27.2 C
Jalandhar
Monday, April 13, 2026
spot_img
Home Blog Page 139

ਬਾਬਿਆਂ ਦੀਆਂ ਬਰਸੀਆਂ ਮਨਾਉਣ ਵਾਲਿਆਂ ਵਿੱਚੋਂ ਕੋਈ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਉਂਦਾ: ਭਾਈ ਹਰਦੀਪ ਸਿੰਘ ਖਿਆਲੀਵਾਲਾ

0

ਬਾਬਿਆਂ ਦੀਆਂ ਬਰਸੀਆਂ ਮਨਾਉਣ ਵਾਲਿਆਂ ਵਿੱਚੋਂ ਕੋਈ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਉਂਦਾ: ਭਾਈ ਹਰਦੀਪ ਸਿੰਘ ਖਿਆਲੀਵਾਲਾ

ਬਠਿੰਡਾ, 26 ਜੂਨ (ਕਿਰਪਾਲ ਸਿੰਘ ਬਠਿੰਡਾ):  ਗੁਰਮਤਿ ਪ੍ਰਚਾਰ ਸਭਾ ਬਠਿੰਡਾ ਵੱਲੋਂ ਫੈਸਲਾ ਕੀਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਨਾਨਕਸ਼ਾਹੀ ਕੈਲੰਡਰ ਅਨੁਸਾਰ ਜਿਸ ਵੀ ਗੁਰੂ ਸਾਹਿਬਾਨ ਜਾਂ ਗੁਰਸਿੱਖ ਯੋਧਿਆਂ ਨਾਲ ਸਬੰਧਿਤ ਦਿਹਾੜਾ ਐਤਵਾਰ ਜਾਂ ਉਸ ਦੇ ਆਸਪਾਸ ਦੇ ਦਿਨ ਹੋਵੇਗਾ; ਪ੍ਰਚਾਰ ਸਭਾ ਵੱਲੋਂ ਐਤਵਾਰ ਸ਼ਾਮ ਨੂੰ ਕੀਤੇ ਜਾ ਰਹੇ ਹਫਤਾਵਾਰੀ ਸਮਾਗਮ ਵਿਚ ਉਸ ਗੁਰੂ ਸਾਹਿਬ ਜੀ ਦੇ ਗੁਰਪੁਰਬ ਜਾਂ ਗੁਰਸਿੱਖ ਯੋਧਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੀਤੇ ਜਾਇਆ ਕਰਨਗੇ। ਇਸੇ ਲੜੀ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰ ਪੁਰਬ 18 ਜੂਨ ਨੂੰ ਭਾਈ ਮਤੀਦਾਸ ਨਗਰ ਦੇ ਗੁਰਦੁਆਰਾ ਸਾਹਿਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਬੀਤੇ ਦਿਨ ਬਾਬਾ ਨਾਮਦੇਵ ਭਵਨ, ਬਾਬਾ ਨਾਮਦੇਵ ਮਾਰਗ ਵਿਖੇ ਕੀਤਾ ਗਿਆ। 2 ਜੁਲਾਈ ਨੂੰ ਸਿਰਜਣਾ ਦਿਵਸ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਸਮਾਗਮ ਗੁਰਦੁਆਰਾ ਸਿਵਲ ਸਟੇਸ਼ਨ ਵਿਖੇ ਅਤੇ 9 ਜੁਲਾਈ ਨੂੰ ਸ਼ਹੀਦੀ ਦਿਹਾੜਾ ਭਾਈ ਮਨੀ ਸਿੰਘ ਜੀ ਨੂੰ ਸਮਰਪਤ, ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ਼-1 ਵਿਖੇ ਕੀਤੇ ਜਾਣਗੇ।  9 ਜੁਲਾਈ ਨੂੰ ਗੁਰਦੁਆਰਾ ਮਾਡਲ ਟਾਊਨ ਵਿਖੇ ਕੀਤੇ ਜਾਣ ਵਾਲੇ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਦਮਦਮਾ ਸਾਹਿਬ ਵਿਸ਼ੇਸ਼ ਤੌਰ ’ਤੇ ਭਾਗ ਲੈਣਗੇ। ਪੰਥਕ ਏਕਤਾ ਨੂੰ ਮੁੱਖ ਰੱਖਦਿਆਂ ਸਾਰੇ ਪ੍ਰੋਗਰਾਮ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਭਾਏ ਜਾਂਦੇ ਹਨ।

ਗੁਰਮਤਿ ਪ੍ਰਚਾਰ ਸਭਾ ਦੇ ਬੁਲਾਰੇ ਭਾਈ ਕਿਰਪਾਲ ਸਿੰਘ ਨੇ ਦੱਸਿਆ ਕਿ ਜਿਸ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਾਂ ਸੰਗਤ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਗੁਰ ਪੁਰਬ ਜਾਂ ਹੋਰ ਇਤਿਹਾਸਕ ਦਿਹਾੜੇ ਨਾਲ ਸਬੰਧਿਤ ਸਮਾਗਮ ਆਪਣੇ ਗੁਰਦੁਆਰਾ ਸਾਹਿਬ ਜਾਂ ਆਪਣੇ ਘਰ ਵਿਖੇ ਕਰਵਾਉਣ ਦੇ ਚਾਹਵਾਨ ਹੋਣ ਤਾਂ ਉਹ ਸਮਾਗਮ ਬੁੱਕ ਕਰਵਾਉਣ ਲਈ ਸਭਾ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਥਾਵਾਚਕ ਅਤੇ ਰਾਗੀ ਜੱਥੇ ਭੇਟਾ ਰਹਿਤ ਨਿਸ਼ਕਾਮ ਸੇਵਾ ਨਿਭਾਉਂਦੇ ਹਨ ਅਤੇ ਦੇਗ ਤੇ ਵਧੀਆ ਸਾਊਂਡ ਦਾ ਪ੍ਰਬੰਧ ਕਰਨ ਦੀ ਜਿੰਮੇਵਾਰ ਪ੍ਰੋਗਰਾਮ ਬੁੱਕ ਕਰਵਾਉਣ ਵਾਲਿਆਂ ਨੇ ਨਿਭਾਉਣੀ ਹੁੰਦੀ ਹੈ।

ਬੀਤੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਤ ਬਾਬਾ ਨਾਮਦੇਵ ਭਵਨ ਵਿਖੇ ਹੋਏ ਸਮਾਗਮ ਦੀ ਆਰੰਭਤਾ ਭਾਈ ਤਰਸੇਮ ਸਿੰਘ ਹਰਰਾਇਪੁਰ ਵਾਲਿਆਂ ਦੇ ਕੀਰਤਨੀ ਜੱਥੇ ਨੇ ਰਸ ਭਿੰਨੇ ਸ਼ਬਦ ਕੀਰਤਨ ਰਾਹੀਂ ਕੀਤੀ। ਕੀਰਤਨ ਦੀ ਸਮਾਪਤੀ ਉਪ੍ਰੰਤ ਭਾਈ ਹਰਦੀਪ ਸਿੰਘ (ਡਾ:) ਖਿਆਲੀਵਾਲੇ ਨੇ ਬਾਬਾ ਬੰਦਾ ਬਹਾਦਰ ਸਿੰਘ ਜੀ ਦੀ ਸ਼ਹੀਦੀ ਦਾ ਲੂੰ-ਕੰਡੇ ਖੜ੍ਹੇ ਕਰਨ ਵਾਲਾ ਇਤਿਹਾਸ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਕਿਹਾ ਕਿ ਬਾਬਾ ਜੀ ਨੇ ਗੁਰੂ ਸਿਧਾਂਤ ’ਤੇ ਪਹਿਰਾ ਦੇਣ ਵਾਲਾ ਪਹਿਲਾ ਖ਼ਾਲਸਾ ਰਾਜ ਸਥਾਪਤ ਕੀਤਾ ਜਿਸ ਵਿੱਚ ਮੁਜਾਹਿਰਿਆਂ ਨੂੰ ਜ਼ਮੀਨ ਦੇ ਅਸਲੀ ਮਾਲਕ ਬਣਾਇਆ ਤੇ ਫ਼ਰਖ਼ੁਸ਼ੀਅਰ ਦੀ ਈਨ ਮੰਨਣ ਨਾਲੋਂ ਆਪਣੇ ਚਾਰ ਸਾਲ ਦੇ ਬੱਚੇ ਦਾ ਕਾਲਜਾ ਆਪਣੇ ਮੂੰਹ ਵਿੱਚ ਪਵਾਉਣ ’ਤੇ ਅਕਹਿ ਤੇ ਅਸਹਿ ਤਸੀਹੇ ਝੱਲ ਕੇ ਸ਼ਹੀਦੀ ਪ੍ਰਾਪਤ ਕਰਨ ਨੂੰ ਤਰਜ਼ੀਹ ਦਿੱਤੀ ਪਰ ਬਹੁਤੇ ਇਤਿਹਾਸਕਾਰਾਂ ਨੇ ਉਨ੍ਹਾਂ ਨਾਲ ਇਨਸਾਫ ਨਹੀਂ ਕੀਤਾ ਅਤੇ ਸਾਰਾ ਇਤਿਹਾਸ ਵਿਗਾੜ ਕੇ ਪੇਸ਼ ਕੀਤਾ ਤੇ ਅੱਜ ਕੋਈ ਵਿਰਲਾ ਹੀ ਗੁਰਦੁਆਰਾ ਹੋਵੇਗਾ ਜਿਸ ਨੇ ਕਦੀ ਬਾਬਾ ਬੰਦਾ ਬਹਾਦਰ ਸਿੰਘ ਦਾ ਮਹਾਨ ਸ਼ਹੀਦੀ ਦਿਹਾੜਾ ਮਨਾਇਆ ਹੋਵੇਗਾ। ਜਦੋਂ ਕਿ ਚਾਹੀਦਾ ਇਹ ਸੀ ਕਿ ਹਰ ਗੁਰਦੁਆਰਾ ਸਾਹਿਬ ਅਤੇ ਸਿੱਖੀ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੇ ਹਰ ਡੇਰੇ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾਵੇ ਤਾ ਕਿ ਆਪਾ ਕੁਰਬਾਨ ਵਾਲੇ ਇਸ ਯੋਧੇ ਦਾ ਇਤਿਹਾਸ ਸਾਡੇ ਬੱਚਿਆਂ ਤੱਕ ਪਹੁੰਚ ਸਕੇ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਆਪਣੇ ਬਾਬਿਆਂ, ਜਿਨ੍ਹਾਂ ਦੀ ਸਿੱਖ ਪੰਥ ਨੂੰ ਕੋਈ ਵੀ ਦੇਣ ਨਹੀਂ ਹੈ; ਦੀਆਂ ਬਰਸੀਆਂ ਮਨਾਉਣ ਵਾਲੇ ਡੇਰੇਦਾਰਾਂ ਨੇ ਗੁਰੂ ਸਾਹਿਬਾਨਾਂ ਦੇ ਗੁਰ ਪੁਰਬ ਅਤੇ ਮਹਾਨ ਯੋਧਿਆਂ ਦੇ ਸ਼ਹੀਦੀ ਦਿਹਾੜੇ ਮਨਾਉਣੇ, ਉਨ੍ਹਾਂ ਦੇ ਪ੍ਰੋਗਰਾਮਾਂ ਦਾ ਹਿੱਸਾ ਹੀ ਨਹੀਂ ਬਣਾਏ ਗਏ।

ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥

0

ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥

ਭਗਤ ਪੂਰਨ ਸਿੰਘ ਜੀ

ਬੱਚਾ ਕਹਾਣੀ ਨੂੰ ਸੁਣਦਾ ਹੈ ਤੇ ਆਦਰਸ਼ਕ ਜੀਵਨ ਦੀ ਘਾੜਤ ਘੜਨ ਵਾਲੀਆਂ ਕਹਾਣੀਆਂ ਬੱਚਿਆਂ ਦੇ ਮਨਾਂ ਵਿੱਚ ਬੈਠ ਜਾਂਦੀਆਂ ਹੁੰਦੀਆਂ ਹਨ; ਉਨ੍ਹਾਂ ਨੂੰ ਜੀਵਨ ਲਈ ਠੀਕ ਸੇਧ ਦਿੰਦੀਆਂ ਹਨ ਤੇ ਉਨ੍ਹਾਂ ਦੇ ਜੀਵਨ ਨੂੰ ਆਪਣੇ ਸਾਂਚੇ ਵਿੱਚ ਢਾਲਦੀਆਂ ਰਹਿੰਦੀਆਂ ਹਨ। ਬੱਚਿਆਂ ਦੀ ਇੱਕ ‘ਸੁਫਨਿਆਂ ਦੀ ਦੁਨੀਆਂ’ ਹੁੰਦੀ ਹੈ, ਉਨ੍ਹਾਂ ਦੀਆਂ ਦੁਨੀਆਂ ਵਾਲੀਆਂ ਕਹਾਣੀਆਂ ਉਹਨਾਂ ਨੂੰ ਸੁਣਾਉਣੀਆਂ ਚਾਹੀਦੀਆਂ ਹਨ।

ਪੱਥਰ ਦੇ ਕੋਲੇ, ਡੀਜਲ ਤੇ ਪੈਟਰੌਲ ਨਾਲ ਜਿਹੜੀ ਮਸ਼ੀਨਰੀ ਚੱਲਦੀ ਹੈ, ਉਸ ਦੇ ਅਨੇਕਾਂ ਰੂਪ ਹਨ, ਜਿਵੇਂ -ਰੇਲ ਦਾ ਇੰਞਣ, ਸੜਕਾਂ ਦੀ ਟ੍ਰੈਫਿਕ, ਆਦਿ । ਵੱਖ-ਵੱਖ ਰੂਪਾਂ ਦੀਆਂ ਇਨ੍ਹਾਂ ਮਸ਼ੀਨਾਂ ਨੂੰ ਹੋਂਦ ਵਿੱਚ ਆਈਆਂ ਨੂੰ ਢਾਈ ਸੌ ਸਾਲਾਂ ਦਾ ਸਮਾਂ ਨਹੀਂ ਹੋਇਆ । ਸਵਾ ਦੋ ਸੌ ਸਾਲ ਵਿੱਚ ਜਿਹੜੀ ਤਬਾਹੀ ਹਵਾ, ਪਾਣੀ ਤੇ ਧਰਤੀ ਦੀ ਇਨ੍ਹਾਂ ਮਸ਼ੀਨਾਂ ਨੇ ਕੀਤੀ ਉਹ ਦਿਲ ਹਿਲਾ ਦੇਣ ਵਾਲੀ ਹੈ, ਪਰ ਇਨ੍ਹਾਂ ਮਸ਼ੀਨਾਂ ਤੋਂ ਪੈਦਾ ਹੋਣ ਵਾਲੀਆਂ ਤਬਾਹੀਆਂ ਤੋਂ ਬਚਣ ਦਾ ਗਿਆਨ ਦੁਨੀਆਂ ਦੇ ਬੰਦਿਆਂ ਨੂੰ ਦੇਣ ਲਈ ਨਾ ਲੋੜ ਅਨੁਸਾਰ ਸੰਸਥਾਵਾਂ ਹੋਂਦ ਵਿੱਚ ਆਈਆਂ ਹਨ ਤੇ ਨਾ ਹੀ ਲੋੜ ਅਨੁਸਾਰ ਬੰਦੇ ਖੜ੍ਹੇ ਹੋਏ ਹਨ। ਅਜਿਹਾ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਅਤੇ ਅਣਗਿਣਤ ਬੰਦਿਆਂ ਦੀ ਲੋਣ ਹੈ। ਮੋਟਰਕਾਰਾਂ, ਮੋਟਰਸਾਈਕਲਾਂ ਦੀ ਸਵਾਰੀ ਨਾ ਕੇਵਲ ਆਰਾਮ-ਤਲਬੀ ਲਈ ਕੀਤੀ ਜਾ ਰਹੀ ਹੈ ਬਲਕਿ ਹੰਕਾਰ ਦੇ ਪ੍ਰਗਟਾਵਿਆਂ ਲਈ ਵੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਅਨੇਕਾਂ ਚੀਜਾਂ ਦੇ ਨਾਮ ਲਏ ਜਾ ਸਕਦੇ ਹਨ ਜਿਹੜੀਆਂ ਆਰਾਮ-ਤਲਬੀ, ਆਯਾਸ਼ੀ ਤੇ ਹੰਕਾਰ ਦੇ ਪ੍ਰਗਟਾਵਿਆਂ ਲਈ ਵਰਤੀਆਂ ਜਾ ਰਹੀਆਂ ਹਨ। ਲੋਕੀਂ ਆਪਣੀ ਮੂਰਖਤਾ ਨਾਲ ਮੋਟਰਕਾਰਾਂ, ਮੋਟਰਸਾਈਕਲਾਂ ਜੈਸੀਆਂ ਚੀਜਾਂ ਨੂੰ ਵਰਤਦੇ ਹੋਏ ਪ੍ਰਾਣੀ-ਮਾਤਰ ਲਈ ਸੰਸਾਰ ਵਿਚ ਅਨੇਕਾਂ ਤਬਾਹੀਆਂ ਪੈਦਾ ਕਰ ਰਹੇ ਹਨ। ਗੁਰਦੁਆਰੇ, ਧਰਮ-ਅਸਥਾਨ ਤਾਂ ਰੱਬ ਦੀ ਹੋਂਦ ਨੂੰ ਯਾਦ ਕਰਾਉਂਦੇ ਹਨ ਤੇ ਰੱਬ ਦੀ ਹੋਂਦ ਦਾ ਸਬੂਤ ਵੀ ਦੇਂਦੇ ਹਨ। ਦੁਨੀਆਂ ਵਿੱਚ ਅਜਿਹੀਆਂ ਇਸਤਰੀਆਂ ਪੈਦਾ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਆਪਣੇ ਪੁੱਤਰਾਂ ਧੀਆਂ ਦੀਆਂ ਤੰਦਰੁਸਤੀਆਂ, ਲੰਮੀਆਂ ਉਮਰਾਂ ਤੇ ਜੀਵਨ ਦੀ ਪ੍ਰਫੁਲਿਤਾ ਲਈ ਰੱਬ ਅੱਗੇ ਅਰਦਾਸ ਕਰਨ ਦੀ ਲੋੜ ਪੈਂਦੀ ਹੈ ਕਿ ਰੱਬਾ ਮੇਰੇ ਬੱਚੇ ਨੂੰ ਤੂੰ ਸਾਰੀਆਂ ਦਾਤਾਂ ਬਖਸ਼ੀਂ ਜਿਹੜੀਆਂ ਦਾਤਾਂ ਤੇਰੇ ਖ਼ਜ਼ਾਨੇ ਵਿਚ ਤੇਰੇ ਕੰਮ ਲਈ ਜੀਵਨ ਅਰਪਣ ਕਰਨ ਵਾਲੇ ਬੰਦਿਆਂ ਲਈ ਹੁੰਦੀਆਂ ਹਨ। ਜਿਨ੍ਹਾਂ ਦਾਤਾਂ ਨਾਲ ਉਨ੍ਹਾਂ ਨੇ ਸੰਸਾਰ ਦੀ ਵਿਗੜੀ ਬਣਾਉਣੀ ਹੁੰਦੀ ਹੈ, ਦੁੱਖਾਂ ਵਿੱਚੋਂ ਕੱਢਣਾ ਤੇ ਮੁਸੀਬਤਾਂ ’ਚੋਂ ਬਚਾ ਕੇ ਸਫਲਤਾ ਦੇ ਰਾਹ ’ਤੇ ਤੋਰਨਾ ਹੁੰਦਾ ਹੈ। ਮੈਂ ਆਪਣੀ ਮਾਂ ਦਾ ਇਕੱਲਾ ਬੱਚਾ ਸਾਂ। ਜਦੋਂ ਮੈਂ ਸੱਤਾਂ ਕੁ ਸਾਲਾਂ ਦਾ ਸਾਂ ਤਾਂ ਮੈਨੂੰ ਬੁਖਾਰ ਚੜ੍ਹ ਗਿਆ ਸੀ। ਬੁਖਾਰ ਚੜ੍ਹੇ ਨੂੰ ਸ਼ਾਇਦ ਚੌਥਾ ਦਿਨ ਹੀ ਹੋਇਆ ਹੋਵੇਗਾ ਕਿ ਮਾਂ ਭਾਰੀ ਚਿੰਤਾ ਵਿਚ ਪੈ ਗਈ ਸੀ। ਉਸ ਨੇ ਬਿਹਬਲ ਹੋ ਕੇ ਰੱਬ ਅੱਗੇ ਅਰਦਾਸ ਕੀਤੀ ਸੀ ਕਿ ਰੱਬਾ ਮੇਰੇ ਪੁੱਤ ਦਾ ਬੁਖਾਰ ਹਟਾ, ਇਸ ਨੂੰ ਰਾਜ਼ੀ ਕਰ, ਰਾਜ਼ੀ ਹੋ ਕੇ ਇਹ ਸਾਰੀ ਉਮਰ ਤੇਰੇ ਹੀ ਕੰਮ ਕਰੇਗਾ। ਮੇਰੀ ਮਾਂ ਨੇ ਤੰਦਰੁਸਤੀ ਲਈ ਸੁੱਖਣਾ ਸੁੱਖਣ ਲਈ ਕੋਈ ਢਿੱਲ ਨਾ ਦਿਖਾਈ ਤੇ ਮਨ ਵਿਚ ਚਿੰਤਾ ਪੈਦਾ ਹੁੰਦਿਆਂ ਹੀ ਤੁਰੰਤ ਇਹ ਵੱਡੀ ਤੋਂ ਵੱਡੀ ਸੁੱਖਣਾ ਸੁੱਖੀ। ਉਹ ਚਾਹੁੰਦੀ ਸੀ ਕਿ ਬੱਚੇ ਦੀ ਤੰਦਰੁਸਤੀ ਜ਼ਰੂਰੀ ਹੈ ਤੇ ਉਸ ਦੀ ਪ੍ਰਾਪਤੀ ਲਈ ਕੋਈ ਵੀ ਸੁੱਖਣਾ ਵੱਡੀ ਨਹੀਂ ਹੋ ਸਕਦੀ। ਮੇਰੀ ਮਾਂ ਨੂੰ ਮੇਰੇ ਤੋਂ ਬਿਨਾਂ ਕੁਝ ਹੋਰ ਪਿਆਰਾ ਨਹੀਂ ਸੀ ਤੇ ਨਾ ਹੀ ਵਧੇਰੇ ਮਹੱਤਤਾ ਵਾਲਾ ਸੀ। ਮੈਂ ਹੀ ਉਸ ਦੀ ਵੱਡੀ ਤੋਂ ਵੱਡੀ ਮੁਰਾਦ ਸੀ। ਉਸ ਅਰਦਾਸ ਦੇ ਪਰਛਾਵੇਂ ਵਿੱਚ ਪਲੇ ਹੋਏ ਨੇ ਮੈਂ ਧਰਤੀ ਉੱਤੇ ਰੱਬ ਦੀਆਂ ਸ਼ਕਤੀਆ ਦੇ ਪ੍ਰਤੀਨਿਧ ਕਿਸੇ ਆਦਰਸ਼ਕ ਧਰਮ ਅਸਥਾਨ ਨੂੰ ਲੱਭਣਾ ਹੀ ਸੀ ਜਿਸ ਦੀ ਛਤਰ ਛਾਇਆ ਹੇਠ ਜੀਵਨ ਅਰਪਣ ਕਰ ਕੇ ਮੈਂ ਰੱਬ ਦੇ ਕੰਮਾਂ ਨੂੰ ਕਰਨ ਦੀ ਜਾਚ ਸਿੱਖਦਾ ਤੇ ਰੱਬ ਦੇ ਕੰਮਾਂ ਨੂੰ ਕਰਨ ਦਾ ਅਵਸਰ ਵੀ ਮਿਲਦਾ। ਉਹ ਧਰਮ ਅਸਥਾਨ ਮੈਨੂੰ ਪਾਕਿਸਤਾਨ ਵਿੱਚ ਜਾ ਚੁੱਕੇ ਸ਼ਹਿਰ ਲਾਹੌਰ ਦਾ ਗੁਰਦੁਆਰਾ ਡੇਹਰਾ ਸਾਹਿਬ ਲੱਭਿਆ ਸੀ, ਜਿਹੜਾ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਸੀ੍ਰ ਗੁਰੂ ਅਰਜੁਨ ਦੇਵ ਜੀ ਦੇ ਜੋਤੀ ਜੋਤ ਸਮਾਉਣ ਦਾ ਅਸਥਾਨ ਹੈ। ਮੇਰੇ ਬਚਪਨ ਦੇ ਸਮੇਂ ਰਾਤ ਨੂੰ ਸੌਣ ਲੱਗਿਆਂ ਮੇਰੀ ਮਾਂ ਧ੍ਰੂ ਤਾਰੇ ਵੱਲ ਉਂਗਲੀ ਕਰ ਕੇ ਕਿਹਾ ਕਰਦੀ ਸੀ ਕਿ ਧ੍ਰੂ ਤਾਰਾ ਪੰਜ ਸਾਲ ਦਾ ਮੁੰਡਾ ਹੈ ਜਿਸ ਦੀ ਉਮਰ ਸਦਾ ਪੰਜ ਸਾਲ ਦੀ ਹੀ ਰਹਿੰਦੀ ਹੈ, ਵਧਦੀ ਨਹੀਂ। ਜਦ ਇਹ ਪੰਜ ਸਾਲ ਦਾ ਹੋਇਆ ਸੀ ਤਾ ਰੱਬ ਪਾਸ ਗਿਆ ਸੀ ਤੇ ਇਸ ਨੇ ਰੱਬ ਨੂੰ ਕਿਹਾ ਸੀ ਕਿ ਰੱਬਾ ! ਮੈਂ ਤੇਰਾ ਭਗਤ ਬਣਨਾ ਹੈ। ਰੱਬ ਨੇ ਕਿਹਾ ਚੰਗਾ ਮੈਂ ਤੈਨੂੰ ਆਪਣਾ ਅਰਦਲੀ ਬਣਾ ਲੈਂਦਾ ਹਾਂ। ਧ੍ਰੂ ਰੱਬ ਦੇ ਦਰਬਾਰ ਵਿਚ ਰੱਬ ਦਾ ਅਰਦਲੀ ਬਣ ਕੇ ਖੜ੍ਹਾ ਹੈ। ਮੇਰੇ ਬਚਪਨ ਦੇ ਸਮੇ ਵਿੱਚ ਜਿਹੜੇ ਧਰਮ ਦੇ ਸੰਸਕਾਰ ਮੇਰੇ ਮਨ ਵਿੱਚ ਪਏ ਉਹਨਾਂ ਵਿੱਚੋਂ ਜਿਸ ਸੰਸਕਾਰ ਨੇ ਮੇਰੇ ਮਨ ਵਿੱਚ ਸਭ ਤੋਂ ਵੱਧ ਥਾਂ ਮੱਲੀ ਤੇ ਮੇਰੇ ਮਨ ਵਿੱਚ ਹਮੇਸ਼ਾਂ ਛਾਇਆ ਰਿਹਾ ਹੈ, ਉਹ ਧ੍ਰੂ ਭਗਤ ਦੀ ਕਹਾਣੀ ਸੀ। ਮੈਂ ਪਿੰਡ ਵਿੱਚ ਜੰਮਿਆ ਪਲਿਆ ਹਾਂ। ਪਿੰਡ ਵਿਚ ਚੁਬਾਰਾ ਕੋਈ ਵਿਰਲਾ ਹੁੰਦਾ ਹੈ। ਰਾਤ ਨੂੰ ਮੰਜਿਆਂ ਤੇ ਲੋਕਾਂ ਨੂੰ ਅਸਮਾਨ ਤੇ ਤਾਰੇ ਨਜ਼ਰ ਆ ਰਹੇ ਹੁੰਦੇ ਹਨ। ਮੇਰੀ ਮਾਂ ਧ੍ਰੂ ਤਾਰੇ ਦਾ ਧਿਆਨ ਕਰਾਉਂਦੀ ਰਹਿੰਦੀ ਸੀ। ਮੈਨੂੰ ਵੀ ਰਾਤ ਦੇ ਸਮੇਂ ਮੰਜੇ ’ਤੇ ਪਏ ਨੂੰ ਧ੍ਰੂ ਤਾਰਾ ਦਿਸਦਾ ਰਹਿੰਦਾ ਸੀ। ਇਸ ਤਰ੍ਹਾਂ ਮੇਰੇ ਬਚਪਨ ਦੇ ਲੜਕਪਨ ਦੇ ਲੰਮੇ ਸਮੇਂ ਤੱਕ ਧ੍ਰੂ ਤਾਰਾ ਰੋਜ਼ ਮੇਰੀ ਨਿਗ੍ਹਾ ਵਿੱਚ ਆਉਂਦਾ ਰਿਹਾ ਤੇ ਮੈਂ ਆਪਣੇ ਵਿਚ ਰੱਬ ਦੀ ਦਰਗਾਹ ਦਾ ਅਰਦਲੀ ਬਣਨ ਦਾ ਨਕਸ਼ਾ ਵਸਾਉਂਦਾ ਗਿਆ। ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਮੇਰੇ ਲਈ ਰੱਬ ਦਾ ਘਰ ਸਾਬਤ ਹੋਇਆ। ਰੱਬ ਦੇ ਪਾਸ ਸਾਰੀ ਦੁਨੀਆ ਦੇ ਫਰਿਆਦੀ ਜਾਂਦੇ ਹਨ ਤੇ ਉਸ ਅੱਗੇ ਆਪਣੀਆਂ ਆਪਣੀਆਂ ਚਿੰਤਾਜਨਕ ਸਮੱਸਿਆਵਾਂ ਨੂੰ ਬਿਆਨ ਕਰਦੇ ਹਨ। ਰੱਬ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਹਨਾਂ ਨੂੰ ਰਾਹ ਦੱਸਦਾ ਰਹਿੰਦਾ ਹੈ, ਧ੍ਰੂ ਉਹਨਾਂ ਸਾਰੀਆਂ ਗੱਲਾਂ ਨੂੰ ਸੁਣ ਸੁਣ ਕੇ ਸਾਰੀਆਂ ਸਮੱਸਿਆਵਾਂ ਨੂੰ ਸਮਝਣ ਲੱਗ ਪੈਂਦਾ ਹੈ । ਜਿਹੜੇ ਬੰਦੇ ਨਿਆਸਰੇ ਤੇ ਅਪਾਹਿਜ ਹੋਣ ਤੇ ਰੋਗੀ ਹੋਣ ਉਹਨਾਂ ਦੀ ਸੇਵਾ ਲਈ ਰੱਬ ਸੇਵਾਦਾਰ ਭੇਜਦਾ ਹੈ; ਜਿਵੇਂ ਕਿ 1934 ਵਿੱਚ ਗੁਰਦੁਆਰਾ ਡੇਹਰਾ ਸਾਹਿਬ ਦੇ ਬੂਹੇ ਅੱਗੇ ਲਾਵਾਰਸੀ ਦੀ ਹਾਲਤ ਵਿੱਚ ਛੱਡਿਆ ਹੋਇਆ ਲੂਲ੍ਹਾ, ਮੈਂ ਸਾਂਭਿਆ ਹੈ। ਮੈਂ ਉਸ ਛੱਡੇ ਹੋਏ ਲੂਲ੍ਹੇ ਨੂੰ ਪਿਛਲੇ 59 ਸਾਲਾਂ ਤੋਂ ਸਾਂਭ ਰਿਹਾ ਹਾਂ। ਉਸ ਬੱਚੇ ਤੋਂ ਤੀਹ ਹਜ਼ਾਰ ਰੁਪਏ ਰੋਜ ਦੇ ਖਰਚ ਨਾਲ਼ ਚੱਲਣ ਵਾਲੀ ਪਿੰਗਲਵਾੜਾ ਸੰਸਥਾ ਹੋਂਦ ਵਿੱਚ ਆਈ ਹੈ। ਰੱਬ ਦਇਆਵਾਨ ਹੈ ਉਸ ਨੇ ਦੁਨੀਆ ਪੈਦਾ ਕੀਤੀ ਹੈ। ਉਸ ਨੂੰ ਦੁਨੀਆ ਦਾ ਫਿਕਰ ਕਰਨਾ ਪੈਂਦਾ ਹੈ। ਉਸ ਨੂੰ ਉੱਪਰ ਲਿਖੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਭਗਤਾਂ ਦੀ ਲੋੜ ਹੁੰਦੀ ਹੈ ਜਿਹੜੇ ਉਸ ਦੇ ਕਾਰਜ ਲਈ ਆਪਣਾ ਜੀਵਨ ਅਰਪਣ ਕਰਨ । ਰੱਬ ਨੂੰ ਇਹ ਲੋੜ ਕਿੰਨੀ ਕੁ ਹੈ, ਇਸ ਲੋੜ ਦਾ ਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੇਠ ਲਿਖੇ ਸ਼ਬਦ ਤੋਂ ਲੱਗਦਾ ਹੈ :

ਸਫਲੁ ਜਨਮੁ ਹਰਿ ਜਨ ਕਾ ਉਪਜਿਆ; ਜਿਨਿ ਕੀਨੋ ਸਉਤੁ ਬਿਧਾਤਾ ॥ (ਮ: ੫/੫੩੨) ਅਰਥਾਤ – ਹਰਿ ਜਨ ਨੇ ਆਪਣਾ ਜਨਮ ਸਫਲ ਕਰ ਲਿਆ ਹੈ ਕਿਉਂਕਿ ਉਸ ਨੇ ਰੱਬ ਦਾ ਪੁੱਤਰ ਬਣ ਕੇ ਰੱਬ ਨੂੰ ਔਂਤਰਾ (ਬੇਉਲ਼ਾਦ) ਹੋਣ ਤੋਂ ਬਚਾਇਆ ਹੈ । ਗੁਰਦੁਆਰਾ ਡੇਹਰਾ ਸਾਹਿਬ ਵਿਖੇ ਬੇਕਾਰੀ ਦੇ ਮਾਰੇ ਗਰੀਬ ਪਰਿਵਾਰ ਆਉਂਦੇ ਸਨ । ਹੋਰਨਾਂ ਅਨੇਕਾਂ ਚਿੰਤਾਜਨਕ ਸਮੱਸਿਆਵਾਂ ਵਾਲੇ ਬੰਦੇ ਆਉਂਦੇ ਸਨ । ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਗਿਆਨ ਪ੍ਰਾਪਤ ਕਰਨ ਲਈ ਮੈਨੂੰ ਉਸ ਵੇਲੇ ਦੇ ਸਾਂਝੇ ਪੰਜਾਬ ਦੀ ਰਾਜਧਾਨੀ ਦੇ ਉਸ ਸ਼ਹਿਰ ਦੀਆਂ ਵੱਡੀਆਂ ਵੱਡੀਆਂ ਲਾਇਬ੍ਰੇਰੀਆਂ ਵਿੱਚ ਜਾ ਕੇ ਪੁਸਤਕਾਂ, ਮਾਸਿਕ ਪੱਤਰ ਤੇ ਸਪਤਾਹਿਕ ਪਰਚੇ ਪੰਜਾਬੀ, ਅੰਗਰੇਜ਼ੀ, ਹਿੰਦੀ ਤੇ ਉਰਦੂ ’ਚ ਪੜ੍ਹਨੇ ਪੈਂਦੇ ਸਨ । ਸਿੱਖ ਪੰਥ ਦੇ ਵਿਦਵਾਨ ਜੋਗਿੰਦਰ ਸਿੰਘ ਸਵਰਗਵਾਸੀ ਨੇ ਪੰਜਾਬ ਯੂਨੀਵਰਸਿਟੀ, ਲਾਹੋਰ ਦੀ ਸਾਲਾਨਾ ਇਕੱਤਰਤਾ (ਕਾਨਵੋਕੇਸ਼ਨ) ਦੇ ਅਵਸਰ ’ਤੇ ਬੋਲਦਿਆਂ ਕਿਹਾ ਸੀ ਕਿ ਪਿਛਲੇ ਜ਼ਮਾਨੇ ਵਿੱਚ ਮਾਵਾਂ ਸੌਣ ਲੱਗਿਆਂ ਬੱਚਿਆਂ ਨੂੰ ਸੰਤਾਂ ਭਗਤਾਂ ਦੀਆਂ ਕਹਾਣੀਆਂ ਸੁਣਾਉਂਦੀਆਂ ਸਨ, ਜਿਨ੍ਹਾਂ ਕਹਾਣੀਆਂ ਦੇ ਸੰਸਕਾਰਾਂ ਨਾਲ ਬੱਚੇ ਸੇਵਾ ਭਾਵ ਵਾਲੇ, ਦਇਆਵਾਨ ਤੇ ਸੰਤੋਖੀ ਬਣਦੇ ਰਹਿੰਦੇ ਸਨ । ਇਹ ਵਿਆਖਿਆਨ 1926 ਵਿੱਚ ਹੋਇਆ ਹੋਵੇਗਾ । ਡਾਕਟਰ ਹਰਭਜਨ ਸਿੰਘ ਗੁਰਮਤਿ ਦਾ ਇੱਕ ਸਿਰਕੱਢ ਵਿਦਵਾਨ ਹੋਇਆ ਹੈ ਜਿਸ ਨੇ ਇੰਗਲੈਂਡ ਦੇ ਸਿਰਕੱਢ ਵਿਦਵਾਨਾਂ ਅੱਗੇ ਗੁਰਮਤਿ ਦੇ ਵਿਆਖਿਆਨ ਦੇ ਕੇ ਉਹਨਾਂ ਨੂੰ ਹੈਰਾਨ ਕਰ ਦਿੱਤਾ ਸੀ । ਉਸ ਦੇ ਉਹਨਾਂ ਵਿਆਖਿਆਨਾਂ ਨੂੰ ਮੈਂ ਅੰਗਰੇਜ਼ੀ ਵਿੱਚ ਛਾਪ ਕੇ ਮੁਫਤ ਵੰਡ ਰਿਹਾ ਹਾਂ । ਜਦੋਂ ਉਹ ਬੱਚਾ ਸੀ, ਉਸ ਸਮੇਂ ਉਸ ਦੀ ਮਾਂ ਸਿੱਖ ਪੰਥ ਦੇ ਸਭ ਤੋਂ ਵੱਡੇ ਇਤਿਹਾਸਕ ਗ੍ਰੰਥ ‘ਸੂਰਜ ਪ੍ਰਕਾਸ਼’ ਨੂੰ ਰਾਤ ਦੇ ਵੇਲੇ ਸੌਣ ਤੋਂ ਪਹਿਲਾਂ ਪੜ੍ਹਦੀ ਹੁੰਦੀ ਸੀ ਤੇ ਪਿਤਾ ਅਰਥ ਕਰਿਆ ਕਰਦਾ ਸੀ। ਇਕ ਦੂਜੀ ਕਹਾਣੀ, ਜੋ ਮੇਰੇ ਬਚਪਨ ਦੇ ਸਮੇਂ ਮੇਰੇ ਮਨ ਵਿੱਚ ਵਸੀ, ਉਹ ਸ਼ਿਵ ਜੀ ਮਹਾਰਾਜ ਦੀ ਕਹਾਣੀ ਸੀ ਕਿ ਸ਼ਿਵ ਜੀ ਮਹਾਰਾਜ ਰਾਤ ਨੂੰ ਤਦ ਸੌਂਦੇ ਹਨ ਜਦ ਉਹ ਦੇਖ ਲੈਣ ਕਿ ਸੰਸਾਰ ਦਾ ਕੋਈ ਵੀ ਜੀਵ ਭੁੱਖਾ ਤਾਂ ਨਹੀਂ ਰਹਿ ਗਿਆ।

ਜਵਾਨੀ ਵਿਚ ਬੰਦੇ ਨੂੰ ਅਨੇਕ ਪ੍ਰਕਾਰ ਦੇ ਸੇਵਾ ਦੇ ਕੰਮ ਕਰਨ ਲਈ ਹੋਣੇ ਚਾਹੀਦੇ ਹਨ ਜਿਨ੍ਹਾਂ ਕੰਮਾਂ ਨੂੰ ਕਰਨ ਲਈ ਸਰੀਰ ਨੂੰ ਪੂਰੀ ਦੌੜ ਕਰਨੀ ਪਵੇ; ਹਿਰਦੇ ’ਤੇ ਦਇਆ ਤੇ ਪ੍ਰੇਮ ਦੇ ਸੰਸਕਾਰਾਂ ਦੀ ਤ੍ਰਿਪਤੀ ਹੋਵੇ ਤੇ ਬੁੱਧੀ ਦਾ ਪੂਰਾ-ਪੂਰਾ ਤਾਣ ਲਾਉਣਾ ਪਵੇ। ਅਜਿਹੇ ਕੰਮ ਮੈਨੂੰ ਗੁਰਦਵਾਰਾ ਡੇਹਰਾ ਸਾਹਿਬ ਦੀ ਛਤ੍ਰ ਛਾਇਆ ਹੇਠ, ਦਿਨ ਰਾਤ ਕਰਨੇ ਪੈਂਦੇ ਸਨ; ਜਿਨ੍ਹਾਂ ਨੂੰ ਕਰਦਾ ਹੋਇਆ ਮੈਂ ਰੱਬ ਦੇ ਬੂਹੇ ਦਾ ਅਰਦਲੀ ਮਹਿਸੂਸ ਕਰਿਆ ਕਰਦਾ ਸਾਂ। ਡੇਹਰਾ ਸਾਹਿਬ ਦੀ ਛਤਰ-ਛਾਇਆ ਹੇਠ, ਮੈਂ ਸੰਸਾਰ ਦੀਆਂ ਚਿੰਤਾਜਨਕ ਸਮੱਸਿਆਵਾਂ ਦਾ ਗਿਆਨ, ਲਾਇਬ੍ਰੇਰੀਆਂ ਦੀ ਪੜ੍ਹਾਈ ਨਾਲ ਪ੍ਰਾਪਤ ਕਰਨਾ ਆਰੰਭ ਕੀਤਾ ਹੋਇਆ ਸੀ। ਉਹ ਮੇਰੀ ਪੜ੍ਹਾਈ 1992 ਦੀ 88 ਸਾਲਾਂ ਦੀ ਉਮਰ ਤੱਕ ਚਲਦੀ ਆ ਰਹੀ ਹੈ ਤੇ ਉਸ ਨੇ ਮੈਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬੂਹੇ ਦਾ ਅਰਦਲੀ ਬਣਾ ਕੇ ਬਿਠਾ ਦਿੱਤਾ ਹੈ; ਜਿੱਥੇ ਬੈਠ ਕੇ ਮੈਂ ਆਪਣੇ ਛਾਪੇ ਹੋਏ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੇ ਇਸ਼ਤਿਹਾਰਾਂ ਤੇ ਕਿਤਾਬਚਿਆਂ ਦੀ ਮੁਫਤ ਵੰਡਾਈ ਨਾਲ ਸਾਰੇ ਸੰਸਾਰ ਵਿਚ ਸ੍ਰੀ ਦਰਬਾਰ ਸਾਹਿਬ ਦਾ ਜੱਸ ਫੈਲਾਅ ਰਿਹਾ ਹਾਂ। ਉਹ ਇਸ਼ਤਿਹਾਰ ਤੇ ਕਿਤਾਬਚੇ ਸੰਸਾਰ ਦੇ ਪ੍ਰਾਣੀ-ਮਾਤਰ ਦੀਆਂ ਸਾਰੀਆਂ ਚਿੰਤਾਜਨਕ ਸਮੱਸਿਆਵਾਂ ਬਾਰੇ ਹਨ। ਮੈਂ ਦਸਵੀਂ ਫੇਲ੍ਹ ਦੀ ਪੂੰਜੀ ਨਾਲ ਆਪਣੀ ਅਖ਼ਬਾਰਾਂ, ਮਾਸਿਕ ਤੇ ਸਪਤਾਹਿਕ ਪੱਤਰਾਂ ਤੇ ਪੁਸਤਕਾਂ ਦੀ ਪੜ੍ਹਾਈ ਆਰੰਭ ਕੀਤੀ ਸੀ, ਉੁਹ ਪੜ੍ਹਾਈ ਅੱਜ ਦੇਸ਼ ਦੇ ਵੱਡੇ ਵੱਡੇ ਸਿਰਕੱਢ ਵਿਦਵਾਨਾਂ ਨੂੰ ਹੈਰਾਨ ਕਰ ਰਹੀ ਹੈ। ਇਹ ਸਾਰਾ ਫਲ਼, ਮੇਰੀ ਮਾਂ ਪਾਸੋਂ ਮੇਰੇ ਬਚਪਨ ਦੀਆਂ ਸੁਣੀਆਂ ਕਹਾਣੀਆਂ ਦਾ ਹੈ।

ਬਿਮਾਰੀਆਂ ਨੂੰ ਠੀਕ ਕਰਨ ਲਈ ਮਨ ਨੂੰ ਸਮਝਣਾ ਜ਼ਰੂਰੀ

0

ਬਿਮਾਰੀਆਂ ਨੂੰ ਠੀਕ ਕਰਨ ਲਈ ਮਨ ਨੂੰ ਸਮਝਣਾ ਜ਼ਰੂਰੀ

-ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ)98146-99446

ਛੋਟੇ ਹੁੰਦੇ ਸਰੀਰਕ ਸਿੱਖਿਆ ਦੀ ਕਿਤਾਬ ਵਿਚ ਪੜ੍ਹਿਆ ਕਰਦੇ ਸੀ ਕਿ ਇਕ ਅਰੋਗ ਸਰੀਰ ਵਿਚ ਹੀ ਇਕ ਅਰੋਗ ਮਨ ਰਹਿ ਸਕਦਾ ਹੈ। ਇਸ ਕਰ ਕੇ ਸਾਨੂੰ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਧੀਆ ਅਤੇ ਸੰਤੁਲਿਤ ਭੋਜਨ ਰੱਜ ਕੇ ਖਾਣਾ ਚਾਹੀਦਾ ਹੈ ਕਿਉਕਿ ਜੇਕਰ ਸਾਡਾ ਸਰੀਰ ਠੀਕ ਤਰੀਕੇ ਨਾਲ ਕੰਮ ਕਰਦਾ ਹੈ ਤਾਂ ਮਨ ਵੀ ਠੀਕ ਰਹਿੰਦਾ ਹੈ। ਸਰੀਰਕ ਸਿੱਖਿਆ ਵਾਲੇ ਅਧਿਆਪਕ ਸਾਨੂੰ ਦੁੱਧ ਪੀਣ, ਘਿਉ ਖਾਣ, ਅੰਡਾ-ਮੀਟ ਖਾਣ ਦੀ ਨਸੀਹਤ ਦਿੰਦੇ ਰਹਿੰਦੇ ਅਤੇ ਅਸੀਂ ਖਾਣ-ਪੀਣ ਵਾਲੇ ਫੱਟੇ ਚੱਕ ਦਿੰਦੇ। ਜਿਉਂ-ਜਿਉਂ ਵੱਡੇ ਹੋਏ, ਕਿਤਾਬਾਂ ਪੜ੍ਹੀਆਂ ਹੋਮਿਓਪੈਥੀ ਨਾਲ ਵਾਹ ਪਿਆ ਤਾਂ ਪਤਾ ਲੱਗਾ ਕਹਾਣੀ ਬਿਲਕੁਲ ਉਲਟ ਐ ਭਾਵ ਇਕ ਅਰੋਗ ਮਨ ਵਿਚ ਹੀ ਅਰੋਗ ਸਰੀਰ ਰਹਿ ਸਕਦਾ ਹੈ। ਤਜ਼ਰਬਾ ਕੀਤਾ। ਮਰੀਜ਼ਾਂ ਦੀਆਂ ਬਿਮਾਰੀਆਂ ਤੋਂ ਸਿੱਖਿਆ। ਪਹਿਲਾਂ ਮਨ ਬੀਮਾਰ ਹੁੰਦਾ ਹੈ, ਫਿਰ ਤਨ ਬਿਮਾਰ ਹੁੰਦਾ ਹੈ। ਸਰੀਰਕ ਸਿੱਖਿਆ ਵਾਲੇ ਅਧਿਆਪਕ ਸਾਹਿਬਾਨ ਨਾਲ ਤਾਂ ਮੇਲ-ਮਿਲਾਪ ਨਹੀਂ ਹੋਇਆ ਪਰ ਪਾਠਕ ਵਰਗ ਨੂੰ ਇਸ ਗੱਲੋਂ ਜਾਣੂੰ ਕਰਵਾ ਦੇਣਾ ਲਾਜ਼ਮੀ ਸਮਝਿਆ ਕਿ ਪਹਿਲਾਂ ਕੋਈ ਵੀ ਵਿਚਾਰ ਸਾਡੇ ਮਨ ਵਿੱਚੋਂ ਉਪਜਦਾ ਹੈ। ਫਿਰ ਉਸ ਦਾ ਪ੍ਰਗਟਾਵਾ ਸਰੀਰ ਉੱਪਰ ਹੁੰਦਾ ਹੈ।

ਜਿੱਥੋਂ ਤੱਕ ਵਧੀਆ ਅਤੇ ਸੰਤੁਲਿਤ ਭੋਜਨ ਦੀ ਗੱਲ ਹੈ, ਇਹ ਬਿਲਕੁਲ ਠੀਕ ਹੈ ਪਰ ਭੋਜਨ ਦੀ ਭੁੱਖ ਮਨ ਵਿੱਚੋਂ ਉਪਜਦੀ ਹੈ। ਮਿਹਦਾ ਇਕ ਤਰ੍ਹਾਂ ਦਾ ਸਟੋਰ ਹੈ, ਜਿਸ ਵਿਚ ਸਭ ਕੁਝ ਸੁੱਟੀ ਜਾਂਦੇ ਹਾਂ ਪਰ ਸੁਆਦ ਦਾ ਸੰਬੰਧ ਤਾਂ ਮਨ ਨਾਲ ਹੈ। ਜੇਕਰ ਸਾਨੂੰ ਵਧੀਆ ਭੁੱਖ ਲੱਗੇਗੀ ਤਾਂ ਹੀ ਅਸੀਂ ਭੋਜਨ ਖਾ ਸਕਣ ਦੇ ਸਮਰੱਥ ਹੋਵਾਂਗੇ ਪਰ ਜੇਕਰ ਸਾਨੂੰ ਭੁੱਖ ਹੀ ਨਹੀਂ ਲੱਗੀ ਤਾਂ ਅਸੀਂ ਭੋਜਨ ਕਿਵੇਂ ਲਵਾਂਗੇ ? ਸੋ, ਭੁੱਖ ਦਾ ਸੰਬੰਧ ਮਨ ਨਾਲ ਹੈ। ਜੇਕਰ ਮਨ ਖੁਸ਼ ਹੈ, ਚੜ੍ਹਦੀ ਕਲਾ ਵਿਚ ਹੈ ਤਾਂ ਸਰੀਰ ਨੇ ਆਪੇ ਹੀ ਭੋਜਨ ਮੰਗ ਲੈਣਾ ਹੈ ਪਰ ਜੇਕਰ ਮਨ ਉਦਾਸ ਹੈ, ਸੁਸਤ ਹੈ, ਕੋਈ ਦੁੱਖ ਤਕਲੀਫ਼ ਵਿੱਚ ਹੈ ਤਾਂ ਭੁੱਖ ਨਹੀਂ ਲੱਗਦੀ। ਉਦਾਹਰਨ ਦੇ ਤੌਰ ’ਤੇ ਜੇਕਰ ਤੁਸੀਂ ਰੋਟੀ ਖਾਣ ਲੱਗੇ ਹੋ, ਸਬਜ਼ੀ ਬਹੁਤ ਸੁਆਦ ਹੈ, ਤੁਹਾਨੂੰ ਭੁੱਖ ਵੀ ਬਹੁਤ ਲੱਗੀ ਹੋਈ ਹੈ ਪਰ ਜੇਕਰ ਤੁਹਾਨੂੰ ਕੋਈ ਆ ਕੇ ਬੁਰੀ ਖ਼ਬਰ ਸੁਣਾ ਦੇਵੇ ਤਾਂ ਤੁਹਾਡੀ ਭੁੱਖ ਉੱਥੇ ਹੀ ਮਰ ਜਾਵੇਗੀ ਕਿਉਕਿ ਤੁਹਾਡਾ ਮਨ ਉਸ ਖ਼ਬਰ ਨੂੰ ਝੱਲ ਨਹੀਂ ਸਕਿਆ । ਜਿਹੜਾ ਮਨ ਸੁਆਦ ਨਾਲ ਰੋਟੀ ਖਾ ਰਿਹਾ ਸੀ, ਉਹ ਮਰ ਗਿਆ।

ਇਸੇ ਤਰ੍ਹਾਂ ਕਈ ਮਰੀਜ਼ ਆ ਕੇ ਕਹਿ ਦਿੰਦੇ ਹਨ ਡਾਕਟਰ ਸਾਹਿਬ ਕਾਲਜਾ ਬੜਾ ਮਚਦਾ ਜਾਂ ਦਿਲ ਮਚਦਾ ਰਹਿੰਦਾ, ਤੇਜ਼ਾਬ ਬਣਦਾ ਰਹਿੰਦਾ। ਜਦ ਸਵਾਲ ਕਰਦੇ ਹਾਂ ਕਿ ਭਾਈ ਕੀ ਖਾਨਾ-ਪੀਨਾ ਹੈਂ ਤਾਂ ਮਰੀਜ਼ ਜਵਾਬ ਦਿੰਦਾ, ਜੀ ਸਭ ਤਲੀ ਫਲੀ ਚੀਜ਼ ਛੱਡੀ ਹੋਈ ਐ । ਚਾਹ ਵੀ ਨਹੀਂ ਪੀਂਦੇ, ਪਾਣੀ ਵੀ ਬਹੁਤ ਪੀਨੇ ਆਂ ਪਰ ਫਿਰ ਵੀ ਦਿਲ ਮਚਦਾ ਰਹਿੰਦਾ।’ ਮੈਂ ਕਈ ਮਰੀਜ਼ਾਂ ਨੂੰ ਹੱਸਦਾ-ਹੱਸਦਾ ਆਖ ਹੀ ਦਿੰਨਾਂ, ਭਾਈ ਕੀਹਨੂੰ ਦੇਖ ਕੇ ਤੇਰਾ ਦਿਲ ਮਚਦਾ।

ਇਕ ਵਾਰ ਮੇਰੇ ਕੋਲ ਇਕ ਔਰਤ, ਜਿਸ ਦੀ ਉਮਰ 30-32 ਸਾਲ ਦੀ ਸੀ, ਤੇਜ਼ਾਬ ਦੀ ਦਵਾਈ ਲੈਣ ਆਈ। ਸਵਾਲ ਜਵਾਬ ਕਰਨ ਤੋਂ ਪਿੱਛੋਂ ਜਿਹੜੀ ਗੱਲ ਸਾਹਮਣੇ ਆਈ, ਉਹ ਕਹਿੰਦੀ ਜੀ ਮੇਰੇ ਘਰਵਾਲੇ ਤੇ ਮੇਰੀ ਜਠਾਣੀ ਦੇ ਆਪਸੀ ਸੰਬੰਧ ਨੇ। ਉਨ੍ਹਾਂ ਨੂੰ ਵੇਖ-ਵੇਖ ਕੇ ਮੈਂ ਮੱਚਦੀ ਰਹਿੰਦੀ ਆਂ । ਬੱਸ ਇਹੀ ਕਾਰਨ ਸੀ ਉਸ ਦੇ ਤੇਜ਼ਾਬ ਬਣਨ ਦਾ। ਬੇਸ਼ੱਕ ਉਸ ਨੇ ਸਾਰਾ ਖਾਣ-ਪੀਣ ਛੱਡ ਰੱਖਿਆ ਸੀ ਅਤੇ ਉਹ ਐਸਿਡ ਦੇ ਕੈਪਸੂਲ ਵੀ ਖਾਂਦੀ ਸੀ ਪਰ ਉਸ ਦੀ ਤਕਲੀਫ਼ ਘਟ ਨਹੀਂ ਸੀ ਰਹੀ ਕਿਉਕਿ ਬਿਮਾਰੀ ਉਹਦੇ ਮਨ ਵਿਚ ਸੀ। ਉਹਦਾ ਸੱਚੀਂ-ਮੁੱਚੀ, ਦਿਲ ਮੱਚ ਰਿਹਾ ਸੀ। ਸੋ ਕਹਿਣ ਤੋਂ ਭਾਵ ਈਰਖਾ, ਨਫ਼ਰਤ, ਗੁੱਸਾ, ਮਨ ਦੇ ਜਜ਼ਬਾਤਾਂ ਨੂੰ ਲੱਗੀ ਠੇਸ ਕਿਵੇਂ ਨਾ ਕਿਵੇਂ ਸਰੀਰ ਉੱਪਰ ਜ਼ਰੂਰ ਝਲਕਦੀ ਹੈ।

ਇਸੇ ਤਰ੍ਹਾਂ ਖ਼ੂਨ ਦੀ ਕਮੀ (ਅਨੀਮਿਆ) ਦੇ ਰੋਗੀਆਂ ਵਿਚ ਜ਼ਰੂਰੀ ਨਹੀਂ ਕਿ ਕਿਸੇ ਖਾਣ-ਪੀਣ ਦੀ ਘਾਟ ਜਾਂ ਸਰੀਰ ਵਿੱਚੋਂ ਖ਼ੂਨ ਦੇ ਬਹੁਤੀ ਮਾਤਰਾ ਵਿਚ ਨਿਕਲਣ ਕਰ ਕੇ ਹੀ ਅਨੀਮਿਆ ਹੋਇਆ ਹੋਵੇ। ਮੇਰੇ ਕੋਲ ਇਕ ਅਫ਼ਸਰ ਦੀ ਘਰਵਾਲੀ ਆਈ, ਜੋ ਇਕ ਸਾਲ ਤੋਂ ਦਵਾਈ ਖਾ ਰਹੀ ਸੀ। ਉਸ ਤੋਂ ਪਹਿਲਾਂ ਵੀ ਉਸ ਨੇ ਬਹੁਤ ਸਾਰੀਆਂ ਖ਼ੂਨ ਵਧਾਉਣ ਵਾਲੀਆਂ ਦਵਾਈਆਂ, ਗੋਲੀਆਂ, ਸ਼ੀਸ਼ੀਆਂ ਵਰਤੀਆਂ ਸਨ ਪਰ ਉਸ ਦਾ ਖ਼ੂਨ ਨਹੀਂ ਸੀ ਵੱਧ ਰਿਹਾ। ਮੈਂ ਉਸ ਨੂੰ ਹਰ ਵਾਰ ਪੁੱਛਦਾ ਕਿ ਭਾਈ ਕੀ ਗੱਲ ਐਨਾ ਚਿਰ ਹੋ ਗਿਆ, ਤੁਹਾਡਾ ਖਾਣ-ਪੀਣ ਵੀ ਠੀਕ ਹੈ। ਮੈਂ ਕਈ ਵਾਰ ਹੱਸ ਕੇ ਉਨ੍ਹਾਂ ਨੂੰ ਪੁੱਛਿਆ ਕਿ ਕੋਈ ਤੁਹਾਡਾ ਖੂਨ ਤਾਂ ਨਹੀਂ ਪੀਂਦਾ। ਉਹ ਵਿਚਾਰੀ ਅਫ਼ਸਰ ਸਾਹਿਬ ਤੋਂ ਡਰਦੀ ਕੁਝ ਨਾ ਬੋਲਦੀ ਪਰ ਉਸ ਦੀ ਚੁੱਪ ਮੈਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀ। ਉਹ ਆਪਣੇ ਪਤੀ ਬਿਨਾਂ ਕਦੇ ਦਵਾਈ ਲੈਣ ਨਹੀਂ ਸੀ ਆਈ ਜਾਂ ਕਹਿ ਲਵੋ ਕਿ ਉਹ ਉਸ ਨੂੰ ਇਕੱਲਿਆਂ ਆਉਣ ਨਹੀਂ ਦਿੰਦਾ ਸੀ। ਇਕ ਦਿਨ ਜਦੋਂ ਦੋਵੇਂ ਦਵਾਈ ਲੈਣ ਆਏ ਤਾਂ ਅਫ਼ਸਰ ਸਾਹਿਬ ਨੂੰ ਕੋਈ ਜ਼ਰੂਰੀ ਫੋਨ ਆ ਗਿਆ। ਉਹ ਬਾਹਰ ਫੋਨ ਸੁਣਨ ਲਈ ਚਲੇ ਗਏ ਤੇ ਵਿਚਾਰੀ ਅਫ਼ਸਰ ਦੀ ਘਰਵਾਲੀ, ਜਿਹੜੀ ਇਕ ਸਾਲ ਤੋਂ ਚੁੱਪ ਸੀ, ਨੇ ਰੋ-ਰੋ ਕੇ ਢਾਈ ਮਿੰਟਾਂ ਵਿਚ ਮੈਨੂੰ ਜੋ ਆਪਣੀ ਕਹਾਣੀ ਦੱਸੀ, ਕਹਿੰਦੀ ਇਹੀ ਪੀਂਦਾ ਮੇਰਾ ਲਹੂ, ਪਿੱਛੋਂ ਦਵਾਈਆਂ ਦਿਵਾਉਂਦਾ। ‘ਮਾਰ ਕੇ ਪੁੱਛਦਾ ਏ ਸੱਟਾਂ ਕਿੱਥੇ-ਕਿੱਥੇ ਲੱਗੀਆਂ ਨੇ। ਸੋ, ਕਹਿਣ ਤੋਂ ਭਾਵ ਤੰਦੁਰਸਤ ਮਨ ਵਿਚ ਹੀ ਤੰਦੁਰਸਤ ਸਰੀਰ ਰਹਿ ਸਕਦਾ ਹੈ।

ਕਈ ਵਾਰ ਅਜਿਹੇ ਖੁੱਲ੍ਹੇ-ਡੁੱਲ੍ਹੇ ਘਰਾਂ ਵਿਚ ਜਾਣ ਦਾ ਮੌਕਾ ਮਿਲ ਜਾਂਦਾ, ਜਿੱਥੇ ਵੱਡੇ-ਵੱਡੇ ਦਰਵਾਜ਼ੇ ਹੁੰਦੇ ਹਨ ਪਰ ਘਰ ਦਾ ਮਾਹੌਲ ਵਧੀਆ ਨਹੀਂ ਹੁੰਦਾ। ਕਈ ਘਰਾਂ ਵਿੱਚੋਂ ਤਾਂ ਆਉਣ ਨੂੰ ਜੀਅ ਨਹੀਂ ਕਰਦਾ। ਕਈ ਘਰਾਂ ਵਿਚ ਜਾਣ ਨੂੰ ਜੀਅ ਨਹੀਂ ਕਰਦਾ। ਜਾਂ ਅਸੀਂ ਅਕਸਰ ਹੀ ਆਖ ਦਿੰਦੇ ਹਾਂ ਕਿ ਫਲਾਣੇ ਥਾਂ ’ਤੇ ਤਾਂ ਦਮ ਘੁਟਦਾ ਹੈ। ਜੇਕਰ ਘਰ ਭੀੜਾ ਹੋਵੇ ਜਾਂ ਰੌਸ਼ਨਦਾਨ-ਬਾਰੀਆਂ ਘੱਟ ਹੋਣ ਤਾਂ ਗੱਲ ਵੱਖਰੀ ਪਰ ਕਈ ਘਰਾਂ ਦਾ ਮਾਹੌਲ ਹੀ ਦਮ ਘੁੱਟਣ ਵਾਲਾ ਹੁੰਦਾ ਹੈ, ਜਿਹੜੇ ਘਰਾਂ ’ਚ ਨਿੱਤ ਲੜਾਈ, ਕਲੇਸ਼ ਹੁੰਦਾ ਹੈ, ਉਸ ਘਰ ਦੇ ਜੀਅ ਕਿਵੇਂ ਸੌਖੇ ਰਹਿ ਸਕਦੇ ਹਨ। ਮੈਂ ਆਪਣੇ ਤਜਰਬੇ ਵਿਚ ਇਹ ਗੱਲ ਵੇਖੀ ਹੈ ਕਿ ਜਿੰਨੇ ਵੀ ਸਾਹ ਜਾਂ ਦਮੇ ਦੇ ਰੋਗੀ ਹਨ, ਕੁਝ ਕੁ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਘਰ ਦਾ ਮਾਹੌਲ ਠੀਕ ਨਹੀਂ ਰਿਹਾ ਸੀ। ਕਿਸੇ ਦੇ ਘਰੇ ਲੜਾਈ, ਕਿਸੇ ਦਾ ਘਰਵਾਲਾ ਲੜਾਕਾ, ਕਿਸੇ ਦੀ ਸੱਸ, ਕਿਸੇ ਦੀ ਨੂੰਹ ਭਾਵ ਕਿ ਜਦੋਂ ਇਕ ਆਦਮੀ ਦੂਜੇ ਦੇ ਨੱਕ ਵਿਚ ਦਮ ਕਰੀ ਰੱਖੇਗਾ ਤਾਂ ਸਾਹ ਘੁਟੇਗਾ ਹੀ ਘੁਟੇਗਾ।

ਇਕ ਪਰਿਵਾਰ ਦੇ ਪੰਜ ਜੀਆਂ ਨੂੰ ਸਾਹ ਦੀ ਤਕਲੀਫ਼ ਨੇ ਘੇਰਿਆ ਹੋਇਆ ਸੀ। ਉਹ ਖੇਤਾਂ ਵਿਚ ਰਹਿੰਦੇ ਸਨ। ਜਦੋਂ ਝੋਨੇ ਦੀ ਪਰਾਲੀ ਸੜਦੀ ਹੈ ਤਾਂ ਖੇਤਾਂ ਵਿਚ ਰਹਿਣ ਵਾਲਿਆਂ ਦਾ ਜੀਣਾ ਹਰਾਮ ਹੋ ਜਾਂਦਾ ਹੈ ਕਿਉਕਿ ਜ਼ਹਿਰੀਲੀਆਂ ਗੈਸਾਂ ਨੱਕ ’ਚ ਦਮ ਕਰ ਦਿੰਦੀਆਂ ਹਨ ਪਰ ਉਨ੍ਹਾਂ ਪੰਜਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪੈਂਦਾ ਸੀ। ਮੈਂ ਉਹਨਾਂ ਦੇ ਘਰੇ ਜਾ ਕੇ ਦੇਖਿਆ। ਹੋਰ ਵੀ ਆਂਢੀ-ਗੁਆਂਢੀ ਉਨ੍ਹਾਂ ਦੇ ਨਾਲ ਵਸਦੇ ਸਨ। ਝੋਨੇ ਦੀ ਪਰਾਲੀ ਦੀ ਅੱਗ ਉਨ੍ਹਾਂ ਨੂੰ ਵੀ ਚੜ੍ਹਦੀ ਸੀ। ਇਹ ਅੱਗ ਤਾਂ ਸਭ ਨੂੰ ਰੇਸ਼ਾ ਲਾ ਦਿੰਦੀ ਹੈ ਪਰ ਇਕੋ ਪਰਿਵਾਰ ਦੇ ਪੰਜ ਜੀਆਂ ਨੂੰ ਆਏ ਸਾਲ ਦਾਖ਼ਲ ਕਰਵਾਉਣਾ ਪੈਂਦਾ ਹੈ, ਦਾ ਕੀ ਕਾਰਨ ? ਜਦੋਂ ਖੋਜ ਕੀਤੀ ਤਾਂ ਗੱਲ ਸਾਹਮਣੇ ਆਈ ਕਿ ਉਨ੍ਹਾਂ ਸਿਰ ਕਰਜ਼ੇ ਦੀ ਭਾਰੀ ਪੰਡ ਸੀ, ਜੋ ਹਲਕੀ ਹੋਣ ਦਾ ਨਾਂਅ ਨਹੀਂ ਸੀ ਲੈਂਦੀ। ਉਸ ਕਰਜ਼ੇ ਨੇ ਹੀ ਉਸ ਪਰਿਵਾਰ ਦੇ ਨੱਕ ’ਚ ਦਮ ਕਰ ਰੱਖਿਆ ਸੀ, ਜਿਸ ਕਰ ਕੇ ਉਨ੍ਹਾਂ ਦੀ ਰੱਖਿਆ ਪ੍ਰਣਾਲੀ ਦਿਨ-ਬ-ਦਿਨ ਕਮਜ਼ੋਰ ਹੋ ਰਹੀ ਸੀ।

ਜਦੋਂ ਤੱਕ ਉਪਰੋਕਤ ਮਰੀਜ਼ਾਂ ਦੇ ਮਨ ਉੱਪਰ ਪਈ ਗ਼ਮਾਂ ਦੀ ਪੰਡ ਹੌਲੀ ਨਹੀਂ ਹੁੰਦੀ, ਤਦ ਤੱਕ ਬਿਮਾਰੀਆਂ ਉਨ੍ਹਾਂ ਦਾ ਖਹਿੜਾ ਨਹੀਂ ਛੱਡ ਸਕਦੀਆਂ। ਡਾਕਟਰ ਲੋਕ ਦਵਾਈਆਂ ਨਾਲ ਬਿਮਾਰੀ ਦੀ ਤੀਬਰਤਾ ਤਾਂ ਘਟਾ ਸਕਦੇ ਹਨ ਪਰ ਜਿੰਨਾ ਚਿਰ ਤੱਕ ਕਾਰਨਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਬਿਮਾਰੀਆਂ ਠੀਕ ਨਹੀਂ ਹੁੰਦੀਆਂ।

ਇਸ ਤਰ੍ਹਾਂ ਇਕ ਕੁੜੀ ਜੀਹਦਾ ਨਵਾਂ ਨਵਾਂ ਵਿਆਹ ਹੋਇਆ ਸੀ। ਉਸ ਨੂੰ ਬੁਖਾਰ ਰਹਿਣ ਲੱਗ ਪਿਆ ਕਿਉਕਿ ਉਸ ਦਾ ਘਰਵਾਲਾ ਵਿਦੇਸ਼ੀ ਸੀ, ਜੋ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਚਲਾ ਗਿਆ। ਉਸ ਵਿਚਾਰੀ ਨੂੰ ਸਾਲ ਤੋਂ ਉੱਤੇ ਹੋ ਗਿਆ ਸੀ ਕਿ ਵੀਜ਼ਾ ਨਹੀਂ ਸੀ ਲੱਗ ਰਿਹਾ। ਸਾਰੇ ਡਾਕਟਰਾਂ ਦੇ ਵੱਖੋ-ਵੱਖਰੇ ਡਾਇਆਗਨੋਜ਼ ਸਨ। ਕੋਈ ਕਹਿ ਰਿਹਾ ਸੀ ਕਿ ਟਾਇਫਾਇਡ ਐ, ਕੋਈ ਕੁੱਝ। ਕਿਸੇ ਨੇ ਤਾਂ ਟੀ. ਬੀ. ਵੀ ਬਣਾ ਦਿੱਤੀ ਸੀ ਪਰ ਅਸਲ ਕਾਰਨ ਇਹ ਸੀ ਕਿ ਉਹ ਬਹੁਤ ਸੂਖ਼ਮ ਮਨ ਵਾਲੀ ਕੁੜੀ ਸੀ। ਉਹ ਆਪਣੇ ਮਨ ’ਤੇ ਇਹ ਗੱਲ ਲਾ ਬੈਠੀ ਸੀ ਕਿ ਹੁਣ ਉਹ ਬਾਹਰ ਜਾ ਹੀ ਨਹੀਂ ਸਕੇਗੀ। ਇਸੇ ਕਰ ਕੇ ਉਸ ਨੂੰ ਬੁਖਾਰ ਰਹਿਣ ਲੱਗ ਪਿਆ।

  ਹੋਮਿਓਪੈਥਿਕ ਤਬੀਬ ਹੀ ਮਨ ਨੂੰ ਸਮਝ ਸਕਣ ਦੇ ਸਮਰਥ ਹੈ ਕਿਉਕਿ ਹੋਮਿਓਪੈਥੀ ਹੀ ਅਜਿਹਾ ਵਿਗਿਆਨ ਹੈ, ਜਿਸ ਦੀ ਨੀਂਹ ਹੀ ਮਨ ਉੱਪਰ ਬੱਝੀ ਹੋਈ ਹੈ। ਹੋਮਿਓਪੈਥੀ ਦੇ ਬਾਨੀ ਡਾ. ਹੈਨੇਮੈਨ ਸਾਹਿਬ ਨੇ ਮਨ ਨੂੰ ਸਮਝਣ ਦੀ ਐਸੀ ਤਕਨੀਕ ਬਖ਼ਸ਼ੀ ਹੈ ਕਿ ਮਨ ਨੂੰ ਸਮਝ ਕੇ ਕਿਸੇ ਵੀ ਬਿਮਾਰੀ ਦਾ ਹੱਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ।

ਇਸ ਤਰ੍ਹਾਂ ਮਨ ਦਾ ਤਨ ਨਾਲ ਹੋਰ ਗਹਿਰਾ ਸੰਬੰਧ ਉਦੋਂ ਵੇਖਣ ਨੂੰ ਮਿਲਦਾ ਹੈ, ਜਦੋਂ ਬੰਦਾ ਰੁਜ਼ਾਨਾ ਦੇ ਕੰਮ-ਕਾਰਾਂ ਤੋਂ ਅੱਕ ਜਾਂਦਾ ਹੈ। ਇਹ ਅਕੇਵਾਂਪਣ ਹੀ ਥੱਕਣ ਲਈ ਮਜ਼ਬੂਰ ਕਰ ਦਿੰਦਾ ਹੈ। ਅੱਕਣਾ ਅਤੇ ਥੱਕਣਾ ਦੋਵਾਂ ਲਫ਼ਜ਼ਾਂ ਵਿਚ ਪਹਿਲਾਂ ਅੱਕਣ, ਫਿਰ ਥੱਕਣ ਦਾ ਸੰਕਲਪ ਬਹੁਤ ਪੁਰਾਣਾ ਹੈ। ਅਸੀਂ ਕਦੇ ਵੀ ਨਹੀਂ ਪੜ੍ਹਦੇ ਜਾਂ ਸੁਣਦੇ ਕਿ ਥੱਕ ਕੇ ਅੱਕ ਗਿਆ, ਸਗੋਂ ਅੱਕ ਕੇ ਥੱਕ ਗਿਆ। ਸੋ ਪਹਿਲਾ ਪ੍ਰਭਾਵ ਮਨ ’ਤੇ ਹੀ ਪੈਂਦਾ ਹੈ, ਫਿਰ ਅੱਗੋਂ ਉਹੀ ਪ੍ਰਭਾਵ ਸਰੀਰ ’ਤੇ ਪੈਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਿਮਾਰੀਆਂ ਦਾ ਮੁੱਢ ਮਨ ਵਿੱਚੋਂ ਬੱਝਦਾ ਹੈ, ਜਦੋਂ ਤੱਕ ਮਨ ਨੂੰ ਠੀਕ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਰੀਰ ਠੀਕ ਨਹੀਂ ਹੋ ਸਕਦਾ।

ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

0

ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਕਿਰਪਾਲ ਸਿੰਘ ਬਠਿੰਡਾ 98554-80797

ਛੇਵੇਂ ਪਾਤਸ਼ਾਹ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਹੋਏ ਹਨ ਜਿਨ੍ਹਾਂ ਵਿੱਚੋਂ ਵੱਡੇ ਦਾ ਨਾਮ ਬਾਬਾ ਧੀਰ ਮੱਲ ਅਤੇ ਛੋਟੇ ਦਾ ਨਾਮ ਗੁਰੂ ਹਰਿਰਾਇ ਸਾਹਿਬ ਜੀ ਸੀ। ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਵੱਡੇ ਦਾ ਨਾਮ ਰਾਮਰਾਇ ਅਤੇ ਛੋਟੇ ਦਾ ਨਾਮ (ਗੁਰੂ) ਹਰਿਕ੍ਰਿਸ਼ਨ ਜੀ ਸੀ; ਜਿਨ੍ਹਾਂ ਦਾ ਪ੍ਰਕਾਸ਼ ਮਾਤਾ ਸੁਲੱਖਣੀ ਜੀ ਦੀ ਕੁੱਖੋਂ 20 ਜੁਲਾਈ ਸੰਨ 1652 ਨੂੰ ਕੀਰਤਪੁਰ ਜਿਲ੍ਹਾ ਹੁਸ਼ਿਆਰਪੁਰ ਵਿਚਲੇ ਗੁਰੂ ਜੀ ਦੇ ਨਿਵਾਸ ਅਸਥਾਨ ‘ਸ਼ੀਸ਼ ਮਹਿਲ’ ਵਿੱਚ ਹੋਇਆ। ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਜੀ ਜਿਨ੍ਹਾਂ ਨੇ ਅੱਠਵੇਂ ਗੁਰੂ ਦੇ ਤੌਰ ’ਤੇ ਗੁਰੂ ਨਾਨਕ ਵੀਚਾਰਧਾਰਾ ਦਾ ਪ੍ਰਚਾਰ ਕਰਨ ਦੀ ਤਕਰੀਬਨ ਢਾਈ ਸਾਲ ਸੇਵਾ ਨਿਭਾਈ ਉਹ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੜਪੋਤਰੇ, ਸਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਜੀ ਦੇ ਪੁੱਤਰ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਦੇ ਪੋਤਰੇ ਅਤੇ ਗੁਰੂ ਘਰ ਦੇ ਵਿਰੋਧੀਆਂ ਵਜੋਂ ਵਿਚਰੇ ਰਾਮਰਾਇ ਦੇ ਛੋਟੇ ਭਰਾਤਾ ਤੇ ਧੀਰ ਮੱਲ ਦੇ ਸਕੇ ਭਤੀਜੇ ਸਨ। ਰਾਮਰਾਇ ਬੜਾ ਚਲਾਕ, ਸਿਆਣਾ, ਹੁਸ਼ਿਆਰ, ਨੀਤੀ-ਨਿਪੁੰਨ ਅਤੇ ਸਿੱਖ ਸੰਗਤਾਂ ਤੇ ਮਸੰਦਾਂ ਵਿੱਚ ਚੰਗੇ ਅਸਰ-ਰਸੂਖ਼ ਵਾਲਾ ਸੀ । ਉਹ ਹਰ ਤਰ੍ਹਾਂ ਆਪਣੇ ਆਪ ਨੂੰ ਗੁਰਤਾ ਦੇ ਯੋਗ ਸਮਝਦਾ ਸੀ । ਗੁਰੂ ਜੀ ਦਾ ਵੱਡਾ ਸਾਹਿਬਜ਼ਾਦਾ ਹੋਣ ਕਰ ਕੇ ਉਹ ਆਪਣੇ ਆਪ ਨੂੰ ਗੁਰ-ਗੱਦੀ ਦਾ ਹੱਕਦਾਰ ਵੀ ਸਮਝਦਾ ਸੀ । ਇਸੇ ਸਮੇਂ ਦੌਰਾਨ ਔਰੰਗਜ਼ੇਬ ਆਪਣੇ ਭਰਾਵਾਂ ਨੂੰ ਕਤਲ ਕਰ ਕੇ ਅਤੇ ਪਿਤਾ ਸ਼ਾਹਜਹਾਨ ਨੂੰ ਕੈਦ ਕਰ ਕੇ ਆਪ ਰਾਜਗੱਦੀ ’ਤੇ ਬੈਠ ਗਿਆ। ਔਰੰਗਜ਼ੇਬ ਦਾ ਵੱਡਾ ਭਰਾ ਦਾਰਾ ਸ਼ਿਕੋਹ ਇੱਕ ਵਾਰ ਬਿਮਾਰ ਹੋਣ ’ਤੇ ਜਦੋਂ ਕਿਸੇ ਪਾਸੋਂ ਵੀ ਠੀਕ ਨਾ ਹੋਇਆ ਤਾਂ ਉਹ ਗੁਰੂ ਹਰਿ ਰਾਇ ਸਾਹਿਬ ਜੀ ਦੇ ਦਵਾਖ਼ਾਨੇ ਵਿੱਚੋਂ ਦਵਾਈ ਲੈ ਕੇ ਠੀਕ ਹੋਇਆ ਸੀ ਜਿਸ ਕਾਰਨ ਉਹ ਗੁਰੂ ਹਰਿਰਾਇ ਸਾਹਿਬ ਜੀ ਦਾ ਸਤਿਕਾਰ ਕਰਦਾ ਸੀ। ਗੁਰੂ ਘਰ ਦੇ ਵਿਰੋਧੀਆਂ ਨੇ ਔਰੰਗਜ਼ੇਬ ਦੇ ਕੰਨ ਭਰੇ ਕਿ ਰਾਜਗੱਦੀ ਪ੍ਰਾਪਤ ਕਰਨ ਲਈ ਹੋਏ ਗ੍ਰਿਹ ਯੁੱਧ ਦੌਰਾਨ ਗੁਰੂ ਹਰਿਰਾਇ ਸਾਹਿਬ ਜੀ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ ਸੀ; ਇਸ ਲਈ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਿੱਲੀ ਤਲਬ ਕੀਤਾ, ਤਾਂ ਉਨ੍ਹਾ ਨੇ ਆਪਣੇ ਥਾਂ ਰਾਮਰਾਇ ਨੂੰ ਭੇਜਿਆ । ਭੇਜਣ ਸਮੇਂ ਉਸ ਨੂੰ ਪੱਕਾ ਕੀਤਾ ਗਿਆ ਕਿ ਕੋਈ ਗੱਲ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਦੇ ਉਲਟ ਨਹੀਂ ਕਹਿਣੀ ਜਾਂ ਕਰਨੀ । ਔਰੰਗਜ਼ੇਬ ਦੇ ਦਰਬਾਰ ਵਿੱਚ ਬਾਬਾ ਰਾਮਰਾਇ ਜੀ ਨੇ ਉਨ੍ਹਾਂ ਦੇ ਹਰ ਸਵਾਲ ਦਾ ਬਾਦਲੀਲ ਜਵਾਬ ਦਿੱਤਾ ਜਿਸ ਤੋਂ ਔਰੰਗਜ਼ੇਬ ਬਹੁਤ ਹੀ ਪ੍ਰਭਾਵਤ ਹੋ ਕੇ ਰਾਮਰਾਇ ਦਾ ਸਤਿਕਾਰ ਕਰਨ ਲੱਗ ਪਿਆ। ਚੁਗਲਖੋਰਾਂ ਵੱਲੋਂ ਆਪਣੀ ਦਾਲ਼ ਨਾ ਗਲਦੀ ਵੇਖ ਕੇ ਆਖਰ ਔਰੰਗਜ਼ੇਬ ਦੇ ਕੰਨ ਵਿੱਚ ਇਹ ਗੱਲ ਪਾਈ ਗਈ ਕਿ ਗੁਰੂ ਅਰਜਨ ਸਾਹਿਬ ਜੀ ਵੱਲੋਂ ਤਿਆਰ ਕੀਤੇ ਗ੍ਰੰਥ ਵਿੱਚ ‘‘ਮਿਟੀ ਮੁਸਲਮਾਨ ਕੀ, ਪੇੜੈ ਪਈ ਕੁਮ੍ਹ੍ਹਿਆਰ ਘੜਿ ਭਾਂਡੇ ਇਟਾ ਕੀਆ, ਜਲਦੀ ਕਰੇ ਪੁਕਾਰ ॥’’ (ਮ: ੧/੪੬੬) ਲਿਖ ਕੇ ਇਸਲਾਮ ਦੀ ਤੌਹੀਨ ਕੀਤੀ ਹੈ। ਆਸਾ ਕੀ ਵਾਰ ਵਿੱਚ ਦਰਜ ਗੁਰੂ ਨਾਨਕ ਸਾਹਿਬ ਜੀ ਦੇ ਉਚਾਰੇ ਹੋਏ ਇਸ ਸਲੋਕ ਦਾ ਭਾਵ ਤਾਂ ਇਸਲਾਮ ਦੇ ਇਸ ਗਲਤ ਵਿਸ਼ਵਾਸ ਦਾ ਖੰਡਨ ਕਰਨਾ ਸੀ ਕਿ ਜਿਨ੍ਹਾਂ ਦਾ ਸਰੀਰ ਅੱਗ ਵਿੱਚ ਸਾੜਿਆ ਜਾਂਦਾ ਹੈ, ਉਹ ਦੋਜ਼ਕ ਦੀ ਅੱਗ ਵਿਚ ਸੜਦੇ ਹਨ। ਗੁਰੂ ਜੀ ਨੇ ਇਸ ਗਲਤ ਵੀਚਾਰ ਦਾ ਖੰਡਨ ਕਰਦਿਆਂ ਲਿਖਿਆ ਹੈ ਕਿ ਜਿੱਥੇ ਮੁਸਲਮਾਨ ਮੁਰਦੇ ਦੱਬਦੇ ਹਨ ਉਸ ਥਾਂ ਦੀ ਮਿੱਟੀ ਚੀਕਣੀ ਹੋਣ ਕਰ ਕੇ ਕਈ ਵਾਰੀ ਕੁਮ੍ਹਿਆਰ ਉਹ ਮਿੱਟੀ ਭਾਂਡੇ ਬਣਾਉਣ ਲਈ ਲੈ ਆਉਂਦਾ ਹੈ ਅਤੇ ਘੜ ਕੇ ਉਸ ਦੇ ਭਾਂਡੇ ਤੇ ਇੱਟਾਂ ਬਣਾਉਂਦਾ ਹੈ, ਇਸ ਲਈ ਆਵੀ ਵਿਚ ਪੈ ਕੇ ਉਹ ਮਿੱਟੀ, ਮਾਨੋ ਸੜਦੀ ਹੋਈ ਪੁਕਾਰ ਕਰਦੀ ਹੈ, ਵਿਚਾਰੀ ਰੋਂਦੀ ਹੈ ਤੇ ਉਸ ਵਿੱਚੋਂ ਅੰਗਿਆਰੇ ਝੜ ਝੜ ਕੇ ਡਿੱਗਦੇ ਹਨ ਭਾਵ ਨਿਜ਼ਾਤ ਜਾਂ ਦੋਜ਼ਕ ਦਾ ਮੁਰਦਾ ਸਰੀਰ ਦੇ ਸਾੜਨ ਜਾਂ ਦੱਬਣ ਨਾਲ ਕੋਈ ਸੰਬੰਧ ਨਹੀਂ ਹੈ। ਜਦ ਔਰੰਗਜ਼ੇਬ ਨੇ ਇਸ ਪ੍ਰਤੀ ਰਾਮਰਾਇ ਦਾ ਪੱਖ ਜਾਣਨਾ ਚਾਹਿਆ ਤਾਂ ਉਹ ਇਸ ਭ੍ਰਮ ਵਿੱਚ ਫਸ ਗਿਆ ਕਿ ਗੁਰਬਾਣੀ ਦੀ ਸਹੀ ਵਿਆਖਿਆ ਕਰਨ ਨਾਲ ਕਦੀ ਔਰੰਗਜ਼ੇਬ ਨਰਾਜ ਹੀ ਨਾ ਹੋ ਜਾਵੇ ਇਸ ਲਈ ਉਸ ਨੇ ਬਾਦਸ਼ਾਹ ਦੀ ਖੁਸ਼ਾਮਦ ਖਾਤਰ ਅਤੇ ਬਣਿਆ ਸਤਿਕਾਰ ਕਾਇਮ ਰੱਖਣ ਲਈ ਚਤੁਰਾਈ ਅਤੇ ਨਾਵਾਜਬ ਗੱਲਾਂ ਕਰ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਤੁਕ ਹੀ ਬਦਲ ਕੇ ਸੁਣਾ ਦਿੱਤੀ ਕਿ ਅਸਲ ਵਿੱਚ ‘ਮਿੱਟੀ ਬੇਈਮਾਨ ਕੀ’ ਲਿਖਿਆ ਸੀ ਜਿਸ ਨੂੰ ਲਿਖਾਰੀਆਂ ਦੀ ਗਲਤੀ ਨਾਲ ‘ਮਿੱਟੀ ਮੁਸਲਮਾਨ ਕੀ’ ਲਿਖਿਆ ਗਿਆ। ਜਦੋਂ ਰਾਮਰਾਇ ਵੱਲੋਂ ਕੀਤੀ ਇਸ ਕੌਤਾਹੀ ਦਾ ਪਤਾ ਗੁਰੂ ਹਰਿਰਾਇ ਸਾਹਿਬ ਜੀ ਨੂੰ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਹਮੇਸ਼ਾਂ ਲਈ ਤਿਆਗ ਦਿੱਤਾ ਅਤੇ ਆਪਣੇ ਮੱਥੇ ਲੱਗਣੋ ਮਨ੍ਹਾ ਕਰ ਦਿੱਤਾ । ਜਦ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦਾ ਸਮਾਂ ਆਇਆ ਤਾਂ ਆਪ ਨੇ ਆਪਣੇ ਛੋਟੇ ਸਾਹਿਬਜ਼ਾਦੇ, ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਹਰ ਤਰ੍ਹਾਂ ਯੋਗ ਸਮਝ ਕੇ ਗੁਰ-ਗੱਦੀ ਲਈ ਨੀਅਤ ਕੀਤਾ । ਸਭ ਸਿੱਖ ਸੰਗਤਾਂ ਨੂੰ ਆਪ ਨੇ ਆਗਿਆ ਕੀਤੀ ਕਿ ਸਾਡੇ ਮਗਰੋਂ ਗੁਰੂ ਨਾਨਕ ਦੇਵ ਨਿਰੰਕਾਰੀ ਜੋਤਿ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ ਬਿਰਾਜ ਕੇ ਜਗੇਗੀ ਤੇ ਸੰਸਾਰ ਦੇ ਜੀਵਾਂ ਨੂੰ ਰੱਬੀ-ਗਿਆਨ ਦਾ ਚਾਨਣ ਦੇਵੇਗੀ। ਸੰਗਤਾਂ ਨੂੰ ਹੁਕਮ ਹੋਇਆ ਕਿ ਹਰਿਕ੍ਰਿਸ਼ਨ ਸਾਹਿਬ ਨੂੰ ਹੀ ਗੁਰੂ ਸਮਝਣਾ ਅਤੇ ਰਾਮਰਾਇ ਦੀਆਂ ਚਾਲਾਂ ਚਲਾਕੀਆਂ ਦੇ ਜਾਲ਼ ਤੋਂ ਬਚ ਕੇ ਰਹਿਣਾ ।

ਸ੍ਰੀ ਗੁਰੂ ਹਰਿਰਾਇ ਸਾਹਿਬ ਦੀ ਇਸ ਆਗਿਆ ਮੂਜਬ ਆਪ ਦੇ ਜੋਤੀ-ਜੋਤਿ ਸਮਾਉਣ ਵਾਲੇ ਦਿਨ ਥੋਹੜਾ ਸਮਾਂ ਪਹਿਲਾਂ ਕੱਤਕ ਵਦੀ 9, 6 ਕੱਤਕ ਬਿਕ੍ਰਮੀ ਸੰਮਤ 1718 (ਨਾਨਕਸ਼ਾਹੀ ਸੰਮਤ 193) ਮੁਤਾਬਕ 6 ਅਕਤੂਬਰ ਸੰਨ 1661 ਨੂੰ ਸੋਮਵਾਰ ਦੇ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰ-ਗੱਦੀ ਉੱਤੇ ਬਿਠਾਇਆ ਅਤੇ ਗੁਰਤਾ ਦਾ ਤਿਲਕ ਲਗਾਇਆ ਗਿਆ । ਨਾਨਕਸ਼ਾਹੀ ਕੈਲੰਡਰ ਅਨੁਸਾਰ 6 ਕੱਤਕ ਅੱਜ ਕੱਲ੍ਹ 20 ਅਕਤੂਬਰ ਨੂੰ ਆਉਂਦਾ ਹੈ ਜੋ ਹਮੇਸ਼ਾਂ ਲਈ ਇਸੇ ਤਰੀਖ ਨੂੰ ਆਉਂਦਾ ਰਹੇਗਾ। ਉਸ ਵੇਲੇ ਆਪ ਦੀ ਉਮਰ ਕੇਵਲ ਸਵਾ ਪੰਜ ਸਾਲ ਸੀ, ਪਰ ਆਪ ਵਿਚ ਜੋਤਿ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਸੀ; ਇਸ ਲਈ ਕੰਮ ਬੜੇ ਸੋਹਣੇ ਸੁਚੱਜੇ ਢੰਗ ਨਾਲ ਚਲਦਾ ਰਿਹਾ । ਆਪ ਸੰਗਤਾਂ ਨੂੰ ਗੁਰ-ਆਸ਼ੇ ਬਾਰੇ ਉਪਦੇਸ਼ ਦੇਂਦੇ, ਉਨ੍ਹਾਂ ਦੇ ਸ਼ੰਕੇ ਨਵਿਰਤ ਕਰਦੇ ਅਤੇ ਨਾਮ ਦਾਨ ਬਖਸ਼ ਕੇ ਨਿਹਾਲ ਕਰਦੇ ਸਨ । ਆਪ ਨੇ ਗੁਰਸਿੱਖੀ ਦੇ ਪ੍ਰਚਾਰ ਦੇ ਵਾਧੇ ਲਈ ਹਰ ਪਾਸੇ ਪ੍ਰਚਾਰਕ ਭੇਜਣੇ ਸ਼ੁਰੂ ਕਰ ਦਿੱਤੇ।

ਜਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਦਾ ਤਿਲਕ ਲੱਗਾ, ਉਸ ਵੇਲੇ ਰਾਮਰਾਇ ਦਿੱਲੀ (ਬਾਦਸ਼ਾਹ) ਦੇ ਦਰਬਾਰ ਵਿਚ ਸੀ । ਜਦ ਉਸ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਬਹੁਤ ਔਖਾ ਹੋਇਆ । ਉਹ ਸਮਝਦਾ ਸੀ ਕਿ ਗੁਰ-ਗੱਦੀ ਮੇਰਾ ਮੌਲਿਕ ਅਧਿਕਾਰ ਹੈ । ਉਸ ਨੇ ਆਪਣੇ ਤਾਏ ਧੀਰਮੱਲ ਨਾਲ ਸਲਾਹ ਕਰ ਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਅਤੇ ਗੁਰੂ ਬਣ ਬੈਠਾ । ਉਸ ਨੇ ਆਪਣੇ ਮਸੰਦ ਤੇ ਕਰਿੰਦੇ ਚਾਰ ਚੁਫੇਰੇ ਭੇਜੇ, ਤਾਂ ਜੋ ਸਭ ਥਾਈਂ ਉਸ ਦੇ ਗੁਰੂ ਬਣਨ ਦੀ ਖ਼ਬਰ ਦੇਣ ਅਤੇ ਸੰਗਤਾਂ ਪਾਸੋਂ ਦਸਵੰਧ ਉਗਰਾਹ ਕੇ ਲਿਆਉਣ, ਪਰ ਆਮ ਸਿੱਖਾਂ ਨੂੰ ਗੁਰੂ ਹਰਿਰਾਇ ਸਹਿਬ ਜੀ ਦੇ ਫੈਸਲੇ ਅਤੇ ਹੁਕਮ ਦਾ ਪਤਾ ਸੀ ਇਸ ਲਈ ਉਹ ਰਾਮਰਾਇ ਦੀਆਂ ਚਾਲਾਂ ਵਿੱਚ ਨਾ ਫਸੇ । ਉਸ ਦੇ ਕੁਝ ਮਸੰਦਾਂ ਆਦਿ ਤੋਂ ਬਿਨਾਂ ਉਸ ਨੂੰ ਕਿਸੇ ਹੋਰ ਨੇ ਗੁਰੂ ਨਾ ਮੰਨਿਆ । ਏਧਰੋਂ ਮੂੰਹ ਦੀ ਖਾ ਕੇ ਉਹ ਔਰੰਗਜ਼ੇਬ ਪਾਸ ਜਾ ਫ਼ਰਿਆਦੀ ਹੋਇਆ । ਬਾਦਸ਼ਾਹ ਉਸ ਉੱਤੇ ਖੁਸ਼ ਸੀ ਇਸ ਕਰ ਕੇ ਉਸ ਨੂੰ ਨਿਸ਼ਚਾ ਸੀ ਕਿ ਉਹ ਜ਼ਰੂਰ ਮੇਰੀ ਸਹਾਇਤਾ ਕਰੇਗਾ। ਉਸ ਨੇ ਬਾਦਸ਼ਾਹ ਪਾਸ ਅਰਜ਼ੀ ਦਿੱਤੀ ਤੇ ਕਿਹਾ: ‘ਮੈਂ ਗੁਰੂ ਹਰਿਰਾਇ ਸਾਹਿਬ ਜੀ ਦਾ ਵੱਡਾ ਪੁੱਤਰ ਹਾਂ । ਉਨ੍ਹਾਂ ਮਗਰੋਂ ਗੁਰ-ਗੱਦੀ ਮੈਨੂੰ ਮਿਲਣੀ ਚਾਹੀਦੀ ਸੀ, ਉਹ ਮੇਰਾ ਹੱਕ ਸੀ, ਪਰ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰੂ ਬਣਾ ਦਿੱਤਾ ਗਿਆ ਹੈ । ਮੇਰਾ ਕਸੂਰ ਇਹੋ ਹੈ ਕਿ ਮੈਂ ਆਪ ਜੀ ਦਾ ਅਗਿਆਕਾਰ ਹਾਂ । ਮੇਰੇ ਪਿਤਾ ਜੀ ਆਪ ਦੇ ਵਿਰੁੱਧ ਸਨ, ਉਨ੍ਹਾਂ ਨੇ ਜੋਤੀ-ਜੋਤਿ ਸਮਾਉਣ ਵੇਲੇ ਮੇਰੇ ਛੋਟੇ ਭਰਾ ਨੂੰ ਹੁਕਮ ਦਿੱਤਾ ਕਿ ਉਹ ਤੁਹਾਡੇ ਮੱਥੇ ਨਾ ਲੱਗੇ ਅਤੇ ਤੁਹਾਡੇ ਨਾਲ ਕਿਸੇ ਪ੍ਰਕਾਰ ਦਾ ਮਿਲਵਰਤਨ ਨਾ ਕਰੇ । ਮੇਰੀ ਬੇਨਤੀ ਹੈ ਕਿ ਮੇਰੇ ਭਰਾ ਨੂੰ ਏਥੇ ਤਲਬ ਕੀਤਾ ਜਾਵੇ ਅਤੇ ਉਸ ਨੂੰ ਮੇਰਾ ਬਣਦਾ ਹੱਕ ਦੇਣ ਲਈ ਮਜ਼ਬੂਰ ਕੀਤਾ ਜਾਵੇ ।

ਔਰੰਗਜ਼ੇਬ ਹੈ ਤਾਂ ਬੜਾ ਚਾਲਬਾਜ਼ ਤੇ ਫ਼ਰੇਬੀ ਸੀ ਇਸ ਲਈ ਪਹਿਲਾਂ ਉਸ ਦੇ ਹਿਰਦੇ ਨੇ ਉਸ ਨੂੰ ਨੇਕ ਸਲਾਹ ਦੇਣ ਲਈ ਪ੍ਰੇਰਿਆ । ਉਸ ਨੇ ਰਾਮਰਾਇ ਨੂੰ ਕਿਹਾ : ‘ਤੇਰੇ ਪਾਸ ਸਾਡੀ ਦਿੱਤੀ ਜਾਗੀਰ ਹੈ । ਤੈਨੂੰ ਕਿਸੇ ਸ਼ੈ ਦਾ ਘਾਟਾ ਨਹੀਂ । ਤੂੰ ਆਪਣੇ ਛੋਟੇ ਭਰਾ ਨੂੰ ਕਾਹਦੇ ਲਈ ਤੰਗ ਕਰਦਾ ਹੈਂ  ?’ ਪਰ ਰਾਮਰਾਇ ਆਪਣੇ ਹਠ ਉੱਤੇ ਡਟਿਆ ਰਿਹਾ । ਔਰੰਗਜ਼ੇਬ ਨੇ ਸੋਚਿਆ ਕਿ ‘ਜੇ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਆਪਣੇ ਹੱਥ ਆ ਜਾਵੇ, ਤਾਂ ਏਧਰੋਂ ਹਕੂਮਤ ਨੂੰ ਕੋਈ ਖ਼ਤਰਾ ਨਾ ਰਹੇ ਅਤੇ ਨਾਲੇ ਪੰਜਾਬ ਵਿਚ ਇਸਲਾਮ ਵੀ ਵਧੇਰੇ ਸੌਖਾ ਫੈਲ ਸਕੇਗਾ ਕਿਉਂਕਿ ਵੱਡਾ ਭਰਾ ਤਾਂ ਮੇਰੀ ਮੁੱਠ ਵਿਚ ਹੀ ਹੈ । ਛੋਟੇ ਨੂੰ ਸੱਦ ਕੇ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਅਧੀਨ ਕੀਤਾ ਜਾਵੇ, ਤਾਂ ਰੰਗ ਲੱਗ ਜਾਵੇ । ਜੇ ਉਹ ਨਾ ਮੰਨਿਆ ਤਾਂ ਦੋਹਾਂ ਭਰਾਵਾਂ ਨੂੰ ਆਪੋ ਵਿੱਚ ਟਕਰਾ ਦਿਆਂਗੇ । ਆਪੇ ਲੜ ਮਰਨਗੇ ਅਤੇ ਇਸਲਾਮ ਦੇ ਪ੍ਰਚਾਰ ਦਾ ਰਾਹ ਸਾਫ਼ ਹੋ ਜਾਵੇਗਾ ।’ ਇਹ ਸੋਚ ਕੇ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਸੱਦਣ ਦਾ ਫੈਸਲਾ ਕਰ ਲਿਆ ।

ਗੁਰੂ ਹਰਿਰਾਇ ਸਾਹਿਬ ਜੀ ਨੇ ਔਰੰਗਜ਼ੇਬ ਬਾਰੇ ਇਹ ਨੀਤੀ ਬਣਾਈ ਸੀ ਕਿ ‘ਨਹਿ ਮਲੇਛ ਕੋ ਦਰਸ਼ਨ ਦੈਹੈਂ ।’ ਆਪ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੀ ਇਸੇ ਨੀਤੀ ਉੱਤੇ ਕਾਇਮ ਰਹਿਣ ਦੀ ਆਗਿਆ ਕੀਤੀ ਸੀ । ਰਾਮਰਾਇ ਨੂੰ ਇਸ ਦਾ ਪਤਾ ਸੀ । ਉਸ ਦੀ ਚਾਲ ਇਹ ਸੀ ਕਿ ‘ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਪਹੁੰਚ ਕੇ ਔਰੰਗਜ਼ੇਬ ਨੂੰ ਮਿਲਣਗੇ, ਤਾਂ ਮੈਂ ਇਹ ਰੌਲ਼ਾ ਪੁਆ ਦਿਆਂਗਾ ਕਿ ਉਨ੍ਹਾਂ ਨੇ ਪਿਤਾ-ਗੁਰੂ ਦੀ ਆਗਿਆ ਭੰਗ ਕਰ ਦਿੱਤੀ ਹੈ, ਇਸ ਤਰ੍ਹਾਂ ਸਿੱਖਾਂ ਵਿੱਚ ਉਨ੍ਹਾਂ ਦਾ ਸਤਿਕਾਰ ਘਟ ਜਾਵੇਗਾ ਅਤੇ ਮੇਰਾ ਦਾਅ ਲੱਗ ਸਕੇਗਾ । ਜੇ ਉਹ ਨਾ ਆਏ, ਤਾਂ ਮੈ ਔਰੰਗਜ਼ੇਬ ਨੂੰ ਭੜਕਾਵਾਂਗਾ ਕਿ ਉਹ ਆਕੀ ਤੇ ਬਾਗੀ ਹੈ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਮੰਗਵਾਇਆ ਜਾਵੇ ਅਤੇ ਬਾਗੀਆਂ ਵਾਲੀ ਸਜ਼ਾ ਦਿੱਤੀ ਜਾਵੇ । ਫੇਰ ਮੇਰਾ ਰਾਹ ਸਾਫ ਹੋ ਜਾਵੇਗਾ । ਜੇ ਉਹ ਡਰ ਕੇ ਨੱਸ ਗਏ ਤਾਂ ਮੈਂ ਜਾ ਕੇ ਗੁਰੂ ਬਣ ਜਾਵਾਂਗਾ ਅਤੇ ਕੀਰਤਪੁਰ ਉੱਤੇ ਕਬਜ਼ਾ ਕਰ ਲਵਾਂਗਾ ।’

ਉਧਰੋਂ ਔਰੰਗਜ਼ੇਬ ਨੂੰ ਵੀ ਉੱਪਰ ਦੱਸੀ ਗੁਰੂ ਹਰਿਰਾਇ ਸਾਹਿਬ ਜੀ ਦੀ ਨੀਤੀ ਅਤੇ ਅੱਠਵੇਂ ਗੁਰੂ ਜੀ ਨੂੰ ਕੀਤੀ ਆਗਿਆ ਦਾ ਪਤਾ ਸੀ । ਉਸ ਨੇ ਸੋਚਿਆ : ‘ਗੁਰੂ ਜੀ ਸ਼ਾਹੀ ਸੱਦਾ ਮੰਨ ਕੇ ਨਹੀਂ ਆਉਣ ਲੱਗੇ , ਕੋਈ ਹੋਰ ਢੰਗ ਵਰਤਣਾ ਚਾਹੀਦਾ ਹੈ ।’ ਉਸ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਕਿਹਾ ਕਿ ਗੁਰੂ ਸਾਹਿਬ ਨੂੰ ਤੁਸੀਂ ਆਪਣੇ ਵੱਲੋਂ ਆਪਣੇ ਘਰ ਸੱਦੋ, ਰਾਜਾ ਜੈ ਸਿੰਘ ਨੇ ਗੁਰੂ ਜੀ ਵੱਲ ਸਦਾ-ਪੱਤ੍ਰ ਲਿਖਿਆ ਤੇ ਆਪਣੇ ਇਕ ਵੱਡੇ ਅਹਿਲਕਾਰ ਦੇ ਹੱਥ ਦੇ ਕੇ ਕੀਰਤਪੁਰ ਭੇਜਿਆ । ਨਾਲ ਹੀ ਦਿੱਲੀ ਦੀ ਸਿੱਖ-ਸੰਗਤ ਨੇ ਵੀ ਬਿਨੈ-ਪੱਤਰ ਲਿਖ ਭੇਜਿਆ ਕਿ ਰਾਮਰਾਇ ਕਈ ਪ੍ਰਕਾਰ ਦੀਆਂ ਗੋਂਦਾ ਗੋਂਦ ਰਿਹਾ ਹੈ, ਇਨ੍ਹਾਂ ਦਾ ਭਾਂਡਾ ਭੰਨਣ ਲਈ ਆਪ ਜ਼ਰੂਰ ਦਿੱਲੀ ਆਓ ।

ਰਾਜਾ ਜੈ ਸਿੰਘ ਦੀ ਚਿੱਠੀ ਵਿਚਾਰਨ ਮਗਰੋਂ ਪਹਿਲਾਂ ਤਾਂ ਗੁਰੂ ਜੀ ਨੇ ਜਾਣੋਂ ਨਾ ਕਰ ਦਿੱਤੀ ਅਤੇ ਕਿਹਾ ਕਿ ਅਸੀਂ ਔਰੰਗਜ਼ੇਬ ਨੂੰ ਕਦਾਚਿਤ ਨਹੀਂ ਮਿਲਣਾ । ਰਾਜਾ ਜੈ ਰਾਮ ਦੇ ਅਹਿਲਕਾਰ ਨੇ ਅਰਜ਼ ਕੀਤੀ ਕਿ ਆਪ ਬੇਸ਼ੱਕ ਬਾਦਸ਼ਾਹ ਨੂੰ ਨਾ ਮਿਲਣਾ; ਨਾਲ ਹੀ ਉਸ ਨੇ ਦਿੱਲੀ ਦੀ ਸੰਗਤ ਦਾ ਬਿਨੈ-ਪੱਤਰ ਦੇ ਕੇ ਕਿਹਾ ਕਿ ਆਪਣੇ ਸਿੱਖਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ, ਰਾਜਾ ਸਾਹਿਬ ਵੀ ਆਪ ਦੇ ਦਰਸ਼ਨਾਂ ਦੇ ਅਤੀ ਚਾਹਵਾਨ ਹਨ । ਦਿੱਲੀ ਦੇ ਸਿੱਖਾਂ ਦੀ ਚਿੱਠੀ ਪੜ੍ਹ ਕੇ ਆਪ ਜੀ ਨੇ ਕਿਹਾ : ‘ਜਿਥੇ ਸੰਗਤ ਯਾਦ ਕਰੇਗੀ, ਉੱਥੇ ਅਸੀਂ ਜ਼ਰੂਰ ਪੁੱਜਾਂਗੇ ।’ ਅਗਲੇ ਦਿਨ ਤਿਆਰੀ ਕੀਤੀ ਗਈ । ਮਾਤਾ ਜੀ ਵੀ ਨਾਲ ਤੁਰੇ ਪਏ ਸਨ। ਬਹੁਤ ਸਾਰੀ ਸੰਗਤ ਵੀ ਜਾਣ ਲਈ ਤਿਆਰ ਹੋ ਗਈ। ਰਾਹ ਵਿੱਚ ਥਾਂ-ਥਾਂ ਸੰਗਤਾਂ ਨੇ ਹੁੰਮ-ਹੁੰਮਾ ਕੇ ਆਪ ਦਾ ਸੁਆਗਤ ਕੀਤਾ । ਇਸ ਤਰ੍ਹਾਂ ਆਪ ਜੀ ਦੇ ਨਾਲ ਜਾ ਰਹੀ ਸੰਗਤ ਦੀ ਗਿਣਤੀ ਬਹੁਤ ਵਧ ਗਈ ਅਤੇ ਸਫ਼ਰ ਬੜਾ ਹੌਲੀ-ਹੌਲੀ ਕਰਨਾ ਪਿਆ ਪਰ ਅੰਬਾਲੇ ਨਜ਼ਦੀਕ ਪੰਜੋਖਰੇ ਪਿੰਡ ਪਹੁੰਚ ਕੇ ਆਪ ਜੀ ਨੇ ਆਪਣੀ ਹਜ਼ੂਰੀ ਸੰਗਤ ਅਤੇ ਪਰਵਾਰ ਤੋਂ ਬਿਨਾਂ ਬਾਕੀ ਸਭ ਨੂੰ ਮੁੜਨ ਦਾ ਹੁਕਮ ਦਿੱਤਾ । ਗੁਰੂ ਜੀ ਰਾਤ ਪੰਜੋਖਰੇ ਠਹਿਰੇ । ਉੱਥੇ ਇਕ ਹੰਕਾਰੀ ਬ੍ਰਾਹਮਣ ਲਾਲ ਚੰਦ, ਆਪ ਜੀ ਨੂੰ ਮਿਲਿਆ ਅਤੇ ਕਹਿਣ ਲੱਗਾ : ‘ਤੁਸੀਂ ਆਪਣੇ ਆਪ ਨੂੰ ਗੁਰੂ ਹਰਿਕ੍ਰਿਸ਼ਨ ਅਖਵਾਉਂਦੇ ਹੋ । ਸ੍ਰੀ ਕ੍ਰਿਸ਼ਨ ਜੀ ਨੇ ਤਾਂ ਗੀਤਾ ਰਚੀ ਸੀ, ਤੁਸੀਂ ਉਸ ਦੇ ਅਰਥ ਹੀ ਕਰ ਕੇ ਹੀ ਵਿਖਾਓ । ਨਾਲੇ ਸ਼ਾਸਤਰਾਂ ਦੇ ਅਰਥ ਕਰਨ ਵਿਚ ਮੇਰੇ ਨਾਲ ਮੁਕਾਬਲਾ ਕਰ ਲਵੋ ।’ ਹੰਕਾਰੀ ਪੰਡਿਤ ਦੀ ਇਹ ਗੱਲ ਸੁਣ ਕੇ ਬ੍ਰਹਮ ਗਿਆਨ ਦੇ ਪੁੰਜ ਤੇ ਸਰਬ-ਕਲਾ ਸਮਰੱਥ ਗੁਰੂ ਜੀ ਨੇ ਉਸ ਨੂੰ ਕਿਹਾ : ‘ਅਸੀਂ ਤਾਂ ਰੱਬ ਦੇ ਸੇਵਕ ਹਾਂ। ਵੱਡੇ ਬਣ-ਬਣ ਕੇ ਬਹਿਣਾ ਅਸੀਂ ਨਹੀਂ ਜਾਣਦੇ ਪਰ ਸਾਡੇ ਨਾਲ ਸ਼ਸਤਰਾਰਥ ਤੁਸੀਂ ਫੇਰ ਕਰਿਓ, ਪਹਿਲਾਂ ਤੁਸੀਂ ਆਪਣੀ ਮਰਜ਼ੀ ਨਾਲ ਚੁਣੇ ਹੋਏ ਕਿਸੇ ਸਿੱਖ ਨਾਲ ਵਿਚਾਰ ਕਰ ਵੇਖੋ । ਜਾਓ, ਪਿੰਡ ਵਿੱਚੋਂ ਕੋਈ ਬੰਦਾ ਲੈ ਆਓ, ਉਹ ਤੁਹਾਨੂੰ ਉੱਤਰ ਦੇ ਕੇ ਤੁਹਾਡੀ ਨਿਸ਼ਾ ਕਰਾ ਦੇਵੇਗਾ !’

ਪੰਡਿਤ ਲਾਲ ਚੰਦ ਆਪਣੇ ਵੱਲੋਂ ਸਮਝੇ ਜਾ ਰਹੇ ਮਹਾਂ ਮੂਰਖ ਛੱਜੂ ਨਾਂ ਦੇ ਇੱਕ ਬੰਦੇ ਨੂੰ ਲੈ ਆਇਆ ਜੋ ਉਸ ਪਿੰਡ ਦਾ ਝਿਊਰ (ਮਹਿਰਾ) ਜਾਤੀ ਨਾਲ ਸੰਬੰਧਿਤ ਸੀ । ਗੁਰੂ ਜੀ ਨੇ ਛੱਜੂ (ਮਹਿਰੇ) ਦੀਆਂ ਅੱਖਾਂ ਵੱਲ ਤੱਕ ਕੇ ਕਿਹਾ : ‘ਛੱਜੂ ਜੀ ! ਤੁਸੀਂ ਧਾਰਮਿਕ ਵਿਦਵਾਨ ਹੋ, ਇਸ ਪੰਡਿਤ ਨਾਲ ਸ਼ਾਸਤਰ-ਅਰਥ ਕਰ ਕੇ ਇਸ ਦੀ ਨਿਸ਼ਾ ਕਰਾ ਦਿਓ ।’ ਦੰਦਕਥਾ ਹੈ ਕਿ ਛੱਜੂ ਇੱਕ ਗੂੰਗਾ ਤੇ ਬਹਿਰਾ ਵੀ ਸੀ ਜਿਸ ਦੇ ਸਿਰ ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਛੜੀ ਰੱਖੀ ਅਤੇ ਬ੍ਰਾਹਮਣ ਨੂੰ ਕਿਹਾ : ‘ਪੁੱਛੋ ਜੋ ਪੁੱਛਣਾ ਹੈ ।’ ਪਰ ਅਸਲ ਗੱਲ ਇਉਂ ਜਾਪਦੀ ਹੈ ਕਿ ਬ੍ਰਾਹਮਣ ਵੱਲੋਂ ਕੀਤੀ ਵਰਨ ਵੰਡ ਅਨੁਸਾਰ ਛੱਜੂ ਝਿਊਰ ਸ਼ੂਦਰ ਜਾਤੀ ਨਾਲ ਸੰਬੰਧਿਤ ਸੀ। ਮੰਨੂ ਸਿਮ੍ਰਿਤੀਆਂ ਦੇ ਸਖ਼ਤ ਕਾਨੂੰਨਾਂ ਮੁਤਾਬਕ ਸ਼ੂਦਰ ਨੂੰ ਨਾ ਤਾਂ ਧਾਰਮਿਕ ਪੁਸਤਕਾਂ ਪੜ੍ਹਨ ਦੀ ਅਤੇ ਨਾ ਹੀ ਸੁਣਨ ਦੀ ਇਜਾਜ਼ਤ ਸੀ ਕਿਉਂਕਿ ਵੇਦ ਪੜ੍ਹਨ ਵਾਲੇ ਸ਼ੂਦਰ ਦੀ ਜ਼ਬਾਨ ਕੱਟਣ ਅਤੇ ਸੁਣਨ ਵਾਲੇ ਦੇ ਕੰਨਾਂ ਵਿੱਚ ਸਿੱਕਾ ਢਾਲ਼ ਕੇ ਪਾਉਣ ਦਾ ਹੁਕਮ ਹੁੰਦਾ ਸੀ। ਇਸ ਲਈ ਬ੍ਰਾਹਮਣ ਸਮਾਜ ਦੀ ਸੋਚ ਮੁਤਾਬਕ ਤਾਂ ਛੱਜੂ ਝਿਊਰ ਗੂੰਗਾ ਬਹਿਰਾ ਹੀ ਸੀ, ਪਰ ਗੁਰੂ ਨਾਨਕ ਸਾਹਿਬ ਜੀ ਨੇ ਵਰਨ ਵੰਡ ਅਤੇ ਜਾਤੀ ਵੰਡ ਨੂੰ ਸਿਰੇ ਤੋਂ ਨਕਾਰ ਕੇ ਸਭ ਨੂੰ ਬਰਾਬਰ ਦੇ ਮਨੁੱਖੀ ਅਧਿਕਾਰ ਦੇ ਦਿੱਤੇ ਸਨ। ਛੱਜੂ ਝਿਊਰ ਗੁਰੂ ਘਰ ਦਾ ਸ਼ਰਧਾਲੂ ਹੋਣ ਕਰ ਕੇ ਆਮ ਹੀ ਸੰਗਤ ਕਰਦਾ ਰਹਿੰਦਾ ਸੀ। ਸੋ, ਉਨ੍ਹਾਂ ਗੁਰੂ ਬਖ਼ਸ਼ਿਸ਼ ਦੁਆਰਾ ਪੜ੍ਹਨਾ ਅਤੇ ਬਿਬੇਕ ਬੁੱਧੀ ਨਾਲ ਵੀਚਾਰਨਾਂ ਪਹਿਲਾਂ ਤੋਂ ਹੀ ਸਿੱਖ ਲਿਆ ਹੋਇਆ ਸੀ। ਪੰਡਿਤ ਲਾਲ ਚੰਦ ਨੇ ਛੱਜੂ ਤੋਂ ਗੀਤਾ ਦੇ ਔਖੇ ਤੋਂ ਔਖੇ ਵਾਕਾਂ ਦੇ ਅਰਥ ਪੁੱਛੇ ਤਾਂ ਛੱਜੂ ਨੇ ਗੁਰੂ ਦੀ ਬਖ਼ਸ਼ੀ ਅਸੀਸ ਸਦਕਾ ਫਟਾ-ਫਟ ਅਰਥ ਸਪਸ਼ਟ ਕਰ ਦਿੱਤੇ। ਪੰਡਿਤ ਲਾਲ ਚੰਦ ਬੜਾ ਹੈਰਾਨ ਹੋਇਆ ਤੇ ਗੁਰੂ ਜੀ ਦੀ ਚਰਨੀਂ ਢਹਿ ਪਿਆ। ਇਸ ਅਦੁੱਤੀ ਕੌਤਕ ਤੋਂ ਪ੍ਰਭਾਵਤ ਹੋ ਕੇ ਜਾਤ ਅਭਿਮਾਨੀ ਬ੍ਰਾਹਮਣ ਵੀ ਗੁਰੂ ਦਾ ਸਿੱਖ ਬਣ ਗਿਆ ।

ਪੜਾਅ ਦਰ ਪੜਾਅ ਸਫਰ ਕਰਦੇ ਅਤੇ ਥਾਂ-ਥਾਂ ਸਤਿਨਾਮੁ ਦਾ ਉਪਦੇਸ਼ ਦਿੰਦੇ, ਗੁਰੂ ਜੀ ਦਿੱਲੀ ਜਾ ਪਹੁੰਚੇ । ਮਿਰਜ਼ਾ ਰਾਜਾ ਜੈ ਸਿੰਘ ਨੇ ਆਪ ਜੀ ਦਾ ਉਤਾਰਾ ਰਾਏਸੀਨਾ ਵਿੱਚ ਆਪਣੇ ਬੰਗਲੇ ਵਿਚ ਕਰਵਾਇਆ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਸੁਭਾਇਮਾਨ ਹੈ । ਦਿੱਲੀ ਦੀ ਸੰਗਤ ਉੱਥੇ ਆ ਕੇ ਹਰ ਰੋਜ਼ ਦਰਸ਼ਨ ਕਰਦੀ ਰਹੀ, ਸਤਿਸੰਗ ਲੱਗਦਾ ਰਿਹਾ । ਔਰੰਗਜ਼ੇਬ ਨੇ ਦਰਸ਼ਨ ਕਰਨ ਦੀ ਇੱਛਾ ਪ੍ਰਗਟਾਈ ਤੇ ਭੋਜਨ ਛੱਕਣ ਲਈ ਬੁਲਾਵਾ ਭੇਜਿਆ, ਪਰ ਗੁਰੂ ਜੀ ਨੇ ਪਿਤਾ ਜੀ ਦੀ ਆਗਿਆ ਅਨੁਸਾਰ ਮਨ੍ਹਾ ਕਰ ਦਿੱਤਾ ਅਤੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਿਆ ਗਿਆ ਇੱਕ ਸ਼ਬਦ ਲਿਖ ਕੇ ਭੇਜ ਦਿੱਤਾ ‘‘ਕਿਆ ਖਾਧੈ  ? ਕਿਆ ਪੈਧੈ ਹੋਇ  ? ॥ ਜਾ ਮਨਿ ਨਾਹੀ; ਸਚਾ ਸੋਇ ॥’’ (ਮ: ੧/੧੪੨)

ਅਗਲੇ ਦਿਨ ਔਰੰਗਜ਼ੇਬ ਨੇ ਆਪਣੇ ਪੁੱਤਰ ਸਹਿਜ਼ਾਦਾ ਮੁਅੱਜਮ ਨੂੰ ਗੁਰੂ ਜੀ ਕੋਲ ਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ਼ ਦੇ ਕੇ ਨਿਹਾਲ ਕੀਤਾ । ਜਦ ਉਸ ਨੇ ਗੁਰ-ਗੱਦੀ ਬਾਰੇ ਰਾਮਰਾਇ ਦੇ ਦਾਹਵੇ ਦੀ ਗੱਲ ਕੀਤੀ, ਤਾਂ ਆਪ ਜੀ ਨੇ ਸਹਿਜ਼ਾਦਾ ਮੁਅੱਜਮ ਰਾਹੀਂ ਬਾਦਸ਼ਾਹ ਨੂੰ ਇਹ ਕਹਿ ਭੇਜਿਆ ਕਿ ‘ਗੁਰ-ਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਦੀ ਸ਼ੈ ਨਹੀ’ । ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਸੇਵਕ (ਸਿੱਖ ਭਾਈ ਲਹਿਣਾਂ ਜੀ) ਨੂੰ ਗੱਦੀ ਦਿੱਤੀ ਸੀ, ਗੁਰੂ ਅੰਗਦ ਦੇਵ ਜੀ ਨੇ ਅਤੇ ਗੁਰੂ ਅਮਰਦਾਸ ਜੀ ਨੇ ਵੀ ਪੁੱਤਰਾਂ ਨੂੰ ਗੱਦੀ ਨਹੀਂ ਸੀ ਦਿੱਤੀ । ਗੁਰੂ ਰਾਮਦਾਸ ਜੀ ਨੇ ਵੱਡੇ ਦੋ ਪੁੱਤਰਾਂ ਨੂੰ ਛੱਡ ਕੇ ਛੋਟੇ ਪੁੱਤਰ ਨੂੰ ਗੁਰਿਆਈ ਬਖ਼ਸ਼ੀ ਸੀ । ਗੁਰੂ ਹਰਿਗੋਬਿੰਦ ਸਾਹਿਬ ਨੇ, ਪੁੱਤਰਾਂ ਤੇ ਵੱਡੇ ਪੋਤਰੇ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਗੁਰ-ਗੱਦੀ ਲਈ ਚੁਣਿਆ ਸੀ । ਰਾਮਰਾਇ ਨੇ ਗੁਰੂ ਨਾਨਕ ਜੀ ਦੀ ਬਾਣੀ (ਸਿਧਾਂਤ) ‘ਮਿਟੀ ਮੁਸਲਮਾਨ ਕੀ’ ਨੂੰ ਬਦਲ ਕੇ ‘ਮਿਟੀ ਬੇਈਮਾਨ ਕੀ’ ਕਹਿ ਕੇ ਵੱਡੀ ਅਵੱਗਿਆ ਕੀਤੀ ਹੈ, ਜਿਸ ਕਾਰਨ ਪਿਤਾ ਜੀ ਨੇ ਉਸ ਨੂੰ ਸਿੱਖੀ ’ਚੋਂ ਤਿਆਗ ਦਿੱਤਾ । ਜਿਸ ਨੂੰ ਗੁਰੂ ਸਾਹਿਬ ਨੇ ਸਭ ਤੋਂ ਵਧੇਰੇ ਯੋਗ ਸਮਝਿਆ, ਉਸ ਨੂੰ ਹੀ ਉਨ੍ਹਾਂ ਗੁਰ-ਗੱਦੀ ਦੀ ਦਾਤ ਬਖ਼ਸ਼ੀ, ਇਸ ਕਰ ਕੇ ਪਿਤਾ (ਗੁਰੂ) ਜੀ ਲਈ ਇਹ ਜ਼ਰੂਰੀ ਨਹੀਂ ਸੀ ਕਿ ਵੱਡੇ ਪੁੱਤਰ ਰਾਮਰਾਇ ਨੂੰ ਹੀ ਗੁਰ-ਗੱਦੀ ਦਿੰਦੇ । ਉਨ੍ਹਾਂ ਨੇ ਵੱਡੇ ਪੁੱਤਰ ਨੂੰ ਛੱਡ ਕੇ ਛੋਟੇ ਪੁੱਤਰ ਨੂੰ ਗੱਦੀ ਲਈ ਚੁਣਿਆ । ਇਸ ਵਿਚ ਕੋਈ ਵਧੀਕੀ ਜਾਂ ਧੱਕਾ ਨਹੀਂ, ਕੋਈ ਬੇਇਨਸਾਫ਼ੀ ਨਹੀਂ । ਇਹ ਕੋਈ ਅਨੋਖੀ ਜਾਂ ਅਲੌਕਾਰੀ ਗੱਲ ਨਹੀਂ । ਰਾਮਰਾਇ ਦਾ ਦਾਅਵਾ ਝੂਠਾ ਹੈ ।’

ਗੁਰੂ ਜੀ ਦੇ ਇਹ ਬਚਨ ਸੁਣ ਕੇ ਔਰੰਗਜ਼ੇਬ ਨੂੰ ਯਕੀਨ ਹੋ ਗਿਆ ਕਿ ਰਾਮਰਾਇ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਈ, ਪਰ ਬਾਦਸ਼ਾਹ ਨੇ ਗੁਰੂ ਜੀ ਦੀ ਸਮਝ ਸਿਆਣਪ ਦੀ ਪਰਖ ਕਰਨੀ ਚਾਹੀ । ਉਸ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਕਿਹਾ ਕਿ ਇਨ੍ਹਾਂ ਦੀ ਕਰਾਮਾਤੀ ਸ਼ਕਤੀ ਦੀ ਪਰਖ ਕੀਤੀ ਜਾਏ । ਰਾਜੇ ਜੈ ਸਿੰਘ ਨੇ ਇਕ ਸਕੀਮ ਬਣਾਈ ਉਹ ਗੁਰੂ ਜੀ ਨੂੰ ਆਪਣੇ ਮਹਿਲਾਂ ਵਿਚ ਇਹ ਕਹਿ ਕੇ ਲੈ ਗਿਆ ਕਿ ਪਟਰਾਣੀ ਤੇ ਹੋਰ ਪਰਵਾਰ ਆਪ ਜੀ ਦਾ ਦਰਸ਼ਨ ਕਰਨਾ ਚਾਹੁੰਦੇ ਹਨ । ਜਦ ਗੁਰੂ ਜੀ ਮਹਿਲ ’ਚ ਪੁੱਜੇ ਤਾਂ ਰਾਜੇ ਦੇ ਦੁਆਲੇ ਉਨ੍ਹਾਂ ਦੀਆਂ ਇਸਤਰੀਆਂ ਤੇ ਪਟਰਾਣੀ ਵੀ ਸੀ, ਜਿਨ੍ਹਾਂ ਨਾਲ ਕਈ ਹੋਰ ਰਾਣੀਆਂ ਤੇ ਗੋਲੀਆਂ ਵੀ ਸਨ। ਸਭ ਨੇ ਇੱਕੋ ਜਿਹੇ ਕੱਪੜੇ ਪਾਏ ਹੋਏ ਸੀ । ਗੁਰੂ ਜੀ ਅੱਗੇ ਸਭ ਰਾਣੀਆਂ ਵਿੱਚ ਛੁਪੀ ਖੜ੍ਹੀ ਪਟਰਾਣੀ ਦੀ ਦਿਲੀ ਉਮੰਗ ਪੂਰੀ ਕਰਨ ਲਈ ਕਿਹਾ ਗਿਆ। ਗੁਰੂ ਜੀ ਨੇ ਵਾਰੀ ਵਾਰੀ ਸਭ ਰਾਣੀਆਂ ਨੂੰ ਤੱਕਦਿਆਂ ਕਿਹਾ ਕਿ ‘ਇਹ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ’, ਅੰਤ ’ਚ ਪਟਰਾਣੀ ਦੇ ਚਿਹਰੇ ਨੂੰ ਗਹੁ ਨਾਲ ਤੱਕਿਆ ਤੇ ਕਿਹਾ, ਪਟਰਾਣੀ ਜੀ ! ਤੁਹਾਡੀ ਪੁੱਤਰ ਪ੍ਰਾਪਤੀ ਦੀ ਕਾਮਨਾ ਅਕਾਲ ਪੁਰਖ ਜ਼ਰੂਰ ਪੂਰੀ ਕਰਨਗੇ, ਉਨ੍ਹਾਂ ਨੂੰ ਯਾਦ ਕਰਿਆ ਕਰੋ।’ ਬਾਦਸ਼ਾਹ ਨੇ ਹੋਰ ਵੀ ਪ੍ਰਤਾਵੇ ਲੈਣ ਦਾ ਯਤਨ ਕੀਤਾ ਤੇ ਉਸ ਨੂੰ ਯਕੀਨ ਹੋ ਗਿਆ ਕਿ ਗੁਰ-ਗੱਦੀ ਲਈ ਗੁਰੂ ਹਰਿਕ੍ਰਿਸ਼ਨ ਜੀ ਦੀ ਚੋਣ ਗ਼ਲਤ ਨਹੀਂ ਕੀਤੀ ਗਈ। ਉਸ ਨੇ ਰਾਮ ਰਾਇ ਦੀ ਅਰਜ਼ੀ ਖਾਰਜ ਕਰ ਦਿੱਤੀ ਤੇ ਕਿਹਾ : ‘ਹਕੂਮਤ ਕਿਸੇ ਨੂੰ ਗੁਰਿਆਈ ਨਹੀਂ ਦਿਵਾ ਸਕਦੀ, ਜੋ ਫੈਸਲਾ ਤੁਹਾਡੇ ਪਿਤਾ ਜੀ ਕਰ ਗਏ ਹਨ, ਉਸ ਨੂੰ ਬਦਲਣਾ ਸਾਡਾ ਅਧਿਕਾਰ ਨਹੀਂ ।’

ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਦੀ ਖ਼ਬਰ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਮਈ 1662 ਦੇ ਅਖੀਰ ਵਿਚ ਉਸ ਸਮੇਂ ਮਿਲੀ ਜਦੋਂ ਉਹ ਪੂਰਬ ਦੇਸ਼ ਦੇ ਪ੍ਰਚਾਰ ਦੌਰੇ ’ਤੇ ਸਨ। ਪਹਿਲਾਂ ਉਲੀਕੇ ਪ੍ਰਚਾਰਕ ਦੌਰੇ ਸਮੇਟ ਕੇ ਆਪ ਨੇ ਵਾਪਸ ਪੰਜਾਬ ਜਾਣ ਦੀ ਤਿਆਰੀ ਸ਼ੁਰੂ ਕਰ ਲਈ। ਰਸਤੇ ਵਿੱਚ ਵੱਖ-ਵੱਖ ਥਾਂਵਾਂ ਦਾ ਪ੍ਰਚਾਰ ਦੌਰਾ ਕਰਦੇ ਆਪ 21 ਮਾਰਚ 1664 ਦੇ ਦਿਨ ਦਿੱਲੀ ਪੁੱਜੇ ਜਿੱਥੇ ਆਪ ਦਿਲਵਾਲੀ ਮੁਹੱਲੇ ਵਿਚ ਭਾਈ ਕਲਿਆਣਾ ਦੀ ਧਰਮਸਾਲਾ ਵਿਚ ਠਹਿਰੇ। ਅਗਲੇ ਦਿਨ 22 ਮਾਰਚ ਨੂੰ (ਗੁਰੂ) ਤੇਗ਼ ਬਹਾਦਰ ਸਾਹਿਬ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ’ਤੇ ਗਏ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੜੇ ਪਿਆਰ ਨਾਲ ਆਪ ਨੂੰ ਮਿਲੇ। ਆਪ ਨੇ ਪੰਥ ਦੀ ਵਕਤੀ ਹਾਲਾਤ ਤੇ ਹੋਰ ਨੁਕਤਿਆਂ ਬਾਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ’ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਨੂੰ ਕਿਹਾ ਕਿ ਜੇ ਮੈਨੂੰ ਅਕਾਲ ਪੁਰਖ ਦਾ ਬੁਲਾਵਾ ਆ ਗਿਆ ਤਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਸੰਭਾਲ਼ਨ ਦੀ ਸੇਵਾ ਤੁਹਾਨੂੰ ਹੀ ਕਰਨੀ ਪਵੇਗੀ। ਇਹ ਸੁਣ ਕੇ (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਚੁੱਪ ਤੇ ਗੰਭੀਰ ਹੋ ਗਏ। (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਹੋਰ ਵੀਚਾਰਾਂ ਕਰਨ ਲਈ ਰੋਕ ਲਿਆ ਇਸ ਕਾਰਨ 22 ਤੇ 23 ਮਾਰਚ ਦੋ ਦਿਨ ਗੁਰੂ ਜੀ ਦੇ ਨਾਲ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ਵਿਚ ਹੀ ਰਹੇ ਤੇ ਵਿਚਾਰਾਂ ਕਰਦੇ ਰਹੇ। ਆਪ 24 ਮਾਰਚ 1664 ਦੇ ਦਿਨ ਆਪਣੇ ਪਰਿਵਾਰ ਅਤੇ ਜਥੇ ਦੇ ਬਾਕੀ ਸਿੱਖਾਂ ਨਾਲ ਪੰਜਾਬ ਵਾਸਤੇ ਰਵਾਨਾ ਹੋ ਗਏ ਜਿੱਥੋਂ ਅੱਗੇ ਉਹ ਬਕਾਲਾ ਚਲੇ ਗਏ।

ਓਨ੍ਹੀਂ ਦਿਨੀਂ ਦਿੱਲੀ ਵਿੱਚ ਬੁਖ਼ਾਰ ਤੇ ਚੇਚਕ ਦੀ ਬਿਮਾਰੀ ਫੈਲ ਗਈ। ਗੁਰੂ ਜੀ ਨੇ ਦੁਖੀ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ। ਸੰਗਤਾਂ ਦੇ ਦਸਵੰਧ ਤੇ ਭੇਟਾ ਨੂੰ ਇਸ ਕਾਰਜ ਲਈ ਵਰਤਿਆ। ਇਸ ਤਰ੍ਹਾਂ ਰੋਗੀਆਂ ਦੀ ਸੇਵਾ ਕਰਦਿਆਂ ਇੱਕ ਦਿਨ ਗੁਰੂ ਜੀ ਨੂੰ ਵੀ ਤੇਜ ਬੁਖਾਰ ਹੋ ਗਿਆ। ਉਨ੍ਹਾਂ ਦੇ ਸਰੀਰ ’ਤੇ ਵੀ ਚੇਚਕ ਦੇ ਲੱਛਣ ਦਿੱਸਣ ਲੱਗ ਪਏ। ਆਪਣਾ ਅੰਤ ਸਮਾ ਜਾਣ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ ਕਿ ‘ਬਾਬਾ ਬਕਾਲੇ’, ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ। ਆਪ ਜੀ ਚੇਤ ਸੁਦੀ 14, 3 ਵੈਸਾਖ ਬਿਕ੍ਰਮੀ ਸੰਮਤ 1721 (ਨਾਨਕਸ਼ਾਹੀ ਸੰਮਤ 196) ਮੁਤਾਬਕ 30 ਮਾਰਚ 1664 ਈਸਵੀ ਨੂੰ ਜੋਤੀ ਜੋਤ ਸਮਾ ਗਏ। ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਕੱਲ੍ਹ 3 ਵੈਸਾਖ ਹਰ ਸਾਲ 16 ਅਪ੍ਰੈਲ ਨੂੰ ਆਉਂਦਾ ਹੈ। ਆਪ ਜੀ ਨੇ ਆਪਣੀ ਸੰਸਾਰਕ ਯਾਤਰਾ 11 ਸਾਲ 8 ਮਹੀਨੇ 10 ਦਿਨਾਂ ਵਿੱਚ ਸੰਪੂਰਨ ਕੀਤੀ ਅਤੇ 2 ਸਾਲ 5 ਮਹੀਨੇ 24 ਦਿਨ ਗੁਰਿਆਈ ਦੀ ਸੇਵਾ ਬਾਖ਼ੂਬੀ ਨਿਭਾਈ। ਆਪ ਜੀ ਦਾ ਸਸਕਾਰ ਜਮੁਨਾ ਨਦੀ ਦੇ ਕਿਨਾਰੇ ’ਤੇ (ਦਿੱਲੀ ਵਿਚ) ਕੀਤਾ ਗਿਆ, ਜਿੱਥੇ ਹੁਣ ‘ਗੁਰਦੁਆਰਾ ਬਾਲਾ ਪ੍ਰੀਤਮ’ ਸੁਸ਼ੋਭਿਤ ਹੈ। ਬਹੁਤ ਹੀ ਛੋਟੀ ਉਮਰ ਵਿੱਚ ਗੁਰਿਆਈ ਦੀ ਬਹੁਤ ਵੱਡੀ ਜ਼ਿੰਮੇਵਾਰ ਨਿਭਾਉਣ ਸਦਕਾ ਆਪ ਜੀ ਨੂੰ ਬਾਲਾ ਪ੍ਰੀਤਮ ਵੀ ਕਿਹਾ ਜਾਂਦਾ ਹੈ।

ਨਾਮ ਜਪਣ ਦੇ ਨਾਲ-ਨਾਲ ਕਿਰਤ ਕਰਨੀ ਤੇ ਵੰਡ ਛਕਣਾ ਵੀ ਗੁਰਮਤਿ ਅਨੁਸਾਰੀ ਹੀ ਹੈ

0

ਨਾਮ ਜਪਣ ਦੇ ਨਾਲ-ਨਾਲ ਕਿਰਤ ਕਰਨੀ ਤੇ ਵੰਡ ਛਕਣਾ ਵੀ ਗੁਰਮਤਿ ਅਨੁਸਾਰੀ ਹੀ ਹੈ

 ਗੁਰਪ੍ਰੀਤ ਸਿੰਘ (U.S.A.)

ਗੁਰਬਾਣੀ ਵਿੱਚ ਕਿਰਤ, ਕਿਰਤੁ, ਕਿਰਤਿ ਸ਼ਬਦਾਂ ਦੇ ਭਿੰਨ-ਭਿੰਨ ਅਰਥ ਹਨ, ਪਰ ਭਾਵਾਰਥਾਂ ’ਚ ਕਾਫ਼ੀ ਸਮਾਨਤਾ ਵੀ ਹੈ; ਜਿਵੇਂ ਕਿ ਜੀਵਾਂ ਦੁਆਰਾ ਕੀਤੇ ਜਾਂਦੇ ‘ਕੰਮ’, ਜਿਨ੍ਹਾਂ ਰਾਹੀਂ ਬਣੇ ‘ਨਸੀਬ’ ਅਤੇ ਨਸੀਬਾਂ (ਭਾਗ) ਰਾਹੀਂ ਗੁਰੂ ਮਿਲਾਪ ਦੀ ਹੁੰਦੀ ‘ਬਖ਼ਸ਼ਸ਼’, ਆਦਿ ਭਾਵ ਕਿਰਤ ਦੇ ਅਰਥ ਕੰਮ, ਭਾਗ, ਮਿਹਰ, ਆਦਿ ਹਨ।

ਕਿਰਤਿ ਕਰਮ ਕੇ ਵੀਛੁੜੇ; ਕਰਿ ਕਿਰਪਾ ਮੇਲਹੁ ਰਾਮ ॥ (ਮ: ੫/੧੩੩) ਤੁਕ ਦੇ ਅਰਥ ਹਨ ਕਿ ਹੇ ਪ੍ਰਭੂ ! ਅਸੀਂ ਆਪਣੇ ਕਰਮਾਂ ਦੀ ਕਮਾਈ ਸਦਕਾ, ਤੈਥੋਂ ਵਿੱਛੁੜੇ ਹੋਏ ਹਾਂ। ਇਸ ਪੰਕਤੀ ’ਚ ਗੁਜ਼ਰਾਨ (ਵਸੀਲੇ) ਵਾਸਤੇ ਕੀਤੀ ਜਾਂਦੀ ‘ਕਿਰਤ’ ਦੀ ਗੱਲ ਨਹੀਂ ਹੋ ਰਹੀ, ਕਿਰਤ ਦਾ ਭਾਵ ‘ਕੀਤਾ ਹੋਇਆ ਕੰਮ’ ਅਥਵਾ ਜਨਮਾਂ-ਜਨਮਾਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ (ਨਸੀਬਾਂ) ਦਾ ਸਮੂਹ ਭਾਵ ਕਰਮ (ਭਾਗ) ਹੀ ਹੈ। ਹੇਠ ਲਿਖੇ ਗੁਰ-ਵਾਕਾਂ ਨੂੰ ਵਿਚਾਰਿਆਂ ਇਹ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ: ‘‘ਕਿਰਤੁ ਪਇਆ; ਨਹ ਮੇਟੈ ਕੋਇ ॥ (ਮ: ੧/੧੫੪), ਜੋ ਤਿਨਿ ਕੀਆ, ਸੋਈ ਹੋਆ; ਕਿਰਤੁ ਨ ਮੇਟਿਆ ਜਾਈ ਰੇ ॥’’ (ਮ: ੧/੧੫੬) ਭਾਵ ਕਿ ਕੀਤੇ ਹੋਏ ਕਰਮਾਂ ਅਨੁਸਾਰ ਜੋ ਲੇਖ ਲਿਖਿਆ ਹੈ, ਉਸ ਨੂੰ ਕੋਈ ਮੇਟ ਨਹੀਂ ਸਕਦਾ, ‘‘ਕਿਰਤੁ ਪਇਆ; ਦੋਸੁ ਕਾ ਕਉ ਦੀਜੈ  ? ’’ (ਮ: ੧/੯੦੫) ਭਾਵ ਪਿਛਲੇ ਕੀਤੇ ਹੋਏ ਕਰਮਾਂ ਦਾ ਪ੍ਰਭਾਵ (ਫਲ਼) ਮਨ ਨੂੰ ਹਾਲੇ ਵੀ ਗ਼ਲਤ ਰਸਤੇ ਵਲ ਹੀ ਪ੍ਰੇਰਨਾ ਕਰੀ ਜਾਂਦਾ ਹੈ, ਇਸ ਲਈ ਜੀਵ ਆਪਣੇ ਗੁਨਾਹਾਂ ਦਾ ਦੋਸ਼ ਕਿਸ ਨੂੰ ਦੇਵੇ ?

ਇਸੇ ਕਿਰਤ (ਨਸੀਬ) ਵਿਸ਼ੇ ਨਾਲ ਸੰਬੰਧਿਤ ਕੁਝ ਕੁ ਵਾਕ ਹੋਰ ਵਿਚਾਰਨਯੋਗ ਹਨ; ਜਿਵੇਂ ਕਿ

ਕੁੰਟ ਚਾਰਿ ਦਹ ਦਿਸਿ ਭ੍ਰਮੇ; ਕਰਮ ਕਿਰਤਿ ਕੀ ਰੇਖ ॥ (ਮ: ੫/੨੫੩), ਕਿਰਤ ਰੇਖ ਕਰਿ ਕਰਮਿਆ ॥ (ਮ: ੫/੧੧੯੩) ਭਾਵ ਕਿ ਮਨੁੱਖ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹੋ ਜਿਹੇ ਹੀ ਕਰਮ ਕਰੀ ਜਾਂਦਾ ਹੈ।

ਕਿਰਤ ਸੰਜੋਗੀ ਭਏ ਇਕਤ੍ਰਾ; ਕਰਤੇ ਭੋਗ ਬਿਲਾਸਾ ਹੇ ॥ (ਮ: ੫/੧੦੭੨) ਭਾਵ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਇਹ ਜੀਵਾਤਮਾ ਅਤੇ ਕਾਇਆਂ ਇਕੱਠੇ ਹੁੰਦੇ ਹਨ ਤੇ ਦੁਨੀਆਂ ਦੇ ਭੋਗ ਬਿਲਾਸ ਕਰਦੇ ਰਹਿੰਦੇ ਹਨ।

ਵਾਰੀ ਖਸਮੁ ਕਢਾਏ; ਕਿਰਤੁ ਕਮਾਵਣਾ ॥ (ਮ: ੧/੫੬੬) ਭਾਵ ਕਿ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ ਪ੍ਰਭੂ ਹਰ ਜੀਵ ਨੂੰ ਮਨੁੱਖਾ ਜਨਮ ਦੀ ਵਾਰੀ ਦਿੰਦਾ ਹੈ, ਆਦਿ।

ਉਕਤ ਸਾਰੇ ਗੁਰ-ਵਾਕਾਂ ਦੀ ਸੰਖੇਪ ਵਿਚਾਰ ਤੋਂ ਬਾਅਦ ਕਹਿ ਸਕਦੇ ਹਾਂ ਕਿ ਗੁਰਬਾਣੀ ’ਚ ਕਿਰਤ ਸ਼ਬਦ ਦਾ ਅਰਥ ਬਹੁਤਾਤ ਕਰ ਕੇ ਪਿਛਲੇ ਕੀਤੇ ਹੋਏ ਕੰਮਾਂ ਅਨੁਸਾਰ ਬਣਿਆ ‘ਸੁਭਾਅ’ ਹੀ ਹੁੰਦਾ ਹੈ, ਜਿਹੜਾ ਜੀਵਾਂ ਨੂੰ ਹੁਣ ਧੱਕ ਕੇ ਚਲਾ ਰਿਹਾ ਹੈ ਤੇ ਸੱਚ ਇਹ ਹੈ ਕਿ ਜਿੱਥੇ ਜੀਵ ਦਾ ਦਾਣਾ-ਪਾਣੀ ਹੁੰਦਾ ਹੈ, ਉੱਥੇ ਖਾਣਾ ਪੈਂਦਾ ਹੈ: ‘‘ਨਕਿ ਨਥ, ਖਸਮ ਹਥ; ਕਿਰਤੁ ਧਕੇ ਦੇ ॥ ਜਹਾ ਦਾਣੇ, ਤਹਾਂ ਖਾਣੇ; ਨਾਨਕਾ ਸਚੁ ਹੇ ॥’’ (ਮ: ੨/੬੫੩)

ਗੁਰਮਤਿ ਵਿੱਚ ਗ੍ਰਹਿਸਤ ਨੂੰ ਪ੍ਰਧਾਨਤਾ ਬਖ਼ਸ਼ੀ ਗਈ ਹੈ ਤੇ ਗ੍ਰਹਿਸਤ ’ਚ ਵਿਚਰਦਿਆਂ ਹੋਇਆਂ ਵੀ ਸਤਿਗੁਰੂ ਦੀ ਹਜ਼ੂਰੀ ’ਚ ਰਹਿਣ ਅਤੇ ਗੁਰੂ ਦੇ ਦਰਸਾਏ ਮਾਰਗ ’ਤੇ ਤੁਰਨ ਨੂੰ, ਜਪ, ਤਪ ਤੇ ਸੰਜਮ ਵਜੋਂ ਪ੍ਰਵਾਨ ਕੀਤਾ ਗਿਆ ਹੈ:

ਐਸਾ ਜੋਗੁ; ਕਮਾਵਹੁ ਜੋਗੀ ! ॥ ਜਪ ਤਪ ਸੰਜਮੁ; ਗੁਰਮੁਖਿ ਭੋਗੀ ॥ (ਭਗਤ ਕਬੀਰ/੯੭੦)

ਸਤਿਗੁਰ ਕੀ, ਐਸੀ ਵਡਿਆਈ ॥ ਪੁਤ੍ਰ ਕਲਤ੍ਰ ਵਿਚੇ; ਗਤਿ ਪਾਈ ॥ (ਮ: ੧/੬੬੧), ਆਦਿ।

ਜਿਸ ਦੇਹੀ ਕਰ ਕੇ ਪ੍ਰਭੂ ਨੂੰ ਸਿਮਰਿਆ ਜਾਣਾ ਹੈ, ਉਸ ਦੀ ਸੰਭਾਲ਼ ਵੀ ਜ਼ਰੂਰੀ ਹੈੈ: ‘‘ਨਾਨਕ ! ਸੋ ਪ੍ਰਭੁ ਸਿਮਰੀਐ; ਤਿਸੁ ਦੇਹੀ ਕਉ ਪਾਲਿ ॥’’ (ਮ: ੫/੫੫੪) ਅਤੇ ਦੇਹੀ ਨੂੰ ਪਾਲਣ ਲਈ ਹਰ ਹਾਲ ਉੱਦਮ ਕਰਨਾ ਪਵੇਗਾ, ਜਿਸ ਦੀ ਕਿ ਗੁਰੂ ਸਾਹਿਬ ਜੀ ਵੱਲੋਂ ਭਰਪੂਰ ਪ੍ਰੋੜਤਾ ਕੀਤੀ ਗਈ ਹੈ: ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ ! ਉਤਰੀ ਚਿੰਤ ॥’’ (ਮ: ੫/੫੨੨)

ਗੁਰਸਿੱਖ ਦੂਸਰਿਆਂ ਉੱਪਰ ਕਦੀ ਵੀ ਭਾਰ ਬਣਨਾ ਨਹੀਂ ਲੋਚਦਾ ਬਲਕਿ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਅਤੇ ਰਿਸ਼ਤੇਦਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਵੀ ਇਹ ਸਮਝ ਲੈਂਦਾ ਹੈ ਕਿ ਜਿਸ ਤਰ੍ਹਾਂ ਨਾਮ ਤੋਂ ਬਿਨਾ ਖਾਣਾ-ਪੀਣਾ, ਸੌਣਾ, ਜੀਵਣਾ, ਆਦਿ ਵਿਅਰਥ ਹਨ, ਇਸੇ ਤਰ੍ਹਾਂ ਨਾਮ ਤੋਂ ਬਿਨਾ ਕੀਤੀ ਸਰੀਰ ਦੀ ਪਾਲਣਾ ਤੇ ਕਿਰਤ ਦਾ ਵੀ ਕੋਈ ਮਹੱਤਵ ਨਹੀਂ ਹੈ।

ਸ੍ਰਿਸ਼ਟੀ ’ਤੇ ਮਨੁੱਖ ਦੀ ਘਾੜਤ ਘੜਨ ਵੇਲੇ ਮਿਹਰਵਾਨ ਅਕਾਲ ਪੁਰਖ ਨੇ ਕਿਰਤ ਕਰਨ ਵਾਸਤੇ ਮਨੁੱਖ ਨੂੰ ਹੱਥਾਂ ਪੈਰਾਂ ਦੀ ਦਾਤ ਦੇ ਨਾਲ, ਗੁਰੂ ਦੇ ਸ਼ਬਦ ਨੂੰ ਸੁਣਨ ਵਾਸਤੇ ਬੁੱਧ ਵੀ ਪ੍ਰਦਾਨ ਕੀਤੀ ਹੈ :

ਹਥ ਪੈਰ ਦੇ ਦਾਤਿ ਕਰਿ; ਸਬਦ ਸੁਰਤਿ ਸੁਭ ਦਿਸਟਿ ਦੁਆਰੇ।

ਕਿਰਤਿ ਵਿਰਤਿ ਪਰਕਿਰਤਿ ਬਹੁ; ਸਾਸਿ ਗਿਰਾਸਿ ਨਿਵਾਸੁ ਸੰਜਾਰੇ। (ਭਾਈ ਗੁਰਦਾਸ ਜੀ /ਵਾਰ ੧੮ ਪਉੜੀ ੩)

“Akal Purakh bestowed hands and feet, ears and consciousness for listening to the word and eye for beholding goodness. For earning of the livelihood and other works, he infused life into body.” ਗੁਰਸਿੱਖ ਦਾ ਕਿਰਦਾਰ, ਕਿਹੋ ਜਿਹਾ ਹੋਵੇ! ਇਸ ਪਰਥਾਏ ਭਾਈ ਗੁਰਦਾਸ ਜੀ ਦੇ ਬਚਨ ਇੰਞ ਮਾਰਗ ਦਰਸ਼ਨ ਕਰਦੇ ਹਨ:

ਹਥੀ ਕਾਰ ਕਮਾਵਣੀ; ਪੈਰੀ ਚਲਿ ਸਤਿਸੰਗਿ ਮਿਲੇਹੀ।

ਕਿਰਤਿ ਵਿਰਤਿ ਕਰਿ ਧਰਮ ਦੀ; ਖਟਿ ਖਵਾਲਣੁ ਕਾਰਿ ਕਰੇਹੀ। (ਭਾਈ ਗੁਰਦਾਸ ਜੀ /ਵਾਰ ੧ ਪਉੜੀ ੩)

ਕਿਰਤਿ ਵਿਰਤਿ ਕਰਿ ਧਰਮ ਦੀ; ਹਥਹੁ ਦੇ ਕੈ ਭਲਾ ਮਨਾਵੈ। (ਭਾਈ ਗੁਰਦਾਸ ਜੀ /ਵਾਰ ੬ ਪਉੜੀ ੧੨)

ਗੁਰਬਾਣੀ ਰਾਹੀਂ ਸਾਰਾ ਕੁਝ ਸਪੱਸ਼ਟ ਹੋਣ ਦੇ ਬਾਵਜੂਦ ਵੀ ਸਾਧ ਲਾਣੇ ਨਾਲ ਸੰਬੰਧਿਤ ਕੁਝ ਕੱਚੜ-ਪਿੱਲੜ ਪ੍ਰਚਾਰਕ ਕਈ ਵਾਰੀ ਗੁਰਮਤਿ ਵਿਰੋਧੀ ਸਿਧਾਂਤ (ਸਿਰਫ਼ ਨਾਮ ਜਪੋ- ਬਾਕੀ ਸਭ ਤਜੋ) ਪ੍ਰਚਾਰਨ ਲਈ (ਸ਼ਾਇਦ ਹੁਣ ਇਹਨਾਂ ਨੂੰ ਸਿੱਖਾਂ ਦਾ ਕਿਰਤ ਕਰਨਾ ਵੀ ਰੜਕਣ ਲੱਗਾ ਹੈ! ) ਗੁਰਬਾਣੀ ਦੀਆਂ ਤੁਕਾਂ ਦੇ ਮਨਘੜਤ ਅਰਥ ਕਰਦੇ ਹਨ ਤਾਂ ਕਿ ਸਿੱਖ ਸੰਗਤ ਨੂੰ ਦੁਬਿਧਾ ’ਚ ਪਾ ਕੇ ਗੁਮਰਾਹ ਕੀਤਾ ਜਾ ਸਕੇ, ਜਿਵੇਂ ਕਿ

ਅਵਰਿ ਕਾਜ; ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥ (ਸੋ ਪੁਰਖੁ/ਮ: ੫/੧੨) ਭਾਵ ਅਰਥ ਕਿ ‘ਹੇ ਮਨੁੱਖ ! ਸਾਰੇ ਹੀਲੇ-ਵਸੀਲੇ ਤੇ ਹੋਰ ਸਾਰੇ ਕੰਮ (ਕਰਮਕਾਂਡ) ਤੇਰੇ ਕਿਸੇ ਵੀ ਅਰਥ ਨਹੀਂ, ਭਾਵ ਇਨ੍ਹਾਂ ਰਾਹੀਂ ਤੇਰੀ ਜਿੰਦ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ, ਇਸ ਵਾਸਤੇ ਸਾਧ ਸੰਗਤ ’ਚ ਮਿਲ ਬੈਠ ਕਰ ਪ੍ਰਭੂ ਦੀ ਸਿਫ਼ਤ-ਸਲਾਹ ਕਰਨਾ ਹੀ ਲਾਭਦਾਇਕ ਹੈ, ‘‘ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ॥’’ (ਮ: ੫/੧੦)

ਇਸ ਵਾਕ ਰਾਹੀਂ ਭੀ ਗੁਰੂ ਸਾਹਿਬ ਜੀ ਨੇ ਸਾਨੂੰ ਕਿਸੇ ਉੱਦਮ ਤੋਂ ਨਹੀਂ ਬਲਕਿ ਚਿੰਤਾ ਤੋਂ ਵਰਜਿਆ ਹੈ ਭਾਵ ਕਿ ਪ੍ਰਭੂ ਆਪ ਹੀ ਸਾਡੀ ਸੰਭਾਲ ਕਰਨ ’ਚ ਲੱਗਾ ਹੋਇਆ ਹੈ, ਫਿਰ ਸਾਨੂੰ ਫ਼ਿਕਰ ਕਰਨ ਦੀ ਜਾਂ ਫ਼ਿਕਰ ਦਾ ਜ਼ਿਕਰ ਕਰਨ ਦੀ ਕੋਈ ਲੋੜ ਨਹੀਂ ਰਹਿ ਜਾਂਦੀ ਹੈ।

ਪੰਚਮ ਪਿਤਾ ਦਾ ਹੀ ਫੁਰਮਾਨ ਹੈ, ‘‘ਤੂ ਕਾਹੇ ਡੋਲਹਿ ਪ੍ਰਾਣੀਆ ! ਤੁਧੁ ਰਾਖੈਗਾ ਸਿਰਜਣਹਾਰੁ ॥ ਜਿਨਿ ਪੈਦਾਇਸਿ ਤੂ ਕੀਆ; ਸੋਈ ਦੇਇ ਆਧਾਰੁ ॥’’ (ਮ: ੫/੭੨੪) ਭਾਵ ਕਿ ਹੇ ਜੀਵ ! ਤੂੰ ਕਿਉਂ ਚਿੰਤਾ ਕਰਦਾ ਹੈਂ ? ਜਿਸ ਪ੍ਰਭੁ ਨੇ ਤੈਨੂੰ ਪੈਦਾ ਕੀਤਾ ਹੈ, ਉਹ ਜ਼ਰੂਰ ਤੇਰੀ ਰੱਖਿਆ ਵੀ ਕਰੇਗਾ। ਜਿਸ ਮਾਲਕ ਨੇ ਤੈਨੂੰ ਪੈਦਾ ਕੀਤਾ ਹੈ, ਉਹੀ ਸਾਰੀ ਸ੍ਰਿਸ਼ਟੀ ਨੂੰ ਆਸਰਾ ਦਿੰਦਾ ਹੈ।

ਸੋ, ਗੁਰਸਿੱਖ ਨੇ ਉੱਦਮ ਚਿਤਵਨ ਅਤੇ ਉੱਦਮ ਕਰਨ ਵਿਚਲੇ ਨਿਖੇੜੇ ਨੂੰ ਹਮੇਸ਼ਾਂ ਚੇਤੇ ਰੱਖਣਾ ਹੈ,

It is worth remembering that Sikh Gurus not only preached the core principles of Sikhism but demonstrated them masterfully, every day and in every way.

ਗੁਰੂ ਸਾਹਿਬਾਨ ਨੇ ਗੁਰਬਾਣੀ ’ਚ ਪੂੰਜੀਵਾਦ ਦੀ ਕਿਧਰੇ ਵੀ ਪ੍ਰੋੜਤਾ ਨਹੀਂ ਕੀਤੀ ਬਲਕਿ ਧਨ ਨੂੰ ਗੁਜ਼ਰਾਨ ਵਜੋਂ ਕਮਾਉਣ ਲਈ ਹੱਥੀਂ ਕਿਰਤ ਕਰਨ ਨੂੰ ਸਲਾਹਿਆ ਹੈ। ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਨੂੰ ਪਹਾੜਾਂ ਦੀਆਂ ਕੰਦਰਾਂ ’ਚੋਂ ਬਾਹਰ ਨਿਕਲ ਆਉਣ ਦਾ ਨਿਰਾ ਉਪਦੇਸ਼ ਹੀ ਨਹੀਂ ਦਿੱਤਾ ਸਗੋਂ ਪਹਿਲਾਂ ਮੋਦੀਖਾਨੇ ’ਚ ਨੌਕਰੀ ਤੇ ਫਿਰ ਉਮਰ ਦੇ ਅਖ਼ੀਰਲੇ ਸਾਲਾਂ ’ਚ ਹੱਥੀਂ ਖੇਤੀ ਕਰ ਕੇ, ਸਾਰੀ ਲੋਕਾਈ ਦਾ ਮਾਰਗ ਦਰਸ਼ਨ ਵੀ ਕੀਤਾ। ਭਾਈ ਲਾਲੋ ਜੀ ਵਰਗੇ ਸੱਚੇ ਕਿਰਤੀ ਨੂੰ ਸਤਿਕਾਰ ਦੇ ਕੇ ਸਮਾਜ ਨੂੰ ਹਲੂਣਿਆਂ ਤੇ ਹੱਥੀਂ ਕਿਰਤ ਕਰਨ ਨੂੰ ਉਤਸ਼ਾਹਿਤ ਕੀਤਾ। ਗੁਰੂ ਰਾਮਦਾਸ ਜੀ ਨੇ ਘੁੰਗਣੀਆਂ ਵੇਚ ਕੇ ਜਗਤ ਨੂੰ ਨਿਰਮੋਲਕ ਜੀਵਨ ਜਾਚ ਸਿਖਾਈ ਕਿ ਕਿਰਤ ਭਾਵੇਂ ਕੋਈ ਵੀ ਹੋਵੇ, ਆਪਣੀ ਰੁਜ਼ਾਨਾ ਦੀ ਕਿਰਤ ਜੇਕਰ, ਖ਼ਲਕਤ ਦੀ ਸੇਵਾ ਸਮਝ ਕੇ ਕਰੋਗੇ ਤਾਂ ਸਾਰੇ ਦਿਨ ਦਾ ਕੰਮ-ਕਾਰ ਸੁਖਾਲਾ ਤੇ ਸੁਖਾਂਵਾਂ ਲੱਗੇਗਾ ‘‘ਸੋ ਕੰਮੁ ਸੁਹੇਲਾ; ਜੋ ਤੇਰੀ ਘਾਲੀ ॥’’ (ਮ: ੫/੯੭)

ਗੁਰੂ ਗੋਬਿੰਦ ਸਿੰਘ ਜੀ ਦਾ ਕੂਲ਼ੇ (ਨਰਮ) ਹੱਥਾਂ ਵਾਲੇ ਸਿੱਖ ਕੋਲੋਂ ਪਾਣੀ ਦਾ ਕੌਲ (ਛੰਨਾ) ਲੈਣ ਤੋਂ ਇਨਕਾਰ ਕਰਨਾ ਅਸਲ ’ਚ ਸਿੱਖ ਨੂੰ ਕਿਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਤੇ ਹੱਥੀਂ ਕਾਰ ਕਰਨ ਦੀ ਅਹਿਮੀਅਤ ਨੂੰ ਦ੍ਰਿੜ੍ਹਾਉਣਾ ਹੀ ਸੀ। ਗੁਰਸਿੱਖ ਦਾ ਕਿਰਦਾਰ ਭੋਰਿਆਂ ਦੀ ਭਗਤੀ ਨਹੀਂ ਬਲਕਿ ‘‘ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥’’ (ਭਗਤ ਕਬੀਰ/੧੩੭੬) ਵਾਲਾ ਹੀ ਹੁੰਦਾ ਹੈ।

ਭਗਤ ਰਵਿਦਾਸ ਜੀ ਦਾ ਰੁਜ਼ਾਨਾ ਢੋਰ (ਮ੍ਰਿਤਕ ਪਸ਼ੂ) ਢੋਣਾ, ਭਗਤ ਕਬੀਰ ਜੀ ਦਾ ਜੁਲਾਹੇ ਤੇ ਭਗਤ ਸੈਨ ਜੀ ਦਾ ਨਾਈ ਵੱਜੋਂ ਲੋਕਾਂ ਦੀਆਂ ਬੁੱਤੀਆਂ (ਬੁਤਕਾਰੀਆ, ਛੋਟੇ-ਮੋਟੇ ਕੰਮ ਕਰਨਾ) ਕੱਢ ਕੇ ਕਿਰਤ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰਮਤਿ ਅਨੁਸਾਰ ਕੋਈ ਵੀ ਕਿਰਤ ਛੋਟੀ ਜਾਂ ਵੱਡੀ ਨਹੀਂ ਹੈ। ਹਾਂ, ਇਹ ਜ਼ਰੂਰ ਹੈ ਕਿ ਜਦ ਮਨੁੱਖ ਪ੍ਰਭੂ ਦੀ ਯਾਦ ’ਚ ਜੁੜਿਆਂ ਕਾਰ -ਵਿਹਾਰ ਕਰਦਾ ਹੈ ਤਾਂ ਸਾਦਾ ਕਰਮ ਵੀ ਸ਼ੁੱਭ-ਕਰਮ (ਸੁਕ੍ਰਿਤ) ਬਣ ਜਾਂਦਾ ਹੈ। ਗੁਰੂ ਦੁਆਰਾ ਜਾਂ ਗੁਰੂ ਦੇ ਸਨਮੁਖ ਹੋ ਕੇ ਕਾਰ ਕੀਤੀ ਜਾਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ, ਹਿਰਦੇ ’ਚ ਪਰਗਟ ਹੋ ਜਾਂਦਾ ਹੈ: ਗੁਰਮੁਖਿ ਕਾਰ ਕਮਾਵਣੀ; ਸਚੁ ਘਟਿ ਪਰਗਟੁ ਹੋਇ॥ ( ਮ:੧/੨੭) ਗੁਰੂ ਸਾਹਿਬ ਜੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ ਨਿਭੇਗੀ ਤੇ ਜੇ ਇਹ ਮਨੁੱਖਾ ਜਨਮ ਗਵਾ ਲਿਆ ਤਾਂ ਮੁੜ (ਛੇਤੀ) ਵਾਰੀ ਨਹੀਂ ਮਿਲੇਗੀ, ‘‘ਸੁਕ੍ਰਿਤ ਕੀਤਾ ਰਹਸੀ ਮੇਰੇ ਜੀਅੜੇ! ਬਹੁੜਿ ਨ ਆਵੈ ਵਾਰੀ॥’’ (ਮ:੧/੧੫੪) ਜਦ ਮਨੁੱਖ ਇਸ ਸਿਫ਼ਤ ਸਲਾਹ ਦੀ ਨੇਕ ਕਮਾਈ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦਾ ਹੈ ਤਾਂ ਫਿਰ ਵਿਕਾਰਾਂ ਨਾਲ ਲੜਨਾ ਅਤੇ ਨਿਸ਼ਕਾਮ ਰਹਿਣਾ ਸਹਿਜੇ ਹੀ ਸੰਭਵ ਹੋ ਜਾਂਦਾ ਹੈ ਤੇ ਨਾਮ ਦੀ ਬਰਕਤ ਨਾਲ ਜੀਵ ਚੰਗੀ ਕਰਣੀ ਵਾਲੇ ਤੇ ਚੰਗੀ ਅਕਲ ਵਾਲੇ ਹੋ ਜਾਂਦੇ ਹਨ:

ਸੁਕ੍ਰਿਤੁ ਕੀਜੈ ਨਾਮੁ ਲੀਜੈ; ਨਰਕਿ ਮੂਲਿ ਨ ਜਾਈਐ ॥ (ਮ:੫/੪੬੧)

ਭਨਤਿ ਨਾਮਦੇਉ; ਸੁਕ੍ਰਿਤ ਸੁਮਤਿ ਭਏ ॥ (ਭਗਤ ਨਾਮਦੇਵ ਜੀ/੭੧੮)

However, Sikhism’s core principles of making an honest living, meditation and sharing the blessings are interwoven all together. The recitation of God’s name alone might be fruitful but certainly not acceptable as the only single-minded approach to live one’s life.

 ‘ਵਾਹਿਗੁਰੂ’ ਗੁਰ-ਮੰਤਰ ਦਾ ਜਾਪ ਵੀ ਤਾਂ ਹੀ ਲਾਹੇਵੰਦ ਹੋ ਸਕਦਾ ਹੈ ਜੇਕਰ ਹਿਰਦੇ ’ਚ (ਜੀਵਨ ’ਚ ) ਸ਼ੁੱਭ ਗੁਣ

(ਮੂੜੇ ! ਰਾਮੁ ਜਪਹੁ ਗੁਣ ਸਾਰਿ ॥ ਮ :੧/੧੯) ਜਿਵੇਂ ਕਿ ਨਿਮਰਤਾ, ਭਉ, ਉੱਚੀ ਮਤਿ, ਆਤਮਿਕ ਜੀਵਨ ਦੀ ਸੂਝ, ਮਿਠ ਬੋਲੜਾ, ਧੀਰਜ, ਜਤ, ਆਦਿ ਧਾਰਨ ਕੀਤੇ ਜਾਣਗੇ: ‘‘ਸੁਕ੍ਰਿਤ ਕਰਣੀ ਸਾਰੁ ਜਪਮਾਲੀ ॥ ਹਿਰਦੇ ਫੇਰਿ ਚਲੈ ਤੁਧੁ ਨਾਲੀ ॥’’ (ਮ:੫/੧੧੩੪) ਸ਼ੁੱਭ ਗੁਣਾਂ ਦੇ ਧਾਰਨੀ ਸੰਤੋਖੀ ਮਨੁੱਖ ਇੱਕ ਪ੍ਰਭੂ ਨੂੰ ਸਿਮਰਦਿਆਂ ਕਦੇ ਵੀ ਮੰਦੇ ਕਰਮ ਦੇ ਨੇੜੇ ਨਹੀਂ ਜਾਂਦੇ; ਭਲਾ ਕੰਮ ਕਰਦੇ ਹਨ ਤੇ ਧਰਮ-ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ:

ਸੇਵ ਕੀਤੀ ਸੰਤੋਖੀਂਈ; ਜਿਨੀ ਸਚੋ ਸਚੁ ਧਿਆਇਆ॥ ਓਨੀ ਮੰਦੇ ਪੈਰੁ ਨ ਰਖਿਓ; ਕਰਿ ਸੁਕ੍ਰਿਤ ਧਰਮੁ ਕਮਾਇਆ॥ ( ਮ:੨/੪੬੭)

ਅਜਿਹੇ ਗੁਰਸਿੱਖਾਂ ਦੀ ਕਿਰਤ ਅਤੇ ਕੀਰਤੀ ਉੱਪਰ ਅਕਾਲ ਪੁਰਖ ਰੀਝ ਉੱਠਦਾ ਹੈ ਤੇ ਅਜਿਹੀ ਸੇਵਾ ਕਮਾਉਣ ਵਾਲੇ ਸੇਵਕ ਨੂੰ ਜਿੱਥੇ ਵੀ ਕੋਈ ਕੰਮ-ਕਾਰ ਪਏ, ਉੱਥੇ ਹੀ ਖੁਦ ਉਸ ਦਾ ਕਾਰਜ ਸਵਾਰਨ ਲਈ, ਉਸੇ ਵੇਲੇ ਜਾ ਪਹੁੰਚਦਾ ਹੈ:

ਜਹ ਜਹ ਕਾਜ ਕਿਰਤਿ ਸੇਵਕ ਕੀ; ਤਹਾ ਤਹਾ ਉਠਿ ਧਾਵੈ॥ ( ਮ:੫/੪੦੩)

ਗੁਰੂ ਸਾਹਿਬ ਜੀ ਨੇ ਕਮਲ ਦੇ ਫੁੱਲ ਤੇ ਮੁਰਗਾਈ ਦੀ ਉਦਾਹਰਨ ਦੇ ਕੇ ਗੁਰਸਿੱਖ ਨੂੰ ਸੰਸਾਰ ਦੀਆਂ ਆਸਾਂ ਵਲੋਂ ਨਿਰਾਸ ਰਹਿਣ ਦੀ ਜੁਗਤ ਵੀ ਸਿਖਾਈ ਹੈ: ‘‘ਜੈਸੇ ਜਲ ਮਹਿ ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ ॥ ਸੁਰਤਿ ਸਬਦਿ ਭਵ ਸਾਗਰੁ ਤਰੀਐ, ਨਾਨਕ ਨਾਮੁ ਵਖਾਣੈ॥’’ (ਮ:੧/੯੩੮) ਭਾਵ ਕਿ ਦੁਨੀਆਂ ਦੀ ਮਾਇਆ ਖਾਤਰ ਸੰਸਾਰ ’ਚ ਐਨਾ ਵੀ ਖਚਿਤ ਨਾ ਹੋ ਜਾਵੋ ਕਿ ਇਸ ਦੁਨੀਆਂ ਕਾਰਨ ਤੁਹਾਡਾ ਦੀਨ ਹੀ ਜਾਂਦਾ ਰਹੇ: ‘‘ਦੁਨੀਆ ਕਾਰਣਿ ਦੀਨੁ ਗਵਾਇਆ॥’’ (ਮ:੧/੧੪੧੦)

ਗੁਰਸਿੱਖ ਦਾ ਕਿਰਦਾਰ ਤਾਂ ਸਗੋਂ ‘‘ਦੁਨੀਆ ਵਿਚਿ ਪਰਾਹੁਣਾ; ਦਾਵਾ ਛਡਿ, ਰਹੈ ਲਾ ਦਾਵੈ॥’’ (ਭਾਈ ਗੁਰਦਾਸ ਜੀ/ਵਾਰ ੨੯) ਵਾਲਾ ਹੀ ਹੋਣਾ ਚਾਹੀਦਾ ਹੈ, ਕਿਉਂਕਿ ਉਸ ਦਾ ਮਕਸਦ ਗ਼ਲਤ ਤਰੀਕਿਆਂ ਰਾਹੀਂ ਧਨ ਇਕੱਤਰ ਕਰਨ ਦਾ ਨਹੀਂ ਬਲਕਿ ਵਰਤਮਾਨ ’ਚ ਰਹਿੰਦਿਆਂ ਗੁਜ਼ਰਾਨ ਵਾਸਤੇ ਧਨ ਪ੍ਰਾਪਤੀ ਲਈ ਸੱਚੀ-ਸੁੱਚੀ ਕਿਰਤ ਕਰਨਾ ਹੀ ਹੁੰਦਾ ਹੈ।

ਸੋ, ਧਰਮ ਦੀ ਕਿਰਤ ਕਰਨ ਵਾਲੇ ਗੁਰਸਿੱਖ ਉੱਤੇ ਗੁਰਬਾਣੀ ਦੇ ਇਹ ਬੋਲ ਕਦੀ ਵੀ ਲਾਗੂ ਨਹੀਂ ਹੁੰਦੇ: ‘‘ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ; ਬਹੁ ਰੋਲ ਘਚੋਲਾ ॥’’ (ਮ: ੩/੩੧੩)

A gursikh truly understands that he is a guest in this world, thus lives without making any claim for himself. ਗੁਰੂ ਦੇ ਪਿਆਰੇ ਗੁਰਸਿੱਖ ਨੇ ਇਹ ਵੀ ਸਮਝ ਲਿਆ ਹੁੰਦਾ ਹੈ ਕਿ ਇਸ ਧਨ ਕਾਰਨ ਬਹੁਤੀ ਲੋਕਾਈ ਖ਼ੁਆਰ ਹੁੰਦੀ ਹੈ ਤੇ ਪਾਪ, ਜ਼ੁਲਮ ਕਰਨ ਤੋਂ ਬਿਨਾ ਦੌਲਤ ਇਕੱਠੀ ਨਹੀਂ ਹੋ ਸਕਦੀ ਤੇ ਮਰਨ ਵੇਲੇ ਇਹ ਨਾਲ ਨਹੀਂ ਜਾਂਦੀ, ‘‘ਇਸੁ ਜਰ ਕਾਰਣਿ ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ॥ ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਨ ਜਾਈ ॥’’ ( ਮ:੧/੪੧੭)

ਵੇਖੋ ! ਗੁਰੂ ਨਾਨਕ ਦੇ ਘਰ ਦੀ ਵਡਿਆਈ ਕਿ ਗੁਰੂ ਆਪਣੇ ਸਿੱਖ ਨੂੰ ਸੰਸਾਰ ’ਚ ਵਿਚਰਨ ਲਈ ਸਰਬ-ਉੱਚ ਸੰਸਾਰੀ ਜੀਵਨ ਜਾਚ ਸਿਖਾਉਣ ਦੇ ਨਾਲ ਹੀ ਅਧਿਆਤਮਿਕ ਜੀਵਨ ਲਈ ਮਾਰਗ ਦਰਸ਼ਨ ਤੇ ਅਗਾਂਹ ਦੀ ਸੋਝੀ ਵੀ ਪ੍ਰਦਾਨ ਕਰਦਾ ਹੈ ਤਾਂ ਕਿ ਗੁਰਸਿੱਖ ਦੇ ਲੋਕ ਅਤੇ ਪਰਲੋਕ ਦੋਵੇਂ ਹੀ ਸੁਧਰ ਜਾਣ (ਹਲਤੁ ਪਲਤੁ ਦੁਇ ਲੇਹੁ ਸਵਾਰਿ॥ ਮ: ੫/੨੯੩) ਗੁਰੂ ਨਾਨਕ ਦੇ ਨਿਆਰੇ ਮਤ ਦਾ ਮਕਸਦ ਸਿੱਖ ਨੂੰ ‘‘ਜੀਵਤਿਆ ਮਰਿ ਰਹੀਐ॥’’ ਦੀ ਜੁਗਤਿ ਸਿਖਾਉਣਾ ਹੈ ਜਦ ਕਿ ਕੁਝ ਹੋਰ ਅਨਮਤਾਂ ’ਚ ਉਸ ਦੇ ਅਨੁਯਾਈਆਂ ਨੂੰ ਮਰਨ ਤੋਂ ਬਾਅਦ ਵੀ ਵੱਡੀ ਪੱਧਰ ਤੇ ਭੋਗ ਬਿਲਾਸ ਮਾਣੇ ਜਾ ਸਕਣ ਦਾ ਭਰੋਸਾ ਦਿੱਤਾ ਜਾਂਦਾ ਹੈ। ਗੁਰੂ ਦੇ ਲੜ ਲਗਿਆ ਗੁਰਸਿੱਖ ਸਹਿਜੇ ਹੀ ਸਮਝ ਲੈਂਦਾ ਹੈ ਕਿ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ ॥’’ ( ਮ:੩/੬੫੧) ਦਾ ਅਸਲ ਕਾਰਨ, ਮਨ ਦਾ ਅਨਿਕ ਪ੍ਰਕਾਰ ਦੇ ਵਿਸ਼ੇ-ਵਿਕਾਰਾਂ ਪ੍ਰਤੀ ਖਿੱਚ ਹੈ। ਕਈ ਯਤਨ ਕਰਨ ਦੇ ਬਾਵਜੂਦ ਵੀ ਇਹ ਮਨ ਮੁੜ-ਮੁੜ ਵਿਸ਼ਿਆਂ ਦੀ ਵਾਸ਼ਨਾ ਨੂੰ ਜਾ ਚੰਬੜਦਾ ਹੈ, ਜਿਸ ਸਦਕਾ ਜੀਵ-ਆਤਮਾ ਦਾ ਆਵਾਗਉਣ ਚਲਦਾ ਰਹਿੰਦਾ ਹੈ:

ਬਿਖੈ ਬਿਖੈ ਕੀ ਬਾਸਨਾ; ਤਜੀਅ ਨਹ ਜਾਈ ॥ ਅਨਿਕ ਜਤਨ ਕਰਿ ਰਾਖੀਐ; ਫਿਰਿ ਫਿਰਿ ਲਪਟਾਈ ॥ (ਭਗਤ ਕਬੀਰ ਜੀ/੮੫੫)

ਅਕਾਲ ਪੁਰਖ ਨਾਲ ਡੂੰਘੀ ਸਾਂਝ ਪਾਉਣ ਦੀ ਤਾਂਘ ਰੱਖਣ ਵਾਲਾ ਗੁਰੂ ਦਾ ਪਿਆਰਾ ਸਿੱਖ, ਅਕਾਲ ਪੁਰਖ ਨੂੰ ਹਿਰਦੇ ’ਚ ਵਸਾ ਕੇ, ਮਿਹਨਤ ਨਾਲ ਰੋਜ਼ੀ ਕਮਾਉਂਦਿਆਂ ਹੋਇਆਂ ਹੁਣ ਵੰਡ ਛਕਣਾ ਵੀ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਜੋਤ-ਸਰੂਪੀ ਮਨ ਨੂੰ ਲੋਭ, ਮੋਹ ਤੇ ਹੋਰ ਵਿਸ਼ੇ-ਵਿਕਾਰਾਂ ਦੇ ਬੰਧਨ ਤੋਂ ਅਜ਼ਾਦ ਕਰਵਾ ਕੇ, ਮੁੜ ਨਿਰਲੇਪਤਾ ਦੀ ਜਾਚ ਸਿਖਾਈ ਜਾ ਸਕੇ:

ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ! ਰਾਹੁ ਪਛਾਣਹਿ ਸੇਇ ॥ (ਮ:੧/੧੨੪੫)

ਇੰਞ, ਗੁਰੂ ਦਾ ਸਿੱਖ ਸੱਚੇ ਸਾਈਂ ਦੀ ਯਾਦ ’ਚ ਧਰਮ ਦੀ ਕਿਰਤ ਕਰਦਿਆਂ ਹੋਇਆਂ ਦਸਵੰਧ ਦੇ ਸੁਨਹਿਰੇ ਸਿਧਾਂਤ ਨੂੰ ਵੀ ਬਹੁਤ ਖੁਸ਼ੀ ਨਾਲ ਅਪਣਾਉਂਦਾ ਹੈ ਤਾਂ ਕਿ ਸ਼ਖ਼ਸੀ ਜੀਵਨ ਦੀ ਥਾਂ ਭਾਈਚਾਰਿਕ ਜੀਵਨ ਬਸਰ ਕੀਤਾ ਜਾ ਸਕੇ:

ਗੁਰ ਸਿਖਾ ਇਕੋ ਪਿਆਰੁ; ਗੁਰ ਮਿਤਾ ਪੁਤਾ ਭਾਈਆ ॥ (ਮ: ੪/੬੪੮)

Gursikh now understands that sharing is the essence of life and truly the purest form of unconditional love, so he shares the earnings unconditionally thus teaching himself the art of detachment.

ਸਾਨੂੰ ਸੰਗਤ ਵਜੋਂ ਹਮੇਸ਼ਾਂ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਸਿੱਖੀ ਪਹਿਰਾਵੇ ’ਚ ਸੱਜ ਕੇ ਹਰ ਕੋਈ ਗੁਰਮਤਿ ਸਿਧਾਂਤ ਹੀ ਪ੍ਰਚਾਰਦਾ ਹੁੰਦਾ ਹੈ। ਜਿਹੜਾ ਕੋਈ ਇਹ ਪ੍ਰਚਾਰੇ ਕਿ ਸਿੱਖ ਲਈ ਕਿਰਤ ਕਰਨਾ ਜ਼ਰੂਰੀ ਨਹੀਂ, ਉਸ ਨੂੰ ਗੁਰਮਤਿ ਦੇ ਕਟਹਿਰੇ ’ਚ ਖੜ੍ਹਾ ਕਰ ਕੇ ਜ਼ਰੂਰ ਸਵਾਲ ਕਰੋ ਕਿ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਜੀਵਨ ਨਿਰਬਾਹ ਕਿਵੇਂ ਸੰਭਵ ਹੋ ਰਿਹਾ ਹੈ ? ਸ਼ਾਇਦ ਇਹ ਉਹੀ ਲੋਕ ਹਨ ਜਿਹੜੇ ਸਿੱਖਾਂ ਨੂੰ ਭੋਰਿਆਂ ’ਚ ਬੈਠਿਆਂ ਵੇਖਣਾ ਚਾਹੁੰਦੇ ਹਨ ਤਾਂ ਕਿ ਸਿੱਖ ਆਪਣੀ ਸਾਰੀ ਸ਼ਕਤੀ ਕਿਸੇ ਕਾਲਪਨਿਕ ਨਾਮ ਦੀ ਧੁਨੀ (ਜਾਂ ਫਿਰ ਨਾੜੀਆਂ ਦੀ ਘੂੰ-ਘੂੰ) ਸੁਣਨ ’ਤੇ ਹੀ ਬਰਬਾਦ ਕਰ ਦੇਣ ਤੇ ਆਰਥਿਕ ਪੱਖ ਤੋਂ ਕਮਜ਼ੋਰ ਹੋ ਜਾਣ, ਪਰ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਜਿਸ ਨਿਰਮਲ ਪੰਥ ਨੂੰ ਚਲਾਉਣ ਵਾਲੇ ਨੇ ਖੁਦ ਹੱਥੀਂ ਕਿਰਤ ਕਰ ਕੇ ਇਸ ਕੁਦਰਤੀ ਸਿਧਾਂਤ ਨੂੰ ਆਪਣੇ ਸਿੱਖਾਂ ਦੀ ਹੱਡੀਂ ਰਚਾ ਦਿੱਤਾ ਹੋਵੇ, ਉਹ ਕੌਮ ਰਹਿੰਦੀ ਦੁਨੀਆਂ ਤੱਕ ਸੱਚੀ-ਸੁੱਚੀ ਕਿਰਤ ਕਰ ਕੇ ਤਰੱਕੀ ਦੀ ਬੁਲੰਦੀ ਨੂੰ ਛੂੰਹਦੀ ਹੀ ਰਹੇਗੀ।

ਵਿਸ਼ੇ ਨੂੰ ਸਮਾਪਤ ਕਰਦਿਆਂ ਸਾਰ-ਅੰਸ਼ ਵਜੋਂ ਯਾਦ ਰੱਖੀਏ ਕਿ ਨਾਨਕ-ਗੋਬਿੰਦ ਦਾ ਗੁਰਸਿੱਖ, ਗੁਰਮਤਿ ਅਨੁਸਾਰੀ ਹੋ ਕਿਰਤ ਕਰਦਿਆਂ, ਨਾਮ ਜਪਦਿਆਂ (ਗੁਰਬਾਣੀ ਅਧਿਐਨ ਕਰਦਿਆਂ) ਤੇ ਵੰਡ ਛਕਦਿਆਂ ਹੋਇਆਂ, ਸੰਸਾਰ ’ਚ ਆਉਣ ਦਾ ਮਕਸਦ ਸਹਿਜੇ ਹੀ ਪੂਰਾ ਕਰ ਜਾਂਦਾ ਹੈ:

ਨਾਨਕ ! ਸਤਿਗੁਰਿ ਭੇਟਿਐ; ਪੂਰੀ ਹੋਵੈ ਜੁਗਤਿ ॥

ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ॥ (ਮ: ੫/੫੨੨)

ਮੁਕਤੀ ! ਕਿਸ ਦੀ ? ਆਤਮਾ ਦੀ ਜਾਂ ਮਨੁੱਖ ਦੀ ?

0

ਮੁਕਤੀ ! ਕਿਸ ਦੀ  ? ਆਤਮਾ ਦੀ ਜਾਂ ਮਨੁੱਖ ਦੀ  ?

ਗੁਰਦੇਵ ਸਿੰਘ ਸੱਧੇਵਾਲੀਆ

ਆਤਮਾ ਕਿੱਥੇ ਰਹਿੰਦੀ, ਕਿਵੇਂ ਰਹਿੰਦੀ, ਕੀ ਕਰਦੀ, ਇਹ ਇਕ ਅਲਹਿਦਾ ਵਿਸ਼ਾ ਹੈ ਪਰ ਆਤਮਾ ਜਿਵੇਂ ਅਤੇ ਜਿਥੇ ਵੀ ਰਹਿੰਦੀ ਹੋਵੇ ਉਸ ਦਾ ਸਬੰਧ ਤਾਂ ਜੀਉਂਦੇ ਮਨੁੱਖ ਨਾਲ ਹੀ ਹੈ ਨਾ। ਜੇ ਮਨੁੱਖ ਗੁਲਾਮ ਹੋਵੇਗਾ ਤਾਂ ਉਸ ਦੇ ਅੰਦਰ ਵੱਸਦੀ ਆਤਮਾ ਅਜਾਦ ਕਿਵੇਂ ਹੋਈ  ? ਮਨੁੱਖ ਤਾਂ ਇਕ ਪੀੜਾ ਵਿਚ ਤੜਫ ਰਿਹਾ ਹੈ ਪਰ ਲੁਟੇਰਾ ਨਿਜਾਮ ਆਤਮਾ ਦੀ ਸ਼ਾਂਤੀ ਦੀ ਗੱਲ ਕਰ ਰਿਹਾ ਹੈ। ਆਤਮਾ ਲਈ ਕੁਝ ਕਰਨ ਵਿਚ ਫਾਇਦਾ ਬੜਾ ਹੈ, ਨੁਕਸਾਨ ਧੇਲਾ ਵੀ ਨਹੀਂ। ਦੱਸੋ ਕੀ ਨੁਕਸਾਨ ਹੈ ਆਤਮਾ ਲਈ ਕੁਝ ਕਰਨ ’ਚ ? ਹੁਣ ਵਾਲਾ ‘ਧਰਮ ਗੁਰੂ’ ਆਤਮਾ ਲਈ ਕੋਈ ਪੁੰਨ ਦਾਨ ਕਰਵਾਏਗਾ, ਆਤਮਾ ਲਈ ਕੋਈ ਭਜਨ-ਪਾਠ ਕਰਵਾਏਗਾ, ਆਤਮਾ ਦੀ ਅਜਾਦੀ ਦੀ ਗੱਲ ਕਰੇਗਾ, ਆਤਮਾ ਨੂੰ ਪ੍ਰਮਾਤਮਾ ਨਾਲ ਮਿਲਣ ਦਾ ਭਾਸ਼ਣ ਝਾੜੇਗਾ, ਦਕਸ਼ਣਾ (ਭੇਟਾ) ਲਏਗਾ ਤੇ ਗੱਲ ਖਤਮ। ਹੋ ਗਈ ਆਤਮਾ ਅਜਾਦ  ? ਆਤਮਾ ਨੂੰ ਨਾ ਭੁੱਖ ਲੱਗੇ, ਨਾ ਤੇਹ! ਨਾ ਕੋਈ ਆਤਮਾ ਨੂੰ ਕਿਸੇ ਚੀਜ ਦੀ ਲੋੜ। ਜਿਸ ਦੀ ਲੋੜ ਹੀ ਕੋਈ ਨਹੀਂ ਉਸ ਦੇ ਹੱਥ ਹੱਕਾਂ ਵੱਲ ਕਿਵੇਂ ਉੱਠਣਗੇ। ਲੜੋਗੇ ਤਾਂ ਤੁਸੀਂ ਤਾਂ ਹੀ ਨਾ, ਜੇ ਤੁਹਾਡੀ ਕੋਈ ਲੋੜ ਹੋਊ। ਅਮੀਰ ਕਿਉਂ ਨਹੀਂ ਲੜਦਾ  ? ਉਸ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ। ਉਸ ਤਾਂ ਭੁੱਖ ਦੇਖੀ ਹੀ ਨਹੀਂ। ਇਨਕਲਾਬ ਕਿਉਂ ਝੁੱਗੀਆਂ ਵਿਚੋਂ ਉੱਠਦੇ ਨੇ!

ਆਤਮਾ ਦੀ ਅਜਾਦੀ ਦੀ ਗੱਲ ਸੌਖੀ ਬੜੀ ਹੈ, ਪਰ ਜੇ ਕੋਈ ਮਨੁੱਖ ਦੀ ਅਜਾਦੀ ਦੀ ਗੱਲ ਕਰੇਗਾ ਤਾਂ ਅਗਲਿਆਂ ਧੁੱਪੇ ਪੁੱਠਾ ਦੇਣਾ ਪਾ, ਤੇ ਲੱਤਾਂ ਚੌੜੀਆਂ ਦੇਣੀਆਂ ਕਰ  ? ਹਿੰਦੋਸਤਾਨ ਦੇ ਪੋਲੜ ਜਿਹੇ ਗੁਰੂ, ਪੰਜਾਬ ਵਾਲੇ ਖਰਗੋਸ਼ਾਂ ਵਰਗੇ ਲੋਗੜ ਜਿਹੇ ਸਾਧ! ਇਹ ਮਨੁੱਖ ਦੀ ਅਜਾਦੀ ਦੀ ਗੱਲ ਕਿਉਂ ਨਹੀਂ ਕਰਦੇ  ? ਤੁਸੀਂ ਦੱਸੋ ਮਨੁੱਖ ਦੀ ਗੱਲ ਇਹ ਕਰ ਸਕਣਯੋਗ ਹਨ  ? ਇਨ੍ਹਾਂ ਦੀਆਂ ਪਿਲ ਪਿਲ ਕਰਦੀਆਂ ਦੇਹਾਂ ਜੇਲ ਦੇ ਮੱਛਰਾਂ ਦੇ ਧੱਫੜ ਝੱਲ ਲੈਣਗੀਆਂ  ? ਘੋਟਨੇ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਲਈ ਜਿਹੜਾ ਵੀ ਆਤਮਾ ਦੀ ਅਜਾਦੀ ਦੀ ਗੱਲ ਤਾਂ ਕਰਦਾ, ਪਰ ਮਨੁੱਖ ਦੀ ਅਜਾਦੀ ਦੀ ਨਹੀਂ, ਸਮਝੋ ਉਹ ਲੋਕਾਂ ਨੂੰ ਧੋਖਾ ਦੇ ਰਿਹਾ ਹੈ।

ਗੋਰਖਾਂ-ਸਿੱਧਾਂ-ਜੋਗੀਆਂ ਨੂੰ ਕੋਈ ਖਰੋਚ ਕਿਉਂ ਨਾ ਆਈ ਪਰ ਗੁਰੂ ਨਾਨਕ ਸਾਹਿਬ ਨੂੰ ਕਿਉਂ ਚੱਕੀਆਂ ਪੀਹਣੀਆਂ ਪਈਆਂ  ? ਗੁਰੂ ਅਰਜੁਨ ਪਾਤਿਸ਼ਾਹ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਵੇਲੇ ਕੀ ਕੋਈ ਸਾਧ ਸੰਤ ਨਹੀਂ ਸਨ  ? ਸਨ! ਪਰ ਆਤਮਾ ਦੀ ਗੱਲ ਕਰਨ ਵਾਲੇ। ਮਨੁੱਖ ਦੀ ਗੱਲ ਜਿਹਨੇ ਵੀ ਕੀਤੀ ਉਹ ਫਾਹੇ ਲਾਇਆ ਗਿਆ। ਆਤਮਾ ਕਿਸੇ ਨੂੰ ਕੀ ਦੁੱਖ ਦਿੰਦੀ  ? ਦਿੰਦੀ ਕੋਈ  ? ਆਤਮਾ ਨੇ ਕਿਹੜਾ ਹਥਿਆਰ ਚੁੱਕਣਾ। ਇਸ ਦੀ ਅਜਾਦੀ ਤੋਂ ਕਿਸੇ ਹਕੂਮਤ ਨੂੰ ਕਦੇ ਵੀ ਕੋਈ ਵੀ ਖਤਰਾ ਨਹੀਂ ਹੋਇਆ, ਕਿ ਹੋਇਆ  ?

ਤਾਜਾ ਇਤਿਹਾਸ ਹੈ। ਬਾਬਾ ਜਰਨੈਲ ਸਿੰਘ ਨੂੰ ਕਿਉਂ ਟੈਂਕ ਡਾਹ ਕੇ ਉਡਾ ਦਿੱਤਾ। ਠਾਕਰ ਸਿੰਘ ਵੀ ਤਾਂ ਉਸੇ ਸੰਸਥਾ ਦਾ ਸੀ। ਉਸ ਤੋਂ ਵੀ ਪਹਿਲਿਆਂ ਨੂੰ ਕਦੇ ਕੁਝ ਨਹੀਂ ਹੋਇਆ। ਰਾੜੇ ਵਾਲੇ, ਰਤਵਾੜੇ ਵਾਲੇ, ਨਾਨਕਸਰੀਏ, ਇਹਨਾਂ ਨੂੰ ਨਾ ਅੰਗੇਰਜਾਂ ਕਿਹਾ ਕੁਝ, ਨਾ ਹਿੰਦੂ ਨੇ। ਪਰ ਉੱਧਰ ਮਾਲ ਮੰਡੀ ਵਿਚ ਪਾੜੇ ਗਏ! ਨਹਿਰਾਂ-ਰੋਹੀਆਂ ਵਿਚ ਮਾਰ-ਮਾਰ ਸੁੱਟੇ ਗਏ। ਦੋਹਾਂ ਵਿਚ ਫਰਕ ਕਿੱਥੇ ਹੈ  ? ਇੱਕ ਆਤਮਾ ਵਾਲਾ ਛੁਣਛੁਣਾ ਵਜਾ ਰਿਹਾ ਦੂਜਾ ਹੱਥ ਵਿਚ ਨੰਗੀ ਮੌਤ ਲੈ ਕੇ ਘੁੰਮ ਰਿਹਾ ਮਨੁੱਖੀ ਅਜਾਦੀ ਲਈ।

ਤੁਸੀਂ ਜਦ ਬੱਚਾ ਛੋਟਾ ਹੋਵੇ ਅਤੇ ਤੁਹਾਡੀਆਂ ਚੀਜਾਂ ਨੂੰ ਹੱਥ-ਪੈਰ ਮਾਰਦਾ ਹੋਵੇ ਤਾਂ ਤੁਸੀਂ ਕੀ ਕਰਦੇ ਹੋ। ਉਸ ਦੇ ਹੱਥ ਛੁਣਛੁਣਾ ਫੜਾ ਦਿੰਦੇ ਹੋ ਤਾਂ ਕਿ ਉਸ ਵਿਚ ਰੁੱਝ ਜਾਵੇ ਜੇ ਫਿਰ ਵੀ ਨਾ ਰੁੱਝੇ ਤਾਂ ਤੁਸੀਂ ਖੁਦ ਹੀ ਉਸ ਛੁਣਛੁਣੇ ਨੂੰ ਉਸ ਨੂੰ ਵਿਖਾ ਵਿਖਾ ਛੁਣਕਾਉਂਦੇ ਹੋ, ਬੱਚਿਆਂ ਵਰਗੀਆਂ ਅਵਾਜਾਂ ਕੱਢਦੇ ਹੋ ਤਾਂ ਕਿ ਉਸ ਦਾ ਧਿਆਨ ਛੁਣਛੁਣੇ ਵਲ ਹੋ ਜਾਏ, ਤੇ ਇੰਝ ਹੁੰਦਾ ਵੀ ਹੈ। ਬੱਚਾ ਤੁਹਾਡੇ ਵਲ ਵੇਖ ਖੁਸ਼ ਹੁੰਦਾ ਹੈ, ਤੁਹਾਡੇ ਵਲ ਬਾਹਾਂ ਉਲਾਰਦਾ ਹੋਇਆ ਉਸ ਛੁਣਛੁਣੇ ਨੂੰ ਪਕੜਨ ਵਲ ਆਹੁਲਦਾ ਹੈ, ਉਸ ਦਾ ਧਿਆਨ ਬਾਕੀ ਸ਼ਰਾਰਤਾਂ ਵੱਲੋਂ ਹੱਟ ਜਾਂਦਾ ਹੈ ਕਿਉਂਕਿ ਹੁਣ ਉਸ ਦੇ ਹੱਥ ਵਿਹਲੇ ਨਹੀਂ ਰਹਿੰਦੇ। ਇੰਝ ਹੀ ਹੁੰਦਾ ਹੈ ਨਾ!

‘ਆਮ ਧਰਮ ਗੁਰੂਆਂ’ ਅਤੇ ‘ਸਾਧਾਂ’ ਨੇ ਕੀ ਕੀਤਾ। ਆਤਮਾ ਨੂੰ ਵਰਾਉਣ ਦੇ ਨਾਂ ’ਤੇ, ਤੁਹਾਡੇ ਹੱਥ ਛੁਣਛੁਣੇ, ਚਿਮਟੇ ਅਤੇ ਮਾਲਾਵਾਂ ਪਕੜਾ ਦਿੱਤੀਆਂ। ਤੁਸੀਂ ਵਜਾਈ ਜਾਂਦੇ ਹੋ ਅਗਲਾ ਅਪਣਾ ਕੰਮ ਕਰੀ ਜਾਂਦਾ ਹੈ। ਫਿਰ ਉਹ ਅਵਾਜਾਂ ਕੱਢਦੇ ਹਨ, ਤੁਹਾਡੇ ਵਰਗੀਆਂ ਬਚਕਾਨਾ! ਪਿਹੋਵਾ, ਜਗਾਧਰੀ, ਰੰਗੀਲੇ ਕੀ ਕਰਦੇ ਹਨ ? ਉਹ ਜੋ ਕਹਿੰਦੇ ਜਾਂ ਬੋਲਦੇ ਹਨ ਬਚਕਾਨਾ ਅਵਾਜਾਂ ਹੀ ਤਾਂ ਹਨ ਤੁਹਾਨੂੰ ਵਰ੍ਹਾਉਣ ਲਈ। ਤੁਸੀਂ ਬਚਕਾਨਾ ਕਹਾਣੀਆਂ ਸੁਣ ਕੇ, ਚਿਮਟਿਆਂ ਦੇ ਛੁਣਛੁਣੇ ਸੁਣ ਕੇ ਖੁਸ਼ ਹੋ ਜਾਂਦੇ ਹੋ ਕਿ ਵਾਹ ! ਬਾਬਾ ਜੀ ਕਿਤੇ ਕੀਰਤਨ ਕਰਦੇ ਹਨ  ?

ਕਹਿੰਦੇ ਜਦ ੧026 ਵਿਚ ਗਜ਼ਨਵੀ ਆਇਆ ਤਾਂ ਉਸ ਨੇ ਸੋਮਨਾਥ ਉੱਪਰ ਹਮਲਾ ਕੀਤਾ ਤਾਂ ਹਿੰਦੂਆਂ ਦੀ ਫੌਜ ਲੜਨ ਦੀ ਬਜਾਇ ਮੁਸਲਮਾਨ ਫੌਜਾਂ ਉੱਪਰ ਹੱਸ ਰਹੀ ਸੀ ਕਿ ਸੋਮ ਭਗਵਾਨ ਉਨ੍ਹਾਂ ਨੂੰ ਜੜ੍ਹ ਤੋਂ ਉਖੇੜ ਦੇਵੇਗਾ। ਜਦੋਂ ਮੁਸਲਮਾਨਾਂ ਨੇ ਹਿੰਦੂ ਫੌਜਾਂ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਮੁਕਾਬਲਾ ਕਰਨ ਦੀ ਬਜਾਇ ਮੂਰਤੀ ਅੱਗੇ ਡਿੱਗ ਕੇ ਪ੍ਰਾਰਥਨਾ ਕਰਨ ਲੱਗੇ। ਜਦੋਂ ਪ੍ਰਾਰਥਨਾ ਕਰ ਕੇ ਬਾਹਰ ਆਉਂਦੇ ਤਾਂ ਅਗਲੇ ਗਾਟਾ ਲਾਹ ਕੇ ਔਹ ਮਾਰਦੇ। ਗਜ਼ਨਵੀ ਨੇ ਸੋਮਨਾਥ ਮੰਦਰ ਵਿੱਚੋਂ ਅਥਾਹ ਸਰਮਾਇਆ ਲੁੱਟਿਆ। ਮੰਦਰ 56 ਥੰਮਲਿਆਂ ਉੱਪਰ ਖੜ੍ਹਾ ਸੀ ਜਿਸ ਉੱਪਰ ਅਣਗਿਣਤ ਹੀਰੇ ਰਤਨ ਜੜੇ ਹੋਏ ਸਨ।   49 ਮਣ ਸੋਨੇ ਦੀ ਜੰਜੀਰ ਦਾ ਤਾਂ ਘੰਟਾ ਹੀ ਲਟਕ ਰਿਹਾ ਸੀ ਜਿਸ ਨੂੰ ਉਹ ਲਾਹ ਕੇ ਲੈ ਗਿਆ। 700 ਮਣ ਸੋਨੇ ਚਾਂਦੀ ਦੇ ਭਾਂਡੇ, 740 ਮਣ ਸੋਨਾ ਤੇ 2000 ਮਣ ਚਾਂਦੀ ਲੁੱਟ ਲੈ ਗਿਆ। ਮਥਰਾ ਤੋਂ ਉਹ ਇੰਨੇ ਜਿਆਦਾ ਹਿੰਦੂ ਗੁਲਾਮ ਬਣਾ ਕੇ ਲੈ ਗਿਆ ਕਿ ਉਨ੍ਹਾਂ ਨੂੰ ਕੌਡੀਆਂ ਦੇ ਭਾਅ ਵੇਚਣਾ ਪਿਆ। ਉੱਥੇ ਰਤਨਾਂ ਨਾਲ ਜੜਿਆ ਪੰਜ ਗੱਜ ਦਾ ਸ਼ਿਵਲਿੰਗ ਸੀ ਜਿਸ ਨੂੰ ਉਸ ਨੇ ਅਪਣੇ ਹੱਥਾਂ ਨਾਲ ਤੋੜਿਆ ਅਤੇ ਉਸ ਦੇ ਟੁੱਕੜੇ ਕਰ ਕੇ ਗਜ਼ਨੀ ਵਿਚ ਅਪਣੇ ਮਹਿਲ ਦੀਆਂ ਪੌੜੀਆਂ ਵਿਚ ਲਾਇਆ ਅਤੇ ਬਾਕੀ ਬਚਦੇ ਮਸੀਤ ਦੀਆਂ ਪੌੜੀਆਂ ਵਿਚ ਜੁੱਤੀਆਂ ਵਾਲੀ ਥਾਂ ਗੱਡ ਦਿੱਤੇ !

ਇਹ ਹਿੰਦੂਆਂ ਦੇ ਧਾਰਮਿਕ ਗੁਰੂਆਂ ਦੀ ਦੇਣ ਸੀ ਕਿ ਜਿਸ ਮਨੁੱਖ ਨੂੰ ਤਗੜਿਆਂ ਕਰਨਾ ਸੀ ਉਸ ਨੂੰ ਤਾਂ ਸ਼ੂਦਰ ਕਹਿ ਕਹਿ ਕੁੱਤਿਆਂ ਵਾਂਗ ਦੁਰਕਾਰਦਾ ਰਿਹਾ ਪਰ ਜਿਹੜੀ ਆਤਮਾ ਦਿੱਸਦੀ ਹੀ ਨਹੀਂ ਉਸ ਖਾਤਰ 40-40 ਮਣ ਸੋਨੇ ਦੀਆਂ ਜੰਜੀਰਾਂ ਵਾਲੇ ਘੰਟੇ ਖੜਕਾਉਂਦਾ ਰਿਹਾ। ਲੁਟੇਰਾ ਨਿਜਾਮ ਹਮੇਸ਼ਾਂ ਅਣਦਿੱਸਦੀ ਗੱਲ ਉੱਪਰ ਜੋਰ ਦਿੰਦਾ ਰਿਹਾ ਚਾਹੇ ਉਹ ਅਗਲਾ-ਪਿੱਛਲਾ ਜਨਮ ਹੋਵੇ ਤੇ ਚਾਹੇ ਆਤਮਾ ਤੇ ਚਾਹੇ ਰੱਬ! ਜੇ ਉਸ ਰੱਬ ਨੂੰ ਸਾਖਯਾਤ ਦਿੱਸਣ ਵਾਲੇ ਮਨੁੱਖ ਵਿਚ ਕਹਿ ਦਿੱਤਾ ਤਾਂ ਮੁਸ਼ਕਲ ਕਿੰਨੀ ਹੈ ? ਫਿਰ ਕੌਣ ਚੂਹੜਾ ਤੇ ਕੌਣ ਚਮਾਰ, ਕਿਹੜਾ ਬ੍ਰਾਹਮਣ ਤੇ ਕਿਹੜਾ ਸ਼ੂਦਰ  ? ਲੁੱਟੂ ਕਿਸ ਨੂੰ  ? ਰੱਬ ਨੂੰ  ?

ਇਹੀ ਗੱਲ ਸਿੱਖਾਂ ਦੇ ਬ੍ਰਾਹਮਣ ਨੇ ਕੀਤੀ। ਉਸ ਆਤਮਾ ਦੇ ਨਾਂ ’ਤੇ, ਪਿੱਛਲੇ ਜਾਂ ਅਗਲੇ ਜਨਮ ਦੇ ਨਾਂ ’ਤੇ, ਜਾਂ ਅਣਦਿੱਸਦੇ ਰੱਬ ਦੇ ਨਾਂ ’ਤੇ; ਲੁਕਾਈ ਨੂੰ ਲੁੱਟਿਆ ਤੇ ਹੁਣ ਤੱਕ ਲੁੱਟ ਰਿਹਾ ਹੈ। ਜਿਹੜਾ ਰੱਬ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਦਿਖਾਇਆ ਸੀ ਉਸ ਰੱਬ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ‘‘ਘਟ ਘਟ ਮੈ ਹਰਿ ਜੂ ਬਸੈ.. ॥’’ (ਮ: ੯/੧੪੨੭) ਵਾਲਾ ਰੱਬ ਕਿੱਥੇ ਹੈ  ? ਕਿਤੇ ਲੱਭਦਾ ਕਿਸੇ ਸਾਧ ਕੋਲੋਂ ? ਘਟ ਘਟ ਵਾਲੇ ਦੀ ਗੱਲ ਕਰੇਗਾ ਤਾਂ ਉਹਨਾਂ ਦੇ ਠੰਡੇ ਭੋਰਿਆਂ ’ਤੇ ਕੁੱਤੇ ਵੀ ਨਾ ਮੂਤਣਗੇ, ਮੱਥੇ ਟੇਕਣੇ ਤਾਂ ਇਕ ਪਾਸੇ ਰਹੇ।

ਮੁਕਤੀ ਆਤਮਾ ਦੀ ਨਹੀਂ, ਮਨੁੱਖ ਦੀ ਹੋਣੀ ਚਾਹੀਦੀ। ਤੇ ਸਾਰੇ ਹਿੰਦੋਸਤਾਨ ਦੇ ‘ਧਰਮ ਗੁਰੂ’ ਆਤਮਾ ਦੀ ਗੱਲ ਕਰਦੇ ਨੇ, ਮਨੁੱਖ ਦੀ ਨਹੀਂ। ਇਸ ਮੁਲਕ ਨੂੰ ਪਹਿਲਾਂ ਵੀ ਆਤਮਾ ਵਾਲੇ ‘ਧਰਮ ਗੁਰੂਆਂ’ ਨੇ ਮਾਰਿਆ ਸੀ ਭਵਿੱਖ ਵਿਚ ਫਿਰ ਤੋਂ ਇਸ ਮੁਲਕ ਨੂੰ ਗੁਲਾਮ ਹੋਣੋ ਕੋਈ ਨਹੀਂ ਬਚਾ ਸਕਦਾ! ਕਿ ਬਚਾ ਸਕਦਾ ?

ਦੁਖਾਂਤ ਪਰ ਇਹ ਕਿ ਓਨ੍ਹੇ ਚਿਰ ਨੂੰ ਸਿੱਖਾਂ ਦੇ ਬ੍ਰਾਹਮਣ ਇਸ ਕੌਮ ਨੂੰ ਵੀ ਲੈ ਡੁੱਬਣਗੇ ਜੇ ਇਹ ਆਤਮਾ ਵਾਲੇ ਗੋਰਖ ਧੰਦੇ ਵਿਚੋਂ ਬਾਹਰ ਨਾ ਆਈ !

ਕਬੀਰ ਦਾ ‘ਨਰੂ’ ਤੇ ਮੈਡੀਕਲ ਸਾਇੰਸ ਦਾ ਧੁੜਕੂ

0

ਕਬੀਰ ਦਾ ਨਰੂ ਤੇ ਮੈਡੀਕਲ ਸਾਇੰਸ ਦਾ ਧੁੜਕੂ

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣੇ ਵਾਲੇ।

 ‘ਕੀ ਮਨੁੱਖ ਮਰ ਜਾਏ ਤੇ ਸੱਚ ਮੁੱਚ ਕਿਸੇ ਕੰਮ ਨਹੀਂ ਆਉਂਦਾ ? ਪਰ ਅੱਜ ਤਾਂ ਮਰਿਆ ਮਨੁੱਖ ਬਹੁਤ ਕੰਮ ਆਉਂਦਾ ਹੈ। ਅੱਖਾਂ, ਕਿਡਨੀਆਂ, ਦਿਲ, ਫੇਫੜੇ ਤੇ ਹੋਰ ਬਹੁਤ ਸਾਰੇ ਸਰੀਰ ਦੇ ਅੰਗ ਦੂਜੇ ਇਨਸਾਨ ਦੇ ਸਰੀਰ ਵਿਚ ਲਗਾਏ ਜਾਂਦੇ ਹਨ। ਕਿਤੇ ਕੋਈ ਮੈਡੀਕਲ ਸਾਇੰਸ ਦਾ ਵਿਦਿਆਰਥੀ ਇਸ ਗੱਲ ਨੂੰ ਝੂਠਾ ਨਾ ਸਾਬਤ ਕਰ ਦੇਵੇ ਕਿ ਨਰੂ ਮਰੈ ਨਰੁ ਕਾਮਿ ਨ ਆਵੈ॥ ਅੱਜ ਦੇ ਜ਼ਮਾਨੇ ਵਿਚ ਢੁੱਕਦਾ ਹੀ ਨਹੀਂ।’ ਉਸ ਦਿਨ ਤਾਂ ਇਹੀ ਵੀਚਾਰਾਂ ਦੀ ਲੜੀ ਮਨ ਵਿਚ ਚਲਦੀ ਰਹੀ ਸੀ।

ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਲੁਧਿਆਣਾ ਵਿਖੇ ਮੈਨੂੰ ਕਈ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੀ ਸੇਵਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ। ਉਸ ਦੌਰਾਨ ਭਗਤ ਕਬੀਰ ਜੀ ਦਾ ਇੱਕ ਸ਼ਬਦ ਨਰੂ ਮਰੈ ਨਰੁ ਕਾਮਿ ਨ ਆਵੈ॥ (ਗੋਂਡ/ ਕਬੀਰ ਜੀ / ੮੭੦) ਲੜੀਵਾਰ ਵੀਚਾਰ ਵਿਚ ਆ ਗਿਆ। ਗੁਰਦੁਆਰਾ ਸਾਹਿਬ ਤੋਂ ਟੀ. ਵੀ. ’ਤੇ ਲਾਈਵ ਕਥਾ ਦਾ ਪ੍ਰਸਾਰਣ ਹੋਣ ਕਰ ਕੇ ਸੁਭਾਵਕ ਹੀ ਤਾਂਘ ਰਹਿੰਦੀ ਸੀ ਕਿ ਵੱਧ ਤੋਂ ਵੱਧ ਪ੍ਰਮਾਣੀਕ ਵੀਚਾਰਧਾਰਾ ਨਾਲ ਸਾਂਝ ਪਾਈ ਜਾਵੇ। ਇਸ ਸ਼ਬਦ ਦੀ ਕਥਾ ਤੋਂ ਇਕ ਦਿਨ ਪਹਿਲਾਂ ਹੀ ਮਨ ਵਿਚ ਇਹ ਵੀਚਾਰ ਘੰਟੀਆਂ ਮਾਰਨ ਲੱਗ ਪਿਆ ਕਿ ਮਨੁੱਖ ਮਰਨ ਤੋਂ ਬਾਅਦ ਕੰਮ ਆਉਂਦਾ ਹੈ ਕਿ ਨਹੀਂ ?

ਬਹੁਤ ਸੋਚ ਸੋਚ ਕੇ ਇਹ ਵੀਚਾਰ ਕੀਤੀ ਕਿ ਇੱਥੇ ਨਰੂ ਦਾ ਅਰਥ ਮਨੁੱਖ ਨਹੀਂ ਬਲਕਿ ਮਨੁੱਖਤਾ ਹੈ। ਕਥਾ ਵਿਚ ਅਰਥ ਇਸ ਤਰ੍ਹਾਂ ਕੀਤੇ ਕਿ ਮਨੁੱਖ ਦੇ ਅੰਦਰੋਂ ‘ਮਨੁੱਖਤਾ’ ਮਰ ਜਾਏ ਤਾਂ ਮਨੁੱਖ ਕਿਸੇ ਕੰਮ ਦਾ ਨਹੀਂ ਪਰ ਜੇ ‘ਪਸ਼ੂ’ ਮਰ ਜਾਏ ਤਾਂ ਕਈ ਕੰਮ ਸੰਵਾਰ ਦਿੰਦਾ ਹੈ। ਉਸ ਦਿਨ ਦੀ ਟੀ. ਵੀ. ਉੱਤੇ ਲਾਈਵ ਕਥਾ ਤੋਂ ਬਾਅਦ ਇਹ ਵੀਚਾਰ ਇੰਨਾ ਪ੍ਰਚੱਲਿਤ ਹੋ ਗਿਆ ਕਿ ਅੱਜ ਜਦੋਂ ਮੈਂ ਇਹ ਅਰਥ ਹੋਰ ਚੋਟੀ ਦੇ ਵਿਦਵਾਨਾਂ ਪਾਸੋਂ ਸੁਣਦਾ ਹਾਂ ਕਿ ਇਹ ਸਾਡੀ ਕੀਤੀ ਹੋਈ ਖੋਜ ਹੈ ਤਾਂ ਮਨ ਵਿਚ ਹੀ ਮੁਸਕਰਾ ਉੱਠਦਾ ਹਾਂ। ਹੁਣ ਤਾਂ ਸਾਇੰਸ ਤੋਂ ਪ੍ਰਭਾਵਤ ਹੋ ਕੇ ਇਸ ਤਰ੍ਹਾਂ ਦੇ ਹੋਰ ਵੀ ਕਈ ਅਰਥ ਪ੍ਰਚੱਲਿਤ ਹੋ ਰਹੇ ਹਨ।

ਅੱਜ ਇਸ ਤਰ੍ਹਾਂ ਲਗਦਾ ਹੈ ਕਿ ਸਾਨੂੰ ਗੁਰਬਾਣੀ ਦੀ ਹਰ ਵੀਚਾਰ ਸੱਚੀ ਸਾਬਤ ਕਰਨ ਲਈ ਸਾਇੰਸ ਤੋਂ ਸਰਟੀਫਿਕੇਟ ਲੈਣਾ ਪੈ ਰਿਹਾ ਹੈ। ਸਾਡਾ ਭਰੋਸਾ ਨਹੀਂ ਰਿਹਾ ਕਿ ਗੁਰਬਾਣੀ ਦੀ ਵੀਚਾਰਧਾਰਾ ਸਦੀਵੀ ਸੱਚ ਹੈ। ਅਸੀਂ ਆਪ ਇੰਨੇ ਪਦਾਰਥਵਾਦੀ ਹੋ ਗਏ ਹਾਂ ਕਿ ਸਾਇੰਸ ਸਾਨੂੰ ਅੰਤਿਮ ਸੱਚ ਲੱਗ ਰਹੀ ਹੈ। ਇਸ ਲਈ ਹਰ ਵੀਚਾਰ ਕਰਨ ਲੱਗਿਆਂ ਸਾਇੰਸ ਨੂੰ ਵਿਚ ਘੁਸੇੜ ਲੈਂਦੇ ਹਾਂ। ਸੋਚਦੇ ਹਾਂ ਕਿ ਜੇ ਸਾਇੰਸ ਨੇ ਇਸ ਵੀਚਾਰ ਨੂੰ ਕੱਟ ਦਿੱਤਾ ਤਾਂ ਕਿਤੇ ਬਾਕੀ ਧਰਮ ਗ੍ਰੰਥਾਂ ਵਾਂਗ ਦੁਨੀਆਂ ਸਾਹਮਣੇ ਗੁਰਬਾਣੀ ਦੀ ਵੀਚਾਰਧਾਰਾ ਗਲਤ ਸਾਬਤ ਨਾ ਹੋ ਜਾਏ।

ਉਸ ਲਈ ਅਸੀਂ ਕੁੱਝ ਇਕ ਉਦਾਹਰਨਾਂ ਵੀ ਦੇ ਦਿੰਦੇ ਹਾਂ। ਬਾਈਬਲ ਵਿਚ ਲਿਖਿਆ ਹੈ ਕਿ ਧਰਤੀ ਚਪਟੀ ਹੈ ਪਰ ਸਾਇੰਸ ਨੇ ਸਾਬਤ ਕਰ ਦਿੱਤਾ ਕਿ ਧਰਤੀ ਗੋਲ ਹੈ ਜਾਂ ਫਿਰ ਸੂਰਜ ਧਰਤੀ ਦੁਆਲੇ ਘੁੰਮ ਰਿਹਾ ਹੈ ਪਰ ਸਾਇੰਸ ਨੇ ਸਾਬਤ ਕਰ ਦਿੱਤਾ ਹੈ ਕਿ ਸੂਰਜ, ਧਰਤੀ ਦੁਆਲੇ ਨਹੀਂ ਬਲਕਿ ਧਰਤੀ, ਸੂਰਜ ਦੁਆਲੇ ਘੁੰਮ ਰਹੀ ਹੈ। ਇਸ ਤਰ੍ਹਾਂ ਸਮਾਂ ਬੀਤਣ ਉਪਰੰਤ ਦੁਨੀਆਂ ਦੇ ਸਾਹਮਣੇ ਬਾਈਬਲ ਝੂਠੀ ਸਾਬਤ ਹੋ ਗਈ। ਆਖਿਰਕਾਰ ਹੋਰ ਵੀ ਅਨੇਕਾਂ ਕਾਰਨਾਂ ਕਰ ਕੇ ਬਾਈਬਲ ਵਿਚ ਕਈ ਤਬਦੀਲੀਆਂ ਕਰਨੀਆਂ ਪਈਆਂ ਹਨ।

ਇਸ ਹਿਸਾਬ ਨਾਲ ਤਾਂ ਅੱਜ ਕੋਈ ਗੁਰਬਾਣੀ ਦੀ ਪੰਕਤੀ ਸੁਣਾ ਕੇ ਇਹ ਵੀ ਕਹਿ ਸਕਦਾ ਹੈ ਕਿ ਗੁਰਬਾਣੀ ਨੇ ਸ੍ਰਿਸਟੀ ਦੀ ਰਚਨਾ ਵਿਚ ਪੰਜ ਤੱਤਾਂ ਦੀ ਗੱਲ ਕੀਤੀ ਹੈ, ਜਿਵੇਂ ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ; ਕੋਈ ਛੇਵਾ ਕਰਿਉ, ਜੇ ਕਿਛੁ ਕੀਤਾ ਹੋਵੈ॥ (ਸੂਹੀ ਮਹਲਾ ੪ / ੭੩੬) ਪਰ ਅੱਜ ਸਾਇੰਸ ਨੇ ਅਨੇਕ ਤੱਤ ਲੱਭ ਲਏ ਹਨ। ਕਦੇ ਸਮਾਂ ਸੀ ਜਦੋਂ ਪਾਣੀ ਨੂੰ ਤੋੜਨ ਦਾ ਕੋਈ ਸਾਧਨ ਨਹੀਂ ਸੀ ਤਾਂ ਉਦੋਂ ਪਾਣੀ ਇੱਕ ਤੱਤ ਹੀ ਸੀ। ਹਵਾ ਨੂੰ ਨਿਖੇੜਣ ਦਾ ਸਾਧਨ ਨਹੀਂ ਸੀ ਤਾਂ ਹਵਾ ਵੀ ਇਕ ਤੱਤ ਹੀ ਸੀ। ਅੱਜ ਸਾਇੰਸ ਨੇ ਇਹਨਾਂ ਨੂੰ ਤੋੜਨ ਦੇ ਸਾਧਨ ਲੱਭ ਲਏ ਹਨ। ਹੁਣ ਇਹ ਸਾਬਤ ਕਰ ਦਿੱਤਾ ਗਿਆ ਹੈ ਕਿ ਪਾਣੀ ਤੱਤ ਨਹੀਂ, ਕੰਪਾਊਂਡ ਹੈ। ਇਹ ਦੋ ਤੱਤਾਂ ਨੂੰ ਮਿਲਾ ਕੇ ਬਣਿਆ ਹੈ, ਜਿਸ ਵਿਚ ਦੋ ਹਿੱਸੇ ਹਾਈਡ੍ਰੋਜਨ ਤੇ ਇਕ ਹਿੱਸਾ ਆਕਸੀਜਨ ਹੈ। ਇਸ ਦਾ ਫਾਰਮੂਲਾ H2O ਹੈ। ਹੁਣ ਪਾਣੀ ਤੱਤ ਨਹੀਂ ਰਿਹਾ, ਦੋ ਤੱਤਾਂ ਦਾ ਮਿਸ਼ਰਣ ਹੋ ਗਿਆ ਹੈ। ਮਿੱਟੀ ਇਕ ਤੱਤ ਨਹੀਂ, ਇਹ ਵੀ ਕਈ ਤਰ੍ਹਾਂ ਦੇ ਖਣਿਜ, ਅਬਰਕ (ਇੱਕ ਤਰ੍ਹਾਂ ਦਾ ਚਮਕੀਲਾ ਖਣਿਜ ਪਦਾਰਥ, ਜੋ ਕਈ ਪਰਤਾਂ ਦਾ ਬਣਿਆ ਹੁੰਦਾ ਹੈ), ਆਦਿ ਕਈ ਤੱਤਾਂ ਨੂੰ ਮਿਲਾ ਕੇ ਬਣੀ ਹੋਈ ਹੈ। ਹਵਾ ਵੀ ਇਕ ਤੱਤ ਨਹੀਂ, ਇਹ ਵੀ ਹਾਈਡ੍ਰੋਜਨ, ਆਕਸੀਜਨ, ਨਾਈਟ੍ਰੋਜਨ, ਆਦਿ ਕਈ ਤੱਤਾਂ ਦਾ ਸੁਮੇਲ ਹੈ।

ਸੰਨ 1869 ਈਸਵੀ ਤੱਕ 60 ਤੱਤ ਖੋਜੇ ਗਏ। ਪਿਛਲੀ ਸਦੀ ਦੇ ਅਖੀਰ ਤੱਕ ਇਹਨਾਂ ਦੀ ਗਿਣਤੀ 114 ਸੀ ਤੇ ਸੰਨ 2016 ਈਸਵੀ ਦੇ ਪਹਿਲੇ ਹਫ਼ਤੇ ਵਿਚ ਪ੍ਰਿਉਡਿਕ ਟੇਬਲ ਵਿਚ 4 ਤੱਤ ਹੋਰ ਸ਼ਾਮਲ ਹੋ ਗਏ ਹਨ। ਅੱਜ ਇਹਨਾਂ ਦੀ ਗਿਣਤੀ 118 ਹੈ ਅਤੇ ਇਹਨਾਂ ਦਾ ਹੋਰ ਵਿਸਤਾਰ ਅਜੇ ਵੀ ਜਾਰੀ ਹੈ। ਗੁਰਬਾਣੀ ਅਤੇ ਸਾਇੰਸ ਦੇ ਖੋਜੇ ਤੱਤਾਂ ਬਾਰੇ ਜ਼ਿਕਰ ਮੈਂ ਕਿਸੇ ਹੋਰ ਲੇਖ ਵਿਚ ਕਰਾਂਗਾ। ਹੁਣ ਜੇ ਕੋਈ ਮਨੁੱਖ ਇਹ ਕਹੇ ਕਿ ਗੁਰਬਾਣੀ ਤਾਂ 5 ਤੱਤ ਕਹਿ ਰਹੀ ਹੈ, ਇਸ ਲਈ ਗੁਰਬਾਣੀ ਦੀ ਵਿਚਾਰਧਾਰਾ ਗਲਤ ਸਾਬਤ ਹੋ ਗਈ ਹੈ ਤਾਂ ਇਹ ਉਸ ਦੀ ਅਗਿਆਨਤਾ ਹੋਵੇਗੀ। ਸਾਇੰਸ ਦੇ ਫ਼ਾਰਮੂਲੇ ਤਾਂ ਭਾਵੇਂ ਗਲਤ ਹੋ ਸਕਦੇ ਹਨ ਪਰ ਗੁਰਬਾਣੀ ਦੀ ਵੀਚਾਰਧਾਰਾ ਤ੍ਰੈ-ਕਾਲ ‘ਸਤਿ’ ਹੈ।

ਯਾਦ ਰੱਖੋ ਕਿ ਧਰਮ ਤੇ ਸਾਇੰਸ ਦੋ ਅਲੱਗ-ਅਲੱਗ ਆਯਾਮ, ਨਾਪ (Dimensions) ਹਨ, ਜਿਵੇਂ ਹਿਸਾਬ (Mathematics) ਤੇ ਕਵਿਤਾ (Poetry) । ਕਵਿਤਾ ਜਿੰਨੀ ਮਰਜ਼ੀ ਖ਼ੂਬਸੂਰਤ ਰਚੀ ਹੋਵੇ ਪਰ ਉਹ ਹਿਸਾਬ ਦੇ ਫਾਰਮੂਲਿਆਂ ਨੂੰ ਗਲਤ ਨਹੀਂ ਕਰ ਸਕਦੀ। ਇਸੇ ਤਰ੍ਹਾਂ ਹਿਸਾਬ ਦੇ ਫਾਰਮੂਲੇ ਜਿੰਨੇ ਮਰਜ਼ੀ ਡੂੰਘੇ ਹੋਣ ਪਰ ਉਹ ਕਵਿਤਾ ਦੀ ਖ਼ੂਬਸੂਰਤੀ ਨੂੰ ਗਲਤ ਨਹੀਂ ਕਰ ਸਕਦੇ। ਦੋਵੇਂ ਟਰੇਨ ਦੀਆਂ ਲਾਈਨਾਂ ਦੀ ਤਰ੍ਹਾਂ ਇਕ ਦੂਜੇ ਦੇ ਨਾਲ ਨਾਲ ਤਾਂ ਚਲਦੇ ਹਨ ਪਰ ਇਕ ਦੂਜੇ ਨੂੰ ਬਿਲਕੁੱਲ ਵੀ ਨਹੀਂ ਕੱਟਦੇ। ਟਰੇਨ ਦੀਆਂ ਲਾਈਨਾਂ ਦੂਰੋਂ ਦੇਖਣ ਤੋਂ ਲਗਦਾ ਹੈ ਕਿ ਮਿਲ ਰਹੀਆਂ ਹਨ ਪਰ ਇਹ ਕਦੇ ਵੀ ਨਹੀਂ ਮਿਲਦੀਆਂ। ਇਹ ਸਾਡਾ ਭਰਮ ਹੈ ਕਿ ਧਰਮ ਤੇ ਸਾਇੰਸ ਮਿਲ ਜਾਣ ਪਰ ਇਹ ਕਦੇ ਵੀ ਨਹੀਂ ਹੋ ਸਕਦਾ। ਦੋਵੇਂ ਅਲੱਗ-ਅਲੱਗ ਆਯਾਮ ਹਨ।

ਸਾਇੰਸ ਬਾਹਰੀ ਜਗਤ ਦੇ ਭੇਦ ਦੱਸਦੀ ਹੈ ਤੇ ਧਰਮ ਆਤਮਿਕ ਜੀਵਨ ਦੀ ਗੱਲ ਕਰਦਾ ਹੈ। ਸਾਇੰਸ ਪਦਾਰਥਾਂ ਰਾਹੀਂ ਮਿਲਣ ਵਾਲੇ ਸੁੱਖਾਂ ਦੀ ਗੱਲ ਕਰਦੀ ਹੈ ਤੇ ਧਰਮ ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਅਨੰਦਿਤ ਹੋਣ ਦਾ ਸਿਧਾਂਤ ਸਮਝਾਉਂਦਾ ਹੈ। ਜੇਕਰ ਧਰਮ; ਸਤ, ਸੰਤੋਖ, ਦਇਆ, ਧਰਮ, ਧੀਰਜ, ਆਦਿ ਸ਼ੁਭ ਗੁਣਾਂ ਦੇ ਜਜ਼ਬਿਆਂ ਦੀ ਗੱਲ ਕਰਦਿਆਂ ਬਾਹਰੀ ਉਦਾਹਰਨ ਲੈਂਦਾ ਹੈ ਤਾਂ ਬਾਹਰੀ ਉਦਾਹਰਨ ਗਲਤ ਹੋਣ ’ਤੇ ਧਰਮ ਦਾ ਸਿਧਾਂਤ ਗਲਤ ਨਹੀਂ ਹੋ ਜਾਂਦਾ। ਉਦਾਹਰਨਾਂ ਤਾਂ ਬਦਲਦੀਆਂ ਰਹਿੰਦੀਆਂ ਹਨ ਪਰ ਧਰਮ ਦਾ ਸਿਧਾਂਤ ਕਦੇ ਵੀ ਨਹੀਂ ਬਦਲਦਾ।

ਅਲੌਕਿਕ (ਅਦੁੱਤੀ) ਵਿਸ਼ਿਆਂ ਨੂੰ ਸਮਝਾਉਣ ਲਈ ਧਰਮ ਮੁਤਾਬਕ ਸਿਧਾਂਤ ਅਤੇ ਮਿਸਾਲ’ ਦੋ ਅਲੱਗ-ਅਲੱਗ ਭਾਗ ਹੁੰਦੇ ਹਨ, ਜਿਨ੍ਹਾਂ ਵਿੱਚੋਂ ਮਿਸਾਲ (ਉਦਾਹਰਨ) ਸਮੇਂ ਦੇ ਦੌਰ ਨਾਲ ਬਦਲ ਸਕਦੀ ਹੈ ਪਰ ‘ਸਿਧਾਂਤ’ ਨਹੀਂ ਬਦਲਦਾ, ਇਸ ਦੇ ਵਿਪਰੀਤ ਸਾਇੰਸ ਮਿਸਾਲ ਨਹੀਂ ਦਿੰਦੀ ਬਲਕਿ ‘ਸਿਧਾਂਤ’ ਸਮਝਾਉਂਦੀ ਹੈ ਜੋ ਆਧੁਨਿਕ ਤਕਨੀਕਾਂ ਨਾਲ ਕੀਤੀ ਗਈ ਹੋਰ ਖੋਜ ਉਪਰੰਤ ਆਪਣਾ ਹੀ ਪੁਰਾਣਾ ਸਿਧਾਂਤ ਬਦਲਦੀ ਰਹਿੰਦੀ ਹੈ।

ਜੇ ਅੱਜ ਸਾਇੰਸ ਦੀ ਨਵੀਂ ਖੋਜ ਨੇ ਆਪਣੀ ਪੁਰਾਣੀ ਖੋਜ ਨੂੰ ਰੱਦ ਕਰ ਦਿੱਤਾ ਤਾਂ ਇਸ ਨਾਲ ਸਿਰਫ਼ ਸਾਇੰਸ ਦੀ ਪੁਰਾਣੀ ਖੋਜ ਗਲਤ ਹੋਈ ਹੈ, ਧਰਮ ਦੇ ਸਿਧਾਂਤ ਨਹੀਂ। ਸਾਇੰਸ ਦੇ ਫਾਰਮੂਲੇ ਬਦਲਦੇ ਰਹਿੰਦੇ ਹਨ ਪਰ ਧਰਮ ਦੇ ਸਿਧਾਂਤ ਤ੍ਰੈ ਕਾਲ ‘ਸਤਿ’ ਹਨ। ਕੱਲ ਨੂੰ ਜੇ ਸਾਇੰਸ ਆਪਣੀ ਅੱਜ ਦੀ ਖੋਜ ਵੀ ਗਲਤ ਕਰ ਦੇਵੇ ਤਾਂ ਫਿਰ ਅਸੀਂ ਕੀ ਕਹਾਂਗੇ ?

ਧਰਮ ਇਕ ਅਲੱਗ ਆਯਾਮ ਹੈ, ਜਿਸ ਨੂੰ ਕਿਸੇ ਸਾਇੰਸ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ ਹੈ। ਜਿਹੜੇ ਆਖਦੇ ਹਨ ਕਿ ਨਰੂ ਮਰੈ ਨਰੁ ਕਾਮਿ ਨ ਆਵੈ ॥ ਦੇ ਅਰਥ ਜੇਕਰ ਇਹ ਕੀਤੇ ਗਏ ਕਿ ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ ਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ ਤਾਂ ਸਾਇੰਸ ਦੀ ਕਸਵੱਟੀ ’ਤੇ ਪੂਰੇ ਨਹੀਂ ਉਤਰਨਗੇ ਕਿਉਂਕਿ ਹੁਣ ਤਾਂ ਮਨੁੱਖ ਮਰ ਜਾਏ ਤਾਂ ਬਹੁਤ ਕੰਮ ਆਉਂਦਾ ਹੈ। ਅੱਖਾਂ, ਕਿਡਨੀਆਂ, ਫੇਫੜੇ, ਦਿਲ, ਅੰਤੜੀਆਂ, ਹੱਡੀਆਂ ਤੇ ਚਮੜੀ ਵੀ ਕੰਮ ਆਉਂਦੀ ਹੈ।

ਇਹ ਬੜੀ ਗਲਤ ਧਾਰਨਾ ਹੈ ਕਿ ਮਰਨ ਤੋਂ ਬਾਅਦ ਸਰੀਰ ਦੇ ਅੰਗ ਕੱਢ ਕੇ ਦਾਨ ਕੀਤੇ ਜਾ ਸਕਦੇ ਹਨ। ਮਰਨ ਉਪਰੰਤ ਚਮੜੀ ਅਤੇ ਅੱਖਾਂ ਦੇ ਕਾਰਨੀਆ ਤੋਂ ਬਿਨਾਂ ਹੋਰ ਕੁੱਝ ਵੀ ਕੰਮ ਨਹੀਂ ਆਉਂਦਾ, ਉਹ ਵੀ ਇਕ ਨਿਸ਼ਚਿਤ ਸਮੇਂ ਤੱਕ। ਕਾਰਨੀਆ ਵਿਚ ਲਹੂ ਵਹਿਣੀਆਂ (Blood Vessels) ਨਹੀਂ ਹੁੰਦੀਆਂ। ਪੂਰੀ ਅੱਖ ਵੀ ਕੱਢਣ ਦੀ ਲੋੜ ਨਹੀਂ ਹੁੰਦੀ, ਸਿਰਫ਼ ਆਈ ਬਾਲ ਕੱਢੀ ਜਾਂਦੀ ਹੈ ਜੋ ਕਿ ਮਰਨ ਤੋਂ ਬਾਅਦ 6 ਘੰਟੇ ਵਿਚ ਕੱਢਣੀ ਜ਼ਰੂਰੀ ਹੁੰਦੀ ਹੈ ਤੇ ਤਿੰਨ ਦਿਨਾਂ ਵਿਚ ਲਗਾਈ ਵੀ ਜਾਣੀ ਚਾਹੀਦੀ ਹੈ। ਇਸ ਵਿਚ ਵੀ ਰੇਬੀਜ਼, ਸਿਫਲਿਸ, ਹੈਪੇਟਾਈਟਸ ਜਾਂ ਏਡਜ਼ ਵਰਗੀਆਂ ਇੰਨਫੈਕਸ਼ਨਜ਼ ਵਾਲੀਆਂ ਬਿਮਾਰੀਆਂ ਭਰਪੂਰ ਅੱਖਾਂ ਨਹੀਂ ਲਗਾਈਆਂ ਜਾ ਸਕਦੀਆਂ। ਬਾਕੀ ਕੋਈ ਵੀ ਅੰਗ ਮਰਨ ਤੋਂ ਬਾਅਦ ਕੰਮ ਨਹੀਂ ਆਉਂਦਾ। ਉਸ ਨੂੰ ਸਰੀਰ ਦੇ ਜਿਉਂਦੇ ਹੀ ਕੱਢਣਾ ਪੈਂਦਾ ਹੈ ਅਤੇ ਨਿਸ਼ਚਿਤ ਸਮੇਂ ਦੇ ਅੰਦਰ ਲਗਾਉਣਾ ਵੀ ਪੈਂਦਾ ਹੈ।

ਜਿਵੇਂ ਮੈਡੀਕਲ ਸਾਇੰਸ ਦੀ ਦੁਨੀਆਂ ਵਿਚ 2 ਤਰ੍ਹਾਂ ਦੀ ਮੌਤ Clinical Death ਤੇ  Biological Death ਮੰਨੀ ਗਈ ਹੈ, ਤਿਵੇਂ ਹੀ ਇਕ ਦਿਮਾਗੀ ਮੌਤ (Brain Death) ਵੀ ਮੰਨੀ ਗਈ ਹੈ। ਇਸ ਹਾਲਤ ਵਿਚ ਸਿਰਫ਼ ਦਿਮਾਗ ਨੂੰ ਸੱਟ ਵੱਜੀ ਹੁੰਦੀ ਹੈ, ਜਿਵੇਂ ਐਕਸੀਡੈਂਟ, ਬ੍ਰੇਨ ਟਿਊਮਰ ਜਾਂ ਲਕਵਾ, ਆਦਿਕ। ਐਸੇ ਮਰੀਜ਼ਾਂ ਦਾ ਦਿਮਾਗ ਤਾਂ ਮਰ ਜਾਂਦਾ ਹੈ ਪਰ ਬਾਕੀ ਸਰੀਰ ਦੇ ਅੰਗ ਠੀਕ ਕੰਮ ਕਰਦੇ ਹਨ, ਜਿਵੇਂ ਦਿਲ ਦਾ ਧੜਕਣਾ, ਆਦਿ। ਕੋਮਾ ਦੀ ਹਾਲਤ ਵਿਚ ਤਾਂ ਇਨਸਾਨ ਦੇ ਹੋਸ਼ ਆ ਜਾਣ ਦੇ ਮੌਕੇ ਹੁੰਦੇ ਹਨ ਪਰ ਦਿਮਾਗੀ ਮੌਤ ਵਿਚ ਨਹੀਂ। ਇਸ ਲਈ ਘਰ ਵਾਲਿਆਂ ਦੀ ਇੱਛਾ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ ਉਸ ਮਰੀਜ਼ ਦੇ ਅੰਗ ਕੱਢ ਕੇ ਲਿਸਟ ਮੁਤਾਬਕ ਪਹਿਲੇ ਉਡੀਕਵਾਨ ਨੂੰ ਅੰਗ ਲਗਾਏ ਜਾਂਦੇ ਹਨ। ਜੇ ਬਲੱਡ ਗਰੁੱਪ ਜਾਂ ਕੋਈ ਹੋਰ ਟੈਸਟ ਮੁਤਾਬਕ ਕੁੱਝ ਮੈਚ ਨਹੀਂ ਹੁੰਦਾ ਤਾਂ ਲਿਸਟ ਵਿਚ ਅਗਲੇ ਉਡੀਕਵਾਨ ਨੂੰ ਅੰਗ ਲਗਾਏ ਜਾਂਦੇ ਹਨ।

ਇਸ ਦਾ ਭਾਵ ਇਹ ਹੈ ਕਿ ਸਾਰੇ ਮਨੁੱਖ ਚਾਹ ਕੇ ਵੀ ਮਰਨ ਤੋਂ ਬਾਅਦ ਆਪਣੇ ਅੰਗ ਦਾਨ ਨਹੀਂ ਕਰ ਸਕਦੇ। ਫਿਰ ਤਾਂ ਆਮ ਮਨੁੱਖ ਸੱਚਮੁੱਚ ਹੀ ਮਰ ਕੇ ਕੰਮ ਨਹੀਂ ਆਉਂਦਾ। ਨਰੂ ਮਰੈ, ਨਰੁ ਕਾਮਿ ਨਾ ਆਵੈ॥’ ਮੁਤਾਬਕ ਮਨੁੱਖ ਮਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ ਵਾਲੀ ਵੀਚਾਰ ਸਾਇੰਸ ਦੇ ਉਲਟ ਕਿਵੇਂ ਹੋਈ ? ਜੇ ਮਰਨ ਤੋਂ ਬਾਅਦ ਕਿਸੇ ਦੀ ਅੱਖ ਦਾ ਕਾਰਨੀਆ ਲੱਗ ਵੀ ਜਾਂਦਾ ਹੈ ਤਾਂ ਇਹ ਅਪਵਾਦ (Exceptional Case) ਹੈ, ਆਮ ਤੌਰ (General Case) ’ਤੇ ਐਸਾ ਨਹੀਂ ਹੁੰਦਾ। ਵੈਸੇ ਵੀ ਹੁਣ ਤਾਂ ਮਨੁੱਖੀ ਅੰਗ ਵੀ ਤਿਆਰ ਕੀਤੇ ਜਾਣ ਲੱਗ ਪਏ ਹਨ। ਖ਼ੈਰ ਮੈਡੀਕਲ ਸਾਇੰਸ ਦਾ ਵਿਸ਼ਾ ਬਹੁਤ ਲੰਮਾ ਹੈ, ਅਸੀਂ ‘ਨਰੂ’ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ।

‘ਨ ਦੇਵ ਦਾਨਵਾ ਨਰਾ॥’ (ਮ: ੧/੧੪੩) ਜੇਕਰ ਅਸੀਂ ਨਰੂ ਦਾ ਅਰਥ ਖਿੱਚ-ਧੂਹੀ ਕਰ ਕੇ ਮਨੁੱਖਤਾ ਕਰ ਵੀ ਲੈਂਦੇ ਹਾਂ ਤਾਂ ਗੁਰਬਾਣੀ ਵਿਚ ਆਏ ਨਰਾ ਦਾ ਕੀ ਅਰਥ ਹੋਵੇਗਾ ?

‘ਪਸੂ ਮਰੈ, ਦਸ ਕਾਜ ਸਵਾਰੈ॥’ (ਗੋਂਡ/ ਕਬੀਰ ਜੀ / ੮੭੦) ਵੀਚਾਰ ਅਧੀਨ ਸ਼ਬਦ ਵਿਚਲੀ ਤੁੱਕ ਵਿਚ ਪਸੂ ਦਾ ਭਾਵ ਅਰਥ ਕੀ ਕੀਤਾ ਜਾਵੇਗਾ ?

ਹਾਡ ਜਲੇ, ਜੈਸੇ ਲਕਰੀ ਕਾ ਤੂਲਾ॥ ਕੇਸ ਜਲੇ, ਜੈਸੇ ਘਾਸ ਕਾ ਪੂਲਾ॥ (ਗੋਂਡ/ ਕਬੀਰ ਜੀ / ੮੭੦) ਵੀਚਾਰਾਧੀਨ ਸ਼ਬਦ ਮੁਤਾਬਕ ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ ਤੇ ਕੇਸ ਘਾਹ ਦੇ ਪੂਲੇ ਵਾਂਗ ਸੜ ਜਾਂਦੇ ਹਨ, ਇਹਨਾਂ ਦਾ ਭਾਵ ਅਰਥ ਕੀ ਬਣੇਗਾ ? ਮੁੜ-ਘਿੜ ਕੇ ਅਸੀਂ ਫਿਰ ਸਰੀਰ ਦੇ ਸੜਨ ਦੀ ਵੀਚਾਰ ਸ਼ੁਰੂ ਕਰ ਦਿੰਦੇ ਹਾਂ।

ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰਬਾਣੀ ਵਿਚ ਨਰੁ ਦੀ ਜਗ੍ਹਾ ਨਰੂ ਜਾਂ ਨਰਾ ਲਫ਼ਜ਼ ਕਿਉਂ ਆਇਆ ਹੈ ?

ਗੁਰਬਾਣੀ ਵਿਆਕਰਨ ਦੇ ਨੁਕਤਾ ਨਿਗਾਹ ਤੋਂ ਦੁਲੈਂਕੜ ਆਉਣ ਦੇ ਅਨੇਕ ਕਾਰਨ ਹਨ। ਇੱਥੇ ਅਸੀਂ ਸਿਰਫ਼ ਮੂਲਿਕ ਔਂਕੜ ਵਾਲੇ ਸ਼ਬਦਾਂ ਦੀ ਵੀਚਾਰ ਕਰਾਂਗੇ, ਕਿਉਂਕਿ ਨਰੁ ਇਕ ਵਚਨ ਪੁਲਿੰਗ ਨਹੀਂ ਹੈ, ਬਲਕਿ ਇਹ ਸੰਸਕ੍ਰਿਤ ਤੋਂ ਆਪਣੀ ਮੂਲਿਕ ਔਂਕੜ ਨਾਲ ਲੈ ਕੇ ਆਇਆ ਹੈ। ਇਸ ਤਰ੍ਹਾਂ ਦੇ ਹੋਰ ਸ਼ਬਦ ਵੀ ਹਨ, ਜਿਵੇਂ ਸਸੁ, ਮਸੁ, ਵਿਸੁ, ਵਸਤੁ, ਜਿੰਦੁ, ਖਾਕੁ, ਆਦਿ।

ਮੂਲਿਕ ਔਂਕੜ ਵਾਲੇ ਸ਼ਬਦਾਂ ਨਾਲ ਦੁਲੈਂਕੜ ਆਉਣ ਦਾ ਪਹਿਲਾ ਕਾਰਨ ਇਹ ਹੈ ਕਿ ਜਦੋਂ ਮੂਲਿਕ ਔਂਕੜ ਵਾਲੇ ਨਾਂਵ ਦੇ ਅੱਗੇ ਸੰਬੰਧਕੀ ਪਦ ਲੱਗਾ ਹੋਵੇ ਤਾਂ ਉਸ ਦੀ ਔਂਕੜ ਨਹੀਂ ਲੱਥਦੀ ਸਗੋਂ ਦੁਲੈਂਕੜ ਵਿਚ ਤਬਦੀਲ ਹੋ ਜਾਂਦੀ ਹੈ, ਜਿਵੇਂ: ਸਸੂ, ਜਿੰਦੂ, ਮਸੂ, ਵਿਸੂ, ਖਾਕੂ, ਵਸਤੂ, ਪਿਯੂ, ਆਦਿ।

ਸਸੁ ਤੋਂ ਸਸੂ (ਅੱਗੇ ‘ਤੇ’ ਸੰਬੰਧਕੀ ਹੈ): ‘ਸਸੂ ਤੇ’ ਪਿਰਿ; ਕੀਨੀ ਵਾਖਿ॥ (ਆਸਾ ਮਹਲਾ ੫ / ੩੭੦)

ਜਿੰਦੁ ਤੋਂ ਜਿੰਦੂ (ਅੱਗੇ ‘ਕੂੰ’ ਸੰਬੰਧਕੀ ਹੈ): ਸਾਹੇ ਲਿਖੇ ਨ ਚਲਨੀ; ‘ਜਿੰਦੂ ਕੂੰ’ ਸਮਝਾਇ॥ (ਸਲੋਕ ਸੇਖ ਫਰੀਦ ਕੇ / ੧੩੭੭)

ਮੂਲਿਕ ਔਂਕੜ ਵਾਲੇ ਸ਼ਬਦਾਂ ਨਾਲ ਦੁਲੈਂਕੜ ਆਉਣ ਦਾ ਦੂਜਾ ਕਾਰਨ ਇਹ ਹੈ ਕਿ ਜਦੋਂ ਮੂਲਿਕ ਔਂਕੜ ਵਾਲੇ ਨਾਂਵ ਦਾ ਅਰਥ ਸੰਬੰਧਕੀ ਤੇ ਕਾਰਕੀ ਅਰਥ ਨਿਕਲਦਾ ਹੋਵੇ ਤਾਂ ਵੀ ਉਸ ਦੀ ਔਂਕੜ ਨਹੀਂ ਲੱਥਦੀ ਸਗੋਂ ਦੁਲੈਂਕੜ ਵਿਚ ਤਬਦੀਲ ਜਾਂਦੀ ਹੈ, ਜਿਵੇਂ: ਮਾਊ ਪੀਊ, ਭਸੂ, ਖੇਹੂ, ਆਦਿ।

ਮਾਉ ਪਿਉ ਤੋਂ ਮਾਊ ਪੀਊ (ਮਾਂ ਪਿਉ ਦੀ): ‘ਮਾਊ ਪੀਊ’ ਕਿਰਤੁ ਗਵਾਇਨਿ; ਟਬਰ ਰੋਵਨਿ ਧਾਹੀ॥ (ਸਲੋਕੁ ਮ: ੧/੧੪੯)

ਭਸੁ ਤੋਂ ਭਸੂ (ਸੁਆਹ ਨਾਲ): ਜਾ ਜੀਉ ਵਿਚਹੁ ਕਢੀਐ; ‘ਭਸੂ’ ਭਰਿਆ ਜਾਇ॥ (ਮਹਲਾ ੧/੧੨੪੦)

‘ਨਰੂ ਮਰੈ, ਨਰੁ ਕਾਮਿ ਨ ਆਵੈ॥’ (ਗੋਂਡ/ ਕਬੀਰ ਜੀ / ੮੭੦) ਇਸ ਤੁੱਕ ਵਿਚ ‘ਨਰੂ’ ਦੇ ਨਾਲ ਨਾ ਤਾਂ ਕੋਈ ਸੰਬੰਧਕੀ ਪਦ ਆਇਆ ਹੈ ਅਤੇ ਨਾ ਹੀ ਇਸ ਤੋਂ ਕੋਈ ਸੰਬੰਧਕੀ ਤੇ ਕਾਰਕੀ ਅਰਥ ਨਿਕਲਦੇ ਹਨ। ਫਿਰ ਇੱਥੇ ਨਰੁ ਤੋਂ ਨਰੂ ਆਉਣ ਦਾ ਕੀ ਕਾਰਨ ਹੈ ?

ਗੁਰਬਾਣੀ ਕਾਵਿ ਰੂਪ ਵਿਚ ਲਿਖੀ ਗਈ ਹੈ। ਕਾਵਿਕ ਤੌਰ ’ਤੇ ਮਾਤਰਾ ਪੂਰੀਆਂ ਕਰਨ ਲਈ ਜਾਂ ਤੁਕ ਦਾ ਵਜ਼ਨ ਪੂਰਾ ਕਰਨ ਲਈ ਕਿਸੇ ਸਵਰ ਨੂੰ ਲਘੂ ਜਾਂ ਦੀਰਘ ਕੀਤਾ ਜਾਂਦਾ ਹੈ। ਜਿਵੇਂ ਗੁਰਬਾਣੀ ਵਿਚ ਦੀਰਘ ਸਵਰ ਨੂੰ ਲਘੂ ਕਰਨ ਲਈ ‘ਸੰਕਾ’ ਨੂੰ ‘ਸੰਕ’ ਜਾਂ ‘ਤਾਣਾ’ ਨੂੰ ‘ਤਾਣੁ’ ਕੀਤਾ ਗਿਆ ਹੈ।

ਏਹੁ ਮਨੁ ਦੀਜੈ, ਸੰਕ ਨ ਕੀਜੈ; ਗੁਰਮੁਖਿ ਤਜਿ ਬਹੁ ਮਾਣਾ॥ (ਮਹਲਾ ੫/੭੭੭)

ਨਾਨਕ ! ਕੂੜੈ ਕਤਿਐ; ਕੂੜਾ ਤਣੀਐ ਤਾਣੁ॥ (ਮ: ੧/੭੯੦)

ਇਸੇ ਤਰ੍ਹਾਂ ਹੀ ਕਾਵਿਕ ਤੌਰ ’ਤੇ ਮਾਤਰਾ ਪੂਰੀਆਂ ਕਰਨ ਜਾਂ ਤੁੱਕ ਦਾ ਵਜ਼ਨ ਪੂਰਾ ਕਰਨ ਲਈ ਕਿਸੇ ਸਵਰ ਨੂੰ ਲਘੂ ਤੋਂ ਦੀਰਘ ਵੀ ਕੀਤਾ ਜਾਂਦਾ ਹੈ, ਜਿਵੇਂ ਪਰਗਾਸੁ ਤੋਂ ਪਰਗਾਸਾ, ਹੁਕਮੁ ਤੋਂ ਹੁਕਮੈ, ਮਨਿ ਤੋਂ ਮੰਨਿ, ਤਨੁ ਤੋਂ ਤੰਨੁ, ਜਗਤ ਤੋਂ ਜਗਤ੍ਰ, ਆਦਿ।

ਜਿਉ ਅੰਧਿਆਰੈ ਦੀਪਕੁ ਪਰਗਾਸਾ॥ (ਮਹਲਾ ੫/੧੦੦)

ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ॥ (ਜਪੁ)

ਅਸਲ ਲਫ਼ਜ਼ ਹੁਕਮੁ ਹੈ। ਅੰਦਰਿ ਸੰਬੰਧਕੀ ਪਦ ਆਉਣ ਕਰ ਕੇ ‘ਹੁਕਮੁ’ ਦੀ ਔਂਕੜ ਲੱਥ ਜਾਣੀ ਸੀ ਤੇ ਇਸ ਨੇ ‘ਹੁਕਮ’ ਬਣ ਜਾਣਾ ਸੀ ਪਰ ਤੁੱਕ ਦਾ ਵਜ਼ਨ ਪੂਰਾ ਕਰਨ ਲਈ ‘ਹੁਕਮ’ ਨੂੰ ਦੀਰਘ ਸਵਰ ਬਣਾ ਕੇ ਹੁਕਮੈ ਕਰ ਦਿੱਤਾ ਗਿਆ। ਜੇ ਹੁਕਮੈ ਦਾ ਅਰਥ ਹੁਕਮ ਵਿਚ ਹੁੰਦਾ ਤਾਂ ਅੰਦਰਿ ਸੰਬੰਧਕੀ ਪਦ ਨਹੀਂ ਆਉਣਾ ਸੀ। ਅੰਦਰਿ ਸੰਬੰਧਕੀ ਪਦ ਦੇ ਹੁੰਦਿਆਂ ਹੁਕਮੈ ਆਉਣਾ ਕਾਵਿ-ਤੋਲ ਪੂਰਾ ਕਰਨ ਲਈ ਹੀ ਹੈ।

ਇਸੇ ਤਰ੍ਹਾਂ ਇੱਥੇ ਨਰੂ ਦੀ ਦੁਲੈਂਕੜ ਦਾ ਵਿਆਕਰਨ ਨਾਲ ਕੋਈ ਸੰਬੰਧ ਨਹੀਂ ਹੈ ਸਗੋਂ ਇਸ ਦਾ ਸੰਬੰਧ ਕਾਵਿ-ਤੋਲ ਪੂਰਾ ਕਰਨ ਨਾਲ ਹੈ। ਨਰੁ ਤੋਂ ਨਰੂ ਦਾ ਅਰਥ ਵੀ ਮਨੁੱਖ ਹੀ ਹੈ, ਮਨੁੱਖਤਾ ਨਹੀਂ। ਗੁਰਬਾਣੀ ਵਿਚ ਆਈ ਤੁੱਕ ਨ ਦੇਵ ਦਾਨਵਾ ਨਰਾ॥ (ਮ: ੧/੧੪੩) ਵਿਚ ਨਰੁ ਤੋਂ ਨਰਾ ਕਾਫੀਯਹ ਰਦੀਫ਼ ਲਈ ਹੈ, ਇਸ ਦਾ ਅਰਥ ਵੀ ‘ਮਨੁੱਖ’ ਹੀ ਹੈ। ਨਰੁ ਤੋਂ ਨਰਾ’ ਵੀ ਕਾਵਿ-ਚਾਲ ਸਾਂਵੀ ਕਰਨ ਲਈ ਹੀ ਹੈ।

ਇਸ ਲਈ ਨਰੂ ਦਾ ਅਰਥ ਮਨੁੱਖਤਾ ਕਰਨਾ ਗਲਤ ਹੋਵੇਗਾ। ਇਸ ਦਾ ਅਰਥ ਮਨੁੱਖ ਹੀ ਹੈ। ਇਸ ਸ਼ਬਦ ਵਿਚ ਭਗਤ ਕਬੀਰ ਜੀ ਨੇ ਉਸ ਸਮੇਂ ਆਮ ਚੱਲ ਰਹੀ ਸਥਾਨਕ ਰੀਤੀ ਦੀ ਉਦਾਹਰਨ ਦਿੰਦਿਆਂ ਇਹ ਸਮਝਾਇਆ ਹੈ ਕਿ ਪ੍ਰਭੂ ਦੀ ਯਾਦ ਤੋਂ ਵਿਹੂਣਾ ਜਦੋਂ ਮਨੁੱਖ ਮਰਦਾ ਹੈ ਤਾਂ ਮਰ ਕੇ ਵੀ ਕਿਸੇ ਕੰਮ ਨਹੀਂ ਆਉਂਦਾ। ਐਸੇ ਮਨੁੱਖ ਨਾਲੋਂ ਪਸ਼ੂ ਹੀ ਚੰਗਾ ਹੈ, ਜੋ ਮਰਨ ਤੋਂ ਬਾਅਦ ਵੀ ਕਈ ਕੰਮ ਸਵਾਰ ਦਿੰਦਾ ਹੈ। ਇਸ ਲਈ ਹੇ ਮਨੁੱਖ ! ਮਰਨ ਵੇਲੇ ਪਛੁਤਾਉਣ ਨਾਲੋਂ ਜੀਉਂਦੇ ਜੀਅ ਹੀ ਸ਼ੁੱਭ ਕਰਮ ਕਰ ਕੇ ਮਨੁੱਖਾ ਜੀਵਨ ਸਫਲ ਕਰਨਾ ਚਾਹੀਦਾ ਹੈ।

ਗੁਰੂ ਪੀਰਾਂ ਦੀ ਧਰਤੀ ਉੱਤੇ ਵਧ ਰਿਹਾ ਲਚਰਪੁਣਾ

0

ਗੁਰੂ ਪੀਰਾਂ ਦੀ ਧਰਤੀ ਉੱਤੇ ਵਧ ਰਿਹਾ ਲਚਰਪੁਣਾ

ਦਾਸ -ਭਾਈ ਸਮਸੇਰ ਸਿੰਘ ਢੱਡਰੀਆਂ 92464-00006

ਕੋਈ ਜ਼ਮਾਨਾ ਸੀ ਜਦੋਂ ਪੰਜਾਬ ਦੀ ਗਾਇਕੀ ਦੇ ਬੋਲ ਪੰਜਾਬੀ ਗੱਭਰੂਆਂ ਦੇ ਡੌਲੇ ਫਰਕਣ ਲਾ ਦਿੰਦੇ ਸਨ। ਸਾਫ-ਸੁਥਰੀ ਤੇ ਨਿੱਗਰ ਗਾਇਕੀ ਦੇ ਬੋਲ ਕਿਸਾਨਾਂ ਦੇ ਖੇਤਾਂ ਨੂੰ ਝੂਮਣ ਲਾ ਦਿੰਦੇ ਸਨ। ਅੱਜ ਵੀ ਕਈ ਕਈ ਵਾਰੀ ਬਾਪੂ ਸੋਹਣ ਸਿੰਘ ਸੀਤਲ ਜੀ ਦੀਆਂ ਕਵਿਤਾਵਾਂ ਪੜ੍ਹ ਕੇ ਲੂੰ ਕੰਡੇ ਖੜੇ ਹੋ ਜਾਂਦੇ ਨੇ। ਉਹਨਾਂ ਦੇ ਬੋਲ ਮੈਂ ਪੜ੍ਹ ਰਿਹਾ ਸੀ, ਜੋ ਉਹਨਾਂ ਪੰਜਾਬ ਦੀ ਸਿਫਤ ਵਿੱਚ ਲਿਖੇ ਹਨ:

ਇਹ ਧਰਤੀ ਪੰਜ ਦਰਿਆਵਾਂ ਦੀ, ਇਹ ਯੋਧਿਆਂ ਦਾ ਅਸਥਾਨ। ਏਥੇ ਪੀਰ ਪੈਗੰਬਰ ਔਲੀਏ, ਕਈ ਹੋਏ ਬਲੀ ਮਹਾਨ।

ਉਹਨਾਂ ਪੁਰਾਣੇ ਪੰਜਾਬ ਦੀ ਸਿਫਤ ਲਿਖੀ ਪਰ ਅੱਜ ਉਸੇ ਪੰਜਾਬ ਨੂੰ ਵੇਖ ਕਿ ਰੋਣਾ ਆ ਰਿਹਾ ਹੈ ਕਿ ਜੋਧਿਆਂ ਦੀ ਇਸ ਧਰਤੀ ਨੂੰ ਹੀਰ ਰਾਝੇ, ਸੱਸੀ ਪੁੰਨੂ ਦੀ ਧਰਤੀ ਕਿਹਨੇ ਬਣਾ ਦਿੱਤਾ ? ਅੱਜ ਦੇ ਕਲਾਕਾਰ ਕਿਉਂ ਭੁੱਲ ਗਏ ਯੋਧਿਆਂ ਦੀਆਂ ਵਾਰਾਂ ਗਾਉਣੀਆਂ। ਇਹਨਾਂ ਨੂੰ ਕਿਉਂ ਭੁੱਲ ਗਿਆ ਸਰਦਾਰ ਹਰੀ ਸਿੰਘ ਨਲੂਆ, ਕਿਉਂ ਭੁੱਲ ਗਿਆ ਸਾਮ ਸਿੰਘ ਅਟਾਰੀਵਾਲਾ, ਅਕਾਲੀ ਫੂਲਾ ਸਿੰਘ ਕਿਉਂ ਭੁੱਲ ਗਏ, ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਵਰਗੇ ਯੋਧੇ ? ਇਹ ਹੀਰ ਰਾਝੇ ਈ ਕਿਉਂ ਚੇਤੇ ਰਹਿ ਗਏ। ਇਸ ਪਿੱਛੇ ਜੋ ਕਸੂਰ ਇਹਨਾਂ ਗਾਉਣ ਵਾਲਿਆਂ ਤੇ ਲਿਖਣ ਵਾਲਿਆਂ ਦਾ ਹੈ ਓਹੀ ਕਸੂਰ ਯੂਨੀਵਰਸਿਟੀਆਂ ਦਾ ਵੀ ਹੈ ਜਿੱਥੇ ਹੀਰ ਰਾਝਿਆਂ ਦੇ ਕਿੱਸੇ ਪੜ੍ਹਾ ਕਿ ਉਹਨਾਂ ਉੱਤੇ ਪੀ ਐੱਚ ਡੀ ਕਰਾ ਕਿ ਆਸਕੀ ਕਰਨ ਦੇ ਤਰੀਕੇ ਬਹੁਤ ਹੀ ਚੰਗੇ ਢੰਗ ਨਾਲ ਦੱਸੇ ਜਾਂਦੇ ਹਨ, ਪਰ ਗੌਰ ਕਰੀਏ ਕਿ ਇਹ ਸਭ ਕੁਝ 47 ਤੋਂ ਬਾਅਦ ਈ ਗੰਦ ਵਾੜਿਆ ਗਿਆ ਪਹਿਲਾਂ ਐਹੋ ਜਿਹਾ ਕੁੱਝ ਨਹੀਂ ਸੀ। ਪਹਿਲਾਂ ਗਿਆਨੀ ਕਰਵਾਈ ਜਾਂਦੀ ਸੀ, ਪਰ ਅੱਜ ਜਿਉਂ ਪੜ੍ਹਨ ਲੱਗਦੇ ਆਂ ਇਹਨਾਂ ਨੂੰ ਮੇਰੇ ਖਿਆਲ ’ਚ ਸਤਵੀਂ ਤੋਂ ਲੱਗਦੇ ਆਂ ਪੜ੍ਹਨ ਇਹ ਐਮ ਏ, ਪੀ ਐਚ ਡੀ ਤੱਕ ਖਹਿੜਾ ਈ ਨੀ ਛੱਡਦੇ। ਵਿਦਿਆਰਥੀ ਨੂੰ ਪੂਰਾ ਮਿਰਜਾ ਬਣਾ ਦਿੱਤਾ ਜਾਂਦੈ ਫਿਰ ਉਹ ਕੰਮ ਵੀ ਮਿਰਜਿਆਂ ਸਾਹਿਬਾਂ ਵਾਲੇ ਹੀ ਕਰਦੇ ਨੇ ਤੇ ਫਿਰ ਘਰ ਦੇ ਵੀ ਮੂੰਹ ਢਿੱਲਾ ਜਿਹਾ ਕਰ ਕੇ ਕਹਿ ਦੇਂਦੇ ਨੇ ਮੂੰਡਾ ਤਾਂ ਸਾਡਾ ਸਰੀਫ ਸੀ ਆ ਚੰਨ ਪਤਾ ਨੀ ਕਿਵੇਂ ਚਾੜਤਾ। ਬੰਦਾ ਪੁੱਛੇ ਚੰਨ ’ਤੇ ਚਾੜਨਾ ਈ ਸੀ ਅਗਲੇ ਨੇ ਮਿਰਜਾ ਸਾਹਿਬਾ ਦੀ ਪੜ੍ਹਾਈ ਪੂਰੀ ਰੀਝ ਲਾ ਕੇ ਕੀਤੀ ਹੁੰਦੀ ਆ। ਅੱਛਾ ਫਿਰ ਰਹਿੰਦੀ ਖੂਹਦੀ ਕਸਰ ਮੁੰਡੇ ਦੀ ਆ ਗਾਉਣ ਵਾਲੇ ਕੱਢ ਦੇਂਦੇ ਨੇ। ਇਹ ਵੀ ਦੱਸ ਦੇਂਦੇ ਨੇ ਕਿ ਮਾਂ ਪਿਉ ਨਾ ਰਾਜੀ ਹੋਣ ਕੋਈ ਗੱਲ ਨੀ ਰਫਲਾਂ ਦੀ ਛਾਵੇਂ ਲੈ ਜਿਆ ਕਰੋ। ਬਾਕੀ ਫੈਰ ਫੂਰ ਕਰਨੇ ਹਥਿਆਰਾਂ ਨਾਲ ਖੇਡਨਾ ਬੁਲਟ ਦੇ ਪਟਾਕੇ ਪਾਉਣੇ। ਪਾਬੰਦੀ ਦੇ ਬਾਵਜੂਦ ਵੀ ਫੈਰ ਕਰਨੇ ਇਹ ਬਹੁਤ ਵਧੀਆ ਸਿਖਾ ਦੇਂਦੇ ਨੇ। ਪਤਾ ਨੀ ਕਿੱਦਣ ਸਾਡੀਆਂ ਯੂਨੀਵਰਸਿਟੀਆਂ ’ਚੋਂ ਸਕੂਲਾਂ ਕਾਲਜਾਂ ’ਚੋਂ ਆ ਗੰਦ ਨਿੱਕਲੂ। ਕਦੋਂ ਸਾਡੇ ਨੌਜਵਾਨਾਂ ਨੂੰ ਸਾਡੇ ਜੋਧਿਆਂ ਤੇ ਸੂਰਬੀਰਾਂ ਦਾ ਇਤਿਹਾਸ ਪੜ੍ਹਾਇਆ ਜਾਊ। ਜੇ ਐਵੇ ਈ ਹੁੰਦਾ ਰਿਹਾ ਤਾਂ ਮਾਫ ਕਰਦਿਓ ਇੱਕ ਦਿਨ ਕਹਿਣਾ ਪੈ ਜਾਵੇਗਾ ਕਿ

ਇਹ ਧਰਤੀ ਲੁਚਿਆਂ ਲਫੰਗਿਆਂ ਦੀ, ਏਥੇ ਹੈ ਨੀ ਧੀ ਭੈਣ ਦਾ ਸਤਿਕਾਰ ।

ਸਮਾਂ ਰਹਿੰਦੇ ਜਾਗ ਜਾਈਏ ਤੇ ਇਹਨਾਂ ਗੰਦੇ ਗਾਣੇ ਗਾਉਣ ਵਾਲੇ ਅਤੇ ਇਹੋ ਜਿਹਾ ਗੰਦ ਪੜ੍ਹਾਉਣ ਵਾਲਿਆਂ ਦਾ ਬਾਈਕਾਟ ਕਰੀਏ ਤਾਂ ਕਿ ਮੁੜ ਇਹ ਧਰਤੀ ਬਹਾਦਰਾਂ ਸੂਰਬੀਰਾਂ ਦੀ ਬਣ ਸਕੇ। ਨਹੀ ਤੇ ਇਹ ਪੰਜਾਬ ਨੂੰ, ਸਾਡੇ ਘਰ ਨੂੰ ਅਸੀਂ ਆਪਣੇ ਹੱਥੀ ਖਤਮ ਕਰ ਦੇਵਾਂਗੇ। ਜਿਵੇਂ

ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ ।

ਮੇਰੀ ਕਲਾਕਾਰਾਂ ਨਾਲ ਕੋਈ ਦੁਸਮਣੀ ਨਹੀਂ ਹੈ, ਦੁਸਮਣੀ ਹੈ ਉਹਨਾਂ ਦੀ ਲੱਚਰਤਾ ਨਾਲ, ਉਹਨਾਂ ਦੇ ਗਾਣਿਆਂ ’ਚ ਦਿਖਾਏ ਜਾਂਦੇ ਗੰਦ ਨਾਲ, ਪਰ ਮੈਂ ਦੇਖਿਆ ਕਿ ਬਹੁਤੇ ਲੋਕ ਉਹਨਾਂ ਕਲਾਕਾਰਾਂ ਦਾ ਸਾਥ ਦੇਂਦੇ ਨੇ ਜਿਨ੍ਹਾਂ ਕਲਾਕਾਰਾਂ ਵੇ ਸਰੇਆਮ ਧੀਆਂ ਭੈਣਾਂ ਨੂੰ ਬਦਨਾਮ ਕੀਤਾ ਹੈ, ਪਰ ਮੈਂ ਓਦੋਂ ਬੜਾ ਹੈਰਾਨ ਹੋਇਆ ਜਦੋਂ ਇੱਕ ਗਾਉਣ ਵਾਲੀ ਖੁਦ ਹੀ ਸਟੇਜ ’ਤੇ ਆਪਣੇ ਆਪ ਨੂੰ ਪਟੋਲਾ ਕਹਿ ਰਹੀ ਹੈ। ਮਾਫ ਕਰਿਓ ਮੈਨੂੰ ਤਾਂ ਏਹੋ ਜਿਹੇ ਸਬਦ ਲਿਖਣ ਲੱਗਿਆਂ ਵੀ ਸ਼ਰਮ ਆਉਂਦੀ ਐ ਤੇ ਸੋਚਦਾ ਵੀ ਲੋਕ ਕੀ ਕਹਿਣਗੇ ਕਿ ਕਿਹੋ ਜਿਹੀ ਭਾਸ਼ਾ ਵਰਤ ਰਿਹਾ ਏ, ਪਰ ਧੰਨ ਜਿਗਰਾ ਉਸ ਕੁੜੀ ਦਾ, ਜਿਹੜੀ ਸਾਰਿਆਂ ਦੇ ਸਾਹਮਣੇ ਆਪਣੇ ਆਪ ਨੂੰ ਕਹਿ ਰਹੀ ਐ। ਮੰਨ ਗੇ ਵੀ ਗਾਉਣ ਵਾਲਿਓ ਤੇ ਗਾਉਣ ਵਾਲੀਓ ਥੋਡੀ ਸਰਦਾਰੀ ਨੂੰ, ਸੋਚ ਬਹੁਤ ਉੱਚੀ ਆ ਬਾਈ ਥੋਡੀ। ਮੈਂ ਤਾਂ ਪੜ੍ਹਿਆ ਤੇ ਸੁਣਿਆ ਵੀ ਸੰਗੀਤ ਰੂਹ ਦੀ ਖੁਰਾਕ ਐ ਤੇ ਰੱਬ ਨੂੰ ਮਿਲਣ ਦਾ ਇੱਕ ਜਰੀਆ ਹੈ, ਪਰ ਥੋਡੀ ਗਾਇਕੀ ਤੇ ਰੱਬ ਦੇ ਨੇੜੇ ਤੇੜੇ ਵੀ ਨਹੀਂ। ਚੱਲੋ, ਰੱਬ ਦੀ ਗੱਲ ਵੀ ਛੱਡੀਏ ਥੋਡੀ ਗਾਇਕੀ ਤਾਂ ਸਮਾਜਿਕ ਰਹੁ ਰੀਤਾਂ ਦੇ ਵੀ ਨੇੜੇ ਤੇੜੇ ਨਹੀਂ ਤੁਸੀਂ ਤਾਂ ਉਹਨਾਂ ਨੂੰ ਵੀ ਤੋੜੀ ਜਾਂਦੇ ਓ। 

ਵੀਰੋ ! ਕਦੇ ਸਮਾਂ ਸੀ ਜਦੋਂ ਇੱਕ ਧੀ ਬਾਬਲ ਦੇ ਤੇ ਵੀਰਾਂ ਦੇ ਸਾਹਮਣੇ ਨੰਗੇ ਸਿਰ ਨਹੀਂ ਸੀ ਜਾਂਦੀ ਪਰ ਅੱਜ ਉਹੀ ਧੀ ਬਾਬਲਾਂ ਦੇ ਸਾਹਮਣੇ ਸਟੇਜ ’ਤੇ ਖੜ੍ਹ ਕੇ ਗਾ ਰਹੀ ਐ ਬੀ ‘ਮੇਰੀ ਗੁੱਤ ਨੇ ਸੱਪਾਂ ਨੂੰ ਵੀ ਡੰਗ ਸਿਖਾਏ ਨੇ’। ਓ ਭੈਣੇ ! ਕਦੀ ਸੋਚ ਕੇ ਦੇਖ ਬੀ ਗੁਰੂ ਗੋਬਿੰਦ ਸਿੰਘ ਨੇ ਏਸੇ ਕਰ ਕੇ ਕੇਸ ਰੱਖਣ ਨੂੰ ਕਿਹਾ ਸੀ  ? ਤੂੰ ਚਾਰ ਪੈਸਿਆਂ ਲਈ ਗੁੱਤ ਨੂੰ ਵੀ ਬਦਨਾਮ ਕਰਤਾ। ਕੀ ਕਰਾਂ ਮਜਬੂਰ ਆਂ ਲਿਖਣ ਲਈ। ਜੇ ਨਾ ਜਾਗੇ ਉਹ ਸਮਾਂ ਦੂਰ ਨਹੀਂ ਜਦੋਂ ਏਹ ਸਰੇਆਮ ਧੀਆਂ ਭੈਣਾਂ ਨੂੰ ਸਟੇਜਾਂ ’ਤੇ ਨਿਰਬਸਤਰ ਨਚਾਉਣਗੇ ਤੇ ਅਸੀ ਅੱਜ ਵਾਂਗੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਟੀ ਵੀ ਮੂਹਰੇ ਬੈਠ ਕੇ ਅੱਖਾਂ ਪਾੜ ਪਾੜ ਕੇ ਇਹਨਾਂ ਨੂੰ ਵੇਖ ਰਹੇ ਹੋਵਾਂਗੇ। ਕਈ ਵੀਰ ਵਿਰੋਧ ਵੀ ਕਰਦੇ ਨੇ ਪਰ ਕੋਈ ਪਰਵਾਹ ਨਹੀਂ ਅਕਸਰ ਜਿਹੜੇ ਲੋਕ ਕੂੜ ਦਾ ਬਾਈਕਾਟ ਕਰਦੇ ਨੇ ਉਹ ਲੋਕਾਂ ਨੂੰ ਵੈਸੇ ਵੀ ਘੱਟ ਈ ਚੰਗੇ ਲੱਗਦੇ, ਪਰ ਹੁਣ ਪਿੱਛੇ ਨੀ ਹਟਣਾ ਤੁਹਾਨੂੰ ਭਰਾ ਤੇ ਭੈਣ ਕਹਿ ਕੇ ਸਮਝਾ ਰਿਹਾਂ, ਸਮਝ ਜਾਵੋ, ਚੰਗਾ ਗਾਵੋ, ਚੰਗਾ ਦਿਖਾਵੋ, ਚੰਗਾ ਪਹਿਨੋ। ਹਾਂ, ਜਿਹੜੇ ਚੰਗਾ ਗਾਉਂਦੇ ਨੇ ਉਹ ਵਧਾਈ ਦੇ ਪਾਤਰ ਨੇ। ਜਿਹੜੇ ਨਹੀਂ ਸਮਝਣ ਗੇ ਉਹਨਾਂ ਦਾ ਥਾਂ ਥਾਂ ’ਤੇ ਵਿਰੋਧ ਕਰਾਂਗਾ। ਗੁਰੂ ਕਿਰਪਾ ਕਰੇ ਪੰਜਾਬ ਵਿੱਚੋਂ ਲੱਚਰਤਾ ਖ਼ਤਮ ਹੋਏ ਧੀਆਂ ਭੈਣਾਂ ਦਾ ਸਤਿਕਾਰ ਵਧੇ।

ਆਓ, ਹੰਭਲਾ ਮਾਰੀਏ ਘਰਾਂ ’ਚੋਂ ਹੀ ਸ਼ੁਰੂ ਕਰੀਏ ਬੱਚਿਆਂ ਦੇ ਮੋਬਾਇਲਾਂ ਵਿੱਚੋਂ ਲੱਚਰਤਾ ਬਾਹਰ ਕੱਢੀਏ, ਲੱਚਰ ਗਾਇਕੀ ਨੂੰ ਭਜਾਈਏ ਸਿੱਖ ਵਿਰਸੇ ਨੂੰ ਬਚਾਈਏ।

ਭੁੱਲ ਚੁੱਕ ਲਈ ਖਿਮਾਂ।

ਅੱਗੇ ਤੋਂ ਸਾਰੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਏ ਜਾਣਗੇ ਨਾਨਕਸ਼ਾਹੀ ਕੈਲੰਡਰ ਅਨੁਸਾਰ: ਕੈਪਟਨ ਮੱਲ ਸਿੰਘ

0

ਅੱਗੇ ਤੋਂ ਸਾਰੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਏ ਜਾਣਗੇ ਨਾਨਕਸ਼ਾਹੀ ਕੈਲੰਡਰ ਅਨੁਸਾਰ: ਕੈਪਟਨ ਮੱਲ ਸਿੰਘ

1984 ’ਚ 3 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅਤੇ 6 ਜੂਨ ਨੂੰ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਹੋਈ ਸੀ। ਸਿੱਖ ਕੌਮ ਸੰਤ ਜਰਨੈਲ ਸਿੰਘ ਦਾ ਸ਼ਹੀਦੀ ਦਿਹਾੜਾ ਤਾਂ ਹਰ ਸਾਲ 6 ਜੂਨ ਨੂੰ ਮਨਾਉਂਦੀ ਹੈ ਪਰ ਕੀ ਕਾਰਨ ਹੈ ਕਿ ਉਸ ਤੋਂ ਪਿੱਛੋਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅੱਜ ਤੱਕ ਕਦੀ ਵੀ 3 ਜੂਨ ਨਹੀਂ ਆਇਆ ? : ਡਾ. ਹਰਦੀਪ ਸਿੰਘ

ਸ਼੍ਰੋਮਣੀ ਕਮੇਟੀ ਵੱਲੋਂ ਵਿਗਾੜਿਆ ਹੋਇਆ ਕੈਲੰਡਰ ਤਿੰਨ ਪ੍ਰਣਾਲੀਆਂ ’ਤੇ ਅਧਾਰਤ ਹੈ। ਗੁਰਪੁਰਬ ਚੰਦਰਮਾਂ ਦੀਆਂ ਤਿੱਥਾਂ ਮੁਤਾਬਿਕ, ਪੁਰਾਤਨ ਸਿੱਖ ਇਤਿਹਾਸਕ ਦਿਹਾੜੇ ਸੂਰਜੀ ਤਰੀਖਾਂ ਮੁਤਾਬਿਕ ਅਤੇ ਨਵੀਨ ਇਤਿਹਾਸਕ ਦਿਹਾੜੇ ਈਸਵੀ ਕੈਲੰਡਰ ਮੁਤਾਬਿਕ ਮਨਾਏ ਜਾਂਦੇ ਹਨ ਇਸੇ ਕਾਰਨ ਕੋਈ ਵੀ ਦਿਹਾੜਾ ਕਦੀ ਵੀ ਨਿਸਚਤ ਤਰੀਖਾਂ ਨੂੰ ਨਹੀਂ ਆਉਂਦਾ : ਕਿਰਪਾਲ ਸਿੰਘ

ਬਠਿੰਡਾ, 19 ਜੂਨ (ਕਿਰਪਾਲ ਸਿੰਘ ): ਅੱਗੇ ਤੋਂ ਸਾਰੇ ਗੁਰਪੁਰਬ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਜਾਇਆ ਕਰਨਗੇ। ਇਹ ਐਲਾਨ ਬੀਤੇ ਦਿਨ ਭਾਈ ਮਤੀਦਾਸ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੀਤੇ ਗਏ ਸਮਾਗਮ ਦੀ ਸਮਾਪਤੀ ਉਪ੍ਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੈਪਟਨ ਮੱਲ ਸਿੰਘ ਨੇ ਕੀਤਾ। ਇਹ ਦੱਸਣਯੋਗ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 2 ਹਾੜ 16 ਜੂਨ ਨੂੰ ਹੀ ਹੁੰਦਾ ਹੈ ਪਰ ਐਤਵਾਰ ਦੀ ਛੁੱਟੀ ਹੋਣ ਕਰ ਕੇ ਬੀਤੇ ਦਿਨ ਇਹ 18 ਜੂਨ ਨੂੰ ਮਨਾਇਆ ਗਿਆ। ਸਮਾਗਮ ਦੀ ਅਰੰਭਤਾ ਭਾਈ ਤਰਸੇਮ ਸਿੰਘ ਹਰਰਾਇਪੁਰ ਵਾਲਿਆਂ ਦੇ ਕੀਰਤਨੀ ਜਥੇ ਨੇ ਰਸਭਿੰਨੇ ਸ਼ਬਦ ਕੀਰਤਨ ਰਾਹੀਂ ਕੀਤੀ। ਕੀਰਤਨ ਦੀ ਸਮਾਪਤੀ ਉਪ੍ਰੰਤ ਭਾਈ ਹਰਦੀਪ ਸਿੰਘ (ਡਾ:) ਖਿਆਲੀਵਾਲੇ ਨੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਪਿੱਛੇ ਮੁੱਖ ਕਾਰਨਾਂ ਨੂੰ ਸੰਗਤ ਨਾਲ ਵਿਸਥਾਰ ਸਹਿਤ ਸਾਂਝੇ ਕਰਦਿਆਂ ਦੱਸਿਆ ਕਿ ਭਾਵੇਂ ਸ਼ਹੀਦੀ ਦਾ ਇੱਕ ਕਾਰਨ ਗੁਰੂ ਸਾਹਿਬ ਜੀ ਵੱਲੋਂ ਸੰਗਤਾਂ ਦੇ ਕਹਿਣ ’ਤੇ ਆਪਣੇ ਸਾਹਿਬਜ਼ਾਦੇ (ਗੁਰੂ) ਹਰਗੋਬਿੰਦ ਸਾਹਿਬ ਜੀ ਲਈ ਚੰਦੂ ਦੀ ਲੜਕੀ ਦਾ ਰਿਸ਼ਤਾ ਅਪ੍ਰਵਾਨ ਕਰਨਾ ਵੀ ਸੀ ਪਰ ਸਿਰਫ ਇਹੀ ਮੁੱਖ ਕਾਰਨ ਨਹੀਂ ਸੀ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਮੌਕੇ ਗੁਰਬਾਣੀ ਦੀ ਕਸਵੱਟੀ ’ਤੇ ਪੂਰੀ ਨਾ ਉਤਰਨ ਵਾਲੀ ਕਾਨ੍ਹੇ, ਪੀਲੂ, ਛੱਜੂ, ਸ਼ਾਹ ਹੁਸੈਨ ਆਦਿਕ ਦੀ ਕੱਚੀ ਰਚਨਾ ਨੂੰ ਦਰਜ ਕਰਨ ਤੋਂ ਨਾਂਹ ਕਰ ਕੇ ਸਿਧਾਂਤ ’ਤੇ ਪਹਿਰਾ ਦੇਣ ਦੀ ਦ੍ਰਿੜਤਾ ਵਿਖਾਉਣੀ, ਧਰਮ ਦੇ ਪਰਦੇ ਹੇਠ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਪੁਜਾਰੀਆਂ ਤੇ ਰਾਜਿਆਂ ਦੇ ਗਠਜੋੜ ਦੀ, ਗੁਰੂ ਅਰਜਨ ਸਾਹਿਬ ਜੀ ਦੀ ਵੱਧ ਰਹੀ ਲੋਕਪ੍ਰਿਯਤਾ ਤੋਂ ਪ੍ਰੇਸ਼ਾਨੀ ਅਤੇ ਗੁਰਗੱਦੀ ਪ੍ਰਾਪਤ ਕਰਨ ਦੀ ਲਾਲਸਾ ਅਧੀਨ ਗੁਰੂ ਸਾਹਿਬ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਵੱਲੋਂ ਗੁਰੂ ਘਰ ਦੀ ਵਿਰੋਧਤਾ ਆਦਿਕ ਮੁੱਖ ਕਰਨ ਸਨ ਜਿਨ੍ਹਾਂ ਨੂੰ ਜਹਾਂਗੀਰ ਤੱਕ ਪਹੁੰਚਾਉਣ ਲਈ ਉਸ ਦੇ ਅਹਿਲਕਾਰ ਚੰਦੂ ਨੇ ਇੱਕ ਕੜੀ ਦਾ ਕੰਮ ਕਰਕੇ ਸ਼ਹੀਦੀ ਲਈ ਪੂਰਾ ਤਾਣਾ ਬਾਣਾ ਉਣ ਕੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ  ਦਾ ਬੱਜਰ ਪਾਪ ਕੀਤਾ । ਡਾ: ਹਰਦੀਪ ਸਿੰਘ ਨੇ ਕਿਹਾ ਕਿ ਇਹ ਹਾਲਤ ਸਿਰਫ ਗੁਰੂ ਸਾਹਿਬ ਜੀ ਦੀ ਸ਼ਹੀਦੀ ਮੌਕੇ ਹੀ ਨਹੀਂ ਸਨ ਬਲਕਿ ਗੁਰਬਾਣੀ ਦਾ ਸੱਚ ਲੋਕਾਂ ਤੱਕ ਪਹੁੰਚਾਉਣ ਤੋਂ ਰੋਕਣ ਲਈ ਅੱਜ ਵੀ ਮੌਜੂਦ ਹਨ; ਜਿਸ ਦੀ ਉੱਘੀ ਉਦਾਹਰਣ ਹੈ ਕਿ ਡੇਰਾਵਾਦ (ਪੂਜਾਰੀਵਾਦ) ’ਚੋਂ ਨਿਕਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਦੋਂ ਤੱਕ ਹੋਰਨਾਂ ਡੇਰੇਦਾਰਾਂ ਵਾਂਗ ਗੁਰਬਾਣੀ ਦੀ ਕਸਵੱਟੀ ’ਤੇ ਪੂਰਾ ਨਾ ਉਤਰਨ ਵਾਲਾ ਵਿਰੋਧੀਆਂ ਵੱਲੋਂ ਲਿਖੀਆ ਇਤਿਹਾਸ ਸੁਣਾ ਕੇ ਆਪਣਾ ਪਾਖੰਡਵਾਦ ਚਲਾਉਂਦੇ ਰਹੇ ਉਤਨੀ ਦੇਰ ਤੱਕ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ ਸੀ ਸਗੋਂ ਉਨ੍ਹਾਂ ਨੂੰ ਪੂਰਨ ਬ੍ਰਹਮਗਿਆਨੀ ਸੰਤ ਮਹਾਰਾਜ ਕਹਿ ਕੇ ਆਦਰ ਸਤਿਕਾਰ ਵੀ ਦਿੰਦੇ ਰਹੇ ਪਰ ਜਦੋਂ ਹੀ ਉਨ੍ਹਾਂ ਨੂੰ ਗੁਰਬਾਣੀ ਦਾ ਸੱਚ ਸਮਝ ਆਇਆ ਤਾਂ ਉਨ੍ਹਾਂ ਨੇ ਗੁਰਬਾਣੀ ’ਤੇ ਖ਼ਰਾ ਨਾ ਉਤਰਨ ਵਾਲੀਆਂ ਮਨਘੜਤ ਸਾਖੀਆਂ ਸੁਣਾਉਣ ਦਾ ਪੂਰਨ ਤੌਰ ’ਤੇ ਤਿਆਗ ਕਰ ਕੇ ਨਿਰੋਲ ਗੁਰਬਾਣੀ ਦਾ ਸੱਚ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਤਾਂ ਤੁਰੰਤ ਉਨ੍ਹਾਂ ’ਤੇ ਹਮਲੇ ਹੋਣੇ ਸ਼ੁਰੂ ਹੋ ਗਏ । ਭਾਈ ਹਰਦੀਪ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਉਣਾ ਤਾਂ ਹੀ ਸਫਲ ਹੈ ਜੇ ਕਰ ਅਸੀਂ ਉਨ੍ਹਾਂ ਤੋਂ ਪ੍ਰੇਰਣਾਂ ਲੈ ਕੇ ਸੱਚ ’ਤੇ ਪਹਿਰਾ ਦੇਣ ਦੀ ਜਾਚ ਸਿੱਖਣ ਵੱਲ ਵਧਣਾ ਸ਼ੁਰੂ ਕਰੀਏ। ਗੁਰਮਤਿ ਅਤੇ ਇਤਿਹਾਸਕ ਵੀਚਾਰਾਂ ਉਪ੍ਰੰਤ ਨਾਨਕਸ਼ਾਹੀ ਕੈਲੰਡਰ ਵੱਲ ਪ੍ਰਤਦਿਆਂ ਭਾਈ ਹਰਦੀਪ ਸਿੰਘ ਨੇ ਕਿਹਾ ਕਿ 1984 ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 3 ਜੂਨ ਨੂੰ ਸੀ ਜਿਸ ਦਿਨ ਪੰਜਾਬ ਵਿੱਚ ਕਰਫਿਊ ਲਾ ਕੇ ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰਾ ਪਾ ਲਿਆ, 4 ਜੂਨ ਨੂੰ ਦਰਬਾਰ ਸਾਹਿਬ ’ਤੇ ਹਮਲਾ ਕਰ ਦਿੱਤਾ ਜਿਸ ਨੂੰ ਸਿੱਖ ਕੌਮ ਤੀਜੇ ਘੱਲੂਘਾਰੇ ਦਾ ਨਾਮ ਦਿੰਦੀ ਹੈ ਅਤੇ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਹੋਰ ਸਾਥੀ ਸ਼ਹੀਦ ਕਰ ਦਿੱਤੇ ਗਏ। ਸਿੱਖ ਕੌਮ ਸੰਤ ਜਰਨੈਲ ਸਿੰਘ ਦਾ ਸ਼ਹੀਦੀ ਦਿਹਾੜਾ ਹਰ ਸਾਲ 6 ਜੂਨ ਨੂੰ ਮਨਾਉਂਦੀ ਹੈ ਪਰ ਕੀ ਕਾਰਨ ਹੈ ਕਿ ਉਸ ਤੋਂ ਪਿੱਛੋਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅੱਜ ਤੱਕ ਕਦੀ ਵੀ 3 ਜੂਨ ਨਹੀਂ ਆਇਆ ?  ਇਸੇ ਕਾਰਨ ਤੀਜੇ ਘੱਲੂਘਾਰੇ ਤੇ ਸੰਤ ਜਰਨੈਲ ਸਿੰਘ ਦਾ ਸ਼ਹੀਦੀ ਦਿਨ ਤਾਂ ਸਾਨੂੰ ਸਭ ਨੂੰ ਯਾਦ ਹੈ ਪਰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਕਿਸੇ ਨੂੰ ਵੀ ਯਾਦ ਨਹੀਂ ਰਹਿੰਦਾ।

ਇਸ ਉਪ੍ਰੰਤ ਭਾਈ ਕਿਰਪਾਲ ਸਿੰਘ ਨੇ ਦੱਸਿਆ ਕਿ ਇਸ ਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਵਿਗਾੜਿਆ ਹੋਇਆ ਕੈਲੰਡਰ ਤਿੰਨ ਪ੍ਰਣਾਲੀਆਂ ’ਤੇ ਅਧਾਰਿਤ ਹੈ। ਗੁਰਪੁਰਬ ਚੰਦਰਮਾਂ ਦੀਆਂ ਤਿੱਥਾਂ ਮੁਤਾਬਿਕ ਮਨਾਏ ਜਾਂਦੇ ਹਨ ਜਿਸ ਦੇ ਸਾਲ ਦੀ ਲੰਬਾਈ ਕਦੀ 354/55 ਦਿਨ ਅਤੇ ਕਦੀ 383/84 ਦਿਨ ਹੋ ਜਾਂਦੀ ਹੈ, ਪੁਰਾਤਨ ਸਿੱਖ ਇਤਿਹਾਸਕ ਦਿਹਾੜੇ ਜਿਵੇਂ ਕਿ ਸਾਹਿਬਜ਼ਾਦਿਆਂ ਤੇ ਗੁਰਸਿੱਖਾਂ ਦੇ ਸ਼ਹੀਦੀ ਦਿਹਾੜੇ ਤੇ ਹੋਰ ਅਹਿਮ ਘਟਨਾਵਾਂ ਸੂਰਜੀ ਤਰੀਖਾਂ ਮੁਤਾਬਿਕ ਮਨਾਏ ਜਾਂਦੇ ਹਨ ਜਿਸ ਦੇ ਸਾਲ ਦੀ ਲੰਬਾਈ 365/66 ਦਿਨ ਹੈ, ਅੰਗਰੇਜਾਂ ਵੱਲੋਂ ਭਾਰਤ ’ਤੇ ਕਬਜ਼ਾ ਕੀਤੇ ਜਾਣ ਉਪ੍ਰੰਤ ਇੱਥੇ ਈਸਵੀ ਕੈਲੰਡਰ ਲਾਗੂ ਹੋ ਗਿਆ ਇਸ ਲਈ ਨਵੀਨ ਇਤਿਹਾਸਕ ਦਿਹਾੜੇ ਈਸਵੀ ਕੈਲੰਡਰ ਮੁਤਾਬਿਕ ਮਨਾਏ ਜਾਂਦੇ ਹਨ। ਇਹੋ ਕਾਰਨ ਹੈ ਕਿ ਗੁਰੂ ਅਰਜਨ ਸਾਹਿਬ ਜੀ ਤੇ ਸੰਤ ਜਰਨੈਲ ਸਿੰਘ ਦੇ ਸ਼ਹੀਦੀ ਦਿਨਾਂ ਦੀ ਤਰਤੀਬ ਨਾ ਮਿਲਣ ਤੋਂ ਇਲਾਵਾ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੂਰਜੀ ਤਰੀਖ 23 ਪੋਹ ਦੀ ਬਜਾਏ  ਚੰਦਰਮਾਂ ਦੇ ਹਿਸਾਬ ਪੋਹ ਸੁਦੀ 7 ਨੂੰ ਮਨਾਏ ਜਾਣ ਕਰਕੇ ਕਦੀ ਗੁਰੂ ਸਾਹਿਬ ਜੀ ਦਾ ਗੁਰਪੁਰਬ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਤੋਂ ਪਹਿਲਾਂ; ਕਦੀ ਪਿੱਛੋਂ ਆਉਂਦਾ ਹੈ ਤੇ ਕਦੀ ਕਦੀ ਦੋਵੇਂ ਦਿਹਾੜੇ ਇਕੱਠੇ ਵੀ ਆ ਜਾਂਦੇ ਹਨ ਜਿਵੇਂ ਕਿ ਸੰਨ 1995 ਅਤੇ 2014 ’ਚ ਪੋਹ ਸੁਦੀ 7 ਅਤੇ 13 ਪੋਹ ਦੋਵੇਂ ਹੀ ਇਕੱਠੇ 28 ਦਸੰਬਰ ਨੂੰ ਆਉਣ ਕਰਕੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਇਕੱਠੇ ਆਏ ਸਨ ਅਤੇ 1982 ’ਚ ਪੋਹ ਸੁਦੀ 7 ਅਤੇ 8 ਪੋਹ ਦੋਵੇਂ ਹੀ ਇਕੱਠੇ 22 ਦਸੰਬਰ ਨੂੰ ਆਉਣ ਕਰਕੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇੱਕੋ ਦਿਨ ਆਏ ਸਨ। ਬਿਕ੍ਰਮੀ ਕੈਲੰਡਰ ਅਤੇ ਈਸਵੀ ਕੈਲੰਡਰ ਦੋਵਾਂ ਦੇ ਸਾਲਾਂ ਦੀ ਹੀ ਲੰਬਾਈ ਭਾਵੇਂ 365/66 ਦਿਨ ਹੈ ਪਰ ਕਿਉਂਕਿ ਈਸਵੀ ਸਾਲ ਦੀ ਲੰਬਾਈ ਰੁੱਤੀ ਸਾਲ ਦੀ ਲੰਬਾਈ ਦੇ ਬਹੁਤ ਜੀ ਨਜ਼ਦੀਕ ਹੈ ਜਦੋਂ ਕਿ ਬਿਕ੍ਰਮੀ ਸਾਲ ਦੀ ਲੰਬਾਈ ਪਹਿਲਾਂ ਰੁੱਤੀ ਸਾਲ ਨਾਲੋਂ 24 ਮਿੰਟ ਵੱਧ ਅਤੇ ਹਿੰਦੂ ਵਿਦਵਾਨਾਂ ਵੱਲੋਂ 1964 ਵਿੱਚ ਕੀਤੀ ਸੋਧ ਉਪ੍ਰੰਤ ਤਕਰੀਬਨ 20 ਮਿੰਟ ਵੱਧ ਹੋਣ ਕਰਕੇ ਇਨ੍ਹਾਂ ਦੋਵਾਂ ਕੈਲੰਡਰਾਂ ਦੀ ਤਰੀਖਾਂ ਵੀ ਸਮੇਂ ਦੀ ਚਾਲ ਨਾਲ ਆਪਣਾ ਤਾਲਮੇਲ ਬਣਾ ਕੇ ਨਹੀਂ ਰੱਖ ਸਕਦੀਆਂ; ਜਿਵੇਂ ਕਿ 1699 ਦੀ ਵੈਸਾਖੀ 29 ਮਾਰਚ ਨੂੰ ਆਈ ਸੀ ਪਰ ਅੱਜ ਕੱਲ੍ਹ 13 ਜਾਂ 14 ਅਪ੍ਰੈਲ ਨੂੰ ਆ ਰਹੀ ਹੈ। ਕੇਵਲ 20 ਮਿੰਟ ਦਾ ਫਰਕ ਹੋਣ ਕਰਕੇ ਸਦੀਆਂ ਪਿੱਛੋਂ ਇਤਨਾ ਫਰਕ ਤਾਂ ਸਮਝਿਆ ਜਾ ਸਕਦਾ ਹੈ ਪਰ ਹਰ ਦੋ ਸਾਲ ਬਾਅਦ ਹੀ ਵੈਸਾਖੀ ਦੀ ਤਰੀਖ ਬਦਲ ਜਾਣੀ ਹੈਰਾਨੀਜਨਕ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਵੀ ਹਰ ਸਾਲ ਬਦਲ ਜਾਂਦੀ ਹੈ ਭਾਵ ਜਿਹੜਾ ਮਹੀਨਾ ਇਸ ਸਾਲ 29 ਦਿਨਾਂ ਦਾ ਹੈ ਉਹ ਅਗਲੇ ਸਾਲ 30 ਦਿਨਾਂ ਦਾ ਹੈ; ਜਿਹੜਾ ਇਸ ਸਾਲ 30 ਦਿਨਾਂ ਦਾ ਹੈ ਉਹ ਅਗਲੇ ਸਾਲ 31 ਦਿਨ ਅਤੇ ਜਿਹੜਾ 31 ਦਿਨਾਂ ਦਾ ਉਹ ਅਗਲੇ ਸਾਲ 32 ਦਿਨਾਂ ਦਾ ਹੋ ਜਾਂਦਾ ਹੈ ਅਤੇ ਦੋ ਸਾਲਾਂ ਪਿੱਛੋਂ ਫਿਰ ਆਪਣੀ ਪਹਿਲੀ ਗਿਣਤੀ ਵਾਲਾ ਹੋ ਜਾਂਦਾ ਹੈ। ਸਾਰੇ ਮਹੀਨਿਆਂ ਦਾ ਹਾਲ ਇੱਕੋ ਜਿਹਾ ਹੀ ਹੈ ਪਰ ਆਪਾਂ ਉਦਾਹਰਣ ਸਿਰਫ ਵੈਸਾਖੀ ਭਾਵ ਪਹਿਲੀ ਵੈਸਾਖ ਦੀ ਲੈਂਦੇ ਹਾਂ। ਜੇ ਪਿਛਲੇ ਸਾਲਾਂ ਦੇ ਕੈਲੰਡਰ ਵੇਖੋ ਤਾਂ ਪਤਾ ਚਲੇਗਾ ਕਿ ਸਾਲ 1999 ਵਿੱਚ ਵੈਸਾਖੀ 14 ਅਪ੍ਰੈਲ ਦੀ ਸੀ, 2000 ਵਿੱਚ 12 ਅਪ੍ਰੈਲ, 2001 ਅਤੇ 2002 ਵਿੱਚ 13 ਅਪ੍ਰੈਲ, 2003 ਵਿੱਚ 14 ਅਪ੍ਰੈਲ, 2004 ਅਤੇ 2005 ਵਿੱਚ 13 ਅਪ੍ਰੈਲ, 2006 ਅਤੇ 2007 ਵਿੱਚ 14 ਅਪ੍ਰੈਲ, 2008 ਅਤੇ 2009 ਵਿੱਚ 13 ਅਪ੍ਰੈਲ 2010 ਅਤੇ 2011 ਵਿੱਚ 14 ਅਪ੍ਰੈਲ 2012 ਅਤੇ 2013 ਵਿੱਚ 13 ਅਪ੍ਰੈਲ, 2014 ਅਤੇ 2015 ਵਿੱਚ 14 ਅਪ੍ਰੈਲ 2016 ਅਤੇ 2017 ਵਿੱਚ 13 ਅਪ੍ਰੈਲ ਨੂੰ ਆਈ ਸੀ; ਅਗਲੇ ਸਾਲ ਭਾਵ 2018 ਵਿੱਚ ਫਿਰ 14 ਅਪ੍ਰੈਲ ਨੂੰ ਆਵੇਗੀ। ਇਸ ਦਾ ਕਾਰਨ ਇਹ ਹੈ ਕਿ 14 ਮਾਰਚ ਨੂੰ ਹੀ ਸ਼ੁਰੂ ਹੋਇਆ ਚੇਤ ਮਹੀਨਾ ਜਦੋਂ 30 ਦਿਨਾਂ ਦਾ ਹੁੰਦਾ ਹੈ ਤਾਂ ਉਸ ਤੋਂ ਅਗਲੇ ਮਹੀਨੇ ਵੈਸਾਖ ਦੀ ਪਹਿਲੀ ਤਰੀਖ ਭਾਵ ਵੈਸਾਖੀ 13 ਅਪ੍ਰੈਲ ਦੀ ਅਤੇ ਜਦੋਂ 31 ਦਿਨਾਂ ਦਾ ਹੋ ਜਾਂਦਾ ਹੈ ਤਾਂ ਵੈਸਾਖੀ 14 ਅਪ੍ਰੈਲ ਦੀ ਹੋ ਜਾਂਦੀ ਹੈ।

ਸੋ ਬਿਕ੍ਰਮੀ ਕੈਲੰਡਰ ’ਚ ਇਤਨਾ ਗੋਰਖ ਧੰਦਾ ਹੈ ਕਿ ਇਸ ਦੀ ਸਾਧਾਰਨ ਮਨੁੱਖ ਨੂੰ ਸਮਝ ਆ ਹੀ ਨਹੀਂ ਸਕਦੀ ਅਤੇ ਨਾ ਹੀ ਕਦੀ ਦਿਨ ਦਿਹਾੜੇ, ਨਿਸਚਿਤ ਤਰੀਖਾਂ ਨੂੰ ਆ ਸਕਦੇ ਹਨ। ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਬਿਲਕੁਲ ਈਸਵੀ ਸਾਲ ਦੇ ਬਰਾਬਰ ਅਤੇ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸਚਿਤ ਕੀਤੇ ਜਾਣ ਸਦਕੇ ਵੈਸਾਖੀ ਹਰ ਸਾਲ 14 ਅਪ੍ਰੈਲ ਨੂੰ ਹੀ ਆਵੇਗੀ ਤੇ ਸਾਰੇ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਸੂਰਜੀ ਤਰੀਖਾਂ ਮੁਤਾਬਿਕ ਨਿਸਚਿਤ ਕੀਤੇ ਜਾਣ ਸਦਕਾ ਹਮੇਸ਼ਾਂ ਹਮੇਸ਼ਾਂ ਲਈ ਨਿਸਚਿਤ ਤਰੀਖਾਂ ਨੂੰ ਹੀ ਆਉਣਗੇ ਜਿਵੇਂ ਕਿ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ/ 21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦਾ ਦਿਹਾੜਾ 13 ਪੋਹ/ 26 ਦਸੰਬਰ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ/ 5 ਜਨਵਰੀ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ/ 16 ਜੂਨ ਨੂੰ ਹਰ ਸਾਲ ਹੀ ਆਉਣਗੇ। ਜੇ ਕਰ ਨਾਨਕਸ਼ਾਹੀ ਕੈਲੰਡਰ 1984 ਤੋਂ ਪਹਿਲਾਂ ਲਾਗੂ ਹੋਇਆ ਹੁੰਦਾ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ, ਤੀਜਾ ਘੱਲੂਘਾਰਾ ਅਤੇ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਦਿਨਾਂ ਦੀ ਤਰਤੀਬ ਹਮੇਸ਼ਾਂ ਲਈ ਇੱਕੋ ਰਹਿਣੀ ਸੀ ਪਰ 1999 ਨੂੰ ਆਧਾਰ ਮੰਨ ਕੇ ਲਾਗੂ ਹੋਏ ਕੈਲੰਡਰ ਸਦਕਾ ਹੁਣ ਸੰਤਾਂ ਦੀ ਸ਼ਹੀਦੀ 6 ਜੂਨ ਅਤੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ 16 ਜੂਨ ਨੂੰ ਆਉਂਦੀ ਰਹੇਗੀ। ਸਿੱਖਾਂ ਦਾ ਫਰਜ ਬਣਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਵਿਗਾੜੇ ਕੈਲੰਡਰ ਦਾ ਖਹਿੜਾ ਛੱਡ ਕੇ ਇੱਕ ਅਕਾਲ ਪੁਰਖ, ਇੱਕ ਗੁਰੂ ਗ੍ਰੰਥ ਸਾਹਿਬ ਜੀ, ਇੱਕ ਸਿੱਖ ਰਹਿਤ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਨਾਲ ਹੀ ਜੁੜਨ ।

ਸਮਾਗਮ ਦੀ ਸਮਾਪਤੀ ਉਪ੍ਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੈਪਟਨ ਮੱਲ ਸਿੰਘ ਨੇ ਹਾਜਰ ਸੰਗਤ ਦੀ ਸਹਿਮਤੀ ਲੈ ਕੇ ਐਲਾਨ ਕੀਤਾ ਕਿ ਅੱਗੇ ਤੋਂ ਸਾਰੇ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹੀ ਇਸ ਗੁਰਦੁਆਰਾ ਸਾਹਿਬ ਵਿਖੇ ਮਨਾਏ ਜਾਇਆ ਕਰਨਗੇ।

Most Viewed Posts