ਬਾਬਿਆਂ ਦੀਆਂ ਬਰਸੀਆਂ ਮਨਾਉਣ ਵਾਲਿਆਂ ਵਿੱਚੋਂ ਕੋਈ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਉਂਦਾ: ਭਾਈ ਹਰਦੀਪ ਸਿੰਘ ਖਿਆਲੀਵਾਲਾ

0
562

ਬਾਬਿਆਂ ਦੀਆਂ ਬਰਸੀਆਂ ਮਨਾਉਣ ਵਾਲਿਆਂ ਵਿੱਚੋਂ ਕੋਈ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਉਂਦਾ: ਭਾਈ ਹਰਦੀਪ ਸਿੰਘ ਖਿਆਲੀਵਾਲਾ

ਬਠਿੰਡਾ, 26 ਜੂਨ (ਕਿਰਪਾਲ ਸਿੰਘ ਬਠਿੰਡਾ):  ਗੁਰਮਤਿ ਪ੍ਰਚਾਰ ਸਭਾ ਬਠਿੰਡਾ ਵੱਲੋਂ ਫੈਸਲਾ ਕੀਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਨਾਨਕਸ਼ਾਹੀ ਕੈਲੰਡਰ ਅਨੁਸਾਰ ਜਿਸ ਵੀ ਗੁਰੂ ਸਾਹਿਬਾਨ ਜਾਂ ਗੁਰਸਿੱਖ ਯੋਧਿਆਂ ਨਾਲ ਸਬੰਧਿਤ ਦਿਹਾੜਾ ਐਤਵਾਰ ਜਾਂ ਉਸ ਦੇ ਆਸਪਾਸ ਦੇ ਦਿਨ ਹੋਵੇਗਾ; ਪ੍ਰਚਾਰ ਸਭਾ ਵੱਲੋਂ ਐਤਵਾਰ ਸ਼ਾਮ ਨੂੰ ਕੀਤੇ ਜਾ ਰਹੇ ਹਫਤਾਵਾਰੀ ਸਮਾਗਮ ਵਿਚ ਉਸ ਗੁਰੂ ਸਾਹਿਬ ਜੀ ਦੇ ਗੁਰਪੁਰਬ ਜਾਂ ਗੁਰਸਿੱਖ ਯੋਧਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੀਤੇ ਜਾਇਆ ਕਰਨਗੇ। ਇਸੇ ਲੜੀ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰ ਪੁਰਬ 18 ਜੂਨ ਨੂੰ ਭਾਈ ਮਤੀਦਾਸ ਨਗਰ ਦੇ ਗੁਰਦੁਆਰਾ ਸਾਹਿਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਬੀਤੇ ਦਿਨ ਬਾਬਾ ਨਾਮਦੇਵ ਭਵਨ, ਬਾਬਾ ਨਾਮਦੇਵ ਮਾਰਗ ਵਿਖੇ ਕੀਤਾ ਗਿਆ। 2 ਜੁਲਾਈ ਨੂੰ ਸਿਰਜਣਾ ਦਿਵਸ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਸਮਾਗਮ ਗੁਰਦੁਆਰਾ ਸਿਵਲ ਸਟੇਸ਼ਨ ਵਿਖੇ ਅਤੇ 9 ਜੁਲਾਈ ਨੂੰ ਸ਼ਹੀਦੀ ਦਿਹਾੜਾ ਭਾਈ ਮਨੀ ਸਿੰਘ ਜੀ ਨੂੰ ਸਮਰਪਤ, ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ਼-1 ਵਿਖੇ ਕੀਤੇ ਜਾਣਗੇ।  9 ਜੁਲਾਈ ਨੂੰ ਗੁਰਦੁਆਰਾ ਮਾਡਲ ਟਾਊਨ ਵਿਖੇ ਕੀਤੇ ਜਾਣ ਵਾਲੇ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਦਮਦਮਾ ਸਾਹਿਬ ਵਿਸ਼ੇਸ਼ ਤੌਰ ’ਤੇ ਭਾਗ ਲੈਣਗੇ। ਪੰਥਕ ਏਕਤਾ ਨੂੰ ਮੁੱਖ ਰੱਖਦਿਆਂ ਸਾਰੇ ਪ੍ਰੋਗਰਾਮ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਭਾਏ ਜਾਂਦੇ ਹਨ।

ਗੁਰਮਤਿ ਪ੍ਰਚਾਰ ਸਭਾ ਦੇ ਬੁਲਾਰੇ ਭਾਈ ਕਿਰਪਾਲ ਸਿੰਘ ਨੇ ਦੱਸਿਆ ਕਿ ਜਿਸ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਾਂ ਸੰਗਤ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਗੁਰ ਪੁਰਬ ਜਾਂ ਹੋਰ ਇਤਿਹਾਸਕ ਦਿਹਾੜੇ ਨਾਲ ਸਬੰਧਿਤ ਸਮਾਗਮ ਆਪਣੇ ਗੁਰਦੁਆਰਾ ਸਾਹਿਬ ਜਾਂ ਆਪਣੇ ਘਰ ਵਿਖੇ ਕਰਵਾਉਣ ਦੇ ਚਾਹਵਾਨ ਹੋਣ ਤਾਂ ਉਹ ਸਮਾਗਮ ਬੁੱਕ ਕਰਵਾਉਣ ਲਈ ਸਭਾ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਥਾਵਾਚਕ ਅਤੇ ਰਾਗੀ ਜੱਥੇ ਭੇਟਾ ਰਹਿਤ ਨਿਸ਼ਕਾਮ ਸੇਵਾ ਨਿਭਾਉਂਦੇ ਹਨ ਅਤੇ ਦੇਗ ਤੇ ਵਧੀਆ ਸਾਊਂਡ ਦਾ ਪ੍ਰਬੰਧ ਕਰਨ ਦੀ ਜਿੰਮੇਵਾਰ ਪ੍ਰੋਗਰਾਮ ਬੁੱਕ ਕਰਵਾਉਣ ਵਾਲਿਆਂ ਨੇ ਨਿਭਾਉਣੀ ਹੁੰਦੀ ਹੈ।

ਬੀਤੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਤ ਬਾਬਾ ਨਾਮਦੇਵ ਭਵਨ ਵਿਖੇ ਹੋਏ ਸਮਾਗਮ ਦੀ ਆਰੰਭਤਾ ਭਾਈ ਤਰਸੇਮ ਸਿੰਘ ਹਰਰਾਇਪੁਰ ਵਾਲਿਆਂ ਦੇ ਕੀਰਤਨੀ ਜੱਥੇ ਨੇ ਰਸ ਭਿੰਨੇ ਸ਼ਬਦ ਕੀਰਤਨ ਰਾਹੀਂ ਕੀਤੀ। ਕੀਰਤਨ ਦੀ ਸਮਾਪਤੀ ਉਪ੍ਰੰਤ ਭਾਈ ਹਰਦੀਪ ਸਿੰਘ (ਡਾ:) ਖਿਆਲੀਵਾਲੇ ਨੇ ਬਾਬਾ ਬੰਦਾ ਬਹਾਦਰ ਸਿੰਘ ਜੀ ਦੀ ਸ਼ਹੀਦੀ ਦਾ ਲੂੰ-ਕੰਡੇ ਖੜ੍ਹੇ ਕਰਨ ਵਾਲਾ ਇਤਿਹਾਸ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਕਿਹਾ ਕਿ ਬਾਬਾ ਜੀ ਨੇ ਗੁਰੂ ਸਿਧਾਂਤ ’ਤੇ ਪਹਿਰਾ ਦੇਣ ਵਾਲਾ ਪਹਿਲਾ ਖ਼ਾਲਸਾ ਰਾਜ ਸਥਾਪਤ ਕੀਤਾ ਜਿਸ ਵਿੱਚ ਮੁਜਾਹਿਰਿਆਂ ਨੂੰ ਜ਼ਮੀਨ ਦੇ ਅਸਲੀ ਮਾਲਕ ਬਣਾਇਆ ਤੇ ਫ਼ਰਖ਼ੁਸ਼ੀਅਰ ਦੀ ਈਨ ਮੰਨਣ ਨਾਲੋਂ ਆਪਣੇ ਚਾਰ ਸਾਲ ਦੇ ਬੱਚੇ ਦਾ ਕਾਲਜਾ ਆਪਣੇ ਮੂੰਹ ਵਿੱਚ ਪਵਾਉਣ ’ਤੇ ਅਕਹਿ ਤੇ ਅਸਹਿ ਤਸੀਹੇ ਝੱਲ ਕੇ ਸ਼ਹੀਦੀ ਪ੍ਰਾਪਤ ਕਰਨ ਨੂੰ ਤਰਜ਼ੀਹ ਦਿੱਤੀ ਪਰ ਬਹੁਤੇ ਇਤਿਹਾਸਕਾਰਾਂ ਨੇ ਉਨ੍ਹਾਂ ਨਾਲ ਇਨਸਾਫ ਨਹੀਂ ਕੀਤਾ ਅਤੇ ਸਾਰਾ ਇਤਿਹਾਸ ਵਿਗਾੜ ਕੇ ਪੇਸ਼ ਕੀਤਾ ਤੇ ਅੱਜ ਕੋਈ ਵਿਰਲਾ ਹੀ ਗੁਰਦੁਆਰਾ ਹੋਵੇਗਾ ਜਿਸ ਨੇ ਕਦੀ ਬਾਬਾ ਬੰਦਾ ਬਹਾਦਰ ਸਿੰਘ ਦਾ ਮਹਾਨ ਸ਼ਹੀਦੀ ਦਿਹਾੜਾ ਮਨਾਇਆ ਹੋਵੇਗਾ। ਜਦੋਂ ਕਿ ਚਾਹੀਦਾ ਇਹ ਸੀ ਕਿ ਹਰ ਗੁਰਦੁਆਰਾ ਸਾਹਿਬ ਅਤੇ ਸਿੱਖੀ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੇ ਹਰ ਡੇਰੇ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾਵੇ ਤਾ ਕਿ ਆਪਾ ਕੁਰਬਾਨ ਵਾਲੇ ਇਸ ਯੋਧੇ ਦਾ ਇਤਿਹਾਸ ਸਾਡੇ ਬੱਚਿਆਂ ਤੱਕ ਪਹੁੰਚ ਸਕੇ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਆਪਣੇ ਬਾਬਿਆਂ, ਜਿਨ੍ਹਾਂ ਦੀ ਸਿੱਖ ਪੰਥ ਨੂੰ ਕੋਈ ਵੀ ਦੇਣ ਨਹੀਂ ਹੈ; ਦੀਆਂ ਬਰਸੀਆਂ ਮਨਾਉਣ ਵਾਲੇ ਡੇਰੇਦਾਰਾਂ ਨੇ ਗੁਰੂ ਸਾਹਿਬਾਨਾਂ ਦੇ ਗੁਰ ਪੁਰਬ ਅਤੇ ਮਹਾਨ ਯੋਧਿਆਂ ਦੇ ਸ਼ਹੀਦੀ ਦਿਹਾੜੇ ਮਨਾਉਣੇ, ਉਨ੍ਹਾਂ ਦੇ ਪ੍ਰੋਗਰਾਮਾਂ ਦਾ ਹਿੱਸਾ ਹੀ ਨਹੀਂ ਬਣਾਏ ਗਏ।