀ ਜ਼ਾਤਾਂ ਅਤੇ ਖੇਤਰ ਦੇ ਅਧਾਰ ’ਤੇ ਬੇਅੰਤ ਗੁਰਦੁਆਰੇ ਉਸਾਰ ਕੇ ਅਸੀਂ ਬੁਰੀ ਤਰ੍ਹਾਂ ਵੰਡੇ ਜਾ ਚੁੱਕੇ ਹਾਂ। ਦੂਜਾ ਸਾਡੇ ਤਖ਼ਤਾਂ, ਇਤਿਹਾਸਕ ਗੁਰਦੁਆਰਿਆਂ ਅਤੇ ਸਿੱਖੀ ਸਰੂਪ ’ਚ ਹੀ ਵਿਚਰ ਰਹੇ ਅਖੌਤੀ ਪੰਥ ਹਿਤੈਸ਼ੀਆਂ ਨੇ ਕਬਜ਼ਾ ਕਰ ਲਿਆ ਹੈ, ਜਿਨ੍ਹਾਂ ਦਾ ਮੁੱਖ ਮਕਸਦ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਫਿਰਕੂ ਜਥੇਬੰਦੀਆਂ ਨਾਲ ਮਿਲ, ਸਿੱਖ ਕੌਮ ਦੀਆਂ ਜੜਾਂ ’ਚ ਤੇਲ ਦੇਣਾ ਹੈ। ਝੂਠੀ ਤਾਕਤ ਅਤੇ ਲਾਲਚ ’ਚ ਅੰਨ੍ਹੇ ਹੋਏ ਅਜਿਹੇ ਵਿਕਾਊ ਪੰਥ ਦੋਖੀਆਂ ਦੇ ਗ਼ਲਬੇ ਹੇਠੋਂ ਗੁਰ ਅਸਥਾਨਾਂ ਨੂੰ ਅਜ਼ਾਦ ਕਰਾ, ਗੁਰਦੁਆਰਿਆਂ ਨੂੰ ਅਸਲ ਵਿੱਚ ਭਗਤੀ, ਪ੍ਰਚਾਰ ਅਤੇ ਅਮਲੀ ਜੀਵਨ ਜਾਚ ਦੇ ਸੋਮੇ ਬਣਾਉਣ ਲਈ ਸਾਨੂੰ ਫੋਰੀ ਤੌਰ ’ਤੇ ਇੱਕ ਗੁਰਦੁਆਰਾ ਪ੍ਰੋਗਰਾਮ ਸੁਧਾਰ ਲਹਿਰ ਸ਼ੁਰੂ ਕਰਨ ਦੀ ਅਤਿਅੰਤ ਲੋੜ ਹੈ।

ਅਜੋਕੇ ਸਮੇ ’ਚ ਸ਼੍ਰੋਮਣੀ ਕਮੇਟੀ ਦੇ ਕਿਰਦਾਰ ਤੇ ਕਾਰਜ ਦੀ ਅਸਲੀਅਤ ਕਿਸੇ ਕੋਲੋਂ ਲੁਕੀ ਨਹੀਂ ਹੈ। ਅਰਬਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਵੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਆਏ ਕਿਸੇ ਵਿਦੇਸ਼ੀ ਯਾਤਰੂ ਨੂੰ ਸਿੱਖ ਧਰਮ ਸਬੰਧੀ ਜਾਣਕਾਰੀ ਦੇਣ ਵਾਲਾ ਇੱਕ ਕਿਤਾਬਚਾ ਤੱਕ ਵੀ ਨਸੀਬ ਨਹੀਂ ਹੁੰਦਾ। ਹੋਵੇ ਵੀ ਕਿਉਂ ? ਜੇ ਸੰਗਤਾਂ ਨੂੰ ਪ੍ਰਚਾਰ ਹਿੱਤ ਵੰਡਣ ਲਈ ਕਿਤਾਬਚੇ ਛਾਪਣ ਲੱਗੇ ਤਾਂ ਫਿਰ ਅਖੌਤੀ ਪੰਥਕ ਪਾਰਟੀ ਦੀਆਂ ਰੈਲੀਆਂ ਦਾ ਭੁਗਤਾਨ ਕਿੱਥੋਂ ਹੋਵੇਗਾ ? ਆਪਣੇ ਅਸਲੀ ਕੰਮ ਤੋਂ ਅਵੇਸਲੀ ਹੋਈ ਸ਼੍ਰੋਮਣੀ ਕਮੇਟੀ ਦੇ ਬਦਲ ਵਜੋਂ, ਜੇ ਕਿਸੇ ਨਵੇਂ ਬੇਹੱਦ ਸੁਹਿਰਦ ਤੇ ਨਿਰੋਲ ਧਾਰਮਿਕ ਜਥੇਬੰਧਕ ਢਾਂਚੇ ਦੀ ਗੱਲ ਕਰੀਏ ਤਾਂ ਉਹ ਵੀ ਮੁਮਕਿਨ ਨਹੀਂ ਹੋਵੇਗੀ ਕਿਉਂਕਿ ਰਾਜਸੀ ਦਬਾਅ ਕਰ ਕੇ ਅਜਿਹੀ ਸੰਸਥਾ ਦੇ ਪੈਰ ਤੱਕ ਵੀ ਨਹੀਂ ਲੱਗਣ ਦਿੱਤੇ ਜਾਣਗੇ।

ਖੈਰ, ਤਸੱਲੀ ਦੀ ਗੱਲ ਇਹ ਹੈ ਕਿ ਅੱਜ ਦੇ ਯੁੱਗ ਵਿੱਚ ਸਮਾਜਿਕ ਮੀਡੀਏ ਦਾ ਬੋਲਬਾਲਾ ਹੈ ਤੇ ਇਹ ਰੁਝਾਨ ਨੇੜਲੇ ਭਵਿੱਖ ਵਿੱਚ ਛੇਤੀ ਕਿਤੇ ਬਦਲਦਾ ਨਜ਼ਰ ਨਹੀਂ ਆਉਂਦਾ। ਸੋ ਸਮੇਂ ਦੀ ਮੰਗ ਅਨੁਸਾਰ ਸਾਨੂੰ ਵੀ ਆਪਣੇ ਪ੍ਰਚਾਰ ਦੇ ਢੰਗ ਨੂੰ ਨਵੀਆਂ ਲੀਹਾਂ ’ਤੇ ਪਾਉਣਾ ਪਵੇਗਾ। ਬੀਜ ਨਾਸ ਨਹੀਂ ਹੋਇਆ, ਗੁਰਮਤਿ ਨੂੰ ਪ੍ਰਚਾਰਨ ਲਈ ਵਿਅਕਤੀਗਤ ਅਤੇ ਕਿਸੇ ਨਾ ਕਿਸੇ ਰੂਪ ’ਚ ਸਮੂਹਿਕ ਕੋਸ਼ਿਸ਼ਾਂ (ਭਾਵੇਂ ਕਿ ਆਪੋ ਆਪਣੇ ਰਾਗ ਅਲਾਪ ਦੀਆਂ ਹਨ) ਨਿਰੰਤਰ ਜਾਰੀ ਹਨ। ਸਮੇਂ ਦੀ ਤੋਰ ਨੂੰ ਥੋੜ੍ਹਾ ਜਿਹਾ ਪਛਾਣਦਿਆਂ ਅਸੀਂ ਕਾਫ਼ੀ ਸਾਰੀਆਂ ਐਪਸ (Apps) ਬਣਾ ਲਈਆਂ ਹਨ ਤੇ ਨਾਲ ਹੀ ਵੈੱਬ ਸਾਈਟਸ ਦੀ ਵੀ ਭਰਮਾਰ ਹੈ, ਪਰ ਕੀ ਕਾਰਨ ਹੈ ਕਿ ਸਿੱਖ ਕੌਮ ਕੋਲ ਹਾਲੇ ਤੱਕ ਵੀ ਆਪਣਾ ਕੋਈ ਕੇਂਦਰੀ ਚੈੱਨਲ ਨਹੀਂ ਹੈ ? ਇੱਕ ਅਜਿਹਾ ਤਾਕਤਵਰ ਨੈੱਟਵਰਕ, ਜਿਸ ਦੇ ਸਾਂਝੇ ਮੰਚ ਤੋਂ ਸਾਰਾ ਸੰਸਾਰ ਸਿੱਖ ਧਰਮ ਦੀ ਸਹੀ ਜਾਣਕਾਰੀ ਲੈ ਸਕਦਾ ਹੋਵੇ। ਇੱਕ ਅਜਿਹਾ ਸਮਰੱਥ ਤੇ ਦਬਦਬੇ ਵਾਲਾ ਮੀਡੀਆ ਕੇਂਦਰ ਜਿਹੜਾ ਫਿਰਕੂ ਸਰਕਾਰਾਂ ਦੀਆਂ ਮਾਰੂ ਨੀਤੀਆਂ, ਸੰਕੀਰਣ ਏਜੰਡਿਆਂ ਤੇ ਝੂਠੇ ਪ੍ਰਾਪੇਗੰਡਾ (ਪ੍ਰਚਾਰ) ਨੂੰ ਬੇਖੌਫ ਨੰਗਿਆਂ ਕਰ ਸਕੇ। ਜੀ ਹਾਂ, ਇੱਕ ਅਜ਼ਾਦ, ਪਰ interactive, ਵਿਸ਼ਵ-ਵਿਆਪੀ ਪ੍ਰਸਾਰਣ ਵਾਲਾ ਨੈੱਟਵਰਕ ਜਿੱਥੋਂ ਅਸੀਂ ਵੀ ਹਾਅ ਦਾ ਨਾਹਰਾ ਮਾਰ ਸਕੀਏ ਤੇ ਬਾਕੀ ਦੁਨੀਆਂ ਸਾਹਮਣੇ ਤੱਥਾਂ ਦੇ ਅਧਾਰ ’ਤੇ ਸੱਚ (ਗੁਰਮਤ) ਪੇਸ਼ ਕਰ ਸਕੀਏ।

ਪੰਚ-ਪ੍ਰਧਾਨੀ ਦੇ ਆਧਾਰ ’ਤੇ ਇੱਕ ਕੇਂਦਰੀ ਜੱਥੇਬੰਦੀ ਵਲੋਂ ਚਲਾਏ ਪੂਰਨ ਅਧਿਕਾਰ ਵਾਲੇ ਅਜਿਹੇ ਸਮਰਪਿਤ ਕੇਂਦਰ ਰਾਹੀਂ ਪ੍ਰਭਾਵਸ਼ਾਲੀ ਪ੍ਰਚਾਰ ਦੀਆਂ ਬੇਅੰਤ ਸੰਭਾਵਨਾਵਾਂ ਨੂੰ ਸਹਿਜੇ ਹੀ ਅਮਲੀ ਰੂਪ ਦਿੱਤਾ ਜਾ ਸਕਦਾ ਹੈ। ਉਦਾਹਰਨ ਵਜੋਂ, ਸਮੂਹ ਪੰਥ ਤੇ ਸਮੁੱਚੇ ਜਗਤ ਲਈ ਸਿੱਖ ਕੌਮ ਦੀ ਇਸ ਜਵਾਬਦੇਹ ਸੰਸਥਾ ਵਲੋਂ ਸੰਸਾਰ ਦੀਆਂ ਚੋਣਵੀਆਂ ਭਾਸ਼ਾਵਾਂ ’ਚ ਇੱਕ ਵਿਸ਼ਾਲ ਤੇ ਵਾਦ-ਵਿਵਾਦ ਤੋਂ ਰਹਿਤ, ਪੂਰਨ ਕਾਰਜਸ਼ੀਲ ਵੈੱਬ ਸਾਈਟ ਬਣਾਈ ਜਾਵੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ, ਨਿਰੋਲ ਗੁਰਬਾਣੀ ਦੇ ਆਧਾਰ ’ਤੇ ਸਿੱਖ ਰਹਿਤ ਮਰਯਾਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਅਕਾਲ ਤਖ਼ਤ ਦੀ ਸਰਬਉੱਚਤਾ, ਸਿੱਖ ਇਤਿਹਾਸ ਅਤੇ ਗੁਰਮਤਿ ਜੀਵਨ ਜਾਚ ਦੇ ਹਰ ਪਹਿਲੂ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਾ ਸਕੇ। ਇਸ ਦੇ ਨਾਲ ਹੀ ਗੁਰਮਤਿ ਦੇ ਔਨਲਾਈਨ (on- line) ਕੋਰਸ ਵੀ ਕਰਵਾਏ ਜਾਣ ਤੇ ਅਗਾਂਹ ਆਪਣੀ ਜ਼ਿੰਮੇਵਾਰੀ ਹੇਠ ਦੇਸ ਪ੍ਰਦੇਸ ਦੇ ਹਰ ਨਗਰ ਵਿੱਚ ਗੁਰਮਤਿ ਸਕੂਲ/ਕਾਲਜ ਖੋਲ੍ਹਣ ਦਾ ਉਪਰਾਲਾ ਕੀਤਾ ਜਾਵੇ। ਇਸ ਸਬੰਧੀ ਮਿਸ਼ਨ ਬਿਆਨ, ਅਮਲ ਯੋਜਨਾ ਤੇ ਪੂਰਨ ਰੂਪ ਰੇਖਾ ਸਾਰੀਆਂ ਪੰਥ ਪ੍ਰਵਾਣਿਤ ਜੱਥੇਬੰਦੀਆਂ ਆਪਸ ’ਚ ਮਿਲ ਬੈਠ ਕੇ ਬਹੁਤ ਬਾਖ਼ੂਬੀ ਨਾਲ ਘੜ ਸਕਦੀਆਂ ਹਨ ਜੇਕਰ ਸਾਡੇ ਇਰਾਦੇ ਉੱਚੇ, ਮਜ਼ਬੂਤ ਤੇ ਨਿਯਤਾਂ ਸਾਫ਼ ਹੋਣ ਦੇ ਨਾਲ ਹੀ ਸਾਡਾ ਟੀਚਾ ਵੀ ਇੱਕ ਹੋਵੇ।

ਖੈਰ, ਗੁਰਦੁਆਰਿਆਂ ਦੀ ਗੱਲ ਕਰੀਏ ਤਾਂ ਅਖੌਤੀ ਲੋਕਤੰਤਰ ਨੇ ਗੁਰੂ ਘਰਾਂ ਨੂੰ ਬਹੁਤ ਢਾਹ ਲਾਈ ਹੈ। ਇਹ ਕਿਹੋ ਜਿਹਾ ਲੋਕਤੰਤਰ ਹੈ ਜਿੱਥੇ ਚੌਧਰ ਤੇ ਜ਼ਾਤੀ ਮੁਫਾਦਾਂ ਖਾਤਰ ਪ੍ਰਧਾਨਗੀਆਂ ਜਾਂ ਸਕੱਤਰੀਆਂ ਲੈਣ ਲਈ ਝਗੜਿਆਂ ’ਚ ਉਲਝ ਕੇ ਸੰਗਤ ਦਾ ਸਾਰਾ ਦਸਵੰਧ, ਸੰਸਾਰੀ ਅਦਾਲਤਾਂ ’ਚ ਰੋਲ ਦਿੱਤਾ ਜਾਂਦਾ ਹੈ ? ਸ਼ਾਇਦ ਭੁੱਲ ਗਏ ਹਾਂ ਕਿ ਪ੍ਰਧਾਨ ਤਾਂ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਸਕੱਤਰੀਆਂ ਸਿਰਫ ਸਰਕਾਰੀ (ਸੰਸਾਰੀ) ਜਾਂ ਵਪਾਰਿਕ ਅਦਾਰਿਆਂ ’ਚ ਹੀ ਹੁੰਦੀਆਂ ਹਨ। ਕ੍ਰਿਪਾ ਕਰੋ, ਇਹ ਆਤਮਘਾਤੀ ਰਸਤੇ ਛੱਡ, ਗੁਰਮਤਿ ਦੀਆਂ ਕਦਰਾਂ-ਕੀਮਤਾਂ (Core Values) ਨਾਲ ਦੁਬਾਰਾ ਜੁੜੋ ਤੇ ਪੰਚ ਪ੍ਰਧਾਨੀ ਦੇ ਬਰਕਤਾਂ ਭਰੇ ਸੰਕਲਪ ਨੂੰ ਮੁੜ ਅਪਣਾਓ।

ਦੇਸੀ ਅੰਗਰੇਜ਼ਾਂ ਦੀ ਸਰਕਾਰ ਵਾਸਤੇ ਨੌਜਵਾਨਾਂ ਨੂੰ ਨਸ਼ਿਆਂ ’ਚ ਧਕੇਲਣਾ ਬਹੁਤ ਸੌਖਾਲਾ ਸੀ ਕਿਉਂਕਿ ਗੋਲਕਾਂ ਦੀਆਂ ਲੜਾਈਆਂ, ਮੁਕੱਦਮੇ ਬਾਜ਼ੀਆਂ, ਧੜੇਬੰਦੀਆਂ, ਨਿੰਦਿਆਂ-ਚੁਗਲੀ ਤੇ ਬੇਲੋੜਾ ਵਾਦ-ਵਿਵਾਦ ਵੇਖ ਕੇ ਸ਼ਾਇਦ ਹੀ ਕਿਸੇ ਨੌਜਵਾਨ ਨੇ ਆਪਣੇ ਮਨ ਨਾਲ ਕਦੀ ਗੁਰਦੁਆਰੇ ਵੱਲ ਮੂੰਹ ਕੀਤਾ ਹੋਵੇਗਾ। ਅੱਜ ਕਿਹੜਾ ਖ਼ਾਲਸਾ ਸਕੂਲ ਤੇ ਕਾਲਜ ਹੈ, ਜਿੱਥੇ ਖਾਲਸਾਈ ਰੰਗਤ ਝਲਕਦੀ ਹੈ ? ਗੁਰੂ ਘਰ ਦੀ ਸੰਗਤ ਜਾਂ ਕਮੇਟੀ ’ਚੋਂ ਜੇ ਦੋ ਕੁ ਜਣਿਆਂ ਨੂੰ ਕੋਈ ਗੱਲ ਪਸੰਦ ਨਹੀਂ ਆਉਂਦੀ ਤਾਂ ਆਪਸ ’ਚ ਮਿਲ ਬੈਠ ਕੇ ਦੁਬਿਧਾ ਦੂਰ ਕਰਨ ਦੀ ਬਜਾਏ, ਝੱਟ ਇੱਕ ਨਵਾਂ ਗੁਰੂ ਘਰ ਹੀ ਉਸਾਰ ਲਿਆ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੱਚੇ ਮਨ ਨਾਲ ਅੱਜ ਜਿਹੜਾ ਕੋਈ ਵੀ ਗੁਰਮਤਿ ਵਿਚਾਰਧਾਰਾ ਦੀ ਸਹੀ ਤਸਵੀਰ ਪੇਸ਼ ਕਰਦਾ ਹੈ, ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਪਾਸੇ ਕਰ ਦਿੱਤਾ ਜਾਂਦਾ ਹੈ। ਸੰਗਤ ਨੂੰ ਵੀ ਸ਼ਾਇਦ ਕੰਨ ਰਸ ਪੈਣ ਕਰਕੇ ਉਹੀ ਪ੍ਰਚਾਰਕ ਚੰਗੇ ਲੱਗਦੇ ਹਨ, ਜਿਹੜੇ ਮਨਘੜਤ ਸਾਖੀਆਂ ਸੁਣਾ ਕੇ ਕੁਝ ਚਿਰ ਲਈ ਉਹਨਾਂ ਦੀ ਵਡਿਆਈ ਤੇ ਮਨੋਰੰਜਨ ਕਰ ਸਕਣ। ਜੇ ਕਿਸੇ ਨਾਮਵਰ (ਪ੍ਰਸਿੱਧ) ਕੀਰਤਨੀਏ ਜੱਥੇ ਜਾਂ ਕਥਾਵਾਚਕ ਨੇ ਆਉਣਾ ਹੋਵੇ ਤਾਂ ਅਸੀਂ ਹਰ ਰੁਝੇਵਾਂ ਛੱਡ ਗੁਰਦੁਆਰੇ ਪਹੁੰਚ ਜਾਈਦਾ ਹੈ, ਵਰਨਾ ਸਾਡੇ ਕੋਲ ਤਾਂ ਸਾਹ ਲੈਣ ਦਾ ਸਮਾਂ ਵੀ ਨਹੀਂ ਹੁੰਦਾ। ਤ੍ਰਾਸਦੀ ਤਾਂ ਇਸ ਗੱਲ ਦੀ ਹੈ ਕਿ ਵਧੀਆ ਪ੍ਰਚਾਰਕ ਵੀ ਮੌਕਾ ਦੇਖ ਕੇ ਹੀ ਵਿਸ਼ੇ ਨੂੰ ਛੋਂਹਦੇ ਹਨ। ਬੇਸ਼ੱਕ ਪਤਾ ਹੁੰਦਾ ਹੈ ਕਿ you tube ਤੇ ਝੱਟ ਹੀ ਵੀਡੀਓ ਪੈ ਜਾਣਾ ਹੈ ਪਰ ਫਿਰ ਵੀ ਇਕੋ ਵਿਸ਼ੇ ’ਤੇ ਇਹਨਾਂ ਦਾ ਪ੍ਰਚਾਰ ਦੇਸ ਅਤੇ ਵਿਦੇਸ਼ ਵਿੱਚ ਵੱਖੋ-ਵੱਖਰਾ ਹੀ ਹੁੰਦਾ ਹੈ। ਉੱਪਰੋਂ ਸਾਡੇ ਕਾਰ ਸੇਵਾ ਵਾਲੇ ਬਾਬਿਆਂ ਦੀ ਸੇਵਾ ਏਨੀ ਮਹਾਨ ਹੈ ਕਿ ਹਰ ਥਾਂ ਸੰਗਮਰਮਰ ਦੇ ਪੱਥਰ ਲਗਵਾ ਕੇ, ਗੁਰ ਅਸਥਾਨਾਂ ਦੀ ਮੌਲਿਕਤਾ ਹੀ ਖ਼ਤਮ ਕਰੀ ਜਾ ਰਹੇ ਹਨ। ਬਾਕੀ ਰਹਿੰਦੀ-ਖੂੰਹਦੀ ਕਸਰ ਬੰਦੂਕਾਂ, ਨੰਗੇਜ਼ ਤੇ ਨਸ਼ੇ ਉਤਸ਼ਾਹਿਤ ਕਰਨ ਵਾਲੇ ਘਟੀਆ ਤੇ ਬੇਹੁਦਾ ਪੰਜਾਬੀ ਗਾਇਕਾਂ ਨੇ ਪੂਰੀ ਕਰ ਦਿੱਤੀ ਹੈ।

ਮੇਰੇ ਵਰਗਾ ਖਿਆਲੀ ਜਾਗਰੂਕ ਵੀ ਦੋ ਚਾਰ ਲੇਖਾਂ ਰਾਹੀਂ ਆਪਣੀ ਵਿਦਵਤਾ ਦਾ ਸਬੂਤ ਦੇ, ਕੌਮ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਖ਼ਤਮ ਸਮਝ ਲੈਂਦਾ ਹੈ ਭਾਵੇਂ ਕਿ ਉਹ ਲੇਖ ਉੱਥੇ ਪਹੁੰਚਣ ਹੀ ਨਾ, ਜਿੱਥੇ ਅਸਲ ’ਚ ਪਹੁੰਚਣੇ ਚਾਹੀਦੇ ਹਨ। ਆਪਸ ਦੇ ਵਿੱਚ ਹੀ ਆਪਣੀ ਵਿਦਵਤਾ ਦੀਆਂ ਕਲੋਲਾਂ ਦੇ ਨਾਲ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਆਦੀ ਹੋਏ ਵਿਦਵਾਨਾਂ ਨੂੰ ਆਮ ਸੰਗਤ ਦੀ ਨਿਸ਼ਕਾਮ ਸੇਵਾ-ਭਾਵਨਾ ਕਰਨ ਦਾ ਖਿਆਲ, ਮਾਨੋ ਉੱਕਾ ਹੀ ਵਿਸਰ ਜਾਂਦਾ ਹੈ। ਕਈਆਂ ਨੂੰ ਸੁਰਖੀਆਂ ’ਚ ਬਣੇ ਰਹਿਣ ਦਾ ਚਸਕਾ ਪੈ ਜਾਂਦਾ ਹੈ ਤੇ ਇਸ ਮੰਤਵ ਦੀ ਪੂਰਤੀ ਲਈ ਇੱਕ ਦੇ ਬਾਅਦ ਇੱਕ ਵਿਵਾਦ ਗ੍ਰਸਤ ਬਿਆਨ ਦੇਣ ਲੱਗਿਆਂ ਵੀ ਉਹਨਾਂ ਦੀ ਰੂਹ ਨਹੀਂ ਕੰਬਦੀ। ਕਈਆਂ ਲਈ ਤਵਾਰੀਖ ’ਚ ਆਪਣਾ ਨਿਵੇਕਲਾ ਥਾਂ ਬਣਾਉਣ ਦੀ ਚਿੰਤਾ ਹੀ ਸਭ ਤੋਂ ਅਹਿਮ ਮੁੱਦਾ ਬਣ ਜਾਂਦੀ ਹੈ। ਇਸ ਸਭ ਤੋਂ ਉੱਪਰ, ਕੌਮ ’ਚ ਮੌਜੂਦ ਅਨੇਕਾਂ ਸਿਧਾਂਤਕ ਮਤਭੇਦਾਂ ਨੇ ਆਮ ਸਿੱਖ ਨੂੰ ਗੁੰਮਰਾਹ, ਪ੍ਰੇਸ਼ਾਨ ਤੇ ਲਗਭਗ ਸੁੰਨ ਹੀ ਕਰ ਦਿੱਤਾ ਹੈ। ਪੰਜਾਬੀ ਦੀ ਬੜੀ ਪੁਰਾਣੀ ਕਹਾਵਤ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਆਪਣੀ ਅਕਲ ਅਤੇ ਦੂਜੇ ਦਾ ਪੈਸਾ ਹਮੇਸ਼ਾਂ ਜ਼ਿਆਦਾ ਜਾਪਦਾ ਹੈ। ਇਸੇ ਲਈ ਵਿਵਾਦ ਗ੍ਰਸਤ ਮੁੱਦੇ ’ਤੇ ਜਿੱਥੇ ਧਰਮ ਤੋਂ ਬਿਲਕੁਲ ਸੱਖਣਾ ਅਤੇ ਅਣਜਾਣ ਮਨੁੱਖ ਵੀ ਆਪਣੀ ਰਾਏ ਦੇਣ ਤੋਂ ਪਿੱਛੇ ਨਹੀਂ ਹਟਦਾ, ਉੱਥੇ ਹੀ ਹਰ ਪੰਥ ਦਰਦੀ ਵਿਦਵਾਨ, ਵਿਅਕਤੀਗਤ ਤੌਰ ’ਤੇ ਆਪਣੀ ਸੋਚ ਤੇ ਖੋਜ ਨੂੰ ਝੱਟ ਹੀ ਸੰਗਤ ਨਾਲ ਸਾਂਝੀ ਕਰ ਛੱਡਦਾ ਹੈ। ਅਜਿਹਾ ਕੀਤਿਆਂ ਜਿੱਥੇ ਸੰਗਤ ’ਚ ਹੋਰ ਵੀ ਉਲਝਣ, ਰੋਸ ਤੇ ਗੁੱਸਾ ਉਪਜਦਾ ਹੈ, ਉੱਥੇ ਹੀ ਅਸੀਂ ਅਸਲ ਨਾਲੋਂ ਵੀ ਕਿਤੇ ਵੱਧ ਵੰਡੇ ਹੋਏ ਨਜ਼ਰ ਆਉਂਦੇ ਹਾਂ। ਮੇਰਾ ਮਨ ਨਹੀਂ ਮੰਨਦਾ ਕਿ ਵਾਕਿਆ ਹੀ, ਸ਼ੀਆ ਤੇ ਸੁੰਨੀ ਮੁਸਲਮਾਨਾਂ ਦੀ ਤਰ੍ਹਾਂ ਕੱਲ੍ਹ ਨੂੰ ਅਸੀਂ ਵੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਜਾਵਾਂਗੇ ਕਿਉਂਕਿ ਗੁਰੂ ਦੇ ਅਸਲ ਸਿੱਖ ਨੇ ਗੁਰਬਾਣੀ ਦੀ ਸਿੱਖਿਆ ‘‘ਬਾਦੁ ਬਿਬਾਦੁ; ਕਾਹੂ ਸਿਉ ਨ ਕੀਜੈ ॥’’ (ਭਗਤ ਨਾਮਦੇਵ/੧੧੬੪) ਨੂੰ ਹਮੇਸ਼ਾ ਲਈ ਮਨ ’ਚ ਵਸਾ ਕੇ ਕਮਾ ਲਿਆ ਹੁੰਦਾ ਹੈ।

ਗ੍ਰੰਥ ਸਾਹਿਬ ਜੀ ਦੇ ਲੜ ਲੱਗਿਆ ਗੁਰੂ ਦਾ ਸਿੱਖ ਤਾਂ ਹਮੇਸ਼ਾਂ ਇਹੀ ਕਹੇਗਾ ਨਾ: ‘‘ਤੂ ਸਮਰਥੁ ਵਡਾ; ਮੇਰੀ ਮਤਿ ਥੋਰੀ ਰਾਮ ॥’’ (ਮ: ੫/੫੪੭) ਦੁਫਾੜ ਕਰਨ ਦੀ ਸੰਭਾਵਨਾ ਵਾਲੇ ਜਾਂ ਪਹਿਲਾਂ ਤੋਂ ਹੀ ਮੌਜੂਦ ਮਤਭੇਦਾਂ ਤੇ ਮਨਭੇਦਾਂ ਨੂੰ ਮਿਟਾਉਣ ਲਈ ਚਾਹੀਦਾ ਤਾਂ ਇਹ ਸੀ ਕਿ ਜੇ ਕੋਈ ਵਿਵਾਦਗ੍ਰਸਤ ਮੁੱਦੇ ’ਤੇ ਲਿਖਣ ਦਾ ਹੀਆ ਕਰੇ ਤਾਂ ਛਪਵਾਉਣ ਤੋਂ ਪਹਿਲਾਂ, ਪੰਚਾਂ ਦੀ ਨਿਗਰਾਨੀ ਅਤੇ ਛਤਰ-ਛਾਇਆ ਹੇਠ ਬਣੀ ਉਪਰੋਕਤ, ਜਵਾਬਦੇਹ ਕੇਂਦਰੀ ਸੰਸਥਾ ਕੋਲੋਂ ਲਿਖਤ ਨੂੰ ਪ੍ਰਮਾਣਿਤ ਕਰਵਾਉਣਾ ਲਾਜ਼ਮੀ ਹੋਵੇ। ਪ੍ਰੈੱਸ ਕਾਨਫਰੰਸਾਂ ਰਾਹੀਂ ਆਪੋ-ਆਪਣੀਆਂ ਡਫਲੀਆਂ ਵਜਾਉਣ ਦੀ ਥਾਂ ਆਪਣਾ ਬਿਆਨ ਵੀ ਕੇਂਦਰੀ ਸੰਸਥਾ ਨੂੰ ਭੇਜਣ ਦਾ ਸਾਧਨ ਹੋਵੇ ਤਾਂ ਕਿ ਅਗਾਂਹ ਘੋਖਣ ਮਗਰੋਂ ਸਰਬਸੰਮਤੀ ਨਾਲ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਾ ਸਕੇ। ਅਜਿਹਾ ਕੀਤਿਆਂ ਤੁਸੀਂ ਵੀ ਇੱਕ ਵਿਵਾਦ ਗ੍ਰਸਤ ਸ਼ਖ਼ਸੀਅਤ ਨਾ ਹੋ ਕੇ, ਪੰਥ ਦੇ ਭਲੇ ਵਾਸਤੇ ਕਾਰਜ ਕਰਨ ਵਾਲੇ ਸੁਘੜ ਤੇ ਸਿਆਣੇ ਗੁਰਸਿੱਖ ਹੋ ਨਿਬੜਦੇ ‘‘ਚਤੁਰ ਸਿਆਣਾ ਸੁਘੜੁ ਸੋਇ; ਜਿਨਿ ਤਜਿਆ ਅਭਿਮਾਨੁ ॥’’ (ਮ: ੫/੨੯੭)

ਅਸਲ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਤੇ ਟੇਕ ਅਤੇ ਅਰਥਾਂ ਦੀ ਸੋਝੀ ਨਾ ਹੋਣ ਕਾਰਨ ਹੀ, ਅਸੀਂ ਹੋਰਨਾਂ ਵਲੋਂ ਪਾਏ ਗਏ ਜਾਂ ਪਾਏ ਜਾ ਰਹੇ ਭਰਮ-ਭੁਲੇਖਿਆਂ ਦੇ ਦਾਣਿਆਂ ਨੂੰ ਦੁਬਿਧਾ ਕਾਰਨ ਬਹੁਤ ਜਲਦੀ ਚੁਗ ਲੈਂਦੇ ਹਾਂ। ਗੁਰੂ ਨਾਲ ਨੇੜਤਾ ਵਧਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਗੁਰਦੁਆਰਿਆਂ ਦੇ ਪ੍ਰੋਗਰਾਮਾਂ ’ਚ ਤਬਦੀਲੀ ਕਰਨੀ ਪੈਣੀ ਹੈ। ਇਸ ਲੇਖ ਦੀਆਂ ਕੁੱਝ ਗੱਲਾਂ ਭਾਵੇਂ ਕਿ ਬਾਹਰਲੇ ਮੁਲਕਾਂ ਦੇ ਗੁਰੂ ਘਰਾਂ ’ਤੇ ਜ਼ਿਆਦਾ ਢੁਕਦੀਆਂ ਹਨ ਪਰ ਫਿਰ ਵੀ ਸਾਡਾ ਸਾਰਿਆਂ ਦਾ ਇੱਕੋ ਸਫ਼ੇ ’ਤੇ ਹੋਣਾ ਬਹੁਤ ਜ਼ਰੂਰੀ ਹੈ। ਇਤਿਹਾਸਕ ਗੁਰਦੁਆਰੇ ਵੀ ਆਪਣਾ ਪ੍ਰੋਗਰਾਮ ਮਿੱਥਣ ਸਮੇਂ ਇਹ ਯਕੀਨੀ ਬਣਾਉਣ ਕਿ ਆਈ ਸੰਗਤ ਨੂੰ ਹਰ ਵਕਤ ਕਿਸੇ ਨਾ ਕਿਸੇ ਰੂਪ ’ਚ ਗੁਰ ਸ਼ਬਦ ਦੀ ਵੀਚਾਰ ਜ਼ਰੂਰ ਮਿਲੇ ਕਿਉਂਕਿ ਬਹੁਤੀ ਸੰਗਤ ਸਰੋਵਰ ’ਚ ਇਸ਼ਨਾਨ ਕਰ, ਜਲ ਦੀਆਂ ਬੋਤਲਾਂ ਭਰ ਅਤੇ ਲੰਗਰ ਛੱਕਣ ਉਪਰੰਤ ਹੀ ਆਪਣੀ ਯਾਤ੍ਰਾ ਸਫਲ ਸਮਝ ਲੈਂਦੀ ਹੈ। ਗੁਰੂ ਸਾਹਿਬ ਜੀ ਦਾ ਵੀ ਫੁਰਮਾਨ ਹੈ ‘‘ਇਕਾ ਬਾਣੀ, ਇਕੁ ਗੁਰੁ; ਇਕੋ ਸਬਦੁ ਵੀਚਾਰਿ ।।’’ ( ਮ: 3/646)

ਸਾਡਾ ਗੁਰੂ ਇੱਕ, ਸਾਡੀ ਬਾਣੀ ਇੱਕ, ਗੁਰ ਮੰਤਰ ਇੱਕ ਤੇ ਇੱਕ ਕੇਸਰੀ ਝੰਡੇ ਹੇਠ ਵਿਚਰਦਿਆਂ, ਇੱਕ ਅਕਾਲ ਪੁਰਖ ਦੀ ਅਰਾਧਨਾ ਕਰਨ ਵਾਲੇ ਇੱਕ ਪੰਥ ਦਾ ਧਰਮ ਵੀ ਇੱਕ, ਤਾਂ ਫਿਰ ਇੱਕ ਇਲਾਕੇ (Community) ਵਿੱਚ ਅਨੇਕਾਂ ਗੁਰਦੁਆਰੇ ਕਿਉਂ ਹਨ ? ਚੇਤੇ ਰਹੇ ਕਿ ਗੁਰੂ ਘਰ ਸਭ ਦਾ ਸਾਂਝਾ ਹੈ ਕਿਉਂਕਿ ਉੱਥੇ ਜਗਤ ਗੁਰੂ, ਸਾਹਿਬ ਸ੍ਰੀ ਗੁਰੂ ਗ੍ਰੰਥ ਜੀ ਦਾ ਪ੍ਰਕਾਸ਼ ਹੁੰਦਾ ਹੈ। ਆਪਸ ’ਚ ਫ਼ੈਸਲਾ ਕਰ ਕੇ ਸੰਗਤ ਲਈ ਇੱਕ ਗੁਰਦੁਆਰਾ ਖੁੱਲ੍ਹਾ ਰੱਖ, ਬਾਕੀਆਂ ਨੂੰ ਮਾਨਵ ਸੇਵਾ ਲਈ ਭਾਂਤ-ਭਾਂਤ ਦੇ ਸੇਵਾ ਕੇਂਦਰਾਂ ’ਚ (ਉਦਾਹਰਨ ਵਜੋਂ ਭਾਈ ਘਨੱਈਆ ਜੀ, ਡਿਸਪੈਂਸਰੀ) ਤਬਦੀਲ ਕਰ ਦੇਣਾ ਚਾਹੀਦਾ ਹੈ। ਇੱਕ ਇਲਾਕੇ ’ਚ ਇੱਕ ਹੀ ਗੁਰੂ ਘਰ ਹੋਵੇਗਾ ਤਾਂ ਗੁਰ ਮਰਿਆਦਾ (ਸਿੱਖ ਰਹਿਤ ਮਰਿਆਦਾ) ਵੀ ਇੱਕ ਹੀ ਹੋਵੇਗੀ ਤੇ ਇੰਝ ਸੰਗਤ ਦਾ ਏਕਾ ਵੀ ਇੱਕ ਮਿਸਾਲ ਬਣ ਜਾਏਗਾ ਕਿਉਂਕਿ ਲੜਨ ਵਾਲੇ ਪ੍ਰਬੰਧਕ ਵੀ ਆਪਣੀ ਇੱਛਾ ਪੂਰਤੀ ਲਈ ਕਿਤੇ ਹੋਰ ਜਗਾ ਲੱਭਣਗੇ।

ਹੁਣ ਸਭ ਦੇ ਸਾਂਝੇ ਇਸ ਨਿੱਘੇ ਗੁਰੂ ਘਰ ਵਿੱਚੋਂ ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾਂ ਹਟਾ ਦੇਣੀਆਂ ਚਾਹੀਦੀਆਂ ਹਨ। ਇਹਨਾਂ ਦੀ ਥਾਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਤੁਕਾਂ (ਅਰਥਾਂ ਸਮੇਤ) ਗੁਰੂ ਘਰ ਦੀਆਂ ਕੰਧਾਂ ਦਾ ਸ਼ਿੰਗਾਰ ਬਣ ਸਕਦੀਆਂ ਹਨ। ਇਤਿਹਾਸਿਕ ਗੁਰਦੁਆਰਿਆਂ ਨੂੰ ਇਸ ਪਾਸੇ ਪਹਿਲ ਕਦਮੀ ਕਰਦਿਆਂ ਸੇਧ ਦੇਣੀ ਚਾਹੀਦੀ ਹੈ। ਉਦਾਹਰਨ ਦੇ ਤੋਰ ’ਤੇ ‘ਤਖ਼ਤ ਸ੍ਰੀ ਹਜ਼ੂਰ ਸਾਹਿਬ, ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਨੋਕਲਪਿਤ ਤਸਵੀਰਾਂ ’ਤੇ ਹਾਰ ਪਾਏ ਹੋਏ ਹਨ। ਉੱਪਰੋਂ ਜੋਤਾਂ ਜਗਾ, ਘੰਟੀਆਂ, ਟੱਲ ਆਦਿ ਖੜਕਾ ਕੇ ਆਰਤੀ ਉਤਾਰੀ ਜਾਂਦੀ ਹੈ, ਜੋ ਸਭ ਕੁਝ ਗੁਰਮਤਿ ਦੇ ਐਨ ਉਲਟ ਹੈ ਤੇ ਮੂਰਤੀ ਪੂਜਾ ਦਾ ਹੀ ਇੱਕ ਰੂਪ ਹੈ।’

ਇਸੇ ਤਰ੍ਹਾਂ ਆਪਣੇ ਘਰਾਂ ’ਚ ਵੀ ਗੁਰੂ ਸਾਹਿਬ ਦੀਆਂ ਫ਼ਰਜ਼ੀ (ਭਾਵੇਂ ਅਸਲੀ ਹੋਵਣ ਤਾਂ ਵੀ) ਤਸਵੀਰਾਂ ਮੂਹਰੇ ਅਗਰਬੱਤੀਆਂ ਧੁਖਾਇਆਂ, ਘਰ ਦੀਆਂ ਕੰਧਾਂ ਤਾਂ ਜ਼ਰੂਰ ਕਾਲੀਆਂ ਹੋਣਗੀਆਂ ਪਰ ਮਨ ਦੀ ਕਾਲ਼ਖ਼ ਨਹੀਂ ਉਤਰੇਗੀ। ਯਾਦ ਰਹੇ ਕਿ ਮੱਥਾ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਟੇਕਣਾ ਹੈ, ਪਰ ਇਕੱਲਾ ਮੱਥਾ ਟੇਕਣਾ ਭੀ ਕਾਫ਼ੀ ਨਹੀਂ ‘‘ਸੀਸਿ ਨਿਵਾਇਐ ਕਿਆ ਥੀਐ ? ਜਾ ਰਿਦੈ ਕੁਸੁਧੇ ਜਾਹਿ।।’’ (ਮ:1/470)

ਗੁਰੂ ਦੇ ਅਸਲ ਦਰਸ਼ਨ, ਗੁਰੂ ਸ਼ਬਦ ਦੀ ਵੀਚਾਰ ਹੈ। ਹਾਂ, ਅਜਾਇਬ ਘਰ ਦੀ ਤਰਜ਼ ’ਤੇ ਗੁਰੂ ਘਰ ਦੇ ਪ੍ਰਕਾਸ਼/ਦੀਵਾਨ ਹਾਲ ਤੋਂ ਇਲਾਵਾ ਜਿਵੇਂ ਕਿ ਲੰਗਰ ਹਾਲ ਜਾਂ ਲਾਇਬ੍ਰੇਰੀ ਆਦਿ ਵਿੱਚ ਤਸਵੀਰਾਂ ਰਾਹੀਂ ਸਿੱਖ ਇਤਿਹਾਸ ਦੇ ਵੱਖੋ-ਵੱਖਰੇ ਪਹਿਲੂ ਦਰਸਾਉਣ ਦਾ ਯਤਨ ਜ਼ਰੂਰ ਕਰ ਸਕਦੇ ਹਾਂ। ਇਸ ਆਸ਼ੇ ਅਤੇ ਸੰਗਤ ਦੇ ਚੇਤੇ ਵਾਸਤੇ ਹਿਦਾਇਤ ਨੂੰ, ਕਿ ਭੁੱਲ ਕੇ ਵੀ ਕਦੀ ਕਿਸੇ ਤਸਵੀਰ ਨੂੰ ਮੱਥਾ ਨਹੀਂ ਟੇਕਣਾ, ਮੋਟੇ ਅੱਖਰਾਂ ’ਚ ਅਤੇ ਮੇਨ ਗੇਟ ਉੱਤੇ ਨਾਲ ਹੀ ਲਿਖ ਦੇਣਾ ਅਤਿ ਜ਼ਰੂਰੀ ਹੈ।

ਅੰਮ੍ਰਿਤ ਵੇਲੇ ਦੀ ਮਹੱਤਤਾ ਸ਼ਬਦਾਂ ’ਚ ਬਿਆਨ ਨਹੀਂ ਕੀਤੀ ਜਾ ਸਕਦੀ; ਜਿਵੇਂ ਕਿ ਗੁਰੂ ਵਾਕ ਹੈ: ‘‘ਬਾਬੀਹਾ  ! ਅੰਮ੍ਰਿਤ ਵੇਲੇ ਬੋਲਿਆ; ਤਾਂ ਦਰਿ ਸੁਣੀ ਪੁਕਾਰ।।’’ (ਮ: 3/ਅੰਗ 1285) ਪਰ ਅੱਜ ਬਹੁਤੇ ਗੁਰੂ ਘਰਾਂ ’ਚ ਅੰਮ੍ਰਿਤ ਵੇਲੇ ਦੀ ਸੰਭਾਲ਼ ਦਾ ਯਤਨ ਹੀ ਨਹੀਂ ਹੋ ਰਿਹਾ। ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਦੀਵਾਨ ਉਸ ਸਮੇਂ ਸ਼ੁਰੂ ਹੁੰਦੇ ਹਨ, ਜਿਸ ਸਮੇਂ ਉਹ ਅਸਲ ’ਚ ਸਮਾਪਤ ਹੋ ਜਾਣੇ ਚਾਹੀਦੇ ਹਨ। ਬਹੁਤੇ ਗੁਰੂ ਘਰਾਂ ’ਚੋ ਅੰਮ੍ਰਿਤ ਵੇਲੇ ਦਾ ਨਾਮ ਸਿਮਰਨ ਬਿਲਕੁਲ ਹੀ ਗਾਇਬ ਹੈ, ਜਦਕਿ ਗੁਰੂ ਫ਼ੁਰਮਾਨ ਹੈ: ‘‘ਮਿਲੁ ਸਾਧ ਸੰਗਤਿ; ਭਜੁ ਕੇਵਲ ਨਾਮ ॥’’ (ਮ: ੫/੧੨) ਅੰਮ੍ਰਿਤ ਵੇਲੇ ਸਾਧ ਸੰਗਤ ’ਚ ਜੁੜ ਕੇ ਨਾਮ ਸਿਮਰਨ ਰਾਹੀਂ ਅਕਾਲ ਪੁਰਖ ਦੀ ਉਸਤਤ ਕੀਤਿਆਂ ਅਜਿਹੀ ਪ੍ਰੇਮਮਈ ਤੇ ਦੁੱਖ ਨਿਵਾਰਨ ਸ਼ਕਤੀ ਉਪਜਦੀ ਹੈ, ਜਿਸ ਵਿੱਚ ਭਿੱਜਿਆਂ ਮਨ ਆਪ ਮੁਹਾਰੇ ਹੀ ਕਹਿ ਉੱਠਦਾ ਹੈ: ‘‘ਜਲਨਿ ਬੁਝੀ, ਸੀਤਲ ਹੋਇ ਮਨੂਆ; ਸਤਿਗੁਰ ਕਾ ਦਰਸਨੁ ਪਾਇ ਜੀਉ।।’’ (ਮ :5/103)

ਭਾਈ ਗੁਰਦਾਸ ਜੀ ਦੇ ਪਿਆਰੇ ਬੋਲ ਬੜੇ ਮਹੱਤਵ ਪੂਰਨ ਹਨ ਜੋ ਸਾਨੂੰ ਅੰਮ੍ਰਿਤ ਵੇਲੇ ਇਕਾਗਰਤਾ ਨਾਲ ਪ੍ਰਭੂ ਭਗਤੀ ’ਚ ਲੀਨ ਹੋਣ ਦੀ ਜਾਚ ਸਿਖਾਉਂਦੇ ਹਨ:

‘‘ਸਤਿਗੁਰੁ ਜਾਗ ਜਗਾਇਦਾ, ਸਾਧ ਸੰਗਤਿ ਮਿਲਿ ਅੰਮ੍ਰਿਤ ਵੇਲਾ ।। ਨਿਜ ਘਰਿ ਤਾੜੀ ਲਾਈਅਨੁ, ਅਨਹਦ ਸਬਦ ਪਿਰਮ ਰਸ ਖੇਲਾ ।।’’ (ਵਾਰ 26/ਪਉੜੀ 17)

ਗੁਰਮਤਿ ਕੈਂਪ ਲਗਾ ਕੇ ਸਿਮਰਨ ਅਤੇ ਗੁਰ ਸ਼ਬਦ ਰਾਹੀਂ ਮਨ ਨੂੰ ਟਿਕਾਉਣ ਦੀ ਜੁਗਤ (ਯੋਗ ਮੱਤ ਨਹੀਂ ਬਲਕਿ ‘‘ਸੁਣਿਐ; ਲਾਗੈ ਸਹਜਿ ਧਿਆਨੁ ॥’’ ਜਪੁ) ਸਿਖਾਉਣਾ ਵੀ ਹਰ ਗੁਰੂ ਘਰ ਦੇ ਮਨੋਰਥਾਂ ’ਚੋ ਇੱਕ ਹੋਣਾ ਚਾਹੀਦਾ ਹੈ। ਜਿਹੜੀ ਸੰਗਤ ਕਿਸੇ ਵੀ ਕਾਰਨ ਆਪ ਪਾਠ ਕਰਨ ਤੋਂ ਅਸਮਰੱਥ ਹੋਵੇ, ਉਸ ਦੇ ਲਈ ਅੰਮ੍ਰਿਤ ਵੇਲੇ ਰੁਜ਼ਾਨਾ ਨਿਤਨੇਮ ਦਾ ਪ੍ਰਬੰਧ ਲਾਜ਼ਮੀ ਹੋਣਾ ਚਾਹੀਦਾ ਹੈ। ਅਜੋਕੇ ਸਮੇਂ ’ਚ ਸ਼ਾਇਦ ਹੀ ਕੋਈ ਅਜਿਹਾ ਗੁਰੂ ਘਰ ਹੋਵੇਗਾ ਜਿੱਥੇ ਅਰਦਾਸ ਉਪਰੰਤ ਦੇਗ ਵਰਤਾਉਣ ਤੋਂ ਪਹਿਲਾਂ, ਗੁਰੂ ਸਾਹਿਬ ਜੀ ਵਲੋਂ ਬਖ਼ਸ਼ੇ ਹੁਕਮਨਾਮੇ ਦੀ ਵਿਆਖਿਆ ਹੁੰਦੀ ਹੋਵੇਗੀ। ਅਰਦਾਸ ਤੋਂ ਕੁਝ ਹੀ ਸਮਾਂ ਪਹਿਲਾਂ, ਗੁਰ ਘਰ ਆਉਣ ਵਾਲੀ ਬਹੁਤਾਤ ਸੰਗਤ ਵੀ ਦੇਗ ਮਿਲਦਿਆਂ ਸਾਰ ਹੀ ਝੱਟ ਲੰਗਰ ਹਾਲ ’ਚ ਜਾ ਬਿਰਾਜਦੀ ਹੈ। ਗੁਰੂ ਦੀ ਬਾਣੀ ਨੂੰ ਵਿਚਾਰਨ ਦਾ ਘੱਟੋ-ਘੱਟ ਇਹ ਮੌਕਾ ਤਾਂ ਹੱਥੋਂ ਨਾ ਜਾਣ ਦੇਈਏ। ਸੋ ਅਤਿ ਜ਼ਰੂਰੀ ਹੈ ਕਿ ਚੜ੍ਹੀ ਦੁਪਹਿਰ ਦੀਵਾਨ ਦੀ ਸਮਾਪਤੀ ਕਰਨ ਦੀ ਥਾਂ, ਅੰਮ੍ਰਿਤ ਵੇਲੇ ਦੀ ਸੰਭਾਲ਼ ਕਰੀਏ ਤਾਂ ਕਿ ਸੰਗਤ ਨੂੰ ਵੀ ਆਪਣੇ ਕਾਰ ਵਿਹਾਰ ਲਈ ਵਾਧੂ ਸਮਾਂ ਮਿਲ ਸਕੇ।

ਗੁਰੂ ਸਾਹਿਬਾਨ ਨੇ ਗੁਰਬਾਣੀ ’ਚ ‘ਸਹਜ’ (260 ਵਾਰ), ‘ਸਹਜਿ’ (402 ਵਾਰ) ਤੇ ‘ਸਹਜੁ’ (65 ਵਾਰ), ਆਦਿ ਵਰਤੋਂ ਕੀਤੀ ਹੈ। ਧਿਆਨ ਰਹੇ ‘ਸਹਜਿ’ ਸ਼ਬਦ ਦੀ ਵਧੇਰੇ ਵਰਤੋਂ ਦਾ ਕਾਰਨ ‘ਸਹਜ ਵਿੱਚ’ ਜੀਵਨ ਬਸਰ ਕਰਨ ਵੱਲ ਸੰਕੇਤ ਹੈ ਭਾਵ ਸਹਜ ਵਿੱਚ ਬਾਣੀ ਪੜ੍ਹਨ, ਸਹਜ ਵਿੱਚ ਨਾਮ ਜਪਣ, ਸਹਜ ਵਿੱਚ ਗੱਲ ਕਰਨ, ਸਹਜ ਵਿੱਚ ਖਾਣ-ਪੀਣ ਤੇ ਸਹਜ ਵਿੱਚ ਚੱਲਣ, ਆਦਿ ਦੀ ਜਾਚ ਸਿਖਾਈ ਹੈ। ਸਾਡੀ ਸਹੂਲਤ ਵਾਸਤੇ ਸ਼ਬਦ ਦੀ ਅਰੰਭਤਾ ’ਚ ‘ਮਹਲਾ’ ਅਤੇ ਅਖੀਰ ’ਤੇ ‘ਨਾਨਕ’ ਪਦ ਮੋਹਰ ਲਾ ਕੇ ਹਰ ਸ਼ਬਦ ਨੂੰ ਸੰਪੂਰਨਤਾ ਬਖ਼ਸ਼ੀ ਗਈ ਹੈ, ਤਾਂ ਕਿ ਸਾਡੀਆਂ ਮਾਨਸਿਕ ਤਰੰਗਾਂ ਸੀਮਾਵਾਂ ’ਚ ਰਹਿਣ ਭਾਵ ਅਸੀਂ ਗੁਰਬਾਣੀ ਦੇ ਹਰ ਇੱਕ ਸ਼ਬਦ ਨੂੰ ਸਹਿਜ ਭਾਵ ਨਾਲ ਵੀਚਾਰ ਸਕੀਏ।

ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਹੀ ਬਾਣੀ ਆਦਿ ਤੋਂ ਲੈ ਅੰਤ ਤੱਕ, ਇੱਕ ਸਿਰਲੇਖ ਹੇਠ ਤੇ ਇੱਕ ਹੀ ਰਾਗ ’ਚ ਹੈ ? ਨਹੀਂ, ਫਿਰ ਅਸੀਂ ਕਿਸ ਮਜ਼ਬੂਰੀ ਵੱਸ, ਬਾਣੀ ਦੇ ਅਥਾਹ ਖ਼ਜ਼ਾਨੇ ਦਾ ਅਖੰਡ ਪਾਠ ਇੱਕ ਮਿੱਥੇ ਤੇ ਸੀਮਤ ਜਿਹੇ ਸਮੇਂ ’ਚ ਸੰਪੂਰਨ ਕਰਨ ਦੇ ਚੱਕਰਾਂ ’ਚ ਪੈ ਗਏ ਹਾਂ ? ਸਾਡੇ ਗੁਰੂ ਸਾਹਿਬਾਨ ਦੀ ਜੀਵਨੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਆਤਮਿਕ ਤੇ ਧਾਰਮਿਕ ਸਿੱਖਿਆ ਦੇਣ ਦੇ ਨਾਲ ਹੀ ਸਾਨੂੰ ਹਰ ਹਾਲਤ ਵਿੱਚ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਪ੍ਰੇਰਨਾ ਵੀ ਕਰਦੀ ਹੈ। ਸੰਗਤ ਨੂੰ ਸਹੀ ਮਾਅਨਿਆਂ ’ਚ ਇਹ ਸਾਰੀਆਂ ਅਨਮੋਲਕ ਜੀਵਨ ਜਾਚਾਂ ਤਾਹੀਓਂ ਸਿਖਾ ਸਕਾਂਗੇ ਜੇ ਗੁਰੂ ਘਰਾਂ ’ਚੋਂ ਅਖੰਡ ਪਾਠਾਂ ਦੀ ਬਜਾਇ ਸਹਿਜ ਪਾਠ ਅਤੇ ਉਸ ਦੀ ਵਿਚਾਰ ਨੂੰ ਵਧੇਰੇ ਪ੍ਰਫੁੱਲਿਤ ਕਰਾਂਗੇ। ਕਹਿਣ ਦੀ ਲੋੜ ਨਹੀਂ ਕਿ ਅਜਿਹਾ ਕੀਤਿਆਂ ਪਾਠਾਂ ਵੇਲੇ ਹੁੰਦੀਆਂ ਅਨੇਕਾਂ ਬ੍ਰਾਹਮਣੀ ਮਨਮਤਾਂ ਤੋਂ ਵੀ ਆਪੇ ਹੀ ਖਹਿੜਾ ਛੁੱਟ ਜਾਵੇਗਾ। ਇੱਥੇ ਇਹ ਵੀ ਚੇਤਾ ਕਰਵਾਉਣਾ ਬਣਦਾ ਹੈ ਕਿ ਸੰਗਰਾਂਦ, ਮੱਸਿਆ, ਪੂਰਨਮਾਸੀ, ਆਦਿ ਵਰਗੀਆਂ ਅਨਮਤਾਂ ਦਾ ਸਿੱਖ ਧਰਮ ਨਾਲ ਕੋਈ ਵੀ ਲੈਣ ਦੇਣ ਨਹੀਂ। ਕੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਭਾਵੇਂ ਸਾਨੂੰ ਚੇਤੇ ਨਾ ਹੀ ਰਹੇ, ਪਰ ਸੰਗਰਾਂਦ ਵਾਲੇ ਦਿਨ ਦੇਗ ਕਰਵਾਉਣ ਲਈ ਅਸੀਂ ਮਹੀਨੇ ਬਾਅਦ ਗੁਰਦੁਆਰੇ ਜ਼ਰੂਰ ਹਾਜ਼ਰ ਹੋ ਜਾਂਦੇ ਹਾਂ ? ਬੜੀ ਸ਼ਰਮ ਦੀ ਗੱਲ ਹੈ ਕਿ ਇਸ ਬਾਰੇ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਸੰਗਤਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਬਹੁਤਾਤ ਸੰਗਤ ਨੂੰ ਇਸ ਦਾ ਇਲਮ ਵੀ ਹੈ ਪਰ ਇਸ ਦੇ ਬਾਵਜੂਦ ਗੁਰੂ ਘਰ ਦੇ ਕੈਲੰਡਰਾਂ ਤੇ ਸੂਚਨਾ ਬੋਰਡਾਂ ’ਤੇ ਸੰਗਰਾਂਦ ਦਾ ਦਿਹਾੜਾ ਜ਼ਰੂਰ ਲਿਖਿਆ ਜਾਂਦਾ ਹੈ। ਗੁਰੂ ਘਰਾਂ ਵਿੱਚ ਮਹੀਨਿਆਂ ਦੇ ਨਾਂ ਸੁਣਾਉਣੇ ਤੁਰੰਤ ਬੰਦ ਕਰ ਦੇਈਏ ਤੇ ਸਿਰਫ਼ ਗੁਰ ਪੁਰਬ ਅਤੇ ਗੁਰ ਇਤਿਹਾਸ ਨਾਲ ਸੰਬੰਧਤ ਦਿਹਾੜੇ ਹੀ ਮਨਾਈਏ ਤੇ ਯਾਦ ਕਰਵਾਈਏ ਕਿਉਂਕਿ ਗੁਰਸਿੱਖ ਕਿਸੇ ਸੂਰਜ ਦਾ ਨਹੀਂ ਬਲਕਿ ਇੱਕ ਅਕਾਲ ਦਾ ਪੁਜਾਰੀ ਹੈ।

ਸਾਨੂੰ ਬੇਝਿਜਕ ਹੁਣ ਇਹ ਸੱਚ ਕਬੂਲ ਕਰ ਲੈਣਾ ਚਾਹੀਦਾ ਹੈ ਕਿ ਸੰਗਤ ਦੇ ਸਾਰੇ ਹੀ ਵਰਗਾਂ ਲਈ ਇੱਕ ਅਨਿਸਚਿਤ (Vague-not precise) ਪ੍ਰਚਾਰ ਕਦੀ ਵੀ ਸਾਰਥਿਕ ਨਹੀਂ ਹੁੰਦਾ। ਗੁਰਦੁਆਰਿਆਂ ’ਚ ਅਸਰਦਾਰ ਪ੍ਰਚਾਰ ਕਰਨ ਲਈ ਮੁੱਖ ਤੌਰ ’ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਧਿਆਨ ’ਚ ਰੱਖ ਕੇ ਸਪੱਸ਼ਟ, ਪ੍ਰਭਾਵਸ਼ਾਲੀ ਅਤੇ ਢੁਕਵੇਂ (Targeted) ਪ੍ਰੋਗਰਾਮ ਉਲੀਕ ਕੇ ਹੀ ਕੌਮ ਦੇ ਉੱਜਲ ਭਵਿੱਖ ਦੀ ਆਸ ਤੇ ਠੋਸ ਬੁਨਿਆਦ ਰੱਖੀ ਜਾ ਸਕਦੀ ਹੈ। ਬੱਚਿਆਂ ਦੇ ਅਵਚੇਤਨ ਜਾਂ ਕਹਿ ਸਕਦੇ ਹਾਂ ਕਿ ਵਤੀਰੇ ਵਾਲੇ ਮਨ ’ਚ (Subconscious or behavioral mind) ਜੇਕਰ ਅੱਜ ਪਿਉ ਦਾਦੇ ਦੇ ਖਜ਼ਾਨੇ ’ਚੋਂ ਅਨਮੋਲਕ ਵਿਚਾਰ ਪਾਵਾਂਗੇ ਤਾਹੀਉਂ ਕੱਲ੍ਹ ਨੂੰ ਉਹਨਾਂ ਦਾ ਚੇਤਨ ਮਨ (conscious mind) ਰੋਜ਼-ਮਰਾ ਦੀ ਜ਼ਿੰਦਗੀ ’ਚ ਇਹਨਾਂ ਸਕਾਰਾਤਮਿਕ ਵਿਚਾਰਾਂ ਨੂੰ ਵਿਵਹਾਰਕ ਸ਼ੁੱਭ ਅਮਲਾਂ ਰਾਹੀਂ ਪ੍ਰਗਟਾ ਸਕੇਗਾ। ਇੰਝ ਵੀ ਕਹਿ ਸਕਦੇ ਹਾਂ ਕਿ ਕਹਾਣੀਆਂ ਅਵਚੇਤਨ ਮਨ ਦੀ ਭਾਸ਼ਾ ਹੁੰਦੀਆਂ ਹਨ, ਇਸੇ ਲਈ ਗੁਰੂ ਸਾਹਿਬ ਜੀ ਨੇ ਫ਼ੁਰਮਾਇਆ ਹੈ: ‘‘ਬਾਬਾਣੀਆ ਕਹਾਣੀਆ; ਪੁਤ ਸਪੁਤ ਕਰੇਨਿ ॥’’ (ਮ: ੩/੯੫੧)

ਇਸ ਲਈ ਅਵੇਸਲੇ ਹੋਏ ਮਾਪਿਆਂ ਨੂੰ ਸਭ ਤੋਂ ਪਹਿਲਾਂ ਆਪ ਸਮਝਣਾ ਪਵੇਗਾ ਕਿ ਬਾਕੀ ਪੜ੍ਹਾਈ ਦੀ ਤਰ੍ਹਾਂ, ਬੱਚਿਆਂ ਲਈ ਗੁਰਮਤਿ ਵਿਦਿਆ ਦੀ ਪ੍ਰਾਪਤੀ ਵੀ ਬਹੁਤ ਜ਼ਰੂਰੀ ਹੈ। ਬੱਚਿਆਂ ਅੰਦਰ ਗੁਰ-ਇਤਿਹਾਸ ਤੇ ਗੁਰ ਸ਼ਬਦ ਵੀਚਾਰ ਦਾ ਚਾਓ ਪੈਦਾ ਕਰ ਕੇ, ਘਾੜਤ ਘੜਨ ਦਾ ਵੇਲ਼ਾ ਹੁਣ ਹੀ ਹੈ, ਇਸ ਲਈ ਹਰ ਗੁਰੂ ਘਰ ’ਚ ਗੁਰਮਤਿ ਦੀਆਂ ਕਲਾਸਾਂ ਦਾ ਖ਼ਾਸ ਪ੍ਰਬੰਧ ਹੋਣਾ ਅਤਿ ਲਾਜ਼ਮੀ ਹੈ। ਇਹਨਾਂ ਗੁਰਮਤਿ ਕਲਾਸਾਂ ’ਚ ਬੱਚਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ, ਸਾਰੇ ਮਾਪਿਆਂ ਨੂੰ ਆਪਣਾ ਫ਼ਰਜ਼ ਪਹਿਚਾਣਦਿਆਂ ਤਹਿ ਦਿਲੋਂ ਹੰਭਲਾ ਮਾਰਨਾ ਪਵੇਗਾ। ਨਾਲ ਹੀ ਇੰਟਰਨੈੱਟ, ਮੋਬਾਈਲ, ਟੀ. ਵੀ, ਆਦਿ ਦੀ ਨਿਗਰਾਨੀ ਕਰ ਕੇ ਇਹ ਵੀ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਾਡੇ ਬੱਚਿਆਂ ਦਾ ਝੁਕਾਅ ਸਿਰਫ਼ ਗੁਰਮਤਿ ਅਤੇ ਖੇਡਾਂ ਵਾਲੇ ਪਾਸੇ ਹੀ ਹੈ ਜਾਂ ਕਿਤੇ ਹੋਰ। ਕਹਿਣ ਦੀ ਲੋੜ ਨਹੀਂ ਕਿ ਬੱਚਿਆਂ ਲਈ ਸਭ ਤੋਂ ਵੱਧ ਮਾਰਗ ਦਰਸ਼ਨ ਸਾਡਾ ਆਪਣਾ ਖੁਦ ਦਾ ਗੁਰਮਤਿ ਭਰਪੂਰ ਜੀਵਨ ਹੀ ਹੁੰਦਾ ਹੈ। ਬੱਚਿਆਂ ਦੀ ਮਹੀਨੇ ’ਚ ਇੱਕ ਵਾਰ ਧਾਰਮਿਕ ਪ੍ਰੀਖਿਆ ਵੀ ਲਈ ਜਾਏ ਤੇ ਸਾਰੇ ਬੱਚਿਆਂ ਨੂੰ ਸੰਗਤ ਦੇ ਸਾਹਮਣੇ ਹੀ ਉਤਸ਼ਾਹਿਤ ਕਰਨ ਦਾ ਉਪਰਾਲਾ ਕਰਨਾ ਲਾਭਕਾਰੀ ਰਹੇਗਾ। ਮੀਡੀਆ ਦੇ ਨਕਾਰਾਤਮਿਕ ਪ੍ਰਚਾਰ ਨੂੰ ਛਾਣ ਕੇ ਆਪਣੇ ਅਤੇ ਕੌਮ ਦੇ ਭਲੇ ਲਈ ਕਿਵੇਂ ਵਰਤਣਾ ਹੈ, ਇਸ ਦੀ ਸਿੱਖਿਆ ਤੋਂ ਤਾਂ ਸਾਰੀ ਸੰਗਤ ਹੀ ਫ਼ਾਇਦਾ ਉੱਠਾ ਸਕਦੀ ਹੈ।

ਇਸੇ ਤਰ੍ਹਾਂ ਨੌਜਵਾਨਾਂ ਨੂੰ ਜੇਕਰ ਗੁਰਦੁਆਰੇ ’ਚ ਵੇਖਣ, ਸੁਣਨ ਤੇ ਸਿੱਖਣ ਲਈ ਠੋਸ, ਤੱਤ ਭਰਪੂਰ ਜਾਣਕਾਰੀ, ਵਧੀਆ-ਉਸਾਰੂ ਮਹੌਲ ਤੇ ਤਜਰਬਾ ਦਿਆਂਗੇ ਤਾਂ ਜਿੱਥੇ ਉਹ ਗੁਰੂ ਨਾਲ ਜੁੜਨਗੇ, ਉੱਥੇ ਹੀ ਉਹਨਾਂ ਦਾ ਆਤਮ-ਵਿਸ਼ਵਾਸ ਵੀ ਪ੍ਰਫੁੱਲਿਤ ਹੋਵੇਗਾ। ਗੁਰਦੁਆਰਿਆਂ ’ਚ ਜੇਕਰ ਜਗ੍ਹਾ ਇਜਾਜ਼ਤ ਦੇਵੇ ਤਾਂ ਖੇਡਾਂ ਦਾ ਯੋਗ ਪ੍ਰਬੰਧ ਵੀ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਆਪਣੇ ਆਪ ਨੂੰ ਸਮਾਜ ਤੋਂ ਅਲੱਗ-ਥਲੱਗ ਸਮਝਣ ਦੀ ਬਜਾਏ ਨੌਜਵਾਨਾਂ ਦੀ ਗੁਰੂ ਘਰ ਨਾਲ ਨੇੜਤਾ ਹੋਰ ਵੀ ਵਧੇ ਤੇ ਉਹ ਤੰਦਰੁਸਤ ਮਨ ਅਤੇ ਸਰੀਰ ਦੇ ਮਾਲਕ ਬਣਨ, ਇੱਕ ਨਰੋਆ ਸਮਾਜ ਸਿਰਜਣ ’ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਜ਼ਰੂਰੀ ਹੈ। ਗੁਰੂ ਘਰ ਨਾਲ ਜੁੜੇ ਹੁਣ ਇਨ੍ਹਾਂ ਬੱਚਿਆਂ ਤੇ ਨੌਜਵਾਨਾਂ ਨੂੰ ਗੁਰਸਿੱਖੀ ਜੀਵਨ ਜਾਚ ਦ੍ਰਿੜ੍ਹਾਉਣ ਦੇ ਨਾਲ ਹੀ ਲਿਖਾਰੀ ਬਣਨ ਦੀ ਪ੍ਰੇਰਣਾ ਤੇ ਸਿਖਲਾਈ ਵੀ ਦਿੱਤੀ ਜਾਵੇ। ਗੁਰਮਤਿ ਕਲਾਸਾਂ ਦੌਰਾਨ ਮਹੀਨੇ ’ਚ ਘੱਟੋ-ਘੱਟ ਇੱਕ ਵਾਰੀ ਇਸ ਵਿਸ਼ੇ ’ਤੇ ਅਭਿਆਸ ਜ਼ਰੂਰ ਕਰਵਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ’ਚ ਅਸੀਂ ਆਪਣੇ ਬੱਚਿਆਂ ਨੂੰ ਸਿਰੇ ਦੇ ਲਿਖਾਰੀ, ਪੱਤਰਕਾਰ, ਸੰਪਾਦਕ, ਇਤਿਹਾਸਕਾਰ, ਸਾਹਿਤਕਾਰ, ਆਦਿ ਬਣਾ ਸਕੀਏ। ਜੇਕਰ ਅੱਜ ਅਸੀਂ ਆਪਣੀ ਪਨੀਰੀ ਨੂੰ ਲਿਖਣ ਦੀ ਆਦਤ ਪਾਵਾਂਗੇ ਤਾਹੀਂਓ ਇਹਨਾਂ ਸੱਚ ਦੇ ਲਿਖਾਰੀਆਂ ਨੇ ਕਲ੍ਹ ਨੂੰ ਗੁਰੂ ਦਾ ਸ਼ਬਦ ਪ੍ਰਚਾਰਣ ਤੇ ਪੰਥ ਦੋਖੀਆਂ ਦੀਆਂ ਕੋਝੀਆਂ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਕਾਬਿਲ ਬਣਨਾ ਹੈ। ਜਦ ਅਸੀਂ ਆਖਦੇ ਹਾਂ ਕਿ ਸਾਡਾ ਇਤਿਹਾਸ ਗ਼ੈਰ ਸਿੱਖਾਂ ਨੇ ਵਧੀਕ ਲਿਖਿਆ ਜਿਸ ਕਾਰਨ ਕਈ ਊਣਤਾਈਆਂ ਰਹਿ ਗਈਆਂ, ਤਾਂ ਸਾਨੂੰ ਆਪਣੇ ਆਪ ਤੋਂ ਵੀ ਪੁੱਛਣਾ ਚਾਹੀਦਾ ਹੈ ਕਿ ਮੈਂ ਕਿੰਨਾ ਇਤਿਹਾਸ ਬਣਾਇਆ ਤੇ ਸੰਭਾਲ਼ਿਆ ?

ਅੱਜ ਸਿੱਖ ਪੰਥ ’ਚ ਮੌਜੂਦ ਅਨੇਕਾਂ ਸਿਧਾਂਤਕ ਮਤਭੇਦਾਂ ਤੇ ਦੁਬਿਧਾਵਾਂ ਦੀ ਜੜ੍ਹ, ਸਾਡਾ ਆਪਣੇ ਹੱਥੀਂ ਆਪਣਾ ਇਤਿਹਾਸ (ਕੁੱਝ ਹੱਦ ਤੱਕ ਵਾਜਬ ਕਾਰਨਾਂ ਕਰ ਕੇ) ਨਾ ਲਿਖ ਤੇ ਸਾਂਭ ਸਕਣਾ ਹੀ ਹੈ। ਹੁਣ ਵੀ ਵੇਲ਼ਾ ਸੰਭਾਲ਼ ਕੇ ਵਧੀਆ ਲਿਖਾਰੀ ਬਣਾਈਏ ਤੇ ਇਸ ਮੰਤਵ ਲਈ ਗੁਰੂ ਘਰਾਂ ਤੋਂ ਬਾਹਰ ਵੀ ‘ਨੌਜਵਾਨ ਲਿਖਾਰੀ ਸਭਾ’ ਦੀ ਸਥਾਪਨਾ ਕੀਤੀ ਜਾਵੇ। ਅਜਿਹੀ ਉਸਾਰੂ ਸਭਾ, ਜਿੱਥੇ ਨੌਜਵਾਨ ਚਾਓ ਨਾਲ ਇਕੱਤਰ ਹੋ ਕੇ ਆਪਸ ’ਚ ਮੁਕਾਬਲਾ ਨਹੀਂ ਬਲਕਿ ਮਿਲਵਰਤਨ ਕਰ ਕੇ, ਇੱਕ ਦੂਜੇ ਦੇ ਹੁਨਰ ਨੂੰ ਇਸ ਹੱਦ ਤੱਕ ਨਿਖਾਰਨ ਕਿ ਮਨ ਗਦਗਦ ਹੋ ‘ਧੁਰ ਕੀ ਬਾਣੀ’ ਦੀ ਇਹ ਪੰਕਤੀ ਦੁਹਰਾ ਛੱਡੇ: ‘‘ਇਕ ਦੂ ਇਕਿ ਚੜਦੀਆ; ਕਉਣੁ ਜਾਣੈ ਮੇਰਾ ਨਾਉ ਜੀਉ  ?।।’’ ( ਮ 1/762) ਇਸੇ ਲਈ ਹਰ ਗੁਰਦੁਆਰੇ ’ਚ ਇੱਕ ਉੱਤਮ ਤੇ ਆਧੁਨਿਕ ਲਾਇਬ੍ਰੇਰੀ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਲਿਖਾਰੀ ਸੰਗਤ ਦੇ ਇਹ ਪੁੰਗਰਦੇ ਲੇਖਕ ਹਰ ਉਪਲਬਧ ਵਸੀਲੇ ਦਾ ਭਰਪੂਰ ਫ਼ਾਇਦਾ ਉਠਾ ਸਕਣ।

ਗੁਰਦੁਆਰੇ ਦੇ ਪ੍ਰੋਗਰਾਮਾਂ ਦੀ ਰੂਪ ਰੇਖਾ ਕੁਝ ਇਸ ਤਰ੍ਹਾਂ ਹੋਵੇ ਕਿ ਸੰਗਤ ਦਾ ਪ੍ਰਚਾਰਕ ਦੇ ਨਾਲ ਅਦਾਨ-ਪ੍ਰਦਾਨ ਬਹੁਤ ਆਸਾਨੀ ਨਾਲ, ਬਿਨਾਂ ਕਿਸੇ ਫਾਲਤੂ ਰਸਮ ਜਾਂ ਦਬਾਅ ਤੋਂ ਸੰਭਵ ਹੋਣਾ ਚਾਹੀਦਾ ਹੈ। ਇਸ ਲਈ ਕੀਰਤਨ ਤੋਂ ਇਲਾਵਾ ਬਾਕੀ ਸਾਰੇ ਪ੍ਰੋਗਰਾਮ interactive ਹੀ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਗੁਰੂ ਘਰ ਦੇ ਪ੍ਰੋਗਰਾਮਾਂ ’ਚ ਸੰਗਤ ਦੀ ਆਪਣੀ ਖੁਦ ਦੀ ਭਰਪੂਰ ਸ਼ਮੂਲੀਅਤ ਨੂੰ ਤਹਿ ਦਿਲੋਂ ਉਤਸ਼ਾਹਿਤ ਕਰਨਾ ਲਾਭਕਾਰੀ ਹੈ। ਉਦਾਹਰਨ ਦੇ ਤੌਰ ’ਤੇ ਸੋਚੀਏ ਕਿ ਕਿੰਨਾ ਚੰਗਾ ਹੋਵੇਗਾ ਜੇ ਭਾਈ ਸਾਹਿਬ ਵਲੋਂ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਬਜਾਏ, ਸੰਗਤ ਆਪਸ ’ਚ ਮਿਲ ਬੈਠ ਕੇ ਪਾਠ ਕਰੇ  ! ਅਜਿਹਾ ਕੀਤਿਆਂ ਸੰਗਤ ਦੀ ਆਪਸੀ ਸਾਂਝ ਤੇ ਸਦਭਾਵਨਾ ਵੱਧਣ ਦੇ ਨਾਲ ਹੀ ਸਾਡੇ ਆਪਣੇ ਮਨਾਂ ’ਚ ਗੁਰੂ ਘਰ ਲਈ ਆਪਣੇ-ਪਣ ਦਾ ਇੱਕ ਨਵਾਂ ਅਹਿਸਾਸ ਤੇ ਉਤਸ਼ਾਹ ਵੀ ਉਤਪੰਨ ਹੋਵੇਗਾ।

ਭਾਵੇਂ ਕਿ ਇਹ ਹੁਣ ਤੱਕ ਸਿਰਫ਼ 30% ਕੁ ਗੁਰਦੁਆਰਿਆਂ ’ਚ ਹੀ ਸੰਭਵ ਹੋ ਸਕਿਆ ਹੈ, ਪਰ ਸੰਗਤ ਵਾਸਤੇ ਕੀਰਤਨ ਦਾ ਪੰਜਾਬੀ ਤੇ ਅੰਗਰੇਜ਼ੀ ’ਚ ਨਾਲੋਂ-ਨਾਲ ਸਕਰੀਨ ’ਤੇ ਉਲੱਥਾ ਕਰਨਾ ਬਹੁਤ ਹੀ ਵਧੀਆ ਉੱਦਮ ਹੈ। ਹਰ ਗੁਰੂ ਘਰ ਨੂੰ ਇਸ ਪਾਸੇ ਤਵੱਜੋ ਦੇਣੀ ਚਾਹੀਦੀ ਹੈ। ਇਸ ਨਾਲ ਜਿੱਥੇ ਸੰਗਤ ਨੂੰ ਗੁਰਬਾਣੀ ਦੇ ਅਰਥਾਂ ਦੀ ਸਮਝ ਆਉਂਦੀ ਹੈ, ਉੱਥੇ ਹੀ ਸਾਡੇ ਬੱਚੇ ਜਿਹਨਾਂ ਕੱਲ੍ਹ ਨੂੰ ਸਿੱਖੀ ਦਾ ਪ੍ਰਚਾਰ ਕਰਨਾ ਹੈ, ਹੁਣ ਤੋਂ ਹੀ ਅੰਗਰੇਜ਼ੀ ਭਾਸ਼ਾ ’ਚ ਵੀ ਮੁਹਾਰਿਤ ਹਾਸਿਲ ਕਰ ਸਕਣਗੇ ਤੇ ਅਗਾਂਹ ਅੰਤਰਰਾਸ਼ਟਰੀ ਮੰਚ ’ਤੇ ਢੁਕਵੇਂ ਜਵਾਬ ਦੇਣ ਦੇ ਲਾਇਕ ਬਣਨਗੇ। ਇਸ ਦਾ ਇਹ ਮਤਲਬ ਕਦਾਚਿਤ ਨਾ ਸਮਝ ਲਈਏ ਕਿ ਪੰਜਾਬੀ ਦੀ ਥਾਂ ਅੰਗਰੇਜ਼ੀ ਦਾ ਸਿੱਖਣਾ ਜ਼ਿਆਦਾ ਜ਼ਰੂਰੀ ਹੈ। ਆਪਣੇ ਘਰ ਤੇ ਗੁਰੂ ਘਰ ’ਚ ਵੀ ਹਮੇਸ਼ਾਂ ਪੰਜਾਬੀ ਹੀ ਬੋਲੋ, ਜੀ ! ਮੌਕਾਪ੍ਰਸਤ ਰਾਜਸੀ ਲੀਡਰਾਂ ਨੂੰ ਗੁਰੂ ਘਰ ਤੋਂ ਬਾਹਰ ਹੀ ਰੱਖੋ, ਖਾਸ ਕਰ ਕੌਮ ਦੇ ਉਹਨਾਂ ਅਖੌਤੀ ਨੁਮਾਇੰਦਿਆਂ ਨੂੰ, ਜਿਹੜੇ ਪ੍ਰਕਾਸ਼ ਕੀਤੇ ਦਾੜ੍ਹੇ ਦੇ ਬਾਵਜੂਦ, ਜਦੋਂ ਮੀਡੀਆ ਸਾਹਮਣੇ ਆ ਕੇ ਟੁੱਟੀ-ਫੁੱਟੀ ਹਿੰਦੀ ’ਚ ਜਬਲੀਆਂ ਮਾਰਦੇ ਹਨ ਤਾਂ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਵੇਖਣ, ਸੁਣਨ ਵਾਲੇ ਨੇ ਆਪੇ ਹੀ ਸੋਚਣਾ ਹੈ ਕਿ ਸ਼ਾਇਦ ਵਾਕਿਆ ਹੀ ਪੰਜਾਬੀਆਂ ਦੀ ਬੋਲੀ ‘ਹਿੰਦੀ’ ਹੈ। ਅਜਿਹੇ ਅਖੌਤੀ ਲੀਡਰਾਂ ਨੂੰ ਵਾਹ ਲੱਗਦੇ ਪੰਜਾਬੀ ’ਚ ਈ-ਮੇਲ ਭੇਜ ਕੇ ਜ਼ਰੂਰ ਸ਼ਰਮਸਾਰ ਕਰੋ।

ਹੁਣ ਤੱਕ ਗੁਰੂ ਘਰਾਂ ’ਚ ਰਵਾਇਤੀ ਤੌਰ ਤੇ ਗ੍ਰੰਥੀ, ਰਾਗੀ ਜਾਂ ਕਥਾਵਾਚਕ ਵੀਰਾਂ ਦੀ ਸ਼੍ਰੇਣੀ ਹੀ ਕੰਮ ਕਰਦੀ ਆਈ ਹੈ। ਭਾਵੇਂ ਕਿ ਸਾਰਿਆਂ ਦੇ ਰੋਲ ਆਪੋ-ਆਪਣੀ ਥਾਂ ਜ਼ਰੂਰੀ ਹਨ ਪਰ ਇਹਨਾਂ ਸਾਰਿਆਂ ਦੀ ਸੇਵਾ ਦਾ ਦਾਇਰਾ ਬਹੁਤ ਹੀ ਸੀਮਤ ਹੈ।

ਹੁਣ ਵੇਲਾ ਆ ਗਿਆ ਹੈ ਕਿ ਗੁਰਦੁਆਰਿਆਂ ਨੂੰ ਵਾਕਿਆ ਹੀ ਇੱਕ ਧਰਮਸਾਲ ਬਣਾਉਣ ਲਈ ਸਭ ਤੋਂ ਮਹੱਤਵਪੂਰਨ ਤੇ ਮੁੱਖ ਰੋਲ ਨਿਭਾਉਣ ਦੀ ਜ਼ਿੰਮੇਵਾਰੀ, ਪਹਿਲ ਦੇ ਅਧਾਰ ’ਤੇ ‘ਮਿਸ਼ਨਰੀ ਵੀਰ/ਭੈਣਾਂ’ ਦੇ ਹੱਥ ਸੌਂਪੀ ਜਾਵੇ। ਉਪਰੋਕਤ ਰਵਾਇਤੀ ਸ਼੍ਰੇਣੀ ਨੂੰ ਕੌਮ ਦੇ ਭਲੇ ਵਾਸਤੇ ਆਪਣੇ ਪਿਛੋਕੜ ਅਤੇ ਆਪੋ-ਆਪਣੀਆਂ ਜੱਥੇਬੰਦੀਆਂ ਦੇ ਪ੍ਰਭਾਵ ਤੋਂ ਅਜ਼ਾਦ ਹੋ, ਮਿਸ਼ਨਰੀਆਂ ਨਾਲ ਮਿਲ ਕੇ ਪ੍ਰਚਾਰ ਕਰਨ ਦੀ ਆਦਤ ਪਾਉਣੀ ਹੀ ਪਵੇਗੀ। ਕਹਿਣ ਦਾ ਭਾਵ ਹੈ ਕਿ ਭਾਵੇਂ ਗ੍ਰੰਥੀ ਸਿੰਘ ਕੋਲ 30 ਸਾਲਾਂ ਦਾ ਤਜਰਬਾ ਹੋਵੇ ਜਾਂ ਫਿਰ ਮਿਸ਼ਨਰੀ ਸਿਰਫ਼ ਤਿੰਨ ਸਾਲ ਦਾ ਕੋਰਸ ਕਰਕੇ ਤਾਜ਼ਾ ਹੀ ਮੈਦਾਨ ’ਚ ਨਿਤਰਿਆਂ ਹੋਵੇ, ਤੁਹਾਡੀ ਆਪਸੀ ਸੋਚ ਦਾ ਟਕਰਾਓ ਕੋਈ ਵੀ ਮੁੱਦਾ ਹੱਲ ਨਹੀਂ ਕਰ ਸਕੇਗਾ। ਗੁਰੂ ਦਾ ਫ਼ਲਸਫ਼ਾ ਪ੍ਰਚਾਰਨ ਤੇ ਸਮੁੱਚੀ ਖ਼ਲਕਤ ਦੀ ਸੱਚੇ ਦਿਲੋਂ ਹਰ ਪੱਖੋਂ ਸੇਵਾ ਕਰਨ ਦੀ ਡਾਢੀ ਹੁੱਬ ਰੱਖਣ ਵਾਲੇ ਮਿਸ਼ਨਰੀ ਵੀਰ/ਭੈਣਾਂ ਦੀ ਸੇਵਾ ਦੇ ਵਿਸ਼ਾਲ ਦਾਇਰੇ ਨੂੰ ਨਿਰਧਾਰਿਤ ਤਾਂ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਸੰਖੇਪ ’ਚ ਉਹਨਾਂ ਦੇ ਹੇਠ ਲਿਖੇ ਕੁਝ ਮੁੱਖ ਕਾਰਜਾਂ ਤੇ ਇੱਕ ਸਰਸਰੀ ਝਾਤ ਜ਼ਰੂਰ ਮਾਰ ਸਕਦੇ ਹਾਂ:

(1). ਗੁਰਦੁਆਰਿਆਂ ਦੇ ਅੰਦਰ ਨਵੇਂ ਸਿਰੇ ਤੋਂ ਗੁਰ ਸ਼ਬਦ ਵੀਚਾਰ ਰਾਹੀਂ ਤੱਤ ਗੁਰਮਤਿ (ਸਿੱਖ ਧਰਮ ਤੇ ਬਾਣੀ ਦੀ ਸਹੀ ਜਾਣਕਾਰੀ) ਦਾ ਪ੍ਰਚਾਰ ਕਰਨ ਦੇ ਨਾਲ ਹੀ ਗੁਰਮਤਿ ਕੈਂਪ ਤੇ ਸੈਮੀਨਾਰਾਂ ਰਾਹੀਂ ਗੁਰੂ ਘਰ ਤੋਂ ਬਾਹਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰਨਾ।

(2). ਖੁਲ੍ਹਾ ਦਰਵਾਜ਼ਾ ਨੀਤੀ ਤਹਿਤ ਨੌਜਵਾਨਾਂ ਨੂੰ ਗੁਰਮਤਿ ਅਨੁਸਾਰ ਸਲਾਹ ਮਸ਼ਵਰਾ (Counseling as a mentor) ਅਤੇ ਬਾਕੀ ਸਾਰੀ ਸੰਗਤ ਦੇ ਸਵਾਲਾਂ ਦਾ ਜਵਾਬ ਦੇਣ ਲਈ ਨਿਰਧਾਰਿਤ ਸਮੇਂ ਤੇ ਸੇਵਾ ਲਈ ਮੌਜੂਦ ਰਹਿਣਾ।

(3). ਸਰਬ ਧਰਮ ਇਕੱਤਰਤਾਵਾਂ ’ਚ ਸਿੱਖ ਧਰਮ ਦੀ ਪ੍ਰਭਾਵਸ਼ਾਲੀ ਨੁਮਾਇੰਦਗੀ ਕਰਨ ਦੇ ਨਾਲ ਹੀ ਇਲਾਕੇ ਦੇ ਬਾਕੀ ਹੋਰ ਧਾਰਮਿਕ ਅਸਥਾਨਾਂ ਜਿਵੇਂ ਕਿ ਗਿਰਜਾਘਰਾਂ (church) ਆਦਿ ਨਾਲ ਰਾਬਤਾ ਕਾਇਮ ਕਰਨਾ, ਕਮਿਊਨਟੀ ਦੇ ਧਾਰਮਿਕ ਤੇ ਗ਼ੈਰ-ਧਾਰਮਿਕ ਮੁੱਖ ਸਮਾਗਮਾਂ ’ਚ ਹਾਜ਼ਰੀ ਲਵਾ ਕੇ ਵਧੀਆPublic Relations ਵਿਕਸਿਤ ਕਰਨਾ ਤੇ ਧਰਮ ਪ੍ਰਚਾਰ ਦੇ ਨਾਲ ਹੀ ਸਮਾਜਿਕ ਸੇਵਾ ’ਚ ਵੀ ਮੋਹਰੀ ਹੋ ਨਿਬੜਨਾ।

(4). ਸਥਾਨਿਕ ਇਲਾਕੇ ਦੇ ਹਰ ਇੱਕ ਸਕੂਲ ਅਤੇ ਕਾਲਜ ’ਚ ਵਾਹ ਲੱਗਦੀ ਇੱਕ ਅਜਿਹਾ ਗੁਰਸਿੱਖ ਵਿਦਿਆਰਥੀ ਵਿੰਗ (ਜਿਵੇਂ ਕਿStudent Warriors for Humanity) ਸਥਾਪਿਤ ਕਰਨਾ ਜਿਹੜਾ ਕਿ ਸਿਖਲਾਈ ਉਪਰੰਤ ਸਮਾਜਿਕ ਮੁੱਦਿਆਂ ਪ੍ਰਤੀ ਨਾ ਸਿਰਫ਼ ਪੂਰਨ ਜਾਗਰੂਕ ਹੋਵੇ ਬਲਕਿ ਮਨੁੱਖਤਾਂ ਦੀ ਭਲਾਈ ਵਾਸਤੇ ਆਪਣੇ ਭਲੇ ਕਾਰਜਾਂ ਕਰਕੇ (ਬੇਸ਼ੱਕ ਛੋਟੀ ਪੱਧਰ ’ਤੇ ਹੀ) ਆਲਾ ਉਦਾਹਰਨ ਵਜੋਂ ਸੰਸਾਰ ਪੱਧਰ ’ਤੇ ਹਮੇਸ਼ਾ ਚਰਚਾ ਦਾ ਕੇਂਦਰ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਵਾਲੇ ਦਿਵਸ, ਵਧੀਆ ਭੂਮਿਕਾ ਨਿਭਾਉਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਗੁਰੂ ਘਰ ਵਲੋਂ ਵਜ਼ੀਫੇ ਦਿੱਤੇ ਜਾਣ।

(5). ਗੁਰੂ ਘਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗੁਰਦੁਆਰਾ ਕਮੇਟੀ ਨੂੰ ਹਰ ਵਾਜਬ ਸਹਿਯੋਗ ਦੇਣ ਦੇ ਨਾਲ ਹੀ ਪ੍ਰਬੰਧਕਾਂ ਨੂੰ ਅਜਿਹੀਆਂ ਯੋਜਨਾਵਾਂ ਅਪਣਾਉਣ ਲਈ ਉਤਸ਼ਾਹਿਤ ਕਰਨਾ ਜਿਨ੍ਹਾਂ ਸਦਕਾ ਕੌਮ ਦਾ ਸਰਬਪੱਖੀ ਵਿਕਾਸ ਤਾਂ ਹੋਵੇ ਹੀ, ਪਰ ਨਾਲ ਹੀ ਕੌਮ ਦਾ ਅਕਸ ਵੀ ਨਿੱਖਰੇ।

ਇਸ ਦੇ ਨਾਲ ਹੀ ਮਿਸ਼ਨਰੀ ਯੋਗ ਸਮਾਂ ਵੇਖ ਕੇ ਆਪਣੇ ਸ਼ਹਿਰ ’ਚ ਗੁਰਮਤਿ ਸਕੂਲ ਜਾਂ ਕਾਲਜ ਖੋਲ੍ਹਣ ’ਚ ਵੀ ਮੁੱਖ ਭੂਮਿਕਾ ਨਿਭਾ ਸਕਦੇ ਹਨ। ਚੇਤੇ ਰਹੇ ਕਿ ਪੰਥ ਕੋਲ ਅਜਿਹੇ ਸਿਰੜੀ ਤੇ ਦੂਰਦਰਸ਼ੀ ਮਿਸ਼ਨਰੀ ਹਾਲੇ ਏਨੇ ਜ਼ਿਆਦਾ ਨਹੀਂ ਹਨ, ਇਸ ਲਈ ਕ੍ਰਿਪਾ ਕਰਕੇ ਇੱਕ ਕਮਿਊਨਟੀ ’ਚ ਸਿਰਫ ਇੱਕ ਹੀ ਗੁਰੂ ਘਰ ਸੁਸ਼ੋਭਿਤ ਹੋਣ ਦਿਓ ਤਾਂ ਕਿ ਸਾਡੇ ਸਾਰੇ ਸ੍ਰੋਤ ਇੱਕ ਹੀ ਥਾਂ ’ਤੇ ਇਕੱਠੇ ਹੋਣ ਤੇ ਉਪਰੋਕਤ ਕਾਰਜਾਂ ਨੂੰ ਨਿਰਵਿਘਨਤਾ ਸਹਿਤ ਅਮਲੀ ਜਾਮਾ ਪਹਿਨਾਇਆ ਜਾ ਸਕੇ।

ਆਪਣੇ ਸ੍ਰੋਤਾਂ ਨੂੰ ਸਾਂਭ ਕੇ ਰੱਖਣ ਬਾਬਤ ਫ਼ਰਿਆਦ ਹੈ ਕਿ ਗੁਰੂ ਸਾਹਿਬ ਜੀ ਦੇ ਇਹ ਬਚਨ ਹਮੇਸ਼ਾ ਯਾਦ ਰੱਖਣੇ ਲਾਭਕਾਰੀ ਹਨ:

‘‘ਅਕਲੀ ਸਾਹਿਬੁ ਸੇਵੀਐ; ਅਕਲੀ ਪਾਈਐ ਮਾਨੁ ॥ ਅਕਲੀ ਪੜਿ੍ ਕੈ ਬੁਝੀਐ; ਅਕਲੀ ਕੀਚੈ ਦਾਨੁ ॥’’ (ਮ: ੧/੧੨੪੫) 

ਸਿੱਖ ਕੌਮ ਦੀਆਂ ਜੜ੍ਹਾਂ ਬੜੇ ਯੋਜਨਾਬੰਦ ਢੰਗ ਨਾਲ ਵੱਢੀਆਂ ਜਾ ਰਹੀਆਂ ਹਨ। ਚਾਣਕਿਆ ਨੀਤੀ ਵਾਲੇ ਗ੍ਰੰਥਾਂ ਦੀ ਸਿੱਖਿਆ (ਰਾਜ ਕਿਵੇਂ ਖੋਹਣਾ ਤੇ ਕਰਨਾ ਹੈ) ਧੱਕੇਸ਼ਾਹੀ ਨਾਲ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨੂੰਨ ਛਿੱਕੇ ਟੰਗ ਕੇ (ਜਿਵੇਂ ਕਿ ਪੰਜਾਬ ਤੋਂ ਉਸ ਦਾ ਪਾਣੀ ਖੋਹਣਾ) ਸਾਡੇ ’ਤੇ ਅਜ਼ਮਾਈ ਜਾ ਰਹੀ ਹੈ। ਇਸੇ ਕੜੀ ਤਹਿਤ ਸਾਡਾ ਪੈਸਾ, ਸਾਨੂੰ ਹੀ ਬਰਬਾਦ ਕਰਨ ’ਤੇ ਲਗਾਇਆ ਜਾ ਰਿਹਾ ਹੈ। ਇਸ ਦੀ ਇੱਕ ਤਾਜ਼ਾ ਮਿਸਾਲ ਬੜੂ ਸਾਹਿਬ ਅਕੈਡਮੀ ਹੈ ਜਿਸ ਦਾ ਕਿ ਪੂਰੀ ਤਰ੍ਹਾਂ

ਬੜੂ ਸਾਹਿਬ ਵਿਖੇ ਨਵਰਾਤ੍ਰਿਆਂ ਦੌਰਾਨ ਹੁੰਦੇ ਪ੍ਰੋਗਰਾਮ-1

ਹਿੰਦੂਕਰਨ ਹੋ ਚੁੱਕਾ ਹੈ, ਵਲੋਂ ਸਿੱਧੇ ਜਾਂ ਅਸਿੱਧੇ ਰੂਪ ’ਚ ਭੁਲੇਖਾ-ਪਾਊ ਸੈਮੀਨਾਰ (ਬੱਚੇ ਪੜ੍ਹਾਓ, ਪੰਜਾਬ ਬਚਾਓ) ਕਰ ਕੇ ਵਿਦੇਸ਼ਾਂ ’ਚ ਵਸਦੀ ਸਿੱਖ ਸੰਗਤ ਦੀ ਲੁੱਟ-ਖਸੁੱਟ ਹੋ ਰਹੀ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਮਾਣਸ ਖਾਣੇ ਸਿੱਖੀ ਸਰੂਪ ’ਚ ਹੀ ਆ ਕੇ ਸੰਗਤ ਨੂੰ ਭਾਵੁਕ ਕਰ ਕੇ, ਇੱਕ ਚਾਲਬਾਜ਼ ਜੇਬ ਕਤਰੇ ਦੀ ਤਰ੍ਹਾਂ ਆਪਣੀ ਛੁਰੀ ਚਲਾ ਰਹੇ ਹਨ ਪਰ ਗੁਰਦੁਆਰਿਆਂ ਦੇ ਪ੍ਰਬੰਧਕ ਅਗਿਆਨਤਾ ਵਸ (ਜਾਂ ਫਿਰ ਲਾਲਚ ਵੱਸ ਕਿਉਂਕਿ ਸੰਗਤ ਕੋਲੋਂ ਇਕੱਤਰ ਕੀਤੀ ਰਾਸ਼ੀ ਦੀਆਂ ਬਾਅਦ ’ਚ ਵੰਡੀਆਂ ਪੈਂਦੀਆਂ ਹਨ) ਫਿਰ ਵੀ ਇਹਨਾਂ ਨੂੰ ਗੁਰੂ ਘਰ ਦਾ ਮੰਚ ਪ੍ਰਦਾਨ ਕਰ ਰਹੇ ਹਨ। ਸਾਰਾ ਕੁਝ ਜਾਣਦਿਆਂ ਹੋਇਆਂ ਵੀ, ਟੈਲੀਵਿਜ਼ਨ ਚੈੱਨਲਾਂ ਵਾਲੇ ਚੁੱਪ ਧਾਰੀ ਬੈਠੇ ਹਨ ਕਿਉਂਕਿ ਅਜਿਹੇ ਸੈਮੀਨਾਰਾਂ ਦਾ ਸਾਰਾ ਦਿਨ ਸਿੱਧਾ ਪ੍ਰਸਾਰਣ ਵਿਖਾ ਕੇ ਚੋਖੀ ਆਮਦਨ ਹੁੰਦੀ ਹੈ। ਉਹਨਾਂ ਲਈ ਸ਼ਾਇਦ ਇਸੇ ਕਾਰਨ ਕਰ ਕੇ ਅਜਿਹਾ ਅਹਿਮ ਮੁੱਦਾ ‘ਅੱਜ ਦਾ ਮੁੱਦਾ’ ਨਹੀਂ ਬਣਦਾ।

‘ਦੇਰ ਆਏ ਦਰੁਸਤ ਆਏ’ ਹੀ ਸਹੀ, ਸਾਬਾਸ਼ ਹੈ ਕੈਨੇਡਾ ਦੇ ਰੇਡੀਉ ਸਟੇਸ਼ਨਾਂ, ਸਿੱਖ ਸੰਗਤ ਤੇ ਖ਼ਾਸਕਰ ਜਾਗਰੂਕ ਪ੍ਰਬੰਧਕ ਸਾਹਿਬਾਨ ਨੂੰ ਜਿਨ੍ਹਾਂ ਅਸਲੀਅਤ ਜਾਨਣ ਤੋਂ ਬਾਅਦ, ਤੁਰੰਤ ਹੀ ਆਪਣਾ ਫ਼ਰਜ਼ ਪਹਿਚਾਣਦਿਆਂ ਇਹਨਾਂ ਮਾਇਆਧਾਰੀਆਂ ਨੂੰ ਲੱਖ

ਬੜੂ ਸਾਹਿਬ ਵਿਖੇ ਨਵਰਾਤ੍ਰਿਆਂ ਦੌਰਾਨ ਹੁੰਦੇ ਪ੍ਰੋਗਰਾਮ-2

ਲਾਹਨਤਾਂ ਪਾਈਆਂ ਤੇ ਮੁੜ ਕੈਨੇਡਾ ’ਚ ਪੈਰ ਨਾ ਪਾਉਣ ਦੀ ਸਖ਼ਤ ਤਾੜਨਾ ਕਰ ਦਿੱਤੀ। ਸੋ, ਹੁਣ ਇਹਨਾਂ ਲੋਭੀਆਂ ਵੱਲੋਂ ਅਮਰੀਕਾ ਦੇ ਗੁਰੂ ਘਰਾਂ ਨੂੰ ਆਪਣੇ ਹਮਲੇ ਦਾ ਸ਼ਿਕਾਰ ਬਣਾਉਣਾ ਲਗਾਤਾਰ ਜਾਰੀ ਹੈ। ਪ੍ਰਬੰਧਕ ਸਾਹਿਬਾਨ ਕ੍ਰਿਪਾ ਕਰਕੇ ਜਾਗੀਏ ਤੇ ਆਪਣੀ ਸੰਗਤ ਨੂੰ ਬਚਾਈਏ। ਸਾਧ ਸੰਗਤ ਜੀ ! ਤੁਸੀਂ ਵੀ ਜਾਗੋ ਤੇ ਆਪਣੇ ਅਧਿਕਾਰਾਂ ਨੂੰ ਸਮਝੋ ਕਿ ਸਾਨੂੰ ਆਰਥਿਕ ਪੱਖੋਂ ਵੀ ਖੋਖਲਾ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਸਾਡੇ ਬੱਚਿਆਂ ਨੂੰ ਵਿਦਿਆ ਦੇ ਨਾਂ ’ਤੇ ਬ੍ਰਾਹਮਣੀ ਕਰਮਕਾਂਡਾਂ ’ਚ ਉਲਝਾ ਕੇ, ਸਿੱਖੀ ਤੋਂ ਹਮੇਸ਼ਾਂ ਲਈ ਦੂਰ ਕਰਨ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਆਪਣੀ ਹੱਕ ਸੱਚ ਦੀ ਕਿਰਤ ਕਮਾਈ ’ਚੋਂ ਕੱਢਿਆ ਦਸਵੰਧ ਸਾਂਝਾ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਛਾਣਬੀਣ ਕਰਨੀ ਅਤਿ ਜ਼ਰੂਰੀ ਹੈ।

ਇਸ ਦੇ ਨਾਲ ਹੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਗੁਰਮਤਿ ਦਾਇਰੇ ’ਚ ਰਹਿੰਦਿਆਂ ਪਾਠ ਜਾਂ ਅਨੰਦ ਕਾਰਜ ਆਦਿ ਦਾ ਭੁੱਲ ਕੇ ਵੀ ਕੋਈ ਮੁੱਲ ਮੁਕੱਰਰ ਨਹੀਂ ਕਰਨਾ ਚਾਹੀਦਾ। ਸੰਗਤ ਪਾਸੋਂ ਵਾਕਿਆ ਹੀ ਯਥਾ ਸ਼ਕਤੀ ਭੇਟਾ ਲਵੋ ਤਾਂ ਕਿ ਸਿੱਖੀ ਦੇ ਵਪਾਰੀਕਰਨ ਨੂੰ ਠੱਲ ਪਾਉਣ ਦੀ ਸ਼ੁਰੂਆਤ ਕੀਤੀ ਜਾ ਸਕੇ। ਗੁਰੂ ਘਰ ਦੇ ਮੰਚ ਤੋਂ ਸਿਰਫ਼ ਪੰਥ ਪ੍ਰਵਾਣਿਤ ਪ੍ਰਚਾਰਕਾਂ ਨੂੰ ਹੀ ਸਾਂਝ ਪਾਉਣ ਦਾ ਮੌਕਾ ਦਿਓ, ਜਿਹੜੇ ਸੰਗਤ ਦੇ ਪ੍ਰਸ਼ਨ-ਉੱਤਰ ਕਾਲ ਵਾਸਤੇ ਸਮਾਂ ਦੇਣ ਲਈ ਰਜ਼ਾਮੰਦ ਹੋਣ। ਪ੍ਰਬੰਧਕਾਂ ਨੂੰ ਕਦਾਚਿਤ ਇਹ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਪ੍ਰਚਾਰਕ ਨੂੰ ਸੰਗਤ ਉੱਤੇ ਥੋਪ ਸਕਣ। ਅਗਾਊਂ ਸੂਚਨਾ ਦੇ ਕੇ, ਸੰਗਤ ਦੇ ਬਹੁਮਤ ਤੇ ਸਹਿਮਤੀ

ਬੜੂ ਸਾਹਿਬ ਵਿਖੇ ਨਵਰਾਤ੍ਰਿਆਂ ਦੌਰਾਨ ਹੁੰਦੇ ਪ੍ਰੋਗਰਾਮ-3

ਨਾਲ ਹੀ ਪ੍ਰਚਾਰਕ ਚੁਣਨੇ ਚਾਹੀਦੇ ਹਨ ਤਾਂ ਕਿ ਐਨ ਮੌਕੇ ’ਤੇ ਕੋਈ ਬੇਲੋੜਾ ਬਖੇੜਾ ਨਾ ਖੜ੍ਹਾ ਹੋਵੇ। ਪ੍ਰਚਾਰਕਾਂ ਨੂੰ ਵੀ ਸੂਝਦਿਲੀ ਤੋਂ ਕੰਮ ਲੈਂਦਿਆਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜੇ ਕੋਈ ਬਾਣੀ, ਮਰਿਆਦਾ ਜਾਂ ਮੁੱਦਾ ਹਾਲੇ ਪੰਥ ਵਲੋਂ ਪ੍ਰਮਾਣਿਤ ਹੋਣ ਲਈ ਵਿਚਾਰਅਧੀਨ ਹੈ ਤਾਂ ਉਸ ਦੀ ਕਥਾ, ਕੀਰਤਨ ਜਾਂ ਗੱਲ ਸੰਗਤ ’ਚ ਨਾ ਕੀਤੀ ਜਾਵੇ। ਧਿਆਨ ਰਹੇ ਕਿ ਭਾਵੇਂ ਕੋਈ ਕਿੰਨਾ ਵੀ ਵਧੀਆ ਪ੍ਰਚਾਰਕ ਕਿਉਂ ਨਾ ਹੋਵੇ, ਅਸੀਂ ਜੁੜਨਾ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਹੈ ਜਿਸ ਨਾਲ ਜੁੜਿਆਂ ਗੁਰਮਤਿ ਸੇਧਾਂ ਦੀਆਂ ਰੱਬੀ ਰਸ਼ਿਮਾਂ (ਤੰਦਾਂ, ਡੋਰਾਂ); ਸਾਡੇ ਬਾਹਰੀ ਦਿਖਾਵੇ, ਕਰਮਕਾਂਡ ਤੇ ਵਹਿਮ-ਭਰਮਾਂ ਦੀ ਬੇੜੀ ਕੱਟ ਸਾਡੇ ਕਠੋਰ ਹਿਰਦਿਆਂ ਨੂੰ ਸਹਿਜੇ ਹੀ ਬੇਧ ਜਾਂਦੀਆਂ ਹਨ:

‘‘ਫੂਟੋ ਆਂਡਾ ਭਰਮ ਕਾ; ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ; ਗੁਰਿ ਕੀਨੀ ਬੰਦਿ ਖਲਾਸੁ ॥’’ (ਮ: ੫/੧੦੦੨)

ਫੋਕੀ ਚਮਕ-ਦਮਕ ਵਾਲੇ ਅਜੋਕੇ ਸਮਾਜ ਦੇ ਦਬਾਅ ’ਚ ਵਿਚਰਦਿਆਂ ਸਾਡੀ ਸਾਰੀ ਊਰਜਾ ਅਤੇ ਵਸੀਲੇ ਹੋਰਨਾਂ ਨੂੰ ਪ੍ਰਭਾਵਿਤ ਕਰਨ ’ਤੇ ਹੀ ਨਸ਼ਟ ਹੋ ਜਾਂਦੇ ਹਨ। ਸਾਡਾ ਅਜਿਹਾ ਅਮਲੀ ਵਾਲਾ ਆਦਤਾਨਾ ਵਤੀਰਾ, ਗੁਰੂ ਘਰ ਆ ਕੇ ਵੀ ਨਿਰੰਤਰ ਜ਼ਾਰੀ ਰਹਿੰਦਾ ਹੈ। ਭਲਾ ਕੋਈ ਪੁੱਛੇ ਕਿ ਲੰਗਰ ਵਾਸਤੇ ਰਸੋਈ ’ਚ ਜਾਣ ਵਾਲੀਆਂ ਵਸਤਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਦੀਵਾਨ ਹਾਲ ’ਚ ਕਿਵੇਂ ਪ੍ਰਗਟ ਹੋ ਜਾਂਦੀਆਂ ਹਨ ? ਮਾਫ਼ ਕਰਨਾ, ਪਰ ਗੁਰੂ ਸਾਹਿਬ ਜੀ ਨੇ ਕਿਹੜਾ ਦੁੱਧ ’ਚੋਂ ਫੈਟ ਕੱਢਣੀ ਹੁੰਦੀ ਹੈ ਜਾਂ ਆਟੇ ਦੇ ਬੋਰੇ ’ਤੇ ਸਾਡੇ ਨਾਂ ਦਾ ਕੋਈ ਵਿਸ਼ੇਸ਼ ਠੱਪਾ ਲਾਉਣਾ ਹੁੰਦਾ ਹੈ ? ਗੁਰੂ ਤਾਂ ਅੰਤਰਜ਼ਾਮੀ ਹੈ ਤੇ ਸਰਬ ਕਲਾ ਕਾ ਗਿਆਤਾ ਹੈ, ਤਾਂ ਫਿਰ ਇਹ ਦਿਖਾਵਾ ਕਿਉਂ ? ਨਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤਾਂ ਪਹਿਲਾਂ ਹੀ ਅਨਿਕ ਪ੍ਰਕਾਰ ਦੇ ਸ਼ਸਤਰਾਂ ਦੀ ਭਰਪੂਰ ਨੁਮਾਇਸ਼ ਲੱਗੀ ਹੁੰਦੀ ਹੈ। ਬਹੁਤਾਤ ਗੁਰਦੁਆਰਿਆਂ ’ਚ ਸਤਿਗੁਰੂ ਜੀ ਦੀ ਪਾਲਕੀ ਵਾਸਤੇ ਜਗਹ ਘੱਟ ਤੇ ਸ਼ਸਤਰਾਂ ਨੂੰ ਜ਼ਿਆਦਾ ਸਥਾਨ ਮਿਲਿਆ ਹੁੰਦਾ ਹੈ। ਸਹਿਜੇ ਕਿਤੇ ਸਿੱਖ ਸੰਗਤ ਵੀ ਕਦੀ ਇਹ ਅਹਿਸਾਸ ਕਰਦੀ ਕਿ ਉਹ ਗੁਰੂ ਅੱਗੇ ਸੀਸ ਨਿਵਾਉਣ ਦੇ ਨਾਲ ਸ਼ਸਤਰਾਂ ਨੂੰ ਵੀ ਮੱਥਾ ਤਾਂ ਨਹੀਂ ਟੇਕ ਰਹੀ। ਗੁਰਦੁਆਰੇ ਅੰਦਰ ਹਮੇਸ਼ਾਂ ਨਿਮਰਤਾ ਤੇ ਸਾਦਗੀ ’ਚ ਰੱਤਿਆਂ ਹੀ ਆਉਣਾ ਲਾਭਕਾਰੀ ਹੁੰਦਾ ਹੈ। ਰੰਗ-ਬਰੰਗੀਆਂ ਜਾਂ ਪੱਛਮੀ ਪੋਸ਼ਾਕਾਂ ਤੇ ਸੁਰਖ਼ੇ -ਬਿੰਦੇ ਲਗਾ ਕੇ, ਲੰਗਰ ਹਾਲ ’ਚ ਸੱਜ ਕੇ ਬੈਠ ਜਾਣਾ, ਗੁਰੂ ਘਰ ਦਾ ਪਹਿਰਾਵਾ ਨਹੀਂ:

‘‘ਸਭਿ ਰਸ ਭੋਗਣ ਬਾਦਿ ਹਹਿ; ਸਭਿ ਸੀਗਾਰ ਵਿਕਾਰ ॥ ਜਬ ਲਗੁ ਸਬਦਿ ਨ ਭੇਦੀਐ; ਕਿਉ ਸੋਹੈ ਗੁਰਦੁਆਰਿ  ?॥’’ (ਮ: ੧/੧੯)

ਇੱਥੇ ਫਿਰ ਇਹ ਚੇਤੇ ਕਰਵਾਉਣ ਤੋਂ ਕੋਈ ਗੁਰੇਜ਼ ਨਹੀਂ ਕਿ ਗੁਰਦੁਆਰਾ ਮੁੱਖ ਤੌਰ ’ਤੇ Socialize ਕਰਨ ਲਈ ਨਹੀਂ ਬਲਕਿ ਮਿਲ ਕੇ ਪ੍ਰਭੂ ਦੀ ਸਿਫ਼ਤ-ਸਲਾਹ ਕਰਨ ਲਈ ਹੈ; ਜਿਵੇਂ ਕਿ ਗੁਰ ਵਾਕ ਹੈ:

‘‘ਆਵਹੁ ਭੈਣੇ ਗਲਿ ਮਿਲਹ; ਅੰਕਿ ਸਹੇਲੜੀਆਹ ॥ ਮਿਲਿ ਕੈ ਕਰਹ ਕਹਾਣੀਆ; ਸੰਮ੍ਰਥ ਕੰਤ ਕੀਆਹ ॥’’ (ਮ: ੧/੧੭)

ਤੁਸੀਂ ਆਪ ਹੀ ਭਲੀ-ਭਾਂਤ ਸਮਝ ਸਕਦੇ ਹੋ ਕਿ ਲੰਗਰ ਹਾਲ ’ਚ ਮੇਜ ਕੁਰਸੀਆਂ ਤੇ ਆਹਮੋ-ਸਾਹਮਣੇ ਸੱਜ ਕੇ, ਨਾ ਤੇ ਹਰਿ ਕੀਆ ਕਥਾ ਕਹਾਣੀਆਂ ਸੁਣੀਆਂ ਤੇ ਸੁਣਾਈਆਂ ਜਾ ਸਕਦੀਆਂ ਹਨ ਤੇ ਨਾ ਹੀ ਇੰਝ ਕਦੀ ਨਿਮਰਤਾ ਦਾ ਅਹਿਸਾਸ ਉਪਜਦਾ ਹੈ। ਸ਼ਾਇਦ ਇਹ ਗੱਲ ਮਾੜੀ ਨਹੀਂ ਹੋਵੇਗੀ ਜੇਕਰ (ਇਤਿਹਾਸਕ ਗੁਰਦੁਆਰਿਆਂ ਨੂੰ ਛੱਡ) ਸੰਗਤ ਵਾਸਤੇ ਲੰਗਰ ਹਾਲ ਸਿਰਫ਼ ਦੀਵਾਨ ਦੀ ਪੂਰਨ ਸਮਾਪਤੀ ਤੋਂ ਬਾਅਦ ਹੀ ਖੁੱਲ੍ਹਣ। ਪ੍ਰਬੰਧਕ ਭਾਵੇਂ ਲੰਗਰ ਹਾਲ ’ਚ ਕਿੰਨੀ ਵੀ ਨਿਗਰਾਨੀ ਕਿਉਂ ਨਾ ਰੱਖਣ, ਅਸਲ ਤਬਦੀਲੀ ਉਸ ਦਿਨ ਹੀ ਆਵੇਗੀ ਜਿਸ ਦਿਨ ਸਾਨੂੰ ਆਪਣੇ ਅੰਦਰੋਂ ਅਹਿਸਾਸ ਹੋਵੇਗਾ ਕਿ ਗੁਰਦੁਆਰੇ ਆਇਆਂ ਸਾਨੂੰ ਸ਼ਬਦ ਦੇ ਲੰਗਰ ਦੀ ਭੁੱਖ ਲੱਗੇ ਤਾਂ ਆਉਣਾ ਸਫਲ ਹੈ। ਆਪਣਾ ਆਪ ਸਵਾਰਨ ਦੀ ਤਾਂਘ ਲੈ ਕੇ (ਭਾਂਡਾ ਧੋਇ ਬੈਸਿ ਧੂਪੁ ਦੇਵਹੁ; ਤਉ ਦੂਧੈ ਕਉ ਜਾਵਹੁ ॥ ਮ: ੧/੭੨੮) ਗੁਰੂ ਦੇ ਦੁਆਰੇ ਆਇਆ ਭਾਵ ਗੁਰੂ ਦੇ ਦਰਸਾਏ ਮਾਰਗ ਤੇ ਤੁਰਿਆ ਮਨੁੱਖ ਆਪ ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ ਤੇ ਨਾਲ ਹੀ ਹੋਰਨਾਂ ਦਾ ਵੀ ਉਧਾਰ ਕਰ ਜਾਂਦਾ ਹੈ:

‘‘ਗੁਰੂ ਦੁਆਰੈ ਹੋਇ; ਸੋਝੀ ਪਾਇਸੀ ॥ ਏਤੁ ਦੁਆਰੈ ਧੋਇ; ਹਛਾ ਹੋਇਸੀ ॥’’ (ਮ: ੧/੭੩੦)

ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ

0

ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ

ਡਾਕਟਰ ਅਵਤਾਰ ਸਿੰਘ

ਗੂਰੂ ਅਰਜਨ ਸਾਹਿਬ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਸਨ। ਆਪ ਨੇ ਸਚਾਈ ਦੀ ਜੈ-ਜੈਕਾਰ ਤੇ ਪਹਿਰਾ ਦੇਂਦਿਆਂ ਕਿਸੇ ਵੀ ਦੁਨਿਆਵੀ ਤਾਕਤ ਦੀ ਈਨ ਨਹੀਂ ਮੰਨੀ, ਅਜਰ ਨੂੰ ਜਰਿਆ ਅਤੇ ਆਪ ਅਕਹਿ ਤੇ ਅਸਹਿ ਕਸ਼ਟ ਸਹਾਰਦੇ ਹੋਏ ਆਪਣੇ ਸਿੱਖਾਂ ਨੂੰ ਕੁਰਬਾਨੀ ਕਰਨ ਦਾ ਸਬਕ ਸਿਖਾ ਗਏ। ਅਸਲ ਵਿੱਚ ਸਿੱਖਾਂ ਦਾ ਇਤਿਹਾਸ ‘ਸ਼ਹੀਦਾਂ ਦਾ ਇਤਿਹਾਸ’ ਹੈ, ਜਿਸ ਦੀ ਨੀਂਹ ਸ਼ਹੀਦਾਂ ਦੇ ਸਿਰਤਾਜ, ਗੁਰੂ ਅਰਜਨ ਸਾਹਿਬ ਨੇ ਉਬਲਦੀ ਦੇਗ ਵਿੱਚ ਬੈਠ ਕੇ, ਤੱਤੀ ਤਵੀ ਉੱਪਰ ਚੌਂਕੜਾ ਮਾਰ ਕੇ ਅਤੇ ਪਾਵਨ ਸੀਸ ਵਿੱਚ ਸੜਦੀ-ਬਲਦੀ ਰੇਤ ਪੁਆ ਕੇ ਰੱਖੀ ਸੀ।

ਇਤਿਹਾਸ ਦਾ ਅਧਿਐਨ ਕੀਤਿਆਂ ਪਤਾ ਚੱਲਦਾ ਹੈ ਕਿ ਗੁਰੂ ਅਰਜਨ ਸਾਹਿਬ ਦੀ ਅਦੁੱਤੀ ਸ਼ਹਾਦਤ ਦੇ ਕੁਝ ਕਾਰਨ ਇਸ ਪ੍ਰਕਾਰ ਸਨ:

(1). ਗੁਰੂ ਜੀ ਦੇ ਵੱਡੇ ਭਰਾ ਪ੍ਰਿਥੀਚੰਦ ਦੀ ਈਰਖਾ

(2). ਦੀਵਾਨ ਚੰਦੂ ਲਾਲ ਦੀ ਦੁਸ਼ਮਣੀ

(3). ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਤੇ ਇਸ ਵਿਚਲਾ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਅਤੇ ਪੰਡਿਤ ਤੇ ਮੌਲਾਣਿਆਂ ਦੇ ਕਰਮਕਾਂਡ ਦਾ ਵਿਰੋਧ।

(4). ਨਕਸ਼ਬੰਦੀਆਂ ਦਾ ਜਹਾਂਗੀਰ ਨੂੰ ਭੜਕਾਉਣਾ।

(5). ਗੁਰੂ ਜੀ ਦੀ ਸਮਾਜ- ਸੁਧਾਰ ਦੀ ਰੁਚੀ ਤੇ ਸਿੱਖ ਧਰਮ ਦਾ ਸੰਗਠਨ।

(6). ਸਮਰਾਟ ਜਹਾਂਗੀਰ ਦਾ ਤੁਅੱਸਬ (ਹਰ ਗੱਲ ਨੂੰ ਆਪਣੇ ਧਰਮ ਵੱਲ ਮੋੜਨ ਵਾਲੀ ਕੱਟੜਤਾ) ਤੇ ਜਹਾਂਗੀਰ ਦੇ ਵੱਡੇ ਸ਼ਹਿਜ਼ਾਦਾ ਖ਼ੁਸਰੋ ਦੀ ਕਥਿਤ ਮਦਦ।

ਗੁਰੂ ਅਰਜਨ ਸਾਹਿਬ ਜੀ ਆਪਣੇ ਪਿਤਾ, ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ। ਦੋਨਾਂ ਵੱਡੇ ਪੁੱਤਰਾਂ ਨੂੰ ਅਯੋਗ ਸਮਝ ਕੇ ਪਿਤਾ ਗੁਰਦੇਵ ਨੇ ਗੁਰਗੱਦੀ ਦਾ ਵਾਰਸ 1581 ਈ. ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਥਾਪ ਦਿੱਤਾ। ਸਭ ਤੋਂ ਵੱਡਾ ਭਰਾ ਪ੍ਰਿਥੀਚੰਦ ਗੁਰਗੱਦੀ ’ਤੇ ਆਪਣਾ ਹੱਕ ਜਤਾ ਕੇ ਗੁਰੂ ਅਰਜਨ ਸਾਹਿਬ ਦਾ ਸਦੀਵੀ ਵੈਰੀ ਬਣ ਗਿਆ। ਉਸ ਨੇ ਆਪਣੇ ਸਹੁਰੇ ਪਿੰਡ ਹੇਹਰਾਂ (ਲਾਹੌਰ ਤੇ ਅੰਮ੍ਰਿਤਸਰ ਵਿਚਕਾਰ) ਵਿੱਚ ਸਰੋਵਰ ਖੁਦਵਾ ਕੇ ਅਤੇ ਗੁਰੂ ਅਰਜਨ ਸਾਹਿਬ ਵਾਂਗ ਗੱਦੀ ਲਾ ਕੇ ਬੈਠਣਾ ਸ਼ੁਰੂ ਕਰ ਦਿੱਤਾ ਪਰ ਸਿੱਖ ਸੰਗਤਾਂ ਨੇ ਉਸ ਨੂੰ ਗੁਰੂ ਨਾ ਮੰਨਿਆ। ਉਸ ਨੇ ਅਕਬਰ ਸਮਰਾਟ ਦੀ ਕਚਹਿਰੀ ਵਿੱਚ ਗੁਰੂ ਜੀ ਵਿਰੁੱਧ ਜਾਇਦਾਦ ਬਾਰੇ ਮੁਕੱਦਮਾ ਕੀਤਾ, ਚੰਦੂ ਵਰਗੇ ਹੰਕਾਰੀ ਦੀਵਾਨ ਨਾਲ ਮਿਲ ਕੇ ਰਾਜ ਦਰਬਾਰ ਵਿੱਚ ਪਹੁੰਚ ਕੀਤੀ। ਸੁਲਹੀ ਖਾਂ ਵਰਗੇ ਫੌਜਦਾਰ ਨੂੰ ਗੁਰੂ ਅਰਜਨ ਸਾਹਿਬ ਉੱਤੇ ਹਮਲਾ ਕਰਵਾਉਣ ਲਈ ਲੈ ਆਇਆ, ਪਰ ਗੁਰੂ-ਘਰ ’ਤੇ ਹਮਲਾ ਕਰਨ ਵਾਲਾ, ਭੱਠੇ ਦੇ ਆਵੇ ਵਿੱਚ ਸੜ ਕੇ ਮਰ ਗਿਆ। ਗੁਰੂ ਅਰਜਨ ਸਾਹਿਬ ਨੇ ਪ੍ਰਭੂ ਦਾ ਸ਼ੁਕਰਾਨਾ ਕੀਤਾ: ‘‘ਸੁਲਹੀ ਤੇ ਨਾਰਾਇਣ  ! ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ; ਸੁਲਹੀ ਹੋਇ ਮੂਆ ਨਾਪਾਕੁ ॥’’ (ਮ: ੫/੮੨੫)

ਪ੍ਰਿਥੀਏ ਨੇ ਗੁਰੂ ਅਰਜਨ ਸਾਹਿਬ ਦੇ ਇਕਲੌਤੇ ਬੇਟੇ (ਗੁਰੂ) ਹਰਿਗੋਬਿੰਦ ਜੀ ਨੂੰ ਕਈ ਢੰਗਾਂ ਨਾਲ ਮਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਜਿਸ ਨੇ ਮੀਰੀ-ਪੀਰੀ ਦਾ ਮਾਲਕ ਬਣਨਾ ਸੀ, ਮਜ਼ਲੂਮਾਂ ਦੀ ਰੱਖਿਆ ਕਰਨੀ ਸੀ, ਉਸ ਨੂੰ ਪ੍ਰਿਥੀਏ ਦੇ ਕੋਝੇ ਯਤਨ ਕਿਵੇਂ ਮਾਰ ਸਕਦੇ ਸਨ ? ਜਦੋਂ ਪ੍ਰਿਥੀਆ ਕਿਸੇ ਤਰ੍ਹਾਂ ਵੀ ਸਫਲ ਨਾ ਹੋਇਆ, ਤਾਂ ਉਸ ਨੇ ਗੁਰੂ ਦੋਖੀਆਂ ਨਾਲ ਮਿਲ ਕੇ ‘ਮਹਜਰਨਾਮਾਹ’ (ਸ਼ਿਕਾਇਤ ਨਾਮਾ) ਤਿਆਰ ਕੀਤਾ ਕਿ ਵੱਡਾ ਹੋਣ ਕਰ ਕੇ ਗੁਰਿਆਈ ’ਤੇ ਮੇਰਾ ਹੱਕ ਹੈ ਤੇ ਗੁਰੂ ਅਰਜਨ ਸਾਹਿਬ ਸਰਕਾਰ ਦੇ ਖ਼ੈਰਖ਼ਵਾਹ (ਭਲਾ ਚਾਹੁਣ ਵਾਲੇ) ਵੀ ਨਹੀਂ ਹਨ। ਅਕਬਰ ਨੇ ਇਸ ਮਾਮਲੇ ਦੀ ਖ਼ੁਦ ਤਹਿਕੀਕਾਤ ਕੀਤੀ ਤੇ ਪ੍ਰਿਥੀਏ ਦਾ ‘ਮਹਜਰ’ ਝੂਠਾ ਸਾਬਤ ਹੋਇਆ। ਗੁਰੂ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ: ‘‘ਮਹਜਰੁ ਝੂਠਾ; ਕੀਤੋਨੁ ਆਪਿ ॥ ਪਾਪੀ ਕਉ ਲਾਗਾ ਸੰਤਾਪੁ ॥੧॥…. ਨਾਨਕ  ! ਸਰਨਿ ਪਰੇ ਦਰਬਾਰਿ ॥ ਰਾਖੀ ਪੈਜ ਮੇਰੈ ਕਰਤਾਰਿ ॥’’ (ਮ: ੫/੧੯੯)

ਇਸ ਪ੍ਰਕਾਰ ਆਪਣਾ ਨਾਂ ਕਲੰਕਿਤ ਕਰਵਾ ਕੇ ਪ੍ਰਿਥੀਆ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਪਹਿਲਾਂ ਹੀ ਚੱਲ ਵਸਿਆ, ਪਰ ਉਸ ਦੇ ਵਿਰੋਧ ਕਾਰਨ ਗੁਰੂ ਦੋਖੀਆਂ ’ਤੇ ਵਿਸ਼ੇਸ਼ ਤੌਰ ’ਤੇ ਚੰਦੂ ਦੇ ਹੱਥ ਮਜ਼ਬੂਤ ਹੋ ਗਏ।

ਦੀਵਾਨ ਚੰਦੂ ਲਾਲ ਦੀ ਧੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਨੇ ਸਿੱਖ ਸੰਗਤਾਂ ਦੇ ਕਹਿਣ ’ਤੇ ਵਾਪਸ ਕਰ ਦਿੱਤਾ ਸੀ, ਕਿਉਂਕਿ ਹੰਕਾਰ ਦੇ ਮੱਤੇ ਚੰਦੂ ਨੇ ਆਪਣੇ ਆਪ ਨੂੰ ‘ਚੁਬਾਰਾ’ ਤੇ ਗੁਰੂ-ਘਰ ਨੂੰ ‘ਮੋਰੀ’ ਕਹਿ ਕੇ ਅਪਮਾਨਤ ਕੀਤਾ ਸੀ। ਬਦਲੇ ਦਾ ਭਾਂਬੜ ਉਹਦੇ ਅੰਦਰ ਮੱਚਿਆ ਹੋਇਆ ਸੀ। ‘ਤਵਾਰੀਖ ਸਿੱਖਾਂ’ ਦਾ ਕਰਤਾ ਮੁਨਸ਼ੀ ਖੁਸ਼ਵਕਤ ਰਾਇ ਲਿਖਦਾ ਹੈ:

‘ਇਸ ਗੱਲੋਂ ਚੰਦੂ ਦਾ ਮਨ ਮੈਲਾ ਹੋ ਗਿਆ ਤੇ ਉਸ ਨੇ ਵੈਰ-ਵਿਰੋਧ ਪੁਰ ਲੱਕ ਬੰਨ੍ਹ ਲਿਆ ਤੇ ਉਸ ਨੇ ਬਾਦਸ਼ਾਹ ਦੇ ਹਜ਼ੂਰ ਚੁਗਲੀ ਕੀਤੀ ਕਿ ਸਾਰੀ ਦੁਨੀਆਂ ਦਾ ਮਾਲ ਗੁਰੂ ਕੇ ਘਰ ਹੈ ਤੇ ਦੇਸ਼ ਦੇ ਅਕਸਰ ਰਾਜੇ (ਜਿੰਮੀਂਦਾਰ) ਉਸ ਨਾਲ ਮੇਲ-ਜੋਲ ਰੱਖਦੇ ਹਨ। ਬਾਦਸ਼ਾਹ ਨੇ ਲੇਖਾ-ਪੱਤਾ ਕਰਨ ਵਾਸਤੇ ਗੁਰੂ ਜੀ ਨੂੰ ਤਲਬ ਕਰ ਲਿਆ।’

ਗੁਰੂ ਅਰਜਨ ਸਾਹਿਬ ਦੇ ਗੁਰਗੱਦੀ ਕਾਲ ਦੀ ਸੰਸਾਰ ਦੇ ਅਧਿਆਤਮਕ ਸਾਹਿਤ ’ਤੇ, ਵਿਸ਼ੇਸ਼ ਤੌਰ ’ਤੇ ਪੰਜਾਬੀ ਸਾਹਿਤ ਨੂੰ ਮਹਾਨ ਦੇਣ ‘ਗੁਰੂ ਗ੍ਰੰਥ ਸਾਹਿਬ ਜੀ’ (ਆਦਿ ਗ੍ਰੰਥ) ਦੀ ਸੰਪਾਦਨਾ ਸੀ। ਗੁਰੂ ਜੀ ਖ਼ੁਦ ਵੀ ਆਪਣੇ ਸਮੇਂ ਦੇ ਇੱਕ ਅਦੁੱਤੀ ਕਵੀ ਸਨ। ਆਪ ਨੇ ਆਪਣੀ ਬਾਣੀ ਤੋਂ ਇਲਾਵਾ ਪਹਿਲੇ ਚਾਰ ਗੁਰੂ ਸਾਹਿਬਾਨ, ਭਗਤੀ ਅੰਦੋਲਨ ਦੇ ਮਹਾਂਪੁਰਸ਼ਾਂ ਤੇ ਗੁਰੂ-ਘਰ ਦੇ ਨਿਕਟ ਵਰਤੀਆਂ ਦੀ ਬਾਣੀ ਦਾ ਸੰਪਾਦਨ ਕਰ ਕੇ ਪੰਜਾਬੀ ਸਾਹਿਤ ਦਾ ਲਗਭਗ 400 ਸਾਲ ਦਾ ਵਡਮੁੱਲਾ ਵਿਰਸਾ ਸੰਭਾਲ ਕੇ 1604 ਈ: ਵਿੱਚ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਪ੍ਰਕਾਸ਼ ਕੀਤਾ। ਇਸ ਅਦੁੱਤੀ ਗ੍ਰੰਥ ਵਿੱਚ ਮੁਸਲਮਾਨ ਤੇ ਅਖੌਤੀ ਨਿਮਨ ਜਾਤੀਆਂ ਨਾਲ ਸੰਬੰਧ ਰੱਖਣ ਵਾਲੇ ਭਗਤਾਂ ਦੀ ਬਾਣੀ ਵੀ ਸੰਕਲਿਤ ਕੀਤੀ ਸੀ। ਇਸ ਦਾ ਮੁਖ ਆਸ਼ਾ ‘ਸਰਬ ਸਾਂਝੀਵਾਲਤਾ’ ਦਾ ਆਦਰਸ਼ ਦਰਸ਼ਾਇਆ ਗਿਆ ਸੀ : ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥’’ (ਮ: ੫/੧੨੯੯)

ਇਸ ਕਰ ਕੇ ਇਸ ਨਵੇਂ ਧਰਮ ਦੇ ਪ੍ਰਭਾਵ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਣੇ ਵੱਲ ਖਿੱਚਿਆ। ਫਲਸਰੂਪ ਪੰਡਤਾਂ ਤੇ ਮੌਲਾਣਿਆਂ ਨੇ ਅਕਬਰ ਸਮਰਾਟ ਨੂੰ ਸ਼ਿਕਾਇਤ ਕੀਤੀ ਕਿ ‘ਆਦਿ ਗ੍ਰੰਥ’ ਵਿੱਚ ਹਿੰਦੂ ਦੇਵੀ-ਦੇਵਤਿਆਂ ਅਤੇ ਮੁਸਲਮਾਨ ਪੀਰਾਂ ਦੀ ਨਿੰਦਿਆ ਕੀਤੀ ਗਈ ਹੈ। ਅਕਬਰ ਨੇ ‘ਆਦਿ ਗ੍ਰੰਥ’ ਦੀ ਬੀੜ ਮੰਗਵਾ ਕੇ ਵੱਖ-ਵੱਖ ਥਾਂਵਾਂ ਤੋਂ ਪਾਠ ਸੁਣਿਆ, ਜੋ ਇਸ ਤਰ੍ਹਾਂ ਵਾਕ ਪ੍ਰਗਾਸ ਹੋਏ :

(1). ਖਾਕ ਨੂਰ ਕਰਦੰ; ਆਲਮ ਦੁਨੀਆਇ ॥ ਅਸਮਾਨ ਜਿਮੀ ਦਰਖਤ ਆਬ; ਪੈਦਾਇਸਿ ਖੁਦਾਇ ॥ (ਮ: ੫/੭੨੩)

(2). ਅਲਹ ਅਗਮ ਖੁਦਾਈ ਬੰਦੇ ॥ ਛੋਡਿ ਖਿਆਲ; ਦੁਨੀਆ ਕੇ ਧੰਧੇ ॥ ਹੋਇ ਪੈ ਖਾਕ, ਫਕੀਰ ਮੁਸਾਫਰੁ; ਇਹੁ ਦਰਵੇਸੁ, ਕਬੂਲੁ ਦਰਾ ॥ (ਮ: ੫/੧੦੮੩)

(3). ਘਰ ਮਹਿ; ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ; ਲੈ ਲਟਕਾਵੈ ॥ (ਮ: ੫/੭੩੯), ਆਦਿ।

ਅਕਬਰ ਸਮਰਾਟ ਨੇ ਪਾਵਨ ਬਾਣੀ ਸੁਣ ਕੇ ਇਸ ਲਾਸਾਨੀ ਗ੍ਰੰਥ ਨੂੰ ਇਨ੍ਹਾਂ ਸ਼ਬਦਾਂ ਨਾਲ ਅਕੀਦਤ ਪੇਸ਼ ਕੀਤੀ: ’The Granth is the greatest book of synthesis and worthy of reverence .’’(Ain-i-Akbri)

ਪਰ ਮੁਸਲਮਾਨਾਂ ਦਾ ਸਿੱਖ ਬਣਨਾ ਜਹਾਂਗੀਰ ਸਮਰਾਟ ਨੂੰ ਬਹੁਤ ਚੁਭਦਾ ਸੀ, ਜਿਸ ਦਾ ਜ਼ਿਕਰ ਉਸ ਨੇ ਆਪਣੀ ਆਤਮਕਥਾ (Tuzk-i-Jahangiri) ਵਿੱਚ ਕੀਤਾ ਹੈ।

ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਪਿੱਛੇ ਮੁਸਲਿਮ ਕੱਟੜਪੰਥੀਆਂ, ਵਿਸ਼ੇਸ਼ ਤੌਰ ’ਤੇ ਨਕਸ਼ਬੰਦੀਆਂ ਦਾ ਵੀ ਵੱਡਾ ਹੱਥ ਸੀ। ਉਹਨਾਂ ਦਾ ਵਿਚਾਰ ਸੀ ਕਿ ਕਾਫ਼ਰਾਂ ਨੂੰ ਬੇਇੱਜ਼ਤ ਕਰਨ ਵਿੱਚ ਹੀ ਇਸਲਾਮ ਦੀ ਸ਼ਾਨ ਹੈ। M. Mujeeb ਅਨੁਸਾਰ ‘ਨਕਸ਼ਬੰਦੀ’ ਸੰਪਰਦਾਇ ਦਾ ਮੁਖੀ ਸ਼ੇਖ ਅਹਿਮਦ ਸਰਹਿੰਦੀ, ਗੁਰੂ ਅਰਜਨ ਸਾਹਿਬ ਜੀ ਨਾਲ ਵਿਸ਼ੇਸ਼ ਈਰਖਾ ਰੱਖਦਾ ਸੀ (The Indian Muslims, P..243) ਖੁਸਰੋ ਦਾ ਪਿੱਛਾ ਕਰਦੇ ਹੋਏ ਜਹਾਂਗੀਰ ਸਮਰਾਟ ਨੂੰ ਉਸ ਨੇ ਗੁਰੂ ਜੀ ਵਿਰੁਧ ਵਿਸ਼ੇਸ਼ ਤੋਰ ’ਤੇ ਭੜਕਾਇਆ।

ਗੁਰੂ ਅਰਜਨ ਸਾਹਿਬ ਨੇ ਸਿੱਖ ਧਰਮ ਨੂੰ ਸੰਗਠਿਤ ਕੀਤਾ ਅਤੇ ਸਮਾਜ ਸੁਧਾਰ ਲਈ ਠੋਸ ਕਾਰਜ ਆਰੰਭ ਕੀਤੇ। ਸਰਬ-ਸਾਂਝੇ ‘ਦਰਬਾਰ ਸਾਹਿਬ’ (ਅੰਮ੍ਰਿਤਸਰ) ਦੀ ਨੀਂਹ ਰਖਵਾਈ। ਇਸ ਦੀ ਸਥਾਪਨਾ ਕਰ ਕੇ ਚਾਰ ਵਰਨਾਂ ਲਈ ਚਾਰ ਦਰਵਾਜ਼ੇ ਖੋਲ੍ਹ ਦਿੱਤੇ। ਅੰਮ੍ਰਿਤ ਸਰੋਵਰ ਵਿੱਚ ਸਭ ਜਾਤਾਂ ਦੇ ਲੋਕਾਂ ਲਈ ਇਸ਼ਨਾਨ ਕਰਨ ਦੀ ਇਜਾਜ਼ਤ ਦੇ ਦਿੱਤੀ। ਗੁਰੂ ਕੇ ਲੰਗਰ ਵਿੱਚ ਸਭ ਨੂੰ ਇੱਕੋ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਸੀ। ‘ਆਦਿ ਗ੍ਰੰਥ’ ਦੀ ਬਾਣੀ ਪੜ੍ਹਨ, ਸੁਣਨ ਤੇ ਸੁਣਾਉਣ ਦੀ ਬਿਨਾਂ ਕਿਸੇ ਜਾਤ-ਪਾਤ, ਊਚ-ਨੀਚ, ਵਰਗ, ਲਿੰਗ, ਰੰਗ, ਧਰਮ ਦੇ ਵਿਤਕਰੇ ਤੋਂ ਇਜਾਜ਼ਤ ਦਿੱਤੀ ਗਈ। ਇਸ ਪ੍ਰਕਾਰ ਜਾਤ-ਪਾਤ, ਊਚ-ਨੀਚ ਦੇ ਵਿਤਕਰੇ ਨੂੰ ਖ਼ਤਮ ਕੀਤਾ ਗਿਆ। ਸਿੱਖ ਧਰਮ ਨੂੰ ਫੈਲਾਉਣ ਲਈ ਕਈ ਥਾਂਵਾਂ ’ਤੇ ਗੁਰੂ ਜੀ ਨੇ ਨਵੇਂ ਕੇਂਦਰ ਕਾਇਮ ਕੀਤੇ। ਮਸੰਦ ਪ੍ਰਥਾ ਨੂੰ ਠੀਕ ਢੰਗ ਨਾਲ ਜਥੇਬੰਦ ਕੀਤਾ, ਕਾਰ-ਭੇਟਾ ਦਾ ਪੂਰਾ ਹਿਸਾਬ-ਕਿਤਾਬ ਰੱਖਣਾ ਸ਼ੁਰੂ ਕੀਤਾ ਤੇ ਦਸਵੰਦ ਦੀ ਪ੍ਰਥਾ ਚਲਾਈ, ਆਰਥਕ ਦਸ਼ਾ ਨੂੰ ਸੁਧਾਰਨ ਹਿੱਤ ਵਪਾਰ ਕਰਨ ਲਈ ਗੁਰੂ ਜੀ ਨੇ ਸਿੱਖਾਂ ਨੂੰ ਪ੍ਰੇਰਨਾ ਦਿੱਤੀ। ਇਸ ਦੇ ਫਲਸਰੂਪ ਨਾ ਕੇਵਲ ਸਿੱਖ ਧਰਮ ਦਾ ਸੰਗਠਨ ਤੇ ਵਿਕਾਸ ਹੀ ਹੋਇਆ, ਸਗੋਂ ਗੁਰੂ ਅਰਜਨ ਸਾਹਿਬ ਦੇ ਮਾਨ-ਪ੍ਰਤਿਸ਼ਠਾ ਵਿੱਚ ਵੀ ਵਾਧਾ ਹੋਇਆ। ਲੋਕ ਉਹਨਾਂ ਨੂੰ ‘ਸੱਚਾ ਪਾਤਸ਼ਾਹ’ ਕਹਿਣ ਲੱਗ ਪਏ ਸਨ। ਬੇਸ਼ੱਕ ਸਿੱਖ ਧਰਮ ਦਾ ਸੰਗਠਨ ਦਾ ਮਨੋਰਥ ਉਸ ਸਮੇਂ ਤੱਕ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨਾ ਨਹੀਂ ਸੀ ਪਰ ਫਿਰ ਵੀ ਮੁਗਲ ਸਮਰਾਟ ਜਹਾਂਗੀਰ ਗੁਰੂ ਅਰਜਨ ਸਾਹਿਬ ਦੇ ਅਧੀਨ ਸਿੱਖ ਸੰਪ੍ਰਦਾਇ ਦੀ ਸ਼ਕਤੀ ਨੂੰ ਸਰਕਾਰ ਤੇ ਇਸਲਾਮ (ਦੋਨਾਂ) ਲਈ ਖ਼ਤਰੇ ਦਾ ਸਾਧਨ ਸਮਝਦਾ ਸੀ।

ਜਹਾਂਗੀਰ ਸਮਰਾਟ ਬੜਾ ਕੱਟੜ ਤੁਅੱਸਬੀ (ਹਰ ਗੱਲ ਨੂੰ ਆਪਣੇ ਧਰਮ ਵੱਲ ਮਰੋੜਨ ਵਾਲਾ) ਸੀ। ਉਹ ਸਮਰਾਟ ਬਣਨ ਤੋਂ ਪਹਿਲਾਂ ਹੀ ਗੁਰੂ-ਘਰ ਦਾ ਵਿਰੋਧੀ ਬਣ ਬੈਠਾ ਸੀ। ‘ਤੁਜ਼ਕਿ ਜਹਾਂਗੀਰੀ’ (ਪੰਨਾ 35) ਅਨੁਸਾਰ ਉਹ ਗੁਰੂ ਘਰ ਨੂੰ ‘ਝੂਠੀ ਦੁਕਾਨ’ ਮਿੱਥਦਾ ਹੈ। ਉਸ ਨੂੰ ਬਹੁਤ ਸਾਰੇ ਮੁਸਲਮਾਨਾਂ ਦਾ ਗੁਰੂ ਜੀ ਦੇ ਸ਼ਰਧਾਲੂ ਹੋਣ ਦਾ ਬੜਾ ਦੁੱਖ ਸੀ। ਕਈ ਇਤਿਹਾਸਕਾਰ ਕਹਿੰਦੇ ਹਨ ਕਿ ਗੁਰੂ ਜੀ ਦੀ ਸ਼ਹੀਦੀ ਸ਼ਹਿਜ਼ਾਦਾ ਖ਼ੁਸਰੋ ਦੀ ਕਥਿਤ ਮਦਦ ਕਾਰਨ ਹੋਈ। ‘ਦਬਿਸਤਾਨਿ ਮਜ਼ਾਹਬ’ ਦੇ ਕਰਤਾ ‘ਮੁਹੱਸਨਫਾਨੀ’ ਅਨੁਸਾਰ ਗੁਰੂ ਜੀ ਨੇ ਖ਼ੁਸਰੋ ਦੇ ਹੱਕ ਵਿੱਚ ਦੁਆ ਕੀਤੀ।

H.G. Glinson Anuswr ‘The Sikh Pontiff Arjun gave him a sum of money and his blessing, not because he was a prince, but because he was needy and friendless.’

‘ਮਹਿਮਾ ਪ੍ਰਕਾਸ਼’ ਦੇ ਕਰਤਾ ‘ਸਰੂਪ ਦਾਸ ਭੱਲਾ’ ਨੇ ਉਪਰੋਕਤ ਕਥਨ ਦੀ ਪੁਸ਼ਟੀ ਵੀ ਕੀਤੀ ਹੈ।

ਤੁਜ਼ਕਿ ਜਹਾਂਗੀਰੀ ਅਨੁਸਾਰ, ‘ਗੁਰੂ ਜੀ ਨੇ ਖ਼ੁਸਰੋ ਨੂੰ ਤਿਲਕ ਦਿੱਤਾ। ਜਦ ਇਹ ਖ਼ਬਰ ਮੇਰੇ ਕੰਨਾ ਤੱਕ ਪਹੁੰਚੀ, ਮੈਂ ਤਾਂ ਪਹਿਲਾਂ ਹੀ ਉਸ ਦੇ ਝੂਠ ਚੰਗੀ ਤਰ੍ਹਾਂ ਜਾਣਦਾ ਸੀ, ਮੈਂ ਹੁਕਮ ਕੀਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਵੇ। ਉਸ ਦੇ ਘਰ-ਬਾਰ ਤੇ ਪੁੱਤਰ ਨੂੰ ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿੱਤਾ। ਉਸ ਦੀ ਜਾਇਦਾਦ ਜ਼ਬਤ ਕਰ ਕੇ ਹੁਕਮ ਦਿੱਤਾ ਕਿ ਯਾਸਾ ਦੀ ਸਜ਼ਾ ਦਿੱਤੀ ਜਾਵੇ।’

ਸ਼ਹਿਜ਼ਾਦਾ ਖ਼ੁਸਰੋ ਬਗਾਵਤ ਕਰ ਕੇ ਪੰਜਾਬ ਵੱਲ ਭੱਜਾ ਤੇ ਜਹਾਂਗੀਰ ਨੇ ਉਸ ਦਾ ਪਿੱਛਾ ਕੀਤਾ। ਖ਼ੁਸਰੋ ਦੀ ਮਦਦ ਕਰਨ ਵਾਲਿਆਂ ਨੂੰ ਉਹ ਨਾਲੋਂ ਨਾਲ ਸਜ਼ਾਵਾਂ ਦਿੰਦਾ ਗਿਆ ਜਿਵੇਂ ‘ਨਾਜ਼ਮ ਥਾਨੇਸਰੀ’ ਨੂੰ ਖ਼ੁਸਰੋ ਦੀ ਮਦਦ ਬਦਲੇ ਰਸਤੇ ਦਾ ਖਰਚ ਦੇ ਕੇ ਮੱਕੇ ਵੱਲ ਤੋਰ ਦਿੱਤਾ। ਸਮਰਾਟ, ਗੋਇੰਦਵਾਲ ਦੇ ਨਜ਼ਦੀਕ ਤੋਂ ਲੰਘਦਾ ਹੋਇਆ ਲਾਹੋਰ ਵੱਲ ਵਧਿਆ ਪਰ ਕਿਸੇ ਸੂਹੀਏ ਨੇ ਗੁਰੂ ਜੀ ਦੇ ਖ਼ਿਲਾਫ਼ ਖ਼ੁਸਰੋ ਦੀ ਕਥਿਤ ਮਦਦ ਬਾਰੇ ਰਿਪੋਰਟ ਨਾ ਕੀਤੀ। ਐਪਰ (ਪਰ) ਮਹੀਨੇ ਕੁ ਬਾਅਦ ਲਾਹੌਰ ਵਿਖੇ ਜਹਾਂਗੀਰ ਦੇ ਦਰਬਾਰ ਵਿੱਚ ਗੁਰੂ-ਦੋਖੀਆਂ ਦਾ ਦਾਅ ਫੱਬ ਗਿਆ। ਉਨ੍ਹਾਂ ਵਿੱਚ ਚੰਦੂ ਵੀ ਸ਼ਾਮਲ ਸੀ। ਮੈਕਾਲਿਫ਼ ਅਤੇ ਗਿ: ਗਿਆਨ ਸਿੰਘ ਨੇ ਇਸ ਤੱਥ ਦੀ ਗਵਾਹੀ ਭਰੀ ਹੈ।

ਖ਼ੁਸਰੋ ਨੂੰ ਤਿਲਕ ਲਾਉਣ ਦਾ ਦੋਸ਼ ਬਿਲਕੁਲ ਨਿਰਮੂਲ ਹੈ, ਜਹਾਂਗੀਰ ਗੁਰੂ ਜੀ ਦੇ ਵਿਰੁੱਧ ਕੇਵਲ ਬਹਾਨਾ ਢੂੰਢਦਾ ਸੀ।

ਜਹਾਂਗੀਰ ਦੇ ਸ਼ਾਹੀ ਹੁਕਮ ਨਾਲ ਗੁਰੂ ਜੀ ਨੂੰ ਲਾਹੌਰ ਬੁਲਾਇਆ ਗਿਆ। ਸੰਸਾਰੀ ਸ਼ਕਤੀ ਦੇ ਦਬਾਅ ਥੱਲੇ ‘ਗੁਰਬਾਣੀ’ ਵਿੱਚ ਤਬਦੀਲੀ ਕਰਨ ਤੋਂ ਵੀ ਗੁਰੂ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਸੀ ।

ਫਿਰ ਖ਼ੁਸਰੋ ਦੀ ਕਥਿੱਤ ਮਦਦ ਦੇ ਦੋਸ਼ ਵਿੱਚ ਜਹਾਂਗੀਰ ਨੇ ਗੁਰੂ ਜੀ ਨੂੰ ਦੋ ਲੱਖ ਜੁਰਮਾਨਾ ਕੀਤਾ ਪਰ ਗੁਰੂ ਜੀ ਨੇ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ । (ਕਿਉਂਕਿ ਅਸਲ ਵਿੱਚ ਗੁਰੂ ਜੀ ਨੇ ਖ਼ੁਸਰੋ ਦੀ ਮਦਦ ਨਹੀਂ ਕੀਤੀ ਸੀ – ਪ੍ਰੋ: ਸਾਹਿਬ ਸਿੰਘ)

ਅਖੀਰ ਵਿੱਚ ਸਮਰਾਟ ਨੇ ‘ਤੁਜ਼ਕਿ-ਜਹਾਂਗੀਰੀ’ ਅਨੁਸਾਰ ਯਾਸਾ ਦੀ ਸਜ਼ਾ ਸੁਣਾ ਦਿੱਤੀ ।

ਕੁਝ ਇਤਿਹਾਸਕਾਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਰਾਜਨੀਤਿਕ ਦੋਸ਼ੀ ਹੋਣ ਕਾਰਨ ਹੋਈ ਮੰਨਦੇ ਹਨ, ਪਰ ਡਾ: ਇੰਦੂ ਭੂਸ਼ਨ ਬੈਨਰਜੀ ਅਨੁਸਾਰ, ‘ਅਸਲ ਵਿੱਚ ਜਹਾਂਗੀਰ ਦੀ ਧਾਰਮਿਕ ਅਸਹਿਣਸ਼ੀਲਤਾ ਗੁਰੂ ਜੀ ਦੇ ਸ਼ੌਕ ਪੂਰਨ ਅੰਤ ਦਾ ਇੱਕ ਵੱਡਾ ਕਾਰਨ ਬਣੀ ।’ (Evolution Of The Khalsa , Vol. 2 P.4)

ਚੰਦੂ ਲਾਲ ਦੀਵਾਨ ਦੀ ਨਿੱਜੀ ਰੰਜਸ਼ ਕਾਰਨ ਗੁਰੂ ਜੀ ਨੂੰ ਪਾਣੀ ਦੀ ਉਬਲਦੀ ਦੇਗ ਵਿੱਚ ਬਿਠਾਇਆ ਗਿਆ, ਤੱਤੀ ਤਵੀ ’ਤੇ ਬਿਠਾ ਕੇ ਆਪ ਜੀ ਦੇ ਸੀਸ ਉੱਤੇ ਗਰਮ ਰੇਤ ਪੁਆਈ ਗਈ । (Dr. Hari Ram Gupta , The Sikh Gurus, P. 99)

ਇਸ ਪ੍ਰਕਾਰ ਅਕਹਿ ਤੇ ਅਸਹਿ ਕਸ਼ਟ ਦੇ ਕੇ ਆਪ ਜੀ ਨੂੰ ਲਾਹੌਰ ਵਿਖੇ 30 ਮਈ 1606 ਈ: ਨੂੰ ਸ਼ਹੀਦ ਕੀਤਾ ਗਿਆ । ਇਸ ਮਹਾਨ ਸ਼ਹਾਦਤ ਵਾਲ਼ੇ ਸਥਾਨ ’ਤੇ ਰਾਵੀ ਕੰਢੇ ਲਾਹੌਰ ਵਿਖੇ ਗੁਰਦੁਆਰਾ ‘ਡੇਰਾ ਸਾਹਿਬ’ ਸਥਿਤ ਹੈ ।

ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਪ੍ਰਤੀਕਰਮ ਵਜੋਂ ਸਿੱਖ ਧਰਮ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਆਇਆ । (S.M. Latif, History of the Punjab, P. 254) ਸਿੱਖਾਂ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਸੈਨਿਕ ਸ਼ਕਤੀ ਦੀ ਲੋੜ ਅਨੁਭਵ ਹੋਈ । ਸਿੱਖ ਧਰਮ ਵਿੱਚ ਭਗਤੀ ਤੇ ਸ਼ਕਤੀ ਦਾ ਸੁਮੇਲ ਹੋਰ ਪਕੇਰਾ ਹੋਇਆ, ਜਿਸ ਕਾਰਨ ਆਪ ਦੇ ਸਿੱਖਾਂ ਨੇ ਗੁਰੂ ਹਰਿਗੋਬਿੰਦ ਜੀ ਦੀ ਅਗਵਾਈ ਵਿੱਚ ਮੁਗਲਾਂ ਵਿਰੁਧ ਯੁੱਧ-ਭੂਮੀ ਵਿੱਚ ਡਟ ਕੇ ਮੁਕਾਬਲਾ ਕੀਤਾ। ਇਸ ਸ਼ਹਾਦਤ ਨਾਲ ਸਿੱਖਾਂ ਵਿੱਚ ਕੁਰਬਾਨੀਆਂ ਕਰਨ ਦੀ ਬੁਨਿਆਦ ਰੱਖੀ ਗਈ, ਜਿਸ ਕਾਰਨ ਉਹ ਸੰਤ-ਸਿਪਾਹੀ ਬਣ ਗਏ।

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ ਤੀਜਾ)

0

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ ਤੀਜਾ)

ਗਿਆਨੀ ਅਮਰੀਕ ਸਿੰਘ (ਚੰਡੀਗੜ੍ਹ)

(ਲੜੀ ਜੋੜਨ ਲਈ ਪਿੱਛਲਾ ਅੰਕ ਵੇਖੋ, ਜੀ)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 1)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 2)

ਪੱਗ ਨੇ ਹੋਰ ਵੀ ਕਿੰਨੇ ਹੀ ਲੋਕਾਂ ਦਾ ਜੀਵਨ ਬਦਲਿਆ ਹੈ ਜਿਨ੍ਹਾਂ ਦੇ ਬਦਲੇ ਹੋਏ ਜੀਵਨ ਮਗਰੋਂ ਮਨੁੱਖਤਾ ਦੇ ਇਤਿਹਾਸ ਨੂੰ ਬਹੁਤ ਅਮੀਰ ਕਰ ਦਿੱਤਾ ਗਿਆ।

ਅਮਰੀਕਾ ਦੇ ਇੱਕ ਡਟਰਾਇਡ ਸ਼ਹਿਰ ਵਿੱਚ ਕੁਝ ਸਿੱਖਾਂ ਵੱਲ ਦੇਖ ਕੇ ਇੱਕ ਨੌਜੁਆਨ ਗੋਰੇ ਦੇ ਅੰਦਰ ਪੱਗ ਬੰਨ੍ਹਣ ਦੀ ਭਾਵਨਾ ਜਾਗੀ। ਉਸ ਨੇ ਪੱਗ ਦੀ ਪ੍ਰਾਪਤੀ ਲਈ ਕਈ ਸਟੋਰਾਂ (ਦੁਕਾਨਾਂ) ’ਤੇ ਜਾ ਕੇ ਭਾਲ ਕੀਤੀ ਪਰ ਇਹ ਸਾਰੇ ਹੀ ਸਟੋਰ ਗੋਰਿਆਂ ਦੇ ਕੱਪੜਿਆਂ ਵਾਲੇ ਹੀ ਸਨ ਜਿਸ ਕਰਕੇ ਉੱਥੇ ਗੋਰਿਆਂ ਦੇ ਕੱਪੜੇ ਤਾਂ ਮਿਲਦੇ ਪਏ ਸਨ ਪਰ ਪੱਗ ਬਾਰੇ ਕਿਸੇ ਨੂੰ ਕੋਈ ਗਿਆਨ ਨਹੀਂ ਸੀ। ਇੱਕ ਦਿਨ ਇਸ ਗੋਰੇ ਦੀ ਤਮੰਨਾ ਪੂਰੀ ਹੋ ਗਈ, ਜਦ ਅਮਰੀਕਾ, ਕੈਨੇਡਾ ਆਦਿਕ ਅਮੀਰ ਦੇਸ਼ਾਂ ਵਿੱਚ ਲੋਕੀਂ ਪੁਰਾਣੇ ਕੱਪੜੇ ਕਿਸੇ ਇੱਕ ਨਿਸ਼ਚਿਤ ਥਾਂ ’ਤੇ ਇੱਕਠੇ ਕਰ ਲੈਂਦੇ ਤੇ ਫਿਰ ਗ਼ਰੀਬ ਮੁਲਕਾਂ ਵਿੱਚ ਮਦਦ ਲਈ ਭੇਜਦੇ ਹਨ। ਇਸ ਤਰ੍ਹਾਂ ਹੀ ਇੱਕ ਪੁਰਾਣੇ ਕੱਪੜਿਆਂ ਦੇ ਕੰਨਟੇਂਨਰ ਵਿੱਚ ਕੋਈ ਪੁਰਾਣੀ ਪੱਗ ਰੱਖ ਗਿਆ ਸੀ। ਇਹ ਪੱਗ ਗੋਰੇ ਦੇ ਹੱਥ ਆ ਗਈ ਉਸ ਨੇ ਘਰ ਲਿਆ ਕੇ ਇਸ ਨੂੰ ਧੋ ਸੁਆਰ ਕੇ ਸਿਰ ’ਤੇ ਜਿਵੇਂ ਕਿਵੇਂ ਹੋਇਆ ਬੰਨ੍ਹ ਲਈ। ਉਸ ਦਿਨ ਜੁਆਨ ਗੋਰੇ ਨੂੰ ਮਹਿਸੂਸ ਹੋਇਆ ਕਿ ਮੈਂ ਤਾਂ ਰੱਬ ਦਾ ਭੇਜਿਆ ਹੋਇਆ ਕੋਈ ਪਰਿੰਸ ਜਾਪਦਾ ਹਾਂ। ਇਹ ਕੋਈ ਪੰਜ ਮੀਟਰ ਦਾ ਕੱਪੜਾ ਨਹੀਂ ਸਗੋਂ ਇਹ ਤਾਂ ਮੇਰੇ ਸਿਰ ਦਾ ਤਾਜ਼ ਹੈ। ਉਸ ਨੂੰ ਲੋਕੀਂ ਵੀ ਸਤਿਕਾਰ ਨਾਲ ‘ਸਰਦਾਰ ਜੀ’ ਕਹਿ ਕੇ ਬੁਲਾਉਣ ਲੱਗ ਪਏ।

ਉਸ ਨੇ ਕਿਸੇ ਸਿੱਖ ਕੋਲੋਂ ਇਸ ਨੂੰ ਬੰਨ੍ਹਣ ਅਤੇ ਇਸ ਦੇ ਇਤਿਹਾਸ ਬਾਰੇ ਹੋਰ ਜਾਣਕਾਰੀ ਹਾਸਲ ਕਰ ਲਈ ਜਿਸ ਕਰਕੇ ਉਸ ਨੂੰ ਪਤਾ ਲੱਗਾ ਕਿ ਇਹ ਦਸਤਾਰ ਤਾਂ ਸਤਿਗੁਰੂ ਜੀ ਨੇ ਅਥਾਹ ਕੁਰਬਾਨੀਆਂ ਕਰ ਕੇ ਸਿੱਖਾਂ ਨੂੰ ਬਖ਼ਸ਼ਸ਼ ਕੀਤੀ ਹੋਈ ਹੈ। ਇਸ ਦੀ ਖ਼ਾਤਰ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਹੀ ਪਰਿਵਾਰ, ਮਾਨਵਤਾ ਦੇ ਭਲੇ ਲਈ ਕੁਰਬਾਨ ਕਰ ਦਿੱਤਾ ਸੀ। ਉਸ ਗੋਰੇ ਦੀ ਸ਼ਰਧਾ ਭਾਵਨਾ ਹੋਰ ਵੱਧ ਗਈ। ਕੁਝ ਸਮਾਂ ਪਾ ਕੇ ਉਸ ਦੇ ਮਾਤਾ ਪਿਤਾ ਅਤੇ ਹੋਰ ਸਾਕ-ਸਬੰਧੀ, ਉਸ ਨੂੰ ਪੱਗ ਬੰਨ੍ਹਣ ਕਰ ਕੇ ਛੱਡ ਗਏ ਸਨ ਪਰ ਗੋਰੇ ਦੇ ਮਨ ਵਿੱਚ ਇਸ ਦਾ ਵੀ ਕੋਈ ਰੋਸ ਨਾ ਹੋਇਆ। ਉਹ ਤਾਂ ਸਗੋਂ ਹੋਰ ਵੀ ਮਾਣ ਨਾਲ ਆਖਦਾ ਰਿਹਾ ਕਿ ਗੁਰੂ ਸਾਹਿਬ ਜੀ ਨੇ ਤਾਂ ਸਾਰਾ ਹੀ ਪਰਿਵਾਰ ਵਾਰ ਕੇ ਦਸਤਾਰ ਬਖ਼ਸ਼ੀ ਹੋਈ ਹੈ। ਮੈਂ ਤਾਂ ਕੇਵਲ ਆਪਣੇ ਪਰਿਵਾਰ ਤੋਂ ਦੂਰ ਹੀ ਹੋਇਆ ਹਾਂ। ਮੈਨੂੰ ਇਸ ਦੀ ਕੀਮਤ ਬਦਲੇ ਪਰਿਵਾਰ ਨਹੀਂ ਵਾਰਨਾ ਪਿਆ। ਹੁਣ ਪਗੜੀ ਦਾ ਇਤਿਹਾਸ ਸੁਣ ਕੇ ਮੈਨੂੰ ਅਜਿਹਾ ਜਾਪਦਾ ਹੈ ਕਿ ਪਰਿਵਾਰ ਤਾਂ ਕੀ ਸਾਰਾ ਸੰਸਾਰ ਵੀ ਛੱਡਣਾ ਪਵੇ ਮੈਂ ਤਦ ਵੀ ਦਸਤਾਰ ਨੂੰ ਹੀ ਚੁਣਾਗਾ ਅਤੇ ਸੰਸਾਰ ਨੂੰ ਤਿਆਗ ਦਿਆਂਗਾ। (ਸੰਪਾਦਕ, ਸ: ਰੂਪ ਸਿੰਘ, ਸਿੱਖ ਸੰਗਰਾਮ ਦੀ ਦਾਸਤਾਨ, ਪੰਨਾ 174)

ਮਨੁੱਖੀ ਭਾਵਨਾ ਨੂੰ ਸਮਝਣ ਵਾਲੇ ਲਿਖਾਰੀ ਪ੍ਰੋ: ਪੂਰਨ ਸਿੰਘ ਜੀ ਦੀ ਕਲਮ ਵੀ ਕੁਝ ਅਜਿਹਾ ਹੀ ਬਿਆਨ ਕਰ ਰਹੀ ਹੈ:

‘ਉਸ ਦੀ ਪਗੜੀ ਦੇ ਪ੍ਰੇਮ ਰੰਗੇ ਪੇਚ ਸਦੀਵੀ, ਨਛੱਤਰ ਉਸ ਦੇ ਦਰਸ਼ਨਾਂ ਲਈ ਇਵੇਂ ਸਿਕਦੇ, ਜਿਵੇਂ ਪੰਛੀ ਰਾਤ ਸਮੇਂ ਆਪਣੇ ਆਲਣਿਆਂ ਵਿੱਚ ਵਿਸਰਾਮ ਕਰਦੇ।…ਉਹ ਤਾਂ ਸ੍ਰਿਸ਼ਟੀ ਦੇ ਹਿਰਦੇ ਦਾ ਪਾਤਿਸ਼ਾਹ ! ਪ੍ਰੀਤ ਵਿੱਚ ਉਗੀ ਕਪਾਹ ਦਾ, ਉਸ ਦਾ ਤਾਜ, ਜਿਸ ਦੇ ਧਾਗੇ ਪ੍ਰੀਤ ਦੀ ਚਰਖ਼ੀ ’ਤੇ ਕੱਤੇ, ਪ੍ਰੀਤ ਨਾਲ ਬੁਣੀ ਹੋਈ ਉਸ ਦੀ ਪੁਸ਼ਾਕ।… ਇਹ ਜੋ ਦਿਸ ਰਿਹਾ ਪ੍ਰਕਾਸ਼ ਇਹ ਤਾਂ ਉਸ ਦੀ ਪਗੜੀ ਹੇਠਲੇ, ਮਸਤਕ ’ਚੋਂ ਹੈ ਝਰ ਰਿਹਾ।’ (ਪੰਜਾਬ ਜਿਉਂਦਾ ਗੁਰਾਂ ਦੇ ਨਾਮ ’ਤੇ, ਪੰਨਾ 42)

ਪੱਗ ਨਾਲ ਸਾਡੇ ਕਈ ਸਮਾਜਿਕ ਪੱਖ ਵੀ ਜੁੜੇ ਹੋਏ ਹਨ। ਕਈ ਤਰ੍ਹਾਂ ਦੀਆਂ ਕਹਾਵਤਾਂ ਅਤੇ ਅਖਾਣ ਪੱਗ ਬਾਰੇ ਸਾਡੇ ਪੂਰਵਜਾਂ ਨੇ ਬਣਾਏ ਹੋਏ ਸਨ; ਜਿਵੇਂ ਕਿ ਪੱਗ ਬਚਾ ਲੈਣੀ, ਪੱਗ ਰੋਲ ਦੇਣੀ, ਪੱਗ ਪੈਰੀਂ ਰੱਖਣੀ, ਪੱਗ ਨੂੰ ਹੱਥ ਪਾਉਣਾ, ਪੱਗ ਵਟਾ ਲੈਣੀ, ਪੱਗ ਕੱਛੇ ਮਾਰਨੀ, ਪੱਗ ਨੂੰ ਦਾਗ਼ ਲਾਉਣਾ, ਇਤਿਆਦਿਕ।

ਪੰਜਾਬੀਆਂ ਅੰਦਰ ਪੱਗਾਂ ਬੰਨ੍ਹਣ ਦੇ ਵੀ ਕਈ ਤਰੀਕੇ ਪ੍ਰਚਲਿਤ ਹੋ ਚੁੱਕੇ ਹਨ। ਗੋਲ ਦਸਤਾਰ, ਦੁਮਾਲਾ, ਨੁਕਰ ਵਾਲੀ ਪੱਗ, ਨਿਹੰਗ ਸਿੰਘਾਂ ਵਾਲੀ ਫਰਲੇ ਵਾਲੀ ਦਸਤਾਰ, ਨਾਮਧਾਰੀਆਂ ਵਾਲੀ, ਨੀਲਧਾਰੀਆਂ ਵਾਲੀ, ਪਟਿਆਲਾ ਸ਼ਾਹੀ ਜਾਂ ਹੋਰ ਵੀ ਕਈ ਤਰੀਕੇ ਪ੍ਰਚਲਿਤ ਹਨ।

ਸਾਡੇ ਸਮਾਜ ਦੇ ਦਿਲਾਂ ਵਿੱਚ ਪੱਗ ਬਾਰੇ ਕਈ ਸੰਸਕਾਰ ਬਣ ਕੇ ਬੈਠ ਹੋਏ ਹਨ; ਜਿਵੇਂ ਜੁਆਨ ਲੜਕੇ ਨੂੰ ਉਸ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਲਈ ਉਸ ਦੇ ਸਮਾਜ ਸਾਹਮਣੇ ਦਸਤਾਰ ਸਜਾ ਦਿੱਤੀ ਜਾਂਦੀ ਹੈ ਤਾਂ ਕਿ ਉਸ ਨੂੰ ਪਤਾ ਲੱਗ ਜਾਵੇ ਕਿ ਮੈਂ ਬਚਪਨ ਦੀ ਉਹ ਦਹਲੀਜ਼ ਪਾਰ ਕਰ ਚੁੱਕਾ ਹਾਂ ਜਿੱਥੇ ਕਿ ਮੇਰੀਆਂ ਗਲਤੀਆਂ ਨੂੰ ਬੱਚੇ ਦੇ ਜਾਂ ਬਚਪਨ ਦੇ ਕੰਮ ਸਮਝ ਕੇ ਮਾਫ਼ ਕਰ ਦਿੱਤਾ ਜਾਂਦਾ ਸੀ। ਹੁਣ ਮੈਨੂੰ ਜ਼ਿੰਦਗੀ ਦੇ ਕਦਮ ਅਕਲ ਸਿਆਣਪ ਨਾਲ ਮੇਚ ਖਾਂਦੇ ਬਣਾ ਕੇ ਤੁਰਨਾ ਪੈਣਾ ਹੈ।

ਜਦੋਂ ਘਰ ਵਿੱਚੋਂ ਕੋਈ ਵਡੇਰਾ ਪੁਰਖ ਤੁਰ ਜਾਂਦਾ ਸੀ ਤਾਂ ਵੀ ਘਰ ਦੇ ਕਿਸੇ ਮੁਖੀਏ ਨੂੰ ਪੱਗ ਬੰਨ੍ਹਾਈ ਜਾਂਦੀ ਸੀ ਤਾਂ ਕਿ ਸਮਾਜ ਨੂੰ ਦੱਸਿਆ ਜਾ ਸਕੇ ਕਿ ਇਸ ਪਰਿਵਾਰ ਦੇ ਸਮਾਜਿਕ ਵਾਧੇ ਘਾਟਿਆਂ ਦਾ ਹੁਣ ਇਹ ਜ਼ਿੰਮੇਵਾਰ ਹੋਵੇਗਾ। ਪੱਗਾਂ ਦੇ ਰੰਗ ਵੀ ਘਰ ਵਿੱਚ ਖ਼ੁਸ਼ੀ ਗ਼ਮੀ ਜਾਂ ਉਮਰਾਂ ਦੇ ਤਕਾਜ਼ੇ ਨਾਲ ਬਦਲ ਜਾਂਦੇ ਸਨ।

ਭਾਈ ਗੁਰਦਾਸ ਜੀ ਦਾ ਇੱਕ ਵਚਨ ਹੈ ਕਿ ਇੱਕ ਵਾਰੀ ਕੋਈ ਬੰਦਾ ਬਾਹਰ ਖੂਹ ’ਤੇ ਇਸ਼ਨਾਨ ਕਰਨ ਉਪਰੰਤ ਆਪਣੀ ਪੱਗ ਸੁਭਾਵਕ ਹੀ ਭੁੱਲ ਆਇਆ ਤੇ ਨੰਗੇ ਸਿਰ ਘਰ ਆ ਗਿਆ। ਪੱਗ ਉੱਤਰ ਕੇ ਨੰਗੇ ਸਿਰ ਘਰ ਆਉਣ ਦਾ ਅਰਥ ਹੁੰਦਾ ਸੀ ਕਿ ਘਰ ਵਿੱਚੋਂ ਜਾਂ ਨਜ਼ਦੀਕੀ ਰਿਸ਼ਤੇਦਾਰੀ ਵਿੱਚੋਂ ਕੋਈ ਚੜਾਈ ਕਰ ਗਿਆ ਹੋਵੇ। ਸੋ ਘਰ ਵਿੱਚ ਨੰਗੇ ਸਿਰ ਆਇਆ ਦੇਖ ਕੇ ਘਰ ਵਿੱਚ ਕੰਮ ਕਾਰ ਕਰਦੀਆਂ ਇਸਤ੍ਰੀਆਂ ਨੇ ਉੱਚੀ ਉੱਚੀ ਰੋਣਾ ਸ਼ੂਰੂ ਕਰ ਦਿੱਤਾ। ਉਨ੍ਹਾਂ ਦਾ ਰੋਣਾ ਸੁਣ ਕੇ ਹੋਰ ਵੀ ਆਂਢ ਗੁਆਂਢ ਆ ਕੇ ਰੋਣ ਲੱਗ ਪਿਆ। ਪਿੰਡਾਂ ਵਿੱਚ ਨੈਣਾਂ ਹੁੰਦੀਆਂ ਸਨ, ਜਿਨ੍ਹਾਂ ਕੋਲ ਸ਼ਬਦਾਂ ਦੀ ਜਾਦੂਗਰੀ ਹੁੰਦੀ ਸੀ। ਉਹ ਆ ਕੇ ਅਜਿਹੇ ਵੈਣ ਪਾਉਂਦੀਆਂ ਹਨ ਕਿ ਹਰ ਕੋਈ ਪੱਥਰ ਦਿਲ ਵੀ ਖੁੱਲ ਕੇ ਰੋ ਲੈਂਦਾ ਸੀ। ਨੈਣ ਵੀ ਆ ਗਈ ਤੇ ਪੁੱਛਣ ਲੱਗੀ ਕਿ ਕਿਸ ਦੇ ਨਾਂ ਦੇ ਵੈਣ ਪਾਈਏ ਭਾਵ ਕੌਣ ਮਰ ਗਿਆ  ? ਘਰ ਦੀਆਂ ਜਨਾਨੀਆਂ ਨੇ ਕਿਹਾ ਕਿ ਘਰ ਵਿੱਚ ਬਿਨਾਂ ਪੱਗ ਤੋਂ ਆਏ ਬੰਦੇ ਨੂੰ ਪੁੱਛੋ। ਉਸ ਨੂੰ ਪੁੱਛਿਆ ਗਿਆ ਕਿ ਤੁਸੀਂ ਬਿਨਾਂ ਪੱਗ ਤੋਂ ਆਏ ਹੋ, ਕੌਣ ਚੜਾਈ ਕਰ ਗਿਆ ? ਤਾਂ ਉਹ ਵੀ ਅੱਗੋਂ ਕਹਿਣ ਲੱਗਾ ਕਿ ਮੈਨੂੰ ਤਾਂ ਨਹੀਂ ਪਤਾ, ਮੈਂ ਤਾਂ ਘਰ ਵਿੱਚ ਜਨਾਨੀਆਂ ਨੂੰ ਰੋਂਦੀਆਂ ਦੇਖ ਕੇ ਰੋਣ ਲੱਗ ਪਿਆ ਹਾਂ। ਸਾਰੀ ਜਾਚ ਪੜਤਾਲ ਕਰਿਆਂ ਜਦ ਪਤਾ ਲੱਗਾ ਕਿ ਅਚਾਨਕ ਹੀ ਬਾਹਰ ਖੂਹ ’ਤੇ ਇਸ਼ਨਾਨ ਕਰ ਕੇ ਇਹ ਬੰਦਾ ਆਪਣੀ ਪੱਗ ਉੱਥੇ ਭੁੱਲ ਆਇਆ ਸੀ ਜਿਸ ਤੋਂ ਅੰਦਾਜ਼ਾ ਲਾ ਕੇ ਸਾਰੇ ਹੀ ਰੋਣ ਲੱਗ ਪਏ ਹਨ:

ਠੰਢੇ ਖੂਹਹੁੰ ਨ੍ਹਾਇ ਕੈ; ਪਗ ਵਿਸਾਰਿ ਆਇਆ ਸਿਰਿ ਨੰਗੈ। ਘਰ ਵਿਚਿ ਰੰਨਾ ਕਮਲੀਆਂ; ਧੁਸੀ ਲੀਤੀ ਦੇਖਿ ਕੁਢੰਗੈ।

ਰੰਨਾ ਦੇਖਿ ਪਿਟੰਦੀਆ; ਢਾਹਾਂ ਮਾਰੈਂ ਹੋਇ ਨਿਸੰਗੈ। ਲੋਕ ਸਿਆਪੇ ਆਇਆ; ਰੰਨਾ ਪੁਰਸ ਜੁੜੇ ਲੈ ਪੰਗੈ (ਪੰਗਤ ’ਚ ਬੈਠ ਕੇ)।

ਨਾਇਣ ਪੁਛਦੀ ਪਿਟਦੀਆਂ; ਕਿਸ ਦੈ ਨਾਇ ਅਲ੍ਹਾਣੀ ਅੰਗੈ  ?। ਸਹੁਰੇ ਪੁਛਹ ਜਾਇ ਕੈ; ਕਉਣ ਮੁਆ  ? ਨੂਹ ਉਤਰੁ ਮੰਗੈ।

ਕਾਵਾਂ ਰੌਲਾ ਮੂਰਖੁ ਸੰਗੈ ॥੧੯॥ (ਭਾਈ ਗੁਰਦਾਸ ਜੀ /ਵਾਰ ੩੨ ਪਉੜੀ ੧੯)

ਸਾਡੇ ਗੀਤਾਂ ਵਿੱਚ ਵੀ ਪੱਗ ਨੂੰ ਬਹੁਤ ਸਲਾਹਿਆ ਜਾਂਦਾ ਹੈ। ਕਦੇ ਪੱਗ ਬੰਨ੍ਹਣ ਦੇ ਤਰੀਕੇ ਨੂੰ ਲੈ ਕੇ, ਕਦੇ ਪੱਗ ਦੇ ਰੰਗਾਂ ਦਾ ਜ਼ਿਕਰ ਕਰਦਿਆਂ ਕਈ ਤਰ੍ਹਾਂ ਦੇ ਗੀਤ ਗਾਏ ਜਾਂਦੇ ਸਨ। ਇੱਥੋਂ ਤੱਕ ਕਹਿ ਲਈਏ ਕਿ ਕਿਸੇ ਨੂੰ ਵੰਗਾਰ ਵੀ ਪਾਉਣੀ ਹੁੰਦੀ ਹੈ ਤਾਂ ਪੱਗ ਦਾ ਹੀ ਨਾਮ ਵਰਤਿਆ ਜਾਂਦਾ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਚੜਾਈ ਕਰ ਗਏ ਸਨ ਤਾਂ ਗਦਾਰਾਂ ਦੀਆਂ ਕਰਤੂਤਾਂ ਨੇ ਕੁਝ ਹੀ ਸਮੇਂ ਵਿੱਚ ਬਾਕੀ ਰਹਿੰਦੀ ਬਰਬਾਦੀ ਵੀ ਕਰ ਦਿੱਤੀ ਸੀ। ਸਿੱਖ ਰਾਜ ਦੇ ਖ਼ਾਤਮੇ ਦੀਆਂ ਆਖ਼ਰੀ ਤਿੰਨ ਲੜਾਈਆਂ (ਮੁਦਕੀ, ਫੇਰੂ ਤੇ ਸਭਰਾਵਾਂ) ਲੜੀਆਂ ਗਈਆਂ ਸਨ। ਗਦਾਰਾਂ ਦੇ ਕਾਰਨ ਗੋਰੇ ਕਾਫ਼ੀ ਭਾਰੂ ਹੋ ਗਏ ਤੇ ਸਿੱਖ ਜੰਗ ਹਾਰ ਰਹੇ ਸਨ। ਉਸ ਵਕਤ ਵੀ ਪੱਗਾਂ ਅਤੇ ਦਾੜ੍ਹੀਆਂ ਦੀ ਲਾਜ ਰੱਖਣ ਦਾ ਵਾਸਤਾ ਪਾਇਆ ਗਿਆ ਅਤੇ ਇਸ ਵਾਸਤੇ ਕਾਰਨ ਹੀ ਇੱਕ ਵਾਰੀ ਤਾਂ ਮੁੜ ਸਿੰਘਾਂ ਦੇ ਜੋਸ਼ ਨੇ ਗੋਰਿਆਂ ਦੇ ਨਿੰਬੂਆਂ ਵਾਂਗ ਲਹੂ ਨਿਚੋੜ ਸੁੱਟੇ ਸਨ। ਉਸ ਵਕਤ ਦੇ ਹਾਲਾਤਾਂ ਨੂੰ ਸ਼ਾਹ ਮੁਹਮੰਦ ਦੇ ਜੰਗਨਾਮੇ ਨੇ ਇਸ ਤਰ੍ਹਾਂ ਬਿਆਨ ਕੀਤਾ :

ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ, ਕੋਈ ਅਕਲ ਦਾ ਕਰੋ ਇਲਾਜ ਯਾਰੋ।

ਛੋੜ (ਫੇੜ) ਬੁਰਛਿਆਂ ਦੀ ਸਾਡੇ ਪੇਸ਼ ਆਈ (ਆਇਆ), ਪਗ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ।

ਮੁਠ ਮੀਟੀ ਸੀ ਏਸ ਪੰਜਾਬ ਦੀ ਜੀ, ਇਨ੍ਹਾਂ ਖੋਲ੍ਹ ਦਿੱਤਾ ਅਜ ਪਾਜ ਯਾਰੋ।

ਸ਼ਾਹ ਮੁਹੰਮਦਾ ਮਾਰ ਕੇ ਮਰੋ ਏਥੇ, ਕਦੀ ਰਾਜ ਨਾ ਹੋਏ ਮੁਹਤਾਜ ਯਾਰੋ।88।….

ਆਈਆਂ ਪਲਟਨਾਂ ਬੀੜ ਕੇ ਤੋਪਖ਼ਾਨੇ, ਅੱਗੋਂ ਸਿੰਘਾਂ ਨੇ ਪਾਸੇ ਤੋੜ ਸੁੱਟੇ।

ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਿਰੰਗੀ ਦੇ ਮੋੜ ਸੁੱਟੇ।

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ੍ਹ ਸ਼ਸਤ੍ਰੀ ਜੋੜ ਵਿਛੋੜ ਸੁੱਟੇ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ।90।

(ਡਾ. ਰਤਨ ਸਿੰਘ ਜੱਗੀ, ਜੰਗਨਾਮਾ ਸਿੰਘਾਂ ਤੇ ਫਰੰਗੀਆਂ ਪੰਨਾ 30)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 4)

ਛੱਪੜੀ ਦਾ ਪਾਣੀ

0

ਛੱਪੜੀ ਦਾ ਪਾਣੀ

ਛੱਪੜੀ ਦੇ ਪਾਣੀ ਨੂੰ ਜਾਹ ਪੁੱਛਿਆ,

ਤੂੰ ਇਹ ਕੀ ਹੈ, ਹਾਲ ਬਣਾਇਆ ?

ਤੂੰ ਤੇ ਸੀ, ਬੜਾ ਹੀ ਨਿਰਮਲ,

ਹੈਂਅ ਤੂੰ ਕੀ ਏ ਭੇਸ ਬਣਾਇਆ !

ਖੜ੍ਹਾ ਪਾਣੀ ਰੋਵੇ, ਵਿਥਿਆ ਦੱਸਦਾ,

ਮੈ ਵੀ ਸੀ ਨਦੀ ਵਿੱਚ ਵਗਦਾ।

ਆਈ ਇੱਕ ਛੱਲ ਕੋਈ ਅਜਿਹੀ,

ਮੈ ਵਿਛੜਿਆ ਆਪਣੇ ਅਸਲੇ ਤੋਂ ਹੀ।

ਚੱਲਣਾ ਹੀ ਹੈ ਜ਼ਿੰਦਗੀ, ਰੁਕਣਾ ਮੌਤ ਦੀ ਨਿਸ਼ਾਨੀ।

ਉਪਰੋਂ ਮੈ ਹਾਂ ਵਿਛੜਿਆ, ਇਹ ਹੈ ਮੇਰੀ ਕਹਾਣੀ।

ਰੋਗ ਦੱਸ ਵੇ ਪਾਣੀਆਂ ! ਤੇਰਾ, ਕੀਕਣ ਦੂਰ ਕਰਾਵਾਂ ?

ਦੁਰਗੰਧ ਦੂਰ ਕਰਨ ਲਈ ਤੇਰੀ, ਕੀ ਅਤਰ ਫੁਲੇਲ ਲਿਆਵਾਂ ?

ਜ਼ਖਮਾਂ ਤੇ ਲੂਣ ਨਾ ਛਿੜਕ ‘ਪ੍ਰੀਤ’ ਪਾਣੀ ਮੈਨੂੰ ਤਾੜ ਲਗਾਈ।

ਜੇ ਲੋੜੇ ਮੈ ਹੋਵਾਂ ਨਿਰਮਲ, ਮੈਨੂੰ ਮੁੜ ਨਦੀ ਸੰਗ ਮਿਲਾਈ।

ਗੁਰਪ੍ਰੀਤ ਸਿੰਘ, ਯੂ. ਐਸ. ਏ.

ਠੰਢ ਰੱਖਿਆਂ ਹੁੰਦੇ ਨੇ ਹੱਲ ਮਸਲੇ

0

(ਕਾਵਿ-ਵਿਅੰਗ)

ਠੰਢ ਰੱਖਿਆਂ ਹੁੰਦੇ ਨੇ ਹੱਲ ਮਸਲੇ

ਰੋਟੀ ਚੋਪੜੀ ਘਣੇ ਹੈ ਦੁੱਖ ਦਿੰਦੀ,

ਫਿਰ ਵੀ ਖਾਣ ਤੋਂ ਆਉਂਦੇ ਨਾ ਬਾਜ ਬਹੁਤੇ।      

ਠੰਢ ਰੱਖਿਆਂ ਹੁੰਦੇ ਨੇ ਹੱਲ ਮਸਲੇ,

ਗਰਮੀ ਖਾਧਿਆਂ ਵਿਗੜਦੇ ਨੇ ਕਾਜ ਬੁਹਤੇ।

ਉੱਥੇ ਸੁਰ ਤੇ ਤਾਲ ਦਾ ਮੇਲ਼ ਕੋਈ ਨਾ,

ਵੱਜਦੇ ਆਪ ਮੁਹਾਰੇ ਜਿੱਥੇ ਸਾਜ ਬਹੁਤੇ।

ਜੋ ਆਏ ਜ਼ੁਬਾਨ ’ਤੇ ਕਹਿ ਦਿੰਦਾ,

ਤਾਂ ਹੀ ‘ਚੋਹਲੇ’ ਨਾਲ ਰਹਿਣ ਨਰਾਜ਼ ਬਹੁਤੇ।

——————————————————————————————————

ਜਿਸ ਬੰਦੇ ਦੀ ਹੋਵੇ ਔਲਾਦ ਮਾੜੀ

ਸੱਚੇ ਬੰਦੇ ਦੀ ਸਦਾ ਹੀ ਜਿੱਤ ਹੁੰਦੀ,

ਬੇੜਾ ਝੂਠੇ ਦਾ ਹੁੰਦਾ ਹੈ ਗਰਕ ਮੀਆਂ।

ਬਿਨਾਂ ਕੀਤਿਆਂ ਕਦੇ ਨਾ ਕੁੱਝ ਹੋਵੇ,

ਤਰਕਸ਼ੀਲਾਂ ਦਾ ਹੁੰਦਾ ਇਹ ਤਰਕ ਮੀਆਂ।

ਜਿਸ ਬੰਦੇ ਦੀ ਹੋਵੇ ਔਲਾਦ ਮਾੜੀ,

ਉਹ ਤਾਂ ਭੋਗਦਾ ਇੱਥੇ ਹੀ ਨਰਕ ਮੀਆਂ।

ਨਿੰਦਦੇ ਭੰਡਦੇ ‘ਚੋਹਲੇ’ ਨੂੰ ਲੋਕ ਭਾਵੇਂ,

ਪੈਂਦਾ ਉਸ ਨੂੰ ਕਦੇ ਨਾ ਫ਼ਰਕ ਮੀਆਂ।

ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719

24 ਅਪ੍ਰੈਲ “ਰਾਸ਼ਟਰੀ ਪੰਚਾਇਤੀ” ਦਿਵਸ `ਤੇ ਵਿਸ਼ੇਸ਼

0

24 ਅਪ੍ਰੈਲ “ਰਾਸ਼ਟਰੀ ਪੰਚਾਇਤੀ” ਦਿਵਸ `ਤੇ ਵਿਸ਼ੇਸ਼

ਸਰਪੰਚ ਯਾਦਵਿੰਦਰ ਸਿੰਘ ਸਿੱਧੂ-98148-08798

24 ਸਾਲਾਂ ਬਾਅਦ ਵੀ ਸਮੇਂ ਦੀਆਂ ਸਰਕਾਰਾਂ ਪੇਂਡੂ ਸਵਰਾਜ 73ਵੀਂ ਸੰਵਿਧਾਨਿਕ ਸੋਚ ਨੂੰ ਲਾਗੂ ਕਰਨ ਤੋਂ ਮੁਨਕਰ

1992 ਵਿੱਚ ਹੋਈ 73ਵੀਂ ਸੰਵਿਧਾਨਿਕ ਸੋਧ ‘ਪੰਚਾਇਤੀ ਰਾਜ ਐਕਟ’ ਜੋ ਪਿੰਡ ਵਾਸੀਆਂ ਨੂੰ ਆਪਣੇ ਪਿੰਡਾਂ ਤੇ ਇਲਾਕੇ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਵਿਕਾਸ ਸਕੀਮਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਉਲੀਕਣ ਤੇ ਪਾਰਦਰਸ਼ਤਾ ਨਾਲ ਸਿਰੇ ਚੜਾਉਣ ਦੇ ਅਧਿਕਾਰ ਦਿੰਦਾ ਹੈ ਪਰ ਪੰਜਾਬ ਦੀਆਂ ਵੱਖ-ਵੱਖ ਸਮੇਂ ਬਣਦੀਆਂ ਆ ਰਹੀਆਂ ਰਾਜ ਸਰਕਾਰਾਂ ਨੇ 24 ਸਾਲ ਬੀਤ ਜਾਣ `ਤੇ ਵੀ ਇਸ ਨੂੰ ਅਸਲ ਰੂਪ `ਚ ਲਾਗੂ ਨਹੀਂ ਕੀਤਾ, ਮਈ 2014 ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਅੰਦਰ 4 ਮੈਂਬਰ ਪਾਰਲੀਮੈਂਟ ਦੇ ਜੇਤੂ ਹੋ ਜਾਣ ਨਾਲ ਪੇਂਡੂ ਸਵਰਾਜ ਵਾਲੇ ਕ੍ਰਾਂਤੀਕਾਰੀ ਕਾਨੂੰਨ ‘ਪੰਚਾਇਤੀ ਰਾਜ ਐਕਟ’ (73ਵੀਂ ਸੋਧ) ਦੇ ਲਾਗੂ ਹੋ ਜਾਣ ਲਈ ਵੱਡੀ ਆਸ ਬੱਝੀ ਸੀ। ਕਿਉਂਕਿ ‘ਆਪ’ ਦੇ ਚੋਣ ਮੈਨੀਫ਼ੈਸਟੋ ਵਿੱਚ ਗ੍ਰਾਮ ਸਭਾਵਾਂ ਨੂੰ ਅਧਿਕਾਰ ਦੇਣ ਦਾ ਵਾਅਦਾ ਸੀ ਪਰ ਪੰਜਾਬ ਅੰਦਰ ਹਾਲੇ ਤੱਕ ਗ੍ਰਾਮ ਪੰਚਾਇਤਾਂ ਤੋਂ ਅੱਗੇ ਵਧ ਕੇ ‘ਪੰਚਾਇਤਾਂ’ ਦੀ ਸਥਾਪਤੀ ਲਈ ਕੋਈ ਗੱਲ ਨਹੀਂ ਤੁਰੀ।

ਦੇਸ਼ ਦੀ ਪਾਰਲੀਮੈਂਟ ਵੱਲੋਂ ਪੇਂਡੂ ਲੋਕਾਂ ਨੂੰ ਆਪਣਾ ਆਰਥਿਕ, ਸਮਾਜਿਕ, ਸਭਿਆਚਾਰਕ ਜੀਵਨ ਪੱਧਰ ਉੱਚਾ ਚੁੱਕਣ, ਭਰਿਸ਼ਟਾਚਾਰ ਨੂੰ ਠੱਲ ਪਾਉਣ, ਪਿੰਡ ਦੀ ਤਰੱਕੀ ਵਿੱਚ ਹਰ ਇੱਕ ਪਿੰਡ ਵਾਸੀ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਤੇ ਰਾਜ ਸੱਤਾ ਦੀ ਵੰਡ ਹੇਠਲੇ ਪੱਧਰ ਤੱਕ ਕਰਨ ਅਤੇ ਪੇਂਡੂ ਤਰੱਕੀ ਲਈ ਕੇਂਦਰ ਸਰਕਾਰ ਵੱਲੋਂ ਭੇਜੇ ਜਾ ਰਹੇ ਫੰਡ ਨੂੰ ਰਾਸਤੇ ਵਿੱਚ ਹੀ ਅੱਧੋ ਵੱਧ ਨੌਕਰਸ਼ਾਹੀ ਤੇ ਸੱਤਾ ਦੇ ਦਲਾਲਾਂ ਵੱਲੋਂ ਹੜਪ ਕੀਤੇ ਜਾਣ ਨੂੰ ਰੋਕਣ ਦੇ ਢੰਗ ਤਰੀਕੇ ਲੱਭਣ ਲਈ ਵੱਖ ਵੱਖ ਸਮੇਂ ਮਾਹਿਰਾਂ ਦੀਆਂ ਕਮੇਟੀਆਂ ਬਣਾ ਸੁਝਾਓ ਲਏ ਗਏ ਜਿਨਾਂ ਵਿੱਚ ਬਲਵੰਤ ਰਾਏ ਕਮੇਟੀ, ਅਸ਼ੋਕ ਮਹਿਤਾ ਕਮੇਟੀ, ਬੀ ਕੇ ਰਾਓ ਕਮੇਟੀ ਤੇ ਸਿੰਘਵੀ ਕਮੇਟੀਆਂ ਪ੍ਰਮੁੱਖ ਹਨ ਤੇ ਇਹਨਾਂ ਮਾਹਿਰਾਂ ਦੀ ਰਾਇ `ਤੇ 1992 ਵਿੱਚ ‘73ਵੀਂ ਸੰਵਿਧਾਨ ਸੋਧ’ ਐਕਟ ਪਾਸ ਕੀਤਾ ਗਿਆ। ਇਹ ਪੰਚਾਇਤੀ ਰਾਜ ਪ੍ਰਣਾਲੀ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਵਾਂਗ ਪੰਚਾਇਤਾਂ “ਸਥਾਨਕ ਸਵੈ-ਸਰਕਾਰ’ ਨੂੰ ਸਾਰੀਆਂ ਸ਼ਕਤੀਆਂ ਕਾਨੂੰਨ ਵਿੱਚ ਉਪਲਬਧ ਕਰਵਾਈਆਂ ਗਈਆਂ। ਪਿੰਡ ਦੀ ਤਰੱਕੀ ਵਿੱਚ ਹਰ ਪਿੰਡ ਵਾਸੀ ਦਾ ਯੋਗਦਾਨ, ਪਾਰਦਰਸ਼ਤਾ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਬੰਧ ਰੱਖਣ ਲਈ ਇਸ ਨੂੰ ਤਿੰਨ ਪੜਾਵਾਂ ਜਿਲਾ ਪ੍ਰੀਸ਼ਦ, ਪੰਚਾਇਤ ਸੰਮਤੀ ਤੇ ਪਿੰਡ ਪੱਧਰ ਦੀਆਂ ਪੰਚਾਇਤਾਂ ਵਿੱਚ ਵੰਡਿਆ ਗਿਆ। ਇਸ ਸੰਪੂਰਨ ਪੰਚਾਇਤੀ ਰਾਜ ਪ੍ਰਣਾਲੀ ਸਿਸਟਮ ਦੇ ਐਕਟ ਨੂੰ 20 ਅਪ੍ਰੈਲ 1993 ਨੂੰ ਰਾਸ਼ਟਰਪਤੀ ਵੱਲੋਂ ਪ੍ਰਵਾਨ ਕਰ ਲਿਆ ਗਿਆ ਅਤੇ 24 ਅਪ੍ਰੈਲ 1993 ਤੋਂ ਲਾਗੂ ਹੋ ਗਿਆ ਤੇ ਹਰ ਸਾਲ 24 ਅਪ੍ਰੈਲ ਨੂੰ ਭਾਰਤ ਵਿੱਚ ਪੰਚਾਇਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ। 73ਵੀਂ ਸੰਵਿਧਾਨਕ ਸੋਧ ਫੈਡਰਲ ਢਾਂਚੇ ਦੀ ਸਹੀ ਅਰਥਾਂ ਵਿੱਚ ਤਰਜੁਮਾਨੀ ਹੈ। ਜਿਸ ਤਰਾਂ ਕੇਂਦਰ ਵੱਲੋਂ ਪ੍ਰਾਤਾਂ ਨੂੰ ਕਈ ਅਧਿਕਾਰ (ਹੱਕ) ਮਿਲੇ ਹੋਏ ਹਨ ਉਸੇ ਤਰਾਂ ਪ੍ਰਾਂਤਾਂ ਨੇ ਪੰਚਾਇਤਾਂ ਨੂੰ ਹੱਕ ਮੁਹੱਈਆ ਕਰਵਾਉਣੇ ਹਨ।

ਪੰਜਾਬ ਪਰਦੇਸ਼ ਦੀਆਂ ਪ੍ਰਾਂਤਕ ਸਰਕਾਰਾਂ ਤੇ ਅਫਸਰਸ਼ਾਹੀ ਨੇ ਆਪਣੀਆਂ ਮਨਮਾਨੀਆਂ ਚਲਾਉਣ ਤੇ ਰਾਜ ਦੀਆਂ ਸਾਰੀਆਂ ਸ਼ਕਤੀਆਂ ਆਪਣੇ ਕੋਲ ਬਣਾਈ ਰੱਖਣ ਲਈ ਹੀ ਅੱਜ ਤੱਕ ਰਾਜ ਅੰਦਰ ‘73ਵੀਂ ਸੰਵਿਧਾਨਕ ਸੋਧ’ ਨੂੰ ਸਹੀ ਤਰੀਕੇ ਨਾਲ ਲਾਗੂ ਤਾਂ ਕੀ ਕਰਨਾ ਸੀ, ਬਹੁਤੇ ਪੰਜਾਬੀਆਂ ਜਿਹਨਾਂ ਵਿੱਚ ਪ੍ਰੈਸ, ਬੁੱਧੀਜੀਵੀ ਤੇ ਆਮ ਲੋਕ ਵੀ ਆਉਂਦੇ ਹਨ, ਨੂੰ ਪੰਚਾਇਤ ਦੀ ਰੂਪ ਰੇਖਾ (ਪਰਿਭਾਸ਼ਾ) ਤੋਂ ਜਾਣੂ ਹੀ ਨਹੀਂ ਹੋਣ ਦਿੱਤਾ ਗਿਆ। ਗ੍ਰਾਮ ਪੰਚਾਇਤ (ਪੰਚਾਂ, ਸਰਪੰਚਾਂ) ਨੂੰ ਹੀ ਪੰਚਾਇਤ ਸਮਝਿਆ ਲਿਖਿਆ ਤੇ ਕਿਹਾ ਜਾ ਰਿਹਾ ਹੈ। ਇੱਕ ਪੰਚਾਇਤ ਵਿੱਚ ਗ੍ਰਾਮ ਸਭਾ (ਜਿਸ ਨੂੰ ਉਸ ਪਿੰਡ ਦਾ ਹੀ ਨਾਂ ਦਿੱਤਾ ਜਾਂਦਾ ਹੈ), ਗ੍ਰਾਮ ਪੰਚਾਇਤ ਤੇ ਸਥਾਈ ਕਮੇਟੀਆਂ ਹੁੰਦੀਆਂ ਹਨ। ਪੰਜਾਬ ਦੀ ਪ੍ਰਾਂਤਕ ਸਰਕਾਰ ਨੇ 1994 ਵਿੱਚ ਪੰਜਾਬ ਪੰਚਾਇਤੀ ਰਾਜ ਐਕਟ ਤਾਂ ਪਾਸ ਕਰ ਲਿਆ, ਪਰ ਇਸ ਨੂੰ ਸਹੀ ਤਰੀਕੇ ਨਾਲ ਅਮਲ ਵਿੱਚ ਅੱਜ ਤੱਕ ਲਿਆਂਦਾ ਨਹੀਂ ਗਿਆ। ਕੇਂਦਰ ਸਰਕਾਰ ਵੱਲੋਂ ਕਈ ਪ੍ਰਾਂਤਾ ਦੀਆਂ ਗੁੰਝਲਦਾਰ ਭੂਗੋਲਿਕ ਪ੍ਰਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਪੰਚਾਇਤੀ ਰਾਜ ਐਕਟ 1992 / 73ਵੀਂ ਸੰਵਿਧਾਨਕ ਸੋਧ ਨੂੰ ਸਾਰੇ ਦੇਸ਼ ਵਿੱਚ ਇੱਕ ਸਾਰ ਲਾਗੂ ਨਾ ਕੀਤਾ ਗਿਆ। ਉਸ ਸਮੇਂ ਇੱਕ ਸਾਰ ਕੇਂਦਰੀ ਪੰਚਾਇਤੀ ਐਕਟ ਬਨਾਉਣ ਵਿੱਚ ਕੇਂਦਰ ਸਰਕਾਰ ਨੂੰ ਇਹ ਮੁਸ਼ਕਲ ਪੇਸ਼ ਆਈ ਕਿ ਨਾਗਾਲੈਂਡ, ਮੇਘਾਲਿਆ ਅਤੇ ਮਿਜੋਰਮ ਦੇ ਰਾਜਾਂ ਮਨੀਪੁਰ ਰਾਜ ਵਿਚਲੇ ਪਹਾੜੀ ਖੇਤਰ ਜਿੰਨਾਂ ਵਿੱਚ ਵਕਤੀ ਤੌਰ ਤੇ ਲਾਗੂ ਕਿਸੇ ਕਾਨੂੰਨ ਤਹਿਤ ਜਿਲਾ ਕੌਂਸਲਾਂ ਆਪਣੀ ਹੋਂਦ ਰੱਖਦੀਆਂ ਸਨ, ਪੱਛਮੀ ਬੰਗਾਲ ਰਾਜ ਵਿੱਚ ਦਾਰਜਲਿੰਗ ਦੇ ਪਹਾੜੀ ਖੇਤਰਾਂ ਜਿੱਥੇ ਵਕਤੀ ਤੌਰ ਤੇ ਕਿਸੇ ਕਾਨੂੰਨ ਤਹਿਤ ਗੋਰਖਾ ਹਿੱਲ ਕੌਂਸਲ ਹੋਂਦ ਰੱਖਦੀ ਸੀ, ਇੰਨਾਂ ਕਾਰਨਾਂ ਕਰਕੇ ਹੀ ਕੇਂਦਰ ਨੇ ਪ੍ਰਾਂਤਾਂ ਨੂੰ ਪੰਚਾਇਤੀ ਕਾਨੂੰਨੀ ਆਪ ਬਨਾਉਣ ਦੀ ਤੇ ਇਸ ਵਿੱਚ ਤਬਦੀਲੀਆਂ ਕਰਨ ਦੀ ਖੁੱਲ ਦੇ ਦਿੱਤੀ। ਇਹ ਦਿੱਤੀ ਖੁਲ੍ਹ ਹੀ ਇਸ ਪੇਂਡੂ ਕ੍ਰਾਂਤੀਕਾਰੀ ਕਾਨੂੰਨ ਦੇ ਲਾਗੂ ਹੋਣ ਵਿੱਚ ਵੱਡਾ ਅੜਿੱਕਾ ਹੈ। ਜਿਸ ਦਾ ਫਾਇਦਾ ਉਠਾਉਂਦਿਆਂ ਕਈ ਪ੍ਰਾਂਤਕ ਸਰਕਾਰਾਂ ਇਸ ਨੂੰ ਲਾਗੂ ਕਰਨ ਤੋਂ ਬੱਚ ਰਹੀਆਂ ਹਨ, ਜਦ ਕਿ ਕਈ ਰਾਜਾਂ ਨੇ ਇਸ ਸਿਸਟਮ ਨੂੰ ਅਪਣਾ ਲਿਆ ਹੈ। ਆਓ, ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕਰੀਏ।

ਪਿੰਡ ਪੰਚਾਇਤ: ਖਾਸ ਦਾਇਰੇ ਦੇ ਰਜਿਸਟਰ ਵੋਟਰਾਂ ਦੀ ਇੱਕ ‘ਗਰਾਮ ਸਭਾ’ ਪਿੰਡ ਦੇ ਨਾਮ ਦੀ ਹੋਵੇਗੀ, ਜੋ ਗਰਾਮ ਪੰਚਾਇਤ (ਪੰਚ, ਸਰਪੰਚ) ਦੀ ਚੋਣ ਕਰੇਗੀ (ਪੰਜਾਬ ਵਿੱਚ 300 ਤੋਂ 1000 ਤੱਕ ਵੋਟਰਾਂ ਵਿਚ 5 ਪੰਚ, 1000 ਤੋਂ 2000 ਤੱਕ 7 ਪੰਚ, 2000 ਤੋਂ 5000 ਤੱਕ 9 ਪੰਚ, 5000 ਤੋਂ 10,000 ਤੱਕ 11 ਪੰਚ ਅਤੇ 10,000 ਤੋਂ ਵੱਧ 13 ਪੰਚਾਂ ਦੀ ਚੋਣ ਹੁੰਦੀ ਹੈ) ਸਰਪੰਚ ਦੀ ਚੋਣ ਸਿੱਧੇ ਵੋਟਰਾਂ ਦੁਆਰਾ ਜਾਂ ਪੰਚਾਂ ਦੁਆਰਾ ਕੀਤੀ ਜਾਵੇਗੀ। ਪਾਰਲੀਮੈਂਟ ਦੀਆਂ ਕਮੇਟੀਆਂ ਵਾਂਗ ਪੰਚਾਇਤ ਦੀਆਂ ਸਥਾਈ ਕਮੇਟੀਆਂ ਹੌਣਗੀਆਂ :

(1) ਜਰਾਇਤ ਉਤਪਾਦ, ਪਸ਼ੂ ਪਾਲਣ, ਪੇਂਡੂ ਉਦਯੋਗ ਅਤੇ ਗਰੀਬੀ ਹਟਾਓ ਪ੍ਰੋਗਰਾਮਾਂ ਨਾਲ ਸਬੰਧਤ ਕੰਮਾਂ ਲਈ ਉਤਪਾਦਨ ਕਮੇਟੀ।

(2) ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਕਮਜ਼ੋਰ ਤਬਕਿਆਂ ਦੀ ਸਿੱਖਿਆ, ਆਰਥਿਕ, ਸਮਾਜਿਕ, ਸਭਿਆਚਾਰਕ ਤੇ ਦੂਸਰੇ ਹਿੱਤਾਂ ਨੂੰ ਉਤਸ਼ਾਹਿਤ ਕਰਨ ਅਤੇ ਇਸਤਰੀਆਂ ਤੇ ਬੱਚਿਆਂ ਦੀ ਭਲਾਈ ਲਈ ਸਮਾਜਿਕ ਨਿਆਂ ਕਮੇਟੀ।

(3) ਪਿੰਡ ਵਿੱਚ ਸਿੱਖਿਆ, ਜਨਹਿੱਤ, ਲੋਕ ਕਾਰਜਾਂ ਅਤੇ ਦੂਜੇ ਕੰਮਾਂ ਲਈ ਸ਼ਮੂਲੀਅਤ ਕਮੇਟੀ।

ਇਹਨਾਂ 3 ਤੋਂ 5 ਮੈਂਬਰਾਂ ਵਾਲੀਆਂ ਕਮੇਟੀਆਂ ਦੇ ਨੁਮਾਇੰਦਿਆਂ ਵਿੱਚ ਔਰਤਾਂ, ਅਨੁਸੂਚਿਤ ਜਾਤੀ ਜਾਂ ਪੱਛੜੀਆਂ ਸ਼੍ਰੇਣੀਆਂ, ਕਿਸਾਨ ਕਲੱਬਾਂ, ਮਹਿਲਾ ਮੰਡਲ, ਯੁਵਕ ਮੰਡਲ ਅਤੇ ਰਾਜ ਸਰਕਾਰ ਤੋਂ ਮਾਨਤਾ ਪ੍ਰਾਪਤ ਅਦਾਰਿਆਂ ਦੇ ਮੈਂਬਰ ਨਾਮਜਦ ਕੀਤੇ ਜਾਣਗੇ।  ਸਹਿਕਾਰੀ ਸੰਮਤੀ ਦੇ ਮੈਂਬਰ ਵੀ ਉਤਪਾਦਨ ਕਮੇਟੀ ਵਿੱਚ ਨਾਮਜ਼ਦ ਕੀਤੇ ਜਾ ਸਕਦੇ ਹਨ। ਗ੍ਰਾਮ ਪੰਚਾਇਤ ਦੀ ਮਹੀਨੇ ਵਿੱਚ ਘੱਟੋ ਘੱਟ ਇੱਕ ਮੀਟਿੰਗ ਬੁਲਾਉਣੀ ਸਰਪੰਚ ਲਈ ਅਤਿਅੰਤ ਜ਼ਰੂਰੀ ਹੈ। ਸਰਪੰਚ ਦੇ ਮੀਟਿੰਗ ਬੁਲਾਊਣ ਤੇ ਅਸਫਲ ਰਹਿਣ ਤੇ ਕੋਈ ਵੀ ਪੰਚ ਜਾਂ ਪੰਚਾਇਤ ਸਕੱਤਰ, ਪੰਚਾਂ ਤੇ ਸਰਪੰਚ ਨੂੰ ਹਫਤੇ ਦਾ ਨੋਟਿਸ ਦੇ ਕੇ ਜ਼ਰੂਰੀ ਕੰਮ ਲਈ ਮੀਟਿੰਗ ਬੁਲਾ ਸਕਦਾ ਹੈ। ਸਰਪੰਚ ਨੇ ਸਾਲ ਵਿੱਚ ਗ੍ਰਾਮ ਸਭਾ ਦੀਆਂ 4 ਬੈਠਕਾਂ ਮਿਥੀਆਂ ਤਰੀਖਾਂ 08 ਮਾਰਚੀ ਅੰਤਰਾਸ਼ਟਰੀ ਮਹਿਲਾ ਦਿਸਵ, 14 ਨਵੰਬਰ ਬਾਲ ਦਿਵਸ, 26 ਜਨਵਰੀ ਗਣਤੰਤਰ ਦਿਵਸ ਅਤੇ 24 ਅਪ੍ਰੈਲ ਰਾਸ਼ਟਰੀ ਪੰਚਇਤੀ ਦਿਵਸ ਮੋਕੇ ਲਾਜ਼ਮੀ ਬੁਲਾਉਣੀਆਂ ਹਨ। ਲਗਾਤਾਰ ਦੋ ਗ੍ਰਾਮ ਸਭਾ ਦੀਆਂ ਬੈਠਕਾਂ ਬੁਲਾਉਣ ਵਿੱਚ ਅਸਫਲ ਰਹਿਣ ਵਾਲਾ ਸਰਪੰਚ ਦੂਸਰੀ ਬੈਠਕ ਬੁਲਾਉਣ ਦੀ ਤਾਰੀਖ ਤੋਂ ਆਪਣੇ ਆਪ ਹਟਿਆ ਸਮਝਿਆ ਜਾਵੇਗਾ। ਦਸੰਬਰ ਦੀ ਗ੍ਰਾਮ ਸਭਾ ਬੈਠਕ ਵਿੱਚ ਗ੍ਰਾਮ ਪੰਚਾਇਤ ਆਮਦਨ ਅਤੇ ਖਰਚ ਸਬੰਧੀ ਬਜਟ ਤਿਆਰ ਕਰਕੇ ਅਪ੍ਰੈਲ ਤੋਂ ਵਿਕਾਸ ਦੇ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਗਰਾਮ ਸਭਾ ਵਿੱਚ ਰੱਖੇਗੀ। ਸਰਪੰਚ ਚੇਅਰਮੈਨ ਵਜੋਂ ਗ੍ਰਾਮ ਸਭਾ ਦੀ ਬੈਠਕ ਵਿੱਚ ਹਿੱਸਾ ਲਵੇਗਾ। ਬਜਟ ਬਹੁ ਸੰਮਤੀ ਨਾਲ ਪਾਸ ਕੀਤਾ ਜਾਵੇਗਾ। ਸਰਪੰਚ, ਪੰਚ ਅਤੇ ਰਜਿਸਟਰ ਵੋਟਰ ਗਰਾਮ ਸਭਾ ਦੇ ਬਰਾਬਰ ਮੈਂਬਰ ਹੋਣਗੇ, ਮੀਟਿੰਗ ਵਿੱਚ ਮੈਂਬਰਾਂ ਦਾ ਪੰਜਵਾਂ ਹਿੱਸਾ ਹੋਣਾ ਲਾਜ਼ਮੀ ਹੈ। ਜੂਨ ਮਹੀਨੇ ਦੀ ਗ੍ਰਾਮ ਸਭਾ ਦੀ ਬੈਠਕ ਵਿੱਚ ਬੀਤੇ ਸਾਲ ਦੇ ਲੇਖਿਆਂ ਦੀ ਸਲਾਨਾ ਰਿਪੋਰਟ ਅਤੇ ਚਾਲੂ ਸਾਲ ਦੇ ਵਿਕਾਸ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਪੰਚਾਇਤ ਦਸੰਬਰ ਦੀ ਬੈਠਕ ਵਿੱਚ ਬਜਟ ਪ੍ਰੋਗਰਾਮ ਦੀ ਯੋਜਨਾ ਪੇਸ਼ ਕਰਨ ਵਿੱਚ ਅਫਸਲ ਰਹਿੰਦੀ ਹੈ ਤਾਂ ਪੰਚਾਇਤ ਸੰਮਤੀ ਅਜਿਹੇ ਪਿੰਡ ਸਬੰਧੀ ਯੋਜਨਾ ਤਿਆਰ ਕਰੇਗੀ ਅਤੇ ਗਰਾਮ ਸਭਾ ਦੀ ਬੁਲਾਈ ਅਸਾਧਾਰਨ ਸਭਾ ਵਿੱਚ ਇਸ ਨੂੰ ਪਾਸ ਕਰੇਗੀ। ਪੰਚਾਇਤ ਕੋਲ ਇਹ ਅਧਿਕਾਰ ਹੈ ਕਿ ਉਹ ਕਿਸੇ ਨਾਲ ਬਦਸਲੂਕੀ ਕਰਨ ਵਾਲੇ ਛੋਟੇ ਮੁਲਾਜ਼ਮ ਜਿਵੇਂ ਚਪੜਾਸੀ, ਕਰਿੰਦਾ, ਚੌਕੀਦਾਰ, ਸਿਪਾਹੀ, ਹੌਲਦਾਰ, ਪਟਵਾਰੀ, ਵੈਕਸੀਨੇਟਰ, ਨਹਿਰੀ ਉਵਰਸ਼ੀਅਰ, ਫਾਰੈਸਟ ਗਾਰਡ ਜਾਂ ਉਹ ਸਰਕਾਰੀ ਕਰਮਚਾਰੀ ਜੋ ਰਾਜ ਸਰਕਾਰ ਵੱਲੋਂ ਅਧਿਸੂਚਨਾ ਦੁਆਰਾ ਸੌਂਪੇ ਮਹਿਕਮਿਆਂ ਦੇ ਕਰਮਚਾਰੀ ਹੋਣ ਤੇ ਪੰਚਾਇਤ ਕਾਰਵਾਈ ਕਰਕੇ ਤੱਥਾਂ ਸਮੇਤ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਪੇਸ਼ ਕਰੇਗੀ। ਪੰਚਾਇਤ ਹੇਠ ਸੁਤੰਤਰ ਰੂਪ ਵਿੱਚ 29 ਮਹਿਕਮੇ ਹੋਣਗੇ, ਜਿਨਾਂ ਦੀ ਦੇਖ ਰੇਖ ਦਾ ਕੰਮ ਪੰਚਾਇਤ ਕਰੇਗੀ। ਪੰਚਾਇਤਾਂ ਕੋਲ ਛੋਟੇ ਫੌਜਦਾਰੀ ਤੇ ਦੀਵਾਨੀ ਕੇਸਾਂ ਦੀ ਸੁਣਵਾਈ ਕਰਨ ਦੇ ਵੀ ਅਧਿਕਾਰ ਹਨ।

ਪੰਚਾਇਤ ਸੰਮਤੀ: ਹਰੇਕ ਬਲਾਕ ਵਿੱਚ ਇੱਕ ਪੰਚਾਇਤ ਸੰਮਤੀ ਗਠਨ ਕੀਤੇ ਜਾਣ ਦਾ ਪ੍ਰਬੰਧ ਹੈ। ਇਸ ਦਾ ਸਭਾਪਤੀ ਤੇ ਉਪ ਸਭਾਪਤੀ ਚੁਣੇ ਹੋਏ ਮੈਂਬਰਾਂ ਵਿਚੋਂ ਹੋਵੇਗਾ। ਮੈਂਬਰਾਂ ਦੀ ਗਿਣਤੀ 15 ਤੋਂ 25 ਤੱਕ ਹੋ ਸਕਦਾ ਹੈ। ਸੰਮਤੀ ਦੀ ਦੋ ਮਹੀਨਿਆਂ ਵਿੱਚ ਘੱਟੋ ਘੱਟ ਇੱਕ ਬੈਠਕ ਬੁਲਾਉਣੀ ਲਾਜ਼ਮੀ ਹੋਵੇਗੀ, ਬਹੁ ਸੰਮਤੀ ਮੈਂਬਰਾਂ ਦੀ ਬੇਨਤੀ ਤੇ 15 ਦਿਨਾਂ ਦੇ ਅੰਦਰ ਅੰਦਰ ਵੀ ਦੂਜੀ ਬੈਠਕ ਬੁਲਾਈ ਜਾ ਸਕਦੀ ਹੈ। ਸੰਮਤੀ ਦੇ ਪਾਸ ਹਰ ਮਤੇ ਦੀ ਨਕਲ 3 ਦਿਨਾਂ ਦੇ ਅੰਦਰ ਅੰਦਰ ਡਾਇਰੈਕਟਰ ਨੂੰ ਭੇਜੀ ਜਾਣੀ ਲਾਜ਼ਮੀ ਹੈ। ਸੰਮਤੀ ਗ੍ਰਾਮ ਪੰਚਾਇਤ ਦੇ ਕੰਮਾਂ ਦੀ ਦੇਖ ਰੇਖ ਦੇ ਨਾਲ ਨਾਲ ਵਿਕਾਸ ਸਕੀਮਾਂ ਨੂੰ ਪਾਸ ਕਰਨ, ਲਾਗੂ ਕਰਨ ਅਤੇ ਸਿਰੇ ਚਾੜਣ ਖਾਤਰ ਤਕਨੀਕੀ ਅਤੇ ਵਿੱਤੀ ਸਹਾਇਤਾ ਦੇਵੇਗੀ ਤੇ ਕੋਈ ਵੀ ਸੰਮਤੀ ਹੇਠਲਾ ਪ੍ਰਬੰਧਕੀ ਮਾਮਲਾ ਜਾਇਦਾਦ ਦੀ ਉਸਾਰੀ, ਰੱਖ ਰਖਾਅ ਤੇ ਉਸ ਵਿੱਚ ਸੁਧਾਰ ਦੇ ਕੰਮ ਕਿਸੇ ਪੰਚਾਇਤ ਨੂੰ ਸੌਂਪ ਸਕਦੀ ਹੈ। ਸੰਮਤੀ ਦੀਆਂ ਕਮੇਟੀਆਂ:

(1) ਆਮ ਕਮੇਟੀ (2) ਵਿੱਤ ਆਡਿਟ ਯੋਜਨਾ ਕਮੇਟੀ (3) ਸਮਾਜਿਕ ਨਿਆਂ ਕਮੇਟੀ ਹੋਣਗੀਆਂ, ਜਿਨਾਂ ਵਿੱਚ ਸਭਾਪਤੀ ਸਮੇਤ 6 ਮੈਂਬਰ ਹੋਣਗੇ।

ਪਹਿਲੀਆਂ 2 ਦਾ ਸਭਾਪਤੀ ਅਤੇ ਤੀਜੀ ਕਮੇਟੀ ਦਾ ਚੇਅਰਮੈਨ ਉਪ ਸਭਾਪਤੀ ਹੋਵੇਗਾ। ਪੰਚਾਇਤ ਸੰਮਤੀ ਦਾ ਕਾਰਜਕਾਰੀ ਅਫਸਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਹੋਵੇਗਾ। ਸੰਮਤੀ ਕਾਰਜਕਾਰੀ ਅਫਸਰ ਉਪਰ ਨਿਗਰਾਨੀ ਅਤੇ ਨਿਯੰਤਰਨ ਰੱਖਣ ਸਮੇਤ 27 ਮਹਿਕਮਿਆਂ ਦੇ ਕੰਮਾਂ ਦੀ ਦੇਖ ਰੇਖ ਵਿੱਚ ਸ਼ਮੂਲੀਅਤ ਕਰੇਗੀ। 20 ਲੱਖ ਤੋਂ ਘੱਟ ਜਨ ਸੰਖਿਆ ਵਾਲੇ ਰਾਜਾਂ ਵਿੱਚ ਪੰਚਾਇਤ ਸੰਮਤੀ ਸਥਾਪਤ ਨਹੀਂ ਕੀਤੀ ਜਾ ਸਕਦੀ।

ਜਿਲਾ ਪ੍ਰੀਸ਼ਦ: ਇਸ ਦੇ ਮੈਂਬਰ ਵੀ ਵੋਟਰਾਂ ਦੁਆਰਾ ਚੁਣੇ ਜਾਣਗੇ। ਚੁਣੇ ਗਏ ਮੈਂਬਰ ਆਪਣੇ ਸਭਾਪਤੀ ਅਤੇ ਉਪ ਸਭਾਪਤੀ ਦੀ ਚੋਣ ਕਰਨਗੇ। ਇਸ ਦਾ ਕਾਰਜਕਾਰੀ ਅਫਸਰ ਵਧੀਕ ਡਿਪਟੀ ਕਸਿਮਨਰ (ਵਿਕਾਸ) ਹੋਵੇਗਾ। ਇਸ ਦੀਆਂ ਵੀ 5 ਕਮੇਟੀਆਂ ਹੋਣਗੀਆਂ :

(1) ਆਮ ਕਮੇਟੀ (2) ਵਿੱਤ ਕਮੇਟੀ (3) ਸਮਾਜਿਕ ਨਿਆਂ ਕਮੇਟੀ (4) ਸਿੱਖਿਆ ਤੇ ਸਿਹਤ ਕਮੇਟੀ (5) ਖੇਤੀਬਾੜੀ ਤੇ ਉਦਯੋਗ ਕਮੇਟੀ।

ਪਹਿਲੀਆਂ ਤਿੰਨ ਕਮੇਟੀਆਂ ਦਾ ਚੇਅਰਮੈਨ ਸਭਾਪਤੀ ਹੋਵਗਾ ਅਤੇ ਦੂਸਰੀਆਂ ਕਮੇਟੀਆਂ ਆਪਣਾ ਸਭਾਪਤੀ ਆਪ ਚੁਣਨਗੀਆਂ। ਮੁੱਖ ਕਾਰਜਕਾਰੀ ਅਫਸਰ ਅਹੁਦੇ ਦੇ ਅਧਾਰ ਤੇ ਸਕੱਤਰ ਨਿਯੁਕਤ ਕਰੇਗਾ। ਜਿਲਾ ਪ੍ਰੀਸ਼ਦ ਹੇਠ 22 ਮਹਿਕਮੇ ਹੋਣਗੇ ਜਿਨਾਂ ਦੀ ਦੇਖ ਰੇਖ ਅਤੇ ਕੰਟਰੋਲ ਉਹ ਕਰੇਗੀ। ਜਿਲਾ ਪ੍ਰੀਸ਼ਦ ਪੰਚਾਇਤ ਸੰਮਤੀ ਤੇ ਪੰਚਾਇਤਾਂ ਦੇ ਆਪਸ ਵਿੱਚ ਕੰਮ ਤੇ ਸ਼ਕਤੀਆਂ ਜੁੜੀਆਂ ਹੌਣ ਕਾਰਨ ਹੀ ਇਸ ਤਿੰਨ ਪੜਾਵੀ ਸਿਸਟਮ ਨੂੰ ਸੰਪੂਰਨ ਪੰਚਾਇਤੀ ਰਾਜ ਪ੍ਰਣਾਲੀ ਸਿਸਟਮ ਕਿਹਾ ਜਾਂਦਾ ਹੈ।

ਪੰਚਾਇਤੀ ਰਾਜ ਪ੍ਰਣਾਲੀ ਦਾ ਵਿੱਤੀ ਪ੍ਰਬੰਧ: ਰਾਜ ਦਾ ਰਾਜਪਾਲ 73ਵੀਂ ਸੰਵਿਧਾਨਕ ਸੋਧ ਲਾਗੂ ਹੋਣ ਤੋਂ ਇੱਕ ਸਾਲ ਦੇ ਅੰਦਰ -ਅੰਦਰ ਵਿੱਤ ਕਮਿਸ਼ਨ ਨਿਯੁਕਤ ਕਰੇਗਾ, ਜਿਸ ਦਾ ਕਾਰਜ ਪੰਜ ਸਾਲ ਹੋਵੇਗਾ। ਪੰਚਾਇਤਾਂ ਦੀ ਮਾਲੀ ਸਥਿਤੀ ਤੇ ਉਸ ਦੇ ਪ੍ਰਬੰਧ ਦੀਆਂ ਸਿਫਾਰਸ਼ਾਂ ਕਰੇਗਾ, ਜਿਵੇਂ

(1) ਰਾਜ ਦੁਆਰਾ ਲੈਵੀ ਯੋਗ ਟੈਕਸ, ਡਿਊਟੀਆਂ, ਟੋਲ ਟੈਕਸਾਂ ਅਤੇ ਫੀਸਾਂ ਦੀ ਨਿਰੋਲ ਕਮਾਈ ਰਾਜ ਸਰਕਾਰ ਅਤੇ ਪੰਚਾਇਤਾਂ ਵਿੱਚ ਵੰਡਣਾ।

 (2) ਪੰਚਾਇਤਾਂ ਨੂੰ ਸਪੁਰਦ ਕੀਤੇ ਜਾ ਸਕਣ ਵਾਲੇ ਟੈਕਸਾਂ, ਡਿਊਟੀਆਂ, ਟੋਲ ਟੈਕਸਾਂ ਅਤੇ ਫੀਸਾਂ ਬਾਬਤ ਨਿਰਣਾ ਕਰਕੇ ਵਿੱਤੀ ਪ੍ਰਬੰਧ ਕਰਨਾ।

 (3) ਰਾਜ ਦੇ ਸੰਗਠਤ ਫੰਡ ਵਿਚੋਂ ਪੰਚਾਇਤਾਂ ਨੂੰ ਗਰਾਟਾਂ ਦੇਣਾ।

 (4) ਪੰਚਾਇਤਾਂ ਦੀ ਮਾਲੀ ਸਥਿਤੀ ਸੁਧਾਰਨ ਵਾਸਤੇ ਯਤਨ ਕਰਨਾ।

ਪੰਚਾਇਤਾਂ ਦੇ ਠੋਸ ਮਾਲੀ ਹਿੱਤਾਂ ਕਾਰਨ ਰਾਜਪਾਲ ਦੁਆਰਾ ਵਿੱਤ ਕਮਿਸ਼ਨ ਦੇ ਹਵਾਲੇ ਕੀਤੀਆਂ ਹੋਰ ਮੱਦਾਂ ਸਬੰਧੀ ਵੀ ਵਿੱਤ ਕਮਿਸ਼ਨ ਆਪਣੀਆਂ ਸਿਫਾਰਸ਼ਾਂ ਦੇਵੇਗਾ। ਇਹ ਸਾਰੇ ਵਿੱਤੀ ਪ੍ਰਬੰਧ ਤੋਂ ਇਲਾਵਾ ਕੇਂਦਰ ਸਰਕਾਰ ਸਿੱਧੀਆਂ ਗਰਾਟਾਂ ਸੁਚਾਰੂ ਪੰਚਾਇਤ ਰਾਜ ਪ੍ਰਬੰਧ ਨੂੰ ਚਲਾਉਣ ਲਈ ਦਿੱਤੀਆਂ ਜਾਣਗੀਆਂ ਅਤੇ ਪੰਚਾਇਤਾਂ ਮਿਲੇ ਅਧਿਕਾਰਾਂ ਅਤੇ ਆਪਣੇ ਸਾਧਨਾਂ ਦੁਆਰਾ ਵੀ ਮਾਲੀ ਪ੍ਰਬੰਧ ਕਰਨਗੀਆਂ। ਇਹ ਭ੍ਰਿਸ਼ਟਾਚਾਰ ਰੋਕੂ ਪਾਰਦਰਸ਼ਤਾ ਵਾਲੇ ਕ੍ਰਾਂਤੀਕਾਰੀ ਪੰਚਾਇਤੀ ਰਾਜ ਪ੍ਰਬੰਧ ਨੂੰ ਪੰਜਾਬ ਵਿੱਚ ਰਾਜ ਸਰਕਾਰਾਂ ਨੇ ਸਹੀ ਤਰੀਕੇ ਨਾਲ ਲਾਗੂ ਕਰਨ ਵਿੱਚ ਕਦੇ ਵੀ ਕੋਈ ਦਿਲਚਸਪੀ ਨਹੀਂ ਵਿਖਾਈ। ਖਾਨਾ ਪੂਰਤੀ ਵਜੋਂ ਗ੍ਰਾਮ ਪੰਚਾਇਤਾਂ, ਪੰਚਾਇਤ ਸੰਮਤੀਆਂ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾ ਤਾਂ ਹਰ ਵਾਰ ਕਰਵਾ ਲਈਆਂ ਜਾਂਦੀਆਂ ਹਨ ਪਰ ਉਹਨਾਂ ਨੂੰ ਕਾਨੂੰਨ ਮੁਤਾਬਕ ਬਣਦੇ ਹੱਕ ਅੱਜ ਤੱਕ ਨਹੀਂ ਦਿੱਤੇ ਗਏ।

(73ਵੀਂ ਸੋਧ ਵਾਂਗ 74ਵੀਂ ਸੋਧ ਵਿੱਚ ਅਜਿਹੇ ਅਧਿਕਾਰ ਸ਼ਹਿਰਾਂ ਦੇ ਵੋਟਰਾਂ ਨੂੰ ਵੀ ਮਿਲੇ ਹਨ)

ਸੰਸਥਾਪਕ ਪੰਚਾਇਤ ਯੂਨੀਅਨ ਪੰਜਾਬ

ਪਿੰਡ ਤੇ ਡਾਕਖਾਨਾ ਕਾਸਮ ਭੱਟੀ ਜ਼ਿਲ੍ਹਾ ਫਰੀਦਕੋਟ-ਮੋ: ਨੰ: 98148-08798

ਬਾਬਾ ਸ਼ੇਖ਼ ਫ਼ਰੀਦ ਜੀ (ਜੀਵਨ, ਸ਼ਖ਼ਸੀਅਤ, ਫ਼ਲਸਫ਼ਾ)

0

ਬਾਬਾ ਸ਼ੇਖ਼ ਫ਼ਰੀਦ ਜੀ (ਜੀਵਨ, ਸ਼ਖ਼ਸੀਅਤ, ਫ਼ਲਸਫ਼ਾ)

ਕਿਰਪਾਲ ਸਿੰਘ (ਬਠਿੰਡਾ)- 98554-80797

ਬਾਬਾ ਫ਼ਰੀਦ ਜੀ ਦੇ ਵੰਸ਼ ਦੀ ਕਹਾਣੀ ਬੜੀ ਦਿਲਚਸਪ ਹੈ। ਫ਼ਰੀਦ ਜੀ ਦੀਆਂ ਜੜ੍ਹਾਂ ਜਿੱਥੇ ਮਜ਼੍ਹਬ ਦੇ ਵਿਹੜੇ ਵਿੱਚ ਡੂੰਘੀਆਂ ਲੱਗੀਆਂ ਹੋਈਆਂ ਸਨ ਉੱਥੇ ਸਮੇਂ ਦੇ ਮੁਸਲਮਾਨ ਬਾਦਸ਼ਾਹਾਂ ਨਾਲ ਵੀ ਉਨ੍ਹਾਂ ਦਾ ਕਰੀਬੀ ਰਿਸ਼ਤਾ ਰਿਹਾ ਸੀ। ਉਨ੍ਹਾਂ ਦੇ ਵਡੇਰੇ ਇਸਲਾਮ ਦੇ ਦੂਜੇ ਖ਼ਲੀਫ਼ਾ ਹਜ਼ਰਤ ਉਮਰ ਦੀ ਵੰਸ਼ ਵਿੱਚੋਂ ਸਨ। ਫ਼ਰੀਦ ਜੀ ਦੇ ਦਾਦਾ ਸ਼ੇਖ ਸ਼ਈਬ, ਗ਼ਜ਼ਨੀ ਦੇ ਬਾਦਸ਼ਾਹ ਦੇ ਭਰਾ ਸਨ ਜੋ ਗ਼ਜ਼ਨੀ ਤੇ ਕਾਬੁਲ ਦੀ ਆਪਸੀ ਹਿੰਸਕ ਗੜਬੜੀ ਤੋਂ ਤੰਗ ਆ ਕੇ 12ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਆ ਵੱਸੇ ਸਨ। ਸ਼ੇਖ ਸ਼ਈਬ, ਪਰਿਵਾਰ ਸਮੇਤ, ਪੰਜਾਬ ਦੇ ਕਸੂਰ, ਦੀਪਾਲਪੁਰ ਆਦਿ ਥਾਵਾਂ ’ਤੇ ਆਰਜ਼ੀ ਤੌਰ ’ਤੇ ਵਿਚਰਦੇ ਹੋਏ ਅੰਤ ਕੋਠੀਵਾਲ, ਜਿਸ ਨੂੰ ਹੁਣ ਚਾਵਲੀ ਮਸ਼ਾਇਖ਼ਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿੱਚ ਪੱਕੇ ਤੌਰ ’ਤੇ ਵੱਸ ਗਏ। ਪੇਸ਼ੇ ਵਜੋਂ ਉਹ ਮੌਲਵੀ ਸਨ। ਸ਼ੇਖ ਸ਼ਈਬ ਦੇ ਵੱਡੇ ਪੁੱਤ੍ਰ ਦਾ ਨਾਮ ਜਮਾਲਉੱਦੀਨ ਸੁਲੇਮਾਨ ਸੀ ਜਿਨ੍ਹਾਂ ਦੇ ਘਰ ਬਾਬਾ ਫ਼ਰੀਦ ਜੀ ਨੇ ਜਨਮ ਲਿਆ।

ਨਾਨਕਿਆਂ ਵੱਲੋਂ ਫ਼ਰੀਦ ਜੀ ਦੀ ਅੰਗਲੀ ਸੰਗਲੀ ਹਜ਼ਰਤ ਮੁਹੰਮਦ ਦੀ ਵੰਸ਼ ਨਾਲ ਜਾ ਜੁੜਦੀ ਹੈ। ਆਪ ਜੀ ਦੀ ਮਾਤਾ ਬੀਬੀ ਮਰੀਅਮ, ਹਜ਼ਰਤ ਅਲੀ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੇ ਸੱਈਅਦ ਮੁਹੰਮਦ ਅਬਦੁੱਲਾ ਸ਼ਾਹ ਦੀ ਲੜਕੀ ਸੀ। ਹਜ਼ਰਤ ਮੁਹੰਮਦ ਦੇ ਚਾਚਾ ਹਜ਼ਰਤ ਅੱਬਾਸ ਦੀ ਵੰਸ਼ ਵਿੱਚੋਂ ਕਾਬੁਲ ਵਸਨੀਕ ਇੱਕ ਮੌਲਵੀ, ਜਿਸ ਦਾ ਨਾਮ ਵਜੀਹਉਦੀਨ ਸੀ, ਨੇ ਬੀਬੀ ਮਰਿਯਮ ਨੂੰ ਗੋਦ ਲਿਆ ਹੋਇਆ ਸੀ। ਰਾਜਸੀ ਉਥਲ-ਪੁਥਲ ਦੇ ਭੈੜੇ ਪ੍ਰਭਾਵ ਤੋਂ ਬਚ ਕੇ ਹਿੰਦੁਸਤਾਨ ਆਉਣ ਸਮੇਂ, ਮੌਲਵੀ ਵਜੀਹਉੱਦੀਨ ਮੁਤਬੰਨੀ ਬੇਟੀ ਬੀਬੀ ਮਰੀਅਮ ਨੂੰ ਵੀ ਨਾਲ ਹੀ ਲੈ ਆਏ। ਮੌਲਵੀ ਸਾਹਿਬ ਨੇ ਬੀਬੀ ਮਰੀਅਮ ਦੀ ਸ਼ਾਦੀ ਸ਼ੇਖ ਸ਼ਈਬ ਦੇ ਵੱਡੇ ਪੁੱਤ੍ਰ ਜਮਾਲਉੱਦੀਨ ਸੁਲੇਮਾਨ ਨਾਲ ਕਰ ਦਿੱਤੀ। ਇਸ ਦੰਪਤੀ ਦੇ ਘਰ ਤਿੰਨ ਬੇਟੇ ਤੇ ਇੱਕ ਬੇਟੀ ਨੇ ਜਨਮ ਲਿਆ। ਵਿਚਕਾਰਲੇ ਬੇਟੇ ਦਾ ਨਾਮ ਫ਼ਰੀਦਉੱਦੀਨ ਮਸਊਦ (ਬਾਬਾ ਫ਼ਰੀਦ) ਸੀ, ਜੋ 1173 ਈ. ਵਿੱਚ ਪੈਦਾ ਹੋਏ ਸਨ। ਬਾਲ ਅਵਸਥਾ ਵਿੱਚ ਆਪ ਜੀ ਨੇ ਆਪਣੇ ਮਾਪਿਆਂ ਨਾਲ ਮੱਕੇ ਦਾ ਹੱਜ ਕੀਤਾ। ਇਸ ਉਪਰੰਤ ਆਪ ਨੂੰ ਇਸਲਾਮੀ ਤਾਲੀਮ ਹਾਸਿਲ ਕਰਨ ਵਾਸਤੇ ਕਾਬੁਲ ਭੇਜਿਆ ਗਿਆ। ਕਾਬੁਲ ਤੋਂ ਵਾਪਸ ਆ ਕੇ ਇਨ੍ਹਾਂ ਨੇ ਮੁਲਤਾਨ ਵਿਖੇ ਸ਼ੇਖ਼ ਬਹਾਯੁੱਦੀਨ ਜ਼ਕਰੀਆ ਤੋਂ ਵੀ ਮਜ਼੍ਹਬੀ ਇਲਮ ਹਾਸਿਲ ਕੀਤਾ। ਇੱਥੇ ਆਪ ਨੇ ਦਿੱਲੀ ਵਾਲੇ ਖ਼੍ਵਾਜਾ ਕੁਤੁਬੁੱਦੀਨ ਬਖ਼ਤਿਆਰ ਕਾਕੀ ਨੂੰ ਪੀਰ ਧਾਰਨ ਕਰ ਲਿਆ। ਲਗਭਗ ਦੋ ਦਹਾਕੇ ਹਾਂਸੀ (ਹਿਸਾਰ) ਵਿਖੇ ਰਹਿ ਕੇ ਇਸਲਾਮੀ ਵਿੱਦਿਆ ਵਿੱਚ ਪਰਪੱਕਤਾ ਪ੍ਰਾਪਤ ਕੀਤੀ। ਮੁਰਸ਼ਦ ਦੇ ਫ਼ੌਤ ਹੋਣ ਉਪਰੰਤ ਫ਼ਰੀਦ ਜੀ ਅਜੋਧਣ (ਪਾਕਪਟਨ) ਆ ਗਏ। ਸੰਨ 1266 ਵਿੱਚ ਇੱਥੇ ਹੀ ਆਪ ਜੀ ਦਾ ਦੇਹਾਂਤ ਹੋ ਗਿਆ ਸੀ।

ਫ਼ਰੀਦ ਜੀ ਦੇ ਪੰਜ ਪੁੱਤਰ ਤੇ ਤਿੰਨ ਪੁੱਤਰੀਆਂ ਸਨ। ਵੱਡੇ ਪੁੱਤਰ ਦਾ ਨਾਮ ਬਦਰੁੱਦੀਨ ਸੁਲੇਮਾਨ ਸੀ ਜੋ ਆਪ ਤੋਂ ਬਾਅਦ ਗੱਦੀ ’ਤੇ ਵਿਰਾਜਮਾਨ ਹੋਇਆ। ਭਾਈ ਕਾਹਨ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਅਨੁਸਾਰ ਬਾਬਾ ਫ਼ਰੀਦ ਜੀ ਦੀ ਬੰਸਾਵਲੀ ਇਸ ਤਰ੍ਹਾਂ ਹੈ :-

  1. ਬਾਬਾ ਫ਼ਰੀਦੁੱਦੀਨ ਮਸਊਦ ਸ਼ੱਕਰਗੰਜ਼ (ਬਾਬਾ ਫ਼ਰੀਦ)
  2. ਦੀਵਾਨ ਬਦਰੁੱਦੀਨ ਸੁਲੈਮਾਨ
  3. ਖ਼੍ਵਾਜਾ ਦੀਵਾਨ ਪੀਰ ਅਲਾਉੱਦੀਨ
  4. ਖ਼੍ਵਾਜਾ ਦੀਵਾਨ ਪੀਰ ਮੁਇਜ਼ੁੱਦੀਨ
  5. ਖ਼੍ਵਾਜਾ ਦੀਵਾਨ ਪੀਰਫ਼ਜ਼ਲ
  6. ਖ਼੍ਵਾਜਾ ਮੁਨੱਵਰਸ਼ਾਹ
  7. ਦੀਵਾਨ ਪੀਰ ਬਹਾਉੱਦੀਨ (ਹਾਰੂੰ)
  8. ਦੀਵਾਨੇ ਸ਼ੇਖ਼ ਅਹਿਮਦ ਸ਼ਾਹ
  9. ਦੀਵਾਨ ਪੀਰ ਅਤਾਉੱਲਾ
  10. ਖ਼੍ਵਾਜਾ ਸ਼ੇਖ਼ ਮੁਹੰਮਦ
  11. ਸ਼ੇਖ਼ ਬ੍ਰਹਮ (ਇਬਰਾਹੀਮ)

ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਫ਼ਰੀਦ ਜੀ ਦੀ ਗੱਦੀ ਉੱਤੇ ਬੈਠੇ ਗਿਆਰਵੇਂ ਗੱਦੀ-ਨਸ਼ੀਨ ਸ਼ੇਖ਼ ਬ੍ਰਹਮ (ਜਿਨ੍ਹਾਂ ਦੇ ਕੁਝ ਨਾਮ ਸ਼ੇਖ਼ ਇਬਰਾਹੀਮ, ਫ਼ਰੀਦ ਸਾਨੀ, ਬਲਰਾਜਾ, ਸਾਲਿਸ ਫ਼ਰੀਦ ਆਦਿਕ ਸਨ) ਜੀ ਨਾਲ ਦੋ ਵਾਰ ਹੋਈ। ਪੁਰਾਣੀਆਂ ਸਾਖੀਆਂ ਤੇ ਨਾਨਕ ਪ੍ਰਕਾਸ਼ ਵਿੱਚ ਵੀ ਨਾਮ ‘ਸ਼ੇਖ਼ ਬ੍ਰਹਮ’ ਹੀ ਆਉਂਦਾ ਹੈ। ਇਸੇ ਤੋਂ ਹੀ ਗੁਰੂ ਜੀ ਨੇ ਫ਼ਰੀਦ ਜੀ ਦੀ ਬਾਣੀ ਹਾਸਿਲ ਕੀਤੀ ਹੈ।

ਫ਼ਰੀਦ ਜੀ ਆਪਣੇ ਜੀਵਨ-ਕਾਲ ਵਿੱਚ ਆਰਜ਼ੀ ਤੌਰ ’ਤੇ ਕਈ ਥਾਈਂ ਵਿਚਰੇ। ਕੁੱਝ ਸਮਾਂ ਆਪ ਫ਼ਰੀਦਕੋਟ ਵਿੱਚ ਵੀ ਰਹੇ। ਫ਼ਰੀਦਕੋਟ ਦਾ ਅਸਲੀ ਨਾਮ ਮੋਕਲਪੁਰ ਜਾਂ ਮੋਕਲ ਨਗਰ ਸੀ। ਇਹ ਸ਼ਹਿਰ 12ਵੀਂ ਸਦੀ ਦੇ ਪਹਿਲੇ ਅੱਧ ਵਿੱਚ ਰਾਜਾ ਮੋਕਲ ਭੱਟੀ ਨੇ ਆਬਾਦ ਕੀਤਾ ਸੀ। ਇਹ ਰਾਜਾ ਫ਼ਰੀਦ ਜੀ ਦੀ ਰੂਹਾਨੀਅਤ ਤੋਂ ਅਜਿਹਾ ਪ੍ਰਭਾਵਿਤ ਹੋਇਆ ਕਿ ਉਹ ਉਨ੍ਹਾਂ ਦਾ ਮੁਰੀਦ ਹੋ ਗਿਆ ਅਤੇ ਉਨ੍ਹਾਂ ਪ੍ਰਤੀ ਅਥਾਹ ਸ਼ਰਧਾ-ਵਸ ਉਸ ਨੇ ਇਸ ਸ਼ਹਿਰ ਦਾਂ ਨਾਮ ਬਦਲ ਕੇ ਫ਼ਰੀਦਕੋਟ ਰੱਖ ਦਿੱਤਾ। ਫ਼ਰੀਦ ਜੀ ਦੇ ਨਾਮ ’ਤੇ ਫ਼ਰੀਦਕੋਟ ਅਤੇ ਇਸ ਦੇ ਇਰਦ-ਗਿਰਦ ਕਈ ਗੁਰਦੁਆਰੇ ਉਸਾਰੇ ਹੋਏ ਹਨ; ਇਨ੍ਹਾਂ ਵਿੱਚੋਂ ਪ੍ਰਸਿੱਧ ਹਨ: ਟਿੱਲਾ/ਚਿੱਲਾ ਬਾਬਾ ਫ਼ਰੀਦ ਅਤੇ ਗੋਦੜੀ ‘ਸਾਹਿਬ’, ਜੋ ਕਿ 1980ਵਿਆਂ ਵਿੱਚ ਕੋਟਕਪੂਰਾ ਮਾਰਗ ਉੱਤੇ ਉਸਾਰਿਆ ਗਿਆ ਸੀ। ਫ਼ਰੀਦਕੋਟ ਵਿਖੇ ਹਰ ਸਾਲ ਸਤੰਬਰ ਦੇ ਮਹੀਨੇ ਫ਼ਰੀਦ ਜੀ ਦੀ ਯਾਦ ਵਿੱਚ ਨੌਂ ਰੋਜ਼ਾ ਮੇਲਾ ਲੱਗਦਾ ਹੈ ਜਿਸ ਨੂੰ ‘ਆਗਮਨ ਪੁਰਬ’ ਜਾਂ ‘ਫ਼ਰੀਦ ਮੇਲਾ’ ਕਹਿੰਦੇ ਹਨ। ਦੂਸਰੇ ਦੁਨਿਆਵੀ ਮਜ਼੍ਹਬਾਂ ਨਾਲ ਸੰਬੰਧ ਰੱਖਣ ਵਾਲੇ ਲੱਖਾਂ ਸ਼ਰਧਾਲੂ ਵੀ ਇਸ ਮੇਲੇ ਵਿੱਚ ਸ਼ਿਰਕਤ ਕਰਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਫ਼ਰੀਦ ਜੀ ਦੇ ਕੇਵਲ ਚਾਰ ਸ਼ਬਦ (ਦੋ ਆਸਾ ਰਾਗ ਵਿੱਚ ਅਤੇ ਦੋ ਸੂਹੀ ਰਾਗ ਵਿੱਚ) ਅਤੇ ਪਾਵਨ ਅੰਕ 1377 ਤੋਂ ਲੈ ਕੇ 1384 ਤੱਕ ‘ਸਲੋਕ ਸੇਖ ਫਰੀਦ ਕੇ’ ਸਿਰਲੇਖ ਹੇਠ 130 ਸਲੋਕ ਦਰਜ ਹਨ ਜਿਨ੍ਹਾਂ ਵਿੱਚੋਂ 4 ਸਲੋਕ (ਨੰ: 32, 113, 120, 124) ਗੁਰੂ ਨਾਨਕ ਸਾਹਿਬ ਜੀ ਦੇ; 5 ਸਲੋਕ (ਨੰ: 13, 52, 104, 122, 123) ਗੁਰੂ ਅਮਰਦਾਸ ਜੀ ਦੇ; 1 ਸਲੋਕ (ਨੰ: 121) ਗੁਰੂ ਰਾਮਦਾਸ ਜੀ ਦਾ ਅਤੇ 8 ਸਲੋਕ (ਨੰ: 75, 82, 83, 105, 108 ਤੋਂ 111) ਗੁਰੂ ਅਰਜੁਨ ਸਾਹਿਬ ਜੀ ਦੇ ਹੋਣ ਕਰਕੇ ਬਾਕੀ ਦੇ 112 ਸਲੋਕ ਬਾਬਾ ਸ਼ੇਖ਼ ਫ਼ਰੀਦ ਜੀ ਦੇ ਹਨ। ਬਾਬਾ ਫ਼ਰੀਦ ਜੀ ਦੇ ਸਲੋਕਾਂ ਦੇ ਵਿੱਚ, ਜਿੱਥੇ ਕੁਝ ਹੋਰ ਵਿਸਥਾਰ ਦੇਣ ਦੀ ਜ਼ਰੂਰਤ ਜਾਪੀ, ਚਾਰੇ ਗੁਰੂ ਸਾਹਿਬਾਨਾਂ ਦੇ ਸਲੋਕ ਦਰਜ ਕੀਤੇ ਗਏ, ਇਨ੍ਹਾਂ ਦੇ ਦਰਜ ਹੋਣ ਨਾਲ ਇਹ ਇਤਿਹਾਸਕ ਪੱਖ ਵੀ ਨਿੱਖਰ ਕੇ ਸਾਹਮਣੇ ਆ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪ੍ਰਚਾਰਕ ਦੌਰਿਆਂ (ਉਦਾਸੀਆਂ) ਦੌਰਾਨ ਭਗਤ ਸਾਹਿਬਾਨ ਦੀ ਬਾਣੀ ਖ਼ੁਦ ਇਕੱਤਰ ਕੀਤੀ ਸੀ ਅਤੇ ਆਪਣੇ ਉਤਰਾਧਿਕਾਰੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਣ ਸਮੇਂ ਆਪਣੀ ਬਾਣੀ ਸਮੇਤ ਅੱਗੇ ਸੌਂਪਦੇ ਗਏ ਭਾਵ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ, ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਅਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜੁਨ ਸਾਹਿਬ ਜੀ ਨੂੰ ਬਾਣੀ ਖ਼ਜ਼ਾਨਾ ਸੌਂਪਿਆ ਜਾਂਦਾ ਰਿਹਾ। ਭਗਤ ਸਾਹਿਬਾਨ ਦੀ ਬਾਣੀ ਹਰ ਇਕ ਗੁਰੂ ਸਾਹਿਬਾਨ ਕੋਲ ਮੌਜੂਦ ਹੋਣ ਕਾਰਨ ਹੀ ਜਿੱਥੇ-ਜਿੱਥੇ ਉਨ੍ਹਾਂ ਮਹਿਸੂਸ ਕੀਤਾ, ਆਪਣੇ ਵੱਲੋਂ ਵਿਸ਼ੇ ਦੀ ਵਧੀਕ ਸਪਸ਼ਟਤਾ ਲਈ ਸਲੋਕ ਉਚਾਰੇ ਗਏ ਤੇ ਗੁਰੂ ਅਰਜੁਨ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਉਨ੍ਹਾਂ ਨੂੰ ਯੋਗ ਥਾਂ ’ਤੇ ਦਰਜ ਕਰਵਾ ਦਿੱਤਾ। ਇਸ ਇਤਿਹਾਸਕ ਪ੍ਰਮਾਣ ਉਪਰੰਤ ਉਨ੍ਹਾਂ ਲੋਕਾਂ ਦੀਆਂ ਦਲੀਲਾਂ ਨਿਰਮੂਲ ਸਿੱਧ ਹੋ ਜਾਂਦੀਆਂ ਹਨ ਜੋ ਕਹਿੰਦੇ ਹਨ ਕਿ ਗੁਰਬਾਣੀ ਦੀ ਸੰਪਾਦਨਾ ਕਰਨ ਸਮੇਂ ਭਗਤ ਸਾਹਿਬਾਨਾਂ ਦੀਆਂ ਰੂਹਾਂ ਖ਼ੁਦ ਆਕਾਸ਼ ’ਚੋਂ ਹੇਠਾਂ ਉੱਤਰ ਕੇ ਆਈਆਂ ਜੋ ਨਾਲ ਦੇ ਤੰਬੂ ਵਿੱਚ ਬੈਠ ਕੇ ਬਾਣੀ ਉਚਾਰਦੇ ਗਏ ਤੇ ਭਾਈ ਗੁਰਦਾਸ ਜੀ ਨਾਲੋ ਨਾਲ ਲਿਖਦੇ ਗਏ ਜਾਂ ਗੁਰੂ ਅਰਜੁਨ ਸਾਹਿਬ ਜੀ ਨੇ ਅਰਸ਼ਾਂ ਤੋਂ ਭਗਤ ਸਾਹਿਬਾਨ ਦੀ ਖ਼ੁਦ ਬਾਣੀ ਸੁਣ ਕੇ ਨਾਲੋ ਨਾਲ ਲਿਖਾਉਂਦੇ ਗਏ, ਆਦਿ।

ਭਗਤੀ-ਮਾਰਗ ਦੇ ਮਿਸ਼ਾਲਚੀ ਬਾਬਾ ਫ਼ਰੀਦ ਜੀ ਦਾ ਜੀਵਨ-ਬਿਰਤਾਂਤ ਵੀ, ਹੋਰ ਮਹਾਂਪੁਰਖਾਂ ਦੇ ਇਤਿਹਾਸ ਵਾਂਗ, ਪਾਖੰਡੀ ਪੁਜਾਰੀਆਂ, ਧਰਮ ਦੇ ਧਾੜਵੀਆਂ, ਮਾਇਆ ਦੇ ਮੁਰੀਦਾਂ ਅਤੇ ਇਨ੍ਹਾਂ ਦੇ ਮਗਰ ਲੱਗੇ ਅਗਿਆਨੀ ਤੇ ਅੰਧਵਿਸ਼ਵਾਸੀ ਸ਼ਰਧਾਲੂਆਂ ਦੁਆਰਾ ਅਜਿਹਾ ਵਿਗਾੜਿਆ ਜਾ ਚੁੱਕਿਆ ਹੈ ਕਿ ਉਨ੍ਹਾਂ ਦੀ ਜੀਵਨ-ਗਾਥਾ ਨੂੰ ਇਤਿਹਾਸ ਨਾ ਰਹਿ ਕੇ ਮਿਥਿਹਾਸ ਬਣਾ ਦਿੱਤਾ ਗਿਆ। ਦੋਖੀਆਂ ਨੇ ਫ਼ਰੀਦ ਜੀ ਦੇ ਜਲਾਲੀ ਚਿਹਰੇ ਉੱਤੇ ਵੀ ਪਾਖੰਡ ਤੇ ਝੂਠ ਦਾ ਅਜਿਹਾ ਕੁਸੰਭੜੀ ਰੰਗ ਚੜ੍ਹਾਇਆ ਕਿ ਉਨ੍ਹਾਂ ਦਾ ਅਸਲੀ ਮਜੀਠੀ ਚਿਹਰਾ ਨਜ਼ਰ ਨਹੀਂ ਆਉਂਦਾ। ਜਿਸ ਬਾਬਾ ਫ਼ਰੀਦ ਜੀ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ ਉਚਾਰਨ ਕੀਤੇ ਗਏ ਸਲੋਕ ਰਾਹੀਂ; ਰੱਬ ਦੀ ਭਾਲ ਵਿੱਚ ਜੰਗਲਾਂ ਵਿੱਚ ਜਾ ਕੇ ਕਠਿਨ ਤਪ ਸਾਧਨ ਵਾਲੇ ਸਾਧੂਆਂ ਤੋਂ ਉਨ੍ਹਾਂ ਦੀ ਅਖੌਤੀ ਭਗਤੀ ਸੰਬੰਧੀ ਸਵਾਲ ਕੀਤੇ ਕਿ ਹਰੇਕ ਜੰਗਲ ਨੂੰ ਗਾਹਣ ਦਾ ਕੀਹ ਲਾਭ ਹੈ  ? ਜੰਗਲ ਵਿਚ ਕੰਡੇ ਕਿਉਂ ਲਤਾੜਦਾ ਫਿਰਦਾ ਹੈਂ  ? ਰੱਬ (ਤਾਂ ਤੇਰੇ) ਹਿਰਦੇ ਵਿਚ ਵੱਸਦਾ ਹੈ, ਜੰਗਲ ਨੂੰ ਭਾਲਣ ਦਾ ਕੀ ਫ਼ਾਇਦਾ  ? : 

‘‘ਫਰੀਦਾ  ! ਜੰਗਲੁ ਜੰਗਲੁ ਕਿਆ ਭਵਹਿ  ? ਵਣਿ ਕੰਡਾ ਮੋੜੇਹਿ ॥ ਵਸੀ ਰਬੁ, ਹਿਆਲੀਐ; ਜੰਗਲੁ ਕਿਆ ਢੂਢੇਹਿ  ? ॥19॥’’ 

ਉਸੇ ਬਾਬਾ ਫ਼ਰੀਦ ਜੀ ਦੇ ਕੁਝ ਹੋਰ ਸਲੋਕਾਂ ਦੇ ਗਲਤ ਅਰਥ ਨਿਕਾਲ ਕੇ ਕਹਾਣੀ ਜੋੜ ਦਿੱਤੀ ਗਈ ਕਿ ਉਨ੍ਹਾਂ ਨੇ ਰੱਬ ਦੀ ਭਾਲ ਵਿੱਚ ਦੂਰ ਜੰਗਲਾਂ ਵਿੱਚ ਜਾ ਕੇ ਪੁੱਠੇ ਲਟਕ ਕੇ ਤਪ ਕੀਤਾ, ਅੰਨ-ਪਾਣੀ ਦਾ ਪੂਰਨ ਤੌਰ ’ਤੇ ਤਿਆਗ ਕੀਤਾ ਅਤੇ ਭੁੱਖ ਲੱਗਣ ’ਤੇ ਲੱਕੜ ਦੀ ਬਣਾਈ ਰੋਟੀ ’ਤੇ ਦੰਦੀ ਵੱਢ ਕੇ ਭੁੱਖ ਦੂਰ ਕਰਨ ਵਾਲੇ ਬਾਬੇ ਫ਼ਰੀਦ ਜੀ ਦਾ ਸਰੀਰ ਇਤਨਾ ਨਿਰਬਲ ਹੋ ਗਿਆ ਕਿ ਕਾਂ ਵੱਲੋਂ ਉਨ੍ਹਾਂ ਦੇ ਸਰੀਰ ਨੂੰ ਚੂੰਡ ਕੇ ਖਾ ਜਾਣ ਉਪਰੰਤ ਜਦੋਂ ਅੱਖ ਵਿੱਚ ਠੁੰਗ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਾਬਾ ਫ਼ਰੀਦ ਜੀ ਨੇ ਪ੍ਰਭੂ ਪਤੀ ਦੇ ਦਰਸ਼ਨ ਕਰਨ ਦੀ ਆਸ ਦਾ ਤਰਲਾ ਪਾ ਕੇ ਦੋ ਅੱਖਾਂ ਨੂੰ ਨਾ ਛੋਹਣ ਲਈ ਕਾਂ ਅੱਗੇ ਬੇਨਤੀ ਕੀਤੀ। ਆਪਣੀ ਇਸ ਮਨਮਤੀ ਕਹਾਣੀ ਨੂੰ ਸਹੀ ਠਹਿਰਾਉਣ ਲਈ ਉਹ ਇਨ੍ਹਾਂ ਸਲੋਕਾਂ ਦੇ ਅੱਖਰੀ ਅਰਥਾਂ ਦੇ ਭੁਲੇਖੇ ਦਾ ਸਹਾਰਾ ਲੈਣ ਦਾ ਨਿਰਾਰਥਕ ਯਤਨ ਕਰਦੇ ਹਨ:-

‘‘ਫਰੀਦਾ  ! ਰੋਟੀ ਮੇਰੀ ਕਾਠ ਕੀ; ਲਾਵਣੁ ਮੇਰੀ ਭੁਖ ॥ ਜਿਨਾ ਖਾਧੀ ਚੋਪੜੀ ; ਘਣੇ ਸਹਨਿਗੇ ਦੁਖ ॥28॥’’ (1379)

‘‘ਕਾਗਾ  ! ਕਰੰਗ ਢਢੋਲਿਆ ; ਸਗਲਾ ਖਾਇਆ ਮਾਸੁ ॥ ਏ ਦੁਇ ਨੈਨਾ ਮਤਿ ਛੁਹਉ ; ਪਿਰ ਦੇਖਨ ਕੀ ਆਸ ॥91॥’’ (1382)

ਇੱਥੇ ‘ਕਾਠ’ ਤੋਂ ਭਾਵ ਲੱਕੜ ਨਹੀਂ ਬਲਕਿ ਆਪਣੀ ਮਿਹਨਤ ਦੀ ਕਮਾਈ ਨਾਲ ਕਮਾਈ ਹੋਈ ਰੁੱਖੀ-ਮਿੱਸੀ (ਭਾਵ, ਸਾਦਾ) ਰੋਟੀ ਹੈ ਜੋ ਕਿ ਚੋਪੜੀ ਨਾ ਹੋਣ ਕਰਕੇ ਸੁੱਕ ਕੇ ਲੱਕੜੀ ਵਰਗੀ ਬਣੀ ਹੋਵੇ ਅਤੇ ‘ਲਾਵਣੁ’ ਦਾ ਅਰਥ ਭੁੱਖ ਲਾਹੁਣ ਤੋਂ ਨਹੀਂ ਬਲਕਿ ਉਹ ਦਾਲ ਸਬਜ਼ੀ, ਆਚਾਰ, ਚਟਨੀ ਆਦਿਕ ਸਲੂਣਾ ਹੈ ਜਿਸ ਨਾਲ ਲਾ ਕੇ ਰੋਟੀ ਖਾਧੀ ਜਾ ਸਕੇ। ਚੇਤੇ ਰਹੇ ਕਿ ਇਕੱਲੀ ਰੋਟੀ ਭਾਵੇਂ ਉਹ ਕਿੰਨੀ ਵੀ ਚੰਗੀ ਕਿਉਂ ਨਾ ਬਣੀ ਹੋਵੇ, ਬਿਨਾਂ ਸਲੂਣੇ ਦੇ ਗਲੇ ’ਚੋਂ ਲੰਘਾਉਣੀ ਔਖੀ ਹੁੰਦੀ ਹੈ ਪਰ ਜਦੋਂ ਭੁੱਖ ਇਤਨੀ ਡਾਢੀ ਲੱਗੀ ਹੋਵੇ ਤਾਂ ਕਈ ਵਾਰ ਬਿਨਾਂ ਸਲੂਣੇ ਦੇ ਹੀ ਰੁੱਖੀ ਰੋਟੀ ਵੀ ਬਹੁਤ ਸੁਆਦਲੀ ਲਗਦੀ ਹੈ। ਸੋ ਬਾਬਾ ਫ਼ਰੀਦ ਜੀ ਦੇ ਕਹਿਣ ਦਾ ਭਾਵ ਹੈ ਕਿ ਮੇਰੀ ਮਿਹਨਤ ਦੀ ਥਕਾਵਟ ਅਤੇ ਮੇਰੀ ਭੁੱਖ ਹੀ (ਇਸ ਰੋਟੀ ਦੇ ਨਾਲ) ਸਲੂਣਾ ਹੈ। ਜੋ ਲੋਕ ਦੂਸਰਿਆਂ ਦੀ ਕਮਾਈ ਦੇ ਆਸਰੇ ਚੰਗੀ-ਚੋਪੜੀ ਖਾਂਦੇ ਹਨ, ਉਹ ਬੜੇ ਕਸ਼ਟ ਸਹਿੰਦੇ ਹਨ (ਭਾਵ ਆਪਣੀ ਕਮਾਈ ਦੀ ਸਾਦੀ ਰੋਟੀ ਚੰਗੀ ਹੈ, ਚਸਕੇ ਮਨੁੱਖ ਨੂੰ ਖ਼ੁਆਰ ਹੀ ਕਰਦੇ ਹਨ)। 28।

ਇਸੇ ਤਰ੍ਹਾਂ ਸਲੋਕ ਨੰ: 91 ਦੇ ਇਹ ਅਰਥ ਕਰਨੇ ਵੀ ਸਰਾਸਰ ਗਲਤ ਹਨ ਕਿ ਫ਼ਰੀਦ ਜੀ ਵੱਲੋਂ ਜੰਗਲਾਂ ਵਿੱਚ ਬਹੁਤ ਹੀ ਕਠਿਨ ਤਪੱਸਿਆ ਕੀਤੇ ਜਾਣ ਅਤੇ ਭੁੱਖੇ ਰਹਿਣ ਸਦਕਾ ਉਨ੍ਹਾਂ ਦਾ ਸਰੀਰ ਇਤਨਾ ਨਿਰਬਲ ਹੋ ਗਿਆ ਕਿ ਉਨ੍ਹਾਂ ਵਿੱਚ ਆਪਣਾ ਮਾਸ ਚੂੰਡ ਰਹੇ ਕਾਂ ਨੂੰ ਉਡਾਉਣ ਦੀ ਹਿੰਮਤ ਵੀ ਨਾ ਰਹੀ ਜਿਸ ਕਾਰਨ ਕਾਂ ਨੇ ਉਨ੍ਹਾਂ ਦੇ ਕਰੰਗ (ਸਰੀਰ ਪਿੰਜਰ) ਨੂੰ ਫਰੋਲ ਕੇ ਉਸ ਦਾ ਸਾਰਾ ਮਾਸ ਖਾ ਲਿਆ ਤੇ ਅੰਤ ਜਦੋਂ ਅੱਖਾਂ ਵਿੱਚ ਠੁੰਗ ਮਾਰਨ ਲੱਗਾ ਤਾਂ ਉਨ੍ਹਾਂ ਨੇ ਕਾਂ ਅੱਗੇ ਤਰਲਾ ਕੀਤਾ ਕਿ ਇਹ ਦੋ ਅੱਖਾਂ ਨਾ ਛੋਹੀਆਂ ਜਾਣ ਕਿਉਂਕਿ ਇਨ੍ਹਾਂ ਅੱਖਾਂ ਨਾਲ ਹਾਲੀ ਵੀ ਰੱਬ ਨੂੰ ਦੇਖਣ ਦੀ ਉਮੀਦ ਬਾਕੀ ਹੈ। ਅਜੇਹੀਆਂ ਮਨਘੜਤ ਸਾਖੀਆਂ ਸੁਣਾਉਣ ਵਾਲਿਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਰੱਬ ਕੋਈ ਐਸੀ ਸਥੂਲ ਵਸਤੂ ਨਹੀਂ, ਜਿਸ ਨੂੰ ਇਨ੍ਹਾਂ ਅੱਖਾਂ ਨਾਲ ਵੇਖਿਆ ਜਾ ਸਕੇ। ਗੁਰਮਤਿ ਸਿਧਾਂਤ ਹੈ ਕਿ ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਣਾ ਹੁੰਦਾ ਹੈ, ਉਹ ਅੱਖਾਂ ਹੋਰ ਕਿਸਮ ਦੀਆਂ ਹੀ ਹੁੰਦੀਆਂ ਹਨ (ਭਾਵ ਰੱਬੀ ਹਸਤੀ ਨੂੰ ਮਹਿਸੂਸ ਕਰਨ ਤੋਂ ਹੈ, ਨਾ ਕਿ ਸਰੀਰਕ ਮੋਹ ਰਾਹੀਂ ਦੁਨੀਆ ਦੇ ਹੋਰ ਪਦਾਰਥ ਭੋਗਣ ਦੀ ਲਾਲਸਾ ਕਾਇਮ ਰੱਖਣਾ) : 

‘‘ਨਾਨਕ  ! ਸੇ ਅਖੜੀਆ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ॥’’

ਸੋ ਇੱਥੇ ਫ਼ਰੀਦ ਜੀ ਦਾ ‘ਕਾਗਾ’ ਤੋਂ ਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਿਕਾਰ ਰੂਪੀ ਵਾਸ਼ਨਾ ਤੋਂ ਹੈ। ਇਸ ਵਿਕਾਰ ਰੂਪੀ ਵਾਸ਼ਨਾ ਨੂੰ ਹਿਦਾਇਤ ਕੀਤੀ ਹੈ ਕਿ ਮੇਰੀ ਦ੍ਰਿਸ਼ਟੀ ਵਿੱਚ ਆਪਣਾ ਪ੍ਰਭਾਵ ਨਾ ਪਾਵੋ ਕਿਉਂਕਿ ਮੈਂ ਆਪਣੀ ਦ੍ਰਿਸ਼ਟੀ ਨੂੰ ਵਿਕਾਰਾਂ ਤੋਂ ਪਾਕ ਪਵਿੱਤਰ ਰੱਖ ਕੇ ਕੇਵਲ ਪ੍ਰਭੂ ਦੇ ਸਦ ਗੁਣਾਂ ਨੂੰ ਵੇਖਣ ਦੀ ਹੀ ਉਮੀਦ ਲਾਈ ਹੋਈ ਹੈ। ਜਦੋਂ ਅਸੀਂ ਬਾਬਾ ਫ਼ਰੀਦ ਜੀ ਦੀ ਸਮੁਚੀ ਬਾਣੀ ਪੜ੍ਹਦੇ ਹਾਂ ਤਾਂ ਮਨ ਵਿੱਚ ਖ਼ਿਆਲ ਆਉਂਦਾ ਹੈ ਕਿ ਸੁਣਾਈਆਂ ਜਾਣੀਆਂ ਉਕਤ ਸਾਖੀਆਂ ਮਨਘੜਤ ਹਨ, ਜੋ ਨਾ ਹੀ ਉਨ੍ਹਾਂ ਦੀ ਆਪਣੀ ਬਾਣੀ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁਚੀ ਵਿਚਾਰਧਾਰਾ ਦੇ ਅਨੁਕੂਲ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 488 ਉੱਪਰ ਆਸਾ ਰਾਗ ਵਿੱਚ ਦਰਜ ਪਹਿਲੇ ਸ਼ਬਦ ਵਿੱਚ ਬਾਬਾ ਫ਼ਰੀਦ ਜੀ ਫ਼ੁਰਮਾਨ ਕਰਦੇ ਹਨ ਕਿ ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ, ਉਹੀ ਸੱਚੇ ਆਸ਼ਕ ਹਨ; ਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ (ਆਸ਼ਕ) ਆਖੇ ਜਾ ਸਕਦੇ ਹਨ। ਜੋ ਮਨੁੱਖ ਰੱਬ ਦੇ ਪਿਆਰ ਵਿਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿਚ ਰੰਗੇ ਹੋਏ ਹਨ, ਉਹੀ ਅਸਲ ਮਨੁੱਖ ਹਨ; ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਬਣੇ ਹੋਏ ਹਨ। ਉਹੀ ਮਨੁੱਖ ਰੱਬ ਦੇ ਦਰਵੇਸ਼ ਮੰਨੇ ਜਾਂਦੇ ਹਨ, ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦਾ ਖੈਰ ਮੰਗ ਸਕਦੇ ਹਨ; ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੋਇਆ ਹੈ, ਉਹਨਾਂ ਦੀ ਜੰਮਣ ਵਾਲੀ ਮਾਂ ਭਾਗਾਂ ਵਾਲੀ ਹੈ, ਉਹਨਾਂ ਦਾ ਜਗਤ ਵਿਚ ਆਉਣਾ ਮੁਬਾਰਕ ਹੈ। ਹੇ ਪਾਲਣਹਾਰ  ! ਹੇ ਬੇਅੰਤ  ! ਹੇ ਅਪਹੁੰਚ ਖ਼ੁਦਾ ! ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ। ਹੇ ਖ਼ੁਦਾ ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖ਼ਸ਼ਣ ਵਾਲਾ ਹੈਂ; ਮੈਨੂੰ ਸੇਖ਼ ਫ਼ਰੀਦ ਨੂੰ ਆਪਣੀ ਬੰਦਗੀ ਦਾ ਖ਼ੈਰ ਪਾ:

‘‘ਦਿਲਹੁ ਮੁਹਬਤਿ ਜਿੰਨ੍ਹ੍ਹ ; ਸੇਈ ਸਚਿਆ ॥ ਜਿਨ੍ਹ੍ਹ ਮਨਿ ਹੋਰੁ , ਮੁਖਿ ਹੋਰੁ ; ਸਿ ਕਾਂਢੇ ਕਚਿਆ ॥੧॥ ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ਹ੍ਹ ਨਾਮੁ ; ਤੇ, ਭੁਇ ਭਾਰੁ ਥੀਏ ॥੧॥ ਰਹਾਉ ॥ ਆਪਿ, ਲੀਏ ਲੜਿ ਲਾਇ ; ਦਰਿ ਦਰਵੇਸ ਸੇ ॥ ਤਿਨ, ਧੰਨੁ ਜਣੇਦੀ ਮਾਉ ; ਆਏ ਸਫਲੁ ਸੇ ॥੨॥ ਪਰਵਦਗਾਰ  ! ਅਪਾਰ  ! ਅਗਮ  ! ਬੇਅੰਤ ਤੂ ॥ ਜਿਨਾ, ਪਛਾਤਾ ਸਚੁ ; ਚੁੰਮਾ ਪੈਰ, ਮੂੰ ॥੩॥ ਤੇਰੀ ਪਨਹ ਖੁਦਾਇ  ! ਤੂ ਬਖਸੰਦਗੀ ॥ ਸੇਖ ਫਰੀਦੈ ; ਖੈਰੁ ਦੀਜੈ, ਬੰਦਗੀ ॥੪॥੧॥’’  ਸੋਚਣਾ ਬਣਦਾ ਹੈ ਕਿ ਅਜਿਹੀ ਰੂਹ ਕਾਂ ਨੂੰ ਉਡਾਉਣ ਵਾਲ਼ੀ ਕਾਲਪਨਿਕ ਸਾਖੀ ਰਾਹੀਂ ਨਿਰਬਲ ਕਿਵੇਂ ਕਹੀ ਜਾ ਸਕਦੀ ਹੈ ?

ਇਸ ਤੋਂ ਅਗਲੇ ਸ਼ਬਦ ਵਿੱਚ ਸ਼ੇਖ਼ ਫ਼ਰੀਦ ਜੀ ਬੰਦੇ ਨੂੰ ਸੰਬੋਧਨ ਕਰਦੇ ਹੋਏ ਵਚਨ ਕਰਦੇ ਹਨ ਕਿ ਹੇ ਪਿਆਰੇ  ! (ਤੇਰਾ) ਇਹ ਜਿਸਮ ਨੀਵੀਂ ਕਬਰ ਦੇ ਵਿਚ ਪੈ ਕੇ ਮਿੱਟੀ ਹੋ ਜਾਇਗਾ ਇਸ ਲਈ ਰੱਬ ਦੇ ਚਰਨਾਂ ਵਿਚ ਜੁੜ। ਹੇ ਭਾਈ  ! ਇਸ ਮਨੁੱਖਾ ਜਨਮ ਵਿਚ ਹੀ (ਰੱਬ ਨਾਲ) ਮੇਲ ਹੋ ਸਕਦਾ ਹੈ (ਇਸ ਵਾਸਤੇ) ਮਨ ਨੂੰ ਮਚਾਉਣ ਵਾਲੀਆਂ ਇਹਨਾਂ ਇੰਦ੍ਰੀਆਂ ਨੂੰ ਕਾਬੂ ਵਿਚ ਰੱਖ। ਸੱਚ ਅਤੇ ਧਰਮ ਹੀ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ, ਜੋ ਰਸਤਾ ਗੁਰੂ ਦੱਸੇ ਉਸ ਉੱਤੇ ਮੁਰੀਦਾਂ ਵਾਂਗ ਤੁਰਨਾ ਚਾਹੀਦਾ ਹੈ। ਉਦਾਹਰਨਾਂ ਦਿੰਦੇ ਹੋਏ ਬਾਬਾ ਜੀ ਵਚਨ ਕਰਦੇ ਹਨ ਕਿ ਜਿਸ ਤਰ੍ਹਾਂ ਕਿਸੇ ਦਰਿਆ ਤੋਂ ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ ਹੌਸਲਾ ਫੜ ਲੈਂਦਾ ਹੈ ਤੇ ਲੰਘਣ ਦਾ ਇਰਾਦਾ ਬਣਾ ਲੈਂਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ’ਚੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਦਾ ਭੀ ਹੌਸਲਾ ਬਣ ਜਾਂਦਾ ਹੈ, ਤਾਂ ਤੇ ਹੇ ਮਨ  ! ਤੂੰ ਸੰਤ ਜਨਾਂ ਦੀ ਸੰਗਤ ਕਰ  ! ਵੇਖ, ਜਿਹੜੇ ਮਨੁੱਖ ਨਿਰੇ ਸੋਨੇ ਵਾਲੇ ਪਾਸੇ (ਭਾਵ ਮਾਇਆ ਜੋੜਨ ਵੱਲ ਲੱਗ) ਪੈਂਦੇ ਹਨ ਉਹ ਆਰੇ ਨਾਲ ਚੀਰੇ ਜਾਂਦੇ ਹਨ (ਭਾਵ ਬਹੁਤ ਦੁੱਖੀ ਜੀਵਨ ਬਤੀਤ ਕਰਦੇ ਹਨ)। (ਵੇਖ), ਜਗਤ ਵਿਚ ਕੋਈ ਸਦਾ ਲਈ ਜੀਵਤ ਨਹੀਂ ਰਹਿ ਸਕਿਆ; ਜਿਸ ਧਰਤੀ ਭਾਵ ਇਸ ਥਾਂ ’ਤੇ ਅਸੀਂ ਹੁਣ ਬੈਠੇ ਹਾਂ ਇੱਥੇ ਕਈ ਬਹਿ ਕੇ ਚਲੇ ਗਏ; ਜਿਵੇਂ ਕੱਤਕ ਦੇ ਮਹੀਨੇ ਕੂੰਜਾਂ (ਆਉਂਦੀਆਂ ਹਨ); ਚੇਤਰ ਵਿਚ ਜੰਗਲਾਂ ਨੂੰ ਅੱਗ (ਲੱਗ ਪੈਂਦੀ ਹੈ), ਸਾਉਣ ਵਿਚ ਬਿਜਲੀਆਂ (ਚਮਕਦੀਆਂ ਹਨ), ਸਿਆਲ ਵਿਚ (ਇਸਤ੍ਰੀਆਂ ਦੀਆਂ) ਸੋਹਣੀਆਂ ਬਾਹਾਂ (ਆਪਣੇ) ਪਤੀ ਦੇ ਗਲ ਵਿਚ ਸ਼ੋਭਦੀਆਂ ਹਨ ਇਸੇ ਤਰ੍ਹਾਂ ਜਗਤ ਦੀ ਸਾਰੀ ਕਾਰ ਆਪੋ ਆਪਣੇ ਸਮੇਂ ਮੁਤਾਬਕ ਇੱਥੋਂ ਤੁਰੀ ਜਾ ਰਹੀ ਹੈ; ਜਗਤ ਤੋਂ) ਤੁਰ ਜਾਣ ਵਾਲੇ ਜੀਵ (ਆਪੋ ਆਪਣਾ ਸਮਾਂ ਲੰਘਾ ਕੇ) ਤੁਰੇ ਜਾ ਰਹੇ ਹਨ; ਹੇ ਮਨ  ! ਵਿਚਾਰ ਕੇ ਵੇਖ, ਜਿਸ ਸਰੀਰ ਦੇ ਬਣਨ ਵਿਚ ਛੇ ਮਹੀਨੇ ਲੱਗਦੇ ਹਨ ਉਸ ਦੇ ਨਾਸ ਹੁੰਦਿਆਂ ਇਕ ਪਲ ਹੀ ਲੱਗਦਾ ਹੈ। ਇਸ ਗੱਲ ਦੇ ਜ਼ਿਮੀਂ ਅਸਮਾਨ ਗਵਾਹ ਹਨ ਕਿ ਬੇਅੰਤ ਉਹ ਬੰਦੇ ਇੱਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ। ਸਰੀਰ ਤਾਂ ਕਬਰਾਂ ਵਿਚ ਗਲ ਰਹੇ ਹਨ, (ਪਰ ਕੀਤੇ ਕਰਮਾਂ ਦੇ) ਔਖ-ਸੌਖ ਜ਼ਿੰਦ ਸਹਾਰਦੀ ਹੈ :

‘‘ਬੋਲੈ ਸੇਖ ਫਰੀਦੁ, ਪਿਆਰੇ  ! ਅਲਹ ਲਗੇ ॥ ਇਹੁ ਤਨੁ ਹੋਸੀ ਖਾਕ ; ਨਿਮਾਣੀ ਗੋਰ ਘਰੇ ॥੧॥ ਆਜੁ ਮਿਲਾਵਾ, ਸੇਖ ਫਰੀਦ  ! ਟਾਕਿਮ ਕੂੰਜੜੀਆ, ਮਨਹੁ ਮਚਿੰਦੜੀਆ ॥੧॥ ਰਹਾਉ ॥ ਜੇ ਜਾਣਾ ; ਮਰਿ ਜਾਈਐ, ਘੁਮਿ ਨ ਆਈਐ ॥ ਝੂਠੀ ਦੁਨੀਆ ਲਗਿ ; ਨ ਆਪੁ ਵਞਾਈਐ ॥੨॥ ਬੋਲੀਐ ਸਚੁ ਧਰਮੁ ; ਝੂਠੁ ਨ ਬੋਲੀਐ ॥ ਜੋ, ਗੁਰੁ ਦਸੈ ਵਾਟ ; ਮੁਰੀਦਾ ਜੋਲੀਐ ॥੩॥ ਛੈਲ ਲੰਘੰਦੇ ਪਾਰਿ ; ਗੋਰੀ ਮਨੁ ਧੀਰਿਆ ॥ ਕੰਚਨ ਵੰਨੇ ਪਾਸੇ; ਕਲਵਤਿ ਚੀਰਿਆ ॥੪॥ ਸੇਖ ! ਹੈਯਾਤੀ ਜਗਿ, ਨ ਕੋਈ ਥਿਰੁ ਰਹਿਆ ॥ ਜਿਸੁ ਆਸਣਿ, ਹਮ ਬੈਠੇ, ਕੇਤੇ ਬੈਸਿ ਗਇਆ ॥੫॥ ਕਤਿਕ ਕੂੰਜਾਂ, ਚੇਤਿ ਡਉ, ਸਾਵਣਿ ਬਿਜੁਲੀਆਂ ॥ ਸੀਆਲੇ ਸੋਹੰਦੀਆਂ; ਪਿਰ ਗਲਿ ਬਾਹੜੀਆਂ ॥੬॥ ਚਲੇ ਚਲਣਹਾਰ; ਵਿਚਾਰਾ ਲੇਇ ਮਨੋ  ! ॥ ਗੰਢੇਦਿਆਂ ਛਿਅ ਮਾਹ; ਤੁੜੰਦਿਆ ਹਿਕੁ ਖਿਨੋ ॥੭॥ ਜਿਮੀ ਪੁਛੈ ਅਸਮਾਨ, ਫਰੀਦਾ  ! ਖੇਵਟ ਕਿੰਨਿ ਗਏ  ? ॥ ਜਾਲਣ ਗੋਰਾਂ ਨਾਲਿ, ਉਲਾਮੇ ਜੀਅ ਸਹੇ ॥੪॥੨॥’’

ਪਾਵਨ ਅੰਕ ਨੰਬਰ 794 ਉਪਰ ਸੂਹੀ ਰਾਗ ਵਿੱਚ ਦਰਜ ਪਹਿਲੇ ਸ਼ਬਦ ਵਿੱਚ ਬਾਬਾ ਫ਼ਰੀਦ ਜੀ ਫੁਰਮਾਨ ਕਰਦੇ ਹਨ ਕਿ ਬੜੀ ਦੁਖੀ ਹੋ ਕੇ, ਬੜੀ ਤੜਫ ਕੇ, ਮੈਂ ਹੁਣ ਹੱਥ ਮਲ ਰਹੀ ਹਾਂ ਤੇ ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ। ਹੇ ਖਸਮ-ਪ੍ਰਭੂ  ! (ਮੇਰੀ ਇਸ ਭੈੜੀ ਹਾਲਤ ਬਾਰੇ) ਤੇਰਾ ਕੋਈ ਦੋਸ਼ ਨਹੀਂ ਹੈ, ਮੇਰੇ ਵਿਚ ਹੀ ਔਗੁਣ ਸਨ, ਤਾਹੀਏਂ ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸ ਕੀਤਾ। ਹੇ ਮੇਰੇ ਮਾਲਿਕ  ! ਮੈਂ ਤੇਰੀ ਕਦਰ ਨਾ ਜਾਣੀ, ਜੁਆਨੀ ਦਾ ਵੇਲਾ ਗਵਾ ਕੇ ਹੁਣ ਪਿਛੋਂ ਮੈਂ ਝੁਰ ਰਹੀ ਹਾਂ। (ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ) ਹੇ ਕਾਲੀ ਕੋਇਲ  ! ਭਲਾ, ਮੈਂ ਤਾਂ ਆਪਣੇ ਕਰਮਾਂ ਦੀ ਮਾਰੀ ਦੁਖੀ ਹਾਂ ਹੀ) ਤੂੰ ਭੀ ਕਿਉਂ ਕਾਲੀ (ਹੋ ਗਈ) ਹੈਂ ? (ਕੋਇਲ ਭੀ ਇਹੀ ਉੱਤਰ ਦੇਂਦੀ ਹੈ ਕਿ) ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ ਹੈ। ਖਸਮ ਤੋਂ ਵਿਛੁੜ ਕੇ ਕਿੱਥੇ ਕੋਈ ਸੁਖੀ ਰਹਿ ਸਕਦੀ ਹੈ ?

(ਕੋਇਲ ਦੀ ਭਾਵਨਾ ਦੀ ਮਿਸਾਲ ਦਿੰਦਿਆਂ ਬਾਬਾ ਫ਼ਰੀਦ ਜੀ ਨੇ ਆਪਣੇ ਵਿਸ਼ੇ ਦੀ ਸਮਾਪਤੀ ਰੱਬ ਅੱਗੇ ਅਰਦਾਸ ਦੀ ਅਹਿਮੀਅਤ ਨੂੰ ਬਿਆਨ ਕਰਦਿਆਂ ਵਚਨ ਕੀਤੇ ਕਿ ਕੋਇਲ ਵਾਂਗ ਅੰਦਰੋਂ ਵਿਕਾਰਾਂ ਨਾਲ ਕਾਲੀ ਹੋਈ ਜੀਵ-ਇਸਤ੍ਰੀ ਦੇ ਵੱਸ ਦੀ ਵੀ ਗੱਲ ਨਹੀਂ ਹੁੰਦੀ) ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਆਪ ਹੀ ਮਿਲਾ ਲੈਂਦਾ ਹੈ। (ਇਸ ਜਗਤ-ਰੂਪ) ਡਰਾਉਣੀ ਖੂਹੀ ਵਿਚ ਮੈਂ ਜੀਵ-ਇਸਤ੍ਰੀ ਇਕੱਲੀ (ਡਿੱਗੀ ਪਈ ਸਾਂ, ਇੱਥੇ ਰੱਬ ਤੋਂ ਬਿਨਾਂ) ਕੋਈ ਮੇਰਾ ਸਾਥੀ ਨਹੀਂ (ਮੇਰੇ ਦੁੱਖਾਂ ਵਿਚ) ਕੋਈ ਸਦਾ ਲਈ ਮਦਦਗਾਰ ਨਹੀਂ। ਹੁਣ ਜਦੋਂ ਪ੍ਰਭੂ ਨੇ ਮਿਹਰ ਕਰ ਕੇ ਮੈਨੂੰ ਸਤਸੰਗ ਵਿਚ ਮਿਲਾ ਲਿਆ, (ਸਤਸੰਗ ਵਿਚ ਆ ਕੇ) ਜਦੋਂ ਮੈਂ ਵੇਖਦੀ ਹਾਂ, ਮਹਿਸੂਸ ਕਰਦੀ ਹਾਂ ਤਾਂ ਮੈਨੂੰ ਮੇਰਾ ਰੱਬ ਬੇਲੀ ਵਿਖਾਈ ਦਿੰਦਾ ਹੈ। ਹੇ ਭਾਈ  ! ਅਸਾਡਾ ਇਹ ਜੀਵਨ-ਪੰਧ ਬੜਾ ਭਿਆਨਕ ਹੈ, ਖੰਡੇ ਨਾਲੋਂ ਤਿੱਖਾ ਹੈ, ਬੜੀ ਤੇਜ਼ ਧਾਰ ਵਾਲਾ ਹੈ; ਇਸ ਦੇ ਉੱਤੋਂ ਦੀ ਅਸਾਂ ਲੰਘਣਾ ਹੈ। ਇਸ ਵਾਸਤੇ ਹੇ ਫਰੀਦ  ! ਸਵੇਰੇ ਸਵੇਰੇ ਰਸਤਾ ਸੰਭਾਲ ਲੈ :

‘‘ਤਪਿ ਤਪਿ, ਲੁਹਿ ਲੁਹਿ ; ਹਾਥ ਮਰੋਰਉ ॥ ਬਾਵਲਿ ਹੋਈ, ਸੋ ਸਹੁ ਲੋਰਉ ॥ ਤੈ ਸਹਿ, ਮਨ ਮਹਿ ਕੀਆ ਰੋਸੁ ॥ ਮੁਝੁ ਅਵਗਨ, ਸਹ ਨਾਹੀ ਦੋਸੁ ॥੧॥ ਤੈ ਸਾਹਿਬ ਕੀ, ਮੈ ਸਾਰ ਨ ਜਾਨੀ ॥ ਜੋਬਨੁ ਖੋਇ, ਪਾਛੈ ਪਛੁਤਾਨੀ ॥੧॥ ਰਹਾਉ ॥ ਕਾਲੀ ਕੋਇਲ  ! ਤੂ ਕਿਤ ਗੁਨ ਕਾਲੀ  ? ॥ ਅਪਨੇ ਪ੍ਰੀਤਮ ਕੇ, ਹਉ, ਬਿਰਹੈ ਜਾਲੀ ॥ ਪਿਰਹਿ ਬਿਹੂਨ, ਕਤਹਿ ਸੁਖੁ ਪਾਏ  ?॥ ਜਾ, ਹੋਇ ਕ੍ਰਿਪਾਲੁ; ਤਾ ਪ੍ਰਭੂ ਮਿਲਾਏ ॥੨॥ ਵਿਧਣ ਖੂਹੀ, ਮੁੰਧ ਇਕੇਲੀ ॥ ਨਾ ਕੋ ਸਾਥੀ, ਨਾ ਕੋ ਬੇਲੀ ॥ ਕਰਿ ਕਿਰਪਾ, ਪ੍ਰਭਿ, ਸਾਧਸੰਗਿ ਮੇਲੀ ॥ ਜਾ ਫਿਰਿ ਦੇਖਾ, ਤਾ ਮੇਰਾ ਅਲਹੁ ਬੇਲੀ ॥੩॥ ਵਾਟ ਹਮਾਰੀ, ਖਰੀ ਉਡੀਣੀ ॥ ਖੰਨਿਅਹੁ ਤਿਖੀ, ਬਹੁਤੁ ਪਿਈਣੀ ॥ ਉਸੁ ਊਪਰਿ; ਹੈ ਮਾਰਗੁ ਮੇਰਾ ॥ ਸੇਖ ਫਰੀਦਾ  ! ਪੰਥੁ ਸਮ੍ਹ੍ਹਾਰਿ ਸਵੇਰਾ ॥੪॥੧॥’’

(ਨੋਟ: ਉਕਤ ਸ਼ਬਦ ਦੀ ਵਿਚਰ ਉਪਰੰਤ ਸਪੱਸ਼ਟ ਹੋ ਜਾਂਦਾ ਹੈ ਕਿ ਬਾਬਾ ਫ਼ਰੀਦ ਜੀ ਨੂੰ ਅੱਲਾ ਦਾ ਦੀਦਾਰ; ਸੰਤਸੰਗ ਵਿੱਚੋਂ ਹੋਇਆ, ਇਸ ਲਈ ਕਾਂ ਨੂੰ ਸੰਬੋਧਨ ਕਰਨ ਵਾਲੀ ਸਾਖੀ ਕਾਲਪਨਿਕ ਤੇ ਬਾਬਾ ਜੀ ਦੀ ਪ੍ਰਸਿੱਧੀ ਨੂੰ ਘਟਾ ਕੇ ਬਿਆਨ ਕਰਨ ਵਾਲੀ, ਕਿਸੇ ਦੋਖੀ ਦੀ ਸ਼ਰਾਰਤ ਦਾ ਨਤੀਜਾ ਹੈ ਕਿਉਂਕਿ ਭਾਰਤ ’ਚ ਪੰਡਿਤ ਵਰਗ ਵੱਲੋਂ ਇਹ ਬੋਲਿਆ ਜਾਂਦਾ ਰਿਹਾ ਹੈ ਕਿ ਕੋਈ ਵੀ ਗ਼ੈਰ ਹਿੰਦੂ ਉੱਚੇ ਮੁਕਾਮ ਨੂੰ ਹਾਸਲ ਨਹੀਂ ਕਰ ਸਕਦਾ। ਇਸ ਸੋਚ ਦਾ ਨਤੀਜਾ ਹੈ ਕਿ ਨੇਕ ਦਿਲ ਰਾਜਾ ਅਕਬਰ ਨੂੰ ਬਦਨਾਮ ਕਰਨ ਲਈ ਬੀਰਬਲ ਪੰਡਿਤ ਰਾਹੀਂ ਚੁਟਕਲਿਆਂ ਦੇ ਰੂਪ ’ਚ ਹੁਣ ਵੀ ਬਦਨਾਮ ਕੀਤਾ ਜਾਂਦਾ ਹੈ।)

ਬਾਬਾ ਫ਼ਰੀਦ ਜੀ ਇਸ ਤੋਂ ਅਗਲੇ ਸ਼ਬਦ ’ਚ ਉਦਾਹਰਨ ਦਿੰਦੇ ਹਨ ਕਿ (ਜਿਸ ਮਨੁੱਖ ਨੇ ਮਾਇਆ ਨਾਲ ਹੀ ਮਨ ਲਾਈ ਰੱਖਿਆ) ਉਹ (ਬੇੜਾ) ਤਿਆਰ ਕਰਨ ਵਾਲੀ ਉਮਰੇ, ਨਾਮ-ਰੂਪ ਬੇੜਾ ਤਿਆਰ ਨਾ ਕਰ ਸਕਿਆ ਅਤੇ ਜਦੋਂ ਸਰੋਵਰ (ਨਕਾ ਨਕ ਵਿਕਾਰਾਂ ਨਾਲ) ਭਰ ਕੇ (ਬਾਹਰ) ਉਛਲਣ ਲੱਗ ਪਿਆ ਤਦੋਂ ਇਸ ਵਿਚ ਤੈਰਨਾ ਔਖਾ ਹੋ ਜਾਂਦਾ ਹੈ (ਭਾਵ ਜਦੋਂ ਮਨੁੱਖ ਵਿਕਾਰ ਕਾਫ਼ੀ ਕਮਾ ਲੈਂਦਾ ਹੈ ਤਾਂ ਇਹਨਾਂ ਦੇ ਚਸਕੇ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ) ਇਸ ਲਈ ਹੇ ਮਿੱਤਰ  ! ਕਸੁੰਭੇ-ਰੂਪ ਮਾਇਆ ਨੂੰ ਹੱਥ ਨਾ ਲਾ, ਇਹ ਕਸੁੰਭਾ ਸੜ ਜਾਏਗਾ ਭਾਵ ਇਹ ਮਾਇਆ ਦਾ ਸਾਥ ਛੇਤੀ ਨਸ਼ਟ ਹੋਣ ਵਾਲਾ ਹੈ। ਜੋ ਜੀਵ-ਇਸਤ੍ਰੀਆਂ (ਮਾਇਆ ਨਾਲੋਂ ਮੋਹ ਪਾਉਣ ਕਰਕੇ) ਆਪਣੇ ਆਪ ਹੀ ਆਤਮਿਕ ਕਮਜ਼ੋਰ ਕਰ ਲੈਂਦੀਆਂ ਹਨ, ਉਹਨਾਂ ਨੂੰ (ਪ੍ਰਭੂ-) ਪਤੀ ਦੇ ਦਰ ਤੋਂ ਅਨਾਦਰੀ ਦੇ ਬੋਲ ਨਸੀਬ ਹੁੰਦੇ ਹਨ; ਉਹਨਾਂ ਉੱਤੇ ਪਤੀ-ਮਿਲਾਪ ਦੀ ਅਵਸਥਾ ਨਹੀਂ ਆਉਂਦੀ ਤੇ ਮਨੁੱਖਾ ਜਨਮ ਦਾ ਸਮਾਂ ਖੁੰਝਣ ’ਤੇ (ਜਦੋਂ ਵਿਕਾਰਾਂ ਦੀ ਕਮਾਈ ਘੱਟ ਸੀ ਤੇ ਨਾਮ-ਸਿਮਰਨ ਰੂਪ ਬੇੜਾ ਤਿਆਰ ਹੋ ਸਕਦਾ ਸੀ) ਪ੍ਰਭੂ ਨਾਲ ਮੇਲ ਨਹੀਂ ਕੀਤਾ ਗਿਆ। ਬਾਬਾ ਫ਼ਰੀਦ ਸਾਹਿਬ ਆਖਦੇ ਹਨ-ਹੇ ਸਹੇਲੀਓ  ! ਜਦੋਂ ਪਤੀ ਪ੍ਰਭੂ ਦਾ ਸੱਦਾ (ਇਸ ਜਗਤ ਵਿਚੋਂ ਤੁਰਨ ਲਈ) ਆਵੇਗਾ, ਤਾਂ (ਕੇਵਲ ਮਾਇਆ ’ਚ ਗ੍ਰਸੀ ਜੀਵ-ਇਸਤ੍ਰੀ ਦਾ) ਆਤਮਾ-ਹੰਸ ਜੱਕੋ-ਤੱਕੇ ਕਰਦਾ ਹੋਇਆ (ਇੱਥੋਂ) ਤੁਰੇਗਾ (ਭਾਵ ਮਾਇਆ ਨੂੰ ਛੱਡਣਾ ਨਹੀਂ ਚਾਹੇਗਾ) ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਇਗਾ : 

‘‘ਬੇੜਾ ਬੰਧਿ ਨ ਸਕਿਓ, ਬੰਧਨ ਕੀ ਵੇਲਾ ॥ ਭਰਿ ਸਰਵਰੁ ਜਬ ਊਛਲੈ; ਤਬ ਤਰਣੁ ਦੁਹੇਲਾ ॥੧॥ ਹਥੁ ਨ ਲਾਇ ਕਸੁੰਭੜੈ; ਜਲਿ ਜਾਸੀ ਢੋਲਾ ॥੧॥ ਰਹਾਉ ॥ ਇਕ, ਆਪੀਨ੍ਹ੍ਹੈ ਪਤਲੀ, ਸਹ ਕੇਰੇ ਬੋਲਾ ॥ ਦੁਧਾ ਥਣੀ ਨ ਆਵਈ; ਫਿਰਿ ਹੋਇ ਨ ਮੇਲਾ ॥੨॥ ਕਹੈ ਫਰੀਦੁ, ਸਹੇਲੀਹੋ  ! ਸਹੁ ਅਲਾਏਸੀ ॥ ਹੰਸੁ ਚਲਸੀ ਡੁੰਮਣਾ; ਅਹਿ ਤਨੁ ਢੇਰੀ ਥੀਸੀ ॥੩॥੨॥’’

ਵਹਦਤ ਅਥਵਾ ਅਦ੍ਵੈਤਵਾਦ (ਭਾਵ ਕਰਤਾਰ ਤੋਂ ਬਿਨਾਂ ਕੁਝ ਵੀ ਨਹੀਂ) ਗੁਰਮਤਿ ਦਾ ਮੁੱਢਲਾ ਸਿਧਾਂਤ ਹੈ। ਫ਼ਰੀਦ ਜੀ ਦੀ ਬਾਣੀ ਵਿੱਚ ਇਸ ਸਿਧਾਂਤ ਦੀ ਪਾਲਣਾ ਬੜੀ ਸਿਰੜਤਾ ਨਾਲ ਕੀਤੀ ਗਈ ਹੈ। ਫ਼ਰੀਦ ਜੀ ਨੇ ਇੱਕ ਅੱਲ੍ਹਾ ਅੱਗੇ ਅਰਦਾਸ ਕਰਨ ਦੀ ਹੀ ਪ੍ਰੇਰਣਾ ਦਿੱਤੀ ਹੈ: ‘‘ਤੇਰੀ ਪਨਹਿ ਖੁਦਾਇ  ! ਤੂੰ ਬਖ਼ਸ਼ੰਦਗੀ॥’’ ਉਨ੍ਹਾਂ ਨੇ ਆਪਣੀ ਸਾਰੀ ਬਾਣੀ ਵਿੱਚ ਕਿਤੇ ਵੀ ਰੱਬ ਤੋਂ ਬਿਨਾਂ ਕਿਸੇ ਹੋਰ ਹੋਂਦ/ਹਸਤੀ ਅੱਗੇ ਝੁਕਣ ਵਾਸਤੇ ਨਹੀਂ ਕਿਹਾ। ਫ਼ਰੀਦ ਜੀ ਦੀ ਬਾਣੀ ਵਿੱਚ ਵਹਦਤ ਅਥਵਾ ਇਕ-ਈਸ਼ਵਰਵਾਦ ਤੋਂ ਬਿਨਾਂ ਗੁਰਮਤਿ ਦੇ ਨਿਯਮਾਂ: ਗੁਰ ਪ੍ਰਸਾਦਿ, ਗੁਰੂ, ਸੰਗਤ ਅਤੇ ਨਾਮ-ਸਿਮਰਨ, ਆਦਿ ਦਾ ਵਰਣਨ ਵੀ ਕੀਤਾ ਹੈ। ਇਸ ਤੋਂ ਬਿਨਾਂ ਫ਼ਰੀਦ ਜੀ ਨੇ ਜੀਵਨ-ਮੁਕਤ ਹੋਣ ਵਾਸਤੇ ਸਦਗੁਣਾਂ ਨੂੰ ਧਾਰਨ ਕਰਨ ਅਤੇ ਮਨ ਨੂੰ ਮਲੀਨ ਕਰਨ ਵਾਲੇ ਵਿਕਾਰਾਂ ਨੂੰ ਤਿਆਗਣਾ ‘‘ਟਾਕਿਮ ਕੂੰਜੜੀਆਂ’’ ਵਾਲੇ ਵਚਨ ਉਚਾਰਨ ਕੀਤੇ।

ਜੀਵਨ-ਮੁਕਤ ਹੋਣ ਵਾਸਤੇ ਦਰਵੇਸ਼ ਨੂੰ ਦੈਵੀ ਗਿਆਨ ਦੀ ਲੋੜ ਹੈ; ਇਹ ਗਿਆਨ ਹਾਸਿਲ ਕਰਨ ਵਾਸਤੇ ਰੱਬ ਦੀ ਬਖ਼ਸ਼ਿਸ਼ ਦੀ ਜ਼ਰੂਰਤ ਹੈ ‘‘ਆਪਿ ਲੀਏ ਲੜਿ ਲਾਇ; ਦਰਿ ਦਰਵੇਸ ਸੇ॥’’ ਇਹੋ ਹੀ ‘‘ਗੁਰ ਪ੍ਰਸਾਦਿ’’ ਦਾ ਸਿਧਾਂਤ ਹੈ। ਰੱਬ ਮਿਹਰ ਕਰਕੇ ਗੁਰੂ / ਪੀਰ ਦੀ ਸੰਗਤ ਨਾਲ ਜੋੜਦਾ ਹੈ ‘‘ਕਰਿ ਕਿਰਪਾ, ਪ੍ਰਭਿ, ਸਾਧਸੰਗਿ ਮੇਲੀ॥’’ ਸੰਗਤ ਵਿੱਚ ਵਿਚਰਦਿਆਂ ਮੁਰੀਦ ਨੂੰ ਸੱਚ-ਸਿਮਰਨ ਅਥਵਾ ਬੰਦਗੀ (ਇਸ਼ਕ ਹਕੀਕੀ) ਦੀ ਚੇਟਕ ਲੱਗਦੀ ਹੈ ‘‘ਜਾ, ਫਿਰਿ ਦੇਖਾ; ਤਾ ਮੇਰਾ ਅਲਹੁ ਬੇਲੀ॥’’ ਅਤੇ ਉਹ ਮੋਹ-ਮਾਇਆ, ਪਾਪਾਂ, ਵਿਕਾਰਾਂ ਅਤੇ ਔਗੁਣਾਂ ਆਦਿ ਤੋਂ ਤੋਬਾ ਕਰਕੇ ਰੱਬ ਦੀ ਬੰਦਗੀ ਕਰਦਾ ਹੋਇਆ ਸਦਗੁਣਾਂ (ਸਤੁ, ਸੰਤੋਖ, ਦਯਾ, ਧਰਮ ਤੇ ਧੀਰਜ ਆਦਿ) ਦੀ ਪਾਲਣਾ ਕਰਕੇ ਰੱਬ ਦੇ ਰਾਹ ਦਾ ਪਾਂਧੀ ਬਣ ਜਾਂਦਾ ਹੈ। ਸੱਚਾ ਮੁਰੀਦ / ਸਿੱਖ ਉਹ ਹੈ ਜੋ ਗੁਰੂ ਦੇ ਦੱਸੇ ਰਾਹ ’ਤੇ ਹੀ ਚੱਲਦਾ ਹੈ ‘‘ਜੋ, ਗੁਰੁ ਦਸੈ ਵਾਟ; ਮੁਰੀਦਾ ਜੋਲੀਐ॥’’ ਬਾਬਾ ਫ਼ਰੀਦ ਜੀ ਜੀਵਨ ਦੇ ਝੂਠ ‘‘ਝੂਠੀ ਦੁਨੀਆ’’ ਦੀ ਨਿਰਾਰਥਕਤਾ ਤੇ ਮੌਤ ਦੇ ਸੱਚ ਨੂੰ ਬਾਰ ਬਾਰ ਦ੍ਰਿੜ੍ਹਾ ਕੇ ਕੁਕਰਮਾਂ ਤੋਂ ਬਚਣ ਦੀ ਪ੍ਰੇਰਨਾ ਦਿੰਦੇ ਹਨ।

ਬਾਬਾ ਫ਼ਰੀਦ ਜੀ ਧਾਰਮਿਕ ਭੇਖ ਦੇ ਪਾਜ ਓਹਲੇ ਭਰਿਸ਼ਟ ਸ਼ਖ਼ਸੀਅਤ ਨੂੰ ਛੁਪਾ ਕੇ ਲੋਕਾਂ ਨੂੰ ਲੁੱਟਣ ਦੇ ਸਖ਼ਤ ਵਿਰੋਧੀ ਸਨ: 

‘‘ਫਰੀਦਾ  ! ਕੰਨਿ ਮੁਸਲਾ, ਸੂਫੁ ਗਲਿ; ਦਿਲਿ ਕਾਤੀ, ਗੁੜੁ ਵਾਤਿ॥ ਬਾਹਰਿ ਦਿਸੈ ਚਾਨਣਾ; ਦਿਲਿ ਅੰਧਿਆਰੀ ਰਾਤਿ॥ ੫੦॥, ਫਰੀਦਾ  ! ਕਾਲੇ ਮੈਂਡੇ ਕਪੜੇ, ਕਾਲਾ ਮੈਡਾ ਵੇਸੁ॥ ਗੁਨਹੀ ਭਰਿਆ ਮੈ ਫਿਰਾ ; ਲੋਕੁ ਕਹੈ ਦਰਵੇਸੁ॥ ੬੧॥’’

Most Viewed Posts