‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ ਚੌਥਾ)

0
631

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ ਚੌਥਾ)

ਗਿਆਨੀ ਅਮਰੀਕ ਸਿੰਘ ਚੰਡੀਗਡ਼

(ਲੜੀ ਜੋੜਨ ਲਈ ਪਿੱਛਲਾ ਅੰਕ ਵੇਖੋ, ਜੀ)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 1)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 2)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 3)

ਸਰਦਾਰ ਖੜਕ ਸਿੰਘ ਜੀ ਦਾ ਨਾਮ ਸਿੱਖ ਕੌਮ ਵਿੱਚ ਸ਼ਰਧਾ ਭਾਵਨਾ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦਾ ਨਾਮ ਸਿੱਖ ਕੌਮ ਦੇ ਪ੍ਰਮੁੱਖ ਲੀਡਰਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਪੰਥ ਤੇ ਬਣੀ ਹੋਈ ਭੀੜ ਵੇਲੇ ਪੰਥ ਦੀ ਨਈਆ ਨੂੰ ਕੁਰਬਾਨੀ ਦੇ ਚੱਪੂ ਲਾ ਕੇ ਮੁਸ਼ਕਲਾਂ ਵਿੱਚੋਂ ਕੱਢਿਆ ਸੀ। ਇੱਥੇ ਆਪਾਂ ਉਨ੍ਹਾਂ ਦੇ ਜੀਵਨ ਦੀ ਕੇਵਲ ਇੱਕੋ ਹੀ ਝਲਕ ਦੇਖਾਂਗੇ।

ਗੁਰਦੁਆਰਿਆਂ ਉੱਤੇ ਕਾਬਜ਼ ਮਹੰਤਾਂ ਨੇ ਆਪੋ ਆਪਣੀ ਮਨ ਮਰਜ਼ੀ ਦੇ ਨਾਲ ਨਾਲ ਗੁਰੂ ਘਰ ਦੀ ਮਾਇਆ ਨਾਲ ਕਈ ਤਰ੍ਹਾਂ ਦੇ ਪਾਪ, ਗੁਰੂ ਘਰ ਦੀ ਚਾਰ ਦੀਵਾਰੀ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਸਨ। ਅੰਗਰੇਜ਼ੀ ਸਰਕਾਰ ਦਾ ਵੀ ਭਾਰਤ ਵਿੱਚੋਂ ਪਤਨ ਸ਼ੂਰੂ ਹੋ ਗਿਆ ਸੀ। ਇਸ ਪਤਨ ਦੇ ਪਿੱਛੇ ਸਿੱਖ ਕੌਮ ਦੀ ਮਹਾਨ ਕੁਰਬਾਨੀ ਦਾ ਹੱਥ ਰਿਹਾ ਸੀ। ਜਿਸ ਕਰਕੇ ਅੰਗਰੇਜ਼ ਸਰਕਾਰ ਦੀਆਂ ਨਜ਼ਰਾਂ ਵਿੱਚ ਸਿੱਖਾਂ ਦੀ ਹੋਂਦ ਵੀ ਚੁੱਭਦੀ ਸੀ। ਮਹੰਤਾਂ ਦੇ ਕਾਰਨਾਮੇ ਜੱਗ ਜ਼ਾਹਰ ਹੋਣ ਕਰ ਕੇ ਸਿੱਖ ਕੌਮ ਦੀ ਬਰਦਾਸ਼ਤ ਸ਼ਕਤੀ ਤੋਂ ਬਾਹਰ ਹੋ ਚੁੱਕੇ ਸਨ। ਉਨ੍ਹਾਂ ਨੇ ਇਨ੍ਹਾਂ ਮਹੰਤਾਂ ਅੱਗੇ ਗੁਰਦੁਆਰਿਆਂ ਦੀ ਅਜ਼ਾਦੀ ਦਾ ਬਿਗਲ ਵਜਾ ਦਿੱਤਾ ਸੀ ਤੇ ਕਈ ਥਾਵੀਂ ਅਜ਼ਾਦ ਕਰਵਾ ਵੀ ਲਏ ਗਏ ਸਨ। ਗੋਰਿਆਂ ਨੇ ਇਨ੍ਹਾਂ ਮਹੰਤਾਂ ਦੀ ਪਿੱਠ ’ਤੇ ਹੱਥ ਰੱਖ ਕੇ ਸਿੱਖ ਕੌਮ ਦੀ ਕੁਰਬਾਨੀ ਦੇ ਜਜ਼ਬੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀ। ਇਸ ਕੁਰਬਾਨੀ ਜਜ਼ਬੇ ਨੂੰ ਠੰਡਾ ਨਾ ਪੈਣ ਦੇਣ ਪਿੱਛੇ ਕੌਮ ਦੇ ਮਹਾਨ ਲੀਡਰਾਂ ਦੀਆਂ ਜੋਸ਼ੀਲੀਆਂ ਤਕਰੀਰਾਂ ਸਨ। ਇਨ੍ਹਾਂ ਤਕਰੀਰਾਂ ਦੇਣ ਵਾਲਿਆਂ ਵਿੱਚੋਂ ਸ: ਖੜਕ ਸਿੰਘ ਜੀ ਦਾ ਖਾਸ ਰੋਲ ਸੀ। ਉਨ੍ਹਾਂ ਨੂੰ ਇਸ ਬਦਲੇ ਕਈ ਵਾਰੀ ਜੇਲ੍ਹ ਵਿੱਚ ਬੰਦ ਵੀ ਕੀਤਾ ਗਿਆ ਸੀ। ਸ: ਖੜਕ ਸਿੰਘ ਜੀ ਨੂੰ ਸੰਨ 1922 ਨੂੰ ਕਿਰਪਾਨਾਂ ਦੀ ਫੈਕਟਰੀ ਚਲਾਉਣ ਦੇ ਦੋਸ਼ ਵਿੱਚ ਪਕੜ ਕੇ ਡੇਰਾ ਗ਼ਾਜ਼ੀ ਖਾਂ ਦੀ ਜੇਲ੍ਹ ਵਿੱਚ ਕਰੀਬ ਪੰਜ ਸਾਲ ਦੀ ਸਜ਼ਾ ਸੁਣਾ ਕੇ ਬੰਦ ਕਰ ਦਿੱਤਾ ਸੀ। ਇਨ੍ਹਾਂ ਹੀ ਦਿਨਾਂ ’ਚ ਨਨਕਾਣਾ ਸਾਹਿਬ ਦਾ ਸਾਕਾ-ਘਟਨਾ ਵਾਪਰੀ ਸੀ। ਇਸ ਰੋਸ ਵਿੱਚ ਸਿੱਖਾਂ ਨੇ ਕਾਲੀਆਂ ਦਸਤਾਰਾਂ ਬੰਨ੍ਹਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਜਿਸ ਨਾਲ ਪੰਥ ਵਿੱਚ ਇੱਕ ਮੁੱਠਤਾ ਤੇ ਕੁਰਬਾਨੀ ਦਾ ਜੋਸ਼ ਭਰਿਆ ਜਾਂਦਾ ਸੀ। ਅੰਗਰੇਜ਼ਾਂ ਨੂੰ ਇਹ ਕਾਲੀ ਪੱਗ ਵੀ ਜ਼ਹਿਰ ਵਰਗੀ ਦਿਖਾਈ ਦੇਣ ਲੱਗੀ। ਉਨ੍ਹਾਂ ਨੇ ਡੇਰਾ ਗ਼ਾਜ਼ੀ ਖਾਂ ਵਿੱਚ ਬੰਦ ਸ: ਖੜਕ ਸਿੰਘ ਜੀ ਨੂੰ ਵੀ ਇਹ ਕਾਲੀ ਪੱਗ ਉਤਾਰਨ ਲਈ ਕਿਹਾ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਪਰ ਕਰਮਚਾਰੀਆਂ ਨੇ ਇਹ ਪੱਗ ਜਬਰੀ ਉਤਾਰ ਦਿੱਤੀ। ਇਸ ਦੇ ਰੋਸ ਵਜੋਂ ਬਾਬਾ ਖੜਕ ਸਿੰਘ ਜੀ ਨੇ ਕਛਹਿਰੇ ਤੋਂ ਬਿਨਾਂ ਹੋਰ ਸਾਰੇ ਕੱਪੜੇ ਵੀ ਉਤਾਰ ਦਿੱਤੇ ਅਤੇ ਬਾਕੀ ਦਾ ਸਮਾਂ ਜੇਲ ਵਿੱਚ ਨਿਰ ਬਸਤਰ ਹੋ ਕੇ ਹੀ ਕੱਟਿਆ ਸੀ, ਜਿਸ ਨਾਲ ਗੋਰਿਆਂ ਨੂੰ ਸਮਝਾ ਦਿੱਤਾ ਸੀ ਕਿ ਸਿੱਖ ਦੀਆਂ ਨਜ਼ਰਾਂ ਵਿੱਚ ਪੱਗ ਦੀ ਕਿੰਨੀ ਕੁ ਅਹਿਮੀਅਤ ਹੈ। (ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਚੋਣਵੀਆਂ ਸਾਖੀਆਂ ਭਾਗ 1)

ਸਿੱਖ ਕੌਮ ਦਾ ਇਤਿਹਾਸ ਹੀ ਅਜਿਹਾ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਕਿ ਇਸ ਨੂੰ ਜੋ ਕੁਝ ਵੀ ਪ੍ਰਾਪਤ ਕਰਨਾ ਪਿਆ ਉਹ ਸਭ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤਾ ਹੈ। ਪੱਗ ਦੇ ਪਿੱਛੇ ਸਿੱਖ ਕੌਮ ਦੀ ਇੱਕ ਕੁਰਬਾਨੀ ਨਹੀਂ ਸਗੋਂ ਅਥਾਹ ਕੁਰਬਾਨੀਆਂ ਹਨ। ਗੋਰਿਆਂ ਦੇ ਜਾਣ ਮਗਰੋਂ ਵੀ ਗਦਾਰਾਂ ਦੀਆਂ ਗਦਾਰੀਆਂ ਕਾਰਨ ਸਿੱਖ ਕੌਮ ਨੂੰ ਬਹੁਤ ਦੁੱਖੜੇ ਸਹਿਣੇ ਪਏ। ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਜਦੋਂ ਦੇਸ਼ ਅਜ਼ਾਦ ਹੋਇਆ ਤਾਂ ਭਾਰਤੀ ਸਰਕਾਰ ਨੇ ਵੀ ਉਸ ਵਕਤ ਹੀ ਸਿੱਖ ਕੌਮ ਦੀ ਹਮਾਇਤ ਕਰਨ ਵੱਲੋਂ ਨਜ਼ਰਾਂ ਫੇਰ ਲਈਆਂ। ਉਨ੍ਹਾਂ ਨੇ ਵੱਧ ਹੱਕ ਦੇਣ ਦੀ ਥਾਂ ’ਤੇ ਬਣਦੇ ਹੱਕ ਵੀ ਨਾ ਦਿੱਤੇ। ਲੰਮੇ ਸਮੇਂ ਦੀ ਖੱਜਲ ਖੁਆਰੀ ਨੇ ਸਿੱਖ ਕੌਮ ਨੂੰ ਮੁੜ ਸ਼ੰਘਰਸ਼ ਦੇ ਰਾਹ ਪਾ ਦਿੱਤਾ।

ਇਹ ਸੰਘਰਸ਼ ਅਜਿਹੇ ਸਹਿਜ ਜਿਹੇ ਢੰਗ ਨਾਲ ਚੱਲ ਰਹੇ ਸਨ ਕਿ ਜਿਸ ਨਾਲ ਸਰਕਾਰ ਦੇ ਕੰਨੀਂ ਜੂੰ ਵੀ ਸਰਕਦੀ ਮਹਿਸੂਸ ਨਹੀਂ ਹੋ ਰਹੀ ਸੀ। ਸੰਨ 1977 ਵਿੱਚ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਕੌਮ ਲਈ ਫਿਰ ਜੋਸ਼ੀਲੇ ਲੀਡਰ ਬਣ ਕੇ ਉਭਰੇ। ਇਨ੍ਹਾਂ ਹੀ ਦਿਨਾਂ ਵਿੱਚ ਨਿੰਰਕਾਰੀਆਂ ਦੀਆਂ ਵਧੀਕੀਆਂ ਅਤੇ ਪ੍ਰੈਸ ਦੇ ਇੱਕ ਪੱਖੀ ਵਤੀਰੇ ਨੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰ ਦਿੱਤਾ। ਇੱਕ ਕਿਸਮ ਦੀ ਸਿੱਧੀ ਸਿੱਧੀ ਟੱਕਰ ਹੀ ਭਾਰਤ ਸਰਕਾਰ ਨਾਲ ਹੋ ਗਈ ਸੀ। ਬਾਬਾ ਜਰਨੈਲ ਸਿੰਘ ਜੀ ਨੀਲੀ ਪੱਗ ਬੰਨ੍ਹਦੇ ਸਨ। ਇਸ ਕਰ ਕੇ ਜੁਆਨੀ ਦਾ ਤੇ ਬਹੁਤੀ ਸਿੱਖ ਕੌਮ ਦਾ ਝੁਕਾ ਵੀ ਨੀਲੀ ਦਸਤਾਰ ਵੱਲ ਹੋ ਗਿਆ। ਇਹ ਦਸਤਾਰਾਂ ਵੀ ਸਰਕਾਰ ਦੀਆਂ ਨਜ਼ਰਾਂ ਵਿੱਚ ਸੂਲਾਂ ਵਾਂਗ ਚੁੱਭਣ ਲੱਗ ਪਈਆਂ।

ਅਖੀਰ ’ਤੇ ਜੋ ਸਰਕਾਰਾਂ ਫਿਰ ਕਿਸੇ ਕੌਮ ਦੀ ਨਸਲ ਕੁਸ਼ੀ ਕਰਦੀਆਂ ਹਨ ਉਹੋ ਕੁਝ ਹੀ ਸਿੱਖ ਕੌਮ ਨਾਲ ਕੀਤਾ ਗਿਆ ਸੀ। ਦਰਬਾਰ ਸਾਹਿਬ ’ਤੇ ਹਮਲਾ ਕੀਤਾ ਗਿਆ। ਇਸ ਦਾ ਨਾਮ ਹੀ ਸਾਕਾ ਨੀਲਾ ਤਾਰਾ ਇਸ ਲਈ ਰੱਖਿਆ ਗਿਆ ਸੀ ਕਿ ਨੀਲੀਆਂ ਦਸਤਾਰਾਂ ਬੰਨ੍ਹਣ ਵਾਲੇ ਖਤਮ ਕਰਨੇ ਹਨ। ਇਸ ਬਲ੍ਊ ਸਟਾਰ ਜਾਂ ਸਾਕਾ ਨੀਲਾ ਤਾਰਾ ਦਾ ਅਰਥ ਡਾ: ਰਤਨ ਸਿੰਘ ਜੱਗੀ ਨੇ ਨੀਲੀਆਂ ਦਸਤਾਰਾਂ ਵਾਲਿਆਂ ਨੂੰ ਸੋਧਣਾ ਕੀਤਾ ਹੈ। (ਸਿੱਖ ਪੰਥ ਵਿਸ਼ਵ ਕੋਸ਼ ਪੰਨਾ 1092)

ਇਸ ਸਾਕੇ ਨਾਲ ਦਰਬਾਰ ਸਾਹਿਬ ਦੇ ਹੋਏ ਨੁਕਸਾਨ ਨਾਲ ਸਿੱਖ ਕੌਮ ਦੇ ਹਿਰਦੇ ਗਹਿਰੇ ਜ਼ਖ਼ਮੀ ਹੋ ਗਏ। ਜਿਸ ਦੇ ਫਲ ਸਰੂਪ ਬੀਬੀ ਇੰਦਰਾ ਗਾਂਧੀ ਦੇ ਅੰਗ ਰੱਖਿਅਕਾਂ (ਸ: ਬੇਅੰਤ ਸਿੰਘ, ਸ: ਕੇਹਰ ਸਿੰਘ ਅਤੇ ਸ: ਸਤਵੰਤ ਸਿੰਘ ਜੀ) ਨੇ ਹੀ ਉਸ ਨੂੰ ਸੋਧਾ ਲਾ ਦਿੱਤਾ ਸੀ।

ਕਿਸੇ ਦਾਨੀ ਸੋਚ ਨਾਲ ਸਿੱਖ ਕੌਮ ਨਾਲ ਹੋ ਰਹੇ ਲੰਮੇ ਸਮੇਂ ਦੇ ਧੱਕੇ ਨੂੰ ਵਿਚਾਰਨ ਦੀ ਥਾਂ ’ਤੇ ਇਸ ਤੋਂ ਮਗਰੋਂ ਫਿਰ ਇੱਕ ਜ਼ੁਲਮਾਂ ਦੀ ਲੜੀ ਹੋਰ ਸ਼ੁਰੂ ਹੋ ਗਈ। ਇੰਦਰਾ ਗਾਂਧੀ ਤੋਂ ਮਗਰੋਂ ਉਸ ਦੇ ਪੁੱਤਰ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ। ਸਿੱਖੀ ਵਿਰੋਧੀਆਂ ਨੂੰ ਹੁਣ ਤਾਂ ਖੁੱਲ ਕੇ ਮਨ ਮਰਜ਼ੀ ਕਰਨ ਦਾ ਮੌਕਾ ਮਿਲ ਗਿਆ ਸੀ। ਜਿਸ ਕਰ ਕੇ ਸਿੱਖੀ ਵਿਰੋਧੀ ਕੁਝ ਲੀਡਰਾਂ ਨੇ ਅਗਵਾਈ ਕਰ ਕੇ ਦਿੱਲੀ ਵਿੱਚ ਕੁਝ ਸ਼ਰਾਰਤੀ ਅਨਸਰਾਂ ਦੇ ਨਾਲ ਫਿਰ ਸਿੱਖ ਕੌਮ ਲਹੂ ਲੁਹਾਣ ਕਰ ਦਿੱਤੀ ਗਈ। ਇਸ ਵਕਤ ਅੱਲੇ ਅਤੇ ਗਹਿਰੇ ਜਖ਼ਮਾਂ ’ਤੇ ਚੰਗੇ ਸ਼ਬਦਾਂ ਦੀ ਮਲ੍ਹਮ ਲਾਉਣ ਦੀ ਥਾਂ ’ਤੇ ਸਗੋਂ ਰਾਜੀਵ ਗਾਂਧੀ ਨੇ ਇਹ ਕਹਿ ਦਿੱਤਾ ਕਿ ਜਦੋਂ ਵੀ ਕੋਈ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੀ ਹੈ।

ਬੱਸ ਫਿਰ ਕੀ ਸੀ ਜਿੱਥੇ ਜਿੱਥੇ ਤੱਕ ਇਨ੍ਹਾਂ ਦਾ ਵੱਸ ਚੱਲਿਆ ਤਾਂ ਸਿੱਖ ਕੌਮ ਦੇ ਬੱਚੇ, ਬੁੱਢੇ, ਬੀਬੀਆਂ ਜਾਂ ਕਾਰੋਬਾਰ ਹਰ ਇੱਕ ਚੀਜ਼ ਨੂੰ ਕੋਹ ਕੋਹ ਕੇ ਸਾੜਿਆ ਭੁੰਨਿਆ ਗਿਆ। ਹਰ ਗਲੀ ਮੁਹੱਲੇ ’ਚ ਸਿੱਖਾਂ ਦੀਆਂ ਪੱਗਾਂ ਰੁਲਦੀਆਂ ਸਨ। ਉਸ ਵਕਤ ਦੀਆਂ ਅਖ਼ਬਾਰਾਂ ਵਿੱਚ ਸਿੱਖ ਕੌਮ ਦੀ ਨਸਲ ਕੁਸ਼ੀ ਦੀਆਂ ਹੀ ਖ਼ਬਰਾਂ ਛਾਪੀਆਂ ਗਈਆਂ ਜਾਂਦੀਆਂ ਸਨ। ਇਸ ਤਰ੍ਹਾਂ ਲੱਗਦਾ ਸੀ ਕਿ ਇਹ ਖ਼ਬਰਾਂ ਸਿਹਾਈ ਨਾਲ ਨਹੀਂ ਸਗੋਂ ਸਿੱਖਾਂ ਦੇ ਖ਼ੂਨ ਨਾਲ ਲਿਖੀਆਂ ਗਈਆਂ ਹੋਣ।

ਦਾਨੀ ਸੋਚ ਤੇ ਮਨੁੱਖਤਾ ਲਈ ਦਰਦੀ ਭਾਵਨਾ ਰੱਖਣ ਵਾਲਾ ਹਰ ਵਿਅਕਤੀ ਦੁੱਖ ਦੇ ਅੱਥਰੂ ਰੋਣ ਲੱਗ ਪਿਆ ਸੀ। ਜਗਤ ਪ੍ਰਸਿੱਧ ਕਵੀ ਸੁਰਜੀਤ ਪਾਤਰ ਜੀ ਦੀ ਕਲਮ ਨੇ ਦੁਹਾਈ ਪਾਈ ਸੀ ਕਿ ‘ਜਿੱਥੇ ਤੱਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ। ਚੌਕ ਚੁਰਾਹੇ ਰੁਲਦੀਆਂ ਪੱਗਾਂ ਹੀ ਪੱਗਾਂ।’ (ਲੱਗੀ ਨਜ਼ਰ ਪੰਜਾਬ ਨੂੰ ਕਵਿਤਾ ਵਿੱਚੋਂ)

ਲੋਕੀਂ ਇਹ ਆਮ ਹੀ ਕਿਆਸ ਲਾ ਲਿਆ ਕਰਦੇ ਸਨ ਕਿ ਦਹਿਲੀਜ਼ ’ਤੇ ਆਈ ਅਖਬਾਰ ਵਿੱਚ ਫਿਰ ਕਿਸੇ ਨਾ ਕਿਸੇ ਮਨੁੱਖਤਾ ਦੇ ਦਰਿੰਦੇ ਨੇ ਆਪਣੀ ਤਲਵਾਰ ਨਾਲ ਕਿਸੇ ਬੇਕਸੂਰ ਦਾ ਕਤਲ ਕੀਤਾ ਹੋਣਾ ਹੈ ਜਾਂ ਕਿਸੇ ਦੀ ਦਸਤਾਰ ਉਤਾਰੀ ਗਈ ਹੋਣੀ ਹੈ।

‘ਕੋਈ ਦਸਤਾਰ ਰੱਤ ਲਿਬੜੀ, ਕੋਈ ਤਲਵਾਰ ਆਈ ਹੈ।

ਲਿਆਓ ਸਰਦਲਾਂ ਤੋਂ ਚੁੱਕ ਕੇ, ਅਖ਼ਬਾਰ ਆਈ ਹੈ।’ (ਸੁਰਜੀਤ ਪਾਤਰ, ਪੱਤਝੜ ਪੰਨਾ 51)

ਹੁਣ ਵੀ ਸਾਨੂੰ ਪੱਗ ਤੋਂ ਬਹੁਤ ਸੋਚੀ ਸਮਝੀ ਸਕੀਮ ਨਾਲ ਤੋੜਿਆ ਜਾਂਦਾ ਹੈ। ਸਭ ਤੋਂ ਪਹਿਲਾ ਹਮਲਾ ਵੀਚਾਰ ’ਤੇ ਕੀਤਾ ਗਿਆ। ਸਿੱਖ ਕੌਮ ਨੂੰ ਗੁਰਦੁਆਰੇ ਬਣਾਉਣ, ਉਨ੍ਹਾਂ ’ਤੇ ਸੋਨਾ ਲਾਉਣ ਜਾਂ ਕਿਸੇ ਤਰ੍ਹਾਂ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਬਣਾ ਕੇ ਸਾਨੂੰ ਵੀਚਾਰ ਦੀ ਥਾਂ ’ਤੇ ਕਿਸੇ ਨਾ ਕਿਸੇ ਆਕਾਰ ਨਾਲ ਜੋੜ ਦਿੱਤਾ ਗਿਆ ਹੈ। ਦੂਜਾ ਹਮਲਾ ਸਾਡੇ ਕਕਾਰ ’ਤੇ ਕੀਤਾ ਗਿਆ ਹੈ। ਕਕਾਰ ਵੀ ਉਹ ਚੁਣਿਆ ਗਿਆ ਜਿਹੜਾ ਜਲਦੀ ਕੀਤੇ ਇੱਕ ਵਾਰੀ ਵਿਛੁੜ ਜਾਏ ਤੇ ਦੁਬਾਰਾ ਔਖਾ ਮਿਲਦਾ ਹੈ। ਉਹ ਕਕਾਰ ਕੇਸ ਸਨ। ਸਾਨੂੰ ਹੋਰ ਵੀ ਖੁਆਰ ਕਰਨ ਲਈ ਨਸ਼ੇ ਖੁੱਲੇ ਢੰਗ ਨਾਲ ਸਾਡੇ ਘਰਾਂ, ਸਕੂਲਾਂ, ਕਾਲਜਾਂ ਜਾਂ ਧਾਰਮਿਕ ਅਸਥਾਨਾਂ ਤੱਕ ਪਹੁੰਚਾ ਦਿੱਤੇ ਗਏ। ਆਖਰੀ ਹਮਲਾ ਸਾਡੀ ਦਸਤਾਰ ’ਤੇ ਹੋ ਰਿਹਾ ਹੈ। ਹੁਣ ਸਾਡੇ ਕੋਲ ਵੀਚਾਰ ਵੀ ਨਹੀਂ ਹੈ, ਕਕਾਰ ਵੀ ਨਹੀਂ ਹੈ, ਨਸ਼ਿਆਂ ਕਰ ਕੇ ਸਾਡਾ ਕਿਰਦਾਰ ਵੀ ਨਹੀਂ ਹੈ ਅਤੇ ਹੁਣ ਸਾਡੇ ਕੋਲ ਦਸਤਾਰ ਵੀ ਨਹੀਂ ਹੈ।

ਸਾਡੇ ਅਜੋਕੇ ਮੀਡੀਏ ਨੇ ਵੀ ਸਾਡੀ ਬਰਬਾਦੀ ਵਿੱਚ ਬਹੁਤ ਯੋਗਦਾਨ ਪਾਇਆ ਹੈ। ਜਦੋਂ ਕੋਈ ਟੀ. ਵੀ. ’ਤੇ ਸੀਰੀਅਲ ਜਾਂ ਕੋਈ ਪਿਕਚਰ ਆਵੇ ਉਸ ਵਿੱਚ ਕੇਸ ਕੱਟੇ ਹੋਏ ਬੰਦੇ ਦਾ ਕਿਰਦਾਰ ਤਾਂ ਬਹੁਤ ਵਧੀਆ ਹੋਵੇਗਾ ਪਰ ਕਿਸੇ ਸਿੱਖ ਨੂੰ ਪੱਗ ਬੰਨ੍ਹ ਕੇ ਅਜਿਹੇ ਮਜ਼ਾਕੀਆ ਢੰਗ ਨਾਲ ਦਿਖਾਇਆ ਜਾਂਦਾ ਹੈ ਕਿ ਆਮ ਬੰਦਾ ਸੋਚਣ ਲੱਗ ਜਾਵੇ ਕਿ ਪੱਗ ਵਾਲਾ ਤਾਂ ਕੋਈ ਬੁੱਧੂ ਜਿਹਾ ਹੀ ਹੁੰਦਾ ਹੈ, ਜਦੋਂ ਕਿ ਮੀਡੀਏ ਦੇ ਸਾਹਮਣੇ ਡਾ: ਮਨਮੋਹਣ ਸਿੰਘ ਜੀ ਵਰਗੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੀ ਹਨ। ਉਨ੍ਹਾਂ ਦੀ ਸਮਝਦਾਰੀ ਦਿਖਾਉਣ ਦੀ ਥਾਂ ’ਤੇ ਸਗੋਂ ਕਿਸੇ ਸ਼ਰਾਬੀ ਕਬਾਬੀ ਜਾਂ ਹੋਰ ਕਿਸੇ ਘਟੀਆ ਜਿਹੇ ਰੋਲ ਵਿੱਚ ਕਿਸੇ ਪੱਗ ਵਾਲੇ ਨੂੰ ਪੇਸ਼ ਕੀਤਾ ਜਾਂਦਾ ਹੈ।

ਸਾਡੀਆਂ ਪੰਥਕ ਸਰਕਾਰਾਂ ਨੇ ਵੀ ਆਪਣੇ ਹੱਥੀ ਪ੍ਰਸ਼ਾਸਨ ਦੇ ਰਾਹੀਂ ਪੱਗਾਂ ਨੂੰ ਬਹੁਤ ਰੋਲਿਆ ਗਿਆ ਹੈ। ਇਨ੍ਹਾਂ ਨੇ ਪੰਥ ਦੇ ਨਾਮ ’ਤੇ ਕੁਰਸੀਆਂ ਲੈ ਕੇ, ਪੰਥ ਦੇ ਨਾਮ ’ਤੇ ਹੀ ਪੈਸਾ ਇੱਕਠਾ ਕਰ ਕੇ ਉਸ ਨੂੰ ਸਿੱਖੀ ਦੀ ਬਰਬਾਦੀ ਲਈ ਵਰਤਿਆ। ਸਾਡੇ ਸਕੂਲਾਂ ਵਿੱਚੋਂ ਸਭ ਤੋਂ ਪਹਿਲਾਂ ਅਧਿਆਪਕਾਂ ਦੇ ਸਿਰਾਂ ਤੋਂ ਪੱਗਾਂ ਗੁਆਚੀਆਂ ਫਿਰ ਵਿਦਿਆਰਥੀਆਂ ਨੇ ਪੱਗਾਂ ਨੂੰ ਬੇਦਾਵੇ ਦੇ ਦਿੱਤੇ।

ਪੱਗ ਦੀ ਬਰਬਾਦੀ ਪਿੱਛੇ ਮੈਨੂੰ ਤਾਂ ਲੜਕੀਆਂ ਦਾ ਵੀ ਕਾਫੀ ਸਹਿਯੋਗ ਲੱਗਦਾ ਹੈ। ਅਜੋਕੇ ਸਮੇਂ ਵਿੱਚ ਬਹੁਤਾਤ ਲੜਕੀਆਂ ਹਨ ਜਿਹੜੀਆਂ ਆਪਣੇ ਮਾਤਾ ਪਿਤਾ ਨੂੰ ਮਜਬੂਰ ਕਰਦੀਆਂ ਹਨ ਕਿ ਸਾਨੂੰ ਤਾਂ ਕਿਸੇ ਕਲੀਨ ਸ਼ੇਵ ਲੜਕੇ ਦੀ ਲੋੜ ਹੈ। ਸਾਨੂੰ ਕਿਸੇ ਪੱਗ ਵਾਲੇ ਲੜਕੇ ਨਾਲ ਵਿਆਹ ਕਰਵਾਉਣ ਦੀ ਲੋੜ ਨਹੀਂ ਹੈ, ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੱਗ ਵਾਲੇ ਲੜਕੇ ਵਿੱਚੋਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਸਰਦਾਰੀ ਦੀ ਝਲਕ ਪੈਂਦੀ ਹੈ। ਪ੍ਰਸਿੱਧ ਕਵੀ ਸ: ਹਰੀ ਸਿੰਘ ਜੀ ਦੀ ਕਵਿਤਾ ਦੇ ਬੋਲ ਹਨ।

ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ, ਸਾਡੇ ਸਿਰਾਂ ਦਾ ਤਾਜ਼ ਹੈ ਖਾਲਸਾ ਜੀ!

ਲਹੂ ਭਿੱਜੇ ਇਤਿਹਾਸ ਤੋਂ ਪਤਾ ਲੱਗਦੈ, ਸਾਡੀ ਸਿੱਖੀ ਦਾ ਰਾਜ਼ ਹੈ ਖਾਲਸਾ ਜੀ!

ਸਾਡੀ ਆਨ ਇਹ ਤਾਂ ਸਾਡੀ ਸ਼ਾਨ ਇਹੋ, ਸਾਡੀ ਪੰਥਕ ਅਵਾਜ਼ ਹੈ ਖਾਲਸਾ ਜੀ!

ਕਲਗੀਧਰ ਦੇ ਹੁੰਦੇ ਨੇ ਖਾਸ ਦਰਸ਼ਨ, ਸੋਹਣੇ ਸਜੇ ਹੋਏ ਸਿੰਘ ਸਰਦਾਰ ਵਿੱਚੋਂ।

ਲੱਖਾਂ ਵਿੱਚੋਂ ਪਛਾਣਿਆ ਜਾਏ ਇਕੱਲਾ, ਸਰਦਾਰੀ ਬੋਲਦੀ ਦਿੱਸੇ ਦਸਤਾਰ ਵਿੱਚੋਂ।

ਅਜਿਹੇ ਫੈਸਨ ਪ੍ਰਸਤ ਸਮੇਂ ਅੰਦਰ, ਮੀਡੀਏ ਦਾ ਇੱਕ ਪੱਖੀ ਰੋਲ ਹੋਣ ਕਰ ਕੇ, ਪੰਥਕ ਸਰਕਾਰਾਂ ਦੇ ਗੁੱਝੇ ਢੰਗ ਨਾਲ ਪੱਗ ਦੀ ਵੈਰੀ ਬਣ ਜਾਣ ਕਰ ਕੇ, ਨੌਜਵਾਨਾਂ ਦੀ ਆਪਣੇ ਵਿਰਸੇ ਪ੍ਰਤੀ ਜਾਗਰੂਕਤਾ ਨਾ ਹੋਣ ਕਰ ਕੇ, ਮਾਪਿਆਂ ਦਾ ਵੀ ਵਧੀਆਂ ਰੋਲ ਨਾ ਹੋਣ ਕਰ ਕੇ ਜਾਂ ਹੋਰ ਵੀ ਬਹੁਤ ਕਾਰਨ ਹੋ ਸਕਦੇ ਹਨ, ਜੋ ਸਾਨੂੰ ਆਪਣੀ ਪੱਗ ਤੋਂ ਦੂਰ ਲੈ ਕੇ ਜਾ ਰਹੇ ਹਨ, ਜਿਨ੍ਹਾਂ ਬਾਰੇ ਸੋਚ ਵਿਚਾਰ ਕਰ ਕੇ ਬੱਚਿਆਂ ਨੂੰ ਮੁੜ ਸਿੱਖੀ ਦੇ ਮਾਣ ਮੱਤੇ ਵਿਰਸੇ ਨਾਲ ਜੋੜਨ ਦੀ ਜ਼ਰੂਰਤ ਹੈ। ਇਹੀ ਹਰ ਇੱਕ ਸਿੱਖ ਦਾ ਨੈਤਿਕ ਤੇ ਇਖ਼ਲਾਕੀ ਫਰਜ਼ ਬਣਦਾ ਹੈ।

——————————-ਸਮਾਪਤੀ———————————–