‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ ਤੀਜਾ)

0
663

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ ਤੀਜਾ)

ਗਿਆਨੀ ਅਮਰੀਕ ਸਿੰਘ (ਚੰਡੀਗੜ੍ਹ)

(ਲੜੀ ਜੋੜਨ ਲਈ ਪਿੱਛਲਾ ਅੰਕ ਵੇਖੋ, ਜੀ)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 1)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 2)

ਪੱਗ ਨੇ ਹੋਰ ਵੀ ਕਿੰਨੇ ਹੀ ਲੋਕਾਂ ਦਾ ਜੀਵਨ ਬਦਲਿਆ ਹੈ ਜਿਨ੍ਹਾਂ ਦੇ ਬਦਲੇ ਹੋਏ ਜੀਵਨ ਮਗਰੋਂ ਮਨੁੱਖਤਾ ਦੇ ਇਤਿਹਾਸ ਨੂੰ ਬਹੁਤ ਅਮੀਰ ਕਰ ਦਿੱਤਾ ਗਿਆ।

ਅਮਰੀਕਾ ਦੇ ਇੱਕ ਡਟਰਾਇਡ ਸ਼ਹਿਰ ਵਿੱਚ ਕੁਝ ਸਿੱਖਾਂ ਵੱਲ ਦੇਖ ਕੇ ਇੱਕ ਨੌਜੁਆਨ ਗੋਰੇ ਦੇ ਅੰਦਰ ਪੱਗ ਬੰਨ੍ਹਣ ਦੀ ਭਾਵਨਾ ਜਾਗੀ। ਉਸ ਨੇ ਪੱਗ ਦੀ ਪ੍ਰਾਪਤੀ ਲਈ ਕਈ ਸਟੋਰਾਂ (ਦੁਕਾਨਾਂ) ’ਤੇ ਜਾ ਕੇ ਭਾਲ ਕੀਤੀ ਪਰ ਇਹ ਸਾਰੇ ਹੀ ਸਟੋਰ ਗੋਰਿਆਂ ਦੇ ਕੱਪੜਿਆਂ ਵਾਲੇ ਹੀ ਸਨ ਜਿਸ ਕਰਕੇ ਉੱਥੇ ਗੋਰਿਆਂ ਦੇ ਕੱਪੜੇ ਤਾਂ ਮਿਲਦੇ ਪਏ ਸਨ ਪਰ ਪੱਗ ਬਾਰੇ ਕਿਸੇ ਨੂੰ ਕੋਈ ਗਿਆਨ ਨਹੀਂ ਸੀ। ਇੱਕ ਦਿਨ ਇਸ ਗੋਰੇ ਦੀ ਤਮੰਨਾ ਪੂਰੀ ਹੋ ਗਈ, ਜਦ ਅਮਰੀਕਾ, ਕੈਨੇਡਾ ਆਦਿਕ ਅਮੀਰ ਦੇਸ਼ਾਂ ਵਿੱਚ ਲੋਕੀਂ ਪੁਰਾਣੇ ਕੱਪੜੇ ਕਿਸੇ ਇੱਕ ਨਿਸ਼ਚਿਤ ਥਾਂ ’ਤੇ ਇੱਕਠੇ ਕਰ ਲੈਂਦੇ ਤੇ ਫਿਰ ਗ਼ਰੀਬ ਮੁਲਕਾਂ ਵਿੱਚ ਮਦਦ ਲਈ ਭੇਜਦੇ ਹਨ। ਇਸ ਤਰ੍ਹਾਂ ਹੀ ਇੱਕ ਪੁਰਾਣੇ ਕੱਪੜਿਆਂ ਦੇ ਕੰਨਟੇਂਨਰ ਵਿੱਚ ਕੋਈ ਪੁਰਾਣੀ ਪੱਗ ਰੱਖ ਗਿਆ ਸੀ। ਇਹ ਪੱਗ ਗੋਰੇ ਦੇ ਹੱਥ ਆ ਗਈ ਉਸ ਨੇ ਘਰ ਲਿਆ ਕੇ ਇਸ ਨੂੰ ਧੋ ਸੁਆਰ ਕੇ ਸਿਰ ’ਤੇ ਜਿਵੇਂ ਕਿਵੇਂ ਹੋਇਆ ਬੰਨ੍ਹ ਲਈ। ਉਸ ਦਿਨ ਜੁਆਨ ਗੋਰੇ ਨੂੰ ਮਹਿਸੂਸ ਹੋਇਆ ਕਿ ਮੈਂ ਤਾਂ ਰੱਬ ਦਾ ਭੇਜਿਆ ਹੋਇਆ ਕੋਈ ਪਰਿੰਸ ਜਾਪਦਾ ਹਾਂ। ਇਹ ਕੋਈ ਪੰਜ ਮੀਟਰ ਦਾ ਕੱਪੜਾ ਨਹੀਂ ਸਗੋਂ ਇਹ ਤਾਂ ਮੇਰੇ ਸਿਰ ਦਾ ਤਾਜ਼ ਹੈ। ਉਸ ਨੂੰ ਲੋਕੀਂ ਵੀ ਸਤਿਕਾਰ ਨਾਲ ‘ਸਰਦਾਰ ਜੀ’ ਕਹਿ ਕੇ ਬੁਲਾਉਣ ਲੱਗ ਪਏ।

ਉਸ ਨੇ ਕਿਸੇ ਸਿੱਖ ਕੋਲੋਂ ਇਸ ਨੂੰ ਬੰਨ੍ਹਣ ਅਤੇ ਇਸ ਦੇ ਇਤਿਹਾਸ ਬਾਰੇ ਹੋਰ ਜਾਣਕਾਰੀ ਹਾਸਲ ਕਰ ਲਈ ਜਿਸ ਕਰਕੇ ਉਸ ਨੂੰ ਪਤਾ ਲੱਗਾ ਕਿ ਇਹ ਦਸਤਾਰ ਤਾਂ ਸਤਿਗੁਰੂ ਜੀ ਨੇ ਅਥਾਹ ਕੁਰਬਾਨੀਆਂ ਕਰ ਕੇ ਸਿੱਖਾਂ ਨੂੰ ਬਖ਼ਸ਼ਸ਼ ਕੀਤੀ ਹੋਈ ਹੈ। ਇਸ ਦੀ ਖ਼ਾਤਰ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਹੀ ਪਰਿਵਾਰ, ਮਾਨਵਤਾ ਦੇ ਭਲੇ ਲਈ ਕੁਰਬਾਨ ਕਰ ਦਿੱਤਾ ਸੀ। ਉਸ ਗੋਰੇ ਦੀ ਸ਼ਰਧਾ ਭਾਵਨਾ ਹੋਰ ਵੱਧ ਗਈ। ਕੁਝ ਸਮਾਂ ਪਾ ਕੇ ਉਸ ਦੇ ਮਾਤਾ ਪਿਤਾ ਅਤੇ ਹੋਰ ਸਾਕ-ਸਬੰਧੀ, ਉਸ ਨੂੰ ਪੱਗ ਬੰਨ੍ਹਣ ਕਰ ਕੇ ਛੱਡ ਗਏ ਸਨ ਪਰ ਗੋਰੇ ਦੇ ਮਨ ਵਿੱਚ ਇਸ ਦਾ ਵੀ ਕੋਈ ਰੋਸ ਨਾ ਹੋਇਆ। ਉਹ ਤਾਂ ਸਗੋਂ ਹੋਰ ਵੀ ਮਾਣ ਨਾਲ ਆਖਦਾ ਰਿਹਾ ਕਿ ਗੁਰੂ ਸਾਹਿਬ ਜੀ ਨੇ ਤਾਂ ਸਾਰਾ ਹੀ ਪਰਿਵਾਰ ਵਾਰ ਕੇ ਦਸਤਾਰ ਬਖ਼ਸ਼ੀ ਹੋਈ ਹੈ। ਮੈਂ ਤਾਂ ਕੇਵਲ ਆਪਣੇ ਪਰਿਵਾਰ ਤੋਂ ਦੂਰ ਹੀ ਹੋਇਆ ਹਾਂ। ਮੈਨੂੰ ਇਸ ਦੀ ਕੀਮਤ ਬਦਲੇ ਪਰਿਵਾਰ ਨਹੀਂ ਵਾਰਨਾ ਪਿਆ। ਹੁਣ ਪਗੜੀ ਦਾ ਇਤਿਹਾਸ ਸੁਣ ਕੇ ਮੈਨੂੰ ਅਜਿਹਾ ਜਾਪਦਾ ਹੈ ਕਿ ਪਰਿਵਾਰ ਤਾਂ ਕੀ ਸਾਰਾ ਸੰਸਾਰ ਵੀ ਛੱਡਣਾ ਪਵੇ ਮੈਂ ਤਦ ਵੀ ਦਸਤਾਰ ਨੂੰ ਹੀ ਚੁਣਾਗਾ ਅਤੇ ਸੰਸਾਰ ਨੂੰ ਤਿਆਗ ਦਿਆਂਗਾ। (ਸੰਪਾਦਕ, ਸ: ਰੂਪ ਸਿੰਘ, ਸਿੱਖ ਸੰਗਰਾਮ ਦੀ ਦਾਸਤਾਨ, ਪੰਨਾ 174)

ਮਨੁੱਖੀ ਭਾਵਨਾ ਨੂੰ ਸਮਝਣ ਵਾਲੇ ਲਿਖਾਰੀ ਪ੍ਰੋ: ਪੂਰਨ ਸਿੰਘ ਜੀ ਦੀ ਕਲਮ ਵੀ ਕੁਝ ਅਜਿਹਾ ਹੀ ਬਿਆਨ ਕਰ ਰਹੀ ਹੈ:

‘ਉਸ ਦੀ ਪਗੜੀ ਦੇ ਪ੍ਰੇਮ ਰੰਗੇ ਪੇਚ ਸਦੀਵੀ, ਨਛੱਤਰ ਉਸ ਦੇ ਦਰਸ਼ਨਾਂ ਲਈ ਇਵੇਂ ਸਿਕਦੇ, ਜਿਵੇਂ ਪੰਛੀ ਰਾਤ ਸਮੇਂ ਆਪਣੇ ਆਲਣਿਆਂ ਵਿੱਚ ਵਿਸਰਾਮ ਕਰਦੇ।…ਉਹ ਤਾਂ ਸ੍ਰਿਸ਼ਟੀ ਦੇ ਹਿਰਦੇ ਦਾ ਪਾਤਿਸ਼ਾਹ ! ਪ੍ਰੀਤ ਵਿੱਚ ਉਗੀ ਕਪਾਹ ਦਾ, ਉਸ ਦਾ ਤਾਜ, ਜਿਸ ਦੇ ਧਾਗੇ ਪ੍ਰੀਤ ਦੀ ਚਰਖ਼ੀ ’ਤੇ ਕੱਤੇ, ਪ੍ਰੀਤ ਨਾਲ ਬੁਣੀ ਹੋਈ ਉਸ ਦੀ ਪੁਸ਼ਾਕ।… ਇਹ ਜੋ ਦਿਸ ਰਿਹਾ ਪ੍ਰਕਾਸ਼ ਇਹ ਤਾਂ ਉਸ ਦੀ ਪਗੜੀ ਹੇਠਲੇ, ਮਸਤਕ ’ਚੋਂ ਹੈ ਝਰ ਰਿਹਾ।’ (ਪੰਜਾਬ ਜਿਉਂਦਾ ਗੁਰਾਂ ਦੇ ਨਾਮ ’ਤੇ, ਪੰਨਾ 42)

ਪੱਗ ਨਾਲ ਸਾਡੇ ਕਈ ਸਮਾਜਿਕ ਪੱਖ ਵੀ ਜੁੜੇ ਹੋਏ ਹਨ। ਕਈ ਤਰ੍ਹਾਂ ਦੀਆਂ ਕਹਾਵਤਾਂ ਅਤੇ ਅਖਾਣ ਪੱਗ ਬਾਰੇ ਸਾਡੇ ਪੂਰਵਜਾਂ ਨੇ ਬਣਾਏ ਹੋਏ ਸਨ; ਜਿਵੇਂ ਕਿ ਪੱਗ ਬਚਾ ਲੈਣੀ, ਪੱਗ ਰੋਲ ਦੇਣੀ, ਪੱਗ ਪੈਰੀਂ ਰੱਖਣੀ, ਪੱਗ ਨੂੰ ਹੱਥ ਪਾਉਣਾ, ਪੱਗ ਵਟਾ ਲੈਣੀ, ਪੱਗ ਕੱਛੇ ਮਾਰਨੀ, ਪੱਗ ਨੂੰ ਦਾਗ਼ ਲਾਉਣਾ, ਇਤਿਆਦਿਕ।

ਪੰਜਾਬੀਆਂ ਅੰਦਰ ਪੱਗਾਂ ਬੰਨ੍ਹਣ ਦੇ ਵੀ ਕਈ ਤਰੀਕੇ ਪ੍ਰਚਲਿਤ ਹੋ ਚੁੱਕੇ ਹਨ। ਗੋਲ ਦਸਤਾਰ, ਦੁਮਾਲਾ, ਨੁਕਰ ਵਾਲੀ ਪੱਗ, ਨਿਹੰਗ ਸਿੰਘਾਂ ਵਾਲੀ ਫਰਲੇ ਵਾਲੀ ਦਸਤਾਰ, ਨਾਮਧਾਰੀਆਂ ਵਾਲੀ, ਨੀਲਧਾਰੀਆਂ ਵਾਲੀ, ਪਟਿਆਲਾ ਸ਼ਾਹੀ ਜਾਂ ਹੋਰ ਵੀ ਕਈ ਤਰੀਕੇ ਪ੍ਰਚਲਿਤ ਹਨ।

ਸਾਡੇ ਸਮਾਜ ਦੇ ਦਿਲਾਂ ਵਿੱਚ ਪੱਗ ਬਾਰੇ ਕਈ ਸੰਸਕਾਰ ਬਣ ਕੇ ਬੈਠ ਹੋਏ ਹਨ; ਜਿਵੇਂ ਜੁਆਨ ਲੜਕੇ ਨੂੰ ਉਸ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਲਈ ਉਸ ਦੇ ਸਮਾਜ ਸਾਹਮਣੇ ਦਸਤਾਰ ਸਜਾ ਦਿੱਤੀ ਜਾਂਦੀ ਹੈ ਤਾਂ ਕਿ ਉਸ ਨੂੰ ਪਤਾ ਲੱਗ ਜਾਵੇ ਕਿ ਮੈਂ ਬਚਪਨ ਦੀ ਉਹ ਦਹਲੀਜ਼ ਪਾਰ ਕਰ ਚੁੱਕਾ ਹਾਂ ਜਿੱਥੇ ਕਿ ਮੇਰੀਆਂ ਗਲਤੀਆਂ ਨੂੰ ਬੱਚੇ ਦੇ ਜਾਂ ਬਚਪਨ ਦੇ ਕੰਮ ਸਮਝ ਕੇ ਮਾਫ਼ ਕਰ ਦਿੱਤਾ ਜਾਂਦਾ ਸੀ। ਹੁਣ ਮੈਨੂੰ ਜ਼ਿੰਦਗੀ ਦੇ ਕਦਮ ਅਕਲ ਸਿਆਣਪ ਨਾਲ ਮੇਚ ਖਾਂਦੇ ਬਣਾ ਕੇ ਤੁਰਨਾ ਪੈਣਾ ਹੈ।

ਜਦੋਂ ਘਰ ਵਿੱਚੋਂ ਕੋਈ ਵਡੇਰਾ ਪੁਰਖ ਤੁਰ ਜਾਂਦਾ ਸੀ ਤਾਂ ਵੀ ਘਰ ਦੇ ਕਿਸੇ ਮੁਖੀਏ ਨੂੰ ਪੱਗ ਬੰਨ੍ਹਾਈ ਜਾਂਦੀ ਸੀ ਤਾਂ ਕਿ ਸਮਾਜ ਨੂੰ ਦੱਸਿਆ ਜਾ ਸਕੇ ਕਿ ਇਸ ਪਰਿਵਾਰ ਦੇ ਸਮਾਜਿਕ ਵਾਧੇ ਘਾਟਿਆਂ ਦਾ ਹੁਣ ਇਹ ਜ਼ਿੰਮੇਵਾਰ ਹੋਵੇਗਾ। ਪੱਗਾਂ ਦੇ ਰੰਗ ਵੀ ਘਰ ਵਿੱਚ ਖ਼ੁਸ਼ੀ ਗ਼ਮੀ ਜਾਂ ਉਮਰਾਂ ਦੇ ਤਕਾਜ਼ੇ ਨਾਲ ਬਦਲ ਜਾਂਦੇ ਸਨ।

ਭਾਈ ਗੁਰਦਾਸ ਜੀ ਦਾ ਇੱਕ ਵਚਨ ਹੈ ਕਿ ਇੱਕ ਵਾਰੀ ਕੋਈ ਬੰਦਾ ਬਾਹਰ ਖੂਹ ’ਤੇ ਇਸ਼ਨਾਨ ਕਰਨ ਉਪਰੰਤ ਆਪਣੀ ਪੱਗ ਸੁਭਾਵਕ ਹੀ ਭੁੱਲ ਆਇਆ ਤੇ ਨੰਗੇ ਸਿਰ ਘਰ ਆ ਗਿਆ। ਪੱਗ ਉੱਤਰ ਕੇ ਨੰਗੇ ਸਿਰ ਘਰ ਆਉਣ ਦਾ ਅਰਥ ਹੁੰਦਾ ਸੀ ਕਿ ਘਰ ਵਿੱਚੋਂ ਜਾਂ ਨਜ਼ਦੀਕੀ ਰਿਸ਼ਤੇਦਾਰੀ ਵਿੱਚੋਂ ਕੋਈ ਚੜਾਈ ਕਰ ਗਿਆ ਹੋਵੇ। ਸੋ ਘਰ ਵਿੱਚ ਨੰਗੇ ਸਿਰ ਆਇਆ ਦੇਖ ਕੇ ਘਰ ਵਿੱਚ ਕੰਮ ਕਾਰ ਕਰਦੀਆਂ ਇਸਤ੍ਰੀਆਂ ਨੇ ਉੱਚੀ ਉੱਚੀ ਰੋਣਾ ਸ਼ੂਰੂ ਕਰ ਦਿੱਤਾ। ਉਨ੍ਹਾਂ ਦਾ ਰੋਣਾ ਸੁਣ ਕੇ ਹੋਰ ਵੀ ਆਂਢ ਗੁਆਂਢ ਆ ਕੇ ਰੋਣ ਲੱਗ ਪਿਆ। ਪਿੰਡਾਂ ਵਿੱਚ ਨੈਣਾਂ ਹੁੰਦੀਆਂ ਸਨ, ਜਿਨ੍ਹਾਂ ਕੋਲ ਸ਼ਬਦਾਂ ਦੀ ਜਾਦੂਗਰੀ ਹੁੰਦੀ ਸੀ। ਉਹ ਆ ਕੇ ਅਜਿਹੇ ਵੈਣ ਪਾਉਂਦੀਆਂ ਹਨ ਕਿ ਹਰ ਕੋਈ ਪੱਥਰ ਦਿਲ ਵੀ ਖੁੱਲ ਕੇ ਰੋ ਲੈਂਦਾ ਸੀ। ਨੈਣ ਵੀ ਆ ਗਈ ਤੇ ਪੁੱਛਣ ਲੱਗੀ ਕਿ ਕਿਸ ਦੇ ਨਾਂ ਦੇ ਵੈਣ ਪਾਈਏ ਭਾਵ ਕੌਣ ਮਰ ਗਿਆ  ? ਘਰ ਦੀਆਂ ਜਨਾਨੀਆਂ ਨੇ ਕਿਹਾ ਕਿ ਘਰ ਵਿੱਚ ਬਿਨਾਂ ਪੱਗ ਤੋਂ ਆਏ ਬੰਦੇ ਨੂੰ ਪੁੱਛੋ। ਉਸ ਨੂੰ ਪੁੱਛਿਆ ਗਿਆ ਕਿ ਤੁਸੀਂ ਬਿਨਾਂ ਪੱਗ ਤੋਂ ਆਏ ਹੋ, ਕੌਣ ਚੜਾਈ ਕਰ ਗਿਆ ? ਤਾਂ ਉਹ ਵੀ ਅੱਗੋਂ ਕਹਿਣ ਲੱਗਾ ਕਿ ਮੈਨੂੰ ਤਾਂ ਨਹੀਂ ਪਤਾ, ਮੈਂ ਤਾਂ ਘਰ ਵਿੱਚ ਜਨਾਨੀਆਂ ਨੂੰ ਰੋਂਦੀਆਂ ਦੇਖ ਕੇ ਰੋਣ ਲੱਗ ਪਿਆ ਹਾਂ। ਸਾਰੀ ਜਾਚ ਪੜਤਾਲ ਕਰਿਆਂ ਜਦ ਪਤਾ ਲੱਗਾ ਕਿ ਅਚਾਨਕ ਹੀ ਬਾਹਰ ਖੂਹ ’ਤੇ ਇਸ਼ਨਾਨ ਕਰ ਕੇ ਇਹ ਬੰਦਾ ਆਪਣੀ ਪੱਗ ਉੱਥੇ ਭੁੱਲ ਆਇਆ ਸੀ ਜਿਸ ਤੋਂ ਅੰਦਾਜ਼ਾ ਲਾ ਕੇ ਸਾਰੇ ਹੀ ਰੋਣ ਲੱਗ ਪਏ ਹਨ:

ਠੰਢੇ ਖੂਹਹੁੰ ਨ੍ਹਾਇ ਕੈ; ਪਗ ਵਿਸਾਰਿ ਆਇਆ ਸਿਰਿ ਨੰਗੈ। ਘਰ ਵਿਚਿ ਰੰਨਾ ਕਮਲੀਆਂ; ਧੁਸੀ ਲੀਤੀ ਦੇਖਿ ਕੁਢੰਗੈ।

ਰੰਨਾ ਦੇਖਿ ਪਿਟੰਦੀਆ; ਢਾਹਾਂ ਮਾਰੈਂ ਹੋਇ ਨਿਸੰਗੈ। ਲੋਕ ਸਿਆਪੇ ਆਇਆ; ਰੰਨਾ ਪੁਰਸ ਜੁੜੇ ਲੈ ਪੰਗੈ (ਪੰਗਤ ’ਚ ਬੈਠ ਕੇ)।

ਨਾਇਣ ਪੁਛਦੀ ਪਿਟਦੀਆਂ; ਕਿਸ ਦੈ ਨਾਇ ਅਲ੍ਹਾਣੀ ਅੰਗੈ  ?। ਸਹੁਰੇ ਪੁਛਹ ਜਾਇ ਕੈ; ਕਉਣ ਮੁਆ  ? ਨੂਹ ਉਤਰੁ ਮੰਗੈ।

ਕਾਵਾਂ ਰੌਲਾ ਮੂਰਖੁ ਸੰਗੈ ॥੧੯॥ (ਭਾਈ ਗੁਰਦਾਸ ਜੀ /ਵਾਰ ੩੨ ਪਉੜੀ ੧੯)

ਸਾਡੇ ਗੀਤਾਂ ਵਿੱਚ ਵੀ ਪੱਗ ਨੂੰ ਬਹੁਤ ਸਲਾਹਿਆ ਜਾਂਦਾ ਹੈ। ਕਦੇ ਪੱਗ ਬੰਨ੍ਹਣ ਦੇ ਤਰੀਕੇ ਨੂੰ ਲੈ ਕੇ, ਕਦੇ ਪੱਗ ਦੇ ਰੰਗਾਂ ਦਾ ਜ਼ਿਕਰ ਕਰਦਿਆਂ ਕਈ ਤਰ੍ਹਾਂ ਦੇ ਗੀਤ ਗਾਏ ਜਾਂਦੇ ਸਨ। ਇੱਥੋਂ ਤੱਕ ਕਹਿ ਲਈਏ ਕਿ ਕਿਸੇ ਨੂੰ ਵੰਗਾਰ ਵੀ ਪਾਉਣੀ ਹੁੰਦੀ ਹੈ ਤਾਂ ਪੱਗ ਦਾ ਹੀ ਨਾਮ ਵਰਤਿਆ ਜਾਂਦਾ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਚੜਾਈ ਕਰ ਗਏ ਸਨ ਤਾਂ ਗਦਾਰਾਂ ਦੀਆਂ ਕਰਤੂਤਾਂ ਨੇ ਕੁਝ ਹੀ ਸਮੇਂ ਵਿੱਚ ਬਾਕੀ ਰਹਿੰਦੀ ਬਰਬਾਦੀ ਵੀ ਕਰ ਦਿੱਤੀ ਸੀ। ਸਿੱਖ ਰਾਜ ਦੇ ਖ਼ਾਤਮੇ ਦੀਆਂ ਆਖ਼ਰੀ ਤਿੰਨ ਲੜਾਈਆਂ (ਮੁਦਕੀ, ਫੇਰੂ ਤੇ ਸਭਰਾਵਾਂ) ਲੜੀਆਂ ਗਈਆਂ ਸਨ। ਗਦਾਰਾਂ ਦੇ ਕਾਰਨ ਗੋਰੇ ਕਾਫ਼ੀ ਭਾਰੂ ਹੋ ਗਏ ਤੇ ਸਿੱਖ ਜੰਗ ਹਾਰ ਰਹੇ ਸਨ। ਉਸ ਵਕਤ ਵੀ ਪੱਗਾਂ ਅਤੇ ਦਾੜ੍ਹੀਆਂ ਦੀ ਲਾਜ ਰੱਖਣ ਦਾ ਵਾਸਤਾ ਪਾਇਆ ਗਿਆ ਅਤੇ ਇਸ ਵਾਸਤੇ ਕਾਰਨ ਹੀ ਇੱਕ ਵਾਰੀ ਤਾਂ ਮੁੜ ਸਿੰਘਾਂ ਦੇ ਜੋਸ਼ ਨੇ ਗੋਰਿਆਂ ਦੇ ਨਿੰਬੂਆਂ ਵਾਂਗ ਲਹੂ ਨਿਚੋੜ ਸੁੱਟੇ ਸਨ। ਉਸ ਵਕਤ ਦੇ ਹਾਲਾਤਾਂ ਨੂੰ ਸ਼ਾਹ ਮੁਹਮੰਦ ਦੇ ਜੰਗਨਾਮੇ ਨੇ ਇਸ ਤਰ੍ਹਾਂ ਬਿਆਨ ਕੀਤਾ :

ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ, ਕੋਈ ਅਕਲ ਦਾ ਕਰੋ ਇਲਾਜ ਯਾਰੋ।

ਛੋੜ (ਫੇੜ) ਬੁਰਛਿਆਂ ਦੀ ਸਾਡੇ ਪੇਸ਼ ਆਈ (ਆਇਆ), ਪਗ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ।

ਮੁਠ ਮੀਟੀ ਸੀ ਏਸ ਪੰਜਾਬ ਦੀ ਜੀ, ਇਨ੍ਹਾਂ ਖੋਲ੍ਹ ਦਿੱਤਾ ਅਜ ਪਾਜ ਯਾਰੋ।

ਸ਼ਾਹ ਮੁਹੰਮਦਾ ਮਾਰ ਕੇ ਮਰੋ ਏਥੇ, ਕਦੀ ਰਾਜ ਨਾ ਹੋਏ ਮੁਹਤਾਜ ਯਾਰੋ।88।….

ਆਈਆਂ ਪਲਟਨਾਂ ਬੀੜ ਕੇ ਤੋਪਖ਼ਾਨੇ, ਅੱਗੋਂ ਸਿੰਘਾਂ ਨੇ ਪਾਸੇ ਤੋੜ ਸੁੱਟੇ।

ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਿਰੰਗੀ ਦੇ ਮੋੜ ਸੁੱਟੇ।

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ੍ਹ ਸ਼ਸਤ੍ਰੀ ਜੋੜ ਵਿਛੋੜ ਸੁੱਟੇ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ।90।

(ਡਾ. ਰਤਨ ਸਿੰਘ ਜੱਗੀ, ਜੰਗਨਾਮਾ ਸਿੰਘਾਂ ਤੇ ਫਰੰਗੀਆਂ ਪੰਨਾ 30)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 4)