ਗੁਰੂ ਦੁਆਰੈ ਹੋਇ; ਸੋਝੀ ਪਾਇਸੀ

0
719

ਗੁਰੂ ਦੁਆਰੈ ਹੋਇ; ਸੋਝੀ ਪਾਇਸੀ

-ਗੁਰਪ੍ਰੀਤ ਸਿੰਘ (USA)

ਸਿੱਖ ਧਰਮ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਹਮੇਸ਼ਾ ਹੀ ਔਕੜਾਂ ਦਾ ਸਾਹਮਣਾ ਕਰਦਾ ਆਇਆ ਹੈ। ਅੰਗ੍ਰੇਜ਼ਾਂ ਨੇ ਸਿੱਖਾਂ ਦੀ ਬਹੁ ਪੱਖੀ ਤਾਕਤ ਤੋਂ ਅੰਦਰੋਂ ਅੰਦਰੀ ਭੈ-ਭੀਤ ਹੋ, ਜਿੱਥੇ ਗੁਰ ਇਤਿਹਾਸ ਤੇ ਗੁਰਮਤਿ ਸਾਹਿਤ ’ਚ ਰਲ-ਗੱਡ ਕੀਤੀ, ਉੱਥੇ ਹੀ ਗੁਰ ਅਸਥਾਨਾਂ ਦੇ ਪ੍ਰਬੰਧ ’ਚ ਵੀ ਦਖ਼ਲ ਅੰਦਾਜ਼ੀ ਕੀਤੀ ਤੇ ਉਹਨਾਂ ਵਲੋਂ ਥਾਪੇ ਮਸੰਦਾਂ ਨੇ ਇਖ਼ਲਾਕ ਤੋਂ ਗਿਰ, ਭ੍ਰਿਸ਼ਟਾਚਾਰ ਫੈਲਾਉਂਦਿਆ ਗੁਰਦੁਆਰਿਆਂ ਨੂੰ ਬ੍ਰਾਹਮਣੀ ਰੰਗਤ ’ਚ ਰੰਗ ਦਿੱਤਾ। ਅਜਿਹੇ ਵੇਲੇ ਗੁਰਦੁਆਰਾ ਸੁਧਾਰ ਲਹਿਰ ਹੀ ਸੀ, ਜਿਸ ਸਦਕਾ ਗੁਰ ਅਸਥਾਨਾਂ ਦੀ ਅਜ਼ਾਦੀ ਦੁਬਾਰਾ ਬਹਾਲ ਹੋ ਸਕੀ।

ਅੱਜ ਇੱਕ ਤਾਂ ਪਹਿਲਾਂ ਹੀ ਜ਼ਾਤਾਂ ਅਤੇ ਖੇਤਰ ਦੇ ਅਧਾਰ ’ਤੇ ਬੇਅੰਤ ਗੁਰਦੁਆਰੇ ਉਸਾਰ ਕੇ ਅਸੀਂ ਬੁਰੀ ਤਰ੍ਹਾਂ ਵੰਡੇ ਜਾ ਚੁੱਕੇ ਹਾਂ। ਦੂਜਾ ਸਾਡੇ ਤਖ਼ਤਾਂ, ਇਤਿਹਾਸਕ ਗੁਰਦੁਆਰਿਆਂ ਅਤੇ ਸਿੱਖੀ ਸਰੂਪ ’ਚ ਹੀ ਵਿਚਰ ਰਹੇ ਅਖੌਤੀ ਪੰਥ ਹਿਤੈਸ਼ੀਆਂ ਨੇ ਕਬਜ਼ਾ ਕਰ ਲਿਆ ਹੈ, ਜਿਨ੍ਹਾਂ ਦਾ ਮੁੱਖ ਮਕਸਦ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਫਿਰਕੂ ਜਥੇਬੰਦੀਆਂ ਨਾਲ ਮਿਲ, ਸਿੱਖ ਕੌਮ ਦੀਆਂ ਜੜਾਂ ’ਚ ਤੇਲ ਦੇਣਾ ਹੈ। ਝੂਠੀ ਤਾਕਤ ਅਤੇ ਲਾਲਚ ’ਚ ਅੰਨ੍ਹੇ ਹੋਏ ਅਜਿਹੇ ਵਿਕਾਊ ਪੰਥ ਦੋਖੀਆਂ ਦੇ ਗ਼ਲਬੇ ਹੇਠੋਂ ਗੁਰ ਅਸਥਾਨਾਂ ਨੂੰ ਅਜ਼ਾਦ ਕਰਾ, ਗੁਰਦੁਆਰਿਆਂ ਨੂੰ ਅਸਲ ਵਿੱਚ ਭਗਤੀ, ਪ੍ਰਚਾਰ ਅਤੇ ਅਮਲੀ ਜੀਵਨ ਜਾਚ ਦੇ ਸੋਮੇ ਬਣਾਉਣ ਲਈ ਸਾਨੂੰ ਫੋਰੀ ਤੌਰ ’ਤੇ ਇੱਕ ਗੁਰਦੁਆਰਾ ਪ੍ਰੋਗਰਾਮ ਸੁਧਾਰ ਲਹਿਰ ਸ਼ੁਰੂ ਕਰਨ ਦੀ ਅਤਿਅੰਤ ਲੋੜ ਹੈ।

ਅਜੋਕੇ ਸਮੇ ’ਚ ਸ਼੍ਰੋਮਣੀ ਕਮੇਟੀ ਦੇ ਕਿਰਦਾਰ ਤੇ ਕਾਰਜ ਦੀ ਅਸਲੀਅਤ ਕਿਸੇ ਕੋਲੋਂ ਲੁਕੀ ਨਹੀਂ ਹੈ। ਅਰਬਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਵੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਆਏ ਕਿਸੇ ਵਿਦੇਸ਼ੀ ਯਾਤਰੂ ਨੂੰ ਸਿੱਖ ਧਰਮ ਸਬੰਧੀ ਜਾਣਕਾਰੀ ਦੇਣ ਵਾਲਾ ਇੱਕ ਕਿਤਾਬਚਾ ਤੱਕ ਵੀ ਨਸੀਬ ਨਹੀਂ ਹੁੰਦਾ। ਹੋਵੇ ਵੀ ਕਿਉਂ ? ਜੇ ਸੰਗਤਾਂ ਨੂੰ ਪ੍ਰਚਾਰ ਹਿੱਤ ਵੰਡਣ ਲਈ ਕਿਤਾਬਚੇ ਛਾਪਣ ਲੱਗੇ ਤਾਂ ਫਿਰ ਅਖੌਤੀ ਪੰਥਕ ਪਾਰਟੀ ਦੀਆਂ ਰੈਲੀਆਂ ਦਾ ਭੁਗਤਾਨ ਕਿੱਥੋਂ ਹੋਵੇਗਾ ? ਆਪਣੇ ਅਸਲੀ ਕੰਮ ਤੋਂ ਅਵੇਸਲੀ ਹੋਈ ਸ਼੍ਰੋਮਣੀ ਕਮੇਟੀ ਦੇ ਬਦਲ ਵਜੋਂ, ਜੇ ਕਿਸੇ ਨਵੇਂ ਬੇਹੱਦ ਸੁਹਿਰਦ ਤੇ ਨਿਰੋਲ ਧਾਰਮਿਕ ਜਥੇਬੰਧਕ ਢਾਂਚੇ ਦੀ ਗੱਲ ਕਰੀਏ ਤਾਂ ਉਹ ਵੀ ਮੁਮਕਿਨ ਨਹੀਂ ਹੋਵੇਗੀ ਕਿਉਂਕਿ ਰਾਜਸੀ ਦਬਾਅ ਕਰ ਕੇ ਅਜਿਹੀ ਸੰਸਥਾ ਦੇ ਪੈਰ ਤੱਕ ਵੀ ਨਹੀਂ ਲੱਗਣ ਦਿੱਤੇ ਜਾਣਗੇ।

ਖੈਰ, ਤਸੱਲੀ ਦੀ ਗੱਲ ਇਹ ਹੈ ਕਿ ਅੱਜ ਦੇ ਯੁੱਗ ਵਿੱਚ ਸਮਾਜਿਕ ਮੀਡੀਏ ਦਾ ਬੋਲਬਾਲਾ ਹੈ ਤੇ ਇਹ ਰੁਝਾਨ ਨੇੜਲੇ ਭਵਿੱਖ ਵਿੱਚ ਛੇਤੀ ਕਿਤੇ ਬਦਲਦਾ ਨਜ਼ਰ ਨਹੀਂ ਆਉਂਦਾ। ਸੋ ਸਮੇਂ ਦੀ ਮੰਗ ਅਨੁਸਾਰ ਸਾਨੂੰ ਵੀ ਆਪਣੇ ਪ੍ਰਚਾਰ ਦੇ ਢੰਗ ਨੂੰ ਨਵੀਆਂ ਲੀਹਾਂ ’ਤੇ ਪਾਉਣਾ ਪਵੇਗਾ। ਬੀਜ ਨਾਸ ਨਹੀਂ ਹੋਇਆ, ਗੁਰਮਤਿ ਨੂੰ ਪ੍ਰਚਾਰਨ ਲਈ ਵਿਅਕਤੀਗਤ ਅਤੇ ਕਿਸੇ ਨਾ ਕਿਸੇ ਰੂਪ ’ਚ ਸਮੂਹਿਕ ਕੋਸ਼ਿਸ਼ਾਂ (ਭਾਵੇਂ ਕਿ ਆਪੋ ਆਪਣੇ ਰਾਗ ਅਲਾਪ ਦੀਆਂ ਹਨ) ਨਿਰੰਤਰ ਜਾਰੀ ਹਨ। ਸਮੇਂ ਦੀ ਤੋਰ ਨੂੰ ਥੋੜ੍ਹਾ ਜਿਹਾ ਪਛਾਣਦਿਆਂ ਅਸੀਂ ਕਾਫ਼ੀ ਸਾਰੀਆਂ ਐਪਸ (Apps) ਬਣਾ ਲਈਆਂ ਹਨ ਤੇ ਨਾਲ ਹੀ ਵੈੱਬ ਸਾਈਟਸ ਦੀ ਵੀ ਭਰਮਾਰ ਹੈ, ਪਰ ਕੀ ਕਾਰਨ ਹੈ ਕਿ ਸਿੱਖ ਕੌਮ ਕੋਲ ਹਾਲੇ ਤੱਕ ਵੀ ਆਪਣਾ ਕੋਈ ਕੇਂਦਰੀ ਚੈੱਨਲ ਨਹੀਂ ਹੈ ? ਇੱਕ ਅਜਿਹਾ ਤਾਕਤਵਰ ਨੈੱਟਵਰਕ, ਜਿਸ ਦੇ ਸਾਂਝੇ ਮੰਚ ਤੋਂ ਸਾਰਾ ਸੰਸਾਰ ਸਿੱਖ ਧਰਮ ਦੀ ਸਹੀ ਜਾਣਕਾਰੀ ਲੈ ਸਕਦਾ ਹੋਵੇ। ਇੱਕ ਅਜਿਹਾ ਸਮਰੱਥ ਤੇ ਦਬਦਬੇ ਵਾਲਾ ਮੀਡੀਆ ਕੇਂਦਰ ਜਿਹੜਾ ਫਿਰਕੂ ਸਰਕਾਰਾਂ ਦੀਆਂ ਮਾਰੂ ਨੀਤੀਆਂ, ਸੰਕੀਰਣ ਏਜੰਡਿਆਂ ਤੇ ਝੂਠੇ ਪ੍ਰਾਪੇਗੰਡਾ (ਪ੍ਰਚਾਰ) ਨੂੰ ਬੇਖੌਫ ਨੰਗਿਆਂ ਕਰ ਸਕੇ। ਜੀ ਹਾਂ, ਇੱਕ ਅਜ਼ਾਦ, ਪਰ interactive, ਵਿਸ਼ਵ-ਵਿਆਪੀ ਪ੍ਰਸਾਰਣ ਵਾਲਾ ਨੈੱਟਵਰਕ ਜਿੱਥੋਂ ਅਸੀਂ ਵੀ ਹਾਅ ਦਾ ਨਾਹਰਾ ਮਾਰ ਸਕੀਏ ਤੇ ਬਾਕੀ ਦੁਨੀਆਂ ਸਾਹਮਣੇ ਤੱਥਾਂ ਦੇ ਅਧਾਰ ’ਤੇ ਸੱਚ (ਗੁਰਮਤ) ਪੇਸ਼ ਕਰ ਸਕੀਏ।

ਪੰਚ-ਪ੍ਰਧਾਨੀ ਦੇ ਆਧਾਰ ’ਤੇ ਇੱਕ ਕੇਂਦਰੀ ਜੱਥੇਬੰਦੀ ਵਲੋਂ ਚਲਾਏ ਪੂਰਨ ਅਧਿਕਾਰ ਵਾਲੇ ਅਜਿਹੇ ਸਮਰਪਿਤ ਕੇਂਦਰ ਰਾਹੀਂ ਪ੍ਰਭਾਵਸ਼ਾਲੀ ਪ੍ਰਚਾਰ ਦੀਆਂ ਬੇਅੰਤ ਸੰਭਾਵਨਾਵਾਂ ਨੂੰ ਸਹਿਜੇ ਹੀ ਅਮਲੀ ਰੂਪ ਦਿੱਤਾ ਜਾ ਸਕਦਾ ਹੈ। ਉਦਾਹਰਨ ਵਜੋਂ, ਸਮੂਹ ਪੰਥ ਤੇ ਸਮੁੱਚੇ ਜਗਤ ਲਈ ਸਿੱਖ ਕੌਮ ਦੀ ਇਸ ਜਵਾਬਦੇਹ ਸੰਸਥਾ ਵਲੋਂ ਸੰਸਾਰ ਦੀਆਂ ਚੋਣਵੀਆਂ ਭਾਸ਼ਾਵਾਂ ’ਚ ਇੱਕ ਵਿਸ਼ਾਲ ਤੇ ਵਾਦ-ਵਿਵਾਦ ਤੋਂ ਰਹਿਤ, ਪੂਰਨ ਕਾਰਜਸ਼ੀਲ ਵੈੱਬ ਸਾਈਟ ਬਣਾਈ ਜਾਵੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ, ਨਿਰੋਲ ਗੁਰਬਾਣੀ ਦੇ ਆਧਾਰ ’ਤੇ ਸਿੱਖ ਰਹਿਤ ਮਰਯਾਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਅਕਾਲ ਤਖ਼ਤ ਦੀ ਸਰਬਉੱਚਤਾ, ਸਿੱਖ ਇਤਿਹਾਸ ਅਤੇ ਗੁਰਮਤਿ ਜੀਵਨ ਜਾਚ ਦੇ ਹਰ ਪਹਿਲੂ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਾ ਸਕੇ। ਇਸ ਦੇ ਨਾਲ ਹੀ ਗੁਰਮਤਿ ਦੇ ਔਨਲਾਈਨ (on- line) ਕੋਰਸ ਵੀ ਕਰਵਾਏ ਜਾਣ ਤੇ ਅਗਾਂਹ ਆਪਣੀ ਜ਼ਿੰਮੇਵਾਰੀ ਹੇਠ ਦੇਸ ਪ੍ਰਦੇਸ ਦੇ ਹਰ ਨਗਰ ਵਿੱਚ ਗੁਰਮਤਿ ਸਕੂਲ/ਕਾਲਜ ਖੋਲ੍ਹਣ ਦਾ ਉਪਰਾਲਾ ਕੀਤਾ ਜਾਵੇ। ਇਸ ਸਬੰਧੀ ਮਿਸ਼ਨ ਬਿਆਨ, ਅਮਲ ਯੋਜਨਾ ਤੇ ਪੂਰਨ ਰੂਪ ਰੇਖਾ ਸਾਰੀਆਂ ਪੰਥ ਪ੍ਰਵਾਣਿਤ ਜੱਥੇਬੰਦੀਆਂ ਆਪਸ ’ਚ ਮਿਲ ਬੈਠ ਕੇ ਬਹੁਤ ਬਾਖ਼ੂਬੀ ਨਾਲ ਘੜ ਸਕਦੀਆਂ ਹਨ ਜੇਕਰ ਸਾਡੇ ਇਰਾਦੇ ਉੱਚੇ, ਮਜ਼ਬੂਤ ਤੇ ਨਿਯਤਾਂ ਸਾਫ਼ ਹੋਣ ਦੇ ਨਾਲ ਹੀ ਸਾਡਾ ਟੀਚਾ ਵੀ ਇੱਕ ਹੋਵੇ।

ਖੈਰ, ਗੁਰਦੁਆਰਿਆਂ ਦੀ ਗੱਲ ਕਰੀਏ ਤਾਂ ਅਖੌਤੀ ਲੋਕਤੰਤਰ ਨੇ ਗੁਰੂ ਘਰਾਂ ਨੂੰ ਬਹੁਤ ਢਾਹ ਲਾਈ ਹੈ। ਇਹ ਕਿਹੋ ਜਿਹਾ ਲੋਕਤੰਤਰ ਹੈ ਜਿੱਥੇ ਚੌਧਰ ਤੇ ਜ਼ਾਤੀ ਮੁਫਾਦਾਂ ਖਾਤਰ ਪ੍ਰਧਾਨਗੀਆਂ ਜਾਂ ਸਕੱਤਰੀਆਂ ਲੈਣ ਲਈ ਝਗੜਿਆਂ ’ਚ ਉਲਝ ਕੇ ਸੰਗਤ ਦਾ ਸਾਰਾ ਦਸਵੰਧ, ਸੰਸਾਰੀ ਅਦਾਲਤਾਂ ’ਚ ਰੋਲ ਦਿੱਤਾ ਜਾਂਦਾ ਹੈ ? ਸ਼ਾਇਦ ਭੁੱਲ ਗਏ ਹਾਂ ਕਿ ਪ੍ਰਧਾਨ ਤਾਂ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਸਕੱਤਰੀਆਂ ਸਿਰਫ ਸਰਕਾਰੀ (ਸੰਸਾਰੀ) ਜਾਂ ਵਪਾਰਿਕ ਅਦਾਰਿਆਂ ’ਚ ਹੀ ਹੁੰਦੀਆਂ ਹਨ। ਕ੍ਰਿਪਾ ਕਰੋ, ਇਹ ਆਤਮਘਾਤੀ ਰਸਤੇ ਛੱਡ, ਗੁਰਮਤਿ ਦੀਆਂ ਕਦਰਾਂ-ਕੀਮਤਾਂ (Core Values) ਨਾਲ ਦੁਬਾਰਾ ਜੁੜੋ ਤੇ ਪੰਚ ਪ੍ਰਧਾਨੀ ਦੇ ਬਰਕਤਾਂ ਭਰੇ ਸੰਕਲਪ ਨੂੰ ਮੁੜ ਅਪਣਾਓ।

ਦੇਸੀ ਅੰਗਰੇਜ਼ਾਂ ਦੀ ਸਰਕਾਰ ਵਾਸਤੇ ਨੌਜਵਾਨਾਂ ਨੂੰ ਨਸ਼ਿਆਂ ’ਚ ਧਕੇਲਣਾ ਬਹੁਤ ਸੌਖਾਲਾ ਸੀ ਕਿਉਂਕਿ ਗੋਲਕਾਂ ਦੀਆਂ ਲੜਾਈਆਂ, ਮੁਕੱਦਮੇ ਬਾਜ਼ੀਆਂ, ਧੜੇਬੰਦੀਆਂ, ਨਿੰਦਿਆਂ-ਚੁਗਲੀ ਤੇ ਬੇਲੋੜਾ ਵਾਦ-ਵਿਵਾਦ ਵੇਖ ਕੇ ਸ਼ਾਇਦ ਹੀ ਕਿਸੇ ਨੌਜਵਾਨ ਨੇ ਆਪਣੇ ਮਨ ਨਾਲ ਕਦੀ ਗੁਰਦੁਆਰੇ ਵੱਲ ਮੂੰਹ ਕੀਤਾ ਹੋਵੇਗਾ। ਅੱਜ ਕਿਹੜਾ ਖ਼ਾਲਸਾ ਸਕੂਲ ਤੇ ਕਾਲਜ ਹੈ, ਜਿੱਥੇ ਖਾਲਸਾਈ ਰੰਗਤ ਝਲਕਦੀ ਹੈ ? ਗੁਰੂ ਘਰ ਦੀ ਸੰਗਤ ਜਾਂ ਕਮੇਟੀ ’ਚੋਂ ਜੇ ਦੋ ਕੁ ਜਣਿਆਂ ਨੂੰ ਕੋਈ ਗੱਲ ਪਸੰਦ ਨਹੀਂ ਆਉਂਦੀ ਤਾਂ ਆਪਸ ’ਚ ਮਿਲ ਬੈਠ ਕੇ ਦੁਬਿਧਾ ਦੂਰ ਕਰਨ ਦੀ ਬਜਾਏ, ਝੱਟ ਇੱਕ ਨਵਾਂ ਗੁਰੂ ਘਰ ਹੀ ਉਸਾਰ ਲਿਆ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੱਚੇ ਮਨ ਨਾਲ ਅੱਜ ਜਿਹੜਾ ਕੋਈ ਵੀ ਗੁਰਮਤਿ ਵਿਚਾਰਧਾਰਾ ਦੀ ਸਹੀ ਤਸਵੀਰ ਪੇਸ਼ ਕਰਦਾ ਹੈ, ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਪਾਸੇ ਕਰ ਦਿੱਤਾ ਜਾਂਦਾ ਹੈ। ਸੰਗਤ ਨੂੰ ਵੀ ਸ਼ਾਇਦ ਕੰਨ ਰਸ ਪੈਣ ਕਰਕੇ ਉਹੀ ਪ੍ਰਚਾਰਕ ਚੰਗੇ ਲੱਗਦੇ ਹਨ, ਜਿਹੜੇ ਮਨਘੜਤ ਸਾਖੀਆਂ ਸੁਣਾ ਕੇ ਕੁਝ ਚਿਰ ਲਈ ਉਹਨਾਂ ਦੀ ਵਡਿਆਈ ਤੇ ਮਨੋਰੰਜਨ ਕਰ ਸਕਣ। ਜੇ ਕਿਸੇ ਨਾਮਵਰ (ਪ੍ਰਸਿੱਧ) ਕੀਰਤਨੀਏ ਜੱਥੇ ਜਾਂ ਕਥਾਵਾਚਕ ਨੇ ਆਉਣਾ ਹੋਵੇ ਤਾਂ ਅਸੀਂ ਹਰ ਰੁਝੇਵਾਂ ਛੱਡ ਗੁਰਦੁਆਰੇ ਪਹੁੰਚ ਜਾਈਦਾ ਹੈ, ਵਰਨਾ ਸਾਡੇ ਕੋਲ ਤਾਂ ਸਾਹ ਲੈਣ ਦਾ ਸਮਾਂ ਵੀ ਨਹੀਂ ਹੁੰਦਾ। ਤ੍ਰਾਸਦੀ ਤਾਂ ਇਸ ਗੱਲ ਦੀ ਹੈ ਕਿ ਵਧੀਆ ਪ੍ਰਚਾਰਕ ਵੀ ਮੌਕਾ ਦੇਖ ਕੇ ਹੀ ਵਿਸ਼ੇ ਨੂੰ ਛੋਂਹਦੇ ਹਨ। ਬੇਸ਼ੱਕ ਪਤਾ ਹੁੰਦਾ ਹੈ ਕਿ you tube ਤੇ ਝੱਟ ਹੀ ਵੀਡੀਓ ਪੈ ਜਾਣਾ ਹੈ ਪਰ ਫਿਰ ਵੀ ਇਕੋ ਵਿਸ਼ੇ ’ਤੇ ਇਹਨਾਂ ਦਾ ਪ੍ਰਚਾਰ ਦੇਸ ਅਤੇ ਵਿਦੇਸ਼ ਵਿੱਚ ਵੱਖੋ-ਵੱਖਰਾ ਹੀ ਹੁੰਦਾ ਹੈ। ਉੱਪਰੋਂ ਸਾਡੇ ਕਾਰ ਸੇਵਾ ਵਾਲੇ ਬਾਬਿਆਂ ਦੀ ਸੇਵਾ ਏਨੀ ਮਹਾਨ ਹੈ ਕਿ ਹਰ ਥਾਂ ਸੰਗਮਰਮਰ ਦੇ ਪੱਥਰ ਲਗਵਾ ਕੇ, ਗੁਰ ਅਸਥਾਨਾਂ ਦੀ ਮੌਲਿਕਤਾ ਹੀ ਖ਼ਤਮ ਕਰੀ ਜਾ ਰਹੇ ਹਨ। ਬਾਕੀ ਰਹਿੰਦੀ-ਖੂੰਹਦੀ ਕਸਰ ਬੰਦੂਕਾਂ, ਨੰਗੇਜ਼ ਤੇ ਨਸ਼ੇ ਉਤਸ਼ਾਹਿਤ ਕਰਨ ਵਾਲੇ ਘਟੀਆ ਤੇ ਬੇਹੁਦਾ ਪੰਜਾਬੀ ਗਾਇਕਾਂ ਨੇ ਪੂਰੀ ਕਰ ਦਿੱਤੀ ਹੈ।

ਮੇਰੇ ਵਰਗਾ ਖਿਆਲੀ ਜਾਗਰੂਕ ਵੀ ਦੋ ਚਾਰ ਲੇਖਾਂ ਰਾਹੀਂ ਆਪਣੀ ਵਿਦਵਤਾ ਦਾ ਸਬੂਤ ਦੇ, ਕੌਮ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਖ਼ਤਮ ਸਮਝ ਲੈਂਦਾ ਹੈ ਭਾਵੇਂ ਕਿ ਉਹ ਲੇਖ ਉੱਥੇ ਪਹੁੰਚਣ ਹੀ ਨਾ, ਜਿੱਥੇ ਅਸਲ ’ਚ ਪਹੁੰਚਣੇ ਚਾਹੀਦੇ ਹਨ। ਆਪਸ ਦੇ ਵਿੱਚ ਹੀ ਆਪਣੀ ਵਿਦਵਤਾ ਦੀਆਂ ਕਲੋਲਾਂ ਦੇ ਨਾਲ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਆਦੀ ਹੋਏ ਵਿਦਵਾਨਾਂ ਨੂੰ ਆਮ ਸੰਗਤ ਦੀ ਨਿਸ਼ਕਾਮ ਸੇਵਾ-ਭਾਵਨਾ ਕਰਨ ਦਾ ਖਿਆਲ, ਮਾਨੋ ਉੱਕਾ ਹੀ ਵਿਸਰ ਜਾਂਦਾ ਹੈ। ਕਈਆਂ ਨੂੰ ਸੁਰਖੀਆਂ ’ਚ ਬਣੇ ਰਹਿਣ ਦਾ ਚਸਕਾ ਪੈ ਜਾਂਦਾ ਹੈ ਤੇ ਇਸ ਮੰਤਵ ਦੀ ਪੂਰਤੀ ਲਈ ਇੱਕ ਦੇ ਬਾਅਦ ਇੱਕ ਵਿਵਾਦ ਗ੍ਰਸਤ ਬਿਆਨ ਦੇਣ ਲੱਗਿਆਂ ਵੀ ਉਹਨਾਂ ਦੀ ਰੂਹ ਨਹੀਂ ਕੰਬਦੀ। ਕਈਆਂ ਲਈ ਤਵਾਰੀਖ ’ਚ ਆਪਣਾ ਨਿਵੇਕਲਾ ਥਾਂ ਬਣਾਉਣ ਦੀ ਚਿੰਤਾ ਹੀ ਸਭ ਤੋਂ ਅਹਿਮ ਮੁੱਦਾ ਬਣ ਜਾਂਦੀ ਹੈ। ਇਸ ਸਭ ਤੋਂ ਉੱਪਰ, ਕੌਮ ’ਚ ਮੌਜੂਦ ਅਨੇਕਾਂ ਸਿਧਾਂਤਕ ਮਤਭੇਦਾਂ ਨੇ ਆਮ ਸਿੱਖ ਨੂੰ ਗੁੰਮਰਾਹ, ਪ੍ਰੇਸ਼ਾਨ ਤੇ ਲਗਭਗ ਸੁੰਨ ਹੀ ਕਰ ਦਿੱਤਾ ਹੈ। ਪੰਜਾਬੀ ਦੀ ਬੜੀ ਪੁਰਾਣੀ ਕਹਾਵਤ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਆਪਣੀ ਅਕਲ ਅਤੇ ਦੂਜੇ ਦਾ ਪੈਸਾ ਹਮੇਸ਼ਾਂ ਜ਼ਿਆਦਾ ਜਾਪਦਾ ਹੈ। ਇਸੇ ਲਈ ਵਿਵਾਦ ਗ੍ਰਸਤ ਮੁੱਦੇ ’ਤੇ ਜਿੱਥੇ ਧਰਮ ਤੋਂ ਬਿਲਕੁਲ ਸੱਖਣਾ ਅਤੇ ਅਣਜਾਣ ਮਨੁੱਖ ਵੀ ਆਪਣੀ ਰਾਏ ਦੇਣ ਤੋਂ ਪਿੱਛੇ ਨਹੀਂ ਹਟਦਾ, ਉੱਥੇ ਹੀ ਹਰ ਪੰਥ ਦਰਦੀ ਵਿਦਵਾਨ, ਵਿਅਕਤੀਗਤ ਤੌਰ ’ਤੇ ਆਪਣੀ ਸੋਚ ਤੇ ਖੋਜ ਨੂੰ ਝੱਟ ਹੀ ਸੰਗਤ ਨਾਲ ਸਾਂਝੀ ਕਰ ਛੱਡਦਾ ਹੈ। ਅਜਿਹਾ ਕੀਤਿਆਂ ਜਿੱਥੇ ਸੰਗਤ ’ਚ ਹੋਰ ਵੀ ਉਲਝਣ, ਰੋਸ ਤੇ ਗੁੱਸਾ ਉਪਜਦਾ ਹੈ, ਉੱਥੇ ਹੀ ਅਸੀਂ ਅਸਲ ਨਾਲੋਂ ਵੀ ਕਿਤੇ ਵੱਧ ਵੰਡੇ ਹੋਏ ਨਜ਼ਰ ਆਉਂਦੇ ਹਾਂ। ਮੇਰਾ ਮਨ ਨਹੀਂ ਮੰਨਦਾ ਕਿ ਵਾਕਿਆ ਹੀ, ਸ਼ੀਆ ਤੇ ਸੁੰਨੀ ਮੁਸਲਮਾਨਾਂ ਦੀ ਤਰ੍ਹਾਂ ਕੱਲ੍ਹ ਨੂੰ ਅਸੀਂ ਵੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਜਾਵਾਂਗੇ ਕਿਉਂਕਿ ਗੁਰੂ ਦੇ ਅਸਲ ਸਿੱਖ ਨੇ ਗੁਰਬਾਣੀ ਦੀ ਸਿੱਖਿਆ ‘‘ਬਾਦੁ ਬਿਬਾਦੁ; ਕਾਹੂ ਸਿਉ ਨ ਕੀਜੈ ॥’’ (ਭਗਤ ਨਾਮਦੇਵ/੧੧੬੪) ਨੂੰ ਹਮੇਸ਼ਾ ਲਈ ਮਨ ’ਚ ਵਸਾ ਕੇ ਕਮਾ ਲਿਆ ਹੁੰਦਾ ਹੈ।

ਗ੍ਰੰਥ ਸਾਹਿਬ ਜੀ ਦੇ ਲੜ ਲੱਗਿਆ ਗੁਰੂ ਦਾ ਸਿੱਖ ਤਾਂ ਹਮੇਸ਼ਾਂ ਇਹੀ ਕਹੇਗਾ ਨਾ: ‘‘ਤੂ ਸਮਰਥੁ ਵਡਾ; ਮੇਰੀ ਮਤਿ ਥੋਰੀ ਰਾਮ ॥’’ (ਮ: ੫/੫੪੭) ਦੁਫਾੜ ਕਰਨ ਦੀ ਸੰਭਾਵਨਾ ਵਾਲੇ ਜਾਂ ਪਹਿਲਾਂ ਤੋਂ ਹੀ ਮੌਜੂਦ ਮਤਭੇਦਾਂ ਤੇ ਮਨਭੇਦਾਂ ਨੂੰ ਮਿਟਾਉਣ ਲਈ ਚਾਹੀਦਾ ਤਾਂ ਇਹ ਸੀ ਕਿ ਜੇ ਕੋਈ ਵਿਵਾਦਗ੍ਰਸਤ ਮੁੱਦੇ ’ਤੇ ਲਿਖਣ ਦਾ ਹੀਆ ਕਰੇ ਤਾਂ ਛਪਵਾਉਣ ਤੋਂ ਪਹਿਲਾਂ, ਪੰਚਾਂ ਦੀ ਨਿਗਰਾਨੀ ਅਤੇ ਛਤਰ-ਛਾਇਆ ਹੇਠ ਬਣੀ ਉਪਰੋਕਤ, ਜਵਾਬਦੇਹ ਕੇਂਦਰੀ ਸੰਸਥਾ ਕੋਲੋਂ ਲਿਖਤ ਨੂੰ ਪ੍ਰਮਾਣਿਤ ਕਰਵਾਉਣਾ ਲਾਜ਼ਮੀ ਹੋਵੇ। ਪ੍ਰੈੱਸ ਕਾਨਫਰੰਸਾਂ ਰਾਹੀਂ ਆਪੋ-ਆਪਣੀਆਂ ਡਫਲੀਆਂ ਵਜਾਉਣ ਦੀ ਥਾਂ ਆਪਣਾ ਬਿਆਨ ਵੀ ਕੇਂਦਰੀ ਸੰਸਥਾ ਨੂੰ ਭੇਜਣ ਦਾ ਸਾਧਨ ਹੋਵੇ ਤਾਂ ਕਿ ਅਗਾਂਹ ਘੋਖਣ ਮਗਰੋਂ ਸਰਬਸੰਮਤੀ ਨਾਲ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਾ ਸਕੇ। ਅਜਿਹਾ ਕੀਤਿਆਂ ਤੁਸੀਂ ਵੀ ਇੱਕ ਵਿਵਾਦ ਗ੍ਰਸਤ ਸ਼ਖ਼ਸੀਅਤ ਨਾ ਹੋ ਕੇ, ਪੰਥ ਦੇ ਭਲੇ ਵਾਸਤੇ ਕਾਰਜ ਕਰਨ ਵਾਲੇ ਸੁਘੜ ਤੇ ਸਿਆਣੇ ਗੁਰਸਿੱਖ ਹੋ ਨਿਬੜਦੇ ‘‘ਚਤੁਰ ਸਿਆਣਾ ਸੁਘੜੁ ਸੋਇ; ਜਿਨਿ ਤਜਿਆ ਅਭਿਮਾਨੁ ॥’’ (ਮ: ੫/੨੯੭)

ਅਸਲ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਤੇ ਟੇਕ ਅਤੇ ਅਰਥਾਂ ਦੀ ਸੋਝੀ ਨਾ ਹੋਣ ਕਾਰਨ ਹੀ, ਅਸੀਂ ਹੋਰਨਾਂ ਵਲੋਂ ਪਾਏ ਗਏ ਜਾਂ ਪਾਏ ਜਾ ਰਹੇ ਭਰਮ-ਭੁਲੇਖਿਆਂ ਦੇ ਦਾਣਿਆਂ ਨੂੰ ਦੁਬਿਧਾ ਕਾਰਨ ਬਹੁਤ ਜਲਦੀ ਚੁਗ ਲੈਂਦੇ ਹਾਂ। ਗੁਰੂ ਨਾਲ ਨੇੜਤਾ ਵਧਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਗੁਰਦੁਆਰਿਆਂ ਦੇ ਪ੍ਰੋਗਰਾਮਾਂ ’ਚ ਤਬਦੀਲੀ ਕਰਨੀ ਪੈਣੀ ਹੈ। ਇਸ ਲੇਖ ਦੀਆਂ ਕੁੱਝ ਗੱਲਾਂ ਭਾਵੇਂ ਕਿ ਬਾਹਰਲੇ ਮੁਲਕਾਂ ਦੇ ਗੁਰੂ ਘਰਾਂ ’ਤੇ ਜ਼ਿਆਦਾ ਢੁਕਦੀਆਂ ਹਨ ਪਰ ਫਿਰ ਵੀ ਸਾਡਾ ਸਾਰਿਆਂ ਦਾ ਇੱਕੋ ਸਫ਼ੇ ’ਤੇ ਹੋਣਾ ਬਹੁਤ ਜ਼ਰੂਰੀ ਹੈ। ਇਤਿਹਾਸਕ ਗੁਰਦੁਆਰੇ ਵੀ ਆਪਣਾ ਪ੍ਰੋਗਰਾਮ ਮਿੱਥਣ ਸਮੇਂ ਇਹ ਯਕੀਨੀ ਬਣਾਉਣ ਕਿ ਆਈ ਸੰਗਤ ਨੂੰ ਹਰ ਵਕਤ ਕਿਸੇ ਨਾ ਕਿਸੇ ਰੂਪ ’ਚ ਗੁਰ ਸ਼ਬਦ ਦੀ ਵੀਚਾਰ ਜ਼ਰੂਰ ਮਿਲੇ ਕਿਉਂਕਿ ਬਹੁਤੀ ਸੰਗਤ ਸਰੋਵਰ ’ਚ ਇਸ਼ਨਾਨ ਕਰ, ਜਲ ਦੀਆਂ ਬੋਤਲਾਂ ਭਰ ਅਤੇ ਲੰਗਰ ਛੱਕਣ ਉਪਰੰਤ ਹੀ ਆਪਣੀ ਯਾਤ੍ਰਾ ਸਫਲ ਸਮਝ ਲੈਂਦੀ ਹੈ। ਗੁਰੂ ਸਾਹਿਬ ਜੀ ਦਾ ਵੀ ਫੁਰਮਾਨ ਹੈ ‘‘ਇਕਾ ਬਾਣੀ, ਇਕੁ ਗੁਰੁ; ਇਕੋ ਸਬਦੁ ਵੀਚਾਰਿ ।।’’ ( ਮ: 3/646)

ਸਾਡਾ ਗੁਰੂ ਇੱਕ, ਸਾਡੀ ਬਾਣੀ ਇੱਕ, ਗੁਰ ਮੰਤਰ ਇੱਕ ਤੇ ਇੱਕ ਕੇਸਰੀ ਝੰਡੇ ਹੇਠ ਵਿਚਰਦਿਆਂ, ਇੱਕ ਅਕਾਲ ਪੁਰਖ ਦੀ ਅਰਾਧਨਾ ਕਰਨ ਵਾਲੇ ਇੱਕ ਪੰਥ ਦਾ ਧਰਮ ਵੀ ਇੱਕ, ਤਾਂ ਫਿਰ ਇੱਕ ਇਲਾਕੇ (Community) ਵਿੱਚ ਅਨੇਕਾਂ ਗੁਰਦੁਆਰੇ ਕਿਉਂ ਹਨ ? ਚੇਤੇ ਰਹੇ ਕਿ ਗੁਰੂ ਘਰ ਸਭ ਦਾ ਸਾਂਝਾ ਹੈ ਕਿਉਂਕਿ ਉੱਥੇ ਜਗਤ ਗੁਰੂ, ਸਾਹਿਬ ਸ੍ਰੀ ਗੁਰੂ ਗ੍ਰੰਥ ਜੀ ਦਾ ਪ੍ਰਕਾਸ਼ ਹੁੰਦਾ ਹੈ। ਆਪਸ ’ਚ ਫ਼ੈਸਲਾ ਕਰ ਕੇ ਸੰਗਤ ਲਈ ਇੱਕ ਗੁਰਦੁਆਰਾ ਖੁੱਲ੍ਹਾ ਰੱਖ, ਬਾਕੀਆਂ ਨੂੰ ਮਾਨਵ ਸੇਵਾ ਲਈ ਭਾਂਤ-ਭਾਂਤ ਦੇ ਸੇਵਾ ਕੇਂਦਰਾਂ ’ਚ (ਉਦਾਹਰਨ ਵਜੋਂ ਭਾਈ ਘਨੱਈਆ ਜੀ, ਡਿਸਪੈਂਸਰੀ) ਤਬਦੀਲ ਕਰ ਦੇਣਾ ਚਾਹੀਦਾ ਹੈ। ਇੱਕ ਇਲਾਕੇ ’ਚ ਇੱਕ ਹੀ ਗੁਰੂ ਘਰ ਹੋਵੇਗਾ ਤਾਂ ਗੁਰ ਮਰਿਆਦਾ (ਸਿੱਖ ਰਹਿਤ ਮਰਿਆਦਾ) ਵੀ ਇੱਕ ਹੀ ਹੋਵੇਗੀ ਤੇ ਇੰਝ ਸੰਗਤ ਦਾ ਏਕਾ ਵੀ ਇੱਕ ਮਿਸਾਲ ਬਣ ਜਾਏਗਾ ਕਿਉਂਕਿ ਲੜਨ ਵਾਲੇ ਪ੍ਰਬੰਧਕ ਵੀ ਆਪਣੀ ਇੱਛਾ ਪੂਰਤੀ ਲਈ ਕਿਤੇ ਹੋਰ ਜਗਾ ਲੱਭਣਗੇ।

ਹੁਣ ਸਭ ਦੇ ਸਾਂਝੇ ਇਸ ਨਿੱਘੇ ਗੁਰੂ ਘਰ ਵਿੱਚੋਂ ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾਂ ਹਟਾ ਦੇਣੀਆਂ ਚਾਹੀਦੀਆਂ ਹਨ। ਇਹਨਾਂ ਦੀ ਥਾਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਤੁਕਾਂ (ਅਰਥਾਂ ਸਮੇਤ) ਗੁਰੂ ਘਰ ਦੀਆਂ ਕੰਧਾਂ ਦਾ ਸ਼ਿੰਗਾਰ ਬਣ ਸਕਦੀਆਂ ਹਨ। ਇਤਿਹਾਸਿਕ ਗੁਰਦੁਆਰਿਆਂ ਨੂੰ ਇਸ ਪਾਸੇ ਪਹਿਲ ਕਦਮੀ ਕਰਦਿਆਂ ਸੇਧ ਦੇਣੀ ਚਾਹੀਦੀ ਹੈ। ਉਦਾਹਰਨ ਦੇ ਤੋਰ ’ਤੇ ‘ਤਖ਼ਤ ਸ੍ਰੀ ਹਜ਼ੂਰ ਸਾਹਿਬ, ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਨੋਕਲਪਿਤ ਤਸਵੀਰਾਂ ’ਤੇ ਹਾਰ ਪਾਏ ਹੋਏ ਹਨ। ਉੱਪਰੋਂ ਜੋਤਾਂ ਜਗਾ, ਘੰਟੀਆਂ, ਟੱਲ ਆਦਿ ਖੜਕਾ ਕੇ ਆਰਤੀ ਉਤਾਰੀ ਜਾਂਦੀ ਹੈ, ਜੋ ਸਭ ਕੁਝ ਗੁਰਮਤਿ ਦੇ ਐਨ ਉਲਟ ਹੈ ਤੇ ਮੂਰਤੀ ਪੂਜਾ ਦਾ ਹੀ ਇੱਕ ਰੂਪ ਹੈ।’

ਇਸੇ ਤਰ੍ਹਾਂ ਆਪਣੇ ਘਰਾਂ ’ਚ ਵੀ ਗੁਰੂ ਸਾਹਿਬ ਦੀਆਂ ਫ਼ਰਜ਼ੀ (ਭਾਵੇਂ ਅਸਲੀ ਹੋਵਣ ਤਾਂ ਵੀ) ਤਸਵੀਰਾਂ ਮੂਹਰੇ ਅਗਰਬੱਤੀਆਂ ਧੁਖਾਇਆਂ, ਘਰ ਦੀਆਂ ਕੰਧਾਂ ਤਾਂ ਜ਼ਰੂਰ ਕਾਲੀਆਂ ਹੋਣਗੀਆਂ ਪਰ ਮਨ ਦੀ ਕਾਲ਼ਖ਼ ਨਹੀਂ ਉਤਰੇਗੀ। ਯਾਦ ਰਹੇ ਕਿ ਮੱਥਾ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਟੇਕਣਾ ਹੈ, ਪਰ ਇਕੱਲਾ ਮੱਥਾ ਟੇਕਣਾ ਭੀ ਕਾਫ਼ੀ ਨਹੀਂ ‘‘ਸੀਸਿ ਨਿਵਾਇਐ ਕਿਆ ਥੀਐ ? ਜਾ ਰਿਦੈ ਕੁਸੁਧੇ ਜਾਹਿ।।’’ (ਮ:1/470)

ਗੁਰੂ ਦੇ ਅਸਲ ਦਰਸ਼ਨ, ਗੁਰੂ ਸ਼ਬਦ ਦੀ ਵੀਚਾਰ ਹੈ। ਹਾਂ, ਅਜਾਇਬ ਘਰ ਦੀ ਤਰਜ਼ ’ਤੇ ਗੁਰੂ ਘਰ ਦੇ ਪ੍ਰਕਾਸ਼/ਦੀਵਾਨ ਹਾਲ ਤੋਂ ਇਲਾਵਾ ਜਿਵੇਂ ਕਿ ਲੰਗਰ ਹਾਲ ਜਾਂ ਲਾਇਬ੍ਰੇਰੀ ਆਦਿ ਵਿੱਚ ਤਸਵੀਰਾਂ ਰਾਹੀਂ ਸਿੱਖ ਇਤਿਹਾਸ ਦੇ ਵੱਖੋ-ਵੱਖਰੇ ਪਹਿਲੂ ਦਰਸਾਉਣ ਦਾ ਯਤਨ ਜ਼ਰੂਰ ਕਰ ਸਕਦੇ ਹਾਂ। ਇਸ ਆਸ਼ੇ ਅਤੇ ਸੰਗਤ ਦੇ ਚੇਤੇ ਵਾਸਤੇ ਹਿਦਾਇਤ ਨੂੰ, ਕਿ ਭੁੱਲ ਕੇ ਵੀ ਕਦੀ ਕਿਸੇ ਤਸਵੀਰ ਨੂੰ ਮੱਥਾ ਨਹੀਂ ਟੇਕਣਾ, ਮੋਟੇ ਅੱਖਰਾਂ ’ਚ ਅਤੇ ਮੇਨ ਗੇਟ ਉੱਤੇ ਨਾਲ ਹੀ ਲਿਖ ਦੇਣਾ ਅਤਿ ਜ਼ਰੂਰੀ ਹੈ।

ਅੰਮ੍ਰਿਤ ਵੇਲੇ ਦੀ ਮਹੱਤਤਾ ਸ਼ਬਦਾਂ ’ਚ ਬਿਆਨ ਨਹੀਂ ਕੀਤੀ ਜਾ ਸਕਦੀ; ਜਿਵੇਂ ਕਿ ਗੁਰੂ ਵਾਕ ਹੈ: ‘‘ਬਾਬੀਹਾ  ! ਅੰਮ੍ਰਿਤ ਵੇਲੇ ਬੋਲਿਆ; ਤਾਂ ਦਰਿ ਸੁਣੀ ਪੁਕਾਰ।।’’ (ਮ: 3/ਅੰਗ 1285) ਪਰ ਅੱਜ ਬਹੁਤੇ ਗੁਰੂ ਘਰਾਂ ’ਚ ਅੰਮ੍ਰਿਤ ਵੇਲੇ ਦੀ ਸੰਭਾਲ਼ ਦਾ ਯਤਨ ਹੀ ਨਹੀਂ ਹੋ ਰਿਹਾ। ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਦੀਵਾਨ ਉਸ ਸਮੇਂ ਸ਼ੁਰੂ ਹੁੰਦੇ ਹਨ, ਜਿਸ ਸਮੇਂ ਉਹ ਅਸਲ ’ਚ ਸਮਾਪਤ ਹੋ ਜਾਣੇ ਚਾਹੀਦੇ ਹਨ। ਬਹੁਤੇ ਗੁਰੂ ਘਰਾਂ ’ਚੋ ਅੰਮ੍ਰਿਤ ਵੇਲੇ ਦਾ ਨਾਮ ਸਿਮਰਨ ਬਿਲਕੁਲ ਹੀ ਗਾਇਬ ਹੈ, ਜਦਕਿ ਗੁਰੂ ਫ਼ੁਰਮਾਨ ਹੈ: ‘‘ਮਿਲੁ ਸਾਧ ਸੰਗਤਿ; ਭਜੁ ਕੇਵਲ ਨਾਮ ॥’’ (ਮ: ੫/੧੨) ਅੰਮ੍ਰਿਤ ਵੇਲੇ ਸਾਧ ਸੰਗਤ ’ਚ ਜੁੜ ਕੇ ਨਾਮ ਸਿਮਰਨ ਰਾਹੀਂ ਅਕਾਲ ਪੁਰਖ ਦੀ ਉਸਤਤ ਕੀਤਿਆਂ ਅਜਿਹੀ ਪ੍ਰੇਮਮਈ ਤੇ ਦੁੱਖ ਨਿਵਾਰਨ ਸ਼ਕਤੀ ਉਪਜਦੀ ਹੈ, ਜਿਸ ਵਿੱਚ ਭਿੱਜਿਆਂ ਮਨ ਆਪ ਮੁਹਾਰੇ ਹੀ ਕਹਿ ਉੱਠਦਾ ਹੈ: ‘‘ਜਲਨਿ ਬੁਝੀ, ਸੀਤਲ ਹੋਇ ਮਨੂਆ; ਸਤਿਗੁਰ ਕਾ ਦਰਸਨੁ ਪਾਇ ਜੀਉ।।’’ (ਮ :5/103)

ਭਾਈ ਗੁਰਦਾਸ ਜੀ ਦੇ ਪਿਆਰੇ ਬੋਲ ਬੜੇ ਮਹੱਤਵ ਪੂਰਨ ਹਨ ਜੋ ਸਾਨੂੰ ਅੰਮ੍ਰਿਤ ਵੇਲੇ ਇਕਾਗਰਤਾ ਨਾਲ ਪ੍ਰਭੂ ਭਗਤੀ ’ਚ ਲੀਨ ਹੋਣ ਦੀ ਜਾਚ ਸਿਖਾਉਂਦੇ ਹਨ:

‘‘ਸਤਿਗੁਰੁ ਜਾਗ ਜਗਾਇਦਾ, ਸਾਧ ਸੰਗਤਿ ਮਿਲਿ ਅੰਮ੍ਰਿਤ ਵੇਲਾ ।। ਨਿਜ ਘਰਿ ਤਾੜੀ ਲਾਈਅਨੁ, ਅਨਹਦ ਸਬਦ ਪਿਰਮ ਰਸ ਖੇਲਾ ।।’’ (ਵਾਰ 26/ਪਉੜੀ 17)

ਗੁਰਮਤਿ ਕੈਂਪ ਲਗਾ ਕੇ ਸਿਮਰਨ ਅਤੇ ਗੁਰ ਸ਼ਬਦ ਰਾਹੀਂ ਮਨ ਨੂੰ ਟਿਕਾਉਣ ਦੀ ਜੁਗਤ (ਯੋਗ ਮੱਤ ਨਹੀਂ ਬਲਕਿ ‘‘ਸੁਣਿਐ; ਲਾਗੈ ਸਹਜਿ ਧਿਆਨੁ ॥’’ ਜਪੁ) ਸਿਖਾਉਣਾ ਵੀ ਹਰ ਗੁਰੂ ਘਰ ਦੇ ਮਨੋਰਥਾਂ ’ਚੋ ਇੱਕ ਹੋਣਾ ਚਾਹੀਦਾ ਹੈ। ਜਿਹੜੀ ਸੰਗਤ ਕਿਸੇ ਵੀ ਕਾਰਨ ਆਪ ਪਾਠ ਕਰਨ ਤੋਂ ਅਸਮਰੱਥ ਹੋਵੇ, ਉਸ ਦੇ ਲਈ ਅੰਮ੍ਰਿਤ ਵੇਲੇ ਰੁਜ਼ਾਨਾ ਨਿਤਨੇਮ ਦਾ ਪ੍ਰਬੰਧ ਲਾਜ਼ਮੀ ਹੋਣਾ ਚਾਹੀਦਾ ਹੈ। ਅਜੋਕੇ ਸਮੇਂ ’ਚ ਸ਼ਾਇਦ ਹੀ ਕੋਈ ਅਜਿਹਾ ਗੁਰੂ ਘਰ ਹੋਵੇਗਾ ਜਿੱਥੇ ਅਰਦਾਸ ਉਪਰੰਤ ਦੇਗ ਵਰਤਾਉਣ ਤੋਂ ਪਹਿਲਾਂ, ਗੁਰੂ ਸਾਹਿਬ ਜੀ ਵਲੋਂ ਬਖ਼ਸ਼ੇ ਹੁਕਮਨਾਮੇ ਦੀ ਵਿਆਖਿਆ ਹੁੰਦੀ ਹੋਵੇਗੀ। ਅਰਦਾਸ ਤੋਂ ਕੁਝ ਹੀ ਸਮਾਂ ਪਹਿਲਾਂ, ਗੁਰ ਘਰ ਆਉਣ ਵਾਲੀ ਬਹੁਤਾਤ ਸੰਗਤ ਵੀ ਦੇਗ ਮਿਲਦਿਆਂ ਸਾਰ ਹੀ ਝੱਟ ਲੰਗਰ ਹਾਲ ’ਚ ਜਾ ਬਿਰਾਜਦੀ ਹੈ। ਗੁਰੂ ਦੀ ਬਾਣੀ ਨੂੰ ਵਿਚਾਰਨ ਦਾ ਘੱਟੋ-ਘੱਟ ਇਹ ਮੌਕਾ ਤਾਂ ਹੱਥੋਂ ਨਾ ਜਾਣ ਦੇਈਏ। ਸੋ ਅਤਿ ਜ਼ਰੂਰੀ ਹੈ ਕਿ ਚੜ੍ਹੀ ਦੁਪਹਿਰ ਦੀਵਾਨ ਦੀ ਸਮਾਪਤੀ ਕਰਨ ਦੀ ਥਾਂ, ਅੰਮ੍ਰਿਤ ਵੇਲੇ ਦੀ ਸੰਭਾਲ਼ ਕਰੀਏ ਤਾਂ ਕਿ ਸੰਗਤ ਨੂੰ ਵੀ ਆਪਣੇ ਕਾਰ ਵਿਹਾਰ ਲਈ ਵਾਧੂ ਸਮਾਂ ਮਿਲ ਸਕੇ।

ਗੁਰੂ ਸਾਹਿਬਾਨ ਨੇ ਗੁਰਬਾਣੀ ’ਚ ‘ਸਹਜ’ (260 ਵਾਰ), ‘ਸਹਜਿ’ (402 ਵਾਰ) ਤੇ ‘ਸਹਜੁ’ (65 ਵਾਰ), ਆਦਿ ਵਰਤੋਂ ਕੀਤੀ ਹੈ। ਧਿਆਨ ਰਹੇ ‘ਸਹਜਿ’ ਸ਼ਬਦ ਦੀ ਵਧੇਰੇ ਵਰਤੋਂ ਦਾ ਕਾਰਨ ‘ਸਹਜ ਵਿੱਚ’ ਜੀਵਨ ਬਸਰ ਕਰਨ ਵੱਲ ਸੰਕੇਤ ਹੈ ਭਾਵ ਸਹਜ ਵਿੱਚ ਬਾਣੀ ਪੜ੍ਹਨ, ਸਹਜ ਵਿੱਚ ਨਾਮ ਜਪਣ, ਸਹਜ ਵਿੱਚ ਗੱਲ ਕਰਨ, ਸਹਜ ਵਿੱਚ ਖਾਣ-ਪੀਣ ਤੇ ਸਹਜ ਵਿੱਚ ਚੱਲਣ, ਆਦਿ ਦੀ ਜਾਚ ਸਿਖਾਈ ਹੈ। ਸਾਡੀ ਸਹੂਲਤ ਵਾਸਤੇ ਸ਼ਬਦ ਦੀ ਅਰੰਭਤਾ ’ਚ ‘ਮਹਲਾ’ ਅਤੇ ਅਖੀਰ ’ਤੇ ‘ਨਾਨਕ’ ਪਦ ਮੋਹਰ ਲਾ ਕੇ ਹਰ ਸ਼ਬਦ ਨੂੰ ਸੰਪੂਰਨਤਾ ਬਖ਼ਸ਼ੀ ਗਈ ਹੈ, ਤਾਂ ਕਿ ਸਾਡੀਆਂ ਮਾਨਸਿਕ ਤਰੰਗਾਂ ਸੀਮਾਵਾਂ ’ਚ ਰਹਿਣ ਭਾਵ ਅਸੀਂ ਗੁਰਬਾਣੀ ਦੇ ਹਰ ਇੱਕ ਸ਼ਬਦ ਨੂੰ ਸਹਿਜ ਭਾਵ ਨਾਲ ਵੀਚਾਰ ਸਕੀਏ।

ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਹੀ ਬਾਣੀ ਆਦਿ ਤੋਂ ਲੈ ਅੰਤ ਤੱਕ, ਇੱਕ ਸਿਰਲੇਖ ਹੇਠ ਤੇ ਇੱਕ ਹੀ ਰਾਗ ’ਚ ਹੈ ? ਨਹੀਂ, ਫਿਰ ਅਸੀਂ ਕਿਸ ਮਜ਼ਬੂਰੀ ਵੱਸ, ਬਾਣੀ ਦੇ ਅਥਾਹ ਖ਼ਜ਼ਾਨੇ ਦਾ ਅਖੰਡ ਪਾਠ ਇੱਕ ਮਿੱਥੇ ਤੇ ਸੀਮਤ ਜਿਹੇ ਸਮੇਂ ’ਚ ਸੰਪੂਰਨ ਕਰਨ ਦੇ ਚੱਕਰਾਂ ’ਚ ਪੈ ਗਏ ਹਾਂ ? ਸਾਡੇ ਗੁਰੂ ਸਾਹਿਬਾਨ ਦੀ ਜੀਵਨੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਆਤਮਿਕ ਤੇ ਧਾਰਮਿਕ ਸਿੱਖਿਆ ਦੇਣ ਦੇ ਨਾਲ ਹੀ ਸਾਨੂੰ ਹਰ ਹਾਲਤ ਵਿੱਚ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਪ੍ਰੇਰਨਾ ਵੀ ਕਰਦੀ ਹੈ। ਸੰਗਤ ਨੂੰ ਸਹੀ ਮਾਅਨਿਆਂ ’ਚ ਇਹ ਸਾਰੀਆਂ ਅਨਮੋਲਕ ਜੀਵਨ ਜਾਚਾਂ ਤਾਹੀਓਂ ਸਿਖਾ ਸਕਾਂਗੇ ਜੇ ਗੁਰੂ ਘਰਾਂ ’ਚੋਂ ਅਖੰਡ ਪਾਠਾਂ ਦੀ ਬਜਾਇ ਸਹਿਜ ਪਾਠ ਅਤੇ ਉਸ ਦੀ ਵਿਚਾਰ ਨੂੰ ਵਧੇਰੇ ਪ੍ਰਫੁੱਲਿਤ ਕਰਾਂਗੇ। ਕਹਿਣ ਦੀ ਲੋੜ ਨਹੀਂ ਕਿ ਅਜਿਹਾ ਕੀਤਿਆਂ ਪਾਠਾਂ ਵੇਲੇ ਹੁੰਦੀਆਂ ਅਨੇਕਾਂ ਬ੍ਰਾਹਮਣੀ ਮਨਮਤਾਂ ਤੋਂ ਵੀ ਆਪੇ ਹੀ ਖਹਿੜਾ ਛੁੱਟ ਜਾਵੇਗਾ। ਇੱਥੇ ਇਹ ਵੀ ਚੇਤਾ ਕਰਵਾਉਣਾ ਬਣਦਾ ਹੈ ਕਿ ਸੰਗਰਾਂਦ, ਮੱਸਿਆ, ਪੂਰਨਮਾਸੀ, ਆਦਿ ਵਰਗੀਆਂ ਅਨਮਤਾਂ ਦਾ ਸਿੱਖ ਧਰਮ ਨਾਲ ਕੋਈ ਵੀ ਲੈਣ ਦੇਣ ਨਹੀਂ। ਕੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਭਾਵੇਂ ਸਾਨੂੰ ਚੇਤੇ ਨਾ ਹੀ ਰਹੇ, ਪਰ ਸੰਗਰਾਂਦ ਵਾਲੇ ਦਿਨ ਦੇਗ ਕਰਵਾਉਣ ਲਈ ਅਸੀਂ ਮਹੀਨੇ ਬਾਅਦ ਗੁਰਦੁਆਰੇ ਜ਼ਰੂਰ ਹਾਜ਼ਰ ਹੋ ਜਾਂਦੇ ਹਾਂ ? ਬੜੀ ਸ਼ਰਮ ਦੀ ਗੱਲ ਹੈ ਕਿ ਇਸ ਬਾਰੇ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਸੰਗਤਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਬਹੁਤਾਤ ਸੰਗਤ ਨੂੰ ਇਸ ਦਾ ਇਲਮ ਵੀ ਹੈ ਪਰ ਇਸ ਦੇ ਬਾਵਜੂਦ ਗੁਰੂ ਘਰ ਦੇ ਕੈਲੰਡਰਾਂ ਤੇ ਸੂਚਨਾ ਬੋਰਡਾਂ ’ਤੇ ਸੰਗਰਾਂਦ ਦਾ ਦਿਹਾੜਾ ਜ਼ਰੂਰ ਲਿਖਿਆ ਜਾਂਦਾ ਹੈ। ਗੁਰੂ ਘਰਾਂ ਵਿੱਚ ਮਹੀਨਿਆਂ ਦੇ ਨਾਂ ਸੁਣਾਉਣੇ ਤੁਰੰਤ ਬੰਦ ਕਰ ਦੇਈਏ ਤੇ ਸਿਰਫ਼ ਗੁਰ ਪੁਰਬ ਅਤੇ ਗੁਰ ਇਤਿਹਾਸ ਨਾਲ ਸੰਬੰਧਤ ਦਿਹਾੜੇ ਹੀ ਮਨਾਈਏ ਤੇ ਯਾਦ ਕਰਵਾਈਏ ਕਿਉਂਕਿ ਗੁਰਸਿੱਖ ਕਿਸੇ ਸੂਰਜ ਦਾ ਨਹੀਂ ਬਲਕਿ ਇੱਕ ਅਕਾਲ ਦਾ ਪੁਜਾਰੀ ਹੈ।

ਸਾਨੂੰ ਬੇਝਿਜਕ ਹੁਣ ਇਹ ਸੱਚ ਕਬੂਲ ਕਰ ਲੈਣਾ ਚਾਹੀਦਾ ਹੈ ਕਿ ਸੰਗਤ ਦੇ ਸਾਰੇ ਹੀ ਵਰਗਾਂ ਲਈ ਇੱਕ ਅਨਿਸਚਿਤ (Vague-not precise) ਪ੍ਰਚਾਰ ਕਦੀ ਵੀ ਸਾਰਥਿਕ ਨਹੀਂ ਹੁੰਦਾ। ਗੁਰਦੁਆਰਿਆਂ ’ਚ ਅਸਰਦਾਰ ਪ੍ਰਚਾਰ ਕਰਨ ਲਈ ਮੁੱਖ ਤੌਰ ’ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਧਿਆਨ ’ਚ ਰੱਖ ਕੇ ਸਪੱਸ਼ਟ, ਪ੍ਰਭਾਵਸ਼ਾਲੀ ਅਤੇ ਢੁਕਵੇਂ (Targeted) ਪ੍ਰੋਗਰਾਮ ਉਲੀਕ ਕੇ ਹੀ ਕੌਮ ਦੇ ਉੱਜਲ ਭਵਿੱਖ ਦੀ ਆਸ ਤੇ ਠੋਸ ਬੁਨਿਆਦ ਰੱਖੀ ਜਾ ਸਕਦੀ ਹੈ। ਬੱਚਿਆਂ ਦੇ ਅਵਚੇਤਨ ਜਾਂ ਕਹਿ ਸਕਦੇ ਹਾਂ ਕਿ ਵਤੀਰੇ ਵਾਲੇ ਮਨ ’ਚ (Subconscious or behavioral mind) ਜੇਕਰ ਅੱਜ ਪਿਉ ਦਾਦੇ ਦੇ ਖਜ਼ਾਨੇ ’ਚੋਂ ਅਨਮੋਲਕ ਵਿਚਾਰ ਪਾਵਾਂਗੇ ਤਾਹੀਉਂ ਕੱਲ੍ਹ ਨੂੰ ਉਹਨਾਂ ਦਾ ਚੇਤਨ ਮਨ (conscious mind) ਰੋਜ਼-ਮਰਾ ਦੀ ਜ਼ਿੰਦਗੀ ’ਚ ਇਹਨਾਂ ਸਕਾਰਾਤਮਿਕ ਵਿਚਾਰਾਂ ਨੂੰ ਵਿਵਹਾਰਕ ਸ਼ੁੱਭ ਅਮਲਾਂ ਰਾਹੀਂ ਪ੍ਰਗਟਾ ਸਕੇਗਾ। ਇੰਝ ਵੀ ਕਹਿ ਸਕਦੇ ਹਾਂ ਕਿ ਕਹਾਣੀਆਂ ਅਵਚੇਤਨ ਮਨ ਦੀ ਭਾਸ਼ਾ ਹੁੰਦੀਆਂ ਹਨ, ਇਸੇ ਲਈ ਗੁਰੂ ਸਾਹਿਬ ਜੀ ਨੇ ਫ਼ੁਰਮਾਇਆ ਹੈ: ‘‘ਬਾਬਾਣੀਆ ਕਹਾਣੀਆ; ਪੁਤ ਸਪੁਤ ਕਰੇਨਿ ॥’’ (ਮ: ੩/੯੫੧)

ਇਸ ਲਈ ਅਵੇਸਲੇ ਹੋਏ ਮਾਪਿਆਂ ਨੂੰ ਸਭ ਤੋਂ ਪਹਿਲਾਂ ਆਪ ਸਮਝਣਾ ਪਵੇਗਾ ਕਿ ਬਾਕੀ ਪੜ੍ਹਾਈ ਦੀ ਤਰ੍ਹਾਂ, ਬੱਚਿਆਂ ਲਈ ਗੁਰਮਤਿ ਵਿਦਿਆ ਦੀ ਪ੍ਰਾਪਤੀ ਵੀ ਬਹੁਤ ਜ਼ਰੂਰੀ ਹੈ। ਬੱਚਿਆਂ ਅੰਦਰ ਗੁਰ-ਇਤਿਹਾਸ ਤੇ ਗੁਰ ਸ਼ਬਦ ਵੀਚਾਰ ਦਾ ਚਾਓ ਪੈਦਾ ਕਰ ਕੇ, ਘਾੜਤ ਘੜਨ ਦਾ ਵੇਲ਼ਾ ਹੁਣ ਹੀ ਹੈ, ਇਸ ਲਈ ਹਰ ਗੁਰੂ ਘਰ ’ਚ ਗੁਰਮਤਿ ਦੀਆਂ ਕਲਾਸਾਂ ਦਾ ਖ਼ਾਸ ਪ੍ਰਬੰਧ ਹੋਣਾ ਅਤਿ ਲਾਜ਼ਮੀ ਹੈ। ਇਹਨਾਂ ਗੁਰਮਤਿ ਕਲਾਸਾਂ ’ਚ ਬੱਚਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ, ਸਾਰੇ ਮਾਪਿਆਂ ਨੂੰ ਆਪਣਾ ਫ਼ਰਜ਼ ਪਹਿਚਾਣਦਿਆਂ ਤਹਿ ਦਿਲੋਂ ਹੰਭਲਾ ਮਾਰਨਾ ਪਵੇਗਾ। ਨਾਲ ਹੀ ਇੰਟਰਨੈੱਟ, ਮੋਬਾਈਲ, ਟੀ. ਵੀ, ਆਦਿ ਦੀ ਨਿਗਰਾਨੀ ਕਰ ਕੇ ਇਹ ਵੀ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਾਡੇ ਬੱਚਿਆਂ ਦਾ ਝੁਕਾਅ ਸਿਰਫ਼ ਗੁਰਮਤਿ ਅਤੇ ਖੇਡਾਂ ਵਾਲੇ ਪਾਸੇ ਹੀ ਹੈ ਜਾਂ ਕਿਤੇ ਹੋਰ। ਕਹਿਣ ਦੀ ਲੋੜ ਨਹੀਂ ਕਿ ਬੱਚਿਆਂ ਲਈ ਸਭ ਤੋਂ ਵੱਧ ਮਾਰਗ ਦਰਸ਼ਨ ਸਾਡਾ ਆਪਣਾ ਖੁਦ ਦਾ ਗੁਰਮਤਿ ਭਰਪੂਰ ਜੀਵਨ ਹੀ ਹੁੰਦਾ ਹੈ। ਬੱਚਿਆਂ ਦੀ ਮਹੀਨੇ ’ਚ ਇੱਕ ਵਾਰ ਧਾਰਮਿਕ ਪ੍ਰੀਖਿਆ ਵੀ ਲਈ ਜਾਏ ਤੇ ਸਾਰੇ ਬੱਚਿਆਂ ਨੂੰ ਸੰਗਤ ਦੇ ਸਾਹਮਣੇ ਹੀ ਉਤਸ਼ਾਹਿਤ ਕਰਨ ਦਾ ਉਪਰਾਲਾ ਕਰਨਾ ਲਾਭਕਾਰੀ ਰਹੇਗਾ। ਮੀਡੀਆ ਦੇ ਨਕਾਰਾਤਮਿਕ ਪ੍ਰਚਾਰ ਨੂੰ ਛਾਣ ਕੇ ਆਪਣੇ ਅਤੇ ਕੌਮ ਦੇ ਭਲੇ ਲਈ ਕਿਵੇਂ ਵਰਤਣਾ ਹੈ, ਇਸ ਦੀ ਸਿੱਖਿਆ ਤੋਂ ਤਾਂ ਸਾਰੀ ਸੰਗਤ ਹੀ ਫ਼ਾਇਦਾ ਉੱਠਾ ਸਕਦੀ ਹੈ।

ਇਸੇ ਤਰ੍ਹਾਂ ਨੌਜਵਾਨਾਂ ਨੂੰ ਜੇਕਰ ਗੁਰਦੁਆਰੇ ’ਚ ਵੇਖਣ, ਸੁਣਨ ਤੇ ਸਿੱਖਣ ਲਈ ਠੋਸ, ਤੱਤ ਭਰਪੂਰ ਜਾਣਕਾਰੀ, ਵਧੀਆ-ਉਸਾਰੂ ਮਹੌਲ ਤੇ ਤਜਰਬਾ ਦਿਆਂਗੇ ਤਾਂ ਜਿੱਥੇ ਉਹ ਗੁਰੂ ਨਾਲ ਜੁੜਨਗੇ, ਉੱਥੇ ਹੀ ਉਹਨਾਂ ਦਾ ਆਤਮ-ਵਿਸ਼ਵਾਸ ਵੀ ਪ੍ਰਫੁੱਲਿਤ ਹੋਵੇਗਾ। ਗੁਰਦੁਆਰਿਆਂ ’ਚ ਜੇਕਰ ਜਗ੍ਹਾ ਇਜਾਜ਼ਤ ਦੇਵੇ ਤਾਂ ਖੇਡਾਂ ਦਾ ਯੋਗ ਪ੍ਰਬੰਧ ਵੀ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਆਪਣੇ ਆਪ ਨੂੰ ਸਮਾਜ ਤੋਂ ਅਲੱਗ-ਥਲੱਗ ਸਮਝਣ ਦੀ ਬਜਾਏ ਨੌਜਵਾਨਾਂ ਦੀ ਗੁਰੂ ਘਰ ਨਾਲ ਨੇੜਤਾ ਹੋਰ ਵੀ ਵਧੇ ਤੇ ਉਹ ਤੰਦਰੁਸਤ ਮਨ ਅਤੇ ਸਰੀਰ ਦੇ ਮਾਲਕ ਬਣਨ, ਇੱਕ ਨਰੋਆ ਸਮਾਜ ਸਿਰਜਣ ’ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਜ਼ਰੂਰੀ ਹੈ। ਗੁਰੂ ਘਰ ਨਾਲ ਜੁੜੇ ਹੁਣ ਇਨ੍ਹਾਂ ਬੱਚਿਆਂ ਤੇ ਨੌਜਵਾਨਾਂ ਨੂੰ ਗੁਰਸਿੱਖੀ ਜੀਵਨ ਜਾਚ ਦ੍ਰਿੜ੍ਹਾਉਣ ਦੇ ਨਾਲ ਹੀ ਲਿਖਾਰੀ ਬਣਨ ਦੀ ਪ੍ਰੇਰਣਾ ਤੇ ਸਿਖਲਾਈ ਵੀ ਦਿੱਤੀ ਜਾਵੇ। ਗੁਰਮਤਿ ਕਲਾਸਾਂ ਦੌਰਾਨ ਮਹੀਨੇ ’ਚ ਘੱਟੋ-ਘੱਟ ਇੱਕ ਵਾਰੀ ਇਸ ਵਿਸ਼ੇ ’ਤੇ ਅਭਿਆਸ ਜ਼ਰੂਰ ਕਰਵਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ’ਚ ਅਸੀਂ ਆਪਣੇ ਬੱਚਿਆਂ ਨੂੰ ਸਿਰੇ ਦੇ ਲਿਖਾਰੀ, ਪੱਤਰਕਾਰ, ਸੰਪਾਦਕ, ਇਤਿਹਾਸਕਾਰ, ਸਾਹਿਤਕਾਰ, ਆਦਿ ਬਣਾ ਸਕੀਏ। ਜੇਕਰ ਅੱਜ ਅਸੀਂ ਆਪਣੀ ਪਨੀਰੀ ਨੂੰ ਲਿਖਣ ਦੀ ਆਦਤ ਪਾਵਾਂਗੇ ਤਾਹੀਂਓ ਇਹਨਾਂ ਸੱਚ ਦੇ ਲਿਖਾਰੀਆਂ ਨੇ ਕਲ੍ਹ ਨੂੰ ਗੁਰੂ ਦਾ ਸ਼ਬਦ ਪ੍ਰਚਾਰਣ ਤੇ ਪੰਥ ਦੋਖੀਆਂ ਦੀਆਂ ਕੋਝੀਆਂ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਕਾਬਿਲ ਬਣਨਾ ਹੈ। ਜਦ ਅਸੀਂ ਆਖਦੇ ਹਾਂ ਕਿ ਸਾਡਾ ਇਤਿਹਾਸ ਗ਼ੈਰ ਸਿੱਖਾਂ ਨੇ ਵਧੀਕ ਲਿਖਿਆ ਜਿਸ ਕਾਰਨ ਕਈ ਊਣਤਾਈਆਂ ਰਹਿ ਗਈਆਂ, ਤਾਂ ਸਾਨੂੰ ਆਪਣੇ ਆਪ ਤੋਂ ਵੀ ਪੁੱਛਣਾ ਚਾਹੀਦਾ ਹੈ ਕਿ ਮੈਂ ਕਿੰਨਾ ਇਤਿਹਾਸ ਬਣਾਇਆ ਤੇ ਸੰਭਾਲ਼ਿਆ ?

ਅੱਜ ਸਿੱਖ ਪੰਥ ’ਚ ਮੌਜੂਦ ਅਨੇਕਾਂ ਸਿਧਾਂਤਕ ਮਤਭੇਦਾਂ ਤੇ ਦੁਬਿਧਾਵਾਂ ਦੀ ਜੜ੍ਹ, ਸਾਡਾ ਆਪਣੇ ਹੱਥੀਂ ਆਪਣਾ ਇਤਿਹਾਸ (ਕੁੱਝ ਹੱਦ ਤੱਕ ਵਾਜਬ ਕਾਰਨਾਂ ਕਰ ਕੇ) ਨਾ ਲਿਖ ਤੇ ਸਾਂਭ ਸਕਣਾ ਹੀ ਹੈ। ਹੁਣ ਵੀ ਵੇਲ਼ਾ ਸੰਭਾਲ਼ ਕੇ ਵਧੀਆ ਲਿਖਾਰੀ ਬਣਾਈਏ ਤੇ ਇਸ ਮੰਤਵ ਲਈ ਗੁਰੂ ਘਰਾਂ ਤੋਂ ਬਾਹਰ ਵੀ ‘ਨੌਜਵਾਨ ਲਿਖਾਰੀ ਸਭਾ’ ਦੀ ਸਥਾਪਨਾ ਕੀਤੀ ਜਾਵੇ। ਅਜਿਹੀ ਉਸਾਰੂ ਸਭਾ, ਜਿੱਥੇ ਨੌਜਵਾਨ ਚਾਓ ਨਾਲ ਇਕੱਤਰ ਹੋ ਕੇ ਆਪਸ ’ਚ ਮੁਕਾਬਲਾ ਨਹੀਂ ਬਲਕਿ ਮਿਲਵਰਤਨ ਕਰ ਕੇ, ਇੱਕ ਦੂਜੇ ਦੇ ਹੁਨਰ ਨੂੰ ਇਸ ਹੱਦ ਤੱਕ ਨਿਖਾਰਨ ਕਿ ਮਨ ਗਦਗਦ ਹੋ ‘ਧੁਰ ਕੀ ਬਾਣੀ’ ਦੀ ਇਹ ਪੰਕਤੀ ਦੁਹਰਾ ਛੱਡੇ: ‘‘ਇਕ ਦੂ ਇਕਿ ਚੜਦੀਆ; ਕਉਣੁ ਜਾਣੈ ਮੇਰਾ ਨਾਉ ਜੀਉ  ?।।’’ ( ਮ 1/762) ਇਸੇ ਲਈ ਹਰ ਗੁਰਦੁਆਰੇ ’ਚ ਇੱਕ ਉੱਤਮ ਤੇ ਆਧੁਨਿਕ ਲਾਇਬ੍ਰੇਰੀ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਲਿਖਾਰੀ ਸੰਗਤ ਦੇ ਇਹ ਪੁੰਗਰਦੇ ਲੇਖਕ ਹਰ ਉਪਲਬਧ ਵਸੀਲੇ ਦਾ ਭਰਪੂਰ ਫ਼ਾਇਦਾ ਉਠਾ ਸਕਣ।

ਗੁਰਦੁਆਰੇ ਦੇ ਪ੍ਰੋਗਰਾਮਾਂ ਦੀ ਰੂਪ ਰੇਖਾ ਕੁਝ ਇਸ ਤਰ੍ਹਾਂ ਹੋਵੇ ਕਿ ਸੰਗਤ ਦਾ ਪ੍ਰਚਾਰਕ ਦੇ ਨਾਲ ਅਦਾਨ-ਪ੍ਰਦਾਨ ਬਹੁਤ ਆਸਾਨੀ ਨਾਲ, ਬਿਨਾਂ ਕਿਸੇ ਫਾਲਤੂ ਰਸਮ ਜਾਂ ਦਬਾਅ ਤੋਂ ਸੰਭਵ ਹੋਣਾ ਚਾਹੀਦਾ ਹੈ। ਇਸ ਲਈ ਕੀਰਤਨ ਤੋਂ ਇਲਾਵਾ ਬਾਕੀ ਸਾਰੇ ਪ੍ਰੋਗਰਾਮ interactive ਹੀ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਗੁਰੂ ਘਰ ਦੇ ਪ੍ਰੋਗਰਾਮਾਂ ’ਚ ਸੰਗਤ ਦੀ ਆਪਣੀ ਖੁਦ ਦੀ ਭਰਪੂਰ ਸ਼ਮੂਲੀਅਤ ਨੂੰ ਤਹਿ ਦਿਲੋਂ ਉਤਸ਼ਾਹਿਤ ਕਰਨਾ ਲਾਭਕਾਰੀ ਹੈ। ਉਦਾਹਰਨ ਦੇ ਤੌਰ ’ਤੇ ਸੋਚੀਏ ਕਿ ਕਿੰਨਾ ਚੰਗਾ ਹੋਵੇਗਾ ਜੇ ਭਾਈ ਸਾਹਿਬ ਵਲੋਂ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਬਜਾਏ, ਸੰਗਤ ਆਪਸ ’ਚ ਮਿਲ ਬੈਠ ਕੇ ਪਾਠ ਕਰੇ  ! ਅਜਿਹਾ ਕੀਤਿਆਂ ਸੰਗਤ ਦੀ ਆਪਸੀ ਸਾਂਝ ਤੇ ਸਦਭਾਵਨਾ ਵੱਧਣ ਦੇ ਨਾਲ ਹੀ ਸਾਡੇ ਆਪਣੇ ਮਨਾਂ ’ਚ ਗੁਰੂ ਘਰ ਲਈ ਆਪਣੇ-ਪਣ ਦਾ ਇੱਕ ਨਵਾਂ ਅਹਿਸਾਸ ਤੇ ਉਤਸ਼ਾਹ ਵੀ ਉਤਪੰਨ ਹੋਵੇਗਾ।

ਭਾਵੇਂ ਕਿ ਇਹ ਹੁਣ ਤੱਕ ਸਿਰਫ਼ 30% ਕੁ ਗੁਰਦੁਆਰਿਆਂ ’ਚ ਹੀ ਸੰਭਵ ਹੋ ਸਕਿਆ ਹੈ, ਪਰ ਸੰਗਤ ਵਾਸਤੇ ਕੀਰਤਨ ਦਾ ਪੰਜਾਬੀ ਤੇ ਅੰਗਰੇਜ਼ੀ ’ਚ ਨਾਲੋਂ-ਨਾਲ ਸਕਰੀਨ ’ਤੇ ਉਲੱਥਾ ਕਰਨਾ ਬਹੁਤ ਹੀ ਵਧੀਆ ਉੱਦਮ ਹੈ। ਹਰ ਗੁਰੂ ਘਰ ਨੂੰ ਇਸ ਪਾਸੇ ਤਵੱਜੋ ਦੇਣੀ ਚਾਹੀਦੀ ਹੈ। ਇਸ ਨਾਲ ਜਿੱਥੇ ਸੰਗਤ ਨੂੰ ਗੁਰਬਾਣੀ ਦੇ ਅਰਥਾਂ ਦੀ ਸਮਝ ਆਉਂਦੀ ਹੈ, ਉੱਥੇ ਹੀ ਸਾਡੇ ਬੱਚੇ ਜਿਹਨਾਂ ਕੱਲ੍ਹ ਨੂੰ ਸਿੱਖੀ ਦਾ ਪ੍ਰਚਾਰ ਕਰਨਾ ਹੈ, ਹੁਣ ਤੋਂ ਹੀ ਅੰਗਰੇਜ਼ੀ ਭਾਸ਼ਾ ’ਚ ਵੀ ਮੁਹਾਰਿਤ ਹਾਸਿਲ ਕਰ ਸਕਣਗੇ ਤੇ ਅਗਾਂਹ ਅੰਤਰਰਾਸ਼ਟਰੀ ਮੰਚ ’ਤੇ ਢੁਕਵੇਂ ਜਵਾਬ ਦੇਣ ਦੇ ਲਾਇਕ ਬਣਨਗੇ। ਇਸ ਦਾ ਇਹ ਮਤਲਬ ਕਦਾਚਿਤ ਨਾ ਸਮਝ ਲਈਏ ਕਿ ਪੰਜਾਬੀ ਦੀ ਥਾਂ ਅੰਗਰੇਜ਼ੀ ਦਾ ਸਿੱਖਣਾ ਜ਼ਿਆਦਾ ਜ਼ਰੂਰੀ ਹੈ। ਆਪਣੇ ਘਰ ਤੇ ਗੁਰੂ ਘਰ ’ਚ ਵੀ ਹਮੇਸ਼ਾਂ ਪੰਜਾਬੀ ਹੀ ਬੋਲੋ, ਜੀ ! ਮੌਕਾਪ੍ਰਸਤ ਰਾਜਸੀ ਲੀਡਰਾਂ ਨੂੰ ਗੁਰੂ ਘਰ ਤੋਂ ਬਾਹਰ ਹੀ ਰੱਖੋ, ਖਾਸ ਕਰ ਕੌਮ ਦੇ ਉਹਨਾਂ ਅਖੌਤੀ ਨੁਮਾਇੰਦਿਆਂ ਨੂੰ, ਜਿਹੜੇ ਪ੍ਰਕਾਸ਼ ਕੀਤੇ ਦਾੜ੍ਹੇ ਦੇ ਬਾਵਜੂਦ, ਜਦੋਂ ਮੀਡੀਆ ਸਾਹਮਣੇ ਆ ਕੇ ਟੁੱਟੀ-ਫੁੱਟੀ ਹਿੰਦੀ ’ਚ ਜਬਲੀਆਂ ਮਾਰਦੇ ਹਨ ਤਾਂ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਵੇਖਣ, ਸੁਣਨ ਵਾਲੇ ਨੇ ਆਪੇ ਹੀ ਸੋਚਣਾ ਹੈ ਕਿ ਸ਼ਾਇਦ ਵਾਕਿਆ ਹੀ ਪੰਜਾਬੀਆਂ ਦੀ ਬੋਲੀ ‘ਹਿੰਦੀ’ ਹੈ। ਅਜਿਹੇ ਅਖੌਤੀ ਲੀਡਰਾਂ ਨੂੰ ਵਾਹ ਲੱਗਦੇ ਪੰਜਾਬੀ ’ਚ ਈ-ਮੇਲ ਭੇਜ ਕੇ ਜ਼ਰੂਰ ਸ਼ਰਮਸਾਰ ਕਰੋ।

ਹੁਣ ਤੱਕ ਗੁਰੂ ਘਰਾਂ ’ਚ ਰਵਾਇਤੀ ਤੌਰ ਤੇ ਗ੍ਰੰਥੀ, ਰਾਗੀ ਜਾਂ ਕਥਾਵਾਚਕ ਵੀਰਾਂ ਦੀ ਸ਼੍ਰੇਣੀ ਹੀ ਕੰਮ ਕਰਦੀ ਆਈ ਹੈ। ਭਾਵੇਂ ਕਿ ਸਾਰਿਆਂ ਦੇ ਰੋਲ ਆਪੋ-ਆਪਣੀ ਥਾਂ ਜ਼ਰੂਰੀ ਹਨ ਪਰ ਇਹਨਾਂ ਸਾਰਿਆਂ ਦੀ ਸੇਵਾ ਦਾ ਦਾਇਰਾ ਬਹੁਤ ਹੀ ਸੀਮਤ ਹੈ।

ਹੁਣ ਵੇਲਾ ਆ ਗਿਆ ਹੈ ਕਿ ਗੁਰਦੁਆਰਿਆਂ ਨੂੰ ਵਾਕਿਆ ਹੀ ਇੱਕ ਧਰਮਸਾਲ ਬਣਾਉਣ ਲਈ ਸਭ ਤੋਂ ਮਹੱਤਵਪੂਰਨ ਤੇ ਮੁੱਖ ਰੋਲ ਨਿਭਾਉਣ ਦੀ ਜ਼ਿੰਮੇਵਾਰੀ, ਪਹਿਲ ਦੇ ਅਧਾਰ ’ਤੇ ‘ਮਿਸ਼ਨਰੀ ਵੀਰ/ਭੈਣਾਂ’ ਦੇ ਹੱਥ ਸੌਂਪੀ ਜਾਵੇ। ਉਪਰੋਕਤ ਰਵਾਇਤੀ ਸ਼੍ਰੇਣੀ ਨੂੰ ਕੌਮ ਦੇ ਭਲੇ ਵਾਸਤੇ ਆਪਣੇ ਪਿਛੋਕੜ ਅਤੇ ਆਪੋ-ਆਪਣੀਆਂ ਜੱਥੇਬੰਦੀਆਂ ਦੇ ਪ੍ਰਭਾਵ ਤੋਂ ਅਜ਼ਾਦ ਹੋ, ਮਿਸ਼ਨਰੀਆਂ ਨਾਲ ਮਿਲ ਕੇ ਪ੍ਰਚਾਰ ਕਰਨ ਦੀ ਆਦਤ ਪਾਉਣੀ ਹੀ ਪਵੇਗੀ। ਕਹਿਣ ਦਾ ਭਾਵ ਹੈ ਕਿ ਭਾਵੇਂ ਗ੍ਰੰਥੀ ਸਿੰਘ ਕੋਲ 30 ਸਾਲਾਂ ਦਾ ਤਜਰਬਾ ਹੋਵੇ ਜਾਂ ਫਿਰ ਮਿਸ਼ਨਰੀ ਸਿਰਫ਼ ਤਿੰਨ ਸਾਲ ਦਾ ਕੋਰਸ ਕਰਕੇ ਤਾਜ਼ਾ ਹੀ ਮੈਦਾਨ ’ਚ ਨਿਤਰਿਆਂ ਹੋਵੇ, ਤੁਹਾਡੀ ਆਪਸੀ ਸੋਚ ਦਾ ਟਕਰਾਓ ਕੋਈ ਵੀ ਮੁੱਦਾ ਹੱਲ ਨਹੀਂ ਕਰ ਸਕੇਗਾ। ਗੁਰੂ ਦਾ ਫ਼ਲਸਫ਼ਾ ਪ੍ਰਚਾਰਨ ਤੇ ਸਮੁੱਚੀ ਖ਼ਲਕਤ ਦੀ ਸੱਚੇ ਦਿਲੋਂ ਹਰ ਪੱਖੋਂ ਸੇਵਾ ਕਰਨ ਦੀ ਡਾਢੀ ਹੁੱਬ ਰੱਖਣ ਵਾਲੇ ਮਿਸ਼ਨਰੀ ਵੀਰ/ਭੈਣਾਂ ਦੀ ਸੇਵਾ ਦੇ ਵਿਸ਼ਾਲ ਦਾਇਰੇ ਨੂੰ ਨਿਰਧਾਰਿਤ ਤਾਂ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਸੰਖੇਪ ’ਚ ਉਹਨਾਂ ਦੇ ਹੇਠ ਲਿਖੇ ਕੁਝ ਮੁੱਖ ਕਾਰਜਾਂ ਤੇ ਇੱਕ ਸਰਸਰੀ ਝਾਤ ਜ਼ਰੂਰ ਮਾਰ ਸਕਦੇ ਹਾਂ:

(1). ਗੁਰਦੁਆਰਿਆਂ ਦੇ ਅੰਦਰ ਨਵੇਂ ਸਿਰੇ ਤੋਂ ਗੁਰ ਸ਼ਬਦ ਵੀਚਾਰ ਰਾਹੀਂ ਤੱਤ ਗੁਰਮਤਿ (ਸਿੱਖ ਧਰਮ ਤੇ ਬਾਣੀ ਦੀ ਸਹੀ ਜਾਣਕਾਰੀ) ਦਾ ਪ੍ਰਚਾਰ ਕਰਨ ਦੇ ਨਾਲ ਹੀ ਗੁਰਮਤਿ ਕੈਂਪ ਤੇ ਸੈਮੀਨਾਰਾਂ ਰਾਹੀਂ ਗੁਰੂ ਘਰ ਤੋਂ ਬਾਹਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰਨਾ।

(2). ਖੁਲ੍ਹਾ ਦਰਵਾਜ਼ਾ ਨੀਤੀ ਤਹਿਤ ਨੌਜਵਾਨਾਂ ਨੂੰ ਗੁਰਮਤਿ ਅਨੁਸਾਰ ਸਲਾਹ ਮਸ਼ਵਰਾ (Counseling as a mentor) ਅਤੇ ਬਾਕੀ ਸਾਰੀ ਸੰਗਤ ਦੇ ਸਵਾਲਾਂ ਦਾ ਜਵਾਬ ਦੇਣ ਲਈ ਨਿਰਧਾਰਿਤ ਸਮੇਂ ਤੇ ਸੇਵਾ ਲਈ ਮੌਜੂਦ ਰਹਿਣਾ।

(3). ਸਰਬ ਧਰਮ ਇਕੱਤਰਤਾਵਾਂ ’ਚ ਸਿੱਖ ਧਰਮ ਦੀ ਪ੍ਰਭਾਵਸ਼ਾਲੀ ਨੁਮਾਇੰਦਗੀ ਕਰਨ ਦੇ ਨਾਲ ਹੀ ਇਲਾਕੇ ਦੇ ਬਾਕੀ ਹੋਰ ਧਾਰਮਿਕ ਅਸਥਾਨਾਂ ਜਿਵੇਂ ਕਿ ਗਿਰਜਾਘਰਾਂ (church) ਆਦਿ ਨਾਲ ਰਾਬਤਾ ਕਾਇਮ ਕਰਨਾ, ਕਮਿਊਨਟੀ ਦੇ ਧਾਰਮਿਕ ਤੇ ਗ਼ੈਰ-ਧਾਰਮਿਕ ਮੁੱਖ ਸਮਾਗਮਾਂ ’ਚ ਹਾਜ਼ਰੀ ਲਵਾ ਕੇ ਵਧੀਆPublic Relations ਵਿਕਸਿਤ ਕਰਨਾ ਤੇ ਧਰਮ ਪ੍ਰਚਾਰ ਦੇ ਨਾਲ ਹੀ ਸਮਾਜਿਕ ਸੇਵਾ ’ਚ ਵੀ ਮੋਹਰੀ ਹੋ ਨਿਬੜਨਾ।

(4). ਸਥਾਨਿਕ ਇਲਾਕੇ ਦੇ ਹਰ ਇੱਕ ਸਕੂਲ ਅਤੇ ਕਾਲਜ ’ਚ ਵਾਹ ਲੱਗਦੀ ਇੱਕ ਅਜਿਹਾ ਗੁਰਸਿੱਖ ਵਿਦਿਆਰਥੀ ਵਿੰਗ (ਜਿਵੇਂ ਕਿStudent Warriors for Humanity) ਸਥਾਪਿਤ ਕਰਨਾ ਜਿਹੜਾ ਕਿ ਸਿਖਲਾਈ ਉਪਰੰਤ ਸਮਾਜਿਕ ਮੁੱਦਿਆਂ ਪ੍ਰਤੀ ਨਾ ਸਿਰਫ਼ ਪੂਰਨ ਜਾਗਰੂਕ ਹੋਵੇ ਬਲਕਿ ਮਨੁੱਖਤਾਂ ਦੀ ਭਲਾਈ ਵਾਸਤੇ ਆਪਣੇ ਭਲੇ ਕਾਰਜਾਂ ਕਰਕੇ (ਬੇਸ਼ੱਕ ਛੋਟੀ ਪੱਧਰ ’ਤੇ ਹੀ) ਆਲਾ ਉਦਾਹਰਨ ਵਜੋਂ ਸੰਸਾਰ ਪੱਧਰ ’ਤੇ ਹਮੇਸ਼ਾ ਚਰਚਾ ਦਾ ਕੇਂਦਰ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਵਾਲੇ ਦਿਵਸ, ਵਧੀਆ ਭੂਮਿਕਾ ਨਿਭਾਉਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਗੁਰੂ ਘਰ ਵਲੋਂ ਵਜ਼ੀਫੇ ਦਿੱਤੇ ਜਾਣ।

(5). ਗੁਰੂ ਘਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗੁਰਦੁਆਰਾ ਕਮੇਟੀ ਨੂੰ ਹਰ ਵਾਜਬ ਸਹਿਯੋਗ ਦੇਣ ਦੇ ਨਾਲ ਹੀ ਪ੍ਰਬੰਧਕਾਂ ਨੂੰ ਅਜਿਹੀਆਂ ਯੋਜਨਾਵਾਂ ਅਪਣਾਉਣ ਲਈ ਉਤਸ਼ਾਹਿਤ ਕਰਨਾ ਜਿਨ੍ਹਾਂ ਸਦਕਾ ਕੌਮ ਦਾ ਸਰਬਪੱਖੀ ਵਿਕਾਸ ਤਾਂ ਹੋਵੇ ਹੀ, ਪਰ ਨਾਲ ਹੀ ਕੌਮ ਦਾ ਅਕਸ ਵੀ ਨਿੱਖਰੇ।

ਇਸ ਦੇ ਨਾਲ ਹੀ ਮਿਸ਼ਨਰੀ ਯੋਗ ਸਮਾਂ ਵੇਖ ਕੇ ਆਪਣੇ ਸ਼ਹਿਰ ’ਚ ਗੁਰਮਤਿ ਸਕੂਲ ਜਾਂ ਕਾਲਜ ਖੋਲ੍ਹਣ ’ਚ ਵੀ ਮੁੱਖ ਭੂਮਿਕਾ ਨਿਭਾ ਸਕਦੇ ਹਨ। ਚੇਤੇ ਰਹੇ ਕਿ ਪੰਥ ਕੋਲ ਅਜਿਹੇ ਸਿਰੜੀ ਤੇ ਦੂਰਦਰਸ਼ੀ ਮਿਸ਼ਨਰੀ ਹਾਲੇ ਏਨੇ ਜ਼ਿਆਦਾ ਨਹੀਂ ਹਨ, ਇਸ ਲਈ ਕ੍ਰਿਪਾ ਕਰਕੇ ਇੱਕ ਕਮਿਊਨਟੀ ’ਚ ਸਿਰਫ ਇੱਕ ਹੀ ਗੁਰੂ ਘਰ ਸੁਸ਼ੋਭਿਤ ਹੋਣ ਦਿਓ ਤਾਂ ਕਿ ਸਾਡੇ ਸਾਰੇ ਸ੍ਰੋਤ ਇੱਕ ਹੀ ਥਾਂ ’ਤੇ ਇਕੱਠੇ ਹੋਣ ਤੇ ਉਪਰੋਕਤ ਕਾਰਜਾਂ ਨੂੰ ਨਿਰਵਿਘਨਤਾ ਸਹਿਤ ਅਮਲੀ ਜਾਮਾ ਪਹਿਨਾਇਆ ਜਾ ਸਕੇ।

ਆਪਣੇ ਸ੍ਰੋਤਾਂ ਨੂੰ ਸਾਂਭ ਕੇ ਰੱਖਣ ਬਾਬਤ ਫ਼ਰਿਆਦ ਹੈ ਕਿ ਗੁਰੂ ਸਾਹਿਬ ਜੀ ਦੇ ਇਹ ਬਚਨ ਹਮੇਸ਼ਾ ਯਾਦ ਰੱਖਣੇ ਲਾਭਕਾਰੀ ਹਨ:

‘‘ਅਕਲੀ ਸਾਹਿਬੁ ਸੇਵੀਐ; ਅਕਲੀ ਪਾਈਐ ਮਾਨੁ ॥ ਅਕਲੀ ਪੜਿ੍ ਕੈ ਬੁਝੀਐ; ਅਕਲੀ ਕੀਚੈ ਦਾਨੁ ॥’’ (ਮ: ੧/੧੨੪੫) 

ਸਿੱਖ ਕੌਮ ਦੀਆਂ ਜੜ੍ਹਾਂ ਬੜੇ ਯੋਜਨਾਬੰਦ ਢੰਗ ਨਾਲ ਵੱਢੀਆਂ ਜਾ ਰਹੀਆਂ ਹਨ। ਚਾਣਕਿਆ ਨੀਤੀ ਵਾਲੇ ਗ੍ਰੰਥਾਂ ਦੀ ਸਿੱਖਿਆ (ਰਾਜ ਕਿਵੇਂ ਖੋਹਣਾ ਤੇ ਕਰਨਾ ਹੈ) ਧੱਕੇਸ਼ਾਹੀ ਨਾਲ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨੂੰਨ ਛਿੱਕੇ ਟੰਗ ਕੇ (ਜਿਵੇਂ ਕਿ ਪੰਜਾਬ ਤੋਂ ਉਸ ਦਾ ਪਾਣੀ ਖੋਹਣਾ) ਸਾਡੇ ’ਤੇ ਅਜ਼ਮਾਈ ਜਾ ਰਹੀ ਹੈ। ਇਸੇ ਕੜੀ ਤਹਿਤ ਸਾਡਾ ਪੈਸਾ, ਸਾਨੂੰ ਹੀ ਬਰਬਾਦ ਕਰਨ ’ਤੇ ਲਗਾਇਆ ਜਾ ਰਿਹਾ ਹੈ। ਇਸ ਦੀ ਇੱਕ ਤਾਜ਼ਾ ਮਿਸਾਲ ਬੜੂ ਸਾਹਿਬ ਅਕੈਡਮੀ ਹੈ ਜਿਸ ਦਾ ਕਿ ਪੂਰੀ ਤਰ੍ਹਾਂ

ਬੜੂ ਸਾਹਿਬ ਵਿਖੇ ਨਵਰਾਤ੍ਰਿਆਂ ਦੌਰਾਨ ਹੁੰਦੇ ਪ੍ਰੋਗਰਾਮ-1

ਹਿੰਦੂਕਰਨ ਹੋ ਚੁੱਕਾ ਹੈ, ਵਲੋਂ ਸਿੱਧੇ ਜਾਂ ਅਸਿੱਧੇ ਰੂਪ ’ਚ ਭੁਲੇਖਾ-ਪਾਊ ਸੈਮੀਨਾਰ (ਬੱਚੇ ਪੜ੍ਹਾਓ, ਪੰਜਾਬ ਬਚਾਓ) ਕਰ ਕੇ ਵਿਦੇਸ਼ਾਂ ’ਚ ਵਸਦੀ ਸਿੱਖ ਸੰਗਤ ਦੀ ਲੁੱਟ-ਖਸੁੱਟ ਹੋ ਰਹੀ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਮਾਣਸ ਖਾਣੇ ਸਿੱਖੀ ਸਰੂਪ ’ਚ ਹੀ ਆ ਕੇ ਸੰਗਤ ਨੂੰ ਭਾਵੁਕ ਕਰ ਕੇ, ਇੱਕ ਚਾਲਬਾਜ਼ ਜੇਬ ਕਤਰੇ ਦੀ ਤਰ੍ਹਾਂ ਆਪਣੀ ਛੁਰੀ ਚਲਾ ਰਹੇ ਹਨ ਪਰ ਗੁਰਦੁਆਰਿਆਂ ਦੇ ਪ੍ਰਬੰਧਕ ਅਗਿਆਨਤਾ ਵਸ (ਜਾਂ ਫਿਰ ਲਾਲਚ ਵੱਸ ਕਿਉਂਕਿ ਸੰਗਤ ਕੋਲੋਂ ਇਕੱਤਰ ਕੀਤੀ ਰਾਸ਼ੀ ਦੀਆਂ ਬਾਅਦ ’ਚ ਵੰਡੀਆਂ ਪੈਂਦੀਆਂ ਹਨ) ਫਿਰ ਵੀ ਇਹਨਾਂ ਨੂੰ ਗੁਰੂ ਘਰ ਦਾ ਮੰਚ ਪ੍ਰਦਾਨ ਕਰ ਰਹੇ ਹਨ। ਸਾਰਾ ਕੁਝ ਜਾਣਦਿਆਂ ਹੋਇਆਂ ਵੀ, ਟੈਲੀਵਿਜ਼ਨ ਚੈੱਨਲਾਂ ਵਾਲੇ ਚੁੱਪ ਧਾਰੀ ਬੈਠੇ ਹਨ ਕਿਉਂਕਿ ਅਜਿਹੇ ਸੈਮੀਨਾਰਾਂ ਦਾ ਸਾਰਾ ਦਿਨ ਸਿੱਧਾ ਪ੍ਰਸਾਰਣ ਵਿਖਾ ਕੇ ਚੋਖੀ ਆਮਦਨ ਹੁੰਦੀ ਹੈ। ਉਹਨਾਂ ਲਈ ਸ਼ਾਇਦ ਇਸੇ ਕਾਰਨ ਕਰ ਕੇ ਅਜਿਹਾ ਅਹਿਮ ਮੁੱਦਾ ‘ਅੱਜ ਦਾ ਮੁੱਦਾ’ ਨਹੀਂ ਬਣਦਾ।

‘ਦੇਰ ਆਏ ਦਰੁਸਤ ਆਏ’ ਹੀ ਸਹੀ, ਸਾਬਾਸ਼ ਹੈ ਕੈਨੇਡਾ ਦੇ ਰੇਡੀਉ ਸਟੇਸ਼ਨਾਂ, ਸਿੱਖ ਸੰਗਤ ਤੇ ਖ਼ਾਸਕਰ ਜਾਗਰੂਕ ਪ੍ਰਬੰਧਕ ਸਾਹਿਬਾਨ ਨੂੰ ਜਿਨ੍ਹਾਂ ਅਸਲੀਅਤ ਜਾਨਣ ਤੋਂ ਬਾਅਦ, ਤੁਰੰਤ ਹੀ ਆਪਣਾ ਫ਼ਰਜ਼ ਪਹਿਚਾਣਦਿਆਂ ਇਹਨਾਂ ਮਾਇਆਧਾਰੀਆਂ ਨੂੰ ਲੱਖ

ਬੜੂ ਸਾਹਿਬ ਵਿਖੇ ਨਵਰਾਤ੍ਰਿਆਂ ਦੌਰਾਨ ਹੁੰਦੇ ਪ੍ਰੋਗਰਾਮ-2

ਲਾਹਨਤਾਂ ਪਾਈਆਂ ਤੇ ਮੁੜ ਕੈਨੇਡਾ ’ਚ ਪੈਰ ਨਾ ਪਾਉਣ ਦੀ ਸਖ਼ਤ ਤਾੜਨਾ ਕਰ ਦਿੱਤੀ। ਸੋ, ਹੁਣ ਇਹਨਾਂ ਲੋਭੀਆਂ ਵੱਲੋਂ ਅਮਰੀਕਾ ਦੇ ਗੁਰੂ ਘਰਾਂ ਨੂੰ ਆਪਣੇ ਹਮਲੇ ਦਾ ਸ਼ਿਕਾਰ ਬਣਾਉਣਾ ਲਗਾਤਾਰ ਜਾਰੀ ਹੈ। ਪ੍ਰਬੰਧਕ ਸਾਹਿਬਾਨ ਕ੍ਰਿਪਾ ਕਰਕੇ ਜਾਗੀਏ ਤੇ ਆਪਣੀ ਸੰਗਤ ਨੂੰ ਬਚਾਈਏ। ਸਾਧ ਸੰਗਤ ਜੀ ! ਤੁਸੀਂ ਵੀ ਜਾਗੋ ਤੇ ਆਪਣੇ ਅਧਿਕਾਰਾਂ ਨੂੰ ਸਮਝੋ ਕਿ ਸਾਨੂੰ ਆਰਥਿਕ ਪੱਖੋਂ ਵੀ ਖੋਖਲਾ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਸਾਡੇ ਬੱਚਿਆਂ ਨੂੰ ਵਿਦਿਆ ਦੇ ਨਾਂ ’ਤੇ ਬ੍ਰਾਹਮਣੀ ਕਰਮਕਾਂਡਾਂ ’ਚ ਉਲਝਾ ਕੇ, ਸਿੱਖੀ ਤੋਂ ਹਮੇਸ਼ਾਂ ਲਈ ਦੂਰ ਕਰਨ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਆਪਣੀ ਹੱਕ ਸੱਚ ਦੀ ਕਿਰਤ ਕਮਾਈ ’ਚੋਂ ਕੱਢਿਆ ਦਸਵੰਧ ਸਾਂਝਾ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਛਾਣਬੀਣ ਕਰਨੀ ਅਤਿ ਜ਼ਰੂਰੀ ਹੈ।

ਇਸ ਦੇ ਨਾਲ ਹੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਗੁਰਮਤਿ ਦਾਇਰੇ ’ਚ ਰਹਿੰਦਿਆਂ ਪਾਠ ਜਾਂ ਅਨੰਦ ਕਾਰਜ ਆਦਿ ਦਾ ਭੁੱਲ ਕੇ ਵੀ ਕੋਈ ਮੁੱਲ ਮੁਕੱਰਰ ਨਹੀਂ ਕਰਨਾ ਚਾਹੀਦਾ। ਸੰਗਤ ਪਾਸੋਂ ਵਾਕਿਆ ਹੀ ਯਥਾ ਸ਼ਕਤੀ ਭੇਟਾ ਲਵੋ ਤਾਂ ਕਿ ਸਿੱਖੀ ਦੇ ਵਪਾਰੀਕਰਨ ਨੂੰ ਠੱਲ ਪਾਉਣ ਦੀ ਸ਼ੁਰੂਆਤ ਕੀਤੀ ਜਾ ਸਕੇ। ਗੁਰੂ ਘਰ ਦੇ ਮੰਚ ਤੋਂ ਸਿਰਫ਼ ਪੰਥ ਪ੍ਰਵਾਣਿਤ ਪ੍ਰਚਾਰਕਾਂ ਨੂੰ ਹੀ ਸਾਂਝ ਪਾਉਣ ਦਾ ਮੌਕਾ ਦਿਓ, ਜਿਹੜੇ ਸੰਗਤ ਦੇ ਪ੍ਰਸ਼ਨ-ਉੱਤਰ ਕਾਲ ਵਾਸਤੇ ਸਮਾਂ ਦੇਣ ਲਈ ਰਜ਼ਾਮੰਦ ਹੋਣ। ਪ੍ਰਬੰਧਕਾਂ ਨੂੰ ਕਦਾਚਿਤ ਇਹ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਪ੍ਰਚਾਰਕ ਨੂੰ ਸੰਗਤ ਉੱਤੇ ਥੋਪ ਸਕਣ। ਅਗਾਊਂ ਸੂਚਨਾ ਦੇ ਕੇ, ਸੰਗਤ ਦੇ ਬਹੁਮਤ ਤੇ ਸਹਿਮਤੀ

ਬੜੂ ਸਾਹਿਬ ਵਿਖੇ ਨਵਰਾਤ੍ਰਿਆਂ ਦੌਰਾਨ ਹੁੰਦੇ ਪ੍ਰੋਗਰਾਮ-3

ਨਾਲ ਹੀ ਪ੍ਰਚਾਰਕ ਚੁਣਨੇ ਚਾਹੀਦੇ ਹਨ ਤਾਂ ਕਿ ਐਨ ਮੌਕੇ ’ਤੇ ਕੋਈ ਬੇਲੋੜਾ ਬਖੇੜਾ ਨਾ ਖੜ੍ਹਾ ਹੋਵੇ। ਪ੍ਰਚਾਰਕਾਂ ਨੂੰ ਵੀ ਸੂਝਦਿਲੀ ਤੋਂ ਕੰਮ ਲੈਂਦਿਆਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜੇ ਕੋਈ ਬਾਣੀ, ਮਰਿਆਦਾ ਜਾਂ ਮੁੱਦਾ ਹਾਲੇ ਪੰਥ ਵਲੋਂ ਪ੍ਰਮਾਣਿਤ ਹੋਣ ਲਈ ਵਿਚਾਰਅਧੀਨ ਹੈ ਤਾਂ ਉਸ ਦੀ ਕਥਾ, ਕੀਰਤਨ ਜਾਂ ਗੱਲ ਸੰਗਤ ’ਚ ਨਾ ਕੀਤੀ ਜਾਵੇ। ਧਿਆਨ ਰਹੇ ਕਿ ਭਾਵੇਂ ਕੋਈ ਕਿੰਨਾ ਵੀ ਵਧੀਆ ਪ੍ਰਚਾਰਕ ਕਿਉਂ ਨਾ ਹੋਵੇ, ਅਸੀਂ ਜੁੜਨਾ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਹੈ ਜਿਸ ਨਾਲ ਜੁੜਿਆਂ ਗੁਰਮਤਿ ਸੇਧਾਂ ਦੀਆਂ ਰੱਬੀ ਰਸ਼ਿਮਾਂ (ਤੰਦਾਂ, ਡੋਰਾਂ); ਸਾਡੇ ਬਾਹਰੀ ਦਿਖਾਵੇ, ਕਰਮਕਾਂਡ ਤੇ ਵਹਿਮ-ਭਰਮਾਂ ਦੀ ਬੇੜੀ ਕੱਟ ਸਾਡੇ ਕਠੋਰ ਹਿਰਦਿਆਂ ਨੂੰ ਸਹਿਜੇ ਹੀ ਬੇਧ ਜਾਂਦੀਆਂ ਹਨ:

‘‘ਫੂਟੋ ਆਂਡਾ ਭਰਮ ਕਾ; ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ; ਗੁਰਿ ਕੀਨੀ ਬੰਦਿ ਖਲਾਸੁ ॥’’ (ਮ: ੫/੧੦੦੨)

ਫੋਕੀ ਚਮਕ-ਦਮਕ ਵਾਲੇ ਅਜੋਕੇ ਸਮਾਜ ਦੇ ਦਬਾਅ ’ਚ ਵਿਚਰਦਿਆਂ ਸਾਡੀ ਸਾਰੀ ਊਰਜਾ ਅਤੇ ਵਸੀਲੇ ਹੋਰਨਾਂ ਨੂੰ ਪ੍ਰਭਾਵਿਤ ਕਰਨ ’ਤੇ ਹੀ ਨਸ਼ਟ ਹੋ ਜਾਂਦੇ ਹਨ। ਸਾਡਾ ਅਜਿਹਾ ਅਮਲੀ ਵਾਲਾ ਆਦਤਾਨਾ ਵਤੀਰਾ, ਗੁਰੂ ਘਰ ਆ ਕੇ ਵੀ ਨਿਰੰਤਰ ਜ਼ਾਰੀ ਰਹਿੰਦਾ ਹੈ। ਭਲਾ ਕੋਈ ਪੁੱਛੇ ਕਿ ਲੰਗਰ ਵਾਸਤੇ ਰਸੋਈ ’ਚ ਜਾਣ ਵਾਲੀਆਂ ਵਸਤਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਦੀਵਾਨ ਹਾਲ ’ਚ ਕਿਵੇਂ ਪ੍ਰਗਟ ਹੋ ਜਾਂਦੀਆਂ ਹਨ ? ਮਾਫ਼ ਕਰਨਾ, ਪਰ ਗੁਰੂ ਸਾਹਿਬ ਜੀ ਨੇ ਕਿਹੜਾ ਦੁੱਧ ’ਚੋਂ ਫੈਟ ਕੱਢਣੀ ਹੁੰਦੀ ਹੈ ਜਾਂ ਆਟੇ ਦੇ ਬੋਰੇ ’ਤੇ ਸਾਡੇ ਨਾਂ ਦਾ ਕੋਈ ਵਿਸ਼ੇਸ਼ ਠੱਪਾ ਲਾਉਣਾ ਹੁੰਦਾ ਹੈ ? ਗੁਰੂ ਤਾਂ ਅੰਤਰਜ਼ਾਮੀ ਹੈ ਤੇ ਸਰਬ ਕਲਾ ਕਾ ਗਿਆਤਾ ਹੈ, ਤਾਂ ਫਿਰ ਇਹ ਦਿਖਾਵਾ ਕਿਉਂ ? ਨਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤਾਂ ਪਹਿਲਾਂ ਹੀ ਅਨਿਕ ਪ੍ਰਕਾਰ ਦੇ ਸ਼ਸਤਰਾਂ ਦੀ ਭਰਪੂਰ ਨੁਮਾਇਸ਼ ਲੱਗੀ ਹੁੰਦੀ ਹੈ। ਬਹੁਤਾਤ ਗੁਰਦੁਆਰਿਆਂ ’ਚ ਸਤਿਗੁਰੂ ਜੀ ਦੀ ਪਾਲਕੀ ਵਾਸਤੇ ਜਗਹ ਘੱਟ ਤੇ ਸ਼ਸਤਰਾਂ ਨੂੰ ਜ਼ਿਆਦਾ ਸਥਾਨ ਮਿਲਿਆ ਹੁੰਦਾ ਹੈ। ਸਹਿਜੇ ਕਿਤੇ ਸਿੱਖ ਸੰਗਤ ਵੀ ਕਦੀ ਇਹ ਅਹਿਸਾਸ ਕਰਦੀ ਕਿ ਉਹ ਗੁਰੂ ਅੱਗੇ ਸੀਸ ਨਿਵਾਉਣ ਦੇ ਨਾਲ ਸ਼ਸਤਰਾਂ ਨੂੰ ਵੀ ਮੱਥਾ ਤਾਂ ਨਹੀਂ ਟੇਕ ਰਹੀ। ਗੁਰਦੁਆਰੇ ਅੰਦਰ ਹਮੇਸ਼ਾਂ ਨਿਮਰਤਾ ਤੇ ਸਾਦਗੀ ’ਚ ਰੱਤਿਆਂ ਹੀ ਆਉਣਾ ਲਾਭਕਾਰੀ ਹੁੰਦਾ ਹੈ। ਰੰਗ-ਬਰੰਗੀਆਂ ਜਾਂ ਪੱਛਮੀ ਪੋਸ਼ਾਕਾਂ ਤੇ ਸੁਰਖ਼ੇ -ਬਿੰਦੇ ਲਗਾ ਕੇ, ਲੰਗਰ ਹਾਲ ’ਚ ਸੱਜ ਕੇ ਬੈਠ ਜਾਣਾ, ਗੁਰੂ ਘਰ ਦਾ ਪਹਿਰਾਵਾ ਨਹੀਂ:

‘‘ਸਭਿ ਰਸ ਭੋਗਣ ਬਾਦਿ ਹਹਿ; ਸਭਿ ਸੀਗਾਰ ਵਿਕਾਰ ॥ ਜਬ ਲਗੁ ਸਬਦਿ ਨ ਭੇਦੀਐ; ਕਿਉ ਸੋਹੈ ਗੁਰਦੁਆਰਿ  ?॥’’ (ਮ: ੧/੧੯)

ਇੱਥੇ ਫਿਰ ਇਹ ਚੇਤੇ ਕਰਵਾਉਣ ਤੋਂ ਕੋਈ ਗੁਰੇਜ਼ ਨਹੀਂ ਕਿ ਗੁਰਦੁਆਰਾ ਮੁੱਖ ਤੌਰ ’ਤੇ Socialize ਕਰਨ ਲਈ ਨਹੀਂ ਬਲਕਿ ਮਿਲ ਕੇ ਪ੍ਰਭੂ ਦੀ ਸਿਫ਼ਤ-ਸਲਾਹ ਕਰਨ ਲਈ ਹੈ; ਜਿਵੇਂ ਕਿ ਗੁਰ ਵਾਕ ਹੈ:

‘‘ਆਵਹੁ ਭੈਣੇ ਗਲਿ ਮਿਲਹ; ਅੰਕਿ ਸਹੇਲੜੀਆਹ ॥ ਮਿਲਿ ਕੈ ਕਰਹ ਕਹਾਣੀਆ; ਸੰਮ੍ਰਥ ਕੰਤ ਕੀਆਹ ॥’’ (ਮ: ੧/੧੭)

ਤੁਸੀਂ ਆਪ ਹੀ ਭਲੀ-ਭਾਂਤ ਸਮਝ ਸਕਦੇ ਹੋ ਕਿ ਲੰਗਰ ਹਾਲ ’ਚ ਮੇਜ ਕੁਰਸੀਆਂ ਤੇ ਆਹਮੋ-ਸਾਹਮਣੇ ਸੱਜ ਕੇ, ਨਾ ਤੇ ਹਰਿ ਕੀਆ ਕਥਾ ਕਹਾਣੀਆਂ ਸੁਣੀਆਂ ਤੇ ਸੁਣਾਈਆਂ ਜਾ ਸਕਦੀਆਂ ਹਨ ਤੇ ਨਾ ਹੀ ਇੰਝ ਕਦੀ ਨਿਮਰਤਾ ਦਾ ਅਹਿਸਾਸ ਉਪਜਦਾ ਹੈ। ਸ਼ਾਇਦ ਇਹ ਗੱਲ ਮਾੜੀ ਨਹੀਂ ਹੋਵੇਗੀ ਜੇਕਰ (ਇਤਿਹਾਸਕ ਗੁਰਦੁਆਰਿਆਂ ਨੂੰ ਛੱਡ) ਸੰਗਤ ਵਾਸਤੇ ਲੰਗਰ ਹਾਲ ਸਿਰਫ਼ ਦੀਵਾਨ ਦੀ ਪੂਰਨ ਸਮਾਪਤੀ ਤੋਂ ਬਾਅਦ ਹੀ ਖੁੱਲ੍ਹਣ। ਪ੍ਰਬੰਧਕ ਭਾਵੇਂ ਲੰਗਰ ਹਾਲ ’ਚ ਕਿੰਨੀ ਵੀ ਨਿਗਰਾਨੀ ਕਿਉਂ ਨਾ ਰੱਖਣ, ਅਸਲ ਤਬਦੀਲੀ ਉਸ ਦਿਨ ਹੀ ਆਵੇਗੀ ਜਿਸ ਦਿਨ ਸਾਨੂੰ ਆਪਣੇ ਅੰਦਰੋਂ ਅਹਿਸਾਸ ਹੋਵੇਗਾ ਕਿ ਗੁਰਦੁਆਰੇ ਆਇਆਂ ਸਾਨੂੰ ਸ਼ਬਦ ਦੇ ਲੰਗਰ ਦੀ ਭੁੱਖ ਲੱਗੇ ਤਾਂ ਆਉਣਾ ਸਫਲ ਹੈ। ਆਪਣਾ ਆਪ ਸਵਾਰਨ ਦੀ ਤਾਂਘ ਲੈ ਕੇ (ਭਾਂਡਾ ਧੋਇ ਬੈਸਿ ਧੂਪੁ ਦੇਵਹੁ; ਤਉ ਦੂਧੈ ਕਉ ਜਾਵਹੁ ॥ ਮ: ੧/੭੨੮) ਗੁਰੂ ਦੇ ਦੁਆਰੇ ਆਇਆ ਭਾਵ ਗੁਰੂ ਦੇ ਦਰਸਾਏ ਮਾਰਗ ਤੇ ਤੁਰਿਆ ਮਨੁੱਖ ਆਪ ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ ਤੇ ਨਾਲ ਹੀ ਹੋਰਨਾਂ ਦਾ ਵੀ ਉਧਾਰ ਕਰ ਜਾਂਦਾ ਹੈ:

‘‘ਗੁਰੂ ਦੁਆਰੈ ਹੋਇ; ਸੋਝੀ ਪਾਇਸੀ ॥ ਏਤੁ ਦੁਆਰੈ ਧੋਇ; ਹਛਾ ਹੋਇਸੀ ॥’’ (ਮ: ੧/੭੩੦)